ਤਾਜਾ ਖ਼ਬਰਾਂ


ਜੰਮੂ-ਕਸ਼ਮੀਰ : ਅੱਤਵਾਦੀਆਂ ਨਾਲ ਮੁਠਭੇੜ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ
. . .  26 minutes ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਡੂਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਣ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਚਾਰੀ ਸ਼ਰੀਫ਼ ਦੇ ਜ਼ੀਨਪੰਚਾਲ ਇਲਾਕੇ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਅਤੇ...
ਜੋਧ ਸਿੰਘ ਸਮਰਾ ਤੇ ਮਜੀਠੀਆ ਮਿਲ ਕੇ ਸੰਭਾਲਣਗੇ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ - ਬਾਦਲ
. . .  25 minutes ago
ਹਰਸ਼ਾ ਛੀਨਾਂ, ਅਜਨਾਲਾ, 21 ਜਨਵਰੀ ਕੜਿਆਲ, ਢਿੱਲੋਂ)- ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਅਜਨਾਲਾ ਦੇ ਸਾਬਕਾ ਲੀਡਰਾਂ ਦੇ ......
ਸ਼ਰਾਬ ਦੇ ਦੁੱਖ ਕਾਰਨ ਹੀ ਭਗਵੰਤ ਮਾਨ ਦੇ ਪਰਿਵਾਰ ਨੇ ਉਸ ਨੂੰ ਛੱਡਿਆ- ਮਜੀਠੀਆ
. . .  41 minutes ago
ਹਰਸ਼ਾ ਛੀਨਾਂ, ਅਜਨਾਲਾ 21 ਜਨਵਰੀ (ਕੜਿਆਲ, ਗੁਰਪ੍ਰੀਤ ਸਿੰਘ ਢਿੱਲੋਂ)- ਹਲਕਾ ਅਜਨਾਲਾ 'ਚ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ .....
ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  40 minutes ago
ਭੁਵਨੇਸ਼ਵਰ, 21 ਜਨਵਰੀ- ਉੜੀਸਾ ਦੇ ਕੇਂਦਰਪਾੜਾ ਜ਼ਿਲ੍ਹੇ 'ਚ ਅੱਜ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖ਼ਲ...
ਭਗਵੰਤ ਮਾਨ ਵਲੋਂ ਸ਼ਰਾਬ ਛੱਡਣ 'ਤੇ ਬੋਲੇ ਬਾਦਲ, ਕਿਹਾ- ਉਨ੍ਹਾਂ ਵਲੋਂ ਕੁਝ ਸਮੇਂ ਲਈ ਛੱਡੀਆਂ ਜਾਂਦੀਆਂ ਹਨ ਕਈ ਚੀਜ਼ਾਂ
. . .  about 1 hour ago
ਅਜਨਾਲਾ/ਹਰਛਾ ਛੀਨਾ 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਕੜਿਆਲ)- ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅੱਜ ਅਜਨਾਲਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ...
ਸ਼ਾਹ ਦੇ ਹੈਲੀਕਾਪਟਰ ਲੈਂਡਿੰਗ ਨੂੰ ਮਾਲਦਾ 'ਚ ਇਜਾਜ਼ਤ ਨਾ ਦਿੱਤੇ ਜਾਣ ਨੂੰ ਭਾਜਪਾ ਨੇ ਦੱਸਿਆ ਸਾਜ਼ਿਸ਼
. . .  about 1 hour ago
ਨਵੀਂ ਦਿੱਲੀ, 21 ਜਨਵਰੀ-ਭਾਜਪਾ ਪ੍ਰਧਾਨ ਅਮਿਤ ਸ਼ਾਹ 22 ਜਨਵਰੀ ਨੂੰ ਪੱਛਮੀ ਬੰਗਾਲ ਦੇ ਮਾਲਦਾ 'ਚ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉੱਥੋਂ ਦੇ ਸਥਾਨਕ ਪ੍ਰਸ਼ਾਸਨ ਨੇ ਹਵਾਈ ਅੱਡੇ 'ਤੇ ਉਸਾਰੀ ਦਾ ਕੰਮ ਹੋਣ ਕਾਰਨ ਉੱਥੇ ਸ਼ਾਹ ਦਾ ਹੈਲੀਕਾਪਟਰ ਉਤਾਰਨ ਦੀ .....
ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਤਾਪ ਸਿੰਘ ਬਾਜਵਾ
. . .  about 1 hour ago
ਪਟਨਾ, 21 ਜਨਵਰੀ (ਹਰਿੰਦਰ ਸਿੰਘ ਕਾਕਾ)- ਕਾਂਗਰਸ ਦਾ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ....
ਸਿੱਧਗੰਗਾ ਮੱਠ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਦਾ ਦੇਹਾਂਤ
. . .  about 1 hour ago
ਬੈਂਗਲੁਰੂ, 21 ਜਨਵਰੀ- ਸਿੱਧਗੰਗਾ ਮੱਠ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਦਾ ਅੱਜ ਦੇਹਾਂਤ ਹੋ ਗਿਆ। ਉਹ 111 ਸਾਲ ਦੇ ਸਨ। ਮਹੰਤ ਸ਼ਿਵ ਕੁਮਾਰ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ 'ਚ ਦਾਖਲ ਸਨ ਜਿੱਥੇ ਉਨ੍ਹਾਂ ਅੱਜ ਆਖ਼ਰੀ ਸਾਹ .....
ਅਫ਼ਗਾਨਿਸਤਾਨ 'ਚ ਵਿਸ਼ੇਸ਼ ਬਲਾਂ ਦੇ ਟਿਕਾਣੇ 'ਤੇ ਕਾਰ ਬੰਬ ਧਮਾਕਾ, 18 ਦੀ ਮੌਤ
. . .  about 1 hour ago
ਕਾਬੁਲ, 21 ਜਨਵਰੀ- ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਵਾਰਦਕ ਦੀ ਰਾਜਧਾਨੀ ਮੈਦਾਨ ਸ਼ਰ 'ਚ ਅੱਜ ਅੱਤਵਾਦੀ ਸੰਗਠਨ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਸ਼ੇਸ਼ ਬਲ ਦੇ ਟਿਕਾਣੇ 'ਤੇ ਕਾਰ ਬੰਬ ਧਮਾਕੇ ਨੂੰ ਅੰਜਾਮ ਦਿੱਤਾ, ਜਿਸ 'ਚ 18 ਲੋਕਾਂ ਦੀ ਮੌਤ ਹੋ ਗਈ ਅਤੇ 27...
ਜਿਹੜੇ ਦੇਸ਼ ਛੱਡ ਕੇ ਭੱਜ ਗਏ ਹਨ, ਉਨ੍ਹਾਂ ਨੂੰ ਲਿਆਂਦਾ ਜਾਵੇਗਾ ਵਾਪਸ- ਰਾਜਨਾਥ ਸਿੰਘ
. . .  about 1 hour ago
ਨਵੀਂ ਦਿੱਲੀ, 21 ਜਨਵਰੀ- ਕੇਂਦਰੀ ਰਾਜਨਾਥ ਸਿੰਘ ਨੇ ਮੇਹੁਲ ਚੌਕਸੀ ਦੇ ਮੁੱਦੇ 'ਤੇ ਕਿਹਾ ਕਿ ਸਰਕਾਰ ਨੇ ਆਰਥਿਕ ਅਪਰਾਧਿਕ ਬਿਲ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੇਸ਼ ਛੱਡ ਕੇ ਭੱਜ ਚੁੱਕੇ ਹਨ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ .....
ਹੋਰ ਖ਼ਬਰਾਂ..

ਖੇਡ ਜਗਤ

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ

ਹਾਰ ਕੇ ਵੀ ਸਿੰਧੂ ਨੇ ਬਣਾਇਆ ਇਤਿਹਾਸ

ਸਾਈਨਾ ਨੇਹਵਾਲ ਅਤੇ ਪੀ. ਵੀ. ਸਿੰਧੂ ਨੇ ਪਹਿਲਾਂ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਵਾਸੀਆਂ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਹੈ, ਇਹੀ ਸਿਲਸਿਲਾ ਉਸ ਨੇ ਇਸ ਵਾਰ ਗਲਾਸਗੋ ਵਿਚ ਆਯੋਜਿਤ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਵੀ ਜਾਰੀ ਰੱਖਿਆ। ਹਾਲਾਂਕਿ ਦੋਵਾਂ ਵਿਚੋਂ ਕੋਈ ਵੀ ਮਹਿਲਾ ਏਕਲ ਮੁਕਾਬਲੇ ਦਾ ਸੋਨ ਤਗਮਾ ਹਾਸਿਲ ਨਹੀਂ ਕਰ ਸਕੀ, ਪਰ ਜਿਸ ਤਰ੍ਹਾਂ ਨਾਲ ਸੰਘਰਸ ਤੇ ਕੋਸ਼ਿਸ਼ ਕੀਤੀ ਗਈ ਉਹ ਅਤਿਅੰਤ ਪ੍ਰਸੰਸਾਯੋਗ ਹੈ। ਉਨ੍ਹਾਂ ਦੇ ਇਸ ਪ੍ਰਦਰਸ਼ਨ ਨੇ ਭਾਰਤੀਆਂ ਦਾ ਹੀ ਨਹੀਂ, ਬਲਕਿ ਸੰਸਾਰ ਭਰ ਦੇ ਬੈਡਮਿੰਟਨ ਪ੍ਰੇਮੀਆਂ ਦਾ ਹਮੇਸ਼ਾ-ਹਮੇਸ਼ਾ ਲਈ ਦਿਲ ਜਿੱਤ ਲਿਆ। ਇਕ ਘੰਟਾ 42 ਮਿੰਟ ਚੱਲੇ ਫਾਈਨਲ ਮੁਕਾਬਲੇ ਵਿਚ ਹਾਲਾਂਕਿ ਸਿੰਧੂ ਜਾਪਾਨ ਦੀ ਨੋਜ਼ੋਮੀ ਓਕੁਹਾਰਾ ਤੋਂ ਹਾਰ ਗਈ, ਪਰ 19-21, 22-20, 20-22 ਨਾਲ ਹਾਰ ਕੋਈ 'ਹਾਰ' ਨਹੀਂ ਹੈ, ਮੈਚ ਕਿਸੇ ਵੀ ਪਾਸੇ ਜਾ ਸਕਦਾ ਸੀ ਅਤੇ ਅਖੀਰ ਵਿਚ ਜ਼ਬਰਦਸਤ ਥਕਾਨ ਦੀ ਵਜ੍ਹਾ ਨਾਲ ਸਿੰਧੂ ਨੂੰ ਕਾਂਸੀ ਤਗਮੇ ਨਾਲ ਹੀ ਸੰਤੋਸ਼ ਕਰਨਾ ਪਿਆ, ਜੋ ਉਨ੍ਹਾਂ ਨੇ 2016 ਦੇ ਰੀਓ ਉਲੰਪਿਕ ਵਿਚ ਵੀ ਹਾਸਲ ਕੀਤਾ ਸੀ।
ਵਰਣਨਯੋਗ ਹੈ ਕਿ ਵਿਸ਼ਵ ਚੈਂਪੀਅਨਸ਼ਿਪ ਵਿਚ ਤਗਮਾ ਪਾਉਣ ਵਾਲੇ ਪਹਿਲੇ ਭਾਰਤੀ ਪ੍ਰਕਾਸ਼ ਪਾਦੂਕੋਨ ਸਨ, ਜਿਨ੍ਹਾਂ ਨੇ 1983 ਵਿਚ ਪੁਰਸ਼ ਏਕਲ ਦਾ ਕਾਂਸੀ ਤਗਮਾ ਜਿੱਤਿਆ ਸੀ। ਫਿਰ ਲੰਬੇ ਵਕਫ਼ੇ ਬਾਅਦ ਜਵਾਲਾ ਗੱਟਾ ਤੇ ਅਸ਼ਵਨੀ ਪੋਨਪੱਪਾ ਦੀ ਜੋੜੀ ਨੇ 2011 ਵਿਚ ਮਹਿਲਾ ਯੁਗਲ ਵਿਚ ਕਾਂਸੀ ਤਗਮਾ ਜਿੱਤਿਆ। ਇਸ ਤੋਂ ਬਾਅਦ ਸਿੰਧੂ ਨੇ 2013 ਤੇ 2014 ਵਿਚ ਕਾਂਸੀ ਤਗਮਾ ਜਿੱਤਿਆ। 2016 ਦੇ ਜਕਾਰਤਾ ਵਿਚ ਨੇਹਵਾਲ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣੀ, ਪਰ ਉਸ ਨੂੰ ਕਾਂਸੀ ਤਗਮੇ ਨਾਲ ਹੀ ਸਬਰ ਕਰਨਾ ਪਿਆ।
ਗਲਾਸਗੋ ਦੇ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿੰਧੂ ਕਹਿ ਰਹੀ ਸੀ ਕਿ ਉਹ ਆਪਣੇ ਪਹਿਲਾਂ ਦੇ ਤਗਮੇ ਦਾ ਰੰਗ ਬਦਲਣਾ ਚਾਹੁੰਦੀ ਹੈ। ਉਸ ਨੇ ਇਹ ਕਰ ਵੀ ਦਿਖਾਇਆ, ਪਰ ਕੀ ਉਹ ਸੋਨ ਤਗਮਾ ਜਿੱਤ ਸਕਦੀ ਸੀ? ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਸਿੰਧੂ ਤੇ ਓਕੁਹਾਰਾ ਦਾ ਆਹਮਣਾ-ਸਾਹਮਣਾ 6 ਵਾਰ ਹੋ ਚੁੱਕਿਆ ਸੀ ਅਤੇ ਉਹ 3-3 ਦੀ ਬਰਾਬਰੀ 'ਤੇ ਸੀ। ਆਪਣੇ ਪਿਛਲੇ ਦੋ ਮੁਕਾਬਲਿਆਂ-ਰੀਓ ਉਲੰਪਿਕ ਤੇ 2017 ਦੇ ਸਿੰਘਾਪੁਰ ਓਪਨ ਵਿਚ ਸਿੰਧੂ ਨੇ ਜਿੱਤ ਹਾਸਲ ਕੀਤੀ ਸੀ। ਇਸ ਲਈ ਇਹ ਪ੍ਰਸ਼ਨ ਸੁਭਾਵਿਕ ਹੀ ਹੈ ਕਿ ਕੀ ਇਸ ਵਾਰ ਦੇ ਫਾਈਨਲ ਵਿਚ ਵੀ ਉਹ ਆਪਣੀ ਜਿੱਤ ਜਾਰੀ ਰੱਖ ਸਕਦੀ ਸੀ? ਸੰਭਵ ਸੀ, ਖ਼ਾਸ ਕਰਕੇ ਇਸ ਲਈ ਕਿ ਆਖਰੀ ਸਕੋਰ ਲਾਈਨ ਤੋਂ ਸਪੱਸ਼ਟ ਹੈ ਕਿ ਮੁਕਾਬਲਾ ਕਿਸੇ ਦੇ ਵੀ ਹੱਕ ਵਿਚ ਜਾ ਸਕਦਾ ਸੀ। ਪਰ ਇਸ ਗ਼ਲਤੀ ਦੇ ਦੋ ਮੁੱਖ ਕਾਰਨ ਪ੍ਰਤੀਤ ਹੁੰਦੇ ਹਨ। ਪਹਿਲੀ ਇਹ ਕਿ ਸਿੰਧੂ ਬਹੁਤ ਜ਼ਿਆਦਾ ਥੱਕ ਚੁੱਕੀ ਸੀ, ਜਿਸ ਨਾਲ ਨਿਰਣਾਇਕ ਸੈੱਟ ਵਿਚ ਜਦੋਂ ਸਕੋਰ 20-20 ਸੀ ਤਾਂ ਉਹ ਆਪਣੇ ਪਾਸੋਂ ਗ਼ਲਤੀ ਕਰ ਬੈਠੀ ਕਿ ਨੈੱਟ 'ਤੇ ਮਿਲੀ ਉੱਚੀ ਸ਼ਟਲ ਨੂੰ ਕਿਲ ਨਾ ਕਰ ਸਕੀ ਅਤੇ ਨੈੱਟ 'ਚ ਵਿਚ ਮਾਰ ਬੈਠੀ। 73 ਸਟ੍ਰੋਕਸ ਦੀ ਰੈਲੀ ਦੇ ਬਾਅਦ ਕੋਈ ਵੀ ਥੱਕ ਸਕਦਾ ਹੈ ਜਿਵੇਂ ਕਿ ਦੂਜੇ ਸੈੱਟ ਦੇ ਨਿਰਣਾਇਕ ਪੁਆਇੰਟ 'ਤੇ ਦੇਖਣ ਨੂੰ ਮਿਲਿਆ, ਜਿਸ ਨੂੰ ਸਿੰਧੂ ਨੇ ਖੇਡ ਵਿਚ ਬਣੇ ਰਹਿਣ ਲਈ ਜਿੱਤਿਆ। ਖ਼ੁਦ ਓਕੁਹਾਰਾ ਵੀ ਥਕਾਨ ਦੇ ਮਾਰੇ ਚੂਰ-ਚੂਰ ਸੀ। ਤੀਜੇ ਸੈੱਟ ਵਿਚ ਨਿਰਣਾਇਕ ਲਮਹਿਆਂ ਵਿਚ ਜੋ ਗ਼ਲਤੀ ਹੋਈ ਉਸ ਬਾਰੇ ਸਿੰਧੂ ਨੇ ਦੱਸਿਆ, 'ਮੈਂ ਬਹੁਤ ਦੁਖੀ ਹਾਂ, ਤੀਜੀ ਖੇਡ ਵਿਚ 20-20 ਦੀ ਬਰਾਬਰੀ 'ਤੇ ਖੇਡ ਕਿਸੇ ਦੇ ਵੀ ਹੱਕ ਵਿਚ ਜਾ ਸਕਦੀ ਸੀ। ਹਰ ਕੋਈ ਸੋਨ ਤਗਮੇ ਲਈ ਸੰਘਰਸ਼ ਕਰਦਾ ਹੈ ਅਤੇ ਮੈਂ ਬਹੁਤ ਨੇੜੇ ਸੀ, ਪਰ ਉਸ ਆਖਰੀ ਪਲ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਉਹ (ਓਕੁਹਾਰਾ) ਆਸਾਨ ਖਿਡਾਰੀ ਨਹੀਂ ਹੈ। ਹਰ ਵਾਰ ਜਦੋਂ ਵੀ ਅਸੀਂ ਆਹਮਣੇ-ਸਾਹਮਣੇ ਆਏ ਹਾਂ ਲੰਬੀਆਂ ਤੇ ਮੁਸ਼ਕਿਲ ਰੈਲੀਆਂ ਹੋਈਆਂ ਹਨ। ਮੈਂ ਉਸ ਨੂੰ ਬਿਲਕੁਲ ਹਲਕੇ ਵਿਚ ਨਹੀਂ ਲਿਆ। ਅਸੀਂ ਕੋਈ ਸ਼ਟਲ ਨਹੀਂ ਛੱਡੀ। ਮੈਂ ਲੰਬੇ ਮੁਕਾਬਲੇ ਲਈ ਤਿਆਰ ਸੀ, ਪਰ ਲੱਗਦਾ ਹੈ ਕਿ ਇਹ ਮੇਰਾ ਦਿਨ ਨਹੀਂ ਸੀ।'
ਵਿਮਲ ਕੁਮਾਰ ਦੀ ਗੱਲ ਵਿਚ ਦਮ ਹੈ, ਉਸ ਨੂੰ ਨੇਹਵਾਲ ਦੀ ਹਾਰ ਦੇ ਬਾਅਦ 'ਅੰਗੂਰ ਖੱਟੇ ਹਨ' ਦੇ ਦਾਇਰੇ ਵਿਚ ਨਹੀਂ ਰੱਖਿਆ ਜਾ ਸਕਦਾ। ਨੇਹਵਾਲ ਦਾ ਟ੍ਰੈਕ ਰਿਕਾਰਡ ਓਕੁਹਾਰਾ ਦੇ ਮੁਕਾਬਲੇ ਚੰਗਾ ਹੈ। ਨੇਹਵਾਲ ਨੇ ਸੈਮੀ-ਫਾਈਨਲ ਵਿਚ ਪਹਿਲਾ ਸੈੱਟ ਚੰਗੀ ਰਫ਼ਤਾਰ ਨਾਲ ਜਿੱਤਿਆ, ਪਰ ਫਿਰ ਉਸ ਦੀ ਥਕਾਨ ਜ਼ਾਹਰ ਹੋਣ ਲੱਗੀ। ਧੀਮੀ ਹਾਲਤ ਵਿਚ ਓਕੁਹਾਰਾ ਬਹੁਤ ਚੰਗਾ ਖੇਡਦੀ ਹੈ, ਉਹ ਆਪਣੇ ਮੁਕਾਬਲੇਬਾਜ਼ ਨੂੰ ਪਹਿਲਾ ਥਕਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਫਿਰ ਕਾਊਂਟਰ ਹਮਲਾ ਕਰਦੀ ਹੈ। ਫਿਲਹਾਲ, ਸਿੰਧੂ ਤੇ ਓਕੁਹਾਰਾ ਦਾ ਫਾਈਨਲ ਕਲਾਸਿਕ ਦੇ ਰੂਪ ਵਿਚ ਯਾਦ ਕੀਤਾ ਜਾਏਗਾ, ਜਿਸ ਵਿਚ ਕਿਸੇ ਨੂੰ ਵੀ ਹਾਰਿਆ ਹੋਇਆ ਨਹੀਂ ਮੰਨਿਆ ਜਾ ਸਕਦਾ। ਦੋਵੇਂ ਕੁੜੀਆਂ ਨੇ ਸ਼ਾਨਦਾਰ ਤੇ ਯਾਦਗਾਰ ਪ੍ਰਦਰਸ਼ਨ ਕੀਤਾ।


-ਇਮੇਜ ਰਿਫਲੈਕਸ਼ਨ ਸੈਂਟਰ


ਖ਼ਬਰ ਸ਼ੇਅਰ ਕਰੋ

ਆਖਿਰ ਕਿਉਂ ਨਿਰਾਸ਼ ਨੇ ਪੰਜਾਬ ਦੇ ਦਰੋਣਾਚਾਰੀਆ?

ਸਿਖਰ ਦੁਪਹਿਰੇ, ਕੜਕਦੀ ਸਰਦੀ ਤੇ ਹਰ ਪ੍ਰਕਾਰ ਦੇ ਮੌਸਮ ਨੂੰ ਵੰਗਾਰ ਦੇ ਕੇ ਭਵਿੱਖ ਦੇ ਉਡਣਾ ਸਿੱਖ ਮਿਲਖਾ ਸਿੰਘ ਤੇ ਪੀ.ਟੀ. ਊਸ਼ਾ ਬਣਾਉਣ ਦੇ ਮਨਾਂ 'ਚ ਸੁਪਨੇ ਸੰਜੋਏ ਬੈਠੇ ਆਧੁਨਿਕ ਖੇਡ ਦਰੋਣਾਚਾਰੀਆ ਇਸ ਵੇਲੇ ਨਿਰਾਸ਼ ਤੇ ਹਤਾਸ਼ ਹਨ। ਇਸ ਕਰਕੇ ਸਕੂਲਾਂ, ਕਾਲਜਾਂ, ਖੇਡ ਸਟੇਡੀਅਮਾਂ 'ਚੋਂ ਇਹ ਖੇਡਾਂ ਦੇ ਤਰਾਸ਼ਣਹਾਰੇ ਹੌਲੀ-ਹੌਲੀ ਗਾਇਬ ਹੋ ਰਹੇ ਹਨ, ਜਿਸ ਦੇ ਨਤੀਜੇ ਵਜੋਂ ਪੰਜਾਬ ਰਾਸ਼ਟਰੀ ਤੇ ਅੰਤਰਰਾਸ਼ਟਰੀ ਹੋਣ ਵਾਲੇ ਮੁਕਾਬਲਿਆਂ 'ਚੋਂ ਲਗਾਤਾਰ ਫਾਡੀ ਰਹਿ ਰਿਹਾ ਹੈ। ਪਿਛਲੇ ਰਿਕਾਰਡ ਦੱਸਦੇ ਹਨ ਕਿ ਰਾਸ਼ਟਰੀ ਸਕੂਲ ਗੇਮਜ਼, ਪਾਇਕਾ ਤੇ ਖੇਲੋ ਇੰਡੀਆ, ਰਾਸ਼ਟਰੀ ਮਹਿਲਾ ਖੇਡ ਫੈਸਟੀਵਲ, ਰਾਸ਼ਟਰੀ ਖੇਡਾਂ ਵਿਚੋਂ ਚੈਂਪੀਅਨ ਟਰਾਫੀ ਚੁੰਮਿਆਂ ਪੰਜਾਬ ਨੂੰ ਸੁਪਨਾ ਹੀ ਹੋ ਗਿਆ ਹੈ। ਕੁਦਰਤ ਦੀਆਂ ਅਪਾਰ ਬਖਸ਼ਿਸ਼ਾਂ ਹੋਣ ਦੇ ਬਾਬਜੂਦ ਪੰਜਾਬ ਦੇ ਨੌਜੁਆਨ ਲਗਾਤਾਰ ਨਿਘਾਰ ਵੱਲ ਜਾ ਰਹੇ ਹਨ। ਬਹੁਤੇ ਖੇਡ ਮੈਦਾਨ ਭੰਗੀਆਂ, ਪੋਸਤੀਆਂ ਤੇ ਜਰਾਇਮ-ਪੇਸ਼ਾ ਲੋਕਾਂ ਦੇ ਅੱਡੇ ਬਣ ਕੇ ਰਹਿ ਗਏ ਹਨ। ਖਿਡਾਰੀ ਦੀ ਅਸਲੀ ਜਨਮ ਭੂਮੀ ਸਕੂਲ ਹਨ। ਸਕੂਲਾਂ ਵਿਚ ਖਿਡਾਰੀ ਪੈਦਾ ਕਰਨ ਲਈ ਢੁਕਵਾਂ ਵਾਤਾਵਰਨ ਜ਼ਰੂਰੀ ਹੈ। ਖੇਡ ਅਧਿਆਪਕ ਚੰਗੇ ਮਾਲੀ ਦੀ ਭੂਮਿਕਾ ਨਿਭਾਉਂਦਾ ਹੈ। ਪਰ ਖੇਡ ਅਧਿਆਪਕ ਨਿਯੁਕਤੀ ਤੋਂ ਲੈ ਕੇ ਉਸ ਦੇ ਕੰਮ ਸਥਾਨ, ਖੇਡਾਂ ਦੀ ਸਮਾਂ-ਸਾਰਣੀ, ਖੇਡ ਸਾਮਾਨ, ਟੂਰਨਾਮੈਂਟਾਂ ਵਿਚ ਖਿਡਾਰੀਆਂ ਦੀ ਸ਼ਮੂਲੀਅਤ ਲਈ ਸਾਧਨ, ਵਿਭਾਗ ਤੇ ਸਮਾਜ ਵਿਚ ਉਸ ਦੀ ਕਾਰਗੁਜ਼ਾਰੀ ਮੁਲਾਂਕਣ ਤੇ ਸਨਮਾਨ ਵਿਚ ਵੱਡੀਆਂ ਤਰੁੱਟੀਆਂ ਹਨ। ਖੇਡ ਅਧਿਆਪਕਾਂ 'ਚ ਵੱਡੀ ਗਿਣਤੀ ਉਨ੍ਹਾਂ ਜੁਗਾੜੂ ਅਧਿਆਪਕਾਂ ਦੀ ਹੋਣ ਕਰਕੇ ਮਿਹਨਤੀ ਤੇ ਕਿੱਤੇ ਪ੍ਰਤੀ ਸਮਰਪਿਤ ਅਧਿਆਪਕ ਵਿਭਾਗ 'ਚ ਖੋਤਾ-ਘੋੜਾ ਇਕੋ ਜਿਹੇ ਨੀਤੀ ਕਾਰਨ ਆਪਣੇ-ਆਪ ਨੂੰ ਸਿਰਫ ਡਿਊਟੀ ਬਚਾਉਣ ਤੱਕ ਸੀਮਤ ਹੋ ਕੇ ਰਹਿ ਗਏ ਹਨ। ਚੰਗੇ ਖੇਡ ਅਧਿਆਪਕ ਸਕੂਲ ਮੁਖੀਆਂ ਅੱਗੇ ਤਰਲੇ ਕੱਢ ਰਹੇ ਰਹੇ ਹਨ ਕਿ ਉਨ੍ਹਾਂ ਨੂੰ ਟੀਮਾਂ ਤਿਆਰ ਕਰਨ ਲਈ ਸਮਾਂ ਦਿੱਤਾ ਜਾਵੇ।
ਇਸ ਤੋਂ ਬਾਅਦ ਵਾਰੀ ਆਉਂਦੀ ਹੈ ਖੇਡ ਕੋਚਾਂ ਦੀ ਤੇ ਪੰਚਾਇਤੀ ਰਾਜ, ਖੇਡ ਵਿਭਾਗ ਪੰਜਾਬ ਤੇ ਸਿੱਖਿਆ ਵਿਭਾਗ ਦੇ ਰਲੇਵੇਂ ਦੇ ਨੋਟੀਫਿਕੇਸ਼ਨ ਕਰਕੇ ਹੀ ਭਵਿੱੱਖ 'ਚ ਠੇਕੇ 'ਤੇ ਕੋਚ ਰੱਖਣ ਦੇ ਬੀਜ ਬੀਜੇ ਗਏ ਤੇ ਠੇਕੇ 'ਤੇ ਕੋਚ ਰੱਖਣ ਦੀ ਪਹਿਲ ਵੀ ਪੰਜਾਬ ਨੇ ਹੀ ਕੀਤੀ। ਪੁਰਾਣੇ ਕੋਚ ਸੀਨੀਆਰਤਾ ਸੂਚੀ ਬਣਾਉਣ, ਜ਼ਿਲ੍ਹਾ ਖੇਡ ਅਫਸਰ ਕੌਣ ਬਣੇ ਦੇ ਚੱਕਰਾਂ 'ਚ ਅੱਜ ਤੱਕ ਉਲਝੇ ਫਿਰ ਰਹੇ ਹਨ। ਜ਼ਿਲ੍ਹੇ ਦੇ ਖੇਡ ਅਫਸਰਾਂ ਦੇ ਦੁੱਖੜੇ ਉਪਰਲੇ ਅਫਸਰ ਸੁਣਨ ਲਈ ਤਿਆਰ ਨਹੀਂ। ਇਕ ਵਿਭਾਗ ਨੂੰ ਦੋ ਹਿੱਸਿਆਂ ਵਿਚ ਵੰਡਣ ਦੀ ਨੀਤੀ ਕਾਰਨ ਜ਼ਿਲ੍ਹਾ ਪੱਧਰ 'ਤੇ ਖੇਡ ਵਿਭਾਗ ਪੰਜਾਬ ਦੇ ਖਾਤਮੇ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪੀ.ਆਈ.ਐਸ. ਮੋਹਾਲੀ ਤੇ ਪੰਜਾਬ ਦੇ ਜ਼ਿਲ੍ਹਾ ਪੱਧਰੀ ਦਫਤਰਾਂ, ਮੈਦਾਨਾਂ 'ਚ ਜ਼ਮੀਨ ਅਸਮਾਨ ਦੇ ਫਰਕ ਨੇ ਫੀਲਡ ਦੇ ਕੋਚਾਂ, ਖੇਡ ਅਫਸਰਾਂ ਨੂੰ ਆਪਣੀ ਹੋਂਦ ਬਚਾਉਣ ਲਈ ਉਪਰਲੇ ਅਧਿਕਾਰੀਆਂ ਦੀ ਹਾਂ 'ਚ ਹਾਂ ਮਿਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਫੀਲਡ ਦੇ ਕੋਚਾਂ ਨੂੰ ਇਹ ਗਿਲ੍ਹਾ ਹੈ ਕਿ ਉਨ੍ਹਾਂ ਨੂੰ ਖੇਡ ਮੈਦਾਨਾਂ 'ਚ ਖਿਡਾਰੀਆਂ ਨਾਲ ਜੂਝਣ ਦੀ ਬਜਾਏ ਗੈਰ ਖੇਡ ਕੰਮਾਂ 'ਚ ਉਲਝਾਇਆ ਜਾ ਰਿਹਾ ਹੈ। ਗਰੇਡ ਪੇ ਨੂੰ ਲੈ ਕੇ ਵੀ ਕੋਚ ਨਿਰਾਸ਼ ਹਨ ਤੇ ਠੇਕੇ 'ਤੇ ਰੱਖੇ ਗਏ ਕੋਚਾਂ ਨਾਲ ਤਾਂ ਜੱਗੋਂ ਤੇਰ੍ਹਵੀਂ ਹੋਈ, ਕਿਸੇ ਨੂੰ 10 ਹਜ਼ਾਰ, ਕਿਸੇ 15 ਹਜ਼ਾਰ, ਕਿਸੇ ਨੂੰ 55 ਹਜ਼ਾਰ ਤੇ ਕਿਸੇ ਨੂੰ 65 ਹਜ਼ਾਰ ਦੀ ਕਾਣੀ ਵੰਡ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਖੇਡ ਵਿਭਾਗ ਪੰਜਾਬ ਹਾਈਟੈਕ ਨਹੀਂ ਹੋ ਰਿਹਾ, ਸਗੋਂ ਇਸ ਨੂੰ ਨਿੱਜੀ ਅਦਾਰਿਆਂ, ਮਲਟੀਨੈਸ਼ਨਲ ਕੰਪਨੀਆਂ ਵੱਲੋਂ ਹਾਈਜੈਕ ਕੀਤਾ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਚੰਦ ਕੁ ਖੇਡ ਸਲਾਹਕਾਰਾਂ ਦੀ ਬਦੌਲਤ ਯੋਗਤਾ ਪ੍ਰਾਪਤ ਕੋਚਾਂ ਦੀ ਭਰਤੀ ਬੰਦ ਕਰਕੇ ਮਨਮਰਜ਼ੀ ਦੇ ਖਿਡਾਰੀਆਂ ਨੂੰ ਆਰਜ਼ੀ ਕੋਚ ਲਗਾਇਆ ਜਾਵੇਗਾ।
ਕੋਚ ਸਰਕਾਰ ਤੋਂ ਇਹ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਯੋਗਤਾ ਅਨੁਸਾਰ ਪੇ ਸਕੇਲ ਦਿੱਤਾ ਜਾਵੇ, ਮੋਹਾਲੀ ਮਾਰਕਾ ਕੋਚਾਂ ਤੇ ਫੀਲਡ ਦੇ ਕੋਚਾਂ ਦਾ ਮਾਣ-ਸਨਮਾਨ ਇਕ ਹੋਵੇ, ਖੇਡ ਸਟੇਡੀਅਮਾਂ, ਖੇਡ ਮੈਦਾਨਾਂ ਦੀ ਸਾਫ਼-ਸਫ਼ਾਈ, ਬੁਨਿਆਦੀ ਸਹੂਲਤਾਂ ਤੇ ਖੇਡਾਂ ਦੇ ਸਾਮਾਨ ਲਈ ਫੰਡ ਦਿੱਤਾ ਜਾਵੇ। ਖਿਡਾਰੀਆਂ ਨੂੰ ਰਿਫਰੈਸ਼ਮਿੰਟ ਨਕਦ ਦਿੱਤੀ ਜਾਵੇ, ਖੇਡ ਕਿੱਟ ਵੀ ਵਿਭਾਗ ਵੱਲੋਂ ਦਿੱਤੀ ਜਾਵੇ, ਖੇਡ 'ਚ ਹਿੱਸਾ ਲੈਣ ਲਈ ਸਪੈਸ਼ਲ ਲੀਵ ਦਿੱਤੀ ਜਾਵੇ ਤੇ ਬੇਲੋੜੇ ਕੰਮਾਂ ਤੋਂ ਮੁਕਤੀ ਦਿਵਾਈ ਜਾਵੇ। ਇਸ ਤੋਂ ਇਲਾਵਾ ਖੇਡ ਕੋਚਾਂ ਤੇ ਅਧਿਆਪਕਾਂ ਨੂੰ ਇਹ ਵੀ ਗਿਲ੍ਹਾ ਹੈ ਕਿ ਖੇਡ ਐਸੋਸੀਏਸ਼ਨਾਂ ਵੱਲੋਂ ਕੁਝ ਚਹੇਤੇ ਕੋਚਾਂ ਨੂੰ ਚੌਧਰ ਦਿੱਤੀ ਗਈ ਹੈ ਤੇ ਖਿਡਾਰੀ ਉਹ ਤਿਆਰ ਕਰਦੇ ਹਨ ਤੇ ਟੀਮਾਂ ਨਾਲ ਦੇਸ਼-ਵਿਦੇਸ਼ 'ਚ ਜਾਣ ਦੀ ਡਿਊਟੀ ਉਨ੍ਹਾਂ ਦੀ ਹੀ ਪੱਕੀ ਲਗਦੀ ਹੈ। ਅੱਜ ਦੇ ਸਵਾਰਥੀ ਯੁੱਗ 'ਚ ਪੁੱਤਾਂ ਵਾਂਗੂੰ ਪਾਲੇ ਖਿਡਾਰੀ ਮੌਕਾਪ੍ਰਸਤੀ ਦੀ ਹੱਦ ਪਾਰ ਕਰਕੇ ਮੁਢਲੇ ਕੋਚ ਨੂੰ ਭੁੱਲ ਜਾਂਦੇ ਹਨ। ਕੇਂਦਰ ਸਰਕਾਰ, ਪੰਜਾਬ ਸਰਕਾਰ ਵੱਲੋਂ ਕੋਚਾਂ ਨੂੰ ਕੋਈ ਵਿਸ਼ੇਸ਼ ਸਨਮਾਨ, ਨਕਦ ਇਨਾਮ ਨਹੀਂ ਦਿੱਤਾ ਜਾਂਦਾ। ਪੰਜਾਬ ਪੁਲਿਸ ਦੇ ਕੋਚਾਂ ਦੀ ਦਾਸਤਾਨ ਤਾਂ ਹੋਰ ਵੀ ਨਿਰਾਲੀ ਹੈ। ਉਹ ਚੌਕ ਦੇ ਸਿਪਾਹੀ ਵਾਂਗ ਸਿਪਾਹੀ ਹੀ ਰਹਿੰਦਾ ਹੈ, ਪਰ ਹੱਥੀਂ ਭਰਤੀ ਕੀਤੇ ਖੇਡਾਂ 'ਚ ਤਰਾਸ਼ੇ ਸਿਪਾਹੀ ਉੱਚ ਮੰਜ਼ਿਲਾਂ ਤੱਕ ਪੁੱਜ ਜਾਂਦੇ ਹਨ। ਕੁੱਲ ਮਿਲਾ ਕੇ ਜਾਂ ਤਾਂ ਖਿਡਾਰੀਆਂ ਦੀ ਬੇੜੀ ਅਨਾੜੀ ਮਲਾਹਾਂ ਦੇ ਹੱਥ ਹੈ ਜਾਂ ਫਿਰ ਮਲਾਹ ਹੀ ਗਾਇਬ ਹਨ। ਪੰਜਾਬ ਸਰਕਾਰ, ਸਿੱਖਿਆ ਵਿਭਾਗ ਪੰਜਾਬ ਤੇ ਖੇਡ ਵਿਭਾਗ ਪੰਜਾਬ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੀ ਖੇਡ ਨੀਤੀ 'ਚ ਖੇਡ ਅਧਿਆਪਕਾਂ, ਕੋਚਾਂ ਨੂੰ ਬਣਦਾ ਉਚਿਤ ਸਥਾਨ ਦੇਣ, ਤਾਂ ਹੀ ਪੰਜਾਬ ਦੀਆਂ ਖੇਡਾਂ ਦੀ ਬੇੜੀ ਪਾਰ ਲੱਗ ਸਕਦੀ ਹੈ ਤੇ ਪੰਜਾਬ ਖੇਡਾਂ 'ਚ ਸਿਰਮੌਰ ਸੂਬਾ ਫਿਰ ਤੋਂ ਬਣ ਸਕਦਾ ਹੈ।


ਮੋਬਾ: 98729-78781

ਅਮਰੀਕਾ ਦਾ 13ਵਾਂ ਵਿਸ਼ਵ ਕਬੱਡੀ ਕੱਪ

ਸ਼ਹਿਰ ਜਲੰਧਰ ਦੀ ਸੱਜੀ ਵੱਖੀ ਵਿਚ ਪੈਂਦਾ ਨਿੱਕਾ ਜਿਹਾ ਪਿੰਡ ਹੈ ਗਾਖ਼ਲਾਂ। ਇਥੋਂ ਦੇ ਤਿੰਨ ਭਰਾਵਾਂ ਅਮੋਲਕ ਸਿੰਘ ਗਾਖ਼ਲ, ਪਲਵਿੰਦਰ ਸਿੰਘ ਗਾਖ਼ਲ, ਇਕਬਾਲ ਸਿੰਘ ਗਾਖ਼ਲ ਨੇ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਵਿਚ ਵਸਦਿਆਂ ਨਾ ਸਿਰਫ ਟਰਾਂਸਪੋਰਟ ਕਾਰੋਬਾਰ ਵਿਚ ਸਫਲ ਪੰਜਾਬੀਆਂ ਦੀ ਇਕ ਮਿਸਾਲ ਪੈਦਾ ਕੀਤੀ ਹੈ, ਸਗੋਂ ਗੋਲਡ ਜਿਮ ਅਤੇ ਹੋਟਲ, ਮੋਟਲ ਕਾਰੋਬਾਰ ਵਿਚ ਵੀ ਆਪਣੀ ਝੰਡੀ ਨੂੰ ਕਾਇਮ ਰੱਖਿਆ ਹੈ। ਲੜਕੀਆਂ ਦੇ ਸਮੂਹਿਕ ਵਿਆਹ, ਅੱਖਾਂ ਦੇ ਕੈਂਪ, ਪੰਜਾਬ ਦੀਆਂ ਵੱਡੀਆਂ ਤਿੰਨ ਜੇਲ੍ਹਾਂ ਵਿਚ ਕੈਦੀਆਂ ਲਈ ਜਿਮ ਲਗਾ ਕੇ ਦੇਣੇ, ਇਹ ਗਾਖ਼ਲ ਪਰਿਵਾਰ ਦਾ ਹੀ ਨੌਜਵਾਨਾਂ ਨੂੰ ਸਿੱਧੀ ਲੀਹੇ ਤੋਰਨ ਅਤੇ ਨਸ਼ਿਆਂ ਤੋਂ ਬਾਹਰ ਕੱਢਣ ਦਾ ਇਕ ਉਪਰਾਲਾ ਹੈ।
ਉਨ੍ਹਾਂ ਦਾ ਅਗਲਾ ਮਿਸ਼ਨ ਪਿੰਡਾਂ ਨੂੰ ਸ਼ੁੱਧ ਪਾਣੀ ਦੇਣ ਦਾ ਹੋਵੇਗਾ। ਪਰ ਇਹ ਪਰਿਵਾਰ ਕਿਉਂਕਿ ਵਿਰਸੇ ਤੋਂ ਹੀ ਖੇਡਾਂ ਖਾਸ ਤੌਰ 'ਤੇ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਨਾਲ ਜੁੜਿਆ ਹੋਇਆ ਹੈ, ਇਸ ਲਈ ਨਾ ਸਿਰਫ ਉੱਤਰੀ ਅਮਰੀਕਾ 'ਚ, ਸਗੋਂ ਵਿਸ਼ਵ ਭਰ ਦੇ ਪੰਜਾਬੀਆਂ ਅੰਦਰ ਕਬੱਡੀ ਕੱਪ ਆਯੋਜਿਤ ਕੀਤੇ ਜਾਣ ਕਰਕੇ ਗਾਖ਼ਲ ਭਰਾਵਾਂ ਨੂੰ ਦਿਲੋਂ ਸਤਿਕਾਰ ਮਿਲਦਾ ਆਇਆ ਹੈ। ਇਨ੍ਹਾਂ ਦੇ ਪਿਤਾ ਸ: ਨਸੀਬ ਸਿੰਘ 1958 ਤੋਂ ਕਬੱਡੀ ਖੇਡ ਨਾਲ ਜੁੜੇ ਰਹੇ ਹਨ ਤੇ ਇਕ ਪਿੰਡ ਵਿਚ ਵਿਸ਼ਵ ਕਬੱਡੀ ਕੱਪ ਅਯੋਜਿਤ ਕਰਨਾ ਇਨ੍ਹਾਂ ਭਰਾਵਾਂ ਦਾ ਹੀ ਇਕ ਸਫਲ ਯਤਨ ਸੀ। ਹਜ਼ੂਰਾ ਸਿੰਘ, ਮੇਜਰ ਸਿੰਘ ਗਾਖ਼ਲ, ਮਾਨੀ ਗਾਖ਼ਲ, ਤੀਰਥ ਗਾਖ਼ਲ, ਪੱਪੂ ਅਤੇ ਲੱਖਾ ਗਾਜ਼ੀਪੁਰੀਆ ਅਸਲ ਵਿਚ ਗਾਖ਼ਲਾਂ ਦੇ ਕਬੱਡੀ ਕੱਪ ਦੀ ਹੀ ਦੇਣ ਹਨ।
ਸਾਲ 2000 ਦੇ ਕਰੀਬ ਗਾਖਲ ਭਰਾਵਾਂ ਨੇ ਆਪਣੇ ਯਤਨਾਂ ਨਾਲ ਯੂਨਾਈਟਿਡ ਸਪੋਰਟਸ ਕਲੱਬ ਕੈਲੇਫੋਰਨੀਆ ਦੀ ਸਥਾਪਨਾ ਕਰਕੇ ਕਬੱਡੀ ਖੇਡ ਮੇਲਿਆਂ ਦਾ ਆਯੋਜਨ ਸ਼ੁਰੂ ਕੀਤਾ ਹੈ ਅਤੇ ਇਕ ਤਰ੍ਹਾਂ ਨਾਲ ਕਬੱਡੀ ਖਿਡਾਰੀਆਂ ਨੂੰ ਲੱਖਾਂ ਦੇ ਇਨਾਮ ਦੇਣ ਦੀ ਪਿਰਤ ਆਪਣੇ ਪਿੰਡ ਗਾਖ਼ਲਾਂ ਤੋਂ ਸ਼ੁਰੂ ਕੀਤੀ ਤੇ ਅਮਰੀਕਾ ਤੱਕ ਲੈ ਕੇ ਆਂਦੀ। ਇਸ ਵਾਰ 17 ਸਤੰਬਰ ਦਿਨ ਐਤਵਾਰ ਨੂੰ ਸ: ਅਮੋਲਕ ਸਿੰਘ ਗਾਖ਼ਲ ਦੀ ਸਰਪ੍ਰਸਤੀ ਹੇਠ 13ਵਾਂ ਵਿਸ਼ਵ ਕਬੱਡੀ ਕੱਪ ਕੈਲੇਫੋਰਨੀਆ ਦੇ ਸ਼ਹਿਰ ਯੂਨੀਅਨ ਸਿਟੀ ਸਥਿਤ ਲੋਗਨ ਹਾਈ ਸਕੂਲ ਵਿਚ ਅਯੋਜਿਤ ਕੀਤਾ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਸੰਦੀਪ ਲੁੱਧੜ, ਦੁੱਗਾ ਬੱਗਾ ਪਿੰਡ, ਪਾਲਾ ਜਲਾਲਪੁਰ, ਸੰਦੀਪ ਸੁਰਖਪੁਰ, ਜੁਨੀ ਗਿੱਲ, ਖੁਸ਼ੀ ਦੁੱਗਾਂ ਅਤੇ ਮੰਗੀ ਬੱਗਾ ਪਿੰਡ ਵਰਗੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਬੱਡੀ ਖਿਡਾਰੀ ਪਹੁੰਚ ਰਹੇ ਹਨ ਅਤੇ ਦੁਨੀਆ ਭਰ ਵਿਚ ਇਸ ਮਾਂ-ਖੇਡ ਕਬੱਡੀ ਨੂੰ ਨੌਜਵਾਨਾਂ ਅੰਦਰ ਹੋਰ ਵੀ ਹਰਮਨ-ਪਿਆਰੀ ਬਣਾਉਣ ਲਈ ਲੱਖਾਂ ਰੁਪਏ ਦੇ ਇਨਾਮ ਤਕਸੀਮ ਕਰਨ ਦੀ ਆਪਣੀ ਪੁਰਾਣੀ ਰਵਾਇਤ ਨੂੰ ਵੀ ਕਾਇਮ ਰੱਖਿਆ ਜਾਵੇਗਾ। ਸ: ਅਮੋਲਕ ਸਿੰਘ ਗਾਖ਼ਲ ਅਨੁਸਾਰ ਉਨ੍ਹਾਂ ਦਾ ਅਜਿਹੇ ਖੇਡ ਮੇਲੇ ਕਰਵਾਉਣ ਦਾ ਮੁੱਖ ਮਕਸਦ ਪੰਜਾਬ ਤੋਂ ਹਜ਼ਾਰਾਂ ਕੋਹਾਂ ਦੂਰ ਬੈਠੇ ਪੰਜਾਬੀਆਂ ਨੂੰ ਆਪਣੀ ਮਿੱਟੀ ਨੂੰ ਯਾਦ ਕਰਵਾਉਣਾ, ਨੌਜਵਾਨਾਂ ਨੂੰ ਜ਼ੋਰ ਅਜ਼ਮਾਇਸ਼ੀ ਦਾ ਪਲੇਟਫਾਰਮ ਦੇਣਾ ਅਤੇ ਜਵਾਨੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦਾ ਹੈ।
ਇਸ ਵਾਰ ਦੇ ਖੇਡ ਮੇਲੇ ਦਾ ਉਦਘਾਟਨ ਕੈਨੇਡਾ ਤੋਂ ਸ: ਸੇਵਾ ਸਿੰਘ ਰੰਧਾਵਾ ਅਤੇ ਕਬੱਡੀ ਨਾਲ ਹੀ ਜੁੜੇ ਹੋਏ ਟੁੱਟ ਬ੍ਰਦਰਜ਼ 'ਚੋਂ ਸੁਰਜੀਤ ਸਿੰਘ ਟੁੱਟ ਕਰਨਗੇ, ਜਦੋਂਕਿ ਮੁੱਖ ਮਹਿਮਾਨ ਵਜੋਂ ਉੱਘੇ ਕਾਰੋਬਾਰੀ ਮੱਖਣ ਸਿੰਘ ਧਾਲੀਵਾਲ ਸ਼ਾਮਿਲ ਹੋਣਗੇ। ਇਸ ਵਾਰ ਚਾਰ ਵਿਸ਼ਵ ਪੱਧਰ ਦੀਆਂ ਵੱਡੀਆਂ ਕਬੱਡੀ ਕਲੱਬਾਂ ਬੇ-ਏਰੀਆ ਸਪੋਰਟਸ ਕਲੱਬ, ਯੂਨਾਈਟਡ ਸਪੋਰਟਸ ਕਲੱਬ, ਪੰਜਾਬ ਸਪੋਰਟਸ ਕਲੱਬ ਸਿਆਟਲ, ਬਾਬਾ ਸੇਵਾ ਦਾਸ ਕਬੱਡੀ ਕਲੱਬ ਨੌਰਥ ਕੈਰੀਲੋਨਾ ਇਸ ਵਿਸ਼ਵ ਕਬੱਡੀ ਕੱਪ ਦਾ ਹਿੱਸਾ ਬਣਨਗੀਆਂ। ਨਵੀਂ ਰਵਾਇਤ ਅਨੁਸਾਰ ਯੂਨਾਈਟਿਡਸ ਸਪੋਰਟਸ ਕਲੱਬ ਵੱਲੋਂ 'ਅੰਡਰ-25' ਨਵਾਂ ਉਮਰ ਵਰਗ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਚੜ੍ਹਦੀ ਕਲਾ ਸਪੋਰਟਸ ਕਲੱਬ ਯੂਬਾਸਿਟੀ, ਸੈਕਰਾਮੈਂਟੋ ਸਪੋਰਟਸ ਕਲੱਬ, ਸੈਨਹੋਜ਼ੇ ਗੁਰਦੁਆਰਾ ਸਪੋਰਟਸ ਕਲੱਬ, ਦਸਮੇਸ਼ ਸਪੋਰਟਸ ਕਲੱਬ ਟਰੇਸੀ ਦੀਆਂ ਟੀਮਾਂ ਸ਼ਾਮਿਲ ਹਨ। ਵੱਡਾ ਪਹਿਲਾ ਇਨਾਮ ਡਾਇਮੰਡ ਟਰਾਂਸਪੋਰਟ ਦੇ ਗੁਲਵਿੰਦਰ ਗਾਖ਼ਲ, ਨੇਕੀ ਅਟਵਾਲ ਅਤੇ ਪਿੰਕੀ ਅਟਵਾਲ ਵੱਲੋਂ, ਦੂਜਾ ਵੱਡਾ ਇਨਾਮ ਸਹੋਤਾ ਪਰਿਵਾਰ ਦੇ ਜੁਗਰਾਜ ਸਿੰਘ ਸਹੋਤਾ ਤੇ ਨਰਿੰਦਰ ਸਿੰਘ ਸਹੋਤਾ ਵੱਲੋਂ ਆਪਣੇ ਪਿਤਾ ਸਵ: ਕਸ਼ਮੀਰ ਸਿੰਘ ਸਹੋਤਾ ਦੀ ਯਾਦ ਵਿਚ ਦਿੱਤਾ ਜਾਵੇਗਾ।
ਇਸ ਰੁੱਤ ਦੇ ਸਭ ਤੋਂ ਵੱਡੇ ਇਸ ਖੇਡ ਮੇਲੇ ਵਿਚ ਸ਼ਿਰਕਤ ਕਰਨ ਲਈ ਉੱਤਰੀ ਭਾਰਤ ਦੇ ਪੰਜਾਬੀਆਂ ਅੰਦਰ ਹੀ ਅੰਗੜਾਈ ਨਹੀਂ, ਸਗੋਂ ਕਬੱਡੀ ਪ੍ਰੇਮੀ ਤਾਂ ਯੂਰਪ ਤੋਂ ਵੀ ਪਹੁੰਚ ਜਾਣਗੇ। ਕੁਲ ਮਿਲਾ ਕੇ ਯੂਨਾਈਟਿਡ ਸਪੋਰਟਸ ਕਲੱਬ ਕਬੱਡੀ ਇਤਿਹਾਸ ਦੀ ਨਵੀਂ ਸਿਰਜਣਾਤਮਿਕ ਪ੍ਰਕਿਰਿਆ ਵੱਲ ਵਧ ਰਿਹਾ ਹੈ।

ਸ਼ਤਰੰਜ ਦੀ ਦੁਨੀਆ 'ਤੇ ਅਸੀਂ ਰਾਜ ਕਰ ਸਕਦੇ ਹਾਂ ਪਰ...

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਆਰਮੇਨੀਆ ਦੀ ਤਰ੍ਹਾਂ ਭਾਰਤ ਦੇ ਖਿਡਾਰੀ ਪਰੰਪਰਾਗਤ ਤੌਰ 'ਤੇ ਜ਼ੋਖ਼ਮ ਵਾਲਾ 'ਹਿਟ ਐਂਡ ਰਨ' ਖੇਡ ਖੇਡਦੇ ਹਨ, ਜਦੋਂ ਕਿ ਰੂਸੀ ਹੌਲੀ ਤੇ ਯੋਜਨਾਬੱਧ ਢੰਗ ਨਾਲ ਖੇਡ ਖੇਡਦੇ ਹਨ, ਪਰ ਨੌਜਵਾਨ ਭਾਰਤ ਦੋਵਾਂ ਭਾਰਤ ਤੇ ਰੂਸ ਤੋਂ ਸਿੱਖ ਰਿਹਾ ਹੈ ਕਿਉਂਕਿ ਅਕਸਪੋਜ਼ਰ ਹੈ, ਕੋਚ ਹੈ, ਕਿਤਾਬਾਂ ਹਨ ਤੇ ਵੈੱਬਸਾਈਟ ਹੈ। ਭਾਰਤ ਦੀ ਉੱਭਰਦੀ ਸ਼ਤਰੰਜ ਪ੍ਰਤਿਭਾ ਲਈ ਸਭ ਤੋਂ ਵੱਡਾ ਖ਼ਤਰਾ ਕੀ ਹੈ? ਵਿਦੇਸ਼ੀ ਮੁਕਾਬਲੇਬਾਜ਼ੀ ਜਾਂ ਖੇਡ ਸ਼ੈਲੀ? ਇਨ੍ਹਾਂ ਵਿਚੋਂ ਕੋਈ ਨਹੀਂ, ਬਲਕਿ ਖ਼ੁਦ ਭਾਰਤ। 16 ਸਾਲ ਦੀ ਉਮਰ ਤੱਕ ਸਾਡੇ ਅੱਧੇ ਤੋਂ ਜ਼ਿਆਦਾ ਪ੍ਰਤਿਭਾਵਾਨ ਖਿਡਾਰੀ ਛੱਡ ਜਾਂਦੇ ਹਨ ਅਤੇ ਆਪਣੇ ਨਾਲ ਰੈਂਕਿੰਗ, ਤਗਮਾ ਤੇ ਭਾਰਤ ਦੀਆਂ ਆਸਾਂ ਵੀ ਲੈ ਜਾਂਦੇ ਹਨ। ਜਿਵੇਂ ਸ਼ਿਵੇਨ ਖੋਸਲਾ ਨੂੰ ਹੀ ਲੈ ਲਓ। ਉਹ 13 ਸਾਲ ਦੀ ਉਮਰ ਵਿਚ ਇੰਟਰਨੈਸ਼ਨਲ ਮਾਸਟਰ ਬਣਿਆ। ਏਸ਼ੀਆ ਵਿਚ ਟੌਪ ਰੈਂਕ ਪਾਇਆ, 10ਵੀਂ ਜਮਾਤ ਦੀ ਪ੍ਰੀਖਿਆ ਲਈ ਬ੍ਰੇਕ ਲਿਆ ਅਤੇ ਫਿਰ ਕਦੀ ਨਹੀਂ ਵਾਪਸ ਆਇਆ। ਇਕ ਵਾਰ ਸੂਬਾ ਪੱਧਰ ਦੀ ਅੰਡਰ-13 ਪ੍ਰਤੀਯੋਗਤਾ ਦੋ ਦਿਨ ਤੱਕ ਪਾਰਕਿੰਗ ਲਾਟ ਵਿਚ ਖੇਡੀ ਗਈ। ਉੱਚ ਰੇਟਿੰਗ ਲਈ ਖਿਡਾਰੀ ਨੂੰ ਯੂਰਪ ਜਾਣਾ ਪੈਂਦਾ ਹੈ, ਜਿਥੇ ਹਰ ਹਫਤੇ ਪ੍ਰਤੀਯੋਗਤਾਵਾਂ ਹੁੰਦੀਆਂ ਰਹਿੰਦੀਆਂ ਹਨ। ਬਹੁਤ ਸਾਰੇ ਮਾਪੇ ਜੋ ਆਪਣੇ ਬੱਚੇ ਦੇ ਨਾਲ ਹਰ ਮਹੀਨੇ ਘਰੇਲੂ ਤੇ ਵਿਦੇਸ਼ੀ ਪ੍ਰਤੀਯੋਗਤਾਵਾਂ ਲਈ ਯਾਤਰਾ ਕਰ ਰਹੇ ਹੁੰਦੇ ਹਨ, ਉਹ ਹਾਰ ਮੰਨ ਜਾਂਦੇ ਹਨ ਕਿਉਂਕਿ ਸਮਾਂ ਤੇ ਪੈਸਾ ਬਹੁਤ ਜ਼ਿਆਦਾ ਖਰਚ ਹੋ ਜਾਂਦਾ ਹੈ।
ਇਸ ਤਰ੍ਹਾਂ ਸਰਕਾਰ ਦਾ ਦਖਲ ਜ਼ਰੂਰੀ ਹੋ ਜਾਂਦਾ ਹੈ, ਨਾ ਸਿਰਫ ਘਰੇਲੂ ਪੱਧਰ 'ਤੇ ਜ਼ਿਆਦਾ ਪੱਧਰ ਦੀਆਂ ਪ੍ਰਤੀਯੋਗਤਾਵਾਂ ਦਾ ਆਯੋਜਨ ਕਰਾਇਆ ਜਾਏ ਬਲਕਿ ਜਿਨ੍ਹਾਂ ਬੱਚਿਆਂ ਵਿਚ ਪ੍ਰਤਿਭਾ ਹੈ, ਉਨ੍ਹਾਂ ਦੀ ਆਰਥਿਕ ਜ਼ਿੰਮੇਵਾਰੀ ਵੀ ਲਈ ਜਾਵੇ। ਫਿਲਹਾਲ ਲਈ ਭਾਰਤ ਵਿਚ ਰੂਸ ਤੇ ਹੋਰ ਪਰੰਪਰਾਗਤ ਸ਼ਤਰੰਜ ਦੇਸ਼ਾਂ ਦੀ ਮੁਕਾਬਲੇ ਵਿਚ ਜ਼ਿਆਦਾ ਨੌਜਵਾਨ ਪ੍ਰਤਿਭਾਵਾਂ ਹਨ, ਪਰ ਚੀਨ ਪ੍ਰਤਿਭਾ ਨੂੰ ਜਲਦੀ ਪਛਾਣਦਾ ਹੈ ਅਤੇ ਉਨ੍ਹਾਂ ਵਿਚ ਚੰਗਾ ਨਿਵੇਸ਼ ਕਰਦਾ ਹੈ, ਇਸ ਲਈ ਉਸ ਦੇ ਖਿਡਾਰੀ ਤੇਜ਼ੀ ਨਾਲ ਸਿਖ ਜਾਂਦੇ ਹਨ। ਸਰਕਾਰ ਨੂੰ ਛੇਤੀ ਸੋਚਣਾ ਚਾਹੀਦਾ। 1996 ਅਟਲਾਂਟਾ ਉਲੰਪਿਕ ਵਿਚ ਗ੍ਰੇਟ ਬ੍ਰਿਟੇਨ ਨੂੰ ਸਿਰਫ ਇਕ ਸੋਨ ਤਗਮਾ ਮਿਲਿਆ ਸੀ, ਪਰ ਇਸ ਦੇ ਬਾਅਦ ਉਸ ਨੇ ਸਕੂਲ ਸਪੋਰਟਸ ਵਿਚ ਭਾਰੀ ਨਿਵੇਸ਼ ਕੀਤਾ ਤੇ 2012 ਵਿਚ ਉਸ ਦਾ ਸਥਾਨ ਤੀਜਾ ਤੇ 2016 ਵਿਚ ਦੂਜਾ ਰਿਹਾ। ਇਸ ਤੋਂ ਸਰਕਾਰ ਦੀ ਭੂਮਿਕਾ ਦੇ ਮਹੱਤਵ ਦਾ ਪਤਾ ਲਗਦਾ ਹੈ। ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਛੇਤੀ ਸਫਲਤਾ ਉਸ ਸਮੇਂ ਆਉਂਦੀ ਹੈ ਜਦੋਂ ਬੱਚਿਆਂ ਨੂੰ ਜਿੱਤਣ ਦੀ ਬਜਾਏ ਖੇਡ ਦਾ ਆਨੰਦ ਲੈਣਾ ਸਿਖਾਇਆ ਜਾਂਦਾ ਹੈ। ਜੇਕਰ ਤੁਹਾਨੂੰ ਸ਼ਤਰੰਜ ਪਸੰਦ ਨਹੀਂ ਹੈ ਤੇ ਦਬਾਅ ਤੁਹਾਨੂੰ ਜਿੱਤਣ ਨਹੀਂ ਦੇਵੇਗਾ। ਬੱਚਿਆਂ ਵਿਚ ਸਿੱਖਣ ਦਾ ਮੂਡ ਵਿਕਸਿਤ ਕੀਤਾ ਜਾਣਾ ਚਾਹੀਦਾ ਤਦੇ ਉਹ ਨਿਰਦੇਸ਼ਾਂ ਦਾ ਚੰਗਾ ਪਾਲਣ ਕਰਦੇ ਹਨ। ਸਿਰਫ਼ ਅਨੁਭਵੀ ਖਿਡਾਰੀ ਹੀ ਨਹੀਂ ਬਲਕਿ ਜੋ ਕਿੱਤੇ ਵਜੋਂ ਹੋਣ ਪਰ ਵਿਦੇਸ਼ੀ ਪ੍ਰਤੀਯੋਗਤਾਵਾਂ ਵਿਚ ਖੇਡੇ ਹੋਣ ਅਤੇ ਜਿਨ੍ਹਾਂ ਨੂੰ ਦੂਜੇ ਵਿਅਕਤੀ ਦੇ ਹੁਨਰ ਨੂੰ ਨਿਖਾਰਨ ਦੀ ਟ੍ਰੇਨਿੰਗ ਮਿਲੀ ਹੋਈ ਹੈ। ਸ਼ਤਰੰਜ ਦੀ ਦੁਨੀਆ 'ਤੇ ਰਾਜ ਕਰਨ ਦੀ ਪ੍ਰਤਿਭਾ ਹੈ, ਬਸ ਉਸ ਨੂੰ ਨਿਖਾਰਨ ਦੀ ਜ਼ਰੂਰਤ ਹੈ। (ਸਮਾਪਤ)


-ਇਮੇਜ ਰਿਫਲੈਕਸ਼ਨ ਸੈਂਟਰ

ਜੈਵਲਿਨ ਥਰੋਅ ਦਾ ਅੰਤਰਰਾਸ਼ਟਰੀ ਖਿਡਾਰੀ ਹੈ-ਸੰਦੀਪ ਕੁਮਾਰ

ਜੈਵਲਿਨ ਥਰੋਅ ਅੰਤਰਰਾਸ਼ਟਰੀ ਖਿਡਾਰੀ ਹੈ ਹਰਿਆਣਾ ਪ੍ਰਾਂਤ ਦਾ ਮਾਣ ਸੰਦੀਪ ਕੁਮਾਰ ਜਿਸ ਨੇ ਕਦੇ ਵੀ ਆਪਣੀ ਅਪਾਹਜਤਾ ਨੂੰ ਆਪਣੇ ਖੇਡ ਖੇਤਰ ਵਿਚ ਅੜਿੱਕਾ ਨਹੀਂ ਬਣਨ ਦਿੱਤਾ, ਸਗੋਂ ਹੋਰ ਵੀ ਹਿੰਮਤ ਅਤੇ ਦਲੇਰੀ ਨਾਲ ਖੇਡਦਿਆਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ। ਸੰਦੀਪ ਕੁਮਾਰ ਦਾ ਜਨਮ 10 ਅਪ੍ਰੈਲ, 1996 ਨੂੰ ਜ਼ਿਲ੍ਹਾ ਮਹਿੰਦਰਗੜ੍ਹ ਦੇ ਇਕ ਪਿੰਡ ਨਾਰਨੋਲ ਵਿਚ ਪਿਤਾ ਸੁਭਾਸ਼ ਚੰਦਰ ਦੇ ਘਰ ਮਾਤਾ ਸੁਚਾਰ ਦੇਵੀ ਦੀ ਕੁੱਖੋਂ ਹੋਇਆ। ਸੰਦੀਪ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਸੀ ਪਰ ਜਦ ਉਹ ਅਜੇ 12 ਕੁ ਸਾਲ ਦਾ ਸੀ, ਸੰਦੀਪ ਨਾਲ ਸੜਕ ਹਾਦਸਾ ਹੋ ਗਿਆ ਅਤੇ ਉਹ ਖੱਬੇ ਪੈਰ ਤੋਂ ਅਪਾਹਜ ਹੋ ਗਿਆ ਪਰ ਉਸ ਨੇ ਆਪਣੀ ਖੇਡ ਭਾਵਨਾ ਮੱਠੀ ਨਹੀਂ ਪੈਣ ਦਿੱਤੀ, ਸਗੋਂ ਜਜ਼ਬੇ ਅਤੇ ਹੌਸਲੇ ਦੀ ਅਜਿਹੀ ਮਿਸਾਲ ਬਣਿਆ ਕਿ ਅੱਜ ਉਹ ਪੂਰੇ ਸੰਸਾਰ ਦੇ ਪੈਰਾ-ਖਿਡਾਰੀਆਂ ਵਿਚ ਤੀਸਰਾ ਅਤੇ ਹਾਲ ਹੀ ਵਿਚ ਚੌਥਾ ਸਥਾਨ ਰੱਖਦਾ ਹੈ ਅਤੇ ਏਸ਼ੀਆ ਵਿਚ ਪਹਿਲੇ ਸਥਾਨ 'ਤੇ ਕਾਬਜ਼ ਹੈ। ਭਾਵੇਂ ਕਿ ਸੰਦੀਪ ਨੈਸ਼ਨਲ ਪੱਧਰ 'ਤੇ ਕਈ ਜਿੱਤਾਂ ਜਿੱਤ ਕੇ ਅਨੇਕ ਸੋਨ ਤਗਮੇ ਆਪਣੇ ਨਾਂਅ ਕਰ ਚੁੱਕਾ ਹੈ ਪਰ ਸੰਨ 2016 ਵਿਚ ਡੁਬਈ ਵਿਖੇ ਹੋਏ ਵਰਲਡ ਕੱਪ ਵਿਚ ਉਸ ਨੇ ਭਾਗ ਲਿਆ, 51.48 ਮੀਟਰ ਜੈਵਲਿਨ ਥਰੋਅ ਸੁੱਟ ਕੇ ਉਸ ਨੇ ਪਹਿਲਾ ਸਥਾਨ ਹਾਸਲ ਕਰਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕੀਤਾ।
ਸੰਨ 2016 ਵਿਚ ਹੀ ਬਰਲਨ ਦੇਸ਼ ਵਿਚ ਹੋਈਆਂ ਸੰਸਾਰ ਪੱਧਰ ਖੇਡਾਂ ਵਿਚ 53.71 ਮੀਟਰ ਵਿਚ ਵੀ ਪਹਿਲਾ ਸਥਾਨ ਹਾਸਲ ਕਰਨ ਵਿਚ ਕਾਮਯਾਬ ਰਿਹਾ। ਸੰਦੀਪ ਨੂੰ ਹੀ ਨਹੀਂ, ਸਗੋਂ ਦੇਸ਼ ਨੂੰ ਇਹ ਮਾਣ ਵੀ ਜਾਂਦਾ ਹੈ ਕਿ ਸੰਦੀਪ ਨੇ ਰੀਓ ਬਰਾਜ਼ੀਲ ਵਿਚ ਸੰਨ 2016 ਵਿਚ ਹੋਈ ਪੈਰਾ ਉਲੰਪਿਕ ਵਿਚ 54.48 ਮੀਟਰ ਜੈਵਲਿਨ ਥਰੋਅ ਸੁੱਟ ਕੇ ਚੌਥਾ ਸਥਾਨ ਹਾਸਲ ਕੀਤਾ। ਪੈਰਿਸ ਵਿਖੇ ਹੋਈ ਗਰੈਂਡ ਪਰਿਕਸ ਵਿਚ ਦੂਜਾ ਸਥਾਨ ਅਤੇ ਲੰਡਨ ਵਿਖੇ ਹੋਈ ਪੈਰਾ ਵਰਲਡ ਚੈਂਪੀਅਨਸ਼ਿਪ ਵਿਚ ਪੰਜਵੇਂ ਸਥਾਨ 'ਤੇ ਉਸ ਨੇ ਝੰਡੇ ਗੱਡੇ ਹੋਏ ਹਨ। ਅੱਜਕਲ੍ਹ ਸੰਦੀਪ ਕੁਮਾਰ ਆਪਣੇ ਕੋਚ ਨਵਲ ਸਿੰਘ ਜੋ ਕਿ ਖੁਦ ਦਰੋਣਾਚਾਰੀਆ ਪੁਰਸਕਾਰ ਵਿਜੇਤਾ ਹਨ, ਕੋਲੋਂ ਕੋਚਿੰਗ ਲੈ ਕੇ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੀ ਤਿਆਰੀ ਵਿਚ ਰੁੱਝਿਆ ਹੋਇਆ ਹੈ। ਸੰਦੀਪ ਆਖਦਾ ਹੈ ਕਿ ਉਹ ਹਮੇਸ਼ਾ ਰਿਣੀ ਹੈ ਆਪਣੇ ਕੋਚ ਨਵਲ ਸਿੰਘ ਦਾ, ਜਿਨ੍ਹਾਂ ਦੀ ਰਹਿਨੁਮਾਈ ਹੇਠ ਹੀ ਉਹ ਜੈਵਲਿਨ ਥਰੋਅ ਵਿਚ ਅੱਜ ਉੱਚ ਮੁਕਾਮ 'ਤੇ ਬੈਠਾ ਹੈ। ਸੰਦੀਪ ਨੇ ਕਿਹਾ ਕਿ ਸਰਕਾਰਾਂ ਖਾਸ ਕਰਕੇ ਪੈਰਾ ਖਿਡਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨ, ਕਿਉਂਕਿ ਪੈਰਾ ਖਿਡਾਰੀ ਅਪਾਹਜ ਹੋਣ ਦੇ ਬਾਵਜੂਦ ਵੀ ਦੇਸ਼ ਲਈ ਨਾਮਣਾ ਖੱਟ ਰਹੇ ਹਨ ਅਤੇ ਉਹ ਵੀ ਕਿਸੇ ਦੂਸਰੇ ਖਿਡਾਰੀਆਂ ਤੋਂ ਘੱਟ ਨਹੀਂ। ਮੇਰੀਆਂ ਸ਼ੁੱਭ ਇਛਾਵਾਂ ਸੰਦੀਪ ਦੇ ਨਾਲ ਹਨ ਕਿ ਉਹ ਦੇਸ਼ ਲਈ ਹੋਰ ਖੇਡ ਕੇ ਦੇਸ਼ ਦਾ ਨਾਂਅ ਚਮਕਾਵੇ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001. ਮੋਬਾ: 98551-14484

ਅਥਲੈਟਿਕਸ 'ਚ ਦੇਸ਼ ਲਈ ਨਵੀਂ ਉਮੀਦ-ਦਮਨੀਤ ਸਿੰਘ ਬਰਨਾਲਾ

ਸਾਹਿਤਕਾਰਾਂ ਤੇ ਸਿਆਸਤਦਾਨਾਂ ਦੇ ਸ਼ਹਿਰ ਬਰਨਾਲਾ ਦਾ ਨਾਂਅ ਖੇਡਾਂ ਦੇ ਖੇਤਰ 'ਚ ਚਮਕਾਉਣ ਲਈ ਹੈਮਰ ਥਰੋਅਰ (ਸੰਗਲੀ ਵਾਲਾ ਗੋਲਾ) ਦਮਨੀਤ ਸਿੰਘ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਹ ਕੌਮੀ 'ਤੇ ਕੌਮਾਂਤਰੀ ਪੱਧਰ ਦੇ ਜਿਨ੍ਹਾਂ ਮੁਕਾਬਲਿਆਂ 'ਚ ਹਿੱਸਾ ਲੈ ਚੁੱਕਾ ਹੈ, ਸਾਰਿਆਂ ਦੇ ਕੀਰਤੀਮਾਨ ਆਪਣੇ ਨਾਂਅ ਕਰਦਾ ਜਾ ਰਿਹਾ ਹੈ। ਡਾ: ਸੁਖਰਾਜ ਸਿੰਘ ਹੁਰਾਂ ਦੁਆਰਾ ਸੰਚਾਲਿਤ ਬਾਠ ਹੈਮਰ ਅਕੈਡਮੀ ਬਰਨਾਲਾ ਦਾ ਸਿਖਾਂਦਰੂ ਦਮਨੀਤ ਵਿਸ਼ਵ ਯੂਥ ਅਥਲੈਟਿਕਸ ਚੈਂਪੀਅਨਸ਼ਿਪ 'ਚ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਅਥਲੀਟ ਬਣਨ ਦਾ ਮਾਣ ਪ੍ਰਾਪਤ ਕਰ ਚੁੱਕਾ ਹੈ। ਇਹ ਉਸ ਦੇ ਖੇਡ ਜੀਵਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਪੰਜਾਬ ਪਾਵਰਕਾਮ ਦੇ ਮੁਲਾਜ਼ਮ ਸ੍ਰੀ ਬਲਦੇਵ ਸਿੰਘ (ਸਾਬਕਾ ਪੋਲ ਵਾਲਟਰ) ਤੇ ਸਕੂਲ ਅਧਿਆਪਕਾ ਗੁਰਸੇਵ ਕੌਰ ਦੇ ਘਰ 10 ਮਾਰਚ, 2000 ਨੂੰ ਜਨਮੇ ਦਮਨੀਤ ਸਿੰਘ ਨੇ ਸੱਤਵੀਂ ਜਮਾਤ 'ਚ ਪੜ੍ਹਦਿਆਂ ਡਾ: ਸੁਖਰਾਜ ਸਿੰਘ ਕੋਲੋਂ ਹੈਮਰ ਸੁੱਟਣ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਅਤੇ ਅੱਠਵੀਂ ਜਮਾਤ 'ਚ ਪੜ੍ਹਦਿਆਂ ਪੰਜਾਬ ਚੈਂਪੀਅਨ ਅੰਡਰ-14 ਬਣਨ ਦਾ ਮਾਣ ਪ੍ਰਾਪਤ ਕੀਤਾ। ਸਰਕਾਰੀ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਦੇ ਵਿਦਿਆਰਥੀ ਦਮਨੀਤ ਨੇ ਨੌਵੀਂ ਜਮਾਤ 'ਚ ਪੜ੍ਹਦਿਆ ਕੌਮੀ ਸਕੂਲ ਖੇਡਾਂ ਦੇ ਅੰਡਰ-17 ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਅਗਲੇ ਹੀ ਵਰ੍ਹੇ ਉਸ ਨੇ ਅੰਡਰ-17 ਵਰਗ ਦਾ ਕੌਮੀ ਸਕੂਲ ਖੇਡਾਂ ਕੀਰਤੀਮਾਨ (70.60 ਮੀਟਰ) ਆਪਣੇ ਨਾਂਅ ਕਰਦਿਆਂ ਸੋਨ ਤਗਮਾ ਜਿੱਤਿਆ। ਇਸ ਤੋਂ ਬਾਅਦ 11ਵੀਂ ਜਮਾਤ 'ਚ ਪੜ੍ਹਦਿਆਂ ਦਮਨੀਤ ਨੇ ਕੌਮੀ ਸਕੂਲ ਖੇਡਾਂ ਦੇ ਅੰਡਰ-19 ਵਰਗ 'ਚ 65.29 ਮੀਟਰ ਥਰੋਅ ਕਰਕੇ ਸੋਨ ਤਗਮਾ ਜਿੱਤਿਆ ਅਤੇ ਨਵਾਂ ਕੌਮੀ ਰਿਕਾਰਡ ਵੀ ਸਿਰਜਿਆ। ਸੰਨ 2016 'ਚ ਉਸ ਨੇ ਕੌਮੀ ਜੂਨੀਅਰ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ। ਇਸ ਸਾਲ ਦਮਨੀਤ ਨੇ ਕੌਮੀ ਯੂਥ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ ਅਤੇ 72 ਮੀਟਰ ਥਰੋਅ ਕਰਕੇ ਇਸ ਮੀਟ ਦਾ ਰਿਕਾਰਡ ਆਪਣੇ ਨਾਂਅ ਕੀਤਾ। ਇਸੇ ਵਰ੍ਹੇ ਉਸ ਨੇ ਏਸ਼ੀਆ ਯੂਥ ਚੈਂਪੀਅਨਸ਼ਿਪ ਬੈਂਕਾਕ 'ਚੋਂ 70.35 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ।
ਇਸ ਉਪਰੰਤ ਦਮਨੀਤ ਨੇ ਕੀਨੀਆ 'ਚ ਹੋਈ ਵਿਸ਼ਵ ਯੂਥ ਅਥਲੈਟਿਕਸ ਚੈਂਪੀਅਨਸ਼ਿਪ 'ਚੋਂ ਚਾਂਦੀ ਦਾ ਤਗਮਾ ਜਿੱਤਿਆ। ਇਸ ਚੈਂਪੀਅਨਸ਼ਿਪ 'ਚੋਂ ਤਗਮਾ ਜਿੱਤਣ ਵਾਲਾ ਦਮਨੀਤ ਪਹਿਲਾ ਭਾਰਤੀ ਅਥਲੀਟ ਬਣਿਆ। ਦਮਨੀਤ ਵਲੋਂ ਸਥਿਰਤਾ ਨਾਲ ਕੀਤੇ ਜਾ ਰਹੇ ਰਿਕਾਰਡ ਸਿਰਜਕ ਪ੍ਰਦਰਸ਼ਨ ਬਾਰੇ ਉਸ ਦੇ ਕੋਚ ਡਾ: ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਦਮਨੀਤ ਦੇਸ਼ ਦੇ ਸਾਰੇ ਕੀਰਤੀਮਾਨ ਆਪਣੇ ਨਾਂਅ ਕਰੇਗਾ ਅਤੇ ਉਹ ਵਿਸ਼ਵ ਪੱਧਰੀ ਖੇਡ ਉਤਸਵਾਂ 'ਚ ਦੇਸ਼ ਲਈ ਤਗਮੇ ਜਿੱਤਣ ਦੇ ਸਮਰੱਥ ਅਥਲੀਟ ਹੈ। ਉਸ ਨੂੰ ਮਿਆਰੀ ਖੁਰਾਕ ਅਤੇ ਅਭਿਆਸ ਸਮੱਗਰੀ ਲਈ ਵਧੀਆ ਆਰਥਿਕ ਮਦਦ ਦੀ ਸਖ਼ਤ ਜ਼ਰੂਰਤ ਹੈ। ਦਮਨੀਤ ਦਾ ਕਹਿਣਾ ਹੈ ਕਿ ਉਹ ਆਪਣੇ ਕੋਚ ਵਲੋਂ ਦਿੱਤੀ ਜਾ ਰਹੀ ਹਰੇਕ ਤਰ੍ਹਾਂ ਦੀ ਅਗਵਾਈ ਤੋਂ ਸੰਤੁਸ਼ਟ ਹੈ ਅਤੇ ਉਸ ਦਾ ਟੀਚਾ ਅਗਲੇ ਵਰ੍ਹੇ ਫਿਨਲੈਂਡ 'ਚ ਹੋਣ ਵਾਲੀ ਜੂਨੀਅਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤਣਾ ਹੈ, ਜਿਸ ਲਈ ਉਹ ਸਖ਼ਤ ਅਭਿਆਸ ਕਰ ਰਿਹਾ ਹੈ।


-ਪਟਿਆਲਾ। ਮੋਬਾ: 97795-90575


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX