ਤਾਜਾ ਖ਼ਬਰਾਂ


ਰਾਜਸਥਾਨ 'ਚ ਜ਼ੀਕਾ ਵਾਇਰਸ ਦੇ 120 ਮਾਮਲੇ ਪਾਜ਼ੀਟਿਵ
. . .  1 day ago
ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  1 day ago
ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)- ਕੈਥੋਲਿਕ ਮਿਸ਼ਨ ਦੇ ਫਾਦਰ ਕੁਰੀਆ ਘੋਸ਼ ਦੀ ਮੌਤ ਨੂੰ ਲੈ ਕੇ ਡੀਨ ਅਤੇ ਪੈਰਿਸ਼ ਪ੍ਰੀਸ਼ਟ ਫਾਦਰ ਜੋਸਫ ਮੈਥਿਊ ਨੇ ਕਿਹਾ ਕਿ ਫਾਦਰ ਕੁਰੀਆ ਘੋਸ਼ ਦਸੂਹਾ ਵਿਖੇ ਤਾਇਨਾਤ ਸਨ ਅਤੇ ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ...
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  1 day ago
ਅੰਮ੍ਰਿਤਸਰ, 22 ਅਕਤੂਬਰ - ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਰੇਲ ਹਾਦਸੇ ਦਾ ਪੰਜਾਬ ਸਰਕਾਰ ਨੂੰ ਕੋਈ ਪਛਤਾਵਾਂ ਜਾਂ ਅਫ਼ਸੋਸ ਨਹੀਂ ਹੈ ਕੋਈ ਵੀ ਇਸ ਹਾਦਸੇ...
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  1 day ago
ਫ਼ਾਜ਼ਿਲਕਾ, 22 ਅਕਤੂਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇੱਕ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੱਖਾ ਦੀ ਨਗਦੀ, ਸੋਨੇ- ਚਾਂਦੀ ਦੇ ਗਹਿਣੇ, ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ...
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  1 day ago
ਫ਼ਿਰੋਜ਼ਪੁਰ, 22 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) ਜ਼ਮੀਨ ਖ਼ਰੀਦ ਵੇਚਣ ਮਾਮਲੇ ਚ ਹੋਈ ਧੋਖਾਧੜੀ ਦੇ 9 ਮਹੀਨੇ ਪਹਿਲਾਂ ਦਰਜ ਹੋਏ ਇਕ ਮੁਕੱਦਮੇ ਦਾ ਚਲਾਨ ਪੇਸ਼ ਕਰਨ 'ਚ ਇਕ ਲੱਖ ਰੁਪਏ ਦੀ ਰਿਸ਼ਵਤ ਵਜੋ ਮੰਗ ਕਰਨ ਵਾਲਾ ਸਹਾਇਕ ਥਾਣੇਦਾਰ ਵਿਜੀਲੈਂਸ ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਹਾਦਸੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਨੇ ਇਸ ਹਾਦਸੇ ਦੇ ਸੰਬੰਧ 'ਚ ਦੋਹਾਂ ਕੋਲੋਂ ਚਾਰ...
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  1 day ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਦੁਸਹਿਰੇ ਮੌਕੇ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਲਈ ਨਿਰਧਾਰਤ ਕੀਤੇ ਗਏ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਰਥਾ ਵਲੋਂ ਅੱਜ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ 'ਚ...
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  1 day ago
ਅੰਮ੍ਰਿਤਸਰ, 22 ਅਕਤੂਬਰ (ਸ਼ੈਲੀ) - ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੂਬਾਈ ਕਾਂਗਰਸ ਮੁਖੀ ਸੁਨੀਲ ਕੁਮਾਰ ਜਾਖੜ ਤੇ ਹੋਰ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ....
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਪ੍ਰੋਗਰਾਮ ਦੇ ਆਯੋਜਕ ਨੇ ਜਾਰੀ ਕੀਤੀ ਵੀਡੀਓ, ਖ਼ੁਦ ਨੂੰ ਦੱਸਿਆ ਬੇਕਸੂਰ
. . .  1 day ago
ਅੰਮ੍ਰਿਤਸਰ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਆਯੋਜਕ ਸੌਰਭ ਮਦਾਨ 'ਮਿੱਠੂ' ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਰੋਂਦਿਆਂ ਹੋਇਆਂ ਉਨ੍ਹਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ ਅਤੇ ਆਪਣੇ ਵਿਰੁੱਧ ਸਾਜ਼ਿਸ਼ ਦਾ ਦੋਸ਼...
ਕੱਲ੍ਹ ਸ੍ਰੀਨਗਰ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਅਤੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਜਾਣਗੇ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਬੈਠਕ ਕਰਨਗੇ। ਇਸ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਪਾਲ ਸਤਿਆਪਾਲ ....
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਬਿੱਲੀ ਦੀ ਦੁਸ਼ਮਣੀ

ਦਾਦਾ-ਪੋਤਾ ਸਵੇਰ ਦੀ ਸੈਰ ਲਈ ਗੇਟ ਤੋਂ ਬਾਹਰ ਨਿਕਲੇ ਸਨ। ਪਿੱਛੋਂ ਦੌੜਦਾ ਉਨ੍ਹਾਂ ਦਾ ਪਾਲਤੂ ਡੌਗੀ ਵੀ ਆ ਮਿਲਿਆ। ਉਹ ਅਜੇ ਫਿਰਨੀ 'ਤੇ ਚੜ੍ਹੇ ਵੀ ਨਹੀਂ ਸਨ ਕਿ ਸ਼ਹਿ ਮਾਰ ਕੇ ਪਹਿਲਾਂ ਹੀ ਬੈਠੀ ਬਿੱਲੀ ਨੇ ਡੌਗੀ 'ਤੇ ਹਮਲਾ ਕਰ ਦਿੱਤਾ।
ਸੁਖ ਨੇ ਪੁੱਛਿਆ, 'ਦਾਦੂ! ਮੇਰੇ ਡੌਗੀ ਨੇ ਮਾਣੋ ਬਿੱਲੀ ਨੂੰ ਕਿਹਾ ਵੀ ਕੁਝ ਨਹੀਂ ਪਰ ਫਿਰ ਵੀ ਉਸ ਨੇ ਆਪਣੇ ਪੰਜਿਆਂ ਨਾਲ ਉਸ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ?'
'ਪੁੱਤਰ! ਇਹ ਪੁਰਾਣੇ ਸਮੇਂ ਤੋਂ ਬਿੱਲੀ ਦੀ ਕੁੱਤੇ ਨਾਲ ਦੁਸ਼ਮਣੀ ਦੀ ਕਹਾਣੀ ਹੈ', ਦਾਦੇ ਨੇ ਸੁਖਮੀਤ ਨੂੰ ਦੱਸਿਆ।
'ਦੱਸੋ ਨਾ ਦਾਦੂ! ਬਿੱਲੀ ਕੁੱਤੇ ਤੋਂ ਕਿਹੜੀ ਦੁਸ਼ਮਣੀ ਦੇ ਬਦਲੇ ਲਈ ਝਟਪ ਮਾਰ ਹਮਲਾ ਕਰਦੀ ਹੈ?' ਸੁਖਮੀਤ ਨੇ ਦਾਦੂ ਤੋਂ ਜਾਨਣਾ ਚਾਹਿਆ।
'ਸੁਖ ਪੁੱਤਰ! ਭਲੇ ਸਮੇਂ ਸਨ। ਰਿਸ਼ਤਿਆਂ ਦਾ ਬਹੁਤ ਮਹੱਤਵ ਹੁੰਦਾ ਸੀ। ਦੋਸਤੀ ਨੂੰ ਬੜਾ ਉੱਚਾ-ਸੁੱਚਾ ਸਮਝਿਆ ਜਾਂਦਾ ਸੀ। ਬਿੱਲੀ ਤੇ ਕੁੱਤੇ ਦੀ ਬੜੀ ਗੂੜ੍ਹੀ ਦੋਸਤੀ ਸੀ। ਉਹ ਆਂਢ-ਗੁਆਂਢ ਦੇ ਘਰਾਂ ਵਿਚ ਰਹਿੰਦੇ ਸਨ। ਇਕ ਵਾਰ ਜਦੋਂ ਮੁਰਦਾ ਪਸ਼ੂ ਘਰ ਵਿਚ ਜਦੋਂ ਕੁੱਤਾ ਭੋਜਨ ਕਰ ਰਿਹਾ ਸੀ ਤਾਂ ਗਿਰਝ, ਅਲੋਪ ਹੋ ਗਏ ਵੱਡੇ ਪੰਛੀ ਜਿਹੜੇ ਪਸ਼ੂਆਂ ਦੀ ਗੰਦਗੀ ਵੀ ਸਾਫ਼ ਕਰਦੇ ਸਨ, ਨੇ ਆਪਣੇ ਤਿੱਖੇ ਪੰਜਿਆਂ ਨਾਲ ਕੁੱਤੇ 'ਤੇ ਝਪਟ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
ਜ਼ਖਮੀ ਕੁੱਤਾ ਤਕਲੀਫ ਵਿਚ ਸੀ। ਉਸ ਕੋਲ ਭੋਜਨ ਵੀ ਨਹੀਂ ਸੀ। ਉੱਪਰੋਂ ਸਰਦ ਰੁੱਤ, ਧੁੰਦ-ਕੋਹਰਾ। ਭੋਜਨ ਕਿਥੋਂ ਲੱਭਣਾ ਸੀ? ਆਪਣੇ ਦੋਸਤ ਦਾ ਦੁੱਖ ਦੇਖ ਬਿੱਲੀ ਨੇ ਕੁੱਤੇ ਲਈ ਭੋਜਨ ਲਿਆਉਣਾ ਸ਼ੁਰੂ ਕਰ ਦਿੱਤਾ। ਉਹ ਕੁੱਤੇ ਨੂੰ ਪਹਿਲਾਂ ਵੀ ਸਮਝਾਉਂਦੀ ਸੀ ਕਿ 'ਔਖੇ ਦਿਨਾਂ ਲਈ ਭੋਜਨ ਬਚਾਅ ਕੇ ਰੱਖਿਆ ਕਰ।'
ਜਦੋਂ ਮੌਸਮ ਦੀ ਖਰਾਬੀ ਕਰਕੇ ਭੋਜਨ ਨਾ ਮਿਲਦਾ ਤਾਂ ਬਿੱਲੀ ਆਪਣੇ ਛੁਪਾ ਕੇ ਰੱਖੇ ਭੋਜਨ ਭੰਡਾਰ ਵਿਚ ਉਸ ਨੂੰ ਕੁਝ ਨਾ ਕੁਝ ਖਾਣ ਲਈ ਦੇ ਦਿੰਦੀ। ਜਦੋਂ ਬਿੱਲੀ ਭੋਜਨ ਦੀ ਤਲਾਸ਼ ਲਈ ਨਿਕਲਦੀ ਤਾਂ ਕੁੱਤਾ ਉਸ ਦੇ ਛੁਪਾਏ ਭੋਜਨ ਨੂੰ ਚੋਰੀ-ਚੋਰੀ ਖਾਂਦਾ ਰਿਹਾ। ਜਦੋਂ ਬਿਲਕੁਲ ਹੀ ਭੋਜਨ ਮਿਲਣਾ ਬੰਦ ਹੋ ਗਿਆ ਤਾਂ ਬਿੱਲੀ ਨੇ ਸੋਚਿਆ, 'ਮੇਰੇ ਛੁਪਾ ਕੇ ਭੰਡਾਰ ਕੀਤੇ ਭੋਜਨ ਨਾਲ ਸੰਕਟ ਦੇ ਦਿਨੀਂ ਦੋਵਾਂ ਦਾ ਗੁਜ਼ਾਰਾ ਹੋ ਜਾਵੇਗਾ।' ਪਰ ਜਦੋਂ ਬਿੱਲੀ ਨੂੰ ਸਾਂਭ ਕੇ ਰੱਖਿਆ ਭੋਜਨ ਵੀ ਨਾ ਮਿਲਿਆ ਤਾਂ ਉਸ ਨੂੰ ਕੁੱਤੇ ਵੱਲੋਂ ਕੀਤੀ ਚੋਰੀ ਕਰਕੇ ਗੁੱਸਾ ਚੜ੍ਹਿਆ।
ਸਿੱਖਿਆ : ਮਿੱਤਰ ਦਾ ਭਰੋਸਾ ਕਦੇ ਨਾ ਤੋੜੋ।

-ਪ੍ਰੀਤ ਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ)-143109. ਮੋਬਾ: 98140-82217


ਖ਼ਬਰ ਸ਼ੇਅਰ ਕਰੋ

ਮੱਖੀ ਆਪਣੇ ਪੈਰਾਂ ਨੂੰ ਆਪਸ ਵਿਚ ਕਿਉਂ ਰਗੜਦੀ ਹੈ?

ਸਭ ਲੋਕ ਮੱਖੀ ਨੂੰ ਇਕ ਵੱਡੀ ਮੁਸੀਬਤ ਸਮਝਦੇ ਹਨ। ਅਜਿਹਾ ਇਸ ਲਈ ਕਿ ਇਹ ਗੰਦੀ ਥਾਂ 'ਤੇ ਬੈਠ ਕੇ ਉਥੋਂ ਬਿਮਾਰੀ ਦੇ ਕੀਟਾਣੂ ਸਾਡੇ ਭੋਜਨ 'ਤੇ ਛੱਡ ਦਿੰਦੀ ਹੈ, ਜਿਸ ਨਾਲ ਅਕਸਰ ਅਸੀਂ ਬਿਮਾਰ ਹੋ ਜਾਂਦੇ ਹਾਂ। ਲੱਖਾਂ ਲੋਕ ਗੰਦਾ ਭੋਜਨ ਖਾ ਕੇ ਮਰ ਜਾਂਦੇ ਹਨ।
ਪਰ ਬੱਚਿਓ, ਕੀ ਤੁਸੀਂ ਧਿਆਨ ਨਾਲ ਦੇਖਿਆ ਹੈ ਕਿ ਕਈ ਵਾਰ ਮੱਖੀ ਬੈਠੀ-ਬੈਠੀ ਆਪਣੇ ਪੈਰਾਂ ਨੂੰ ਆਪਸ ਵਿਚ ਰਗੜਦੀ ਰਹਿੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਉਹ ਅਜਿਹਾ ਕਿਉਂ ਕਰਦੀ ਹੈ? ਆਪਣੇ-ਆਪ ਨੂੰ ਸਾਫ਼ ਰੱਖਣ ਲਈ ਉਹ ਗੰਦੇ ਬੈਕਟੀਰੀਆ ਆਪਣੇ ਸਰੀਰ ਨਾਲੋਂ ਉਤਾਰਦੀ ਰਹਿੰਦੀ ਹੈ।
ਮੱਖੀ ਇਕ ਬੈਕਟੀਰੀਆ ਵਾਹਕ ਦਾ ਕੰਮ ਕਰਦੀ ਹੈ। ਜੇਕਰ ਉਸ ਦੇ ਸਰੀਰ ਨੂੰ ਖੁਰਦਬੀਨ ਨਾਲ ਦੇਖੀਏ ਤਾਂ ਪਤਾ ਲੱਗੇਗਾ ਕਿ ਉਸ ਦਾ ਸਰੀਰ ਸੰਘਣੇ ਵਾਲਾਂ ਨਾਲ ਭਰਿਆ ਹੁੰਦਾ ਹੈ। ਉਸ ਦੀ ਜੀਭ ਵੀ ਚਿਪਚਿਪੀ ਗੂੰਦ ਨਾਲ ਢਕੀ ਹੁੰਦੀ ਹੈ। ਇਸ ਦਾ ਮਤਲਬ ਹੋਇਆ ਕਿ ਮੱਖੀ ਜਦੋਂ ਵੀ ਕਿਸੇ ਪਦਾਰਥ 'ਤੇ ਬੈਠਦੀ ਹੈ ਤਾਂ ਇਹ ਉਨ੍ਹਾਂ ਚੀਜ਼ਾਂ ਨੂੰ ਉਠਾ ਲੈਂਦੀ ਹੈ, ਜੋ ਉਸ ਦੇ ਸਰੀਰ ਨਾਲ ਚਿਪਕ ਜਾਂਦੀਆਂ ਹਨ। ਇਸ ਤਰ੍ਹਾਂ ਹੀ ਉਹ ਬਿਮਾਰੀਆਂ ਫੈਲਾਉਂਦੀ ਹੈ। ਇਹ ਟਾਈਫਾਈਡ ਬੁਖਾਰ, ਟੀ. ਬੀ. ਜਾਂ ਫਿਰ ਪੇਚਿਸ਼ ਵਰਗੀਆਂ ਬਿਮਾਰੀਆਂ ਨੂੰ ਫੈਲਾਉਣ ਵਾਲੇ ਬੈਕਟੀਰੀਆ ਹੋ ਸਕਦੇ ਹਨ। ਅਜਿਹੇ ਭੋਜਨ ਖਾਣ ਨਾਲ ਬਿਮਾਰੀ ਤਾਂ ਲਾਜ਼ਮੀ ਹੈ। ਮੱਖੀ ਸਭ ਤੋਂ ਪ੍ਰਾਚੀਨ ਕੀੜਾ ਹੈ। ਕੀ ਏਨੀ ਭਿਆਨਕ ਮੱਖੀ ਤੋਂ ਛੁਟਕਾਰਾ ਪਾਉਣ ਦਾ ਕੋਈ ਤਰੀਕਾ ਹੈ?
ਬੱਚਿਓ! ਤਰੀਕਾ ਹੈ ਪਰ ਜੇ ਵਰਤਿਆ ਜਾਵੇ। ਮੱਖੀ ਸਫਾਈ ਤੋਂ ਹਮੇਸ਼ਾ ਦੂਰ ਭੱਜਦੀ ਹੈ। ਜੇਕਰ ਤੁਸੀਂ ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖੋਗੇ ਤਾਂ ਇਸ ਨੂੰ ਆਂਡੇ ਦੇਣ ਦਾ ਮੌਕਾ ਨਹੀਂ ਮਿਲੇਗਾ। ਇਹ ਹਮੇਸ਼ਾ ਗੰਦੀ ਜਗ੍ਹਾ 'ਤੇ ਹੀ ਆਂਡੇ ਦਿੰਦੀ ਹੈ। ਇਸ ਲਈ ਬੱਚਿਓ, ਜੇਕਰ ਤੁਸੀਂ ਰਹਿਣਾ ਚਾਹੁੰਦੇ ਹੋ ਤੰਦਰੁਸਤ ਤਾਂ ਆਪਣਾ ਘਰ ਅਤੇ ਆਲਾ-ਦੁਆਲਾ ਹਮੇਸ਼ਾ ਸਾਫ਼-ਸੁਥਰਾ ਰੱਖੋ। ਮਾਸੂਮ ਦਿਖਾਈ ਦੇਣ ਵਾਲੀ ਮੱਖੀ ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਹੈ।

-ਜਲੰਧਰ।

ਸਿੱਖ ਜਰਨੈਲ-7: ਸਰਦਾਰ ਹਰੀ ਸਿੰਘ ਨਲਵਾ

ਸਰਦਾਰ ਹਰੀ ਸਿੰਘ ਨਲਵਾ (1791-1837) ਖਾਲਸਾ ਫੌਜ ਦੇ ਮੋਢੀ ਕਮਾਂਡਰਾਂ ਵਿਚੋਂ ਇਕ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਮੰਨੇ ਹੋਏ ਜਰਨੈਲ ਸਨ। ਫ਼ਾਰਸੀ, ਅਰਬੀ ਤੇ ਪੰਜਾਬੀ ਤੋਂ ਇਲਾਵਾ ਸਰਦਾਰ ਹਰੀ ਸਿੰਘ ਅੰਗਰੇਜ਼ੀ ਵਿਚ ਵੀ ਮਾਹਿਰ ਸਨ।
ਸਰਦਾਰ ਹਰੀ ਸਿੰਘ ਦੇ ਦਾਦਾ ਹਰਦਾਸ ਸਿੰਘ 1762 ਵਿਚ ਅਹਿਮਦ ਸ਼ਾਹ ਦੁੱਰਾਨੀ ਦੀ ਫੌਜ ਵਿਰੁੱਧ ਜੰਗ ਲੜਦਿਆਂ ਸ਼ਹੀਦ ਹੋਏ ਅਤੇ ਪਿਤਾ ਗੁਰਦਿਆਲ ਸਿੰਘ ਨੇ ਵੀ ਸ਼ੁਕਰਚੱਕੀਆਂ ਦੀਆਂ ਕਈ ਜੰਗੀ ਕਾਰਵਾਈਆਂ ਵਿਚ ਹਿੱਸਾ ਲਿਆ।
ਹਰੀ ਸਿੰਘ ਅਜੇ 7 ਵਰ੍ਹਿਆਂ ਦੇ ਹੀ ਸਨ ਜਦੋਂ ਉਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਮਾਤਾ ਧਰਮ ਕੌਰ ਆਪਣੇ ਭਰਾਵਾਂ ਦੀ ਦੇਖ-ਰੇਖ ਵਿਚ ਰਹਿਣ ਲਈ ਆਪਣੇ ਜੱਦੀ ਪਿੰਡ ਆ ਗਈ। ਉਥੇ ਹਰੀ ਸਿੰਘ ਨੇ ਪੰਜਾਬੀ ਤੇ ਫ਼ਾਰਸੀ ਦੀ ਸਿੱਖਿਆ ਦੇ ਨਾਲ-ਨਾਲ ਘੋੜਸਵਾਰੀ, ਤਲਵਾਰਬਾਜ਼ੀ ਅਤੇ ਬੰਦੂਕਬਾਜ਼ੀ ਵਿਚ ਵੀ ਮੁਹਾਰਤ ਹਾਸਲ ਕੀਤੀ। ਫਿਰ ਉਹ 13 ਸਾਲ ਦੀ ਉਮਰ ਵਿਚ ਵਾਪਸ ਗੁਜਰਾਂਵਾਲਾ ਆ ਗਏ।
1809-10 ਵਿਚ ਸਰਦਾਰ ਹਰੀ ਸਿੰਘ ਨੇ ਸਿਆਲਕੋਟ, ਸਾਹੀਵਾਲ ਤੇ ਖੁਸ਼ਾਬ ਦੀਆਂ ਚੜ੍ਹਾਈਆਂ ਅਤੇ ਮਹਾਰਾਜਾ ਵੱਲੋਂ ਮੁਲਤਾਨ ਵਿਰੁੱਧ 7 ਵਿਚੋਂ 4 ਲੜਾਈਆਂ ਵਿਚ ਹਿੱਸਾ ਲਿਆ। ਆਪ ਨੇ 1813 ਵਿਚ ਅਟੱਕ ਦੀ ਲੜਾਈ ਅਤੇ 1814 ਅਤੇ 1819 ਵਿਚ ਕਸ਼ਮੀਰ ਦੀ ਜੰਗ ਵਿਚ ਵੀ ਹਿੱਸਾ ਲਿਆ। ਕਸ਼ਮੀਰ ਉੱਤੇ ਕਬਜ਼ਾ ਕਰ ਲਿਆ ਗਿਆ ਅਤੇ 1820 ਵਿਚ ਸਰਦਾਰ ਹਰੀ ਸਿੰਘ ਨਲਵਾ ਨੂੰ ਉਸ ਦਾ ਗਵਰਨਰ ਥਾਪਿਆ ਗਿਆ। ਆਪ ਨੇ ਉਸ ਗੜਬੜੀ ਵਾਲੇ ਇਲਾਕੇ ਵਿਚ ਸ਼ਾਂਤੀ ਕਾਇਮ ਕੀਤੀ ਅਤੇ ਉਥੋਂ ਦੇ ਪ੍ਰਬੰਧ ਨੂੰ ਠੀਕ ਕੀਤਾ। ਉਥੋਂ ਦੇ ਇਲਾਕੇ ਨੂੰ ਪਰਗਨਿਆਂ ਤੇ ਥਾਣਿਆਂ ਵਿਚ ਵੰਡਿਆ ਗਿਆ ਅਤੇ ਹਰੇਕ ਪਰਗਨੇ ਨੂੰ ਇਕ ਕੁਲੈਕਟਰ ਤੇ ਥਾਣੇ ਨੂੰ ਇਕ ਥਾਣੇਦਾਰ ਦੇ ਅਧੀਨ ਕੀਤਾ ਗਿਆ। ਵਿਹਾਰਕ ਮੁਲਾਜ਼ਮਾਂ 'ਤੇ ਠੱਲ੍ਹ ਪਾਈ ਗਈ ਅਤੇ ਜੰਗਲਾਂ ਵਿਚ ਚੋਰਾਂ ਦੀ ਭਰਮਾਰ ਨੂੰ ਰੋਕਿਆ ਗਿਆ। ਊੜੀ ਤੇ ਮੁਜ਼ੱਫਰਾਬਾਦ ਦੇ ਕਿਲ੍ਹਿਆਂ ਅਤੇ ਮਾਟਨ ਤੇ ਬਾਰਾਮੂਲਾ ਦੇ ਗੁਰਦੁਆਰਿਆਂ ਦੀ ਉਸਾਰੀ ਕਰਵਾਈ ਗਈ ਅਤੇ ਜਿਹਲਮ ਨਦੀ ਦੇ ਕੰਢੇ 'ਤੇ ਇਕ ਵੱਡੇ ਬਾਗ ਨੂੰ ਬਣਾਉਣ ਲਈ ਕੰਮ ਦੀ ਸ਼ੁਰੂਆਤ ਕੀਤੀ ਗਈ। 1821 ਵਿਚ ਅਚਾਨਕ ਆਏ ਹੜ੍ਹਾਂ ਦੀ ਮਾਰ ਹੇਠ ਆਏ ਪੀੜਤਾਂ ਦੀ ਮਦਦ ਨਾਲ ਵੀ ਭਾਰੀ ਰਾਹਤ ਕਾਰਜ ਕੀਤੇ ਗਏ।
ਮਹਾਰਾਜਾ ਰਣਜੀਤ ਸਿੰਘ ਵੱਲੋਂ ਸਰਦਾਰ ਹਰੀ ਸਿੰਘ ਨੂੰ ਇਕ ਖਾਸ ਰਿਆਇਤ ਪ੍ਰਦਾਨ ਕੀਤੀ ਗਈ ਕਿ ਉਨ੍ਹਾਂ ਨੂੰ ਆਪਣੇ ਨਾਂਅ ਹੇਠ ਸਿੱਕਾ ਜਾਰੀ ਕਰਨ ਦੀ ਆਗਿਆ ਦਿੱਤੀ ਗਈ। ਉਹ ਸਿੱਕਾ, ਜਿਸ ਨੂੰ ਹਰੀ ਸਿੰਘ ਰੁਪਿਆ ਕਿਹਾ ਜਾਂਦਾ ਸੀ, ਉੱਨੀਵੀਂ ਸਦੀ ਦੇ ਅੰਤ ਤੱਕ ਘਾਟੀ ਵਿਚ ਗੇੜ 'ਚ ਰਿਹਾ। 1822 ਵਿਚ ਉਨ੍ਹਾਂ ਨੂੰ ਸਿੱਖ ਰਾਜ ਦੇ ਉੱਤਰ-ਪੱਛਮ ਵੱਲ ਹਜ਼ਾਰਾਂ ਦੇ ਪਠਾਨ ਇਲਾਕੇ ਦੀ ਅਗਵਾਈ ਸੌਂਪ ਦਿੱਤੀ ਗਈ, ਜਿਥੇ ਉਹ 15 ਸਾਲਾਂ ਤੱਕ ਰਹੇ ਅਤੇ ਉਨ੍ਹਾਂ ਨੇ ਗੜਬੜੀ ਵਾਲੇ ਇਲਾਕੇ ਵਿਚ ਸ਼ਾਂਤੀ ਕਾਇਮ ਕੀਤੀ। ਉਨ੍ਹਾਂ ਨੇ ਡੋਰ ਨਦੀ ਦੇ ਖੱਬੇ ਕੰਢੇ 'ਤੇ, ਸਾਲਿਕ ਸਰਾਂ ਦੇ ਨੇੜੇ ਅਤੇ ਹਸਨ ਅਬਦਾਲ ਤੋਂ ਐਬਟਾਬਾਦ ਦੀ ਸੜਕ 'ਤੇ ਇਕ ਮਜ਼ਬੂਤ ਕਿਲ੍ਹਾ ਬਣਵਾਇਆ, ਜਿਸ ਦਾ ਨਾਂਅ ਅੱਠਵੇਂ ਗੁਰੂ ਦੇ ਸਤਿਕਾਰ ਵਜੋਂ ਹਰਕਿਸ਼ਨਗੜ੍ਹ ਰੱਖਿਆ। ਉਨ੍ਹਾਂ ਨੇ ਕਿਲ੍ਹੇ ਦੇ ਨਾਲ ਹੀ ਇਕ ਸ਼ਹਿਰ ਹਰੀਪੁਰ ਵਸਾਇਆ ਜੋ ਕਿ ਬਾਅਦ ਵਿਚ ਇਕ ਵੱਡੇ ਵਿਹਾਰਕ ਤੇ ਵਪਾਰਕ ਕੇਂਦਰ ਵਜੋਂ ਵਿਕਸਿਤ ਹੋਇਆ। ਇਸ ਸ਼ਹਿਰ ਦੀ ਵਿਉਂਤਬੰਦੀ ਬਹੁਤ ਹੀ ਉੱਤਮ ਢੰਗ ਨਾਲ ਕੀਤੀ ਗਈ ਅਤੇ ਇਹ ਸਭ ਕੁਝ ਸਰਦਾਰ ਹਰੀ ਸਿੰਘ ਦੀ ਸੂਝ-ਬੂਝ ਕਰਕੇ ਸੰਭਵ ਹੋਇਆ।
1834 ਵਿਚ ਸਰਦਾਰ ਹਰੀ ਸਿੰਘ ਨੇ ਅਖੀਰ ਪੇਸ਼ਾਵਰ 'ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਸਿੱਖ ਰਾਜ ਵਿਚ ਸ਼ਾਮਿਲ ਕਰ ਦਿੱਤਾ। ਦੋ ਸਾਲਾਂ ਬਾਅਦ ਉਨ੍ਹਾਂ ਨੇ ਖੈਬਰ ਪਾਸ ਦੇ ਉੱਤੇ ਜਮਰੌਂਦ ਦਾ ਕਿਲ੍ਹਾ ਬਣਵਾਇਆ ਅਤੇ ਉਸ ਰਾਹ ਨੂੰ ਉੱਤਰ-ਪੱਛਮ ਵੱਲੋਂ ਆ ਰਹੇ ਹਮਲਾਵਰਾਂ ਲਈ ਇਕ ਵਾਰੀ ਤਾਂ ਬੰਦ ਕਰ ਹੀ ਦਿੱਤਾ। ਉਨ੍ਹਾਂ ਦਾ ਉਸ ਇਲਾਕੇ ਵਿਚ ਐਨਾ ਤਕੜਾ ਪ੍ਰਭਾਵ ਸੀ ਕਿ ਪਠਾਨ ਔਰਤਾਂ ਆਪਣੇ ਬੱਚਿਆਂ ਨੂੰ ਸੁਆਉਣ ਲਈ ਕਿਹਾ ਕਰਦੀਆਂ ਸਨ-'ਚੁਪ ਸ਼ਾ ਬੱਚਾ, ਹਰੀਆ ਰਾਂਗਲੇ' (ਚੁਪ ਕਰ ਜਾ ਬੱਚੇ, ਹਰੀ ਸਿੰਘ ਆ ਰਿਹਾ ਹੈ)।
30 ਅਪ੍ਰੈਲ, 1837 ਨੂੰ ਅਫ਼ਗਾਨਾਂ ਨਾਲ ਹੋਈ ਗਹਿਗੱਚ ਲੜਾਈ ਵਿਚ ਸਰਦਾਰ ਹਰੀ ਸਿੰਘ ਨੂੰ ਗੋਲੀਆਂ ਨਾਲ ਗੰਭੀਰ ਜ਼ਖਮ ਅਤੇ ਛਾਤੀ 'ਤੇ ਦੋ ਚੀਰ ਲੱਗ ਗਏ। ਫਿਰ ਵੀ ਉਨ੍ਹਾਂ ਨੇ ਕਮਾਨ ਸੰਭਾਲੀ ਰੱਖੀ, ਜਦੋਂ ਤੱਕ ਉਨ੍ਹਾਂ ਨੂੰ ਇਕ ਪਾਸੇ 'ਤੇ ਗੋਲੀ ਨਾਲ ਇਕ ਡੂੰਘਾ ਜ਼ਖ਼ਮ ਨਹੀਂ ਹੋ ਗਿਆ। ਉਨ੍ਹਾਂ ਨੇ ਅਖੀਰਲੀ ਵਾਰ ਆਪਣੀ ਸਾਰੀ ਸ਼ਕਤੀ ਨੂੰ ਇਕੱਠਿਆਂ ਕੀਤਾ ਅਤੇ ਆਪਣੇ ਡੇਰੇ ਤੱਕ ਪਹੁੰਚਣ ਵਿਚ ਸਫ਼ਲ ਹੋਏ, ਜਿਥੋਂ ਉਨ੍ਹਾਂ ਨੂੰ ਕਿਲ੍ਹੇ ਵਿਚ ਲਿਜਾਇਆ ਗਿਆ। ਕਿਲ੍ਹੇ ਵਿਚ ਹੀ ਸ਼ਾਮ ਨੂੰ ਉਹ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਅਖੀਰਲੇ ਨਿਰਦੇਸ਼ ਸਨ ਕਿ ਉਨ੍ਹਾਂ ਦੀ ਮੌਤ ਨੂੰ ਮਹਾਰਾਜਾ ਦੀ ਫੌਜੀ ਟੁਕੜੀ ਦੇ ਆਉਣ ਤੱਕ ਜਨਤਕ ਨਾ ਕੀਤਾ ਜਾਵੇ।

(ਪੁਸਤਕ 'ਸਿੱਖ ਜਰਨੈਲ' 'ਚੋਂ ਧੰਨਵਾਦ ਸਹਿਤ)

ਵਿਗਿਆਨ ਪਹੇਲੀ

1. ਤਾਪਮਾਨ ਮਾਪਣ ਦੀ ਮਿਆਰੀ ਇਕਾਈ ਕੀ ਹੈ?
2. ਇਲੈਕਟ੍ਰਾਨ ਦੀ ਖੋਜ ਕਿਸ ਵਿਗਿਆਨੀ ਨੇ ਕੀਤੀ ਸੀ?
3. ਟਾਈਟੇਨੀਅਮ ਤੱਤ ਦੀ ਸ਼ੁੱਧੀ ਕਿਸ ਵਿਧੀ ਰਾਹੀਂ ਕੀਤੀ ਜਾਂਦੀ ਹੈ?
4. ਮਨੁੱਖ ਦੁਆਰਾ ਸਭ ਤੋਂ ਪਹਿਲਾਂ ਕਿਸ ਧਾਤ ਦੀ ਵਰਤੋਂ ਕੀਤੀ ਗਈ?
5. ਬਿਜਲੀ ਦੀ ਸਭ ਤੋਂ ਉੱਤਮ ਸੁਚਾਲਕ ਧਾਤ ਕਿਹੜੀ ਹੈ?
6. ਕਿਸ ਗ੍ਰਹਿ 'ਤੇ ਸੂਰਜ ਪੱਛਮ ਵਿਚੋਂ ਨਿਕਲਦਾ ਹੈ?
7. ਕਿਹੜਾ ਥਣਧਾਰੀ ਜੀਵ ਆਂਡੇ ਦਿੰਦਾ ਹੈ?
8. ਮਨੁੱਖੀ ਦਿਮਾਗ ਦਾ ਸਭ ਤੋਂ ਵੱਡਾ ਹਿੱਸਾ ਕਿਹੜਾ ਹੈ?
9. ਗਊ ਦੇ ਦੁੱਧ ਵਿਚ ਕਿਹੜਾ ਵਿਟਾਮਿਨ ਭਰਪੂਰ ਮਾਤਰਾ ਵਿਚ ਹੁੰਦਾ ਹੈ?
10. ਕਿਸ ਤਾਪਮਾਨ 'ਤੇ ਪਾਣੀ ਦੀ ਘਣਤਾ ਸਭ ਤੋਂ ਵੱਧ ਹੁੰਦੀ ਹੈ?
ਉੱਤਰ : (1) ਕੈਲਵਿਨ, (2) ਜੇ. ਜੇ. ਥਾਮਸਨ ਨੇ, (3) ਵਾਨ ਅਰਕਲ ਵਿਧੀ, (4) ਤਾਂਬਾ, (5) ਚਾਂਦੀ, (6) ਸ਼ੁੱਕਰ, (7) ਡਕਬਿਲ ਪਲੈਟੀਪਸ, (8) ਸੈਰੀਬ੍ਰਮ, (9) ਵਿਟਾਮਿਨ 'ਏ', (10) 403

-ਧਰਮਿੰਦਰ ਸ਼ਾਹਿਦ ਖੰਨਾ,
580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ (ਲੁਧਿਆਣਾ)। ਮੋਬਾ: 99144-00151

ਬਾਲ ਨਾਵਲ-27: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਮੈਂ ਤੈਨੂੰ ਇਕ ਗੱਲ ਸਮਝਾਵਾਂ, ਕਦੇ ਵੀ ਕਰਜ਼ਾ ਲੈ ਕੇ ਐਹੋ ਜਿਹੀ ਚੀਜ਼ ਨਾ ਲਵੋ, ਜਿਸ ਦੇ ਬਿਨਾਂ ਤੁਹਾਡਾ ਗੁਜ਼ਾਰਾ ਹੋ ਸਕਦਾ ਹੋਵੇ। ਮੈਨੂੰ ਕੋਈ ਗੱਲ ਸੁਣਾਉਂਦਾ ਸੀ ਕਿ ਫਲਾਣੇ ਮੁੰਡੇ ਨੇ ਵਿਆਹ ਕਰਾਉਣ ਤੋਂ ਪਹਿਲਾਂ ਕਿਸ਼ਤਾਂ 'ਤੇ ਮੋਟਰਸਾਈਕਲ ਲੈ ਆਂਦਾ। ਮੁਹੱਲੇ ਵਿਚ ਉਹ ਸਾਰਾ ਦਿਨ ਪੀਂ-ਪੀਂ ਕਰਦਾ ਰਹਿੰਦਾ। ਮੋਟਰਸਾਈਕਲ ਦੀਆਂ ਕਿਸ਼ਤਾਂ ਉਸ ਕੋਲੋਂ ਭਰੀਆਂ ਨਾ ਗਈਆਂ। ਵਿਆਹ ਤੋਂ ਬਾਅਦ ਦੋ ਮਹੀਨੇ ਉਹਨੇ ਵਹੁਟੀ ਨੂੰ ਖੂਬ ਘੁੰਮਾਇਆ-ਫਿਰਾਇਆ ਤਾਂ ਇਕ ਦਿਨ ਕੰਪਨੀ ਵਾਲੇ ਪੁਲਿਸ ਦੇ ਬੰਦੇ ਲੈ ਕੇ ਆਏ ਅਤੇ ਉਸ ਦਾ ਮੋਟਰਸਾਈਕਲ ਲੈ ਗਏ। ਮੁਹੱਲੇ ਵਿਚ ਉਸ ਦੀ ਬਦਨਾਮੀ ਤੇ ਹੋਣੀ ਹੀ ਸੀ, ਉਸ ਦੀ ਵਹੁਟੀ ਵੀ ਉਸ ਨਾਲ ਨਾਰਾਜ਼ ਹੋ ਕੇ ਪੇਕੇ ਜਾ ਬੈਠੀ। ਉਹ ਨਾ ਘਰ ਦਾ ਰਿਹਾ ਅਤੇ ਨਾ ਘਾਟ ਦਾ। ਸੋ ਪੁੱਤਰ, ਕਦੇ ਝੂਠੀ ਸ਼ੋਹਰਤ ਲਈ ਕਰਜ਼ਾ ਲੈ ਕੇ ਐਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ', ਮਾਤਾ ਜੀ ਨੂੰ ਪੈਸਿਆਂ ਤੋਂ ਬਿਨਾਂ ਨਵੇਂ ਸਾਈਕਲ ਵਾਲੀ ਗੱਲ ਹਜ਼ਮ ਨਹੀਂ ਸੀ ਹੋ ਰਹੀ।
'ਮਾਤਾ ਜੀ, ਤੁਸੀਂ ਫਿਕਰ ਨਾ ਕਰੋ, ਮੈਂ ਕੋਈ ਢੰਗ ਸੋਚਾਂਗਾ, ਜਿਸ ਨਾਲ ਉਨ੍ਹਾਂ ਨੂੰ ਹੌਲੀ-ਹੌਲੀ ਕਰਕੇ ਪੈਸੇ ਮੋੜ ਸਕਾਂ। ਹੁਣ ਤੁਸੀਂ ਮੈਨੂੰ ਰੋਟੀ ਪਾ ਦਿਓ, ਭੁੱਖ ਬੜੀ ਲੱਗ ਪਈ ਐ', ਹਰੀਸ਼ ਨੇ ਆਪਣੇ ਭੁੱਖੇ ਪੇਟ 'ਤੇ ਹੱਥ ਫੇਰਦਿਆਂ ਕਿਹਾ।
'ਚੱਲ ਪੁੱਤ, ਤੂੰ ਹੱਥ-ਮੂੰਹ ਧੋ ਅਤੇ ਮੈਂ ਓਨੀ ਦੇਰ ਤੈਨੂੰ ਗਰਮ-ਗਰਮ ਰੋਟੀ ਬਣਾ ਦੇਂਦੀ ਹਾਂ', ਇਹ ਕਹਿੰਦਿਆਂ ਸੁਮਨ ਰਸੋਈ ਵਿਚ ਚਲੀ ਗਈ।
ਹਰੀਸ਼ ਦੇ ਪੇਪਰ ਬਿਲਕੁਲ ਸਿਰ 'ਤੇ ਆ ਗਏ ਸਨ। ਉਹ ਜਿੰਨੀ ਵੱਧ ਤੋਂ ਵੱਧ ਮਿਹਨਤ ਕਰ ਸਕਦਾ ਸੀ, ਕਰ ਰਿਹਾ ਸੀ। ਉਸ ਦੇ ਵੀਰ ਜੀ ਅਤੇ ਵੀਰਾ ਜੀ ਵੀ ਸ਼ਾਮ ਦੀਆਂ ਕਲਾਸਾਂ ਵਿਚ ਬਹੁਤ ਮਿਹਨਤ ਕਰਵਾ ਰਹੇ ਸਨ। ਸਿਧਾਰਥ ਤਾਂ ਉਸ ਵੱਲ ਅਤੇ ਉਸ ਦੀਆਂ ਲੋੜਾਂ ਵੱਲ ਵੀ ਪੂਰਾ ਧਿਆਨ ਰੱਖਦਾ ਸੀ।
ਪੇਪਰ ਸ਼ੁਰੂ ਹੋ ਗਏ। ਹਰੀਸ਼ ਦਾ ਪਹਿਲਾ ਪੇਪਰ, ਜੋ ਅੰਗਰੇਜ਼ੀ ਦਾ ਸੀ, ਬਹੁਤ ਵਧੀਆ ਹੋ ਗਿਆ। ਸਿਧਾਰਥ ਰੋਜ਼ ਉਸ ਦੇ ਪੇਪਰ ਬਾਰੇ ਪੂਰੇ ਵਿਸਥਾਰ ਵਿਚ ਪੁੱਛਦਾ ਅਤੇ ਅਗਲੇ ਪੇਪਰ ਦੀ ਤਿਆਰੀ ਕਰਵਾਉਂਦਾ। ਹੌਲੀ-ਹੌਲੀ ਸਾਰੇ ਪੇਪਰ ਹੋ ਗਏ। ਹਰੀਸ਼ ਨੂੰ ਆਪਣੇ ਸਾਰੇ ਪੇਪਰਾਂ ਦੀ ਤਸੱਲੀ ਸੀ ਕਿ ਠੀਕ ਹੋ ਗਏ ਹਨ।
ਪੇਪਰਾਂ ਤੋਂ ਬਾਅਦ ਕੁਝ ਦਿਨ ਛੁੱਟੀਆਂ ਸਨ। ਹਰੀਸ਼ ਨੇ ਛੁੱਟੀਆਂ ਦੇ ਪਹਿਲੇ ਦਿਨ ਹੀ ਬਾਜ਼ਾਰੋਂ ਵੱਡੇ ਪੈਕੇਟ ਗੋਲੀਆਂ-ਟਾਫੀਆਂ ਦੇ ਲਿਆ ਕੇ ਛੋਟੇ ਪੈਕੇਟ ਬਣਾਉਣੇ ਸ਼ੁਰੂ ਕਰ ਦਿੱਤੇ। ਕੁਝ ਦੇਰ ਤੋਂ ਉਹ ਐਤਵਾਰ ਜਾਂ ਕਿਸੇ ਛੁੱਟੀ ਵਾਲੇ ਦਿਨ ਸਵੇਰ ਵੇਲੇ ਹੀ ਗੋਲੀਆਂ-ਟਾਫੀਆਂ ਵੇਚਣ ਚਲਾ ਜਾਂਦਾ ਸੀ। ਮਹੀਨੇ ਵਿਚ ਇਕ ਵਾਰੀ ਉਸ ਦੇ ਵੀਰ ਜੀ ਉਸ ਕੋਲੋਂ ਵੱਡੇ ਪੈਕੇਟ ਖਰੀਦ ਲੈਂਦੇ ਸਨ, ਜੋ ਉਹ ਬੱਚਿਆਂ ਨੂੰ ਵੰਡਦੇ ਰਹਿੰਦੇ। ਹੁਣ ਉਸ ਦੇ ਸਿਰ ਤੋਂ ਪੇਪਰਾਂ ਦਾ ਬੋਝ ਹਟ ਗਿਆ ਸੀ, ਇਸ ਲਈ ਉਹ ਰੋਜ਼ ਸਵੇਰੇ ਸਾਈਕਲ 'ਤੇ ਖੱਟੀਆਂ-ਮਿੱਠੀਆਂ ਗੋਲੀਆਂ ਅਤੇ ਚਾਕਲੇਟ ਵਾਲੀਆਂ ਟਾਫੀਆਂ ਵੇਚਣ ਜਾਂਦਾ। ਸਾਈਕਲ 'ਤੇ ਜਾਣ ਕਰਕੇ ਉਸ ਨੂੰ ਥਕਾਵਟ ਘੱਟ ਹੁੰਦੀ ਅਤੇ ਉਹ ਓਨੇ ਹੀ ਵਕਤ ਵਿਚ ਜ਼ਿਆਦਾ ਇਲਾਕਿਆਂ ਵਿਚ ਚਲਾ ਜਾਂਦਾ। (ਚਲਦਾ)

404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਗੀਤ: ਸਕੂਲ ਮੈਨੂੰ ਭੇਜ ਬਾਬਲਾ

ਅਸੀਂ ਪੜ੍ਹ-ਲਿਖ ਬਣਨਾ ਸਿਆਣੇ,
ਸਕੂਲ ਮੈਨੂੰ ਭੇਜ ਬਾਬਲਾ।
ਸਾਰੇ ਜਾਂਦੇ ਆ ਸਕੂਲ ਨੂੰ ਨਿਆਣੇ,
ਸਕੂਲ ਮੈਨੂੰ ਭੇਜ ਬਾਬਲਾ।
ਮੇਰੇ ਨਾਲ ਦੀਆਂ ਜਾਂਦੀਆਂ ਤਿਆਰ ਹੋ ਕੇ ਰੋਜ਼।
ਕੰਨੂ, ਏਕਮ, ਸਲੋਨੀ, ਜਸਮੀਤ ਤੇ ਸਰੋਜ।
ਜਾਣ 'ਕੱਠੇ ਹੋ ਕੇ ਬੱਚੇ ਬੀਬੇ ਰਾਣੇ,
ਸਕੂਲ ਮੈਨੂੰ........।
ਰਹਿ ਗਈ ਜੇ ਮੈਂ ਬਾਬਲਾ ਕਿਤੇ ਅਨਪੜ੍ਹ ਵੇ।
ਕਿਥੋਂ ਦਏਂਗਾ ਟੋਲ ਕੇ ਤੂੰ ਮੈਨੂੰ ਚੰਗਾ ਘਰ ਵੇ।
ਅਨਪੜ੍ਹਾਂ ਨੂੰ ਤਾਂ ਪੈਂਦੇ ਧੱਕੇ ਖਾਣੇ,
ਸਕੂਲ ਮੈਨੂੰ...........।
ਪੜ੍ਹ-ਲਿਖ ਨਾਂਅ ਤੇਰਾ ਰੌਸ਼ਨ ਮੈਂ ਕਰੂੰਗੀ।
'ਨੇਹਾ' ਦੀਦੀ ਵਾਂਗੂੰ ਫਿਰ ਨੌਕਰੀ ਮੈਂ ਕਰੂੰਗੀ।
ਜਾਇਆ ਕਰੂੰ ਪਾ ਕੇ ਵਧੀਆ ਮੈਂ ਬਾਣੇ,
ਸਕੂਲ ਮੈਨੂੰ ਭੇਜ ਬਾਬਲਾ,
ਅਸੀਂ ਪੜ੍ਹ-ਲਿਖ ਬਣਨਾ ਸਿਆਣੇ.......।

-ਨੇਹਾ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)। ਮੋਬਾ: 97790-43348

ਬਾਲ ਸਾਹਿਤ

ਬਾਬਾ ਪੋਤਾ-5-6
ਜੀਵਨੀ
ਸ਼ਹੀਦ ਮਦਨ ਲਾਲ ਢੀਂਗਰਾ
ਤੇ
ਸ਼ਹੀਦ ਕਰਤਾਰ ਸਿੰਘ ਸਰਾਭਾ
ਲੇਖਕ : ਅਵਤਾਰ ਸਿੰਘ ਸੰਧੂ
ਪ੍ਰਕਾਸ਼ਕ : ਦੋਆਬਾ ਸਾਹਿਤ ਸਭਾ (ਰਜਿ:), ਗੜ੍ਹਸ਼ੰਕਰ।
ਛਾਪਕ : ਯੂਨੀਸਟਾਰ ਬੁੱਕਸ, ਮੁਹਾਲੀ।
ਮੁੱਲ : 50 ਰੁਪਏ, ਪੰਨੇ : 40
ਸੰਪਰਕ : 99151-82971

ਅਵਤਾਰ ਸਿੰਘ ਸੰਧੂ ਹੁਣ ਤੱਕ ਬਾਲਾਂ ਲਈ 46 ਪੁਸਤਕਾਂ ਰਚ ਚੁੱਕੇ ਹਨ। ਬਾਬਾ-ਪੋਤਾ ਲੜੀ ਵਿਚ ਇਹ ਉਨ੍ਹਾਂ ਦੀ 5ਵੀਂ ਅਤੇ 6ਵੀਂ ਪੁਸਤਕ ਹੈ, ਜਿਸ ਬਾਰੇ ਅਸੀਂ ਚਰਚਾ ਕਰ ਰਹੇ ਹਾਂ। ਲੇਖਕ ਆਪਣੇ ਪੋਤੇ ਰਣਜੀਤ ਨਾਲ ਬੜੇ ਖੂਬਸੂਰਤ ਢੰਗ ਨਾਲ ਸਾਡੇ ਦੇਸ਼ ਦੀ ਆਜ਼ਾਦੀ ਲਈ ਹੋਏ ਸੰਘਰਸ਼ ਵਿਚ ਸ਼ਹੀਦਾਂ ਬਾਰੇ ਸੰਵਾਦ ਰਚਾਉਂਦਾ ਹੈ, ਜੋ ਬਹੁਤ ਹੀ ਦਿਲਚਸਪ ਹੁੰਦਾ ਹੈ। ਇਨ੍ਹਾਂ ਪੁਸਤਕਾਂ ਵਿਚ ਲੇਖਕ ਨੇ ਸ਼ਹੀਦ ਮਦਨ ਲਾਲ ਢੀਂਗਰਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ 'ਤੇ ਵਿਸਥਾਰ ਵਿਚ ਚਾਨਣਾ ਪਾਇਆ ਹੈ।
ਦੋਵੇਂ ਹੀ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ ਅਤੇ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਬਣੇ। ਆਪਣੀ ਭਰ ਜਵਾਨੀ ਵਿਚ ਉਨ੍ਹਾਂ ਨੇ ਦੇਸ਼ ਲਈ ਵੱਡੇ ਕੰਮ ਕੀਤੇ। ਉਨ੍ਹਾਂ ਦੀਆਂ ਸ਼ਹੀਦੀਆਂ ਦੇਸ਼ ਤੇ ਕੌਮ ਲਈ ਮਹੱਤਵਪੂਰਨ ਹਨ।
ਸ: ਅਵਤਾਰ ਸਿੰਘ ਸੰਧੂ ਵੱਲੋਂ ਦੇਸ਼ ਭਗਤਾਂ ਦੀਆਂ ਜੀਵਨੀਆਂ ਸਬੰਧੀ ਬਾਲਾਂ ਲਈ ਅਣਮੋਲ ਜਾਣਕਾਰੀ ਪ੍ਰਦਾਨ ਕਰਨਾ ਇਕ ਬਹੁਤ ਹੀ ਚੰਗਾ ਉਪਰਾਲਾ ਹੈ। ਉਮੀਦ ਕਰਦੇ ਹਾਂ ਕਿ ਉਹ ਆਪਣੇ ਯਤਨ ਇਸੇ ਤਰ੍ਹਾਂ ਜਾਰੀ ਰੱਖਣਗੇ ਅਤੇ ਬਾਲਾਂ ਲਈ ਸ਼ਹੀਦਾਂ ਦੀਆਂ ਜੀਵਨੀਆਂ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਉਪਰਾਲੇ ਕਰਦੇ ਰਹਿਣਗੇ।

-ਹਰਜਿੰਦਰ ਸਿੰਘ
ਮੋਬਾ: 98726-60161

ਰਲ-ਮਿਲ ਗੀਟੇ ਖੇਲੀਏ

ਆਓ ਸਹੇਲੀਓ ਨੀ, ਮੁੜ ਆਓ, ਰਲ-ਮਿਲ ਗੀਟੇ ਖੇਲੀਏ।
ਬਚਪਨ ਦੇ ਉਨ੍ਹਾਂ ਚਾਵਾਂ ਨੂੰ ਮੁੜ ਜਵਾਨੀ ਨਾਲ ਮੇਲੀਏ।
ਬਚਪਨ ਦਾ ਉਹ ਰੁੱਸਣਾ ਤੇ ਫਿਰ ਮਨਾਉਣਾ,
ਤਰਲੇ ਕਰਕੇ ਖੇਲ ਨੂੰ ਅੱਗੇ ਵਧਾਉਣਾ।
ਬਚਪਨ ਦੇ ਜੋ ਰੁਲ ਗਏ ਚਾਅ ਉਨ੍ਹਾਂ ਨੂੰ ਮੁੜ ਸਮੇਟੀਏ,
ਆਓ ਸਹੇਲੀਓ ਨੀ, ਮੁੜ ਆਓ, ਰਲ-ਮਿਲ ਗੀਟੇ ਖੇਡੀਏ।
ਪਹਿਲੇ ਰਲ-ਮਿਲ ਮਿੱਟੀ 'ਚ ਸੀ ਜੋ ਖੇਡਦੇ,
ਅੱਜਕਲ੍ਹ ਅੰਦਰੋ-ਅੰਦਰੀ ਬੂਹੇ ਨੇ ਭੇੜਦੇ।
ਜਿਨ੍ਹਾਂ ਹੱਥਾਂ ਵਿਚ ਹੁੰਦੇ ਸੀ ਗੀਟੇ, ਅੱਜ ਉਨ੍ਹਾਂ ਵਿਚ ਫੋਨ ਅਸੀਂ ਵੇਖਦੇ।
ਜਿਨ੍ਹਾਂ ਉਂਗਲਾਂ ਨਾਲ ਚੁੱਕਦੇ ਸੀ ਗੀਟੇ,
ਉਨ੍ਹਾਂ ਉਂਗਲਾਂ 'ਚ ਫੋਨ ਦੇ ਬਟਨ ਨੇ ਖੇਲਦੇ।
ਦੱਬੇ ਗਏ ਚਾਅ ਜੋ ਸਾਡੇ ਆਓ ਮਨਾਂ 'ਚੋਂ ਕੱਢੀਏ,
ਆਓ ਸਹੇਲੀਓ ਨੀਂ ਮੁੜ ਆਓ, ਰਲ-ਮਿਲ ਗੀਟੇ ਖੇਡੀਏ।
ਜਿਨ੍ਹਾਂ ਪੰਜ ਗੀਟਿਆਂ 'ਚ ਸੀ ਪੂਰੀਆਂ ਸਹੇਲੀਆਂ ਦਾ ਪਿਆਰ ਡੁੱਲ੍ਹਦਾ,
ਉਨ੍ਹਾਂ ਪੰਜ ਗੀਟਿਆਂ ਨੂੰ ਅੱਜ ਕੋਈ ਵੀ ਨ੍ਹੀਂ ਗਿਣਦਾ।
ਰੁਲ ਗਏ ਅੱਜ ਉਹ ਗੀਟੇ, ਆਓ ਮਿੱਟੀ 'ਚੋਂ ਲੱਭੀਏ।
ਆਓ ਸਹੇਲੀਓ ਨੀਂ, ਮੁੜ ਆਓ, ਰਲ-ਮਿਲ ਗੀਟੇ ਖੇਡੀਏ।

-ਸੰਦੀਪ ਕੌਰ,
ਪੰਜਾਬੀ ਅਧਿਆਪਕਾ, ਸਟਾਰ ਪਬਲਿਕ ਸਕੂਲ, ਮੁਕੇਰੀਆਂ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX