ਤਾਜਾ ਖ਼ਬਰਾਂ


ਭਗਵੰਤ ਮਾਨ ਅੱਜ ਦਾਖਲ ਕਰਨਗੇ ਨਾਮਜ਼ਦਗੀ ਕਾਗ਼ਜ਼
. . .  44 minutes ago
ਸੰਗਰੂਰ, 26 ਅਪ੍ਰੈਲ (ਧੀਰਜ ਪਸ਼ੋਰੀਆ) - ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅੱਜ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਲਈ ਆਪਣਾ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ। ਭਗਵੰਤ ਮਾਨ ਨੇ 2014 ਲੋਕ ਸਭਾ ਚੋਣਾਂ ਵਿਚ ਇਸ ਸੀਟ ਤੋਂ 5,33,237 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ...
ਚੋਣਾਂ 'ਚ ਵਰਤਣ ਲਈ ਲਿਆਂਦੀ ਸ਼ਰਾਬ ਪੁਲਿਸ ਵੱਲੋਂ ਬਰਾਮਦ
. . .  about 1 hour ago
ਅਟਾਰੀ 26 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ) - ਪੁਲਿਸ ਥਾਣਾ ਘਰਿੰਡਾ ਵੱਲੋਂ ਮੁੱਖ ਅਫ਼ਸਰ ਪ੍ਰਭਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਕਾਰਵਾਈ ਕਰਦਿਆਂ ਪਿੰਡ ਕਾਉਂਕੇ ਤੋਂ ਚੋਣਾਂ ਵਿਚ ਵਰਤਣ ਲਈ ਲਿਆਂਦੀ ਨਾਜਾਇਜ਼ 546 ਬੋਤਲਾਂ ਸ਼ਰਾਬ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ...
ਗਿਰੀਰਾਜ ਸਿੰਘ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ
. . .  about 1 hour ago
ਬੇਗੁਸਰਾਏ, 26 ਅਪ੍ਰੈਲ - ਬਿਹਾਰ ਦੇ ਬੇਗੁਸਰਾਏ ਤੋਂ ਭਾਜਪਾ ਦੇ ਉਮੀਦਵਾਰ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵੱਲੋਂ ਦਿੱਤੇ ਗਏ ਇਕ ਬਿਆਨ ਨੂੰ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਦੱਸਦੇ ਹੋਏ ਉਨ੍ਹਾਂ ਖਿਲਾਫ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਚੋਣ ਰੈਲੀ...
ਮੋਦੀ ਦੇ ਵਾਰਾਨਸੀ 'ਚ ਪੁਲਵਾਮਾ, ਉੜੀ ਹਮਲੇ 'ਤੇ ਸਟ੍ਰਾਈਕ ਦੇ ਜ਼ਿਕਰ ਨਾਲ ਗਰਮਾਇਆ ਮਾਹੌਲ, ਅੱਜ ਭਰਨਗੇ ਪਰਚਾ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਕੱਲ੍ਹ ਵੀਰਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਨਸੀ 'ਚ ਰੋਡ ਸ਼ੋਅ ਦੌਰਾਨ ਪੁਲਵਾਮਾ, ਉੜੀ ਹਮਲੇ ਤੇ ਏਅਰ ਸਟ੍ਰਾਈਕ ਦਾ ਜ਼ਿਕਰ ਕੀਤਾ, ਜਿਸ ਤੋਂ ਬਾਅਦ ਹਮਲਾਵਰ ਹੋਏ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜਦੋਂ ਭਾਜਪਾ ਦੇ ਚੋਟੀ ਦੇ ਨੇਤਾ ਚੋਣ ਜ਼ਾਬਤੇ...
ਅੱਜ ਦਾ ਵਿਚਾਰ
. . .  about 2 hours ago
ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸਿੱਖ ਬਹਾਦਰੀ ਅਤੇ ਵਫ਼ਾਦਾਰੀ ਦੀ ਕੌਮਾਂਤਰੀ ਮਾਨਤਾ

ਅੱਜ ਸਾਰਾਗੜ੍ਹੀ ਦਿਵਸ 'ਤੇ ਵਿਸ਼ੇਸ਼

12 ਸਤੰਬਰ, 1897 ਨੂੰ ਸਾਰਾਗੜ੍ਹੀ ਵਿਖੇ ਹੋਈ ਜੰਗੀ ਝੜਪ ਵੇਲੇ ਬਰਤਾਨਵੀ ਭਾਰਤ ਦੀ ਫ਼ੌਜ ਵਿਚਲੀ ਸਿੱਖ ਰੈਜੀਮੈਂਟ ਦੇ 21 ਫ਼ੌਜੀ ਸਿਪਾਹੀਆਂ ਦੀ ਕੁਰਬਾਨੀ, 120ਵੀਂ ਬਰਸੀ ਵੇਲੇ ਸਿੱਖ ਬਹਾਦਰੀ ਅਤੇ ਵਫ਼ਾਦਾਰੀ ਦੀ ਕੌਮਾਂਤਰੀ ਸਥਾਪਤੀ ਅਤੇ ਮਾਨਤਾ ਬਣ ਕੇ ਸੰਸਾਰ ਸਾਹਮਣੇ ਉੱਭਰੇਗੀ, ਜਦੋਂ ਭਾਰਤ ਵਿਚ ਫ਼ਿਰੋਜ਼ਪੁਰ ਵਿਖੇ ਬਣੀ ਸਾਰਾਗੜ੍ਹੀ ਯਾਦਗਾਰ ਵਿਖੇ ਵਰਤਮਾਨ ਬਰਤਾਨਵੀ ਫ਼ੌਜ ਦੇ 12 ਅਫ਼ਸਰ 12 ਸਤੰਬਰ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ 21 ਸ਼ਹੀਦਾਂ ਦੀ ਯਾਦ ਵਿਚ ਬਣੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸੇ ਤਰ੍ਹਾਂ ਲੰਦਨ ਵਿਖੇ ਬਣੀ ਸਾਰਾਗੜ੍ਹੀ ਜੰਗ ਦੀ ਯਾਦਗਾਰ ਵਿਚ ਬਰਤਾਨਵੀ ਸੰਸਥਾ, ਸਾਰਾਗੜ੍ਹੀ ਫਾਊਂਡੇਸ਼ਨ ਦੇ ਇਕ ਭਾਰਤੀ ਸਿੱਖ ਸਰਪ੍ਰਸਤ ਹੋਣ ਦੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਸੁਤੰਤਰ ਭਾਰਤ ਵੇਲੇ 1965 ਦੀ ਪਾਕਿਸਤਾਨ ਵਿਰੋਧੀ ਜੰਗ ਵੇਲੇ ਉਸੇ ਸਿੱਖ ਰਜਮੈਂਟ ਦੇ ਕੈਪਟਨ ਅਮਰਿੰਦਰ ਸਿੰਘ ਸਾਰਾਗੜ੍ਹੀ ਬਾਰੇ ਲਿਖੀ ਆਪਣੀ ਪੁਸਤਕ ਲੋਕ ਅਰਪਣ ਕਰਨਗੇ। ਸਾਰਾਗੜ੍ਹੀ ਫਾਊਂਡੇਸ਼ਨ ਵਲੋਂ 12 ਸਤੰਬਰ ਨੂੰ ਇਹ ਪੁਸਤਕ ਰਿਲੀਜ਼ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।
ਸਾਰਾਗੜ੍ਹੀ ਦੇ ਸ਼ਹੀਦ ਸਿਪਾਹੀ : ਅੱਜਕਲ੍ਹ ਦੇ ਪਾਕਿਸਤਾਨ ਵਿਚ ਖੈਬਰ-ਪਖਤੂਨਖਵਾ ਦੇ ਲਗਪਗ 10,000 ਅਫ਼ਗਾਨੀਆਂ ਨਾਲ ਲੜਦੇ ਹੋਏ ਸਿੱਖ ਰੈਜੀਮੈਂਟ ਦੇ ਸ਼ਹੀਦ ਹੋਏ 21 ਫ਼ੌਜੀ, ਜਿਨ੍ਹਾਂ ਨੂੰ 'ਇੰਡੀਅਨ ਆਰਡਰ ਆਫ਼ ਮੈਰਿਟ' ਦਾ ਪੁਰਸਕਾਰ ਦਿੱਤਾ ਗਿਆ ਸੀ, ਜੋ ਬਰਤਾਨੀਆ ਦੇ ਵਿਕਟੋਰੀਆ ਕਰਾਸ ਅਤੇ ਭਾਰਤ ਦੇ 'ਪਰਮਵੀਰ ਚੱਕਰ' ਦੇ ਬਰਾਬਰ ਸਮਝਿਆ ਜਾਂਦਾ ਹੈ। ਇਹ ਸਾਰੇ ਹੀ 21 ਸਿੱਖ ਸ਼ਹੀਦ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਸਨ ਅਤੇ ਰੈਜੀਮੈਂਟ ਨੰਬਰ 165 ਹਵਾਲਦਾਰ ਈਸ਼ਰ ਸਿੰਘ ਦੇ ਹੁਕਮ ਅਤੇ ਅਗਵਾਈ ਅਧੀਨ ਸਾਰਾਗੜ੍ਹੀ ਦੇ ਕਿਲ੍ਹੇ ਦੀ ਰਖਵਾਲੀ ਕਰਦੇ ਸ਼ਹੀਦ ਹੋਏ ਸਨ। ਸ਼ਹੀਦ ਹੋਣ ਵਾਲਿਆਂ ਵਿਚ ਨਾਇਕ ਲਾਲ ਸਿੰਘ, ਲਾਂਸ ਨਾਇਕ ਚੰਦਾ ਸਿੰਘ, ਸਿਪਾਹੀ ਸੁੰਦਰ ਸਿੰਘ, ਸਿਪਾਹੀ ਰਾਮ ਸਿੰਘ, ਸਿਪਾਹੀ ਅਤਰ ਸਿੰਘ, ਸਿਪਾਹੀ ਸਾਹਿਬ ਸਿੰਘ, ਸਿਪਾਹੀ ਹੀਰਾ ਸਿੰਘ, ਸਿਪਾਹੀ ਦਇਆ ਸਿੰਘ, ਸਿਪਾਹੀ 760 ਜੀਵਨ ਸਿੰਘ, ਸਿਪਾਹੀ ਭੋਲਾ ਸਿੰਘ, ਸਿਪਾਹੀ ਨਰਾਇਣ ਸਿੰਘ, ਸਿਪਾਹੀ 814 ਗੁਰਮੁਖ ਸਿੰਘ, ਸਿਪਾਹੀ 871 ਜੀਵਨ ਸਿੰਘ, 1733 ਨੰਬਰ ਸਿਪਾਹੀ ਗੁਰਮੁਖ ਸਿੰਘ, ਸਿਪਾਹੀ ਰਾਮ ਸਿੰਘ, ਸਿਪਾਹੀ 1257 ਭਗਵਾਨ ਸਿੰਘ, ਸਿਪਾਹੀ 1265 ਭਗਵਾਨ ਸਿੰਘ, ਸਿਪਾਹੀ ਬੂਟਾ ਸਿੰਘ, ਸਿਪਾਹੀ 1651 ਜੀਵਨ ਸਿੰਘ ਅਤੇ ਸਿਪਾਹੀ ਨੰਦ ਸਿੰਘ ਵਰਨਣਯੋਗ ਹਨ।
ਯਾਦਗਾਰਾਂ ਅਤੇ ਵਿਰਾਸਤ : ਸਿੱਖ ਰੈਜੀਮੈਂਟ ਵਲੋਂ 12 ਸਤੰਬਰ ਦਾ ਦਿਹਾੜਾ ਲਗਾਤਾਰ ਮਨਾਇਆ ਜਾਂਦਾ ਹੈ, ਜਿਸ ਨੂੰ 'ਰੈਜੀਮੈਂਟਲ ਬੈਟਲ ਆਨਰਜ਼ ਡੇਅ' ਨਾਲ ਸਤਿਕਾਰਿਆ ਜਾਂਦਾ ਹੈ। ਭਾਰਤ ਅਤੇ ਭਾਰਤੀ ਫ਼ੌਜ ਦੇ ਬਰਤਾਨਵੀ ਹੁਕਮਰਾਨਾਂ ਵਲੋਂ ਇਨ੍ਹਾਂ ਸਿੱਖ ਸ਼ਹੀਦਾਂ ਦੀ ਯਾਦ ਵਿਚ ਦੋ ਗੁਰਦੁਆਰਿਆਂ ਦੇ ਰੂਪ ਵਿਚ ਫ਼ਿਰੋਜ਼ਪੁਰ ਵਿਖੇ ਅਤੇ ਅੰਮ੍ਰਿਤਸਰ ਵਿਖੇ ਦੋ ਯਾਦਗਾਰਾਂ ਸਥਾਪਤ ਕੀਤੀਆਂ ਗਈਆਂ। ਇਕ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ਼ ਦੇ ਨੇੜੇ ਭਾਈ ਗੁਰਦਾਸ ਹਾਲ ਦੇ ਨਾਲ ਲਗਦਾ ਹੈ। ਇੱਥੇ ਸਾਰਾਗੜ੍ਹੀ ਅਜਾਇਬ ਘਰ ਵੀ ਬਣਾਇਆ ਜਾ ਰਿਹਾ ਹੈ, ਜਿੱਥੇ ਇਨ੍ਹਾਂ 21 ਸਿੱਖ ਫ਼ੌਜੀਆਂ ਦੀਆਂ ਤਸਵੀਰਾਂ ਅਤੇ ਹੋਰ ਵਿਰਾਸਤੀ ਨਿਸ਼ਾਨੀਆਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ।
ਦੂਜੀ ਯਾਦਗਾਰ ਫ਼ਿਰੋਜ਼ਪੁਰ ਵਿਖੇ ਗੁਰਦੁਆਰਾ ਸਾਰਾਗੜ੍ਹੀ ਦੇ ਸਰੂਪ ਵਿਚ ਸਥਿਤ ਹੈ, ਜਿਸ ਦਾ ਉਦਘਾਟਨ ਸੰਨ 1904 ਵਿਚ ਉਸ ਵੇਲੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ, ਸਰ ਚਾਰਲਸ ਪੈਵਜ ਵਲੋਂ ਨਤਮਸਤਕ ਹੁੰਦੇ ਹੋਏ ਕੀਤਾ ਗਿਆ ਸੀ। ਇੱਥੇ ਹੀ ਅਗਲੀ 12 ਸਤੰਬਰ ਨੂੰ 120ਵੀਂ ਬਰਸੀ ਪੰਜਾਬ ਦੇ ਰਾਜ ਪੱਧਰੀ ਸਮਾਗਮ ਦੇ ਤੌਰ 'ਤੇ ਮਨਾਈ ਜਾਵੇਗੀ। ਫ਼ੌਜੀ ਇਤਿਹਾਸਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲੰਡਨ ਵਿਖੇ ਹੋਣ ਕਾਰਨ ਇਸ ਸਮਾਗਮ ਦੀ ਅਗਵਾਈ ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਕਰਨਗੇ ਅਤੇ ਇੱਥੇ ਹੀ ਬਰਤਾਨੀਆ ਸਰਕਾਰ ਦੇ 12 ਫ਼ੌਜੀ ਅਧਿਕਾਰੀ ਉਸ ਦਿਨ ਸ਼ਰਧਾਂਜਲੀ ਭੇਟ ਕਰਨਗੇ। ਇੱਥੇ 12 ਸਤੰਬਰ ਨੂੰ ਸਵੇਰੇ ਧਾਰਮਿਕ ਦੀਵਾਨ ਸਜਾਇਆ ਜਾਂਦਾ ਹੈ ਅਤੇ ਬਾਅਦ ਦੁਪਹਿਰ ਸਾਬਕਾ ਫ਼ੌਜੀਆਂ ਦਾ ਪ੍ਰਭਾਵਸ਼ਾਲੀ ਇਕੱਠ ਹੁੰਦਾ ਹੈ।
ਬਰਤਾਨੀਆ ਵਿਚ ਸਾਰਾਗੜ੍ਹੀ ਸਮਾਗਮ : ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਲੰਡਨ ਵਿਖੇ ਸਥਾਪਤ ਬਰਤਾਨਵੀ ਸੰਸਥਾ, ਸਾਰਾਗੜ੍ਹੀ ਫਾਊਂਡੇਸ਼ਨ, ਵਲੋਂ 9, 10 ਅਤੇ 12 ਸਤੰਬਰ ਨੂੰ ਤਿੰਨ ਯਾਦਗਾਰੀ ਸਮਾਗਮ ਆਯੋਜਿਤ ਕੀਤੇ ਜਾਣ ਦਾ ਪ੍ਰੋਗਰਾਮ ਸੀ :
9 ਸਤੰਬਰ ਨੂੰ ਲੰਦਨ ਵਿਖੇ ਦਾ 'ਰੁਆਇਲ ਸਾਰਾਗੜ੍ਹੀ ਚੈਲੰਜ ਕੱਪ-2017' ਦੇ ਨਾਂਅ ਅਧੀਨ ਇਕ ਪੋਲੋ ਮੈਚ ਖੇਡਿਆ ਜਾਣਾ ਸੀ।
10 ਸਤੰਬਰ ਨੂੰ ਸਾਰਾਗੜ੍ਹੀ ਯਾਦਗਾਰੀ ਸਮਾਗਮ ਕੀਤਾ ਜਾਣਾ ਸੀ, ਜਿੱਥੇ ਫ਼ੌਜੀਆਂ ਦੀ ਯਾਦਗਾਰ ਉੱਤੇ ਬਰਤਾਨੀਆ ਅਤੇ ਭਾਰਤੀ ਫ਼ੌਜੀਆਂ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣੇ ਸਨ।
12 ਸਤੰਬਰ ਨੂੰ ਸਾਰਾਗੜ੍ਹੀ ਯਾਦਗਾਰੀ ਭਾਸ਼ਣ ਸਮਾਗਮ ਹੋਵੇਗਾ, ਜਿੱਥੇ ਫ਼ੌਜੀ ਇਤਿਹਾਸਕਾਰ ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕੀਤੀ ਖੋਜ ਭਰਪੂਰ ਪੁਸਤਕ 'ਸਾਰਾਗੜ੍ਹੀ ਐਂਡ ਦੀ ਡਿਫੈਂਸ ਆਫ਼ ਦੀ ਸਮਾਨਾ ਫੋਰਟਸ' ਲੋਕ ਅਰਪਣ ਕੀਤੀ ਜਾਵੇਗੀ ਅਤੇ ਸਾਰਾਗੜ੍ਹੀ ਸ਼ਹੀਦਾਂ ਦੀ ਯਾਦ ਵਿਚ ਸ਼ਰਧਾਂਜਲੀ ਭਾਸ਼ਣ ਦਿੱਤਾ ਜਾਵੇਗਾ।
ਇਹ ਤਿੰਨੇ ਸਮਾਗਮ ਸਾਰਾਗੜ੍ਹੀ ਫਾਊਂਡੇਸ਼ਨ ਦੀ ਅਗਵਾਈ ਅਧੀਨ ਵੱਖੋ-ਵੱਖਰੇ ਖੇਡ, ਫ਼ੌਜੀ ਯਾਦਗਾਰੀ ਅਤੇ ਫ਼ੌਜੀ ਅਜਾਇਬ ਘਰਾਂ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਜਾਣੇ ਸਨ।
ਬਰਤਾਨੀਆ ਵਿਚ ਸਾਰਾਗੜ੍ਹੀ ਸੰਸਥਾ : ਜਿਵੇਂ ਪੰਜਾਬ ਵਿਚ ਫ਼ਿਰੋਜ਼ਪੁਰ ਛਾਉਣੀ ਵਿਖੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ, ਸਾਰਾਗੜ੍ਹੀ ਯਾਦਗਾਰੀ ਟਰੱਸਟ ਵਲੋਂ 12 ਸਤੰਬਰ ਨੂੰ ਸਾਰਾਗੜ੍ਹੀ ਦਿਵਸ ਰਾਜ ਪੱਧਰ 'ਤੇ ਮਨਾਇਆ ਜਾ ਰਿਹਾ ਹੈ, ਉਸੇ ਤਰ੍ਹਾਂ ਬਰਤਾਨੀਆ ਵਿਚ ਲੰਦਨ ਵਿਖੇ ਸਾਰਾਗੜ੍ਹੀ ਦਿਵਸ ਮੌਕੇ ਯਾਦਗਾਰੀ ਸਮਾਗਮ ਕਰਨ ਲਈ ਸਾਰਾਗੜ੍ਹੀ ਸੰਸਥਾ, ਸਾਰਾਗੜ੍ਹੀ ਫਾਊਂਡੇਸ਼ਨ ਸਥਾਪਤ ਕੀਤੀ ਹੋਈ ਹੈ, ਜਿਸ ਵਲੋਂ ਕਈ ਵਰ੍ਹਿਆਂ ਤੋਂ ਸਾਰਾਗੜ੍ਹੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸੰਸਥਾ ਦੇ ਲੰਦਨ ਸਥਿਤ ਦਫ਼ਤਰ ਦੇ ਕਰਮਚਾਰੀਆਂ ਦੇ ਨਾਲ-ਨਾਲ ਬਰਤਾਨੀਆ ਅਤੇ ਭਾਰਤ ਦੇ ਆਪਸੀ ਸਬੰਧਾਂ ਨੂੰ ਸਥਾਈ ਤੌਰ 'ਤੇ ਬਰਕਰਾਰ ਰੱਖਣ ਲਈ 5 ਭਾਰਤੀ ਅਤੇ ਬਰਤਾਨਵੀ ਹੇਠ ਲਿਖੇ ਸਰਪ੍ਰਸਤ ਹਨ-
1. ਸੇਵਾਮੁਕਤ ਮਾਰਸ਼ਲ ਸਰ ਜਾਨ ਚੈਪਲ, 2. ਫ਼ੀਲਡ ਮਾਰਸ਼ਲ ਲਾਰਡ ਗੁਥਰੀ, 3. ਮਹਾਰਾਜਾ ਕਪੂਰਥਲਾ, ਬ੍ਰਿਗੇਡੀਅਰ ਸੁਖਜੀਤ ਸਿੰਘ, 4. ਮਹਾਰਾਜਾ ਪਟਿਆਲਾ, ਕੈਪਟਨ ਅਮਰਿੰਦਰ ਸਿੰਘ, 5. ਸਿੱਖ ਰੈਜੀਮੈਂਟ ਦੇ ਸਾਬਕਾ ਕਰਨਲ ਅਤੇ ਰਿਟਾਇਰਡ ਲੈਫ਼ਟੀਨੈਂਟ ਜਨਰਲ ਦੇਵ ਰਾਜ ਸਿੰਘ
ਇਥੇ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਅਨੁਸਾਰ ਇਸ ਵਾਰ 12 ਸਤੰਬਰ ਨੂੰ ਅਤੇ ਅੱਗੇ ਤੋਂ ਹਰ ਸਾਲ 12 ਸਤੰਬਰ ਨੂੰ ਪੰਜਾਬ ਭਰ ਵਿਚ ਸਾਰਾਗੜ੍ਹੀ ਦਿਵਸ 'ਤੇ ਸਰਕਾਰੀ ਛੁੱਟੀ ਹੋਇਆ ਕਰੇਗੀ।


-ਫ਼ੋਨ : 07903-190-838
Email : shergill@journalist.com


ਖ਼ਬਰ ਸ਼ੇਅਰ ਕਰੋ

ਇਸਤਰੀ, ਪੁਰਖ ਤੇ ਧਰਮ

ਪਿਛਲੇ ਹਜ਼ਾਰਾਂ ਸਾਲਾਂ ਵਿਚ ਪੁਰਖ ਅਤੇ ਨਾਰੀ ਦਾ ਆਪਸੀ ਰਿਸ਼ਤਾ ਅਜੀਬ ਉਤਰਾਵਾਂ-ਚੜ੍ਹਾਵਾਂ ਵਿਚੋਂ ਲੰਘਿਆ ਹੈ। ਇਸ ਲੰਬੇ ਗੁੰਝਲਦਾਰ ਇਤਿਹਾਸ ਵਿਚ ਇਕ ਪੜਾਅ ਉੱਤੇ ਧਰਮ ਦੀ ਸੰਸਥਾ ਪੈਦਾ ਹੋਈ। ਧਰਮ ਮਨੁੱਖ ਦੇ ਮਨ ਦੇ ਅਨੇਕ ਪ੍ਰਸ਼ਨਾਂ ਦਾ ਉੱਤਰ ਦਿੰਦਾ ਸੀ, ਪਰ ਇਕ ਮਹੱਤਵਸ਼ੀਲ ਪ੍ਰਸ਼ਨ ਇਹ ਸੀ-ਨਰ-ਨਾਰੀ ਦਾ ਸਬੰਧ ਕੀ ਹੋਵੇ?
ਮਿਥਿਆਸ ਦੱਸਦਾ ਹੈ, ਪਹਿਲਾਂ-ਪਹਿਲਾਂ ਰੱਬ ਦੇ ਸਵਰਗ ਵਿਚ ਸਿਰਫ਼ ਫ਼ਰਿਸ਼ਤੇ ਜਾਂ ਦੇਵਤੇ ਹੀ ਰਹਿੰਦੇ ਸਨ। ਇਕ ਸਮੇਂ ਉੱਤੇ ਆ ਕੇ ਰੱਬ ਨੂੰ ਸੋਚ ਫੁਰੀ, ਫ਼ਰਿਸ਼ਤਿਆਂ ਤੋਂ ਬਿਹਤਰ ਜੀਵ ਸਿਰਜਿਆ ਜਾਏ। ਰੱਬ ਨੇ ਫ਼ਰਿਸ਼ਤਿਆਂ ਦੇ ਤਨਾਂ-ਮਨਾਂ ਵਿਚੋਂ ਬਿਹਤਰੀਨ ਅੰਸ਼ ਲੈ ਕੇ ਪੁਰਖ ਦਾ ਪੁਤਲਾ ਘੜਿਆ ਤੇ ਫਿਰ ਉਸ ਵਿਚ ਜਾਨ ਪਾਈ। ਰੱਬ ਆਪਣੀ ਇਸ ਘਾੜਤ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਇਆ। ਫ਼ਰਿਸ਼ਤਿਆਂ ਨੂੰ ਹੁਕਮ ਹੋਇਆ, ਪੁਰਖ (ਆਦਮ) ਨੂੰ ਨਮਸਕਾਰ ਕਰੋ। ਫ਼ਰਿਸ਼ਤਿਆਂ ਨੇ ਨਮਸਕਾਰ ਕਰ ਦਿੱਤੀ, ਪਰ ਨਾਲ-ਨਾਲ ਈਰਖਾ ਵੀ ਮਹਿਸੂਸ ਕੀਤੀ। ਇਸੇ ਈਰਖਾ ਨਾਲ ਸੜ ਕੇ ਫ਼ਰਿਸ਼ਤਿਆਂ ਨੇ ਸ਼ੈਤਾਨ ਨੂੰ ਭੜਕਾਇਆ। ਸ਼ੈਤਾਨ ਵੀ ਇਕ ਫ਼ਰਿਸ਼ਤਾ ਹੀ ਸੀ, ਪਰ ਅੱਜਕਲ੍ਹ ਦੇ ਭ੍ਰਿਸ਼ਟ ਨੇਤਾਵਾਂ ਵਾਂਗ ਕਈ ਕਿਸਮ ਦੇ ਲਾਲਚਾਂ ਦਾ ਸ਼ਿਕਾਰ ਸੀ। ਰੱਬ ਨੇ ਆਪਣੇ ਲਾਡਲੇ ਪੁਰਖ ਨੂੰ ਕਿਹਾ ਸੀ, ਸਵਰਗ ਵਿਚ ਤੇਰੇ ਰਸਾਂ ਦੀ ਤ੍ਰਿਪਤੀ ਲਈ ਬੇਅੰਤ ਵਸਤੂਆਂ ਹਨ। ਜੋ ਮਨ ਆਏ ਖਾ-ਪੀ ਤੇ ਮਾਣ, ਪਰ ਫਲਾਣਾ ਫਲ ਨਹੀਂ ਖਾਣਾ। ਸ਼ੈਤਾਨ ਨੇ ਪੁਰਖ ਨੂੰ ਕਿਹਾ, ਇਹੋ ਵਰਜਿਤ ਫਲ ਹੀ ਤਾਂ ਅਸਲ ਵਿਚ ਖਾਣ ਵਾਲੀ ਵਸਤ ਹੈ। ਪੁਰਖ ਨੇ ਵਰਜਿਤ ਫਲ ਖਾ ਲਿਆ। ਰੱਬ ਨੂੰ ਗੁੱਸਾ ਆਇਆ, ਉਸ ਨੇ ਪੁਰਖ (ਆਦਮ) ਨੂੰ ਧਰਤੀ ਉੱਤੇ ਸੁੱਟ ਦਿੱਤਾ। ਲੰਬਾ ਸਮਾਂ ਲੰਘ ਗਿਆ। ਰੱਬ ਨੂੰ ਇਕ ਦਿਨ ਖਿਆਲ ਆਇਆ, ਰੀਝਾਂ ਨਾਲ ਸਾਜੇ ਪੁਰਖ ਦੀ ਖ਼ਬਰ-ਸਾਰ ਲੈਣੀ ਚਾਹੀਦੀ ਹੈ। ਸੋ, ਰੱਬ ਨੇ ਪੁਰਖ ਨੂੰ ਪੁੱਛਿਆ, ਕੋਈ ਤਕਲੀਫ਼ ਤਾਂ ਨਹੀਂ ਹੈ? ਪੁਰਖ ਨੇ ਰੋਣੀ ਸੂਰਤ ਬਣਾ ਕੇ ਕਿਹਾ-ਰੱਬ ਜੀ! ਤਕਲੀਫ਼ ਹੀ ਤਕਲੀਫ਼ ਹੈ। ਕਿਉਂ ਏਡਾ ਕੀ ਕਸ਼ਟ ਹੈ, ਰੱਬ ਦਾ ਸਵਾਲ ਸੀ। ਰੱਬ ਜੀ! ਇਕੱਲ ਨਾਲੋਂ ਵੱਡਾ ਹੋਰ ਕੋਈ ਕਸ਼ਟ ਨਹੀਂ ਹੁੰਦਾ। ਮੈਂ ਧਰਤੀ ਉੱਤੇ ਇਕੱਲ ਭੋਗ ਰਿਹਾ ਹਾਂ। ਪੁਰਖ ਨੇ ਰੱਬ ਨੂੰ ਜੀਵਨ ਦਾ ਬਹੁਤ ਵੱਡਾ ਸੱਚ ਦੱਸਿਆ।
ਰੱਬ ਨੇ ਆਦਮ ਦੀ ਇਕੱਲ ਦਾ ਇਲਾਜ ਕਰਨ ਲਈ ਨਾਰੀ ਦੀ ਸਿਰਜਣਾ ਕੀਤੀ। ਨਾਰੀ ਨੂੰ ਧਰਤੀ ਉੱਤੇ ਭੇਜ ਦਿੱਤਾ। ਨਰ ਅਤੇ ਨਾਰੀ ਇਕ-ਦੂਜੇ ਦੀ ਸੰਗਤ ਵਿਚ ਰਹਿਣ ਲੱਗ ਪਏ। ਉਹ ਬਹੁਤ ਪ੍ਰਸੰਨ ਸਨ।
ਇਸੇ ਦੌਰਾਨ ਹੀ ਰਿਸ਼ੀ-ਮੁਨੀ ਧਰਤੀ ਉੱਤੇ ਪੈਦਾ ਹੋ ਗਏ। ਉਹ ਬ੍ਰਹਿਮੰਡ ਅਤੇ ਕੁਦਰਤ ਦਾ ਬੇਅੰਤ ਖਿਲਾਰ ਦੇਖ ਕੇ ਇਸ ਦੀ ਬਿਅੰਤਤਾ ਦਾ ਭੇਤ ਜਾਨਣ ਲਈ ਉਤਾਵਲੇ ਹੋ ਗਏ। ਉਨ੍ਹਾਂ ਨੂੰ ਬ੍ਰਹਿਮੰਡ ਅਤੇ ਕੁਦਰਤ ਸੋਹਣੇ ਲੱਗੇ। ਰਿਸ਼ੀਆਂ-ਮੁਨੀਆਂ ਨੇ ਬ੍ਰਹਿਮੰਡ ਅਤੇ ਕੁਦਰਤ ਦੀ ਸੁੰਦਰਤਾ ਬਾਰੇ ਗੀਤ ਲਿਖੇ। ਸੁਭਾਵਕ ਹੀ ਇਹ ਸੰਸਾਰ ਉਨ੍ਹਾਂ ਨੂੰ ਰਹੱਸ ਪ੍ਰਤੀਤ ਹੋਇਆ। ਇਸ ਰਹੱਸ ਬਾਰੇ ਵੀ ਗੀਤ ਰਚੇ ਗਏ। 'ਰਿਗਵੇਦ' ਬ੍ਰਹਿਮੰਡ ਅਤੇ ਕੁਦਰਤ ਦੀ ਸੁੰਦਰਤਾ ਅਤੇ ਰਹੱਸ ਬਾਰੇ ਰਚਿਆ ਗਿਆ ਸੰਸਾਰ ਦਾ ਪ੍ਰਥਮ ਗ੍ਰੰਥ ਹੈ।
ਪਰ ਛੇਤੀ ਹੀ ਰਿਸ਼ੀਆਂ-ਮੁਨੀਆਂ ਨੂੰ ਇਕ ਔਖਾ ਪ੍ਰਸ਼ਨ ਤੜਪਾਉਣ ਲੱਗਾ। ਇਸ ਸੰਸਾਰ ਦਾ ਰਚਨਹਾਰ ਕੌਣ ਹੈ? ਉਹ ਕਿੱਥੇ ਹੈ? ਉਸ ਤੱਕ ਪਹੁੰਚਣਾ ਕਿਵੇਂ ਹੈ? ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਲੱਭਦਿਆਂ ਹੀ ਧਰਮ ਪੈਦਾ ਹੋਇਆ। ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਲੱਭਦਿਆਂ ਘਰ-ਬਾਰ ਤਿਆਗ ਕੇ ਜੰਗਲਾਂ-ਪਹਾੜਾਂ ਉੱਤੇ ਜਾਣ ਅਤੇ ਸੰਨਿਆਸ ਧਾਰਨ ਦੀ ਪ੍ਰਵਿਰਤੀ ਪੈਦਾ ਹੋਈ। ਭਾਰਤ ਦੇ ਛੇ ਦਰਸ਼ਨ (ਛੇ ਸ਼ਾਸਤਰ) ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਹੀ ਦਿੰਦੇ ਹਨ। ਇਨ੍ਹਾਂ ਵਿਚ ਭੋਗ ਨਾਲੋਂ ਤਿਆਗ ਉੱਤੇ ਜ਼ਿਆਦਾ ਜ਼ੋਰ ਹੈ। ਸਾਂਖ ਅਤੇ ਯੋਗ ਵਿਸ਼ੇਸ਼ ਤੌਰ 'ਤੇ ਤਿਆਗ ਦੀ ਵਡਿਆਈ ਤਾਂ ਕਰਦੇ ਹੀ ਹਨ, ਨਾਲ-ਨਾਲ ਮਨੁੱਖ ਨੂੰ ਅੰਦਰਲੀ ਕੁੰਡਲਿਨੀ ਜਗਾ ਕੇ ਗੁੱਝਾ-ਗਿਆਨ ਹਾਸਲ ਕਰਨ ਦੀ ਸਿੱਖਿਆ ਦਿੰਦੇ ਹਨ।
ਇਸ ਸਾਰੇ ਵਰਤਾਰੇ ਦਾ ਸੰਚਾਲਕ ਪੁਰਖ (ਆਦਮ) ਸੀ। ਜਿਸ ਨਾਰੀ ਦੀ ਸੰਗਤ ਵਿਚ ਉਹ ਹੁਣ ਤੱਕ ਪ੍ਰਸੰਨ ਸੀ, ਜਿਸ ਨਾਰੀ ਦੀ ਸਿਰਜਣਾ ਰੱਬ ਨੇ ਉਸ ਦੀ ਫ਼ਰਮਾਇਸ਼ ਉੱਤੇ ਉਸ ਦੀ ਇਕੱਲ ਪੂਰਨ ਲਈ ਕੀਤੀ ਸੀ, ਉਸੇ ਨਾਰੀ ਦਾ ਤਿਆਗ ਕਰਕੇ ਪੁਰਖ ਹੁਣ ਜੰਗਲਾਂ ਤੇ ਪਹਾੜਾਂ ਉੱਤੇ ਜਾਣ ਲਈ ਤਿਆਰ ਸੀ।
ਇਨ੍ਹਾਂ ਯੋਗੀਆਂ ਅਤੇ ਸੰਨਿਆਸੀਆਂ ਵਿਚ ਕਈ ਮਹਾਂਪੁਰਖ ਵੀ ਪੈਦਾ ਹੋਏ। ਇਨ੍ਹਾਂ ਨੇ ਕਈ ਵੱਡੀਆਂ ਤੇ ਸਿਆਣੀਆਂ ਗੱਲਾਂ ਵੀ ਸੋਚੀਆਂ ਪਰ ਸਮੁੱਚੇ ਤੌਰ 'ਤੇ ਇਸ ਤਿਆਗਵਾਦ ਨੇ ਵਿਗਾੜ ਹੀ ਪੈਦਾ ਕੀਤੇ।
ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਤ ਜੀਵਨ ਨੂੰ ਵਡਿਆਇਆ, ਨਾਰੀ ਨੂੰ ਵਡਿਆਇਆ। ਸਾਰੇ ਗੁਰੂ ਸਾਹਿਬਾਨ ਗ੍ਰਹਿਸਤੀ ਸਨ। ਸਿੱਖ ਧਰਮ ਨੇ ਪਰਿਵਾਰ ਅਤੇ ਸਮਾਜ ਵੱਲ ਪਿੱਠ ਕਰਕੇ ਰੱਬ ਦੇ ਰਹੱਸ ਦੀ ਖੋਜ ਕਰਨ ਦੇ ਮਾਰਗ ਨੂੰ ਗ਼ਲਤ ਦੱਸਿਆ। ਪਰ ਹਿੰਦੂ ਧਰਮ ਦਾ ਸਦੀਆਂ ਤੋਂ ਚਲਿਆ ਆ ਰਿਹਾ ਤਿਆਗੀ ਬਣਨ ਦਾ ਰਾਹ ਛੱਡਣਾ ਸੌਖਾ ਨਹੀਂ ਸੀ। ਇਸੇ ਕਰਕੇ ਸਿੱਖ ਸਮਾਜ ਵਿਚ ਵੀ ਉਦਾਸੀ ਸੰਪਰਦਾ ਪੈਦਾ ਹੋ ਗਈ। ਇਹ ਸੰਪਰਦਾ ਅਠਾਰ੍ਹਵੀਂ ਤੇ ਉਨ੍ਹੀਵੀਂ ਸਦੀ ਵਿਚ ਵਧੀ ਫੁਲੀ। ਜਦੋਂ 18ਵੀਂ ਸਦੀ ਵਿਚ ਸਿੱਖ ਮਿਸਲਾਂ ਨਾਲ ਜੁੜੇ ਸਿੰਘ ਵਿਰੋਧੀਆਂ ਦਾ ਟਾਕਰਾ ਕਰਦੇ ਹੋਏ, ਜੰਗਲਾਂ ਅਤੇ ਪਹਾੜਾਂ ਵਿਚ ਸ਼ਰਨ ਲੈਣ ਲਈ ਮਜਬੂਰ ਹੁੰਦੇ ਸਨ, ਪਿੱਛੇ ਗੁਰੂ-ਘਰਾਂ ਦੀ ਸਾਂਭ-ਸੰਭਾਲ ਲਈ ਸਿਰਫ਼ ਉਦਾਸੀ-ਸੰਪਰਦਾ ਦੇ ਸਾਧੂ ਹੀ ਰਹਿ ਜਾਂਦੇ ਸਨ, ਤਾਂ ਸਿੱਖ ਸਮਾਜ ਵਿਚ ਇਨ੍ਹਾਂ ਉਦਾਸੀ ਸਾਧੂਆਂ ਦੀ ਇੱਜ਼ਤ ਬਣ ਗਈ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਗੁਰੂ-ਘਰਾਂ ਨੂੰ ਜਗੀਰਾਂ ਦੇ ਦਿੱਤੀਆਂ। ਨਨਕਾਣਾ ਸਾਹਿਬ ਦੇ ਗੁਰਦੁਆਰੇ ਨਾਲ ਹੁਣ ਤੱਕ ਵੀ ਸੈਂਕੜੇ ਏਕੜ ਜ਼ਮੀਨ ਹੈ। ਕੁਝ ਇਸ ਜ਼ਮੀਨ-ਜਾਇਦਾਦ ਦੇ ਲਾਲਚ ਨੇ ਤੇ ਕੁਝ ਪਿੰਡਾਂ-ਸ਼ਹਿਰਾਂ ਵਿਚ ਉਦਾਸੀਆਂ ਨੂੰ ਮਿਲਦੀ ਇੱਜ਼ਤ ਨੇ ਵਿਗਾੜ ਵਧਾਏ।
ਨਨਕਾਣਾ ਸਾਹਿਬ ਦੇ ਗੁਰਦੁਆਰੇ ਦਾ ਮਹੰਤ ਨਾਰਾਇਣ ਦਾਸ ਕੁਕਰਮੀ ਬਣ ਗਿਆ ਸੀ। 1921 ਈ: ਵਿਚ ਸਿੰਘਾਂ ਨੂੰ ਆਪਣੀਆਂ ਜਾਨਾਂ ਵਾਰ ਕੇ ਨਾਰਾਇਣ ਦਾਸ ਤੋਂ ਜਨਮ ਸਥਾਨ ਗੁਰੂ ਨਾਨਕ ਦੇਵ ਨਨਕਾਣਾ ਸਾਹਿਬ ਆਜ਼ਾਦ ਕਰਵਾਉਣਾ ਪਿਆ ਸੀ। ਅਸਲ ਵਿਚ ਪੂਰੀ ਅਕਾਲੀ ਲਹਿਰ ਕੁਕਰਮੀ ਸਾਧੂਆਂ ਤੋਂ ਧਰਮ-ਅਸਥਾਨ ਆਜ਼ਾਦ ਕਰਵਾਉਣ ਲਈ ਹੀ ਚੱਲੀ ਸੀ।
ਜਿਵੇਂ ਅਸੀਂ ਸ਼ੁਰੂ ਵਿਚ ਲਿਖ ਆਏ ਹਾਂ, ਨਰ ਤੇ ਨਾਰੀ ਵਿਚਕਾਰ ਆਪਸੀ ਖਿੱਚ ਕੁਦਰਤ ਦੀ ਪੈਦਾ ਕੀਤੀ ਹੋਈ ਹੈ। ਸਿਹਤਮੰਦ ਇਨਸਾਨੀ ਸਮਾਜ ਲਈ ਇਸਤਰੀ-ਪੁਰਖ ਦਾ ਆਪਸੀ ਰਿਸ਼ਤਾ ਕਾਇਮ ਹੋਣਾ ਅਤੇ ਕਾਇਮ ਰਹਿਣਾ ਕੁਦਰਤ ਦੇ ਪੈਦਾ ਕੀਤਾ ਵਰਤਾਰਾ ਹੈ। ਇਸ ਕਰਕੇ ਅਧਿਆਤਮਕ ਰਹੱਸ ਦੀ ਪ੍ਰਾਪਤੀ ਲਈ ਪੁਰਖ ਤੇ ਨਾਰੀ ਦਾ ਇਕ-ਦੂਜੇ ਤੋਂ ਦੂਰ ਰਹਿਣਾ ਗ਼ੈਰ-ਕੁਦਰਤੀ ਵਿਵਹਾਰ ਹੈ। ਤਾਂ ਵੀ ਲੋਕ ਸੰਨਿਆਸੀ, ਯੋਗੀ ਤੇ ਉਦਾਸੀ ਜੀਵਨ ਧਾਰਨ ਕਰਦੇ ਰਹੇ।
ਵੀਹਵੀਂ ਸਦੀ ਵਿਚ ਸਾਧੂਆਂ, ਸੰਤਾਂ ਨੇ ਆਪਣੇ ਲਈ ਨਵੇਂ ਡੇਰੇ ਬਣਾ ਲਏ। ਪੰਜਾਬ ਵਿਚ ਸੈਂਕੜੇ ਡੇਰੇ ਪੈਦਾ ਹੋ ਗਏ। ਪਛੜੇ ਤੇ ਗ਼ਰੀਬ ਲੋਕ ਇਨ੍ਹਾਂ ਸਾਧੂਆਂ, ਸੰਤਾਂ ਅਤੇ ਬਾਬਿਆਂ ਦੇ ਸ਼ਰਧਾਲੂ ਬਣਦੇ ਗਏ। ਕਈ ਲੋਕ ਕਹਿੰਦੇ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰ ਦੀ ਘਾਟ ਕਾਰਨ ਇਹ ਡੇਰੇ ਵਧੇ। ਨਹੀਂ, ਅਸਲ ਕਾਰਨ ਗ਼ਰੀਬੀ, ਪਛੜੇਵਾਂ ਅਤੇ ਅਨਪੜ੍ਹਤਾ ਹੈ। ਬਾਬਿਆਂ ਦੇ ਡੇਰਿਆਂ ਉੱਤੇ ਜਾਣ ਵਾਲਿਆਂ ਦੀ ਭਾਰੀ ਗਿਣਤੀ ਅਜਿਹੇ ਲੋਕਾਂ ਦੀ ਹੈ। ਉਨ੍ਹਾਂ ਨੂੰ ਧਰਮ ਦੀ ਸਮਝ ਹੀ ਨਹੀਂ। ਇਹ ਪਹਿਚਾਣ ਹੀ ਨਹੀਂ, ਅਸਲੀ ਧਰਮੀ-ਵਿਅਕਤੀ ਦੇ ਕੀ ਗੁਣ ਹੁੰਦੇ ਹਨ? ਅੰਧ-ਵਿਸ਼ਵਾਸ ਵੀ ਅਗਿਆਨਤਾ ਤੋਂ ਪੈਦਾ ਹੁੰਦਾ ਹੈ। ਜਿਹੜੇ ਮਾਪੇ ਆਪਣੀਆਂ ਮੁਟਿਆਰ ਧੀਆਂ ਗੁਰਮੀਤ ਰਾਮ ਰਹੀਮ ਦੀ ਹਵਸ ਦਾ ਸ਼ਿਕਾਰ ਹੁੰਦੀਆਂ ਦੇਖਦੇ ਰਹੇ, ਪੀੜਤ ਧੀਆਂ ਵਲੋਂ ਕੀਤੇ ਗਏ ਇਸ਼ਾਰੇ ਵੀ ਨਾ ਸਮਝੇ, ਉਹ ਧਰਮੀ ਬਿਲਕੁਲ ਨਹੀਂ ਸਨ, ਅਗਿਆਨੀ ਤੇ ਬੇਸਮਝ ਸਨ। **

ਜਨਮ ਦਿਨ 'ਤੇ ਵਿਸ਼ੇਸ਼

ਗ਼ਦਰੀ ਬਾਬਾ ਬਲਵੰਤ ਸਿੰਘ ਕੈਨੇਡੀਅਨ

ਦੂਜੇ ਲਾਹੌਰ ਸਾਜ਼ਿਸ਼ ਕੇਸ ਵਿਚ ਲਾਹੌਰ ਜੇਲ੍ਹ ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲਾ ਮਹਾਨ ਸ਼ਹੀਦ ਗ਼ਦਰੀ ਬਾਬਾ ਬਲਵੰਤ ਸਿੰਘ ਕੈਨੇਡੀਅਨ ਅਜਿਹਾ ਸੂਰਬੀਰ ਯੋਧਾ ਸੀ, ਜਿਸ ਨੇ ਭਰ ਜਵਾਨੀ ਵਿਚ ਸ਼ਹਾਦਤ ਦਾ ਜਾਮ ਪੀਤਾ। ਭਾਈ ਬਲਵੰਤ ਸਿੰਘ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਉੱਘੇ ਪਿੰਡ ਖੁਰਦਪੁਰ (ਨੇੜੇ ਆਦਮਪੁਰ) ਵਿਖੇ ਸ: ਬੁੱਧ ਸਿੰਘ ਦੇ ਗ੍ਰਹਿ ਵਿਖੇ 14 ਸਤੰਬਰ, 1882 ਈ: ਨੂੰ ਹੋਇਆ। ਭਾਈ ਬਲਵੰਤ ਸਿੰਘ ਨੇ ਆਦਮਪੁਰ ਦੇ ਮਿਡਲ ਸਕੂਲ ਤੋਂ ਪੜ੍ਹਾਈ ਸ਼ੁਰੂ ਕੀਤੀ ਪਰ ਉਸ ਸਮੇਂ ਬਾਲ ਵਿਆਹ ਦੀ ਰਸਮ ਪ੍ਰਚਲਤ ਸੀ, ਵਿਆਹ ਤੋਂ ਉਪਰੰਤ ਪੜ੍ਹਾਈ ਵਿਚ-ਵਿਚਾਲੇ ਹੀ ਛੱਡ ਦਿੱਤੀ। ਭਰ ਜਵਾਨੀ ਵਿਚ ਪੈਰ ਧਰਤਿਆਂ ਫੌਜ ਵਿਚ ਭਰਤੀ ਹੋ ਗਿਆ। ਜਦੋਂ ਭਾਈ ਬਲਵੰਤ ਸਿੰਘ ਦੀ ਪਲਟਨ ਮਰਦਾਨ (ਪਾਕਿਸਤਾਨ) ਵਿਚ ਸੀ ਤਾਂ ਇਨ੍ਹਾਂ ਦੀ ਸ਼ਖ਼ਸੀਅਤ ਉੱਤੇ ਪੰਜਾਬ ਦੀ ਪ੍ਰਸਿੱਧ ਧਾਰਮਿਕ ਹਸਤੀ ਬਾਬਾ ਕਰਮ ਸਿੰਘ ਹੋਤੀ ਮਰਦਾਨ ਦੀ ਸੰਗਤ ਦਾ ਅਜਿਹਾ ਅਸਰ ਹੋਇਆ, ਜਿਸ ਸਦਕਾ ਆਪ ਦਾ ਨਿਸ਼ਚਾ ਤੇ ਵਿਸ਼ਵਾਸ ਸਿੱਖ ਧਰਮ ਵਿਚ ਪ੍ਰਪੱਕ ਹੋ ਗਿਆ। 23 ਸਾਲ ਦੀ ਉਮਰ ਵਿਚ ਫੌਜ ਦੀ ਨੌਕਰੀ ਛੱਡ ਕੇ ਛੇਤੀ ਹੀ 1906 ਈ: ਵਿਚ ਕੈਨੇਡਾ ਚਲਾ ਗਿਆ। ਉਥੇ ਜਾ ਕੇ ਵੈਨਕੂਵਰ ਵਿਚ ਪਹਿਲਾ ਗੁਰੂ-ਘਰ ਬਣਾਉਣ ਵਿਚ ਭਰਪੂਰ ਯੋਗਦਾਨ ਪਾਇਆ। ਸਿੱਖ ਸੰਗਤ ਨੇ ਇਨ੍ਹਾਂ ਨੂੰ ਸਿੱਖੀ ਵਿਚ ਪ੍ਰਪੱਕ ਦੇਖਦਿਆਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਨਿਯੁਕਤ ਕਰ ਦਿੱਤਾ। ਇਸੇ ਕਰਕੇ 'ਭਾਈ' ਸ਼ਬਦ ਆਪ ਦੇ ਨਾਂਅ ਨਾਲ ਪੱਕੇ ਤੌਰ 'ਤੇ ਜੁੜ ਗਿਆ। ਕੈਨੇਡਾ ਸਰਕਾਰ ਨੇ 1908 ਈ: ਵਿਚ ਫੈਸਲਾ ਕੀਤਾ ਕਿ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਰਹਿਣ ਵਾਲੇ ਹਿੰਦੁਸਤਾਨੀਆਂ ਨੂੰ ਅਮਰੀਕਾ ਦੀ ਹੌਂਡਰਸ ਕਾਲੋਨੀ ਵਿਚ ਆਬਾਦ ਕੀਤਾ ਜਾਵੇ। ਪਰ ਭਾਈ ਬਲਵੰਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਇਸ ਸਰਕਾਰੀ ਨੀਤੀ ਦੀ ਵਿਰੋਧਤਾ ਕੀਤੀ। 1909 ਈ: ਵਿਚ ਹਿੰਦੁਸਤਾਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ। ਇਸ ਸੰਸਥਾ ਦੇ ਖਜ਼ਾਨਚੀ ਭਾਈ ਬਲਵੰਤ ਸਿੰਘ ਨੂੰ ਨਿਯੁਕਤ ਕੀਤਾ ਗਿਆ।
ਸਰਕਾਰ ਨੇ ਇਮੀਗ੍ਰੇਸ਼ਨ ਇੰਸਪੈਕਟਰ ਵਿਲੀਅਮ ਹਾਪਨਿਕਸ ਨੇ 5 ਸਤੰਬਰ, 1914 ਈ: ਨੂੰ ਵੈਨਕੂਵਰ ਦੇ ਗੁਰਦੁਆਰਾ ਕੰਪਲੈਕਸ ਵਿਚ ਦੋ ਬੰਦੇ ਗੋਲੀਆਂ ਮਾਰ ਕੇ ਮਾਰ ਦਿੱਤੇ। ਇਨ੍ਹਾਂ ਸ਼ਹਾਦਤਾਂ ਦੇ ਰੋਸ ਵਜੋਂ 21 ਅਕਤੂਬਰ, 1914 ਈ: ਨੂੰ ਪ੍ਰਵਾਸੀ ਭਾਰਤੀ ਭਾਈ ਮੇਵਾ ਸਿੰਘ ਨੇ ਸ਼ਹਿਰ ਦੀ ਕਚਹਿਰੀ ਵਿਚ ਹੀ ਵਿਲੀਅਮ ਹਾਪਨਿਕਸ ਨੂੰ ਗੋਲੀਆਂ ਨਾਲ ਉਡਾ ਦਿੱਤਾ। ਇਸ ਕਤਲ ਦੀ ਸਾਜਿਸ਼ ਅਤੇ ਸ਼ੱਕ ਵਿਚ ਭਾਈ ਬਲਵੰਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਕੋਈ ਵੀ ਗਵਾਹੀ ਨਾ ਮਿਲਣ ਕਾਰਨ ਛੱਡਣਾ ਪਿਆ। ਇਸ ਤੋਂ ਪਿੱਛੋਂ ਭਾਈ ਬਲਵੰਤ ਸਿੰਘ ਨੂੰ ਕੈਨੇਡਾ ਵਿਚੋਂ ਕੱਢ ਦਿੱਤਾ ਗਿਆ। ਇਥੋਂ ਆਪ ਸਿੰਘਾਈ ਪੁੱਜੇ ਅਤੇ ਪੂਰੇ ਹਿੰਦੁਸਤਾਨ ਦੇ ਲੋਕਾਂ ਦੀਆਂ ਔਕੜਾਂ ਨੂੰ ਦੇਖਦਿਆਂ ਗ਼ਦਰ ਲਹਿਰ ਦੇ ਹੱਕ ਵਿਚ ਪ੍ਰਚਾਰ ਸ਼ੁਰੂ ਕਰ ਦਿੱਤਾ। ਭਾਈ ਬਲਵੰਤ ਸਿੰਘ 1915 ਈ: ਵਿਚ ਥਾਈਲੈਂਡ ਗਏ ਅਤੇ ਅਮਰੀਕਾ ਤੋਂ ਆਏ ਸਾਰੇ ਗ਼ਦਰੀ ਬਾਬਿਆਂ ਨੂੰ ਮਿਲੇ, ਜੋ ਬਰਮਾ ਵਿਚ ਅੰਗਰੇਜ਼ਾਂ ਦੇ ਵਿਰੋਧ ਵਿਚ ਬਗਾਵਤ ਖੜ੍ਹੀ ਕਰਨਾ ਚਾਹੁੰਦੇ ਸਨ। ਭਾਈ ਬਲਵੰਤ ਸਿੰਘ ਇਥੇ ਆ ਕੇ ਬਿਮਾਰ ਹੋ ਗਏ। ਜਦੋਂ ਹਸਪਤਾਲ ਪੁੱਜੇ ਤਾਂ ਇਥੋਂ ਉਨ੍ਹਾਂ ਨੂੰ ਬਿਮਾਰੀ ਦੀ ਹਾਲਤ ਵਿਚ ਗ੍ਰਿਫ਼ਤਾਰ ਕਰਕੇ ਹਿੰਦੁਸਤਾਨ ਲਿਆਂਦਾ ਗਿਆ। ਇਥੇ ਆ ਕੇ ਭਾਈ ਬਲਵੰਤ ਸਿੰਘ ਅਣਖੀ ਯੋਧੇ 'ਤੇ ਦੂਜੇ ਲਾਹੌਰ ਸਾਜਿਸ਼ ਕੇਸ ਅਧੀਨ ਮੁਕੱਦਮਾ ਚਲਾਇਆ ਗਿਆ। ਅੰਤ 30 ਮਾਰਚ, 1917 ਈ: ਵਿਚ ਇਸ ਸੂਰਬੀਰ ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ਦੇ ਫੰਦੇ 'ਤੇ ਲਟਕਾਇਆ ਗਿਆ।


bhagwansinghjohal@gmail.com

ਬਾਬਾ ਬੰਦਾ ਸਿੰਘ ਬਹਾਦਰ ਦਾ ਘੋੜਾ

ਘੋੜਾ ਤਾਕਤ ਦਾ ਚਿੰਨ੍ਹ ਹੈ। ਹੁਣ ਵੀ ਘੋੜੇ ਦਾ ਬਲ ਇਕ ਮਿਆਰ ਮਿਣਿਆ ਜਾਂਦਾ ਹੈ ਅਤੇ ਇੰਜਣ ਦੀ ਸ਼ਕਤੀ ਨੂੰ ਹਾਰਸ ਪਾਵਰ ਵਿਚ ਹੀ ਦੱਸਿਆ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਵਿਚ ਸ੍ਰੀ ਦਸਮੇਸ਼ ਜੀ ਨੇ ਕਹਿਰਾਂ ਦੀ ਤਾਕਤ ਅਤੇ ਸਮਰੱਥਾ ਭਰ ਦਿੱਤੀ ਸੀ। ਕਲਗੀਧਰ ਦੇ ਬਖਸ਼ਿਸ਼ ਭਰੇ ਥਾਪੜੇ ਸਦਕਾ ਉਨ੍ਹਾਂ ਨੇ ਅਣਹੋਣੀਆਂ ਕਰ ਵਿਖਾਈਆਂ ਸਨ। ਉਨ੍ਹਾਂ ਦਾ ਘੋੜਾ ਵੀ ਬਹੁਤ ਹੀ ਬਲੀ ਅਤੇ ਜਾਂਬਾਜ਼ ਸੀ। ਇਕ ਵਾਰ ਬਾਬਾ ਬੰਦਾ ਸਿੰਘ ਬਹਾਦਰ ਦਾ ਦਿਲ ਕੀਤਾ ਕਿ ਚੰਬੇ ਦੀ ਸੈਰ ਕੀਤੀ ਜਾਵੇ। ਉਨ੍ਹਾਂ ਨੇ ਚੰਬੇ ਦੇ ਰਾਜੇ ਨੂੰ ਚਿੱਠੀ ਲਿਖੀ ਕਿ ਮੈਂ ਚੰਬਾ ਰਾਜ ਨੂੰ ਦੇਖਣ ਆਉਣਾ ਚਾਹੁੰਦਾ ਹਾਂ। ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਹਰ ਪਾਸੇ ਬਹੁਤ ਦਹਿਸ਼ਤ ਸੀ। ਚੰਬੇ ਦੇ ਰਾਜੇ ਨੇ ਵਜ਼ੀਰ ਨੂੰ ਪਰਖਣ ਲਈ ਭੇਜਿਆ ਅਤੇ ਕਿਹਾ ਕਿ ਕੋਸ਼ਿਸ਼ ਕਰੀਂ ਬੰਦਾ ਸਾਥੋਂ ਦੂਰ ਹੀ ਰਹੇ। ਡਰ ਹੈ ਕਿ ਕਿਤੇ ਉਹ ਸਾਡੇ ਰਾਜ 'ਤੇ ਆ ਕੇ ਕਬਜ਼ਾ ਹੀ ਨਾ ਕਰ ਲਵੇ। ਬੰਦੇ ਨੇ ਵਜ਼ੀਰ ਦੇ ਮਨ ਦੀ ਗੱਲ ਪੜ੍ਹ ਲਈ ਅਤੇ ਕਿਹਾ ਕਿ ਮੈਂ ਤਾਂ ਇਕੱਲਾ ਹੀ ਫਕੀਰੀ ਤੌਰ 'ਤੇ ਆਇਆ ਹਾਂ। ਮੈਂ ਤੁਹਾਡੇ ਉੱਤੇ ਰਾਜ ਕਰਨ ਨਹੀਂ ਆਇਆ। ਮੈਂ ਤਾਂ ਪਹਾੜਾਂ ਦੀ ਸੈਰ ਕਰਕੇ ਮੁੜ ਜਾਣਾ ਹੈ। ਫਿਰ ਵੀ ਵਜ਼ੀਰ ਉਨ੍ਹਾਂ ਨੂੰ ਇਕ ਬਹੁਤ ਹੀ ਖ਼ਤਰਨਾਕ ਘਾਟੀ ਵਿਚੋਂ ਦੀ ਲੈ ਤੁਰਿਆ। ਔਖੇ ਤੋਂ ਔਖੇ ਅਤੇ ਤਿੱਖੇ ਪਹਾੜਾਂ 'ਤੇ ਵੀ ਉਨ੍ਹਾਂ ਦਾ ਅਣਥੱਕ ਘੋੜਾ ਤੁਰਦਾ ਰਿਹਾ। ਅੱਗੇ ਇਕ ਬੜੇ ਤੇਜ਼ ਵੇਗ ਵਾਲੀ ਨਦੀ ਪਹਾੜ ਤੋਂ ਹੇਠਾਂ ਡਿਗ ਰਹੀ ਸੀ। ਉਸ ਦੇ ਪਾਣੀ ਦਾ ਵੇਗ ਏਨਾ ਤੇਜ਼ ਸੀ ਕਿ ਮੱਛੀ ਵੀ ਉੱਪਰ ਨਹੀਂ ਸੀ ਚੜ੍ਹ ਸਕਦੀ। ਬੰਦੇ ਨੇ ਇਸ ਨਦੀ 'ਤੇ ਵੀ ਆਪਣਾ ਘੋੜਾ ਭਜਾ ਲਿਆ ਅਤੇ ਅਸੰਭਵ ਨੂੰ ਸੰਭਵ ਕਰ ਦਿੱਤਾ। ਪੰਥ ਪ੍ਰਕਾਸ਼ ਅਨੁਸਾਰ-
ਦਯੋਂ ਬੰਦੇ ਨੇ ਘੋੜਾ ਧਵਾਈ।
ਗਯੈ ਪਾਰ ਜਨ ਤਲਾਵ ਮੁਰਗਾਈ।
ਬੰਦੇ ਨੇ ਘੋੜਾ ਪਾਣੀ ਵਿਚ ਠੇਲ੍ਹ ਦਿੱਤਾ। ਘੋੜਾ ਇਉਂ ਤੁਰਨ ਲੱਗਾ ਜਿਵੇਂ ਤਲਾਬ 'ਤੇ ਮੁਰਗਾਬੀ ਤਰਦੀ ਹੈ। ਫਿਰ ਅਗਲੇ ਕਿਨਾਰੇ ਤੋਂ ਘੋੜਾ ਇਉਂ ਮੋੜ ਕੇ ਵਾਪਸ ਲਿਆਂਦਾ ਜਿਵੇਂ ਕਬੂਤਰ ਉਡਾਰੀਆਂ ਮਾਰਦਾ ਆਉਂਦਾ ਹੋਵੇ-
ਫਿਰ ਬੰਦੇ ਨੇ ਘੋੜਾ ਮੁੜਾਯਾ।
ਜਨ ਕਰ ਕਬੂਤਰ ਉਡਤੋ ਆਯਾ।
ਫਿਰ ਬੰਦੇ ਨੇ ਘੋੜਾ ਨਦੀ ਦੇ ਵਿਚਕਾਰ ਖੜ੍ਹਾ ਕਰ ਦਿੱਤਾ-
ਜਗਤ ਸਰਬ ਅਚਰਜ ਤਿਹ ਭਯੋ।
ਖੜ੍ਹਾ ਘੋੜਾ ਮਧ ਬੰਦੈ ਕਯੋ।
ਬੰਦੇ ਨੇ ਘੋੜੇ ਉੱਤੇ ਚੜ੍ਹ ਕੇ ਉਹ ਥਾਂ ਪਾਰ ਕੀਤੀ, ਜਿਥੋਂ ਦੀ ਲੰਘਿਆ ਹੀ ਨਹੀਂ ਜਾ ਸਕਦਾ, ਅੱਜ ਵੀ ਲੰਘਿਆ ਨਹੀਂ ਜਾ ਸਕਦਾ। ਆਪਣੀ ਨਿਰਭੈਤਾ, ਹਿੰਮਤ ਅਤੇ ਘੋੜੇ ਦੀ ਸ਼ਾਨ ਦੀ ਨਿਸ਼ਾਨੀ ਵਜੋਂ ਬੰਦੇ ਨੇ ਉਥੋਂ ਦੇ ਕਾਰੀਗਰਾਂ ਤੋਂ ਇਕ ਪੱਥਰ ਦਾ ਘੋੜਾ ਘੜਵਾਇਆ ਅਤੇ ਇਸ ਘਾਟ ਉੱਤੇ ਸਥਾਪਤ ਕਰ ਦਿੱਤਾ। ਜਿਸ ਘਾਟ ਤੋਂ ਬੰਦਾ ਲੰਘ ਕੇ ਘੋੜੇ ਸਮੇਤ ਪਾਰ ਟੱਪ ਗਿਆ ਸੀ, ਅੱਜ ਤੱਕ ਉਥੇ ਘੋੜੇ ਦਾ ਬੁੱਤ ਖੜ੍ਹਾ ਹੈ-
ਘੋੜਾ ਘੜਾਯੋ ਪੱਥਰ ਇਕ,
ਸੋ ਤੀਂਹ ਦਯੋ ਖੜ੍ਹਾਇ।
ਭਯੋ ਅਚੰਭੋ ਜਗਤ ਮੈ,
ਹੈ ਅਬ ਲੌ ਤਿਸ ਥਾਇ।
**

ਮੇਲੇ 'ਤੇ ਵਿਸ਼ੇਸ਼

ਇਤਿਹਾਸਕ ਜੋੜ ਮੇਲਾ ਗੁਰੂ ਕੀ ਢਾਬ

ਮਾਲਵੇ ਵਿਚ ਲੱਗਣ ਵਾਲੇ ਵੱਡੇ ਅਤੇ ਇਤਿਹਾਸਕ ਜੋੜ ਮੇਲਿਆਂ ਵਿਚ ਜੈਤੋ ਨੇੜੇ ਪਿੰਡ ਗੁਰੂ ਕੀ ਢਾਬ ਵਿਖੇ ਮਨਾਏ ਜਾਣ ਵਾਲੇ ਜੋੜ ਮੇਲੇ ਦੀ ਆਪਣੀ ਵਿਸ਼ੇਸ਼ ਧਰਮਿਕ, ਸਮਾਜਿਕ, ਇਤਿਹਾਸਕ ਅਤੇ ਰਾਜਨੀਤਕ ਮਹੱਤਤਾ ਹੈ। ਇਹ ਸਥਾਨ ਜੈਤੋ-ਕੋਟਕਪੂਰਾ ਸੜਕ 'ਤੇ ਜੈਤੋ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਜਿਸ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। 'ਸੂਰਜ ਪ੍ਰਕਾਸ਼' ਗ੍ਰੰਥ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰਾ ਤੋਂ ਖਦਰਾਣੇ ਦੀ ਢਾਬ ਨੂੰ ਜਾਣ ਲਈ ਜੈਤੋ ਵੱਲ ਆ ਰਹੇ ਸਨ ਤਾਂ ਤੀਸਰੇ ਪਹਿਰ ਸੰਗਤ ਸਮੇਤ ਇਸ ਸਥਾਨ 'ਤੇ ਮੌਜੂਦ ਸ਼ਰੀਂਹ ਦੇ ਇਕ ਵੱਡੇ ਦਰੱਖਤ ਹੇਠਾਂ ਆ ਕੇ ਬੈਠ ਗਏ। ਸਾਰੀ ਸੰਗਤ ਆਰਾਮ ਕਰ ਰਹੀ ਸੀ ਕਿ ਸ਼ਰੀਂਹ ਦੇ ਦਰੱਖਤ ਵਿਚੋਂ ਇਕ ਵਿਅਕਤੀ ਨਿਕਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ। ਗੁਰੂ ਜੀ ਨੇ ਉਸ ਦਾ ਨਾਂਅ ਲੈ ਕੇ ਕਿਹਾ 'ਰਾਜ਼ੀ ਹੈਂ ਹੁਸੈਨ ਮੀਆਂ', ਤਾਂ ਉਹ ਵਿਅਕਤੀ ਗੁਰੂ ਜੀ ਦੇ ਮੁੱਖ 'ਚੋਂ ਆਪਣਾ ਨਾਂਅ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਿਆ 'ਆਪ ਜੀ ਦੇ ਦਰਸ਼ਨਾਂ ਦੀ ਬੜੇ ਚਿਰ ਤੋਂ ਤਾਂਘ ਸੀ। ਅੱਜ ਤੁਹਾਡਾ ਦੀਦਾਰ ਕਰਕੇ ਮੈਨੂੰ ਅਥਾਹ ਪ੍ਰਸੰਨਤਾ ਹੋਈ ਹੈ। ਮੈਨੂੰ ਲਗਦਾ ਜਿਵੇਂ ਮੇਰੇ ਪਾਪਾਂ ਦਾ ਨਾਸ਼ ਹੋ ਗਿਆ ਹੋਵੇ ਅਤੇ ਮੇਰਾ ਕਲਿਆਣ ਹੋ ਗਿਆ ਹੋਵੇ।' ਏਨਾ ਕਹਿ ਕੇ ਉਹ ਵਿਅਕਤੀ ਉਥੋਂ ਚਲਿਆ ਗਿਆ। ਬਾਅਦ ਵਿਚ ਸਿੱਖ ਸੰਗਤ ਨੇ ਗੁਰੂ ਜੀ ਤੋਂ ਪੁੱਛਿਆ ਕਿ ਮਹਾਰਾਜ! ਇਹ ਸੁੰਦਰ ਸਰੂਪ ਵਾਲਾ ਵਿਅਕਤੀ ਕੌਣ ਸੀ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਇਕ ਸ਼ਹੀਦ ਸੀ ਜੋ ਕਿਸੇ ਵਿਘਨ ਕਾਰਨ ਮੁਕਤੀ ਪ੍ਰਾਪਤ ਨਹੀਂ ਸੀ ਕਰ ਸਕਿਆ ਅਤੇ ਅੱਜ ਇਸ ਦੀ ਮੁਕਤੀ ਹੋ ਗਈ ਹੈ। 'ਸੂਰਜ ਪ੍ਰਕਾਸ਼' ਵਿਚ ਇਸ ਸਥਾਨ ਨੂੰ 'ਦੋਦਾ ਤਾਲ' ਦਾ ਨਾਂਅ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਤੀਰਥ ਅਸਥਾਨ 'ਤੇ ਇਸ਼ਨਾਨ ਕਰਨ ਵਾਲਾ ਮੁਕਤੀ ਪ੍ਰਾਪਤ ਕਰੇਗਾ।
ਇਸ ਇਤਿਹਾਸਕ ਸਥਾਨ ਉੱਪਰ ਸਿੱਖ ਸ਼ਰਧਾਲੂਆਂ ਵੱਲੋਂ ਇਕ ਸ਼ਾਨਦਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ। ਇਥੇ ਅੱਠ ਚੁੰਡਾ ਸਰੋਵਰ ਹੈ ਅਤੇ ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਇਥੇ ਇਸ਼ਨਾਨ ਕਰਨ ਨਾਲ ਅਠਰਾਹ ਦੀ ਬੀਮਾਰੀ ਦੂਰ ਹੋ ਜਾਂਦੀ ਹੈ। ਇਥੇ ਮਨਾਇਆ ਜਾਣ ਵਾਲਾ ਜੋੜ ਮੇਲਾ ਹਰ ਸਾਲ 31 ਭਾਦੋਂ ਨੂੰ ਸ਼ੁਰੂ ਹੁੰਦਾ ਹੈ ਅਤੇ 3 ਅੱਸੂ ਨੂੰ ਪੂਰੇ ਸਿਖਰਾਂ 'ਤੇ ਹੁੰਦਾ ਹੈ, ਜਦੋਂ ਹਜ਼ਾਰਾਂ ਦੀ ਗਿਣਤੀ ਵਿਚ ਦੂਰੋਂ-ਨੇੜਿਓਂ ਪਹੁੰਚੇ ਸ਼ਰਧਾਲੂ ਇਥੇ ਮੱਥਾ ਟੇਕਦੇ ਹਨ ਅਤੇ ਇਸ਼ਨਾਨ ਕਰਦੇੇ ਹਨ। ਇਥੇ ਦੀਵਾਨ ਸਜਦੇ ਹਨ ਅਤੇ ਢਾਡੀ ਜਥੇ ਸਿੱਖ ਇਤਿਹਾਸ ਦੀਆਂ ਵਾਰਾਂ ਅਤੇ ਕਵੀਸ਼ਰੀ ਪੇਸ਼ ਕਰਦੇ ਹਨ। 3 ਅੱਸੂ ਨੂੰ ਇਥੇ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਕੀਤੀ ਜਾਂਦੀ ਰਾਜਸੀ ਕਾਨਫਰੰਸ ਵੀ ਇਸ ਮੇਲੇ ਦੀ ਰੌਣਕ, ਸ਼ਾਨ ਅਤੇ ਮਹੱਤਤਾ ਵਿਚ ਵਾਧਾ ਕਰਦੀ ਹੈ। ਮੇਲੇ ਦੌਰਾਨ ਪਿੰਡ ਵਾਸੀਆਂ ਵਿਚਲਾ ਚਾਅ ਅਤੇ ਉਨ੍ਹਾਂ ਦੀ ਪ੍ਰਾਹੁਣਾਚਾਰੀ ਵੇਖਣਯੋਗ ਹੁੰਦੀ ਹੈ।


-ਜੈਤੋ (ਫ਼ਰੀਦਕੋਟ)। ਮੋਬਾ: 98721-84024

ਸ਼ੇਰ-ਏ-ਪੰਜਾਬ ਦੁਆਰਾ ਉਸਾਰੇ ਮੂਰ ਕਰਾਫਟ ਪੈਵਿਲੀਅਨ ਦਾ ਨਵਨਿਰਮਾਣ ਮੁਕੰਮਲ

ਲਾਹੌਰ ਸ਼ਹਿਰ ਤੋਂ 5 ਕੁ ਕਿਲੋਮੀਟਰ ਦੀ ਦੂਰੀ 'ਤੇ ਬਾਗ਼ਬਾਣਪੁਰਾ ਇਲਾਕੇ ਵਿਚ ਜੀ.ਟੀ. ਰੋਡ 'ਤੇ 42 ਏਕੜ 'ਚ ਫੈਲਿਆ ਹੋਇਆ 'ਸ਼ਾਲਾਮਾਰ ਬਾਗ਼' ਇਕ ਆਲੀਸ਼ਾਨ ਮੁਗ਼ਲਈ ਬਾਗ ਹੈ। ਇਹ ਬਾਗ਼ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਨੇ ਸੰਨ 1641 ਵਿਚ ਆਪਣੇ ਅਹਿਲਕਾਰ ਅਤੇ ਇੰਜੀਨੀਅਰ ਅਲੀ ਮਰਦਾਨ ਖਾਂ ਦੀ ਦੇਖ-ਰੇਖ ਵਿਚ ਸੁਲਤਾਨ ਬੇਗ ਅਤੇ ਮੌਲਾ ਅਲਾਉਲ ਮੁਲਕ ਤੂਣੀ ਦੀ ਮਾਰਫ਼ਤ ਖ਼ਲੀਲ ਉੱਲਾ ਖ਼ਾਂ ਤੋਂ ਤਿਆਰ ਕਰਵਾਇਆ।
ਸ਼ਾਲਾਮਾਰ ਬਾਗ਼ ਦੇ ਅੰਦਰ ਵੜਦਿਆਂ ਸੱਜੇ ਹੱਥ ਫੁਹਾਰਿਆਂ ਦੇ ਅੱਗੇ ਪਿੱਲੇ ਰੰਗ ਦਾ ਇਕ ਸੰਗਮਰਮਰੀ ਪੈਵਿਲੀਅਨ (ਸ਼ਾਮਿਆਨਾ) ਮੌਜੂਦ ਹੈ। ਇਸ ਦੇ 3 ਪਾਸੇ 3-3 ਜਾਲੀਦਾਰ ਦਰਵਾਜ਼ੇ ਹਨ, ਜੋ ਕਿ ਪੱਕੇ ਤੌਰ 'ਤੇ ਬੰਦ ਹਨ, ਜਦੋਂਕਿ ਸਾਹਮਣੇ ਵਾਲੇ ਪਾਸੇ 2 ਜਾਲੀਦਾਰ ਦਰਵਾਜ਼ੇ ਅਤੇ ਇਕ ਸਾਧਾਰਨ ਦਰਵਾਜ਼ਾ ਹੈ। ਇਹ ਇਮਾਰਤ ਅਤੇ ਇਸ ਦੇ ਹੇਠਾਂ ਮੌਜੂਦ ਸਰਦਖ਼ਾਨਾ (ਤਹਿਖਾਨਾ) ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਵਾਇਆ ਗਿਆ ਸੀ। ਗਰਮੀਆਂ ਦੇ ਮੌਸਮ ਵਿਚ ਇਸ ਨੂੰ ਠੰਢਾ ਰੱਖਣ ਲਈ ਇਸ ਪੈਵਿਲੀਅਨ ਦੇ ਪਿਛਲੇ ਪਾਸੇ ਇਕ ਵੱਡਾ ਖੂਹ ਲਗਵਾਇਆ ਗਿਆ। ਨਾਨਕਸ਼ਾਹੀ ਇੱਟਾਂ ਨਾਲ ਬਣਾਇਆ ਗਿਆ ਇਹ ਖੂਹ ਅੱਜ ਵੀ ਮੌਜੂਦ ਹੈ ਅਤੇ ਹੁਣ ਇਸ 'ਤੇ ਲੋਹੇ ਦਾ ਵੱਡਾ ਮਜ਼ਬੂਤ ਜੰਗਲਾ ਲਗਾ ਕੇ ਇਸ ਨੂੰ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਥਾਂ 'ਤੇ ਤੁਰਕਿਸਤਾਨ ਨੂੰ ਜਾਂਦਾ ਹੋਇਆ ਵਿਲੀਅਮ ਮੂਰ ਕਰਾਫਟ ਸੰਨ 1820 ਵਿਚ ਠਹਿਰਿਆ ਸੀ।
ਭਾਈ ਕਾਨ੍ਹ ਸਿੰਘ ਨਾਭਾ 'ਮਹਾਨ ਕੋਸ਼' ਦੇ ਸਫ਼ਾ 991 'ਤੇ ਮੂਰ ਕਰਾਫਟ ਦੇ ਸਬੰਧ ਵਿਚ ਲਿਖਦੇ ਹਨ ਕਿ ਸੰਨ 1770 ਵਿਚ ਇੰਗਲੈਂਡ ਵਿਚ ਜਨਮਿਆ ਪ੍ਰਸਿੱਧ ਸਲੋਤਰੀ (ਸ਼ਾਲਹੌਤ੍ਰੀ-ਵੈਟਰਨਰੀ ਸਰਜਨ) ਵਿਲੀਅਮ ਮੂਰ ਕਰਾਫਟ ਸੰਨ 1808 ਵਿਚ ਬੰਗਾਲ ਦੇ ਰਸਾਲਿਆਂ ਦਾ ਇੰਸਪੈਕਟਰ ਬਣਿਆ। ਸੰਨ 1819 ਵਿਚ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਮਿਲਿਆ। ਮਹਾਰਾਜਾ ਨੇ ਇਸ ਨੂੰ ਆਪਣਾ ਰਸਾਲਾ ਵਿਖਾ ਕੇ ਕਈ ਨੇਕ ਸਲਾਹਾਂ ਲਈਆਂ ਅਤੇ ਇਸ ਦਾ ਭਾਰੀ ਮਾਣ ਕੀਤਾ। ਮੂਰਕ੍ਰਾਫਟ 27 ਅਗਸਤ, 1825 ਨੂੰ ਤਾਪ ਨਾਲ ਰੋਗੀ ਹੋ ਕੇ ਤੁਰਕਿਸਤਾਨ ਵਿਚ ਮੋਇਆ।
ਇਤਿਹਾਸਕ ਹਵਾਲਿਆਂ ਅਨੁਸਾਰ ਵਿਲੀਅਮ ਮੂਰ ਕਰਾਫਟ ਸੰਨ 1808 ਵਿਚ ਭਾਰਤ ਆਇਆ, ਉਹ ਪਸ਼ੂ-ਚਿਕਿਤਸਕ ਸੀ। ਉਸ ਨੂੰ ਈਸਟ ਇੰਡੀਆ ਕੰਪਨੀ ਨੇ ਚੰਗੀ ਨਸਲ ਜਾਂ ਦੌੜ ਆਦਿ ਲਈ ਰਾਖਵੇਂ ਘੋੜਿਆਂ ਦਾ ਸੁਪ੍ਰਿੰਟੈਂਡੈਂਟ (ਦਰੋਗਾ) ਬਣਾਇਆ। ਜਦੋਂ ਉਹ ਈਸਟ ਇੰਡੀਆ ਕੰਪਨੀ ਲਈ ਤੁਰਕਿਸਤਾਨ ਚੰਗੀ ਨਸਲ ਦੇ ਘੋੜੇ ਖਰੀਦਣ ਜਾ ਰਿਹਾ ਸੀ ਤਾਂ ਲਾਹੌਰ ਪਹੁੰਚਣ 'ਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਪਾਸ ਉਨ੍ਹਾਂ ਦੇ ਖਾਸ ਮਹਿਮਾਨ ਵਜੋਂ ਰਿਹਾ। ਇਸ ਨੂੰ ਮਹਾਰਾਜਾ ਵੱਲੋਂ ਸ਼ਾਲਾਮਾਰ ਬਾਗ਼ ਵਿਚ ਉਸਾਰੇ ਗਏ ਸੰਗਮਰਮਰੀ ਪੈਵਿਲੀਅਨ ਵਿਚ ਠਹਿਰਾਇਆ ਗਿਆ, ਜਿਸ ਦੇ ਬਾਹਰ ਲੱਗੀ ਪੱਥਰ ਦੀ ਸਿਲ 'ਤੇ ਇਹ ਇਬਾਰਤ ਦਰਜ ਹੈ-'ਇਹ ਪੈਵਿਲੀਅਨ, ਜੋ ਮਹਾਰਾਜਾ ਰਣਜੀਤ ਸਿੰਘ ਨੇ ਉਸਾਰਿਆ, ਵਿਚ ਪ੍ਰਸਿੱਧ ਯਾਤਰੂ ਵਿਲੀਅਮ ਮੂਰ ਕਰਾਫਟ ਤੁਰਕਿਸਤਾਨ ਨੂੰ ਜਾਂਦਾ ਹੋਇਆ ਮਈ, 1820 ਵਿਚ ਮਹਾਰਾਜਾ ਦੇ ਦਰਬਾਰ ਵਿਚ ਪਹੁੰਚਣ 'ਤੇ ਠਹਿਰਿਆ। ਤੁਰਕਿਸਤਾਨ ਵਿਚ ਸੰਨ 1825 'ਚ ਇਸ ਦਾ ਦੇਹਾਂਤ ਹੋਇਆ।'
ਮੂਰ ਕਰਾਫਟ ਲਾਹੌਰ ਵਿਚ ਰਹਿਣ ਸਮੇਂ ਕਈ ਵਾਰ ਖ਼ਾਲਸਾ ਦਰਬਾਰ ਵਿਚ ਪਹੁੰਚ ਕੇ ਮਹਾਰਾਜਾ ਨੂੰ ਮਿਲਣ ਦਾ ਮਾਣ ਪ੍ਰਾਪਤ ਕਰਦਾ ਰਿਹਾ। ਉਸ ਦੌਰਾਨ ਉਸ ਨੇ ਲਾਹੌਰ ਦਰਬਾਰ ਦੇ ਤਬੇਲਿਆਂ ਦੇ ਘੋੜੇ ਵੀ ਵੇਖੇ, ਜਿਨ੍ਹਾਂ ਨੂੰ ਉਸ ਨੇ ਆਪਣੇ ਸਫ਼ਰਨਾਮੇ ਵਿਚ ਬਹੁਮੁੱਲੇ ਘੋੜੇ ਲਿਖਿਆ ਹੈ ਅਤੇ ਸਿੱਖ ਫੌਜ ਦੀ ਕਵਾਇਦ ਦੀ ਵੀ ਰੱਜ ਕੇ ਪ੍ਰਸੰਸਾ ਕੀਤੀ ਹੈ। ਉਸ ਨੇ ਆਪਣੇ ਸਫ਼ਰਨਾਮੇ ਦੀ ਜਿਲਦ ਇਕ, ਸਫ਼ਾ 98 'ਤੇ ਲਿਖਿਆ ਹੈ-'ਮੈਨੂੰ ਮਹਾਰਾਜੇ ਨੇ ਦੱਸਿਆ ਕਿ ਉਨ੍ਹਾਂ ਦੀਆਂ ਫੌਜਾਂ ਨੂੰ ਪਹਿਲੇ-ਪਹਿਲ ਇਕ ਨਾਇਕ ਨੇ ਕਵਾਇਦ ਦੱਸੀ ਸੀ, ਜੋ ਕੰਪਨੀ ਦੀ ਫੌਜ ਵਿਚੋਂ ਕਵਾਇਦ ਸਿੱਖ ਕੇ ਆਇਆ ਸੀ।'
ਮਹਾਰਾਜੇ ਨਾਲ ਮਿਲਣੀ ਦੇ ਦੌਰਾਨ ਉਸ ਨੇ ਮਹਾਰਾਜੇ ਨੂੰ ਰੂਸ ਦੇ ਵਜ਼ੀਰ ਸ਼ਹਿਜ਼ਾਦਾ ਨੈਸਲਰੋਡ ਦਾ ਉਹ ਖ਼ਤ ਵੀ ਦਿੱਤਾ, ਜਿਸ ਵਿਚ ਉਸ ਨੇ ਰੂਸ ਦੇ ਬਾਦਸ਼ਾਹ ਨੂੰ ਬੜਾ ਹੀ ਰਹਿਮ-ਦਿਲ ਹੁਕਮਰਾਨ ਦੱਸਦਿਆਂ ਲਿਖਿਆ ਸੀ ਕਿ ਉਹ ਸਿੱਖਾਂ ਦੇ ਮਹਾਰਾਜੇ ਦੀ ਉਨਤੀ ਸੁਣ ਕੇ ਸੱਚੇ ਦਿਲ ਨਾਲ ਬਹੁਤ ਪ੍ਰਸੰਨ ਹੈ ਅਤੇ ਰੂਸ ਤੇ ਪੰਜਾਬ ਦੇ ਵਿਚਾਲੇ ਵਪਾਰ ਦਾ ਸਿਲਸਿਲਾ ਸ਼ੁਰੂ ਕਰਨ ਦਾ ਚਾਹਵਾਨ ਹੈ। ਇਸ ਖ਼ਤ ਵਿਚ ਉਸ ਨੇ ਹੋਰਨਾਂ ਮਹੱਤਵਪੂਰਨ ਗੱਲਾਂ ਦੇ ਨਾਲ ਇਹ ਵੀ ਲਿਖਿਆ ਸੀ ਕਿ ਪੰਜਾਬ ਦੇ ਨਾਲ ਇਹ ਸੰਧੀ ਹੋਣ 'ਤੇ ਦੋਵਾਂ ਧਿਰਾਂ ਨੂੰ ਵੱਡਾ ਲਾਭ ਪਹੁੰਚੇਗਾ ਅਤੇ ਪੰਜਾਬੀ ਵਪਾਰੀਆਂ ਨੂੰ ਬੜੀ ਇੱਜ਼ਤ ਨਾਲ ਉਹ ਆਪਣੇ ਇਲਾਕਿਆਂ ਵਿਚ ਰੱਖੇਗਾ।
ਮੂਰ ਕਰਾਫਟ ਮਹਾਰਾਜਾ ਰਣਜੀਤ ਸਿੰਘ ਦੀ ਆਗਿਆ ਨਾਲ ਕਸ਼ਮੀਰ ਅਤੇ ਲਦਾਖ਼ ਪੁੱਜਾ, ਉਥੋਂ ਤੁਰਕਿਸਤਾਨ ਵੱਲ ਗਿਆ। ਲਦਾਖ ਪਹੁੰਚ ਕੇ ਇਸ ਨੇ ਉਥੋਂ ਦੇ ਸ਼ਾਸਕ ਨਾਲ ਵਪਾਰਕ ਸੰਧੀ ਕੀਤੀ। ਉਸੇ ਦੌਰਾਨ ਕੰਪਨੀ ਨੇ ਉਸ ਨੂੰ ਲਦਾਖ਼ ਵਿਖੇ ਪੱਤਰ ਭੇਜ ਕੇ ਸੂਚਿਤ ਕੀਤਾ ਕਿ ਉਸ ਨੂੰ ਕੰਪਨੀ ਦੀ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਜਲਦੀ ਬਾਅਦ ਹੀ ਇਕ ਹੋਰ ਪੱਤਰ ਭੇਜ ਕੇ ਇਹ ਵੀ ਆਦੇਸ਼ ਜਾਰੀ ਕੀਤਾ ਗਿਆ ਕਿ ਉਹ ਜਲਦੀ ਤੋਂ ਜਲਦੀ ਆਪਣੇ ਵਤਨ ਵਾਪਸ ਪਰਤ ਜਾਵੇ। ਪਰ ਜਦੋਂ ਇਹ ਖ਼ਤ ਲਦਾਖ਼ ਪਹੁੰਚੇ, ਮੂਰ ਕਰਾਫਟ ਲਦਾਖ਼ ਤੋਂ ਚੱਲ ਕੇ ਖ਼ੈਬਰ ਪਾਸ ਰਸਤੇ ਬੁਖ਼ਾਰਾ ਅਤੇ ਅਫ਼ਗਾਨਿਸਤਾਨ ਘੋੜਿਆਂ ਦੀ ਭਾਲ ਲਈ ਪਹੁੰਚ ਚੁੱਕਾ ਸੀ। ਅੰਤ ਤੁਰਕਿਸਤਾਨ ਵਿਖੇ ਹੀ 27 ਅਗਸਤ, 1825 ਨੂੰ ਮਲੇਰੀਏ ਨਾਲ ਉਸ ਦੀ ਮੌਤ ਹੋ ਗਈ।
ਵਿਲੀਅਮ ਮੂਰ ਕਰਾਫਟ ਦੀ ਲਾਹੌਰ ਫੇਰੀ ਨਾਲ ਸਬੰਧਤ ਸ਼ਾਲਾਮਾਰ ਬਾਗ਼ ਵਿਚਲੀ ਉਪਰੋਕਤ ਯਾਦਗਾਰ ਨੂੰ ਕੁਝ ਵਰ੍ਹੇ ਪਹਿਲਾਂ ਤੱਕ ਇਸ ਦੇ ਪਾਸ ਮੌਜੂਦ ਕੰਟੀਨ ਦੇ ਹੀ ਇਕ ਹਿੱਸੇ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਸੀ ਅਤੇ ਅਕਸਰ ਬਾਗ਼ ਵਿਚ ਆਉਣ ਵਾਲੇ ਯਾਤਰੂ ਇਸੇ ਸੰਗਮਰਮਰੀ ਪੈਵਿਲੀਅਨ ਵਿਚ ਬੈਠ ਕੇ ਚਾਹ-ਕੌਫੀ ਆਦਿ ਪੀਂਦੇ ਵੇਖੇ ਜਾਂਦੇ ਸਨ। ਹੁਣ ਇਥੇ ਇਸ ਪ੍ਰਕਾਰ ਬੈਠਣ 'ਤੇ ਮਨਾਹੀ ਲਗਾ ਦਿੱਤੀ ਗਈ ਹੈ ਅਤੇ ਯਾਤਰੂ ਸਿਰਫ਼ ਇਸ ਨੂੰ ਵੇਖ ਹੀ ਸਕਦੇ ਹਨ। ਸ਼ੇਰੇ-ਪੰਜਾਬ ਦੁਆਰਾ ਉਸਾਰੇ ਇਸ ਪੈਵਿਲੀਅਨ ਦੇ ਨਵਨਿਰਮਾਣ ਦਾ ਕੰਮ ਪੁਰਾਤੱਤਵ ਵਿਭਾਗ ਦੇ ਮਾਹਿਰ ਕਾਰੀਗਰਾਂ ਵੱਲੋਂ ਕਰੀਬ-ਕਰੀਬ ਮੁਕੰਮਲ ਕਰ ਲਿਆ ਗਿਆ ਹੈ ਅਤੇ ਹੁਣ ਇਹ ਸਮਾਰਕ ਸ਼ਾਲਾਮਾਰ ਬਾਗ਼ ਦੀ ਸ਼ਾਨ ਵਿਚ ਚੋਖਾ ਵਾਧਾ ਕਰ ਰਿਹਾ ਪ੍ਰਤੀਤ ਹੋ ਰਿਹਾ ਹੈ।


-ਅੰਮ੍ਰਿਤਸਰ। ਫੋਨ : 9356127771

ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਮਾ

ਭਾਈ ਕਿਰਪਾਲ ਸਿੰਘ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁਰੂ ਤੇਗ ਬਹਾਦਰ ਜੀ ਦੇ ਆਦੇਸ਼ ਅਨੁਸਾਰ ਪਟਨਾ ਸਾਹਿਬ ਤੋਂ ਗੁਰੂ ਪਰਿਵਾਰ ਦਾ ਵਹੀਰ ਭਾਈ ਦਿਆਲ ਦਾਸ ਤੇ ਮਾਮਾ ਕਿਰਪਾਲ ਚੰਦ ਦੀ ਅਗਵਾਈ ਵਿਚ ਪੰਜਾਬ ਵੱਲ ਚੱਲ ਪਿਆ। ਮਾਤਾ ਗੁਜਰੀ ਜੀ ਬਾਲ ਗੋਬਿੰਦ ਸਹਿਤ 13 ਸਤੰਬਰ, 1670 ਨੂੰ ਅੰਬਾਲੇ ਦੇ ਨੇੜੇ ਆਪਣੇ ਪੇਕੇ ਪਿੰਡ ਲਖਨੌਰ ਪਹੁੰਚੇ। ਗੁਰੂ ਤੇਗ ਬਹਾਦਰ ਜੀ ਵੀ ਲਖਨੌਰ ਵਿਖੇ ਆਪਣੇ ਪਰਿਵਾਰ ਨੂੰ ਆ ਮਿਲੇ। ਲਖਨੌਰ ਵਿਖੇ ਬਾਲ ਗੋਬਿੰਦ ਦੇ ਵੱਡੇ ਮਾਮਾ ਜੀ ਭਾਈ ਮਿਹਰ ਚੰਦ ਸੁਭਿਖੀ ਰਹਿੰਦੇ ਸਨ।
ਭੱਟ ਵਹੀ ਮੁਲਤਾਨੀ ਸਿੰਧੀ ਅਨੁਸਾਰ ਅਗਲੇ ਦਿਨ 14 ਸਤੰਬਰ, 1670 ਈ: ਨੂੰ ਦੁਸਹਿਰੇ ਵਾਲੇ ਦਿਨ ਛੋਟੇ ਮਾਮਾ ਕਿਰਪਾਲ ਚੰਦ ਅਤੇ ਗੁਰੂ ਤੇਗ ਬਹਾਦਰ ਜੀ ਦੀ ਹਜ਼ੂਰੀ ਵਿਚ ਵੱਡੇ ਮਾਮਾ ਮਿਹਰ ਚੰਦ ਸੁਭਿਖੀ ਨੇ ਬਾਲ ਗੋਬਿੰਦ ਨੂੰ ਮੰਜੀ ਉੱਤੇ ਬਿਠਾ ਕੇ ਜ਼ਮੁਰਦੀ ਰੰਗ ਦੀ ਦਸਤਾਰ ਸਜਾਈ ਅਤੇ ਸਿਰ ਵਾਰਨਾ ਕੀਤਾ। (ਗੁਰੂ ਕੀਆਂ ਸਾਖੀਆਂ, ਪੰਨਾ-76)
ਗੁਰੂ ਤੇਗ ਬਹਾਦਰ ਜੀ 1675 ਈ: ਵਿਚ ਆਪਣੇ ਮੁਖੀ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਸਹਿਤ ਚਾਂਦਨੀ ਚੌਕ ਦਿੱਲੀ ਵਿਚ ਸ਼ਹੀਦ ਹੋ ਗਏ, ਤਾਂ ਗੁਰੂ ਦਰਬਾਰ ਤੇ ਗੁਰੂ ਪਰਿਵਾਰ ਦੀ ਸੇਵਾ-ਸੰਭਾਲ ਬਾਰੇ ਮਾਮਾ ਕਿਰਪਾਲ ਚੰਦ ਦੀ ਜ਼ਿੰਮੇਵਾਰੀ ਹੋਰ ਵਧ ਗਈ। ਗੁਰੂ-ਘਰ ਪ੍ਰਤੀ ਮਾਮਾ ਕਿਰਪਾਲ ਚੰਦ ਜੀ ਦੇ ਮਹੱਤਵਪੂਰਨ ਯੋਗਦਾਨ ਵੱਲ ਸਭ ਤੋਂ ਵਧ ਧਿਆਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਸਾਹਿਬਾਨ ਡਾ: ਜੇ. ਐਸ. ਗਰੇਵਾਲ ਅਤੇ ਡਾ: ਐਸ. ਐਸ. ਬੱਲ ਨੇ ਦਿੱਤਾ ਹੈ। ਉਹ ਆਪਣੀ ਪੁਸਤਕ 'ਗੁਰੂ ਗੋਬਿੰਦ ਸਿੰਘ, ਏ ਬਾਇਉਗਰਾਫ਼ੀਕਲ ਸਟੱਡੀ' (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, 1967) ਵਿਚ ਲਿਖਦੇ ਹਨ ਕਿ ਨੌਵੀਂ ਪਾਤਸ਼ਾਹੀ ਦੀ ਸ਼ਹੀਦੀ ਤੋਂ ਬਾਅਦ ਮਾਮਾ ਕਿਰਪਾਲ ਚੰਦ ਨੇ ਸਿੱਖਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਿਕ ਨੀਤੀ ਨੂੰ ਅਪਣਾਇਆ ਅਤੇ ਦਸਮ ਪਾਤਸ਼ਾਹ ਦੀ ਫੌਜ ਭਰਤੀ ਕਰਨੀ ਸ਼ੁਰੂ ਕੀਤੀ। ਗੁਰੂ-ਘਰ ਤੇ ਦਰਬਾਰ ਦੇ ਸਾਰੇ ਫੈਸਲੇ ਮਸੰਦਾਂ ਦੀ ਚੌਧਰ ਨੂੰ ਪਿੱਛੇ ਸੁੱਟ ਕੇ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਮਾਮਾ ਕਿਰਪਾਲ ਚੰਦ ਮਿਲ ਕੇ ਕਰਦੇ ਸਨ। ਸਿੱਖ ਪੰਥ ਦੀ ਨਵੀਂ ਨੀਤੀ ਨਿਰਧਾਰਤ ਕਰਨ ਵਿਚ ਮਾਮਾ ਕਿਰਪਾਲ ਚੰਦ ਜੀ ਨੇ ਅਹਿਮ ਭੂਮਿਕਾ ਨਿਭਾਈ। ਮਾਤਾ ਗੁਜਰੀ ਜੀ ਨੇ ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰੀ ਜੀ ਨਾਲ ਗੁਰੂ ਗੋਬਿੰਦ ਸਿੰਘ ਦੀਆਂ ਸ਼ਾਦੀਆਂ ਮਾਮਾ ਕਿਰਪਾਲ ਚੰਦ ਦੀ ਸਲਾਹ ਨਾਲ ਕਰਾਈਆਂ। ਉਂਜ ਵੀ ਸਾਡੇ ਸਮਾਜਿਕ ਰੀਤੀ-ਰਿਵਾਜ ਅਨੁਸਾਰ ਬੱਚਿਆਂ ਦੀਆਂ ਵਿਆਹ-ਸ਼ਾਦੀਆਂ ਸਮੇਂ ਨਾਨਕਿਆਂ ਦੀ ਸਲਾਹ ਲੈਣੀ ਜ਼ਰੂਰੀ ਹੁੰਦੀ ਹੈ। ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਭਰ ਜਵਾਨ ਨਹੀਂ ਹੋਏ, ਓਨਾ ਚਿਰ ਗੁਰੂ-ਘਰ ਤੇ ਗੁਰੂ ਦਰਬਾਰ ਦੇ ਸਾਰੇ ਕੰਮ ਮਾਮਾ ਕਿਰਪਾਲ ਚੰਦ ਜੀ ਦੀ ਰਹਿਨੁਮਾਈ ਅਤੇ ਸਰਪ੍ਰਸਤੀ ਵਿਚ ਹੁੰਦੇ ਸਨ। ਡਾ: ਗਰੇਵਾਲ ਤੇ ਡਾ: ਬੱਲ ਲਿਖਦੇ ਹਨ ਕਿ 'ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸ੍ਰੀ ਕਿਰਪਾਲ ਚੰਦ ਜੀ ਨੇ ਬਾਲ ਗੋਬਿੰਦ ਦੀ ਸੁਯੋਗ ਸਰਪ੍ਰਸਤੀ ਕੀਤੀ ਤਾਂ ਅਸੀਂ ਇਤਿਹਾਸਕ ਸੱਚ ਦੇ ਬਹੁਤ ਨੇੜੇ ਪਹੁੰਚ ਜਾਂਦੇ ਹਾਂ। ਇਹੀ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ 'ਬਚਿੱਤਰ ਨਾਟਕ' ਵਿਚ ਮਾਮਾ ਕਿਰਪਾਲ ਚੰਦ ਦਾ ਜ਼ਿਕਰ ਬੜੇ ਸਤਿਕਾਰ ਨਾਲ ਕਰਦੇ ਹਨ।' (ਪੰਨਾ 203)
ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਪਾਉਂਟਾ ਸਾਹਿਬ ਗਏ ਤਾਂ ਮਾਮਾ ਕਿਰਪਾਲ ਚੰਦ ਉਨ੍ਹਾਂ ਦੇ ਨਾਲ ਸਨ। ਮਾਮਾ ਜੀ ਨੇ ਬਾਲ ਗੋਬਿੰਦ ਦੀ ਨੌਂ ਸਾਲ ਦੀ ਉਮਰ ਤੋਂ ਲੈ ਕੇ 18-20 ਸਾਲ ਦੀ ਉਮਰ ਤੱਕ ਬੜੀ ਸਤਰਕਤਾ ਨਾਲ ਸਰਪ੍ਰਸਤੀ ਕੀਤੀ। ਭੰਗਾਣੀ ਦੇ ਯੁੱਧ ਵਿਚ ਜਦੋਂ ਮਾਮਾ ਕਿਰਪਾਲ ਚੰਦ ਨੇ ਦੇਖਿਆ ਕਿ ਉੁਨ੍ਹਾਂ ਦਾ ਭਾਣਜਾ ਹੁਣ ਆਪਣੇ ਸਾਰੇ ਕਾਰਜ ਬਾਖ਼ੂਬੀ ਕਰ ਰਿਹਾ ਹੈ ਤਾਂ ਉਨ੍ਹਾਂ ਨੇ ਆਪਣੇ-ਆਪ ਨੂੰ ਪਿੱਛੇ ਕਰ ਲਿਆ। 'ਗੁਰੂ ਗੋਬਿੰਦ ਸਿੰਘ ਜੀ ਦਾ ਪਾਉਂਟਾ ਸਾਹਿਬ ਵਿਚ ਪ੍ਰਵੇਸ਼ ਕਰਨਾ, ਆਪਣੇ ਬਾਲਪਨ ਵਿਚੋਂ ਨਿਕਲ ਕੇ ਮਰਦਾਨਗੀ ਅਵਸਥਾ ਵਿਚ ਦਾਖਲ ਹੋਣਾ ਸੀ।'
ਸ੍ਰੀ ਕਿਰਪਾਲ ਚੰਦ ਜਿੱਥੇ ਨੀਤੀ-ਨਿਪੁੰਨ ਅਤੇ ਗੁਰੂ-ਘਰ ਦੇ ਸਜੱਗ ਪਹਿਰੇਦਾਰ ਸਨ, ਉੱਥੇ ਰਣਭੂਮੀ ਵਿਚ ਵੀ ਨਿਡਰ ਯੋਧਾ ਸਨ। ਭੰਗਾਣੀ ਦੇ ਯੁੱਧ (1688 ਈ:) ਵਿਚ ਜਿੱਥੇ ਹੋਰ ਸੂਰਮਿਆਂ ਨੇ ਬਹਾਦਰੀ ਦਿਖਾਈ, ਉੱਥੇ ਮਾਮਾ ਕਿਰਪਾਲ ਚੰਦ ਵੀ ਪਿੱਛੇ ਨਹੀਂ ਰਹੇ। ਕਰਨਲ ਰਵੀ ਬਤਰਾ ਦੀ ਪੁਸਤਕ 'ਲੀਡਰਸ਼ਿਪ ਇਨ ਇਟਸ ਫਾਈਨੈੱਸਟ ਮੋਲਡ : ਗੁਰੂ ਗੋਬਿੰਦ ਸਿੰਘ' ਅਨੁਸਾਰ ਭੰਗਾਣੀ ਦੇ ਯੁੱਧ ਵਿਚ ਗੁਰੂ ਜੀ ਦੀ ਫੌਜ ਤਿੰਨ ਭਾਗਾਂ ਵਿਚ ਵੰਡੀ ਹੋਈ ਸੀ। ਇਕ ਭਾਗ ਦੇ ਕਮਾਂਡਰ ਸ੍ਰੀ ਕਿਰਪਾਲ ਚੰਦ ਸਨ। (ਪੰਨਾ : 35) 'ਬਚਿੱਤਰ ਨਾਟਕ' ਵਿਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ ਜਦੋਂ ਭੰਗਾਣੀ ਦਾ ਯੁੱਧ ਭਖਿਆ ਹੋਇਆ ਸੀ ਤਾਂ ਮਾਮਾ ਕਿਰਪਾਲ ਚੰਦ ਨੂੰ ਵੀ ਗੁੱਸਾ ਆ ਗਿਆ। ਉਨ੍ਹਾਂ ਨੇ ਕਸ਼ੱਤਰੀ ਜੋਸ਼ ਵਿਚ ਆ ਕੇ ਭਿਆਨਕ ਯੁੱਧ ਕੀਤਾ। ਉਸ ਮਹਾਂਬੀਰ ਨੇ ਵੈਰੀਆਂ ਦੇ ਕਈ ਤੀਰ ਆਪਣੇ ਸਰੀਰ ਉੱਤੇ ਸਹਾਰੇ ਅਤੇ ਕਈ ਖਾਨਾਂ ਦੇ ਘੋੜਿਆਂ ਦੀਆਂ ਕਾਠੀਆਂ ਸਵਾਰਾਂ ਤੋਂ ਖਾਲੀ ਕਰ ਦਿੱਤੀਆਂ-
ਤਹਾਂ ਮਾਤਲੇਯੰ (ਮਾਮਾ) ਕ੍ਰਿਪਾਲੰ ਕ੍ਰੁਧੰ।
ਛਕਿਯੋ ਛੋਭ ਛਤ੍ਰੀ ਕਰਿਯੋ ਜੁਧ ਸੁਧੰ।
ਸਹੇ ਦੇਹ ਆਪੰ ਮਹਾਬੀਰ ਬਾਣੰ।
ਕਰਿਯੋ ਖਾਨ ਬਾਨੀਨ ਖਾਲੀ ਪਲਾਣੰ।


-ਬਚਿੱਤਰ ਨਾਟਕ, ਅਧਿ: ਅੱਠਵਾਂ
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)
ਮੋਬਾ: 98155-40968

ਪੰਜਾਬੀਆਂ ਦਾ ਵਿਰਸਾ ਤੇ ਵਰਤਮਾਨ

ਬਾਬਾ ਵਜੀਦ

ਬਾਬਾ ਵਜੀਦ, ਵਜੀਦ, ਵਜੀਦ ਖਾਂ ਅਤੇ ਬਾਯਜੀਦ ਪਠਾਨ ਆਦਿ ਮਿਲਦੇ ਵੱਖ-ਵੱਖ ਨਾਵਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇਹ ਮਸਲਾ ਕਾਫੀ ਉਲਝਾਅ ਦਿੱਤਾ ਹੈ ਅਤੇ ਨਾਲ ਹੀ ਜੀਵਨ ਕਾਲ ਦਾ ਵੀ। ਬਹੁਤੇ ਸਾਹਿਤ-ਇਤਿਹਾਸਕਾਰ ਬਾਬਾ ਵਜੀਦ, ਵਜੀਦ ਜਾਂ ਵਜੀਦ ਖਾਂ ਦਾ ਜਨਮ 1130 ਹਿਜਰੀ ਮੁਤਾਬਿਕ 1718 ਈ: ਵਿਚ ਹੋਇਆ ਮੰਨਦੇ ਹਨ। ਡਾ: ਮੋਹਨ ਸਿੰਘ ਦੀਵਾਨਾ ਅਤੇ ਉਸ ਦਾ ਇਕ ਚੇਲਾ ਡਾ: ਧਰਮਪਾਲ ਸਿੰਗਲ ਇਸ ਨੰ ਬਾਯਜੀਦ ਪਠਾਨ ਕਹਿ ਕੇ ਇਸ ਦਾ ਜੀਵਨ ਕਾਲ 1550-1660 ਈ: ਦੱਸਦੇ ਹਨ। ਡਾ: ਦੀਵਾਨਾ ਦਾ ਮੰਨਣਾ ਹੈ ਕਿ ਇਸ ਦੀ ਕਵਿਤਾ ਵਿਚ ਬਾਦਸ਼ਾਹ ਜਹਾਂਗੀਰ ਵੱਲ ਸੰਕੇਤ ਹੈ, ਇਸ ਲਈ ਇਹ ਪ੍ਰਸਿੱਧ ਪੰਜਾਬੀ ਸੂਫੀ ਕਵੀ ਸੁਲਤਾਨ ਬਾਹੂ ਦਾ ਪਿਤਾ ਸੀ। ਉਸ ਦਾ ਇਹ ਵੀ ਵਿਚਾਰ ਹੈ ਕਿ ਸੁਲਤਾਨ ਬਾਹੂ ਦੇ ਖਾਨਦਾਨ ਦਾ ਸੰਬੰਧ ਸ਼ਾਹ ਜਹਾਨੀ ਅਹਿਦ ਦੇ ਇਕ ਜਗੀਰਦਾਰ ਨਾਲ ਸੀ, ਜੋ ਪਿੰਡ ਸ਼ੋਰਕੋਟ ਜ਼ਿਲ੍ਹਾ ਝੰਗ (ਅੱਜਕਲ੍ਹ ਪਾਕਿਸਤਾਨ) ਦਾ ਇਕ ਸਰਦਾ-ਪੁੱਜਦਾ ਜ਼ਿਮੀਂਦਾਰ ਸੀ।
ਕਹਿਣ ਦੀ ਲੋੜ ਨਹੀਂ ਕਿ ਮੋਹਨ ਸਿੰਘ ਦੀਵਾਨਾ ਕੋੋਲ ਬਾਬਾ ਵਜੀਦ ਅਤੇ ਬਾਯਜੀਦ ਪਠਾਣ ਦਰਮਿਆਨ ਡੇਢ ਸੌ ਸਾਲਾਂ ਦੇ ਵਕਫੇ ਦਾ ਕੋਈ ਜਵਾਬ ਨਹੀਂ। ਸੁਲਤਾਨ ਬਾਹੂ ਬਾਰੇ ਜਿੰਨੀਆਂ ਵੀ ਕਿਤਾਬਾਂ ਮਿਲਦੀਆਂ ਹਨ, ਉਨ੍ਹਾਂ ਵਿਚ ਸੁਲਤਾਨ ਬਾਹੂ ਦੇ ਪਿਤਾ ਦਾ ਨਾਂਅ ਬਾਯਜੀਦ ਪਠਾਣ ਲਿਖਿਆ ਜ਼ਰੂਰ ਮਿਲਦਾ ਹੈ ਪਰ ਕਿਸੇ ਨੇ ਵੀ ਉਸ ਨੂੰ ਬਾਬਾ ਵਜੀਦ ਸਿੱਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਾਬਾ ਵਜੀਦ ਦੇ ਨਾਂਅ 'ਤੇ ਮਿਲਦੀ ਰਚਨਾ ਦੀ ਕਿਸੇ ਅੰਦਰੂਨੀ ਗਵਾਹੀ ਤੋਂ ਵੀ ਸੁਲਤਾਨ ਬਾਹੂੂ ਦੇ ਪਿਤਾ ਦੇ ਸਰਦੇ-ਪੁਜਦੇ ਜ਼ਿਮੀਂਦਾਰ ਜਾਂ ਖੁਸ਼ਹਾਲ ਹੋਣ ਦੀ ਗਵਾਹੀ ਨਹੀਂ ਮਿਲਦੀ। ਉਲਟਾ ਇਹ ਦੱਸਿਆ ਜਾਂਦਾ ਹੈ ਕਿ ਬਾਬਾ ਵਜੀਦ ਬੜਾ ਸਿਹਤਮੰਦ ਅਤੇ ਚੰਗੇ ਡੀਲ-ਡੌਲ ਵਾਲਾ ਸੀ, ਜੋ ਆਰੰਭਲੇ ਜੀਵਨ ਵਿਚ ਫੌਜ ਵਿਚ ਭਰਤੀ ਹੋ ਕੇ ਵੱਡਾ ਅਫਸਰ ਵੀ ਬਣ ਗਿਆ ਸੀ। ਬਾਬਾ ਵਜੀਦ ਦੇ ਨਾਂਅ 'ਤੇ ਮਿਲਦੀ ਕਾਵਿ-ਰਚਨਾ ਸ਼ੈਲੀ ਅਤੇ ਭਾਸ਼ਾ ਵਿਚੋਂ ਵੀ ਇਹ ਸਾਬਤ ਨਹੀਂ ਹੁੰਦਾ ਕਿ ਇਹ ਸਾਰੀ ਕਿਸੇ ਇਕ ਹੀ ਕਵੀ ਦੀ ਹੀ ਰਚਨਾ ਹੈ। ਸੋ, ਅਸੀਂ ਡਾ: ਮੋਹਨ ਸਿੰਘ ਦੀਵਾਨਾ ਦੀਆਂ ਧਾਰਨਾਵਾਂ ਨਾਲ ਸਹਿਮਤ ਨਾ ਹੋ ਕੇ ਬਾਬਾ ਵਜੀਦ ਅਤੇ ਬਾਯਜੀਦ ਪਠਾਣ ਨੂੰ ਵੱਖ-ਵੱਖ ਵਿਅਕਤੀ ਮੰਨਦੇ ਹਾਂ।
ਬਾਬਾ ਵਜੀਦ 18ਵੀਂ ਸਦੀ ਦਾ ਕਵੀ ਹੈ, ਜਿਸ ਨੂੰ ਤਕਨੀਕੀ ਸ਼ਬਦਾਵਲੀ ਵਿਚ ਲੋਕ ਕਵੀ ਤਾਂ ਨਹੀਂ ਕਿਹਾ ਜਾ ਸਕਦਾ ਪਰ ਉਸ ਦੀ ਇਕ ਕਾਵਿ-ਪੰਕਤੀ 'ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ, ਇੰਜ ਕਰ' ਲੋਕੋਕਤੀ ਦਾ ਦਰਜਾ ਜ਼ਰੂਰ ਹਾਸਲ ਕਰ ਚੁੱਕੀ ਹੈ। ਵਜੀਦ ਦੇ ਜੀਵਨ ਬਾਰੇ ਪ੍ਰਮਾਣਿਕ ਰੂਪ ਵਿਚ ਕੁਝ ਨਹੀਂ ਮਿਲਦਾ ਪਰ ਬਹੁਤੇ ਵਿਦਵਾਨਾਂ ਦਾ ਮਤ ਹੈ ਕਿ ਉਹ ਪਠਾਣ ਕੌਮ ਵਿਚੋਂ ਸੀ ਅਤੇ ਉਹ ਕਾਬਲ (ਅਫ਼ਗਾਨਿਸਤਾਨ) ਦਾ ਜੰਮਪਲ ਸੀ। ਕੁਝ ਵਿਦਵਾਨ ਵਜੀਦ ਨੂੰ ਜਲੰਧਰ ਦਾ ਜੰਮਪਲ ਦੱਸਦੇ ਹਨ, ਕਿਉਂਕਿ ਉਸ ਦੇ ਸਲੋਕਾਂ ਵਿਚ ਪੰਜਾਬੀ ਭਾਸ਼ਾ ਦੀ ਜੋ ਠੇਠਤਾ, ਸਾਦਗੀ ਅਤੇ ਰਵਾਨੀ ਹੈ, ਉਹ ਕਿਸੇ ਗ਼ੈਰ-ਪੰਜਾਬੀ ਵਿਚ ਹੋ ਹੀ ਨਹੀਂ ਸਕਦੀ। ਇਹ ਸੰਭਵ ਹੈ ਕਿ ਬਾਬਾ ਵਜੀਦ ਦੇ ਵੱਡੇ-ਵਡੇਰੇ ਕਾਬਲ ਵਿਚ ਰਹਿੰਦੇ ਹੋਣ ਅਤੇ ਮਗਰੋਂ ਹਿਜਰਤ ਕਰਕੇ ਪੰਜਾਬ ਆ ਵਸੇ ਹੋਣ। ਮੌਲਾ ਬਖਸ਼ ਕੁਸ਼ਤਾ ਦਾ ਕਹਿਣਾ ਹੈ ਕਿ ਕਿਸੇ ਹਿੰਦੂ ਸਾਧੂ ਦੀ ਸੰਗਤ ਕਰਕੇ ਉਹ ਭਗਤੀ ਦੇ ਰੰਗ ਵਿਚ ਰੰਗਿਆ ਗਿਆ ਤੇ ਸਭ ਕੁਝ ਛੱਡ-ਛਡਾਅ ਕੇ ਦਰਵੇਸ਼ ਹੋ ਗਿਆ। ਇਕ ਇਹ ਵੀ ਰਵਾਇਤ ਹੈ ਕਿ ਵਜੀਦ ਸੰਤ ਦਾਦੂ ਦਿਆਲ ਦਾ ਚੇਲਾ ਸੀ, ਹਾਲਾਂਕਿ ਦੋਵਾਂ ਦਰਮਿਆਨ ਕਾਫੀ ਕਾਲਾਂਤਰ ਹੈ। ਜੇਕਰ ਇਹ ਮੰਨ ਲਈਏ ਕਿ ਬਾਬਾ ਵਜੀਦ, ਦਾਦੂ ਦਿਆਲ ਦਾ ਚੇਲਾ ਨਹੀਂ ਸੀ, ਤਾਂ ਵੀ ਇਹ ਗੱਲ ਸੱਚ ਕਿ ਉਹ ਕਿਸੇ ਹਿੰਦੂ ਸਾਧੂ ਦੀ ਸੰਗਤ ਵਿਚ ਰਿਹਾ ਹੋਵੇਗਾ। ਸੰਤ ਦਾਦੂ ਦਿਆਲ ਦਾ ਕਾਰਜ ਖੇਤਰ ਵਧੇਰੇ ਕਰਕੇ ਰਾਜਸਥਾਨ ਸੀ ਪਰ ਵਜੀਦ ਦੇ ਸਲੋਕਾਂ ਵਿਚਲੀ ਇਹ ਰੰਗਤ ਸਾਬਤ ਕਰਦੀ ਹੈ ਕਿ ਉਹ ਪੰਜਾਬ ਦਾ ਹੀ ਜੰਮਪਲ ਸੀ ਜਾਂ ਉਸ ਨੇ ਬਹੁਤਾ ਸਮਾਂ ਪੰਜਾਬ ਵਿਚ ਹੀ ਗੁਜ਼ਾਰਿਆ। (ਚਲਦਾ)


-ਮੋਬਾ: 98889-39808

ਸ਼ਬਦ ਵਿਚਾਰ

ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ॥

ਸਿਰੀਰਾਗੁ ਮਹਲਾ ੪॥
ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ
ਕਿਤੁ ਬਿਧਿ ਮਿਲੈ ਰਸੁ ਖਾਇ॥
ਜਾਇ ਪੁਛਹੁ ਸੋਹਾਗਣੀ
ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ॥
ਓਇ ਵੇਪਰਵਾਹ ਨ ਬੋਲਨੀ
ਹਉ ਮਲਿ ਮਲਿ ਧੋਵਾ ਤਿਨ ਪਾਇ॥ ੧॥
ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ॥
ਸਜਣੁ ਸਤਿਗੁਰੁ ਪੁਰਖੁ ਹੈ
ਦੁਖੁ ਕਢੈ ਹਉਮੈ ਮਾਰਿ॥ ੧॥ ਰਹਾਉ॥
ਗੁਰਮੁਖੀਆ ਸੋਹਾਗਣੀ
ਤਿਨ ਦਇਆ ਪਈ ਮਨਿ ਆਇ॥
ਸਤਿਗੁਰ ਵਚਨੁ ਰਤੰਨੁ ਹੈ
ਜੋ ਮੰਨੇ ਸੁ ਹਰਿ ਰਸੁ ਖਾਇ॥
ਸੇ ਵਡਭਾਗੀ ਵਡ ਜਾਣੀਅਹਿ
ਜਿਨ ਹਰਿ ਰਸੁ ਖਾਧਾ ਗੁਰ ਭਾਇ॥ ੨॥
ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ
ਭਾਗਹੀਣ ਨਹੀ ਖਾਇ॥
ਬਿਨੁ ਸਤਿਗੁਰ ਪਲੈ ਨਾ ਪਵੈ
ਮਨਮੁਖ ਰਹੇ ਬਿਲਲਾਇ॥
ਓਇ ਸਤਿਗੁਰ ਆਗੈ ਨਾ ਨਿਵਹਿ
ਓਨਾ ਅੰਤਰਿ ਕ੍ਰੋਧੁ ਬਿਲਾਇ॥ ੩॥
ਹਰਿ ਹਰਿ ਹਰਿ ਰਸੁ ਆਪਿ ਹੈ
ਆਪੇ ਹਰਿ ਰਸੁ ਹੋਇ॥
ਆਪਿ ਦਇਆ ਕਰਿ ਦੇਵਸੀ
ਗੁਰਮੁਖਿ ਅੰਮ੍ਰਿਤੁ ਚੋਇ॥
ਸਭੁ ਤਨੁ ਮਨੁ ਹਰਿਆ ਹੋਇਆ
ਨਾਨਕ ਹਰਿ ਵਸਿਆ ਮਨਿ ਸੋਇ॥ ੪॥ ੫॥ ੬੯॥ (ਅੰਗ 41)
ਪਦ ਅਰਥ : ਅਤਿ ਭਲਾ-ਬੜਾ ਉੱਤਮ। ਕਿਤੁ ਬਿਧਿ-ਕਿਸੇ ਤਰੀਕੇ ਨਾਲ। ਸੋਹਾਗਣੀ-(ਪ੍ਰਭੂ) ਪਤੀ ਨੂੰ ਪਿਆਰ ਕਰਨ ਵਾਲੀ ਇਸਤਰੀ, ਭਾਗਾਂ ਵਾਲੀਆਂ ਜੀਵ ਇਸਤਰੀਆਂ। ਤੁਸਾ-ਤੁਹਾਨੂੰ। ਨ ਬੋਲਨੀ-ਬੋਲਦੀਆਂ ਹੀ ਨਹੀਂ। ਤਿਨੁ ਪਾਇ-ਉਨ੍ਹਾਂ ਦੇ ਪੈਰੀਂ। ਸਾਰਿ-ਸੰਭਾਲ। ਦੁਖੁ ਹਉਮੈ-ਹਉਮੈ ਰੂਪੀ ਦੁੱਖ। ਕਢੈ ਮਾਰਿ-ਅੰਦਰੋਂ ਕੱਢ ਮਾਰਦਾ ਹੈ। ਗੁਰਮੁਖੀਆ-ਗੁਰੂ ਦੇ ਸਨਮੁਖ ਰਹਿਣ ਵਾਲੀਆਂ। ਮਨਿ ਆਇ-ਮਨ ਵਿਚ। ਦਇਆ ਪਈ-ਦਇਆ ਆ ਗਈ। ਰਤੰਨੁ-ਰਤਨ, ਕੀਮਤੀ ਹੀਰਾ। ਸੁ-ਉਹ। ਹਰਿਰਸੁ ਖਾਇ-ਪਰਮਾਤਮਾ ਦੇ ਨਾਮ ਰਸ ਨੂੰ ਚੱਖਦਾ ਹੈ। ਵਡਭਾਗੀ-ਵੱਡੇ ਭਾਗਾਂ ਵਾਲੇ। ਵਡ-ਸ੍ਰੇਸ਼ਟ। ਜਾਣੀਅਹਿ-ਸਮਝੇ ਜਾਂਦੇ ਹਨ। ਖਾਧਾ-ਭੁੰਚਿਆ ਹੈ। ਗੁਰ ਭਾਇ-ਗੁਰੂ ਦੇ ਭਾਣੇ ਅਨੁਸਾਰ।
ਵਣਿ ਤਿਣਿ ਸਭਤੁ ਹੈ-ਸਾਰੀ ਬਨਸਪਤੀ ਵਿਚ ਹੈ। ਭਾਗਹੀਣ-ਨਭਾਗੇ। ਪਲੈ ਨਾ ਪਵੈ-ਪ੍ਰਾਪਤ ਨਹੀਂ ਹੁੰਦਾ। ਬਿਲਲਾਇ-ਵਿਲਕਦੇ ਹੀ ਰਹਿੰਦੇ ਹਨ। ਓਇ-ਉਹ। ਨਾ ਨਿਵਹਿ-ਨਿਵਦੇ ਨਹੀਂ, ਸੀਸ ਨਹੀਂ ਝੁਕਾਉਂਦੇ। ਬਲਾਇ-ਬਲਾ, ਆਫਤ, ਚੰਡਾਲ। ਦੇਵਸੀ-ਦੇਵੇਗਾ। ਚੋਇ-ਚੋਂਦਾ ਹੈ। ਹਰਿਆ ਹੋਇਆ-ਹਰਾ ਹੋ ਜਾਂਦਾ ਹੈ।
ਪਰਮਾਤਮਾ ਦਾ ਨਾਮ ਪ੍ਰਾਣੀ ਨੂੰ ਆਤਮਿਕ ਜੀਵਨ ਦੇਣ ਵਾਲਾ ਹੈ। ਜੋ ਜੋ ਵੀ ਉਸ ਦੇ ਨਾਮ ਦਾ ਸਿਮਰਨ ਕਰਦਾ ਹੈ, ਉਹ ਆਤਮਿਕ ਜੀਵਨ ਨੂੰ ਪ੍ਰਾਪਤ ਹੁੰਦਾ ਹੈ। ਉਹ ਜੀਵ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਰਾਗੁ ਸੋਰਠਿ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਅੰਮ੍ਰਿਤ ਨਾਮੁ ਪਰਮੇਸੁਰ ਤੇਰਾ
ਜੋ ਸਿਮਰੈ ਸੋ ਜੀਵੈ॥
ਜਿਸ ਨੋ ਕਰਮਿ ਪਰਾਪਤਿ ਹੋਵੈ
ਸੋ ਜਨੁ ਨਿਰਮਲੁ ਥੀਵੈ॥
(ਅੰਗ 616)
ਕਰਮਿ-ਮਿਹਰ ਨਾਲ, ਬਖਸ਼ਿਸ਼ ਨਾਲ। ਸੋ-ਉਹ। ਜਨੁ-ਜੀਵ। ਨਿਰਮਲੁ-ਪਵਿੱਤਰ। ਥੀਵੈ-ਹੋ ਜਾਂਦਾ ਹੈ।
ਜਦੋਂ ਮਨ ਗੁਰੂ ਦੇ ਚਰਨਾਂ ਵਿਚ ਲੱਗ ਜਾਂਦਾ ਹੈ ਤਾਂ ਜਗਿਆਸੂ ਦੇ ਜੀਵਨ ਵਿਚਲੀਆਂ ਸਾਰੀਆਂ ਰੁਕਾਵਟਾਂ ਦਾ ਨਾਸ ਹੋ ਜਾਂਦਾ ਹੈ ਅਤੇ ਜੀਵ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਪੰਚਮ ਗੁਰਦੇਵ ਦੇ ਰਾਗ ਸੋਰਠਿ ਵਿਚ ਪਾਵਨ ਬਚਨ ਹਨ-
ਬਿਘਨ ਬਿਨਾਸਨ ਸਭਿ ਦੁਖ ਨਾਸਨ
ਗੁਰ ਚਰਣੀ ਮਨੁ ਲਾਗਾ॥ (ਅੰਗ 616)
ਬਿਘਨ-ਰੁਕਾਵਟਾਂ। ਬਿਨਾਸਨ-ਨਾਸ ਹੋ ਜਾਂਦਾ ਹੈ। ਨਾਸਨ-ਦੌੜ ਜਾਂਦੇ ਹਨ, ਦੂਰ ਹੋ ਜਾਂਦੇ ਹਨ।
ਜਦੋਂ ਜਗਿਆਸੂ ਦੇ ਅੰਦਰ ਅੰਮ੍ਰਿਤ ਨਾਮ ਦੀ ਮਿੱਠੀ-ਮਿੱਠੀ ਧਾਰਾ ਵਰਸਦੀ ਹੈ ਤਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਮੁਖ ਨੂੰ ਪਿਆਰਾ ਪਰਮਾਤਮਾ ਦਿਸਣ ਲੱਗ ਪੈਂਦਾ ਹੈ। ਜੋ ਪਰਮਾਤਮਾ ਸਭ ਨੂੰ ਸੰਸਾਰ ਸਮੁੰਦਰ 'ਚੋਂ ਪਾਰ ਲੰਘਾਉਣ ਵਾਲਾ ਹੈ, ਉਹ ਪਿਆਰਾ ਲੱਗਣ ਲੱਗ ਪੈਂਦਾ ਹੈ, ਜਿਸ ਸਦਕਾ ਉਸ ਦੀ ਸਾਰੇ ਸੋਭਾ ਹੋਣ ਲੱਗ ਪੈਂਦੀ ਹੈ। ਗੁਰਵਾਕ ਹੈ-
ਝਿਮਿ ਝਿਮੇ ਝਿਮਿ ਝਿਮਿ ਵਰਸੈ
ਅੰਮ੍ਰਿਤ ਧਾਰਾ ਰਾਮ॥
ਗੁਰਮੁਖੇ ਗੁਰਮੁਖਿ ਨਦਰੀ
ਰਾਮੁ ਪਿਆਰਾ ਰਾਮ॥
ਰਾਮ ਨਾਮੁ ਪਿਆਰਾ ਜਗਤ ਨਿਸਤਾਰਾ
ਰਾਮ ਨਾਮਿ ਵਡਿਆਈ॥
(ਰਾਗੁ ਆਸਾ ਮਹਲਾ ੪,
ਅੰਗ 442-43)
ਝਿਮਿ ਝਿਮੇ-(ਨਾਮ ਦੀ) ਮਿੱਠੀ ਮਿੱਠੀ ਧਾਰਾ। ਵਰਸੈ-ਵਰਸਦੀ ਹੈ। ਨਦਰੀ-ਨਜ਼ਰੀਂ ਆ ਜਾਂਦਾ ਹੈ, ਦਿਸ ਪੈਂਦਾ ਹੈ। ਨਿਸਤਾਰਾ-ਸੰਸਾਰ ਸਮੁੰਦਰ 'ਚੋਂ ਪਾਰ ਲੰਘਾਉਣ ਵਾਲਾ। ਵਡਿਆਈ-ਸੋਭਾ।
ਦੂਜੇ ਬੰਨੇ ਜੋ ਰਾਮ ਨਾਮ ਨੂੰ ਵਿਸਾਰੀ ਰੱਖਦੇ ਹਨ, ਉਹ ਮੂਰਖ ਮਨਮੁਖ ਅਭਾਗੇ ਹਨ, ਉਨ੍ਹਾਂ ਦੇ ਅੰਦਰ ਪਲ-ਪਲ ਮਾਇਆ ਦਾ ਮੋਹ ਵਿਆਪਦਾ ਰਹਿੰਦਾ ਹੈ-
ਜਿਨ੍ਰੀ ਰਾਮੋ ਰਾਮ ਨਾਮੁ ਵਿਸਾਰਿਆ
ਸੇ ਮਨਮੁਖੁ ਮੂੜ ਅਭਾਗੀ ਰਾਮ॥
ਤਿਨ ਅੰਤਰੇ ਮੋਹੁ ਵਿਆਪੈ
ਖਿਨੁ ਖਿਨੁ ਮਾਇਆ ਲਾਗੀ ਰਾਮ॥
(ਅੰਗ 443)
ਮੂੜ-ਮੂਰਖ। ਖਿਨੁ ਖਿਨੁ-ਪਲ ਪਲ। ਅੰਤਰੇ-ਅੰਦਰ, ਅੰਤਰ ਆਤਮੇ।
ਸ਼ਬਦ ਦੇ ਅੱਖਰੀਂ ਅਰਥ : ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਰਸ ਜੋ ਬੜਾ ਸ੍ਰੇਸ਼ਟ ਹੈ, ਕਿਸ ਢੰਗ-ਤਰੀਕੇ ਨਾਲ ਇਹ ਨਾਮ ਰਸ ਭੁੰਜਣ ਲਈ ਮਿਲ ਸਕਦਾ ਹੈ। ਸਤਿਗੁਰੂ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਇਸ ਬਾਰੇ ਉਨ੍ਹਾਂ ਜੀਵ ਇਸਤਰੀਆਂ ਨੂੰ ਪੁੱਛੋ ਕਿ ਤੁਹਾਨੂੰ ਪ੍ਰਭੂ ਪਤੀ ਨਾਲ ਮਿਲਾਪ ਕਿਵੇਂ ਹੋਇਆ ਹੈ। (ਅਜਿਹੀਆਂ ਬੇਪ੍ਰਵਾਹ ਜੀਵ ਇਸਤਰੀਆਂ ਨਾਮ ਰੰਗ ਵਿਚ ਰੰਗੀਆਂ ਹੋਈਆਂ) ਅੱਗੋਂ ਕੁਝ ਬੋਲਦੀਆਂ ਹੀ ਨਹੀਂ (ਸਦਕੇ ਜਾਈਏ ਅਜਿਹੀਆਂ ਜੀਵ ਇਸਤਰੀਆਂ ਤੋਂ) ਉਨ੍ਹਾਂ ਦੇ ਪੈਰ ਮੈਂ ਮਲ ਮਲ ਕੇ ਧੋਂਦਾ ਹਾਂ।
ਇਸ ਲਈ ਹੇ ਭਾਈ, ਸੱਜਣ ਪੁਰਖਾਂ ਨੂੰ ਮਿਲ ਕੇ ਪ੍ਰਭੂ ਦੇ ਗੁਣਾਂ ਨੂੰ (ਮਨ ਅੰਦਰ) ਸੰਭਾਲ ਕੇ ਰੱਖ। ਪ੍ਰਭੂ ਦੇ ਗੁਣਾਂ ਨੂੰ ਮਨ ਵਿਚ ਯਾਦ ਕਰ। ਸਤਿਗੁਰੂ ਅਜਿਹਾ ਸੱਜਣ ਪੁਰਖ ਹੈ ਜੋ ਮਨ ਹਉਮੈ ਰੂਪੀ ਦੁਖ ਨੂੰ ਮਾਰ ਕੇ ਅੰਦਰੋਂ ਬਾਹਰ ਕੱਢ ਦਿੰਦਾ ਹੈ।
ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਸਨਮੁਖ ਰਹਿੰਦੀਆਂ ਹਨ, ਉਨ੍ਹਾਂ ਦੇ ਮਨ ਅੰਦਰ ਦਇਆ ਉਪਜਦੀ ਹੈ। ਸਤਿਗੁਰੂ ਦੇ ਬਚਨ ਅਨਮੋਲ ਰਤਨ ਹਨ। ਜੋ ਇਸ ਭੇਦ ਨੂੰ ਸਮਝ ਲੈਂਦਾ ਹੈ, ਉਹ ਪ੍ਰਭੂ ਦੇ ਨਾਮ ਰਸ ਨੂੰ ਪੀਂਦਾ ਹੈ। ਅਜਿਹੇ ਵਡਭਾਗੀ ਸ੍ਰੇਸ਼ਟ ਹਨ, ਜਿਨ੍ਹਾਂ ਨੇ ਗੁਰੂ ਦੇ ਭਾਣੇ ਵਿਚ ਰਹਿ ਕੇ ਪ੍ਰਭੂ ਦੇ ਨਾਮ ਰਸ ਨੂੰ ਪੀਤਾ ਹੈ।
ਪ੍ਰਭੂ ਦਾ ਇਹ ਨਾਮ ਰਸ ਸਾਰੀ ਬਨਸਪਤੀ ਵਿਚ ਰਮਿਆ ਹੋਇਆ ਹੈ, ਜਿਸ ਨੂੰ ਅਭਾਗੇ ਨਹੀਂ ਪਾ ਸਕਦੇ। ਸਤਿਗੁਰੂ ਦਾ ਪੱਲਾ ਫੜਨ ਤੋਂ ਬਿਨਾਂ ਇਸ ਨਾਮ ਰਸ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਤੋਂ ਬੇਮੁਖ ਹੋਏ ਪ੍ਰਾਣੀ ਇਸ ਸੰਸਾਰ ਵਿਚ ਵਿਲਕਦੇ ਫਿਰਦੇ ਰਹਿੰਦੇ ਹਨ। (ਸਤਿਗੁਰ ਜੀ ਪ੍ਰਾਣੀ ਨੂੰ ਸੁਚੇਤ ਕਰ ਰਹੇ ਹਨ ਕਿ) ਜਿਹੜੇ ਸਤਿਗੁਰ ਅੱਗੇ ਨਿਵਦੇ ਨਹੀਂ, ਸਤਿਗੁਰੂ ਦੀ ਸਰਨੀ ਨਹੀਂ ਆਉਂਦੇ, ਉਨ੍ਹਾਂ ਦਾ ਅੰਤਰ-ਆਤਮਾ ਭਿਆਨਕ ਕ੍ਰੋਧ ਨਾਲ ਭਰਿਆ ਹੁੰਦਾ ਹੈ-
ਸਭ ਥਾਂ ਪਰਮਾਤਮਾ ਹੀ ਪਰਮਾਤਮਾ ਅਤੇ ਉਸ ਦਾ ਨਾਮ ਰਸ ਹੈ, ਉਸ ਦਾ ਨਾਮ ਰਸ ਹਰ ਥਾਂ ਵਿਆਪ ਰਿਹਾ ਹੈ ਪਰ ਜਦੋਂ ਉਸ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਦੋਂ ਹੀ ਉਹ ਇਸ ਨਾਮ ਰਸ ਨੂੰ ਦਿੰਦਾ ਹੈ ਅਤੇ ਗੁਰੂ ਦੀ ਕਿਰਪਾ ਨਾਲ ਜਗਿਆਸੂ ਦੇ ਮਨ ਅੰਦਰ ਨਾਮ ਰਸ ਚੋਂਦਾ ਹੈ। ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਹਨ ਕਿ ਜਿਸ ਦੇ ਮਨ ਵਿਚ (ਨਾਮ ਰਸ) ਵਸ ਜਾਂਦਾ ਹੈ, ਉਸ ਦਾ ਤਨ ਅਤੇ ਮਨ ਹਰਾ-ਭਰਾ ਹੋ ਜਾਂਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਉੱਚ ਕਾਰਜਾਂ ਲਈ ਸਮਰਪਣ ਜ਼ਰੂਰੀ ਹੈ

ਸਦਗੁਣ ਸਾਨੂੰ ਕੀਰਤੀ ਦਿਲਾਂਦੇ ਹਨ ਤਾਂ ਅਵਗੁਣ ਅਪਯਸ਼। ਪਰ ਉੱਚ ਕਾਰਜਾਂ ਜਾਂ ਮਹਾਨ ਕਾਰਜਾਂ ਲਈ ਸਮਰਪਣ ਵੀ ਜ਼ਰੂਰੀ ਹੈ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਉਂਗਲ ਹਮੇਸ਼ਾ ਉਨ੍ਹਾਂ ਵੱਲ ਉਠਦੀ ਹੈ, ਜਿਸ ਕੋਲ ਕੁਝ ਹੋਵੇ। ਪ੍ਰਸ਼ਨ ਵੀ ਉਸ ਨੂੰ ਹੀ ਕੀਤਾ ਜਾਂਦਾ ਹੈ, ਜੋ ਉੱਤਰ ਦੇਣ ਦੇ ਸਮਰੱਥ ਹੁੰਦਾ ਹੈ। ਪ੍ਰਸ਼ਨ ਪੁੱਛਣ ਵਾਲੇ ਤਾਂ ਕਦੇ-ਕਦੇ ਸਮੱਸਿਆ ਨੂੰ ਵਧਾਉਂਦੇ ਹਨ ਤੇ ਉਲਝਣ ਪੈਦਾ ਕਰਦੇ ਹਨ ਪਰ ਗਿਆਨ ਦੇਣ ਵਾਲੇ ਦੇ ਗੁਣ ਹੀ ਉਸ ਨੂੰ ਸ਼ਾਂਤ ਕਰਦੇ ਹਨ। ਪਰ ਕਪਟੀ ਲੋਕ ਸਦਗੁਣੀ 'ਤੇ ਵੀ ਵਿਸ਼ਵਾਸ ਨਹੀਂ ਕਰਦੇ, ਸਗੋਂ ਉਸ ਦੀ ਆਲੋਚਨਾ ਕਰਦੇ ਹਨ। ਪਰ ਇਹ ਇਕ ਨਕਾਰਾਤਮਕ ਸੋਚ ਨੂੰ ਦਰਸਾਉਂਦਾ ਹੈ। ਉੱਚ ਅਵਸਥਾ 'ਤੇ ਪੁੱਜੇ ਵਿਅਕਤੀ ਦੀ ਸਫਲਤਾ ਉਸ ਦੀ ਲਗਨ ਅਤੇ ਨਿਰੰਤਰਤਾ ਦਾ ਨਤੀਜਾ ਹੈ। ਨੁਕਤਾਚੀਨੀ ਜਾਂ ਆਲੋਚਨਾ ਕਰਨ ਵਾਲੇ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਉਹ ਉਸ (ਉੱਚ ਅਵਸਥਾ ਵਾਲੇ) ਤੋਂ ਉੱਤਮ ਹੈ। ਸਫਲ ਵਿਅਕਤੀ ਕਲਪਨਾ ਘੱਟ ਤੇ ਕਰਮ ਵੱਧ ਕਰਦਾ ਹੈ। ਉਹ ਆਪਣੇ ਉਦੇਸ਼ ਪ੍ਰਤੀ ਸਮਰਪਿਤ ਹੁੰਦਾ ਹੈ। ਕਿਸੇ ਨੂੰ ਦਬਾ ਕੇ, ਉਸ ਦਾ ਵਿਰੋਧ ਕਰਕੇ ਵਿਕਾਸ ਨਹੀਂ, ਸਗੋਂ ਘੁਮੰਡ ਪੈਦਾ ਹੁੰਦਾ ਹੈ। ਉਸ ਨੂੰ ਆਪਣੇ ਦੋਸ਼ ਵੀ ਗੁਣ ਲਗਦੇ ਹਨ। ਪਰ ਇਸ ਨਾਲ ਵਿਕਾਸ ਵਿਚ ਰੁਕਾਵਟ ਪੈਂਦੀ ਹੈ। ਗੁਣਾਂ ਅਤੇ ਔਗੁਣਾਂ ਦੀ ਤੁਲਨਾ ਤਾਂ ਸਾਰੀ ਦੁਨੀਆ ਕਰਦੀ ਹੈ। ਨਕਾਰਾਤਮਕ ਸੋਚ ਵਾਲਾ ਤਾਂ ਆਪਣੇ ਪੈਰੀਂ ਕੁਹਾੜਾ ਮਾਰਦਾ ਹੈ। ਲਗਨ ਅਤੇ ਸਮਰਪਣ ਉੱਚ ਸੋਚ ਤੇ ਉੱਚ ਵਿਚਾਰਾਂ ਨੂੰ ਪੈਦਾ ਕਰਦੀ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਕਸ਼ਮੀਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅਸਲ ਵਿਚ ਇਹ ਬਾਗ਼ ਪੱਧਰੇ ਜਿਹੇ ਮੈਦਾਨ ਵਿਚ ਵਰਗਾਕਾਰ ਬਣਿਆ ਹੋਇਆ ਹੈ। ਇਸ ਬਾਗ਼ ਨੂੰ ਚਾਰ ਵਰਗਾਕਾਰ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਚਾਰੇ ਹਿੱਸੇ ਪੌੜੀਆਂ ਰਾਹੀਂ ਇਕ-ਦੂਜੇ ਨਾਲ ਜੁੜੇ ਹੋਏ ਹਨ। ਇਸ ਬਾਗ਼ ਦਾ ਕੁਲ ਰਕਬਾ 31 ਏਕੜ ਹੈ। ਇਨ੍ਹਾਂ ਚਾਰੇ ਹਿੱਸਿਆਂ ਦੇ ਵਿਚਾਲੇ ਸ਼ਾਹ ਨਹਿਰ ਬਣਾਈ ਹੋਈ ਹੈ, ਜੋ ਕਿ ਚਿਕਨੇ ਪੱਥਰਾਂ ਨਾਲ ਬਣੀ ਹੋਈ ਹੈ ਅਤੇ ਇਸ ਨਹਿਰ ਨਾਲ 410 ਫੁਹਾਰੇ ਵੀ ਜੋੜੇ ਹੋਏ ਹਨ ਅਤੇ ਇਹ ਫੁਹਾਰਿਆਂ ਨਾਲ ਸਾਰੇ ਬਾਗ਼ ਨੂੰ ਸਿੰਜਦੀ ਹੋਈ ਡਲ ਝੀਲ ਵਿਚ ਜਾ ਡਿਗਦੀ ਹੈ। ਇਸ ਬਾਗ਼ ਦੇ ਪਹਿਲੇ ਹਿੱਸੇ ਨੂੰ ਦੀਵਾਨ-ਏ-ਆਮ ਕਿਹਾ ਜਾਂਦਾ ਹੈ, ਜਿਥੇ ਕਿ ਆਮ ਲੋਕ ਵੀ ਚਲੇ ਜਾਂਦੇ ਸਨ। ਇਸ ਬਗੀਚੇ ਦੇ ਦੂਜੇ ਹਿੱਸੇ ਨੂੰ ਦੀਵਾਨ-ਏ-ਖਾਸ ਜਾਂ ਦੀਵਾਨ-ਏ-ਸਮਰਾਟ ਕਿਹਾ ਜਾਂਦਾ ਸੀ, ਜਿਥੇ ਕਿ ਸਿਰਫ ਖਾਸ-ਖਾਸ ਲੋਕ ਹੀ ਜਾ ਸਕਦੇ ਸਨ। ਇਸ ਦੇ ਤੀਜੇ ਹਿੱਸੇ ਵਿਚ ਸ਼ਾਹੀ ਔਰਤਾਂ ਲਈ ਹੀ ਰਾਖਵਾਂ ਇਲਾਕਾ ਹੁੰਦਾ ਸੀ, ਜਿਥੇ ਕਿ ਮਰਦਾਂ ਦੇ ਜਾਣ ਦੀ ਮਨਾਹੀ ਹੁੰਦੀ ਸੀ। ਇਸ ਇਲਾਕੇ ਨੂੰ ਔਰਤਾਂ ਦਾ ਹਰਮ ਵੀ ਕਿਹਾ ਜਾਂਦਾ ਸੀ। ਸ਼ਾਹੀ ਔਰਤਾਂ ਦੇ ਇਸ ਹਰਮ ਦੇ ਅੱਗੇ ਦੋ ਕਸ਼ਮੀਰੀ ਸਟਾਈਲ ਵਿਚ ਬਣੇ ਹੋਏ ਕਮਰੇ ਹੁੰਦੇ ਸਨ, ਜਿਨ੍ਹਾਂ ਵਿਚ ਪਹਿਰੇਦਾਰ ਤਾਇਨਾਤ ਹੁੰਦੇ ਸਨ। ਇਸ ਥਾਂ ਹੀ ਮੁਗ਼ਲ ਬਾਦਸ਼ਾਹ ਜਹਾਂਗੀਰ ਅਤੇ ਫਿਰ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਕਾਲੇ ਮਾਰਬਲ ਨਾਲ ਬਾਰਾਂਦਰੀ ਬਣਾਈ ਸੀ, ਜੋ ਕਿ ਇਕ ਦਿਲਕਸ਼ ਨਜ਼ਾਰਾ ਪੇਸ਼ ਕਰਦੀ ਸੀ।
ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਇਸ ਬਾਗ਼ ਦਾ ਨਾਂਅ ਫੈਜ਼ ਬਖਸ਼ ਵੀ ਰੱਖਿਆ ਸੀ। ਇਸ ਬਾਗ਼ ਨੂੰ ਬਾਦਸ਼ਾਹ ਫਰਾਹ ਬਖਸ਼ ਵੀ ਕਹਿ ਦਿੰਦਾ ਸੀ। ਇਸ ਤੋਂ ਇਲਾਵਾ ਇਸ ਬਾਗ਼ ਨੂੰ ਗਾਰਡਨ ਆਫ ਚਾਰ ਮਿਨਾਰ ਵੀ ਕਿਹਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਸ ਬਾਗ਼ ਵਿਚ ਸੰਗਮਰਮਰ ਦਾ ਮੰਡਪ ਬਣਾਇਆ ਗਿਆ। ਮਹਾਰਾਜਾ ਹਰੀ ਸਿੰਘ ਦੇ ਰਾਜਕਾਲ ਦੌਰਾਨ ਇਸ ਬਾਗ਼ ਵਿਚ ਬਿਜਲੀ ਦਾ ਕੰਮ ਕਰਵਾਇਆ ਗਿਆ। ਇਸ ਬਾਗ਼ ਨੇ ਬਹੁਤ ਰਾਜਿਆਂ ਦਾ ਰਾਜ ਵੇਖਿਆ ਹੈ ਅਤੇ ਆਪਣੀ ਸੁੰਦਰਤਾ ਅੱਜ ਵੀ ਬਿਖੇਰ ਰਿਹਾ ਹੈ। ਇਸ ਬਾਗ਼ ਵਿਚ ਜਾਂਦਿਆਂ ਹੀ ਮਨ ਕੁਦਰਤ ਦੀ ਸੁੰਦਰਤਾ ਵੇਖ ਕੇ ਹੈਰਾਨ ਰਹਿ ਜਾਂਦਾ ਹੈ। ਵਹਿੰਦੇ ਪਾਣੀ ਦੀ ਕਲਕਲਾਹਟ ਅਤੇ ਪਾਣੀ ਵਿਚ ਉਠਦੀਆਂ ਲਹਿਰਾਂ ਸਭ ਦਾ ਮਨ ਮੋਹ ਲੈਂਦੀਆਂ ਹਨ। ਇਸ ਬਾਗ਼ ਵਿਚ ਲੱਗੇ ਹੋਏ ਉੱਚੇ-ਉੱਚੇ, ਲੰਮੇ-ਲੰਮੇ ਚਿਨਾਰ ਦੇ ਰੁੱਖ ਇਸ ਤਰ੍ਹਾਂ ਲਗਦੇ ਹਨ ਜਿਵੇਂ ਬਾਗ਼ ਵੇਖਣ ਆਉਣ ਵਾਲਿਆਂ ਨੂੰ 'ਜੀ ਆਇਆਂ ਨੂੰ' ਕਹਿ ਰਹੇ ਹੋਣ। (ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਮੋਬਾ: 9463819174

ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿੰਘ ਸਭਾ ਵਰਗੀ ਲਹਿਰ ਚਲਾਉਣ ਦੀ ਲੋੜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਖ਼ਾਲਸਾ ਕਾਲਜ ਅੰਮ੍ਰਿਤਸਰ ਲਈ ਸਭ ਤੋਂ ਪਹਿਲਾਂ ਮਹਾਰਾਜਾ ਪਟਿਆਲਾ ਨੇ ਡੇਢ ਲੱਖ ਰੁਪਏ ਦੀ ਰਾਸ਼ੀ ਦਿੱਤੀ, ਫਿਰ ਮਹਾਰਾਜਾ ਨਾਭਾ ਨੇ 1 ਲੱਖ 5 ਹਜ਼ਾਰ, ਕੈਥਲ ਜੀਂਦ ਰਿਆਸਤ ਨੇ 75 ਹਜ਼ਾਰ, ਮਹਾਰਾਜਾ ਕਪੂਰਥਲਾ ਨੇ 1 ਲੱਖ ਰੁਪਈਆ ਦਿੱਤਾ, ਹੋਰ ਅੰਗਰੇਜ਼ੀ ਇਲਾਕਿਆਂ ਤੇ ਪੰਜਾਬੀਆਂ ਵੱਲੋਂ ਵੀ ਦਿਲ ਖੋਲ੍ਹ ਕੇ ਮਾਇਆ ਦਿੱਤੀ ਗਈ। ਇਸ ਤਰ੍ਹਾਂ 5 ਮਾਰਚ, 1892 ਈ: ਨੂੰ ਸਰ ਜੇਮਜ਼ ਲਾਇਲ ਲਾਟ ਸਾਹਿਬ ਪੰਜਾਬ ਨੇ ਖ਼ਾਲਸਾ ਕਾਲਜ ਦੀ ਨੀਂਹ ਰੱਖੀ ਅਤੇ 22 ਅਕਤੂਬਰ, 1893 ਨੂੰ ਮਿਡਲ ਸਕੂਲ ਦੇ ਰੂਪ ਵਿਚ ਸ਼ੁਰੂ ਹੋ ਗਿਆ, ਜਿਸ ਦਾ ਪਤਾ 23 ਅਕਤੂਬਰ, 1893 ਦੇ ਖ਼ਾਲਸਾ ਅਖ਼ਬਾਰ ਲਾਹੌਰ ਦੇ ਸੰਪਾਦਕੀ ਤੋਂ ਵੇਰਵੇ ਸਹਿਤ ਲੱਗਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਗਿਆਨੀ ਦਿੱਤ ਤੇ ਪ੍ਰੋ: ਗੁਰਮੁਖ ਸਿੰਘ ਆਪਣੀ ਪੂਰੀ ਉਮਰ ਤੱਕ ਇਸ ਕਾਲਜ ਦੀ ਕਮੇਟੀ ਦੇ ਮੈਂਬਰ ਰਹੇ ਅਤੇ ਗਿਆਨੀ ਦਿੱਤ ਸਿੰਘ ਦੇ ਨਾਂਅ 'ਤੇ ਸਤਿਕਾਰ ਵਜੋਂ ਖ਼ਾਲਸਾ ਕਾਲਜ ਦੀ ਸੁਸਾਇਟੀ ਦੇ ਮਤਾ ਨੇ 142 ਮਿਤੀ 15 ਮਈ, 1904 ਰਾਹੀਂ ਹੋਣਹਾਰ ਵਿਦਿਆਰਥੀ ਨੂੰ ਗਿਆਨੀ ਦਿੱਤ ਸਿੰਘ ਗੋਲਡ ਮੈਡਲ ਦਿੱਤਾ ਜਾ ਰਿਹਾ ਹੈ। ਅੱਜ ਤੱਕ ਇਹ ਚੱਲ ਰਿਹਾ ਹੈ।
ਗਿਆਨੀ ਦਿੱਤ ਸਿੰਘ ਨੇ ਵਿਅਕਤੀਗਤ ਤੌਰ 'ਤੇ ਵੀ 72 ਪੁਸਤਕਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿਚੋਂ ਸਿੱਖੀ ਨਾਲ ਸਬੰਧਤ ਸ਼ਹੀਦੀਆਂ, ਦਸਾਂ ਗੁਰੂਆਂ ਦੀਆਂ ਜੀਵਨੀਆਂ, ਸਮਾਜਿਕ ਕੁਰੀਤੀਆਂ, ਵਹਿਮਾਂ-ਭਰਮਾਂ, ਅਡੰਬਰਾਂ ਦੇ ਖਿਲਾਫ਼ ਤੇ ਸਮਾਜਿਕ ਅਨਿਆਂ ਦੇ ਖਿਲਾਫ਼ ਲਿਖਣ ਦੇ ਨਾਲ-ਨਾਲ ਬਹੁਤ ਸਾਰੇ ਲੇਖ ਵੀ ਲਿਖੇ। ਹਰ ਹਫ਼ਤੇ ਛਪਣ ਵਾਲੇ ਖ਼ਾਲਸਾ ਅਖ਼ਬਾਰ ਲਾਹੌਰ ਵਿਚ ਲਗਾਤਾਰ ਸਿੱਖੀ ਪ੍ਰਚਾਰ, ਪ੍ਰਸਾਰ 'ਤੇ ਸੁਧਾਰ ਲਈ ਬੜੀ ਸ਼ਿੱਦਤ ਨਾਲ ਡੰਕੇ ਦੀ ਚੋਟ ਤੇ ਸੰਪਾਦਕੀ ਲਿਖਦੇ ਰਹੇ।
ਇਕ ਪੱਤਰਕਾਰ ਤੇ ਸਾਹਿਤਕਾਰ ਹੋਣ ਦੇ ਨਾਲ-ਨਾਲ ਉਹ ਇਕ ਸੁਲਝੇ ਹੋਏ ਮਹਾਨ ਬੁਲਾਰੇ ਵੀ ਸਨ। ਕਈ-ਕਈ ਘੰਟੇ ਭਾਸ਼ਨ ਦੇਣ ਦੀ ਸ਼ਕਤੀ ਰੱਖਦੇ ਸਨ। ਇਕ ਅਜੀਬੋ-ਗਰੀਬ ਘਟਨਾ ਇਸ ਤਰ੍ਹਾਂ ਵਾਪਰਦੀ ਰਹੀ ਕਿ ਫ਼ਿਰੋਜ਼ਪੁਰ ਵਿਖੇ ਅਕਾਲਗੜ੍ਹ ਨਾਂਅ ਦਾ ਗੁਰਦੁਆਰਾ ਹੈ। ਗਿਆਨੀ ਜੀ ਹਰ ਮਹੀਨੇ ਇਥੇ ਲੈਕਚਰ ਦੇਣ ਆਇਆ ਕਰਦੇ ਸਨ ਤੇ ਸੰਗਤਾਂ ਹੁੰਮ-ਹੁਮਾ ਕੇ ਉਨ੍ਹਾਂ ਦੇ ਲੈਕਚਰ ਸੁਣਨ ਲਈ ਆਇਆ ਕਰਦੀਆਂ ਸਨ। ਉਹ ਬਾਬੇ ਨਾਨਕ ਦੀ ਸਿੱਖੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ। ਉਨ੍ਹਾਂ ਦਾ ਤਨ, ਮਨ ਤੇ ਧਨ ਸਿਰਫ ਤੇ ਸਿਰਫ ਸਿੱਖੀ ਲਈ ਹੀ ਸੀ। ਇਸ ਤਰ੍ਹਾਂ ਅਸੀਂ ਦੇਖਿਆ ਕਿ ਸਿੰਘ ਸਭਾ ਲਾਹੌਰ ਦੇ ਕਰਤਾ-ਧਰਤਾ ਉਮਰ ਭਰ ਸਿੱਖੀ ਲਈ ਲੜਦੇ ਰਹੇ। ਤਾਹਨੇ-ਮਿਹਣੇ ਤੇ ਹੋਰ ਵੀ ਅੰਤਾਂ ਦੀਆਂ ਮੁਸ਼ਕਿਲਾਂ ਸਹਾਰਦੇ ਰਹੇ ਪਰ ਆਪਣੇ ਮਿਸ਼ਨ ਤੋਂ ਕਦੀ ਮੂੰਹ ਨਹੀਂ ਮੋੜਿਆ ਤੇ ਆਖਰ ਸਿੱਖੀ ਨੂੰ ਲੱਗਦੇ ਖੋਰੇ ਤੋਂ ਬਚਾਉਣ ਵਿਚ ਸਫਲ ਹੋਏ।
ਜਿਵੇਂ ਵਾਹਿਗੁਰੂ ਨੂੰ ਮਨਜ਼ੂਰ ਸੀ, ਸਿੱਖੀ ਦੀ ਅਣਥੱਕ ਸੇਵਾ ਕਰਨ ਵਾਲੇ ਇਹ ਗਰੀਬੜੇ ਜਿਹੇ ਫਰਿਸ਼ਤੇ ਆਪਣੀ ਸਿੱਖੀ ਪ੍ਰਤੀ ਸੁਹਿਰਦਤਾ ਨਾਲ ਕੰਮ ਕਰਦੇ-ਕਰਦੇ 3 ਸਾਲ ਦੇ ਵਕਫ਼ੇ ਦੇ ਦੌਰਾਨ ਅੱਧ ਸੈਂਕੜੇ ਦੀ ਉਮਰ ਦੇ ਨੇੜੇ-ਤੇੜੇ ਹੀ ਇਸ ਨਾਸ਼ਵਾਨ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ। ਭਾਵ ਪ੍ਰੋ: ਗੁਰਮੁਖ ਸਿੰਘ 24 ਸਤੰਬਰ, 1898 ਤੇ ਗਿਆਨੀ ਦਿੱਤ ਸਿੰਘ 6 ਸਤੰਬਰ, 1901 ਨੂੰ ਫੁਰਸਤ ਹੋ ਗਏ।
ਇਨ੍ਹਾਂ ਦੋਵਾਂ ਮਹਾਨ ਸੂਰਬੀਰਾਂ ਨੂੰ ਹਮੇਸ਼ਾ-ਹਮੇਸ਼ਾ ਯਾਦ ਰੱਖਣਾ ਬਣਦਾ ਸੀ, ਇਨ੍ਹਾਂ ਦੀਆਂ ਵੱਡੇ ਪੱਧਰ 'ਤੇ ਯਾਦਾਗਾਰਾਂ ਬਣਨੀਆਂ ਚਾਹੀਦੀਆਂ ਸਨ। ਇਨ੍ਹਾਂ ਦੇ ਨਾਵਾਂ 'ਤੇ ਸਕੂਲ, ਕਾਲਜ, ਯੂਨੀਵਰਸਿਟੀ, ਲਾਇਬ੍ਰੇਰੀਆਂ ਤੇ ਹੋਰ ਸੰਸਥਾਵਾਂ ਕਾਇਮ ਕਰਨਾ ਸਿੱਖ ਕੌਮ ਦਾ ਫਰਜ਼ ਬਣਦਾ ਸੀ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ ਹੋਂਦ ਵਿਚ ਆਉਣ ਲਈ ਸਿੰਘ ਸਭਾਵਾਂ ਦੀ ਹੀ ਪ੍ਰੇਰਨਾ ਸੀ। ਭਾਈ ਮਨੀ ਸਿੰਘ ਦੀ ਸ਼ਹੀਦੀ ਉਪਰੰਤ ਸਿੱਖੀ ਵਿਚ ਪਏ ਖਪੇ ਨੂੰ ਭਰਨ ਲਈ ਕੋਈ 150 ਸਾਲ ਤੱਕ ਇਨ੍ਹਾਂ ਜਿਹਾ ਸਿੱਖੀ ਨੂੰ ਪੂਰੀ ਤਰ੍ਹਾਂ ਸਮਰਿਪਤ ਆਗੂ ਅੱਗੇ ਨਹੀਂ ਸੀ ਆਇਆ। ਆਖਰ ਇਨ੍ਹਾਂ ਨੇ ਮੋਢੀ ਰੋਲ ਅਦਾ ਕਰਦੇ ਹੋਏ ਅਜਿਹੀ ਅਹਿਮ ਭੂਮਿਕਾ ਨਿਭਾਈ, ਜੋ ਸਦੀਆਂ ਤੱਕ ਸਿੱਖ ਇਤਿਹਾਸ ਦੇ ਪੰਨਿਆਂ ਵਿਚ ਦਰਜ ਰਹੇਗੀ।
ਪ੍ਰੋ: ਗੁਰਮੁਖ ਸਿੰਘ ਦੇ ਨਾਂਅ 'ਤੇ ਕੋਈ ਸੰਸਥਾ ਬਣਨ ਦਾ ਜ਼ਿਕਰ ਤਾਂ ਕਦੀ ਸੁਣਿਆ ਨਹੀਂ। ਹਾਂ, ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਵੱਲੋਂ ਗਿਆਨੀ ਦਿੱਤ ਸਿੰਘ, ਪ੍ਰੋ: ਗੁਰਮੁਖ ਸਿੰਘ ਨੂੰ ਸਮਰਪਿਤ ਛੇ ਮਹੀਨੇ ਪਿੱਛੋਂ ਖ਼ਾਲਸਾ ਅਖ਼ਬਾਰ ਦੇ ਨਾਂਅ ਦਾ ਪੱਤਰ ਜ਼ਰੂਰ ਛਪਦਾ ਹੈ।
ਸਮੇਂ ਦੀ ਪੁਰਜ਼ੋਰ ਮੰਗ ਹੈ ਕਿ ਗਿਆਨੀ ਦਿੱਤ ਸਿੰਘ ਸਿੱਖ ਕੌਮ ਦੇ ਇਕੋ-ਇਕ ਅਜਿਹੇ ਵਿਦਵਾਨ ਹਨ, ਜਿਨ੍ਹਾਂ ਨੇ ਆਰੀਆ ਸਮਾਜ ਦੇ ਮੋਢੀ ਸਵਾਮੀ ਦਯਾ ਨੰਦ ਨੂੰ ਲਗਾਤਾਰ ਤਿੰਨ ਧਰਮ ਬਹਿਸਾਂ ਵਿਚ ਮਾਤ ਦਿੱਤੀ ਸੀ, ਪਰ ਅਫ਼ਸੋਸ ਇਹ ਕਿ ਸਵਾਮੀ ਦਯਾਨੰਦ ਦੇ ਨਾਂਅ 'ਤੇ ਸਕੂਲ-ਕਾਲਜ, ਯੂਨੀਵਰਸਿਟੀ ਆਦਿ ਪਤਾ ਨਹੀਂ ਕਿੰਨੀਆਂ ਸੰਸਥਾਵਾਂ ਤੇ ਯਾਦਗਾਰਾਂ ਬਣੀਆਂ ਹੋਈਆਂ ਹਨ ਪਰ ਜੇਤੂ ਦੇ ਨਾਂਅ ਨੂੰ ਉੱਕਾ ਹੀ ਵਿਸਾਰਿਆ ਹੋਇਆ ਹੈ।
ਸਿੱਖ ਪ੍ਰਚਾਰਕ, ਕੁਝ ਸੰਸਥਾਵਾਂ ਅਤੇ ਸੂਝਵਾਨ ਸਿੱਖ ਵਰਗ ਦੇ ਲੋਕ ਹੁਣ ਜਾਗਰੂਕ ਹੋ ਰਹੇ ਹਨ ਤੇ ਗਿਆਨੀ ਦਿੱਤ ਸਿੰਘ ਹੁਰਾਂ ਬਾਰੇ ਅਕਸਰ ਪ੍ਰਚਾਰ ਕਰਦੇ ਹਨ, ਲੇਖ ਲਿਖਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਿਆਨੀ ਦਿੱਤ ਸਿੰਘ ਵਰਗੀ ਲਹਿਰ ਚਲਾਉਣ ਦੀ ਲੋੜ ਹੈ। ਹੁਣ ਸਮਾਂ ਮੰਗ ਕਰ ਰਿਹਾ ਹੈ ਕਿ ਅਜਿਹੇ ਵਿਦਵਾਨਾਂ ਦੇ ਪਦ-ਚਿੰਨ੍ਹਾਂ 'ਤੇ ਤੁਰਨ ਲਈ ਆਮ ਸਿੱਖਾਂ ਨੂੰ ਪ੍ਰੇਰਿਆ ਜਾਵੇ, ਨਹੀਂ ਤਾਂ ਆਉਣ ਵਾਲੀਆਂ ਨਸਲਾਂ ਅੱਜ ਦੇ ਆਗੂਆਂ ਨੂੰ ਮੁਆਫ਼ ਨਹੀਂ ਕਰਨਗੀਆਂ ! (ਸਮਾਪਤ)


-712, ਅਨੰਦਪੁਰ ਕੰਪਲੈਕਸ, ਖਜਰੀ, ਚੰਡੀਗੜ੍ਹ।
ਮੋਬਾ: 94652-16530

ਧਾਰਮਿਕ ਸਾਹਿਤ

ਗੁਰੂ ਗੋਬਿੰਦ ਸਿੰਘ : ਸੰਤ ਸਿਪਾਹੀ

ਸਿੱਖ ਜਗਤ ਨੇ 2016 ਦਾ ਵਰ੍ਹਾ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਵਜੋਂ ਦੇਸ਼-ਵਿਦੇਸ਼ ਵਿਚ ਧੂਮਧਾਮ ਨਾਲ ਮਨਾਇਆ। ਵੱਖ-ਵੱਖ ਸਰਕਾਰੀ, ਗ਼ੈਰ-ਸਰਕਾਰੀ ਅਦਾਰਿਆਂ, ਯੂਨੀਵਰਸਿਟੀਆਂ, ਅਕਾਦਮੀਆਂ ਨੇ ਸੈਮੀਨਾਰ, ਗੋਸ਼ਟੀਆਂ ਆਯੋਜਿਤ ਕੀਤੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਤ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼ ਨੇ ਡਾ: ਹਰਬੰਸ ਕੌਰ ਸਾਗੂ ਦੀ ਦੇਖ-ਰੇਖ ਹੇਠ 16 ਤੇ 17 ਸਤੰਬਰ, 2016 ਨੂੰ ਦਿੱਲੀ ਵਿਚ ਇਕ ਵਿਸ਼ਾਲ ਰਾਸ਼ਟਰੀ ਸੈਮੀਨਾਰ ਕਰਵਾਇਆ। ਦੇਸ਼ ਭਰ ਤੋਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਤਿੰਨੇ ਭਾਸ਼ਾਵਾਂ ਵਿਚ ਵਿਦਵਾਨਾਂ ਨੇ ਖੋਜ ਪੱਤਰ ਪੜ੍ਹੇ। ਉਨ੍ਹਾਂ ਖੋਜ-ਪੱਤਰਾਂ ਨੂੰ ਡਾ: ਸੱਗੂ ਨੇ ਉਕਤ ਪੁਸਤਕ ਵਿਚ ਸਾਂਭਣ ਦਾ ਸਾਰਥਿਕ ਤੇ ਮੁੱਲਵਾਨ ਉੱਦਮ ਕੀਤਾ ਹੈ। ਖੋਜਾਰਥੀਆਂ, ਵਿਦਿਆਰਥੀਆਂ ਲਈ ਗੁਰੂ ਪਾਤਸ਼ਾਹ ਦੇ ਜੀਵਨ, ਰਚਨਾ ਤੇ ਪ੍ਰਾਪਤੀਆਂ ਬਾਰੇ ਬਹੁਪੱਖੀ ਤੇ ਗਹਿਰ-ਗੰਭੀਰ ਸਮੱਗਰੀ ਉਸ ਨੇ ਉਪਲਬਧ ਕਰਵਾ ਦਿੱਤੀ ਹੈ।
ਸੰਤ ਤੇ ਸਿਪਾਹੀ ਦੇ ਦੋ ਪਹਿਲੂ ਹਨ ਦਸਮੇਸ਼ ਦੇ। ਡਾ: ਸਾਗੂ ਨੇ ਸੈਮੀਨਾਰ ਦੇ ਆਯੋਜਨ ਸਮੇਂ ਦੋਵਾਂ ਨੂੰ ਸੰਤੁਲਤ ਰੂਪ ਵਿਚ ਸਪੇਸ ਦਿੱਤੀ। ਗੁਰੂ ਸਾਹਿਬ ਦੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨਾਲ ਸੰਬੰਧਾਂ ਬਾਰੇ ਡਾ: ਸੁਖਦਿਆਲ ਸਿੰਘ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੇ ਜਾਣ ਬਾਰੇ ਡਾ: ਸਾਗੂ, ਖਾਲਸੇ ਦੀ ਸਿਰਜਣਾ ਬਾਰੇ ਡਾ: ਛੰਦਾ ਚੈਟਰਜੀ ਤੇ ਡਾ: ਗੁਰਮੀਤ ਸਿੰਘ ਸਿੱਧੂ, ਅਕਾਲ ਉਸਤਤਿ ਬਾਰੇ ਡਾ: ਗੁਲਜ਼ਾਰ ਸਿੰਘ ਕੰਗ, ਗੁਰੂ ਪਾਤਸ਼ਾਹ ਦੀਆਂ ਯਾਦਗਾਰੀ ਵਸਤਾਂ ਬਾਰੇ ਡਾ: ਸੁਲਖਣ ਸਿੰਘ, ਜਾਪੁ ਸਾਹਿਬ ਬਾਰੇ ਡਾ: ਮਹਿੰਦਰ ਕੌਰ ਗਿੱਲ, ਕ੍ਰਿਸ਼ਨ ਅਵਤਾਰ ਬਾਰੇ ਡਾ: ਵਨੀਤਾ, ਦਸਮੇਸ਼ ਬਾਣੀ ਬਾਰੇ ਡਾ: ਮਨਜੀਤ ਸਿੰਘ, ਜ਼ਫਰਨਾਮਾ ਬਾਰੇ ਡਾ: ਭੱਟੀ, ਗੁਰੂ ਪਾਤਸ਼ਾਹ ਦੀ ਸ਼ਖ਼ਸੀਅਤ ਬਾਰੇ ਡਾ: ਧੀਰ ਨਵੀਆਂ ਅੰਤਰਦ੍ਰਿਸ਼ਟੀਆਂ ਪੇਸ਼ ਕਰਨ ਵਾਲੇ ਮਹੱਤਵਪੂਰਨ ਖੋਜ ਪੱਤਰ ਹਨ। ਡਾ: ਬਲਕਾਰ ਸਿੰਘ, ਡਾ: ਜੈ ਭਗਵਾਨ ਗੋਇਲ, ਡਾ: ਹਰਿੰਦਰਪਾਲ ਸਿੰਘ ਤੇ ਡਾ: ਹਰੀਸ਼ ਅਰੋੜਾ ਦੇ ਖੋਜ ਪੱਤਰ ਵੀ ਇਸ ਪੁਸਤਕ ਦਾ ਮੁੱਲਵਾਨ ਹਿੱਸਾ ਹਨ। ਪੁਸਤਕ ਵਿਚ 15 ਖੋਜ ਪੱਤਰ ਪੰਜਾਬੀ, ਇਕ ਹਿੰਦੀ ਤੇ 6 ਅੰਗਰੇਜ਼ੀ ਵਿਚ ਹਨ। ਡਾ: ਸਾਗੂ ਨੇ ਪ੍ਰੋ: ਨਰਿੰਦਰ ਪਾਲ ਸਿੰਘ, ਡਾ: ਹਰਪ੍ਰੀਤ ਕੌਰ, ਡਾ: ਕਰਮਜੀਤ ਕੌਰ, ਡਾ: ਬਲਵਿੰਦਰ ਕੌਰ ਭੱਟੀ, ਡਾ: ਅਮਨਪ੍ਰੀਤ ਗਿੱਲ, ਡਾ: ਕੁਲਦੀਪ ਕੌਰ ਪਾਹਵਾ ਦੇ ਖੋਜ ਪੱਤਰ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਹਨ।

ਸੰਪਾਦਕ : ਡਾ: ਹਰਬੰਸ ਕੌਰ ਸਾਗੂ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ।
ਪੰਨੇ : 299, ਮੁੱਲ : 475 ਰੁਪਏ
ਸੰਪਰਕ : 011-23280657
-ਡਾ: ਕੁਲਦੀਪ ਸਿੰਘ ਧੀਰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX