ਤਾਜਾ ਖ਼ਬਰਾਂ


ਕਿਸੇ ਦੇ ਕੁੱਝ ਕਹਿਣ ਨਾਲ ਨਿਤੀਸ਼ ਕੁਮਾਰ ਜਾਂ ਜੇ.ਡੀ.ਯੂ ਨੂੰ ਕੋਈ ਫ਼ਰਕ ਨਹੀ - ਜੇ.ਡੀ.ਯੂ
. . .  6 minutes ago
ਪਟਨਾ, 16 ਨਵੰਬਰ - ਬਿਹਾਰ ਜਨਤਾ ਦਲ ਯੁਨਾਇਟਡ ਦੇ ਪ੍ਰਧਾਨ ਬਸ਼ਿਸ਼ਟ ਨਾਰਾਇਣ ਸਿੰਘ ਨੇ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਦੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲੈ ਕੇ ਦਿੱਤੇ...
1984 ਸਿੱਖ ਕਤਲੇਆਮ : ਅਦਾਲਤ 'ਚ ਗਵਾਹ ਨੇ ਕੀਤੀ ਸੱਜਣ ਕੁਮਾਰ ਦੀ ਪਹਿਚਾਣ
. . .  24 minutes ago
ਨਵੀਂ ਦਿੱਲੀ, 16 ਨਵੰਬਰ- 1984 ਸਿੱਖ ਕਤਲੇਆਮ 'ਚ ਛਮ ਕੌਰ ਨਾਂਅ ਦੀ ਇੱਕ ਗਵਾਹ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਪਹਿਚਾਣ ਕੀਤੀ....
ਇੱਕ ਹੀ ਪਰਿਵਾਰ ਦਾ ਗੀਤ ਗਾਉਂਦੇ ਹਨ ਰਾਜ ਦਰਬਾਰੀ- ਮੋਦੀ
. . .  33 minutes ago
ਰਾਏਪੁਰ, 16 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਅੰਬਿਕਾ ਪੁਰ 'ਚ ਇੱਕ ਰੈਲੀ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਜ ਦਰਬਾਰੀ ਕੇਵਲ ਇੱਕ ਹੀ ਪਰਿਵਾਰ ਦਾ ਗੀਤ ਗਾਉਂਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ....
ਔਰਤ ਦਾ ਬੇਰਹਿਮੀ ਨਾਲ ਕਤਲ
. . .  43 minutes ago
ਤਲਵੰਡੀ ਸਾਬੋ/ਸੀਂਗੋ ਮੰਡੀ, 16 ਨਵੰਬਰ (ਲੱਕਵਿੰਦਰ ਸ਼ਰਮਾ) - ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਦਰ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ 'ਚ ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਸਿਰ 'ਚ ਰਾੜ ਤੇ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ । ਪਿੰਡ ਦੇ...
ਸਬਰੀਮਾਲਾ ਮੰਦਿਰ ਵਿਵਾਦ : ਰਿਹਾਨਾ ਫਾਤਿਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਤਿਰੂਵਨੰਤਪੁਰਮ, 16 ਨਵੰਬਰ - ਕੇਰਲ ਹਾਈਕੋਰਟ ਨੇ ਸਮਾਜਿਕ ਕਾਰਕੁਨ ਰਿਹਾਨਾ ਫਾਤਿਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਰਿਹਾਨਾ ਫਾਤਿਮਾ ਨੇ 19 ਅਕਤੂਬਰ...
ਮਰਨ ਵਰਤ 'ਤੇ ਬੈਠੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਲਗਾਇਆ ਧਰਨਾ
. . .  about 1 hour ago
ਬਠਿੰਡਾ, 16 ਨਵੰਬਰ (ਕਮਲਜੀਤ ਸਿੰਘ) -ਬਠਿੰਡਾ ਵਿਖੇ ਕਿਸਾਨੀ ਮੰਗਾਂ, ਝੋਨੇ 'ਚ ਨਮੀ ਦੀ ਮਾਤਰਾ 17 ਤੋਂ 24 ਫ਼ੀਸਦੀ ਕਰਨ ਦੀ ਮੰਗ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਕਿਸਾਨਾਂ ਦੇ ਸਾਥੀਆਂ ਨੇ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਲਗਾਇਆ.....
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਬਰਨਾਲਾ, 16 ਨਵੰਬਰ (ਧਰਮਪਾਲ ਸਿੰਘ)-ਸੇਖਾ ਰੋਡ ਬਰਨਾਲਾ ਸੜਕ 'ਤੇ ਪੈਂਦੇ ਕੋਠੇ ਸੁਰਜੀਤ ਪੁਰਾ ਦੇ ਕਿਸਾਨ ਗੁਰਦੀਪ ਸਿੰਘ (38) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ । ਮ੍ਰਿਤਕ ਦੇ ਭਰਾ ਵਕੀਲ ਸਿੰਘ ਨੇ ਦੱਸਿਆ ਕਿ ਉਸ ਦਾ....
ਭੀਮਾ ਕੋਰੇਗਾਂਵ ਕੇਸ ਦੀ ਸੁਣਵਾਈ 3 ਦਸੰਬਰ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 16 ਨਵੰਬਰ- ਸੁਪਰੀਮ ਕੋਰਟ ਨੇ ਭੀਮਾ ਕੋਰੇਗਾਂਵ ਕੇਸ 'ਚ ਕਾਰਕੁਨਾਂ ਦੀ ਗ੍ਰਿਫਤਾਰੀ ਦੇ ਮਾਮਲੇ 'ਚ ਸੁਣਵਾਈ ਨੂੰ 3 ਦਸੰਬਰ ਤੱਕ ਮੁਲਤਵੀ ਕਰ ਦਿੱਤਾ....
ਅਲੋਕ ਵਰਮਾ 'ਤੇ ਹੋਰ ਜਾਂਚ ਦੀ ਲੋੜ - ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 16 ਨਵੰਬਰ - ਸੀ.ਬੀ.ਆਈ. ਬਨਾਮ ਸੀ.ਬੀ.ਆਈ. ਮਾਮਲੇ 'ਚ ਡਾਇਰੈਕਟਰ ਅਲੋਕ ਵਰਮਾ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਉਨ੍ਹਾਂ ਦੀ ਪਟੀਸ਼ਨ 'ਤੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ਕੀਤੀ। ਸੁਪਰੀਮ...
ਸ਼੍ਰੋਮਣੀ ਕਮੇਟੀ ਨੇ ਮਨਾਇਆ ਸਥਾਪਨਾ ਦਿਵਸ
. . .  about 2 hours ago
ਅੰਮ੍ਰਿਤਸਰ, 16 ਨਵੰਬਰ (ਜਸਵੰਤ ਸਿੰਘ ਜੱਸ)- ਨਵੰਬਰ 1920 ਵਿਚ ਹੋਂਦ 'ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਅੱਜ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਉਤਸ਼ਾਹ ਸਹਿਤ ਮਨਾਇਆ ਗਿਆ। ਸ਼੍ਰੋਮਣੀ ਕਮੇਟੀ...
ਹੋਰ ਖ਼ਬਰਾਂ..

ਨਾਰੀ ਸੰਸਾਰ

24 ਸਤੰਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ 'ਤੇ ਵਿਸ਼ੇਸ਼

ਮੈਨੂੰ ਜੱਗ ਵੇਖਣ ਦਾ ਚਾਅ ਨੀਂ ਮਾਏਂ ਮੇਰੀਏ...

'ਮਾਵਾਂ ਤੇ ਧੀਆਂ ਬੈਠੀਆਂ ਨੀਂ ਮਾਂ, ਕੋਈ ਕਰਦੀਆਂ ਗੱਲਾਂ...।' ਜੀ ਹਾਂ, ਇਕ ਧੀ ਦੀ ਆਪਣੀ ਮਾਂ ਨਾਲ ਉਮਰ ਭਰ ਲਈ ਹੀ ਇਕ ਭਾਵੁਕ ਜਿਹੀ ਸਾਂਝ ਹੁੰਦੀ ਹੈ। ਧੀ ਸਦਾ ਹੀ ਆਪਣੀ ਮਾਂ ਨਾਲ ਆਪਣੇ ਮਨ ਦੇ ਚਾਅ, ਵਲਵਲੇ, ਜਜ਼ਬਾਤ ਸਾਂਝੇ ਕਰਦੀ ਹੈ। ਮਾਂ-ਧੀ ਦਰਮਿਆਨ ਰਿਸ਼ਤਾ ਏਨਾ ਨਿੱਘਾ ਹੋਣ ਕਰਕੇ ਕਿਸੇ ਲਿਖਾਰੀ ਨੇ ਠੀਕ ਹੀ ਲਿਖਿਆ ਹੈ, 'ਮਾਵਾਂ ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨਾ।' ਜ਼ਮਾਨੇ ਦੇ ਬਦਲਾਅ ਕਾਰਨ ਅਜੋਕੇ ਪੜ੍ਹੇ-ਲਿਖੇ, ਅਗਾਂਹਵਧੂ ਪਰਿਵਾਰਾਂ ਅਤੇ ਸਮਾਜ 'ਚ ਧੀਆਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾ ਰਿਹਾ ਹੈ। ਅਜਿਹੇ ਪਰਿਵਾਰਾਂ 'ਚ ਕੁੜੀਆਂ ਦੀ ਲੋਹੜੀ ਵੰਡੀ ਜਾਂਦੀ ਹੈ, ਜਨਮ ਦਿਨ ਪੂਰੇ ਚਾਅ ਨਾਲ ਮਨਾਇਆ ਜਾਂਦਾ ਹੈ। ਜਨਮ ਸਮੇਂ ਬੂਹੇ ਅੱਗੇ ਸ਼ਰੀਂਹ ਦੀਆਂ ਟਹਿਣੀਆਂ ਬੰਨ੍ਹ ਕੇ ਇਸ ਦਾ ਪੂਰਾ ਚਾਅ ਮਨਾਇਆ ਜਾਂਦਾ ਹੈ। ਇਵੇਂ ਹੀ ਇਕ-ਦੋ ਫ਼ੀਸਦੀ ਅਜਿਹੇ ਮਾਪੇ ਵੀ ਹਨ, ਜਿਨ੍ਹਾਂ ਦੇ ਕੇਵਲ ਇਕ ਹੀ ਬੱਚਾ ਹੈ, ਉਹ ਵੀ ਲੜਕੀ। ਉਨ੍ਹਾਂ ਨੇ ਹੋਰ ਬੱਚਾ ਲੈਣ ਦੀ ਇੱਛਾ ਹੀ ਨਹੀਂ ਰੱਖੀ ਅਤੇ ਕੇਵਲ ਇਕਲੌਤੀ ਧੀ ਨੂੰ ਹੀ ਆਪਣਾ ਸਭ ਕੁਝ ਮੰਨਿਆ ਹੈ, ਜੋ ਕਿ ਇਕ ਚੰਗੀ ਪਿਰਤ ਹੈ। ਇਸ ਨਾਲ ਇਹ ਵੀ ਤਸੱਲੀ ਹੁੰਦੀ ਹੈ ਕਿ ਧੀਆਂ ਨੂੰ ਅੱਜ ਵੀ ਪੁੱਤਾਂ ਵਾਂਗ ਪਿਆਰ ਕਰਨ ਵਾਲੇ ਮਾਪੇ ਮੌਜੂਦ ਹਨ। ਬੇਸ਼ੱਕ ਉਨ੍ਹਾਂ ਦੀ ਗਿਣਤੀ ਸਮਾਜ 'ਚ ਥੋੜ੍ਹੀ ਹੈ।
ਅਜਿਹੇ ਮਾਪਿਆਂ ਤੋਂ ਸਮਾਜ ਦੇ ਬਾਕੀ ਲੋਕਾਂ ਨੂੰ ਵੀ ਸੇਧ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਸਾਡੀ ਖੁਸ਼ਹਾਲ ਧਰਤੀ 'ਤੇ ਜਿਥੇ ਧੀਆਂ ਨੂੰ ਚੰਗੇ ਪਰਿਵਾਰਾਂ ਅਤੇ ਸਮਾਜ 'ਚ ਚੰਗਾ ਮਾਣ-ਸਨਮਾਨ ਦੇਣ ਵਾਲੇ ਲੋਕ ਬੈਠੇ ਹਨ, ਉਥੇ ਕੁਝ ਕੁ ਧੀਆਂ ਪ੍ਰਤੀ ਤੰਗਦਿਲੀ ਨਜ਼ਰੀਏ ਵਾਲੇ ਲੋਕ ਵੀ ਬੈਠੇ ਹਨ, ਜੋ ਕਿ ਗੁਰੂਆਂ-ਪੀਰਾਂ ਦੁਆਰਾ ਸਤਿਕਾਰੀ ਗਈ ਧੀ (ਔਰਤ) ਦੇ ਜੰਮਣ ਨੂੰ ਅਜੋਕੇ ਸਮੇਂ ਵੀ ਅਪਸ਼ਗਨ ਮੰਨ ਰਹੇ ਹਨ। ਤਾਂ ਹੀ ਕਿਸੇ ਨੇ ਕਿਹਾ ਹੈ, 'ਧੀਆਂ ਜੰਮੀਆਂ ਤੇ ਗੁੜ ਵੀ ਨਾ ਵੰਡਿਆ...।' ਇਹੋ ਵੱਡਾ ਕਾਰਨ ਹੈ ਕਿ ਦੇਸ਼ ਦੇ ਖੁਸ਼ਹਾਲ ਸੂਬੇ ਪੰਜਾਬ 'ਚ ਲੜਕੇ-ਲੜਕੀਆਂ ਦੀ ਗਿਣਤੀ ਦਾ ਅਨੁਪਾਤ ਅੱਜ ਵੀ 1000 : 882 'ਤੇ ਖੜ੍ਹਾ ਹੈ। ਇਹ ਪਾੜਾ ਖ਼ਤਮ ਕਰਨ ਦੀ ਅਹਿਮ ਲੋੜ ਹੈ। ਇਸ ਪਾੜੇ ਦਾ ਵੱਡਾ ਕਾਰਨ ਭਰੂਣ ਹੱਤਿਆ ਹੈ। ਭਾਰਤ ਸਰਕਾਰ ਵਲੋਂ ਭਰੂਣਹੱਤਿਆ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਹਨ। ਗਰਭ 'ਚ ਪਲ ਰਹੇ ਬੱਚੇ ਦੇ ਵਿਕਾਸ ਤੇ ਤੰਦਰੁਸਤੀ ਦਾ ਜਾਇਜ਼ਾ ਲੈਣ ਲਈ ਅਲਟਰਾ ਸਾਊਂਡ ਮਸ਼ੀਨ ਦੁਆਰਾ ਸਕੈਨ ਕਰਨ ਸਮੇਂ ਲਗਪਗ ਸਾਰੇ ਹੀ ਸਕੈਨ ਸੈਂਟਰਾਂ ਨੇ ਸਰਕਾਰ ਦੇ ਆਦੇਸ਼ ਦਾ ਪਾਲਣ ਕਰਦਿਆਂ ਗਰਭ ਦਾ ਲਿੰਗ ਦੱਸਣ 'ਤੇ ਸਖ਼ਤੀ ਨਾਲ ਪਾਬੰਦੀ ਲਾਈ ਹੋਈ ਹੈ ਪਰ ਫਿਕਰਮੰਦੀ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਧੀਆਂ ਦੇ ਦੁਸ਼ਮਣ ਅਤੇ ਪਿਛਾਂਹਖਿੱਚੂ ਸੋਚ ਦੇ ਧਾਰਨੀ ਮਾਪੇ ਚੋਰੀ-ਛੁਪੇ ਇਨ੍ਹਾਂ ਨੂੰ ਗਰਭ 'ਚ ਖ਼ਤਮ ਕਰਨ 'ਤੇ ਤੁਲੇ ਹੋਏ ਹਨ। ਉਨ੍ਹਾਂ ਲੋਕਾਂ ਅਤੇ ਮਾਪਿਆਂ ਦੀ ਜੰਗਾਲੀ ਮਾਨਸਿਕਤਾ ਖ਼ਿਲਾਫ਼ ਮਾਂ ਦੇ ਗਰਭ ਅੰਦਰ ਹੀ ਪਲ ਰਹੀ ਇਕ ਧੀ ਆਪਣੀ ਮਾਂ ਨੂੰ ਪੁਕਾਰ ਕਰਦੀ ਹੋਈ ਆਖਦੀ ਹੈ, 'ਮੈਨੂੰ ਜੱਗ ਵੇਖਣ ਦਾ ਚਾਅ, ਨੀਂ ਮਾਏਂ ਮੇਰੀਏ। ਮੈਨੂੰ ਕੁੱਖ 'ਚ ਨਾ ਕਤਲ ਕਰਾ ਨੀਂ ਮਾਏਂ ਮੇਰੀਏ...।'
ਸੋ, ਸਾਡਾ ਸਭਨਾਂ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਗਰਭ 'ਚ ਪਲ ਰਹੀ ਧੀ ਦੀ ਪੁਕਾਰ ਨੂੰ ਪੂਰੇ ਗਹੁ ਨਾਲ ਸੁਣੀਏ ਅਤੇ ਉਸ ਉੱਪਰ ਅਮਲ ਕਰਦੇ ਹੋਏ ਧੀ ਨੂੰ ਸਮਾਜ 'ਚ ਪੂਰੇ ਮਾਣ-ਸਨਮਾਨ ਨਾਲ ਜਿਊਣ ਦਾ ਮੌਕਾ ਦੇਈਏ। ਜੇਕਰ ਸਮਾਜ ਵਿਚ ਧੀਆਂ ਹੋਣਗੀਆਂ ਤਾਂ ਹੀ ਨੂੰਹਾਂ ਆਉਣਗੀਆਂ ਅਤੇ ਅੱਗੇ ਵੰਸ਼-ਅੰਸ਼ ਚਲਦੀ ਰਹੇਗੀ। ਧੀ ਵੀ ਜੱਗ 'ਤੇ ਜਨਮ ਲੈਣਾ ਚਾਹੁੰਦੀ ਹੈ ਅਤੇ ਇਸ ਰੰਗਲੇ ਸੰਸਾਰ ਨੂੰ ਦੇਖਣ, ਜਿਊਣ, ਮਾਨਣ ਦੀ ਪ੍ਰਬਲ ਇੱਛਾ ਆਪਣੇ ਮਨ 'ਚ ਰੱਖਦੀ ਹੈ। ਇਹ ਪੁਕਾਰ ਇਕ ਮਾਂ ਨੂੰ ਹੀ ਨਹੀਂ, ਸਗੋਂ ਸਮੁੱਚੇ ਸਮਾਜ ਨੂੰ ਗੰਭੀਰਤਾ ਨਾਲ ਸੋਚਣ ਅਤੇ ਵਿਚਾਰਨ ਲਈ ਹੈ ਕਿ ਅਸੀਂ ਧੀਆਂ ਨੂੰ ਸਮਾਜ 'ਚ ਪੂਰਾ ਮਾਣ-ਸਨਮਾਨ ਅਤੇ ਜਿਊਣ ਦਾ ਪੂਰਾ ਹੱਕ ਦੇਣ 'ਚ ਭਾਗੀਦਾਰ ਬਣੀਏ। ਇਸ ਵਿਚ ਹੀ ਸਾਡੇ ਸਭਨਾਂ ਦੀ ਭਲਾਈ ਹੈ, ਕਿਉਂਕਿ ਪੁੱਤ ਕਪੁੱਤ ਹੋ ਸਕਦਾ ਹੈ ਪਰ ਧੀਆਂ ਕਦੇ ਵੀ ਮਾਪਿਆਂ ਲਈ ਕੁ-ਧੀਆਂ ਨਹੀਂ ਬਣਦੀਆਂ...।

-ਮੋਹਰ ਗਿੱਲ ਸਿਰਸੜੀ,
ਪਿੰਡ ਤੇ ਡਾਕ: ਸਿਰਸੜੀ, ਨੇੜੇ ਕੋਟਕਪੂਰਾ (ਫਰੀਦਕੋਟ)-151207. ਮੋਬਾ: 98156-59110


ਖ਼ਬਰ ਸ਼ੇਅਰ ਕਰੋ

ਆਲੂ ਦੇ ਸਵਾਦੀ ਪਕਵਾਨ ਆਲੂ-ਕਚਾਲੂ

ਸਮੱਗਰੀ : ਆਲੂ ਅੱਧਾ ਕਿਲੋ, ਕਚਾਲੂ ਅੱਧਾ ਕਿਲੋ, ਪਿਆਜ਼ 50 ਗ੍ਰਾਮ, ਘਿਓ 100 ਗ੍ਰਾਮ, ਅਦਰਕ 50 ਗ੍ਰਾਮ ਅਤੇ ਲਸਣ ਦੀਆਂ 5 ਗਿਰੀਆਂ, ਅਮਚੂਰ 1 ਚਮਚ, ਲਾਲ ਮਿਰਚ 2 ਚਮਚ, ਹਲਦੀ ਡੇਢ ਚਮਚ, ਗਰਮ ਮਸਾਲਾ ਡੇਢ ਚਮਚ, ਨਮਕ 2 ਚਮਚ।
ਵਿਧੀ : ਪਹਿਲਾਂ ਆਲੂ ਅਤੇ ਕਚਾਲੂ ਉਬਾਲ ਲਓ। ਫਿਰ ਉਨ੍ਹਾਂ ਨੂੰ ਠੰਢਾ ਕਰਕੇ ਛਿੱਲ ਲਓ ਅਤੇ ਛੋਟੇ ਟੁਕੜੇ ਕਰ ਲਓ। ਪਿਆਜ਼, ਲਸਣ ਅਤੇ ਅਦਰਕ ਨੂੰ ਬਰੀਕ ਕੱਟ ਲਓ। ਹੁਣ ਕੜਾਹੀ ਵਿਚ ਘਿਓ ਗਰਮ ਕਰੋ। ਫਿਰ ਇਸ ਵਿਚ ਕੱਟੇ ਹੋਏ ਪਿਆਜ਼, ਅਦਰਕ ਅਤੇ ਲਸਣ ਪਾ ਕੇ ਭੁੰਨ ਲਓ। ਜਦੋਂ ਇਹ ਸਭ ਭੁੱਜ ਜਾਵੇ ਤਾਂ ਕੱਟੇ ਹੋਏ ਆਲੂ ਅਤੇ ਕਚਾਲੂ ਪਾ ਦਿਓ। ਉੱਪਰੋਂ ਦੀ ਨਮਕ, ਮਿਰਚ, ਹਲਦੀ, ਗਰਮ ਮਸਾਲਾ, ਅਮਚੂਰ ਪਾ ਦਿਓ ਅਤੇ 2-3 ਮਿੰਟ ਤੱਕ ਢਕ ਕੇ ਰੱਖੋ।
ਇਨ੍ਹਾਂ ਦੇ ਉੱਪਰ ਬਰੀਕ ਕੱਟਿਆ ਹਰਾ ਧਨੀਆ ਪਾ ਦਿਓ। ਸਵਾਦੀ ਆਲੂ-ਕਚਾਲੂ ਤਿਆਰ ਹਨ। ਇਨ੍ਹਾਂ ਨੂੰ ਪੂੜੀ ਦੇ ਨਾਲ ਖਾਣ ਦਾ ਵੱਖਰਾ ਹੀ ਮਜ਼ਾ ਹੈ।

 

ਇਮਲੀ ਵਾਲੇ ਆਲੂ

ਸਮੱਗਰੀ : ਇਮਲੀ 20 ਗ੍ਰਾਮ, ਆਲੂ 5-6, ਖੰਡ 4 ਚਮਚ, ਨਮਕ, ਮਿਰਚ ਸਵਾਦ ਅਨੁਸਾਰ, ਚਾਟ ਮਸਾਲਾ ਸਵਾਦ ਅਨੁਸਾਰ।
ਵਿਧੀ : ਇਮਲੀ ਨੂੰ ਭਿਉਂ ਕੇ ਚੰਗੀ ਤਰ੍ਹਾਂ ਘੋਲ ਲਓ। ਉਸ ਨੂੰ ਹਲਕੀ ਅੱਗ 'ਤੇ ਉਬਾਲ ਲਓ ਅਤੇ ਫਿਰ ਛਾਣ ਲਓ। ਇਸ ਦਾ ਪਤਲਾ ਘੋਲ ਤਿਆਰ ਕਰੋ। ਇਸ ਨੂੰ ਠੰਢਾ ਕਰਕੇ ਇਸ ਵਿਚ ਖੰਡ, ਨਮਕ ਅਤੇ ਮਿਰਚ ਮਿਲਾ ਲਓ।
ਆਲੂਆਂ ਨੂੰ ਉਬਾਲ ਲਓ ਅਤੇ ਠੰਢਾ ਕਰਕੇ ਛਿੱਲ ਲਓ। ਹੁਣ ਇਸ ਦੇ ਛੋਟੇ-ਛੋਟੇ ਟੁਕੜੇ ਕਰੋ ਅਤੇ ਇਮਲੀ ਦੇ ਪਤਲੇ ਘੋਲ ਵਿਚ ਪਾ ਲਓ। ਉੱਪਰ ਦੀ ਥੋੜ੍ਹਾ ਜਿਹਾ ਚਾਟ ਮਸਾਲਾ ਛਿੜਕ ਦਿਓ। ਇਹ ਖਾਣ ਵਿਚ ਬਹੁਤ ਸਵਾਦੀ ਲਗਦੇ ਹਨ।

-ਭਾਸ਼ਣਾ ਬਾਂਸਲ

ਕਿੰਨੀ ਸਹੀ ਹੈ ਤੁਹਾਡੀ ਤਿਉਹਾਰਾਂ 'ਤੇ ਖ਼ਰੀਦੋ-ਫਰੋਖਤ?

1. ਆਖਰ ਤਿਉਹਾਰਾਂ ਦੇ ਮੌਸਮ ਦੀ ਖ਼ਰੀਦਦਾਰੀ ਦੀ ਤੁਸੀਂ ਪੂਰਾ ਸਾਲ ਕਿਉਂ ਉਡੀਕ ਕਰਦੇ ਹੋ?
(ਕ) ਕਿਉਂਕਿ ਇਸ ਸਮੇਂ ਭਾਰੀ ਛੋਟ ਮਿਲਦੀ ਹੈ।
(ਖ) ਕਿਉਂਕਿ ਇਸ ਸਮੇਂ ਬਾਜ਼ਾਰ ਵਿਚ ਵੰਨ-ਸੁਵੰਨਤਾ ਦੀ ਭਰਮਾਰ ਹੁੰਦੀ ਹੈ।
(ਗ) ਕਿਉਂਕਿ ਤੁਹਾਡੀਆਂ ਸਾਰੀਆਂ ਸਹੇਲੀਆਂ ਵੀ ਇਸ ਦੌਰਾਨ ਹੀ ਖ਼ਰੀਦਦਾਰੀ ਕਰਦੀਆਂ ਹਨ।
2. ਛੋਟ ਦੇ ਚੱਕਰ ਵਿਚ ਕੀ ਹਮੇਸ਼ਾ ਤੁਹਾਡੀ ਤਿਉਹਾਰੀ ਖ਼ਰੀਦਦਾਰੀ ਬਜਟ ਤੋਂ ਬਾਹਰ ਚਲੀ ਜਾਂਦੀ ਹੈ?
(ਕ) ਹਾਂ, ਅਕਸਰ ਅਜਿਹਾ ਹੁੰਦਾ ਹੈ।
(ਖ) ਪਹਿਲਾਂ ਇਕ-ਦੋ ਵਾਰ ਅਜਿਹਾ ਹੋਇਆ ਸੀ ਪਰ ਹੁਣ ਨਹੀਂ ਹੁੰਦਾ।
(ਗ) ਇਹ ਮੌਕਾ, ਮਾਹੌਲ ਅਤੇ ਸਥਿਤੀਆਂ 'ਤੇ ਨਿਰਭਰ ਕਰਦਾ ਹੈ।
3. ਕੀ ਤਿਉਹਾਰੀ ਮੌਸਮ ਵਿਚ ਵੀ ਤੁਸੀਂ ਆਪਣੇ ਜਾਂਚੇ-ਪਰਖੇ ਅਤੇ ਭਰੋਸੇਮੰਦ ਬ੍ਰਾਂਡਾਂ 'ਤੇ ਹੀ ਭਰੋਸਾ ਕਰਦੇ ਹੋ?
(ਕ) ਕੋਈ ਜ਼ਰੂਰੀ ਨਹੀਂ, ਜਿਸ ਕੰਪਨੀ ਦੇ ਉਤਪਾਦ 'ਤੇ ਸਭ ਤੋਂ ਜ਼ਿਆਦਾ ਛੋਟ ਮਿਲਦੀ ਹੈ, ਉਸ ਨੂੰ ਹੀ ਪਹਿਲ ਦਿੰਦੇ ਹੋ।
(ਖ) ਹਾਂ, ਬਿਲਕੁਲ... ਆਖਰ ਭਰੋਸਾ ਵੀ ਕੋਈ ਚੀਜ਼ ਹੁੰਦੀ ਹੈ।
(ਗ) ਘਰ-ਪਰਿਵਾਰ ਅਤੇ ਦੋਸਤਾਂ ਦੀ ਰਾਇ ਵੀ ਇਸ ਵਿਚ ਇਕ ਖਾਸ ਭੂਮਿਕਾ ਨਿਭਾਉਂਦੀ ਹੈ।
4. ਤਿਉਹਾਰੀ ਖ਼ਰੀਦਦਾਰੀ ਦੌਰਾਨ ਹਰ ਸਾਲ ਤੁਹਾਡੇ 'ਤੇ ਕੁਝ ਨਾ ਕੁਝ ਕਰਜ਼ਾ ਚੜ੍ਹ ਜਾਂਦਾ ਹੈ, ਕੀ ਇਹ ਗੱਲ ਤੁਹਾਨੂੰ ਪ੍ਰੇਸ਼ਾਨ ਕਰਦੀ ਹੈ?
(ਕ) ਨਹੀਂ, ਅਜਿਹਾ ਕੁਝ ਨਹੀਂ ਹੈ।
(ਖ) ਹਾਂ, ਇਸ ਲਈ, ਕਿਉਂਕਿ ਬਾਅਦ ਵਿਚ ਕਈ ਮਹੀਨਿਆਂ ਤੱਕ ਘਰ ਦਾ ਬਜਟ ਵਿਗੜਿਆ ਰਹਿੰਦਾ ਹੈ।
(ਗ) ਕਦੇ ਅਜਿਹਾ ਹੁੰਦਾ ਹੈ, ਕਦੇ ਨਹੀਂ ਹੁੰਦਾ, ਇਸ ਬਾਰੇ ਵਿਚ ਕੁਝ ਫਿਕਸ ਨਹੀਂ ਹੈ।
5. ਸਾਲ ਦੀ ਵਿਸ਼ੇਸ਼ ਤਿਉਹਾਰੀ ਖ਼ਰੀਦਦਾਰੀ ਦੀ ਯੋਜਨਾ ਤਹਿਤ ਤੁਸੀਂ ਸਾਰਾ ਸਾਲ ਥੋੜ੍ਹਾ-ਥੋੜ੍ਹਾ ਫੰਡ ਇਕੱਠਾ ਕਰਦੇ ਰਹਿੰਦੇ ਹੋ, ਤਾਂ ਕਿ ਖ਼ਰੀਦਦਾਰੀ ਬੋਝ ਨਾ ਬਣੇ?
(ਕ) ਹਾਂ, ਅਤੇ ਇਹ ਉਪਾਅ ਹਮੇਸ਼ਾ ਰਾਹਤ ਦਿੰਦਾ ਹੈ।
(ਖ) ਇਹ ਸਭ ਬੀਤੇ ਜ਼ਮਾਨੇ ਦੀਆਂ ਗੱਲਾਂ ਹਨ, ਮੇਰੇ ਕੋਲੋਂ ਇਹ ਸਭ ਨਹੀਂ ਹੁੰਦਾ, ਖ਼ਰੀਦਦਾਰੀ ਕਰਨੀ ਹੈ ਤਾਂ ਕਰਨੀ ਹੈ।
(ਗ) ਇਸ ਵਾਸਤੇ ਮੈਂ ਵਧੀਆ ਯੋਜਨਾ 'ਤੇ ਧਿਆਨ ਦਿੰਦੀ ਹਾਂ।
ਨਤੀਜਾ : ਜੇਕਰ ਤੁਸੀਂ ਕੁਇਜ਼ ਵਿਚ ਪੁੱਛੇ ਗਏ ਸਵਾਲਾਂ ਦੇ ਉਨ੍ਹਾਂ ਬਦਲਾਂ 'ਤੇ ਹੀ ਟਿੱਕ ਕੀਤਾ ਹੈ, ਜੋ ਅਸਲ ਵਿਚ ਤੁਹਾਡੇ 'ਤੇ ਲਾਗੂ ਹੁੰਦੇ ਹਨ ਤਾਂ ਤੁਹਾਡਾ ਖ਼ਰੀਦਦਾਰੀ ਦਾ ਢੰਗ ਕੁਝ ਇਸ ਤਰ੍ਹਾਂ ਦਾ ਹੈ-
(ਕ) ਜੇਕਰ ਤੁਹਾਡੇ ਕੁੱਲ ਹਾਸਲ ਅੰਕ 10 ਜਾਂ ਇਸ ਤੋਂ ਘੱਟ ਹਨ ਤਾਂ ਤੁਹਾਨੂੰ ਖ਼ਰੀਦਦਾਰੀ ਦਾ ਅਨੁਭਵ ਭਾਵੇਂ ਕਿੰਨਾ ਵੀ ਹੋਵੇ ਪਰ ਤੁਹਾਡਾ ਤਰੀਕਾ ਬਿਲਕੁਲ ਹੀ ਵਧੀਆ ਨਹੀਂ ਹੈ। ਇਸ ਲਈ ਖ਼ਰੀਦਦਾਰੀ ਤੋਂ ਪਹਿਲਾਂ ਸਹੀ ਤਰੀਕੇ ਨਾਲ ਯੋਜਨਾਬੰਦੀ ਕਰਨੀ ਸ਼ੁਰੂ ਕਰੋ।
(ਖ) ਜੇਕਰ ਤੁਹਾਡੇ ਹਾਸਲ ਅੰਕ 10 ਤੋਂ ਜ਼ਿਆਦਾ ਪਰ 20 ਤੋਂ ਘੱਟ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਸਜਗ ਤਾਂ ਹੋ ਪਰ ਆਪਣੀ ਜੇਬ ਦੇਖ ਕੇ ਹੀ ਖ਼ਰੀਦਦਾਰੀ ਕਰਦੇ ਹੋ। ਪਰ ਕਈ ਵਾਰ ਲਾਲਚ ਵਿਚ ਆ ਜਾਂਦੇ ਹੋ, ਖ਼ਰੀਦਦਾਰੀ ਤੋਂ ਪਹਿਲਾਂ ਇਕ ਸੁਨਿਸਚਿਤ ਹੋਮ ਵਰਕ ਜ਼ਰੂਰੀ ਹੈ।
(ਗ) ਜੇਕਰ ਤੁਹਾਡੇ ਹਾਸਲ ਅੰਕ 20 ਜਾਂ ਇਸ ਤੋਂ ਜ਼ਿਆਦਾ ਹਨ ਤਾਂ ਮੁਬਾਰਕਾਂ। ਤੁਸੀਂ ਇਕ ਹੁਸ਼ਿਆਰ ਵਿਅਕਤੀ ਹੋ ਅਤੇ ਤੁਹਾਡੀ ਖ਼ਰੀਦਦਾਰੀ ਬਿਲਕੁਲ ਸੰਪੂਰਨ ਅਤੇ ਵਧੀਆ ਖ਼ਰੀਦਦਾਰੀ ਹੈ। ਇਸ ਲਈ ਤੁਹਾਨੂੰ ਕੁਝ ਵੀ ਉਪਦੇਸ਼ ਦੇਣ ਦੀ ਲੋੜ ਨਹੀਂ ਹੈ।

ਬਨਾਉਟੀ ਗਹਿਣਿਆਂ ਦੀ ਸੰਭਾਲ ਕਿਵੇਂ ਕਰੀਏ?

ਕਾਸਟਿਊਮ ਜਿਊਲਰੀ ਜਾਂ ਬਨਾਉਟੀ ਗਹਿਣਿਆਂ ਨੂੰ ਬਣਾਉਣ ਵਿਚ ਸਸਤੇ ਧਾਤ, ਬਨਾਉਟੀ ਮੋਤੀ ਅਤੇ ਨਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਲਈ ਇਹ ਸਸਤੀ ਹੁੰਦੀ ਹੈ। ਇਹ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਰੰਗਾਂ ਅਤੇ ਡਿਜ਼ਾਈਨਾਂ ਵਿਚ ਮਿਲਦੀ ਹੈ।
* ਆਪਣੇ ਗਹਿਣਿਆਂ ਨੂੰ ਪਾਣੀ ਤੋਂ ਬਚਾਅ ਕੇ ਰੱਖੋ। ਨਮਕ ਅਤੇ ਕਲੋਰੀਨ ਵਾਲੇ ਪਾਣੀ ਨਾਲ ਗਹਿਣਿਆਂ ਨੂੰ ਨੁਕਸਾਨ ਹੋ ਸਕਦਾ ਹੈ। ਇਨ੍ਹਾਂ 'ਤੇ ਗੂੜ੍ਹੇ ਧੱਬੇ ਪੈ ਸਕਦੇ ਹਨ, ਜਿਨ੍ਹਾਂ ਨੂੰ ਹਟਾਉਣਾ ਮੁਸ਼ਕਿਲ ਹੁੰਦਾ ਹੈ। ਜੇਕਰ ਇਨ੍ਹਾਂ ਨੂੰ ਜ਼ਿਆਦਾ ਰਗੜਿਆ ਜਾਂਦਾ ਹੈ ਤਾਂ ਗਹਿਣਿਆਂ ਦੀ ਚਮਕ ਫਿੱਕੀ ਪੈ ਜਾਂਦੀ ਹੈ।
* ਜਦੋਂ ਬਨਾਉਟੀ ਗਹਿਣੇ ਖਰੀਦਦੇ ਹੋ ਤਾਂ ਇਸ ਗੱਲ ਨੂੰ ਦੇਖ ਲਓ ਕਿ ਉਸ ਦੇ ਨਗ ਢਿੱਲੇ ਨਾ ਹੋਣ। ਨਗਾਂ ਵਾਲੇ ਬਨਾਉਟੀ ਗਹਿਣਿਆਂ ਦੀ ਜ਼ਿਆਦਾ ਦੇਖਭਾਲ ਕਰਨੀ ਪੈਂਦੀ ਹੈ, ਕਿਉਂਕਿ ਇਸ ਵਿਚੋਂ ਜੇ ਇਕ ਵੀ ਨਗ ਨਿਕਲ ਜਾਂਦਾ ਹੈ ਤਾਂ ਉਸ ਦੀ ਪੂਰੀ ਸੁੰਦਰਤਾ ਹੀ ਖ਼ਤਮ ਹੋ ਜਾਂਦੀ ਹੈ। ਜੇ ਇਸ ਦਾ ਇਕ ਵੀ ਨਗ ਗੁਆਚ ਜਾਵੇ ਤਾਂ ਉਸ ਨੂੰ ਉਸੇ ਸਮੇਂ ਲੱਭ ਕੇ ਗਲੂ ਨਾਲ ਉਸੇ ਜਗ੍ਹਾ ਚਿਪਕਾ ਦਿਓ ਜਾਂ ਇਸ ਨੂੰ ਬਨਾਉਟੀ ਗਹਿਣਿਆਂ ਦੀ ਦੁਕਾਨ 'ਤੇ ਜਾ ਕੇ ਸਹੀ ਕਰਾਓ।
* ਸੌਣ ਤੋਂ ਪਹਿਲਾਂ ਜਾਂ ਪਾਣੀ ਦਾ ਕੰਮ ਕਰਨ ਤੋਂ ਪਹਿਲਾਂ ਆਪਣੇ ਗਹਿਣੇ ਉਤਾਰ ਲਓ।
* ਆਪਣੇ ਗਹਿਣਿਆਂ ਨੂੰ ਸੁੱਕੇ, ਠੰਢੇ ਅਤੇ ਨਮੀ ਵਾਲੇ ਸਥਾਨ 'ਤੇ ਰੱਖੋ।
* ਗਹਿਣੇ ਪਹਿਨਣ ਤੋਂ ਬਾਅਦ ਪਰਫਿਊਮ, ਡੀਓ ਜਾਂ ਕਿਸੇ ਹੋਰ ਤਰ੍ਹਾਂ ਦੇ ਸਪਰੇਅ ਦੀ ਵਰਤੋਂ ਨਾ ਕਰੋ।
* ਗਹਿਣਿਆਂ ਨੂੰ ਪਲਾਸਟਿਕ ਜਾਂ ਪੇਪਰ ਬੈਗ ਵਿਚ ਰੱਖੋ। ਗਹਿਣੇ ਉਤਾਰਨ ਤੋਂ ਬਾਅਦ ਨਰਮ ਬੁਰਸ਼ ਦੀ ਮਦਦ ਨਾਲ ਉਸ ਦੀ ਧੂੜ ਸਾਫ਼ ਕਰ ਲਓ। ਇਸ ਤੋਂ ਬਾਅਦ ਇਕ ਪਤਲੇ ਸੂਤੀ ਕੱਪੜੇ ਵਿਚ ਲਪੇਟ ਲਓ।
* ਕਸਰਤ ਕਰਨ ਸਮੇਂ, ਤੈਰਨ ਸਮੇਂ, ਨਹਾਉਣ ਸਮੇਂ ਇਨ੍ਹਾਂ ਗਹਿਣਿਆਂ ਨੂੰ ਨਾ ਪਹਿਨੋ।
* ਇਨ੍ਹਾਂ ਗਹਿਣਿਆਂ ਨੂੰ ਸਾਫ਼ ਕਰਨ ਲਈ ਸਾਬਣ, ਪਾਣੀ ਜਾਂ ਕਲੀਨਿੰਗ ਪਾਊਡਰ ਦੀ ਵਰਤੋਂ ਨਾ ਕਰੋ।
* ਇਨ੍ਹਾਂ ਗਹਿਣਿਆਂ ਨੂੰ ਸਾਫ਼ ਕਰਦੇ ਸਮੇਂ ਪਹਿਲਾਂ ਇਨ੍ਹਾਂ ਦੇ ਅੰਦਰੂਨੀ ਕਿਨਾਰੇ 'ਤੇ ਥੋੜ੍ਹਾ ਜਿਹਾ ਪੈਚ ਟੈਸਟ ਕਰਕੇ ਫਿਰ ਬਾਕੀ ਦੇ ਹਿੱਸੇ ਨੂੰ ਸਾਫ਼ ਕਰੋ।
* ਜ਼ਿਆਦਾ ਹਵਾ ਦੇ ਸੰਪਰਕ ਵਿਚ ਰਹਿਣ 'ਤੇ ਇਨ੍ਹਾਂ ਗਹਿਣਿਆਂ ਦੀ ਚਮਕ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਨੂੰ ਹਮੇਸ਼ਾ ਜਿਪ ਪਾਊਚ ਵਿਚ ਰੱਖੋ ਅਤੇ ਬੰਦ ਕਰਨ ਤੋਂ ਪਹਿਲਾਂ ਪਾਊਚ ਦੀ ਵੀ ਹਵਾ ਚੰਗੀ ਤਰ੍ਹਾਂ ਕੱਢ ਦਿਓ।
* ਜੇਕਰ ਇਨ੍ਹਾਂ ਦੀ ਚਮਕ ਫਿੱਕੀ ਪੈਣ ਲੱਗੇ ਤਾਂ ਇਨ੍ਹਾਂ ਨੂੰ ਰੂੰ ਜਾਂ ਕਿਸੇ ਨਰਮ ਕੱਪੜੇ ਨਾਲ ਹਲਕੇ ਹੱਥਾਂ ਨਾਲ ਪੂੰਝ ਲਓ। ਇਸ ਨਾਲ ਇਨ੍ਹਾਂ ਦੀ ਚਮਕ ਮੁੜ ਆ ਸਕਦੀ ਹੈ।

ਇਮੇਜ ਰਿਫਲੈਕਸ਼ਨ ਸੈਂਟਰ

ਇਰਾਦੇ ਨੇਕ ਹੋਣ ਤਾਂ ਸੁਪਨੇ ਹੁੰਦੇ ਨੇ ਸਾਕਾਰ


ਮਨੁੱਖ, ਚਾਹੇ ਉਹ ਕਿਸੇ ਵੀ ਖੇਤਰ ਵਿਚ ਆਪਣਾ ਕੰਮ-ਕਾਜ ਕਰ ਰਿਹਾ ਹੋਵੇ, ਸਫ਼ਲਤਾ ਦੀ ਚਾਹ ਰੱਖਦਾ ਹੈ। ਅਸੀਂ ਸਭ ਉਚਾਈਆਂ ਨੂੰ ਛੂਹਣਾ ਚਾਹੁੰਦੇ ਹਾਂ ਪਰ ਗ਼ਲਤ ਯੋਜਨਾਵਾਂ ਜਾਂ ਢੰਗ-ਤਰੀਕਿਆਂ ਨਾਲ ਅਸੀਂ ਪਿੱਛੇ ਰਹਿ ਜਾਂਦੇ ਹਾਂ। ਕਿਸੇ ਵੀ ਕੰਮ ਦੀ ਸਫ਼ਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਉਸ ਕੰਮ ਪ੍ਰਤੀ ਕਿੰਨੇ ਕੁ ਗੰਭੀਰ ਹਾਂ।
* ਆਪਣਾ ਦ੍ਰਿਸ਼ਟੀਕੋਣ ਸਪੱਸ਼ਟ ਰੱਖੋ। ਕੀ ਕਰਨਾ ਹੈ ਤੇ ਕੀ ਨਹੀਂ ਕਰਨਾ, ਜੇਕਰ ਸਾਡਾ ਇਹ ਵਿਜ਼ਨ ਸਪੱਸ਼ਟ ਹੋਵੇਗਾ, ਤਾਂ ਹੀ ਅਸੀਂ ਸਹੀ ਦਿਸ਼ਾ ਵੱਲ ਜਾ ਸਕਦੇ ਹਾਂ।
* ਸਾਨੂੰ ਆਪਣੇ-ਆਪ ਨੂੰ ਸੁਚਾਰੂ ਅਤੇ ਯੋਗ ਬਣਾਉਣ ਲਈ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਇੱਛਾ ਰੱਖਣੀ ਜ਼ਰੂਰੀ ਹੈ।
* ਹਰ ਦਿਨ ਦਾ ਆਪਣਾ ਉਦੇਸ਼ ਨਿਸਚਿਤ ਕਰੀਏ ਕਿ ਅਸੀਂ ਅੱਜ ਸਵੇਰੇ, ਦੁਪਹਿਰੇ ਜਾਂ ਸ਼ਾਮੀਂ ਕੀ ਕਰਨਾ ਹੈ।
* ਆਪਣੀ ਪ੍ਰਤਿਭਾ ਅਤੇ ਯੋਗਤਾ ਉੱਪਰ ਵਿਸ਼ਵਾਸ ਰੱਖਦੇ ਅੱਗੇ ਵਧਿਆ ਜਾ ਸਕਦਾ ਹੈ। ਅਸੀਂ ਚੰਗੇ ਚਿੱਤਰਕਾਰ, ਸਿਲਾਈ, ਕਢਾਈ, ਬੁਣਾਈ ਜਾਂ ਕੁਕਿੰਗ ਜਾਣਦੇ ਹਾਂ ਤਾਂ ਇਸ ਸਮਰੱਥਾ ਨੂੰ ਪਛਾਣ ਕੇ ਕੋਈ ਸੈਂਟਰ ਜਾਂ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਪੈਸਾ ਅਤੇ ਕਾਮਯਾਬੀ ਕਮਾਈ ਜਾ ਸਕਦੀ ਹੈ।
* ਵਿਹਲੇ ਬੈਠ ਕੇ ਹੀਣ ਭਾਵਨਾ ਅਤੇ ਨਾਕਾਰਾਤਮਕ ਵਿਚਾਰ ਹੀ ਸਾਡੇ ਦਿਮਾਗ ਵਿਚ ਆਉਂਦੇ ਰਹਿੰਦੇ ਹਨ। ਇਸ ਲਈ ਹਮੇਸ਼ਾ ਕੁਝ ਨਾ ਕੁਝ ਕਰਦੇ ਰਹੀਏ ਤੇ ਚੰਗੇ ਕੰਮਾਂ ਵਿਚ ਆਪਣੇ-ਆਪ ਨੂੰ ਲਗਾਈ ਰੱਖੀਏ।
* ਆਪਣੀ ਸ਼ਖ਼ਸੀਅਤ ਨੂੰ ਖੂਹ ਦੇ ਡੱਡੂ ਵਾਂਗ ਸੀਮਤ ਨਾ ਰੱਖੋ, ਸਗੋਂ ਮਜ਼ਬੂਤੀ ਨਾਲ ਸਮਾਜਿਕ ਕੰਮਾਂ ਅਤੇ ਹੋਰ ਲੋਕਾਂ ਨਾਲ ਤਾਲਮੇਲ ਵਧਾਉਣਾ ਜ਼ਰੂਰੀ ਹੈ।
* ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੇ ਉੱਪਰ ਵਿਸ਼ਵਾਸ ਰੱਖੋ। ਖੁਦ 'ਤੇ ਵਿਸ਼ਵਾਸ ਅਤੇ ਕੰਮ ਪ੍ਰਤੀ ਇਮਾਨਦਾਰੀ ਹੋਵੇ ਤਾਂ ਫਿਰ ਆਪਣੇ ਉਦੇਸ਼ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
* ਆਪਣੇ ਕਿਸੇ ਕੰਮ ਵਿਚ ਅਸਫ਼ਲ ਰਹਿਣ 'ਤੇ ਦੂਜਿਆਂ ਨੂੰ ਦੋਸ਼ ਦੇਣਾ ਛੱਡਣਾ ਚਾਹੀਦਾ ਹੈ। ਆਪਣੀ ਅਸਫ਼ਲਤਾ ਲਈ ਰੱਬ, ਕਿਸਮਤ, ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਦੋਸ਼ ਦੇਣਾ ਛੱਡ ਕੇ ਆਪਣੀਆਂ ਕਮੀਆਂ ਨੂੰ ਸੁਧਾਰਨਾ ਜ਼ਰੂਰੀ ਹੈ।
* ਆਪਣੇ ਸੁਭਾਅ ਵਿਚੋਂ ਹਰ ਵਕਤ ਸ਼ਿਕਾਇਤਾਂ ਕਰਨ ਦੀ ਪ੍ਰਵਿਰਤੀ ਖਤਮ ਕਰ ਦਿਓ। ਸਥਿਤੀਆਂ ਨੂੰ ਸਵੀਕਾਰ ਕਰਕੇ ਉਨ੍ਹਾਂ ਅਨੁਸਾਰ ਢਲ ਕੇ ਹੀ ਖੁਸ਼ ਰਿਹਾ ਜਾ ਸਕਦਾ ਹੈ।
* ਆਪ ਬੋਲਣਾ/ਸਵੈ-ਪ੍ਰਗਟਾਵਾ ਕਰਨਾ ਜ਼ਰੂਰੀ ਹੈ ਪਰ ਦੂਜਿਆਂ ਨੂੰ ਸੁਣਨ ਦੀ ਆਦਤ ਵੀ ਵਿਕਸਿਤ ਕਰਨੀ ਚਾਹੀਦੀ ਹੈ।
* ਆਪਣੀਆਂ ਗ਼ਲਤੀਆਂ ਸਵੀਕਾਰ ਕਰਨਾ ਤੇ ਅੱਗੇ ਤੋਂ ਗ਼ਲਤੀਆਂ ਤੋਂ ਸਬਕ ਸਿੱਖਣ ਦੀ ਆਦਤ ਬਣਾਉਣੀ ਚਾਹੀਦੀ ਹੈ।
ਇਸ ਤਰ੍ਹਾਂ ਜ਼ਿੰਦਗੀ 'ਚ ਸਫਲਤਾ ਤੇ ਖੁਸ਼ੀ ਲਈ ਖੁਦ ਯਤਨ ਕਰਨੇ ਪੈਂਦੇ ਹਨ। ਨਕਾਰਾਤਮਕ ਨਜ਼ਰੀਆ ਸਾਡੀ ਸੋਚ ਨੂੰ ਤੰਗਦਿਲ ਬਣਾ ਦਿੰਦਾ ਹੈ, ਜਦੋਂ ਕਿ ਸਾਕਾਰਾਤਮਿਕ ਨਜ਼ਰੀਆ ਜ਼ਿੰਦਗੀ ਦੀ ਖੂਬਸੂਰਤੀ ਤੇ ਖੁਸ਼ੀ ਵਧਾਉਂਦਾ ਹੈ। ਆਓ, ਫਿਰ ਆਪਣੀ ਸੋਚ ਤੇ ਦ੍ਰਿਸ਼ਟੀਕੋਣ ਨੂੰ ਆਸ਼ਾਵਾਦੀ ਬਣਾਈਏ।

-ਐੱਚ. ਐੱਮ. ਵੀ., ਜਲੰਧਰ।

 

ਕਿਉਂ ਹੁੰਦੀ ਹੈ ਭੈਣਾਂ-ਭਰਾਵਾਂ 'ਚ ਈਰਖਾ

ਅਕਸਰ ਇਹ ਦੇਖਿਆ ਜਾਂਦਾ ਹੈ ਕਿ ਘਰ ਦੇ ਬੱਚਿਆਂ ਵਿਚ ਖਿੱਚੋਤਾਣ ਚਲਦੀ ਰਹਿੰਦੀ ਹੈ। ਮਾਪੇ ਹਰ ਕੋਸ਼ਿਸ਼ ਕਰਦੇ ਹਨ ਕਿ ਬੱਚਿਆਂ ਵਿਚ ਪਿਆਰ ਦੀ ਭਾਵਨਾ ਬਣੀ ਰਹੇ ਪਰ ਆਪਣੀ ਸੋਚ ਤੇ ਰਵੱਈਏ ਕਾਰਨ ਹੀ ਉਹ ਆਪਣੇ ਬੱਚਿਆਂ ਵਿਚ ਮਾਨਸਿਕ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੇ ਹਨ। ਮੇਰੇ ਕੋਲ ਅਕਸਰ ਅਜਿਹੇ ਕੇਸ ਆਉਂਦੇ ਰਹਿੰਦੇ ਹਨ। ਈਰਖਾ ਅਜਿਹੀਆਂ ਸਾਰੀਆਂ ਮੁਸ਼ਕਿਲਾਂ ਦੀ ਜੜ੍ਹ ਹੈ। ਮਾਪੇ ਆਪਣੇ-ਆਪ ਵਿਚ ਹਰ ਹੀਲਾ ਅਪਣਾਉਂਦੇ ਹਨ ਪਰ ਮੁਸ਼ਕਿਲ ਨੂੰ ਸੁਧਾਰਨ ਦੀ ਬਜਾਏ ਵਿਗਾੜ ਕੇ ਰੱਖ ਦਿੰਦੇ ਹਨ।
ਪਹਿਲਾਂ ਅਸੀਂ ਦੇਖ ਲਈਏ ਕਿ ਕੀ ਹੁੰਦੀ ਹੈ ਭੈਣਾਂ-ਭਰਾਵਾਂ 'ਚ ਈਰਖਾ। ਈਰਖਾ ਉਦੋਂ ਪੈਦਾ ਹੁੰਦੀ ਹੈ, ਜਦੋਂ ਘਰ ਵਿਚ ਦੂਜਾ ਬੱਚਾ ਜਨਮ ਲੈਂਦਾ ਹੈ। ਕਿਉਂਕਿ ਪਹਿਲਾਂ ਪਹਿਲੇ ਬੱਚੇ ਨੂੰ ਮਾਪਿਆਂ ਦਾ ਸਾਰਾ ਪਿਆਰ ਤੇ ਸਨੇਹ ਮਿਲਦਾ ਹੁੰਦਾ ਸੀ, ਨਵੇਂ ਬੱਚੇ ਦੇ ਆਉਣ ਤੋਂ ਬਾਅਦ ਪਿਆਰ ਤੇ ਸਨੇਹ ਉਸ ਨੂੰ ਘੱਟ ਤੇ ਨਵੇਂ ਆਏ ਬੱਚੇ ਨੂੰ ਜ਼ਿਆਦਾ ਮਿਲਣਾ ਸ਼ੁਰੂ ਹੋ ਜਾਂਦਾ ਹੈ। ਮਾਪੇ ਆਪਣੇ ਕੰਮ ਤੋਂ ਸਮਾਂ ਨਹੀਂ ਕੱਢ ਸਕਦੇ ਤੇ ਬੱਚੇ ਨੂੰ ਨਵੇਂ ਬੱਚੇ ਦੇ ਆਉਣ ਤੋਂ ਪਹਿਲਾਂ ਦੱਸਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਘਰ ਵਿਚ ਕੋਈ ਨਵਾਂ ਜੀਅ ਆਉਣ ਵਾਲਾ ਹੈ। ਜੇਕਰ ਬੱਚੇ ਨੂੰ ਪਹਿਲਾਂ ਹੀ ਇਸ ਬਾਰੇ ਸੁਚੇਤ ਕਰ ਦਿੱਤਾ ਜਾਵੇ ਕਿ ਨਵਾਂ ਜੀਅ ਉਸ ਦਾ ਭਰਾ ਜਾਂ ਭੈਣ ਹੋਵੇਗਾ, ਜਿਸ ਦਾ ਪਹਿਲਾਂ ਸਾਨੂੰ ਧਿਆਨ ਰੱਖਣਾ ਪਵੇਗਾ ਤੇ ਫਿਰ ਉਹ ਵੀ ਉਸ ਨਾਲ ਪਿਆਰ ਨਾਲ ਰਹਿਣਾ ਸ਼ੁਰੂ ਕਰ ਦੇਵੇਗਾ ਤਾਂ ਇਹ ਆਸ ਦੀ ਕਿਰਨ ਪਹਿਲੇ ਬੱਚੇ ਵਾਸਤੇ ਸੋਨੇ 'ਤੇ ਸੁਹਾਗੇ ਦਾ ਕੰਮ ਕਰੇਗੀ।
ਦੂਜੀ ਸਮੱਸਿਆ ਉਦੋਂ ਖੜ੍ਹੀ ਹੁੰਦੀ ਹੈ, ਜਦੋਂ ਮਾਪੇ ਪਹਿਲੇ ਬੱਚੇ ਦੇ ਜ਼ਿੱਦ ਕਰਨ 'ਤੇ ਉਸ ਨੂੰ ਡਾਂਟਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਉਸ ਵਿਚ ਨਫ਼ਰਤ ਤੇ ਈਰਖਾ ਦੀ ਭਾਵਨਾ ਹੋਰ ਵੀ ਉਤੇਜਿਤ ਹੋ ਜਾਂਦੀ ਹੈ ਤੇ ਉਸ ਨੂੰ ਮਾਨਸਿਕ ਰੋਗਾਂ ਵੱਲ ਖਿੱਚ ਲੈਂਦੀ ਹੈ। ਨਤੀਜਾ ਇਹ ਹੁੰਦਾ ਹੈ ਕਿ ਮਾਪੇ ਉਸ ਬੱਚੇ ਨੂੰ ਚੇਲੇ-ਚਪਟਿਆਂ ਕੋਲ ਲੈ ਜਾਂਦੇ ਹਨ ਤੇ ਮੁਸੀਬਤ ਹੋਰ ਵੀ ਵਧ ਜਾਂਦੀ ਹੈ।
ਅਜਿਹੀ ਮੁਸੀਬਤ ਆਉਣ 'ਤੇ ਛੇਤੀ ਤੋਂ ਛੇਤੀ ਬੱਚੇ ਨੂੰ ਕਿਸੇ ਸਮਝਦਾਰ ਤੇ ਅਨੁਭਵੀ ਵਿਗਿਆਨੀ ਨੂੰ ਜਾਂ ਕਿਸੇ ਮਨੋਚਿਕਿਤਸਕ ਨੂੰ ਵਿਖਾਉਣ ਦੀ ਕੋਸ਼ਿਸ਼ ਕਰੋ। ਈਰਖਾ ਇਕ ਮਾਮੂਲੀ ਜਿਹੀ ਗੱਲ ਲਗਦੀ ਹੈ, ਬੜੀਆਂ ਹੀ ਮਾਨਸਿਕ ਬਿਮਾਰੀਆਂ ਦੀ ਜੜ੍ਹ ਹੈ। ਚੰਗੇ ਤੇ ਸੁਲਝੇ ਮਾਪੇ ਉਹੀ ਹੁੰਦੇ ਹਨ, ਜਿਹੜੇ ਆਪਣੇ ਬੱਚਿਆਂ ਦੀ ਸਹੀ ਦੇਖਭਾਲ ਤੇ ਪਾਲਣ-ਪੋਸ਼ਣ ਕਰਦੇ ਹਨ। ਸੋ, ਅਜਿਹੀਆਂ ਗੱਲਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਤੇ ਆਪਣੇ ਬੱਚੇ ਦਾ ਭਵਿੱਖ ਉਜਵਲ ਬਣਾਓ।

-ਪ੍ਰੋ: ਡੀ. ਸੀ. ਸ਼ਰਮਾ,
ਮਨੋਵਿਗਿਆਨੀ ਤੇ ਕੈਰੀਅਰ ਮਾਹਿਰ, ਨੇੜੇ ਗੀਤਾ ਭਵਨ, ਵਾ: ਨੰ: 3, ਕਾਂਗੜਾ (ਹਿ: ਪ੍ਰ:)-176001





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX