ਤਾਜਾ ਖ਼ਬਰਾਂ


ਐੱਮ. ਜੇ. ਅਕਬਰ ਨੇ ਪ੍ਰਿਯਾ ਰਮਾਣੀ 'ਤੇ ਕੀਤਾ ਮਾਣਹਾਨੀ ਦਾ ਕੇਸ
. . .  15 minutes ago
ਨਵੀਂ ਦਿੱਲੀ, 15 ਅਕਤੂਬਰ- ਕੇਂਦਰੀ ਮੰਤਰੀ ਐੱਮ. ਜੇ. ਅਕਬਰ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪੱਤਰਕਾਰ ਪ੍ਰਿਯਾ ਰਮਾਣੀ ਵਿਰੁੱਧ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਾਇਆ...
ਪੰਜਾਬ ਦੇ ਸਟੇਟ ਐਵਾਰਡ ਪ੍ਰਾਪਤ 40 ਅਧਿਆਪਕਾਂ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਨਹੀਂ ਮਿਲੀ ਇਨਾਮੀ ਰਾਸ਼ੀ
. . .  11 minutes ago
ਸੰਗਰੂਰ, 15 ਅਕਤੂਬਰ (ਧੀਰਜ ਪਸ਼ੋਰੀਆ)- 5 ਸਤੰਬਰ 2017 ਨੂੰ ਅਧਿਆਪਕ ਦਿਵਸ ਮੌਕੇ ਸਿੱਖਿਆ ਮੰਤਰੀ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤੇ 40 ਅਧਿਆਪਕਾਂ ਨੂੰ ਇਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ 25-25 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ....
ਸਕੂਲੀ ਬੱਸ ਪਲਟਣ ਕਾਰਨ ਇੱਕ ਦੀ ਮੌਤ
. . .  19 minutes ago
ਹੰਬੜਾਂ, 15 ਅਕਤੂਬਰ (ਕੁਲਦੀਪ ਸਿੰਘ ਸਲੇਮਪੁਰੀ) ਅੱਜ ਇੱਕ ਸਕੂਲ ਦੀ ਬੱਸ ਪਲਟਣ ਕਾਰਨ ਸਹਾਇਕ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਇੱਕ ਨਿੱਜੀ ਸਕੂਲ ਦੀ ਬੱਸ ਸਿੱਧਵਾਂ ਨਹਿਰ ਵਾਲੇ ਪਾਸਿਓਂ ਬੱਚਿਆਂ ਨੂੰ ਸਕੂਲ ਲੈ ਕੇ ਆ ਰਹੀ ਸੀ ਤਾਂ...
ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਦੀ ਬਰਖ਼ਾਸਤਗੀ ਮਾਮਲੇ 'ਚ ਹਾਈਕੋਰਟ ਵੱਲੋਂ ਰੋਕ
. . .  35 minutes ago
ਰਾਏਕੋਟ, 15 ਅਕਤੂਬਰ (ਸੁਸ਼ੀਲ)- ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਪਿਛਲੇ ਦਿਨੀਂ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸਲਿਲ ਜੈਨ ਨੂੰ ਇੱਕ ਮਾਮਲੇ 'ਚ ਅਯੋਗ ਕਰਾਰ ਦਿੰਦੇ ਹੋਏ ਉਨ੍ਹਾਂ ਦੀ ਕੌਸਲਰਸ਼ਿਪ ਰੱਦ ਕਰ ਦਿੱਤੀ ਗਈ ਸੀ ਜਿਸ ਨੂੰ ਪ੍ਰਧਾਨ ਸਲਿਲ ਜੈਨ...
2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਹੋਵੇਗੀ ਮੁਲਾਕਾਤ
. . .  59 minutes ago
ਸਿਓਲ, 15 ਅਕਤੂਬਰ- ਸਾਂਝੇ ਰੂਪ ਨਾਲ 2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਨੂੰ ਲੈ ਕੇ ਚਰਚਾ ਕਰਨ ਸੰਬੰਧੀ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਇਸ ਮਹੀਨੇ ਭਾਵ ਕਿ ਅਕਤੂਬਰ ਦੇ ਅੰਤ 'ਚ ਬੈਠਕ...
ਕੱਲ੍ਹ ਹੋਵੇਗੀ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  1 minute ago
ਸੰਗਰੂਰ, 15 ਅਕਤੂਬਰ (ਧੀਰਜ ਪਸ਼ੋਰੀਆ) - ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਕੋਰ ਕਮੇਟੀ ਦੀ ਬੈਠਕ 16 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਇਸ ਬੈਠਕ 'ਚ ਹੋਰਨਾਂ ਮੁੱਦਿਆਂ ਤੋਂ....
ਉੜੀਸਾ 'ਚ ਨਿਰਮਾਣ ਅਧੀਨ ਪੁਲ ਦੇ ਢਹਿ ਢੇਰੀ ਹੋਣ ਕਾਰਨ 14 ਮਜ਼ਦੂਰ ਜ਼ਖਮੀ
. . .  about 1 hour ago
ਭੁਵਨੇਸ਼ਵਰ, 15 ਅਕਤੂਬਰ -ਉੜੀਸਾ ਦੇ ਸੁੰਦਰ ਗੜ੍ਹ ਜ਼ਿਲ੍ਹੇ ਦੇ ਬੋਨਾਈ ਇਲਾਕੇ 'ਚ ਇਕ ਨਿਰਮਾਣ ਅਧੀਨ ਪੁਲ ਦੇ ਢਹਿ ਢੇਰੀ ਹੋਣ ਕਾਰਨ ਘੱਟ ਤੋਂ ਘੱਟ 14 ਮਜ਼ਦੂਰ ਜ਼ਖਮੀ ਹੋ ਗਏ। ਇਸ ਹਾਦਸੇ 'ਚ ਜ਼ਖਮੀ ਹੋਏ ਮਜ਼ਦੂਰਾਂ ਨੂੰ ਬੋਨਾਈ ਉਪ ਮੰਡਲ ਹਸਪਤਾਲ 'ਚ ਇਲਾਜ.....
ਐੱਨ. ਆਈ. ਏ. ਵਲੋਂ ਖ਼ੁਲਾਸਾ, ਹਾਫ਼ਿਜ਼ ਸਈਦ ਦੇ ਪੈਸੇ ਨਾਲ ਹਰਿਆਣਾ 'ਚ ਬਣੀ ਮਸਜਿਦ
. . .  about 1 hour ago
ਚੰਡੀਗੜ੍ਹ, 15 ਅਕਤੂਬਰ- ਹਰਿਆਣਾ ਦੇ ਪਲਵਲ ਜ਼ਿਲ੍ਹੇ 'ਚ ਬਣੀ ਇੱਕ ਮਸਜਿਦ ਦੇ ਨਿਰਮਾਣ ਨੂੰ ਲੈ ਕੇ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਸਜਿਦ ਦੇ ਨਿਰਮਾਣ ਲਈ ਹਾਫ਼ਿਜ਼ ਸਈਦ ਦੇ ਸੰਗਠਨ ਲਸ਼ਕਰ-ਏ...
ਸਤੰਬਰ 'ਚ 5.13 ਫ਼ੀਸਦੀ 'ਤੇ ਪਹੁੰਚੀ ਮੁਦਰਾਸਫੀਤੀ ਦਰ
. . .  about 1 hour ago
ਨਵੀਂ ਦਿੱਲੀ, 15 ਅਕਤੂਬਰ - ਮਾਸਿਕ ਥੋਕ ਮੁੱਲ ਸੂਚਕ ਅੰਕ (ਡਬਲਿਊ.ਪੀ.ਆਈ) 'ਤੇ ਆਧਾਰਿਤ ਮੁਦਰਾ ਸਫੀਤੀ ਦਰ ਵੱਧ ਕੇ ਸਤੰਬਰ 2018 ਦੇ ਲਈ 5.13 ਫ਼ੀਸਦੀ ਤੱਕ ਪਹੁੰਚ ਗਈ ਹੈ, ਜਦਕਿ ਪਿਛਲੇ ਮਹੀਨੇ ਇਹ ਦਰ 4.53 ਫ਼ੀਸਦੀ ਸੀ। ਜਾਣਕਾਰੀ ਲਈ ਦੱਸ....
ਉਤਰਾਖੰਡ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ
. . .  about 1 hour ago
ਦੇਹਰਾਦੂਨ, 15 ਅਕਤੂਬਰ- ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਅੱਜ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 6 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ...
ਹੋਰ ਖ਼ਬਰਾਂ..

ਬਾਲ ਸੰਸਾਰ

ਵਿਗਿਆਨੀ-ਜਾੱਨ ਲਾੱਗੀ ਬੇਅਰਡ

ਕਿਸੇ ਜ਼ਮਾਨੇ ਵਿਚ ਇੰਜੀਨੀਅਰ ਜਾੱਨ ਲਾੱਗੀ ਬੇਅਰਡ ਆਪਣੇ ਇਕ ਦੋਸਤ ਨਾਲ ਮਿਲ ਕੇ ਬਿਜਲਈ ਤਰੰਗਾਂ ਜ਼ਰੀਏ ਤਸਵੀਰ ਭੇਜਣ ਦੀ ਕਲਪਨਾ ਕਰਿਆ ਕਰਦੇ ਸਨ। ਇਕ ਦਿਨ ਹਕੀਕਤ ਵਿਚ ਅਜਿਹਾ ਹੋਇਆ ਤਾਂ ਪੂਰੀ ਦੁਨੀਆ ਦੇ ਸਾਹਮਣੇ ਇਕ ਨਵੀਂ ਚੀਜ਼ ਆਈ-'ਟੈਲੀਵਿਜ਼ਨ'।
ਪਿਆਰੇ ਬੱਚਿਓ! ਟੀ.ਵੀ. 'ਤੇ ਘੰਟਿਆਂਬੱਧੀ ਬੈਠ ਕੇ ਕਾਰਟੂਨ ਤਾਂ ਜ਼ਰੂਰ ਵੇਖਦੇ ਹੋਵੋਗੇ। ਕਦੀ ਬਗ਼ੈਰ ਟੀ.ਵੀ. ਤੋਂ ਜੀਵਨ ਦੀ ਕਲਪਨਾ ਕਰਕੇ ਵੇਖੋ? ਤੁਸੀਂ ਆਪਣਾ ਮਨੋਰੰਜਨ ਕਿਵੇਂ ਕਰਦੇ? ਤਾਂ ਸ਼ੁਕਰੀਆ ਅਦਾ ਕਰੋ 'ਜਾੱਨ ਲਾੱਗੀ ਬੇਅਰਡ' ਦਾ! ਟੀ.ਵੀ. ਬਣਾਉਣ ਦਾ ਸਿਹਰਾ ਇਨ੍ਹਾਂ ਨੂੰ ਹੀ ਜਾਂਦਾ ਹੈ। ਪਾਦਰੀ ਪਿਤਾ ਦੇ ਗ਼ਰੀਬ ਘਰ 'ਚ ਜਨਮੇ ਜਾੱਨ ਇਕ ਸਕਾਟਿਸ਼ ਇੰਜੀਨੀਅਰ ਅਤੇ ਵਿਗਿਆਨਕ ਸਨ। ਪੜ੍ਹਨ-ਲਿਖਣ 'ਚ ਬਚਪਨ ਤੋਂ ਹੀ ਬਹੁਤ ਚੰਗੇ ਸਨ। ਇਨ੍ਹਾਂ ਦੇ ਸਕੂਲ 'ਚ ਕਿਉਂਕਿ ਫੋਟੋਗ੍ਰਾਫੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ, ਸੋ ਇਨ੍ਹਾਂ ਦੀ ਵੀ ਫੋਟੋਗ੍ਰਾਫੀ ਵਿਚ ਦਿਲਚਸਪੀ ਪੈਦਾ ਹੋ ਗਈ। ਸਕੂਲ ਛੱਡਣ ਤੋਂ ਬਾਅਦ ਇਨ੍ਹਾਂ ਨੇ ਗਲੈਸਗੋ ਵਿਖੇ ਸਥਿਤ ਰਾਇਲ ਟੈਕਨੀਕਲ ਕਾਲਜ ਵਿਚ ਵਿਗਿਆਨ ਦਾ ਅਧਿਐਨ ਕੀਤਾ। 26 ਸਾਲ ਦੀ ਉਮਰ ਵਿਚ ਇਕ ਇਲੈਕਟ੍ਰੀਕਲ ਕੰਪਨੀ ਵਿਚ ਨੌਕਰੀ ਕਰਨ ਲੱਗੇ। ਇਹ ਨੌਕਰੀ ਛੱਡਣ ਤੋਂ ਬਾਅਦ ਜੁਰਾਬਾਂ ਅਤੇ ਚਟਣੀ ਬਣਾਉਣ ਦਾ ਕੰਮ ਵੀ ਕੀਤਾ, ਪਰ ਕੋਈ ਵਿਕਰੀ ਨਾ ਹੋਣ ਕਾਰਨ ਇਹ ਕੰਮ ਬੰਦ ਕਰਨਾ ਪਿਆ।
ਫਿਰ ਆਪਣੇ ਇਕ ਦੋਸਤ ਕੋਲ ਤ੍ਰਿਨਿਦਾਦ ਜਾ ਵਸੇ, ਜਿੱਥੇ ਇਕ ਰੇਡੀਓ ਆਪ੍ਰੇਟਰ ਨਾਲ ਬੈਠ ਕੇ ਬਿਜਲੀ ਦੁਆਰਾ ਹਵਾ 'ਚ ਤਸਵੀਰਾਂ ਭੇਜਣ ਦੀ ਕਲਪਨਾ ਕਰਿਆ ਕਰਦੇ ਸਨ। ਇਕ ਦਿਨ ਜਦੋਂ ਇੰਗਲੈਂਡ ਵਾਪਸ ਪਰਤੇ ਤਾਂ ਬੈਠੇ-ਬੈਠੇ ਮਨ 'ਚ ਟੀ.ਵੀ. ਦੀ ਖੋਜ ਕਰਨ ਦਾ ਵਿਚਾਰ ਆਇਆ। ਹਾਲਾਂਕਿ ਕਈ ਲੋਕ ਇਸ ਖੇਤਰ 'ਚ ਅੱਗੇ ਵਧ ਚੁੱਕੇ ਹਨ, ਇਨ੍ਹਾਂ ਨੇ ਉਪਕਰਨਾਂ ਦੀ ਰੂਪ-ਰੇਖਾ ਤਿਆਰ ਕਰਕੇ ਛੱਡੀ। ਉਪਕਰਨ ਬਣਾਉਣ ਲਈ ਕਈ ਚੀਜ਼ਾਂ ਇਕੱਠੀਆਂ ਕੀਤੀਆਂ ਅਤੇ ਕਈ ਮਹੀਨੇ ਪ੍ਰਯੋਗ ਕਰਦਿਆਂ ਹੀ ਬਤੀਤ ਹੋ ਗਏ, ਤਦ ਜਾ ਕੇ ਕਿਤੇ ਟੀ.ਵੀ. ਟ੍ਰਾਂਸਮੀਟਰ ਅਤੇ ਰਿਸੀਵਰ ਬਣਾਉਣ 'ਚ ਉਹ ਸਫਲ ਹੋਏ। ਇਨ੍ਹਾਂ ਦੇ ਪ੍ਰੇਖਣ ਲਗਾਤਾਰ ਚਲਦੇ ਰਹੇ। 2 ਅਕਤੂਬਰ, 1925 ਨੂੰ ਜਾੱਨ ਨੇ ਆਪਣੇ ਉਪਕਰਨ ਵਿਚ ਪ੍ਰਕਾਸ਼ ਨੂੰ ਬਿਜਲਈ ਕਿਰਨਾਂ ਵਿਚ ਪਰਿਵਰਤਿਤ ਕਰਨ ਲਈ ਇਕ ਨਵੀਂ ਚੀਜ਼ ਲਗਾਈ। ਜਿਵੇਂ ਹੀ ਉਨ੍ਹਾਂ ਨੇ ਸਵਿਚ ਦਬਾਇਆ, ਉਹ ਹੈਰਾਨ ਰਹਿ ਗਏ-ਉਨ੍ਹਾਂ ਦੇ ਉਪਕਰਨ ਵਿਚ ਦ੍ਰਿਸ਼ ਦੀ ਪੂਰੀ ਤਸਵੀਰ ਉੱਭਰ ਕੇ ਆ ਗਈ ਸੀ। ਖੁਸ਼ੀ ਦੇ ਮਾਰੇ ਉਹ ਆਪਣੀ ਕੁਰਸੀ ਤੋਂ ਉੱਛਲ ਪਏ। ਉਨ੍ਹਾਂ ਨੂੰ ਮਨੁੱਖੀ ਆਕ੍ਰਿਤੀ ਦੇ ਪ੍ਰਸਾਰਨ ਵਿਚ ਸਫਲਤਾ ਮਿਲ ਗਈ ਸੀ ਅਤੇ ਇਕ ਇਤਿਹਾਸ ਬਣ ਕੇ ਰਹਿ ਗਿਆ ਸੀ ਉਹ ਦਿਨ!

-ਮਨਿੰਦਰ ਕੌਰ
maninderkaurcareers@gmail.com


ਖ਼ਬਰ ਸ਼ੇਅਰ ਕਰੋ

ਦੁਨੀਆ ਦਾ ਸਭ ਤੋਂ ਛੋਟਾ ਅਖ਼ਬਾਰ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਅਖ਼ਬਾਰ ਦੀ ਲੰਬਾਈ-ਚੌੜਾਈ ਮਾਤਰ 1×1.4 ਇੰਚ ਹੈ ਅਤੇ ਇਸ ਵਿਚ ਕੋਈ ਸੜਕ-ਛਾਪ ਸਮੱਗਰੀ ਨਹੀਂ, ਬਲਕਿ ਵਧੀਆ ਲੇਖਕਾਂ, ਕਨੂੰਨੀ ਮਾਹਿਰਾਂ ਅਤੇ ਵਿਦਵਾਨ ਲੇਖਕਾਂ ਦੁਆਰਾ ਲਿਖੀ ਸਮੱਗਰੀ ਹੀ ਪ੍ਰਕਾਸ਼ਿਤ ਹੁੰਦੀ ਹੈ। ਇਹ ਅਖ਼ਬਾਰ ਦੁਨੀਆ ਦਾ ਸਭ ਤੋਂ ਛੋਟਾ ਅਖ਼ਬਾਰ ਹੈ ਅਤੇ ਇਸ ਦਾ ਪ੍ਰਕਾਸ਼ਨ ਬ੍ਰਾਜ਼ੀਲ ਦੇ ਇਕ ਪ੍ਰਕਾਸ਼ਕ ਨੇ ਅਰੰਭ ਕੀਤਾ ਹੈ। 'ਡੋਲੋਰੇਸ ਨਿਊਨੇਂਸ ਸਕਵੀਨਡਟ' ਨਾਂਅ ਵਾਲੇ ਇਸ ਪ੍ਰਕਾਸ਼ਕ ਦੇ ਅਨੁਸਾਰ ਏਨਾ ਛੋਟਾ ਅਖ਼ਬਾਰ ਕੱਢਣਾ ਉਨ੍ਹਾਂ ਦੇ ਪਰਿਵਾਰ ਦਾ 75 ਸਾਲ ਪੁਰਾਣਾ ਸੁਪਨਾ ਸੀ, ਜੋ 16 ਪੰਨਿਆਂ ਦੇ ਇਸ ਮਾਸਿਕ ਅਖ਼ਬਾਰ 'ਯੋਰਆਨਰ' ਦੇ ਪ੍ਰਕਾਸ਼ਨ ਨਾਲ ਪੂਰਾ ਹੋਇਆ ਹੈ। ਪ੍ਰਕਾਸ਼ਕ ਦਾ ਕਹਿਣਾ ਹੈ ਕਿ ਪਾਠਕਾਂ ਨੂੰ ਉਸ ਦਾ ਅਖ਼ਬਾਰ ਪੜ੍ਹਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਸੁਸ਼ੀ ਸਕਵੀਨਡਟ ਦੇ ਅਨੁਸਾਰ ਉਸ ਦੇ ਪਿਤਾ ਨੇ 1935 ਵਿਚ ਗੋਈਆਸ ਪ੍ਰਾਂਤ ਵਿਚ ਅਖ਼ਬਾਰ ਕੱਢਣਾ ਸ਼ੁਰੂ ਕੀਤਾ ਸੀ ਅਤੇ 1946 ਵਿਚ ਗੇਰਾਈਸ ਚਲੇ ਗਏ। ਉਸ ਸਮੇਂ ਇਸ ਅਖ਼ਬਾਰ ਦੀ ਲੰਬਾਈ-ਚੌੜਾਈ 10×7 ਸੈਂਟੀਮੀਟਰ ਸੀ। ਉਦੋਂ ਤੋਂ ਲੈ ਕੇ ਏਨੇ ਸਾਲਾਂ ਦੀ ਸਖ਼ਤ ਮਿਹਨਤ ਦੇ ਬਾਅਦ ਉਹ ਇਸ ਅਖ਼ਬਾਰ ਦਾ ਆਕਾਰ ਘਟਾ ਕੇ ਇਸ ਪੱਧਰ 'ਤੇ ਲਿਆਉਣ ਵਿਚ ਸਫ਼ਲ ਹੋਏ ਹਨ। ਸਕਵੀਨਡਟ ਦੇ ਅਨੁਸਾਰ ਇਹ ਅਖ਼ਬਾਰ ਪੂਰੇ ਬ੍ਰਾਜ਼ੀਲ ਵਿਚ ਉਪਲਬਧ ਹੈ ਅਤੇ ਇਸ ਦੀ ਸੰਖਿਆ 5000 ਹੈ। ਉਂਜ 'ਯੋਰਆਨਰ' ਨਾਮਕ ਇਹ ਲਘੂ ਅਖ਼ਬਾਰ ਹੀ ਉਨ੍ਹਾਂ ਦੇ ਪ੍ਰਕਾਸ਼ਨ ਦਾ ਇਕਲੌਤਾ ਅਖ਼ਬਾਰ ਨਹੀਂ ਹੈ, ਬਲਕਿ ਉਹ ਕੁਝ ਹੋਰ ਅਖ਼ਬਾਰ ਵੀ ਕੱਢਦੇ ਹਨ ਅਤੇ ਉਨ੍ਹਾਂ ਦਾ ਆਕਾਰ ਵੀ ਲਘੂ ਹੀ ਹੈ। ਉਨ੍ਹਾਂ ਦਾ ਇਕ ਹੋਰ ਅਖ਼ਬਾਰ 4.8×6.5 ਸੈਂਟੀਮੀਟਰ ਆਕਾਰ ਦਾ ਹੈ।

-ਧਰਵਿੰਦਰ ਸਿੰਘ ਔਲਖ,
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮ੍ਰਿਤਸਰ-143109. ਮੋਬਾ: 98152-82283

ਦੀਵਾਲੀ ਦੇ ਤਿਉਹਾਰ 'ਤੇ ਵਿਸ਼ੇਸ਼ ਬਾਲ ਕਹਾਣੀ: ਪਹਿਲ

ਪੁਰਾਣੇ ਸਮੇਂ ਦੀ ਗੱਲ ਹੈ ਕਿ ਪੂਰਬੀ ਭਾਰਤ ਦੀਆਂ ਰਿਆਸਤਾਂ ਵਿਚੋਂ ਇਕ ਅਜਿਹੀ ਰਿਆਸਤ ਸੀ, ਜਿਸ ਦਾ ਰਾਜਾ ਵਾਤਾਵਰਨ ਪ੍ਰੇਮੀ ਸੀ। ਉਸ ਦੀ ਰਿਆਸਤ ਦੇ ਲੋਕ ਸਾਫ਼-ਸਫ਼ਾਈ ਤੇ ਕੁਦਰਤੀ ਵਾਤਾਵਰਨ ਦੀ ਸ਼ੁੱਧਤਾ ਦਾ ਬਹੁਤ ਧਿਆਨ ਰੱਖਦੇ ਸਨ। ਰਿਆਸਤ ਦੇ ਚਾਰੇ ਪਾਸੇ ਰੁੱਖ ਹੀ ਰੁੱਖ ਦਿਖਾਈ ਦਿੰਦੇ ਸਨ। ਉਸ ਦੀ ਸੁੰਦਰਤਾ, ਸ਼ੁੱਧ ਵਾਤਾਵਰਨ ਨੂੰ ਦੇਖਣ ਲਈ ਦੂਰੋਂ-ਦੂਰੋਂ ਯਾਤਰੀ ਆਉਂਦੇ ਸਨ। ਉਸ ਰਿਆਸਤ ਦੀ ਇਕ ਪਰੰਪਰਾ ਸੀ ਕਿ ਦੀਵਾਲੀ ਦੇ ਤਿਉਹਾਰ 'ਤੇ ਰਿਆਸਤ ਦੇ ਸਾਰੇ ਲੋਕ ਇਕੱਠੇ ਹੋ ਕੇ ਆਪਣੇ ਆਲੇ-ਦੁਆਲੇ ਦੇ ਨਾਲ-ਨਾਲ ਕੋਨੇ-ਕੋਨੇ ਦੀ ਸਫ਼ਾਈ ਕਰਦੇ। ਸਾਰੇ ਇਕੱਠੇ ਹੋ ਕੇ ਰੁੱਖ ਲਗਾਉਂਦੇ। ਲੱਗੇ ਹੋਏ ਰੁੱਖਾਂ ਦੀ ਸਾਂਭ-ਸੰਭਾਲ ਦੀ ਸਹੁੰ ਚੁੱਕਦੇ। ਇਕ ਖੁੱਲ੍ਹੇ ਥਾਂ 'ਤੇ ਰਾਜਾ ਲੋਕਾਂ ਨਾਲ ਮਿਲ ਕੇ ਦੀਵਾਲੀ ਦਾ ਤਿਉਹਾਰ ਮਨਾਉਂਦਾ। ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਦੇ ਤੇ ਆਤਿਸ਼ਬਾਜ਼ੀ ਵੀ ਹੁੰਦੀ। ਦੀਵਾਲੀ ਦੇ ਤਿਉਹਾਰ 'ਤੇ ਕਿਸੇ ਨਾ ਕਿਸੇ ਰਿਆਸਤ ਦਾ ਰਾਜਾ ਸ਼ਾਹੀ ਮਹਿਮਾਨ ਵਜੋਂ ਸ਼ਾਮਿਲ ਹੁੰਦਾ।
ਇਕ ਸਾਲ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਉਸ ਤਿਉਹਾਰ 'ਤੇ ਸ਼ਾਹੀ ਮਹਿਮਾਨ ਵਜੋਂ ਅਜਿਹਾ ਰਾਜਾ ਆ ਰਿਹਾ ਸੀ, ਜਿਸ ਨੇ ਪਹਿਲਾਂ ਕਦੇ ਵੀ ਉਹ ਰਿਆਸਤ ਨਹੀਂ ਦੇਖੀ ਹੋਈ ਸੀ। ਉਹ ਦੀਵਾਲੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਰਿਆਸਤ ਦੇ ਸ਼ਾਹੀ ਮਹਿਲ ਵਿਚ ਪਹੁੰਚ ਗਿਆ। ਉਸ ਨੂੰ ਸਾਰੀ ਰਿਆਸਤ ਦਾ ਚੱਕਰ ਲਗਵਾਇਆ ਗਿਆ। ਉਹ ਰਿਆਸਤ ਦੀ ਸੁੰਦਰਤਾ, ਸਾਫ਼-ਸਫ਼ਾਈ, ਸ਼ੁੱਧ ਆਬੋ-ਹਵਾ ਅਤੇ ਚਾਰੇ ਪਾਸੇ ਲੱਗੇ ਰੁੱਖਾਂ ਨੂੰ ਦੇਖ ਕੇ ਹੱਕਾ-ਬੱਕਾ ਰਹਿ ਗਿਆ। ਉਸ ਦੇ ਨਾਲ ਆਏ ਸਿਪਾਹ-ਸਲਾਰਾਂ ਨੇ ਵੀ ਆਪਣੇ ਰਾਜੇ ਨੂੰ ਰਿਆਸਤ ਦੇ ਸੋਹਣੇ ਵਾਤਾਵਰਨ ਨੂੰ ਦੇਖ ਕੇ ਕਈ ਸਵਾਲ ਕੀਤੇ ਪਰ ਉਹ ਉਨ੍ਹਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਿਆ। ਉਸ ਦਾ ਮਨ ਕਰ ਰਿਹਾ ਸੀ ਕਿ ਉਹ ਰਿਆਸਤ ਦੀ ਸੁੰਦਰਤਾ ਨੂੰ ਦੇਖਣ ਲਈ ਦੂਰ-ਦੂਰ ਤੱਕ ਜਾਵੇ ਪਰ ਉਸ ਕੋਲ ਸਮਾਂ ਘੱਟ ਸੀ।
ਉਹ ਰਾਤ ਨੂੰ ਆਪਣੇ ਸਿਪਾਹ-ਸਲਾਰਾਂ ਅਤੇ ਮੰਤਰੀਆਂ ਨਾਲ ਸ਼ਾਹੀ ਮਹਿਲ ਵਿਚ ਮੁੜ ਆਇਆ। ਉਸ ਨੇ ਰਿਆਸਤ ਦੇ ਰਾਜੇ ਦੇ ਸ਼ਾਹੀ ਭੋਜ ਵਿਚ ਸ਼ਾਮਿਲ ਹੁੰਦਿਆਂ ਉਸ ਨੂੰ ਸਵਾਲ ਕੀਤਾ, 'ਮਿੱਤਰ, ਮੈਂ ਤੁਹਾਡੀ ਰਿਆਸਤ ਦੀ ਸਾਫ਼-ਸਫ਼ਾਈ, ਸੁੰਦਰਤਾ ਅਤੇ ਸ਼ੁੱਧ ਵਾਤਾਵਰਨ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਇਹ ਸਾਰਾ ਕੁਝ ਕਿਵੇਂ ਕੀਤਾ ਹੈ? ਤੁਹਾਡੀ ਰਿਆਸਤ ਵਾਂਗ ਮੈਂ ਆਪਣੀ ਰਿਆਸਤ ਨੂੰ ਸੋਹਣਾ ਅਤੇ ਸਾਫ਼-ਸੁਥਰਾ ਬਣਾਉਣਾ ਚਾਹੁੰਦਾ ਹਾਂ।' ਉਸ ਰਿਆਸਤ ਦੇ ਰਾਜੇ ਨੇ ਅੱਗੋਂ ਉੱਤਰ ਦਿੱਤਾ, 'ਸ਼ਾਹੀ ਮਹਿਮਾਨ, ਮੈਂ ਤੁਹਾਡੇ ਇਸ ਸਵਾਲ ਦਾ ਜਵਾਬ ਅਜੇ ਨਹੀਂ ਦੇ ਸਕਦਾ। ਤੁਸੀਂ ਦੇਖਦੇ ਜਾਓ। ਤੁਹਾਨੂੰ ਤੁਹਾਡੇ ਪ੍ਰਸ਼ਨ ਦਾ ਜਵਾਬ ਆਪਣੇ-ਆਪ ਮਿਲ ਜਾਵੇਗਾ।' ਸ਼ਾਹੀ ਮਹਿਮਾਨ ਰਿਆਸਤ ਦੇ ਰਾਜੇ ਦਾ ਜਵਾਬ ਸੁਣ ਕੇ ਚੁੱਪ ਹੋ ਗਿਆ। ਉਹ ਸਮੇਂ ਦੀ ਉਡੀਕ ਕਰਨ ਲੱਗਾ। ਦੀਵਾਲੀ ਦੀ ਸਵੇਰ ਨੂੰ ਸੁਵਖਤੇ ਹੀ ਰਾਜਾ ਅਤੇ ਉਸ ਦੀ ਪਤਨੀ ਪੁਰਾਣੇ ਕੱਪੜੇ ਪਾ ਕੇ ਹੱਥਾਂ ਵਿਚ ਵੱਡੇ-ਵੱਡੇ ਝਾੜੂ ਫੜੀ ਮਹਿਲ ਤੋਂ ਬਾਹਰ ਆ ਗਏ। ਉਨ੍ਹਾਂ ਨੇ ਆਲੇ-ਦੁਆਲੇ ਸਾਫ਼-ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ। ਸ਼ਾਹੀ ਮਹਿਮਾਨ ਦੀ ਜਾਗ ਖੁੱਲ੍ਹ ਗਈ। ਉਸ ਨੇ ਰਾਜੇ ਅਤੇ ਰਾਣੀ ਨੂੰ ਝਾੜੂ ਦਿੰਦਿਆਂ ਦੇਖਿਆ।
ਹੁਣ ਸ਼ਾਹੀ ਮਹਿਮਾਨ ਤੋਂ ਰਿਹਾ ਨਾ ਗਿਆ। ਉਹ ਇਕੱਲਾ ਹੀ ਰਿਆਸਤ ਦੇ ਲੋਕਾਂ ਨੂੰ ਦੇਖਣ ਨਿਕਲ ਗਿਆ। ਰਿਆਸਤ ਦੇ ਸਾਰੇ ਲੋਕ ਸਾਫ਼-ਸਫ਼ਾਈ ਵਿਚ ਲੱਗੇ ਹੋਏ ਸਨ। ਕਿਧਰੇ ਇਕੱਠੇ ਹੋ ਕੇ ਰੁੱਖ ਲਗਾ ਰਹੇ ਸਨ। ਹੁਣ ਉਸ ਨੂੰ ਆਪਣੇ ਸਵਾਲ ਦਾ ਜਵਾਬ ਆਪਣੇ-ਆਪ ਮਿਲਦਾ ਨਜ਼ਰ ਆ ਰਿਹਾ ਸੀ। ਉਹ ਸ਼ਾਹੀ ਮਹਿਲ ਨੂੰ ਮੁੜ ਗਿਆ। ਸ਼ਾਮ ਨੂੰ ਸ਼ਾਹੀ ਮਹਿਲ ਦੇ ਸਾਹਮਣੇ ਰਿਆਸਤ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਲੋਕਾਂ ਨੇ ਆਤਿਸ਼ਬਾਜ਼ੀ ਕੀਤੀ। ਤਰ੍ਹਾਂ-ਤਰ੍ਹਾਂ ਦੇ ਪਕਵਾਨ ਖਾਧੇ। ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ। ਸ਼ਾਹੀ ਮਹਿਮਾਨ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਗਿਆ। ਉਹ ਸਵੇਰੇ ਜਦੋਂ ਉੱਠਿਆ ਤਾਂ ਤਿਉਹਾਰ ਮਨਾਉਣ ਵਾਲੀ ਥਾਂ 'ਤੇ ਪੂਰੀ ਤਰ੍ਹਾਂ ਸਾਫ਼-ਸਫ਼ਾਈ ਸੀ। ਕੂੜੇ-ਕਰਕਟ ਦਾ ਇਕ ਵੀ ਕਿਣਕਾ ਦਿਖਾਈ ਨਹੀਂ ਦੇ ਰਿਹਾ ਸੀ। ਰਿਆਸਤ ਦੇ ਰਾਜੇ ਨੇ ਸ਼ਾਹੀ ਮਹਿਮਾਨ ਦੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਕਿਹਾ, 'ਮਿੱਤਰ, ਸ਼ਾਇਦ ਹੁਣ ਤੈਨੂੰ ਮੇਰੀ ਰਿਆਸਤ ਦੀ ਸੁੰਦਰਤਾ ਦਾ ਰਾਜ਼ ਸਮਝ ਆ ਗਿਆ ਹੋਵੇਗਾ।' ਰਿਆਸਤ ਦਾ ਰਾਜਾ ਅਜੇ ਕੁਝ ਬੋਲਣ ਹੀ ਲੱਗਾ ਸੀ ਕਿ ਸ਼ਾਹੀ ਮਹਿਮਾਨੇ ਨੇ ਕਿਹਾ, 'ਮਿੱਤਰ, ਜਿਸ ਰਿਆਸਤ ਦਾ ਰਾਜਾ ਆਪ ਪਹਿਲ ਕਰਦਾ ਹੋਵੇ, ਉਸ ਦੇ ਲੋਕ ਅਮਲ ਕਿਉਂ ਨਹੀਂ ਕਰਨਗੇ?'

-ਮਾਧਵ ਨਗਰ, ਨੰਗਲ ਟਾਊਨਸ਼ਿਪ (ਰੋਪੜ)। ਮੋਬਾ: 98726-27136

ਹਰੀ ਦੀਵਾਲੀ

ਹਰੀ ਦੀਵਾਲੀ ਮਨਾਵਾਂਗੇ,
ਹਰੀ ਦੀਵਾਲੀ ਮਨਾਵਾਂਗੇ,
ਇਸ ਵਾਰ ਅਸੀਂ ਬੂਟੇ ਲਾ ਕੇ,
ਧਰਤੀ ਨੂੰ ਸਵਰਗ ਬਣਾਵਾਂਗੇ,
ਹਰੀ ਦੀਵਾਲੀ ਮਨਾਵਾਂਗੇ.....।
ਸਾਡੇ ਅਧਿਆਪਕ ਸਾਨੂੰ ਸਮਝਾਇਆ,
ਪਟਾਕੇ ਚਲਾ ਕੇ ਕੁਝ ਹੱਥ ਨਾ ਆਇਆ,
ਸਿਹਤ ਰੂਪੀ ਧੰਨ ਗਵਾਇਆ,
ਆਪਣੇ ਨਾਂਅ ਦਾ ਰੁੱਖ ਲਗਾ ਕੇ,
ਓਜ਼ੋਨ ਪਰਤ ਬਚਾਵਾਂਗੇ,
ਹਰੀ ਦੀਵਾਲੀ ਮਨਾਵਾਂਗੇ.......।
ਸਵੱਛ ਮੁਹਿੰਮ ਦਾ ਹਿੱਸਾ ਬਣ ਕੇ,
ਹਰ ਉਤਸਵ 'ਤੇ ਰੁੱਖ ਲਗਾ ਕੇ,
ਵਾਤਾਵਰਨ ਨੂੰ ਰੁਸ਼ਨਾਵਾਂਗੇ,
ਹਰੀ ਦੀਵਾਲੀ ਮਨਾਵਾਂਗੇ.......।
ਹਰ ਮਨੁੱਖ ਜੇ ਲਾਵੇ ਇਕ ਰੁੱਖ,
ਤਾਂ ਧਰਤੀ ਦੀ ਬਚ ਜਾਵੇ ਕੁੱਖ,
ਹਸ਼ਮੀਤ, ਮੰਨਤ, ਮਨਪ੍ਰੀਤ, ਲਵਦੀਪ,
ਸਭ ਨੂੰ ਇਹੀ ਸਮਝਾਵਾਂਗੇ,
ਹਰੀ ਦੀਵਾਲੀ ਮਨਾਵਾਂਗੇ........।
ਬਲਦੇਵ, ਕੋਮਲ ਨੇ ਕੀਤਾ ਏ ਵਾਅਦਾ,
ਸਭਨਾਂ ਦਾ ਬਸ ਇਕ ਇਰਾਦਾ,
ਪਿੰਡ ਦੀ ਫਿਰਨੀ 'ਤੇ ਅਸੀਂ ਸਭ ਮਿਲ ਕੇ,
ਨਿੰਮ ਦਾ ਰੁੱਖ ਲਗਾਵਾਂਗੇ,
ਹਰੀ ਦੀਵਾਲੀ ਮਨਾਵਾਂਗੇ.........।

-ਸਿਮਰਨ,, ਜਗਰਾਉਂ।

ਬਾਲ ਨਾਵਲ-31: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਦਫ਼ਤਰ ਦੇ ਅੱਗੇ ਬਹੁਤ ਬੱਚੇ ਆ ਗਏ। ਕੁਝ ਬੱਚੇ ਥੋੜ੍ਹਾ ਪਾਸੇ ਹੋ ਕੇ ਗੱਪਾਂ ਮਾਰ ਰਹੇ ਸਨ। ਕਈ ਆਪਸ ਵਿਚ ਛੇੜਖਾਨੀ ਕਰ ਰਹੇ ਸਨ। ਇਕ ਬੱਚਾ ਦੂਜੇ ਬੱਚੇ ਨੂੰ ਕਹਿ ਰਿਹਾ ਸੀ, 'ਤੂੰ ਫਿਕਰ ਕਿਉਂ ਕਰਦਾ ਏਂ ਯਾਰ, ਮੇਰੇ ਵੱਲ ਦੇਖ। ਐਤਕੀਂ ਤੀਜੀ ਵਾਰ ਅੱਠਵੀਂ ਦੇ ਪੇਪਰ ਦਿੱਤੇ ਹਨ। ਮੈਨੂੰ ਪਤੈ ਕਿ ਜੇ ਪਾਸ ਨਾ ਹੋਏ, ਫੇਲ੍ਹ ਤਾਂ ਪੱਕਾ ਹੋਵਾਂਗੇ।' ਉਸ ਦੀ ਗੱਲ ਸੁਣ ਕੇ ਨੇੜੇ-ਤੇੜੇ ਦੇ ਸਾਰੇ ਮੁੰਡੇ ਹੱਸਣ ਲੱਗ ਪਏ।
ਐਨੀ ਦੇਰ ਵਿਚ ਰੌਲਾ ਪੈ ਗਿਆ ਕਿ ਨਤੀਜਾ ਆ ਗਿਆ ਹੈ। ਸਾਰਿਆਂ ਦਾ ਧਿਆਨ ਦਫਤਰ ਦੇ ਅੰਦਰ ਵੱਲ ਲੱਗ ਗਿਆ। ਕੁਝ ਹੀ ਦੇਰ ਵਿਚ ਕਲਰਕ ਅਤੇ ਕੰਪਿਊਟਰ ਦੇ ਅਧਿਆਪਕ ਨੇ ਆਪਣੇ ਸਕੂਲ ਦੇ ਨਤੀਜੇ ਦਾ ਪ੍ਰਿੰਟ ਕੱਢਿਆ ਅਤੇ ਪ੍ਰਿੰਸੀਪਲ ਦੇ ਦਫ਼ਤਰ ਵੱਲ ਚਲੇ ਗਏ। ਕੁਝ ਮਿੰਟਾਂ ਵਿਚ ਹੀ ਪ੍ਰਿੰਸੀਪਲ ਸਾਹਿਬ ਅਤੇ ਅਧਿਆਪਕ ਸਾਹਿਬਾਨ ਉਹ ਲਿਸਟ ਲੈ ਕੇ ਬਾਹਰ ਆ ਗਏ।
ਪ੍ਰਿੰਸੀਪਲ ਸਾਹਿਬ ਨੇ ਸਾਰੇ ਸਕੂਲ ਦੇ ਸਟਾਫ ਅਤੇ ਬੱਚਿਆਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ, 'ਸਾਡੇ ਸਕੂਲ ਦਾ ਨਤੀਜਾ ਬਹੁਤ ਵਧੀਆ ਨਿਕਲਿਆ ਹੈ। ਇਹ ਸਾਰੀ ਤੁਹਾਡੀ ਅਤੇ ਤੁਹਾਡੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ। ਕੁਝ ਬੱਚਿਆਂ ਦੇ ਨੰਬਰ ਘੱਟ ਆਏ ਹਨ। ਉਹ ਅੱਗੋਂ ਹੋਰ ਮਿਹਨਤ ਕਰਨਗੇ ਅਤੇ ਨੌਵੀਂ-ਦਸਵੀਂ ਵਿਚੋਂ ਜ਼ਿਆਦਾ ਨੰਬਰ ਲੈਣਗੇ। ਤੁਹਾਨੂੰ ਸਾਰਿਆਂ ਨੂੰ ਸੁਣ ਕੇ ਬੜੀ ਖੁਸ਼ੀ ਹੋਵੇਗੀ ਕਿ ਹਰੀਸ਼ ਚੰਦਰ ਸਾਡੇ ਸਕੂਲ ਵਿਚ ਪਹਿਲੇ ਨੰਬਰ 'ਤੇ ਆਇਆ ਹੈ। ਉਸ ਦੇ 94 ਫੀਸਦੀ ਨੰਬਰ ਆਏ ਹਨ। ਉਹ ਦੌੜ ਕੇ ਮੇਰੇ ਕੋਲ ਆਵੇ।'
ਪ੍ਰਿੰਸੀਪਲ ਸਾਹਿਬ ਨੇ ਹਰੀਸ਼ ਦੀ ਬਹੁਤ ਤਾਰੀਫ ਕੀਤੀ ਅਤੇ ਉਸ ਦੇ ਸਿਰ 'ਤੇ ਪਿਆਰ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਨੰਬਰ 'ਤੇ ਰਹਿਣ ਵਾਲੇ ਬੱਚਿਆਂ ਨੂੰ ਵੀ ਬੁਲਾ ਕੇ ਸ਼ਾਬਾਸ਼ ਦਿੱਤੀ। ਫਿਰ ਉਨ੍ਹਾਂ ਨੇ ਇਹ ਲਿਸਟ ਇਕ ਅਧਿਆਪਕ ਨੂੰ ਦੇ ਦਿੱਤੀ ਅਤੇ ਉਹ ਸਾਰੇ ਪਾਸ ਹੋਏ ਬੱਚਿਆਂ ਦੇ ਨਾਂਅ ਬੋਲਣ ਲੱਗ ਪਏ। ਕੇਵਲ ਚਾਰ ਲੜਕੇ ਹੀ ਫੇਲ੍ਹ ਹੋਏ, ਬਾਕੀ ਸਾਰੇ ਪਾਸ ਸਨ।
ਅਧਿਆਪਕ ਅਜੇ ਲਿਸਟ ਵਿਚੋਂ ਨਾਂਅ ਬੋਲ ਹੀ ਰਹੇ ਸਨ ਕਿ ਅੰਦਰੋਂ ਇਕ ਕਲਰਕ ਨੇ ਆ ਕੇ ਪ੍ਰਿੰਸੀਪਲ ਨੂੰ ਕੋਈ ਗੱਲ ਕਹੀ। ਪ੍ਰਿੰਸੀਪਲ ਨੇ ਅਧਿਆਪਕ ਨੂੰ ਚੁੱਪ ਕਰਾ ਕੇ ਆਪ ਕਹਿਣਾ ਸ਼ੁਰੂ ਕੀਤਾ, 'ਹੁਣੇ-ਹੁਣੇ ਇਕ ਹੋਰ ਖੁਸ਼ਖਬਰੀ ਆਈ ਹੈ ਕਿ ਹਰੀਸ਼ ਚੰਦਰ ਸਿਰਫ ਸਾਡੇ ਸਕੂਲ ਵਿਚੋਂ ਹੀ ਫਸਟ ਨਹੀਂ ਆਇਆ, ਸਗੋਂ ਇਹ ਸਾਰੇ ਜ਼ਿਲ੍ਹੇ ਦੇ ਸਕੂਲਾਂ ਵਿਚੋਂ ਪਹਿਲੇ ਨੰਬਰ 'ਤੇ ਆਇਆ ਹੈ।'
ਹਰੀਸ਼ ਨੂੰ ਇਕ ਵਾਰੀ ਫਿਰ ਪ੍ਰਿੰਸੀਪਲ ਸਾਹਿਬ ਨੇ ਬੁਲਾ ਕੇ ਪਿਆਰ ਕੀਤਾ। ਸਾਰੇ ਖੜ੍ਹੇ ਅਧਿਆਪਕਾਂ ਨੇ ਵੀ ਵਾਰੋ-ਵਾਰੀ ਉਸ ਨੂੰ ਪਿਆਰ ਕੀਤਾ ਅਤੇ ਮੁਬਾਰਕ ਦਿੱਤੀ। ਹਰੀਸ਼ ਦੀਆਂ ਅੱਖਾਂ ਇਕ ਵਾਰੀ ਫਿਰ ਗਿੱਲੀਆਂ ਹੋ ਗਈਆਂ।
ਸਕੂਲ 'ਚੋਂ ਨਿਕਲ ਕੇ ਹਰੀਸ਼ ਨੇ ਸਿੱਧਾ ਆਪਣੇ ਵੀਰ ਜੀ ਦੇ ਸਕੂਲ ਵੱਲ ਸਾਈਕਲ ਮੋੜ ਲਿਆ। ਵੀਰ ਜੀ ਨੇ ਇਕ ਵਾਰੀ ਉਸ ਨੂੰ ਆਪਣਾ ਸਕੂਲ ਵਿਖਾਇਆ ਸੀ ਕਿ ਅਗਲੇ ਸਾਲ ਤੂੰ ਮੇਰੇ ਕੋਲ ਇਸ ਸਕੂਲ ਵਿਚ ਦਾਖਲ ਹੋਣੈ। ਕੁਝ ਮਿੰਟਾਂ ਵਿਚ ਹੀ ਹਰੀਸ਼, ਵੀਰ ਜੀ ਦੇ ਸਕੂਲ ਪਹੁੰਚ ਗਿਆ।
ਸਿਧਾਰਥ ਨੂੰ ਤਾਂ ਹਰੀਸ਼ ਤੋਂ ਵੀ ਵੱਧ ਕਾਹਲੀ ਸੀ, ਉਸ ਦਾ ਨਤੀਜਾ ਦੇਖਣ ਲਈ। ਸਿਧਾਰਥ ਨੂੰ ਉਸ ਦਾ ਰੋਲ ਨੰਬਰ ਪਤਾ ਸੀ। ਸੋ ਉਸ ਨੇ ਪਹਿਲਾਂ ਹੀ ਉਸ ਦੇ ਨੰਬਰ ਦੇਖ ਲਏ ਸਨ। ਉਸ ਦੇ ਨੰਬਰ ਦੇਖ ਕੇ ਸਿਧਾਰਥ ਨੂੰ ਇਕ ਸਕੂਨ ਮਿਲਿਆ ਅਤੇ ਧੁਰ ਅੰਦਰ ਤੱਕ ਉਸ ਨੂੰ ਖੁਸ਼ੀ ਮਹਿਸੂਸ ਹੋਈ। ਉਸ ਨੂੰ ਮਾਣ ਮਹਿਸੂਸ ਹੋਇਆ ਕਿ ਉਸ ਦਾ ਪੜ੍ਹਾਇਆ ਬੱਚਾ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ 'ਤੇ ਆਇਆ ਹੈ।
ਹਰੀਸ਼ ਨੇ ਸਾਈਕਲ ਸਟੈਂਡ 'ਤੇ ਲਗਾਇਆ ਅਤੇ ਸਟਾਫ ਰੂਮ ਦਾ ਕਮਰਾ ਪੁੱਛ ਕੇ ਉਥਰ ਨੂੰ ਤੁਰ ਪਿਆ। ਉਸ ਨੇ ਕਮਰੇ ਕੋਲ ਪਹੁੰਚ ਕੇ ਕਿਸੇ ਨੂੰ ਵੀਰ ਜੀ ਬਾਰੇ ਪੁੱਛਿਆ ਤਾਂ ਸਿਧਾਰਥ ਨੇ ਉਸ ਨੂੰ ਦੇਖ ਲਿਆ। ਉਹ ਆਪ ਉੱਠ ਕੇ ਉਸ ਕੋਲ ਆਇਆ। ਸਿਧਾਰਥ ਉਸ ਨੂੰ ਜੱਫੀ ਵਿਚ ਲੈਣ ਲੱਗਾ ਸੀ ਪਰ ਉਸ ਤੋਂ ਪਹਿਲਾਂ ਹੀ ਹਰੀਸ਼ ਉਸ ਦੇ ਪੈਰਾਂ ਵੱਲ ਝੁਕ ਗਿਆ। ਸਿਧਾਰਥ ਨੇ ਉਸ ਨੂੰ ਉਠਾ ਕੇ ਜੱਫੀ ਵਿਚ ਲਿਆ ਅਤੇ ਉਸ ਨੂੰ ਬਹੁਤ ਸਾਰੀਆਂ ਮੁਬਾਰਕਾਂ ਅਤੇ ਅਸ਼ੀਰਵਾਦ ਦਿੱਤੀ।
ਸਿਧਾਰਥ ਨੇ ਉਸੇ ਹੀ ਦਿਨ ਹਰੀਸ਼ ਦਾ ਆਪਣੇ ਸਕੂਲ ਵਿਚ ਦਾਖਲਾ ਕਰਵਾ ਦਿੱਤਾ। (ਚਲਦਾ)

ਮੋਬਾ: 98889-24664

ਬਾਲ ਗੀਤ

ਰਲ-ਮਿਲ ਖੁਸ਼ੀਆਂ ਮਨਾਵਾਂਗੇ ਦੀਵਾਲੀ 'ਤੇ
ਰਲ-ਮਿਲ ਖੁਸ਼ੀਆਂ ਮਨਾਵਾਂਗੇ ਦੀਵਾਲੀ 'ਤੇ,
ਸੋਹਣੇ-ਸੋਹਣੇ ਘਰਾਂ ਨੂੰ ਸਜਾਵਾਂਗੇ ਦੀਵਾਲੀ 'ਤੇ।
ਤਿਉਹਾਰ ਰੌਸ਼ਨੀਆਂ ਵਾਲਾ ਸਾਲ ਪਿੱਛੋਂ ਆਉਂਦਾ ਏ,
ਸਾਰਿਆਂ ਦੇ ਮਨਾਂ ਤਾਈਂ ਬੜਾ ਇਹ ਭਾਉਂਦਾ ਏ।
ਨਵੇਂ-ਨਵੇਂ ਕੱਪੜੇ ਵੀ ਪਾਵਾਂਗੇ ਦੀਵਾਲੀ 'ਤੇ,
ਰਲ-ਮਿਲ........।
ਪਾਪਾ ਨਾਲ ਘੁੰਮਣ ਬਾਜ਼ਾਰ ਅਸੀਂ ਜਾਣਾ ਏਂ,
ਖਾਣ ਲਈ ਮਿਠਾਈ ਅਤੇ ਫਲਾਂ ਨੂੰ ਲਿਆਉਣਾ ਏਂ।
'ਹੈਪੀ ਦੀਵਾਲੀ' ਕਹਿ ਸਭ ਨੂੰ ਬੁਲਾਵਾਂਗੇ ਦੀਵਾਲੀ 'ਤੇ,
ਰਲ-ਮਿਲ........।
ਜਗ-ਮਗ, ਜਗ-ਮਗ ਹੋ ਜਾਊਗੀ ਬਨੇਰੇ 'ਤੇ,
ਚਾਨਣ ਨੇ ਕਾਬੂ ਪਾ ਲੈਣਾ ਏਂ ਹਨੇਰੇ 'ਤੇ।
ਮੋਮਬੱਤੀਆਂ ਤੇ ਦੀਵੇ ਜਗਾਵਾਂਗੇ ਦੀਵਾਲੀ 'ਤੇ,
ਰਲ-ਮਿਲ.........।
'ਗੋਗੀ' ਅਸੀਂ ਬੀਬੇ ਬੱਚੇ ਬਣ ਕੇ ਦਿਖਾਉਣਾ ਏਂ,
ਵਾਯੂਮੰਡਲ ਦੇ ਵਿਚ ਨਾ ਪ੍ਰਦੂਸ਼ਣ ਫੈਲਾਉਣਾ ਏਂ।
ਇਸ ਵਾਰ ਨਾ ਪਟਾਕੇ ਚਲਾਵਾਂਗੇ ਦੀਵਾਲੀ 'ਤੇ,
ਰਲ-ਮਿਲ............।

-ਗੋਗੀ ਜ਼ੀਰਾ,
ਮੁਹੱਲਾ ਕੰਬੋਆਂ, ਜ਼ੀਰਾ (ਫਿਰੋਜ਼ਪੁਰ)। ਮੋਬਾ: 97811-36240

ਬਾਲ ਸਾਹਿਤ

ਕੁਨਮੁਨ ਨਾਨੀ ਤੇ ਕਲੋਲਾਂ
ਲੇਖਿਕਾ : ਰਾਜਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 98889-02339

'ਕੁਨਮੁਨ ਨਾਨੀ ਤੇ ਕਲੋਲਾਂ' ਪੁਸਤਕ ਵਿਚ ਲੇਖਿਕਾ ਰਾਜਿੰਦਰ ਕੌਰ ਨੇ ਆਪਣੀ ਦੋਹਤੀ ਕੁਨਮੁਨ ਦਾ ਦਿਲਚਸਪ ਚਰਿੱਤਰ ਚਿੱਤਰਣ ਕੀਤਾ ਹੈ। ਕੁਨਮੁਨ ਸ਼ਰਾਰਤੀ, ਹਸਮੁਖ, ਹੁਸ਼ਿਆਰ ਅਤੇ ਹਾਜ਼ਰ-ਦਿਮਾਗ਼ ਪਾਤਰ ਹੈ। ਨਾਨੀ-ਲੇਖਿਕਾ ਵਲੋਂ ਉਸ ਦੇ ਬਚਪਨ ਤੋਂ ਲੈ ਕੇ ਕਿਸ਼ੋਰ-ਅਵਸਥਾ ਤੱਕ ਦੀ ਸਥਿਤੀ ਨੂੰ ਗੂੜ੍ਹੇ ਰਿਸ਼ਤੇ ਦੀਆਂ ਸਨੇਹ-ਤੰਦਾਂ ਨੂੰ ਸਿਲਸਿਲੇਵਾਰ ਢੰਗ ਨਾਲ ਪ੍ਰੋਇਆ ਹੈ। ਬਾਰਬੀ ਡੌਲ, ਟੈਡੀ ਬੀਅਰ, ਬਨੀ ਰੈਬਿਟ, ਟੈਡੀ ਲਿਟਲ, ਐਲੀ, ਸਿਲਵੈਸਟਰ ਅਤੇ ਮਾਡਰਨ ਕਿਸਮ ਦੇ ਕੁੱਤੇ-ਬਿੱਲੀਆਂ ਦੇ ਖਿਡੌਣਿਆਂ ਨਾਲ ਖੇਡਦੀ ਅਤੇ ਛੋਟੀ ਉਮਰ ਵਿਚ ਹੀ ਮੰਮੀ-ਪਾਪਾ ਅਤੇ ਨਾਨੀ ਮਾਂ ਨਾਲ ਦੇਸ਼-ਵਿਦੇਸ਼ ਦੀਆਂ ਸੈਰਾਂ ਕਰਨ ਲੱਗਦੀ ਹੈ। ਮੰਮੀ, ਪਾਪਾ, ਮਾਮੇ, ਮਾਸੀ ਅਤੇ ਘਰ ਦੇ ਵੱਡੀ ਉਮਰ ਦੇ ਹੋਰ ਰਿਸ਼ਤੇਦਾਰਾਂ ਨਾਲ ਹਸੌਣੀਆਂ ਗੱਲਾਂ ਕਰਦੀ ਹੈ, ਕਵਿਤਾਵਾਂ ਲਿਖਦੀ ਹੈ, ਪਰੰਤੂ ਡਾਕਟਰ ਕੋਲ ਇਲਾਜ ਲਈ ਜਾਣ ਸਮੇਂ ਬਹਾਨੇ ਵੀ ਘੜਦੀ ਹੈ। ਇਉਂ ਇਸ ਪੁਸਤਕ ਵਿਚ ਕੁਨਮੁਨ ਨਾਨੀ ਲੇਖਿਕਾ ਲਈ ਦੋਹਤੀ ਹੀ ਨਹੀਂ, ਸਗੋਂ ਉਸ ਦੀ ਗੂੜ੍ਹੀ ਸਹੇਲੀ ਦੇ ਰੂਪ ਵਿਚ ਵੀ ਉੱਭਰਦੀ ਹੈ। ਇਹ ਪੁਸਤਕ ਨਾਨੀ-ਦੋਹਤੀ ਦੇ ਆਪਸੀ ਰਿਸ਼ਤੇ ਨੂੰ ਭਾਵਾਤਮਕ ਢੰਗ ਨਾਲ ਸਮਝਣ ਲਈ ਇਕ ਮਿਆਰੀ ਦਸਤਾਵੇਜ਼ ਕਹੀ ਜਾ ਸਕਦੀ ਹੈ। ਪੁਸਤਕ ਦੇ ਅੰਤ ਵਿਚ 32 ਹੋਰ ਪੰਨਿਆਂ 'ਤੇ ਕੁਨਮੁਨ ਦੇ ਬਚਪਨ ਤੋਂ ਲੈ ਕੇ ਕਿਸ਼ੋਰ ਅਵਸਥਾ ਤੱਕ ਦੇ ਪੜਾਅ ਦੀਆਂ ਸਕੇ-ਸੰਬੰਧੀਆਂ ਨਾਲ ਤਸਵੀਰਾਂ ਪੁਸਤਕ ਦੇ ਮਹੱਤਵ ਵਿਚ ਹੋਰ ਵਾਧਾ ਕਰਦੀਆਂ ਹਨ। ਨਿੱਕੇ-ਨਿੱਕੇ ਨਾਟਕੀ-ਅੰਸ਼ਾਂ ਨਾਲ ਭਰਪੂਰ ਇਸ ਪੁਸਤਕ ਵਿਚੋਂ ਆਲੇ-ਭੋਲੇ, ਸੁਨਹਿਰੀ ਅਤੇ ਰੀਝਾਂ ਭਰੇ ਹੱਸਦੇ ਮੁਸਕਾਉਂਦੇ ਬਚਪਨ ਦੇ ਦਰਸ਼ਨ ਹੁੰਦੇ ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਵਾਤਾਵਰਨ ਬਚਾਓ

ਵਾਤਾਵਰਨ ਬਚਾਉਣ ਦੇ ਲਈ,
ਆਓ ਰਲ ਕੇ ਲਹਿਰ ਚਲਾਈਏ।
ਜੇ ਬਚੇ ਨਾ ਰੁੱਖ, ਕਿਥੋਂ ਮਿਲਣੇ ਸੁੱਖ,
ਨਾ ਰਹਿਣੇ ਪੰਛੀ, ਨਾ ਹੀ ਮਨੁੱਖ।
ਆਓ ਘਰ-ਘਰ ਹੋਕਾ ਇਹੋ ਲਾਈਏ,
ਵਾਤਾਵਰਨ ਬਚਾਉਣ...........।
ਪਾਣੀ ਦਿਨੋ-ਦਿਨ ਨੀਵਾਂ ਹੁੰਦਾ ਜਾਵੇ,
ਹੋਰ ਦੱਸੋ ਸਾਨੂੰ ਕਿਹੜਾ ਆ ਕੇ ਸਮਝਾਵੇ।
ਆਓ ਆਪਣੇ ਫਰਜ਼ ਨਿਭਾਈਏ,
ਵਾਤਾਵਰਨ ਬਚਾਉਣ...........।
ਕਰਕੇ ਸਪਰੇਆਂ ਹਵਾ ਗੰਧਲੀ ਬਣਾਈ,
ਆਪਣੀ ਹੀ ਜਾਨ ਆਪੇ ਦੁੱਖਾਂ ਵਿਚ ਪਾਈ।
ਕੁਦਰਤੀ ਸੋਮਿਆਂ ਨੂੰ ਮਿਲ ਕੇ ਬਚਾਈਏ,
ਵਾਤਾਵਰਨ ਬਚਾਉਣ...........।
ਕਾਵਾਂ, ਚਿੜੀਆਂ, ਗਿਰਝਾਂ ਨਜ਼ਰੀਂ ਨਾ ਆਉਣ,
ਨਾ ਹੀ ਪਹਿਲਾਂ ਜਿਹੀ ਭਾਦੋਂ, ਨਾ ਉਹੀ ਸਾਉਣ।
ਸਮਾਂ ਹੋਰ ਨਾ 'ਚਹਿਲਾ' ਐਵੇਂ ਗਵਾਈਏ,
ਵਾਤਾਵਰਨ ਬਚਾਉਣ ਦੇ ਲਈ,
ਆਓ ਰਲ ਕੇ ਲਹਿਰ ਚਲਾਈਏ।

-ਸੁਰਿੰਦਰ ਚਹਿਲ ਖੇੜੀ,
ਪਿੰਡ ਖੇੜੀ ਚਹਿਲਾਂ (ਸੰਗਰੂਰ)-148025. ਮੋਬਾ: 94655-20414

ਸਕੂਲ ਜਾਣ ਦੀ ਤਿਆਰੀ

ਮੰਮੀ ਜੀ ਮੈਨੂੰ ਕਰੋ ਤਿਆਰ,
ਜਾਣਾ ਸਕੂਲੇ ਮੈਂ ਦੋਸਤਾਂ ਨਾਲ।
ਪਾਉਣੀ ਨਹਾ ਕੇ ਸਕੂਲ ਦੀ ਵਰਦੀ,
ਬੱਸ ਆ ਜਾਣੀ ਕਰ ਲਓ ਜਲਦੀ।
ਨਾਲੇ ਗਲ ਵਿਚ ਬੰਨ੍ਹ ਦਿਓ ਟਾਈ,
ਨਹੁੰ ਮੇਰਿਆਂ ਦੀ ਕਰੋ ਸਫ਼ਾਈ।
ਪਾ ਦਿਓ ਸੋਹਣੇ ਬੂਟ-ਜੁਰਾਬਾਂ,
ਨਾਲੇ ਬੈਗ 'ਚ ਸਭ ਕਿਤਾਬਾਂ।
ਬੋਤਲ 'ਚ ਪਾ ਦਿਓ ਠੰਢਾ ਪਾਣੀ,
ਸਭ ਲਿਜਾਂਦੇ ਮੇਰੇ ਹਾਣੀ।
ਟਿਫਨ 'ਚ ਪਾ ਦਿਓ ਬਣਾ ਕੇ ਮੈਗੀ,
ਮੇਰੀ ਮਨਪਸੰਦ ਜੋ ਹੈਗੀ।
ਫਿਰ ਵਾਲਾਂ 'ਚ ਕਰ ਦਿਓ ਕੰਘੀ,
ਮੰਮੀ ਮੇਰੀ ਸਭ ਤੋਂ ਚੰਗੀ।
ਰੱਖਦੀ ਮੇਰਾ ਬਹੁਤ ਖਿਆਲ,
'ਬਸਰੇ' ਜੀਵੇ ਹਜ਼ਾਰੋਂ ਸਾਲ।

-ਨੇਹਾ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)। ਮੋਬਾ: 97790-43348

ਬੁਝਾਰਤਾਂ

1. ਇਕ ਕਿਲ੍ਹੇ ਵਿਚ ਚਾਲੀ ਚੋਰ, ਸਭਨਾਂ ਦਾ ਮੂੰਹ ਕਾਲਾ।
ਮੁੱਛ ਪਕੜ ਕੇ ਰਗੜਾ ਲਾਓ, ਝੱਟਪੱਟ ਕਰੇ ਉਜਾਲਾ।
2. ਸ਼ੀਸ਼ਿਆਂ ਦਾ ਟੋਭਾ ਕੰਡਿਆਂ ਦੀ ਵਾੜ,
ਸੋਹਣੀ ਜਿਹੀ ਲੱਗੇ ਵਿਚ ਕਜਲੇ ਦੀ ਧਾਰ।
ਬੁੱਝਣੀ ਐ ਤਾਂ ਬੁੱਝ, ਨਹੀਂ ਮੰਨ ਲੈ ਹਾਰ।
3. ਨਾ ਮੇਰੇ ਹੱਥ ਤੇ ਨਾ ਮੇਰੇ ਪੈਰ,
ਫੇਰ ਵੀ ਸਾਰੀ ਦੁਨੀਆ 'ਚ ਕਰਦੀ ਸੈਰ।
4. ਮਾਂ ਇਹ ਸਾਰੇ ਜਗਤ ਦੀ, ਇਸ ਤੋਂ ਬਾਝ ਨਾ ਕੋਈ।
ਬੁੱਢੀ ਲੱਖਾਂ ਵਰ੍ਹਿਆਂ ਦੀ, ਅੱਜ ਵੀ ਨਵੀਂ-ਨਰੋਈ।
5. ਮੈਂ ਜਿਸਮ ਆਪਣਾ ਹੀ ਖਾਂਦੀ,
ਜਿਸਮ ਖਾਣ ਪਿੱਛੋਂ ਆਪ ਵੀ ਮਰ ਜਾਂਦੀ।
ਭਲਾ ਬੁੱਝੋ ਮੈਂ ਕੌਣ ਹਾਂ?
ਉੱਤਰ : (1) ਮਾਚਿਸ, (2) ਅੱਖਾਂ, (3) ਮਾਇਆ (ਪੈਸਾ), (4) ਧਰਤੀ, (5) ਮੋਮਬੱਤੀ।

-ਆਦਰਸ਼ ਮੈਨਨ,
ਡੇਰਾਬੱਸੀ। ਮੋਬਾ: 98157-44030

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX