ਤਾਜਾ ਖ਼ਬਰਾਂ


ਸਵ. ਰਾਜੀਵ ਗਾਂਧੀ ਦੀ ਹੱਤਿਆ ਕਾਂਡ ਦੀ ਦੋਸ਼ੀ ਐੱਸ ਨਲਿਨੀ ਦੀ ਪੈਰੋਲ ਵਧੀ
. . .  1 day ago
ਸੂਬੇ ਦੀ ਕੈਪਟਨ ਸਰਕਾਰ ਵੱਲੋਂ 12 ਹੋਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਲਗਾਉਣ ਦੀ ਤਿਆਰੀ
. . .  1 day ago
ਪਠਾਨਕੋਟ ,22 ਅਗਸਤ (ਸੰਧੂ)- ਸੂਬੇ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੇ 12 ਹੋਰ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਭੂਤੀ ਸ਼ਰਮਾ ...
ਸ਼ਾਹਕੋਟ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਇੱਕ ਵਾਰ ਫਿਰ ਸਹਿਮ
. . .  1 day ago
ਸ਼ਾਹਕੋਟ, 22 ਅਗਸਤ (ਬਾਂਸਲ, ਸਚਦੇਵਾ)- ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਭਾਵੇਂ ਘਟ ਰਿਹਾ ਹੈ ਪਰ ਪਿੰਡ ਬਾਊਪੁਰ ਨੇੜੇ ਦਰਿਆ ਦੇ ਪਾਣੀ ਦਾ ਵਹਾਅ ਬੰਨ੍ਹ ਵੱਲ ਹੋਣ ਕਾਰਨ ਬੰਨ੍ਹ ਅੰਦਰ ਬਣੀ ਨੋਚ ਨੂੰ ...
ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾ ਕੇ ਦੋ ਖਿਡਾਰੀਆਂ ਨੂੰ ਕੀਤੀ ਜ਼ਖਮੀ
. . .  1 day ago
ਜੈਤੋ, 22 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਰਾਤ ਕਰੀਬ 8 ਵਜੇ ਪਿੰਡ ਮੱਤਾ ਤੋਂ ਅਜਿੱਤ ਗਿੱਲ ਨੂੰ ਆ ਰਹੇ ਦੋ ਕਬੱਡੀ ਖਿਡਾਰੀਆਂ 'ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਕੇ ਗੰਭੀਰ ਰੂਪ ਵਿਚ ...
ਫ਼ਾਜ਼ਿਲਕਾ ਦੇ 13 ਸਰਹੱਦੀ ਪਿੰਡਾ ਨੂੰ ਸਤਲੁਜ ਦਰਿਆ ਦੇ ਪਾਣੀ ਨੇ ਘੇਰਿਆ
. . .  1 day ago
ਫ਼ਾਜ਼ਿਲਕਾ, 22 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਵੱਖ ਵੱਖ ਹਿੱਸਿਆ ਵਿਚ ਤਬਾਹੀ ਮਚਾਉਣ ਤੋ ਬਾਅਦ ਹੁਣ ਸਤਲੁਜ ਦਰਿਆ ਦੇ ਪਾਣੀ ਨੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾ ਨੂੰ ਆਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਫ਼ਾਜ਼ਿਲਕਾ ਦੇ ...
ਪੀ ਚਿਦੰਬਰਮ ਦਾ 26 ਅਗਸਤ ਤੱਕ ਸੀ ਬੀ ਆਈ ਰਿਮਾਂਡ
. . .  1 day ago
ਜੰਮੂ-ਕਸ਼ਮੀਰ : ਸੁੰਦਰਬਨੀ 'ਚ ਪਾਕਿਸਤਾਨ ਪਾਸੇ ਤੋਂ ਗੋਲਾਬਾਰੀ
. . .  1 day ago
ਕੇਂਦਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਵੱਲੋਂ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਦੀ ਸਮੀਖਿਆ
. . .  1 day ago
ਫ਼ਤਿਹਗੜ੍ਹ ਸਾਹਿਬ, 22 ਅਗਸਤ (ਅਰੁਣ ਆਹੂਜਾ)-ਪਾਣੀ ਦੀ ਸੰਭਾਲ ਲਈ ਚਲਾਏ ਗਏ ਜਲ ਸ਼ਕਤੀ ਅਭਿਆਨ ਨੂੰ ਸਫਲ ਬਣਾਉਣ ਲਈ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਣਾ ਯਕੀਨੀ ...
ਖੂਹ 'ਚ ਬਣੀ ਗੈਸ ਚੜ੍ਹਨ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  1 day ago
ਫਿਲੌਰ, 22 ਅਗਸਤ ( ਸੁਰਜੀਤ ਸਿੰਘ ਬਰਨਾਲਾ )-ਫਿਲੌਰ ਦੇ ਨਜ਼ਦੀਕੀ ਪਿੰਡ ਗੜ੍ਹਾਂ ਵਿਖੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਖੂਹ 'ਚ ਦੀ ਗੈੱਸ ਚੜ੍ਹਨ ਨਾਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ...
ਰੌਕਸੀ ਚਾਵਲਾ ਦੀ ਲਾਸ਼ 24 ਨੂੰ ਭਾਰਤ ਪੁੱਜਣ ਦੀ ਆਸ
. . .  1 day ago
ਕੋਟਕਪੂਰਾ,22 ਅਗਸਤ (ਮੋਹਰ ਸਿੰਘ ਗਿੱਲ)- ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ ਵਸਨੀਕ ਨੌਜਵਾਨ ਰੌਕਸੀ ਚਾਵਲਾ (23) ਦੀ ਬੀਤੇ ਦਿਨੀਂ ਕੈਨੇਡਾ ਵਿਖੇ ਸ਼ੱਕੀ ਹਾਲਤਾਂ ਵਿਚ ਮੌਤ ਹੋ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਲੰਮੇ ਇਤਿਹਾਸ ਦੀ ਗਵਾਹ ਹੈ ਚੱਠਮ ਸਾਅ ਮਿੱਲ

ਇਕ ਵਿਸ਼ਾਲ ਹਾਲ ਵਾਲੀ ਵਰਕਸ਼ਾਪ ਜਿਸ ਵਿਚ ਇਕ ਸਦੀ ਪੁਰਾਣੀਆਂ ਮਸ਼ੀਨਾਂ, ਵੱਡੇ-ਵੱਡੇ ਤਹਿਖ਼ਾਨੇ ਜਿਨ੍ਹਾਂ ਵਿਚ ਜ਼ਮੀਨ ਤੋਂ ਲੈ ਕੇ ਛੱਤ ਤੱਕ ਲੱਕੜੀ ਦੇ ਫੱਟੇ ਅਤੇ ਸ਼ਤੀਰੀਆਂ ਦੇ ਢੇਰ ਲੱਗੇ ਹਨ, ਇਕ ਵੱਡਾ ਗੋਦਾਮ ਜੋ ਸਭ ਤੋਂ ਪਹਿਲਾਂ ਅੰਡੇਮਾਨ ਭੇਜੇ ਗਏ ਕਾਲੇ ਪਾਣੀ ਦੀ ਸਜ਼ਾ ਵਾਲੇ 200 ਸੁਤੰਤਰਤਾ ਸੈਨਾਨੀਆਂ ਨੇ ਮਿੱਲ ਦੀ ਸ਼ੁਰੂਆਤ ਵਿਚ ਬਣਾਇਆ ਸੀ | ਇਹ ਹੈ 'ਚੱਠਮ ਸਾਅ ਮਿੱਲ' (ਚੱਠਮ ਲੱਕੜੀ ਦਾ ਆਰਾ) ਏਸ਼ੀਆ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਲੱਕੜੀ ਦਾ ਆਰਾ ਪਰ ਚੱਠਮ ਦੀ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿਚ ਵਿਸ਼ੇਸ਼ ਥਾਂ ਇਸ ਲਈ ਹੈ ਕਿਉਂਕਿ ਇਸ ਨੇ ਸੰਨ 1883 ਤੋਂ ਲੈ ਕੇ ਅੱਜ ਤੱਕ ਬੜੀ ਸਹਿਣਸ਼ੀਲਤਾ ਨਾਲ ਭਾਰਤ ਦੇ ਇਤਿਹਾਸ ਵਿਚ ਯੋਗਦਾਨ ਪਾਇਆ ਹੈ |
ਅੰਡੇਮਾਨ ਨਿਕੋਬਾਰ ਟਾਪੂਆਂ ਦੀ ਰਾਜਧਾਨੀ ਪੋਰਟ ਬਲੇਅਰ ਤੋਂ ਕੇਵਲ 3 ਕਿਲੋਮੀਟਰ ਦੀ ਦੂਰੀ 'ਤੇ 'ਚੱਠਮ ਟਾਪੂ' ਸਥਿਤ ਹੈ ਅਤੇ ਇਸ ਸਾਰੇ ਟਾਪੂ 'ਤੇ ਸਿਰਫ਼ ਇਕ ਲੱਕੜ ਦਾ ਆਰਾ ਹੀ ਹੈ | ਮੌਜੂਦਾ ਸਮੇਂ ਵਿਚ ਚੱਠਮ ਟਾਪੂ ਪੋਰਟ ਬਲੇਅਰ ਨਾਲ 100 ਮੀਟਰ ਲੰਮੇ ਕੰਕਰੀਟ ਦੇ ਪੁਲ ਨਾਲ ਜੁੜਿਆ ਹੋਇਆ ਹੈ | ਇਹ ਪੁਲ ਪਹਿਲਾਂ ਲੱਕੜ ਦਾ ਹੋਇਆ ਕਰਦਾ ਸੀ |
ਅਸਲ ਵਿਚ ਇਸ ਆਰੇ ਦੀ ਕਹਾਣੀ 1788 ਵਿਚ ਲੈਫ਼ਟੀਨੈਂਟ ਆਰਚੀ ਬਲੇਅਰ ਦੀ ਪੋਰਟ ਬਲੇਅਰ (ਪਹਿਲਾ ਨਾਂਅ ਪੋਰਟ ਕਾਰਨੀਵਲਜ਼) ਆਮਦ ਨਾਲ ਸ਼ੁਰੂ ਹੁੰਦੀ ਹੈ | ਬਲੇਅਰ ਨੂੰ ਅੰਗਰੇਜ਼ੀ ਸ਼ਾਸਨ ਨੇ ਨੇਵਲ ਬੇਸ ਅਤੇ ਕੈਦੀਆਂ ਦੀ ਦੰਡ ਵਿਵਸਥਾ ਬਣਾਉਣ ਲਈ ਅੰਡੇਮਾਨ ਨਿਕੋਬਾਰ ਟਾਪੂਆਂ 'ਤੇ ਸਰਵੇਖਣ ਕਰਨ ਲਈ ਭੇਜਿਆ ਗਿਆ ਸੀ | ਤਿੰਨ ਮਹੀਨੇ ਦੇ ਸਰਵੇਖਣ ਤੋਂ ਬਾਅਦ ਬਲੇਅਰ ਨੇ 12 ਏਕੜ ਵਾਲੇ ਇਕ ਛੋਟੇ ਜਿਹੇ ਟਾਪੂ ਨੂੰ ਇਸ ਕੰਮ ਲਈ ਉਚਿਤ ਸਮਝਿਆ ਅਤੇ ਆਪਣੀ ਰਿਪੋਰਟ ਪੇਸ਼ ਕੀਤੀ | ਰਿਪੋਰਟ ਦੀ ਮਨਜ਼ੂਰੀ 'ਤੇ ਬਲੇਅਰ ਨੇ ਇਥੇ ਦਰੱਖਤਾਂ ਦੀ ਸਫ਼ਾਈ ਅਤੇ ਕਟਾਈ-ਵਢਾਈ ਸ਼ੁਰੂ ਕੀਤੀ | ਉਸ ਨੇ ਇਥੇ ਇਕ ਛੋਟਾ ਜਿਹਾ ਹਸਪਤਾਲ ਅਤੇ ਸੜਕ ਵੀ ਬਣਵਾਈ ਅਤੇ ਸਮੁੰਦਰੀ ਜਹਾਜ਼ਾਂ ਦੇ ਆਉਣ-ਜਾਣ ਲਈ ਲੋੜੀਂਦੀਆਂ ਸਹੂਲਤਾਂ ਦਾ ਵੀ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੱਤਾ |
ਇਸ ਟਾਪੂ ਦਾ ਨਾਂਅ 'ਚੱਠਮ' ਕਿਵੇਂ ਪਿਆ, ਇਸ ਸਬੰਧੀ ਇਹੀ ਮੰਨਿਆ ਜਾਂਦਾ ਹੈ ਕਿ ਇਸ ਦਾ ਨਾਂਅ ਇੰਗਲੈਂਡ ਵਿਚ ਸਥਿਤ ਛੋਟੇ ਸਮੁੰਦਰੀ ਜਹਾਜ਼ਾਂ ਦੇ ਠਹਿਰਾਅ ਲਈ ਬਣੇ ਘਾਟ ਜਿਸ ਦਾ ਨਾਂਅ ਚੱਠਮ ਸੀ, ਦੇ ਨਾਂਅ 'ਤੇ ਹੀ ਰੱਖਿਆ ਗਿਆ |
ਅੰਡੇਮਾਨ ਇਕ ਜੰਗਲ ਭਰਪੂਰ ਖੇਤਰ ਸੀ | ਇਸ ਲਈ ਅੰਗਰੇਜ਼ੀ ਸ਼ਾਸਨ ਦਾ ਇਰਾਦਾ ਇਥੋਂ ਦੁਨੀਆ ਭਰ ਵਿਚ ਲੱਕੜੀ ਦਾ ਵਪਾਰ ਸ਼ੁਰੂ ਕਰਨਾ ਸੀ, ਇਸ ਲਈ ਇਥੇ 1883 ਵਿਚ ਲੱਕੜ ਦਾ ਆਰਾ ਲਗਾਇਆ ਗਿਆ |
ਇਸ ਮਿੱਲ ਦੀ ਸਮਰੱਥਾ ਸਾਲ ਵਿਚ ਵੀਹ ਹਜ਼ਾਰ ਲੱਕੜੀਆਂ ਚੀਰਨ ਦੀ ਸੀ | ਇਸ ਨਾਲ ਅੰਗਰੇਜ਼ੀ ਸ਼ਾਸਨ ਵਲੋਂ ਨਾ ਕੇਵਲ ਟਾਪੂ ਦੀ ਲੱਕੜੀ ਦੀਆਂ ਸਥਾਨਕ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਸਨ, ਸਗੋਂ ਦੁਨੀਆ ਦੇ ਉਸ ਸਮੇਂ ਦੇ ਵੱਡੇ ਸ਼ਹਿਰਾਂ ਜਿਵੇਂ ਨਿਊਯਾਰਕ ਅਤੇ ਲੰਡਨ ਆਦਿ ਦੀਆਂ ਲੱਕੜ ਦੀਆਂ ਲੋੜਾਂ ਵੀ ਇਥੋਂ ਹੀ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ |
ਇਥੋਂ ਤੱਕ ਕਿ ਬਕਿੰਘਮ ਮਹੱਲ (ਮੌਜੂਦਾ ਸਮੇਂ ਰਾਣੀ ਐਲਿਜ਼ਾਬੇਥ-99 ਦਾ ਮਹੱਲ) ਦੀਆਂ ਕੰਧਾਂ 'ਤੇ 'ਵਾਲ ਪੈਨੇਲਿੰਗ' ਅੰਡੇਮਾਨ ਦੀ ਪਾਦਕ ਲੱਕੜੀ ਨਾਲ ਹੀ ਬਣੀ ਹੋਈ ਹੈ ਜਿਸ ਦੀ ਕਟਾਈ-ਵਢਾਈ ਚੱਠਮ ਆਰੇ ਵਿਚ ਹੀ ਕੀਤੀ ਗਈ ਸੀ | ਅੱਜ ਇਸ ਮਿੱਲ ਦੀ ਸਾਂਭ-ਸੰਭਾਲ ਭਾਰਤ ਦੇ ਵਣ ਅਤੇ ਵਾਤਾਵਰਨ ਵਿਭਾਗ ਵਲੋਂ ਕੀਤੀ ਜਾਂਦੀ ਹੈ ਅਤੇ ਇਹ ਕੇਵਲ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀਆਂ ਲੱਕੜੀ ਦੀਆਂ ਲੋੜਾਂ ਹੀ ਪੂਰੀਆਂ ਕਰਦੀ ਹੈ |
ਮਿੱਲ ਵਿਚ ਅੱਜ ਵੀ ਕਰੀਬ 750 ਕਾਮੇ ਹਨ | ਦੂਸਰੇ ਵਿਸ਼ਵ ਯੁੱਧ ਦੌਰਾਨ ਅੰਡੇਮਾਨ ਨਿਕੋਬਾਰ ਟਾਪੂਆਂ 'ਤੇ ਜਾਪਾਨੀਆਂ ਦਾ ਸੰਨ 1942 ਤੋਂ 1945 ਤੱਕ ਕਬਜ਼ਾ ਰਿਹਾ ਹੈ | ਉਸ ਸਮੇਂ ਜਾਪਾਨੀ ਹਵਾਈ ਸੈਨਾ ਨੇ ਇਸ ਮਿੱਲ 'ਤੇ ਭਾਰੀ ਬੰਬਾਰੀ ਕੀਤੀ, ਜਿਸ ਨਾਲ ਆਰੇ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਕਈ ਕਾਮਿਆਂ ਦੀ ਜਾਨ ਵੀ ਗਈ | ਅੱਜ ਵੀ ਮਿੱਲ ਵਿਚ ਇਸ ਬੰਬਾਰੀ ਦੌਰਾਨ ਪਿਆ ਵਿਸ਼ਾਲ ਖੱਡਾ ਦੇਖਿਆ ਜਾ ਸਕਦਾ ਹੈ |
ਇਸ ਮਿੱਲ ਦੇ ਵੱਖ-ਵੱਖ ਵਿਭਾਗ ਹਨ ਜੋ ਇਸ ਦੀ ਸ਼ੁਰੂਆਤ ਤੋਂ ਹੀ ਚੱਲ ਰਹੇ ਹਨ | 'ਲਾਗ ਡਿਪੂ' ਜੰਗਲਾਂ ਤੋਂ ਲਿਆਂਦੀਆਂ ਗਈਆਂ ਵੱਖ-ਵੱਖ ਲੱਕੜਾਂ ਅਤੇ ਦਰੱਖਤਾਂ ਦੇ ਤਣਿਆਂ ਨੂੰ ਗਰੇਡਿੰਗ ਮੁਤਾਬਕ ਵੱਖ-ਵੱਖ ਕਰਦਾ ਹੈ | ਫਿਰ ਮਿੱਲ ਵਿਭਾਗ ਵਿਚ ਇਨ੍ਹਾਂ ਦੀ ਜ਼ਰੂਰਤ ਅਨੁਸਾਰ ਵੱਖ-ਵੱਖ ਆਕਾਰ ਵਿਚ ਕਟਾਈ ਕੀਤੀ ਜਾਂਦੀ ਹੈ | ਇਸ ਤੋਂ ਬਾਅਦ 'ਟਿੰਬਰ ਪ੍ਰੋਸੈਸਿੰਗ ਯੂਨਿਟ' ਵਿਚ ਇਨ੍ਹਾਂ ਦੀ ਸੀਜ਼ਨਿੰਗ ਅਤੇ ਸੁਰੱਖਿਅਤ ਰੱਖਣ ਲਈ ਟਰੀਟਮੈਂਟ ਕੀਤਾ ਜਾਂਦਾ ਹੈ, ਜਿਸ ਨਾਲ ਲੱਕੜ ਦੀ ਮਜ਼ਬੂਤੀ ਅਤੇ ਹੰਢਣਸਾਰਤਾ ਵਧਾਈ ਜਾਂਦੀ ਹੈ ਅਤੇ ਇਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦਾ ਸਾਮਾਨ ਬਣਾਉਣ ਲਈ ਇਸ ਨੂੰ ਮਾਹਿਰ ਕਾਰੀਗਰਾਂ ਕੋਲ ਭੇਜਿਆ ਜਾਂਦਾ ਹੈ |
ਇਸ ਤਰ੍ਹਾਂ ਇਸ ਮਿੱਲ ਵਿਚ ਬਣਾਇਆ ਗਿਆ ਸਾਮਾਨ ਜਿਥੇ ਬਨਾਵਟ ਅਨੁਸਾਰ ਮਜ਼ਬੂਤ ਅਤੇ ਸੋਹਣਾ ਹੁੰਦਾ ਹੈ, ਉਥੇ ਇਹ ਲੋਕਾਂ ਦੇ ਘਰਾਂ ਦੀ ਸ਼ਾਨ ਵੀ ਬਣਦਾ ਹੈ |


ਖ਼ਬਰ ਸ਼ੇਅਰ ਕਰੋ

ਪੁਰਾਤਨ ਸੱਭਿਆਚਾਰ ਅਤੇ ਵਿਆਹ-ਸ਼ਾਦੀਆਂ

ਸਾਡੇ ਕੁੱਲ ਪੰਜਾਬੀ ਅਤੇ ਪੰਜਾਬ ਦੇ ਵਾਸੀ ਬੜੇ ਅਮੀਰ ਵਿਰਸੇ ਦੇ ਮਾਲਕ ਹਨ | ਦੇਸ਼ ਵਿਚ ਮਨਾਏ ਜਾਣ ਵਾਲੇ ਦਿਨ-ਤਿਉਹਾਰ ਅਤੇ ਮੇਲਿਆਂ ਵਿਚੋਂ ਸਭ ਤੋਂ ਵੱਧ ਪੰਜਾਬ ਵਿਚ ਮਨਾਏ ਜਾਂਦੇ ਹਨ | ਪੰਜਾਬ ਵਿਚ ਗ਼ਰੀਬੀ-ਅਮੀਰੀ ਦੇ ਸਵਾਲ ਤੋਂ ਉੱਪਰ ਉਠ ਕੇ ਸਭ ਜਾਤੀਆਂ ਅਤੇ ਧਰਮਾਂ ਦੇ ਲੋਕਾਂ ਵਲੋਂ ਇਨ੍ਹਾਂ ਤਿਉਹਾਰਾਂ ਨੂੰ ਬੜੇ ਉਤਸ਼ਾਹ ਅਤੇ ਚਾਅ ਨਾਲ ਸਭ ਵਲੋਂ ਮਿਲ ਕੇ ਮਨਾਇਆ ਜਾਂਦਾ ਹੈ | ਕਿਸੇ ਦੇ ਘਰ ਵੀ ਖ਼ੁਸ਼ੀ-ਗ਼ਮੀ ਦੇ ਸਮੇਂ ਉੱਪਰ ਲੋਕ ਮਿਲ-ਜੁਲ ਕੇ ਸਾਰਾ ਇੰਤਜ਼ਾਮ ਕਰਦੇ ਸਨ | ਪੁਰਾਣੇ ਸਮੇਂ ਵਿਆਹ-ਸ਼ਾਦੀਆਂ ਦੇ ਗੀਤ ਮਹੀਨਾ ਭਰ ਪਹਿਲਾਂ ਹੀ ਆਂਢ-ਗੁਆਂਢ ਦੀਆਂ ਕੁੜੀਆਂ ਅਤੇ ਔਰਤਾਂ ਸ਼ੁਰੂ ਕਰ ਦਿੰਦੀਆਂ ਸਨ | ਵਿਆਹ ਵਾਲੇ ਘਰੋਂ ਉਨ੍ਹਾਂ ਦੀ ਝੋਲੀ ਸ਼ੱਕਰ, ਗੁੜ ਜਾਂ ਪਤਾਸੇ ਪਾਏ ਜਾਂਦੇ ਸਨ | ਰਿਸ਼ਤੇਦਾਰੀਆਂ ਵਿਚ ਲਾਗੀ (ਨਾਈ ਰਾਜਾ ਸਿੱਖ ਜਾਂ ਮਰਾਸੀ) ਦੇ ਹੱਥ ਵਿਆਹ ਦੀ ਗੰਢ ਖਮਣੀ ਧਾਗੇ ਨੂੰ ਸੱਤ ਗੰਢਾਂ ਦੇ ਕੇ ਹਲਦੀ ਲਾ ਕੇ ਕਾਗਜ਼ ਉੱਪਰ ਦਿਨ ਵਾਰ ਲਿਖ ਕੇ ਭੇਜਿਆ ਜਾਂਦਾ ਸੀ | ਘਰ ਵਾਲਿਆਂ ਵਲੋਂ ਇਸ ਲਾਗੀ ਨੂੰ ਸ਼ਗਨ ਦੇ ਰੂਪ ਵਿਚ ਕਿਰਾਇਆ ਦੇ ਕੇ ਤੋਰਿਆ ਜਾਂਦਾ | ਅਗਲੇ ਘਰੋਂ ਰਿਸ਼ਤੇਦਾਰ ਵਲੋਂ ਵੀ ਇਸ ਲਾਗੀ ਦੀ ਬੜੀ ਚੰਗੀ ਤਰ੍ਹਾਂ ਖਾਤਿਰ ਸੇਵਾ ਕੀਤੀ ਜਾਂਦੀ, ਸ਼ਗਨ ਵਜੋਂ ਰੁਪਏ ਅਤੇ ਖੇਸ ਟੋਟਾ ਵੀ ਦਿੱਤਾ ਜਾਂਦਾ, ਜਿਸ ਦੀ ਤਾਰੀਫ਼ ਉਹ ਅਗਲੇ ਘਰ ਵਾਲਿਆਂ ਕੋਲ ਬੜੇ ਫ਼ਖਰ ਨਾਲ ਕਰਦਾ ਤਾਂ ਕਿ ਉਹ ਵੀ ਪਹਿਲਾਂ ਵਾਲੇ ਰਿਸ਼ਤੇਦਾਰ ਤੋਂ ਵਧ ਕੇ ਉਸ ਨੂੰ ਦਾਨ-ਸ਼ਗਨ ਜਾਣੀ 'ਵਧਾਈ' ਵਜੋਂ ਪੈਸਾ ਕੱਪੜਾ ਦੇਵੇ | ਆਂਢ-ਗੁਆਂਢ ਘਰ ਵਾਲੇ ਪਿੰਡ ਦੀਆਂ ਕੁੜੀਆਂ ਬੁੜ੍ਹੀਆਂ ਸ਼ੱਕਰ, ਚੌਲ (ਅੱਜਕਲ੍ਹ ਮਠਿਆਈ ਦੇ ਡੱਬੇ) ਗੀਤ ਗਾਉਂਦੀਆਂ ਘਰ-ਘਰ ਵੰਡਦੀਆਂ | ਪਿੰਡ ਦੇ ਖਾਸ ਖਾਸ ਘਰਾਂ 'ਚ ਚੌਕੀਦਾਰ ਰਾਹੀਂ ਸੁਨੇਹਾ ਪਹੁੰਚਾਇਆ ਜਾਂਦਾ | ਸੁਨੇਹੇ ਮਿਲਣ ਤੋਂ ਬਿਨਾਂ ਹੀ ਭੱਠੀਆਂ ਬਣਾਉਣ ਲਈ ਰਾਜ-ਮਿਸਤਰੀ, ਲੱਕੜਾਂ ਪਾੜਨ ਲਈ ਵਾਹੀ ਖੇਤੀ ਦੇ ਸੰਦਾਂ ਦਾ ਕੰਮ ਕਰਨ ਵਾਲਾ ਤਰਖਾਣ ਮਿਸਤਰੀ, ਪਾਣੀ ਭਰਨ ਲਈ ਝਿਉਰ ਜਾਂ ਰਾਜੇ ਸਿੱਖ, ਦਾਣਿਆਂ ਦਾ ਪੀਹਣ, ਦਾਲਾਂ ਚੁਗਣ, ਮਸਾਲੇ ਕੁੱਟਣ ਆਦਿ ਦਾ ਕੰਮ ਆਂਢ-ਗੁਆਂਢ ਰਲ ਮਿਲ ਕੇ ਕਰ ਲੈਂਦੇ | ਲੀੜੇ ਕੱਪੜੇ ਸਿਉਣ ਲਈ ਦਰਜੀ ਨੂੰ ਘਰੇ ਹੀ ਬਿਠਾ ਲਿਆ ਜਾਂਦਾ | ਕੁੜੀ ਦੇ ਵਿਆਹ ਵਿਚ ਮਹੀਨਿਆਂ ਬੱਧੀ ਆਂਢ-ਗੁਆਂਢ ਜਾਂ ਰਿਸ਼ਤੇਦਾਰੀਆਂ 'ਚੋਂ ਕੁੜੀਆਂ ਇਕੱਠੀਆਂ ਹੋ ਕੇ ਦਰੀਆਂ ਬੁਣਦੀਆਂ, ਚਾਦਰਾਂ, ਸਿਰ੍ਹਾਣੇ, ਛਿੱਕੂ, ਪੱਖੀਆਂ ਵਗੈਰਾ ਬਣਾਉਂਦੀਆਂ, ਰਜਾਈਆਂ, ਗਦੈਲੇ, ਸਿਰ੍ਹਾਣਿਆਂ ਵਿਚ ਰੰੂਅ ਘਰ ਦੀ ਕਪਾਹ ਵਿਚੋਂ ਪਹਿਲਾਂ ਹੀ ਰੱਖ ਲਿਆ ਜਾਂਦਾ ਸੀ | ਮਿਲਣੀਆਂ ਅਤੇ ਦੇਣ ਲੈਣ ਦੇ ਕੱਪੜਿਆਂ ਨਾਲ ਅਜੋਕੇ ਕੰਬਲਾਂ ਦੀ ਥਾਂ ਘਰ ਦੇ ਬਣਵਾਏ ਹੋਏ ਖੇਸ, ਟੋਟੇ, ਖੱਦਰ ਦੇ ਟੋਟੇ ਲਾ ਦਿੱਤੇ ਜਾਂਦੇ ਜਿਸ ਤੋਂ ਘਰ ਦੀਆਂ ਸੁਆਣੀਆਂ ਦਾ ਸੁਚੱਜਾਪਣ ਦਿਸਦਾ |
ਵਿਆਹ ਦੇ ਦਿਨ ਤੋਂ ਤਕਰੀਬਨ ਹਫ਼ਤਾ ਕੁ ਪਹਿਲਾਂ ਹਲਵਾਈ ਮਠਿਆਈ ਅਤੇ ਵਿਆਹ ਦੀ ਭਾਜੀ ਦੀ ਤਿਆਰੀ ਆਰੰਭ ਦਿੰਦਾ ਸੀ | ਮਠਿਆਈ ਵਿਚ ਲੱਡੂ ਅਤੇ ਜਲੇਬੀਆਂ ਮੁੱਖ ਆਈਟਮਾਂ ਹੁੰਦੀਆਂ ਸਨ | ਸਰਦੀਆਂ ਵਿਚ ਤਜਰਬੇਕਾਰ ਹਲਵਾਈ ਗਜਰੇਲਾ ਜਾਂ ਬਰਫ਼ੀ ਜ਼ਰੂਰ ਬਣਾ ਦਿੰਦਾ ਸੀ, ਰਿਸ਼ਤੇਦਾਰ ਹਫਤਾ ਪਹਿਲਾਂ ਪੁੱਜਣੇ ਸ਼ੁਰੂ ਹੋ ਜਾਂਦੇ ਸਨ, ਕਿਉਂਕਿ ਬਰਾਤ ਦੋ ਰਾਤਾਂ ਰੁਕਦੀ ਅਤੇ ਦੂਜੇ ਦਿਨ ਤਾਰਿਆਂ ਦੀ ਛਾਵੇਂ ਘਰ 'ਚ ਹੀ ਆਨੰਦ ਕਾਰਜ ਹੁੰਦੇ ਸਨ ਅਤੇ ਤੀਜੇ ਦਿਨ ਦੁਪਹਿਰ ਦੀ ਰੋਟੀ ਖਵਾ ਕੇ ਡੋਲੀ ਤੋਰੀ ਜਾਂਦੀ ਸੀ | ਆਏ ਮਹਿਮਾਨਾਂ ਲਈ ਮੰਜੇ ਬਿਸਤਰੇ ਗਲੀ-ਮੁਹੱਲੇ ਦੇ ਨੌਜਵਾਨ ਮੰੁਡੇ ਪਿੰਡ ਵਿਚੋਂ ਕੱਠੇ ਕਰਦੇ ਸਨ | ਬਰਾਤ ਦਾ ਉਤਾਰਾ ਪਿੰਡ ਦੀ ਧਰਮਸ਼ਾਲਾ ਜਾਂ ਕਿਸੇ ਦੇ ਖੁੱਲ੍ਹੇ ਘਰ ਜਾਂ ਹਵੇਲੀ ਵਿਚ ਕੀਤਾ ਜਾਂਦਾ | ਉਨ੍ਹਾਂ ਦੀ ਗਰਮ ਠੰਢੇ-ਪਾਣੀ, ਚਾਹ ਦਾ ਇੰਤਜ਼ਾਮ ਲੜਕੀ ਵਾਲਿਆਂ ਵਲੋਂ ਲਾਗੀਆਂ ਰਾਹੀਂ ਕੀਤਾ ਜਾਂਦਾ | ਬਰਾਤੀ ਜੰਝ ਨਾਲ ਸਪੀਕਰ ਜ਼ਰੂਰ ਲਿਆਉਂਦੇ ਜੋ ਕੋਠੇ ਉੱਪਰ ਮੰਜੇ ਖੜ੍ਹੇ ਕਰਕੇ ਉੱਪਰ ਟੰਗਿਆ ਜਾਂਦਾ | ਗੀਤ ਗਾਣਿਆਂ ਨੂੰ ਸੁਣਨ ਦੇ ਸ਼ੌਕੀਨ ਧਰਮਸ਼ਾਲਾ ਦੇ ਬਾਹਰ ਜ਼ਮੀਨ 'ਤੇ ਸਾਫੇ ਵਿਛਾ ਕੇ ਘੰਟਿਆਂਬੱਧੀ ਸੁਣਦੇ | ਸਿਰਫ਼ ਘਰ ਵਿਚ ਹੀ ਚਾਨਣੀਆਂ ਕਨਾਤਾਂ ਲਾ ਕੇ ਦਰੀਆਂ ਵਿਛਾ ਦਿੱਤੀਆਂ ਜਾਂਦੀਆਂ | ਬਰਾਤੀ ਰੋਟੀ ਪਹਿਲੇ ਸਮਿਆਂ ਵਿਚ ਲੰਗਰ ਛਕਣ ਵਾਂਗ ਬੈਠ ਕੇ ਛਕਦੇ ਸਨ ਫਿਰ ਉਨ੍ਹਾਂ ਤੱਪੜਾਂ ਜਾਂ ਦਰੀਆਂ ਉੱਪਰ ਚਿੱਟਾ ਕੱਪੜਾ ਬੈਠਣ ਵਾਲੀ ਥਾਂ ਵਿਛਾ ਦਿੱਤਾ ਜਾਂਦਾ ਅਤੇ ਮੇਜ਼ ਕੁਰਸੀਆਂ ਦਾ ਰਿਵਾਜ ਖਾਸ ਕਰਕੇ ਪਿੰਡਾਂ ਵਿਚ ਸੱਠਵਿਆਂ ਤੋਂ ਪਿਛੋਂ ਸ਼ੁਰੂ ਹੋਇਆ | ਵੱਡੀ ਗੱਲ ਇਹ ਕਿ ਕੋਈ ਵੇਟਰ ਜਾਂ ਬਹਿਰਾ ਰੋਟੀ ਪਾਣੀ ਦੀ ਸੇਵਾ ਲਈ ਨਹੀਂ ਸੀ ਲਾਇਆ ਜਾਂਦਾ ਸਗੋਂ ਘਰ ਤੇ ਮੁਹੱਲੇ ਦੇ ਨੌਜਵਾਨ ਲੜਕੇ ਅਤੇ ਚਾਅ ਅਤੇ ਸ਼ੌਕੀ ਨਾਲ ਸੇਵਾ ਨਿਭਾਉਂਦੇ ਸਨ | ਲੜਕੀ ਦੇ ਵਿਆਹ ਸਮੇਂ ਮਾਪਿਆਂ ਦਾ ਬੋਝ ਵੰਡਾਉਣ ਲਈ ਮਾਮੇ, ਮਾਸੜ, ਚਾਚੇ, ਤਾਇਆਂ ਵਲੋਂ ਇਕ ਜਾਂ ਦੋ ਵੇਲੇ ਦੀ ਰੋਟੀ ਦਾ ਪੂਰਾ ਖਰਚਾ ਚੁੱਕ ਲਿਆ ਜਾਂਦਾ ਸੀ | ਭੁਰੱਪੇ, ਭਾਈਚਾਰੇ ਨੂੰ ਜੋੜਨ ਅਤੇ ਰਿਸ਼ਤਿਆਂ ਵਿਚ ਨੇੜਤਾ, ਪਿਆਰ ਅਤੇ ਵਰਤਾਰਾ ਵਧਾਉਣ ਲਈ (ਅਸਲ ਵਿਚ ਪੈਸੇ ਦੀ ਮਦਦ ਕਰਨ ਲਈ) 'ਨਿਉਂਦਾ' ਪਾਇਆ ਜਾਂਦਾ ਸੀ | ਜਿਹੜਾ ਕਿ ਵਹੀਆਂ, ਖਾਤਿਆਂ ਵਿਚ ਲਿਖਿਆ ਜਾਂਦਾ ਸੀ | ਘਰ ਵਾਲੇ ਵਲੋਂ ਦਿੱਤੇ ਗਏ ਸ਼ਗਨ, 'ਨਿਉਂਦੇ' ਦੀ ਰਕਮ ਦੇ ਨਾਲ ਵਾਧਾ ਕਰ ਦਿੱਤਾ ਜਾਂਦਾ ਸੀ | ਜਿਸ ਨੂੰ ਨਿਉਂਦਾ ਕਿਹਾ ਜਾਂਦਾ ਸੀ | ਵਿਆਹਾਂ ਵਿਚ ਉਸ ਸਮੇਂ ਸ਼ਰਾਬ ਦੀ ਵਰਤੋਂ ਲੁਕ-ਛਿਪ ਕੇ ਤਾਂ ਖਾਸ ਮਹਿਮਾਨਾਂ ਕਰ ਲੈਂਦੇ ਸਨ ਪਰ ਖੁੱਲ੍ਹੇ ਤੌਰ 'ਤੇ ਨਹੀਂ | ਬਜ਼ੁਰਗਾਂ ਦਾ ਰੋਹਬ-ਦਾਬ ਬਰਕਰਾਰ ਸੀ | ਦਾਜ-ਦਹੇਜ ਵਿਚ ਸੋਨੇ ਅਤੇ ਕੱਪੜੇ ਦੀ ਵਰਤੋਂ ਵੱਧ ਸੀ | ਸਰਦੇ-ਪੁੱਜਦੇ ਘਰ ਘੋੜੀ-ਜੋੜੀ ਵੀ ਦਿੰਦੇ ਜੋ ਆਹਿਸਤਾ-ਆਹਿਸਤਾ ਮੋਟਰਸਾਈਕਲ, ਕਾਰ ਤੱਕ ਜਾ ਪਹੁੰਚੀ |
ਅਜਿਹੇ ਕਾਰਜਾਂ ਵਿਚ ਔਰਤਾਂ ਵਲੋਂ ਮੁੱਖ ਤੌਰ 'ਤੇ ਸੱਭਿਆਚਾਰਕ ਪੱਖ ਬੜੇ ਸਲੀਕੇ ਅਤੇ ਸ਼ੁਗਲ ਨਾਲ ਪੂਰਿਆ ਜਾਂਦਾ ਸੀ | ਜਾਂਞੀਆਂ ਦੇ ਆਉਣ 'ਤੇ ਗੀਤ ਗਾਇਆ ਜਾਂਦਾ:
ਸਾਡੇ ਨਵੇਂ ਸੱਜਣ ਘਰ ਆਏ,
ਹਰੇ ਹਰੇ ਨਾਮ ਜਪੋ |
ਸਾਨੂੰ ਕੀ ਕੀ ਵਸਤ ਲਿਆਏ,
ਹਰੇ ਹਰੇ ਨਾਮ ਜਪੋ |
ਪਹਿਲੇ ਸਮਿਆਂ ਵਿਚ ਬਰਾਤਾਂ ਵਿਚ ਔਰਤਾਂ ਨਹੀਂ ਸੀ ਨਾਲ ਲਿਜਾਂਦੇ |
ਪਰ ਸ਼ਗਨ ਦੱਸਣ ਅਤੇ ਪੂਰੇ ਕਰਨ ਲਈ ਵਿਚੋਲਾ ਤੇ ਵਿਚੋਲਣ ਜੋ ਕਿ ਦੂਰ-ਨੇੜੇ ਦੀ ਰਿਸ਼ਤੇਦਾਰੀ ਵਿਚੋਂ ਹੀ ਹੁੰਦੇ ਸਨ, ਜ਼ਰੂਰੀ ਸ਼ਾਮਿਲ ਹੁੰਦੇ ਸਨ | ਇਨ੍ਹਾਂ ਰਿਸ਼ਤਿਆਂ ਵਿਚ ਵਿਚੋਲੇ ਦੀ ਭੂਮਿਕਾ ਬੜੀ ਅਹਿਮ ਹੁੰਦੀ ਸੀ | ਕਈ ਵਾਰ ਤਾਂ ਵਿਚੋਲਾ ਦੋਵਾਂ ਧਿਰਾਂ ਦੇ ਕਈ ਰਾਜ਼ ਕਮੀਆਂ ਪੇਸ਼ੀਆਂ ਦੀ ਲੁਕੋ ਕੇ ਰੱਖਦਾ ਸੀ | ਜਿਵੇਂ ਮੰੁਡੇ-ਕੁੜੀ ਦੀ ਉਮਰ, ਪੜ੍ਹਾਈ-ਲਿਖਾਈ, ਨੌਕਰੀ ਦੀ ਤਨਖਾਹ ਤੇ ਅਹੁਦਾ ਆਦਿ ਜਾਂ ਮੰੁਡੇ ਵਾਲਿਆਂ ਦੀ ਜ਼ਮੀਨ-ਜਾਇਦਾਦ ਅਤੇ ਕਾਰੋਬਾਰ | ਇਸ ਤਰ੍ਹਾਂ ਭੇਦ ਖੁੱਲ੍ਹਣ ਤੇ ਰਿਸ਼ਤਿਆਂ ਵਿਚ ਵੀ ਕਈ ਵਾਰ ਵਿਗਾੜ ਪੈਦਾ ਹੋ ਜਾਂਦੇ ਤੇ ਕਈ ਵਾਰ ਸੰਜੋਗਾਂ ਦੀ ਗੱਲ ਮੰਨ ਕੇ ਦੋਵੇਂ ਧਿਰਾਂ ਸਬਰ ਕਰ ਜਾਂਦੀਆਂ | ਜਿਵੇਂ ਕਿ ਪਹਿਲਾਂ ਮੰੁਡੇ-ਕੁੜੀ ਦੀ ਆਪਸੀ ਵੇਖ-ਵਿਖਾਈ ਜਾਂ ਗੱਲਬਾਤ ਨਹੀਂ ਸੀ ਕਰਵਾਈ ਜਾਂਦੀ | ਕੁੜੀ ਨੂੰ ਮੰੂਹ ਸਿਰ ਲਪੇਟਿਆਂ ਆਨੰਦਕਾਰਜ 'ਤੇ ਬਿਠਾ ਕੇ ਲਾਵਾਂ ਪੜ੍ਹ ਦਿੱਤੀਆਂ ਜਾਂਦੀਆਂ ਸਨ | ਸਹੁਰੇ ਘਰ ਪਹੁੰਚ ਕੇ ਕਈ ਸ਼ਗਨ ਵਿਹਾਰ ਕਰਕੇ ਕੁੜੀ ਨੂੰ ਮੰੂਹ ਵਿਖਾਈ ਦਾ ਸ਼ਗਨ ਦੇ ਕੇ ਮੰੁਡੇ ਦੀ ਮਾਂ, ਮਾਸੀਆਂ, ਮਾਮੀਆਂ, ਚਾਚੀਆਂ, ਤਾਈਆਂ, ਮੰੂਹ ਦੇਖਦੀਆਂ | ਪੇਕੇ ਘਰ ਤੋਂ ਤੁਰਨ ਵੇਲੇ ਕੁੜੀ ਦੀ ਦੇਖ-ਭਾਲ ਲਈ ਸਹੁਰੇ ਘਰ ਲਾਗੀ ਦੇ ਘਰ ਵਾਲੀ (ਖ਼ਾਸ ਕਰਕੇ ਰਾਜੇ ਸਿੱਖਾਂ ਵਿਚੋਂ ਔਰਤ) ਭੇਜੀ ਜਾਂਦੀ | ਕਿਉਂਕਿ ਵਿਆਹ 'ਚ ਸ਼ਗਨਾਂ ਦਾ ਵੱਟਣਾ, ਮਾਈਆਂ ਆਦਿ ਦੇ ਕੰਮ ਸਿਰ ਗੰੁਦਣ ਤੱਕ ਲਾਗਣ ਹੀ ਕਰਦੀ ਹੁੰਦੀ ਸੀ ਤੇ ਗੀਤ ਵੀ ਓਹੀ ਛੇੜਦੀ... ਵਾ...ਵਾਹ...ਵੱਟਣਾਂ ਕਟੋਰੇ... |' ਡੋਲੀ ਦੀ ਤੋਰ ਤੁਰਾਈ ਵੇਲੇ ਲਾਗਣ ਦੇ ਕੁੜੀ ਦੀ ਡੋਲੀ ਵਿਚ ਬੈਠਣ ਤੇ ਮੇਲਣਾਂ ਬੋਲੀ ਪਾ ਕੇ ਛੇੜਦੀਆਂ ਹਨ |
ਪੁਰਾਣੇ ਸਮਿਆਂ ਵਿਚ ਊਠ, ਘੋੜੀ, ਗੱਡਾ, ਰੱਥ ਹੀ ਆਉਣ-ਜਾਣ ਦੇ ਸਾਧਨ ਸਨ | ਰੱਥ ਅਕਸਰ ਹੀ ਪਿੰਡ 'ਚ ਤਰਖਾਣ ਮਿਸਤਰੀ ਰੱਖਦੇ ਸਨ | ਪੂਰਾ ਸ਼ਿੰਗਾਰ ਕੇ ਰੱਥ ਤੇ ਵਹਿੜਕੇ ਜੋੜ ਕੇ ਜਦ ਨਰਮ ਜਿਹੀ ਉਮਰ ਦਾ ਮੰੁਡਾ ਬਲਦਾਂ ਨੂੰ ਆਰ ਲਾ ਕੇ ਕੱਚੇ ਰਾਹਾਂ ਨੂੰ ਨਸਾਉਂਦਾ ਤਾਂ ਡੋਲੀ 'ਚ ਬੈਠੀ ਮਾਪਿਆਂ ਦੇ ਵਿਛੋੜੇ ਦੇ ਸੱਲ ਦਾ ਦਰਦ ਸਹਾਰਦਿਆਂ ਮਜਬੂਰੀ ਵਸ ਮੁਟਿਆਰ ਕਹਿ ਉਠਦੀ, 'ਡੋਲੀ ਵਾਲਿਆ ਵੇ ਅੱਖੜ ਤਰਖਾਣਾਂ, ਵੇ ਰੱਥ ਹੌਲੀ ਤੋਰ ਮੰੁਡਿਆ ਮੇਰਾ ਨਰਮ ਕਾਲਜਾ ਧੜਕੇ ਤੇ ਰੱਥ ਹੋਲੀ ਤੋਰ ਮੰੁਡਿਆ', 'ਲੰਮੀਆਂ ਵਾਟਾਂ ਤੇ ਔਝੜ ਨੇ ਰਸਤੇ ਨੀ ਤੂੰ ਕੀ ਜਾਣੇਂ ਕੁੜੀਏ' ਉਹ ਜਵਾਬ ਦਿੰਦਾ | ਘਰ ਪਹੁੰਚਣ ਤੇ ਡੋਲੀਓਾ ਲਾਹੁਣ ਲਈ ਕੁੜੀਆਂ ਚਾੲੀਂ-ਚਾੲੀਂ ਆਲੇ-ਦੁਆਲੇ ਘੇਰਾ ਪਾ ਲੈਂਦੀਆਂ | ਉਧਰੋਂ ਲਾੜੇ ਦੀ ਮਾਂ ਨੂੰ ਗੀਤ ਗਾ ਕੇ ਬੁਲਾਉਂਦੀਆਂ, 'ਪਾਣੀ ਵਾਰ ਬੰਨੇ ਦੀਏ ਮਾਏਾ ਨੀ ਬੰਨਾ ਤੇਰੇ ਬਾਰ ਖੜ੍ਹਾ, ਸੁੱਖਾਂ ਸੁਖਦਿਆਂ ਨੂੰ ਆਹ ਦਿਨ ਆਏ ਨੀ ਬੰਨਾ ਤੇਰਾ ਬਾਰ ਖੜ੍ਹਾ |'
ਅਜਿਹੇ ਵਿਆਹ-ਸ਼ਾਦੀਆਂ ਵਿਚ ਜਾਂ ਕਿਸੇ ਘਰ ਮੰੁਡਾ ਜੰਮਣ ਤੇ ਜਦੋਂ ਕਿ ਮਨ-ਪ੍ਰਚਾਵੇ ਦੇ ਸਾਧਨ ਅੱਜ ਵਾਂਗ ਆਮ ਨਹੀਂ ਸਨ ਅਤੇ ਅੱਜ ਵੀ ਪਰਿਵਾਰਕ ਖ਼ੁਸ਼ੀਆਂ ਵਿਚ ਮਲੋ-ਮੱਲੀ ਭਾਈਵਾਲੀ ਪਾਉਣ ਵਾਲੇ ਗਰੁੱਪ ਆ ਬੂਹਾ ਮਲਦੇ ਨੇ | ਉਹ ਕੋਈ ਪੰਜਾਬੀ ਜਾਂ ਫਿਲਮੀ ਗਾਣਾ ਛੇੜਦੇ ਆਪਣੇ ਆਉਣ ਦੀ ਦਸਤਕ ਦਿੰਦੇ ਹਨ | ਇਨ੍ਹਾਂ ਵਿਚ ਭੰਡ (ਮਰਾਸੀ) ਸਭ ਤੋਂ ਅੱਗੇ ਹੁੰਦੇ ਹਨ | ਉਹ ਬਿਨਾਂ ਆਵਾਜ਼ ਮਾਰੇ ਹੀ ਨਕਲਾਂ ਲਾਉਣ ਲੱਗ ਜਾਂਦੇ ਹਨ | ਇਹ ਜਮਾਤ ਘਰ ਵਾਲਿਆਂ ਦੀ ਉਲਫਤ ਦੇ ਪੁਲ ਐਨੇ ਬੰਨ੍ਹਦੇ ਹਨ ਕਿ ਘਰ ਵਾਲੇ ਅਤੇ ਰਿਸ਼ਤੇਦਾਰ ਇਨ੍ਹਾਂ ਦੀ ਮੁੱਠੀ ਗਰਮ ਕਰੀ ਜਾਂਦੇ ਹਨ ਅਤੇ ਜੇਕਰ ਕੋਈ ਜੇਬ ਢਿੱਲੀ ਨਾ ਕਰੇ ਤਾਂ ਮਿੱਠੀ-ਮਿੱਠੀ ਟੋਕ ਲਾ ਕੇ ਬੇਇਜ਼ਤੀ ਵੀ ਕਰੀ ਜਾਂਦੇ ਹਨ | ਕਹਿਣਗੇ 'ਓਏ ਭੰਡਾ', 'ਹਾਂ ਦਾਦਾ', 'ਔਹ ਵੇਖ ਕੰੁਡੀਆਂ ਮੁੱਛਾਂ ਵਾਲਾ ਸਰਦਾਰ ਦੇਣ ਲੱਗਾ ਤੈਨੂੰ ਬਖਸ਼ੀਸ਼, ਵੇਲ ਜ਼ਰਾ ਉੱਚੀ ਆਵਾਜ਼ ਵਿਚ ਕਰੀਂ... |' ਤੇ ਜਦੋਂ ਸਰਦਾਰ ਚੁੱਪ ਕਰਕੇ ਕੋਲ ਦੀ ਲੰਘ ਜਾਂਦਾ ਐ ਤਾਂ ਟੋਕ ਕਰਦੇ ਐ... 'ਲੈ ਭੰਡਾ ਕੀ ਗੱਲ ਬਣੀਂ... ਸਰਦਾਰ ਤਾਂ ਸੁੱਕਾ ਈ ਲੰਘ ਗਿਆ... |' 'ਓਏ ਦਾਦਾ ਗੱਲ ਤਾਂ ਕੋਈ ਨੀ, ਕੁੜੀਆਂ ਨੱਚਦੀਆਂ 'ਤੇ ਪੈਸੇ ਵਾਰ ਕੇ ਜੇਬ ਖਾਲੀ ਸੀ, ਉਹ ਪੈਸੇ ਲੈਣ ਗਿਐ |' ਦੂਸਰਾ ਗਰੁੱਪ ਆਉਂਦਾ ਐ ਕੁੜੀਆਂ-ਬੁੜ੍ਹੀਆਂ ਦਾ ਇਹ ਸ਼ਹਿਰਾਂ ਦੇ ਆਲੇ-ਦੁਆਲੇ ਝੁੱਗੀਆਂ ਝੌਾਪੜੀਆਂ ਵਿਚ ਰਹਿਣ ਵਾਲੇ ਲੋਕ ਹੁੰਦੇ ਹਨ | ਸੁਬ੍ਹਾ ਸਵੇਰੇ ਕਬਾੜ ਤੇ ਕਚਰਾ ਇਕੱਠਾ ਕਰਕੇ ਰੋਜ਼ੀ-ਰੋਟੀ ਦਾ ਜੁਗਾੜ ਕਰਦੇ ਹਨ | ਉਪਰੰਤ ਨਹਾ-ਧੋ ਕੇ ਵਧੀਆ ਲੀੜਾ ਕੱਪੜਾ ਕੇ ਬਿੰਦੀ-ਸੁਰਖੀ ਲਾ ਕੇ ਵਿਆਹ ਵਾਲੇ ਘਰ ਆ ਧਮਕਦੀਆਂ ਹਨ | ਪੁਰਾਣੇ ਗੀਤ, ਬੋਲੀਆਂ, ਟੱਪੇ ਇਨ੍ਹਾਂ ਨੂੰ ਜਿਵੇਂ ਵਿਰਸੇ ਵਿਚੋਂ ਮਿਲੇ ਹੋਣ | ਘੇਰਾ ਬੰਨ੍ਹ ਕੇ ਦੋ-ਤਿੰਨ ਜਣੀਆਂ ਗਿੱਧੇ ਦਾ ਖੋਰੂ ਆਣ ਪਾਉਂਦੀਆਂ ਹਨ | ਵੱਡੀ ਸਿਫ਼ਤ ਵਾਲੀ ਗੱਲ ਇਹ ਕਿ ਨਾ ਇਹ ਗਿੱਧੇ ਦੀ ਧਮਕ ਮੱਠੀ ਪੈਣ ਦੇਣ ਤੇ ਨਾ ਹੀ ਬੋਲੀਆਂ-ਟੱਪਿਆਂ ਦੇ ਬੋਲਾਂ ਵਿਚ ਖੜੋਤ ਹੀ ਆਉਣ ਦੇਣ | ਇਕੱਠੇ ਹੋਏ ਘਰ ਦੇ ਰਿਸ਼ਤੇਦਾਰ ਤੇ ਮੇਲੀਆਂ-ਗੇਲੀਆਂ ਵਿਚੋਂ ਜਿਹੜਾ ਵੀ ਇਨ੍ਹਾਂ ਦੇ ਨਜ਼ਰੀਂ ਚੜ੍ਹ ਗਿਆ ਤਾਂ ਉਸ ਦੀ ਧੰਨ-ਧੰਨ ਕਰਵਾ ਕੇ ਹੀ ਹੱਟਦੀਆਂ ਹਨ | ਆਪਣੇ ਗੀਤ ਬੋਲੀਆਂ ਵਿਚ, 'ਨੀ ਜੋਗੀ ਢੰੂਡਣ ਮੈਂ ਚੱਲੀ, ਨੀ ਜੋਗੀ ਢੰੂਡਣ ਮੈਂ ਚੱਲੀ, ਜੋਗੀ ਬੈਠਾ ਟਿੱਲੇ..., ਨੀਂ ਫੁੱਫੜ ਦੀ, ਫੁੱਫੜ ਦੀ ਗੋਗੜ ਹਿੱਲੇ ਨੀ ਫੁੱਫੜ ਦੀ... |' ਕਿਧਰੇ ਮਾਸੜ ਦੀ ਤੇ ਕਦੀ ਚਾਚੇ ਦੀ ਜਾਂ ਜੀਜੇ ਦੀ ਗੋਗੜ ਹਿੱਲਣ ਲਾ ਦਿੰਦੀਆਂ ਹਨ | ਆਖਿਰ ਚੰਗੀ ਚੋਖੀ ਉਗਰਾਹੀ ਕਰਕੇ, ਰੋਟੀ ਪਾਣੀ ਤੋਂ ਇਲਾਵਾ ਮਠਿਆਈ ਵੀ ਲੈ ਕੇ ਹਿੱਲਦੀਆਂ ਹਨ | ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਦਾ ਨੈੱਟਵਰਕ ਐਨਾ ਤਕੜਾ ਹੈ ਕਿ ਸ਼ਹਿਰ ਪਿੰਡ ਦੇ ਹਰੇਕ ਪ੍ਰੋਗਰਾਮ 'ਤੇ ਉਹ ਪੁੱਜ ਜਾਂਦੀਆਂ ਹਨ |
ਵਿਆਹ ਤੋਂ ਦੂਜੇ ਦਿਨ ਗਰੁੱਪ ਆਉਂਦਾ ਹੈ ਮਹੰਤਾਂ, ਕਿੰਨਰਾਂ (ਖੁਸਰਿਆਂ) ਦਾ ਬੇਸ਼ੱਕ ਇਨ੍ਹਾਂ ਦੀ ਆਮਦ ਖੁਸ਼ੀਆਂ ਦੇ ਮੌਕੇ ਹੀ ਹੁੰਦੀ ਹੈ, ਵਿਆਹ ਮੰੁਡੇ ਦਾ ਹੋਵੇ ਜਾਂ ਫਿਰ ਮੰੁਡਾ ਜੰਮਿਆ ਹੋਵੇ | ਨਾ ਇਹ ਕਿਸੇ ਦੀ ਸੁਣਦੇ ਐ ਤੇ ਨਾ ਹੀ ਕਿਸੇ ਦੀ ਮੰਨਦੇ ਐ | ਬੇਸ਼ੱਕ ਘਰ ਵਾਲਾ ਆਪਣੇ ਵਲੋਂ ਖੁਸ਼ੀ ਵਿਚ ਕਿੰਨਾ ਵੀ ਖੁੱਲ੍ਹਾ ਹੱਥ ਰੱਖ ਕੇ, ਇਨ੍ਹਾਂ ਨੂੰ ਵਧਾਈ ਦੇਵੇ | ਕਈ ਵਾਰ ਤਾਂ ਇਨ੍ਹਾਂ ਦੀ ਅੜੀ ਤੇ ਜਿਦ ਕਲੇਸ਼ ਦੀ ਸ਼ਕਲ ਧਾਰਨ ਕਰਕੇ ਖੁਸ਼ੀ ਦੇ ਮੌਕੇ ਕਿਰਕਰੀ ਪੈਦਾ ਕਰ ਦਿੰਦੀ ਹੈ | ਇਨ੍ਹਾਂ ਦੀ ਬੋਲਚਾਲ ਪਰਿਵਾਰਕ ਤੌਰ 'ਤੇ ਕਬੂਲਣਯੋਗ ਨਹੀਂ ਹੁੰਦੀ | ਸਰਕਾਰ ਜਾਂ ਸ਼ਹਿਰਾਂ ਦੀਆਂ ਕਮੇਟੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਨ੍ਹਾਂ ਦਾ ਸ਼ਗਨ ਵਗੈਰਾ ਫਿਕਸ ਕਰਨਾ ਚਾਹੀਦਾ ਹੈ |
ਅੱਜ ਦੇ ਜ਼ਮਾਨੇ ਵਿਚ ਪੁਰਾਤਨਤਾ ਨਾਲੋਂ ਬਹੁਤ ਜ਼ਿਆਦਾ ਭਿੰਨਤਾ ਤੇ ਵੱਖਰਾਪਨ ਆ ਗਿਆ ਹੈ, ਖਾਸ ਕਰਕੇ ਵਿਆਹ-ਸ਼ਾਦੀਆਂ ਵਿਚ ਅਸੀਂ ਆਪਣਾਪਣ ਛੱਡ ਕੇ, ਬਿਗਾਨੇਪਨ ਨੂੰ ਅਪਣਾ ਰਹੇ ਹਾਂ, ਅਸਲੀਅਤ ਨੂੰ ਛੱਡ ਕੇ ਬਨਾਉਟੀਪਨ ਵੱਲ ਖਿੱਚੇ ਜਾ ਰਹੇ ਹਾਂ | ਵਿਖਾਵਾ, ਸ਼ੋਰ-ਸ਼ਰਾਬਾ ਤੇ ਖਰਚਾ ਹੈਸੀਅਤ ਤੋਂ ਵਧ ਰਿਹਾ ਹੈ | ਮਜਬੂਰੀ ਵੱਸ ਕਹੋ ਜਾਂ ਮਸ਼ਹੂਰੀ ਵਸ ਸਾਡੀ ਰੂਹਾਨੀਅਤ ਖੁਸ਼ੀ ਵਾਲਾ ਖੇੜਾ ਚਿਹਰੇ ਤੋਂ ਮੂਲੋਂ ਗਾਇਬ ਹੋ ਰਿਹਾ ਹੈ | ਅੰਦਰਲੀ ਰੂਹ ਕੁਰੀਂਦੀ ਜਾ ਰਹੀ ਹੈ, ਜਿਸ ਕਰਕੇ ਅੰਦਰੇ-ਅੰਦਰ ਅਹਿਸਾਸ, ਅਰਮਾਨ ਦਫ਼ਨ ਹੁੰਦੇ ਜਾਣ ਕਰਕੇ ਅਸੀਂ ਅੰਦਰੇ-ਅੰਦਰ ਨਿੱਘਰ ਰਹੇ ਹਾਂ | ਅੱਜ ਆਪਣੇਪਨ ਵਾਲਾ ਵਿਸ਼ਵਾਸ ਦਫਨ ਹੁੰਦਾ ਜਾ ਰਿਹਾ ਹੈ | ਨਾ ਪਰਿਵਾਰਕ ਸਾਂਝ ਰਹਿ ਗਈ ਹੈ ਅਤੇ ਨਾ ਹੀ ਸਾਂਝਾ ਦਰਦ ਜਾਂ ਸਾਂਝੀ ਖ਼ੁਸ਼ੀ | ਹਰੇਕ ਜੀਅ ਇਕਹਿਰੀ ਜ਼ਿੰਦਗੀ ਜੀਅ ਰਿਹਾ ਹੈ | ਸਾਦਗੀ ਉੱਡ-ਪੁੱਡ ਗਈ ਹੈ, ਲਿਸ਼ਕ-ਪੁਸ਼ਕ ਤੇ ਵਿਖਾਵਾ ਵਧ ਗਿਆ ਹੈ | ਮਹੀਨਿਆਂ, ਹਫ਼ਤਿਆਂ ਬੱਧੀ ਖ਼ੁਸ਼ੀਆਂ ਅਤੇ ਸਾਂਝਾਂ ਵੰਡਣ ਵਾਲੇ ਵਿਆਹ ਅੱਜ ਇਕ ਦਿਨ ਦੀ ਥਾਂ ਵੀ ਚਾਰ-ਛੇ ਘੰਟਿਆਂ ਦਾ ਰਹਿ ਗਿਆ ਹੈ | ਮਨ-ਪ੍ਰਚਾਵੇ ਦੇ ਸਮਾਜਿਕ ਸਾਧਨ ਰੂਹ ਨੂੰ ਖੁਰਾਕ ਬਖਸ਼ਦੇ ਸਨ | ਪੁਸ਼ਤ-ਦਰ-ਪੁਸ਼ਤ ਵਿਆਹਾਂ ਦੀਆਂ ਗੱਲਾਂ ਨਹੀਂ ਸਨ, ਮੁੱਕਦੀਆਂ ਪਰ ਅੱਜ ਸ਼ੋਰ-ਸ਼ਰਾਬੇ ਵਿਚ ਗੱਲਾਂ ਲਈ ਅਸੀਂ ਤਰਸ ਜਾਂਦੇ ਹਾਂ |

-ਫਰੀਦਕੋਟ |
ਮੋਬਾਈਲ : 98149-76639.

ਕਿੱਸਾ ਬਲੈਕ ਹੋਲ ਦਾ

ਮੇਰੇ ਚੇਤਿਆਂ ਵਿਚ ਬਲੈਕ ਹੋਲ ਸ਼ਬਦ ਦਾ ਰਿਸ਼ਤਾ ਵਿਗਿਆਨ ਨਾਲੋਂ ਬਹੁਤ ਪਹਿਲਾਂ ਇਤਿਹਾਸ ਨਾਲ ਜੁੜਿਆ ਹੋਇਆ ਹੈ | ਈਸਟ ਇੰਡੀਆ ਕੰਪਨੀ, ਫੋਰਟ ਵਿਲੀਅਮ ਤੇ ਬੰਗਾਲ ਦਾ ਨਵਾਬ ਸਰਾਜ-ਉਦ-ਦੌਲਾ | 20 ਜੂਨ, 1756 ਨੂੰ ਉਸ ਨੇ ਫੋਰਟ ਵਿਲੀਅਮ ਫਤਹਿ ਕਰਕੇ 146 ਅੰਗਰੇਜ਼ ਫੜੇ ਅਤੇ 18 ਫੁੱਟ ਜ਼ਰਬ 14 ਫੁੱਟ ਦੀ ਨਿੱਕੀ ਜਿਹੀ ਕੋਠੜੀ ਵਿਚ ਬੰਦ ਕਰ ਦਿੱਤੇ | ਅਗਲੀ ਸਵੇਰ ਸਿਰਫ਼ 23 ਬਚੇ | ਬਾਕੀ ਸਭ ਮਰ ਗਏ | ਇਸ ਘਟਨਾ ਨੂੰ ਸਾਨੂੰ 8ਵੀਂ ਜਮਾਤ ਦੇ ਇਤਿਹਾਸ ਵਿਚ ਕਲਕੱਤੇ ਦੀ ਬਲੈਕ ਹੋਲ ਘਟਨਾ ਦੇ ਨਾਂਅ ਨਾਲ ਪੜ੍ਹਾਇਆ ਗਿਆ ਸੀ | ਅਗਲੇ ਵਰ੍ਹੇ 1757 ਵਿਚ ਪਲਾਸੀ ਦੀ ਲੜਾਈ ਵਿਚ ਬੰਗਾਲ ਦੇ ਨਵਾਬ ਨੂੰ ਹਰਾ ਕੇ ਅੰਗਰੇਜ਼ਾਂ ਨੇ ਨਾ ਸਿਰਫ਼ ਇਸ ਦਾ ਬਦਲਾ ਲੈ ਲਿਆ ਸਗੋਂ ਹਿੰਦੁਸਤਾਨ ਵਿਚ ਅੰਗਰੇਜ਼ੀ ਰਾਜ ਦੀ ਪੱਕੀ ਨੀਂਹ ਵੀ ਰੱਖ ਦਿੱਤੀ | ਤਾਰਿਆਂ, ਗ੍ਰਹਿਆਂ ਤੇ ਗਲੈਕਸੀਆਂ ਵੱਲ ਰੁਚੀ ਹੋਈ ਤਾਂ ਬਲੈਕ ਹੋਲ ਸ਼ਬਦ ਦੇ ਵਿਗਿਆਨ ਦੇ ਸੰਕਲਪ ਨਾਲ ਵਾਹ ਪਿਆ ਜੋ ਤ੍ਰਾਸਦ ਨਾ ਹੋ ਕੇ ਦਿਲਚਸਪ ਤੇ ਰਹੱਸਾਂ ਨਾਲ ਭਰਪੂਰ ਸੀ | 18ਵੀਂ ਸਦੀ ਵਿਚ ਹੀ 27 ਨਵੰਬਰ, 1783 ਦੇ ਫਿਰੋਸਾਫੀਕਲ ਟਰਾਂਜ਼ੈਕਸ਼ਨਜ਼ ਆਫ਼ ਰਾਇਲ ਸੁਸਾਇਟੀਜ਼ ਆਫ਼ ਲੰਦਨ ਵਿਚ ਜਾਨ ਮਿਸ਼ੈਲ ਨੇ ਬਲੈਕ ਹੋਲ ਦੀ ਬੀਜ ਰੂਪ ਵਿਚ ਕਲਪਨਾ ਡਾਰਕ ਸਟਾਰ ਨਾਂਅ ਨਾਲ ਕੀਤੀ | ਉਸ ਨੇ ਕਿਹਾ ਕਿ ਜੇ ਕਿਤੇ ਸਾਡੇ ਸੂਰਜ ਤੋਂ 500 ਗੁਣਾਂ ਵੱਡਾ ਤਾਰਾ ਹੋਵੇ ਤਾਂ ਉਸਦੀ ਗੁਰੂਤਾ ਖਿੱਚ ਇੰਨੀ ਵੱਧ ਹੋਵੇਗੀ ਕਿ ਉਸ ਤੋਂ ਬਚ ਨਿਕਲਣ ਵਾਲੀ ਸਪੀਡ (ਅਸਕੇਪ ਵੈਲਾਸਿਟੀ) ਰੌਸ਼ਨੀ ਦੀ ਸਪੀਡ ਤੋਂ ਵੀ ਵੱਧ ਹੋਵੇਗੀ | ਯਾਨੀ ਰੌਸ਼ਨੀ ਵੀ ਉਸ ਤੋਂ ਨਹੀਂ ਬਾਹਰ ਜਾ ਸਕੇਗੀ | ਇਸੇ ਵਰ੍ਹੇ ਲੈਪਲੇਸ ਨੇ ਵੀ ਲੰਡਨ ਦੀ ਰਾਇਲ ਸੁਸਾਇਟੀ ਸਾਹਮਣੇ ਇਕ ਲੈਕਚਰ ਵਿਚ ਇਹੀ ਗੱਲ ਕਹੀ ਕਿ ਅਤਿ ਭਾਰੇ ਤਾਰਿਆਂ ਦੀ ਗੁਰੂਤਾ ਖਿੱਚ ਇੰਨੀ ਵੱਧ ਹੋ ਸਕਦੀ ਹੈ ਕਿ ਉਨ੍ਹਾਂ ਤੋਂ ਰੌਸ਼ਨੀ ਵੀ ਸਾਡੇ ਤੱਕ ਨਹੀਂ ਪਹੁੰਚ ਸਕਦੀ | ਇੰਜ ਇਤਿਹਾਸ ਤੇ ਵਿਗਿਆਨ ਦੋਵਾਂ ਵਿਚ ਬਲੈਕ ਹੋਲ ਦੀ ਕਹਾਣੀ 18ਵੀਂ ਸਦੀ ਤੱਕ ਜਾ ਪੁੱਜਦੀ ਹੈ |
ਮਿਸ਼ੈਲ ਤੇ ਲੈਪਲੇਸ ਦੀਆਂ ਇਨ੍ਹਾਂ ਟਿੱਪਣੀਆਂ ਵੱਲ ਕਿਸੇ ਨੇ ਕੋਈ ਧਿਆਨ ਨਾ ਦਿੱਤਾ | ਪੂਰੀ 19ਵੀਂ ਸਦੀ ਇਸੇ ਤਰ੍ਹਾਂ ਲੰਘ ਗਈ | ਆਈਨਸਟਾਈਨ ਦੇ ਵਿਆਪਕ (ਜਨਰਲ) ਸਾਪੇਖਤਾ ਸਿਧਾਂਤ ਪਿੱਛੋਂ ਉਕਤ ਨੁਕਤਿਆਂ ਦੀ ਜਾਂਚ ਪਰਖ/ਕੱਚ ਸੱਚ ਦੀ ਗੱਲ ਤੁਰੀ | ਸਿਗੂਲੈਰਿਟੀ ਦੇ ਬਿੰਦੂ ਜਿਥੇ ਪਦਾਰਥ ਤੇ ਰੇਡੀਏਸ਼ਨ ਹੀ ਗਾਇਬ ਹੋ ਜਾਣ, 1915 ਦੀਆਂ ਆਈਨਸਟਾਈਨ ਦੀਆਂ ਸਮੀਕਰਨਾਂ ਤੋਂ ਨਿਕਲੇ | ਫਿਰ ਵੀ ਆਈਨਸਟਾਈਨ ਨੇ 1939 ਵਿਚ ਆਪ ਇਕ ਲੇਖ ਰਾਹੀਂ ਇਹ ਕਿਹਾ ਕਿ ਮਿਸ਼ੈਲ ਤੇ ਲੈਪਲੇਸ ਦੀ ਕਲਪਿਤ ਕਿਸੇ ਸ਼ੈਅ ਦੀ ਵਾਸਤਵਿਕ ਹੋਂਦ ਅਸੰਭਵ ਹੈ | ਕਮਾਲ ਇਹ ਸੀ ਕਿ 1916 ਵਿਚ ਆਈਨਸਟਾਈਨ ਦੇ ਵਿਆਪਕ ਸਾਪੇਖਤਾ ਸਿਧਾਂਤ ਦੇ ਆਧਾਰ ਉਤੇ ਕਾਰਲ ਸ਼ਵਾਰਜ਼ਚਾਈਲਡ ਨੇ ਬਾਕਾਇਦਾ ਕਿਸੇ ਵਿਸ਼ੇਸ਼ ਭਾਰ ਵਾਲੇ ਵਿਸ਼ਾਲ ਤਾਰੇ ਨੂੰ ਸੰੁਗੇੜ ਕੇ ਬਲੈਕ ਹੋਲ ਦਾ ਰੂਪ ਦੇਣ ਵਾਲੇ ਆਕਾਰ ਦਾ ਹਿੱਸਾਬ ਲਾਇਆ | ਧਰਤੀ ਨੂੰ ਸੁੰਗੇੜ ਕੇ ਬਲੈਕ ਹੋਲ ਬਣਾਈਏ ਤਾਂ ਧਰਤੀ ਨਿੱਕੀ ਜਿਹੀ ਬੰਟੇ (ਗੋਲੀ) ਜਿੱਡੀ ਰਹਿ ਜਾਵੇਗੀ | ਸਾਡੇ ਸੂਰਜ ਦਾ ਸ਼ਵਾਰਜ਼ਚਾਈਲਡ ਰੈਡੀਅਸ ਤਿੰਨ ਕਿਲੋਮੀਟਰ ਤੋਂ ਵੀ ਘੱਟ ਹੈ | ਭਾਵ ਇਹ ਕਿ ਜੇ ਇਸ ਨੂੰ ਸੰੁਗੇੜ ਕੇ ਬਲੈਕ ਹੋਲ ਬਣਾਈਏ ਤਾਂ ਇਸ ਦਾ ਅਰਧ-ਵਿਆਸ ਤਿੰਨ ਕਿਲੋਮੀਟਰ ਤੋਂ ਵੀ ਘੱਟ ਕਰਨਾ ਪਵੇਗਾ | ਭਾਰ ਏਨਾ ਹੀ ਰੱਖਣਾ ਪਵੇਗਾ | ਸ਼ਵਾਰਜ਼ਚਾਈਲਡ 1916 ਵਿਚ ਹੀ ਮਰ ਗਿਆ |
1931 ਵਿਚ ਸੀ.ਵੀ. ਰਮਨ ਦੇ ਭਤੀਜੇ ਸੁਬਰਾਮਨੀਅਮ ਚੰਦਰ ਸ਼ੇਖਰ ਨੇ ਚੰਦਰ ਸ਼ੇਖਰ ਲਿਮਟ ਦਾ ਸੰਕਲਪ ਪੇਸ਼ ਕੀਤਾ | ਉਸ ਨੇ ਕਿਹਾ ਕਿ ਜਦੋਂ ਤਾਰੇ ਮਰਦੇ ਹਨ ਤਾਂ ਉਨ੍ਹਾਂ ਦਾ ਅੰਤ ਉਸ ਭਾਰ ਉਤੇ ਨਿਰਭਰ ਹੁੰਦਾ ਹੈ ਜੋ ਉਨ੍ਹਾਂ ਦੇ ਇਲੈਕਟ੍ਰਾਨ ਡੀਜੈਨਰੇਟ ਮੈਟਰ ਦਾ ਹੁੰਦਾ ਹੈ | ਸਰਲ ਸਾਧਾਰਨ ਭਾਸ਼ਾ ਵਿਚ ਇਹ ਕਿ ਮਰ ਰਹੇ ਤਾਰੇ ਉਤੇ ਇਕ ਅਵਸਥਾ ਆਉਂਦੀ ਹੈ ਜਦੋਂ ਇਸ ਦੇ ਸੁਤੰਤਰ ਘੰੁਮ ਰਹੇ ਇਲੈਕਟ੍ਰਾਨ ਗੁਰੂਤਾ ਖਿੱਚ ਦੇ ਦਬਾਅ ਨਾਲ ਏਨੇ ਨਪੀੜੇ ਜਾਂਦੇ ਹਨ ਕਿ ਇਹ ਸੁਤੰਤਰ ਹੋਂਦ ਗਵਾਉਣ ਲਗਦੇ ਹਨ | ਪ੍ਰੋਟਾਨਾਂ ਨਾਲ ਰਲ ਕੇ ਨਿਊਟ੍ਰਾਨ ਬਣਾਉਣ ਲਗਦੇ ਹਨ | ਇਸ ਅਵਸਥਾ ਵਿਚ ਪੁੱਜੇ ਤਾਰੇ ਦਾ ਭਾਰ ਜੇ ਚੰਦਰ ਸ਼ੇਖਰ ਲਿਮਿਟ ਤੋਂ ਵੱਧ ਹੋਵੇ ਤਾਂ ਉਹ ਕਦੇ ਸਥਿਰ ਨਹੀਂ ਰਹਿੰਦਾ | ਉਸ ਦੇ ਆਪਣੇ ਹੀ ਉਸਤਾਦ ਐਕ੍ਰਿੰਸਟਨ, ਰੂਸੀ ਵਿਗਿਆਨੀ ਲੈਂਡੋ ਤੇ ਉਸ ਦੇ ਸਮਕਾਲੀਆਂ ਦੇ ਚੰਦਰ ਸ਼ੇਖਰ ਲਿਮਿਟ ਤੋਂ ਭਾਰੇ ਅਜਿਹੇ ਮਰ ਰਹੇ ਤਾਰੇ ਨਿਊਟ੍ਰਾਨ ਸਟਾਰ ਬਣ ਜਾਂਦੇ ਹਨ | ਚੇਤੇ ਰਹੇ ਕਿ ਚੰਦਰ ਸ਼ੇਖਰ ਨੇ ਇਹ ਲਿਮਿਟ ਆਪਣੇ ਸੂਰਜ ਦੇ ਭਾਰ ਤੋਂ ਇਕ ਦਸ਼ਮਲਵ ਚਾਰ ਗੁਣਾਂ ਦੱਸੀ ਸੀ ਅਤੇ ਇਸ ਤੋਂ ਕੁਝ ਭਾਰੇ ਮਰਨ ਅਧੀਨ ਤਾਰਿਆਂ ਵਿਚੋਂ ਨਿਊਟ੍ਰਾਨ ਤਾਰਾ ਬਣਨ ਦਾ ਸੱਚਮੁੱਚ ਕੁਝ ਵਰ੍ਹੇ ਬਾਅਦ ਲੱਗਾ ਸੀ | ਮਰਨ ਅਧੀਨ ਤਾਰੇ ਵਾਲੀ ਗੱਲ ਵੀ ਜ਼ਰਾ ਸਪੱਸ਼ਟ ਕਰਨੀ ਬਣਦੀ ਹੈ | ਇਹ ਅਸਲ ਵਿਚ ਤਾਰੇ ਦੇ ਵਾਈਟ ਡਵਾਰਫ ਬਣਨ ਦੀ ਸਟੇਜ ਹੈ |
1939 ਵਿਚ ਟਾਲਮੈਨ-ਓਪਨਹੀਮਰ-ਵਾਲਕਾਫ਼ ਨੇ ਰਲ ਕੇ ਟੀ.ਓ.ਵੀ. ਲਿਮਿਟ ਮਿਥੀ | ਇਹ ਸਾਂਝੇ ਸੂਰਜ ਦੇ ਡੇਢ ਤੋਂ ਤਿੰਨ ਗੁਣਾਂ ਭਾਰ ਦੀ ਸੀਮਾ ਸੀ | ਜੇ ਮਰ ਰਹੇ ਤਾਰੇ ਦਾ ਵਾਈਟ ਡਵਾਰਫ ਦੀ ਅਵਸਥਾ ਵਿਚ ਭਾਰ ਇਸ ਸੀਮਾ ਤੋਂ ਵਧ ਜਾਵੇ ਤਾਂ ਉਹ ਸੱਚਮੁੱਚ ਬਲੈਕ ਹੋਲ ਬਣ ਜਾਂਦਾ ਹੈ | ਅਜਿਹਾ ਅੰਨ੍ਹਾ ਖੂਹ ਜਾਂ ਢੱਠੇ ਬਨੇਰੇ ਵਾਲਾ ਖੂਹ ਕਿ ਜਿਸ ਦੇ ਬੰਨ੍ਹੇ ਬਨੇਰੇ ਤੋਂ ਬਸ ਅੰਦਰ ਡਿਗਣਾ ਹੀ ਸੰਭਵ ਹੈ, ਬਾਹਰ ਨਿਕਲਣਾ ਸੰਭਵ ਨਹੀਂ | ਇਸ ਖੂਹ ਦਾ ਅਰਧ ਵਿਆਸ ਜ਼ਰੂਰ ਕਿਸੇ ਵੱਡੇ ਤਾਰੇ ਦਾ ਸ਼ਵਾਰਜ਼ਚਾਈਲਡ ਰੇਡੀਅਸ ਹੋਵੇਗਾ | ਇਸ ਖੂਹ ਦੇ ਸਭ ਕੁਝ ਖਾ ਜਾਣ ਵਾਲੇ ਘੇਰੇ ਨੂੰ ਅੱਜ ਵਿਗਿਆਨੀ ਈਵੈਂਟ ਹੋਰਾਈਜ਼ਕ ਕਹਿੰਦੇ ਹਨ | ਈਵੈਂਟ ਹੋਰਾਈਜ਼ਨ ਨੂੰ ਟੱਪਿਆਂ ਕੁਝ ਵਾਪਸ ਨਹੀਂ ਆਉਂਦਾ | ਉਹ ਇਸ ਅੰਨ੍ਹੇ ਖੂਹ ਵਿਚ ਗਰਕ ਹੋ ਜਾਂਦਾ ਹੈ | ਇਸ ਖੂਹ ਦਾ ਢਿੱਡ ਨਹੀਂ ਭਰਦਾ | ਕਿਸੇ ਐਸਟਰਾਇਡ, ਪੂਛਲ ਤਾਰੇ ਦੀ ਗੱਲ ਛੱਡੋ, ਸਾਡਾ ਚੰਨ ਜਾਂ ਸਾਡੀ ਧਰਤੀ ਵੀ ਇਸ ਹੱਦ ਨੂੰ ਟੱਪੇ ਤਾਂ ਖਤਮ | ਧਰਤੀ ਕੀ ਸਾਡਾ ਸੂਰਜ ਵੀ ਇਹ ਗੁਸਤਾਖੀ ਨਹੀਂ ਕਰ ਸਕਦਾ | ਬਲੈਕ ਹੋਲ ਅਣਗਿਣਤ ਸੂਰਜ ਖਾ ਕੇ ਵੀ ਭੁੱਖੀ ਦੀ ਭੁੱਖੀ ਰਹਿੰਦੀ ਹੈ | ਇਹ ਗੱਲਾਂ ਟੀ.ਓ.ਵੀ. ਸੀਮਾ ਨਾਲ ਭਾਵੇਂ ਸਪੱਸ਼ਟ ਨਹੀਂ ਸਨ ਹੋਈਆਂ ਪਰ ਬਲੈਕ ਹੋਲ ਦੀਆਂ ਯਥਾਰਥਕ ਸੰਭਾਵਨਾਵਾਂ ਅਤੇ ਉਸ ਦੇ ਵਿਹਾਰ ਬਾਰੇ ਚੰੁਝ ਚਰਚਾ ਜ਼ਰੂਰ ਛਿੜ ਗਈ |
ਬਲੈਕ ਹੋਲ ਦੇ ਅੰਨ੍ਹੇ ਖੂਹ ਦੀ ਚਾਰ ਦੀਵਾਰੀ ਨੂੰ ਉਦੋਂ ਸ਼ਵਾਰਜ਼ ਚਾਈਲਡ ਸਰਫੇਸ ਕਿਹਾ ਜਾਂਦਾ ਸੀ | ਇਸ ਨੂੰ 1958 ਵਿਚ ਡੇਵਿਡ ਫਿੰਕਲਸਟੀਨ ਨੇ ਈਵੈਂਟ ਹੋਰਾਈਜ਼ਨ ਦਾ ਨਾਂਅ ਦਿੱਤਾ | ਇਸ ਹੱਦ ਸਰਹੱਦ ਤੋਂ ਸਾਰੇ ਰਾਹ ਇਕੋ ਪਾਸੇ ਭਾਵ ਅੰਦਰ ਹੀ ਜਾਂਦੇ ਹਨ | ਬਲੈਕ ਹੋਲ ਸ਼ਬਦ ਦੀ ਵਰਤੋਂ ਅਜੇ ਵੀ ਨਹੀਂ ਸੀ ਸ਼ੁਰੂ ਹੋਈ | ਇਸ ਸ਼ਬਦ ਨੂੰ ਪਹਿਲੀ ਵਾਰ 1963 ਵਿਚ ਲਾਈਫ਼ ਅਤੇ ਸਾਇੰਸ ਨਿਊਜ਼ ਨਾਂਅ ਦੇ ਦੋ ਰਸਾਲਿਆਂ ਨੇ ਵਰਤਿਆ | ਐਨ ਐਵਿੰਗ ਨਾਂਅ ਦੀ ਇਕ ਮਹਿਲਾ ਪੱਤਰਕਾਰ ਨੇ 18 ਜਨਵਰੀ, 1964 ਨੂੰ ਬਲੈਕ ਹੋਲਜ਼ ਇਨ ਸਪੇਸ ਨਾਂਅ ਦੀ ਇਕ ਲਿਖਤ ਵਿਚ ਇਸ ਸ਼ਬਦ ਨੂੰ ਕਲੀਵਲੈਂਡ ਵਿਚ ਅਮੈਰੀਕਨ ਐਸੋਸੀਏਸ਼ਨ ਫਾਰ ਦੀ ਅਡਵਾਂਸਮੈਂਟ ਆਫ਼ ਸਾਇੰਸ ਦੀ ਮੀਟਿੰਗ ਦੀ ਰਿਪੋਰਟ ਪ੍ਰਕਾਸ਼ਿਤ ਕਰਵਾਉਂਦੇ ਹੋਏ ਵਰਤਿਆ | ਦਸੰਬਰ 1967 ਵਿਚ ਜਾਨ ਵੀਲਰ ਦੇ ਲੈਕਚਰ ਸਮੇਂ ਇਕ ਵਿਦਿਆਰਥੀ ਨੇ ਬਲੈਕ ਹੋਲ ਸ਼ਬਦ ਵਰਤ ਕੇ ਗੱਲ ਕੀਤੀ ਤਾਂ ਵੀਲਰ ਨੂੰ ਇਹ ਸ਼ਬਦ ਈਵੈਂਟ ਹੋਰਾਈਜ਼ਨ ਦੇ ਵਰਤਾਰੇ ਨੂੰ ਸੰਖੇਪ ਵਿਚ ਪੂਰੀ ਤਰ੍ਹਾਂ ਸਪੱਸ਼ਟ ਕਰਦਾ ਲੱਗਾ | ਉਸ ਨੇ ਉਸ ਉਪਰੰਤ ਇਹ ਸ਼ਬਦ ਇਸ ਦੀ ਅਰਥ ਸਮਰੱਥਾ ਅਤੇ ਐਡਵਰਟਾਈਜ਼ਮੈਂਟ ਮੁੱਲ ਕਾਰਨ ਪੱਕਾ ਹੀ ਅਪਣਾ ਲਿਆ | ਉਸ ਨੇ ਇਸ ਨੂੰ ਆਪਣੇ ਲੈਕਚਰਾਂ, ਖੋਜ ਪੱਤਰਾਂ, ਲੇਖਾਂ, ਲਿਖਤਾਂ ਵਿਚ ਏਨਾ ਜ਼ਿਆਦਾ ਵਰਤਿਆ ਕਿ ਬਹੁਤੇ ਲੋਕ ਇਹ ਮੰਨਣ ਲੱਗੇ ਕਿ ਬਲੈਕ ਹੋਲ ਸ਼ਬਦ ਜਾਨ ਵੀਲ੍ਹਰ ਨੇ ਹੀ ਘੜਿਆ ਹੈ |
ਡਾਰਕ ਸਟਾਰ, ਸ਼ਵਾਰਜ਼ਚਾਈਲਡ ਸਰਫੇਸ, ਈਵੈਂਟ ਹੋਰਾਈਜ਼ਨ ਤੇ ਬਲੈਕ ਹੋਲ ਬਾਰੇ ਸਾਪੇਖਤਾ ਸਿਧਾਂਤ ਗੁਰੂਤਾ ਖਿੱਚ ਤੇ ਗਣਿਤਕ ਸਮੀਕਰਨਾਂ ਦੇ ਆਸਰੇ ਇੰਨੀਆਂ ਅਜੀਬੋ ਗ਼ਰੀਬ ਗੱਲਾਂ ਸਾਹਮਣੇ ਆਉਂਦੀਆਂ ਸਨ ਕਿ ਵੱਡੇ-ਵੱਡੇ ਵਿਗਿਆਨੀ ਦੇਰ ਤੱਕ ਇਨ੍ਹਾਂ ਦੀ ਯਥਾਰਥਕ ਸੰਭਾਵਨਾ ਤੋਂ ਇਨਕਾਰੀ ਰਹੇ | ਹੋਰ ਤਾਂ ਹੋਰ ਐਡਿੰਗਟਨ, ਲੈਂਡੋ ਤੇ ਆਈਨਸਟਾਈਨ ਵਰਗੇ ਸੋਚਦੇ ਕਿ ਇੰਜ ਨਹੀਂ ਹੋਵੇਗਾ, ਆਹ ਜਾਂ ਅਹੁ ਨਹੀਂ ਹੋਵੇਗਾ | ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਵਿਗਿਆਨੀ ਇਹ ਸੋਚਣ ਲੱਗੇ ਕਿ ਸੱਚਮੁੱਚ ਹੀ ਬਲੈਕ ਹੋਲ ਯਥਾਰਥ ਦਾ ਹਿੱਸਾ ਹੋ ਸਕਦੀ ਹੈ | 1971 ਵਿਚ ਜਾਨ੍ਹ ਵੀਲ੍ਹਰ ਨੇ ਪੁਲਾੜ ਵਿਚ ਪਹਿਲੀ ਬਲੈਕ ਹੋਲ ਦਾ ਥਹੁ ਪਤਾ ਦੱਸਿਆ | ਟਾਲਮੈਨ ਓਪਨਹੀਮਰ ਵੋਲਕਾਫ਼ ਲਿਮਿਟ ਦੇ ਤਿੰਨ/ਚਾਰ ਤੋਂ ਵਧਣ ਨਾਲ ਕਿਸੇ ਵੀ ਵਾਈਟ ਡਵਾਰਫ਼ ਨੂੰ ਬਲੈਕ ਹੋਲ ਬਣਨ ਤੋਂ ਨਹੀਂ ਰੋਕਿਆ ਜਾ ਸਕਦਾ | ਇਸ ਸੱਚ ਨੂੰ ਵਿਗਿਆਨੀ ਸਵੀਕਾਰ ਕਰਨ ਲੱਗੇ |
ਅਤਿ ਵੱਡੇ ਤਾਰਿਆਂ ਦੇ ਸਵੈ-ਗੁਰੂਤਵੀ ਖਿੱਚ ਨਾਲ ਖਤਮ ਹੋਣ ਨੂੰ ਗਰੈਵੀਏਸ਼ਨਲ ਕੋਲੈਪਸ ਦਾ ਨਾਂਅ ਦਿੱਤਾ ਗਿਆ | ਵਿਗਿਆਨੀਆਂ ਨੇ ਕਿਹਾ ਕਿ ਬ੍ਰਹਿਮੰਡ ਦੇ ਵਿਕਾਸ ਦੇ ਮੁਢਲੇ ਸਮਿਆਂ ਵਿਚ ਅਤਿ ਵੱਡੇ ਤਾਰਿਆਂ ਤੋਂ ਵੱਡੀਆਂ-ਵੱਡੀਆਂ ਬਲੈਕ ਹੋਲਾਂ ਬਣਦੀਆਂ ਰਹੀਆਂ ਹਨ | ਸਾਡੇ ਸੂਰਜ ਤੋਂ ਇਕ ਹਜ਼ਾਰ ਗੁਣਾਂ ਭਾਰੀਆਂ ਵੀ | ਤਾਰਿਆਂ ਨੂੰ ਜਨਮ ਦੇਣ ਵਾਲੇ ਪੂਰੇ ਦੇ ਪੂਰੇ ਬੱਦਲ ਵੀ ਉਨ੍ਹਾਂ ਸਮਿਆਂ ਵਿਚ ਮਰ ਕੇ ਸੁਪਰ ਮੈਸਿਵ ਬਲੈਕ ਹੋਲਾਂ ਬਣ ਗਏ | ਇਕ ਲੱਖ ਸੂਰਜਾਂ ਜਿੱਡੀਆਂ ਭਾਰੀਆਂ ਬਲੈਕ ਹੋਲਾਂ | ਉਹ ਇਹ ਕਹਿਣ ਲੱਗੇ ਕਿ ਸਾਡੀਆਂ ਦੂਧੀਆ ਆਕਾਸ਼ ਗੰਗਾ ਸਮੇਤ ਹਰ ਗੈਲੇਕਸੀ ਦੇ ਕੇਂਦਰ ਵਿਚ ਇਕ ਵੱਡੀ ਬਲੈਕ ਹੋਲ ਹੈ | ਇਹੀ ਨਹੀਂ ਬ੍ਰਹਿਮੰਡੀ ਜਨਮ ਤੇ ਵਿਕਾਸ ਦੇ ਬਚਪਨ ਦੌਰਾਨ ਸੂਖਮ ਬਲੈਕ ਹੋਲਾਂ ਵੀ ਵਾਰ-ਵਾਰ ਪੈਦਾ ਹੋਈਆਂ | ਪਰ ਉਹ ਝੱਟ ਹੀ ਬਿਨਸ ਗਈਆਂ | ਤੁਹਾਨੂੰ ਚੇਤੇ ਹੋਵੇਗਾ ਕਿ ਜਦੋਂ ਸਰਨ ਦੇ ਲਾਰਜ ਹੈਡਰਨ ਕੋਲਾਈਡਰ ਵਿਚ ਗਾਡ ਪਾਰਟੀਕਲ ਦੀ ਖੋਜ ਲਈ ਤਜਰਬੇ ਸ਼ੁਰੂ ਹੋਏ ਤਾਂ ਵਿਗਿਆਨੀਆਂ ਨੇ ਕਿਹਾ ਸੀ ਕਿ ਉਚ ਊਰਜਾ ਕਣਾਂ ਦੀਆਂ ਅਤਿ ਉੱਚੀਆਂ ਸਪੀਡਾਂ ਉਤੇ ਟੱਕਰਾਂ ਵੇਲੇ ਮਾਈਕ੍ਰੋ ਬਲੈਕ ਹੋਲਜ਼ ਪੈਦਾ ਹੋ ਸਕਦੀਆਂ ਹਨ | ਡਰਪੋਕ ਬੰਦਿਆਂ ਨੇ ਉਦੋਂ ਰੌਲਾ ਪਾ ਦਿੱਤਾ ਕਿ ਜੈਨੇਵਾ ਵਿਚ ਬਲੈਕ ਹੋਲ ਪੈਦਾ ਹੋ ਗਈ ਤਾਂ ਵੇਖਦੇ-ਵੇਖਦੇ ਉਹ ਸਾਰਾ ਯੂਰਪ ਹੀ ਨਹੀਂ, ਸਾਰੇ ਮਹਾਂਦੀਪ ਹੜੱਪ ਜਾਵੇਗੀ | ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਸਮਝ ਆਈ ਕਿ ਇੰਜ ਨਹੀਂ ਹੋ ਸਕਦਾ | ਪਹਿਲੀ ਗੱਲ ਤਾਂ ਇਹ ਕਿ ਮਾਈਕ੍ਰੋ ਬਲੈਕ ਹੋਲਜ਼ ਸ਼ਾਇਦ ਹੀ ਪੈਦਾ ਹੋਣ | ਦੂਜੀ ਗੱਲ ਕਿ ਜੇ ਕੋਈ ਪੈਦਾ ਹੋ ਵੀ ਗਈ ਤਾਂ ਉਸ ਦੀ ਊਰਜਾ ਮੱਛਰ ਜਿੰਨੀ ਵੀ ਨਹੀਂ ਹੋਣੀ | ਤੀਜੀ ਗੱਲ ਕਿ ਉਸ ਦਾ ਜੀਵਨ ਕਾਲ ਬਹੁਤ ਛੋਟਾ ਹੋਵੇਗਾ | ਇਕ ਸਕਿੰਟ ਦਾ ਭਲਾ ਕਿੰਨਵਾਂ ਹਿੱਸਾ | ਏਕੇ ਅੱਗੇ ਪੰਝੀ ਸਿਫਰਾਂ ਲਾ ਕੇ ਪੜ੍ਹੋ | ਸਕਿੰਟ ਦੇ ਇੰਨੇ ਨਿੱਕੇ ਹਿੱਸੇ ਵਿਚ ਮੱਛਰ ਜਿੰਨੀ ਤਾਕਤ ਵਾਲੀ ਬਲੈਕ ਹੋਲ ਕਿਸੇ ਦਾ ਕੀ ਵਿਗਾੜ ਲਵੇਗੀ | ਤਾਂ ਕਿਤੇ ਪਰਲੋ ਦੇ ਵਣਜਾਰੇ ਚੁੱਪ ਹੋਏ |
ਅਸਲ ਵਿਚ ਬਹੁਤੇ ਲੋਕ ਇਹੀ ਸਮਝਦੇ ਹਨ ਕਿ ਬਲੈਕ ਹੋਲ ਇਕ ਵਾਰ ਪੈਦਾ ਹੋ ਗਈ ਤਾਂ ਮਰਦੀ ਨਹੀਂ | ਉਹ ਤਾਂ ਗ੍ਰਹਿ ਸੂਰਜ ਧਰਤੀਆਂ ਖਾ-ਖਾ ਪਲਦੀ ਹੀ ਜਾਂਦੀ ਹੈ | ਪਰ ਜੇ ਖਾਣ ਨੂੰ ਕੁਝ ਨਾ ਮਿਲੇ ਤਾਂ ਕੀ ਹੋਵੇ | ਭਾਵੇਂ ਖਰਬਾਂ-ਖਰਬਾਂ ਸਾਲ ਹੀ ਲੱਗਣ ਉਹ ਖਤਮ ਹੋ ਹੀ ਜਾਵੇਗੀ | ਜੋ ਉਪਜਿਓ ਸੋ ਬਿਨਸ ਹੈ ਪਰਉ ਆਜ ਕਿ ਕਾਲ | ਸੂਖਮ/ਮਾਈਕ੍ਰੋ ਬਲੈਕ ਹੋਲ ਤਾਂ ਅੱਖ ਝਪਕਦੇ ਹੀ ਮਰ ਜਾਂਦੀ ਹੈ | ਸਟੀਫਨ ਹਾਕਿੰਗ ਤੇ ਪੈਨਰੋਜ਼ੇ ਨੇ ਬਲੈਕ ਹੋਲਾਂ ਦੀ ਥਰਮੋਡਾਇਨੈਮਿਕਸ ਉਤੇ ਖੋਜਾਂ ਕੀਤੀਆਂ | ਐਾਟਰਾਪੀ ਤੇ ਬਲੈਕ ਬਾਡੀ ਦੇ ਸਿਧਾਂਤਾਂ ਦੀਆਂ ਅੰਤਰ-ਦਿ੍ਸ਼ਟੀਆਂ ਵਰਤ ਕੇ ਹਾਕਿੰਗ ਨੇ ਕਿਹਾ ਕਿ ਇਹ ਕਹਿਣਾ ਪੂਰੀ ਤਰ੍ਹਾਂ ਦਰੁਸਤ ਨਹੀਂ ਕਿ ਬਲੈਕ ਹੋਲ ਵਿਚੋਂ ਕੁਝ ਵੀ ਕਦੇ ਵੀ ਬਾਹਰ ਨਹੀਂ ਨਿਕਲਦਾ | ਇਨ੍ਹਾਂ ਵਿਚੋਂ ਹਾਕਿੰਗ ਰੇਡੀਏਸ਼ਨ ਨਿਕਲਦੀ ਹੈ ਜਿਸ ਦਾ ਤਾਪਮਾਨ ਬਲੈਕ ਹੋਲ ਦੇ ਭਾਰ ਦਾ ਉਲਟ ਅਨੁਪਾਤੀ ਹੈ | ਸਾਡੇ ਸੂਰਜ ਜਿੰਨੀ ਭਾਰੀ ਬਲੈਕ ਹੋਲ ਵਿਚੋਂ ਨਿਕਲੀ ਹਾਕਿੰਗ ਰੇਡੀਏਸ਼ਨ ਦਾ ਤਾਪਮਾਨ 62 ਨੈਨੋ ਕੈਲਵਿਨ ਹੋਵੇਗਾ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾ: 98722-60550.

ਝੀਲ ਕਿਨਾਰੇ ਵਸਿਆ ਕੈਨੇਡਾ ਦਾ ਖ਼ੂਬਸੂਰਤ ਸ਼ਹਿਰ ਚੈਸਟਰਮੇਰੇ

ਐਡਮਿੰਟਨ (ਕੈਨੇਡਾ) ਤੋਂ ਮੈਂ ਅਤੇ ਡਾ: ਹਰਿੰਦਰਪਾਲ ਸਿੰਘ ਨੇ ਮਨ ਬਣਾਇਆ ਕਿ ਕੈਲਗਰੀ ਦੇ ਨਜ਼ਦੀਕ ਝੀਲ ਕਿਨਾਰੇ ਉੱਪਰ ਵਸਿਆ ਇਕ ਖੂਬਸੂਰਤ ਛੋਟਾ ਜਿਹਾ ਸ਼ਹਿਰ 'ਚੈਸਟਰਮੇਰੇ' ਨੂੰ ਵੇਖਣ ਲਈ ਜਾਇਆ ਜਾਏ | ਮੈਂ ਤੇ ਡਾਕਟਰ ਹਰਿੰਦਰਪਾਲ ਅਸੀਂ ਐਡਮਿੰਟਨ ਤੋਂ ਆਪਣੀ ਕਾਰ ਲੈ ਕੇ ਲਗਪਗ ਤਿੰਨ ਘੰਟਿਆਂ ਦਾ ਸਫ਼ਰ ਤੈਅ ਕਰਕੇ ਕੈਲਗਰੀ ਪਹੁੰਚ ਗਏ |
ਸਵੇਰੇ ਅਸੀਂ ਸਤਿੰਦਰ ਸੁਕਰਾਤ ਨੂੰ ਨਾਲ ਲੈ ਕੇ ਕੈਲਗਰੀ ਤੋਂ ਕਾਰ ਰਾਹੀਂ ਲਗਪਗ 15 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕੈਲਗਰੀ ਦੇ ਪੂਰਬ ਵਾਲੇ ਪਾਸੇ ਇਕ ਖੂਬਸੂਰਤ ਜੰਨਤਨੁਮਾ ਝੀਲ ਦੇ ਕਿਨਾਰੇ ਵਸਿਆ ਸ਼ਹਿਰ ਚੈਸਟਰਮੇਰੇ ਵਿਖੇ ਪਹੁੰਚ ਗਏ | ਜੰਨਤ ਦੀ ਕਲਪਨਾ ਦਾ ਸਿਰਜਣਾਤਮਕ ਮੰਗਲ ਵਿਧਾਨ ਹੈ ਝੀਲ ਕਿਨਾਰੇ ਵਸਿਆ ਸ਼ਹਿਰ 'ਚੈਸਟਰਮੇਰੇ' | ਅਸੀਂ ਗੱਡੀ ਇਕ ਸਾਈਡ 'ਤੇ ਪਾਰਕਿੰਗ ਵਿਚ ਲਗਾ ਦਿੱਤੀ | ਦੂਰ-ਦੂਰ ਤੱਕ ਝੀਲ ਦੇ ਨਿਰਮਲ 'ਸਵੱਛ' ਸ਼ੁੱਧ ਪਾਣੀ ਦੀ ਆਤਮੀਅਤਾ 'ਚੋਂ ਸੰਵੇਦਨਸ਼ੀਲਤਾ ਦੀ ਤਰਲਤਾ ਦਾ ਅਹਿਸਾਸ ਹੋਣ ਲੱਗਾ | ਕੁਦਰਤੀ ਇਕਾਗਰਤਾ ਅਤੇ ਖੂਬਸੂਰਤੀ ਹੀ ਅਧਿਆਤਮ ਅਤੇ ਸੁਖਦ ਸ਼ਾਂਤੀ ਦੀ ਆਸਥਾ ਨਾਲ ਸਿੰਜਿਆ ਆਂਤਰਿਕ ਊਰਜਾ ਸਰੋਤ ਹੈ | ਝੀਲ ਦੇ ਕਿਨਾਰਿਆਂ ਦੇ ਦੋਵੇਂ ਪਾਸੀਂ ਖੂਬਸੂਰਤ ਸ਼ਿਲਪ ਕਲਾ ਵਿਚ ਨਿਪੁੰਨ ਘਰਾਂ ਦੀਆਂ ਕਤਾਰਾਂ, ਛੋਟੀਆਂ ਛੋਟੀਆਂ ਸੂਖਮਤਾਵਾਂ ਅਤੇ ਮਹੱਤਵਪੂਰਨ ਦਿ੍ਸ਼ਾਂਵਲੀਆਂ ਕਲਾਤਮਿਕ ਪੇਸ਼ਕਾਰੀ ਉਜਾਗਰ ਕਰ ਰਹੀਆਂ ਸਨ | ਕਿਨਾਰਿਆਂ ਦੇ ਨਾਲ-ਨਾਲ ਝੀਲ ਦੇ ਪਾਣੀ ਨੂੰ ਛੂੰਹਦੀਆਂ ਘਰਾਂ ਦੀਆਂ ਦਹਿਲੀਜ਼ਾਂ ਅਤੇ ਪਿੱਠ ਤੱਤ ਦੂਰੋਂ ਇੰਝ ਪ੍ਰਤੀਤ ਹੁੰਦੇ ਜਿਵੇਂ ਕੁਦਰਤ ਦੇ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਉੱਪਰ ਜੰਨਤ ਦੇ ਬੰਦਨਵਾਰ ਸਜਾਏ ਹੋਣ | ਅੱਖਾਂ ਦੇ ਪ੍ਰਵੇਸ਼ ਦੁਆਰਾ ਦਿਲ ਦਿਮਾਗ, ਰੂਹ (ਆਤਮਾ) ਦੇ ਵਿਚ ਇਕ ਸਕੂਨ, ਸ਼ਾਲੀਨਤਾ ਅਤੇ ਗਰਿਮਾ ਦਾ ਸਿ੍ਸ਼ਟੀ ਆਨੰਦ ਸਾਰੇ ਸਰੀਰ ਨੂੰ ਆਕਰਸ਼ਣ ਦੇ ਜ਼ਰੀਏ ਪ੍ਰਤੀਬਿੰਬਾਂ ਤੇ ਮੂਰਤ ਬਿੰਬਾਂ ਨਾਲ ਮਾਲਾਮਾਲ ਕਰ ਦਿੰਦਾ ਹੈ |
ਇਕ ਝੀਲ ਦੇ ਨਾਲ-ਨਾਲ ਘਰਾਂ ਦੀਆਂ ਇਕਸਾਰ ਸੁੰਦਰ ਪੰਕਤੀਆਂ, ਖੂਬਸੂਰਤ ਸ਼ੈਲੀ ਦੇ ਵੱਖ-ਵੱਖ ਤਰ੍ਹਾਂ ਦੇ ਰੁੱਖ, ਕਈ ਜਾਤੀਆਂ ਤੇ ਰੰਗਾਂ ਦੇ ਸੁੰਦਰ ਫੁੱਲ, ਬਾਗ-ਬਗੀਚੇ, ਆਕਰਸ਼ਕ ਸਹੂਲਤਾਂ ਭਰਪੂਰ ਪਾਰਕ, ਹਰੇ ਭਰੇ ਗੱਦੇਦਾਰ ਮਖਮਲੀ ਘਾਹ ਵਾਲੀ ਜ਼ਮੀਨ ਦੀ ਮਨਮੋਹਣੀ ਖੱਟੀ-ਖੱਟੀ ਖੁਸ਼ਬੂ, ਗੋਰੇ ਗੁਲਾਬੀ ਰੰਗ ਦੇ ਸ਼ਾਂਤਮਈ ਸੁਭਾਅ ਵਾਲੇ ਤੰਦਰੁਸਤ-ਰਿਸ਼ਟ-ਪੁਸ਼ਟ ਲੋਕ, ਚਾਰੇ ਪਾਸੇ ਸਫ਼ਾਈ-ਸਵੱਛਤਾ ਦੀ ਸੁੰਦਰਤਾ ਦੇ ਦਿ੍ਸ਼ਾਂ ਨੇ ਨਵੀਨ ਸੁੰਦਰਤਾ ਪ੍ਰਦਾਨ ਕਰਕੇ ਜੰਨਤ ਨੂੰ ਜਿਵੇਂ ਨਮਸਕਾਰ ਦੀ ਮੁਦਰਾ 'ਚ ਖੜ੍ਹਾ ਕਰ ਦਿੱਤਾ ਹੋਵੇ | ਇੱਥੇ ਕਣ-ਕਣ ਵਿਚ ਸਫ਼ਾਈ ਆਪਣੀ ਹੋਂਦ ਨੂੰ ਸਪੱਸ਼ਟਤਾ ਵਿਚ ਯਕੀਨੀ ਬਣਾ ਕੇ ਜੰਨਤ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ | ਚੈਸਟਰਮੇਰੇ ਸ਼ਹਿਰ ਕੁਦਰਤੀ ਅਤੇ ਵਿਗਿਆਨਕ ਕਲਾ ਸਿਰਜਣਾ ਦਾ ਨਵੀਨਤਮ ਪਹਿਰਾਵੇ ਵਿਚ ਜੰਨਤ ਦਾ ਦੂਜਾ ਨਾਂਅ ਹੈ | ਸਦੀਆਂ ਪਹਿਲਾਂ ਇਸ ਸਥਾਨ ਵਿਖੇ ਇਕ ਬੇਆਬਾਦ ਝੀਲ ਹੀ ਸੀ | ਉਦੋਂ ਦੇ ਸਮੇਂ ਕੁਝ ਕਿਸਾਨਾਂ ਨੇ ਖੇਤੀਬਾੜੀ ਦੇ ਮਨੋਰਥ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ | ਸਭ ਤੋਂ ਪਹਿਲਾਂ ਇਸ ਝੀਲ ਦੇ ਕਿਨਾਰੇ ਕਿਸਾਨਾਂ ਨੇ ਡੇਰੇ ਲਗਾਏ | ਕਿਸਾਨਾਂ ਨੇ ਹੀ ਇਸ ਝੀਲ ਦੇ ਇਲਾਕੇ ਨੂੰ ਆਬਾਦ ਕਰਨ ਵਿਚ ਵਡਮੁੱਲਾ ਯੋਗਦਾਨ ਪਾਇਆ |
ਜਦੋਂ ਕਿ ਕੈਨੇਡੀਅਨ ਰੇਲਵੇ ਵਿਭਾਗ 1880 ਵਿਚ ਸਥਾਪਿਤ ਹੋਇਆ | ਰੇਲਵੇ ਦੇ ਰੁਝਾਨ ਕਰਕੇ ਹੀ ਇਸ ਝੀਲ ਦੇ ਆਲੇ ਦੁਆਲੇ ਲੋਕ ਵਸਣੇ ਸ਼ੁਰੂ ਹੋ ਗਏ | ਹੌਲੀ-ਹੌਲੀ ਲੋਕਾਂ ਨੇ ਇਸ ਝੀਲ ਨਾਲ ਸੰਪਰਕ ਰਸਤੇ ਬਣਾਉਣੇ ਸ਼ੁਰੂ ਕਰ ਦਿੱਤੇ | 1907 ਵਿਚ ਡੈਮ ਅਤੇ ਨਹਿਰਾਂ ਦੀ ਯੋਜਨਾ ਸ਼ੁਰੂ ਹੋਈ | ਇਸ ਨਹਿਰਾਂ ਦੇ ਲਘੂ ਸੰਗਮ ਨੂੰ ਝੀਲ ਦੇ ਵਿਚ ਬਦਲ ਦਿੱਤਾ | ਇਸ ਦੇ ਪਾਣੀ ਦਾ ਸਦਉਪਯੋਗ ਹੋਣ ਲੱਗਾ | ਆਹਿਸਤਾ-ਆਹਿਸਤਾ ਇਹ ਝੀਲ ਮਨੋਰੰਜਨ ਦਾ ਸਾਧਨ ਬਣਦੀ ਗਈ | ਲੋਕਾਂ ਨੇ ਜ਼ਿਲ੍ਹਾ ਨਹਿਰੀ ਵਿਭਾਗ ਤੋਂ ਝੀਲ ਕਿਨਾਰੇ ਵਾਲੀ ਜ਼ਮੀਨ ਲੀਜ਼ 'ਤੇ ਲੈਣੀ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੇ ਇੱਥੇ ਛੋਟੇ-ਛੋਟੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ | ਗਰਮੀਆਂ ਦੀਆਂ ਛੁੱਟੀਆਂ ਵਿਚ ਮਾਲਕ ਆਪਣੇ ਬੱਚਿਆਂ ਪਰਿਵਾਰ ਸਮੇਤ ਇੱਥੇ ਆ ਕੇ ਦਿਨ ਗੁਜ਼ਾਰਦੇ | ਰਿਹਾਇਸ਼ੀ ਮਾਲਕਾਂ ਨੇ 1959 ਦੇ ਕਰੀਬ ਮਿਲ ਕੇ 50 ਮੈਂਬਰਾਂ ਦੀ ਇਕ ਸੁਸਾਇਟੀ ਬਣਾ ਲਈ | ਇਸ ਪ੍ਰਯੋਜਨ ਕਰਕੇ ਅਨੇਕਾਂ ਸਰਕਾਰੀ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ | ਸੜਕਾਂ, ਸੰਪਰਕ ਰਸਤਿਆਂ, ਪਗਡੰਡੀਆਂ ਦਾ ਸੁਵਿਧਾਪੂਰਵਕ ਨਿਰਮਾਣ ਹੋ ਗਿਆ | ਜ਼ਰੂਰੀ ਘਰੇਲੂ ਜ਼ਰੂਰਤਾਂ ਮਿਲਣੀਆਂ ਸ਼ੁਰੂ ਹੋ ਗਈਆਂ | ਫਿਰ ਇੱਥੋਂ ਦੇ ਮਾਲਕਾਂ ਨੂੰ ਪੱਕੇ ਤੌਰ 'ਤੇ ਜ਼ਮੀਨ ਅਲਾਟ ਹੋ ਗਈ |
1977 ਵਿਚ ਸਭ ਤੋਂ ਪਹਿਲਾਂ 120 ਪੱਕੇ ਰਿਹਾਇਸ਼ੀ ਘਰ ਬਣਾਏ ਗਏ ਅਤੇ ਇਸ ਸਥਾਨ ਦਾ ਨਾਂਅ 'ਸਮਰ ਵਿਲੇਜ਼ ਆਫ ਚੈਸਟਰਲੇਕ' ਰੱਖਿਆ ਗਿਆ | ਫਿਰ ਰਾਜਨੀਤਕ ਅਤੇ ਮਿਊਾਸਪਲ ਕਾਰਪੋਰੇਸ਼ਨ ਦੀ ਮਦਦ ਨਾਲ ਸਾਰੀਆਂ ਜ਼ਰੂਰੀ ਸਹੂਲਤਾਂ ਹੋਂਦ ਵਿਚ ਆ ਗਈਆਂ | 1992 ਵਿਚ ਇੱਥੋਂ ਦੀ ਵਸੋਂ ਵਧਣ ਲੱਗੀ ਅਤੇ 1043 ਪੱਕੇ ਰਿਹਾਇਸ਼ੀ ਘਰ ਹੋ ਗਏ | ਇਕ ਮਾਰਚ, 1993 ਨੂੰ ਸਰਕਾਰੀ ਤੌਰ ਤੇ ਮਾਨਤਾ ਮਿਲੀ ਅਤੇ ਇਸ ਸਥਾਨ ਦਾ ਨਾਂਅ 'ਟਾਊਨ ਆਫ ਚੈਸਟਰਮੇਰੇ' ਰੱਖ ਦਿੱਤਾ ਗਿਆ |
2014 ਵਿਚ ਇਸ ਦੀ ਆਬਾਦੀ ਲਗਪਗ 17203 ਹੋ ਗਈ ਅਤੇ ਇਹ ਸਥਾਨ ਇਕ ਜੰਨਤਨੁਮਾ ਖੂਬਸੂਰਤ ਸ਼ਹਿਰ ਬਣ ਗਿਆ | ਇੱਥੋਂ ਦੇ ਵਿਗਿਆਨੀਆਂ ਨੇ ਕੁਦਰਤ ਦੀਆਂ ਮਿਹਰਬਾਨੀਆਂ ਨੂੰ ਹੋਰ ਮਾਲਾਮਾਲ ਕਰਨ ਲਈ ਆਧੁਨਿਕਤਾ ਦਾ ਸਹਾਰਾ ਲੈ ਕੇ, ਨਵੀਨ ਖੋਜਾਂ ਦੇ ਬਲਬੂਤੇ ਉੱਪਰ ਕਲਾਤਮਿਕ ਵਿਧੀਆਂ ਨੂੰ, ਇੱਥੋਂ ਦੀ ਜ਼ਮੀਨ ਨੂੰ ਖੂਬਸੂਰਤ ਬੱਲਸ਼ਾਲੀ, ਸਮਾਨਤਾ, ਸ਼ਾਂਤੀ, ਨੈਤਿਕ ਭਾਵਨਾ, ਨਾਯਾਬ ਉਪਲਬਧੀਆਂ ਦੇ ਕੇ ਕੁਦਰਤੀ ਅਤੇ ਮਾਨਤਾਵਾਦੀ ਦਾ ਸੁੰਦਰ ਤੇ ਚਿਰ-ਸਥਾਈ ਉਤਸਵ ਬਣਾ ਦਿੱਤਾ |
ਇਸ ਸਥਾਨ ਨੂੰ 'ਰੌਕੀ ਵਿਊ ਕੰਟਰੀ' ਵੀ ਕਹਿੰਦੇ ਹਨ | ਕਿਉਂਕਿ ਇਸ ਆਲੇ-ਦੁਆਲੇ ਸੁੰਦਰ ਪਹਾੜੀ ਇਲਾਕਿਆਂ ਦਾ ਵਾਸ ਹੈ | ਕੈਨੇਡਾ ਦੇ ਅਲਬਰਟਾ ਸਟੇਟ ਦੇ ਖੂਬਸੂਰਤ ਪਹਾੜੀ ਇਲਾਕੇ, ਕੈਨਮੋਰ, ਜਸਪਰ, ਬੈਂਫ, ਲੇਕਲੂਈ, ਵੇਲਮਾਊਾਟ ਆਦਿ ਸੁੰਦਰ ਸ਼ਹਿਰਾਂ ਦਾ ਵਾਸਾ ਹੈ | ਲਗਪਗ ਪੰਜ ਮੀਲ ਲੰਬੀ ਝੀਲ ਵਿਚ ਕਿਸ਼ਤੀਆਂ, ਮੱਛੀ ਫੜਨਾ, ਸਕੇਟਿੰਗ ਅਤੇ ਹੋਰ ਪਹਾੜੀ ਖੇਡ ਕਿਰਿਆਵਾਂ ਦੀ ਭਰਮਾਰ ਹੈ | ਅਨੇਕਾਂ ਮੇਲਿਆਂ ਦਾ ਸੰਗ੍ਰਹਿ ਹੈ | ਸਰਦੀਆਂ ਵਿਚ ਅਨੇਕਾਂ ਬਰਫ਼ੀਲੀਆਂ ਖੇਡ ਕਿਰਿਆਵਾਂ ਹੁੰਦੀਆਂ | ਝੀਲ ਦੇ ਆਰ-ਪਾਰ ਸੂਰਜ ਚੜ੍ਹਨ ਅਤੇ ਡੁੱਬਣ ਦੇ ਅਲੌਕਿਕ ਖੂਬਸੂਰਤ ਮਨਮੋਹਣੇ ਦਿ੍ਸ਼ ਵੇਖਣਯੋਗ ਹੁੰਦੇ ਹਨ | ਅੰਨ੍ਹੇ ਮੀਂਹ ਦੀ ਹੋਂਦ ਵਿਚ ਸਤਰੰਗੀਆਂ ਪੀਂਘਾਂ ਦਾ ਸਮੂਹ ਆਪਣੀ ਸ਼ੋਭਾ ਨੂੰ ਆਲੰਕਾਰਿਤ ਕਰਕੇ ਝੀਲ ਦੀ ਉਪਮਾ ਨੂੰ ਚਾਰ ਚੰਨ ਲਗਾ ਦਿੰਦਾ ਹੈ | ਬੱਚਿਆਂ ਲਈ ਇਹ ਸਥਾਨ ਅਦਭੁੱਤ, ਤਲਿਸਮੀ, ਜਾਦੂਛੜੀ 'ਚੋਂ ਨਿਕਲੀ ਚੀਜ਼ ਵਾਂਗੂੰ ਅਤੇ ਆਕਰਸ਼ਣ ਦਾ ਮਰਮਸਪਰਸ਼ੀ ਸਥਾਨ ਹੈ | ਇਹ ਪ੍ਰਸਿੱਧ ਪਿਕਨਿਕ ਸਥਾਨ, ਸਵਰਗ ਦਾ ਦੂਜਾ ਨਾਂਅ ਹੈ |

-ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਐਡਮਿੰਟਨ, ਕੈਨੇਡਾ
ਮੋਬਾਈਲ : 98156-25409

ਅਸੀਂ ਭੁੱਲ ਗਏ ਬੱਲ੍ਹੋ ਪਾਉਣਾ

ਤੀਆਂ ਦੇ ਅਖੀਰਲੇ ਦਿਨ ਵਾਲੀ ਸਮਾਪਤੀ ਦੇ ਦਿਨ ਨੂੰ 'ਬੱਲ੍ਹੋ ਪਾਉਣਾ' ਕਿਹਾ ਜਾਂਦਾ | ਉਸ ਦਿਨ ਕੁੜੀਆਂ ਸਜ ਸੰਵਰ ਕੇ ਆਉਂਦੀਆਂ, ਸਭ ਤੋਂ ਸੋਹਣਾ ਸੂਟ ਅਤੇ ਜੀਅ ਭਰ ਕੇ ਗਹਿਣੇ ਪਾਉਂਦੀਆਂ ਹੈ | ਪਹਿਲਾਂ ਕੁਝ ਸਮਾਂ ਦੱਬ ਕੇ ਗਿੱਧਾ ਪਾਇਆ ਜਾਂਦਾ ਹੈ ਫਿਰ ਅਗਵਾੜ ਜਾਂ ਪੱਤੀਆਂ ਮੁਤਾਬਿਕ ਦੋ ਟੋਲੀਆਂ ਬਣਾਈਆਂ ਜਾਂਦੀਆਂ ਹਨ | ਦੋ ਕੁੜੀਆਂ ਨੂੰ ਮੁੱਖ ਤੌਰ 'ਤੇ ਚੁਣ ਲਿਆ ਜਾਂਦਾ | ਇਕ ਲਾੜੇ ਅਤੇ ਦੂਜੀ ਲਾੜੀ ਦੇ ਰੂਪ ਵਿਚ ਚੁਣੀ ਜਾਂਦੀ ਹੈ | ਲਾੜਾ ਬਣੀ ਲੜਕੀ ਵਾਲਾ ਸਾਰਾ ਪਾਸਾ ਚੁੰਨੀਆਂ ਨੂੰ ਸਿਰਾਂ 'ਤੇ ਪੱਗਾਂ ਵਾਂਗ ਲਪੇਟ ਕੇ ਬਰਾਤੀ ਬਣਦੇ ਤੇ ਦੂਜੇ ਪਾਸੇ ਲਾੜੀ ਨੂੰ ਵਿਆਹੁਣ ਜਾਣ ਦਾ ਨਾਟਕੀ ਢੰਗ ਦਾ ਨਜ਼ਾਰਾ ਹੁੰਦਾ | ਇਕ ਦੂਜੀ ਦੇ ਬਾਹਾਂ ਵਿਚ ਬਾਹਾਂ ਪਾ ਕੇ ਅਰਧ ਚੱਕਰ ਬਣਾ ਲਏ ਜਾਂਦੇ ਹਨ | ਮੁੰਡੇ (ਲਾੜੇ) ਵਾਲੇ ਪਾਸੇ ਤੋਂ ਕੁੜੀਆਂ ਗੀਤ ਗਾਉਂਦੀਆਂ ਲਾੜੇ ਬਣੇ ਲੜਕੇ ਨੂੰ ਅੱਗੇ ਲਾ ਕੇ ਦੂਜੇ ਪਾਲੇ ਵੱਲ ਨੂੰ ਵਧਦੀਆਂ ਅਤੇ ਆਖਦੀਆਂ ਹਨ:
ਮੈਂ ਤਾਂ ਤੈਨੂੰ ਲੈਣ ਆ ਗਿਆ,
ਤੂੰ ਵੜ ਬੈਠੀ ਖੂੰਜੇ |
ਲੈ ਕੇ ਜਾਊਾਗਾ,
ਮੋਤੀ ਬਾਗ ਦੀਏ ਕੂੰਜੇ |
ਤੇ ਅੱਗੋਂ ਲਾੜੀ ਵਾਲੇ ਪਾਸੇ ਤੋਂ ਕੁੜੀਆਂ ਜਵਾਬ ਦਿੰਦੀਆਂ ਹਨ:
ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਐ,
ਜੰਝ ਬੁੱਢੜਿਆਂ ਦੀ ਆਈ ਮੁੰਡਾ ਕੋਈ ਕੋਈ ਐ |
ਤੇ ਆਈ ਬਰਾਤ ਦੇ ਸਵਾਗਤ ਲਈ ਪੱਤਿਆਂ ਦੀਆਂ ਬਣਾਈਆਂ ਪੱਤਲਾਂ ਨਾਟਕੀ ਢੰਗ ਨਾਲ ਪਰੋਸਦੀਆਂ ਤੇ ਜੰਝ ਬੰਨ੍ਹਣ ਦੀਆਂ ਰਸਮਾਂ ਕਰਦੀਆਂ ਹੇਅਰਾ ਲਾਉਂਦੀਆਂ:
ਕੌਲੀ ਤੇਰੀ ਕੱਚ ਦੀ ਲਾੜਿਆ, ਖੰਡ 'ਚ ਦੇਸੀ ਵੇ, ਘਿਓ,
ਮਾਮੇ ਮਾਸੜ ਬੰਨ੍ਹ ਤੇ, ਵਿਚੇ ਚਾਚਾ ਤਾਇਆ.., ਵੇ ਲਾੜਿਆ ਕੰਨ ਕਰੀਂ ਪਿਓ |
ਤੇ ਦੂਜੇ ਪਾਸੇ ਬਰਾਤੀਆਂ ਵਲੋਂ ਜੰਝ ਛੁਡਵਾਉਣ ਲਈ ਵੀ ਮੋੜਵਾਂ ਜਵਾਬ ਦਿੱਤਾ ਜਾਂਦਾ ਹੈ |
ਨਖਰੇ ਭਰੀਆਂ ਮੇਲਣਾਂ, ਕੋਈ ਖੜ੍ਹੀਆਂ ਬੰਨ੍ਹ ਕੇ ਜੀ ਪਾਲ਼,
ਬੰਨ੍ਹੀ ਜੰਝ ਛੁੜਾ ਲਵਾਂ ਕੋਈ ਮਿੱਠੇ ਬੋਲਾਂ ਦੇ, ਜੀ ਅੱਜ ਦਿਨ ਰੰਗਲੇ..ਨਾਲ਼ |
ਤੇ ਕੁੜੀ ਵਾਲੇ ਪਾਸਿਓ ਸਿੱਠਣੀਆਂ ਗਾਉਂਦੀਆਂ:-
ਲਾੜਾ ਤਾਂ ਬੈਠਾ ਤਖਤ ਹਜ਼ਾਰੇ, ਵੱਟ-ਵੱਟ ਮੁੱਕੀਆਂ ਮਾਮਿਆਂ ਦੇ ਮਾਰੇ
ਸਾਲ਼ਿਆ ਮੇਰੇ ਸਹੁਰੇ ਕਾਹਤੋਂ ਆਇਆ ਸੀ |
ਇਸ ਤਰਾਂ ਪਹਿਲੇ ਗੇੜੇ ਵਿਚੋਲਾ ਭੇਜਣ ਦੀ ਰਸਮ, ਫੇਰ ਸ਼ਗਨ, ਵਿਆਹ, ਮੁਕਲਾਵਾ ਇੱਧਰੋਂ ਉੱਧਰ ਦੋਵੇਂ ਟੋਲੀਆਂ ਜਾਂਦੀਆਂ ਤੇ ਵਾਪਸ ਆਪਣੀ ਥਾਂ 'ਤੇ ਆ ਕੇ ਖੜ੍ਹ ਜਾਂਦੀਆਂ ਹਨ | ਆਲੇ-ਦੁਆਲੇ ਝੁਰਮਟ ਪਾਈ ਮੁਟਿਆਰਾਂ ਆਪਣੇ-ਆਪਣੇ ਪਾਸੇ ਦੀ ਹਮਾਇਤ ਕਰਦੀਆਂ ਹਨ | ਦੋਵਾਂ ਪਾਸਿਆਂ ਦੀ ਅਗਵਾਈ ਪਿੰਡ ਦੀਆਂ ਸਿਆਣੀਆਂ ਔਰਤਾਂ ਕਰਦੀਆਂ ਹਨ | ਇਸ ਤਰ੍ਹਾਂ ਰਸਮੋ-ਰਿਵਾਜ ਕਰਦੇ-ਕਰਦੇ ਲਾੜਾ ਲਾੜੀ ਨੂੰ ਵਿਆਹ ਕੇ ਲੈ ਜਾਂਦਾ ਤੇ ਦੋਵੇਂ ਧਿਰਾਂ ਇਕੱਠੀਆਂ ਹੋ ਕੇ ਜ਼ੋਰ ਦਾ ਗਿੱਧਾ ਪਾਉਂਦੀਆਂ ਹਨ | ਕਾਫੀ ਦੇਰ ਤੱਕ ਬੋਲੀਆਂ ਮੀਂਹ ਵਾਂਗ ਵਰ੍ਹਦੀਆਂ ਹਨ | ਮੁਟਿਆਰਾਂ ਨੱਚ-ਨੱਚ ਹਾਲੋਂ-ਬੇਹਾਲ ਹੋ ਜਾਂਦੀਆਂ ਹੈ | ਸਮੇਂ ਦਾ ਖਿਆਲ ਨਾ ਰਹਿੰਦਾ ਤੇ ਫਿਰ ਸਿਆਣੀਆਂ ਔਰਤਾਂ (ਵਡੇਰੀ ਉਮਰ ਦੀਆਂ) ਵਿਚੋਂ ਹੀ ਕਈ ਆਖਦੀਆਂ, ਚਲੋ ਭਾਈ ਹੁਣ ਕਵੇਲਾ ਹੋ ਗਿਆ ਹੈ | ਇਸ ਤਰ੍ਹਾਂ ਇਕ ਦੂਜੀ ਨੂੰ ਮਿਲਦੀਆਂ, ਫਿਰ ਮਿਲਣ ਦਾ ਵਾਅਦਾ ਕਰਦੀਆਂ, ਵੱਟਾਂ 'ਤੇ ਉੱਗੇ ਹਰੇ ਕਚੂਰ ਘਾਹ ਦੀ ਦੁੱਭ ਪੱਟ ਲੈਂਦੀਆਂ ਹਨ | ਘਰ ਨੂੰ ਆਉਂਦੀਆਂ ਥਾਂ-ਥਾਂ 'ਤੇ ਖੜ੍ਹ ਕੇ ਚੱਕਰ ਬਣਾ ਕੇ ਗਿੱਧਾ ਪਾਉਂਦੀਆਂ | ਇਸ ਦਿਨ ਦੀਆਂ ਬੋਲੀਆਂ ਵਿਛੋੜੇ ਦੇ ਵੈਰਾਗ ਨੂੰ ਪ੍ਰਗਟ ਕਰਦੀਆਂ ਹਨ | ਕੁੜੀਆਂ ਬੋਲੀ ਪਾਉਂਦੀਆਂ :-
ਚੰਦ ਕੁੜੀਆਂ ਦਾ ਵੈਰੀ, ਗੋਡੀ ਮਾਰ ਗਿਆ |
ਪੰਜ ਪੁੱਤ ਕੰਗਣਾ ਦੀ ਜੋੜੀ, ਤੀਆਂ ਵੇ ਲਵਾਉਣ ਵਾਲਿਆ |
ਤੇਰੀ ਅੱਖ 'ਤੇ ਭਰਿੰਡ ਲੜ ਜਾਵੇ, ਤੀਆਂ ਵੇ ਹਟਾਉਣ ਵਾਲਿਆ |
ਸਾਉਣ ਵੀਰ 'ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ |
ਸੁਣ ਵੇ ਪਿੱਪਲਾ ਸੁਣ ਵੇ ਬਰੋਟਿਆ
ਸੁਣ ਲੀਂ ਗੱਲ ਕੰਨ ਲਾ ਕੇ |
ਵਧ ਫੁੱਲ ਕੇ ਤੂੰ ਵੱਡਾ ਹੋਜੀਂ, ਲਗਰਾਂ ਰੱਖੀਂ ਵਧਾ ਕੇ
ਵਰ੍ਹੇ ਦਿਨਾਂ ਨੂੰ ਫੇਰ ਮਾਹੀ ਤੋਂ ਛੁੱਟੀਆਂ ਲੈ ਕੇ ਆਵਾਂ,
ਤੇਰਾ ਜਸ ਪਿੱਪਲਾ ਵਿਚ ਗਿੱਧਿਆਂ ਦੇ ਗਾਵਾਂ |
ਤੇ ਸੱਥ ਵਿਚ ਬੈਠੇ ਵੀਰਾਂ ਨੂੰ ਸੁਣਾ ਕੇ ਆਖਦੀਆਂ:-
ਠੰਢੇ ਸੀਲ਼ੇ ਹੋ ਜੋ ਵੀਰਨੋ, ਅਸੀਂ ਤੀਆਂ ਨੂੰ ਵਿਦਾ ਕਰ ਆਈਆਂ |
ਤੇ ਨਾਲ ਹੀ ਮਿਲਣ ਦੀ ਆਸ ਨਾਲ ਆਖਦੀਆਂ:-
ਤੀਆਂ ਤੀਜ ਦੀਆਂ ਵਰ੍ਹੇ, ਦਿਨਾਂ ਨੂੰ ਫੇਰ |
ਇਸ ਦਿਨ ਪਿੰਡ ਦੇ ਹਰ ਘਰ ਗੁਲਗਲੇ ਜਾਂ ਪੂੜੇ ਬਣਦੇ ਤੇ ਕੁੜੀਆਂ ਬੋਲੀ ਰਾਹੀਂ ਆਖਦੀਆਂ:-
ਸਾਰੇ ਪਿੰਡ ਨੇ ਗੁਲਗੁਲੇ ਖਾਧੇ,
ਪੱਜ ਸਿਰ ਕੁੜੀਆਂ ਦੇ |
ਇਸ ਤਰ੍ਹਾਂ ਆਪੋ-ਆਪਣੇ ਘਰਾਂ ਨੂੰ ਹੱਸਦੀਆਂ ਖੇਡਦੀਆਂ ਪਹੁੰਚਦੀਆਂ ਤੇ ਤੀਆਂ ਤੋਂ ਲਿਆਂਦਾ ਦੁੱਭ ਨਲਕੇ ਦੀ ਜੜ੍ਹ 'ਚ ਰੱਖ ਕੇ ਆਖਦੀਆਂ |
ਵੀਰ ਮੇਰੇ ਦਾ ਵਿਹੜਾ, ਦੁੱਭ ਵਾਂਗ ਹਰਾ ਰਹੇ |
ਅਤੇ
ਵੀਰਾ ਤੇਰੀ ਜੜ੍ਹ, ਲੱਗਜੇ ਵੇ ਮੈਂ ਨਿੱਤ ਬਰ੍ਹਮੇ ਜਲ ਪਾਵਾਂ |
ਨਲਕੇ ਦੀ ਜੜ੍ਹ 'ਚ ਦੁੱਭ ਰੱਖਦੀ ਧੀ ਨੂੰ ਦੇਖ ਮਾਂ ਕਈ ਵਾਰੀ ਮਜ਼ਾਕ ਨਾਲ ਆਖ ਦਿੰਦੀ:-
ਕੁੜੀਆਂ ਦੁੱਭ ਲਿਆਈਆਂ ਮੇਰੀ ਕਮਲੀ ਤਾਂਦਲਾ ਲਿਆਈ |
ਤੇ ਕੁੜੀ ਮਾਂ ਦੇ ਗਲ ਬਾਹਾਂ ਪਾ ਕੇ ਮੋੜਵਾਂ ਜਵਾਬ ਦੇ ਦਿੰਦੀ:-
ਸ਼ੰਮਲੇ ਵਾਲਾ ਆ ਗਿਆ ਨੀ ਮਾਏ,
ਪਾ ਕੇ ਸੰਧੂਰੀ ਬਾਣਾ,
ਤੇਰੀ ਕਮਲੀ ਨੇ ਤੁਰ ਸਹੁਰਿਆਂ ਨੂੰ ਜਾਣਾ |
ਇਸ ਤਰ੍ਹਾਂ ਇਨ੍ਹਾਂ ਰੰਗਲੇ ਦਿਨਾਂ ਦੀਆਂ ਯਾਦਾਂ ਲੈ, ਵੀਰ ਦੇ ਰੱਖੜੀ ਬੰਨ੍ਹ, ਮਾਂ ਵਲੋਂ ਸੰਧਾਰੇ ਦੇ ਰੂਪ ਵਿਚ ਦਿੱਤੇ ਤੋਹਫਿਆਂ ਨੂੰ ਸਵੀਕਾਰਦੀ, ਸੰਭਾਲਦੀ ਮੁਟਿਆਰ ਇਕ ਘਰ ਤੋਂ ਦੂਜੇ ਘਰ ਦੇ ਰਾਹ ਪੈ ਜਾਂਦੀ ਹੈ |
ਸਮੇਂ ਦੇ ਬਦਲਣ ਨਾਲ ਇਸ ਰਸਮ ਦੇ ਨਾਲ-ਨਾਲ ਇਹ ਸ਼ਬਦ ਵੀ ਅਲੋਪ ਹੋ ਗਏ | ਅੱਜ ਦੀ ਨਵੀਂ ਪੀੜ੍ਹੀ ਨੂੰ 'ਬੱਲ੍ਹੋ' ਸ਼ਬਦ ਦਾ ਪਤਾ ਵੀ ਨਹੀਂ ਹੋਣਾ ਕਿ ਇਹ ਕੀ ਸ਼ੈਅ ਹੁੰਦੀ ਹੈ | ਅੱਜ ਦੀ ਨੌਜਵਾਨ ਪੀੜ੍ਹੀ ਪੱਛਮੀ ਰੰਗ ਵਿਚ ਰੰਗੀ ਵੈਲੇਨਟਾਈਨ ਡੇ, ਰੋਜ਼ ਡੇ, ਫਰੈਂਡਸ਼ਿਪ ਡੇ ਆਦਿ ਦੀ ਮੁਰੀਦ ਹੋ ਗਈ ਹੈ ਅਤੇ ਇਹ ਦਿਨ ਸਿਰਫ ਵੱਟਸਐਪ ਅਤੇ ਫੇਸਬੁੱਕ ਦੇ ਬੇਜਾਨ ਪੰਨਿਆ ਉੱਤੇ ਮੁਹੱਬਤੋਂ ਕੋਰੇ ਅਤੇ ਦਿਖਾਵਿਆਂ ਨਾਲ ਲੱਦੇ, ਅੰਗੂਠਿਆਂ ਦੀ ਮਾਰ ਝੱਲਦੇ ਏਧਰੋਂ-ਉੱਧਰ ਦਾ ਸਫਰ ਇਕ ਦਿਨ ਵਿਚ ਮੁਕਾ ਆਖਰ ਡਲੀਟ ਬਟਨ ਦੀ ਭੇਟ ਚੜ੍ਹ ਜਾਂਦੇ ਹਨ |

-ਮੋਬਾਈਲ : 9465434177.

ਪਾਲੀਵੁੱਡ ਝਰੋਖਾ ਪੰਜਾਬੀ ਸਿਨੇਮਾ ਨੂੰ ਪੁਨਰ-ਸੁਰਜੀਤ ਕਰਨ ਵਾਲਾ : ਮਨਮੋਹਨ ਸਿੰਘ

ਮੁਲਖ ਰਾਜ ਭਾਖੜੀ ਅਤੇ ਜੁਗਲ ਕਿਸ਼ੋਰ ਤੋਂ ਬਾਅਦ ਪੰਜਾਬੀ ਫ਼ਿਲਮ ਨਿਰਦੇਸ਼ਕਾਂ ਦੀ ਲਿਸਟ 'ਚ ਮਨਮੋਹਨ ਸਿੰਘ ਦਾ ਨਾਂਅ ਹੀ ਆਉਂਦਾ ਹੈ | ਉਂਜ ਕਹਿਣ ਨੂੰ ਤਾਂ ਵਰਿੰਦਰ, ਬੀ.ਆਰ. ਝੀਂਗਣ, ਧਰਮਪਾਲ, ਹਰੀ ਦੱਤ ਅਤੇ ਮਨੋਜ ਪੰੁਜ ਵਰਗੇ ਨਿਰਦੇਸ਼ਕਾਂ ਦਾ ਯੋਗਦਾਨ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਪਰ ਜਿਸ ਤਰ੍ਹਾਂ ਮਨਮੋਹਨ ਸਿੰਘ ਨੇ ਇਸ ਖੇਤਰੀ ਸਿਨੇਮਾ ਨੂੰ ਪੁਨਰ-ਸੁਰਜੀਤ ਕੀਤਾ ਸੀ, ਉਸ ਦੀ ਮਿਸਾਲ ਮਿਲਣੀ ਕਠਿਨ ਹੈ |
ਮਨਮੋਹਨ ਸਿੰਘ ਦੀ ਦੇਣ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਉਸ ਨੇ ਹਿੰਦੀ ਸਿਨੇਮਾ ਦਾ ਖੇਤਰ ਤਿਆਗ ਕੇ ਆਪਣਾ ਇਕ ਨਿਵੇਕਲਾ ਰਸਤਾ ਚੁਣਿਆ ਸੀ | ਉਹ ਯਸ਼ਰਾਜ ਫ਼ਿਲਮਜ਼ ਵਾਲਿਆਂ ਦਾ ਚਹੇਤਾ ਫੋਟੋਗ੍ਰਾਫਰ ਸੀ | 'ਚਾਂਦਨੀ' ਵਰਗੀ ਫ਼ਿਲਮ ਨੂੰ ਸਫਲ ਬਣਾਉਣ ਪਿਛੇ ਉਸ ਦੀ ਫੋਟੋਗ੍ਰਾਫੀ ਦਾ ਹੀ ਕਮਾਲ ਸੀ | ਜੇਕਰ ਫ਼ਿਲਮੀ ਸੂਤਰਾਂ 'ਤੇ ਵਿਸ਼ਵਾਸ ਕਰੀਏ ਤਾਂ ਪਤਾ ਲਗਦਾ ਹੈ ਕਿ ਉਸ ਦਾ ਮੁਆਵਜ਼ਾ ਉਸ ਵੇਲੇ 25 ਲੱਖ ਪ੍ਰਤੀ ਫ਼ਿਲਮ ਸੀ | ਇਹ ਰਕਮ ਉਸ ਵੇਲੇ ਦੇ ਕਈ ਲੋਕਪਿ੍ਆ ਨਾਇਕਾਂ/ਨਾਇਕਾਵਾਂ ਦੀ ਫੀਸ ਦੇ ਬਰਾਬਰ ਸੀ | ਯਸ਼ ਚੋਪੜਾ ਲਈ ਹੀ ਉਸ ਨੇ 'ਡਰ', 'ਦਿਲਵਾਲੇ ਦੁਲਹਨੀਆ ਲੇ ਜਾਏਾਗੇ' ਅਤੇ 'ਮੁਹੱਬਤੇਂ' ਵਰਗੀਆਂ ਸਫ਼ਲ ਫ਼ਿਲਮਾਂ ਦੀ ਫੋਟੋਗ੍ਰਾਫੀ ਕੀਤੀ ਸੀ |
ਮਨਮੋਹਨ ਸਿੰਘ ਦਾ ਜਨਮ ਸਿਰਸਾ (ਹਰਿਆਣਾ) ਦੇ ਨਜ਼ਦੀਕ ਇਕ ਪਿੰਡ ਨੇਜਾ ਡੇਲਾ ਕਲਾਂ ਵਿਚ ਹੋਇਆ ਸੀ | ਉਸ ਨੇ ਫੋਟੋਗ੍ਰਾਫੀ (ਫ਼ਿਲਮ) ਦੀ ਜਾਣਕਾਰੀ ਪੂਨਾ ਫ਼ਿਲਮ ਇੰਸਟੀਚਿਊਟ ਤੋਂ ਹਾਸਲ ਕੀਤੀ ਸੀ | ਉਸ ਦੀ ਪਹਿਲੀ ਫ਼ਿਲਮ 'ਬੇਤਾਬ' ਸੀ ਜਿਸ ਦਾ ਨਿਰਮਾਣ ਧਰਮਿੰਦਰ ਨੇ ਆਪਣੇ ਬੇਟੇ ਸੰਨੀ ਦਿਓਲ ਨੂੰ ਫ਼ਿਲਮਾਂ 'ਚ ਲਾਂਚ ਕਰਨ ਲਈ ਕੀਤਾ ਸੀ | ਇਸ ਤੋਂ ਬਾਅਦ ਉਸ ਨੂੰ ਲਗਪਗ ਵੱਡੇ ਬੈਨਰਾਂ ਦੀਆਂ ਕਈ ਫ਼ਿਲਮਾਂ 'ਲੇਕਿਨ', 'ਲਮਹੇ', 'ਚਾਲਬਾਜ਼' ਮਿਲੀਆਂ |
ਪਰ ਸਾਲ 2000 ਦੇ ਕਰੀਬ ਮਨਮੋਹਨ ਸਿੰਘ ਨੇ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਕ ਬਣਨ ਦਾ ਇਰਾਦਾ ਕਰ ਲਿਆ ਸੀ | ਇਸ ਦਿ੍ਸ਼ਟੀਕੋਣ ਤੋਂ ਉਸ ਦੀ ਪਹਿਲੀ ਹੀ ਫ਼ਿਲਮ 'ਜੀ ਆਇਆਂ ਨੂੰ ' (2003) ਸਫ਼ਲ ਰਹੀ ਸੀ | ਇਸ ਨੇ ਹਰਭਜਨ ਮਾਨ ਵਰਗਾ ਸਿਤਾਰਾ ਪੰਜਾਬੀ ਫ਼ਿਲਮਾਂ ਨੂੰ ਦਿੱਤਾ ਸੀ |
ਇਸ ਤੋਂ ਬਾਅਦ ਮਨਮੋਹਨ ਸਿੰਘ ਨੇ 'ਅਸਾਂ ਨੂੰ ਮਾਣ ਵਤਨਾਂ ਦਾ' (2004), 'ਯਾਰਾਂ ਨਾਲ ਬਹਾਰਾਂ' (2005), 'ਦਿਲ ਆਪਣਾ ਪੰਜਾਬੀ' (2006), 'ਮਿੱਟੀ 'ਵਾਜ਼ਾਂ ਮਾਰਦੀ' (2007), 'ਮੇਰਾ ਪਿੰਡ' (2008), 'ਮੰੁਡੇ ਯੂ. ਕੇ. ਦੇ' (2009) 'ਇਕ ਕੁੜੀ ਪੰਜਾਬ ਦੀ' (2010), 'ਅੱਜ ਦੇ ਰਾਂਝੇ' (2012) ਅਤੇ 'ਆ ਗਏ ਮੰੁਡੇ ਯੂ. ਕੇ. ਦੇ' (2014) ਵਰਗੀਆਂ ਚਰਚਿਤ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ |
ਮਨਮੋਹਨ ਸਿੰਘ ਦੀਆਂ ਇਨ੍ਹਾਂ ਕਿਰਤਾਂ 'ਤੇ ਇਹ ਦੋਸ਼ ਅਕਸਰ ਲਗਾਇਆ ਜਾਂਦਾ ਰਿਹਾ ਹੈ ਕਿ ਉਸ ਦੀਆਂ ਫ਼ਿਲਮਾਂ ਵਧੇਰੇ ਕਰਕੇ ਪ੍ਰਵਾਸੀ ਭਾਰਤੀਆਂ ਨੂੰ ਕੇਂਦਰ ਬਿੰਦੂ ਬਣਾ ਕੇ ਬਣਾਈਆਂ ਗਈਆਂ ਹਨ | ਪਰ ਇਨ੍ਹਾਂ ਆਲੋਚਕਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਨਮੋਹਨ ਸਿੰਘ ਨੇ ਪੰਜਾਬੀ ਫ਼ਿਲਮਾਂ ਨੂੰ 'ਜੱਟਵਾਦ' ਵਿਚੋਂ ਕੱਢ ਕੇ ਉਨ੍ਹਾਂ ਨੂੰ ਹਿੰਦੀ ਫ਼ਿਲਮਾਂ ਵਾਲਾ ਪੱਧਰ ਪ੍ਰਦਾਨ ਕੀਤਾ ਸੀ, ਜਿਸ ਨਾਲ ਪੰਜਾਬੀ ਸਿਨੇਮਾ ਦਾ ਸਮੁੱਚਾ ਮੁਹਾਂਦਰਾ ਹੀ ਬਦਲ ਗਿਆ ਸੀ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਜਿਊਣ ਰੁੱਖਾਂ ਦੀਆਂ ਛਾਵਾਂ

ਧਰਤੀ ਦੀ ਗੋਦ ਨੂੰ ਹਰੀ-ਭਰੀ, ਸੁਹਜਮਈ ਅਤੇ ਜੀਵਨ ਚੱਕਰ ਨੂੰ ਚੱਲਦਾ ਰੱਖਣ ਲਈ ਕੁਦਰਤ ਨੇ ਕਈ ਪ੍ਰਕਾਰ ਦੀ ਬਨਸਪਤੀ ਤੇ ਅਨੇਕਾਂ ਕਿਸਮਾਂ ਦੇ ਰੁੱਖਾਂ ਦੇ ਰੂਪ ਵਿਚ ਵਿਸ਼ੇਸ਼ ਤੋਹਫਾ ਦਿੱਤਾ ਹੈ | ਜਿੱਥੇ ਇਹ ਤੋਹਫਾ ਮੁੱਢ ਕਦੀਮ ਤੋਂ ਹੀ ਮਨੁੱਖ ਸਮੇਤ ਬਹੁਤ ਸਾਰੇ ਜਾਨਵਰਾਂ ਤੇ ਪੰਛੀਆਂ ਦਾ ਓਟ ਆਸਰਾ ਬਣਦਾ ਆ ਰਿਹਾ ਹੈ, ਉਥੇ ਕੁਦਰਤ ਦੇ ਕਾਰਖਾਨੇ ਵਜੋਂ ਵਿਚਰ ਕੇ ਕਾਰਬਨ ਡਾਇਆਕਸਾਈਡ ਨੂੰ ਆਪਣੇ ਵਿਚ ਜ਼ਜ਼ਬ ਕਰਦਿਆਂ ਸਾਥੋਂ ਬਗੈਰ ਕੁਝ ਮੰਗਿਆਂ ਆਕਸੀਜਨ ਵਿਚ ਬਦਲ ਕੇ ਸਾਨੂੰ ਮੁਫਤ ਵਿਚ ਹੀ ਸਵੱਸਥ ਤੇ ਸਾਫ-ਸੁਥਰੇ ਸਵਾਸ ਬਖਸ਼ ਰਿਹਾ ਹੈ | ਆਕਸੀਜਨ ਤੋਂ ਬਿਨਾਂ ਸਾਡਾ ਜੀਵਨ ਅਸੰਭਵ ਹੈ | ਰੁੱਖ ਹੀ ਨੇ ਜੋ ਵਾਤਾਵਰਨ ਵਿਚ ਸੰਤੁਲਨ ਕਾਇਮ ਰੱਖ ਕੇ ਮੀਂਹ ਵਰ੍ਹਾਉਣ ਵਿਚ ਸਹਾਇਕ ਹੁੰਦੇ ਹਨ ਤੇ ਹੜ੍ਹਾਂ ਵਿਚ ਇਕ ਵੱਡੀ ਰੁਕਾਵਟ ਬਣਦਿਆਂ ਧਰਤੀ ਮਾਂ ਦੀ ਰੱਖਿਆ ਵੀ ਕਰਦੇ ਹਨ | ਧਰਤੀ 'ਤੇ ਵਾਤਾਵਰਨ ਦਾ ਸਾਰਾ ਚੱਕਰ (ਗਰਮੀ-ਸਰਦੀ, ਬਸੰਤ, ਸ਼ੁੱਧ ਪਾਣੀ-ਹਵਾ ਆਦਿ) ਰੁੱਖਾਂ ਤੇ ਇਨ੍ਹਾਂ ਦੀ ਹਰਿਆਵਲ ਦੇ ਦੁਆਲੇ ਹੀ ਘੁੰਮਦਾ ਹੈ |
ਅੱਜ ਸੁੱਖ-ਸਹੂਲਤਾਂ ਦੇ ਲੱਖਾਂ ਹੀ ਸਾਧਨ ਹੋਣ ਦੇ ਬਾਵਜੂਦ ਰੁੱਖਾਂ ਦੀ ਨਿਆਮਤ ਹਰੀ-ਭਰੀ ਠੰਢੀ ਛਾਂ ਦੀ ਅਜੇ ਵੀ ਪੂਰੀ ਮਹੱਤਤਾ ਹੈ ਤੇ ਏ.ਸੀ. ਦੀ ਬਨਾਉਟੀ ਠੰਢ ਨਾਲੋਂ ਇਹ ਛਾਂ ਸਿਹਤ ਲਈ ਕਈ ਗੁਣਾਂ ਚੰਗੀ ਹੁੰਦੀ ਹੈ | ਨਿੰਮ ਦੀ ਛਾਂ ਬਾਰੇ ਜਗਤ ਪ੍ਰਸਿੱਧ ਗੱਲ ਹੈ ਕਿ ਇਸ ਦੀ ਛਾਂ ਮਾਣਨ ਨਾਲ ਸਰੀਰ ਫੋੜੇ-ਫਿਨਸੀ ਤੇ ਕਈ ਚਮੜੀ ਰੋਗਾਂ ਤੋਂ ਬਚਿਆ ਰਹਿੰਦਾ ਹੈ | ਇਸ ਦੀ ਦਾਤਣ ਵੀ ਦੰਦਾਂ ਲਈ ਵਰਦਾਨ ਹੁੰਦੀ ਹੈ | ਪਿੱਪਲਾਂ-ਬੋਹੜਾਂ ਵਰਗੇ ਅਤੇ ਹੋਰ ਅਨੇਕਾਂ ਰੁੱਖਾਂ ਦੀਆਂ ਜੜ੍ਹਾਂ, ਦਾੜ੍ਹੀ, ਪੱਤਿਆਂ ਤੇ ਦੁੱਧ ਆਦਿ ਤੋਂ ਬਣਦੀਆਂ ਔਸ਼ਧੀਆਂ ਦੀ ਦਵਾਈ ਦੇ ਤੌਰ 'ਤੇ ਆਪਣੀ ਖਾਸ ਮਹਾਨਤਾ ਹੈ ਜੋ ਕਿਸੇ ਸਬੂਤ ਦੀ ਵੀ ਮੁਥਾਜ ਨਹੀਂ ਪਰ ਇਨ੍ਹਾਂ ਪ੍ਰਤੀ ਸਾਡੀ ਬੇਰੁਖ਼ੀ ਸਿਖਰ 'ਤੇ ਹੈ | ਸਾਡੇ ਕਹਿਰ ਰੂਪੀ ਕੁਹਾੜੇ ਸਦਕਾ ਰੁੱਖਾਂ ਦੀ ਭਾਰੀ ਕਮੀ ਹੋ ਰਹੀ ਹੈ ਤੇ ਰੁੱਖਾਂ ਦੀਆਂ ਕਈ ਨਸਲਾਂ ਜਿਵੇਂ ਪਿੱਪਲ, ਬੋਹੜ, ਟਾਹਲੀ, ਕਿੱਕਰ, ਫਲਾਹ, ਪੀਲੂ, ਗੋਰਖ, ਇਮਲੀ ਤੇ ਜੰਡ-ਕਰੀਰ ਆਦਿ ਤਾਂ ਲਗਪਗ ਅਲੋਪ ਹੋਣ ਦੇ ਕਿਨਾਰੇ ਪਹੁੰਚ ਚੁੱਕੇ ਹਨ |
ਇਸ ਅਕਿ੍ਤਘਣਤਾ ਭਰੀ ਬਿਰਤੀ ਨਾਲ ਜਲਵਾਯੂ ਤੇ ਵਾਤਾਵਰਨ ਇਕ ਵਿਰਾਟ ਰੂਪ ਧਾਰਨ ਕਰਦੇ ਜਾ ਰਹੇ ਹਨ | ਜੋ ਸਭ ਤਰ੍ਹਾਂ ਦੇ ਜੀਵਨ 'ਤੇ ਭਾਰੀ ਖਤਰੇ ਦੇ ਸੂਚਕ ਹਨ | ਅਸੀਂ ਹਥੇਲੀ 'ਤੇ ਉਕਰੇ ਜਾ ਰਹੇ ਇਸ ਸੱਚ ਤੋਂ ਬੇਮੁਖ ਤੇ ਅਵੇਸਲੇ ਹੋ ਕੇ ਬੇਵਫ਼ਾਈ ਦੇ ਪਾਤਰ ਬਣ ਕੇ ਧਰਤੀ ਮਾਂ ਦੇ ਕਪੁੱਤ ਬਣੇ ਹੋਏ ਹਾਂ | ਸਿਹਤਮੰਦ ਸੁਆਸਾਂ ਤੋਂ ਬਗੈਰ ਭਲਾ ਅਸੀਂ ਕਿੰਨਾ ਕੁ ਚਿਰ ਜੀਵਤ ਰਹਿ ਸਕਦੇ ਹਾਂ? ਇਸ ਬਾਰੇ ਭਲੀਭਾਂਤ ਜਾਣੂ ਹੁੰਦੇ ਹੋਏ ਵੀ ਇਨ੍ਹਾਂ ਦਰਵੇਸ਼ਾਂ ਮਗਰ ਪੱਛੀ ਦੀ ਲੋਅ ਲੈ ਕੇ ਪਏ ਹੋਏ ਹਾਂ | ਜੇਕਰ ਅਸਾਂ ਆਪਣੀ ਇਸ ਅਕਿ੍ਤ ਭਰੀ ਬਿਰਤੀ ਵਿਚ ਬਦਲਾਅ ਨਾ ਲਿਆਂਦਾ ਤਾਂ ਉਹ ਦਿਨ ਦੂਰ ਨਹੀਂ ਜਦ ਸਾਨੂੰ ਸਾਹ ਲੈਣ ਲਈ ਆਕਸੀਜਨ ਦੇ ਸਿਲੰਡਰ ਵੀ ਮੋਢਿਆਂ 'ਤੇ ਚੁੱਕਣੇ ਪੈ ਜਾਣਗੇ | ਇਥੇ ਇਹ ਵੀ ਵਰਨਣਯੋਗ ਹੈ ਕਿ ਰੁੱਖਾਂ ਦੀ ਲੱਕੜ 'ਤੇ ਸਾਡੀਆਂ ਬਹੁਤ ਸਾਰੀਆਂ ਲੋੜਾਂ ਨਿਰਭਰ ਹਨ | ਇਨ੍ਹਾਂ ਲੋੜਾਂ ਦੀ ਪੂਰਤੀ ਲਈ ਜੇ ਰੁੱਖ ਵੱਢਣੇ ਜ਼ਰੂਰੀ ਹਨ ਤਾਂ ਉਨ੍ਹਾਂ ਦੀ ਥਾਂ ਨਵਾੇ ਰੁੱਖ ਲਾਉਣੇ ਉਸ ਤੋਂ ਵੀ ਵਧੇਰੇ ਜ਼ਰੂਰੀ ਹਨ, ਇਹ ਤਾਂ ਨੈਤਿਕਤਾ ਭਰੀ ਮਨੁੱਖੀ ਜ਼ਿੰਮੇਵਾਰੀ ਵੀ ਹੈ ਕਿ ਸਿਰੋਂ ਨੰਗੀ ਹੁੰਦੀ ਜਾ ਰਹੀ ਧਰਤੀ ਮਾਂ ਨਾਲ ਵਫ਼ਦਾਰੀ ਨਿਭਾਉਂਦਿਆਂ ਇਸ ਦਾ ਸਿਰ ਕੱਜਣ ਦੀ ਕੋਸ਼ਿਸ਼ ਕਰੀਏ |
ਸੋ, ਰੁੱਖ ਲਾਉਣੇ ਤੇ ਬਚਾਉਣੇ ਸਾਡਾ ਕਰਮ-ਧਰਮ ਬਣ ਜਾਣਾ ਚਾਹੀਦਾ ਹੈ ਤਾਂ ਕਿ ਰੁੱਖਾਂ ਦੀਆਂ ਛਾਵਾਂ ਜਿਊਾਦੀਆ ਰਹਿ ਸਕਣ ਜਿਨ੍ਹਾਂ ਸਦਕਾ ਹੀ ਸਾਡੀ ਸਭ ਦੀ ਹੋਂਦ ਵੀ ਬਰਕਰਾਰ ਰਹਿ ਸਕੇਗੀ | ਇਨ੍ਹਾਂ ਜੀਵਨ ਦਾਤਿਆਂ ਦੀ ਇਸ ਵਿਸ਼ੇਸ਼ ਮਹੱਤਤਾ ਨੂੰ ਮੱਦੇਨਜ਼ਰ ਰੱਖਦਿਆਂ ਸਾਨੂੰ ਸਭ ਨੂੰ ਆਪਣੇ ਘਰਾਂ, ਆਲੇ-ਦੁਆਲੇ ਤੇ ਰਾਹਾਂ ਦੇ ਖਾਲੀ ਪਏ ਕਿਨਾਰਿਆਂ 'ਤੇ ਰੁੱਖ ਲਾ ਕੇ ਇਨ੍ਹਾਂ ਦੀ ਪੂਰੀ ਸਾਂਭ-ਸੰਭਾਲ ਕਰਨ ਦੇ ਅਭਿਆਸੀ ਕਮਰਕੱਸੇ/ ਉਪਰਾਲੇ ਕਰ ਲੈਣੇ ਚਾਹੀਦੇ ਹਨ ਤਾਂ ਕਿ ਧਰਤੀ ਮਾਂ ਦੇ ਵਫਦਾਰ ਸਪੂਤ(ਧੀਆਂ-ਪੁੱਤ) ਅਖਵਾਉਣ ਦੇ ਹੱਕਦਾਰ ਬਣ ਸਕੀਏ |
'ਸਵੱਸਥ ਸੁਆਸਾਂ ਦਾ ਲੰਗਰ' ਲਾਉਣਾ ਜਾਨੀ ਰੁੱਖ ਲਾਉਣੇ ਤੇ ਪਾਲਣੇ ਇਕ 'ਉਤਮ ਸੇਵਾ' ਹੈ | ਸੋ, ਆਓ! ਇਸ 'ਉੱਤਮ ਸੇਵਾ' ਨਾਲ ਵੀ ਜੁੜੀਏ | ਵਰਖਾ ਰੁੱਤ ਦਾ ਆਗਾਜ਼ ਹੋ ਚੁੱਕਾ ਹੈ | ਜੰਗਲਾਤ ਵਿਭਾਗ ਤੇ ਹੋਰ ਨਰਸਰੀਆਂ ਵੱਖ-ਵੱਖ ਬੂਟਿਆਂ ਦੀ ਪਨੀਰੀ ਵੀ ਤਿਆਰ ਕਰ ਕੇ ਸਾਡਾ ਇੰਤਜ਼ਾਰ ਕਰ ਰਹੀਆਂ ਹਨ | ਬਹੁਤ ਸਾਰੀਆਂ ਧਾਰਮਿਕ/ਸਮਾਜ ਸੇਵੀ ਸੰਸਥਾਵਾਂ ਭੇਟਾ ਰਹਿਤ 'ਬੂਟਾ ਪ੍ਰਸ਼ਾਦ' ਵੰਡ ਵੀ ਰਹੀਆਂ ਹਨ |' ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਪੰਜਾਬ ਸਰਕਾਰ ਨੇ ਮੋਬਾਈਲ ਐਪ 'ਈ-ਹਰਿਆਵਲੀ' ਰਾਹੀਂ ਮੁਫ਼ਤ ਬੂਟੇ ਦੇਣ ਦੀ ਵਿਵਸਥਾ ਵੀ ਕੀਤੀ ਹੋਈ ਹੈ | ਸੋ ਥਾਂ-ਥਾਂ 'ਸਵੱਸਥ ਸੁਆਸ ਲੰਗਰ' ਚਾਲੂ ਹੋ ਜਾਣੇ ਚਾਹੀਦੇ ਹਨ | ਵੈਸੇ ਵੀ ਬਾਬਾ ਨਾਨਕ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਹੈ, ਜਿਸ ਨੂੰ ਮੁੱਖ ਰੱਖਦਿਆਂ 'ਨਾਲੇ ਪੁੰਨ ਨਾਲੇ ਫਲੀਆਂ' ਵਾਲੀ ਸੇਵਾ ਕਮਾ ਲੈਣੀ ਚਾਹੀਦੀ ਹੈ | ਬੂਟੇ ਲਾਉਣ ਤੇ ਸੰਭਾਲਣ ਦੀ ਇਸ 'ਉਤਮ ਸੇਵਾ' ਵਿਚ ਵਧ-ਚੜ ਕੇ ਹਿੱਸਾ ਲਈਏ | ਖੁਸ਼ੀ ਜਾਂ ਹੋਰ ਮੌਕਿਆਂ 'ਤੇ 'ਰੁੱਖ ਦੇ ਅਨੇਕਾਂ ਸੁੱਖ' ਨੂੰ ਯਾਦ ਰੱਖ ਕੇ 'ਬੂਟਾ ਪ੍ਰਸ਼ਾਦ ਗੋਲਕ' ਵਿਚ ਇਨ੍ਹਾਂ ਦਰਵੇਸ਼ਾਂ ਲਈ ਵੀ ਥੋੜ੍ਹਾ ਬਹੁਤ ਫੰਡ ਜਟਾਉਣ ਦੀ ਲੋੜ ਵੀ ਪੈ ਜਾਏ ਤਾਂ ਵੀ ਇਹ ਸੌਦਾ ਉੱਕਾ ਈ ਮਹਿੰਗਾ ਨਹੀਂ ਸਗੋਂ ਇਸ ਸੌਦੇ ਦੇ ਹਰ ਪਾਸਿਓਾ ਹੀ ਫਾਇਦੇ ਹੀ ਫਾਇਦੇ ਨੇ | ਅੰਤ ਵਿਚ ਸਭ ਤੋਂ ਵੱਡੇ ਜੇਰਾ ਜਿਰਾਂਦ ਦੇ ਮਾਲਕ ਇਨ੍ਹਾਂ ਜੀਵਨ ਦਾਤਿਆਂ ਬਾਰੇ ਸ਼ਿਵ ਕੁਮਾਰ ਬਟਾਲਵੀ ਦੇ ਇਨ੍ਹਾਂ ਬੋਲਾਂ ਨੂੰ ਆਤਮਸਾਤ ਕਰੀਏ:
'ਰੁੱਖ ਤਾਂ ਮੇਰੀ ਮਾਂ ਵਰਗੇ ਨੇ,
ਜਿਊਣ ਰੁੱਖਾਂ ਦੀਆਂ ਛਾਵਾਂ |'

-ਅੰਮਿ੍ਤਸਰ |
ਮੋਬਾਈਲ : 9876474858

ਭੁੱਲੀਆਂ ਵਿਸਰੀਆਂ ਯਾਦਾਂ

ਉਪਰੋਕਤ ਤਸਵੀਰ ਚਾਰ ਦਹਾਕੇ ਤੋਂ ਵਧ ਸਮਾਂ ਪਹਿਲਾਂ ਸੰਨ 1978 ਦੀ ਹੈ | ਉਦੋਂ ਬਟਾਲਾ ਵਿਖੇ ਇਕ ਲਿਖਾਰੀ ਸਭਾ ਦੀ ਚੋਣ ਹੋਈ ਸੀ, ਜਿਸ ਵਿਚ ਦੂਰੋਂ-ਦੂਰੋਂ ਸਾਹਿਤਕਾਰ ਪੁੱਜੇ ਸਨ | ਉਦੋਂ ਜੰਮੂ-ਕਸ਼ਮੀਰ ਦੇ ਲੇਖਕ ਖਾਲਿਦ ਹੁਸੈਨ ਵੀ ਵਿਸ਼ੇਸ਼ ਤੌਰ 'ਤੇ ਇਸ ਸਮਾਗਮ ਵਿਚ ਸ਼ਾਮਲ ਹੋਏ ਸਨ | ਤਸਵੀਰ ਵਿਚ ਖੱਬੇ ਪਾਸੇ ਤੋਂ ਖੜ੍ਹੇ ਦਿਖਾਈ ਦੇ ਰਹੇ ਹਨ ਪਰਮਿੰਦਰਜੀਤ ਸਿੰਘ, ਖਾਲਿਦ ਹੁਸੈਨ, ਮੁਖਤਾਰ ਗਿੱਲ ਅਤੇ ਹੋਰ ਸਾਥੀ ਸਾਹਿਤਕਾਰ |

-ਮੋਬਾਈਲ : 98767-41231

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX