ਤਾਜਾ ਖ਼ਬਰਾਂ


ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਨਿਊਜ਼ੀਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਡੈਨਮਾਰਕ ਓਪਨ ਬੈਡਮਿੰਟਨ : ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਦੱਖਣੀ ਕੋਰੀਆ ਦੇ ਲੀ.ਹਿਊਨ ਇਲ ਨੂੰ ਹਰਾ ਕੇ ਜਿੱਤਿਆ ਖ਼ਿਤਾਬ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਲੈਥਮ ਨੇ ਠੋਕਿਆ ਸੈਂਕੜਾ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਨਿਊਜ਼ੀਲੈਂਡ ਨੂੰ 56 ਗੇਂਦਾਂ 'ਤੇ 65 ਦੌੜਾਂ ਦੀ ਲੋੜ
. . .  1 day ago
ਅਨੰਤਨਾਗ 'ਚ ਅੱਤਵਾਦੀਆਂ ਨੇ ਇੱਕ ਨਾਗਰਿਕ 'ਤੇ ਕੀਤੀ ਫਾਇਰਿੰਗ
. . .  1 day ago
ਰਾਹੁਲ ਗਾਂਧੀ ਨਾਲ ਕੱਲ੍ਹ ਮੁਲਾਕਾਤ ਕਰਨਗੇ ਹਾਰਦਿਕ ਪਟੇਲ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਕੱਲ੍ਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਪਟੇਲ ਨੇ ਸਾਫ਼ ਕੀਤਾ ਹੈ ਕਿ ਉਹ ਕੋਈ ਚੋਣ ਨਹੀਂ...
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : 31ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 150 ਦੌੜਾਂ ਪੂਰੀਆਂ
. . .  1 day ago
ਫੀਫਾ ਅੰਡਰ 17 ਫੁੱਟਬਾਲ ਵਰਲਡ ਕੱਪ : ਈਰਾਨ ਨੂੰ 3-1 ਨਾਲ ਹਰਾ ਕੇ ਸਪੇਨ ਪਹੁੰਚਿਆ ਸੈਮੀਫਾਈਨਲ 'ਚ
. . .  1 day ago
ਭਾਰਤ ਨਿਊਜ਼ੀਲੈਂਡ ਪਹਿਲਾ ਵਨਡੇ : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਆਊਟ
. . .  1 day ago
ਸੁਸ਼ਮਾ ਸਵਰਾਜ ਨੇ ਸ਼ੇਖ਼ ਹਸੀਨਾ ਨਾਲ ਕੀਤੀ ਮੁਲਾਕਾਤ
. . .  1 day ago
ਹੋਰ ਖ਼ਬਰਾਂ..
  •     Confirm Target Language  

ਖੇਡ ਜਗਤ

ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬ ਟੂਰਨਾਮੈਂਟ

ਯੂਏਫਾ ਚੈਂਪੀਅਨਜ਼ ਲੀਗ ਦੇ ਨਵੇਂ ਸੀਜ਼ਨ ਦਾ ਆਗਾਜ਼

ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬ ਟੂਰਨਾਮੈਂਟ, ਯੂਏਫਾ ਚੈਂਪੀਅਨਜ਼ ਲੀਗ ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ ਅਤੇ ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਸਾਰੇ ਕਲੱਬ ਨਹੀਂ, ਸਗੋਂ ਸਿਰਫ ਚੈਂਪੀਅਨ ਟੀਮਾਂ ਯਾਨੀ ਉੱਚ ਕੋਟੀ ਦੀਆਂ ਟੀਮਾਂ ਹੀ ਖੇਡਦੀਆਂ ਹਨ। ਯੂਰਪੀ ਫੁੱਟਬਾਲ ਜਥੇਬੰਦੀ 'ਯੂਏਫਾ' ਵਲੋਂ ਕਰਵਾਈ ਜਾਂਦੀ ਯੂਏਫਾ ਚੈਂਪੀਅਨਜ਼ ਲੀਗ ਵਿਚ ਹਰ ਸਾਲ ਵੱਖ-ਵੱਖ ਦੇਸ਼ਾਂ ਦੀਆਂ ਕੁੱਲ 32 ਟੀਮਾਂ ਖੇਡਦੀਆਂ ਹਨ। ਆਪੋ-ਆਪਣੇ ਦੇਸ਼ ਵਿਚ ਪਹਿਲੇ ਨੰਬਰ ਉੱਤੇ ਰਹਿਣ ਵਾਲੀ ਯਾਨੀ ਉਸ ਦੇਸ਼ ਦੀ ਚੈਂਪੀਅਨ ਟੀਮ ਨੂੰ ਇਸ ਮੁਕਾਬਲੇ ਵਿਚ ਸਿੱਧਾ ਦਾਖ਼ਲਾ ਮਿਲਦਾ ਹੈ। ਇਸ ਤੋਂ ਇਲਾਵਾ ਹਰ ਵੱਡੇ ਦੇਸ਼ ਦੀਆਂ 'ਰਨਰ-ਅੱਪ' ਯਾਨੀ ਦੂਜੇ ਅਤੇ ਤੀਜੇ ਸਥਾਨ ਉੱਤੇ ਰਹਿਣ ਵਾਲੀਆਂ ਚੋਣਵੀਆਂ ਟੀਮਾਂ ਨੂੰ ਵੀ ਚੈਂਪੀਅਨਜ਼ ਲੀਗ ਵਿਚ ਖੇਡਣ ਦਾ ਮੌਕਾ ਦਿੱਤਾ ਜਾਂਦਾ ਹੈ। ਯੂਏਫਾ ਚੈਂਪੀਅਨਜ਼ ਲੀਗ ਦੀ ਇਕ ਹੋਰ ਖਾਸੀਅਤ ਇਹ ਹੈ ਕਿ 2009-10 ਦੇ ਮੁਕਾਬਲਿਆਂ ਤੋਂ ਇਸ ਨੇ ਫੁੱਟਬਾਲ ਵਿਚ ਦੋ ਵਾਧੂ ਰੈਫਰੀ ਉਤਾਰਨ ਦਾ ਇਕ ਨਵਾਂ ਤਜਰਬਾ ਕੀਤਾ ਸੀ, ਜੋ ਉਦੋਂ ਤੋਂ ਲੈ ਕੇ ਹੁਣ ਤੱਕ ਬਾਦਸਤੂਰ ਜਾਰੀ ਹੈ। ਸਪੇਨ ਦੀ ਟੀਮ ਰਿਆਲ ਮੈਡ੍ਰਿਡ ਇਸ ਮੁਕਾਬਲੇ ਦੀ ਮੌਜੂਦਾ ਜੇਤੂ ਟੀਮ ਅਤੇ ਸਭ ਤੋਂ ਸਫ਼ਲ ਟੀਮ ਵੀ ਹੈ। ਐਤਕੀਂ ਦਾ ਫਾਈਨਲ ਮੁਕਾਬਲਾ ਯੂਕ੍ਰੇਨ ਦੇਸ਼ ਦੇ ਕੀਏਵ ਸਟੇਡੀਅਮ ਵਿਖੇ ਹੋਵੇਗਾ। ਇਸ ਫਾਈਨਲ ਵਿਚ ਪਹੁੰਚਣ ਲਈ ਕੁੱਲ 32 ਟੀਮਾਂ ਜ਼ੋਰ ਅਜ਼ਮਾਈ ਕਰਨਗੀਆਂ, ਜਿਨ੍ਹਾਂ ਨੂੰ ਇਕ ਡ੍ਰਾਅ ਰਾਹੀਂ 4-4 ਕਰਕੇ 8 ਗਰੁੱਪਾਂ ਵਿਚ ਵੰਡਿਆ ਗਿਆ ਹੈ।
ਗੱਲ ਪਿੱਛਿਓਂ ਸ਼ੁਰੂ ਕਰਦੇ ਹਾਂ, ਕਿਉਂਕਿ ਐਤਕੀਂ ਸਭ ਤੋਂ ਅਖੀਰਲਾ ਗਰੁੱਪ ਯਾਨੀ ਗਰੁੱਪ 'ਐਚ', ਸਭ ਤੋਂ ਪੇਚੀਦਾ ਅਤੇ ਮੁਸ਼ਕਿਲ ਗਰੁੱਪ ਬਣਿਆ ਹੈ। ਇਸ ਗਰੁੱਪ ਵਿਚ ਮੌਜੂਦਾ ਜੇਤੂ ਰਿਆਲ ਮੈਡ੍ਰਿਡ, ਜਰਮਨੀ ਦੀ ਤਾਕਤਵਰ ਟੀਮ ਬਰੂਸ਼ੀਆ ਡਾਰਟਮੰਡ, ਇੰਗਲੈਂਡ ਦਾ ਪ੍ਰਤਿਭਾਵਾਨ ਉੱਪ-ਜੇਤੂ ਕਲੱਬ ਟੌਟੇਨਹਮ ਹੌਟਸਪਰ ਅਤੇ ਸਾਈਪ੍ਰਸ ਦਾ ਐਪੋਏਲ ਕਲੱਬ ਸ਼ਾਮਿਲ ਹਨ। ਇਸ ਗਰੁੱਪ ਵਿਚ ਚਾਰਾਂ ਟੀਮਾਂ ਖਾਸਕਰ ਪਹਿਲੀਆਂ ਤਿੰਨਾਂ ਟੀਮਾਂ ਵਿਚਾਲੇ ਫ਼ਸਵੇਂ ਮੁਕਾਬਲੇ ਹੋਣ ਦੀ ਉਮੀਦ ਹੈ ਪਰ ਕੋਈ ਦੋ ਹੀ ਅਗਲੇ ਦੌਰ ਵਿਚ ਅੱਪੜਨਗੀਆਂ। ਇਸ ਅਖੀਰੀ ਗਰੁੱਪ ਦੇ ਮੁਕਾਬਲੇ ਸਭ ਤੋਂ ਪਹਿਲਾ ਗਰੁੱਪ ਯਾਨੀ ਗਰੁੱਪ 'ਏ' ਕੁਝ ਹਲਕਾ ਜਾਪਦਾ ਹੈ, ਜਿੱਥੇ ਇੰਗਲੈਂਡ ਦੇ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ ਡ੍ਰਾਅ ਨਿਕਲਣ ਵਾਲੇ ਦਿਨ ਸਿਤਾਰੇ ਚੰਗੇ ਹੋਣ ਦਾ ਫਾਇਦਾ ਮਿਲਿਆ ਅਤੇ ਉਨ੍ਹਾਂ ਦੇ ਗਰੁੱਪ ਵਿਚ ਬਾਕੀ ਦੀਆਂ ਤਿੰਨੋਂ ਟੀਮਾਂ, ਸੀ.ਐਸ.ਕੇ.ਏ. ਮਾਸਕੋ (ਰੂਸ), ਬੈਨਫੀਕਾ (ਪੁਰਤਗਾਲ) ਅਤੇ ਸਵਿਟਜ਼ਰਲੈਂਡ ਤੋਂ ਬਾਜ਼ਲ ਕਲੱਬ ਉਨ੍ਹਾਂ ਨੂੰ ਬਹੁਤੀ ਪ੍ਰੇਸ਼ਾਨੀ ਨਹੀਂ ਦਿੰਦੀਆਂ ਲੱਗਦੀਆਂ। ਗਰੁੱਪ 'ਬੀ' ਵੀ ਕਾਫੀ ਭਾਰਾ ਗਰੁੱਪ ਬਣਿਆ ਹੈ, ਜਿਸ ਵਿਚ ਇਤਿਹਾਸਕ ਜਰਮਨ ਕਲੱਬ ਬਾਇਰਨ ਮਿਊਨਿਖ ਤੋਂ ਇਲਾਵਾ, ਫ਼ਰਾਂਸ ਦੀ ਤਾਕਤਵਰ ਟੀਮ ਪੀ.ਐੱਸ.ਜੀ., ਬੈਲਜ਼ੀਅਮ ਤੋਂ ਐਂਡਰਲੈਕਟ ਅਤੇ ਸਕਾਟਲੈਂਡ ਤੋਂ ਸੈਲਟਿਕ ਵਰਗੀਆਂ ਸਾਰੀਆਂ ਹੀ ਮਜ਼ਬੂਤ ਟੀਮਾਂ ਸ਼ਾਮਿਲ ਹਨ। ਇਸ ਕਰਕੇ ਇਹ ਗਰੁੱਪ ਵੀ ਖਾਸ ਤੌਰ 'ਤੇ ਵੇਖਣ ਵਾਲਾ ਹੋਵੇਗਾ। ਗਰੁੱਪ 'ਸੀ' ਵਿਚ ਇੰਗਲੈਂਡ ਦੇਸ਼ ਦੀ ਘਰੇਲੂ ਖਿਤਾਬ ਜੇਤੂ ਟੀਮ ਚੈਲਸੀ ਦੇ ਨਾਲ, ਸਪੇਨ ਦੀ ਤੇਜ਼-ਤਰਾਰ ਟੀਮ ਐਟਲੈਟੀਕੋ ਮੈਡ੍ਰਿਡ, ਇਟਲੀ ਦੀ ਟੀਮ ਏ.ਐਸ. ਰੋਮਾ ਅਤੇ ਅਜ਼ਰਬਾਈਜਾਨ ਦੇਸ਼ ਦੀ ਟੀਮ ਕਰਾਬਾਗ ਵੀ ਸ਼ਾਮਿਲ ਹੈ। ਗਰੁੱਪ 'ਡੀ' ਵਿਚ ਸਪੇਨ ਤੋਂ ਤਕਨੀਕੀ ਫੁੱਟਬਾਲ ਖੇਡਣ ਦੀ ਮਾਹਿਰ ਟੀਮ ਬਾਰਸੀਲੋਨਾ ਅਤੇ ਪਿਛਲੇ ਸਾਲ ਦੇ ਉਪ-ਜੇਤੂ ਇਟਲੀ ਦੇ ਜੂਵੈਂਟਸ ਕਲੱਬ ਤੋਂ ਇਲਾਵਾ ਗ੍ਰੀਸ ਦੀ ਓਲੰਪੀਆਕੋਸ ਅਤੇ ਕ੍ਰਿਸਟੀਆਨੋ ਰੋਨਾਲਡੋ ਦੀ ਪਹਿਲੀ ਟੀਮ ਸਪੋਰਟਿੰਗ ਕਲੱਬ ਸ਼ਾਮਿਲ ਹੈ।
ਪਿਛਲੇ ਸੀਜ਼ਨ ਵਿਚ ਆਖਰੀ ਹੱਲਾ ਬੋਲ ਕੇ ਚੈਂਪੀਅਨਜ਼ ਲੀਗ ਵਿਚ ਪਹੁੰਚੀ ਅਤੇ ਦੋ ਸਾਲਾਂ ਦੇ ਵਕਫ਼ੇ ਮਗਰੋਂ ਵਾਪਸੀ ਕਰ ਰਹੇ ਇਤਿਹਾਸਕ ਕਲੱਬ ਲਿਵਰਪੂਲ ਨੂੰ ਗਰੁੱਪ 'ਈ' ਮਿਲਿਆ ਹੈ, ਜੋ ਵੇਖਣ ਵਿਚ ਸੌਖਾ ਲੱਗਦਾ ਹੈ ਪਰ ਅਸਲ ਵਿਚ ਟੇਢਾ ਹੈ, ਜਿਸ ਵਿਚ ਸਪੇਨ ਤੋਂ ਸੇਵੀਆ ਕਲੱਬ, ਰੂਸ ਦੀ ਟੀਮ ਸਪਾਰਟਾਕ ਮਾਸਕੋ ਅਤੇ ਸਲੋਵਨੀਆ ਦੇਸ਼ ਦੀ ਮਾਰੀਬੋਰ ਨਾਂਅ ਦੀ ਨਵੀਂ ਟੀਮ ਵੀ ਸ਼ਾਮਿਲ ਹੈ। ਗਰੁੱਪ 'ਐਫ' ਵਿਚ ਅਮੀਰ ਟੀਮ ਮੈਨਚੈਸਟਰ ਸਿਟੀ ਤੋਂ ਇਲਾਵਾ ਬਾਕੀ ਤਿੰਨੇ ਟੀਮਾਂ, ਇਟਲੀ ਤੋਂ ਨਾਪੋਲੀ, ਯੂਕਰੇਨ ਤੋਂ ਸ਼ਾਖਟਾਰ ਅਤੇ ਹਾਲੈਂਡ ਤੋਂ ਫਾਏਨੂਰਡ ਇਕੋ ਪੱਧਰ ਦੀਆਂ ਟੀਮਾਂ ਹਨ। ਗਰੁੱਪ 'ਜੀ' ਵਿਚ ਪਿਛਲੇ ਸਾਲ ਸਭ ਨੂੰ ਹੈਰਾਨ ਕਰਨ ਵਾਲੀ ਫ਼ਰਾਂਸ ਦੀ ਜੇਤੂ ਟੀਮ ਮੋਨਾਕੋ ਦੇ ਮੁਕਾਬਲੇ ਉਸ ਵਾਂਗ ਹੀ ਹੈਰਾਨ ਕਰਨ ਦੀ ਸਮਰੱਥਾ ਵਾਲੀ ਜਰਮਨ ਟੀਮ ਲੀਪਜ਼ਿਗ ਦੇ ਨਾਲ ਪੁਰਤਗਾਲੀ ਟੀਮ ਐਫ.ਸੀ. ਪੋਰਟੋ ਅਤੇ ਬਸ਼ਿਕਟਾਸ (ਤੁਰਕੀ) ਸ਼ਾਮਿਲ ਹਨ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਉਲੰਪਿਕ ਖੇਡਾਂ-2024 ਪੈਰਿਸ ਤੇ 2028 ਲਾਸ ਏਂਜਲਸ 'ਚ ਹੋਣਗੀਆਂ

13-16 ਸਤੰਬਰ ਨੂੰ ਲੀਮਾ (ਪੀਰੂ) 'ਚ ਹੋਏ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਜਨਰਲ ਸੈਸ਼ਨ ਨੇ ਸਰਬ ਸੰਮਤੀ ਨਾਲ 2024 ਦੀਆਂ ਉਲੰਪਿਕ ਖੇਡਾਂ ਪੈਰਿਸ ਤੇ 2028 ਦੀਆਂ ਉਲੰਪਿਕ ਖੇਡਾਂ ਲਾਸ ਏਂਜਲਸ ਨੂੰ ਅਲਾਟ ਕਰ ਦਿੱਤੀਆਂ ਹਨ। ਉਲੰਪਿਕ ਚਾਰਟਰ ਅਨੁਸਾਰ ਉਲੰਪਿਕ ਖੇਡਾਂ ਦਾ ਮੇਜ਼ਬਾਨ ਬਣਨ ਲਈ ਅਗਲੀ ਉਲੰਪਿਕ ਤੋਂ 9 ਸਾਲ ਪਹਿਲਾਂ ਸ਼ਹਿਰਾਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। 7 ਸਾਲ ਪਹਿਲਾਂ ਆਈ.ਓ.ਸੀ. ਦੇ ਸੈਸ਼ਨ ਵਿਚ ਸ਼ਹਿਰ ਦੀ ਚੋਣ ਕੀਤੀ ਜਾਂਦੀ ਹੈ। ਮਸਲਨ 2020 ਵਿਚ ਹੋਣ ਵਾਲੀਆਂ 32ਵੀਆਂ ਉਲੰਪਿਕ ਖੇਡਾਂ ਲਈ ਅਰਜ਼ੀਆਂ ਦੇਣ ਦੀ ਆਖ਼ਰੀ ਤਾਰੀਖ਼ 15 ਫਰਵਰੀ, 2012 ਸੀ। ਕੁੱਲ 5 ਸ਼ਹਿਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਆਈ.ਓ.ਸੀ. ਦੇ ਮੁਲਾਂਕਣ ਕਮਿਸ਼ਨ ਤੇ ਕਾਰਜਕਾਰੀ ਬੋਰਡ ਨੇ ਮੁਢਲੇ ਮੁਲਾਂਕਣ ਵਿਚ ਬਾਕੂ ਤੇ ਦੋਹਾ ਨੂੰ ਮੁਕਾਬਲੇ 'ਚੋਂ ਬਾਹਰ ਕਰ ਦਿੱਤਾ ਸੀ। 3 ਸ਼ਹਿਰ ਇਸਤੰਬੋਲ, ਟੋਕੀਓ ਤੇ ਮੈਡਰਿਡ ਮੁਕਾਬਲੇ ਵਿਚ ਰਹਿ ਗਏ ਸਨ। ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦਾ 125ਵਾਂ ਸਾਲਾਨਾ ਸੈਸ਼ਨ 7-10 ਸਤੰਬਰ, 2013 ਨੂੰ ਬਿਊਨਸ ਏਅਰਜ਼ ਵਿਚ ਹੋਇਆ ਸੀ। ਪਹਿਲੇ ਗੇੜ ਵਿਚ ਟੋਕੀਓ ਨੂੰ 42, ਇਸਤੰਬੋਲ ਨੂੰ 26 ਤੇ ਮੈਡਰਿਡ ਨੂੰ 26 ਵੋਟਾਂ ਪਈਆਂ ਸਨ। ਦੂਜੇ ਗੇੜ ਵਿਚ ਇਸਤੰਬੋਲ ਨੂੰ 49 ਤੇ ਮੈਡਰਿਡ ਨੂੰ 45 ਵੋਟਾਂ ਪਈਆਂ, ਜਿਸ ਨਾਲ ਮੈਡਰਿਡ ਮੁਕਾਬਲੇ 'ਚੋਂ ਬਾਹਰ ਹੋ ਗਿਆ ਸੀ। ਤੀਜਾ ਰਾਊਂਡ ਟੋਕੀਓ ਨੇ 60-36 ਵੋਟਾਂ ਨਾਲ ਜਿੱਤ ਲਿਆ, ਜਿਸ ਨਾਲ 2020 ਦੀਆਂ ਉਲੰਪਿਕ ਖੇਡਾਂ ਟੋਕੀਓ ਨੂੰ ਮਿਲ ਗਈਆਂ। ਇਉਂ 32ਵੀਆਂ ਉਲੰਪਿਕ ਖੇਡਾਂ 2020 ਵਿਚ 2 ਤੋਂ 18 ਅਗਸਤ ਤੱਕ ਟੋਕੀਓ ਵਿਚ ਹੋਣਗੀਆਂ।
2024 ਦੀਆਂ 33ਵੀਆਂ ਉਲੰਪਿਕ ਖੇਡਾਂ ਲਈ ਪੈਰਿਸ, ਹੈਮਬਰਗ, ਰੋਮ, ਬੁਡਾਪੈਸਟ ਤੇ ਲਾਸ ਏਂਜਲਸ ਨੇ ਅਰਜ਼ੀਆਂ ਦਿੱਤੀਆਂ ਸਨ। ਪਰ ਮੇਜ਼ਬਾਨ ਸ਼ਹਿਰ ਦੀ ਚੋਣ ਕਰਨ ਲਈ ਵੋਟਾਂ ਪੈਣ ਤੋਂ ਕਾਫੀ ਪਹਿਲਾਂ ਹੈਮਬਰਗ, ਰੋਮ ਤੇ ਬੁਡਾਪੈਸਟ ਮੁਕਾਬਲੇ 'ਚੋਂ ਪਿੱਛੇ ਹਟ ਗਏ ਸਨ। ਮੁਕਾਬਲੇ 'ਚ ਰਹਿ ਗਏ ਪੈਰਿਸ ਤੇ ਲਾਸ ਏਂਜਲਸ। ਮੁਕਾਬਲੇ ਦੀ ਥਾਂ ਦੋਵਾਂ ਸ਼ਹਿਰਾਂ ਨੇ ਮੁਲਾਂਕਣ ਕਮਿਸ਼ਨ ਅੱਗੇ ਸਹਿਮਤੀ ਪ੍ਰਗਟ ਕਰ ਦਿੱਤੀ ਕਿ 2024 ਦੀਆਂ ਉਲੰਪਿਕ ਖੇਡਾਂ ਪੈਰਿਸ ਕਰਾ ਲਵੇ ਤੇ 2028 ਦੀਆਂ ਖੇਡਾਂ ਲਾਸ ਏਂਜਲਸ ਕਰਾਉਣ ਲਈ ਤਿਆਰ ਹੈ।
ਉਲੰਪਿਕ ਖੇਡਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕੋ ਸਮੇਂ 33ਵੀਆਂ ਤੇ 34ਵੀਆਂ ਉਲੰਪਿਕ ਖੇਡਾਂ ਦੋ ਸ਼ਹਿਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਅਜਿਹਾ ਤਦ ਕਰਨਾ ਪਿਆ ਕਿ ਬਿਲੀਅਨਜ਼ ਦੇ ਖਰਚੇ ਵਾਲੀਆਂ ਅਰਬਾਂ-ਖਰਬਾਂ ਦੀਆਂ ਉਲੰਪਿਕ ਖੇਡਾਂ ਕਰਾਉਣ ਲਈ ਬਹੁਤੇ ਸ਼ਹਿਰ ਅੱਗੇ ਨਹੀਂ ਆ ਰਹੇ। ਅਰਜ਼ੀਆਂ ਦੇ ਕੇ ਵੀ ਵਧੇਰੇ ਸ਼ਹਿਰ ਟਾਲਾ ਵੱਟਣ ਲੱਗ ਪਏ ਹਨ। ਟੋਕੀਓ ਦੀ ਮੇਜ਼ਬਾਨੀ ਲਈ 5 ਸ਼ਹਿਰਾਂ 'ਚੋਂ 3 ਸ਼ਹਿਰ ਪਹਿਲਾਂ ਹੀ ਮੁਕਾਬਲੇ 'ਚੋਂ ਹਟ ਗਏ ਸਨ। ਇਹ ਵੀ ਪਹਿਲੀ ਵਾਰ ਹੋਇਆ ਕਿ ਆਈ.ਓ.ਸੀ. ਨੇ ਸਰਬ ਸੰਮਤੀ ਨਾਲ 2024 ਤੇ 2028 ਦੀਆਂ ਉਲੰਪਿਕ ਖੇਡਾਂ ਆਪਸੀ ਸਹਿਮਤੀ ਨਾਲ ਦੋ ਸ਼ਹਿਰਾਂ ਨੂੰ ਅਲਾਟ ਕੀਤੀਆਂ ਹਨ।
ਟੋਕੀਓ 'ਚ ਪਹਿਲੀ ਵਾਰ 1964 ਵਿਚ ਉਲੰਪਿਕ ਖੇਡਾਂ ਹੋਈਆਂ ਸਨ, ਜੋ ਹੁਣ ਦੂਜੀ ਵਾਰ ਹੋਣਗੀਆਂ। ਉਥੇ 33 ਸਪੋਰਟਸ ਦੇ 324 ਈਵੈਂਟਾਂ ਵਿਚ 207 ਮੁਲਕਾਂ ਦੇ ਲਗਪਗ 12,000 ਖਿਡਾਰੀ ਭਾਗ ਲੈਣਗੇ। ਪੈਰਿਸ ਵਿਚ ਉਲੰਪਿਕ ਖੇਡਾਂ ਤੀਜੀ ਵਾਰ ਹੋਣਗੀਆਂ, ਜੋ 2024 'ਚ 2 ਤੋਂ 18 ਅਗਸਤ ਤੱਕ ਚੱਲਣਗੀਆਂ। ਉਥੇ ਪਹਿਲੀ ਵਾਰ 1900 ਤੇ ਦੂਜੀ ਵਾਰ 1924 ਵਿਚ ਉਲੰਪਿਕ ਖੇਡਾਂ ਹੋਈਆਂ ਸਨ। ਲੰਡਨ ਵਿਚ ਵੀ ਉਲੰਪਿਕ ਖੇਡਾਂ 3 ਵਾਰ ਹੋਈਆਂ ਹਨ। ਪਹਿਲੀ ਵਾਰ 1908, ਦੂਜੀ ਵਾਰ 1948 ਤੇ ਤੀਜੀ ਵਾਰ 2012 ਵਿਚ ਹੋਈਆਂ। ਲਾਸ ਏਂਜਲਸ ਨੂੰ ਵੀ ਤੀਜੀ ਵਾਰ ਉਲੰਪਿਕ ਖੇਡਾਂ ਕਰਾਉਣ ਦਾ ਮੌਕਾ ਮਿਲ ਗਿਆ ਹੈ। ਉਥੇ ਪਹਿਲੀ ਵਾਰ 1932 ਤੇ ਦੂਜੀ ਵਾਰ 1984 ਵਿਚ ਉਲੰਪਿਕ ਖੇਡਾਂ ਹੋਈਆਂ ਸਨ। 'ਕੱਲੇ ਮੁਲਕ ਅਮਰੀਕਾ ਵਿਚ 5 ਵਾਰ ਉਲੰਪਿਕ ਖੇਡਾਂ ਹੋ ਚੁੱਕੀਆਂ ਹਨ ਤੇ ਛੇਵੀਂ ਵਾਰ 2028 ਵਿਚ ਹੋਣਗੀਆਂ। ਸਭ ਤੋਂ ਬਹੁਤੀ ਵਸੋਂ ਵਾਲੇ ਏਸ਼ੀਆ ਮਹਾਂਦੀਪ ਨੂੰ ਹੁਣ ਤੱਕ ਕੇਵਲ 4 ਵਾਰ ਉਲੰਪਿਕ ਖੇਡਾਂ ਮਿਲੀਆਂ ਹਨ। ਦੁਨੀਆ ਦੇ ਦੂਜੇ ਵੱਡੇ ਦੇਸ਼ ਭਾਰਤ ਨੇ ਨਾ ਕਦੇ ਉਲੰਪਿਕ ਖੇਡਾਂ ਕਰਾਉਣ ਦੀ ਅਰਜ਼ੀ ਦਿੱਤੀ ਤੇ ਨਾ ਖੇਡਾਂ ਕਰਾਉਣ ਦਾ ਮੌਕਾ ਮਿਲਿਆ। ਗੱਲ ਹੁਣ 2032 ਦੀਆਂ ਉਲੰਪਿਕ ਖੇਡਾਂ 'ਤੇ ਜਾ ਪਈ ਹੈ। ਤਦ ਤੱਕ ਹੋ ਸਕਦੈ ਭਾਰਤ ਦਾ ਵੀ ਕੋਈ ਸ਼ਹਿਰ ਅਰਜ਼ੀ ਦੇਣ ਦਾ ਹੌਸਲਾ ਕਰ ਲਵੇ!

ਏਸ਼ੀਆ ਦਾ ਅੱਵਲ ਨੰਬਰ ਸੁਟਾਵਾ ਬਣਨ ਵੱਲ ਵਧ ਰਿਹਾ ਤੇਜਿੰਦਰਪਾਲ ਸਿੰਘ ਤੂਰ

ਬੀਤੇ ਹਫ਼ਤੇ ਏਸ਼ੀਅਨ ਇੰਡੋਰ ਖੇਡਾਂ 'ਚੋਂ ਤਗਮਾ ਜੇਤੂ ਪੰਜਾਬੀ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨਾਲ ਮੁਲਾਕਾਤ

ਅਥਲੈਟਿਕਸ ਦੇ ਵਧੇਰੇ ਤਾਕਤ ਮੰਗਦੇ ਈਵੈਂਟਸ 'ਚ ਪੰਜਾਬੀਆਂ ਦਾ ਹਮੇਸ਼ਾ ਹੀ ਦਬਦਬਾ ਰਿਹਾ ਹੈ। ਗੋਲਾ ਸੁੱਟਣ 'ਚ ਪਦਮਸ੍ਰੀ ਬਹਾਦਰ ਸਿੰਘ ਚੌਹਾਨ, ਪ੍ਰਦਮਣ ਸਿੰਘ ਭਗਤਾ ਭਾਈਕਾ ਤੇ ਬਹਾਦਰ ਸਿੰਘ ਪੰਜਾਬ ਪੁਲਿਸ ਹੋਰਾਂ ਦੀ ਕੌਮਾਂਤਰੀ ਮੰਚ 'ਤੇ ਤਿਰੰਗਾ ਲਹਿਰਾਉਣ ਦੀ ਪ੍ਰੰਪਰਾ ਨੂੰ ਅੱਗੇ ਵਧਾ ਰਿਹਾ ਹੈ- ਤੇਜਿੰਦਰਪਾਲ ਸਿੰਘ ਤੂਰ। ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦੇ ਜੰਮਪਲ ਤੇਜਿੰਦਰਪਾਲ ਨੇ ਹਾਲ ਹੀ ਵਿਚ ਹੋਈਆਂ ਏਸ਼ੀਅਨ ਇੰਡੋਰ ਤੇ ਮਾਰਸ਼ਲ ਆਰਟਰ ਖੇਡਾਂ 'ਚੋਂ ਚਾਂਦੀ ਦਾ ਤਗਮਾ ਜਿੱਤ ਕੇ, ਦੂਸਰੀ ਵਾਰ ਏਸ਼ੀਆ ਪੱਧਰ 'ਤੇ ਤਿਰੰਗਾ ਲਹਿਰਾਉਣ ਦਾ ਐਜ਼ਾਜ਼ ਹਾਸਲ ਕੀਤਾ ਹੈ। ਜਿਸ ਤੇਜ਼ੀ ਨਾਲ ਤੂਰ ਕੌਮਾਂਤਰੀ ਮੰਚ 'ਤੇ ਅੱਗੇ ਵਧ ਰਿਹਾ ਹੈ, ਉਸ ਤੋਂ ਸਹਿਜੇ ਹੀ ਉਮੀਦ ਬੱਝਦੀ ਹੈ ਕਿ ਉਹ ਏਸ਼ੀਅਨ ਪੱਧਰ 'ਤੇ ਗੋਲਾ ਸੁੱਟਣ 'ਚ ਅੱਵਲ ਸਥਾਨ 'ਤੇ ਕਬਜ਼ਾ ਕਰ ਲਵੇਗਾ।
ਸ: ਕਰਮ ਸਿੰਘ ਤੂਰ ਅਤੇ ਸ੍ਰੀਮਤੀ ਪ੍ਰਿਤਪਾਲ ਕੌਰ ਤੂਰ ਦੇ ਘਰ ਪੈਦਾ ਹੋਏ ਤੇਜਿੰਦਰਪਾਲ ਨੇ ਆਪਣੇ ਚਾਚਾ ਸ: ਗੁਰਦੇਵ ਸਿੰਘ ਪੰਜਾਬ ਪੁਲਿਸ ਦੀ ਪ੍ਰੇਰਨਾ ਸਦਕਾ 11 ਸਾਲ ਦੀ ਉਮਰ 'ਚ ਸਮਰ ਫੀਲਡ ਸਕੂਲ ਮੋਗਾ ਵਿਖੇ ਪੜ੍ਹਦਿਆਂ ਗੋਲਾ ਸੁੱਟਣ 'ਚ ਜ਼ੋਰ ਅਜ਼ਮਾਇਸ਼ ਆਰੰਭ ਕੀਤੀ, ਜਿਸ ਤਹਿਤ 12ਵੀਂ ਜਮਾਤ 'ਚ ਪੜ੍ਹਦਿਆਂ ਉਸ ਨੇ ਕੌਮੀ ਸਕੂਲ ਖੇਡਾਂ ਦੇ ਅੰਡਰ-19 ਉਮਰ ਗੁੱਟ 'ਚ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ। ਫਿਰ ਉਸ ਨੇ 2013 'ਚ ਪੰਜਾਬੀ ਯੂਨੀਵਰਸਿਟੀ ਵਲੋਂ ਕੁੱਲ ਹਿੰਦ ਅੰਤਰ'ਵਰਸਿਟੀ ਮੁਕਾਬਲਿਆਂ 'ਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਅਗਲੇ ਵਰ੍ਹੇ ਹੀ ਇਨ੍ਹਾਂ ਮੁਕਾਬਲਿਆਂ 'ਚ ਸੋਨ ਤਗਮਾ ਜਿੱਤਣ ਦਾ ਐਜ਼ਾਜ਼ ਹਾਸਲ ਕਰ ਲਿਆ। ਇਹ ਪ੍ਰਦਰਸ਼ਨ ਤੂਰ ਨੇ 2015 'ਚ ਵੀ ਸੁਨਹਿਰੀ ਅੰਦਾਜ਼ 'ਚ ਦੁਹਰਾਇਆ, ਜਿਸ ਆਧਾਰ 'ਤੇ ਉਸ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ ਦੱਖਣੀ ਕੋਰੀਆ 'ਚ ਦੇਸ਼ ਦੀ ਨੁਮਾਇੰਦਗੀ ਕਰਦਿਆਂ ਪੰਜਵਾਂ ਸਥਾਨ ਹਾਸਲ ਕੀਤਾ। 2015 'ਚ ਤੂਰ ਨੇ ਕੌਮੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ। ਅਗਲੇ ਵਰ੍ਹੇ ਕੌਮੀ ਫੈਡਰੇਸ਼ਨ ਕੱਪ 'ਚ 19.93 ਮੀਟਰ ਥਰੋਅ ਕਰਕੇ ਸੋਨ ਤਗਮਾ ਜਿੱਤਿਆ। ਇਸੇ ਵਰ੍ਹੇ ਤੂਰ ਨੇ ਲਖਨਊ ਵਿਖੇ ਹੋਈ ਓਪਨ ਨੈਸ਼ਨਲ ਮੀਟ 'ਚ 20.40 ਮੀਟਰ ਥਰੋਅ ਕਰਕੇ ਸੋਨ ਤਗਮਾ ਜਿੱਤਿਆ ਅਤੇ ਆਪਣੇ ਖੇਡ ਜੀਵਨ ਦਾ ਸਰਬੋਤਮ ਪ੍ਰਦਰਸ਼ਨ ਕੀਤਾ।
ਕਜ਼ਾਕਸਿਤਾਨ 'ਚ ਹੋਈ ਇਕ ਮੀਟ ਦੌਰਾਨ 20.01 ਮੀਟਰ ਥਰੋਅ ਕਰਕੇ ਤੂਰ ਨੇ ਆਪਣਾ ਪਹਿਲਾ ਕੌਮਾਂਤਰੀ ਸੋਨ ਤਗਮਾ ਜਿੱਤਿਆ ਅਤੇ ਇਸ ਮੀਟ ਦਾ 21 ਸਾਲ ਪੁਰਾਣਾ ਕੀਰਤੀਮਾਨ ਵੀ ਤੋੜਿਆ। ਭੁਵਨੇਸ਼ਵਰ ਵਿਖੇ ਇਸੇ ਸਾਲ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 'ਚ ਤੂਰ ਨੇ 19.77 ਮੀਟਰ ਥਰੋਅ ਕਰਕੇ ਪਹਿਲੀ ਵਾਰ ਏਸ਼ੀਆ ਪੱਧਰ 'ਤੇ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ, ਜਿਸ ਦੀ ਬਦੌਲਤ ਉਸ ਨੂੰ ਉੜੀਸਾ ਸਰਕਾਰ ਨੇ 7.5 ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ। ਇਸ ਸਿਲਸਿਲੇ ਨੂੰ ਅੱਗੇ ਤੋਰਦਿਆਂ ਇੰਡੀਅਨ ਨੇਵੀ ਦੇ ਜਵਾਨ ਤੂਰ ਨੇ ਹਾਲ ਹੀ ਵਿਚ ਏਸ਼ੀਅਨ ਇੰਡੋਰ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਤੂਰ ਨੇ 2015 ਤੋਂ ਨਾਮਵਰ ਕੋਚ ਮਹਿੰਦਰ ਸਿੰਘ ਢਿੱਲੋਂ ਤੋਂ ਸਪੋਰਟਸ ਕਾਲਜ ਜਲੰਧਰ ਵਿਖੇ ਸਿਖਲਾਈ ਲੈਣੀ ਆਰੰਭ ਕੀਤੀ, ਜਿਸ ਨਾਲ ਉਸ ਦੀ ਕਾਰਗੁਜ਼ਾਰੀ 'ਚ ਬਹੁਤ ਨਿਖਾਰ ਆਇਆ ਹੈ।
ਤੇਜਿੰਦਰਪਾਲ ਸਿੰਘ ਤੂਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਉਸ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਪ੍ਰਾਪਤੀਆਂ ਦੇ ਬਾਵਜੂਦ ਕੋਈ ਮਾਣ-ਸਨਮਾਨ ਨਹੀਂ ਦਿੱਤਾ ਗਿਆ, ਜਿਸ ਕਾਰਨ ਅਥਲੈਟਿਕਸ 'ਚ ਪੰਜਾਬ ਦੀਆਂ ਪ੍ਰਾਪਤੀਆਂ ਦਾ ਗ੍ਰਾਫ ਹੇਠਾਂ ਆ ਰਿਹਾ ਹੈ। ਜ਼ਰੂਰਤ ਹੈ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਰਿਆਣਾ ਦੀ ਤਰਜ਼ 'ਤੇ ਨਕਦ ਇਨਾਮ ਦਿੱਤੇ ਜਾਣ। ਤੇਜਿੰਦਰਪਾਲ ਦਾ ਟੀਚਾ ਪਹਿਲਾਂ ਅਗਲੇ ਵਰ੍ਹੇ ਹੋਣ ਵਾਲੀਆਂ ਏਸ਼ੀਅਨ ਤੇ ਰਾਸ਼ਟਰ ਮੰਡਲ ਖੇਡਾਂ 'ਚੋਂ ਸੋਨ ਤਗਮੇ ਜਿੱਤਣਾ ਹੈ, ਫਿਰ ਉਲੰਪਿਕ 'ਚ ਦੇਸ਼ ਲਈ ਤਗਮਾ ਜਿੱਤਣਾ ਹੈ।


-ਪਟਿਆਲਾ।
ਮੋਬਾ: 97795-90575

ਭਾਰਤੀ ਕ੍ਰਿਕਟ ਟੀਮ ਤੁਰੀ ਜਿੱਤਾਂ ਦੇ ਰਾਹ 'ਤੇ

ਭਾਰਤੀ ਕ੍ਰਿਕਟ ਟੀਮ ਦੁਆਰਾ ਲਗਾਤਾਰ ਕੀਤੇ ਜਾ ਰਹੇ ਸ਼ਾਨਦਾਰ ਪ੍ਰਦਰਸ਼ਨ ਤੋਂ ਹਰ ਇਕ ਕ੍ਰਿਕਟ ਪ੍ਰੇਮੀ ਖੁਸ਼ ਹੈ, ਕਿਉਂਕਿ ਪਹਿਲਾਂ ਵੈਸਟ ਇੰਡੀਜ਼ ਨੂੰ ਉਨ੍ਹਾਂ ਦੀ ਧਰਤੀ 'ਤੇ ਹਰਾ ਕੇ ਇਕ ਦਿਨਾਂ ਮੈਚਾਂ ਦੀ ਲੜੀ ਜਿੱਤ ਕੇ ਵਾਪਸ ਪਰਤੀ ਤੇ ਫਿਰ ਸ੍ਰੀਲੰਕਾ ਦੇ ਦੌਰੇ 'ਤੇ ਗਈ। ਉਥੇ ਵੀ ਜੇਤੂ ਮੁਹਿੰਮ ਨੂੰ ਜਾਰੀ ਰੱਖਦਿਆਂ ਅਜਿਹੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ, ਜੋ ਕਿਸੇ ਵੀ ਕ੍ਰਿਕਟ ਪ੍ਰਸੰਸਕ ਦੇ ਚੇਤੇ 'ਚੋਂ ਵਿਸਰ ਨਹੀਂ ਸਕਦੀਆਂ। 3 ਟੈਸਟ ਮੈਚਾਂ ਅਤੇ 5 ਇਕ ਦਿਨਾਂ ਮੈਚਾਂ ਦੀਆਂ ਲੜੀਆਂ ਵਿਚ ਕਲੀਨ ਸਵੀਪ ਕਰਕੇ ਨਵਾਂ ਰਿਕਾਰਡ ਕਾਇਮ ਕਰਕੇ ਇਸ ਦੌਰੇ ਨੂੰ ਯਾਦਗਾਰੀ ਬਣਾ ਦਿੱਤਾ।
ਦੂਸਰਾ ਮੈਚ ਜਿੱਤਣ 'ਤੇ ਭਾਵੇਂ ਭਾਰਤੀ ਟੀਮ ਨੇ ਲੜੀ 'ਤੇ ਕਬਜ਼ਾ ਕਰ ਲਿਆ ਸੀ ਪਰ ਤੀਸਰੇ ਮੈਚ ਵਿਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਆਪਣੀ ਇੱਜ਼ਤ ਬਚਾਉਣ ਲਈ ਸ੍ਰੀਲੰਕਾ ਦੀ ਟੀਮ ਮੈਚ ਜਿੱਤਣ ਜਾਂ ਡਰਾਅ ਕਰਨ ਦੀ ਕੋਸ਼ਿਸ਼ ਕਰੇਗੀ। ਪਰ ਭਾਰਤੀ ਟੀਮ ਨੇ ਇਹ ਮਨਸ਼ਾ ਵੀ ਪੂਰੀ ਨਾ ਹੋਣ ਦਿੱਤੀ। ਆਖਰ ਨੂੰ ਅਖੀਰਲਾ ਮੈਚ ਵੀ ਇਕ ਪਾਰੀ 'ਤੇ 171 ਦੌੜਾਂ ਨਾਲ ਜਿੱਤ ਕੇ ਲੜੀ ਨੂੰ ਕਲੀਨ ਸਵੀਪ ਕਰਕੇ ਜਿੱਤ ਲਿਆ। ਸ਼ਿਖਰ ਧਵਨ ਦੀਆਂ 119 ਦੇ ਹਾਰਦਿਕ ਪਾਂਡਿਆ ਦੀਆਂ 108 ਦੌੜਾਂ ਦੀਆਂ ਪਾਰੀਆਂ ਸਦਕਾ ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ 487 ਦੌੜਾਂ ਬਣਾ ਲਈਆਂ। ਜਿਸ ਦੀ ਪਿੱਛਾ ਕਰਦੀ ਹੋਈ ਸ੍ਰੀਲੰਕਾ ਦੀ ਟੀਮ ਪਹਿਲੀ ਪਾਰੀ 'ਚ 135 ਤੇ ਦੂਸਰੀ ਪਾਰੀ ਦੌਰਾਨ 181 ਦੌੜਾਂ 'ਤੇ ਸਿਮਟ ਗਈ। ਅਸਵਿਨ ਤੇ ਜੁਡੇਜਾ ਨੇ ਆਪਣੀ ਗੇਂਦਬਾਜ਼ੀ ਦਾ ਜਾਦੂ ਚਲਾ ਕੇ 6-6 ਖਿਡਾਰੀਆਂ ਨੂੰ ਆਊਟ ਕਰ ਦਿੱਤਾ।
ਟੈਸਟ ਸੀਰੀਜ਼ ਗਵਾਉਣ ਤੋਂ ਬਾਅਦ ਇੰਜ ਲੱਗਦਾ ਸੀ ਕਿ ਇਸ ਦਾ ਬਦਲਾ ਚੁਕਾਉਣ ਲਈ ਸ੍ਰੀਲੰਕਾ ਦੀ ਟੀਮ ਇਕ-ਦਿਨਾਂ ਮੈਚਾਂ ਦੀ ਲੜੀ ਜਿੱਤਣ ਲਈ ਪੂਰੀ ਵਾਹ ਲਾਵੇਗੀ। ਪਰ ਭਾਰਤੀ ਟੀਮ ਨੇ ਲੰਕਾਈ ਟੀਮ ਦੀ ਇਕ ਨਾ ਚੱਲਣ ਦਿੱਤੀ ਤੇ 5 ਮੈਚਾਂ ਦੀ ਲੜੀ 'ਤੇ 5-0 ਨਾਲ ਕਲੀਨ ਸਵੀਪ ਕਰਕੇ ਕਬਜ਼ਾ ਕਰ ਲਿਆ।
ਗੱਲ ਆ ਕੇ ਰੁਕੀ ਤੀਸਰੇ ਮੈਚ 'ਤੇ, ਇਹ ਮੈਚ ਸਭ ਤੋਂ ਦਿਲਚਸਪੀ ਵਾਲਾ ਸੀ, ਕਿਉਂਕਿ ਜੇਕਰ ਭਾਰਤੀ ਟੀਮ ਮੈਚ ਜਿੱਤਦੀ ਸੀ ਤਾਂ ਉਹ ਲੜੀ 'ਤੇ ਕਾਬਜ਼ ਹੁੰਦੀ ਸੀ ਤੇ ਜੇਕਰ ਸ੍ਰੀਲੰਕਾ ਦੀ ਟੀਮ ਜਿੱਤਦੀ ਤਾਂ ਭਾਰਤ ਦਾ ਲੜੀ ਜਿੱਤਣ ਦਾ ਰਾਹ ਅਜੇ ਰੁਕ ਜਾਂਦਾ। ਪਰ ਇੱਥੇ ਵੀ ਸ੍ਰੀਲੰਕਾ ਦੀ ਟੀਮ ਭਾਰਤੀ ਟੀਮ ਦੀ ਜੇਤੂ ਮੁਹਿੰਮ ਨੂੰ ਰੋਕਣ ਵਿਚ ਅਸਮਰੱਥ ਰਹੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਦੀ ਟੀਮ ਨੇ 217 ਦੌੜਾਂ ਬਣਾਈਆਂ। ਇਸ ਮੈਚ ਵਿਚ ਵੀ ਭਾਰਤੀ ਗੇਂਦਬਾਜ਼ ਜਸਪ੍ਰੀਤ ਬੰਮਰਾਹ ਹੀ ਚਮਕੇ ਤੇ ਇਕੱਲੇ ਨੇ 5 ਖਿਡਾਰੀਆਂ ਨੂੰ ਆਊਟ ਕਰਕੇ ਆਪਣੇ ਕੈਰੀਅਰ ਵਿਚ ਨਵਾਂ ਰਿਕਾਰਡ ਜੋੜਿਆ। ਤੀਸਰਾ ਮੈਚ ਹਾਰਨ ਤੋਂ ਬਾਅਦ ਲਗਦਾ ਸੀ ਕਿ ਬਾਕੀ ਰਹਿੰਦੇ ਦੋ ਮੈਚ ਸ੍ਰੀਲੰਕਾ ਦੀ ਟੀਮ ਜਿੱਤ ਕੇ ਭਾਰਤੀ ਟੀਮ ਨੂੰ ਹਰਾਉਣ ਲਈ ਪੂਰਾ ਜ਼ੋਰ ਲਗਾ ਦੇਵੇਗੀ। ਪਰ ਚੌਥੇ ਵਿਚ ਤਾਂ ਭਾਰਤੀ ਟੀਮ ਨੇ ਵਿਰਾਟ ਕੋਹਲੀ ਦੀਆਂ 131 ਦੌੜਾਂ ਤੇ ਰੋਹਿਤ ਸ਼ਰਮਾ ਦੀਆਂ 104 ਦੌੜਾਂ ਸਦਕਾ 375 ਦੌੜਾਂ ਦਾ ਸਭ ਤੋਂ ਵੱਡਾ ਸਕੋਰ ਬਣਾ ਕੇ ਸ੍ਰੀਲੰਕਾ ਲਈ ਟੀਚੇ ਨੂੰ ਪਾਰ ਕਰਨਾ ਮਾਊਂਟ ਐਵਰੈਸਟ 'ਤੇ ਚੜ੍ਹਨ ਸਮਾਨ ਬਣਾ ਦਿੱਤਾ। ਜਵਾਬ ਵਿਚ ਲੰਕਾਈ ਟੀਮ 207 ਦੌੜਾਂ 'ਤੇ ਹੀ ਸਿਮਟ ਗਈ। 3 ਸਤੰਬਰ ਨੂੰ ਕੋਲੰਬੋ ਵਿਚ ਖੇਡੇ ਆਖਰੀ ਮੈਚ 'ਚ ਭਾਰਤ ਨੂੰ ਕਲੀਨ ਸਵੀਪ ਕਰਨ ਤੋਂ ਰੋਕਣ ਦੇ ਮਕਸਦ ਨਾਲ ਮੈਦਾਨ 'ਚ ਉੱਤਰੀ ਸ੍ਰੀਲੰਕਾ ਦੀ ਟੀਮ ਦਾ ਇਹ ਸੁਪਨਾ ਵੀ ਅਧੂਰਾ ਹੀ ਰਹਿ ਗਿਆ। ਸ੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 238 ਦੌੜਾਂ ਬਣਾਈਆਂ। ਭੁਵਨੇਸ਼ਵਰ ਕੁਮਾਰ ਦੀ ਕੱਸੀ ਹੋਈ ਗੇਂਦਬਾਜ਼ੀ ਅੱਗੇ ਲੰਕਾਈ ਬੱਲੇਬਾਜ਼ ਕੁਝ ਖਾਸ ਨਾ ਕਰ ਸਕੇ ਤੇ ਇਕੱਲੇ ਨੇ 5 ਖਿਡਾਰੀਆਂ ਨੂੰ ਆਊਟ ਕਰ ਦਿੱਤਾ। ਜਵਾਬੀ ਪਾਰੀ ਵਿਚ ਵਿਰਾਟ ਕੋਹਲੀ ਦੀਆਂ ਬਿਨਾਂ ਆਊਟ ਹੋਏ 110 ਦੌੜਾਂ ਤੇ ਕੇਦਾਰ ਯਾਦਵ ਦੀਆਂ 63 ਦੌੜਾਂ ਸਦਕਾ ਇਹ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤ ਲਿਆ।
ਇਕ ਦਿਨਾਂ ਸੀਰੀਜ਼ ਅੰਦਰ ਸਭ ਤੋਂ ਵਧੀਆ ਗੇਂਦਬਾਜ਼ੀ ਕਰਨ ਵਾਲੇ ਜਸਪ੍ਰੀਤ ਬੰਮਰਾਹ ਨੂੰ 'ਮੈਨ ਆਫ਼ ਦਾ ਸੀਰੀਜ਼' ਦਾ ਖਿਤਾਬ ਦਿੱਤਾ। ਪੂਰੀ ਲੜੀ 'ਚ 15 ਵਿਕਟਾਂ ਹਾਸਲ ਕਰਕੇ ਉਹ ਦੁਵੱਲੇ ਇਕ ਦਿਨਾਂ ਮੈਚਾਂ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ। ਵੈਸੇ ਇਕ ਦਿਨਾਂ ਮੈਚਾਂ 'ਚ ਭਾਰਤੀ ਟੀਮ ਦੀ ਸਭ ਤੋਂ ਵਧੀਆ ਖਾਸੀਅਤ ਇਹ ਰਹੀ ਕਿ ਉਹ ਪਿਛਲੇ ਸਮਿਆਂ ਵਾਂਗੂੰ ਟੀਚੇ ਦਾ ਪਿੱਛਾ ਕਰਦੇ ਸਮੇਂ ਦਬਾਅ ਹੇਠਾਂ ਨਹੀਂ ਆਈ। ਆਪਣੀ ਬੱਲੇਬਾਜ਼ੀ ਵਿਚ ਸੁਧਾਰ ਕੀਤਾ ਤੇ 4 ਮੈਚ ਦੂਸਰੀ ਬੱਲੇਬਾਜ਼ੀ ਦੌਰਾਨ ਜਿੱਤੇ ਹਨ। ਆਸ ਹੈ ਕਿ ਆਸਟ੍ਰੇਲੀਆ ਦੀ ਟੀਮ ਵੱਲੋਂ ਕੀਤੇ ਜਾ ਰਹੇ ਤਾਜ਼ਾ ਭਾਰਤ ਦੌਰੇ ਦੌਰਾਨ ਖੇਡੇ ਜਾਣ ਵਾਲੇ ਤਿੰਨ ਟੀ-20 ਮੈਚ ਤੇ 5 ਇਕ ਦਿਨਾਂ ਮੈਚਾਂ ਦੀ ਲੜੀ ਵਿਚ ਵੀ ਭਾਰਤੀ ਟੀਮ ਅਜਿਹਾ ਹੀ ਪ੍ਰਦਰਸ਼ਨ ਕਰੇਗੀ।


-ਧਨੌਲਾ (ਬਰਨਾਲਾ)-148105. ਮੋਬਾ: 97810-48055

ਪ੍ਰਕਾਸ਼ ਪਾਦੂਕੋਨ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ

ਖੇਡ ਪ੍ਰੇਮੀਆਂ ਨੇ ਇਹ ਖ਼ਬਰ ਬਹੁਤ ਹੁਲਾਸ ਭਰੇ ਜਜ਼ਬੇ ਨਾਲ ਸੁਣੀ ਕਿ ਪ੍ਰਕਾਸ਼ ਪਾਦੂਕੋਨ ਨੂੰ ਬੈਡਮਿੰਟਨ ਐਸੋਸੀਏਸ਼ਨ ਵਲੋਂ ਉਮਰ ਭਰ ਦੀ ਪ੍ਰਾਪਤੀ ਲਈ ਸਨਮਾਨ ਦਿੱਤਾ ਹੈ। ਪ੍ਰਕਾਸ਼ ਨੂੰ ਇਹ ਇਨਾਮ ਭਾਰਤ ਦੇ ਉਸ ਸਮੇਂ ਬੈਡਮਿੰਟਨ ਦੀ ਦਸ਼ਾ ਸੁਧਾਰਨ ਲਈ ਦਿੱਤਾ ਗਿਆ ਹੈ, ਜਦੋਂ ਇਸ ਮਹਾਨ ਖਿਡਾਰੀ ਨੇ ਆਪਣੀ ਲਾਸਾਨੀ ਖੇਡ ਨਾਲ ਸਾਰੇ ਸੰਸਾਰ ਵਿਚ ਧਾਂਕ ਜਮਾ ਦਿੱਤੀ ਤੇ ਕਈ ਤਗਮੇ ਪਹਿਲੀ ਵਾਰ ਭਾਰਤ ਦੀ ਝੋਲੀ ਵਿਚ ਪਾਏ ਤੇ ਇਸ ਖੇਡ ਨੂੰ ਕੱਖਾਂ ਤੋਂ ਚੁੱਕ ਕੇ ਲੱਖਾਂ ਦੀ ਬਣਾਇਆ।
ਜਦੋਂ ਅਸੀਂ ਇਸ ਲਾਸਾਨੀ ਖਿਡਾਰੀ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ ਤਾਂ ਪਹਿਲੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਇਹ ਖਿਡਾਰੀ ਪਹਿਲਾ ਖਿਡਾਰੀ ਬਣਿਆ, ਜਿਸ ਨੇ 1980 ਵਿਚ ਲੰਡਨ ਵਿਖੇ ਪਹਿਲੀ ਵਾਰ ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਭਾਰਤ ਦੀ ਝੋਲੀ ਵਿਚ ਪਾਇਆ। ਉਸ ਤੋਂ ਬਾਅਦ ਗੋਪੀ ਚੰਦ ਨੇ ਇਸ ਦੇ ਕਦਮਾਂ 'ਤੇ ਚਲਦੇ ਹੋਏ ਇਹ ਵੱਕਾਰੀ ਟੂਰਨਾਮੈਂਟ ਜਿੱਤਿਆ। ਇਥੇ ਪ੍ਰਕਾਸ਼ ਦੀਆਂ ਸਾਰੀਆਂ ਪ੍ਰਾਪਤੀਆ ਦਾ ਜ਼ਿਕਰ ਕਰਨਾ ਮੁਸ਼ਕਿਲ ਹੈ, ਪਰ ਕੁਝ ਵਿਸ਼ੇਸ਼ ਇਸ ਪ੍ਰਕਾਰ ਹਨ : 1972 ਵਿਚ ਉਸ ਨੇ ਰਾਸ਼ਟਰ ਮੰਡਲ ਵਿਚ ਸੋਨੇ ਦਾ, '83 ਵਿਚ ਵਿਸ਼ਵ ਵਿਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਭਾਰਤ ਸਰਕਾਰ ਨੇ ਉਸ ਨੂੰ ਪਦਮਸ਼੍ਰੀ ਤੇ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ। ਹੁਣ ਭਾਰਤ ਦੀ ਬੈਡਮਿੰਟਨ ਐਸੋਸੀਏਸ਼ਨ ਇਸ ਗੱਲ ਦੀ ਵਧਾਈ ਦੀ ਪਾਤਰ ਹੈ ਕਿ ਜਿਸ ਨੇ ਪਹਿਲਾ ਲਾਈਫ ਟਾਈਮ ਇਨਾਮ ਇਸ ਖੇਡ ਵਿਚ ਪ੍ਰਕਾਸ਼ ਨੂੰ ਦੇਣ ਦਾ ਫੈਸਲਾ ਕੀਤਾ ਹੈ, ਜਿਸ ਵਿਚ 10 ਲੱਖ ਰੁਪਏ, ਪ੍ਰਸੰਸਾ ਪੱਤਰ, ਮੋਮੈਂਟੋ ਨੇੜੇ ਭਵਿੱਖ ਵਿਚ ਨਵੀਂ ਦਿੱਲੀ ਵਿਚ ਸਮਾਗਮ ਕਰਵਾ ਕੇ ਦੇਣਾ ਹੈ।
ਜਿਥੇ ਇਸ ਮਹਾਨ ਪ੍ਰਤਿਭਾਸ਼ਾਲੀ ਖਿਡਾਰੀ ਦੀਆਂ ਪ੍ਰਾਪਤੀਆਂ ਸ਼ਾਨਦਾਰ ਹਨ, ਉਥੇ ਇਸ ਦਾ ਜੀਵਨ ਸੰਸਾਰ ਵੀ ਮਹਾਨ ਘਟਨਾਵਾਂ ਨਾਲ ਭਰਿਆ ਹੋਇਆ ਹੈ। ਇਹ ਗੱਲ ਬਹੁਤ ਉਤਸੁਕਤਾ ਭਰਪੂਰ ਢੰਗ ਨਾਲ ਦੱਸੀ ਜਾਂਦੀ ਹੈ ਕਿ ਪ੍ਰਕਾਸ਼ ਨੇ ਜੂਨੀਅਰ ਤੇ ਸੀਨੀਅਰ ਦੋਵੇਂ ਚੈਂਪੀਅਨਸ਼ਿਪ ਇਕ ਸਾਲ ਵਿਚ ਹੀ 1972 ਵਿਚ ਕੇਵਲ 17 ਸਾਲ ਦੀ ਉਮਰ ਵਿਚ ਜਿੱਤੇ ਤੇ ਇਕ ਮਿਸਾਲ ਪੈਦਾ ਕਰ ਦਿੱਤੀ। ਇਸ ਮਹਾਨ ਖਿਡਾਰੀ ਦਾ ਜਨਮ 10 ਜੂਨ, 1955 ਵਿਚ ਕਰਨਾਟਕਾ ਦੇ ਬੈਡਮਿੰਟਨ ਦੇ ਸੈਕਟਰੀ ਰਮੇਸ਼ ਪਾਦੂਕੋਨ ਦੇ ਘਰ ਵਿਚ ਪਾਦੂਕੋਨ ਨਾਂਅ ਦੇ ਇਕ ਪਿੰਡ ਵਿਚ ਹੋਇਆ, ਜੋ ਉਸ ਦੇ ਨਾਂਅ ਨਾਲ ਪੂਰੀ ਤਰ੍ਹਾਂ ਹੀ ਜੁੜ ਗਿਆ ਤੇ ਇਸ ਤਰ੍ਹਾਂ ਇਹ ਖੇਡ ਉਸ ਨੂੰ ਗੁੜ੍ਹਤੀ ਵਿਚ ਹੀ ਮਿਲੀ। ਉਹ 6 ਫੁੱਟ ਇਕ ਇੰਚ ਲੰਮੇ-ਉੱਚੇ ਗੋਰੇ ਰੰਗ ਵਾਲਾ ਇਨਸਾਨ ਹੈ, ਉਸ ਦੇ ਕਿਰਦਾਰ ਦੀਆਂ ਧੁੰਮਾਂ ਵੀ ਬਹੁਤ ਵਿਆਪਕ ਹੋਈਆਂ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਕ ਵੱਕਾਰੀ ਅੰਤਰਰਾਸ਼ਟਰੀ ਮੈਚ ਵਿਚ ਰੈਫਰੀ ਨੇ ਤਾਂ ਉਸ ਦੇ ਹੱਕ ਵਿਚ ਫੈਸਲਾ ਦੇ ਦਿੱਤਾ ਸੀ ਪਰ ਪ੍ਰਕਾਸ਼ ਨੇ ਮੈਚ ਇਹ ਕਹਿ ਕੇ ਹਾਰਨ ਦਾ ਫੈਸਲਾ ਲਿਆ ਕਿ ਸ਼ਟਲ ਤਾਂ ਉਸ ਦੇ ਖਿਆਲ ਵਿਚ ਬਾਹਰ ਡਿਗੀ ਹੈ। ਉਸ ਸਮੇਂ ਵੀਡੀਓ ਰੈਫਲ ਦੀ ਸੁਵਿਧਾ ਨਹੀਂ ਸੀ।
ਹੁਣ ਉਸ ਦੀ ਲੜਕੀ ਪ੍ਰਸਿੱਧ ਐਕਟਰੈਸ ਦੀਪਕਾ ਪਾਦੂਕੋਨ ਹੈ। ਪ੍ਰਕਾਸ਼ ਆਪਣੀ ਲੜਕੀ ਨੂੰ ਵੀ ਇਸ ਖੇਡ ਵਿਚ ਪਾਉਣਾ ਚਾਹੁਂੰਦਾ ਸੀ, ਦੋਵਾਂ ਵਿਚ ਕੁਝ ਤ੍ਰੇੜ ਵੀ ਆਈ ਪਰ ਸਮਝਦਾਰ ਪਿਤਾ ਨੇ ਬੇਟੀ ਦੀ ਫਿਲਮਾਂ ਵਿਚ ਖਾਸ ਰੁਚੀ ਦੇਖਦੇ ਹੋਏ ਉਸ ਨੂੰ ਇਸ ਦੀ ਛੋਟ ਦੇ ਦਿੱਤੀ ਕਿ ਉਹ ਫਿਲਮਾਂ ਵਿਚ ਕੰੰਮ ਕਰ ਲਵੇ, ਇਹ ਗੱਲ ਵੀ ਉਸ ਦੇ ਖੂਬਸੂਰਤ ਚਰਿੱਤਰ ਨੂੰ ਪ੍ਰਗਟ ਕਰਦੀ ਹੈ। ਇਹ ਹੀ ਇਕ ਅਜਿਹਾ ਖਿਡਾਰੀ ਹੋਇਆ ਹੈ, ਜਿਸ ਨੇ ਲਗਾਤਾਰ 9 ਵਾਰੀ ਨੈਸ਼ਨਲ ਜਿੱਤੀ ਹੈ। ਇਨ੍ਹਾਂ ਸਤਰਾਂ ਦੇ ਲੇਖਕ ਨੇ ਸਤਰਿਆਂ ਦੇ ਦਹਾਕੇ ਵਿਚ ਉਸ ਨੂੰ ਨੈਸ਼ਨਲ ਖੇਡਦੇ ਹੋਏ ਲੁਧਿਆਣਾ ਸ਼ਾਸਤਰੀ ਬੈਡਮਿੰਟਨ ਹਾਲ ਵਿਚ ਦੇਖਿਆ ਹੈ। ਉਸ ਦੇ ਖੇਡਣ ਦੀ ਸ਼ੈਲੀ ਇਸ ਪ੍ਰਕਾਰ ਦੀ ਸੀ ਕਿ ਪਹਿਲਾਂ ਉਹ ਰੱਖਿਆਤਮਕ ਖੇਡਦਾ ਸੀ ਤੇ ਵਿਰੋਧੀ ਨੂੰ ਆਪਣੇ ਮੁਤਾਬਕ ਖੇਡਣ ਤੇ ਲੰਮੀਆਂ ਰੈਲੀਆਂ ਨਾਲ ਮਜਬੂਰ ਕਰ ਦਿੰਦਾ ਸੀ ਤੇ ਫਿਰ ਸਮੈਸ਼ਸ ਨਾਲ ਅੰਕ ਬਟੋਰ ਲੈਂਦਾ ਸੀ। ਇਹ ਸ਼ੈਲੀ ਹੀ ਫਿਰ ਗੋਪੀ ਚੰਦ ਨੇ ਅਪਣਾਈ ਤੇ ਹੁਣ ਸਾਇਨਾ, ਪੀ.ਵੀ. ਸਿੰਧੂ ਅਪਣਾ ਰਹੇ ਹਨ ਤੇ ਭਾਰਤ ਦੀ ਝੋਲੀ ਉਲੰਪਿਕ ਦੇ ਤਗਮੇ ਪਾ ਰਹੇ ਹਨ, ਜਿਸ ਦਾ ਸਿਹਰਾ ਪ੍ਰਕਾਸ਼ ਪਾਦੂਕੋਨ ਨੂੰ ਹੀ ਜਾਂਦਾ ਹੈ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲਧਿਆਣਾ। ਮੋਬਾ: 98152-55295

ਡਿਸਕਸ ਥਰੋਅ, ਸ਼ਾਟਪੁੱਟ ਅਤੇ ਜੈਵਲਿਨ ਥਰੋਅ ਦਾ ਖਿਡਾਰੀ : ਪਰਦੀਪ

ਪਰਦੀਪ ਇਕੋ ਟਾਈਮ ਡਿਸਕਸ ਥਰੋਅ, ਸ਼ਾਟਪੁੱਟ ਵਿਚ ਖੇਡਣ ਵਾਲਾ ਖਿਡਾਰੀ ਹੈ, ਜਿਸ ਨੇ ਆਪਣੀ ਇਸ ਖੇਡ ਕਲਾ ਵਿਚ ਵੱਡੇ ਮਾਅਰਕੇ ਮਾਰੇ ਹਨ ਅਤੇ ਅੱਜਕਲ੍ਹ ਪਰਦੀਪ ਏਸ਼ੀਅਨ ਖੇਡਾਂ ਦੀ ਤਿਆਰੀ ਲਈ ਆਪਣੇ ਕੋਚ ਸੂਬੇ ਸਿੰਘ ਦੀ ਰਹਿਨੁਮਾਈ ਹੇਠ ਸਖ਼ਤ ਮਿਹਨਤ ਅਤੇ ਸਖ਼ਤ ਅਭਿਆਸ ਨਾਲ ਤਿਆਰੀ ਕਰ ਰਿਹਾ ਹੈ ਅਤੇ ਉਸ ਦਾ ਨਿਸ਼ਾਨਾ ਹੈ ਕਿ ਉਹ ਏਸ਼ੀਅਨ ਖੇਡਾਂ ਵਿਚ ਖੇਡ ਕੇ ਭਾਰਤ ਦੀ ਝੋਲੀ ਸੋਨ ਤਗਮਾ ਜ਼ਰੂਰ ਪਾਏਗਾ। ਖਿਡਾਰੀ ਪਰਦੀਪ ਦਾ ਜਨਮ ਹਰਿਆਣਾ ਦੇ ਜ਼ਿਲ੍ਹਾ ਭਵਾਨੀ ਦੇ ਪਿੰਡ ਡਾਹਨੀ ਨੌਰੰਗਾਬਾਦ ਵਿਚ ਪਿਤਾ ਪਹਿਲਵਾਨ ਦੇ ਘਰ ਮਾਤਾ ਓਮਲੀ ਦੀ ਕੁੱਖੋਂ 23 ਜਨਵਰੀ, 1989 ਨੂੰ ਹੋਇਆ। ਪਰਦੀਪ ਨੇ ਅਜੇ ਬਚਪਨ ਵਿਚ ਹੀ ਪੈਰ ਧਰਿਆ ਸੀ ਕਿ ਉਸ ਨੂੰ ਪੋਲੀਓ ਹੋ ਗਿਆ ਅਤੇ ਉਸ ਪੋਲੀਓ ਦੀ ਬਿਮਾਰੀ ਨੇ ਪਰਦੀਪ 'ਤੇ ਐਸਾ ਅਸਰ ਛੱਡਿਆ ਕਿ ਉਹ ਖੱਬੇ ਪੈਰ ਤੋਂ ਸਦਾ ਲਈ ਹੱਥ ਧੋਅ ਬੈਠਾ। ਭਾਵੇਂ ਕਿ ਮਾਂ-ਬਾਪ ਨੇ ਉਸ ਦੇ ਇਲਾਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਹੁਣ ਉਹ ਲੱਤ ਵਲੋਂ ਲੰਗੜਾਅ ਕੇ ਅਤੇ ਨਕਲੀ ਪੈਰ ਦੇ ਸਹਾਰੇ ਹੀ ਖੇਡ ਦੇ ਮੈਦਾਨ ਵਿਚ ਧੁੰਮਾਂ ਪਾਉਂਦਾ ਹੈ।
ਖਿਡਾਰੀ ਪਰਦੀਪ ਅਪਾਹਜ ਖਿਡਾਰੀਆਂ ਦੀ ਐੱਫ-44 ਕੈਟਾਗਰੀ ਵਿਚ ਖੇਡਣ ਵਾਲਾ ਖਿਡਾਰੀ ਹੈ ਅਤੇ ਉਸ ਨੂੰ ਇਹ ਇਕ ਵੱਡਾ ਮਾਣ ਜਾਂਦਾ ਹੈ ਕਿ ਉਸ ਨੇ ਆਪਣੇ ਨਾਂਅ 3 ਨੈਸ਼ਨਲ ਰਿਕਾਰਡ ਬਣਾਏ ਹਨ, ਜੋ ਅਜੇ ਤੱਕ ਵੀ ਉਸ ਦੇ ਨਾਂਅ ਹੀ ਬੋਲਦੇ ਹਨ ਅਤੇ ਨਾਲ ਹੀ ਡਿਸਕਸ ਥਰੋਅ 47 ਮੀਟਰ ਅਤੇ ਜੈਵਲਿਨ ਥਰੋਅ 48 ਮੀਟਰ ਸੁੱਟਣ ਦਾ ਵੀ ਉਸ ਦਾ ਰਿਕਾਰਡ ਕਾਇਮ ਹੈ। ਲੰਡਨ ਵਿਚ ਹੋਈ ਵਰਲਡ ਪੈਰਾ ਚੈਂਪੀਅਨਸ਼ਿਪ ਵਿਚ ਉਸ ਨੇ ਆਪਣੀ ਖੇਡ ਵਿਚ ਪੂਰੇ ਸੰਸਾਰ ਵਿਚੋਂ 9ਵਾਂ ਰੈਂਕ ਹਾਸਲ ਕੀਤਾ ਹੈ। ਉਸ ਤੋਂ ਪਹਿਲਾਂ ਉਸ ਨੇ ਰੀਓ ਬ੍ਰਾਜ਼ੀਲ ਵਿਖੇ ਹੋਈ ਪੈਰਾ ਉਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕੀਤਾ ਸੀ। ਸੰਨ 2016 ਵਿਚ ਹੀ ਡੁਬਈ ਵਿਖੇ ਪੈਰਾ ਅਥਲੈਟਿਕ ਗਰੈਂਡ ਪ੍ਰੈਕਸ ਵਿਚ ਪਰਦੀਪ ਨੇ ਡਿਸਕਸ ਥਰੋਅ ਵਿਚ ਸੋਨ ਤਗਮਾ, ਸ਼ਾਟਪੁੱਟ ਵਿਚ ਚਾਂਦੀ ਅਤੇ ਜੈਵਲਿਨ ਥਰੋਅ ਵਿਚ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ ਅਤੇ ਹੁਣ ਪਰਦੀਪ ਦੀਆਂ ਨਜ਼ਰਾਂ ਆਉਣ ਵਾਲੀਆਂ ਏਸ਼ੀਆ ਖੇਡਾਂ 'ਤੇ ਟਿਕੀਆਂ ਹੋਈਆਂ ਹਨ। ਪਰਦੀਪ ਦਾ ਆਖਣਾ ਹੈ ਭਾਵੇਂ ਉਹ ਅੱਜਕਲ੍ਹ ਖੇਡ ਵਿਭਾਗ ਭਾਰਤ ਸਰਕਾਰ ਵਲੋਂ ਖੇਡ ਰਿਹਾ ਹੈ ਪਰ ਸਰਕਾਰਾਂ ਨੂੰ ਪੈਰਾ ਖਿਡਾਰੀਆਂ ਲਈ ਨੌਕਰੀਆਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ, ਤਾਂ ਕਿ ਪੈਰਾ ਖਿਡਾਰੀ ਕਿਸੇ ਹੋਰ ਦੇ ਮੂੰਹ ਵੱਲ ਵੇਖਣ ਦੀ ਬਜਾਏ ਆਪਣੇ ਖੇਡ ਖੇਤਰ ਵਿਚ ਸਵੈਮਾਣ ਨਾਲ ਖੇਡ ਕੇ ਦੇਸ਼ ਦਾ ਨਾਂਅ ਉੱਚਾ ਕਰਨ। ਪਰਦੀਪ ਦੇ ਸਾਹਸ ਅਤੇ ਦਲੇਰੀ ਦੀ ਤਾਰੀਫ!


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001.
ਮੋਬਾ: 98551-14484


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX