ਤਾਜਾ ਖ਼ਬਰਾਂ


ਕਾਰ ਸਵਾਰਾਂ ਕੋਲੋਂ 18 ਲੱਖ ਦੀ ਨਕਦੀ ਬਰਾਮਦ
. . .  11 minutes ago
ਜ਼ੀਰਕਪੁਰ, 26 ਅਪਰੈਲ, {ਹੈਪੀ ਪੰਡਵਾਲਾ}-ਅੱਜ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਕੋਲ਼ੋਂ 18 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ...
ਆਈ ਪੀ ਐੱਲ 2019 -ਮੁੰਬਈ ਨੇ ਚੇਨਈ ਨੂੰ ਦਿੱਤਾ 156 ਦੌੜਾਂ ਦਾ ਟੀਚਾ
. . .  30 minutes ago
ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਦਾ ਚੋਣ ਕਮਿਸ਼ਨ ਨੂੰ ਸੁਝਾਅ- ਜੂਨ ਦੀ ਬਜਾਏ ਨਵੰਬਰ 'ਚ ਹੋਣ ਵਿਧਾਨ ਸਭਾ ਚੋਣਾਂ
. . .  28 minutes ago
ਸ੍ਰੀਨਗਰ, 26 ਅਪ੍ਰੈਲ- ਦੇਸ਼ 'ਚ ਚਲ ਰਹੀਆਂ ਲੋਕ ਸਭਾ ਦੌਰਾਨ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਜਪਾਲ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵਿਚਾਲੇ ਬੈਠਕ ਹੋਈ। ਇਸ ਬੈਠਕ ...
ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 2 hours ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 3 hours ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  about 3 hours ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  about 4 hours ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਹੋਰ ਖ਼ਬਰਾਂ..

ਸਾਡੀ ਸਿਹਤ

ਸਿਹਤ ਦੀ ਰੱਖਿਆ ਕਰਦਾ ਹੈ ਵਿਟਾਮਿਨ 'ਸੀ'

ਹਰ ਤਰ੍ਹਾਂ ਦੇ ਖਾਧ ਪਦਾਰਥਾਂ ਵਿਚ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਕੋਈ ਨਾ ਕੋਈ ਵਿਟਾਮਿਨ ਜ਼ਰੂਰ ਹੁੰਦਾ ਹੈ ਜੋ ਸਾਡੇ ਸਰੀਰ ਅਤੇ ਤੰਦਰੁਸਤੀ ਦੀ ਰੱਖਿਆ ਕਰਨ ਵਿਚ ਸਹਾਇਕ ਹੈ। ਹਰ ਵਿਟਾਮਿਨ ਸਾਡੇ ਸਰੀਰ ਵਿਚ ਜਾ ਕੇ ਇਕ ਚੰਗੀ ਭੂਮਿਕਾ ਨਿਭਾਉਂਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਵਿਟਾਮਿਨਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਉਂਜ ਤਾਂ ਸਾਰੇ ਵਿਟਾਮਿਨ ਹੀ ਸਾਡੇ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ ਪਰ ਵਿਟਾਮਿਨ 'ਸੀ' ਜੋ ਸਾਨੂੰ ਪੱਤੇਦਾਰ ਸਬਜ਼ੀਆਂ ਅਤੇ ਫਲਾਂ ਤੋਂ ਪ੍ਰਾਪਤ ਹੁੰਦਾ ਹੈ, ਸਰੀਰਕ ਤੰਦਰੁਸਤੀ ਲਈ ਬਹੁਤ ਲਾਭਕਾਰੀ ਹੈ। ਆਮ ਤੌਰ 'ਤੇ ਕਿਹਾ ਵੀ ਜਾਂਦਾ ਹੈ ਕਿ ਜਦੋਂ ਖੱਟੇ ਫਲਾਂ ਦਾ ਇਕ ਗਿਲਾਸ ਰਸ ਹਰ ਰੋਜ਼ ਪੀਤਾ ਜਾਵੇ ਤਾਂ ਸਿਹਤ ਸਬੰਧੀ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਇਲਾਜ ਆਪੇ ਹੀ ਹੋ ਜਾਂਦਾ ਹੈ।
ਵਿਟਾਮਿਨ 'ਸੀ' ਖੂਨ ਵਿਚ ਕੋਲੈਸਟ੍ਰੋਲ ਦਾ ਪੱਧਰ ਘੱਟ ਕਰਦਾ ਹੈ, ਕੈਂਸਰ ਕਾਰਕ ਤੱਤਾਂ ਦਾ ਮੁਕਾਬਲਾ ਕਰਦਾ ਹੈ, ਸਰੀਰ ਵਿਚ ਆਇਰਨ ਦੀ ਮਾਤਰਾ ਨੂੰ ਭਲੀਭਾਂਤ ਅਵਸ਼ੋਸ਼ਿਤ ਕਰਦਾ ਹੈ, ਚਮੜੀ ਵਿਚ ਚਮਕ ਲਿਆਉਂਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਲਈ ਜ਼ਰੂਰੀ ਅਤੇ ਲਾਭਦਾਇਕ ਹੈ।
ਇਹ ਪੌਸ਼ਟਿਕ ਤੱਤ ਸਾਨੂੰ ਔਲਾ, ਅੰਬ, ਟਮਾਟਰ, ਪਾਲਕ, ਨਿੰਬੂ, ਆਲੂ ਅਤੇ ਖੱਟੇ ਫਲਾਂ ਦੇ ਸੇਵਨ ਨਾਲ ਮਿਲਦਾ ਹੈ। ਇਸ ਦੀ ਹਰ ਰੋਜ਼ ਲੋੜ ਪ੍ਰਤੀ ਵਿਅਕਤੀ 40 ਮਿਲੀਗ੍ਰਾਮ ਹੁੰਦੀ ਹੈ, ਜੋ ਸਾਨੂੰ ਇਕ ਸੰਤਰੇ ਦੇ ਸੇਵਨ ਤੋਂ ਪ੍ਰਾਪਤ ਹੁੰਦੀ ਹੈ। ਵੈਸੇ ਇਹ ਮਾਤਰਾ ਹਰ ਵਿਅਕਤੀ ਲਈ ਥੋੜ੍ਹੀ-ਬਹੁਤ ਅਲੱਗ ਵੀ ਹੋ ਸਕਦੀ ਹੈ। ਤਣਾਅ ਹੋਣ 'ਤੇ, ਕਿਸੇ ਵੀ ਤਰ੍ਹਾਂ ਦਾ ਇਨਫੈਕਸ਼ਨ ਹੋਣ, ਜ਼ਿਆਦਾ ਖੇਡਣ-ਕੁੱਦਣ ਵਾਲੇ ਬੱਚਿਆਂ, ਗਰਭ ਅਵਸਥਾ ਅਤੇ ਬੁਢਾਪੇ ਵਿਚ ਵਿਟਾਮਿਨ 'ਸੀ' ਦੀ ਲੋੜ ਹੁੰਦੀ ਹੈ।
ਇਹ ਵਾਲਾਂ ਲਈ ਉੱਤਮ ਮੰਨਿਆ ਜਾਂਦਾ ਹੈ। ਵਿਟਾਮਿਨ 'ਸੀ' ਬੇਜਾਨ ਵਾਲਾਂ ਵਿਚ ਜਾਨ ਪਾ ਦਿੰਦਾ ਹੈ ਅਤੇ ਇਕ ਚੰਗੇ ਕੰਡੀਸ਼ਨਰ ਦਾ ਵੀ ਕੰਮ ਕਰਦਾ ਹੈ। ਵਾਲਾਂ ਦੇ ਨਾਲ-ਨਾਲ ਇਹ ਚਮੜੀ ਵਿਚ ਵੀ ਕੁਦਰਤੀ ਚਮਕ ਪੈਦਾ ਕਰਦਾ ਹੈ। ਇਹ ਚਮੜੀ ਨੂੰ ਹਾਨੀਕਾਰਕ ਕਾਸਮੈਟਿਕਸ ਤੋਂ ਬਚਾਉਂਦਾ ਹੈ ਅਤੇ ਚਮੜੀ ਦਾ ਰੰਗ ਸਾਫ਼ ਕਰਨ ਵਿਚ ਵੀ ਸਹਾਇਕ ਹੈ।
ਸਾਡੇ ਲਾਲ ਖੂਨ ਕਣਾਂ ਵਿਚ ਲੋਹ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਲੋਹ ਤੱਤ ਆਕਸੀਜਨ ਨੂੰ ਸਰੀਰ ਵਿਚ ਪ੍ਰਵਿਸ਼ਟ ਕਰਾਉਣ ਵਿਚ ਯੋਗਦਾਨ ਦਿੰਦਾ ਹੈ, ਇਸ ਲਈ ਆਇਰਨ ਦੀ ਸਹੀ ਮਾਤਰਾ ਲੈਣ ਲਈ ਵਿਟਾਮਿਨ 'ਸੀ' ਜ਼ਰੂਰੀ ਹੈ। ਲੋਹ ਤੱਤ ਯੁਕਤ ਭੋਜਨ ਦੇ ਨਾਲ-ਨਾਲ ਵਿਟਾਮਿਨ 'ਸੀ' ਦਾ ਸੇਵਨ ਵੀ ਬੇਹੱਦ ਜ਼ਰੂਰੀ ਹੈ।
ਆਕਸੀਜਨ ਵਿਚ ਹਾਨੀਕਾਰਕ ਤੱਤ ਫ੍ਰੀ ਰੈਡੀਕਲਸ ਹੁੰਦੇ ਹਨ ਜੋ ਕੈਂਸਰ ਅਤੇ ਮੋਤੀਆਬਿੰਦ ਵਰਗੀਆਂ ਬਿਮਾਰੀਆਂ ਨੂੰ ਪੈਦਾ ਕਰਨ ਵਿਚ ਸਹਾਇਕ ਹੁੰਦੇ ਹਨ। ਨਵੀਆਂ ਖੋਜਾਂ ਨਾਲ ਪਤਾ ਲੱਗਾ ਹੈ ਕਿ ਵਿਟਾਮਿਨ 'ਈ', 'ਸੀ' ਜਾਂ 'ਏ' ਆਦਿ ਦਾ ਜ਼ਿਆਦਾ ਸੇਵਨ ਕਰਨ ਨਾਲ ਫ੍ਰੀ ਰੈਡੀਕਲਸ ਦੁਆਰਾ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਰੋਕਿਆ ਜਾ ਸਕਦਾ ਹੈ।
ਅੱਖਾਂ ਦੀ ਰੱਖਿਆ ਕਰਦਾ ਹੈ ਵਿਟਾਮਿਨ 'ਸੀ'। ਵਿਟਾਮਿਨ 'ਸੀ' ਦਾ ਨਿਯਮਤ ਸੇਵਨ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਣ ਵਿਚ ਸਹਾਇਕ ਸਿੱਧ ਹੁੰਦਾ ਹੈ। ਵਿਟਾਮਿਨ 'ਸੀ' ਦੇ ਨਿਯਮਤ ਸੇਵਨ ਨਾਲ ਮਸੂੜਿਆਂ ਵਿਚੋਂ ਖੂਨ ਆਉਣ, ਛੋਟੀਆਂ-ਮੋਟੀਆਂ ਰਗੜਾਂ ਲੱਗਣ ਆਦਿ ਨੂੰ ਛੇਤੀ ਠੀਕ ਕੀਤਾ ਜਾ ਸਕਦਾ ਹੈ, ਕਿਉਂਕਿ ਵਿਟਾਮਿਨ 'ਸੀ' ਸਰੀਰ ਨੂੰ ਜੋੜਨ ਵਾਲੇ ਕੋਲਾਜੇਨ ਨੂੰ ਬਣਾਈ ਰੱਖਣ ਵਿਚ ਸਹਾਇਕ ਹੁੰਦਾ ਹੈ। ਜੇ ਕੋਲਾਜੇਨ ਦੀ ਬਣਾਵਟ ਮਜ਼ਬੂਤ ਹੋਵੇ ਤਾਂ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਆਪਣੇ-ਆਪ ਛੁਟਕਾਰਾ ਮਿਲ ਜਾਂਦਾ ਹੈ।


ਖ਼ਬਰ ਸ਼ੇਅਰ ਕਰੋ

ਕਿਤੇ ਛੋਟੀ ਬਿਮਾਰੀ ਵੱਡੀ ਨਾ ਬਣ ਜਾਵੇ

ਕਦੇ-ਕਦੇ ਛੋਟੀਆਂ-ਛੋਟੀਆਂ ਬਿਮਾਰੀਆਂ ਛੋਟੀ ਉਮਰ ਵਿਚ ਵਾਰ-ਵਾਰ ਪ੍ਰੇਸ਼ਾਨ ਕਰਦੀਆਂ ਹਨ ਪਰ ਅਸੀਂ ਉਨ੍ਹਾਂ ਦੇ ਸੰਕੇਤ ਸਮਝ ਹੀ ਨਹੀਂ ਪਾਉਂਦੇ ਅਤੇ ਸਾਡੀ ਇਹੀ ਲਾਪ੍ਰਵਾਹੀ ਕਦੇ-ਕਦੇ ਵੱਡਾ ਰੂਪ ਲੈ ਕੇ ਸਾਨੂੰ ਜ਼ਿਆਦਾ ਪ੍ਰੇਸ਼ਾਨੀ ਵਿਚ ਪਾ ਦਿੰਦੀ ਹੈ।
30 ਸਾਲ ਦੀ ਉਮਰ ਤੋਂ ਹੀ ਤੁਹਾਡੇ ਗੋਡੇ ਦੁਖਣ ਲਗਦੇ ਹਨ। ਦਾਗ਼-ਧੱਬੇ, ਕਿੱਲ, ਸ਼ਾਈਆਂ ਵੀ ਇਸੇ ਉਮਰ ਵਿਚ ਵੀ ਹੁੰਦੇ ਰਹਿੰਦੇ ਹਨ। ਪੇਟ ਵਿਚ ਜਲਣ ਹੁੰਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਛੋਟੇ ਲੱਛਣ ਅੱਗੇ ਆਉਣ ਵਾਲੇ ਸਮੇਂ ਵਿਚ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੇ ਹਨ। ਇਸ ਲਈ ਸ਼ੁਰੂ ਤੋਂ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਲੈ ਕੇ ਇਲਾਜ ਕਰਵਾਉਣਾ ਹੀ ਸਾਡੇ ਲਈ ਫਾਇਦੇਮੰਦ ਹੁੰਦਾ ਹੈ।
ਨਿਯਮਤ ਥਕਾਨ ਮਹਿਸੂਸ ਕਰਨਾ ਅਤੇ ਭਾਰ ਦਾ ਵਧਣਾ : ਛੋਟੀ ਉਮਰ ਵਿਚ ਭਾਰ ਵਧਣਾ ਆਪਣੇ-ਆਪ ਵਿਚ ਕਈ ਬਿਮਾਰੀਆਂ ਦੀ ਸ਼ੁਰੂਆਤ ਹੈ ਜਿਵੇਂ ਸ਼ੂਗਰ, ਦਿਲ ਦੀ ਬਿਮਾਰੀ ਆਦਿ। ਲਗਾਤਾਰ ਥਕਾਵਟ ਬਣੇ ਰਹਿਣਾ ਵੀ ਸਾਡੀ ਕਮਜ਼ੋਰੀ ਅਤੇ ਸਰੀਰ ਵਿਚ ਖੂਨ ਦੀ ਕਮੀ ਨੂੰ ਦਰਸਾਉਂਦਾ ਹੈ। ਕਈ ਵਾਰ ਮੋਟਾਪਾ ਥਾਇਰਾਇਡ ਦੇ ਕਾਰਨ ਵੀ ਹੋ ਜਾਂਦਾ ਹੈ। ਸਮਾਂ ਰਹਿੰਦੇ ਟੈਸਟ ਕਰਵਾਓ ਅਤੇ ਜੇਕਰ ਦਵਾਈ ਦੀ ਲੋੜ ਹੋਵੇ ਤਾਂ ਇਲਾਜ ਕਰਵਾਓ ਤਾਂ ਕਿ ਆਉਣ ਵਾਲੇ ਸਮੇਂ ਵਿਚ ਵੱਡੀ ਸਮੱਸਿਆ ਨਾ ਬਣ ਜਾਵੇ।
ਲਗਾਤਾਰ ਖੰਘ ਰਹਿਣਾ : ਕਦੇ-ਕਦੇ ਲਗਾਤਾਰ ਇਕ ਜਾਂ ਦੋ ਮਹੀਨੇ ਖੰਘ ਚਲਦੀ ਰਹਿੰਦੀ ਹੈ। ਅਸੀਂ ਘਰੇਲੂ ਨੁਸਖੇ ਉਸ 'ਤੇ ਅਜ਼ਮਾਉਂਦੇ ਰਹਿੰਦੇ ਹਾਂ, ਫਿਰ ਵੀ ਕਾਬੂ ਨਹੀਂ ਹੁੰਦੀ। ਇਕ ਹਫ਼ਤੇ ਤੱਕ ਘਰੇਲੂ ਇਲਾਜ ਕਰਕੇ ਦੇਖ ਲਓ। ਫਰਕ ਨਾ ਪਵੇ ਤਾਂ ਡਾਕਟਰ ਦੀ ਸਲਾਹ ਲੈ ਕੇ ਕੋਈ ਜਾਂਚ ਕਰਵਾਉਣ ਦੀ ਲੋੜ ਹੈ ਤਾਂ ਕਰਵਾ ਕੇ ਇਲਾਜ ਸ਼ੁਰੂ ਕਰ ਦਿਓ। ਕਦੇ-ਕਦੇ ਲਗਾਤਾਰ ਖੰਘ ਫੇਫੜਿਆਂ ਦੀ ਸੋਜ਼ ਦਾ ਕਾਰਨ ਬਣ ਸਕਦੀ ਹੈ ਅਤੇ ਅਸਥਮਾ ਤੱਕ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ। ਡਾਕਟਰ ਦੇ ਕਹੇ ਅਨੁਸਾਰ ਜਾਂਚ ਕਰਵਾਓ ਅਤੇ ਦਵਾਈ ਲਓ।
ਪੇਟ ਖ਼ਰਾਬ ਹੋਣਾ : ਕਈ ਵਾਰ ਕੁਝ ਲੋਕਾਂ ਨੂੰ ਥੋੜ੍ਹੇ-ਥੋੜ੍ਹੇ ਚਿਰ ਬਾਅਦ ਲੂਜ਼ ਮੋਸ਼ਨ ਲਗਦੀਆਂ ਰਹਿੰਦੀਆਂ ਹਨ ਪਰ ਉਹ ਪ੍ਰਵਾਹ ਨਹੀਂ ਕਰਦੇ। ਸਰੀਰ ਵਿਚ ਕਮਜ਼ੋਰੀ ਆ ਜਾਂਦੀ ਹੈ ਪਰ ਉਹ ਸਮਝ ਨਹੀਂ ਸਕਦੇ ਕਿ ਕੀ ਕਾਰਨ ਹੈ। ਅਜਿਹਾ ਹੋਣ 'ਤੇ ਡਾਕਟਰ ਦੀ ਸਲਾਹ ਲਓ। ਕਿਤੇ ਬੈਕਟੀਰੀਅਲ ਇਨਫੈਕਸ਼ਨ ਵਗੈਰਾ ਹੋਵੇ ਤਾਂ ਐਂਟੀਬਾਇਓਟਿਕਸ ਦਾ ਪੂਰਾ ਕੋਰਸ ਲੈ ਕੇ ਇਲਾਜ ਕਰਵਾਓ। ਖਾਣ-ਪੀਣ 'ਤੇ ਪੂਰਾ ਧਿਆਨ ਦਿਓ।
ਮੂੰਹ ਵਿਚ ਛਾਲਿਆਂ ਦਾ ਹੋਣਾ : ਅਕਸਰ ਮੂੰਹ ਵਿਚ ਛਾਲੇ ਹੋਣਾ ਠੀਕ ਨਹੀਂ ਹੈ। ਇਹ ਸਰੀਰ ਵਿਚ ਵਿਟਾਮਿਨਾਂ ਦੀ ਕਮੀ ਨੂੰ ਦਰਸਾਉਂਦਾ ਹੈ, ਜੋ ਬਾਅਦ ਵਿਚ ਇਕ ਸਮੱਸਿਆ ਬਣ ਸਕਦੀ ਹੈ। ਜਦੋਂ ਵੀ ਮੂੰਹ ਵਿਚ ਦੋ-ਤਿੰਨ ਵਾਰ ਛਾਲੇ ਹੋਣ ਤਾਂ ਡਾਕਟਰ ਨਾਲ ਸਲਾਹ ਕਰਕੇ ਸਮੇਂ ਸਿਰ ਸਹੀ ਇਲਾਜ ਕਰਵਾਓ।
ਲਗਾਤਾਰ ਸਿਰਦਰਦ : ਕਈ ਵਾਰ ਲਗਾਤਾਰ ਕਈ ਰਾਤਾਂ ਵਿਚ ਠੀਕ ਤਰ੍ਹਾਂ ਨਾ ਸੌਂ ਸਕਣ ਦੇ ਕਾਰਨ ਵੀ ਸਿਰਦਰਦ ਹੁੰਦਾ ਹੈ ਅਤੇ ਅੱਖਾਂ ਦੀ ਕਮਜ਼ੋਰੀ ਨਾਲ ਵੀ ਇਹ ਹੋ ਸਕਦਾ ਹੈ। ਅੱਖਾਂ ਚੈੱਕ ਕਰਵਾਓ। ਲਗਾਤਾਰ ਸਿਰਦਰਦ ਦੇ ਨਾਲ ਉਲਟੀ ਦਾ ਆਉਣਾ ਮਾਈਗ੍ਰੇਨ ਦੀ ਨਿਸ਼ਾਨੀ ਹੈ। ਡਾਕਟਰ ਤੋਂ ਜਾਂਚ ਕਰਵਾ ਕੇ ਸਹੀ ਇਲਾਜ ਕਰਵਾਓ। ਮਾਈਗ੍ਰੇਨ ਹੋਣ 'ਤੇ ਰੋਗੀ ਦੋ ਤੋਂ ਤਿੰਨ ਦਿਨ ਤੱਕ ਸਿਰਦਰਦ ਨਾਲ ਤੜਫਦਾ ਹੈ।
ਛਾਤੀ ਵਿਚ ਜਲਣ ਹੋਣਾ : ਜਦੋਂ ਖਾਣਾ ਠੀਕ ਤਰ੍ਹਾਂ ਨਹੀਂ ਪਚਦਾ ਜਾਂ ਜ਼ਿਆਦਾ ਸੰਘਣੇ ਮਸਾਲੇ ਵਾਲੇ ਭੋਜਨ ਦੇ ਲਗਾਤਾਰ ਸੇਵਨ ਨਾਲ ਵੀ ਛਾਤੀ ਵਿਚ ਜਲਣ ਮਹਿਸੂਸ ਹੁੰਦੀ ਹੋਵੇ ਤਾਂ 2-3 ਦਿਨ ਜਾਂ ਹਫ਼ਤਾ ਭਰ ਪੌਸ਼ਟਿਕ, ਪਚਣਯੋਗ ਅਤੇ ਸਾਦੇ ਭੋਜਨ ਦਾ ਸੇਵਨ ਕਰੋ। ਜਲਣ ਫਿਰ ਵੀ ਹੁੰਦੀ ਰਹੇ ਤਾਂ ਅਲਸਰ ਹੋਣ ਤੋਂ ਪਹਿਲਾਂ ਡਾਕਟਰ ਨੂੰ ਦਿਖਾ ਕੇ ਇਲਾਜ ਕਰਵਾ ਲਓ।
ਸਰੀਰ 'ਤੇ ਖਾਰਸ਼ ਦਾ ਹੋਣਾ : ਅਕਸਰ ਸਰੀਰ ਵਿਚ ਖੁਜਲੀ ਤੰਗ ਕੱਪੜਿਆਂ ਦੇ ਪਹਿਨਣ ਨਾਲ, ਰੇਸ਼ਮੀ ਕੱਪੜਿਆਂ ਦੇ ਪਹਿਨ ਨਾਲ ਜਾਂ ਖੁਸ਼ਕੀ ਹੋਣ 'ਤੇ ਹੁੰਦੀ ਹੈ ਪਰ ਇਹ 2-3 ਦਿਨ ਵਿਚ ਸਰੀਰ 'ਤੇ ਤੇਲ ਦੀ ਮਾਲਿਸ਼ ਕਰਨ ਨਾਲ ਅਤੇ ਸੂਤੀ ਖੁੱਲ੍ਹੇ ਕੱਪੜੇ ਪਹਿਨਣ ਨਾਲ ਠੀਕ ਹੋ ਜਾਂਦੀ ਹੈ। ਜਦੋਂ ਖਾਜ-ਖੁਜਲੀ ਲਗਾਤਾਰ ਬਣੀ ਰਹੇ, ਉਸ ਦੇ ਨਾਲ ਕਮਜ਼ੋਰੀ ਵੀ ਲੱਗੇ, ਮੂੰਹ ਦਾ ਸਵਾਦ ਵੀ ਖਰਾਬ ਹੋਵੇ ਅਤੇ ਭੁੱਖ ਵੀ ਘੱਟ ਲੱਗੇ ਤਾਂ ਆਲਸ ਛੱਡ ਕੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਹ ਗੁਰਦੇ ਵਿਚ ਗੜਬੜੀ ਦੀ ਨਿਸ਼ਾਨੀ ਵੀ ਹੋ ਸਕਦੀ ਹੈ।

ਤੰਦਰੁਸਤ ਦਿਲ ਹੀ ਆਧਾਰ ਹੈ ਚੰਗੀ ਸਿਹਤ ਦਾ

* ਮਾਨਸਿਕ ਚਿੰਤਾ, ਨਿਰਾਸ਼ਾ ਅਤੇ ਉਦਾਸੀਨਤਾ ਦਿਲ ਲਈ ਜ਼ਹਿਰ ਦਾ ਕੰਮ ਕਰਦੇ ਹਨ। ਇਸ ਲਈ ਖੁਦ ਨੂੰ ਜ਼ਿਆਦਾ ਚਿੰਤਾਗ੍ਰਸਤ ਨਾ ਬਣਾਈ ਰੱਖੋ ਅਤੇ ਨਿਰਾਸ਼ਾ ਨਾਲ ਦੋਸਤੀ ਨਾ ਕਰੋ। ਆਸ਼ਾਵਾਦੀ ਬਣਨ ਦੀ ਕੋਸ਼ਿਸ਼ ਕਰੋ।
* ਖੁਦ ਨੂੰ ਅਤੇ ਆਪਣੇ ਦਿਲ ਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਖੁਸ਼ ਅਤੇ ਤੰਦਰੁਸਤ ਰਹੋਗੇ ਤਾਂ ਦਿਲ ਦਾ ਪੂਰਾ ਧਿਆਨ ਰੱਖੋਗੇ।
* ਮਾਸਾਹਾਰ ਅਤੇ ਆਂਡਾ ਆਦਿ ਜ਼ਿਆਦਾ ਪ੍ਰਯੋਗ ਕਰਨ ਨਾਲ ਖੂਨ ਵਿਚ ਕੋਲੈਸਟ੍ਰੋਲ ਨਾਮਕ ਪਦਾਰਥ ਵਧ ਜਾਂਦਾ ਹੈ। ਸ਼ਾਕਾਹਾਰੀ ਲੋਕਾਂ ਦੇ ਖੂਨ ਵਿਚ ਇਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਲਈ ਸ਼ਾਕਾਹਾਰੀ ਲੋਕਾਂ ਵਿਚ ਦਿਲ ਦੇ ਰੋਗ ਘੱਟ ਹੋਣ ਦੀ ਸੰਭਾਵਨਾ ਰਹਿੰਦੀ ਹੈ।
* ਦਿਲ ਦੀ ਬਿਮਾਰੀ ਹੋਣ 'ਤੇ ਖੁਦ ਹੀ ਨੀਮ-ਹਕੀਮ, ਡਾਕਟਰ ਨਾ ਬਣੋ, ਸਗੋਂ ਠੀਕ ਜਾਂਚ ਕਰਵਾਉਣੀ ਹੀ ਲਾਭਦਾਇਕ ਹੁੰਦੀ ਹੈ।

-ਸੁਨੀਤਾ ਗਾਬਾ

ਸਵਾਈਨ ਫਲੂ ਡਰੋ ਨਾ, ਬਚਾਅ ਜ਼ਰੂਰੀ

ਸਵਾਈਨ ਫਲੂ ਦੇ ਵਾਇਰਸ ਨੇ ਦੇਖਦੇ ਹੀ ਦੇਖਦੇ ਸਮੁੱਚੀ ਧਰਤੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਦਾ ਖੌਫ ਏਨਾ ਜ਼ਿਆਦਾ ਵਧ ਗਿਆ ਹੈ ਕਿ ਛੋਟੀ ਜਿਹੀ ਸਰਦੀ, ਖਾਂਸੀ-ਜ਼ੁਕਾਮ ਦੀ ਸਥਿਤੀ ਵਿਚ ਵੀ ਟੈਸਟ ਕਰਾਉਣ ਲਈ ਲੋਕ ਹਸਪਤਾਲਾਂ ਵੱਲ ਦੌੜਦੇ ਨਜ਼ਰ ਆ ਰਹੇ ਹਨ ਪਰ ਕਿਉਂ? ਐੱਚ-1 ਐੱਨ-3 ਦੇ ਵਾਇਰਸ ਨਾਲੋਂ ਭਿਆਨਕ ਵਾਇਰਸ ਮਲੇਰੀਆ, ਛੋਟੀ ਮਾਤਾ ਆਦਿ ਅਨੇਕ ਬਿਮਾਰੀਆਂ ਦੇ ਵਾਇਰਸ ਤਾਂ ਪਹਿਲਾਂ ਤੋਂ ਹੀ ਸਾਡੇ ਦੇਸ਼ ਵਿਚ ਮੌਜੂਦ ਹਨ। ਅਸੀਂ ਇਨ੍ਹਾਂ ਤੋਂ ਕਿਉਂ ਨਹੀਂ ਡਰ ਰਹੇ? ਕਾਰਨ ਹੈ ਅਫਵਾਹ।
ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਸਵਾਈਨ ਫਲੂ ਨਾਲ ਅਗਲੇ ਦੋ ਸਾਲਾਂ ਵਿਚ ਦੁਨੀਆ ਦੀ ਦੋ ਅਰਬ ਆਬਾਦੀ ਸੰਕ੍ਰਮਿਤ ਹੋਵੇਗੀ। ਵਿਸ਼ਵ ਦੀ ਆਬਾਦੀ ਇਸ ਸਮੇਂ ਲਗਪਗ ਛੇ ਅਰਬ ਹੈ। ਦੂਜੇ ਸ਼ਬਦਾਂ ਵਿਚ ਇਸ ਦਾ ਮਤਲਬ ਇਹ ਹੈ ਕਿ ਭਾਰਤ ਵਿਚ ਇਕ-ਤਿਹਾਈ ਭਾਵ 35 ਕਰੋੜ ਲੋਕਾਂ ਨੂੰ ਇਸ ਦਾ ਸੰਕ੍ਰਮਣ ਹੋ ਸਕਦਾ ਹੈ ਪਰ ਸਿਹਤ ਮਾਹਿਰਾਂ ਅਨੁਸਾਰ ਇਸ ਸੰਭਾਵਿਤ ਖ਼ਤਰੇ ਨੂੰ ਸਵਾਈਨ ਫਲੂ ਦੇ ਟੀਕੇ ਨਾਲ ਅਤੇ ਸੁਰੱਖਿਆ ਲਈ ਜ਼ਰੂਰੀ ਨਿਯਮਾਂ ਦਾ ਪਾਲਣ ਕਰਕੇ ਦੂਰ ਭਜਾਇਆ ਜਾ ਸਕਦਾ ਹੈ।
ਇਨਫਲੂਏਂਜਾ ਏ (ਐੱਚ-1 ਐੱਨ-1) ਤੋਂ ਖੁਦ ਨੂੰ ਬਚਾਉਣ ਲਈ ਭੀੜ-ਭਾੜ ਵਾਲੀਆਂ ਥਾਵਾਂ 'ਤੇ ਘੱਟ ਸਮਾਂ ਬਿਤਾਓ। ਲੋੜੀਂਦੀ ਨੀਂਦ ਲੈਣ ਦੇ ਨਾਲ ਹੀ ਪੋਸ਼ਕ ਤੱਤਾਂ ਦਾ ਸੇਵਨ ਖੂਬ ਕਰੋ ਅਤੇ ਸਰੀਰਕ ਤੌਰ 'ਤੇ ਆਪਣੇ-ਆਪ ਨੂੰ ਚੁਸਤ ਰੱਖੋ। ਹੱਥਾਂ ਨੂੰ ਸਾਬਣ ਜਾਂ ਅਲਕੋਹਲ ਆਧਾਰਿਤ ਹੈਂਡ ਰਬ ਨਾਲ ਧੋਵੋ। ਜਦੋਂ ਨੱਕ ਜਾਂ ਮੂੰਹ ਨੂੰ ਛੂਹੋ ਤਾਂ ਹੱਥਾਂ ਨੂੰ ਜ਼ਰੂਰ ਹੀ ਧੋ ਲਓ।
ਮੂੰਹ ਜਾਂ ਨੱਕ ਨੂੰ ਜ਼ਿਆਦਾ ਛੂਹਣ ਤੋਂ ਬਚਣਾ ਚਾਹੀਦਾ ਹੈ। ਅਜਿਹੇ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਖੁਦ ਨੂੰ ਬਚਾਓ, ਜਿਸ ਵਿਚ ਤੁਹਾਨੂੰ ਇਨਫਲੂਏਂਜਾ ਵਰਗੇ ਲੱਛਣ ਦਿਖਾਈ ਦੇਣ। ਅਜਿਹੇ ਵਿਅਕਤੀ ਤੋਂ ਲਗਪਗ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੋ। ਫਲੂ ਦੇ ਲੱਛਣ ਉੱਭਰਨ ਤੋਂ ਬਾਅਦ ਵੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਦੇ 'ਟੇਮੀਫਲੂ' ਦੇ ਬਰਾਬਰ ਕੋਈ ਵੀ ਐਂਟੀਵਾਇਰਲ ਦਵਾਈ ਨਾ ਲਓ। ਬਿਨਾਂ ਵਜ੍ਹਾ ਮਾਸਕ ਨਾ ਪਹਿਨੋ। ਮਾਸਕ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਾ ਕਰਨ ਨਾਲ ਵੀ ਸੰਕ੍ਰਮਣ ਫੈਲਣ ਦੀ ਸੰਭਾਵਨਾ ਵਧ ਜਾਂਦੀ ਹੈ।
ਮਾਸਕ ਦੀ ਵਰਤੋਂ ਇਸ ਤਰ੍ਹਾਂ ਕਰਨੀ ਚਾਹੀਦੀ ਹੈ, ਜਿਸ ਨਾਲ ਨੱਕ ਅਤੇ ਮੂੰਹ ਚੰਗੀ ਤਰ੍ਹਾਂ ਢਕ ਹੋ ਜਾਵੇ। ਚਿਹਰੇ ਅਤੇ ਮਾਸਕ ਦੇ ਵਿਚਕਾਰਲਾ ਗੈਪ ਘੱਟ ਤੋਂ ਘੱਟ ਹੋਵੇ। ਜਦੋਂ ਕਦੇ ਵੀ ਤੁਸੀਂ ਮਾਸਕ ਨੂੰ ਛੂਹੋ ਤਾਂ ਤੁਸੀਂ ਆਪਣੇ ਹੱਥਾਂ ਨੂੰ ਕੀਟਾਣੂ ਰਹਿਤ ਤਰਲ ਪਦਾਰਥਾਂ ਨਾਲ ਜ਼ਰੂਰ ਧੋ ਲਓ। ਜਦੋਂ ਮਾਸਕ ਖਰਾਬ ਹੋਣ ਲੱਗਣ ਤਾਂ ਉਨ੍ਹਾਂ ਨੂੰ ਬਿਨਾਂ ਦੇਰ ਕੀਤੇ ਬਦਲ ਲਓ। ਇਕ ਮਾਸਕ ਦੀ ਵਾਰ-ਵਾਰ ਵਰਤੋਂ ਕਰਨੀ ਵੀ ਹਾਨੀਕਾਰਕ ਹੋ ਸਕਦੀ ਹੈ।
ਮੌਸਮੀ ਫਲੂ ਅਤੇ ਸਵਾਈਨ ਫਲੂ ਦਾ ਫਰਕ ਲੱਭਣਾ ਬਿਨਾਂ ਕਿਸੇ ਡਾਕਟਰੀ ਜਾਂਚ ਦੇ ਸੰਭਵ ਨਹੀਂ ਹੈ। ਜੇਕਰ ਬੁਖਾਰ, ਕਫ, ਸਿਰਦਰਦ, ਬਦਨ ਦਰਦ, ਗਲੇ ਦਾ ਦਰਦ, ਨੱਕ ਵਗਣਾ ਆਦਿ ਲੱਛਣ ਦਿਖਾਈ ਦੇਣ ਤਾਂ ਤੁਰੰਤ ਆਪਣੇ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਘਬਰਾਉਣ ਦੀ ਲੋੜ ਨਹੀਂ ਹੈ। ਧਿਆਨ ਰੱਖਿਆ ਜਾਣਾ ਜ਼ਰੂਰੀ ਹੈ ਕਿ ਸਵਾਈਨ ਫਲੂ ਦੀ ਪੁਸ਼ਟੀ ਲੈਬੋਰਟਰੀ ਟੈਸਟ ਤੋਂ ਬਾਅਦ ਹੀ ਹੋ ਸਕਦੀ ਹੈ।
ਜੇਕਰ ਸਾਹ ਲੈਣ ਵਿਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਆ ਰਹੀ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਤਿੰਨ ਦਿਨਾਂ ਤੋਂ ਜ਼ਿਆਦਾ ਬੁਖਾਰ ਬਣਿਆ ਰਹੇ ਤਾਂ ਛੇਤੀ ਡਾਕਟਰ ਨਾਲ ਸੰਪਰਕ ਕਰੋ। ਬੱਚੇ ਦਾ ਸਾਹ ਤੇਜ਼ ਚੱਲ ਰਿਹਾ ਹੋਵੇ, ਲਗਾਤਾਰ ਬੁਖਾਰ ਰਹੇ ਤਾਂ ਡਾਕਟਰ ਨਾਲ ਸੰਪਰਕ ਕਰਨ ਵਿਚ ਦੇਰ ਨਹੀਂ ਕਰਨੀ ਚਾਹੀਦੀ।
ਸਵਾਈਨ ਫਲੂ ਦੇ ਉਪਰੋਕਤ ਲੱਛਣ ਜੇਕਰ ਕਿਸੇ ਵਿਚ ਦੇਖਣ ਨੂੰ ਮਿਲਣ ਤਾਂ ਭੀੜ-ਭਾੜ ਭਰੀਆਂ ਥਾਵਾਂ ਤੋਂ ਖੁਦ ਨੂੰ ਦੂਰ ਹੀ ਰੱਖੋ। ਆਰਾਮ ਕਰੋ ਅਤੇ ਵੱਧ ਤੋਂ ਵੱਧ ਤਰਲ ਪਦਾਰਥ ਲੈਣ ਦੀ ਕੋਸ਼ਿਸ਼ ਕਰੋ। ਸਾਹ ਲੈਂਦੇ ਸਮੇਂ ਜਾਂ ਖਾਂਸੀ ਦੇ ਦੌਰਾਨ ਨੱਕ ਨੂੰ ਕਵਰ ਕਰ ਲਓ। ਜੇਕਰ ਤੁਸੀਂ ਟਿਸ਼ੂ ਦੀ ਵਰਤੋਂ ਕਰਦੇ ਹੋ ਤਾਂ ਉਸ ਨੂੰ ਸੁੱਟਦੇ ਸਮੇਂ ਪੂਰੀ ਤਰ੍ਹਾਂ ਸਾਵਧਾਨੀ ਜ਼ਰੂਰ ਵਰਤੋ ਅਤੇ ਸੁੱਟਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਜ਼ਰੂਰ ਧੋ ਲਓ।
ਮਾਸਕ ਦੀ ਵਰਤੋਂ ਕਰਨ ਨਾਲ ਸੰਕ੍ਰਮਣ ਦੂਜਿਆਂ ਵਿਚ ਨਹੀਂ ਫੈਲਦਾ। ਇਸ ਬਿਮਾਰੀ ਦੀ ਜਾਣਕਾਰੀ ਆਪਣੇ ਪਰਿਵਾਰ ਅਤੇ ਦੂਜੇ ਦੋਸਤਾਂ ਨੂੰ ਵੀ ਜ਼ਰੂਰ ਦਿਓ, ਤਾਂ ਕਿ ਉਹ ਵੀ ਸੁਚੇਤ ਹੋ ਜਾਣ। ਜਾਂਚ ਕਰਾਉਣ ਤੋਂ ਪਹਿਲਾਂ ਕਿਸੇ ਸਿਹਤ ਮਾਹਿਰ ਨਾਲ ਇਸ ਗੱਲ ਦੀ ਸਲਾਹ ਜ਼ਰੂਰ ਕਰ ਲਓ ਕਿ ਜਾਂਚ ਕਰਾਉਣੀ ਜ਼ਰੂਰੀ ਵੀ ਹੈ ਜਾਂ ਨਹੀਂ?

-ਆਨੰਦ ਕੁਮਾਰ ਅਨੰਤ

ਕੱਦ ਵਧਾਉਣ ਦੇ ਕੁਝ ਤੌਰ-ਤਰੀਕੇ

ਹਰੇਕ ਵਿਅਕਤੀ ਦੀ ਉਚਾਈ ਆਮ ਤੌਰ 'ਤੇ ਲੋੜੀਂਦੀ ਮਾਤਰਾ ਵਿਚ ਹੁੰਦੀ ਹੈ। ਇਸ ਉਚਾਈ ਦਾ ਆਧਾਰ ਹਾਰਮੋਨਸ ਦੇ ਵਹਾਅ 'ਤੇ ਆਧਾਰਿਤ ਹੁੰਦਾ ਹੈ। ਜਿਸ ਦੇ ਮਾਤਾ-ਪਿਤਾ ਦਾ ਕੱਦ ਲੰਬਾ ਨਹੀਂ ਹੁੰਦਾ, ਉਨ੍ਹਾਂ ਬੱਚਿਆਂ ਦਾ ਕੱਦ ਵੀ ਘੱਟ ਰਹਿੰਦਾ ਦੇਖਿਆ ਗਿਆ ਹੈ। ਇਹ ਖਾਨਦਾਨੀ ਹੁੰਦਾ ਹੈ। ਅਜਿਹੇ ਖਾਨਦਾਨੀ ਦੇ ਕਾਰਨ ਕਿਸੇ ਦਾ ਕੱਦ ਘੱਟ ਹੋਵੇ ਤਾਂ ਉਸ ਦਾ ਕੋਈ ਇਲਾਜ ਨਹੀਂ ਹੈ। ਅਕਸਰ 25 ਸਾਲ ਤੱਕ ਤਾਂ ਸੁਭਾਵਿਕ ਰੂਪ ਨਾਲ ਸਰੀਰ ਦਾ ਵਿਕਾਸ ਹੁੰਦਾ ਹੈ ਅਤੇ ਕੱਦ ਵਧਦਾ ਹੈ। ਪਰ ਠੀਕ ਮਾਤਰਾ ਵਿਚ ਪੋਸ਼ਟਿਕ ਭੋਜਨ, ਕਸਰਤ, ਯੋਗ ਦਾ ਨਿਯਮਤ ਅਭਿਆਸ, ਨਿਯਮਤ ਜੀਵਨ ਸ਼ੈਲੀ ਅਪਣਾਈ ਜਾਵੇ ਤਾਂ ਕੱਦ ਵਧਣ ਦੀ ਸੰਭਾਵਨਾ ਬਣ ਜਾਂਦੀ ਹੈ। ਹੇਠ ਲਿਖੇ ਉਪਾਅ ਅਪਣਾਓ-
* ਸੂਰਜ ਨਮਸਕਾਰ ਦੀ ਕਿਰਿਆ ਸਿੱਖ ਕੇ ਹਰ ਰੋਜ਼ ਨਿਯਮਤ 5 ਤੋਂ 10 ਵਾਰ ਕਰੋ। ਇਸ ਨਾਲ ਸਨਾਯੂਆਂ ਵਿਚ ਲਚੀਲਾਪਣ ਪੈਦਾ ਹੁੰਦਾ ਹੈ, ਕੱਦ ਵਰਧਕ ਯੋਗ ਆਸਣ, ਤਾੜ ਆਸਣ, ਤ੍ਰਿਕੋਣ ਆਸਣ, ਸੂਰਜ ਨਮਸਕਾਰ ਅਤੇ ਸਰਵਗਪੁਸ਼ਟ ਆਦਿ ਦੇ ਅਭਿਆਸ ਨਾਲ ਕੱਦ ਨਿਸਚਿਤ ਵਧਦਾ ਹੈ। ਤਾੜ ਆਸਣ ਦੇ ਅਭਿਆਸ ਨਾਲ 25 ਸਾਲ ਤੋਂ ਬਾਅਦ ਵੀ ਕੱਦ ਵਧਣ ਦੀ ਸੰਭਾਵਨਾ ਹੈ। ਇਕੱਲਾ ਚੱਕਰ ਆਸਣ ਦਾ ਅਭਿਆਸ ਕੱਦ ਵਧਾਉਣ ਦੇ ਸਮਰੱਥ ਹੈ। ਤ੍ਰਿਕੋਣ ਆਸਣ ਨਾਲ ਪੈਰਾਂ ਦੀ ਲੰਬਾਈ ਵਧਦੀ ਹੈ।
* ਖੜ੍ਹੇ ਹੋ ਕੇ ਨਿਯਮਤ ਤਾੜ ਆਸਣ ਕਰੋ।
* ਉੱਚੀ ਸੀਟ ਵਾਲੀ ਸਾਈਕਲ ਨਿਯਮਤ ਚਲਾਓ।
* ਬਾਸਕਟਬਾਲ ਅਤੇ ਟੇਬਲ ਟੈਨਿਸ ਦਾ ਖੇਡ ਖੇਡਣ ਨਾਲ ਕੱਦ ਵਧਦਾ ਹੈ।
* ਰੱਸੀ ਟੱਪਣ ਨਾਲ ਲੰਬਾਈ ਵਧਦੀ ਹੈ। ਇਸ ਨਾਲ ਮੇਰੂਦੰਡ ਵਿਚ ਖਿਚਾਅ ਪੈਦਾ ਹੁੰਦਾ ਹੈ, ਜਿਸ ਨਾਲ ਕੱਦ ਵਧਣ ਵਿਚ ਸਹਾਇਤਾ ਮਿਲਦੀ ਹੈ।
* ਪਾਣੀ ਵਿਚ ਤੈਰਨ ਨਾਲ ਵੀ ਕੱਦ ਵਧਦਾ ਹੈ। ਇਸ ਨਾਲ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ। ਇਸ ਨਾਲ ਸਰੀਰ ਦਾ ਖੂਨ ਸੰਚਾਰ ਵਧੀਆ ਤਰੀਕੇ ਨਾਲ ਹੁੰਦਾ ਹੈ।
* ਦੋਵਾਂ ਪੈਰਾਂ ਦੇ ਪੰਜਿਆਂ 'ਤੇ (ਅੱਡੀਆਂ ਚੁੱਕ ਕੇ) ਚੱਲਣ ਨਾਲ ਕੱਦ ਵਧਦਾ ਹੈ।
* ਕਿਸੇ ਦਰੱਖਤ ਦੀ ਮਜ਼ਬੂਤ ਟਹਿਣੀ 'ਤੇ ਰੱਸੀ ਬੰਨ੍ਹ ਕੇ ਰੱਸੀ ਨੂੰ ਫੜ ਕੇ ਝੂਟਣ ਨਾਲ ਕੱਦ ਵਧਦਾ ਹੈ। ਸਕੂਲਾਂ ਵਿਚ ਲੋਹੇ ਦੇ ਜੋ ਪੇਰਲਵਾਲ ਹੁੰਦੇ ਹਨ, ਉਨ੍ਹਾਂ 'ਤੇ ਦੋਵਾਂ ਹੱਥਾਂ ਨਾਲ ਕਸਰਤ ਕਰੋ।
ਖਾਣ-ਪੀਣ : ਸਰੀਰ ਦੇ ਸਮੁੱਚੇ ਵਿਕਾਸ ਲਈ ਪੋਸ਼ਟਿਕ ਭੋਜਨ ਵੀ ਜ਼ਰੂਰੀ ਹੈ। ਪ੍ਰੋਟੀਨ ਨਾਲ ਭਰਪੂਰ ਸਮੱਗਰੀ ਲਓ, ਸੋਇਆਬੀਨ, ਮੂੰਗਫਲੀ, ਦਾਲਾਂ, ਪੁੰਗਰੇ ਅਨਾਜ, ਦੁੱਧ, ਦਹੀਂ, ਹਰੀਆਂ ਸਬਜ਼ੀਆਂ, ਸਲਾਦ, ਫਲ ਤੇ ਸੁੱਕੇ ਮੇਵਿਆਂ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰੋ।

-ਆਭਾ ਜੈਨ

ਚਾਹ ਦਾ ਸੇਵਨ ਘੱਟ ਹੀ ਕਰੋ

ਮਨੁੱਖੀ ਜੀਵਨ ਵਿਚ ਚਾਹ ਇਕ ਅਜਿਹਾ ਪੀਣ ਵਾਲਾ ਪਦਾਰਥ ਹੈ ਜੋ ਸੁਖ ਅਤੇ ਦੁੱਖ ਦਾ ਸਾਥੀ ਹੈ। ਪੱਛਮੀ ਸੱਭਿਅਤਾ ਦੀ ਮਾਰ ਝੱਲ ਰਹੇ ਭਾਰਤੀ ਲੋਕਾਂ ਨੇ ਵੀ ਚਾਹ ਨੂੰ ਵਿਸ਼ੇਸ਼ ਪੀਣ ਵਾਲਾ ਪਦਾਰਥ ਮੰਨ ਕੇ ਮਜਬੂਰੀ ਅਤੇ ਲੋੜ ਦੇ ਸਿਧਾਂਤ 'ਤੇ ਚੱਲ ਕੇ ਅਪਣਾ ਲਿਆ ਹੈ।
ਇਸ ਕਲਯੁੱਗ ਦੀ ਆਧੁਨਿਕ ਸੰਸਕ੍ਰਿਤੀ ਅਤੇ ਸੰਪੰਨ ਸਮਾਜ ਦੇ ਲੋਕਾਂ ਵਿਚ ਚਾਹ ਇਕ ਸਨਮਾਨ ਦਾ ਪ੍ਰਤੀਕ ਬਣ ਗਈ ਹੈ। ਵਿਅਕਤੀ ਗਰੀਬ ਹੈ ਜਾਂ ਅਮੀਰ, ਛੋਟਾ ਹੈ ਜਾਂ ਵੱਡਾ, ਗੋਰਾ ਜਾਂ ਕਾਲਾ, ਸਾਰੇ ਚਾਹ ਦੀ ਚਾਹਤ ਵਿਚ ਇਕ ਤਰ੍ਹਾਂ ਡੁੱਬੇ ਹੋਏ ਹਨ ਕਿ ਸਵੇਰੇ, ਸ਼ਾਮ, ਦੁਪਹਿਰ, ਰਾਤ, ਖੁਸ਼ੀ ਹੋਵੇ ਜਾਂ ਗ਼ਮ, ਚਾਹ ਨੂੰ ਅੱਖੋਂ-ਪਰੋਖੇ ਕਦੇ ਨਹੀਂ ਕਰ ਸਕਦੇ।
ਆਖਰ ਚਾਹ ਵਿਚ ਅਜਿਹੀ ਕਿਹੜੀ ਗੱਲ ਹੈ ਕਿ ਬੱਚੇ, ਬੁੱਢੇ, ਨੌਜਵਾਨ ਤੇ ਔਰਤਾਂ ਇਸ ਨੂੰ ਨਹੀਂ ਛੱਡ ਸਕਦੇ। ਚਾਹ ਦੀ ਪੱਤੀ ਦਾ ਮੁੱਲ ਵਧਦਾ ਜਾ ਰਿਹਾ ਹੈ ਪਰ ਇਸ ਦੀ ਮੰਗ ਅਤੇ ਪੂਰਤੀ ਅਜਿਹੀ ਹੈ ਕਿ ਵਿਅਕਤੀ ਵਾਰ-ਵਾਰ ਇਸ ਨੂੰ ਪੀਂਦਾ ਹੈ।
ਕੀ ਚਾਹ ਵਿਚ ਜ਼ਹਿਰ ਹੈ : ਵਿਗਿਆਨੀਆਂ ਦਾ ਮੰਨਣਾ ਹੈ ਕਿ ਚਾਹ ਵਿਚ ਤਿੰਨ ਤਰ੍ਹਾਂ ਦੀਆਂ ਜ਼ਹਿਰਾਂ ਮੌਜੂਦ ਹਨ। ਪ੍ਰੀਖਣ ਤੋਂ ਬਾਅਦ ਇਹ ਗੱਲ ਪੂਰੀ ਤਰ੍ਹਾਂ ਸਿੱਧ ਹੋ ਚੁੱਕੀ ਹੈ ਕਿ ਇਹ ਹਾਨੀਕਾਰਕ ਹੈ। ਇਨ੍ਹਾਂ ਹਾਨੀਕਾਰਕ ਪਦਾਰਥਾਂ ਨਾਲ ਮਨੁੱਖ ਨੂੰ ਅਨੇਕ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਚਾਹ ਵਿਚ ਇਕ ਤਰ੍ਹਾਂ ਦਾ ਖਾਰੀ ਪਦਾਰਥ ਹੁੰਦਾ ਹੈ। ਇਕ ਖਾਰੀ ਪਦਾਰਥ ਨੂੰ ਰਸਾਇਣ ਵਿਸ਼ੇ ਦੀ ਭਾਸ਼ਾ ਵਿਚ ਥੇਈਨ ਕਿਹਾ ਜਾਂਦਾ ਹੈ। ਚਾਹ ਵਿਚ ਥੇਈਨ ਹੋਣ ਦੇ ਕਾਰਨ ਹੀ ਇਸ ਨੂੰ ਪੀਣ ਵਾਲਿਆਂ ਨੂੰ ਇਕ ਅਜੀਬ ਅਹਿਸਾਸ ਹੁੰਦਾ ਹੈ ਅਤੇ ਅਨੰਦ ਮਿਲਦਾ ਹੈ। ਵਿਅਕਤੀ ਆਪਣੀ ਥਕਾਨ ਨੂੰ ਦੂਰ ਜਾਂਦੀ ਮਹਿਸੂਸ ਕਰਦਾ ਹੈ। ਜੇਕਰ ਚਾਹ ਦੀ ਪੱਤੀ ਵਿਚ ਥੇਈਨ ਨਹੀਂ ਹੋਵੇਗਾ ਤਾਂ ਚਾਹ ਦਾ ਸਵਾਦ ਵਿਗੜ ਜਾਵੇਗਾ। ਇਸ ਨੂੰ ਪੀਣ ਵਿਚ ਕੋਈ ਮਜ਼ਾ ਨਹੀਂ ਆਵੇਗਾ।
ਚਾਹ ਪੀਣ ਨਾਲ ਨੀਂਦ ਕਿਉਂ ਨਹੀਂ ਆਉਂਦੀ : ਚਾਹ ਵਿਚ ਇਕ ਤੇਲ ਵੋਲੇਟਾਈਲ ਹੁੰਦਾ ਹੈ, ਜਿਸ ਦੇ ਕਾਰਨ ਪੀਣ ਨਾਲ ਨੀਂਦ ਨਹੀਂ ਆਉਂਦੀ। ਚਾਹ ਦੇ ਜ਼ਿਆਦਾ ਸੇਵਨ ਨਾਲ ਅੱਖਾਂ ਦੀ ਚਮਕ 'ਤੇ ਵੀ ਫਰਕ ਪੈਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਚਾਹ ਦੇ ਕਾਰਨ ਦਿਮਾਗ ਦਾ ਭਾਰੀ ਨੁਕਸਾਨ ਹੁੰਦਾ ਹੈ। ਵਿਅਕਤੀ ਨੂੰ ਭੁੱਲਣ ਦੀ ਬਿਮਾਰੀ ਹੋ ਜਾਂਦੀ ਹੈ। ਜ਼ਿਆਦਾ ਚਾਹ ਪੀਣ ਨਾਲ ਸਰੀਰਕ ਸ਼ਕਤੀ ਵਿਚ ਕਮੀ ਆ ਜਾਂਦੀ ਹੈ। ਜ਼ਿਆਦਾਤਰ ਦੇਖਣ ਵਿਚ ਆਇਆ ਹੈ ਕਿ ਚਾਹ ਦਾ ਸੇਵਨ ਜ਼ਿਆਦਾ ਕਰਨ ਵਾਲੇ ਵਿਅਕਤੀ ਦਿਲ ਦੇ ਰੋਗਾਂ ਤੋਂ ਪੀੜਤ ਹੁੰਦੇ ਹਨ ਅਤੇ ਉਨ੍ਹਾਂ ਦੀ ਸਾਹ ਗਤੀ ਤੇਜ਼ ਹੁੰਦੀ ਹੈ।
ਚਾਹ ਦਾ ਘੱਟ ਤੋਂ ਘੱਟ ਮਾਤਰਾ ਵਿਚ ਸੇਵਨ ਕਰੋ : ਚਾਹ ਨੂੰ ਥੋੜ੍ਹੀ ਮਾਤਰਾ ਵਿਚ ਹੀ ਘੱਟ ਵਾਰ ਪੀਣਾ ਚਾਹੀਦਾ ਹੈ। ਦਿਨ ਵਿਚ ਦੋ ਵਾਰ ਜਾਂ ਤਿੰਨ ਵਾਰ ਤੋਂ ਜ਼ਿਆਦਾ ਚਾਹ ਨਹੀਂ ਪੀਣੀ ਚਾਹੀਦੀ। ਚਾਹ ਨੂੰ ਭੁੱਲ ਕੇ ਵੀ ਖਾਲੀ ਪੇਟ ਨਹੀਂ ਪੀਣਾ ਚਾਹੀਦਾ, ਕਿਉਂਕਿ ਇਸ ਵਿਚ ਇਕ ਹਾਨੀਕਾਰਕ ਰਸਾਇਣ ਟੇਨਿਨ ਹੁੰਦਾ ਹੈ। ਇਸ ਦਾ ਸਿੱਧਾ ਅਸਰ ਜਿਗਰ 'ਤੇ ਹੁੰਦਾ ਹੈ। ਇਸ ਦੇ ਚਾਹ ਵਿਚ ਹੋਣ ਨਾਲ ਸਰੀਰਕ ਅਤੇ ਮਾਨਸਿਕ ਸ਼ਕਤੀ ਦਾ ਨੁਕਸਾਨ ਹੁੰਦਾ ਹੈ। ਚਾਹ ਨੂੰ ਜ਼ਿਆਦਾ ਦੇਰ ਤੱਕ ਨਹੀਂ ਉਬਾਲਣਾ ਚਾਹੀਦਾ, ਕਿਉਂਕਿ ਇਸ ਹਾਲਤ ਵਿਚ ਟੇਨਿਨ ਸਿੱਧਾ ਜ਼ਹਿਰ ਦਾ ਕੰਮ ਕਰਦਾ ਹੈ।
ਆਧੁਨਿਕ ਯੁੱਗ ਵਿਚ ਮਹਿਲਾ ਵਰਗ ਵਿਚ ਚਾਹ-ਕੌਫੀ ਹਰਮਨ ਪਿਆਰੀ ਹੈ ਪਰ ਇਸ ਦੀ ਵਰਤੋਂ ਬਹੁਤ ਹੀ ਘੱਟ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਅਤੇ ਬੱਚਿਆਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਕੀ ਤੁਸੀਂ ਪਾਣੀ ਸਹੀ ਤਰ੍ਹਾਂ ਉਬਾਲਿਆ ਹੈ?

ਅੱਜਕਲ੍ਹ ਸਾਫ਼ ਪਾਣੀ ਆਮ ਉਪਲਬਧ ਨਹੀਂ ਹੁੰਦਾ, ਇਸ ਲਈ ਜ਼ਿਆਦਾਤਰ ਲੋਕ ਪਾਣੀ ਉਬਾਲਦੇ ਹਨ। ਪਾਣੀ ਨੂੰ ਉਬਾਲਣ ਨਾਲ ਉਸ ਦੇ ਹਾਨੀਕਾਰਕ ਬੈਕਟੀਰੀਆ ਅਤੇ ਵਾਇਰਸ ਖਤਮ ਹੋ ਜਾਂਦੇ ਹਨ ਪਰ ਲੋਕ ਇਸ ਗੱਲ ਤੋਂ ਵਾਕਿਫ ਨਹੀਂ ਹੁੰਦੇ ਕਿ ਪਾਣੀ ਨੂੰ ਕਿੰਨੀ ਦੇਰ ਤੱਕ ਉਬਾਲਣਾ ਚਾਹੀਦਾ ਹੈ ਤਾਂ ਕਿ ਉਸ ਦੇ ਅੰਦਰ ਮੌਜੂਦ ਸਾਰੇ ਹਾਨੀਕਾਰਕ ਤੱਤ ਖਤਮ ਹੋ ਜਾਣ। ਪਾਣੀ ਨੂੰ ਪੀਣ ਯੋਗ ਬਣਾਉਣ ਲਈ ਘੱਟ ਤੋਂ ਘੱਟ 20 ਮਿੰਟ ਤੱਕ ਉਬਾਲਣਾ ਬਹੁਤ ਜ਼ਰੂਰੀ ਹੈ।

 

ਕਿਤੇ ਤੁਸੀਂ ਪੋਸ਼ਕ ਤੱਤਾਂ ਨੂੰ ਸੁੱਟ ਤਾਂ ਨਹੀਂ ਰਹੇ?

ਜ਼ਿਆਦਾਤਰ ਲੋਕ ਆਪਣੇ ਖਾਣ-ਪੀਣ ਤੇ ਪ੍ਰਤੀ ਵਿਸ਼ੇਸ਼ ਸਾਵਧਾਨੀ ਵਰਤਦੇ ਹਨ ਅਤੇ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਨੂੰ ਭੋਜਨ ਤੋਂ ਸਾਰੇ ਜ਼ਰੂਰੀ ਪੋਸ਼ਕ ਤੱਤਾਂ ਦੀ ਪ੍ਰਾਪਤੀ ਹੋਵੇ ਪਰ ਗ੍ਰਹਿਣੀਆਂ ਜ਼ਿਆਦਾਤਰ ਪੋਸ਼ਕ ਤੱਤਾਂ ਨੂੰ ਖਾਣਾ ਬਣਾਉਂਦੇ ਸਮੇਂ ਹੀ ਖਤਮ ਕਰ ਦਿੰਦੀਆਂ ਹਨ। ਦਾਲ, ਚੌਲ ਆਦਿ ਉਬਾਲਦੇ ਸਮੇਂ ਬਚਿਆ ਹੋਇਆ ਪਾਣੀ ਜ਼ਿਆਦਾਤਰ ਸੁੱਟ ਦਿੱਤਾ ਜਾਂਦਾ ਹੈ, ਜਿਸ ਪਾਣੀ ਵਿਚ ਖਾਧ ਪਦਾਰਥਾਂ ਦੇ ਅਨੇਕ ਪੋਸ਼ਕ ਤੱਤ ਵੀ ਸੁੱਟ ਦਿੱਤੇ ਜਾਂਦੇ ਹਨ, ਇਸ ਲਈ ਜਿਸ ਪਾਣੀ ਵਿਚ ਭੋਜਨ ਪਕਾਇਆ ਜਾਂਦਾ ਹੈ, ਉਸ ਨੂੰ ਸੁੱਟਣਾ ਨਹੀਂ ਚਾਹੀਦਾ। ਉਸ ਦੀ ਵਰਤੋਂ ਸੂਪ ਆਦਿ ਦੇ ਰੂਪ ਵਿਚ ਕਰਨੀ ਚਾਹੀਦੀ ਹੈ। ਇਹੀ ਨਹੀਂ, ਜਦੋਂ ਅਸੀਂ ਸਬਜ਼ੀ ਨੂੰ ਕੱਟਦੇ ਹਾਂ ਤਾਂ ਉਸ ਨੂੰ ਅਸੀਂ ਪਾਣੀ ਵਿਚ ਧੋ ਲੈਂਦੇ ਹਾਂ, ਜਿਸ ਨਾਲ ਸਾਰੇ ਪੋਸ਼ਕ ਤੱਤ ਵੀ ਪਾਣੀ ਦੇ ਨਾਲ ਰੁੜ੍ਹ ਜਾਂਦੇ ਹਨ। ਇਸ ਲਈ ਕਦੇ ਵੀ ਕੱਟੀ ਹੋਈ ਸਬਜ਼ੀ ਨੂੰ ਪਾਣੀ ਵਿਚ ਨਾ ਧੋਵੋ। ਸਬਜ਼ੀ ਕੱਟਣ ਤੋਂ ਪਹਿਲਾਂ ਹੀ ਧੋ ਲਓ।

ਉੱਚ ਖੂਨ ਦਬਾਅ ਨਾਲ ਦਿਮਾਗ ਦੀ ਕਾਰਜ ਸਮਰੱਥਾ ਵੀ ਘੱਟ ਹੁੰਦੀ ਹੈ

ਉੱਚ ਖੂਨ ਦਬਾਅ ਨਾਲ ਹੋਣ ਵਾਲੇ ਖ਼ਤਰੇ ਹੁਣ ਦਿਲ ਦੇ ਰੋਗਾਂ ਤੱਕ ਹੀ ਸੀਮਤ ਨਹੀਂ ਰਹੇ। ਪੈਰਿਸ ਵਿਚ ਫ੍ਰੈਂਚ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਮੈਡੀਕਲ ਰਿਸਰਚ ਦੇ ਡਾਕਟਰ ਕ੍ਰਿਸਟ੍ਰੋਫਰ ਟਜੋਰਿਓਂ ਦੁਆਰਾ ਕੀਤੀ ਗਈ ਇਕ ਖੋਜ ਨਾਲ ਇਹ ਸਾਹਮਣੇ ਆਇਆ ਕਿ ਉੱਚ ਖੂਨ ਦਬਾਅ ਦੇ ਕਾਰਨ ਸਾਡੇ ਦਿਮਾਗ ਦੀ ਕਾਰਜ ਸਮਰੱਥਾ ਦੇ ਪੱਧਰ ਵਿਚ ਵੀ ਗਿਰਾਵਟ ਆਉਂਦੀ ਹੈ। ਉਨ੍ਹਾਂ ਨੇ ਆਪਣੀ ਖੋਜ ਦੌਰਾਨ ਇਹ ਪਾਇਆ ਕਿ ਜੇਕਰ ਉੱਚ ਖੂਨ ਦਬਾਅ ਦਾ ਇਲਾਜ ਨਾ ਕੀਤਾ ਜਾਵੇ ਤਾਂ ਮਨੁੱਖ ਦੀ ਯਾਦਾਸ਼ਤ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX