ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  1 day ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  1 day ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਹੋਰ ਖ਼ਬਰਾਂ..

ਖੇਡ ਜਗਤ

ਪਿਛਲੇ ਸੱਤ ਦਹਾਕੇ

ਖੇਡਾਂ ਦੇ ਖੇਤਰ ਵਿਚ ਕਿਤੇ ਅਰਸ਼ ਕਿਤੇ ਫਰਸ਼

ਅੰਗਰੇਜ਼ੀ ਸ਼ਾਸਨਕਾਲ ਤੋਂ ਆਜ਼ਾਦੀ ਹਾਸਲ ਕਰਨ ਦੇ ਕੁਝ ਸਾਲਾਂ ਬਾਅਦ ਹੀ ਭਾਰਤ ਨੇ ਏਸ਼ੀਆਈ ਖੇਡਾਂ (1952) ਦੀ ਮੇਜ਼ਬਾਨੀ ਕੀਤੀ, ਜਿਸ ਤੋਂ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਸਾਡੇ ਸੁਤੰਤਰਤਾ ਸੈਨਾਨੀ ਹੋਰ ਖੇਤਰਾਂ ਦੇ ਨਾਲ-ਨਾਲ ਦੇਸ਼ ਨੂੰ ਖੇਡਾਂ ਵਿਚ ਵੀ ਤਰੱਕੀ ਕਰਦੇ ਹੋਏ ਦੇਖਣਾ ਚਾਹੁੰਦੇ ਸਨ। ਅੱਜ ਜਦੋਂ ਮੁਲਕ ਨੂੰ ਆਜ਼ਾਦ ਹੋਇਆਂ ਨੂੰ 70 ਸਾਲ ਹੋ ਗਏ ਹਨ ਤਾਂ ਇਹ ਵਿਸ਼ਲੇਸ਼ਣ ਵਰਣਨਯੋਗ ਰਹੇਗਾ ਕਿ ਇਨ੍ਹਾਂ ਸੱਤ ਦਹਾਕਿਆਂ ਵਿਚ ਅਸੀਂ ਖੇਡਾਂ ਵਿਚ ਕਿਸ ਮੁਕਾਮ 'ਤੇ ਪਹੁੰਚੇ ਹਾਂ? ਜੇਕਰ 2016 ਦੇ ਰੀਓ ਉਲੰਪਿਕ ਦੇ ਸਿਰਫ਼ ਦੋ ਤਗਮਿਆਂ (ਬੈਡਮਿੰਟਨ ਵਿਚ ਪੀ. ਵੀ. ਸਿੰਧੂ ਦਾ ਚਾਂਦੀ ਤੇ ਕੁਸ਼ਤੀ ਵਿਚ ਸਾਕਸ਼ੀ ਮਲਿਕ ਦਾ ਕਾਂਸੀ) ਨੂੰ ਦੇਖੀਏ ਤਾਂ ਘੱਟ ਤੋਂ ਘੱਟ ਅਥਲੈਟਿਕਸ ਦੇ ਖੇਤਰ ਵਿਚ ਹਾਲੇ ਬਹੁਤ ਕੰਮ ਹੋਣਾ ਬਾਕੀ ਹੈ, ਪਰ ਜੇਕਰ ਕ੍ਰਿਕਟ ਵਿਚ ਆਪਣੀ ਬੇਸ਼ੁਮਾਰ ਸਫਲਤਾਵਾਂ ਨੂੰ ਦੇਖੀਏ ਤਾਂ ਕਹਾਣੀ ਸਿਖਰ 'ਤੇ ਪਹੁੰਚੀ ਹੋਈ ਪ੍ਰਤੀਤ ਹੁੰਦੀ ਹੈ। ਇਹੀ ਹਾਲ ਹੋਰ ਖੇਡਾਂ ਦਾ ਹੈ। ਜੇਕਰ ਹਾਕੀ ਤੇ ਫੁੱਟਬਾਲ ਵਿਚ ਪਤਨ ਹੋਇਆ ਹੈ ਤਾਂ ਬੈਡਮਿੰਟਨ, ਟੈਨਿਸ ਤੇ ਸਨੂਕਰ ਵਿਚ ਸਾਡੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ 'ਤੇ ਕਾਮਯਾਬੀ ਦੇ ਝੰਡੇ ਗੱਢਦੇ ਹੋਏ ਤਿਰੰਗੇ ਦੀ ਸ਼ਾਨ ਵਧਾਈ ਹੈ। ਕੁੱਲ ਮਿਲਾ ਕੇ ਇਨ੍ਹਾਂ 70 ਸਾਲਾਂ ਵਿਚ ਖੇਡਾਂ ਵਿਚ ਸਾਡਾ ਪ੍ਰਦਰਸ਼ਨ ਤੇ ਤਰੱਕੀ ਮਿਲੀ ਜੁਲੀ ਰਹੀ ਹੈ।
ਹਾਲਾਂਕਿ ਭਾਰਤ ਨੇ 30 ਦੇ ਦਹਾਕੇ ਵਿਚ ਹੀ ਟੈਸਟ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਸਮੇਂ ਉਸ ਦੇ ਕੋਲ ਮੁਹੰਮਦ ਨਿਸਾਰ ਤੇ ਅਮਰ ਸਿੰਘ ਵਰਗੇ ਇਸ ਤਰ੍ਹਾਂ ਦੇ ਤੇਜ਼ ਗੇਂਦਬਾਜ਼ ਸਨ, ਜਿਨ੍ਹਾਂ ਬਾਰੇ ਮਾਹਿਰਾਂ ਦੀ ਰਾਏ ਇਹ ਹੈ ਕਿ ਅੱਜ ਤੱਕ ਉਨ੍ਹਾਂ ਤੋਂ ਤੇਜ਼ ਗੇਂਦ ਸੁੱਟਣ ਵਾਲੇ ਕ੍ਰਿਕਟ ਮੈਦਾਨ ਵਿਚ ਨਹੀਂ ਉਤਰੇ ਹਨ। ਪਰ ਭਾਰਤ ਨੂੰ ਵਿਦੇਸ਼ੀ ਧਰਤੀ 'ਤੇ ਅਸਲੀ ਸਫਲਤਾ 70 ਦੇ ਦਹਾਕੇ ਵਿਚ ਹੀ ਮਿਲਣੀ ਸ਼ੁਰੂ ਹੋਈ ਜਦੋਂ ਅਜਿਤ ਵਾਡੇਕਰ ਦੀ ਅਗਵਾਈ ਵਾਲੀ ਟੀਮ ਨੇ ਇੰਗਲੈਂਡ ਤੇ ਵੈੱਸਟ ਇੰਡੀਜ਼ ਵਿਚ ਲੜੀ ਜਿੱਤੀ। ਫਿਲਹਾਲ, ਭਾਰਤ ਵਿਚ ਕ੍ਰਿਕਟ ਕ੍ਰਾਂਤੀ 1983 ਵਿਚ ਸ਼ੁਰੂ ਹੋਈ, ਜਦੋਂ ਕਪਿਲ ਦੇਵ ਦੀ ਅਗਵਾਈ ਵਾਲੀ ਟੀਮ ਨੇ ਇਕ ਦਿਨਾ ਵਿਸ਼ਵ ਕੱਪ ਜਿੱਤਿਆ। ਇਸ ਤੋਂ ਬਾਅਦ ਤੋਂ ਤਾਂ ਕ੍ਰਿਕਟ ਇਕ ਤਰ੍ਹਾਂ ਨਾਲ ਆਪਣਾ 'ਕੌਮੀ ਖੇਡ' ਨਹੀਂ ਬਲਕਿ 'ਧਰਮ' ਬਣ ਗਿਆ ਅਤੇ ਆਪਣੇ ਬੇਮੁਸ਼ਾਰ ਕੀਰਤੀਮਾਨਾਂ (ਟੈਸਟ ਤੇ ਇਕ ਦਿਨਾ ਵਿਚ 100 ਸੈਂਕੜੇ) ਨਾਲ ਸਚਿਨ ਤੇਂਦੁਲਕਰ ਉਸ ਦੇ ਅਣ-ਐਲਾਨੇ 'ਭਗਵਾਨ' ਬਣ ਗਏ। ਸਚਿਨ, ਵਰਿੰਦਰ ਸਹਿਵਾਗ, ਰਾਹੁਲ ਦ੍ਰਵਿੜ, ਅਨਿਲ ਕੁੰਬਲੇ, ਜ਼ਹੀਰ ਖਾਨ, ਵੀ. ਵੀ. ਐਸ. ਲਕਸ਼ਮਣ, ਮਹਿੰਦਰ ਸਿੰਘ ਧੋਨੀ ਆਦਿ ਮਹਾਨ ਖਿਡਾਰੀਆਂ ਦੀ ਵਜ੍ਹਾ ਨਾਲ ਭਾਰਤ ਨਾ ਸਿਰਫ ਟੈਸਟ ਕ੍ਰਿਕਟ ਵਿਚ ਨੰਬਰ ਇਕ 'ਤੇ ਪਹੁੰਚਿਆ ਬਲਕਿ ਉਸ ਨੇ ਸਾਰੇ ਕੌਮਾਂਤਰੀ ਪ੍ਰਤੀਯੋਗੀਆਂ (ਵਿਸ਼ਵ ਕੱਪ, ਟੀ-20 ਤੇ ਚੈਂਪੀਅਨ ਟਰਾਫੀ) ਦੇ ਖਿਤਾਬ ਆਪਣੇ ਨਾਂਅ ਕੀਤੇ। ਅੱਜ ਕ੍ਰਿਕਟ ਵਿਚ ਭਾਰਤ ਮਹਾਸ਼ਕਤੀ ਹੈ ਅਤੇ ਉਸ ਦੀ ਮਹਿਲਾ ਕ੍ਰਿਕਟ ਟੀਮ ਵੀ ਕਿਸੇ ਤੋਂ ਘੱਟ ਨਹੀਂ ਹੈ।
ਭਾਰਤੀ ਮਹਿਲਾ ਕ੍ਰਿਕਟ ਟੀਮ ਨਾ ਸਿਰਫ ਇਕ ਦਿਨਾ ਵਿਸ਼ਵ ਕੱਪ ਦੇ ਫਾਈਨਲ (2006 ਤੇ 2017) ਵਿਚ ਦੋ ਵਾਰ ਪਹੁੰਚੀ ਹੈ ਬਲਕਿ ਇਸ ਵਿਚ ਨਿੱਜੀ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ (ਮਿਥਾਲੀ ਰਾਜ) ਅਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ (ਝੂਲਨ ਗੋਸਵਾਮੀ) ਦਾ ਰਿਕਾਰਡ ਵੀ ਭਾਰਤ ਦੀ ਖਿਡਾਰਨਾਂ ਦੇ ਹੀ ਨਾਂਅ ਹੈ। ਮਿਥਾਲੀ ਰਾਜ ਨੇ ਤਾਂ ਲਗਾਤਾਰ ਸੱਤ ਮੈਚਾਂ ਵਿਚ ਅੱਧ ਸੈਂਕੜਾ ਮਾਰਨ ਦਾ ਰਿਕਾਰਡ ਵੀ ਆਪਣੇ ਨਾਂਅ ਕੀਤਾ ਹੋਇਆ ਹੈ। ਫਿਲਹਾਲ, ਜਿਥੇ ਕ੍ਰਿਕਟ ਬੇਹੱਦ ਤਰੱਕੀ ਕੀਤੀ, ਉਥੇ ਕੌਮੀ ਖੇਡ ਦੇ ਰੂਪ ਵਿਚ ਪ੍ਰਸਿੱਧ ਹਾਕੀ ਦਾ ਇਨ੍ਹੀਂ 70 ਸਾਲਾਂ ਵਿਚ ਜ਼ਬਰਦਸਤ ਪਤਨ ਹੋਇਆ ਹੈ। ਇਕ ਸਮਾਂ ਸੀ ਜਦੋਂ ਉਲੰਪਿਕ ਵਿਚ ਅਸੀਂ ਸਿਰਫ ਹਾਕੀ ਤੋਂ ਹੀ ਤਗਮੇ ਮਿਲਣ ਦੀ ਆਸ ਰੱਖਦੇ ਸੀ। ਪਰ 1980 ਦੇ ਮਾਸਕੋ ਉਲੰਪਿਕ ਵਿਚ ਹਾਕੀ ਦਾ ਸੋਨ ਤਗਮਾ ਜਿੱਤਣ ਤੋਂ ਬਾਅਦ, ਧਿਆਨ ਚੰਦ ਦੇ ਇਸ ਖੇਡ ਦਾ ਹਾਲ ਇਹ ਹੋ ਗਿਆ ਹੈ ਕਿ 2012 ਦੇ ਲੰਡਨ ਉਲੰਪਿਕ ਵਿਚ 12 ਟੀਮਾਂ ਵਿਚੋਂ ਸਾਡੀ ਥਾਂ 12ਵੀਂ ਰਹੀ। ਅਸੀਂ ਇਕ ਮੈਚ ਜਿੱਤਣਾ ਤਾਂ ਦੂਰ ਬਰਾਬਰ ਵੀ ਨਹੀਂ ਕਰ ਸਕੇ ਅਤੇ 2016 ਦੇ ਰੀਓ ਉਲੰਪਿਕ ਲਈ ਕਵਾਲੀਫਾਈ ਵੀ ਨਹੀਂ ਕਰ ਸਕੇ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਖ਼ਬਰ ਸ਼ੇਅਰ ਕਰੋ

ਏਸ਼ੀਆ ਕੱਪ ਹਾਕੀ 2017

ਭਾਰਤੀ ਹਾਕੀ ਟੀਮ 'ਤੇ ਉਮੀਦਾਂ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਆਯੋਜਿਤ ਹੋ ਰਿਹਾ ਹੈ ਏਸ਼ੀਆ ਕੱਪ ਹਾਕੀ ਦਾ 10ਵਾਂ ਐਡੀਸ਼ਨ। 11 ਅਕਤੂਬਰ ਤੋਂ ਲੈ ਕੇ 22 ਅਕਤੂਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦੀ ਖਾਸੀਅਤ ਇਹ ਹੈ ਕਿ ਇਸ 'ਚ ਖਿਤਾਬ ਜਿੱਤਣ ਵਾਲਾ ਦੇਸ਼ ਬੜੇ ਸਨਮਾਨ ਤੇ ਮਾਣ ਨਾਲ 2018 ਵਾਲੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਲਈ ਏਸ਼ੀਆ ਮਹਾਂਦੀਪ ਵਲੋਂ ਕੁਆਲੀਫਾਈ ਕਰੇਗਾ। ਇਸ ਟੂਰਨਾਮੈਂਟ 'ਚ ਬੰਗਲਾਦੇਸ਼, ਜਾਪਾਨ, ਭਾਰਤ ਅਤੇ ਪਾਕਿਸਤਾਨ ਪੂਲ 'ਏ' ਵਿਚ ਹਨ। ਦੂਜੇ ਪਾਸੇ ਮਲੇਸ਼ੀਆ, ਦੱਖਣੀ ਕੋਰੀਆ, ਚੀਨ ਅਤੇ ਓਮਾਨ ਪੂਲ 'ਬੀ' ਵਿਚ ਹਨ। ਭਾਰਤੀ ਟੀਮ ਜੋ ਇਸ ਟੂਰਨਾਮੈਂਟ ਨੂੰ ਖੇਡ ਰਹੀ ਹੈ, ਉਸ 'ਚ ਕੁਝ ਬਹੁਤ ਅਨੁਭਵੀ ਅਤੇ ਕੁਝ ਜੂਨੀਅਰ ਵਿਸ਼ਵ ਕੱਪ ਜੇਤੂ ਉੱਭਰਦੇ ਹੋਏ ਖਿਡਾਰੀ ਵੀ ਹਨ। ਇਸ ਟੀਮ ਨੂੰ ਪਿਛਲੇ ਕੁਝ ਸਾਲਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਬਣਾਇਆ ਗਿਆ ਹੈ। ਅਸੀਂ ਆਸ ਕਰਦੇ ਹਾਂ ਕਿ ਵਿਸ਼ਵ ਕੱਪ ਹਾਕੀ-2018 ਖੇਡਣ ਲਈ ਆਪਣਾ ਪੱਕਾ ਸਥਾਨ ਬਣਾਉਣ ਲਈ ਹਰ ਖਿਡਾਰੀ ਜੀਅ ਤੋੜ ਮਿਹਨਤ ਕਰੇਗਾ, ਤਾਂ ਕਿ ਚੋਣਕਾਰਾਂ ਦੀ ਨਜ਼ਰ 'ਚ ਆਵੇ। ਦੂਜੇ ਪਾਸੇ ਕੋਚ ਰੋਏਲੈਂਟ ਓਲਟਮੈਜ ਦੀ ਥਾਂ 'ਤੇ ਨਵਨਿਯੁਕਤ ਕੋਚ ਸ਼ੋਅਰਡ ਮਰਿਨੇ ਦੇ ਵਾਸਤੇ ਵੀ ਇਸ ਟੂਰਨਾਮੈਂਟ ਦੀ ਖਾਸ ਮਹੱਤਤਾ ਹੈ। ਜੇਕਰ ਉਸ ਦੀ ਆਮਦ ਹੀ ਜਿੱਤ ਨਾਲ ਸ਼ੁਰੂ ਹੁੰਦੀ ਹੈ ਤਾਂ ਇਹ ਉਸ ਦਾ ਮਨੋਬਲ ਉੱਚਾ ਕਰਨ 'ਚ ਵੀ ਸਹਾਈ ਹੋਵੇਗੀ, ਕਿਉਂਕਿ ਇਸ ਕੋਚ ਦੀ ਨਿਯੁਕਤੀ ਵੀ ਕਈ ਹਾਕੀ ਜਾਣਕਾਰਾਂ ਵੱਲੋਂ ਆਲੋਚਨਾ ਦਾ ਸਬੱਬ ਬਣ ਰਹੀ ਹੈ। ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿ ਹਾਕੀ ਵਿਸ਼ਵ ਲੀਗ ਦਾ ਫਾਈਨਲ ਵੀ ਭਾਰਤ ਦੀ ਧਰਤੀ ਭੁਵਨੇਸ਼ਵਰ ਵਿਖੇ ਦਸੰਬਰ 'ਚ ਖੇਡਿਆ ਜਾ ਰਿਹਾ ਹੈ। ਉਸ 'ਚ ਵਿਸ਼ਵ ਦੀਆਂ ਬਿਹਤਰੀਨ ਟੀਮਾਂ ਦੀ ਮੌਜੂਦਗੀ ਹੋਵੇਗੀ।
ਇਸ ਲਈ ਕੋਚ ਸ਼ੋਅਰਡ ਮਰਿਨੇ ਵੀ ਹਰ ਹਾਲਤ 'ਚ ਚਾਹੇਗਾ ਕਿ ਬਹੁਤ ਕਠਿਨ ਮੰਚ 'ਤੇ ਉਸ ਦੀ ਪਰਖ ਤੋਂ ਪਹਿਲਾਂ ਇਸ ਏਸ਼ੀਆਈ ਮੰਚ 'ਤੇ ਮਾਣਮੱਤੀ ਜਿੱਤ ਉਸ ਦਾ ਅਤੇ ਉਸ ਦੀ ਟੀਮ ਦਾ ਹੌਸਲਾ ਵਧਾ ਸਕੇ। ਗੋਲਕੀਪਰ ਆਕਾਸ਼ ਚਿੱਤਕੇ ਲਈ ਆਪਣੀ ਗੋਲਕੀਪਿੰਗ ਪ੍ਰਤਿਭਾ ਨੂੰ ਨਿਖਾਰਨ ਦਾ ਇਹ ਬਹੁਤ ਸੁੰਦਰ ਮੌਕਾ ਹੈ। ਡਿਪਸਨ ਟਿਰਕੀ, ਵਰੁਣ ਕੁਮਾਰ, ਸੁਮਿਤ, ਲਲਿਤ ਕੁਮਾਰ, ਉਪਾਧਿਆਏ ਅਤੇ ਗੁਰਜੰਟ ਸਿੰਘ ਇਸ ਟੂਰਨਾਮੈਂਟ 'ਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹਿਣਗੇ। ਇਹ ਉਹ ਖਿਡਾਰੀ ਹਨ, ਜੋ ਸੀਨੀਅਰਜ਼ ਦੀ ਥਾਂ 'ਤੇ ਵਿਸ਼ਵ ਕੱਪ ਹਾਕੀ 'ਚ ਆਪਣੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਿਰ ਧੜ ਦੀ ਬਾਜ਼ੀ ਲਾਉਣਗੇ। ਕੋਥਾਜੀਤ, ਸੁਰਿੰਦਰ ਕੁਮਾਰ, ਐਸ. ਕੇ. ਉਥੱਪਾ, ਚਿੰਗਲੇਨ, ਸਨਾਸਨ ਸਿੰਘ, ਮਨਪ੍ਰੀਤ ਸਿੰਘ, ਰਮਨਦੀਪ, ਸਤਬੀਰ ਸਿੰਘ ਅਤੇ ਸਰਦਾਰ ਸਿੰਘ ਆਪਣੇ ਜ਼ਿਆਦਾ ਖੇਡ ਅਨੁਭਵੀ ਹੋਣ ਦਾ ਦਾਅਵਾ ਪੇਸ਼ ਕਰਨਗੇ। ਹਰਮਨਪ੍ਰੀਤ ਡਰੈਗ ਫਲਿੱਕ ਦਾ ਜਾਦੂ ਚਲਾਏਗਾ। ਜਿਥੋਂ ਤੱਕ ਇਸ ਏਸ਼ੀਆ ਕੱਪ ਹਾਕੀ ਟੂਰਨਾਮੈਂਟ 'ਚ ਭਾਰਤ ਦੀ ਅੱਜ ਤੱਕ ਦੀ ਕਾਰਗੁਜ਼ਾਰੀ ਦਾ ਸਵਾਲ ਹੈ, 1982 'ਚ ਇਸ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਪਾਕਿਸਤਾਨ ਦੀ ਧਰਤੀ ਕਰਾਚੀ ਤੋਂ, ਜਿਸ 'ਚ ਪਾਕਿਸਤਾਨ ਜੇਤੂ ਰਿਹਾ ਅਤੇ ਭਾਰਤ ਦੂਜੇ ਸਥਾਨ 'ਤੇ, ਚੀਨ ਨੂੰ ਤੀਜਾ ਅਤੇ ਮਲੇਸ਼ੀਆ ਨੂੰ ਚੌਥਾ ਸਥਾਨ ਮਿਲਿਆ।
ਦੂਜਾ ਐਡੀਸ਼ਨ 1985 'ਚ ਢਾਕਾ (ਬੰਗਲਾਦੇਸ਼) ਵਿਖੇ ਆਯੋਜਿਤ ਹੋਇਆ। ਪਾਕਿਸਤਾਨ ਚੈਂਪੀਅਨ, ਭਾਰਤ ਉਪ-ਜੇਤੂ, ਦੱਖਣੀ ਕੋਰੀਆ ਅਤੇ ਜਾਪਾਨ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਰਹੇ। 1989 ਦੇ ਤੀਜੇ ਐਡੀਸ਼ਨ 'ਚ ਜੋ ਭਾਰਤ ਦੇ ਸ਼ਹਿਰ ਨਵੀਂ ਦਿੱਲੀ ਵਿਖੇ ਹੋਇਆ, ਪਾਕਿਸਤਾਨ ਨੇ ਜਿੱਤ ਦੀ ਹੈਟ੍ਰਿਕ ਬਣਾਈ, ਭਾਰਤ ਫਿਰ ਦੂਜੇ ਸਥਾਨ 'ਤੇ, ਕੋਰੀਆ ਅਤੇ ਜਾਪਾਨ ਤੀਜੇ ਅਤੇ ਚੌਥੇ ਸਥਾਨ ਜੋਗੇ ਰਹਿ ਗਏ। 1994 'ਚ ਹੀ ਰੋਸਮਾ (ਜਾਪਾਨ) ਵਿਖੇ ਚੌਥਾ ਐਡੀਸ਼ਨ ਦੱਖਣੀ ਕੋਰੀਆ ਦੀ ਝੋਲੀ 'ਚ ਪਿਆ। ਭਾਰਤ, ਪਾਕਿਸਤਾਨ ਅਤੇ ਮਲੇਸ਼ੀਆ ਕ੍ਰਮਵਾਰ ਦੂਜੇ, ਤੀਜੇ ਅਤੇ ਚੌਥੇ ਸਥਾਨ 'ਤੇ ਆਏ। ਪੰਜਵਾਂ ਐਡੀਸ਼ਨ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿਖੇ ਖੇਡਿਆ ਗਿਆ। ਦੱਖਣੀ ਕੋਰੀਆ ਨੂੰ ਪਹਿਲਾ, ਪਾਕਿਸਤਾਨ ਨੂੰ ਦੂਜਾ, ਭਾਰਤ ਨੂੰ ਤੀਜਾ ਅਤੇ ਮਲੇਸ਼ੀਆ ਚੌਥੇ ਸਥਾਨ 'ਤੇ ਰਿਹਾ। 2003 ਛੇਵੇਂ ਐਡੀਸ਼ਨ ਦਾ ਮੇਜ਼ਬਾਨ ਫਿਰ ਮਲੇਸ਼ੀਆ ਬਣਿਆ, ਜਿਸ ਵਿਚ ਭਾਰਤ ਪਹਿਲੀ ਵਾਰ ਚੈਂਪੀਅਨ ਬਣਿਆ, ਪਾਕਿਸਤਾਨ ਉਪ-ਜੇਤੂ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਅਗਲੇ ਸਥਾਨ ਮਿਲੇ। ਸੱਤਵਾਂ ਐਡੀਸ਼ਨ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਭਾਰਤ ਨੂੰ ਮਿਲੀ, ਜਿਸ ਵਿਚ ਮੇਜ਼ਬਾਨ ਦੇਸ਼ ਜੇਤੂ, ਕੋਰੀਆ ਉਪ-ਜੇਤੂ, ਫਿਰ ਮਲੇਸ਼ੀਆ ਅਤੇ ਜਾਪਾਨ। 2009 ਵਾਲਾ ਐਡੀਸ਼ਨ ਮਲੇਸ਼ੀਆ 'ਚ ਦੱਖਣੀ ਕੋਰੀਆ ਜਿੱਤ ਕੇ ਲੈ ਗਿਆ। ਪਾਕਿਸਤਾਨ, ਚੀਨ ਅਤੇ ਮਲੇਸ਼ੀਆ ਕ੍ਰਮਵਾਰ ਅਗਲੇ ਸਥਾਨਾਂ 'ਤੇ ਆਏ। 2013 ਵਾਲੇ ਨੌਵੇਂ ਐਡੀਸ਼ਨ ਦਾ ਮੇਜ਼ਬਾਨ ਫਿਰ ਮਲੇਸ਼ੀਆ ਬਣਿਆ, ਟੂਰਨਾਮੈਂਟ ਦੱਖਣੀ ਕੋਰੀਆ ਦੇ ਨਾਂਅ ਰਿਹਾ, ਭਾਰਤ ਉਪ-ਜੇਤੂ, ਪਾਕਿਸਤਾਨ ਦਾ ਤੀਜਾ ਅਤੇ ਮਲੇਸ਼ੀਆ ਦਾ ਚੌਥਾ ਸਥਾਨ ਰਿਹਾ। 2017 ਵਾਲੇ ਇਸ ਐਡੀਸ਼ਨ 'ਚ 11 ਅਕਤੂਬਰ ਨੂੰ ਭਾਰਤ ਜਾਪਾਨ ਵਿਰੁੱਧ ਮੈਦਾਨ 'ਚ ਉਤਰਦਿਆਂ ਆਪਣੀ ਚੁਣੌਤੀ ਦੇ ਪੱਤੇ ਖੋਲ੍ਹੇਗਾ। 13 ਅਕਤੂਬਰ ਨੂੰ ਮੇਜ਼ਬਾਨ ਦੇਸ਼ ਭਾਰਤੀ ਟੀਮ ਦੇ ਦਮਖ਼ਮ ਦੀ ਪ੍ਰੀਖਿਆ ਲਵੇਗਾ। ਆਪਣੇ ਪੂਲ ਦਾ ਆਖਰੀ ਮੈਚ ਭਾਰਤ 15 ਅਕਤੂਬਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਵਿਰੁੱਧ ਖੇਡੇਗਾ। ਸਭ ਦੀਆਂ ਨਿਗਾਹਾਂ ਇਸ ਵੇਲੇ ਭਾਰਤੀ ਟੀਮ 'ਤੇ ਹਨ, ਕਿਉਂਕਿ ਇਸ ਟੂਰਨਾਮੈਂਟ ਤੋਂ ਹੀ ਭਾਰਤ ਦੀ ਹਾਕੀ ਜਾਂ ਸੁਨਹਿਰੀ ਰਾਹਾਂ ਵੱਲ ਤੁਰ ਸਕਦੀ ਅਤੇ ਜਾਂ ਇਕ ਐਸੇ ਪਤਨ ਵੱਲ ਜਿਸ ਵਿਚੋਂ ਮੁੜ ਉੱਭਰਿਆ ਨਾ ਜਾ ਸਕੇ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਵ੍ਹੀਲ ਚੇਅਰ 'ਤੇ ਖੇਡਣ ਵਾਲੀ ਅੰਤਰਰਾਸ਼ਟਰੀ ਖਿਡਾਰਨ ਕਰਮਜਿਓਤੀ ਦਲਾਲ

'ਖੋਹਲ ਕੇ ਪੰਖ ਮੇਰੇ ਕਹਤਾ ਹੈ ਪਰਿੰਦਾ, ਅਭੀ ਔਰ ਉਡਾਨ ਬਾਕੀ ਹੈ। ਜ਼ਮੀਂ ਨਹੀਂ ਹੈ ਮੰਜ਼ਲ ਮੇਰੀ, ਅਭੀ ਪੂਰਾ ਅਸਮਾਨ ਬਾਕੀ ਹੈ', ਮੇਰੇ ਇਸ ਕਾਲਮ ਦੀਆਂ ਸਤਰਾਂ ਨੂੰ ਸੱਚ ਸਾਬਤ ਕਰਦੀ ਹੈ ਵ੍ਹੀਲ ਚੇਅਰ 'ਤੇ ਖੇਡ ਕੇ ਖੇਡਾਂ ਦੇ ਖੇਤਰ ਵਿਚ ਦੇਸ਼ ਦਾ ਨਾਂਅ ਚਮਕਾਉਣ ਵਾਲੀ ਅੰਤਰਰਾਸ਼ਟਰੀ ਖਿਡਾਰਨ ਕਰਮਜਿਓਤੀ ਦਲਾਲ, ਜਿਸ 'ਤੇ ਦੇਸ਼ ਵਾਸੀ ਜਿੰਨਾ ਵੀ ਮਾਣ ਕਰ ਸਕਣ, ਉਹ ਥੋੜ੍ਹਾ ਹੋਵੇਗਾ। ਦੇਸ਼ ਦੀ ਇਸ ਸ਼ਾਨਾਮੱਤੀ ਖਿਡਾਰਨ ਕਰਮਜਿਓਤੀ ਦਲਾਲ ਦਾ ਜਨਮ ਹਰਿਆਣਾ ਪ੍ਰਾਂਤ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਚੀਰੀ ਵਿਖੇ ਪਿਤਾ ਦਲਜੀਤ ਸਿੰਘ ਦੇ ਘਰ ਮਾਤਾ ਕਮਲਾ ਦੇਵੀ ਦੀ ਕੁੱਖੋਂ 30 ਨਵੰਬਰ, 1987 ਨੂੰ ਹੋਇਆ। ਕਰਮਜਿਓਤੀ ਨੇ ਆਪਣਾ ਖੇਡ ਕੈਰੀਅਰ ਸਕੂਲ ਪੱਧਰ ਤੋਂ ਹੀ ਸ਼ੁਰੂ ਕੀਤਾ ਸੀ ਅਤੇ ਉਹ ਨੈਸ਼ਨਲ ਪੱਧਰ 'ਤੇ ਕਬੱਡੀ ਦੀ ਚੋਟੀ ਦੀ ਖਿਡਾਰਨ ਰਹੀ ਅਤੇ ਇਹ ਚੜ੍ਹਤ ਉਸ ਨੇ ਯੂਨੀਵਰਸਿਟੀ ਤੱਕ ਵੀ ਕਾਇਮ ਰੱਖੀ ਪਰ ਕਰਮਜਿਓਤੀ ਦਾ ਇਹ ਖੇਡ ਸੰਸਾਰ ਇਕਦਮ ਹਨੇਰੀਆਂ ਰਾਤਾਂ ਵਿਚ ਗਵਾਚ ਗਿਆ।
ਹੋਇਆ ਇਹ ਕਿ ਕਰਮਜਿਓਤੀ ਨੂੰ ਬਚਪਨ ਤੋਂ ਹੀ ਮਿਰਗੀ ਦੇ ਦੌਰੇ ਪੈਂਦੇ ਸਨ ਅਤੇ ਇਸ ਬਿਮਾਰੀ ਤੋਂ ਬਚਣ ਲਈ ਉਸ ਕੋਲ ਇਕੋ ਹੀ ਸਹਾਰਾ ਸੀ ਕਿ ਉਹ ਦਵਾਈ ਦੇ ਸਹਾਰੇ ਚਲਦੀ ਸੀ ਅਤੇ ਜਦ ਉਹ ਜਵਾਨੀ ਦੀ ਖਿੜੀ ਦੁਪਹਿਰ ਜਾਣੀ 20 ਸਾਲ ਦੀ ਸੀ ਤਾਂ ਉਹ ਆਪਣੇ ਘਰ ਦੀ ਛੱਤ 'ਤੇ ਬੈਠੀ ਆਪਣੇ ਖੇਡ ਸੰਸਾਰ ਦੇ ਸੁਪਨੇ ਸੰਜੋਅ ਰਹੀ ਸੀ ਤਾਂ ਅਚਾਨਕ ਉਸ ਨੂੰ ਮਿਰਗੀ ਦਾ ਦੌਰਾ ਪੈ ਗਿਆ ਅਤੇ ਉਹ ਛੱਤ ਤੋਂ ਹੇਠਾਂ ਆ ਡਿੱਗੀ। ਘਰ ਵਿਚ ਚੀਕ-ਚਿਹਾੜਾ ਮਚ ਗਿਆ। ਬੇਹੋਸ਼ੀ ਦੀ ਹਾਲਤ ਵਿਚ ਕਰਮਜਿਓਤੀ ਨੂੰ ਮਾਂ-ਬਾਪ ਚੁੱਕ ਕੇ ਡਾਕਟਰ ਦੇ ਲੈ ਗਏ। ਡਾਕਟਰਾਂ ਵਲੋਂ ਇਲਾਜ ਕਰਨ ਤੋਂ ਬਾਅਦ ਕਰਮਜਿਓਤੀ ਬੇਹੋਸ਼ੀ ਦੀ ਹਾਲਤ ਵਿਚੋਂ ਤਾਂ ਬਾਹਰ ਆ ਗਈ ਪਰ ਉਸ ਦਾ ਜੀਵਨ ਪਹਿਲਾਂ ਵਾਲਾ ਨਾ ਰਿਹਾ। ਹਰਿਆਣਾ ਪ੍ਰਾਂਤ ਦੀ ਉੱਚ-ਕੋਟੀ ਦੀ ਕੌਮੀ ਖਿਡਾਰਨ ਹੁਣ ਆਪਣੀ ਜ਼ਿੰਦਗੀ ਵ੍ਹੀਲਚੇਅਰ 'ਤੇ ਕੱਟਣ ਲਈ ਮਜਬੂਰ ਸੀ, ਕਿਉਂਕਿ ਛੱਤ ਤੋਂ ਡਿੱਗਣ ਨਾਲ ਉਸ ਦੀ ਰੀੜ੍ਹ ਦੀ ਹੱਡੀ ਕਰੈਕ ਹੋ ਗਈ। 'ਮੁਸਕਰਾ ਕਰ ਗਮ ਕਾ ਜ਼ਹਿਰ, ਜਿਸਕੋ ਪੀਨਾ ਆ ਗਿਆ, ਜੇਹ ਹਕੀਕਤ ਹੈ ਇਸ ਜਹਾਂ ਮੇਂ, ਉਸਕੋ ਜੀਨਾ ਆ ਗਿਆ।' ਕਰਮਜਿਓਤੀ ਨੇ ਰੱਬ ਦਾ ਭਾਣਾ ਮੰਨ ਆਖਰ ਵ੍ਹੀਲਚੇਅਰ ਨਾਲ ਹੀ ਦੋਸਤੀ ਕਰ ਲਈ, ਕਿਉਂਕਿ ਹੁਣ ਉਹੀ ਉਸ ਦਾ ਸਹਾਰਾ ਸੀ। ਕਰਮਜਿਓਤੀ ਜਦ ਟੀ.ਵੀ. ਉੱਪਰ ਖਿਡਾਰੀਆਂ ਨੂੰ ਖੇਡਦੇ ਵੇਖਦੀ ਤਾਂ ਅੱਖਾਂ ਭਰ ਆਉਂਦੀ ਅਤੇ ਲੰਮਾ ਸਾਹ ਭਰ ਕੇ ਖਾਮੋਸ਼ ਹੋ ਜਾਂਦੀ।
ਕਬੱਡੀ ਦੀ ਸਟਾਰ ਖਿਡਾਰੀ ਰਹੀ ਕਰਮਜਿਓਤੀ ਨੇ ਹਿੰਮਤ ਅਤੇ ਹੌਸਲਾ ਫੜਿਆ ਅਤੇ ਉਸ ਨੇ ਅਪਾਹਜ ਖਿਡਾਰੀਆਂ ਦੀਆਂ ਖੇਡਾਂ ਵਿਚ ਖੇਡਣ ਦਾ ਆਪਣਾ ਇਰਾਦਾ ਪੱਕਾ ਮਜ਼ਬੂਤ ਕਰ ਲਿਆ। ਉਸ ਦੀ ਮੁਲਾਕਾਤ ਅਥਲੈਟਿਕ ਕੋਚ ਅਮਰਜੀਤ ਸਿੰਘ ਨਾਲ ਹੋਈ ਅਤੇ ਕਰਮਜਿਓਤੀ ਉਸ ਕੋਲ ਵ੍ਹੀਲਚੇਅਰ 'ਤੇ ਹੀ ਸ਼ਾਟਪੁੱਟ, ਜੈਵਲਿਨ ਥਰੋਅ ਅਤੇ ਡਿਸਕਸ ਥਰੋਅ ਖੇਡਣ ਦੀ ਤਿਆਰੀ ਕਰਨ ਲੱਗੀ। ਕਰਮਜਿਓਤੀ ਹੁਣ ਤੱਕ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚ 7 ਸੋਨ ਤਗਮੇ ਆਪਣੇ ਨਾਂਅ ਕਰਕੇ ਹਰਿਆਣਾ ਦੀ ਕੌਮੀ ਖਿਡਾਰਨ ਹੀ ਨਹੀਂ ਰਹੀ, ਸਗੋਂ ਸੰਨ 2014 ਵਿਚ ਚੀਨ ਵਿਚ ਹੋਈ ਚੈਨਾ ਓਪਨ ਅਥਲੈਟਿਕ ਗਰੈਂਡ ਪ੍ਰੈਕਸ ਵਿਚ ਭਾਰਤ ਵਲੋਂ ਹਿੱਸਾ ਲਿਆ, ਜਿੱਥੇ ਉਸ ਨੇ ਡਿਸਕਸ ਥਰੋਅ ਵਿਚ ਚਾਂਦੀ ਦਾ ਤਗਮਾ ਅਤੇ ਸ਼ਾਟਪੁੱਟ 'ਚੋਂ ਕਾਂਸੀ ਦਾ ਤਗਮਾ ਜਿੱਤ ਕੇ ਕੌਮਾਂਤਰੀ ਖਿਡਾਰਨ ਬਣਨ ਦਾ ਸੁਭਾਗ ਵੀ ਪ੍ਰਾਪਤ ਕਰ ਲਿਆ। ਸੰਨ 2015 ਵਿਚ ਦੋਹਾ ਅਰਬ ਦੇਸ਼ ਵਿਚ ਵੀ ਉਸ ਨੇ ਪੂਰੇ ਵਿਸ਼ਵ ਵਿਚ ਆਪਣਾ ਚੌਥਾ ਸਥਾਨ ਹਾਸਲ ਕਰ ਲਿਆ ਅਤੇ ਸੰਨ 2016 ਵਿਚ ਡੁਬਈ ਵਿਖੇ ਹੋਈ ਆਈ.ਪੀ.ਸੀ. ਅਥਲੈਟਿਕ ਵਿਚੋਂ ਡਿਸਕਸ ਥਰੋਅ ਵਿਚੋਂ ਕਾਂਸੀ ਦਾ ਤਗਮਾ ਅਤੇ ਜੈਵਲਿਨ ਥਰੋਅ 'ਚੋਂ ਸਿਲਵਰ ਤਗਮਾ ਆਪਣੇ ਨਾਂਅ ਕੀਤਾ।
ਸੰਨ 2016 ਵਿਚ ਹੀ ਸਵਿਟਜ਼ਰਲੈਂਡ ਦੇ ਸ਼ਹਿਰ ਨੋਟਵੈਲ ਵਿਚ ਹੋਈ ਆਈ.ਪੀ.ਸੀ. ਅਥਲੈਟਿਕ ਗਰੈਂਡ ਪ੍ਰੈਕਸ ਨੋਟਵੈਲ ਵਿਚੋਂ ਡਿਸਕਸ ਥਰੋਅ ਵਿਚੋਂ ਸੋਨ ਤਗਮਾ, ਜੈਵਲਿਨ ਥਰੋਅ 'ਚੋਂ ਸੋਨ ਤਗਮਾ ਅਤੇ ਸ਼ਾਟਪੁੱਟ 'ਚੋਂ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਪੂਰੇ ਸੰਸਾਰ ਵਿਚ ਰੌਸ਼ਨ ਕੀਤਾ। ਸੰਨ 2016 ਵਿਚ ਰੀਓ ਬਰਾਜ਼ੀਲ ਵਿਖੇ ਹੋਈ ਪੈਰਾ ਉਲੰਪਿਕ ਵਿਚ ਵੀ ਉਸ ਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ। ਕਰਮਜਿਓਤੀ ਹੁਣ ਤੱਕ ਅੰਤਰਰਾਸ਼ਟਰੀ ਪੱਧਰ 'ਤੇ 3 ਸੋਨ ਤਗਮੇ, 5 ਕਾਂਸੀ ਦੇ ਤਗਮੇ ਅਤੇ 2 ਚਾਂਦੀ ਦੇ ਤਗਮੇ ਜਿੱਤ ਕੇ ਵਿਸ਼ਵ ਦੀਆਂ ਚੋਟੀ ਦੀਆਂ ਖਿਡਾਰਨਾਂ ਵਿਚ ਆਪਣਾ ਸਥਾਨ ਰੱਖਦੀ ਹੈ ਅਤੇ ਹੁਣ ਉਸ ਦੀਆਂ ਨਜ਼ਰਾਂ ਆਉਣ ਵਾਲੀਆਂ ਏਸ਼ੀਅਨ ਖੇਡਾਂ ਅਤੇ 2020 ਵਿਚ ਹੋਣ ਜਾ ਰਹੀਆਂ ਉਲੰਪਿਕ ਖੇਡਾਂ 'ਤੇ ਟਿਕੀਆਂ ਹੋਈਆਂ ਹਨ ਅਤੇ ਉਹ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵਲੋਂ ਆਪਣੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਕਰ ਰਹੀ ਹੈ। ਇਸ ਮਾਣਮੱਤੀ ਖਿਡਾਰਨ ਨੂੰ ਏਸ਼ੀਆ ਖੇਡਾਂ ਵਿਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ 12 ਲੱਖ ਦੇ ਇਨਾਮ ਨਾਲ ਅਤੇ ਹਰਿਆਣਾ ਸਰਕਾਰ 75 ਲੱਖ ਨਕਦ ਨਾਲ ਸਨਮਾਨਤ ਕਰ ਚੁੱਕੀ ਹੈ। ਅੰਤ ਵਿਚ ਇਸ ਖਿਡਾਰਨ ਬਾਰੇ ਇਹੀ ਆਖਿਆ ਜਾ ਸਕਦਾ ਹੈ ਕਿ, 'ਕਭੀ ਹਮਾਰੀ ਤਬੀਅਤ ਤੋ ਕਬੀ ਹਮਾਰੇ ਇਮਾਨ ਸੇ, ਜ਼ਮਾਨਾ ਖੌਫ ਖਾਤਾ ਹੈ ਹਮਾਰੀ ਉਡਾਨ ਸੇ। ਸੌ ਨਿਸ਼ਾਨੇ ਸਾਧਕੇ ਲੌਟੇਗਾ, ਜਬ ਨਿਕਲੇਗਾ ਤੀਰ ਕਮਾਨ ਸੇ।'


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001. ਮੋਬਾ: 98551-14484

ਉਲੰਪੀਅਨ ਰਾਜਵਰਧਨ ਸਿੰਘ ਰਾਠੌਰ ਬਣੇ ਭਾਰਤ ਦੇ ਪਹਿਲੇ ਖਿਡਾਰੀ ਖੇਡ ਮੰਤਰੀ

ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ, ਜਿਹੜੇ ਮੁਲਕ ਆਉਣ ਵਾਲੇ ਸਮੇਂ ਵਿਚ ਬਹੁਤ ਸ਼ਕਤੀਸ਼ਾਲੀ ਹੋਣਗੇ। ਭਾਰਤ ਮੁਲਕ ਦੀ ਤ੍ਰਾਸਦੀ ਰਹੀ ਹੈ ਕਿ ਭਾਰਤ 'ਚ ਆਜ਼ਾਦੀ ਤੋਂ ਬਾਅਦ ਹੁਣ ਤੱਕ ਖੇਡ ਮੰਤਰੀ ਕੋਈ ਖਿਡਾਰੀ ਨਹੀਂ ਬਣਿਆ। ਭਾਰਤ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਾਲ 1982 ਦੀਆਂ ਏਸ਼ੀਆਈ ਖੇਡਾਂ ਮੌਕੇ ਖੇਡ ਮੰਤਰਾਲਾ ਵੱਖਰਾ ਬਣਾਇਆ। ਦੁਨੀਆ ਵਿਚ ਬਹੁਤ ਘੱਟ ਦੇਸ਼ ਹਨ, ਜਿਨ੍ਹਾਂ ਵਿਚ ਕਿਸੇ ਖਿਡਾਰੀ ਨੂੰ ਖੇਡ ਮੰਤਰੀ ਬਣਾਇਆ ਗਿਆ ਹੋਵੇ, ਭਾਰਤ ਵਿਚ ਪਹਿਲੀ ਵਾਰੀ ਕਿਸੇ ਖਿਡਾਰੀ ਨੂੰ ਭਾਰਤ ਦਾ ਖੇਡ ਮੰਤਰੀ ਬਣਾਇਆ ਗਿਆ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਉਲੰਪੀਅਨ ਕਰਨਲ ਰਾਜਵਰਧਨ ਸਿੰਘ ਰਾਠੌਰ ਦੀ, ਜਿਨ੍ਹਾਂ ਨੇ ਆਪਣੀ ਖੇਡ ਨਾਲ ਪੂਰੀ ਦੁਨੀਆ ਵਿਚ ਪਹਿਚਾਣ ਬਣਾਈ। ਉਲੰਪੀਅਨ ਰਾਜਵਰਧਨ ਸਿੰਘ ਰਾਠੌਰ ਨੇ ਰਾਜਸਥਾਨ ਦੇ ਜੈਸਲਮੇਰ ਤੋਂ ਆਪਣਾ ਜ਼ਿੰਦਗੀ ਦਾ ਸਫਰ ਸ਼ੁਰੂ ਕੀਤਾ। ਰਾਜਵਰਧਨ ਸਿੰਘ ਰਾਠੌਰ ਨੇ ਖੇਡਾਂ ਦਾ ਸਫਰ ਨਿਸ਼ਾਨੇਬਾਜ਼ੀ ਖੇਡ ਨਾਲ ਕੀਤਾ। ਰਾਜਵਰਧਨ ਸਿੰਘ ਰਾਠੌਰ ਨੇ 2004 ਦੀਆਂ ਉਲੰਪਿਕ ਖੇਡਾਂ ਵਿੱੱੱੱੱਚ ਚਾਂਦੀ ਦਾ ਤਗਮਾ ਭਾਰਤ ਲਈ ਜਿੱਤਿਆ। ਉਲੰਪਿਕ ਖੇਡਾਂ ਵਿਚ ਵਿਅਕਤੀਗਤ ਤਗਮਾ ਜਿੱਤਣ ਵਾਲਾ ਰਾਜਵਰਧਨ ਸਿੰਘ ਰਾਠੌਰ ਪਹਿਲਾ ਖਿਡਾਰੀ ਬਣਿਆ। ਇਸ ਤੋਂ ਪਹਿਲਾਂ ਭਾਰਤ ਦੇ ਕਿਸੇ ਵੀ ਖਿਡਾਰੀ ਨੇ ਵਿਅਕਤੀਗਤ ਤਗਮਾ ਨਹੀਂ ਜਿੱਤਿਆ ਸੀ। ਇਸ ਤੋਂ ਬਾਅਦ ਭਾਰਤੀ ਸੈਨਾ ਵੱਲੋਂ ਰਾਜਵਰਧਨ ਸਿੰਘ ਰਾਠੌਰ ਨੂੰ ਕਰਨਲ ਦੇ ਅਹੁਦੇ ਨਾਲ ਨਿਵਾਜਿਆ ਗਿਆ।
ਜੇਕਰ ਗੱਲ ਕਰੀਏ ਉਲੰਪੀਅਨ ਰਾਜਵਰਧਨ ਸਿੰਘ ਰਾਠੌਰ ਦੀਆਂ ਖੇਡ ਪ੍ਰਾਪਤੀਆਂ ਦੀ ਤਾਂ ਖੇਡਾਂ ਵਿਚ ਕੋਈ ਮੁਕਾਬਲਾ ਨਹੀਂ ਹੈ। 2002 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚ 2 ਸੋਨ ਤਗਮੇ ਭਾਰਤ ਲਈ ਜਿੱਤੇ। 2006 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚ 1 ਸੋਨੇ ਤੇ 1 ਚਾਂਦੀ ਦਾ ਤਗਮਾ ਜਿੱਤਿਆ। 2006 ਦੀਆਂ ਏਸ਼ੀਆਈ ਖੇਡਾਂ ਵਿਚ 1 ਚਾਂਦੀ ਤੇ 1 ਕਾਂਸੀ ਦਾ ਤਗਮਾ ਜਿੱਤਿਆ। 2004, 2006 ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਸੋਨ ਤਗਮੇ ਜਿੱਤੇ। 2005 ਦੀਆਂ ਵਰਲਡ ਸ਼ੁੂਟਗਨ ਚੈਂਪੀਅਨਸ਼ਿਪ ਵਿਚ 1 ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਵੀ ਅਨੇਕਾਂ ਏਸ਼ੀਅਨ ਚੈਂਪੀਅਨਸ਼ਿਪ ਮੁਕਾਬਲਿਆਂ ਵਿਚ ਵੀ ਰਾਜਵਰਧਨ ਸਿੰਘ ਰਾਠੌਰ ਨੇ ਤਗਮੇ ਜਿੱਤੇ। ਜੇਕਰ ਗੱਲ ਪੁਰਸਕਾਰਾਂ ਦੀ ਕਰੀਏ ਤਾਂ ਸਾਲ 2005 ਵਿਚ ਭਾਰਤ ਦਾ ਸਭ ਤੋਂ ਉੱਚਾ ਪੁਰਸਕਾਰ ਪਦਮਸ਼੍ਰੀ ਨਾਲ ਸਨਮਾਨਿਆ ਗਿਆ। 2004-05 ਵਿਚ ਖੇਡਾਂ ਦਾ ਸਭ ਤੋਂ ਵੱਡਾ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਨਾਲ ਭਾਰਤ ਦੇ ਰਾਸ਼ਟਰਪਤੀ ਵਲੋਂ ਨਿਵਾਜਿਆ ਗਿਆ। ਸਾਲ 2005 ਵਿਚ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਸੈਨਾ ਵਲੋਂ ਰਾਜਵਰਧਨ ਸਿੰਘ ਰਾਠੌਰ ਨੂੰ ਸੈਨਾ ਦੇ ਸਭ ਤੋਂ ਉੱਚੇ ਪੁਰਸਕਾਰ ਅਤੀ ਵਿਸ਼ਿਸ਼ਟ ਸੇਵਾ ਮੈਡਲ (ਏ.ਵੀ.ਐਸ.ਐਮ.) ਭਾਰਤ ਦੇ ਰਾਸ਼ਟਰਪਤੀ ਵਲੋਂ ਦਿੱਤਾ ਗਿਆ। ਸਾਲ 2006 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਉਲੰਪੀਅਨ ਰਾਜਵਰਧਨ ਸਿੰਘ ਰਾਠੌਰ ਨੇ ਭਾਰਤ ਦਾ ਝੰਡਾ ਚੁੱਕ ਕੇ ਭਾਰਤੀ ਦਲ ਦੀ ਅਗਵਾਈ ਕੀਤੀ। ਉਮੀਦ ਕਰਦੇ ਹਾਂ ਕਿ ਭਾਰਤ ਖੇਡਾਂ ਦੀ ਦੁਨੀਆ ਵਿਚ ਮੁੜ ਆਪਣੀ ਵੱਖਰੀ ਪਹਿਚਾਣ ਬਣਾਵੇਗਾ।


-ਮੋਬਾ: 82888-47042

ਖੇਡ ਕੱਬਡੀ ਨੂੰ ਪ੍ਰਣਾਏ ਮਾਣਮੱਤੇ ਖਿਡਾਰੀ-ਅਮਰੀ ਪੱਤੋ ਤੇ ਰਾਜੂ ਪੱਤੋ

ਜ਼ਿਲ੍ਹਾ ਮੋਗਾ 'ਚ ਪੈਂਦੇ ਮਾਲਵੇ ਖਿੱਤੇ ਦੇ ਮਸ਼ਹੂਰ ਨਗਰ ਪੱਤੋ ਹੀਰਾ ਸਿੰਘ ਨੂੰ ਖੇਡ ਜਗਤ ਵਿਚ ਖੇਡ ਕਬੱਡੀ ਦੀ ਨਰਸਰੀ ਵਜੋਂ ਪ੍ਰਸਿੱਧੀ ਮਿਲੀ ਹੈ, ਕਿਉਂਕਿ ਇਸ ਨਗਰ ਨੇ ਮਹਾਨ ਕਬੱਡੀ ਕੋਚ ਸਾਧੂ ਸਿੰਘ ਬਰਾੜ ਦੇ ਨੇਕ ਤੇ ਸਫਲ ਯਤਨਾਂ ਸਦਕਾ ਅਨੇਕਾਂ ਕਬੱਡੀ ਦੇ ਰੁਸਤਮ ਖਿਡਾਰੀ ਮਾਂ-ਖੇਡ ਦੀ ਝੋਲੀ ਪਾਏ ਹਨ। ਇਸੇ ਹੀ ਨਗਰ ਦੇ ਸਡੌਲ ਸਰੀਰਾਂ ਵਾਲੇ ਨਵੀਂ ਉਮਰ ਦੇ ਅੱਜ ਦੇ ਸਮੇਂ ਦੇ ਬਹੁਚਰਚਿਤ ਤੇ ਮਕਬੂਲ ਖਿਡਾਰੀ ਅਮਰੀ ਪੱਤੋ ਅਤੇ ਰਾਜੂ ਪੱਤੋ ਦੀ ਖੇਡ ਦੇ ਕਬੱਡੀ ਮੈਦਾਨਾਂ ਅੰਦਰ ਖੂਬ ਚਰਚੇ ਨੇ। ਅਜ਼ਾਦ ਕਬੱਡੀ ਕਲੱਬ ਘੱਲ ਕਲਾਂ ਦੇ ਅਹਿਮ ਅੰਗ ਜਾਣੇ ਜਾਂਦੇ ਅਮਰੀ ਪੱਤੋ ਧੁਨੰਤਰ ਤੇ ਫੁਰਤੀਲੇ ਧਾਵੀ, ਜਦਕਿ ਰਾਜੂ ਪੱਤੋ ਜਰਵਾਣੇ ਜਾਫੀ ਵਜੋਂ ਜਗਤ ਪ੍ਰਸਿੱਧ ਹੈ। ਵਜ਼ਨੀ ਕਬੱਡੀ ਦੇ ਸਟਾਰ ਅਮਰੀ ਪੱਤੋ ਨੇ ਬਾਲ ਵਰੇਸੇ 52, 57 ਤੇ 62 ਕਿਲੋ ਭਾਰ ਵਰਗ 'ਚ ਮੁਕਾਮੀ ਜਿੱਤਾਂ ਦਰਜ ਕਰਦਿਆਂ ਜਦ ਕਬੱਡੀ ਓਪਨ 'ਚ ਪ੍ਰਵੇਸ਼ ਕੀਤਾ ਤਾਂ ਮੁੱਲਵਾਨ ਵੱਡੀਆਂ ਇਨਾਮੀ ਜਿੱਤਾਂ ਦਾ ਜੇਤੂ ਜਰਨੈਲ ਸਿੱਧ ਹੋਇਆ। ਪਿਤਾ ਬਲਦੇਵ ਸਿੰਘ ਤੇ ਮਾਤਾ ਰਾਜਿੰਦਰ ਕੌਰ ਦੇ ਲਾਡਲੇ ਫਰਜੰਦ ਅਮਰੀ ਪੱਤੋ ਨੇ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਵਲੋਂ ਕੋਟਲਾ ਮੇਹਰ ਸਿੰਘ ਵਾਲਾ ਦੀ ਧਰਤੀ 'ਤੇ ਵੱਡੇ ਇਨਾਮਾਂ ਵਾਲੇ ਹੋਏ ਕਬੱਡੀ ਕੱਪ 'ਤੇ ਕਬੱਡੀ ਅਕੈਡਮੀ ਸ਼ਾਹਕੋਟ ਨਾਲ ਨਿਰਣਾਇਕ ਫਾਈਨਲ ਮੈਚ ਖੇਡਦਿਆਂ ਉੱਤਮ ਧਾਵੀ ਚੁਣੇ ਜਾਣ 'ਤੇ 21 ਕਿਲੋ ਬਦਾਮਾਂ ਦਾ ਵਿਅਕਤੀਗਤ ਇਨਾਮ ਆਪਣੇ ਨਾਂਅ ਕੀਤਾ।
ਇਸੇ ਹੀ ਤਰ੍ਹਾਂ ਕਾਲਖ ਦੇ ਭਰਵੀਂ ਭੀੜ ਵਾਲੇ ਖੇਡ ਮੇਲੇ 'ਤੇ ਅਜ਼ਾਦ ਕਬੱਡੀ ਕਲੱਬ ਘੱਲ ਕਲਾਂ ਦੇ ਸ਼ਰਮਾਕਲ ਖਿਡਾਰੀ ਅਮਰੀ ਨੇ ਸਰਬੋਤਮ ਖਿਡਾਰੀ ਰਹਿੰਦਿਆਂ ਸੋਨੇ ਦੀ ਮੁੰਦਰੀ ਜਿੱਤੀ। ਪਿੰਡ ਵਾਰ ਕਬੱਡੀ ਓਪਨ ਦੇ ਮੁਕਾਬਲਿਆਂ 'ਚ ਅਨੇਕਾਂ ਵੱਡੀਆਂ ਜਿੱਤਾਂ ਹਾਸਲ ਕਰਨ ਵਾਲੇ ਅਮਰੀ ਪੱਤੋ ਦੀ ਖੇਡ ਦੀ ਕਦਰ ਕਰਦਿਆਂ ਐਨ.ਆਰ.ਆਈ. ਧਰਮਿੰਦਰ ਕੈਨੇਡਾ ਵਲੋਂ ਤਪਾ ਮੰਡੀ ਦੇ ਕਬੱਡੀ ਖੇਡੇ ਮੇਲੇ 'ਤੇ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਸ਼ੇਰੇ ਪੰਜਾਬ ਕਬੱਡੀ ਕਲੱਬ ਮਲੇਸ਼ੀਆ ਦੇ ਸੱਦੇ 'ਤੇ ਅਮਰੀ ਪੱਤੋ ਨੇ ਮਲੇਸ਼ੀਆ ਦੀ ਧਰਤੀ 'ਤੇ ਆਪਣੀ ਕਲਾਤਮਿਕ ਤੇ ਸਾਕਾਰਾਤਮਿਕ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ। ਅਮਰੀ ਦੇ ਮਨ 'ਚ ਕੈਨੇਡਾ, ਅਮਰੀਕਾ, ਇੰਗਲੈਂਡ ਵਿਚ ਹੁੰਦੇ ਵੱਡੇ ਮੈਚ ਖੇਡਣ ਦੀ ਖਾਸੀ ਤਾਂਘ ਹੈ। ਇਸੇ ਤਰ੍ਹਾਂ ਹੀ ਗੋਰੇ ਨਛੋਹ ਰੰਗ, ਮਿਲਾਪੜਾ ਸੁਭਾਅ, ਗੁੰਦਵਾਂ ਸਰੀਰ ਤੇ ਖੇਡ ਕਬੱਡੀ ਨੂੰ ਪ੍ਰਣਾਇਆ ਕਬੱਡੀ ਜਗਤ ਦਾ ਮਜ਼ਬੂਤ ਥੰਮ੍ਹ ਜਾਫੀ ਰਾਜੂ ਪੱਤੋ ਵੀ ਅੱਜ ਦੇ ਸਮੇਂ ਦਾ ਮਾਣਮੱਤਾ ਖਿਡਾਰੀ ਹੈ। ਪ੍ਰੋ: ਸਾਧੂ ਸਿੰਘ ਬਰਾੜ ਦੀ ਪਾਰਖੂ ਅੱਖ ਦੇ ਤਰਾਸ਼ੇ ਹੀਰੇ ਰਾਜੂ ਨੇ ਆਪਣੀ ਜਿਸਮਾਨੀ ਤਾਕਤ ਤੇ ਮਜ਼ਬੂਤ ਪਕੜਾਂ ਨਾਲ ਕਬੱਡੀ ਦੇ ਕਈ ਕੌਮਾਂਤਰੀ ਮਹਾਂਰਥੀ ਰੇਡਰਾਂ ਨੂੰ ਡੱਕਿਆ। ਪਿਤਾ ਸਵ: ਗੁਰਦਿਆਲ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਸਪੂਤ ਮਨਪ੍ਰੀਤ ਸਿੰਘ ਉਰਫ ਰਾਜੂ ਪੱਤੋ ਦੀ ਯੋਗ ਅਗਵਾਈ 'ਚ ਯੂਨੀਵਰਸਿਟੀ ਕਾਲਜ ਪੱਤੋ ਦੀ ਟੀਮ ਨੇ 2012, 2013 ਤੇ 2014 ਵਿਚ ਲਗਾਤਾਰ ਸੋਨਾ ਤਗਮੇ ਜਿੱਤੇ।
ਸਕੂਲ ਪੜ੍ਹਦਿਆਂ ਨੈਸ਼ਨਲ ਸਟਾਈਲ ਕਬੱਡੀ ਦਾ ਵੀ ਸਟਾਰ ਪਲੇਅਰ ਰਿਹਾ ਹੈ ਰਾਜੂ। ਦੁੱਲਾ ਸੁਰਖਪੁਰੀਆ, ਕਾਲੂ ਰਸੂਲਪੁਰ, ਡਾ: ਕਾਲੋਕੇ, ਕੀਪਾ ਬੱਧਣੀ, ਦੀਪਾ ਹਿੰਮਤਪੁਰਾ, ਗੁਰਮੀਤ ਮੰਡੀਆਂ ਆਦਿ ਨੂੰ ਰਾਜੂ ਵਲੋਂ ਲਾਏ ਗਏ ਯਾਦਗਾਰੀ ਜੱਫਿਆਂ ਦੀ ਦਰਸ਼ਕ ਖੂਬ ਸਰਾਹਨਾ ਕਰਦੇ ਹਨ। ਛੋਟੀ ਉਮਰੇ ਵੱਡੀਆਂ ਬੁਲੰਦੀਆਂ ਛੂਹਣ ਵਾਲੇ ਇਸ ਖਿਡਾਰੀ ਨੂੰ ਜੱਸੀ ਭਦੌੜੀਆ ਤੇ ਜੱਸਾ ਸਿੰਘ ਪੀ.ਟੀ. ਵਲੋਂ ਸਵਿਫਟ ਗੱਡੀ ਜਦਕਿ ਚੇਅਰਮੈਨ ਖਣਮੁੱਖ ਭਾਰਤੀ ਵਲੋਂ ਰਾਜੂ ਦੀ ਖੇਡ ਤੋਂ ਖੁਸ਼ ਹੋ ਕੇ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ਾਲ ਕੰਬਾਈਨ ਦੇ ਵਿਸ਼ੇਸ਼ ਸੱਦੇ 'ਤੇ ਕਬੱਡੀ ਦੇ ਵੱਡੇ ਮੱਲ ਕਾਲਾ ਗਾਜੀਆਣਾ ਨਾਲ ਸਿੰਘਾਪੁਰ, ਮਲੇਸ਼ੀਆ ਅਤੇ ਇੰਗਲੈਂਡ ਦੀ ਧਰਤੀ 'ਤੇ ਪੂਰੇ ਦਮ ਖਮ ਨਾਲ ਖੇਡਿਆ। ਆਜ਼ਾਦ ਕਬੱਡੀ ਅਕੈਡਮੀ ਘੱਲ ਕਲਾਂ ਦੇ ਧਾਕੜ ਜਾਫੀ ਰਾਜੂ ਪੱਤੋ ਨੇ 2016 ਤੇ 2017 'ਚ ਪਿੰਦਾ ਬਰਾੜ, ਨਾਜਰ ਸਹੋਤਾ, ਜੀਤਾ ਜੰਗੀਆਣਾ, ਅਮਰਜੀਤ ਦੌਧਰ ਦੇ ਬੁਲਾਵੇ 'ਤੇ ਅਮਰੀਕਾ ਦੀ ਧਰਾਤਲ 'ਤੇ ਬਾਬਾ ਸੇਵਾ ਦਾਸ ਕਬੱਡੀ ਕਲੱਬ ਨੌਰਥ ਕੈਰੋਲੀਨਾ ਤੇ ਆਜ਼ਾਦ ਕਬੱਡੀ ਕਲੱਬ ਫਰਿਜ਼ਨੋ ਦੀਆਂ ਟੀਮਾਂ ਲਈ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਕਬੱਡੀ ਦੇ ਕੋਹੇਨੂਰ ਅਮਰੀ ਪੱਤੋ ਤੇ ਰਾਜੂ ਪੱਤੋ ਮਹਾਨ ਕਬੱਡੀ ਕੋਚ ਸਾਧੂ ਸਿੰਘ ਬਰਾੜ, ਟੋਨਾ ਬਾਰੇਵਾਲਾ, ਸੁੱਖ ਘੱਲ ਕਲਾਂ, ਅਮਨ ਲੋਪੋ ਨੂੰ ਆਪਣਾ ਪ੍ਰੇਰਨਾ ਸਰੋਤ ਤੇ ਮਾਰਗ ਦਰਸ਼ਕ ਮੰਨਦੇ ਹਨ।


-ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)। ਮੋਬਾ: 98147 45867

ਕੁਲਦੀਪ ਯਾਦਵ ਨੇ ਗੇਂਦਬਾਜ਼ੀ ਵਿਚ ਹੈਟ੍ਰਿਕ ਬਣਾ ਕੇ ਰਚਿਆ ਇਤਿਹਾਸ

ਕ੍ਰਿਕਟ ਦੀ ਖੇਡ ਵਿਚ ਗੇਂਦਬਾਜ਼ੀ ਇਕ ਅਜਿਹਾ ਹਥਿਆਰ ਹੈ, ਜਿਸ 'ਤੇ ਕਿਸੇ ਵੀ ਟੀਮ ਦੀ ਜਿੱਤ-ਹਾਰ ਨਿਰਭਰ ਕਰਦੀ ਹੈ। ਕ੍ਰਿਕਟ ਪ੍ਰੇਮੀ ਸਦਾ ਇਹ ਕਹਿੰਦੇ ਹਨ ਕਿ ਭਾਰਤ ਦਾ ਸਪਿਨ ਗੇਂਦਬਾਜ਼ੀ ਵਿਚ ਸ਼ੂਰੂ ਤੋਂ ਹੀ ਕੋਈ ਮੁਕਾਬਲਾ ਨਹੀਂ ਰਿਹਾ ਹੈ। ਕੁਲਦੀਪ ਯਾਦਵ ਦੀ ਗੇਂਦਬਾਜ਼ੀ ਵਿਚ ਬਣਾਈ ਇਸ ਹੈਟ੍ਰਿਕ ਅਰਥਾਤ ਤਿੰਨ ਬਾਲਾਂ 'ਤੇ ਤਿੰਨ ਵਿਕਟਾਂ ਨਾਲ ਖੇਡ ਪ੍ਰੇਮੀਆਂ ਦੇ ਦਿਲ ਵਿਚ ਸਪਿਨ ਗੇਂਦਬਾਜ਼ੀ ਦੇ ਪੁਰਾਣੇ ਸਮੇਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਉਨ੍ਹਾਂ ਨੂੰ ਬਿਸ਼ਨ ਸਿੰਘ ਬੇਦੀ, ਪ੍ਰਸੰਨਾ ਤੇ ਚੰਦਰ ਸ਼ੇਖਰ ਦੀ ਯਾਦ ਤਾਜ਼ਾ ਹੋ ਗਈ ਹੈ ਤੇ ਇਸ ਤਿਕੜੀ ਨੇ ਕਈ ਟੈਸਟ ਮੈਚ ਭਾਰਤ ਦੀ ਝੋਲੀ ਵਿਚ ਪਾਏ ਸਨ। ਕੁਝ ਵਰ੍ਹੇ ਪਹਿਲਾਂ ਜਦੋਂ ਹਰਭਜਨ ਸਿੰਘ ਨੇ ਹੈਟ੍ਰਿਕ ਬਣਾਈ ਤਾਂ ਇਹ ਖ਼ਬਰ ਬੜੀ ਤਾਂਘ ਨਾਲ ਸੁਣੀ ਗਈ ਤੇ ਬਿਸ਼ਨ ਸਿੰਘ ਬੇਦੀ ਨੇ ਹਰਭਜਨ ਸਿੰਘ ਨੂੰ ਮੁਬਾਰਕਬਾਦ ਦਿੰਦੇ ਹੋਏ ਇਹ ਕਿਹਾ ਸੀ, 'ਬੱਚੇ ਇੰਨਾ ਹੀ ਕਾਫੀ ਨਹੀਂ, ਤੂੰ ਇਥੇ ਹੀ ਰੁਕਣਾ ਨਹੀਂ, ਅੱਗੇ ਵੱਲ ਨੂੰ ਜਾਣਾ ਹੈ।' ਹੁਣ ਹਰਭਜਨ ਨੇ ਕੁਲਦੀਪ ਨੂੰ ਹੀ ਆਪਣਾ ਸਤਿਕਾਰ ਤੇ ਮੁਬਾਰਕਬਾਦ ਦਿੰਦੇ ਹੋਏ ਇਹ ਕਿਹਾ ਹੈ ਕਿ ਕੁਲਦੀਪ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਹਰਭਜਨ ਸਿੰਘ ਨੂੰ ਪੰਜਾਬ ਸਰਕਾਰ ਨੇ ਇਕਦਮ ਇਕ ਫਲੈਟ ਦੇਣ ਦਾ ਫੈਸਲਾ ਕੀਤਾ ਸੀ, ਹੁਣ ਕੁਲਦੀਪ ਨੂੰ ਵੀ ਕਈ ਸੰਸਥਾਵਾਂ ਨੇ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਹੈ। ਕਿਸੇ ਨੂੰ ਕੀ ਪਤਾ ਸੀ ਕਿ ਇਕ 14 ਦਸੰਬਰ, 1994 ਕਾਨਪੁਰ (ਉੱਤਰ ਪ੍ਰਦੇਸ਼) ਵਿਚ ਜੰਮਿਆ ਇਕ ਇੱਟਾਂ ਦੇ ਭੱੱਠੇ ਵਾਲੇ ਦਾ ਮੁੰਡਾ ਰਾਤੋ-ਰਾਤ ਇਕ ਮੈਚ ਵਿਚ ਹੈਟ੍ਰਿਕ ਬਣਾ ਕੇ ਭਾਰਤ ਦਾ ਕ੍ਰਿਕਟ ਸਟਾਰ ਬਣ ਜਾਵੇਗਾ।
ਕੁਲਦੀਪ ਨੇ ਆਪਣੀ ਕ੍ਰਿਕਟ ਦੀ ਸ਼ੁਰੂਆਤ ਇਕ ਤੇਜ਼ ਗੇਂਦਬਾਜ਼ ਦੇ ਰੂਪ ਕੀਤੀ, ਸਮੇਂ ਤੇ ਹਾਲਾਤ ਮੁਤਾਬਕ ਉਸ ਦੀ ਗੇਂਦਬਾਜ਼ੀ ਵਿਚ ਸੁਧਾਰ ਆਉਂਦਾ ਗਿਆ। ਖੱਬੇ ਹੱਥ ਨਾਲ ਖੇਡਣ ਵਾਲੇ ਇਸ ਗੇਂਦਬਾਜ਼ ਬਾਰੇ ਖੇਡ ਪਾਰਖੂ ਬਿਸ਼ਨ ਸਿੰਘ ਬੇਦੀ ਨਾਲ ਕੁਝ ਸਮਾਨਤਾਵਾਂ ਦੱਸਦੇ ਹਨ, ਦੋਵੇਂ ਖੱਬੇ ਹੱਥ ਦੇ ਗੇਂਦਬਾਜ਼ ਹਨ ਤੇ ਦੋਵਾਂ ਦੇ ਬਾਲ ਨੂੰ ਸਮਝਣਾ ਬਹੁਤ ਮੁਸ਼ਕਿਲ ਹੁੰਦਾ ਹੈ। ਦੋਵਾਂ ਦੀ ਗੇਂਦਬਾਜ਼ੀ ਵਿਚ ਇੰਨੀ ਵਿਵਧਤਾ ਹੈ ਕਿ ਇਕ ਓਵਰ ਦੇ 6 ਬਾਲ ਇਕ-ਦੂਸਰੇ ਤੋਂ ਬਿਲਕੁਲ ਅਲੱਗ ਨਜ਼ਰ ਆਉਂਦੇ ਹਨ। ਕੁਲਦੀਪ ਯਾਦਵ ਦੀ ਖੇਡ ਬਾਰੇ ਇਕ ਦਿਲਚਸਪ ਗੱਲ ਇਹ ਦੱਸੀ ਜਾਂਦੀ ਹੈ ਕਿ ਇੰਡੀਆ ਅੰਡਰ-19 ਵਿਚ ਸਕਾਟਲੈਂਡ ਨਾਲ ਖੇਡਦੇ ਹੋਏ ਉਸ ਨੇ ਗੇਂਦਬਾਜ਼ੀ ਵਿਚ ਵੀ ਮੁਹਾਰਤ ਦਿਖਾ ਕੇ ਹੈਟ੍ਰਿਕ ਬਣਾਈ ਸੀ।
ਕੁਲਦੀਪ ਨੇ ਕ੍ਰਿਕਟ ਦੇ ਹਰ ਫੋਰਮੈਟ ਵਿਚ ਵਧੀਆ ਗੇਂਦਬਾਜ਼ੀ ਦਾ ਵਿਖਾਵਾ ਕੀਤਾ ਹੈ। ਉੁਸ ਦੀਆਂ ਸੇਵਾਵਾਂ ਦਾ ਕ੍ਰਿਕਟ ਦੀ ਲੀਗ ਵਿਚ ਬਹੁਤ ਮੁੱਲ ਪਿਆ ਹੈ ਤੇ ਕਲਕੱਤਾ ਨਾਈਟਸ ਨੇ ਉਸ ਦੀਆਂ ਸੇਵਾਵਾਂ ਨੂੰ ਲੀਗ ਲਈ ਖ਼ਰੀਦ ਕੇ ਵਰਤਿਆ ਹੈ।
ਕੁਲਦੀਪ ਦੀ ਪਹਿਲੀ ਵਾਰੀ ਭਾਰਤੀ ਟੀਮ ਵਿਚ ਚੋਣ 2014 ਵਿਚ ਵੈਸਟ ਇੰਡੀਜ਼ ਖਿਲਾਫ਼ ਹੋਈ ਸੀ ਪਰ ਉਹ ਮੈਚ ਵਿਚ ਖੇਡ ਨਹੀਂ ਸੀ ਸਕਿਆ, ਪਰ ਇਸ ਸਾਲ ਧਰਮਸ਼ਾਲਾ ਵਿਚ 25 ਮਾਰਚ ਨੂੰ ਉਸ ਨੇ ਭਾਰਤ ਵਲੋਂ ਖੇਡਣਾ ਸ਼ੁਰੂ ਕੀਤਾ ਤੇ ਪਹਿਲੇ ਮੈਚ ਵਿਚ ਹੀ 4 ਵਿਕਟਾਂ ਝਾੜੀਆਂ। ਭਾਰਤ ਦੀ ਆਸਟ੍ਰੇਲੀਆ ਵਿਰੁੱਧ ਜਿੱਤ ਵਿਚ ਉਸ ਦੀ ਦੂਜੇ ਇਕ ਦਿਨਾਂ ਮੈਚ ਵਿਚ ਬਣਾਈ ਹੈਟ੍ਰਿਕ ਯਾਦਗਾਰੀ ਬਣ ਗਈ ਹੈ।
ਤੀਸਰੇ ਇਕ ਦਿਨਾਂ ਮੈਚ ਵਿਚ ਵੀ ਉਸ ਨੇ ਦੋ ਵਿਕਟਾਂ ਲਈਆਂ ਹਨ। ਆਸਟ੍ਰੇਲੀਆ ਦੇ ਨਾਮਵਰ ਖਿਡਾਰੀ ਵਾਰਨਰ ਨੇ ਪਹਿਲਾਂ ਹੀ ਆਪਣਾ ਡਰ ਪ੍ਰਗਟ ਕੀਤਾ ਸੀ ਕਿ ਕੁਲਦੀਪ ਦੀ ਗੇਮ ਨੂੰ ਸਮਝਣਾ ਮੁਸ਼ਕਿਲ ਹੈ, ਉਸ ਦੀ ਹਰ ਬਾਲ ਵੱਖਰੀ ਹੁੰਦੀ ਹੈ। ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਭਾਰਤ ਹੁਣ ਦੁਨੀਆ ਵਿਚ ਨੰਬਰ ਇਕ ਦੀ ਟੀਮ ਬਣ ਗਿਆ ਹੈ, ਜਿਸ ਵਿਚ ਕੁਲਦੀਪ ਦੀ ਵੀ ਦੇਣ ਮਹੱਤਵਪੂਰਨ ਹੈ। ਕੇਵਲ 22 ਸਾਲਾਂ ਦੇ ਇਸ ਨੌਜਵਾਨ ਤੋਂ ਭਾਰਤ ਨੂੰ ਭਵਿੱਖ ਵਿਚ ਬਹੁਤ ਆਸਾਂ ਹਨ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ।
ਮੋਬਾ: 98152-55295


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX