ਤਾਜਾ ਖ਼ਬਰਾਂ


ਕਾਰ ਸਵਾਰਾਂ ਕੋਲੋਂ 18 ਲੱਖ ਦੀ ਨਕਦੀ ਬਰਾਮਦ
. . .  12 minutes ago
ਜ਼ੀਰਕਪੁਰ, 26 ਅਪਰੈਲ, {ਹੈਪੀ ਪੰਡਵਾਲਾ}-ਅੱਜ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਕੋਲ਼ੋਂ 18 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ...
ਆਈ ਪੀ ਐੱਲ 2019 -ਮੁੰਬਈ ਨੇ ਚੇਨਈ ਨੂੰ ਦਿੱਤਾ 156 ਦੌੜਾਂ ਦਾ ਟੀਚਾ
. . .  31 minutes ago
ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਦਾ ਚੋਣ ਕਮਿਸ਼ਨ ਨੂੰ ਸੁਝਾਅ- ਜੂਨ ਦੀ ਬਜਾਏ ਨਵੰਬਰ 'ਚ ਹੋਣ ਵਿਧਾਨ ਸਭਾ ਚੋਣਾਂ
. . .  29 minutes ago
ਸ੍ਰੀਨਗਰ, 26 ਅਪ੍ਰੈਲ- ਦੇਸ਼ 'ਚ ਚਲ ਰਹੀਆਂ ਲੋਕ ਸਭਾ ਦੌਰਾਨ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਜਪਾਲ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵਿਚਾਲੇ ਬੈਠਕ ਹੋਈ। ਇਸ ਬੈਠਕ ...
ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 2 hours ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 3 hours ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  about 3 hours ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  about 4 hours ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਅਫ਼ਜ਼ਲ ਅਹਿਸਨ ਰੰਧਾਵਾ ਨੂੰ ਯਾਦ ਕਰਦਿਆਂ

ਲਹਿੰਦੇ ਪੰਜਾਬ ਅੰਦਰ ਪੰਜਾਬੀ ਨਾਵਲ ਤੇ ਕਹਾਣੀ ਦੀ ਗੱਲ ਕੀਤੀ ਜਾਵੇ ਪਰ ਅਫ਼ਜ਼ਲ ਅਹਿਸਨ ਰੰਧਾਵਾ ਦਾ ਨਾਂਅ ਨਾ ਆਵੇ, ਇਹ ਮੁਮਕਿਨ ਨਹੀਂ। ਲਹਿੰਦੇ ਪੰਜਾਬ ਤੋਂ ਵਧ ਕੇ ਚੜ੍ਹਦੇ ਪੰਜਾਬ ਅੰਦਰ ਉਨ੍ਹਾਂ ਦੀ ਮਾਨਤਾ ਰਹੀ ਹੈ। ਉਨ੍ਹਾਂ ਦੇ ਨਾਵਲ, ਕਹਾਣੀਆਂ ਤੇ ਹੋਰ ਲਿਖਤਾਂ ਚੜ੍ਹਦੇ ਪੰਜਾਬ ਅੰਦਰ ਹੱਥੋਂ ਹੱਥ ਲਏ ਜਾਂਦੇ ਰਹੇ। ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸਿਲੇਬਸ ਵਿਚ ਸ਼ਾਮਿਲ ਹੁੰਦੇ ਰਹੇ ਤੇ ਆਲੋਚਕ ਲਿਖਤਾਂ ਦਾ ਵਿਸ਼ਾ ਰਹੇ। ਇਧਰ ਲਹਿੰਦੇ ਪੰਜਾਬ ਵਿਚ ਅਸਾਂ ਉਨ੍ਹਾਂ ਨਾਲ ਉਹੀ ਸਲੂਕ ਕੀਤਾ ਜੋ ਪੰਜਾਬੀ ਜ਼ੁਬਾਨ ਨਾਲ ਕਰ ਰਹੇ ਆਂ।
ਮੈਂ 1977 ਵਿਚ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਇਆ ਤਾਂ ਜਿਹੜੇ ਦੋ ਚਾਰ ਲੋਕਾਂ ਦਾ ਨਾਂਅ ਸਭ ਤੋਂ ਪਹਿਲਾਂ ਸੁਣਿਆ, ਉਨ੍ਹਾਂ ਵਿਚ ਅਫ਼ਜ਼ਲ ਅਹਿਸਨ ਰੰਧਾਵਾ ਦਾ ਨਾਂਅ ਵੀ ਸੀ। ਮੁਲਾਕਾਤ ਤਾਂ ਕਈ ਸਾਲ ਬਾਅਦ ਹੋਈ ਪਰ ਉਨ੍ਹਾਂ ਦੀਆਂ ਲਿਖਤਾਂ ਨਾਲ ਮੁਲਾਕਾਤ ਪਹਿਲਾਂ ਹੋ ਗਈ ਸੀ। 'ਦੀਵਾ ਤੇ ਦਰਿਆ' ਤੋਂ ਵੱਖ ਉਨ੍ਹਾਂ ਦਾ ਪਹਿਲਾ ਕਹਾਣੀ ਪਰਾਗਾ 'ਰੰਨ, ਤਲਵਾਰ ਤੇ ਘੋੜਾ' ਪੜ੍ਹਿਆ। 1980 ਵਿਚ ਮਹੀਨਾਵਾਰ 'ਲਹਿਰਾਂ' ਨਾਲ ਮੇਰਾ ਸਬੰਧ ਜੁੜਿਆ ਤਾਂ ਇਕ ਦਿਨ ਐਡੀਟਰ ਹੋਰਾਂ ਦੱਸਿਆ ਕਿ ਅਫ਼ਜ਼ਲ ਅਹਿਸਨ ਰੰਧਾਵਾ ਸਾਡੇ ਮਾਸਕ ਪੱਤਰ ਵਾਸਤੇ ਕਿਸ਼ਤਵਾਰ ਨਾਵਲ ਦੇਣਾ ਮੰਨ ਗਏ ਹਨ। ਛੇਤੀ ਹੀ ਉਨ੍ਹਾਂ ਨੇ 'ਪੰਧ' ਦੀਆਂ ਕਿਸ਼ਤਾਂ ਘੱਲਣੀਆਂ ਸ਼ੁਰੂ ਕਰ ਦਿੱਤੀਆਂ ਜੋ ਛਪਣ ਲੱਗ ਪਈਆਂ।
ਕੁਝ ਚਿਰ ਬਾਅਦ ਉਨ੍ਹਾਂ ਦੀਆਂ ਦੋ ਕਿਤਾਬਾਂ ਦੀ ਮੁੱਖ ਵਖਾਲੀ ਲਾਹੌਰ ਵਿਚ ਹੋਈ ਤਾਂ ਉਹ ਆਪਣੇ ਸ਼ਹਿਰ ਲਾਇਲਪੁਰ (ਅਜੋਕਾ ਨਾਂਅ ਫ਼ੈਸਲਾਬਾਦ) ਤੋਂ ਲਾਹੌਰ ਆਏ। ਕੰਵਲ ਮੁਸ਼ਤਾਕ ਨੇ ਸਾਡਾ ਪਰੀਚੈ ਕਰਾਇਆ। ਉਨ੍ਹਾਂ ਨੇ ਕੁਰਸੀ ਵਿਚ ਬੈਠੇ ਬੈਠੇ ਮੇਰੇ ਨਾਲ ਜੱਫੀ ਪਾਈ ਤੇ ਖੱਬੇ ਹੱਥ ਨਾਲ ਹੱਥ ਮਿਲਾਇਆ। ਉਨ੍ਹਾਂ ਦੀ ਸੱਜੀ ਬਾਂਹ ਮਸਨੂਈ (ਬਣਾਵਟੀ) ਸੀ। ਇਹਦੇ ਬਾਰੇ ਨਾ ਮੈਂ ਕਈ ਪੁੱਛਿਆ, ਨਾ ਕਦੀ ਉਨ੍ਹਾਂ ਦੱਸਿਆ। ਮੁਹੰਮਦ ਆਸਿਫ਼ ਖਾਂ ਉਨ੍ਹਾਂ ਦੇ ਸਮਕਾਲੀ ਵੀ ਸਨ, ਮਿੱਤਰ ਵੀ, ਮੇਰੇ ਉਸਤਾਦ ਵੀ। ਇਕ ਦਿਨ ਮੈਂ ਉਨ੍ਹਾਂ ਕੋਲੋਂ ਪੁੱਛਿਆ ਤਾਂ ਉਨ੍ਹਾਂ ਵੀ ਇਹੋ ਜਵਾਬ ਦਿੱਤਾ।
ਮੇਰਾ ਤੇ ਉਨ੍ਹਾਂ ਦੀ ਉਮਰ ਦਾ ਪੂਰੀ ਇਕ ਨਸਲ ਜਿੰਨਾ ਫ਼ਰਕ ਸੀ। ਅਸੀਂ ਉਨ੍ਹਾਂ ਤੋਂ ਜੂਨੀਅਰ ਪੀੜ੍ਹੀ ਦੇ ਲਿਖਾਰੀ ਸਾਂ ਪਰ ਉਨ੍ਹਾਂ ਨੇ ਕਦੀ ਸੀਨੀਅਰ ਜੂਨੀਅਰ ਵਾਲਾ ਵਤਕਰਾ ਨਹੀਂ ਸੀ ਕੀਤਾ। ਉਨ੍ਹਾਂ ਭਾਣੇ ਸਾਰੇ ਲਿਖਾਰੀ ਇਕੋ ਜਿਹੇ ਸਨ। ਇਕ ਮੁਲਾਕਾਤ ਵਿਚ ਉਨ੍ਹਾਂ ਨੇ ਆਖਿਆ ਸੀ 'ਜਿਹੜਾ ਵੀ ਪੰਜਾਬੀ ਵਿਚ ਲਿਖਦਾ ਏ, ਮੇਰੇ ਲਈ ਉਹ ਮਹੁਤਰਮ ਏ।'
ਉਨ੍ਹੀਂ ਦਿਨੀਂ ਰੰਧਾਵਾ ਹੋਰੀਂ ਲਾਹੌਰ ਵਿਚ ਪੜ੍ਹਿਆ ਕਰਦੇ ਸਨ, ਕਿਸੇ ਹੋਸਟਲ ਵਿਚ ਰਹਿੰਦੇ ਸਨ। ਇਹ 1960 ਦੇ ਲਾਗੇ ਚਾਗੇ ਦੀ ਗੱਲ ਹੈ। ਮੁਹੰਮਦ ਆਸਿਫ਼ ਖਾਂ ਹੋਰਾਂ 'ਪੰਜਾਬੀ ਅਦਬ' ਦੇ ਨਾਂਅ ਨਾਲ ਇਕ ਬਹੁਤ ਵਧੀਆ ਮਾਸਕ ਸ਼ੁਰੂ ਕੀਤਾ। ਆਸਿਫ਼ ਖਾਂ ਦੱਸਦੇ ਹਨ ਕਿ ਮੈਂ ਉਨ੍ਹਾਂ ਕੋਲੋਂ ਪੁੱਛੇ ਬਗ਼ੈਰ 'ਪੰਜਾਬੀ ਅਦਬ' ਵਿਚ ਇਸ਼ਤਿਹਾਰ ਦੇ ਦਿੱਤਾ ਕਿ ਅਗਲੇ ਮਹੀਨੇ ਰੰਧਾਵਾ ਹੋਰਾਂ ਦਾ ਨਾਵਲ ਸਾਡੇ ਪਰਚੇ ਵਿਚ ਛਾਪਿਆ ਜਾਵੇਗਾ ਤਾਂ ਵਾਕਈ ਇੰਜ ਹੋਇਆ। ਰੰਧਾਵਾ ਹੋਰਾਂ ਵੇਲੇ ਸਿਰ ਨਾਵਲ 'ਦੀਵਾ ਤੇ ਦਰਿਆ' ਲਿਖ ਕੇ ਪੇਸ਼ ਕਰ ਦਿੱਤਾ। ਇਹੋ ਨਾਵਲ ਪਹਿਲਾਂ 'ਪੰਜਾਬੀ ਅਦਬ' ਦੇ ਇਕ ਅੰਕ ਵਿਚ ਛਪਿਆ ਤੇ ਬਾਅਦ ਵਿਚ ਕਿਤਾਬੀ ਰੂਪ ਵਿਚ। ਨਾਵਲ ਲਹਿੰਦੇ ਪੰਜਾਬ ਵਿਚ ਇਸ ਹਵਾਲੇ ਨਾਲ ਅਹਿਮ ਸੀ ਕਿ ਇਹਦੇ ਵਿਚ ਪਹਿਲੀ ਵਾਰ ਸਿੱਖ ਪਾਤਰ ਪੇਸ਼ ਕੀਤੇ ਗਏ ਸਨ। ਰੰਧਾਵਾ ਦੇ ਦੂਜੇ ਨਾਵਲ 'ਦੋਆਬਾ' ਵਿਚ ਵੀ ਸਿੱਖ ਪਾਤਰ ਹੀ ਸਨ। ਚੜ੍ਹਦੇ ਪੰਜਾਬ ਦੇ ਆਲੋਚਕ ਅਤਰ ਸਿੰਘ ਨੇ ਆਖਿਆ ਕਿ ਰੰਧਾਵਾ ਦੇ ਨਾਵਲ ਇਸ ਕਰਕੇ ਗੋਹ ਗੋਚਰੇ ਹਨ ਕਿ ਉਨ੍ਹਾਂ ਵਿਚ ਨਾਸਟਿਲਜੀਆ ਜਾਂ ਹੀਰੋ ਦੇ ਨਾਲ-ਨਾਲ 'ਉੱਜੜ ਕੇ ਆਏ' ਲੋਕਾਂ ਦੀ ਬਜਾਏ 'ਉੱਜੜ ਕੇ ਗਏ' ਲੋਕਾਂ ਦੀ ਗੱਲ ਕੀਤੀ ਗਈ ਹੈ।
ਰੰਧਾਵਾ ਹੋਰੀਂ ਮੇਰੇ ਨਾਲ ਸਦਾ ਮਿਹਰਬਾਨ ਰਹੇ। ਪੰਜਾਬੀ ਅਦਬੀ ਬੋਰਡ ਵਿਚ ਅਕਸਰ ਆਉਂਦੇ ਜਿਥੇ ਮੁਹੰਮਦ ਆਸਿਫ਼ ਖਾਂ ਸਕੱਤਰ ਸਨ ਤੇ ਮੈਂ ਉੱਥੇ ਪਾਰਟ ਟਾਈਮ ਨੌਕਰੀ ਕਰਦਾ ਸਾਂ। ਇਕ ਵਾਰੀ ਆਏ। 'ਸੂਰਜ ਗ੍ਰਹਿਣ' ਨਾਵਲ ਦੀ ਛਪਾਈ ਹੋਣੀ ਸੀ। ਨਾਵਲ ਦੀਆਂ ਕਾਪੀਆਂ ਆਸਿਫ਼ ਖ਼ਾਂ ਹੋਰਾਂ ਮੇਰੇ ਹਵਾਲੇ ਕੀਤੀਆਂ... ਇਹ ਜ਼ਰਾ ਵੇਖ ਲੈ... ਮੈਂ ਉੱਥੇ ਈ ਮੇਜ਼ ਉੱਤੇ ਕਾਪੀਆਂ ਵਛਾ ਲਈਆਂ। 'ਇਹ ਦੂਜੇ ਸਫ਼ੇ ਉੱਤੇ ਕਿਤਾਬ ਦਾ ਨਾਂਅ, ਪਹਿਲਾ ਸਫ਼ਾ ਖਾਲੀ...' ਖਾਂ ਸਾਹਿਬ, ਇਹ ਕੀ? ਕਿਤਾਬ ਦਾ ਨਾਂਅ ਤੇ ਪਹਿਲੇ ਸਫ਼ੇ ਉੱਤੇ ਹੁੰਦਾ ਹੈ। ਖ਼ਾਂ ਸਾਹਿਬ ਨੇ ਗੱਲ ਨੋਟ ਕੀਤੀ। 'ਇਹ ਸਰਮਪਣ ਵੀ ਛੇ ਨੰਬਰ ਸਫ਼ੇ ਉੱਤੇ, ਖ਼ਾਂ ਸਾਹਿਬ ਇਹ ਵੀ ਪੰਜਵੇਂ ਸਫ਼ੇ ਉੱਤੇ ਹੁੰਦਾ ਹੈ। ਸਾਰੇ ਟਾਕ (ਓਡ) ਸਫ਼ੇ ਜਿਸਤ (ਈਵਨ) ਲਾ ਦਿੱਤੇ ਨੇ।' ਮੈਂ ਨਾਲ-ਨਾਲ ਕਾਪੀ ਜੋੜਨ ਵਾਲੇ ਬਾਰੇ ਵੀ ਮੰਦਾ ਬੋਲਦਾ ਰਿਹਾ। ਰੰਧਾਵਾ ਹੋਰੀਂ ਚੁੱਪ ਚਪੀਤੇ ਸੁਣਦੇ ਰਹੇ। ਜਦੋਂ ਮੇਰੇ ਵੱਲੋਂ ਕੀੜੇ ਕੱਢਣ ਦਾ ਕੰਮ ਹੱਦੋਂ ਵਧ ਗਿਆ ਤਾਂ ਆਸਿਫ਼ ਖ਼ਾਂ ਹੋਰੀ ਨਾ ਰਹਿ ਸਕੇ। 'ਰੰਧਾਵਾ ਸਾਹਿਬ, ਇਹ ਕਾਪੀਆਂ ਕਿਹਨੇ ਜੋੜੀਆਂ ਨੇ?'
'ਜੋੜੀਆਂ ਤੇ ਕਾਪੀ ਪੇਸਟਰ ਨੇ ਈ ਨੇ ਪਰ ਮੈਂ ਜਿਵੇਂ ਹਦਾਇਤਾਂ ਦਿੰਦਾ ਗਿਆ, ਉਵੇਂ ਹੀ ਉਹ ਜੋੜਦਾ ਗਿਆ। ਤਦੇ ਈ ਤੇ ਚੁੱਪ ਕਰ ਕੇ ਸੁਣ ਰਿਹਾਂ।' ਰੰਧਾਵਾ ਹੋਰਾਂ ਹੱਸ ਕੇ ਆਖਿਆ।
1989 ਵਿਚ ਮੈਂ ਤੇ ਇਲਿਆਸ ਘੁੰਮਣ ਨੇ 'ਰਵੇਲ' ਪੰਦਰਵਾੜਾ ਜਾਰੀ ਕੀਤਾ ਤੇ ਅਸੀਂ ਦੋਵੇਂ ਰੰਧਾਵਾ ਹੋਰਾਂ ਦਾ ਇੰਟਰਵਿਊ ਲੈਣ ਫ਼ੈਸਲਾਬਾਦ ਤੁਰ ਗਏ। ਰੱਜ ਕੇ ਗੱਲਾਂ ਹੋਈਆਂ। ਸਾਡੀ ਇੰਟਰਵਿਊ ਵਿਚ ਇਕ ਸਵਾਲ ਸੀ 'ਕੁਝ ਲੋਕ ਪੰਜਾਬੀ ਲਿਖਾਰੀਆਂ ਉੱਤੇ ਇਲਜ਼ਾਮ ਲਾਉਂਦੇ ਨੇ ਕਿ ਇਹ ਗਰੇਟਰ ਪੰਜਾਬ ਲਈ ਕੰਮ ਕਰਦੇ ਨੇ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਏ?' ਰੰਧਾਵਾ ਹੋਰਾਂ ਦਾ ਜਵਾਬ ਸੀ 'ਅਗਲਿਆਂ ਨੇ ਪੰਜਾਬ ਈ ਨਹੀਂ ਰਹਿਣ ਦੇਣਾ, ਤੁਸੀਂ ਗਰੇਟਰ ਪੰਜਾਬ ਦੀ ਗੱਲ ਕਰਦੇ ਹੋ।'
ਖ਼ੁੱਰਮ ਉਨ੍ਹਾਂ ਦਾ ਇਕੋ ਇਕ ਪੁੱਤਰ ਸੀ ਜਿਹਦੇ ਬਾਰੇ ਉਨ੍ਹਾਂ ਦਾ ਸ਼ਿਅਰ ਹੈ :
ਕੱਲਾ ਸਾਂ ਤੇ ਕਿਸੇ ਤੋਂ ਵੀ ਨਹੀਂ ਡਰਦਾ ਸਾਂ
ਹੁਣ ਡਰਾਵੇ 'ਖੁੱਰਮ' ਵਰਗਾ ਬਾਲ ਪਿਆ।
ਖ਼ੁੱਰਮ ਨੂੰ ਤਾਅਲੀਮ ਲਈ ਅਮਰੀਕਾ ਘੱਲ ਦਿੱਤਾ। ਮਗਰੋਂ ਰੋ ਰੋ ਕੇ ਮਾਂ ਨੇ ਅੱਖਾਂ ਸੁਜਾ ਲਈਆਂ। ਅਖ਼ੀਰ ਉਨ੍ਹਾਂ ਨੂੰ ਵਾਪਸ ਸੱਦ ਲਿਆ ਗਿਆ। ਰੰਧਾਵਾ ਸਾਹਿਬ ਦੇ ਕਹਿਣ ਮੁਤਾਬਿਕ 'ਮਾਂ ਨੂੰ ਠੰਢ ਪੈ ਗਈ'। ਖ਼ੁਰਮ ਦਾ ਵਿਆਹ ਹੋਇਆ, ਬਾਲ ਬੱਚੇ ਹੋਏ ਤੇ ਉਹ ਚਾਲੀ ਸਾਲ ਦੇ ਲਗਪਗ ਉਮਰ ਪਾ ਕੇ ਬਿਮਾਰੀ ਪਾਰੋਂ ਚਲਾਣਾ ਕਰ ਗਿਆ। ਮੈਂ ਰੰਧਾਵਾ ਹੋਰਾਂ ਨੂੰ ਅਫ਼ਸੋਸ ਦਾ ਫੋਨ ਕੀਤਾ। ਉਨ੍ਹਾਂ ਦੀ ਆਵਾਜ਼ ਵਿਚ ਅਫ਼ਸੋਸ ਤੇ ਹੈ ਸੀ ਪਰ ਉਹੀ ਖੜਕ ਵੀ ਸੀ ਜੋ ਉਨ੍ਹਾਂ ਦੀ ਪਛਾਣ ਸੀ। ਪਹਾੜ ਜਿੱਡੇ ਦੁੱਖ ਨੂੰ ਉਨ੍ਹਾਂ ਨੇ ਪਹਾੜ ਬਣ ਕੇ ਸਹਿਆ। ਫਿਰ ਜੀਵਨ ਸਾਥਣ ਆਇਸ਼ਾ ਰੰਧਾਵਾ ਵੀ ਸਾਥ ਛੱਡ ਗਈ। ਉਹ ਹੋਰ ਇਕੱਲੇ ਰਹਿ ਗਏ। ਸਿਵਾਏ ਫੇਸਬੁੱਕ ਦੇ ਉਨ੍ਹਾਂ ਦਾ ਕੋਈ ਹਾਣੀ ਨਹੀਂ ਸੀ ਰਿਹਾ। ਬਾਰ ਵਿਚ ਜਾਂਦੇ ਵਕੀਲ ਸਾਥੀਆਂ ਨਾਲ ਮਿਲਦੇ, ਚਾਹ ਪੀਂਦੇ ਤੇ ਪਰਤ ਆਉਂਦੇ। ਕਰਨ ਵਾਲੇ ਬਹੁਤੇ ਕੰਮ ਵੀ ਨਹੀਂ ਸੀ ਰਹਿ ਗਏ ਸਨ। ਸਮੁੰਦਰ ਖਾਲ ਬਣ ਗਿਆ ਸੀ। ਉਨ੍ਹਾਂ ਦਾ ਆਪਣਾ ਈ ਸ਼ਿਅਰ ਏ :
ਮੈਂ ਦਰਿਆਵਾਂ ਦਾ ਹਾਣੀ ਸਾਂ
ਤਰਨੇ ਪੈ ਗਏ ਖਾਲ ਨੀ ਮਾਏ
ਇਸ ਇਕਲਾਪੇ ਵਿਚ ਉਨ੍ਹਾਂ ਦਾ ਸਹਾਰਾ ਫੇਸਬੁੱਕ ਸੀ ਜਿਹਦੇ ਉੱਤੇ ਉਹ ਅਕਸਰ ਆਪਣਾ ਕੋਈ ਸ਼ਿਅਰ ਜਾਂ ਕਵਿਤਾ ਸ਼ੇਅਰ ਕਰਦੇ। ਕਦੀ ਤਾਜ਼ੀ ਫੋਟੋ ਵੀ ਲਾ ਦਿੰਦੇ। ਹੁਸੈਨ ਸ਼ਾਹਿਦ ਉਨ੍ਹਾਂ ਦੇ ਸਮਕਾਲੀ ਸਨ। ਉਹ ਚਲਾਣਾ ਕਰ ਗਏ ਤਾਂ ਮੈਂ ਉਨ੍ਹਾਂ ਦੀ ਫੋਟੋ ਸ਼ੇਅਰ ਕੀਤੀ। ਜਵਾਬ ਵਿਚ ਉਨ੍ਹਾਂ ਦੀ ਬੜੀ ਦੁੱਖ ਭਰੀ ਟਿਪਣੀ ਆਈ। ਮੈਂ ਹੁਸੈਨ ਸ਼ਾਹਿਦ ਨਾਲ ਮੁਲਾਕਾਤ ਕਰਨ ਵਾਲੇ ਆਖਰੀ ਲੋਕਾਂ ਵਿਚੋਂ ਸਾਂ। ਮੁਲਾਕਾਤ ਸਮੇਂ ਉਹ ਵੀ ਅਫ਼ਜ਼ਲ ਅਹਿਸਨ ਰੰਧਾਵਾ ਨੂੰ ਈ ਯਾਦ ਕਰਦੇ ਰਹੇ।
19 ਸਤੰਬਰ ਨੂੰ ਰੰਧਾਵਾ ਹੋਰਾਂ ਦੇ ਆਪਣੇ ਪੇਜ ਤੋਂ ਈ ਉਨ੍ਹਾਂ ਦੀ ਧੀ ਜਾਂ ਕਿਸੇ ਹੋਰ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਸ਼ੇਅਰ ਕੀਤੀ ਤਾਂ ਮੈਨੂੰ ਆਪਣਾ ਈ ਸ਼ਿਅਰ ਯਾਦ ਆ ਗਿਆ :
ਇਕ ਇਕ ਕਰ ਕੇ ਛੱਡੀ ਜਾਂਦੇ ਯਾਰ ਪੁਰਾਣੇ,
ਕੁਝ ਨੇ ਰੁੱਝੇ, ਕੁਝ ਨਾ ਕੋਲ ਨੇ ਹੋਰ ਬਹਾਨੇ।


ਫੋਨ : 0092-300490-5846


ਖ਼ਬਰ ਸ਼ੇਅਰ ਕਰੋ

ਗ਼ਜ਼ਲਾਂ

* ਕੁਲਦੀਪ ਸਿੰਘ ਰੁਪਾਲ *

ਮਿਲ ਕੇ ਵੀ ਨਾ ਮਿਲ ਸਕੇ, ਆਪਾਂ ਮਿਲੇ ਕੁਝ ਇਸ ਤਰ੍ਹਾਂ,
ਰਹਿ ਗਏ ਸਾਡੇ ਵਿਚਾਲੇ, ਫ਼ਾਸਲੇ ਕੁਝ ਇਸ ਤਰ੍ਹਾਂ।
ਉਮਰ ਦੀ ਦਹਿਲੀਜ਼ 'ਤੇ, ਬੱਸ ਲੱਪ ਕੁ ਹੰਝੂ ਰੱਖ ਕੇ,
ਚੁੱਪ-ਚੁਪੀਤੇ ਤੁਰ ਗਏ ਉਹ, ਕਾਫ਼ਲੇ ਕੁਝ ਇਸ ਤਰ੍ਹਾਂ।
ਜ਼ਿੰਦਗੀ ਰੁਸਦੀ ਰਹੀ ਤੇ, ਮੈਂ ਮਨਾਉਂਦਾ ਹੀ ਰਿਹਾ,
ਉਮਰ ਭਰ ਚਲਦੇ ਰਹੇ, ਇਹ ਸਿਲਸਿਲੇ ਕੁਝ ਇਸ ਤਰ੍ਹਾਂ।
ਨਾ ਕੋਈ ਸ਼ਿਕਵਾ ਕਿਸੇ 'ਤੇ, ਨਾ ਕੋਈ ਕਰਦੇ ਗਿਲਾ,
ਬਸ ਬਿਤਾਉਂਦੇ ਜ਼ਿੰਦਗੀ ਨੂੰ, ਦਿਲਜਲੇ ਕੁਝ ਇਸ ਤਰ੍ਹਾਂ।
ਬਦਨਸੀਬੀ ਹੈ ਚਮਨ ਦੀ, ਨਾ ਖ਼ਿਜ਼ਾਂ ਦਾ ਦੋਸ਼ ਇਹ,
ਖ਼ੁਦ-ਬ-ਖ਼ੁਦ ਹੀ ਗਿਰ ਗਏ ਫੁੱਲ, ਸਿਖ਼ਰਲੇ ਕੁਝ ਇਸ ਤਰ੍ਹਾਂ।
ਡਰ ਰਿਹਾ ਹੈ ਦਿਲ ਅਸਾਡਾ, ਹੁਣ ਵਫ਼ਾ ਦੇ ਨਾਮ ਤੋਂ,
ਕਿਉਂ ਵਫ਼ਾ ਬਦਲੇ ਮਿਲੇ, ਸਾਨੂੰ ਸਿਲੇ ਕੁਝ ਇਸ ਤਰ੍ਹਾਂ।
ਨਾ ਰਿਹਾ ਸ਼ਿਕਵਾ ਅਸਾਨੂੰ ਹੁਣ ਅਸਾਡੇ ਯਾਰ 'ਤੇ,
ਕਰ ਗਿਆ ਜਦ 'ਦੀਪ' ਸਾਡੇ ਤੇ ਗਿਲੇ ਕੁਝ ਇਸ ਤਰ੍ਹਾਂ।


-ਗਲੀ ਨੰ: 10, ਕਲਗੀਧਰ ਕਾਲੋਨੀ, ਰਾਮਪੁਰਾ ਫੂਲ-151103. ਮੋਬਾ: 94174-56778.

ਗ਼ਜ਼ਲਾਂ

* ਜਸਵੰਤ ਸਿੰਘ ਸੇਖਵਾਂ *

ਬੁਲੰਦ ਕਰ ਸੋਚ ਜੇ ਦਿਸਹੱਦਿਆਂ ਤੋਂ ਪਾਰ ਜਾਣਾ ਏਂ।
ਛੁਰੀ ਦੀ ਧਾਰ 'ਤੇ ਵੀ ਚਲਦਿਆਂ ਇਕਸਾਰ ਜਾਣਾ ਏਂ।
ਹੈ ਦੁਨੀਆ ਉਸ ਨਦੀ ਵਰਗੀ ਜੋ ਵਹਿੰਦੀ ਹੈ ਉਫਾਨਾਂ 'ਤੇ,
ਇਹ ਤੂੰ ਹੀ ਸੋਚਣਾ ਕਿ ਕਿਸ ਤਰ੍ਹਾਂ ਉਸ ਪਾਰ ਜਾਣਾ ਏਂ।
ਉਠਾ ਕੇ ਸਿਰ ਉਤਾਹਾਂ ਚੱਲਿਆਂ ਸਾਹਵੇਂ ਜੇ ਹਾਕਮ ਦੇ,
ਤਾਂ ਸਮਝੀਂ ਗਲ਼ ਸਲੀਬਾਂ ਦਾ ਤੂੰ ਪਾਵਣ ਹਾਰ ਜਾਣਾ ਏਂ।
ਜੋ ਖੜ੍ਹ ਕੇ ਵਿਚ ਨੀਹਾਂ ਦੇ ਵੀ ਜਾਬਰ ਨੂੰ ਵੰਗਾਰਨਗੇ,
ਉਨ੍ਹਾਂ ਦੇ ਵਾਰਸਾਂ ਨੇ ਖੰਡੇ ਦੀ ਬਣ ਧਾਰ ਜਾਣਾ ਏਂ।
ਬੁਜ਼ਦਿਲ ਜ਼ੁਲਮ ਸਹਿੰਦੇ ਨੇ ਤੇ ਕਈ ਕਈ ਵਾਰ ਮਰਦੇ ਨੇ,
ਐਪਰ ਯੋਧਿਆਂ ਘਰ ਮੌਤ ਦੇ ਇਕ ਵਾਰ ਜਾਣਾ ਏਂ।
ਵਿਕਦਾ ਸੱਚ ਵੀ ਏਥੇ ਤੇ ਵਿਕਦਾ ਝੂਠ ਵੀ ਏਥੇ,
ਤੇਰੀ ਫਿਤਰਤ ਹੀ ਦੱਸੇਗੀ, ਤੂੰ ਕਿਸ ਬਾਜ਼ਾਰ ਜਾਣਾ ਏਂ।
ਕਿਸੇ ਦਾ 'ਸੇਖਵਾਂ' ਬਣ ਜਾ, ਬਣਾ ਲੈ ਕਿਸੇ ਨੂੰ ਆਪਣਾ,
ਗ਼ਮਾਂ ਦਾ ਯਾਰ ਦੇ ਸੰਗ ਵੰਡਿਆ ਕੁਝ ਭਾਰ ਜਾਣਾ ਏਂ।


-ਮੋਬਾਈਲ : 98184-89010.

ਸ਼ਾਂਤੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ।
* ਅਮਨ ਪਸੰਦ ਲੋਕ ਹੀ ਚਿਰਕਾਲੀ ਅਮਨ ਦੇ ਹੱਕਦਾਰ ਹਨ।
* ਹਰ ਕੰਮ ਨੂੰ ਹਿੰਮਤ ਅਤੇ ਸ਼ਾਂਤੀ ਨਾਲ ਕਰੋ। ਇਹੀ ਸਫ਼ਲਤਾ ਦਾ ਸਾਧਨ ਹੈ।
* ਸ਼ਾਂਤੀ ਤੇ ਮਿੱਤਰਤਾ 'ਚ ਹੀ ਸੁੱਖ ਤੇ ਆਨੰਦ ਹੈ।
* ਆਪਣੇ ਅੰਦਰ ਹੀ ਜੇਕਰ ਸ਼ਾਂਤੀ ਮਿਲ ਜਾਵੇ ਤਾਂ ਸਾਰਾ ਸੰਸਾਰ ਹੀ ਸ਼ਾਂਤਮਈ ਜਾਪਣ ਲੱਗ ਪੈਂਦਾ ਹੈ।
* ਮਨ ਦੀ ਸ਼ਾਂਤੀ ਲਈ ਬੱਝਵੀਂ ਰੋਜ਼ੀ ਜ਼ਰੂਰੀ ਹੈ।
* ਜੇਕਰ ਅਸੀਂ ਈਸ਼ਵਰ ਨੂੰ ਖੋਜਣਾ ਹੈ ਤਾਂ ਸ਼ਾਂਤੀ ਨਾਲ ਅੱਗੇ ਵਧਣਾ ਹੋਵੇਗਾ, ਕਿਉਂਕਿ ਉਹ ਸ਼ੋਰ-ਸ਼ਰਾਬੇ ਅਤੇ ਅਸ਼ਾਂਤੀ ਵਿਚ ਨਹੀਂ ਮਿਲ ਸਕਦਾ।
* ਸ਼ਾਂਤ ਮਨ ਅੰਦਰੂਨੀ ਤਾਕਤ ਅਤੇ ਆਤਮ-ਵਿਸ਼ਵਾਸ ਲਿਆਉਂਦਾ ਹੈ, ਜੋ ਕਿ ਚੰਗੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ।
* ਜਿਸ ਅੰਦਰ ਸ਼ਾਂਤੀ ਹੈ, ਉਸ ਨੂੰ ਬਾਹਰਲੇ ਦੁੱਖ ਕਦੇ ਕਸ਼ਟ ਨਹੀਂ ਦੇ ਸਕਦੇ।
* ਜ਼ਿੰਦਗੀ ਬੜੀ ਛੋਟੀ ਹੈ ਭਾਵੇਂ ਅਸੀਂ ਚੰਗੇ ਕੰਮ ਕਰੀਏ ਤੇ ਭਾਵੇਂ ਮਾੜੇ ਕੰਮ ਕਰੀਏ, ਜ਼ਿੰਦਗੀ ਨੇ ਖ਼ਤਮ ਹੋਣਾ ਹੀ ਹੋਣਾ ਹੈ। ਪਰ ਜੇਕਰ ਅਸੀਂ ਚੰਗੇ ਕੰਮ ਕਰੀਏ ਤਾਂ ਅਸੀਂ ਸ਼ਾਂਤੀਪੂਰਵਕ ਮਰ ਸਕਦੇ ਹਾਂ।
* ਗੁੱਸੇ ਨਾਲ ਸਾਰੇ ਕੰਮ ਉਸ ਤਰ੍ਹਾਂ ਨਹੀਂ ਬਣਦੇ, ਜਿਸ ਤਰ੍ਹਾਂ ਸ਼ਾਂਤੀ ਨਾਲ ਬਣਦੇ ਹਨ।
* ਜੀਵਨ ਦਾ ਸਭ ਤੋਂ ਵੱਡਾ ਸੁੱਖ ਮਨ ਦੀ ਸ਼ਾਂਤੀ ਹੈ।
* ਜੇਕਰ ਤੁਸੀਂ ਜ਼ਿੰਦਗੀ ਵਿਚ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਗੁਣਾਂ ਨੂੰ ਧਾਰਨ ਕਰੋ-ਬੋਲਬਾਣੀ ਵਿਚ ਮਿਠਾਸ ਹੋਵੇ, ਮਨ ਵਿਚ ਟੇਲੈਂਟ ਹੋਵੇ, ਦਿਲ ਵਿਚ ਪਿਆਰ ਹੋਵੇ, ਹੱਥਾਂ ਵਿਚ ਤਾਕਤ ਹੋਵੇ ਤੇ ਅੱਖਾਂ ਵਿਚ ਸ਼ਾਂਤੀ ਹੋਵੇ।
* ਕਰੋਧ ਅਤੇ ਹਨੇਰ (ਝੱਖੜ/ਤੂਫ਼ਾਨ) ਦੋਵੇਂ ਬਰਾਬਰ ਹਨ, ਕਿਉਂਕਿ ਇਨ੍ਹਾਂ ਦੇ ਸ਼ਾਂਤ ਹੋਣ ਤੋਂ ਬਾਅਦ ਹੀ ਪਤਾ ਲਗਦਾ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ।
* ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ।
* ਜਦੋਂ ਤਮਾਮ ਸ਼ਾਂਤਮਈ ਹੀਲੇ-ਵਸੀਲੇ ਅਰਥਹੀਣ ਹੋ ਜਾਣ ਤਾਂ ਉਦੋਂ ਤਲਵਾਰ ਚੁੱਕਣੀ ਜਾਇਜ਼ ਹੈ।
* ਜੇ ਸੰਸਾਰ ਵਿਚ ਜਾਂ ਘਰ ਵਿਚ ਸਦਾ ਅਮਨ ਰੱਖਣਾ ਹੋਵੇ ਤਾਂ ਉਹ ਹੀ ਭਾਸ਼ਾ ਬੋਲਣੀ ਚਾਹੀਦੀ ਹੈ, ਜਿਸ ਨਾਲ ਅਮਨ ਦੀ ਕੀਮਤ ਵਧੇ, ਕੁੜੱਤਣ ਖ਼ਤਮ ਹੋਵੇ ਅਤੇ ਭਾਈਚਾਰਕ ਸਾਂਝ ਵਧੇ।
* ਗ਼ਰੀਬ ਤਨ ਕਰਕੇ ਭੁੱਖਾ ਹੈ ਅਮੀਰ ਮਨ ਕਰਕੇ। ਗਰੀਬ ਨੂੰ ਦੋ ਰੋਟੀਆਂ ਦੇ ਕੇ ਸ਼ਾਂਤ ਕੀਤਾ ਜਾ ਸਕਦਾ ਹੈ ਪਰ ਕਈ ਅਮੀਰ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਭੁੱਖ ਨੂੰ ਕੋਈ ਸ਼ਾਂਤ ਨਹੀਂ ਕਰ ਸਕਦਾ। (ਚਲਦਾ)


ਮੋਬਾਈਲ : 99155-63406.

... ਤੌਬਾ... ਤੌਬਾ... ਤੌਬਾ

ਨੱਥਾ ਸਿੰਘ, ਪ੍ਰੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ। ਪਹਿਲਾਂ ਪੰਜਾਬ ਤੇ ਹਰਿਆਣਾ ਇਕੋ ਹੀ ਸਨ, ਸਗੋਂ ਹਿਮਾਚਲ ਪ੍ਰਦੇਸ਼ ਵੀ। ਪੰਜਾਬ ਨੇ ਭਾਰਤ ਦੇ ਨਕਸ਼ੇ ਨੂੰ ਹਰਿਆਣਾ ਦਿੱਤਾ, ਹਿਮਾਚਲ ਪ੍ਰਦੇਸ਼ ਦਿੱਤਾ, ਨਾਲੇ ਸਾਧਾਂ-ਸੰਤਾਂ ਦੇ ਡੇਰੇ ਵੀ। 'ਡੇਰਾ' ਤੇ 'ਡੇਰੇ' ਇਹ ਬਖਸ਼ਿਸ਼ ਪੰਜਾਬ ਦੀ ਹੀ ਹੈ। 'ਡੇਰੇ' ਦਾ ਮਤਲਬ ਹੈ ਠਿਕਾਣਾ, ਠਹਿਰਾਓ, ਅੰਗਰੇਜ਼ੀ 'ਚ ਕਹਿੰਦੇ ਨੇ ਕੈਂਪ। ਫ਼ੌਜਾਂ ਦੇ ਡੇਰੇ ਲਗਦੇ ਸਨ-ਤੇ ਜਾਂ ਫਿਰ ਸਾਧਾਂ-ਸੰਤਾਂ ਦੇ। ਅੰਗਰੇਜ਼ ਆਏ ਤਾਂ 'ਡੇਰੇ' ਕੈਂਪਾਂ 'ਚ ਬਦਲ ਗਏ, ਪਰ ਸਾਧਾਂ ਦੇ ਡੇਰੇ ਪੰਜਾਬੀ 'ਚ ਹੀ ਕਾਇਮ ਰਹੇ।
ਜਿਥੇ ਵੇਖੀ ਤਵਾ ਪਰਾਤ,
ਉਥੇ ਕੱਟੀ ਸਾਰੀ ਰਾਤ।
ਜਦ ਸਾਧ ਡੇਰਾ ਕਰਦੇ ਸਨ ਕਿਸੇ ਥਾਂ ਤਾਂ ਉਥੇ ਸਾਰੀ-ਸਾਰੀ ਰਾਤ ਪਰਮਾਤਮਾ ਦੇ ਨਾਂਅ ਦਾ ਕੀਰਤਨ ਜਾਂ ਸਾਧਾਂ ਵਲੋਂ ਪਰਮਾਤਮਾ ਦੀ ਉਸਤਤ 'ਚ ਉਨ੍ਹਾਂ ਦੇ ਪਰਿਵਚਨ ਹੁੰਦੇ। ਇਕ ਥਾਂ ਡੇਰਾ ਪੱਕਾ ਨਹੀਂ ਹੁੰਦਾ ਸੀ। ਆਖਿਆ ਜਾਂਦਾ ਹੈ ਸਾਧ-ਸੰਤ ਵਗਦੇ ਪਾਣੀ ਹੁੰਦੇ ਹਨ, ਇਹ ਇਕ ਥਾਂ ਟਿਕ ਨਹੀਂ ਸਕਦੇ, ਇਨ੍ਹਾਂ ਦੇ ਡੇਰੇ ਅੱਜ ਐਥੇ ਤੇ ਕੱਲ੍ਹ ਉਥੇ... ਵਗਦੇ ਪਾਣੀ ਵਾਂਗ 'ਗਾਂਹ ਹੀ 'ਗਾਂਹ ਵਹੀਰਾਂ ਘੱਤੀ ਰੱਖਦੇ ਹਨ।
10ਵੀਂ ਸਦੀ 'ਚ ਕਹਿੰਦੇ ਨੇ ਕਿ ਗੋਰਖ ਨਾਥ ਨੇ ਪਹਿਲਾ ਡੇਰਾ ਪੰਜਾਬ ਦੇ ਇਕ ਪਿੰਡ 'ਚ ਲਾਇਆ, ਲੋਕੀਂ ਉਨ੍ਹਾਂ ਦੇ ਦਰਸ਼ਨਾਂ ਹਿਤ ਭੀੜਾਂ ਦੀਆਂ ਭੀੜਾਂ ਜੁੜਦੇ, ਉਨ੍ਹਾਂ ਦੇ ਦੁੱਖਾਂ ਤੋਂ ਨਿਜਾਤ ਦਿਵਾਉਣ ਵਾਲੇ ਰਾਹਤ ਭਰੇ ਬੋਲ ਸੁਣਦੇ, ਸ਼ੁਕਰਾਨੇ ਨਾਲ ਸਿਰ ਨਿਵਾਉਂਦੇ, ਫਿਰ ਗੋਰਖ ਨਾਥ ਅੱਗੇ ਚਲੇ ਜਾਂਦੇ ਤੇ ਡੇਰਾ ਕਿਸੇ ਹੋਰ ਪਿੰਡ ਵਿਚ ਜਮਾ ਲੈਂਦੇ। ਡੇਰਿਆਂ ਦੀ ਪ੍ਰਥਾ ਉਥੋਂ ਹੀ ਸ਼ੁਰੂ ਹੋਈ ਹੈ। ਪੰਜਾਬ ਨੂੰ ਮਾਣ ਹੈ ਕਿ ਇਹ ਗੁਰੂਆਂ-ਪੀਰਾਂ ਤੇ ਸੰਤਾਂ ਦੀ ਧਰਤੀ ਹੈ, ਇਹਨੂੰ ਇਹ ਵੀ ਮਾਣ ਹੈ ਕਿ ਇਹੋ ਹੀ ਡੇਰਿਆਂ ਦੀ ਧਰਤੀ ਹੈ। ਪੱਕੇ 'ਡੇਰੇ' ਇਥੇ ਹੀ ਗੱਡੇ ਗਏ ਤੇ 'ਡੇਰਿਆਂ ਦੀ ਜਨਮਦਾਤੀ' ਦਾ ਸਰਟੀਫਿਕੇਟ ਇਸੇ ਧਰਤੀ ਨੂੰ ਪ੍ਰਾਪਤ ਹੈ। ਦੱਖਣ 'ਚ ਵੀ ਸਾਧਾਂ ਦੇ ਪੱਕੇ ਟਿਕਾਣੇ ਹਨ ਪਰ ਉਨ੍ਹਾਂ ਨੂੰ ਡੇਰੇ ਨਹੀਂ 'ਮੱਠ' ਆਖਦੇ ਹਨ। ਯੂ. ਪੀ. ਤੇ ਮੱਧ ਪ੍ਰਦੇਸ਼ 'ਚ 'ਅਖਾੜੇ' ਹਨ। ਸਭੇ, ਸਦੀਆਂ ਤੋਂ ਆਪਣੇ-ਆਪਣੇ ਪ੍ਰਾਂਤਾਂ 'ਚ ਆਪਣੇ-ਆਪਣੇ ਪੱਕੇ ਮੱਠ, ਅਖਾੜੇ ਤੇ ਡੇਰੇ ਬਣਾਈ ਬੈਠੇ ਹਨ। ਇਨ੍ਹਾਂ 'ਚ ਬੈਠੇ ਸਾਧ-ਸੰਤ ਇਥੇ ਸਦਾ ਲਈ ਡੇਰੇ ਗੱਡੀ ਬੈਠੇ ਹਨ, ਊਂ ਕਦੇ-ਕਦੇ ਬਾਹਰ ਵੀ ਵਹੀਰਾਂ ਘੱਤ ਦਿੰਦੇ ਹਨ।
ਇਨ੍ਹਾਂ ਡੇਰਿਆਂ ਦੇ ਮਾਲਿਕ ਸਾਧ-ਸੰਤ ਵੀ ਘੁੰਮ-ਘੁਮਾ ਕੇ ਬਾਹਰ ਹੋਰ ਲੋਕਾਂ ਨੂੰ ਵੀ ਦਰਸ਼ਨ ਦੇ ਕੇ, ਮੁੜ ਆਪਣੇ ਕਿਲੇ 'ਤੇ ਵਾਪਸ ਆ ਜਾਂਦੇ ਹਨ। ਇਹ ਆਪਣਿਆਂ ਡੇਰਿਆਂ ਕਰਕੇ ਹੀ ਮਸ਼ਹੂਰ ਹਨ।
ਇਨ੍ਹਾਂ ਡੇਰਿਆਂ 'ਤੇ ਡੇਰੇ ਦੇ 'ਮਾਲਕਾਂ' ਦੀ ਮਾਨਤਾ ਬੜੀ ਜੇ। ਲੱਖਾਂ ਸ਼ਰਧਾਲੂ ਜੇ ਇਨ੍ਹਾਂ ਦੇ। ਜਿਵੇਂ ਵੱਡੇ-ਵੱਡੇ ਬੈਂਕਾਂ ਦੀਆਂ ਬ੍ਰਾਂਚਾਂ ਥਾਂ-ਥਾਂ 'ਤੇ ਹਨ, ਇਨ੍ਹਾਂ ਡੇਰਿਆਂ ਦੀਆਂ ਬ੍ਰਾਂਚਾਂ ਵੀ ਪਿੰਡ-ਪਿੰਡ ਤੇ ਪੰਜਾਬੋਂ ਬਾਹਰ ਵੀ, ਕਈ ਪ੍ਰਾਂਤਾਂ ਵਿਚ ਹਨ, ਹੁਣ ਤਾਂ ਸੁੱਖ ਨਾਲ ਇਹ 'ਡੇਰੇ' ਇੰਟਰਨੈਸ਼ਨਲ ਹੋ ਗਏ ਹਨ, ਇਨ੍ਹਾਂ ਦੀਆਂ ਬ੍ਰਾਂਚਾਂ ਵਿਦੇਸ਼ਾਂ 'ਚ ਵੀ ਖੁੱਲ੍ਹ ਗਈਆਂ ਹਨ। ਵੇਖਿਆ ਕਿੱਦਾਂ ਇਨ੍ਹਾਂ ਨੇ ਡੇਰੇ ਕਿਥੇ-ਕਿਥੇ ਗੱਡ ਲਏ ਹਨ।
ਡੇਰਿਆਂ ਵਿਚ ਡਾਂਸ! ਤੌਬਾ-ਤੌਬਾ-ਤੌਬਾ
ਡੇਰਿਆਂ ਵਿਚ ਜਾਮ! ਤੌਬਾ-ਤੌਬਾ-ਤੌਬਾ
ਡੇਰਿਆਂ ਵਿਚ ਅਯਾਸ਼ੀ! ਤੌਬਾ-ਤੌਬਾ-ਤੌਬਾ
ਡੇਰਿਆਂ ਵਿਚ ਬੰਦੂਕਾਂ, ਪਿਸਤੌਲਾਂ, ਆਦਿ-ਆਦਿ! ਤੌਬਾ-ਤੌਬਾ-ਤੌਬਾ
ਡੇਰਿਆਂ 'ਚ 'ਝੂਠਾ ਸੌਦਾ' ! ਤੌਬਾ-ਤੌਬਾ-ਤੌਬਾ
ਇਕ ਫਿਲਮ ਐਕਟਰ ਹੈ ਮੈਂ ਨਾਂਅ ਨਹੀਂ ਦਸ ਰਿਹਾ, ਉਸ ਤੋਂ ਕੋਈ ਭਰਾ-ਭੈਣ, ਰਿਸ਼ਤੇਦਾਰ ਜਾਂ ਯਾਰ-ਦੋਸਤ ਵੀ ਕਦੇ ਰੁਪਏ ਉਧਾਰ ਮੰਗਣ ਗਏ ਤਾਂ ਉਹਦਾ ਇਹੋ ਜਵਾਬ ਹੁੰਦਾ ਹੈ:
'ਭਈਆ ਯੇਹ ਲੇਨਾ ਬੈਂਕ ਹੈ, ਦੇਨਾ ਬੈਂਕ ਨਹੀਂ।'
ਤੇ ਇਹ ਜਿਹੜੇ ਡੇਰਿਆਂ ਦੇ ਬਾਬੇ ਹਨ, ਇਹ ਸਭੇ ਵੀ 'ਲੇਨਾ' ਬੈਂਕ ਹਨ, ਦੇਨਾ ਬੈਂਕ ਨਹੀਂ।
ਕਹਾਵਤ ਹੈ ਨਾ ਇਕ ਗੰਦੀ ਮਛਲੀ ਸਾਰੇ ਤਾਲਾਬ ਨੂੰ ਗੰਦਾ ਕਰ ਦਿੰਦੀ ਹੈ। ਮੱਛੀ ਕਾਹਨੂੰ ਮਗਰਮੱਛ ਇਕ ਢੋਂਗੀ ਬਾਬਾ ਹੈ, ਜਿਸ ਨੇ ਪੰਜਾਬ ਦੇ ਤਾਲਾਬ ਗੰਦੇ ਕਰ ਦਿੱਤੇ ਹਨ।
ਵੇਖੋ ਜੀ ਮਨੁੱਖ ਨੇ ਜਨਮ ਨਾ ਲਿਆ ਹੁੰਦਾ, ਲੂੰ-ਲੂੰ ਵਿਚ ਇਨ੍ਹਾਂ ਭਰਿਆ ਹੁੰਦਾ ਕਿ ਜਨਮ ਰੱਬ ਨੇ ਦਿੱਤਾ ਹੈ। ਜਨਮ ਲੈ ਲਿਆ ਮੌਤ ਦਾ ਡਰ ਤਾਂ ਹੈ, ਇਹ ਵੀ ਦਿਮਾਗਾਂ 'ਚ ਕੁੱਟ-ਕੁੱਟ ਭਰਿਆ ਹੈ ਕਿ ਮੌਤ ਵੀ ਰੱਬ ਹੀ ਦਿੰਦਾ ਹੈ। ਜ਼ਿੰਦਗੀ 'ਚ ਪੇਸ਼ ਆਉਣ ਵਾਲੇ ਦੁੱਖ-ਸੁੱਖ ਨਾ ਹੁੰਦੇ, ਸਭ ਤੋਂ ਵੱਧ ਪਾਪ-ਪੁੰਨ ਦੀ ਧਾਰਨਾ ਨਾ ਹੁੰਦੀ, ਅਮੀਰ ਤੋਂ ਅਮੀਰ ਬਣਨ ਦੀ ਇੱਛਾ ਕਾਰਨ ਭ੍ਰਿਸ਼ਟਾਚਾਰ ਦੀ ਪਰਵਿਰਤੀ ਨਾ ਹੁੰਦੀ, ਜਾਤ-ਪਾਤ ਦਾ ਵਿਤਕਰਾ ਨਾ ਹੁੰਦਾ, ਤਾਂ ਸ਼ਾਇਹ ਇਹ ਅਖੌਤੀ ਸਾਧ-ਸੰਤਾਂ ਦੇ ਡੇਰੇ ਪੰਜਾਬ 'ਚ ਐਸ ਤਰ੍ਹਾਂ ਗੱਡੇ ਨਾ ਹੁੰਦੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾੜਨਾ ਕੀਤੀ:-
ਜੋ ਮੁਝ ਕੋ ਪਰਮੇਸ਼ਰ ਉਚਰੈ,
ਤੇ ਜਨ ਨਰਕ ਕੁੰਡ ਮੇਂ ਪਰ੍ਹੇ।
ਪਰ ਅੱਜਕਲ੍ਹ ਜਿਹੜਾ ਜੇਲ੍ਹ ਦੀ ਕੋਠੜੀ 'ਚ ਸਜ਼ਾ ਕਟ ਰਿਹਾ ਹੈ, ਉਹਨੇ ਤਾਂ ਐਲਾਨੀਆ ਆਪਣੇ-ਆਪ ਨੂੰ ਰੱਬ ਯਾਨਿ ਭਗਵਾਨ ਆਖਿਆ ਹੈ।
ਹਾਂ ਜੀ 'ਰੱਬ' ਜਿਹੜਾ ਵੀ ਹੈ, ਉਹਦੇ ਬਾਰੇ 'ਚ ਹਰ ਧਰਮ 'ਚ ਇਹੀਓ ਧਾਰਨਾ ਹੈ ਕਿ ਉਹ ਇਕੋ ਇਕ ਪਲ ਦੀ ਦੇਖਦਾ ਹੈ। ਮਨੁੱਖ, ਮਨੁੱਖ ਦੀਆਂ ਨਜ਼ਰਾਂ ਤੋਂ ਬਚ ਸਕਦਾ ਹੈ ਪਰ ਰੱਬ ਦੀਆਂ ਨਜ਼ਰਾਂ ਤੋਂ ਹਰਗਿਜ਼ ਨਹੀਂ। ਨਤੀਜਾ ਸਭ ਦੇ ਸਾਹਮਣੇ ਹੈ। ਜਿਹੜੇ ਦੱਖਣ 'ਚ ਮੱਠਾਂ ਦੇ ਸਵਾਮੀ ਨੇ ਉਨ੍ਹਾਂ ਦਾ ਹਾਲ ਵੀ ਸਾਡੇ ਬਾਬਿਆਂ ਵਰਗਾ ਹੀ ਹੈ, ਇਨ੍ਹਾਂ 'ਚੋਂ ਕਈ ਮੱਠਾਂ ਦੇ ਮਾਲਕ ਸੁਆਮੀਆਂ 'ਤੇ ਇਹੋ ਜਿਹੇ ਹੀ ਇਲਜ਼ਾਮ ਹਨ।
ਪੰਜਾਬ 'ਚ ਇਕ ਸ਼ਹਿਰ ਦਾ ਨਾਂਅ ਹੈ, ਡੇਰਾ ਬਾਬਾ ਨਾਨਕ। ਇਹ ਇਕ ਹੀ ਸ਼ਹਿਰ ਦਾ ਨਾਂਅ ਨਹੀਂ ਇਸ ਦੀ ਗੂੰਜ ਸਾਰੇ ਪੰਜਾਬ 'ਚ, ਸਾਰੇ ਹਿੰਦੁਸਤਾਨ 'ਚ, ਹਿੰਦ-ਪਾਕਿ ਸਗੋਂ ਪੂਰੇ ਸੰਸਾਰ 'ਚ ਹੈ।
ਬਾਬਾ ਨਾਨਕ ਨੇ 'ਸੱਚਾ ਸੌਦਾ' ਕੀਤਾ ਸੀ, ਸਿਰਫ਼ 20 ਰੁਪਿਆਂ 'ਚ। ਇਨ੍ਹਾਂ 20 ਰੁਪਿਆਂ ਨੂੰ ਖਰਚ ਕੇ ਭੁੱਖਿਆਂ ਨੂੰ ਲੰਗਰ ਛਕਾ ਦਿੱਤਾ ਸੀ, ਇਹ ਸ਼ੁਭ ਕਰਮ ਕਰ, ਦੋਵੇਂ ਹੱਥ ਖਾਲੀ ਪਿਤਾ ਕੋਲ ਮੁੜ ਆਇਆ ਸੀ ਬਾਬਾ ਨਾਨਕ।
ਅਹਿ ਪਿਛਲੇ ਹਫ਼ਤੇ ਹੀ ਮੁੰਬਈ ਸ਼ਹਿਰ 'ਚ ਮੂਸਲਾਧਾਰ ਬਾਰਿਸ਼ ਨੇ ਭਾਰੀ ਤਬਾਹੀ ਮਚਾਈ ਸੀ। ਲੱਖਾਂ ਲੋਕਾਂ ਲਈ ਆਪਣੇ ਘਰਾਂ 'ਚ ਪਰਤਣਾ ਅਸੰਭਵ ਹੋ ਗਿਆ ਸੀ। ਮੁੰਬਈ ਦੇ ਮਹਾਂਨਗਰ 'ਚ ਸਭੇ ਗੁਰਦੁਆਰਿਆਂ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ, ਬਿਨਾਂ ਕਿਸੇ ਜਾਤ-ਪਾਤ ਦੇ, ਭੇਦ-ਭਾਵ ਦੇ, ਉਨ੍ਹਾਂ ਲਈ ਚਾਹ ਅਤੇ ਭੋਜਨ ਦੇ ਲੰਗਰ ਲਾ ਦਿੱਤੇ, ਰਾਤ ਰਹਿਣ ਲਈ ਵੀ ਬੰਦੋਬਦਸਤ ਕਰ ਦਿੱਤੇ। ਹੁਣੇ ਜਿਹੇ ਹੀ ਅਮਰੀਕਾ ਦੇ ਇਕ ਇਲਾਕੇ 'ਚ ਇਕ ਤੂਫਾਨ ਨੇ ਭਾਰੀ ਤਬਾਹੀ ਮਚਾਈ। ਗੁਰੂ ਨਾਨਕ ਦੇ ਸਿੱਖਾਂ ਨੇ ਉਥੇ ਵੀ ਹਰ ਪ੍ਰਾਣੀ ਲਈ ਲੰਗਰ ਲਾ ਦਿੱਤੇ। ਭਾਵੇਂ ਗੁਜਰਾਤ ਵਿਚ ਭੁਚਾਲ ਨੇ ਤਬਾਹੀ ਮਚਾਈ ਸੀ, ਉਥੇ ਵੀ ਬੇਘਰ ਹੋਏ ਲੋਕਾਂ ਲਈ ਨਾ ਕੇਵਲ ਸਿੱਖਾਂ ਨੇ ਲੰਗਰ ਲਾਏ, ਸਗੋਂ ਕੱਪੜੇ, ਦਾਲਾਂ, ਘਿਓ, ਚਾਹ, ਖੰਡ, ਲੂਣ, ਬਰਤਨ, ਭਾਂਡੇ ਦੇ ਕੇ ਉਨ੍ਹਾਂ ਦਾ ਦਰਦ ਵੰਡਿਆ। ਇੰਗਲੈਂਡ ਦੀ ਸਿੱਖ ਸੰਗਤ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਕਰ ਰਹੀ ਹੈ।
ਹੁਣੇ ਬੀਤੀ ਈਦ ਦੀ ਘਟਨਾ ਹੈ। ਉਤਰਾਖੰਡ 'ਚ ਈਦ ਵਾਲੇ ਦਿਨ ਬਹੁਤ ਭਾਰੀ ਬਾਰਿਸ਼ ਸੀ, ਉਥੇ ਦੇ ਮੁਸਲਮਾਨ ਰਹਿ ਰਹੇ ਵਾਸੀਆਂ ਲਈ ਬੜੀ ਦੁਸ਼ਵਾਰੀ ਸੀ। ਈਦ ਦੀ ਨਮਾਜ਼ ਪੜ੍ਹਨ ਲਈ ਥਾਂ ਨਹੀਂ ਸੀ। ਉਥੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਝੱਟ ਆਪਣੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਇਸ ਕਾਰਜ ਲਈ ਖੋਲ੍ਹ ਦਿੱਤੇ। ਸ਼ੁਕਰਾਨਾ ਅਦਾ ਕਰਕੇ ਮੁਸਲਮਾਨਾਂ ਨੇ ਉਥੇ ਹੀ ਗੁਰਦੁਆਰਾ ਸਾਹਿਬ ਦੇ ਅਹਾਤੇ ਵਿਚ ਈਦ ਦੀ ਨਮਾਜ਼ ਪੜ੍ਹੀ।
ਗ਼ਰੀਬੀ, ਅਨਪੜ੍ਹਤਾ, ਛੂਆ-ਛਾਤ, ਅਗਿਆਨਤਾ, ਇਹੋ ਵੱਡੇ ਕਾਰਨ ਹਨ ਕਿ ਫ਼ਰਜ਼ੀ ਬਾਬਿਆਂ ਨੇ ਭਗਤ ਪਿੱਛੇ ਲਾ ਲਏ ਹਨ ਤੇ ਆਪਣੇ ਡੇਰੇ ਪੱਕੇ ਕਰ ਲਏ।
ਉਪਰੋਂ ਪਾਲੇਟੀਸ਼ਨਜ਼ ਵੋਟਾਂ ਦੇ ਭੁੱਖੇ-ਤਿਹਾਏ ਵੋਟਾਂ ਲੈਣ ਲਈ, ਨੋਟਾਂ ਦੀ ਵਰਖਾ ਕਰਕੇ ਬਾਬਿਆਂ ਸਾਹਮਣੇ ਲੇਟ ਜਾਂਦੇ ਹਨ, ਇਨ੍ਹਾਂ ਕਰਕੇ ਹੀ ਢੋਂਗੀ ਬਾਬਿਆਂ ਦੇ ਡੇਰੇ ਪੱਕੇ ਗੱਡੇ ਗਏ ਹਨ।
**

ਮਿੰਨੀ ਕਹਾਣੀਆਂ

ਪੱਥਰ

ਹਸਪਤਾਲ ਦੇ ਗਾਇਨੀ ਡਿਪਾਰਟਮੈਂਟ ਦੇ ਕਮਰੇ ਅੱਗੇ ਖੜ੍ਹੀ ਗੁਰਮੀਤ ਆਪਣੀਆਂ ਦੋ ਪੋਤੀਆਂ ਤੇ ਗੁਆਂਢਣ ਨਾਲ ਬੜੀ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਇਹ ਪਤਾ ਲੱਗੇ ਕਿ ਉਸ ਦੇ ਘਰ ਪੋਤੇ ਨੇ ਜਨਮ ਲਿਆ ਹੈ। ਉਹ ਵਾਰ-ਵਾਰ ਗੱਲਾਂ ਕਰਦੀ ਕਹਿ ਰਹੀ ਸੀ ਆਪਣੀ ਗੁਆਂਢਣ ਨੂੰ ਕਿ ਮੇਰਾ ਦਿਲ ਕੰਬ ਰਿਹਾ ਹੈ ਕਿ ਇਸ ਵਾਰ ਫਿਰ ਕਿਧਰੇ ਰੱਬ ਪੱਥਰ ਨਾ ਦੇ ਦੇਵੇ ਮੇਰੇ ਮੁੰਡੇ ਦੇ ਘਰ...ਕੋਈ ਚੰਗੀ ਚੀਜ਼ ਦੇ ਦੇਵੀਂ ਰੱਬਾ ਤੇਰੇ ਘਰ ਕੋਈ ਘਾਟਾ ਨਹੀਂ। ਗੁਆਂਢਣ ਵੀ ਹੌਂਸਲਾ ਦਿੰਦੀ ਇਹ ਹੀ ਕਹਿੰਦੀ, 'ਕੋਈ ਨ੍ਹੀਂ ਭੈਣੇ...ਸਬਰ ਕਰ ਸਬਰ... ਰੱਬ ਚੰਗੀ ਚੀਜ਼ ਹੀ ਦੇਉਗਾ...ਤੁਸੀਂ ਕੋਈ ਭੁੰਨ ਕੇ ਤਾਂ ਨ੍ਹੀਂ ਬੀਜਿਆ।'
ਗੁਰਮੀਤ ਦੀ ਚਾਰ ਕੁ ਸਾਲ ਦੀ ਪੋਤੀ ਇਹ ਸਭ ਗੱਲਾਂ ਸੁਣਕੇ ਪੁੱਛ ਲੈਂਦੀ ਹੈ ਕਿ, 'ਬੇਬੇ ਮੈਂ ਵੀ ਚੰਗੀ ਚੀਜ਼ ਹਾਂ?' ਗੁਰਮੀਤ ਸਵੇਰ ਦੀ ਅੱਕੀ-ਥੱਕੀ ਹੋਈ ਨੇ ਸਾਰਾ ਗੁੱਸਾ ਆਪਣੀ ਪੋਤੀ 'ਤੇ ਉਤਾਰ ਦਿੱਤਾ ਕਹਿਣ ਲੱਗੀ, 'ਤੂੰ ਤਾਂ ਪੱਥਰ ਐਂ ਪੱਥਰ... ਕਿੱਥੋਂ ਮਗਰ ਪਈਆਂ ਨੇ ...ਤੂੰ ਚੰਗੀ ਚੀਜ਼ ਹੁੰਦੀ ਤਾਂ ...ਗੁਰਮੀਤ ਬੁੜ-ਬੁੜ ਕਰਦੀ ਕੋਲੋਂ ਲੰਘਦੀ ਨਰਸ ਵੱਲ ਭੱਜ ਕੇ ਜਾਂਦੀ ਹੈ, ਪਰ ਕੋਈ ਉੱਤਰ ਨ੍ਹੀ ਮਿਲਦਾ। ਗੁਰਮੀਤ ਦੀ ਪੋਤੀ ਫੇਰ ਬੋਲ ਪੈਂਦੀ ਹੈ, ਬੇਬੇ ਮੇਰੇ ਹੱਥ ਲਾ ਕੇ ਤਾਂ ਵੇਖ ਮੈਂ ਤਾਂ ਪੋਲੀ-ਪੋਲੀ ਹਾਂ... ਮੇਰਾ ਮੂੰਹ ਵੀ ਪੋਲਾ ਹੈ, ਮੇਰੇ ਹੱਥ ਵੀ ਪੋਲੇ-ਪੋਲੇ ਹਨ।' ਗੁਰਮੀਤ ਉਸ ਦੀ ਗੱਲ ਵੱਲ ਕੋਈ ਧਿਆਨ ਨ੍ਹੀਂ ਦਿੰਦੀ ।
ਐਨੇ ਨੂੰ ਅੰਦਰੋਂ ਨਰਸ ਭੱਜੀ-ਭੱਜੀ ਆਉਂਦੀ ਹੈ ਤੇ ਵਧਾਈਆਂ ਦਿੰਦੀ ਹੈ। ਗੁਰਮੀਤ ਵੀ ਕਾਹਲੀ ਨਾਲ ਅੰਦਰ ਆਪਣੀ ਬੇਹੋਸ਼ ਪਈ ਨੂੰਹ ਦਾ ਹਾਲ-ਚਾਲ ਪੁੱਛੇ ਬਿਨਾਂ ਹੀ ਪਹਿਲਾਂ ਆਪਣੇ ਪੋਤੇ ਨੂੰ ਵੇਖਣ ਲਈ ਭੱਜਦੀ ਹੈ। ਥੋੜ੍ਹੀ ਦੇਰ ਬਾਅਦ ਬੱਚਾ ਗੁਰਮੀਤ ਨੂੰ ਫੜਾ ਦਿੱਤਾ ਤੇ ਸਾਰੇ ਹੀ ਉਸ ਕੋਲ ਆ ਜਾਂਦੇ ਹਨ। ਛੋਟੀ ਬੱਚੀ ਇਕ ਪਾਸੇ ਖੜ੍ਹ ਜਾਂਦੀ ਹੈ। ਗੁਰਮੀਤ ਉਸ ਨੂੰ ਬੁਲਾਉਂਦੀ ਹੈ, ਆ ਜਾ ਪੁੱਤ ਤੇਰਾ ਵੀਰਾ ਆ ਗਿਆ। ਛੋਟੀ ਬੱਚੀ ਨੇ ਰੋ ਕੇ ਕਿਹਾ, 'ਬੇਬੇ ਮੇਰੇ ਸੋਹਣੇ ਜਿਹੇ ਵੀਰੇ ਦੇ ਪੱਥਰ ਨਾ ਵੱਜ ਜਾਵੇ... ਮੈਂ ਦੂੁਰ ਤੋਂ ਹੀ ਵੇਖ ਲਵਾਂਗੀ।' ਬੇਬੇ ਸ਼ਰਮਿੰਦਾ ਹੋਈ ਕਹਿੰਦੀ ਹੈ, 'ਨਾ ਪੁੱਤ ਨਾ ਤੁਸੀਂ ਤਾਂ ਹੁਣ ਫੁੱਲ ਬਣ ਗਈਆਂ... ਵੀਰਾ ਆ ਗਿਆ ਤੁਹਾਡਾ ਤੁਸੀਂ ਵੀ ਤਰ ਗਈਆਂ ਹੁਣ ਇਹਦੇ ਨਾਲ...ਤੁਸੀਂ ਤਾਂ ਚੁੱਕਣੈ ਹੁਣ ਇਹਨੂੰ...ਤੁਸੀਂ ਪਾਲਣੈ ਇਹਨੂੰ।'


-ਸ਼ਰਨਪ੍ਰੀਤ ਕੌਰ ਮੈਥ ਮਿਸਟ੍ਰੈੱਸ
ਸ.ਕੰ.ਸ.ਸ.ਸ.ਨਿ.ਪਾ.ਹਾ.ਪਟਿਆਲਾ।
ਮੋਬਾਈਲ : 9417738737.


ਚਿੰਤਾ

'ਹੈਲੋ ਭਾਈ ਸਾਹਿਬ, ਥੋਨੂੰ ਥੋੜ੍ਹੀ ਬਹੁਤ ਸ਼ਰਮ ਹੈ ਕਿ ਨਹੀਂ, ਤੈਨੂੰ ਬਰੇਕ ਮਾਰਨੀ ਵੀ ਔਖੀ ਲੱਗਦੀ ਐ... ਚੜ੍ਹੇ ਮਹੀਨੇ ਰੁੱਗ ਰੁਪਈਆਂ ਦਾ ਦੇਈਦਾ, ਨਹੀਂ ਲਿਜਾ ਸਕਦੇ ਤਾਂ ਜਵਾਬ ਦੇ ਦਿਓ, ਅਸੀਂ ਆਪੇ ਹੋਰ ਪ੍ਰਬੰਧ ਕਰ ਲਵਾਂਗੇ। ਮੈਂ ਕਰਦਾਂ ਤੇਰੇ ਸੀਨੀਅਰ ਨਾਲ ਗੱਲ। ਤੁਸੀਂ ਨਿੱਤ ਦਾ ਪਾਖੰਡ ਫੜਿਆ। ਬੱਚਾ ਬਾਹਰ ਮੀਂਹ 'ਚ ਖੜ੍ਹਾ ਭਿੱਜ ਰਿਹਾ, ਭਾਵੇਂ ਬਿਮਾਰ ਹੋ ਜਾਵੇ, ਥੋਡੀ ਕੋਈ ਜ਼ਿੰਮੇਵਾਰੀ ਨੀ ਬਣਦੀ?'
ਅੱਗੋਂ ਵੀ ਹਰਖ ਭਰੀ ਆਵਾਜ਼ ਆਈ, 'ਅਸੀਂ ਵੀ ਕਿਸੇ ਨੂੰ ਜਵਾਬ ਦੇਣਾ ਹੁੰਦਾ। ਜੇ ਫਾਟਕ ਬੰਦ ਹੋ ਗਿਆ ਤਾਂ ਇਕ ਪਿੱਛੇ ਸਾਰੀ ਬੱਸ ਲੇਟ ਕਰ ਦੇਈਏ।'
ਤੇਜ਼ੀ ਨਾਲ ਦੌੜੀ ਜਾਂਦੀ ਟਰੇਨ ਦੀ ਸੀਟ 'ਤੇ ਬੈਠੇ ਚੰਗੇ ਰੋਹਬ-ਦਾਹਬ ਵਾਲੇ ਵਿਅਕਤੀ ਨੇ ਫੋਨ ਕੰਨ ਨਾਲੋਂ ਪਰ੍ਹੇ ਹਟਾ ਹੋਰ ਨੰਬਰ ਮਿਲਾ ਲਿਆ।
ਉਧਰੋਂ ਆਉਂਦੀ ਆਵਾਜ਼ ਸੁਣਦਿਆਂ ਹੀ ਬੋਲਿਆ, 'ਹਾਂ ਜੀ ਬੱਚੇ, ਕਦੋਂ ਅਕਲ ਆਊ ਤੈਨੂੰ ਸਾਰਾ ਦਿਨ ਟੀ. ਵੀ. ਨਾਲ ਜੁੜਿਆ ਰਹਿਨੈ, ਬਾਹਰ ਨਿਕਲ ਕੇ ਨੀ ਖੜ੍ਹ ਸਕਦਾ ਸੀ, ਕਦੋਂ ਦਾ ਮੀਂਹ ਹਟਿਆ ਹੋਇਆ। ਆਪਣੀ ਮੰਮੀ ਨਾਲ ਗੱਲ ਕਰਾ।'
ਉਹ ਵੀ ਮੂਹਰੇ ਤੋਂ ਭਰੀ-ਪੀਤੀ ਬੋਲੀ, 'ਮੈਂ ਕੀ ਕਰਾਂ ਕਦੋਂ ਦੀ ਆਵਾਜ਼ਾਂ ਮਾਰੀ ਜਾਨੀ ਆਂ ਸੁਣੇ ਤਾਂ...। ਜਦੋਂ ਕਾਹਲੀ ਨਾਲ ਬੈਗ ਚੁੱਕ ਕੇ ਲੈ ਗਈ ਤਾਂ ਉਹਬੱਸ ਭਜਾ ਕੇ ਲੈ ਗਿਆ, ਜਿਵੇਂ ਪੈਰ ਮਚਦੇ ਹੋਣ ਦੋ ਮਿੰਟਾਂ ਨਾਲ।'
ਜਦੋਂ ਕਿਸੇ ਪਾਸਿਓਂ ਵੀ ਠੀਕ ਉੱਤਰ ਨਾ ਮਿਲਿਆ ਤਾਂ ਮੱਥਾ ਫੜ ਬੈਠਾ ਆਪਣੇ ਮਨ ਨਾਲ ਗੱਲ ਕਰਨ ਲੱਗਾ, 'ਅਸੀਂ ਚਾਰੇ ਭੈਣ-ਭਰਾ ਬਸਤੇ 'ਚ ਫੱਟੀਆਂ ਪਾ ਪਿੱਠ 'ਤੇ ਲਾ, ਦੜੰਗੇ ਮਾਰਦੇ ਕਦੋਂ ਸਕੂਲ ਚਲੇ ਜਾਂਦੇ ਮਾਂ-ਪਿਓ ਨੂੰ ਪਤਾ ਵੀ ਨਹੀਂ ਸੀ ਲੱਗਦਾ। ਬੱਚੇ ਦੇ ਟਿਫਨ ਵਿਚ ਨਿੱਤ-ਦਿਹਾੜੇ ਬਦਲਵੀਂ ਰੋਟੀ ਸਬਜ਼ੀ ਦੀਥਾਂ ਆਚਾਰ ਦੀ ਫਾੜੀ ਜਾਂ ਗੁੜ ਦੀ ਡਲੀ ਰੋਟੀ 'ਤੇ ਰੱਖ ਭੂਕਨਾ ਬਣਾ ਖਾਂਦੇ ਸਕੂਲ ਪਹੁੰਚ ਜਾਂਦੇਸੀ। ਸਫਾਈ ਦੀ ਵਾਰੀ ਵਾਲੇ ਦਿਨ ਕਮਰੇ 'ਚ ਝਾੜੂ ਮਾਰ ਕੇ ਟਾਟ ਵਿਛਾਉਂਦਿਆਂ ਭਾਵੇਂ ਕੱਪੜੇ ਭਰ ਜਾਣ ਪਰ ਕਦੇ ਟਾਲਾ ਨਹੀਂ ਸੀ ਵੱਟਿਆ।'
ਉਸ ਬੈਗ 'ਚੋਂ ਪਾਣੀ ਦੀ ਬੋਤਲ ਕੱਢ ਦੋ ਘੁੱਟ ਪਾਣੀ ਪੀ ਠੰਢਾ ਹਓਕਾ ਭਰਿਆ, 'ਕਾਸ਼! ਜੇ ਉਹ ਦਿਨ ਵਾਪਸ ਆ ਜਾਣ। ਪੜ੍ਹਾਈਆਂ ਸੌਖੀਆਂ ਤੇ ਭਾਰੇ ਬਸਤਿਆਂ ਦੀ ਜਗ੍ਹਾ ਉਨ੍ਹਾਂ ਦੇ ਕੱਦ-ਕਾਠ ਉੱਚੇ ਲੰਮੇ ਹੋ ਜਾਣ, ਉਨ੍ਹਾਂ ਨੂੰ ਨਿਮਰਤਾ, ਲਿਆਕਤ ਅਤੇ ਸਤਿਕਾਰ ਦੀ ਭਾਵਨਾ ਪੈਦਾ ਹੋ ਜਾਵੇ ਤਾਂ ਮਾਪੇ ਵੀ ਚਿੰਤਾ ਮੁਕਤ ਤੇ ਸਹਿਜਤਾ ਦਾ ਜੀਵਨ ਬਤੀਤ ਕਰ ਸਕਣ।'


-ਬਲਰਾਜ ਕੋਹਾੜਾ
ਪਿੰਡ ਤੇ ਡਾਕ: ਕੋਹਾੜਾ, ਜ਼ਿਲ੍ਹਾ ਲੁਧਿਆਣਾ।
ਫੋਨ : 84370-48523.


ਟੀਚਰ

ਕਲਾਸ ਵਿਚ ਟੀਚਰ ਬੱਚਿਆਂ ਨੂੰ ਪੁੱਛ ਰਿਹਾ ਸੀ, 'ਬੱਚਿਓ ਤੁਸੀਂ ਪੜ੍ਹ ਕੇ ਕੀ ਬਣਨਾ ਚਾਹੁੰਦੇ ਹੋ?' 'ਕਿਸੇ ਨੇ ਕਿਹਾ ਸੀ ਡਾਕਟਰ, ਕਿਸੇ ਨੇ ਕਿਹਾ, 'ਜੀ ਪੁਲਿਸ ਅਫਸਰ।' ਇਕ ਬੱਚਾ ਕਹਿੰਦਾ, 'ਜੀ ਮੈਂ ਟੀਚਰ ਬਣਨਾ ਚਾਹੁੰਦਾ ਹਾਂ, ਜੀ ਤੁਸੀਂ ਮੈਨੂੰ ਸੱਚੋ-ਸੱਚ ਦੱਸਿਓ ਤੁਸੀਂ ਟੀਚਰ ਕਿਵੇਂ ਬਣੇ?'
ਟੀਚਰ ਸੋਚ ਰਿਹਾ ਸੀ ਕਿ ਹੁਣ ਬੱਚਿਆਂ ਨੂੰ ਸੱਚ ਦੱਸਣਾ ਹੀ ਪਵੇਗਾ। ਟੀਚਰ ਕਹਿੰਦਾ, 'ਬੱਚਿਓ, ਮੈਂ ਐਮ.ਏ. ਕਰਨ ਤੋਂ ਬਾਅਦ ਬੀ.ਐੱਡ ਕੀਤੀ। ਕਈ ਸਾਲ ਟੀਚਰ ਬਣਨ ਲਈ ਧਰਨੇ, ਮੁਜ਼ਾਹਰੇ ਕਰਦੇ ਰਹੇ, ਟੈਂਕੀਆਂ 'ਤੇ ਚੜ੍ਹਦੇ ਰਹੇ, ਮਟਕਾ ਚੌਕ ਵਿਚ ਲਾਠੀ ਚਾਰਜ ਸਹਿਣਾ ਪਿਆ, ਫਿਰ ਚੋਣਾਂ ਦਾ ਸਾਲ ਆਇਆ, ਸਰਕਾਰ ਦੇ ਹੱਕ 'ਚ ਵੋਟ ਪਾਈ ਤੇ ਫਿਰ ਟੀਚਰ ਬਣਿਆ।'
ਟੀਚਰ ਦੀ ਇਹ ਗੱਲ ਸੁਣ ਕੇ ਸਾਰਿਆਂ ਬੱਚਿਆਂ ਦੀਆਂ ਅੱਖਾਂ ਵਿਚ ਪਾਣੀ ਝਲਕ ਰਿਹਾ ਸੀ। ਸੁਣ ਕੇ ਉਹ ਬੱਚਾ ਚੁੱਪ ਕਰਕੇ ਨੀਵੀਂ ਪਾ ਕੇ ਬੈਠ ਗਿਆ। ਲਗਦਾ ਸੀ ਉਹਨੇ ਟੀਚਰ ਬਣਨ ਦਾ ਇਰਾਦਾ ਬਦਲ ਲਿਆ ਸੀ।


-ਗੁਰਾਂਦਿੱਤਾ ਸੰਧੂ
ਮੋਬਾਈਲ : 98760-47435


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX