ਤਾਜਾ ਖ਼ਬਰਾਂ


ਪੁਲਵਾਮਾ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਚਾਰ ਜਵਾਨ ਸ਼ਹੀਦ
. . .  4 minutes ago
ਪੰਜਾਬ ਸਰਕਾਰ ਵਲੋਂ ਅੱਜ ਪੇਸ਼ ਕੀਤਾ ਜਾਵੇਗਾ ਬਜਟ
. . .  14 minutes ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵਲੋਂ ਅੱਜ ਵਿਧਾਨ ਸਭਾ 'ਚ ਸਾਲ 2019-20 ਦਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਬਜਟ ਤੋਂ ਮਹਿੰਗਾਈ ਨਾਲ ਜੂਝ ਰਹੇ ਸੂਬੇ ਦੇ ਲੋਕ ਵੱਡੀਆਂ ਆਸਾਂ ਲਾਈ ਬੈਠੇ ਹਨ। ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ...
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  34 minutes ago
ਸ੍ਰੀਨਗਰ, 18 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਾਨ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ 2-3 ਅੱਤਵਾਦੀਆਂ ਨੂੰ ਘੇਰ ਲਿਆ ਹੈ। ਦੋਹਾਂ ਪਾਸਿਓਂ ਲਗਾਤਾਰ...
ਅੱਜ ਦਾ ਵਿਚਾਰ
. . .  45 minutes ago
ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਹੋਰ ਖ਼ਬਰਾਂ..

ਖੇਡ ਜਗਤ

ਅੰਡਰ-17 ਫੀਫਾ ਵਿਸ਼ਵ ਕੱਪ: ਕਿਹੋ ਜਿਹੀ ਰਹੇਗੀ ਭਾਰਤ ਦੀ ਕਾਰਗੁਜ਼ਾਰੀ

ਹਾਲਾਂਕਿ 6 ਤੋਂ 28 ਅਕਤੂਬਰ ਤੱਕ ਭਾਰਤ ਦੀ ਮੇਜ਼ਬਾਨੀ 'ਚ ਖੇਡੇ ਜਾਣ ਵਾਲੇ ਅੰਡਰ-17 ਫੀਫਾ ਵਿਸ਼ਵ ਕੱਪ ਦੇ 17ਵੇਂ ਪੜਾਅ 'ਚ 24 ਟੀਮਾਂ ਦਰਮਿਆਨ ਖੇਡੇ ਜਾਣ ਵਾਲੇ ਕੁੱਲ 52 ਮੈਚਾਂ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਇਸ ਵਰਗ 'ਚ ਚੈਂਪੀਅਨ ਦਾ ਤਾਜ ਕਿਸ ਦੇ ਸਿਰ ਸਜੇਗਾ ਪਰ ਫੁੱਟਬਾਲ ਗਲਿਆਰਿਆਂ ਵਿਚ ਕਿਆਸਅਰਾਈਆਂ ਦੀ ਉਧੇੜ-ਬੁਣ ਦਿਨ-ਬਦਿਨ ਰੁਮਾਂਚਕ ਬਣਦੀ ਜਾ ਰਹੀ ਹੈ। ਹੁਣ ਜਦਕਿ ਟੂਰਨਾਮੈਂਟ ਦੇ ਡਰਾਅ ਮੁਤਾਬਿਕ ਗਰੁੱਪ 'ਏ' 'ਚ ਭਾਰਤ, ਅਮਰੀਕਾ, ਕੋਲੰਬੀਆ ਅਤੇ ਘਾਨਾ ਨੂੰ ਰੱਖਿਆ ਗਿਆ ਹੈ, ਗਰੁੱਪ 'ਬੀ' 'ਚ ਪੈਰਾਗੂਆ, ਮਾਲੀ, ਨਿਊਜ਼ੀਲੈਂਡ ਅਤੇ ਤੁਰਕੀ, ਗਰੁੱਪ 'ਸੀ' 'ਚ ਇਰਾਨ, ਗੁਏਨਾ, ਜਰਮਨੀ ਅਤੇ ਕੋਸਟਰੀਕਾ, ਗਰੁੱਪ 'ਡੀ' 'ਚ ਕੋਰੀਆ, ਨਾਈਜੀਰੀਆ, ਬ੍ਰਾਜ਼ੀਲ ਅਤੇ ਸਪੇਨ, ਗਰੁੱਪ 'ਈ' 'ਚ ਹੋਡੂਰਾਸ, ਜਾਪਾਨ, ਨਿਊ ਕੈਲੇਡੋਨੀਆ ਅਤੇ ਫਰਾਂਸ ਅਤੇ ਗਰੁੱਪ 'ਐੱਫ' 'ਚ ਇਰਾਕ, ਮੈਕਸੀਕੋ, ਚਿੱਲੀ ਅਤੇ ਇੰਗਲੈਂਡ ਨੂੰ ਰੱਖਿਆ ਗਿਆ ਹੈ।
ਮੇਜ਼ਬਾਨ ਹੋਣ ਦੇ ਨਾਤੇ ਵਿਸ਼ਵ ਕੱਪ 'ਚ ਪਹਿਲੀ ਵਾਰ ਭਾਰਤੀ ਟੀਮ ਘਰੇਲੂ ਮੈਦਾਨ 'ਚ ਉਤਰ ਰਹੀ ਹੈ। ਇਸ ਦੇ ਮੱਦੇਨਜ਼ਰ ਖੇਡ ਪ੍ਰੇਮੀਆਂ ਲਈ ਚਰਚਿਤ ਵਿਸ਼ਾ ਹੈ ਕਿ ਇਸ ਵੱਡੇ ਟੂਰਨਾਮੈਂਟ ਵਿਚ ਭਾਰਤ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੇਗੀ? ਭਾਰਤੀ ਫੁੱਟਬਾਲ ਦੇ ਸ਼ੁੱਭਚਿੰਤਕ ਟੀਮ ਦੀਆਂ ਸੰਭਾਵਨਾਵਾਂ ਦੇ ਨਾਲ-ਨਾਲ ਫੀਫਾ ਵਿਸ਼ਵ ਕੱਪ 'ਚ ਭਾਰਤ ਨੂੰ ਮਿਲਣ ਵਾਲੀ ਚੁਣੌਤੀ ਤੋਂ ਵੀ ਵਾਕਿਫ਼ ਹਨ। ਭਾਰਤੀ ਟੀਮ ਦੇ ਕੋਚ ਲੂਈ ਨੋਰਟਨ. ਡ. ਮਾਟੋਸ ਦਾ ਮੰਨਣਾ ਹੈ ਕਿ ਭਾਰਤੀ ਟੀਮ ਦਾ ਪਹਿਲਾ ਪੜਾਅ ਵੀ ਬੇਹੱਦ ਮੁਸ਼ਕਿਲ ਭਰਿਆ ਹੈ ਪਰ ਯਕੀਨਨ ਭਾਰਤੀ ਟੀਮ ਦੇ ਹੌਸਲੇ ਬੁਲੰਦ ਹਨ, ਪਿਛਲੇ ਕੁਝ ਸਮੇਂ ਤੋਂ ਟੀਮ ਦਾ ਮਨੋਬਲ ਉੱਚਾ ਹੈ ਅਤੇ ਦੋਸਤਾਨਾ ਮੈਚਾਂ 'ਚ ਭਾਰਤ ਨੇ ਲਗਾਤਾਰ ਸ਼ਲਾਘਾਯੋਗ ਜਿੱਤਾਂ ਹਾਸਲ ਕੀਤੀਆਂ ਹਨ। ਕੁੱਲ ਮਿਲਾ ਕੇ ਭਾਰਤ ਦੇ ਗਰੁੱਪ ਮੈਚਾਂ 'ਤੇ ਨਜ਼ਰਸਾਨੀ ਕਰੀਏ ਤਾਂ ਸਫਰ ਬੇਹੱਦ ਮੁਸ਼ਕਿਲਾਂ ਭਰਿਆ ਹੈ। ਪਹਿਲੀ ਨਜ਼ਰੇ ਕੌੜਾ ਸੱਚ ਕਬੂਲਦਿਆਂ ਕਹਿਣਾ ਪਵੇਗਾ ਕਿ ਭਾਰਤ ਦੀ ਅਗਲੇ ਗੇੜ 'ਚ ਪਹੁੰਚਣ ਦੀ ਸੰਭਾਵਨਾ ਅਕਸਰ ਨਾਂਹ ਦੇ ਬਰਾਬਰ ਹੈ। ਮੇਜ਼ਬਾਨ ਭਾਰਤ ਦਾ ਪਹਿਲਾ ਮੁਕਾਬਲਾ 6 ਅਕਤੂਬਰ ਨੂੰ ਅਮਰੀਕਾ ਨਾਲ ਹੈ ਜਦ ਕਿ ਅਮਰੀਕਾ ਟੀਮ ਹੁਣ ਤੱਕ ਖੇਡੇ ਗਏ ਵਿਸ਼ਵ ਕੱਪ ਮੁਕਾਬਲਿਆਂ 'ਚ ਸਿਰਫ ਇਕ ਵਾਰ ਹੀ ਕੁਆਲੀਫਾਈ ਕਰਨ ਤੋਂ ਖੁੰਝੀ ਹੈ ਤੇ ਉਹ ਲਗਾਤਾਰ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ। ਭਾਰਤ ਦਾ ਦੂਜਾ ਮੈਚ 9 ਅਕਤੂਬਰ ਨੂੰ ਕੋਲੰਬੀਆ ਨਾਲ ਹੋਵੇਗਾ। ਇਹ ਟੀਮ ਦੱਖਣੀ ਅਮਰੀਕੀ ਖਿੱਤੇ ਦੀ ਇਕ ਮਜ਼ਬੂਤ ਟੀਮ ਮੰਨੀ ਜਾਂਦੀ ਹੈ ਤੇ ਫੁੱਟਬਾਲ ਦੀ ਦੁਨੀਆ ਵਿਚ ਕੋਲੰਬੀਆ ਇਕ ਜਾਣਿਆ-ਪਛਾਣਿਆ ਨਾਂਅ ਹੈ। ਭਾਰਤੀ ਟੀਮ ਆਪਣਾ ਆਖਰੀ ਗਰੁੱਪ ਮੈਚ 12 ਅਕਤੂਬਰ ਨੂੰ ਘਾਨਾ ਵਿਰੁੱਧ ਖੇਡੇਗੀ। ਘਾਨਾ ਅਫਰੀਕੀ ਖਿੱਤੇ ਦੀ ਸਰਬਸ੍ਰੇਸ਼ਟ ਟੀਮਾਂ ਵਿਚੋਂ ਇਕ ਹੈ ਅਤੇ ਟੂਰਨਾਮੈਂਟ ਦੇ 32 ਸਾਲ ਦੇ ਇਤਿਹਾਸ ਵਿਚ ਘਾਨਾ ਦੋ ਵਾਰ ਟਰਾਫੀ ਆਪਣੇ ਨਾਂਅ ਕਰ ਚੁੱਕਾ ਹੈ। ਦਰਅਸਲ ਭਾਰਤੀ ਟੀਮ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਵੀ ਕਈ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ, ਮਾਟੋਸ ਦੇ ਟੀਮ ਨਾਲ ਜੁੜਨ ਤੋਂ ਪਹਿਲੇ ਕੋਚ ਜਰਮਨੀ ਦੇ ਨਿਕੋਲਾਈ ਐਡਮ ਨੂੰ ਖਿਡਾਰੀਆਂ ਨਾਲ ਕੀਤੇ ਦੁਰਵਿਵਹਾਰ ਕਰਕੇ ਬਰਖਾਸਤ ਕਰ ਦਿੱਤਾ ਗਿਆ ਸੀ, ਜਿਸ ਕਰਕੇ ਟੀਮ ਦੀ ਟ੍ਰੇਨਿੰਗ ਪ੍ਰਤੀ ਨਾਕਾਰਾਤਮਕ ਪ੍ਰਭਾਵ ਪੈਣਾ ਸੰਭਵ ਹੈ। ਹਰ ਇਕ ਕੋਚ ਦਾ ਟ੍ਰੇਨਿੰਗ ਨਜ਼ਰੀਆ ਅਲੱਗ ਹੁੰਦਾ ਹੈ, ਜਰਮਨ ਫੁੱਟਬਾਲ ਅਲੱਗ ਤਰ੍ਹਾਂ ਦਾ ਹੈ ਜਦਕਿ ਪੁਰਤਗਾਲ ਕੋਚ ਦਾ ਤਰੀਕਾ ਅਲੱਗ ਹੈ। ਉਂਜ ਮਾਟੋਸ ਦਾ ਕਹਿਣਾ ਹੈ ਕਿ ਅਮਰੀਕਾ, ਕੋਲੰਬੀਆ, ਘਾਨਾ ਦੀਆਂ ਟੀਮਾਂ ਮਜ਼ਬੂਤ ਹਨ, ਇਸ ਪ੍ਰਤੀ ਸਾਕਾਰਾਤਮਿਕ ਸੋਚ ਹੋਣਾ ਅਹਿਮ ਹੈ।
ਹੁਣ ਜਦ ਕਿ ਭਾਰਤੀ ਟੀਮ ਦਾ ਰਹਿ ਸੁਖਾਲਾ ਨਹੀਂ ਹੈ ਪਰ ਭਾਰਤੀ ਟੀਮ 'ਚ ਲਗਾਤਾਰ ਹੋ ਰਿਹਾ ਸੁਧਾਰ ਉਤਸ਼ਾਹਵਰਧਕ ਹੈ। ਪਿਛਲੇ ਦਿਨੀਂ ਭਾਰਤੀ ਟੀਮ ਦੇ ਪੁਰਤਗਾਲ ਅਤੇ ਇਟਲੀ ਦੌਰੇ 'ਤੇ ਭਾਰਤ ਨੇ ਇਟਲੀ ਦੀ ਵਾਲਮੋਨਟੋਨ ਸਿਟੀ ਅੰਡਰ-17 ਟੀਮ ਨੂੰ ਹਰਾਉਣ ਅਤੇ ਪੁਰਤਗਾਲ 'ਚ ਖੇਡੇ ਗਏ ਮੈਚ 'ਚ ਐੱਸ. ਐੱਸ. ਬੇਨਫੀਕਾ ਅੰਡਰ-17 ਟੀਮ ਨਾਲ ਡਰਾਅ ਖੇਡਣਾ, ਸ਼ੁੱਭ ਸੰਕੇਤ ਕਹੇ ਜਾ ਸਕਦੇ ਹਨ। ਕੀ ਭਾਰਤ ਨੂੰ ਘਰੇਲੂ ਮੈਦਾਨ, ਵਾਤਾਵਰਨ ਜਾਂ ਮੌਸਮ ਆਦਿ ਦਾ ਫਾਇਦਾ ਮਿਲੇਗਾ? ਅਜਿਹੀ ਸੰਭਾਵਨਾ ਘੱਟ ਹੀ ਨਜ਼ਰ ਆਉਂਦੀ ਹੈ, ਕਿਉਂਕਿ ਘਾਨਾ ਅਤੇ ਕੋਲੰਬੀਆ ਟੀਮਾਂ ਅਕਸਰ ਅਜਿਹੇ ਵਾਤਾਵਰਨ 'ਚ ਖੇਡਣ ਦੀਆਂ ਆਦੀ ਹਨ ਜਦਕਿ ਅਮਰੀਕਾ ਇਸ ਵਿਸ਼ਵ ਕੱਪ ਲਈ ਆਪਣੀ ਟੀਮ ਦੁਬਈ 'ਚ ਤਿਆਰ ਕਰ ਰਿਹਾ ਹੈ। ਹਾਲਾਂਕਿ ਭਾਰਤੀ ਟੀਮ ਲਈ ਚੁਣੌਤੀ ਸਖ਼ਤ ਹੈ ਪਰ ਕੋਚ ਮਾਟੋਸ ਜਿਸ ਤਰ੍ਹਾਂ ਖਿਡਾਰੀਆਂ ਦੀ ਤਕਨੀਕ ਰਣਨੀਤੀ ਸਰੀਰਕ ਅਤੇ ਮਾਨਸਿਕ ਪਹਿਲੂਆਂ ਦੀ ਪਰਿਪੱਕਤਾ ਨੂੰ ਟ੍ਰੇਨਿੰਗ ਦਾ ਹਿੱਸਾ ਬਣਾ ਕੇ ਚੱਲ ਰਹੇ ਹਨ, ਵੱਡੇ ਟੂਰਨਾਮੈਂਟ ਲਈ ਇਹ ਅਹਿਮ ਮੰਨਿਆ ਜਾਂਦਾ ਹੈ।
ਖੈਰ, ਭਾਰਤ ਨੇ ਆਪਣੇ ਗਰੁੱਪ ਮੈਚ ਦਿੱਲੀ ਦੇ ਨਹਿਰੂ ਸਟੇਡੀਅਮ 'ਚ ਖੇਡਣੇ ਹਨ। ਸਖ਼ਤ ਚੁਣੌਤੀ ਦੇ ਬਾਵਜੂਦ ਭਾਰਤੀ ਟੀਮ ਦੇ ਹੌਸਲੇ ਬੁਲੰਦ ਹਨ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਭਾਰਤੀ ਟੀਮ ਦੇ ਗਰੁੱਪ ਮੁਕਾਬਲੇ ਰੁਮਾਂਚਿਕ ਹੋਣਗੇ।

-ਚੀਫ ਸਾਈ ਫੁੱਟਬਾਲ ਕੋਚ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204


ਖ਼ਬਰ ਸ਼ੇਅਰ ਕਰੋ

ਮਹਿੰਗੇ ਵਿਦੇਸ਼ੀ ਕੋਚ ਵੀ ਨਾ ਬਦਲ ਸਕੇ ਭਾਰਤੀ ਹਾਕੀ ਦੀ ਤਕਦੀਰ

ਪਿਛਲੇ ਤਕਰੀਬਨ ਇਕ ਦਹਾਕੇ ਤੋਂ ਭਾਰਤੀ ਹਾਕੀ ਟੀਮ ਦੀ ਸਿਖਲਾਈ ਦੀ ਵਾਗਡੋਰ ਵਿਦੇਸ਼ੀ ਕੋਚਾਂ ਦੇ ਹੱਥ ਵਿਚ ਹੈ। ਵੱਡੀਆਂ ਤਨਖਾਹਾਂ ਵਾਲੇ ਵਿਦੇਸ਼ੀ ਕੋਚ ਵੀ ਭਾਰਤੀ ਹਾਕੀ ਟੀਮ ਦੀਆਂ ਪ੍ਰਾਪਤੀਆਂ 'ਚ ਕੋਈ ਵਰਨਣਯੋਗ ਬਦਲਾਅ ਨਹੀਂ ਲਿਆ ਸਕੇ। ਸਵਦੇਸ਼ੀ ਕੋਚਾਂ ਨੂੰ ਨਜ਼ਰਅੰਦਾਜ਼ ਕਰਕੇ ਵਾਰ-ਵਾਰ ਬਦਲਦੇ ਗਏ ਵਿਦੇਸ਼ੀ ਕੋਚ ਕਿਸੇ ਪੱਖੋਂ ਵੀ ਭਾਰਤੀ ਹਾਕੀ ਦੀ ਤਕਦੀਰ ਨਹੀਂ ਬਦਲ ਸਕੇ, ਸਗੋਂ ਮੋਟੀਆਂ ਤਨਖਾਹਾਂ ਤੇ ਵਧੀਆ ਸਹੂਲਤਾਂ ਦਾ ਅਨੰਦ ਮਾਣ ਕੇ, ਆਪੋ-ਆਪਣੇ ਵਤਨਾਂ ਨੂੰ ਪਰਤਦੇ ਰਹੇ ਹਨ। ਹਾਲ ਹੀ ਵਿਚ ਹਾਕੀ ਇੰਡੀਆ ਨੇ ਹਾਈ ਪ੍ਰਫਾਰਮੈਂਸ ਡਾਇਰੈਕਟਰ ਰੋਲਾਂਟ ਓਲਟਸਮੈਨਜ਼ (ਹਾਲੈਂਡ) ਨੂੰ ਹਟਾਉਣ ਤੋਂ ਬਾਅਦ, ਟੇਢੇ ਢੰਗ ਨਾਲ ਆਪਣੀਆਂ ਗ਼ਲਤੀਆਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਵਜੋਂ ਕੌਮੀ ਟੀਮ ਦਾ ਕੋਚ ਨਿਯੁਕਤ ਕਰਨ ਲਈ ਖੁੱਲ੍ਹੇ ਰੂਪ 'ਚ ਦਾਅਵੇਦਾਰੀਆਂ ਮੰਗੀਆਂ ਹਨ, ਜਿਸ ਦਾ ਭਾਵ ਮੁੜ ਸਵਦੇਸ਼ੀ ਕੋਚਾਂ ਨੂੰ ਨਿਯੁਕਤ ਕਰਨ ਵੱਲ ਮੁੜਨਾ ਹੈ।
ਜੇਕਰ ਵਿਦੇਸ਼ੀ ਕੋਚਾਂ ਦੀਆਂ ਨਿਯੁਕਤੀਆਂ ਦੇ ਦੌਰ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਮਈ, 2009 ਤੋਂ ਸਪੈਨਿਸ਼ ਕੋਚ ਜੋਸ ਬਰਾਸਾ ਦੀ ਨਿਯੁਕਤੀ ਨਾਲ ਹੋਈ। ਬਰਾਸਾ ਨੂੰ 7 ਲੱਖ ਪ੍ਰਤੀ ਮਹੀਨਾ ਦੀ ਦਰ ਨਾਲ 2012 ਦੀਆਂ ਉਲੰਪਿਕ ਖੇਡਾਂ ਤੱਕ ਕੌਮੀ ਟੀਮ ਦੀ ਵਾਗਡੋਰ ਸੌਂਪੀ ਗਈ ਸੀ ਪਰ ਉਸ ਨੂੰ ਨਵੰਬਰ, 2010 'ਚ ਹੀ ਫਾਰਗ ਕਰ ਦਿੱਤਾ ਗਿਆ। ਬਰਾਸਾ ਨੂੰ ਫੈਡਰੇਸ਼ਨ ਨਾਲ ਸਬੰਧ ਨਾਸਾਜ਼ ਹੋਣ ਦੇ ਬਹਾਨੇ ਨਾਲ ਸਮੇਂ ਤੋਂ ਪਹਿਲਾਂ ਹੀ ਤੁਰਦਾ ਕਰ ਦਿੱਤਾ ਗਿਆ। ਬਰਾਸਾ ਦੇ ਕਾਰਜਕਾਲ ਦੌਰਾਨ ਭਾਰਤੀ ਟੀਮ ਗੁਆਂਗਜ਼ੂ ਏਸ਼ੀਅਨ ਖੇਡਾਂ 'ਚ ਕਾਂਸੀ ਦਾ ਤਗਮਾ ਹੀ ਜਿੱਤ ਸਕੀ ਅਤੇ ਉਹ ਸਿੱਧੇ ਤੌਰ 'ਤੇ ਲੰਦਨ ਉਲੰਪਿਕ 'ਚ ਹਿੱਸਾ ਲੈਣ ਦੀ ਹੱਕਦਾਰ ਨਾ ਬਣ ਸਕੀ। ਇਸ ਉਪਰੰਤ ਜੂਨ, 2011 'ਚ ਆਸਟਰੇਲੀਆ ਦੇ ਮਾਈਕਲ ਨੋਬਸ ਨੂੰ 6.5 ਲੱਖ ਰੁਪਏ ਪ੍ਰਤੀ ਮਹੀਨਾ ਦੇ ਮਿਹਨਤਾਨੇ 'ਤੇ ਭਾਰਤੀ ਹਾਕੀ ਦੀ ਕਮਾਨ ਸੌਂਪੀ ਗਈ। ਨੋਬਸ ਦੀ ਨਿਯੁਕਤੀ 2016 ਦੀਆਂ ਰੀਓ ਉਲੰਪਿਕ ਖੇਡਾਂ ਤੱਕ ਕੀਤੀ ਗਈ।
ਫਿਰ ਅਕਤੂਬਰ, 2013 'ਚ ਆਸਟਰੇਲੀਆ ਦੇ ਟੈਰੀ ਵਾਲਸ਼ ਨੂੰ 10 ਲੱਖ ਰੁਪਏ ਪ੍ਰਤੀ ਮਹੀਨਾ ਦੇ ਮਿਹਨਤਾਨੇ ਨਾਲ ਕੌਮੀ ਟੀਮ ਦੀ ਵਾਗਡੋਰ ਸੌਂਪੀ ਗਈ। ਵਾਲਸ਼ ਨੂੰ ਵੀ 2016 ਦੀਆਂ ਉਲੰਪਿਕ ਖੇਡਾਂ ਤੱਕ ਕੌਮੀ ਹਾਕੀ ਦਾ ਜ਼ਿੰਮਾ ਸੌਂਪਿਆ ਗਿਆ। ਵਾਲਸ਼ ਦੇ ਕਾਰਜਕਾਲ ਦੌਰਾਨ ਭਾਰਤੀ ਟੀਮ ਨੇ 2014 ਦੀਆਂ ਇੰਚੋਨ ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜਿੱਤਿਆ। ਇਸ ਤਰ੍ਹਾਂ ਭਾਰਤੀ ਟੀਮ ਨੂੰ 2016 ਦੀਆਂ ਉਲੰਪਿਕ ਖੇਡਾਂ 'ਚ ਹਿੱਸਾ ਲੈਣ ਦਾ ਹੱਕ ਵੀ ਮਿਲ ਗਿਆ। ਸਿਰਫ ਇਕ ਸਾਲ ਦੇ ਵਕਫੇ ਬਾਅਦ ਹੀ ਅਕਤੂਬਰ, 2015 'ਚ ਵਾਲਸ਼ ਨੇ ਭਾਰਤੀ ਹਾਕੀ ਪ੍ਰਬੰਧਕਾਂ ਦੀ ਬੇਲੋੜੀ ਦਖਲਅੰਦਾਜ਼ੀ ਦਾ ਬਹਾਨਾ ਲਗਾ ਕੇ ਆਪਣਾ ਅਹੁਦਾ ਤਿਆਗ ਦਿੱਤਾ। ਅਗਲੇ ਵਰ੍ਹੇ ਫਰਵਰੀ, 2015 'ਚ ਹਾਲੈਂਡ ਦੇ ਪਾਲ ਵਾਨ ਆਸ ਨੂੰ 7.5 ਲੱਖ ਪ੍ਰਤੀ ਮਹੀਨਾ 'ਤੇ ਕੌਮੀ ਮੁੱਖ ਕੋਚ ਦੀ ਜ਼ਿੰਮੇਵਾਰੀ ਸੌਂਪੀ ਗਈ। ਉਸ ਨਾਲ 2018 ਤੱਕ ਦਾ 3 ਸਾਲਾਂ ਲਈ ਇਕਰਾਰਨਾਮਾ ਕੀਤਾ ਗਿਆ। ਪਾਲ ਦੇ ਛੋਟੇ ਜਿਹੇ ਕਾਰਜਕਾਲ ਦੌਰਾਨ ਜੁਲਾਈ, 2015 'ਚ ਬੈਲਜ਼ੀਅਮ 'ਚ ਵਿਸ਼ਵ ਹਾਕੀ ਲੀਗ ਦੇ ਸੈਮੀਫਾਈਨਲ ਦੌਰ ਦੌਰਾਨ ਹਾਕੀ ਇੰਡੀਆ ਦੇ ਪ੍ਰਧਾਨ ਨਰਿੰਦਰ ਬੱਤਰਾ ਦੀ ਪਾਲ ਨਾਲ ਕਿਸੇ ਮੁੱਦੇ 'ਤੇ ਅਣ-ਬਣ ਹੋ ਗਈ, ਜਿਸ ਕਾਰਨ ਪਾਲ ਵੀ ਸਮੇਂ ਤੋਂ ਪਹਿਲਾਂ ਤੁਰਦਾ ਬਣਿਆ। ਇਸੇ ਦੌਰਾਨ ਹੀ ਹਾਲੈਂਡ ਦੇ ਰੋਲਾਂਟ ਓਲਟਸਮੈਨਜ਼ ਨੂੰ ਜੁਲਾਈ, 2015 'ਚ ਭਾਰਤੀ ਹਾਕੀ ਦਾ ਹਾਈ ਪ੍ਰਫਾਰਮੈਂਸ ਡਾਇਰੈਕਟਰ ਨਿਯੁਕਤ ਕੀਤਾ ਗਿਆ, ਜਿਸ ਦੌਰਾਨ ਉਸ ਨੂੰ 9.5 ਲੱਖ ਰੁਪਏ ਪ੍ਰਤੀ ਮਹੀਨੇ ਦੇ ਮਿਹਨਤਾਨੇ ਦਾ ਭੁਗਤਾਨ ਕੀਤਾ ਗਿਆ।
ਟੈਰੀ ਵਾਲਸ਼ ਦੇ ਅਸਤੀਫੇ ਤੋਂ ਬਾਅਦ ਓਲਟਸਮੈਨਜ਼ ਦੀ ਅਗਵਾਈ 'ਚ ਭਾਰਤੀ ਟੀਮ ਨੇ ਏਸ਼ੀਆ ਕੱਪ 'ਚੋਂ ਚਾਂਦੀ ਦਾ ਤਗਮਾ ਜਿੱਤਿਆ। ਆਖਿਰਕਾਰ ਓਲਟਸਮੈਂਜ਼ ਦਾ ਵੀ ਵਕਤ ਤੋਂ ਪਹਿਲਾਂ ਜਾਣ ਦਾ ਸਮਾਂ ਆ ਗਿਆ ਅਤੇ ਬੀਤੇ ਦਿਨੀਂ ਉਸ ਦੀ ਕਾਰਗੁਜ਼ਾਰੀ ਨੂੰ ਗ਼ੈਰ-ਤਸੱਲੀਬਖਸ਼ ਕਰਾਰ ਦੇ ਕੇ ਹਾਕੀ ਇੰਡੀਆ ਨੇ ਚੱਲਦਾ ਕਰ ਦਿੱਤਾ। ਅਗਲੇ ਕੋਚ ਦੀ ਨਿਯੁਕਤੀ ਤੱਕ ਇਕ ਹੋਰ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਡੇਵਿਡ ਜੌਹਨ ਨੂੰ ਕੌਮੀ ਟੀਮ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ। ਇਸ ਤਰ੍ਹਾਂ ਭਾਰਤੀ ਹਾਕੀ ਟੀਮ ਨੂੰ ਪਿਛਲੇ ਤਕਰੀਬਨ 8 ਸਾਲਾਂ 'ਚ 5 ਵਿਦੇਸ਼ੀ ਕੋਚ ਮਿਲੇ, ਜੋ ਭਾਰਤ ਦੁਆਰਾ ਪਹਿਲਾਂ ਜਿੱਤੇ ਕਿਸੇ ਵੀ ਵਿਸ਼ਵ ਪੱਧਰੀ ਟੂਰਨਾਮੈਂਟ ਦੇ ਤਗਮੇ ਦਾ ਰੰਗ ਨਹੀਂ ਬਦਲ ਸਕੇ ਭਾਵ ਕੌਮੀ ਟੀਮ ਦੀ ਕਾਰਗੁਜ਼ਾਰੀ 'ਚ ਸੁਧਾਰ ਨਹੀਂ ਲਿਆ ਸਕੇ, ਸਗੋਂ ਵਾਰ-ਵਾਰ ਸਾਡੇ ਖਿਡਾਰੀਆਂ ਨੂੰ ਵੱਖ-ਵੱਖ ਰਣਨੀਤੀਆਂ ਤੇ ਅੰਦਾਜ਼ 'ਚ ਖੇਡਣਾ ਪਿਆ। ਕੋਈ ਕੋਚ ਵਧੇਰੇ ਰੱਖਿਆਤਮਕ ਹਾਕੀ ਖਿਡਾਉਂਦਾ ਰਿਹਾ, ਕੋਈ ਵਧੇਰੇ ਹਮਲਾਵਰ ਅਤੇ ਕੋਈ ਹਰਫਨਮੌਲਾ ਅੰਦਾਜ਼ ਵਾਲੀ ਹਾਕੀ ਨਾਲ ਆਪਣੇ-ਆਪ ਨੂੰ ਸਹੀ ਠਹਿਰਾਉਣ ਲਈ ਯਤਨਸ਼ੀਲ ਰਿਹਾ। ਹਰੇਕ ਵੱਡੇ ਟੂਰਨਾਮੈਂਟ 'ਚ ਅਸਫ਼ਲਤਾ ਤੋਂ ਬਾਅਦ ਹਾਕੀ ਇੰਡੀਆ ਕੋਚ ਬਦਲ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੁੰਦੀ ਰਹੀ ਹੈ। ਹਾਕੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੌਰ ਦੌਰਾਨ ਵਿਦੇਸ਼ੀ ਕੋਚਾਂ 'ਤੇ ਖਰਚ ਕੀਤੇ ਗਏ ਧਨ ਦੀ ਕੇਂਦਰ ਸਰਕਾਰ ਦੁਆਰਾ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਮੁੱਚੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਇਸ ਦੇ ਨਾਲ ਸਵਦੇਸ਼ੀ ਕੋਚਾਂ 'ਤੇ ਵਿਸ਼ਵਾਸ ਕਰਕੇ, ਉਨ੍ਹਾਂ ਨੂੰ ਹੀ ਕੌਮੀ ਟੀਮ ਦੀ ਵਾਗਡੋਰ ਸੌਂਪੀ ਜਾਵੇ।

-ਪਟਿਆਲਾ। ਮੋਬਾ: 97795-90575

ਕੌਮੀ ਖੇਡ ਹਾਕੀ ਨੂੰ ਵਪਾਰਕ ਤੌਰ 'ਤੇ ਉਤਸ਼ਾਹਿਤ ਕੀਤਾ ਜਾਵੇ

ਲੋਕਪ੍ਰਿਯ ਹਸਤੀਆਂ ਰਾਹੀਂ ਆਪਣੇ ਉਤਪਾਦਨ (ਵਸਤੂਆਂ) ਦਾ ਪ੍ਰਚਾਰ ਕਰਵਾਉਣ ਦਾ ਸ਼ੁਰੂ ਤੋਂ ਹੀ ਵਪਾਰਕ ਕੰਪਨੀਆਂ ਅਤੇ ਉਦਯੋਗਿਕ ਘਰਾਣਿਆਂ ਦਾ ਰੁਝਾਨ ਰਿਹਾ ਹੈ। ਕਈ ਕੰਪਨੀਆਂ ਦਾ ਦਾਅਵਾ ਹੈ ਕਿ ਲੋਕਪ੍ਰਿਆ ਹਸਤੀਆਂ ਵਾਲੇ ਵਿਗਿਆਪਨਾਂ ਨਾਲ ਉਤਪਾਦਨ ਵਸਤੂਆਂ ਦੀ ਸੇਲ ਵਿਚ ਵਾਧਾ ਹੁੰਦਾ ਹੈ ਪਰ ਇਸ ਮਾਮਲੇ ਵਿਚ ਵੀ ਸਾਡੇ ਇਥੇ ਕ੍ਰਿਕਟ ਸਟਾਰ ਹੀ ਛਾਏ ਰਹੇ। ਵਪਾਰਕ ਅਤੇ ਉਦਯੋਗਿਕ ਘਰਾਣਿਆਂ ਦੀ ਇਸ ਪੱਖੋਂ ਹਾਕੀ (ਜੋ ਕਿ ਦੇਸ਼ ਦੀ ਭਾਵੇਂ ਰਾਸ਼ਟਰੀ ਖੇਡ ਹੈ) ਪ੍ਰਤੀ ਬੇਰੁਖ਼ੀ ਨੇ ਵੀ ਇਸ ਦੇਸ਼ 'ਚ ਹਾਕੀ ਦੇ ਵਿਕਾਸ 'ਚ ਕਈ ਅੜਚਣਾਂ ਪੈਦਾ ਕੀਤੀਆਂ। ਅੱਜ ਦੇਸ਼ 'ਚ ਇਹ ਕੰਪਨੀਆਂ ਪਹਿਲਾਂ ਨਾਲੋਂ ਜ਼ਿਆਦਾ ਵਧੀਆਂ-ਫੁਲੀਆਂ ਹਨ। ਕਈ ਅੰਤਰਰਾਸ਼ਟਰੀ ਕੰਪਨੀਆਂ ਦੀ ਦੇਸ਼ 'ਚ ਆਮਦ ਹੋ ਚੁੱਕੀ ਹੈ ਪਰ ਹਾਕੀ ਨੂੰ ਉਤਸ਼ਾਹਤ ਕਰਨ ਦੇ ਮਾਮਲੇ ਵਿਚ ਸਾਰੀਆਂ ਹੀ ਠੰਢੀਆਂ ਰਹੀਆਂ। ਇਸੇ ਠੰਢਕ ਨੇ ਹਾਕੀ ਦੀਆਂ ਯੋਜਨਾਵਾਂ ਨੂੰ ਵੀ 'ਠੰਢੇ ਬਸਤੇ' 'ਚ ਪਾਈ ਰੱਖਿਆ।
ਕਸੂਰ ਰਿਹਾ ਹਾਕੀ ਸਿਸਟਮ ਨੂੰ ਚਲਾਉਣ ਵਾਲੇ ਅਹੁਦੇਦਾਰਾਂ ਦਾ। ਭਾਰਤ 'ਚ ਹਾਕੀ ਦੇ ਸੁਨਹਿਰੀ ਯੁੱਗ 'ਚ ਵੀ ਇਹ ਹਾਕੀ ਚੌਧਰੀ ਹਾਕੀ ਦੀ ਮਾਰਕੀਟਿੰਗ ਨਾ ਕਰਵਾ ਸਕੇ। ਵਪਾਰਕ ਕੰਪਨੀਆਂ ਦਾ ਧਿਆਨ ਨਾ ਖਿੱਚ ਸਕੇ। ਜਦ ਤੱਕ ਇਨ੍ਹਾਂ ਕੰਪਨੀਆਂ ਦੁਆਰਾ ਹਾਕੀ ਵਾਸਤੇ ਆਪਣੇ ਬਜਟ ਦਾ ਕੁਝ ਭਾਗ ਨਹੀਂ ਰੱਖਿਆ ਜਾਂਦਾ, ਤਦ ਤੱਕ ਇਸ ਦੇਸ਼ 'ਚ ਹਾਕੀ ਨੂੰ ਪਟੜੀ 'ਤੇ ਲਿਆਉਣਾ ਹੁਣ ਭਾਰਤੀ ਸਰਕਾਰ ਲਈ ਵੀ ਟੇਢੀ ਖੀਰ ਹੀ ਹੋਵੇਗਾ। ਹਾਕੀ ਲੀਗਾਂ ਆਰੰਭ ਹੋਣ ਨਾਲ ਭਾਵੇਂ ਕੁਝ ਫਰਕ ਪਿਆ, ਨਹੀਂ ਤਾਂ ਹਾਕੀ ਗਰੀਬ ਆਦਮੀ ਦੀ ਖੇਡ ਹੀ ਰਹੀ। ਕ੍ਰਿਕਟ ਦੇ ਬੁਖਾਰ ਨੇ ਇਨ੍ਹਾਂ ਵਪਾਰਕ ਕੰਪਨੀਆਂ, ਉਦਯੋਗਿਕ ਘਰਾਣਿਆਂ ਅਤੇ ਭਾਰਤ ਸਰਕਾਰ ਸਭ ਦੀ ਮੱਤ ਮਾਰੀ ਰੱਖੀ। ਇਸੇ ਲਈ ਹਾਕੀ ਪ੍ਰਤੀ ਉਦਾਸੀਨਤਾ ਵਧਦੀ ਹੀ ਗਈ। ਨਾਮਵਰ ਖਿਡਾਰੀ ਸਪਾਂਸਰਾਂ ਲਈ ਤਰਸਦੇ ਰਹੇ। ਇਨ੍ਹਾਂ ਸਾਰਿਆਂ ਦੀ ਵਿਅਕਤੀਗਤ ਰੁਚੀ ਨਾ ਹੋਣ ਦੇ ਕਾਰਨ ਵੀ ਹਾਕੀ ਦੇਸ਼ 'ਚ ਇਸ ਪੱਖੋਂ ਦਮ ਤੋੜਦੀ ਹੀ ਨਜ਼ਰ ਆਈ। ਫਿਲਮ ਉਦਯੋਗ ਵੀ ਹਾਕੀ ਵੱਲੋਂ ਮੂੰਹ ਮੋੜ ਗਿਆ।
ਅਸੀਂ ਸਮਝਦੇ ਹਾਂ ਕਿ ਵਿਗਿਆਪਨ ਕਿਸੇ ਖਿਡਾਰੀ ਦੀ ਪ੍ਰਸਿੱਧੀ ਦਾ ਵੀ ਅਹਿਮ ਸਬੂਤ ਹੁੰਦੇ ਹਨ ਪਰ ਜਿਧਰ ਵੀ ਨਜ਼ਰ ਘੁਮਾਓ, ਏਥੇ ਆਲਮ ਇਹ ਹੈ ਕਿ ਕ੍ਰਿਕਟਰ ਟੀ. ਵੀ., ਫਰਿੱਜ, ਮੋਬਾਈਲ, ਮੋਟਰਸਾਈਕਲ, ਸਾਬਣ-ਸ਼ੈਂਪੂ, ਅਨਾਰਦਾਣੇ ਦੀਆਂ ਗੋਲੀਆਂ, ਹਲਦੀ, ਮਿਰਚ, ਮਸਾਲਾ, ਤੇਲ, ਚਵਨਪ੍ਰਾਸ਼, ਪੈਪਸੀ ਬਣਾਉਣ ਵਾਲੀਆਂ ਕੰਪਨੀਆਂ ਦੇ ਵਿਗਿਆਪਨਾਂ 'ਚ ਨਜ਼ਰ ਆਉਂਦੇ ਹਨ। ਇਸ ਨਾਲ ਲੋਕਾਂ ਦੀ ਦਿਲਚਸਪੀ ਉਨ੍ਹਾਂ 'ਚ ਹੋਰ ਵਧ ਜਾਂਦੀ ਹੈ। ਪਰ ਅੱਜ ਲੋੜ ਕੌਮੀ ਖੇਡ ਹਾਕੀ ਨੂੰ ਉਤਸ਼ਾਹਤ ਕਰਨ ਦੀ ਹੈ, ਲੋਕਪ੍ਰਿਆ ਬਣਾਉਣ ਦੀ ਹੈ, ਹਾਕੀ ਸਟਾਰ ਪ੍ਰਤੀ ਇਹ ਦਿਲਚਸਪੀ ਵਧਾਉਣ ਦੀ ਹੈ।
ਵਪਾਰਕ ਕੰਪਨੀਆਂ, ਉਦਯੋਗਿਕ ਘਰਾਣੇ ਹਾਕੀ ਵੱਲ ਵੀ ਧਿਆਨ ਦੇਣ। ਹਾਕੀ ਖਿਡਾਰੀ ਵੀ ਵੱਧ ਤੋਂ ਵੱਧ ਇਨ੍ਹਾਂ ਕੰਪਨੀਆਂ ਦੇ ਬ੍ਰਾਂਡ ਅੰਬੈਸਡਰ ਬਣਨ ਤਾਂ ਕਿ ਉਨ੍ਹਾਂ ਦੀ ਵਪਾਰਕ ਲੋਕਪ੍ਰਿਅਤਾ 'ਚ ਵਾਧਾ ਹੋਵੇ। ਪਰ ਦੁੱਖ ਦੀ ਗੱਲ ਇਹ ਹੈ ਕਿ ਕਈ ਦਹਾਕਿਆਂ ਤੋਂ ਮੁਸ਼ਕਿਲ ਨਾਲ ਹੀ ਹਾਕੀ ਲਈ ਕੋਈ ਪ੍ਰਾਯੋਜਕ ਮਿਲਦਾ ਰਿਹਾ। ਕੈਸਟ੍ਰੋਲ ਕੰਪਨੀ ਨੇ ਸਾਥ ਛੱਡਿਆ ਤਾਂ ਸਹਾਰਾ ਪਰਿਵਾਰ ਨੇ ਸਹਾਰਾ ਦੇ ਦਿੱਤਾ, ਸਹਾਰਾ ਪਰਿਵਾਰ ਦੇ ਸੁਬਰਤਾ ਰਾਏ ਦੀ ਉਦਾਰਤਾ ਵਜੋਂ। ਪਰ ਭਾਰਤੀ ਹਾਕੀ ਟੀਮ ਕਿਸੇ ਇਕ ਸੁਬਰਤਾ ਰਾਏ ਦੀ ਉਦਾਰਤਾ ਦੀ ਮੁਹਤਾਜ ਨਹੀਂ ਹੋਣੀ ਚਾਹੀਦੀ। ਬਾਕੀ ਕੰਪਨੀਆਂ ਨੂੰ ਵੀ ਹਾਕੀ ਜੋ ਦੇਸ਼ ਦੀ ਰਾਸ਼ਟਰੀ ਖੇਡ ਹੈ, ਸਭ ਤੋਂ ਪਹਿਲਾਂ ਨਜ਼ਰ ਆਉਣੀ ਚਾਹੀਦੀ ਹੈ, ਕਿਉਂਕਿ ਇਸ ਦੇਸ਼ ਦੇ ਲੋਕਾਂ ਨੇ ਹਾਕੀ ਦੀ ਲੋਕਪ੍ਰਿਅਤਾ ਦੀ ਬੁਲੰਦੀ ਵੀ ਦੇਖੀ ਹੈ। ਫਿਰ ਕੰਪਨੀਆਂ ਨੂੰ ਫਿਕਰ ਕਾਹਦਾ? ਜ਼ਰਾ ਸੋਚਣ ਤੇ ਬਸ ਇਕ ਵਾਰ ਹੰਭਲਾ ਮਾਰਨ ਦੀ ਹੀ ਲੋੜ ਹੈ।
ਹਾਂ, ਹਾਕੀ ਨੂੰ ਘੱਟ ਪ੍ਰਾਯੋਜਕ ਮਿਲਣ ਦੇ ਕਈ ਕਾਰਨ ਵੀ ਹੋ ਸਕਦੇ ਹਨ। ਇਕ ਅਹਿਮ ਇਹ ਹੈ ਕਿ ਇਨ੍ਹਾਂ ਕੰਪਨੀਆਂ ਨੂੰ ਭਾਰਤੀ ਹਾਕੀ ਫੈਡਰੇਸ਼ਨ ਨਾਲ ਅਤੀਤ 'ਚ ਕੁਝ ਚੰਗੇ ਅਨੁਭਵ ਨਹੀਂ ਹੋਏ, ਇਸ ਲਈ ਹਾਕੀ ਨਾਲ ਹਮਦਰਦੀ ਰੱਖਦੀਆਂ ਵੀ ਉਹ ਹੱਥ ਪਿੱਛੇ ਕਰ ਲੈਂਦੀਆਂ ਹਨ। ਦੂਜੇ ਪਾਸੇ ਵਿਗਿਆਪਨ ਦੀ ਦੁਨੀਆ 'ਚ ਕ੍ਰਿਕਟ ਦਾ ਐਸਾ ਜਨੂੰਨ ਹੈ ਕਿ ਕੰਪਨੀਆਂ ਚਾਹੇ ਇਸ ਵਿਚੋਂ ਕਮਾਉਣ ਜਾਂ ਨਾ ਕਮਾਉਣ ਪਰ ਕ੍ਰਿਕਟ ਖਿਡਾਰੀ ਜ਼ਰੂਰ ਇਸ ਵਗਦੀ ਗੰਗਾ ਵਿਚੋਂ ਹੱਥ ਧੋ ਲੈਂਦੇ ਹਨ। ਕਿਉਂਕਿ ਕ੍ਰਿਕਟ ਬੋਰਡ ਦਾ ਉਨ੍ਹਾਂ ਨੂੰ ਸਹਿਯੋਗ ਮਿਲਦਾ ਹੈ। ਦੂਜੇ ਪਾਸੇ ਦੇਸ਼ 'ਚ ਹਾਕੀ ਦੇ ਕਰਤਾ-ਧਰਤਾ ਹਾਕੀ ਨੂੰ ਮੀਡੀਆ ਤੋਂ ਦੂਰ ਰੱਖਣ ਦੀ ਕੋਸ਼ਿਸ਼ 'ਚ ਲੱਗੇ ਰਹੇ।
ਇਹ ਵੀ ਵਿਗਿਆਪਨਾਂ ਦੇ ਰਾਹ ਵਿਚ ਇਕ ਵੱਡੀ ਰੁਕਾਵਟ ਰਹੀ। ਖਿਡਾਰੀ ਜੇਕਰ ਮੀਡੀਆ ਵਿਚ ਨਹੀਂ ਜਾਣਗੇ ਤਾਂ ਉਨ੍ਹਾਂ ਨੂੰ ਵਿਗਿਆਪਨ ਕੌਣ ਦੇਵੇਗਾ? ਬਾਕੀ ਸਾਡੀ ਕੌਮੀ ਹਾਕੀ ਖਿਡਾਰੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀ ਮਿਹਨਤ, ਲਗਨ ਅਤੇ ਖੇਡ ਕਲਾ ਦੀ ਬਦੌਲਤ ਇਨ੍ਹਾਂ ਵਪਾਰਕ ਕੰਪਨੀਆਂ ਦਾ ਧਿਆਨ ਆਪਣੇ ਵੱਲ ਖਿੱਚਣ। ਹਾਕੀ 'ਚ ਅਗਰ ਉਲੰਪਿਕ, ਵਿਸ਼ਵ ਕੱਪ ਅਤੇ ਚੈਂਪੀਅਨ ਟਰਾਫੀ ਵਰਗੀ ਕੋਈ ਵੱਡੀ ਜਿੱਤ ਭਾਰਤ ਦੀ ਝੋਲੀ 'ਚ ਪੈ ਜਾਵੇ ਤਾਂ ਬਹੁਤ ਸਾਰੀਆਂ ਕੰਪਨੀਆਂ ਹਾਕੀ ਵੱਲ ਵੀ ਆਉਣਗੀਆਂ। ਜੇਕਰ ਭਾਰਤ 'ਚ ਹਾਕੀ ਦੀ ਮਾਰਕੀਟਿੰਗ ਚੰਗੇ ਢੰਗ ਨਾਲ ਹੋਵੇ ਤਾਂ ਬਹੁਤ ਸਾਰੇ ਪ੍ਰਾਯੋਜਕ ਮਿਲ ਸਕਦੇ ਹਨ। ਇਸ ਲਈ ਜਿਥੇ ਹਾਕੀ ਸਿਸਟਮ ਦੇ ਅਹੁਦੇਦਾਰਾਂ ਨੂੰ ਕੰਪਨੀਆਂ ਦੇ ਪ੍ਰਤੀ ਆਪਣਾ ਵਿਹਾਰ, ਰਵੱਈਆ ਵੀ ਬਦਲਣ ਦੀ ਲੋੜ ਹੈ, ਇਸ ਦੇ ਨਾਲ-ਨਾਲ ਉਥੇ ਸਾਡੇ ਹਾਕੀ ਸਟਾਰ ਆਪਣੀ ਖੇਡ ਕਲਾ, ਸਰੀਰਕ ਭਾਸ਼ਾ ਅਤੇ ਸਮੁੱਚੀ ਦਿੱਖ ਤੋਂ ਪ੍ਰਭਾਵਸ਼ਾਲੀ ਬਣਨ ਦੀ ਵੀ ਕੋਸ਼ਿਸ਼ ਕਰਨ। ਜਿੱਤ-ਹਾਰ ਇਕ ਹੋਰ ਗੱਲ ਹੈ ਪਰ ਇਸ ਘੜੀ ਲੋੜ ਹੈ ਭਾਰਤ 'ਚ ਕੌਮੀ ਖੇਡ ਹਾਕੀ ਨੂੰ ਲੋਕਪ੍ਰਿਆ ਕਰਨ ਦੀ।
ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਹਾਕੀ ਸਿਸਟਮ ਨੂੰ ਚਲਾਉਣ ਵਾਲੇ ਹਾਕੀ ਦੇ ਸਾਬਕਾ ਉਲੰਪੀਅਨ, ਹਾਕੀ ਦੇ ਜਾਣਕਾਰ ਹੀ ਹੋਣ ਜਾਂ ਫੈਡਰੇਸ਼ਨਾਂ ਦੇ ਪ੍ਰਧਾਨ ਸਾਬਕਾ ਹਾਕੀ ਖਿਡਾਰੀ ਹੋਣ, ਸਗੋਂ ਉਹ ਦੂਰਦਰਸ਼ੀ ਹਾਕੀ ਪ੍ਰਮੋਟਰ ਹੋਣੇ ਚਾਹੀਦੇ ਹਨ, ਜਿਨ੍ਹਾਂ ਨੂੰ ਵਪਾਰਕ ਕੰਪਨੀਆਂ ਕੋਲੋਂ ਹਾਕੀ ਦੀ ਸੁਚੱਜੀ ਮਾਰਕੀਟਿੰਗ ਕਰਵਾਉਣੀ ਆਉਂਦੀ ਹੋਵੇ। ਹਾਕੀ ਨੂੰ ਲੋਕਪ੍ਰਿਆ ਬਣਾਉਣ ਦੀ ਜਿਨ੍ਹਾਂ ਕੋਲ ਦੂਰਦ੍ਰਿਸ਼ਟੀ ਹੋਵੇ। ਕ੍ਰਿਕਟ ਖੇਡ ਦੀ ਖੁਸ਼ਕਿਸਮਤੀ ਸੀ ਕਿ ਉਸ ਨੂੰ ਇਹੋ ਜਿਹੀਆਂ ਸ਼ਖ਼ਸੀਅਤਾਂ ਮਿਲੀਆਂ, ਜਿਨ੍ਹਾਂ ਨੇ ਦੇਸ਼ ਵਿਚ ਕ੍ਰਿਕਟ ਦਾ ਜਨੂੰਨ ਪੈਦਾ ਕਰ ਦਿੱਤਾ ਪਰ ਹਾਕੀ ਦੇ ਚੌਧਰੀ ਹਾਕੀ ਦੇ ਸੁਨਹਿਰੀ ਕਾਲ ਦਾ ਵੀ ਲਾਹਾ ਨਾ ਲੈ ਸਕੇ।

-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਕ੍ਰਿਕਟ ਖਿਡਾਰੀ-ਗੋਲਡੀ ਮਹਿਲ ਖੁਰਦ

ਅੰਤਰਰਾਸ਼ਟਰੀ ਪੱਧਰ 'ਤੇ ਜਿੱਥੇ ਸਚਿਨ ਤੇਂਦੁਲਕਰ ਵੱਲੋਂ 100 ਮੈਨ ਆਫ ਦੀ ਸੀਰੀਜ਼ ਦਾ ਰਿਕਾਰਡ ਬਰਕਰਾਰ ਹੈ, ਉਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਖੁਰਦ ਦੇ ਗੋਲਡੀ ਦਾ ਪੰਜਾਬ ਦੇ ਕ੍ਰਿਕਟ ਕੱਪਾਂ ਕਾਸਕੋ ਅਤੇ ਲੈਂਦਰ ਤੇ 100 ਮੈਨ ਆਫ ਦੀ ਸੀਰੀਜ਼ ਦੇ ਰਿਕਾਰਡ ਤੱਕ ਕੋਈ ਵੀ ਕ੍ਰਿਕਟ ਖਿਡਾਰੀ ਨਹੀਂ ਪਹੁੰਚਿਆ। ਹਾਂ ਜੀ, ਮੈਂ ਗੱਲ ਕਰ ਰਿਹਾ ਹਾਂ ਪਿਤਾ ਸ: ਭੀਮ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੀ ਕੱਖੋਂ 3 ਸਤੰਬਰ, 1993 ਨੂੰ ਜਨਮੇ ਰਣਜੀਤ ਸਿੰਘ ਦਿਉਲ ਉਰਫ ਗੋਲਡੀ ਦੀ, ਜਿਸ ਦਾ ਜੱਦੀ ਪਿੰਡ ਹਮੀਦੀ ਹੈ ਅਤੇ ਉਹ ਆਪਣੇ ਨਾਨਕੇ ਪਿੰਡ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਵਿਖੇ ਮਾਮਾ ਮੱਘਰ ਸਿੰਘ ਕੋਲ ਰਹਿੰਦਿਆਂ ਗੋਲਡੀ ਮਹਿਲ ਖੁਰਦ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ। ਗੋਲਡੀ ਮਹਿਲ ਖੁਰਦ ਨੇ 7ਵੀਂ ਵਿਚ ਪੜ੍ਹਦਿਆਂ ਖੱਬੇ ਹੱਥ ਦੇ ਇਸ ਬੱਲੇਬਾਜ਼ ਅਤੇ ਗੇਂਦਬਾਜ਼ (ਆਲਰਾਊਂਡਰ) ਨੇ ਕ੍ਰਿਕਟ ਖੇਡਣੀ ਸ਼ੁਰੂ ਅਤੇ ਛੇਤੀ ਪਿੰਡ ਦੀ ਟੀਮ ਮਹਿਲ ਖੁਰਦ ਲਈ ਖੇਡਣ ਲੱਗਿਆ। ਜਿਸ ਟੀਮ ਨੇ ਪੰਜਾਬ ਦੇ ਹੁੰਦੇ ਵੱਡੇ-ਵੱਡੇ ਕ੍ਰਿਕਟ ਕੱਪਾਂ ਤੇ 150 ਟੂਰਨਾਮੈਂਟ ਖੇਡ ਕੇ 130 ਦੇ ਕਰੀਬ ਟੂਰਨਾਮੈਂਟ ਜਿੱਤੇ ਅਤੇ ਜਿਨ੍ਹਾਂ ਵਿਚੋਂ ਗੋਲਡੀ ਨੇ 100 ਮੈਨ ਆਫ ਦੀ ਸੀਰੀਜ਼ ਦੇ ਰੂਪ ਵਿਚ 5 ਵਾਸ਼ਿੰਗ ਮਸ਼ੀਨਾਂ, ਕੂਲਰ, ਫਰਿਜ, ਜੂਸਰ ਅਤੇ ਮੋਬਾਈਲ ਫੋਨ ਆਦਿ ਤੋਂ ਇਲਾਵਾ ਹੋਰ ਵੀ ਕਈ ਇਨਾਮ ਜਿੱਤੇ।
ਪੰਜਾਬ ਤੋਂ ਇਲਾਵਾ ਗੋਲਡੀ ਨੇ ਗੁਆਂਢੀ ਸੂਬੇ ਹਰਿਆਣਾ ਅਤੇ ਚੰਡੀਗੜ੍ਹ ਵਿਚ ਵੀ ਆਪਣੀ ਖੇਡ ਦਾ ਲੋਹਾ ਮੰਨਵਾਇਆ। ਗੋਲਡੀ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਲਈ ਸਟੇਟ ਪੱਧਰ 'ਤੇ ਵੀ ਦੋ ਵਾਰ ਖੇਡਿਆ ਅਤੇ ਸੋਨ ਤਗਮੇ ਹਾਸਲ ਕੀਤੇ ਅਤੇ ਗੋਲਡੀ ਦੇ ਪੰਜਾਬ ਦੇ ਵੱਡੇ-ਵੱਡੇ ਕ੍ਰਿਕਟ ਕੱਪਾਂ 'ਚ ਅਨੇਕਾਂ ਵਿਸ਼ੇਸ਼ ਸਨਮਾਨ ਵੀ ਹੋਏ। ਗੋਲਡੀ ਨੇ 12ਵੀਂ ਦੀ ਪੜ੍ਹਾਈ ਬਰਨਾਲਾ ਕਾਲਜ ਤੋਂ ਕੀਤੀ ਅਤੇ ਉਸ ਤੋਂ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਬੀ.ਸੀ.ਏ, ਪੀ.ਜੀ.ਡੀ.ਸੀ.ਏ. ਆਰੀਆ ਭੱਟ ਕਾਲਜ ਤੋਂ ਕਰਨ ਤੋਂ ਬਾਅਦ ਪੜ੍ਹਾਈ ਅਤੇ ਰੋਜ਼ੀ-ਰੋਟੀ ਲਈ ਉਟਾਂਰੀਓ ਸਟੇਟ ਵਿਚ ਲੰਡਨ ਸਿਟੀ ਦੇ ਫੈਨਸਾਅ ਕਾਲਜ ਵਿਚ ਸਾਫਟਵੇਅਰ ਇੰਜੀਨੀਅਰ ਕਰ ਰਿਹਾ ਅਤੇ ਕ੍ਰਿਕਟ ਵਿਚ ਪੰਜਾਬ ਵਾਲੀ ਫਾਰਮ ਬਰਕਰਾਰ ਰੱਖਦਿਆਂ ਫੈਨਸਾਅ ਕਾਲਜ ਲੰਡਨ ਵੱਲੋਂ, ਡੇਅਰਡੇਵਲਜ਼ ਕਲੱਬ ਟੋਰਾਂਟੋ ਵੱਲੋ ਖੇਡ ਕੇ ਮੈਨ ਆਫ ਦੀ ਸੀਰੀਜ਼ ਰਿਹਾ ਅਤੇ ਹੁਣ ਪੇਸਰ ਕ੍ਰਿਕਟ ਕਲੱਬ ਬਰੈਂਪਟਨ ਵੱਲੋਂ ਖੇਡ ਰਿਹਾ ਅਤੇ ਆਪਣੀ ਧਾਕੜ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰ ਰਿਹਾ ਹੈ। ਗੋਲਡੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਆਦਿ ਦਾ ਤਿਆਗ ਕਰਕੇ ਆਪਣੇ ਅਤੇ ਆਪਣੇ ਮਾਂ-ਬਾਪ ਦਾ ਖੇਡਾਂ ਰਾਹੀਂ ਨਾਂਅ ਚਮਕਾਉਣਾ ਚਾਹੀਦਾ ਹੈ। ਗੋਲਡੀ ਨੇ ਕਿਹਾ ਕਿ ਪੰਜਾਬ ਵਿਚ ਖੇਡ ਗਰਾਊਂਡਾਂ ਅਤੇ ਸਹੀ ਸਮੇਂ 'ਤੇ ਕੋਚਿੰਗ ਨਾ ਮਿਲੀ ਹੋਣ ਕਾਰਨ ਬਹੁਤੇ ਖਿਡਾਰੀ ਜੋ ਪੰਜਾਬ ਅਤੇ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ਲਈ ਖੇਡ ਸਕਦੇ ਹਨ, ਦੱਬ ਕੇ ਰਹਿ ਜਾਂਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਵਿਚ ਕ੍ਰਿਕਟ ਦੇ ਗਰਾਊਂਡ ਅਤੇ ਕੋਚਿੰਗ ਸਟਾਫ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ, ਤਾਂ ਜੋ ਕਿਸੇ ਗਰੀਬ ਘਰ ਦਾ ਨੌਜਵਾਨ ਆਪਣੀ ਪਹਿਚਾਣ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ।

-ਸੋਨੀ ਚੀਮਾ,
ਮੋਬਾ: 99159-80777
sonychema@gmail.com

ਸਰਕਲ ਸਟਾਈਲ ਕਬੱਡੀ ਵਿਚ ਸੁਧਾਰਾਂ ਦੀ ਵੱਡੀ ਲੋੜ

ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਸਰਕਲ ਸਟਾਈਲ ਕਬੱਡੀ ਵਿਚ ਵੱਡੇ ਪੱਧਰ 'ਤੇ ਸੁਧਾਰਾਂ ਦੀ ਲੋੜ ਹੈ, ਕਿਉਂਕਿ ਕਿਸੇ ਵੀ ਖੇਡ ਨੂੰ ਅਸੀਂ ਜੇਕਰ ਤਰੱਕੀ ਕਰਦੇ ਦੇਖਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਉਸ ਨੂੰ ਨਿਯਮਬੱਧ ਕਰਨਾ ਸਮੇਂ ਦੀ ਮੁੱਖ ਲੋੜ ਹੈ। ਪੰਜਾਬ ਵਿਚ ਇਸ ਵੇਲੇ ਤਿੰਨ ਸਰਕਲ ਸਟਾਈਲ ਕਬੱਡੀ ਦੀਆਂ ਫੈਡਰੇਸ਼ਨਾਂ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਖੇਡ ਨੂੰ ਸੰਚਾਲਿਤ ਕਰ ਰਹੀਆਂ ਹਨ। ਭਾਵੇਂ ਉਹ ਇਸ ਸਮੇਂ ਸਾਲ ਭਰ ਕਬੱਡੀ ਦੇ ਕਈ ਛੋਟੇ-ਵੱਡੇ ਕੱਪ ਵੀ ਕਰਵਾਉਂਦੀਆਂ ਹਨ, ਕਬੱਡੀ ਨੂੰ ਪ੍ਰੋਮਟ ਕਰਨ ਲਈ, ਪਰ ਬਿਨਾਂ ਕਿਸੇ ਯੋਜਨਾ ਦੇ ਇਸ ਖੇਡ ਦੇ ਕਰਵਾਏ ਜਾਂਦੇ ਕੱਪ ਜਿਨ੍ਹਾਂ ਦਾ ਬਜਟ ਇਸ ਵੇਲੇ ਇਕ ਲੱਖ ਤੋਂ ਲੈ ਕੇ 25 ਲੱਖ ਤੱਕ ਇਕ ਟੂਰਨਾਮੈਂਟ (ਕੱਪ) ਦਾ ਹੁੰਦਾ ਹੈ, ਪਰ ਉਹ ਸਿਰਫ ਮਨੋਰੰਜਨ ਤੋਂ ਬਿਨਾਂ ਕੁਝ ਨਹੀਂ ਹੈ। ਭਾਵੇਂ ਤਿੰਨੋਂ ਫੈਡਰੇਸ਼ਨਾਂ ਇਸ ਗੱਲ 'ਤੇ ਜ਼ੋਰ ਦਿੰਦੀਆ ਹਨ ਕਿ ਉਹ ਦੂਸਰੀ ਫੈਡਰੇਸ਼ਨ ਦਾ ਖਿਡਾਰੀ ਆਪਣੀ ਫੈਡਰੇਸ਼ਨ ਵਿਚ ਨਹੀਂ ਖੇਡਣ ਦੇਣਗੀਆ ਪਰ ਜਦੋਂ ਵੀ ਕਿਸੇ ਟੀਮ ਦਾ ਜਾਂ ਖਿਡਾਰੀ ਦਾ ਦਾਅ ਲੱਗਦਾ ਹੈ, ਉਹ ਖੇਡ ਜਾਂਦਾ ਹੈ।
ਸਰਕਲ ਸਟਾਈਲ ਕਬੱਡੀ ਨੂੰ ਨਿਯਮਬੱਧ ਕਰਨ ਲਈ ਸਭ ਤੋਂ ਪਹਿਲਾਂ ਇਸ ਦੀ ਇਕ ਰੂਲ ਬੁੱਕ (ਨਿਯਮਾਂ ਵਾਲੀ ਕਿਤਾਬ) ਬਣਨੀ ਚਾਹੀਦੀ ਹੈ, ਜਿਸ ਵਿਚ ਸਰਕਲ ਸਟਾਈਲ ਕਬੱਡੀ ਦੇ ਹਰ ਨਿਯਮ ਦੀ ਪੂਰੀ ਜਾਣਕਾਰੀ ਲਿਖੀ ਹੋਵੇ। ਉਸ ਕਿਤਾਬ ਵਿਚ ਦਰਜ ਕੀਤੇ ਗਏ ਨਿਯਮ ਹਰ ਫੈਡਰੇਸ਼ਨ ਲਈ ਇਕ ਸਮਾਨ ਹੋਣ ਤੇ ਹਰ ਇਕ ਲਈ ਉਨ੍ਹਾਂ ਨੂੰ ਮੰਨਣਾ ਲਾਜ਼ਮੀ ਹੋਵੇ। ਹਰ ਫੈਡਰੇਸ਼ਨ ਦੇ ਕੋਚ ਕੋਲ ਉਹ ਰੂਲ ਬੁੱਕ ਹੋਵੇ ਤੇ ਉਸ ਮੁਤਾਬਿਕ ਉਹ ਅਗਾਂਹ ਆਪਣੇ ਖਿਡਾਰੀਆਂ ਨੂੰ ਉਸ ਦੀ ਜਾਣਕਾਰੀ ਦੇਵੇ। ਜੋ ਖਿਡਾਰੀ ਨਿਯਮਾਂ ਦਾ ਪਾਲਣ ਨਹੀਂ ਕਰਦਾ, ਉਸ ਨੂੰ ਖੇਡਣ ਤੋਂ ਰੋਕਿਆ ਜਾਵੇ। ਸਰਕਲ ਕਬੱਡੀ ਖੇਡਣ ਵਾਲੇ ਸਾਰੇ ਖਿਡਾਰੀਆਂ ਦੀ ਸੂਚੀ ਤਿਆਰ ਕੀਤੀ ਜਾਵੇ ਤੇ ਫਿਰ ਉਸ ਵਿਚੋਂ 3 ਸ਼੍ਰੇਣੀਆਂ ਬਣਾ ਕੇ ਅਗਾਂਹ ਉਨ੍ਹਾਂ ਦੀ ਵੰਡ ਕੀਤੀ ਜਾਵੇ। ਇਕ ਨੰਬਰ ਸ਼੍ਰੇਣੀ ਵਿਚ ਉਹ ਖਿਡਾਰੀ ਜੋ ਵਿਸ਼ਵ ਕੱਪ ਜਾਂ ਵਿਸ਼ਵ ਲੀਗ ਖੇਡੇ ਹਨ, ਨੂੰ ਰੱਖਿਆ ਜਾਵੇ। ਦੂਸਰੀ ਸ਼੍ਰੇਣੀ ਵਿਚ ਉਹ ਖਿਡਾਰੀ ਜੋ ਕਲੱਬਾਂ ਵਿਚ ਖੇਡਦੇ ਹਨ ਜਾਂ ਜੋ ਵੱਖ-ਵੱਖ ਦੇਸ਼ਾਂ ਵਿਚ ਖੇਡ ਚੁੱਕੇ ਹਨ, ਨੂੰ ਸ਼ਾਮਿਲ ਕੀਤਾ ਜਾਵੇ। ਤੀਸਰੀ ਸ਼੍ਰੇਣੀ ਵਿਚ ਉਹ ਖਿਡਾਰੀ ਸ਼ਾਮਿਲ ਕੀਤੇ ਜਾਣ, ਜੋ ਪਿੰਡ ਪੱਧਰ 'ਤੇ ਖੇਡਦੇ ਹਨ। ਕਬੱਡੀ ਫੈਡਰੇਸ਼ਨ ਨੂੰ ਇਕ ਗਰੁੱਪ ਇਹੋ ਜਿਹਾ ਬਣਾਉਣਾ ਚਾਹੀਦਾ ਹੈ, ਜੋ ਸਾਰਾ ਸਾਲ ਚੱਲਣ ਵਾਲੇ ਕਬੱਡੀ ਕੱਪਾਂ 'ਤੇ ਨਿਗ੍ਹਾ ਰੱਖੇ ਤੇ ਹਰ ਖਿਡਾਰੀ ਦਾ ਪੂਰਾ ਰਿਕਾਰਡ ਮੇਨਟੇਨ ਕਰੇ ਤੇ ਸਾਲ ਬਾਅਦ ਉਸ ਦੀ ਕਾਰਗੁਜ਼ਾਰੀ ਮੁਤਾਬਿਕ ਅੰਕ ਦੇ ਕੇ ਜੇਕਰ ਉਸ ਨੇ ਵਧੀਆ ਪ੍ਰਦਰਸ਼ਨ ਕੀਤਾ ਤਾਂ ਉਸ ਨੂੰ ਉਪਰਲੀ ਸ਼ੇਣੀ ਵਿਚ ਪ੍ਰਮੋਟ ਕੀਤਾ ਜਾਵੇ। ਜੇਕਰ ਕਿਸੇ ਉਪਰ ਵਾਲੀ ਸ਼੍ਰੇਣੀ ਦਾ ਖਿਡਾਰੀ ਵਧੀਆ ਪ੍ਰਦਰਸ਼ਨ ਨਹੀਂ ਕਰਦਾ ਤਾਂ ਉਸ ਨੂੰ ਹੇਠਾਂ ਲਿਆਂਦਾ ਜਾਵੇ।
ਪੰਜਾਬ ਵਿਚ ਜੋ ਕਬੱਡੀ ਕੱਪ ਹੁੰਦੇ ਹਨ, ਉਨ੍ਹਾਂ ਦਾ ਇਨਾਮ ਵੀ ਤਿੰਨ ਗਰੁੱਪਾਂ ਵਿਚ ਹੀ ਵੰਡ ਕੇ ਟੂਰਨਾਮੈਂਟ ਕਰਵਾਏ ਜਾਣ। ਜੋ ਕੱਪ ਇਕ ਲੱਖ ਵਾਲੇ ਜਾਂ ਇਸ ਤੋਂ ਵੱਧ ਦੀ ਰਾਸ਼ੀ ਵਾਲੇ ਹਨ, ਉਨ੍ਹਾਂ ਵਿਚ ਸਿਰਫ 'ਏ' ਸ਼੍ਰੇਣੀ ਵਾਲੇ ਖਿਡਾਰੀ ਹੀ ਖੇਡਣ। 50 ਹਜ਼ਾਰ ਤੋਂ ਇਕ ਲੱਖ ਵਾਲੇ ਕੱਪਾਂ ਵਿਚ ਦੋ ਨੰਬਰ ਦੀ ਸ਼੍ਰੇਣੀ ਵਾਲੇ ਖਿਡਾਰੀ ਹੀ ਭਾਗ ਲੈਣ। ਤੀਸਰੀ ਸ਼੍ਰੇਣੀ ਵਿਚ ਜੋ ਟੂਰਨਾਂਮੈਟ 50 ਹਜ਼ਾਰ ਤੋਂ ਘੱਟ ਇਨਾਮ ਵਾਲੇ ਹਨ, ਵਿਚ ਪਿੰਡ ਪੱਧਰ ਵਾਲੇ ਯਾਨੀ ਤੀਸਰੀ ਸ਼੍ਰੇਣੀ ਵਾਲੇ ਖਿਡਾਰੀ ਹੀ ਖੇਡਣ। ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਜੋ ਖਿਡਾਰੀ ਵੱਡੇ ਇਨਾਮਾਂ ਵਿਚ ਖੇਡਦੇ ਹਨ, ਜਦ ਉਨ੍ਹਾਂ ਕੋਲ ਮੈਚ ਨਹੀਂ ਹੁੰਦਾ ਤਾਂ ਉਹੀ ਖਿਡਾਰੀ ਵਿਹਲੇ ਸਮੇਂ ਨਿੱਕੇ ਮੈਚ ਜਾਂ ਘੱਟ ਇਨਾਮ ਵਾਲੇ ਟੂਰਨਾਮੈਂਟ ਵੀ ਖੇਡ ਜਾਂਦੇ ਹਨ, ਜਿਸ ਨਾਲ ਹੇਠਲੀ ਸ਼੍ਰੇਣੀ ਵਾਲੇ ਖਿਡਾਰੀਆਂ ਨੂੰ ਜਿੱਥੇ ਆਰਥਿਕ ਪੱਖੋਂ ਨੁਕਸਾਨ ਉਠਾਉਣਾ ਪੈਂਦਾ ਹੈ, ਉੱਥੇ ਹੀ ਜੂਨੀਅਰ ਖਿਡਾਰੀ ਆਪਣੀ ਖੇਡ ਕਲਾ ਦਾ ਪੂਰਾ ਪ੍ਰਦਰਸ਼ਨ ਵੀ ਨਹੀਂ ਕਰ ਪਾਉਂਦੇ। ਸਰਕਲ ਸਟਾਈਲ ਕਬੱਡੀ ਖੇਡਦੇ ਖਿਡਾਰੀਆਂ ਵਿਚ ਇਕ ਪਿਰਤ ਇਹ ਵੀ ਪਾਈ ਜਾਵੇ ਕਿ ਹੋਰਨਾਂ ਖੇਡਾਂ ਵਾਂਗ ਮੈਚ ਸਮਾਪਤੀ ਤੋਂ ਬਾਅਦ ਇਕ-ਦੂਸਰੇ ਖਿਡਾਰੀ ਨਾਲ ਹੱਥ ਮਿਲਾਇਆ ਜਾਵੇ। ਮੈਚ ਖਿਡਾਅ ਰਹੇ ਅਧਿਕਾਰੀ ਨਾਲ ਵੀ ਇਹ ਖਿਡਾਰੀ ਹੱਥ ਮਿਲਾਉਣ ਤੇ ਉਨ੍ਹਾਂ ਦਾ ਪੂਰਾ ਸਤਿਕਾਰ ਕਰਨ। ਅੱਜ ਕਬੱਡੀ ਵਿਚ ਪੈਸਾ ਆਉਣ ਕਰਕੇ ਬਹੁਤ ਸਾਰੇ ਕੁਮੈਂਟੇਟਰ ਵੀ ਬਣ ਬੈਠੇ ਹਨ ਪਰ ਉਹ ਸਿਰਫ ਮਾਈਕ ਫੜਨ ਤੇ ਉੱਚੀ-ਉੱਚੀ ਰੌਲਾ ਪਾਉਣ ਨੂੰ ਹੀ ਕੁਮੈਂਟਰੀ ਸਮਝਣ ਲੱਗ ਪਏ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕੁਮੈਂਟਰੀ ਕਰਨ ਲਈ ਖੇਡ ਸਾਹਿਤ ਤੇ ਇਤਿਹਾਸ ਦੀ ਭਰਪੂਰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਜੋ ਪੰਜਾਬ ਵਿਚ ਕੁਮੈਂਟਰੀ ਕਰਦੇ ਕੁਮੈਂਟੇਟਰਾਂ 'ਚੋਂ ਸਿਰਫ ਪੋਟਿਆਂ 'ਤੇ ਗਿਣੇ ਜਾਣ ਵਾਲਿਆਂ ਕੋਲ ਹੀ ਹੈ। ਮੈਂ ਇਥੇ ਕਿਸੇ ਖਿਡਾਰੀ, ਰੈਫਰੀ, ਕੋਚ ਜਾਂ ਕੁਮੈਂਟੇਟਰ ਦਾ ਵਿਰੋਧੀ ਨਹੀਂ ਹਾਂ ਪਰ ਖੇਡ ਵਿਚ ਸੁਧਾਰ ਲਿਆਉਣ ਲਈ ਸਾਨੂੰ ਸਭ ਨੂੰ ਰਲ ਕੇ ਹੰਭਲਾ ਮਾਰਨਾ ਪੈਣਾ ਹੈ।

-ਗੁਰਨਾਮ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ। ਮੋਬਾ: 98723-67922

ਡਿਸਕਸ ਥਰੋਅ ਦਾ ਅੰਤਰਰਾਸ਼ਟਰੀ ਪੈਰਾ ਖਿਡਾਰੀ ਹੈ ਰੋਹਿਤ ਹੁੱਡਾ

ਆਖਣ ਨੂੰ ਤਾਂ ਰੋਹਿਤ ਹੁੱਡਾ ਹਰਿਆਣਾ ਪ੍ਰਾਂਤ ਦਾ ਖਿਡਾਰੀ ਹੈ ਪਰ ਉਹ ਸਮੁੱਚੇ ਭਾਰਤ ਦਾ ਮਾਣ ਹੈ, ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਮਾਣਮੱਤੇ ਖਿਡਾਰੀ ਦਾ ਜਨਮ ਜ਼ਿਲ੍ਹਾ ਰੋਹਤਕ ਦੇ ਪਿੰਡ ਕਲੋਈ ਖਾਸ ਵਿਚ ਪਿਤਾ ਦਿਲਾਵਰ ਸਿੰਘ ਦੇ ਘਰ ਮਾਤਾ ਸੁਨੀਤਾ ਦੇਵੀ ਦੀ ਕੁੱਖੋਂ 5 ਅਗਸਤ, 1992 ਨੂੰ ਹੋਇਆ। ਰੋਹਿਤ ਹੁੱਡਾ ਨੇ ਅਜੇ ਬਚਪਨ ਵਿਚ ਪੈਰ ਹੀ ਧਰਿਆ ਸੀ ਕਿ ਉਸ ਨੂੰ ਤੇਜ਼ ਬੁਖਾਰ ਹੋਇਆ ਤਾਂ ਮਾਂ-ਬਾਪ ਉਸ ਨੂੰ ਇਲਾਜ ਲਈ ਇਕ ਡਾਕਟਰ ਕੋਲ ਲੈ ਗਏ ਪਰ ਡਾਕਟਰ ਦੀ ਲਾਪ੍ਰਵਾਹੀ ਆਖ ਦਿੱਤੀ ਜਾਵੇ ਜਾਂ ਫਿਰ ਰੋਹਿਤ ਦੀ ਕਿਸਮਤ ਕਿ ਡਾਕਟਰ ਦੁਆਰਾ ਲਗਾਏ ਗਏ ਟੀਕੇ ਨੇ ਉਸ ਨੂੰ ਸੱਜੇ ਹੱਥ ਤੋਂ ਅਪਾਹਜ ਕਰ ਦਿੱਤਾ ਅਤੇ ਬਾਅਦ ਵਿਚ ਉਸ ਦਾ ਹੱਥ ਕੱਟਣਾ ਪਿਆ। ਰੋਹਿਤ ਭਾਵੇਂ ਮਜਬੂਰ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ, ਸਗੋਂ ਉਹ ਜ਼ਿੰਦਗੀ ਵਿਚ ਅੱਗੇ ਵਧਦਾ ਮੁਢਲੀ ਵਿੱਦਿਆ ਲੈਣ ਲੱਗਾ। ਉਸ ਨੇ ਪਿੰਡ ਦੇ ਹੀ ਕਲੋਈ ਖਾਸ ਸੀਨੀਅਰ ਸੈਕੰਡਰੀ ਸਕੂਲ ਤੋਂ 10+2 ਦੀ ਪੜ੍ਹਾਈ ਕੀਤੀ ਅਤੇ ਗ੍ਰੈਜੂਏਸ਼ਨ ਐਮ.ਬੀ. ਯੂਨੀਵਰਸਿਟੀ ਰੋਹਤਕ ਤੋਂ ਕੀਤੀ।
ਰੋਹਿਤ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਸ਼ੌਂਕ ਜਾਗਿਆ ਅਤੇ ਉਹ ਅਥਲੈਟਿਕ ਦੇ ਕੋਚ ਰਾਜੇਸ਼ ਕੁਮਾਰ ਦੇ ਸੰਪਰਕ ਵਿਚ ਆਇਆ ਅਤੇ ਉਸ ਤੋਂ ਅਥਲੈਟਿਕ ਦੀ ਟ੍ਰੇਨਿੰਗ ਲੈਣ ਲੱਗਿਆ ਅਤੇ ਡਿਸਕਸ ਥਰੋਅ ਦਾ ਚੰਗਾ ਖਿਡਾਰੀ ਸਾਬਤ ਹੋਇਆ ਅਤੇ ਉਹ ਪੈਰਾ ਖਿਡਾਰੀ ਵਜੋਂ ਖੇਡਣ ਲੱਗਿਆ। ਸੰਨ 2014 ਵਿਚ ਉਸ ਨੇ ਪਹਿਲੀ ਵਾਰ ਹਰਿਆਣਾ ਵਿਖੇ ਹੋਈਆਂ ਨੈਸ਼ਨਲ ਸਪੋਰਟਸ ਅਚੀਵਮੈਂਟ ਖੇਡਾਂ ਵਿਚ ਭਾਗ ਲਿਆ। ਸੰਨ 2015 ਵਿਚ 15ਵੀਂ ਸੀਨੀਅਰ ਨੈਸ਼ਨਲ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਜੋ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਵਿਖੇ ਹੋਈ, ਉਸ ਵਿਚ ਉਸ ਨੇ ਡਿਸਕਸ ਥਰੋਅ ਅਤੇ ਸ਼ਾਟਪੁੱਟ ਵਿਚ ਖੇਡ ਕੇ ਦੋ ਸੋਨ ਤਗਮੇ ਆਪਣੇ ਨਾਂਅ ਕਰਕੇ ਹਰਿਆਣਾ ਪ੍ਰਾਂਤ ਦਾ ਮਾਣ ਵਧਾਇਆ। ਸੰਨ 2016 ਵਿਚ ਸੀਨੀਅਰ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਪੰਚਕੂਲਾ ਵਿਚ ਭਾਗ ਲਿਆ, ਜਿੱਥੇ ਉਸ ਨੇ ਡਿਸਕਸ ਥਰੋਅ ਵਿਚ ਸੋਨ ਤਗਮਾ, ਜੈਵਲਿਨ ਥਰੋਅ ਵਿਚ ਚਾਂਦੀ ਦਾ ਤਗਮਾ ਅਤੇ ਸ਼ਾਟਪੁੱਟ ਵਿਚੋਂ ਕਾਂਸੀ ਦਾ ਤਗਮਾ ਜਿੱਤਿਆ। ਸੰਨ 2017 ਵਿਚ ਜੈਪੁਰ ਵਿਚ ਹੋਈ 17ਵੀਂ ਸੀਨੀਅਰ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਰੋਹਿਤ ਨੇ ਡਿਸਕਸ ਥਰੋਅ ਵਿਚ ਸੋਨ ਤਗਮਾ ਅਤੇ ਸ਼ਾਟਪੁੱਟ 'ਚੋਂ ਚਾਂਦੀ ਦਾ ਤਗਮਾ ਫਿਰ ਆਪਣੇ ਨਾਂਅ ਕੀਤਾ।
ਸੰਨ 2017 ਵਿਚ ਲੰਡਨ ਵਿਚ ਹੋਈ ਪੈਰਾ ਵਿਸ਼ਵ ਚੈਂਪੀਅਨਸ਼ਿਪ ਵਿਚ ਰੋਹਿਤ ਨੇ ਡਿਸਕਸ ਥਰੋਅ ਵਿਚ ਚਾਂਦੀ ਦਾ ਤਗਮਾ ਹਾਸਲ ਹੀ ਨਹੀਂ ਕੀਤਾ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਚੌਥਾ ਸਥਾਨ ਹਾਸਲ ਕਰਨ ਵਿਚ ਵੀ ਕਾਮਯਾਬ ਹੋਇਆ। ਅੱਜਕਲ੍ਹ ਰੋਹਿਤ ਕੁਮਾਰ ਆਪਣੇ ਕੋਚ ਰਾਜੇਸ਼ ਕੁਮਾਰ ਰੋਹਤਕ ਤੋਂ ਕੋਚਿੰਗ ਲੈ ਕੇ ਆਉਣ ਵਾਲੀਆਂ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਿਹਾ ਹੈ। ਰੋਹਿਤ ਹੁੱਡਾ ਨੇ ਦੱਸਿਆ ਕਿ ਉਹ ਹਰ ਰੋਜ਼ ਆਪਣੇ ਪਿੰਡ ਕਲੋਈ ਖਾਸ ਤੋਂ ਆਪਣੀ ਪ੍ਰੈਕਟਿਸ ਲਈ ਬੱਸ 'ਤੇ ਸਫਰ ਕਰਕੇ ਆਉਂਦਾ ਹੈ ਅਤੇ ਉਹ ਲਗਾਤਾਰ ਮਿਹਨਤ ਕਰ ਰਿਹਾ ਹੈ ਅਤੇ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਏਸ਼ੀਅਨ ਖੇਡਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਕੇ ਡਿਸਕਸ ਥਰੋਅ ਵਿਚੋਂ ਸੋਨ ਤਗਮਾ ਭਾਰਤ ਮਾਂ ਦੀ ਝੋਲੀ ਜ਼ਰੂਰ ਪਾਏਗਾ। ਰੋਹਿਤ ਨੇ ਇਹ ਵੀ ਦੱਸਿਆ ਕਿ ਉਹ ਹੁਣ ਖੇਡ ਵਿਭਾਗ ਭਾਰਤ ਸਰਕਾਰ ਵਲੋਂ ਖੇਡ ਰਿਹਾ ਹੈ ਅਤੇ ਉਸ ਦਾ ਖਰਚਾ ਵੀ ਹੁਣ ਖੇਡ ਮੰਤਰਾਲਾ ਹੀ ਕਰ ਰਿਹਾ ਹੈ ਪਰ ਅਜੇ ਵੀ ਸਰਕਾਰਾਂ ਨੂੰ ਖਾਸ ਕਰਕੇ ਪੈਰਾ ਖਿਡਾਰੀਆਂ ਲਈ ਹੋਰ ਯਤਨ ਕਰਨ ਦੀ ਲੋੜ ਹੈ, ਤਾਂ ਕਿ ਦੇਸ਼ ਦੇ ਪੈਰਾ ਖਿਡਾਰੀ ਮਾਯੂਸ ਨਾ ਹੋ ਕੇ ਦੇਸ਼ ਲਈ ਵੱਡੀਆਂ ਪ੍ਰਾਪਤੀਆਂ ਕਰਨ।

-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ
ਮੋਗਾ-142001. ਮੋਬਾ: 98551-14484


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX