ਤਾਜਾ ਖ਼ਬਰਾਂ


ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ
. . .  8 minutes ago
ਅੰਮ੍ਰਿਤਸਰ, 26 ਅਪ੍ਰੈਲ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਹਲਕੇ ਤੋਂ ਚੋਣ ਲੜ ਰਹੀ ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ...
ਭਗਵੰਤ ਮਾਨ ਅੱਜ ਦਾਖਲ ਕਰਨਗੇ ਨਾਮਜ਼ਦਗੀ ਕਾਗ਼ਜ਼
. . .  57 minutes ago
ਸੰਗਰੂਰ, 26 ਅਪ੍ਰੈਲ (ਧੀਰਜ ਪਸ਼ੋਰੀਆ) - ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅੱਜ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਲਈ ਆਪਣਾ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ। ਭਗਵੰਤ ਮਾਨ ਨੇ 2014 ਲੋਕ ਸਭਾ ਚੋਣਾਂ ਵਿਚ ਇਸ ਸੀਟ ਤੋਂ 5,33,237 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ...
ਚੋਣਾਂ 'ਚ ਵਰਤਣ ਲਈ ਲਿਆਂਦੀ ਸ਼ਰਾਬ ਪੁਲਿਸ ਵੱਲੋਂ ਬਰਾਮਦ
. . .  about 1 hour ago
ਅਟਾਰੀ 26 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ) - ਪੁਲਿਸ ਥਾਣਾ ਘਰਿੰਡਾ ਵੱਲੋਂ ਮੁੱਖ ਅਫ਼ਸਰ ਪ੍ਰਭਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਕਾਰਵਾਈ ਕਰਦਿਆਂ ਪਿੰਡ ਕਾਉਂਕੇ ਤੋਂ ਚੋਣਾਂ ਵਿਚ ਵਰਤਣ ਲਈ ਲਿਆਂਦੀ ਨਾਜਾਇਜ਼ 546 ਬੋਤਲਾਂ ਸ਼ਰਾਬ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ...
ਗਿਰੀਰਾਜ ਸਿੰਘ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ
. . .  about 1 hour ago
ਬੇਗੁਸਰਾਏ, 26 ਅਪ੍ਰੈਲ - ਬਿਹਾਰ ਦੇ ਬੇਗੁਸਰਾਏ ਤੋਂ ਭਾਜਪਾ ਦੇ ਉਮੀਦਵਾਰ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵੱਲੋਂ ਦਿੱਤੇ ਗਏ ਇਕ ਬਿਆਨ ਨੂੰ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਦੱਸਦੇ ਹੋਏ ਉਨ੍ਹਾਂ ਖਿਲਾਫ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਚੋਣ ਰੈਲੀ...
ਮੋਦੀ ਦੇ ਵਾਰਾਨਸੀ 'ਚ ਪੁਲਵਾਮਾ, ਉੜੀ ਹਮਲੇ 'ਤੇ ਸਟ੍ਰਾਈਕ ਦੇ ਜ਼ਿਕਰ ਨਾਲ ਗਰਮਾਇਆ ਮਾਹੌਲ, ਅੱਜ ਭਰਨਗੇ ਪਰਚਾ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਕੱਲ੍ਹ ਵੀਰਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਨਸੀ 'ਚ ਰੋਡ ਸ਼ੋਅ ਦੌਰਾਨ ਪੁਲਵਾਮਾ, ਉੜੀ ਹਮਲੇ ਤੇ ਏਅਰ ਸਟ੍ਰਾਈਕ ਦਾ ਜ਼ਿਕਰ ਕੀਤਾ, ਜਿਸ ਤੋਂ ਬਾਅਦ ਹਮਲਾਵਰ ਹੋਏ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜਦੋਂ ਭਾਜਪਾ ਦੇ ਚੋਟੀ ਦੇ ਨੇਤਾ ਚੋਣ ਜ਼ਾਬਤੇ...
ਅੱਜ ਦਾ ਵਿਚਾਰ
. . .  about 2 hours ago
ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਹੋਰ ਖ਼ਬਰਾਂ..

ਲੋਕ ਮੰਚ

ਬੂਟਿਆਂ ਦੀ ਸਾਂਭ-ਸੰਭਾਲ

ਪੰਜਾਬ ਵਿਚ ਦਿਨੋ-ਦਿਨ ਰੱੁਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਕਿਉਂਕਿ ਹਰ ਸਾਲ ਜਿੰਨੇ ਦਰੱਖਤ ਕੱਟੇ ਜਾ ਰਹੇ ਹਨ, ਉਸ ਦੇ ਮੁਕਾਬਲੇ ਓਨੇ ਨਵੇਂ ਦਰੱਖਤ ਨਹੀਂ ਲੱਗ ਰਹੇ | ਰੱੁਖਾਂ ਦੀ ਇਸ ਘਟ ਰਹੀ ਗਿਣਤੀ ਕਾਰਨ ਹਰ ਸਾਲ ਧਰਤੀ ਦੀ ਤਪਸ਼ ਲਗਾਤਾਰ ਵਧਦੀ ਜਾ ਰਹੀ ਹੈ | ਅਸੀਂ ਦੇਖ ਹੀ ਰਹੇ ਹਾਂ ਕਿ ਜਿਥੇ ਸਰਕਾਰ ਵੱਲੋਂ ਚੌੜੀਆਂ ਕੀਤੀਆਂ ਜਾ ਰਹੀਆਂ ਸੜਕਾਂ ਦੇ ਕਿਨਾਰਿਆਂ 'ਤੇ ਖੜ੍ਹੇ ਵੱਡੇ ਰੱੁਖਾਂ ਦੀ ਅੰਧਾਧੁੰਦ ਕਟਾਈ ਕੀਤੀ ਜਾ ਰਹੀ ਹੈ, ਉਥੇ ਸਾਡੇ ਸਭ ਦੁਆਰਾ ਵੀ ਆਪਣੇ ਲਈ ਥੋੜ੍ਹਾ-ਬਹੁਤਾ ਅੜਿੱਕਾ ਪੈਦਾ ਕਰਨ ਵਾਲੇ ਦਰੱਖਤਾਂ ਦੀਆਂ ਜੜ੍ਹਾਂ ਵਿਚ ਲਗਾਤਾਰ ਆਰੀਆਂ ਫੇਰੀਆਂ ਜਾ ਰਹੀਆਂ ਹਨ | ਪੰਜਾਬ ਵਿਚ ਤਕਰੀਬਨ ਜੂਨ, ਜੁਲਾਈ ਅਤੇ ਅਗਸਤ ਮਹੀਨੇ ਨਵੇਂ ਬੂਟੇ ਲਗਾਉਣ ਲਈ ਬਹੁਤ ਅਨੁਕੂਲ ਗਿਣੇ ਜਾਂਦੇ ਹਨ | ਇਨ੍ਹਾਂ ਮਹੀਨਿਆਂ ਵਿਚ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਬਹੁਤ ਸਾਰੇ ਸਕੂਲ ਅਧਿਆਪਕਾਂ, ਵਿਦਿਆਰਥੀਆਂ, ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਖੇਡ ਕਲੱਬਾਂ ਅਤੇ ਹੋਰ ਅਨੇਕਾਂ ਵਾਤਾਵਰਨ ਪ੍ਰੇਮੀਆਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ ਥਾਂ-ਥਾਂ 'ਤੇ ਨਵੇਂ ਛਾਂਦਾਰ, ਫਲਦਾਰ ਅਤੇ ਸਜਾਵਟੀ ਬੂਟੇ ਲਗਾਏ ਜਾਂਦੇ ਹਨ, ਜੋ ਕਿ ਇਕ ਬਹੁਤ ਵਧੀਆ ਉਪਰਾਲਾ ਹੈ ਪਰ ਹੁਣ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਹ ਵੀ ਇਕ ਕੌੜਾ ਸੱਚ ਹੈ ਕਿ ਥੋੜ੍ਹੇ-ਬਹੁਤੇ ਲੋਕਾਂ ਨੂੰ ਛੱਡ ਕੇ ਜ਼ਿਆਦਾ ਲੋਕ ਇਹ ਨਵੇਂ ਬੂਟੇ ਲਗਾ ਕੇ ਬਸ ਅਖ਼ਬਾਰਾਂ ਵਿਚ ਫੋਟੋਆਂ ਛਪਵਾਉਣ ਤੱਕ ਹੀ ਸੀਮਤ ਰਹਿ ਜਾਂਦੇ ਹਨ | ਮਾਹਿਰਾਂ ਅਨੁਸਾਰ ਜੇਕਰ ਕਿਸੇ ਵੀ ਲਗਾਏ ਹੋਏ ਬੂਟੇ ਦੀ ਤਕਰੀਬਨ 2-3 ਸਾਲ ਚੰਗੀ ਤਰ੍ਹਾਂ ਸਾਂਭ-ਸੰਭਾਲ ਕਰ ਲਈ ਜਾਵੇ ਤਾਂ ਉਹ ਅੱਗੇ ਜਲਦੀ ਹੀ ਇਕ ਵੱਡਾ ਦਰੱਖਤ ਬਣਨ ਵਿਚ ਜ਼ਰੂਰ ਕਾਮਯਾਬ ਹੋ ਜਾਂਦਾ ਹੈ | ਇਨ੍ਹਾਂ ਲਗਾਏ ਹੋਏ ਬੂਟਿਆਂ ਲਈ ਜਿਥੇ ਗਰਮੀ, ਸਰਦੀ ਵਿਚ ਪਾਣੀ ਦੀ ਲੋੜ ਹੁੰਦੀ ਹੈ, ਉਥੇ ਇਨ੍ਹਾਂ ਨੂੰ ਅਵਾਰਾ ਪਸ਼ੂਆਂ ਆਦਿ ਤੋਂ ਬਚਾਉਣ ਲਈ ਇੱਟਾਂ, ਜੰਗਲੇ ਜਾਂ ਤਾਰਾਂ ਦੀ ਵਾੜ ਲਗਾਉਣੀ ਵੀ ਅਤੀ ਜ਼ਰੂਰੀ ਹੁੰਦੀ ਹੈ | ਸੋ, ਕਿੰਨਾ ਚੰਗਾ ਹੋਵੇ ਜੇਕਰ ਸਾਡੇ ਦੁਆਰਾ ਜ਼ਿਆਦਾ ਗਿਣਤੀ ਵਿਚ ਬੂਟੇ ਲਗਾਉਣ ਦੀ ਬਜਾਏ ਕੁਝ ਗਿਣਤੀ ਦੇ ਬੂਟੇ ਲਗਾ ਕੇ ਹੀ ਉਨ੍ਹਾਂ ਦੀ ਸਾਂਭ-ਸੰਭਾਲ ਯਕੀਨੀ ਬਣਾਈ ਜਾਵੇ | ਵਧ ਰਹੇ ਦਰੱਖਤਾਂ ਨੂੰ ਦੇਖ ਕੇ ਸਾਨੂੰ ਮਿਲਣ ਵਾਲੀ ਆਤਮਿਕ ਖੁਸ਼ੀ ਦਾ ਅਨੰਦ ਵੀ ਵੱਖਰਾ ਹੀ ਹੋਵੇਗਾ |
-ਚੜਿੱਕ (ਮੋਗਾ) | ਮੋਬਾ: 94654-11585


ਖ਼ਬਰ ਸ਼ੇਅਰ ਕਰੋ

ਪਰੰਪਰਾਵਾਂ ਬਨਾਮ ਕਾਨੂੰਨ

ਮਨੁੱਖੀ ਸਮਾਜ ਪਰੰਪਰਾਵਾਂ, ਰਿਵਾਜਾਂ, ਵਿਸ਼ਵਾਸਾਂ ਤੇ ਵਿਵਸਥਾ ਦੇ ਸਹਾਰੇ ਚਲਦਾ ਹੈ | ਪਰੰਪਰਾਵਾਂ ਮਨੁੱਖ ਦੀ ਲੋੜ ਤੇ ਮਨੁੱਖ ਦੀਆਂ ਉਤੇਜਿਕ ਤੇ ਪਸ਼ੂ ਬਿਰਤੀਆਂ ਨੂੰ ਕਾਬੂ ਹੇਠ ਰੱਖਣ ਲਈ ਪੈਦਾ ਤੇ ਵਿਕਸਿਤ ਹੋਈਆਂ | ਗੁਫਾਵਾਂ ਵਿਚ ਰਹਿੰਦਿਆਂ ਪੱਤਿਆਂ ਤੇ ਪਸ਼ੂਆਂ ਦੀਆਂ ਖੱਲਾਂ ਨਾਲ ਆਪਣਾ ਨੰਗ ਢਕਣਾ ਮਨੁੱਖ ਦੀ ਪਹਿਲੀ ਪਰੰਪਰਾ ਕਹੀ ਜਾ ਸਕਦੀ ਹੈ | ਮਨੁੱਖ ਲੱਖਾਂ ਸਾਲਾਂ ਤੱਕ ਕਬੀਲਿਆਂ ਦੇ ਰੂਪ ਵਿਚ ਇਕ-ਦੂਸਰੇ ਨਾਲ ਲੜਦਾ ਰਿਹਾ | ਆਪਣੇ ਕਬੀਲੇ ਦੇ ਨੌਜਵਾਨਾਂ ਨੂੰ ਬਹਾਦਰ ਬਣਾਉਣ ਤੇ ਆਪਣੇ ਕਬੀਲੇ ਲਈ ਜਾਨ ਤੱਕ ਵਾਰਨ ਦੀ ਪ੍ਰੇਰਨਾ ਦੇਣ ਲਈ ਕਈ ਕਿਸਮ ਦੀਆਂ ਪਰੰਪਰਾਵਾਂ ਨੇ ਜਨਮ ਲਿਆ | ਜਦੋਂ ਇਕ ਕਬੀਲਾ ਜਿੱਤ ਜਾਂਦਾ ਤਾਂ ਉਹ ਆਪਣੀਆਂ ਰਸਮਾਂ ਤੇ ਪਰੰਪਰਾਵਾਂ ਦੂਸਰੇ ਕਬੀਲੇ ਉੱਪਰ ਠੋਸ ਦਿੰਦਾ ਤੇ ਲੰਬੇ ਸਮੇਂ ਦੀ ਗੁਲਾਮੀ ਤੋਂ ਬਾਅਦ ਇਹ ਰਸਮਾਂ ਤੇ ਪਰੰਪਰਾਵਾਂ ਨੂੰ ਉਹ ਕਬੀਲਾ ਅਪਣਾ ਲੈਂਦਾ |
ਔਰਤ ਮਰਦ ਨੂੰ ਇਕੱਠੇ ਰਹਿਣ ਦੀ ਸਮਾਜਿਕ ਸਹਿਮਤੀ ਦੇਣੀ ਤੇ ਆਪਣੀ ਧੀ ਦੂਸਰੇ ਪਰਿਵਾਰ ਵਿਚ ਤੋਰ ਦੇਣੀ ਮਨੁੱਖੀ ਸੱਭਿਅਤਾ ਵਿਚ ਇਨਕਲਾਬੀ ਤਬਦੀਲੀ ਸੀ, ਜਿਸ ਨੇ ਮਨੁੱਖ ਦੀਆਂ ਪਰਿਵਾਰਕ ਤੇ ਸਮਾਜਿਕ ਪਰੰਪਰਾਵਾਂ ਦੀ ਸਿਰਜਣਾ ਕੀਤੀ | ਪਰੰਪਰਾਵਾਂ ਕੱਚੇ ਧਾਗੇ ਦੀਆਂ ਅਜਿਹੀਆਂ ਜੰਜ਼ੀਰਾਂ ਹੁੰਦੀਆਂ ਹਨ, ਜੋ ਆਦਮੀ ਨੂੰ ਪਰਿਵਾਰਕ ਜ਼ਿੰਮੇਵਾਰੀ ਸੰਭਾਲਣ ਲਈ ਬੰਨ੍ਹ ਕੇ ਰੱਖਦੀਆਂ ਹਨ | ਜਦੋਂ ਮਨੁੱਖ ਨੇ ਸਮਾਜਿਕ ਰਵਾਇਤਾਂ ਤੇ ਬੰਦਸ਼ਾਂ ਦੀ ਉਲੰਘਣਾ ਕਰਨੀ ਸ਼ੁਰੂ ਕੀਤੀ ਤੇ ਦੂਸਰੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਲੱਗਾ ਤਾਂ ਸਮਕਾਲੀ ਸੱਤਾਧਾਰੀ ਲੋਕਾਂ ਨੂੰ ਕਾਨੂੰਨਾਂ ਅਤੇ ਨਿਯਮਾਂ ਦਾ ਜ਼ਾਬਤਾ ਬਣਾਉਣਾ ਪਿਆ | ਭਾਵੇਂ ਕਾਨੂੰਨ ਸੱਤਾਧਾਰੀ ਤੇ ਸੰਪੰਨ ਲੋਕਾਂ ਦੀ ਰੱਖਿਆ ਕਰਦੇ ਹਨ ਪਰ ਜੀਵਨ ਦੀ ਮੁੱਖ ਧਾਰਾ ਨੂੰ ਕਾਇਮ ਰੱਖਣ ਲਈ ਇਨ੍ਹਾਂ ਦੀ ਬਹੁਤ ਵੱਡੀ ਲੋੜ ਹੈ |
ਪਰੰਪਰਾ ਕਾਨੂੰਨ ਨਾਲੋਂ ਸ਼ਕਤੀਸ਼ਾਲੀ ਹੁੰਦੀ ਹੈ | ਕਾਨੂੰਨ ਉਪਰੋਂ ਥੋਪਿਆ ਜਾਂਦਾ ਹੈ ਜਦੋਂ ਕਿ ਪਰੰਪਰਾ ਸਵੈ-ਇੱਛਤ ਨਿਭਾਈ ਜਾਂਦੀ ਹੈ | ਪਰੰਪਰਾ ਨੂੰ ਸਮਾਜ ਦਾ ਸਤਿਕਾਰ ਮਿਲਦਾ ਹੈ ਤੇ ਪਰੰਪਰਾਵਾਂ ਨੂੰ ਨਿਭਾਉਣ ਵਾਲੇ ਆਦਮੀ ਨੂੰ ਸਦਾਚਾਰੀ ਸਮਝਿਆ ਜਾਂਦਾ ਹੈ ਪਰ ਪਰੰਪਰਾਵਾਂ ਤੋਂ ਬਾਗੀ ਆਦਮੀ ਨੂੰ ਜਿਥੇ ਪਸੰਦ ਨਹੀਂ ਕੀਤਾ ਜਾਂਦਾ, ਉਥੇ ਸਮਾਜ ਉਸ ਤੋਂ ਡਰਦਾ ਵੀ ਹੈ | ਪਰੰਪਰਾਵਾਂ ਦੀ ਉਲੰਘਣਾ ਦੀ ਸਜ਼ਾ ਮਾਨਸਿਕ ਤੇ ਆਤਮਿਕ ਹੁੰਦੀ ਹੈ, ਕਾਨੂੰਨ ਦੀ ਉਲੰਘਣਾ ਦੀ ਸਜ਼ਾ ਸਰੀਰਕ ਤੇ ਆਰਥਿਕ ਹੁੰਦੀ ਹੈ | ਪਰੰਪਰਾ ਨੂੰ ਬਦਲਣ ਵਿਚ ਲੰਬਾ ਸਮਾਂ ਲਗਦਾ ਹੈ ਪਰ ਕਾਨੂੰਨ ਲੋਕਾਂ ਦੀ ਸੁਵਿਧਾ ਤੇ ਲੋੜ ਮੁਤਾਬਕ ਜਦੋਂ ਮਰਜ਼ੀ ਬਦਲ ਸਕਦੇ ਹਨ | ਪਰਿਵਾਰਕ ਝਗੜਿਆਂ ਵਿਚ ਕਾਨੂੰਨ ਦੀ ਥਾਂ ਪਰੰਪਰਾ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ | ਕਾਨੂੰਨ ਲਾਠੀ ਵਾਂਗ ਕੰਮ ਕਰਦਾ ਹੈ, ਪਰੰਪਰਾ ਸਵੈ-ਤਿਆਗ ਤੇ ਕੁਰਬਾਨੀ ਕਰਨ ਵਾਂਗ ਹੈ |
ਜਦੋਂ ਪਰੰਪਰਾ ਮਨੁੱਖੀ ਵਿਕਾਸ ਵਿਚ ਰੋੜਾ ਬਣਦੀ ਹੈ ਤਾਂ ਇਸ ਨੂੰ ਤੋੜਨ ਵਾਲੇ ਕ੍ਰਾਂਤੀਕਾਰੀ ਤੇ ਬਾਗੀ ਪੈਦਾ ਹੁੰਦੇ ਹਨ | ਸ਼ੁਰੂ ਵਿਚ ਭਾਵੇਂ ਬਹੁਗਿਣਤੀ ਉਨ੍ਹਾਂ ਦੇ ਵਿਰੁੱਧ ਹੁੰਦੀ ਹੈ ਪਰ ਉਹ ਛੇਤੀ ਹੀ ਨਵੀਆਂ ਪਰੰਪਰਾਵਾਂ ਸਥਾਪਤ ਕਰਕੇ ਮਨੁੱਖੀ ਜੀਵਨ ਦੀ ਖੜੋਤ ਨੂੰ ਤੋੜ ਦਿੰਦੇ ਹਨ | ਪੁਜਾਰੀ ਵਰਗ ਪਰੰਪਰਾਵਾਂ ਤੇ ਮਾਨਤਾਵਾਂ ਉੱਪਰ ਨਿਰਭਰ ਕਰਦਾ ਹੈ | ਲੋਕਾਂ ਉਪਰ ਆਪਣਾ ਦਬਦਬਾ ਰੱਖਣ ਲਈ ਆਦਿ ਕਾਲ ਤੋਂ ਪਰੰਪਰਾ ਉਨ੍ਹਾਂ ਦਾ ਸਭ ਤੋਂ ਵੱਡਾ ਹਥਿਆਰ ਹੈ | ਪਰੰਪਰਾ ਸਮਾਜਿਕ ਤਾਣੇ-ਬਾਣੇ ਤੇ ਆਪਸੀ ਸਹਿਚਾਰ ਨੂੰ ਸਥਾਪਤ ਤੇ ਵਿਕਸਤ ਕਰਦੀ ਹੈ ਅਤੇ ਇਕ-ਦੂਸਰੇ ਨੂੰ ਬਰਦਾਸ਼ਤ ਕਰਨ ਦੀ ਪ੍ਰੇਰਨਾ ਦਿੰਦੀ ਹੈ | ਥੋਥੀਆਂ, ਸਮਾਂ ਵਿਹਾਅ ਚੁੱਕੀਆਂ, ਖਰਚੀਲੀਆਂ ਤੇ ਅਰਥਹੀਣ ਪਰੰਪਰਾਵਾਂ ਨੂੰ ਨਿਭਾਉਂਦੇ ਚਲੇ ਜਾਣਾ ਯੋਗ ਨਹੀਂ, ਉਸ ਦੀ ਜਗ੍ਹਾ ਨਵੀਆਂ, ਨਰੋਈਆਂ ਤੇ ਸਾਰਥਕ ਪਰੰਪਰਾਵਾਂ ਅਪਣਾਉਣ ਦੀ ਲੋੜ ਹੈ | ਬਹੁਤੀ ਵਾਰੀ ਕਾਨੂੰਨ ਵੀ ਪਰੰਪਰਾ ਅੱਗੇ ਬੇਵੱਸ ਹੋ ਜਾਂਦਾ ਹੈ, ਕਿਉਂਕਿ ਉਹ ਮਨੁੱਖ ਦੀ ਆਸਥਾ ਤੇ ਸ਼ਰਧਾ ਨਾਲ ਜੁੜੀਆਂ ਹੁੰਦੀਆਂ ਹਨ | ਸਮਾਂ, ਆਰਥਿਕ ਤਬਦੀਲੀ, ਵਿੱਦਿਆ, ਚੇਤੰਨਤਾ ਤੇ ਬਦਲੀਆਂ ਲੋੜਾਂ ਮੁਤਾਬਕ ਬਹੁਤੀਆਂ ਪਰੰਪਰਾਵਾਂ ਆਪਣੇ-ਆਪ ਅਲੋਪ ਹੋ ਰਹੀਆਂ ਹਨ ਤੇ ਉਨ੍ਹਾਂ ਦੀ ਜਗ੍ਹਾ ਨਵੇਂ ਮਨੁੱਖੀ ਰਿਸ਼ਤੇ ਪੈਦਾ ਹੋ ਰਹੇ ਹਨ |
-ਮੋਬਾ: 94176-12287

ਬੱਚੇ ਵੀ ਸਾਈਬਰ ਜੁਰਮ ਦੇ ਪ੍ਰਭਾਵੀ ਸ਼ਿਕਾਰ

ਤਕਨਾਲੋਜੀ ਦੀ ਤਰੱਕੀ ਨੇ ਭਾਵੇਂ ਮਨੁੱਖ ਦੀਆਂ ਸਾਰੀਆਂ ਲੋੜਾਂ ਨੰੂ ਇੰਟਰਨੈੱਟ 'ਤੇ ਹੀ ਨਿਰਭਰ ਕਰ ਦਿੱਤਾ ਹੈ | ਜਿਸ ਤਰ੍ਹਾਂ ਆਨਲਾਈਨ ਖ਼ਰੀਦੋ-ਫ਼ਰੋਖ਼ਤ, ਸੋਸ਼ਲ ਨੈੱਟਵਰਕ, ਆਨਲਾਈਨ ਨੌਕਰੀਆਂ ਦੀ ਪ੍ਰਾਪਤੀ ਤੋਂ ਇਲਾਵਾ ਹਰੇਕ ਸੰਭਾਵੀ ਵਸਤੂ ਨੰੂ ਘੋਖਣ ਲਈ ਇੰਟਰਨੈੱਟ ਦੀ ਵਰਤੋਂ ਪ੍ਰਤੀ ਵਧੇਰੇ ਸੋਚਿਆ ਜਾਣ ਤਾਂ ਲੱਗਾ ਹੈ, ਪਰ ਇੰਟਰਨੈੱਟ ਦੀ ਦਿਨੋ-ਦਿਨ ਵਧ ਰਹੀ ਦੁਰਵਰਤੋਂ ਦੇ ਕਾਰਨ ਸਾਈਬਰ ਜੁਰਮ ਰਾਹੀਂ ਹੋਣ ਵਾਲੇ ਨੁਕਸਾਨ ਤੋਂ ਤਾਂ ਆਮ ਲੋਕਾਂ ਦੀ ਤਰ੍ਹਾਂ ਵਧੇਰੇ ਪੜੇ੍ਹ-ਲਿਖੇ ਲੋਕਾਂ ਵਿਚ ਹਾਲੇ ਵੀ ਜਾਗਰੂਕਤਾ ਦੀ ਵੱਡੀ ਘਾਟ ਰੜਕਦੀ ਦਿਖਾਈ ਦੇ ਰਹੀ ਹੈ | ਇਸ ਦੇ ਮਾੜੇ ਪ੍ਰਭਾਵ ਦੀ ਆੜ ਲੈ ਕੁਰਾਹੇ ਪਏ ਵਧੇਰੇ ਨੌਜਵਾਨ ਲੜਕੇ-ਲੜਕੀਆਂ ਵਿਚ ਇਸ ਭਿਆਨਕ ਪੱਖ ਤੋਂ ਰੱਤੀ ਭਰ ਵੀ ਜਾਗਰੂਕਤਾ ਨਹੀਂ ਦਿਖਾਈ ਦੇ ਰਹੀ, ਸਗੋਂ ਦਿਨੋ-ਦਿਨ ਇੰਟਰਨੈੱਟ ਦੀਆਂ ਸੋਸ਼ਲ ਸਾਈਟਾਂ 'ਤੇ ਗਲਤ ਆਈਡੀਆਂ ਬਣਾ ਕੇ ਕੀਤਾ ਜਾ ਰਿਹਾ ਦੁਰਉਪਯੋਗ ਜਿੱਥੇ ਸਾਡੇ ਸਮਾਜ ਲਈ ਵਧੇਰੇ ਭਿਆਨਕ ਹੈ, ਉੱਥੇ ਇਸ ਦੇ ਦੁਰਉਪਯੋਗ ਨਾਲ ਸਮਾਜਿਕ ਕਦਰਾਂ-ਕੀਮਤਾਂ ਦਾ ਵੀ ਘਾਣ ਹੋ ਰਿਹਾ ਹੈ |
ਭਾਵੇਂ ਕਿ ਕੁਝ ਸਾਲ ਪਹਿਲਾਂ ਇੰਟਰਨੈੱਟ ਰਾਹੀਂ ਹੋ ਰਹੇ ਅਪਰਾਧਾਂ ਸਬੰਧੀ ਤਾਂ ਆਮ ਲੋਕਾਂ ਵਿਚ ਜਾਗਰੂਕਤਾ ਦੀ ਵਧੇਰੇ ਘਾਟ ਸੀ ਪਰ ਹੁਣ ਸਾਈਬਰ ਜੁਰਮ ਵਿਰੋਧੀ ਵਿੰਗ ਦੇ ਹੰੁਦਿਆਂ ਵੀ ਦੁਨੀਆ ਦੀ ਮੁੱਖ ਚਾਹਤ ਵਾਲੀ ਸੋਸ਼ਲ ਸਾਈਟ ਫੇਸਬੁੱਕ ਦੀਆਂ ਫਰਜ਼ੀ ਆਈਡੀਆਂ ਤਿਆਰ ਕਰਕੇ ਉਨ੍ਹਾਂ 'ਤੇ ਵੱਖ-ਵੱਖ ਧਾਰਮਿਕ ਫਿਰਕਿਆਂ ਪ੍ਰਤੀ ਪਾਇਆ ਜਾ ਰਿਹਾ ਕੂੜ ਪ੍ਰਚਾਰ ਸਮਾਜ ਲਈ ਵੱਡੀ ਚੁਣੌਤੀ ਅਤੇ ਭਾਈਚਾਰਕ ਸਾਂਝ ਨੰੂ ਢਾਹ ਲਾ ਰਿਹਾ ਹੈ | ਇਸ ਤੋਂ ਇਲਾਵਾ ਇੰਟਰਨੈੱਟ ਰਾਹੀਂ ਬਾਲ ਅਸ਼ਲੀਲਤਾ, ਵੈੱਬ ਹਾਈਜੈਕਿੰਗ, ਅਸ਼ਲੀਲ ਛੇੜ-ਛਾੜ, ਗ਼ੈਰ-ਕਾਨੰੂਨੀ ਡਾਊਨਲੋਡਿੰਗ ਰਾਹੀਂ ਅਤੇ ਸਭ ਤੋਂ ਵੱਧ ਛੋਟੇ ਬੱਚੇ ਬਾਲ ਅਸ਼ਲੀਲਤਾ ਰਾਹੀਂ ਸਾਈਬਰ ਜੁਰਮ ਦੇ ਪ੍ਰਭਾਵੀ ਸ਼ਿਕਾਰ ਹਨ | ਇੱਥੇ ਦੱਸਣਯੋਗ ਬਣਦਾ ਹੈ ਕਿ ਸੋਸ਼ਲ ਨੈੱਟਵਰਕ ਫੇਸਬੁੱਕ 'ਤੇ ਵਧੇਰੇ ਸ਼ਰਾਰਤੀ ਅਨਸਰਾਂ ਨੇ ਗਲਤ ਪ੍ਰੋਫਾਈਲ ਦੀਆਂ ਤਸਵੀਰਾਂ ਦਿਖਾ ਕੇ ਬਣਾਈਆਂ ਗਲਤ ਫੇਸਬੁੱਕ ਆਈਡੀਆਂ ਨਾਲ ਜਿੱਥੇ ਨੌਜਵਾਨੀ ਨੰੂ ਕੁਰਾਹੇ ਪਾਇਆ ਜਾ ਰਿਹਾ ਹੈ, ਉੱਥੇ ਨੌਜਵਾਨੀ ਨੰੂ ਇੰਟਰਨੈੱਟ ਦੀ ਦੁਰਵਰਤੋਂ ਕਰਨ ਦੀ ਲੱਗੀ ਮਾੜੀ ਚੇਟਕ ਸ਼ਰ੍ਹੇਆਮ ਸਾਹਿਤ ਨਾਲੋਂ ਵੀ ਤੋੜ ਰਹੀ ਹੈ |
ਦੁਨੀਆ 'ਚ ਕੁਝ ਹੈਕਰ ਆਪਣੇ ਨਿੱਜੀ ਹਿੱਤਾਂ ਜਾਂ ਮਾਲੀ ਲਾਭ ਲਈ ਹੈਕ ਕਰਦੇ ਹਨ, ਜਿਸ ਵਿਚ ਕ੍ਰੈਡਿਟ ਕਾਰਡ ਸਬੰਧੀ ਜਾਣਕਾਰੀ ਚੋਰੀ ਕਰਨੀ, ਵੱਖ-ਵੱਖ ਬੈਂਕ ਖਾਤਿਆਂ ਵਿਚੋਂ ਚਲਾਕੀ ਨਾਲ ਆਪਣੇ ਖਾਤਿਆਂ ਵਿਚ ਪੈਸਾ ਟਰਾਂਸਫਰ ਕਰਨ ਦੀਆਂ ਘਟਨਾਵਾਂ ਦਿਨੋ-ਦਿਨ ਵਧ ਰਹੀਆਂ ਹਨ | ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਮੁਤਾਬਿਕ ਸਾਈਬਰ ਜੁਰਮ ਦਾ ਪ੍ਰਭਾਵ ਸਾਲ 2011 ਵਿਚ ਇਕੋ ਸਮੇਂ 84.4 ਫੀਸਦੀ ਵਧ ਗਿਆ, ਜਦਕਿ ਭਾਰਤ ਵਿਚ ਇਸ ਦਾ ਵਧੇਰੇ ਵਾਧਾ 2010 ਤੋਂ ਹੋਇਆ ਅਤੇ ਸਾਈਬਰ ਜੁਰਮ ਅਧੀਨ ਹੁਣ ਤੱਕ ਗਿ੍ਫ਼ਤਾਰ ਕੀਤੇ ਵਿਆਕਤੀਆਂ ਦੀ ਉਮਰ 18 ਤੋਂ 30 ਸਾਲ ਦੇ ਦਰਮਿਆਨ ਹੈ |
-ਪਿੰਡ ਤੇ ਡਾਕ: ਚੰਨਣਵਾਲ (ਬਰਨਾਲਾ) |
ਮੋਬਾ: 98769-12397

ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨਾ ਸਮੇਂ ਦੀ ਮੱੁਖ ਲੋੜ

ਅੱਜ ਦੀ ਨੌਜਵਾਨ ਪੀੜ੍ਹੀ ਵਿਹਲੇ ਰਹਿਣ, ਗਲਤ ਸੰਗਤ ਕਰਨ ਤੇ ਨਸ਼ਿਆਂ ਦੇ ਹੜ੍ਹ ਵਿਚ ਫਸ ਗਈ ਹੈ | ਇਨ੍ਹਾਂ ਅਲਾਮਤਾਂ ਦੇ ਨਾਲ ਖੁਦ ਦਾ ਨੁਕਸਾਨ ਤਾਂ ਹੁੰਦਾ ਹੀ ਹੈ, ਨਾਲ ਹੀ ਪਰਿਵਾਰ ਤੇ ਸਾਡੇ ਸਮਾਜ ਉੱਤੇ ਵੀ ਭਿਆਨਕ ਅਸਰ ਪੈਂਦਾ ਹੈ | ਨੌਜਵਾਨਾਂ ਨੂੰ ਇਸ ਸਭ ਤੋਂ ਬਚਾਉਣ ਲਈ ਸਥਾਨਕ ਪੱਧਰ ਤੋਂ ਲੈ ਕੇ ਦੇਸ਼ ਵਿਆਪੀ ਮੁਹਿਮਾਂ, ਸਰਕਾਰੀ ਤੇ ਗੈਰ-ਸਰਕਾਰੀ ਸੰਗਠਨਾਂ ਵੱਲੋਂ ਚਲਾਈਆਂ ਜਾਂਦੀਆਂ ਹਨ | ਪਰ ਇਨ੍ਹਾਂ ਮੁਹਿੰਮਾਂ ਦਾ ਅਸਰ ਥੋੜ੍ਹਾ ਚਿਰ ਹੀ ਹੁੰਦਾ ਹੈ, ਕੁਝ ਸਮੇਂ ਬਾਅਦ 'ਉਹੀ ਕਹੀ, ਉਹੀ ਕੁਹਾੜਾ' ਵਾਲੀ ਗੱਲ ਹੁੰਦੀ ਹੈ |
ਜੇਕਰ ਸੱਚਮੱੁਚ ਨੌਜਵਾਨਾਂ ਨੂੰ ਸਹੀ ਸੇਧ ਦੇਣੀ ਹੈ ਤਾਂ ਉਨ੍ਹਾਂ ਨੂੰ ਸਾਹਿਤ (ਕਿਤਾਬਾਂ) ਨਾਲ ਜੋੜਨਾ ਪਵੇਗਾ | ਨਰੋਏ ਸਮਾਜ ਦੀ ਸਿਰਜਣਾ ਵਿਚ ਸਾਹਿਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ | ਮਿਆਰੀ ਸਾਹਿਤ ਇਨਸਾਨ ਲਈ ਮਾਰਗ-ਦਰਸ਼ਨ ਹੋ ਨਿਬੜਦਾ ਹੈ | ਇਸ ਲਈ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨਾ ਅੱਜ ਸਮੇਂ ਦੀ ਮੁੱਖ ਲੋੜ ਹੈ | ਸਾਹਿਤ ਨਾਲ ਇਕਮਿਕ ਹੋਣ ਤੋਂ ਬਾਅਦ ਇੰਜ ਲਗਦਾ ਹੈ ਕਿ ਅਸੀਂ ਹੁਣ ਉੁਹ ਨਹੀਂ ਰਹੇ ਜੋ ਪਹਿਲਾਂ ਸੀ | ਸਾਡਾ ਜੀਵਨ ਪ੍ਰਤੀ ਨਜ਼ਰੀਏ ਦਾ ਘੇਰਾ ਵਿਸ਼ਾਲ ਹੋ ਜਾਂਦਾ ਹੈ | ਉਸ ਦੇ ਅੰਦਰਲੀ 'ਮੈਂ' ਦੀ ਭਾਵਨਾ ਮਰ ਜਾਂਦੀ ਹੈ | ਸਕੂਲਾਂ-ਕਾਲਜਾਂ ਵਿਚ ਲਾਇਬ੍ਰੇਰੀ ਤਾਂ ਹੁੰਦੀ ਹੈ ਪਰ ਕੁਝ ਕੁ ਵਿਦਿਆਰਥੀ ਇਨ੍ਹਾਂ ਅੰਦਰ ਰੱਖੀਆਂ ਕਿਤਾਬਾਂ ਨੂੰ ਪੜ੍ਹਦੇ ਹਨ | ਸਕੂਲਾਂ-ਕਾਲਜਾਂ ਦੀਆਂ ਲਇਬ੍ਰੇਰੀਆਂ ਅੰਦਰ ਪਈਆਂ ਲੱਖਾਂ ਕਿਤਾਬਾਂ ਪਾਠਕਾਂ ਦੀ ਉਡੀਕ ਕਰ ਰਹੀਆਂ ਹਨ | ਅੱਜ ਦੇ ਨੌਜਵਾਨਾਂ ਕੋਲ ਸਾਹਿਤ ਪੜ੍ਹਨ ਲਈ ਸਮਾਂ ਨਹੀਂ ਹੁੰਦਾ ਪਰ ਮੋਬਾਈਲ ਤੇ ਵੱਟਸਐਪ, ਫੇਸਬੁੱਕ 'ਤੇ ਚੈਟ ਵਰਗੇ ਵਾਧੂ ਕੰਮ ਹਰ ਕੋਈ ਕਰ ਲੈਂਦਾ ਹੈ | ਨੌਜਵਾਨਾਂ ਦੀ ਸਾਹਿਤ ਨਾਲੋਂ ਵਧੀ ਦੂਰੀ ਨੇ ਉਨ੍ਹਾਂ ਨੂੰ ਆਪਣੇ ਵਿਰਸੇ, ਬੋਲੀ ਤੇ ਰੀਤੀ-ਰਿਵਾਜਾਂ ਤੋਂ ਹੀ ਦੂਰ ਕਰ ਦਿੱਤਾ ਹੈ | ਨੌਜਵਾਨਾਂ ਅੰਦਰ ਹਿੰਸਕ ਪ੍ਰਵਿਰਤੀ ਦਾ ਵੀ ਇਹ ਸਭ ਤੋਂ ਵੱਡਾ ਕਾਰਨ ਹੈ |
ਦੁਨੀਆ ਵੀ ਇਕ ਕਿਤਾਬ ਦੀ ਤਰ੍ਹਾਂ ਹੈ, ਜਿਸ ਨੇ ਇਸ ਨੂੰ ਪੜ੍ਹ ਲਿਆ, ਉਹ ਕਦੇੇ ਵੀ ਅਸਫਲ ਨਹੀਂ ਹੁੰਦਾ ਤੇ ਇਨਸਾਨ ਕਿਸੇ ਵੇਲੇ ਆਈ ਕਠਿਨਾਈ ਨੂੰ ਵੀ ਹੱਸ ਕੇ ਝੱਲ ਲੈਂਦਾ ਹੈ | ਚੰਗੀਆਂ ਕਿਤਾਬਾਂ ਪੜ੍ਹ ਕੇ ਹੌਸਲਾ, ਆਤਮਵਿਸ਼ਵਾਸ, ਸਹਿਣਸ਼ੀਲਤਾ, ਸਵੈ-ਨਿਰਭਰਤਾ ਵਰਗੇ ਅਨੇਕਾਂ ਗੁਣ ਇਨਸਾਨ ਅੰਦਰ ਆ ਜਾਂਦੇ ਹਨ | ਕਿਤਾਬ ਪੜ੍ਹਨ ਨਾਲ ਦਿਮਾਗ ਦਾ ਵਿਸਥਾਰ ਤਾਂ ਹੁੰਦਾ ਹੀ ਹੈ, ਉਸ ਦੇ ਨਾਲ-ਨਾਲ ਇਨਸਾਨ ਦਾ ਵਿਅਕਤਿਤਵ ਵੀ ਸਮਾਜ ਵਿਚ ਆਪਣਾ ਪ੍ਰਭਾਵਸ਼ਾਲੀ ਸਥਾਨ ਬਣਾ ਲੈਂਦਾ ਹੈ |
ਸਾਹਿਤ ਵਿਚ ਰੁਚੀ ਰੱਖਣ ਵਾਲੇ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੈ | ਪਰ ਜੋ ਨੌਜਵਾਨ ਇਸ ਰਾਹ ਪੈ ਜਾਂਦਾ ਹੈ, ਸਾਰੀ ਉਮਰ ਕਿਤਾਬਾਂ ਉਸ ਦਾ ਮਾਰਗ-ਦਰਸ਼ਨ ਕਰਦੀਆਂ ਹਨ | ਇਨਸਾਨ ਤੇ ਕਿਤਾਬਾਂ ਦਾ ਰਿਸ਼ਤਾ ਅਟੁੱਟ-ਰਿਸ਼ਤਾ ਬਣ ਜਾਂਦਾ ਹੈ | ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਸਾਹਿਤ ਪੜ੍ਹਨ ਨੂੰ ਤਰਜੀਹ ਦੇਵੇ ਤਾਂ ਹੀ ਉਨ੍ਹਾਂ ਦਾ ਬੌਧਿਕ ਵਿਕਾਸ ਸੰਭਵ ਹੈ | ਆਓ, ਅਸੀਂ ਵੀ ਅੱਜ ਰਲ ਕੇ ਨੌਜਵਾਨਾਂ ਤੇ ਪੂਰੇ ਸਮਾਜ ਨੂੰ ਕਿਤਾਬ ਦਾ ਮਹੱਤਵ ਸਮਝਾਈਏ, ਤਾਂ ਜੋ ਸੁੰਦਰ ਸਿ੍ਸ਼ਟੀ ਦੇ ਨਾਲ-ਨਾਲ ਇਨਸਾਨੀ ਜੀਵਨ ਵੀ ਸੁੰਦਰ ਬਣ ਸਕੇ |
-ਭਗਤਾ ਭਾਈ ਕਾ | ਮੋਬਾ: 98721-02614

ਕੀ 'ਕਚਰਾ ਗ੍ਰਹਿ' ਬਣ ਜਾਵੇਗੀ ਸਾਡੀ ਧਰਤੀ?

ਦੁਨੀਆ ਭਰ ਦੇ ਸੋਧ-ਕਰਤਾ ਪਿ੍ਥਵੀ ਤੇ ਵਧਦੇ ਹੋਏ ਕਚਰੇ ਕਾਰਨ ਚਿੰਤਾ ਵਿਚ ਹਨ | ਜਿਸ ਪ੍ਰਕਾਰ ਧਰਤੀ 'ਤੇ ਕਚਰਾ ਵਧਦਾ ਜਾ ਰਿਹਾ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਕ ਦਿਨ ਸਮੱੁਚੀ ਧਰਤੀ ਤੇ ਹਰ ਪਾਸੇ ਕਚਰਾ ਹੀ ਕਚਰਾ ਹੋਵੇਗਾ | ਜੈਵ ਅਵਿਘਨਸ਼ੀਲ ਕਚਰਾ ਸਭ ਤੋਂ ਜ਼ਿਆਦਾ ਖ਼ਤਰਨਾਕ ਹੈ, ਕਿਉਂਕਿ ਇਹ ਸਾਲਾਂ ਦੇ ਸਾਲ ਉਵੇਂ ਦਾ ਉਵੇਂ ਹੀ ਰਹਿੰਦਾ ਹੈ, ਨਾ ਹੀ ਗਲਦਾ ਹੈ ਤੇ ਨਾ ਹੀ ਸੜਦਾ ਹੈ | ਵੱਡੇ-ਵੱਡੇ ਸ਼ਹਿਰਾਂ ਵਿਚ ਤਾਂ ਕੂੜੇ ਦੇ ਪਹਾੜ ਹੀ ਖੜ੍ਹੇ ਹੋ ਗਏ ਹਨ | ਦੁਨੀਆ ਭਰ ਵਿਚ ਹਰ ਸਾਲ ਹਜ਼ਾਰਾਂ ਹੀ ਟਨ ਪਲਾਸਟਿਕ ਦਾ ਨਿਰਮਾਣ ਹੁੰਦਾ ਹੈ | ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਵਿਚੋਂ ਕੇਵਲ 9 ਫੀਸਦੀ ਕਚਰਾ ਹੀ ਰੀਸਾਈਕਲ ਕੀਤਾ ਜਾਂਦਾ ਹੈ | 79 ਫੀਸਦੀ ਪਲਾਸਟਿਕ ਵਰਤੋਂ ਤੋਂ ਬਾਅਦ ਕਚਰੇ ਦੇ ਰੂਪ ਵਿਚ ਬਾਹਰ ਸੁੱਟ ਦਿੱਤਾ ਜਾਂਦਾ ਹੈ | ਬਾਕੀ ਬਚਦਾ 12 ਫੀਸਦੀ ਪਲਾਸਟਿਕ ਜਲਾ ਦਿੱਤਾ ਜਾਂਦਾ ਹੈ | ਇਸ ਵਿਚੋਂ ਨਿਕਲਣ ਵਾਲੀਆਂ ਅਤਿ ਖਤਰਨਾਕ ਗੈਸਾਂ ਸਾਡੇ ਨਾਲ-ਨਾਲ ਜੀਵ-ਜੰਤੂਆਂ ਅਤੇ ਬਨਸਪਤੀ ਲਈ ਵੀ ਬਹੁਤ ਖਤਰਨਾਕ ਹਨ |
ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿਚ ਵਧਦਾ ਕੂੜਾ-ਕਰਕਟ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | ਸੋਧ-ਕਰਤਾ ਦੱਸਦੇ ਹਨ ਕਿ ਇਹ ਕੂੜਾ-ਕਰਕਟ ਅਤੇ ਪਲਾਸਟਿਕ ਸਮੁੰਦਰੀ ਜੀਵਾਂ ਲਈ ਬਹੁਤ ਹੀ ਖ਼ਤਰਨਾਕ ਹੈ | ਬਹੁਤ ਸਾਰੀਆਂ ਮੱਛੀਆਂ ਦੇ ਪੇਟ ਵਿਚ ਭੋਜਨ ਨਾਲੋਂ ਵੱਧ ਪਲਾਸਟਿਕ ਦੀ ਮਾਤਰਾ ਪਾਈ ਗਈ | ਪਲਾਸਟਿਕ ਦੇ ਅਤਿ ਸੂਖਮ ਕਣ ਜੇਕਰ ਮਨੱੁਖੀ ਪੇਟ ਵਿਚ ਚਲੇ ਜਾਣ ਤਾਂ ਇਹ ਬਹੁਤ ਹੀ ਵਿਨਾਸ਼ਕਾਰੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ | ਬ੍ਰਹਿਮੰਡ ਵਿਚ ਮੌਜੂਦ ਕਚਰਾ ਉਪ-ਗ੍ਰਹਿਆਂ ਦੀ ਉਮਰ ਨੂੰ ਘੱਟ ਕਰ ਰਿਹਾ ਹੈ |
ਖੋਜਕਰਤਾ ਮੰਨਦੇ ਹਨ ਕਿ ਇਹ ਕਚਰਾ ਭਵਿੱਖ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਸਕਦਾ ਹੈ ਤੇ ਕਰ ਵੀ ਰਿਹਾ ਹੈ | ਸਾਡੀ ਪਲਾਸਟਿਕ ਦੇ ਸਾਮਾਨ 'ਤੇ ਵਧਦੀ ਹੋਈ ਨਿਰਭਰਤਾ ਕਾਰਨ ਹੀ ਕਚਰਾ ਵਧਦਾ ਜਾ ਰਿਹਾ ਹੈ | ਕੂੜੇ-ਕਰਕਟ ਵਿਚ ਮੱਛਰ ਬੜੀ ਹੀ ਆਸਾਨੀ ਨਾਲ ਵਧਦੇ-ਫੁਲਦੇ ਹਨ ਅਤੇ ਗੰਭੀਰ ਬਿਮਾਰੀਆਂ ਫੈਲਾਉਂਦੇ ਹਨ | ਸਾਨੂੰ ਪਲਾਸਟਿਕ ਵਰਗੀਆਂ ਅਵਿਘਟਨਸ਼ੀਲ ਚੀਜ਼ਾਂ 'ਤੇ ਆਪਣੀ ਨਿਰਭਰਤਾ ਘਟਾਉਣੀ ਚਾਹੀਦੀ ਹੈ, ਤਾਂ ਜੋ ਧਰਤੀ ਨੂੰ 'ਕਚਰਾ ਗ੍ਰਹਿ' ਬਣਨ ਤੋਂ ਰੋਕਿਆ ਜਾ ਸਕੇ |
-ਜ਼ਿਲ੍ਹਾ ਰੋੋਪੜ | ਮੋਬਾ: 99149-65937

ਅੰਧ-ਵਿਸ਼ਵਾਸ ਦੀ ਦਲਦਲ ਵਿਚ ਧਸਦਾ ਭਾਰਤੀ ਸਮਾਜ

ਵਹਿਮ ਕਮਜ਼ੋਰ ਦਿਮਾਗ ਦਾ ਯਥਾਰਥ ਹੁੰਦਾ ਹੈ | ਅੰਧ-ਵਿਸ਼ਵਾਸ ਤੇ ਵਹਿਮ-ਭਰਮ ਇਕੋ ਸਿੱਕੇ ਦੇ ਦੋ ਪਹਿਲੂ ਹਨ | ਆਮ ਤੌਰ 'ਤੇ ਅੰਧ-ਵਿਸ਼ਵਾਸ ਤਰਕਹੀਣਤਾ ਤੇ ਅਗਿਆਨਤਾ ਦੀ ਉਪਜ ਹੁੰਦਾ ਹੈ |
ਅੱਜਕਲ੍ਹ ਪੰਜਾਬ ਸਮੇਤ ਪੂਰੇ ਮੁਲਕ ਵਿਚ ਇਕ ਅੰਧ-ਵਿਸ਼ਵਾਸ ਦਾ ਵਰਤਾਰਾ ਚੱਲ ਰਿਹਾ ਹੈ, ਜਿਸ ਦੇ ਤਹਿਤ ਗੁੱਤਾਂ ਕੱਟਣ ਜਾਂ ਵਾਲ ਕੱਟਣ ਦੀਆਂ ਲੜੀਵਾਰ ਘਟਨਾਵਾਂ ਵਾਪਰ ਰਹੀਆਂ ਹਨ | ਇਹ ਘਟਨਾਵਾਂ ਸਿਰਫ ਔਰਤਾਂ ਨਾਲ ਹੀ ਵਾਪਰਦੀਆਂ ਹਨ | ਵਾਲ ਕੱਟੇ ਜਾਣ ਪਿੱਛੋਂ ਪੀੜਤ ਔਰਤ ਬੇਹੋਸ਼ ਹੋ ਜਾਂਦੀ ਹੈ ਅਤੇ ਉਸ ਨੂੰ ਆਲੇ-ਦੁਆਲੇ ਦੀ ਕੋਈ ਸੁੱਧ ਨਹੀਂ ਰਹਿੰਦੀ | ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਅਸਲੀਅਤ ਕੀ ਹੈ? ਇਸ ਨੂੰ ਜਾਣਨ ਦੀ ਕੋਸ਼ਿਸ ਕੋਈ ਨਹੀਂ ਕਰ ਰਿਹਾ, ਸਗੋਂ ਵਾਲ ਕੱਟਣ ਵਾਲੀ ਇਸ ਅਖੌਤੀ ਗੈਬੀ ਸ਼ਕਤੀ ਤੋਂ ਬਚਾਅ ਕਰਨ ਲਈ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ਿਆਂ 'ਤੇ ਨਿੰਮ ਦੀਆਂ ਟਾਹਣੀਆਂ, ਸੰਧੂਰ ਦੇ ਟਿੱਕੇ, ਮਹਿੰਦੀ ਅਤੇ ਹਲਦੀ ਦੇ ਪੰਜੇ ਛਾਪ ਰੱਖੇ ਹਨ | ਇਹ ਸਾਡੇ ਮੁਲਕ ਦੀ ਤ੍ਰਾਸਦੀ ਨਹੀਂ ਤਾਂ ਹੋਰ ਕੀ ਹੈ?
ਅੱਜ ਜਦੋਂ ਵਿਗਿਆਨ ਤੇ ਤਕਨਾਲੋਜੀ ਦੇ ਇਸ ਯੁੱਗ ਵਿਚ ਮਨੁੱਖ ਚੰਨ ਤੱਕ ਪਹੁੰਚ ਗਿਆ ਹੈ ਤਾਂ ਭਾਰਤ ਵਰਗੇ ਮੁਲਕ ਦੇ ਲੋਕ ਵਾਲ ਕੱਟਣ ਵਾਲੀ ਕਿਸੇ ਗੈਬੀ ਸ਼ਕਤੀ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਫਜ਼ੂਲ ਤੇ ਤਰਕਹੀਣ ਟੋਟਕੇ ਵਰਤਣ ਵਿਚ ਆਪਣਾ ਕੀਮਤੀ ਸਮਾਂ ਅਜਾਈਾ ਗੁਆ ਰਹੇ ਹਨ |
ਦਰਅਸਲ ਮਨੁੱਖੀ ਮਨ ਦੇ ਵੀ ਦੋ ਹਿੱਸੇ ਹੁੰਦੇ ਹਨ-ਅਚੇਤ ਮਨ ਅਤੇ ਸੁਚੇਤ ਮਨ | ਜਿਸ ਮਨੁੱਖ ਦਾ ਅਚੇਤ ਮਨ ਕਮਜ਼ੋਰ ਹੁੰਦਾ ਹੈ, ਉਹ ਨਕਾਰਾਤਮਕ ਜਾਂ ਨਾਂਹ-ਪੱਖੀ ਵਰਤਾਰੇ ਵਿਚ ਜਲਦੀ ਵਿਸ਼ਵਾਸ ਕਰ ਲੈਂਦਾ ਹੈ ਅਤੇ ਨਾਕਾਰਾਤਮਕ ਘਟਨਾ ਦਾ ਡਰ ਉਸ ਦੇ ਅਚੇਤ ਮਨ 'ਤੇ ਹਾਵੀ ਹੋ ਜਾਂਦਾ ਹੈ | ਇਸ ਪ੍ਰਕਾਰ ਕਿਸੇ ਖਾਸ ਘਟਨਾ ਪ੍ਰਤੀ ਅੰਧ-ਵਿਸ਼ਵਾਸ ਉਪਜਦਾ ਹੈ |
ਅੱਜ ਚੀਨ ਤੇ ਜਾਪਾਨ ਵਰਗੇ ਦੇਸ਼ਾਂ ਨੇ ਆਪਣੀ ਮਨੁੱਖੀ ਸ਼ਕਤੀ ਦੀ ਸੁਯੋਗ ਵਰਤੋਂ ਕਰਕੇ ਤਕਨਾਲੋਜੀ ਦੀਆਂ ਸਿਖਰਾਂ ਨੂੰ ਛੋਹ ਲਿਆ ਹੈ | ਸਾਨੂੰ ਇਨ੍ਹਾਂ ਮੁਲਕਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ | ਸਾਡਾ ਸਮਾਜ ਅੰਧ-ਵਿਸ਼ਵਾਸ ਦੀ ਦਲਦਲ ਵਿਚ ਬੁਰੀ ਤਰ੍ਹਾਂ ਧਸ ਚੁੱਕਾ ਹੈ | ਅਜਿਹੇ ਸਮਾਜ ਤੋਂ ਭਵਿੱਖ ਵਿਚ ਚੰਗੇ ਰਾਸ਼ਟਰ ਨਿਰਮਾਣ ਦੀ ਆਸ ਨਹੀਂ ਰੱਖੀ ਜਾ ਸਕਦੀ | ਸਮੇਂ ਦੀ ਲੋੜ ਹੈ ਕਿ ਸਾਡੀ ਵਿੱਦਿਅਕ ਪ੍ਰਣਾਲੀ ਵਿਚ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਵੇ, ਜੋ ਬੱਚਿਆਂ ਤੇ ਨੌਜਵਾਨਾਂ ਨੂੰ ਅੰਧ-ਵਿਸ਼ਵਾਸ ਵਿਰੁੱਧ ਜਾਗਰੂਕ ਕਰੇ | ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਹਿਤੈਸ਼ੀਆਂ ਨੂੰ ਸਮਾਜ ਅੰਦਰ ਅੰਧ-ਵਿਸ਼ਵਾਸ ਵਿਰੋਧੀ ਜਾਗਰੂਕਤਾ ਫੈਲਾਉਣ ਲਈ ਉਪਰਾਲੇ ਕਰਨ ਦੀ ਸਖ਼ਤ ਲੋੜ ਹੈ, ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ |
-ਪੰਜਾਬੀ ਅਧਿਆਪਕਾ, ਸ: ਹਾ: ਸਕੂਲ, ਟਾਂਡੀਆਂ (ਮਾਨਸਾ) | ਮੋਬਾ: 90565-26703

ਸਿਆਸੀ ਦਬਾਅ ਤੋਂ ਮੁਕਤ ਹੋਵੇ ਪੁਲਿਸ

ਕਿਸੇ ਵੀ ਦੇਸ਼ ਜਾਂ ਸੂਬੇ ਅੰਦਰ ਉੱਥੋਂ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਨਿਪਟਣ ਲਈ ਪੁਲਿਸ ਦਾ ਯੋਗਦਾਨ ਮੁੱਖ ਹੁੰਦਾ ਹੈ, ਪਰ ਜੇਕਰ ਪੁਲਿਸ ਹੀ ਸਿਆਸੀ ਆਗੂਆਂ ਦੀ ਕਠਪੁਤਲੀ ਬਣ ਕੇ ਵਿਚਰਨ ਲੱਗੇ ਤਾਂ ਜਨਤਾ ਲਈ ਇਨਸਾਫ਼ ਦੀ ਤਰਾਜੂ ਸਹੀ ਨਹੀਂ ਤੋਲਦੀ ਨਜ਼ਰ ਆਉਂਦੀ ਹੈ | ਸਾਡੇ ਦੇਸ਼ ਦੀ ਪੁਲਿਸ ਬਾਰੇ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਅਤੇ ਸੱਤਾਧਾਰੀ ਪੱਖ ਦੀ ਹੱਥ ਠੋਕੀ ਬਣਨ ਦੀਆਂ ਖ਼ਬਰਾਂ ਅਕਸਰ ਹੀ ਸੁਰਖੀਆਂ ਵਿਚ ਰਹਿੰਦੀਆਂ ਹਨ | ਇਹੋ ਜਿਹੀਆਂ ਪ੍ਰਸਥਿਤੀਆਂ ਵਿਚ ਸੱਤਾ ਦੇ ਘੋੜੇ 'ਤੇ ਕਾਬਜ਼ ਲੋਕਾਂ ਵਿਚੋਂ ਕੁਝ ਸਮੇਂ-ਸਮੇਂ 'ਤੇ ਆਪਣੇ ਵਿਰੋਧੀ ਨੂੰ ਸਬਕ ਸਿਖਾਉਣ ਲਈ ਪੁਲਿਸ ਦੀ ਵਰਤੋਂ ਚਿੱਟੇ ਦਿਨ ਕਰਦੇ ਦੇਖੇ ਜਾਂਦੇ ਹਨ | ਜੇਕਰ ਪੁਲਿਸ ਨੂੰ ਪਾਰਦਰਸ਼ੀ ਅਤੇ ਆਪਣੇ ਢੰਗ ਨਾਲ ਕੰਮ ਕਰਨ ਦਿੱਤਾ ਜਾਵੇ ਤਾਂ ਪੁਲਿਸ ਸਿਆਸੀ ਦਬਾਅ ਤੋਂ ਹੋਣ ਵਾਲੀ ਮਾਨਸਿਕ ਪ੍ਰੇਸ਼ਾਨੀ ਦੇ ਨਾਲ-ਨਾਲ ਅਪਰਾਧਿਕ ਮਾਮਲਿਆਂ ਨੂੰ ਵੀ ਬਹੁਤ ਹੀ ਆਸਾਨੀ ਨਾਲ ਹੱਲ ਕਰ ਸਕਦੀ ਹੈ |
ਜੇਕਰ ਅੱਜ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਇਸ ਵਿਚ ਵੀ ਸਿਆਸੀ ਦਬਾਅ ਤੋਂ ਪ੍ਰੇਸ਼ਾਨ ਮੁਲਾਜ਼ਮਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਚੁੱਕੀ ਹੈ | ਜਦ ਕਿਸੇ ਵੀ ਮੁਲਾਜ਼ਮ 'ਤੇ ਘਰ ਦੀ ਜ਼ਿੰਮੇਵਾਰੀ ਤੋਂ ਇਲਾਵਾ ਕੋਰਟ-ਕਚਹਿਰੀਆਂ ਦੇ ਚੱਕਰ ਅਤੇ ਉਸ ਤੋਂ ਬਾਅਦ ਆਪਣੇ ਉਪਰਲੇ ਅਫ਼ਸਰਾਂ ਦੀਆਂ ਝਿੜਕਾਂ ਅਤੇ ਸਿਆਸੀ ਆਗੂਆਂ ਦੇ ਰੋਜ਼ਾਨਾ ਸੈਂਕੜੇ ਫ਼ੋਨ ਸੁਣਨੇ ਪੈਣ ਤਾਂ ਸੋਚੋ ਕਿ ਇਕ ਮੁਲਾਜ਼ਮ ਜਾਂ ਅਫ਼ਸਰ ਅਵਾਮ ਨੂੰ ਕਿਹੋ ਜਿਹਾ ਇਨਸਾਫ਼ ਦੇ ਪਾਵੇਗਾ? ਭਾਵੇਂ ਪੰਜਾਬ ਪੁਲਿਸ ਵਿਚ ਅੱਜ ਵੀ ਇਮਾਨਦਾਰ ਅਫ਼ਸਰਾਂ ਅਤੇ ਮੁਲਾਜ਼ਮਾਂ ਦੀ ਕਮੀ ਨਹੀਂ ਹੈ ਪਰ ਕਈ ਵਾਰ ਉੱਪਰਲੇ ਦਬਾਅ ਦੇ ਚਲਦਿਆਂ ਉਨ੍ਹਾਂ ਨੂੰ ਵੀ ਗਲਤ ਫ਼ੈਸਲੇ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ | ਸੱਤਾ ਦੇ ਸਿਆਸੀ ਗਲਿਆਰਿਆਂ ਅੰਦਰ ਪੁਲਿਸ ਨੂੰ ਸਿਆਸੀ ਦਬਾਅ ਤੋਂ ਮੁਕਤ ਕਰਨ ਦੀਆਂ ਗੱਲਾਂ ਤਾਂ ਰੋਜ਼ ਹੀ ਚੱਲਦੀਆਂ ਹਨ ਪਰ ਉਸ ਨੂੰ ਅਮਲੀਜਾਮਾ ਪਹਿਨਾਉਣ ਦੀ ਕਦੇ ਕਿਸੇ ਵੀ ਸਿਆਸੀ ਧਿਰ ਨੇ ਲੋੜ ਨਹੀਂ ਸਮਝੀ |
ਪਿਛਲੇ ਦਿਨੀਂ ਗੁਰੂ ਕੀ ਨਗਰੀ ਅੰਮਿ੍ਤਸਰ ਅੰਦਰ ਹੋਈ ਘਟਨਾ ਨੇ ਪੁਲਿਸ ਮੁਲਾਜ਼ਮਾਂ ਦੇ ਹੌਸਲਿਆਂ ਨੂੰ ਪਸਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ | ਜਦ ਇਕ ਸਿਆਸੀ ਆਗੂ ਦੇ ਕਿਸੇ ਨੇੜਲੇ ਸਾਥੀ ਦਾ ਚਲਾਨ ਕੱਟਣ ਦੀ ਹਿੰਮਤ ਕਰ ਚੁੱਕੇ ਏ.ਐਸ.ਆਈ. ਨੂੰ ਹੀ ਉਪਰਲਿਆਂ ਨੇ ਲਾਈਨ ਹਾਜ਼ਰ ਕਰਨ ਦਾ ਹੁਕਮ ਸੁਣਾ ਦਿੱਤਾ, ਜਦ ਕਿ ਗਲਤੀ ਉਸ ਸਿਆਸੀ ਆਗੂ ਦੇ ਨੇੜਲੇ ਸਾਥੀ ਦੀ ਸੀ | ਉਸ ਨੇ ਇਕ ਸਰਕਾਰੀ ਮੁਲਾਜ਼ਮ ਨਾਲ ਡਿਊਟੀ ਦੌਰਾਨ ਮਾਰਕੁੱਟ ਕੀਤੀ ਸੀ ਤੇ ਉਲਟਾ ਗਾਜ ਪੁਲਿਸ ਅਫ਼ਸਰ 'ਤੇ ਡਿੱਗੀ | ਇਹੋ ਜਿਹੀਆਂ ਅਨੇਕਾਂ ਉਦਾਹਰਨਾਂ ਹਨ | ਅੱਜ ਸਾਡੇ ਸਮਾਜ ਵਿਚ ਪੁਲਿਸ ਮੁਲਾਜ਼ਮਾਂ ਤੇ ਅਫ਼ਸਰਾਂ ਦਾ ਮਨੋਬਲ ਤੋੜਨ ਅਤੇ ਆਮ ਜਨਤਾ ਨੂੰ ਇਨਸਾਫ਼ ਦਿਵਾਉਣ ਵਿਚ ਸਿਆਸੀ ਦਬਾਅ ਵੱਡਾ ਅੜਿੱਕਾ ਬਣ ਚੁੱਕਾ ਹੈ | ਪੁਲਿਸ ਮਹਿਕਮੇ ਨੂੰ ਸਿਆਸੀ ਦਬਾਅ ਤੋਂ ਮੁਕਤ ਕਰਨ ਲਈ ਵੱਡੇ ਕਦਮ ਚੁੱਕਣ ਦੀ ਲੋੜ ਹੈ |
-ਮੋਬਾ: 94634-63136

ਪੰਚਾਇਤੀ ਫੰਡਾਂ (ਪੈਸੇ) ਦੀ ਦੁਰਵਰਤੋਂ ਰੋਕੀ ਜਾਵੇ

ਅਕਸਰ ਹੀ ਅਖ਼ਬਾਰਾਂ ਵਿਚੋਂ ਸਾਨੂੰ ਪੜ੍ਹਨ ਨੂੰ ਮਿਲਦਾ ਹੈ ਕਿ ਕਿਸੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਸਕੱਤਰ ਨੇ ਲੱਖਾਂ ਰੁਪਏ ਦੀ ਗ੍ਰਾਂਟ ਦਾ ਗਬਨ ਕਰ ਦਿੱਤਾ | ਪਿੰਡਾਂ ਦੇ ਵਿਕਾਸ ਕਾਰਜਾਂ ਲਈ ਸਰਕਾਰ ਵੱਲੋਂ ਹਰੇਕ ਪੰਚਾਇਤ ਨੂੰ ਵੱਖ-ਵੱਖ ਸਕੀਮਾਂ ਤਹਿਤ ਗ੍ਰਾਂਟ ਦਿੱਤੀ ਜਾਂਦੀ ਹੈ, ਜੋ ਪਿੰਡਾਂ ਦੀਆਂ ਗਲੀਆਂ-ਨਾਲੀਆਂ, ਛੱਪੜ ਦੀ ਸਫਾਈ, ਸ਼ਮਸ਼ਾਨਘਾਟ ਤੇ ਕਈ ਹੋਰ ਕਾਰਜਾਂ ਲਈ ਵਰਤੀ ਜਾਣੀ ਹੁੰਦੀ ਹੈ | ਪਿੰਡ ਦੇ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਪਿੰਡ ਦੇ ਵਿਕਾਸ ਲਈ ਆਏ ਪੈਸੇ ਨੂੰ ਆਪਣੇ ਪਿੰਡ ਵਿਚ ਲਗਾਵੇ, ਪਰ ਅਜਿਹਾ ਹੁੰਦਾ ਨਹੀਂ ਹੈ | ਸਰਪੰਚ, ਪੰਚਾਇਤ ਸਕੱਤਰ, ਵੀ.ਡੀ.ਓ. ਤੇ ਪ੍ਰਬੰਧਕ ਆਪਸੀ ਮਿਲੀਭੁਗਤ ਨਾਲ ਕੁਝ ਪੈਸਾ ਬੈਂਕ ਵਿਚੋਂ ਕਢਵਾ ਲੈਂਦੇ ਹਨ ਤੇ ਆਪਣੇ ਘਰ ਦੇ ਕੰਮਾਂਕਾਰਾਂ ਲਈ ਵਰਤ ਲੈਂਦੇ ਹਨ |
ਹਰੇਕ ਪੰਚਾਇਤ ਦਾ ਬੈਂਕ ਵਿਚ ਇਕ ਗ੍ਰਾਂਟ ਦਾ ਖਾਤਾ ਹੁੰਦਾ ਹੈ, ਜਿੱਥੇ ਸਰਕਾਰ ਵੱਲੋਂ ਭੇਜਿਆ ਪੈਸਾ ਸਿੱਧਾ ਖਾਤੇ ਵਿਚ ਚਲਾ ਜਾਂਦਾ ਹੈ | ਪੰਚਾਇਤੀ ਸ਼ਾਮਲਾਟ ਜ਼ਮੀਨ ਦੀ ਬੋਲੀ ਤੋਂ ਮਿਲਿਆ ਪੈਸਾ ਬੈਂਕ ਵਿਚ ਖੁੱਲ੍ਹੇ ਪੰਚਾਇਤੀ ਫੰਡ ਵਾਲੇ ਖਾਤੇ ਵਿਚ ਜਮ੍ਹਾਂ ਹੁੰਦਾ ਹੈ | ਬੈਂਕ ਵਿਚ ਪੰਚਾਇਤ ਦਾ ਇਕ ਪੈਨਸ਼ਨ ਦਾ ਖਾਤਾ ਵੀ ਹੁੰਦਾ ਹੈ, ਜਿੱਥੇ ਸਿੱਧੀ ਪੈਨਸ਼ਨ ਖਾਤਿਆਂ ਵਿਚ ਆਉਂਦੀ ਹੈ | ਇਹ ਪੈਨਸ਼ਨ ਅੱਜਕਲ੍ਹ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਆ ਰਹੀ ਹੈ |
ਦੇਖਣ ਵਿਚ ਆਇਆ ਹੈ ਕਿ ਜਿੰਨਾ ਪੈਸਾ ਸਰਕਾਰ ਪਿੰਡ ਦੇ ਵਿਕਾਸ ਕਾਰਜਾਂ ਲਈ ਭੇਜ ਰਹੀ ਹੈ, ਉਸ ਦਾ ਕੁਝ ਹਿੱਸਾ ਹੀ ਪਿੰਡ ਵਿਚ ਲਗਦਾ ਹੈ ਤੇ ਬਾਕੀ ਦਾ ਪੈਸਾ ਸਰਪੰਚ, ਪੰਚਾਇਤ ਸਕੱਤਰ, ਵੀਡੀਓ, ਪ੍ਰਬੰਧਕ ਰਲ ਕੇ ਵਰਤ ਲੈਂਦੇ ਹਨ | ਇਨ੍ਹਾਂ 'ਚੋਂ ਬਹੁਤੇ ਸਰਪੰਚ ਅਨਪੜ੍ਹ ਹੋਣ ਕਰਕੇ ਪੰਚਾਇਤ ਸਕੱਤਰ ਇਸ ਦਾ ਫਾਇਦਾ ਉਠਾਉਂਦਾ ਹੈ ਤੇ ਲੱਖਾਂ ਰੁਪਏ ਦਾ ਗਬਨ ਕਰ ਜਾਂਦਾ ਹੈ | ਗ਼ਲਤ ਢੰਗ ਨਾਲ ਪੈਸੇ ਕਢਵਾਉਣ ਸਮੇਂ ਪੰਚਾਇਤ ਸਕੱਤਰ ਮਤਾ ਪਾਉਣ ਦੀ ਰਸਮ ਵੇਲੇ ਕਿਸੇ ਪੁਰਾਣੇ ਮਤੇ ਨਾਲ ਛੇੜਛਾੜ ਕਰਕੇ ਉਸ ਦੀ ਫੋਟੋ-ਕਾਪੀ ਲਗਾ ਕੇ ਪੂਰੀ ਕਰਦਾ ਹੈ | ਕਈ ਪੰਚਾਇਤ ਸਕੱਤਰ ਬਜ਼ੁਰਗਾਂ ਲਈ ਆਈ ਪੈਨਸ਼ਨ ਬੈਂਕ ਵਿਚੋਂ ਕਢਵਾ ਕੇ ਆਪਣੇ ਘਰ ਦੇ ਕੰਮਾਂ ਲਈ ਵਰਤ ਲੈਂਦੇ ਹਨ ਤੇ ਬਜ਼ੁਰਗ ਸਰਪੰਚ ਦੇ ਘਰ ਗੇੜੇ ਮਾਰ-ਮਾਰ ਥੱਕ ਜਾਂਦੇ ਹਨ | ਲੋੜ ਹੈ ਜਿਸ ਪਿੰਡ ਵਿਚ ਔਰਤ ਸਰਪੰਚ ਹੈ, ਉਸ ਨੂੰ ਖੁਦ ਬੈਂਕ ਵਿਚੋਂ ਜਾ ਕੇ ਪੈਸੇ ਕਢਵਾਉਣੇ ਚਾਹੀਦੇ ਹਨ | ਸਰਪੰਚ ਨੂੰ ਆਪਣੀ ਚੈੱਕ ਬੁੱਕ ਸਾਂਭ ਕੇ ਰੱਖਣੀ ਚਾਹੀਦੀ ਹੈ ਤੇ ਪੰਚਾਇਤ ਸਕੱਤਰ ਨੂੰ ਕਦੇ ਨਹੀਂ ਦੇਣੀ ਚਾਹੀਦੀ |
ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ 'ਤੇ ਪਾਰਦਰਸ਼ੀ ਢੰਗ ਨਾਲ ਪੰਚਾਇਤਾਂ ਦਾ ਆਡਿਟ ਕਰਵਾਏ ਤੇ ਉਸ ਬੰਦੇ ਨੂੰ ਸਜ਼ਾ ਦਿੱਤੀ ਜਾਵੇ, ਜੋ ਗਲਤ ਪਾਇਆ ਜਾਂਦਾ ਹੈ | ਵੋਟਾਂ ਸਮੇਂ ਪੰਚਾਇਤਾਂ ਲਈ ਆਇਆ ਪੈਸਾ ਰੈਲੀਆਂ 'ਚ ਲਾਉਣਾ ਬੰਦ ਕੀਤਾ ਜਾਵੇ | ਸਰਕਾਰ ਨੂੰ ਚਾਹੀਦਾ ਹੈ ਕਿ ਬੀ.ਡੀ.ਪੀ.ਓ. ਜੋ ਫਰਮਾਂ ਦੇ ਨਾਂਅ ਕੱਟੇ ਵੱਡੀ ਰਕਮ ਦੇ ਚੈੱਕਾਂ ਤੇ ਮਤਿਆਂ 'ਤੇ ਆਪਣੇ ਸਾਈਨ ਕਰਨ ਸਮੇਂ ਸਰਪੰਚ ਜਾਂ ਪੰਚਾਇਤ ਸਕੱਤਰ ਕੋਲੋਂ ਪੈਸੇ ਲੈਂਦੇ ਹਨ, ਉਨ੍ਹਾਂ ਨੂੰ ਇਸ ਕੰਮ ਤੋਂ ਰੋਕਿਆ ਜਾਵੇ | ਅਕਸਰ ਸੁਣਨ ਵਿਚ ਆਇਆ ਹੈ ਕਿ ਕਿਸੇ ਪਿੰਡ ਵਿਚ ਕੋਰਮ ਪੂਰਾ ਨਾ ਹੋਣ 'ਤੇ ਉਸ ਪਿੰਡ ਵਿਚ ਪ੍ਰਬੰਧਕ ਲਗਵਾਉਣ ਲਈ ਡੀ.ਡੀ.ਪੀ.ਓ ਨੂੰ ਗ੍ਰਾਂਟ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਹਨ | ਇਹ ਪੈਸਾ ਵੀ ਕਿਸੇ ਪਿੰਡ ਲਈ ਆਏ ਪੈਸੇ 'ਚੋਂ ਲਗਦਾ ਹੈ | ਜੇਕਰ ਐਮ.ਐਲ.ਏ., ਡੀ.ਡੀ.ਪੀ.ਓ., ਬੀ.ਡੀ.ਪੀ..ਓ ਰਿਸ਼ਵਤ ਲੈਣੀ ਬੰਦ ਕਰ ਦੇਣ ਤਾਂ ਥੱਲੇ ਸਰਪੰਚ ਤੇ ਪੰਚਾਇਤ ਸਕੱਤਰ ਵੀ ਗਲਤ ਢੰਗ ਨਾਲ ਪੈਸਾ ਕਢਵਾਉਣ ਤੋਂ ਰੁਕਣਗੇ, ਜੇ.ਈ. ਤੇ ਬੀ.ਡੀ.ਪੀ.ਓ. ਵੱਲੋਂ ਗਲਤ ਯੂ. ਸੀ. ਪਾਸ ਕਰਨਾ ਵੀ ਬੰਦ ਹੋਣਾ ਚਾਹੀਦਾ ਹੈ | ਕਿਉਂਕਿ ਕਈ ਵਾਰ ਪਿੰਡ ਵਿਚ ਇਕ ਇੱਟ ਵੀ ਨਹੀਂ ਲੱਗੀ ਹੁੰਦੀ ਤੇ ਪੈਸੇ ਦੇ ਕੇ ਯੂ.ਸੀ. ਪਾਸ ਕਰਵਾ ਲਿਆ ਜਾਂਦਾ ਹੈ |
ਸਾਡੇ ਦੇਸ਼ ਵਿਚ ਪੰਚਾਇਤਾਂ ਦੇ ਵਿਕਾਸ ਲਈ ਆਉਂਦਾ ਪੈਸਾ ਜੇ ਪਿੰਡਾਂ ਵਿਚ ਪੂਰਾ ਲੱਗ ਜਾਵੇ ਤਾਂ ਸਾਡੇ ਦੇਸ਼ ਦੇ ਪਿੰਡ ਵੀ ਬਾਹਰਲੇ ਦੇਸ਼ ਦੇ ਪਿੰਡਾਂ ਵਾਂਗ ਤਰੱਕੀ ਕਰਨਗੇ | ਸਾਡੇ ਪੰਜਾਬ ਦੇ ਕਈ ਪਿੰਡ ਜਿੱਥੇ ਪੰਚਾਇਤਾਂ ਕੁਝ ਨਹੀਂ ਕਰ ਸਕਦੀਆਂ, ਉੱਥੇ ਕਈ ਬਾਹਰਲੇ ਦੇਸ਼ਾਂ ਤੋਂ ਆਏ ਬੰਦੇ ਲੱਖਾਂ-ਕਰੋੜਾਂ ਰੁਪਏ ਪਿੰਡਾਂ 'ਤੇ ਖਰਚ ਰਹੇ ਹਨ | ਆਓ, ਅਸੀਂ ਵੀ ਆਪਣੇ ਦੇਸ਼ ਦੇ ਪਿੰਡਾਂ ਦੇ ਵਿਕਾਸ ਲਈ ਆਉਂਦਾ ਪੈਸਾ ਇਮਾਨਦਾਰੀ ਨਾਲ ਪੂਰਾ ਖਰਚ ਕਰੀਏ, ਤਾਂ ਹੀ ਅਸੀਂ ਇਕ ਖੁਸ਼ਹਾਲ ਤੇ ਅਗਾਂਹਵਧੂ ਪਿੰਡ ਬਾਰੇ ਸੋਚ ਸਕਦੇ ਹਾਂ | ਪੰਜਾਬ ਸਰਕਾਰ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ, ਤਾਂ ਹੀ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਆਈ ਗ੍ਰਾਂਟ ਪੂਰੀ ਪਿੰਡ ਵਿਚ ਲੱਗ ਸਕੇਗੀ |
-ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ |
ਮੋਬਾ: 98764-74671


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX