ਤਾਜਾ ਖ਼ਬਰਾਂ


ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ, 20 ਨਵੰਬਰ - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ 'ਚ ਦੀਪਵੀਰ ਦੀ ਜੋੜੀ ਕੁੱਝ ਇਹੋ ਜਿਹੇ ਅੰਦਾਜ਼ 'ਚ ......
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਦੁੱਧ ਅੰਮ੍ਰਿਤ ਤੋਂ ਜ਼ਹਿਰ ਬਣਨ ਦੀ ਚੀਸ

ਜਿਵੇਂ ਹੀ ਮਨੁੱਖ ਚਾਰ ਪੈਰਾਂ ਤੋਂ ਦੋ ਪੈਰਾਂ 'ਤੇ ਆਇਆ, ਉਸ ਨੇ ਆਪਣਾ ਦਿਮਾਗ ਪੈਰਾਂ ਤੋਂ ਵੀ ਤੇਜ਼ ਦੌੜਾਇਆ ਤਾਂ ਕਿ ਸੰਸਾਰ ਦੇ ਸਾਰੇ ਸੁੱਖ ਉਸ ਦੇ ਪੈਰਾਂ ਹੇਠ ਆ ਜਾਣ। ਪਰ ਆਪਣੇ ਮਨ ਦੀਆਂ ਖੁਸ਼ੀਆਂ ਚੁਗਦਿਆਂ-ਚੁਗਦਿਆਂ ਉਹ ਹੱਥ ਆਏ ਕੰਡਿਆਂ ਨੂੰ ਹੋਰਨਾਂ ਦੇ ਵਿਹੜੇ ਸੁੱਟਣਾ ਕਦੇ ਨਹੀਂ ਭੁੱਲਦਾ। ਅੱਜ ਦੇ ਆਧੁਨਿਕ ਇਨਸਾਨ ਕੋਲ ਗਵਾਉਣ ਲਈ ਕੁਝ ਵੀ ਨਹੀਂ, ਸਿਵਾਏ ਸਿਹਤ ਦੇ। ਆਇਰਲੈਂਡ ਦੀ ਇਕ ਕਹਾਵਤ ਹੈ ਕਿ 'ਲਾਲਚੀ ਬੰਦਾ ਦੋਸਤੀ ਤੋਂ ਬਿਨਾਂ ਹਰ ਚੀਜ਼ ਸੰਭਾਲ ਕੇ ਰੱਖਦਾ ਹੈ।' ਕਦੇ ਚੀਜ਼ਾਂ ਦਾ ਅਦਾਨ-ਪ੍ਰਦਾਨ ਹੀ ਵਪਾਰ ਕਰਨਾ ਹੁੰਦਾ ਸੀ। ਵਪਾਰ ਜਿਵੇਂ ਹੀ ਕਮਾਈ ਦਾ ਸਾਧਨ ਬਣਨ ਲੱਗਾ, ਲਾਲਚ ਨੇ ਵੀ ਅੰਗੜਾਈ ਲਈ ਤੇ ਆਪਣੇ ਪਰ ਤੋਲਣ ਲੱਗਾ ਤੇ ਆਪਣੇ ਤੇ ਪਰਾਏ, ਮਿੱਤਰ ਤੇ ਦੁਸ਼ਮਣ ਦਾ ਫਰਕ ਮਿਟ ਗਿਆ। ਬਾਬਾ ਨਜ਼ਮੀ ਲਿਖਦੇ ਹਨ:
ਸ਼ੀਸ਼ੇ ਉੱਤੇ ਮਲੇ ਸਿਆਹੀਆਂ ਹੱਕ ਏ ਮੇਰੇ ਦੁਸ਼ਮਣ ਦਾ, ਸੱਜਣਾਂ ਨੂੰ ਕੀ ਬਣੀਆਂ ਮੇਰੇ ਫੁੱਲ ਲਿਤਾੜੀ ਜਾਂਦੇ ਨੇ।
ਕੁੱਲੀ, ਗੁੱਲੀ ਤੇ ਜੁੱਲੀ ਦੀਆਂ ਮੁੱਢਲੀਆਂ ਲੋੜਾਂ ਤੋਂ ਜਦੋਂ ਇਨਸਾਨ ਦੀ ਸੋਚ ਉੱਪਰ ਉੱਠੀ ਤਾਂ ਹਲਚਲ ਲਾਜ਼ਮੀ ਸੀ ਤੇ ਪ੍ਰਦੂਸ਼ਿਤ ਹੋਈ ਲਾਲਸਾ ਨੇ ਕੁਦਰਤ ਨੂੰ ਅਧਰੰਗ ਕਰਕੇ ਹੀ ਸਾਹ ਲੈਣਾ ਹੈ। ਲਾਲਸਾਵਾਂ ਦੇ ਗੁਲਾਮ ਦੀ ਇਨਸਾਨੀਅਤ ਮਰ ਮੁੱਕ ਚੁੱਕੀ ਹੁੰਦੀ ਹੈ। ਉਹ ਹੋਰਾਂ ਦੀਆਂ ਕਬਰਾਂ ਤੇ ਆਪਣੇ ਸੁਫਨਿਆਂ ਦੀਆਂ ਇਮਾਰਤਾਂ ਉਸਾਰਦਾ ਚਲਾ ਜਾਂਦਾ ਹੈ। ਦਿਮਾਗ ਨੂੰ ਚੜ੍ਹਿਆ ਫਤੂਰ ਲਹੂ-ਲੁਹਾਨ ਕਰ ਦਿੰਦਾ ਹੈ ਤੇ ਹੋਰਾਂ ਨੂੰ ਰਸਾਇਣਾਂ (ਜ਼ਹਿਰ) ਦੀ ਮਿਲਾਵਟ ਦੇ ਨਾਲ ਤਿਆਰ ਪਦਾਰਥ ਸ਼ੁੱਧ ਦਿਖਾ ਕੇ ਵੇਚਣ ਵੇਲੇ ਉਸਦੇ ਹੱਥ ਵੀ ਕੰਬਦੇ ਨਹੀਂ। ਆਪਣੀ ਹੀ ਧਰਤੀ ਦੇ ਬਾਸ਼ਿੰਦਿਆਂ ਨੂੰ ਰਸਾਇਣਾਂ ਨਾਲ ਤਿਆਰ ਮਿਲਾਵਟੀ ਚੀਜ਼ਾਂ ਪਰੋਸਣ ਵਾਲਾ ਇਕ ਹੈਵਾਨ ਹੀ ਹੋ ਸਕਦਾ ਹੈ, ਜੋ ਇਨਸਾਨਾਂ ਦੀ ਬਲੀ ਦੇ ਕੇ ਕਬਰਿਸਤਾਨ 'ਤੇ ਰਾਜ ਕਰਨ ਦਾ ਸ਼ੌਕੀਨ ਹੋਵੇਗਾ। ਇਹ ਹੈਵਾਨ ਸ਼ਾਇਦ ਇਸ ਗੱਲ ਤੋਂ ਅਣਜਾਣ ਹਨ ਕਿ ਰਾਵਣ ਜਿਹੇ ਜਹਾਨੋਂ ਲੱਦ ਗਏ ਸਨ ਤੇ ਇਨ੍ਹਾਂ ਦੇ ਕਮਾਏ ਜ਼ਖੀਰੇ ਵੀ ਇੱਥੇ ਹੀ ਲੁੱਟੇ ਜਾਣੇ ਨੇ। ਪੂਰੀ ਦੁਨੀਆ ਨੂੰ ਜਿੱਤਣ ਦਾ ਸੁਪਨਾ ਲੈਣ ਵਾਲਾ ਸਿੰਕਦਰ ਵੀ ਅੰਤ ਮਾਇਆ ਤੋਂ ਉਚਾਟ ਹੋ ਕੇ ਇੰਕਸ਼ਾਫ ਕਰ ਗਿਆ ਸੀ ਕਿ ਜਨਮ ਤੋਂ ਬਾਅਦ ਪ੍ਰਾਪਤ ਹਰ ਇਕ ਚੀਜ਼ ਦੀ ਇੱਥੇ ਹੀ ਸਪੁਰਦਗੀ ਕਰਨ ਉਪਰੰਤ ਹੀ ਫਾਰਗੀ ਮਿਲਦੀ ਹੈ ਤੇ ਧਰਤੀ ਨਿੱਕੀ ਜਿਹੀ ਸੂਈ ਜਿੰਨੇ ਪਦਾਰਥ ਨੂੰ ਸਰੀਰ ਛੱਡੀਆਂ ਆਤਮਾਵਾਂ ਨੂੰ ਨਾਲ ਲਿਜਾਣ ਨਹੀਂ ਦਿੰਦੀ।
ਅਜੋਕੇ ਸਮੇਂ ਵਿਚ ਬਨਾਉਟੀਪਨ ਦੀ ਬਹੁਤਾਤ ਹੋ ਰਹੀ ਹੈ। ਸੋਸ਼ਲ ਮੀਡੀਆ ਨੇ 'ਮਸਰੂਫ਼' ਇਨਸਾਨੀ ਜ਼ਿੰਦਗੀ ਦੇ ਰਿਸ਼ਤਿਆਂ ਵਿਚ ਓਪਰਾਪਨ ਲਿਆਂਦਾ ਹੈ। ਮੌਜੂਦਾ ਜੀਵਨ ਸ਼ੈਲੀ ਨੇ ਮਨੁੱਖੀ ਅੰਗਾਂ ਦੀ ਸਿਹਤ ਵਿਚ ਨਿਘਾਰ ਲਿਆਂਦਾ ਤਾਂ ਵਿਗਿਆਨ ਨੇ ਮਸਨੂਈ ਅੰਗਾਂ ਦੀ ਪੇਸ਼ਕਸ਼ ਕੀਤੀ, ਜੋ ਭਾਵੇਂ ਕੁਝ ਪਲ ਦੀ ਜ਼ਿੰਦਗੀ ਦੀ ਮੁਹਲਤ ਤਾਂ ਆਦਮੀ ਨੂੰ ਦੇ ਦਿੰਦੇ ਹਨ, ਪਰ ਕੁਦਰਤ ਦੇ ਤੋਹਫਿਆਂ ਦਾ ਮੁਕਾਬਲਾ ਫਿਰ ਵੀ ਨਹੀਂ ਕਰ ਸਕਦੇ। ਪ੍ਰੋਗਰਾਮਾਂ ਦੌਰਾਨ ਖਾਣ-ਪੀਣ ਲਈ ਵਰਤੇ ਜਾਂਦੇ ਥਰਮੋਕੋਲ ਤੇ ਪਲਾਸਟਿਕ ਦੇ ਭਾਂਡਿਆਂ ਨੇ ਥੋੜ੍ਹੀ ਜਿਹੀ ਸਿਰਦਰਦੀ ਜ਼ਰੂਰ ਘਟਾਈ ਹੈ ਪਰ ਖਾਣ-ਪੀਣ ਲਈ ਵਧਦੇ ਬਨਾਉਟੀਪਨ ਦੇ ਨਾਲ ਸਿਹਤ ਵੀ ਸਰਾਪੀ ਗਈ ਹੈ।
ਪੌਸ਼ਟਿਕ ਮੰਨੇ ਜਾਂਦੇ ਦੁੱਧ ਦੇ ਗਿਲਾਸ ਵਿਚ ਪ੍ਰੋਟੀਨ, ਚਰਬੀ, ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਆਇਓਡੀਨ, ਵਿਟਾਮਿਨਾਂ ਸਮੇਤ ਇੱਕੀ ਤਰ੍ਹਾਂ ਦੇ ਖਣਿਜ ਤੱਤ ਮਿਲਦੇ ਹਨ। ਦੁੱਧ ਬੱਚੇ ਦੇ ਜਨਮ ਤੋਂ ਬਾਅਦ ਪਹਿਲਾ ਪਦਾਰਥ ਹੈ ਜੋ ਉਸ ਨੂੰ ਜੀਵਨ ਵਰਦਾਨ ਦੇ ਤੌਰ 'ਤੇ ਪੀਣ ਨੂੰ ਮਿਲਦਾ ਹੈ। ਦੁੱਧ ਵਿਚ ਪਾਣੀ ਦੀ ਮਿਲਾਵਟ ਤਾਂ ਆਮ ਹੀ ਸੁਣੀ ਹੋਈ ਹੈ ਪਰ ਸਮਾਂ ਬਦਲਣ ਦੇ ਨਾਲ ਮਿਲਾਵਟ ਦੇ ਤਰੀਕੇ ਵੀ ਬਦਲੇ ਹਨ। ਭੋਜਨ ਪਦਾਰਥਾਂ ਵਿਚ ਮਿਲਾਵਟ ਰੋਕਣ ਲਈ ਐਕਟ 1954 ਵਿਚ ਹੋਂਦ ਵਿਚ ਆ ਗਿਆ ਸੀ ਤੇ 1 ਜੂਨ 1955 ਤੋਂ ਲਾਗੂ ਹੋ ਗਿਆ ਸੀ। ਪਰ ਆਰਥਿਕ ਫਾਇਦੇ ਲਈ ਦੁੱਧ ਦੀ ਮਿਲਾਵਟ ਕਰਨ ਦੇ ਨਾਲ-ਨਾਲ ਨਕਲੀ ਦੁੱਧ ਦਾ ਉਤਪਾਦਨ ਵੀ ਜ਼ੋਰਾਂ 'ਤੇ ਚੱਲ ਰਿਹਾ ਹੈ। ਨਕਲੀ ਦੁੱਧ ਬਣਾ ਕੇ ਵੇਚਣ ਦਾ ਗੋਰਖਧੰਦਾ ਭਾਵੇਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ, ਪਰ ਤਿਉਹਾਰਾਂ ਦੇ ਦਿਨਾਂ ਵਿਚ ਉਤਪਾਦਨ ਦੀ ਮਾਤਰਾ ਖਪਤ ਦੀ ਮੰਗ ਨੂੰ ਪੂਰਾ ਕਰਨ ਲਈ ਕਾਫੀ ਵਧ ਜਾਂਦੀ ਹੈ ਤੇ ਸੁਰਖੀਆਂ ਬਟੋਰਨ ਲਗਦੀ ਹੈ। ਮਿਲਾਵਟ ਕਰਨ ਸਮੇਂ ਪਾਣੀ ਮਿਲਾਉਣਾ ਦੁੱਧ ਦੀ ਮਾਤਰਾ ਵਧਾਉਣਾ ਹੁੰਦਾ ਹੈ, ਪਰ ਕਈ ਵਾਰ ਇਹ ਪਾਣੀ ਛੱਪੜ ਦਾ ਜਾਂ ਨਾਲੀ ਵਿਚੋਂ ਵੀ ਭਰ ਕੇ ਮਿਲਾ ਦਿੱਤਾ ਜਾਂਦਾ ਹੈ। ਆਓ! ਅੱਜ ਦੁੱਧ ਵਿਚ ਮਿਲਾਏ ਗਏ ਪਾਣੀ ਤੇ ਰਸਾਇਣਾਂ ਦੀ ਜਾਂਚ ਕਰਨ ਦੇ ਐਫ.ਐਸ.ਐਸ.ਏ.ਆਈ ਦੁਆਰਾ ਦੱਸੇ ਗਏ ਉਹ ਕਾਰਗਰ ਤਰੀਕੇ ਸਿੱਖੀਏ, ਜਿਸ ਲਈ ਕਿਸੇ ਮਹਿੰਗੀ ਪ੍ਰਯੋਗਸ਼ਾਲਾ ਦੇ ਚੱਕਰ ਕੱਟਣ ਦੀ ਲੋੜ ਨਹੀਂ, ਸਗੋਂ ਇਕ ਆਮ ਆਦਮੀ ਘਰ ਵਿਚ ਹੀ ਅਪਣਾ ਸਕਦਾ ਹੈ। ਪਾਣੀ ਦੀ ਮਿਲਾਵਟ ਨੂੰ ਪਰਖਣ ਲਈ ਦੁੱਧ ਦੀਆਂ ਬੂੰਦਾਂ ਇਕ ਤਿਰਛੀ ਰੱਖੀ ਤਿਲਕਣੀ ਟਾਈਲ 'ਤੇ ਪਾਓ। ਦੁੱਧ ਦੇ ਵਗਣ ਦੀ ਗਤੀ ਤੇ ਪਿੱਛੇ ਪੈੜਾਂ ਛੱਡਣ ਤੋਂ ਪਹਿਚਾਣ ਹੋਵੇਗੀ, ਕਿਉਂਕਿ ਪਾਣੀ ਮਿਲਿਆ ਦੁੱਧ ਤੇਜ਼ੀ ਨਾਲ ਵਗੇਗਾ ਤੇ ਆਪਣੇ ਪਿੱਛੇ ਚਿਟਿਆਈ ਦਾ ਕੋਈ ਨਿਸ਼ਾਨ ਨਹੀਂ ਛੱਡੇਗਾ। ਗਾੜ੍ਹਾ ਦੁੱਧ ਪਸੰਦ ਕਰਨਾ ਪੰਜਾਬੀਆਂ ਦੀ ਫਿਤਰਤ ਵਿਚ ਸ਼ਾਮਿਲ ਹੈ। ਇਸ ਕਰਕੇ ਗਾਂ ਦੇ ਦੁੱਧ ਦੇ ਮੁਕਾਬਲਤਨ ਮੱਝ ਦੇ ਦੁੱਧ ਦੀ ਮੰਗ ਜ਼ਿਆਦਾ ਰਹੀ ਹੈ, ਭਾਵੇਂ ਕਿ ਮਾਹਿਰਾਂ ਮੁਤਾਬਕ ਗੋਕਾ ਦੁੱਧ ਸਿਹਤ ਲਈ ਜ਼ਿਆਦਾ ਲਾਹੇਵੰਦ ਹੁੰਦਾ ਹੈ। ਦੁੱਧ ਵਿਚ ਅਰਾਰੋਟ (ਸਟਾਰਚ) ਇਸ ਨੂੰ ਗਾੜ੍ਹਾ ਕਰਨ ਲਈ ਵਰਤਿਆ ਜਾਂਦਾ ਹੈ ਤੇ ਦੇਖਣ ਨੂੰ ਇਵੇਂ ਲਗਦਾ ਹੈ ਜਿਵੇਂ ਕਿ ਦੁੱਧ ਬਹੁਤ ਹੀ ਵਧੀਆ ਕਿਸਮ ਦਾ ਹੋਵੇ। ਅਰਾਰੋਟ ਬੜੀ ਆਸਾਨੀ ਨਾਲ ਬਾਜ਼ਾਰ ਵਿਚ ਉਪਬਲਧ ਹੈ। ਇਸ ਦੀ ਮਿਲਾਵਟ ਨਾਲ ਮੋਟਾਪਾ ਤੇ ਦਸਤ ਦੀ ਸਮੱਸਿਆ ਹੁੰਦੀ ਹੈ। ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਹਾਨੀਕਾਰਕ ਹੈ। ਦੁੱਧ ਵਿਚ ਇਸ ਦੀ ਪਰਖ ਲਈ ਆਇਓਡੀਨ, ਜੋ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ, ਮਿਲਾਓ। ਮਿਲਾਉਣ ਉਪਰੰਤ ਨੀਲਾ ਰੰਗ ਸਟਾਰਚ ਦੀ ਮਿਲਾਵਟ ਦੀ ਗਵਾਹੀ ਭਰਦਾ ਹੈ। ਬਨਸਪਤੀ ਤੇਲ ਦੀ ਮਿਲਾਵਟ ਦੁੱਧ ਵਿਚ ਫੈਟ (ਚਰਬੀ) ਦੀ ਮਾਤਰਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਪਰਖ ਲਈ ਅੰਦਾਜ਼ਨ 3 ਮਿਲੀ ਦੁੱਧ ਪਰਖਨਲੀ ਵਿਚ ਪਾ ਕੇ 10 ਬੂੰਦਾਂ ਹਾਈਡ੍ਰੋਕਲੋਰਿਕ ਤੇਜ਼ਾਬ ਦੀਆਂ ਪਾਓ ਤੇ ਇਕ ਚਮਚਾ ਖੰਡ ਮਿਲਾਓ। ਪੰਜ ਮਿੰਟ ਬਾਅਦ ਜੇ ਲਾਲ ਰੰਗ ਦਿਸਣ ਲੱਗੇ ਤਾਂ ਸਮਝੋ ਬਨਸਪਤੀ ਤੇਲ ਦੀ ਸ਼ਨਾਖਤ ਹੋ ਗਈ। ਨਕਲੀ ਦੁੱਧ ਨੂੰ ਚਿਟਿਆਈ ਦੇਣ ਲਈ ਯੂਰੀਆ ਤੱਕ ਵੀ ਮਿਲਾ ਦਿੱਤਾ ਜਾਂਦਾ ਹੈ ਜੋ ਕਿ ਗੁਰਦਿਆਂ ਨੂੰ ਵੀ ਨਕਾਰਾ ਕਰ ਸਕਦਾ ਹੈ। ਯੂਰੀਆ ਦੁੱਧ ਵਿਚ ਕੁਦਰਤੀ ਤੌਰ 'ਤੇ ਵੀ ਪਾਇਆ ਜਾਂਦਾ ਹੈ। ਕੁਦਰਤੀ ਦੁੱਧ ਵਿਚ ਇਸ ਦੀ ਮਾਤਰਾ 20 ਮਿਲੀ ਗ੍ਰਾਮ ਤੋਂ 70 ੱਿਮਲੀ ਗ੍ਰਾਮ ਪ੍ਰਤੀ 100 ਮਿਲੀ ਹੋ ਸਕਦੀ ਹੈ। 70 ਮਿਲੀ ਗ੍ਰਾਮ ਪ੍ਰਤੀ 100 ਮਿਲੀ ਤੋਂ ਮਾਤਰਾ ਵਧਣ ਦਾ ਭਾਵ ਹੈ ਕਿ ਯੂਰੀਆ ਆਪ ਮਿਲਾਇਆ ਗਿਆ ਹੈ। ਇਸ ਦੀ ਪਰਖ ਲਈ ਸੋਇਆਬੀਨ ਜਾਂ ਅਰਹਰ ਦੀ ਦਾਲ ਦੇ ਅੱਧੇ ਚਮਚ ਨੂੰ ਇਕ ਚਮਚ ਦੁੱਧ ਵਿਚ ਮਿਲਾਓ ਤੇ ਮਿਸ਼ਰਨ ਨੂੰ ਹਿਲਾਓ। ਪੰਜ ਮਿੰਟ ਬਾਅਦ ਜੇ ਲਾਲ ਲਿਟਮਸ ਪੇਪਰ ਦਾ ਰੰਗ ਨੀਲਾ ਹੋ ਜਾਵੇ ਤਾਂ ਸਮਝ ਲਓ ਕਿ ਦੁੱਧ ਵਿਚ ਯੂਰੀਆ ਮਿਲਿਆ ਹੋਇਆ ਹੈ। ਡਿਟਰਜੈਂਟ ਦੀ ਵਰਤੋਂ ਨਕਲੀ ਦੁੱਧ ਵਿਚ ਬਨਸਪਤੀ ਤੇਲ ਨੂੰ ਘੋਲਣ ਲਈ ਕੀਤੀ ਜਾਂਦੀ ਹੈ। ਇਹ ਗੁਰਦਿਆਂ ਤੇ ਆਂਦਰਾਂ ਲਈ ਨੁਕਸਾਨਦਾਇਕ ਹੈ। ਇਸ ਲਈ 5 ਮਿਲੀ ਦੁੱਧ ਵਿਚ 5 ਮਿਲੀ ਪਾਣੀ ਮਿਲਾ ਕੇ ਹਿਲਾਓ। ਝੱਗ ਦਾ ਬਣਨਾ ਡਿਟਰਜੈਂਟ ਦੀ ਹਾਜ਼ਰੀ ਨੂੰ ਦਰਸਾਉਂਦਾ ਹੈ। ਇਸ ਦੁੱਧ ਨੂੰ ਉਂਗਲਾਂ ਵਿਚ ਮਲਣ 'ਤੇ ਵੀ ਚੀਕਣਾਪਨ ਬਣ ਜਾਂਦਾ ਹੈ। ਗੁਲੂਕੋਜ਼ ਜਾਂ ਖੰਡ ਦੀ ਮਿਲਾਵਟ ਦੀ ਪਰਖ ਡਾਈਐਸਟਿਕ ਸਟਰਿਪ, ਜੋ ਕਿ ਮੈਡੀਕਲ ਸਟੋਰ ਤੋਂ ਆਮ ਉਪਲਬਧ ਹੁੰਦੀ ਹੈ, ਨੂੰ ਦੁੱਧ ਵਿਚ ਭਿਉਂ ਕੇ ਉਸ ਦੇ ਰੰਗ ਬਦਲਣ 'ਤੇ ਪੈਕਟ 'ਤੇ ਦਿੱਤੀ ਮਿਆਰ ਨਾਲ ਮਿਲਾਨ ਕਰਕੇ ਪਤਾ ਲਗਾਇਆ ਜਾ ਸਕਦਾ ਹੈ। ਇਹ ਉਹੀ ਸਟਿਕ ਹੈ ਜੋ ਕਿ ਪਿਸ਼ਾਬ ਵਿਚ ਗੁਲੂਕੋਜ਼ (ਸ਼ੂਗਰ) ਦੀ ਪਹਿਚਾਣ ਲਈ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਖੋਏ ਤੇ ਪਨੀਰ ਵਿਚ ਵੀ ਸਟਾਰਚ ਦੀ ਮਿਲਾਵਟ ਚੈੱਕ ਕਰਨ ਲਈ ਥੋੜ੍ਹੀ ਜਿਹੀ ਮਾਤਰਾ ਲੈ ਕੇ ਗਰਮ ਕਰੋ ਤੇ ਠੰਢਾ ਹੋਣ ਦਿਓ। ਆਇਓਡੀਨ ਘੋਲ ਦੀਆਂ ਕੁਝ ਬੂੰਦਾਂ ਪਾਓ। ਨੀਲਾ ਰੰਗ ਸਟਾਰਚ ਦੀ ਮਿਲਾਵਟ ਦੀ ਸੂਚਨਾ ਦੇਵੇਗਾ।
ਕਦੇ ਸਮਾਂ ਸੀ ਜਦ ਘਰ ਰੱਖੇ ਪਸ਼ੂਆਂ ਦੇ ਦੁੱਧ ਵੇਚਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਸਿਆਣੇ ਦੁੱਧ ਵੇਚਣ ਦੀ ਪੁੱਤ ਵੇਚਣ ਨਾਲ ਤੁਲਨਾ ਕਰਦੇ ਸਨ। ਸਮੇਂ ਦੀ ਤੇਜ਼ ਰਫਤਾਰੀ ਅੱਗੇ ਦੁਧੂਨਾ ਵੀ ਹਾਰ ਗਿਆ। ਹੁਣ ਤਾਂ ਇਹ ਲਿਖਤ ਪੜ੍ਹਤ ਦਾ ਹਿੱਸਾ ਮਹਿਸੂਸ ਹੋਣ ਲੱਗਾ ਹੈ। ਦੁਧੂਨੇ ਦੇ ਦੁੱਧ ਦੇ ਸਵਾਦ ਦਾ ਮੁਕਾਬਲਾ ਹੀ ਕੀ ਹੈ। ਇਸ ਨੂੰ ਪੀਣ ਉਪਰੰਤ ਕਈ ਚਿਰ ਜੀਭ ਬੁੱਲ੍ਹਾਂ ਦੀ ਪਰਿਕਰਮਾ ਕਰਦੀ ਰਹਿੰਦੀ ਹੈ।
ਮਾਹਿਰਾਂ ਅਨੁਸਾਰ ਦੁੱਧ ਸਿਹਤਵਰਧਕ ਹੋਣ ਦੇ ਨਾਲ ਨਾਲ ਕੀਟਨਾਸ਼ਕ ਤੇ ਉੱਲੀਨਾਸ਼ਕ ਦੇ ਗੁਣ ਵੀ ਰੱਖਦਾ ਹੈ। ਗੁਰੂ ਘਰਾਂ ਜਾਂ ਹੋਰ ਧਾਰਮਿਕ ਅਸਥਾਨਾਂ ਵਿਚ ਧੁਆਈ ਲਈ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਸ ਵਿਚ ਇਸ ਦੇ ਮਾਪ ਦਾ ਅੱਠ ਗੁਣਾ ਪਾਣੀ ਮਿਲਾ ਕੇ ਇਹ ਜੈਵਿਕ ਮਾਰਬਲ ਸਫਾਈਵਰਧਕ ਬਣ ਜਾਂਦਾ ਹੈ। ਇਸ ਦੀ ਵਰਤੋਂ ਦਾ ਇਨਸਾਨੀ ਜ਼ਿੰਦਗੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਜਦਕਿ ਇਸ ਦੇ ਮੁਕਾਬਲਤਨ ਰਸਾਇਣਾਂ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਕਈ ਸਬਜ਼ੀਆਂ ਤੇ ਫੁੱਲਾਂ ਦੇ ਪੌਦਿਆਂ 'ਤੇ ਕੀੜਿਆਂ ਦੇ ਹਮਲਿਆਂ ਤੋਂ ਬਚਾਅ ਲਈ ਉਪਰੋਕਤ ਦੁੱਧ ਤੇ ਪਾਣੀ ਦਾ ਮਿਸ਼ਰਣ ਇਕ ਕਾਰਗਰ ਜੈਵਿਕ ਵਿਧੀ ਹੈ। ਮਲਾਈ ਲੱਥਿਆ ਦੁੱਧ ਵਧੀਆ ਨਤੀਜੇ ਦਿੰਦਾ ਹੈ। ਦੁੱਧ ਵਿਚਲੇ ਫਾਸਫੇਟ ਪੌਦੇ ਦੇ ਰੱਖਿਆ-ਤੰਤਰ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਡਾ: ਗੁਰਕੰਵਲ ਸਿੰਘ ਸਾਬਕਾ ਡਾਇਰੈਕਟਰ ਹਾਰਟੀਕਲਚਰ ਅਨੁਸਾਰ 100 ਲਿਟਰ ਪਾਣੀ ਵਿਚ 1 ਲਿਟਰ ਦੁੱਧ ਮਿਲਾ ਕੇ ਸਪਰੇਅ ਕਰਨ ਨਾਲ ਲੀਚੀ ਦੇ ਫਲ ਦਾ ਛਿਲਕਾ ਫਟਣ ਤੋਂ ਬਚਾਇਆ ਜਾ ਸਕਦਾ ਹੈ।
ਭਾਰਤ ਵਿਚ ਚਿੱਟੀ ਕ੍ਰਾਂਤੀ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਵਰਗੀਜ਼ ਕੁਰੀਅਨ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਸੰਸਥਾਪਕ ਸਨ। ਇਸ ਸੰਸਥਾ ਵਲੋਂ 1970 ਵਿਚ 'ਆਪਰੇਸ਼ਨ ਫਲੱਡ' ਸ਼ੁਰੂ ਕੀਤਾ ਗਿਆ ਤਾਂ ਦੁੱਧ ਉਤਪਾਦਨ ਵਿਚ 1998 ਵਿਚ ਭਾਰਤ ਅਮਰੀਕਾ ਨੂੰ ਵੀ ਪਿੱਛੇ ਛੱਡ ਸੰਸਾਰ ਦਾ ਬਹੁਤਾਤ ਵਿਚ ਦੁੱਧ ਦੀ ਪੈਦਾਵਾਰ ਵਾਲਾ ਦੇਸ਼ ਬਣਿਆ ਸੀ। ਵਰਗੀਜ਼ ਕੁਰੀਅਨ 'ਅਮੂਲ' ਦਾ ਸਹਿ-ਨਿਰਮਾਤਾ ਸੀ। ਗੁਜਰਾਤ ਦੇ ਛੋਟੇ ਜਿਹੇ ਸ਼ਹਿਰ ਆਨੰਦ ਨੂੰ ਸੰਸਾਰ ਪੱਧਰ 'ਤੇ ਮਸ਼ਹੂਰ ਕਰਨਾ ਤੇ ਦੁੱਧ ਦੀ ਰਾਜਧਾਨੀ ਬਣਾਉਣ ਦਾ ਸਿਹਰਾ ਵਰਗੀਜ਼ ਕੁਰੀਅਨ ਵਰਗੇ ਫੌਲਾਦੀ ਇਨਸਾਨ ਦੇ ਸਿਰ ਹੀ ਬੱਝਦਾ ਹੈ। ਉਤਪਾਦਨ ਤੇ ਖਪਤ ਦੇ ਵਿਚਕਾਰਲੇ ਖੱਪੇ ਨੂੰ ਪੂਰਨ ਲਈ ਗ਼ਲਤ ਤਰੀਕੇ ਵਰਤਣ ਵਾਲੇ ਹੈਵਾਨਾਂ ਨੂੰ ਕੁਰੀਅਨ ਵਰਗਿਆਂ ਦੀਆਂ ਪੈੜਾਂ ਲੱਭਣੀਆਂ ਚਾਹੀਦੀਆਂ ਹਨ।
ਸਵਾਰਥ ਤੇ ਮੋਹ-ਮਾਇਆ ਦੀਆਂ ਪਰਤਾਂ ਹੇਠੋਂ ਅੰਦਰ ਦੀ ਆਵਾਜ਼ ਸੁਣਨਾ ਤੇ ਉਸ ਨੂੰ ਅਮਲੀ ਜਾਮਾ ਪਹਿਨਾਉਣਾ ਕਿਸੇ ਵਿਰਲੇ ਟਾਵੇਂ ਦੇ ਹੀ ਹਿੱਸੇ ਆਉਂਦਾ ਹੈ। ਅੰਦਰ ਦੀ ਆਵਾਜ਼ ਨਾਂਅ ਸੁਣਨਾ ਭਟਕਣਾ ਵਧਾਉਂਦਾ ਹੈ। ਅੱਜ ਹਰ ਪਾਸੇ ਫੈਲੀ ਹੋਈ ਅਸਥਿਰਤਾ ਇਸ ਦਾ ਪੱਕਾ ਸਬੂਤ ਹੈ। ਜੰਗਲੀ ਮੂਲ ਪ੍ਰਵਿਰਤੀਆਂ ਨੂੰ ਠੱਲ੍ਹ ਪਾਉਣ ਲਈ ਮਹਾਂਪੁਰਸ਼ਾਂ ਦੁਆਰਾ ਦਿੱਤੀਆਂ ਸਿੱਖਿਆਵਾਂ ਵੀ ਥੁੜ ਜਾਂਦੀਆਂ ਹਨ। ਭਾਈ ਗੁਰਦਾਸ ਜੀ ਮੂਰਖ ਵਿਅਕਤੀ ਦੀ ਤੁਲਨਾ ਪੱਥਰ ਨਾਲ ਕਰਦੇ ਹੋਏ ਲਿਖਦੇ ਹਨ 'ਪੱਥਰ ਮੂਲ ਨ ਭਿੱਜਈ ਸੌ ਵਰ੍ਹਿਆਂ ਜਲ ਅੰਦਰ ਵਸੈ'। ਉਹ ਮਨ ਦਾ ਕਠੋਰ ਹੋਣ ਕਰਕੇ ਆਪਣਾ ਆਪ ਖਰਾਬ ਕਰ ਲੈਂਦਾ ਹੈ। ਪੱਥਰ ਤੋਂ 'ਕੋਹਿਨੂਰ' ਤੱਕ ਦਾ ਸਫਰ ਬਹੁਤ ਲੰਬਾ ਹੁੰਦਾ ਹੈ। ਸਿਆਣਿਆਂ ਦੁਆਰਾ ਦਿਖਾਏ ਰਸਤੇ 'ਤੇ ਚੱਲਣ ਲਈ ਸਬਰ-ਸੰਤੋਖ ਤੇ ਸਥਿਰਤਾ ਦੀ ਲੋੜ ਹੁੰਦੀ ਹੈ। ਕੋਈ ਵੀ ਵਿਅਕਤੀ ਜਦ ਕਿਸੇ ਕੰਮ ਨੂੰ ਸ਼ੁਰੂ ਕਰਨ ਬਾਰੇ ਸੋਚਦਾ ਹੈ ਤਾਂ ਉਸ ਦੀ ਆਤਮਾ ਦੀ ਆਵਾਜ਼ ਉਸ ਦੇ ਸਹੀ ਜਾਂ ਗ਼ਲਤ ਹੋਣ ਪ੍ਰਤੀ ਮਾਰਗ ਦਰਸ਼ਨ ਕਰਦੀ ਹੈ। ਪਰ ਸਵਾਰਥ 'ਤੇ ਆਪਣੀ ਹੋਂਦ ਨੂੰ ਪ੍ਰਗਟਾਉਣ ਵਾਲੀ ਧਾਰਨਾ ਹੇਠਾਂ ਇਹ ਆਵਾਜ਼ ਮੱਧਮ ਪੈ ਜਾਂਦੀ ਹੈ। ਸਮਾਜ ਵਿਚ ਬਹੁਤ ਸਮੱਸਿਆਵਾਂ ਦਰਪੇਸ਼ ਹਨ ਤੇ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਸਾਡੇ ਰੋਜ਼ਾਨਾ ਦੇ ਵਰਤਾਰੇ ਕਰਕੇ ਵਧੀਆਂ ਹੋਈਆਂ ਹਨ। ਉਹ ਵਰਤਾਰੇ ਜੋ ਬੁਰਾਈ ਦੀ ਸਿਖਰ ਛੂੰਹਣ ਲਈ ਤਤਪਰ ਹਨ, ਜਿਨ੍ਹਾਂ ਨੂੰ ਜੇ ਅੱਤ ਦਾ ਨਾਂਅ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਮਰਹੂਮ ਡਾ: ਅਬਦੁੱਲ ਕਲਾਮ ਨੇ ਕਿਹਾ ਸੀ ਕਿ ਅਸੀਂ ਆਪਣਾ ਭਵਿੱਖ ਨਹੀਂ ਬਦਲ ਸਕਦੇ ਪਰ ਅਸੀਂ ਆਪਣੀਆਂ ਆਦਤਾਂ ਬਦਲ ਸਕਦੇ ਹਾਂ ਤੇ ਯਕੀਨਨ ਚੰਗੀਆਂ ਆਦਤਾਂ ਸੁਨਹਿਰਾ ਭਵਿੱਖ ਘੜਨ ਦੀ ਸ਼ਕਤੀ ਰੱਖਦੀਆਂ ਹਨ।

-ਪ੍ਰੀਤਮ ਹਾਊਸ, ਪਿੰਡ ਤੇ ਡਾਕ: ਗੜ੍ਹਦੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 94171 24201


ਖ਼ਬਰ ਸ਼ੇਅਰ ਕਰੋ

ਪਰੰਪਰਾ ਅਤੇ ਆਧੁਨਿਕਤਾ ਦਾ ਸੁਮੇਲ-ਸੋਨਪੁਰ ਮੇਲਾ

ਪਟਨਾ ਦੇ ਉੱਤਰ ਵੱਲ 25 ਕਿ.ਮੀ. ਦੀ ਦੂਰੀ ਉਪਰ ਪਾਵਨ ਗੰਗਾ ਅਤੇ ਗੰਡਕ ਨਦੀਆਂ ਦੇ ਸੰਗਮ ਕਿਨਾਰੇ ਬਣੇ ਹਰੀਹਰਨਾਥ ਮੰਦਰ ਕੋਲ ਲੱਗਣ ਵਾਲੇ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਏਸ਼ੀਆ ਵਿਚਲੇ ਸਭ ਤੋਂ ਵੱਡੇ ਕਹੇ ਜਾਣ ਵਾਲੇ ਪਸ਼ੂ ਮੇਲੇ ਵਿਚ ਅੱਜ ਕਲ ਪਰੰਪਰਾ ਅਤੇ ਆਧੁਨਿਕਤਾ, ਇਤਿਹਾਸ ਅਤੇ ਮਿਥਿਹਾਸ, ਧਾਰਮਿਕ ਜਲੌਅ ਅਤੇ ਸੱਭਿਆਚਾਰਕ ਧਮਾਲ, ਭਾਰਤੀ ਦਿਹਾਤੀ ਦਿਖ ਦੀ ਝਲਕ ਅਤੇ ਹਾਈ-ਟੈੱਕ ਮਾਡਰਨ ਸ਼ੋਆਂ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਦਾ ਹੈ।
ਇਹ ਮੇਲਾ ਸੰਸਾਰ ਦਾ ਪਹਿਲਾ ਐਸਾ ਪਸ਼ੂ-ਮੇਲਾ ਹੈ ਜਿਸ ਵਿਚ 'ਹਾਥੀ-ਬਜ਼ਾਰ' ਲਗਦਾ ਹੈ ਅਤੇ ਹਾਥੀਆਂ ਦੇ ਵਣਜ-ਵਪਾਰ ਦੇ ਨਾਲ ਨਾਲ ਇਨ੍ਹਾਂ ਨੂੰ ਬਤੌਰ ਤੋਹਫੇ ਦੇ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਜਿਵੇਂ ਰਾਜਸਥਾਨ ਦੇ ਪ੍ਰਸਿੱਧ ਪੁਸ਼ਕਰ ਮੇਲੇ ਵਿਚ ਦਰਸ਼ਨੀ ਊਠ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੇ ਹਨ, ਉਂਵੇਂ ਹੀ ਬਿਹਾਰ ਦੇ ਸੋਨਪੁਰ ਮੇਲੇ ਵਿਚ ਸਜੇ-ਫਬੇ ਹਾਥੀ ਸੈਲਾਨੀਆਂ ਦੀ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਹੁੰਦੇ ਹਨ।
ਹੁਣ ਇਹ ਮੇਲਾ ਸਿਰਫ ਪਸ਼ੂ-ਮੇਲਾ ਨਾ ਰਹਿ ਕੇ ਬਿਹਾਰੀ ਜਨ-ਜੀਵਨ ਦੀ ਸਮੁੱਚੀ ਤਸਵੀਰਕਸ਼ੀ ਕਰਦਾ ਹੈ। 2012 ਤੋਂ ਇਸ ਦਾ ਪ੍ਰਬੰਧ ਬਿਹਾਰ ਟੂਰਿਜ਼ਮ ਬੋਰਡ ਨੇ ਆਪਣੇ ਹੱਥਾਂ ਵਿਚ ਲੈ ਲਿਆ ਹੈ ਤਾਂ ਕਿ ਇਸ ਦਾ ਆਧੁਨਿਕੀਕਰਨ ਕਰਕੇ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਆਕਰਸ਼ਤ ਕੀਤਾ ਜਾ ਸਕੇ। ਬਾਅਦ ਵਿਚ ਪ੍ਰਾਂਤ ਦੇ ਸੈਰ-ਸਪਾਟਾ ਵਿਭਾਗ ਨਾਲ ਯੁਵਕ, ਕਲਾ ਅਤੇ ਸੱਭਿਆਚਾਰਕ ਵਿਭਾਗ ਅਤੇ ਪ੍ਰਸ਼ਾਸਨ ਸ਼ਾਮਲ ਹੋ ਗਏ ਤਾਂ ਕਿ ਮੇਲੇ ਨੂੰ ਹੋਰ ਵੀ ਨਵਿਆਇਆ ਜਾ ਸਕੇ।
ਇਹ ਮੇਲਾ ਹਰ ਸਾਲ ਕਾਰਤਿਕ ਪੂਰਨਮਾਸ਼ੀ ਨੂੰ ਅਰੰਭ ਹੁੰਦਾ ਹੈ ਅਤੇ ਇਕ ਮਹੀਨਾ ਚਲਦਾ ਹੈ। ਪੂਰਨਮਾਸ਼ੀ ਵਾਲੇ ਦਿਨ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਅਤੇ ਸੈਲਾਨੀ ਗੰਗਾ-ਗੰਡਕ ਸੰਗਮ ਉਪਰ ਇਸ਼ਨਾਨ ਕਰਦੇ ਹਨ ਜੋ ਕਿ ਹਿੰਦੂ ਮੱਤ ਵਿਚ ਬਹੁਤ ਮਹੱਤਵਪੂਰਨ ਸਮਝਿਆ ਜਾਂਦਾ ਹੈ। ਸੰਸਕ੍ਰਿਤ ਸ਼ਬਦ ਸੰਗਮ ਦਾ ਅਰਥ 'ਮਿਲਣ' ਹੈ ਜੋ ਆਤਮਾਵਾਂ ਦੇ ਮੇਲ ਦਾ ਪ੍ਰਤੀਕ ਸਮਝਿਆ ਜਾਂਦੈ। ਦਰਿਆਵਾਂ/ਨਦੀਆਂ ਦੇ ਸੰਗਮਾਂ ਉਪਰ ਮੇਲੇ-ਮਸਾਧੇ ਪੂਰੇ ਭਾਰਤ ਵਿਚ ਲਗਦੇ ਰਹਿੰਦੇ ਹਨ ਅਤੇ ਇਨ੍ਹਾਂ ਅਸਥਾਨਾਂ ਉਪਰ ਇਸ਼ਨਾਨ ਕਰਨਾ ਪਾਪ-ਹਰਨ ਅਤੇ ਪੁੰਨ ਕਮਾਉਣ ਦਾ ਪਵਿੱਤਰ ਵਸੀਲਾ ਸਮਝਿਆ ਜਾਂਦੈ। ਸੋਨਪੁਰ ਪਸ਼ੂ ਮੇਲੇ ਵਿਚ ਵੀ ਸ਼ਰਧਾਲੂ ਸੰਗਮ ਵਿਚ ਇਸ਼ਨਾਨ ਕਰਨ ਦੇ ਨਾਲ 2 ਮੇਲਾ ਦੇਖਣ ਲਈ ਆਉਂਦੇ ਹਨ, ਜਾਣੀ ਇਕ ਪੰਥ ਦੋ ਕਾਜ, ਨਾਲੇ ਮੁੰਜ ਬਗੜ ਦਾ ਬਾਣ ਨਾਲੇ ਦੇਵੀ ਦੇ ਦਰਸ਼ਨ, ਭਾਵ ਨਾਲੇ ਪੁੰਨ ਨਾਲੇ ਫਲੀਆਂ !
ਇਸ ਵਾਰ ਇਹ ਮੇਲਾ 2 ਨਵੰਬਰ ਤੋਂ 3 ਦਸੰਬਰ ਤਕ ਲੱਗੇਗਾ। ਅਕਤੂਬਰ ਦੇ ਪਹਿਲੇ ਹਫਤੇ ਸੋਨਪੁਰ ਦੀ ਫੇਰੀ ਦੌਰਾਨ ਵੱਡੇ ਪੱਧਰ ਉਪਰ ਹੋ ਰਹੀਆਂ ਮੇਲੇ ਦੀਆਂ ਤਿਆਰੀਆਂ ਦੇਖਣ ਨੂੰ ਮਿਲੀਆਂ। ਇਨ੍ਹਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੇਲੇ ਦੇ ਇਤਿਹਾਸ-ਮਿਥਿਹਾਸ ਦੀ ਚਰਚਾ ਕਰ ਲਈਏ।
ਗੰਗਾ ਕਿਨਾਰੇ ਵਸਿਆ ਸੋਨਪੁਰ, ਸਰਾਨ(ਛੱਪਰਾ) ਜ਼ਿਲ੍ਹੇ ਵਿਚ ਪੈਦਾ ਹੈ। ਇਸ ਥਾਂ ਗੰਡਕ ਨਦੀ, ਜੋ ਨਿਪਾਲ ਵਿਚੋਂ ਚਲਦੀ ਹੈ ਜਿਥੇ ਇਸ ਨੂੰ ਨਰਾਇਣੀ ਨਦੀ ਸਦਿਆ ਜਾਂਦੈ, ਦਾ ਇਸ ਜਗ੍ਹਾ ਪਾਵਨ ਗੰਗਾ ਨਾਲ ਸੰਗਮ ਹੁੰਦਾ ਹੈ। ਇਥੇ ਸ਼ਿਵ ਅਤੇ ਵਿਸ਼ਨੂੰ ਦਾ ਹਰੀਹਰਨਾਥ ਮਹਾਂਦੇਵ ਮੰਦਰ ਹੈ। ਹਰੀਹਰ ਭਗਵਾਨ ਸ਼ਿਵ ਦਾ ਹੀ ਇਕ ਹੋਰ ਨਾਮ ਹੈ। ਸਥਾਨਕ ਲੋਕਗਾਥਾ ਅਨੁਸਾਰ ਇਹ ਮੰਨਿਆਂ ਜਾਂਦੈ ਕਿ ਮੌਲਿਕ ਰੂਪ ਵਿਚ ਇਹ ਮੰਦਰ ਭਗਵਾਨ ਰਾਮ ਨੇ ਆਪਣੇ ਵਿਦੇਹ(ਮਿਥਿਲਾਆਂਚਲ), ਜਨਕਪੁਰ ਵਲ ਰਾਜਾ ਜਨਕ ਦੀ ਪੁੱਤਰੀ ਸੀਤਾ ਦੇ ਸਵੰਬਰ ਵਿਚ ਭਾਗ ਲੈਣ ਜਾਂਦਿਆਂ ਇਥੇ ਪੜਾਅ ਦੌਰਾਨ ਬਣਾਇਆ ਸੀ। ਬਾਅਦ ਵਿਚ ਇਸ ਮੰਦਰ ਦੀ ਪੁਨਰ-ਉਸਾਰੀ ਅਤੇ ਪੁਨਰ-ਸੁਰਜੀਤੀ ਰਾਜਾ ਮਾਨ ਸਿੰਘ ਅਤੇ ਰਾਜਾ ਰਾਮ ਨਰਾਇਣ ਦੁਆਰਾ ਕਰਵਾਈ ਗਈ। ਮੰਦਰ ਦੇ ਮੌਜੂਦਾ ਸਰੂਪ ਵਿਚ ਬਿਰਲਿਆਂ ਦਾ ਯੋਗਦਾਨ ਹੈ।
ਇਕ ਹੋਰ ਲੋਕਗਾਥਾ ਅਨੁਸਾਰ ਇਸ ਮੇਲੇ ਦਾ ਸਬੰਧ ਗਜੇਂਦਰਾ(ਹਾਥੀਆਂ ਦਾ ਰਾਜਾ) ਦੇ ਹਰੀਹਰਨਾਥ ਮੰਦਰ ਦੇ ਸੰਗਮ ਵਿਚ ਹੋਏ ਮੋਕਸ਼ ਨਾਲ ਹੈ। ਪੁਰਾਣਕ ਕਥਾਵਾਂ ਅਨੁਸਾਰ ਹਾਥੀਰਾਜ ਗਜੇਂਦਰਾ(ਗਜ) ਨੂੰ ਇਸ ਜਗ੍ਹਾ ਗਰਾਹ(ਮਗਰਮੱਛ) ਦੇ ਪੰਜੇ 'ਚੋਂ ਭਗਵਾਨ ਵਿਸ਼ਨੂੰ ਨੇ ਬਚਾਇਆ ਸੀ।
ਉਸ ਵੇਲੇ ਇਸ ਥਾਂ ਜੰਗਲਾਂ ਵਿਚ ਗਜੇਂਦਰਾ ਹਾਥੀਰਾਜ ਰਹਿੰਦਾ ਸੀ ਜੋ ਅਸਲ ਵਿਚ ਰਾਜਾ ਇੰਦਰਿਆਮੁਨਾ ਸੀ ਅਤੇ ਇਕ ਤਪੀਸਵਰ ਅਗਸਥਾ ਦੇ ਸਰਾਪ ਕਾਰਨ ਹਾਥੀ ਬਣ ਗਿਆ ਸੀ। ਪਰ ਹਾਥੀ ਬਣ ਕੇ ਵੀ ਉਹ ਆਪਣੇ ਟੋਲੇ ਦਾ ਰਾਜਾ ਬਣਿਆ ਰਿਹਾ। ਇਕ ਦਿਨ ਉਸ ਨੂੰ ਗਰਾਹ, ਜੋ ਖੁਦ ਰਿਸ਼ੀ ਦੇਵਾਲਾਮੁਨੀ ਦੇ ਸਰਾਪ ਕਾਰਨ ਗੰਧਰਵਾ ਮੁਖੀ ਹੂਹੂ ਤੋਂ ਮਗਰਮੱਛ ਬਣਿਆ ਸੀ, ਨੇ ਉਸ ਉਪਰ ਹਮਲਾ ਕਰ ਦਿੱਤਾ ਅਤੇ ਟੰਗ ਦਬੋਚ ਲਈ। ਕਹਿੰਦੇ ਹਨ ਦੋਨਾਂ ਵਿਚ ਸਾਲਾਂ ਬੱਧੀ ਲੜਾਈ ਹੁੰਦੀ ਰਹੀ ਪਰ ਅੰਤ ਨੂੰ ਹਾਥੀ ਕਮਜ਼ੋਰ ਪੈਣ ਲੱਗਾ ਤਾਂ ਉਸ ਨੇ ਭਗਵਾਨ ਵਿਸ਼ਨੂੰ ਅੱਗੇ ਦੁਆ ਕੀਤੀ ਜਿਸ ਨੇ ਆਪਣੇ ਚੱਕਰ ਨਾਲ ਮਗਰਮੱਛ ਨੂੰ ਕੱਟ ਦਿਤਾ ਪਰ ਇਸ ਨਾਲ ਸਰਾਪੇ ਹੂਹੂ ਦੀ ਰੂਹ ਮੁਕਤ ਹੋ ਗਈ। ਬਾਅਦ ਵਿਚ ਵਿਸ਼ਨੂੰ ਦੀ ਬਖਸ਼ਿਸ਼ ਨਾਲ ਸਰਾਪੇ ਇੰਦਰਿਆਮੁਨਾ(ਗਜ) ਨੂੰ ਵੀ ਮੋਕਸ਼ ਮਿਲ ਗਿਆ।
ਸੋਨਪੁਰ ਮੇਲੇ ਦੀ ਸ਼ੁਰੂਆਤ ਲਗਭਗ 2500 ਸਾਲ ਪਹਿਲਾਂ ਹੋਈ ਦੱਸੀ ਜਾਂਦੀ ਹੈ। ਇਹ ਸ਼ੁਰੂਆਤ ਰਾਜਿਆਂ-ਮਹਾਰਾਜਿਆਂ ਨੂੰ ਜੰਗ ਵਿਚ ਲੋੜੀਂਦੇ ਹਾਥੀ-ਘੋੜੇ ਅਤੇ ਕਿਸਾਨੀ ਲਈ ਲੋੜੀਂਦੇ ਪਸ਼ੂ-ਧਨ ਦੀ ਪੂਰਤੀ ਕਰਨ ਲਈ ਹੋਈ। ਕਹਿੰਦੇ ਹਨ ਕਿ ਈਸਾ ਪੂਰਵ ਮੌਰੀਆ ਸਾਮਰਾਜ ਦੇ ਬਾਨੀ ਸਮਰਾਟ ਚੰਦਰ ਗੁਪਤ ਮੌਰੀਆ ਆਪਣੇ ਫੌਜੀ ਲਾਮ-ਲਸ਼ਕਰ ਲਈ ਆਲਾਹ ਦਰਜੇ ਦੇ ਹਾਥੀ-ਘੋੜੇ ਖਰੀਦਣ ਲਈ ਆਪ ਇਸ ਥਾਂ ਆਇਆ ਕਰਦਾ ਸੀ। ਸੈਂਟਰਲ ਏਸ਼ੀਆ ਚੋਂ ਵੀ ਵਪਾਰੀ ਇਸ ਜਗ੍ਹਾ ਆਉਂਦੇ ਰਹੇ ਅਤੇ ਬਰਤਾਨਵੀ ਰਾਜ ਸਮੇ ਵੀ ਇਸ ਥਾਂ ਘੋੜ ਸਵਾਰ ਸੈਨਾ ਲਈ ਘੋੜਿਆਂ ਦੀ ਖਰੀਦ ਹੁੰਦੀ ਰਹੀ।
ਪਹਿਲਾਂ ਇਹ ਮੇਲਾ ਹਾਜੀਪੁਰ, ਜੋ ਸੋਨਪੁਰ ਤੋਂ 5 ਕਿ.ਮੀ.ਹੈ, ਵਿਚ ਲਗਦਾ ਸੀ ਪਰ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਇਸ ਨੂੰ ਸੋਨਪੁਰ ਬਦਲਵਾ ਦਿੱਤਾ।
ਇਸ ਵਾਰ ਮੇਲੇ ਵਿਚ ਸਵਿੱਸ ਵਿਲੇਜ(ਪਿੰਡ) ਉਸਾਰਿਆ ਜਾ ਰਿਹਾ ਹੈ। ਸੈਰ-ਸਪਾਟਾ ਵਿਭਾਗ ਦੇ ਇਕ ਅਧਿਕਾਰੀ ਮਨਮੋਹਣ ਕੁਮਾਰ ਅਨੁਸਾਰ ਇਸ ਵਿਚ ਸੈਲਾਨੀਆਂ ਨੂੰ ਪੰਜ-ਤਾਰਾ ਹੋਟਲਾਂ ਵਰਗੀਆਂ ਸਹੂਲਤਾਂ ਮਿਲਣਗੀਆਂ ਪਰ ਬਿਹਾਰੀ ਦਿੱਖ ਵੀ ਬਰਕਰਾਰ ਰੱਖੀ ਜਾਵੇਗੀ। ਵਿਸ਼ੇਸ਼ ਪ੍ਰਾਹੁਣਚਾਰੀ ਪੈਕੇਜ ਦੇ ਨਾਲ-ਨਾਲ ਪਟਨਾ ਤੋਂ ਸੈਲਾਨੀਆਂ ਦੀ ਸਹੂਲਤ ਲਈ ਫੈਰੀਆਂ(ਸਵਾਰੀ-ਬੇੜੀਆਂ) ਵੀ ਚਲਾਈਆਂ ਜਾਣਗੀਆਂ।
ਮੇਲੇ ਵਿਚ ਰਵਇਤੀ ਬਿਹਾਰੀ ਪਕਵਾਨਾਂ, ਖਾਸ ਕਰਕੇ ਹਰ ਬਿਹਾਰੀ ਘਰ ਵਿਚ ਖਾਧਾ ਜਾਣ ਵਾਲਾ ਮਸਾਲੇਦਾਰ 'ਲਿੱਟੀ-ਚੋਖਾ', ਮਿੱਠਾ-ਲੂਣਾ 'ਖਾਜਾ', ਚੋਂਦੀ-ਚੋਂਦੀ ਜਲੇਬੀ, ਚਟਖਾਰੇਦਾਰ ਚਾਟ, ਦਰਿਆ ਵਿਚੋਂ ਤਾਜ਼ਾ ਪਕੜੀ ਤੜਕੀ ਕਰਾਰੀ-ਕਰਾਰੀ ਝੀਂਗਾ ਮਛਲੀ ਆਦਿ ਨਾਲ ਨਵੀਂ ਪੌਂਦ ਲਈ ਨੂਡਲਾਂ, ਚੌਮਿਨ, ਬਰਗਰ, ਪੀਜ਼ਾ ਵਗੈਰਾ ਦਾ ਸੰਗਮ ਹੋਵੇਗਾ!
500 ਏਕੜ ਤੋਂ ਵੀ ਵੱਧ ਰਕਬੇ ਵਿਚ ਲੱਗਣ ਵਾਲੇ ਇਸ ਮੇਲੇ ਵਿਚ ਭੋਜਪੁਰੀ/ਬੌਲੀਵੁੱਡ ਕਲਾਕਾਰਾਂ ਵਲੋਂ ਸ਼ੋਅ, ਗੀਤ-ਸੰਗੀਤ, ਲੋਕਨਾਚ, ਨੌਟੰਕੀ, ਸਰਕਸ, ਸਟੰਟ, 'ਮੌਤ ਦਾ ਕੂੰਆਂ' ਦਾ ਖੇਲ, ਜਾਦੂਗਰੀਆਂ, ਦੰਗਲ, ਕਪੜੇ-ਲੱਤੇ, ਚੂੜੀਆਂ-ਵੰਗਾਂ ਗਹਿਣੇ-ਗੱਟੇ, ਦਸਤਕਾਰੀ, ਕੁੰਭਕਾਰੀ, ਸਾਜ਼ੋ-ਸਮਾਨ, ਖੇਤੀ-ਬਾੜੀ ਦੇ ਸੰਦ ਅਤੇ ਰੱਬ ਜਾਣੇ ਹੋਰ ਕੀ ਕੀ ! ਤੇ ਨਾਲ ਮਾਡਰਨ ਖੇਲਾਂ ਜਿਵੇਂ ਬੇੜੀਆਂ ਦੀ ਰੇਸ, ਵਾਟਰ-ਸਰਫਿੰਗ, ਵਾਟਰ ਬਾਥ ਕੈਨਿੰਗ ਵੀ ਹੋਣਗੀਆਂ।
ਹੁਣ ਮੇਲੇ ਵਿਚ ਸਿਰਫ ਹਾਥੀ-ਘੋੜਿਆਂ ਦਾ ਹੀ ਵਣਜ-ਵਪਾਰ ਨਹੀਂ ਹੁੰਦਾ ਸਗੋਂ ਹਰ ਕਿਸਮ ਦੇ ਪੈਟ, ਪੱਪੀਜ਼, ਚੰਗੀ ਨਸਲ ਦੇ ਭਾਂਤ-ਸੁਭਾਂਤੇ ਕੁੱਤੇ, ਰੰਗ-ਬਰੰਗੇ ਖੰਭਾਂ ਵਾਲੇ ਪੰਛੀ/ਚਿੜੀਆਂ, ਗਾਵਾਂ, ਮੱਝਾਂ, ਬਲਦ, ਖੱਚਰਾਂ, ਗਧੇ, ਬੱਕਰੀਆਂ, ਭੇਡਾਂ, ਊਠ, ਖ਼ਰਗੋਸ਼, ਗਿਨੀਪਿੱਗ ਆਦਿ ਪਸ਼ੂ-ਪੰਛੀ ਸਜ-ਵਿਆਹੀ ਵਾਂਗ ਸ਼ਿੰਗਾਰ ਕੇ ਲਿਆਂਦੇ ਜਾਂਦੇ ਹਨ। ਹਾਥੀਆਂ ਉਪਰ ਟੈਟੂਜ਼, ਬਲਦਾਂ ਦੇ ਸਿੰਗਾਂ ਉਪਰ ਸਜਾਵਟ ਅਤੇ ਰੂਹ-ਰਜਾਉਂਦੇ ਸੁੰਦਰ ਅਰਬੀ ਘੋੜੇ, ਜਿਨ੍ਹਾਂ ਦੇ ਲਿਸ਼ਕਵੇਂ ਜਿਸਮਾਂ ਉਪਰੋਂ ਤੱਕਣ ਵਾਲੀਆਂ ਨਜ਼ਰਾਂ ਤਿਲਕ-ਤਿਲਕ ਜਾਂਦੀਆਂ ਹਨ, ਮੇਲੇ ਦੀ ਆਤਮਾ ਹੁੰਦੇ ਹਨ।
ਇਕ ਬਿਹਾਰੀ ਨੌਜਵਾਨ ਮਿਥੀਲੇਸ਼, ਜੋ ਕਈ ਸਾਲਾਂ ਤੋਂ ਮੇਲਾ ਦੇਖਣ ਜਾਂਦਾ ਹੈ, ਨੇ ਆਪਣੇ ਭੋਜਪੁਰੀ ਲਹਿਜੇ ਵਿਚ ਸੋਨਪੁਰ ਮੇਲੇ, ਜਿਸ ਨੂੰ 'ਹਰੀਹਰ ਕਸ਼ੇਤਰਾ ਮੇਲਾ' ਵੀ ਕਿਹਾ ਜਾਂਦੈ, ਦਾ ਤੱਤ-ਸਾਰ ਬਿਆਨਦਿਆਂ ਕਿਹਾ, 'ਬਾਊ ਜੀ, ਏਕ ਅੱਛਾ ਮੇਲਾ ਕੀ ਖੂਬੀ ਈ ਹੋਲਾ ਕਿ ਲੋਗ ਉਕਰਾ ਮੇਂ ਮਜਾ ਕਰੇਂ ਔਰ ਈ ਮੇਲਾ ਮੇਂ ਊ ਸਭ ਖੂਬੀ ਵਾ!'

-ਫਗਵਾੜਾ
gandamjs@gmail.com

ਸ਼ਾਨਾਮੱਤਾ ਹੈ ਭਾਰਤੀ ਹਵਾਈ ਫ਼ੌਜ ਦਾ 85 ਸਾਲਾ ਸਫ਼ਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸੰਨ 1965 ਦੀ ਭਾਰਤ-ਪਾਕਿ ਜੰਗ ਸਮੇਂ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਅੰਦਰ ਤੱਕ ਪਹੁੰਚ ਕੇ ਪਿਸ਼ਾਵਰ, ਕੋਟਾ, ਰਾਵਲਪਿੰਡੀ, ਸਰਗੋਧਾ ਵਰਗੇ ਮਿਲਟਰੀ ਟਿਕਾਣਿਆਂ, ਸੰਚਾਰ ਸਾਧਨਾਂ, ਗੋਲਾ-ਬਾਰੂਦ ਭੰਡਾਰਾਂ ਨੂੰ ਖਾਸਾ ਨੁਕਸਾਨ ਪਹੁੰਚਾਇਆ। ਕਈ ਟੈਂਕਾਂ, ਰੇਲ ਗੱਡੀਆਂ ਤੇ ਫ਼ੌਜੀ ਕਾਨਵਾਈਆਂ ਉੱਪਰ ਰਾਕਟ ਬੰਬ ਸੁੱਟ ਕੇ ਤਬਾਹੀ ਮਚਾਈ ਤੇ ਜਿੱਤ ਹਾਸਿਲ ਕੀਤੀ।
ਸੰਨ 1971 ਦੀ ਭਾਰਤ-ਪਾਕਿ ਜੰਗ ਸਮੇਂ ਆਈ.ਏ.ਐਫ. ਨੇ ਜਿਥੇ ਰੱਖਿਆਤਮਕ ਢੰਗ ਨਾਲ ਆਪ੍ਰੇਸ਼ਨ ਹਵਾਈ ਅੱਡਿਆਂ ਦੀ ਡਟ ਕੇ ਹਿਫਾਜ਼ਤ ਕੀਤੀ ਉਥੇ ਆਪਣੀ ਹਮਲਾਵਰ ਸ਼ਕਤੀ ਨਾਲ ਪਾਕਿਸਤਾਨ ਦੇ 14ਵੇਂ ਏਅਰ ਫੋਰਸ ਸੁਕਾਡਰਨ ਅਤੇ ਇਕ ਹਵਾਈ ਅੱਡਾ ਤਬਾਹ ਕਰ ਦਿੱਤਾ। ਕੁੱਲ ਮਿਲਾ ਕੇ ਭਾਰਤੀ ਹਵਾਈ ਸੈਨਾ ਨੇ 1978 ਉਡਾਣਾਂ ਪੂਰਬੀ ਪਾਕਿ ਵੱਲ ਤੇ ਤਕਰੀਬਨ 4000 ਉਡਾਣਾਂ ਪੱਛਮੀ ਪਾਕਿਸਤਾਨ ਦੇ ਮਿਲਟਰੀ ਟਿਕਾਣਿਆਂ ਸਰਗੋਧਾ, ਪਿਸ਼ਾਵਰ, ਕੋਹਾਟ, ਰਾਵਲਪਿੰਡੀ ਆਦਿ ਵਲ ਭਰ ਕੇ ਹਵਾਈ ਅੱਡਿਆਂ ਨੂੰ ਨੁਕਸਾਨ ਪਹੁੰਚਾਇਆ।
ਇਸ ਜੰਗ ਦੌਰਾਨ ਫਲਾਇੰਗ ਆਈਫਸਰ ਨਿਰਮਲਜੀਤ ਸਿੰਘ ਸੇਖੋਂ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਹਵਾਈ ਫ਼ੌਜ ਵਾਸਤੇ ਪਹਿਲਾ ਸਰਵਉੱਤਮ ਬਹਾਦਰੀ ਪੁਰਸਕਾਰ ਸੀ।
ਸਮੀਖਿਆ ਤੇ ਸੁਝਾਅ
ਭਾਰਤੀ ਹਵਾਈ ਸੈਨਾ ਦੇ 85 ਸਾਲ ਦੇ ਇਤਿਹਾਸਕ ਪੰਨਿਆਂ ਨੂੰ ਫਰੋਲਦਿਆਂ ਇਹ ਸਿੱਧ ਹੋ ਜਾਂਦਾ ਹੈ ਕਿ ਲੜੀਆਂ ਗਈਆਂ ਜੰਗਾਂ ਦੌਰਾਨ ਆਈ.ਏ.ਐਫ. ਭਾਵੇਂ ਪੁਰਾਣੇ ਜਾਂ ਅੱਧ-ਪਚੱਧੇ ਆਧੁਨਿਕ ਹਥਿਆਰਾਂ ਨਾਲ ਲੈਸ ਸੀ ਪ੍ਰੰਤੂ ਉਨ੍ਹਾਂ ਦੇ ਚਾਲਕ ਯੋਧਿਆਂ ਦੀ ਮਨਸੂਬਾਬੰਦੀ, ਸੂਝ-ਬੂਝ, ਦੇਸ਼ ਪ੍ਰਤੀ ਕੁਰਬਾਨੀ ਵਾਲਾ ਜਜ਼ਬਾ, ਪਹਿਲਕਦਮੀ, ਕਿੱਤਾ ਭਰਪੂਰ ਤਕਨੀਕੀ ਸਿਖਲਾਈ ਵੀਰਤਾ ਵਾਲੇ ਕਾਰਨਾਮਿਆਂ ਕਾਰਨ ਉਸ ਨੇ ਜੰਗੀ ਜਿੱਤਾਂ ਪ੍ਰਾਪਤ ਕੀਤੀਆਂ ਤੇ ਆਸ ਹੈ ਕਿ ਅੱਗੋਂ ਵੀ ਉਹ ਅਜਿਹਾ ਕਰਦੇ ਹੀ ਰਹਿਣਗੇ। ਪ੍ਰੰਤੂ ਬੜੀ ਤੇਜ਼ੀ ਨਾਲ ਬਦਲ ਰਹੇ ਹਾਲਤਾਂ ਦੇ ਸਨਮੁੱਖ ਲੋੜ ਇਸ ਗੱਲ ਦੀ ਹੈ ਕਿ ਸਰਕਾਰ ਕੌਮੀ ਸੁਰੱਖਿਆ ਨੀਤੀ ਦਾ ਨਵੇਂ ਸਿਰੇ ਤੋਂ ਜਾਇਜ਼ਾ ਲੈ ਕੇ ਅਰਥ-ਵਿਵਸਥਾ ਦੀ ਮਜ਼ਬੂਤੀ, ਬਹੁਪੱਖੀ ਵਿਕਾਸ ਤੇ ਮਿਲਟਰੀ ਸ਼ਕਤੀ ਨੂੰ ਪਹਿਲ ਦੇ ਅਧਾਰ 'ਤੇ ਵਧਾਉਣ ਵਲ ਅੱਗੇ ਵਧੇ।
ਸਿੱਕਮ-ਭੂਟਾਨ ਦੇ ਸਰਹੱਦੀ ਇਲਾਕੇ ਡੋਕਲਾਮ ਵਿਖੇ ਚੀਨ ਨੇ ਇਕਤਰਫਾ ਕਾਰਵਾਈ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਆਪਹੁਦਰੇਪਨ ਤੇ ਵਿਸਥਾਰਵਾਦੀ ਹੋਣ ਦੇ ਸੰਕੇਤ ਦਿੱਤੇ ਹਨ। ਇਸ ਵਿਚ ਕੋਈ ਸੰਦੇਹ ਨਹੀਂ ਕਿ ਬ੍ਰਿਕਸ ਤੇ ਸ਼ੰਗਾਈ ਵਰਗੀਆਂ ਸੰਸਥਾਵਾਂ ਕੰਮ ਤਾਂ ਕਰ ਰਹੀਆਂ ਹਨ ਫਿਰ ਵੀ ਚੀਨ ਦੀ ਪਾਕਿਸਤਾਨ ਨਾਲ ਨੇੜਤਾ, ਆਰਥਿਕ ਕੋਰੀਡੋਰ ਤੇ ਐਨ.ਐਸ.ਜੀ. ਅਤੇ ਮਸੂਦ ਅਜ਼ਹਰ ਵਰਗੇ ਮੁੱਦਿਆਂ 'ਤੇ ਭਾਰਤ ਦੀ ਵਿਰੋਧਤਾ ਚੀਨ ਦੇ ਨਾਪਾਕ ਇਰਾਦੇ ਵਲ ਇਸ਼ਾਰਾ ਕਰਦੇ ਹਨ। ਪਾਕਿਸਤਾਨ ਦੀ ਸਭ ਤੋਂ ਵੱਧ ਮਸ਼ਹੂਰ ਅਖ਼ਬਾਰ 'ਡਾਨ' ਅਨੁਸਾਰ ਆਰਥਿਕ ਲਾਂਘੇ ਵਾਲਾ ਪਾਕਿ ਦਾ ਇਲਾਕਾ ਆਉਣ ਵਾਲੇ ਸਮੇਂ 'ਚ ਚੀਨ ਦੀ ਬਸਤੀ ਬਣ ਸਕਦਾ ਹੈ। ਇਸ ਵਾਸਤੇ ਭਾਰਤ ਨੂੰ ਸੁਚੇਤ ਰਹਿਣ ਦੀ ਲੋੜ ਹੋਵੇਗੀ।
ਬੀਤੇ ਦਿਨੀਂ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਨੇ ਆਪਣੇ ਸਾਰੇ ਅਫ਼ਸਰਾਂ ਨੂੰ ਡੀ.ਓ. ਚਿੱਠੀ ਲਿਖ ਕੇ ਕਿਸੇ ਵੀ ਆਪ੍ਰੇਸ਼ਨ ਵਾਸਤੇ ਘੱਟ ਤੋਂ ਘੱਟ ਨੋਟਿਸ 'ਤੇ ਤਿਆਰ-ਬਰ-ਤਿਆਰ ਰਹਿਣ ਵਾਸਤੇ ਕਿਹਾ ਸੀ। ਇਸ ਦੇ ਨਾਲ ਹੀ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਇਹ ਕਿਹਾ ਕਿ ਭਾਰਤੀ ਫ਼ੌਜ ਢਾਈ ਫਰੰਟ ਤੇ ਜੰਗ ਲੜਨ ਲਈ ਤਿਆਰ ਹੈ, ਜੋ ਕਿ ਅਸਲ 'ਚ ਇਸ ਸਮੇਂ ਨਹੀਂ?
ਆਈ.ਏ.ਐਫ. ਦੇ ਸਾਬਕਾ ਮੁਖੀ ਏਅਰ ਚੀਫ਼ ਮਾਰਸ਼ਲ ਅਨੂਪ ਰਾਹਾ ਨੇ ਸੇਵਾਮੁਕਤੀ ਤੋਂ ਪਹਿਲਾਂ ਹਵਾਈ ਜਹਾਜ਼ਾਂ ਦੀ ਘਾਟ ਦੇ ਸੰਦਰਭ 'ਚ ਇੰਝ ਕਿਹਾ ਸੀ, 'ਏਅਰ ਫੋਰਸ ਕੋਲ ਨਿਰਧਾਰਤ 42 ਸੁਕਾਡਰਨਜ਼ ਦੀ ਬਨਿਸਪਤ ਕੇਵਲ 33 ਸੁਕਾਡਰਨਜ਼ ਹਨ ਤੇ ਫਰਾਂਸ ਤੋਂ ਉਪਲਬੱਧ ਹੋਣ ਵਾਲੇ 36 ਰਾਫੇਲ ਲੜਾਕੂ ਜਹਾਜ਼ਾਂ ਤੋਂ ਇਲਾਵਾ 200-250 ਦਰਮਿਆਨ ਲੜਾਕੂ ਜਹਾਜ਼ਾਂ ਦੀ ਲੋੜ ਵੀ ਹੈ।' ਹਕੀਕਤ ਇਹ ਹੈ ਕਿ ਜਿਸ ਤੇਜ਼ੀ ਨਾਲ ਪੁਰਾਣੇ ਮਿੱਗ 21 ਤੇ ਮਿੱਗ 27 ਜਹਾਜ਼ ਦੁਰਘਟਨਾਗ੍ਰਸਤ ਹੋ ਰਹੇ ਹਨ, ਉਸ ਤੋਂ ਇਹ ਅਹਿਸਾਸ ਹੁੰਦਾ ਹੈ ਕਿ ਇਨ੍ਹਾਂ ਜਹਾਜ਼ਾਂ ਦੇ 11 ਸੁਕਾਡਰਨਾਂ ਨੂੰ ਪੜਾਅ ਵਾਰ ਸੇਵਾਮੁਕਤ ਕਰਨ ਦੀ ਲੋੜ ਹੈ।
ਇਸ ਵਿਚ ਕੋਈ ਸੰਦੇਹ ਨਹੀਂ ਕਿ ਭਾਰਤੀ ਹਵਾਈ ਸੈਨਾ ਵਾਸਤੇ 'ਫੋਰਸ ਮਿਕਸ' ਦੇ ਸਿਧਾਂਤ 'ਤੇ ਹਲਕੇ, ਦਰਮਿਆਨੇ ਤੇ ਭਾਰੀ ਵਰਗ 'ਚ ਹਵਾਈ ਜਹਾਜ਼ਾਂ ਦੀ ਲੋੜ ਹੈ। ਐਚ.ਏ.ਐਲ. ਭਾਰਤੀ ਹਵਾਈ ਸੈਨਾ ਨੂੰ ਕਿਸ਼ਤਾਂ 'ਚ 40 ਤੇਜਸ ਹਵਾਈ ਜਹਾਜ਼ ਮੁਹੱਈਆ ਕਰਵਾਉਣ ਜਾ ਰਹੀ ਹੈ। ਪ੍ਰੰਤੂ ਵਧੇਰੇ ਲੋੜ ਤੇ ਉਡੀਕ ਏਅਰ ਫੋਰਸ ਨੂੰ ਤੇਜਸ 1 'ਏ' ਜਹਾਜ਼ਾਂ ਦੀ ਹੈ ਜੋ ਕਿ ਬਿਹਤਰ ਸਹੂਲਤਾਂ ਨਾਲ ਲੈਸ ਹੋਣ। ਇਸ ਦੇ ਨਾਲ ਹੀ ਐਚ.ਏ.ਐਲ. ਨੇ ਆਈ.ਏ.ਐਫ. ਨੂੰ 272 ਸੁਖੋਈ-30 ਜਹਾਜ਼ ਉਪਲਬੱਧ ਕਰਵਾਉਣ ਦਾ ਵਿਸ਼ਵਾਸ ਵੀ ਦਿੱਤਾ ਹੈ। ਮਿਰਾਜ਼ 2000 ਤੇ ਮਿੱਗ 29 ਦੇ ਨਾਲ ਜੈਗੂਅਰ ਜਹਾਜ਼ਾਂ ਨੂੰ ਵੀ ਅਪਗਰੇਡ ਕੀਤਾ ਜਾ ਰਿਹਾ ਹੈ। ਪ੍ਰੰਤੂ ਲੋੜ ਇਸ ਗੱਲ ਦੀ ਹੈ ਕਿ ਇਨ੍ਹਾਂ ਲੋੜਾਂ ਦੀ ਪੂਰਤੀ ਸਮਾਂਬੱਧ ਢੰਗ ਨਾਲ ਆਈ.ਏ.ਐਫ. ਦੀ ਤਸੱਲੀ ਅਨੁਸਾਰ ਹੋਵੇ।
ਇਸ ਸਮੇਂ ਚੀਨ ਦਾ ਪੀਪਲਜ਼ ਲਿਬਰੇਸ਼ਨ ਆਰਮੀ ਏਅਰ ਫੋਰਸ (ਪੀ.ਐਲ.ਏ.ਏ.ਐਫ.) ਦੀ ਇਨਫੈਂਟਰੀ 'ਚ 3000 ਤੋਂ ਵੱਧ ਜਹਾਜ਼ ਸ਼ਾਮਿਲ ਹਨ, ਜਿਨ੍ਹਾਂ ਵਿਚ 2100 ਫਾਈਟਰ, ਬੰਬਾਰ ਆਦਿ ਆਧੁਨਿਕ ਯੰਤਰਾਂ ਤੇ ਸਹੂਲਤਾਂ ਨਾਲ ਲੈਸ ਹਨ। ਭਾਰਤ ਕੋਲ 1620 ਕੁੱਲ ਜਹਾਜ਼ ਹਨ, ਜਿਨ੍ਹਾਂ ਵਿਚ 780 ਲੜਾਕੂ ਜਹਾਜ਼ ਹਨ। ਪਾਕਿਸਤਾਨ ਕੋਲ ਕੁੱਲ 950 ਜਹਾਜ਼ ਹਨ।
ਮੌਜੂਦਾ ਹਾਲਤਾਂ 'ਚ ਦੇਸ਼ ਦੀ ਹਵਾਈ ਸੈਨਾ ਵਾਸਤੇ ਪੀ.ਐਲ.ਏ.ਏ.ਐਫ. ਤੇ ਪਾਕਿਸਤਾਨ ਦੀ ਏਅਰ ਫੋਰਸ ਨਾਲ ਸਾਂਝੇ ਤੌਰ 'ਤੇ ਨਜਿੱਠਣਾ ਔਖਾ ਹੋਵੇਗਾ। 50 ਦੇ ਦਹਾਕੇ 'ਚ ਦੇਸ਼ ਦੀਆਂ ਸੁਰੱਖਿਆ ਲੋੜਾਂ ਤੇ ਹਮਲਾਵਰ ਸ਼ਕਤੀ ਨੂੰ ਮੁੱਖ ਰਖਦਿਆਂ ਮਾਹਿਰਾਂ ਦੀ ਸਿਫਾਰਸ਼ 'ਤੇ ਸਰਕਾਰ ਨੇ 45 ਸੁਕਾਡਰਨ ਖੜ੍ਹੇ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਹੁਣ ਤਾਂ ਚੁਣੌਤੀਆਂ ਹੋਰ ਵੀ ਗੰਭੀਰ ਹਨ। ਇਸ ਵਾਸਤੇ ਏਅਰ ਫੋਰਸ ਨੂੰ ਲੜਾਈ ਵਾਸਤੇ ਘੱਟੋ-ਘੱਟ 50 ਸੁਕਾਡਰਨਾਂ ਦੀ ਲੋੜ ਹੋਵੇਗੀ। ਇਸ ਸਮੇਂ ਰੱਖਿਆ ਬਜਟ ਯੂ.ਐਸ. 55 ਬਿਲੀਅਨ ਡਾਲਰ ਵਾਲਾ ਹੈ। ਜੇਕਰ ਦੋ ਮੋਰਚਿਆਂ 'ਤੇ ਜੰਗ ਲੜਨੀ ਹੈ ਤਾਂ ਹਥਿਆਰਬੰਦ ਸੈਨਾਵਾਂ ਵਾਸਤੇ ਜੀ.ਡੀ.ਪੀ. ਦਾ 1.65 ਫ਼ੀਸਦੀ ਹਿੱਸਾ ਬਹੁਤ ਘੱਟ ਹੈ, ਜਿਸ ਨੂੰ 2.5 ਫੀਸਦੀ ਤੱਕ ਪਹੁੰਚਾਉਣ ਨਾਲ ਹੀ ਰੱਖਿਆ ਲੋੜਾਂ ਦੀ ਪੂਰਤੀ ਕਿਸੇ ਹੱਦ ਤੱਕ ਸੰਭਵ ਹੋਵੇਗੀ। ਜੇਕਰ ਅਰਥ-ਵਿਵਸਥਾ ਹੀ ਕਮਜ਼ੋਰ ਹੁੰਦੀ ਗਈ ਤਾਂ ਫਿਰ ਰੱਬ ਰਾਖਾ। (ਸਮਾਪਤ)

-ਲੇਖਕ : ਰੱਖਿਆ ਵਿਸ਼ਲੇਸ਼ਕ
ਫੋਨ : 0172-2740991.

ਸਾਲ 2017 ਦੇ ਨੋਬਲ ਪੁਰਸਕਾਰ: ਮਨੁੱਖਤਾ ਦਾ ਮਾਣ ਬਣੀ ਸਰਬਉੱਚ ਕਸੌਟੀ

ਮਨੁੱਖ ਸਮੇਤ ਸਾਰੀ ਜੀਵਤ ਪ੍ਰਜਾਤੀਆਂ ਵਿਚ ਇਕ ਅੰਦਰੂਨੀ ਘੜੀ ਹੁੰਦੀ ਹੈ ਜੋ ਉਨ੍ਹਾਂ ਨੂੰ ਦਿਨ ਦੀ ਨਿਯਮਤ ਲੈਅ ਨੂੰ ਅਪਣਾਉਣ ਵਿਚ ਸਹਿਯੋਗ ਕਰਦੀ ਹੈ। ਇਹ ਕ੍ਰਾਂਤੀਕਾਰੀ ਖੋਜ ਤਿੰਨ ਅਮਰੀਕੀ ਵਿਗਿਆਨੀਆਂ ਨੇ ਕੀਤੀ ਹੈ। ਇਸ ਨਾਲ ਖੋਜ ਦੇ ਨਵੇਂ ਰਾਹ ਖੁੱਲ੍ਹ ਗਏ ਹਨ ਅਤੇ ਨੀਂਦ ਲੈਣ ਦੇ ਮਹੱਤਵ ਦੇ ਸੰਦਰਭ ਵਿਚ ਜਾਗ੍ਰਿਤੀ ਵਧੀ ਹੈ। ਇਸ ਸਫਲ ਕੋਸ਼ਿਸ਼ ਲਈ ਜੈਫਰੀ ਸੀ ਹਾਲ, ਮਾਈਕਲ ਰੋਸਬਾਸ਼ ਤੇ ਮਾਈਕਲ ਡਬਲਿਊ ਯੰਗ ਨੂੰ 2017 ਦੇ ਮੈਡੀਸਨ ਜਾਂ ਫਿਜ਼ਿਊਲੋਜੀ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ 9 ਮਿਲੀਅਨ ਕ੍ਰੋਨਰ ਜਾਂ 1.1 ਮਿਲੀਅਨ ਡਾਲਰ ਪੁਰਸਕਾਰ ਵਿਚ ਮਿਲਣਗੇ।
ਜੈਫਰੀ ਸੀ ਹਾਲ ਅਮਰੀਕੀ ਜੈਨੇਟਿਸਟ ਹਨ। ਉਨ੍ਹਾਂ ਨੇ ਆਪਣੀ ਖੋਜ ਨੂੰ ਸਧਾਰਨ ਮੱਖੀ ਦੀ ਨਿਊਰੋਲੋਜੀ 'ਤੇ ਕੇਂਦਿਰਤ ਕੀਤਾ ਹੈ। ਮਾਈਕਲ ਰੋਸਬਾਸ਼ ਵੀ ਅਮਰੀਕੀ ਜੈਨੇਟਿਸਟ ਹਨ, ਉਹ ਬ੍ਰੰਡੀਸ ਯੂਨੀਵਰਸਿਟੀ ਵਿਚ ਕ੍ਰੋਨੋਬਾਇਓਲੋਜੀ ਦੇ ਪ੍ਰੋਫੈਸਰ ਹਨ। ਮਾਈਕਲ ਡਬਿਊ ਜੰਗ ਅਮਰੀਕੀ ਜੈਨੇਟਿਸਟ ਤੇ ਕ੍ਰੋਨੋਬਾਇਓਲੋਜਿਸਟ ਹਨ, ਉਨ੍ਹਾਂ ਨੇ ਮੱਖੀ ਦੇ ਜਾਗਣ ਤੇ ਸੌਣ ਦੇ ਪੈਟਰਨ 'ਤੇ ਤਿੰਨ ਤੋਂ ਜ਼ਿਆਦਾ ਦਹਾਕੇ ਖੋਜ ਵਿਚ ਗੁਜ਼ਾਰੇ ਹਨ। ਹਾਲਾਂਕਿ ਇਸ ਵਾਰ ਦਾ ਰਸਾਇਣ ਸ਼ਾਸਤਰ ਨੋਬਲ ਪੁਰਸਕਾਰ ਵੀ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ 'ਤੇ ਦਿੱਤਾ ਗਿਆ ਹੈ, ਪਰ ਉਨ੍ਹਾਂ ਦਾ ਸਬੰਧ ਸਵਿਟਜ਼ਰਲੈਂਡ, ਅਮਰੀਕਾ ਤੇ ਬਰਤਾਨੀਆ ਨਾਲ ਹੈ। ਇਨ੍ਹਾਂ ਨੇ ਕਰਿਓ-ਇਲੈਕਟ੍ਰਾਨ ਮਾਈਕ੍ਰੋਸਕੋਪੀ ਵਿਕਸਤ ਕੀਤੀ ਹੈ, ਜਿਸ ਨਾਲ ਖੋਜਕਰਤਾ ਜੈਵਿਕ ਕਣਾਂ ਨੂੰ ਹਰਕਤ ਦੌਰਾਨ ਜੰਮਿਆ ਹੋਇਆ (ਫ੍ਰੋਜਨ ਇਨ ਐਕਸ਼ਨ) ਦੇਖ ਸਕਣਗੇ। ਜੈਕ ਡੁਬੋਸ਼ੈਟ (ਸਵਿਟਜ਼ਰਲੈਂਡ), ਜੋਅਸ਼ਿਮ ਫ੍ਰੈਂਕ (ਜਰਮਨੀ ਵਿਚ ਪੈਦਾ ਹੋਏ ਅਮਰੀਕੀ ਵਿਗਿਆਨੀ) ਅਤੇ ਰਿਚਰਡ ਹੈਂਡਰਸਨ (ਬਰਤਾਨੀਆ) ਨੇ ਪ੍ਰੋਟੀਨ ਤੇ ਹੋਰ ਕਣਾਂ ਨੂੰ ਤੇਜ਼ੀ ਨਾਲ ਫਰੀਜ ਕਰਕੇ ਉਨ੍ਹਾਂ ਦੇ ਆਕਾਰ ਨੂੰ ਸੁਰੱਖਿਅਤ ਰੱਖਣ ਦਾ ਕੰਮ ਕੀਤਾ ਹੈ। ਇਸੇ ਤੋਂ ਉਨ੍ਹਾਂ ਨੂੰ ਸਾਕਾਰ ਰੂਪ 'ਚ ਦੇਖਣਾ ਸੰਭਵ ਹੋ ਸਕਿਆ ਹੈ। ਉਨ੍ਹਾਂ ਦੀ ਇਸ ਕੋਸ਼ਿਸ਼ ਨਾਲ ਮੈਡੀਕਲ ਖੋਜ ਲਈ ਨਵਾਂ ਤੇ ਸ਼ਕਤੀਸ਼ਾਲੀ ਰਸਤਾ ਖੁੱਲ੍ਹਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਦਾ ਭੌਤਿਕ ਸ਼ਾਸਤਰ ਨੋਬਲ ਪੁਰਸਕਾਰ ਵੀ ਤਿੰਨ ਵਿਗਿਆਨੀਆਂ ਨੇ ਆਪਸ ਵਿਚ ਵੰਡਿਆ ਹੈ। ਰੈਨਰ ਵੇਈਜ਼, ਬੈਰੀ ਬੈਰਿਸ਼ ਅਤੇ ਕਿਪ ਥੋਰਨੇ ਤਿੰਨੇ ਅਮਰੀਕੀ ਵਿਗਿਆਨੀ ਹਨ। ਵਰਣਨਯੋਗ ਹੈ ਕਿ ਲਗਪਗ ਸੌ ਸਾਲ ਪਹਿਲਾਂ ਅਲਬਰਟ ਆਈਨਸਟਾਈਨ ਨੇ ਇਹ ਅੰਦਾਜ਼ਾ ਲਗਾਇਆ ਸੀ ਕਿ ਸਪੇਸ ਤੇ ਸਮੇਂ ਵਿਚ ਗੁਰੂਤਾ ਤਰੰਗਾਂ ਅਤੇ ਲਹਿਰਾਂ ਹੁੰਦੀਆਂ ਹਨ। ਇਸ ਅਨੁਮਾਨ 'ਤੇ ਵਿਗਿਆਨਕ ਤੇ ਇੰਜੀਨੀਅਰਜ਼ ਪਿਛਲੇ 50 ਸਾਲ ਤੋਂ ਕੋਸ਼ਿਸ਼ ਕਰ ਰਹੇ ਸਨ।
ਦਰਅਸਲ, ਇਹ ਏਨੀ ਜ਼ਬਰਦਸਤ ਖੋਜ ਹੈ ਕਿ ਅਸੀਂ ਭੌਤਿਕ ਸ਼ਾਸਤਰ ਵਿਚ ਇਕ ਨਵੇਂ ਖੇਤਰ ਦੀ ਸ਼ੁਰੂਆਤ ਦੇਖ ਰਹੇ ਹਾਂ। ਗੁਰਤਾ ਤਰੰਗ ਖਗੋਲ ਸ਼ਾਸਤਰ (ਗ੍ਰੇਵੀਟੇਸ਼ਨਲ ਵੇਵ ਐਸਟ੍ਰੋਨਾਮੀ)। ਵਿਗਿਆਨ ਦੇ ਖੇਤਰ ਵਿਚ ਤਰੱਕੀ ਜਿਥੇ ਵਰਦਾਨ ਹੈ, ਉਥੇ ਉਹ ਸਰਾਪ ਵੀ ਹੈ ਕਿ ਇਸ ਦੇ ਕਾਰਨ ਪਰਮਾਣੂ ਬੰਬ ਵਰਗੇ ਖ਼ਤਰਨਾਕ ਹਥਿਆਰ ਵੀ ਬਣੇ ਹਨ। ਇਸ ਲਈ ਮਾਨਵਤਾ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਵੀ 24×7 ਦਾ ਕਾਰਜ ਹੋ ਗਈ ਹੈ, ਜਿਸ ਵਿਚ ਅਨੇਕਾਂ ਸਮਾਜਸੇਵੀ ਸੰਗਠਨ ਲੱਗੇ ਹੋਏ ਹਨ। ਇਨ੍ਹਾਂ ਵਿਚੋਂ ਇਕ ਹੈ ਆਈ ਕੈਨ (ਆਈ.ਸੀ.ਏ.ਐਨ.)-ਇੰਟਰਨੈਸ਼ਨਲ ਕੰਪੇਨ ਟੂ ਅਬੋਲਿਸ਼ ਨਿਊਕਲੀਅਰ ਵੈਪਨਸ ਯਾਨੀ ਪ੍ਰਮਾਣੂ ਹਥਿਆਰਾਂ ਨੂੰ ਸਮਾਪਤ ਕਰਨ ਲਈ ਅੰਤਰਰਾਸ਼ਟਰੀ ਮੁਹਿੰਮ। ਜਨੇਵਾ ਅਧਾਰਿਤ ਇਹ ਜਥੇਬੰਦੀ ਨਿਸਸ਼ਤਰੀਕਰਨ ਕਾਰਕੁਨਾਂ ਦਾ ਗੱਠਜੋੜ ਹੈ। ਪ੍ਰਮਾਣੂ ਹਥਿਆਰਾਂ 'ਤੇ ਰੋਕ ਲਾਉਣ ਲਈ ਇਸ ਸਾਲ ਜੁਲਾਈ ਵਿਚ ਸੰਯੁਕਤ ਰਾਸ਼ਟਰ ਵਿਚ ਜੋ ਪਹਿਲਾ ਸਮਝੌਤਾ ਹੋਇਆ, ਉਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿਚ ਆਈ ਕੈਨ ਦਾ ਜ਼ਬਰਦਸਤ ਯਤਨ ਤੇ ਸਹਿਯੋਗ ਰਿਹਾ। ਇਨ੍ਹਾਂ ਕੋਸ਼ਿਸ਼ਾਂ ਲਈ ਉਸ ਨੂੰ ਇਸ ਸਾਲ ਦੇ ਸ਼ਾਂਤੀ ਨੋਬਲ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।
ਸ਼ਾਂਤੀ ਪੁਰਸਕਾਰ ਦੀ ਚੋਣ ਅਕਸਰ ਵਿਵਾਦਾਂ ਦੇ ਘੇਰੇ ਵਿਚ ਆ ਜਾਂਦੀ ਹੈ ਪਰ ਇਸ ਵਾਰ ਦਾ ਐਲਾਨ ਵਿਸ਼ਵ ਦੀਆਂ ਉਨ੍ਹਾਂ 9 ਪ੍ਰਮਾਣੂ ਸ਼ਕਤੀਆਂ ਦਾ ਕਰਾਰਾ ਵਿਰੋਧ ਹੈ, ਜਿਨ੍ਹਾਂ ਨੇ ਗੱਲਬਾਤ ਦਾ ਬਾਈਕਾਟ ਕੀਤਾ ਸੀ ਅਤੇ ਸਮਝੌਤੇ ਨੂੰ ਬਚਕਾਨਾ ਅਤੇ ਖ਼ਤਰਨਾਕ ਕਹਿ ਕੇ ਉਸ ਦੀ ਨਿੰਦਾ ਕੀਤੀ ਸੀ। ਪਰ ਆਈ ਕੈਨ ਅਤੇ ਸੰਯੁਕਤ ਰਾਸ਼ਟਰ ਨੇ ਇਨ੍ਹਾਂ ਹੰਕਾਰੀ ਮਹਾਂਸ਼ਕਤੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਪ੍ਰਮਾਣੂ ਹਥਿਆਰਾਂ 'ਤੇ ਸਮਝੌਤਾ ਆਧਾਰਿਤ ਰੋਕ ਦਾ ਸਿੱਧਾ ਰਾਹ ਅਪਣਾਇਆ। ਚੇਤੇ ਰਹੇ ਕਿ ਸਮਝੌਤਾ ਵਾਰਤਾ ਵਿਚ ਸੰਯੁਕਤ ਰਾਸ਼ਟਰ ਦੇ 193 ਮੈਂਬਰਾਂ ਨੇ ਹਿੱਸਾ ਲਿਆ ਅਤੇ ਹੁਣ ਤੱਕ 53 ਮੈਂਬਰ ਦੇਸ਼ ਇਸ ਸਮਝੌਤੇ 'ਤੇ ਦਸਤਖ਼ਤ ਕਰ ਚੁੱਕੇ ਹਨ।
ਕਿਉਂਕਿ 50 ਮੈਂਬਰ ਦੇਸ਼ ਇਸ ਸਮਝੌਤੇ ਨੂੰ ਮਾਨਤਾ ਦੇ ਚੁੱਕੇ ਹਨ, ਇਸ ਲਈ ਇਹ 90 ਦਿਨ ਤੋਂ ਬਾਅਦ ਲਾਗੂ ਹੋ ਜਾਏਗਾ। ਇਸ ਸਮਝੌਤੇ ਤਹਿਤ ਸਾਰੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ, ਉਨ੍ਹਾਂ ਦੀ ਵਰਤੋਂ ਦੀ ਧਮਕੀ, ਪ੍ਰੀਖਣ, ਵਿਕਾਸ, ਉਤਪਾਦਨ, ਟ੍ਰਾਂਸਫਰ ਅਤੇ ਦੂਜੇ ਦੇਸ਼ ਵਿਚ ਤਾਇਨਾਤ ਕਰਨ 'ਤੇ ਰੋਕ ਹੈ। ਇਹ ਸਹੀ ਹੈ ਕਿ ਇਸ ਅੰਤਰਰਾਸ਼ਟਰੀ ਕਾਨੂੰਨੀ ਪ੍ਰਤੀਬੰਧ ਨਾਲ ਆਪਣੇ-ਆਪ ਇਕ ਵੀ ਪ੍ਰਮਾਣੂ ਹਥਿਆਰ ਨਸ਼ਟ ਨਹੀਂ ਹੋਵੇਗਾ ਅਤੇ ਹੁਣ ਤੱਕ ਪ੍ਰਮਾਣੂ ਦੇਸ਼ਾਂ ਅਤੇ ਉਨ੍ਹਾਂ ਦੇ ਨੇੜਲੇ ਸਹਿਯੋਗੀਆਂ ਨੇ ਪ੍ਰਤੀਬੰਧ ਸਮਝੌਤੇ 'ਤੇ ਦਸਤਖ਼ਤ ਨਹੀਂ ਕੀਤੇ ਹਨ, ਫਿਰ ਵੀ ਰੋਕ ਲਾਊ ਸਮਝੌਤਾ ਆਪਣੇ-ਆਪ ਵਿਚ ਇਕ ਸਕਾਰਾਤਮਿਕ ਯਤਨ ਹੈ ਅਤੇ ਸਾਨੂੰ ਯਾਦ ਦਿਵਾਉਂਦਾ ਹੈ ਕਿ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਰੋਕਣ ਦਾ ਸਿਰਫ ਇਕ ਤਰੀਕਾ ਇਹ ਹੈ ਕਿ ਉਨ੍ਹਾਂ 'ਤੇ ਰੋਕ ਲਗਾ ਕੇ ਉਨ੍ਹਾਂ ਨੂੰ ਨਸ਼ਟ ਕੀਤਾ ਜਾਏ। ਇਸ ਲਈ ਪ੍ਰਮਾਣੂ ਵਿਰੋਧੀ ਮੁਹਿੰਮ ਵਿਚ ਸ਼ਾਮਿਲ ਆਈ ਕੈਨ ਨੂੰ ਸ਼ਾਂਤੀ ਪੁਰਸਕਾਰ ਲਈ ਇਕਦਮ ਸਹੀ ਚੁਣਿਆ ਗਿਆ ਹੈ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਸ ਵਾਰ ਜਿਨ੍ਹਾਂ ਵਿਗਿਆਨੀਆਂ ਤੇ ਸੰਗਠਨਾਂ ਨੂੰ ਨੋਬਲ ਪੁਰਸਕਾਰ ਲਈ ਚੁਣਿਆ ਗਿਆ ਹੈ, ਉਹ ਇਸ ਲਈ ਬਿਲਕੁਲ ਯੋਗ ਹਨ, ਖ਼ਾਸ ਕਰਕੇ ਇਸ ਲਈ ਕਿ ਉਨ੍ਹਾਂ ਖੋਜਾਂ, ਪ੍ਰਯੋਗਾਂ ਅਤੇ ਯਤਨਾਂ ਨਾਲ ਮਨੁੱਖਤਾ ਲਈ ਸਕਾਰਾਤਮਿਕ ਸੰਭਾਵਨਾਵਾਂ ਦੇ ਜ਼ਬਰਦਸਤ ਦੁਆਰ ਖੁੱਲ੍ਹਦੇ ਹਨ। ਜਿਵੇਂ, ਸਰੀਰ ਦੀ ਜੈਵਿਕ ਘੜੀ ਦੀ ਖੋਜ ਮਾਮੂਲੀ ਨਜ਼ਰ ਆਉਣ ਦੇ ਬਾਵਜੂਦ ਅਸਾਧਾਰਨ ਹੈ। ਸਿਰਕਾਰਡੀਅਨ ਕਲਾਲ ਜਾਂ ਜੈਵਿਕ ਘੜੀ ਵਿਚ ਜੇ ਗੜਬੜ ਹੋ ਜਾਵੇ ਤਾਂ ਨੀਂਦ ਨਾ ਆਉਣਾ, ਡਿਪ੍ਰੈਸ਼ਨ, ਬਾਈਪੋਲਰ ਡਿਸ ਆਰਡਰ, ਦਿਮਾਗ਼ ਦਾ ਸਹੀ ਤਰ੍ਹਾਂ ਕੰਮ ਨਾ ਕਰਨਾ, ਯਾਦਦਾਸ਼ਤ ਵਿਚ ਕਮੀ ਆ ਜਾਣਾ ਤੇ ਕੁਝ ਨਿਊਰੋਲੋਜੀਕਲ ਬਿਮਾਰੀਆਂ ਦੀਆਂ ਸ਼ਿਕਾਇਤਾਂ ਹੋਣ ਲਗਦੀਆਂ ਹਨ।
ਹੁਣ ਜਦੋਂ ਜੇਫਰੀ ਸੀ ਹਾਲ, ਮਾਈਕਲ ਰੋਸਬਾਸ਼ ਤੇ ਮਾਈਕਲ ਡਬਲਿਊ. ਯੰਗ ਨੇ ਸਾਡੀ ਜੈਵਿਕ ਘੜੀ ਅੰਦਰ ਝਾਤੀ ਮਾਰੀ ਹੈ ਅਤੇ ਉਸ ਦੇ ਅੰਦਰੂਨੀ ਕੰਮਕਾਜ ਨੂੰ ਸਮਝਾਇਆ ਹੈ ਤਾਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਦੀ ਸੰਭਾਵਨਾ ਵੀ ਵਧ ਗਈ ਹੈ। ਇਹ ਗੱਲ ਹੋਰ ਖੇਤਰਾਂ ਦੇ ਯਤਨਾਂ ਬਾਰੇ ਵੀ ਕਹੀ ਜਾ ਸਕਦੀ ਹੈ। ਦੂਜੇ ਸ਼ਬਦਾਂ ਵਿਚ ਮਨੁੱਖਤਾ ਦੀ ਭਲਾਈ ਦੇ ਯਤਨਾਂ ਲਈ ਇਸ ਵਾਰ ਨੋਬਲ ਪੁਰਸਕਾਰ ਦਿੱਤੇ ਗਏ ਹਨ, ਜੋ ਇਕ ਪ੍ਰਸੰਸਾਯੋਗ ਕੰਮ ਹੈ।

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-130

ਜ਼ਿੰਦਾਬਾਦ... ਜ਼ਿੰਦਾਬਾਦ... ਨੌਸ਼ਾਦ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਹ ਜ਼ਮਾਨਾ ਖ਼ਾਮੋਸ਼ ਫ਼ਿਲਮਾਂ ਦਾ ਸੀ। ਨੌਸ਼ਾਦ ਅਕਸਰ ਲਖਨਊ ਦੇ ਰਾਇਲ ਥੀਏਟਰ ਵਿਚ ਇਸ ਸ੍ਰੇਣੀ ਦੀਆਂ ਫ਼ਿਲਮਾਂ ਦੇਖਣ ਜਾਇਆ ਕਰਦਾ ਸੀ। ਉਸ ਨੇ ਥੀਏਟਰ ਦੇ ਮਾਲਕ ਨੂੰ ਕੋਈ ਨੌਕਰੀ ਦੇਣ ਲਈ ਕਿਹਾ ਜਿਸ ਦੇ ਨਾਲ ਘੱਟੋ-ਘੱਟ ਉਹ ਇਥੇ ਪ੍ਰਦਰਸ਼ਿਤ ਹੋਣ ਵਾਲੀਆਂ ਫ਼ਿਲਮਾਂ ਦਾ ਮੁਫ਼ਤ ਆਨੰਦ ਮਾਣ ਸਕੇ। ਉਸ ਵੇਲੇ ਖ਼ਾਮੋਸ਼ ਫ਼ਿਲਮ ਦੇ ਦ੍ਰਿਸ਼ ਚੱਲਣ ਦੇ ਨਾਲ ਹੀ ਨਾਲ ਸਟੇਜ 'ਤੇ ਸਾਜਿੰਦੇ ਬਿਠਾਏ ਹੁੰਦੇ ਸਨ। ਇਹ ਲੋਕ ਫ਼ਿਲਮ ਦੇ ਸੰਕਲਪ ਦੇ ਅਨੁਸਾਰ ਹੀ ਸਾਜ਼ਾਂ ਦਾ ਜਾਂ ਧੁਨ ਦਾ ਇਸਤੇਮਾਲ ਕਰਦੇ ਸਨ। ਨੌਸ਼ਾਦ ਨੂੰ ਇਹ ਨੌਕਰੀ ਮਿਲ ਗਈ। ਬਾਅਦ 'ਚ ਨੌਸ਼ਾਦ ਨੇ ਇਕ ਇੰਟਰਵਿਊ ਵਿਚ ਕਿਹਾ ਸੀ, 'ਫ਼ਿਲਮ ਦੇ ਢਾਂਚੇ ਦੇ ਅਨੁਸਾਰ ਜਾਂ ਅਨੁਕੂਲ ਸੰਗੀਤਕ ਮਾਹੌਲ ਬਣਾਉਣਾ ਜਾਂ ਗੀਤ-ਰਚਨਾ ਕਰਨਾ ਮੈਂ ਇਸ ਥੀਏਟਰ ਤੋਂ ਹੀ ਸਿੱਖਿਆ ਸੀ।' ਪਰ ਨੌਸ਼ਾਦ ਆਪਣੇ-ਆਪ ਨੂੰ ਸਿਰਫ਼ ਇਕ ਸਿਨੇਮਾ ਦੀ ਸਟੇਜ ਤੱਕ ਸੀਮਤ ਨਹੀਂ ਕਰਨਾ ਚਾਹੁੰਦੇ ਸੀ। ਉਸ ਨੇ ਅਤੇ ਉਸ ਦੇ ਕੁਝ ਸਾਥੀਆਂ ਨੇ ਮਿਲ ਕੇ ਵਿੰਡਸਰ ਮਿਊਜ਼ਿਕ ਇੰਟਰਟੇਨਰਜ਼ ਨਾਂਅ ਦਾ ਇਕ ਬੈਂਡ ਬਣਾਇਆ। ਇਸ ਦਾ ਨਾਂਅ ਵਿੰਡਸਰ ਉਸ ਨੇ ਲਖਨਊ ਵਿਚ ਸਥਿਤ ਇਕ ਅੰਗਰੇਜ਼ੀ ਵਸਤੂਆਂ ਵੇਚਣ ਵਾਲੀ ਦੁਕਾਨ ਤੋਂ ਪ੍ਰੇਰਿਤ ਹੋ ਕੇ ਰੱਖਿਆ ਸੀ। ਕੁਝ ਚਿਰ ਬਾਅਦ ਇਸ ਦਾ ਨਾਂਅ ਬਦਲ ਕੇ ਉਸ ਨੇ ਇੰਡੀਅਨ ਸਟਾਰ ਥੀਏਟਰੀਕਲ ਕੰਪਨੀ ਰੱਖ ਦਿੱਤਾ ਕਿਉਂਕਿ ਪਹਿਲਾ ਨਾਂਅ ਵਿੰਡਸਰ ਆਮ ਲੋਕਾਂ ਦੀ ਸਮਝ ਤੋਂ ਪਰ੍ਹੇ ਸੀ।
ਇਸ ਬੈਂਡ ਦੇ ਨਾਲ ਉਹ ਭਾਰਤ ਦੇ ਕਈ ਪ੍ਰਾਂਤਾਂ 'ਚ ਘੁੰਮਿਆ। ਨੌਸ਼ਾਦ ਦੇ ਸੰਗੀਤ 'ਚ ਪ੍ਰਾਂਤਿਕ ਭਾਸ਼ਾਵਾਂ ਦੇ ਸੰਗੀਤ ਦਾ ਅਸਰ ਇਸ ਕੰਪਨੀ ਦੁਆਰਾ ਦੂਰ-ਦੁਰਾਡੇ ਇਲਾਕੇ 'ਚ ਆਯੋਜਿਤ ਪ੍ਰੋਗਰਾਮਾਂ ਤੋਂ ਹੀ ਹੋਇਆ ਸੀ। ਪਰ ਇਸ ਬੈਂਡ 'ਚ ਉਸ ਦੇ ਕੁਝ ਸਾਥੀ ਬੜੇ ਸ਼ਾਹੀ ਖਰਚ ਕਰਦੇ ਸਨ। ਹਾਲਾਤ ਇਹ ਹੋਏ ਕਿ ਇਕ ਵਾਰ ਜਦੋਂ ਇਹ ਕੰਪਨੀ ਕੱਛ (ਗੁਜਰਾਤ) ਵਿਚ ਪ੍ਰੋਗਰਾਮ ਕਰਨ ਲਈ ਗਈ ਤਾਂ ਇਸ ਕੋਲ ਖਰਚਾ ਘਟ ਗਿਆ। ਇਸ ਲਈ ਲਖਨਊ ਵਾਪਸ ਆਉਣ ਲਈ ਇਨ੍ਹਾਂ ਨੂੰ ਆਪਣੇ ਸਾਰੇ ਸੰਗੀਤ ਦੇ ਸਾਜ਼ ਸਸਤੇ ਭਾਅ ਵੇਚਣੇ ਪਏ ਸਨ।
ਇਧਰ ਜਦੋਂ ਇਹ ਟਰੁੱਪ ਘਰ ਵਾਪਸ ਆਇਆ ਤਾਂ ਨੌਸ਼ਾਦ ਦੇ ਪਿਤਾ 'ਹਾਮਿਦ ਅਲੀ' ਨੇ ਦੋ ਟੁੱਕ ਫੈਸਲਾ ਕਰਦਿਆਂ ਕਿਹਾ, 'ਜਾਂ ਤਾਂ ਤੂੰ ਘਰ ਚੁਣ ਲੈ ਤੇ ਜਾਂ ਆਪਣੇ ਸੰਗੀਤ ਨੂੰ, ਇਹ ਦੋਵੇਂ ਚੀਜ਼ਾਂ ਇਕੱਠਿਆਂ ਨਹੀਂ ਚਲ ਸਕਦੀਆਂ।' ਨੌਸ਼ਾਦ ਦਾ ਜਵਾਬ ਵੀ ਬੜਾ ਹੀ ਸੰਖੇਪ ਸੀ। 'ਤੁਹਾਡਾ ਘਰ ਤੁਹਾਨੂੰ ਹੀ ਮੁਬਾਰਕ'। ਇਹ ਕਹਿ ਕੇ ਉਸ ਨੇ ਆਪਣੇ ਕੱਪੜੇ ਇਕ ਬੈਗ 'ਚ ਪਾਏ ਅਤੇ ਮੁੰਬਈ ਦਾ ਟਿਕਟ ਕਟਾ ਲਿਆ।
1937 ਵਿਚ ਜਦੋਂ ਨੌਸ਼ਾਦ ਮੁੰਬਈ ਆਇਆ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਚਿਰ ਤਾਂ ਉਹ ਆਪਣੇ ਇਕ ਜਾਣਕਾਰ ਦੇ ਕੋਲ ਕੋਲਾਬਾ ਵਿਚ ਠਹਿਰਿਆ। ਫਿਰ ਉਸ ਨੇ ਦਾਦਰ ਦੀ ਇਕ ਮਿੱਲ 'ਚ ਮਜ਼ਦੂਰੀ ਵੀ ਕੀਤੀ। ਅਨੇਕਾਂ ਵਾਰ ਸਟੂਡੀਓਜ਼ ਦੇ ਚੱਕਰ ਮਾਰਨ ਤੋਂ ਬਾਅਦ ਉਸ ਨੂੰ ਉਸਤਾਦ ਝੰਡੇ ਖ਼ਾਨ ਨੇ 40 ਰੁਪਏ ਮਾਸਿਕ 'ਤੇ ਆਪਣੇ ਸਹਾਇਕ ਵਜੋਂ ਅਸਥਾਈ ਨੌਕਰੀ ਦੇ ਦਿੱਤੀ ਸੀ। ਪਰ ਇਕ ਦਿਨ ਖੇਮ ਚੰਦ ਪ੍ਰਕਾਸ਼ ਨਾਲ ਉਸ ਦੀ ਮੁਲਾਕਾਤ ਜਦੋਂ ਰਣਜੀਤ ਸਟੂਡੀਓ 'ਚ ਹੋਈ ਤਾਂ ਉਸ ਨੇ ਸਥਾਈ ਤੌਰ 'ਤੇ ਉਸ ਨੂੰ ਆਪਣੇ ਸਹਾਇਕ ਵਜੋਂ ਲੈ ਲਿਆ ਸੀ।
ਬਤੌਰ ਇਕ ਸੁਤੰਤਰ ਸੰਗੀਤਕਾਰ ਦੇ, ਨੌਸ਼ਾਦ ਦੀ ਪਹਿਲੀ ਫ਼ਿਲਮ 'ਪ੍ਰੇਮ ਨਗਰ' (1940) ਸੀ। ਇਹ ਇਕ ਔਸਤ ਦਰਜੇ ਦੀ ਫ਼ਿਲਮ ਸੀ। ਪਰ ਉਸ ਦੀ ਅਗਲੀ ਹੀ ਫ਼ਿਲਮ 'ਰਤਨ' (1944) ਨੇ ਸਫ਼ਲਤਾ ਦੇ ਝੰਡੇ ਗੱਡ ਦਿੱਤੇ ਸਨ। ਇਸ ਫ਼ਿਲਮ ਦੀ ਕੁੱਲ ਲਾਗਤ ਉਸ ਵੇਲੇ 75000 ਰੁਪਏ ਸੀ ਜਦੋਂ ਕਿ ਇਕ ਸੰਗੀਤ ਕੰਪਨੀ ਨੇ ਨਿਰਮਾਤਾ ਨੂੰ ਇਸ ਦਿਆਂ ਗੀਤਾਂ ਦੀ ਰਿਆਲਿਟੀ ਹੀ 3 ਲੱਖ ਰੁਪਏ ਦੇ ਦਿੱਤੀ ਸੀ।
'ਰਤਨ' ਨੇ ਨੌਸ਼ਾਦ ਨੂੰ ਸਹੀ ਅਰਥਾਂ ਵਿਚ ਹਿੰਦੀ ਫ਼ਿਲਮਾਂ 'ਚ ਸਥਾਪਤ ਕੀਤਾ ਸੀ। ਉਸ ਦਾ ਮੁਆਵਜ਼ਾ 25000 ਰੁਪਏ ਪ੍ਰਤੀ ਫ਼ਿਲਮ ਹੋ ਗਿਆ ਸੀ ਜਿਹੜਾ ਕਿ ਉਸ ਵੇਲੇ ਬੜਾ ਹੀ ਜ਼ਿਆਦਾ ਸਮਝਿਆ ਜਾਂਦਾ ਸੀ।
ਉਧਰ ਨੌਸ਼ਾਦ ਦੇ ਘਰ ਦਿਆਂ ਨੂੰ ਲਖਨਊ 'ਚ ਇਹ ਤਾਂ ਪਤਾ ਸੀ ਕਿ ਉਨ੍ਹਾਂ ਦਾ ਬੇਟਾ ਹੁਣ ਅਮੀਰ ਹੋ ਗਿਆ ਹੈ ਪਰ ਉਨ੍ਹਾਂ ਨੂੰ ਇਹ ਅਜੇ ਪਤਾ ਨਹੀਂ ਸੀ ਕਿ ਇਹ ਕਮਾਈ ਸੰਗੀਤ ਤੋਂ ਆਈ ਸੀ। ਫਿਰ ਵੀ ਉਨ੍ਹਾਂ ਨੇ ਲਖਨਊ ਦੇ ਹੀ ਰਹਿਣ ਵਾਲੇ ਇਕ ਘਰਾਣੇ 'ਚ ਉਸ ਦੀ ਸ਼ਾਦੀ ਨਿਸ਼ਚਿਤ ਕਰ ਦਿੱਤੀ। ਨੌਸ਼ਾਦ ਨੇ ਇਸ ਵਾਰ ਘਰ ਵਾਲਿਆਂ ਦੀ ਕੋਈ ਵਿਰੋਧਤਾ ਤਾਂ ਨਹੀਂ ਕੀਤੀ ਸੀ ਪਰ ਉਸ ਨੇ ਸੱਚਾਈ ਵੀ ਨਹੀਂ ਦੱਸੀ ਸੀ। ਕਿਹਾ ਜਾਂਦਾ ਹੈ ਕਿ ਜਦੋਂ ਨੌਸ਼ਾਦ ਦੀ ਬਾਰਾਤ ਨਿਕਲੀ ਤਾਂ ਬੈਂਡ 'ਚ ਉਸ ਦੁਆਰਾ ਸੰਗੀਤਬੱਧ ਕੀਤੇ ਗਏ ਗੀਤਾਂ ਦੀਆਂ ਧੁਨਾਂ ਹੀ ਵੱਜੀਆਂ ਸਨ ਅਤੇ ਉਸ ਦੇ ਅਤੇ ਉਸ ਦੀ ਪਤਨੀ ਦੇ ਮਾਂ-ਬਾਪ ਉਸ ਸੰਗੀਤਕਾਰ ਨੂੰ ਲਾਹਨਤਾਂ ਪਾ ਰਹੇ ਸਨ ਜਿਸ ਨੇ ਵਿਆਹ-ਸ਼ਾਦੀਆਂ 'ਚ ਵੀ ਸੰਗੀਤ ਨੂੰ ਲੋਕਪ੍ਰਿਆ ਬਣਾ ਦਿੱਤਾ ਸੀ। ਇਸ ਸ਼ਾਦੀ ਤੋਂ ਨੌਸ਼ਾਦ ਦੀਆਂ 6 ਬੇਟੀਆਂ ਅਤੇ 3 ਬੇਟੇ ਪੈਦਾ ਹੋਏ ਸਨ।
ਨੌਸ਼ਾਦ ਦਾ ਭਾਰਤੀ ਫ਼ਿਲਮ ਸੰਗੀਤ ਵਿਚ ਕਿੰਨਾ ਉੱਚਾ ਸਥਾਨ ਹੈ? ਇਸ ਗੱਲ ਦਾ ਜਵਾਬ ਇਨ੍ਹਾਂ ਅੰਕੜਿਆਂ ਤੋਂ ਮਿਲ ਸਕਦਾ ਹੈ ਕਿ ਉਸ ਦੀਆਂ ਫ਼ਿਲਮਾਂ 'ਚੋਂ 35 ਸਿਲਵਰ ਜੁਬਲੀ, 12 ਗੋਲਡਨ ਜੁਬਲੀ ਅਤੇ 3 ਡਾਇਮੰਡ ਜੁਬਲੀ ਫ਼ਿਲਮਾਂ ਹੋਈਆਂ ਸਨ। ਇਸ ਅਸੀਮਤ ਸਫ਼ਲਤਾ ਦੇ ਕਈ ਆਧਾਰ ਸਨ। ਸਭ ਤੋਂ ਪਹਿਲਾਂ ਉਸ ਦਾ ਗੁਣ ਇਹ ਸੀ ਕਿ ਉਹ ਕਲਾਸੀਕਲ ਅਤੇ ਪੱਛਮੀ ਸੰਗੀਤ ਦਾ ਮਿਸ਼ਰਣ ਬਹੁਤ ਸੰਤੁਲਤ ਢੰਗ ਨਾਲ ਕਰਦਾ ਸੀ। 'ਬੈਜੂ ਬਾਵਰਾ' ਦਾ ਵਿਸ਼ਾ ਕਲਾਸੀਕਲ ਹੋਣ ਕਰਕੇ ਉਸ ਨੇ ਇਸ ਦੇ ਗੀਤਾਂ ਦੀ ਕੰਪੋਜ਼ਿੰਗ ਕਰਨ ਵੇਲੇ ਉਸਤਾਦ ਆਮਿਰ ਖ਼ਾਨ ਦੀਆਂ ਸੇਵਾਵਾਂ ਲਈਆਂ ਸਨ। ਇਸਦੇ ਇਕ ਗੀਤ 'ਓ ਦੁਨੀਆ ਕੇ ਰਖਵਾਲੇ' ਨੂੰ ਗਾਇਕ ਮੁਹੰਮਦ ਰਫ਼ੀ ਨੇ ਇੰਨੀ ਸ਼ਿੱਦਤ ਨਾਲ ਗਾਇਆ ਸੀ ਕਿ ਰਫ਼ੀ ਦੇ ਗਲੇ 'ਚੋਂ ਖ਼ੂਨ ਆਉਣਾ ਸ਼ੁਰੂ ਹੋ ਗਿਆ ਸੀ।
ਇਸੇ ਹੀ ਤਰ੍ਹਾਂ 'ਮੁਗਲ-ਏ-ਆਜ਼ਮ' ਦੇ 'ਜੋਗਨ ਬਨ' ਵਾਲੀ ਰਚਨਾ ਲਈ ਉਸ ਨੇ ਬੜੇ ਗੁਲਾਮ ਅਲੀ ਖ਼ਾਨ ਨੂੰ ਬੇਨਤੀ ਕੀਤੀ ਸੀ। ਇਸ ਪਿਛੋਕੜ-ਗੀਤ ਦੇ ਲਈ ਬੜੇ ਗੁਲਾਮ ਅਲੀ ਖ਼ਾਨ ਨੇ ਪਹਿਲਾਂ ਤਾਂ ਉਸ ਨੂੰ ਏਨਾ ਜ਼ਿਆਦ ਪੈਸਾ ਦੇਣ ਲਈ ਕਿਹਾ ਸੀ ਜਿਹੜਾ ਕਿ ਸੰਭਵ ਨਹੀਂ ਸੀ। ਪਰ ਜਦੋਂ ਨਿਰਮਾਤਾ ਕੇ. ਆਸਿਫ਼ ਨੇ ਨੌਸ਼ਾਦ ਦੇ ਕਹਿਣ 'ਤੇ ਇਹ ਸ਼ਰਤ ਵੀ ਮੰਨ ਲਈ ਤਾਂ ਖ਼ਾਨ ਸਾਹਿਬ ਮੰਨ ਗਏ ਸਨ।
ਕਈ ਵਾਰ ਸਿਨੇਮੈਟਿਕ ਪ੍ਰਭਾਵ ਪੈਦਾ ਕਰਨ ਲਈ ਵੀ ਨੌਸ਼ਾਦ ਬੜੇ ਅਜੀਬ ਤਜਰਬੇ ਕਰਦੇ ਹੁੰਦੇ ਸੀ। 'ਮੁਗਲ-ਏ-ਆਜ਼ਮ' ਵਿਚਲੇ ਹੀ ਇਕ ਹੋਰ ਗੀਤ 'ਪਿਆਰ ਕੀਆ ਤੋ ਡਰਨਾ ਕਿਆ' ਦੇ ਕੁਝ ਹਿੱਸੇ ਦੀ ਰਿਕਾਰਡਿੰਗ ਲਤਾ ਮੰਗੇਸ਼ਕਰ ਨੇ ਟਾਇਲਾਂ ਨਾਲ ਬਣੇ ਇਕ ਬਾਥਰੂਮ 'ਚ ਕੀਤੀ ਸੀ ਤਾਂ ਕਿ ਇਸ 'ਚ ਗੂੰਜ ਦਾ ਪ੍ਰਭਾਵ ਪੈਦਾ ਕੀਤਾ ਜਾ ਸਕੇ। ਦੂਜੇ ਪਾਸੇ 'ਮੁਹੱਬਤ ਜ਼ਿੰਦਾਬਾਦ' ਵਾਲੇ ਗੀਤ ਲਈ ਉਸ ਨੇ 100 ਸਾਜ਼ਿੰਦਿਆਂ ਦਾ ਵੱਡਾ ਆਰਕੈਸਟਰਾ ਇਸਤੇਮਾਲ ਕੀਤਾ ਸੀ।
'ਮੇਰੇ ਮਹਿਬੂਬ' ਦੇ ਲੋਕਪ੍ਰਿਆ ਟਾਈਟਲ ਗੀਤ ਨੂੰ ਉਸ ਨੇ ਸਿਰਫ਼ 6 ਸਾਜ਼ਾਂ ਨਾਲ ਹੀ ਰਿਕਾਰਡ ਕਰਵਾ ਦਿੱਤਾ ਸੀ। ਇਸੇ ਤਰ੍ਹਾਂ ਹੀ 'ਉੜਨ ਖਟੋਲਾ' ਵਿਚਲੇ ਇਕ ਗੀਤ 'ਨਾ ਤੂਫਾਂ ਸੇ ਖੇਲੋ' ਨੂੰ ਉਸਨੇ ਬਗੈਰ ਆਰਕੈਸਟਰਾ ਦੇ ਇਕ ਪਾਰਕ 'ਚ ਹੀ ਰਿਕਾਰਡ ਕਰਵਾ ਦਿੱਤਾ ਸੀ।
ਇਹ ਨੌਸ਼ਾਦ ਨੂੰ ਹੀ ਕ੍ਰੈਡਿਟ ਜਾਂਦਾ ਹੈ ਕਿ ਉਸ ਨੇ ਸੁਰੱਈਆ ਅਤੇ ਨੂਰਜਹਾਂ ਦੀਆਂ ਆਵਾਜ਼ਾਂ ਨੂੰ 'ਅਨਮੋਲ ਘੜੀ' ਲਈ ਇਸਤੇਮਾਲ ਕੀਤਾ ਸੀ। ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ ਅਤੇ ਮਹਿੰਦਰ ਕਪੂਰ ਨੂੰ ਵੀ ਸੰਗੀਤ ਦੇ ਖੇਤਰ 'ਚ ਖੜ੍ਹੇ ਕਰਨ ਦਾ ਸਿਹਰਾ ਉਸ ਦੇ ਸਿਰ ਹੀ ਬਝਦਾ ਹੈ।
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਨੌਸ਼ਾਦ ਸਾਹਿਬ ਬਹੁਤ ਵਧੀਆ ਲੇਖਕ ਵੀ ਸਨ। ਕਵਿਤਾ ਦੇ ਖੇਤਰ 'ਚ ਉਨ੍ਹਾਂ ਦੀ 'ਆਠਵਾਂ ਸੁਰ' ਇਕ ਪੁਸਤਕ ਵੀ ਪ੍ਰਕਾਸ਼ਿਤ ਹੋਈ ਹੈ। ਇਸ ਵਿਚਲੀਆਂ 8 ਗ਼ਜ਼ਲਾਂ ਵਧੀਆ ਸ਼ਾਇਰੀ ਦੀ ਮਿਸਾਲ ਹਨ। ਕਹਾਣੀ ਦੇ ਖੇਤਰ 'ਚ ਵੀ ਉਸ ਨੇ 'ਉੜਨ ਖਟੋਲਾ', 'ਪਾਲਕੀ' ਅਤੇ 'ਤੇਰੀ ਪਾਇਲ ਮੇਰੇ ਗੀਤ' ਆਦਿ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ ਸਨ।
ਪਰ ਉਮਰ ਵਧਣ ਦੇ ਨਾਲ ਉਨ੍ਹਾਂ ਨੂੰ ਬੁਢਾਪੇ ਦੀਆਂ ਬਿਮਾਰੀਆਂ ਨੇ ਵੀ ਘੇਰ ਲਿਆ ਸੀ। ਫਿਰ ਵੀ 86 ਸਾਲ ਦੀ ਉਮਰ 'ਚ ਵੀ ਉਨ੍ਹਾਂ ਨੇ ਦੂਰਦਰਸ਼ਨ ਦੇ ਸੀਰੀਅਲ 'ਤਾਜ ਮਹਿਲ' ਲਈ ਸੰਗੀਤ ਤਿਆਰ ਕੀਤਾ ਸੀ ਪਰ 5 ਮਈ, 2006 ਨੂੰ ਇਸ ਸੁਰਾਂ ਦੇ ਸੌਦਾਗਰ ਦੀ ਧੁਨ ਸਦਾ ਲਈ ਸੌਂ ਗਈ ਸੀ।
ਕੁਝ ਦਿਨ ਪਹਿਲਾਂ ਜਦੋਂ ਮੈਂ ਮੁੰਬਈ ਗਿਆ ਤਾਂ ਉਸ ਦੇ ਬੇਟੇ ਰਾਜੂ ਨੌਸ਼ਾਦ ਦੇ ਕੋਲ ਮੈਂ ਕਾਫੀ ਸਮਾਂ ਬੈਠਾ ਰਿਹਾ ਸੀ। ਮੈਂ ਗੱਲਾਂ ਤਾਂ ਕਈ ਕਰਨਾ ਚਾਹੁੰਦਾ ਸੀ ਪਰ ਮਾਹੌਲ 'ਚ ਭਾਵੁਕਤਾ ਹਾਵੀ ਹੋ ਗਈ ਸੀ। ਮੇਰੀ ਨਜ਼ਰ ਘੜੀ-ਮੁੜੀ ਨੌਸ਼ਾਦ ਦੇ ਸੰਗੀਤ ਕਮਰੇ ਵੱਲ ਜਾਂਦੀ ਸੀ ਅਤੇ ਇਹ ਪ੍ਰਸ਼ਨ ਪੁੱਛਦੀ ਸੀ:
'ਓ ਅਲਬੇਲੇ ਪੰਛੀ ਤੇਰਾ ਦੂਰ ਠਿਕਾਨਾ ਹੈ,
ਬੈਠਾ ਜਿਸ ਡਾਲੀ ਪਰ ਤੂ,
ਵਹਾਂ ਕਬ ਲੌਟ ਕੇ ਆਨਾ ਹੈ।' (ਦੀਦਾਰ)

Naushad : Raju Bhartan
The Mandhis Music : Satish Chopra
Music Composer of Melodies : Dr. Amjad Pervaz
-ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਯੁਵਰਾਜ ਕਰਨ ਸਿੰਘ ਜੰਮੂ ਕਸ਼ਮੀਰ ਵਾਲੇ ਨੇ ਸ: ਸੋਭਾ ਸਿੰਘ ਆਰਟਿਸਟ ਕੋਲੋਂ ਆਪਣੀ ਤੇ ਆਪਣੇ ਪਰਿਵਾਰ ਦੀਆਂ ਤੇ ਹੋਰ ਧਾਰਮਿਕ ਬਹੁਤ ਸਾਰੀਆਂ ਪੇਂਟਿੰਗਜ਼ ਬਣਵਾਈਆਂ ਸਨ। ਸ: ਸੋਭਾ ਸਿੰਘ ਦੇ ਆਰਟ ਦਾ ਜਿਹੜਾ ਮਾਸਟਰ ਪੀਸ 'ਸੋਹਣੀ ਮਾਹੀਵਾਲ' ਦੀ ਪੇਂਟਿੰਗ ਹੈ, ਉਹ ਸਭ ਤੋਂ ਪਹਿਲਾਂ ਯੁਵਰਾਜ ਕਰਨ ਸਿੰਘ ਨੇ ਖਰੀਦੀ ਸੀ। ਉਸ ਦੇ ਛਾਪਣ ਦੇ ਹੱਕ ਯੁਵਰਾਜ ਕਰਨ ਸਿੰਘ ਨੇ ਸ: ਸੋਭਾ ਸਿੰਘ ਨੂੰ ਹੀ ਦਿੱਤੇ ਸਨ। ਉਸ ਪੇਂਟਿੰਗ ਨੂੰ ਹੋਰ ਕੋਈ ਨਹੀਂ ਛਪਵਾ ਸਕਦਾ। ਇਸੇ ਕਰਕੇ ਸ: ਸੋਭਾ ਸਿੰਘ ਆਖਦੇ ਸਨ, 'ਸੋਹਣੀ ਤੋਂ ਪੈਸੇ ਕਮਾਏ ਤੇ ਹੋਰ ਕਈ ਪੇਂਟਿੰਗਜ਼ 'ਤੇ ਲਾਏ ਹਨ।' ਕਿਉਂਕਿ ਸਭ ਤੋਂ ਵੱਧ ਸ: ਸੋਭਾ ਸਿੰਘ ਦੀ ਪੇਂਟਿੰਗ 'ਸੋਹਣੀ ਮਾਹੀਵਾਲ' ਹੀ ਵਿਕੀ ਹੈ ਤੇ ਵਿਕ ਰਹੀ ਹੈ। ਇਸ ਪੇਂਟਿੰਗ ਨੂੰ ਹਰ ਧਰਮ ਦੇ ਮਨੁੱਖ ਨੇ ਖਰੀਦਿਆ ਹੈ। ਇਹ ਪੇਂਟਿੰਗ ਹੈ ਹੀ ਇਸ ਤਰ੍ਹਾਂ ਦੀ।
ਇਸ ਕਰਕੇ ਯੁਵਰਾਜ ਕਰਨ ਸਿੰਘ ਨੇ ਸ: ਸੋਭਾ ਸਿੰਘ ਦਾ 75ਵਾਂ ਜਨਮ ਦਿਨ ਮਨਾਉਣ ਲਈ ਉਨ੍ਹਾਂ ਦੀਆਂ ਸਾਰੀਆਂ ਪੇਂਟਿੰਗਜ਼ ਦੀ ਨੁਮਾਇਸ਼ ਦਿੱਲੀ ਵਿਖੇ ਲਾਈ ਸੀ। ਉਸ ਨੁਮਾਇਸ਼ ਦਾ ਸਾਰਾ ਪ੍ਰਬੰਧ ਯੁਵਰਾਜ ਕਰਨ ਸਿੰਘ ਨੇ ਕੀਤਾ ਸੀ। ਇਸ ਨੁਮਾਇਸ਼ ਨੂੰ ਦਿੱਲੀ ਦੇ ਸਾਰੇ ਆਰਟਿਸਟਾਂ ਤੇ ਸਾਹਿਤਕਾਰਾਂ ਨੇ ਵੇਖਿਆ ਸੀ। ਆਖਰੀ ਦਿਨ ਨੁਮਾਇਸ਼ ਨੂੰ ਖ਼ਤਮ ਹੋਣ ਤੋਂ ਇਕ ਘੰਟਾ ਪਹਿਲਾਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਉਨ੍ਹਾਂ ਦਾ ਪੁੱਤਰ ਸੰਜੇ ਗਾਂਧੀ ਆਏ ਸਨ। ਉਨ੍ਹਾਂ ਸਿਰਫ਼ 'ਸੋਹਣੀ ਮਾਹੀਵਾਲ' ਦੀ ਪੇਂਟਿੰਗ ਹੀ ਵੇਖੀ ਸੀ। ਕਿਸੇ ਵੀ ਸਿਆਸੀ ਲੀਡਰ ਦੀ ਪੇਂਟਿੰਗ ਨਹੀਂ ਸੀ ਵੇਖੀ। ਅੱਜਕਲ੍ਹ ਦੇ ਭਾਰਤ ਦੇ ਨੇਤਾ ਇਸ ਤਰ੍ਹਾਂ ਦੀਆਂ ਨੁਮਾਇਸ਼ਾਂ ਵੇਖਣ ਲਈ ਸਮਾਂ ਘੱਟ ਹੀ ਕੱਢਦੇ ਹਨ। ਉਨ੍ਹਾਂ ਕੋਲ ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਮਿਲਣ ਲਈ ਸਮੇਂ ਦੀ ਬੇਹੱਦ ਘਾਟ ਹੁੰਦੀ ਏ। ਅੱਜ ਦੇ ਸਾਹਿਤਕਾਰ ਤੇ ਕਲਾਕਾਰ ਵੀ ਸਿਆਸੀ ਹੋ ਗਏ ਹਨ।

ਮੋਬਾਈਲ : 98767-41231

ਗੁਰੂਤਾ ਤਰੰਗਾਂ ਦੀ ਖੋਜ ਲਈ ਨੋਬਲ ਪੁਰਸਕਾਰ ਮਿਲਣ 'ਤੇ ਸਹੀ ਸਾਬਤ ਹੋਇਆ ਆਈਨਸਟਾਈਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਡਾ: ਥੌਰਨ ਅਤੇ ਦੂਸਰਿਆਂ ਨੂੰ ਇਹ ਆਸ ਤਾਂ ਸੀ ਕਿ ਲੀਗੋ ਨਾਲ ਅਜਿਹੀਆਂ ਤਰੰਗਾਂ ਨੂੰ ਜਲਦੀ ਸੁਣ ਸਕਣਗੇ ਪਰ ਉਨ੍ਹਾਂ ਨੂੰ ਇੰਨੀ ਜਲਦੀ ਇਸ ਦੀ ਆਸ ਬਿਲਕੁਲ ਨਹੀਂ ਸੀ। ਜਦ 14 ਸਤੰਬਰ ਨੂੰ ਸਵੇਰੇ 4 ਵਜੇ ਲਿਵਿੰਗਸਟੋਨ ਵਾਲੇ ਡਿਟੈਕਟਰ ਵਿਚ ਜ਼ੋਰਦਾਰ ਆਵਾਜ਼ ਪੈਦਾ ਹੋਈ ਅਤੇ ਇਸ ਤੋਂ ਠੀਕ 7 ਮਿਲੀਸੈਂਕਿੰਡ (ਇਹ ਸਮਾਂ ਗਰੂਤਾ ਤਰੰਗਾਂ ਨੂੰ ਰੌਸ਼ਨੀ ਦੀ ਗਤੀ ਨਾਲ ਲਿਵਿੰਗਸਟੋਨ ਤੋਂ ਹੈਨਫੋਰਡ ਤੱਕ ਜਾਣ ਲਈ ਲੱਗਦਾ ਹੈ) ਬਾਅਦ ਹੈਨਫੋਰਡ ਡਿਟੈਕਟਰ ਵਿਚ ਵੀ ਅਜਿਹਾ ਹੀ ਸਿਗਨਲ ਸੁਣਿਆ ਗਿਆ। ਉਸ ਸਮੇਂ ਅਮਰੀਕਾ ਵਿਚ ਕੋਈ ਵੀ ਜਾਗਦਾ ਨਹੀਂ ਸੀ ਪਰ ਇਹ ਸਿਗਨਲ ਕੰਪਿਊਟਰ ਨੇ ਰਿਕਾਰਡ ਕਰ ਲਿਆ ਅਤੇ ਇਸ ਪ੍ਰੋਜੈਕਟ ਨਾਲ ਜੁੜੇ ਯੂਰਪੀਅਨ ਵਿਗਿਆਨੀਆਂ ਨੇ ਇਹ ਦੇਖ ਲਿਆ ਸੀ। ਡਾ: ਵੀਸ ਉਨ੍ਹਾਂ ਦਿਨਾਂ ਵਿਚ ਮੈਨੇ ਵਿਖੇ ਛੁੱਟੀਆਂ ਮਨਾ ਰਿਹਾ ਸੀ ਪਰ ਜਦ ਉਸ ਨੂੰ ਸਵੇਰੇ ਉਠ ਕੇ ਆਪਣੇ ਕੰਪਿਊਟਰ ਤੋਂ ਇਸ ਸਿਗਨਲ ਬਾਰੇ ਪਤਾ ਲੱਗਿਆ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਸ ਦਾ ਕਹਿਣਾ ਸੀ ਇਹ ਅਦਭੁੱਤ ਸੀ। ਸਿਗਨਲ ਇੰਨਾ ਵੱਡਾ ਸੀ ਕਿ ਮੈਨੂੰ ਵਿਸ਼ਵਾਸ ਹੀ ਨਾ ਆਇਆ। ਸਾਡੀਆਂ ਕੋਸ਼ਿਸਾਂ ਨੂੰ ਫ਼ਲ ਪੈ ਗਿਆ ਸੀ।
ਜਦ ਇਸ ਸਿਗਨਲ ਨਾਲ ਜੁੱੜੇ ਡਾਟਾ ਦੀ ਪੜਤਾਲ ਕੀਤੀ ਗਈ ਤਾਂ ਇਹ ਸਿੱਧ ਹੋਇਆ ਕਿ ਇਹ ਗੁਰੂਤਾ ਤਰੰਗਾਂ, ਦੋ ਬਲੈਕ ਹੋਲਾਂ ਜਿਨ੍ਹਾਂ ਦਾ ਪੁੰਜ ਸੂਰਜ ਨਾਲੋਂ 36 ਗੁਣਾ ਤੇ 29 ਗੁਣਾ ਸੀ, ਜਦ ਆਪਸ ਵਿਚ ਸਮਾਂ ਗਏ ਤਾਂ ਸਪੇਸ-ਟਾਈਮ ਫਰੇਮ ਵਿਚ ਪੈਦਾ ਹੋਏ ਤਣਾਅ ਕਾਰਨ ਪੈਦਾ ਹੋਈਆਂ ਸਨ। ਇਨ੍ਹਾਂ ਦੇ ਆਪਸ ਵਿਚ ਸਮਾਉਣ ਨਾਲ ਇਕ ਵੱਡਾ ਬਲੈਕ ਹੋਲ ਜਿਸ ਦਾ ਪੁੰਜ ਸੂਰਜ ਨਾਲੋਂ 62 ਗੁਣਾ ਸੀ, ਬਣ ਗਿਆ ਸੀ। ਲੀਗੋ ਦੇ ਮੌਜੂਦਾ ਡਾਇਰੈਕਟਰ ਡਾ: ਰਿੱਜ਼ ਦਾ ਕਹਿਣਾ ਹੈ ਕਿ ਕੰਪਿਊਟਰ ਨਾਲ ਕੀਤੀਆਂ ਗਿਣਤੀਆਂ-ਮਿਣਤੀਆਂ ਅਨੁਸਾਰ ਇਸ ਨੇ ਆਈਨਸਟਾਈਨ ਦੇ ਜਨਰਲ ਸਾਪੇਖਵਾਦ ਦੇ ਸਿਧਾਂਤ ਦੀ, ਗੁਰੂਤਾ ਤਰੰਗਾਂ ਸਬੰਧੀ ਭਵਿੱਖਭਾਣੀ ਨੂੰ ਸਿੱਧ ਕਰ ਦਿੱਤਾ ਹੈ। ਲੀਗੋ ਤੋਂ ਰਿਟਾਇਰ ਹੋ ਚੁੱਕੇ ਡਾ: ਥੋਰਨ ਦਾ ਕਹਿਣਾ ਹੈ ਕਿ ਇਹ ਪੁਸ਼ਟੀ ਇਕ ਮਾਣਮੱਤਾ ਪਲ ਹੈ ਜਿਸ ਨੇ ਖਗੋਲ ਵਿਗਿਆਨ ਵਿਚ ਹੋਰ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਅਤੇ ਸੋਚਾਂ ਨੂੰ ਜਨਮ ਦਿੱਤਾ ਹੈ। ਲੀਗੋ ਨਾਲ ਮੁੱਢ ਤੋਂ ਜੁੜਿਆ ਇਕ ਹੋਰ ਵਿਗਿਆਨੀ ਡਾ: ਡਰੇਵਰ ਡਿਮੈਂਸ਼ੀਆ ਦਾ ਮਰੀਜ਼ ਹੈ। ਉਹ ਐਡਿਨਬਰਗ ਦੇ ਨਰਸਿੰਗ ਹੋਮ ਵਿਚ ਹੈ ਜਿਸ ਕਰਕੇ ਉਹ ਇਸ ਪਲ ਨੂੰ ਨਹੀਂ ਮਾਣ ਸਕਦਾ।
ਲੀਗੋ ਪ੍ਰੋਜੈਕਟ ਰਾਹੀਂ ਗੁਰੂਤਾ ਤਰੰਗਾਂ ਦੀ ਹੋਂਦ ਨੂੰ ਸਿੱਧ ਕਰਨ ਵਾਲੇ ਇਸ ਤਜਰਬੇ ਦੀ ਸਫ਼ਲਤਾ ਤੋਂ ਡਾ: ਵੀਸ ਸਭ ਤੋਂ ਜ਼ਿਆਦਾ ਖੁਸ਼ ਅਤੇ ਹੈਰਾਨ ਹੈ। ਐਮ. ਆਈ. ਟੀ. ਤੋਂ ਰਿਟਾਇਰ ਹੋ ਚੁੱਕੇ ਡਾ: ਵੀਸ ਨੇ 11 ਸਤੰਬਰ ਨੂੰ ਲਿਵਿੰਗਸਟੋਨ ਡਿਟੈਕਟਰ ਦਾ ਦੌਰਾ ਕੀਤਾ ਸੀ ਅਤੇ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਸੀ ਐਂਨਟੀਨਾ ਦੀਆਂ ਰੀਡਿੰਗਾਂ ਵਿਚ ਰੇਡੀਓ ਤਰੰਗਾਂ ਨਾਲ ਗੜਬੜ ਪੈਦਾ ਹੋ ਰਹੀ ਹੈ ਅਤੇ ਇਸ ਤਰੁੱਟੀ ਨੂੰ ਦੂਰ ਕਰਕੇ ਹੀ ਇਸ ਡਿਟੈਕਟਰ ਨੂੰ ਚਾਲੂ ਕੀਤਾ ਜਾਵੇ। ਪਰ ਲੀਗੋ ਪ੍ਰੋਜੈਕਟ ਨਾਲ ਜੁੱੜੇ ਉਸਦੇ ਸਹਿਯੋਗੀਆਂ ਦਾ ਕਹਿਣਾ ਸੀ ਕਿ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਇਸ ਨੂੰ ਚਾਲੂ ਕਰਨ ਵਿਚ ਹੋਰ ਦੇਰੀ ਨਹੀਂ ਕੀਤੀ ਜਾ ਸਕਦੀ। ਡਾ: ਵੀਸ ਦਾ ਕਹਿਣਾ ਹੈ ਕਿ ਇਹ ਚੰਗਾ ਹੀ ਹੋਇਆ ਕਿ ਉਨ੍ਹਾਂ ਨੇ ਮੇਰੀ ਗੱਲ ਨਹੀਂ ਮੰਨੀ, ਨਹੀਂ ਤਾਂ ਅਸੀਂ ਇਸ ਵੱਡੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਣਾ ਸੀ ਕਿਉਂਕਿ ਅਜਿਹੇ ਪਲ ਬਹੁਤ ਘੱਟ ਵਾਪਰਦੇ ਹਨ ਜਦ ਬਹੁਤ ਵੱਡੇ ਬਲੈਕ ਹੋਲ ਆਪਸ ਵਿਚ ਟਕਰਾਅ ਕੇ, ਅਜਿਹੀਆਂ ਗੁਰੂਤਾ ਤਰੰਗਾਂ ਪੈਦਾ ਕਰਦੇ ਹਨ ਜਿਨ੍ਹਾਂ ਨੂੰ ਸੁਣਿਆ ਜਾਂ ਜਿਨ੍ਹਾਂ ਦਾ ਪਤਾ ਲਗਾਇਆ ਜਾ ਸਕੇ।
ਗੁਰੂਤਾ ਤਰੰਗਾਂ ਦੀ ਹੋਈ ਪੁਸ਼ਟੀ ਬਾਰੇ ਮਹਾਨ ਭੌਤਿਕ ਵਿਗਿਆਨੀ ਪ੍ਰੋ ਸਟੀਫਨ ਹਾਕਿੰਗ ਦਾ ਕਹਿਣਾ ਹੈ ਕਿ ਇਹ ਵਿਗਿਆਨਕ ਇਤਿਹਾਸ ਦਾ ਇਕ ਮਹੱਤਵਪੂਰਨ ਪਲ ਹੈ। ਇਸ ਨਾਲ ਅਸੀਂ ਸਿਰਫ਼ ਗੁਰੂਤਾ ਤਰੰਗਾਂ ਦੀ ਪੁਸ਼ਟੀ ਨਾਲ, ਆਈਨਸਟਾਈਨ ਦੇ ਸਾਪੇਖਵਾਦ ਦੇ ਸਿਧਾਂਤ ਨੂੰ ਹੀ ਸਿੱਧ ਨਹੀਂ ਕੀਤਾ ਸਗੋਂ ਦੋ ਬਲੈਕ ਹੋਲਾਂ ਨੂੰ ਕੋਲ-ਕੋਲ ਆਉਂਦਿਆਂ ਅਤੇ ਇਕ-ਦੂਜੇ ਵਿਚ ਸਮਾਅ ਕੇ ਇਕ ਵੱਡਾ ਬਲੈਕ ਹੋਲ ਬਣਦਿਆਂ ਵੀ ਦੇਖਿਆ ਹੈ। ਹੁਣ ਅਸੀਂ ਇਹ ਵੀ ਜਾਣ ਸਕਾਂਗੇ ਕਿ ਬ੍ਰਹਿਮੰਡ ਦੀ ਉਤਪਤੀ ਦੌਰਾਨ ਬਿੱਗ ਬੈਂਗ ਤੋਂ ਪਹਿਲਾਂ ਕੀ ਵਾਪਰਿਆ ਅਤੇ ਕਿਵੇਂ ਬਿੱਗਬੈਂਗ ਰਾਹੀਂ ਇੰਨੀ ਜ਼ਿਆਦਾ ਊਰਜਾ ਪੈਦਾ ਹੋਈ ਸੀ।
ਯਾਦ ਰੱਖਣਾ! ਆਈਨਸਟਾਈਨ ਵਰਗੇ ਜ਼ਹੀਨ ਵਿਗਿਆਨੀ, ਵਿਗਿਆਨਕ ਯੁੱਗ ਪਲਟਾਊ ਹੁੰਦੇ ਹਨ। ਤਾਹੀਂਓਂ ਤਾਂ ਉਸ ਵਲੋਂ ਗੁਰੂਤਾ ਤਰੰਗਾਂ ਬਾਰੇ ਕੀਤੀ ਗਈ ਪੇਸ਼ੀਨਗੋਈ ਨੂੰ ਸਿੱਧ ਕਰਨ ਲਈ 100 ਸਾਲ ਲੱਗ ਗਏ।
ਸੱਚੀਂ! ਆਈਨਸਟਾਈਨ ਹਮੇਸ਼ਾ ਵਾਂਗ ਸਹੀ ਸੀ। (ਸਮਾਪਤ)

ਫੋਨ : 001-216-556-2080

ਮੁਰਦੇ ਦਾ ਮੇਕਅੱਪ ਕਿਉਂ?

ਅੰਗਰੇਜ਼ੀ ਦੇ ਸ਼ਬਦ 'ਮੇਕਅੱਪ' ਦਾ ਅਰਥ ਹੈ ਕਿਸੇ ਵੀ ਚੀਜ਼ ਨੂੰ ਸਜਾਉਣਾ। ਮੇਕਅੱਪ ਕਰਨ ਨਾਲ ਭੈੜੀ ਤੋਂ ਭੈੜੀ ਚੀਜ਼ ਵੀ ਥੋੜ੍ਹੇ ਸਮੇਂ ਲਈ ਸੋਹਣੀ ਦਿਸਣ ਲੱਗ ਪੈਂਦੀ ਹੈ। ਆਪਣੇ ਪੰਜਾਬ ਵਿਚ ਜਦੋਂ ਕਿਸੇ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਦਫਨਾਉਣ ਜਾਂ ਸਾੜਨ ਤੋਂ ਪਹਿਲਾਂ ਨੁਹਾਇਆ ਜਾਂਦਾ ਹੈ। ਫਿਰ ਉਸ ਨੂੰ ਨਵੇਂ ਕੱਪੜੇ ਪਾਏ ਜਾਂਦੇ ਹਨ। ਉਹ ਗੱਲ ਵੱਖਰੀ ਹੈ ਕਿ ਉਹ ਸਿਰਫ਼ ਨਾਂਅ ਦੇ ਹੀ ਕੱਪੜੇ ਹੁੰਦੇ ਹਨ। ਕੋਈ ਵੀ ਜਿਊਂਦਾ ਪ੍ਰਾਣੀ ਉਹੋ ਜਿਹੇ ਸੜੋਪੇ ਮਾਰ ਕੇ ਸੀਤੇ ਬੇਢੰਗੇ ਕੱਪੜੇ ਕਦੀ ਵੀ ਨਹੀਂ ਪਾਉਂਦਾ। ਦਰਜੀ ਪੰਜਾਂ ਮਿੰਟਾਂ ਵਿਚ ਹੀ ਪੌਣੇ ਪੰਜ ਮੀਟਰ ਕੱਪੜੇ ਨੂੰ ਵਿਚੋਂ ਕੱਟ ਕੇ ਦੋ ਹਿੱਸੇ ਕਰਕੇ ਤੇ ਚਾਰ ਸੀਣਾ ਮਾਰ ਕੇ ਕੁੜਤੇ-ਪਜਾਮੇ ਦਾ ਨਾਂਅ ਦੇ ਦਿੰਦੇ ਹਨ। ਸਾਰਿਆਂ ਦੀ ਸੋਚ ਇਹੋ ਹੁੰਦੀ ਹੈ ਕਿ ਇਹ ਤਾਂ ਘੜੀ ਦੀ ਘੜੀ ਹੀ ਰਹਿਣੇ ਹਨ। ਸੜ ਜਾਣੇ ਹਨ। ਆਦਮੀ ਦੇ ਜੋ ਪੱਗ ਬੰਨ੍ਹੀ ਜਾਂਦੀ ਹੈ ਉਹ ਵੀ ਮਦੇੜ੍ਹ ਹੀ ਮਾਰਿਆ ਹੁੰਦਾ ਹੈ।
ਜੇ ਔਰਤ ਦਾ ਆਦਮੀ ਜਿਊਂਦਾ ਹੋਵੇ ਤਾਂ ਉਸ ਔਰਤ ਨੂੰ ਸੁਰਖੀ ਬਿੰਦੀ ਲਾ ਕੇ, ਵੀਣੀਆਂ ਵਿਚ ਵੰਗਾਂ ਪਾ ਕੇ, ਲਿਪਸਟਿਕ ਲਾ ਕੇ ਸਜਾਇਆ ਜਾਂਦਾ ਹੈ ਕਿ ਇਹ ਸੁਹਾਗਣ ਸੀ। ਇਹ ਸਭ ਕੁਝ ਮੇਕਅੱਪ ਵਿਚ ਹੀ ਆਉਂਦਾ ਹੈ। ਪਰ ਇਹ ਕਿਉਂ ਕਰਦੇ ਹਨ ਤੇ ਕਿਸ ਨੂੰ ਦਿਖਾਉਂਦੇ ਹਨ?
ਭਾਰਤ ਵਿਚ ਹੀ ਨਹੀਂ ਦੁਨੀਆ ਦੇ ਹੋਰ ਕਈ ਹਿੱਸਿਆਂ ਵਿਚ ਵੀ ਮੁਰਦਾ ਨਾ ਫੂਕਿਆ ਜਾਂਦਾ ਹੈ ਤੇ ਨਾ ਹੀ ਪਾਣੀ ਵਿਚ ਰੋੜ੍ਹਿਆ ਜਾਂਦਾ ਹੈ। ਕਈ ਕਬੀਲੇ ਮੁਰਦੇ ਨੂੰ ਇਕ ਉੱਚੀ ਮਚਾਣ ਉਤੇ ਰੱਖ ਦਿੰਦੇ ਹਨ ਤਾਂ ਕਿ ਉਸ ਨੂੰ ਪੰਛੀ ਖਾ ਜਾਣ। ਸ਼ਾਇਦ ਉਨ੍ਹਾਂ ਲੋਕਾਂ ਦੀ ਸੋਚ ਇਹ ਹੋਵੇ ਕਿ ਮੁਰਦੇ ਨੂੰ ਸਾੜਨ ਨਾਲ ਜਾਂ ਪਾਣੀ ਵਿਚ ਸਿੱਟਣ ਨਾਲ ਪ੍ਰਦੂਸ਼ਣ ਫੈਲੇਗਾ। ਪ੍ਰਦੂਸ਼ਣ ਤੋਂ ਬਚਣ ਲਈ ਇਹ ਢੰਗ ਕੱਢਿਆ ਹੋਵੇ ਜਾਂ ਫਿਰ ਇਹ ਕਿ ਹੁਣ ਸਾਡੇ ਤਾਂ ਕਿਸੇ ਕੰਮ ਨਹੀਂ, ਪੰਛੀਆਂ ਦਾ ਢਿੱਡ ਭਰ ਜਾਏਗਾ। ਮੈਂ ਕਿਤੇ ਇਹ ਗੱਲ ਵੀ ਪੜ੍ਹੀ ਸੀ ਕਿ ਕਈ ਕਬੀਲਿਆਂ ਵਿਚ ਉਸ ਘਰ ਦੇ ਹੀ ਮੁਰਦੇ ਨੂੰ ਰਿੰਨ੍ਹ ਕੇ ਖਾ ਜਾਂਦੇ ਹਨ। ਕੋਈ ਕਿਸੇ ਤਰ੍ਹਾਂ ਵੀ ਕਰੇ ਪਰ ਮੁਰਦੇ ਨੂੰ ਪਹਿਲਾਂ ਨੁਹਾ ਕੇ ਸਜਾਇਆ ਜ਼ਰੂਰ ਜਾਂਦਾ ਹੈ।
ਯੂਰਪ ਵਿਚ ਵੀ ਸਾਡੇ ਲੋਕ ਮੁਰਦੇ ਨੂੰ ਸਾੜਦੇ ਹਨ, ਇਸ ਲਈ ਖਾਸ ਭੱਠੀਆਂ ਬਣੀਆਂ ਹੋਈਆਂ ਹਨ, ਜਿਥੇ ਪੰਜ ਮਿੰਟ ਵਿਚ ਮੁਰਦੇ ਦੀ ਸੁਆਹ ਬਣ ਜਾਂਦੀ ਹੈ। ਉਥੇ ਮੁਰਦੇ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਸਜਾਇਆ ਜਾਂਦਾ ਹੈ। ਮੁਰਦਾ ਸਜਾਉਣ ਲਈ ਹਸਪਤਾਲਾਂ ਵਿਚ ਖਾਸ ਕਾਮੇ ਰੱਖੇ ਹੋਏ ਹਨ। ਲਾਸ਼ ਨੂੰ ਹਸਪਤਾਲ ਵਿਚ ਹੀ ਰੱਖਿਆ ਜਾਂਦਾ ਹੈ। ਜਿਸ ਦਿਨ ਉਸ ਦਾ ਸਸਕਾਰ ਕਰਨਾ ਹੋਵੇ, ਲਾਸ਼ ਨੂੰ ਉਸ ਦਿਨ ਹੀ ਸਬੰਧੀਆਂ ਨੂੰ ਦਿਖਾਉਣ ਲਈ ਘਰ ਲਿਆਂਦਾ ਜਾਂਦਾ ਹੈ। ਪਰ ਉਸ ਤੋਂ ਪਹਿਲਾਂ ਲਾਸ਼ ਨੂੰ ਨੁਹਾ ਕੇ ਉਸ ਦੇ ਉਹ ਕੱਪੜੇ ਪਾਏ ਜਾਂਦੇ ਹਨ ਜੋ ਉਹ ਆਮ ਜੀਵਨ ਵਿਚ ਪਾਉਂਦਾ ਰਿਹਾ ਹੋਵੇ। ਸੂਟ-ਬੂਟ ਦੇ ਨਾਲ ਸਹੀ ਤਰੀਕੇ ਦੀ ਪੱਗ ਬੰਨ੍ਹੀ ਜਾਂਦੀ ਹੈ, ਮਦੇੜ ਨਹੀਂ ਮਾਰਦੇ। ਕੋਟ ਦੀ ਜੇਬ ਵਿਚ ਰੁਮਾਲ ਅਤੇ ਕਾਲਰ ਉਤੇ ਗੁਲਾਬ ਦਾ ਫੁੱਲ ਵੀ ਟੰਗਿਆ ਹੁੰਦਾ ਹੈ। ਜਦੋਂ ਬਕਸਾ ਖੁੱਲ੍ਹਦਾ ਹੈ ਤਾਂ ਬਹੁਤ ਵਧੀਆ ਸੈਂਟ ਦੀ ਖੁਸ਼ਬੂ ਆਲੇ-ਦੁਆਲੇ ਵਿਚ ਖਿਲਾਰ ਜਾਂਦੀ ਹੈ। ਬੜੇ ਸਲੀਕੇ ਨਾਲ ਬਕਸੇ ਵਿਚ ਉਸ ਨੂੰ ਲਿਟਾਇਆ ਹੁੰਦਾ ਹੈ। ਦੇਖਣ ਵਾਲੇ ਨੂੰ ਇਸ ਤਰ੍ਹਾਂ ਲਗਦਾ ਹੈ ਜਿਵੇਂ ਇਹ ਪ੍ਰਾਣੀ ਹੁਣੇ ਉਠ ਕੇ ਕਿਸੇ ਵਿਆਹ ਪਾਰਟੀ ਵਿਚ ਜਾਵੇਗਾ।
ਮੈਂ ਉਥੇ ਇਕ ਸੱਜਣ ਨੂੰ ਪੁੱਛਿਆ, 'ਏਨੀ ਤਿਆਰੀ ਕਿਉਂ?' ਤਾਂ ਉਹ ਸੱਜਣ ਮੇਰੇ ਵੱਲ ਦੇਖਦਾ ਬੋਲਿਆ, 'ਸ੍ਰੀਮਾਨ ਜੀ, ਤੁਸੀਂ ਕਿਸੇ ਖਾਸ ਥਾਂ 'ਤੇ ਜਾਂ ਕਿਸੇ ਖਾਸ ਪਰਸਨ ਨੂੰ ਮਿਲਣ ਜਾਂ ਵਿਆਹ ਸ਼ਾਦੀ 'ਤੇ ਜਾਂਦੇ ਹੋ ਤਾਂ ਕੀ ਐਵੇਂ ਚਲੇ ਜਾਂਦੇ ਹੋ? ਸੂਟ-ਬੂਟ ਨਹੀਂ ਪਾਉਂਦੇ?'
'ਹਾਂ ਜਨਾਬ! ਬਿਲਕੁਲ ਸੂਟ-ਬੂਟ ਪਾ ਕੇ ਹੀ ਜਾਈਦਾ ਹੈ, ਤਾਂ ਕਿ ਸਾਡਾ ਚੰਗਾ ਪ੍ਰਭਾਵ ਪਵੇ।'
'ਬਸ ਫਿਰ ਇਸ ਆਦਮੀ ਨੇ ਪਰਮਾਤਮਾ ਕੋਲ ਜਾਣਾ, ਜੋ ਸਾਡੇ ਲਈ ਸਭ ਤੋਂ ਵੱਡਾ ਅਫ਼ਸਰ ਹੈ। ਉਸ ਨੇ ਸਾਨੂੰ ਅਸੀਸ ਦੇਣੀ ਹੈ। ਕੀ ਉਸ ਕੋਲ ਸੋਹਣੇ ਬਣ ਕੇ ਜਾਣ ਲਈ ਸੂਟ-ਬੂਟ ਨਹੀਂ ਚਾਹੀਦਾ?', ਮੈਂ ਉਸ ਨੂੰ ਕੋਈ ਜਵਾਬ ਨਾ ਦੇ ਸਕਿਆ।

ਮੋਬਾਈਲ : 98762-08542.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX