ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  about 2 hours ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  about 3 hours ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  about 3 hours ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  about 3 hours ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  about 4 hours ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 4 hours ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  about 5 hours ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  about 5 hours ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਝੋਨੇ ਦਾ ਸੁਚੱਜਾ ਮੰਡੀਕਰਨ ਕਿਵੇਂ ਕੀਤਾ ਜਾਵੇ?

ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ ਜੋ ਸਾਲ 2015-16 ਦੌਰਾਨ ਤਕਰੀਬਨ 29.75 ਲੱਖ ਹੈਕਟੇਅਰ ਰਕਬੇ ਵਿਚ ਬੀਜੀ ਗਈ ਹੈ। ਰਾਜ ਦੀਆਂ ਮੰਡੀਆਂ ਵਿਚ ਸਾਲ 1970-71 ਵਿਚ ਝੋਨੇ ਦੀ ਕੁੱਲ ਆਮਦ 8.46 ਲੱਖ ਟਨ ਸੀ ਜੋ 2015-16 ਵਿਚ ਵਧ ਕੇ 177.34 ਲੱਖ ਟਨ ਤੱਕ ਪਹੁੰਚ ਗਈ । ਚਾਲੂ ਸਾਲ ਦੌਰਾਨ ਮੰਡੀਆਂ ਵਿਚ ਝੋਨੇ ਦੀ ਕੁੱਲ ਆਮਦ ਹੋਣ ਦੀ ਸੰਭਾਵਨਾ ਹੈ। ਜਿਸ ਤਰ੍ਹਾਂ ਝੋਨੇ ਦੀ ਪੈਦਾਵਾਰ ਲਈ ਤਕਨੀਕੀ ਗਿਆਨ ਦਾ ਹੋਣਾ ਜ਼ਰੂਰੀ ਹੈ, ਉਸੇ ਤਰ੍ਹਾਂ ਜਿਣਸ ਦਾ ਮੰਡੀਕਰਨ ਦੇ ਗਿਆਨ ਦਾ ਹੋਣਾ ਹੋਰ ਵੀ ਬਹੁਤ ਜ਼ਰੂਰੀ ਹੈ। ਆਮ ਕਰਕੇ ਦੇਖਿਆ ਜਾਂਦਾ ਹੈ ਕਿ ਕਿਸਾਨ ਸੋਚਦੇ ਹਨ ਕਿ ਖੇਤੀ ਜਿਨਸਾਂ ਦਾ ਮੰਡੀਕਰਨ ਪੈਦਾਵਾਰ ਤੋਂ ਬਾਅਦ ਵਿਚ ਸ਼ੁਰੂ ਹੁੰਦਾ ਹੈ, ਜਦ ਕਿ ਕਿਸਾਨਾਂ ਨੂੰ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਹੀ ਮੰਡੀਕਰਨ ਬਾਰੇ ਸੋਚਣਾ ਚਾਹੀਦਾ ਹੈ। ਮੰਡੀਕਰਨ ਨਾਲ ਸੰਬੰਧਤ ਮਾਹਿਰਾਂ ਦੀ ਰਾਇ ਹੈ ਕਿ ਜੇਕਰ ਜਿਣਸ ਦੀ ਵਿਕਰੀ, ਮੰਡੀਕਰਨ ਦੇ ਸਿਧਾਤਾਂ ਨੂੰ ਮੁੱਖ ਰੱਖ ਕੇ ਕੀਤੀ ਜਾਵੇ ਤਾਂ ਕਿਸਾਨ ਆਪਣੀ ਉਪਜ ਦਾ ਲਾਹੇਵੰਦ ਭਾਅ ਲੈ ਸਕਦੇ ਹਨ। ਜੇਕਰ ਹੇਠ ਲਿਖੀਆਂ ਕੁਝ ਗੱਲਾਂ ਦਾ ਖਿਆਲ ਰੱਖਿਆ ਜਾਵੇ ਤਾਂ ਮੰਡੀਕਰਨ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕਦਾ ਹੈ।
ਝੋਨੇ ਅਤੇ ਬਾਸਮਤੀ ਦੀ ਕਟਾਈ ਫ਼ਸਲ ਦੇ ਪੂਰੀ ਤਰਾਂ ਪੱਕਣ 'ਤੇ ਹੀ ਕਰੋ ਕਿਉਂਕਿ ਜੇਕਰ ਫ਼ਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਤਾਂ ਅਣਪੱਕੇ ਅਤੇ ਹਰੇ ਦਾਣੇ ਉਪਜ ਦੇ ਮਿਆਰੀਪਨ 'ਤੇ ਅਸਰ ਪਾਉਂਦੇ ਹਨ। ਇਸ ਤਰਾਂ ਕਿਸਾਨ ਨੂੰ ਕਈ ਵਾਰ ਜਿਣਸ ਦਾ ਘੱਟ ਭਾਅ ਮਿਲਦਾ ਹੈ। ਇਸ ਤੋਂ ਇਲਾਵਾ ਉਪਜ ਨੂੰ ਪੂਰੀ ਤਰਾਂ ਸੁਕਾ ਕੇ ਮੰਡੀ ਵਿਚ ਲਿਜਾਇਆ ਜਾਵੇ ਤਾਂ ਬਹੁਤ ਸਾਰੀ ਖੱਜਲ-ਖਰਾਬੀ ਤੋਂ ਬਚਿਆ ਜਾ ਸਕਦਾ ਹੈ ਅਤੇ ਵਧੇਰੇ ਵਿੱਤੀ ਫਾਇਦਾ ਵੀ ਹੋਵੇਗਾ। ਕਈ ਵਾਰ ਕਿਸਾਨ ਉਪਜ ਨੂੰ ਕੱਚੇ ਪਿੜ ਜਾਂ ਖੇਤ ਵਿਚ ਇਕੱਠਾ ਕਰ ਲੈਂਦੇ ਹਨ ਜਿਸ ਨਾਲ ਮਿੱਟੀ ਘੱਟਾ ਜਿਣਸ ਵਿਚ ਰਲ ਜਾਂਦਾ ਹੈ । ਇਸ ਲਈ ਮੰਡੀ ਵਿਚ ਜਿਣਸ ਲਿਜਾਣ ਤੋਂ ਪਹਿਲਾਂ ਜਿਨਸ ਨੂੰ ਸਾਫ ਕਰ ਲੈਣਾ ਚਾਹੀਦਾ। ਬਿਜਲੀ ਨਾਲ ਚੱਲਣ ਵਾਲੇ ਪੱਖੇ ਨਾਲ ਵੀ ਸਫਾਈ ਕੀਤੀ ਜਾ ਸਕਦੀ ਹੈ। ਕਦੇ ਵੀ ਛਾਂ ਹੇਠੋਂ ਝੋਨਾ ਪੱਕੇ ਹੋਏ, ਬਿਮਾਰੀ ਨਾਲ ਪ੍ਰਭਾਵਿਤ ਝੋਨੇ ਦੀ ਕਟਾਈ ਪੱਕੇ ਹੋਏ ਝੋਨੇ ਦੀ ਕਟਾਈ ਦੇ ਨਾਲ ਨਾਂ ਕਰੋ ਕਿਉਂਕਿ ਇਹ ਵੀ ਉਪਜ ਦੇ ਮਿਆਰੀਪਨ 'ਤੇ ਅਸਰ ਪਾਉਂਦੀ ਹੈ। ਵੱਖ -ਵੱਖ ਕਿਸਮਾਂ ਦੀ ਕਟਾਈ ਹਮੇਸ਼ਾ ਵੱਖ ਵੱਖ ਹੀ ਕਰਨੀ ਚਾਹੀਦੀ ਹੈ। ਚੰਗਾ ਅਤੇ ਪੂਰਾ ਭਾਅ ਲੈਣ ਲਈ ਉਪਜ ਵਿਚ ਨਮੀਂ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਹੀ ਹੋਣੀ ਚਾਹੀਦੀ ਕਿਉਂ ਨਮੀ ਦੀ ਮਾਤਰਾ ਦੇ ਆਧਾਰ 'ਤੇ ਹੀ ਉਪਜ ਦਾ ਮੰਡੀਕਰਨ ਹੁੰਦਾ ਹੈ, ਬੇਹਤਰ ਹੋਵੇਗਾ ਜੇਕਰ ਖੜ੍ਹੀ ਫ਼ਸਲ ਨੂੰ ਚੰਗੀ ਤਰਾਂ ਪੱਕਣ 'ਤੇ ਹੀ ਕਟਾਈ ਕਰਕੇ ਘਰੋਂ ਸੁਕਾ ਕੇ ਲਿਆਵੇ ਤਾਂ ਜੋ ਕਿਸਾਨ ਫ਼ਸਲ ਵੇਚ ਕੇ ਸਮੇਂ ਸਿਰ ਘਰ ਵਾਪਸ ਜਾ ਸਕੇ। ਜੇਕਰ ਉਪਜ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੋਵੇਗੀ ਤਾਂ ਮੰਡੀ ਵਿਚ ਖਿਲਾਰ ਕੇ ਸੁਕਾਉਣੀ ਪੈਂਦੀ ਹੈ ਅਤੇ ਮੰਡੀਆਂ ਵਿਚ ਜਗ੍ਹਾ ਸੀਮਿਤ ਹੋਣ ਕਾਰਨ ਸਕਾਉਣ ਵੇਲੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਬਾਅਦ ਅਤੇ ਸ਼ਾਮ 7 ਵਜੇ ਤੋਂ ਪਹਿਲਾਂ ਹੀ ਕਰੋ। ਜੇਕਰ ਦਾਣੇ ਦੰਦਾਂ ਨਾਲ ਚਬਾਉਣ 'ਤੇ ਕੜੱਕ ਕਰ ਟੁੱਟਣ ਤਾਂ ਸਮਝੋ ਨਮੀ ਦੀ ਮਾਤਰਾ ਪੂਰੀ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹੋਰ ਸੁਕਾਉਣ ਦੀ ਜ਼ਰੂਰਤ ਹੈ, ਇਸ ਲਈ ਜ਼ਰੂਰੀ ਹੈ ਫ਼ਸਲ ਚੰਗੀ ਤਰ੍ਹਾਂ ਪੱਕਣ 'ਤੇ ਹੀ ਕਟਾਈ ਕੀਤੀ ਜਾਵੇ। ਝੋਨੇ ਦੀਆਂ ਸਾਰੀਆਂ ਕਿਸਮਾਂ ਵਿਚ ਨਮੀ ਦੀ ਮਾਤਰਾ 17 ਫੀਸਦੀ ਅਤੇ ਮਿੱਟੀ ਘੱਟੇ ਦੀ ਮਿਕਦਾਰ 2.0 ਫੀਸਦੀ ਨਿਰਧਾਰਤ ਕੀਤੀ ਗਈ ਹੈ। ਖਰਾਬ, ਬਦਰੰਗ , ਪੁੰਗਰੇ ਅਤੇ ਸੁੰਡੀਆਂ ਦੇ ਖਾਧੇ ਦਾਣੇ 4.0 ਫੀਸਦੀ, ਕੱਚੇ , ਸੁੰਗੜੇ ਅਤੇ ਪਿਚਕੇ ਦਾਣੇ 3.0 ਫੀਸਦੀ ਅਤੇ ਹੇਠਲੇ ਵਰਗ ਦੇ ਦਾਣਿਆਂ ਦੇ ਮਿਸ਼ਰਣ ਵੱਧ ਤੋਂ ਵੱਧ 6.0 ਫੀਸਦੀ ਹੋ ਸਕਦੀ ਹੈ। ਕਿਸਾਨਾਂ ਨੂੰ ਮੰਡੀਆਂ ਵਿਚ ਅਦਾਇਗੀਯੋਗ ਖਰਚਿਆਂ ਦੀ ਕਟੌਤੀ ਦਾ ਪੂਰਾ ਗਿਆਨ ਹੋਣਾ ਚਾਹੀਦਾ। ਕਿਸਾਨ ਨੇ ਮੰਡੀ ਵਿਚ ਸਫਾਈ ਅਤੇ ਉਤਰਾਈ ਦਾ ਹੀ ਖਰਚਾ ਦੇਣਾ ਹੁੰਦਾ। ਇਕ ਝਾਰ ਲੱਗੇ ਝੋਨੇ ਦੀ 35 ਕਿਲੋ ਭਰਾਈ 'ਤੇ 2.05 ਰੁਪਏ, 37.50 ਕਿਲੋ ਭਰਾਈ 'ਤੇ 2.21ਰੁਪਏ ਅਤੇ 50 ਕਿਲੋ ਭਰਾਈ 'ਤੇ 2.78 ਰੁਪਏ ਉਤਰਾਈ ਦਾ ਖਰਚਾ, ਸਫਾਈ ਪਾਵਰ ਕਲੀਨਰ ਦਾ ਖਰਚਾ 35 ਕਿਲੋ ਭਰਾਈ 'ਤੇ 5.70 ਰੁਪਏ, 37.50 ਕਿਲੋ ਭਰਾਈ 'ਤੇ 6.11 ਰੁਪਏ ਅਤੇ 50 ਕਿਲੋ ਭਰਾਈ 'ਤੇ 7.64 ਰੁਪਏ ਪ੍ਰਤੀ ਨਗ ਦੇਣੇ ਹੁੰਦੇ ਹਨ। ਖਾਲੀ ਬੋਰੀ ਦਾ ਭਾਰ 750 ਗ੍ਰਾਮ ਹੁੰਦਾ ਹੈ। ਫ਼ਸਲਾਂ ਦੀ ਖਰੀਦ ਤੇ ਹੋਰ ਖਰਚੇ ਜਿਵੇਂ ਮਾਰਕੀਟ ਫੀਸ, ਖਰੀਦ ਟੈਕਸ, ਆੜ੍ਹਤ, ਪੇਂਡੂ ਵਿਕਾਸ ਫੰਡ, ਬੁਨਿਆਦੀ ਢਾਂਚਾ ਵਿਕਾਸ ਫੰਡ ਖਰੀਦਦਾਰ ਨੇ ਦੇਣੇ ਹੁੰਦੇ ਹਨ, ਨਾ ਕਿ ਜ਼ਿਮੀਂਦਾਰ ਨੇ। ਕਿਸਾਨ ਨੂੰ ਜਿਣਸ ਦੀ ਬੋਲੀ ਮੌਕੇ ਹਮੇਸ਼ਾਂ ਢੇਰੀ ਦੇ ਕੋਲ ਰਹਿਣਾ ਚਾਹੀਦਾ ਤਾਂ ਜੋ ਢੇਰੀ ਦੇ ਲੱਗੇ ਭਾਅ ਦਾ ਪਤਾ ਲੱਗ ਸਕੇ। ਜੇਕਰ ਕਿਸਾਨ ਨੂੰ ਲੱਗੇ ਕਿ ਭਾਅ ਘੱਟ ਲੱਗਾ ਹੈ ਤਾਂ ਉਹ ਵੇਚਣ ਤੋਂ ਇਨਕਾਰ ਵੀ ਕਰ ਸਕਦਾ ਹੈ। ਫ਼ਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ 'ਜੇ' ਫਾਰਮ ਜ਼ਰੂਰ ਲਉ। ਅਸਲੀ 'ਜੇ' ਫਾਰਮ ਉਪਰ ਸਕੱਤਰ ਮਾਰਕੀਟ ਕਮੇਟੀ ਦੀ ਮੋਹਰ ਲੱਗੀ ਹੁੰਦੀ ਹੈ। ਕਿਸਾਨ ਨੂੰ ਆਪਣੀ ਜਿਣਸ ਦੀ ਤੁਲਾਈ ਆਪਣੀ ਨਿਗਰਾਨੀ ਹੇਠ ਕਰਵਾਉਣੀ ਚਾਹੀਦੀ ਹੈ, ਜੇਕਰ ਕਿਸਾਨ ਨੂੰ ਲੱਗੇ ਕਿ ਤੁਲਾਈ ਵੱਧ ਹੋ ਰਹੀ ਹੈ ਤਾਂ ਉਹ ਆਪਣੀ ਤੋਲੀ ਜਿਣਸ ਦੀ 10 ਫੀਸਦੀ ਦੀ ਤੁਲਾਈ ਬਿਨਾਂ ਕਿਸੇੇ ਫੀਸ ਤੋਂ 'ਪਰਖ ਤੁਲਾਈ' ਕਰਵਾ ਸਕਦਾ ਹੈ। ਇਹ ਤੁਲਵਾਈ ਮਾਰਕੀਟ ਕਮੇਟੀ ਦੇ ਕਰਮਚਾਰੀ ਜਾਂ ਖੇਤੀਬਾੜੀ ਵਿਭਾਗ ਦੇ ਮੰਡੀਕਰਨ ਸ਼ਾਖਾ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਸਹਾਇਕ ਮੰਡੀਕਰਨ ਅਫਸਰ ਦੀ ਹਾਜ਼ਰੀ ਵਿਚ ਹੋਣੀ ਜ਼ਰੂਰੀ ਹੈ। ਜੇਕਰ ਤੁਲਾਈ ਵੱਧ ਨਿਕਲਦੀ ਹੈ ਤਾਂ ਵਾਧੂ ਤੋਲੀ ਜਿਣਸ ਦੀ ਕੀਮਤ ਲੈਣ ਦਾ ਕਿਸਾਨ ਹੱਕਦਾਰ ਹੁੰਦਾ ਹੈ ਅਤੇ ਪੱਲੇਦਾਰ ਦਾ ਲਾਇਸੈਂਸ ਵੀ ਰੱਦ ਅਤੇ ਜੁਰਮਾਨਾ ਵੀ ਹੋ ਸਕਦਾ ਹੈ। ਸਾਲ 2017-18 ਦੌਰਾਨ ਝੋਨੇ (ਗਰੇਡ ਏ) ਦਾ ਘੱਟੋ ਘੱਟ ਸਮਰਥਨ ਮੁੱਲ 1590 ਅਤੇ ਆਮ ਸ਼੍ਰੇਣੀ ਲਈ 1550 ਰੁਪਏ ਪ੍ਰਤੀ ਕੁਇੰਟਲ ਨਿਸਚਤ ਕੀਤੀ ਗਈ ਹੈ। ਜੇਕਰ ਉਪਰੋਕਤ ਗੱਲਾਂ ਦਾ ਕਿਸਾਨ ਵੀਰ ਧਿਆਨ ਵਿਚ ਰੱਖਣ ਤਾਂ ਨਿਸਚਤ ਤੌਰ 'ਤੇ ਆਪਣੀ ਜਿਣਸ ਦਾ ਉਚਿਤ ਭਾਅ ਪਾ ਸਕਦੇ ਹਨ ਅਤੇ ਮੁਸ਼ਕਲਾਂ ਤੋਂ ਬਚ ਸਕਦੇ ਹਨ।


-(ਸਟੇਟ ਅਵਾਰਡੀ) ਸਹਾਇਕ ਮੰਡੀਕਰਨ ਅਫਸਰ, ਗੁਰਦਾਸਪੁਰ।


ਖ਼ਬਰ ਸ਼ੇਅਰ ਕਰੋ

ਖੇਤੀਬਾੜੀ ਵਿਭਾਗ ਪੰਜਾਬ ਵਲੋਂ ਬਣਵਾਈਆਂ ਆਤਮਾ ਕਿਸਾਨ ਹੱਟ ਸਮੇਂ ਦੀ ਲੋੜ ਅਤੇ ਕਿਸਾਨਾਂ ਲਈ ਵਰਦਾਨ

ਐਗਰੀਕਲਚਰ ਟੈਕਨਾਲੋਜੀ ਮੈਨੇਜਮੇਂਟ ਏਜੰਸੀ (ਆਤਮਾ) ਸਕੀਮ ਨੂੰ 2005-06 ਦੌਰਾਨ ਖੇਤੀਬਾੜੀ ਵਿਭਾਗ ਵਲੋਂ ਭਾਰਤ ਵਿਚ 28 ਰਾਜਾਂ ਦੇ 614 ਜ਼ਿਲ੍ਹਿਆਂ ਵਿਚ ਸ਼ੁਰੂ ਕੀਤਾ ਗਿਆ । ਖੇਤੀਬਾੜੀ ਵਿਭਾਗ ਪੰਜਾਬ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਖਲਾਈ ਪ੍ਰਾਪਤ ਕਿਸਾਨਾਂ ਨੂੰ ਇਸ ਨਾਲ ਜੋੜਨਾ ਸ਼ੁਰੂ ਕੀਤਾ ਗਿਆ। ਇਸ ਸਕੀਮ ਤਹਿਤ ਕਿਸਾਨ ਪੀ. ਏ. ਯੂ ਤੋਂ ਟ੍ਰੇਨਿੰਗ ਲੈ ਕੇ ਅਪਣੇ ਸ਼ੁੱਧ ਘਰੇਲੂ ਅਤੇ ਖੇਤੀ ਉਤਪਾਦ ਤਿਆਰ ਕਰਦੇ ਹਨ। ਸਖਤ ਮਿਹਨਤ ਤੋਂ ਬਾਅਦ ਤਿਆਰ ਕੀਤੇ ਉਤਪਾਦ ਵੇਚਣ ਜਾਂ ਮੰਡੀਕਰਨ ਲਈ ਆਉਂਦੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਅਤੇ ਜ਼ਿਲ੍ਹਾ ਖੇਤੀਬਾੜੀ ਵਿਭਾਗ ਮਿਲ ਕੇ ਆਤਮਾ ਦੀ ਹੱਟ ਖੋਲ੍ਹਣ ਲਈ ਕਿਸਾਨਾਂ ਦੀ ਸਹਾਇਤਾ ਕਰਦੇ ਹਨ। ਕਿਸਾਨ ਸੈਲਫ ਹੈਲਪ ਗਰੁੱਪ ਬਣਾ ਕੇ ਆਪਣੇ ਖੇਤੀ ਅਤੇ ਘਰੇਲੂ ਖਾਣ ਵਾਲੇ ਉਤਪਾਦ ਜਿਵੇਂ ਦੁੱਧ ਦੇ ਉਤਪਾਦ ਦਹੀਂ, ਲੱਸੀ, ਮੱਖਣ, ਚਟਣੀਆਂ, ਮੁਰੱਬੇ, ਗੁੜ ਸ਼ੱਕਰ , ਹਲਦੀ ਤੇ ਮਿਰਚ ਪਾਊਡਰ, ਸੋਇਆ ਦੁੱਧ, ਪਨੀਰ, ਸ਼ਹਿਦ ਅਤੇ ਸਿਰਕਾ ਮਿੱਟੀ ਦੇ ਭਾਂਡੇ ਆਦਿ ਆਤਮਾ ਦੀਆਂ ਹੱਟਾਂ 'ਤੇ ਰੱਖ ਕੇ ਵੇਚਦੇ ਹਨ। ਇਹ ਕਿਸਾਨ ਸ਼ੁੱਧਤਾ ਨੂੰ ਯਕੀਨੀ ਬਣਾਉਂਦੇ ਹਨ ਅਤੇ ਪੂਰੀ ਤਰਾਂ ਨਾਲ ਜੈਵਿਕ ਪੈਦਾਵਾਰ ਕਰਨ ਲਈ ਸਫਲ ਯਤਨ ਕਰਦੇ ਹਨ। ਇਹ ਉਤਪਾਦ ਕੈਮੀਕਲਜ਼ ਤੋਂ ਬਿਲਕੁਲ ਰਹਿਤ ਅਤੇ ਸ਼ੁੱਧਤਾ ਦੀ ਕਸੌਟੀ 'ਤੇ ਖਰੇ ਉੱਤਰਨ ਤੋਂ ਬਾਅਦ ਹੀ ਆਤਮਾ ਹੱਟ ਤੱਕ ਪਹੁੰਚਦੇ ਹਨ। ਖੇਤੀਬਾੜੀ ਵਿਭਾਗ ਬਕਾਇਦਾ ਇਸ ਦੀ ਨਿਗਰਾਨੀ ਰੱਖਦਾ ਹੈ। ਖੇਤੀਬਾੜੀ ਵਿਭਾਗ ਸਂੰਗਰੂਰ ਦੀ ਮਦਦ ਨਾਲ ਜ਼ਿਲ੍ਹਾ ਸੰਗਰੂਰ ਦੀ ਸਭ ਤੋਂ ਪਹਿਲੀ ਆਤਮਾ ਹੱਟ ਗੁਰਵਰਿੰਦਰ ਸਿੰਘ ਨੇ ਆਪਣੀ ਜ਼ਮੀਨ ਵਿਚ ਪਿੰਡ ਖਾਨਪੁਰ ਜਰਗ ਰੋਡ ਉੱਤੇ ਸ਼ੁਰੂ ਕੀਤੀ । ਗੁਰਵਰਿੰਦਰ ਸਿੰਘ ਮੁਤਾਬਿਕ ਉਸ ਦੀ ਜ਼ਮੀਨ ਰੇਤਲੀ ਅਤੇ ਕਮਜ਼ੋਰ ਸੀ ਫ਼ਸਲ ਚੰਗੀ ਨਾ ਹੋਣ ਕਰਕੇ ਆਮਦਨ ਬਹੁਤੀ ਨਹੀਂ ਸੀ ਸਭ ਤੋਂ ਪਹਿਲਾਂ ਉਸ ਨੇ ਖੇਤੀਬਾੜੀ ਵਿਭਾਗ ਤੋਂ ਸਿਰਫ ਦੋ ਬਕਸੇ ਮਧੂ ਮੱਖੀ ਦੇ ਸਬਸਿਡੀ 'ਤੇ ਲੈ ਕੇ ਸਹਾਇਕ ਧੰਦੇ ਵਜੋਂ ਅਪਣਾਇਆ ਉਹ ਇਸ ਕੰਮ ਨੂੰ ਵਧਾ ਕੇ 100 ਬਕਸੇ ਤੱਕ ਲੈ ਜਾ ਚੁੱਕਾ ਹੈ , ਹੁਣ ਉਸ ਨੂੰ ਸ਼ਹਿਦ ਵੇਚਣ ਵਿਚ ਦਿੱਕਤ ਆਈ ਅਤੇ ਉਹ ਵਪਾਰੀਆਂ ਦੀ ਲੁੱਟ ਤੋਂ ਬਚਣਾ ਚਹੁੰਦਾ ਸੀ ਇਸ ਲਈ ਆਤਮਾ ਸਕੀਮ ਤੋਂ ਬਹੁਤ ਪ੍ਰਭਾਵਿਤ ਹੋਇਆ
ਆਤਮਾ ਤਹਿਤ ਬਣਨ ਵਾਲੀਆਂ ਕਿਸਾਨ ਹੱਟ ਰਾਹੀਂ ਕਿਸਾਨ ਅਤੇ ਗਾਹਕ ਦਾ ਸਿੱਧਾ ਰਾਬਤਾ ਹੋ ਜਾਂਦਾ ਹੈ । ਕਿਸਾਨ ਅਤੇ ਗਾਹਕ ਦੋਵੇ ਵਪਾਰੀਆਂ ਦੀ ਲੁੱਟ ਅਤੇ ਮਿਲਾਵਟਾਂ ਤੋਂ ਬਚ ਜਾਂਦੇ ਹਨ। ਹੁਣ ਗੁਰਵਰਿੰਦਰ ਨੇ ਕੁਝ ਹੋਰ ਕਿਸਾਨਾਂ ਨਾਲ ਮਿਲ ਕੇ ਸੈਲਫ ਹੈਲਪ ਗਰੁੱਪ ਬਣਾ ਕੇ ਖੇਤੀਬਾੜੀ ਵਿਭਾਗ ਸੰਗਰੂਰ ਤੋਂ ਮਨਜ਼ੂਰੀ ਲੈ ਕੇ ਆਤਮਾ ਸਕੀਮ ਤਹਿਤ ਆਪਣੇ ਖੇਤਾਂ ਵਿਚ ਹੱਟ ਖੋਲ੍ਹ ਲਈ ਅਪਣਾ ਸ਼ਹਿਦ ਅਤੇ ਹੋਰ ਕਿਸਾਨਾਂ ਦੇ ਉਤਪਾਦ ਵੇਚਣੇ ਸ਼ੁਰੂ ਕਰ ਦਿੱਤੇ। ਹੁਣ ਹੋਰ ਪਿੰਡਾਂ ਦੇ ਬਹੁਤ ਸਾਰੇ ਕਿਸਾਨ ਉਸ ਨਾਲ ਜੁੜੇ ਹੋਏ ਹਨ। ਇਹ ਜ਼ਿਲ੍ਹਾ ਸੰਗਰੂਰ ਦੀ ਆਤਮਾ ਪਹਿਲੀ ਹੱਟ ਸੀ। ਉਸ ਨੂੰ ਭਰਪੂਰ ਹੁੰਗਾਰਾ ਮਿਲਿਆ। ਗੁਰਵਰਿੰਦਰ ਅਤਮਾ ਅਤੇ ਖੇਤੀਬਾੜੀ ਵਿਭਾਗ ਦਾ ਬਹੁਤ ਧੰਨਵਾਦੀ ਹੈ।
ਇਹ ਨੌਜਵਾਨ ਕਿਸਾਨ ਉਨ੍ਹਾਂ ਕਿਸਾਨਾਂ ਲਈ ਪ੍ਰੇਰਨਾਸ੍ਰੋਤ ਵੀ ਹੈ ਜੋ ਕਰਜ਼ੇ ਜਾਂ ਬੇਰੁਜ਼ਗਾਰੀ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ। ਸਿੰਥੈਟਿਕ ਨਸ਼ੇ ਜਾਂ ਮਹਿੰਗੇ ਨਸ਼ਿਆਂ ਦੇ ਵੱਸ ਪੈ ਕੇ ਕੁਰਾਹੇ ਜਾ ਪੈਂਦੇ ਹਨ। ਜੁਰਮ ਕਰਦੇ ਹਨ ਵੱਡੇ ਅਤੇ ਘਿਨਾਉਣੇ ਕਾਰਨਾਮਿਆਂ ਨੂੰ ਅੰਜਾਮ ਦਿੰਦੇ ਹਨ ਅਤ ਕੀਮਤੀੇ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ।
ਜ਼ਿਲ੍ਹਾ ਸੰਗਰੂਰ ਦੀ ਪਹਿਲੀ ਕਿਸਾਨ ਹੱਟ ਜੋ ਕਿ ਪਿੰਡ ਖਾਨਪੁਰ ਜਰਗ ਰੋਡ 'ਤੇ ਬਣੀ ਹੋਈ ਹੈ। ਸੱਚਮੁਚ ਕਈ ਮਨੁੱਖ ਜ਼ਿੰਦਗੀ ਵਿਚ ਬੱਸ ਇਕੋ ਕੰਮ ਕਰਦੇ ਰਹਿੰਦੇ ਹਨ। ਪਰ ਕਈ ਮਨੁੱਖ ਇਕੋ ਜ਼ਿੰਦਗੀ ਵਿਚ ਬਹੁਤ ਸਾਰੇ ਕੰਮ ਕਰ ਜਾਂਦੇ ਹਨ। ਸੰਗਰੂਰ ਜ਼ਿਲ੍ਹੇ ਦੀ ਪਹਿਲੀ ਆਤਮਾ ਹੱਟ ਚਲਾਉਣ ਵਾਲੇ ਇਸ ਨੌਜਵਾਨ ਨੁੂੰ ਕਵਿਤਾਵਾਂ ਲਿਖਣ ਦਾ ਸ਼ੌਕ ਹੈ ਇਹਦੇ ਗੀਤਾਂ ਤੇ ਕਵਿਤਾਵਾਂ ਵਿਸ਼ਾ ਕਿਰਤੀਆਂ ਦੇ ਜੀਵਨ ਦਾ ਸਮਾਜਿਕ ਅਤੇ ਆਰਥਿਕ ਪੱਖ ਹੁੰਦਾ ਹੈ। ਸਰਕਾਰਾਂ ਨੂੰ ਇਹੋ ਜਿਹੇ ਅਗਾਂਹਵਾਧੂ ਅਤੇ ਉੱਦਮੀ ਕਿਸਾਨਾਂ ਨੂੰ ਪ੍ਰੋਤਸਾਹਤ ਕਰਨਾ ਚਾਹੀਦਾ ਹੈ ਅਤੇ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ। ਸਾਡੀ ਅਜੋਕੀ ਪੀੜ੍ਹੀ ਨੂੰ ਆਖਰ ਇਹੋ ਜਿਹੇ ਵਸੀਲੇ ਕਰਨੇ ਪੈਣਗੇ ਸਹਾਇਕ ਧੰਦੇ ਅਪਣਾਉਣੇ ਪੈਣਗੇ, ਜਿਸ ਦੀ ਸ਼ੁਰੂਆਤ ਗੁਰਵਰਿੰਦਰ ਸਿੰਘ ਨੇ ਪਿੰਡ ਖਾਨਪੁਰ ਵਿਖੇ ਆਤਮਾ ਕਿਸਾਨ ਹੱਟ ਬਣਾ ਕੇ ਕਰ ਦਿੱਤੀ ਹੈ। ਇਹ ਸਾਡੀ ਅੱਜ ਦੀ ਪੀੜ੍ਹੀ ਲਈ ਰੋਲ ਮਾਡਲ ਹੈ।


-ਪ੍ਰਿੰਸੀਪਲ ਡਾ: ਕਮਲਜੀਤ ਸਿੰਘ ਟਿੱਬਾ
ਮੋਬਾਈਲ : 9855470128

ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਦਿੱਤੀ ਜਾਏ ਢੁਕਵੀਂ ਤਕਨੀਕ

ਅੱਜਕਲ੍ਹ ਕਿਸਾਨਾਂ ਦੇ ਰੁਝੇਵੇਂ ਸ਼ਿਖਰ 'ਤੇ ਹਨ। ਅਗੇਤੀ ਝੋਨੇ ਦੀ ਕਟਾਈ, ਪੂਸਾ ਬਾਸਮਤੀ - 1509 ਦਾ ਕਟਾਈ ਤੋਂ ਬਾਅਦ ਮੰਡੀਕਰਨ, ਪਰਾਲੀ ਦੀ ਸਾਂਭ-ਸੰਭਾਲ ਤੇ ਇਸ ਦੇ ਨਿਪਟਾਰੇ ਸਬੰਧੀ ਕਿਸਾਨ ਰੁੱਝੇ ਹੋਏ ਹਨ। ਕਣਕ ਦੀ ਬਿਜਾਈ ਲਈ ਯੋਜਨਾਬੰਦੀ ਵੀ ਉਹ ਹੁਣੇ ਤੋਂ ਕਰ ਰਹੇ ਹਨ। ਝੋਨੇ ਦੀ ਸਰਕਾਰੀ ਖਰੀਦ ਮੰਡੀਆਂ 'ਚ ਕੁਸ਼ਲਤਾ ਨਾਲ ਕਰਨ ਅਤੇ ਫ਼ਸਲ ਦੀ ਕੀਮਤ ਦੀ ਤੁਰੰਤ ਅਦਾਇਗੀ ਸਬੰਧੀ ਪੰਜਾਬ ਸਰਕਾਰ ਨੇ 28263 ਕਰੋੜ ਰੁਪਏ ਦੀ ਲਿਮਟ ਪ੍ਰਵਾਨ ਕਰਵਾ ਲਈ ਹੈ ਤਾਂ ਜੋ ਫ਼ਸਲ ਦੀ ਖਰੀਦ ਉਨ੍ਹਾਂ ਦੇ 2002-2007 ਦੇ ਕਾਰਜਕਾਲ ਵਾਂਗ ਸਫ਼ਲਤਾ ਨਾਲ ਹੁੰਦੀ ਰਹੇ ਅਤੇ ਕਿਸਾਨਾਂ ਨੂੰ ਅਦਾਇਗੀ ਨਿਯਮਤ ਰੂਪ ਵਿਚ ਹੋ ਜਾਵੇ। ਪੂਸਾ ਬਾਸਮਤੀ - 1509 ਦੀ ਫ਼ਸਲ ਵਿਕਣ ਲਈ ਵਿਸ਼ੇਸ਼ ਕਰ ਕੇ ਹਰਿਆਣਾ ਦੇ ਨਾਲ ਲਗਦੇ ਜ਼ਿਲ੍ਹਿਆਂ ਵਿਚੋਂ ਹਰਿਆਣਾ ਦੀਆਂ ਮੰਡੀਆਂ 'ਚ ਜਾ ਰਹੀ ਹੈ ਕਿਉਂਕਿ ਉੱਥੇ ਉਨ੍ਹਾਂ ਨੂੰ ਭਾਅ 150-200 ਰੁਪਏ ਪ੍ਰਤੀ ਕੁਇੰਟਲ ਤੱਕ ਵੱਧ ਮਿਲਦਾ ਹੈ। ਪੰਜਾਬ ਦੀਆਂ ਮੰਡੀਆਂ 'ਚ ਇਸ ਕਿਸਮ ਦੀ ਫ਼ਸਲ 2800 ਰੁਪਏ ਅਤੇ ਹਰਿਆਣਾ ਦੀਆਂ ਮੰਡੀਆਂ 'ਚ 2950 ਰੁਪਏ ਪ੍ਰਤੀ ਕੁਇੰਟਲ ਦੇ ਆਸ - ਪਾਸ ਵਿਕ ਰਹੀ ਹੈ। ਦਿੱਲੀ ਦੀ ਨਰੇਲਾ ਮੰਡੀ ਵਿਚ 3100 ਰੁਪਏ ਕੁਇੰਟਲ ਵਿਕ ਰਹੀ ਹੈ। ਆਲ-ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਸੇਤੀਆ ਵੱਖੋ-ਵੱਖ ਭਾਅ ਦਾ ਕਾਰਨ ਮਾਰਕੀਟ ਫੀਸ 'ਚ ਅੰਤਰ ਦੱਸਦੇ ਹਨ। ਪੰਜਾਬ ਸਰਕਾਰ ਨੇ ਜੋ ਮਾਰਕੀਟ ਫੀਸ 'ਚ 2 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ, ਇਸ ਉਪਰੰਤ ਪੰਜਾਬ ਵਿਚ ਇਹ ਫੀਸ 6 ਪ੍ਰਤੀਸ਼ਤ ਹੋ ਗਈ ਜਦੋਂ ਕਿ ਹਰਿਆਣਾ 'ਚ 4 ਪ੍ਰਤੀਸ਼ਤ ਹੈ। ਦਿੱਲੀ ਨੇੜੇ ਨਰੇਲਾ ਮੰਡੀ 'ਚ ਇਹ ਫੀਸ 1 ਪ੍ਰਤੀਸ਼ਤ ਹੀ ਹੈ। ਭਾਵੇਂ ਇਹ ਫੀਸ ਖਰੀਦਦਾਰ ਨੇ ਦੇਣੀ ਹੁੰਦੀ ਹੈ ਪਰੰਤੂ ਬਾਸਮਤੀ ਦੀ ਖਰੀਦ ਵਿਚ ਨਿੱਜੀ ਵਪਾਰੀਆਂ ਵਲੋਂ ਖਰੀਦ ਕੀਤੀ ਜਾਣ ਕਾਰਨ ਇਹ ਕਿਸਾਨਾਂ ਨੁੂੰ ਘੱਟ ਭਾਅ ਦੇ ਰੂਪ ਵਿਚ ਬਰਦਾਸ਼ਤ ਕਰਨੀ ਪੈਂਦੀ ਹੈ। ਜਿੱਥੇ ਕਿਸਾਨ ਥੋੜ੍ਹੇ ਸਮੇਂ 'ਚ ਪੱਕਣ ਵਾਲੀ ਪੂਸਾ ਬਾਸਮਤੀ-1509 ਦੇ ਝਾੜ ਅਤੇ ਭਾਅ ਤੋਂ ਸੰਤੁਸ਼ਟ ਹਨ ਥੋੜ੍ਹੇ ਸਮੇਂ 'ਚ ਪੱਕਣ ਵਾਲੀ ਝੋਨੇ ਦੀ ਪੀ. ਆਰ. -126 ਕਿਸਮ ਸਬੰਧੀ ਕੁੱਝ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਕਿਸਮ ਦਾ ਪ੍ਰਤੀ ਏਕੜ ਝਾੜ ਪਿਛਲੇ ਸਾਲ ਤੋਂ ਘੱਟ ਕੇ 26 -27 ਕੁਇੰਟਲ ਰਹਿ ਗਿਆ। ਜਦੋਂ ਕਿ ਕੁਝ ਕਿਸਾਨ 32 -33 ਕੁਇਟੰਲ ਪ੍ਰਤੀ ਏਕੜ ਤੱਕ ਵੀ ਦੱਸ ਰਹੇ ਹਨ।
ਝੋਨੇ ਦੀ ਪਰਾਲੀ ਸਬੰਧੀ ਕਿਸਾਨ ਚਿੰਤਾ ਤੇ ਦੁਬਿੱਧਾ 'ਚ ਹਨ। ਪੰਜਾਬ ਸਰਕਾਰ ਨੇ ਕੌਮੀ ਗਰੀਨ ਟ੍ਰਿਬਯੂਨਲ ਵਲੋਂ ਦਿੱਤੇ ਗਏ ਆਦੇਸ਼ਾਂ 'ਤੇ ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਦੀ ਸਾਂਭ-ਸੰਭਾਲ ਲਈ ਸਰਕਾਰ ਵਲੋਂ ਨਾ ਤਾਂ ਕਿਸਾਨਾਂ ਨੂੰ ਕੋਈ ਮਸ਼ੀਨਰੀ ਮੁਹਈਆ ਕੀਤੀ ਗਈ ਹੈ, ਨਾ ਗੱਠਾਂ ਦੀ ਵੇਚ ਲਈ ਕੋਈ ਪਲਾਂਟ ਹਨ ਅਤੇ ਨਾ ਹੀ ਇਸ ਦੀ ਸਾਂਭ-ਸੰਭਾਲ 'ਤੇ ਆਉਣ ਵਾਲੇ ਫਾਲਤੂ ਖਰਚੇ ਦੀ ਤਲਾਫੀ ਲਈ ਕੋਈ ਮਦਦ ਦਿੱਤੀ ਗਈ ਹੈ। ਕਿਸਾਨਾਂ ਦੀ ਬਹੁਮਤ ਵੀ ਇਹ ਮਹਿਸੂਸ ਕਰਦੀ ਹੈ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਪ੍ਰਦੂਸ਼ਣ ਫੈਲਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ ਅਤੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਪਰ ਉਹ ਕੀ ਕਰਨ? ਛੋਟੇ ਕਿਸਾਨ ਤਾਂ ਪਹਿਲਾਂ ਹੀ ਵੱਧ ਖਰਚਿਆਂ ਕਾਰਨ ਕਰਜ਼ੇ 'ਚ ਦੱਬੇ ਵੀ ਹੋਏ ਹਨ। ਉਹ ਦਹਾਕਿਆਂ ਤੋਂ ਪਰਾਲੀ ਨੂੰ ਅੱਗ ਲਾਉਣ ਦੀ ਪ੍ਰਥਾ ਛੱਡ ਕੇ ਇੱਕਦਮ ਫਾਲਤੂ ਖਰਚੇ ਨੂੰ ਕਿਵੇਂ ਬਰਦਾਸ਼ਤ ਕਰਨ? ਖੇਤੀਬਾੜੀ ਵਿਭਾਗ ਕਿਸਾਨਾਂ ਨੁੂੰ ਕਣਕ ਬੀਜਣ ਦੀ ਕੋਈ ਸਫ਼ਲ ਵਿਧੀ ਦੱਸ ਕੇ ਅਗਵਾਈ ਦੇਣ ਦੀ ਬਜਾਏ ਧਮਕੀਆਂ ਦੇ ਰਿਹਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਸਬਸਿਡੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਵਿਭਾਗ ਦੇ ਨਿਰਦੇਸ਼ਕ ਜਸਬੀਰ ਸਿੰਘ ਬੈਂਸ ਵਲੋਂ ਪਟਿਆਲਾ ਵਿਖੇ ਕੀਤੀ ਮੀਟਿੰਗ ਵਿਚ ਵਿਭਾਗ ਦੇ ਆਪਣੇ ਹੀ ਸੇਵਾਮੁਕਤ ਮਾਹਰ ਡਾ: ਨਰਿੰਦਰ ਸਿੰਘ ਕਾਲੇਕਾ ਨੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਕੋਈ ਠੋਸ ਤਕਨੀਕ ਦੇਣ ਦੀ ਬਜਾਏ ਉਨ੍ਹਾਂ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾਂ ਰਹੀਆਂ ਧਮਕਆਂ ਦੀ ਕਰੜੀ ਵਿਰੋਧਤਾ ਕੀਤੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਰਮਾਨਿਆਂ ਵੱਲ ਤੁਰ ਪਿਆ। ਮਾਲ ਵਿਭਾਗ ਰੈਵਨਿਊ ਰਿਕਾਰਡ ਵਿਚ ਲਾਲ ਸਿਆਹੀ ਨਾਲ ਐਂਟਰੀਆਂ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਕਿਸਾਨ ਆਗੂਆਂ ਵਲੋਂ ਵੱਖ-ਵੱਖ ਵਿਭਾਗਾਂ ਵਲੋਂ ਧਮਕੀਆਂ ਦੇ ਕੇ ਕਿਸਾਨਾਂ 'ਤੇ ਦਬਾ ਵਧਾਉਣ ਨੂੰ ਨਿੰਦਿਆ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਤੋਂ ਕਿਸਾਨਾਂ ਨੂੰ ਸਹਾਇਤਾ ਦੇਣ ਲਈ ਪੈਸੇ ਦੀ ਮੰਗ ਕਰ ਰਹੇ ਹਨ ਅਤੇ ਕਿਸਾਨਾਂ ਨੁੂੰ ਦਿਲਾਸਾ ਵੀ ਦੇ ਰਹੇ ਹਨ। ਕਿਸਾਨ ਸੰਗਠਨਾਂ ਦੇੇ ਪ੍ਰਤੀਨਿਧੀ ਅਜਿਹੇ ਹਾਲਾਤ ਵਿਚ ਕਿਸਾਨਾਂ ਦੇ ਅੱਗ ਲਾਉਣ ਦੇ ਇਰਾਦੇ ਨੂੰ ਸਿਰੇ ਚਾੜ੍ਹਨ ਲਈ ਉਨ੍ਹਾਂ ਦੀ ਸ਼ਹਿ 'ਤੇ ਹਨ। ਸਰਕਾਰ ਇਸ ਸਥਿਤੀ ਨੂੰ ਭਵਿੱਖ ਵਿਚ ਕਿਵੇਂ ਸੁਲਝਾਉਂਦੀ ਹੈ ਇਹ ਟ੍ਰਿਬਿਊਨਲ ਵਲੋਂ ਕੱਲ੍ਹ 11 ਅਕਤੂਬਰ ਨੂੰ ਕੀਤੀ ਜਾਣ ਵਾਲੀ ਸੁਣਵਾਈ 'ਤੇ ਹੀ ਨਿਰਭਰ ਕਰਦਾ ਹੈ।
ਕਣਕ ਦੀ ਬਿਜਾਈ ਇਸ ਮਹੀਨੇ ਦੇ ਅਖੀਰ 'ਚ ਸ਼ੁਰੂ ਹੋ ਕੇ ਨਵੰਬਰ 'ਚ ਜ਼ੋਰ ਫੜੇਗੀ। ਕਿਸਾਨਾਂ ਨੇ ਹੁਣ ਇਹ ਫੈਸਲਾ ਕਰਨਾ ਹੈ ਕਿ ਵਧੇਰੇ ਝਾੜ ਦੀ ਪ੍ਰਾਪਤੀ ਲਈ ਉਹ ਕਿਹੜੀ ਕਿਸਮ ਬੀਜਣ। ਆਮ ਬਿਜਾਈ ਤਾਂ ਐਚ. ਡੀ. -2967 ਅਤੇ ਐਚ. ਡੀ. -3086 ਕਿਸਮਾਂ ਦੀ ਹੀ ਕੀਤੀ ਜਾਣੀ ਹੈ। ਪਿਛਲੇ ਸਾਲ ਐਚ. ਡੀ. -3086 ਕਿਸਮ ਨੇ ਸਭ ਦੂਜੀਆਂ ਕਿਸਮਾਂ ਨਾਲੋਂ ਵੱਧ ਉਤਪਾਦਨ ਦਿੱਤਾ। ਇਹ ਕਿਸਮ ਸਿੰਜਾਈ ਵਾਲੇ ਇਲਾਕਿਆਂ ਵਿਚ ਸਮੇਂ ਸਿਰ 10 ਨਵੰਬਰ ਤੋਂ ਬਾਅਦ ਕਾਸ਼ਤ ਕਰਨ ਲਈ ਅਨੁਕੂਲ ਹੈ ਜੋ ਪਿਛਲੇ ਸਾਲ ਉੱਤਰ ਪੱਛਮੀ ਮੈਦਾਨੀ ਕਣਕ ਪੈਦਾ ਕਰਨ ਵਾਲੇ ਇਲਾਕਿਆਂ 'ਚ ਸਭ ਦੂਜੀਆਂ ਕਿਸਮਾਂ ਦੇ ਮੁਕਾਬਲੇ ਵੱਧ ਰਕਬੇ 'ਤੇ ਬੀਜੀ ਗਈ ਸੀ। ਇਹ ਕਿਸਮ 143 ਦਿਨ 'ਚ ਪੱਕ ਜਾਂਦੀ ਹੈ ਅਤੇ ਇਸ ਦਾ ਦਾਣਾ, ਰੋਟੀ ਬਣਾਉਣ ਅਤੇ ਬੇਕਰੀ ਉਦਯੋਗ ਲਈ ਬੜਾ ਅਨੁਕੂਲ ਹੈ। ਇਹ ਕਿਸਮ ਪੀਲੀ ਕੁੰਗੀ ਦਾ ਵੀ ਮੁਕਾਬਲਾ ਕਰਨ ਦੀ ਸ਼ਕਤੀ ਰੱਖਦੀ ਹੈ। ਇਸ ਵਿਚ 12.8 ਪ੍ਰਤੀਸ਼ਤ ਪ੍ਰੋਟੀਨ ਹੈ ਅਤੇ ਪੌਸ਼ਟਿਕਤਾ ਭਰਪੂਰ ਹੈ। ਐਚ. ਡੀ. - 2967 ਕਿਸਮ ਦੀ ਕਾਸ਼ਤ ਪੂਰੇ ਨਵੰਬਰ 'ਚ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਬਿਜਾਈ ਮੁਕਾਬਲਤਨ ਹਰ ਵਾਤਾਵਰਨ 'ਚ ਹੋ ਜਾਂਦੀ ਹੈ। ਇਸ ਦੇ ਦਾਣੇ ਦੀ ਗੁਣਵੱਤਾ ਵੀ ਬੜੀ ਵਧੀਆ ਹੈ। ਪਿਛਲੇ ਸਾਲ ਆਮ ਕਿਸਾਨਾਂ ਨੇ ਇਸ ਕਿਸਮ ਦੀ ਕਾਸ਼ਤ ਕੀਤੀ ਸੀ।
ਨਵੀਆਂ ਕਿਸਮਾਂ
ਉੱਨਤ ਪੀ. ਬੀ. ਡਬਲਿਊ. 343 : ਇਹ ਕਿਸਮ ਪੀ. ਬੀ. ਡਬਲਿਯੂ. -343 ਕਿਸਮ ਨੂੰ ਸੋਧ ਕੇ ਪੰਜਾਬ ਖੇਤੀ ਯੂਨੀਵਰਸਿਟੀ ਨੇ ਤਿਆਰ ਕੀਤੀ ਹੈ। ਇਸ ਦਾ ਔਸਤ ਕੱਦ 100 ਸੈਂਟੀਮੀਟਰ ਹੈ। ਪੀਲੀ ਕੁੰਗੀ ਦਾ ਕਾਫੀ ਹੱਦ ਤੱਕ ਟਾਕਰਾ ਕਰਨ ਦੀ ਸਮਰਥਾ ਹੈ ਪਰ ਇਸ ਨੂੰ ਕਾਂਗਿਆਰੀ ਲੱਗ ਸਕਦੀ ਹੈ। ਇਹ ਕਿਸਮ ਪੱਕਣ ਨੁੂੰ 155 ਦਿਨ ਲੈਂਦੀ ਹੈ।
ਉੱਨਤ ਪੀ. ਬੀ. ਡਬਲਿਊੂ. 550 : ਇਹ ਕਿਸਮ ਪੁਰਾਣੀ ਪੀ. ਬੀ. ਡਬਲਿਯੂ. 550 ਦਾ ਸੋਧਿਆ ਰੂਪ ਹੈ। ਇਸ ਦਾ ਔਸਤ ਕੱਦ 86 ਸੈਂਟੀਮੀਟਰ ਹੈ। ਇਹ ਕਿਸਮ ਪੱਕਣ ਨੂੰ 147 ਦਿਨ ਲੈਂਦੀ ਹੈ। ਇਸ ਦੀ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਵਿਚ ਕਰਨੀ ਚਾਹੀਦੀ ਹੈ ਅਤੇ ਬੀਜ 45 ਕਿਲੋ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ ਜਦੋਂ ਕਿ ਦੂਜੀਆਂ ਕਿਸਮਾਂ ਦਾ ਬੀਜ 40 ਕਿਲੋ ਪ੍ਰਤੀ ਏਕੜ ਦੀ ਦਰ ਨਾਲ ਸਿਫਾਰਸ਼ ਕੀਤਾ ਜਾਂਦਾ ਹੈ।
ਡਬਲਿਊ. ਬੀ. 2 : ਇਸ ਕਿਸਮ ਵਿਚ ਜ਼ਿੰਕ ਦੀ ਮਾਤਰਾ ਵੱਧ ਹੋਣ ਕਾਰਨ ਇਹ ਪੌਸ਼ਟਿਕਤਾ ਭਰਪੂਰ ਹੈ। ਇਸ ਵਿਚ ਲੋਹਾ ਵੀ ਵੱਧ ਹੈ ਜੋ 40 ਪੀ ਐਮ ਹੈ। ਪ੍ਰੋਟੀਨ ਦੀ ਮਾਤਰਾ ਵੀ ਜ਼ਿਆਦਾ ਹੈ। ਇਹ ਕਿਸਮ ਸੇਂਜੂ ਇਲਾਕਿਆਂ ਵਿਚ ਸਮੇਂ ਸਿਰ ਬੀਜਣ ਲਈ ਹੈ। ਇਸ ਵਿਚ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਸ਼ਕਤੀ ਹੈ। ਪੱਕਣ ਨੂੰ ਇਹ ਕਿਸਮ 142 ਦਿਨ ਲੈਂਦੀ ਹੈ। ਇਸ ਦਾ ਕੱਦ 100 ਸੈਂਟੀਮੀਟਰ ਅਤੇ 1000 ਦਾਣਿਆਂ ਦਾ ਵਜ਼ਨ 39 ਗ੍ਰਾਮ ਹੈ।
ਐਚ. ਡੀ. ਸੀ. ਐਸ. ਡਬਲਿਉੂ. 18 : ਅਗੇਤੀ ਬਿਜਾਈ ਲਈ ਇਹ ਝੋਨੇ ਦੇ ਵੱਢ ਵਿਚ ਜ਼ੀਰੋ ਡਰਿੱਲ ਤਕਨਾਲੋਜੀ ਨਾਲ ਇਹ ਬੀਜਣ ਦੇ ਯੋਗ ਹੈ। ਇਸ ਕਿਸਮ ਦੀ ਬਿਜਾਈ ਅਕਤੂਬਰ ਵਿਚ ਕੀਤੀ ਜਾ ਸਕਦੀ ਹੈ। ਇਸ ਕਿਸਮ ਦੇ ਬਰੀਡਰ ਡਾ: ਰਾਜਬੀਰ ਯਾਦਵ ਅਨੁਸਾਰ ਅਗੇਤੀ ਅਕਤੂਬਰ ਦੀ ਬਿਜਾਈ ਲਈ ਇਹ ਸਭ ਦੂਜੀਆਂ ਕਿਸਮਾਂ ਨਾਲੋਂ ਅਨੁਕੂਲ ਕਿਸਮ ਹੈ।
ਐਚ. ਡੀ. -3117 : ਇਹ ਕਿਸਮ ਵੀ ਝੋਨੇ ਦੇ ਵੱਢਾਂ 'ਚ ਜ਼ੀਰੋ ਤਕਨਾਲੋਜੀ ਤਕਨੀਕ ਨਾਲ 15 ਨਵੰਬਰ ਤੋਂ ਬਾਅਦ ਬੀਜਣ ਲਈ ਸਿਫਾਰਸ਼ ਕੀਤੀ ਗਈ ਹੈ। ਇਸ ਕਿਸਮ ਦੇ ਬਰੀਡਰ ਡਾ: ਰਾਜਬੀਰ ਯਾਦਵ ਅਨੁਸਾਰ ਇਸ ਕਿਸਮ ਦੀ ਕਾਸ਼ਤ 15 ਨਵੰਬਰ ਤੋਂ 30 ਦਸੰਬਰ ਤੱਕ ਕੀਤੀ ਜਾ ਸਕਦੀ ਹੈ। ਇਹ ਕਿਸਮ ਸਮੇਂ ਸਿਰ ਬੀਜਣ ਅਤੇ ਪਛੇਤੀ ਬਿਜਾਈ ਦੋਵੇਂ ਹਾਲਤਾਂ ਲਈ ਅਨੁਕੂਲ ਹੈ। ਇਹ ਵਧੇਰੇ ਝਾੜ ਦੇਣ ਵਾਲੀ ਕਿਸਮ ਹੈ।
ਪੀ. ਬੀ. ਡਬਲਿਊ. -1 ਜ਼ਿੰਕ : ਇਹ ਕਿਸਮ ਦਾ ਔਸਤ ਝਾੜ 22.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ ਭੂਰੀ ਕੁੰਗੀ ਤੋਂ ਰਹਿਤ ਹੈ ਅਤੇ ਪੀਲੀ ਕੁੰਗੀ ਦਾ ਦਰਮਿਆਨੇ ਪੱਧਰ 'ਤੇ ਟਾਕਰਾ ਕਰ ਸਕਦੀ ਹੈ। ਇਸ ਨੂੰ ਕਾਂਗਿਆਰੀ ਲੱਗ ਸਕਦੀ ਹੈ। ਇਹ ਕਿਸਮ ਪੱਕਣ ਨੁੂੰ 151 ਦਿਨ ਲੈਂਦੀ ਹੈ।
ਡੀ. ਬੀ. ਡਬਲਿਊ. 173 : ਇਹ ਕਿਸਮ ਪਛੇਤੀ ਬਿਜਾਈ ਲਈ ਵਿਕਸਿਤ ਕੀਤੀ ਗਈ ਹੈ।
ਸਫਲਤਾ ਨਾਲ ਕਾਸ਼ਤ ਕੀਤੀਆਂ ਜਾ ਰਹੀਆਂ ਐਚ. ਡੀ. 2967 'ਤੇ ਐਚ. ਡੀ. 3086 ਕਿਸਮਾਂ ਤੋਂ ਇਲਾਵਾ ਘੱਟ ਸਿੰਜਾਈ ਵਾਲੇ ਇਲਾਕਿਆਂ 'ਚ ਕਾਸ਼ਤ ਕਰਨ ਲਈ ਐਚ. ਡੀ. 3043 ਅਤੇ ਪਛੇਤੀ ਬਿਜਾਈ ਲਈ ਐਚ. ਡੀ. 3059 ਕਿਸਮਾਂ ਦੀ ਚੋਣ ਵੀ ਕੀਤੀ ਜਾ ਸਕਦੀ ਹੈ।
ਕਿਸਾਨਾਂ ਨੂੰ ਕਿਸਮਾਂ ਦੇ ਵਿਕੇਂਦਰੀਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਉਹ ਇੱਕੋ ਕਿਸਮ ਹੇਠ ਸਾਰਾ ਰਕਬਾ ਨਾ ਲਿਆਉਣ।

ਮੋਬਾ: 98152-36307

ਪਰਾਲੀ ਤੋਂ ਫਾਇਦਾ ਲਵੋ

ਝੋਨੇ ਦੀ ਪਰਾਲੀ ਇਕ ਵੱਡੀ ਸਮੱਸਿਆ ਹੈ, ਕਿਸਾਨਾਂ ਵਾਸਤੇ ਵੀ ਤੇ ਸਰਕਾਰ ਵਾਸਤੇ ਵੀ। ਕਿਸਾਨਾਂ ਨੂੰ ਪਰਾਲੀ ਸਾੜਨ ਦੇ ਕਾਨੂੰਨ ਤਹਿਤ ਸਜ਼ਾ ਦੇਣੀ ਕੋਈ ਸੌਖਾ ਤੇ ਅਕਲਮੰਦੀ ਦਾ ਕੰਮ ਨਹੀਂ ਹੈ। ਇਸਦਾ ਇਕੋ ਹੱਲ ਹੈ, ਪਰਾਲੀ ਦੀ ਸਹੀ ਵਰਤੋਂ। ਪਰਾਲੀ ਕਈ ਤਰੀਕਿਆਂ ਨਾਲ ਵਰਤੀ ਜਾ ਸਕਦੀ ਹੈ। ਜਿਵੇਂ ਹਰਿਆਣੇ ਵਿਚ ਪਾਨੀਪਤ ਤੇ ਇਕ ਪਿੰਡ ਨੇ ਇਕੱਠੇ ਹੋ ਕੇ, ਪਿੰਡ ਦੀ 40000 ਏਕੜ ਦੀ ਪਰਾਲੀ ਨੂੰ ਸਰਦੀਆਂ ਵਿਚ ਖੁੰਬਾਂ ਦੀ ਖੇਤੀ ਲਈ ਵਰਤਣਾ ਸ਼ੁਰੂ ਕਰ ਦਿੱਤਾ ਤੇ 2 ਕਰੋੜ ਦੀ ਆਮਦਨ ਲਈ। ਪਰਾਲੀ ਨੇ ਖੁੰਬਾਂ ਨੂੰ ਕੁਦਰਤੀ ਲੋੜੀਂਦਾ ਸੇਕ ਮੁਫਤ ਵਿਚ ਦੇ ਦਿੱਤਾ। ਇਸੇ ਤਰ੍ਹਾਂ ਇਹ ਪਸ਼ੂਆਂ ਅਤੇ ਮੁਰਗੀਆਂ ਦੇ ਵਿਛੌਣੇ ਦੇ ਕੰਮ ਆਉਂਦੀ ਹੈ। ਪਰ ਇਹ ਪਸ਼ੂਆਂ ਨੂੰ ਬਹੁਤ ਘੱਟ ਮਾਤਰਾ ਵਿਚ ਪਾਉਣੀ ਚਾਹੀਦੀ ਹੈ। ਥੋੜ੍ਹੀ ਪਰਾਲੀ ਪਸ਼ੂ ਦੀ ਪਾਚਣ ਸ਼ਕਤੀ ਤੇਜ਼ ਕਰਦੀ ਹੈ, ਪਰ ਜ਼ਿਆਦਾ ਵਿਗਾੜ ਪਾਉਂਦੀ ਹੈ। ਪਸ਼ੂ ਦੀ ਉਮਰ ਵੀ ਘਟਦੀ ਹੈ ਤੇ ਦੁੱਧ ਵੀ ਘਟ ਜਾਂਦਾ ਹੈ। ਇਸੇ ਤਰ੍ਹਾਂ ਪਰਾਲੀ ਤੋਂ ਛੋਟੀਆਂ ਮਸ਼ੀਨਾਂ ਲਾ ਕੇ ਪਿੰਡ ਪਿੰਡ ਪਰਾਲੀ-ਕੋਲਾ ਬਣਾਇਆ ਜਾ ਸਕਦਾ ਹੈ। ਹੋਰ ਵੀ ਬਹੁਤ ਕੁਝ ਬਣ ਸਕਦਾ ਹੈ। ਸਰਕਾਰ ਨੂੰ ਚਾਹੀਦਾ ਕਿ ਸਜ਼ਾ ਦੇਣ ਦੀ ਬਜਾਏ, ਛੋਟੇ ਕਰਜ਼ੇ ਜਾਂ ਸਹਾਇਤਾ ਦੇ ਕੇ ਪਰਾਲੀ ਨਾਲ ਸਬੰਧਿਤ ਕਿੱਤੇ ਚਾਲੂ ਕਰਾਵੇ।


-ਮੋਬਾ: 98159-45018

ਵਧੇਰੇ ਆਮਦਨ ਲਈ ਕਨੋਲਾ ਸਰ੍ਹੋਂ ਦੀ ਕਾਸ਼ਤ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬਾਹਰਲੇ ਦੇਸ਼ਾਂ ਵਿਚ 2 ਫ਼ੀਸਦੀ ਤੋਂ ਜ਼ਿਆਦਾ ਇਰੂਸਿਕ ਐਸਿਡ ਵਾਲੇ ਤੇਲ ਮਨੁੱਖਾਂ ਦੇ ਖਾਣ ਲਈ ਵਰਜਿਤ ਹਨ। ਇਸ ਤਰ੍ਹਾਂ ਹੀ ਗਲੋਕੋਸਿਨੋਲੇਟ ਦੀ ਖਲ਼ ਵਿਚ ਵੱਧ ਮਾਤਰਾ ਪਸ਼ੂਆਂ ਵਿਚ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ ਜਿਵੇਂ ਕਿ ਗਾਇਟਰ, ਪਰ ਵਿਗਿਆਨਿਕ ਖੋਜ ਸਦਕਾ ਇਨ੍ਹਾਂ ਦੋਵਾਂ ਹੀ ਅਲਾਮਤਾਂ ਉਪਰ ਕਾਬੂ ਪਾ ਲਿਆ ਹੈ। ਕਨੋਲਾ ਤੇਲ ਦੀ ਇਹ ਵੀ ਖ਼ੂਬੀ ਹੈ ਕਿ ਇਸ ਵਿਚ ਸੈਚੂਰੇਟਡ ਫੈਟ (ਸੁਫਾ) ਬਾਕੀ ਬਨਸਪਤੀ ਤੇਲਾਂ ਦੇ ਮੁਕਾਬਲੇ ਘੱਟ ਪਾਇਆ ਜਾਂਦਾ ਹੈ ਜੋ ਕਿ 7 ਫ਼ੀਸਦੀ ਤੋਂ ਘੱਟ ਹੈ ਅਤੇ ਮੁਫਾ ਅਤੇ ਪੂਫਾ ਦੀ ਮਿਕਦਾਰ 93 ਫ਼ੀਸਦੀ ਹੁੰਦੀ ਹੈ ਜੋ ਕੁਆਇਟੀ ਪੱਖੋ ਬਹੁਤ ਅਹਿਮੀਅਤ ਰੱਖਦਾ ਹੈ। ਇਸ ਦੇ ਮੁਫਾ ਅਤੇ ਪੂਫਾ ਵਿਚੋਂ ਓਲਿਕ ਐਸਿਡ (ਮੁਫਾ) 60 ਫ਼ੀਸਦੀ ਤੋਂ ਵੱਧ ਹੁੰਦਾ ਹੈ ਜਿਸ ਨੂੰ ਕੁਆਲਟੀ ਪੱਖੋਂ ਬਹੁਤ ਵਧੀਆਂ ਮੰਨਿਆ ਜਾਂਦਾ ਹੈ ਅਤੇ ਤੇਲ ਨੂੰ ਵੱਧ ਸਮੇਂ ਲਈ ਸੰਭਾਲ ਕੀਤਾ ਜਾ ਸਕਦਾ ਹੈ। ਪੁਫਾ ਸ਼੍ਰੇਣੀ ਵਿਚ ਓਮੇਗਾ-3 ਅਤੇ ਓਮੇਗਾ-6 ਆਉਂਦੇ ਹਨ ਜੋ ਕਿ ਜੈਤੂਨ ਦੇ ਤੇਲ ਵਿਚ ਪਾਏ ਜਾਂਦੇ ਹਨ ਪਰ ਕਨੋਲਾ ਤੇਲ ਵਿਚ ਓਮੇਗਾ-3 ਅਤੇ ਓਮੇਗਾ-6 ਬਹੁਤ ਮਿਕਦਾਰ ਵਿਚ ਹੁੰਦੇ ਹਨ । ਜੈਤੂਨ ਦਾ ਤੇਲ ਸਰ੍ਹੋਂ ਦੇ ਤੇਲ ਤੋਂ ਲੱਗਪਗ ਚੌਗੁਣਾ ਮਹਿੰਗਾ ਮਿਲਦਾ ਹੈ। ਓਮੇਗਾ-3, ਜਿਸ ਨੂੰ ਵਿਗਿਆਨਿਕ ਤੌਰ 'ਤੇ ਅਲਫਾ-ਲਿਨੋਲੇਨਿਕ ਐਸਿਡ ਕਹਿੰਦੇ ਹਨ, ਇਹ ਸਰੀਰ ਵਿਚ ਲੋ ਡੇਨਸਿਟੀ ਲਿਪੋਪ੍ਰੋਟੀਨ (*4*) ਨੂੰ ਘੱਟ ਕਰਦਾ ਹੈ ਅਤੇ ਦਿਲ ਦੀਆਂ ਹੋਣ ਵਾਲੀਆ ਬਿਮਾਰੀਆ ਨੂੰ ਰੋਕਦਾ ਹੈ। ਇਸ ਤਰ੍ਹਾਂ ਹੀ ਓਮੇਗਾ-6 (ਲਿਨਓਲਿਕ ਐਸਿਡ) ਬੱਚਿਆ ਦੇ ਦਿਮਾਗ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਓਮੇਗਾ-6 ਅਤੇ ਓਮੇਗਾ-3 ਦੀ ਅਨੁਪਾਤ 2:1 ਹੋਣੀ ਚਾਹੀਦੀ ਹੈ ਜੋ ਕਿ ਆਮ ਤੌਰ 'ਤੇ ਬਾਕੀ ਤੇਲਾਂ ਵਿਚ ਬਹੁਤ ਘੱਟ ਪਾਈ ਜਾਂਦੀ ਹੈ ਪਰ ਕਨੋਲਾ ਵਿਚ ਇਹ ਉਪਲੱਬਧ ਹੈ ਜਿਸ ਕਰਕੇ ਇਸ ਤੇਲ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਕਨੋਲਾ ਵਿਚ ਵਿਟਾਮਿਨ ਈ ਦੀ ਮਿਕਦਾਰ ਵੀ ਕਾਫ਼ੀ ਹੁੰਦੀ ਹੈ ਜੋ ਕਿ ਸਰੀਰ ਨੂੰ ਕਈ ਵਿਕਾਰਾਂ ਤੋ ਬਚਾਉਂਦਾ ਹੈ। ਹੁਣ ਲੋਕਾਂ ਵਿਚ ਜਾਗਰੂਕਤਾ ਆਉਣ ਨਾਲ ਕਨੋਲਾ ਤੇਲ ਦੀ ਮੰਗ ਬਹੁਤ ਵਧ ਰਹੀ ਹੈ ਇਸ ਕਰਕੇ ਹੀ ਸਾਲ 2015-16 ਵਿਚ ਕਰੋੜਾਂ ਰੁਪਏ ਖਰਚ ਕਰਕੇ 3,58,000 ਟਨ ਕਨੋਲਾ ਤੇਲ ਬਾਹਰਲੇ ਮੁਲਕਾਂ ਤੋ ਮੰਗਵਾਇਆ ਗਿਆ ਸੀ।
ਕਨੋਲਾ ਤੇਲ ਦੀ ਵਧ ਰਹੀ ਮੰਗ ਨੂੰ ਵੇਖਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਕਨੋਲਾ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਗੁਣਵੱਤਾ ਅੰਤਰ-ਰਾਸ਼ਟਰੀ ਪੱਧਰ ਦੀ ਹੈ। ਗੋਭੀ ਸਰ੍ਹੋਂ ਵਿਚ ਜੀ. ਐਸ. ਸੀ. 7 ਅਤੇ ਰਾਇਆ ਵਿਚ ਆਰ. ਐਲ. ਸੀ. 3 ਕਿਸਮਾਂ ਉਪਲੱਬਧ ਹਨ। ਗੋਭੀ ਸਰ੍ਹੋਂ ਦੀ ਜੀ. ਐਸ. ਸੀ. 7 ਕਿਸਮ ਕਿਸਾਨਾਂ ਵਿਚ ਬਹੁਤ ਪ੍ਰਚੱਲਤ ਹੋਈ ਹੈ ਜਿਸ ਦਾ ਝਾੜ ਤਕਰੀਬਨ 9 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਵਿਚ ਓਲਿਕ ਐਸਿਡ 64.2 ਫ਼ੀਸਦੀ, ਲਿਨਓਲਿਕ ਐਸਿਡ 25.2 ਫ਼ੀਸਦੀ, ਲਿਨੋਲੈਨਿਕ ਐਸਿਡ 14.5 ਫ਼ੀਸਦੀ ਅਤੇ ਇਰੂਸਿਕ ਐਸਿਡ ਕੇਵਲ 0.5 ਫ਼ੀਸਦੀ ਹੁੰਦਾ ਹੈ। ਇਸ ਤੋ ਇਲਾਵਾ ਇਸ ਵਿਚ ਗਲੋਕੋਸਿਨੋਲੇਟ 14.5 ਮਾਈਕ੍ਰੋਮੋਲ ਹੀ ਹੁੰਦੇ ਹਨ ਜਿਸ ਕਰਕੇ ਇਸ ਦੀ ਖਲ਼ ਦਾ ਸੁਆਦ ਮਿੱਠਾ ਹੈ ਅਤੇ ਘੱਟ ਗਲੋਕੋਸਿਨੋਲੇਟ ਹੋਣ ਕਰਕੇ ਪਸ਼ੂਆਂ ਲਈ ਗੁਣਕਾਰੀ ਹੈ। ਇਹ ਕਿਸਮ 154 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਚਿੱਟੀ ਕੁੰਗੀ ਦਾ ਰੋਗ ਨਹੀਂ ਲੱਗਦਾ। ਗੋਭੀ ਸਰ੍ਹੋਂ ਤੋ ਇਲਾਵਾ ਇਸ ਯੂਨੀਵਰਸਿਟੀ ਨੇ ਆਰ. ਐਲ. ਸੀ. 3 ਜੋ ਕਿ ਰਾਇਆ ਦੀ ਕਿਸਮ ਹੈ, ਵੀ ਵਿਕਸਤ ਕੀਤੀ ਹੈ ਜਿਸ ਦੇ ਦਾਣੇ ਪੀਲੇ ਰੰਗ ਦੇ ਹਨ। ਇਸ ਵਿਚ ਤੇਲ ਦੀ ਮਾਤਰਾ 41.0 ਫ਼ੀਸਦੀ ਅਤੇ ਚਿੱਟੀ ਕੁੰਗੀ ਦੇ ਰੋਗ ਪ੍ਰਤਿ ਸਹਿਣਸ਼ੀਲਤਾ ਹੈ। ਇਨ੍ਹਾਂ ਦੋਨਾਂ ਕਿਸਮਾਂ ਨੂੰ ਕਿਸਾਨਾਂ ਨੇ ਬਹੁਤ ਅਪਣਾਇਆ ਹੈ ਅਤੇ ਕੱਚੀ ਘਾਣੀ ਦੇ ਤੌਰ ਇਸ ਦੇ ਤੇਲ ਦੀ ਵਰਤੋਂ ਕਰ ਰਹੇ ਹਨ। ਕਨੋਲਾ ਸਰ੍ਹੋਂ ਦੇ ਇਕ ਕੁਇੰਟਲ ਵਿਚੋਂ ਤਕਰੀਬਨ 33-34 ਲਿਟਰ ਤੇਲ ਪ੍ਰਾਪਤ ਹੋ ਜਾਂਦਾ ਹੈ ਜਿਸ ਨੂੰ ਅਗੇ 180 ਤੋ 220 ਰੁਪਏ ਪ੍ਰਤੀ ਲਿਟਰ ਵੇਚਿਆ ਜਾ ਸਕਦਾ ਹੈ। ਇਸ ਤੋ ਇਲਾਵਾਂ 65-67 ਕਿਲੋ ਖਲ਼ ਵੀ ਮਿਲਦੀ ਹੈ ਜਿਸ ਦੀ ਤਕਰੀਬਨ 2200 ਰੁਪਏ ਪ੍ਰਤੀ ਕੁਇੰਟਲ ਕੀਮਤ ਬਣਦੀ ਹੈ। ਹਿੰਮਤੀ ਕਿਸਾਨਾਂ ਨੂੰ ਤੇਲ ਬੀਜ ਦੀ ਪੈਦਾਵਾਰ ਮੰਡੀਆਂ ਵਿਚ ਨਾ ਵੇਚ ਕੇ ਤੇਲ ਕੋਹਲੂ ਲਗਾਉਣੇ ਚਾਹੀਦੇ ਹਨ ਅਤੇ ਉੱਚ ਕੁਆਇਟੀ ਦਾ ਤੇਲ ਵੇਚਣਾ ਚਾਹੀਦਾ ਹੈ। ਨਿੱਜੀ ਕੰਪਨੀਆਂ ਵਲੋਂ ਕਨੋਲਾ ਤੇਲ ਬਜ਼ਾਰ ਵਿਚ 170 ਰੁਪਏ ਤੋਂ 220 ਰੁਪਏ ਪ੍ਰਤੀ ਲਿਟਰ ਵੇਚਿਆ ਜਾਂਦਾ ਹੈ। ਸੰਨ 2015-16 ਵਿਚ ਬਹੁਤ ਸਾਰੇ ਕਿਸਾਨਾਂ ਨੇ ਗੋਭੀ ਸਰ੍ਹੋਂ ਦੀ ਕਨੋਲਾ ਕਿਸਮ ਜੀ. ਐਸ. ਸੀ. 7 ਬੀਜੀ ਜਿਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਰਿਹਾ। 10 ਕੁਇੰਟਲ ਪੈਦਾਵਾਰ ਤੋਂ ਤਕਰੀਬਨ 330-335 ਲਿਟਰ ਕਨੋਲਾ ਤੇਲ ਨਿਕਲਦਾ ਹੈ ਜਿਸਨੂੰ 130-150 ਰੁਪਏ ਲਿਟਰ ਵਿਚ ਆਸਾਨੀ ਨਾਲ ਵੇਚਿਆ ਜਾ ਸਕਦਾ ਹੈ ਕਿਉਂਕਿ ਜ਼ਿਆਦਾਤਰ ਕਿਸਾਨ ਪਰਿਵਾਰ ਕਨੋਲਾ ਤੇਲ ਦੀ ਵਰਤੋਂ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਤੋਂ ਜਾਣੂ ਹਨ। ਇਕ ਕੁਇੰਟਲ ਬੀਜ ਤੋਂ ਤੇਲ ਕੱਢਣ ਅਤੇ ਪੈਕਿੰਗ ਕਰਨ 'ਤੇ ਤਕਰੀਬਨ 700 ਰੁਪਏ ਦਾ ਖ਼ਰਚਾ ਆਉਂਦਾ ਹੈ।
ਸਾਡੇ ਦੇਸ਼ ਨੂੰ ਆਪਣੀ ਤੇਲ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਤਕਰੀਬਨ 75,000 ਕਰੋੜ ਤੋਂ ਵੀ ਜ਼ਿਆਦਾ ਰੁਪਏ ਖ਼ਰਚ ਕਰ ਕੇ ਤੇਲ ਬਾਹਰੋਂ ਮੰਗਵਾਉਣਾ ਪਂੈਦਾ ਹੈ। ਤੇਲ ਹਰ ਪਰਿਵਾਰ ਦੀ ਜ਼ਰੂਰਤ ਹੈ ਅਤੇ 4-5 ਜੀਆਂ ਵਾਲੇ ਪਰਿਵਾਰ ਨੂੰ ਸਾਲਾਨਾ ਔਸਤਨ 70-80 ਲਿਟਰ ਤੇਲ ਚਾਹੀਦਾ ਹੈ। ਪੰਜਾਬ ਦੇ ਹਿਮੰਤੀ ਕਿਸਾਨ ਆਪਣੇ ਸੂਬੇ ਦੀ ਜ਼ਰੂਰਤ ਉੱਚ ਕੁਆਲਿਟੀ ਕਨੋਲਾ ਤੇਲ ਨਾਲ ਆਪ ਪੂਰੀ ਕਰ ਸਕਦੇ ਹਨ। ਪੰਜਾਬੀ ਕਿਸਾਨ ਜਿੱਥੇ ਆਪਣੀ ਹਿੰਮਤ ਨਾਲ ਹਰੀ ਕ੍ਰਾਂਤੀ ਲਿਆਉਣ ਵਿਚ ਮੋਹਰੀ ਬਣੇ, ਉੱਥੇ ਹੀ ਅੱਜ ਲੋੜ ਹੈ ਕਿ ਹੁਣ ਪੰਜਾਬ ਵਿਚ ਪੀਲੀ ਕ੍ਰਾਂਤੀ ਲਈ ਹੰਭਲਾ ਮਾਰੀਏ। ਇਸੇ ਕੋਸ਼ਿਸ਼ ਸਦਕਾ ਪੀ.ਏ.ਯੂ, ਤੇਲ ਬੀਜ ਵਿਭਾਗ ਨੇ ਕਨੋਲਾ ਕਿਸਮ ਤੋਂ ਤੇਲ ਕੱਢਵਾ ਕੇ 'Pauo&a- P1" 3ano&a ®}&@' ਨਾਂਅ ਹੇਠ ਮਾਰਚ ਦੇ ਮੇਲੇ 'ਤੇ ਕਿਸਾਨਾਂ ਨੂੰ ਵੇਚਿਆ ਤੇ ਬਹੁਤ ਚੰਗਾ ਹੁੰਗਾਰਾ ਮਿਲਿਆ। (ਸਮਾਪਤ)


-ਤੇਲ ਬੀਜ ਸੈਕਸ਼ਨ, ਪੀ. ਏ. ਯੂ., ਲੁਧਿਆਣਾ।

ਪੱਕੀਆਂ ਸੜਕਾਂ ਨੇ ਬਦਲੀ ਸਮੇਂ ਦੀ ਤੋਰ

19ਵੀਂ ਸਦੀ ਦੌਰਾਨ ਯੂਰਪ 'ਚ ਹੋਂਦ 'ਚ ਆਏ ਸਾਈਕਲ ਦੀ ਵਰਤੋਂ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਵੀ ਹੋ ਰਹੀ ਹੈ। ਅੱਜ ਦੇ ਆਧੁੁਨਿਕ ਸਮੇਂ 'ਚ ਭਲੇ ਹੀ ਸਾਈਕਲਾਂ ਦੇ ਕਈ ਤਰ੍ਹਾਂ ਦੇ ਡਿਜ਼ਾਈਨ ਆ ਗਏ ਹਨ, ਪਰ ਪੁਰਾਣੇ ਵੇਲੇ 'ਚ ਪੰਜਾਬ ਦੇ ਲੋਕਾਂ ਕੋਲ ਜ਼ਿਆਦਾਤਰ ਦੋ ਹੀ ਤਰ੍ਹਾਂ ਦੇ ਸਾਈਕਲ ਹੁੰਦੇ ਸਨ, ਇਕ ਸਾਧਾਰਨ ਸਾਈਕਲ ਤੇ ਇਕ ਬਿਨਾਂ ਡੰਡੇ ਤੋਂ (ਲੇਡੀ) ਸਾਈਕਲ, ਜਿਸ ਦੀ ਵਰਤੋਂ ਉਸ ਸਮੇਂ ਦੀਆਂ ਕੁੜੀਆਂ ਸਕੂਲ ਜਾਣ ਲਈ ਕਰਿਆ ਕਰਦੀਆਂ ਸਨ। ਬੱਚੇ ਵੀ ਸਾਈਕਲ ਤੋਂ ਹੀ ਡਿੱਗਣਾ, ਉਠਣਾ ਤੇ ਮੁੜ ਚੱਲਣਾ ਸਿੱਖਦੇ ਹਨ, ਇਸੇ ਤਰ੍ਹਾਂ ਅਕਸਰ ਵੇਖਿਆ ਹੋਵੇਗਾ ਕਿ ਘਰ 'ਚ ਬੇਕਾਰ ਪਏ ਸਾਈਕਲ ਦੇ ਟਾਇਰ 'ਚ ਡੰਡੇ ਫਸਾ ਕੇ ਉਸ ਨੂੰ ਮਜ਼ਬੂਤ ਕਰਕੇ ਬੱਚੇ ਗਲੀਆਂ, ਮੁਹੱਲਿਆਂ 'ਚ ਭੱਜਦੇ ਫਿਰਦੇ ਹੁੰਦੇ ਸਨ। ਬਚਪਨ ਵਿਚ ਸਾਈਕਲ ਸਿੱਖਣ ਸਮੇਂ ਖਾਧੀਆਂ ਸੱਟਾਂ ਦੇ ਨਿਸ਼ਾਨ ਅੱਜ ਵੀ ਕਈਆਂ ਨੂੰ ਅਤੀਤ 'ਚ ਲੈ ਜਾਂਦੇ ਹਨ। ਬਹੁਤੇ ਲੋਕਾਂ ਦਾ ਅੱਜ ਵੀ ਜ਼ਿਆਦਾਤਰ ਕੰਮ ਸਾਈਕਲ 'ਤੇ ਨਿਰਭਰ ਹੈ, ਜਿਵੇਂ ਕਿ ਖੇਤਾਂ ਦੇ ਚੱਕਰ ਲਗਾਉਣਾ ਤੇ ਵਜ਼ਨਦਾਰ ਚੀਜ਼ ਲਿਜਾਣਾ ਆਦਿ। ਸਾਈਕਲ ਦੇ ਪਿੱਛੇ ਲੱਗੀ ਲੋਹੇ ਦੀ ਕਾਠੀ ਕਾਫੀ ਕੰਮਾਂ 'ਚ ਮਦਦਗਾਰ ਹੁੰਦੀ ਸੀ। ਲੋਕਾਂ ਵਿਚ ਸਾਈਕਲ ਨੂੰ ਚਲਾਉਣ ਦਾ ਰੁਝਾਨ ਭਾਵੇਂ ਪੂਰਨ ਤੌਰ 'ਤੇ ਬੰਦ ਨਹੀਂ ਹੋਇਆ, ਪਰ ਸਾਈਕਲ ਨੂੰ ਚਲਾਉਣਾ ਅੱਜ ਪੁਰਾਣੀ ਸੋਚ ਸਮਝਿਆ ਜਾਣ ਲੱਗਿਆ ਹੈ, ਇਸੇ ਕਰਕੇ ਲੋਕ ਹੁਣ ਮੋਟਰਸਾਈਕਲਾਂ ਦੀ ਵਰਤੋਂ ਕਰਨ ਲੱਗੇ ਹਨ ਤੇ ਲੜਕੀਆਂ ਵੀ ਹੁਣ ਲੇਡੀ ਸਾਈਕਲਾਂ ਨੂੰ ਤਿਆਗ ਕੇ ਮਾਡਰਨ ਸਕੂਟਰੀਆਂ 'ਤੇ ਸਵਾਰ ਹੋ ਗਈਆਂ ਹਨ, ਕਿਉਂਕਿ ਇਹ ਫੁਰਤੀ ਤੇ ਟੌਹਰ ਦੇ ਸਾਧਨ ਹਨ। ਲੋਕਾਂ ਵਿਚ ਭਲੇ ਹੀ ਅੱਜ ਸਾਈਕਲ ਚਲਾਉਣ ਦਾ ਰੁਝਾਨ ਘਟਿਆ ਹੈ, ਪਰ ਸਾਈਕਲ ਤੋਂ ਵਧੀਆ ਤੇ ਸੌਖਾ ਹੋਰ ਕੋਈ ਸਾਧਨ ਨਹੀਂ ਹੈ। ਸਾਈਕਲ ਇਕ ਕਿਸਮ ਦਾ ਕਸਰਤ ਦਾ ਸਾਧਨ ਵੀ ਹੈ। ਲੋਕਾਂ ਵਿਚ ਅੱਜ ਸਾਈਕਲ ਚਲਾਉਣ ਦਾ ਰੁਝਾਨ ਘੱਟ ਹੈ, ਜਿਸ ਕਰਕੇ ਅੱਜ ਲੋਕ, ਜ਼ਿਆਦਾਤਰ ਨੌਜਵਾਨ ਵਰਗ ਵੀ ਜੋੜਾਂ ਦੀਆਂ ਬਿਮਾਰੀਆਂ ਤੋਂ ਗ੍ਰਸਤ ਹੋ ਰਹੇ ਹਨ। ਨੌਜਵਾਨਾਂ ਵਿਚ ਅੱਜ ਜਿੰਮ ਦਾ ਬਹੁਤ ਜ਼ਿਆਦਾ ਕਰੇਜ਼ ਪਾਇਆ ਜਾ ਰਿਹਾ ਹੈ, ਪਰ ਜੇਕਰ ਵੇਖਿਆ ਜਾਵੇ ਤਾਂ ਸਾਈਕਲ ਤੋਂ ਵਧੀਆ ਕੋਈ ਹੋਰ ਜਿੰਮ ਨਹੀਂ, ਕਿਉਂਕਿ ਇਸ ਨਾਲ ਲੱਤਾਂ ਦੇ ਜੋੜ ਹਰਕਤ 'ਚ ਰਹਿੰਦੇ ਹਨ ਤੇ ਸਾਈਕਲ ਚਲਾਉਣ ਵਾਲੇ ਵਿਅਕਤੀ ਦੇ ਫੇਫੜਿਆਂ ਦੀ ਗਤੀ ਤੇਜ਼ ਹੁੰਦੀ ਹੈ ਤੇ ਸਾਹ ਫੁੱਲਣ ਦੀ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ। ਇਸੇ ਤਰ੍ਹਾਂ ਸਾਈਕਲ ਵਰਤਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਵਾਤਾਵਰਨ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਝੱਲਣਾ ਪੈਂਦਾ। ਸਾਈਕਲ ਦੀ ਰੋਜ਼ਾਨਾ ਵਰਤੋਂ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਪੁਰਾਣੇ ਵੇਲਿਆਂ 'ਚ ਲੋਕ ਜ਼ਿਆਦਾਤਰ ਜਾਂ ਤਾਂ ਪੈਦਲ ਜਾਂ ਫਿਰ ਸਾਈਕਲ 'ਤੇ ਸਫਰ ਤੈਅ ਕਰਦੇ ਸਨ। ਕੱਚੀਆਂ ਸੜਕਾਂ ਤੇ ਚੱਲਣ ਵਾਲਾ ਸਾਈਕਲ ਵਿਅਕਤੀ ਦਾ ਸੱਚਾ ਸਾਥੀ ਹੁੰਦਾ ਸੀ। ਜਦੋਂ ਕਿਸੇ ਘਰ ਕੁੜੀ ਦਾ ਵਿਆਹ ਹੋਣਾ ਤਾਂ ਲੋਕ ਆਪਣੀਆਂ ਕੁੜੀਆਂ ਨੂੰ ਦਾਜ ਦੇ ਸਾਮਾਨ ਵਿਚ ਸਾਈਕਲ ਦਿੰਦੇ ਸਨ, ਜੋ ਉਸ ਸਮੇਂ ਦੀ ਸਭ ਤੋਂ ਅਨਮੋਲ ਚੀਜ਼ ਮੰਨੀ ਜਾਂਦੀ ਸੀ, ਇਸ ਦੇ ਉਲਟ ਅਜੋਕੇ ਸਮੇਂ 'ਚ ਸਾਈਕਲਾਂ ਦੀ ਜਗ੍ਹਾ ਘਰਾਂ ਦੇ ਵਿਹੜਿਆਂ 'ਚ ਨਹੀਂ, ਸਗੋਂ ਘਰਾਂ ਦੇ ਕੋਨਿਆਂ 'ਚ ਬਣਾ ਦਿੱਤੀ ਗਈ ਹੈ, ਜਿਸ ਦਾ ਕਾਰਨ ਹੈ ਕਿ ਲੋਕਾਂ ਵਿਚ ਵਧ ਰਿਹਾ ਟੌਹਰ ਦਾ ਸ਼ੌਂਕ। ਜਿਥੇ ਅੱਜ ਕੱਚੀਆਂ ਸੜਕਾਂ ਪੱਕੀਆਂ ਹੋ ਰਹੀਆਂ ਹਨ, ਉਥੇ ਹੀ ਹੁਣ ਇਨ੍ਹਾਂ ਪੱਕੀਆਂ ਸੜਕਾਂ 'ਤੇ ਸਾਈਕਲਾਂ ਦੀ ਬਜਾਏ ਹੋਰ ਵਹੀਕਲਾਂ ਦੀ ਦੌੜ ਵਧ ਗਈ ਹੈ। ਅੱਜ ਦੇ ਲੋਕ ਮਹਿੰਗੀਆਂ-ਮਹਿੰਗੀਆਂ ਗੱਡੀਆਂ, ਮੋਟਰਸਾਈਕਲਾਂ 'ਤੇ ਬਾਜ਼ਾਰ ਜਾਣਾ ਜਾਂ ਹੋਰ ਕੰਮ ਕਰਨਾ ਬਿਹਤਰ ਸਮਝਦੇ ਹਨ, ਅਜਿਹਾ ਕਰਨ ਨਾਲ ਲੋਕਾਂ ਦੇ ਖਰਚਿਆਂ 'ਚ ਤਾਂ ਵਾਧਾ ਹੋਇਆ ਹੀ ਹੈ, ਨਾਲ ਹੀ ਨਾਲ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਪੀੜਤ ਹੋ ਰਹੇ ਹਨ। ਅਕਸਰ ਵੇਖਣ 'ਚ ਆਇਆ ਹੈ ਕਿ ਅੱਜ ਸਾਈਕਲ ਸਿਰਫ਼ ਘੱਟ ਤਨਖ਼ਾਹਾਂ ਵਾਲੇ ਜਾਂ ਫਿਰ ਕਿਸੇ ਫੈਕਟਰੀਆਂ ਦੇ ਕਾਮਿਆਂ ਕੋਲ ਹੀ ਵਿਖਾਈ ਦਿੰਦੇ ਹਨ।


-ਰਾਜਵੰਤ ਸਿੰਘ ਤੱਖੀ
ਪਤਾ: ਪਿੰਡ-ਭੰਗਚੜੀ, ਜ਼ਿਲ੍ਹਾ-ਸ੍ਰੀ ਮੁਕਤਸਰ ਸਾਹਿਬ। ਮੋਬਾਈਲ : 95015-08202.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX