ਤਾਜਾ ਖ਼ਬਰਾਂ


ਰਾਜਨਾਥ ਸਿੰਘ ਨੇ ਅਟਾਰੀ ਸਰਹੱਦ ਵਿਖੇ ਬਣੀ ਦਰਸ਼ਕ ਗੈਲਰੀ ਦਾ ਕੀਤਾ ਉਦਘਾਟਨ
. . .  42 minutes ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ)- ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਅਟਾਰੀ ਸਰਹੱਦ 'ਤੇ 32 ਕਰੋੜ ਦੀ ਲਾਗਤ ਨਾਲ ਬਣੀ ਦਰਸ਼ਕ ਗੈਲਰੀ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀ.ਐਸ.ਐਫ. ਸੁਰੱਖਿਆ ਕਰਮਚਾਰੀਆਂ ਦੇ ਰਹਿਣ .....
ਬਾਰਡਰ ਮੈਨੇਜਮੈਂਟ ਦੀ ਸਕੱਤਰ ਵੱਲੋਂ ਆਏ ਨੇਤਾਵਾਂ ਦਾ ਕੀਤਾ ਗਿਆ ਧੰਨਵਾਦ
. . .  56 minutes ago
ਅਟਾਰੀ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ) - ਬਾਰਡਰ ਮੈਨੇਜਮੈਂਟ ਦੀ ਸਕੱਤਰ ਨਿਧੀ ਖਰੇ ਵੱਲੋਂ ਆਏ ਹੋਏ ਵੱਖ-ਵੱਖ ਨੇਤਾਵਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਜਨਾਥ ਸਿੰਘ ਨੂੰ 'ਗਾਰਡ ਆਫ ਆਨਰ' ਨਾਲ ਵੀ ਨਿਵਾਜਿਆ....
ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ, 14 ਦੀ ਮੌਤ
. . .  about 1 hour ago
ਮਾਸਕੋ, 22 ਜਨਵਰੀ- ਰੂਸ ਅਤੇ ਕ੍ਰੀਮੀਆ ਨੂੰ ਵੱਖ ਕਰਨ ਵਾਲੇ ਸਮੁੰਦਰ 'ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਕਰਚ ਸਟਰੇਟ 'ਚ ਸਮੁੰਦਰ ਅੰਦਰ ਦੋ ਜਹਾਜ਼ਾਂ 'ਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਜਹਾਜ਼ਾਂ 'ਚ ਭਾਰਤ, ਤੁਰਕੀ ਅਤੇ ਲਿਬੀਆ...
ਖ਼ਤਰਨਾਕ ਅਤੇ ਚੁਨੌਤੀ ਪੂਰਵਕ ਹੁੰਦਾ ਹੈ ਬੀ.ਐਸ.ਐਫ. ਦੇ ਜਵਾਨਾਂ ਦਾ ਕੰਮ - ਰਾਜਨਾਥ ਸਿੰਘ
. . .  about 1 hour ago
ਅਟਾਰੀ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ) - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਲਈ ਬਣਾਈ ਜਾ ਰਹੀ ਰਿਹਾਇਸ਼ ਬਲਾਕ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ 'ਚ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਨੀਂਹ ......
ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਦੇ ਰਿਹਾਇਸ਼ੀ ਬਲਾਕ ਦਾ ਰੱਖਿਆ ਨੀਂਹ ਪੱਥਰ
. . .  about 1 hour ago
ਅਟਾਰੀ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ) - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਦੇ ਬਣਾਏ ਜਾ ਰਹੇ ਰਿਹਾਇਸ਼ੀ ਬਲਾਕ, ਜੋ 25 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ ਉਸ ਦਾ ਨੀਂਹ ਪੱਥਰ
ਅਟਾਰੀ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 1 hour ago
ਅੰਮ੍ਰਿਤਸਰ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਅਟਾਰੀ ਪਹੁੰਚੇ ਹਨ। ਇੱਥੇ ਕਸਟਮ ਲੈਂਡ ਪੋਰਟ ਅਥਾਰਿਟੀ ਅਤੇ ਕੇਂਦਰੀ ਮਹਿਕਮੇ ਦੇ ਹੋਰ ਅਧਿਕਾਰੀਆਂ ਵਲੋਂ ਸਵਾਗਤ...
ਅੰਮ੍ਰਿਤਸਰ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 1 hour ago
ਅੰਮ੍ਰਿਤਸਰ, 22 ਜਨਵਰੀ (ਜਸਵੰਤ ਸਿੰਘ ਜੱਸ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਅੰਮ੍ਰਿਤਸਰ ਪਹੁੰਚੇ ਹਨ। ਰਾਜਾਸਾਂਸੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਵਲੋਂ ਕੀਤਾ ਗਿਆ। ਅੰਮ੍ਰਿਤਸਰ 'ਚ ਗ੍ਰਹਿ ਮੰਤਰੀ...
ਦਲ ਖ਼ਾਲਸਾ ਵਲੋਂ ਗਣਤੰਤਰ ਦਿਵਸ ਦੇ ਬਾਈਕਾਟ ਦਾ ਐਲਾਨ
. . .  about 1 hour ago
ਫ਼ਿਰੋਜਪੁਰ, 22 ਜਨਵਰੀ (ਜਸਵਿੰਦਰ ਸਿੰਘ ਸੰਧੂ)- ਦਲ ਖ਼ਾਲਸਾ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਅੱਜ ਗਣਤੰਤਰ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਦਲ ਖ਼ਾਲਸਾ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਉਨ੍ਹਾਂ ਵਲੋਂ...
ਪੰਜਾਬ 'ਚ ਬਾਬਿਆਂ ਦੀ ਸੁਰੱਖਿਆ ਦੇ ਰੀਵਿਊ ਦਾ ਹੁਕਮ
. . .  about 2 hours ago
ਚੰਡੀਗੜ੍ਹ, 22 ਜਨਵਰੀ (ਸੁਰਜੀਤ ਸਿੰਘ ਸੱਤੀ) - ਪੰਜਾਬ ਵਿਚ ਸੰਤਾਂ ਤੇ ਬਾਬਿਆਂ ਨੂੰ ਮਿਲੀ ਸੁਰੱਖਿਆ ਦਾ ਰੀਵਿਊ ਹੋਵੇਗਾ। ਅਜੇ ਇਹ ਮੁਕੰਮਲ ਹੁਕਮ ਆਉਣ 'ਤੇ ਹੀ ਪਤਾ ਲੱਗੇਗਾ ਕਿ ਕਿਸ ਦੀ ਸੁਰੱਖਿਆ ਵਿਚ ਕਟੌਤੀ ਹੁੰਦੀ ਹੈ ਤੇ ਕਿਸ ਦੀ ਨਹੀ ਪਰ ਹਾਈਕੋਰਟ ਨੇ .....
ਸਬਰੀਮਾਲਾ ਵਿਵਾਦ : ਫ਼ੈਸਲੇ ਵਿਰੁੱਧ ਪੁਨਰ ਵਿਚਾਰ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਜਲਦ ਸੁਣਵਾਈ ਕਰਨ ਤੋਂ ਇਨਕਾਰ
. . .  about 2 hours ago
ਨਵੀਂ ਦਿੱਲੀ, 22 ਜਨਵਰੀ- ਸੁਪਰੀਮ ਕੋਰਟ ਨੇ ਸਬਰੀਮਾਲਾ ਵਿਵਾਦ 'ਤੇ ਔਰਤਾਂ ਦੇ ਪ੍ਰਵੇਸ਼ ਨੂੰ ਚੁਣੌਤੀ ਦੇਣ ਵਾਲੀ ਪੁਨਰ ਵਿਚਾਰ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਇੰਦੂ ਮਲਹੋਤਰਾ ਦੇ ਛੁੱਟੀ...
ਹੋਰ ਖ਼ਬਰਾਂ..

ਸਾਡੀ ਸਿਹਤ

ਜੇ ਤੁਸੀਂ ਰਹਿਣਾ ਚਾਹੁੰਦੇ ਹੋ ਤੰਦਰੁਸਤ...

ਤੰਦਰੁਸਤ ਰਹਿਣ ਲਈ ਕੀ ਕਰਨਾ ਚਾਹੀਦਾ ਹੈ? ਇਸ ਨੂੰ ਬਹੁਤੇ ਵਿਅਕਤੀ ਕਿਸੇ ਭੇਦ ਵਾਂਗ ਸਮਝ ਕੇ ਭਰਮਾਂ ਵਿਚ ਭਟਕਦੇ ਰਹਿੰਦੇ ਹਨ। ਉਹ ਕੀਮਤੀ ਦਵਾਈਆਂ ਖਾਂਦੇ ਹਨ, ਪੌਸ਼ਟਿਕ ਖਾਧ ਪਦਾਰਥ ਖਰੀਦਦੇ ਹਨ ਅਤੇ ਜੋ ਵੀ ਬਣਦਾ ਹੈ, ਕਰਦੇ ਹਨ। ਕਈ ਡਾਕਟਰਾਂ ਕੋਲੋਂ ਸਲਾਹ ਲੈਂਦੇ ਰਹਿੰਦੇ ਹਨ। ਫਿਰ ਵੀ ਪੱਕੀ ਅਤੇ ਚਿਰ ਸਥਾਈ ਤੰਦਰੁਸਤੀ ਕਿਸੇ-ਕਿਸੇ ਨੂੰ ਹੀ ਮਿਲਦੀ ਹੈ। ਇਹ ਤੱਥ ਬਹੁਤ ਘੱਟ ਲੋਕ ਜਾਣਦੇ ਹਨ ਕਿ ਤੰਦਰੁਸਤ ਰਹਿਣਾ ਬਹੁਤ ਸੌਖਾ ਹੈ। ਕੇਵਲ ਕੁਦਰਤ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਇਸ ਉਦੇਸ਼ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਹ ਨਿਯਮ ਬਹੁਤ ਹੀ ਸੌਖੇ ਅਤੇ ਸਰਵਸੁਲਭ ਹਨ, ਜਿਨ੍ਹਾਂ ਦਾ ਪਾਲਣ ਕਰਨ ਵਿਚ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ। ਜੇ ਕੋਈ ਇਨ੍ਹਾਂ ਨੂੰ ਵਿਗਾੜਦਾ ਜਾਂ ਤੋੜਦਾ ਹੈ ਤਾਂ ਬਿਮਾਰ ਹੋਣ ਦੇ ਰੂਪ 'ਚ ਸਜ਼ਾ ਭੁਗਤਣੀ ਪੈਂਦੀ ਹੈ। ਇਸ ਨੂੰ ਅਸੰਜਮ ਦਾ ਮਾੜਾ ਨਤੀਜਾ ਵੀ ਕਹਿ ਸਕਦੇ ਹਾਂ।
ਤੰਦਰੁਸਤ ਬਣੇ ਰਹਿਣ ਲਈ ਜਿਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ, ਉਹ ਸਿਰਫ ਪੰਜ ਹਨ। ਇਨ੍ਹਾਂ ਨੂੰ ਅਰੋਗਤਾ ਦੇ ਪੰਚਸ਼ੀਲ ਕਹਿ ਸਕਦੇ ਹਾਂ।
* ਸਾਤਵਿਕ ਭੋਜਨ * ਉਪਯੁਕਤ ਮਿਹਨਤ * ਸਮੇਂ ਸਿਰ ਗੂੜ੍ਹੀ ਨੀਂਦ * ਸਵੱਛਤਾ * ਮਨ ਨੂੰ ਹਲਕਾ ਅਤੇ ਖ਼ੁਸ਼ ਰੱਖਣਾ
ਇਨ੍ਹਾਂ ਪੰਜ ਨਿਯਮਾਂ ਦੇ ਪਾਲਣ ਨਾਲ ਤੰਦਰੁਸਤੀ ਬਣੀ ਰਹਿੰਦੀ ਹੈ।
ਸਾਤਵਿਕ ਭੋਜਨ ਤੋਂ ਭਾਵ ਹੈ ਬਿਨਾਂ ਭੁੱਖ ਦੇ ਕਦੇ ਨਾ ਖਾਣਾ। ਲੋਕ ਇਸ ਭੁਲੇਖੇ ਵਿਚ ਰਹਿੰਦੇ ਹਨ ਕਿ ਜ਼ਿਆਦਾ ਖਾਣ ਨਾਲ ਜ਼ਿਆਦਾ ਰਕਤਮਾਸ ਬਣੇਗਾ ਅਤੇ ਜ਼ਿਆਦਾ ਤਾਕਤ ਆਵੇਗੀ। ਉਹ ਇਹ ਭੁੱਲ ਜਾਂਦੇ ਹਨ ਕਿ ਜੋ ਪਚ ਸਕੇ, ਉਹ ਅੰਮ੍ਰਿਤ ਅਤੇ ਜੋ ਬਿਨਾਂ ਪਚੇ ਪੇਟ ਵਿਚ ਪਿਆ ਰਹਿੰਦਾ ਹੈ, ਉਹ ਜ਼ਹਿਰ ਹੁੰਦਾ ਹੈ। ਭੋਜਨ ਨੂੰ ਕਦੇ ਵੀ ਛੇਤੀ-ਛੇਤੀ ਬਿਨਾਂ ਚਬਾਏ ਨਹੀਂ ਨਿਗਲਣਾ ਚਾਹੀਦਾ। ਇਸ ਨਾਲ ਦੰਦਾਂ ਦਾ ਕੰਮ ਅੰਤੜੀਆਂ ਨੂੰ ਕਰਨਾ ਪਵੇਗਾ ਅਤੇ ਪਾਚਣ ਸਬੰਧੀ ਸਮੱਸਿਆਵਾਂ ਪੈਦਾ ਹੋਣਗੀਆਂ। ਮਿਰਚ, ਮਸਾਲੇ, ਨਮਕ, ਸ਼ੱਕਰ ਨੂੰ ਲੋੜ ਅਨੁਸਾਰ ਘੱਟ ਹੀ ਖਾਓ। ਛਿਲਕੇ ਵਾਲੀ ਦਾਲ ਅਤੇ ਚੋਕਰ ਵਾਲਾ ਆਟਾ ਜੀਵਨ ਮੂਲ ਵਾਲੇ ਹੁੰਦੇ ਹਨ। ਜ਼ਿਆਦਾ ਤਲੇ, ਭੁੰਨੇ, ਮੇਵਾ-ਮਠਿਆਈਆਂ ਦਾ ਸੇਵਨ ਨਾ ਕਰੋ।
ਜਿਨ੍ਹਾਂ ਨੂੰ ਕੰਮ ਮੁਤਾਬਿਕ ਬਹੁਤਾ ਸਮਾਂ ਬੈਠੇ ਰਹਿਣਾ ਪੈਂਦਾ ਹੈ, ਉਨ੍ਹਾਂ ਨੂੰ ਕਸਰਤ ਕਰਨੀ ਚਾਹੀਦੀ ਹੈ। ਤੇਜ਼ ਚੱਲਣਾ ਅਤੇ ਟਹਿਲਣਾ, ਮਾਲਿਸ਼, ਅੰਗ ਸੰਚਾਲਨ ਦੇ ਕੋਈ ਅਜਿਹੇ ਤਰੀਕੇ ਲੱਭਣੇ ਚਾਹੀਦੇ ਹਨ, ਜਿਨ੍ਹਾਂ ਨਾਲ ਸਰੀਰ ਵਿਚੋਂ ਪਸੀਨਾ ਕੱਢ ਦੇਣ ਵਾਲੀ ਮਿਹਨਤ ਕਰਨ ਦਾ ਮੌਕਾ ਮਿਲ ਸਕੇ।
ਇਸ ਤੋਂ ਇਲਾਵਾ ਪੂਰੀ ਨੀਂਦ ਲੈਣੀ ਚਾਹੀਦੀ ਹੈ। ਇਸ ਵਾਸਤੇ ਅਜਿਹਾ ਤਰੀਕਾ ਅਪਣਾਉਣਾ ਚਾਹੀਦਾ ਹੈ, ਜਿਸ ਨਾਲ ਛੇਤੀ ਸੌਣਾ ਅਤੇ ਛੇਤੀ ਉੱਠਣਾ ਆਸਾਨੀ ਨਾਲ ਯਕੀਨੀ ਬਣਿਆ ਰਹੇ। ਦੇਰ ਰਾਤ ਤੱਕ ਜਾਗਦੇ ਰਹਿਣਾ ਅਤੇ ਸਵੇਰੇ ਦੇਰ ਨਾਲ ਉੱਠਣਾ ਤੰਦਰੁਸਤੀ 'ਤੇ ਬੁਰਾ ਅਸਰ ਪਾਉਂਦਾ ਹੈ। ਥਕਾਨ ਦੂਰ ਕਰਨ ਲਈ ਨੀਂਦ ਨਾਲੋਂ ਵਧੀਆ ਕੋਈ ਖੁਰਾਕ ਨਹੀਂ ਹੈ।
ਕਦੇ-ਕਦੇ ਸਿਰ ਭਾਰੀ ਹੋਣਾ, ਉਨੀਂਦਰਾ, ਕਬਜ਼, ਥਕਾਨ, ਸਰੀਰ ਦੇ ਅੰਗਾਂ ਵਿਚ ਦਰਦ ਹੋਣੀ ਆਦਿ ਨੀਂਦ ਅਧੂਰੀ ਹੋਣ ਦੇ ਕਾਰਨ ਹੁੰਦਾ ਹੈ। ਆਪਣੇ ਵਲੋਂ ਹਮੇਸ਼ਾ ਇਹੀ ਕੋਸ਼ਿਸ਼ ਕਰੋ ਕਿ ਸੌਣ ਦਾ ਸਮਾਂ ਵਿਅਰਥ ਜਾਗਣ ਵਿਚ ਨਾ ਬੀਤੇ। ਯਾਦ ਰੱਖੋ ਕਿ ਦਿਨ ਭਰ ਦੀ ਸਰੀਰਕ ਅਤੇ ਮਾਨਸਿਕ ਥਕਾਨ ਦੂਰ ਕਰਨ ਲਈ ਨੀਂਦ ਤੋਂ ਵਧ ਕੇ ਹੋਰ ਕੋਈ ਇਲਾਜ ਨਹੀਂ ਹੈ। ਜਦੋਂ ਵੀ ਨੀਂਦ ਨਾ ਆਵੇ, ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸਿਹਤ ਵਿਚ ਵਿਗਾੜ ਦਾ ਇਕ ਕਾਰਨ ਗੰਦਗੀ ਵੀ ਹੈ। ਸਰੀਰ, ਕੱਪੜੇ, ਘਰ, ਸਾਮਾਨ ਆਦਿ ਦੀ ਸਵੱਛਤਾ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਾਫ਼ ਪਾਣੀ ਹੀ ਪੀਓ। ਘਰ ਵਿਚ ਧੁੱਪ ਅਤੇ ਹਵਾ ਦੇ ਆਉਣ-ਜਾਣ ਲਈ ਵਧੀਆ ਜਗ੍ਹਾ ਹੋਣੀ ਚਾਹੀਦੀ ਹੈ। ਸਿਹਤ ਦੀ ਰੱਖਿਆ ਲਈ ਮਨ ਨੂੰ ਹਲਕਾ ਅਤੇ ਖੁਸ਼ ਰੱਖਣਾ ਵੀ ਪ੍ਰਮੁੱਖ ਆਧਾਰ ਹੈ। ਮਨ 'ਤੇ ਚਿੰਤਾ, ਗੁੱਸਾ, ਤਣਾਅ, ਡਰ, ਨਿਰਾਸ਼ਾ ਆਦਿ ਹੀਣ ਵਿਚਾਰਾਂ ਦਾ ਪ੍ਰਭਾਵ ਨਹੀਂ ਪੈਣ ਦੇਣਾ ਚਾਹੀਦਾ। ਚਿੰਤਾ ਅਤੇ ਤਣਾਅ ਵਿਚ ਰਹਿ ਕੇ ਕੋਈ ਵਿਅਕਤੀ ਸਰੀਰ ਨੂੰ ਤੰਦਰੁਸਤ ਨਹੀਂ ਰੱਖ ਸਕਦਾ।
ਹਮੇਸ਼ਾ ਵਾਸਨਾਤਮਕ ਅਤੇ ਉਤੇਜਨਾਤਮਕ ਕਲਪਨਾਵਾਂ ਤੋਂ ਬਚਣਾ ਚਾਹੀਦਾ ਹੈ। ਜਿਨ੍ਹਾਂ ਨੇ ਤੰਦਰੁਸਤ ਰਹਿਣਾ ਹੈ, ਉਨ੍ਹਾਂ ਨੂੰ ਹੱਸਦੇ-ਮੁਸਕਰਾਉਂਦੇ ਦਿਨ ਗੁਜ਼ਾਰਨਾ ਚਾਹੀਦਾ ਹੈ। ਹੱਸਦੀ-ਖੇਡਦੀ ਜ਼ਿੰਦਗੀ ਗੁਜ਼ਾਰਨ ਨਾਲ ਵਿਅਕਤੀ ਆਕਰਸ਼ਕ-ਸੁੰਦਰ ਲਗਦਾ ਹੈ, ਹਰਮਨ-ਪਿਆਰਾ ਬਣਦਾ ਹੈ, ਨਾਲ ਹੀ ਪੁਸ਼ਟ, ਨਿਰੋਗ ਰਹਿ ਕੇ ਲੰਮੀ ਉਮਰ ਜਿਉਂਦਾ ਹੈ।
ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦੇ ਉਪਰੋਕਤ ਪੰਜ ਨਿਯਮਾਂ ਨੂੰ ਜੇ ਪੂਰੀ ਤਰ੍ਹਾਂ ਅਪਣਾਈਏ ਤਾਂ ਸਰੀਰ 'ਤੇ ਦੁਰਬਲਤਾ ਅਤੇ ਬਿਮਾਰੀਆਂ ਦਾ ਆਕ੍ਰਮਣ ਨਹੀਂ ਹੋ ਸਕੇਗਾ। ਇਹ ਕੁਦਰਤ ਦੇ ਨਿਯਮਾਂ ਦਾ ਪਾਲਣ ਹੈ। ਜੇ ਮਨੁੱਖ ਸਹੀ ਰਸਤੇ 'ਤੇ ਚੱਲੇ ਤਾਂ ਜ਼ਰੂਰ ਤੰਦਰੁਸਤ ਅਤੇ ਲੰਮੀ ਉਮਰ ਜੀਅ ਕੇ ਉਹ ਸਭ ਕੁਝ ਕਰ ਸਕਦਾ ਹੈ, ਜਿਸ ਵਾਸਤੇ ਉਹ ਇਸ ਧਰਤੀ 'ਤੇ ਆਇਆ ਹੈ।


-ਉਮੇਸ਼ ਕੁਮਾਰ ਸਾਹੂ


ਖ਼ਬਰ ਸ਼ੇਅਰ ਕਰੋ

ਅਜਵਾਇਣ ਨਾਲ ਘਰੇਲੂ ਇਲਾਜ

ਅਜਵਾਇਣ ਦੀ ਵਰਤੋਂ ਹਰੇਕ ਰਸੋਈ-ਘਰ ਵਿਚ ਮਸਾਲੇ ਦੇ ਰੂਪ ਵਿਚ ਕੀਤੀ ਜਾਂਦੀ ਹੈ। ਇਹ ਜਿਗਰ, ਪੇਟ ਅਤੇ ਅੰਤੜੀਆਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਵਿਚ ਲਾਭ ਪਹੁੰਚਾਉਂਦੀ ਹੈ। ਛੋਟੇ ਬੱਚਿਆਂ ਲਈ ਤਾਂ ਇਸ ਨੂੰ ਅਕਸਰ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਹ ਭੋਜਨ ਨੂੰ ਪਚਾਉਂਦੀ ਹੈ ਅਤੇ ਅਫਾਰਾ ਦੂਰ ਕਰਦੀ ਹੈ।
ਪੇਟ ਦਰਦ ਅਤੇ ਗੈਸ : ਅਜਵਾਇਣ ਨੂੰ ਨਿੰਬੂ ਦੇ ਰਸ ਵਿਚ ਭਿਉਂ ਕੇ ਸੁਕਾ ਲਓ। ਬਰੀਕ ਪੀਸ ਕੇ ਕਾਲਾ ਨਮਕ, ਹਿੰਗ ਅਤੇ ਸਾਦਾ ਨਮਕ ਮਿਲਾਓ। ਇਕ ਚਮਚ ਚੂਰਨ ਕੋਸੇ ਪਾਣੀ ਨਾਲ ਲੈਣ ਨਾਲ ਗੈਸ ਵਿਚ ਤੁਰੰਤ ਫਾਇਦਾ ਹੁੰਦਾ ਹੈ।
ਕੰਨ ਦਾ ਦਰਦ : ਅਜਵਾਇਣ ਨੂੰ ਤਿਲ ਦੇ ਤੇਲ ਵਿਚ ਪਕਾ ਕੇ ਛਾਣ ਲਓ। ਕੰਨ ਵਿਚ 2-3 ਬੂੰਦਾਂ ਕੋਸੇ ਤੇਲ ਦੀਆਂ ਪਾਓ। ਜੇ ਕੰਨ ਵਿਚ ਫੁੰਸੀ ਹੋਵੇ ਤਾਂ ਉਹ ਪੱਕ ਕੇ ਫੁੱਟ ਜਾਂਦੀ ਹੈ।
ਕਾਲੀ ਖੰਘ : 10 ਗ੍ਰਾਮ ਅਜਵਾਇਣ, 3 ਗ੍ਰਾਮ ਨਮਕ ਪੀਸ ਕੇ 40 ਗ੍ਰਾਮ ਸ਼ਹਿਦ ਵਿਚ ਮਿਲਾਓ। ਦਿਨ ਵਿਚ 3-4 ਵਾਰ ਥੋੜ੍ਹੀ-ਥੋੜ੍ਹੀ ਚੱਟਣ ਨਾਲ ਖੰਘ ਵਿਚ ਫਾਇਦਾ ਹੋਵੇਗਾ।
ਅਜੀਰਨ, ਅਫਾਰਾ : ਸੁੰਢ, ਕਾਲੀ ਮਿਰਚ, ਲਾਹੌਰੀ ਨਮਕ, ਸਫੈਦ ਜੀਰਾ, ਕਾਲਾ ਜੀਰਾ, ਅਜਵਾਇਣ, ਪਿੱਪਲੀ, ਘਿਓ ਵਿਚ ਭੁੰਨੀ ਹਿੰਗ 25-25 ਗ੍ਰਾਮ ਦਾ ਬਰੀਕ ਚੂਰਨ ਬਣਾ ਲਓ। ਇਕ-ਡੇਢ ਗ੍ਰਾਮ ਗਰਮ ਪਾਣੀ ਨਾਲ ਲੈਣ ਨਾਲ ਅਜੀਰਨ ਅਤੇ ਅਫਾਰੇ ਵਿਚ ਫਾਇਦਾ ਹੁੰਦਾ ਹੈ।
ਬੰਦ ਜ਼ੁਕਾਮ : ਅਜਵਾਇਣ ਨੂੰ ਤਵੇ 'ਤੇ ਗਰਮ ਕਰਕੇ ਕੱਪੜੇ ਦੀ ਪੋਟਲੀ ਬਣਾ ਕੇ ਸੁੰਘਣ ਨਾਲ ਛਿੱਕਾਂ ਆ ਕੇ ਬੰਦ ਨੱਕ ਖੁੱਲ੍ਹ ਜਾਂਦਾ ਹੈ। ਜੇ ਜ਼ੁਕਾਮ ਵਿਚ ਸਿਰਦਰਦ ਹੋਵੇ ਤਾਂ ਦੂਰ ਹੋ ਜਾਂਦਾ ਹੈ।
ਬਿੱਛੂ ਦਾ ਜ਼ਹਿਰ : ਅਜਵਾਇਣ ਨੂੰ ਪਾਣੀ ਵਿਚ ਪੀਸ ਕੇ ਬਿੱਛੂ ਦੇ ਡੰਗ ਵਾਲੀ ਜਗ੍ਹਾ ਲਗਾਉਣ ਨਾਲ ਦਰਦ ਦੂਰ ਹੋ ਜਾਂਦਾ ਹੈ।
ਅੰਤੜੀਆਂ ਦੀ ਸੋਜ : ਜਿਗਰ, ਤਿੱਲੀ ਅਤੇ ਅੰਤੜੀਆਂ ਦੀ ਸੋਜ ਦੂਰ ਕਰਨ ਲਈ ਪੁਰਾਣਾ ਬੁਖਾਰ ਵਾਲਾ ਨੁਸਖਾ 10 ਦਿਨ ਤੱਕ ਵਰਤੋ।
ਗਲੇ ਦੀ ਸੋਜ : ਗਰਮ ਪਾਣੀ ਨਾਲ ਇਕ ਚਮਚ ਅਜਵਾਇਣ 3-4 ਵਾਰ ਇਕ ਹਫਤੇ ਤੱਕ ਵਰਤੋਂ ਕਰਨ ਨਾਲ ਗਲੇ ਦੀ ਸੋਜ ਦੂਰ ਹੋ ਜਾਂਦੀ ਹੈ।
ਵਾਯੂ ਸ਼ੂਲ : ਅਜਵਾਇਣ ਦੇ ਤੇਲ ਦੀ ਮਾਲਿਸ਼ ਕਰਨ ਨਾਲ ਵਾਯੂ ਨਾਲ ਹੋਣ ਵਾਲਾ ਦਰਦ ਦੂਰ ਹੋ ਜਾਂਦਾ ਹੈ।
ਪੇਟ ਦੇ ਕੀੜੇ : ਅਜਵਾਇਣ ਦਾ ਚੂਰਨ 5 ਗ੍ਰਾਮ ਲੱਸੀ ਦੇ ਨਾਲ ਲੈਣ ਨਾਲ ਪੇਟ ਦੇ ਕੀੜੇ ਨਸ਼ਟ ਹੋ ਜਾਂਦੇ ਹਨ।
ਖੰਘ : ਅਜਵਾਇਣ ਚਬਾ ਕੇ ਉਸ ਦੇ ਉੱਪਰੋਂ ਦੀ ਗਰਮ ਪਾਣੀ ਪੀਣ ਨਾਲ ਖੰਘ ਘੱਟ ਹੁੰਦੀ ਹੈ।
ਪੱਥਰੀ : ਅਜਵਾਇਣ ਨੂੰ ਮੂਲੀ ਦੇ ਰਸ ਵਿਚ ਮਿਲਾ ਕੇ ਖਾਣ ਨਾਲ ਪੱਥਰੀ ਗਲ ਕੇ ਨਿਕਲ ਜਾਂਦੀ ਹੈ।
ਚਰਮ ਰੋਗ : ਅਜਵਾਇਣ ਨੂੰ ਪੀਸ ਕੇ ਦਾਦ, ਖਾਜ, ਖੁਜਲੀ ਆਦਿ ਚਰਮ ਰੋਗਾਂ 'ਤੇ ਲਗਾਉਣ ਨਾਲ ਲਾਭ ਹੁੰਦਾ ਹੈ।
ਦੰਦ ਦਾ ਦਰਦ : ਅਜਵਾਇਣ ਦਾ ਤੇਲ ਰੂੰ 'ਤੇ ਲਗਾ ਕੇ ਦੰਦ ਦੇ ਹੇਠਾਂ ਰੱਖ ਕੇ ਲਾਰ ਟਪਕਾਉਣ ਨਾਲ ਲਾਭ ਹੁੰਦਾ ਹੈ। ਅਜਵਾਇਣ ਨੂੰ ਜਲਾ ਕੇ ਛਾਣ ਲਓ। ਇਸ ਨੂੰ ਦੰਦਾਂ 'ਤੇ ਮਲਣ ਨਾਲ ਮਸੂੜੇ ਤੰਦਰੁਸਤ ਬਣਦੇ ਹਨ।
ਸਿਰਦਰਦ : ਅਜਵਾਇਣ ਦੇ ਪੱਤੇ ਪੀਸ ਕੇ ਲੇਪ ਕਰਨ ਨਾਲ ਸਿਰਦਰਦ ਦੂਰ ਹੁੰਦਾ ਹੈ।
ਜੋੜਾਂ ਦਾ ਦਰਦ : ਅਜਵਾਇਣ ਦੇ ਤੇਲ ਦੀ ਮਾਲਿਸ਼ ਕਰਨ ਨਾਲ ਜੋੜਾਂ ਦਾ ਦਰਦ, ਜਕੜਨ ਅਤੇ ਸਰੀਰ ਦੇ ਅਨੇਕਾਂ ਭਾਗਾਂ ਵਿਚ ਦਰਦ ਆਦਿ ਵਿਚ ਲਾਭ ਹੁੰਦਾ ਹੈ।


-ਅਨੀਤਾ ਰਾਣੀ ਅਗਰਵਾਲ

ਤੰਦਰੁਸਤ ਰਹਿਣ ਲਈ ਪੈਦਲ ਚੱਲੋ

ਪੈਦਲ ਚੱਲਣ ਨਾਲ ਸਾਰੇ ਤਰ੍ਹਾਂ ਦਾ ਲਾਭ ਮਿਲਦਾ ਹੈ। ਇਹ ਬਿਨਾਂ ਖਰਚ, ਅਲਪ ਕੰਮ ਅਤੇ ਕੁਝ ਸਮੇਂ ਦੇ ਅੰਦਰ ਹੀ ਪੈਦਲ ਚੱਲਣ ਵਾਲੇ ਨੂੰ ਸਿਹਤ ਦਾ ਲਾਭ ਦਿਵਾਉਂਦਾ ਹੈ।
ਆਧੁਨਿਕ ਵਿਗਿਆਨ ਵੀ ਪੈਦਲ ਚੱਲਣ ਨੂੰ ਏਰੋਬਿਕ ਨਾਲ ਮਿਲਣ ਵਾਲੇ ਸਿਹਤ ਲਾਭ ਦੇ ਬਰਾਬਰ ਦੱਸਦਾ ਹੈ। ਸਾਧਨ ਸੁਵਿਧਾਵਾਂ ਨਾਲ ਸੁੱਖ ਭੋਗੀ ਤੇ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਗ੍ਰਸਤ ਵਿਅਕਤੀ ਜੇ ਪੈਦਲ ਚੱਲਣ ਦੇ ਮਹੱਤਵ ਨੂੰ ਸਵੀਕਾਰ ਕਰ ਲੈਣ ਤਾਂ ਉਹ ਅੱਗੇ ਤੋਂ ਸਿਹਤਮੰਦ ਰਹਿ ਸਕਦੇ ਹਨ। ਸ਼ੂਗਰ, ਬੀ. ਪੀ., ਕੋਲੈਸਟ੍ਰੋਲ, ਮੋਟਾਪਾ ਆਦਿ ਅਨੇਕਾਂ ਰੋਗਾਂ ਵਿਚ ਇਹ ਪੈਦਲ ਚੱਲਣਾ ਬਹੁਤ ਲਾਭਦਾਇਕ ਹੈ।

ਡਾਕਟਰ - ਮਰੀਜ਼ ਦੇ ਸਬੰਧ ਕਿਹੋ ਜਿਹੇ ਹੋਣ

ਜਿਥੋਂ ਤੱਕ ਮਰੀਜ਼ਾਂ ਦਾ ਸਵਾਲ ਹੈ ਤਾਂ ਉਹ ਡਾਕਟਰ ਦੇ ਕੋਲ ਜਾਣ ਤੋਂ ਪਹਿਲਾਂ ਇਹ ਜ਼ਰੂਰ ਵਿਚਾਰ ਕਰੇਗਾ ਕਿ ਡਾਕਟਰ ਕਿਸ ਪੱਧਰ ਦਾ ਹੈ, ਉਸ ਦਾ ਵਰਤਾਓ ਕਿਹੋ ਜਿਹਾ ਹੈ, ਉਹ ਕਿੰਨਾ ਯੋਗ ਅਤੇ ਤਜਰਬੇਕਾਰ ਹੈ। ਹੁਣ ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਮਰੀਜ਼ਾਂ ਨੂੰ ਆਪਣੇ ਵੱਲ ਆਕਰਸ਼ਤ ਕਰਨ ਵਿਚ ਕਿੰਨੇ ਸਫ਼ਲ ਰਹਿੰਦੇ ਹੋ। ਜ਼ਿਆਦਾਤਰ ਮਰੀਜ਼ ਆਪਣਾ ਇਲਾਜ ਕਰਾਉਣ ਤੋਂ ਪਹਿਲਾਂ ਡਾਕਟਰਾਂ ਦਾ ਵਿਵਹਾਰ ਅਤੇ ਗੱਲਬਾਤ ਕਰਨ ਦਾ ਢੰਗ ਦੇਖਦੇ ਹਨ ਪਰ ਜ਼ਿਆਦਾਤਰ ਡਾਕਟਰ ਇਥੇ ਹੀ ਮਾਤ ਖਾ ਜਾਂਦੇ ਹਨ ਕਿ ਮਰੀਜ਼ਾਂ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਆਪਣੀ ਫੀਸ ਦੱਸ ਦਿੰਦੇ ਹਨ।
ਜਿਥੋਂ ਤੱਕ ਸੰਭਵ ਹੋਵੇ, ਡਾਕਟਰ ਮਰੀਜ਼ਾਂ ਦੇ ਨਾਲ ਪਿਆਰ ਨਾਲ ਪੇਸ਼ ਆਉਣ ਅਤੇ ਜੇ ਮਰੀਜ਼ ਨੂੰ ਗੰਭੀਰ ਬਿਮਾਰੀ ਹੈ ਤਾਂ ਉਸ ਦੇ ਨਾਲ ਅਜਿਹਾ ਵਿਵਹਾਰ ਕਰਨ ਕਿ ਉਸ ਨੂੰ ਬਿਮਾਰੀ ਦੇ ਬਾਰੇ ਵਿਚ ਪਤਾ ਨਾ ਲੱਗੇ। ਸਮੇਂ-ਸਮੇਂ 'ਤੇ ਮਰੀਜ਼ਾਂ ਦੇ ਕੋਲ ਬੈਠ ਕੇ ਭਰੋਸਾ ਦਿੰਦੇ ਰਹਿਣ ਅਤੇ ਛੇਤੀ ਠੀਕ ਹੋਣ ਦੀ ਆਸ ਵਧਾਉਂਦੇ ਰਹਿਣ।
ਤੁਹਾਡਾ ਮਰੀਜ਼ ਕਿਸ ਪੱਧਰ ਦਾ ਹੈ : ਹੇਠਲੇ ਪੱਧਰ ਅਤੇ ਸੰਪੰਨ ਪਰਿਵਾਰ ਦਾ ਮਰੀਜ਼ ਜ਼ਿਆਦਾਤਰ ਛੋਟੇ-ਛੋਟੇ ਡਾਕਟਰਾਂ ਦੇ ਕੋਲ ਜਾਣਾ ਪਸੰਦ ਕਰਦਾ ਹੈ, ਕਿਉਂਕਿ ਉੱਚ ਵਰਗ ਦੇ ਡਾਕਟਰਾਂ ਦਾ ਵਰਤਾਓ ਚੰਗਾ ਨਹੀਂ ਰਹਿੰਦਾ। ਉਹ ਪੈਸੇ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। ਅਕਸਰ ਦੇਖਿਆ ਗਿਆ ਹੈ ਕਿ ਜੋ ਡਾਕਟਰ ਜਿੰਨਾ ਉੱਚਾ ਹੋਵੇਗਾ, ਉਸ ਦੇ ਹਾਵ-ਭਾਵ ਵੀ ਉਸੇ ਤਰ੍ਹਾਂ ਦੇ ਹੀ ਹੋਣਗੇ।
ਡਾਕਟਰਾਂ ਨੂੰ ਚਾਹੀਦਾ ਹੈ ਕਿ ਉਹ ਹੇਠਲੇ ਪੱਧਰ ਦੇ ਮਰੀਜ਼ਾਂ ਦੇ ਨਾਲ ਉਦਾਰ ਭਾਵਨਾ ਨਾਲ ਪੇਸ਼ ਆਉਣ। ਜਿਥੋਂ ਤੱਕ ਸੰਭਵ ਹੋਵੇ, ਪੈਸੇ ਦਾ ਲਾਲਚ ਸਾਹਮਣੇ ਨਹੀਂ ਆਉਣਾ ਚਾਹੀਦਾ। ਜੇ ਡਾਕਟਰ ਚਾਹੁਣ ਤਾਂ ਆਪਣੇ ਵਰਤਾਓ ਨਾਲ ਮਰੀਜ਼ਾਂ ਦਾ ਦਿਲ ਜਿੱਤ ਸਕਦੇ ਹਨ।
ਤੁਸੀਂ ਕਿਸ ਬਿਮਾਰੀ ਦੇ ਚੰਗੇ ਜਾਣਕਾਰ ਹੋ : ਅੱਜਕਲ੍ਹ ਦੇਖਿਆ ਗਿਆ ਹੈ ਕਿ ਚੰਗੇ ਤੋਂ ਚੰਗੇ ਤਜਰਬੇਕਾਰ ਡਾਕਟਰ ਪੈਸੇ ਦੇ ਲਾਲਚ ਵਿਚ ਮਰੀਜ਼ਾਂ ਦੀ ਭਰਮਾਰ ਕਰ ਲੈਂਦੇ ਹਨ। ਪੈਸਾ ਚੰਗਾ ਕਮਾਉਣ ਜਾ ਸਕੇ, ਇਸੇ ਭਾਵਨਾ ਨੂੰ ਲੈ ਕੇ ਉਹ ਸਾਰੇ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਭੀੜ ਜਮ੍ਹਾਂ ਕਰ ਲੈਂਦੇ ਹਨ। ਨਤੀਜੇ ਵਜੋਂ ਜਿਸ ਬਿਮਾਰੀ ਦਾ ਇਲਾਜ ਕਰਨ ਦੀ ਉਨ੍ਹਾਂ ਵਿਚ ਸਮਰੱਥਾ ਹੁੰਦੀ ਹੈ, ਉਸ ਨੂੰ ਵੀ ਖਤਮ ਕਰ ਲੈਂਦੇ ਹਨ ਅਤੇ ਮਰੀਜ਼ਾਂ ਨੂੰ ਨਿਰਾਸ਼ ਕਰ ਦਿੰਦੇ ਹਨ।
ਡਾਕਟਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਸ ਬਿਮਾਰੀ ਦਾ ਇਲਾਜ ਕਰਨ, ਜਿਸ ਵਿਚ ਉਨ੍ਹਾਂ ਦਾ ਚੰਗਾ ਤਜਰਬਾ ਹੋਵੇ। ਗਿਆਨ ਅਤੇ ਤਜਰਬੇ ਦੇ ਆਧਾਰ 'ਤੇ ਇਲਾਜ ਕਰਨ ਨਾਲ ਜਿਥੇ ਡਾਕਟਰ ਇਕ ਚੰਗੇ ਰੋਗ ਮਾਹਿਰ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਵੇਗਾ, ਉਥੇ ਕੰਮ ਵੀ ਚੰਗਾ ਚੱਲੇਗਾ।
ਮਰੀਜ਼ਾਂ ਨੂੰ ਗੁਮਰਾਹ ਨਾ ਕਰੋ : ਅੱਜਕਲ੍ਹ ਦੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਡਾਕਟਰ ਪੈਸਾ ਕਮਾਉਣ ਦੇ ਲਾਲਚ ਵਿਚ ਠੀਕ ਵਿਅਕਤੀ ਨੂੰ ਬਿਮਾਰ ਅਤੇ ਮਾਮੂਲੀ ਜਿਹੀ ਬਿਮਾਰੀ ਨੂੰ ਗੰਭੀਰ ਬਿਮਾਰੀ ਦੱਸ ਦਿੰਦੇ ਹਨ। ਇਸ ਨਾਲ ਡਾਕਟਰਾਂ ਦੁਆਰਾ ਮਰੀਜ਼ਾਂ ਨੂੰ ਗੁਮਰਾਹ ਕਰਨ ਦੀ ਨੀਤੀ ਸਾਹਮਣੇ ਆਉਂਦੀ ਹੈ ਅਤੇ ਵਿਅਕਤੀ ਫਿਰ ਕਦੇ ਅਜਿਹੇ ਡਾਕਟਰਾਂ ਦੇ ਕੋਲ ਜਾਣਾ ਪਸੰਦ ਨਹੀਂ ਕਰਦਾ, ਜੋ ਝੂਠ ਬੋਲਦੇ ਹਨ। ਡਾਕਟਰਾਂ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਸੱਚ ਬੋਲਣ ਅਤੇ ਵਿਅਕਤੀਆਂ ਨੂੰ ਗੁਮਰਾਹ ਨਾ ਕਰਨ।
ਬਿਮਾਰੀ ਦੇ ਅਨੁਰੂਪ ਹੀ ਦਵਾਈ ਦਿੱਤੀ ਜਾਵੇ : ਡਾਕਟਰਾਂ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਉਹ ਮਰੀਜ਼ ਨੂੰ ਬਿਮਾਰੀ ਦੇ ਅਨੁਰੂਪ ਹੀ ਦਵਾਈ ਦੇਣ, ਕਿਉਂਕਿ ਕੁਝ ਡਾਕਟਰ ਛੋਟੀ ਜਿਹੀ ਬਿਮਾਰੀ ਹੋਣ 'ਤੇ ਵੀ ਢੇਰ ਸਾਰੀਆਂ ਦਵਾਈਆਂ ਲਿਆਉਣ ਨੂੰ ਕਹਿ ਦਿੰਦੇ ਹਨ। ਜ਼ਿਆਦਾ ਦਵਾਈਆਂ ਖਾਣ ਨਾਲ ਮਰੀਜ਼ ਦੀ ਸਿਹਤ 'ਤੇ ਗ਼ਲਤ ਅਸਰ ਪੈ ਸਕਦਾ ਹੈ।
ਅੰਤ ਵਿਚ ਡਾਕਟਰਾਂ ਨੂੰ ਸਲਾਹ ਦੇਣੀ ਚਾਹਾਂਗਾ ਕਿ ਜਿਥੋਂ ਤੱਕ ਸੰਭਵ ਹੋਵੇ, ਮਰੀਜ਼ਾਂ ਨੂੰ ਖੁਸ਼ ਰੱਖੋ।


-ਗੋਵਿੰਦ ਕ੍ਰਿਸ਼ਨ ਗਰਗ

ਚੂਲੇ ਦਾ ਜੋੜ ਬਦਲਣ ਤੋਂ ਬਾਅਦ...

ਏ.ਵੀ.ਐੱਨ. ਬਿਮਾਰੀ ਵਿਚ ਮਰੀਜ਼ ਦੇ ਚੂਲੇ ਦੇ ਗੋਲੇ ਦੇ ਖੂਨ ਦਾ ਦੌਰਾ ਘਟ ਜਾਂਦਾ ਹੈ ਜਾਂ ਬਿਲਕੁਲ ਖ਼ਤਮ ਹੋ ਜਾਂਦਾ ਹੈ, ਜਿਸ ਕਰਕੇ ਗੋਲੇ ਵਿਚ ਤਾਕਤ ਨਹੀਂ ਰਹਿੰਦੀ। ਉਹ ਤਕਰੀਬਨ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਕਿ ਲੱਕੜੀ ਨੂੰ ਸਿਉਂਕ ਲੱਗ ਕੇ ਕਮਜ਼ੋਰ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਗੋਲਾ ਖਰਾਬ ਹੋ ਜਾਂਦਾ ਹੈ ਅਤੇ ਮਰੀਜ਼ ਨੂੰ ਚੂਲੇ ਵਿਚ ਬਹੁਤ ਦਰਦ ਹੁੰਦੀ ਹੈ। ਮਰੀਜ਼ ਲੰਗ ਮਾਰ ਕੇ ਤੁਰਦਾ ਹੈ ਅਤੇ ਚੱਲਣ-ਫਿਰਨ ਤੋਂ ਵੀ ਅਸਮਰੱਥ ਹੋ ਜਾਂਦਾ ਹੈ। ਆਪਣੇ ਰੋਜ਼ ਦੇ ਕੰਮਕਾਰ ਤੋਂ ਬੇਜ਼ਾਰ ਹੋ ਜਾਂਦਾ ਹੈ।
ਕਾਰਨ : * 60-70 ਫੀਸਦੀ ਮਰੀਜ਼ਾਂ ਵਿਚ ਇਹ ਬਿਨਾਂ ਕਾਰਨ ਆਪਣੇ-ਆਪ ਸ਼ੁਰੂ ਹੋ ਜਾਂਦਾ ਹੈ।
* ਕੁਝ ਮਰੀਜ਼ਾਂ ਵਿਚ ਇਹ ਜ਼ਿਆਦਾ ਸ਼ਰਾਬ ਪੀਣ ਨਾਲ ਹੋ ਜਾਂਦਾ ਹੈ।
* ਕਈ ਮਰੀਜ਼ਾਂ ਵਿਚ ਦਮੇ ਜਾਂ ਚਮੜੀ ਦੀ ਬਿਮਾਰੀ ਜਾਂ ਹੋਰ ਜੋੜਾਂ ਦੀ ਦਰਦ ਲਈ ਜ਼ਿਆਦਾ ਪ੍ਰੈਡਨੀਸੋਲੋਨ ਦਵਾਈ ਖਾਣ ਨਾਲ ਵੀ ਸ਼ੁਰੂ ਹੋ ਜਾਂਦੀ ਹੈ।
* ਚੂਲੇ ਦੀ ਪੁਰਾਣੀ ਸੱਟ ਜਿਸ ਵਿਚ ਚੂਲੇ ਦੀ ਹੱਡੀ ਉਤਰ ਗਈ ਹੋਵੇ ਜਾਂ ਟੁੱਟ ਗਈ ਹੋਵੇ, ਉਸ ਵਿਚ ਵੀ ਕਈ ਮਰੀਜ਼ਾਂ ਵਿਚ ਕੁਝ ਦੇਰ ਬਾਅਦ ਗੋਲਾ ਖਰਾਬ ਹੋ ਜਾਂਦਾ ਹੈ।
ਇਸ ਬਿਮਾਰੀ ਵਿਚ ਇਕ ਜਾਂ ਦੋਵੇਂ ਚੂਲੇ ਦੇ ਜੋੜ ਖਰਾਬ ਹੋ ਸਕਦੇ ਹਨ। ਪਿਛਲੇ ਕੁਝ ਸਾਲਾਂ ਤੋਂ ਦੇਖਣ ਵਿਚ ਆਇਆ ਹੈ ਕਿ ਇਹ ਬਿਨਾਂ ਕਿਸੇ ਕਾਰਨ ਜੁਆਨ ਲੜਕੀਆਂ (20 ਤੋਂ 30 ਸਾਲ) ਵਿਚ ਆਮ ਹੈ।
ਇਲਾਜ : ਜਿਹੜੇ ਮਰੀਜ਼ ਤਕਲੀਫ ਸ਼ੁਰੂ ਹੋਣ 'ਤੇ ਛੇਤੀ ਹਸਪਤਾਲ ਵਿਚ ਚੈਕਅਪ ਅਤੇ ਇਲਾਜ ਲਈ ਆ ਜਾਂਦੇ ਹਨ ਅਤੇ ਉਨ੍ਹਾਂ ਦਾ ਗੋਲਾ ਪੂਰੀ ਤਰ੍ਹਾਂ ਖਰਾਬ ਨਹੀਂ ਹੁੰਦਾ ਤਾਂ ਇਹ ਗੋਲਾ ਦਵਾਈਆਂ ਨਾਲ ਜਾਂ ਇਕ ਛੋਟੇ ਆਪ੍ਰੇਸ਼ਨ ਨਾਲ ਬਚਾਇਆ ਜਾ ਸਕਦਾ ਹੈ ਪਰ ਜਿਹੜੇ ਮਰੀਜ਼ ਹਸਪਤਾਲ ਵਿਚ ਤਕਲੀਫ ਸ਼ੁਰੂ ਹੋਣ ਤੋਂ ਬਹੁਤ ਦੇਰ ਨਾਲ ਆਉਂਦੇ ਹਨ ਅਤੇ ਉਨ੍ਹਾਂ ਦੇ ਚੂਲੇ ਦੇ ਜੋੜ ਪੂਰੀ ਤਰ੍ਹਾਂ ਖਰਾਬ ਹੋ ਜਾਂਦੇ ਹਨ ਤਾਂ ਉਨ੍ਹਾਂ ਵਿਚ ਜੋੜ ਬਦਲਾਉਣਾ ਪੈਂਦਾ ਹੈ।
ਸ਼ਹਿਰ ਦੇ ਪ੍ਰਸਿੱਧ ਹੱਡੀਆਂ ਅਤੇ ਜੋੜਾਂ ਦੇ ਹਸਪਤਾਲ ਦੇ ਮਾਹਿਰ ਡਾ: ਜੇ. ਐਸ. ਡਾਂਗ ਅਤੇ ਡਾ: ਦਵਨੀਤ ਸਿੰਘ ਡਾਂਗ ਨੇ ਦੱਸਿਆ ਕਿ ਇਸ ਬਿਮਾਰੀ ਦਾ ਇਲਾਜ ਡਾਂਗ ਹਸਪਤਾਲ ਜਲੰਧਰ ਵਿਚ ਤਸੱਲੀਪੂਰਵਕ ਹੋ ਰਿਹਾ ਹੈ। ਜਿਹੜੇ ਮਰੀਜ਼ ਸਾਡੇ ਕੋਲ ਥੋੜ੍ਹੀ ਤਕਲੀਫ ਨਾਲ ਆ ਗਏ ਹਨ, ਉਨ੍ਹਾਂ ਦੇ ਜੋੜ ਦਵਾਈਆਂ ਨਾਲ ਜਾਂ ਛੋਟੇ ਆਪ੍ਰੇਸ਼ਨ ਨਾਲ ਬਚਾਉਣ ਵਿਚ ਸਫਲ ਰਹੇ ਹਾਂ। ਜਿਹੜੇ ਮਰੀਜ਼ ਵਧੀ ਬਿਮਾਰੀ ਵਿਚ ਆ ਰਹੇ ਹਨ, ਉਨ੍ਹਾਂ ਵਿਚ ਲੋੜ ਅਨੁਸਾਰ ਇਕ ਜਾਂ ਦੋਵੇਂ ਚੂਲੇ ਬਦਲੇ ਜਾ ਰਹੇ ਹਨ। ਜਿਹੜੇ ਮਰੀਜ਼ ਦਰਦ ਕਾਰਨ ਆਪਣੀ ਰੋਜ਼ਾਨਾ ਜ਼ਿੰਦਗੀ ਤੋਂ ਅਸਮਰੱਥ ਹੋ ਚੁੱਕੇ ਸਨ, ਉਹ ਆਪ੍ਰੇਸ਼ਨ ਤੋਂ ਬਾਅਦ ਆਪਣੀ ਨਾਰਮਲ ਜ਼ਿੰਦਗੀ ਜੀਅ ਰਹੇ ਹਨ, ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਜਿਵੇਂ ਕਿ ਸਾਈਕਲ, ਮੋਟਰਸਾਈਕਲ ਚਲਾਉਣਾ, ਬਿਨਾਂ ਸੋਟੀ ਪੌੜੀਆਂ ਚੜ੍ਹਨਾ ਅਤੇ ਬਿਨਾਂ ਦਰਦ ਤੋਂ ਤੁਰ-ਫਿਰ ਕੇ ਬਿਤਾ ਰਹੇ ਹਨ। ਡਾਕਟਰ ਸਾਹਿਬਾਨ ਨੇ ਦੱਸਿਆ ਕਿ ਜਿਸ ਤਕਨੀਕ ਨਾਲ ਨਵੇਂ ਚੂਲੇ ਦੇ ਜੋੜ ਪਾਏ ਜਾ ਰਹੇ ਹਨ, ਉਸ ਨਾਲ ਮਰੀਜ਼ ਨੂੰ ਕੋਈ ਫਿਜ਼ੀਓਥਰੈਪੀ ਲਈ ਹਸਪਤਾਲ ਵਿਚ ਨਹੀਂ ਆਉਣਾ ਪੈਂਦਾ ਅਤੇ ਨਾ ਹੀ ਕੋਈ ਜ਼ਿਆਦਾ ਦਵਾਈ ਖਾਣੀ ਪੈਂਦੀ ਹੈ। ਮਰੀਜ਼ 2-3 ਦਿਨਾਂ ਵਿਚ ਤੁਰਨ ਲੱਗ ਜਾਂਦਾ ਹੈ ਅਤੇ ਹਸਪਤਾਲ ਤੋਂ 4-5 ਦਿਨਾਂ ਵਿਚ ਡਿਸਚਾਰਜ ਹੋ ਜਾਂਦਾ ਹੈ।


-ਡਾ: ਦਵਨੀਤ ਪਾਲ ਸਿੰਘ ਡਾਂਗ,
ਡਾਂਗ ਹਸਪਤਾਲ, ਲਿੰਕ ਰੋਡ, ਜਲੰਧਰ।

ਘਰੇਲੂ ਨੁਸਖੇ

* ਅਦਰਕ ਦੇ ਰਸ ਵਿਚ ਥੋੜ੍ਹਾ ਜਿਹਾ ਸ਼ਹਿਦ ਅਤੇ ਨਮਕ ਮਿਲਾ ਕੇ ਚੱਟਣ ਨਾਲ ਖੰਘ ਵਿਚ ਫਾਇਦਾ ਹੁੰਦਾ ਹੈ।
* ਅਨਾਰ ਦੇ ਦਾਣੇ ਮੂੰਹ ਵਿਚ ਰੱਖ ਕੇ ਚੂਸਣ ਨਾਲ ਖੰਘ ਵਿਚ ਲਾਭ ਹੁੰਦਾ ਹੈ।
* ਅਦਰਕ ਦੇ ਰਸ ਦੀਆਂ ਦੋ ਬੂੰਦਾਂ ਪਾਉਣ ਨਾਲ ਕੰਨ ਦਾ ਦਰਦ ਠੀਕ ਹੋ ਜਾਂਦਾ ਹੈ।
* ਜੇ ਗਰਮੀਆਂ ਵਿਚ ਨੱਕ ਵਿਚੋਂ ਖੂਨ ਨਿਕਲਦਾ ਹੋਵੇ ਤਾਂ ਪਿਆਜ਼ ਦੇ ਰਸ ਦੀਆਂ 2-3 ਬੂੰਦਾਂ ਨੱਕ ਵਿਚ ਪਾਉਣ ਨਾਲ ਆਰਾਮ ਮਿਲਦਾ ਹੈ।
* ਗਰਮ ਪਾਣੀ ਵਿਚ ਨਿੰਬੂ ਨੂੰ ਨਿਚੋੜ ਕੇ ਕੁਰਲੀ ਕਰਨ ਨਾਲ ਮੂੰਹ ਦੇ ਛਾਲੇ ਦੂਰ ਹੋ ਜਾਂਦੇ ਹਨ।
* ਹਰੜ ਦਾ ਚੂਰਨ 5 ਗ੍ਰਾਮ ਸ਼ਹਿਦ ਦੇ ਨਾਲ ਸਵੇਰੇ-ਸ਼ਾਮ ਚੱਟਣ ਨਾਲ ਮਲੇਰੀਆ ਜਵਰ ਵਿਚ ਫਾਇਦਾ ਹੁੰਦਾ ਹੈ।


-ਵਿਦਿਆਭੂਸ਼ਣ ਸ਼ਰਮਾ

ਰੋਗ ਨਿਰੋਧਕ ਤੰਤਰ ਹੀ ਬਚਾਉਂਦਾ ਹੈ ਬਿਮਾਰੀਆਂ ਤੋਂ

ਸਾਡੇ ਸਰੀਰ ਨੂੰ ਹਰ ਪਲ ਇਨਫੈਕਸ਼ਨ ਅਤੇ ਜ਼ਹਿਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੈਕਟੀਰੀਆ ਦੀ ਫੌਜ ਮੌਕਾ ਮਿਲਦੇ ਹੀ ਸਾਡੇ ਸਰੀਰ ਵਿਚ ਦਾਖਲ ਹੋ ਜਾਂਦੀ ਹੈ। ਕੁਦਰਤ ਨੇ ਸਾਨੂੰ ਇਸ ਸਭ ਕੁਝ ਤੋਂ ਸੁਰੱਖਿਆ ਦੇਣ ਲਈ ਸਾਨੂੰ ਪ੍ਰਤੀਰੋਧਕ ਸ਼ਕਤੀ ਦਿੱਤੀ ਹੈ ਤਾਂ ਕਿ ਅਸੀਂ ਇਨ੍ਹਾਂ ਹਮਲਾਵਰਾਂ ਤੋਂ ਆਪਣੇ ਸਰੀਰ ਨੂੰ ਸੁਰੱਖਿਆ ਦੇ ਸਕੀਏ।
ਸਾਡੇ ਜੀਵਤ ਰਹਿਣ ਦਾ ਸਭ ਤੋਂ ਵੱਡਾ ਕਾਰਨ ਹੀ ਸਾਡਾ ਰੋਗ ਨਿਰੋਧਕ ਤੰਤਰ ਹੈ ਜੋ ਰਸਾਇਣਾਂ ਅਤੇ ਸੈੱਲਾਂ ਦਾ ਅਦਭੁਤ ਨੈੱਟਵਰਕ ਹੈ। ਰੋਗ ਨਿਰੋਧਕ ਤੰਤਰ ਦਾ ਕੰਮ ਸਰੀਰ ਨੂੰ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਦੇਣਾ ਹੈ। ਸਾਡੇ ਪ੍ਰਤੀਰੋਧਕ ਤੰਤਰ ਵਿਚ ਚਿੱਟੇ ਖੂਨ ਕਣ ਸਿਪਾਹੀਆਂ ਦੀ ਤਰ੍ਹਾਂ ਇਨ੍ਹਾਂ ਕੀਟਾਣੂਆਂ ਤੋਂ ਸਾਡਾ ਬਚਾਅ ਕਰਦੇ ਹਨ। ਸਾਡੇ ਸਰੀਰ ਵਿਚ ਹੀਮੋਗਲੋਬਿਨ, ਇੰਟਰਫੀਰੋਨ, ਟੀ ਸੈੱਲ, ਬੀ ਸੈੱਲ ਅਤੇ ਕਿਲਰ ਸੈੱਲ ਵਰਗੇ ਸਿਪਾਹੀ ਮੌਜੂਦ ਹਨ ਪਰ ਇਨ੍ਹਾਂ ਸਾਰਿਆਂ ਦੀ ਮਜ਼ਬੂਤੀ ਲਈ ਸਾਡੇ ਇਮਿਊਨ ਸਿਸਟਮ ਦਾ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੈ। ਆਓ ਜਾਣੀਏ ਕਿਵੇਂ ਅਸੀਂ ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦੇ ਹਾਂ।
ਮਾਹਿਰਾਂ ਅਨੁਸਾਰ ਆਪਣੀ ਜੀਵਨ-ਸ਼ੈਲੀ ਵਿਚ ਛੋਟੇ-ਛੋਟੇ ਬਦਲਾਅ ਲਿਆ ਕੇ ਅਸੀਂ ਕਈ ਤਰ੍ਹਾਂ ਦੀ ਅਲਰਜੀ ਤੋਂ ਬਚ ਸਕਦੇ ਹਾਂ। ਫਲਾਂ ਅਤੇ ਸਬਜ਼ੀਆਂ ਨੂੰ ਆਪਣੀ ਖੁਰਾਕ ਵਿਚ ਵੱਧ ਜਗ੍ਹਾ ਦਿਓ। ਨਿਯਮਤ ਕਸਰਤ, ਚੰਗੀ ਨੀਂਦ, ਘਰਾਂ ਅਤੇ ਦਫ਼ਤਰਾਂ ਦਾ ਹਵਾਦਾਰ ਹੋਣਾ ਆਦਿ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦੇ ਹਨ।
ਸਹੀ ਖੁਰਾਕ ਲਓ : ਜੇਕਰ ਤੁਸੀਂ ਪੋਸ਼ਕ ਤੱਤਾਂ ਵਾਲਾ ਭੋਜਨ ਲੈ ਰਹੇ ਹੋ ਤਾਂ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਤਾਂ ਤੁਸੀਂ ਆਪਣਾ ਬਚਾਅ ਕਰ ਹੀ ਰਹੇ ਹੋ, ਨਾਲ ਹੀ ਗ਼ਲਤ ਭੋਜਨ ਦੇ ਸੇਵਨ ਨਾਲ ਹੋਣ ਵਾਲੇ ਕਈ ਰੋਗਾਂ ਤੋਂ ਵੀ ਦੂਰ ਹੋ। ਤੁਹਾਡੇ ਭੋਜਨ ਵਿਚ ਅਨਾਜ, ਦਾਲਾਂ, ਨਟਸ, ਪੱਤੇਦਾਰ ਸਬਜ਼ੀਆਂ, ਫਲ, ਦੁੱਧ, ਪਨੀਰ ਆਦਿ ਦਾ ਹੋਣਾ ਜ਼ਰੂਰੀ ਹੈ। ਇਹ ਭੋਜਨ ਤੁਹਾਡੀ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਏਗਾ। ਇਸ ਤੋਂ ਇਲਾਵਾ ਕਈ ਵਿਟਾਮਿਨ ਅਤੇ ਮਿਨਰਲ ਵੀ ਸਾਡੇ ਪ੍ਰਤੀਰੋਧਕ ਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ। ਵਿਟਾਮਿਨ 'ਸੀ' ਸਾਡੇ ਸਰੀਰ ਵਿਚ ਮੌਜੂਦ ਸਫੈਦ ਖੂਨ ਸੈੱਲਾਂ ਦੀ ਸ਼ਕਤੀ ਨੂੰ ਵਧਾਉਂਦਾ ਹੈ।
ਜੇਕਰ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੈ ਤਾਂ ਸਾਡੀ ਪ੍ਰਤੀਰੋਧਕ ਸਮਰੱਥਾ ਦੇ ਪੱਧਰ ਵਿਚ ਕਮੀ ਆਉਂਦੀ ਹੈ। ਇਸ ਲਈ ਵਿਟਾਮਿਨ 'ਡੀ' ਦਾ ਪੱਧਰ ਸਹੀ ਹੋਣਾ ਇਮਿਊਨ ਸਿਸਟਮ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਆਇਰਨ ਯੁਕਤ ਖੁਰਾਕ ਹਮੇਸ਼ਾ ਇਨਫੈਕਸ਼ਨ ਤੋਂ ਸੁਰੱਖਿਆ ਦਿੰਦੀ ਹੈ। ਇਸ ਲਈ ਵਿਟਾਮਿਨ ਅਤੇ ਮਿਨਰਲ ਯੁਕਤ ਸੰਤੁਲਤ ਭੋਜਨ ਲਓ।
ਨਿਯਮਤ ਕਸਰਤ ਕਰੋ : ਇਸ ਗੱਲ ਤੋਂ ਕਦੇ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਰੀਰ ਦੀ ਮਜ਼ਬੂਤੀ ਅਤੇ ਸਹੀ ਕਾਰਜਕਲਾਪ ਲਈ ਕਸਰਤ ਸਭ ਤੋਂ ਪ੍ਰਭਾਵਸ਼ਾਲੀ ਹੈ। ਇਹ ਨਾ ਕੇਵਲ ਮਾਸਪੇਸ਼ੀਆਂ ਅਤੇ ਹੱਡੀਆਂ ਦੀ ਮਜ਼ਬੂਤੀ ਲਈ ਜ਼ਰੂਰੀ ਹੈ, ਸਗੋਂ ਖੂਨ-ਸੰਚਾਰ ਵਿਚ ਸੁਧਾਰ ਵੀ ਲਿਆਉਂਦੀ ਹੈ। ਇਹ ਵਾਧੂ ਕੈਲੋਰੀ ਖਰਚ ਕਰਨ ਦਾ ਵਧੀਆ ਮਾਧਿਅਮ ਹੈ। ਇਸ ਲਈ ਮੋਟਾਪੇ ਤੋਂ ਸੁਰੱਖਿਆ ਦਿੰਦੀ ਹੈ। ਇਹੀ ਨਹੀਂ, ਮਾਹਿਰਾਂ ਦਾ ਮੰਨਣਾ ਹੈ ਕਿ ਦਿਲ ਦੇ ਰੋਗਾਂ, ਸ਼ੂਗਰ, ਆਰਥਰਾਈਟਸ, ਅਲਸਰ ਦੇ ਇਲਾਜ ਵਿਚ ਦਵਾਈਆਂ ਦੇ ਨਾਲ-ਨਾਲ ਯੋਗ ਅਤੇ ਹੋਰ ਕਸਰਤਾਂ ਫਾਇਦੇਮੰਦ ਸਾਬਤ ਹੋਈਆਂ ਹਨ।
ਹੱਸੋ ਅਤੇ ਆਪਣੇ ਪ੍ਰਤੀਰੋਧਕ ਤੰਤਰ ਨੂੰ ਮਜ਼ਬੂਤ ਬਣਾਓ : ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਜਰਨਲ ਵਿਚ ਪ੍ਰਕਾਸ਼ਿਤ ਇਕ ਖੋਜ ਅਨੁਸਾਰ ਹੱਸਣ ਨਾਲ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਹੋਰ ਕਈ ਖੋਜਾਂ ਨਾਲ ਵੀ ਸਾਹਮਣੇ ਆਇਆ ਹੈ ਕਿ ਹੱਸਣਾ ਸਿਹਤ ਨੂੰ ਬਹੁਤ ਸਾਰੇ ਲਾਭ ਦਿੰਦਾ ਹੈ।
ਆਪਣੇ ਮਿੱਤਰਾਂ ਦੀ ਗਿਣਤੀ ਵਧਾਓ : ਇਕ ਖੋਜ ਅਨੁਸਾਰ ਜਿਨ੍ਹਾਂ ਵਿਅਕਤੀਆਂ ਦੇ ਜ਼ਿਆਦਾ ਮਿੱਤਰ ਹੁੰਦੇ ਹਨ, ਉਹ ਤਣਾਅ ਦੀ ਸਥਿਤੀ ਵਿਚ ਉਨ੍ਹਾਂ ਦੇ ਮਦਦਗਾਰ ਹੁੰਦੇ ਹਨ, ਉਨ੍ਹਾਂ ਨੂੰ ਵਾਇਰਲ ਇਨਫੈਕਸ਼ਨ ਹੋਣ 'ਤੇ ਉਨ੍ਹਾਂ ਵਿਚ ਛੇਤੀ ਸੁਧਾਰ ਪਾਇਆ ਗਿਆ, ਜਦੋਂ ਕਿ ਜੋ ਲੋਕ ਇਕੱਲੇ ਰਹਿਣਾ ਪਸੰਦ ਕਰਦੇ ਸੀ, ਉਨ੍ਹਾਂ ਵਿਚ ਇਹ ਸੁਧਾਰ ਦੇਰ ਨਾਲ ਪਾਇਆ ਗਿਆ। ਇਸ ਤੋਂ ਇਲਾਵਾ ਰੋਗਾਂ ਨਾਲ ਲੜਨ ਵਿਚ ਆਸ਼ਾਵਾਦੀ ਹੋਣਾ ਬਹੁਤ ਮਹੱਤਵਪੂਰਨ ਹੈ। ਜੋ ਲੋਕ ਆਸ਼ਾਵਾਦੀ ਨਹੀਂ ਹੁੰਦੇ, ਉਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਆਪਣੇ-ਆਪ ਘੱਟ ਹੋ ਜਾਂਦੀ ਹੈ।
ਇਸ ਤੋਂ ਇਲਾਵਾ ਤੁਸੀਂ ਕੁਝ ਹੋਰ ਮਹੱਤਵਪੂਰਨ ਗੱਲਾਂ ਨੂੰ ਧਿਆਨ ਵਿਚ ਰੱਖੋ-
* ਹਮੇਸ਼ਾ ਨੱਕ ਰਾਹੀਂ ਸਾਹ ਲਓ, ਮੂੰਹ ਰਾਹੀਂ ਨਹੀਂ।
* ਹਰ ਰੋਜ਼ 7-8 ਘੰਟੇ ਦੀ ਨੀਂਦ ਜ਼ਰੂਰ ਲਓ।
* ਤੰਬਾਕੂ ਅਤੇ ਸਿਗਰਿਟ ਦਾ ਸੇਵਨ ਨਾ ਕਰੋ। ਸਿਗਰਟਨੋਸ਼ੀ ਤੁਹਾਡੇ ਸਰੀਰ ਵਿਚ ਵਿਟਾਮਿਨ 'ਸੀ' ਦਾ ਪੱਧਰ ਘੱਟ ਕਰਦੀ ਹੈ ਅਤੇ ਨਿਕੋਟਿਨ ਅਤੇ ਟਾਰ ਤੁਹਾਡੀ ਸਾਹ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਅ ਕੇ ਇਨਫੈਕਸ਼ਨ ਦੀ ਸੰਭਾਵਨਾ ਵਧਾਉਂਦੇ ਹਨ।
* ਅਲਕੋਹਲ ਦਾ ਸੇਵਨ ਨਾ ਕਰੋ।
* ਆਪਣੇ ਘਰ ਦੇ ਵਾਤਾਵਰਨ ਨੂੰ ਸਾਫ਼ ਰੱਖੋ।


-ਸੋਨੀ ਮਲਹੋਤਰਾ

ਸਿਹਤ ਖ਼ਬਰਨਾਮਾ

ਬਚਪਨ ਤੋਂ ਹੀ ਚਮੜੀ ਨੂੰ ਧੁੱਪ ਤੋਂ ਬਚਾਓ

ਮਾਹਿਰਾਂ ਅਨੁਸਾਰ ਬਚਪਨ ਵਿਚ ਜ਼ਿਆਦਾ ਸੂਰਜ ਦੀ ਧੁੱਪ ਵਿਚ ਰਹਿਣ ਨਾਲ ਚਮੜੀ ਦੇ ਕੈਂਸਰ ਦੀ ਸੰਭਾਵਨਾ ਵਧ ਜਾਂਦੀ ਹੈ। ਇਹੀ ਨਹੀਂ, ਉਮਰ ਤੋਂ ਪਹਿਲਾਂ ਹੀ ਚਮੜੀ 'ਤੇ ਝੁਰੜੀਆਂ ਅਤੇ ਹੋਰ ਪ੍ਰਭਾਵ ਵੀ ਸਪੱਸ਼ਟ ਨਜ਼ਰ ਆਉਂਦੇ ਹਨ। ਇਸ ਲਈ ਸ਼ੁਰੂ ਤੋਂ ਹੀ ਬੱਚੇ ਦੀ ਚਮੜੀ ਨੂੰ ਸੂਰਜ ਦੀਆਂ ਪੈਰਾਬੈਂਗਣੀ ਕਿਰਨਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਪੈਰਾਬੈਂਗਣੀ ਕਿਰਨਾਂ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵੀ ਕਮਜ਼ੋਰ ਕਰਦੀਆਂ ਹਨ, ਇਸ ਲਈ ਇਨ੍ਹਾਂ ਕਿਰਨਾਂ ਤੋਂ ਬਚਾਅ ਲਈ ਸਨਸਕਰੀਨ ਦੀ ਵਰਤੋਂ ਬਹੁਤ ਜ਼ਰੂਰੀ ਹੈ ਪਰ ਸਨਸਕਰੀਨ ਵੀ ਇਨ੍ਹਾਂ ਕਿਰਨਾਂ ਤੋਂ ਪੂਰੀ ਸੁਰੱਖਿਆ ਨਹੀਂ ਦਿੰਦੀ, ਇਸ ਲਈ ਇਸ ਦੀ ਵਰਤੋਂ ਦੇ ਨਾਲ-ਨਾਲ ਛਤਰੀ ਦੀ ਵੀ ਵਰਤੋਂ ਕਰੋ। ਸੂਰਜ ਦੀਆਂ ਖ਼ਤਰਨਾਕ ਕਿਰਨਾਂ ਤੋਂ ਬਚਾਅ ਲਈ ਬੱਚਿਆਂ ਦੇ ਖੇਡਣ ਦਾ ਸਮਾਂ 4 ਵਜੇ ਤੋਂ ਬਾਅਦ ਰੱਖੋ, ਜਦੋਂ ਇਨ੍ਹਾਂ ਕਿਰਨਾਂ ਦਾ ਪ੍ਰਭਾਵ ਘੱਟ ਹੋਵੇ। ਸਰੀਰ ਦੇ ਦੂਜੇ ਅੰਗਾਂ ਨੂੰ ਵੀ ਢਕ ਕੇ ਰੱਖੋ ਅਤੇ ਪੂਰੀ ਬਾਂਹ ਵਾਲੇ ਸੂਤੀ ਕੱਪੜੇ ਪਹਿਨੋ। ਧੁੱਪ ਵਿਚ ਜਾਂਦੇ ਸਮੇਂ ਸਨ ਗਲਾਸਿਸ ਦੀ ਵੀ ਵਰਤੋਂ ਕਰੋ, ਕਿਉਂਕਿ ਇਹ ਕਿਰਨਾਂ ਅੱਖਾਂ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ।
ਕੁਦਰਤੀ ਆਵੇਗ ਰੋਕਣਾ ਰੋਗਾਂ ਦਾ ਕਾਰਨ ਬਣ ਸਕਦਾ ਹੈ

ਮਾਹਿਰਾਂ ਅਨੁਸਾਰ ਕੁਦਰਤੀ ਆਵੇਗਾ ਜਿਵੇਂ ਪੇਟ ਦੀ ਹਵਾ, ਉਲਟੀ, ਛਿੱਕ, ਨੀਂਦ, ਭੁੱਖ, ਪਿਆਸ, ਮਲ-ਮੂਤਰ ਆਦਿ ਨੂੰ ਰੋਕਣਾ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ ਅਤੇ ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ। ਹੰਝੂ ਰੋਕਣ ਨਾਲ ਮਨੁੱਖ ਦਿਮਾਗੀ ਤੌਰ 'ਤੇ ਬਿਮਾਰ ਹੋ ਸਕਦਾ ਹੈ। ਇਸ ਨਾਲ ਸਾਡੀ ਪਾਚਣ ਪ੍ਰਕਿਰਿਆ 'ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। ਮਲ ਦੇ ਵੇਗ ਨੂੰ ਰੋਕਣ ਨਾਲ ਪੇਟ ਵਿਚ ਦਰਦ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ। ਇਹੀ ਨਹੀਂ, ਇਸ ਨਾਲ ਸਿਰਦਰਦ ਅਤੇ ਅਲਸਰ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਜੇਕਰ ਤੁਹਾਨੂੰ ਭੁੱਖ ਲੱਗ ਰਹੀ ਹੈ ਅਤੇ ਤੁਸੀਂ ਖਾਣਾ ਨਹੀਂ ਖਾਂਦੇ ਤਾਂ ਇਸ ਨਾਲ ਤੁਹਾਡੀ ਭੁੱਖ ਮਰ ਜਾਵੇਗੀ ਅਤੇ ਤੁਹਾਡੀ ਰੋਗਾਂ ਨਾਲ ਲੜਨ ਦੀ ਸਮਰੱਥਾ 'ਤੇ ਵੀ ਬੁਰਾ ਅਸਰ ਪਵੇਗਾ। ਇਸ ਲਈ ਇਨ੍ਹਾਂ ਕੁਦਰਤੀ ਆਵੇਗਾਂ ਨੂੰ ਰੋਕਣ ਦੀ ਆਦਤ ਤੁਹਾਨੂੰ ਬਿਮਾਰ ਬਣਾ ਸਕਦੀ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX