ਤਾਜਾ ਖ਼ਬਰਾਂ


ਅੱਜ 11 ਵਜੇ ਹੋਵੇਗੀ ਜੀ.ਐੱਸ.ਟੀ ਕੌਂਸਲ ਦੀ ਮੀਟਿੰਗ
. . .  15 minutes ago
ਨਵੀਂ ਦਿੱਲੀ, ਜੀ.ਐੱਸ.ਟੀ ਕੌਂਸਲ ਦੀ ਮੀਟਿੰਗ ਅੱਜ 11 ਵਜੇ ਦਿੱਲੀ ਵਿਖੇ ਹੋਵੇਗੀ।
ਕਿਸ਼ਤੀ ਪਲਟਣ ਕਾਰਨ 17 ਮੌਤਾਂ
. . .  about 1 hour ago
ਜੈਫਰਸਨ ਸਿਟੀ, 21 ਜੁਲਾਈ - ਮੱਧ ਪੱਛਮੀ ਅਮਰੀਕਾ ਦੇ ਸੂਬੇ ਮਿਸੌਰੀ ਦੇ ਬਰਾਂਸਨ ਸ਼ਹਿਰ ਨੇੜੇ ਟੇਬਲ ਰਾਕ ਝੀਲ ਵਿਚ ਕਿਸ਼ਤੀ ਪਲਟਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਕੁੱਲ 31 ਲੋਕ ਸਵਾਰ ਸਨ। ਮ੍ਰਿਤਕਾਂ 'ਚ ਇੱਕੋ ਪਰਿਵਾਰ ਦੇ 9 ਮੈਂਬਰ ਸ਼ਾਮਲ ਸਨ।
ਅਮਿਤ ਸ਼ਾਹ ਦਾ ਰਾਜਸਥਾਨ ਦੌਰਾ ਅੱਜ
. . .  about 1 hour ago
ਨਵੀਂ ਦਿੱਲੀ, 21 ਜੁਲਾਈ - ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਰਾਜਸਥਾਨ ਜਾਣਗੇ। ਇਸ ਦੌਰਾਨ ਉਹ ਰਾਜਸਥਾਨ ਦੀਆਂ ਆਉਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ...
ਪ੍ਰਧਾਨ ਮੰਤਰੀ ਅੱਜ ਯੂ.ਪੀ 'ਚ ਰੈਲੀ ਨੂੰ ਕਰਨਗੇ ਸੰਬੋਧਨ
. . .  about 1 hour ago
ਲਖਨਊ, 21 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਰੈਲੀ ਨੂੰ ਸੰਬੋਧਨ...
ਅੱਜ ਦਾ ਵਿਚਾਰ
. . .  about 1 hour ago
ਮੋਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗਿਆ , ਮਤੇ ਖ਼ਿਲਾਫ਼ 325 ਅਤੇ ਹੱਕ 'ਚ 126 ਵੋਟਾਂ ਪਈਆਂ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੌਰਾਨ ਲੋਕ ਸਭਾ 'ਚ ਹੰਗਾਮਾ
. . .  1 day ago
ਪ੍ਰੋ:ਮਰਵਾਹਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਿਯੁੱਕਤ
. . .  1 day ago
ਲੁਧਿਆਣਾ, 20 ਜੁਲਾਈ (ਪੁਨੀਤ ਬਾਵਾ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਹੁਕਮ ਜਾਰੀ ਕਰਕੇ ਪ੍ਰੋ:ਐਸ.ਐਸ. ਮਰਵਾਹਾ ਨੂੰ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂੰ ਦੀ ਥਾਂ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ...
ਫਰਾਂਸ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦਾ ਕੀਤਾ ਖੰਡਨ
. . .  1 day ago
ਨਵੀਂ ਦਿੱਲੀ, 20 ਜੁਲਾਈ- ਫਰਾਂਸ ਨੇ ਲੋਕ ਸਭਾ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦਾ ਖੰਡਨ ਕੀਤਾ ਹੈ। ਫਰਾਂਸ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸਾਨੂੰ ਰਾਹੁਲ ਗਾਂਧੀ ਦੇ ਬਿਆਨ ਦੀ ਜਾਣਕਾਰੀ....
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
. . .  1 day ago
ਜਲੰਧਰ, 20 ਜੁਲਾਈ- ਜਲੰਧਰ ਰੇਂਜ ਦੀ ਸਪੈਸ਼ਲ ਟਾਸਕ ਫੋਰਸ ਨੇ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਨੀਰਜ ਨਾਮੀ ਉਕਤ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਉਹ ਲੁਧਿਆਣਾ 'ਚ ਕੱਲ੍ਹ...
ਹੋਰ ਖ਼ਬਰਾਂ..
  •     Confirm Target Language  

ਧਰਮ ਤੇ ਵਿਰਸਾ

ਸਿੱਖ ਧਰਮ ਦੇ ਪ੍ਰਚਾਰ ਲਈ ਆਧੁਨਿਕ ਸਾਧਨ ਅਪਣਾਉਣਾ ਸਮੇਂ ਦੀ ਮੁੱਖ ਲੋੜ

ਸਿੱਖ ਧਰਮ ਦੇ ਪ੍ਰਚਾਰ ਅਤੇ ਪਾਸਾਰ ਲਈ ਕਈ ਜਥੇਬੰਦੀਆਂ, ਟਕਸਾਲਾਂ ਤੇ ਕਮੇਟੀਆਂ ਆਦਿ ਨਿਰੰਤਰ ਉਪਰਾਲੇ ਕਰ ਰਹੀਆਂ ਹਨ। ਰੋਜ਼ਾਨਾ ਹੀ ਵਿਸ਼ਵ ਪੱਧਰ 'ਤੇ ਕਿਤੇ ਨਾ ਕਿਤੇ ਨਗਰ ਕੀਰਤਨ, ਕੀਰਤਨ ਦਰਬਾਰ ਅਤੇ ਕਥਾ ਦੇ ਪ੍ਰਵਾਹ ਨਿਰੰਤਰ ਚੱਲ ਰਹੇ ਹਨ। ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਗੁਰਤਾਗੱਦੀ ਦਿਵਸ, ਜੋਤੀ ਜੋਤਿ ਦਿਵਸ, ਸ਼ਹੀਦਾਂ ਦੇ ਦਿਹਾੜੇ ਅਤੇ ਹੋਰ ਕਈ ਇਤਿਹਾਸਕ ਦਿਹਾੜੇ ਪੂਰੇ ਵਿਸ਼ਵ ਵਿਚ ਵਸਦੇ ਸਿੱਖਾਂ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਕਈ ਟੀ.ਵੀ. ਚੈਨਲਾਂ, ਰੇਡੀਓ ਅਤੇ ਇੰਟਰਨੈੱਟ 'ਤੇ ਵੀ ਰੋਜ਼ਾਨਾ ਗੁਰਬਾਣੀ ਦਾ 24 ਘੰਟੇ ਸਿੱਧਾ ਪ੍ਰਸਾਰਨ ਵੱਖ-ਵੱਖ ਗੁਰੂ-ਘਰਾਂ ਤੋਂ ਕੀਤਾ ਜਾਂਦਾ ਹੈ। ਪਰ ਇੰਨੇ ਵੱਡੇ ਪੱਧਰ 'ਤੇ ਪ੍ਰਚਾਰ ਹੋਣ ਦੇ ਬਾਵਜੂਦ ਕੌਮ ਦੀ ਨੌਜਵਾਨ ਪੀੜ੍ਹੀ ਨਿਰੰਤਰ ਪਤਿਤਪੁਣੇ ਵੱਲ ਆਕਰਸ਼ਿਤ ਹੁੰਦੀ ਜਾ ਰਹੀ ਹੈ। ਜਿਸ ਕੌਮ ਦੇ ਨੌਜਵਾਨ ਧਰਮ ਵਿਚ ਪਰਪੱਕ ਹੋਣ ਉਸ ਕੌਮ ਦੀ ਚੜ੍ਹਦੀ ਕਲਾ ਸਦੀਵੀ ਹੈ। ਪਰ ਕੀ ਅੱਜ ਸਿੱਖ ਨੌਜਵਾਨਾਂ ਦੀ ਧਰਮ ਵਿਚ ਪਰਪੱਕਤਾ ਹੈ? ਕੀ ਸਿੱਖ ਨੌਜਵਾਨ ਆਪਣੇ ਵਿਰਸੇ ਤੋਂ, ਆਪਣੇ ਲਾਸਾਨੀ ਇਤਿਹਾਸ ਤੋਂ ਵਾਕਿਫ਼ ਹਨ? ਕੀ ਨੌਜਵਾਨਾਂ ਨੂੰ ਧਰਮ ਪ੍ਰਤੀ ਆਕਰਸ਼ਿਤ ਕਰਨ ਲਈ ਜਾਂ ਕੌਮ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਕੋਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ? ਕੀ ਕੌਮ ਦੀਆਂ ਸਿਰਮੌਰ ਜਥੇਬੰਦੀਆਂ ਵਲੋਂ ਕਦੇ ਇਸ ਅਹਿਮ ਮੁੱਦੇ 'ਤੇ ਵਿਚਾਰ ਚਰਚਾ ਹੋਈ ਹੈ ਜਾਂ ਇਸ ਦੇ ਕਾਰਨਾਂ ਨੂੰ ਘੋਖਣ ਦਾ ਯਤਨ ਕੀਤਾ ਗਿਆ ਹੈ? ਇਨ੍ਹਾਂ ਸਭ ਪ੍ਰਸ਼ਨਾਂ ਦਾ ਜਵਾਬ ਨਕਾਰਾਤਮਿਕ ਹੀ ਹੋਵੇਗਾ।
ਨੌਜਵਾਨਾਂ ਦੇ ਪਤਿਤ ਹੋਣ ਦਾ ਮੁੱਖ ਕਾਰਨ ਆਪਣੇ ਲਾਸਾਨੀ ਇਤਿਹਾਸ ਤੋਂ ਨਾਵਾਕਿਫ਼ ਹੋਣਾ ਹੈ। ਇਸੇ ਲਈ ਜਦ ਉਹ ਕੇਸ ਕਤਲ ਕਰਵਾਉਣ ਬਾਰੇ ਸੋਚਦੇ ਹਨ ਤਾਂ ਉਨ੍ਹਾਂ ਦੀਆਂ ਨਜ਼ਰਾਂ ਸਾਹਮਣੇ ਭਾਈ ਤਾਰੂ ਸਿੰਘ ਦੀ ਤਸਵੀਰ ਨਹੀਂ ਆਉਂਦੀ, ਉਨ੍ਹਾਂ ਨੂੰ ਚਾਰ ਸਾਹਿਬਜ਼ਾਦੇ ਸ਼ਹਾਦਤ ਦਿੰਦੇ ਨਹੀਂ ਦਿਖਾਈ ਪੈਂਦੇ, ਭਾਈ ਮਨੀ ਸਿੰਘ ਬੰਦ-ਬੰਦ ਕਟਵਾਉਂਦੇ ਨਹੀਂ ਦਿਸਦੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਦੀ ਝਲਕ ਉਨ੍ਹਾਂ ਨੂੰ ਨਹੀਂ ਦਿਸਦੀ, ਕਿਉਂਕਿ ਇਨ੍ਹਾਂ ਬਾਰੇ ਤਾਂ ਉਹ ਜਾਣਦੇ ਹੀ ਨਹੀਂ। ਉਨ੍ਹਾਂ ਦੀਆਂ ਅੱਖਾਂ ਸਾਹਮਣੇ ਤਾਂ ਕੇਵਲ ਉਹੀ ਫ਼ਿਲਮੀ ਸਿਤਾਰੇ ਜਾਂ ਗਾਇਕ ਆਉਂਦੇ ਹਨ, ਜਿਨ੍ਹਾਂ ਨੂੰ ਰੋਜ਼ਾਨਾ ਉਹ ਫ਼ਿਲਮਾਂ ਵਿਚ, ਗਾਣਿਆਂ ਵਿਚ ਹੀਰੋ ਦੇ ਰੂਪ ਵਿਚ ਦੇਖਦੇ ਹਨ ਅਤੇ ਇਨ੍ਹਾਂ ਨੂੰ ਹੀ ਉਹ ਆਪਣੇ ਜੀਵਨ ਦੇ ਰੋਲ ਮਾਡਲ ਵਜੋਂ ਦੇਖਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਤੋਂ ਪ੍ਰਭਾਵਿਤ ਹੋਣ ਕਰਕੇ ਉਨ੍ਹਾਂ ਵਰਗਾ ਹੀ ਰੂਪ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਜੋ ਪਹਿਰਾਵਾ ਅਤੇ ਵਾਲਾਂ ਦਾ ਸਟਾਈਲ ਫ਼ਿਲਮੀ ਸਿਤਾਰੇ ਜਾਂ ਗਾਇਕ ਅਪਣਾਉਂਦੇ ਹਨ, ਉਹੀ ਹੂ-ਬ-ਹੂ ਨੌਜਵਾਨਾਂ ਦੁਆਰਾ ਝੱਟ ਅਪਣਾ ਲਿਆ ਜਾਂਦਾ ਹੈ। ਕਿਉਂਕਿ ਜਿਨ੍ਹਾਂ ਨੂੰ ਅੱਜ ਦਾ ਨੌਜਵਾਨ ਹਰ ਵਕਤ, ਹਰ ਪਲ ਟੀ.ਵੀ. 'ਤੇ, ਸਿਨੇਮਾ ਘਰਾਂ ਵਿਚ, ਸੜਕਾਂ 'ਤੇ ਆਉਂਦੇ-ਜਾਂਦੇ ਪੋਸਟਰਾਂ ਵਿਚ, ਹਰ ਵਕਤ ਸੋਸ਼ਲ ਵੈੱਬਸਾਈਟਸ 'ਤੇ ਦੇਖਦਾ ਹੈ, ਉਨ੍ਹਾਂ ਦਾ ਇਨ੍ਹਾਂ 'ਤੇ ਪ੍ਰਭਾਵ ਪੈਣਾ ਸੁਭਾਵਿਕ ਹੀ ਹੈ।
ਸਾਡੀ ਕੌਮ ਦੀ ਇਹ ਤ੍ਰਾਸਦੀ ਰਹੀ ਹੈ ਕਿ ਅਸੀਂ ਆਪਣੀ ਕੌਮ ਦੇ ਸਿਤਾਰਿਆਂ ਨੂੰ ਦੁਨੀਆ ਸਾਹਮਣੇ ਤਾਂ ਕੀ ਰੱਖਣਾ ਸੀ, ਅਸੀਂ ਆਪਣੀ ਕੌਮ ਨੂੰ ਹੀ ਇਨ੍ਹਾਂ ਬਾਰੇ ਨਹੀਂ ਦੱਸ ਸਕੇ। ਜੋ ਕੁਝ ਇਨ੍ਹਾਂ ਕੌਮ ਦੇ ਸਿਤਾਰਿਆਂ ਬਾਰੇ ਕਿਤਾਬਾਂ ਵਿਚ ਲਿਖਿਆ ਗਿਆ, ਉਹ ਕੇਵਲ ਕਿਤਾਬਾਂ ਤੱਕ ਹੀ ਸੀਮਤ ਰਹਿ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਭਾਰੀ ਗਿਣਤੀ ਵਿਚ ਭੇਟਾ ਰਹਿਤ ਲਿਟਰੇਚਰ ਵੱਖ-ਵੱਖ ਅਹਿਮ ਵਿਸ਼ਿਆਂ ਉੱਪਰ ਛਾਪ ਕੇ ਵੰਡਿਆ ਜਾਂਦਾ ਹੈ। ਪਰ ਬਹੁਤੇ ਬੱਚੇ ਪੜ੍ਹਨ ਵਿਚ ਦਿਲਚਸਪੀ ਨਹੀਂ ਰੱਖਦੇ। ਅੱਜਕਲ੍ਹ ਤਾਂ ਬੱਚਿਆਂ ਉੱਪਰ ਸਕੂਲ ਦੀਆਂ ਕਿਤਾਬਾਂ ਦਾ ਹੀ ਏਨਾ ਬੋਝ ਹੈ ਕਿ ਉਹ ਹੋਰ ਕਿਤਾਬ ਪੜ੍ਹਨ ਬਾਰੇ ਸੋਚ ਹੀ ਨਹੀਂ ਸਕਦੇ। ਇਸ ਲਈ ਨੌਜਵਾਨਾਂ ਨੂੰ ਸਿੱਖ ਇਤਿਹਾਸ ਪ੍ਰਤੀ ਜਾਗਰੂਕ ਕਰਨ ਅਤੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ ਸਾਨੂੰ ਪ੍ਰਚਾਰ ਦੇ ਆਧੁਨਿਕ ਢੰਗ ਬਦਲਣ ਦੀ ਲੋੜ ਹੈ।
ਅਜੋਕਾ ਯੁੱਗ ਮੀਡੀਏ ਦਾ ਯੁੱਗ ਹੈ, ਜਿਸ ਦੀ ਵਰਤੋਂ ਨਾਲ ਕੋਈ ਵੀ ਸੁਨੇਹਾ ਬੜੀ ਆਸਾਨੀ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਵਿਸ਼ਵ ਪੱਧਰ ਉੱਪਰ ਪਹੁੰਚਾਇਆ ਜਾ ਸਕਦਾ ਹੈ। 21ਵੀਂ ਸਦੀ ਵਿਚ ਕਈ ਇਹੋ ਜਿਹੀਆਂ ਤਕਨੀਕਾਂ ਪ੍ਰਚੱਲਤ ਹਨ, ਜਿਨ੍ਹਾਂ ਦੀ ਵਰਤੋਂ ਅਸੀਂ ਧਰਮ ਪ੍ਰਚਾਰ ਕਰਨ ਹਿਤ ਵੀ ਕਰ ਸਕਦੇ ਹਾਂ। ਅੱਜ ਦਾ 99 ਫ਼ੀਸਦੀ ਨੌਜਵਾਨ ਸੋਸ਼ਲ ਵੈੱਬਸਾਈਟਸ ਦੀ ਵਰਤੋਂ ਕਰ ਰਿਹਾ ਹੈ। ਬਿਨਾਂ ਅੱਕੇ-ਥੱਕੇ ਕਈ-ਕਈ ਘੰਟੇ ਉਹ ਆਪਣਾ ਸਮਾਂ ਇਨ੍ਹਾਂ ਉੱਪਰ ਗੁਜ਼ਾਰਦੇ ਹਨ। ਧਾਰਮਿਕ ਸਮਾਗਮਾਂ ਵਿਚ ਉਨ੍ਹਾਂ ਨੂੰ 15 ਮਿੰਟ ਗੁਜ਼ਾਰਨੇ ਮੁਸ਼ਕਿਲ ਜਾਪਦੇ ਹਨ ਪਰ ਸਿਨੇਮਾ ਘਰਾਂ ਵਿਚ ਤਿੰਨ ਘੰਟੇ ਸਹਿਜੇ ਹੀ ਬਤੀਤ ਕਰ ਲੈਂਦੇ ਹਨ। ਫਿਰ ਕਿਉਂ ਨਾ ਉਹੀ ਢੰਗ-ਤਰੀਕਿਆਂ ਨੂੰ ਪ੍ਰਚਾਰ ਲਈ ਆਧਾਰ ਬਣਾਇਆ ਜਾਵੇ, ਜਿਨ੍ਹਾਂ ਵਿਚ ਨੌਜਵਾਨ ਦਿਲਚਸਪੀ ਰੱਖਦੇ ਹਨ। ਅੱਜ ਜ਼ਰੂਰਤ ਹੈ ਸਮੇਂ ਦੇ ਹਾਣੀ ਹੁੰਦਿਆਂ ਮਲਟੀਮੀਡੀਆ ਰਾਹੀਂ ਪ੍ਰਚਾਰ ਕਰਨ ਦੀ। ਨਿਊਰੋਸਾਇੰਸ ਦਾ ਮੰਨਣਾ ਹੈ ਕਿ ਅਸੀਂ ਵੇਖਣ ਰਾਹੀਂ ਕਿਸੇ ਵੀ ਚੀਜ਼ ਦਾ 83 ਫੀਸਦੀ ਤੱਕ ਗਿਆਨ ਹਾਸਲ ਕਰ ਲੈਂਦੇ ਹਾਂ। ਪੜ੍ਹਨ ਨਾਲੋਂ ਅੱਖਾਂ ਨਾਲ ਦੇਖਿਆ ਦਿਮਾਗ ਵਿਚ ਬਹੁਤ ਜਲਦ ਅਤੇ ਜ਼ਿਆਦਾ ਸਮੇਂ ਲਈ ਟਿਕਦਾ ਹੈ ਅਤੇ ਦੇਖੇ ਹੋਏ ਵਿਸ਼ੇ ਦਾ ਅਕਸ ਝੱਟ ਦਿਲੋ-ਦਿਮਾਗ ਉੱਪਰ ਬਣ ਜਾਂਦਾ ਹੈ।
ਇਸ ਗੱਲ ਦੀ ਸਫ਼ਲ ਉਦਾਹਰਨ ਪਿਛਲੇ ਦਿਨੀਂ ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਬਣੀ ਫ਼ਿਲਮ 'ਦਾ ਬਲੈਕ ਪ੍ਰਿੰਸ' ਹੈ। ਇਸ ਤੋਂ ਪਹਿਲਾਂ ਭਾਵੇਂ ਕਈ ਕਿਤਾਬਾਂ ਅਤੇ ਲਿਟਰੇਚਰ ਇਸ ਵਿਸ਼ੇ 'ਤੇ ਲਿਖਿਆ ਜਾ ਚੁੱਕਾ ਸੀ ਪਰ ਇਸ ਦੇ ਬਾਵਜੂਦ ਪੰਜਾਬ 'ਚ ਹੀ ਘੱਟੋ-ਘੱਟ 80 ਫੀਸਦੀ ਲੋਕ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ ਤੋਂ ਅਣਜਾਣ ਸਨ। ਕਈ ਨੌਜਵਾਨਾਂ ਨੇ ਤਾਂ ਮਹਾਰਾਜਾ ਦਲੀਪ ਸਿੰਘ ਦਾ ਨਾਂਅ ਹੀ ਪਹਿਲੀ ਵਾਰ ਸੁਣਿਆ ਹੋਵੇਗਾ। ਕਿਤਾਬਾਂ ਵਿਚ ਲਿਖਿਆ ਖੋਜਕਾਰਾਂ ਲਈ ਜਾਂ ਵਿਦਵਾਨਾਂ ਤੱਕ ਹੀ ਸੀਮਤ ਰਹਿ ਗਿਆ, ਕਿਉਂਕਿ ਨੌਜਵਾਨਾਂ ਦੀ ਨਾ ਹੀ ਕਿਤਾਬਾਂ ਤੱਕ ਪਹੁੰਚ ਹੈ ਤੇ ਨਾ ਹੀ ਦਿਲਚਸਪੀ। ਪਰ ਇਸ ਫ਼ਿਲਮ ਦੇ ਆਉਣ ਨਾਲ ਪੂਰੇ ਵਿਸ਼ਵ ਵਿਚ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਇਤਿਹਾਸ ਬਾਰੇ ਪਤਾ ਲੱਗਾ, ਜਿਸ ਦੀ ਚਰਚਾ ਵੀ ਪੂਰੇ ਸੰਸਾਰ ਵਿਚ ਵੱਡੇ ਪੱਧਰ 'ਤੇ ਹੋਈ ਅਤੇ ਪੂਰੀ ਦੁਨੀਆ ਵਿਚ ਵਸਦੇ ਸਿੱਖਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਹ ਹੈ ਆਧੁਨਿਕ ਤਕਨੀਕ ਮੀਡੀਆ ਦਾ ਪ੍ਰਭਾਵ। ਜਿਸ ਇਤਿਹਾਸ ਨੂੰ ਅਸੀਂ ਕਈ ਦਹਾਕਿਆਂ ਤੋਂ ਲੋਕਾਂ ਤੱਕ ਪਹੁੰਚਾਉਣ ਵਿਚ ਅਸਫ਼ਲ ਰਹੇ, ਉਸ ਨੂੰ ਫ਼ਿਲਮ ਰਾਹੀਂ ਪੂਰੇ ਸੰਸਾਰ ਵਿਚ ਲੋਕਾਂ ਦੇ ਦਿਲੋ-ਦਿਮਾਗ ਤੱਕ ਬਹੁਤ ਘੱਟ ਸਮੇਂ ਵਿਚ ਪ੍ਰਭਾਵਸ਼ਾਲੀ ਤਰੀਕੇ ਨਾਲ ਪਹੁੰਚਾ ਦਿੱਤਾ ਗਿਆ। ਇਕ ਵਾਰ ਤਾਂ ਸਭ ਨੂੰ ਸਿੱਖ ਰਾਜ ਦਾ ਸਮਾਂ ਚੇਤੇ ਕਰਵਾ ਦਿੱਤਾ। ਖ਼ਾਸ ਕਰਕੇ ਨੌਜਵਾਨਾਂ ਦੇ ਚਿਹਰੇ 'ਤੇ ਖ਼ਾਲਸਾ ਰਾਜ ਨੂੰ ਲੈ ਕੇ ਇਕ ਵੱਖਰੀ ਤਰ੍ਹਾਂ ਦੀ ਉਮੰਗ ਦੇਖਣ ਨੂੰ ਮਿਲੀ।
ਹੈਰੀ ਬਵੇਜਾ ਦੁਆਰਾ ਨਿਰਦੇਸ਼ਤ 'ਚਾਰ ਸਾਹਿਬਜ਼ਾਦੇ' ਫ਼ਿਲਮ ਦੀ ਸਫ਼ਲਤਾ ਸਾਨੂੰ ਭੁੱਲੀ ਨਹੀਂ। ਅਸੀਂ ਪਹਿਲਾਂ ਕਈ ਵਾਰ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਸ਼ਹਾਦਤ ਬਾਰੇ ਪੜ੍ਹ ਅਤੇ ਸੁਣ ਚੁੱਕੇ ਸਾਂ ਪਰ ਜੋ ਅਸਰ ਫ਼ਿਲਮ ਦੇਖਣ ਨਾਲ ਲੋਕਾਂ ਉੱਪਰ ਹੋਇਆ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਲੋਕ ਰੋਂਦੇ ਹੋਏ ਸਿਨੇਮਾ ਘਰਾਂ ਤੋਂ ਬਾਹਰ ਨਿਕਲਦੇ ਸਨ। ਕਈ ਨੌਜਵਾਨਾਂ ਉੱਪਰ ਫ਼ਿਲਮ ਦੇਖਣ ਦਾ ਇੰਨਾ ਅਸਰ ਹੋਇਆ ਕਿ ਉਹ ਪਤਿਤ ਤੋਂ ਸਾਬਤ ਸੂਰਤ ਸਰੂਪ ਵਿਚ ਆ ਗਏ। ਕਈ ਮਾਵਾਂ ਨੇ ਆਪਣੇ ਬੱਚਿਆਂ ਨੂੰ ਸਾਬਤ ਸੂਰਤ ਰੱਖਣ ਦਾ ਪ੍ਰਣ ਕੀਤਾ।
ਇਸੇ ਤਰ੍ਹਾਂ ਹੀ 'ਲਾਈਫ਼ ਓਕੇ' ਟੀ.ਵੀ. ਚੈਨਲ ਵਲੋਂ ਕੁਝ ਮਹੀਨੇ ਪਹਿਲਾਂ ਕਰੋੜਾਂ ਰੁਪਏ ਖ਼ਰਚ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਇਤਿਹਾਸ 'ਤੇ ਇਕ ਲੜੀਵਾਰ ਸ਼ੁਰੂ ਕੀਤਾ ਗਿਆ ਸੀ, ਜੋ ਕੁਝ ਸਮੇਂ ਬਾਅਦ ਸ਼ਾਇਦ ਕਿਸੇ ਦਬਾਅ ਕਾਰਨ ਬੰਦ ਕਰ ਦਿੱਤਾ ਗਿਆ ਪਰ ਜਿੰਨਾ ਇਤਿਹਾਸ ਮਹਾਰਾਜੇ ਦੀ ਸ਼ਖ਼ਸੀਅਤ ਬਾਰੇ ਇਸ ਲੜੀਵਾਰ ਨਾਟਕ ਵਿਚ ਪ੍ਰਭਾਵਸ਼ਾਲੀ ਤਰੀਕੇ ਨਾਲ ਦਿਖਾਇਆ ਗਿਆ, ਉਹ ਸ਼ਾਇਦ ਹੀ ਲੋਕ ਭੁੱਲ ਸਕਣ। ਇਸ ਤੋਂ ਪਹਿਲਾਂ ਬਹੁਤੇ ਲੋਕ ਅਤੇ ਨੌਜਵਾਨ ਮਹਾਰਾਜਾ ਰਣਜੀਤ ਸਿੰਘ ਬਾਰੇ ਵਿਸਥਾਰ 'ਚ ਨਹੀਂ ਜਾਣਦੇ ਸਨ।
ਅੱਜ ਜ਼ਰੂਰਤ ਹੈ ਸਮੂਹ ਸਿੱਖ ਜਥੇਬੰਦੀਆਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਚਾਰ ਲਈ ਇਨ੍ਹਾਂ ਆਧੁਨਿਕ ਸਾਧਨਾਂ ਦੀ ਵਰਤੋਂ ਕਰਨ ਦੀ। ਸਿੱਖ ਇਤਿਹਾਸ ਦਾ ਬਹੁਤ ਵਡਮੁੱਲਾ ਖ਼ਜ਼ਾਨਾ ਅਜਿਹਾ ਹੈ, ਜਿਸ ਤੋਂ ਲੋਕ ਅਣਜਾਣ ਹਨ। ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਸ: ਜੱਸਾ ਸਿੰਘ ਰਾਮਗੜ੍ਹੀਆ, ਸ: ਜੱਸਾ ਸਿੰਘ ਆਹਲੂਵਾਲੀਆ, ਸ: ਬਘੇਲ ਸਿੰਘ, ਸ: ਜ਼ੋਰਾਵਰ ਸਿੰਘ, ਸ: ਹਰੀ ਸਿੰਘ ਨਲੂਆ, ਸ: ਸ਼ਾਮ ਸਿੰਘ ਅਟਾਰੀ, ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਵੀ ਅਣਗਿਣਤ ਕੌਮ ਦੇ ਸਿਤਾਰੇ, ਜਿਨ੍ਹਾਂ ਉੱਪਰ ਡਾਕੂਮੈਂਟਰੀ, ਐਨੀਮੇਸ਼ਨ ਅਤੇ ਵੱਡੇ ਪਰਦੇ ਦੀਆਂ ਫ਼ਿਲਮਾਂ ਬਣਾ ਕੇ ਇਤਿਹਾਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾ ਸਕਦਾ ਹੈ। ਸਾਡੇ ਨੌਜਵਾਨ ਜਦ ਕੌਮ ਦੇ ਯੋਧਿਆਂ ਦਾ ਇਤਿਹਾਸ ਦੇਖਣਗੇ ਤਾਂ ਜ਼ਰੂਰ ਉਨ੍ਹਾਂ ਵਿਚ ਸਿੱਖੀ ਪ੍ਰਤੀ ਜਜ਼ਬਾ ਪੈਦਾ ਹੋਵੇਗਾ। ਫਿਰ ਉਨ੍ਹਾਂ ਉੱਪਰ ਫ਼ਿਲਮੀ ਸਿਤਾਰਿਆਂ ਦਾ ਨਹੀਂ, ਸਗੋਂ ਕੌਮ ਦੇ ਸਿਤਾਰਿਆਂ ਦਾ ਪ੍ਰਭਾਵ ਪਵੇਗਾ ਅਤੇ ਹੋ ਸਕਦਾ ਉਨ੍ਹਾਂ ਦੇ ਰੋਲ ਮਾਡਲ ਵੀ ਸਾਹਿਬਜ਼ਾਦੇ ਬਣ ਜਾਣ, ਜਿਸ ਨਾਲ ਫਿਰ ਪਤਿਤਪੁਣੇ ਨੂੰ ਜ਼ਰੂਰ ਠੱਲ੍ਹ ਪਵੇਗੀ।
ਸੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਇਤਿਹਾਸ ਉੱਪਰ ਡਾਕੂਮੈਂਟਰੀ, ਐਨੀਮੇਸ਼ਨ, ਵੱਡੇ ਪਰਦੇ ਦੀਆਂ ਫ਼ਿਲਮਾਂ ਤਿਆਰ ਕਰਵਾਈਆਂ ਜਾਣ ਅਤੇ ਗੁਰਮਤਿ ਦੇ ਸਿਧਾਂਤ ਜਿਵੇਂ ਗੁਰਦੁਆਰਾ, ਸੰਗਤ, ਪੰਗਤ, ਲੰਗਰ, ਨਿਸ਼ਾਨ ਸਾਹਿਬ, ਸਰੋਵਰ, ਦਸਵੰਧ, ਸੇਵਾ ਆਦਿ ਵੱਖ-ਵੱਖ ਵਿਸ਼ਿਆਂ ਉੱਪਰ 5-10 ਮਿੰਟ ਦੀਆਂ ਛੋਟੀਆਂ-ਛੋਟੀਆਂ ਫ਼ਿਲਮਾਂ ਤਿਆਰ ਕਰਵਾ ਕੇ ਸੋਸ਼ਲ ਵੈੱਬਸਾਈਟਸ 'ਤੇ ਅਪਲੋਡ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਧਰਮ ਪ੍ਰਚਾਰ ਦੇ ਖੇਤਰ ਵਿਚ ਇਕ ਨਵੀਂ ਕ੍ਰਾਂਤੀ ਆਵੇਗੀ ਅਤੇ ਇਸ ਦੇ ਨਤੀਜੇ ਸਾਡੀ ਸੋਚ ਤੋਂ ਕਿਤੇ ਵੱਡੇ ਹੋਣਗੇ।


-ਰਿਸਰਚ ਸਕਾਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 82838-38323
ਈ ਮੇਲ: js.mukerian@gmail.com


ਖ਼ਬਰ ਸ਼ੇਅਰ ਕਰੋ

ਭਗਤੀ ਤੋਂ ਸ਼ਕਤੀ ਵੱਲ

ਸਿੱਖ ਧਰਮ ਦਾ ਵਿਕਾਸ ਤੇ ਵਿਗਾਸ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋ ਕੇ ਦਸਾਂ ਜਾਮਿਆਂ ਵਿਚ ਨਿਰੰਤਰ ਇਕ ਰਸ 'ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।' ਚਲਦਾ ਹੋਇਆ ਸਿੱਖ ਧਰਮ ਦੇ ਬੁਨਿਆਦੀ ਸਿਧਾਤਾਂ ਦਾ ਪ੍ਰਚਾਰ ਤੇ ਪਸਾਰ ਕਰਦੇ ਰਹੇ। ਪਹਿਲੇ ਪੰਜ ਗੁਰੂ ਸਾਹਿਬਾਨ ਦਾ ਸਮਾਂ ਸ਼ਾਂਤੀ ਵਾਲਾ ਸੀ ਪਰ ਬਾਵਜੂਦ ਇਸ ਦੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਫਿਟਕਾਰਿਆ ਹੀ ਨਹੀਂ, ਸਗੋਂ 'ਰਾਜੇ ਸੀਹ ਮੁਕਦਮ ਕੁਤੇ' ਅਤੇ 'ਪਾਪ ਕੀ ਜੰਞ ਲੈ ਕਾਬਲਹੁ ਧਾਇਆ' ਵਰਗੇ ਬੋਲਾਂ ਨੇ ਸਮੇਂ ਦੀ ਹਕੂਮਤ ਨੂੰ ਵੰਗਾਰਿਆ। ਬੇਸ਼ੱਕ ਸ਼ਸਤਰਧਾਰੀ ਗੁਰੂ ਦਾ ਸਰੂਪ ਸਿੱਖ ਧਰਮ ਨੇ ਛੇਵੇਂ ਜਾਮੇ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਰੂਪ ਵਿਚ ਵੇਖਿਆ ਪਰ ਇਸ ਸਿਧਾਂਤ ਦੀ ਸ਼ੁਰੂਆਤ ਤਾਂ ਗੁਰੂ ਨਾਨਕ ਦੇਵ ਜੀ ਅਤੇ ਦੂਸਰੇ ਗੁਰੂ ਸਾਹਿਬਾਨ ਕਰ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਸੱਚ ਦਾ ਹੋਕਾ ਵੀ ਦਿੱਤਾ। ਉਥੇ ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜਿਆਂ ਦੀ ਸ਼ੁਰੂਆਤ ਕਰਕੇ ਇਸ ਦਿਸ਼ਾ ਵੱਲ ਇਕ ਸੰਕੇਤ ਕਰ ਦਿੱਤਾ ਸੀ। ਪਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਹਿਲੇ ਗੁਰੂ ਸਾਹਿਬਾਨ ਦੇ ਦਿੱਤੇ ਸੰਤ ਅਤੇ ਸਿਪਾਹੀ, ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਗੁਰਿਆਈ ਸਮੇਂ ਹੀ ਦੋ ਤਲਵਾਰਾਂ (ਮੀਰੀ ਅਤੇ ਪੀਰੀ) ਪਹਿਨ ਕੇ ਹਕੂਮਤ ਨੂੰ ਉਨ੍ਹਾਂ ਦੀ ਬੋਲੀ ਵਿਚ ਹੀ ਜਵਾਬ ਦੇਣ ਲਈ ਕਮਰਕੱਸੇ ਕਰਕੇ ਇਕ ਤਖ਼ਤ (ਥੜ੍ਹੇ) ਦੀ ਉਸਾਰੀ ਕਰਾ ਕੇ ਉਸ ਉੱਪਰ ਸੁਭਾਇਮਾਨ ਹੋਏ। ਇਸ ਥੜ੍ਹੇ ਦਾ ਨਾਂਅ ਰੱਖਿਆ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ। ਉਸ ਨੂੰ ਦੂਜੇ ਅਰਥਾਂ ਵਿਚ ਦੁਨਿਆਵੀ ਤਖ਼ਤਾਂ ਦੇ ਮੁਕਾਬਲੇ ਲੋਕ ਸ਼ਕਤੀ ਦਾ ਪ੍ਰਤੀਕ ਅਤੇ ਧਾਰਮਿਕ ਅਕੀਦਿਆਂ ਦੀ ਸੁਤੰਤਰਤਾ ਦਾ ਪ੍ਰਤੀਕ ਤਖ਼ਤ ਸਮਝਿਆ ਗਿਆ ਹੈ। ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ। ਭਾਈ ਗੁਰਦਾਸ ਜੀ ਇਸ ਪ੍ਰਸੰਗ ਨੂੰ ਆਪਣੀਆਂ ਵਾਰਾਂ ਵਿਚ ਇਸ ਪ੍ਰਕਾਰ ਅੰਕਿਤ ਕਰਦੇ ਹਨ-
ਪੰਜ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।
ਗੁਰਿਆਈ ਰਸਮ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤਖ਼ਤ ਉੱਪਰ ਬੈਠ ਕੇ ਸਭ ਤੋਂ ਪਹਿਲਾਂ ਇਹ ਐਲਾਨ ਕੀਤਾ ਕਿ ਜੋ ਵੀ ਸਾਡੇ ਦਰਸ਼ਨਾਂ ਨੂੰ ਆਵੇ, ਉਹ ਹਥਿਆਰਬੰਦ ਅਤੇ ਘੋੜ-ਸਵਾਰ ਹੋ ਕੇ ਆਵੇ। ਉਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਦਾ ਸ਼ਸਤਰਧਾਰੀ ਹੋਣਾ ਵੱਡੇ-ਵੱਡੇ ਪ੍ਰਸ਼ਨ ਖੜ੍ਹੇ ਕਰਦਾ ਹੈ ਕਿ ਐਸੀ ਕੀ ਲੋੜ ਪੈ ਗਈ ਕਿ ਗੁਰੂ ਜੀ ਨੂੰ ਸ਼ਸਤਰ ਧਾਰਨ ਕਰਨੇ ਪਏ? ਇਸ ਦਾ ਅਸਲ ਕਾਰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਹਕੂਮਤ ਵੱਲੋਂ ਕੀਤੀਆਂ ਬਦਸਲੂਕੀਆਂ ਹੀ ਸਨ। ਜ਼ੁਲਮ ਦੇ ਖ਼ਿਲਾਫ ਸ਼ਸਤਰ ਚੁੱਕਣਾ ਸਿੱਖ ਧਰਮ ਦਾ ਸਿਧਾਂਤ ਹੈ, ਜਿਸ ਬਾਰੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ-
ਚੁ ਕਾਰ ਅਜ਼ ਹਮਾ
ਹੀਲਤੇ ਦਰਿ ਗੁਜਸ਼ਤ॥
ਹਲਾਲ ਅਸਤੁ ਬੁਰਦਨ
ਬ ਸ਼ਮਸ਼ੀਰ ਦਸਤ॥
ਜਦੋਂ ਸਾਰੇ ਹੀਲੇ-ਵਸੀਲੇ ਮੁੱਕ ਜਾਣ ਤਾਂ ਹਥਿਆਰ ਚੁੱਕ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਿੱਖ ਨੂੰ ਹਦਾਇਤ ਵੀ ਹੈ ਕਿ ਉਸ ਨੇ ਹਥਿਆਰ ਚੁੱਕ ਕੇ ਕਿਸੇ ਗਰੀਬ ਅਤੇ ਕਮਜ਼ੋਰ ਉੱਤੇ ਜ਼ੁਲਮ ਨਹੀਂ ਕਰਨਾ, ਸਗੋਂ ਜ਼ੁਲਮ ਦੇ ਖਿਲਾਫ ਲੜਦੇ ਹੋਏ ਜੂਝ ਕੇ ਮਰਨਾ ਹੈ। ਸਿੱਖ ਧਰਮ ਦੇ ਇਸ ਸਿਧਾਂਤ ਨੇ ਜਿਥੇ ਸਮਾਜ ਦੀ ਗਿਰ ਚੁੱਕੀ ਮਾਨਸਿਕਤਾ ਨੂੰ ਬਲਵਾਨ ਕੀਤਾ, ਉਥੇ ਉਨ੍ਹਾਂ ਨੂੰ ਆਪਣੀ ਰੱਖਿਆ ਦੇ ਨਾਲ-ਨਾਲ ਆਪਣੇ ਪਰਿਵਾਰ ਅਤੇ ਕੌਮ ਦੀ ਰੱਖਿਆ ਕਰਨ ਲਈ ਵੀ ਆਸ਼ਵਸਤ ਕਰ ਦਿੱਤਾ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੁਗਲਾਂ ਦੇ ਵਧ ਰਹੇ ਅੱਤਿਆਚਾਰ ਵਿਰੁੱਧ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਸ਼ਸਤਰ ਧਾਰਨ ਕਰਕੇ ਸਮਾਜ ਨੂੰ ਆਤਮ-ਰੱਖਿਆ ਲਈ ਤਿਆਰ ਕੀਤਾ, ਉਥੇ ਉਨ੍ਹਾਂ ਅੰਦਰ ਰਾਜਸੀ ਬਿਰਤੀ ਦਾ ਨਿਰੂਪਣ ਕਰਦਿਆਂ ਇਹ ਅਹਿਸਾਸ ਕਰਾ ਦਿੱਤਾ ਕਿ ਸਮਾਜ ਅੰਦਰ ਆਪਣੀ ਪ੍ਰਭੂਸੱਤਾ ਮੰਨਵਾ ਕੇ ਉਸ ਨੂੰ ਕਾਇਮ ਰੱਖਣ ਖ਼ਾਤਰ ਸ਼ਸਤਰ ਜ਼ਰੂਰੀ ਹਨ। ਭਾਈ ਸੰਤੋਖ ਸਿੰਘ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅੰਦਰ ਸ਼ਸਤਰਾਂ ਦੀ ਮਹੱਤਤਾ ਇਸ ਤਰ੍ਹਾਂ ਦੱਸੀ ਹੈ-
ਸ਼ਸਤ੍ਰਨਿ ਕੇ ਅਧੀਨ ਹੈ ਰਾਜ।
ਜੋ ਨ ਧਰਹਿ ਤਿਸ ਬਿਗਰਹਿ ਕਾਜ।
ਯਾਂ ਤੇ ਸਰਬ ਖਾਲਸਾ ਸੁਨੀਅਹਿ।
ਆਯੁਧ ਧਰਿਬੇ ਉੱਤਮ ਗੁਨੀਅਹਿ।
ਜਬਿ ਹਮਰੇ ਦਰਸ਼ਨ ਕੋ ਆਵਹੁ।
ਬਨਿ ਸੁਚੇਤ ਤਨ ਸ਼ਸਤ੍ਰ ਸਜਾਵਹੁ।
ਕਮਰ ਕਸਾ ਕਰਿ ਦੇਹੁ ਦਿਖਾਈ।
ਹਮਰੀ ਖੁਸ਼ੀ ਹੋਇ ਅਧਿਕਾਈ।
ਕੇਸ ਸ਼ਸਤ੍ਰ ਜਬਿ ਦੋਨਹੁ ਧਾਰੇ।
ਤਬਿ ਨਰੁ ਰੂਪ ਹੋਤਿ ਹੈ ਸਾਰੇ।
ਸਿੰਘ ਰੂਪ ਸ਼ਸਤ੍ਰਨ ਜੁਤਿ ਹੇਰੈਂ।
ਹਿਤ ਗੁਰੂ ਕੀ ਖੁਸ਼ੀ ਬਡੇਰੈ।
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸ਼ਸਤਰਧਾਰੀ ਹੋਣਾ ਸਮੇਂ ਦੀ ਲੋੜ ਵੀ ਸੀ। ਹਕੂਮਤ ਨੂੰ ਉਨ੍ਹਾਂ ਦੀ ਬੋਲੀ ਵਿਚ ਹੀ ਜਵਾਬ ਦੇਣ ਲਈ ਗੁਰੂ ਜੀ ਨੇ ਸਿੰਘਾਂ ਨੂੰ ਤਿਆਰ-ਬਰ-ਤਿਆਰ (ਘੋੜ ਅਸਵਾਰ ਅਤੇ ਸ਼ਸਤਰਧਾਰੀ) ਹੋਣ ਲਈ ਕਿਹਾ, ਕਿਉਂਕਿ ਸ਼ਸਤਰ ਮਨੁੱਖ ਦਾ ਉਹ ਮਿੱਤਰ ਹੈ, ਜਿਸ ਨਾਲ ਹਰ ਵਕਤ ਉਹ ਸਮਾਜ ਦੀ ਅਤੇ ਆਪਣੀ ਹਿਫ਼ਾਜ਼ਤ ਕਰ ਸਕਦਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਹਿਮੂਦ ਗਜ਼ਨਵੀ ਵਰਗੇ ਧਾੜਵੀ ਕੇਵਲ 30 ਹਜ਼ਾਰ ਦੀ ਫ਼ੌਜ ਨਾਲ ਸੋਮਨਾਥ ਦੇ ਮੰਦਿਰ ਨੂੰ ਲੁੱਟ ਕੇ ਲੈ ਗਏ, ਜਦੋਂ ਕਿ ਸੋਮਨਾਥ ਮੰਦਿਰ ਦੇ ਅਧੀਨ ਉਸ ਵੇਲੇ 30 ਹਜ਼ਾਰ ਪਿੰਡ ਪੈਂਦੇ ਸਨ। ਜੇ ਉਹ ਲੋਕ ਚਾਹੁੰਦੇ ਤਾਂ ਇਕ ਪਿੰਡ ਨੂੰ ਕੇਵਲ ਇਕ ਹੀ ਸਿਪਾਹੀ ਆਉਂਦਾ, ਜਿਸ ਨਾਲ ਉਹ ਉਨ੍ਹਾਂ ਹਮਲਾਵਰਾਂ ਦਾ ਮਲੀਆਮੇਟ ਵੀ ਕਰ ਸਕਦੇ ਸਨ ਪਰ ਐਸਾ ਨਹੀਂ ਹੋਇਆ, ਕਿਉਂਕਿ ਉਨ੍ਹਾਂ ਦੀ ਮਾਨਸਿਕਤਾ ਇੰਨੀ ਗਿਰ ਚੁੱਕੀ ਸੀ ਕਿ ਉਹ ਡਰ ਦੇ ਮਾਰੇ ਘਰਾਂ ਵਿਚ ਹੀ ਜਾ ਲੁਕੇ। ਇਸੇ ਤਰ੍ਹਾਂ ਬੰਗਾਲ ਵਿਚ ਸੈਨ ਰਾਜੇ ਨੂੰ ਬਖ਼ਤਿਆਰ ਖ਼ਿਲਜੀ ਦੇ ਕੇਵਲ ਸਤਾਰਾਂ (17) ਸਿਪਾਹੀਆਂ ਨੇ ਤਖ਼ਤ ਤੋਂ ਲਾਹ ਕੇ ਇਸਲਾਮੀ ਰਾਜ ਕਾਇਮ ਕਰ ਦਿੱਤਾ ਸੀ। ਇਹ ਹਿੰਦੂ ਮੱਤ ਦੇ ਵਰਣ ਵੰਡ ਦਾ ਹੀ ਨਤੀਜਾ ਸੀ, ਜੋ ਭਾਰਤੀ ਲੋਕਾਂ ਨੂੰ ਕਈ ਸਦੀਆਂ ਤੱਕ ਝੱਲਣਾ ਪਿਆ। ਗੁਰੂ ਸਾਹਿਬ ਜੀ ਭਾਰਤੀ ਸਮਾਜ ਨੂੰ ਇਸ ਹੀਣ ਭਾਵਨਾ ਵਿਚੋਂ ਕੱਢਣਾ ਚਾਹੁੰਦੇ ਸਨ। ਇਸੇ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਚਾਰ ਯੁੱਧ ਲੜਨੇ ਪਏ। ਇਨ੍ਹਾਂ ਯੁੱਧਾਂ ਵਿਚ ਗੁਰੂ ਜੀ ਵੱਲੋਂ ਲੜਨ ਵਾਲੇ ਯੋਧੇ ਵੀ ਇਹੋ ਹੀ ਸਨ, ਜੋ ਸਦੀਆਂ ਤੋਂ ਮੁਗਲਾਂ ਦੀ ਗੁਲਾਮੀ ਕਰਦੇ ਆ ਰਹੇ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਸਤਰ ਦੇ ਨਾਲ ਉਨ੍ਹਾਂ ਦੇ ਗਲੇ ਦੀਆਂ ਜੰਜ਼ੀਰਾਂ (ਗੁਲਾਮੀ) ਨੂੰ ਖੋਲ੍ਹ ਦਿੱਤਾ।


-ਰਿਸਰਚ ਸਕਾਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾ: 98156-62956

ਖ਼ਾਲਸੇ ਦੇ ਘੋੜੇ

ਘੋੜਿਆਂ ਦੀ ਪੰਥ ਵਿਚ ਸੇਵਾ, ਪਿਆਰ ਅਤੇ ਵਫ਼ਾਦਾਰੀ ਬੇਮਿਸਾਲ ਹੈ। ਲੰਮੇ ਸਮੇਂ ਤੱਕ ਖ਼ਾਲਸੇ ਦੇ ਘਰ ਘੋੜਿਆਂ ਦੀਆਂ ਕਾਠੀਆਂ ਹੀ ਬਣੇ ਰਹੇ। ਇਨ੍ਹਾਂ ਸੰਘਰਸ਼ਾਂ ਅਤੇ ਬਿਖਮ ਪੈਂਡਿਆਂ ਵਿਚ ਘੋੜੇ ਵੀ ਖ਼ਾਲਸੇ ਵਾਂਗ ਦੁੱਖਾਂ ਅਤੇ ਭੁੱਖਾਂ ਦੀਆਂ ਮਾਰਾਂ ਸਹਿੰਦੇ ਰਹੇ, ਜੰਗਾਂ ਵਿਚ ਸ਼ਹੀਦ ਹੁੰਦੇ ਰਹੇ। ਅਨੰਦਪੁਰ ਸਾਹਿਬ ਦੇ ਲੰਮੇ ਘੇਰੇ ਕਾਰਨ ਖ਼ਾਲਸੇ ਨੂੰ ਕਈ ਵਾਰ ਆਪਣੇ ਪਿਆਰੇ ਘੋੜੇ ਹੀ ਝਟਕਾ ਕੇ ਖਾਣੇ ਪਏ, ਕਿਉਂਕਿ ਉਂਜ ਵੀ ਉਨ੍ਹਾਂ ਨੇ ਭੁੱਖ ਦੁੱਖੋਂ ਮਰ ਹੀ ਜਾਣਾ ਸੀ।
ਨਵਾਬ ਕਪੂਰ ਸਿੰਘ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦੇ ਹੁੰਦੇ ਸਨ। ਜਦੋਂ ਪੰਥ ਉਨ੍ਹਾਂ ਨੂੰ ਨਵਾਬੀ ਦੇਣ ਲੱਗਾ ਤਾਂ ਉਨ੍ਹਾਂ ਨੇ ਇਹ ਸ਼ਰਤ ਰੱਖੀ ਕਿ ਮੈਨੂੰ ਘੋੜਿਆਂ ਦੀ ਇਸ ਸੇਵਾ ਤੋਂ ਵਾਂਝਾ ਨਾ ਕੀਤਾ ਜਾਵੇ। ਸੁਲਤਾਨ-ਉਲ-ਕੌਮ ਸ: ਜੱਸਾ ਸਿੰਘ ਆਹਲੂਵਾਲੀਆ ਸਿੰਘਾਂ ਦੇ ਘੋੜਿਆਂ ਨੂੰ ਦਾਣਾ ਵੰਡਣ ਦੀ ਸੇਵਾ ਕਰਿਆ ਕਰਦੇ ਸਨ। ਅੱਜ ਵੀ ਨਿਹੰਗ ਸਿੰਘ ਘੋੜਿਆਂ ਦੀ ਬਹੁਤ ਟਹਿਲ ਸੇਵਾ ਕਰਦੇ ਹਨ ਅਤੇ ਇਸ ਜ਼ਮਾਨੇ ਵਿਚ ਵੀ ਘੋੜਿਆਂ ਦੀ ਹੀ ਸਵਾਰੀ ਕਰਦੇ ਹਨ। ਗੁਰਪੁਰਬਾਂ ਤੇ ਖਾਸ ਕਰਕੇ ਵਿਸਾਖੀ ਅਤੇ ਹੋਲੇ-ਮਹੱਲੇ 'ਤੇ ਇਨ੍ਹਾਂ ਦੇ ਘੋੜਸਵਾਰੀ ਦੇ ਕਰਤਬ ਦੇਖਣਯੋਗ ਹੁੰਦੇ ਹਨ। ਇਨ੍ਹਾਂ ਦੇ ਚੱਲਦੇ ਵਹੀਰ ਘੋੜਿਆਂ ਨਾਲ ਸੁਸ਼ੋਭਿਤ ਹੁੰਦੇ ਹਨ। ਵਧੀਆ ਤੋਂ ਵਧੀਆ ਨਸਲਾਂ ਦੇ ਘੋੜੇ ਸੰਗਤਾਂ ਪੰਥ ਦੀ ਨਜ਼ਰ ਕਰਦੀਆਂ ਹਨ। ਘੋੜੇ ਦੀ ਔਸਤ ਉਮਰ 25 ਕੁ ਸਾਲ ਹੁੰਦੀ ਹੈ। ਜਦੋਂ ਇਹ ਬੁੱਢੇ, ਲਾਚਾਰ ਜਾਂ ਕਮਜ਼ੋਰ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ ਲਾਵਾਰਿਸ ਨਹੀਂ ਛੱਡ ਦਿੱਤਾ ਜਾਂਦਾ।
ਬ੍ਰਹਮਗਿਆਨੀ ਭਾਈ ਰਾਮ ਕੁਇਰ, ਜੋ ਬਾਬਾ ਬੁੱਢਾ ਜੀ ਦੇ ਕੁਲਭੂਸ਼ਨ ਸਨ, ਹਜ਼ੂਰ ਸਾਹਿਬ ਤੱਕ ਸ੍ਰੀ ਦਸਮੇਸ਼ ਜੀ ਦੇ ਨਾਲ ਰਹੇ। ਉਥੇ ਜਾ ਕੇ ਉਨ੍ਹਾਂ ਦੀ ਮਾਤਾ ਉਨ੍ਹਾਂ ਨੂੰ ਲੈ ਆਈ ਪਰ ਉਨ੍ਹਾਂ ਨੇ ਦਸਮੇਸ਼ ਜੀ ਨੂੰ ਬੇਨਤੀ ਕੀਤੀ ਕਿ ਮੈਂ ਤੁਹਾਡੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦਾ। ਮਹਾਰਾਜ ਜੀ ਨੇ ਕਿਹਾ ਕਿ ਜਦੋਂ ਘੋੜੇ 'ਤੇ ਚੜ੍ਹ ਕੇ ਸ਼ਿਕਾਰ ਨੂੰ ਜਾਇਆ ਕਰੋਗੇ ਤਾਂ ਸਾਡੇ ਦਰਸ਼ਨ ਹੋਇਆ ਕਰਨਗੇ। ਮਹਾਰਾਜ ਜੀ ਦੇ ਸੱਚਖੰਡ ਪਿਆਨੇ ਮਗਰੋਂ ਵੀ ਉਨ੍ਹਾਂ ਨੇ ਬਚਨ ਨਿਭਾਇਆ। ਭਾਈ ਸਾਹਿਬ ਅਭੇਦ ਅਤੇ ਬਿਦੇਹ ਅਵਸਥਾ ਵਿਚ ਰਹਿੰਦੇ ਸਨ। ਉਹ ਦੋਵੇਂ ਲੱਤਾਂ ਇਕ ਪਾਸੇ ਕਰਕੇ ਹੀ ਘੋੜੇ 'ਤੇ ਬੈਠਦੇ ਸਨ। ਉਨ੍ਹਾਂ ਦਾ ਘੋੜਾ ਏਨਾ ਸਮਝਦਾਰ ਸੀ ਕਿ ਉਹ ਉਨ੍ਹਾਂ ਨੂੰ ਇਸੇ ਤਰ੍ਹਾਂ ਸਵਾਰੀ ਕਰਵਾਉਂਦਾ ਸੀ।
ਸ਼ੁਕਰਚੱਕੀਆ ਮਿਸਲ ਦੇ ਮੋਢੀ ਸ: ਬੁੱਧ ਸਿੰਘ ਦੀ ਘੋੜੀ ਦੇਸਾਂ ਏਨੀ ਬਹਾਦਰ, ਚੁਸਤ ਅਤੇ ਹੋਣਹਾਰ ਸੀ ਕਿ ਇਸ ਨੇ ਪੰਜਾਹ ਵਾਰ ਸ: ਬੁੱਧ ਸਿੰਘ ਨੂੰ ਰਾਵੀ, ਝਨਾਂ ਅਤੇ ਜਿਹਲਮ ਪਾਰ ਕਰਵਾਇਆ ਅਤੇ ਕਦੇ ਕਿਸੇ ਦੁਸ਼ਮਣ ਦੇ ਹੱਥ ਨਾ ਆਈ। ਸ: ਬੁੱਧ ਸਿੰਘ ਜ਼ਾਲਮਾਂ ਨੂੰ ਸੋਧ ਕੇ ਇਸੇ ਘੋੜੀ 'ਤੇ ਸੁਰੱਖਿਅਤ ਪਹੁੰਚਦੇ ਰਹੇ। ਬਿਜਲੀ ਦੀ ਤੇਜ਼ੀ ਵਾਲੀ ਇਸ ਘੋੜੀ ਦਾ ਨਾਂਅ 'ਦੇਸਾਂ ਬੁੱਧ ਸਿੰਘ' ਹੀ ਮਸ਼ਹੂਰ ਹੋ ਗਿਆ ਸੀ। ਇਸ ਤਰ੍ਹਾਂ ਨਿਰਾਲੇ ਖ਼ਾਲਸੇ ਦੇ ਘੋੜੇ-ਘੋੜੀਆਂ ਵੀ ਅਨੋਖੇ ਸਨ।

ਕਾਮਾਗਾਟਾਮਾਰੂ ਸਾਕੇ 'ਤੇ ਵਿਸ਼ੇਸ਼

ਜਦੋਂ ਨਿਹੱਥੇ ਮੁਸਾਫਿਰਾਂ 'ਤੇ ਗੋਲੀਆਂ ਦਾ ਮੀਂਹ ਵਰ੍ਹਿਆ...

aਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਤੋਂ ਪਹਿਲਾਂ ਅਜਿਹਾ ਹੀ ਇਕ ਹੋਰ ਖੂਨੀ ਸਾਕਾ ਹਿੰਦੁਸਤਾਨ ਦੀ ਧਰਤੀ 'ਤੇ ਵਾਪਰਿਆ। ਇਸ ਸਾਕੇ ਨੂੰ 'ਬਜਬਜ ਘਾਟ ਦੇ ਖੂਨੀ ਸਾਕੇ' ਵਜੋਂ ਹਰ ਦੇਸ਼ ਵਾਸੀ ਯਾਦ ਕਰਦਾ ਹੈ। ਇਹ ਖੂਨੀ ਸਾਕਾ ਹੁਗਲੀ ਨਦੀ ਦੇ ਕਿਨਾਰੇ ਬਜਬਜ ਘਾਟ ਨਾਂਅ ਦੀ ਬੰਦਰਗਾਹ 'ਤੇ 29 ਸਤੰਬਰ, 1914 ਨੂੰ ਵਾਪਰਿਆ। ਇਸ ਖੂਨੀ ਸਾਕੇ ਸਮੇਂ ਜੁਝਾਰੂ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਨਵੀਂ ਚੇਤਨਾ ਪੈਦਾ ਕਰਨ ਲਈ ਕੁਰਬਾਨੀਆਂ ਦੇ ਕੇ ਅੰਗਰੇਜ਼ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ। ਬਾਬਾ ਜੀ ਦਾ ਜਨਮ ਮੌਜੂਦਾ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਹਾਲੀ ਦੇ ਸ: ਹੁਕਮ ਸਿੰਘ ਸੰਧੂ ਦੇ ਗ੍ਰਹਿ ਵਿਖੇ ਹੋਇਆ। ਵੱਡੇ ਹੋਣ 'ਤੇ ਬਾਬਾ ਜੀ ਨੇ ਵਪਾਰ ਕਰਨ ਦੇ ਆਸ਼ੇ ਨੂੰ ਮੁੱਖ ਰੱਖ ਕੇ ਕੁਝ ਸਮੇਂ ਲਈ ਠੇਕੇਦਾਰੀ ਦਾ ਕਿੱਤਾ ਕੀਤਾ। ਥੋੜ੍ਹਾ ਸਮਾਂ ਠੇਕੇਦਾਰੀ ਕਰਨ ਤੋਂ ਪਿੱਛੋਂ ਉਨ੍ਹਾਂ ਇਕ ਜਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ 'ਤੇ ਲੈ ਲਿਆ। ਬਾਬਾ ਜੀ ਬੜੀ ਤੇਜ਼-ਤਰਾਰ ਬੁੱਧੀ ਦੇ ਮਾਲਕ ਸਨ।
ਬਾਬਾ ਜੀ ਨੇ ਸਾਂਝੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 376 ਮੁਸਾਫਿਰਾਂ ਸਮੇਤ ਇਸ ਜਹਾਜ਼ ਨੂੰ ਕੈਨੇਡਾ ਲਿਜਾਣ ਦਾ ਪ੍ਰੋਗਰਾਮ ਬਣਾਇਆ। ਇਨ੍ਹਾਂ ਪੰਜਾਬੀ ਮੁਸਾਫਿਰਾਂ ਵਿਚ ਕੇਵਲ 30 ਗ਼ੈਰ-ਸਿੱਖ ਯਾਤਰੂ ਸਨ, ਬਾਕੀ ਸਾਰੇ ਸਿੱਖ ਸਨ। ਬਹੁਤ ਸਾਰੀਆਂ ਤੰਗੀਆਂ-ਤੁਰਸ਼ੀਆਂ ਨੂੰ ਝੱਲਦਿਆਂ ਇਹ ਜਹਾਜ਼ ਹਾਂਗਕਾਂਗ ਤੋਂ ਵੈਨਕੂਵਰ ਲਈ 4 ਅਪ੍ਰੈਲ, 1914 ਨੂੰ ਰਵਾਨਾ ਹੋਇਆ। ਸਮੁੰਦਰੀ ਸਫ਼ਰ ਤੈਅ ਕਰਕੇ 22 ਮਈ, 1914 ਈ: ਨੂੰ ਇਹ ਜਹਾਜ਼ ਵੈਨਕੂਵਰ (ਕੈਨੇਡਾ) ਪਹੁੰਚਿਆ, ਪਰ ਇਸ ਜਹਾਜ਼ ਨੂੰ ਬੰਦਰਗਾਹ ਤੋਂ ਪਿੱਛੇ ਹੀ ਰੋਕ ਲਿਆ ਗਿਆ। ਇਸ ਜਹਾਜ਼ ਵਿਚ ਸਫ਼ਰ ਕਰ ਰਹੇ ਮੁਸਾਫਿਰਾਂ ਵਿਚੋਂ ਕੇਵਲ ਉਨ੍ਹਾਂ ਨੂੰ ਹੀ ਉਤਰਨ ਦੀ ਆਗਿਆ ਦਿੱਤੀ ਗਈ, ਜਿਹੜੇ ਕੈਨੇਡਾ ਦੀ ਨਾਗਰਿਕਤਾ ਸਿੱਧ ਕਰ ਸਕੇ।
ਅਨੇਕਾਂ ਕਠਿਨਾਈਆਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਇਹ ਮੁਸਾਫਿਰ 29 ਸਤੰਬਰ 1914 ਈ: ਨੂੰ ਹੁਗਲੀ ਬੰਦਰਗਾਹ ਕੋਲਕਾਤਾ 'ਤੇ ਪਹੁੰਚੇ। ਇਸ ਘਾਟ ਦਾ ਨਾਂਅ 'ਬਜਬਜ ਘਾਟ' ਵਜੋਂ ਜਾਣਿਆ ਜਾਂਦਾ ਹੈ। ਭਾਰਤ ਵਿਚ ਰਾਜ ਕਰ ਰਹੀ ਅੰਗਰੇਜ਼ ਸਰਕਾਰ ਨੂੰ ਇਹ ਸਾਰੇ ਮੁਸਾਫਿਰ ਵਿਦਰੋਹੀ ਨਜ਼ਰ ਆਉਂਦੇ ਸਨ, ਕਿਉਂਕਿ ਲਗਭਗ ਸਾਢੇ ਪੰਜ ਮਹੀਨੇ ਪਿੱਛੋਂ ਇਹ ਭਾਰਤੀ ਬੰਦਰਗਾਹ 'ਤੇ ਪੁੱਜੇ ਸਨ। ਇਨ੍ਹਾਂ ਮੁਸਾਫਿਰਾਂ ਨੂੰ ਜਹਾਜ਼ ਵਿਚੋਂ ਉਤਰਨ ਤੋਂ ਪਹਿਲਾਂ ਸਾਰੇ ਜਹਾਜ਼ ਦੀ ਤਲਾਸ਼ੀ ਲਈ ਗਈ। ਸਰਕਾਰ ਨੇ ਫ਼ੈਸਲਾ ਕੀਤਾ ਕਿ ਇਨ੍ਹਾਂ ਭੁੱਖੇ ਅਤੇ ਬਿਮਾਰੀਆਂ ਤੋਂ ਤੰਗ ਆਏ ਸਾਰੇ ਬਾਗੀ ਮੁਸਾਫਿਰਾਂ ਨੂੰ ਇਕ ਬੰਦ ਰੇਲ ਗੱਡੀ ਰਾਹੀਂ ਕੋਲਕਾਤਾ ਤੋਂ ਪੰਜਾਬ ਭੇਜਿਆ ਜਾਵੇ। 17 ਮੁਸਲਮਾਨ ਮੁਸਾਫਿਰ ਸਰਕਾਰ ਦਾ ਹੁਕਮ ਮੰਨ ਕੇ ਗੱਡੀ ਵਿਚ ਸਵਾਰ ਹੋ ਗਏ, ਬਾਕੀ ਸਾਰੇ ਮੁਸਾਫਿਰ ਜੁਝਾਰੂ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਲੈ ਕੇ ਸਟੇਸ਼ਨ ਵੱਲ ਨੂੰ ਜਲੂਸ ਦੀ ਸ਼ਕਲ ਵਿਚ ਪੈਦਲ ਚੱਲ ਪਏ। ਉਨ੍ਹਾਂ ਪਲੇਟਫਾਰਮ 'ਤੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਆਰੰਭ ਕੀਤਾ। ਏਨੇ ਨੂੰ ਫੌਜ ਅਤੇ ਪੁਲਿਸ ਦੀਆਂ ਟੁਕੜੀਆਂ ਨੇ ਇਨ੍ਹਾਂ ਜੁਝਾਰੂ ਪੰਜਾਬੀਆਂ ਉੱਤੇ ਗੋਲੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਸਰਕਾਰੀ ਰਿਕਾਰਡ ਮੁਤਾਬਿਕ 18 ਮੁਸਾਫਿਰ ਸ਼ਹਾਦਤ ਦਾ ਜਾਮ ਪੀ ਗਏ, 25 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਬਜਬਜ ਘਾਟ ਦੇ ਖੂਨੀ ਸਾਕੇ ਨੇ ਦੇਸ਼ ਭਗਤਾਂ ਅੰਦਰ ਆਜ਼ਾਦੀ ਦੀ ਚਿਣਗ ਨੂੰ ਹੋਰ ਤਿੱਖਾ ਕੀਤਾ।
ਇਸ ਖੂਨੀ ਸਾਕੇ ਸਮੇਂ ਬਾਬਾ ਗੁਰਦਿੱਤ ਸਿੰਘ ਆਪਣੇ ਹੋਰ ਸਾਥੀਆਂ ਸਮੇਤ ਉਸ ਜਗ੍ਹਾ 'ਤੋਂ ਬਚ ਕੇ ਨਿਕਲ ਜਾਣ ਵਿਚ ਕਾਮਯਾਬ ਹੋ ਗਏ। ਇਹ ਜੁਝਾਰੂ ਬਾਬਾ 6 ਸਾਲ ਤੱਕ ਗੁਪਤਵਾਸ ਵਿਚ ਰਹਿਣ ਪਿੱਛੋਂ ਲੋਕਾਂ ਦੇ ਸਾਹਮਣੇ ਆਇਆ। ਕਈ ਵਾਰ ਇਸ ਦੇਸ਼ ਭਗਤ ਨੂੰ ਕੈਦ ਕੱਟਣੀ ਪਈ। ਉਹ ਹੁਣ ਪੂਰੀ ਤਰ੍ਹਾਂ ਆਜ਼ਾਦੀ ਦੇ ਘੋਲ ਵਿਚ ਕੁੱਦ ਪਿਆ। ਬਜਬਜ ਘਾਟ ਦੇ ਖੂਨੀ ਸਾਕੇ ਦਾ ਇਹ ਜੁਝਾਰੂ 94 ਵਰ੍ਹਿਆਂ ਦੀ ਉਮਰ ਵਿਚ ਜੁਲਾਈ 1954 ਵਿਚ ਅਕਾਲ ਚਲਾਣਾ ਕਰ ਗਿਆ। 'ਬਜਬਜ ਘਾਟ' ਦੇ ਖੂਨੀ ਸਾਕੇ ਦੀ ਬਣੀ ਸ਼ਹੀਦੀ ਯਾਦਗਾਰ ਅੱਜ ਵੀ ਆਜ਼ਾਦੀ ਲਈ ਮਰ-ਮਿਟਣ ਵਾਲੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰ ਰਹੀ ਹੈ।


bhagwansinghjohal@gmail.com

90ਵੀਂ ਬਰਸੀ 'ਤੇ ਵਿਸ਼ੇਸ਼

ਨਾਮ ਵਿਚ ਰੰਗੀ ਰੂਹ ਸਨ-ਸੰਤ ਅਤਰ ਸਿੰਘ ਘੁੰਨਸ ਵਾਲੇ

ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ, ਸੰਤਾਂ-ਮਹਾਤਮਾਂ ਦੀ ਧਰਤੀ ਹੈ, ਜਿਸ ਵਿਚ ਅਨੇਕਾਂ ਸੰਤ-ਮਹਾਂਪੁਰਸ਼ ਪੈਦਾ ਹੋਏ, ਜਿਨ੍ਹਾਂ ਵਿਚੋਂ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਅਤਰ ਸਿੰਘ ਘੁੰਨਸਾਂ ਵਾਲੇ, ਸੰਤ ਅਤਰ ਸਿੰਘ ਅਤਲੇ ਵਾਲੇ ਅਤੇ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਹੋਏ ਹਨ। ਸੰਤ ਅਤਰ ਸਿੰਘ ਘੁੰਨਸਾਂ ਵਾਲੇ ਨਾਮ ਵਿਚ ਰੰਗੀ ਰੂਹ ਅਤੇ ਮਾਲਵੇ ਦੇ ਦਰਵੇਸ਼ ਸੰਤ ਹੋਏ ਸਨ।
ਸੰਤ ਅਤਰ ਸਿੰਘ ਘੁੰਨਸ ਗੁਰਦੁਆਰਾ ਸਾਹਿਬ ਤਪ ਅਸਥਾਨ ਭੋਰਾ ਸਾਹਿਬ ਪਿੰਡ ਘੁੰਨਸ, ਜ਼ਿਲ੍ਹਾ ਬਰਨਾਲਾ ਨਿਰਮਲੇ ਸੰਪਰਦਾਇ ਦੇ ਮੁਖੀ ਸੰਤਾਂ ਵਿਚੋਂ ਸਨ, ਜਿਨ੍ਹਾਂ ਨੇ ਮਾਲਵੇ ਵਿਚ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦਾ ਜਨਮ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਵਿਖੇ ਸ: ਦਲੇਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਕਰਮ ਕੌਰ ਦੀ ਸੁਲੱਖਣੀ ਕੁੱਖੋਂ ਹੋਇਆ। ਆਪ ਸੰਤ ਅਤਰ ਸਿੰਘ ਮਸਤੂਆਣਾ, ਸੰਤ ਅਤਰ ਸਿੰਘ ਰੇਰੂ ਸਾਹਿਬ, ਸੰਤ ਅਤਰ ਸਿੰਘ ਅਤਲਾ ਕਲਾਂ ਦੇ ਸਮਕਾਲੀ ਹੋਏ ਹਨ।
ਸੰਤ ਅਤਰ ਸਿੰਘ ਦੇ ਸਿੱਖੀ ਦੇ ਪ੍ਰਚਾਰ ਦਾ ਇਕ ਮਹੱਤਵਪੂਰਨ ਅੰਗ ਇਹ ਵੀ ਸੀ ਕਿ ਸੰਗਤਾਂ ਵਿਚੋਂ ਜਿਹੜੇ ਵਿਅਕਤੀ ਅੰਮ੍ਰਿਤ ਛਕਣ ਦੀ ਇੱਛਾ ਜ਼ਾਹਿਰ ਕਰਦੇ, ਉਨ੍ਹਾਂ ਨੂੰ ਪੰਜ ਬਾਣੀਆਂ ਦਾ ਪਾਠ ਜ਼ੁਬਾਨੀ ਯਾਦ ਕਰਨ ਲਈ ਕਹਿੰਦੇ। ਇਸ ਤਰ੍ਹਾਂ ਇਕ-ਇਕ ਸਾਲ ਬਾਅਦ ਪ੍ਰਪੱਕ ਹੋਏ ਵਿਅਕਤੀਆਂ ਨੂੰ ਹੀ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਉਂਦੇ। ਉਨ੍ਹਾਂ ਪੰਜਾਬ ਤੋਂ ਇਲਾਵਾ ਦਿੱਲੀ, ਕਲਕੱਤਾ ਸਮੇਤ ਅਨੇਕਾਂ ਥਾਵਾਂ 'ਤੇ ਜਾ ਕੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਵਧਾਇਆ ਅਤੇ ਅੰਮ੍ਰਿਤ ਛਕਾ ਕੇ ਲੱਖਾਂ ਪ੍ਰਾਣੀਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜ ਕੇ ਗੁਰਸਿੱਖੀ ਜੀਵਨ ਗ੍ਰਹਿਣ ਕਰਵਾਇਆ। ਇਥੇ ਰਹਿੰਦਿਆਂ ਜਿਥੇ ਉਹ ਨਾਮ-ਬਾਣੀ ਵੰਡਣ ਦੇ ਨਾਲ-ਨਾਲ ਦੁਖੀ ਲੋਕਾਂ ਨੂੰ ਦੇਸੀ ਦਵਾਈਆਂ ਰਾਹੀਂ ਸਰੀਰਕ ਤੌਰ 'ਤੇ ਨਿਰੋਗ ਕਰਦੇ, ਉਥੇ ਨਾਮ-ਬਾਣੀ ਦੇ ਛਿੱਟੇ ਨਾਲ ਅੰਤਰ ਆਤਮਾ ਨੂੰ ਅਕਾਲ ਪੁਰਖ ਨਾਲ ਜੋੜਦੇ ਸਨ।
29 ਅੱਸੂ, 1927 ਈਸਵੀ ਨੂੰ ਪਹਿਲੇ ਨਰਾਤੇ ਵਾਲੇ ਦਿਨ ਆਪ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਸੰਗਤਾਂ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਪੰਜਵੇਂ ਗੱਦੀਨਸ਼ੀਨ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਮੁੱਖ ਸੇਵਾਦਾਰ ਦੇ ਤੌਰ 'ਤੇ ਸੇਵਾ ਨਿਭਾਅ ਰਹੇ ਹਨ। ਇਸ ਅਸਥਾਨ 'ਤੇ ਹਰੇਕ ਸਾਲ ਦੀ ਤਰ੍ਹਾਂ ਸੰਤ ਅਤਰ ਸਿੰਘ ਘੁੰਨਸ ਦੀ ਸਾਲਾਨਾ 90ਵੀਂ ਬਰਸੀ ਮੌਕੇ 30 ਸਤੰਬਰ ਨੂੰ ਗੁਰਦੁਆਰਾ ਸਾਹਿਬ ਤਪ ਅਸਥਾਨ ਸੰਤ ਅਤਰ ਸਿੰਘ ਪਿੰਡ ਘੁੰਨਸ ਜ਼ਿਲ੍ਹਾ ਬਰਨਾਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਜਾਣਗੇ।


-ਗੁਰਜੀਤ ਸਿੰਘ ਖੁੱਡੀ,
ਪਿੰਡ ਖੁੱਡੀ ਖ਼ੁਰਦ (ਬਰਨਾਲਾ)।
ਮੋਬਾ: 98725-45131

ਹਰੀ ਸਿੰਘ ਨਲਵਾ ਦੇ ਜਨਮ ਸਥਾਨ ਦੀ ਸ਼ਾਨ ਅੱਜ ਵੀ ਕਾਇਮ

ਇਸ ਹਵੇਲੀ ਦੇ ਇਲਾਵਾ ਸ: ਨਲਵਾ ਦੀ ਇਕ ਆਲੀਸ਼ਾਨ ਹਵੇਲੀ (ਬਾਰਾਂਦਰੀ) ਸ਼ਹਿਰ ਦੇ ਬਾਹਰਵਾਰ ਗੁਜਰਾਂਵਾਲਾ ਦੀ ਸਿਵਲ ਲਾਈਨ ਆਬਾਦੀ ਵਿਚ ਰੇਲਵੇ ਲਾਈਨਾਂ ਦੇ ਪਾਸ ਮੌਜੂਦ ਹੈ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਸ: ਨਲਵਾ ਦੀ ਇਹ ਹਵੇਲੀ ਅਤੇ ਬਾਗ਼ ਮਹਾਰਾਜਾ ਰਣਜੀਤ ਸਿੰਘ ਦੇ ਬਾਕੀ ਸਰਦਾਰਾਂ, ਰਾਜਿਆਂ ਅਤੇ ਜਰਨੈਲਾਂ ਵਲੋਂ ਬਣਵਾਈਆਂ ਹਵੇਲੀਆਂ ਅਤੇ ਰਿਹਾਇਸ਼ੀ ਕਿਲ੍ਹਿਆਂ ਤੋਂ ਕਈ ਗੁਣਾ ਵੱਧ ਆਕਰਸ਼ਿਤ ਅਤੇ ਖ਼ੂਬਸੂਰਤ ਸੀ। ਬੈਰਨ ਚਾਰਲਸ ਹੂਗਲ ਨੇ 'ਟਰੈਵਲਜ਼ ਇਨ ਕਸ਼ਮੀਰ ਐਂਡ ਪੰਜਾਬ' ਅਤੇ ਲੈਫ਼ਟੀਨੈਂਟ ਵਿਲੀਅਮ ਬਾਰ ਨੇ 'ਜਰਨਲ ਆਫ਼ ਏ ਮਾਰਚ ਫ਼ਰਾਮ ਦਿੱਲੀ ਟੂ ਕਾਬਲ' ਵਿਚ ਇਸ ਬਾਰਾਂਦਰੀ ਨੂੰ 'ਮਹੱਲ' ਲਿਖਿਆ ਹੈ। 8 ਫ਼ਰਵਰੀ, 1837 ਨੂੰ ਯੂਰਪੀਅਨ ਯਾਤਰੂ ਬੈਰਨ ਚਾਰਲਸ ਹੂਗਲ ਅਤੇ ਜੀ.ਟੀ. ਵਾਇਨ ਨੇ ਸ: ਹਰੀ ਸਿੰਘ ਦੀ ਗੁਜਰਾਂਵਾਲਾ ਦੀ ਹਵੇਲੀ ਵੇਖੀ। ਹੂਗਲ ਗੁਜਰਾਂਵਾਲਾ ਨੂੰ 'ਗੁਜ਼ਰਾਉਲੀ' ਨਾਂਅ ਨਾਲ ਸੰਬੋਧਤ ਕਰਦਾ ਹੋਇਆ ਲਿਖਦਾ ਹੈ-'ਸਰਦਾਰ ਹਰੀ ਸਿੰਘ ਦਾ ਰਾਜ-ਮਹੱਲ ਗੁਜਰਾਉਲੀ ਦੇ ਕਿਲ੍ਹੇ ਵਿਚ ਸੀ ਜਿਥੇ ਕਿ ਇਕ ਅਤਿ ਸੋਹਣਾ ਬਾਗ਼ ਸੰਗਤਰੇ, ਮਿੱਠੇ ਮਾਲਟੇ ਤੇ ਭਾਂਤ-ਭਾਂਤ ਦੇ ਸੁਗੰਧਿਤ ਫੁੱਲਾਂ ਦਾ ਲੱਦਿਆ ਹੋਇਆ ਸੀ। ਇਸੇ ਤਰ੍ਹਾਂ ਹਰੀ ਸਿੰਘ ਦਾ ਮਹੱਲ ਵੀ ਕਸ਼ਮੀਰੀ ਤੇ ਕਾਬਲੀ ਕਾਲੀਨਾਂ ਨਾਲ ਪੂਰੀ ਤਰ੍ਹਾਂ ਸਜਿਆ ਹੋਇਆ ਸੀ।'
ਵਿਲੀਅਮ ਬਾਰ ਲਿਖਦਾ ਹੈ-'ਗੁਜਰਾਂਵਾਲਾ ਵਿਚ ਸ: ਹਰੀ ਸਿੰਘ ਦਾ ਮਹੱਲ ਤਿੰਨ-ਮੰਜ਼ਲਾ ਸੀ ਅਤੇ ਇਸ ਨੂੰ ਬੜੇ ਸ਼ਾਹਾਨਾ ਤਰੀਕੇ ਨਾਲ ਸਜਾਇਆ ਗਿਆ ਸੀ। ਇਸ ਬਾਗ਼ ਵਿਚ ਸਰਦਾਰ ਸਾਹਿਬ ਨੇ ਤਿੰਨ ਸ਼ੇਰ ਵੀ ਪਾਲੇ ਹੋਏ ਸਨ। ਕਿਉਂਕਿ ਸ: ਹਰੀ ਸਿੰਘ ਖ਼ੁਦ ਇਕ ਸ਼ੇਰ ਸੀ, ਇਸ ਲਈ ਉਸ ਨੂੰ ਸ਼ੇਰਾਂ ਨਾਲ ਬਹੁਤ ਪਿਆਰ ਸੀ। ਉਸ ਨੇ ਮੈਨੂੰ ਦੱਸਿਆ ਕਿ ਇਨ੍ਹਾਂ ਸ਼ੇਰਾਂ ਦੀ ਖ਼ੁਰਾਕ ਤਿੰਨ ਬੱਕਰੇ ਰੋਜ਼ਾਨਾ ਹੈ।'
ਸ: ਨਲਵਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਸਰਦਾਰਨੀ ਰਾਜ ਕੌਰ ਦੇ ਪੁੱਤਰਾਂ-ਸ: ਜਵਾਹਰ ਸਿੰਘ ਨਲਵਾ ਅਤੇ ਸ: ਗੁਰਦਿੱਤ ਸਿੰਘ ਨਲਵਾ ਨੂੰ ਉਪਰੋਕਤ ਹਵੇਲੀ, ਬਾਗ਼ ਅਤੇ ਬਾਰਾਂਦਰੀ ਮਿਲ ਗਈ ਅਤੇ ਸ: ਨਲਵਾ ਦੀ ਦੂਸਰੀ ਪਤਨੀ ਬੀਬੀ ਦੇਸਾਂ ਅਤੇ ਉਨ੍ਹਾਂ ਦੇ ਪੁੱਤਰਾਂ-ਸ: ਪੰਜਾਬ ਸਿੰਘ ਨਲਵਾ ਤੇ ਅਰਜਨ ਸਿੰਘ ਨਲਵਾ ਨੇ ਬਾਜ਼ਾਰ ਕਸੇਰਾ ਵਾਲੀ ਆਪਣੇ ਪਿਤਾ ਦੀ ਜੱਦੀ ਹਵੇਲੀ ਵਿਚ ਆਪਣੀ ਰਿਹਾਇਸ਼ ਰੱਖ ਲਈ।
ਭਾਵੇਂ ਕਿ ਸ: ਹਰੀ ਸਿੰਘ ਨਲਵਾ ਦੇ ਬਾਗ਼ ਅਤੇ ਬਾਰਾਂਦਰੀ ਨੂੰ ਅਗਸਤ, 1940 ਵਿਚ ਆਰਕੋਲਾਜੀ ਐਕਟ ਦੇ ਅਨੁਸਾਰ ਸੁਰੱਖਿਅਤ ਵਿਰਾਸਤੀ ਇਮਾਰਤ ਕਰਾਰ ਦਿੱਤਾ ਗਿਆ ਸੀ, ਇਸ ਦੇ ਬਾਵਜੂਦ ਇਸ ਸਮਾਰਕ ਵਿਚ ਇਕ ਇਸਾਈ ਸਕੂਲ ਸ਼ੁਰੂ ਕੀਤਾ ਗਿਆ ਹੈ, ਜਿਸ ਵੱਲੋਂ ਬਾਰਾਂਦਰੀ ਨੂੰ ਕੰਟੀਨ, ਦਫ਼ਤਰ, ਸਟੇਸ਼ਨਰੀ ਸ਼ਾਪ ਅਤੇ ਰਿਹਾਇਸ਼ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ।


-ਅੰਮ੍ਰਿਤਸਰ।
ਫੋਨ : 93561-27771, 78378-49764

ਕੀਨੀਆ 'ਚ ਸਿੱਖਾਂ ਦਾ ਵਾਸਾ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਸੁਮੋ (ਕੀਨੀਆ)

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁਰਪੁਰਬ ਤੋਂ ਇਲਾਵਾ ਖ਼ਾਲਸਾ ਪੰਥ ਦਾ ਸਾਜਨਾ ਦਿਵਸ, ਖ਼ਾਲਸਾਈ ਸ਼ਾਨੋ-ਸੌਕਤ ਤੇ ਪੰਥਕ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ। ਗੁਰਦੁਆਰੇ ਸਾਡੀ ਅਮੀਰ ਵਿਰਸੇ ਤੇ ਵਿਰਾਸਤ ਦੇ ਪ੍ਰਤੀਕ ਹਨ। ਸ: ਚਰਨਜੀਤ ਸਿੰਘ ਦੇ ਦੱਸਣ ਅਨੁਸਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਨਿਰਮਾਣ ਸਮੇਂ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਤਿੰਨਾਂ ਹੀ ਧਿਰਾਂ ਨੇ 5000 ਰੁ: ਬਰਾਬਰ ਦਾ ਯੋਗਦਾਨ ਪਾਇਆ ਸੀ। ਉਸ ਸਮੇਂ 15000 ਰੁ: ਖਰਚ ਹੋਏ ਸਨ। ਗੁਰਦੁਆਰਾ ਸਾਹਿਬ ਵੱਲੋਂ ਲੋੜਵੰਦਾਂ ਨੂੰ ਲੰਗਰ, ਪੁਸਤਕਾਂ, ਵ੍ਹੀਲ ਚੇਅਰ, ਕੰਬਲ ਆਦਿ ਸਮੇਂ-ਸਮੇਂ ਵੰਡੇ ਜਾਂਦੇ ਹਨ।
ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਕਸੁਮੋ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਥਾਪਿਤ ਕਰ ਅਧਿਆਤਮਿਕ ਖੁਰਾਕ ਦੀ ਪ੍ਰਾਪਤੀ ਤੇ ਸੰਗਤੀ ਜੁਗਤ ਨੂੰ ਅਮਲ 'ਚ ਲਿਆਂਦਾ। ਇਸ ਗੁਰੂ-ਘਰ ਦੀ ਇਮਾਰਤ ਨਰੂਬੀ-ਕਰੀਚੋ ਮੁੱਖ ਸੜਕੀ ਮਾਰਗ ਉੱਤੇ ਹੈ। 1956 ਈ: ਵਿਚ ਗੁਰਦੁਆਰਾ ਸਿੰਘ ਸਭਾ ਪ੍ਰਾਇਮਰੀ ਸਕੂਲ ਸ਼ੁਰੂ ਕੀਤਾ, ਜੋ ਅੱਜ ਤੱਕ ਸਫਲਤਾਪੂਰਵਰਕ ਚੱਲ ਰਿਹਾ ਹੈ। ਗੁਰਦੁਆਰੇ ਦੇ ਸਾਹਮਣੇ ਗੁਰੂ ਨਾਨਕ ਡਿਸਪੈਂਸਰੀ ਕਸੁਮੋ ਅਰੰਭ ਕੀਤੀ। ਕਸੁਮੋ ਨਜ਼ਦੀਕ ਹੀ ਲੇਕ ਵਿਕਟੋਰੀਆਂ ਹੈ, ਜੋ ਦੁਨੀਆ ਦੀ ਇਕ ਵਿਲੱਖਣ ਝੀਲ ਹੈ, ਜਿਸ ਨੂੰ ਫਰੈਸ਼ ਵਾਟਰ ਲੇਕ ਕਿਹਾ ਜਾਂਦਾ ਹੈ।
ਸ੍ਰੀ ਗੁਰੂ ਸਿੰਘ ਸਭਾ ਕਸੁਮੋ ਕੀਨੀਆ ਦੇ ਪ੍ਰਬੰਧਕਾਂ ਨੇ ਗੁਰਦੁਆਰੇ ਦਾ 100 ਸਾਲਾ ਸਥਾਪਨਾ ਦਿਵਸ ਫ਼ਰਵਰੀ, 2014 ਈ: ਵਿਚ ਭਾਈ ਮਹਿੰਦਰ ਸਿੰਘ ਮੁਖੀ ਨਿਸ਼ਕਾਮ ਸੇਵਕ ਜਥਾ ਇੰਗਲੈਂਡ ਦੀ ਪ੍ਰੇਰਨਾ ਤੇ ਉਤਸ਼ਾਹ ਸਦਕਾ, ਖ਼ਾਲਸਾਈ ਪ੍ਰੰਪਰਾ ਅਨੁਸਾਰ ਮਨਾਇਆ। ਇਸ ਗੁਰੂ-ਘਰ ਦੀ ਅਧਾਰਸ਼ਿਲਾ ਉਸ ਸਮੇਂ ਰੱਖੀ ਗਈ, ਜਿਸ ਸਮੇਂ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਹੋਂਦ ਵਿਚ ਨਹੀਂ ਸੀ ਆਈ। ਗੁਰੂ-ਘਰ ਦੇ ਇਤਿਹਾਸ ਤੋਂ ਸਿੱਖਾਂ 'ਚ ਚੱਲੀਆਂ ਜਾਗ੍ਰਿਤੀ ਲਹਿਰਾਂ 'ਚ ਸਿੰਘ ਸਭਾ ਲਹਿਰ (1873 ਈ:) ਦਾ ਪ੍ਰਭਾਵ ਪ੍ਰਤੱਖ ਦਿਖਾਈ ਦਿੰਦਾ ਹੈ। ਚੀਫ਼ ਖ਼ਾਲਸਾ ਦੀਵਾਨ ਦੀ ਹੋਂਦ ਨੂੰ ਵੀ ਮਾਨਤਾ ਮਿਲਦੀ ਪ੍ਰਤੀਤ ਹੁੰਦੀ ਹੈ। ਕੇਸਰੀ ਪਰਚਮ ਦੂਰ ਤੋਂ ਦਿਖਾਈ ਦਿੰਦਾ ਹੈ। ਉਸ ਸਮੇਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧਕਾਂ ਨੇ ਚੀਫ਼ ਖ਼ਾਲਸਾ ਦੀਵਾਨ ਪਾਸੋਂ ਗ੍ਰੰਥੀ ਸਿੰਘ ਦੀ ਮੰਗ ਕੀਤੀ ਤਾਂ ਕਿ ਗੁਰੂ-ਘਰ ਦੀ ਮਰਿਆਦਾ ਚਲਾ ਸਕੇ ਅਤੇ ਉੱਥੇ ਦੇ ਸਿੱਖ ਵਾਸੀਆਂ ਨੂੰ ਗੁਰਮੁਖੀ ਦੀ ਸਿੱਖਿਆ ਦੇ ਸਕੇ।


-ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਮੋਬਾ: 98146-37979, roopsz@yahoo.com

ਪੰਜਾਬੀਆਂ ਦਾ ਵਿਰਸਾ ਤੇ ਵਰਤਮਾਨ

ਸ਼ੀਹਰਫੀ ਬਾਬਾ ਫ਼ਰੀਦ

ਮੱਧਕਾਲ ਦੇ ਚੋਣਵੇਂ ਪੰਜਾਬੀ ਲੋਕ ਨਾਇਕਾਂ ਅਥਵਾ ਲੋਕਪ੍ਰਿਅ ਸ਼ਖ਼ਸੀਅਤਾਂ ਵਿਚ ਬਾਬਾ ਫ਼ਰੀਦ ਦਾ ਨਾਂਅ ਵੀ ਗਿਣਿਆ ਜਾਂਦਾ ਹੈ। ਧਰਮ ਖੇਤਰ ਦੇ ਨਾਇਕਾਂ ਵਿਚ ਜਿੱਥੇ ਗੋਰਖ ਨਾਥ, ਗੁਰੂ ਸਾਹਿਬਾਨ ਅਤੇ ਸੰਤਾਂ-ਭਗਤਾਂ ਬਾਰੇ ਸਾਖੀਆਂ, ਜਨਮ ਸਾਖੀਆਂ, ਪਰਚੀਆਂ, ਗੋਸਟਾਂ ਆਦਿ ਦੇ ਰੂਪ ਵਿਚ ਕਾਫੀ ਕੁਝ ਮਿਲ ਜਾਂਦਾ ਹੈ, ਉੱਥੇ ਬਾਬਾ ਫ਼ਰੀਦ ਬਾਰੇ ਪੰਜਾਬੀ ਵਿਚ ਕਾਫੀ ਘੱਟ ਗਿਣਤੀ ਵਿਚ ਅਭਿਨੰਦਨ ਸਾਹਿਤ ਲਿਖਿਆ ਮਿਲਦਾ ਹੈ। ਲੈ-ਦੇ ਕੇ ਇਕ ਵਾਰਤਕ ਰਚਨਾ 'ਮਸਲੇ ਸ਼ੇਖ ਫ਼ਰੀਦ ਕੇ' ਹੈ, ਜਿਸ ਵਿਚ ਬਾਬਾ ਜੀ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਸਾਖੀਆਂ ਦੇ ਰੂਪ ਵਿਚ ਕਾਨੀ-ਬੱਧ ਕੀਤਾ ਗਿਆ ਹੈ ਜਾਂ ਫਿਰ ਇਕ ਸ਼ੀਹਰਫੀ ਲੱਭੀ ਹੈ। ਇਹ ਸ਼ੀਹਰਫੀ ਤੀਹ ਬੈਂਤਾਂ ਵਿਚ ਲਿਖੀ ਗਈ ਹੈ, ਜਿਸ ਵਿਚ ਵਧੇਰੇ ਚਰਚਾ ਬਾਬਾ ਜੀ ਦੇ ਚਿੱਲਿਆਂ, ਜ਼ੁਹਦ ਅਤੇ ਤਪ ਸਾਧਨਾਵਾਂ ਦੀ ਹੈ।
ਆਰੰਭਲੇ ਮੰਗਲਾਚਰਨ ਵਾਲੇ ਬੰਦ ਤੋਂ ਪਿੱਛੋਂ ਪਤਾ ਲੱਗਦਾ ਹੈ ਕਿ ਬਾਬਾ ਫ਼ਰੀਦ ਨੂੰ ਭਗਤੀ ਮਾਰਗ ਵੱਲ ਪ੍ਰੇਰਿਤ ਅਤੇ ਸਮੇਂ-ਸਮੇਂ ਉਸ ਨੂੰ ਟੁੰਬ ਕੇ ਜਾਗ੍ਰਿਤ ਕਰਨ ਵਿਚ ਉਨ੍ਹਾਂ ਦੀ ਮਾਤਾ ਬੀਬੀ ਮਰੀਅਮ ਦਾ ਹੱਥ ਹੈ। ਉਹ ਉਸ ਨੂੰ ਆਪਣਾ-ਆਪ ਪਛਾਣਨ ਲਈ ਕਹਿ ਕੇ ਪਰਮਾਰਥ ਵੱਲੇ ਲਾਉਂਦੀ ਹੈ। ਬਾਬਾ ਫ਼ਰੀਦ ਉਸ ਦੀ ਗੱਲ ਮੰਨ ਕੇ ਜੰਗਲ ਵਿਚ ਤਪੱਸਿਆ ਸਾਧਨਾ ਲਈ ਨਿਕਲ ਜਾਂਦਾ ਹੈ। ਜਦ ਉਸ ਨੂੰ ਭੁੱਖ ਲੱਗਦੀ ਹੈ ਤਾਂ ਜੰਗਲ ਦੇ ਫਲ, ਫੁੱਲ ਅਤੇ ਪੱਤੇ ਖਾ ਕੇ ਗੁਜ਼ਾਰਾ ਕਰਦਾ ਹੈੈ। ਬਾਰ੍ਹਾਂ ਸਾਲ ਜੰਗਲਾਂ ਵਿਚ ਘੁੰਮਣ ਪਿੱਛੋਂ ਘਰ ਪਰਤਦਾ ਹੈ। ਇੰਜ ਪਹਿਲੇ ਛੇ ਬੰਦ ਵਿਚਲੇ ਬਿਰਤਾਂਤ ਨੂੰ ਬਾਬਾ ਜੀ ਦਾ ਪਹਿਲਾ ਤਪ ਮੰਨਿਆ ਜਾ ਸਕਦਾ ਹੈ। ਘਰ ਆਏ ਪੁੱਤਰ ਦੇ ਜਟਾਂ ਬਣ ਚੁੱਕੇ ਵਾਲ ਜਦ ਉਸ ਦੀ ਮਾਤਾ ਵਾਹ-ਸੰਵਾਰ ਰਹੀ ਸੀ ਤਾਂ ਪੁੱਤਰ ਦੇ ਮੂੰਹੋਂ, ਪੀੜ ਕਾਰਨ, ਸੀਅ ਨਿਕਲ ਗਈ।
ਅਜਿਹਾ ਹੋਣ ਦੀ ਦੇਰ ਸੀ ਕਿ ਮਾਤਾ ਨੇ ਫਿਰ ਚੋਭ ਮਾਰੀ ਕਿ ਇਕ ਵਾਲ ਖਿੱਚਿਆਂ ਤਾਂ ਤੈਨੂੰ ਏਨਾ ਦਰਦ ਮਹਿਸੂਸ ਹੋਇਆ ਹੈ ਤਾਂ ਉਨ੍ਹਾਂ ਪੇੜ-ਪੌਦਿਆਂ ਦੀ ਕੀ ਦਸ਼ਾ ਹੋਵੇਗੀ, ਜਿਨ੍ਹਾਂ ਦੇ ਫਲ, ਫੁੱਲ ਅਤੇ ਪੱਤੇ ਨੂੰ ਧੂ-ਧੂ ਕੇ ਖਾਂਦਾ ਰਿਹਾ ਏਂ। ਹੁਣ ਇਹ ਤੱਥ ਵਿਗਿਆਨਕ ਤੌਰ 'ਤੇ ਸਾਬਤ ਹੋ ਚੁੱਕਾ ਹੈ ਕਿ ਪੌਦੇ ਵੀ ਮਨੁੱਖਾਂ ਵਾਂਗਰ ਜਾਨਦਾਰ ਮਖਲੂਕ ਹਨ, ਜਿਨ੍ਹਾਂ ਨੂੰ ਕੱਟਣ-ਵੱਢਣ ਜਾਂ ਤੋੜਨ-ਭੰਨਣ ਨਾਲ ਉਨ੍ਹਾਂ ਵਿਚੋਂ ਪਾਣੀ, ਦੁੱਧ ਜਾਂ ਤਰ੍ਹਾਂ-ਤਰ੍ਹਾਂ ਦੇ ਤਰਲ ਪਦਾਰਥ ਸਿੰਮਦੇ ਹਨ। ਬਹਰਹਾਲ ਇਸ ਸਿੱਖਿਆ ਦਾ ਫ਼ਰੀਦ ਉੱਪਰ ਡਾਢਾ ਅਸਰ ਹੋਇਆ ਅਤੇ ਉਹ ਫਿਰ ਜ਼ੁਹਦ ਲਈ ਨਿਕਲ ਤੁਰਿਆ। ਇਸ ਵਾਰ ਮਾਤਾ ਨੇ ਤੁਰਦੇ ਜਾਂਦੇ ਫ਼ਰੀਦ ਨੂੰ ਇਹ ਨਸੀਹਤ ਕੀਤੀ ਕਿ ਉਹ ਬਾਰ੍ਹਾਂ ਵਰ੍ਹੇ ਅਨਾਜ ਨਾ ਖਾਵੇ। ਢਿੱਡ ਨੂੰ ਝੁਲਕਾ ਹੋਣ ਲਈ ਲੱਕੜ ਦੀ ਰੋਟੀ ਉਸ ਨੂੰ ਦੇ ਦਿੱਤੀ ਅਤੇ ਭੁੱਖ ਲੱਗਣ ਦੀ ਸੂਰਤ ਵਿਚ ਉਸ ਨੂੰ ਚੱਕ ਮਾਰ ਕੇ ਤ੍ਰਿਪਤ ਹੋ ਜਾਣ ਦੀ ਸਲਾਹ ਦਿੱਤੀ, ਕਿਉਂਕਿ ਜ਼ੁਹਦ ਕਮਾਉਣਾ ਕੋਈ ਸੌਖਾ ਕੰਮ ਨਹੀਂ:
ਜੇ ਜ਼ੁਹਦ ਕਮਾਵਨਾ ਖਰਾ ਔਖਾ,
ਮਜਨੂੰ ਖਤਮ ਹੋਇਆ ਖਾਤਰ ਯਾਰ ਦੇ ਜੀ।
ਖਾਤਰ ਸ਼ੀਰੀਂ ਦੀ ਪੁੱਟ ਪਹਾੜ ਸੁੱਟੇ,
ਵੇਖੋ ਪ੍ਰੀਤ ਫਰਹਾਦ ਨੂੰ ਯਾਰ ਦੇ ਜੀ।
ਮੀਏਂ ਯਾਰ ਨੇ ਸਾਥ ਲੁਟਾਇ ਦਿੱਤਾ,
ਹੋਇ ਪਾਇ ਕੇ ਮਿਹਰ ਦਿਲਦਾਰ ਦੇ ਜੀ।
ਸ਼ਕਰਗੰਜ ਫ਼ਰੀਦ ਨੂੰ ਪੀਰ ਬਖਸ਼ਾ,
ਜਿਤਨਾ ਪਾਕ ਸੱਤਾਰ, ਗੱਫਾਰ ਦੇ ਜੀ। 11।
(ਬਾਕੀ ਅਗਲੇ ਮੰਗਲਵਾਰ ਦੇ
ਧਰਮ ਤੇ ਵਿਰਸਾ ਅੰਕ 'ਚ)

ਸ਼ਬਦ ਵਿਚਾਰ

ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ॥

ਸਿਰੀ ਰਾਗੁ ਮਹਲਾ ੫ ਘਰੁ ੧
ਕਿਆ ਤੂ ਰਤਾ ਦੇਖਿ ਕੈ
ਪੁਤ੍ਰ ਕਲਤ੍ਰ ਸੀਗਾਰ॥
ਰਸ ਭੋਗਹਿ ਖੁਸੀਆ ਕਰਹਿ
ਮਾਣਹਿ ਰੰਗ ਅਪਾਰ॥
ਬਹੁਤੁ ਕਰਹਿ ਫੁਰਮਾਇਸੀ
ਵਰਤਹਿ ਹੋਇ ਅਫਾਰ॥
ਕਰਤਾ ਚਿਤਿ ਨ ਆਵਈ
ਮਨਮੁਖ ਅੰਧ ਗਵਾਰ॥ ੧॥
ਮੇਰੇ ਮਨ ਸੁਖਦਾਤਾ ਹਰਿ ਸੋਇ॥
ਗੁਰ ਪਰਸਾਦੀ ਪਾਈਐ
ਕਰਮਿ ਪਰਾਪਤਿ ਹੋਇ॥ ਰਹਾਉ॥
ਕਪੜਿ ਭੋਗਿ ਲਪਟਾਇਆ
ਸੁਇਨਾ ਰੁਪਾ ਖਾਕੁ॥
ਹੈਵਰ ਗੈਵਰ ਬਹੁ ਰੰਗੇ
ਕੀਏ ਰਥ ਅਥਾਕ॥
ਕਿਸ ਹੀ ਚਿਤਿ ਨ ਪਾਵਹੀ
ਬਿਸਰਿਆ ਸਭ ਸਾਕ॥
ਸਿਰਜਣਹਾਰਿ ਭੁਲਾਇਆ
ਵਿਣੁ ਨਾਵੈ ਨਾਪਾਕ॥ ੨॥
ਲੈਦਾ ਬਦ ਦੁਆਇ ਤੂੰ
ਮਾਇਆ ਕਰਹਿ ਇਕਤ॥
ਜਿਸ ਨੋ ਤੂੰ ਪਤੀਆਇਦਾ
ਸੋ ਸਣੁ ਤੁਝੈ ਅਨਿਤ॥
ਅਹੰਕਾਰੁ ਕਰਹਿ ਅਹੰਕਾਰੀਆ
ਵਿਆਪਿਆ ਮਨ ਕੀ ਮਤਿ॥
ਤਿਨਿ ਪ੍ਰਭਿ ਆਪਿ ਭੁਲਾਇਆ
ਨਾ ਤਿਸੁ ਜਾਤਿ ਨ ਪਤਿ॥ ੩॥
ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ॥
ਹਰਿ ਜਨ ਕਾ ਰਾਖਾ ਏਕੁ ਹੈ
ਕਿਆ ਮਾਣਸ ਹਉਮੈ ਰੋਇ॥
ਜੋ ਹਰਿ ਜਨ ਭਾਵੈ ਸੋ ਕਰੇ
ਦਰਿ ਫੇਰੁ ਨ ਪਾਵੈ ਕੋਇ॥
ਨਾਨਕ ਰਤਾ ਰੰਗਿ ਹਰਿ
ਸਭ ਜਗ ਮਹਿ ਚਾਨਣੁ ਹੋਇ॥ ੪॥ ੧॥ ੭੧॥ (ਅੰਗ 42)
ਪਦ ਅਰਥ : ਰਤਾ-ਰੱਤਾ, ਰਚਿਆ, ਮਸਤ। ਕਲਤ੍ਰ-ਇਸਤਰੀ। ਸੀਗਾਰ-ਹਾਰ ਸ਼ਿੰਗਾਰ। ਰਸ ਭੋਗਹਿ-ਰਸਾਂ ਨੂੰ ਭੋਗਦਾ ਹੈ। ਖੁਸੀਆ ਕਰਹਿ-ਖੁਸ਼ੀਆਂ ਮਨਾਉਂਦਾ ਹੈਂ। ਰੰਗ ਅਪਾਰ-ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ। ਮਾਣਹਿ-ਮਾਣਦਾ ਹੈਂ। ਫੁਰਮਾਇਸੀ-ਹੁਕਮ, ਫੁਰਮਾਇਸ਼। ਅਫਾਰ-ਆਫਰਿਆ ਹੋਇਆ, ਅਹੰਕਾਰੀ। ਕਰਤਾ-ਕਰਤਾਰ। ਮਨਮੁਖ-ਆਪਣੇ ਮਨ ਦੇ ਪਿੱਛੇ ਲੱਗਣ ਵਾਲਾ। ਗਵਾਰ-ਮੂਰਖ। ਗੁਰ ਪਰਸਾਦੀ-ਗੁਰੂ ਦੀ ਕਿਰਪਾ ਨਾਲ। ਕਰਮਿ-ਕਿਰਪਾ ਸਦਕਾ, ਮਿਹਰ ਨਾਲ। ਕਪੜਿ-ਸੁੰਦਰ ਕੱਪੜਿਆਂ ਵਿਚ। ਭੋਗਿ-(ਸੁਆਦਲੇ) ਭੋਜਨ ਭੋਗਣ ਵਿਚ।
ਲਪਟਾਇਆ-ਮਸਤ ਰਹਿੰਦਾ ਹੈਂ। ਰੁਪਾ-ਚਾਂਦੀ। ਖਾਕੁ-ਮਿੱਟੀ, ਨਾਸਵੰਤ। ਹੈਵਰ-ਵਧੀਆ ਘੋੜੇ। ਗੈਵਰ-ਵਧੀਆ ਹਾਥੀ। ਬਹੁ ਰੰਗੇ-ਕਈ ਪ੍ਰਕਾਰ ਦੇ। ਅਥਾਕ-ਨਾ ਥੱਕਣ ਵਾਲੇ। ਕਿਸ ਹੀ-ਕਿਸੇ ਨੂੰ ਵੀ। ਚਿਤਿ ਨ ਪਾਵਹੀ-ਚੇਤੇ ਨਹੀਂ ਕਰਦਾ। ਸਭ ਸਾਕ-ਸਾਰੇ ਸਾਕ ਸਨਬੰਧੀ। ਨਾਪਾਕ-ਅਪਵਿੱਤਰ।
ਬਦ ਦੁਆਇ-ਬੁਰੀਆਂ ਅਸੀਸਾਂ। ਇਕਤ-ਇਕੱਠੀ ਕਰਕੇ। ਪਤੀਆਇਦਾ-ਭਰੋਸਾ ਕਰਦਾ ਹੈਂ, ਖੁਸ਼ ਕਰਦਾ ਹੈਂ। ਸੋ-ਉਹ। ਸਣ-ਸਮੇਤ। ਅਨਿਤ-ਨਾਸਵੰਤ ਹਨ। ਵਿਆਪਿਆ ਮਨ ਕੀ ਮਤਿ-ਮਨ ਦੀ ਮੱਤ ਵਿਚ ਫਸਿਆ ਹੋਇਆ। ਪਤਿ-ਇੱਜ਼ਤ, ਸਤਿਕਾਰ। ਇਕੋ ਸਜਣੁ ਸੋਇ-ਇਕ ਉਹ ਪ੍ਰਭੂ ਸਜਣ ਹੀ। ਹਰਿਜਨ-ਪ੍ਰਭੂ ਦੇ ਸੇਵਕਾਂ ਦਾ। ਏਕੁ ਹੈ-ਇਕ ਪ੍ਰਭੂ ਆਪ ਹੀ ਹੈ। ਕਿਆ ਮਾਣਸ-ਮਨੁੱਖ ਵਿਚਾਰੇ। ਹਉਮੈ ਰੋਇ-ਹਉਮੈ ਵਿਚ ਰੋਂਦਾ ਰਹਿੰਦਾ ਹੈ, ਦੁਖੀ ਹੁੰਦਾ ਰਹਿੰਦਾ ਹੈ। ਜੋ ਹਰਿਜਨ ਭਾਵੈ-ਜੋ ਪਰਮਾਤਮਾ ਦੇ ਸੇਵਕ ਨੂੰ ਚੰਗਾ ਲਗਦਾ ਹੈ। ਸੋ ਕਰੇ-(ਪਰਮਾਤਮਾ) ਉਹੀ ਕਰਦਾ ਹੈ। ਦਰਿ ਫੇਰੁ ਨ ਪਾਵੈ ਕੋਇ-ਦਰਗਾਹੇ (ਉਸ ਦੇ ਕੀਤੇ ਨੂੰ) ਕੋਈ ਮੋੜ ਨਹੀਂ ਸਕਦਾ। ਰਤਾ ਰੰਗਿ ਹਰਿ-ਪ੍ਰਭੂ ਦੇ ਨਾਮ ਰੰਗ ਵਿਚ ਰੰਗਿਆ ਰਹਿੰਦਾ ਹੈ। ਚਾਨਣੁ ਹੋਇ-ਰੌਸ਼ਨਾਇਆ ਜਾਂਦਾ ਹੈ।
ਇਹ ਸਾਰਾ ਜਗਤ ਪਸਾਰਾ ਪ੍ਰਭੂ ਦੀ ਜੋਤਿ ਤੋਂ ਪਸਰਿਆ ਹੈ। ਗੁਰੂ ਦੇ ਉਪਦੇਸ਼ ਦੁਆਰਾ ਜਿਸ ਸਾਧਕ ਦੇ ਅੰਦਰ ਇਹ ਜੋਤਿ ਪ੍ਰਗਟ ਹੋ ਜਾਂਦੀ ਹੈ, ਉਸ ਅੰਦਰਲਾ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ, ਜਿਸ ਸਦਕਾ ਉਸ ਦਾ ਹਿਰਦਾ ਰੂਪੀ ਕਮਲ ਫੁਲ ਖਿੜ ਪੈਂਦਾ ਹੈ ਅਤੇ ਸਾਧਕ ਆਤਮਿਕ ਅਨੰਦ ਨੂੰ ਮਾਣਦਾ ਹੈ। ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਇਕਮਿਕ ਹੋਈ ਰਹਿੰਦੀ ਹੈ। ਗੁਰਵਾਕ ਹੈ-
ਅੰਤਰਿ ਜੋਤਿ ਪਰਗਟੁ ਪਾਸਾਰਾ॥
ਗੁਰਸਾਖੀ ਮਿਟਿਆ ਅੰਧਿਆਰਾ॥
ਕਮਲ ਬਿਗਾਸਿ ਸਦਾ ਸੁਖੁ ਪਾਇਆ
ਜੋਤੀ ਜੋਤਿ ਮਿਲਾਵਣਿਆ॥ (ਅੰਗ 126)
ਗੁਰਸਾਖੀ-ਗੁਰੂ ਦੇ ਉਪਦੇਸ਼ ਦੁਆਰਾ। ਅੰਧਿਆਰਾ-ਅਗਿਆਨਤਾ ਦਾ ਹਨੇਰਾ।
ਵਾਸਤਵ ਵਿਚ ਪਰਮਾਤਮਾ ਮਨੁੱਖੀ ਹਿਰਦੇ ਵਿਚ ਹੀ ਵਸਦਾ ਹੈ ਪਰ ਦੂਜੀ ਮਾਇਆ ਦੇ ਕਾਰਨ ਇਸ ਅੰਦਰ ਹਨੇਰਾ ਬਣਿਆ ਰਹਿੰਦਾ ਹੈ। ਜਦੋਂ ਪ੍ਰਾਣੀ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਹਉਮੈ ਤੇ ਮਮਤਾ ਦੂਰ ਕਰ ਲੈਂਦਾ ਹੈ ਤਾਂ ਉਸ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ-
ਘਰ ਹੀ ਮਾਹਿ ਦੂਜੈ ਭਾਇ ਅਨੇਰਾ॥
ਚਾਨਣੁ ਹੋਵੈ ਛੋਡੈ ਹਉਮੈ ਮੇਰਾ॥ (ਅੰਗ 126)
ਅਨੇਰਾ-ਹਨੇਰਾ। ਦੂਜੈ ਭਾਇ-ਦੂਜੀ ਮਾਇਆ ਦੇ ਮੋਹ ਕਾਰਨ।
ਰਾਗੁ ਗੂਜਰੀ ਕੀ ਵਾਰ ਮਹਲਾ ੫ ਦੀ 14ਵੀਂ ਪਉੜੀ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਭਗਤਾ ਕਾ ਬੋਲਿਆ ਪਰਵਾਣੁ ਹੈ
ਦਰਗਹ ਪਵੈ ਥਾਇ॥ (ਅੰਗ 521)
ਸ਼ਬਦ ਦੇ ਅੱਖਰੀਂ ਅਰਥ : ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨਮੁਖ, ਤੂੰ ਪੁੱਤਰ, ਇਸਤਰੀ ਦੇ ਹਾਰ-ਸ਼ਿੰਗਾਰ (ਹਾਵ-ਭਾਵ) ਨੂੰ ਦੇਖ ਕੇ ਮਸਤ ਹੋ ਰਿਹਾ ਹੈਂ। (ਵੱਖ-ਵੱਖ ਪ੍ਰਕਾਰ ਦੇ) ਰਸਾਂ ਨੂੰ ਭੋਗਦਾ ਹੈਂ ਅਤੇ ਖੁਸ਼ੀਆਂ ਮਨਾਉਂਦਾ ਹੈਂ, ਅਨੇਕਾਂ ਰੰਗਰਲੀਆਂ ਮਾਣਦਾ ਹੈਂ। ਹੰਕਾਰ ਵਿਚ ਮੱਤਾ ਹੋਇਆ ਬੜੀਆਂ ਫਰਮਾਇਸ਼ਾਂ ਅਤੇ ਹੁਕਮ ਕਰਦਾ ਹੈਂ ਪਰ ਹੇ ਮਨਮੁਖ ਅੰਧੇ ਮੂਰਖ, ਜੋ ਸਭ ਕੁਝ ਕਰਨ ਦੇ ਸਮਰੱਥ ਕਰਤਾਰ ਹੈ, ਉਸ ਨੂੰ ਤੂੰ ਕਦੀ ਚਿਤ ਚੇਤੇ ਵੀ ਨਹੀਂ ਕਰਦਾ।
ਹੇ ਮੇਰੇ ਮਨ, ਉਹ ਪਰਮਾਤਮਾ ਸਭ ਨੂੰ ਸੁਖ ਅਤੇ ਦਾਤਾਂ ਦੇਣ ਵਾਲਾ ਹੈ। ਗੁਰੂ ਦੀ ਕਿਰਪਾ ਸਦਕਾ ਉਸ ਨੂੰ ਪਾਈਦਾ ਹੈ ਅਤੇ ਪ੍ਰਭੂ ਦੀ ਮਿਹਰ ਹੋਵੇ ਤਾਂ ਹੀ ਉਸ ਨਾਲ ਮਿਲਾਪ ਹੁੰਦਾ ਹੈ।
ਮਨੁੱਖ ਸੁੰਦਰ ਬਸਤਰ ਹੰਢਾਉਂਦਾ ਹੈ ਅਤੇ ਸੁਆਦਲੇ ਭੋਜਨ ਖਾਣ ਵਿਚ ਮਸਤ ਰਹਿੰਦਾ ਹੈ। ਸੋਨਾ, ਚਾਂਦੀ (ਆਦਿ ਕੀਮਤੀ ਧਾਤਾਂ) ਨੂੰ ਇਕੱਠਾ ਕਰਦਾ ਰਹਿੰਦਾ ਹੈ ਜੋ ਸਭ ਨਾਸਵੰਤ ਹਨ। ਕਈ ਤਰ੍ਹਾਂ ਦੇ ਰੰਗਾਂ ਵਾਲੇ ਵਧੀਆ ਘੋੜੇ, ਹਾਥੀ ਅਤੇ ਕਦੇ ਨਾ ਥੱਕਣ ਵਾਲੇ ਰੱਥ ਇਕੱਠੇ ਕਰ ਰੱਖੇ ਹਨ। ਇਨ੍ਹਾਂ ਦੀ ਮਸਤੀ ਵਿਚ ਇਸ ਨੇ ਕਿਸੇ ਨੂੰ ਵੀ ਚੇਤੇ ਵਿਚ ਨਹੀਂ ਰੱਖਿਆ। ਇਥੋਂ ਤੱਕ ਕਿ ਤੂੰ ਆਪਣੇ ਸਾਕ-ਸਬੰਧੀਆਂ ਨੂੰ ਵੀ ਭੁਲਾ ਦਿੱਤਾ ਹੈ। ਹੇ ਭਾਈ, ਤਾਂ ਫਿਰ ਤੂੰ ਇਹ ਸਮਝ ਲੈ ਕਿ ਸਿਰਜਣਹਾਰ (ਪਰਮਾਤਮਾ) ਨੇ ਵੀ ਤੈਨੂੰ ਭੁਲਾ ਦਿੱਤਾ ਹੈ, ਕਿਉਂਕਿ ਨਾਮ ਤੋਂ ਸੱਖਣਾ ਹੋਣ ਕਰਕੇ ਤੂੰ ਅਪਵਿੱਤਰ ਹੈਂ।
ਹੇ ਭਾਈ, (ਦੂਜਿਆਂ ਦਾ ਹੱਕ ਮਾਰ ਕੇ) ਤੂੰ ਜੋ ਮਾਇਆ ਇਕੱਠੀ ਕਰ ਰਿਹਾ ਹੈਂ, ਇਸ ਨਾਲ ਤੂੰ ਦੂਜਿਆਂ ਦੀਆਂ ਬਦਦੁਆਵਾਂ ਲੈ ਰਿਹਾ ਹੈਂ। (ਇਸ ਮਾਇਆ ਨਾਲ) ਜਿਨ੍ਹਾਂ ਨੂੰ ਖੁਸ਼ ਕਰ ਰਿਹਾ ਹੈਂ, ਉਹ ਤੇਰੇ ਸਮੇਤ ਸਭ ਨਾਸਵੰਤ ਹਨ। ਐ ਹੰਕਾਰ ਵਿਚ ਗ੍ਰੱਸੇ ਹੋਏ ਹੰਕਾਰੀ ਜੀਵ, ਆਪਣੇ ਮਨ ਦੀ ਮੱਤ ਵਿਚ ਫਸ ਕੇ ਜਿਸ ਧਨ ਦਾ ਤੂੰ ਮਾਣ ਕਰਦਾ ਹੈਂ, ਇਹ ਸਭ ਉਸ ਪਰਮਾਤਮਾ ਨੇ ਤੈਨੂੰ ਮਾਇਆ ਵਿਚ ਫਸਾ ਕੇ, ਆਪ ਭੁਲਾ ਛੱਡਿਆ ਹੈ। ਜਦੋਂ ਪ੍ਰਭੂ ਹੀ ਭੁਲਾ ਦੇਵੇ ਤਾਂ ਫਿਰ ਮਨੁੱਖ ਨੂੰ ਉਸ ਦੀ (ਉੱਚੀ) ਜਾਤ ਹੋਣ 'ਤੇ ਵਡਿਆਈ ਨਹੀਂ ਮਿਲਦੀ ਅਤੇ ਨਾ ਹੀ ਦਰਗਾਹੇ ਕੋਈ ਮਾਣ-ਸਤਿਕਾਰ ਮਿਲਦਾ ਹੈ।
ਪਰ ਸਤਿਗੁਰੂ ਪੁਰਖ ਨੇ ਜਿਸ ਦਾ ਪ੍ਰਭੂ ਸਜਣ ਨਾਲ ਮਿਲਾਪ ਕਰਵਾ ਦਿੱਤਾ ਹੈ, ਅਜਿਹੇ ਸੇਵਕ ਜਨ ਦਾ ਰਾਖਾ ਫਿਰ ਪ੍ਰਭੂ ਆਪ ਹੀ ਬਣਦਾ ਹੈ, ਮਨੁੱਖ ਵਿਚਾਰੇ ਦੇ ਆਪਣੇ ਵੱਸ ਵਿਚ ਤਾਂ ਕੁਝ ਵੀ ਨਹੀਂ। ਉਹ ਤਾਂ ਹਉਮੈ ਵਿਚ ਫਸ ਕੇ ਦੁਖੀ ਹੀ ਹੁੰਦਾ ਰਹਿੰਦਾ ਹੈ। ਪ੍ਰਭੂ ਦੇ ਸੇਵਕ ਨੂੰ ਜੋ ਚੰਗਾ ਲਗਦਾ ਹੈ, ਪ੍ਰਭੂ ਉਹੀ ਕੁਝ ਕਰਦਾ ਹੈ, ਜਿਸ ਕਾਰਨ ਪ੍ਰਭੂ ਦੇ ਦਰ 'ਤੇ ਉਸ ਦੇ ਸੇਵਕ ਦੀ ਕਿਸੇ ਗੱਲ ਨੂੰ ਮੋੜਿਆ ਨਹੀਂ ਜਾਂਦਾ ਭਾਵ ਜੋ ਸੇਵਕ ਜਨ ਆਖਦਾ ਹੈ, ਉਹ ਪ੍ਰਵਾਨ ਹੁੰਦਾ ਹੈ।
ਅੰਤ ਵਿਚ ਗੁਰੂ ਜੀ ਦੇ ਪਾਵਨ ਬਚਨ ਹਨ ਕਿ ਜੋ ਮਨੁੱਖ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗਿਆ ਜਾਂਦਾ ਹੈ, ਉਸ ਦਾ ਪ੍ਰਕਾਸ਼ (ਚਾਨਣ) ਸਾਰੇ ਜਗਤ ਵਿਚ ਹੋ ਜਾਂਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਮੰਜ਼ਿਲ ਨੂੰ ਸਾਕਾਰਾਤਮਿਕ ਸੋਚ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ

ਸਮਾਜ ਵਿਚ ਵਿਚਰਨ ਲਈ ਤੁਹਾਡੇ ਕੋਲ ਕੋਈ ਵਿਸ਼ੇਸ਼ ਪਹਿਚਾਣ ਹੋਣੀ ਚਾਹੀਦੀ ਹੈ, ਜੋ ਕਿਸੇ ਗੁਣ ਨਾਲ ਹੀ ਪ੍ਰਾਪਤ ਹੁੰਦੀ ਹੈ। ਇਸ ਦੁਨੀਆ ਵਿਚ ਇਸੇ ਲਈ ਹਰ ਪਾਸੇ ਦੌੜ ਲੱਗੀ ਹੈ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਪਹਿਚਾਣ ਕੇਵਲ ਚਰਿੱਤਰ ਨਾਲ ਹੀ ਬਣਦੀ ਹੈ। ਨਕਾਰਾਤਮਿਕ ਸੋਚ ਵਾਲੇ ਲੋਕ ਇਹ ਸੋਚਦੇ ਹਨ ਕਿ ਉਹ ਕਿਸੇ ਚਰਿੱਤਰਵਾਨ ਜਾਂ ਗੁਣੀ ਵਿਅਕਤੀ ਦਾ ਵਿਰੋਧ ਕਰਕੇ ਆਪਣੀ ਪਹਿਚਾਣ ਬਣਾ ਲੈਣਗੇ। ਕਈਆਂ ਦੀ ਇਹ ਵੀ ਸੋਚ ਹੁੰਦੀ ਹੈ ਕਿ ਉਹ ਸ਼ਾਇਦ ਧਨ-ਦੌਲਤ ਜਮ੍ਹਾਂ ਕਰਕੇ ਆਪਣੀ ਪਹਿਚਾਣ ਬਣਾ ਲੈਣਗੇ। ਕੋਈ ਸੁੰਦਰਤਾ, ਕੋਈ ਸੁੰਦਰ ਵਿਚਾਰਾਂ ਤੇ ਕੋਈ ਆਪਣੇ ਉੱਚ ਚਰਿੱਤਰ ਨਾਲ ਇਸ ਵੱਲ ਵਧਣ ਦੀ ਕੋਸ਼ਿਸ਼ ਕਰਦੇ ਹਨ ਪਰ ਤੁਹਾਡੀ ਸਾਕਾਰਾਤਮਿਕ ਸੋਚ ਅਤੇ ਚਰਿੱਤਰ ਹੀ ਤੁਹਾਨੂੰ ਮੰਜ਼ਿਲ ਵੱਲ ਲਿਜਾਂਦੇ ਹਨ। ਧਨ-ਦੌਲਤ ਦਾ ਸੰਗ੍ਰਹਿ ਤਾਂ ਅਸਥਾਈ ਹਨ। ਕਿਸੇ ਦਾ ਵਿਰੋਧ ਤਾਂ ਤੁਹਾਨੂੰ ਹੋਰ ਪਛਾੜ ਦਿੰਦਾ ਹੈ। ਇਸ ਨਾਲ ਤਾਂ ਪਹਿਲਾ ਪ੍ਰਭਾਵ ਹੀ ਘਟਦਾ ਹੈ। ਸਾਕਾਰਾਤਮਿਕ ਸੋਚ ਅਤੇ ਅਧਿਆਤਮਿਕਤਾ ਸਾਨੂੰ ਹੌਲੀ-ਹੌਲੀ ਸੁਧਾਰਦੀ ਹੈ। ਇਸ ਨਾਲ ਮਾਨਸਿਕ ਸੰਤੁਲਨ ਅਤੇ ਸ਼ਾਂਤ ਵਾਤਾਵਰਨ ਬਣਦਾ ਹੈ। ਫਿਰ ਵੱਡੇ ਤੋਂ ਵੱਡਾ ਲਾਲਚ ਵੀ ਤੁਹਾਨੂੰ ਡੋਲਣ ਨਹੀਂ ਦਿੰਦਾ। ਇਸ ਨਾਲ ਮੋਹ, ਮਾਇਆ ਅਤੇ ਧਨ ਦਾ ਲਾਲਚ ਵੀ ਤੁਹਾਨੂੰ ਵਿਚਲਿਤ ਨਹੀਂ ਕਰ ਸਕਦਾ। ਪਰ ਇਸ ਲਈ ਅਧਿਆਤਮ ਦੇ ਸਹਾਰੇ ਦੀ ਲੋੜ ਹੁੰਦੀ ਹੈ ਅਤੇ ਚਰਿੱਤਰ ਨਿਰਮਾਣ ਦੀ ਵੀ। ਚੰਗੇ ਚਰਿੱਤਰ ਵਾਲੇ ਵਿਅਕਤੀ ਹੀ ਆਪਣਾ ਤੇ ਦੇਸ਼ ਦਾ ਢੁਕਵਾਂ ਵਿਕਾਸ ਕਰਨ ਵਿਚ ਸਮਰੱਥ ਹੁੰਦੇ ਹਨ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਮਾ

ਭਾਈ ਕਿਰਪਾਲ ਸਿੰਘ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਮਾਮੂ ਸਿੰਘ ਕ੍ਰਿਪਾਲ, ਗੁਰੂ ਦਸਮੇਸ਼ ਕਾ।
ਕਰੇ ਬਾਰਤਾ ਗੈਲ ਸਿੰਘਨ ਸਿਆਨਿਆਂ।
-ਸ਼ਹੀਦ ਬਿਲਾਸ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, 2007, ਪੰਨਾ-75
ਪ੍ਰੋ: ਪਿਆਰਾ ਸਿੰਘ ਪਦਮ ਆਪਣੀ ਸੰਪਾਦਿਤ ਕੀਤੀ ਪੁਸਤਕ 'ਗੁਰੂ ਕੀਆਂ ਸਾਖੀਆਂ' ਦੇ ਅੰਤ ਵਿਚ 'ਪ੍ਰਸਿੱਧ ਸਿੱਖ ਨਾਮਾਵਲੀ' ਵਿਚ ਲਿਖਦੇ ਹਨ ਕਿ ਦਸਮੇਸ਼ ਜੀ ਦੇ ਮਾਮਾ ਜੀ ਕਿਰਪਾਲ ਚੰਦ ਦਿੱਲੀ ਵਿਖੇ ਮਾਘ ਸੁਦੀ 4, 1780 ਬਿਕਰਮੀ (18 ਜਨਵਰੀ, 1724 ਈ:) ਨੂੰ ਸ਼ਹੀਦ ਹੋ ਗਏ ਸਨ। ਪਰ ਸ਼ਹੀਦੀ ਦੀ ਇਹ ਸੂਚਨਾ ਠੀਕ ਨਹੀਂ, ਕਿਉਂਕਿ 'ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ' ਦੇ ਕਰਤਾ ਕੇਸਰ ਸਿੰਘ ਛਿੱਬਰ ਅਨੁਸਾਰ ਮਾਮਾ ਕਿਰਪਾਲ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਦੇ ਆਦੇਸ਼ ਅਨੁਸਾਰ 1784 ਬਿਕਰਮੀ (1727 ਈ:) ਵਿਚ ਅੰਮ੍ਰਿਤਸਰ ਆਏ ਸਨ। ਉਨ੍ਹਾਂ ਦੇ ਨਾਲ ਸੱਤ ਸਰਕਾਰੀ ਬੰਦੇ ਵੀ ਸਨ-
ਤਬ ਮਾਮਾ ਜੀ ਦਿੱਲੀਓਂ ਅੰਮ੍ਰਿਤਸਰ ਜੀ ਆਏ।
ਸੰਮਤ ਸਤਾਰਾਂ ਸੈ ਚਉਰਾਸੀ ਜਬ ਜਾਏ।
ਨਾਲਿ ਸੱਤ ਆਦਮੀ ਸਰਕਾਰ ਦੇ ਲੈ ਆਏ।
-ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ;
ਸੰਪਾਦਕ; ਪਿਆਰਾ ਸਿੰਘ ਪਦਮ;
ਸਿੰਘ ਬ੍ਰਦਰਜ਼ ਅੰਮ੍ਰਿਤਸਰ, 1997, ਪੰਨਾ-215
ਮਾਤਾ ਸਾਹਿਬ ਕੌਰ ਜੀ ਨੇ ਮਾਮਾ ਕਿਰਪਾਲ ਸਿੰਘ ਨੂੰ ਅੰਮ੍ਰਿਤਸਰ ਵਿਖੇ ਪਾਲਿਤ ਅਜੀਤ ਸਿੰਘ ਦੀ ਜਗੀਰ ਦਾ ਪ੍ਰਬੰਧ ਕਰਨ ਲਈ ਭੇਜਿਆ ਸੀ। ਪਾਲਿਤ ਅਜੀਤ ਸਿੰਘ ਨੂੰ ਬਾਦਸ਼ਾਹ ਬਹਾਦਰ ਸ਼ਾਹ ਨੇ ਅੰਮ੍ਰਿਤਸਰ ਦੇ ਬਾਰਾਂ ਪਿੰਡਾਂ ਦੀ ਇਹ ਜਗੀਰ 30 ਸਤੰਬਰ, 1711 ਈ: ਨੂੰ ਮਨਜ਼ੂਰ ਕੀਤੀ ਸੀ। (ਡਾ: ਮਹਿੰਦਰ ਕੌਰ ਗਿੱਲ, ਮਾਤਾ ਸੁੰਦਰੀ ਜੀ, ਪੰਨਾ- 85, ਸੇਵਾ ਸਿੰਘ ਕ੍ਰਿਤ 'ਸ਼ਹੀਦ ਬਿਲਾਸ ਭਾਈ ਮਨੀ ਸਿੰਘ, ਪੰਨਾ-36)
ਬਾਦਸ਼ਾਹ ਵੱਲੋਂ ਇਹ ਜਗੀਰ ਦੇਣ ਦਾ ਮਕਸਦ ਇਹ ਸੀ ਕਿ ਮਾਤਾ ਸੁੰਦਰੀ ਜੀ ਦਾ ਪਾਲਿਤ ਪੁੱਤਰ ਅਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜੀ ਮੁਹਿੰਮ ਵਿਚ ਸ਼ਾਮਲ ਨਾ ਹੋ ਜਾਏ।
ਮਾਮਾ ਕਿਰਪਾਲ ਸਿੰਘ 1727 ਈ: ਵਿਚ ਜਦੋਂ ਦਿੱਲੀ ਤੋਂ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਦੇ ਨਾਲ ਸੱਤ ਸਰਕਾਰੀ ਬੰਦਿਆਂ ਤੋਂ ਇਲਾਵਾ ਕੁਝ ਸਿੰਘ ਵੀ ਸਨ। ਇਨ੍ਹਾਂ ਵਿਚ 'ਬੰਸਾਵਲੀਨਾਮਾ' ਦਾ ਕਰਤਾ ਕੇਸਰ ਸਿੰਘ ਛਿੱਬਰ ਅਤੇ ਉਨ੍ਹਾਂ ਦਾ ਪਿਤਾ ਗੁਰਬਖਸ਼ ਸਿੰਘ ਵੀ ਸੀ। ਕੇਸਰ ਸਿੰਘ ਛਿੱਬਰ 'ਬੰਸਾਵਲੀਨਾਮਾ' ਵਿਚ ਲਿਖਦੇ ਹਨ ਕਿ ਉਨ੍ਹਾਂ ਨੇ ਦਸਮ ਪਾਤਸ਼ਾਹ ਦੇ ਮਾਮਾ ਕਿਰਪਾਲ ਸਿੰਘ ਸੁਭਿੱਖੀ ਦੇ ਆਪਣੀ ਅੱਖੀਂ ਦਰਸ਼ਨ ਕੀਤੇ।
ਸੰਗਤਿ ਕੀਤੀ ਵੱਡਿਆਂ ਦੀ
ਮਾਮਾ ਕ੍ਰਿਪਾਲ ਸਿੰਘ ਸੁਭਿੱਖੀ।
ਸਾਹਿਬ ਦਸਵੇਂ ਪਾਤਸ਼ਾਹ ਦਾ
ਸਕਾ ਮਾਮਾ ਡਿੱਠਾ ਅੱਖੀਂ। 190।
-ਬੰਸਾਵਲੀਨਾਮਾ, ਚਰਣ ਚੌਧਵਾਂ
ਮਾਮਾ ਕਿਰਪਾਲ ਸਿੰਘ ਨੇ ਅੰਮ੍ਰਿਤਸਰ ਦੇ 20-25 ਮੁਹਤਬਰ ਬੰਦਿਆਂ ਨੂੰ ਬੁਲਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਇਕੱਤਰਤਾ ਕੀਤੀ ਅਤੇ ਦਰਬਾਰ ਸਾਹਿਬ ਤੇ ਜਗੀਰ ਦੇ ਪ੍ਰਬੰਧ ਲਈ ਚਾਰ ਵਿਅਕਤੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ। ਸਹਿਜ ਸਿੰਘ ਤ੍ਰੇਹਣ ਨੂੰ ਚੁੰਗੀ ਜਗਾਤ ਦਾ ਕੰਮ ਅਤੇ ਪਿੰਡਾਂ ਦਾ ਮਾਮਲਾ ਉਗਰਾਹੁਣ ਦੀ ਜ਼ਿੰਮੇਵਾਰੀ ਦਿਆਨਤ ਰਾਏ ਬ੍ਰਾਹਮਣ ਨੂੰ ਸੌਂਪੀ। ਭਾਈ ਮਾਨ ਸਿੰਘ ਮੇਵੜੇ ਨੂੰ ਅਰਦਾਸੀਆ ਨਿਯੁਕਤ ਕੀਤਾ ਅਤੇ ਸਾਰੇ ਕੰਮਾਂ ਦੀ ਨਿਗਰਾਨੀ ਕਰਨ ਵਾਸਤੇ ਭਾਈ ਗੁਰਬਖਸ਼ ਸਿੰਘ ਛਿੱਬਰ ਨੂੰ ਦਰੋਗਾ ਥਾਪਿਆ। ਮਾਮਾ ਜੀ ਨੇ ਦਰਬਾਰ ਸਾਹਿਬ ਅਤੇ ਜਗੀਰ ਦੇ ਹੋਰ ਕੰਮਾਂ ਦਾ ਵੀ ਸੁਚੱਜਾ ਪ੍ਰਬੰਧ ਕੀਤਾ, ਜਿਸ ਦੀ ਲੋਕਾਂ ਨੇ ਬਹੁਤ ਤਾਰੀਫ਼ ਕੀਤੀ-
ਐਸੀ ਜੁਗਤਿ ਮਾਮਾ ਜੀ ਠਹਰਾਈ।
ਧੰਨੁ ਧੰਨੁ ਕਹਨੇ ਲਗੀ ਸਭੁ ਲੁਕਾਈ।
-ਬੰਸਾਵਲੀਨਾਮਾ; ਚਰਣ ਤੇਰ੍ਹਵਾਂ
(ਮਾਮਾ ਕਿਰਪਾਲ ਸਿੰਘ ਦੀ ਇਸ ਕਾਰਗੁਜ਼ਾਰੀ ਦਾ ਵਿਸਥਾਰਿਤ ਬਿਰਤਾਂਤ ਬੰਸਾਵਲੀਨਾਮੇ ਦੇ ਤੇਰ੍ਹਵੇਂ ਚਰਣ ਵਿਚ ਪੜ੍ਹਿਆ ਜਾ ਸਕਦਾ ਹੈ। )
ਇਸ ਸਮੇਂ ਮਾਮਾ ਜੀ ਦੀ ਉਮਰ ਸੌ ਸਾਲ ਦੇ ਕਰੀਬ ਸੀ। ਇਸ ਲਈ ਉਹ 1727 ਈ: ਵਿਚ ਅੰਮ੍ਰਿਤਸਰ ਦੀ ਜਗੀਰ ਦਾ ਪ੍ਰਬੰਧ ਕਰਕੇ ਵਾਪਸ ਦਿੱਲੀ ਆਏ ਤਾਂ ਛੇਤੀ ਹੀ ਚਲਾਣਾ ਕਰ ਗਏ। ਇਸ ਮਿਤੀ ਦਾ ਅੰਦਾਜ਼ਾ ਕੇਸਰ ਸਿੰਘ ਛਿੱਬਰ ਦੀ ਲਿਖਤ ਤੋਂ ਲਗਦਾ ਹੈ। ਉਹ ਮਾਤਾ ਸਾਹਿਬ ਕੌਰ ਜੀ ਦਾ ਚਲਾਣਾ 1788 ਬਿਕਰਮੀ (1731 ਈ:) ਵਿਚ ਹੋਇਆ ਲਿਖਦੇ ਹਨ। ਮਾਤਾ ਜੀ ਦੇ ਚਲਾਣੇ ਦੀ ਇਹ ਮਿਤੀ ਭਾਵੇਂ ਸਹੀ ਤਾਂ ਨਹੀਂ ਪਰ ਇਸ ਤੋਂ ਮਾਮਾ ਕਿਰਪਾਲ ਸਿੰਘ ਜੀ ਦੇ ਸੁਰਗਵਾਸ ਹੋਣ ਦਾ ਅਨੁਮਾਨ ਲੱਗ ਜਾਂਦਾ ਹੈ। ਛਿੱਬਰ ਜੀ ਲਿਖਦੇ ਹਨ-
ਸੰਮਤ ਸਤਾਰਾਂ ਸੈ ਅਠਾਸੀ ਜਬ ਗਏ।
ਤਬ ਮਾਤਾ ਸਾਹਿਬ ਦੇਈ ਜੀ
ਦਿੱਲੀਉਂ ਸੁਰਪੁਰਿ ਨੂੰ ਸਿਧ ਕਰਤੇ ਭਏ।
ਮਾਮਾ ਜੀ ਅਗੇ ਹੀ ਆਹੇ ਦੇਵ ਲੋਕ ਸਿਧਾਰੇ।
-ਬੰਸਾਵਲੀਨਾਮਾ; ਚਰਣ ਤੇਰ੍ਹਵਾਂ
ਇਸ ਦਾ ਭਾਵ ਹੈ ਕਿ ਮਾਮਾ ਕਿਰਪਾਲ ਸਿੰਘ 1727 ਈ: ਅਤੇ 1731 ਈ: ਦੇ ਵਿਚਾਲੇ ਕਿਸੇ ਸਮੇਂ ਸੁਰਗਵਾਸ ਹੋਏ ਸਨ। ਅੰਤਿਮ ਸਮਾਂ ਕਿੱਥੇ ਆਇਆ, ਕਿਵੇਂ ਆਇਆ? ਇਸ ਬਾਰੇ ਕੋਈ ਜਾਣਕਾਰੀ ਨਹੀਂ। ਉਮੀਦ ਹੈ ਕਿ ਉਹ ਦਿੱਲੀ ਵਿਚ ਹੀ ਸੁਰਗਵਾਸ ਹੋਏ।
ਸਿੱਖ ਇਤਿਹਾਸ ਕਈ ਮਹਾਨ ਗੁਰਸਿੱਖਾਂ ਦੇ ਜੀਵਨ-ਵੇਰਵੇ ਅੰਕਿਤ ਕਰਨ ਤੋਂ ਖੁੰਝ ਗਿਆ ਹੈ। ਅਸੀਂ ਗੁਰੂ-ਘਰ ਅਤੇ ਗੁਰੂ ਦਰਬਾਰ ਪ੍ਰਤੀ ਮਾਮਾ ਕਿਰਪਾਲ ਸਿੰਘ ਜੀ ਦੀ ਸੇਵਾ ਅਤੇ ਸਮਰਪਨ ਸਾਹਵੇਂ ਸਿਰ ਝੁਕਾਉਂਦੇ ਹਾਂ। (ਸਮਾਪਤ)


-ਮੋਬਾ: 98155-40968

ਬਰਸੀ 'ਤੇ ਵਿਸ਼ੇਸ਼

ਮਹਾਨ ਨੌਜਵਾਨ ਗ਼ਦਰੀ ਸ਼ਹੀਦ-ਪ੍ਰੇਮ ਸਿੰਘ ਸਰਾਭਾ

ਪ੍ਰੇਮ ਸਿੰਘ ਦਾ ਜਨਮ ਪਿਤਾ ਸ: ਜੀਵਾ ਸਿੰਘ ਦੇ ਘਰ ਮਾਤਾ ਜਿਉਣ ਕੌਰ ਦੀ ਕੁੱਖੋਂ ਹੋਇਆ। ਆਪ ਦੇ ਦੋ ਹੋਰ ਭਰਾ-ਤੇਜਾ ਸਿੰਘ ਸਫਰੀ (ਮਹਾਨ ਗ਼ਦਰੀ ਯੋਧਾ) ਤੇ ਜਗੀਰ ਸਿੰਘ ਸਨ। ਪ੍ਰੇਮ ਸਿੰਘ 'ਤੇ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਮਹਾਨ ਸੰਗਰਾਮੀ ਜੀਵਨ ਤੇ ਸ਼ਹਾਦਤ ਦਾ ਵੱਡਾ ਪ੍ਰਭਾਵ ਪਿਆ, ਉਥੇ ਗ਼ਦਰੀ ਸੂਰਮੇ-ਵੱਡੇ ਵੀਰ ਤੇਜਾ ਸਿੰਘ ਸਫਰੀ ਦੀਆਂ ਇਨਕਲਾਬੀ ਸਰਗਰਮੀਆਂ ਦਾ ਵੀ ਡੂੰਘਾ ਅਸਰ ਹੋਇਆ। ਪ੍ਰੇਮ ਸਿੰਘ ਦੀ ਉਮਰ ਅਜੇ 15 ਸਾਲ ਦੀ ਹੀ ਸੀ ਕਿ ਉਸ ਨੇ 1930 ਵਿਚ ਕਲਕੱਤਾ ਵਿਖੇ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਵੱਡੇ ਜਲੂਸ ਵਿਚ ਹਿੱਸਾ ਲਿਆ। ਪੁਲਿਸ ਨੇ ਭਾਰੀ ਲਾਠੀਚਾਰਜ ਕੀਤਾ। ਜ਼ਖਮੀ ਹੋਏ ਸੁਭਾਸ਼ ਨੂੰ ਜਦੋਂ ਹਸਪਤਾਲ 'ਚ ਪਤਾ ਲੱਗਾ ਕਿ ਪ੍ਰੇਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡੋਂ ਹੈ ਤਾਂ ਉਹ ਬਹੁਤ ਖੁਸ਼ ਹੋਏ। ਆਪ ਕਲਕੱਤੇ ਰਹਿੰਦਿਆਂ, ਪੰਜਾਬੀ ਨੌਜਵਾਨ ਸਭਾ ਦੇ ਜਨਰਲ ਸਕੱਤਰ ਬਣੇ। ਪ੍ਰੇਮ ਸਿੰਘ, ਸੁਭਾਸ਼ ਚੰਦਰ ਬੋਸ ਨਾਲ ਉਨ੍ਹਾਂ 7 ਆਦਮੀਆਂ 'ਚੋਂ ਸਨ, ਜਿਨ੍ਹਾਂ ਨੇ ਕਲਕੱਤਾ ਜੇਲ੍ਹ ਉਪਰ ਤਿਰੰਗਾ ਝੰਡਾ ਲਹਿਰਾ ਦਿੱਤਾ ਸੀ। ਇਸ ਮੌਕੇ ਜਦੋਂ ਪੁਲਿਸ ਸੁਭਾਸ਼ ਨੂੰ ਕੁੱਟ ਰਹੀ ਸੀ ਤਾਂ ਪ੍ਰੇਮ ਸਿੰਘ ਉਸ ਉੱਪਰ ਪੈ ਗਿਆ ਤੇ ਆਪ ਜਬਰ ਝਲਦਾ ਰਿਹਾ। ਆਪ 'ਤੇ ਬੰਗਾਲ ਹਕੂਮਤ ਨੇ ਨੰਗੀ ਤਲਵਾਰ ਰੱਖਣ ਦਾ ਕੇਸ ਵੀ ਪਾਇਆ। ਆਪ ਗ਼ਦਰ-ਕਾਵਿ ਵੀ ਰਚਦੇ ਸਨ। ਆਪ ਦੀਆਂ ਰਚਨਾਵਾਂ 'ਪੰਜਾਬੀ ਪੱਤ੍ਰਿਕਾ' (ਕਲਕੱਤਾ) ਵਿਚ ਛਪਦੀਆਂ। ਤੇਜਾ ਸਿੰਘ ਸਫਰੀ ਤੇ ਪ੍ਰੇਮ ਸਿੰਘ ਸਰਾਭਾ ਨੇ 1932 'ਚ ਪਹਿਲੀ ਵਾਰ ਆਪ ਦੀ ਅਗਵਾਈ ਹੇਠ ਪਿੰਡ ਤੇ ਇਲਾਕੇ ਦਾ ਵੱਡਾ ਇਕੱਠ ਕਰਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮਨਾਈ। ਅੰਗਰੇਜ਼ ਹਕੂਮਤ ਵਲੋਂ ਭਾਰੀ ਪੁਲਿਸ ਫੋਰਸ ਲਗਾਉਣ ਦੇ ਬਾਵਜੂਦ ਆਪ ਨੇ ਨਿਰਭੈ ਹੋ ਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਬਾਅਦ 'ਚ ਦੋਵੇਂ ਭਰਾਵਾਂ ਸਮੇਤ ਦਰਜਨਾਂ ਆਗੂਆਂ ਤੇ ਵਰਕਰਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆ। ਪ੍ਰੇਮ ਸਿੰਘ 'ਤੇ ਭਾਰੀ ਤਸ਼ਦੱਦ ਕੀਤਾ ਗਿਆ। ਪੁਲਿਸ ਨੇ ਆਪ ਨੂੰ ਕੁੱਟ-ਕੁੱਟ ਕੇ ਸ਼ਹੀਦ ਕਰ ਦਿੱਤਾ। ਆਪ ਦੀ ਮ੍ਰਿਤਕ ਦੇਹ ਲੈਣ ਲਈ ਕਾਮਰੇਡ ਭਾਗ ਸਿੰਘ ਸਰਾਭਾ ਸਾਥੀਆਂ ਸਮੇਤ ਲੁਧਿਆਣਾ ਜੇਲ੍ਹ ਪੁੱਜੇ ਪਰ ਉਨ੍ਹਾਂ ਨੂੰ ਕੋਰਾ ਜਵਾਬ ਦਿੱਤਾ ਗਿਆ ਅਤੇ ਮ੍ਰਿਤਕ ਦੇਹ ਨੂੰ ਜਬਰੀ ਜੇਲ੍ਹ ਦੇ ਅੰਦਰ ਹੀ ਦਫਨ ਕਰ ਦਿੱਤਾ ਗਿਆ। ਪ੍ਰੇਮ ਸਿੰਘ ਸਰਾਭਾ ਨੇ ਸ਼ਹੀਦ ਹੋਣ ਤੋਂ ਪਹਿਲਾਂ ਵਜ਼ੀਰੇ ਆਜ਼ਮ ਜਵਾਹਰ ਲਾਲ ਨਹਿਰੂ ਨੂੰ ਇਕ ਪੱਤਰ ਲਿਖਿਆ, ਜਿਸ ਉਪਰੰਤ 30 ਸਤੰਬਰ, 1949 ਨੂੰ ਆਪ ਜੀ ਦੇਸ਼ ਵਾਸੀਆਂ ਨੂੰ ਸਦਾ-ਸਦਾ ਲਈ ਵਿਛੋੜਾ ਦੇ ਗਏ।


-ਜਸਦੇਵ ਸਿੰਘ ਲਲਤੋਂ
ਫੋਨ : 0161-2805677

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਕਸ਼ਮੀਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਡੱਲ ਝੀਲ : ਕਸ਼ਮੀਰ ਦੀ ਡੱਲ ਝੀਲ ਇਕ ਅਜੂਬਾ ਹੀ ਹੈ। ਇਹ ਝੀਲ ਜਗਤ ਪ੍ਰਸਿੱਧ ਹੈ। ਇਸ ਝੀਲ ਨੂੰ ਸ੍ਰੀਨਗਰ ਦਾ ਕੇਂਦਰ ਬਿੰਦੂ ਵੀ ਕਿਹਾ ਜਾਂਦਾ ਹੈ। ਡੱਲ ਝੀਲ ਦੀ ਸੁੰਦਰਤਾ ਕਾਰਨ ਹੀ ਇਸ ਨੂੰ 'ਕਸ਼ਮੀਰ ਦੇ ਤਾਜ ਦਾ ਨਗੀਨਾ' ਅਤੇ 'ਸ੍ਰੀਨਗਰ ਦਾ ਗਹਿਣਾ' ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। 18 ਵਰਗ ਕਿਲੋਮੀਟਰ ਰਕਬੇ ਵਿਚ ਫੈਲੀ ਇਹ ਜਗਤ ਪ੍ਰਸਿੱਧ ਝੀਲ ਜ਼ਾਬਰਵਨ ਪਰਬਤ ਲੜੀ ਦੇ ਪੈਰਾਂ ਵਿਚ ਸਥਿਤ ਹੈ। ਪਹਿਲਾਂ ਡੱਲ ਝੀਲ ਦਾ ਖੇਤਰਫਲ 40 ਕਿਲੋਮੀਟਰ ਹੁੰਦਾ ਸੀ ਪਰ ਹੁਣ ਇਹ ਛੋਟਾ ਹੁੰਦਾ ਹੋਇਆ 18 ਵਰਗ ਕਿਲੋਮੀਟਰ ਤੱਕ ਹੀ ਰਹਿ ਗਿਆ ਹੈ। ਡੱਲ ਝੀਲ ਦੀ ਸਮੁੰਦਰੀ ਤਲ ਤੋਂ ਉਚਾਈ 5194 ਫੁੱਟ ਹੈ। ਇਸ ਝੀਲ ਨੂੰ ਗਾਗਰੀਬਲ, ਲੋਕਟਦਲ, ਬੋਦਲ ਅਤੇ ਨਾਗਿਨ ਨਾਂਅ ਦੇ ਚਾਰ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਇਸ ਝੀਲ ਦੇ ਲੋਕਟਦਲ ਅਤੇ ਬੋਦਲ ਹਿੱਸਿਆਂ ਦੇ ਵਿਚਾਲੇ ਇਕ ਟਾਪੂ ਵੀ ਹੈ, ਜਿਸ ਨੂੰ ਚਾਰ ਚਿਨਾਰ ਕਿਹਾ ਜਾਂਦਾ ਹੈ। ਡੱਲ ਝੀਲ ਦਾ ਨਾਗਿਨ ਵਾਲਾ ਹਿੱਸਾ ਕਾਫੀ ਸੁੰਦਰ ਹੈ ਜੋ ਕਿ ਸਭ ਦਾ ਮਨ ਮੋਹ ਲੈਂਦਾ ਹੈ। ਜਦੋਂ ਭਾਰਤ ਉੱਪਰ ਮੁਗ਼ਲਾਂ ਦਾ ਰਾਜ ਸੀ ਤਾਂ ਉਸ ਸਮੇਂ ਡੱਲ ਝੀਲ ਦੇ ਆਲੇ-ਦੁਆਲੇ ਹੀ ਸ਼ਾਲੀਮਾਰ ਬਾਗ਼, ਨਿਸ਼ਾਂਤ ਬਾਗ਼, ਮੁਗ਼ਲ ਗਾਰਡਨ ਬਣਾਏ ਗਏ। ਇਸ ਝੀਲ ਵਿਚ ਚਲਦੇ ਸ਼ਿਕਾਰੇ ਅਤੇ ਹਾਊਸ ਬੋਟ ਸੰਸਾਰ ਪ੍ਰਸਿੱਧ ਹਨ। ਇਸ ਝੀਲ ਦੀ ਡੂੰਘਾਈ 47 ਫੁੱਟ ਹੈ। ਇਸ ਝੀਲ ਵਿਚ ਕਮਲ ਅਤੇ ਲਿਲੀ ਦੇ ਫੁੱਲ ਬਹੁਤ ਹੁੰਦੇ ਹਨ। ਇਸ ਝੀਲ ਵਿਚ ਮੱਛੀਆਂ ਵੀ ਬਹੁਤ ਵੱਡੀ ਗਿਣਤੀ ਵਿਚ ਮਿਲਦੀਆਂ ਹਨ। ਇਹ ਝੀਲ ਤਿੰਨ ਪਾਸਿਆਂ ਤੋਂ ਪਹਾੜਾਂ ਵਿਚ ਘਿਰੀ ਹੋਈ ਹੈ ਅਤੇ ਕਸ਼ਮੀਰ ਦੀ ਦੂਜੀ ਸਭ ਤੋਂ ਵੱਡੀ ਝੀਲ ਹੈ। ਇਸ ਝੀਲ ਵਿਚ ਕਈ ਸਰੋਤਾਂ ਤੋਂ ਪਾਣੀ ਆਉਂਦਾ ਹੈ ਅਤੇ ਕਈ ਹੋਰ ਝੀਲਾਂ ਵਿਚ ਡਲ ਝੀਲ ਵਿਚ ਆ ਕੇ ਮਿਲ ਜਾਂਦੀਆਂ ਹਨ।
ਸਿਆਲਾਂ ਦੀ ਰੁੱਤ ਵਿਚ ਡਲ ਝੀਲ ਜੰਮ ਜਾਂਦੀ ਹੈ। ਸਿਆਲਾਂ ਦੀ ਰੁੱਤ ਵਿਚ ਅਕਸਰ ਇਥੇ ਤਾਪਮਾਨ ਜ਼ੀਰੋ ਤੋਂ ਹੇਠਾਂ 4.2 ਡਿਗਰੀ ਤੱਕ ਪਹੁੰਚ ਜਾਂਦਾ ਹੈ। 18 ਦਸੰਬਰ ਦੀ ਰਾਤ ਡਲ ਝੀਲ ਦੇ ਇਲਾਕੇ ਵਿਚ ਸਭ ਤੋਂ ਠੰਢੀ ਰਾਤ ਮੰਨੀ ਜਾਂਦੀ ਹੈ। ਸਿਆਲ ਦੀ ਰੁੱਤੇ ਜਦੋਂ ਡਲ ਝੀਲ ਜੰਮ ਜਾਂਦੀ ਹੈ ਤਾਂ ਇਸ ਝੀਲ ਉਪਰ ਬੱਚੇ ਕ੍ਰਿਕਟ ਤੇ ਹੋਰ ਖੇਡਾਂ ਖੇਡਦੇ ਨਜ਼ਰ ਆਉਂਦੇ ਹਨ। ਇਨ੍ਹਾਂ ਵਿਚ ਵਿਦੇਸ਼ੀ ਸੈਲਾਨੀਆਂ ਦੀ ਵੱਡੀ ਗਿਣਤੀ ਹੁੰਦੀ ਹੈ। ਡਲ ਝੀਲ ਦੁਨੀਆ ਦੀ ਪਹਿਲੀ ਅਜਿਹੀ ਝੀਲ ਹੈ, ਜਿਥੇ ਕਿ ਬੇਤਾਰ ਇੰਟਰਨੈੱਟ ਸਹੂਲਤ ਮਿਲਦੀ ਹੈ। ਸੈਲਾਨੀ ਸ਼ਿਕਾਰਿਆਂ ਵਿਚ ਬੈਠ ਕੇ ਅਤੇ ਝੀਲ ਦੀ ਸੈਰ ਕਰਦਿਆਂ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹਨ। ਡਲ ਝੀਲ ਵਿਚ ਮੌਜੂਦ ਸ਼ਿਕਾਰਿਆਂ ਵਿਚ ਸੈਲਾਨੀਆਂ ਨੂੰ ਗਰਮ ਪਾਣੀ, ਟੀ.ਵੀ., ਰੈਸਟੋਰੈਂਟ, ਹੀਟਰ ਵਰਗੀਆਂ ਸਹੂਲਤਾਂ ਤਾਂ ਮਿਲਦੀਆਂ ਹੀ ਹਨ, ਇਸ ਤੋਂ ਇਲਾਵਾ ਫੇਰੀ ਵਾਲੇ ਵੀ ਆਪਣਾ ਸਾਮਾਨ ਵੇਚਣ ਲਈ ਸ਼ਿਕਾਰਿਆਂ ਉਪਰ ਆਉਂਦੇ ਰਹਿੰਦੇ ਹਨ। ਇਨ੍ਹਾਂ ਫੇਰੀ ਵਾਲਿਆਂ ਤੋਂ ਕਸ਼ਮੀਰ ਵਿਚ ਹੱਥਾਂ ਨਾਲ ਬਣੀਆਂ ਹੋਈਆਂ ਚੀਜ਼ਾਂ, ਆਰਟੀਫੀਸ਼ਲ ਜਵੈਲਰੀ, ਕੇਸਰ, ਸ਼ਿਲਾਜੀਤ, ਪਸਮੀਨਾ, ਕਸ਼ਮੀਰ ਦੇ ਕੱਪੜੇ ਅਤੇ ਹੋਰ ਸਾਮਾਨ ਮਿਲ ਜਾਂਦਾ ਹੈ। ਇਸ ਤਰ੍ਹਾਂ ਸੈਲਾਨੀ ਡਲ ਝੀਲ ਵਿਚ ਸ਼ਿਕਾਰੇ ਉੱਪਰ ਰਹਿੰਦੇ ਹੋਏ ਵੀ ਸ਼ਾਪਿੰਗ ਕਰਦੇ ਰਹਿੰਦੇ ਹਨ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


ਮੋਬਾ: 9463819174

ਧਾਰਮਿਕ ਸਾਹਿਤ

ਸਿਮ੍ਰਤੀ ਸਾਗਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ

'ਨਾਮਧਾਰੀ' ਸੰਪਰਦਾਇ ਦੇ ਸੰਸਥਾਪਕ ਸ੍ਰੀ ਸਤਿਗੁਰੂ ਰਾਮ ਸਿੰਘ ਭੈਣੀ ਸਾਹਿਬ ਵਾਲਿਆਂ ਦੀ ਗੱਦੀ 'ਤੇ ਬਿਰਾਜਮਾਨ ਹੋਣ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਦੇ ਸਪੁੱਤਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੋ ਉਨ੍ਹਾਂ ਤੋਂ ਬਾਅਦ ਇਸ ਗੱਦੀ 'ਤੇ ਸੁਸ਼ੋਭਿਤ ਹੋਏ ਸਨ, ਬਾਰੇ ਲੇਖਿਕਾ ਡਾ: ਸਤਵੰਤ ਕੌਰ ਮਠਾੜੂ ਦੀ ਲਿਖੀ ਇਹ ਪੁਸਤਕ ਪੰਜਾਬੀ ਸਾਹਿਤ ਦੀ ਵੰਨਗੀ ਵਾਰਤਕ ਦਾ ਨਮੂਨਾ ਹੈ। ਵਾਰਤਕ ਦੀ ਇਕ ਵਿਧਾ 'ਯਾਦਾਂ', 'ਸਿਮਰਤੀਆਂ' ਜਾਂ ਸੰਸਮਰਣਾਂ ਨੂੰ ਪੇਸ਼ ਕਰਨ ਵਾਲੀ ਲੇਖਿਕਾ ਦੀ ਇਹ ਪੁਸਤਕ ਅਧਿਆਤਮਕ ਅਹਿਸਾਸਾਂ ਦਾ ਅਕਹਿ ਪ੍ਰਭਾਵ ਸਿਰਜਦੀ ਹੈ। ਤਕਨੀਕੀ ਪੱਖੋਂ ਲੇਖਿਕਾ ਦੀ ਇਹ ਕ੍ਰਿਤ ਸ੍ਰੀ ਸਤਿਗੁਰੂ ਜਗਜੀਤ ਸਿੰਘ ਦੇ ਰੂਹਾਨੀ ਅਲੌਕਿਕ ਪ੍ਰਭਾਵਾਂ ਵਾਲੇ ਜੀਵਨ ਦੇ ਸੰਖੇਪ ਵੇਰਵੇ ਨਾਲ ਅਰੰਭ ਹੁੰਦੀ ਹੈ। ਪੁਸਤਕ ਦੇ ਪਹਿਲੇ ਭਾਗ ਦਾ ਸਿਰਲੇਖ 'ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ : ਜੀਵਨ ਝਲਕ' ਹੈ। ਦੂਜੇ ਭਾਗ ਦੇ ਸਿਰਲੇਖ 'ਅਭੁੱਲ ਯਾਦਾਂ ਸਿਮ੍ਰਤੀਆਂ ਦੇ ਸ਼ਿਣ ਸਾਖੀਆਂ ਦੇ ਰੂਪ ਵਿਚ' ਅਧੀਨ ਸੰਤ ਹਰਦਿਆਲ ਸਿੰਘ ਮੰਡੀ ਵਾਲਿਆਂ ਦੀ ਸਪੁੱਤਰੀ ਬੀਬੀ ਗਿਆਨ ਕੌਰ ਦੀਆਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਨਾਲ ਜੁੜੀਆਂ ਯਾਦਾਂ ਪੇਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਲਈ ਬੀਬੀ ਜੀ ਦੀ ਗੁਰੂ-ਸਿੱਖ ਵਾਲੀ ਅਪਾਰ ਸ਼ਰਧਾ ਅਤੇ ਭਗਤੀ ਭਾਵਨਾ ਦੇ ਝਲਕਾਰੇ ਮਹਿਸੂਸ ਕੀਤੇ ਜਾ ਸਕਦੇ ਹਨ। ਤੀਜੇ ਅਤੇ ਆਖਰੀ ਭਾਗ ਵਿਚ ਸ੍ਰੀ ਸਤਿਗੁਰੂ ਜੀ ਦੇ ਪਾਵਨ ਪ੍ਰਵਚਨ ਅਤੇ ਉਪਦੇਸ਼ ਇਸ ਰਚਨਾ ਨੂੰ ਯਾਦਗਾਰੀ ਪੁਸਤਕ ਵਜੋਂ ਪਾਠਕਾਂ ਦੇ ਜ਼ਿਹਨ 'ਚ ਵਸਾਉਂਦੇ ਹਨ।

ਲੇਖਿਕਾ : ਡਾ: ਸਤਵੰਤ ਕੌਰ ਮਠਾੜੂ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ।
ਮੁੱਲ : 275 ਰੁਪਏ, ਸਫੇ : 144
ਸੰਪਰਕ : 098914-02654
-ਸੁਰਿੰਦਰ ਸਿੰਘ ਕਰਮ ਲਧਾਣਾ,
ਮੋਬਾ: 98146-81444


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX