ਤਾਜਾ ਖ਼ਬਰਾਂ


' ਅਯੂਸ਼ਮਾਨ ਭਾਰਤ ' ਯੋਜਨਾ ਨੂੰ ਕੈਬਨਿਟ ਦੀ ਮਨਜ਼ੂਰੀ
. . .  27 minutes ago
ਗੜੇਮਾਰੀ ਕਾਰਨ ਕਣਕ, ਮੱਕੀ ਅਤੇ ਚਾਰੇ ਨੂੰ ਨੁਕਸਾਨ
. . .  59 minutes ago
ਖਮਾਣੋਂ,21 ਮਾਰਚ [ਮਨਮੋਹਣ ਸਿੰਘ ਕਲੇਰ]- ਅਜ ਰਾਤ ਪੌਣੇ 9 ਵਜੇ ਦਰਮਿਆਨੀ ਬਾਰਸ਼ ਅਤੇ ਗੜੇਮਾਰੀ ਕਾਰਨ ਖਮਾਣੋਂ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਕਣਕ , ਮੱਕੀ ਦੀ ਫ਼ਸਲ ਅਤੇ ਚਾਰੇ ਦਾ ਭਾਰੀ ਨੁਕਸਾਨ ਹੋਇਆ ...
ਕੁਪਵਾੜਾ 'ਚ ਮੁੱਠਭੇੜ ਚ ਹੁਣ ਤੱਕ 5 ਅੱਤਵਾਦੀ ਮਾਰੇ ਗਏ
. . .  about 1 hour ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 21 ਮਾਰਚ - ਜੰਮੂ-ਕਸ਼ਮੀਰ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਪਾਕਿਸਤਾਨ ਵੱਲੋਂ ਮੁੜ ਤੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ।
ਚੰਡੀਗੜ੍ਹ ਅਦਾਲਤ 'ਚ ਖਹਿਰਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ
. . .  about 2 hours ago
ਚੰਡੀਗੜ੍ਹ,21 ਮਾਰਚ [ਰਣਜੀਤ ਢਿੱਲੋਂ]-ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਬਰਨਾਲਾ ਅਕਾਲੀ ਦਲ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਨੇ ਮਾਣਹਾਨੀ ਦਾ ਕੇਸ ਚੰਡੀਗੜ੍ਹ...
ਮੁੰਬਈ 'ਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਲਈ 24 ਮਾਰਚ ਨੂੰ ਹੋਵੇਗਾ ਪ੍ਰਦਰਸ਼ਨੀ ਮੈਚ - ਗਾਵਸਕਰ
. . .  about 3 hours ago
ਮੁੰਬਈ, 21 ਮਾਰਚ - ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ 24 ਮਾਰਚ ਨੂੰ ਮੁੰਬਈ ਦੇ ਵਾਨਖੇੜੇ...
ਪ੍ਰੋਫੈਸਰ ਅਤੁਲ ਜੌਹਰੀ ਖ਼ਿਲਾਫ਼ ਕੇਸ ਵਾਪਸ ਲੈਣ ਲਈ ਦਬਾਅ - ਵਿਦਿਆਰਥਣਾਂ
. . .  about 3 hours ago
ਨਵੀਂ ਦਿੱਲੀ, 21 ਮਾਰਚ - ਜੇ.ਐਨ.ਯੂ ਪ੍ਰੋਫੈਸਰ ਅਤੁਲ ਜੌਹਰੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਕੇਸ ਵਾਪਸ...
ਕਾਰ ਹਾਦਸਾਗ੍ਰਸਤ ਹੋਣ ਕਾਰਨ 4 ਮੌਤਾਂ, 4 ਜ਼ਖਮੀ
. . .  about 4 hours ago
ਸ਼ਿਮਲਾ, 21 ਮਾਰਚ - ਸ਼ਿਮਲਾ ਦੇ ਬਨੂਟੀ ਨੇੜੇ ਇੱਕ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਕਾਰ ਸਵਾਰ 4 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ...
ਚੌਥੇ ਅੱਤਵਾਦੀ ਦੀ ਲਾਸ਼ ਵੀ ਬਰਾਮਦ, ਮੁੱਠਭੇੜ ਜਾਰੀ - ਡੀ.ਜੀ.ਪੀ
. . .  about 4 hours ago
ਨਸ਼ੀਲੇ ਪਦਾਰਥਾਂ ਸਮੇਤ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  about 4 hours ago
ਹੋਰ ਖ਼ਬਰਾਂ..
  •     Confirm Target Language  

ਬਾਲ ਸੰਸਾਰ

ਕਦੇ ਬਸਤਿਆਂ 'ਚ ਜ਼ਰੂਰੀ ਹੁੰਦੀ ਸੀ 'ਫੱਟੀ ਤੇ ਦਵਾਤ'

ਪੁਰਾਤਨ ਤੇ ਅਜੋਕਾ ਪੰਜਾਬ ਹਰ ਪੱਖੋਂ ਬਦਲ ਗਿਆ ਹੈ। ਪੁਰਾਣੇ ਵੇਲਿਆਂ 'ਚ ਪੜ੍ਹਾਈ ਕਰਾਉਣ ਦਾ ਇਕ ਤਰੀਕਾ ਹੁੰਦਾ ਸੀ, ਜਿਸ ਬਾਰੇ ਅੱਜ ਦੇ ਬੱਚਿਆਂ ਨੂੰ ਸ਼ਾਇਦ ਹੀ ਪਤਾ ਹੋਵੇ। ਪੁਰਾਣੇ ਵੇਲਿਆਂ 'ਚ ਪੜ੍ਹਣ ਤੇ ਪੜ੍ਹਾਉਣ ਦੇ ਤਰੀਕੇ ਬਿਲਕੁਲ ਸਾਦੇ ਢੰਗ ਦੇ ਹੁੰਦੇ ਸਨ। ਬੱਚਿਆਂ ਕੋਲ ਲਿਖਣ ਲਈ ਇਕ ਲੱਕੜ ਦੀ ਫੱਟੀ ਹੁੰਦੀ ਸੀ, ਜਿਸ 'ਤੇ ਲਿਖਣ ਲਈ ਬੱਚੇ ਦਵਾਤ, ਜਿਸ ਵਿਚ ਕਾਲੀ ਸਿਆਹੀ ਹੁੰਦੀ ਸੀ ਤੇ ਕਲਮ, ਜੋ ਜ਼ਿਆਦਾਤਰ ਕਾਨ੍ਹਿਆਂ ਦੀ ਬਣੀ ਹੁੰਦੀ ਸੀ, ਦੀ ਵਰਤੋਂ ਕਰਦੇ ਸਨ। ਕਲਮ ਨਾਲ ਫੱਟੀ 'ਤੇ ਲਿਖਿਆ ਗੂੜ੍ਹੇ ਰੰਗ ਦਾ ਹੁੰਦਾ ਸੀ। ਇਸ ਤੋਂ ਇਲਾਵਾ ਰਲ ਕੇ ਫੱਟੀ ਪੋਚਣਾ, ਰਲ ਕੇ ਦਵਾਤ ਤੇ ਕਲਮਾਂ ਵਰਤਣੀਆਂ ਆਦਿ ਨਾਲ ਬੱਚਿਆਂ 'ਚ ਆਪਸੀ ਮਿਲਵਰਤਨ ਦੀ ਭਾਵਨਾ ਬਣਦੀ ਸੀ। ਬੱਚੇ ਫੱਟੀ ਨੂੰ ਪੂਰੇ ਚਾਅ ਨਾਲ ਪੋਚਦੇ ਸਨ, ਪੁਰਾਣੇ ਵੇਲਿਆਂ 'ਚ ਘਰਾਂ ਦੇ ਵਿਹੜਿਆਂ 'ਚ ਪੋਚੀਆਂ ਫੱਟੀਆਂ ਸੁੱਕਣੀਆਂ ਪਈਆਂ ਆਮ ਹੀ ਦਿਸਦੀਆਂ ਸਨ।
ਅੱਜ ਸਮਾਂ ਬਦਲ ਗਿਆ ਹੈ, ਪੰਜਾਬ ਤਰੱਕੀ ਦੀਆਂ ਰਾਹਾਂ 'ਤੇ ਹੈ, ਦਿਨ-ਬ-ਦਿਨ ਹਰ ਕਿੱਤੇ 'ਚ ਸੁਧਾਰ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਜਿਥੇ ਪਹਿਲਾਂ ਦੇ ਸਮਿਆਂ 'ਚ ਬੱਚਿਆਂ ਦੇ ਬਸਤਿਆਂ 'ਚ ਕਲਮ, ਦਵਾਤਾਂ, ਫੱਟੀਆਂ ਹੁੰਦੀਆਂ ਸਨ, ਉਥੇ ਹੀ ਅੱਜ ਬੱਚਿਆਂ ਦੇ ਬਸਤਿਆਂ 'ਚ ਮੋਟੀਆਂ-ਮੋਟੀਆਂ ਕਿਤਾਬਾਂ, ਸਟਾਈਲਿਸ਼ ਲਿਖਣ ਦੇ ਸਾਧਨ ਵਰਗੇ ਬਦਲਾਅ ਵਿਖਾਈ ਦੇ ਰਹੇ ਹਨ। ਅੱਜ ਦੇ ਸਮੇਂ 'ਚ ਬੱਚਿਆਂ 'ਚ ਪੜ੍ਹਾਈ ਨੂੰ ਲੈ ਕੇ ਤਨਾਅ ਪਾਇਆ ਜਾ ਰਿਹਾ ਹੈ ਤੇ ਜ਼ਿਆਦਾਤਰ ਬੱਚਿਆਂ ਦੇ ਅੱਜ ਐਨਕਾਂ ਲੱਗ ਗਈਆਂ ਹਨ। ਇਸ ਦੇ ਉਲਟ ਪਹਿਲਾਂ ਦੇ ਸਮਿਆਂ 'ਚ ਪੜ੍ਹਾਈ ਖੁੱਲ੍ਹੇ-ਡੁੱਲ੍ਹੇ ਵਾਤਾਵਰਨ ਤੇ ਸਾਦੇ ਢੰਗ ਨਾਲ ਹੋਣ ਕਰਕੇ ਨਾ ਤਾਂ ਬੱਚਿਆਂ ਦਾ ਮਾਨਸਿਕ ਵਿਕਾਸ ਰੁਕਦਾ ਸੀ ਤੇ ਨਾ ਹੀ ਕੋਈ ਸਰੀਰਕ ਨੁਕਸਾਨ ਹੁੰਦਾ ਸੀ। ਪਹਿਲਾਂ ਜਿੱਥੇ ਪੜ੍ਹਾਈ ਲਈ ਵਰਤੀ ਜਾਂਦੀ ਫੱਟੀ ਮਹਿਜ਼ 2-3 ਰੁਪਏ 'ਚ ਮਿਲਦੀ ਸੀ, ਜੋ ਕਿ ਪੂਰਾ ਸਾਲ ਹੰਢਦੀ ਸੀ, ਉਥੇ ਹੀ ਅੱਜ ਦੇ ਸਮੇਂ 'ਚ ਭਾਰੀ ਪੁਸਤਕਾਂ, ਪੈੱਨ, ਪੈਨਸਿਲਾਂ ਤੇ ਹੋਰ ਸਾਧਨ ਕਾਫ਼ੀ ਮਹਿੰਗੇ ਹੋ ਰਹੇ ਹਨ, ਜਿਸ ਕਰਕੇ ਅੱਜ ਦੇ ਮਹਿੰਗਾਈ ਵਾਲੇ ਸਮੇਂ 'ਚ ਅਜਿਹੀ ਪੜ੍ਹਾਈ ਆਪਣੇ ਬੱਚਿਆਂ ਨੂੰ ਕਰਾਉਣਾ ਕਿਸੇ ਮਾੜੇ-ਮੋਟੇ ਬੰਦੇ ਦੇ ਵੱਸੋਂ ਬਾਹਰ ਦੀ ਗੱਲ ਹੋ ਰਹੀ ਹੈ। ਇਸ ਤੋਂ ਇਲਾਵਾ ਉਕਤ ਨੁਕਸਾਨਾਂ ਤੇ ਪੇਂਡੂ ਸੱਭਿਅਤਾ ਨੂੰ ਵੇਖਦਿਆਂ ਸਬੰਧਤ ਵਿਭਾਗ ਨੂੰ ਸਕੂਲਾਂ 'ਚ ਫੱਟੀਆਂ ਨੂੰ ਮੁੜ ਉਜਾਗਰ ਕਰਨਾ ਚਾਹੀਦਾ ਹੈ, ਤਾਂ ਜੋ ਇਸ ਅਲੋਪ ਹੋਈ ਪ੍ਰਕਿਰਿਆ ਨੂੰ ਇਕ ਨਵਾਂ ਰੂਪ ਮਿਲ ਸਕੇ ਤੇ ਬੱਚੇ ਆਪਣੇ ਪੰਜਾਬ ਦੇ ਇਤਿਹਾਸ ਤੋਂ ਜਾਣੂ ਹੋ ਸਕਣ।


-ਪਿੰਡ ਤੇ ਡਾਕ: ਭੰਗਚੜੀ (ਸ੍ਰੀ ਮੁਕਤਸਰ ਸਾਹਿਬ)। ਮੋਬਾ: 95015-08202


ਖ਼ਬਰ ਸ਼ੇਅਰ ਕਰੋ

ਸਿੱਖ ਜਰਨੈਲ-8

ਮਹਾਰਾਜਾ ਰਣਜੀਤ ਸਿੰਘ

ਮਹਾਰਾਜਾ ਰਣਜੀਤ ਸਿੰਘ (1780-1839) ਨੂੰ ਸ਼ੇਰ-ਏ-ਪੰਜਾਬ ਕਰਕੇ ਵੀ ਯਾਦ ਕੀਤਾ ਜਾਂਦਾ ਹੈ। ਉਹ ਸਿੱਖ ਇਤਿਹਾਸ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਅਤੇ ਸਭ ਤੋਂ ਹਰਮਨ ਪਿਆਰੀ ਸ਼ਖ਼ਸੀਅਤ ਰਹੇ ਹਨ। ਉਨ੍ਹਾਂ ਦਾ ਰਾਜ ਪੱਛਮ ਵਿਚ ਖੈਬਰ ਪਾਸ ਤੋਂ ਲੈ ਕੇ ਪੂਰਬ ਤੱਕ ਸਤਲੁਜ ਨਦੀ ਤੱਕ, ਉੱਤਰ ਵਿਚ ਕਸ਼ਮੀਰ ਤੋਂ ਲੈ ਕੇ ਦੱਖਣ ਵਿਚ ਸਿੰਧ ਤੱਕ ਫੈਲਿਆ ਹੋਇਆ ਸੀ। ਇਸ ਰਾਜ ਵਿਚ ਲਾਹੌਰ, ਮੁਲਤਾਨ, ਪੇਸ਼ਾਵਰ ਤੇ ਕਸ਼ਮੀਰ ਅਤੇ ਇਨ੍ਹਾਂ ਨਾਲ ਸਬੰਧਤ ਇਲਾਕੇ ਸ਼ਾਮਿਲ ਸਨ। ਇਹ 1,00,436 ਵਰਗ ਮੀਲ ਖੇਤਰ ਤੱਕ ਫੈਲਿਆ ਹੋਇਆ ਸੀ, ਜਿਸ ਵਿਚ ਅਨੁਮਾਨਤ ਆਬਾਦੀ 53,50,000 ਸੀ।
ਰਣਜੀਤ ਸਿੰਘ ਇਕ ਘੱਟ ਰਾਜਨੀਤਕ ਪਿਛੋਕੜ ਵਾਲੇ ਪਰਿਵਾਰ ਨਾਲ ਸਬੰਧ ਰੱਖਦੇ ਸਨ, ਜਿਸ ਹੇਠ ਥੋੜ੍ਹੇ ਜਿਹੇ ਘੋੜ ਸਵਾਰਾਂ ਦਾ ਇਕ ਜਥਾ ਹੀ ਸੀ। ਪਰ ਫਿਰ ਵੀ ਉਹ ਹਜ਼ਾਰਾਂ ਸਾਲਾਂ ਦੇ ਇਤਿਹਾਸ ਵਿਚ ਪਹਿਲੇ ਭਾਰਤੀ ਹੋਏ, ਜਿਨ੍ਹਾਂ ਨੇ ਉੱਤਰ-ਪੱਛਮ ਫਰੰਟੀਅਰ ਦੇ ਹਮਲਾਵਰਾਂ ਦੇ ਹੜ੍ਹ ਨੂੰ ਠੱਲ੍ਹ ਪਾਈ ਅਤੇ ਹਿੰਦੁਸਤਾਨ ਦੇ ਪਰੰਪਰਿਕ ਜੇਤੂਆਂ ਦੀ ਜ਼ਮੀਨ 'ਤੇ ਜਾ ਕੇ ਆਪਣਾ ਝੰਡਾ ਗੱਡਿਆ।
ਬਚਪਨ ਵਿਚ ਹੋਈ ਬਿਮਾਰੀ ਕਰਕੇ ਰਣਜੀਤ ਸਿੰਘ ਖੱਬੀ ਅੱਖ ਤੋਂ ਦੇਖ ਨਹੀਂ ਸਕਦੇ ਸਨ। ਉਨ੍ਹਾਂ ਨੇ ਕੋਈ ਸਕੂਲੀ ਸਿੱਖਿਆ ਹਾਸਲ ਨਹੀਂ ਕੀਤੀ ਅਤੇ ਜ਼ਿਆਦਾਤਰ ਸਮਾਂ ਘੋੜ ਸਵਾਰੀ ਤੇ ਨੱਠ-ਭੱਜ ਵਿਚ ਹੀ ਬਿਤਾਇਆ। 1796 ਵਿਚ ਉਨ੍ਹਾਂ ਦਾ ਵਿਆਹ ਮਹਿਤਾਬ ਕੌਰ ਨਾਲ ਹੋ ਗਿਆ, ਜੋ ਕਿ ਕਨਹੀਆ ਮਿਸਲ ਦੀ ਆਗੂ, ਸਰਦਾਰਨੀ ਸਦਾ ਕੌਰ ਦੀ ਸਪੁੱਤਰੀ ਸੀ। ਸਰਦਾਰਨੀ ਸਦਾ ਕੌਰ ਨੇ ਨੌਜਵਾਨ ਰਣਜੀਤ ਸਿੰਘ ਨੂੰ ਉਸ ਦੀਆਂ ਸ਼ੁਰੂਆਤੀ ਲੜਾਈਆਂ ਤੇ ਹਮਲਿਆਂ ਵਿਚ ਭਰਪੂਰ ਸਾਥ ਦਿੱਤਾ।
18 ਸਾਲ ਦੀ ਉਮਰ ਵਿਚ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਅਗਵਾਈ ਕੀਤੀ। ਇਨ੍ਹਾਂ ਨੂੰ 1801 ਵਿਚ 'ਮਹਾਰਾਜਾ' ਦੀ ਉਪਾਧੀ ਨਾਲ ਨਿਵਾਜਿਆ ਗਿਆ। ਇਨ੍ਹਾਂ ਦੀ ਸਰਕਾਰ ਨੂੰ 'ਸਰਕਾਰ ਖ਼ਾਲਸਾ' ਕਿਹਾ ਜਾਂਦਾ, ਕਿਉਂਕਿ ਇਹ ਇਕ ਸੁਤੰਤਰ ਤੇ ਉਪਕਾਰੀ, ਪੂਰਨ ਕੇਂਦਰੀ ਸ਼ਾਸਤ ਰਾਜ-ਤੰਤਰ ਸੀ। ਇਸ ਦੀ ਉੱਤਮ ਸ੍ਰੇਸ਼ਟਤਾ, ਇਸ ਦੀ ਧਾਰਮਿਕ ਉਦਾਰਤਾ ਅਤੇ ਅਮਲੀ ਨਿਪੁੰਨਤਾ ਕਰਕੇ ਸੀ। ਉਨ੍ਹਾਂ ਨੇ ਆਪਣੇ ਰਾਜ ਦੇ ਸਿੱਕਿਆਂ ਨੂੰ ਗੁਰੂ ਦੇ ਨਾਂਅ 'ਤੇ ਜਾਰੀ ਕੀਤਾ ਅਤੇ ਉਨ੍ਹਾਂ 'ਤੇ ਆਪਣਾ ਨਾਂਅ ਜਾਂ ਮੂਰਤ ਅੰਕਿਤ ਨਹੀਂ ਕੀਤੀ। ਇਸੇ ਤਰ੍ਹਾਂ ਹੀ ਸਰਕਾਰੀ ਮੋਹਰ 'ਤੇ ਵੀ ਮਹਾਰਾਜਾ ਦਾ ਨਾਂਅ ਅੰਕਿਤ ਨਹੀਂ ਸੀ।
ਭਾਵੇਂ ਇਹ ਰਾਜ ਸੈਨਿਕ ਬਲ ਤੇ ਲਗਾਤਾਰ ਹੋ ਰਹੀਆਂ ਜਿੱਤਾਂ ਕਰਕੇ ਸੀ ਪਰ ਫਿਰ ਵੀ ਇਹ ਬਹੁਤ ਹਰਮਨ-ਪਿਆਰਾ ਸੀ। ਇਕ ਨਿਪੁੰਨ ਮਹਾਰਾਜਾ ਵਜੋਂ ਰਣਜੀਤ ਸਿੰਘ ਕੋਲ ਵੱਡੀ ਸ਼ਕਤੀ ਸੀ, ਜੋ ਉਹ ਸਰਬੱਤ ਦੇ ਭਲੇ ਲਈ ਵਰਤਦੇ ਸਨ, ਭਾਵੇਂ ਉਹ ਹਿੰਦੂ, ਸਿੱਖ, ਮੁਸਲਮਾਨ ਜਾਂ ਕੋਈ ਹੋਰ ਹੋਵੇ। ਆਪ ਦੇ ਵਜ਼ੀਰਾਂ ਵਿਚ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਿਲ ਸਨ। ਆਪ ਦੀ ਫੌਜ ਦਾ ਕੇਂਦਰ ਬਿੰਦੂ ਭਾਵੇਂ ਸਿੱਖ ਸੀ ਪਰ ਉਸ ਵਿਚ ਮੁਸਲਿਮ, ਹਿੰਦੂ ਤੇ ਅੰਗਰੇਜ਼ ਅਫ਼ਸਰ ਵੀ ਸ਼ਾਮਿਲ ਸਨ। ਆਪਣੇ ਧਰਮ ਵਿਚ ਪ੍ਰਪੱਕ ਰਹਿੰਦੇ ਹੋਏ ਮਹਾਰਾਜਾ ਆਪਣੇ ਮੁਸਲਿਮ ਵਜ਼ੀਰਾਂ ਦੇ ਕਾਰਜਾਂ ਅਤੇ ਹਿੰਦੂ ਮੰਤਰੀਆਂ ਦੇ ਤਿਉਹਾਰਾਂ ਵਿਚ ਵੀ ਸ਼ਮੂਲੀਅਤ ਕਰਦੇ।
ਮਹਾਰਾਜਾ ਨੇ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਕਰਵਾ ਕੇ ਸੰਗਮਰਮਰ ਲਗਵਾਇਆ ਅਤੇ ਉਸ ਦੇ ਗੁੰਬਦਾਂ 'ਤੇ ਸੋਨੇ ਦੀ ਸੇਵਾ ਕਰਵਾਈ। ਇਸ ਤੋਂ ਬਾਅਦ ਇਸ ਨੂੰ 'ਗੋਲਡਨ ਟੈਂਪਲ' ਵੀ ਕਿਹਾ ਜਾਣ ਲੱਗਾ। ਮਹਾਰਾਜਾ ਆਪਣੇ-ਆਪ ਨੂੰ ਗੁਰੂ-ਘਰ ਦਾ ਸੇਵਕ ਹੀ ਸਮਝਦੇ ਸਨ ਅਤੇ ਇਸ ਗੱਲ ਦਾ ਪ੍ਰਤੱਖ ਰੂਪ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ 'ਤੇ ਲੱਗੀ ਤਖ਼ਤੀ ਤੋਂ ਮਿਲਦਾ ਹੈ : 'ਸ੍ਰੀ ਮਹਾਰਾਜ ਗੁਰੂ ਸਾਹਿਬ ਨੇ ਆਪਣੇ ਪਰਮ ਸੇਵਕ ਸਿੱਖ ਜਾਣ ਕਰ ਸ੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਸ੍ਰੀ ਮਹਾਰਾਜ ਸਿੰਘ ਸਾਹਿਬ ਰਣਜੀਤ ਸਿੰਘ ਜੀ ਪਰ ਦਯਾ ਕਰਕੈ ਕਰਾਈ।'
ਮਹਾਰਾਜਾ ਰਣਜੀਤ ਸਿੰਘ ਆਪਣੇ ਸਮੇਂ ਤੋਂ ਬਹੁਤ ਅੱਗੇ ਦੀ ਸੋਚ ਰੱਖਦੇ ਸਨ। ਉਨ੍ਹਾਂ ਨੇ ਮੱਧ-ਕਾਲ ਵਾਂਗ ਕੋਈ ਰਾਜ-ਧਰਮ ਨਿਸ਼ਚਤ ਨਹੀਂ ਕੀਤਾ। ਉਨ੍ਹਾਂ ਦੇ ਅਧੀਨ ਪੰਜਾਬ ਸਭ ਤੋਂ ਵੱਧ ਪ੍ਰਫੁਲਤ ਅਤੇ ਸਿੱਖਿਅਕ ਰਾਜ ਬਣਿਆ ਰਿਹਾ। ਉਨ੍ਹਾਂ ਦੇ ਰਾਜ ਵਿਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ।
ਬਿਮਾਰੀ ਕਾਰਨ ਲਾਹੌਰ ਵਿਚ ਮਹਾਰਾਜਾ ਰਣਜੀਤ ਸਿੰਘ 27 ਜੂਨ, 1839 ਨੂੰ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੀ ਮੌਤ ਤੋਂ ਬਾਅਦ ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ 1849 ਵਿਚ ਪੰਜਾਬ ਨੂੰ ਭਾਰਤ ਵਿਚਲੇ ਅੰਗਰੇਜ਼ ਰਾਜ ਵਿਚ ਸ਼ਾਮਿਲ ਕਰ ਲਿਆ, ਜਿਸ ਨਾਲ ਸਿੱਖਾਂ ਦਾ ਉੱਤਰ-ਪੱਛਮ ਭਾਰਤ ਦੇ ਇਲਾਕਿਆਂ ਵਿਚ ਰਾਜ ਦਾ ਅੰਤ ਹੋ ਗਿਆ। (ਸਮਾਪਤ)
(ਪੁਸਤਕ 'ਸਿੱਖ ਜਰਨੈਲ' 'ਚੋਂ ਧੰਨਵਾਦ ਸਹਿਤ)

ਅਨਮੋਲ ਬਚਨ

* ਹੱਸਦਿਆਂ ਨੂੰ ਰੁਆ ਤਾਂ ਕੋਈ ਵੀ ਸਕਦਾ ਹੈ ਪਰ ਰੋਂਦਿਆਂ ਨੂੰ ਹਸਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ।
* ਪ੍ਰੀਖਿਆ ਇਕ ਅਜਿਹੀ ਚੀਜ਼ ਹੈ, ਜੋ ਜ਼ਿੰਦਗੀ ਵਿਚ ਵਾਰ-ਵਾਰ ਮਿਲਦੀ ਹੈ।
* ਜਿਥੇ ਔਰਤ ਦਾ ਆਦਰ ਨਹੀਂ ਹੁੰਦਾ, ਪਰਮਾਤਮਾ ਵੀ ਉਥੇ ਖੁਸ਼ ਨਹੀਂ ਹੁੰਦਾ।
* ਹਾਲਾਤ ਕਈ ਵਾਰ ਇਨਸਾਨ ਨੂੰ ਅਜਿਹਾ ਬਣਾ ਦਿੰਦੇ ਹਨ ਜੋ ਉਹ ਹੁੰਦਾ ਹੀ ਨਹੀਂ ਅਤੇ ਜੋ ਉਹ ਹੁੰਦਾ, ਸ਼ਾਇਦ ਕਿਸੇ ਨੂੰ ਦਿਖਾਈ ਹੀ ਨਹੀਂ ਦਿੰਦਾ।
* ਕਿਸੇ ਦਾ ਸੁਹੱਪਣ ਦੇਖਣ ਤੋਂ ਪਹਿਲਾਂ ਉਸ ਦੇ ਗੁਣ ਦੇਖੋ।
* ਬਦਲਾ ਲੈਣ ਦੀ ਖੁਸ਼ੀ ਸਿਰਫ ਇਕ ਦਿਨ ਹੀ ਹੁੰਦੀ ਹੈ ਪਰ ਮੁਆਫ਼ ਕਰ ਦੇਣ ਦਾ ਮਾਣ ਉਮਰ ਭਰ ਦਾ।


-ਬਲਵਿੰਦਰ ਜੀਤ ਕੌਰ,
ਪਿੰਡ ਚੱਕਲਾਂ (ਰੂਪਨਗਰ)।
ਮੋਬਾ: 94649-18161

ਬੁਝਾਰਤਾਂ

1. ਪਹਾੜੋਂ ਉੱਤਰੇ ਬਗਲੇ, ਹਰੀਆਂ ਟੋਪੀਆਂ, ਲਾਲ ਕੱਪੜੇ।
2. ਗੋਲ-ਗੋਲ ਤੇ ਗੁੰਝਲਦਾਰ, ਉਸ ਦੇ ਅੰਦਰ ਭਰੀ ਮਿਠਾਸ।
ਬੁੱਝੋ ਬੱਚਿਓ, ਚੀਜ਼ ਹੈ ਖਾਸ।
3. ਮਾਂ ਪਤਲੀ ਪਤੰਗ, ਪੁੱਤ ਸੁੱਬ ਜਿਹਾ।
ਮਾਂ ਗਈ ਨਹਾਉਣ ਪੁੱਤ ਡੁੱਬ ਗਿਆ।
4. ਨਿੱਕੀ ਜਿਹੀ ਪਿੱਦਣੀ ਪਿੱਦ-ਪਿੱਦ ਕਰਦੀ,
ਸਾਰੇ ਬਾਜ਼ਾਰ ਦੀ ਲਿੱਦ 'ਕੱਠੀ ਕਰਦੀ।
5. ਇਕ ਖੇਤ ਦੇ ਬਾਰਾਂ ਬੰਨੇ,
ਹਰ ਬੰਨੇ 'ਤੇ ਤੀਹ-ਤੀਹ ਗੰਨੇ।
6. ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ।
ਸਦਾ ਕੁੜੀ ਨੂੰ ਵਿਆਹੁਣ ਚੱਲੇ, ਚਹੁੰ ਕੂੰਟਾਂ ਦੇ ਮੁੰਡੇ।
7. ਪਹਿਲਾਂ ਸੀ ਮੈਂ ਲਾਡ ਲਡਿੱਕੀ, ਤੁਰਦੀ ਫਿਰਦੀ ਹੋ ਗਈ ਫਿੱਕੀ।
ਜਿਹਦੇ ਨਾਲ ਮੈਂ ਆਵਾਂ-ਜਾਵਾਂ, ਹੁਣ ਉਹਦੇ ਪਸੰਦ ਨਾ ਆਵਾਂ।
ਕਰ ਲਿਆ ਉਸ ਨੇ ਨਵਾਂ ਵਿਆਹ, ਮੈਨੂੰ ਦਿੱਤਾ ਗਲੋਂ ਲਾਹ।
8. ਆਉਣਗੇ ਚੋਰ, ਖਿੱਚਣਗੇ ਡੋਰ। ਵੱਜਣਗੀਆਂ ਤੂਤੀਆਂ, ਨੱਚਣਗੇ ਮੋਰ।
9. ਮਿੱਟੀ ਦਾ ਘੋੜਾ, ਲੋਹੇ ਦੀ ਕਾਠੀ। ਉੱਤੇ ਬੈਠੀ ਮਿਸਰੋ ਮਾਸੀ।
10. ਭੱਜਦੇ ਸ਼ੇਰ ਦੀ ਤੜਾਗੀ ਟੁੱਟਗੀ, ਪੀੜ੍ਹੇ ਉੱਤੇ ਬੈਠੀ ਮੇਰੀ ਭਾਬੀ ਰੁੱਸਗੀ।
ਉੱਤਰ : (1) ਲਾਲ ਮਿਰਚ, (2) ਜਲੇਬੀ, (3) ਲੱਜ ਤੇ ਡੋਲ, (4) ਝਾੜੂ, (5) ਮਹੀਨੇ ਤੇ ਦਿਨ, (6) ਹਾਕੀ ਤੇ ਗੇਂਦ, (7) ਜੁੱਤੀ, (8) ਸਿਲਾਈ ਮਸ਼ੀਨ, (9) ਚੁੱਲ੍ਹਾ, ਤਵਾ ਤੇ ਰੋਟੀ, (10) ਚਰਖਾ।


-ਆਦਰਸ਼ ਬਾਲਾ ਮੈਨਨ,
ਡੇਰਾਬਸੀ। ਮੋਬਾ: 98157-44030

ਚੁਟਕਲੇ

* ਜੇ ਮੇਰੀ ਲਾਟਰੀ ਨਿਕਲੀ ਤਾਂ ਤੂੰ ਕੀ ਕਰੇਂਗੀ?
ਪਤਨੀ-ਮੈਂ ਅੱਧੇ ਪੈਸੇ ਲੈ ਕੇ ਹਮੇਸ਼ਾ ਲਈ ਆਪਣੇ ਪੇਕੇ ਚਲੀ ਜਾਵਾਂਗੀ।
ਪਤੀ-20 ਰੁਪਏ ਦੀ ਲਾਟਰੀ ਨਿਕਲੀ ਆ, 10 ਰੁਪਏ ਫੜ ਤੇ ਤਿੱਤਰ ਹੋ ਜਾ।
* ਗੁੱਲੂ-ਯਾਰ ਤੇਜੀ, ਦੋ ਗੱਲਾਂ ਅੱਜ ਤੱਕ ਸਮਝ ਨਹੀਂ ਆਈਆਂ।
ਤੇਜ਼ੀ-ਕਿਹੜੀਆਂ-ਕਿਹੜੀਆਂ?
ਗੁੱਲੂ-ਜਿਸ ਨੇ ਪਹਿਲੀ ਵਾਰ ਘੜੀ ਬਣਾਈ, ਉਸ ਨੇ ਟਾਈਮ ਕਿਵੇਂ ਮਿਲਾਇਆ ਹੋਊ?
ਤੇਜੀ-ਦੂਜੀ ਗੱਲ?
ਗੁੱਲੂ-ਜਿਸ ਨੇ ਪਹਿਲੀ ਵਾਰ ਦਹੀਂ ਜਮਾਇਆ ਹੋਊ, ਉਹ ਦਹੀਂ ਲਈ ਜਾਗ ਕਿਥੋਂ ਲਿਆਇਆ ਹੋਊਗਾ?


-ਪਰਨੀਤ ਕੌਰ ਮਕੜੌਨਾ,
ਜਮਾਤ ਛੇਵੀਂ, ਸ: ਸੀ: ਸੈ: ਸਕੂਲ, ਮਕੜੌਨਾ ਕਲਾਂ (ਰੋਪੜ)।

ਬਾਲ ਕਹਾਣੀ

ਨੇਕ ਕੰਮ ਦੀ ਖੁਸ਼ੀ

ਸੰਘਣੇ ਬੋਹੜ ਦੇ ਦਰੱਖਤ 'ਤੇ ਕਈ ਪੰਛੀਆਂ ਨੇ ਆਲ੍ਹਣੇ ਬਣਾਏ ਹੋਏ ਸਨ। ਇਸ ਬੋਹੜ ਨਾਲ ਪੰਛੀਆਂ ਦੀ ਚਿਰ ਸਥਾਈ ਸਾਂਝ ਸੀ। ਇਥੇ ਹੀ ਉਨ੍ਹਾਂ ਦੇ ਬੱਚੇ ਪੈਦਾ ਹੁੰਦੇ ਤੇ ਵੱਡੇ ਹੁੰਦੇ।
ਇਕ ਦਿਨ ਦੀ ਗੱਲ ਹੈ, ਮੀਂਹ ਪੈ ਰਿਹਾ ਸੀ। ਠੰਢੀ-ਠੰਢੀ ਹਵਾ ਚੱਲ ਰਹੀ ਸੀ। ਬੋਹੜ ਦੀਆਂ ਨਰਮ-ਨਰਮ ਟਹਿਣੀਆਂ ਹਵਾ 'ਚ ਮਸਤੀ ਨਾਲ ਝੂਮ ਰਹੀਆਂ ਸਨ। ਇਕ ਆਲ੍ਹਣੇ 'ਚੋਂ ਚਿੜੀ ਦਾ ਬੱਚਾ ਬਾਹਰ ਦੇਖ ਰਿਹਾ ਸੀ। ਉਸ ਦਾ ਦਿਲ ਕੀਤਾ ਕਿ ਉਹ ਵੀ ਬਾਹਰ ਟਾਹਣੀਆਂ 'ਤੇ ਬੈਠ ਇਸ ਸੁਹਾਵਣੇ ਮੌਸਮ ਦਾ ਆਨੰਦ ਲੁੱਟੇ। ਉਹ ਆਲ੍ਹਣੇ 'ਚੋਂ ਬਾਹਰ ਨਿਕਲਿਆ। ਉਸ ਨੂੰ ਠੰਢੀ-ਠੰਢੀ ਹਵਾ ਬੜੀ ਪਿਆਰੀ ਲੱਗੀ। ਉਸ ਨੇ ਦੇਖਿਆ ਕਿ ਬੋਹੜ ਉੱਪਰ ਇਕ ਨਰਮ ਤੇ ਪਤਲੀ ਜਿਹੀ ਟਹਿਣੀ ਹਵਾ 'ਚ ਬੜੇ ਹੁਲਾਰੇ ਲੈ ਰਹੀ ਹੈ। ਚਿੜੀ ਦਾ ਬੱਚਾ ਛੋਟੀ ਜਿਹੀ ਉਡਾਰੀ ਮਾਰ ਕੇ ਉਸ ਟਹਿਣੀ ਉੱਪਰ ਜਾ ਬੈਠਾ। ਟਹਿਣੀ ਉੱਪਰ ਬੈਠਾ ਤੇਜ਼ ਹੁਲਾਰਿਆਂ ਦਾ ਅਨੰਦ ਮਾਨਣ ਲੱਗਾ।
ਉਧਰ ਜੰਗਲ 'ਚੋਂ ਇਕ ਬੁਰੀ ਤਰ੍ਹਾਂ ਨਾਲ ਭਿੱਜਿਆ ਹੋਇਆ ਸ਼ੇਰ ਆਇਆ ਤੇ ਮੀਂਹ ਤੋਂ ਬਚਣ ਲਈ ਉਸ ਬੋਹੜ ਹੇਠਾਂ ਆ ਕੇ ਬੈਠ ਗਿਆ। ਚਿੜੀ ਦਾ ਬੱਚਾ ਇਹ ਸਭ ਕੁਝ ਦੇਖ ਰਿਹਾ ਸੀ। ਉਸ ਨੂੰ ਸ਼ੇਰ ਤੋਂ ਥੋੜ੍ਹਾ ਡਰ ਵੀ ਲੱਗ ਰਿਹਾ ਸੀ। ਅਚਾਨਕ ਇਕ ਤੇਜ਼ ਹਵਾ ਦਾ ਬੁੱਲਾ ਆਇਆ ਤੇ ਜਿਸ ਟਹਿਣੀ 'ਤੇ ਚਿੜੀ ਦਾ ਬੱਚਾ ਬੈਠਾ ਸੀ, ਉਹ ਨਰਮ ਹੋਣ ਕਰਕੇ ਟੁੱਟ ਗਈ ਤੇ ਚਿੜੀ ਦਾ ਬੱਚਾ ਸ਼ੇਰ ਦੀ ਪਿੱਠ 'ਤੇ ਆ ਡਿੱਗਾ। ਸ਼ੇਰ ਨੂੰ ਕੁਝ ਸਮਝ ਨਾ ਲੱਗੇ ਤੇ ਉਹ ਡਰ ਗਿਆ। ਡਰ ਦੇ ਮਾਰੇ ਉਹ ਫਿਰ ਜੰਗਲ ਵੱਲ ਦੌੜਨ ਲੱਗਾ। ਚਿੜੀ ਦੇ ਬੱਚੇ ਨੇ ਸ਼ੇਰ ਦੀ ਪਿੱਠ ਦੇ ਵਾਲਾਂ ਨੂੰ ਘੁੱਟ ਕੇ ਫੜ ਲਿਆ। ਹੁਣ ਉਸ ਦਾ ਡਰ ਵੀ ਖ਼ਤਮ ਹੋ ਗਿਆ ਸੀ।
ਦੌੜਦੇ ਹੋਏ ਸ਼ੇਰ ਨੂੰ ਅਚਾਨਕ ਇਕ ਹਿਰਨੀ ਤੇ ਉਸ ਦੇ ਬੱਚੇ ਨਜ਼ਰੀਂ ਪੈ ਗਏ। ਸ਼ੇਰ ਨੇ ਆਪਣੀ ਚਮੜੀ ਇਕੱਠੀ ਕੀਤੀ ਤੇ ਹੌਲੀ-ਹੌਲੀ ਹਿਰਨੀ ਤੇ ਉਸ ਦੇ ਬੱਚਿਆਂ ਦਾ ਸ਼ਿਕਾਰ ਕਰਨ ਲਈ ਅੱਗੇ ਵਧਣ ਲੱਗਾ। ਚਿੜੀ ਦੇ ਬੱਚੇ ਨੂੰ ਇਹ ਸਮਝਦਿਆਂ ਦੇਰ ਨਾ ਲੱਗੀ ਕਿ ਸ਼ੇਰ ਹੁਣ ਇਕੋ ਝਪਟ ਨਾਲ ਹਿਰਨੀ ਤੇ ਉਸ ਦੇ ਬੱਚਿਆਂ ਨੂੰ ਖਾ ਜਾਵੇਗਾ। ਚਿੜੀ ਦੇ ਬੱਚੇ ਨੇ ਸੋਚਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਨ੍ਹਾਂ ਦੀ ਜਾਨ ਬਚਾਈ ਜਾਵੇ।
ਚਿੜੀ ਦੇ ਬੱਚੇ ਨੇ ਆਪਣੇ ਨਰਮ-ਨਰਮ ਪੰਜਿਆਂ ਨਾਲ ਸ਼ੇਰ ਦੀ ਪਿੱਠ 'ਤੇ ਨਹੁੰਦਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸ਼ੇਰ ਨੂੰ ਆਪਣੀ ਪਿੱਠ 'ਤੇ ਕੁਝ ਅਜੀਬ ਜਿਹਾ ਹੁੰਦਾ ਲੱਗਾ ਤਾਂ ਉਸ ਦਾ ਧਿਆਨ ਹਿਰਨੀ ਦੇ ਸ਼ਿਕਾਰ ਕਰਨੋਂ ਹਟ ਕੇ ਪਿੱਠ ਵੱਲ ਚਲਾ ਗਿਆ। ਏਨੇ ਨੂੰ ਮੌਕਾ ਪਾ ਕੇ ਹਿਰਨੀ ਆਪਣੇ ਬੱਚਿਆਂ ਨੂੰ ਲੈ ਕੇ ਦੂਰ ਦੌੜ ਗਈ। ਸ਼ੇਰ ਹੁਣ ਬੇਵੱਸ ਹੋ ਗਿਆ ਸੀ ਤੇ ਉਹ ਮੁੜ ਜੰਗਲ ਵੱਲ ਨੂੰ ਦੌੜਨ ਲੱਗਾ। ਚਿੜੀ ਦਾ ਬੱਚਾ ਖੁਸ਼ ਸੀ ਤੇ ਉਸ ਨੇ ਮੌਕਾ ਪਾ ਕੇ ਸ਼ੇਰ ਦੀ ਪਿੱਠ ਤੋਂ ਉਡਾਰੀ ਮਾਰ ਲਈ। ਥੋੜ੍ਹੀ ਦੇਰ ਬਾਅਦ ਉਹ ਵਾਪਸ ਉਸ ਬੋਹੜ 'ਤੇ ਆ ਗਿਆ, ਜਿਥੇ ਉਸ ਦਾ ਆਲ੍ਹਣਾ ਸੀ। ਹੁਣ ਉਸ ਦੇ ਮਾਂ-ਪਿਓ ਵੀ ਆਲ੍ਹਣੇ 'ਚ ਆ ਗਏ ਸਨ। ਬੱਚੇ ਨੇ ਸਾਰੀ ਕਹਾਣੀ ਆਪਣੇ ਮਾਂ-ਪਿਓ ਨੂੰ ਦੱਸੀ। ਚਿੜੀ ਦੇ ਬੱਚੇ ਵੱਲੋਂ ਕੀਤੇ ਗਏ ਇਸ ਨੇਕ ਕੰਮ ਦੀ ਖੁਸ਼ੀ ਸਾਰੇ ਪੰਛੀਆਂ ਨੇ ਰਲ-ਮਿਲ ਕੇ ਮਨਾਈ। ਸੋ, ਬੱਚਿਓ, ਨੇਕ ਕੰਮ ਕਰਨ ਨਾਲ ਜੋ ਖੁਸ਼ੀ ਮਿਲਦੀ ਹੈ, ਉਸ ਦਾ ਅਨੰਦ ਅਲੱਗ ਹੀ ਹੁੰਦਾ ਹੈ।


-ਡੀ. ਆਰ. ਬੰਦਨਾ,
511, ਖਹਿਰਾ ਇਨਕਲੇਵ, ਜਲੰਧਰ>

ਬਾਲ ਨਾਵਲ-28

ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਦੇ ਮਨ ਵਿਚ ਸੀ ਕਿ ਛੁੱਟੀਆਂ ਵਿਚ ਉਹ ਵੱਧ ਤੋਂ ਵੱਧ ਮਿਹਨਤ ਕਰਕੇ ਪੈਸੇ ਇਕੱਠੇ ਕਰੇ ਅਤੇ ਉਹ ਪੈਸੇ ਵੀਰ ਜੀ ਨੂੰ ਦੇਵੇ, ਜਿਸ ਨਾਲ ਉਸ ਦੇ ਸਾਈਕਲ ਦਾ ਕਰਜ਼ਾ ਕੁਝ ਘਟ ਜਾਵੇ। ਉਹ ਤੇ ਸ਼ਾਮ ਨੂੰ ਵੀ ਜਾਣਾ ਚਾਹੁੰਦਾ ਸੀ ਪਰ ਉਸ ਦੇ ਵੀਰ ਜੀ ਨੇ ਦੋ ਛੁੱਟੀਆਂ ਤੋਂ ਬਾਅਦ ਹੀ ਸ਼ਾਮੀਂ ਆ ਕੇ ਕਲਾਸ ਲਾਉਣ ਲਈ ਕਹਿ ਦਿੱਤਾ, ਤਾਂ ਜੋ ਉਸ ਦੀ ਨੌਵੀਂ ਦੀ ਪੜ੍ਹਾਈ ਸਕੂਲ ਜਾਣ ਤੋਂ ਪਹਿਲਾਂ ਹੀ ਸ਼ੁਰੂ ਕਰਵਾ ਦਿੱਤੀ ਜਾਵੇ।
ਦੋ ਦਿਨ ਬਾਅਦ ਜਦੋਂ ਹਰੀਸ਼ ਸ਼ਾਮੀਂ ਕਲਾਸ ਵਿਚ ਗਿਆ ਤਾਂ ਵੀਰ ਜੀ ਨੇ ਉਸ ਦੀਆਂ ਨੌਵੀਂ ਦੀਆਂ ਸਾਰੀਆਂ ਕਿਤਾਬਾਂ ਅਤੇ ਲੋੜ ਮੁਤਾਬਿਕ ਕਾਪੀਆਂ ਲਿਆ ਕੇ ਰੱਖੀਆਂ ਹੋਈਆਂ ਸਨ। ਉਹ ਚਾਹੁੰਦੇ ਸਨ ਕਿ ਨੌਵੀਂ ਵਿਚ ਹਰੀਸ਼ ਨੂੰ ਆਪਣੇ ਸਕੂਲ ਦਾਖਲ ਕਰਨ ਤੋਂ ਪਹਿਲਾਂ ਹੀ ਉਸ ਨੂੰ ਅਤੇ ਕੁਝ ਹੋਰ ਬੱਚਿਆਂ ਨੂੰ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਜਾਵੇ।
ਹਰੀਸ਼ ਰੋਜ਼ ਸਵੇਰੇ ਗੋਲੀਆਂ-ਟਾਫੀਆਂ ਵੇਚਣ ਜਾਂਦਾ। ਦੁਪਹਿਰੇ ਆ ਕੇ ਨਹਾ-ਧੋ ਕੇ ਖਾਣਾ ਖਾ ਕੇ ਕੱਲ੍ਹ ਵਾਲੀ ਪੜ੍ਹਾਈ ਦੀ ਦੁਹਰਾਈ ਕਰਦਾ ਅਤੇ ਅੱਗੋਂ ਹੋਰ ਆਪਣੇ ਸ਼ੌਕ ਨਾਲ ਪੜ੍ਹਦਾ। ਸ਼ਾਮ ਨੂੰ ਉਹ ਕਲਾਸ ਲੱਗਣ ਤੋਂ ਅੱਧਾ-ਪੌਣਾ ਘੰਟਾ ਪਹਿਲਾਂ ਹੀ ਸਕੂਲ ਪਹੁੰਚ ਜਾਂਦਾ। ਉਥੇ ਲੱਗੇ ਫੁੱਲਾਂ ਦੇ ਬੂਟਿਆਂ ਅਤੇ ਦਰੱਖਤਾਂ ਨੂੰ ਦੇਖਦਾ ਰਹਿੰਦਾ। ਫੁੱਲਾਂ ਦੀ ਜਿਹੜੀ ਕਿਆਰੀ ਸੁੱਕੀ ਲਗਦੀ, ਉਸ ਨੂੰ ਪਾਣੀ ਲਗਾ ਦਿੰਦਾ। ਕਿਸੇ ਬੂਟੇ ਨੂੰ ਜਦੋਂ ਉਹ ਕੋਈ ਨਵੀਂ ਡੋਡੀ ਲਗਦੀ ਦੇਖਦਾ ਤਾਂ ਉਸ ਦਾ ਚਿਹਰਾ ਫੁੱਲ ਵਾਂਗ ਖਿੜ ਉੱਠਦਾ। ਉਹ ਰੋਜ਼ ਉਸ ਡੋਡੀ ਨੂੰ ਦੇਖਦਾ ਕਿ ਕਿਵੇਂ ਇਕ ਡੋਡੀ ਵੱਡੀ ਹੋਣ ਤੋਂ ਬਾਅਦ ਹੌਲੀ-ਹੌਲੀ ਖਿੜਦੀ ਹੋਈ ਇਕ ਵੱਡੇ ਫੁੱਲ ਦਾ ਰੂਪ ਧਾਰ ਲੈਂਦੀ ਹੈ।
ਹਰੀਸ਼ ਨੂੰ ਉਸ ਸਕੂਲ ਅਤੇ ਉਸ ਸਕੂਲ ਦੇ ਵਾਤਾਵਰਨ ਨਾਲ ਪਿਆਰ ਹੋਣਾ ਸ਼ੁਰੂ ਹੋ ਗਿਆ। ਪਿਛਲੀ ਬਰਸਾਤ ਵਿਚ ਵੀਰ ਜੀ ਨੇ ਬੱਚਿਆਂ ਦੀ ਮਦਦ ਨਾਲ ਜਿਹੜੇ ਨਵੇਂ ਬੂਟੇ ਲਗਾਏ ਸਨ, ਉਹ ਸਾਰੇ ਚੱਲ ਪਏ ਸਨ ਅਤੇ ਹੁਣ ਵੱਡੇ ਹੋ ਰਹੇ ਸਨ। ਜਦੋਂ ਉਹ ਬੂਟੇ ਲਗਾਏ ਸਨ, ਉਦੋਂ ਉਸ ਨੇ ਅਜੇ ਇਸ ਸਕੂਲ ਵਿਚ ਆਉਣਾ ਸ਼ੁਰੂ ਨਹੀਂ ਸੀ ਕੀਤਾ। ਹੁਣ ਉਹ ਅਗਲੀਆਂ ਬਰਸਾਤਾਂ ਉਡੀਕ ਰਿਹਾ ਸੀ, ਜਿਸ ਵਿਚ ਵੀਰ ਜੀ ਨੇ ਹੋਰ ਨਵੇਂ ਬੂਟੇ ਲਗਾਉਣ ਬਾਰੇ ਦੱਸਿਆ ਸੀ। ਉਹ ਆਪਣੇ ਹੱਥੀਂ ਇਕ-ਦੋ ਬੂਟੇ ਲਗਾਉਣਾ ਚਾਹੁੰਦਾ ਸੀ। ਉਹ ਤਾਂ ਆਪਣੀ ਗਲੀ ਵਿਚ ਵੀ ਬੂਟੇ ਲਗਾਉਣੇ ਚਾਹੁੰਦਾ ਸੀ ਪਰ ਉਥੇ ਕੋਈ ਬੂਟਾ ਲੱਗਣ ਦੀ ਥਾਂ ਹੀ ਨਹੀਂ ਸੀ।
ਹੁਣ ਹੌਲੀ-ਹੌਲੀ ਉਸ ਬਾਗਬਾਨੀ ਵਿਚ ਦਿਲਚਸਪੀ ਹੋਈ ਜਾ ਰਹੀ ਸੀ। ਇਕ ਦਿਨ ਉਸ ਨੇ ਮਾਲੀ ਨੂੰ ਕਿਆਰੀਆਂ ਦੀ ਗੋਡੀ ਕਰਦਿਆਂ ਦੇਖਿਆ ਸੀ। ਅੱਜ ਉਹ ਰੰਬਾ ਲੈ ਕੇ ਇਕ ਦੂਜੀ ਕਿਆਰੀ ਵਿਚ ਗੋਡੀ ਕਰਨ ਲੱਗ ਪਿਆ। ਉਹ ਪੋਲੇ-ਪੋਲੇ ਅਤੇ ਬੜੇ ਧਿਆਨ ਨਾਲ ਗੋਡੀ ਕਰ ਰਿਹਾ ਸੀ ਕਿ ਕਿਤੇ ਰੰਬਾ ਬੂਟੇ ਨੂੰ ਨਾ ਲੱਗ ਜਾਵੇ ਜਾਂ ਰੰਬਾ ਬੂਟੇ ਦੀ ਜੜ੍ਹ ਨੂੰ ਨਾ ਛੂਹ ਜਾਵੇ। ਉਸ ਨੂੰ ਗੋਡੀ ਕਰਦਿਆਂ ਬੜਾ ਮਜ਼ਾ ਆ ਰਿਹਾ ਸੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਗੀਤ

ਦੁਸਹਿਰਾ

ਆਓ ਬੱਚਿਓ! ਘਰ ਸਜਾਈਏ,
ਦੋਸਤਾਂ ਲਈ ਤੋਹਫ਼ੇ ਲਿਆਈਏ।
ਸਰਦੀ ਦੀ ਆਮਦ ਦਾ ਉਤਸਵ,
ਉਤਸ਼ਾਹ ਨਾਲ ਦੁਸਹਿਰਾ ਮਨਾਈਏ।
ਬਾਜ਼ਾਰ ਦੁਕਾਨਾਂ ਖੂਬ ਸਜਾਈਆਂ,
ਬਿਜਲਈ ਲੜੀਆਂ ਨਾਲ ਰੁਸ਼ਨਾਈਆਂ।
ਫੁਲਝੜੀ, ਅਨਾਰ, ਬੰਬ ਪਟਾਕੇ,
ਭਾਂਤ-ਭਾਂਤ ਦੀਆਂ ਵਿਕਣ ਮਠਿਆਈਆਂ।
ਦਰਸ਼ਕ ਰਾਮ ਲੀਲ੍ਹਾ ਮੈਦਾਨ 'ਚ ਆਏ,
ਰਾਵਣ, ਕੁੰਭਕਰਨ ਦੇ ਪੁਤਲੇ ਲਗਾਏ।
ਰਿਮੋਟ ਲੈ ਪਵਨ ਪੁੱਤਰ ਹਨੂੰਮਾਨ ਬੈਠੇ,
ਬਟਨ ਦਬਾਇਆ, ਦਬਾ ਕੇ ਪੁਤਲੇ ਜਲਾਏ।


-ਕੁਲਵੰਤ ਗਿੱਲ,
ਲੋਪੋਕੇ (ਅੰਮ੍ਰਿਤਸਰ)-143109


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX