ਤਾਜਾ ਖ਼ਬਰਾਂ


ਅੰਮ੍ਰਿਤਸਰ: ਘੰਟਾ ਘਰ ਪਲਾਜ਼ਾ ਵਿਖੇ ਸਥਿਤ 'ਵਿਆਖਿਆ ਕੇਂਦਰ' 23 ਤੋਂ 31 ਜੁਲਾਈ ਤੱਕ ਰਹੇਗਾ ਬੰਦ
. . .  7 minutes ago
ਅੰਮ੍ਰਿਤਸਰ, 21 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਦੇ ਬਾਹਰ ਘੰਟਾ ਘਰ ਪਲਾਜ਼ਾ ਵਿਖੇ ਸਥਿਤ 'ਵਿਆਖਿਆ ਕੇਂਦਰ' ਮੁਰੰਮਤ ਆਦਿ ਦੇ ਜ਼ਰੂਰੀ ਕਾਰਨਾਂ ਕਰ ਕੇ 24 ਜੁਲਾਈ ਤੋਂ 31 ਜੁਲਾਈ ਤੱਕ ਸ਼ਰਧਾਲੂਆਂ ਲਈ ਬੰਦ...
ਕਾਲ ਸੈਂਟਰ ਘਪਲਾ ਮਾਮਲੇ 'ਚ ਭਾਰਤੀ ਮੂਲ ਦੇ 21 ਲੋਕਾਂ ਨੂੰ ਅਮਰੀਕਾ 'ਚ ਹੋਈ ਜੇਲ੍ਹ
. . .  14 minutes ago
ਵਾਸ਼ਿੰਗਟਨ, 21 ਜੁਲਾਈ- ਅਮਰੀਕਾ 'ਚ ਲੱਖਾਂ ਡਾਲਰ ਦੇ ਪੁਰਾਣੇ ਕਾਲ ਸੈਂਟਰ ਘਪਲੇ ਮਾਮਲੇ 'ਚ ਭਾਰਤੀ ਮੂਲ ਦੇ 21 ਵਿਅਕਤੀਆਂ ਨੂੰ 20 ਸਾਲ ਤੱਕ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਭਾਰਤ ਤੋਂ ਚਲਾਏ ਜਾ ਰਹੇ ਇੱਕ ਕਾਲ ਸੈਂਟਰ ਰਾਹੀਂ ਅਮਰੀਕਾ 'ਚ ਹਜ਼ਾਰਾਂ ਲੋਕਾਂ ਨਾਲ...
ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  18 minutes ago
ਨਵੀਂ ਦਿੱਲੀ, 21 ਜੁਲਾਈ- ਨੋਇਡਾ ਦੇ ਸੈਕਟਰ 63 'ਚ ਇਕ ਨਿਰਮਾਣ ਅਧੀਨ ਇਮਾਰਤ ਦੇ ਡਿਗ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਜ਼ਖਮੀ ਹੋਏ ਹਨ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾ ਦੀ ਜਾਂਚ ਕੀਤੀ...
ਜੰਮੂ-ਕਸ਼ਮੀਰ 'ਚ ਬੰਦੂਕਧਾਰੀਆਂ ਨੇ ਪੁਲਿਸ ਕਾਂਸਟੇਬਲ ਨੂੰ ਕੀਤਾ ਅਗਵਾ
. . .  43 minutes ago
ਸ੍ਰੀਨਗਰ, 21 ਜੁਲਾਈ- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਕੁਝ ਬੰਦੂਕਧਾਰੀਆਂ ਵਲੋਂ ਇੱਕ ਪੁਲਿਸ ਕਾਂਸਟੇਬਲ ਨੂੰ ਅਗਵਾ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਹੰਮਦ ਸਲੀਮ ਸ਼ਾਹ ਨਾਮੀ ਉਕਤ ਕਾਂਸਟੇਬਲ ਪੁਲਿਸ 'ਚ ਅਜੇ ਸਿਖਲਾਈ ਲੈ ਰਿਹਾ ਸੀ। ਪਿਛਲੇ...
ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  49 minutes ago
ਲਖਨਊ, 21 ਜੁਲਾਈ - ਉੱਤਰ ਪ੍ਰਦੇਸ਼ ਦੇ ਸੇਫਦਾਬਾਦ 'ਚ ਵਾਪਰੇ ਇਕ ਸੜਕ ਹਾਦਸੇ 'ਚ ਘੱਟੋ ਘੱਟ ਚਾਰ ਲੋਕ ਮਾਰੇ ਗਏ ਜਦਕਿ ਇਕ ਵਿਅਕਤੀ ਜ਼ਖਮੀ ਵੀ ਹੋਇਆ ਹੈ, ਜਿਸ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ....
ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ
. . .  59 minutes ago
ਫ਼ਰੀਦਕੋਟ, 21 ਜੁਲਾਈ- ਆਪਣੀ ਪਤਨੀ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ਦੇ ਚੱਲਦਿਆਂ ਪਤੀ ਵੱਲੋਂ ਆਪਣੀ ਹੀ ਸਕੀ ਮਾਸੀ ਦੇ ਪੁੱਤਰ ਨੂੰ ਮਾਰਨ ਉਪਰੰਤ ਉਸ ਦੀ ਲਾਸ਼ ਨੂੰ ਰੇਲਵੇ ਟਰੈਕ 'ਤੇ ਸੁੱਟ ਦਿੱਤਾ ਗਿਆ। ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ...
ਮਮਤਾ ਬੈਨਰਜੀ ਦਾ ਐਲਾਨ, 15 ਅਗਸਤ ਤੋਂ ਸ਼ੁਰੂ ਹੋਵੇਗੀ 'ਬੀ. ਜੇ. ਪੀ. ਹਟਾਓ, ਦੇਸ਼ ਬਚਾਓ' ਮੁਹਿੰਮ
. . .  about 1 hour ago
ਕੋਲਕਾਤਾ, 21 ਜੁਲਾਈ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੁਲ ਕਾਂਗਰਸ (ਟੀ. ਐਮ. ਸੀ.) ਮੁਖੀ ਮਮਤਾ ਬੈਨਰਜੀ ਨੇ ਸ਼ਹੀਦ ਦਿਵਸ ਦੌਰਾਨ ਭਾਜਪਾ ਸਰਕਾਰ 'ਤੇ ਰੱਜ ਕੇ ਹਮਲਾ ਬੋਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਗਾਮੀ 15 ਅਗਸਤ ਤੋਂ 2019 'ਚ ਹੋਣ ਵਾਲੀ...
ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ 'ਚ ਮਨਾਇਆ ਗਿਆ ਦਸਤਾਰ ਦਿਵਸ, ਗੋਰਿਆਂ ਨੇ ਵੀ ਸਿਰਾਂ 'ਤੇ ਸਜਾਈਆਂ ਦਸਤਾਰਾਂ
. . .  about 2 hours ago
ਆਕਲੈਂਡ, 21 ਜੁਲਾਈ (ਹਰਮਨਪ੍ਰੀਤ ਸਿੰਘ ਗੋਲੀਆ)- ਨਿਊਜ਼ੀਲੈਂਡ 'ਚ ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰ ਟੌਰੰਗਾ ਵਿਖੇ ਅੱਜ ਦਸਤਾਰ ਦਿਵਸ ਮਨਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਗੋਰੇ-ਗੋਰੀਆਂ ਤੋਂ ਇਲਾਵਾ ਵੱਖੋ-ਵੱਖ ਧਰਮਾਂ ਅਤੇ ਦੇਸ਼ਾਂ ਦੇ ਲੋਕਾਂ ਨੇ ਦਸਤਾਰਾਂ ਸਜਾ ਕੇ...
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਕੀਤੀ ਗੋਲੀਬਾਰੀ
. . .  about 2 hours ago
ਅਨੰਤਨਾਗ, 21 ਜੁਲਾਈ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਮੱਟਨ ਇਲਾਕੇ ਅੱਜ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ ਗਈ। ਇਸ ਹਮਲੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ...
ਮੋਦੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਅਸੀਂ ਬੇਭਰੋਸਗੀ ਮਤੇ ਕਾਰਨ ਪੁੱਛਿਆ, ਉਹ ਨਹੀਂ ਦੱਸ ਸਕੇ
. . .  about 2 hours ago
ਲਖਨਊ, 21 ਜੁਲਾਈ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਅੱਜ ਇੱਕ ਕਿਸਾਨ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿੰਨੇ ਵੱਧ ਦਲ ਇੱਕ ਦੂਜੇ ਨਾਲ ਮਿਲਣਗੇ ਅਤੇ ਜਿੰਨਾ ਜ਼ਿਆਦਾ ਦਲ-ਦਲ ਹੋਵੇਗਾ, ਉੱਨਾ ਹੀ ਕਮਲ ਖਿੜੇਗਾ। ਸ਼ੁੱਕਰਵਾਰ...
ਹੋਰ ਖ਼ਬਰਾਂ..
  •     Confirm Target Language  

ਫ਼ਿਲਮ ਅੰਕ

ਉਰਵਸ਼ੀ ਰੋਤੇਲਾ

ਪਰਿਵਾਰਕ ਨਾਇਕਾ

ਦੋ ਸਾਲ ਪਹਿਲਾਂ 'ਮਿਸ ਯੂਨੀਵਰਸ' ਮੁਕਾਬਲੇ 'ਚ ਭਾਰਤ ਵਲੋਂ ਗਈ ਮਾਡਲ ਤੇ ਅਭਿਨੇਤਰੀ ਉਰਵਸ਼ੀ ਰੋਤੇਲਾ ਦੇ ਪ੍ਰਸੰਸਕ ਖ਼ੁਸ਼ ਹਨ ਕਿਉਂਕਿ ਉਰਵਸ਼ੀ ਨੇ ਆਪਣੇ ਸਬੰਧੀ ਜਾਣਕਾਰੀ ਲਈ ਆਪਣੀ ਨਿੱਜੀ 'ਐਪ' ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਉਰਵਸ਼ੀ ਨੇ ਅਮਰੀਕਾ ਦੀ ਇਕ ਕੰਪਨੀ ਐਸਕਪਸ ਨਾਲ ਵੀ ਸਮਝੌਤਾ ਕੀਤਾ ਹੈ। ਇਸ ਕੰਪਨੀ ਦੀ ਪ੍ਰਚਾਰ ਮੁਹਿੰਮ ਦੀ ਅਗਵਾਈ ਉਰਵਸ਼ੀ ਸੰਭਾਲ ਰਹੀ ਹੈ। 'ਭਾਗ ਜਾਨੀ', 'ਗਰੇਟ ਗਰੈਂਡ ਮਸਤੀ', 'ਸਨਮ ਰੇ' ਵਾਲੀ ਉਰਵਸ਼ੀ ਨੇ ਰਿਤਿਕ ਦੀ ਫ਼ਿਲਮ 'ਕਾਬਲ' 'ਚ ਵੀ ਆਪਣੇ ਨਾਚ ਦਾ ਜਲਵਾ ਦਿਖਾਇਆ ਸੀ। ਆਪਣੇ-ਆਪ ਨੂੰ ਅੰਬਰ ਦੀ ਰਾਣੀ ਤੇ ਖੂਬਸੂਰਤੀ ਦਾ ਪ੍ਰਤੀਕ ਮੰਨਣ ਵਾਲੀ ਉਰਵਸ਼ੀ ਰੋਤੇਲਾ ਨੇ ਇਸ ਦੁਸਹਿਰੇ 'ਤੇ ਆਪਣੀ ਨਿੱਜੀ ਐਪਲੀਕੇਸ਼ਨ 'ਚ ਆਪਣੇ ਪ੍ਰਸੰਸਕਾਂ ਨੂੰ ਵਧਾਈ ਦੇ ਨਾਲ-ਨਾਲ ਇਹ ਵੀ ਸੁਨੇਹਾ ਦਿੱਤਾ ਹੈ ਕਿ ਈਸ਼ਵਰ ਨੂੰ ਹਮੇਸ਼ਾ ਯਾਦ ਰੱਖੋ। ਕਸਰਤ ਤੇ ਯੋਗਾ ਦੇ ਇਸਤੇਮਾਲ ਦਾ ਅਰਥ ਈਸ਼ਵਰ ਨੂੰ ਖੁਸ਼ ਕਰਨਾ ਹੈ। ਅਮਰੀਕਨ ਕੰਪਨੀ 'ਐਕਸਪਸ' 'ਚ ਉਹ ਬਹੁਤ ਦੂਰ ਤੱਕ ਜਾਣ ਦੀ ਸੋਚ ਰਹੀ ਹੈ। ਉਰਵਸ਼ੀ ਇਸ ਅਮਰੀਕਨ ਕੰਪਨੀ 'ਚ ਆਪਣੀ ਭਾਈਵਾਲੀ ਪਾਉਣ ਦੇ ਵੱਡੇ ਸੁਪਨੇ ਵੀ ਵੇਖ ਰਹੀ ਹੈ। ਆਪਣੀ ਸਰੀਰਕ ਬਣਤਰ ਨੂੰ ਬਿਲਕੁਲ ਕੁਆਰੀ ਕੁੜੀ ਦੇ ਜੋਬਨ ਅਨੁਕੂਲ ਰੱਖਣ ਲਈ ਉਰਵਸ਼ੀ ਰੋਤੇਲਾ ਖਾਣ-ਪੀਣ ਤੋਂ ਲੈ ਕੇ ਮੋਟਾਪਾ ਰਹਿਤ ਵਸਤੂਆਂ, ਚੀਜ਼ਾਂ ਤੇ ਆਯੁਰਵੈਦਿਕ ਦਵਾਈਆਂ ਦਾ ਪ੍ਰਯੋਗ ਵੀ ਕਰ ਰਹੀ ਹੈ। ਇਸ ਦੌਰਾਨ ਇਸ ਦੁਸਹਿਰੇ 'ਤੇ ਉਰਵਸ਼ੀ ਲਈ ਖਾਸ ਖ਼ਬਰ ਇਹ ਹੈ ਕਿ ਉਸ ਨੂੰ 'ਹੇਟ ਸਟੋਰੀ-4' ਮਿਲ ਗਈ ਹੈ ਤੇ ਉਹ ਵੀ ਉਸ ਦੀਆਂ ਸ਼ਰਤਾਂ 'ਤੇ ਮਿਲੀ ਹੈ। ਬਹੁਤ ਹੋ ਗਿਆ ਜਿਸਮ ਦਿਖਾਵਾ ਤੇ ਚੁੰਮਣ ਦੇ ਆਲਤੂ-ਫਾਲਤੂ ਦ੍ਰਿਸ਼, ਹੁਣ 'ਹੇਟ ਸਟੋਰੀ-4' 'ਚ ਉਰਵਸ਼ੀ ਰੋਤੇਲਾ ਸਾਫ਼-ਸੁਥਰੀ ਭੂਮਿਕਾ ਨਿਭਾਅ ਰਹੀ ਹੈ। ਪਿਆਰ ਦੇ ਦ੍ਰਿਸ਼ ਕਲਾਤਮਿਕ ਹੋਣਗੇ ਤੇ ਉਰਵਸ਼ੀ ਹੁਣ ਪਰਿਵਾਰਾਂ ਲਈ ਫ਼ਿਲਮ ਕਰਕੇ ਪਰਿਵਾਰਕ ਹੀਰੋਇਨ ਬਣਨਾ ਚਾਹੁੰਦੀ ਹੈ। ਉਰਵਸ਼ੀ ਦਾ ਇਹ ਫੈਸਲਾ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ।


ਖ਼ਬਰ ਸ਼ੇਅਰ ਕਰੋ

ਲੀਜ਼ਾ ਹੈਡਨ

ਖ਼ੁਸ਼, ਬਹੁਤ ਖ਼ੁਸ਼

ਸਵਰਗੀ ਦੇਵ ਅਨੰਦ ਦੀਆਂ ਫ਼ਿਲਮਾਂ ਦੇਖਣੀਆਂ ਲੀਜ਼ਾ ਹੈਡਨ ਨੂੰ ਬਹੁਤ ਪਸੰਦ ਹਨ। ਅੱਜਕਲ੍ਹ ਮਾਂ ਸੁੱਖ ਪ੍ਰਾਪਤ ਕਰਨ ਤੋਂ ਬਾਅਦ ਘਰੇਲੂ ਗ੍ਰਹਿਣ ਦੇ ਮਜ਼ੇ ਲੈ ਰਹੀ ਲੀਜ਼ਾ ਨੇ ਦੇਵ ਅਨੰਦ ਦੀ ਫ਼ਿਲਮ 'ਗਾਈਡ', 'ਹਰੇ ਰਾਮਾ ਹਰੇ ਕ੍ਰਿਸ਼ਨਾ' ਕਈ ਵਾਰ ਦੇਖੀ ਹੈ। ਹੋਰ ਤੇ ਹੋਰ 'ਹਰੇ ਰਾਮਾ ਹਰੇ ਕ੍ਰਿਸ਼ਨਾ' 'ਚ ਲੀਜ਼ਾ ਚਾਹੁੰਦੀ ਹੈ ਕਿ ਉਹ ਜ਼ੀਨਤ ਅਮਾਨ ਵਾਲਾ ਕਿਰਦਾਰ ਅਦਾ ਕਰੇ। ਮਾਡਲਿੰਗ ਹੋਵੇ ਜਾਂ ਡਾਕਟਰੀ ਜਾਂ ਮਾਸਟਰੀ ਕਿਸ ਖੇਤਰ ਵਿਚ ਅੱਜਕਲ੍ਹ ਮੁਕਾਬਲਾ ਨਹੀਂ ਹੈ, ਕਹਿਣ ਵਾਲੀ ਲੀਜ਼ਾ ਅੱਜਕਲ੍ਹ ਟਾਪੂਆਂ 'ਤੇ, ਸਮੁੰਦਰ ਕਿਨਾਰੇ ਤੈਰਾਕੀ ਪਹਿਰਾਵਾ ਪਹਿਨ ਕੇ ਧੜਾਧੜ ਤਸਵੀਰਾਂ ਖਿਚਵਾ ਰਹੀ ਹੈ। ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਪਾ ਰਹੀ ਹੈ। ਲੀਜ਼ਾ ਕਦੇ ਪਾਣੀ 'ਚ ਯੋਗਾ ਕਰ ਰਹੀ ਹੈ, ਕਦੇ ਕਸਰਤ ਦਰਸਾ ਇਹੀ ਰਹੀ ਹੈ ਕਿ ਮਾਂ ਬਣਨ ਤੋਂ ਬਾਅਦ ਵੀ ਉਸ ਦੇ ਜਿਸਮ 'ਤੇ ਕੋਈ ਫਰਕ ਨਹੀਂ ਪਿਆ। ਆਪਣੇ ਨਵ-ਜਨਮੇ ਬੇਟੇ ਜੈਕ ਲਾਲਵਾਨੀ ਨੂੰ ਉਸ ਨੇ ਪੰਘੂੜਾ ਲਿਆ ਕੇ ਦਿੱਤਾ ਹੈ। ਫਿਰ ਉਹ ਉਸ ਲਈ ਵਾਕਰ ਲੈ ਕੇ ਆਵੇਗੀ ਤੇ ਬਹੁਤ ਸਾਰੇ ਖਿਡੌਣੇ। ਦਰਅਸਲ ਸ਼ੁੱਧ ਭਾਰਤੀ ਮਾਂ ਬਣ ਕੇ ਉਹ ਜ਼ਮਾਨੇ ਨੂੰ ਦਿਖਾ ਰਹੀ ਹੈ। ਬੇਟਾ ਜਿਵੇਂ-ਜਿਵੇਂ ਵੱਡਾ ਹੋ ਰਿਹਾ ਹੈ, ਲੀਜ਼ਾ ਦੀਆਂ ਫ਼ਿਲਮੀ ਖਾਹਿਸ਼ਾਂ ਫਿਰ ਵਧ ਰਹੀਆਂ ਹਨ। ਪਤੀ ਨਾਲ ਮਿਲ ਕੇ ਲਘੂ ਤੇ ਦਸਤਾਵੇਜ਼ੀ ਫ਼ਿਲਮਾਂ ਤੋਂ ਇਲਾਵਾ ਵੈੱਬ ਸੀਰੀਜ਼ ਬਣਾਉਣ ਵੱਲ ਵੀ ਉਸ ਦਾ ਧਿਆਨ ਹੈ। ਅੱਜ ਤੱਕ ਕਾਫੀ ਕੰਮ ਕੀਤਾ ਪਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਉਹ ਰਣਬੀਰ ਕਪੂਰ ਤੋਂ ਹੈ। ਇਸ ਚਾਕਲੇਟੀ ਮੁੰਡੇ ਦੀ ਕਿਸਮਤ ਕਿਉਂ ਦਗ਼ਾ ਦੇ ਰਹੀ ਹੈ, ਲੀਜ਼ਾ ਨੂੰ ਇਸ ਗੱਲ ਦਾ ਦੁੱਖ ਹੈ। ਲੀਜ਼ਾ ਦੇ ਕੰਮ ਦੀ ਤਾਰੀਫ਼ 'ਕੁਈਨ' 'ਚ ਵੀ ਹੋਈ ਸੀ ਤੇ 'ਐ ਦਿਲ ਹੈ ਮੁਸ਼ਕਿਲ' 'ਚ ਵੀ ਪਰ ਹਾਲੇ ਵੀ ਉਸ ਨੂੰ ਕਿਸੇ ਵੱਡੀ ਹਿਟ ਫ਼ਿਲਮ ਦੀ ਲੋੜ ਹੈ। ਹਾਂ, ਮਾਂ ਬਣਨ ਤੋਂ ਬਾਅਦ ਹੋਟਲ ਦੇ ਖਾਣੇ ਨਾਲ ਉਸ ਦਾ ਪਿਆਰ ਘਟਿਆ ਹੈ। ਆਪਣੇ ਹੱਥ ਦੀ ਰੋਟੀ-ਸਬਜ਼ੀ ਆਪਣਾ ਹੀ ਸਵਾਦ ਹੈ ਕਹਿਣ ਵਾਲੀ ਲੀਜ਼ਾ ਹੈਡਨ ਘਰੇਲੂ ਜੀਵਨ ਤੋਂ ਸੰਤੁਸ਼ਟ ਹੈ।

ਸੋਨੂੰ ਸੂਦ

ਜੋ ਜੀਤਾ ਵਹੀ ਸਿਕੰਦਰ

ਪੰਜਾਬ ਤੋਂ ਜਾ ਕੇ ਤਾਮਿਲ ਫ਼ਿਲਮਾਂ ਦਾ ਸਟਾਰ ਬਣ ਜਾਣਾ ਤੇ ਫਿਰ ਮੁੰਬਈ ਆ ਕੇ ਹਿੰਦੀ ਫ਼ਿਲਮਾਂ 'ਚ ਵਧੀਆ ਥਾਂ ਟਿਕਣਾ ਸੋਨੂੰ ਸੂਦ ਦੀ ਲਗਨ ਤੇ ਮਿਹਨਤ ਦਾ ਫਲ ਹੈ। 1999 ਤੋਂ ਉਹ ਤਾਮਿਲ ਫ਼ਿਲਮਾਂ ਨਾਲ ਜੁੜਿਆ ਸੀ ਤੇ ਅੱਜ ਸਲਮਾਨ ਖ਼ਾਨ ਤੇ ਸ਼ਾਹਰੁਖ ਖ਼ਾਨ ਨਾਲ ਫ਼ਿਲਮਾਂ ਕਰਨ ਤੋਂ ਇਲਾਵਾ ਸੋਨੂੰ ਫ਼ਿਲਮ ਨਿਰਮਾਣ 'ਚ ਵੀ ਕਾਮਯਾਬੀ ਵੱਲ ਹੈ। 'ਤੂਤਕ ਤੂਤਕ ਤੂਤੀਆਂ' ਤੋਂ ਬਾਅਦ ਇਸ ਪੰਜਾਬੀ ਪੁੱਤਰ ਨੇ ਖੇਡਾਂ ਤੇ ਬਾਇਓਪਿਕ ਫ਼ਿਲਮ ਸ਼ੁਰੂ ਕੀਤੀ ਹੈ। ਬੈਡਮਿੰਟਨ ਦੀ ਸਨਸਨੀ ਪੀ.ਵੀ. ਸਿੰਧੂ ਤੇ ਸੋਨੂੰ ਫ਼ਿਲਮ ਬਣਾ ਰਿਹਾ ਹੈ। ਸੋਨੂੰ ਆਪਣੇ ਅਤੀਤ, ਵਰਤਮਾਨ ਤੇ ਬੀਤੇ ਸਮੇਂ ਨੂੰ ਨਹੀਂ ਭੁੱਲਦਾ। ਉਸ ਨੂੰ ਯਾਦ ਹੈ ਕਿ ਖਾਨਦਾਨੀ ਫ਼ਿਲਮੀ ਪਿੱਠ ਭੂਮੀ ਨਾ ਹੋਣ ਕਾਰਨ ਕਿਵੇਂ ਸਟਾਰ ਪੁੱਤਰਾਂ ਨੇ ਉਸ ਦੀ ਰਾਹ ਔਖੀ ਕੀਤੀ ਸੀ ਪਰ ਉਸ ਨੇ ਨਿਰਾਸ਼ਾ ਨੂੰ ਆਪਣੇ ਨੇੜੇ ਲੱਗਣ ਹੀ ਨਹੀਂ ਦਿੱਤਾ। 'ਯੁਵਾ' ਫ਼ਿਲਮ ਸਮੇਂ ਐਸ਼ਵਰਿਆ ਰਾਏ ਨੇ ਜਿੰਨਾ ਉਤਸ਼ਾਹਤ ਉਸਨੂੰ ਕੀਤਾ ਉਸ ਦਾ ਹੀ ਨਤੀਜਾ ਹੈ ਕਿ ਅੱਜ ਉਹ ਸਫ਼ਲ ਕਲਾਕਾਰ ਹੋਣ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਵੀ ਹੈ। ਪੀ.ਵੀ. ਸਿੰਧੂ ਨਾਲ ਕਈ ਮੁਲਾਕਾਤਾਂ ਕਰਕੇ ਉਸ ਨੇ ਆਪਣੀ ਫ਼ਿਲਮ ਦੀ ਕਹਾਣੀ 'ਚ ਹਕੀਕਤ ਭਰਨ ਦੀ ਹਰ ਕੋਸ਼ਿਸ਼ ਕੀਤੀ ਹੈ। ਸੋਨੂੰ ਜਾਣਦਾ ਹੈ ਕਿ ਸਖ਼ਤ ਮੁਕਾਬਲਾ ਹੈ। ਸਾਇਨਾ ਨੇਹਵਾਲ 'ਤੇ ਵੀ ਫ਼ਿਲਮ ਬਣ ਰਹੀ ਹੈ। ਇਸ ਲਈ ਪੀ.ਵੀ. ਸਿੰਧੂ ਵਾਲੀ ਬਾਇਓਪਿਕ ਲਈ ਉਹ ਸਖ਼ਤ ਮਿਹਨਤ ਕਰ ਰਿਹਾ ਹੈ। ਸੰਘਰਸ਼ ਸਮੇਂ ਪੀ.ਜੀ. 'ਚ ਮੁੰਬਈ ਵਿਖੇ ਭੁੱਖ ਕੱਟ ਕੇ ਤੇ ਤ੍ਰਿਹਾਏ ਰਹਿ ਕੇ ਸੋਨੂੰ ਨੇ ਸੰਘਰਸ਼ ਨਾਲ ਲੜਨਾ ਸਿੱਖਿਆ ਹੈ। ਇਸ ਤੋਂ ਇਲਾਵਾ ਮਾਂ ਦਾ ਕਿਹਾ ਉਸ ਨੂੰ ਯਾਦ ਹੈ ਕਿ ਜੰਗ ਹਾਰ ਕੇ ਨਹੀਂ ਜਿੱਤ ਕੇ ਪਰਤਣ ਵਾਲੇ ਹੀ ਅਸਲ ਜਰਨੈਲ ਹੁੰਦੇ ਹਨ। ਇਸ ਦੌਰਾਨ 'ਦਬੰਗ-3' ਲਈ ਸੋਨੂੰ ਸੂਦ ਨੂੰ ਲਏ ਜਾਣ ਦਾ ਵੀ ਚਰਚਾ ਹੈ।


-ਸੁਖਜੀਤ ਕੌਰ

ਜੈਕਲਿਨ ਫਰਨਾਂਡਿਜ਼

ਚੁਆਤੀ ਲਾਉਣ 'ਚ ਮਾਹਿਰ

'ਕਿੱਕ' ਤੋਂ ਤਿੰਨ ਸਾਲ ਬਾਅਦ ਫਿਰ ਜੈਕਲਿਨ ਫਰਨਾਂਡਿਜ਼ ਦੇ ਕੰਮ ਸਲਮਾਨ ਖ਼ਾਨ ਹੀ ਆਉਣ ਵਾਲਾ ਹੈ। ਪੂਰੀ ਵਾਹ ਲਾ ਦਿੱਤੀ ਹੈ ਸੱਲੂ ਮੀਆਂ ਨੇ ਕਿ 'ਰੇਸ-3' 'ਚ ਉਸ ਨਾਲ ਹੀਰੋਇਨ ਬਣ ਜੈਕੀ ਹੀ ਦੌੜੇ। ਇਧਰ ਜੈਕੀ ਨੇ ਇਕ ਹੋਰ ਕੰਮ ਕੀਤਾ ਹੈ। ਉਸ ਨੇ ਆਲੀਆ ਭੱਟ ਨਾਲ ਪੰਗਾ ਪਾ ਲਿਆ ਹੈ। ਆਲੀਆ ਦੁਖੀ ਸੀ ਕਿ ਜੈਕੀ ਨੇ ਵਰੁਣ ਧਵਨ ਨੂੰ ਉਸ ਤੋਂ ਦੂਰ ਕਰ ਦਿੱਤਾ ਹੈ। ਇਸ ਕਾਰਨ ਜੈਕੀ ਨੇ ਆਪਣੀ ਇੰਸਟਾਗ੍ਰਾਮ ਦੀ 'ਫਾਲੋਅਰਜ਼' ਲਿਸਟ 'ਚੋਂ ਆਲੀਆ ਨੂੰ ਬਾਹਰ ਕਰ ਦਿੱਤਾ ਹੈ। ਨੇਹਾ ਧੂਪੀਆ ਦਾ ਸਾਥ ਲੈ ਕੇ ਜੈਕੀ ਨੇ ਵਰੁਣ ਧਵਨ ਤੋਂ ਕਹਾ ਦਿੱਤਾ ਕਿ ਉਹ ਇਕੱਲਾ ਹੈ ਤੇ ਆਲੀਆ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਕਹਿਣ ਦਾ ਸਿੱਧਾ ਅਰਥ ਇਹ ਕਿ ਜੈਕਲਿਨ ਨੇ ਬਲਦੀ 'ਤੇ ਤੇਲ ਪਾਇਆ ਹੈ। ਆਲੀਆ ਤੋਂ ਵਰੁਣ ਖੋਹ ਲਿਆ ਹੈ। ਦੂਸਰੇ ਪਾਸੇ ਜੈਕਲਿਨ ਨੇ ਸਿਧਾਰਥ ਮਲਹੋਤਰਾ ਦਾ ਸਾਥ ਵੀ ਨਹੀਂ ਛੱਡਿਆ। ਜ਼ਿਆਦਾ ਹੀ ਚੁਸਤ, ਤੇਜ਼ ਤੇ ਚਲਾਕ ਉਹ ਹੋ ਗਈ ਹੈ। ਜੈਕਲਿਨ ਨੇ ਤਾਂ ਟਾਲਪੈਸ ਵੀਡੀਓ 'ਤੇ ਫੋਟੋ ਇੰਸਟ੍ਰਾਗਰਾਮ 'ਤੇ ਪਾ ਕੇ ਕਲੋਲ ਕਰਨ ਵਾਲਿਆਂ ਨੂੰ ਵੀ ਚੁੱਪ ਕਰਵਾ ਦਿੱਤਾ ਹੈ ਕਿ ਮਜ਼ਬੂਤ ਦਿਮਾਗ ਤੇ ਦਿਲ ਵਾਲੇ ਦੁਨੀਆ ਦੀ ਪ੍ਰਵਾਹ ਨਹੀਂ ਕਰਦੇ। ਜੈਕਲਿਨ ਫਰਨਾਂਡਿਜ਼ ਨੇ ਆਲੀਆ, ਵਰੁਣ, ਕੈਟਰੀਨਾ ਤੇ ਸਲਮਾਨ ਸਭ ਨੂੰ ਆਪਣੇ ਤਰੀਕੇ ਨਾਲ ਆਪਣੇ ਜਾਲ 'ਚ ਬੁਣ ਲਿਆ ਹੈ। ਜਿਥੇ ਅੱਗ ਮਚਾਉਣ ਦੀ ਲੋੜ ਪੈਂਦੀ ਹੈ, ਉਥੇ ਹੀ ਉਹ ਤੀਲੀ ਲਾ ਦਿੰਦੀ ਹੈ।

ਮਲਾਲਾ ਦੀ ਜ਼ਿੰਦਗੀ 'ਤੇ ਬਣ ਰਹੀ ਹੈ 'ਗੁਲ ਮਕਈ'

ਪਹਿਲਾਂ 'ਲੇ ਗਿਆ ਸੱਦਾਮ' ਤੇ 'ਟੂਮੌਰੋ' ਫ਼ਿਲਮਾਂ ਨਿਰਦੇਸ਼ਿਤ ਕਰਨ ਵਾਲੇ ਨਿਰਦੇਸ਼ਕ ਅਮਜ਼ਦ ਖਾਨ ਨੇ ਹੁਣ ਪਾਕਿਸਤਾਨ ਦੀ ਬਹਾਦਰ ਬੇਟੀ ਮਲਾਲਾ ਯੂਸਫ਼ਜ਼ਈ 'ਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ। ਇਸ ਦਾ ਨਿਰਮਾਣ ਵਿਜੈ ਜਾਜੂ, ਸ਼ਕਤੀ ਭਟਨਾਗਰ, ਸੰਜੈ ਸਿੰਗਲਾ ਤੇ ਮਨੋਜ ਕੁਮਾਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਫ਼ਿਲਮ ਦਾ ਨਾਂਅ 'ਗੁਲ ਮਕਈ' ਰੱਖਿਆ ਗਿਆ ਹੈ। ਇਹ ਨਾਂਅ ਰੱਖਣ ਬਾਰੇ ਅਮਜ਼ਦ ਖਾਨ ਕਹਿੰਦੇ ਹਨ, 'ਮਲਾਲਾ ਨੇ 12 ਸਾਲ ਦੀ ਉਮਰ ਵਿਚ ਬਲਾਗ ਲਿਖਣਾ ਸ਼ੁਰੂ ਕੀਤਾ ਸੀ ਅਤੇ ਉਦੋਂ ਉਹ ਗੁਲ ਮਕਈ ਦੇ ਉਪਨਾਂਅ ਨਾਲ ਆਪਣਾ ਬਲਾਗ ਲਿਖਿਆ ਕਰਦੀ ਸੀ। ਇਹ ਬਲਾਗ ਬਹੁਤ ਲੋਕਪ੍ਰਿਆ ਹੋਇਆ ਸੀ ਅਤੇ ਇਸ ਦੀ ਲੋਕਪ੍ਰਿਅਤਾ ਦੇਖ ਕੇ ਫ਼ਿਲਮ ਦਾ ਨਾਂਅ 'ਗੁਲ ਮਕਈ' ਰੱਖਣਾ ਸਹੀ ਲੱਗਿਆ।'
ਹਾਲਾਂਕਿ ਅਮਜ਼ਦ ਖਾਨ ਨੇ ਮਲਾਲਾ ਜਾਂ ਉਸ ਦੇ ਪਰਿਵਾਰ ਤੋਂ ਅਧਿਕਾਰਕ ਤੌਰ 'ਤੇ ਮਨਜ਼ੂਰੀ ਨਹੀਂ ਲਈ ਹੈ ਪਰ ਉਨ੍ਹਾਂ ਅਨੁਸਾਰ ਜਦੋਂ ਉਨ੍ਹਾਂ ਨੇ ਇਹ ਐਲਾਨ ਕੀਤਾ ਸੀ ਕਿ ਉਹ ਮਲਾਲਾ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਜਾ ਰਹੇ ਹਨ ਅਤੇ ਫ਼ਿਲਮ ਤੋਂ ਜੋ ਮੁਨਾਫ਼ਾ ਹੋਵੇਗਾ, ਉਸ ਦਾ ਇਕ ਖਾਸ ਹਿੱਸਾ ਉਹ ਮਲਾਲਾ ਵੱਲੋਂ ਸੰਚਾਲਿਤ ਐਜੂਕੇਸ਼ਨ ਫੰਡ ਵਿਚ ਦੇਣਗੇ ਤੇ ਉਦੋਂ ਮਲਾਲਾ ਨੇ ਇਸ ਐਲਾਨ ਦਾ ਜ਼ਿਕਰ ਆਪਣੇ ਬਲਾਗ ਵਿਚ ਵੀ ਕੀਤਾ ਸੀ। ਭਾਵ ਉਹ ਜਾਣਦੀ ਹੈ ਕਿ ਉਸ ਦੀ ਜ਼ਿੰਦਗੀ 'ਤੇ ਭਾਰਤ ਵਿਚ ਫ਼ਿਲਮ ਬਣਾਈ ਜਾ ਰਹੀ ਹੈ ਅਤੇ ਉਸ ਨੇ ਕੋਈ ਇਤਰਾਜ਼ ਨਹੀਂ ਪ੍ਰਗਟਾਇਆ ਹੈ।
ਮਲਾਲਾ ਦੀ ਭੂਮਿਕਾ ਇਸ ਵਿਚ ਰਿਮ ਵਲੋਂ ਨਿਭਾਈ ਜਾ ਰਹੀ ਹੈ। ਰਿਮ ਨੇ ਪਹਿਲਾਂ ਛੋਟੀਆਂ-ਮੋਟੀਆਂ ਭੂਮਿਕਾਵਾਂ ਕੀਤੀਆਂ ਹਨ। ਫ਼ਿਲਮ 'ਵਜ਼ੀਰ' ਵਿਚ ਉਹ ਅਮਿਤਾਭ ਨਾਲ ਕੁਝ ਦ੍ਰਿਸ਼ਾਂ ਵਿਚ ਦਿਖਾਈ ਦਿੱਤੀ ਸੀ। ਕੈਮਰੇ ਸਾਹਮਣੇ ਮਲਾਲਾ ਬਣ ਕੇ ਉਹ ਬਹੁਤ ਖੁਸ਼ ਹੈ। ਤਕਰੀਬਨ ਦੋ ਸੌ ਕੁੜੀਆਂ ਨੂੰ ਦੇਖਣ ਤੋਂ ਬਾਅਦ ਰਿਮ ਨੂੰ ਫਾਈਨਲ ਕੀਤਾ ਗਿਆ ਹੈ। ਅਮਜ਼ਦ ਖਾਨ ਅਨੁਸਾਰ ਉਨ੍ਹਾਂ ਨੇ ਕਈ ਇਸ ਤਰ੍ਹਾਂ ਦੀਆਂ ਕੁੜੀਆਂ ਦੇਖੀਆਂ ਜਿਨ੍ਹਾਂ ਦੀ ਸ਼ਕਲ ਮਲਾਲਾ ਨਾਲ ਮਿਲਦੀ ਸੀ ਪਰ ਮਲਾਲਾ ਦੇ ਕੱਦ 'ਤੇ ਆ ਕੇ ਗੱਲ ਰੁਕ ਜਾਂਦੀ ਸੀ। ਮਲਾਲਾ ਦਾ ਕੱਦ ਪੰਜ ਫੁੱਟ ਦੋ ਇੰਚ ਹੈ ਜਦੋਂ ਕਿ ਉਹ ਕੁੜੀਆਂ ਕਾਫੀ ਲੰਬੀਆਂ ਸਨ। ਰਿਮ ਦੀ ਚੋਣ ਇਸ ਲਈ ਵੀ ਕੀਤੀ ਗਈ ਕਿਉਂਕਿ ਉਸ ਦਾ ਕੱਦ ਪੰਜ ਫੁੱਟ ਤਿੰਨ ਇੰਚ ਹੈ। ਇਸ ਫ਼ਿਲਮ ਦੀ ਪਟਕਥਾ ਲਿਖਣ ਵਿਚ ਤੇ ਖੋਜ ਕਰਨ ਵਿਚ ਪਾਕਿਸਤਾਨੀ ਕ੍ਰਾਈਮ ਰਿਪੋਰਟਰ ਇਮਤਿਆਜ਼ ਗੁਲ ਦੀ ਵੀ ਮਦਦ ਲਈ ਗਈ ਸੀ। ਫ਼ਿਲਮ ਵਿਚ ਕੁਝ ਪਾਕਿਸਤਾਨੀ ਕਲਾਕਾਰਾਂ ਨੂੰ ਵੀ ਚਮਕਾਇਆ ਜਾਵੇਗਾ। ਨਾਲ ਹੀ ਇਸ ਵਿਚ ਭਾਰਤੀ ਕਲਾਕਾਰ ਦਿਵਿਆ ਭਾਰਤੀ, ਮੁਕੇਸ਼ ਰਿਸ਼ੀ, ਸ਼ਾਰਿਬ ਹਾਸ਼ਮੀ, ਅਭਿਮਨਿਊ ਸਿੰਘ ਤੇ ਏਜਾਜ਼ ਖਾਨ ਵੀ ਕੰਮ ਕਰ ਰਹੇ ਹਨ। ਫ਼ਿਲਮ ਦਾ ਕੁਝ ਹਿੱਸਾ ਗੁਜਰਾਤ ਦੇ ਕੱਛ ਖੇਤਰ ਵਿਚ ਸ਼ੂਟ ਕੀਤਾ ਜਾਵੇਗਾ ਤੇ ਕੁਝ ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਯੂ. ਕੇ. ਵਿਚ ਸ਼ੂਟ ਕੀਤਾ ਜਾਵੇਗਾ।
ਇਹ ਫ਼ਿਲਮ ਅੰਗਰੇਜ਼ੀ ਵਿਚ ਬਣਾਈ ਜਾ ਰਹੀ ਹੈ, ਭਾਵ ਕਿਤੇ ਇਸ ਦੇ ਸੰਵਾਦ ਹਿੰਦੀ ਵਿਚ ਤੇ ਕਿਤੇ ਅੰਗਰੇਜ਼ੀ ਵਿਚ ਹਨ। ਨਾਲ ਹੀ ਪੁਸ਼ਤੋ ਸਮੇਤ ਹੋਰ ਵਿਦੇਸ਼ੀ ਭਾਸ਼ਾਵਾਂ ਵਿਚ ਡਬ ਕਰਕੇ ਇਹ ਦੁਨੀਆ ਦੇ ਕਈ ਦੇਸ਼ਾਂ ਵਿਚ ਪ੍ਰਦਰਸ਼ਿਤ ਕੀਤੀ ਜਾਵੇਗੀ। ਮਲਾਲਾ ਨੇ ਤਾਂ ਵਿਸ਼ਵ ਦੀ ਸਭ ਤੋਂ ਛੋਟੀ ਉਮਰ ਦੀ ਨੋਬਲ ਇਨਾਮ ਜੇਤੂ ਕੁੜੀ ਹੋਣ ਦਾ ਫ਼ਖਰ ਹਾਸਲ ਕੀਤਾ ਸੀ। ਹੁਣ ਦੇਖੋ, ਉਸ ਦੀ ਜ਼ਿੰਦਗੀ 'ਤੇ ਬਣ ਰਹੀ ਇਹ ਫ਼ਿਲਮ ਕਿੰਨੀ ਸ਼ੋਹਰਤ ਹਾਸਲ ਕਰਨ ਵਿਚ ਕਾਮਯਾਬ ਰਹਿੰਦੀ ਹੈ।

ਆਸਕਰ ਅਤੇ ਰਘੂਵੀਰ ਯਾਦਵ

ਜਦੋਂ ਫਿਲਮ ਫੈਡਰੇਸ਼ਨ ਆਫ ਇੰਡੀਆ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਇਸ ਵਾਰ ਆਸਕਰ ਐਵਾਰਡ ਲਈ ਅਧਿਕਾਰਕ ਤੌਰ 'ਤੇ 'ਨਿਊਟਨ' ਨੂੰ ਚੁਣਿਆ ਗਿਆ ਹੈ ਤੇ ਬਾਲੀਵੁੱਡ ਵਿਚ ਆਮ ਤੌਰ 'ਤੇ ਇਕ ਆਵਾਜ਼ ਵਿਚ ਇਹ ਸੁਣਾਈ ਦਿੱਤਾ ਕਿ ਹੁਣ ਦੀ ਵਾਰ ਸਹੀ ਫਿਲਮ ਨੂੰ ਭੇਜਿਆ ਜਾ ਰਿਹਾ ਹੈ।
'ਨਿਊਟਨ' ਦੀ ਆਸਕਰ ਚੋਣ ਨੂੰ ਲੈ ਕੇ ਕੋਈ ਵਿਰੋਧ ਦਾ ਸੁਰ ਨਾ ਦੇਖ ਇਹ ਕਹਿਣਾ ਹੋਵੇਗਾ ਕਿ ਹੁਣ ਦੀ ਵਾਰ ਚੋਣ ਸਹੀ ਰਹੀ ਹੈ। ਰਾਜ ਕੁਮਾਰ ਰਾਓ, ਪੰਕਜ ਤ੍ਰਿਪਾਠੀ, ਅੰਜਲੀ ਪਾਟਿਲ ਤੇ ਰਘੂਵੀਰ ਯਾਦਵ ਨੂੰ ਚਮਕਾਉਂਦੀ ਇਸ ਫਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਹ ਰਘੂਵੀਰ ਯਾਦਵ ਵਲੋਂ ਨਿਭਾਈ ਭੂਮਿਕਾ ਵਾਲੀ ਸੱਤਵੀਂ ਇਸ ਤਰ੍ਹਾਂ ਦੀ ਫਿਲਮ ਹੈ ਜੋ ਆਸਕਰ ਲਈ ਚੁਣੀ ਗਈ ਹੈ।
ਸਾਲ 1985 ਵਿਚ 'ਸਲਾਮ ਬੌਂਬੇ' ਨੂੰ ਆਸਕਰ ਲਈ ਭੇਜਿਆ ਗਿਆ ਸੀ ਅਤੇ ਇਸ ਵਿਚ ਰਘੂਵੀਰ ਯਾਦਵ ਸਨ। ਫਿਰ 'ਬੈਂਡਿਟ ਕੁਈਨ' (1993), 'ਅਰਥ' (1999), 'ਲਗਾਨ' (2001) ਤੇ 'ਪੀਪਲੀ ਲਾਈਵ' (2010) ਆਸਕਰ ਲਈ ਗਈ ਅਤੇ ਇਨ੍ਹਾਂ ਸਾਰੀਆਂ ਵਿਚ ਉਹ ਸੀ। ਸਾਲ 2005 ਵਿਚ ਕੈਨੇਡਾ ਵਲੋਂ 'ਵੋਟਰ' ਨੂੰ ਭੇਜਿਆ ਗਿਆ ਸੀ ਅਤੇ ਇਸ ਫਿਲਮ ਵਿਚ ਵੀ ਉਨ੍ਹਾਂ ਨੇ ਅਭਿਨੈ ਕੀਤਾ ਸੀ ਅਤੇ ਹੁਣ 2017 ਵਿਚ 'ਨਿਊਟਨ' ਵਿਚ ਉਹ ਹੈ। ਭਾਵ ਹੁਣ ਜੋ ਕੋਈ ਨਿਰਮਾਤਾ ਆਸਕਰ ਐਵਾਰਡ ਹਾਸਲ ਕਰਨ ਦੀ ਇੱਛਾ ਨਾਲ ਫਿਲਮ ਬਣਾਏਗਾ, ਉਹ ਆਪਣੀ ਫਿਲਮ ਵਿਚ ਰਘੂਵੀਰ ਨੂੰ ਜ਼ਰੂਰ ਕਾਸਟ ਕਰਨਾ ਚਾਹੇਗਾ।


-ਇੰਦਰਮੋਹਨ ਪੰਨੂੰ

ਕੰਗਨਾ ਰਣੌਤ

ਕੌਣ ਸੱਚਾ ਕੌਣ ਝੂਠਾ

'ਸਿਮਰਨ' ਦੀ ਸਫ਼ਲਤਾ ਨੇ ਫਿਰ ਦੱਸ ਦਿੱਤਾ ਹੈ ਕਿ ਜਿੰਨੀ ਮਰਜ਼ੀ ਹਨੇਰੀ ਆਵੇ, ਝੱਖੜ ਝੁੱਲ ਜਾਣ ਪਰ ਕੰਗਨਾ ਰਣੌਤ ਦੇ ਨਸੀਬ ਕੋਈ ਨਹੀਂ ਖੋਹ ਸਕਦਾ। ਦੁੱਖ ਤਾਂ ਹੁੰਦਾ ਹੈ ਕਿ ਸਮੇਤ ਬਿਜਲਈ ਮੀਡੀਆ ਦੇ ਸਾਰਾ ਫ਼ਿਲਮੀ ਤੰਤਰ ਕੰਗਨਾ ਨੂੰ ਸਹੀ ਤਾਂ ਸਮਝਦਾ ਹੈ ਪਰ ਸਿੱਧੇ ਤੌਰ 'ਤੇ ਉਸ ਦੀ ਲੜਾਈ ਨਾਲ ਨਹੀਂ ਲੜਦਾ। ਇਹੀ ਗੱਲ ਉਹ ਵਾਰ-ਵਾਰ ਕਹਿੰਦੀ ਹੈ ਕਿ ਅਦਿਤਯ ਪੰਚੋਲੀ ਵਾਲੀ ਗੱਲ 'ਤੇ ਵੀ ਇਲਜ਼ਾਮ ਉਲਟੇ ਉਸ 'ਤੇ ਲਾਏ ਗਏ। ਅਦਿਤਯ ਦੇ ਬੇਟੇ ਸੂਰਜ ਨੇ ਉਸ ਨਾਲ ਕੀ ਕੁਝ ਕੀਤਾ, ਕਿਸੇ ਫ਼ਿਲਮੀ ਵਿਅਕਤੀ ਨੇ ਉਸ ਦਾ ਸਾਥ ਨਹੀਂ ਦਿੱਤਾ। ਫਿਰ ਇਹ ਇੰਡਸਟਰੀ ਇਕ ਪਰਿਵਾਰ ਕਿਵੇਂ ਹੈ? ਕੰਗਨਾ ਜਿਊਂਦਾ-ਜਾਗਦਾ ਸੱਚ ਬੋਲ ਰਹੀ ਹੈ। ਅਧਿਅਨ ਸੁਮਨ ਸਮੇਂ ਕਿਵੇਂ ਇਸ ਪਹਾੜਨ ਸੁੰਦਰੀ 'ਤੇ ਦੋਸ਼ ਲਾਏ ਗਏ ਪਰ ਹਿੰਮਤ ਹੈ ਇਸ ਕੰਗਨਾ ਦੀ ਜਿਸ 'ਕੱਲੀ-ਕਾਰੀ ਨੇ ਹੀ ਮਰਦ ਸਮਾਜ ਨਾਲ ਲੜ ਕੇ ਫਤਹਿ ਹਾਸਲ ਕੀਤੀ। ਰਿਤਿਕ ਰੌਸ਼ਨ ਵਾਲੇ ਝਮੇਲੇ 'ਚ ਵੀ ਮਹਾਂਰਥੀ ਕੰਗਨਾ ਦੀ ਹਮਾਇਤ ਤਾਂ ਕੀ ਉਸ ਨੂੰ ਮਿਲਣ ਤੋਂ ਹੀ ਗੁਰੇਜ਼ ਕਰਨ ਲੱਗ ਪਏ। ਕੰਗਨਾ ਵੀ ਹਾਰ ਮੰਨਣ ਵਾਲੀ ਨਹੀਂ ਹੈ। ਕਰਨ ਜੌਹਰ ਤੱਕ ਨੂੰ ਉਸ ਨੇ ਲਪੇਟ ਲਿਆ ਹੈ। ਇਕ ਹੰਸਲ ਮਹਿਤਾ ਹੀ ਹੈ ਜਿਸ ਨੇ ਕੰਗਨਾ ਨੂੰ ਬਹਾਦਰ ਕੁੜੀ ਕਿਹਾ ਹੈ ਤੇ ਉਸ ਦੇ ਦਿਲ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਕੰਗਨਾ ਰਣੌਤ ਕੋਲ ਕੰਮ ਬਹੁਤ ਹੈ। ਸਨਮਾਨ ਦੀ ਘਾਟ ਨਹੀਂ ਹੈ। ਸੱਚ ਬੋਲਣ ਦੀ ਹਿੰਮਤ ਹੈ। ਕੰਗਨਾ ਹੁਣ ਇਸ ਸਭ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। 'ਰਾਣੀ ਲਕਸ਼ਮੀ ਬਾਈ' 'ਤੇ ਧਿਆਨ ਦੇ ਰਹੀ ਹੈ। ਜਦ ਤੱਕ ਮੰਗ ਹੈ ਅਭਿਨੈ ਕਰੇਗੀ। ਫਿਰ ਨਿਰਮਾਣ-ਨਿਰਦੇਸ਼ਨ ਦੇ ਨਾਲ-ਨਾਲ ਹੀ ਫ਼ਿਲਮ ਲੇਖਿਕਾ ਵੀ ਬਣੇਗੀ। 'ਸਿਮਰਨ' ਸਮੇਂ ਇਹ ਅਨੁਭਵ ਉਸ ਨੇ ਲਿਆ ਹੈ। ਕੰਗਨਾ ਰਣੌਤ ਨੇ ਸਮਝ ਲਿਆ ਹੈ ਕਿ ਲੋਕ ਸਭ ਜਾਣਦੇ ਹਨ। ਕੌਣ ਸੱਚਾ-ਕੌਣ ਝੂਠਾ ਹੈ। ਲੋਕਾਂ ਦੀ ਹਮਦਰਦੀ ਉਸ ਨਾਲ ਹੈ। ਨਸੀਬ ਉਸ ਦੇ ਨਾਲ ਹਨ।

ਰੰਗਮੰਚ, ਟੀ.ਵੀ. ਅਤੇ ਸੱਭਿਆਚਾਰ ਨਾਲ ਜੁੜੀ ਅਭਿਨੇਤਰੀ ਸੰਦੀਪ ਬੱਲ

ਸੰਦੀਪ ਬੱਲ ਨੇ ਕਰੀਬ 7 ਵਰ੍ਹੇ ਪਹਿਲਾਂ ਹੀ ਰੰਗਮੰਚ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਸੀ ਪਰ ਅੱਜ ਉਸਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਨਿਵੇਕਲੇ ਕਲਾ ਦੇ ਖੇਤਰ ਵਿਚ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਹੈ। ਲੋਕ ਉਸ ਦੀ ਕਲਾ ਦੀ ਕਦਰ ਕਰਦੇ ਹਨ ਤੇ ਉਤਸ਼ਾਹਿਤ ਵੀ ਕਰਦੇ ਹਨ। ਰੋਜ਼ੀ-ਰੋਟੀ ਦੀ ਖਾਤਰ ਉਸ ਨੂੰ ਸੱਭਿਆਚਾਰਕ ਗਰੁੱਪ ਨਾਲ ਕੰਮ ਕਰਨਾ ਪੈਂਦਾ ਹੈ। ਇਹ ਕੰਮ ਕਰਨ ਦੀ ਮਜਬੂਰੀ ਅੱਜ ਉਸ ਦਾ ਸ਼ੌਕ ਬਣ ਗਿਆ ਹੈ। ਉਹ ਕਹਿੰਦੀ ਹੈ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ, ਇਹ ਤਾਂ ਸਮਝਣ ਵਾਲੇ ਦਾ ਨਜ਼ਰੀਆ ਹੁੰਦਾ ਹੈ ਕਿ ਅਗਲਾ ਕਿਸ ਦ੍ਰਿਸ਼ਟੀ ਨਾਲ ਦੇਖਦਾ ਹੈ। ਸੰਦੀਪ ਬੱਲ ਨੇ ਫ਼ਿਲਮਕਾਰ ਅਬਦੁਲ ਰਹਿਮਾਨ ਖਾਂ ਦੀ ਪ੍ਰੇਰਨਾ ਸਦਕਾ 2010 ਵਿਚ ਪਹਿਲੀ ਵਾਰ ਟੈਲੀਫ਼ਿਲਮ 'ਚਿਹਰੇ ਪੇ ਚਿਹਰਾ' ਵਿਚ ਛੋਟੀ ਜਿਹੀ ਭੂਮਿਕਾ ਨਿਭਾਈ, ਉਸ ਤੋਂ ਬਾਅਦ 30 ਤੋਂ ਵੱਧ ਧਾਰਮਿਕ, ਹਾਸਰਸ ਅਤੇ ਸਮਾਜਿਕ ਫ਼ਿਲਮਾਂ ਵਿਚ ਯਾਦਗਾਰੀ ਕਿਰਦਾਰ ਨਿਭਾਏ, ਜਿਨ੍ਹਾਂ ਵਿਚ 'ਭਰੋਸਾ ਪਹਾੜਾਂ ਵਾਲੇ ਦਾ', 'ਪੰਗੇ ਅਮਲੀ ਦੇ', 'ਜਲ ਹੈ ਤੋ ਕੱਲ੍ਹ ਹੈ', 'ਸਹਾਰਾ ਸੋਢੀ ਸਾਹਿਬ ਦਾ' ਆਦਿ ਫ਼ਿਲਮਾਂ ਦੇ ਨਾਂਅ ਜ਼ਿਕਰਯੋਗ ਹਨ। ਇਸੇ ਤਰ੍ਹਾਂ ਉਸ ਨੇ 100 ਤੋਂ ਵੱਧ ਗਾਇਕਾਂ ਦੀਆਂ ਵੀਡੀਓ ਫ਼ਿਲਮਾਂ ਵਿਚ ਵੀ ਕਈ ਵੱਖ-ਵੱਖ ਕਿਸਮ ਦੇ ਰੋਲ ਅਦਾ ਕੀਤੇ ਹਨ। ਰੰਗਮੰਚ ਲਈ ਖੇਡੇ ਨਾਟਕ 'ਹਿੰਦ ਦੀ ਚਾਦਰ' ਵਿਚ ਨਿਭਾਈ ਭੂਮਿਕਾ ਨੇ ਸੰਦੀਪ ਦੀ ਇਕ ਵੱਖਰੀ ਪਛਾਣ ਬਣਾਈ ਹੈ। ਪਿਛਲੇ 7 ਸਾਲਾਂ ਤੋਂ ਹੀ ਉਹ ਰਾਮਲੀਲ੍ਹਾ ਵਿਚ ਲਗਾਤਾਰ ਸੀਤਾ ਮਾਤਾ ਦਾ ਕਿਰਦਾਰ ਨਿਭਾਉਂਦੀ ਆ ਰਹੀ ਹੈ। ਕੰਮ ਹੀ ਉਸ ਲਈ ਪੂਜਾ ਹੈ। ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ, ਬਲਾਕ ਹਰਸਾ ਛੀਨਾ ਅਧੀਨ ਆਉਂਦੇ ਪਿੰਡ ਭਿੱਟੇਵੱਡ ਦੇ ਗ਼ਰੀਬ ਜਿਹੇ ਪਰਿਵਾਰ ਵਿਚ ਜੰਮੀ ਪਲੀ ਸਾਂਵਲੇ ਜਿਹੇ ਰੰਗ ਦੀ, ਮੋਟੀਆਂ-ਮੋਟੀਆਂ ਅੱਖਾਂ ਵਾਲੀ, ਖੂਬਸੂਰਤ ਮੁਟਿਆਰ ਸੰਦੀਪ ਬੱਲ ਆਉਣ ਵਾਲੇ ਸਮੇਂ ਵਿਚ ਵਧੀਆ ਅਦਾਕਾਰਾ ਵਜੋਂ ਆਪਣੀ ਪਛਾਣ ਬਣਾਏਗੀ, ਇਹ ਮੇਰਾ ਵਿਸ਼ਵਾਸ ਹੈ।


-ਧਰਵਿੰਦਰ ਸਿੰਘ ਔਲਖ
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮ੍ਰਿਤਸਰ-143109.

ਜਲ ਸੈਨਾ ਲਈ ਗੀਤ ਗਾਉਣਾ ਚਾਹੁੰਦਾ ਹਾਂ : ਕੈਪਟਨ ਪ੍ਰਮੋਦ ਚੌਧਰੀ

ਕੁਝ ਸਮਾਂ ਪਹਿਲਾਂ ਪ੍ਰਦਰਸ਼ਿਤ ਹੋਈ ਫ਼ਿਲਮ 'ਲਵ ਹੈ ਯਾਰ-ਐਕਸੈਪਸਟ ਇਟ' ਦੇ ਗੀਤ 'ਹੇ ਭਗਵਾਨ ਕਰੋ ਕਲਿਆਣ...' ਦੇ ਗਾਇਕ ਪ੍ਰਮੋਦ ਚੌਧਰੀ ਦੀ ਅਹਿਮ ਪਛਾਣ ਇਹ ਹੈ ਕਿ ਉਹ ਮਰਚੰਟ ਨੇਵੀ ਵਿਚ ਕਪਤਾਨ ਹੈ। ਸਮੁੰਦਰ ਵਿਚ ਚਾਰੇ ਪਾਸੇ ਪਾਣੀ ਵਿਚ ਖੜ੍ਹੇ ਜਹਾਜ਼ ਵਿਚ ਆਪਣੀ ਕੈਬਿਨ ਵਿਚ ਰਿਆਜ਼ ਕਰਕੇ ਆਪਣੇ ਸੁਰਾਂ ਨੂੰ ਸੰਵਾਰਨ ਵਾਲੇ ਕੈਪਟਨ ਪ੍ਰਮੋਦ ਚੌਧਰੀ ਨੇ ਅਗਾਮੀ ਫ਼ਿਲਮ 'ਕਿਆ ਜ਼ਮਾਨਾ', 'ਕੌਨ ਹੈ ਵੋ' ਤੇ ਇਕ ਅਨਾਮ ਫ਼ਿਲਮ ਲਈ ਵੀ ਗੀਤ ਗਾਇਆ ਹੈ। 'ਕੌਨ ਹੈ ਵੋ' ਵਿਚ ਉਨ੍ਹਾਂ ਨੇ ਅਨੁਰਾਧਾ ਪੌਡਵਾਲ ਦੇ ਨਾਲ ਜੁਗਲਬੰਦੀ ਕੀਤੀ ਹੈ।
ਬਿਹਾਰ ਦੇ ਦਰਭੰਗਾ ਨਾਲ ਸਬੰਧ ਰੱਖਣ ਵਾਲੇ ਪ੍ਰਮੋਦ ਚੌਧਰੀ ਜਦੋਂ ਤਿੰਨ ਸਾਲ ਦੇ ਸਨ, ਉਦੋਂ ਹੀ ਉਨ੍ਹਾਂ ਨੂੰ ਸੰਗੀਤ ਵੱਲ ਰੁਚੀ ਪੈਦਾ ਹੋ ਗਈ ਸੀ। ਉਨ੍ਹਾਂ ਅਨੁਸਾਰ ਮਾਂ ਨੂੰ ਜਦੋਂ ਘਰ ਦਾ ਕੰਮ ਕਰਨਾ ਹੁੰਦਾ ਸੀ ਤਾਂ ਉਹ ਰੇਡੀਓ ਚਾਲੂ ਕਰਕੇ ਬੇਟੇ ਦੇ ਕੋਲ ਰੱਖ ਦਿੰਦੀ ਸੀ। ਮਾਂ ਘਰ ਦੇ ਕੰਮ ਵਿਚ ਲਗ ਜਾਂਦੀ ਅਤੇ ਨੰਨ੍ਹਾ ਪ੍ਰਮੋਦ ਘੰਟਿਆਂਬੱਧੀ ਚੁੱਪਚਾਪ ਗਾਣੇ ਸੁਣਦਾ ਰਹਿੰਦਾ ਸੀ। ਫਿਰ ਥੋੜ੍ਹਾ ਵੱਡਾ ਹੋਣ 'ਤੇ ਮਾਂ ਦੇ ਨਾਲ ਆਰਤੀ ਤੇ ਭਜਨ ਵਿਚ ਆਪਣਾ ਸੁਰ ਮਿਲਾਉਣ ਲੱਗਿਆ।
ਸਾਲ 2012 ਵਿਚ ਉਨ੍ਹਾਂ ਨੇ ਸੰਗੀਤ ਪ੍ਰਤੀਯੋਗਤਾ ਮੋਬੀ ਸੁਰ ਵਿਚ ਹਿੱਸਾ ਲਿਆ ਸੀ। ਆਨ ਲਾਈਨ ਲਈ ਬਣਾਈ ਗਈ ਇਸ ਪ੍ਰਤੀਯੋਗਤਾ ਵਿਚ ਸ਼ੰਕਰ ਮਹਾਦੇਵਨ ਜੱਜ ਸਨ ਅਤੇ ਪ੍ਰਮੋਦ ਚੌਧਰੀ ਲਗਾਤਾਰ ਤਿੰਨ ਰਾਊਂਡ ਤੱਕ ਪਹਿਲੇ ਸਥਾਨ 'ਤੇ ਆਉਂਦੇ ਰਹੇ ਸਨ। ਉਹ ਖ਼ੁਦ ਕਹਿੰਦੇ ਹਨ ਕਿ ਚੌਥੇ ਤੇ ਆਖਰੀ ਰਾਊਂਡ ਵਿਚ ਕਿਥੇ ਕੀ ਗੜਬੜ ਹੋ ਗਈ, ਉਹ ਨਹੀਂ ਜਾਣਦੇ। ਟੀ. ਵੀ. 'ਤੇ ਪ੍ਰਸਾਰਿਤ ਹੁੰਦੇ ਰਿਆਲਿਟੀ ਸ਼ੋਅ ਵਿਚ ਹਿੱਸਾ ਲੈਣ ਬਾਰੇ ਉਹ ਕਹਿੰਦੇ ਹਨ, ਇਸ ਤਰ੍ਹਾਂ ਦੇ ਸ਼ੋਅ ਵਿਚ 30 ਸਾਲ ਦੀ ਉਮਰ ਤੋਂ ਜ਼ਿਆਦਾ ਵਾਲਿਆਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ। ਸੋ, ਉਹ ਇਸ ਵਿਚ ਹਿੱਸਾ ਨਹੀਂ ਲੈ ਸਕਦੇ। ਪਰ ਉਹ ਨਿਰਾਸ਼ ਨਹੀਂ ਹੋਏ ਹਨ। ਆਪਣੀ ਆਵਾਜ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ ਯੂ-ਟਿਊਬ ਦਾ ਸਹਾਰਾ ਲਿਆ ਹੈ ਅਤੇ ਯੂ-ਟਿਊਬ 'ਤੇ ਇਨ੍ਹਾਂ ਦੇ ਵਾਇਸ ਵੀਡੀਓ ਅਪਲੋਡ ਕੀਤੇ ਗਏ ਹਨ। ਹਾਲ ਹੀ ਵਿਚ ਉਨ੍ਹਾਂ ਨੇ ਨਰਾਤਿਆਂ ਲਈ ਮਾਤਾ ਦੀਆਂ ਭੇਟਾਂ ਵੀ ਰਿਕਾਰਡ ਕੀਤੀਆਂ ਹਨ।
ਕੈਪਟਨ ਚੌਧਰੀ ਦੀ ਦਿਲੀ ਤਮੰਨਾ ਕਿਸੇ ਫ਼ਿਲਮ ਲਈ ਦੇਸ਼-ਭਗਤੀ ਦੇ ਜਜ਼ਬੇ ਵਾਲਾ ਗੀਤ ਗਾਉਣ ਦੀ ਹੈ। ਇਸ ਬਾਰੇ ਉਹ ਕਹਿੰਦੇ ਹਨ, 'ਨੇਵੀ ਵਿਚ ਹੋਣ ਦੀ ਵਜ੍ਹਾ ਕਰਕੇ ਮੈਨੂੰ ਜਲ ਸੈਨਾ ਪ੍ਰਤੀ ਵਿਸ਼ੇਸ਼ ਲਗਾਅ ਹੈ। ਸਾਡੀਆਂ ਫ਼ਿਲਮਾਂ ਵਿਚ ਜਿੰਨੇ ਵੀ ਦੇਸ਼ ਭਗਤੀ ਵਾਲੇ ਗੀਤ ਆਏ ਹਨ, ਉਹ ਥਲ ਸੈਨਾ ਨੂੰ ਮੁੱਖ ਰੱਖ ਕੇ ਤਿਆਰ ਕੀਤੇ ਗਏ ਹੁੰਦੇ ਹਨ। ਜਲ ਸੈਨਾ 'ਤੇ ਹੁਣ ਤੱਕ ਗੀਤ ਨਹੀਂ ਆਇਆ ਹੈ। ਸੋ, ਮੈਂ ਜਲ ਸੈਨਾ ਲਈ ਗੀਤ ਗਾਉਣਾ ਚਾਹੁੰਦਾ ਹਾਂ। ਗੀਤ ਰਾਹੀਂ ਮੈਂ ਦੇਸ਼ ਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਬਹਾਦਰੀ ਦੇ ਮਾਮਲੇ ਵਿਚ ਸਾਡੀ ਜਲ ਸੈਨਾ ਵੀ ਘੱਟ ਨਹੀਂ ਹੈ।


-ਮੁੰਬਈ ਪ੍ਰਤੀਨਿਧ

'ਮੌਜਾਂ' ਵਾਲਾ ਗਾਇਕ-ਬਲਜੀਤ ਮਾਲਵਾ

ਦਿਲ ਟੁੰਬਵੀਂ ਤੇ ਬੁਲੰਦ ਆਵਾਜ਼ ਦਾ ਮਾਲਕ, ਬਿੰਦਰਖੀਆ ਵਾਂਗ ਉੱਚੀ ਲੰਬੀ ਹੇਕ ਲਗਾ ਕੇ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਬਲਜੀਤ ਮਾਲਵਾ ਪੰਜਾਬੀ ਗਾਇਕੀ ਦੇ ਅੰਬਰ 'ਤੇ ਧਰੂ ਤਾਰੇ ਵਾਂਗ ਚਮਕ ਰਿਹਾ, ਉਹ ਗਾਇਕ ਹੈ ਜੋ ਆਪਣੀ ਆਵਾਜ਼ ਦੇ ਜਾਦੂ ਤੇ ਗਾਇਕੀ ਦੇ ਨਿਵੇਕਲੇ ਅੰਦਾਜ਼ ਸਦਕਾ ਅੱਜ ਲੱਖਾਂ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਨਾਲ ਮਿਲਦੀ-ਜੁਲਦੀ ਆਵਾਜ਼ ਵਿਚ ਗਾਉਣ ਕਰਕੇ ਉਸ ਨੂੰ ਅਜੋਕੇ ਯੁੱਗ ਦਾ ਬਿੰਦਰਖੀਆ ਕਹਿ ਲਿਆ ਜਾਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਬਲਜੀਤ ਮਾਲਵਾ ਪਿਛੋਕੜ ਤੋਂ ਚਮਕੌਰ ਸਾਹਿਬ ਨੇੜੇ ਪਿੰਡ ਹਾਫਿਜ਼ਾਬਾਦ ਨਾਲ ਸਬੰਧਤ ਹੈ ਪ੍ਰੰਤੂ ਅੱਜਕਲ੍ਹ ਪੱਕੇ ਤੌਰ 'ਤੇ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਵਿਚ ਰਹਿੰਦਾ ਹੈ। ਮਾਲਵਾ ਇਲਾਕੇ ਨਾਲ ਸਬੰਧਤ ਹੋਣ ਕਰਕੇ ਉਸ ਦੇ ਨਾਂਅ ਨਾਲ ਪੱਕੇ ਤੌਰ 'ਤੇ ਮਾਲਵਾ ਸ਼ਬਦ ਜੁੜ ਗਿਆ ਹੈ। ਬਲਜੀਤ ਮਾਲਵਾ ਦੀ ਗਾਇਕੀ ਦੀ ਸ਼ੁਰੂਆਤ ਬੇਲਾ ਅਤੇ ਰੋਪੜ ਕਾਲਜ ਵਿਚ ਭੰਗੜੇ ਦੀਆਂ ਟੀਮਾਂ ਨਾਲ ਬੋਲੀਆਂ ਪਾਉਣ ਨਾਲ ਹੋਈ ਸੀ ਅਤੇ ਉਸਦੀ ਪਲੇਠੀ ਸੀ.ਡੀ. 'ਜੁਗਨੀ' ਮਾਰਕੀਟ ਵਿਚ ਆਈ ਸੀ। ਉਪਰੰਤ ਸਾਲ 2008 ਵਿਚ 'ਮੌਜਾਂ' ਸੀ.ਡੀ. ਨਾਲ ਉਹ ਆਪਣੀ ਕਲਾ ਸਦਕਾ ਪੰਜਾਬ ਦੇ ਸੁਪਰਹਿੱਟ ਗਾਇਕਾਂ ਦੀ ਕਤਾਰ ਵਿਚ ਆਣ ਖੜ੍ਹਾ ਹੋ ਗਿਆ ਹੈ। ਜੈਲੀ ਮਨਜੀਤਪੁਰੀਆ ਦੁਆਰਾ ਲਿਖੇ ਗੀਤ 'ਉਹ ਮੌਜਾਂ ਭੁੱਲਣੀਆਂ ਨੀਂ ਜੋ ਬਾਪੂ ਦੇ ਸਿਰ 'ਤੇ ਕਰੀਆਂ' ਗੀਤ ਬੱਚੇ-ਬੱਚੇ ਦੀ ਜ਼ਬਾਨ 'ਤੇ ਗੂੰਜਿਆ। ਇਸੇ ਤਰ੍ਹਾਂ 'ਨੀ ਕੁੜੀਓ ਤੁਸੀਂ ਕਾਹਦੀਆਂ ਪੰਜਾਬਣਾਂ', 'ਅੱਖੀਆਂ ਮਿਲਾਉਂਦੀ ਰਹਿੰਦੀ ਏ, ਕਦੇ ਦਿਲ ਨਾਲ ਦਿਲ ਵੀ ਮਿਲਾ', 'ਦੋ ਵੈਲ ਲਾ ਲੈ ਜੱਟ ਨੇ' ਗੀਤ ਕਾਫੀ ਚਰਚਿਤ ਰਹੇ ਹਨ। 'ਮੌਜਾਂ' ਗੀਤ ਲਈ ਮਾਲਵਾ ਨੂੰ ਪੀ.ਟੀ.ਸੀ. ਪੰਜਾਬੀ ਚੈਨਲ ਵੱਲੋਂ ਐਵਾਰਡ ਵੀ ਮਿਲ ਚੁੱਕਾ ਹੈ। 'ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ', ਕਹਾਵਤ ਦਾ ਧਾਰਨੀ ਬਲਜੀਤ ਮਾਲਵਾ ਜੈਲੀ ਮਨਜੀਤਪੁਰੀਆ ਦੁਆਰਾ ਲਿਖੇ ਗੀਤ 'ਮੌਜਾਂ-2' ਨਾਲ ਇਕ ਵਾਰ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੋਵੇਗਾ।
-ਹਰਦੀਪ ਸਿੰਘ ਕੰਗ,ਵੀਨਸ ਇਟਲੀ।

ਜ਼ਮੀਰ ਨਾਲ ਜੁੜਿਆ ਸ਼ਾਇਰ ਹੈ ਗੀਤਕਾਰ ਬੱਲ ਬੁਤਾਲੇ ਵਾਲਾ

ਅੱਜ ਤੋਂ ਲਗਪਗ 20 ਸਾਲ ਪਹਿਲਾਂ ਵਾਲਾ ਗੀਤਕਾਰ ਬੱਲ ਬੁਤਾਲੇ ਵਾਲਾ ਸੱਚਮੁੁੱਚ ਹੀ ਜ਼ਮੀਰ ਨਾਲ ਜੁੜਿਆ ਸ਼ਾਇਰ ਹੈ। ਲਫ਼ਜ਼ਾਂ ਵਿਚ ਮਿੱਟੀ ਦੀ ਗੱਲ ਖਾੜਕੂ ਸੁਭਾਅ ਦੀ ਫਿਤਰਤ ਪੂਰੀ-ਪੂਰੀ ਕਾਇਮ ਹੈ। ਗੀਤਕਾਰ ਬੱਲ ਬੁਤਾਲੇ ਦਾ ਮੈਂ ਸਮਕਾਲੀ ਰਿਹਾ ਹਾਂ ਜਿਸ ਨੂੰ ਮੈਂ ਬਹੁਤ ਨੇੜਿਓਂ ਵੇਖਿਆ ਤੇ ਸੁਣਿਆ ਹੈ। ਉਸ ਵਿਚੋਂ ਸਦਾਚਾਰੀ ਤੇ ਸਰਦਾਰੀ ਦੋ ਚੀਜ਼ਾਂ ਦੀ ਝਲਕ ਹਮੇਸ਼ਾ ਮਿਲਦੀ ਹੈ। ਕਰੀਬ ਅੱਜ ਤੋਂ 18 ਸਾਲ ਪਹਿਲਾਂ ਉਸ ਦਾ ਗੀਤ 'ਮੈਂ ਵੀ ਜੱਟ ਦਾ ਪੁੱਤ ਹਾਂ ਅਰਜੁਨ ਵਰਗਾ ਨੀ, ਅੱਖਾਂ ਬੰਨ੍ਹ ਕੇ ਤੀਰ ਨਿਸ਼ਾਨੇ ਲਾ ਦਉਂਗਾ' ਜਦੋਂ ਸੁਣਿਆ ਤਾਂ ਗੀਤਾਂ ਵਿਚਲੇ ਬਿੰਬ ਤਸ਼ਬੀਹਾਂ ਦਾ ਹੁਨਰ ਵੇਖ ਕੇ ਬੱਲ ਵੱਲ ਖਿੱਚ ਪਈ ਤਾਂ ਅੰਮ੍ਰਿਤਸਰ ਤੋਂ ਪਿੰਡ ਬੁਤਾਲੇ ਦੀ ਬੱਸ ਫੜੀ ਤਾਂ ਪਹੁੰਚਿਆਂ ਉਸ ਦੇ ਘਰ ਬੈਠ ਕੇ ਖੂਬ ਸਵਾਂਦ ਰਚੇ। ਪਿਛਲੇ ਸਮੇਂ 'ਚ ਕਾਫੀ ਮੁਲਾਕਾਤਾਂ ਵੀ ਹੋਈਆਂ। ਆਹ ਸੱਜਰੀ ਮੁਲਾਕਾਤ ਵਿਚ ਬੱਲ ਦੇ ਨਾਲ ਬੈਠਣ ਦਾ ਸਬੱਬ ਬਣਿਆ। ਗੀਤਕਾਰੀ ਦੀ ਸ਼ੁਰੂਆਤ 'ਚ ਉਸਨੇ ਦੱਸਿਆ ਕਿ ਸਭ ਕੁਝ ਉਸ ਦੀ ਮਾਂ ਸ੍ਰੀਮਤੀ ਹਰਵਿੰਦਰ ਕੌਰ ਦੀ ਦੇਣ ਹੈ, ਜਿਸ ਨੇ ਸੂਬੇਦਾਰ ਪਤੀ ਸ: ਦਲਜੀਤ ਸਿੰਘ ਦੀਆਂ ਝਿੜਕਾਂ ਖਾ ਕੇ ਵੀ ਆਪਣੇ ਪੁੱਤਰ ਨੂੰ ਸਦਾ ਉਤਸ਼ਾਹਿਤ ਕੀਤਾ। ਰੁਹਾਨੀ ਉਸਤਾਦ ਦੇਬੀ ਮਖਸੂਸਪੁਰੀ ਅਤੇ ਸਵ: ਬਲਬੀਰ ਸਿੰਘ ਫੁੱਲ ਘੋਗਿਆਂ ਵਾਲੇ ਦੇ ਲਾਡਲੇ ਸ਼ਾਗਿਰਦ ਨੇ ਅੱਜ ਗੀਤਕਾਰੀ ਦੇ ਇਸ ਮੁਕਾਮ 'ਤੇ ਪਹੁੰਚਦਿਆਂ ਕਈ ਟੇਢੇ-ਮੇਢੇ ਔਕੜਾਂ ਭਰੇ ਰਸਤੇ ਪਾਰ ਕੀਤੇ ਤੇ ਹੱਠ ਨਹੀਂ ਛੱਡਿਆ। ਆਪਣੀ ਉਮਰ ਦੇ ਕਰੀਬ ਵੀਹ ਸਾਲ ਗੀਤਕਾਰੀ ਵਿਚ ਲਾਏ ਤੇ 300 ਦੇ ਕਰੀਬ ਰਿਕਾਰਡ ਹੋ ਚੁੱਕੇ ਗੀਤਾਂ ਵਿਚੋਂ ਹਿੱਟ ਗੀਤ ਜਿਨ੍ਹਾਂ ਵਿਚ 'ਇਹ ਗੱਲ ਪਰਦੇ ਵਾਲੀ', ਪੀਂਘ ਸਾਡੀ ਤੇ ਹੁਲਾਰਾ ਕਿਸੇ ਹੋਰ ਦਾ' (ਗਾਇਕ ਸੁਰਿੰਦਰ ਮਕਸੂਦਪੁਰੀ), 'ਫੈਸਲਾ ਕਰਾਉਣ ਵਾਲੇ ਠੋਕੇ ਜਾਣਗੇ', 'ਗੱਭਰੂ ਤੇਰੇ ਕੋਕੇ ਤੋਂ ਚਮਕੀਲਾ ਨੀ ਕੁੜੀਏ' (ਬੁੱਕਣ ਜੱਟ), 'ਜੱਟ ਦੀ ਛਾਤੀ 'ਤੇ ਕਈ ਚੱਲੀਆਂ ਤਲਵਾਰਾਂ', 'ਰਲ-ਮਿਲ ਜਸ਼ਨ ਮਨਾਂਵਾਗੇ', 'ਮੈਂ ਵੀ ਜੱਟ ਦਾ ਪੁੱਤ ਹਾਂ ਅਰਜੁਨ ਵਰਗਾ' (ਬੈਨੀ.ਏ), 'ਸਭ ਤੋਂ ਵੱਡਾ ਪੁੱਤ ਹਰਾਮੀ ਮਾਂ-ਬੋਲੀ ਜੋ ਭੁੱਲ ਜਾਵੇ' (ਗਾਇਕਾ ਜਸਵਿੰਦਰ ਬਰਾੜ), 'ਕੋਕਾ ਮੇਰਾ ਇਕ ਡਿੱਗਿਆ' (ਬਲਜਿੰਦਰ ਰਿੰਪੀ), 'ਪਹਿਲਾਂ ਨੱਚੀਏ ਬਾਕੀ ਦੇ ਕੰਮ ਰੋਕ ਲੳ'ੁ (ਅਮਰਿੰਦਰ ਗਿੱਲ), 'ਤੇਰੇ ਸਾਹਮਣੇ ਠੋਕ ਕੇ ਜਾਣਾ' (ਸੁਖਜਿੰਦਰ ਸ਼ਿੰਦਾ), 'ਗੁੱਤ ਤੇ ਗੁਲਾਬੀ ਫੁੱਲ ਟੰਗਣਾ' (ਜੈਜ਼ੀ.ਬੀ), 'ਹਾਲੇ ਤੱਕ ਵੀ ਖੜ੍ਹਾ ਸਕੂਟਰ ਥਾਣੇ ਯਾਰਾਂ ਦਾ', 'ਜਦੋਂ ਕਿਸੇ ਨੂੰ ਸੋਧਣ ਤੁਰੀਏ', 'ਕਾਲੇ ਰੰਗ ਦਾ ਬੁਲਟ ਸੀ ਹੁੰਦਾ' (ਸੁਰਜੀਤ ਭੁੱਲਰ), 'ਨੱਚਦੇ ਫਿਰੋ' (ਸਵ: ਕੁਲਦੀਪ ਮਾਣਕ), 'ਯਾਰ ਨਹੀਂ ਸਾਨੂੰ ਤਾਂ ਭਰਾ ਦਿੱਤੇ ਰੱਬ ਨੇ' (ਦਲਵਿੰਦਰ ਦਿਆਲਪੁਰੀ), 'ਮਿੱਤਰਾਂ ਦੀ ਗੱਲ ਛੱਡ ਦੇ' (ਜੱਗੀ ਸਿੰਘ), 'ਤੇਰੀ ਸੀਟੀ ਨੇ ਵਿਗਾੜੇ ਪਿੰਡ ਦੇ ਮੁੰਡੇ', 'ਬਾਰਿਸ਼ ਹੋਰ ਨਿਖਾਰੀ ਜਾਵੇ,' ਮੂੰਹ ਤੋਂ ਨਾ ਸਿਰਕਾਵੀਂ ਪੱਲਾ' (ਮਦਨ ਮੱਦੀ), 'ਸੇਵਾ ਪਾਣੀ' (ਮਨਕੀਰਤ ਔਲਖ) ਤੋਂ ਇਲਾਵਾ ਗਾਇਕ ਮਲਕੀਤ ਸਿੰਘ, ਗੁਰਮੁੱਖ ਦੁਆਬੀਆ, ਸ਼ੈਵੀ ਸੰਧੂ, ਗਾਇਕ ਮੁਸਾਫਿਰ, ਹਰਪ੍ਰੀਤ ਰੰਧਾਵਾ, ਲਿਆਕਤ ਅਲੀ, ਪਵਨ ਸ਼ਾਹਪੁਰੀ, ਜਗਦੀਪ ਜੁਬਲੀ, ਸੰਨੀ ਬਰਾੜ, ਕਰਮਜੀਤ ਭੰਗੂ, ਜਗਜੀਤ ਸੰਧੂ, ਸੁਖਵਿੰਦਰ ਸੁੱਖੀ, ਜਸਬੀਰ ਮਹਿਰਮ, ਸਹਿਜ ਬਾਜਵਾ, ਜਸਵਿੰਦਰ ਡਿੱਗਾਮੀਆਂ ਅਤੇ ਸੈਂਕੜੇ ਕਲਾਕਾਰਾਂ ਨੇ ਬੱਲ ਦੇ ਲਿਖੇ ਗੀਤ ਗਾਏ । 1984 ਦੇ ਦੁਖਾਂਤ 'ਤੇ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦਾ ਹਵਾਲਾ 'ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਸਾਡੇ ਤਖ਼ਤ ਨੂੰ ਘੇਰਾ ਪਾ ਲਿਆ ਏ', ਸਿੰਘ ਨਿਕਲੇ ਐਕਸ਼ਨ ਤੇ ਜਾਂਦੇ ਬੁੱਲਟ ਮਾਰਦੇ ਬੜ੍ਹਕਾਂ, ਇਹ ਗੀਤ ਵੈਨਕੂਵਰ ਦੀ ਧਰਤੀ 'ਤੇ ਰਿਲੀਜ਼ ਹੋਏ ਜਿਨ੍ਹਾਂ ਨੂੰ ਬੇਹੱਦ ਜ਼ਿਆਦਾ ਸਲਾਹਿਆ ਗਿਆ। ਜਦੋਂ ਮੈਂ ਬੱਲ ਨੂੰ ਗੀਤਕਾਰੀ ਦੇ ਖੇਤਰ ਵਿਚ ਮਿਲੇ ਮਾਨ ਸਨਮਾਨ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਵਿਚ ਸਭ ਤੋਂ ਵੱਡਾ ਮਾਨ ਉਹ ਕਦੇ ਨਹੀਂ ਭੁੱਲ ਸਕਦਾ। ਜਦੋਂ ਉਸਤਾਦ ਦੇਬੀ ਨੇ ਉਨ੍ਹਾਂ ਦੇ ਹੱਥ ਛੂਹ ਕੇ ਚੁੰਮੇ ਤੇ ਉਹ ਵੀ ਦਿਨ ਨਹੀਂ ਭੁੱਲਿਆ ਜਦੋਂ ਬੱਸ 'ਚੋਂ ਉੱਤਰ ਕੇ ਇੱਕ ਗੁਆਂਢ ਪਿੰਡ ਦੀ ਬੁੱਢੜੀ ਮਾਈ ਨੇ ਉਚੇਚਾ ਘਰ ਆ ਕੇ ਮੈਨੂੰ ਕਲਾਵੇ ਵਿਚ ਲੈ ਕੇ ਪੱਗ ਚੁੰਮ ਕੇ ਸ਼ਾਬਾਸ਼ ਦਿੱਤੀ ਤੇ ਇਹ ਕਹਿ ਕੇ ਗਈ ਕਿ ਪੁੱਤ ਤੇਰੇ ਗੀਤ ਟੀ.ਵੀ. ਤੇ ਸੁਣੇ ਸੀ, ਤੈਨੂੰ ਵੇਖਣ ਨੂੰ ਜੀਅ ਕੀਤਾ, ਇਸ ਕਰਕੇ ਉਚੇਚਾ ਮੈਂ ਤੇਰੇ ਘਰ ਆਈ ਹਾਂ। ਬੱਲ ਅੰਦਰ ਇੱਕੋ ਰੀਝ ਹੈ ਕਿ ਫਿਰ ਉਹ ਸਮਾਂ ਆਵੇ ਜਦੋਂ ਪਿਆਰੇ ਸਰੋਤੇ ਇਹ ਸੁਣਨ 'ਕਦੇ ਸਾਡੇ ਵੀ ਬਨੇਰੇ ਉੱਤੇ ਬੋਲ ਵੇ, ਨਿਤ ਬੋਲਦੈਂ ਗੁਆਂਢੀਆਂ ਦੇ ਕਾਵਾਂ' ਲੋਕ ਗਾਥਾਵਾਂ ਜਿਉਣਾ ਮੌੜ, ਹੀਰ ਰਾਂਝੇ, ਸੱਸੀ ਪੁੰਨੂੰ ਦੇ ਕਿੱਸੇ ਕਵੀਸ਼ਰੀ ਆਦਿ ਸੁਣਨ। ਅਲਬੇਲੇ ਕਵੀ ਬੱਲ ਅੰਦਰ ਅਜੇ ਵੀ ਬਹੁਤ ਕੁੱਝ ਬਾਕੀ ਹੈ। ਕਲਮ ਵਿਚ ਅਜੇ ਵੀ ਬਹੁਤ ਸ਼ਬਦ ਭੰਡਾਰ ਹੈ। ਕਲਮ ਜਿਉਂ ਦੀ ਤਿਉਂ ਤਿੱਖੀ ਹੈ। ਤੀਰ ਤਰਕਸ਼ ਤੋਂ ਕੱਢੇ ਨੇ ਬੱਸ ਛੱਡਣ ਹੀ ਵਾਲੇ ਨੇ। ਮੇਰਾ ਮਤਲਬ ਕਿ ਮਾਰਕੀਟ ਵਿਚ ਉਸਦਾ ਨਵਾਂ ਮੈਟਰ ਜਲਦ ਆ ਰਿਹਾ ਹੈ। ਪਰਮਾਤਮਾ ਨੇ ਉਸਨੂੰ ਦੋ ਹੋਣਹਾਰ ਪੁੱਤਰ ਬਖਸ਼ੇ ਨੇ ਖੁਸ਼ਬੀਰ ਸਿੰਘ ਬੱਲ ਤੇ ਮਨਬੀਰ ਸਿੰਘ ਬੱਲ ਤੇ ਇਸ ਖੇਤਰ ਵਿਚ ਆਪਣੀ ਧਰਮਪਤਨੀ ਸਤਬੀਰ ਕੌਰ ਦਾ ਧੰਨਵਾਦੀ ਹੈ ਜਿਸ ਨੇ ਕਦੇ ਵੀ ਉਸਦੀ ਗੀਤਕਾਰੀ ਵਿਚ ਵਿਘਨ ਨਹੀਂ ਪਾਇਆ। ਸਮੇਂ-ਸਮੇਂ 'ਤੇ ਉਸ ਦਾ ਭਰਪੂਰ ਸਾਥ ਦਿੱਤਾ। ਮੇਰੀ ਤਾਂ ਇਹੀ ਦੁਆ ਹੈ ਕਿ ਬੱਲ ਹਮੇਸ਼ਾ ਗੀਤਕਾਰੀ ਦੇ ਖੇਤਰ 'ਚ ਨਵੀਆਂ ਪੈੜਾਂ ਸਿਰਜਦਾ ਰਹੇ ।


-ਜੱਸਾ ਅਨਜਾਣ
ਪ੍ਰਤੀਨਿਧ ਚੱਬਾ, ਅੰਮ੍ਰਿਤਸਰ

ਇਕ ਸਵਾਲ ਤਾਪਸੀ ਪੰਨੂੰ ਨੂੰ

* ਜੇਕਰ ਸਕਰਿਪਟ ਦੀ ਮੰਗ 'ਤੇ ਕਿਸੇ ਫਿਲਮ ਵਿਚ ਤੁਹਾਨੂੰ ਬਿਨਾਂ ਮੇਕਅੱਪ ਦੇ ਬਿਲਕੁਲ ਸਾਦੇ ਰੂਪ ਵਿਚ ਨਜ਼ਰ ਆਉਣਾ ਪਵੇ ਤਾਂ ਕੀ ਤੁਸੀਂ ਇਸ ਤਰ੍ਹਾਂ ਦੀ ਫਿਲਮ ਵਿਚ ਕੰਮ ਕਰਨਾ ਪਸੰਦ ਕਰੋਗੇ?
-ਮੇਰੇ ਲਈ ਫਿਲਮ ਵਿਚ ਮੇਰਾ ਕਿਰਦਾਰ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ। ਹੁਣ ਤੱਕ ਮੈਂ ਜੋ ਵੀ ਫਿਲਮਾਂ ਕੀਤੀਆਂ ਹਨ, ਉਨ੍ਹਾਂ ਵਿਚ ਮੈਨੂੰ 'ਡੀ ਗਲੈਮ' ਅਵਤਾਰ ਵਿਚ ਹੀ ਦਿਖਾਇਆ ਗਿਆ ਹੈ। ਮੈਂ ਚਾਹੁੰਦੀ ਹਾਂ ਕਿ ਮੇਰਾ ਕਿਰਦਾਰ ਆਪਣੀਆਂ ਅੱਖਾਂ ਨਾਲ ਆਪਣੀਆਂ ਗੱਲਾਂ ਕਹੇ। ਮੈਂ ਇਕ ਤੇਲਗੂ ਫਿਲਮ 'ਲੋਫਰ' ਵਿਚ ਬਹੁਤ ਘੱਟ ਮੇਕਅੱਪ ਅਤੇ ਇਕ ਬੋਦੀ ਵਾਲੀ ਦਿੱਖ ਵਿਚ ਕੰਮ ਕਰ ਚੁੱਕੀ ਹਾਂ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX