ਤਾਜਾ ਖ਼ਬਰਾਂ


ਕਾਰ ਸਵਾਰਾਂ ਕੋਲੋਂ 18 ਲੱਖ ਦੀ ਨਕਦੀ ਬਰਾਮਦ
. . .  11 minutes ago
ਜ਼ੀਰਕਪੁਰ, 26 ਅਪਰੈਲ, {ਹੈਪੀ ਪੰਡਵਾਲਾ}-ਅੱਜ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਕੋਲ਼ੋਂ 18 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ...
ਆਈ ਪੀ ਐੱਲ 2019 -ਮੁੰਬਈ ਨੇ ਚੇਨਈ ਨੂੰ ਦਿੱਤਾ 156 ਦੌੜਾਂ ਦਾ ਟੀਚਾ
. . .  30 minutes ago
ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਦਾ ਚੋਣ ਕਮਿਸ਼ਨ ਨੂੰ ਸੁਝਾਅ- ਜੂਨ ਦੀ ਬਜਾਏ ਨਵੰਬਰ 'ਚ ਹੋਣ ਵਿਧਾਨ ਸਭਾ ਚੋਣਾਂ
. . .  28 minutes ago
ਸ੍ਰੀਨਗਰ, 26 ਅਪ੍ਰੈਲ- ਦੇਸ਼ 'ਚ ਚਲ ਰਹੀਆਂ ਲੋਕ ਸਭਾ ਦੌਰਾਨ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਜਪਾਲ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵਿਚਾਲੇ ਬੈਠਕ ਹੋਈ। ਇਸ ਬੈਠਕ ...
ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 2 hours ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 3 hours ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  about 3 hours ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  about 4 hours ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

'ਸ਼ਬਦ ਗੁਰੂ' ਹੀ ਸ਼ਖ਼ਸੀ ਪੂਜਾ ਅਤੇ ਗ਼ੁਲਾਮੀ ਦਾ ਮੁਕਤੀਦਾਤਾ ਹੈ

ਪੁਰਾਤਨ ਕਾਲ ਤੋਂ ਆਤਮਾ ਨੂੰ ਦੇਹ ਨਾਲੋਂ ਉਚੇਰਾ ਮੰਨਿਆ ਗਿਆ ਹੈ, ਜਿਸ ਵਿਚ ਲੋਕ ਜੋਤ ਦੇ ਪੁਜਾਰੀ ਸਨ। ਜੋ ਲੋਕ ਆਤਮ ਮੰਡਲ ਵਿਚ ਪਹੁੰਚਣ ਦੀ ਸਮਰੱਥਾ ਨਹੀਂ ਰੱਖਦੇ, ਉਹ ਦੇਹ ਤੇ ਦੇਹਧਾਰੀ ਨੂੰ ਹੀ ਸਭ ਕੁਝ ਮੰਨ ਕੇ ਚਲਦੇ ਹਨ। ਆਤਮ ਪੁਜਾਰੀ ਹੋਣਾ ਸੂਖਮ ਕਾਰਜ ਹੈ ਅਤੇ ਸਰੀਰ ਦੇ ਪੁਜਾਰੀ ਹੋਣਾ ਸੌਖਾ ਤੇ ਮੋਟਾ-ਠੁਲ੍ਹਾ ਕੰਮ ਹੈ।
ਸਾਡੇ ਦੇਸ਼ ਵਿਚ ਹਾਲੇ ਵੀ ਧਾਰਮਿਕ ਆਸਥਾ ਦੀ ਬਿਨਾਅ 'ਤੇ ਅਗਿਆਨਤਾਵੱਸ ਦੇਹ ਦੀ ਪੂਜਾ ਅਤੇ ਗ਼ੁਲਾਮੀ ਸਵੀਕਾਰ ਕਰ ਲੈਣ ਦਾ ਰੁਝਾਨ ਪ੍ਰਬਲ ਹੈ। ਅਜਿਹੇ ਰੁਝਾਨ ਵਿਚੋਂ ਮਾਨਵਤਾ ਦੇ ਸ਼ੋਸ਼ਣ ਅਤੇ ਫਸਾਦਾਂ ਦੀਆਂ ਘਟਨਾਵਾਂ ਉਗਮਦੀਆਂ ਹਨ। ਦੇਹਧਾਰੀ ਜਾਂ ਦੰਭ ਦੇ ਪਾਜ ਉਘਾੜਨ ਅਤੇ ਆਮ ਲੋਕਾਂ ਤੋਂ ਪੂਜਾ ਕਰਵਾਉਣ ਵਾਲੇ ਮਨੁੱਖਾਂ ਦੀ ਅਸਲੀਅਤ ਅਤੇ ਲੱਛਣਾਂ ਦੇ ਬਾਖੂਬ ਬਿਆਨ ਕਾਰਨ ਅਜਿਹੇ ਲੋਕਾਂ ਲਈ 'ਸ਼ਬਦ ਗੁਰੂ' ਨੂੰ ਥਾਪਨਾ ਦਾ ਅਮਲ ਹਮੇਸ਼ਾ ਲਈ ਚੁਣੌਤੀ ਹੈ। ਤ੍ਰੈਕਾਲ ਦੀ ਅੰਦੇਸ਼ਤਾ ਰੱਖਣ ਵਾਲੇ ਗੁਰੂ ਸਾਹਿਬਾਨ ਅਜਿਹੇ ਵਾਤਾਵਰਨ ਨੂੰ ਬੁੱਝ ਚੁੱਕੇ ਸਨ ਅਤੇ ਉਨ੍ਹਾਂ ਦੀ ਦ੍ਰਿਸ਼ਟੀ ਸੀ ਕਿ ਜਿਸ ਧਰਮ ਦਾ ਉਦੇਸ਼ ਵਿਅਕਤੀਗਤ ਅਤੇ ਸਮਾਜਿਕ ਤੌਰ 'ਤੇ ਕਲਿਆਣਕਾਰੀ ਅਤੇ ਸਰਬੱਤ ਦੇ ਭਲੇ ਵਾਲਾ ਹੈ, ਉਸ ਦੇ ਨਾਂਅ 'ਤੇ ਦੇਹਧਾਰੀ ਮਨੁੱਖ ਪੂਜਣਯੋਗ ਬਣ ਕੇ ਸਦਾ ਲਈ ਲੋਕਾਈ ਨੂੰ ਗੁੰਮਰਾਹ ਕਰਨ ਦਾ ਹੀਆ ਨਾ ਕਰ ਸਕਣ। ਇਸ ਕਰਕੇ ਉਨ੍ਹਾਂ ਨੇ 'ਸ਼ਬਦ' ਨੂੰ ਗੁਰੂ ਥਾਪ ਕੇ ਜਿਥੇ ਸ਼ਬਦ-ਗਿਆਨ ਨੂੰ ਸਤਿਕਾਰਯੋਗ ਥਾਂ ਦਿੱਤੀ, ਉਥੇ ਇਕ ਇਸ਼ਟ ਵਜੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂਤਾ ਪ੍ਰਦਾਨ ਕਰਕੇ ਹਮੇਸ਼ਾ ਲਈ ਸ਼ਖ਼ਸੀ ਪੂਜਾ ਅਤੇ ਸ਼ਖ਼ਸੀ ਗ਼ੁਲਾਮੀ ਤੋਂ ਨਿਜਾਤ ਦਿਵਾਉਣ ਦਾ ਮਹਾਨ ਪਰਉਪਕਾਰ ਤੇ ਪਵਿੱਤਰ ਕਾਰਜ ਕੀਤਾ।
ਸ਼ਬਦ ਗੁਰੂ ਦੀ ਅਸੀਮਤਾ ਤੇ ਅਨੰਤਤਾ ਦੇ ਨਜ਼ਰੀਏ ਤੋਂ ਦੇਹਧਾਰੀ ਜਾਂ ਦੰਭੀ ਕਿਸਮ ਦੇ ਲੋਕਾਂ ਦੇ ਧਾਰਮਿਕ ਦਿਖਾਵੇ ਹਮੇਸ਼ਾ ਤੋਂ ਚਰਚਾ ਦਾ ਵਿਸ਼ਾ ਹਨ, ਜਿਨ੍ਹਾਂ ਬਾਰੇ ਵਿਚਾਰ ਜ਼ਰੂਰੀ ਹੈ। ਅਧਿਆਤਮਕਤਾ ਇਕ ਪਰਾ-ਸਰੀਰਕ ਅਨੁਭਵ ਹੈ, ਇੰਦ੍ਰਿਆਵੀ ਨਹੀਂ। ਇਸ ਅਨੁਭਵ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਪਹਿਲੀ ਸ਼ਰਤ ਦੇਹ ਦੀ ਅਹੰਤਾ, ਮਮਤਾ ਅਤੇ ਵਾਸਨਾਵਾਂ ਦਾ ਤਿਆਗ ਜ਼ਰੂਰੀ ਹੈ। ਸਰੀਰ ਬਿਨਸਣਹਾਰ ਤੇ ਆਤਮਾ ਅਮਰ ਦਾ ਬ੍ਰਹਿਮੰਡੀ ਸੱਚ ਅਧਿਆਤਮਕ ਪ੍ਰਾਪਤੀਆਂ ਲਈ ਦੇਹ ਦੀ ਸੀਮਾ ਅਤੇ ਆਤਮਾ ਦੀ ਅਸੀਮਤਾ ਨੂੰ ਜ਼ਾਹਰ ਕਰਦਾ ਹੈ। ਜਿਨ੍ਹਾਂ ਲੋਕਾਂ ਨੇ ਆਤਮਾ ਦਾ ਵਿਕਾਸ ਕਰਨਾ ਹੈ ਤੇ ਰੂਹਾਨੀਅਤ ਜਾਂ ਪਰਮਾਰਥ ਦੇ ਰਾਹ 'ਤੇ ਚਲਣਾ ਹੈ, ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਦੇਹ ਦੇ ਜੰਜਾਲ ਵਿਚੋਂ ਨਿਕਲਣ, ਦੇਹ-ਵਿਕਾਰਾਂ ਤੋਂ ਉੱਪਰ ਉੱਠਣ, ਤਾਂ ਹੀ ਅਧਿਆਤਮਕਤਾ ਦੀਆਂ ਉਚਾਣਾਂ ਛੋਹੀਆਂ ਜਾ ਸਕਦੀਆਂ ਹਨ। ਨਵੇਂ ਧਰਮ ਦਾ ਪ੍ਰਪੰਚ ਰਚਾਉਣ ਵਾਲੇ ਦੰਭੀ ਲੋਕਾਂ ਆਤਮਾ ਦੀ ਥਾਂ ਦੇਹੀ ਦੀ ਦੁਹਾਈ ਜ਼ਿਆਦਾ ਮਚਾਈ ਹੋਈ ਹੈ। ਆਮ ਲੋਕਾਂ ਨੂੰ ਦੇਹ ਨਾਲ ਜੋੜਨ ਦਾ ਕੋਈ ਮੌਕਾ ਨਹੀਂ ਖੁੰਝਾਉਂਦੇ, ਆਪਣੇ ਮਤਲਬ ਲਈ ਗੁਰਬਾਣੀ ਵਿਚੋਂ 'ਗੁਰੂ ਦਰਸ਼ਨ', 'ਗੁਰੂ ਸੇਵਾ' ਆਦਿ ਸਬੰਧੀ ਤੁਕਾਂ ਦੀ ਅਪ੍ਰਾਸੰਗਿਕ ਵਿਆਖਿਆ ਕਰਦੇ ਹਨ, ਜਦਕਿ 'ਗੁਰੂ ਦਰਸ਼ਨ' ਉਨ੍ਹਾਂ ਦਾ ਪ੍ਰਚਾਰ ਹੈ ਕਿ ਦੇਹ ਹੀ ਸਭ ਕੁਝ ਹੈ ਅਤੇ ਦੇਹਧਾਰੀ ਹੀ ਰੂਹਾਨੀ ਰਾਹ 'ਤੇ ਆਪ ਚੱਲ ਸਕਦਾ ਹੈ ਤੇ ਲੋਕਾਂ ਨੂੰ ਤੋਰ ਸਕਦਾ ਹੈ। ਇਹ ਦੋ ਦ੍ਰਿਸ਼ਟੀਕੋਣ ਹਨ। ਪੁਰਾਤਨ ਕਾਲ ਤੋਂ ਆਤਮਾ ਨੂੰ ਦੇਹ ਨਾਲੋਂ ਉਚੇਰਾ ਮੰਨਿਆ ਗਿਆ ਹੈ, ਜਿਸ ਵਿਚ ਲੋਕ ਜੋਤ ਦੇ ਪੁਜਾਰੀ ਸਨ। ਜੋ ਲੋਕ ਆਤਮ ਮੰਡਲ ਵਿਚ ਪਹੁੰਚਣ ਦੀ ਸਮਰੱਥਾ ਨਹੀਂ ਰੱਖਦੇ, ਉਹ ਦੇਹ ਤੇ ਦੇਹਧਾਰੀ ਨੂੰ ਹੀ ਸਭ ਕੁਝ ਮੰਨ ਕੇ ਚਲਦੇ ਹਨ। ਆਤਮ ਪੁਜਾਰੀ ਹੋਣਾ ਸੂਖਮ ਕਾਰਜ ਹੈ ਅਤੇ ਸਰੀਰ ਦੇ ਪੁਜਾਰੀ ਹੋਣਾ ਸੌਖਾ ਤੇ ਮੋਟਾ-ਠੁਲ੍ਹਾ ਕੰਮ ਹੈ। ਜਿਵੇਂ ਪੁਰਾਤਨ ਲੋਕ ਬੁਤਪ੍ਰਸਤੀ ਵਿਚ ਫਸ ਗਏ ਸਨ, ਉਸੇ ਤਰ੍ਹਾਂ ਹੀ ਦੰਭੀ ਲੋਕ ਜਿਸਮਾਂ ਦੇ ਪੂਜ ਹੋ ਗਏ ਤੇ ਸਾਕਾਰ ਦੇਹਧਾਰੀ ਗੁਰੂ ਦਾ ਢੰਡੋਰਾ ਪਿਟ ਕੇ ਦਾਅਵਾ ਨਿਰੰਕਾਰ ਦਾ ਕਰਨ ਲੱਗ ਪਏ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਸਿਧ ਗੋਸਟਿ ਵਿਚ 'ਸਬਦ ਗੁਰੂ ਸੁਰਤਿ ਧੁਨਿ ਚੇਲਾ' ਦੇ ਵਾਕ ਨਾਲ ਜਿਥੇ ਸਮਕਾਲੀ ਭਾਰਤੀ ਦਰਸ਼ਨ ਦੇ ਪ੍ਰਤੀਨਿਧ ਵਿਦਵਾਨ ਯੋਗੀ ਜਾਂ ਸਿਧ ਪੁਰਸ਼ਾਂ ਨੂੰ ਅਧਿਆਤਮਕ ਖੇਤਰ ਵਿਚ 'ਸ਼ਬਦ ਗੁਰੂ' ਸਿਧਾਂਤ ਦੀ ਸ੍ਰੇਸ਼ਟਤਾ ਦਾ ਲੋਹਾ ਮੰਨਵਾਇਆ, ਉਥੇ 'ਗੁਰੂ ਮਾਨਿਓ ਗ੍ਰੰਥ' ਦੇ ਹੁਕਮ ਦੀ ਨੀਂਹ ਵੀ ਰੱਖੀ। ਭਾਰਤੀ ਦਰਸ਼ਨ ਵਿਚ 'ਸ਼ਬਦ' ਨੂੰ 'ਨਿਤ' ਕਿਹਾ ਗਿਆ ਹੈ ਅਤੇ 'ਸ਼ਬਦ ਬ੍ਰਹਮ' ਦੀ ਕਲਪਨਾ ਵੀ ਕੀਤੀ ਗਈ ਹੈ। ਪਰ ਅਧਿਆਤਮਕ ਸ਼ਬਦ ਨੂੰ ਗੁਰੂ ਸਥਾਪਿਤ ਕਰਨ ਦਾ ਕ੍ਰਿਸ਼ਮਾ ਗੁਰੂ ਸਾਹਿਬਾਨ ਦੇ ਹੀ ਹਿੱਸੇ ਆਇਆ। ਆਦਿ ਗ੍ਰੰਥ ਲਈ ਪਹਿਲਾਂ 'ਪੋਥੀ' ਸ਼ਬਦ ਪ੍ਰਚਲਤ ਸੀ। 'ਪੋਥੀ ਪਰਮੇਸਰ ਕਾ ਥਾਨੁ' ਦਾ ਗੁਰਵਾਕ ਪੋਥੀ ਰੂਪ ਵਿਚ ਵੀ ਇਸ ਵਿਚ ਅੰਕਿਤ ਬਾਣੀ ਦੇ ਇਲਾਹੀ, ਰੱਬੀ, ਅਗੰਮੀ, ਅੰਮ੍ਰਿਤ ਬਾਣੀ ਹੋਣ ਦੀ ਗਵਾਹੀ ਭਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਫੁਰਮਾਨ ਮਿਲਦੇ ਹਨ, ਜਿਨ੍ਹਾਂ ਵਿਚ ਗੁਰੂ ਨੂੰ ਪਰਿਭਾਸ਼ਿਤ ਕਰਦਿਆਂ ਗੁਰਬਾਣੀ, ਬਾਣੀ ਅਤੇ ਸ਼ਬਦ ਨੂੰ ਇਕੋ ਅਰਥ ਵਿਚ ਗੁਰੂ ਸਰੂਪ ਹੋਣ ਦਾ ਉਪਦੇਸ਼ ਦ੍ਰਿੜਾਇਆ ਗਿਆ ਹੈ। ਖੁਦ ਬਾਣੀ ਦੇ ਬੋਹਿਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਆਦਿ ਗ੍ਰੰਥ ਦੀ ਬੀੜ ਤਿਆਰ ਕਰਨ ਉਪਰੰਤ ਪਾਲਕੀ ਵਿਚ ਸਵਾਰ ਕਰਵਾ ਕੇ ਠਾਠ ਬਾਠ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਚ ਲੈ ਕੇ ਆਏ ਤਾਂ ਆਪ ਨੰਗੇ ਪੈਰੀਂ ਹੱਥੀਂ ਚੌਰ ਕਰ ਰਹੇ ਸਨ। ਹਰਿਮੰਦਰ ਜੀ ਵਿਚ ਆਦਿ ਗ੍ਰੰਥ ਜੀ ਦਾ ਪ੍ਰਕਾਸ਼ ਕਰਕੇ ਆਪ ਕੋਈ ਗੱਦੀ ਲਾ ਕੇ ਨਹੀਂ ਬੈਠੇ, ਸਗੋਂ ਖੜ੍ਹ ਕੇ ਚੌਰ ਕਰਿਆ ਕਰਦੇ ਸਨ।
ਸਿੱਖ ਪੰਥ ਦਾ ਗੁਰੂ ਗ੍ਰੰਥ ਸਾਹਿਬ ਲਈ ਸ਼੍ਰੋਮਣੀ ਵਾਸਤਾ ਇਸ ਦੇ 'ਗੁਰੂ' ਹੋਣ ਨਾਲ ਹੈ। ਇਹੀ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਰਨ ਤੋਂ ਲੈ ਕੇ ਬਿਰਾਜਮਾਨ ਕਰਨ ਅਤੇ ਇਕ ਸਥਾਨ ਤੋਂ ਦੂਜੇ ਸਥਾਨ ਤੱਕ ਲੈ ਜਾਣ ਦੀ ਸਾਰੀ ਮਰਯਾਦਾ ਸਧਾਰਨ ਨਾ ਹੋ ਕੇ ਸ਼ਰਧਾ, ਸਤਿਕਾਰ ਅਤੇ ਪੂਰੀ ਠਾਠ-ਬਾਠ ਨਾਲ ਨਿਭਾਈ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਅਤੇ ਹਰ ਸ਼ਬਦ ਇਲਾਹੀ ਹੈ। ਇਸੇ ਕਾਰਨ ਇਸ ਦੇ ਪਾਠ ਸਬੰਧੀ ਸ਼ੁੱਧ ਉਚਾਰਨ, ਵਿਸ਼ਰਾਮ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ। ਗੁਰ ਇਤਿਹਾਸ ਵਿਚ ਕਈ ਹਵਾਲੇ ਮਿਲਦੇ ਹਨ, ਜਦ ਗੁਰੂ ਸਾਹਿਬਾਨ ਨੇ ਅਸ਼ੁੱਧ ਪਾਠ ਕਰਨ ਵਾਲਿਆਂ ਨੂੰ ਇਸ ਤੋਂ ਸੁਚੇਤ ਕਰਦਿਆਂ ਇਸ ਨੂੰ ਗੁਰੂ ਦੀ ਘੋਰ ਅਵੱਗਿਆ ਫੁਰਮਾਇਆ। ਵਿਚਾਰਧਾਰਕ ਪੱਧਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਾ ਪਰਮਾਤਮਾ ਦੀ ਏਕਤਾ ਤੇ ਸਰਬ ਵਿਆਪਕਤਾ, ਉਸ ਦੇ ਸ੍ਰਿਸ਼ਟੀ ਕਰਤਾ-ਹਰਤਾ ਅਤੇ ਉਸ ਦੇ ਨਾਮ-ਵਡਿਆਈ ਦੀ ਸਰਵੋਤਮਤਾ ਹੈ। ਮੂਲ ਮੰਤਰ ਵਿਚ ਪਰਮਾਤਮਾ ਦੇ ਸਰੂਪ ਤੇ ਉਕਤ ਵਿਸ਼ੇ ਦਾ ਵਰਣਨ ਹੈ। ਸਿੱਖ ਪੰਥ ਲਈ ਇਸ ਤੋਂ ਉੱਪਰ ਹੋਰ ਕੋਈ ਗਿਆਨ-ਸ੍ਰੋਤ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਗਿਆਨ ਹੀ ਅੰਤਿਮ ਹੈ। ਗੁਰਸਿੱਖਾਂ ਦੇ ਘਰਾਂ ਵਿਚ ਜਨਮ ਤੋਂ ਲੈ ਕੇ ਮੌਤ ਤੱਕ ਹਰ ਸੰਸਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਹਿਨੁਮਾਈ ਵਿਚ ਹੀ ਹੁੰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਧਰਮ ਗ੍ਰੰਥ ਨਾ ਮੰਨ ਕੇ 'ਗੁਰੂ' ਮੰਨਣਾ ਸਭ ਤੋਂ ਵੱਧ ਅਤੇ ਬੇਮਿਸਾਲ ਸਰੋਕਾਰ ਹੈ। ਗੁਰ ਇਤਿਹਾਸ ਤੋਂ ਪਤਾ ਚਲਦਾ ਹੈ ਕਿ ਗੁਰੂ ਸਾਹਿਬਾਨ ਦੀ ਸਾਰੀ ਘਾਲ ਦਾ ਮੰਤਵ ਆਦਿ ਗ੍ਰੰਥ ਤਿਆਰ ਕਰਕੇ ਮਨੁੱਖਤਾ ਦੀ ਝੋਲੀ ਅਮੁੱਲ ਖਜ਼ਾਨੇ ਨਾਲ ਭਰਪੂਰ ਕਰਨਾ ਸੀ। ਸਿੱਖ ਧਰਮ ਅਤੇ ਹੋਰ ਧਰਮਾਂ ਵਿਚ ਇਹ ਵੱਡਾ ਫ਼ਰਕ ਹੈ ਕਿ ਗੁਰਬਾਣੀ ਸਾਡੇ ਪਾਸ ਸ਼ੁੱਧ ਤੇ ਪ੍ਰਮਾਣਿਕ ਰੂਪ ਵਿਚ ਮੌਜੂਦ ਹੈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦ ਭਾਈ ਗੁਰਦਾਸ ਜੀ ਨੂੰ ਲਿਖਾਰੀ ਨਿਯਤ ਕਰਕੇ ਆਪਣੀ ਦੇਖ-ਰੇਖ ਹੇਠ ਆਦਿ ਗ੍ਰੰਥ ਤਿਆਰ ਕੀਤਾ। ਬੰਸਾਵਲੀਨਾਮਾ (ਭਾਈ ਕੇਸਰ ਸਿੰਘ) ਵਿਚ ਲਿਖਿਆ ਹੈ :
ਬਚਨ ਕੀਤਾ-
ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰ ਧਰੀਏ।
ਮੀਣੇ ਪਾਨ ਕੀ ਰਲਾ ਸੋ ਨਿਆਰੀ ਕਰ ਧਰੀਏ।
ਸੋ ਸਾਹਿਬ ਅਗੇ ਹੀ ਬਾਣੀ ਉਚਾਰ ਕਰਤ ਸੇ ਭਏ।
ਸੋ ਭਾਈ ਗੁਰਦਾਸ ਸਭ ਇਕਤਰ ਕਰ ਲਏ। ੯੬।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਸਾਹਿਬਾਨ ਦੀ ਬਾਣੀ, ਭਗਤ ਬਾਣੀ, ਭੱਟ ਬਾਣੀ ਅਤੇ ਕੁਝ ਸਿਖਾਂ ਦੀ ਬਾਣੀ ਦਾ ਸੰਕਲਣ ਕਰਕੇ ਬਾਣੀਕਾਰਾਂ ਤੇ ਰਾਗਾਂ ਅਨੁਸਾਰ ਬਾਣੀ ਤਰਤੀਬਵਾਰ ਅੰਕਿਤ ਕਰਕੇ ਆਦਿ ਗ੍ਰੰਥ ਦੀ ਪ੍ਰਥਮ ਬੀੜ ਤਿਆਰ ਕੀਤੀ। ਗੁਰੂ ਸਾਹਿਬਾਨ ਨੇ ਇਹ ਸਰਵੋਤਮ ਪਵਿੱਤਰ ਕਾਰਜ ਖੁਦ ਕੀਤਾ ਕਿ ਇਸ ਨੂੰ ਗੁਰੂ ਥਾਪਣਾ ਹੈ ਤਾਂ ਜੋ ਮਨੁੱਖ ਹਰ ਤਰ੍ਹਾਂ ਦੀ ਸ਼ਖ਼ਸੀ ਗੁਲਾਮੀ ਤੋਂ ਛੁਟਕਾਰਾ ਪਾ ਸਕੇ। ਆਮ ਤੌਰ 'ਤੇ ਰਾਜਸੀ ਗੁਲਾਮੀ ਤੋਂ ਛੁਟਕਾਰਾ ਤਾਂ ਪਾਇਆ ਜਾ ਸਕਦਾ ਹੈ ਪਰ ਧਾਰਮਿਕ ਦੁਨੀਆ ਵਿਚ ਕਿਸੇ ਨਾ ਕਿਸੇ ਦੀ 'ਦਾਸਤਾ' ਪ੍ਰਵਾਨ ਕਰਨਾ ਜਾਇਜ਼ ਸਮਝਿਆ ਜਾਂਦਾ ਹੈ। ਗੁਰੂ ਸਾਹਿਬਾਨ ਦਾ ਮਨੁੱਖਤਾ 'ਤੇ ਪਰਉਪਾਕਰ ਹਿਤ ਦੈਵੀ ਮਿਸ਼ਨ ਸੀ ਕਿ ਮਨੁੱਖ ਸਿਵਾਇ ਪਰਮਾਤਮਾ ਦੇ ਕਿਸੇ ਹੋਰ ਦਾ ਗ਼ੁਲਾਮ ਨਾ ਹੋਵੇ, ਇਸੇ ਲਈ ਇਸ ਨੂੰ 'ਸ਼ਬਦ' ਜਾਂ 'ਬਾਣੀ' ਦੇ ਲੜ ਲਾਇਆ ਗਿਆ।
ਸਪੱਸ਼ਟ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਨੂੰ ਗੁਰੂ ਸਥਾਪਿਤ ਕਰਕੇ ਧਾਰਮਿਕ ਸੁਤੰਤਰਤਾ ਲਈ ਇਕ ਨਿਵੇਕਲਾ ਕਾਰਜ ਰਚਾਇਆ, ਜਿਸ ਕਾਰਨ ਕਿਸੇ ਜਗਿਆਸੂ ਨੂੰ ਕਿਸੇ ਦੇਹਧਾਰੀ ਦਾ ਤਾਬੇਦਾਰ ਹੋਣ ਦੀ ਲੋੜ ਨਹੀਂ ਰਹਿ ਜਾਂਦੀ ਅਤੇ ਉਹ ਪ੍ਰਤੱਖ ਗੁਰੂ ਗੁਰਬਾਣੀ ਦੁਆਰਾ ਹੀ ਪਾਰ ਉਤਾਰਾ ਕਰ ਸਕਦਾ ਹੈ। ਰੂਹਾਨੀ ਗ੍ਰੰਥ ਜਾਂ ਰਚਨਾ ਨੂੰ ਸਤਿਗੁਰੂ ਸਥਾਪਿਤ ਕਰਨਾ ਮਨੁੱਖੀ ਸੱਭਿਅਤਾ ਵਿਚ ਇਕ ਅਦੁੱਤੀ ਕਾਰਨਾਮਾ ਸੀ, ਪਰ ਸਮੁੱਚੇ ਵਿਸ਼ਵ ਵਿਚ ਇਸ ਦਾ ਗੌਰਵ ਪੂਰੀ ਤਰ੍ਹਾਂ ਅਨੁਭਵ ਕਰਨ ਦੀ ਲੋੜ ਹੈ। ਗੁਰਮੁਖੀ, ਅਰਬੀ, ਫਾਰਸੀ, ਹਿੰਦੀ ਅਤੇ ਅੰਗਰੇਜ਼ੀ ਦੇ ਵਿਦਵਾਨਾਂ ਨੇ ਗੁਰੂ ਸਾਹਿਬਾਨ ਦੇ ਇਸ ਕਾਰਜ ਨੂੰ ਧਾਰਮਿਕ ਇਤਿਹਾਸ ਵਿਚ ਮਹਾਨ ਕਾਰਨਾਮਾ ਦਰਸਾਇਆ ਹੈ। ਜਿਥੇ ਸਮਕਾਲੀ ਵਿਦਵਾਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਪ੍ਰਦਾਨ ਕਰਨ ਦੇ ਅਮਲ ਦੀ ਗਵਾਹੀ ਭਰੀ ਹੈ, ਉਥੇ ਸਿੱਖ ਮਹਾਂਪੁਰਸ਼ਾਂ ਨੇ ਹੂ-ਬਹੂ ਅਮਲ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਟੁੱਟ ਸ਼ਰਧਾ ਤੇ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਹੈ।
ਗੁਰੂ ਸਾਹਿਬਾਨ ਨੇ ਸਿਧਾਂਤਾਂ ਅਤੇ ਅਮਲਾਂ ਦੇ ਜ਼ਰੀਏ ਆਪਣੇ ਦੈਵੀ ਮਿਸ਼ਨ ਦਾ 239 ਸਾਲ ਦਾ ਲੰਮਾ ਸਮਾਂ ਮਨੁੱਖਤਾ ਨੂੰ 'ਸ਼ਬਦ ਗੁਰੂ' ਦੇ ਪੈਰੋਕਾਰ ਬਣਾਉਣ ਦੇ ਮੰਤਵ ਲਈ ਲਾਇਆ। ਗੁਰੂ ਨਾਨਕ ਦੇਵ ਜੀ ਦੇ 'ਸਬਦੁ ਗੁਰੂ ਸੁਰਤਿ ਧੁਨਿ ਚੇਲਾ' ਦੇ ਇਲਾਹੀ ਹੋਕੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਦਿ ਗ੍ਰੰਥ ਨੂੰ ਗੁਰਿਆਈ ਬਖਸ਼ ਕੇ 'ਗੁਰੂ ਮਾਨਿਓ ਗ੍ਰੰਥ' ਦੇ ਸੰਦੇਸ਼ ਨਾਲ ਮੁਕੰਮਲ ਸਰੂਪ ਪ੍ਰਦਾਨ ਕੀਤਾ ਗਿਆ। ਸੋ, ਸਿੱਖ ਪੰਥ ਲਈ ਕੇਵਲ ਧਾਰਮਿਕ ਗ੍ਰੰਥ ਨਾ ਹੋ ਕੇ ਗੁਰੂ ਗ੍ਰੰਥ ਸਿਖ ਪੰਥ ਦਾ ਇਸ਼ਟ (ਰਹਿਬਰ) ਹੈ। ਪ੍ਰਗਟ ਗੁਰਾਂ ਕੀ ਦੇਹ ਹੈ। 'ਦੇਹ' ਸ਼ਬਦ ਗੁਰੂ ਗ੍ਰੰਥ ਨੂੰ ਕੇਵਲ ਧਾਰਮਿਕ ਗ੍ਰੰਥ ਤੱਕ ਸੀਮਤ ਰੱਖਣ ਤੋਂ ਵਰਜਣਾ ਅਤੇ ਗੁਰੂ ਅਤੇ ਗ੍ਰੰਥ ਵਿਚ ਅਭੇਦਤਾ ਦੇ ਪ੍ਰਗਟਾਵੇ ਹਿਤ ਹੈ। ਸੋ, ਸਿੱਖ ਧਰਮ ਦਾ 'ਗੁਰੂ ਗ੍ਰੰਥ' ਦਾ ਸਦੀਵੀ ਵਾਸਤਾ ਧਾਰਮਿਕ ਸ਼ੋਸ਼ਣ ਅਤੇ ਸ਼ਖ਼ਸੀ ਗ਼ੁਲਾਮੀ ਤੋਂ ਇਕੋ-ਇਕ ਮੁਕਤੀ ਮਾਰਗ ਹੈ।

-ਮੋਬਾ: 94638-61316


ਖ਼ਬਰ ਸ਼ੇਅਰ ਕਰੋ

ਭਾਈ ਘਨੱਈਆ ਦੀ ਵਾਰਸ ਖ਼ਾਲਸਾ ਏਡ ਸਮਾਜ ਸੇਵੀ ਸੰਸਥਾ (ਯੂ.ਕੇ.)

ਇਸ ਵੇਲੇ ਮਿਆਂਮਾਰ ਵਿਚੋਂ ਰੋਹਿੰਗਿਆ ਮੁਸਲਮਾਨਾਂ ਦੇ ਉਜਾੜੇ ਦਾ ਮਸਲਾ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਰਮਾ ਦੀ ਫੌਜ ਨੇ ਅੱਤਵਾਦੀ ਹੋਣ ਦਾ ਇਲਜ਼ਾਮ ਲਗਾ ਕੇ ਸੈਂਕੜੇ ਰੋਹਿੰਗਿਆਂ ਦਾ ਕਤਲ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ 471 ਵਿਚੋਂ 200 ਪਿੰਡ ਤਬਾਹ ਕਰ ਦਿੱਤੇ ਹਨ। ਲੱਖਾਂ ਦੀ ਗਿਣਤੀ ਵਿਚ ਰੋਹਿੰਗਿਆ ਉੱਜੜ ਕੇ ਖ਼ਾਲੀ ਹੱਥ ਮਲੇਸ਼ੀਆ, ਇੰਡੋਨੇਸ਼ੀਆ, ਭਾਰਤ ਅਤੇ ਬੰਗਲਾਦੇਸ਼ ਆਦਿ ਵੱਲ ਹਿਜਰਤ ਕਰ ਰਹੇ ਹਨ। 5 ਲੱਖ ਤੋਂ ਵੱਧ ਤਾਂ ਸਿਰਫ ਬੰਗਲਾਦੇਸ਼ ਵਿਚ ਹੀ ਪਹੁੰਚ ਗਏ ਹਨ। ਉੱਤੋਂ ਸਿਤਮ ਦੀ ਗੱਲ ਇਹ ਹੈ ਕਿ ਕੋਈ ਵੀ ਦੇਸ਼ ਉਨ੍ਹਾਂ ਨੂੰ ਸਵੀਕਾਰ ਨਹੀਂ ਕਰ ਰਿਹਾ। ਯੂ.ਐਨ.ਓ. ਵੀ ਸਿਰਫ ਮਿਆਂਮਾਰ ਦੇ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ ਕਰਨ ਤੱਕ ਸੀਮਤ ਹੈ। ਦੁਨੀਆ ਦੀ ਕੋਈ ਵੀ ਸਮਾਜ ਸੇਵੀ ਸੰਸਥਾ ਉਨ੍ਹਾਂ ਦੀ ਮਦਦ ਲਈ ਸਾਹਮਣੇ ਨਹੀਂ ਆ ਰਹੀ। ਅਜਿਹੇ ਸਮੇਂ ਸਿਰਫ ਸਿੱਖਾਂ ਨੇ ਉਨ੍ਹਾਂ ਦੀ ਬਾਂਹ ਫੜੀ ਹੈ। ਇੰਗਲੈਂਡ ਦੀ ਦਾਨਵੀਰ ਸੰਸਥਾ ਖ਼ਾਲਸਾ ਏਡ ਨੇ ਆਪਣੇ ਭਾਰਤ ਦੇ ਪ੍ਰਬੰਧਕ ਅਮਨਪ੍ਰੀਤ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਜ਼ਿਲ੍ਹੇ ਦੇ ਤੈਕਨਾਫ ਪਿੰਡ ਦੇ ਰਫਿਊਜੀ ਕੈਂਪ ਵਿਚ ਅਤੁੱਟ ਲੰਗਰ ਅਤੇ ਮੈਡੀਕਲ ਕੈਂਪ ਸ਼ੁਰੂ ਕਰਕੇ ਹਜ਼ਾਰਾਂ ਰੋਹਿੰਗਿਆਂ ਦੀ ਜਾਨ ਬਚਾਈ ਹੈ। ਰੋਜ਼ਾਨਾ 50000 ਤੋਂ ਵੱਧ ਸ਼ਰਣਾਰਥੀ ਗੁਰੂ ਕਾ ਲੰਗਰ ਛਕ ਰਹੇ ਹਨ। ਇਸ ਲੰਗਰ ਕਾਰਨ ਸੈਂਕੜੇ ਸ਼ਰਨਾਰਥੀਆਂ ਨੂੰ ਹਫ਼ਤਿਆਂ ਬਾਅਦ ਪਹਿਲੀ ਵਾਰ ਅੰਨ-ਦਾਣਾ ਨਸੀਬ ਹੋਇਆ ਹੈ।
ਸਮਾਜ ਭਲਾਈ ਸੰਸਥਾ ਖ਼ਾਲਸਾ ਏਡ ਦੀ ਸਥਾਪਨਾ 1999 ਵਿਚ ਸਿੱਖ ਧਰਮ ਦੇ ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ' ਦੇ ਅਸੂਲਾਂ ਅਨੁਸਾਰ ਇੰਗਲੈਂਡ ਵਿਚ ਹੋਈ ਸੀ। ਇਸ ਦੇ ਸਾਰੇ ਵਿਸ਼ਵ ਵਿਚ ਸੈਂਕੜੇ ਸੇਵਾਦਾਰ ਹਨ। ਖ਼ਾਲਸਾ ਏਡ ਨੇ ਹੁਣ ਤੱਕ ਲੱਖਾਂ ਯੁੱਧ, ਭੁੱਖਮਰੀ, ਕੁਦਰਤੀ ਆਫ਼ਤਾਂ ਅਤੇ ਹੋਰ ਮੁਸੀਬਤਾਂ ਦੇ ਸ਼ਿਕਾਰ ਪੀੜਤਾਂ ਨੂੰ ਸਹਾਇਤਾ ਪਹੁੰਚਾਈ ਹੈ। ਇਸ ਦਾ ਸਭ ਤੋਂ ਪਹਿਲਾ ਮਿਸ਼ਨ 1999 ਵਿਚ ਬੋਸਨੀਆ ਵਿਚ ਜੰਗੀ ਪੀੜਤਾਂ ਦੀ ਮਦਦ ਕਰਨਾ ਸੀ। ਇਸ ਤੋਂ ਬਾਅਦ ਇਸ ਦੀਆਂ ਪਰਉਪਕਾਰੀ ਸਰਗਰਮੀਆਂ ਲਗਾਤਾਰ ਚੱਲ ਰਹੀਆਂ ਹਨ। ਖ਼ਾਲਸਾ ਏਡ ਨੇ 2000 ਵਿਚ ਉੜੀਸਾ ਦੇ ਤੂਫ਼ਾਨ ਅਤੇ 2001 ਵਿਚ ਤੁਰਕੀ ਦੇ ਭੁਚਾਲ ਪੀੜਤਾਂ ਦੀ ਖਾਣੇ, ਪਾਣੀ, ਦਵਾਈਆਂ ਅਤੇ ਕੱਪੜਿਆਂ ਨਾਲ ਭਾਰੀ ਮਦਦ ਕੀਤੀ। ਇਸ ਨੇ ਉੜੀਸਾ ਦੇ ਤੂਫ਼ਾਨ ਕਾਰਨ ਤਬਾਹ ਹੋਏ ਸਾਰੇ ਸਕੂਲਾਂ ਦੀ ਮੁੜ ਉਸਾਰੀ ਵੀ ਕਰਵਾਈ। ਇਸ ਨੇ ਹੁਣ ਤੱਕ ਉਪਰੋਕਤ ਤੋਂ ਇਲਾਵਾ ਗੁਜਰਾਤ ਦੇ ਭੁਚਾਲ ਪੀੜਤਾਂ ਦੀ ਸਹਾਇਤਾ (2001), ਕਾਂਗੋ ਦੇ ਜਵਾਲਮੁਖੀ ਪੀੜਤਾਂ ਦੀ ਮਦਦ (2002), ਸੋਮਾਲੀਆ ਵਿਚ ਸਾਫ਼ ਪਾਣੀ ਮੁਹੱਈਆ ਕਰਾਉਣ ਦੇ ਪ੍ਰੋਜੈਕਟ ਲਾਉਣੇ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਅੱਤਵਾਦ ਪੀੜਤਾਂ ਦੀ ਸਹਾਇਤਾ, ਇੰਡੋਨੇਸ਼ੀਆ ਵਿਚ ਸਕੂਲੀ ਬੱਚਿਆਂ ਲਈ ਪ੍ਰੋਜੈਕਟ ਚਲਾਉਣੇ, ਪੰਜਾਬ ਦੇ ਨਸ਼ਾਖੋਰੀ ਤੋਂ ਪ੍ਰਭਾਵਿਤ ਲੋਕਾਂ ਲਈ ਡਾਕਟਰੀ ਸਹਾਇਤਾ, ਬੰਗਲਾਦੇਸ਼ ਵਿਚ ਚੱਕਰਵਾਤ ਪੀੜਤਾਂ ਦੀ ਸਹਾਇਤਾ (2017), ਹੈਤੀ ਦੇ ਚੱਕਰਵਾਤ ਪੀੜਤਾਂ ਲਈ ਸਾਫ਼ ਪਾਣੀ ਦੇ ਪ੍ਰੋਜੈਕਟ ਲਾਉਣੇ (2010), ਆਸਟਰੇਲੀਆ ਅਤੇ ਇੰਗਲੈਂਡ ਦੇ ਹੜ੍ਹ ਪੀੜਤਾਂ ਦੀ ਸਹਾਇਤਾ (2015), ਯੂਨਾਨ ਪਹੁੰਚ ਰਹੇ ਸੀਰੀਅਨ ਰਫਿਊਜੀਆਂ ਦੀ ਸਹਾਇਤਾ ਲਈ 2015 ਤੋਂ ਚੱਲ ਰਿਹਾ ਲੰਗਰ ਅਤੇ ਮੈਡੀਕਲ ਕੈਂਪ ਅਤੇ ਅਮਰੀਕਾ ਦੇ ਸੂਬੇ ਟੈਕਸਾਸ ਵਿਚ 2017 ਦੇ ਹੜ੍ਹਾਂ ਵਿਚ ਵੱਧ ਚੜ੍ਹ ਕੇ ਸਹਾਇਤਾ ਕੀਤੀ ਹੈ।
ਖ਼ਾਲਸਾ ਏਡ ਦੇ ਕੰਮਾਂ ਨਾਲ ਦੁਨੀਆ ਭਰ ਵਿਚ ਸਿੱਖੀ ਨੂੰ ਵਿਲੱਖਣ ਪਹਿਚਾਣ ਮਿਲ ਰਹੀ ਹੈ। ਟੈਕਸਾਸ ਵਿਚ ਗੋਰਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਵੇਲੇ ਤਿਆਰ-ਬਰ-ਤਿਆਰ ਖ਼ਾਲਸਿਆਂ ਦੀਆਂ ਤਸਵੀਰਾਂ ਸੰਸਾਰ ਭਰ ਦੀਆਂ ਅਖ਼ਬਾਰਾਂ ਵਿਚ ਛਪੀਆਂ ਹਨ। ਇਸ ਤਰ੍ਹਾਂ ਨਾਲ ਅਮਰੀਕਨਾਂ ਨੂੰ ਸਿੱਖਾਂ ਅਤੇ ਅਰਬੀਆਂ ਵਿਚ ਫਰਕ ਸਮਝ ਆ ਰਿਹਾ ਹੈ। ਹੁਣ ਰੋਹਿੰਗਿਆ ਮੁਸਲਮਾਨਾਂ ਦੀ ਸੇਵਾ ਕਰ ਰਹੇ ਖ਼ਾਲਸਾ ਏਡ ਦੇ ਸੇਵਾਦਾਰਾਂ ਦੀ ਬੀ.ਬੀ.ਸੀ. ਤੱਕ ਨੇ ਕਵਰੇਜ ਕੀਤੀ ਹੈ। ਖ਼ਾਲਸਾ ਏਡ ਹੁਣ ਇਕ ਹੋਰ ਬਹੁਤ ਸ਼ਲਾਘਾਯੋਗ ਕੰਮ ਕਰ ਰਹੀ ਹੈ। ਉਸ ਨੇ ਪਿੰਡ ਅਜਨਾਦ, ਜ਼ਿਲ੍ਹਾ ਬੁਰਹਾਨਪੁਰ (ਮੱਧ ਪ੍ਰਦੇਸ਼) ਵਿਚ ਰਹਿਣ ਵਾਲੇ ਸਿਕਲੀਗਰ ਸਿੱਖਾਂ ਦੀ ਭਲਾਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਉਸ ਦੁਆਰਾ 25 ਸਭ ਤੋਂ ਵੱਧ ਗਰੀਬ ਸਿਕਲੀਗਰ ਪਰਿਵਾਰਾਂ ਲਈ ਮਕਾਨ ਬਣਾ ਕੇ ਦੇਣ ਅਤੇ ਪੀਣ ਵਾਲੇ ਸਾਫ਼ ਪਾਣੀ ਲਈ ਡੂੰਘੇ ਬੋਰ ਵਾਲੇ ਟਿਊਬਵੈੱਲ ਲਗਾਏ ਜਾ ਰਹੇ ਹਨ। ਬੱਚਿਆਂ ਦੀ ਪੜ੍ਹਾਈ ਲਈ ਵਿੱਤੀ ਮਦਦ ਵੀ ਦਿੱਤੀ ਜਾ ਰਹੀ ਹੈ। ਇਸ ਕੰਮ ਵਾਸਤੇ ਕਰੀਬ ਇਕ ਲੱਖ ਪੌਂਡ ਖਰਚਾ ਆਉਣ ਦੀ ਉਮੀਦ ਹੈ।
ਇਹ ਸੰਸਥਾ ਗੁਰੂ ਸਾਹਿਬਾਨ ਦੀ ਫ਼ਿਲਾਸਫ਼ੀ ਅਨੁਸਾਰ ਚੱਲਦੇ ਹੋਏ ਬਿਨਾਂ ਕਿਸੇ ਭੇਦਭਾਵ ਦੇ ਦੀਨ-ਦੁਖੀਆਂ ਦੀ ਭਲਾਈ ਲਈ ਹਰ ਸਾਲ ਲੱਖਾਂ ਡਾਲਰ ਖ਼ਰਚ ਕਰ ਰਹੀ ਹੈ। ਇਹੋ ਹੀ ਮਨੁੱਖਤਾ ਦੀ ਅਸਲ ਸੇਵਾ ਹੈ। ਖ਼ਾਲਸਾ ਏਡ ਦੇ ਸਾਰੇ ਸੇਵਾਦਾਰ ਕੰਮਕਾਜੀ ਅਤੇ ਪਰਿਵਾਰਕ ਵਿਅਕਤੀ ਹਨ। ਇਹ ਆਪਣੇ ਨਿੱਤ ਪ੍ਰਤੀ ਦੇ ਰੁਝੇਵਿਆਂ ਵਿਚੋਂ ਵਕਤ ਕੱਢ ਕੇ ਪੀੜਤਾਂ ਦੀ ਮਦਦ ਲਈ ਫੌਰਨ ਪਹੁੰਚਦੇ ਹਨ। ਇਸ ਸੰਸਥਾ ਦੀ ਮਾਇਕ ਸਹਾਇਤਾ ਮੁੱਖ ਤੌਰ 'ਤੇ ਯੂ.ਕੇ. ਦੇ ਸ਼ਰਧਾਵਾਨ ਸਿੱਖਾਂ ਵੱਲੋਂ ਕੀਤੀ ਜਾ ਰਹੀ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵਿਹਲੜ ਸਾਧਾਂ 'ਤੇ ਪੈਸਾ ਬਰਬਾਦ ਕਰਨ ਦੀ ਬਜਾਏ ਅਜਿਹੀਆਂ ਅਸਲ ਸਮਾਜ ਸੇਵਕ ਸੰਸਥਾਵਾਂ ਦੇ ਹੱਥ ਮਜ਼ਬੂਤ ਕਰੀਏ।

-ਪੰਡੋਰੀ ਸਿੱਧਵਾਂ। ਮੋਬਾ: 98151-24449

ਮਹਾਰਾਜਾ ਰਣਜੀਤ ਸਿੰਘ ਦਾ ਘੋੜਾ

ਮਹਾਰਾਜਾ ਰਣਜੀਤ ਸਿੰਘ ਨੂੰ ਵਧੀਆ ਘੋੜਿਆਂ ਦਾ ਸ਼ੌਕ ਸੀ। ਉਨ੍ਹਾਂ ਦਾ ਸਭ ਤੋਂ ਪਿਆਰਾ ਘੋੜਾ ਲੈਲਾ ਸੀ, ਜੋ ਬਹੁਤ ਹੀ ਸੁੰਦਰ ਅਤੇ ਉੱਚੇ ਕੱਦ ਦਾ ਸੀ। ਇਹ ਘੋੜਾ ਪੇਸ਼ਾਵਰ ਦੇ ਹਾਕਮ ਸੁਲਤਾਨ ਮੁਹੰਮਦ ਬਾਰਕਜ਼ਈ ਕੋਲ ਸੀ। ਮਹਾਰਾਜੇ ਨੇ ਘੋੜੇ ਦੀ ਤਾਰੀਫ ਸੁਣ ਕੇ ਇਸ ਨੂੰ ਲੈਣ ਲਈ ਬਹੁਤ ਯਤਨ ਕੀਤੇ। ਅਖੀਰ ਬਹੁਤ ਸਾਰਾ ਧਨ ਲੈ ਕੇ ਸੰਨ 1828 ਵਿਚ ਸੁਲਤਾਨ ਨੇ ਇਹ ਘੋੜਾ ਮਹਾਰਾਜੇ ਨੂੰ ਦਿੱਤਾ। ਉਸ ਸਮੇਂ ਇਤਿਹਾਸਕਾਰ ਸੀ. ਏ. ਹੂਗਲ ਨੇ ਆਪਣੇ ਸਫ਼ਰਨਾਮੇ ਵਿਚ ਲਿਖਿਆ ਹੈ ਕਿ ਲੈਲਾ ਘੋੜਾ ਬਹੁਤ ਹੀ ਸੋਹਣਾ ਅਤੇ ਚਤੁਰ ਹੈ। ਇਸ ਦਾ ਰੰਗ ਕੁਮੈਤ ਹੈ। ਇਸ ਦੀ ਉਮਰ ਤੇਰਾਂ ਸਾਲ ਹੈ। ਇਸ ਦਾ ਕੱਦ ਸੋਲਾਂ ਮੁੱਠੀ ਹੈ। ਮਿਸ ਐਡਨ ਨੇ ਲਿਖਿਆ ਹੈ ਕਿ ਮਹਾਰਾਜੇ ਦੀ ਸਵਾਰੀ ਦੇ ਘੋੜਿਆਂ ਦਾ ਜੜਾਊ ਸਾਜ 37 ਲੱਖ ਦਾ ਸੀ। ਲੈਲਾ ਘੋੜੇ ਦਾ ਸ਼ਿੰਗਾਰ ਦਾ ਸਮਾਨ ਡੇਢ ਲੱਖ ਦਾ ਹੁੰਦਾ ਸੀ। ਮਹਾਰਾਜਾ ਲੈਲਾ ਘੋੜੇ 'ਤੇ ਸਵਾਲ ਹੋ ਕੇ ਖਾਸ ਮੌਕਿਆਂ 'ਤੇ ਸ਼ਾਹੀ ਜਲੂਸ ਕੱਢਦਾ ਸੀ।
ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਇ ਜੀ ਦੀ ਅੜਦਲ ਵਿਚ ਹਮੇਸ਼ਾ 2200 ਘੋੜਸਵਾਰ ਰਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪ ਜੀ ਦੀ ਯਾਦ ਵਿਚ ਗੁਰੂ ਹਰਿਰਾਇ ਸਾਹਿਬ ਦਾ ਰਸਾਲਾ ਬਣਾਇਆ ਸੀ, ਜਿਸ ਵਿਚ ਸਭ ਖਾਨਦਾਨੀ ਅਤੇ ਕੱਦਾਵਰ ਸਵਾਰ ਸਨ। ਮਹਾਰਾਜਾ ਆਪਣੇ ਸਰਦਾਰ ਹਾਥੀ ਜਾਂ ਲੈਲਾ ਘੋੜੇ 'ਤੇ ਸਵਾਰ ਹੋ ਕੇ ਇਸ ਰਸਾਲੇ ਸਮੇਤ ਵੱਡੀਆਂ ਮੁਹਿੰਮਾਂ ਅਤੇ ਮੌਕਿਆਂ ਉੱਤੇ ਅਗਵਾਈ ਕਰਦਾ ਹੁੰਦਾ ਸੀ।
ਮਹਾਰਾਜੇ ਦੀ ਇਕ ਬਹੁਤ ਪਿਆਰੀ ਘੋੜੀ ਸੀ, ਜਿਸ ਉੱਤੇ ਹੋਰ ਕੋਈ ਸਵਾਰੀ ਨਹੀਂ ਸੀ ਕਰ ਸਕਦਾ। ਮਹਾਰਾਜੇ ਦੇ ਵੱਡੇ ਸ਼ਹਿਜ਼ਾਦੇ ਖੜਕ ਸਿੰਘ ਦੀ ਬੜੀ ਰੀਝ ਸੀ ਕਿ ਉਸ ਘੋੜੀ ਉੱਤੇ ਸਵਾਰੀ ਕਰੇ। ਇਕ ਦਿਨ ਉਸ ਦਾ ਦਿਲ ਬੇਕਾਬੂ ਹੋ ਗਿਆ ਅਤੇ ਉਸ ਨੇ ਬਿਨਾਂ ਆਗਿਆ ਲਏ ਘੋੜੀ ਖੋਲ੍ਹੀ ਅਤੇ ਉਸ ਉੱਤੇ ਸਵਾਰ ਹੋ ਗਿਆ। ਛੇਤੀ ਹੀ ਘੋੜੀ ਹਵਾ ਨਾਲ ਗੱਲਾਂ ਕਰਨ ਲੱਗੀ। ਸ਼ਹਿਜ਼ਾਦੇ ਨੂੰ ਘੋੜੀ ਦੀ ਸਵਾਰੀ ਨੇ ਬਹੁਤ ਅਨੰਦ ਦਿੱਤਾ। ਜਦੋਂ ਮਹਾਰਾਜੇ ਨੂੰ ਉਸ ਦੀ ਹੁਕਮ ਅਦੂਲੀ ਦਾ ਪਤਾ ਲੱਗਾ ਤਾਂ ਭਰੇ ਦਰਬਾਰ ਵਿਚ ਹਾਜ਼ਰ ਹੋਣ ਲਈ ਕਿਹਾ। ਸ਼ਹਿਜ਼ਾਦਾ ਡਰਿਆ ਹੋਇਆ ਸੀ। ਮਹਾਰਾਜੇ ਨੇ ਕਿਹਾ ਕਿ ਹੁਕਮ ਅਦੂਲੀ ਦੀ ਸਜ਼ਾ ਜ਼ਰੂਰ ਮਿਲੇਗੀ। ਫਿਰ ਵੀ ਜੇ ਆਪਣੀ ਸਫ਼ਾਈ ਵਿਚ ਸ਼ਹਿਜ਼ਾਦੇ ਨੇ ਕੁਝ ਕਹਿਣਾ ਹੈ ਤਾਂ ਮੌਕਾ ਦਿੱਤਾ ਜਾਂਦਾ ਹੈ। ਉਸ ਸਮੇਂ ਸਿਆਣਾ ਫ਼ਕੀਰ ਅਜ਼ੀਜ਼ੁਦੀਨ ਰੋਹਬ ਨਾਲ ਬੋਲਿਆ ਕਿ 'ਸ਼ਹਿਜ਼ਾਦੇ! ਕੀ ਉਹ ਤੇਰੇ ਪਿਓ ਦੀ ਘੋੜੀ ਸੀ, ਜਿਸ ਨੂੰ ਬਿਨਾਂ ਪੁੱਛੇ ਖੋਲ੍ਹ ਕੇ ਲੈ ਗਿਆ?' ਸ਼ਹਿਜ਼ਾਦੇ ਨੇ ਕਿਹਾ, 'ਹਾਂ ਜੀ! ਪਿਓ ਦੀ ਘੋੜੀ ਸਮਝ ਕੇ ਹੀ ਲੈ ਗਿਆ ਸੀ।' ਦਰਬਾਰ ਵਿਚ ਹਾਸਾ ਮਚ ਗਿਆ ਅਤੇ ਮਹਾਰਾਜੇ ਨੇ ਵੀ ਮੁਸਕਰਾ ਕੇ ਉਸ ਨੂੰ ਮੁਆਫ਼ ਕਰ ਦਿੱਤਾ।

ਕੀਨੀਆ 'ਚ ਸਿੱਖਾਂ ਦਾ ਵਾਸਾ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਸੁਮੋ (ਕੀਨੀਆ)

ਕਸੁਮੋ (ਕੀਨੀਆ) 'ਚ ਸਿੱਖਾਂ ਦਾ ਪੱਕਾ ਵਾਸਾ ਉਸ ਸਮੇਂ ਦਾ ਹੈ, ਜਿਸ ਸਮੇਂ 1901 ਈ: ਵਿਚ ਯੁਗਾਂਡਾਂ ਤੋਂ ਰੇਲਵੇ ਲਾਈਨ ਕਸੁਮੋ ਪਹੁੰਚੀ। ਜਦ ਸਿੱਖ 1890 ਈ: ਵਿਚ ਆਣ ਕੇ ਵਸੇ, ਕੀਨੀਆ ਉਸ ਸਮੇਂ ਅੰਗਰੇਜ਼ ਰਾਜ ਦੀ ਇਕ ਬਸਤੀ ਸੀ। ਅੰਗਰੇਜ਼ ਯੂਗਾਂਡਾ ਤੋਂ ਕਸੁਮੋ ਤੱਕ ਰੇਲਵੇ ਲਾਈਨ ਵਿਛਾਉਣ ਲੱਗੇ ਤਾਂ ਬਹੁਤ ਸਾਰੇ ਸਿੱਖ ਕਾਮੇ ਭਾਰਤ ਤੋਂ ਲਿਆਂਦੇ ਗਏ। ਰੇਲਵੇ ਲਾਈਨ ਦੀ ਅਰੰਭਤਾ 5 ਅਗਸਤ, 1896 ਈ: ਨੂੰ ਮੁਬਾਸਾ ਤੋਂ ਸ਼ੁਰੂ ਹੋਈ ਤੇ ਦਸੰਬਰ, 1901 ਈ: ਕਸੁਮੋ ਤੱਕ ਮੁਕੰਮਲ ਹੋਈ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਸੁਮੋ (ਕੀਨੀਆ)
19ਵੀਂ ਸਦੀ ਦੇ ਆਖਰੀ ਦਹਾਕੇ 'ਚ ਸਿੱਖ ਕੀਨੀਆ ਜਾ ਕੇ ਵਸੇ, ਜਿਸ ਸਮੇਂ ਕੀਨੀਆ 'ਚ ਅੰਗਰੇਜ਼ ਰਾਜ ਦੀ ਕੀਨੀਆ 'ਚ ਪਹਿਲੀ ਰੇਲਵੇ ਲਾਈਨ ਵਿਛਾਉਣ ਵਾਸਤੇ ਕਾਰੀਗਰ ਤੇ ਮਜ਼ਦੂਰ ਕਾਮੇ ਭਾਰਤ ਤੋਂ ਗਏ। ਸਾਡੇ ਪੁਰਖਿਆਂ ਨੇ ਰੇਲਵੇ ਲਾਈਨ ਵਿਛਾਉਣ ਵਾਸਤੇ ਪਹਾੜਾਂ, ਚਟਾਨਾਂ, ਜੰਗਲਾਂ ਨੂੰ ਕੱਟਿਆ, ਰੇਲਵੇ ਲਾਈਨ ਵਿਛਾਉਣ ਵਿਚ ਸਫਲ ਹੋ ਗਏ, ਪਰ ਬਹੁਤ ਸਾਰੇ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋ ਬੈਠੇ। 2 ਹਜ਼ਾਰ ਤੋਂ ਵਧੇਰੇ ਲੋਕ ਕੰਮ 'ਤੇ ਅਕਾਲ ਚਲਾਣਾ ਕਰ ਗਏ ਤੇ 28 ਬੰਦਿਆਂ ਨੂੰ ਸ਼ੇਰਾਂ ਨੇ ਖਾ ਲਿਆ, ਕਿਉਂਕਿ ਇਹ ਸਾਰਾ ਇਲਾਕਾ ਜੰਗਲੀ ਹੈ। ਉਸ ਸਮੇਂ ਵਿਚਾਰੇ ਇਹ ਗੁਰੂ-ਪਿਆਰੇ ਗੁਰਸਿੱਖ ਪੜ੍ਹੇ-ਲਿਖੇ ਵੀ ਨਹੀਂ ਸਨ, ਚਿੱਠੀ-ਪੱਤਰ ਲਿਖਣ ਤੇ ਮਨੀਆਰਡਰ ਕਰਨ ਵਾਸਤੇ ਵੀ ਇਹ ਦੂਸਰਿਆਂ 'ਤੇ ਨਿਰਭਰ ਸਨ। ਬਹੁਤ ਥੋੜ੍ਹੇ ਗੁਰਸਿੱਖ ਪੜ੍ਹੇ-ਲਿਖੇ ਨੌਕਰੀ ਪੇਸ਼ੇ ਵਾਲੇ ਸਨ। ਕਸੁਮੋ ਵਿਚ ਭਾਈ ਮਹਿੰਦਰ ਸਿੰਘ ਦੇ ਪਿਤਾ ਜੀ ਸ: ਗੁਰਬਚਨ ਸਿੰਘ ਆਹਲੂਵਾਲੀਆ ਪੋਸਟ ਮਾਸਟਰ ਸਨ। ਭਾਈ ਮਹਿੰਦਰ ਸਿੰਘ ਗੌਰਮੈਂਟ ਸਕੂਲ 1956 ਈ: ਵਿਚ ਪੜ੍ਹਦੇ ਰਹੇ।
ਸ਼ਾਇਦ ਪਹਿਲਾਂ ਸਿੱਖ ਕਾਲਾ ਸਿੰਘ ਕੀਨੀਆ ਗਿਆ। ਇਸ ਕਰਕੇ ਸਿੱਖ ਸਰਦਾਰਾਂ ਨੂੰ ਕਾਲਾਸਿੰਘਾ ਕਰਕੇ ਬੁਲਾਇਆ ਜਾਂਦਾ ਹੈ। ਸਿੱਖਾਂ ਨੇ ਕੀਨੀਆ ਨੂੰ ਵਿਕਸਿਤ ਕਰਨ ਲਈ ਕੇਵਲ ਰੇਲਵੇ ਲਾਈਨ ਵਿਛਾਉਣ ਵਿਚ ਹੀ ਯੋਗਦਾਨ ਨਹੀਂ ਪਾਇਆ, ਸਗੋਂ ਮਿਹਨਤ, ਸਿਰੜ-ਸਿਦਕ ਸਮਰਪਿਤ ਭਾਵਨਾ ਨਾਲ ਹਰ ਖੇਤਰ 'ਚ ਵਿਲੱਖਣ ਘਾਲਣਾ ਘਾਲੀ। ਧਾਰਮਿਕ, ਸਮਾਜਿਕ ਸੰਸਥਾਵਾਂ ਬਣਾਉਣ ਤੋਂ ਇਲਾਵਾ ਸਿੱਖਾਂ ਨੇ ਕੀਨੀਆ ਦੀ ਸਿਹਤ-ਸੰਭਾਲ, ਖੇਡਾਂ, ਵਿੱਦਿਆ, ਖੇਤੀਬਾੜੀ, ਵਪਾਰ ਨੂੰ ਸਥਾਪਿਤ ਕਰਨ ਵਿਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਕੀਨੀਆ 'ਚ ਸੋਨੇ ਦੀਆਂ ਖਾਣਾਂ ਸਨ, ਜਿਨ੍ਹਾਂ ਵਿਚ ਵੀ ਸਿੱਖਾਂ ਨੇ ਮਿਹਨਤ-ਮੁਸ਼ੱਕਤ ਕਰਕੇ ਨਾਮਣਾ ਖੱਟਿਆ। ਕੀਨੀਆ 'ਚ ਸਿੱਖਾਂ ਦੇ ਸਥਾਪਿਤ ਹੋਣ, ਸਫਲਤਾ ਤੇ ਪ੍ਰਾਪਤੀਆਂ ਨੂੰ ਵਰਣਨ ਕਰਨਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ। ਸਿੱਖ ਧਰਮ ਦੀ ਵਿਸ਼ਵ ਵਿਚ ਸਥਾਪਤੀ ਦੇ ਪੱਖ ਤੋਂ ਵੀ ਕੀਨੀਆ ਦੇ ਸਿੱਖਾਂ ਦਾ ਵਿਸ਼ੇਸ਼-ਵਿਲੱਖਣ ਯੋਗਦਾਨ ਹੈ।
584 ਮੀਲ ਰੇਲਵੇ ਲਾਈਨ ਅਤੇ 1280 ਦੇ ਕਰੀਬ ਹੱਥੀਂ ਲੱਕੜੀ ਦੇ ਪੁਲ ਬਣਾਉਣੇ ਪਏ। ਆਵਾਜਾਈ ਦਾ ਪਹਿਲਾ ਆਧੁਨਿਕ ਸਾਧਨ ਬਣਿਆ। ਯੂਗਾਂਡਾ 'ਚ ਖੇਤੀਬਾੜੀ ਬਹੁਤ ਹੁੰਦੀ ਸੀ। ਰੇਲਵੇ ਰਾਹੀਂ ਇਸ ਦਾ ਵਿਤਰਣ ਪੂਰੇ ਕੀਨੀਆ 'ਚ ਹੋ ਸਕਿਆ। ਬਹੁਤ ਮੁਸ਼ਕਿਲ ਹੈ, ਦੂਸਰੇ ਸੱਭਿਆਚਾਰਾਂ ਵਿਚ ਸਥਾਪਿਤ ਹੋਣਾ, ਜਦ ਮਨੁੱਖੀ ਵਰਤਾਰੇ ਵਿਚ ਭਾਸ਼ਾ, ਖਾਣ-ਪੀਣ, ਰਹਿਣ-ਸਹਿਣ ਦਾ ਅੰਤਰ ਹੋਵੇ ਪਰ ਸਿੱਖਾਂ ਨੇ ਇਸ ਵਿਭਿੰਨਤਾ 'ਚੋਂ ਏਕਤਾ ਦਾ ਰਾਹ ਲੱਭ ਲਿਆ ਹੈ, ਉਨ੍ਹਾਂ ਲੋਕਾਂ ਦੀ ਭਾਸ਼ਾ, ਬੋਲੀ ਸੱਭਿਆਚਾਰ ਸਮਝਦਿਆਂ ਆਪਣੀ ਵਿਲੱਖਣਤਾ, ਭਾਸ਼ਾ, ਸੱਭਿਆਚਾਰ ਤੇ ਵਿਲੱਖਣ ਪਹਿਚਾਣ ਨੂੰ ਵੀ ਬਣਾਈ ਰੱਖਿਆ ਹੈ।
ਗੁਰਸਿੱਖ ਕਿਰਤੀ, ਮਿਹਨਤੀ ਸੁਭਾਅ ਤੇ ਗੁਰੂ ਦੀ ਭੈ-ਭਾਵਨੀ ਵਿਚ ਰਹਿਣ ਕਰਕੇ ਹਰ ਥਾਂ 'ਤੇ ਖੁਸ਼ਹਾਲ ਹਨ। ਕੀਨੀਆ 'ਚ ਸਿੱਖ ਖੇਤੀਬਾੜੀ, ਹਾਕੀ-ਕ੍ਰਿਕਟ, ਵਪਾਰ, ਨੌਕਰੀ ਤੇ ਠੇਕੇਦਾਰੀ 'ਚ ਝੰਡਾ ਬਰਦਾਰ ਸਿੱਖ ਸਰਦਾਰ ਬਣੇ। ਕੀਨੀਆ ਦੀ ਕਿਸਮਤ ਦਾ ਪਹੀਆ ਸਿੱਖਾਂ ਨੇ ਹੀ ਘੁਮਾਇਆ। ਗਿਆਨ ਸਿੰਘ ਨੇ 1922 ਈ: ਰੇਲਵੇ 'ਚ ਸੁਪਰਵਾਈਜ਼ਰ ਵਜੋਂ ਸੇਵਾ ਸ਼ੁਰੂ ਕੀਤੀ। ਸੇਵਾਮੁਕਤੀ ਤੋਂ ਬਾਅਦ ਸਾਈਕਲਾਂ ਦੀ ਮੁਰੰਮਤ ਦੀ ਦੁਕਾਨ ਖੋਲ੍ਹ ਲਈ। ਉਸ ਸਮੇਂ ਦੁਕਾਨ, ਉਨ੍ਹਾਂ ਨੂੰ ਇਕ ਦਰੱਖਤ ਹੇਠਾਂ ਖੋਲ੍ਹਣੀ ਪਈ ਪਰ ਹੁਣ ਉਨ੍ਹਾਂ ਦਾ ਪਰਿਵਾਰ ਇਕ ਪ੍ਰਮੁੱਖ ਵਪਾਰਿਕ ਘਰਾਣਾ ਹੈ। ਕੀਨੀਆ ਦੇ ਸਿੱਖਾਂ ਨੇ ਪਹਿਲਾਂ ਪਹਿਲੇ ਸੰਸਾਰ ਯੁੱਧ ਤੇ ਫਿਰ ਕੀਨੀਆ ਦੀ ਆਜ਼ਾਦੀ ਦੀ ਲੜਾਈ 'ਚ ਆਖ਼ਰੀ ਸਾਹਾਂ ਤੱਕ ਯੋਗਦਾਨ ਪਾਇਆ। ਕੀਨੀਆ ਦੀ ਪੁਲਿਸ ਵਿਚ ਵੀ ਸਿੱਖਾਂ ਨੇ ਵਿਸ਼ੇਸ਼ ਪਦਵੀਆਂ 'ਤੇ ਸੇਵਾ ਕੀਤੀ ਤੇ ਨਾਮਣਾ ਖੱਟਿਆ।
ਹਜ਼ਾਰਾਂ ਏਕੜ ਗੰਨੇ ਦੇ ਫਾਰਮ ਹਨ, ਆਪਣੀਆਂ ਖੰਡ ਮਿੱਲਾਂ, ਟਰਾਂਸਪੋਰਟ ਅਤੇ ਦੁਨੀਆ ਦੇ ਬਿਹਤਰੀਨ ਆਵਾਜਾਈ ਦੇ ਸਾਧਨ ਹਨ। ਸਬਰ-ਸਤ-ਸੰਤੋਖ-ਸੰਜਮ ਦੇ ਧਾਰਨੀ ਗੁਰਸਿੱਖ ਨਾਨਕ ਨਾਮ ਚੜ੍ਹਦੀ ਕਲਾ ਦੀ ਸਵੇਰੇ-ਸ਼ਾਮ ਅਰਦਾਸ ਕਰਦੇ ਹੋਏ ਨਾਨਕ ਨਿਰਮਲ ਪੰਥ ਦੀ ਬ੍ਰਹਿਮੰਡੀ ਵਿਚਾਰਧਾਰਾ ਨੂੰ ਵਿਸ਼ਵ ਭਰ ਵਿਚ ਵੰਡ ਰਹੇ ਹਨ।
ਵਰਤਮਾਨ ਸਮੇਂ ਕਸੁਮੋ ਕੀਨੀਆ ਦਾ ਤੀਸਰਾ ਵੱਡਾ ਸ਼ਹਿਰ ਹੈ, ਜਿਸ ਦੀ ਨੀਂਹ ਅੰਗਰੇਜ਼ਾਂ ਨੇ 1901 ਈ: ਵਿਚ ਰੱਖੀ। ਕੀਨੀਆ ਵਿਚ ਸਹੇਲੀ ਭਾਸ਼ਾ ਬੋਲੀ ਜਾਂਦੀ ਹੈ ਪਰ ਇਸ ਦੀ ਆਪਣੀ ਲਿਪੀ ਨਹੀਂ। ਲਿਪੀ ਅੰਗਰੇਜ਼ੀ ਹੀ ਵਰਤ ਰਹੇ ਹਨ। ਜਦ 1901 ਈ: ਵਿਚ ਰੇਲਵੇ ਲਾਈਨ ਵਿਛਾਉਣ ਦਾ ਕੰਮ ਕਸੁਮੋ ਤੱਕ ਪੂਰਾ ਹੋ ਗਿਆ ਤਾਂ ਅੰਗਰੇਜ਼ਾਂ ਨੇ ਆਪਣੇ ਭਾਰਤੀ ਕਾਮਿਆਂ ਨੂੰ ਛੋਟ ਦਿੱਤੀ, ਜੇਕਰ ਉਨ੍ਹਾਂ ਭਾਰਤ ਵਾਪਸ ਜਾਣਾ ਹੋਵੇ ਤਾਂ ਜਾ ਸਕਦੇ ਹਨ, ਨਹੀਂ ਤਾਂ ਇੱਥੇ ਵਸ ਜਾਣ। ਉਸ ਸਮੇਂ 7500 ਦੇ ਕਰੀਬ ਸਿੱਖ ਕਾਮੇ ਕਸੁਮੋ ਵਸ ਗਏ ਤੇ ਇੱਥੇ ਹੀ ਜ਼ਮੀਨ ਖ਼ਰੀਦ ਲਈ। ਸਿੱਖ ਕਿਸਾਨਾਂ, ਕਾਰੀਗਰਾਂ, ਤਰਖਾਣਾਂ, ਲੁਹਾਰਾਂ ਆਦਿ ਨੇ ਆਪਣਾ ਹੀ ਸਿੱਖ ਸਮਾਜ ਕਸੁਮੋ 'ਚ ਸਿਰਜ ਲਿਆ। ਉਸ ਸਮੇਂ ਇੱਥੇ ਵਸਣਾ ਮੌਤ ਨਾਲ ਖੇਡਣ ਬਰਾਬਰ ਸੀ, ਖ਼ਤਰਨਾਕ ਮੱਛਰ ਦੀ ਭਰਮਾਰ ਸੀ, ਰਹਿਣ ਲਈ ਕੋਈ ਸਹੂਲਤ ਨਹੀਂ, ਪਰ ਫਿਰ ਵੀ ਸਾਡੇ ਪੁਰਖਿਆਂ ਸਿੱਖ-ਸਰਦਾਰਾਂ ਨੇ ਸਿੱਖੀ ਦੇ ਬੂਟੇ ਨੂੰ ਪ੍ਰਫੁਲਤ ਕੀਤਾ। ਕਸੁਮੋ ਸ਼ਹਿਰ 'ਚ ਇਸ ਸਮੇਂ 112 ਦੇ ਕਰੀਬ ਸਿੱਖ ਪਰਿਵਾਰ ਵਸਦੇ ਹਨ।
ਕੀਨੀਆ 'ਚ ਬਹੁਤ ਸਾਰੇ ਗੁਰਦੁਆਰੇ ਹਨ, ਜਿਨ੍ਹਾਂ ਵਿਚੋਂ ਗੁਰਦੁਆਰਾ ਸਾਹਿਬ (ਲਡਾਈਜ਼) ਨਰੂਬੀ, 1901 ਈ:, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨਰੂਬੀ 1911 ਈ:, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਸੁਮੋ 1913 ਈ:, ਗੁਰਦੁਆਰਾ ਮਕਿੰਡੋ ਸਾਹਿਬ 1926 ਈ:, ਸਿੱਖ ਟੈਂਪਲ ਕਰੀਚੋ 1930 ਈ: ਅਤੇ ਗੁਰਦੁਆਰਾ ਬਾਜ਼ਾਰ ਨਰੂਬੀ 1940 ਈ: ਇਤਿਹਾਸਕ ਮਹੱਤਵ ਵਾਲੇ ਮੰਨੇ ਜਾਂਦੇ ਹਨ। 16 ਜੂਨ ਤੋਂ 28 ਜੂਨ, 2017 ਤੱਕ ਮੈਨੂੰ ਆਪਣੀ ਧਰਮ ਪਤਨੀ ਰਮਨਦੀਪ ਕੌਰ ਦੇ ਸਾਥ ਦਸਮੇਸ਼ ਸਮਾਗਮ 350 ਨਰੂਬੀ, ਕੀਨੀਆ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ) 'ਚ ਹਾਜ਼ਰੀ ਭਰਨ ਲਈ ਸੁਭਾਗ ਪ੍ਰਾਪਤ ਹੋਇਆ। ਕੀਨੀਆ ਯਾਤਰਾ ਸਮੇਂ ਮੈਨੂੰ ਇਨ੍ਹਾਂ ਵਿਚੋਂ ਤਿੰਨ ਗੁਰੂ-ਘਰਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿਨ੍ਹਾਂ ਬਾਰੇ ਸੰਖੇਪ ਵਿਚ ਪਾਠਕਾਂ ਨੂੰ ਜਾਣਕਾਰੀ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ।
18 ਦਸੰਬਰ, 1912 ਈ: ਨੂੰ ਉੱਥੇ ਵਸਣ ਵਾਲੇ ਸਿੰਘਾਂ ਨੇ ਨਵੇਂ ਗੁਰਦੁਆਰੇ ਦੀ ਇਮਾਰਤ ਉਸਾਰਨ ਦਾ ਆਇਦ ਕੀਤਾ। 6 ਜਨਵਰੀ, 1912 ਈ: ਨੂੰ ਉਗਰਾਹੀ ਸ਼ੁਰੂ ਕੀਤੀ ਗਈ ਤੇ ਪਹਿਲੇ ਹੀ ਦਿਨ 350 ਰੁਪਏ ਇਕੱਤਰ ਹੋ ਗਏ। ਇਕ-ਇਕ ਮਹੀਨੇ ਦੀ ਤਨਖਾਹ ਗੁਰੂ-ਘਰ ਵਾਸਤੇ ਦੇਣ ਲਈ ਕਿਹਾ ਗਿਆ। ਕੁੱਲ ਲਾਗਤ ਖਰਚ 15000 ਦਾ ਅੰਦਾਜ਼ਾ ਸੀ। ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੇ ਵੀ ਇਸ ਵਿਚ ਭਰਪੂਰ ਹਿੱਸਾ ਪਾਇਆ। ਇਸ ਗੁਰੂ-ਘਰ ਦੀ ਇਮਾਰਤ ਅਮੀਰ ਸਿੱਖਾਂ ਵੱਲੋਂ ਨਹੀਂ, ਸਗੋਂ ਮਜ਼ਦੂਰ-ਮਿਹਨਤਕਸ਼ ਲੋਕਾਂ ਵੱਲੋਂ ਆਪਣੀ ਸੁਕਿਰਤ ਵਿਚੋਂ ਉਸਾਰੀ ਗਈ।
ਸ੍ਰੀ ਗੁਰੂ ਸਿੰਘ ਸਭਾ ਕਸੁਮੋ ਦਾ ਨੀਂਹ ਪੱਥਰ ਰੱਖਣ ਸਮੇਂ ਜੋ ਪੱਤਰ ਉਸ ਸਮੇਂ 21 ਦਸੰਬਰ, 2013 ਈ: ਨੂੰ ਲਿਖਿਆ ਗਿਆ, ਜਿਸ 'ਤੇ ਸ: ਦੀਦਾਰ ਸਿੰਘ ਤੇ ਸ: ਵਰਿਆਮ ਸਿੰਘ ਦੇ ਦਸਖ਼ਤ ਹਨ, ਦੀ ਹੂ-ਬ-ਹੂ ਕਾਪੀ ਤੋਂ ਪ੍ਰਤੱਖ ਹੁੰਦਾ ਹੈ ਕਿ ਗੁਰਮਤਿ ਵਿਚਾਰਧਾਰਾ ਦੇ ਪ੍ਰਤੀ ਇਹ ਲੋਕ ਕਿੰਨੇ ਚੇਤਨ ਸਨ। ਨੀਂਹ-ਪੱਥਰ ਅਰਦਾਸ ਬੇਨਤੀ ਉਪਰੰਤ ਉਸ ਸਮੇਂ ਦੀ ਮਹਾਨ ਸ਼ਖ਼ਸੀਅਤ ਸ: ਅਤਰ ਸਿੰਘ ਪਾਸੋਂ ਰਖਵਾਇਆ, ਜੋ ਕੀਨੀਆ 'ਚ ਹੀ ਰੇਲਵੇ 'ਚ ਸੇਵਾ ਕਰਦੇ ਸਨ। ਨੀਂਹ 'ਚ ਇਕ ਗੁਰਮੁਖੀ 'ਚ ਲਿਖਿਆ ਅਰਦਾਸ ਰੂਪੀ ਪੱਤਰ ਰੱਖਿਆ ਗਿਆ, ਜਿਸ ਦੀ ਕਾਪੀ ਪ੍ਰਬੰਧਕਾਂ ਪਾਸ ਮੌਜੂਦ ਹੈ।
ਗੁਰਦੁਆਰਾ ਸਾਹਿਬ ਦੀ ਸੌ ਸਾਲ ਤੋਂ ਬਣੀ ਇਮਾਰਤ ਅਦੁੱਤੀ ਸਿੱਖ ਭਵਨ ਕਲਾ ਦੇ ਨਮੂਨੇ ਨੂੰ ਪੇਸ਼ ਕਰਦੀ ਹੈ। ਪੁਰਾਤਨ ਇਮਾਰਤ ਨੂੰ ਸੰਭਾਲਦਿਆਂ ਹੋਇਆਂ, ਆਧੁਨਿਕ ਸਹੂਲਤਾਂ ਨਾਲ ਸਰਸ਼ਾਰ ਕੀਤਾ ਹੈ। ਪਾਲਕੀ ਸਾਹਿਬ ਵੀ ਲੱਕੜ ਦੀ ਉਸ ਸਮੇਂ ਦੀ ਬਣੀ ਹੋਈ ਹੈ ਪਰ ਬਿਲਕੁਲ ਨਵੀਨ ਤੇ ਤਰੋਤਾਜ਼ਾ ਲੱਗਦੀ ਹੈ। ਗੁਰਦੁਆਰਾ ਸਮੂਹ 'ਚ ਬਹੁਤ ਸਾਰੇ ਦਰੱਖਤ ਕੁਦਰਤੀ ਵਾਤਾਵਰਨ ਨੂੰ ਰੂਪਮਾਨ ਕਰਦੇ ਹਨ। ਗੁਰੂ-ਕੇ-ਲੰਗਰ, ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ। ਖਾਸ ਕਰਕੇ ਬਾਥਰੂਮ ਏਨੇ ਸ਼ਾਨਦਾਰ ਹਨ, ਕਹਿਣਾ ਹੀ ਕੀ! ਗੁਰਦੁਆਰਾ ਸਾਹਿਬ ਦੇ ਸਾਹਮਣੇ ਗੁਰੂ ਨਾਨਕ ਹਸਪਤਾਲ, ਸਕੂਲ ਤੇ ਲਾਇਬ੍ਰੇਰੀ ਹੈ। ਸ੍ਰੀ ਗੁਰੂ ਸਿੰਘ ਸਭਾ ਕਸੁਮੋ ਅਤੇ ਇਸਤਰੀ ਸਭਾ ਕਸੁਮੋ ਦਾ ਬਹੁਤ ਵੱਡਾ ਇਤਿਹਾਸਕ ਯੋਗਦਾਨ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

-ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਮੋਬਾ: 98146-37979
roopsz@yahoo.com

ਹਰੀ ਸਿੰਘ ਨਲਵਾ ਦੇ ਜਨਮ ਸਥਾਨ ਦੀ ਸ਼ਾਨ ਅੱਜ ਵੀ ਕਾਇਮ

ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲਾ ਦੇ ਕਸੇਰਾ ਬਾਜ਼ਾਰ ਵਿਚਲੀ ਆਲੀਸ਼ਾਨ ਸਿੱਖ ਹਵੇਲੀ ਦੇ ਪਿਛੋਕੜ ਤੋਂ ਜਾਣੂ ਰਾਹਗੀਰਾਂ ਦਾ ਇਸ ਹਵੇਲੀ ਦੇ ਅੱਗਿਓਂ ਨਿਕਲਣ ਲੱਗਿਆਂ ਦਾ ਆਪ-ਮੁਹਾਰੇ ਸਿਰ ਸਨਮਾਨ ਨਾਲ ਝੁਕ ਜਾਂਦਾ ਹੈ। ਇਹ ਹਵੇਲੀ ਸਿੱਖ ਰਾਜ ਦੇ ਉਸ ਬਹਾਦਰ ਜਰਨੈਲ ਸ: ਹਰੀ ਸਿੰਘ ਨਲਵਾ ਦੀ ਹੈ, ਜਿਸ ਦੀ ਸ਼ਹਾਦਤ ਦਾ ਸਮਾਚਾਰ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ-'ਅੱਜ ਖ਼ਾਲਸਾ ਰਾਜ ਦਾ ਮਜ਼ਬੂਤ ਬੁਰਜ ਢਹਿ ਗਿਆ।'
ਸ: ਹਰੀ ਸਿੰਘ ਦਾ ਜਨਮ ਸੰਨ 1791 'ਚ ਪਿਤਾ ਸ: ਗੁਰਦਿਆਲ ਸਿੰਘ ਉੱਪਲ ਦੀ ਇਸੇ ਜੱਦੀ ਹਵੇਲੀ ਵਿਚ ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ ਸੀ। ਗੁਜਰਾਂਵਾਲਾ ਦੀ ਇਸ ਮਸ਼ਹੂਰ ਅਤੇ ਸ਼ਾਹਾਨਾ ਹਵੇਲੀ ਦੀ ਪੁਰਾਣੀ ਸ਼ਾਨੋ-ਸ਼ੌਕਤ ਤਾਂ ਭਾਵੇਂ ਹੁਣ ਨਹੀਂ ਰਹੀ ਪਰ ਇਸ ਦੀ ਖੂਬਸੂਰਤੀ ਅਜੇ ਵੀ ਕਾਇਮ ਹੈ। ਇਸੇ ਇਤਿਹਾਸਕ ਹਵੇਲੀ ਵਿਚ ਸ: ਹਰੀ ਸਿੰਘ ਨਲਵਾ ਦੀ ਪਹਿਲੀ ਪਤਨੀ ਬੀਬੀ ਰਾਜ ਕੌਰ ਦੀ ਕੁੱਖੋਂ ਜਵਾਹਰ ਸਿੰਘ ਨਲਵਾ ਅਤੇ ਗੁਰਦਿੱਤ ਸਿੰਘ ਨਲਵਾ ਅਤੇ ਦੂਸਰੀ ਪਤਨੀ ਬੀਬੀ ਦੇਸਾਂ ਦੀ ਕੁੱਖੋਂ ਪੰਜਾਬ ਸਿੰਘ ਨਲਵਾ ਅਤੇ ਅਰਜਨ ਸਿੰਘ ਨਲਵਾ ਨੇ ਜਨਮ ਲਿਆ। ਸਰਦਾਰਨੀ ਦੇਸਾਂ ਵਲੋਂ ਦੋ ਪੁੱਤਰੀਆਂ ਚੰਦ ਕੌਰ ਅਤੇ ਨੰਦ ਕੌਰ ਵੀ ਸਨ, ਜਿਨ੍ਹਾਂ ਵਿਚੋਂ ਵੱਡੀ ਕੋਟਲੀ ਫ਼ਕੀਰ ਚੰਦ ਦੇ ਗੰਡਾ ਸਿੰਘ ਨਾਲ ਵਿਆਹੀ ਹੋਈ ਸੀ ਅਤੇ ਛੋਟੀ ਦਾ ਵਿਆਹ ਸ: ਨਲਵਾ ਦੀ ਸ਼ਹਾਦਤ ਤੋਂ ਬਾਅਦ ਘਰਜਾਖ਼ ਦੇ ਘਨੱਈਆ ਸਿੰਘ ਨਾਲ ਕੀਤਾ ਗਿਆ।
ਦੇਸ਼ ਦੀ ਵੰਡ ਸਮੇਂ ਸ: ਨਲਵਾ ਦੇ ਪੁੱਤਰ ਸ: ਅਰਜਨ ਸਿੰਘ ਨਲਵਾ ਦੇ ਪੋਤਰੇ ਸ.ਬ. ਨਰਾਇਣ ਸਿੰਘ ਨਲਵਾ ਦੇ ਪੁੱਤਰ ਸ.ਬ. ਬਲਵੰਤ ਸਿੰਘ ਨਲਵਾ ਜਦੋਂ ਭਾਰਤ ਆਉਣ ਲੱਗੇ ਤਾਂ ਘਰ ਦੇ ਹੋਰ ਅਣਗਿਣਤ ਕੀਮਤੀ ਸਾਮਾਨ ਦੇ ਨਾਲ-ਨਾਲ ਉਹ ਸ: ਹਰੀ ਸਿੰਘ ਨਲਵਾ ਦਾ ਸੰਜੋਅ ਅਤੇ ਗੁਰਜ ਇਸੇ ਹਵੇਲੀ 'ਚ ਛੱਡઠਆਏ। ਜਿਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਕਿ ਸਰਦਾਰ ਨਲਵਾ ਦਾ ਉਹ ਇਤਿਹਾਸਕ ਸਾਮਾਨ ਕਿੱਥੇ ਗਿਆ?
ਗੁਜਰਾਂਵਾਲਾ ਦੀ ਇਹ ਹਵੇਲੀ ਸੰਨ 1947 'ਚ ਇਧਰੋਂ ਭਾਰਤ ਤੋਂ ਪਾਕਿਸਤਾਨ ਗਏ ਲੁਧਿਆਣੇ ਦੇ ਹਕੀਮ ਹਾਫਿਜ਼ ਗ਼ੁਲਾਮ ਰਸੂਲ ਨੂੰ ਰਹਿਣ ਲਈ ਮਿਲ ਗਈ। ਹਾਫਿਜ਼ ਸਾਹਿਬ ਦਾ ਦਿਹਾਂਤ ਹੋਣ ਤੋਂ ਬਾਅਦ ਉਨ੍ਹਾਂ ਦੀ ਕਬਰ ਹਵੇਲੀ ਵਿਚ ਹੀ ਬਣਾ ਦਿੱਤੀ ਗਈ। ਇਸ ਦੇ ਬਾਹਰ ਸ਼ਾਹਮੁਖੀ ਵਿਚ ਲਿਖਿਆ ਹੋਇਆ ਹੈ-'ਮੋਆਸਿਸ ਹਜ਼ਰਤ ਹਾਫਿਜ਼ ਗ਼ੁਲਾਮ ਰਸੂਲ ਸਾਹਿਬ।'
ਇਸ ਦੋ ਮੰਜ਼ਿਲਾ ਹਵੇਲੀ ਦੇ ਬਾਹਰ ਪੱਥਰ ਦੀ ਸਿਲ 'ਤੇ ਸ਼ਾਹਮੁਖੀ ਅਤੇ ਅੰਗਰੇਜ਼ੀ ਵਿਚ ਦਰਜ ਇਬਾਰਤ ਇਸ ਪ੍ਰਕਾਰ ਹੈ-'ਰੈਜ਼ੀਡੇਂਸ ਆਫ਼ ਸਰਦਾਰ ਹਰੀ ਸਿੰਘ ਨਲਵਾ: 1781-1837 ਅਤੇ ਮੁਕਾਮ-ਏ-ਰਿਹਾਇਸ਼ ਜਨਰਲ ਹਰੀ ਸਿੰਘ ਨਲਵਾ।' ਹਵੇਲੀ ਦੀਆਂ ਬਹੁਤੀਆਂ ਛੱਤਾਂ ਅਤੇ ਦਰਵਾਜ਼ੇ ਪੁਰਾਣੇ ਹੀ ਹਨ। ਦਰਵਾਜ਼ਿਆਂ ਅਤੇ ਛੱਤਾਂ 'ਤੇ ਇਸਤੇਮਾਲ ਕੀਤੀ ਗਈ ਲੱਕੜੀ ਵਿਚ ਜ਼ਰਾ ਵੀ ਘੁਣ (ਸਿਉਂਕ) ਨਹੀਂ ਲੱਗੀ ਅਤੇ ਇਨ੍ਹਾਂ 'ਤੇ ਕੀਤੀ ਗਈ ਮੀਨਾਕਾਰੀ ਵੀ ਜਿਉਂ ਦੀ ਤਿਉਂ ਕਾਇਮ ਹੈ। ਹੇਠਲੀ ਮੰਜ਼ਿਲ 'ਤੇ ਕਾਫ਼ੀ ਕਮਰੇ ਬਣੇ ਹੋਏ ਹਨ ਅਤੇ ਇਨ੍ਹਾਂ ਵਿਚੋਂ ਹੀ ਇਕ ਕਮਰੇ ਵਿਚ ਸ: ਹਰੀ ਸਿੰਘ ਦਾ ਜਨਮ ਹੋਇਆ ਦੱਸਿਆ ਜਾਂਦਾ ਹੈ। ਇਸ ਦੇ ਦਰਵਾਜ਼ੇ ਦੀ ਚੌਗਾਠ ਉੱਪਰ ਲੱਕੜੀ ਦੀਆਂ ਬਣੀਆਂ ਬ੍ਰੇਕਟਾਂ 'ਤੇ ਮੀਨਾਕਾਰੀ ਕਰਕੇ ਬਣਾਈਆਂ ਭਗਵਾਨ ਗਣੇਸ਼, ਦੇਵੀ ਲਕਛਮੀ ਤੇ ਸਰਸਵਤੀ ਦੀਆਂ ਮੂਰਤੀਆਂ ਅੱਜ ਵੀ ਪੂਰੀ ਤਰ੍ਹਾਂ ਨਾਲ ਕਾਇਮ ਹਨ। ਹੇਠਲੀ ਮੰਜ਼ਿਲ ਦੇ ਹਰ ਦਰਵਾਜ਼ੇ 'ਤੇ ਫੁੱਲਾਂ ਦੀਆਂ ਵੇਲਾਂ, ਸੁਰਾਹੀਆਂ ਅਤੇ ਪੱਛੀਆਂ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ। ਹਵੇਲੀ ਦੀ ਉਪਰਲੀ ਮੰਜ਼ਿਲ 'ਤੇ ਜਾਣ ਲਈ ਸੋਹਣੀਆਂ ਖੁੱਲ੍ਹੀਆਂ ਪੌੜੀਆਂ ਬਣੀਆਂ ਹੋਈਆਂ ਹਨ। ਇਸ ਮੰਜ਼ਿਲ 'ਚ ਲੰਬੇ ਸਮੇਂ ਤੋਂ ਸੂਰਦਾਸ ਵਿਦਿਆਰਥੀਆਂ ਦਾ ਬਲਾਇੰਡ ਸਕੂਲ ਸੇਵਾਵਾਂ ਦੇ ਰਿਹਾ ਹੈ। (ਚਲਦਾ)

-ਅੰਮ੍ਰਿਤਸਰ। ਫੋਨ : 93561-27771, 78378-49764

ਅੱਜ ਬਾਬਾ ਫ਼ਰੀਦ ਮੇਲੇ 'ਤੇ ਵਿਸ਼ੇਸ਼

ਸਦਭਾਵਨਾ ਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਬਾਬਾ ਫ਼ਰੀਦ ਆਗਮਨ ਪੁਰਬ

ਪਿਛਲੇ 30-32 ਵਰ੍ਹਿਆਂ ਤੋਂ ਫ਼ਰੀਦਕੋਟ ਵਿਚ ਬਾਬਾ ਫ਼ਰੀਦ ਆਗਮਨ ਪੁਰਬ ਬੜੇ ਚਾਵਾਂ ਅਤੇ ਸੱਧਰਾਂ ਨਾਲ ਮਨਾਇਆ ਜਾ ਰਿਹਾ ਹੈ। ਇਸ ਪੁਰਬ ਦਾ ਆਰੰਭ 1986 ਈ: ਵਿਚ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਲੋਂ ਮਨਾਏ ਗਏ 'ਇਕ ਸਦਭਾਵਨਾ ਮੇਲੇ' ਵਜੋਂ ਕੀਤਾ ਗਿਆ ਸੀ। ਉਨ੍ਹਾਂ ਦਿਨਾਂ ਵਿਚ ਉੱਤਰੀ ਭਾਰਤ ਵਿਚ ਫੈਲੀ ਸੱਭਿਆਚਾਰਕ ਕਸ਼ੀਦਗੀ ਨੂੰ ਦੂਰ ਕਰਨ ਵਾਸਤੇ ਫ਼ਰੀਦਕੋਟ ਦੀ ਚੋਣ ਕੀਤੀ ਗਈ ਸੀ। ਪਟਿਆਲਾ ਦੇ ਸੱਭਿਆਚਾਰਕ ਕੇਂਦਰ ਵਲੋਂ ਕਰਵਾਇਆ ਗਿਆ ਇਹ ਇਕ ਪਹਿਲਾ ਵੱਡਾ ਸਮਾਗਮ ਸੀ। ਇਸ ਕੇਂਦਰ ਦੇ ਡਾਇਰੈਕਟਰ ਗੀਤਿਕਾ ਕੱਲਾ ਨੇ ਇਸ ਸਮਾਗਮ ਨੂੰ ਕਰਨ ਵਾਸਤੇ ਵਿਆਪਕ ਪੱਧਰ ਉੱਪਰ ਤਿਆਰੀਆਂ ਕੀਤੀਆਂ ਸਨ। ਉਨ੍ਹਾਂ ਦਿਨਾਂ ਵਿਚ ਫ਼ਰੀਦਕੋਟ ਦਾ ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ ਸਿੱਧੂ ਸੀ, ਜੋ ਸ: ਮਹਿੰਦਰ ਸਿੰਘ ਰੰਧਾਵਾ ਆਈ.ਸੀ.ਐੱਸ. ਦਾ ਕਰੀਬੀ ਰਿਸ਼ਤੇਦਾਰ ਸੀ। ਬੇਸ਼ੱਕ ਪੰਜਾਬ ਵਿਚ ਅੱਤਵਾਦ ਦਾ ਦੌਰ ਅਜੇ ਚੱਲ ਰਿਹਾ ਸੀ ਪਰ ਇਸ ਦੇ ਬਾਵਜੂਦ ਇਸ ਸਮਾਗਮ ਵਿਚ ਇਲਾਕੇ ਦਾ ਹਰ ਨਰ-ਨਾਰੀ ਹੁਮਹੁਮਾ ਕੇ ਸ਼ਾਮਿਲ ਹੋਇਆ ਸੀ। ਇਸ ਤੋਂ ਬਾਅਦ ਇਸ ਆਗਮਨ ਪੁਰਬ ਨੂੰ ਮਨਾਉਣ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਲੈ ਲਈ ਅਤੇ ਪਿਛਲੇ ਤਿੰਨ ਦਹਾਕਿਆਂ ਦੇ ਦੌਰਾਨ ਇਸ ਸਮਾਗਮ ਦੀਆਂ ਰੌਣਕਾਂ ਵਧਦੀਆਂ ਗਈਆਂ ਹਨ। ਇਸ ਸਮਾਗਮ ਵਿਚ ਤਿੰਨ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਹਨ। ਧਾਰਮਿਕ, ਸੱਭਿਆਚਾਰਕ, ਖੇਡਾਂ ਅਤੇ ਮਨੋਰੰਜਨ। ਧਾਰਮਿਕ ਸਮਾਗਮਾਂ ਦੀ ਲੜੀ ਵਿਚ ਕੀਰਤਨ ਦਰਬਾਰ, ਸੈਮੀਨਾਰ, ਕੱਵਾਲੀ ਦਰਬਾਰ ਅਤੇ ਨਗਰ ਕੀਰਤਨ ਆਦਿ ਸਜਾਏ ਜਾਂਦੇ ਹਨ। ਸੱਭਿਆਚਾਰਕ ਗਤੀਵਿਧੀਆਂ ਵਿਚ ਨਾਟਕ, ਲੋਕ-ਨਾਚ, ਵਿਰਾਸਤੀ-ਮਾਰਚ, ਤਰਕਸ਼ੀਲ ਸਮਾਗਮ, ਲੋਕ-ਗਾਇਕੀ, ਚਿੱਤਰਕਾਰੀ ਅਤੇ ਪੁਸਤਕ ਮੇਲੇ ਆਦਿ ਲਗਾਏ ਜਾਂਦੇ ਹਨ। ਖੇਡਾਂ ਦੇ ਖੇਤਰ ਵਿਚ ਹਾਕੀ, ਬਾਸਕਟਬਾਲ, ਫੁੱਟਬਾਲ, ਕ੍ਰਿਕਟ, ਰਾਈਫਲ-ਸ਼ੂਟਿੰਗ, ਬਾਡੀ ਬਿਲਡਿੰਗ, ਘੋੜ-ਸਵਾਰੀ, ਕੁਸ਼ਤੀ, ਕਬੱਡੀ ਅਤੇ ਗਤਕੇ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। 19 ਸਤੰਬਰ ਤੋਂ 23 ਸਤੰਬਰ ਤੱਕ ਚੱਲਣ ਵਾਲਾ ਇਹ ਮੇਲਾ ਸ਼ਰਧਾਲੂ ਸੰਗਤਾਂ ਦੀ ਅਥਾਹ ਭੀੜ ਨਾਲ ਭਰਿਆ ਰਹਿੰਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਇਸ ਮੇਲੇ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦਿੰਦਾ ਹੈ। ਇਹ ਮੇਲਾ ਪੰਜਾਬੀਆਂ ਦੀ ਰਵਾਇਤੀ ਸਾਂਝ ਅਤੇ ਧਾਰਮਿਕ ਸਦਭਾਵਨਾ ਦਾ ਇਕ ਉੱਜਵਲ ਪ੍ਰਤੀਕ ਹੈ। ਸ਼ਹਿਰ ਦੇ ਲੋਕ ਮੇਲਾ ਵੇਖਣ ਆਏ ਦਰਸ਼ਕਾਂ ਦੀ ਮਹਿਮਾਨ-ਨਵਾਜ਼ੀ ਵਿਚ ਕੋਈ ਕਸਰ ਨਹੀਂ ਛੱਡਦੇ। ਪਿਛਲੇ 8-10 ਵਰ੍ਹਿਆਂ ਤੋਂ ਪੇਂਡੂ ਭਰਾਵਾਂ ਨੇ ਵੱਡੇ ਪੱਧਰ 'ਤੇ ਲੰਗਰ ਲਾਉਣੇ ਸ਼ੁਰੂ ਕੀਤੇ ਹੋਏ ਹਨ। ਪ੍ਰਸ਼ਾਦਿਆਂ, ਦਾਲਾਂ, ਸਬਜ਼ੀਆਂ, ਪਕੌੜਿਆਂ, ਜਲੇਬੀਆਂ, ਲੱਡੂਆਂ, ਖੀਰਾਂ ਅਤੇ ਸਾਗ-ਰੋਟੀ ਦੇ ਲੰਗਰ ਲਗਾਤਾਰ ਚੱਲਦੇ ਰਹਿੰਦੇ ਹਨ। ਦੁੱਧ-ਚਾਹ ਅਤੇ ਜਲ ਦੀ ਸੇਵਾ ਕਰਨ ਵਾਲੀਆਂ ਪਾਰਟੀਆਂ ਵੀ ਪਿੱਛੇ ਨਹੀਂ ਰਹਿੰਦੀਆਂ। ਹਰ ਕਿਸੇ ਨੂੰ ਸਮੇਂ ਅਤੇ ਜ਼ਰੂਰਤ ਅਨੁਸਾਰ ਖਾਣ-ਪੀਣ ਲਈ ਉਚਿਤ ਭੋਜਨ ਪ੍ਰਾਪਤ ਹੁੰਦਾ ਰਹਿੰਦਾ ਹੈ। ਇਸ ਵਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ, ਸੀਨੀਅਰ ਪੁਲਿਸ ਕਪਤਾਨ ਡਾ: ਨਾਨਕ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀ ਅਫ਼ਸਰਾਂ ਨੇ ਲਗਾਤਾਰ ਮੀਟਿੰਗਾਂ ਕਰਕੇ ਮੇਲੇ ਦੀ ਸਜ-ਧਜ ਨੂੰ ਹੋਰ ਵੀ ਵਧਾਉਣ ਦਾ ਸੰਕਲਪ ਕਰ ਰੱਖਿਆ ਹੈ। ਸ: ਇੰਦਰਜੀਤ ਸਿੰਘ ਖ਼ਾਲਸਾ ਅਧਿਆਤਮਕ ਪ੍ਰੋਗਰਾਮਾਂ ਦੇ ਨਾਲ ਸੱਭਿਆਚਾਰਕ ਅਤੇ ਖੇਡਾਂ ਦੇ ਸਮਾਗਮਾਂ ਦੀ ਅਗਵਾਈ ਕਰਦੇ ਰਹਿੰਦੇ ਹਨ। ਫ਼ਰੀਦਕੋਟ ਦੀਆਂ ਸਮੂਹ ਧਾਰਮਿਕ ਅਤੇ ਸਮਾਜ-ਸੇਵੀ ਜਥੇਬੰਦੀਆਂ ਇਸ ਪੁਰਬ ਦੀ ਤਿਆਰੀ ਵਿਚ ਵਧ-ਚੜ੍ਹ ਕੇ ਹਿੱਸਾ ਪਾਉਂਦੀਆਂ ਹਨ। ਇਸ ਮੇਲੇ ਵਿਚ ਹੋਣ ਵਾਲੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਿੰਟ ਅਤੇ ਬਿਜਲਈ ਮੀਡੀਆ, ਮੇਲੇ ਦੇ ਲਗਾਤਾਰ ਪੰਜੇ ਦਿਨ, ਪੱਬਾਂ ਭਾਰ ਹੋਇਆ ਰਹਿੰਦਾ ਹੈ। ਇਹੀ ਕਾਰਨ ਹੈ ਕਿ ਫ਼ਰੀਦਕੋਟ ਵਿਚ ਲੱਗਣ ਵਾਲੇ ਇਸ ਮੇਲੇ ਦੀ ਧਮਕ ਨਾ ਕੇਵਲ ਪੂਰੇ ਪੰਜਾਬ ਅਤੇ ਭਾਰਤ ਵਿਚ ਬਲਕਿ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿਚ ਵੀ ਪੈਂਦੀ ਰਹਿੰਦੀ ਹੈ। ਸਾਡੀ ਦੁਆ ਹੈ ਕਿ ਬਾਬਾ ਫ਼ਰੀਦ ਜੀ ਦੀ ਰਹਿਮਤ ਹਰ ਵਿਅਕਤੀ ਉੱਪਰ ਬਣੀ ਰਹੇ। ਪੂਰੀ ਦੁਨੀਆ ਵਿਚ ਖ਼ੁਸ਼ੀ, ਖ਼ੁਸ਼ਹਾਲੀ ਅਤੇ ਅਮਨ-ਚੈਨ ਬਣਿਆ ਰਹੇ। ਸ਼ਕਰਗੰਜ ਨੇ ਆਣ-ਮੁਕਾਮ ਕੀਤਾ, ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ।

-ਫ਼ਰੀਦਕੋਟ।

ਪੰਜਾਬੀਆਂ ਦਾ ਵਿਰਸਾ ਤੇ ਵਰਤਮਾਨ: ਬਾਬਾ ਵਜੀਦ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਭਗਤ ਵਜੀਦ ਦੀ ਸਮੁੱਚੀ ਕਾਵਿ-ਰਚਨਾ ਵਿਚ ਉਸ ਦੇ ਛੋਟੇ-ਵੱਡੇ 14 ਗ੍ਰੰਥਾਂ ਦੀ ਸੂਚਨਾ ਮਿਲਦੀ ਹੈ ਪਰ ਅੱਜ ਸਾਡੇ ਕੋਲ ਉਸ ਦੇ ਕੇਵਲ ਚੋਣਵੇਂ ਸਲੋਕ, ਕੁਝ ਸ਼ਬਦ, ਮਾਝਾਂ ਅਤੇ ਫੁੱਟਕਲ ਛੰਦ ਹੀ ਮਿਲਦੇ ਹਨ। ਵਜੀਦ ਦੀ ਕਵਿਤਾ ਦੀਆਂ ਦੋ ਵਿਸ਼ੇਸ਼ਤਾਵਾਂ ਉਲੇਖਯੋਗ ਹਨ। ਪਹਿਲੀ ਇਹ ਕਿ ਉਸ ਨੂੰ ਮਨੁੱਖੀ ਜੀਵਨ ਦਾ ਡੂੰਘਾ ਅਤੇ ਵਿਸ਼ਾਲ ਅਨੁਭਵ ਹੈ। ਸਮਾਜਿਕ ਜੀਵਨ ਵਿਚਲੇ ਵਿਰੋਧਾਂ, ਅਸਮਾਨਤਾਵਾਂ ਅਤੇ ਵਿਭਿੰਨਤਾਵਾਂ ਉੱਪਰ ਜਿਸ ਤਰ੍ਹਾਂ ਦੀ ਪਕੜ ਵਜੀਦ ਦੀ ਹੈ, ਉਹ ਉਸ ਦੇ ਹੀ ਹਿੱਸੇ ਆਉਂਦੀ ਹੈ। ਕਿਧਰੇ ਸਮਾਜਿਕ ਨਾਬਰਾਬਰੀ, ਕਿਧਰੇ ਔਲਾਦ ਦੀ ਬਹੁਲਤਾ ਅਤੇ ਕਿਤੇ ਥੁੜੋਂ, ਕਿਤੇ ਮੂਰਖਾਂ ਦੀ ਸਰਦਾਰੀ ਅਤੇ ਕਿਤੇ ਬੁੱਧੀਮਾਨਾਂ ਦੀ ਖੁਆਰੀ ਹੈ। ਉਹ ਸਾਹਿਬ ਦੀਆਂ ਬੇਪ੍ਰਵਾਹੀਆਂ 'ਤੇ ਵਿਅੰਗ ਕੱਸਦਾ ਹੈ ਪਰ ਸੂਫੀ ਹੋਣ ਦੇ ਨਾਤੇ ਇਹ ਵੀ ਮੰਨਦਾ ਹੈ ਕਿ ਆਪਣੀ ਕੀਤੀ ਨੂੰ ਉਹ ਆਪ ਹੀ ਜਾਣਦਾ ਹੈ। ਉਹ ਇਸ ਗੱਲ ਪ੍ਰਤੀ ਵੀ ਸੁਚੇਤ ਹੈ ਕਿ ਪਰਮਾਤਮਾ ਸਰਬਸ਼ਕਤੀਮਾਨ ਹੈ ਅਤੇ ਉਸ ਦੀ ਮਰਜ਼ੀ ਬਗੈਰ ਪੱਤਾ ਵੀ ਨਹੀਂ ਹਿੱਲ ਸਕਦਾ। ਮਨੁੱਖ ਉਸ ਦੇ ਸਾਹਮਣੇ ਬੇਵੱਸ ਅਤੇ ਲਾਚਾਰ ਹੈ। ਵੱਡੇ-ਵੱਡੇ ਹੰਕਾਰੀਆਂ ਨੂੰ ਖਿਣ ਵਿਚ ਰਾਖ ਕਰ ਦਿੰਦਾ ਹੈ। ਸਦਾਚਾਰਕ ਸਿੱਖਿਆਵਾਂ ਉੱਪਰ ਵੀ ਬਲ ਹੈ।
ਬਾਬਾ ਵਜੀਦ ਦੀ ਕਾਵਿ-ਸ਼ੈਲੀ ਬੜੀ ਵਿਲੱਖਣ ਅਤੇ ਨਾਟਕੀ ਹੈ। ਇਸ ਵਿਚ ਉੱਭਰਵਾਂ ਰੰਗ ਵਿਅੰਗ ਜਾਂ ਨਟਾਖੁਸ਼ ਦਾ ਹੈ ਪਰ ਇਹ ਵਿਅੰਗ ਮਨੁੱਖ ਉੱਪਰ ਘੱਟ ਅਤੇ ਉਸ ਦੇ ਖਾਲਕ ਉੱਪਰ ਵਧੇਰੇ ਹੈ। ਸੂਫੀਆਂ ਵਾਂਗ ਇਹ ਸੋਚ ਹਰ ਪਲ ਉਸ ਉੱਪਰ ਹਾਵੀ ਰਹਿੰਦੀ ਹੈ ਕਿ ਉਸ ਦੇ ਵਿਛੋੜੇ ਵਿਚ ਲੁੱਛਦੇ ਵਿਅਕਤੀ ਦਾ ਟਿਕਾਣਾ ਉਸ ਨਾਲ ਵਸਲ ਵਿਚ ਹੀ ਹੈ। ਭਾਵੇਂ ਭਗਤ ਜੱਲਣ ਅਤੇ ਸੁਥਰੇ ਆਦਿ ਕਵੀਆਂ ਦੀ ਰਚਨਾ ਵਿਚ ਵੀ ਇਹ ਜੁਗਤ ਮਿਲਦੀ ਹੈ ਪਰ ਉਥੇ ਇਹ ਵਿਅੰਗ ਵਧੇਰੇ ਜਟਕਾ ਅਤੇ ਗ੍ਰਾਮੀਣ ਭਾਂਤ ਦਾ ਹੈ, ਜਦਕਿ ਵਜੀਦ ਦਾ ਵਿਅੰਗ ਸੂਖਮ ਅਤੇ ਗਹਿਰਾ ਹੈ। ਇਸ ਤੋਂ ਬਿਨਾਂ ਜੋ ਰਵਾਨੀ ਅਤੇ ਕਲਾ ਵਜੀਦ ਵਿਚ ਹੈ, ਉਹ ਸੁਥਰੇ ਅਤੇ ਜੱਲਣ ਵਿਚ ਨਹੀਂ। ਵਜੀਦ ਨਾ ਕੇਵਲ ਆਪਣੇ ਧਰਮ ਇਸਲਾਮ ਅਤੇ ਸੱਭਿਆਚਾਰ ਤੋਂ ਜਾਣੂ ਹੈ, ਸਗੋਂ ਉਹ ਹਿੰਦੂ ਧਰਮ ਅਤੇ ਇਸ ਦੇ ਇਤਿਹਾਸ, ਮਿਥਿਹਾਸ ਦਾ ਵੀ ਗਿਆਤਾ ਹੈ। ਸ਼ਾਹ ਹੁਸੈਨ ਤੋਂ ਬਾਅਦ ਸ਼ਾਇਦ ਵਜੀਦ ਹੀ ਅਜਿਹਾ ਮੁਸਲਮਾਨ ਕਵੀ ਹੈ, ਜਿਸ ਵਿਚ ਗੰਗਾ ਜਮਨਾ ਤਹਿਜੀਬ ਇਕ ਜਾਨ ਹੋਈ ਨਜ਼ਰੀਂ ਪੈਂਦੀ ਹੈ। ਉਸ ਦਾ ਸੰਘਰਸ਼ ਕਿਸੇ ਇਕ ਧਰਮ ਦੇ ਪੈਰੋਕਾਰਾਂ ਲਈ ਨਹੀਂ, ਸਗੋਂ ਇਹ ਸਰਬ-ਸਾਂਝੀਵਲਤਾ ਦਾ ਹੈ। ਗੰਗਾ ਜਮਨੀ ਤਹਿਜੀਬ ਦੀ ਇਕ ਵੰਨਗੀ ਵੇਖੋ :
ਪ੍ਰਹਿਲਾਦ ਭਗਤ ਦੀ ਰੱਖਿਆ,
ਕੀਨੀ ਆਪ ਹਰਿ।
ਹਰਨਾਖਸ਼ ਨਖੀਂ ਬਿਦਾਰਿਆ,
ਨਰ ਸਿੰਘ ਰੂਪ ਧੰਰਿ।
ਪੈਜ ਦਰੋਪਤੀ ਰਾਖੀ,
ਤਾ ਕਿ ਆਇ ਘਰਿ।
ਵਜੀਦਾ ਕੌਣ ਸਾਂਈ ਨੂੰ ਆਖੈ,
ਇੰਜ ਨਹੀਂ ਇੰਜ ਕਰਿ।

ਅੱਜ 21ਵੀਂ ਸਦੀ ਵਿਚ ਖਲੋ ਕੇ ਜਦੋਂ ਅਸੀਂ ਬਾਬਾ ਵਜੀਦ ਦੀ ਕਵਿਤਾ ਉੱਪਰ ਪਿਛਲਝਾਤ ਪਾਉਂਦੇ ਹਾਂ ਤਾਂ ਵੇਖਦੇ ਹਾਂ ਕਿ ਕਈ ਤਰ੍ਹਾਂ ਦੀਆਂ ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਵਿਵਸਥਾਵਾਂ ਦੇ ਬਦਲ ਜਾਣ ਦੇ ਬਾਵਜੂਦ ਵਿਰੋਧ, ਅਸਮਾਨਤਾਵਾਂ ਅਤੇ ਵਿਭਿੰਨਤਾਵਾਂ ਅੱਜ ਵੀ ਪੂਰੇ ਜਲਵੇ ਨਾਲ ਕਾਇਮ ਹਨ, ਜਿਸ ਕਰਕੇ ਵਜੀਦ 18ਵੀਂ ਸਦੀ ਦਾ ਕਵੀ ਹੋਣ ਦੇ ਬਾਵਜੂਦ ਅੱਜ ਵੀ ਸਾਡੇ ਸਮਿਆਂ ਦੇ ਹਾਣ ਦਾ ਹੈ। ਇੰਜ ਬਾਬਾ ਵਜੀਦ ਅਤੇ ਉਸ ਦੀ ਕਵਿਤਾ ਪੰਜਾਬੀਆਂ ਦਾ ਵਿਰਸਾ ਹੀ ਨਹੀਂ, ਵਰਤਮਾਨ ਵੀ ਹੈ।

-ਮੋਬਾ: 98889-39808

ਸ਼ਬਦ ਵਿਚਾਰ

ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ॥

ਸਿਰੀਰਾਗੁ ਮਹਲਾ ੪
ਦਿਨਸੁ ਚੜੈ ਫਿਰਿ ਆਥਵੈ
ਰੈਣਿ ਸਬਾਈ ਜਾਇ॥
ਆਵ ਘਟੈ ਨਰੁ ਨਾ ਬੁਝੈ
ਨਿਤਿ ਮੂਸਾ ਲਾਜੁ ਟੁਕਾਇ॥
ਗੁੜੁ ਮਿਠਾ ਮਾਇਆ ਪਸਰਿਆ
ਮਨਮੁਖੁ ਲਗਿ ਮਾਖੀ ਪਚੈ ਪਚਾਇ॥ ੧॥
ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ॥
ਪੁਤੁ ਕਲਤੁ ਮੋਹੁ ਬਿਖੁ ਹੈ
ਅੰਤਿ ਬੇਲੀ ਕੋਇ ਨ ਹੋਇ॥ ੧॥ ਰਹਾਓ॥
ਗੁਰਮਤਿ ਹਰਿ ਲਿਵ ਉਬਰੇ
ਅਲਿਪਤੁ ਰਹੇ ਸਰਣਾਇ॥
ਓਨੀ ਚਲਣੁ ਸਦਾ ਨਿਹਾਲਿਆ
ਹਰਿ ਖਰਚੁ ਲੀਆ ਪਤਿ ਪਾਇ॥
ਗੁਰਮੁਖਿ ਦਰਗਹ ਮੰਨੀਅਹਿ
ਹਰਿ ਆਪਿ ਲਏ ਗਲਿ ਲਾਇ॥ ੨॥
ਗੁਰਮੁਖਾ ਨੋ ਪੰਥੁ ਪਰਗਟਾ
ਦਰਿ ਠਾਕ ਨ ਕੋਈ ਪਾਇ॥
ਹਰਿ ਨਾਮੁ ਸਲਾਹਨਿ ਨਾਮੁ ਮਨਿ
ਨਾਮਿ ਰਹਨਿ ਲਿਵ ਲਾਇ॥
ਅਨਹਦ ਧੁਨੀ ਦਰਿ ਵਜਦੇ
ਦਰਿ ਸਚੈ ਸੋਭਾ ਪਾਇ॥ ੩॥
ਜਿਨੀ ਗੁਰਮੁਖਿ ਨਾਮੁ ਸਲਾਹਿਆ
ਤਿਨਾ ਸਭ ਕੋ ਕਹੈ ਸਾਬਾਸਿ॥
ਤਿਨ ਕੀ ਸੰਗਤਿ ਦੇਹਿ ਪ੍ਰਭ
ਮੈ ਜਾਚਿਕ ਕੀ ਅਰਦਾਸਿ॥
ਨਾਨਕ ਭਾਗ ਵਡੇ ਤਿਨਾ ਗੁਰਮੁਖਾ
ਜਿਨ ਅੰਤਰਿ ਨਾਮੁ ਪਰਗਾਸਿ॥ ੪॥ ੩੩॥ ੩੧॥ ੬॥ ੭੦॥ (ਅੰਗ 41-42)

ਪਦ ਅਰਥ : ਦਿਨਸੁ-ਦਿਨ। ਚੜੈ-ਚੜ੍ਹਦਾ ਹੈ। ਆਥਵੈ-ਅਸਥ ਹੋ ਜਾਂਦਾ ਹੈ, ਡੁੱਬ ਜਾਂਦਾ ਹੈ। ਰੈਣਿ-ਰਾਤ। ਸਬਾਈ-ਸਾਰੀ। ਆਵ-ਉਮਰ। ਨਰੁ-ਮਨੁੱਖ। ਨਾ ਬੁਝੈ-ਸਮਝਦਾ ਨਹੀਂ। ਨਿਤਿ-ਹਰ ਰੋਜ਼, ਸਦਾ। ਮੂਸਾ-ਚੂਹਾ। ਲਾਜੁ-ਲੱਜ, ਰੱਸੀ। ਟੁਕਾਏ-ਟੁਕ ਰਿਹਾ ਹੈ। ਪਸਰਿਆ-ਪ੍ਰਭਾਵ ਪਾ ਰਿਹਾ ਹੈ। ਮਾਖੀ-ਮੱਖੀ। ਪਚੈ ਪਚਾਇ-ਖੁਆਰ ਹੁੰਦਾ ਰਹਿੰਦਾ ਹੈ, ਸੜਦਾ ਬਲਦਾ ਰਹਿੰਦਾ ਹੈ।
ਮੀਤੁ-ਮਿੱਤਰ। ਸਖਾ-ਸਾਥੀ। ਸੋਇ-ਉਹ। ਕਲਤੁ-ਇਸਤਰੀ। ਬਿਖੁ-ਜ਼ਹਿਰ। ਬੇਲੀ-ਸਾਥੀ। ਉਬਰੇ-ਤਰ ਜਾਂਦੇ ਹਨ। ਅਲਿਪਤੁ-ਨਿਰਲੇਪ ਰਹਿੰਦੇ ਹਨ। ਗੁਰਮਤਿ-ਗੁਰੂ ਦੀ ਮੱਤ ਅਨੁਸਾਰ। ਨਿਹਾਲਿਆ-ਦੇਖ ਲਿਆ ਹੈ। ਸਰਣਾਇ-ਸਰਨੀ। ਨਿਹਾਲਿਆ-ਦੇਖਿਆ ਹੈ। ਪਤਿ-ਇੱਜ਼ਤ। ਮੰਨੀਅਹਿ-ਮੰਨੇ ਜਾਂਦੇ ਹਨ, ਸਤਿਕਾਰੇ ਜਾਂਦੇ ਹਨ। ਪੰਥੁ-ਮਾਰਗ। ਪਰਗਟਾ-ਪ੍ਰਤੱਖ ਦਿਸਦਾ ਹੈ। ਠਾਕ-ਰੁਕਾਵਟ। ਨ ਕੋਈ ਪਾਇ-ਕੋਈ ਨਹੀਂ ਪਾਉਂਦਾ। ਸਲਾਹਨਿ-ਸਲਾਹੁੰਦੇ ਹਨ। ਅਨਹਦ ਧੁਨੀ ਵਜਦੇ-ਅਨਹਦ ਧੁਨੀਆਂ ਵਾਲੇ ਵਾਜੇ ਵੱਜਦੇ ਹਨ। ਦਰਿ ਸਚੈ-ਪ੍ਰਭੂ ਦੀ ਦਰਗਾਹ ਵਿਚ। ਸੋਭਾ ਪਾਇ-ਸੋਭਾ ਪਾਉਂਦੇ ਹਨ।
ਗੁਰਮੁਖਿ-ਗੁਰੂ ਦੇ ਸਨਮੁਖ ਹੋ ਕੇ। ਸਲਾਹਿਆ-ਸਿਫ਼ਤ ਸਾਲਾਹ ਕੀਤੀ ਹੈ। ਤਿਨਾ-ਉਨ੍ਹਾਂ ਨੂੰ। ਸਾਬਾਸਿ-ਬਲਿਹਾਰ ਜਾਂਦਾ ਹੈ। ਸਭ ਕੋ-ਹਰ ਕੋਈ। ਜਾਚਿਕ-ਮੰਗਤਾ। ਜਿਨ ਅੰਤਰਿ-ਜਿਨ੍ਹਾਂ ਦੇ ਹਿਰਦੇ ਵਿਚ। ਨਾਮੁ ਪਰਗਾਸਿ-ਨਾਮ ਦਾ ਪ੍ਰਕਾਸ਼, ਨਾਮ ਦਾ ਚਾਨਣ।
ਸ਼ਬਦ ਦੇ ਅਰੰਭ ਵਿਚ ਚੌਥੇ ਗੁਰਦੇਵ ਮੱਖੀ ਅਤੇ ਗੁੜ ਦਾ ਦ੍ਰਿਸ਼ਟਾਂਤ ਦੇ ਕੇ ਮਨਮੁਖ ਜੀਵ ਦੀ ਦਸ਼ਾ ਬਾਰੇ ਦਰਸਾ ਰਹੇ ਹਨ ਜੋ ਹਰ ਵੇਲੇ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ ਅਤੇ ਅੰਤ ਨੂੰ ਮੱਖੀ ਵਾਂਗ ਦੁਖੀ ਹੁੰਦਾ ਹੈ। ਦੂਜੇ ਬੰਨ੍ਹੇ ਜਿਹੜਾ ਗੁਰਮੁਖ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਵਿਚ ਲਿਵ ਨੂੰ ਜੋੜਦਾ ਹੈ, ਉਹ ਭਵ ਸਾਗਰ 'ਚੋਂ ਪਾਰ ਲੰਘ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਸੰਸਾਰ ਵਿਚ ਆ ਕੇ ਦਿਨ ਤਾਂ ਖਾਣ-ਪੀਣ ਵਿਚ ਗੁਆ ਦਿੰਦਾ ਹੈ ਅਤੇ ਰਾਤ ਸੌਂ ਕੇ। ਫਲਸਰੂਪ ਆਪਣਾ ਹੀਰੇ ਵਰਗਾ ਜਨਮ ਕੌਡੀਆਂ ਦੇ ਭਾਅ ਲੁਟਾ ਦਿੰਦਾ ਹੈ। ਗੁਰਵਾਕ ਹੈ-
ਗੁਰਮੁਖਿ ਆਪੁ ਪਛਾਣਿਆ
ਹਰਿ ਨਾਮੁ ਵਸਿਆ ਮਨਿ ਆਇ॥
ਅਨਦਿਨੁ ਭਗਤੀ ਰਤਿਆ
ਹਰਿ ਨਾਮੇ ਸੁਖਿ ਸਮਾਇ॥
ਮਨੁ ਸਬਦਿ ਮਰੈ ਪਰਤੀਤਿ ਹੋਇ
ਹਉਮੈ ਤਜੇ ਵਿਕਾਰ॥
(ਰਾਗੁ ਗਉੜੀ ਮਹਲਾ ੩, ਅੰਗ 162)

ਅਨਦਿਨੁ-ਹਰ ਵੇਲੇ। ਤਜੇ-ਤਿਆਗ ਦਿੰਦਾ ਹੈ। ਭਗਤੀ ਰਤਿਆ-ਭਗਤੀ ਰੰਗ ਵਿਚ ਰੰਗਣ ਨਾਲ। ਸੁਖਿ ਸਮਾਇ-ਆਤਮਿਕ ਅਨੰਦ ਬਣਿਆ ਰਹਿੰਦਾ ਹੈ।
ਸ਼ਬਦ ਦੇ ਅੱਖਰੀਂ ਅਰਥ : (ਹਰ ਰੋਜ਼) ਦਿਨ ਚੜ੍ਹਦਾ ਹੈ ਅਤੇ ਫਿਰ ਅਸਤ ਹੋ ਜਾਂਦਾ ਹੈ, ਭਾਵ ਰੌਸ਼ਨੀ ਕਰਨ ਨਾਲ ਸੂਰਜ ਡੁੱਬ ਜਾਂਦਾ ਹੈ। ਇਸ ਤੋਂ ਬਾਅਦ ਫਿਰ ਰਾਤ ਵੀ ਲੰਘ ਜਾਂਦੀ ਹੈ। ਇਸੇ ਪ੍ਰਕਾਰ ਮਨੁੱਖ ਦੀ ਉਮਰ ਕਟਦੀ (ਘਟਦੀ) ਜਾ ਰਹੀ ਹੈ, ਜਿਸ ਦਾ ਇਸ ਨੂੰ ਅਹਿਸਾਸ ਨਹੀਂ ਕਿ ਮੌਤ ਰੂਪੀ ਚੂਹਾ ਸਦਾ ਇਸ ਦੀ ਉਮਰ ਰੂਪੀ ਰੱਸੀ ਨੂੰ (ਲਗਾਤਾਰ) ਟੁੱਕ ਰਿਹਾ ਹੈ। ਜਿਵੇਂ ਗੁੜ ਸਭ ਨੂੰ ਮਿੱਠਾ ਲਗਦਾ ਹੈ, ਇਸੇ ਤਰ੍ਹਾਂ ਮਾਇਆ ਦੇ ਮੋਹ ਨੇ ਸਭ 'ਤੇ ਆਪਣਾ ਪ੍ਰਭਾਵ ਪਾਇਆ ਹੋਇਆ ਹੈ। ਮਨਮੁਖ ਪ੍ਰਾਣੀ ਇਸ ਮਾਇਆ ਦੀ ਮਿਠਾਸ ਵਿਚ ਫਸ ਕੇ ਖੁਆਰ ਹੁੰਦੇ ਰਹਿੰਦੇ ਹਨ, ਜਿਵੇਂ ਮੱਖੀ ਗੁੜ 'ਤੇ ਬੈਠ ਕੇ ਖੁਆਰ ਹੁੰਦੀ ਹੈ (ਗੁੜ ਉਸ ਨੂੰ ਫਿਰ ਛੱਡਦਾ ਨਹੀਂ)। ਹੇ ਭਾਈ, ਮੇਰੇ ਲਈ ਤਾਂ ਮੇਰਾ ਮਿੱਤਰ (ਇਕ) ਉਹ ਪ੍ਰਭੂ ਹੀ ਹੈ। ਪੁੱਤਰਾਂ ਅਤੇ ਇਸਤਰੀ ਦਾ ਮੋਹ (ਮਾਨੋ) ਜ਼ਹਿਰ ਬਰਾਬਰ ਹੈ, ਅੰਤ ਵੇਲੇ ਇਨ੍ਹਾਂ ਵਿਚੋਂ ਕੋਈ ਸਾਥੀ ਨਹੀਂ ਬਣਦਾ।
ਗੁਰੂ ਦੀ ਮੱਤ ਲੈ ਕੇ ਜੋ ਲਿਵ ਨੂੰ ਪ੍ਰਭੂ ਵਿਚ ਜੋੜਦੇ ਹਨ, ਉਹ (ਭਵ ਸਾਗਰ 'ਚੋਂ) ਤਰ ਕੇ ਪਾਰ ਲੰਘ ਜਾਂਦੇ ਹਨ, (ਗੁਰੂ ਦੀ ਸਰਨੀ) ਲੱਗ ਕੇ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ। ਉਨ੍ਹਾਂ ਨੇ ਸੰਸਾਰ 'ਚੋਂ ਤੁਰ ਜਾਣ ਨੂੰ ਸਦਾ ਯਾਦ ਰੱਖਿਆ ਹੈ। (ਜੀਵਨ ਸਫ਼ਰ ਵਾਸਤੇ ਅਜਿਹੇ ਗੁਰਮੁਖਾਂ ਨੇ) ਪਰਮਾਤਮਾ ਦਾ ਨਾਮ ਧਨ ਇਕੱਠਾ ਕੀਤਾ ਹੈ ਅਤੇ ਦਰਗਾਹੇ ਇੱਜ਼ਤ ਪਾਈ ਹੈ। ਗੁਰਮੁਖ ਅਥਵਾ ਗੁਰੂ ਦੇ ਸਨਮੁਖ ਰਹਿਣ ਵਾਲੇ ਅਜਿਹੇ ਜਗਿਆਸੂਆਂ ਨੂੰ ਦਰਗਾਹੇ ਇੱਜ਼ਤ ਮਾਣ ਮਿਲਦਾ ਹੈ, ਦਰਗਾਹੇ ਮਾਣ-ਸਤਿਕਾਰ ਹੁੰਦਾ ਹੈ ਅਤੇ ਪ੍ਰਭੂ ਉਨ੍ਹਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ।
ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲੇ ਗੁਰਮੁਖਾਂ ਨੂੰ ਜੀਵਨ ਰੂਪੀ ਮਾਰਗ ਪ੍ਰਤੱਖ ਦਿਸਦਾ ਹੈ ਭਾਵ ਉਨ੍ਹਾਂ ਦੇ ਜੀਵਨ ਮਾਰਗ ਵਿਚ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਹੀਂ ਪੈਂਦੀ। ਅਜਿਹੇ ਸਾਧਕ ਪਰਮਾਤਮਾ ਦੇ ਨਾਮ ਦੀ ਸਿਫ਼ਤ ਸਾਲਾਹ ਕਰਦੇ ਰਹਿੰਦੇ ਹਨ ਅਤੇ ਪ੍ਰਭੂ ਦਾ ਨਾਮ ਉਨ੍ਹਾਂ ਦੇ ਮਨ ਅੰਦਰ ਵਸਿਆ ਰਹਿੰਦਾ ਹੈ, ਜਿਸ ਸਦਕਾ ਉਹ ਆਪਣੀ ਸੁਰਤ ਨੂੰ ਸਦਾ ਪਰਮਾਤਮਾ ਦੇ ਨਾਮ ਵਿਚ ਜੋੜੀ ਰੱਖਦੇ ਹਨ। ਅਜਿਹੇ ਸਾਧਕ ਦੇ ਅੰਦਰ ਇਕ ਰਸ ਪਰਮਾਤਮਾ ਦੀ ਸਿਫ਼ਤ ਸਾਲਾਹ ਦੇ ਵਾਜੇ ਵੱਜਦੇ ਰਹਿੰਦੇ ਹਨ। ਅਜਿਹੇ ਸਾਧਕ ਫਿਰ ਸੱਚੇ ਦੀ ਦਰਗਾਹ ਵਿਚ ਸੋਭਾ ਨੂੰ ਪ੍ਰਾਪਤ ਹੁੰਦੇ ਹਨ।
ਆਪ ਜੀ ਦੇ ਹੋਰ ਬਚਨ ਹਨ ਕਿ ਜਿਨ੍ਹਾਂ ਗੁਰਮੁਖਾਂ ਨੇ ਪ੍ਰਭੂ ਦੇ ਨਾਮ ਦੀ ਸਿਫ਼ਤ ਸਾਲਾਹ ਕੀਤੀ ਹੈ, ਉਨ੍ਹਾਂ ਨੂੰ ਹਰ ਕੋਈ ਸ਼ਾਬਾਸ਼ ਆਖਦਾ ਹੈ। ਹੇ ਪ੍ਰਭੂ, ਮੈਨੂੰ ਅਜਿਹੇ ਗੁਰਮੁਖਾਂ ਦੀ ਸੰਗਤ ਦਿਓ, ਮੇਰੀ ਮੰਗਤੇ ਦੀ ਤੇਰੇ ਅੱਗੇ ਇਹੋ ਅਰਦਾਸ ਹੈ। ਗੁਰੂ ਪਾਤਿਸ਼ਾਹ ਦੇ ਪਾਵਨ ਬਚਨ ਹਨ ਕਿ ਉਨ੍ਹਾਂ ਗੁਰਮੁਖਾਂ ਦੇ ਵੱਡੇ ਭਾਗ ਹਨ, ਜਿਨ੍ਹਾਂ ਦੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੋ ਗਿਆ ਹੈ।

-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ: ਚਰਿੱਤਰ ਤੋਂ ਬਿਨਾਂ ਪਹਿਚਾਣ ਨਹੀਂ ਬਣਦੀ

ਸਮਾਜ ਹਮੇਸ਼ਾ ਹੀ ਸੰਜਮੀ ਅਤੇ ਚਰਿੱਤਰਵਾਨ ਵਿਅਕਤੀਆਂ ਨੂੰ ਸਵੀਕਾਰਦਾ ਹੈ। ਚਰਿੱਤਰ ਨਿਰਮਾਣ ਬਾਰੇ ਸਵਾਮੀ ਵਿਵੇਕਾਨੰਦ ਕਹਿੰਦੇ ਹਨ ਕਿ ਮੋਹ ਵਿਜੇ ਪ੍ਰਾਪਤੀ ਤੋਂ ਬਿਨਾਂ ਸੰਜਮ ਨਹੀਂ ਆ ਸਕਦਾ, ਕਿਉਂਕਿ ਮੋਹ-ਮਾਯਾ ਨਾਲ ਜੀਵਨ ਵਿਚ ਸਵਾਰਥ ਪੈਦਾ ਹੁੰਦਾ ਹੈ। ਸਵਾਰਥੀ ਵਿਅਕਤੀ ਹਮੇਸ਼ਾ ਆਪਣੇ ਬਾਰੇ ਹੀ ਸੋਚਦਾ ਹੈ ਤੇ ਉਸ ਦਾ ਘੇਰਾ ਵੀ ਸੀਮਤ ਹੁੰਦਾ ਹੈ ਤੇ ਉਸ ਨੂੰ ਆਪਣੀ ਧੰਨ-ਸੰਪਤੀ ਦਾ ਘੁਮੰਡ ਵੀ ਹੁੰਦਾ ਹੈ। ਅਜਿਹਾ ਵਿਅਕਤੀ ਕਦੇ ਵੀ ਪਰਉਪਕਾਰ ਬਾਰੇ ਨਾ ਤਾਂ ਸੋਚਦਾ ਹੈ ਅਤੇ ਨਾ ਹੀ ਪਰਉਪਕਾਰ ਕਰਦਾ ਹੈ। ਫਿਰ ਅਜਿਹਾ ਵਿਅਕਤੀ ਚਰਿੱਤਰਵਾਨ ਕਿਵੇਂ ਹੋ ਸਕਦਾ ਹੈ ਤੇ ਸਮਾਜ ਉਸ ਨੂੰ ਕਿਸ ਗੁਣ ਲਈ ਸਵੀਕਾਰੇਗਾ? ਚਰਿੱਤਰ ਭਾਵ ਸਾਡੀ ਸ਼ਖ਼ਸੀਅਤ ਨਾਲ ਹੀ ਸਾਡੇ ਅੰਦਰ ਮਨੋਬਲ ਅਤੇ ਸੁੰਦਰਤਾ ਪੈਦਾ ਹੁੰਦੀ ਹੈ, ਜੋ ਸਾਨੂੰ ਵੱਖਰੀ ਪਛਾਣ ਦਿੰਦੀ ਹੈ। ਪਹਿਚਾਣ ਤਾਂ ਹਰ ਕੋਈ ਚਾਹੁੰਦਾ ਹੈ ਪਰ ਕੀ ਇਹ ਪਹਿਚਾਣ ਸਥਾਈ ਹੈ ਜਾਂ ਅਸਥਾਈ, ਇਸ ਬਾਰੇ ਸ਼ਾਇਦ ਉਹ ਨਹੀਂ ਸੋਚਦਾ। ਪਹਿਚਾਣ ਤਾਂ ਗ਼ਲਤ ਕੰਮ ਜਾਂ ਗ਼ੈਰ-ਕਾਨੂੰਨੀ ਕੰਮ ਨਾਲ ਵੀ ਬਣਦੀ ਹੈ ਪਰ ਇਹ ਅਸਥਾਈ ਹੁੰਦੀ ਹੈ। ਕੁਝ ਲੋਕ ਕਿਸੇ ਵਿਸ਼ੇਸ਼ ਪਹਿਚਾਣ ਜਾਂ ਗੁਣਾਂ ਵਾਲੇ ਵਿਅਕਤੀ ਦਾ ਵਿਰੋਧ ਕਰਕੇ ਵੀ ਆਪਣੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਹ ਵੀ ਅਸਥਾਈ ਹੈ, ਕਿਉਂਕਿ ਇਹ ਨਕਾਰਾਤਮਿਕ ਸੋਚ ਦਾ ਸਿੱਟਾ ਹੈ। ਪਹਿਚਾਣ ਚਰਿੱਤਰ ਤੋਂ ਬਿਨਾਂ ਨਹੀਂ ਬਣਦੀ। ਇਸ ਲਈ ਦਿਲ ਤੇ ਦਿਮਾਗ (ਮਨ) ਦੋਵਾਂ ਦਾ ਸੁੰਦਰ ਹੋਣਾ ਜ਼ਰੂਰੀ ਹੈ। ਇਹ ਕੇਵਲ ਸਦਵਿਚਾਰਾਂ ਅਤੇ ਸਦਾਚਾਰ ਨਾਲ ਹੀ ਸੰਭਵ ਹੈ।

-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਧਾਰਮਿਕ ਸਾਹਿਤ

ਢਾਡੀ ਅਲੰਕਾਰ
ਦਰ ਤੇਰੇ 'ਤੇ ਖੜ੍ਹੇ ਸਵਾਲੀ

ਲੇਖਕ : ਗਿ: ਤਰਲੋਚਨ ਸਿੰਘ ਭਮੱਦੀ
ਸੰਪਾਦਕ : ਕੁਲਦੀਪ ਸਿੰਘ ਬਰਮਾਲੀਪੁਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਪੰਨੇ : 112, ਮੁੱਲ : 150 ਰੁਪਏ
ਸੰਪਰਕ : 98786-20754

ਕਵੀ ਸੰਨ 1990 ਤੋਂ ਢਾਡੀ ਸ਼੍ਰੇਣੀ ਨਾਲ ਸਬੰਧਤ ਰਿਹਾ ਹੈ। ਸਮਕਾਲੀ ਢਾਡੀ ਜਥਿਆਂ ਤੋਂ ਢਾਡੀ ਅਲੰਕਾਰ ਦੀਆਂ ਕਵਿਤਾਵਾਂ ਸੁਣਨ ਉਪਰੰਤ ਉਸ ਨੇ ਢਾਡੀ ਅਲੰਕਾਰ ਲਈ ਕਵਿਤਾ ਲਿਖਣੀ ਅਰੰਭ ਕੀਤੀ। 'ਦਰ ਤੇਰੇ 'ਤੇ ਖੜ੍ਹੇ ਸਵਾਲੀ' ਇਸ ਪਹਿਲੀ ਕਵਿਤਾ ਦੇ ਆਧਾਰ 'ਤੇ ਪੁਸਤਕ ਦਾ ਨਾਮਕਰਨ ਕੀਤਾ ਗਿਆ ਹੈ। ਮੁਢਲੀਆਂ ਤੁਕਾਂ ਇਸ ਤਰ੍ਹਾਂ ਹਨ-
ਦਰ ਤੇਰੇ 'ਤੇ ਖੜ੍ਹੇ ਸਵਾਲੀ, ਖੈਰ ਮੇਹਰ ਦੀ ਪਾ ਦਾਤਾ।
ਨਦਰਿ ਸਵੱਲੀ ਰਹਿਮਤ ਕਰਕੇ,
ਆਪਣੇ ਚਰਨੀਂ ਲਾ ਦਾਤਾ।
ਢਾਡੀ ਜਥਿਆਂ ਦਾ ਮੁਢਲਾ ਅਲੰਕਾਰ ਸਮਝੀਆਂ ਜਾਂਦੀਆਂ ਬੰਦਨਾ ਰੂਪੀ ਕਵਿਤਾਵਾਂ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਕਲੀ ਛੰਦ ਤੇ ਕਬਿਤ ਛੰਦ ਵਿਚ ਲਿਖੀਆਂ ਕਵਿਤਾਵਾਂ ਤੋਂ ਛੁੱਟ 'ਸਾਕਾ' ਸਿਰਲੇਖ ਹੇਠ 6-6 ਕਾਵਿ ਸਤਰਾਂ ਪੇਸ਼ ਕੀਤੀਆਂ ਗਈਆਂ ਹਨ। ਪੁਸਤਕ ਵਿਚਲੀਆਂ ਕਾਵਿ-ਰਚਨਾਵਾਂ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਜੋਈਆਂ ਕੀਤੀਆਂ ਗਈਆਂ ਹਨ ਕਿ ਰਹਿਮਤ ਕਰੋ, ਤੇਰਾ ਜਸ ਗਾਉਂਦਾ ਰਹਾਂ, ਸ਼ਬਦ-ਸੁਰਤਿ ਦਾ ਮੇਲ ਕਰਕੇ ਜੀਵਨ ਸਫਲ ਕਰੋ, ਨਾਮ ਬੰਦਗੀ ਦੀ ਦਾਤ ਬਖਸ਼ੋ ਆਦਿ। ਗੁਰਮਤਿ ਮਾਰਗ ਉੱਪਰ ਚੱਲਣ ਵਾਲੇ ਜਗਿਆਸੂ ਪਾਠਕਾਂ ਲਈ ਇਹ ਪੁਸਤਕ ਇਕ ਪ੍ਰੇਰਨਾ ਸਰੋਤ ਰਚਨਾ ਹੈ।

-ਕੰਵਲਜੀਤ ਸਿੰਘ ਸੂਰੀ,
ਮੋਬਾ: 93573-24241

ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਮਾ ਭਾਈ ਕਿਰਪਾਲ ਸਿੰਘ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸੇ ਤਰ੍ਹਾਂ ਭਾਈ ਕੋਇਰ ਸਿੰਘ ਤੇ ਭਾਈ ਸੁੱਖਾ ਸਿੰਘ ਵੀ ਆਪਣੇ-ਆਪਣੇ 'ਗੁਰੂ ਬਿਲਾਸ ਪਾਤਸ਼ਾਹੀ ਦਸਵੀਂ' ਵਿਚ ਭੰਗਾਣੀ ਦੇ ਯੁੱਧ ਵਿਚ ਮਾਮਾ ਕਿਰਪਾਲ ਚੰਦ ਦੀ ਬਹਾਦਰੀ ਦੀ ਪ੍ਰਸੰਸਾ ਕਰਦੇ ਹਨ, ਭਾਵੇਂ ਉਨ੍ਹਾਂ ਦਾ ਸਰੋਤ 'ਬਚਿੱਤਰ ਨਾਟਕ' ਹੀ ਹੈ। ਭਾਈ ਕੋਇਰ ਸਿੰਘ ਲਿਖਦੇ ਹਨ 'ਮਾਮਾ ਕਿਰਪਾਲ ਚੰਦ ਨੂੰ ਗੁੱਸਾ ਆ ਗਿਆ। ਉਨ੍ਹਾਂ ਨੇ ਧਰਤੀ ਵਿਚ ਪੈਰ ਗੱਡ ਕੇ ਜੰਮ ਕੇ ਯੁੱਧ ਕੀਤਾ। ਵੱਡੇ-ਵੱਡੇ ਖਾਨਾਂ ਨੂੰ ਇੰਜ ਮਾਰਿਆ ਜਿਵੇਂ ਮੂੰਗਲੀ ਨਾਲ ਤੂਤ ਦੀਆਂ ਛਟੀਆਂ ਕੁੱਟੀਦੀਆਂ ਹਨ-
ਤਹਿ ਮਾਤਲ (ਮਾਮਾ) ਕ੍ਰਿਪਾਲ ਸੁ ਕੋਪਾ।
ਛੋਭ ਪੂਰ ਖਤ੍ਰੀ ਪਦ ਰੋਪਾ।....
ਬਡੇ ਖਾਨ ਤਾ ਕੇ ਅਸ ਮਾਰੇ।
ਜੈਸ ਮੂੰਗਲੀ ਤੂਤ ਬਿਦਾਰੇ।
-ਗੁਰੂ ਬਿਲਾਸ ਪਾਤਸ਼ਾਹੀ ੧੦ (1751 ਈ:) ਅਧਿ: ਛੇਵਾਂ

ਮਾਮਾ ਕਿਰਪਾਲ ਚੰਦ ਜੀ ਬਾਰੇ ਭਾਈ ਸੁੱਖਾ ਸਿੰਘ ਦਾ ਵਰਨਣ ਇਸ ਤਰ੍ਹਾਂ ਹੈ : ਗੁਰੂ ਜੀ ਦੀ ਫੌਜ ਵਿਚ ਗੁਰੂ ਜੀ ਦਾ ਮਾਮਾ ਬਹੁਤ ਸੂਰਬੀਰ ਹੈ। ਉਹ ਦਲਾਂ ਦਾ ਸੂਰਮਾ ਹੈ। ...ਕਿਰਪਾਲ ਚੰਦ ਵੈਰੀ ਦਲ ਵਿਚ ਧਾ ਕੇ ਜਾ ਵੜਿਆ। ਉਨ੍ਹਾਂ ਨੇ ਛੱਤਰੀ ਧਰਮ ਨਿਭਾਇਆ ਅਤੇ ਕਈ ਪਹਾੜੀ ਸੈਨਿਕਾਂ ਨੂੰ ਪਾਰ ਬੁਲਾਇਆ-
ਮਾਮੂ ਏਕ ਤਵਨ ਕੋ ਬਲੀ।
ਸੋ ਭੀ ਸੂਰਾ ਨਿਸਚੈ ਦਲੀ।...
ਭਟ ਮਾਤੁਲ ਜਾਨ ਕ੍ਰਿਪਾਲ ਬਲੀ।
ਵਹ ਧਾਈ ਪਰਿਓ ਮੱਧ ਸੈਨ ਖਲੀ।
ਛਤਰਾਪਨ ਯੌ ਜਗ ਪੂਰ ਰਹਿਓ।
ਦਲ ਪੱਬਨ ਕੌ ਸੁ ਅਨੇਕ ਹਯੋ।
-ਗੁਰ ਬਿਲਾਸ (1797 ਈ:) ਅਧਿ: ਛੇਵਾਂ
(ਪੱਬਨ: ਪਹਾੜੀ, ਹਯੋ: ਮਾਰੇ)

ਡਾ: ਗਰੇਵਾਲ ਅਤੇ ਡਾ: ਬੱਲ ਅਨੁਸਾਰ ਗੁਰੂ ਜੀ ਨੇ ਬਹੁਤ ਸਾਰੇ ਕੰਮ ਮਾਮਾ ਕਿਰਪਾਲ ਚੰਦ ਦੀ ਸਲਾਹ ਨਾਲ ਕੀਤੇ। ਅਨੰਦਪੁਰ ਵਸਾਉਣ ਲਈ ਜਗ੍ਹਾ ਦੀ ਚੋਣ ਕਰਨੀ, ਰਾਜਾ ਬਿਲਾਸਪੁਰ ਨੂੰ ਕਰ ਦੇਣ ਤੋਂ ਇਨਕਾਰ ਕਰਨਾ ਅਤੇ ਬਨਾਰਸ ਨੂੰ ਸੰਸਕ੍ਰਿਤ ਪੜ੍ਹਨ ਲਈ ਸਿੱਖ ਭੇਜਣੇ ਆਦਿ ਇਹ ਸਾਰੇ ਕੰਮ ਗੁਰੂ ਜੀ ਨੇ ਮਾਮਾ ਕਿਰਪਾਲ ਚੰਦ ਦੀ ਸਲਾਹ ਨਾਲ ਕੀਤੇ।
(ਪੰਨਾ 55, 62, 205)
ਭੰਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਆ ਗਏ। 1699 ਈ: ਵਿਚ ਜਦੋਂ ਦਸਮ ਪਾਤਸ਼ਾਹ ਨੇ ਖਾਲਸੇ ਦੀ ਸਿਰਜਨਾ ਕੀਤੀ ਤਾਂ ਕਿਰਪਾਲ ਚੰਦ ਜੀ ਅੰਮ੍ਰਿਤ ਛਕ ਕੇ ਕਿਰਪਾਲ ਸਿੰਘ ਸਜ ਗਏ। ਕੁਝ ਇਤਿਹਾਸਕਾਰਾਂ ਨੇ ਮਾਮਾ ਜੀ ਦਾ ਨਾਂਅ ਕਿਰਪਾਲ ਸਿੰਘ ਲਿਖਿਆ ਹੈ। ਅਨੰਦਪੁਰ ਸਾਹਿਬ ਵਿਚ ਕਈ ਜੰਗਾਂ ਹੋਈਆਂ ਤੇ ਆਖਰ 1705 ਈ: ਵਿਚ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ। ਗੁਰੂ ਜੀ ਨੇ ਦੱਖਣ ਦੀਆਂ ਦੋ ਯਾਤਰਾਵਾਂ ਕੀਤੀਆਂ ਅਤੇ 1708 ਈ: ਵਿਚ ਨੰਦੇੜ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਚ ਮੁਗ਼ਲ ਰਾਜ ਦੀ ਜੜ੍ਹ ਪੁੱਟ ਦਿੱਤੀ। ਇਸ ਸਮੇਂ ਵਿਚ ਮਾਮਾ ਕਿਰਪਾਲ ਸਿੰਘ ਜੀ ਦਾ ਬਹੁਤ ਘੱਟ ਜ਼ਿਕਰ ਆਉਂਦਾ ਹੈ। ਜਾਪਦਾ ਹੈ ਕਿ ਅਨੰਦਪੁਰ-ਤਿਆਗ ਤੋਂ ਬਾਅਦ ਮਾਮਾ ਕਿਰਪਾਲ ਸਿੰਘ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਨਾਲ ਇਧਰ-ਉਧਰ ਹੀ ਵਿਚਰਦੇ ਰਹੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾਵਾਂ ਦਿੱਲੀ ਵਿਚ ਪੱਕੇ ਤੌਰ 'ਤੇ ਟਿਕ ਗਈਆਂ ਤਾਂ ਮਾਮਾ ਕਿਰਪਾਲ ਸਿੰਘ ਜੀ ਉਨ੍ਹਾਂ ਦੀ ਸੇਵਾ ਵਿਚ ਦਿੱਲੀ ਹੀ ਹਾਜ਼ਰ ਰਹੇ। ਕੇਸਰ ਸਿੰਘ ਛਿੱਬਰ 'ਬੰਸਾਵਲੀਨਾਮਾ' ਵਿਚ ਲਿਖਦੇ ਹਨ ਕਿ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ 1764 ਬਿਕਰਮੀ (1707 ਈ:) ਵਿਚ ਦਿੱਲੀ ਆਈਆਂ। ਮਾਮਾ ਕਿਰਪਾਲ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਇਕ ਦਿਨ ਮਾਤਾ ਸੁੰਦਰੀ ਜੀ ਦਾ ਪਾਲਿਤ ਪੁੱਤਰ ਅਜੀਤ ਸਿੰਘ ਮਾਤਾ ਜੀ ਨਾਲ ਖਹਿਬੜ ਪਿਆ ਤਾਂ ਮਾਮਾ ਕਿਰਪਾਲ ਚੰਦ ਨੇ ਉਸ ਨੂੰ ਸਮਝਾਇਆ ਕਿ ਮਾਤਾ-ਪਿਤਾ ਨਾਲ ਕਬੋਲ ਨਹੀਂ ਬੋਲੀਦੇ। ਹੱਥ ਜੋੜ ਕੇ ਅਦਬ ਕਰੀਦਾ ਹੈ-
ਸੰਮਤੁ ਸਤਾਰਾਂ ਸੈ ਚਉਹਟ ਜਬ ਗਏ।
ਤਬ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਈ
ਦਿੱਲੀ ਆਵਤ ਭਏ।...
ਮਾਮਾ ਕ੍ਰਿਪਾਲ ਸਿੰਘ ਜੀ ਭੀ ਪਾਸ ਆਹੇ।
ਤਿਨ੍ਹਾਂ ਭੀ ਦਿੱਤੀ ਏਹੁ ਸਲਾਹੇ-
ਤੁਸੀਂ ਬਣੋ ਜੀਤ ਸਿੰਘ ਜੀ ਵੱਡੇ,
ਮਾਤਾ ਪਿਤਾ ਦੇ ਸਨਮੁਖ ਜਬਾਬੁ ਨ ਕਰੀਏ।
ਹਥਿ ਜੋੜੀਏ ਤੇ ਅਦਬੁ ਕਰੀਏ ਡਰੀਏ।
-ਬੰਸਾਵਲੀਨਾਮਾ, ਬਾਰ੍ਹਵਾਂ ਚਰਣ

ਭਾਈ ਸੇਵਾ ਸਿੰਘ ਕ੍ਰਿਤ 'ਸ਼ਹੀਦ ਬਿਲਾਸ ਭਾਈ ਮਨੀ ਸਿੰਘ' ਅਨੁਸਾਰ (ਸ਼ਾਇਦ 1711 ਈ:) ਵਿਚ ਜਦੋਂ ਮਾਮਾ ਕਿਰਪਾਲ ਸਿੰਘ ਦਿੱਲੀ ਤੋਂ ਹੋਲੇ ਦੇ ਪੁਰਬ 'ਤੇ ਅੰਮ੍ਰਿਤਸਰ ਆਏ ਤਾਂ ਪਾਲਿਤ ਅਜੀਤ ਸਿੰਘ ਉਨ੍ਹਾਂ ਦੇ ਨਾਲ ਸੀ। ਮਾਮਾ ਜੀ ਨੇ ਸੂਝਵਾਨ ਸਿਆਣੇ ਸਿੰਘਾਂ ਨਾਲ ਵਿਚਾਰ-ਵਟਾਂਦਰਾ ਕੀਤਾ-
ਮਾਤਲ ਗੁਰ ਦਸਮੇਸ਼ ਕਾ, ਮਾਮਾ ਸਿੰਘ ਕ੍ਰਿਪਾਲ।
ਆਯੋ ਗੈਲ ਅਜੀਤ ਸਿੰਘ, ਦਿੱਲੀ ਥੀਂ ਉਸ ਕਾਲ।...

(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

-ਮੋਬਾ: 98155-40968

ਯਾਤਰਾ ਪੁਰਾਤਨ ਰਿਆਸਤਾਂ ਦੀ: ਇਤਿਹਾਸਕ ਰਿਆਸਤ ਕਸ਼ਮੀਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਿਹਾ ਜਾਂਦਾ ਹੈ ਕਿ ਇਹ ਚਿਨਾਰ ਦੇ ਰੁੱਖ ਸਾਢੇ ਚਾਰ ਸਦੀਆਂ ਪੁਰਾਣੇ ਹਨ ਪਰ ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਅਜੇ ਵੀ ਇਹ ਆਪਣੇ ਭਰ ਜੋਬਨ ਉਪਰ ਹੋਣ। ਚੰਪਾ ਦੇ ਸਫੈਦ ਫੁੱਲ ਮਲਾਈ ਦੇ ਡੂੰਨੇ ਲਗਦੇ ਹਨ ਅਤੇ ਉਨ੍ਹਾਂ ਵਿਚੋਂ ਆਉਂਦੀ ਮਹਿਕ ਤਿਤਲੀਆਂ ਤੇ ਭੰਵਰਿਆਂ ਨੂੰ ਤਾਂ ਖਿੱਚਦੀ ਹੀ ਹੈ, ਸਗੋਂ ਇਨਸਾਨਾਂ ਨੂੰ ਵੀ ਮੋਹ ਲੈਂਦੀ ਹੈ। ਇਸ ਬਾਗ਼ ਵਿਚ ਅੱਜ ਵੀ ਤਰ੍ਹਾਂ-ਤਰ੍ਹਾਂ ਦੇ ਫਲਦਾਰ ਰੁੱਖ ਅਤੇ ਫੁੱਲਾਂ ਨਾਲ ਲੱਦੇ ਪੌਦੇ, ਤਰ੍ਹਾਂ-ਤਰ੍ਹਾਂ ਦੇ ਪੰਛੀ ਅੱਜ ਵੀ ਹਰ ਇਕ ਦਾ ਮਨ ਮੋਹ ਲੈਂਦੇ ਹਨ। ਸ਼ਾਲੀਮਾਰ ਬਾਗ਼ ਵਿਚ ਪਹਿਲਾਂ ਡੱਲ ਝੀਲ ਰਾਹੀਂ ਕਿਸ਼ਤੀ ਦੁਆਰਾ ਹੀ ਜਾਇਆ ਜਾਂਦਾ ਸੀ ਪਰ ਹੁਣ ਸ਼ਾਲੀਮਾਰ ਬਾਗ਼ ਵਿਚ ਜਾਣ ਲਈ ਸੜਕ ਵੀ ਬਣ ਗਈ ਹੈ।
ਨਿਸ਼ਾਤ ਬਾਗ਼ : ਨਿਸ਼ਾਤ ਬਾਗ਼ ਵੀ ਸ਼ਾਲੀਮਾਰ ਬਾਗ਼ ਵਾਂਗ ਹੀ ਡੱਲ ਝੀਲ ਦੇ ਉੱਤਰ-ਪੂਰਬ ਵਿਚ ਸਥਿਤ ਹੈ। ਇਸ ਬਾਗ਼ ਨੂੰ ਬਹਿਸ਼ਤ ਵੀ ਕਿਹਾ ਜਾਂਦਾ ਹੈ ਅਤੇ ਇਸ ਬਾਗ਼ ਨੂੰ ਸੁੱਖਾਂ ਦਾ ਬਾਗ਼ ਦਾ ਨਾਂਅ ਵੀ ਦਿੱਤਾ ਹੋਇਆ ਹੈ। ਨੂਰਜਹਾਂ ਦੇ ਵੱਡੇ ਭਰਾ ਆਸਿਫ ਖਾਨ ਨੇ ਇਸ ਬਾਗ਼ ਨੂੰ 1633 ਵਿਚ ਬਣਵਾਇਆ ਸੀ। ਇਸ ਬਾਗ਼ ਦੀ ਸੁੰਦਰਤਾ ਵੇਖ ਕੇ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਇਸ ਉੱਪਰ ਮੋਹਿਤ ਹੋ ਗਿਆ ਸੀ ਅਤੇ ਉਸ ਨੇ ਇਸ ਬਾਗ਼ ਨਾਲ ਈਰਖਾ ਵੀ ਰੱਖੀ, ਜਿਸ ਕਰਕੇ ਇਸ ਬਾਗ਼ ਦੀ ਉਸਾਰੀ ਦਾ ਕੰਮ ਕੁਝ ਸਮੇਂ ਤੱਕ ਰੁਕਿਆ ਰਿਹਾ। ਜਦੋਂ ਇਹ ਬਾਗ਼ ਬਣ ਕੇ ਪੂਰਾ ਤਿਆਰ ਹੋ ਗਿਆ ਤਾਂ ਸ਼ਾਹਜਹਾਂ ਨੇ ਇਸ ਬਾਗ਼ ਨੂੰ ਤੋਹਫੇ ਦੇ ਤੌਰ ਉਪਰ ਮੰਗ ਲਿਆ ਪਰ ਨੂਰਜਹਾਂ ਦੇ ਭਰਾ ਨੇ ਇਹ ਬਾਗ਼ ਉਸ ਨੂੰ ਤੋਹਫੇ ਦੇ ਰੂਪ ਵਿਚ ਦੇਣ ਤੋਂ ਨਾਂਹ ਕਰ ਦਿੱਤੀ, ਜਿਸ ਕਰਕੇ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਇਸ ਬਾਗ਼ ਨੂੰ ਜਾਂਦਾ ਪਾਣੀ ਹੀ ਰੋਕ ਲਿਆ ਸੀ ਪਰ ਫਿਰ ਕੁਝ ਸਮੇਂ ਬਾਅਦ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਅਤੇ ਇਹ ਬਾਗ਼ ਆਪਣੇ ਪੂਰੇ ਜੋਬਨ ਉਪਰ ਆ ਗਿਆ। ਇਸ ਬਾਗ਼ ਦੇ ਵਿਚਾਲੇ ਵੀ ਇਕ ਨਹਿਰ ਦੀ ਉਸਾਰੀ ਕਰਵਾਈ ਹੋਈ ਹੈ, ਜਿਸ ਵਿਚ ਫੁਹਾਰੇ ਲੱਗੇ ਹੋਏ ਹਨ ਅਤੇ ਇਨ੍ਹਾਂ ਫੁਹਾਰਿਆਂ ਦੀ ਮਦਦ ਨਾਲ ਹੀ ਇਸ ਬਾਗ਼ ਦੀ ਸਿੰਜਾਈ ਹੁੰਦੀ ਹੈ।
ਸਿਰਾਜ ਬਾਗ਼ : ਸਿਰਾਜ ਬਾਗ਼ ਵੀ ਕਸ਼ਮੀਰ ਦੀ ਡੱਲ ਝੀਲ ਦੇ ਕਿਨਾਰੇ ਹੀ ਬਣਿਆ ਹੋਇਆ ਹੈ। ਇਹ ਬਾਗ਼ ਅਸਲ ਵਿਚ ਜਾਬਰਵਾਨ ਪਰਬਤ ਦੀ ਗੋਦ ਵਿਚ ਬਣਿਆ ਹੋਇਆ ਹੈ। ਇਹ ਬਾਗ਼ ਅਸਲ ਵਿਚ 12 ਹੈਕਟੇਅਰ ਜ਼ਮੀਨ ਵਿਚ ਫੈਲਿਆ ਹੋਇਆ ਹੈ। ਇਸ ਬਾਗ਼ ਨੂੰ ਮਾਣ ਹੈ ਕਿ ਇਸ ਬਾਗ਼ ਨੂੰ ਏਸ਼ੀਆ ਮਹਾਂਦੀਪ ਦਾ ਵੱਖ-ਵੱਖ ਰੰਗਾਂ ਦੇ ਫੁੱਲਾਂ ਦਾ ਸਭ ਤੋਂ ਵੱਡਾ ਬਾਗ਼ ਮੰਨਿਆ ਗਿਆ ਹੈ। ਇਸ ਬਾਗ਼ ਨੂੰ ਇੰਦਰਾ ਗਾਂਧੀ ਟਿਊਲਿਪ ਗਾਰਡਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਹਾਂਲੈਂਡ ਅਤੇ ਨੀਦਰਲੈਂਡ ਤੋਂ 50 ਕਿਸਮਾਂ ਦੇ ਟਿਊਲਿਪ ਮੰਗਵਾ ਕੇ ਇਸ ਬਾਗ਼ ਵਿਚ ਲਗਾਏ ਹੋਏ ਹਨ, ਜੋ ਕਿ ਇਸ ਬਾਗ਼ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ। ਡਲ ਝੀਲ ਵਿਚ ਸ਼ਿਕਾਰੇ ਵਿਚ ਬੈਠ ਕੇ ਇਸ ਬਾਗ਼ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ ਅਤੇ ਇਸ ਬਾਗ਼ ਵਿਚੋਂ ਡਲ ਝੀਲ ਵਿਚ ਚਲਦੇ ਸ਼ਿਕਾਰੇ ਵੀ ਬਹੁਤ ਸੁੰਦਰ ਦ੍ਰਿਸ਼ ਪੇਸ਼ ਕਰਦੇ ਹਨ।
ਪਰੀ ਮਹਿਲ : ਪਰੀ ਮਹਿਲ ਵੀ ਕਸ਼ਮੀਰ ਰਿਆਸਤ ਦੀ ਇਕ ਪਹਿਚਾਣ ਹੈ, ਇਸ ਪਰੀ ਮਹਿਲ ਦੀ ਉਸਾਰੀ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੇ 1650 ਵਿਚ ਕਰਵਾਈ ਸੀ। ਇਸ ਪਰੀ ਮਹਿਲ ਵਿਚ ਦਾਰਾ ਸ਼ਿਕੋਹ ਦੀ ਲਾਇਬ੍ਰੇਰੀ ਹੁੰਦੀ ਸੀ। ਇਸ ਪਰੀ ਮਹਿਲ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਇਸ ਮਹਿਲ ਤੋਂ ਡੱਲ ਝੀਲ ਅਤੇ ਪੂਰਾ ਸ੍ਰੀਨਗਰ ਸ਼ਹਿਰ ਬਹੁਤ ਸੁੰਦਰ ਦਿਖਾਈ ਦਿੰਦੇ ਹਨ। ਇਸ ਮਹਿਲ ਦੇ ਅੱਗੇ ਕਾਫੀ ਵੱਡਾ ਮੈਦਾਨ ਹੈ। ਇਸ ਪਰੀ ਮਹਿਲ ਨੂੰ ਰਾਤ ਸਮੇਂ ਵੇਖਣ ਦਾ ਆਪਣਾ ਵੱਖਰਾ ਹੀ ਆਨੰਦ ਮਿਲਦਾ ਹੈ, ਰਾਤ ਸਮੇਂ ਇਸ ਮਹਿਲ ਵਿਚ ਰੌਸ਼ਨੀ ਦਾ ਨਜ਼ਾਰਾ ਸਭ ਦਾ ਮਨ ਮੋਹ ਲੈਂਦਾ ਹੈ ਅਤੇ ਸੈਲਾਨੀਆਂ ਦੇ ਦਿਲਾਂ ਵਿਚ ਸਦਾ ਲਈ ਵਸ ਜਾਂਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਮੋਬਾ: 9463819174


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX