ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਬਾਇਓਗੈਸ ਪਲਾਂਟ ਦੀ ਮਹੱਤਤਾ

ਬਾਇਓਗੈਸ ਦੀ ਮਹੱਤਤਾ : ਪੰਜਾਬ ਵਿਚ ਮੁੱਖ ਤੌਰ 'ਤੇ ਗੋਹੇ ਨੂੰ ਡੰਗਰਾਂ ਦੇ ਸ਼ੈੱਡਾਂ ਵਿਚੋਂ ਕੱਢ ਕੇ ਖੁੱਲ੍ਹੀ ਜਗ੍ਹਾ 'ਤੇ ਵੱਡੇ ਢੇਰ ਲਗਾ ਦਿੱਤੇ ਜਾਂਦੇ ਹਨ ਅਤੇ ਇਹ ਢੇਰ ਬਹੁਤ ਦੇਰ ਤੱਕ ਇਸ ਤਰ੍ਹਾਂ ਹੀ ਪਏ ਰਹਿੰਦੇ ਹਨ ਜਦੋਂ ਤੱਕ ਇਹ ਗੋਹਾ ਰੂੜੀ ਖਾਦ ਵਿਚ ਨਾ ਬਦਲ ਜਾਵੇ | ਇਸ ਤੋਂ ਬਾਅਦ ਇਹ ਰੂੜੀ ਖਾਦ ਖੇਤਾਂ ਵਿਚ ਖਲਾਰ ਦਿੱਤੀ ਜਾਂਦੀ ਹੈ | ਇਸ ਤੋਂ ਬਿਨਾਂ ਬਹੁਤ ਜ਼ਿਆਦਾ ਮਾਤਰਾ ਵਿਚ ਗੋਹੇ ਨੂੰ ਪਾਥੀਆਂ ਦੇ ਰੂਪ ਵਿਚ ਬਾਲਣ ਦੇ ਤੌਰ 'ਤੇ ਵਰਤਿਆ ਜਾਂਦਾ ਹੈ | ਗੋਹੇ ਦੀ ਸਭ ਤੋਂ ਵਧੀਆ ਵਰਤੋਂ ਦਾ ਤਰੀਕਾ ਬਾਇਓਗੈਸ ਪਲਾਂਟ ਬਣਾਉਣ ਵਿਚ ਹੈ | ਜਿਸ ਦਾ ਪ੍ਰਚਲਣ ਕੇਂਦਰ ਅਤੇ ਰਾਜ ਸਰਕਾਰ ਕਰ ਰਹੀਆਂ ਹਨ ਅਤੇ ਵੱਖ-ਵੱਖ ਤਰ੍ਹਾਂ ਦੀ ਸਬਸਿਡੀ ਵੀ ਦੇ ਰਹੀਆਂ ਹਨ | ਲੋਕਾਂ ਨੂੰ ਖਾਣਾ ਬਣਾਉਣ ਲਈ ਜ਼ਰੂਰਤ ਮੁਤਾਬਿਕ ਧੂੰਆਂ ਰਹਿਤ ਗੈਸ ਊਰਜਾ ਦੇ ਤੌਰ 'ਤੇ ਪ੍ਰਦਾਨ ਕਰਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਬਾਇਓਗੈਸ ਪਲਾਂਟ ਨੂੰ ਸਥਾਪਿਤ ਕਰਨ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ | ਬਾਇਓਗੈਸ ਪਲਾਂਟ ਵਿਚ ਗੋਹੇ ਨੂੰ ਆਕਸੀਜਨ ਰਹਿਤ ਥਾਂ 'ਤੇ ਗਾਲਕੇ ਬਾਇਓਗੈਸ ਪੈਦਾ ਕੀਤੀ ਜਾਂਦੀ ਹੈ ਜਿਸ ਵਿਚ ਮੁੱਖ ਤੌਰ 'ਤੇ ਮਿਥੇਨ ਗੈਸ ਹੁੰਦੀ ਹੈ | ਇਸ ਤਰ੍ਹਾਂ ਪੈਦਾ ਹੋਈ ਬਾਇਓਗੈਸ ਬਾਲਣ ਵਾਸਤੇ, ਰੌਸ਼ਨੀ ਵਾਸਤੇ ਤੇ ਬਿਜਲੀ ਪੈਦਾ ਕਰਨ ਵਾਸਤੇ ਵਰਤੀ ਜਾਂਦੀ ਹੈ |
ਬਾਇਓਗੈਸ ਤੋਂ ਕੀ ਭਾਵ ਹੈ : ਪਸ਼ੂਆਂ ਦੇ ਗੋਹੇ, ਮਨੁੱਖੀ ਮਲ ਮੂਤਰ, ਬਚੇ ਹੋਏ ਚਾਰੇ, ਪੱਤੇ, ਸਬਜ਼ੀਆਂ ਦੇ ਛਿੱਲੜ ਆਦਿ ਦੇ ਆਕਸੀਜਨ ਰਹਿਤ ਖੂਹ ਵਿਚ ਗਲਣ ਸੜਨ ਤੋਂ ਬਾਅਦ ਜੋ ਗੈਸ ਪੈਦਾ ਹੁੰਦੀ ਹੈ ਉਸ ਨੂੰ ਬਾਇਓਗੈਸ ਆਖਦੇ ਹਨ | ਆਮ ਤੌਰ 'ਤੇ ਇਹ ਗੈਸ ਸਿਰਫ ਪਸ਼ੂਆਂ ਦੇ ਗੋਹੇ ਤੋਂ ਹੀ ਬਣਾਈ ਜਾਂਦੀ ਹੈ ਇਸ ਲਈ ਇਸ ਨੂੰ 'ਗੋਬਰ ਗੈਸ' ਵੀ ਆਖਿਆ ਜਾਂਦਾ ਹੈ | ਬਾਇਓਗੈਸ ਵਿਚ 50-65 ਫੀਸਦੀ ਮਿਥੇਨ, 30-40 ਫੀਸਦੀ ਕਾਰਬਨ ਡਾਇਆਕਸੀਡ, ਹਾਈਡ੍ਰੋਜਨਸਲਫੀਡ ਤੇ ਪਾਣੀ ਦੇ ਕੁਝ ਅੰਸ਼ ਹੁੰਦੇ ਹਨ | ਬਾਇਓਗੈਸ ਪਲਾਂਟ ਵਿਚ ਪਾਇਆ ਗੋਹਾ ਗਲਣ ਤੋਂ ਬਾਅਦ ਪਲਾਂਟ ਵਿਚੋਂ ਸਲਰੀ ਦੇ ਰੂਪ ਵਿਚ ਬਾਹਰ ਆਉਂਦਾ ਹੈ | ਸਲਰੀ ਮਿੱਟੀ ਦੀਆਂ ਭੌਤਿਕ, ਰਸਾਇਣਿਕ ਅਤੇ ਜੈਵਿਕ ਗੁਣਾਂ ਵਿਚ ਸੁਧਾਰ ਕਰਦੀ ਹੈ | ਜਦੋਂ ਸਲਰੀ ਨੂੰ ਦੇਸੀ ਖਾਦ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਤਾਂ ਇਹ ਮਿੱਟੀ ਵਿਚ ਜੀਵਾਣੂ ਤੇ ਮਾਈਕ੍ਰੋ ਤੱਤ ਵੀ ਪ੍ਰਦਾਨ ਕਰਦੀ ਹੈ |
ਬਾਇਓਗੈਸ ਪਲਾਂਟ ਦੀ ਸਮਰੱਥਾ: ਬਾਇਓਗੈਸ ਪਲਾਂਟ ਦੀ ਸਮਰੱਥਾ ਘਣ ਮੀਟਰ ਜਾਂ ਫੁੱਟਾਂ ਵਿਚ ਮਾਪੀ ਜਾਂਦੀ ਹੈ | ਡਾਈਜਸਟੋਰ ਪਲਾਂਟ ਦਾ ਮੁੱਖ ਹਿੱਸਾ ਹੈ ਜਿਸ ਵਿਚ ਗੋਹਾ ਅਤੇ ਪਾਣੀ 1:1 ਅਨੁਪਾਤ ਵਿਚ ਘੋਲ ਦੇ ਰੂਪ ਵਿਚ ਜਾਂਦੇ ਹਨ ਅਤੇ ਇਸ ਵਿਚ ਘੋਲ ਆਕਸੀਜਨ ਤੋਂ ਬਿਨਾ, ਕੀਟਾਣੂਆਂ ਦੀ ਮਦਦ ਦੇ ਨਾਲ ਗਲ ਕੇ ਬਾਇਓਗੈਸ ਨੂੰ ਬਣਾਉਂਦਾ ਹੈ | 1 ਘਣ ਮੀਟਰ ਵਿਚ 25 ਕਿਲੋਗ੍ਰਾਮ ਗੋਹਾ ਪੈਂਦਾ ਹੈ ਅਤੇ ਇਸ ਤੋਂ 1.3 ਕਿਲੋ ਵਾਟ ਊਰਜਾ ਪੈਦਾ ਹੁੰਦੀ ਹੈ | ਇਹ ਗੋਹਾ 3 ਪਸ਼ੂਆਂ ਤੋਂ ਮਿਲ ਸਕਦਾ ਹੈ ਜਿਸ ਨਾਲ ਪੈਦਾ ਹੋਈ ਗੈਸ 5-6 ਵਿਅਕਤੀਆਂ ਦਾ ਖਾਣਾ ਬਣਾ ਸਕਦਾ ਹੈ |
ਬਾਇਓਗੈਸ ਪਲਾਂਟ ਲਈ ਜਗ੍ਹਾ ਦੀ ਚੋਣ: ਬਾਇਓਗੈਸ ਪਲਾਂਟ ਲਗਾਉਣ ਵਾਲੀ ਜਗ੍ਹਾ ਆਲੇ ਦੁਆਲੇ ਦੀ ਜਗ੍ਹਾ ਤੋਂ ਉੱਚੀ ਹੋਣੀ ਚਾਹੀਦੀ ਹੈ ਤਾਂ ਕਿ ਪਲਾਂਟ ਦੇ ਨੇੜੇ ਤੇ ਉੱਪਰ ਪਾਣੀ ਖੜ੍ਹਾ ਨਾ ਹੋ ਸਕੇ | ਗੋਹਾ ਘੋਲਣ ਲਈ ਪਾਣੀ ਦਾ ਸੋਮਾ ਪਲਾਂਟ ਦੇ ਨੇੜੇ ਹੋਣਾ ਚਾਹੀਦਾ ਹੈ | ਪਲਾਂਟ ਰਸੋਈ ਅਤੇ ਪਸ਼ੂਆਂ ਦੇ ਸ਼ੈੱਡ ਤੋਂ ਜਿੰਨਾ ਨੇੜੇ ਹੋਵੇ ਓਨਾ ਹੀ ਵਧੀਆ ਹੁੰਦਾ ਹੈ | ਬਾਇਓਗੈਸ ਪਲਾਂਟ ਖੁੱਲ੍ਹੀ ਜਗ੍ਹਾ 'ਤੇ ਹੋਣਾ ਚਾਹੀਦਾ ਹੈ ਜਿਥੇ ਕੋਈ ਰੁੱਖ ਨਾ ਹੋਵੇ ਤਾਂ ਕਿ ਪਲਾਂਟ ਨੂੰ ਪੂਰੀ ਧੁੱਪ ਮਿਲ ਸਕੇ ਅਤੇ ਰੁੱਖਾਂ ਦੀਆਂ ਜੜ੍ਹਾਂ ਪਲਾਂਟ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ | ਸਾਫ-ਸੁਥਰੇ ਵਾਤਾਵਰਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ, ਲੁਧਿਆਣਾ ਵਿਚ 90 ਘਣ ਮੀਟਰ ਦੇ ਪੱਕੇ ਡੈਮ ਵਾਲੇ ਵੱਡੇ ਜਨਤਾ ਮਾਡਲ ਦੇ 2 ਬਾਇਓਗੈਸ ਪਲਾਂਟ ਲਗਾਏ ਗਏ ਹਨ | ਇਸ ਵਿਚ ਹਰੇਕ ਡੈਮ ਦਾ ਘੇਰਾ 20 ਫੁੱਟ, ਡੰੂਘਾਈ 24.5 ਫੁੱਟ ਅਤੇ ਇਸ ਦੀ ਦੀਵਾਰ ਦੀ ਮੋਟਾਈ 9 ਇੰਚ ਹੈ | ਇਸ ਬਾਇਓਗੈਸ ਪਲਾਂਟ ਦੇ ਦੋਵਾਂ ਡੈਮਾਂ ਵਿਚ ਰੋਜ਼ਾਨਾ 45-50 ਕੁਇੰਟਲ ਗੋਹਾ ਪੈ ਸਕਦਾ ਹੈ | ਇਸ ਪਲਾਂਟ ਤੋਂ ਪੈਦਾ ਹੋਈ ਬਾਇਓਗੈਸ ਨਾਲ 100 ਫੀਸਦੀ ਗੈਸ ਨਾਲ ਚਲਣ ਵਾਲਾ ਜਨਰੇਟਰ 40 ਵਾਟ ਬਿਜਲੀ ਪੈਦਾ ਕਰ ਸਕਦਾ ਹੈ | ਇਸ ਪਲਾਂਟ ਦੀ ਲਾਗਤ 17 ਲੱਖ ਰੁਪਿਆ ਆਈ ਹੈ | ਇਸ ਤੋਂ ਪੈਦਾ ਹੋਈ ਬਿਜਲੀ ਨਾਲ ਪਸ਼ੂਆਂ ਦੀ ਦੁੱਧ ਚੋਣ ਵਾਲਿਆਂ ਮਸ਼ੀਨਾਂ, ਦੁੱਧ ਠੰਢਾ ਕਰਨ ਵਾਲੇ ਬਲਕ ਕੂਲਰ ਅਤੇ ਪੱਠੇ ਕੁਤਰਨ ਵਾਲੀ ਮਸ਼ੀਨ ਚਲਾਈ ਜਾਂਦੀ ਹੈ | ਇਸ ਤੋਂ ਪੈਦਾ ਹੋਈ ਬਿਜਲੀ ਦੀ ਵਰਤੋਂ ਕਰਕੇ ਰੋਜ਼ਾਨਾ 1000-1200 ਰੁਪਏ ਦੀ ਸਰਕਾਰੀ ਬਿਜਲੀ ਦੀ ਬੱਚਤ ਕੀਤੀ ਜਾਂਦੀ ਹੈ ਅਤੇ ਇਸ ਵਿਚੋਂ ਬਾਹਰ ਨਿਕਲੀ ਸਲਰੀ ਨੂੰ ਖੇਤਾਂ ਵਿਚ ਵਰਤਿਆ ਜਾਂਦਾ ਹੈ | ਇਸ ਤਰ੍ਹਾਂ ਬਾਇਓਗੈਸ ਪਲਾਂਟ ਦੀ ਮਦਦ ਨਾਲ ਅਸੀਂ ਵਾਤਾਵਰਨ ਨੂੰ ਸਾਫ-ਸੁਥਰਾ ਬਣਾਉਣ ਦੇ ਵਡਭਾਗੀ ਬਣਦੇ ਹਾਂ ਅਤੇ ਸਾਡੀਆਂ ਕਈ ਜ਼ਰੂਰਤਾਂ ਵੀ ਪੂਰੀਆਂ ਹੋ ਜਾਂਦੀਆਂ ਹਨ |

-ਡਾ: ਮਨਦੀਪ ਸਿੰਘ ਅਤੇ ਡਾ: ਗਗਨਦੀਪ ਸਿੰਗਲਾ
ਵੈਟਰਨਰੀ ਅਫਸਰ, ਖੇਤਰੀ ਖੋਜ ਅਤੇ ਸਿਖਲਾਈ ਕੇਂਦਰ, ਕਾਲਝਰਾਣੀ (ਬਠਿੰਡਾ) ਫੋਨ : 9915381089, 9815042548.


ਖ਼ਬਰ ਸ਼ੇਅਰ ਕਰੋ

ਨਰਮੇ ਦਾ ਲਾਹੇਵੰਦ ਮੰਡੀਕਰਨ

ਭਾਰਤ ਵਿਚ ਬੀ. ਟੀ. ਨਰਮੇ ਦੀਆਂ ਦੋਗਲੀਆਂ ਕਿਸਮਾਂ ਆਉਣ ਨਾਲ ਨਰਮੇ ਦੀ ਗੁਣਵੱਤਾ ਵਿਚ ਕਾਫੀ ਸੁਧਾਰ ਹੋਇਆ ਹੈ, ਜਿਸ ਕਰਕੇ ਸਾਡੇ ਨਰਮੇ ਦੀ ਬਾਹਰਲੇ ਮੁਲਕਾਂ ਵਿਚ ਮੰਗ ਵਧੀ ਹੈ | ਪਰ ਭਾਰਤੀ ਨਰਮੇ ਵਿਚ ਮਿਲਾਵਟ ਹੋਣ ਕਰਕੇ ਇਸ ਤੋਂ ਤਿਆਰ ਧਾਗੇ ਦਾ ਅੰਤਰਰਾਸ਼ਟਰੀ ਮੰਡੀ ਵਿਚ ਸਹੀ ਮੁੱਲ ਨਹੀਂ ਮਿਲਦਾ | ਧਾਗੇ ਦਾ ਸਹੀ ਮੁੱਲ ਨਾ ਮਿਲਣ ਕਾਰਨ ਨਰਮੇ ਦੀ ਫ਼ਸਲ ਦੇ ਭਾਅ 'ਤੇ ਵੀ ਅਸਰ ਪੈਂਦਾ ਹੈ ਜਿਸ ਦਾ ਕਿਸਾਨਾਂ ਨੂੰ ਸਿੱਧਾ ਨੁਕਸਾਨ ਹੁੰਦਾ ਹੈ | ਨਰਮੇ ਵਿਚ ਮਿਲਾਵਟ ਬਾਹਰਲੇ ਤੱਤਾਂ ਜਿਵੇਂ ਰੰਗਦਾਰ ਧਾਗੇ, ਵਾਲ, ਪਲਾਸਟਿਕ ਦਾ ਸਾਮਾਨ, ਬੋਰੀ ਦੇ ਧਾਗੇ, ਸੂਤਲੀਆਂ, ਟੌਫੀਆਂ ਦੇ ਕਾਗਜ਼, ਰੱਦੀ ਕਾਗਜ਼, ਕੂੜਾ ਕਰਕਟ ਆਦਿ ਦੇ ਰਲਣ ਕਾਰਨ ਹੁੰਦੀ ਹੈ | ਇਹ ਵਸਤਾਂ ਬਣ ਰਹੇ ਧਾਗੇ ਵਿਚ ਰਲ ਜਾਂਦੀਆਂ ਹਨ ਅਤੇ ਰੰਗਾਈ ਵੇਲੇ ਮਿਲਾਵਟੀ ਥਾਂ ਉੱਪਰ ਰੰਗ ਨਹੀਂ ਚੜ੍ਹਦਾ, ਜਿਸ ਕਾਰਨ ਧਾਗੇ ਵਿਚ ਉਸ ਥਾਂ ਉੱਤੇ ਧੱਬੇ ਪੈ ਜਾਂਦੇ ਹਨ | ਨਰਮੇ ਵਿਚ ਇਹ ਵਸਤਾਂ ਫ਼ਸਲ ਨੂੰ ਚੁਗਣ ਸਮੇਂ, ਘਰ ਲੈ ਕੇ ਜਾਂਦੇ ਸਮੇਂ, ਰੱਖ-ਰਖਾਵ ਕਰਨ ਸਮੇਂ, ਮੰਡੀ ਵਿਚ ਲੈ ਕੇ ਜਾਂਦੇ ਸਮੇਂ, ਮੰਡੀ ਵਿਚ ਰੱਖਣ ਸਮੇਂ ਅਤੇ ਵਿਕਰੀ ਸਮੇਂ ਰਲ ਜਾਂਦੀਆਂ ਹਨ | ਸੋ, ਲੋੜ ਹੈ ਕਿ ਇਨ੍ਹਾਂ ਕਿਰਿਆਵਾਂ ਸਮੇਂ ਨਰਮੇ ਨੂੰ ਧਿਆਨ ਨਾਲ ਸੰਭਾਲਣ ਦੀ ਤਾਂ ਜੋ ਵਧੀਆ ਗੁਣਵੱਤਾ ਵਾਲਾ ਨਰਮਾ ਤਿਆਰ ਕਰਕੇ ਮੰਡੀ ਵਿਚ ਇਸ ਦਾ ਚੰਗਾ ਮੁੱਲ ਲਿਆ ਜਾ ਸਕੇ | ਹੇਠ ਲਿਖੇ ਨੁਕਤਿਆਂ ਵੱਲ ਧਿਆਨ ਦੇ ਕੇ ਕਿਸਾਨ ਵੀਰ ਨਰਮੇ ਦੀ ਫ਼ਸਲ ਦੀ ਗੁਣਵੱਣਤਾ ਨੂੰ ਬਰਕਰਾਰ ਰੱਖ ਸਕਦੇ ਹਨ –
ਨਰਮੇ ਦੀ ਚੁਗਾਈ ਕਰਦੇ ਸਮੇਂ: • ਨਰਮੇ ਦੀ ਚੁਗਾਈ ਤ੍ਰੇਲ ਸੁੱਕਣ ਤੋਂ ਬਾਅਦ ਸ਼ੁਰੂ ਕਰਨੀ ਚਾਹੀਦੀ ਹੈ, ਨਹੀਂ ਤਾਂ ਭਿੱਜਿਆ ਨਰਮਾ ਗਰਮ ਹੋ ਕੇ ਲਾਲ ਭਾਅ ਮਾਰਨ ਲੱਗ ਜਾਂਦਾ ਹੈ | • ਚੁਗਾਈ ਉਦੋਂ ਹੀ ਸ਼ੁਰੂ ਕਰੋ ਜਦੋਂ 50 ਪ੍ਰਤੀਸ਼ਤ ਫ਼ਸਲ ਖਿੜ ਜਾਵੇ | • ਚੁਗਾਈ ਵਾਸਤੇ ਅਨਜਾਣ ਬੱਚੇ ਜਾਂ ਘੱਟ ਉਮਰ ਦੀ ਲੇਬਰ ਨਹੀਂ ਲਾਉਣੀ ਚਾਹੀਦੀ ਕਿਉਂਕਿ ਇਸ ਨਾਲ ਫ਼ਸਲ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ | • ਚੁਗਾਈ ਇਕੋ ਲਾਈਨ ਵਿਚ ਕਰਵਾਓ ਤਾਂ ਕਿ ਚੁਗਾਈ ਦਾ ਧਿਆਨ ਰੱਖਿਆ ਜਾ ਸਕੇ | • ਚੁਗਾਈ ਹਮੇਸ਼ਾ ਬੂਟੇ ਦੇ ਥੱਲੇ ਤੋਂ ਸ਼ੁਰੂ ਕਰਕੇ ਉੱਪਰ ਵੱਲ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਉਪਰਲੇ ਟੀਂਡਿਆਂ ਦੀ ਪੱਤੀ/ਸਿਕਰੀ ਹੇਠਲੇ ਖਿੜੇ ਟੀਂਡਿਆਂ 'ਤੇ ਨਾ ਡਿੱਗ ਪਵੇ | • ਚੁਗਾਈ ਕਰਦੇ ਸਮੇਂ ਹਮੇਸ਼ਾਂ ਸਿਰ ਢੱਕ ਕੇ ਰੱਖੋ ਅਤੇ ਚੁਗਾਈ ਹਮੇਸ਼ਾਂ ਸੂਤੀ ਕੱਪੜੇ ਪਾ ਕੇ ਹੀ ਕਰੋ | • ਕਾਣੀ ਕੌਢੀ, ਖਰਾਬ ਫੁੱਟੀ ਅਤੇ ਕੱਚੇ ਟੀਂਡਿਆਂ ਆਦਿ ਨੂੰ ਨਰਮੇ ਨਾਲ ਨਾ ਚੁਗੋ | • ਚੁਗੀ ਹੋਈ ਨਰਮੇ ਦੀ ਫ਼ਸਲ ਨੂੰ ਸਾਫ਼-ਸੁਥਰੀ ਅਤੇ ਸੁੱਕੀ ਥਾਂ 'ਤੇ ਸੂਤੀ ਕੱਪੜਾ ਵਿਛਾ ਕੇ ਰੱਖੋ ਅਤੇ ਉੱਪਰੋਂ ਵੀ ਕੱਪੜੇ ਨਾਲ ਢੱਕੋ | ਇਸ ਕੰਮ ਲਈ ਸੀਮੈਂਟ/ਖਲ ਆਦਿ ਵਾਲੀਆਂ ਬੋਰੀਆਂ ਤੋਂ ਬਣੀਆਂ ਪੱਲੀਆਂ ਦੀ ਵਰਤੋਂ ਨਾ ਕਰੋ | • ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਸਾਫ-ਸੁਥਰੀ ਚੁਗਾਈ ਦੇ ਆਧਾਰ 'ਤੇ ਦਿਓ ਨਾ ਕਿ ਵਜ਼ਨ ਦੇ ਆਧਾਰ | • ਚੁਗੇ ਹੋਏ ਨਰਮੇ ਦੇ ਢੇਰ ਉੱਪਰ ਬੱਚਿਆਂ ਨੂੰ ਨਾ ਖੇਡਣ ਦਿਓ ਕਿਉਂਕਿ ਇਸ ਨਾਲ ਚੁਗੇ ਹੋਏ ਨਰਮੇ ਵਿਚ ਸਿਰ ਦੇ ਵਾਲ, ਧਾਗੇ ਆਦਿ ਰਲ ਸਕਦੇ ਹਨ ਅਤੇ ਨਰਮੇ ਨੂੰ ਨੱਪਣ ਨਾਲ ਇਸ ਦਾ ਰੇਸ਼ਾ ਵੀ ਖ਼ਰਾਬ ਹੋ ਸਕਦਾ ਹੈ |
ਚੁਗਿਆ ਨਰਮਾ ਘਰ ਲੈ ਕੇ ਜਾਂਦੇ ਸਮੇਂ: • ਟਰਾਲੀ ਜਾਂ ਗੱਡੇ ਵਿਚ ਨਰਮਾਂ ਭਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ | • ਨਰਮੇ ਨਾਲ ਭਰੀ ਟਰਾਲੀ ਜਾਂ ਗੱਡੇ ਵਿਚ ਨਰਮੇ ਉੱਪਰ ਬੈਠ ਕੇ ਨਾ ਜਾਓ ਅਤੇ ਇਸ ਨੂੰ ਖਰਾਬ ਕਰਨ ਵਾਲੀ ਕੋਈ ਵੀ ਚੀਜ਼ ਇਸ ਦੇ ਨੇੜੇ ਨਾ ਰੱਖੋ | • ਟਰਾਲੀ ਜਾਂ ਗੱਡੇ ਵਿਚ ਨਰਮੇ ਨੂੰ ਉੱਪਰੋਂ ਸੂਤੀ ਕੱਪੜੇ ਨਾਲ ਢਕ ਕੇ ਲਿਜਾਓ | • ਚੁਗਾਈ ਤੋਂ ਬਾਅਦ ਵੱਖ-ਵੱਖ ਕਿਸਮ ਦੇ ਨਰਮੇ ਨੂੰ ਘਰ ਅਲੱਗ-ਅਲੱਗ ਹੀ ਲੈ ਕੇ ਜਾਓ | • ਨਰਮੇ ਵਾਲੀ ਟਰਾਲੀ ਵਿਚ ਚਾਰਾ ਜਾਂ ਬਾਲਣ ਵਾਲੀਆਂ ਲੱਕੜਾਂ ਖਾਲੀ ਥਾਂ ਵਿਚ ਨਰਮੇ ਤੋਂ ਦੂਰ ਰੱਖੋ |
ਨਰਮੇ ਦੇ ਰੱਖ-ਰਖਾਵ/ਸਟੋਰ ਕਰਨ ਸਮੇਂ: • ਨਰਮੇ ਨੂੰ ਸਟੋਰ ਕਰਨ ਲਈ ਗੁਦਾਮ ਸਾਫ-ਸੁਥਰਾ ਹੋਣਾ ਚਾਹੀਦਾ ਹੈ ਅਤੇ ਇਸ ਵਿਚ ਗਿੱਲਾਪਨ/ਸਲ੍ਹਾਬ ਨਹੀਂ ਹੋਣੀ ਚਾਹੀਦੀ | ਨਵੇਂ ਬਣੇ ਕਮਰੇ ਵਿਚ ਨਰਮੇ ਨੂੰ ਸਟੋਰ ਨਾ ਕਰੋ | • ਜੇਕਰ ਫ਼ਸਲ ਗਿੱਲੀ ਹੈ ਤਾਂ ਇਸ ਨੂੰ ਸੁਕਾ ਕੇ ਸਟੋਰ ਕਰੋ | • ਫ਼ਸਲ ਨੂੰ ਸਟੋਰ ਕਰਨ ਸਮੇਂ ਇਸ ਵਿਚੋਂ ਕੱਚੇ ਜਾਂ ਹਰੇ ਟੀਂਡੇ, ਕਾਣੀ ਕੌਡੀ, ਖਰਾਬ ਫੁੱਟੀ ਅਤੇ ਹੋਰ ਕਿਸੇ ਕਿਸਮ ਦੀ ਮਿਲਾਵਟ ਨੂੰ ਕੱਢ ਦਿਓ | • ਨਰਮੇ ਦੇ ਢੇਰ 'ਤੇ ਨਹੀਂ ਸੌਣਾ ਚਾਹੀਦਾ ਕਿਉਂਕਿ ਸਾਉਂਦੇ ਸਮੇਂ ਸਿਰ ਦੇ ਵਾਲ ਇਸ ਵਿਚ ਰਲ ਸਕਦੇ ਹਨ | • ਸਿਰ ਵਿਚ ਕੰਘਾ ਕਰਦੇ ਸਮੇਂ ਧਿਆਨ ਰੱਖੋ ਕਿ ਕੰਘੇ ਵਿਚਲੇ ਸਿਰ ਦੇ ਵਾਲ ਨਰਮੇ ਵਿਚ ਨਾ ਰਲਣ | • ਸਟੋਰ ਦਾ ਦਰਵਾਜ਼ਾ ਬੰਦ ਰੱਖੋ ਤਾਂ ਜੋ ਕੂੜਾ ਕਰਕਟ ਜਿਵੇਂ ਕਿ ਰੰਗਦਾਰ ਧਾਗੇ, ਸਿਰ ਦੇ ਵਾਲ, ਪਲਾਸਟਿਕ ਅਤੇ ਬੋਰੀ ਦੇ ਧਾਗੇ, ਸੂਤਲੀਆਂ, ਟੌਫੀਆਂ ਦੇ ਕਾਗਜ਼, ਪੌਲੀਥੀਨ ਦੇ ਲਿਫਾਫੇ, ਪੱਤੀ, ਕੱਪੜੇ ਦੇ ਟੁਕੜੇ, ਬੀੜੀਆਂ ਦੇ ਟੋਟੇ, ਰੱਦੀ ਕਾਗਜ਼, ਆਦਿ ਨਰਮੇ ਵਿਚ ਨਾ ਰਲ ਸਕਣ | • ਨਰਮੇ ਦੀਆਂ ਵੱਖ-ਵੱਖ ਕਿਸਮਾਂ ਅਤੇ ਵੱਖ-ਵੱਖ ਚੁਗਾਈਆਂ ਦਾ ਨਰਮਾ ਅਲੱਗ–ਅਲੱਗ ਹੀ ਰੱਖੋ | ਇਕੱਠਾ ਰੱਖਣ ਨਾਲ ਚੰਗੀ ਫ਼ਸਲ ਦਾ ਸਹੀ ਮੁੱਲ ਨਹੀਂ ਮਿਲਦਾ | • ਹੋ ਸਕੇ ਤਾਂ ਸਟੋਰ ਵਿਚ ਵੀ ਫ਼ਸਲ ਨੂੰ ਢੱਕ ਕੇ ਰੱਖੋ |
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

-ਡਿਪਾਰਟਮੈਂਟ ਆਫ ਇਕਨੋਮਿਕਸ ਐਾਡ ਸੋਸ਼ਿਆਲੋਜੀ, ਪੀ. ਏ. ਯੂ., ਲੁਧਿਆਣਾ |

ਸਰਕਾਰ ਵਲੋਂ ਜਾਰੀ ਕੀਤੀ ਜਾਣ ਵਾਲੀ ਖੇਤੀ ਨੀਤੀ ਕਿਸਾਨ-ਹਿੱਤ ਹੋਵੇਗੀ

ਪੰਜਾਬ ਸਰਕਾਰ ਨਵੀਂ ਖੇਤੀ ਲਈ ਨੀਤੀ ਬਣਾ ਰਹੀ ਹੈ | ਜੋ ਛੇਤੀ ਹੀ ਵਜੂਦ 'ਚ ਆਵੇਗੀ | ਇਹ ਰਾਜ ਦੀ ਪਹਿਲੀ ਖੇਤੀ ਨੀਤੀ ਹੋਵੇਗੀ | ਰੱਖੜਾ ਕਿਸਾਨ ਮੇਲੇ 'ਤੇ 'ਡਾ: ਅਮਰੀਕ ਸਿੰਘ ਚੀਮਾ ਪੁਰਸਕਾਰ' ਦਾ ਸਨਮਾਨ ਪ੍ਰਾਪਤ ਕਰਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਨੀਤੀ ਦੀ ਰੂਪ ਰੇਖਾ 'ਤੇ ਚਾਨਣਾਂ ਪਾਉਂਦਿਆਂ ਇਸ ਸਮੇਂ ਕਿਸਾਨਾਂ ਦੇ ਇੱਕ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਨਵੀਂ ਖੇਤੀ ਨੀਤੀ 'ਚ ਕਿਸਾਨਾਂ ਦੀ ਆਮਦਨ ਵਧਾਉਣ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਤਪਾਦਨ 'ਚ ਪ੍ਰਭਾਵਸ਼ਾਲੀ ਵਾਧਾ ਹੋਇਆ ਹੈ | ਕਣਕ ਦਾ ਉਤਪਾਦਨ 166 ਲੱਖ ਟਨ ਅਤੇ ਝੋਨੇ ਦਾ ਉਤਪਾਦਨ 189 ਲੱਖ ਟਨ ਤੱਕ ਪਹੰੁਚ ਗਿਆ | ਉਤਪਾਦਕਤਾ ਕ੍ਰਮਵਾਰ 51 ਕੁਇੰਟਲ ਤੇ 62 ਕੁਇੰਟਲ ਪ੍ਰਤੀ ਹੈਕਟੇਅਰ ਹੋ ਗਈ ਜੋ ਦੇਸ਼ ਦੀ ਔਸਤ ਨਾਲੋਂ ਡਿਉਢੀ ਤੋਂ ਵੱਧ ਹੈ | ਰਾਜ ਦਾ 83 ਫ਼ੀਸਦੀ ਰਕਬਾ ਕਾਸ਼ਤ ਕੀਤਾ ਜਾ ਰਿਹਾ ਹੈ | ਸਬਜ਼ ਇਨਕਲਾਬ ਦੇ ਦੌਰਾਨ ਮਤਵਾਤਰ ਫ਼ਸਲਾਂ ਦਾ ਉਤਪਾਦਨ ਤੇ ਉਤਪਾਦਕਤਾ ਵਧਾਉਣ ਨੂੰ ਮਹੱਤਤਾ ਦਿੱਤੀ ਗਈ ਹੈ | ਇਸ ਦੇ ਬਾਵਜੂਦ ਕਿਸਾਨਾਂ ਦੀ ਆਮਦਨ 'ਚ ਕੋਈ ਵਿਸ਼ੇਸ਼ ਇਜ਼ਾਫਾ ਨਹੀਂ ਹੋਇਆ | ਨਵੀਂ ਨੀਤੀ ਅਨੁਸਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਮੰਡੀਕਰਨ, ਬਰਾਮਦ ਅਤੇ ਮੰਗ, ਖਪਤ ਸਬੰਧੀ ਪੂਰੀ ਜਾਣਕਾਰੀ ਦੀ ਖੋਜ ਕਰ ਕੇ ਕਿਸਾਨਾਂ ਨੂੰ ਮੁਹਈਆ ਕੀਤੀ ਜਾਵੇਗੀ | ਨਵੀਂ ਨੀਤੀ ਰਾਹੀਂ ਕਿਸਾਨਾਂ 'ਚ ਸੰਤੁਸ਼ਟਤਾ ਲਿਆਉਣ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ | ਜੋ ਖੁਦਕੁਸ਼ੀਆਂ ਦੀ ਰੁੱਚੀ ਹੈ ਉਸ ਨੂੰ ਠੱਲ੍ਹ ਪਾਉਣ ਦੇ ਸਾਧਨ ਲੱਭੇ ਜਾ ਰਹੇ ਹਨ |
ਸੁਰੇਸ਼ ਕੁਮਾਰ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਐਮ ਐਸ ਪੀ (ਵਰਤਮਾਨ ਘੱਟੋ ਘੱਟ ਸਹਾਇਕ ਕੀਮਤ) ਮਤਵਾਤਰ ਬਰਕਰਾਰ ਰਹੇਗੀ ਅਤੇ ਉਨ੍ਹਾਂ ਦੀ ਫ਼ਸਲਾਂ ਦਾ ਦਾਣਾ-ਦਾਣਾ ਨੀਯਤ ਕੀਮਤ 'ਤੇ ਚੁੱਕਿਆ ਜਾਵੇਗਾ | ਖੇਤੀ ਨੂੰ ਕਿਸਾਨ ਵਪਾਰਕ ਧੰਦਾ ਸਮਝਣ- ਇਸ ਲਈ ਵਾਤਾਵਰਨ ਬਣਾਇਆ ਜਾਵੇਗਾ | ਕਣਕ ਦੀ ਡਬਲਿਯੂ ਬੀ -2 ਜਿਹੀਆਂ ਕਿਸਮਾਂ ਹਨ ਜੋ ਆਈ ਸੀ ਏ ਆਰ - ਭਾਰਤੀ ਖੇਤੀ ਖੋਜ ਤੇ ਜੌਾਅ ਸੰਸਥਾਨ ਨੇ ਵਧੇਰੇ ਜ਼ਿੰਕ ਮਾਤਰਾ 42-58 ਪੀ ਪੀ ਐਮ ਨਾਲ ਪੌਸ਼ਟਿਕ ਕਿਸਮ ਵਿਕਸਿਤ ਕੀਤੀ ਹੈ, ਜੇ ਇਹ ਜਾਂ ਅਜਿਹੀਆਂ ਹੋਰ ਕਿਸਮਾਂ ਕਿਸਾਨਾਂ ਨੂੰ ਲਾਹੇਵੰਦ ਹੋਣਗੀਆਂ ਤਾਂ ਸਰਕਾਰ ਵਲੋਂ ਉਨ੍ਹਾਂ ਨੂੰ ਅਪਨਾਉਣ ਲਈ ਕਿਸਾਨਾਂ ਨੁੰੂ ਉਤਸ਼ਾਹਿਤ ਕੀਤਾ ਜਾਵੇਗਾ |
ਸੁਰੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਆਰਥਕਤਾ ਖੇਤੀ 'ਤੇ ਨਿਰਭਰ ਹੈ | ਜੀ ਡੀ ਪੀ ਵਿੱਚ ਭਾਵੇਂ ਇਸ ਦਾ ਹਿੱਸਾ ਘਟ ਰਿਹਾ ਹੈ ਪਰੰਤੂ ਯੋਗਦਾਨ ਵਧ ਰਿਹਾ ਹੈ | ਮਾਰਕਿਟ ਫੀਸ ਅਤੇ ਫ਼ਸਲਾਂ ਨਾਲ ਜੁੜੀਆਂ ਹੋਰ ਫੀਸਾਂ ਮੰਡੀਬੋਰਡ ਰਾਹੀਂ ਰਾਜ ਦੇ ਵਿਕਾਸ ਲਈ ਕਰੋੜਾਂ ਦੀ ਮਾਤਰਾ 'ਚ ਆ ਰਹੀਆਂ ਹਨ | ਸਾਰਾ ਵਪਾਰ ਤੇ ਉਦਯੋਗ ਵੀ ਖੇਤੀ 'ਤੇ ਨਿਰਭਰ ਹੈ | ਜੇ ਕਿਸੇ ਸਾਲ ਫ਼ਸਲ ਚੰਗੀ ਨਾ ਹੋਵੇ ਤਾਂ ਹਰ ਵਪਾਰ ਤੇ ਉਦਯੋਗ 'ਚ ਮੰਦਾ ਆ ਜਾਂਦਾ ਹੈ | ਨਿੱਜੀ ਖੇਤਰ 'ਚ ਰੁਜ਼ਗਾਰ ਦਾ ਆਧਾਰ ਵੀ ਖੇਤੀ ਹੈ | ਇਸ ਸਭ ਨੂੰ ਮੁੱਖ ਰੱਖਦਿਆਂ ਹੀ ਸਰਕਾਰ ਨੇ ਕਿਸਾਨ ਹਿੱਤ ਖੇਤੀ ਨੀਤੀ ਉਲੀਕਣ ਦਾ ਫ਼ੈਸਲਾ ਕੀਤਾ ਹੈ |
ਸੁਰੇਸ਼ ਕੁਮਾਰ ਨੇ ਕਿਹਾ ਕਿ ਝੋਨਾ-ਕਣਕ ਦੇ ਫ਼ਸਲੀ-ਚੱਕਰ ਵਿਚੋਂ ਵੀ ਨਿਕਲਣਾ ਜ਼ਰੂਰੀ ਹੈ | ਇਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਭੌਾ ਦੀ ਉਪਜਾਊ ਸ਼ਕਤੀ ਬਰਕਰਾਰ ਰਹੇਗੀ | ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਵਧਾ ਕੇ ਇਨ੍ਹਾਂ ਦਾ ਯੋਗ ਮੰਡੀਕਰਨ ਨਾਲ ਆਮਦਨ 'ਚ ਕਈ ਗੁਣਾਂ ਵਾਧਾ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਤਜਰਬੇ ਦੱਸਦੇ ਹਨ ਕਿ ਜੇ ਦੋ ਏਕੜ ਦਾ ਕਿਸਾਨ ਚਾਰ ਕਨਾਲ 'ਚ ਸਬਜ਼ੀਆਂ ਲਾ ਲਵੇ ਤਾਂ ਆਮਦਨ ਦੁੱਗਣੀ ਹੋ ਜਾਂਦੀ ਹੈ | ਸਰਕਾਰ ਇਸ ਸਬੰਧੀ ਸਬਜ਼ੀਆਂ ਦੇ ਕਲੱਸਟਰ ਬਨਾਉਣ ਦੀ ਯੋਜਨਾ ਬਣਾ ਰਹੀ ਹੈ | ਜੋ ਸਬਜ਼ੀਆਂ ਦੀ ਕਾਸ਼ਤ ਵਧਾਉਣ ਲਈ ਲਾਭਕਾਰੀ ਹੋਵੇਗੀ |
ਕਿਸਾਨਾਂ ਵਲੋਂ ਕੀਤੀ ਜਾ ਰਹੀ ਕਰਜ਼ਿਆਂ ਦੀ ਮੁਆਫ਼ੀ ਦੀ ਮੰਗ ਸਬੰਧੀ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਇਹ ਮਸਲਾ ਸਰਕਾਰ ਦੇ ਵਿਚਾਰ-ਅਧੀਨ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਬੈਂਕਾਂ ਨੇ ਕਿਸਾਨਾਂ ਨਾਲ ਖਲਾਵਟ ਕੀਤਾ ਹੈ | ਰਾਜ ਦੀ ਜੀ ਡੀ ਪੀ ਨਾਲੋਂ ਵੀ ਵੱਧ ਕਿਸਾਨਾਂ ਨੂੰ ਕਰਜ਼ਾ ਦਿੱਤਾ ਦਿਖਾਇਆ ਗਿਆ ਹੈ | ਵੱਧ ਤੋਂ ਵੱਧ ਕਰਜ਼ਾ 40 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਦਿੱਤਾ ਜਾ ਸਕਦਾ ਹੈ | ਕਰਜ਼ਾ ਜੋ 70 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਹੈ, ਕਿਸੇ ਤਰ੍ਹਾਂ ਵੀ ਠੀਕ ਸਿੱਧ ਨਹੀਂ ਹੁੰਦਾ | ਨਤੀਜੇ ਵੱਜੋਂ ਕਿਸਾਨ ਕਰਜ਼ਈ ਹੁੰਦੇ ਜਾ ਰਹੇ ਹਨ | ਸਰਕਾਰ ਦੀ ਨਵੀਂ ਨੀਤੀ ਵਿੱਚ ਇਹ ਸਾਰੀਆਂ ਬਦਅਨੁਮਾਨੀਆਂ ਨੂੰ ਖ਼ਤਮ ਕਰਨ ਦਾ ਨਿਸ਼ਾਨਾ ਮੁੱਖ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 5 ਏਕੜ ਤੱਕ ਦੇ ਕਿਸਾਨਾਂ ਤੋਂ ਕਰਜ਼ਾ ਮੋੜਨ ਲਈ ਸਹਿਕਾਰੀ ਬੈਂਕਾਂ 'ਤੇ ਕੋਈ ਸਖ਼ਤ ਕਾਰਵਾਈ ਕਰਨ 'ਤੇ ਪਾਬੰਦੀ ਲਾ ਦਿੱਤੀ | ਤਜਾਰਤੀ ਬੈਂਕਾਂ ਵਲੋਂ ਦਿੱਤੇ ਕਰਜ਼ਿਆਂ ਸਬੰਧੀ ਕੇਂਦਰ ਸਰਕਾਰ /ਰਿਜ਼ਰਵ ਬੈੇਂਕ ਨਾਲ ਵਿਚਾਰਿਆ ਜਾ ਰਿਹਾ ਹੈ | ਸੁਰੇਸ਼ ਕੁਮਾਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਸਰਕਾਰ ਵੱਲ ਆਪਣੇ ਲੜਕੇ , ਲੜਕੀਆਂ ਲਈ ਸਰਕਾਰੀ ਨੌਕਰੀਆਂ ਦੇਣ ਲਈ ਨਾ ਤੱਕਣ | ਸਰਕਾਰੀ ਨੌਕਰੀਆਂ ਤਾਂ 4000 -5000 ਵਿਅਕਤੀਆਂ ਨੂੰ ਹੀ ਹਰ ਸਾਲ ਉਪਲੱਬਧ ਹੋ ਸਕਦੀਆਂ ਹਨ | ਕਿਉਂਕਿ ਇੰਨੇ ਕੁ ਵਿਅਕਤੀ ਹੀ ਸਰਕਾਰੀ ਸੇਵਾਵਾਂ ਤੋਂ ਹਰ ਸਾਲ ਸੇਵਾ ਮੁਕਤ ਹੁੰਦੇ ਹਨ | ਉਹ ਖੇਤੀ ਕਿੱਤੇ 'ਚ ਸੁਧਾਰ ਅਤੇ ਇਸ ਨੂੰ ਲਾਹੇਵੰਦ ਬਣਾ ਕੇ ਉਥੇ ਹੀ ਰੁਜਗ਼ਾਰ ਦੇ ਸਾਧਨ ਪੈਦਾ ਕਰਨ | ਜਿਸ ਲਈ ਨਵੀਂ ਖੇਤੀ ਨੀਤੀ ਸਹਾਈ ਹੋਵੇਗੀ |
ਉਨ੍ਹਾਂ ਕਿਹਾ ਕਿ ਭਵਿੱਖ 'ਚ ਨਵੀਂ ਖੇਤੀ ਨੀਤੀ ਅਨੁਸਾਰ ਕਿਸਾਨਾਂ ਨੂੰ ਸਬਸਿਡੀ ਸਿੱਧੇ ਤੌਰ 'ਤੇ ਮਿਲੇਗੀ ਤਾਂ ਜੋ ਵਿਚੋਲੇ ਤੇ ਏਜੰਸੀਆਂ ਇਸ ਵਿੱਚ ਨਾ ਆਉਣ ਜਿਸ ਕਾਰਨ ਇਨ੍ਹਾਂ ਸਬਸਿਡੀਆਂ ਦਾ ਪੂਰਾ ਫਾਇਦਾ ਕਿਸਾਨਾਂ ਨੂੰ ਉਪਲੱਬਧ ਨਹੀਂ ਹੋ ਰਿਹਾ | ਸੁਰੇਸ਼ ਕੁਮਾਰ ਨੇ ਕਿਹਾ ਕਿ ਜੇ ਰਿਸ਼ਵਤ ਅਤੇ ਭਿ੍ਸ਼ਟਾਚਾਰੀ ਖ਼ਤਮ ਹੋ ਜਾਵੇ ਤਾਂ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ |

-ਮੋਬਾ: 98152-36307

ਮੁਹੱਬਤੀ ਘਰ

ਆਪਣੇ ਘਰ ਦਾ ਸੁਫਨਾ ਹਰ ਕੋਈ ਲੈਂਦਾ ਹੈ | ਗ਼ਰੀਬ ਹੈ ਚਾਹੇ ਅਮੀਰ | ਆਖਰ ਕਿਓਾ? ਸਿੱਧਾ ਜਿਹਾ ਅਸੂਲ ਹੈ, ਜਿੰਨਾ ਚਿਰ ਕਿੱਲੇ ਨਾਲ ਨਾ ਬੰਨ੍ਹ ਹੋਵੇ, ਮਨ ਨੂੰ ਟਿਕਾਅ ਨਹੀਂ ਆਉਂਦਾ ਹੈ | ਘਰ ਇਸੇ ਲਈ ਕਿਸੇ ਵੀ ਜੀਵ ਦੀ ਮੁੱਢਲੀ ਲੋੜ ਬਣੀ ਰਹੀ ਹੈ | ਘਰ ਦੀ ਬਣਤਰ ਇਕ ਵੱਡਾ ਮਸਲਾ ਹੈ | ਮਨੁੱਖ ਤਾਂ ਦੂਸਰਿਆਂ ਦੀ ਮਦਦ ਲੈ ਲੈਂਦਾ ਹੈ, ਡਿਜ਼ਾਇਨ ਤੋਂ ਲੈ ਕੇ ਬਣਾਉਣ ਤੱਕ | ਲੱਖਾਂ ਵਿਚ ਧਨ ਵੀ ਖਰਚ ਦਿੰਦਾ ਹੈ | ਪਰ ਰੱਬ ਦੇ ਜੀਵ ਤਾਂ ਇਹ ਸਭ ਕੁਝ ਆਪ ਹੀ ਕਰਦੇ ਹਨ | ਟਾਹਣੀ ਦੀ ਚੋਣ ਤੋਂ ਲੈ ਕੇ, ਸ਼ੁਰੂ ਦੀਆਂ ਗੰਢਾਂ ਪਾ ਕੇ, ਖੂਬਸੂਰਤ ਘਰ ਉਸਾਰਨ ਤੱਕ | ਹਰ ਜੀਵ ਦਾ ਆਪਣਾ ਅੰਦਾਜ਼ ਹੈ, ਕੋਈ ਕਿਸੇ ਨੂੰ ਸਿਖਾਉਂਦਾ ਨਹੀਂ, ਬਸ ਸਭ ਕੁਝ ਆਪੇ ਵਾਪਰੀ ਜਾਂਦਾ ਹੈ | ਪੰਛੀ ਤਾਂ ਏਨੀ ਮਿਹਨਤ ਕਰ ਕੇ, ਮੁਹੱਬਤ ਦਾ ਘਰ ਬਣਾ, ਫਿਰ ਉਡਾਰ ਹੋ ਜਾਂਦੇ ਹਨ ਤੇ ਦੁਬਾਰਾ ਫਿਰ ਨਵਾਂ ਬਣਾਉਂਦੇ ਹਨ | ਇਹ ਸਿਰਫ ਮਨੁੱਖ ਹੀ ਹੈ ਜੋ ਕਬਜ਼ੇ ਦੀ ਭਾਵਨਾ ਨਹੀਂ ਛੱਡਦਾ ਤੇ ਆਪਣੇ ਲਈ ਦੁੱਖ ਸਹੇੜ ਲੈਂਦਾ ਹੈ ਤੇ ਪੰਛੀ ਹਰ ਵਾਰ ਆਪਣੀ ਮੁਹੱਬਤ ਨੂੰ ਨਵੀਂ ਸਿਰਿਓਾ ਰੂਪਮਾਨ ਕਰਦਾ ਹੈ |

-ਮੋਬਾ: 98159-45018

ਵਿਰਸੇ ਦੀਆਂ ਬਾਤਾਂ: ਹੁਣ ਕਿੱਥੇ ਮਿਲਦਾ ਅੱਧ ਰਿੜਕੇ ਦਾ ਛੰਨਾ

ਸੋਸ਼ਲ ਮੀਡੀਆ ਦਾ ਇਸ ਗੱਲੋਂ ਵੱਡਾ ਫ਼ਾਇਦਾ ਹੈ ਕਿ ਘੁੰਮਦੀ-ਫਿਰਦੀ ਕੋਈ ਤਸਵੀਰ, ਵਿਚਾਰ ਤੁਹਾਡੇ ਤੱਕ ਜ਼ਰੂਰ ਅੱਪੜ ਜਾਂਦਾ | ਕਿੰਨਾ ਅਨਮੋਲ ਖਜ਼ਾਨਾ ਜੁੜਿਆ ਹੋਇਆ ਹੈ ਇਸ ਸੰਸਾਰ ਨਾਲ | ਇਹ ਸਾਡੀ ਆਪਣੀ ਸਮਝ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਤਕਨੀਕ ਨਾਲ ਜੁੜੀਆਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਦੋਂ ਤੇ ਕਿਵੇਂ ਕਰਦੇ ਹਾਂ |
ਅੱਜ ਇਸ ਤਸਵੀਰ ਨੂੰ ਦੇਖ ਕੇ ਮਨ ਬੇਹੱਦ ਖੁਸ਼ ਹੋਇਆ | 'ਮਾਂ ਦੀ ਹੱਲਾਸ਼ੇਰੀ ਸ਼ੇਰ ਬਣਾ ਦਿੰਦੀ, ਜਦ ਅੱਧ ਰਿੜਕੇ ਦਾ ਛੰਨਾ ਮੂੰਹ ਨੂੰ ਲਾ ਦਿੰਦੀ' ਬੋਲ ਚੇਤੇ ਆ ਗਏ | ਜਿਨ੍ਹਾਂ ਨੇ ਅੱਧ ਰਿੜਕੇ ਦਾ ਛੰਨਾ ਪੀਤਾ ਹੈ, ਉਹ ਜਾਣਦੇ ਹੋਣਗੇ ਕਿ ਇਸ ਧਰਤੀ 'ਤੇ ਇਸ ਨਾਲੋਂ ਕਮਾਲ ਦਾ ਸਵਾਦ ਤੇ ਤਾਕਤ ਵਾਲੀ ਚੀਜ਼ ਕੋਈ ਹੋਰ ਨਹੀਂ | ਜਦੋਂ ਛੰਨਾ ਮੂੰਹ ਨੂੰ ਲੱਗਾ ਹੋਵੇ, ਮੁੱਛਾਂ ਲਿੱਬੜੀਆਂ ਹੋਣ ਤੇ ਮਾਂ ਆਪਣੀ ਚੁੰਨੀ ਨਾਲ ਔਲਾਦ ਦਾ ਮੂੰਹ ਪੂੰਝ ਕੇ ਥਾਪੀ ਦੇ ਕੇ ਕਹੇ, 'ਜਾਹ ਹੁਣ ਖੇਡ ਆ', ਤਾਂ ਕਿਵੇਂ ਪਿੱਛੇ ਰਿਹਾ ਜਾ ਸਕਦਾ | ਮੈਂ ਖੁਦ ਸਵਾਦ ਨਾਲ ਅੱਧ ਰਿੜਕੇ ਨੂੰ ਪੀਂਦਾ ਰਿਹਾ ਹਾਂ | ਨਿਆਣਾ ਹੋਣ ਕਰਕੇ ਬਹੁਤਾ ਤਾਂ ਨਹੀਂ, ਪਰ ਛੋਟਾ ਗਲਾਸ ਜ਼ਰੂਰ ਗਟਗਟ ਕਰਕੇ ਪੀ ਜਾਂਦਾ ਸਾਂ | ਨਾਨੀ ਨੇ ਕਹਿਣਾ, 'ਹੋਰ ਪੀ, ਹੋਰ ਪੀ', ਪਰ ਮੇਰੀ ਛੇਤੀ ਹੀ ਬੱਸ ਹੋ ਜਾਣੀ | ਉਹਨੇ ਲੜਨਾ ਕਿ ਹੁਣ ਪੀਂਦਾ ਨਹੀਂ, ਘੰਟੇ ਨੂੰ ਫੇਰ ਮੰਗੇਂਗਾ, ਉਦੋਂ ਹੋਣਾ ਨਹੀਂ | ਪਰ ਮੇਰਾ ਧਿਆਨ ਸਿਰਫ਼ ਨਾਲ ਦੇ ਸਾਥੀਆਂ ਨਾਲ ਖੇਡਣ ਵਿਚ ਹੁੰਦਾ |
ਅੱਜ ਖਾਣ-ਪੀਣ ਦੀਆਂ ਇਹੋ ਜਿਹੀਆਂ ਚੀਜ਼ਾਂ ਅਲੋਪ ਹੋ ਗਈਆਂ ਹਨ | ਹੁਣ ਘਰਾਂ ਵਿਚ ਮਧਾਣੀ ਨਹੀਂ ਘੁੰਮਦੀ | ਜੇ ਘੁੰਮਦੀ ਹੈ ਤਾਂ ਉਹ ਬਿਜਲਈ ਹੈ | ਹੱਥੀਂ ਦੁੱਧ ਰਿੜਕਣਾ ਬੀਤੇ ਦੀ ਬਾਤ ਬਣ ਚੁੱਕਾ | ਨਾ ਕਿਸੇ ਕੋਲ ਏਨਾ ਵਕਤ ਹੈ ਕਿ ਹੱਥੀਂ ਇਹ ਕੰਮ ਕੀਤਾ ਜਾਵੇ ਤੇ ਨਾ ਕਿਸੇ ਵਿਚ ਏਨਾ ਜ਼ੋਰ | ਹਾਲਾਤ ਇਹ ਬਣ ਚੁੱਕੇ ਹਨ ਕਿ ਕਈ ਨਿਆਣੇ ਦੁੱਧ ਪੀਣਾ ਵੀ ਪਸੰਦ ਨਹੀਂ ਕਰਦੇ | ਜੇ ਉਨ੍ਹਾਂ ਨੂੰ ਇਹ ਤਸਵੀਰਾਂ ਦਿਖਾਈਏ ਤਾਂ ਹੈਰਾਨ ਹੁੰਦੇ ਹਨ ਕਿ ਏਨਾ ਸੰਘਣਾ ਪਦਾਰਥ ਇਉਂ ਹੀ ਕਿਵੇਂ ਪੀ ਜਾਂਦੇ ਸੀ | ਤੁਸੀਂ ਬਿਮਾਰ ਨਹੀਂ ਸੀ ਹੁੰਦੇ |
ਸ਼ਹਿਰਾਂ ਵਿਚ ਦੁੱਧ ਪੈਕੇਟਾਂ ਵਿਚ ਮਿਲਦਾ ਹੈ | ਦਹੀਂ ਪੈਕੇਟਾਂ ਵਿਚ ਮਿਲਦੀ ਹੈ | ਪਨੀਰ ਪੈਕੇਟਾਂ ਵਿਚ ਮਿਲਦਾ | ਮੱਖਣ ਡੱਬੀਆਂ ਵਿਚ ਬੰਦ ਹੋ ਗਿਆ | ਪਿੰਡਾਂ ਵਿਚ ਘੱਟ-ਵੱਧ ਘਰ ਦੀਆਂ ਇਹ ਚੀਜ਼ਾਂ ਮਿਲ ਜਾਂਦੀਆਂ ਹਨ | ਪਿੰਡਾਂ 'ਤੇ ਕਿਉਂਕਿ ਸ਼ਹਿਰਾਂ ਦਾ ਵੱਡਾ ਅਸਰ ਪਿਆ ਹੈ, ਇਸ ਲਈ ਉਥੇ ਪਹਿਲਾਂ ਜਿੰਨੀਆਂ ਚੀਜ਼ਾਂ ਨਹੀਂ ਮਿਲਦੀਆਂ | ਹਰ ਚੀਜ਼ ਬਜ਼ਾਰਵਾਦ ਨਾਲ ਜੁੜ ਗਈ ਹੈ | ਇਨਸਾਨ ਨਿੱਕੀ-ਨਿੱਕੀ ਗੱਲ ਲਈ ਸ਼ਹਿਰ 'ਤੇ ਨਿਰਭਰ ਹੋ ਗਿਆ ਹੈ | ਘਰ ਦੀ ਚੀਜ਼ ਤੇ ਸ਼ਹਿਰ ਦੀ ਚੀਜ਼ ਵਿਚ ਜ਼ਮੀਨ-ਅਸਮਾਨ ਦਾ ਅੰਤਰ ਹੈ |
ਪਸ਼ੂ ਪਾਲਣੇ ਮਹਿੰਗੇ ਪੈਣ ਲੱਗੇ ਤਾਂ ਪਿੰਡਾਂ ਵਿਚੋਂ ਪਸ਼ੂ ਘਟਣ ਲੱਗੇ | ਜਦੋਂ ਪਸ਼ੂ ਘਟ ਗਏ ਤਾਂ ਦੁੱਧ ਤੋਂ ਬਣੀਆਂ ਚੀਜ਼ਾਂ ਘਰਾਂ ਵਿਚ ਕਿਵੇਂ ਬਣ ਸਕਦੀਆਂ? ਕਿਹੜਾ ਪਿੰਡ ਹੈ ਅਜਿਹਾ, ਜਿੱਥੇ ਦੋਧੀ ਦੁੱਧ ਪਾਉਣ ਨਹੀਂ ਆਉਂਦੇ | ਜਦਕਿ ਪਹਿਲਾਂ ਦੋਧੀ ਪਿੰਡਾਂ ਵਿਚੋਂ ਸਿਰਫ਼ ਦੁੱਧ ਲੈਂਦੇ ਹਨ ਤੇ ਸ਼ਹਿਰੀਆਂ ਨੂੰ ਦਿੰਦੇ ਸਨ | ਸਮੇਂ ਨਾਲ ਬਹੁਤ ਕੁੱਝ ਬਦਲਿਆ ਹੈ ਤੇ ਇਸ ਬਦਲਾਅ ਨੇ ਕਿੰਨਾ ਕੁੱਝ ਉਤੇ ਥੱਲੇ ਕੀਤਾ ਹੈ |

-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ |
ਮੋਬਾਈਲ : 98141-78883

ਹੱਥ ਵੱਟਵੀਆਂ ਸੇਵੀਆਂ ਤੋਂ ਅਜੋਕੀ ਪੀੜ੍ਹੀ ਕੋਹਾਂ ਦੂਰ

ਪੁਰਾਣੇ ਸਮਿਆਂ 'ਚ ਘਰ 'ਚ ਆਉਣ ਵਾਲੇ ਪ੍ਰਾਹੁਣਿਆਂ ਲਈ ਖਾਣੇ ਤੋਂ ਬਾਅਦ ਸਪੈਸ਼ਲ ਤੌਰ 'ਤੇ ਪਰੋਸੀਆਂ ਜਾਣ ਵਾਲੀਆਂ ਹੱਥ ਵੱਟਵੀਆਂ ਸੇਵੀਆਂ ਤੋਂ ਅਜੋਕੇ ਸਮੇਂ ਦੀ ਪੀੜ੍ਹੀ ਸੇਵੀਆਂ ਵੱਟਣ ਅਤੇ ਉਸ ਦੇ ਸਵਾਦ ਤੋਂ ਕੋਹਾਂ ਦੂਰ ਹੈ ਅਤੇ ਹੱਥ ਨਾਲ ਵੱਟਣ ਵਾਲੀ ਇਹ ਪੁਰਾਣੀ ਕਲਾ ਸਿਰਫ ਪੁਰਾਣੇ ਬਜ਼ੁਰਗਾਂ ਅਤੇ ਪਿੰਡਾਂ 'ਚ ਹੀ ਰਹਿ ਗਈ ਹੈ | ਕਿਉਂਕਿ ਪੁਰਾਣੇ ਬਜ਼ੁਰਗ ਅਜੇ ਵੀ ਹੱਥ ਵੱਟਵੀਆਂ ਸੇਵੀਆਂ ਦਾ ਸਵਾਦ ਲੈ ਰਹੇ ਹਨ ਜਦੋਂ ਕਿ ਅਜੋਕੇ ਸਮੇਂ ਦੀ ਪੀੜ੍ਹੀ ਮਸ਼ੀਨੀ ਸੇਵੀਆਂ ਦਾ ਇਸਤੇਮਾਲ ਨੂੰ ਤਰਜੀਹ ਦੇ ਰਹੀ ਹੈ |
ਸੇਵੀਆਂ ਦਾ ਪਿਛੋਕੜ ਜੇਕਰ ਵੇਖਿਆ ਜਾਵੇ ਤਾਂ ਸਭ ਤੋਂ ਵੱਧ ਸੇਵੀਆਂ ਪਿੰਡਾਂ 'ਚ ਸਾਵਣ ਦੇ ਮਹੀਨੇ 'ਚ ਵੱਟੀਆਂ (ਬਣਾਈਆਂ) ਜਾਂਦੀਆਂ ਸਨ | ਕਿਉਂਕਿ ਸਾਵਣ ਦੇ ਮਹੀਨੇ 'ਚ ਸਜ-ਵਿਆਹੀਆਂ ਜਾਂ ਹੋਰ ਲੜਕੀਆਂ ਪੇਕੇ ਘਰ 'ਚ ਕੁਝ ਦਿਨ ਰਹਿਣ ਲਈ ਆਉਂਦੀਆਂ ਸਨ ਅਤੇ ਜਿਸ ਸਮੇਂ ਪਰਿਵਾਰ ਦੇ ਜੀਅ ਸਾਰੇ ਇਕੱਠੇ ਹੁੰਦੇ ਤਾਂ ਉਹ ਦੁਪਹਿਰ ਵੇਲੇ ਮੈਦੇ ਤੋਂ ਤਿਆਰ ਹੋਣ ਵਾਲੀਆਂ ਸੇਵੀਆਂ ਨੂੰ ਇਕੱਠ ਦੇ ਰੂਪ ਵਿਚ ਹੱਥਾਂ ਨਾਲ ਵੱਟਦੇ | ਇਸ ਨਾਲ ਜਿਥੇ ਸਮਾਂ ਬਤੀਤ ਹੋ ਜਾਂਦਾ, ਉਸ ਦੇ ਨਾਲ-ਨਾਲ ਸੇਵੀਆਂ ਵੀ ਵੱਟੀਆਂ ਜਾਂਦੀਆਂ | ਸੇਵੀਆਂ ਵੱਟਣ ਬਾਰੇ ਇਕ ਇਹ ਗੱਲ ਵੀ ਬਹੁਤ ਚਰਚਿਤ ਹੁੰਦੀ ਸੀ ਕਿ ਸੇਵੀਆਂ ਵੱਟ ਕੇ ਸਜ ਵਿਆਹੀਆਂ ਲੜਕੀਆਂ ਦੇ ਸੱਸ-ਸਹੁਰੇ ਦੇ ਵੱਟ ਲਾਹੇ ਜਾਂਦੇ ਹਨ | ਇਸ ਤੋਂ ਇਲਾਵਾ ਸੇਵੀਆਂ ਦਾ ਇਤਿਹਾਸ ਭਾਦੋਂ ਦੇ ਮਹੀਨੇ 'ਚ ਆਉਣ ਵਾਲੇ ਤਿਉਹਾਰ ਗੁੱਗਾ ਨਾਮੀ ਨਾਲ ਵੀ ਜੁੜਿਆ ਹੋਇਆ ਹੈ | ਦੱਸਦੇ ਹਨ ਕਿ ਗੁੱਗਾ ਨੌਮੀ ਦਾ ਤਿਉਹਾਰ ਆਉਣ ਤੋਂ ਪਹਿਲਾਂ ਲੋਕ ਸੇਵੀਆਂ ਵੱਟਦੇ ਸਨ ਅਤੇ ਗੁੱਗਾਂ ਨੌਮੀ ਦੇ ਮੌਕੇ 'ਤੇ ਵਰਮੀ 'ਤੇ ਕੱਚੀਆਂ ਸੇਵੀਆਂ ਸੁੱਟਦੇ ਸਨ |
ਸੇਵੀਆਂ ਮੈਦੇ ਨੂੰ ਗਿੱਲਾ ਕਰਕੇ ਵੱਖ-ਵੱਖ ਰੰਗਾਂ 'ਚ ਛੋਟੇ ਰੂਪ ਵਿਚ ਵੱਟੀਆਂ ਜਾਂਦੀਆਂ ਹਨ | ਸੁਕਾਉਣ ਤੋਂ ਬਾਅਦ ਗਰਮ ਕੜਾਹੀ 'ਚ ਪਾ ਕੇ ਸੁੱਕੀਆਂ ਤੜਕੀਆਂ ਜਾਂਦੀਆਂ ਹਨ ਤਾਂ ਜੋ ਸੇਵੀਆਂ ਦੀ ਲੰਮਾ ਸਮਾਂ ਸੰਭਾਲ ਹੋ ਸਕੇ ਅਤੇ ਜਿਸ ਸਮੇਂ ਸੇਵੀਆਂ ਦੀ ਤਿਆਰੀ ਕਰਨੀ ਹੈ ਜਲਦੀ ਤਿਆਰ ਹੋ ਸਕਣ | ਇਸ ਤੋਂ ਬਾਅਦ ਸੇਵੀਆਂ ਦੋ ਤਰਾਂ ਨਾਲ ਦੁੱਧ ਵਿਚ ਉਬਾਲ ਕੇ ਜਾਂ ਸੁੱਕੀਆਂ ਦੇਸੀ ਘਿਓ 'ਚ ਪਾ ਕੇ ਬਣਾਈਆਂ ਜਾਂਦੀਆਂ ਹਨ ਜੋ ਅਤਿ ਸਵਾਦਿਸ਼ਟ ਹੁੰਦੀਆਂ ਹਨ | ਪੁਰਾਣੇ ਸਮੇਂ 'ਚ ਬਹੁਤ ਤਰਜੀਹ ਨਾਲ ਬਣਾਈਆਂ ਜਾਣ ਵਾਲੀਆਂ ਸੇਵੀਆਂ ਪੁਰਾਣੇ ਬਜ਼ੁਰਗਾਂ ਦੇ ਖ਼ਤਮ ਹੋਣ ਦੇ ਨਾਲ-ਨਾਲ ਖ਼ਤਮ ਹੁੰਦੀਆਂ ਜਾ ਰਹੀਆਂ ਹਨ, ਜਿਸ ਨੂੰ ਅਜੋਕੇ ਸਮੇਂ ਦੀ ਦੌੜ 'ਚ ਸਮੇਂ ਦੀ ਘਾਟ ਜਾਂ ਵੱਧ ਮਿਹਨਤ ਕਿਹਾ ਜਾ ਸਕਦਾ ਹੈ | ਪਿੰਡਾਂ 'ਚ ਅਜੇ ਵੀ ਸੇਵੀਆਂ ਵੱਟਣ ਦਾ ਰੁਝਾਨ ਜ਼ੋਰਾਂ 'ਤੇ ਹੈ ਅਤੇ ਜੇਕਰ ਕੋਈ ਸੇਵੀਆਂ ਨਹੀਂ ਵੱਟ ਸਕਦਾ ਤਾਂ ਪ੍ਰਤੀ ਕਿਲੋ 50 ਤੋਂ 70 ਰੁਪਏ ਤੱਕ ਮਿਹਨਤ ਨਾਲ ਲੋਕ ਸੇਵੀਆਂ ਵੱਟ ਰਹੇ ਹਨ | ਜੇਕਰ ਅਜੋਕੀ ਪੀੜ੍ਹੀ ਨੇ ਇਸ ਵਿਰਾਸਤ ਨੂੰ ਨਾ ਸੰਭਾਲਿਆ ਤਾਂ ਆਉਣ ਵਾਲੇ ਸਮੇਂ 'ਚ ਇਹ ਰੁਝਾਨ ਵੀ ਖ਼ਤਮ ਹੋ ਜਾਵੇਗਾ |

-ਗੁਰਸ਼ਰਨਜੀਤ ਸਿੰਘ ਪੁਰੇਵਾਲ
ਮਕਾਨ ਨੰਬਰ 1205, ਮੁਹੱਲਾ ਜ਼ੈਲਦਾਰਾਂ, ਕਲਾਨੌਰ, -143512 ਮੋਬਾਈਲ: 9876420490

ਆਲੂਆਂ ਦੇ ਨਿਰੋਗੀ ਬੀਜ ਦੀ ਚੋਣ: ਨਰੋਈ ਅਤੇ ਰੋਗ ਰਹਿਤ ਫ਼ਸਲ ਪੈਦਾ ਕਰਨ ਦੀ ਕੰੁਜੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੌਦਾ ਰੋਗ ਵਿਭਾਗ ਦੇ ਵਿਗਿਆਨੀਆਂ ਵੱਲੋਂ ਸਮੇਂ-ਸਮੇਂ 'ਤੇ ਆਲੂਆਂ ਦੇ ਝੁਲਸ ਰੋਗ ਦੀ ਰੋਕਥਾਮ ਸਬੰਧੀ ਹਰ ਸਾਲ ਮੁਹਿੰਮ ਚਲਾਈ ਜਾਂਦੀ ਹੈ ਤਾਂ ਜੋ ਕਿਸਾਨ ਵੀਰ ਸਹੀ ਸਮੇਂ 'ਤੇ ਉੱਲੀਨਾਸ਼ਕਾਂ ਦਾ ਛਿੜਕਾਅ ਕਰਕੇ ਆਪਣੀ ਫ਼ਸਲ ਨੂੰ ਇਸ ਬਿਮਾਰੀ ਤੋਂ ਬਚਾਅ ਸਕਣ | ਬੀਜ ਵਾਲੇ ਆਲੂਆਂ ਨੂੰ ਠੰਢੇ ਗੋਦਾਮਾਂ ਵਿਚ ਰੱਖਣ ਤੋਂ ਪਹਿਲਾਂ ਅਤੇ ਕੱਢਣ ਤੋਂ ਬਾਅਦ ਬਿਜਾਈ ਸਮੇਂ, ਇਨ੍ਹਾਂ ਵਿਚੋਂ ਬਿਮਾਰੀ ਵਾਲੇ ਦਾਗ਼ੀ ਆਲੂ ਛਾਂਟ ਕੇ ਨਸ਼ਟ ਕਰਨ ਦੀ ਜਾਣਕਾਰੀ ਵੀ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ | ਬੀਜ ਵਾਲੇ ਆਲੂਆਂ ਵਿਚੋਂ ਬਿਮਾਰ ਅਤੇ ਦਾਗੀ ਆਲੂ ਛਾਂਟ ਕੇ ਨਸ਼ਟ ਕਰਨ ਨਾਲ ਬਿਮਾਰੀ ਦੀ ਲਾਗ ਲਗਾਉਣ ਵਾਲੀ ਉੱਲੀ ਦਾ ਮੁੱਖ ਸੋਮਾ ਨਸ਼ਟ ਹੋ ਜਾਂਦਾ ਹੈ ਅਤੇ ਆਉਣ ਵਾਲੀ ਫ਼ਸਲ ਤੇ ਬਿਮਾਰੀ ਦਾ ਖ਼ਦਸ਼ਾ ਘਟ ਜਾਂਦਾ ਹੈ | ਪਿਛਲੇ ਕੁਝ ਸਾਲਾਂ ਤੋਂ ਬਿਮਾਰੀ ਦਾ ਇਹ ਮੁੱਖ ਸੋਮਾ ਨਸ਼ਟ ਹੋਣ ਕਰਕੇ ਹੀ ਇਹ ਬਿਮਾਰੀ ਮਹਾਂਮਾਰੀ ਦੇ ਰੂਪ ਵਿਚ ਨਹੀਂ ਦੇਖੀ ਗਈ | ਪਿਛਲੇ ਕੁਝ ਸਾਲਾਂ ਦੌਰਾਨ ਕੀਤੇ ਗਏ ਸਰਵੇਖਣ ਅਨੁਸਾਰ ਝੁਲਸ ਰੋਗ ਦਾ ਹਮਲਾ ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲਿ੍ਹਆਂ ਵਿਚ ਵੇਖਿਆ ਗਿਆ ਹੈ | ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਬੀਜ ਵਾਲੇ ਆਲੂਆਂ ਨੂੰ ਠੰਢੇ ਗੋਦਾਮਾਂ ਵਿਚੋਂ ਕੱਢਣ ਬਾਅਦ ਬਿਮਾਰੀ ਵਾਲੇ ਦਾਗ਼ੀ ਆਲੂਆਂ ਨੂੰ ਧਿਆਨ ਨਾਲ ਛਾਂਟ ਕੇ ਨਸ਼ਟ ਕਰ ਦੇਣ ਤਾਂ ਜੋ ਬੀਜ ਰਾਹੀਂ ਫੈਲਣ ਵਾਲੀ ਇਸ ਬਿਮਾਰੀ ਦਾ ਮੁੱਖ ਸੋਮਾ ਨਸ਼ਟ ਹੋ ਜਾਵੇ | ਧੱਫੜੀ ਰੋਗ ਵੀ ਰੋਗੀ ਬੀਜ ਰਾਹੀਂ ਹੀ ਫੈਲਦੇ ਹਨ | ਇਨ੍ਹਾਂ ਰੋਗਾਂ ਦਾ ਬੀਜ ਉਤੇ ਹਮਲਾ ਹੋਣ ਕਰਕੇ ਮਿਆਰ ਘਟ ਜਾਂਦਾ ਹੈ ਅਤੇ ਮੰਡੀ ਵਿਚ ਆਲੂਆਂ ਦਾ ਪੂਰਾ ਮੁੱਲ ਨਹੀਂ ਮਿਲਦਾ | ਖਰੀਂਢ ਰੋਗ ਦੇ ਹਮਲੇ ਨਾਲ ਆਲੂਆਂ ਉਤੇ ਕਾਲੇ ਰੰਗ ਦੇ ਖੁਰਦਰੇ ਖਰੀਂਢ ਪੈਦਾ ਹੋ ਜਾਂਦੇ ਹਨ | ਜਦੋਂ ਕਿ ਧੱਫੜੀ ਰੋਗ ਨਾਲ ਪ੍ਰਭਾਵਿਤ ਆਲੂਆਂ ਉਤੇ 5 ਤੋਂ 8 ਮਿ. ਮੀ. ਆਕਾਰ ਦੇ ਖੁਰਦਰੇ ਅਤੇ ਉਭਰਵੇਂ ਜਾਂ ਅੰਦਰ ਧਸੇ ਨਿਸ਼ਾਨ ਪੈ ਜਾਂਦੇ ਹਨ, ਜੋ ਆਪਸ ਵਿਚ ਮਿਲ ਕੇ ਬੇਢਬੇ ਅਤੇ ਵੱਡੇ ਆਕਾਰ ਦੇ ਹੋ ਜਾਂਦੇ ਹਨ | ਆਲੂਆਂ 'ਤੇ ਧੱਫੜੀ ਅਤੇ ਖਰੀਂਢ ਰੋਗ ਦਾ ਹਮਲਾ ਹਰ ਸਾਲ ਲਗਾਤਾਰ ਵਧ ਰਿਹਾ ਹੈ | ਅਸਲ ਵਿਚ ਇਹ ਖਰੀਂਢ ਉੱਲੀ ਦੀਆਂ ਮਗਰੋੜੀਆਂ ਹੁੰਦੀਆਂ ਹਨ ਜੋ ਇਸ ਤਰ੍ਹਾਂ ਜਾਪਦੀਆਂ ਹਨ ਜਿਵੇਂ ਆਲੂਆਂ 'ਤੇ ਕਾਲੇ ਰੰਗ ਦੀ ਮਿੱਟੀ ਜੰਮੀ ਹੋਵੇ ਜਿਹੜੀ ਕਿ ਧੋਣ ਨਾਲ ਨਹੀਂ ਉਤਰਦੀ | ਇਹ ਦੋਵੇਂ ਬਿਮਾਰੀਆਂ ਜ਼ਮੀਨ ਅਤੇ ਰੋਗੀ ਆਲੂਆਂ 'ਤੇ ਪਲਦੀਆਂ ਰਹਿੰਦੀਆਂ ਹਨ | ਅਜਿਹੇ ਰੋਗੀ ਆਲੂਆਂ ਦੀ ਬਿਜਾਈ ਕਰਨ ਨਾਲ ਲਗਾਤਾਰ ਇਨ੍ਹਾਂ ਬਿਮਾਰੀਆਂ ਦਾ ਜ਼ਮੀਨ ਵਿਚ ਵਾਧਾ ਹੋ ਰਿਹਾ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ | ਨਰੋਏ ਅਤੇ ਰੋਗ ਰਹਿਤ ਬੀਜ ਦੀ ਵਰਤੋਂ ਕਰਕੇ ਇਨ੍ਹਾਂ ਬਿਮਾਰੀਆਂ 'ਤੇ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ | ਬੀਜ ਰਾਹੀਂ ਫੈਲਣ ਵਾਲੀਆਂ ਇਹ ਬਿਮਾਰੀਆਂ ਅੱਗੋਂ ਨਵੇਂ ਖੇਤਾਂ ਜਾਂ ਖੇਤਰ ਵਿਚ ਨਹੀਂ ਫੈਲਣਗੀਆਂ | (ਸਮਾਪਤ)

-ਮੋਬਾਈਲ : 94637-47280.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX