ਤਾਜਾ ਖ਼ਬਰਾਂ


ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਅਮਿਤ ਸ਼ਾਹ ਨੇ ਕੀਤਾ ਡੋਕਲਾਮ ਦਾ ਜ਼ਿਕਰ
. . .  1 day ago
ਨਵੀਂ ਦਿੱਲੀ, 25 ਸਤੰਬਰ - ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੇ ਉਦਘਾਟਨੀ ਭਾਸ਼ਣ 'ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਡੋਕਲਾਮ ਘਟਨਾ ਦਾ ਜ਼ਿਕਰ...
ਭਾਰਤ ਨੇ ਸੰਯੁਕਤ ਰਾਸ਼ਟਰ 'ਚ ਪਾਕਿ ਦਾ ਝੂਠ ਕੀਤਾ ਬੇਪਰਦਾ
. . .  1 day ago
ਨਿਊਯਾਰਕ, 25 ਸਤੰਬਰ- ਭਾਰਤ ਨੇ ਪਾਕਿਸਤਾਨ ਦਾ ਝੂਠ ਸੰਯੁਕਤ ਰਾਸ਼ਟਰ 'ਚ ਬੇਪਰਦਾ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਜਿਸ ਜ਼ਖ਼ਮੀ ਲੜਕੀ ਨੂੰ ਕਸ਼ਮੀਰੀ ਦੱਸਿਆ ਸੀ ਉਹ ਲੜਕੀ ਅਸਲ 'ਚ ਫ਼ਲਸਤੀਨੀ ਹੈ। ਭਾਰਤ ਨੇ...
ਅੱਜ ਦੁਪਹਿਰ ਮੇਰੇ ਦਫ਼ਤਰ ਆਈ ਸੀ ਹਨੀਪ੍ਰੀਤ- ਵਕੀਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਦਿੱਲੀ ਹਾਈ ਕੋਰਟ 'ਚ ਹਨੀਪ੍ਰੀਤ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਫਾਈਲ ਕਰਨ ਵਾਲੇ ਵਕੀਲ ਪ੍ਰਦੀਪ ਆਰਿਆ ਨੇ ਖ਼ੁਲਾਸਾ ਕੀਤਾ ਹੈ ਕਿ ਅੱਜ ਦੁਪਹਿਰ ਹਨੀਪ੍ਰੀਤ ਉਨ੍ਹਾਂ ਦੇ ਲਾਜਪਤ ਨਗਰ...
ਸਟੋਵ ਫਟਣ ਕਾਰਨ 4 ਬੱਚਿਆਂ ਦੀ ਮੌਤ
. . .  1 day ago
ਬੈਂਗਲੁਰੂ, 25 ਸਤੰਬਰ- ਕਰਨਾਟਕ ਦੇ ਚਿਨਚੌਲੀ 'ਚ ਇੱਕ ਦੁਕਾਨ 'ਤੇ ਸਟੋਵ ਫਟਣ ਕਾਰਨ 3-4 ਸਾਲ ਦੀ ਉਮਰ ਦੇ 4 ਬੱਚਿਆਂ...
ਦੋ ਤੋਂ ਵੱਧ ਬੱਚਿਆਂ ਵਾਲ਼ੇ ਸਿਖਾਂਦਰੂ ਜੱਜ ਬਰਖ਼ਾਸਤ
. . .  1 day ago
ਭੋਪਾਲ, 25 ਸਤੰਬਰ - ਮੱਧ ਪ੍ਰਦੇਸ਼ ਹਾਈਕੋਰਟ ਨੇ ਇਕ ਇਤਿਹਾਸਿਕ ਫ਼ੈਸਲੇ ਤਹਿਤ ਦੋ ਅਜਿਹੇ ਸਿਖਲਾਈ ਅਧੀਨ ਜੱਜਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ ਜਿਨ੍ਹਾਂ ਦੇ ਦੋ ਤੋਂ ਵੱਧ ਬੱਚੇ ਹਨ । ਗਵਾਲੀਅਰ ਤੇ ਜੱਬਲਪੁਰ ਵਿਖੇ ਤਾਇਨਾਤ ਮਨੋਜ ਕੁਮਾਰ ਅਤੇ...
ਉੱਤਰੀ ਕੋਰੀਆ ਨੇ ਅਮਰੀਕੀ ਬੰਬਰਾਂ ਨੂੰ ਸ਼ੂਟ ਕਰਨ ਦੀ ਦਿੱਤੀ ਧਮਕੀ
. . .  1 day ago
ਨਵੀਂ ਦਿੱਲੀ, 25 ਸਤੰਬਰ- ਉੱਤਰੀ ਕੋਰੀਆ ਨੇ ਧਮਕੀ ਦਿੱਤੀ ਕਿ ਅਮਰੀਕੀ ਬੰਬਰਾਂ ਨੂੰ ਸ਼ੂਟ ਕੀਤਾ ਜਾਵੇਗਾ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਟਰੰਪ ਨੇ ਆਪਣੇ ਦੇਸ਼ 'ਤੇ ਜੰਗ ਦਾ...
ਫਿਰ ਕੀਤੀ ਜਾ ਸਕਦੀ ਹੈ ਸਰਜੀਕਲ ਸਟ੍ਰਾਈਕ - ਫ਼ੌਜ ਮੁਖੀ
. . .  1 day ago
ਨਵੀਂ ਦਿੱਲੀ, 25 ਸਤੰਬਰ- ਫ਼ੌਜ ਮੁਖੀ ਬਿਪਨ ਰਾਵਤ ਨੇ ਦਿੱਲੀ ਵਿਖੇ ਇੱਕ ਪ੍ਰੋਗਰਾਮ 'ਚ ਬੋਲਦਿਆਂ ਕਿਹਾ ਕਿ ਸਰਜੀਕਲ ਸਟ੍ਰਾਈਕ ਸਖ਼ਤ ਸੁਨੇਹਾ ਦੇਣ ਲਈ ਕੀਤੀ ਗਈ ਸੀ ਤੇ ਜੇ ਲੋੜ ਪਈ ਤਾਂ ਫਿਰ ਸਰਜੀਕਲ ਸਟ੍ਰਾਈਕ ਕੀਤੀ ਜਾ ਸਕਦੀ ਹੈ। ਸ੍ਰੀ ਰਾਵਤ ਨੇ...
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਹਨੀਪ੍ਰੀਤ ਵੱਲੋਂ ਦਿੱਲੀ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਲਈ ਅਰਜ਼ੀ
. . .  1 day ago
ਪ੍ਰਧਾਨ ਮੰਤਰੀ ਵੱਲੋਂ 'ਸੁਭਾਗੇ ਯੋਜਨਾ' ਦੀ ਸ਼ੁਰੂਆਤ
. . .  1 day ago
ਹੋਰ ਖ਼ਬਰਾਂ..
  •     Confirm Target Language  

ਨਾਰੀ ਸੰਸਾਰ

ਪਰਿਵਾਰਕ ਮਾਹੌਲ ਸੁਖਦਾਈ ਬਣਾਉਣਾ ਵੀ ਕਲਾ ਹੈ

ਪਰਿਵਾਰ ਚਾਹੇ ਵੱਡਾ ਹੋਵੇ ਤੇ ਚਾਹੇ ਛੋਟਾ ਪਰ ਹਰ ਇਕ ਪਰਿਵਾਰ ਵਿਚ ਬੱਚੇ, ਬੁੱਢੇ, ਨੌਜਵਾਨ, ਔਰਤਾਂ ਤੇ ਗੱਲ ਕੀ ਹਰ ਉਮਰ ਵਰਗ ਦੇ ਹੀ ਵਿਅਕਤੀ ਹੁੰਦੇ ਹਨ। ਹਰ ਇਕ ਮੈਂਬਰ ਇਕ-ਦੂਜੇ ਨਾਲ ਜ਼ਿੰਮੇਵਾਰੀ, ਫਰਜ਼, ਰਿਸ਼ਤੇ ਤੇ ਭਾਵਨਾਵਾਂ ਪੱਖੋਂ ਜੁੜਿਆ ਹੁੰਦਾ ਹੈ ਅਤੇ ਇਕ-ਦੂਜੇ ਨੂੰ ਪ੍ਰਭਾਵਿਤ ਕਰਦਾ ਹੈ। ਪਰਿਵਾਰ ਵਿਚ ਹਰ ਤਰ੍ਹਾਂ ਦੇ ਸੁਭਾਅ ਅਤੇ ਆਦਤਾਂ ਵਾਲੇ ਵਿਅਕਤੀ ਹੁੰਦੇ ਹਨ। ਪਰਿਵਾਰ ਵਿਚ ਸਭ ਤੋਂ ਪਹਿਲਾਂ ਤਾਂ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਜਾਂ ਅਹਿਸਾਸ ਕਰਾਇਆ ਜਾਣਾ ਜ਼ਰੂਰੀ ਹੈ ਕਿ ਹਰ ਇਕ ਵਿਅਕਤੀ ਆਪਣੇ-ਆਪ ਵਿਚ ਮਹਾਨ ਹੁੰਦਾ ਹੈ। ਜੇ ਉਹ ਆਪਣੀਆਂ ਕਮੀਆਂ-ਕਮਜ਼ੋਰੀਆਂ ਨੂੰ ਸਮਝਣ ਤੇ ਸਮਝ ਕੇ ਸੁਧਾਰਨ ਦਾ ਲਗਾਤਾਰ ਯਤਨ ਕਰਦਾ ਰਹੇ ਅਤੇ ਆਪਣੀ ਸੋਚ ਵਿਚ ਥੋੜ੍ਹਾ ਮੋਕਲਾਪਣ ਤੇ ਲਚਕੀਲਾਪਣ ਲਿਆਉਣ ਦੀ ਕੋਸ਼ਿਸ਼ ਕਰਦਾ ਰਹੇ। ਅਜਿਹਾ ਕਰਨ ਨਾਲ ਹੀਣ ਭਾਵਨਾ ਦੇ ਸ਼ਿਕਾਰ ਪਰਿਵਾਰ ਦੇ ਮੈਂਬਰਾਂ ਵਿਚ ਨਵੀਂ ਕਿਸਮ ਦੀ ਰੂਹ ਫੂਕੀ ਜਾ ਸਕਦੀ ਹੈ।
ਅਗਲੀ ਗੱਲ ਵਿਹਲੇ ਸਮੇਂ ਦਾ ਜ਼ਿਆਦਾ ਹੋਣਾ ਤੇ ਰੁਝੇਵਾਂ ਘੱਟ ਹੋਣਾ ਵੀ ਸਾਨੂੰ ਗ਼ਲਤ ਪਾਸੇ ਵੱਲ ਤੋਰ ਲੈਂਦਾ ਹੈ, ਜਿਸ ਨਾਲ ਅੱਗੇ ਜਾ ਕੇ ਇਹ ਸਾਰੇ ਪਰਿਵਾਰ ਨੂੰ ਹੀ ਪ੍ਰਭਾਵਿਤ ਕਰਦਾ ਹੈ। ਪਰਿਵਾਰ ਦੇ ਮੈਂਬਰਾਂ ਦੀ ਆਪਸੀ ਸੂਝ-ਬੂਝ ਦੀ ਘਾਟ ਕਾਰਨ ਵੀ ਪਰਿਵਾਰਕ ਮਾਹੌਲ ਸ਼ੱਕੀ ਤੇ ਕੁੜੱਤਣ ਭਰਿਆ ਬਣਿਆ ਰਹਿੰਦਾ ਹੈ।
ਔਲਾਦ ਨਾ ਹੋਣ ਕਾਰਨ ਕਈ ਵਾਰ ਔਰਤਾਂ ਦਾ ਸੁਭਾਅ ਚਿੜਚਿੜਾ ਜਾਂ ਕੁਸੈਲਾ ਬਣ ਜਾਂਦਾ ਹੈ, ਜਿਸ ਨਾਲ ਹੀਣ ਭਾਵਨਾ ਹੇਠ ਆਈਆਂ ਇਹ ਔਰਤਾਂ ਕਿਸੇ ਨਾ ਕਿਸੇ ਗੱਲ ਦਾ ਬਹਾਨਾ ਬਣਾ ਕੇ ਦੂਜਿਆਂ ਨਾਲ ਈਰਖਾ ਕਰਨ ਲੱਗ ਜਾਂਦੀਆਂ ਹਨ ਤੇ ਜਿਥੇ ਇਹ ਉਲਟਾ ਆਪਣਾ ਹੀ ਅਕਸ ਖਰਾਬ ਕਰ ਲੈਂਦੀਆਂ ਹਨ, ਉਥੇ ਪਰਿਵਾਰਕ ਖੁਸ਼ੀ ਤੋਂ ਵੀ ਸੱਖਣੀਆਂ ਰਹਿ ਜਾਂਦੀਆਂ ਹਨ ਅਤੇ ਪਰਿਵਾਰਕ ਕੁੜੱਤਣ ਵਧਾਉਣ ਵਿਚ ਹਿੱਸਾ ਪਾਉਂਦੀਆਂ ਹਨ। ਇਸੇ ਤਰ੍ਹਾਂ ਔਰਤਾਂ ਬੱਚਿਆਂ ਖਾਤਰ ਲੜੀ ਜਾਣ ਕਰਕੇ, ਦੂਜਿਆਂ ਦੇ ਵੱਧ-ਘੱਟ ਚੀਜ਼ਾਂ ਲਿਆਉਣ ਕਰਕੇ, ਇਕ-ਦੂਜੀ ਦੇ ਸੁਹੱਪਣ ਨੂੰ ਦੇਖ ਕੇ ਹੀ ਆਪਣੇ ਹੀ ਆਪ ਨਾਲ ਅੰਦਰੇ-ਅੰਦਰ ਮਾਨਸਿਕ ਘੋਲ ਲੜਦੀਆਂ ਰਹਿੰਦੀਆਂ ਹਨ ਜਾਂ ਇਕ-ਦੂਜੀ ਨੂੰ ਈਰਖਾ ਕਰਨ ਲੱਗ ਜਾਂਦੀਆਂ ਹਨ। ਕਈ ਵਾਰ ਇਉਂ ਵੀ ਹੁੰਦਾ ਹੈ ਕਿ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਮਨ ਵਿਚ ਦਬਾਈ ਰੱਖਣ ਨਾਲ ਅਤੇ ਫਿਰ ਕਿਸੇ ਵੇਲੇ ਇਕਦਮ ਭੜਕ ਜਾਣ ਨਾਲ ਵੀ ਔਰਤਾਂ ਦੀ ਇਸ ਹੀਣ ਭਾਵਨਾ ਜਾਂ ਕਮਜ਼ੋਰੀ ਨਾਲ ਹੱਸਦੇ-ਵਸਦੇ ਪਰਿਵਾਰਕ ਮੈਂਬਰਾਂ ਵਿਚ ਫਰਕ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਇਕ ਦਿਨ ਪਰਿਵਾਰ ਦੇ ਟੁੱਟਣ ਤੱਕ ਦੀ ਨੌਬਤ ਆ ਜਾਂਦੀ ਹੈ।
ਪਰਿਵਾਰ ਵਿਚ ਜ਼ਿੰਮੇਵਾਰੀ ਵਾਲੀ ਗੱਲ ਬਾਰੇ ਥੋੜ੍ਹਾ ਹੋਰ ਕਿਹਾ ਜਾ ਸਕਦਾ ਹੈ ਕਿ ਹਰ ਇਕ ਮੈਂਬਰ ਨੂੰ ਉਸ ਦੀ ਸਮਰੱਥਾ ਤੇ ਕੱਦ ਦੇ ਹਿਸਾਬ ਨਾਲ ਕੰਮ ਦੀਆਂ ਡਿਊਟੀਆਂ ਦੀ ਵੰਡ ਕੀਤੀ ਜਾਵੇ ਤਾਂ ਕਿ ਜਿਥੇ ਹਰ ਇਕ ਨੂੰ ਆਪਣੇ ਢੰਗ ਨਾਲ ਕੰਮ ਕਰਨ ਦਾ ਮੌਕਾ ਤੇ ਤਜਰਬਾ ਮਿਲਦਾ ਹੈ, ਉਥੇ ਸਾਰੇ ਪਰਿਵਾਰ ਦਾ ਬੋਝ ਇਕ ਉੱਤੇ ਨਾ ਆ ਕੇ ਵੰਡਿਆ ਜਾ ਸਕਦਾ ਹੈ ਅਤੇ ਅਜਿਹਾ ਕਰਨ ਨਾਲ ਹਰੇਕ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣ ਲਗਦਾ ਹੈ। ਇਹ ਮੌਕੇ ਦੀ ਸੂਝ-ਬੂਝ 'ਤੇ ਨਿਰਭਰ ਕਰਦਾ ਹੈ। ਇਕ ਗੱਲ ਹੋਰ ਕਿ ਜੇ ਹੋ ਸਕੇ ਤਾਂ ਰੋਜ਼ਾਨਾ ਨਹੀਂ ਤਾਂ ਹਫਤੇ ਵਿਚ ਇਕ-ਦੋ ਵਾਰ ਸ਼ਾਮ ਨੂੰ ਖਾਣਾ ਖਾਣ ਪਿੱਛੋਂ ਜਾਂ ਜਦੋਂ ਵੀ ਵਿਹਲ ਮਿਲੇ, ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕੱਠੇ ਬੈਠ ਕੇ ਮਜ਼ਾਹੀਆ ਰੰਗਤ ਵਿਚ ਰੰਗੀਆਂ ਘਰੇਲੂ ਗੱਲਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਇਸ ਨਾਲ ਜਿਥੇ ਸਾਰੇ ਆਪਣਾ ਦੁੱਖ-ਸੁੱਖ ਸਾਂਝਾ ਕਰ ਸਕਦੇ ਹਨ, ਉਥੇ ਉਨ੍ਹਾਂ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦੀ ਕਿਸੇ ਪ੍ਰਤੀ ਇਕੱਠੀ ਹੋਈ ਭੜਾਸ ਕੱਢਣ ਜਾਂ ਨਿਕਲਣ ਲਈ ਇਸ ਤਰ੍ਹਾਂ ਦੀਆਂ ਬੈਠਕਾਂ ਚਿਮਨੀ ਦਾ ਕੰਮ ਕਰਦੀਆਂ ਹਨ। ਜੇ ਕਿਧਰੇ ਕੋਈ ਇਕ-ਦੂਜੇ ਪ੍ਰਤੀ ਸ਼ੱਕ-ਸ਼ਿਕਾਇਤ ਹੋਵੇ ਤਾਂ ਉਹ ਵੀ ਦੂਰ ਹੋ ਜਾਂਦੀ ਹੈ ਅਤੇ ਨਾਲ ਦੀ ਨਾਲ ਆਪਸ ਵਿਚ ਅਜਿਹਾ ਕਰਨ ਨਾਲ ਅਪਣੱਤ ਤੇ ਪਿਆਰ ਵੀ ਵਧਦਾ ਹੈ।
ਘਰ ਹੀ ਇਕ ਅਜਿਹੀ ਜਗ੍ਹਾ ਹੁੰਦੀ ਹੈ ਜਿਥੇ ਆਦਮੀ ਹਰ ਤਰ੍ਹਾਂ ਦੀ ਖੁਸ਼ੀ, ਅਨੰਦ ਤੇ ਆਜ਼ਾਦੀ ਮਾਣ ਸਕਦਾ ਹੈ। ਜੇ ਘਰ ਵਿਚ ਸਭ ਕੁਝ ਹੁੰਦਿਆਂ ਹੋਇਆਂ ਵੀ ਮਾਨਸਿਕ ਸਕੂਨ ਤੇ ਆਨੰਦ ਨਾ ਮਿਲੇ ਤੇ ਇਹੀ ਘਰ ਵੱਢ ਖਾਣ ਨੂੰ ਆਉਂਦਾ ਜਾਪਣ ਲੱਗ ਜਾਂਦਾ ਹੈ। ਘਰ ਵਿਚ ਥੋੜ੍ਹੀ-ਬਹੁਤੀ ਕਦੇ-ਕਦਾਈਂ ਤੂੰ-ਤੂੰ, ਮੈਂ-ਮੈਂ ਹੋ ਜਾਣੀ ਜਾਂ ਕੋਈ ਕਿਸੇ ਮੈਂਬਰ ਵੱਲੋਂ ਗ਼ਲਤੀ ਜਾਂ ਇਕ-ਦੂਜੇ ਨਾਲ ਸ਼ਿਕਵਾ-ਸ਼ਿਕਾਇਤ ਕੁਝ ਸਮੇਂ ਲਈ ਹੋ ਜਾਣਾ ਇਕ ਆਮ ਗੱਲ ਹੈ ਤੇ ਇਹ ਮਨੁੱਖੀ ਸੁਭਾਅ ਦਾ ਇਕ ਹਿੱਸਾ ਹੈ, ਕਿਉਂਕਿ ਆਦਮੀ ਗ਼ਲਤੀ ਦਾ ਪੁਤਲਾ ਹੈ। ਇਹ ਅਸੀਂ ਸਾਰੇ ਜਾਣਦੇ ਹਾਂ, ਪਰ ਆਦਮੀ ਨੂੰ 'ਗ਼ਲਤੀਆਂ ਦਾ ਗੁਥਲਾ' ਨਹੀਂ ਬਣਨਾ ਚਾਹੀਦਾ, ਜਿਸ ਨਾਲ ਕਿ ਸਾਰੇ ਪਰਿਵਾਰ ਦੀ ਬਦਨਾਮੀ ਤੇ ਪਰਿਵਾਰ ਵਿਚ ਲੜਾਈ-ਝਗੜੇ ਵਾਲਾ ਹੀ ਮਾਹੌਲ ਬਣਿਆ ਰਹੇ।
ਅੰਤ ਵਿਚ ਫਿਰ ਅਸੀਂ ਇਹੀ ਗੱਲ ਕਰਨੀ ਚਾਹਾਂਗੇ ਕਿ ਘਰ ਦੇ ਮਾਹੌਲ ਨੂੰ ਅਨੰਦਮਈ ਬਣਾਉਣ ਲਈ ਉਪਰੋਕਤ ਗੱਲਾਂ ਕਿਸੇ ਇਕ ਮੈਂਬਰ ਦੇ ਸਮਝਣ, ਕਹਿਣ ਜਾਂ ਕਰਨ ਨਾਲ ਹੀ ਸੰਭਵ ਨਹੀਂ ਹੁੰਦੀਆਂ, ਸਗੋਂ ਸਾਰਿਆਂ ਦੇ ਮਿਲ ਬੈਠ ਕੇ, ਇਕ-ਦੂਜੇ ਨੂੰ ਸਮਝ ਕੇ, ਆਪਣੀਆਂ ਜ਼ਿੰਮੇਵਾਰੀਆਂ ਤੇ ਫਰਜ਼ਾਂ ਦਾ ਅਹਿਸਾਸ ਕਰਕੇ, ਸਾਰੇ ਮੈਂਬਰਾਂ ਦੀਆਂ ਲੋੜਾਂ ਤੇ ਸਹੂਲਤਾਂ ਦਾ ਧਿਆਨ ਰੱਖ ਕੇ ਅਤੇ ਆਪਸੀ ਅਪਣੱਤ ਤੇ ਵਿਸ਼ਵਾਸ ਨਾਲ ਹੀ ਪਰਿਵਾਰਕ ਮਾਹੌਲ ਨੂੰ ਸੁਖਦਾਈ ਤੇ ਸੁਆਦਲਾ ਬਣਾਇਆ ਜਾ ਸਕਦਾ ਹੈ, ਨਹੀਂ ਤਾਂ ਇਸ ਜ਼ਿੰਦਗੀ ਨੇ ਆਪਣੀ ਤੋਰੇ ਤੁਰਦੇ ਜਾਣਾ ਹੈ ਅਤੇ ਜ਼ਿੰਦਗੀ ਦੀ ਇਸ ਤੋਰ ਨੂੰ ਮਨਮੋਹਣੀ ਤੇ ਸੋਹਣੀ ਬਣਾਉਣਾ ਅਤੇ ਇਸ ਨੂੰ ਆਪਣੇ ਹੱਕ ਵਿਚ ਭੁਗਤਾਉਣਾ ਕਿਵੇਂ ਹੈ, ਇਹ ਸਾਡੀ ਆਪਣੀ ਅਕਲ 'ਤੇ ਨਿਰਭਰ ਕਰਦਾ ਹੈ।


-ਲੈਕਚਰਾਰ, ਸ: ਸੀ: ਸੈ: ਸਕੂਲ (ਲੜਕੇ), ਧਨੌਲਾ (ਬਰਨਾਲਾ)।
ਮੋਬਾ: 94780-67250


ਖ਼ਬਰ ਸ਼ੇਅਰ ਕਰੋ

ਪੜ੍ਹਾਈ ਦੇ ਮਾਮਲੇ 'ਚ ਸੌ ਫ਼ੀਸਦੀ ਤੁਹਾਡੇ 'ਤੇ ਨਿਰਭਰ ਤਾਂ ਨਹੀਂ ਹੋ ਰਿਹਾ ਤੁਹਾਡਾ ਬੱਚਾ

ਆਧੁਨਿਕ ਸਮੇਂ ਦੌਰਾਨ ਹਰੇਕ ਮਾਂ-ਬਾਪ ਦੀ ਇੱਛਾ ਹੈ ਕਿ ਉਨ੍ਹਾਂ ਦਾ ਬੱਚਾ ਚੰਗੀ ਪੜ੍ਹਾਈ-ਲਿਖਾਈ ਕਰਕੇ ਜੀਵਨ 'ਚ ਸਫਲ ਹੋਵੇ। ਇਹੋ ਕਾਰਨ ਹੈ ਕਿ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਸਵੇਰ ਦੇ ਸਮੇਂ ਹੀ ਮਾਪੇ ਸਕੂਲ ਲੈ ਕੇ ਜਾਂਦੇ ਹਨ ਤੇ ਫਿਰ ਛੁੱਟੀ ਦੇ ਬਾਅਦ ਘਰ ਲਿਆ ਕੇ ਬੱਚਿਆਂ ਨੂੰ ਪੜ੍ਹਾਉਣ ਲਈ ਪੂਰੀ ਵਾਹ ਲਗਾ ਦਿੰਦੇ ਹਨ। ਇਸ ਦੇ ਚਲਦਿਆਂ ਮਾਪਿਆਂ ਵੱਲੋਂ ਨੰਨੇ-ਮੁੰਨੇ ਬੱਚਿਆਂ ਉਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਜਾਂਦੀਆਂ ਹਨ। ਖ਼ਾਸ ਕਰਕੇ ਘਰੇਲੂ ਔਰਤਾਂ ਵੱਲੋਂ ਬੱਚਿਆਂ ਨੂੰ ਆਪ ਪੜ੍ਹਾਉਣ ਲਈ ਜ਼ਿਆਦਾ ਸਮਾਂ ਦਿੱਤਾ ਜਾਂਦਾ ਹੈ।
ਬੱਚਾ ਓਨੀ ਦੇਰ ਤੱਕ ਪੜ੍ਹਾਈ ਲਈ ਬੈਠੇਗਾ ਹੀ ਨਹੀਂ, ਜਿੰਨੀ ਦੇਰ ਤੱਕ ਮਾਪੇ ਖ਼ੁਦ ਉਸ ਨੂੰ ਪੜ੍ਹਾਉਣ ਲਈ ਆਪ ਸਮਾਂ ਕੱਢ ਕੇ ਨਹੀਂ ਬੈਠਣਗੇ। ਉਸ ਦੀ ਇਹ ਆਦਤ ਮਾਪਿਆਂ ਲਈ ਹੌਲੀ-ਹੌਲੀ ਵੱਡੀ ਪ੍ਰੇਸ਼ਾਨੀ ਬਣ ਜਾਵੇਗੀ। ਅਜਿਹਾ ਹੋਣ ਨਾਲ ਬੱਚਾ ਪੜ੍ਹਾਈ ਵਿਚ ਹੁਸ਼ਿਆਰ ਹੋਣ ਦੀ ਬਜਾਏ ਪੜ੍ਹਾਈ ਤੋਂ ਭੱਜਣ ਲੱਗੇਗਾ। ਉਸ ਨੂੰ ਆਦਤ ਹੋ ਜਾਵੇਗੀ ਕਿ ਜਦੋਂ ਤੱਕ ਮਾਂ ਉਸ ਦੇ ਨਾਲ ਨਹੀਂ ਬੈਠੇਗੀ, ਉਹ ਪੜ੍ਹੇਗਾ ਹੀ ਨਹੀਂ, ਜਿਸ ਕਾਰਨ ਘਰ ਦਾ ਕੰਮ-ਕਾਜ ਵੀ ਪ੍ਰਭਾਵਿਤ ਹੋਵੇਗਾ। ਜਿਉਂ-ਜਿਉਂ ਬੱਚਾ ਵੱਡਾ ਹੋਵੇਗਾ, ਉਸ ਉੱਪਰ ਪੜ੍ਹਾਈ ਦਾ ਬੋਝ ਵਧੇਗਾ ਅਤੇ ਮਾਂ ਦੀ ਪ੍ਰੇਸ਼ਾਨੀ ਵੀ ਹੋਰ ਵਧੇਗੀ। ਇਸ ਲਈ ਜ਼ਰੂਰੀ ਹੈ ਕਿ ਬੱਚੇ ਪੜ੍ਹਾਉਣ ਲਈ ਇਕ ਯੋਜਨਾਬੰਦੀ ਕੀਤੀ ਜਾਵੇ। ਉਸ ਨੂੰ ਪੜ੍ਹਾਉਣ ਸਮੇਂ ਪੜ੍ਹਾਏ ਗਏ ਵਿਸ਼ੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ, ਪਰ ਵਿਸ਼ੇ ਨਾਲ ਸਬੰਧਤ ਸਵਾਲ-ਜਵਾਬ ਆਦਿ ਯਾਦ ਕਰਨ ਵਾਸਤੇ ਉਸ ਨੂੰ ਖ਼ੁਦ ਬੈਠਣ ਲਈ ਕਿਹਾ ਜਾਵੇ। ਹੌਲੀ-ਹੌਲੀ ਬੱਚੇ ਨੂੰ ਆਦਤ ਪਾਈ ਜਾਵੇ ਕਿ ਉਹ ਖ਼ੁਦ ਹੀ ਬੈਠ ਕੇ ਪੜ੍ਹਾਈ ਕਰੇ, ਪਰ ਜੇਕਰ ਕੋਈ ਗੱਲ ਉਸ ਦੀ ਸਮਝ 'ਚ ਨਹੀਂ ਆਉਂਦੀ ਤਾਂ ਉਹ ਹੀ ਮਾਂ-ਬਾਪ ਕੋਲੋਂ ਪੁੱਛੀ ਜਾਵੇ। ਅਜਿਹਾ ਹੋਣ ਨਾਲ ਬੱਚੇ ਅੰਦਰ ਆਪਣੇ-ਆਪ ਪੜ੍ਹਨ ਦੀ ਰੁਚੀ ਪੈਦਾ ਹੋ ਜਾਵੇਗੀ, ਜੋ ਕਿ ਅਗਾਂਹ ਉਸ ਲਈ ਅਤੇ ਮਾਪਿਆਂ ਲਈ ਵੀ ਲਾਭਦਾਇਕ ਹੋਵੇਗੀ।


-ਵਰਸੋਲਾ (ਗੁਰਦਾਸਪੁਰ)। ਮੋਬਾ: 84379-25062

...ਤਾਂ ਕਿ ਪਾਰਟੀ ਹੋਵੇ ਸ਼ਾਨਦਾਰ

* ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਇਕ ਸੂਚੀ ਬਣਾ ਲਓ ਅਤੇ ਉਨ੍ਹਾਂ ਨੂੰ ਇਕ ਹਫ਼ਤਾ ਪਹਿਲਾਂ ਹੀ ਸੱਦਾ ਦੇ ਦਿਓ ਤਾਂ ਕਿ ਤੁਹਾਡੀ ਪਾਰਟੀ ਵਿਚ ਸ਼ਰੀਕ ਹੋਣ ਲਈ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
* ਆਉਣ ਵਾਲੇ ਮਹਿਮਾਨਾਂ ਦੀ ਗਿਣਤੀ ਜੇ ਜ਼ਿਆਦਾ ਹੋਵੇ ਤਾਂ ਘਰ ਦੀ ਬਜਾਏ ਬਾਹਰ ਲਾਅਨ ਵਿਚ ਪਾਰਟੀ ਦਾ ਆਯੋਜਨ ਕਰੋ, ਜਿਸ ਨਾਲ ਸਾਰੇ ਮਹਿਮਾਨਾਂ ਦਾ ਸਹੀ ਖਿਆਲ ਰੱਖਿਆ ਜਾ ਸਕੇ।
* ਪਾਰਟੀ ਨਾਲ ਸਬੰਧਤ ਖ਼ਰੀਦਦਾਰੀ ਕਰੀਬ ਦੋ ਦਿਨ ਪਹਿਲਾਂ ਹੀ ਕਰ ਲਓ ਤਾਂ ਕਿ ਇਸ ਵਿਚ ਵਰਤੋਂ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਸਮੇਂ ਸਿਰ ਕੀਤਾ ਜਾ ਸਕੇ। ਆਖਰੀ ਪਲਾਂ ਵਿਚ ਭੱਜ-ਦੌੜ ਕਰਨਾ ਠੀਕ ਨਹੀਂ।
* ਪਾਰਟੀ ਲਈ ਅਜਿਹੀ ਪੋਸ਼ਾਕ ਦੀ ਚੋਣ ਕਰੋ, ਜੋ ਆਕਰਸ਼ਿਕ ਤਾਂ ਹੋਵੇ ਹੀ, ਨਾਲ ਹੀ ਆਰਾਮਦਾਇਕ ਵੀ। ਜ਼ਿਆਦਾ ਤੰਗ ਜਾਂ ਕੱਟੇ-ਛਾਂਟੇ ਕੱਪੜਿਆਂ ਵਿਚ ਤੁਸੀਂ ਮੁਸ਼ਕਿਲ ਮਹਿਸੂਸ ਕਰ ਸਕਦੇ ਹੋ।
* ਤੁਹਾਡੇ ਘਰ ਦੀ ਸਾਜ-ਸਜਾਵਟ ਅਜਿਹੀ ਹੋਵੇ, ਜੋ ਮਹਿਮਾਨਾਂ ਦਾ ਮਨ ਮੋਹ ਲਵੇ।
* ਪਾਰਟੀ ਵਿਚ ਜ਼ਿਆਦਾ ਆਕਰਸ਼ਣ ਦਾ ਕੇਂਦਰ ਤੁਹਾਡਾ ਡਾਇਨਿੰਗ ਟੇਬਲ ਹੁੰਦਾ ਹੈ। ਇਸ ਲਈ ਇਸ ਦੀ ਸਜਾਵਟ 'ਤੇ ਵਿਸ਼ੇਸ਼ ਧਿਆਨ ਦਿਓ। ਨੈਪਕਿਨ, ਸਾਲਟ ਕੰਟੇਨਰ, ਆਈਸ ਬਾਕਸ, ਸਟ੍ਰਾ ਆਦਿ ਨੂੰ ਸਹੀ ਅਤੇ ਵਿਵਸਥਿਤ ਢੰਗ ਨਾਲ ਰੱਖੋ।
* ਮਹਿਮਾਨਾਂ ਦੇ ਆਉਣ 'ਤੇ ਉਨ੍ਹਾਂ ਦਾ ਸਵਾਗਤ ਪੂਰੇ ਜੋਸ਼ੋ-ਖਰੋਸ਼ ਨਾਲ ਕਰੋ। ਕਿਸੇ ਖਾਸ ਜਾਂ ਕਰੀਬੀ ਮਿੱਤਰ ਦੇ ਨਾਲ ਜ਼ਿਆਦਾ ਘੁਲ-ਮਿਲ ਕੇ ਦੂਜਿਆਂ ਦੀ ਤੁਲਨਾ ਕਰਨਾ ਲਾਜ਼ਮੀ ਨਹੀਂ।
* ਪਾਰਟੀ ਨੂੰ ਮਜ਼ੇਦਾਰ ਬਣਾਉਣ ਲਈ ਕੁਝ ਅਡਵੈਂਚਰਸ ਅਤੇ ਮਨੋਰੰਜਕ ਗੇਮ ਦਾ ਆਯੋਜਨ ਕਰੋ ਜੋ ਮਹਿਮਾਨਾਂ ਨੂੰ ਰੋਮਾਂਚਿਤ ਕਰ ਦੇਵੇ।
* ਆਧੁਨਿਕ ਸੰਗੀਤ ਦੀਆਂ ਤਰੰਗਾਂ 'ਤੇ ਥਿਰਕਣਾ ਅੱਜ ਹਰ ਪਾਰਟੀ ਦੀ ਲੋੜ ਬਣ ਗਈ ਹੈ। ਇਸ ਲਈ ਮਿਊਜ਼ਿਕ ਦੀ ਵਿਵਸਥਾ ਪਹਿਲਾਂ ਤੋਂ ਹੀ ਰੱਖੋ।
* ਪਾਰਟੀ ਵਿਚ ਪੇਸ਼ ਕੀਤੇ ਜਾਣ ਵਾਲੇ ਪਕਵਾਨ ਲਜ਼ੀਜ ਅਤੇ ਤਰ੍ਹਾਂ-ਤਰ੍ਹਾਂ ਦੇ ਹੋਣੇ ਚਾਹੀਦੇ ਹਨ ਜਿਵੇਂ ਮਿੱਠੇ, ਸਪਾਈਸੀ, ਚਟਪਟੇ ਆਦਿ, ਜਿਨ੍ਹਾਂ ਦਾ ਲੁਤਫ਼ ਹਰ ਕੋਈ ਉਠਾ ਸਕੇ।
* ਪਾਰਟੀ ਨੂੰ ਸਮਾਪਤ ਕਰਨ ਦਾ ਸਮਾਂ ਲਗਪਗ ਨਿਸਚਤ ਰੱਖੋ। ਇਸ ਨੂੰ ਦੇਰ ਰਾਤ ਤੱਕ ਖਿੱਚਣ ਤੋਂ ਬਚੋ ਤਾਂ ਕਿ ਮਹਿਮਾਨਾਂ ਨੂੰ ਘਰ ਵਾਪਸ ਮੁੜਨ ਵਿਚ ਕੋਈ ਮੁਸ਼ਕਿਲ ਨਾ ਹੋਵੇ।
* ਮਹਿਮਾਨਾਂ ਨੂੰ ਵਿਦਾਅ ਕਰਦੇ ਸਮੇਂ ਵੀ ਸ਼ਿਸ਼ਟਾਚਾਰ ਨਾਲ ਪੇਸ਼ ਆਓ ਅਤੇ ਉਨ੍ਹਾਂ ਦਾ ਪਾਰਟੀ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕਰੋ।

ਆਪਣੇ ਆਕਰਸ਼ਣ ਨੂੰ ਰੱਖੋ ਬਰਕਰਾਰ

* ਅੱਧਾ ਨਿੰਬੂ ਲੈ ਕੇ ਕੂਹਣੀਆਂ ਅਤੇ ਗੋਡਿਆਂ 'ਤੇ ਹਫ਼ਤੇ ਵਿਚ ਇਕ ਵਾਰ ਕੁਝ ਦੇਰ ਤੱਕ ਮਲੋ। ਇਸ ਨਾਲ ਇਨ੍ਹਾਂ ਵਿਚ ਚਮਕ ਆਵੇਗੀ।
* ਖੁਰਦਰੀਆਂ ਅੱਡੀਆਂ ਲਈ ਉਨ੍ਹਾਂ ਨੂੰ ਕੁਝ ਦੇਰ ਸ਼ੈਂਪੂ ਅਤੇ ਹਾਈਡ੍ਰੋਜਨ ਮਿਲੇ ਪਾਣੀ ਵਿਚ ਡੁਬੋ ਕੇ ਰੱਖੋ। ਫਿਰ ਪਿਊਮਿਕ ਸਟੋਨ ਨਾਲ ਸਾਫ਼ ਕਰੋ, ਖੁਰਦਰਾਪਨ ਦੂਰ ਹੋਵੇਗਾ।
* ਭਿੱਜੇ ਪੈਰਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਕਿਸੇ ਚੰਗੀ ਕ੍ਰੀਮ ਨਾਲ ਮਸਾਜ ਕਰੋ। ਪੈਰ ਨਰਮ ਅਤੇ ਸਾਫ਼ ਰਹਿਣਗੇ। ਹੋ ਸਕੇ ਤਾਂ ਮਸਾਜ ਰਾਤ ਨੂੰ ਕਰੋ।
* ਗੋਡਿਆਂ ਅਤੇ ਕੂਹਣੀਆਂ ਦੀ ਮ੍ਰਿਤ ਕੋਸ਼ਿਕਾਵਾਂ ਹਟਾਉਣ ਲਈ ਦਹੀਂ ਅਤੇ ਵੇਸਣ ਦਾ ਗਾੜ੍ਹਾ ਪੇਸਟ ਬਣਾ ਕੇ ਲਗਾਓ ਅਤੇ ਫਿਰ ਮਲ ਦਿਓ। ਚਮੜੀ ਵਿਚ ਨਿਖਾਰ ਆਵੇਗਾ।
* ਪੈਰਾਂ ਵਾਂਗ ਹੱਥਾਂ ਨੂੰ ਵੀ ਸ਼ੈਂਪੂ ਮਿਲੇ ਪਾਣੀ ਵਿਚ ਭਿਓਂ ਕੇ ਰੱਖੋ। ਫਿਰ ਸੁਕਾ ਕੇ ਚੰਗੀ ਕ੍ਰੀਮ ਨਾਲ ਮਸਾਜ ਕਰ ਲਓ। ਹੱਥਾਂ ਦੀ ਚਮੜੀ ਸਾਫ਼ ਅਤੇ ਨਰਮ ਰਹੇਗੀ।
* ਅੱਖਾਂ ਦੇ ਚਾਰੋ ਪਾਸੇ ਕਾਲੇ ਘੇਰੇ ਦੂਰ ਕਰਨ ਲਈ ਕੱਚੇ ਆਲੂ ਦੇ ਟੁਕੜੇ ਮਲੋ। ਰੋਜ਼ਾਨਾ 10 ਮਿੰਟ ਤੱਕ ਅਜਿਹਾ ਕਰੋ। ਹੌਲੀ-ਹੌਲੀ ਕਾਲੇ ਘੇਰੇ ਹਲਕੇ ਹੋ ਜਾਣਗੇ।
* ਥੋੜ੍ਹਾ ਜਿਹਾ ਨਿੰਬੂ ਦਾ ਰਸ ਲੈ ਕੇ ਉਸ ਵਿਚ ਵੇਸਣ ਅਤੇ ਹਲਦੀ ਪਾਊਡਰ ਮਿਲਾ ਕੇ ਪੇਸਟ ਤਿਆਰ ਕਰੋ। ਉਸ ਪੇਸਟ ਨੂੰ ਸਾਰੇ ਸਰੀਰ 'ਤੇ ਮਲੋ। ਸੁੱਕਣ 'ਤੇ ਚੰਗੀ ਤਰ੍ਹਾਂ ਸਾਫ਼ ਕਰ ਲਓ।
* ਸੀਤਾਫਲ ਦੇ ਟੁਕੜਿਆਂ ਨੂੰ ਕੁਚਲ ਕੇ ਉਸ ਵਿਚ ਥੋੜ੍ਹਾ ਜਿਹਾ ਚੰਦਨ ਪਾਊਡਰ ਮਿਲਾ ਕੇ ਚਿਹਰੇ ਅਤੇ ਧੌਣ 'ਤੇ ਲਗਾਉਣ ਨਾਲ ਚਿਹਰਾ ਸਾਫ਼ ਹੁੰਦਾ ਹੈ। ਸੀਤਾਫਲ ਦੇ ਟੁਕੜਿਆਂ ਨੂੰ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ 'ਤੇ ਲਗਾਉਣ ਨਾਲ ਵੀ ਕਾਲੇ ਘੇਰੇ ਦੂਰ ਹੁੰਦੇ ਹਨ।
* ਥੋੜ੍ਹਾ ਜਿਹਾ ਚੋਕਰ ਗੁਲਾਬ ਜਲ ਵਿਚ ਮਿਲਾ ਕੇ ਪੇਸਟ ਬਣਾਓ ਅਤੇ ਚਮੜੀ 'ਤੇ ਲਗਾਓ। ਸੁੱਕਣ 'ਤੇ ਧੋ ਲਓ। ਚਮੜੀ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗੀ।
* ਰਾਤ ਨੂੰ ਬਿਸਤਰ 'ਤੇ ਜਾਣ ਤੋਂ ਪਹਿਲਾਂ ਰੋਜ਼ਾਨਾ ਖੀਰੇ ਦੇ ਟੁਕੜੇ ਜਾਂ ਉਸ ਦਾ ਰਸ ਚਮੜੀ 'ਤੇ ਲਗਾਓ। ਲਗਾਤਾਰ ਵਰਤੋਂ ਨਾਲ ਚਮੜੀ ਵਿਚ ਨਿਖਾਰ ਆਵੇਗਾ ਅਤੇ ਰੰਗਤ ਬਦਲੇਗੀ।
* ਤੇਲੀ ਚਮੜੀ ਲਈ ਵੇਸਣ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਗਾੜ੍ਹਾ ਪੇਸਟ ਬਣਾ ਕੇ ਚਮੜੀ 'ਤੇ ਲਗਾਓ। 15-20 ਮਿੰਟ ਬਾਅਦ ਇਸ ਪੇਸਟ ਨੂੰ ਸਾਫ਼ ਕਰ ਲਓ।
* ਵਾਲਾਂ ਦੀ ਰੰਗਤ ਬਰਕਰਾਰ ਰੱਖਣ ਲਈ ਹਫ਼ਤੇ ਵਿਚ ਘੱਟ ਤੋਂ ਘੱਟ ਦੋ ਵਾਰ ਦਹੀਂ ਨਾਲ ਮਸਾਜ ਕਰੋ। ਫਿਰ ਮਾਈਲਡ ਸ਼ੈਂਪੂ ਨਾਲ ਧੋਵੋ।
* ਵਾਲਾਂ ਵਿਚ ਚਮਕ ਲਿਆਉਣ ਲਈ ਪਹਿਲਾਂ ਤੇਲ ਮਾਲਿਸ਼ ਕਰੋ। ਫਿਰ ਉਨ੍ਹਾਂ 'ਤੇ ਗਰਮ ਪਾਣੀ ਨਾਲ ਭਿੱਜਿਆ ਤੌਲੀਆ ਲਪੇਟ ਕੇ ਰੱਖੋ। ਠੰਢਾ ਹੋਣ 'ਤੇ ਵਾਲ ਧੋ ਲਓ। **

ਦਹੀਂ ਡੋਸਾ

ਸਮੱਗਰੀ
* ਇਕ ਕੱਪ ਚੌਲ ਜਾਂ 220 ਗ੍ਰਾਮ ਚੌਲ * ਅੱਧਾ ਕੱਪ ਮੋਟਾ ਪੋਹਾ ਜਾਂ 40 ਗ੍ਰਾਮ ਮੋਟਾ ਪੋਹਾ * ਦੋ ਚਮਚ ਉੜਦ ਦਾਲ * 8 ਤੋਂ 10 ਦਾਣੇ ਮੇਥੀ ਬੀਜ * ਡੇਢ ਕੱਪ ਪਾਣੀ ਭਿਉਣ ਲਈ * ਅੱਧਾ ਕੱਪ ਤਾਜ਼ਾ ਦਹੀਂ * ਇਕ ਤੋਂ ਸਵਾ ਕੱਪ ਪਾਣੀ * ਅੱਧਾ ਚਮਚ ਚੀਨੀ * ਨਮਕ ਸਵਾਦ ਅਨੁਸਾਰ * ਤੇਲ ਜਾਂ ਘਿਓ ਲੋੜ ਅਨੁਸਾਰ
ਵਿਧੀ
ਦਹੀਂ ਡੋਸਾ ਦਾ ਘੋਲ ਤਿਆਰ ਕਰਨ ਲਈ :
1. ਇਕ ਕੱਪ ਚੌਲ, 2 ਚਮਚ ਉੜਦ ਦੀ ਦਾਲ, 8 ਤੋਂ 10 ਦਾਣੇ ਮੇਥੀ ਬੀਜ ਇਕ ਪੈਨ ਜਾਂ ਬਾਉਲ ਵਿਚ ਲਓ।
2. ਇਨ੍ਹਾਂ ਨੂੰ ਇਕ ਤੋਂ ਵੱਧ ਵਾਰ ਪਾਣੀ ਨਾਲ ਧੋਵੋ।
3. ਹੁਣ ਅੱਧਾ ਕੱਪ ਮੋਟਾ ਪੋਹਾ ਇਕ ਹੋਰ ਬਾਊਲ ਵਿਚ ਲਓ। ਇਸ ਨੂੰ ਵੀ ਪਾਣੀ ਨਾਲ ਧੋਵੋ।
4. ਹੁਣ ਦੋਵਾਂ ਬਾਉਲ ਵਿਚਲੀ ਸਮੱਗਰੀ ਨੂੰ ਇਕੱਠਾ ਕਰਕੇ ਅੱਧਾ ਕੱਪ ਪਾਣੀ ਪਾ ਦਿਓ ਅਤੇ 4 ਤੋਂ 5 ਘੰਟੇ ਲਈ ਰੱਖ ਦਿਓ।
5. ਹੁਣ ਮਿਕਸੀ ਵਿਚ ਗਰਾਈਂਡ ਕਰਨ ਤੋਂ ਪਹਿਲਾਂ ਇਕ ਬਾਊਲ ਵਿਚ ਸਵਾ ਕੱਪ ਪਾਣੀ ਅਤੇ ਦਹੀਂ ਲਓ।
6. ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ।
7. ਮਿਕਸੀ 'ਚ ਪਾ ਕੇ ਇਸ ਨੂੰ ਗਾੜ੍ਹਾ ਬਣਨ ਤੱਕ ਮਿਲਾਓ।
8. ਇਸ ਵਿਚ ਹੁਣ ਚੀਨੀ ਅਤੇ ਨਮਕ ਮਿਲਾਓ। ਚੰਗੀ ਤਰ੍ਹਾਂ ਮਿਲਾਓ। ਹੁਣ ਇਹ ਇਕ ਘੋਲ ਤਿਆਰ ਹੋ ਜਾਵੇਗਾ।
ਦਹੀਂ ਦਾ ਡੋਸਾ ਕਿਵੇਂ ਬਣਾਈਏ :
1. ਇਕ ਤਵੇ ਨੂੰ ਮੱਠੀ ਅੱਗ 'ਤੇ ਗਰਮ ਕਰੋ ਅਤੇ ਇਸ 'ਤੇ ਤੇਲ ਲਗਾਓ।
2. ਹੁਣ ਘੋਲ ਨੂੰ ਕਿਸੇ ਕੌਲੀ ਨਾਲ ਲੈ ਕੇ ਤਵੇ ਉੱਪਰ ਵਿਛਾਓ ਅਤੇ ਇਸ ਨੂੰ ਡੋਸੇ ਦਾ ਆਕਾਰ ਦਿਓ।
3. ਇਸ ਨੂੰ ਘੱਟ ਜਾਂ ਮੱਠੀ ਅੱਗ 'ਤੇ ਬਣਨ ਦਿਓ।
4. ਜਦੋਂ ਦੋਵੇਂ ਪਾਸੇ ਸੁਨਹਿਰੀ ਹੋ ਜਾਣ ਤਾਂ ਇਸ ਉੱਪਰ ਥੋੜ੍ਹਾ ਤੇਲ ਲਗਾ ਸਕਦੇ ਹੋ।
5. ਹੁਣ ਦਹੀਂ ਡੋਸਾ ਤਿਆਰ ਹੈ, ਇਸ ਨੂੰ ਸਪੇਟੁਲਾ ਨਾਲ ਤਵੇ ਤੋਂ ਚੁੱਕ ਲਓ। ਇਸ ਤਰੀਕੇ ਨਾਲ ਹੋਰ ਡੋਸੇ ਬਣਾਓ।
6. ਗਰਮਾ-ਗਰਮ ਦਹੀਂ ਡੋਸੇ ਨੂੰ ਨਾਰੀਅਲ ਅਤੇ ਹੋਰ ਚਟਣੀ ਨਾਲ ਪਰੋਸੋ। ਇਸ ਨਾਲ ਆਲੂ ਵੀ ਰੱਖ ਸਕਦੇ ਹੋ।

ਹਰ ਪਲ ਜੀਓ

ਆਪਣੇ ਨੂੰ ਨਾ ਨਕਾਰੋ
ਨਿਮਰਤਾ ਇਕ ਅਜਿਹਾ ਗੁਣ ਹੈ, ਜੋ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਹੈ, ਪਰ ਇਕ ਹੱਦ ਤੱਕ ਮੌਕਾ ਅਤੇ ਜਗ੍ਹਾ ਦੇਖਦੇ ਹੋਏ। ਖੁਸ਼ ਰਹਿਣ ਦਾ ਸਾਰਿਆਂ ਨੂੰ ਜਨਮਸਿੱਧ ਅਧਿਕਾਰ ਹੈ, ਜਿਸ ਨੂੰ ਤੁਹਾਡੇ ਤੋਂ ਕੋਈ ਖੋਹ ਨਹੀਂ ਸਕਦਾ। ਤੁਸੀਂ ਜ਼ਿੰਦਗੀ ਦਾ ਮਜ਼ਾ ਤਾਂ ਹੀ ਲੈ ਸਕਦੇ ਹੋ ਜੇ ਆਪਣੇ-ਆਪ ਨੂੰ ਬੇਲੋੜੇ ਰੂਪ ਨਾਲ ਸ਼ੋਸ਼ਤ ਨਾ ਹੋਣ ਦਿਓ, ਕਿਉਂਕਿ ਆਪਣੇ ਸ਼ੋਸ਼ਣ ਲਈ ਵੀ ਅਕਸਰ ਤੁਸੀਂ ਖੁਦ ਜ਼ਿੰਮੇਵਾਰ ਹੁੰਦੇ ਹੋ। ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਜ਼ਿੰਦਗੀ ਵਿਚ ਮੌਜਮਸਤੀ ਕਰਨਾ ਕੋਈ ਗੁਨਾਹ ਨਹੀਂ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ੌਕ ਹਨ ਜੋ ਤੁਹਾਨੂੰ ਖੁਸ਼ੀ ਦਿੰਦੇ ਹਨ। ਲਿਖਣਾ-ਪੜ੍ਹਨਾ ਤੁਹਾਡੀ ਗ੍ਰੋਥ ਲਈ ਵਧੀਆ ਹੈ।
ਮਨ ਦੀ ਉਦਾਰਤਾ
ਜੇਕਰ ਤੁਸੀਂ ਦੇਣ ਵਾਲੀ ਖੁਸ਼ੀ ਮਹਿਸੂਸ ਨਹੀਂ ਕੀਤੀ ਤਾਂ ਜੀਵਨ ਵਿਚ ਮਿਲਣ ਵਾਲੀ ਇਕ ਵੱਡੀ ਖੁਸ਼ੀ ਤੋਂ ਤੁਸੀਂ ਵਾਂਝੇ ਰਹਿ ਜਾਂਦੇ ਹੋ। ਕਿਸੇ ਦੇ ਕੰਮ ਆਉਣਾ, ਕਿਸੇ ਲਈ ਅਜਿਹਾ ਕੁਝ ਕਰਨਾ ਜੋ ਤੁਹਾਡੇ ਵੱਸ ਵਿਚ ਹੈ ਅਤੇ ਜੋ ਦੂਜਿਆਂ ਦੀ ਜ਼ਿੰਦਗੀ ਸੰਵਾਰ ਦੇਵੇ, ਇਹ ਤੁਹਾਨੂੰ ਅਸੀਮ ਖੁਸ਼ੀ ਦੇਵੇਗਾ।
ਆਪਣੇ ਨਾਲ ਪਿਆਰ
ਹਰ ਪਲ ਜਿਉਣ ਲਈ ਆਪਣੇ-ਆਪ ਨਾਲ ਪਿਆਰ ਕਰਨਾ ਵੀ ਜ਼ਰੂਰੀ ਹੈ। ਖੁਦ ਨਾਲ ਪਿਆਰ ਕਰਨ ਤੋਂ ਭਾਵ ਆਤਮਕੇਂਦਰਿਤ ਹੋਣਾ, ਖੁਦਗਰਜ ਹੋਣਾ ਬਿਲਕੁਲ ਨਹੀਂ ਹੈ। ਇਹ ਖੁਸ਼ੀ ਦਾ ਆਧਾਰ ਹੈ, ਭਾਵ ਆਪਣੇ-ਆਪ ਨਾਲ ਪਿਆਰ ਕਰਨਾ। ਕਦੇ ਵੀ ਆਪਣੇ ਅੰਦਰ ਹੀਣਭਾਵਨਾ ਨਾ ਪਣਪਣ ਦਿਓ। ਹਮੇਸ਼ਾ ਇਹੀ ਸੋਚ ਕੇ ਚੱਲੋ ਕਿ ਤੁਸੀਂ ਅਦਭੁੱਤ ਹੋ।
ਖੁਸ਼ਮਿਜਾਜ਼ ਬਣੋ
ਹਰ ਸਮੇਂ ਠਹਾਕੇ ਲਗਾਉਣਾ, ਮੁਸਕੁਰਾਉਂਦੇ ਰਹਿਣਾ ਕਿਸੇ ਲਈ ਵੀ ਸੰਭਵ ਨਹੀਂ ਪਰ ਹਰ ਸਮੇਂ ਗੰਭੀਰ ਰਹਿਣ ਦੀ ਆਦਤ ਬਹੁਤਿਆਂ ਵਿਚ ਮਿਲੇਗੀ। ਹਰ ਸਮੇਂ ਦੀ ਮਾਤਮਪੁਰਸੀ ਭਲਾ ਕਿਸ ਨੂੰ ਸੁਹਾਵੇਗੀ। ਇਹ ਤਾਂ ਜ਼ਿੰਦਗੀ ਦਾ ਅਪਮਾਨ ਹੋਵੇਗਾ। ਖੁਸ਼ਮਿਜਾਜ਼ ਵਿਅਕਤੀ ਨੂੰ ਹੀ ਸਭ ਲੋਕ ਪਸੰਦ ਕਰਦੇ ਹਨ, ਉਨ੍ਹਾਂ ਦੇ ਦੋਸਤ ਵੀ ਜ਼ਿਆਦਾ ਹੁੰਦੇ ਹਨ। ਉਨ੍ਹਾਂ ਦੀ ਜ਼ਿੰਦਾਦਿਲੀ ਮੁਰਦਾਦਿਲਾਂ ਵਿਚ ਵੀ ਜਾਨ ਪਾ ਦਿੰਦੀ ਹੈ। ਕਿਸੇ ਨੇ ਕਿੰਨਾ ਖੂਬ ਜਿਊਣ ਦਾ ਢੰਗ ਸੁਝਾਇਆ ਹੈ, 'ਜ਼ਿੰਦਗੀ ਜੀਓ ਭਰਪੂਰ, ਸਰੂਰ ਦਿਲ ਵਿਚ ਹਰ ਲਮਹਾ ਹੋ।' ਹਰ ਵਿਅਕਤੀ ਗਿਣਤੀ ਦੇ ਪਲ ਅਤੇ ਸਾਹ ਲੈ ਕੇ ਆਉਂਦਾ ਹੈ, ਇਸ ਲਈ ਹਰ ਸਾਹ, ਹਰ ਪਲ ਸਾਡੇ ਲਈ ਕੀਮਤੀ ਹੈ। ਇਸ ਨੂੰ ਬੋਰੀਅਤ ਵਿਚ ਨਾ ਗੁਆ ਕੇ ਸ਼ਿੱਦਤ ਨਾਲ ਜਿਉਣਾ ਹੀ ਸਾਡੇ ਸਾਰਿਆਂ ਲਈ ਚੰਗਾ ਹੋਵੇਗਾ।


-ਊਸ਼ਾ ਜੈਨ ਸ਼ੀਰੀ


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX