ਤਾਜਾ ਖ਼ਬਰਾਂ


ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  17 minutes ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  21 minutes ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  58 minutes ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  about 1 hour ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  about 1 hour ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  about 1 hour ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  about 2 hours ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 3 hours ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  1 minute ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਅਮਰੀਕਾ 'ਤੇ ਉੱਤਰੀ ਕੋਰੀਆ ਦਾ ਵਧਦਾ ਟਕਰਾਅ

ਪ੍ਰਮਾਣੂ ਜੰਗ ਛਿੜੀ ਤਾਂ ਕੀ ਹੋਵੇਗਾ?

ਅਸਲ 'ਚ ਅਸੀਂ ਸੁੱਤੇ ਪਏ ਹਾਂ ਤੇ ਕੋਈ ਨਹੀਂ ਜਾਣਦਾ ਕਿ ਕੱਲ੍ਹ ਕੀ ਹੋਵੇਗਾ? ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ ਤਾਂ ਇਹ ਗੱਲ ਯਕੀਨੀ ਹੈ ਕਿ ਕੱਲ੍ਹ ਨੂੰ ਕੁਝ ਵੀ ਹੋ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ 'ਚ ਸੰਯੁਕਤ ਰਾਸ਼ਟਰ ਮਹਾਂਸਭਾ ਦੌਰਾਨ ਵਿਸ਼ਵ ਦੇ ਨੇਤਾਵਾਂ ਦੀ ਇਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜੋ ਕਿਹਾ ਹੈ ਉਸ ਤੋਂ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਦੁਨੀਆ ਅੱਗ ਦੀ ਭੱਠੀ ਵਿਚ ਡਿੱਗਣ ਹੀ ਵਾਲੀ ਹੈ। ਟਰੰਪ ਨੇ ਉੱਤਰੀ ਕੋਰੀਆ ਨੂੰ ਧਮਕੀ ਭਰੇ ਲਹਿਜ਼ੇ 'ਚ ਕਿਹਾ ਹੈ ਕਿ ਜੇ ਉਹ ਨਹੀਂ ਸੁਧਰਦਾ ਤਾਂ ਅਮਰੀਕਾ ਉੱਤਰੀ ਕੋਰੀਆ ਨੂੰ ਤਬਾਹ ਕਰਕੇ ਰੱਖ ਦੇਵੇਗਾ। ਪਰ ਲੱਗਦਾ ਹੈ ਕਿ ਕੋਰੀਆ ਅਮਰੀਕਾ ਦੀ ਇਸ ਚਿਤਾਵਨੀ ਤੋਂ ਵੀ ਕੋਈ ਸਬਕ ਸਿੱਖਣ ਵਾਲਾ ਨਹੀਂ। ਇਸ ਗੱਲ ਨੂੰ ਦੁਨੀਆ ਦੇ ਰਾਜਨੀਤਕ ਮਾਹਿਰ ਮੰਨਦੇ ਹਨ ਕਿ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੁਨੀਆ ਦੇ ਕਿਸੇ ਖਿੱਤੇ ਵਿਚ ਵੀ ਹੋਵੇ ਤਾਂ ਤੀਸਰੀ ਵਿਸ਼ਵ ਜੰਗ ਦੇ ਆਸਾਰ ਬਣ ਸਕਦੇ ਹਨ। ਈਰਾਨ ਆਪਣੀ ਪ੍ਰਮਾਣੂ ਸਮਰੱਥਾ ਵਧਾਉਣ ਵਿਚ ਲੱਗਾ ਹੋਇਆ ਹੈ ਤੇ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਇਸੇ ਕਰਕੇ ਟਰੰਪ ਨੇ ਈਰਾਨ ਨੂੰ ਵੀ ਸੁਚੇਤ ਕੀਤਾ ਹੈ ਕਿ ਜੇ ਉਹ ਬਾਜ ਨਾ ਆਇਆ ਤਾਂ ਅਮਰੀਕਾ ਉਸ ਨਾਲ ਪ੍ਰਮਾਣੂ ਸਮਝੌਤਾ ਤੋੜਨ 'ਤੇ ਵਿਚਾਰ ਕਰ ਸਕਦਾ ਹੈ। ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਉਨ ਅਮਰੀਕਾ 'ਤੇ ਹਾਈਡਰੋਜਨ ਬੰਬ ਸੁੱਟਣ ਦੀ ਦੁਹਾਈ ਦੇ ਰਿਹਾ ਹੈ, ਜਾਪਾਨ ਉੱਪਰੋਂ ਪ੍ਰੀਖਣ ਵਾਲੀਆਂ ਮਿਜ਼ਾਈਲਾਂ ਲੰਘਾ ਰਿਹਾ ਹੈ। ਗੱਲ ਕੀ ਕਿ ਪ੍ਰਮਾਣੂ ਜੰਗ ਦੇ ਮਾਰੂ ਨਤੀਜਿਆਂ ਨੂੰ ਜਾਣਦੇ ਹੋਏ ਵੀ ਆਪਣੀ ਹਉਮੈਂ ਨੂੰ ਪੱਠੇ ਪਾਉਂਦਿਆਂ ਕੋਈ ਵੀ ਮੂਰਖ ਹਾਕਮ ਕਿਸੇ ਵੇਲੇ ਵੀ ਬਰੂਦ ਨੂੰ ਤੀਲੀ ਦਿਖਾ ਸਕਦਾ ਹੈ।
ਪ੍ਰਮਾਣੂ ਬੰਬ ਨਿਊਕਲੀਅਰ ਵਿਖੰਡਨ ਕਿਰਿਆ 'ਤੇ ਅਧਾਰਿਤ ਹੀ ਬਣਦੇ ਹਨ ਤੇ ਹਾਈਡਰੋਜਨ ਬੰਬ ਨਿਊਕਲੀਅਰ ਸੰਯੋਜਨ ਕਿਰਿਆ 'ਤੇ ਅਧਾਰਿਤ ਹੁੰਦੇ ਹਨ ਜੋ ਫਿਸ਼ਨ ਤੇ ਫਿਊਜ਼ਲ ਨਾਲ ਬਣਾਇਆ ਜਾਂਦਾ ਹੈ। ਹਾਈਡਰੋਜਨ ਬੰਬ ਨੂੰ ਥਰਮੋ ਨਿਊਕਲੀਅਰ ਬੰਬ ਵੀ ਕਿਹਾ ਜਾਂਦਾ ਹੈ। ਇਹ ਬੰਬ ਤਿੰਨ ਭਾਗਾਂ ਵਿਚ ਹੁੰਦਾ ਹੈ, ਪਹਿਲਾ ਡੈਟੋਨੇਟਰ, ਦੂਜਾ ਪਾਈਪ ਆਫ ਫਿਊਜ਼ਨ ਫਿਊਲ ਤੇ ਤੀਜਾ ਬੁਲੇਟ ਸ਼ੇਪ ਸਿਲੰਡੀਕਲ ਕੰਟੇਨਰ। ਪਹਿਲਾ ਭਾਗ ਬਹੁਤ ਸਾਰਾ ਤਾਪ 'ਤੇ ਦਬਾਅ ਪੈਦਾ ਕਰਦਾ ਹੈ ਤਾਂ ਕਿ ਹਾਈਡਰੋਜਨ ਬੰਬ ਸੁੰਗੜ ਕੇ ਹੀਲੀਅਮ ਪ੍ਰਮਾਣੂ ਬਣ ਸਕੇ। ਦੂਜੇ ਭਾਗ ਦੇ ਹਿੱਸੇ ਵਿਚ ਬਾਲਣ ਹੁੰਦਾ ਹੈ, ਇਹ ਬਾਲਣ ਟਰੀਟੀਅਮ ਹੁੰਦਾ ਹੈ, ਜਿਹੜਾ ਹਾਈਡਰੋਜਨ ਦਾ ਵਧਦਾ ਪ੍ਰਭਾਵ ਹੈ ਤੇ ਤੀਜਾ ਭਾਗ ਯੂਰੇਨੀਅਮ ਦਾ ਬਣਿਆ ਹੁੰਦਾ ਹੈ ਜੋ ਵਿਸਫੋਟਕ ਬਲ ਪੈਦਾ ਕਰਦਾ ਹੈ। ਇਵੇਂ ਹੀ ਟਰੀਟੀਅਮ ਪ੍ਰਮਾਣੂ ਇਕ ਦੂਜੇ ਨਾਲ ਟਕਰਾਉਂਦੇ ਹਨ ਅਤੇ ਬਹੁਤ ਵੱਡੀ ਮਾਤਰਾ ਵਿਚ ਊਰਜਾ ਪੈਦਾ ਹੁੰਦੀ ਹੈ ਤੇ ਨਿਊਟਰੋਨ ਪੈਦਾ ਹੋ ਜਾਂਦੇ ਹਨ, ਇਹੀ ਨਿਊਟਰੋਨ ਯੂਰੇਨੀਅਮ ਦੇ ਬਣੇ ਕੰਟੇਨਰ ਨਾਲ ਟਕਰਾਉਂਦੇ ਹਨ ਅਤੇ ਇਸ ਤਰ੍ਹਾਂ ਬਹੁਤ ਵੱਡਾ ਧਮਾਕਾ ਹੋ ਜਾਂਦਾ ਹੈ। ਏਨਾ ਤਾਪ ਪੈਦਾ ਹੁੰਦਾ ਹੈ ਕਿ ਖ਼ਤਰਨਾਕ ਤੇ ਨੁਕਸਾਨਦੇਹ ਤਾਪ ਕਿਰਨਾਂ ਸਭ ਕੁਝ ਸੁਆਹ ਕਰ ਦਿੰਦੀਆਂ ਹਨ। ਸਾਲਾਂਬੱਧੀ ਰੋਗ ਫੈਲਦੇ ਹਨ, ਹੱਡੀਆਂ ਦਾ ਕੈਂਸਰ ਅਤੇ ਲਿਊਕੇਨੀਆ ਵਰਗੇ ਮਾਰੂ ਰੋਗ ਫੈਲਣ ਦੇ ਆਸਾਰ ਬਣ ਜਾਂਦੇ ਹਨ। ਏਨੀਆਂ ਤਿੱਖੀਆਂ ਕਿਰਨਾਂ ਉੱਠਦੀਆਂ ਹਨ, ਜਿਨ੍ਹਾਂ ਦੀ ਰੌਸ਼ਨੀ ਸੂਰਜੀ ਤਪਸ਼ ਤੋਂ ਹਜ਼ਾਰਾਂ ਗੁਣਾਂ ਵੱਧ ਹੁੰਦੀ ਹੈ ਤੇ ਮਨੁੱਖੀ ਅੱਖ ਦੀ ਰੌਸ਼ਨੀ ਸਥਾਈ ਤੌਰ 'ਤੇ ਜਾ ਸਕਦੀ ਹੈ। ਇਸ ਤਾਪ ਨਾਲ ਜੰਗਲ, ਦਰੱਖਤ ਤੇ ਪਥਰੀਲੇ ਪਹਾੜ ਤੇ ਇਮਾਰਤਾਂ ਪਿਘਲ ਸਕਦੀਆਂ ਹਨ। ਨਿਊਕਲੀਅਰ ਰੇਡੀਏਸ਼ਨ ਵਿਚ ਕਿਰਨਾਂ ਏਨੀ ਤੇਜ਼ੀ ਨਾਲ ਫੈਲਦੀਆਂ ਹਨ ਕਿ ਮੀਲਾਂ ਤੀਕਰ ਇਸ ਦਾ ਪ੍ਰਭਾਵ ਇਕਦਮ ਕਬੂਲਿਆ ਜਾਂਦਾ ਹੈ। ਵਿਗਿਆਨੀ ਮੰਨਦੇ ਹਨ ਕਿ ਪੰਜਾਹ ਮੀਟ੍ਰਿਕ ਟਨ ਵਾਲਾ ਪ੍ਰਮਾਣੂ ਬੰਬ ਧਰਤੀ 'ਤੇ ਫਟਦਾ ਹੈ ਤਾਂ 14 ਮੀਲ ਦੇ ਘੇਰੇ ਵਿਚ ਤਬਾਹੀ ਹੁੰਦੀ ਹੈ ਤੇ ਦਸ ਮੀਲ ਦੀ ਉਚਾਈ 'ਤੇ ਫਟਦਾ ਹੈ ਤਾਂ 70 ਮੀਲ ਦੇ ਘੇਰੇ ਵਿਚ ਆਪਣਾ ਪੂਰਾ ਪ੍ਰਭਾਵ ਛੱਡ ਦਿੰਦਾ ਹੈ। ਸੋਚਣ ਵਾਲੀ ਗੱਲ ਹੈ ਕਿ ਜੇ ਪ੍ਰਮਾਣੂ ਜੰਗ ਲੱਗਦੀ ਹੈ ਤਾਂ ਦੁਨੀਆ ਦਾ ਕੀ ਹੋਵੇਗਾ।
ਵਾਤਾਵਰਨ ਤੇ ਚੌਗਿਰਦਾ ਬਾਰੇ ਚਾਰ ਅਮਰੀਕੀ ਵਿਗਿਆਨੀਆਂ ਨੇ ਹਾਲ ਹੀ ਵਿਚ ਇਕ ਮਾਡਲ ਪੇਸ਼ ਕੀਤਾ ਹੈ ਕਿ ਇਕ ਸੀਮਤ ਖੇਤਰੀ ਪ੍ਰਮਾਣੂ ਜੰਗ ਤੋਂ ਬਾਅਦ ਕੀ ਵਾਪਰੇਗਾ। ਉਨ੍ਹਾਂ ਕਿਹਾ ਹੈ ਕਿ ਪ੍ਰਮਾਣੂ ਜੰਗ ਦੇ ਸਿੱਟੇ ਵਜੋਂ ਦੋ ਜਾਂ ਤਿੰਨ ਡਿਗਰੀ ਗਲੋਬਲ ਪੱਧਰ 'ਤੇ ਸਰਦੀ ਵਧੇਗੀ ਅਤੇ 9 ਪ੍ਰਤੀਸ਼ਤ ਸਾਲਾਨਾ ਵਰਖਾ ਵਿਚ ਕਮੀ ਆਵੇਗੀ। ਹਾਲੇ ਤੱਕ ਅਜਿਹੀਆਂ ਤਬਦੀਲੀਆਂ ਫਸਲ ਬਰਬਾਦੀ ਅਤੇ 'ਕਾਲ ਲਈ ਕਾਫੀ ਹਨ। ਅਜਿਹਾ ਹੋਣ ਉਪਰੰਤ ਧਰਤੀ 'ਤੇ ਏਨਾ ਠੰਢਾ ਤਾਪਮਾਨ ਹੋਵੇਗਾ ਜਿੰਨਾ ਇਕ ਹਜ਼ਾਰ ਸਾਲ ਪਹਿਲਾਂ ਹੁੰਦਾ ਸੀ। ਇਸ ਟੀਮ ਨੇ ਸੌ ਪ੍ਰਮਾਣੂ ਹਥਿਆਰਾਂ ਦੀ ਕਲਪਨਾ ਕੀਤੀ ਹੈ। ਜਿਨ੍ਹਾਂ 'ਚੋਂ ਹਰੇਕ ਉਸ ਪ੍ਰਮਾਣੂ ਬੰਬ ਦੇ ਬਰਾਬਰ ਹੈ ਜੋ ਅਮਰੀਕਾ ਨੇ ਹੀਰੋਸ਼ੀਮਾ ਉੱਪਰ ਸੁੱਟਿਆ ਸੀ। ਇਹ ਸਭ ਭਾਰਤੀ ਉੱਪ ਮਹਾਂਦੀਪ ਉੱਪਰ ਫਟ ਸਕਦੇ ਹਨ। ਇਸ ਟੀਮ ਨੇ ਭਾਰਤ-ਪਾਕਿਸਤਾਨ ਪ੍ਰਮਾਣੂ ਜੰਗ ਦੀ ਕਲਪਨਾ ਵੀ ਕੀਤੀ ਹੈ। ਪਰ ਇਨ੍ਹਾਂ 'ਚੋਂ ਕਿਸੇ ਇਕ ਨੂੰ ਵੀ ਬਾਹਰ ਰੱਖਣਾ ਉਚਿਤ ਨਹੀਂ ਹੋਵੇਗਾ। ਹਾਲਾਂਕਿ ਇਹ ਦੋਵੇਂ ਮੁਲਕ ਅਮਰੀਕਾ 'ਤੇ ਚੀਨ ਦੇ ਮੁਕਾਬਲੇ ਪ੍ਰਮਾਣੂ ਭੰਡਾਰ ਪੱਖੋਂ ਬਹੁਤ ਘੱਟ ਸਮਰੱਥਾ ਵਾਲੇ ਹਨ ਤੇ ਜਾਣ ਸਕਦੇ ਹਾਂ ਕਿ ਜੇ ਛੋਟੇ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ ਉਲਝਣ ਨੂੰ ਫਿਰਦੇ ਹਨ ਤਾਂ ਫਿਰ ਵੱਡੇ ਕੀ ਕਰਨਗੇ? ਭਾਰਤ ਪਾਕਿ ਪ੍ਰਮਾਣੂ ਜੰਗ ਹੋਣ ਦੇ ਨਤੀਜੇ ਵਜੋਂ ਇਨ੍ਹਾਂ ਵਿਗਿਆਨੀਆਂ ਨੇ ਇਹ ਵੀ ਮੰਨਿਆ ਹੈ ਕਿ ਜੇ ਭਾਰਤ-ਪਾਕਿ ਪ੍ਰਮਾਣੂ ਜੰਗ ਲੱਗਦੀ ਹੈ ਤਾਂ ਪੰਜ ਮੈਗਾਟਨ ਕਾਰਬਨ ਵਾਤਾਵਰਨ ਵਿਚ ਤੁਰੰਤ ਫੈਲ ਜਾਵੇਗਾ। ਬਲੈਕ ਕਾਰਬਨ ਬਲਣ ਸਮੱਗਰੀ ਤੋਂ ਬਣਦਾ ਹੈ ਤੇ ਇਹ ਧਰਤੀ 'ਤੇ ਪੁੱਜਣ ਤੋਂ ਪੋਹਿਲਾਂ ਸੂਰਜੀ ਤਾਪ ਸੋਖਦਾ ਹੈ। ਇਸ ਨਾਲ ਇਸ ਖਿੱਤੇ ਦੀ ਸਾਰੀ ਦੀ ਸਾਰੀ ਭੂਗੋਲਿਕ ਸਥਿਤੀ ਬਦਲ ਸਕਦੀ ਹੈ।
ਵਿਗਿਆਨਕ ਭਾਸ਼ਾ ਵਿਚ ਰਸਾੲਣਿਕ ਪ੍ਰਕਿਰਿਆਵਾਂ ਧਰਤੀ ਦੀ ਓਜ਼ੋਨ ਪਰਤ ਨੂੰ ਖਾ ਜਾਂਦੀਆਂ ਹਨ ਜੋ ਧਰਤੀ ਦੇ ਵਸਣ ਵਾਲਿਆਂ ਨੂੰ ਹਾਨੀਕਾਰਕ ਪ੍ਰਾਬੈਂਗਣੀ ਕਿਰਨਾਂ ਤੋਂ ਬਚਾਉਂਦੀਆਂ ਹਨ। ਅਲਟਰਾਵਾਇਲਟ ਰੋਕਥਾਮ ਨਹੀਂ ਹੋਵੇਗੀ ਤੇ ਲੋਕਾਂ ਨੂੰ ਚਮੜੀ ਸੜਨ ਤੇ ਚਮੜੀ ਦੇ ਕੈਂਸਰ ਤੋਂ ਪ੍ਰਭਾਵਿਤ ਹੋਣਾ ਪਵੇਗਾ। ਡੀ ਐਨ ਏ ਅਸਥਿਰ ਹੋ ਜਾਵੇਗਾ। ਪੌਦੇ ਤਬਾਹ ਹੋ ਜਾਣਗੇ ਅਤੇ ਫਿਰ ਇਨ੍ਹਾਂ ਦਾ ਵਿਕਾਸ ਹਰਗਿਜ਼ ਨਹੀਂ ਹੋ ਸਕੇਗਾ। ਸਾਲ 2013 ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ 'ਇੰਟਰਨੈਸ਼ਨਲ ਫਿਜ਼ੀਸ਼ੀਅਨ ਫਾਰ ਪ੍ਰਵੈਂਸ਼ਨ ਆਫ ਨਿਊਕਲੀਅਰ ਵਾਰ' ਰਾਹੀਂ ਅੰਦਾਜ਼ਾ ਲਗਾਇਆ ਗਿਆ ਹੈ ਕਿ '100 ਏ' ਬੰਬ ਜੰਗ ਦੇ ਮੱਦੇਨਜ਼ਰ ਦੋ ਬਿਲੀਅਨ ਲੋਕ ਮਰ ਸਕਦੇ ਹਨ। ਇਨ੍ਹਾਂ ਵਿਗਿਆਨੀਆਂ ਨੇ ਹੀ ਚਿਤਾਵਨੀ ਦਿੱਤੀ ਹੈ ਕਿ ਜੇ ਦੁਨੀਆ ਨੂੰ ਬਚਾਉਣਾ ਹੈ ਤਾਂ ਦੁਨੀਆ 'ਚ ਜਿਨ੍ਹਾਂ ਦੇਸ਼ਾਂ ਕੋਲ ਵੀ ਕੁੱਲ ਸਤਾਰਾਂ ਹਜ਼ਾਰ ਪ੍ਰਮਾਣੂ ਹਥਿਆਰ ਹਨ, ਉਨ੍ਹਾਂ ਨੂੰ ਇਹ ਤੁਰੰਤ ਨਸ਼ਟ ਕਰ ਦੇਣੇ ਚਾਹੀਦੇ ਹਨ।
ਜੇ ਪ੍ਰਸਿੱਧ ਰਸਾਇਣ ਵਿਗਿਆਨੀ ਜੋਨਾਥਨ ਸ਼ੈੱਲ ਦੀ ਪੁਸਤਕ 'ਧਰਤੀ ਦੀ ਹੋਣੀ' ਦਾ ਸੂਖ਼ਮ ਅਧਿਐਨ ਕਰੀਏ ਤਾਂ ਪ੍ਰਮਾਣੂ ਬੰਬਾਂ ਦਾ ਡਰ ਇਸ ਕਰਕੇ ਵਧਦਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਦੀ ਗਿਣਤੀ ਵੀ ਦਿਨੋਂ ਦਿਨ ਵਧ ਰਹੀ ਹੈ। ਹੁਣ ਦੇ ਕੁਝ ਪ੍ਰਮਾਣੂ ਬੰਬਾਂ ਦੀ ਸਮਰੱਥਾ ਅਮਰੀਕਾ ਵਲੋਂ ਜਾਪਾਨ 'ਚ ਸੁੱਟੇ ਗਏ ਪ੍ਰਮਾਣੂ ਬੰਬਾਂ ਤੋਂ 16 ਗੁਣਾਂ ਵੱਧ ਹੈ। ਇਹ ਬੰਬ ਹਥਿਆਰ ਵਜੋਂ ਵਰਤਣ ਲਈ ਬਣਾਏ ਗਏ ਸਨ ਪਰ ਹੁਣ ਇਨ੍ਹਾਂ ਦਾ ਮਹੱਤਵ ਬਹੁਤ ਅੱਗੇ ਚਲਾ ਗਿਆ ਹੈ। ਜਿਸ ਨਾਲ ਮਨੁੱਖਤਾ ਨੂੰ ਬਰਬਾਦ ਕਰਨ ਦਾ ਖਤਰਾ ਉੱਠ ਖੜ੍ਹਾ ਹੋਇਆ ਹੈ। ਇਸੇ ਪ੍ਰਸੰਗ ਵਿਚ ਦੇਖੀਏ ਤਾਂ ਫਰਾਂਸ ਦੇ ਵਿਗਿਆਨੀ ਫਰੈਡਰੈੱਕ ਜੂਲੀਓ ਕੋਰੀ ਨੇ 1952 ਵਿਚ ਐਟਮ ਬੰਬਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਪ੍ਰਮਾਣੂ ਬੰਬਾਂ ਦੇ ਫਟਣ ਪਿੱਛੋਂ ਜਿਹੜੇ ਨਤੀਜੇ ਭੁਗਤਣੇ ਪੈਣਗੇ ਉਹ ਅਸੀਂ ਕਿਆਸ ਹੀ ਨਹੀਂ ਕਰ ਰਹੇ। ਜਿਊਂਦਿਆਂ 'ਚੋਂ ਬਹੁਤੇ ਮਰ ਹੀ ਜਾਣਗੇ ਪਰ ਇਸ ਦਾ ਦੁੱਖ ਅਗਲੀਆਂ ਮਨੁੱਖੀ ਜਾਤੀਆਂ ਭੋਗਣਗੀਆਂ। ਮਨੁੱਖ ਹੱਥੋਂ ਚੱਲੇ ਵਿਸ਼ਾਲ ਮਾਰੂ ਪਦਾਰਥਾਂ ਨਾਲ ਜ਼ਰਾਸੀਮ ਪੈਦਾ ਹੋਣਗੇ। ਮਹਾਂਮਾਰੀਆਂ ਫੈਲਣਗੀਆਂ ਤੇ ਗੋਲਾਬੰਦੀ ਜਾਂ ਅਮਨ ਹੋਣ ਪਿੱਛੋਂ ਵੀ ਕਾਬੂ ਨਹੀਂ ਆਉਣਗੀਆਂ ਤੇ ਸਾਨੂੰ ਹੁਣ ਤੋਂ ਹੀ ਉਨ੍ਹਾਂ ਲੋਕਾਂ ਨਾਲ ਜਾ ਕੇ ਖੜ੍ਹ ਜਾਣਾ ਚਾਹੀਦਾ ਹੈ ਜੋ ਇਨ੍ਹਾਂ ਦੇ ਖ਼ਾਤਮੇ ਲਈ ਲੜ ਰਹੇ ਹਨ।
ਇਟਲੀ ਦੇ ਮਹਾਨ ਵਿਗਿਆਨੀ ਪ੍ਰੋ: ਬਾਰਲਿੰਗ ਗੁਇਰ ਨੇ ਲਿਖਿਆ ਹੈ, 'ਪ੍ਰਮਾਣੂ ਜੰਗ ਦੇ ਨਤੀਜਿਆਂ ਦੀ ਤਸਵੀਰ ਵਿਚ ਲੱਖਾਂ ਲੋਕਾਂ ਦਾ ਮਾਨਵੀ ਤੇ ਸੱਭਿਆਚਾਰਕ ਨਿਘਾਰ, ਹਜ਼ਾਰਾਂ ਸਾਲਾਂ ਵਿਚ ਸਿਰਜੀਆਂ ਬੌਧਿਕ ਕਦਰਾਂ ਕੀਮਤਾਂ ਅਤੇ ਬਨਸਪਤੀ ਦਾ ਤਬਾਹ ਹੋਣਾ ਵੀ ਜੋੜ ਲਿਆ ਜਾਣਾ ਚਾਹੀਦਾ ਹੈ। ਤੀਜੇ ਵਿਸ਼ਵ ਯੁੱਧ ਦੇ ਆਸਾਰ ਬਣ ਰਹੇ ਹਨ ਅਤੇ ਜੇ ਇਹ ਯੁੱਧ ਹੋਇਆ ਤਾਂ ਜੋ ਹੋਵੇਗਾ ਉਹਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।' ਵਿਗਿਆਨੀ ਪੀਟਰ ਸ਼ੈਫਰ ਨੇ ਚਿਤਾਵਨੀ ਦਿੱਤੀ ਸੀ ਕਿ ਰੱਬ ਦੇ ਵਾਸਤੇ ਪ੍ਰਮਾਣੂ ਹਥਿਆਰਾਂ ਨੂੰ ਨਸ਼ਟ ਕਰ ਦਿਓ ਕਿਉਂਕਿ ਭੁਚਾਲ ਵਰਗੀਆਂ ਕੁਦਰਤੀ ਆਫ਼ਤਾਂ ਦੇ ਨਤੀਜੇ ਕਿੰਨੇ ਵੀ ਖ਼ਤਰਨਾਕ ਕਿਉਂ ਨਾ ਹੋਣ ਪਰ ਜੋ ਪ੍ਰਮਾਣੂ ਬੰਬਾਂ ਦੇ ਫਟਣ ਮਗਰੋਂ ਦੁਨੀਆ ਦਾ ਹਾਲ ਹੋਵੇਗਾ, ਆਪਣੇ-ਆਪ ਨੂੰ ਮਹਾਂਸ਼ਕਤੀਆਂ ਕਹਿਣ ਵਾਲੇ ਦੇਸ਼ਾਂ ਕੋਲ ਵੀ ਇਸ ਦੇ ਟਾਕਰੇ ਲਈ ਕੋਈ ਉਪਾਅ ਨਹੀਂ ਹੋਵੇਗਾ। ਡਾਕਟਰੀ ਤਿਆਰੀਆਂ ਦੇ ਬਾਵਜੂਦ ਨਿਊਕਲਰੀਆਈ ਮਹਾਂਭਾਂਬੜ ਦੇ ਮਚਣ ਦੀ ਸੂਰਤ ਵਿਚ ਮਨੁੱਖ ਜਾਤੀ ਦੇ ਬਚੇ ਰਹਿਣ ਦੀ ਕੋਈ ਸੰਭਾਵਨਾ ਨਹੀਂ। ਅੱਜ ਹੀ ਵਿਰੋਧ ਲਈ ਕਿਉਂ ਨਹੀਂ ਉੱਠਦੇ, ਅਸੀਂ ਤਬਾਹੀ ਦਾ ਮੰਜ਼ਰ ਕਿਉਂ ਉਡੀਕ ਰਹੇ ਹਾਂ। ਅਮਰੀਕਾ ਦੇ ਬਰਨਾਰਡ ਲੋਬਨ ਅਨੁਸਾਰ ਨਿਊਕਲਰੀਆਈ ਜੰਗ ਪਿੱਛੋਂ ਸੰਸਾਰ ਦੀਆਂ ਡਾਕਟਰੀ ਸੇਵਾਵਾਂ ਬਚ ਰਹਿਣ ਵਾਲਿਆਂ ਨੂੰ ਕੋਈ ਸਹਾਇਤਾ ਨਹੀਂ ਪ੍ਰਦਾਨ ਕਰ ਸਕਣਗੀਆਂ। ਜੇ ਪ੍ਰਮਾਣੂ ਸਮਰੱਥਾ ਦਾ ਚੌਥਾ ਹਿੱਸਾ ਹੀ ਵਰਤ ਲਿਆ ਗਿਆ ਤਾਂ ਵੀ ਦੋ ਅਰਬ ਲੋਕ ਤੁਰੰਤ ਮਰ ਜਾਣਗੇ ਤੇ ਆਉਣ ਵਾਲੀਆਂ ਦਸ ਨਸਲਾਂ ਤੱਕ ਮਨੁੱਖ ਦਾ ਸਰੀਰਕ ਵਿਕਾਸ ਰੁਕਿਆ ਰਹੇਗਾ। ਬੱਚੇ ਲੂਲੇ ਲੰਗੜੇ, ਅੰਨ੍ਹੇ ਬੋਲੇ ਹੀ ਪੈਦਾ ਹੋਣਗੇ। ਯੋਦੇਲ ਨਬੀ ਨੇ ਕਿਹਾ ਸੀ ਕਿ ਜੇ ਪ੍ਰਮਾਣੂ ਜੰਗ ਲੱਗਦੀ ਹੈ ਤਾਂ ਮਨੁੱਖ ਤਾਂ ਮਰ ਹੀ ਜਾਵੇਗਾ ਪਰ ਸੰਸਾਰ ਦੇ ਦਰਿਆ ਤੇ ਸਮੁੰਦਰ ਵੀ ਜ਼ਹਿਰੀਲੇ ਹੋ ਜਾਣਗੇ। ਧਰਤੀ 'ਤੇ ਏਨੀ ਉਥਲ-ਪੁਥਲ ਹੋਵੇਗੀ ਕਿ ਇਸ ਦਾ ਹਰ ਕੋਨੇ 'ਤੇ ਅਸਰ ਹੋਵੇਗਾ, 'ਤਾਰੇ ਟੁੱਟ ਕੇ ਧਰਤੀ 'ਤੇ ਡਿੱਗਣਗੇ, ਸੂਰਜ ਅੱਗੇ ਹਨ੍ਹੇਰਾ ਆ ਜਾਵੇਗਾ, ਆਸਮਾਨ ਤੇ ਧਰਤੀ 'ਤੇ ਹੈਰਾਨੀਕੁੰਨ ਘਟਨਾਵਾਂ ਵਾਪਰਨਗੀਆਂ, ਕੋਈ ਰਹਿਬਰ ਲੱਭੋ ਜੋ ਇਨ੍ਹਾਂ ਨੂੰ ਪੁੱਠੇ ਰਸਤਿਓਂ ਮੋੜ ਲਿਆਵੇ।
ਗੱਲ ਅਮਰੀਕਾ ਜਾਂ ਉੱਤਰੀ ਕੋਰੀਆ ਦੇ ਆਹਮੋ-ਸਾਹਮਣੇ ਹੋਣ ਦੀ ਹੀ ਨਹੀਂ, ਸਗੋਂ ਬਰਬਾਦੀ ਦੇ ਕੰਡੇ 'ਤੇ ਖੜ੍ਹੀ ਦੁਨੀਆ ਨੂੰ ਬਚਾਉਣ ਦੀ ਹੈ। ਸਿਕੰਦਰ ਦਾ ਦੁਨੀਆ ਜਿੱਤਣ ਦਾ ਸੁਪਨਾ ਤਾਂ ਪੂਰਾ ਨਹੀਂ ਸੀ ਹੋ ਸਕਿਆ ਪਰ ਇਸ ਦੁਨੀਆ ਨੂੰ ਬਰਬਾਦ ਕਰਨ ਦਾ ਸੁਪਨਾ ਜ਼ਰੂਰ ਲਈ ਬੈਠੇ ਹਨ। ਰੱਬ ਕਰੇ ਇਹ ਸੁਪਨਾ ਕਦੇ ਪੂਰਾ ਨਾ ਹੋਵੇ।


ਈਮੇਲ : ashokbhaura@gmail.com


ਖ਼ਬਰ ਸ਼ੇਅਰ ਕਰੋ

ਕਿਹੋ ਜਿਹਾ ਹੈ ਕਿਮ ਜੋਂਗ ਉਨ?

ਇਨ੍ਹੀਂ ਦਿਨੀਂ ਪ੍ਰਮਾਣੂ ਹਥਿਆਰਾਂ ਪ੍ਰਮਾਣੂ ਬੰਬਾਂ ਦੇ ਪ੍ਰੀਖਣ ਤੇ ਆਪਣੇ ਤਾਨਾਸ਼ਾਹੀ ਰਵੱਈਏ ਕਾਰਨ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਉਨ ਕਾਫੀ ਚਰਚਾ ਵਿਚ ਹਨ। ਜਦੋਂ ਤੋਂ ਉਨ ਨੇ ਉੱਤਰੀ ਕੋਰੀਆ ਦੀ ਵਾਗਡੋਰ ਸੰਭਾਲੀ ਹੈ, ਉਦੋਂ ਤੋਂ ਹੀ ਉੱਤਰੀ ਕੋਰੀਆ ਵੱਖ-ਵੱਖ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਉਨ ਨੇ ਆਪਣੇ ਕਈ ਤਾਨਾਸ਼ਾਹੀ ਫ਼ਰਮਾਨ ਜਾਰੀ ਕਰ ਕੇ ਆਪਣੇ ਦੇਸ਼ ਵਾਸੀਆਂ 'ਤੇ ਕਈ ਤਰ੍ਹਾਂ ਦੀਆਂ ਪਾਬੰਧੀਆਂ ਲਗਾਈਆਂ ਹੋਈਆਂ ਹਨ।
ਉਨ ਦੀ ਜਨਮ ਤਾਰੀਖ ਤੇ ਬਚਪਨ ਬਾਰੇ ਜ਼ਿਆਦਾ ਵੇਰਵਾ ਨਹੀਂ ਮਿਲਦਾ। ਉਨ ਨੇ ਆਪਣੀ ਪੜ੍ਹਾਈ ਆਪਣੇ ਦੇਸ਼ ਵਿਚ ਹੀ ਕਿਮ ਉਲ ਸੁੰਗ ਯੂਨੀਵਰਸਿਟੀ ਤੋਂ ਕੀਤੀ। ਉਪਰੰਤ ਉਹ ਪੜ੍ਹਾਈ ਲਈ ਸਵਿਟਰਜ਼ਲੈਂਡ ਵੀ ਗਿਆ। 2004 ਵਿਚ ਕਿਮ ਜੋਂਗ ਉਨ ਨੂੰ ਉਸ ਦੇ ਪਿਤਾ ਕਿਮ ਜੋਂਗ ਉਲ ਨੇ ਆਪਣਾ ਉਤਰਾਧਿਕਾਰੀ ਬਣਾਇਆ ਸੀ ਪਰ ਉਨ ਨੂੰ 2010 ਵਿਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ 2011 ਵਿਚ ਰਾਜ ਗੱਦੀ ਮਿਲੀ। ਉਨ ਦੇ ਪਿਤਾ ਉੱਤਰੀ ਕੋਰੀਆ ਦੀ ਫ਼ੌਜ ਦੇ ਆਗੂ ਸਨ ਤੇ ਕਮਿਊਨਿਸਟ ਪਾਰਟੀ ਦੇ ਨੇਤਾ ਸਨ। ਉਨ ਦੀ ਮਾਤਾ ਕੋ ਜੋਂਗ ਇਕ ਮਸ਼ਹੂਰ ਓਪੇਰਾ ਗਾਇਕਾ ਸੀ। ਰਾਜ ਗੱਦੀ 'ਤੇ ਬੈਠਦੇ ਸਾਰ ਹੀ ਉਨ ਨੇ ਉੱਤਰੀ ਕੋਰੀਆ ਦੀ ਫ਼ੌਜ ਦੇ ਕਈ ਅਧਿਕਾਰੀਆਂ ਨੂੰ ਮੁਅੱਤਲ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਅਧਿਕਾਰੀ ਉਨ ਦੇ ਪਿਤਾ ਦੇ ਸਮੇਂ ਫ਼ੌਜ ਵਿਚ ਉੱਚ ਅਹੁਦਿਆਂ 'ਤੇ ਸੁਸ਼ੋਭਿਤ ਸਨ। ਬਸ ਇਥੋਂ ਹੀ ਉਨ ਦੇ ਤਾਨਾਸ਼ਾਹੀ ਰਵੱਈਏ ਨਾਲ ਉੱਤਰੀ ਕੋਰੀਆ ਵਿਚ ਤਾਨਾਸ਼ਾਹੀ ਯੁੱਗ ਦੀ ਸ਼ੁਰੂਆਤ ਹੋਈ। ਉਨ ਦੇ ਤਾਨਾਸ਼ਾਹੀ ਤੇ ਅੜੀਅਲ ਰਵੱਈਏ ਨੇ ਕਈ ਨਜ਼ਦੀਕੀ ਰਿਸ਼ਤੇਦਾਰਾਂ ਦਾ ਵੀ ਲਿਹਾਜ਼ ਨਹੀਂ ਕੀਤਾ। 2013 ਵਿਚ ਉਨ ਨੇ ਆਪਣੇ ਚਾਚੇ ਜੰਗ ਸੌਂਗ ਥਾਕੇ ਨੂੰ ਸਰਕਾਰ ਬਦਲਣ ਲਈ ਵਿਉਂਤਬੰਦੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਉਨ ਨੇ ਆਪਣੇ ਫੁੱਫੜ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਭੁੱਖੇ ਕੁੱਤਿਆਂ ਦੇ ਅੱਗੇ ਪਾ ਦਿੱਤਾ ਸੀ ਤੇ ਭੂਆ ਨੂੰ ਜ਼ਹਿਰ ਦੇ ਕੇ ਮਰਵਾ ਦਿੱਤਾ ਸੀ ਕਿਉਂਕਿ ਉਸ ਦੇ ਫੁੱਫੜ ਦਾ ਜਨਤਾ ਵਿਚ ਚੰਗਾ ਪ੍ਰਭਾਵ ਉਨ ਕੋਲੋਂ ਬਰਦਾਸ਼ਤ ਨਹੀਂ ਸੀ ਹੁੰਦਾ। ਉਨ ਨੇ ਆਪਣੇ ਦੇਸ਼ ਵਾਸੀਆਂ 'ਤੇ ਕਈ ਤਰ੍ਹਾਂ ਦੀਆਂ ਪਾਬੰਧੀਆਂ ਲਗਾਈਆਂ ਹੋਈਆਂ ਹਨ। ਉਨ ਨੇ ਆਪਣੇ ਦੇਸ਼ ਦੇ ਮੀਡੀਏ 'ਤੇ ਪਾਬੰਧੀ ਲਗਾਈ ਹੋਈ ਹੈ। ਚੈਨਲਜ਼ ਲੋਕਾਂ ਨੂੰ ਉਹੀ ਪ੍ਰੋਗਰਾਮ ਜਾਂ ਉਹੀ ਸਮੱਗਰੀ ਦਿਖਾਉਂਦੇ ਹਨ ਜਿਹੜੀ ਉਨ ਆਪਣੇ ਦੇਸ਼ ਵਾਸੀਆਂ ਨੂੰ ਦਿਖਾਉਣਾ ਚਾਹੁੰਦਾ ਹੈ। ਜੇਕਰ ਕੋਈ ਚੈਨਲ ਜਾਂ ਵਿਅਕਤੀ ਉਨ ਦੇ ਇਸ ਤਾਨਾਸ਼ਾਹੀ ਫ਼ਰਮਾਨ ਦਾ ਵਿਰੋਧ ਕਰਦਾ ਹੈ ਤਾਂ ਇਹ ਵਿਰੋਧ ਉਸ ਵਿਅਕਤੀ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਕੋਈ ਵੀ ਆਦਮੀ ਜਾਂ ਔਰਤ ਆਪਣੀ ਪਸੰਦੀਦਾ ਬਣਤਰ ਅਨੁਸਾਰ ਵਾਲ ਨਹੀਂ ਕਟਵਾ ਸਕਦਾ। ਤਾਨਾਸ਼ਾਹ ਨੇ ਆਦਮੀਆਂ ਤੇ ਔਰਤਾਂ ਲਈ ਵਾਲ ਕਟਵਾਉਣ ਲਈ 28 ਤਰ੍ਹਾਂ ਦੀਆਂ ਬਣਤਰਾਂ ਦੀ ਆਗਿਆ ਦਿੱਤੀ ਹੋਈ ਹੈ। ਇਨ੍ਹਾਂ ਵਿਚੋਂ 10 ਬਣਤਰਾਂ ਆਦਮੀਆਂ ਤੇ 18 ਬਣਤਰਾਂ ਔਰਤਾਂ ਲਈ ਹਨ। ਉਨ ਦੇ ਤਾਨਾਸ਼ਾਹੀ ਫ਼ਰਮਾਨ ਅਨੁਸਾਰ ਉੱਤਰੀ ਕੋਰੀਆ ਦਾ ਕੋਈ ਵੀ ਵਸਨੀਕ ਦੁਨੀਆਂ ਦੇ ਹੋਰ ਕਿਸੇ ਦੇਸ਼ ਵਿਚ ਨਹੀਂ ਰਹਿ ਸਕਦਾ। ਜੀਨ ਪੱਛਮੀ ਸੱਭਿਅਤਾ ਦੀ ਪਹਿਚਾਣ ਹੋਣ ਕਾਰਨ ਉਨ ਨੇ ਇਥੋਂ ਦੇ ਲੋਕਾਂ 'ਤੇ ਜੀਨ ਪਹਿਨਣ 'ਤੇ ਪਾਬੰਧੀ ਲਾਈ ਹੋਈ ਹੈ। ਬਾਈਬਲ ਨੂੰ ਪੱਛਮੀ ਲੋਕਾਂ ਦੀ ਧਾਰਮਿਕ ਪੁਸਤਕ ਸਮਝਦੇ ਹੋਏ ਉਨ ਨੇ ਇਸ ਨੂੰ ਘਰ ਵਿਚ ਰੱਖਣ 'ਤੇ ਪੂਰਨ ਪਾਬੰਦੀ ਲਾਈ ਹੋਈ ਹੈ। ਉੱਤਰੀ ਕੋਰੀਆ ਵਿਚ ਇਕ ਹੀ ਇੰਟਰਨੈੱਟ ਕੰਪਨੀ ਹੈ। ਉਨ ਨੇ ਇਸ ਕੰਪਨੀ ਨੂੰ ਪੂਰੀ ਤਰ੍ਹਾਂ ਆਪਣੇ ਦਬਾਅ ਹੇਠ ਰੱਖਿਆ ਹੋਇਆ ਹੈ। ਆਮ ਨਾਗਰਿਕ ਨੂੰ ਉੱਤਰੀ ਕੋਰੀਆ ਦੀ ਰਾਜਧਾਨੀ ਵਿਖੇ ਰਹਿਣ ਲਈ ਸਰਕਾਰ ਕੋਲੋਂ ਇਜਾਜ਼ਤ ਲੈਣੀ ਪੈਂਦੀ ਹੈ ਕਿਉਂਕਿ ਰਾਜਧਾਨੀ ਵਿਚ ਕੁਝ ਖਾਸ ਲੋਕ ਜਾਂ ਸਰਕਾਰੀ ਅਹੁਦਿਆਂ 'ਤੇ ਕੰਮ ਕਰਨ ਵਾਲੇ ਹੀ ਰਹਿ ਸਕਦੇ ਹਨ। ਜੇਕਰ ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੁਰਮ ਕਰਦਾ ਹੈ ਤਾਂ ਉਸ ਦੇ ਜੁਰਮ ਦੀ ਸਜ਼ਾ ਉਸ ਵਿਅਕਤੀ ਸਮੇਤ ਸਾਰੇ ਪਰਿਵਾਰ ਨੂੰ ਹੀ ਦਿੱਤੀ ਜਾਂਦੀ ਹੈ। ਪਰਿਵਾਰ ਵਿਚ ਸ਼ਾਮਿਲ ਬੱਚਿਆਂ ਤੇ ਬਜ਼ੁਰਗਾਂ ਦਾ ਵੀ ਲਿਹਾਜ਼ ਨਹੀਂ ਕੀਤਾ ਜਾਂਦਾ। ਲੋਕਾਂ ਕੋਲੋਂ ਸਿਰਫ ਕਿਮ ਪਰਿਵਾਰ ਦੀ ਹੀ ਜ਼ਬਰਦਸਤੀ ਪੂਜਾ ਕਰਵਾਈ ਜਾਂਦੀ ਹੈ। ਸਰਕਾਰੀ ਅਹੁਦਿਆਂ 'ਤੇ ਕੰਮ ਕਰਨ ਵਾਲਿਆਂ ਤੋਂ ਇਲਾਵਾ ਕੋਈ ਵੀ ਵਿਅਕਤੀ ਸਰਕਾਰ ਦੀ ਇਜਾਜ਼ਤ ਤੋਂ ਬਗ਼ੈਰ ਕਾਰ ਨਹੀਂ ਰੱਖ ਸਕਦਾ।
ਜਦੋਂ ਤੋਂ ਉਨ ਨੇ ਉੱਤਰੀ ਕੋਰੀਆ ਦਾ ਰਾਜ ਸਿੰਘਾਸਨ ਸਾਂਭਿਆ ਹੈ ਉਦੋਂ ਤੋਂ ਹੀ ਉਸ ਵਲੋਂ ਪ੍ਰਮਾਣੂ ਹਥਿਆਰਾਂ ਤੇ ਪ੍ਰਮਾਣੂ ਬੰਬਾਂ ਦਾ ਪ੍ਰੀਖਣ ਜਾਰੀ ਹੈ। ਇਹ ਪ੍ਰੀਖਣ ਤੇ ਉਨ ਦਾ ਤਾਨਾਸ਼ਾਹੀ ਰਵੱਈਆ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਸਮੇਤ ਕਈਆਂ ਦੇਸ਼ਾਂ ਲਈ ਚਿੰਤਾ ਬਣਿਆ ਹੋਇਆ ਹੈ।


-ਮੋਬਾਈਲ: 98766-52900.

ਸੀਲ ਅਤੇ ਪੈਂਗੁਇਨ ਦੀ ਧਰਤੀ ਐਂਟਾਰਕਟਿਕਾ

'ਐਂਟਾਰਕਟਿਕਾ' ਸ਼ਬਦ ਜ਼ਿਹਨ ਵਿਚ ਆਉਂਦਿਆਂ ਹੀ ਸਾਡੇ ਦਿਮਾਗ ਵਿਚ ਇਕ ਅਜਿਹੀ ਦੁਨੀਆ ਦਾ ਦ੍ਰਿਸ਼ ਘੁੰਮਣ ਲੱਗਦਾ ਹੈ ਜਿਥੇ ਚਾਰੇ ਪਾਸੇ ਬਰਫ਼ ਹੀ ਬਰਫ਼ ਦਾ ਸਾਮਰਾਜ ਹੈ। ਨਾ ਕੋਈ ਮਨੁੱਖ ਤੇ ਨਾ ਕੋਈ ਰੁੱਖ, ਹਰ ਪਾਸੇ ਬਸ ਸੀਲ ਅਤੇ ਪੈਂਗੁਇਨ ਹੀ ਨਜ਼ਰ ਆਉਂਦੇ ਹਨ। ਐਂਟਾਰਕਟਿਕਾ ਦਾ ਇਤਿਹਾਸ 100 ਕਰੋੜ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਇਸ ਦੀ ਖੋਜ ਸੰਨ 1772 ਤੋਂ 1775 ਈਸਵੀ ਵਿਚ ਬਰਤਾਨੀਆ ਦੇ ਖੋਜੀ ਕੈਪਟਨ ਜੇਮਜ਼ ਕੁੱਕ ਨੇ ਕੀਤੀ ਸੀ। 15 ਜਨਵਰੀ, 1912 ਵਿਚ ਪਹਿਲੀ ਵਾਰ ਕੈਪਟਨ ਸਕਾਟ ਦੱਖਣੀ ਧਰੁਵ ਤੱਕ ਗਿਆ ਸੀ। ਉਦੋਂ ਤੋਂ ਅੱਜ ਤੱਕ ਐਂਟਾਰਕਟਿਕਾ ਦੀ ਮੁੱਖ ਭੂਮੀ ਤੱਕ 300 ਤੋਂ ਵਧੇਰੇ ਖੋਜੀ ਦਲ ਜਾ ਚੁੱਕੇ ਹਨ।
ਐਂਟਾਰਕਟਿਕਾ ਸਮੁੰਦਰੀ ਮਾਰਗ ਦੇ ਆਧਾਰ 'ਤੇ ਦੱਖਣੀ ਅਮਰੀਕਾ ਦੇ ਦੱਖਣੀ ਭਾਗ ਤੋਂ 900 ਕਿੱਲੋਮੀਟਰ, ਆਸਟ੍ਰੇਲੀਆ ਤੋਂ 2500 ਕਿੱਲੋਮੀਟਰ, ਦੱਖਣੀ ਅਫਰੀਕਾ ਤੋਂ 3800 ਕਿੱਲੋਮੀਟਰ ਅਤੇ ਭਾਰਤ ਤੋਂ ਲਗਪਗ 13000 ਕਿੱਲੋਮੀਟਰ ਦੂਰ ਹੈ। ਇਹ ਦੂਸਰੇ ਸਾਰੇ ਮਹਾਂਦੀਪਾਂ ਦੇ ਉਲਟ ਇਕ ਵੱਖਰਾ ਜਿਹਾ ਬਰਫ਼ ਨਾਲ ਢੱਕਿਆ ਇਲਾਕਾ ਹੈ, ਜਿਸਦਾ ਖੇਤਰਫਲ 1 ਕਰੋੜ 40 ਲੱਖ ਵਰਗ ਕਿੱਲੋਮੀਟਰ ਹੈ। ਇਹ ਭਾਰਤ ਦੇ ਕੁੱਲ ਖੇਤਰਫਲ ਦਾ 5 ਗੁਣਾ ਹੈ। ਇਸ ਦੀ 98 ਫ਼ੀਸਦੀ ਤੋਂ ਵਧੇਰੇ ਤਹਿ (ਪਰਤ) 2000 ਤੋਂ 3000 ਮੀਟਰ ਮੋਟੀ ਬਰਫ਼ ਨਾਲ ਬਣੀ ਹੋਈ ਹੈ। ਇਹ ਸੰਸਾਰ ਦਾ ਸਭ ਤੋਂ ਠੰਢਾ, ਤੇਜ਼ ਹਵਾਵਾਂ ਚੱਲਣ ਵਾਲਾ ਸਭ ਤੋਂ ਸੁੱਕਾ ਖੇਤਰ ਹੈ ਜਿਥੇ ਦੁਨੀਆ ਦਾ ਸਭ ਤੋਂ ਵਧੇਰੇ ਪਾਣੀ ਮੌਜੂਦ ਹੈ। ਇਸ ਦੀ ਮਾਤਰਾ 3 ਕਰੋੜ ਕਿਊਬਿਕ ਕਿਮੀ ਜਾਂ 72 ਲੱਖ ਕਿਊਬੀਕ ਹੈ, ਜੋ ਵਿਸ਼ਵ ਵਿਚ ਪ੍ਰਾਪਤ ਤਾਜ਼ੇ ਪਾਣੀ ਦਾ 68 ਫ਼ੀਸਦੀ ਬਣਦਾ ਹੈ।
ਜੇਕਰ ਪੂਰੇ ਐਂਟਾਰਕਟਿਕਾ ਦੀ ਬਰਫ਼ ਨੂੰ ਪਿਘਲਾ ਦਿੱਤਾ ਜਾਵੇ ਤਾਂ ਸਮੁੰਦਰ ਦੇ ਪਾਣੀ ਵਿਚ 60 ਤੋਂ 65 ਮੀਟਰ ਵਾਧਾ ਹੋ ਜਾਵੇਗਾ। ਐਂਟਾਰਕਟਿਕਾ ਸਮੁੰਦਰੀ ਤੱਟ 32 ਹਜ਼ਾਰ ਕਿੱਲੋਮੀਟਰ ਲੰਮਾ ਹੈ, ਇਸ ਦਾ 13 ਫ਼ੀਸਦੀ ਹਿੱਸਾ ਗਲੇਸ਼ੀਅਰਾਂ ਨਾਲ ਘਿਰਿਆ ਹੋਇਆ ਹੈ, 5 ਫ਼ੀਸਦੀ ਹਿੱਸੇ ਵਿਚ ਅਨੇਕਾਂ ਕਿਸਮ ਦੇ ਗਲੇਸ਼ੀਅਰਾਂ ਵਾਲੀਆਂ ਝੀਲਾਂ ਅਤੇ ਤਲਾਬ ਹਨ। ਐਂਟਾਰਕਟਿਕਾ ਦੁਨੀਆ ਦਾ ਸਭ ਤੋਂ ਉੱਚਾ ਮਹਾਂਦੀਪ ਹੈ। ਇਥੇ ਵਿਸ਼ਵ ਦਾ ਸਭ ਤੋਂ ਵੱਡਾ ਗਲੇਸ਼ੀਅਰ ਐਂਟਾਰਕਟਿਕਾ ਲੈਮਬਰਟ ਗਲੇਸ਼ੀਅਰ ਹੈ ਜੋ 40 ਕਿੱਲੋਮੀਟਰ ਲੰਮਾ ਹੈ। ਐਂਟਾਰਕਟਿਕਾ ਧਰਤੀ ਨਾਲ ਘਿਰਿਆ ਇਕ ਸਮੁੰਦਰ ਹੈ। ਐਂਟਾਰਕਟਿਕਾ ਦੇ ਗਰਮੀਆਂ ਅਤੇ ਸਰਦੀਆਂ ਦੇ ਤਾਪਮਾਨ ਵਿਚ ਬਹੁਤ ਅੰਤਰ ਹੁੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮਹਾਂਦੀਪ ਵਿਚ ਗਰਮੀਆਂ ਦੀ ਰੁੱਤ ਵਿਚ 6 ਮਹੀਨੇ ਤੱਕ ਲਗਾਤਾਰ ਸੂਰਜ ਨਿਕਲਿਆ ਰਹਿੰਦਾ ਹੈ, ਜਦਕਿ ਸਰਦੀਆਂ ਦੇ 6 ਮਹੀਨੇ ਹਨੇਰਾ ਪਸਰਿਆ ਰਹਿੰਦਾ ਹੈ।
ਹਾਲਾਂਕਿ ਗਰਮੀ ਰੁੱਤ ਵਿਚ ਵੀ ਇਥੇ ਜ਼ਿਆਦਾ ਗਰਮੀ ਨਹੀਂ ਪੈਂਦੀ ਕਿਉਂਕਿ ਇਸ ਦੌਰਾਨ ਆਉਣ ਵਾਲੀ ਸੂਰਜ ਦੀ ਊਸ਼ਮਾ ਨੂੰ ਇਥੋਂ ਦੀ ਮੋਟੀ ਬਰਫ਼ੀਲੀ ਤੈਅ ਸੋਖ਼ ਕਰ ਲੈਂਦੀ ਹੈ। ਇਥੋਂ ਦਾ ਤਾਪਮਾਨ ਧਰਤੀ ਦੀ ਉਚਾਈ ਦੇ ਅਨੁਸਾਰ ਘਟਦਾ-ਵਧਦਾ ਹੈ, ਜਿਸ ਨਾਲ ਅੰਦਰੂਨੀ ਖੇਤਰਾਂ ਦੀ ਤੁਲਨਾ ਵਿਚ ਸਮੁੰਦਰ ਦੇ ਤੱਟੀ ਖੇਤਰ ਵਧੇਰੇ ਗਰਮ ਹੁੰਦੇ ਹਨ। ਇਸ ਕਾਰਨ ਸਰਦੀਆਂ ਵਿਚ ਤਾਪਮਾਨ ਬਹੁਤ ਘੱਟ ਹੋ ਜਾਂਦਾ ਹੈ ਅਤੇ ਐਂਟਾਰਕਟਿਕਾ ਦੇ ਚਾਰੇ ਪਾਸੇ ਇਕ ਵੱਡੇ ਭੂਮੀ ਖੇਤਰ ਵਿਚ 10 ਫੁੱਟ ਮੋਟੀ ਬਰਫ਼ ਜੰਮ ਜਾਂਦੀ ਹੈ। ਐਂਟਾਰਕਟਿਕਾ ਦਾ ਖੇਤਰਫਲ ਉਦੋਂ ਲਗਪਗ ਦੁੱਗਣਾ ਹੋ ਜਾਂਦਾ ਹੈ। ਐਂਟਾਰਕਟਿਕਾ ਵਿਚ ਜੰਮਣ ਵਾਲੀ ਬਰਫ਼ ਕਈ ਤਰ੍ਹਾਂ ਦੀ ਹੁੰਦੀ ਹੈ। ਇਥੇ ਅਨੇਕਾਂ ਕਿਸਮ ਦੀਆਂ ਬਰਫ਼ ਦੀਆਂ ਟੁੱਟੀਆਂ ਚੱਟਾਨਾਂ ਵੀ ਮਿਲਦੀਆਂ ਹਨ। ਇਹ ਕੰਢਿਆਂ ਅਤੇ ਗਲੇਸ਼ੀਅਰਾਂ ਦੇ ਟੁੱਟੇ ਹੋਏ ਹਿੱਸੇ ਹੁੰਦੇ ਜੋ ਸਮੁੰਦਰ ਵਿਚ ਤੈਰਦੇ ਰਹਿੰਦੇ ਹਨ। ਇਥੋਂ ਦਾ ਸਾਲਾਨਾ ਤਾਪਮਾਨ -5 ਡਿਗਰੀ ਤੋਂ -10 ਡਿਗਰੀ ਸੈਲਸੀਅਸ ਦਰਮਿਆਨ ਰਹਿੰਦਾ ਹੈ। ਜਨਵਰੀ ਦਾ ਮਹੀਨਾ ਇਥੇ ਸਭ ਤੋਂ ਗਰਮ ਹੁੰਦਾ ਹੈ, ਜਦੋਂ ਇਥੋਂ ਦਾ ਤਾਪਮਾਨ 0.5 ਡਿਗਰੀ ਤੋਂ 0.9 ਡਿਗਰੀ ਸੈਲਸੀਅਸ ਦਰਮਿਆਨ ਹੁੰਦਾ ਹੈ। ਇਸਦੇ ਉਲਟ ਅਗਸਤ ਦਾ ਮਹੀਨਾ ਸਭ ਤੋਂ ਠੰਢਾ ਹੁੰਦਾ ਹੈ। ਉਦੋਂ ਤਾਪਮਾਨ -22 ਡਿਗਰੀ ਤੋਂ -65 ਡਿਗਰੀ ਸੈਲਸੀਅਸ ਦਰਮਿਆਨ ਹੁੰਦਾ ਹੈ।
ਇਥੇ ਚੱਲਣ ਵਾਲੀਆਂ ਹਵਾਵਾਂ ਦੀ ਔਸਤ ਗਤੀ ਨਵੰਬਰ ਤੋਂ ਮਾਰਚ ਮਹੀਨੇ ਦਰਮਿਆਨ 30 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਇਥੋਂ ਦੀ ਨਮੀ ਲਗਪਗ 50 ਫ਼ੀਸਦੀ ਹੁੰਦੀ ਹੈ। ਐਂਟਾਰਕਟਿਕਾ ਦੀ ਵਧੇਰੇ ਮਿੱਟੀ ਸਥਾਈ ਰੂਪ ਵਿਚ ਜੰਮੀ ਹੋਈ ਹੈ, ਜਿਸ ਵਿਚ ਨਸ਼ਟ ਹੋ ਚੁੱਕੀਆਂ ਚੱਟਾਨਾਂ ਦੇ ਕਣ ਅਤੇ ਸਿਲਟ ਦੇ ਨਾਲ ਕੁਝ ਮਾਤਰਾ ਵਿਚ ਪਦਾਰਥ ਵੀ ਮੌਜੂਦ ਹਨ। ਐਂਟਾਰਕਟਿਕਾ ਵਿਚ ਪੌਦਿਆਂ ਦੀ ਗਿਣਤੀ ਨਾ ਦੇ ਬਰਾਬਰ ਹੈ। ਇਸ ਦੇ ਇਕ ਕਰੋੜ 40 ਵਰਗ ਕਿੱਲੋਮੀਟਰ ਖੇਤਰਫਲ ਵਿਚ ਸਿਰਫ਼ 2 ਫ਼ੀਸਦੀ ਖੇਤਰ ਹੀ ਅਜਿਹਾ ਹੈ ਜਿਥੇ ਬਰਫ਼ ਨਹੀਂ ਹੁੰਦੀ।
ਇਥੇ ਕਿਉਂਕਿ ਖੁਸ਼ਹਾਲ ਵਾਤਾਵਰਨ ਹੈ ਜਿਸ ਵਿਚ ਸੂਖਮਦਰਸ਼ੀ ਨਾਲ ਹੀ ਦੇਖੇ ਜਾ ਸਕਣ ਵਾਲੇ ਪੌਦਿਆਂ ਅਤੇ ਜੀਵਾਂ ਤੋਂ ਲੈ ਕੇ ਭਾਰੀ ਵੇਲ ਮੱਛੀਆਂ, ਸੀਲਾਂ ਆਦਿ ਜ਼ਿਆਦਾ ਗਿਣਤੀ ਵਿਚ ਪਾਈਆਂ ਜਾਂਦੀਆਂ ਹਨ। ਇਥੋਂ ਦੀ ਭੋਜਨ ਲੜੀ ਦਾ ਆਧਾਰ ਪਾਦਪ ਪਲਵਕ ਹੈ ਜਿਨ੍ਹਾਂ ਤੋਂ ਬਾਅਦ ਲੜੀਵਾਰ ਕ੍ਰਿਲ, ਮੱਛੀਆਂ, ਸਕਵਿਡ, ਪਾਂਗਿਵਨ, ਸਮੁੰਦਰੀ ਚਿੜੀਆਂ, ਸੀਲ ਅਤੇ ਵੇਲ ਆਉਂਦੇ ਹਨ। ਐਂਟਾਰਕਟਿਕਾ ਵਿਚ ਪਾਈਆਂ ਜਾਣ ਵਾਲੀਆਂ ਚਿੜੀਆਂ ਦਾ ਖੂਨ ਗਰਮ ਹੁੰਦਾ ਹੈ। ਇਹ ਚਿੜੀਆਂ ਗਰਮੀਆਂ ਦੇ ਮੌਸਮ ਵਿਚ ਐਂਟਾਰਟਿਕਾ ਦੇ ਖੇਤਰਾਂ ਵਿਚ ਪ੍ਰਵਾਸ ਕਰਦੀਆਂ ਹਨ ਅਤੇ ਠੰਢੇ ਮੌਸਮ ਦੇ ਸ਼ੁਰੂ ਹੁੰਦੇ ਹੀ ਇਹ ਆਲੇ-ਦੁਆਲੇ ਦੇ ਦੀਪਾਂ ਅਤੇ ਪ੍ਰਾਇਦੀਪੀ ਖੇਤਰਾਂ ਵਿਚ ਚਲੀਆਂ ਜਾਂਦੀਆਂ ਹਨ। ਨਾ ਉੱਡ ਸਕਣ ਵਾਲੀਆਂ ਪੈਂਗੁਇਨ ਐਂਟਰਾਕਟਿਕਾ ਦੇ ਤੱਟੀ ਖੇਤਰਾਂ ਨਾਲ ਜੁੜੇ ਪਰਬਤੀ ਭਾਗਾਂ ਵਿਚ ਝੁੰਡ ਵਿਚ ਨਿਵਾਸ ਕਰਦੀਆਂ ਹਨ। ਆਈਸਬਰਗ ਅਤੇ ਚੱਟਾਨਾਂ ਦੇ ਪਿੱਛੇ ਅੰਡੇ ਦਿੰਦੀਆਂ ਹਨ। ਇਥੇ ਇਨ੍ਹਾਂ ਦੀਆਂ 21 ਪ੍ਰਾਜਾਤੀਆਂ ਨਿਵਾਸ ਕਰਦੀਆਂ ਹਨ।
ਐਂਟਾਰਕਟਿਕਾ ਇਕ ਇਸ ਤਰ੍ਹਾਂ ਦਾ ਮਹਾਂਦੀਪ ਹੈ ਜਿਥੋਂ ਦੀ ਹਰ ਚੀਜ਼ ਵਿਗਿਆਨ ਲਈ ਇਕ ਨਾ ਬੁੱਝੀ ਜਾਣ ਵਾਲੀ ਪਹੇਲੀ ਹੈ। ਭਾਰਤ ਵਲੋਂ 9 ਜਨਵਰੀ 1981 ਨੂੰ ਡਾ. ਐਸ. ਜ਼ੈੱਡ. ਕਾਸਿਮ ਦੀ ਅਗਵਾਈ ਵਿਚ ਐਂਟਰਾਕਿਟਕਾ ਲਈ ਪਹਿਲੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਸੰਨ 1983 ਵਿਚ ਦੱਖਣੀ ਗੰਗੋਤਰੀ ਨਾਮੀ ਪਹਿਲਾ ਭਾਰਤੀ ਖੋਜ ਸਟੇਸ਼ਨ ਸਥਾਪਿਤ ਕੀਤਾ ਗਿਆ। ਪੂਰੀ ਦੁਨੀਆ ਤੋਂ ਐਂਟਰਕਾਟਿਕਾ 'ਤੇ ਵੱਖ-ਵੱਖ ਸੰਗਠਨਾਂ ਦੇ ਅਨੇਕਾਂ ਵਿਗਿਆਨੀ ਦੌਰਾ ਕਰਕੇ ਖੋਜ ਦੇ ਕੰਮ ਵਿਚ ਲੱਗੇ ਹੋਏ ਹਨ।


-ਫਿਊਚਰ ਮੀਡੀਆ ਨੈੱਟਵਰਕ।

ਬੀ ਬੀ ਸੀ ਦੀ ਉੱਤਮ ਕਾਢ ਓ ਬੀ ਵੈਨ

ਅੱਜ ਟੀ. ਵੀ. ਚੈਨਲਾਂ ਦੀ ਭਰਮਾਰ ਤੇ ਇੰਟਰਨੈਟ ਸਦਕਾ ਦੁਨੀਆ ਇਕ ਪਿੰਡ ਦੀ ਤਰ੍ਹਾਂ ਜਾਪਦੀ ਹੈ । ਇੰਟਰਨੈਟ ਦੀ ਵਰਤੋਂ ਨਾਲ ਚੈਨਲਾਂ 'ਤੇ ਚੱਲ ਰਹੇ ਹਰ ਵਿਸ਼ੇ ਨਾਲ ਸਬੰਧਤ ਪ੍ਰੋਗਰਾਮਾਂ ਵਿਚ ਵੀ ਉੱਚ-ਕੋਟੀ ਦੀ ਸੁਧਾਰਾਤਮਕ ਤਬਦੀਲੀ ਅਨੁਭਵ ਹੁੰਦੀ ਹੈ। ਭਾਵੇਂ ਇਹ ਦੋਵੇਂ ਸਾਧਨ ਦੁਨੀਆ ਲਈ ਜਾਣਕਾਰੀ ਦੇ ਅਮੁੱਕ ਸੋਮੇ ਹਨ ਪਰ ਭਾਰਤ ਦੇ ਕੁਝ ਖੇਤਰ ਦੀ ਤਰ੍ਹਾਂ ਸੰਸਾਰ ਦੇ ਹੋਰ ਵੀ ਅਜਿਹੇ ਖਿੱਤਿਆਂ ਦੇ ਬਾਸ਼ਿੰਦੇ ਹਨ ਜਿਨ੍ਹਾਂ ਲਈ ਜ਼ਿਆਦਾਤਰ ਟੀ. ਵੀ. ਦੇ ਚੈਨਲ ਹੀ ਜਾਣਕਾਰੀ ਦਾ ਸੌਖਾ ਤੇ ਸਸਤਾ ਸਾਧਨ ਹੈ। ਮੌਜੂਦਾ ਦੌਰ ਵਿਚ ਆਈ ਤਕਨੀਕੀ ਕ੍ਰਾਂਤੀ ਨਾਲ ਹੁਣ ਸਭ ਚੈਨਲ ੨੪ ਘੰਟੇ ਚਲਦੇ ਹੋਏ ਕੋਈ ਵੀ ਘਟਨਾ ਜਾਂ ਨਵੀਂ ਖੋਜ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਵਾਪਰੇ, ਮਿੰਟਾਂ-ਸਕਿੰਟਾਂ ਵਿਚ ਟੈਲੀਵਿਜ਼ਨ ਜਾਂ ਸ਼ੋਸ਼ਲ ਸਾਈਟਸ 'ਤੇ ਨਸ਼ਰ ਹੋ ਕੇ ਘਰ-ਘਰ ਪਹੁੰਚ ਜਾਂਦੀ ਹੈ। ਸਗੋਂ ਹੁਣ ਘਟਨਾ ਸਥਲ 'ਤੇ ਪਹੁੰਚ ਕੇ ਇੰਨ-ਬਿੰਨ ਲਾਈਵ ਆਡੀਓ ਤੇ ਵੀਡੀਓ ਨੂੰ ਓ ਬੀ ਵੈਨ (®utdoor 2roadcast}{ Van) ਦੀ ਮੱਦਦ ਨਾਲ ਖ਼ਬਰ ਤੇ ਬਾਕੀ ਪ੍ਰੋਗਰਾਮ ਟੀ.ਵੀ. 'ਤੇ ਦਿਖਾ ਦਿੱਤੇ ਜਾਂਦੇ ਹਨ। ਜਿਸ ਵਿਚ ਇਕ ਸਟੂਡੀਓ ਵਾਲਾ ਸਭ ਸਾਜੋ-ਸਮਾਨ ਉਪਲਬੱਧ ਹੁੰਦਾ ਹੈ। ਖ਼ਬਰਾਂ ਵਾਲੇ ਚੈਨਲ ਦੀਆਂ ਇਹ ਗੱਡੀਆਂ ਛੋਟੇ ਅਕਾਰ ਦੀਆਂ ਹੁੰਦੀਆਂ ਹਨ ਤਾਂ ਜੋ ਤੰਗ ਰਸਤਿਆਂ ਵਿਚੋਂ ਲੰਘ ਕੇ ਸੂਚਨਾ ਲੈ ਸਕਣ। ਇਸ ਨੂੰ ਅਪਰੇਟ ਕਰਨ ਲਈ ੪-੫ ਵਿਆਕਤੀਆਂ ਦੀ ਲੋੜ ਪੈਂਦੀ ਹੈ ਪਰ ਖੁੱਲ੍ਹੇ ਖੇਡ ਮੈਦਾਨਾਂ ਤੇ ਵੱਡੇ ਲਾਈਵ ਸ਼ੋਅ ਲਈ ਓ ਬੀ ਟਰੱਕ ਹੀ ਵਰਤੇ ਜਾਂਦੇ ਹਨ।
ਬਾਹਰੀ ਪ੍ਰਸਾਰਨ ਵੈਨ ਦਾ ਇਤਿਹਾਸ ਬੜਾ ਦਿਲਚਸਪ ਤੇ ਕਰੜੀ ਮਿਹਨਤ ਦਾ ਨਤੀਜਾ ਹੈ। ਇਸ ਦੀ ਖੋਜ ਦਾ ਸਿਹਰਾ ਬੀ ਬੀ ਸੀ ਨੂੰ ਜਾਂਦਾ ਹੈ ਜਿਸ ਦੀ ਸਥਾਪਨਾ ੯੫ ਸਾਲ ਪਹਿਲਾਂ ਜੌਨ ਰੀਥ ਨੇ ੧੮ ਅਕਤੂਬਰ, ੧੯੨੨ ਨੂੰ ਕੀਤੀ ਸੀ, ਅੱਜ ਵੀ ਪੂਰੀ ਦੁਨੀਆ ਦੇ ਖ਼ਬਰਾਂ ਵਾਲੇ ਚੈਨਲਾਂ ਵਿਚ ਸਰਦਾਰੀ ਹੈ। ਜੋ ਟੀ. ਵੀ. ਸਮੇਤ ਰੇਡੀਓ, ਔਨ ਲਾਈਨ ੨੮ ਭਾਸ਼ਾਵਾਂ ਵਿਚ ਪ੍ਰਸਾਰਨ ਤੋਂ ਇਲਾਵਾ ਇੰਟਰਨੈਟ ਉੱਪਰ ਪਰਸ਼ੀਅਨ ਤੇ ਅਰਬੀ ਭਸ਼ਾਵਾਂ ਵਿਚ ਵੀ ਖ਼ਬਰਾਂ (ਨਿਊਜ਼) ਪੇਸ਼ ਕਰਦੇ ਹਨ। ਮੌਜੂਦਾ ਸਮੇਂ ਇਸ ਦਾ ਡਾਇਰੈਕਟਰ ਜਨਰਲ ਟੋਨੀ ਹਾਲ ਮੁੱਖ ਦਫਤਰ ਲੰਦਨ ਤੋਂ ਸਾਰੇ ਦੇਸ਼ਾਂ ਦੇ ਦਫਤਰ ਕੰਟਰੋਲ ਕਰਦਾ ਹੈ। ਇਸ ਚੈਨਲ ਨੂੰ ਦੇਖਣ ਵਾਲਿਆਂ ਦੀ ਗਿਣਤੀ ੩੦੪ ਮਿਲੀਅਨ ਹੈ। ਬੀ ਬੀ ਸੀ ਨੇ ਓ ਬੀ ਵੈਨ ਦਾ ਤਕਨੀਕੀ ਢਾਂਚਾ ੧੯੨੮ ਵਿਚ ਤਿਆਰ ਕਰ ਲਿਆ ਸੀ। ਟੈਲੀਵਿਜ਼ਨ ਦੀ ਖੋਜ ਤੋਂ ਬਾਅਦ ਪਹਿਲੀ ਵਾਰ ੧੯੩੬ ਵਿਚ ਅਲੈਗਜੈਂਡਰ ਪੈਲੇਸ ਦੇ ਖੁੱਲ੍ਹੇ ਖੇਤਰ ਤੋਂ ਬਾਹਰੀ ਪ੍ਰਸਾਰਨ ਦੇ ਤਜਰਬੇ ਲਈ ਆਰਜ਼ੀ ਚਾਰ ਦੀਵਾਰੀ ਅੰਦਰ ਇਕ ਸਟੂਡੀਓ ਬਣਾਇਆ ਤੇ ਅੰਦਰੂਨੀ ਮੁੱਖ ਸਟੂਡੀਓ ਨਾਲ ਇਕ ਤਾਰ ਰਾਹੀਂ ਜੋੜਿਆ ਗਿਆ। ਇਸ ਤਰ੍ਹਾਂ ਸ਼ੁਰੂਆਤੀ ਦੌਰ ਵਿਚ ਇੰਗਲੈਂਡ ਦੇ ਮਸ਼ਹੂਰ ਬਾਗ਼ਬਾਨੀ ਲੇਖਕ ਤੇ ਸੰਚਾਲਕ ਸੀ ਐਚ. ਮਿਡਲਟਨ ਨਾਲ ਮਿਲ ਕੇ ਪਹਿਲਾ ਬਾਗ਼ਬਾਨੀ ਆਧਾਰਤ ਲਾਈਵ ਪ੍ਰੋਗਰਾਮ ਰੇਡੀਓ ਤਕਨੀਕ ਸਹਾਰੇ ਬਾਹਰੋਂ ਪ੍ਰਸਾਰਤ ਕੀਤਾ। ਮਈ ੧੯੩੭ ਵਿਚ ਇਸ ਟੀਮ ਨੇ ਦੇਸ਼ ਵਿਚ ਫ਼ਿਲਮਾਂ ਤੇ ਵੱਡੇ ਲਾਈਵ ਸ਼ੋਅ ਪ੍ਰਸਾਰਿਤ ਕਰਨੇ ਸ਼ੁਰੂ ਕਰ ਦਿੱਤੇ। ਪਹਿਲੀ ਸਭ ਤੋਂ ਵੱਡੀ ਲਾਈਵ ਕਵਰੇਜ਼ ਦਾ ਪ੍ਰਸਾਰਨ ਰਾਜ ਕੁਮਾਰ ਜੋਰਜ਼ 6ਵੇਂ ਅਤੇ ਰਾਣੀ ਅਲਿਜ਼ਾਬੈਥ ਦੀ ਰਾਜ ਗੱਦੀ ਸਾਂਭਣ ਦੇ ਸਮੇਂ ਦਾ ਸੀ ਭਾਵੇਂ ਉਸ ਵਕਤ ਟੈਲੀਵਿਜ਼ਨ ਘਰ ਵਿਚ ਆਮ ਨਹੀਂ ਸਨ ਪਰ ਬੀ ਬੀ ਸੀ ਲਈ ਇਹ ਇਕ ਬਹੁਤ ਵੱਡੀ ਉਪਲਬੱਧੀ ਦਾ ਪਲ ਸੀ। 2 ਸਤੰਬਰ 1939 ਭਾਵ ਦੋ ਸਾਲ ਬਾਅਦ ਹੀ ਰਾਜਕੁਮਾਰ ਜਾਰਜ 6ਵੇਂ ਨੇ ਜਰਮਨੀ ਨਾਲ ਯੁੱਧ ਦਾ ਐਲਾਨ ਕਰ ਦਿੱਤਾ ਤੇ ਇਨ੍ਹਾਂ ਟਰੱਕਾਂ ਅਤੇ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਯੁੱਧ ਵਿਚ ਕੀਤੀ ਗਈ ਤੇ ਬੀ ਬੀ ਸੀ ਇਹ ਟਰੱਕ 1946 ਤੱਕ ਨਹੀਂ ਵਰਤ ਸਕੀ। ਅਗਸਤ ੧੯੫੦ ਵਿਚ ਦੁਬਾਰਾ ਬਾਹਰੀ ਪ੍ਰਸਾਰਨ ਲਈ ਵੱਖ-ਵੱਖ ਥਾਵਾਂ ਤੇ ਤਜਰਬੇ ਕਰਨੇ ਸ਼ੁਰੂ ਕਰ ਦਿੱਤੇ ਇਸੇ ਸਾਲ ਪਹਿਲਾ ਪ੍ਰਸਾਰਨ ਫਰਾਂਸ ਤੋਂ ਇੰਗਲੈਂਡ ਪਣਡੁੱਬੀ ਟੈਲੀਗ੍ਰਾਫ ਪ੍ਰਣਾਲੀ ਰਾਹੀਂ ਸ਼ਤਾਬਦੀ ਦਾ ਪਹਿਲਾ ਸੁਨੇਹਾ ਭੇਜਿਆ।
ਇਤਿਹਾਸ ਦਾ ਪਹਿਲਾ ਲਾਈਵ ਪ੍ਰਸਾਰਨ ਉਤਰੀ ਫਰਾਂਸ ਦੇ ਕੈਲਸਿਸ ਤੱਟ ਤੋਂ ਸ਼ੁਰੂ ਕਰਨ ਸਮੇਂ ਉਥੇ ਦੇ ਲੋਕਾਂ ਨੇ ਇਸ ਨਵੀਂ ਖੋਜ ਦਾ ਸਵਾਗਤ ਨੱਚ ਟੱਪ ਕੇ ਪਟਾਕੇ ਚਲਾ ਕੇ ਕੀਤਾ। ਇਸ ਦੇ ਨੈਟਵਰਕ ਨੂੰ ਤਰਤੀਬ ਵਿਚ ਲਿਆਉਣ ਲਈ ਦੋ ਮਹੀਨੇ ਦਾ ਸਮਾਂ ਲੱਗਿਆ ਜਿਸ ਵਿਚ ਤਕਨੀਕੀ ਪੱਧਰ 'ਤੇ ਪੰਜ ਛੋਟੇ ਰੇਡੀਓ ਸਟੇਸ਼ਨ ਸ਼ੁਰੂ ਕਰਵਾਏ ਜਿਸ ਵਿਚ ਮਾਈਕ੍ਰੋਵੇਵ ਤਰੰਗਾਂ ਨਾਲ ਸਿਗਨਲ ਭੇਜੇ ਤੇ ਪ੍ਰਾਪਤ ਕਰ ਸਕਦੇ ਸਨ, ਇਨ੍ਹਾਂ ਦਾ ਆਰਜ਼ੀ ਤੌਰ 'ਤੇ ਕੈਲਸਿਸ ਤੋਂ ਲੰਦਨ ਤੱਕ 153 ਕਿਲੋਮੀਟਰ ਦਾ ਰੂਟ ਤਿਆਰ ਕਰਵਾਇਆ। ਫਰਾਂਸ ਦੇ ਇਸ ਵੱਡੇ ਪ੍ਰਸਾਰਨ ਦੀ ਸਫਲਤਾ ਤੋਂ ਬਾਅਦ 6 ਫਰਵਰੀ 1953 ਵਿਚ ਰਾਣੀ ਅਲਿਜ਼ਾਬੈਥ ਦੂਸਰੀ ਦੀ ਤਾਜਪੋਸ਼ੀ ਮੌਕੇ ਦਾ ਇਤਿਹਾਸ 7 ਘੰਟੇ ਲੰਮੇ ਪ੍ਰੋਗਰਾਮ ਨੂੰ ਲਾਈਵ ਬਰਤਾਨੀਆ ਦੇ ਲਗਪਗ 20 ਮਿਲੀਅਨ ਲੋਕਾਂ ਨੇ ਦੇਖਿਆ।
21ਵੀਂ ਸਦੀ ਦੇ ਇੰਟਰਨੈਟ ਵਿਚ ਆਈਆਂ ਵਿਆਪਕ ਤਬਦੀਲੀਆਂ ਨੇ ਇਸ ਤਕਨੀਕ ਨੂੰ ਹੋਰ ਸੌਖਾ ਬਣਾ ਦਿੱਤਾ ਹੁਣ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਬੈਠਿਆਂ ਇੰਟਰਨੈਟ ਲਿੰਕ ਦੇ ਨਾਲ ਉਸ ਸਥਾਨ ਦੀ ਹੂ-ਬ-ਹੂ ਸਥਿਤੀ ਨੂੰ ਬੋਲਾਂ ਸਹਿਤ ਟੀ.ਵੀ ਉੱਪਰ ਚਲਾਇਆ ਜਾ ਸਕਦਾ ਹੈ। ਜ਼ਮੀਨ ਤੋਂ 35,786 ਕਿਲੋਮੀਟਰ ਉਪਰ ਬ੍ਰਹਿਮਮੰਡ ਵਿਚ ਜਿਓਸਟੇਸ਼ਨਰੀ ਗ੍ਰਹਿ ਘੇਰਾ ਪ੍ਰਕਰਮਾ ਕਰਦਾ ਹੋਇਆ 24 ਘੰਟੇ ਧਰਤੀ ਦੀ ਸਥਿਤੀ ਅਨੁਸਾਰ ਹੀ ਘੁੰਮਦਾ ਰਹਿੰਦਾ ਹੈ ਧਰਤੀ ਤੋਂ ਚੱਲਣ ਵਾਲੇ ਸੰਚਾਰ ਸਾਧਨ ਜਿਵੇਂ ਮੌਸਮੀ ਵਿਗਿਆਨ, ਟੀ.ਵੀ. ਜਾਂ ਮੋਬਾਈਲ ਨੈੱਟਵਰਕ ਅਤੇ ਸੈਟੇਲਾਈਟ ਸਿਸਟਮ ਇਸੇ ਘੇਰੇ ਦੀ ਵਰਤੋਂ ਕਰਦੇ ਹੋਏ ਤਰੰਗਾਂ ਦਾ ਅਦਾਨ ਪ੍ਰਦਾਨ ਕਰਦੇ ਹਨ। ਇਸ ਲਈ ਧਰਤੀ 'ਤੇ ਇਕ ਪੱਕੇ ਤੌਰ 'ਤੇ ਡਿਸ਼ ਲਗਾਈ ਜਾਂਦੀ ਹੈ ਜੋ ਘੇਰੇ ਦੀ ਪ੍ਰਕਰਮਾ ਮੁਤਾਬਕ ਹੁੰਦੀ ਹੈ। ਇਸ ਦੀ ਸਿੰਗਨਲ ਭੇਜਣ ਦੀ ਗਤੀ 240 ਤੋਂ 280 ਮਿਲੀ ਸਕਿੰਟ ਮਾਪੀ ਗਈ। ਨਵੀਂ ਪੀੜ੍ਹੀ ਦੇ ਮੀਡੀਆ ਕਰਮੀ 4ਜੀ ਤੇ 3ਜੀ ਨੈੱਟਵਰਕ ਦੀਆਂ ਸੇਵਾਵਾਂ ਨਾਲ ਆਪਣਾ ਕੰਮ ਤੇਜ਼ੀ ਤੇ ਵਧੀਆ ਕੁਆਲਿਟੀ ਵਿਚ ਕਰਦੇ ਹਨ ਕਿਉਂਕਿ ਇਸ ਦੀ ਸਿਗਨਲ ਭੇਜਣ ਦੀ ਗਤੀ ਲਗਪਗ 500 ਮਿਲੀ ਸਕਿੰਟ ਹੈ । ਮਾਡਰਨ ਜ਼ਮਾਨੇ ਦੀਆਂ ਬਾਹਰੀ ਪ੍ਰਸਾਰਨ ਵੈਨਾਂ ਜਾਂ ਟਰੱਕ ਵਿਚ ਸਟੂਡੀਓ ਵਾਲੀਆਂ ਸਹੂਲਤਾਂ ਨੂੰ ਮੁੱਖ ਪੰਜ ਭਾਗਾਂ ਵਿਚ ਵੰਡਿਆ ਜਾਂਦਾ ਹੈ 1. ਟੈਲੀਵਿਜ਼ਨ ਡਾਇਰੈਕਟਰ ਜੋ ਰਿਕਾਰਡਿੰਗ ਦੇ ਸਮੇਂ ਸਕਰੀਨ ਸਾਹਮਣੇ ਬੈਠ ਕੇ ਉਸ ਨੂੰ ਪਰਖਦਾ ਤੇ ਫੇਰ-ਬਦਲ ਕਰਦਾ ਹੈ 2. ਆਵਾਜ਼ ਡਾਇਰੈਕਟਰ ਜਿਸ ਦਾ ਮੁੱਖ ਕੰਮ ਸਾਫ਼ ਆਵਾਜ਼ ਤੇ ਸਹੀ ਸ਼ਬਦਾਵਲੀ ਨੂੰ ਪ੍ਰਪੱਕ ਕਰਨਾ 3. ਵੀਡੀਓ ਸਟਾਫ ਜਿਹੜਾ ਰਿਕਾਰਡਿੰਗ ਕਰਦੇ ਹੋਏ ਫਿਲਮਾਂਕਣ ਨੂੰ ਹੌਲੀ, ਤੇਜ਼ ਤੇ ਸਹੀ ਦਿਸ਼ਾ ਲਈ ਨਿਰਦੇਸ਼ ਦਿੰਦਾ ਹੈ 4. ਕੈਮਰਾ ਨਿਯੰਤਰਣ ਯੂਨਿਟ ਜੋ ਕੈਮਰਿਆਂ ਦੀ ਦਿਸ਼ਾ ਨੂੰ ਧਿਆਨ ਵਿਚ ਰੱਖਣ ਦੇ ਨਾਲ-ਨਾਲ ਵੈਨ ਵਿਚ ਬੈਠ ਕੇ ਵੀਡੀਓ ਵਿਚਲੇ ਰੰਗਾਂ ਤੇ ਮੁੱਖ ਥਾਵਾਂ ਦੇ ਉਭਾਰ ਨੂੰ ਸੰਤੁਲਿਤ ਕਰਦੇ ਹਨ 5. ਪ੍ਰਸਾਰਨ ਇੰਜੀਨੀਅਰ ਤੇ ਉਸ ਦਾ ਸਟਾਫ ਵੀਡੀਓ ਬਣਨ ਤੋਂ ਬਾਅਦ ਫ਼ਿਲਮ ਦੇ ਸਭ ਭਾਗਾਂ ਦੇ ਨਿਰੀਖਣ ਕਰਕੇ ਉਸ ਨੂੰ ਟੀ.ਵੀ. ਉੱਪਰ ਪ੍ਰਸਾਰਨ ਕਰਨ ਲਈ ਤਿਆਰ ਕਰਦਾ ਹੈ। ਇਸ ਸਖ਼ਤ ਮਿਹਨਤ ਤੋਂ ਬਾਅਦ ਅਖੀਰ ਅਸੀਂ ਉਨ੍ਹਾਂ ਖ਼ਬਰਾਂ ਜਾਂ ਫ਼ਿਲਮਾਂ ਨੂੰ ਦੇਖਦੇ ਹਾਂ।


-ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ, (ਪੰਜਾਬ) ਮੋਬਾਈਲ : 99880-03419.

ਕੀ ਹੈ ਸਾਂਦਲ ਬਾਰ ਦਾ ਇਤਿਹਾਸ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਓਮਲ ਤੇ ਸਾਰੰਗਲ
ਓਮਲ ਤੇ ਸਾਰੰਗਲ ਦੋਵੇਂ ਗੱਖੜਾਂ ਦੇ ਗੋਤ ਸਨ। ਓਮਲ ਤੇ ਸਾਰੰਗਲ ਆਜ਼ਾਦੀ-ਪਸੰਦ, ਬੜੇ ਦਲੇਰ ਤੇ ਨਿਡਰ ਲੋਕ ਸਨ। ਸ਼ਹਾਬੂਦੀਨ ਗੌਰੀ ਦੇ ਹਮਲਿਆਂ ਨੇ ਇਨ੍ਹਾਂ ਨੂੰ ਕਾਫੀ ਕਮਜ਼ੋਰ ਕਰ ਦਿੱਤਾ। ਬਾਅਦ 'ਚ ਗੱਖੜਾਂ ਦੀਆਂ ਇਹ ਦੋਵੇਂ ਕੌਮਾਂ ਮਜ਼੍ਹਬ ਬਦਲਕੇ ਮੁਸਲਮਾਨ ਹੋ ਗਈਆਂ। ਇਹ ਅੱਜਕਲ੍ਹ ਜਿਹਲਮ ਦੇ ਆਲੇ-ਦੁਆਲੇ ਰਹਿ ਰਹੇ ਹਨ। ਇਹ ਗੱਖੜ ਤੇ ਕਿਆਨੀਆਂ ਦੇ ਬੜੇ ਕਰੀਬ-ਤਰੀਨ ਹਨ। ਭਾਵ ਨੇੜੇ ਹਨ। ਇਸ ਕੌਮ ਦੇ ਲੋਕ ਆਪਣੇ ਆਪ ਨੂੰ ਰਾਜਾ ਅਖਵਾਉਂਦੇ ਹਨ। ਬਹੁਤ ਸਾਰੀਆਂ ਰਵਾਇਤਾਂ 'ਚ ਇਹ ਵੀ ਮਿਲਦਾ ਹੈ ਕਿ ਸਾਰੰਗਲ ਨਾਂਅ ਵਿਗੜ ਕੇ ਸਾਂਦਲ ਬਣ ਗਿਆ। ਇਥੋਂ ਹੀ ਇਸ ਇਲਾਕੇ ਦਾ ਨਾਂਅ ਸਾਂਦਲ ਪੈ ਗਿਆ। ਪਰ ਇਹ ਗੱਲ ਵੀ ਯਕੀਨ ਕਰਨ ਵਾਲੀ ਨਹੀਂ। ਦੂਸਰੀ ਇਸ ਦੇ ਨਾਲ ਇਕ ਹੋਰ ਗੱਲ ਕਹੀ ਜਾਂਦੀ ਹੈ ਕਿ ਸੰਡਾ ਬਾਲੀ ਜੋ ਦਰਅਿਾ ਚਨਾਬ ਦਾ ਇਕ ਪੁਰਾਣਾ ਨਾਂਅ ਹੈ, ਪ੍ਰਸਿੱਧ ਖੋਜਕਾਰ ਟਾਲਮੀ ਦਰਿਆ ਚਨਾਬ ਨੂੰ ਇਸੇ ਨਾਂਅ ਨਾਲ ਲਿਖਦਾ ਤੇ ਬੁਲਾਉਂਦਾ ਰਿਹਾ ਹੈ। ਦਰਿਆ ਚਨਾਬ ਦਾ ਇਹ ਪੁਰਾਣਾ ਨਾਂਅ ਕਈ ਹਵਲਿਆਂ ਨਾਲ ਸਾਂਦਲ ਦੇ ਨਾਂਅ ਨੂੰ ਪੱਕਾ ਕਰਦਾ ਹੈ ਪਰ ਇਹ ਕਿਹੜਾ ਵੇਲਾ ਹੈ, ਇਸ ਬਾਰੇ ਕੋਈ ਇਲਮ ਨਹੀਂ।
ਇਹ ਸਾਰੀਆਂ ਜਾਣਕਾਰੀਆਂ ਲੱਭਣ ਤੋਂ ਬਾਅਦ ਇਕ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਸਾਂਦਲ ਇਕ ਬੰਦੇ ਦਾ ਨਾਂਅ ਸੀ ਤੇ ਉਸਦੇ ਨਾਂਅ ਦੀ ਵਜ੍ਹਾ ਕਰਕੇ ਇਸ ਇਲਾਕੇ ਦਾ ਨਾਂਅ ਸਾਂਦਲ ਪਿਆ ਤੇ ਉਸਦੇ ਵੇਲੇ ਬਾਰੇ ਪੱਕੀ ਤੇ ਪੁਖਤਾ ਜਾਣਕਾਰੀ ਹੈ ਕਿ ਇਹ ਈ: ਪੂ: ਦਾ ਸੀ ਅਤੇ ਬਾਕੀ ਸਭ ਰਵਾਇਤਾਂ ਕਮਜ਼ੋਰ ਹਨ। ਇਹ ਦ੍ਰਵਿੜ ਕੌਮ ਦਾ ਜਵਾਨ ਆਦਮੀ, ਬੜਾ ਤਾਕਤਵਾਰ ਸੀ। ਇਸ ਦੀ ਹਕੂਮਤ ਇਥੇ ਲੰਬੇ ਵਕਤ ਤੱਕ ਰਹੀ। ਆਪਣੀ ਇਸ ਚੌਧਰ ਦੀ ਵਜ਼੍ਹਾ ਨਾਲ ਸ਼ਾਦਲ ਦਾ ਇਲਾਕਾ ਬਾਅਦ 'ਚ ਇਹ ਸਾਂਦਲ ਬਾਰ ਬਣ ਗਿਆ, ਜਿਹੜੀ ਕਿ ਅੱਜ ਵੀ ਮੌਜੂਦ ਹੈ। ਅਸੀਂ ਜਿਹੜੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਵਸਨੀਕ ਹਾਂ ਤੇ ਸਾਨੂੰ ਮਾਣ ਹੈ ਕਿ ਸਾਡੇ ਇਲਾਕੇ ਨੂੰ ਸਾਂਦਲ ਬਾਰ ਦੀ ਧੁਨੀ ਕਿਹਾ ਜਾਂਦਾ ਹੈ। ਸਾਨੂੰ ਪੰਜਾਬੀਆਂ ਨੂੰ ਮਾਣ ਹੈੈ ਕਿ ਸਾਡੇ ਕੋਲ ਇਕ ਬੜੀ ਲੰਮੀ ਬਾਰ ਹੈ, ਜਿਸ ਦਾ ਸੱਭਿਆਚਾਰ ਬੜਾ ਅਮੀਰ ਹੈ ਤੇ ਹਜ਼ਾਰਾਂ ਸਾਲ ਪੁਰਾਣਾ ਹੈ।
ਮੈਂ ਇਹ ਪਹਿਲਾਂ ਵੀ ਲਿਖ ਚੁੱਕਾਂ ਹਾਂ ਕਿ ਜਿਹੜੀ ਤਾਰੀਖ ਪੰਜਾਬ ਦੀ ਹੈ , ਉਹੋ ਸਾਂਦਲ ਬਾਰ ਦੀ ਹੈ।
ਬਾਰ
ਬਾਰ ਉਸ ਜਗ੍ਹਾ ਨੂੰ ਕਹਿੰਦੇ ਹਨ, ਜਿਹੜੀ ਉਚੀ ਹੋਵੇ, ਉਥੇ ਪਾਣੀ ਨਾ ਲਾਇਆ ਜਾ ਸਕੇ ਤੇ ਬਾਰਿਸ਼ ਦੇ ਪਾਣੀ ਨਾਲ ਹੀ ਫਸਲ ਪੈਦਾ ਹੁੰਦੀ ਹੋਵੇ। ਦੂਸਰੀ ਦਲੀਲ਼ ਇਹ ਦਿੱਤੀ ਜਾਂਦੀ ਹੈ ਕਿ ਬਾਰ ਲਫਜ਼ ਬਰਾਨੀ ਦੀ ਵਿਗੜੀ ਸ਼ਕਲ ਹੈ। ਮਤਲਬ ਕਿ ਉਹ ਗ਼ੈਰ-ਆਬਾਦ ਇਲਾਕਾ ਜਿਥੇ ਸਿਰਫ ਕੁਦਰਤੀ ਬਨਸਪਤੀ ਹੀ ਹੁੰਦੀ ਹੋਵੇ, ਉਸ ਨੂੰ ਬਾਰ ਕਿਹਾ ਜਾਂਦਾ ਹੈ। ਸੋਹਿੰਦਰ ਸਿੰਘ ਵਣਜਾਰਾ ਬੇਦੀ ਲੋਕਧਾਰਾ 'ਚ ਲਿਖਦੇ ਹਨ ਕਿ, 'ਬਾਰ ਦਾ ਮਤਲਬ ਇਹੋ ਜਿਹੀ ਰੇਤਲੀ ਤੇ ਬੰਜਰ ਧਰਤੀ ਹੈ ਜਿਹੜੀ ਸਦੀਆਂ ਤੋਂ ਗ਼ੈਰ-ਆਬਾਦ ਪਈ ਹੋਵੇ।'
ਬਿਲਕੁਲ ਇਹ ਇਲਾਕਾ ਜੰਗਲ ਸੀ। ਇਥੇ ਜੰਗਲੀ ਜੜ੍ਹੀ-ਬੂਟੀਆਂ ਤੇ ਰੁੱਖ ਆਮ ਸਨ। ਪਾਣੀ ਦਾ ਕੋਈ ਖਾਸ ਪ੍ਰਬੰਧ ਨਾ ਹੋਣ ਕਾਰਨ ਇਹ ਇਲਾਕਾ ਖੇਤੀਬਾੜੀ ਲਈ ਢੁੱਕਵਾਂ ਨਹੀਂ ਸੀ। ਇਸ ਤੋਂ ਇਲਾਵਾ ਇਹ ਜਗ੍ਹਾ ਉਚੀ ਵੀ ਸੀ। ਇਸ ਲਈ ਇਸ ਨੂੰ ਬਾਰ ਆਖਿਆ ਜਾਂਦਾ ਸੀ ਤੇ ਫਿਰ ਉਹ ਸਾਰੇ ਇਲਾਕੇ ਜੋ ਬੰਜਰ ਤੇ ਬੇ-ਅਬਾਦ ਸਨ , ਉਹ ਬਾਰ ਦੇ ਨਾਂਅ ਨਾਲ ਮਸ਼ਹੂਰ ਹੋ ਗਏ ਤੇ ਕਈ ਛੋਟੀਆਂ-ਛੋਟੀਆਂ ਬਾਰਾਂ ਪੈਦਾ ਹੋ ਗਈਆਂ। ਜਿਵੇਂ ਗੋਂਦਲ ਬਾਰ, ਗੰਜੀ ਬਾਰ, ਨੀਲੀ ਬਾਰ, ਮਾਨਾਂਵਾਲਾ ਬਾਰ ਤੇ ਕਢਾਣਾ ਬਾਰ। ਇਹ ਸਾਰੀਆਂ ਬਾਰਾਂ ਸਾਂਦਲ ਬਾਰ ਦਾ ਹੀ ਹਿੱਸਾ ਹਨ। ਇਹ ਉਸ ਜ਼ਮਾਨੇ ਦੀਆਂ ਗੱਲਾਂ ਹਨ ਜਦੋਂ ਇਹ ਜ਼ਮੀਨਾਂ ਇਥੋਂ ਦੇ ਵਸਨੀਕਾਂ ਦੀਆਂ ਆਪਣੀਆਂ ਸਨ ਤੇ ਇਹ ਹੀ ਇਨ੍ਹਾਂ ਦੇ ਮਾਲਕ ਸਨ। ਇਨ੍ਹਾਂ ਲੋਕਾਂ ਨੇ ਕਦੀ ਵੀ ਸਿਪਾਹੀ ਤੇ ਪਟਵਾਰੀ ਦਾ ਨਾਂਅ ਨਹੀਂ ਸੀ ਸੁਣਿਆ। ਇਹ ਲੋਕ ਆਪਣੀ ਮੌਜਮਸਤੀ 'ਚ ਰਹਿੰਦੇ ਸਨ। ਇਨ੍ਹਾਂ ਦੇ ਆਪਣੇ ਕਾਨੂੰਨ ਤੇ ਆਪਣੀਆਂ ਹੀ ਸੋਚਾਂ ਸਨ। ਇਹ ਲੋਕ ਖੁੱਲ੍ਹੇ-ਡੁੱਲ੍ਹੇ ਦਿਲ ਦੇ ਮਾਲਕ ਸਨ ਤੇ ਇਹ ਗੱਲ ਅੱਜ ਵੀ ਚੱਲੀ ਆ ਰਹੀ ਹੈ।
ਸਾਂਦਲ ਬਾਰ
ਮੀਂਹ ਵੱਸ ਗਿਆ ਬਾਰਾਂ 'ਤੇ,
ਰੱਬ ਸੋਹਣਾ ਫਜ਼ਲ ਕਰੇ ਪ੍ਰਦੇਸ਼ੀ ਯਾਰਾਂ 'ਤੇ।
ਪੁਰਾਣੇ ਸਮੇਂ ਸਾਂਦਲ ਬਾਰ ਦਾ ਇਲਾਕਾ ਦਿੱਲੀ ਤੋਂ ਲੈ ਕੇ ਡੇਰਾ ਗਾਜ਼ੀ ਖਾਂ ਤੱਕ ਸੀ ਤੇ ਸਾਂਦਲ ਬਾਰ ਦੀ ਤਾਰੀਖ ਬਿਲਕੁਲ ਉਹ ਹੀ ਤਾਰੀਖ ਹੈ ਜਿਹੜੀ ਕਿ ਪੰਜਾਬ ਦੀ ਹੈ। ਜੇਕਰ ਇਸ ਤਾਰੀਖ ਦਾ ਕੋਈ ਅਨੋਖਾ ਪਹਿਲੂ ਹੋ ਸਕਦਾ ਹੈ, ਤਾਂ ਉਹ ਇਹੋ ਹੀ ਹੈ ਕਿ ਸ਼ਹਿਰਾਂ ਨੂੰ ਛੱਡ ਕੇ ਬਾਰ ਦੇ ਜੰਗਲੀ ਇਲਾਕਿਆਂ 'ਚ ਵੱਡਿਆਂ-ਵੱਡਿਆਂ ਹੁਕਮਰਾਨਾਂ ਨੇ ਆਪਣਾ ਅਮਲ ਦਖਲ ਜ਼ਰੂਰੀ ਨਹੀਂ ਸਮਝਿਆ ਤੇ ਬਾਰ 'ਚ ਜਿਹੜੇ ਆਬਾਦ ਲੋਕ ਸਨ, ਇਨ੍ਹਾਂ ਨੂੰ ਉਨ੍ਹਾਂ ਆਪਣੇ ਮਾਤਹਿਤ ਕੀਤਾ। ਇਹੋ ਵਜ੍ਹਾ ਸੀ ਕਿ ਇਥੋਂ ਦੇ ਮੂਲ ਨਿਵਾਸੀ, ਜਿਨ੍ਹਾਂ ਨੂੰ ਆਮ ਭਾਸ਼ਾ 'ਚ ਜਾਂਗਲੀ ਕਿਹਾ ਜਾਂਦਾ ਸੀ, ਉਨ੍ਹਾਂ ਦੀਆਂ ਵਫ਼ਾਦਾਰੀਆਂ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਵੀ ਵਿਦੇਸ਼ੀ ਹਮਲਾਵਰ ਨਾਲ ਨਹੀਂ ਰਹੀਆਂ। ਕਿਉਂਕਿ ਇਹ ਬਾਰ ਦਾ ਜਿਹੜਾ ਜੰਗਲੀ ਇਲਾਕਾ ਸੀ, ਇਹ ਹਕੂਮਤੀ ਕਰਿੰਦਿਆਂ ਦੀ ਅੱਖੜਜਾਤ ਨੂੰ ਪੂਰਾ ਨਹੀਂ ਸੀ ਕਰਦਾ। ਸਾਂਦਲ ਬਾਰ ਦੇ ਜਿਹੜੇ ਸ਼ਹਿਰੀ ਇਲਾਕੇ ਸਨ, ਉਨ੍ਹਾਂ 'ਤੇ ਉਨ੍ਹਾਂ ਨੇ ਆਪਣਾ ਕਬਜ਼ਾ ਜ਼ਰੂਰੀ ਸਮਝਿਆ ਜਦ ਕਿ ਜੰਗਲਾਂ 'ਚ ਉਨ੍ਹਾਂ ਦੀ ਕੋਈ ਹਕੂਮਤ ਨਹੀਂ ਸੀ ਹੁੰਦੀ। ਇਨ੍ਹਾਂ ਗੱਲਾਂ ਨੇ ਹੀ ਇਥੋਂ ਦੀਆਂ ਬਾਰੀ ਕੌਮਾਂ ਨੂੰ ਇਕ ਮਕਸੂਸ ਖੂਬੀ ਬਖਸ਼ੀ, ਜਿਸਦੇ ਤਹਿਤ ਉਹ ਸਿਰਫ ਆਪਣੇ ਨਾਇਕਾਂ ਨੂੰ ਹੀ ਸਾਰੀਆਂ ਖੂਬੀਆਂ ਦਾ ਮਾਲਕ ਕਹਿੰਦੇ ਰਹੇ ਤੇ ਕਿਸੇ ਬਾਹਰਲੇ ਵਿਦੇਸ਼ੀ ਦੇ ਨਿਜ਼ਾਮ ਦੇ ਮਾਤਹਿਤ ਨਹੀਂ ਹੋਏ। ਵੱਡੇ-ਵੱਡੇ ਸ਼ਹਿਰਾਂ 'ਤੇ ਹੁਕਮਰਾਨਾਂ ਦੇ ਕਬਜ਼ੇ ਰਹੇ ਪਰ ਜੰਗਲ ਦੀ ਫ਼ਿਜ਼ਾ ਨੂੰ ਕੋਈ ਫਰਕ ਨਹੀਂ ਪਿਆ। ਹਾਂ ਇਕ ਹੱਲ ਹੈ ਕਿ ਸਾਂਦਲ ਬਾਰ ਦੀ ਧਰਤੀ ਨੇ ਸ਼ਾਹੀ ਕਾਫ਼ਲੇ 'ਤੇ ਸਿਆਹ ਸੈਰ-ਓ-ਤਫਰੀ ਕਰਨ ਵਾਲੇ ਦੇ ਪੈਰਾਂ ਦੀ ਆਵਾਜ਼ ਜ਼ਰੂਰ ਸੁਣੀ ਤੇ ਕਦੀ-ਕਦੀ ਇਸ ਜੰਗਲ 'ਚ ਬੇਤਾਜ ਬਾਦਸ਼ਾਹਾਂ ਨੇ ਵੀ ਆਪਣੇ ਡੇਰੇ ਲਾਈ ਰੱਖੇ ਤੇ ਵੱਡੇ-ਵੱਡੇ ਜਰਨੈਲਾਂ ਨੇ ਵੀ ਇਨ੍ਹਾਂ ਜੰਗਲਾਂ 'ਚ ਪਨਾਹ ਲੈਣਾ ਪਸੰਦ ਕੀਤਾ। ਤਾਰੀਖ-ਏ-ਪੰਜਾਬ ਦਾ ਲੇਖਕ ਕਨੱਈਆ ਲਾਲ ਹਨ ਲਿਖਦੇ ਹਨ ਕਿ ਇਕ ਵਾਰ 1796 ਈ: 'ਚ ਅਫਗਾਨ ਸ਼ਾਸਕ ਸ਼ਾਹ ਜਮਾਨ ਦੇ ਆਉਣ ਦੀ ਖਬਰ ਸੁਣ ਕੇ ਰਣਜੀਤ ਸਿੰਘ, ਉਸ ਦੀ ਮਾਤਾ ਜੀ ਤੇ ਲਖਪਤ ਰਾਏ ਆਪਣਾ ਜ਼ਰੂਰੀ ਸਾਮਾਨ ਲੈ ਕੇ ਗੁਜਰਾਂਵਾਲੇ ਦੇ ਕਿਸੇ ਜੰਗਲ 'ਚ ਜਾ ਵੜੇ ਤੇ ਇਹ ਜੰਗਲ ਸਾਂਦਲ ਬਾਰ ਦਾ ਸੀ । ਇਸੇ ਤਰ੍ਹਾਂ ਪੰਜਾਬ ਦੀ ਤਾਰੀਖ ਦੇ ਹਵਾਲੇ ਨਾਲ ਹੋਰ ਗੱਲ ਮਿਲਦੀ ਹੈ ਕਿ ਸ਼ਾਹ ਜਮਾਨ ਨੇ 1855 ਬਿਕਰਮੀ 'ਚ, ਜਦੋਂ ਠੰਢ ਦਾ ਮੌਸਮ ਸੀ, ਉਦੋਂ ਸਹਿੰਚੀ ਖਾਂ ਦੇ ਕਤਲ ਦਾ ਬਦਲਾ ਲੈਣ ਲਈ ਕਾਬੁਲ ਤੋਂ ਬੜੀ ਵੱਡੀ ਫ਼ੌਜ ਨਾਲ ਪੰਜਾਬ 'ਤੇ ਚੜ੍ਹਾਈ ਕੀਤੀ ਤੇ ਸਿੱਖ ਜੰਗਲਾਂ 'ਚ ਜਾ ਵੜੇ। ਨਿਰਾ-ਪੁਰਾ ਇਹ ਹੀ ਨਹੀਂ ਇਨ੍ਹਾਂ ਜੰਗਲਾਂ 'ਚ ਸੂਫੀਆਂ ਤੇ ਦਰਵੇਸ਼ਾਂ ਦੇ ਡੇਰੇ ਵੀ ਰਹੇ ਹਨ ਤੇ ਉਨ੍ਹਾਂ ਨੇ ਇਥੋਂ ਲੋਕਾਈ ਨੂੰ ਇਨਸਨੀਅਤ ਦਾ ਸ਼ੰਦੇਸ ਦਿੱਤਾ।
ਸਾਂਦਲ ਬਾਰ ਦੀ ਧਰਤੀ ਦਾ ਜ਼ਿਕਰ ਸਿਕੰਦਰ-ਏ-ਆਜ਼ਮ, ਜਿਸ ਦਾ ਵੇਲਾ ਈ: ਪੂ: ਦਾ ਹੈ, ਉਨ੍ਹਾਂ ਦੇ ਫੌਜੀ ਮਾਅਰਕਿਆਂ 'ਚ ਵੀ ਮਿਲਦਾ ਹੈ, ਜਦੋਂ ਉਹ ਪੰਜਾਬ 'ਤੇ ਹਮਲਾਵਰ ਹੋਇਆ ਤੇ ਉਸ ਨੂੰ ਮੂੰਹ ਦੀ ਖਾਣੀ ਪਈ। ਤਾਰੀਖੀ ਤੌਰ 'ਤੇ ਇਹ ਉਹੋ ਹੀ ਸਾਂਦਲ ਬਾਰ ਹੈ ਜਿਥੇ ਉਸ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਉਠਾਉਣਾ ਪਿਆ। ਇਥੋਂ ਦੇ ਲੱਗੇ ਫੱਟ ਉਸ ਨੂੰ ਅਗਾਂਹ ਤੁਰਨ ਤੋਂ ਵਰਜ਼ਦੇ ਰਹੇ ਤੇ ਅਖੀਰ ਉਹ ਇਥੋਂ ਹੀ ਫਿਰ-ਫਿਰਾ ਕੇ ਪੰਜਾਬ ਤੋਂ ਸਿੰਧ ਤੇ ਸਿੰਧ ਤੋਂ ਵਾਪਸ ਵਤਨ ਚਲਾ ਗਿਆ। ਸਾਂਦਲ ਬਾਰ ਦੇ ਲੋਕ ਬਾਹਰ ਦੇ ਹਮਲਾਵਰਾਂ ਨੂੰ ਮਲੀਚ ਸਮਝਦੇ ਹੋਏ ਉਨ੍ਹਾਂ ਨੂੰ ਚੰਗਾ ਨਹੀਂ ਸਨ ਜਾਣਦੇ ਕਿਉਂਕਿ ਇਹ ਆਜ਼ਾਦ ਰਹਿਣ ਦੇ ਆਦੀ ਸਨ। ਇਨ੍ਹਾਂ ਲੋਕਾਂ ਦਾ ਆਪਣਾ ਸਭਿਆਚਾਰ ਤੇ ਆਪਣੇ ਕਾਨੂੰਨ ਸਨ। ਸਿਕੰਦਰ ਦੇ ਵੇਲੇ ਦੇ ਸੰਨਿਆਸੀਆਂ ਦੀ ਗੱਲਬਾਤ ਤੋਂ ਵੀ ਪਤਾ ਲਗਦਾ ਹੈ ਕਿ ਇਹ ਲੋਕ ਸਿਕੰਦਰ ਨੂੰ ਮਲੀਚ ਸਮਝਦੇ ਸਨ।
ਮੇਰੇ ਦੇਸ਼ ਤੇ ਮੇਰਿਆ ਮਾਲਕਾ,
ਕੋਈ ਉਤਰੇ ਨਾ ਅਜਾਬ।
ਤੇਰਾ ਵੱਸੇ ਕਾਬਾ ਸੋਹਣਿਆ,
ਮੇਰਾ ਵੱਸਦਾ ਰਹੇ ਪੰਜਾਬ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਲਿਪੀ-ਅੰਤਰ :
-ਰਾਜਵਿੰਦਰ ਸਿੰਘ ਸਿੱਧੂ
ਮੋਬਾਈਲ:- +919855503224
-ਸਰਬਜੀਤ ਸਿੰਘ ਸੰਧੂ,
ਮੋਬਾਈਲ :9501011799

ਭੁੱਲੀਆਂ ਵਿਸਰੀਆਂ ਯਾਦਾਂ

13 ਨਵੰਬਰ, 1978 ਨੂੰ ਪੰਜਾਬੀ ਸਾਹਿਤ ਸਮੀਖਿਆ ਬੋਰਡ ਦਾ ਸਾਲਾਨਾ ਪ੍ਰੋਗਰਾਮ ਸੀ। ਇਸ ਬੋਰਡ ਦਾ ਬਹੁਤਾ ਕਰਤਾ-ਧਰਤਾ ਸ: ਈਸ਼ਰ ਸਿੰਘ ਅਟਾਰੀ ਹੀ ਹੁੰਦਾ ਸੀ। ਉਹ ਵੀ ਯਾਰਾਂ ਦਾ ਯਾਰ ਸੀ। ਉਸ ਵਕਤ ਸਾਹਿਤਕਾਰਾਂ ਦੇ ਸਾਹਿਤਕ ਪ੍ਰੋਗਰਾਮਾਂ ਵਿਚ ਸਾਹਿਤਕਾਰਾਂ ਤੋਂ ਇਲਾਵਾ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਪ੍ਰਿੰਸੀਪਲ ਤੇ ਹੋਰ ਪਤਵੰਤੇ ਪਾਠਕ ਵੀ ਆ ਜਾਂਦੇ ਸਨ, ਜਿਨ੍ਹਾਂ ਦੀ ਘਾਟ ਹੁਣ ਸਾਹਿਤਕ ਪ੍ਰੋਗਰਾਮਾਂ 'ਚ ਮਹਿਸੂਸ ਹੁੰਦੀ ਏ। ਹੁਣ ਤਾਂ ਪੰਜਾਬੀ ਸਾਹਿਤ ਦੇ ਹਰ ਪ੍ਰੋਗਰਾਮ ਵਿਚ ਡਾਕਟਰਾਂ, ਪ੍ਰਧਾਨਾਂ ਤੇ ਸਕੱਤਰਾਂ ਦੀ ਵੱਡੀ ਸ਼ਮੂਲੀਅਤ ਹੁੰਦੀ ਹੈ। ਇਸ ਕਰਕੇ ਆਮ ਸਾਹਿਤਕ ਰਸੀਏ ਘੱਟ ਹੀ ਨਜ਼ਰ ਆਉਂਦੇ ਹਨ। ਸਾਹਿਤਕਾਰਾਂ ਵਿਚ ਪਹਿਲਾਂ ਵਾਲਾ ਮੇਲ-ਮਿਲਾਪ ਤੇ ਪਿਆਰ ਹੁਣ ਨਹੀਂ ਮਿਲਦਾ। ਹੁਣ ਪਾਠਕਾਂ ਤੇ ਸਾਹਿਤਕਾਰਾਂ ਵਿਚ ਦੂਰੀ ਵਧ ਰਹੀ ਹੈ। ਇਨ੍ਹਾਂ ਡਾਕਟਰਾਂ ਦੀ ਭਾਸ਼ਾ ਆਮ ਪਾਠਕਾਂ ਦੀ ਸਮਝ ਤੋਂ ਦੂਰ ਲਗਦੀ ਹੈ। ਨਹੀਂ ਤਾਂ ਕਦੀ ਸਮਾਂ ਹੁੰਦਾ ਸੀ ਕਿ ਪਾਠਕ ਸਾਹਿਤਕਾਰਾਂ ਦੀਆਂ ਕਹਾਣੀਆਂ, ਕਵਿਤਾ ਤੇ ਗੀਤ ਸੁਣਨ ਲਈ ਉਚੇਚੇ ਤੌਰ 'ਤੇ ਪੁੱਜਦੇ ਸਨ।


-ਮੋਬਾਈਲ : 98767-41231

ਹੁਣ ਸਮਾਂ ਆ ਰਿਹਾ ਹੈ ਨੈਨੋ ਇਲੈਕਟ੍ਰਾਨਿਕਸ ਦਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਨੈਨੋ ਫੈਬਰੀਕੇਸ਼ਨ (ਨੈਨੋਲਿਥੋਗ੍ਰਾਫੀ) ਰਾਹੀਂ ਨੈਨੋ ਸਰਕਟ ਤਿਆਰ ਕੀਤੇ ਜਾਂਦੇ ਹਨ। ਇਕਹਿਰੇ ਇਲੈਕਟ੍ਰਾਨ ਪੱਧਰ ਤੇ ਟ੍ਰਾਂਜ਼ਿਸਟਰ ਇਸੇ ਤਰੀਕੇ ਨਾਲ ਹੀ ਤਿਆਰ ਕੀਤੇ ਜਾਂਦੇ ਹਨ। ਨੈਨੋਇਲੈਕਟਰੋ-ਮਕੈਨੀਕਲ ਉਪਕਰਨ ਵੀ ਇਸੇ ਸ਼੍ਰੇਣੀ ਵਿਚ ਆਉਂਦੇ ਹਨ। ਨੈਨੋ ਫੈਬਰੀਕੇਸ਼ਨ ਰਾਹੀਂ ਬਹੁਤ ਹੀ ਸੂਖਮ ਪੱਧਰ ਦੀਆਂ ਨੈਨੋ ਤਾਰਾਂ ਵੀ ਬਣਾਈਆਂ ਜਾ ਸਕਦੀਆਂ ਹਨ ਜੋ ਕਿ ਆਈ. ਸੀ. ਚਿੱਪਾਂ ਵਿਚ ਵੀ ਵਰਤੀਆਂ ਜਾ ਸਕਦੀਆਂ ਹਨ। ਇਕ ਛੋਟੀ ਚਿੱਪ ਵਿਚ ਲੱਖਾਂ-ਕਰੋੜਾਂ ਦੀ ਤਾਦਾਦ ਵਿਚ ਗੇਟ, ਟ੍ਰਾਂਜ਼ਿਸਟਰ ਅਤੇ ਫਲਿੱਪ-ਫਲਾਪ ਸਰਕਟ ਲੱਗੇ ਹੁੰਦੇ ਹਨ। ਇਨ੍ਹਾਂ ਦੀ ਇਕਸਾਰਤਾ, ਉਪਕਰਨ ਦੀ ਕੁਸ਼ਲਤਾ ਨੂੰ ਵੱਧ ਕਰਦੀ ਹੈ। ਅਜਿਹੇ ਯੰਤਰ ਬਹੁਤ ਉੱਚ ਤੀਬਰਤਾ 'ਤੇ ਹੀ ਕੰਮ ਕਰਦੇ ਹਨ।
ਅਣੂਵਿਕ ਇਲੈਕਟ੍ਰਾਨਿਕਸ ($o&ecu&ar 5&ectron}cs) ਤਕਨੀਕ ਅਜੇ ਆਪਣੇ ਮੁੱਢਲੇ ਪੜਾਅ ਵਿਚ ਹੀ ਹੈ। ਭਵਿੱਖ ਵਿਚ ਆਉਣ ਵਾਲੇ ਪ੍ਰਮਾਣੂ ਪੱਧਰ ਦੇ ਇਲੈਕਟ੍ਰਾਨਿਕ ਉਪਕਰਣ ਇਸੇ ਤਕਨੀਕ 'ਤੇ ਹੀ ਆਧਾਰਿਤ ਹੋਣਗੇ। ਅਣੂ-ਬਿਜਲਾਣੂ ਅਤੇ ਇਕਹਿਰੇ ਇਲੈਕਟ੍ਰਾਨ ਸੰਬੰਧੀ ਉਪਕਰਨ ਇਸੇ ਵਿਧੀ ਦੀ ਉਦਾਹਰਨ ਹਨ। ਅਣੂਵਿਕ ਇਲੈਕਟ੍ਰਾਨਿਕ ਵਿਧੀ ਨੂੰ ਆਈ.ਬੀ.ਐਮ.ਕੰਪਨੀ ਦੇ ਇਕ ਖੋਜ-ਕਰਤਾ ਐਰੀ-ਐਵੀਰਮ ਨੇ 1974 ਵਿਚ ਪ੍ਰਕਾਸ਼ਿਤ ਕੀਤਾ ਸੀ। ਇਸ ਤੋਂ ਮਗਰੋਂ 1988 ਵਿਚ ਇਕ ਵਿਗਿਆਨਕ ਮਾਰਕ-ਰੈਟਨਰ ਨੇ ਵੀ ਐਰੀ ਦੀ ਇਸ ਤਕਨੀਕ ਦੀ ਪ੍ਰਸੰਸਾ ਕੀਤੀ, ਅਤੇ ਇਸ ਵਿਧੀ ਨੂੰ ਹੋਰ ਸ਼ਕਤੀਸ਼ਾਲੀ ਢੰਗ ਨਾਲ ਇਕ ਖੋਜ ਪੱਤਰ ਵਿਚ ਛਾਪਿਆ। 2020 ਤੱਕ ਐਫ.ਪੀ.ਜੀ.ਏ ਤਕਨੀਕ ਨੂੰ ਮਾਤ ਦੇ ਕੇ ਇਹ ਤੇਜ਼-ਤਰਾਟ ਅਣੂਵਿਕ ਕੰਪਿਊਟਰ ਬਾਜ਼ਾਰ ਵਿਚ ਆ ਜਾਣਗੇ। ਗੱਲ ਕੀ ਦੁਨੀਆਂ ਦਾ ਰਹਿਣ-ਸਹਿਣ ਹੀ ਬਦਲ ਜਾਵੇਗਾ। ਅਜਿਹੇ ਨੈਨੋ ਅਤੇ ਪ੍ਰਮਾਣੂ ਇਲੈਕਟ੍ਰਾਨਿਕ ਉਪਕਰਨ ਬਣਾਉਣ ਲਈ ਰਸਾਇਣ ਵਿਗਿਆਨ ਦੀ ਡੂੰਘੀ ਘੋਖ ਕਰਨੀ ਜ਼ਰੂਰੀ ਹੈ। ਹੁਣੇ ਹੁਣੇ ਅਮਰੀਕਾ ਵਿਚ ਖੋਜ-ਕਰਤਾਵਾਂ ਨੇ ਸਪਾਇਰੋ ਕਾਰਬਨ ਸੰਰਚਨਾ ਦੇ ਆਧਾਰ ਉਤੇ ਅਣੂਵਿਕ ਡਾਇਓਡ ਬਣਾਇਆ ਹੈ। ਇਸ ਦਾ ਆਕਾਰ 0.5 ਨੈਨੋਮੀਟਰ ਹੈ। ਇਹ ਪਾਲੀਥਾਇਓਫੀਨ ਦੀਆਂ ਅਣੂਵਿਕ ਤਾਰਾਂ ਨਾਲ ਜੋੜਿਆ ਜਾ ਸਕਦਾ ਹੈ। ਕਈ ਤਰ੍ਹਾਂ ਦੇ ਨੈਨੋ-ਯੰਤਰਾਂ ਵਿਚ ਇਹ ਲੱਗ ਸਕੇਗਾ। ਸੂਖਮਤਾ ਦੇ ਹੋਰ ਤਰੀਕੇ
ਨੈਨੋ ਇਲੈਕਟ੍ਰਾਨਿਕਸ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ। ਵਿਸ਼ਵ ਪੱਧਰ 'ਤੇ ਇਸ ਖੇਤਰ ਵਿਚ ਬਹੁਤ ਕੰਮ ਚੱਲ ਰਿਹਾ ਹੈ। ਇਸ ਤੋਂ ਵੀ ਵਧੀਆ ਆਉਣ ਵਾਲੀ ਨੈਨੋ ਤਕਨੀਕ ਹੈ: ਨੈਨੋ ਆਇਨਜ਼ (ਨੈਨੋ ਅਣੂ) ਤਕਨੀਕ। ਆਮ ਬਿਜਲੀ ਦੀਆਂ ਤਾਰਾਂ ਵਿਚ ਇਲੈਕਟ੍ਰਾਨ ਹੀ ਕਰੰਟ ਦੀ ਸ਼ਕਲ ਵਿਚ ਚਲਦੇ ਹਨ। ਪਰ ਨੈਨੋ-ਅਣੂ ਤਾਰਾਂ ਵਿਚ ਸਿਰਫ ਅਣੂਆਂ ਦੇ ਆਇਨਜ਼ ਹੀ ਦੌੜਨਗੇ। ਨੈਨੋ-ਪ੍ਰਕਾਸ਼ੀ ਅਤੇ ਅਣੂਬਿਜਲਾਣੂ ਉਪਕਰਨਾਂ ਵਿਚ ਇਸ ਵਿਧੀ ਦੀ ਵਰਤੋਂ ਸ਼ੁਰੂ ਹੋ ਚੁੱਕੀ ਹੈ। ਅਣੂ-ਬਿਜਲਾਣੂ ਸਰਕਟ ਭਵਿੱਖ ਦੇ ਪੁਲਾੜੀ ਵਾਹਨਾਂ ਵਿਚ ਵੀ ਵਰਤੇ ਜਾ ਸਕਣਗੇ। ਮੌਜੂਦਾ ਨੈਨੋ ਇਲੈਕਟ੍ਰਾਨਿਕਸ ਉਪਕਰਨਾਂ ਦੀ ਡਿਜ਼ਾਈਨਿੰਗ ਟਾਪ/ਡਾਊਨ ਮਾਡਲ ਤੇ ਹੀ ਆਧਾਰਿਤ ਹੈ। ਇਸ ਤੋਂ ਇਲਾਵਾ ਸਪਿਨਟ੍ਰੋਨਿਕਸ ਤਕਨੀਕ ਨਾਲ ਵੀ ਨੈਨੋ-ਯੰਤਰ ਤਿਆਰ ਹੋ ਸਕਣਗੇ। ਸਪਿਨਟ੍ਰੋਨਿਕਸ ਤਕਨੀਕ ਵਿਚ ਪਦਾਰਥ ਦਾ ਵਿਰੋਧਾਭਾਸ ਗੁਣ ਪਦਾਰਥ ਦੇ ਬਾਹਰਲੇ ਚੁੰਬਕੀ ਵਿਰੋਧਾਭਾਸ ਖੇਤਰ ਉੱਪਰ ਨਿਰਭਰ ਕਰਦਾ ਹੈ। ਬਾਹਰਲਾ ਵੋਲਟੇਜ ਖੇਤਰ, ਇਲੈਕਟ੍ਰਾਨਿਕ ਕਰੰਟ (ਇਲੈਕਟ੍ਰਾਨ ਦੀ ਸਪਿਨ ਗਤੀ) ਤੇ ਨਿਰਭਰ ਹੁੰਦਾ ਹੈ, ਅਜਿਹਾ ਪ੍ਰਭਾਵ ਜੀ.ਐਮ.ਆਰ ਯਾਨੀ ਵੱਡੀ ਚੁੰਬਕੀ ਵਿਰੋਧਤਾ ਪ੍ਰਗਟ ਕਰਦਾ ਹੈ, ਜੋ ਕਿ ਨੈਨੋ ਆਕਾਰ ਦੇ ਪਦਾਰਥਾਂ ਵਿਚ ਬਿਨਾਂ ਗਤੀਰੋਧ ਦੇ ਚਲਦਾ ਹੈ। ਵੱਧ ਸਮਰੱਥਾ (ਟੈਰਾਬਾਈਟ ਡਾਟਾ) ਦੀਆਂ ਡਾਟਾ ਸਟੋਰ ਕਰਨ ਵਾਲ਼ੀਆਂ ਚਿੱਪਾਂ ਅੱਜਕਲ੍ਹ ਇਸੇ ਤਕਨੀਕ ਰਾਹੀਂ ਬਣ ਰਹੀਆਂ ਹਨ। ਇਕ ਵਰਗ ਸੈਂਟੀਮੀਟਰ ਚਿੱਪ ਵਿਚ ਘੱਟੋ ਘੱਟ ਇਕ ਟੈਰਾਬਾਈਟ ਤੱਕ ਦਾ ਡਾਟਾ ਇਕੱਠਾ ਕਰਨ ਦੀ ਸਮਰੱਥਾ ਹੋਵੇਗੀ।
ਕਿੱਥੇ-ਕਿੱਥੇ ਵਰਤੀ ਜਾਵੇਗੀ ਨੈਨੋ ਇਲੈਕਟ੍ਰਾਨਿਕਸ
(1) ਪੁਰਾਣੀ ਸੀ.ਐਮ.ਓ.ਐਸ. ਤਕਨੀਕ ਤੇ ਆਧਾਰਿਤ ਉਪਕਰਨ ਜ਼ਿਆਦਾ ਊਰਜਾ ਖਪਤ ਕਰਦੇ ਹਨ। ਸੋ ਇਨ੍ਹਾਂ ਦੀ ਜਗਾ੍ਹ ਹੁਣ ਨਵੇਂ ਨੈਨੋ-ਉਪਕਰਨ ਮੱਲ ਲੈਣਗੇ। ਕਾਰਬਨ ਨੈਨੋ-ਟਿਊਬਾਂ ਅਤੇ ਸੈਮੀਕੰਡਕਟਰ ਪਦਾਰਥ ਮਿਲ ਕੇ ਬਹੁਤ ਹੀ ਕੁਸ਼ਲ ਅਤੇ ਘੱਟਊਰਜਾ ਖਪਤ ਵਾਲੇ ਨੈਨੋ-ਸੈਂਸਰਾਂ ਅਤੇ ਯੰਤਰਾਂ ਦਾ ਨਿਰਮਾਣ ਕਰਨਗੇ। ਅਜਿਹੇ ਨੈਨੋ-ਸੈਂਸਰ ਸਿਰਫ 0.45 ਵੋਲਟ ਤੋਂ ਵੀ ਘੱਟ ਵੋਲਟੇਜ਼ 'ਤੇ ਕੰਮ ਕਰਨਗੇ। ਆਈ.ਸੀ. ਚਿੱਪਾਂ ਵੀ ਇਸੇ ਤਕਨੀਕ ਨਾਲ ਤਿਆਰ ਹੋਣਗੀਆਂ। ਇਨ੍ਹਾਂ ਚਿੱਪਾਂ ਦੇ ਅੰਦਰ ਲੱਗਣ ਵਾਲੇ ਟ੍ਰਾਂਜ਼ਿਸਟਰ ਦੇ ਗੇਟ ਸੈਕਸ਼ਨ ਦੀ ਲੰਬਾਈ 50 ਨੈਨੋਮੀਟਰ ਤੋਂ ਵੀ ਘੱਟ ਆਕਾਰ ਦੀ ਤਿਆਰ ਹੋ ਚੁੱਕੀ ਹੈ। ਇਹੀ ਨੈਨੋ ਸਰਕਟ ਅੱਜਕਲ੍ਹ ਦੇ ਮੋਬਾਈਲ ਫੋਨਾਂ ਅਤੇ ਸੁਪਰ-ਕੰਪਿਊਟਰਾਂ ਵਿਚ ਡਾਟਾ ਦੇ ਤੇਜ਼ ਸੰਚਾਲਣ ਦੀ ਗੱਲ ਕਰਨਗੇ। ਇਹੀ ਕਾਰਨ ਹੈ ਕਿ ਨਵੀਨਤਮ ਸਮਾਰਟ ਫੋਨਾਂ ਦੀ ਯਾਦ ਸ਼ਕਤੀ (ਮੈਮਰੀ) ਬਹੁਤ ਤੇਜ਼ ਹੈ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਸੀਨੀਅਰ ਸਹਾਇਕ ਪ੍ਰੋਫੈਸਰ, ਇਲੈਕਟ੍ਰਾਨਿਕ ਤਕਨੀਕੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖੇਤਰੀ ਕੈਂਪਸ, ਗੁਰਦਾਸਪੁਰ। ਫੋਨ : 98880-29401

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-129

ਗ਼ਜ਼ਲ ਦਾ ਸ਼ਹਿਜ਼ਾਦਾ : ਮਦਨ ਮੋਹਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕਿਸ਼ੋਰ ਕੁਮਾਰ ਨਾਲ ਮਦਨ ਮੋਹਨ ਦਾ ਜ਼ਿਆਦਾ ਸਾਥ ਨਹੀਂ ਸੀ। ਫਿਰ ਵੀ, ਗੀਤ ਦੀ ਨਜ਼ਾਕਤ ਦੇ ਅਨੁਸਾਰ ਉਸ ਨੇ ਕਿਸ਼ੋਰ ਕੋਲੋਂ ਵੀ ਵਧੀਆ ਕੰਮ ਲਿਆ। ਮਿਸਾਲ ਦੇ ਤੌਰ 'ਤੇ 'ਸਿਮਟੀ ਸਿਮਟੀ ਸੀ' (ਪਰਵਾਨਾ) ਅਤੇ 'ਜ਼ਰੂਰਤ ਹੈ' ਵਰਗੇ ਹਲਕੇ-ਫੁਲਕੇ ਗੀਤਾਂ ਨੂੰ ਕਿਸ਼ੋਰ ਨੇ ਹੀ ਗਾਇਆ ਸੀ। ਫਿਰ ਵੀ ਇਨ੍ਹਾਂ ਮਰਦ ਗਾਇਕਾਂ ਦੀ ਤੁਲਨਾ 'ਚ ਉਸ ਨੇ ਰਫ਼ੀ ਕੋਲੋਂ ਵਧੇਰੇ ਗੀਤ ਗਾਉਣ ਦੀ ਮੰਗ ਕੀਤੀ ਸੀ। ਰਫੀ ਨੇ ਵੀ ਉਸ ਨੂੰ ਕਦੇ ਵੀ ਨਿਰਾਸ਼ ਨਹੀਂ ਕੀਤਾ ਸੀ। 'ਆਪ ਕੇ ਪਹਿਲੂ ਮੇਂ ਆ ਕੇ ਰੋ ਦੀਏ' (ਮੇਰਾ ਸਾਇਆ), 'ਸਾਵਨ ਕੇ ਮਹੀਨੇ ਮੇਂ, ਇਕ ਆਗ ਸੀ ਸੀਨੇ ਮੇਂ' (ਸ਼ਰਾਬੀ), 'ਤੇਰੀ ਆਖੋਂ ਕੇ ਸਿਵਾ ਦੁਨੀਆ ਮੇਂ ਰਖਾ ਕਿਆ ਹੈ' (ਚਿਰਾਗ), 'ਮੈਂ ਚਲਾ ਜਾਊਂਗਾ, ਦੋ ਅਸ਼ਕ ਬਹਾ ਲੂੰ ਤੋ ਚਲੂੰ' (ਨੀਲਾ ਅਕਾਸ਼) ਵਰਗੇ ਸਦਾਬਹਾਰ ਗੀਤ ਮੁਹੰਮਦ ਰਫ਼ੀ ਨੇ ਹੀ ਗਾਏ ਸਨ। ਵੈਸੇ ਮੁਹੰਮਦ ਰਫੀ ਭੁਪਿੰਦਰ ਅਤੇ ਮੰਨਾ ਡੇ ਨੇ ਸਮੂਹਕ ਰੂਪ 'ਚ 'ਹਕੀਕਤ' ਫ਼ਿਲਮ ਦਾ ਕੱਵਾਲੀਨੁਮਾ ਗੀਤ 'ਹੋ ਕੇ ਮਜਬੂਰ ਮੁਝੇ ਉਸ ਨੇ ਭੁਲਾਇਆ ਹੋਗਾ' ਵੀ ਗਾਇਆ ਸੀ।
ਆਸ਼ਾ ਭੌਸਲੇ ਨੇ ਵੀ ਮਦਨ ਮੋਹਨ ਲਈ 'ਨੀਂਦ ਹਮਾਰੀ, ਖ਼ਾਬ ਤੁਮਹਾਰੇ' ਫ਼ਿਲਮ ਲਈ ਰਫ਼ੀ ਦੇ ਨਾਲ ਇਕ ਬੜਾ ਹੀ ਸੁਰੀਲਾ ਦੋਗਾਣਾ (ਕਭੀ ਤੇਰਾ ਦਾਮਨ ਨਾ ਛੋੜੇਂਗੇ ਹਮ' ਗਾਇਆ ਸੀ। ਇਸੇ ਤਰ੍ਹਾਂ ਹੀ 'ਮੇਰਾ ਸਾਇਆ' ਦਾ ਮੁਜਰਾ ਗੀਤ 'ਝੁਮਕਾ ਗਿਰਾ ਰੇ ਬਰੇਲੀ ਕੇ ਬਾਜ਼ਾਰ ਮੇਂ' ਬੜੇ ਦਿਲਕਸ਼ ਲਹਿਜੇ 'ਚ ਉਸ ਨੇ ਪੇਸ਼ ਕੀਤਾ ਸੀ।
ਪਰ ਫਿਰ ਵੀ ਗਾਇਕ/ਗਾਇਕਾਵਾਂ 'ਚੋਂ ਮਦਨ ਮੋਹਨ ਨੇ ਲਤਾ ਮੰਗੇਸ਼ਕਰ ਦੀ ਆਵਾਜ਼ ਸਭ ਤੋਂ ਜ਼ਿਆਦਾ ਆਪਣੇ ਗੀਤਾਂ ਲਈ ਇਸਤੇਮਾਲ ਕੀਤੀ ਸੀ। ਇਸ ਦ੍ਰਿਸ਼ਟੀਕੋਣ ਤੋਂ ਉਸ (ਲਤਾ) ਦੁਆਰਾ ਗਾਏ 'ਯੂੰ ਹਸਰਤੋਂ ਕੇ ਦਾਗ' (ਅਦਾਲਤ), 'ਜੀਆ ਲੇ ਗਿਉ ਰੇ ਮੋਰਾ ਸਾਂਵਰੀਆ' (ਅਨਪੜ੍ਹ), 'ਨੈਨਾ ਬਰਸੇਂ ਰਿਮਝਿਮ ਰਿਮਝਿਮ', 'ਜੋ ਹਮਨੇ ਦਾਸਤਾਂ ਆਪ ਕੀ ਸੁਨਾਈ', 'ਵੋਹ ਕੌਨ ਥੀ', 'ਤੂੰ ਜਹਾਂ ਜਹਾਂ ਚਲੇਗਾ...' (ਮੇਰਾ ਸਾਇਆ), 'ਮਿਲੇ ਨਾ ਤੁਮ ਤੋ ਹਮ ਘਬਰਾਏਂ' (ਹੀਰ ਰਾਂਝਾ, 'ਜ਼ਰਾ ਸੀ ਆਹਟ ਹੋਤੀ ਹੈ ਤੋ ਦਿਲ ਪੂਛਤਾ ਹੈ' (ਹਕੀਕਤ) ਅਤੇ 'ਵੋ ਚੁਪ ਰਹੇ' ਵਰਗੇ ਕਈ ਭਾਵ-ਪੂਰਤ ਗੀਤ ਹਿੰਦੀ ਫ਼ਿਲਮਸੰਗੀਤ ਦਾ ਅਨਮੋਲ ਖਜ਼ਾਨਾ ਸਮਝੇ ਜਾਂਦੇ ਹਨ।
ਲਤਾ ਦੁਆਰਾ 'ਅਨਪੜ੍ਹ' ਲਈ ਗਾਈਆਂ ਦੋ ਗ਼ਜ਼ਲਾਂ ਦਾ ਭਾਰਤੀ ਫ਼ਿਲਮ ਸੰਗੀਤ ਵਿਚ ਇਕ ਖਾਸ ਮੁਕਾਮ ਹੈ। ਇਹ ਦੋਵੇਂ ਰਚਨਾਵਾਂ ਰਾਜਾ ਮਹਿੰਦੀ ਅਲੀ ਖ਼ਾਨ ਨੇ ਲਿਖੀਆਂ ਸਨ। ਇਨ੍ਹਾਂ 'ਚੋਂ 'ਹੈ ਇਸੀ ਮੇਂ ਪਿਆਰ ਕੀ ਆਬਰੂ' ਦੀ ਰਿਕਾਰਡਿੰਗ ਚਲ ਰਹੀ ਸੀ। ਇਸ ਗੀਤ ਦੇ ਕਈ ਰੀ-ਟੇਕ ਹੋ ਰਹੇ ਸਨ। ਇਸ ਲਈ ਸਮਾਂ ਬਤੀਤ ਕਰਨ ਲਈ ਗੀਤਕਾਰ ਰਾਜਾ ਮਹਿੰਦੀ ਅਲੀ ਖਾਨ ਉਥੇ ਬੈਠ ਕੇ ਕਾਗਜ਼ 'ਤੇ ਕੁਝ ਲਿਖਣ ਲੱਗ ਪਿਆ। ਮਦਨ ਮੋਹਨ ਨੇ ਜਦੋਂ ਉਸ ਨੂੰ ਥੋੜ੍ਹੇ ਸਮੇਂ ਬਾਅਦ ਪੁੱਛਿਆ ਕਿ ਉਹ ਕੀ ਕਰ ਰਿਹਾ ਸੀ ਤਾਂ ਰਾਜਾ ਮਹਿੰਦੀ ਅਲੀ ਖ਼ਾਨ ਨੇ ਉਹ ਕਾਗਜ਼ ਦਾ ਟੁਕੜਾ ਉਸ ਨੂੰ ਫੜਾ ਦਿੱਤਾ ਸੀ। ਇਸ 'ਤੇ ਗ਼ਜ਼ਲ 'ਆਪ ਕੀ ਨਜ਼ਰੋਂ ਨੇ ਸਮਝਾ ਪਿਆਰ ਕੇ ਕਾਬਲ ਮੁਝੇ' ਲਿਖੀ ਹੋਈ ਸੀ। ਨਿਰਮਾਤਾ-ਨਿਰਦੇਸ਼ਕ ਮੋਹਨ ਕੁਮਾਰ ਵੀ ਕੋਲ ਹੀ ਖੜ੍ਹਾ ਸੀ। ਮਦਨ ਮੋਹਨ ਅਤੇ ਮੋਹਨ ਕੁਮਾਰ ਨੂੰ ਇਹ ਗ਼ਜ਼ਲ ਇੰਨੀ ਪਸੰਦ ਆਈ ਕਿ ਮਦਨ ਮੋਹਨ ਨੂੰ ਉਸ ਨੇ ਤਤਕਾਲ ਹੀ ਧੁਨ ਬਣਾਉਣ ਦੀ ਹਦਾਇਤ ਵੀ ਦੇ ਦਿੱਤੀ। ਇਸ ਤਰ੍ਹਾਂ ਇਹ ਦੋਵੇਂ ਗ਼ਜ਼ਲਾਂ ਹੀ 'ਅਨਪੜ੍ਹ' ਲਈ ਵਰਤੀਆਂ ਗਈਆਂ ਸਨ। ਪਰ ਇਨ੍ਹਾਂ ਦੀ ਬੰਦਿਸ਼ ਅਤੇ ਲੈਅ ਇੰਨੀ ਪ੍ਰਭਾਵਸ਼ਾਲੀ ਸੀ ਕਿ ਨੌਸ਼ਾਦ ਨੂੰ ਵੀ ਕਹਿਣਾ ਪਿਆ ਸੀ, 'ਮਦਨ ਮੋਹਨ ਦੀਆਂ ਇਨ੍ਹਾਂ ਦੋ ਗ਼ਜ਼ਲਾਂ ਦੇ ਸਾਹਮਣੇ ਮੇਰਾ ਸਾਰਾ ਕੰਮ ਫਿੱਕਾ ਲਗਦਾ ਹੈ।' (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 099154-93043.

ਮੰਗਲ ਉੱਤੇ ਜਾਏਗੀ

ਜਸਲੀਨ ਕੌਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਤਿਆਭਾਮਾ ਯੂਨੀਵਰਸਿਟੀ ਦੇ ਵਿਦਿਆਰਥੀ ਜੀਵਨ ਤੋਂ ਹੀ ਉਹ ਨਾਸਾ ਨਾਲ ਵੀ ਜੁੜੀ ਆ ਰਹੀ ਹੈ ਅਤੇ ਇਸਰੋ ਨਾਲ ਵੀ। ਇਸਰੋ ਨੇ ਉਸ ਨੂੰ ਬਾਇਓ ਪਲਾਸਟਿਕਸ ਉਤੇ ਪ੍ਰੋਜੈਕਟ ਲਈ ਸਰਬੋਤਮ ਪ੍ਰੋਜੈਕਟ ਐਵਾਰਡ ਦਿੱਤਾ ਅਤੇ ਨਾਸਾ ਨੇ ਜੈਸ ਕੋ ਵਾਨ ਪੁਟਕੇਮਰ ਐਵਾਰਡ। ਇੰਨੇ ਰਾਸ਼ਟਰੀ/ਅੰਤਰਰਾਸ਼ਟਰੀ ਪੁਰਸਕਾਰ ਤੇ ਐਵਾਰਡ ਉਸ ਨੇ ਜਿੱਤੇ ਹਨ ਕਿ ਉਸ ਦੀ ਮਾਤਾ ਨੂੰ ਉਹ ਗਿਣਾਉਣੇ ਵੀ ਔਖੇ ਲਗਦੇ ਹਨ।
ਇਸ ਸਾਰੇ ਕੁਝ ਦੀ ਸਿਖਰਲੀ ਪ੍ਰਾਪਤੀ ਹੈ, ਜਸਲੀਨ ਕੌਰ ਦੀ ਮੰਗਲ ਉਤੇ ਜਾਣ ਵਾਲੇ ਮਨੁੱਖੀ ਮਿਸ਼ਨ ਵਾਸਤੇ ਚੋਣ। ਮੰਗਲ ਵੱਲ ਇਹ ਮਨੁੱਖ ਸਹਿਤ ਮਿਸ਼ਨ ਓਰੀਅਨ-2030 ਵਿਚ ਨਾਸਾ ਵੱਲੋਂ ਭੇਜੇ ਜਾਣ ਦਾ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ 2020 ਵਿਚ ਇਕ ਹੋਰ ਮਿਸ਼ਨ ਭੇਜਣ ਦਾ ਪ੍ਰੋਗਰਾਮ ਹੈ। ਇਹ ਵੀ ਮਨੁੱਖ ਸਹਿਤ ਮਿਸ਼ਨ ਹੀ ਹੋਵੇਗਾ ਪਰ ਹੋਵੇਗਾ ਵਨ-ਵੇ। ਯਾਨੀ ਇਸ ਵਿਚ ਗਏ ਯਾਤਰੀ ਵਾਪਸ ਨਹੀਂ ਲਿਆਂਦੇ ਜਾਣੇ। ਅਣਮਿੱਥੇ ਸਮੇਂ ਲਈ ਉਥੇ ਰਹਿਣਗੇ ਉਹ। ਉਦੋਂ ਤੱਕ ਜਦ ਤੱਕ ਵਿਗਿਆਨੀ, ਉਨ੍ਹਾਂ ਨੂੰ ਉਥੋਂ ਵਾਪਸ ਲਿਆਉਣ ਦਾ ਪ੍ਰਬੰਧ ਨਹੀਂ ਕਰ ਲੈਂਦੇ। ਸਾਲ 2030 ਵਾਲਾ ਮਿਸ਼ਨ ਓਰੀਅਨ ਵਨ-ਵੇ ਨਹੀਂ, ਟੂ-ਵੇ ਹੈ। ਯਾਨੀ ਯਾਤਰੀ ਮੰਗਲ ਉਤੇ ਜਾਣਗੇ ਵੀ ਅਤੇ ਵਾਪਸ ਵੀ ਲਿਆਂਦੇ ਜਾਣਗੇ। ਮੰਗਲ ਉਤੇ ਉਨ੍ਹਾਂ ਨੂੰ ਤਿੰਨ ਮਹੀਨੇ ਦੇ ਮਿੱਥੇ ਸਮੇਂ ਲਈ ਰੱਖਿਆ ਜਾਵੇਗਾ। ਸਾਲ 2020 ਵਾਲੇ ਮਿਸ਼ਨ ਦੇ ਯਾਤਰੀਆਂ ਵਾਸਤੇ ਮੰਗਲ ਉਤੇ ਰਹਿਣ ਦਾ ਸਮਾਂ ਅਨਿਸ਼ਚਿਤ ਹੈ। ਦੋਵੇਂ ਹੀ ਮਿਸ਼ਨ ਲੰਬੇ ਸਮੇਂ ਦੇ ਹਨ। ਮੰਗਲ ਉਤੇ ਜਾਣ ਲਈ ਵੀ 9 ਮਹੀਨੇ ਚਾਹੀਦੇ ਹਨ ਅਤੇ ਵਾਪਸ ਪਰਤਣ ਲਈ ਵੀ। 3 ਮਹੀਨੇ ਜੇ ਉਥੇ ਕੱਟਣੇ ਹੋਣ ਤਾਂ 21 ਮਹੀਨੇ ਚਾਹੀਦੇ ਹਨ। ਸਪੱਸ਼ਟ ਹੈ ਕਿ ਦੋਵੇਂ ਮਿਸ਼ਨ ਖਤਰਿਆਂ ਤੇ ਅਨਿਸਚਿਤਤਾਵਾਂ ਨਾਲ ਭਰੇ ਹੋਏ ਹਨ। ਬੜਾ ਕੁਝ ਤੇਜ਼ੀ ਨਾਲ ਹੋ ਰਿਹਾ ਹੈ। ਪੁਲਾੜੀ ਮਿਸ਼ਨਾਂ ਦੇ ਖੇਤਰ ਵਿਚ। ਅਗਲੇ ਪੰਜ-ਦਸ ਵਰ੍ਹਿਆਂ ਵਿਚ ਬਹੁਤ ਕੁਝ ਅਜਿਹਾ ਵਾਪਰ ਸਕਦਾ ਹੈ, ਜਿਸ ਦੀ ਆਮ ਆਦਮੀ ਕਲਪਨਾ ਵੀ ਨਹੀਂ ਕਰ ਸਕਦਾ। ਓਰੀਅਨ-2030 ਇਸੇ ਦਾ ਹਿੱਸਾ ਹੈ। ਜਸਲੀਨ ਕੌਰ ਇਸ ਨੂੰ ਲੈ ਕੇ 'ਨਰਵਸ' ਨਹੀਂ 'ਐਕਸਾਈਟਿਡ' ਹੈ। ਉਸ ਦੇ ਆਪਣੇ ਵਰਤੇ ਸ਼ਬਦਾਂ ਵਿਚ ਗੱਲ ਕਰੀਏ ਤਾਂ।
ਇਸ ਵੇਲੇ ਉਹ ਆਪਣੇ ਮਿਸ਼ਨ ਲਈ ਤਕਨੀਕੀ ਵਿਗਿਆਨਕ ਤੇ ਸਰੀਰਕ ਹਰ ਪੱਖੋਂ ਤਿਆਰੀ ਕਰ ਰਹੀ ਹੈ। ਮਿਸ਼ਨ ਦੇ ਵਿਗਿਆਨੀ ਆਪਣੇ ਕਾਰਜ ਵਿਚ ਰੁਝੇ ਹੋਏ ਹਨ। ਜਸਲੀਨ ਕੌਰ ਇਸ ਮਿਸ਼ਨ ਵਿਚ ਖੋਜੀ ਭਾਵ ਰਿਸਰਚਰ ਵਜੋਂ ਸ਼ਾਮਿਲ ਹੋ ਰਹੀ ਹੈ। 25 ਸਾਲ ਦੀ ਹੋ ਗਈ ਹੈ ਉਹ। ਅਜੇ ਬਾਰਾਂ ਕੁ ਸਾਲ ਹੋਰ ਹਨ। ਮੈਂ ਉਸ ਦੀ ਮਾਤਾ ਨੂੰ ਪੁੱਛਿਆ ਕਿ ਕੀ ਉਦੋਂ ਤੱਕ ਕੁੜੀ ਦੀਸ਼ਾਦੀ ਨਹੀਂ ਕਰੋਗੇ? ਮਾਂ ਹੈ ਉਹ। ਉਹ ਵੀ ਪੰਜਾਬਣ। ਮੇਰੇ ਗੁਸਤਾਖ ਸਵਾਲ ਨੇ ਉਸ ਨੂੰ ਝੰਜੋੜ ਸੁੱਟਿਆ। ਕੁਝ ਸੋਚ ਕੇ ਬੋਲੀ, 'ਅਜੇ ਤਾਂ ਕੁੜੀ ਦਾ ਸਾਰਾ ਧਿਆਨ ਆਪਣੇ ਨਿਸ਼ਾਨੇ ਉਤੇ ਹੈ। ਭਵਿੱਖ ਬਾਰੇ ਕੀ ਕਿਹਾ ਜਾ ਸਕਦਾ ਹੈ।' ਮੈਂ ਕੁਰੇਦਦੇ ਹੋਏ ਫਿਰ ਪੁੱਛਿਆ ਕਿ ਕੀ ਨਾਸਾ ਦੀ ਕੋਈ ਸ਼ਰਤ/ਪ੍ਰਤੀਬੰਧ ਆਦਿ ਤਾਂ ਨਹੀਂ ਸ਼ਾਦੀ ਨੂੰ ਲੈ ਕੇ ਇਸ ਮਿਸ਼ਨ ਵਿਚ ਸ਼ਮੂਲੀਅਤ ਬਾਰੇ। ਉਸ ਨੇ ਕਿਹਾ ਕਿ, 'ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ। ਭਵਿੱਖ ਬਾਰੇ ਅਸੀਂ ਕਿਵੇਂ ਸਾਰਾ ਕੁਝ ਹੁਣੇ ਤੇ ਇਥੇ ਬੈਠੇ ਕਹਿ ਸਕਦੇ ਹਾਂ।' ਕਲਪਨਾ ਤੇ ਸੁਨੀਤਾ ਵਿਲੀਅਮਜ਼ ਵੀ ਵਿਆਹੀਆਂ ਹੋਈਆਂ ਸਨ ਜਦੋਂ ਪੁਲਾੜ ਵਿਚ ਉਨ੍ਹਾਂ ਉਡਾਰੀ ਮਾਰੀ। ਜਸਲੀਨ ਕੌਰ ਲਈ ਕੋਈ ਵੱਖਰੀਆਂ ਸ਼ਰਤਾਂ ਤਾਂ ਨਹੀਂ ਲੱਗ ਸਕਦੀਆਂ।... ਨਿਸਚੇ ਹੀ ਜਸਲੀਨ ਕੌਰ ਜੋਸਨ ਪੁਲਾੜੀ ਇਤਿਹਾਸ ਵਿਚ ਇਕ ਨਵਾਂ ਅਧਿਆਇ ਜੋੜਨ ਦੇ ਰਾਹ ਉਤੇ ਦ੍ਰਿੜ੍ਹ ਵਿਸ਼ਵਾਸ ਤੇ ਪੱਕੇ ਕਦਮਾਂ ਨਾਲ ਅੱਗੇ ਵਧ ਰਹੀ ਹੈ। ਮੇਰੀਆਂ ਤੁਹਾਡੀਆਂ, ਸਾਡੇ ਸਾਰਿਆਂ ਦੀਆਂ ਸ਼ੁੱਭ-ਇੱਛਾਵਾਂ ਤੇ ਦੁਆਵਾਂ ਉਸ ਦੇ ਨਾਲ ਹਨ। (ਸਮਾਪਤ)


-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ)। ਫੋਨ ਨੰ: 98722-60550


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX