ਤਾਜਾ ਖ਼ਬਰਾਂ


ਰਾਜਨਾਥ ਸਿੰਘ ਨੇ ਅਟਾਰੀ ਸਰਹੱਦ ਵਿਖੇ ਬਣੀ ਦਰਸ਼ਕ ਗੈਲਰੀ ਦਾ ਕੀਤਾ ਉਦਘਾਟਨ
. . .  41 minutes ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ)- ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਅਟਾਰੀ ਸਰਹੱਦ 'ਤੇ 32 ਕਰੋੜ ਦੀ ਲਾਗਤ ਨਾਲ ਬਣੀ ਦਰਸ਼ਕ ਗੈਲਰੀ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀ.ਐਸ.ਐਫ. ਸੁਰੱਖਿਆ ਕਰਮਚਾਰੀਆਂ ਦੇ ਰਹਿਣ .....
ਬਾਰਡਰ ਮੈਨੇਜਮੈਂਟ ਦੀ ਸਕੱਤਰ ਵੱਲੋਂ ਆਏ ਨੇਤਾਵਾਂ ਦਾ ਕੀਤਾ ਗਿਆ ਧੰਨਵਾਦ
. . .  55 minutes ago
ਅਟਾਰੀ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ) - ਬਾਰਡਰ ਮੈਨੇਜਮੈਂਟ ਦੀ ਸਕੱਤਰ ਨਿਧੀ ਖਰੇ ਵੱਲੋਂ ਆਏ ਹੋਏ ਵੱਖ-ਵੱਖ ਨੇਤਾਵਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਜਨਾਥ ਸਿੰਘ ਨੂੰ 'ਗਾਰਡ ਆਫ ਆਨਰ' ਨਾਲ ਵੀ ਨਿਵਾਜਿਆ....
ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ, 14 ਦੀ ਮੌਤ
. . .  about 1 hour ago
ਮਾਸਕੋ, 22 ਜਨਵਰੀ- ਰੂਸ ਅਤੇ ਕ੍ਰੀਮੀਆ ਨੂੰ ਵੱਖ ਕਰਨ ਵਾਲੇ ਸਮੁੰਦਰ 'ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਕਰਚ ਸਟਰੇਟ 'ਚ ਸਮੁੰਦਰ ਅੰਦਰ ਦੋ ਜਹਾਜ਼ਾਂ 'ਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਜਹਾਜ਼ਾਂ 'ਚ ਭਾਰਤ, ਤੁਰਕੀ ਅਤੇ ਲਿਬੀਆ...
ਖ਼ਤਰਨਾਕ ਅਤੇ ਚੁਨੌਤੀ ਪੂਰਵਕ ਹੁੰਦਾ ਹੈ ਬੀ.ਐਸ.ਐਫ. ਦੇ ਜਵਾਨਾਂ ਦਾ ਕੰਮ - ਰਾਜਨਾਥ ਸਿੰਘ
. . .  1 minute ago
ਅਟਾਰੀ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ) - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਲਈ ਬਣਾਈ ਜਾ ਰਹੀ ਰਿਹਾਇਸ਼ ਬਲਾਕ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ 'ਚ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਨੀਂਹ ......
ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਦੇ ਰਿਹਾਇਸ਼ੀ ਬਲਾਕ ਦਾ ਰੱਖਿਆ ਨੀਂਹ ਪੱਥਰ
. . .  about 1 hour ago
ਅਟਾਰੀ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ) - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਦੇ ਬਣਾਏ ਜਾ ਰਹੇ ਰਿਹਾਇਸ਼ੀ ਬਲਾਕ, ਜੋ 25 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ ਉਸ ਦਾ ਨੀਂਹ ਪੱਥਰ
ਅਟਾਰੀ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 1 hour ago
ਅੰਮ੍ਰਿਤਸਰ, 22 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਅਟਾਰੀ ਪਹੁੰਚੇ ਹਨ। ਇੱਥੇ ਕਸਟਮ ਲੈਂਡ ਪੋਰਟ ਅਥਾਰਿਟੀ ਅਤੇ ਕੇਂਦਰੀ ਮਹਿਕਮੇ ਦੇ ਹੋਰ ਅਧਿਕਾਰੀਆਂ ਵਲੋਂ ਸਵਾਗਤ...
ਅੰਮ੍ਰਿਤਸਰ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 1 hour ago
ਅੰਮ੍ਰਿਤਸਰ, 22 ਜਨਵਰੀ (ਜਸਵੰਤ ਸਿੰਘ ਜੱਸ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਅੰਮ੍ਰਿਤਸਰ ਪਹੁੰਚੇ ਹਨ। ਰਾਜਾਸਾਂਸੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਵਲੋਂ ਕੀਤਾ ਗਿਆ। ਅੰਮ੍ਰਿਤਸਰ 'ਚ ਗ੍ਰਹਿ ਮੰਤਰੀ...
ਦਲ ਖ਼ਾਲਸਾ ਵਲੋਂ ਗਣਤੰਤਰ ਦਿਵਸ ਦੇ ਬਾਈਕਾਟ ਦਾ ਐਲਾਨ
. . .  about 1 hour ago
ਫ਼ਿਰੋਜਪੁਰ, 22 ਜਨਵਰੀ (ਜਸਵਿੰਦਰ ਸਿੰਘ ਸੰਧੂ)- ਦਲ ਖ਼ਾਲਸਾ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਅੱਜ ਗਣਤੰਤਰ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਦਲ ਖ਼ਾਲਸਾ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਉਨ੍ਹਾਂ ਵਲੋਂ...
ਪੰਜਾਬ 'ਚ ਬਾਬਿਆਂ ਦੀ ਸੁਰੱਖਿਆ ਦੇ ਰੀਵਿਊ ਦਾ ਹੁਕਮ
. . .  about 2 hours ago
ਚੰਡੀਗੜ੍ਹ, 22 ਜਨਵਰੀ (ਸੁਰਜੀਤ ਸਿੰਘ ਸੱਤੀ) - ਪੰਜਾਬ ਵਿਚ ਸੰਤਾਂ ਤੇ ਬਾਬਿਆਂ ਨੂੰ ਮਿਲੀ ਸੁਰੱਖਿਆ ਦਾ ਰੀਵਿਊ ਹੋਵੇਗਾ। ਅਜੇ ਇਹ ਮੁਕੰਮਲ ਹੁਕਮ ਆਉਣ 'ਤੇ ਹੀ ਪਤਾ ਲੱਗੇਗਾ ਕਿ ਕਿਸ ਦੀ ਸੁਰੱਖਿਆ ਵਿਚ ਕਟੌਤੀ ਹੁੰਦੀ ਹੈ ਤੇ ਕਿਸ ਦੀ ਨਹੀ ਪਰ ਹਾਈਕੋਰਟ ਨੇ .....
ਸਬਰੀਮਾਲਾ ਵਿਵਾਦ : ਫ਼ੈਸਲੇ ਵਿਰੁੱਧ ਪੁਨਰ ਵਿਚਾਰ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਜਲਦ ਸੁਣਵਾਈ ਕਰਨ ਤੋਂ ਇਨਕਾਰ
. . .  about 2 hours ago
ਨਵੀਂ ਦਿੱਲੀ, 22 ਜਨਵਰੀ- ਸੁਪਰੀਮ ਕੋਰਟ ਨੇ ਸਬਰੀਮਾਲਾ ਵਿਵਾਦ 'ਤੇ ਔਰਤਾਂ ਦੇ ਪ੍ਰਵੇਸ਼ ਨੂੰ ਚੁਣੌਤੀ ਦੇਣ ਵਾਲੀ ਪੁਨਰ ਵਿਚਾਰ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਇੰਦੂ ਮਲਹੋਤਰਾ ਦੇ ਛੁੱਟੀ...
ਹੋਰ ਖ਼ਬਰਾਂ..

ਦਿਲਚਸਪੀਆਂ

ਕਹਾਣੀ: ਪਰਿਵਾਰ

ਹੱਥ ਕੰਬਦੇ, ਬੋਲ ਉਸ ਤੋਂ ਹੁੰਦਾ ਨਹੀਂ ਸੀ ਪਰ ਜੋ ਵੀ ਬੋਲਦਾ ਇਕ ਕੜਕਵੀਂ ਆਵਾਜ਼ ਵਿਚ। ਉਮਰ ਹੋਵੇਗੀ ਕੋਈ ਸੱਤਰ ਦੇ ਨਜ਼ਦੀਕ।
ਦਿਖ ਤੋਂ ਜਿਵੇਂ ਕੋਈ ਚੰਗੇ ਰੁਤਬੇ ਦੀ ਪੋਸਟ ਤੋਂ ਰਿਟਾਇਰਡ ਹੋਇਆ ਸੀ। ਇਹ ਇਨਸਾਨ ਜਿਸਦਾ ਨਾਂਅ ਜੋਗਾ ਸੀ ਤੇ ਜੋਗਿੰਦਰ ਟੌਹਰ ਨਾਲ ਆਪਣਾ ਨਾਂਅ ਦਸ ਕੇ ਹੱਥ ਮਿਲਾਉਂਦਾ ਸੀ।
ਹਕੀਕਤ ਵਿਚ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਖੁਸ਼ੀ ਹੁੰਦੀ ਸੀ ਕੋਈ ਇੰਨੀ ਉਮਰ ਹੰਢਾ ਕੇ ਵੀ ਕਿਤੇ ਵਕਤ ਨਾਲ ਕੰਬਦੇ ਕਦਮ ਮਿਲਾ ਕੇ ਤੁਰ ਰਿਹਾ ਸੀ। ਸਮੇਂ ਸਿਰ ਆਉਣਾ ਸਮੇਂ ਸਿਰ ਜਾਣਾ ਉਸ ਦੀ ਆਦਤ ਸੀ। ਕੰਘੀ ਜ਼ਰੂਰੀ ਸੀ ਉਸ ਦੀ ਜੇਬ ਵਿਚ ਸ਼ਾਇਦ ਜਵਾਨੀ ਵੇਲੇ ਦੀ ਆਦਤ ਹੀ ਹੋਵੇਗੀ ਬਾਲਾਂ ਨੂੰ ਸਹੀ ਦਿਸ਼ਾ ਵਿਚ ਰੱਖਣ ਦੀ ਤੇ ਉਸ ਅੱਜ ਵੀ ਕਾਇਮ ਸੀ ਕੰਬਦੇ ਸਰੀਰ ਵਿਚ ਜਾਂ ਆਖਰੀ ਪੜਾਅ ਵਿਚ।
'ਬੱਚੇ ਸਾਰੇ ਸੈੱਟ ਕਰ ਦਿੱਤੇ ਬਾਬੂ ਜੀ ਹੋਰ ਕੀ ਚਾਹੀਦਾ', ਜਦੋਂ ਵੀ ਉਸ ਦੇ ਪਰਿਵਾਰ ਬਾਰੇ ਪੁੱਛਦਾ ਇਹੋ ਜਵਾਬ ਹੁੰਦਾ, 'ਕਹਿੰਦੇ ਸਰੀਰ ਦਾ ਚੱਲਦੇ ਰਹਿਣਾ ਹੀ ਚੰਗਾ ਹੁੰਦਾ ਹੈ' ਕਿਧਰ ਉਸ ਨੂੰ ਹੁਣ ਇਸ ਉਮਰ ਵਿਚ ਬੈਠਣ ਦੀ ਸਲਾਹ ਦਿੰਦਾ ਤੇ ਉਸ ਦਾ ਜਵਾਬ ਇਹੋ ਹੁੰਦਾ। ਕੁਝ ਦਿਨਾਂ ਤੋਂ ਬਿਮਾਰ ਸੀ ਛੁੱਟੀ 'ਤੇ ਰਿਹਾ ਜਿਸ ਦਿਨ ਆਇਆ ਮੈਂ ਵੇਖਿਆ ਕਿ ਉਹ ਕੰਧ ਨੂੰ ਫੜ-ਫੜ ਕੇ ਤੁਰ ਰਿਹਾ ਸੀ। ਥੋੜ੍ਹੀ ਦੇਰ ਬਾਅਦ ਪਤਾ ਲੱਗਿਆ ਕਿ ਵਾਪਸ ਚਲਾ ਗਿਆ ਘਰ। ਸ਼ਾਇਦ ਉਸ ਦੀ ਆਖਰੀ ਸਾਹ ਤੱਕ ਕੋਸ਼ਿਸ਼ ਸੀ ਕੇ ਜਿੰਨਾ ਮਰਜ਼ੀ ਵਕਤ ਦੌੜੇ ਪਰ ਪਿਛੇ ਨਹੀਂ ਹਟੇਗਾ। ਪਤਾ ਲੱਗਿਆ ਕਿ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਇਕ ਦਿਨ ਮੋਬਾਈਲ ਆਇਆ, 'ਜੋਗਿੰਦਰ ਜੀ ਦੀ ਬੇਟੀ ਬੋਲ ਰਹੀ ਹਾਂ ਉਨ੍ਹਾਂ ਦੀ ਮੌਤ ਹੋ ਗਈ।'
ਦੁੱਖ ਲੱਗਿਆ ਪਰ ਓਨਾ ਨਹੀਂ ਜਿੰਨਾ ਆਪਣਿਆਂ ਦੇ ਤੁਰ ਜਾਣ 'ਤੇ ਲੱਗਦਾ ਹੈ। ਉਸ ਦੇ ਘਰ ਗਿਆ, 'ਕੀ ਦੱਸੀਏ ਬਾਬੂ ਜੀ ਫਿਕਰ ਹੀ ਖਾ ਗਿਆ, ਦੋ ਮੁੰਡੇ ਦੋਵੇਂ ਅੱਤ ਦੇ ਨਸ਼ੇੜੀ, ਧੀ ਜਵਾਨ ਘਰ ਬੈਠੀ ਹੈ ਤੀਵੀਂ ਦਾ ਹਾਲ ਤੁਸੀਂ ਦੇਖ ਲਿਆ, ਦਸ ਸਾਲਾਂ ਤੋਂ ਮੰਜੇ 'ਤੇ ਲੱਗੀ ਹੈ, ਅਧਰੰਗ ਹੋ ਗਿਆ ਸੀ, ਵੱਡੇ ਮੁੰਡੇ ਦੀ ਘਰਵਾਲੀ ਜ਼ਿਆਦਾ ਪੇਕੇ ਹੀ ਰਹਿੰਦੀ ਹੈ, ਕਰੇ ਵੀ ਕੀ ਨਿੱਤ ਦਾ ਕੁੱਟ-ਕੁਟਾਪਾ ਤੇ ਆਹ ਛੋਟੇ ਦੀ ਘਰ ਵਾਲੀ ਸੰਭਾਲ ਕੇ ਬੈਠੀ ਹੈ ਘਰ ਨੂੰ। ਜੋਗਿੰਦਰ ਵਰਗੇ ਸਾਊ ਬੰਦੇ ਦੇ ਨਾਲ ਰੱਬ ਨੇ ਮਾੜੀ ਕੀਤੀ, ਆਪਣੇ ਕੰਮ ਦਾ ਬੜਾ ਕਰੂ ਸੀ।'
'ਬੱਚੇ ਸਾਰੇ ਸੈੱਟ ਕਰ ਦਿੱਤੇ ਬਾਪੂ ਜੀ ਹੋਰ ਕੀ ਚਾਹੀਦਾ' ਮੈਂ ਜੋਗਿੰਦਰ ਦੇ ਲਫ਼ਜ਼ਾਂ ਨੂੰ ਯਾਦ ਕਰਦਾ ਰਿਹਾ ਤੇ ਉਸ ਬਾਰੇ ਉਸ ਦੇ ਪਰਿਵਾਰ ਦੀ ਹਾਲਤ ਬਾਰੇ ਜਾਣ ਕੇ ਲੱਗਿਆ ਕਿ ਸ਼ਾਇਦ ਉਹ ਸੱਚ ਕਹਿ ਰਿਹਾ ਸੀ। ਉਸ ਨੇ ਕੋਸ਼ਿਸ਼ ਨਹੀਂ ਛੱਡੀ ਸੀ ਪਰਿਵਾਰ ਨੂੰ ਖੁਸ਼ ਰੱਖਣ ਵਿਚ। ਸਮਿਆਂ ਨਾਲ ਹੀ ਲੜਦਾ ਰਿਹਾ। ਉਸ ਦੇ ਆਖਰੀ ਪੜਾਅ ਉਤੇ ਵੀ, ਕੰਬਦੇ ਸਰੀਰ ਨੂੰ ਬੇਜ਼ਾਨ ਪੈਰਾਂ ਉਤੇ ਦੌੜਨ ਦੀ ਕੋਸ਼ਿਸ਼ ਵਿਚ ਰਿਹਾ।
ਜੋਗਿੰਦਰ ਸੱਚਾ ਸੀ ਸ਼ਾਇਦ ਉਸ ਦੇ ਨਾਲਾਇਕ ਪੁੱਤ ਝੂਠੇ ਸਨ, ਸ਼ਾਇਦ ਨਹੀਂ ਹਕੀਕਤ ਵਿਚ ਝੂਠੇ ਸਨ। ਇਕ ਇਨਸਾਨ ਪੂਰੀ ਉਮਰ ਲਗਾ ਦਿੰਦਾ ਹੈ ਆਪਣੇ ਪਰਿਵਾਰ ਨੂੰ ਖੁਸ਼ਹਾਲ ਰੱਖਣ ਲਈ। ਪਰ.... ਪਰ ਦਾ ਜਵਾਬ ਤੇ ਉਸ ਦੇ ਪਰਿਵਾਰ ਕੋਲ ਹੀ ਹੁੰਦਾ ਹੈ।

-ਮੋਬਾਈਲ : 96991-57303.


ਖ਼ਬਰ ਸ਼ੇਅਰ ਕਰੋ

ਦੀਵਾਲੀ ਤੋਂ ਪਹਿਲੀ ਰਾਤ

ਪਿੰਡ ਦੇ ਲਹਿੰਦੇ ਪਾਸੇ ਬਾਹਰਵਾਰ ਪਾਲਾ ਸਿੰਘ ਆਜੜੀ ਦਾ ਘਰ ਸੀ, ਆਸ-ਪਾਸ ਬਰਾਦਰੀ ਦੇ ਹੋਰ ਵੀ ਘਰ ਸਨ, ਪਰ ਭੇਡਾਂ, ਬੱਕਰੀਆਂ ਦਾ ਕੰਮ ਬਰਾਦਰੀ ਵਿਚੋਂ ਸਿਰਫ ਪਾਲਾ ਸਿੰਘ ਤੇ ਉਸ ਦਾ ਪੋਤਰਾ ਕੁਲਦੀਪ ਹੀ ਕਰ ਰਹੇ ਸਨ, ਇਸ ਬਰਾਦਰੀ ਦੇ ਹੋਰ ਲੋਕ ਪੜ੍ਹ-ਲਿਖ ਕੇ ਨੌਕਰੀ-ਪੇਸ਼ੇ ਉੱਪਰ ਲੱਗ ਗਏ ਸਨ, ਪਰ ਪਾਲਾ ਸਿੰਘ ਦੇ ਜਵਾਨ ਪੁੱਤਰ ਦੀ ਮੌਤ ਹੋ ਜਾਣ ਕਾਰਨ ਘਰ ਵਿਚ ਪੋਤੇ, ਪੋਤਰੀਆਂ ਪਾਲਣ ਦੀ ਸਾਰੀ ਜ਼ਿੰਮੇਵਾਰੀ ਉਸ ਉੱਪਰ ਆ ਪਈ ਸੀ, ਪਿਤਾ-ਪੁਰਖੀ ਬੱਕਰੀਆਂ, ਭੇਡਾਂ ਪਾਲਣ ਦੇ ਕੰਮ ਵਿਚ ਹੁਣ ਆਮਦਨ ਵੀ ਚਾਰ ਪੈਸੇ ਹੋਣ ਲੱਗ ਪਈ ਸੀ, ਜਿਸ ਕਾਰਨ ਤਿੰਨ ਸਾਲ ਪਹਿਲਾਂ ਉਸ ਨੇ ਗਾਂ ਤੇ ਮੱਝ ਵੀ ਖਰੀਦ ਲਈ ਸੀ।
ਬੱਕਰੀਆਂ, ਭੇਡਾਂ ਲਈ ਉਸ ਨੇ ਇਕ ਵੱਡਾ ਸਾਰਾ ਲੋਹੇ ਦਾ (ਵਾੜਾ) ਸ਼ੈੱਡ ਬਣਾ ਲਿਆ ਸੀ ਅਤੇ ਆਸੇ-ਪਾਸੇ ਕੁੁੱਕੜਾਂ, ਕਬੂਤਰਾਂ ਅਤੇ ਖਰਗੋਸ਼ਾਂ ਲਈ ਆਲ੍ਹੇ ਬੜੀ ਰੀਝ ਨਾਲ ਬਣਾਏ ਸਨ ਤੇ ਪਾਲਤੂ ਪੰਛੀਆਂ ਨਾਲ ਉਸ ਨੂੰ ਰੱਜ ਕੇ ਪਿਆਰ ਸੀ। ਸਿਆਲ ਸਿਰ 'ਤੇ ਆਉਣ ਕਾਰਨ ਉਸ ਨੇ ਸ਼ੈੱਡ ਦੇ ਆਲੇ-ਦੁਆਲੇ ਤੇ ਹੇਠਾਂ ਹਰ ਸਾਲ ਵਾਂਗ ਇਸ ਵਾਰ ਵੀ ਝੋਨੇ ਦੀ ਪਰਾਲੀ ਡੰਗਰਾਂ ਲਈ ਇਕੱਠੀ ਕਰਕੇ ਰੱਖ ਲਈ ਸੀ, ਸ਼ੈੱਡ ਦੇ ਸਾਹਮਣੇ ਹੀ ਪਿਛਲੇ ਸਾਲ ਪਾਲਾ ਸਿੰਘ ਨੇ ਆਪਣੇ ਬਾਲਿਆਂ ਵਾਲੇ ਕਮਰੇ ਢਾਹ ਕੇ ਲੈਂਟਰ ਪਾ ਲਿਆ ਸੀ। ਦਾਦਾ-ਪੋਤਰਾ ਸ਼ਾਮ-ਸਵੇਰੇ ਬੱਕਰੀਆਂ, ਭੇਡਾਂ ਨੂੰ ਚਰਾਂਦ ਲਈ ਸੜਕਾਂ, ਪਹਿਆਂ ਦੇ ਕਿਨਾਰੇ, ਨਖਾਸੂ, ਸੂਏ, ਨਹਿਰਾਂ ਉੱਪਰ ਲੈ ਜਾਂਦੇ, ਘਰ ਵਿਚ ਖੁਸ਼ਹਾਲੀ ਸੀ, ਪਾਲੇ ਨੂੰ ਜਵਾਨ ਪੁੱਤਰ ਦੀ ਮੌਤ ਭੁੱਲ ਚੁੱਕੀ ਸੀ।
ਦੀਵਾਲੀ ਤੋਂ ਇਕ ਦਿਨ ਪਹਿਲਾਂ ਪਾਲਾ ਸਿੰਘ ਤੇ ਉਸ ਦਾ ਪੋਤਰਾ 2 ਬੱਕਰੇ ਅਤੇ ਭੇਡਾਂ ਵੇਚਣ ਲਈ ਸ਼ਹਿਰ ਮੰਡੀ ਵਿਚ ਗਏ ਹੋਏ ਸਨ ਕਿ ਸ਼ਾਮ ਢਲਦੇ ਹੀ ਪਿੰਡ ਵਿਚੋਂ ਕਿਸੇ ਨੇ ਪਟਾਕਾ ਹਵਾਈ ਚਲਾਈ ਜੋ ਕਿ ਪਾਲੇ ਦੇ ਢਾਰੇ ਵਿਚਲੀ ਪਰਾਲੀ ਵਿਚ ਆਣ ਡਿੱਗੀ, ਜਿਸ ਕਾਰਨ ਸੁੱਕੀ ਪਰਾਲੀ ਨੂੰ ਅੱਗ ਲੱਗ ਗਈ ਅਤੇ ਉਹ ਪਲਾਂ ਵਿਚ ਹੀ ਜ਼ੋਰ ਫੜ ਗਈ, ਵਾੜੇ ਅੰਦਰ ਤਾੜੀਆਂ ਹੋਈਆਂ ਬੱਕਰੀਆਂ, ਭੇਡਾਂ ਵਲੋਂ ਸ਼ੋਰ ਮਚਾਉਣ 'ਤੇ ਲਾਗਲੇ ਘਰਾਂ ਵਾਲੇ ਤੇ ਪਿੰਡ ਵਾਸੀ ਭੱਜੇ ਆਏ ਤੇ ਉਨ੍ਹਾਂ ਅੱਗ ਬਝਾਉਣੀ ਸ਼ੁਰੂ ਕੀਤੀ। ਕੁਝ ਭੇਡਾਂ, ਬੱਕਰੀਆਂ ਤਾਂ ਵਾੜੇ ਦੀ ਕੰਧ ਟੱਪ ਕੇ ਬਚ ਗਈਆਂ ਅਤੇ ਕੁਝ ਅੰਦਰ ਹੀ ਸੇਕ ਨਾਲ ਤੜਫਣ ਲੱਗੀਆਂ, ਇਕ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਅੱਗ ਉੱਪਰ ਕਾਬੂ ਪਾਇਆ ਪਰ ਫਿਰ ਵੀ ਇਸ ਅਗਨੀ ਕਾਂਡ ਵਿਚ 10 ਭੇਡਾਂ, ਬੱਕਰੀਆਂ ਮੌਤ ਦੇ ਮੂੰਹ ਜਾ ਪਈਆਂ ਅਤੇ ਕਈ ਝੁਲਸ ਗਈਆਂ ਸਨ। ਹਨ੍ਹੇਰਾ ਹੋ ਗਿਆ ਸੀ, ਸਾਰਾ ਪਿੰਡ ਪਾਲਾ ਸਿੰਘ ਦੇ ਘਰ ਇਸ ਵਾਪਰੇ ਹਾਦਸੇ ਦਾ ਅਫ਼ਸੋਸ ਕਰਨ ਲਈ ਪਹੁੰਚਿਆ ਸੀ, ਕਈ ਬਜ਼ੁਰਗ ਇਸ ਅਗਨੀ ਕਾਂਡ ਨੂੰ ਰੱਬ ਦਾ ਭਾਣਾ ਕਰਾਰ ਦੇ ਰਹੇ ਸਨ, ਔਰਤਾਂ ਪਾਲਾ ਸਿੰਘ ਦੀ ਪਤਨੀ ਨਾਲ ਹਮਦਰਦੀ ਕਰਦਿਆਂ ਅੱਖਾਂ ਭਰ ਰਹੀਆਂ ਸਨ, ਦੀਵਾਲੀ ਦੇ ਖੁਸ਼ੀ ਭਰੇ ਆਏ ਤਿਉਹਾਰ ਉੱਪਰ ਰੱਬ ਵਲੋਂ ਵਰਤਾਏ ਇਸ ਕਹਿਰ ਦੀ ਨਿੰਦਾ ਕਰ ਰਹੀਆਂ ਸਨ ਅਤੇ ਪਾਲੇ ਦੀ ਘਰ ਵਾਲੀ ਨੂੰ ਸਬਰ ਰੱਖਣ ਤੇ ਰੱਬ ਦਾ ਭਾਣਾ ਮੰਨਣ ਲਈ ਕਹਿ ਰਹੀਆਂ ਸਨ।
ਰਾਤ ਦੇ ਅੱਠ ਵਜੇ ਪਾਲਾ ਸਿੰਘ ਤੇ ਉਸ ਦਾ ਪੋਤਰਾ ਕੁਲਦੀਪ ਪਿੰਡ ਪੁੱਜੇ ਤਾਂ ਵਾੜੇ ਦੀ ਹੋਈ ਤਬਾਹੀ ਵੇਖ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਬੱਚਿਆਂ ਵਾਂਗ ਪਾਲੀਆਂ, ਭੇਡਾਂ, ਬੱਕਰੀਆਂ ਦੀਆਂ ਵਾੜੇ ਅੰਦਰ ਲਾਸ਼ਾਂ ਵੇਖ ਉਨ੍ਹਾਂ ਦੇ ਅੱਥਰੂ ਨਿਕਲ ਆਏ, ਅੱਗ ਕਾਰਨ ਝੁਲਸੀਆਂ ਤੜਫ ਰਹੀਆਂ ਬੱਕਰੀਆਂ, ਭੇਡਾਂ ਦੀ ਹਾਲਤ ਉਨ੍ਹਾਂ ਤੋਂ ਵੇਖੀ ਨਹੀਂ ਸੀ ਜਾ ਰਹੀ।
ਪਿੰਡ ਦੇ ਬਜ਼ੁਰਗ ਉਨ੍ਹਾਂ ਨੂੰ ਹੌਸਲਾ ਦਿੰਦੇ ਕਹਿ ਰਹੇ ਸਨ ਕਿ, 'ਕੁਦਰਤ ਦੇ ਭਾਣੇ ਨੂੰ ਕੌਣ ਰੋਕ ਸਕਦਾ ਹੈ। ਰੱਬ ਨੂੰ ਸ਼ਾਇਦ ਇਹ ਹੀ ਮਨਜ਼ੂਰ ਹੋਵੇ।'
ਏਨੇ ਨੂੰ ਹਨ੍ਹੇਰੇ ਅਸਮਾਨ ਵਿਚ ਇਕ ਹੋਰ ਹਵਾਈ ਚੜ੍ਹਨ ਕਾਰਨ ਹੋਏ ਚਾਨਣ ਅਤੇ ਜ਼ੋਰਦਾਰ ਕੰਨ ਪਾੜਵੇਂ ਖੜਾਕ ਕਾਰਨ ਅੱਗ ਵਿਚੋਂ ਜਾਨ ਬਚਾਅ ਚੁੱਕੀਆਂ ਭੇਡਾਂ, ਬੱਕਰੀਆਂ ਭੀੜ ਨੂੰ ਇਵੇਂ ਵੇਖ ਰਹੀਆਂ ਸਨ ਜਿਵੇਂ ਉਹ ਸਾਹਮਣੇ ਖੜ੍ਹੇ ਪਿੰਡ ਵਾਸੀਆਂ ਨੂੰ ਸਵਾਲ ਕਰ ਰਹੀਆਂ ਹੋਣ ਕਿ ਹੁਣ ਤਾਂ ਬੱਸ ਕਰੋ ਕੁਦਰਤ ਨਾਲ ਖਿਲਵਾੜ ਕਰਨਾ, ਹਾਲੇ ਵੀ ਸੁਧਰ ਜਾਓ। ਖੁਸ਼ੀਆਂ, ਖੇੜਿਆਂ ਭਰੇ ਤਿਉਹਾਰਾਂ ਉੱਪਰ ਏਨਾ ਪ੍ਰਦੂਸ਼ਣ ਏਨੀ ਲਾਪ੍ਰਵਾਹੀ ਏਨਾ ਅੱਤਿਆਚਾਰ ਕਿਉਂ?
ਸਾਡੇ ਨਾਲ ਵਾਪਰਿਆ ਇਹ ਭਾਣਾ ਰੱਬ ਨੇ ਨਹੀਂ ਵਰਤਾਇਆ ਤੁਸੀਂ ਇਨਸਾਨਾਂ ਨੇ ਵਰਤਾਇਆ ਹੈ। ਤੁਹਾਡੀ ਵਿਗੜ ਚੁੱਕੀ ਔਲਾਦ ਨੇ ਵਰਤਾਇਆ ਹੈ।

-ਪਿੰਡ ਚੋਗਾਵਾਂ, ਜ਼ਿਲ੍ਹਾ ਅੰਮ੍ਰਿਤਸਰ।
ਮੋਬਾਈਲ : 9855250365

ਸਿੱਖਿਆਦਾਇਕ ਪੈਸੇ ਦੀ ਇੱਜ਼ਤ

ਇਕ ਸ਼ਹਿਰ ਵਿਚ ਇਕ ਸਾਧਾਰਨ ਵਿਅਕਤੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਅਤੇ ਉਸ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਦਾ ਸੀ ਪ੍ਰੰਤੂ ਉਸ ਨੇ ਕਦੇ ਕਿਸੇ ਕੋਲ ਹੱਥ ਨਹੀਂ ਅੱਡਿਆ ਸੀ ਬਲਕਿ ਮਿਹਨਤ ਕਰਨ ਵਿਚ ਕੋਈ ਕਸਰ ਨਹੀਂ ਛੱਡਦਾ ਸੀ। ਉਸ ਦੇ ਮੁਹੱਲੇ ਅਤੇ ਆਸ-ਪਾਸ ਦੇ ਲੋਕ ਅਕਸਰ ਉਸ ਦਾ ਨਾਂਅ ਗ਼ਲਤ ਤਰੀਕੇ ਨਾਲ ਲੈ ਕੇ ਮਖੌਲ ਕਰਦੇ ਸਨ ਪ੍ਰੰਤੂ ਉਸ ਨੇ ਕਦੇ ਵੀ ਗੁੱਸਾ ਨਹੀਂ ਕੀਤਾ ਸੀ। ਆਪਣੀ ਮਿਹਨਤ ਦੇ ਸਦਕਾ ਉਹ ਕੁਝ ਹੀ ਸਾਲਾਂ ਦੇ ਵਿਚ ਪੈਸੇ ਵਾਲਾ ਹੋ ਗਿਆ ਅਤੇ ਲੋਕ ਉਸ ਨੂੰ ਮਖੌਲ ਕਰਨ ਦੀ ਬਜਾਏ 'ਸੇਠ ਜੀ' ਕਹਿ ਕੇ ਬੁਲਾਉਂਦੇ ਹੋਏ ਹੱਥ ਜੋੜ ਕੇ ਪ੍ਰਣਾਮ ਵੀ ਕਰਦੇ ਸਨ ਅਤੇ ਸੇਠ ਬਸ ਇਹੀ ਕਹਿ ਦਿੰਦਾ ਸੀ ਕਿ ਘਰ ਜਾ ਕੇ ਦੱਸ ਦੇਵਾਂਗਾ। ਪ੍ਰਣਾਮ ਕਰਨ ਵਾਲੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਸੇਠ ਅਕਸਰ ਕਹਿ ਦਿੰਦਾ ਹੈ ਕਿ ਘਰ ਜਾ ਕੇ ਦੱਸ ਦੇਵਾਂਗਾ। ਇਸ ਦਾ ਕੀ ਮਤਲਬ ਹੈ। ਅਖੀਰ ਲੋਕਾਂ ਨੇ ਰਾਹ ਜਾਂਦੇ ਸੇਠ ਨੂੰ ਰੋਕ ਕੇ ਪੁੱਛ ਹੀ ਲਿਆ ਕਿ ਤੁਸੀਂ ਅਕਸਰ ਕਹਿੰਦੇ ਹੋ ਕਿ ਘਰ ਜਾ ਕੇ ਦੱਸ ਦੇਵਾਂਗਾ, ਇਸ ਦਾ ਕੀ ਮਤਲਬ ਹੈ। ਸੇਠ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ, ਜਦੋਂ ਮੇਰੇ ਕੋਲ ਪੈਸਾ ਨਹੀਂ ਸੀ ਤਾਂ ਉਦੋਂ ਮੈਨੂੰ ਸਾਰੇ ਲੋਕ ਮਖੌਲ ਕਰਦੇ ਹੋਏ ਮੇਰਾ ਨਾਂਅ ਵੀ ਗ਼ਲਤ ਢੰਗ ਨਾਲ ਲੈ ਕੇ ਮੈਨੂੰ ਛੇੜਦੇ ਸਨ ਅਤੇ ਹੁਣ ਮੈਂ ਆਪਣੀ ਮਿਹਨਤ ਸਦਕੇ ਪੈਸੇ ਵਾਲਾ ਹੋ ਗਿਆ ਹਾਂ ਲੋਕ ਮੈਨੂੰ ਪ੍ਰਣਾਮ ਕਰਦੇ ਹੋਏ 'ਸੇਠ ਜੀ' ਕਹਿ ਕੇ ਬੁਲਾ ਰਹੇ ਹਨ। ਸੇਠ ਨੇ ਇਹ ਵੀ ਕਿਹਾ ਕਿ ਇਸ ਦਾ ਮਤਲਬ ਹੋਇਆ ਕਿ ਕੇਵਲ ਪੈਸੇ ਦੀ ਹੀ ਇੱਜ਼ਤ ਹੈ, ਇਨਸਾਨ ਦੀ ਨਹੀਂ। ਉਸ ਨੇ ਇਹ ਵੀ ਦੱਸਿਆ ਕਿ ਮੈਂ ਪੈਸੇ ਆਪਣੇ ਘਰ ਤਿਜੌਰੀ ਵਿਚ ਰੱਖੇ ਹੋਏ ਹਨ ਅਤੇ ਤੁਹਾਡੇ ਸਾਰਿਆਂ ਵਲੋਂ ਦਿੱਤੇ ਜਾ ਰਹੇ ਪ੍ਰਣਾਮ ਦਾ ਸੁਨੇਹਾ ਮੈਂ ਘਰ ਜਾ ਕੇ ਤਿਜੌਰੀ ਵਿਚ ਰੱਖੇ ਪੈਸਿਆਂ ਨੂੰ ਦੇ ਦਿੰਦਾ ਹਾਂ।

-ਬਲਵਿੰਦਰ ਸਿੰਘ ਸੋਢੀ
551/2, ਰਿਸ਼ੀ ਨਗਰ, ਸ਼ਕੂਰ ਬਸਤੀ, ਨਵੀਂ ਦਿੱਲੀ।
ਮੋਬਾਈਲ : 092105-88990.

ਵਿਅੰਗ ਜੁਗਾੜ

ਸਮੁੱਚੇ ਭਾਰਤ 'ਤੇ ਅੰਗਰੇਜ਼ਾਂ ਨੇ ਲੰਬਾ ਸਮਾਂ ਰਾਜ ਕੀਤਾ। ਅੰਕੜੇ ਦੱਸਦੇ ਹਨ ਕਿ ਪੰਜਾਬ 'ਤੇ 98 ਸਾਲ ਅੰਗਰੇਜ਼ ਕਾਬਜ਼ ਰਹੇ। ਰਾਜ ਕਰਨ ਉਪਰੰਤ ਉਹ ਵਾਪਸ ਆਪਣੇ ਦੇਸ਼ ਇੰਗਲੈਂਡ ਚਲੇ ਗਏ। ਲੰਬੇ ਸਮੇਂ ਤੱਕ ਉਹ ਪੰਜਾਬ ਨੂੰ ਦੇਖਣ ਲਈ ਆਪਣੇ ਨੁਮਾਇੰਦੇ ਭੇਜਦੇ ਰਹੇ। ਇਕ ਵਾਰੀ ਉਨ੍ਹਾਂ ਦੀ ਗੱਡੀ ਲੁਧਿਆਣਾ-ਜਲੰਧਰ ਸੜਕ 'ਤੇ ਖਰਾਬ ਹੋ ਗਈ। ਪਿੰਡ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨਾਲ ਇਕ ਦੋ-ਭਾਸ਼ਾਈ ਆਦਮੀ ਵੀ ਸਨ। ਉਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਕਿਹਾ ਕਿ ਕੋਈ ਗੱਡੀ ਠੀਕ ਕਰ ਸਕਦਾ ਹੈ। ਸਭ ਨੇ ਨਾਂਹ 'ਚ ਜਵਾਬ ਦੇ ਦਿੱਤਾ।
ਅੰਗਰੇਜ਼ ਪ੍ਰੇਸ਼ਾਨ ਹੋ ਗਏ। ਦੋ-ਭਾਸ਼ਾਈਏ ਨੇ ਪੁੱਛਿਆ, 'ਕੋਈ ਹੱਲ?'
ਇਕ ਬੋਲਿਆ, 'ਤੁਹਾਡੀ ਗੱਡੀ ਅਸੀਂ 'ਜੁਗਾੜ' ਨਾਲ ਵਰਕਸ਼ਾਪ ਛੱਡ ਸਕਦੇ ਹਾਂ। ਉਹ ਮੰਨ ਗਏ। ਉਨ੍ਹਾਂ ਪਿੰਡ 'ਚੋਂ ਟਰੈਕਟਰ ਤੇ ਟੋਚਨ ਲਿਆਂਦਾ ਤੇ ਗੱਡੀ ਵਰਕਸ਼ਾਪ ਪਹੁੰਚਾ ਦਿੱਤੀ। ਅੰਗਰੇਜ਼ ਬਹੁਤ ਖੁਸ਼ ਹੋਏ। ਉਨ੍ਹਾਂ ਜਾ ਕੇ ਸਾਰੀ ਗੱਲ ਆਪਣੇ ਦੇਸ਼ ਕੀਤੀ, ਪੰਜਾਬੀ ਕਹਿੰਦੇ ਬਹੁਤ ਚੁਸਤ ਨੇ, ਉਨ੍ਹਾਂ ਸਭ ਕੁਝ ਦੇ ਦਿੱਤਾ ਪਰ ਜੁਗਾੜ ਰੱਖ ਲਿਆ।
ਉਹ ਨੁਮਾਇੰਦੇ ਇਕ ਵਾਰ ਫਿਰ ਵਾਪਸ ਆਏ। ਉਨ੍ਹਾਂ ਹੀ ਆਦਮੀਆਂ ਨੂੰ ਮਿਲੇ ਤੇ ਉਨ੍ਹਾਂ ਕਿਹਾ, 'ਜਿੰਨੇ ਮਰਜ਼ੀ ਪੈਸੇ ਲੈ ਲਓ, ਆਪਣਾ ਜੁਗਾੜ ਦੇ ਦਿਓ?'
'ਓ ਭਾਈ ਸਾਹਿਬ, ਇਹ ਜੁਗਾੜ ਅਸੀਂ ਨਹੀਂ ਦੇ ਸਕਦੇ।'
'ਕਿਉਂ?'
'ਕਿਉਂਕਿ ਤੁਹਾਡੇ ਚਲੇ ਜਾਣ ਬਾਅਦ 71 ਸਾਲਾਂ ਤੋਂ ਸਾਡੀਆਂ ਸਰਕਾਰਾਂ ਸਾਡੇ 'ਤੇ ਜੁਗਾੜ ਲਾ ਕੇ ਰਾਜ ਕਰ ਰਹੀਆਂ ਹਨ। ਬਾਬੇ ਤੇ ਭ੍ਰਿਸ਼ਟ ਲੀਡਰ ਜੁਗਾੜ ਲਾ ਕੇ ਅਰਬਾਂਪਤੀ ਬਣ ਗਏ ਨੇ। ਨੌਕਰੀ ਲਈ ਡਿਗਰੀ ਦੀ ਲੋੜ ਹੈ, ਇਹ ਅਨਪੜ੍ਹ ਲੀਡਰ ਜੁਗਾੜੀਏ ਬਣ ਕੇ ਮੰਤਰੀ ਬਣ ਰਹੇ ਨੇ। ਜੁਗਾੜ ਲਾ ਕੇ ਭਰਾ ਭੈਣ ਨਾਲ ਵਿਆਹ ਕਰਵਾ ਕੇ ਵਿਦੇਸ਼ਾਂ 'ਚ ਬੈਠੇ ਨੇ। ਅੱਜ ਬਹੁਤੇ ਪੰਜਾਬੀ ਬਾਹਰ ਵੀ ਜੁਗਾੜ 'ਚ ਹੀ ਰੁਝੇ ਹੋਏ ਨੇ। ਤੁਸੀਂ ਪਹਿਲਾਂ ਹੀ ਸਭ ਕੁਝ ਲੈ ਗਏ ਹੋ। ਸਾਡੀ ਮਿੰਨਤ ਹੈ ਕਿ ਅਸੀਂ ਜੁਗਾੜ ਨਹੀਂ ਦੇ ਸਕਦੇ ਕਿਉਂਕਿ ਸਾਡੇ ਬਹੁਤੇ ਲੋਕ ਜੁਗਾੜ ਨਾਲ ਹੀ ਚਲ ਰਹੇ ਨੇ। ਅੰਗਰੇਜ਼ ਖਾਲੀ ਹੱਥ ਵਾਪਸ ਚਲੇ ਗਏ।

ਮੋਬਾਈਲ : 98769-09576.

ਇਤਿਹਾਸਕ ਵਾਰਤਾ ਕੁੱਜੇ ਵਿਚ ਸਮੁੰਦਰ

ਜਨਾਬ ਅਬੁਲ ਹਸਨ ਯਾਮੀਨੂਦੀਨ ਖੁਸਰੋ (1253 ਤੋਂ 1325) ਜੋ ਅਮੀਰ ਖੁਸਰੋ ਦੇ ਨਾਂਅ ਨਾਲ ਪ੍ਰਸਿੱਧ ਹਨ, ਆਪਣੇ ਸਮੇਂ ਦੇ ਮਸ਼ਹੂਰ ਸ਼ਾਇਰ ਸਨ। ਉਨ੍ਹਾਂ ਦੇ ਦੋਹੇ, ਗ਼ਜ਼ਲਾਂ ਤੇ ਸੂਫ਼ੀ ਕਲਾਮ ਕੱਵਾਲੀ ਦੀਆਂ ਮਹਿਫ਼ਲਾਂ ਵਿਚ ਆਮ ਗਾਏ ਜਾਂਦੇ ਹਨ। ਇਨ੍ਹਾਂ ਦਾ ਬਾਦਸ਼ਾਹਾਂ 'ਤੇ ਰਾਜਿਆਂ ਦੇ ਦਰਬਾਰਾਂ ਵਿਚ ਬੜਾ ਮਾਣ-ਸਤਿਕਾਰ ਕੀਤਾ ਜਾਂਦਾ ਸੀ।
ਉਸ ਸਮੇਂ ਲੋਕ ਕੱਚੇ ਰਾਹਾਂ ਤੇ ਪਗਡੰਡੀਆਂ 'ਤੇ ਪੈਦਲ ਸਫ਼ਰ ਕਰਿਆ ਕਰਦੇ ਸਨ। ਰਾਹੀਆਂ ਦੇ ਰਹਿਣ ਲਈ ਸਰਾਵਾਂ ਤੇ ਰੈਣ-ਬਸੇਰੇ ਮਿਲ ਜਾਂਦੇ ਸੀ। ਇਕ ਵਾਰ ਅਮੀਰ ਖੁਸਰੋ ਆਪਣੀ ਮੰਜ਼ਿਲ ਵੱਲ ਪੈਦਲ ਜਾ ਰਹੇ ਸੀ। ਉਨ੍ਹਾਂ ਨੂੰ ਪਿਆਸ ਲੱਗੀ। ਇਕ ਪਿੰਡ ਬਾਹਰ ਕੁਝ ਕੁੜੀਆਂ ਖੂਹ ਤੋਂ ਪਾਣੀ ਭਰ ਰਹੀਆਂ ਸਨ। ਖੁਸਰੋ ਨੇ ਪਾਣੀ ਪੀਣ ਦੀ ਇੱਛਾ ਜ਼ਾਹਰ ਕੀਤੀ। ਕੁੜੀਆਂ ਬੋਲੀਆਂ ਭਾਈ ਪਾਣੀ ਤਾਂ ਪੀ ਪਰ ਪਹਿਲਾਂ ਸਾਨੂੰ ਦੱਸ ਤੂੰ ਕੌਣ ਹੈਂ? ਉਸ ਨੇ ਕਿਹਾ ਮੈਨੂੰ ਅਮੀਰ ਖੁਸਰੋ ਕਹਿੰਦੇ ਹਨ। ਕੁੜੀਆਂ ਹੈਰਾਨ ਹੋ ਕੇ ਇਕ ਜ਼ਬਾਨ ਬੋਲੀਆਂ, 'ਹੈਂ! ਉਹ ਤਾਂ ਤੁਰਿਆ-ਤੁਰਿਆ ਜਾਂਦਾ ਸ਼ੇਅਰ ਬਣਾ ਦਿੰਦਾ ਹੈ। ਫਿਰ ਤਾਂ ਭਾਈ ਪਹਿਲਾਂ ਸ਼ੇਅਰ ਬਣਾ ਕੇ ਸੁਣਾ ਤਾਂ ਪਾਣੀ ਮਿਲੂ 'ਗਾ। ਇਕ ਕੁੜੀ ਕਹਿੰਦੀ ਭਾਈ ਚਰਖੇ ਦਾ ਸ਼ੇਅਰ ਸੁਣਾ। ਦੂਜੀ ਬੋਲੀ ਭਾਈ ਸਾਡੇ ਕੁੱਤੇ ਦਾ ਸ਼ੇਅਰ ਬਣਾ ਦੇ। ਤੀਜੀ ਦੀ ਇੱਛਾ ਸੀ ਕਿ ਖੀਰ 'ਤੇ ਕੋਈ ਟੋਟਾ ਬਣਾ ਦੇ। ਚੌਥੀ ਡੂਮਾਂ ਦੀ ਕੁੜੀ ਬੋਲੀ ਭਾਈ ਢੋਲ 'ਤੇ ਸ਼ੇਅਰ ਬਣਾ ਦੇ। ਖੁਸਰੋ ਨੂੰ ਪਿਆਸ ਲੱਗੀ ਹੋਈ ਸੀ, ਉਸ ਨੇ ਛੇਤੀ ਹੀ ਕੰਮ ਨਿਬੇੜ ਦਿੱਤਾ।
ਖੀਰ ਬਨਾਈ ਯਤਨ ਸੇ, ਚਰਖਾ ਦੀਆ ਚਲਾ।
ਆਇਆ ਕੁੱਤਾ ਖਾ ਗਿਆ, ਤੂੰ ਬੈਠੀ ਢੋਲ ਬਜਾ।
ਫਿਰ ਕਿਹਾ, 'ਪਿਆਓ ਪਾਣੀ।'

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ। ਮੋਬਾਈਲ : 98720-86101.

ਨਕਲ ਦਾ ਬਾਦਸ਼ਾਹ

ਮਾਸਟਰ ਕਰਮ ਸਿੰਘ ਅਜੇ ਘਰੋਂ ਨਿਕਲਿਆ ਹੀ ਸੀ ਕਿ 8-10 ਮੁੰਡੇ ਭੱਜੇ ਆਏ ਅਤੇ ਮਾਸਟਰ ਜੀ ਦੁਆਲੇ ਇਕੱਠੇ ਹੋ ਗਏ। 'ਅਸੀਂ ਤੁਹਾਡੀ ਕਦੋਂ ਦੇ ਉਡੀਕ ਕਰ ਰਹੇ ਹਾਂ। ਸਾਡਾ ਕੱਲ੍ਹ ਨੂੰ ਅੰਗਰੇਜ਼ੀ ਦਾ ਪੇਪਰ ਹੈ, ਸਾਡੇ 'ਤੇ ਕਿਰਪਾ ਕਰ ਦਿਓ।' ਮਾਸਟਰ ਕਰਮ ਸਿੰਘ ਕਹਿਣ ਲੱਗੇ 'ਦੇਖੋ ਬਈ, ਮੇਰੇ ਕੋਲ ਅੱਠ-ਦਸ ਵਿਦਿਆਰਥੀ ਪਹਿਲਾਂ ਆ ਚੁੱਕੇ ਹਨ। ਕੰਮ ਤਾਂ ਔਖਾ ਹੈ ਪਰ ਮੈਂ ਤੁਹਾਡਾ ਦਿਲ ਨਹੀਂ ਤੋੜਨਾ ਚਾਹੁੰਦਾ। ਤੁਸੀਂ ਸਾਰੇ ਆਪਣਾ ਰੋਲ ਨੰਬਰ ਅਤੇ ਨਾਲ ਫੀਸ ਨੱਥੀ ਕਰਕੇ ਦੇ ਦਿਓ ਅਤੇ ਤੁਸੀਂ ਬੇਫਿਕਰ ਹੋ ਜਾਣਾ। ਕੰਮ ਹੋ ਜਾਏਗਾ।'
ਅਗਲੇ ਦਿਨ ਮਾਸਟਰ ਜੀ ਪ੍ਰੀਖਿਆ ਕੇਂਦਰ ਵਿਚ ਬਾਕੀ ਸਟਾਫ ਤੋਂ ਪਹਿਲਾਂ ਹੀ ਪਹੁੰਚ ਗਏ ਅਤੇ ਆਪਣੇ ਗਾਹਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਾਰੀ ਯੋਜਨਾ ਸਮਝਾ ਦਿੱਤੀ। ਮਾਸਟਰ ਕਰਮ ਸਿੰਘ ਨੇ ਆਪ ਤੀਜੇ ਦਰਜੇ ਵਿਚ ਦਸਵੀਂ ਪਾਸ ਕੀਤੀ ਸੀ ਅਤੇ ਜੇ.ਬੀ.ਟੀ. ਕਰਕੇ ਪਿਛਲੇ ਤੀਹ ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਸੇਵਾ ਕਰ ਰਹੇ ਹਨ। ਕਿਸੇ ਨਾ ਕਿਸੇ ਢੰਗ ਨਾਲ ਉਹ ਪ੍ਰੀਖਿਆ ਕੇਂਦਰ ਵਿਚ ਨਿਗਰਾਨ ਦੀ ਡਿਊਟੀ ਲਗਾ ਲੈਂਦੇ ਹਨ ਅਤੇ ਪ੍ਰੀਖਿਆਰਥੀਆਂ ਦਾ ਬੇੜਾ ਪਾਰ ਕਰਨ ਦੀ ਸੇਵਾ ਕਰਦੇ ਹਨ।
ਪੇਪਰ ਆਰੰਭ ਹੋ ਗਿਆ ਅਤੇ ਸੁਪਰਡੈਂਟ ਸਾਹਿਬ ਨੂੰ ਬੇਨਤੀ ਕਰਕੇ ਵਿਦਿਆਰਥੀਆਂ ਦੇ ਦਸਤਖਤ ਕਰਵਾਉਣ ਦੀ ਡਿਊਟੀ ਲੈ ਲਈ। ਦਸਤਖਤ ਕਰਵਾਉਂਦੇ ਗਏ ਅਤੇ 'ਪ੍ਰਸ਼ਾਦ ਪਰਚੀ' ਵੰਡਦੇ ਗਏ। ਜਿਸ ਦਾ ਕੰਮ ਹੋ ਜਾਂਦਾ ਉਸ ਦੀ ਪਰਚੀ ਅਗਲੇ ਲੋੜਵੰਦ ਕੋਲ ਪੁੱਜਦੀ ਕਰ ਦਿੰਦੇ। ਜਦੋਂ ਉਨ੍ਹਾਂ ਦੀ ਲਿਸਟ ਅਨੁਸਾਰ ਉਨ੍ਹਾਂ ਦਾ ਕੰਮ ਪੂਰਾ ਹੋ ਜਾਂਦਾ ਤਾਂ ਪਰਚੀ ਆਪਣੀ ਜੇਬ ਵਿਚ। ਆਪ ਵੀ ਖੁਸ਼ ਅਤੇ ਲੋੜਵੰਦ ਵਿਦਿਆਰਥੀ ਵੀ ਖੁਸ਼।
ਪੇਪਰ ਖਤਮ ਹੋਣ ਤੋਂ ਵੀਹ ਮਿੰਟ ਪਹਿਲਾਂ ਫਲਾਈਂਗ ਸਕੁਐਡ ਨੇ ਛਾਪਮਾਰ ਲਿਆ। ਦੋ-ਤਿੰਨ ਵਿਦਿਆਰਥੀਆਂ ਕੋਲੋਂ ਪਰਚੀਆਂ ਫੜੀਆਂ ਗਈਆਂ। ਫਲਾਈਂਗ ਸਕੁਐਡ ਦੇ ਇੰਚਾਰਜ ਜ਼ਿਲ੍ਹਾ ਸਿੱਖਿਆ ਅਫਸਰ ਰੰਜਨ ਸ਼ਰਮਾ ਨੇ ਮਾਸਟਰ ਕਰਮ ਸਿੰਘ ਦੇ ਕੰਮ ਨੂੰ ਢਿੱਲਾ ਦੱਸਿਆ ਅਤੇ ਕਿਹਾ, 'ਮਾਸਟਰ ਜੀ ਕੰਮ ਧਿਆਨ ਨਾਲ ਕਰੋ।'
'ਜਨਾਬ ਮੈਂ ਤਾਂ ਨਕਲ ਦੇ ਬਹੁਤ ਖਿਲਾਫ਼ ਹਾਂ। ਮੈਂ ਤਾਂ ਸਾਰੇ ਪ੍ਰੀਖਿਆਰਥੀਆਂ ਦੀ ਤਲਾਸ਼ੀ ਲੈ ਕੇ ਪਹਿਲਾਂ ਪਰਚੀਆਂ ਕਢਵਾਈਆਂ। ਇਹ ਪਤਾ ਨਹੀਂ ਕਿਵੇਂ ਰਹਿ ਗਈਆਂ। ਮਹਿਕਮਾ ਮੇਰੇ 'ਤੇ ਬਹੁਤ ਵਿਸ਼ਵਾਸ ਕਰਦਾ ਹੈ। ਹਰ ਸਾਲ ਮੇਰੀ ਡਿਊਟੀ ਲਗਦੀ ਹੈ ਕਦੇ ਕੋਈ ਸ਼ਿਕਾਇਤ ਦਾ ਸਵਾਲ ਹੀ ਪੈਦਾ ਨਹੀਂ ਹੋਇਆ। ਐਮ.ਐਲ.ਏ. ਸਾਹਿਬ ਵੀ ਮੈਥੋਂ ਬਹੁਤ ਖੁਸ਼ ਹਨ। ਹਾਂ ਸੱਚ ਆਪਦੇ ਲੜਕੇ ਨੇ ਵੀ ਤਾਂ ਮੇਰੇ ਕੋਲ ਪੇਪਰ ਦਿੱਤੇ ਸਨ, ਡੀ.ਈ.ਓ. ਸਾਹਿਬ ਜ਼ਰਾ ਕੁ ਮੁਸਕਰਾਏ ਅਤੇ ਚਲੇ ਗਏ। ਸ਼ਾਮ ਨੂੰ ਫਿਰ ਮਾਸਟਰ ਜੀ ਦੇ ਘਰ ਰੌਣਕਾਂ ਸਨ। ਨਵੇਂ 'ਗਾਹਕ', ਨਵੀਂ ਯੋਜਨਾ।

-ਪ੍ਰਿੰਸੀਪਲ ਹਰਚੰਦ ਸਿੰਘ ਬੈਂਸ
117, ਪ੍ਰੀਤ ਨਗਰ, ਨੰਗਲ ਟਾਊਨਸ਼ਿਪ (ਰੋਪੜ)।
ਮੋਬਾਈਲ : 98722-89188.

ਮਿੰਨੀ ਕਹਾਣੀਆਂ

ਇਮਾਨਦਾਰ
ਮਾਸਟਰ ਪ੍ਰੇਮ ਸਿੰਘ ਆਪਣੇ ਘਰ ਦੇ ਬਾਹਰ ਕੁਰਸੀ 'ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਗਲੀ ਵਿਚੋਂ ਲੰਘਿਆ ਜਾਂਦਾ ਅਮਲੀ ਧਰਮਾ ਕਹਿੰਦਾ 'ਮਾਸਟਰ ਜੀ ਸਤਿ ਸ੍ਰੀ ਅਕਾਲ, ਕੀ ਖ਼ਬਰ ਹੈ, ਅੱਜ ਅਖ਼ਬਾਰ ਦੀ' ਤਾਂ ਅੱਗੋਂ ਮਾਸਟਰ ਬੋਲਿਆ, 'ਧਰਮਿਆ ਇਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇ ਦਿੱਤਾ ਕੱਲ੍ਹ, ਕਾਰਨ ਦਾ ਪਤਾ ਨਹੀਂ ਲੱਗਿਆ। ਤਾਂ ਅਮਲੀ ਕਹਿੰਦਾ, 'ਇਮਾਨਦਾਰ ਹੋਊ ਵਿਚਾਰਾ, ਨਾਲੇ ਥੋੜ੍ਹੀ ਤਨਖਾਹ ਨਾਲ ਕਿੱਥੇ ਹੁੰਦੈ ਗੁਜ਼ਾਰਾ, ਏਨੀ ਮਹਿੰਗਾਈ ਵਿਚ, ਤਾਹੀਓਂ ਅਸਤੀਫ਼ਾ ਦੇ ਗਿਆ।'

-ਗੁਰਮੇਲ ਸਿੰਘ ਸਾਗੀ
ਪਿੰਡ ਸੈਂਫਲਪੁਰ (ਰੋਪੜ)।
ਮੋਬਾਈਲ : 94635-95957

ਸੋਚ
ਛਿੰਦਰ ਦੇ ਹੱਥਾਂ ਉਤੇ ਮੋਟੇ-ਮੋਟੇ ਮੋਹਕੇ ਸਨ। ਕਿਸੇ ਨੇ ਉਸ ਨੂੰ ਦੱਸਿਆ ਕਿ ਆਪਣੇ ਲਾਗਲੇ ਧਰਮ ਅਸਥਾਨ 'ਤੇ ਲੂਣ ਅਤੇ ਝਾੜੂ ਸੁੱਖ ਲੈ, ਤੇਰੇ ਮੋਹਕੇ ਝੜ ਜਾਣਗੇ। ਛਿੰਦਰ ਨੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਅਤੇ ਲੂਣ ਤੇ ਝਾੜੂ ਦੀ ਸੁੱਖਣਾ ਸੁੱਖ ਲਈ।
ਛਿੰਦਰ ਦੇ ਕੁਝ ਸਮਾਂ ਪੈ ਕੇ ਸਾਰੇ ਮੋਹਕੇ ਝੜ ਗਏ ਸਨ। ਮਹੀਨੇ ਬਾਅਦ ਇਕ ਦਿਨ ਛਿੰਦਰ ਦੇ ਦਿਮਾਗ ਵਿਚ ਗੱਲ ਆਈ। ਬਈ ਆਪਾਂ ਸੁੱਖਣਾ ਪੂਰੀ ਕਰ ਦੇਈਏ। ਛਿੰਦਰ ਦੁਕਾਨ 'ਤੇ ਝਾੜੂ ਤੇ ਲੂਣ ਲੈਣ ਗਿਆ। ਸੇਠ ਨੇ ਝਾੜੂ ਛਿੰਦਰ ਨੂੰ ਫੜਾਉਂਦਿਆਂ ਪੁੱਛਿਆ। ਹਾਂ ਬਈ ਲੂਣ ਪੰਜਾਂ ਵਾਲੀ ਥੈਲੀ ਜਾਂ ਪੰਦਰਾਂ ਰੁਪਏ ਵਾਲੀ ਟਾਟਾ ਦੀ ਦੇਵਾਂ। ਛਿੰਦਰ ਸੋਚੀਂ ਪੈ ਗਿਆ ਅਤੇ ਝੱਟ ਬੋਲਿਆ, 'ਯਾਰ ਪੰਜਾਂ ਵਾਲੀ ਦੇ ਦੇ ਆਪਾਂ ਤਾਂ ਸੁੱਖਣਾ ਪੂਰੀ ਕਰਨੀ ਐ, ਕਿਹੜਾ ਘਰੇ ਵਰਤਣਾ।'

-ਕੁਲਦੀਪ ਭਾਗ ਸਿੰਘ ਵਾਲਾ
ਮੋਬਾਈਲ : 94638-56223.

ਜੀ. ਐੱਸ. ਟੀ. ਲਾਗੂ ਹੋ ਗਿਐ ਜੀ...

ਮੇਨ ਗੇਟ ਖੜਕਣ 'ਤੇ ਜਦ ਮੈਂ ਖੋਲ੍ਹਿਆ ਤਾਂ ਬਾਹਰ ਅਖ਼ਬਾਰ ਵਾਲਾ ਖੜ੍ਹਾ ਸੀ। 'ਅਖ਼ਬਾਰ ਦਾ ਬਿੱਲ ਜੀ...।' ਮੈਂ ਆਪਣੀ ਜੇਬ੍ਹ ਵਿਚੋਂ 150 ਰੁਪਏ ਕੱਢ ਕੇ ਉਸ ਨੂੰ ਫੜਾਏ ਤਾਂ ਉਹ ਬੋਲਿਆ, '20 ਰੁਪਏ ਹੋਰ ਦਿਓ ਜੀ।'
'20 ਰੁਪਏ ਹੋਰ ਕਾਹਦੇ ਬਈ...? ਪਹਿਲਾਂ ਤਾਂ 150 ਰੁਪਏ ਹੀ ਲੱਗਦੇ ਸੀ ਮਹੀਨੇ ਦੇ...।'
'1 ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਹੋ ਗਿਐ ਜੀ । ਕਾਗਜ਼ ਦਾ ਰੇਟ ਵਧ ਗਿਐ। ਲਗਦੈ ਤੁਸੀਂ ਅਖ਼ਬਾਰ ਪੜ੍ਹਨ ਲਈ ਨਹੀਂ, ਰੱਦੀ 'ਕੱਠੀ ਕਰਨ ਲਈ ਲਾਇਐ। ਜਲਦੀ ਪੈਸੇ ਦਿਓ ਜੀ। ਮੈਂ ਹੋਰ ਘਰਾਂ ਵਿਚ ਵੀ ਜਾਣੈਂ।' ਕੋਈ ਹੋਰ ਕੁਝ ਸੁਣਨ ਤੋਂ ਪਹਿਲਾਂ ਹੀ ਮੈਂ 20 ਰੁਪਏ ਹੋਰ ਕੱਢ ਕੇ ਉਸ ਨੂੰ ਫੜਾ ਦਿੰਦਾ ਹਾਂ। ਐਨੇ ਵਿਚ ਕਾਕਾ ਜੀ ਵੀ ਘਰ ਆ ਗਏ ਨੇਂ। 'ਪਾਪਾ ਅਕੈਡਮੀ ਵਾਲਿਆਂ ਨੇ ਫੀਸ ਦੇ 200 ਰੁਪਏ ਹੋਰ ਮੰਗੇ ਨੇ। ਕਹਿੰਦੇ ਅਕੈਡਮੀ ਦੀ ਫੀਸ 'ਤੇ ਹੁਣ 18 ਫ਼ੀਸਦੀ ਜੀ. ਐੱਸ. ਟੀ. ਲੱਗਿਆ ਕਰੇਗਾ।' ਚੁੱਪ-ਚਾਪ ਕਰ ਕੇ ਉਸਨੂੰ ਵੀ ਮੈਂ 200 ਰੁਪਏ ਹੋਰ ਫੜਾ ਦਿੰਦਾ ਹਾਂ । ਹੁਣ ਸ੍ਰੀਮਤੀ ਜੀ. ਵੀ. ਡੇਅਰੀ ਤੋਂ ਦੁੱਧ ਲੈ ਕੇ ਘਰ ਆ ਗਏ ਨੇ। 'ਸੁਣੋ ਜੀ ਦੁੱਧ ਵਾਲੀ ਨੇ ਇਸ ਮਹੀਨੇ ਤੋਂ ਦੁੱਧ ਦਾ ਰੇਟ 3 ਰੁਪਏ ਕਿੱਲੋ ਵਧਾ ਦਿੱਤਾ ਐ।'
'ਕਿਉਂ ਉਨ੍ਹਾਂ ਦੇ ਤਾਂ ਤੂੜੀ ਪੱਠੇ ਘਰ ਦੇ ਹੀ ਹੁੰਦੇ ਨੇ । ਨਾਲੇ ਤੂੜੀ ਪੱਠਿਆਂ 'ਤੇ ਤਾਂ ਕੋਈ ਟੈਕਸ ਨੀਂ ਲੱਗਿਆ।'
'ਨਹੀਂ ਕਹਿੰਦੀ ਟੈਕਸ ਤਾਂ ਕੋਈ ਨੀਂ ਲੱਗਿਆ ਪਰ ਜੀ. ਐੱਸ. ਟੀ. ਲੱਗਣ ਕਰ ਕੇ ਘਰ ਦੇ ਹੋਰ ਖਰਚੇ ਵਧ ਗਏ ਨੇ। ਨਾਲੇ ਜੀ ਹੁਣ ਮੇਰਾ ਵੀ ਜੇਬ੍ਹ ਖਰਚ ਕੁਝ ਹੋਰ ਵਧਾ ਦਿਓ। ਮੇਕਅੱਪ ਦਾ ਸਾਮਾਨ, ਬਿਊਟੀ ਪਾਰਲਰ ਦਾ ਖਰਚ ਤੇ ਸੂਟਾਂ ਦੇ ਰੇਟ, ਸਾਰਾ ਕੁਝ ਜੀ. ਐਸ. ਟੀ. ਲੱਗਣ ਕਰ ਕੇ ਪਹਿਲਾਂ ਨਾਲੋਂ ਵਧ ਗਿਐ।'
'ਹਾਂ ਭਾਗਵਾਨੇ ਜੇ ਹੋਰ ਖਰਚੇ ਵਧ ਗਏ ਤਾਂ ਤੇਰਾ ਖਰਚ ਵੀ ਤਾਂ ਵਧਣਾ ਈ ਸੀ।'
'ਹਾਂ ਘਰ ਵਿਚ ਪਿਆਜ਼ ਟਮਾਟਰ ਵੀ ਮੁੱਕੇ ਪਏ ਨੇ। ਸ਼ਾਮੀਂ ਆਉਂਦੇ ਹੋਏ ਕੋਈ ਸਬਜ਼ੀ-ਭਾਜੀ ਵੀ ਲਈ ਆਇਓ।'
ਨਹਾ ਧੋ ਕੇ ਸਕੂਟਰ ਦਾ ਤੇਲ ਖਰਚਾ ਬਚਾਉਣ ਦੇ ਚੱਕਰ ਵਿਚ ਮੈਂ ਪੈਦਲ ਹੀ ਸਬਜ਼ੀ ਮੰਡੀ ਵੱਲ ਨੂੰ ਤੁਰ ਪੈਂਦਾ ਹਾਂ ਤੇ ਇਕ ਸਬਜ਼ੀ ਵਾਲੀ ਰੇਹੜੀ 'ਤੇ ਜਾ ਖੜ੍ਹਦਾ ਹਾਂ। 'ਹਾਂ ਬਈ ਟਮਾਟਰ ਕਿਵੇਂ ਲਾਏ ਐ ਤੇ ਨਾਲ ਆਹ ਗੰਢਿਆਂ ਦੀ ਵੀ ਪੰਸੇਰੀ ਤੋਲ ਦਈਂ...।'
'ਜੀ ਟਮਾਟਰ ਤੋ 120 ਰੁਪਏ ਕਿੱਲੋ ਹੈਂ ਔਰ ਪਿਆਜ਼ 200 ਰੁਪਏ ਕੇ ਪਾਂਚ ਕਿੱਲੋ ਮਿਲੇਂਗੇ। ਕਿਤਨੇਂ ਕਿਤਨੇਂ ਡਾਲ ਦੂੰ...?'
'ਨਹੀਂ ਯਾਰ ਰਹਿਣ ਈ ਦੇ...' ਕਹਿ ਕੇ ਮੈਂ ਅੱਗੇ ਤੁਰ ਪੈਂਦਾ ਹਾਂ। ਕੋਈ ਵੀ ਸਬਜ਼ੀ 40-50 ਰੁਪਏ ਕਿੱਲੋ ਤੋਂ ਘੱਟ ਨਹੀਂ ਸੀ ਮਿਲ ਰਹੀ। ਰੇਟ ਪੁੱਛਦੇ-ਪੁੱਛਦੇ ਹੁਣ ਤਾਂ ਗੋਡੇ ਵੀ ਜਵਾਬ ਦੇ ਗਏ ਲੱਗਦੇ ਨੇ। ਆਖਰ ਇਕ ਰਿਕਸ਼ੇ ਵਾਲੇ ਨੂੰ ਪੁੱਛਦਾ ਹਾਂ 'ਹਾਂ ਬਈ ਰਾਏਕੋਟ ਅੱਡੇ ਚੱਲਣੈਂ...?'
'ਹਾਂ ਜੀ ਬੈਠੋ, ਚਾਲੀ ਰੁਪਏ ਲੱਗਣਗੇ...'
'ਯਾਰ ਤੇਰਾ ਰਿਕਸ਼ਾ ਕਿਹੜਾ ਤੇਲ ਜਾਂ ਗੈਸ 'ਤੇ ਚੱਲਦੈ ਜਿਹੜਾ ਐਨੇ ਪੈਸੇ ਮੰਗੀ ਜਾਨੈਂ...?''
'ਤੇਲ ਗੈਸ 'ਤੇ ਤਾਂ ਨਹੀਂ ਚੱਲਦਾ ਪਰ ਆਹ ਸਬਜ਼ੀਆਂ ਦੇ ਰੇਟ ਤਾਂ ਤੁਸੀਂ ਪੁੱਛ ਈ ਲਏ ਹੋਣੇਂ ਐਂ।'
'ਨਹੀਂ ਯਾਰ ਰਹਿਣ ਈ ਦੇ। ਮੈਂ ਔਖਾ-ਸੌਖਾ ਪੈਦਲ ਈ ਘਰ ਚਲੇ ਜਾਨਾਂ...।'
ਐਤਵਾਰ ਨੂੰ ਘਰ ਰੋਟੀ ਦਾ ਖਰਚ ਬਚਾਉਣ ਦੇ ਮਾਰੇ ਮੈਂ ਪਰਿਵਾਰ ਸਮੇਤ ਇਕ ਧਾਰਮਿਕ ਸਥਾਨ 'ਤੇ ਚਲੇ ਜਾਂਦਾ ਹਾਂ । ਲੰਗਰ ਛਕ ਕੇ ਗੋਲਕ ਵਿਚ ਦਸ ਰੁਪਏ ਪਾਉਣ ਲੱਗੇ ਦੇਖਦਾ ਹਾਂ ਕਿ ਵੱਡੀ ਗੋਲਕ ਨਾਲ ਇਕ ਛੋਟੀ ਗੋਲਕ ਵੀ ਪਈ ਸੀ, ਜਿਸ 'ਤੇ ਜੀ. ਐੱਸ. ਟੀ. ਲਿਖਿਆ ਹੋਇਆ ਸੀ।
'ਚਲੋ ਬਈ ਜਲਦੀ-ਜਲਦੀ ਘਰ ਚੱਲੋ ਕਿਤੇ ਸਰਕਾਰ ਪੈਦਲ ਚੱਲਣ 'ਤੇ ਵੀ ਜੀ. ਐਸ. ਟੀ. ਨਾ ਲਾ ਦਵੇ...।' ਤੇ ਤੇਜ਼-ਤੇਜ਼ ਕਦਮਾਂ ਨਾਲ ਅਸੀਂ ਘਰ ਵੱਲ ਨੂੰ ਚਾਲੇ ਪਾ ਦਿੰਦੇ ਹਾਂ।

-ਅਰਵਿੰਦਰ ਸਿੰਘ ਕੋਹਲੀ,
ਜਗਰਾਉਂ । ਮੋਬਾਈਲ : 94179-85058.

ਸਾਈਕਲ

ਕਈ ਵਾਰ ਦਿਲ ਕੀਤਾ ਕਿ ਆਪਣਾ ਪੁਰਾਣਾ ਸਾਈਕਲ ਜੋ ਕਿ ਮੇਰੀ ਜਵਾਨੀ ਦਾ ਸਾਥੀ ਹੈ ਤੇ ਜਿਸ ਨੂੰ ਮੈਂ ਆਪਣੇ ਕਿਸੇ ਪਿਆਰੇ ਦੋਸਤ ਦੀ ਯਾਦ ਵਾਂਗ ਸਾਂਭ ਕੇ ਰੱਖਿਆ ਸੀ, ਉਸ ਨੂੰ ਕੱਢਾਂ ਤੇ ਨਹਿਰੇ ਨਹਿਰ ਪਿੰਡ ਜਾਵਾਂ। ਪਰ ਕਦੀ ਦਫਤਰ ਤੇ ਕਦੀ ਘਰ ਦੇ ਕੰਮਾਂ ਤੋਂ ਸਮਾਂ ਹੀ ਨਾ ਮਿਲਿਆ। ਜੇ ਮਿਲਿਆ ਵੀ ਤਾਂ ਕਦੀ ਅਹੁਦੇ ਦੀ ਸ਼ਰਮ ਮਾਰ ਜਾਂਦੀ ਬਈ ਲੋਕ ਕੀ ਕਹਿਣਗੇ, ਬਈ ਘਰ ਕਾਰ ਹੁੰਦਿਆਂ ਅਜੇ ਵੀ ਸਾਈਕਲ ਚਲਾਉਂਦਾ ਏ, ਕਿੰਨੇ ਕੰਜੂਸ ਨੇ, ਹਾਂ ਪਰ ਕਦੀ-ਕਦੀ ਬੱਚਿਆਂ ਵਾਂਗ ਲਾਅਨ ਦੇ ਦੋ-ਤਿੰਨ ਚੱਕਰ ਜ਼ਰੂਰ ਲਗਾ ਲੈਂਦਾ ਸੀ। ਪਰ ਹੁਣ ਮੈਂ ਰਿਟਾਇਰ ਹੋ ਚੁੱਕਾ ਸੀ। ਕੰਮਾਂ-ਕਾਜਾਂ ਤੋਂ ਥੋੜ੍ਹੀ ਵਿਹਲ ਮਿਲ ਗਈ ਸੀ ਤੇ ਮੈਂ ਅੱਜ ਪੱਕਾ ਧਾਰ ਲਿਆ ਸੀ ਬਈ ਸਾਈਕਲ 'ਤੇ ਪਿੰਡ ਜ਼ਰੂਰ ਜਾਵਾਂ। ਕਸਰਤ ਰੋਜ਼ ਕਰਦਾ ਸਾਂ। ਇਸ ਲਈ ਸਿਹਤ ਪੱਖੋਂ ਠੀਕ ਸਾਂ। ਮੈਨੂੰ ਯਾਦ ਆ ਰਿਹਾ ਸੀ ਕਿ ਮੈਂ ਸਰਕਾਰੀ ਨੌਕਰੀ ਲੱਗਣ ਤੋਂ ਬਾਅਦ 130 ਰੁਪਏ ਵਿਚ ਹਰਕੁਲੀਸ ਸਾਈਕਲ ਖਰੀਦਿਆ ਸੀ। ਉਨ੍ਹਾਂ ਦਿਨਾਂ ਵਿਚ ਸਾਈਕਲ ਵੀ ਪਿੰਡ ਵਿਚ ਟਾਵੇਂ-ਟਾਵੇਂ ਹੀ ਸਨ ਤੇ ਹਰ ਹਫਤੇ ਸਾਈਕਲ 'ਤੇ ਮੈਂ ਆਪਣੀ ਨਾਲਦੀ ਨੂੰ ਘੁੰਮਾਉਣ ਲੈ ਜਾਂਦਾ ਤੇ ਸਾਈਕਲ ਦੀ ਟੱਲੀ ਦੀ ਆਵਾਜ਼ ਵੀ ਕੰਨਾਂ ਵਿਚ ਸੰਗੀਤ ਦਾ ਰਸ ਘੋਲ ਦਿੰਦੀ ਸੀ। ਪਰ ਹੁਣ ਤਾਂ ਕੰਨ ਪਾੜਵੇਂ ਹਾਰਨ ਆ ਗਏ ਨੇ। ਕਦੀ-ਕਦੀ ਘਰ ਆਉਂਦਿਆਂ ਹਨੇਰਾ ਹੋ ਜਾਂਦਾ ਤੇ ਫੇਰ ਬੀਜੀ ਤੋਂ ਝਿੜਕਾਂ ਪੈਂਦੀਆਂ ਸਨ, ਇਸ ਨੇ ਤਾਂ ਮੇਰਾ ਮੁੰਡਾ ਵਿਗਾੜ ਦੇਣਾ। ਮੈਂ ਕਹਿਣਾ ਬੀਜੀ ਇਸ ਨੂੰ ਕੀ ਪਤਾ ਇਹ ਤਾਂ ਮਸ਼ੀਨ ਏ, ਪਰ ਬੀਜੀ ਦੀਆਂ ਝਿੜਕਾਂ ਵੀ ਸ਼ਹਿਦ ਵਾਂਗ ਮਿੱਠੀਆਂ ਲੱਗਦੀਆਂ ਤੇ ਫਿਰ ਬੀਜੀ ਜਦ ਬਿਮਾਰ ਹੋ ਜਾਂਦੇ ਤਾਂ ਮੈਂ ਨਾਲ ਦੇ ਪਿੰਡੋਂ ਡਾਕਟਰ ਨੂੰ ਸਾਈਕਲ 'ਤੇ ਬਿਠਾ ਕੇ ਲੈ ਕੇ ਆਉਂਦਾ ਤੇ ਫਿਰ ਜਦ ਉਹ ਠੀਕ ਹੋ ਜਾਂਦੇ ਤਾਂ ਮੈਂ ਬੀਜੀ ਨੂੰ ਕਹਿੰਦਾ, ਬੀ ਜੀ ਤੁਸੀਂ ਇਸ ਨੂੰ ਝਿੜਕਾਂ ਮਾਰਦੇ ਓ, ਇਸ ਉੱਪਰ ਬੈਠ ਕੇ ਹੀ ਡਾਕਟਰ ਤੁਹਾਨੂੰ ਦਵਾਈ ਦੇਣ ਆਇਆ ਸੀ ਤੇ ਅੱਗੋਂ ਬੀਜੀ ਹੱਸ ਛੱਡਦੇ ਤੇ ਫਿਰ ਜਦ ਮੇਰਾ ਬੇਟਾ ਥੋੜ੍ਹਾ ਵੱਡਾ ਹੋਇਆ ਤਾਂ ਮੈਂ ਇਸ ਦੇ ਅਗਲੇ ਡੰਡੇ 'ਤੇ ਸੋਹਣੀ ਜਿਹੀ ਕਾਠੀ 'ਤੇ ਬਿਠਾ ਕੇ ਘੁੰਮਾਉਣ ਲੈ ਕੇ ਜਾਂਦਾ। ਉਹ ਸਾਈਕਲ 'ਤੇ ਬੈਠ ਕੇ ਟੱਲੀ ਵਜਾਉਂਦਾ ਤੇ ਖੁਸ਼ੀ ਨਾਲ ਕਿਲਕਾਰੀਆਂ ਮਾਰਦਾ। ਮੈਂ ਖੁਸ਼ੀ ਵਿਚ ਖੀਵਾ ਹੋ ਜਾਂਦਾ। ਬੱਚਿਆਂ ਦੀ ਪੜ੍ਹਾਈ ਕਰਕੇ ਫਿਰ ਅਸੀਂ ਸ਼ਹਿਰ ਆ ਗਏ। ਪਰ ਛੋਟਾ ਭਰਾ ਪਿੰਡ ਹੀ ਰਹਿੰਦਾ ਸੀ। ਅੱਜ ਸਵੇਰੇ ਮੈਂ ਕਿਸੇ ਨੂੰ ਬਿਨਾਂ ਦੱਸੇ ਹੀ ਪਿੰਡ ਵੱਲ ਤੁਰ ਗਿਆ ਸੀ। ਮੈਨੂੰ ਪਤਾ ਸੀ ਜੇਕਰ ਦੱਸਿਆ ਤਾਂ ਕਿਸੇ ਨੇ ਸਾਈਕਲ 'ਤੇ ਜਾਣ ਨਹੀਂ ਦੇਣਾ, ਸ਼ਹਿਰ ਤੋਂ ਪਿੰਡ ਕੋਈ 25 ਕੁ ਕਿੱਲੋਮੀਟਰ ਦਾ ਰਸਤਾ ਸੀ। ਮੈਨੂੰ ਲੱਗਾ ਮੇਰਾ ਸਾਈਕਲ ਵੀ ਮੇਰੇ ਵਾਂਗ ਖੁਸ਼ ਸੀ ਕਿਉਂਕਿ ਕਈ ਸਾਲਾਂ ਬਾਅਦ ਅਸੀਂ ਦੋਵੇਂ ਇੱਕਠਾ ਸਫਰ ਕਰ ਰਹੇ ਸਾਂ। ਉਮਰ ਦਾ ਪ੍ਰਭਾਵ ਦੋਵਾਂ 'ਤੇ ਹੀ ਪੈ ਚੁੱਕਾ ਸੀ। ਉਹ ਵੀ ਵਿਚੋਂ ਕਦੀ ਕਦਾਈਂ ਚੀਂ-ਚਾਂ ਦੀ ਆਵਾਜ਼ਾਂ ਕਰ ਰਿਹਾ ਸੀ ਤੇ ਮੈਂ ਜਿਹੜਾ ਸਫਰ ਤੇਜ਼ੀ ਨਾਲ ਅੱਧੇ ਘੰਟੇ ਵਿਚ ਖਤਮ ਕਰ ਲੈਂਦਾ ਸੀ, ਉਸ ਨੂੰ ਤਿਗੁਣਾ ਟਾਈਮ ਲੱਗ ਰਿਹਾ ਸੀ। ਪਰ ਸਾਈਕਲ ਦੀ ਘੰਟੀ ਦੀ ਮਿੱਠੀ ਟੁਨਕਾਰ ਮੇਰੇ ਵਿਚ ਜੋਸ਼ ਭਰ ਦਿੰਦੀ ਸੀ। ਇੰਜ ਲਗਦਾ ਜਿਵੇਂ ਮੈਂ ਫਿਰ ਜੁਆਨ ਹੋ ਗਿਆ ਹੋਵਾਂ। ਮੈਂ ਹੌਲੀ-ਹੌਲੀ ਪਿੰਡ ਪਹੁੰਚਿਆ ਤੇ ਬੂਹਾ ਖੜਕਾਇਆ। ਮੇਰੇ ਭਤੀਜੇ ਨੇ ਬੂਹਾ ਖੋਲ੍ਹਿਆ। ਨਾ ਕੋਈ ਸੱਤ ਨਾ ਕੁਸੱਤ, ਮੈਨੂੰ ਸਾਈਕਲ 'ਤੇ ਦੇਖ ਕੇ ਹੈਰਾਨ ਹੋ ਕੇ ਪੁੱਛਣ ਲੱਗਾ, ਤਾਇਆ ਜੀ ਸਾਈਕਲ 'ਤੇ ਆਏ ਹੋ, ਖ਼ੈਰ ਹੈ? ਮੈਨੂੰ ਇਵੇਂ ਲੱਗ ਰਿਹਾ ਸੀ ਜਿਵੇਂ ਸਾਈਕਲ 'ਤੇ ਮੇਰੇ ਆਉਣ ਨਾਲ ਕੋਈ ਅਲੋਕਾਰ ਭਾਣਾ ਵਰਤ ਗਿਆ ਹੋਵੇ। ਉਹ ਮੈਨੂੰ ਕਹਿਣ ਲੱਗਾ ਤਾਇਆ ਜੀ ਤੁਸੀਂ ਮੈਨੂੰ ਦੱਸਦੇ ਮੈਂ ਗੱਡੀ ਲੈ ਕੇ ਆ ਜਾਂਦਾ। ਘਰ ਦੋ-ਦੋ ਗੱਡੀਆਂ ਲੱਗੀਆਂ ਨੇ ਕਿਸ ਕੰਮ ਆਉਣੀਆਂ ਹਨ? ਏਨੇ ਨੂੰ ਮੇਰਾ ਛੋਟਾ ਭਰਾ ਵੀ ਆ ਗਿਆ। ਬਸ ਉਹ ਵੀ ਇਹ ਸੁਣਦਿਆਂ ਬਈ ਮੈਂ ਸਾਈਕਲ 'ਤੇ ਆਇਆਂ, ਮੇਰੇ ਦੁਆਲੇ ਹੋ ਗਿਆ। ਵੀਰ ਜੀ ਮੈਂ ਮੁੰਡੇ ਨੂੰ ਲੈਣ ਭੇਜ ਦਿੰਦਾ, ਮੈਨੂੰ ਉਸ ਨੇ ਇੱਥੋਂ ਤੱਕ ਕਹਿ ਦਿੱਤਾ ਬਈ ਗੁਰਮੀਤ (ਮੇਰਾ ਬੇਟਾ) ਤੁਹਾਡਾ ਧਿਆਨ ਰੱਖਦਾ ਏ ਜਾਂ ਨਹੀਂ ਮੈਨੂੰ ਦੱਸੋ, ਨਹੀਂ ਤਾਂ ਮੈਂ ਉਸ ਦੇ ਕੰਨ ਖਿੱਚਾਂ। ਮੈਂ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਸਮਝਾਇਆ ਬਈ ਸਭ ਠੀਕ ਹੈ, ਮੇਰਾ ਦਿਲ ਕਰ ਰਿਹਾ ਸੀ ਇਸ ਲਈ ਮੈਂ ਸਾਈਕਲ 'ਤੇ ਪਿੰਡ ਆਇਆਂ। ਪਰ ਕੋਈ ਵੀ ਮੰਨਣ ਨੂੰ ਤਿਆਰ ਹੀ ਨਹੀਂ ਸੀ। ਜਿਹੜੀਆਂ ਯਾਦਾਂ ਤਾਜ਼ਾ ਕਰਨ ਲਈ ਮੈਂ ਪਿੰਡ ਆਇਆ ਸੀ, ਉਹ ਸਭ ਹੁਣ ਕਾਫੂਰ ਹੋ ਚੁੱਕੀਆਂ ਸਨ। ਅਗਲੀ ਸਵੇਰ ਮੈਂ ਜਲਦੀ-ਜਲਦੀ ਵਾਪਸ ਜਾਣ ਲਈ ਤਿਆਰ ਹੋਇਆ ਪਰ ਛੋਟਾ ਭਰਾ ਕਹਿਣ ਲੱਗਾ ਬਈ ਭਤੀਜੇ ਨੂੰ ਕਹਿ ਦਿੱਤਾ ਏ ਉਹ ਤੁਹਾਨੂੰ ਸ਼ਹਿਰ ਗੱਡੀ 'ਤੇ ਛੱਡ ਆਵੇਗਾ ਤੇ ਸਾਈਕਲ ਬਾਅਦ ਵਿਚ ਕੋਈ ਕਾਮਾ ਪਹੁੰਚਾ ਦੇਵੇਗਾ। ਪਰ ਮੈਂ ਨਾ ਮੰਨਿਆ ਤੇ ਜ਼ਬਰਦਸਤੀ ਆਪਣਾ ਸਾਈਕਲ ਲੈ ਕੇ ਉਥੋਂ ਤੁਰ ਪਿਆ ਜਾਂਦੀ ਵਾਰ ਮੈਨੂੰ ਜਿੰਨੀ ਖ਼ੁਸ਼ੀ ਸੀ, ਆਉਂਦੀ ਵਾਰ ਉਹ ਸਾਰੀ ਹੀ ਖ਼ਤਮ ਹੋ ਗਈ ਸੀ। ਖ਼ੈਰ ਹੌਲੀ-ਹੌਲੀ ਮੈਂ ਘਰ ਪਹੁੰਚਿਆ। ਘਰ ਵੜਦਿਆਂ ਹੀ ਅੱਗੋਂ ਬੇਟਾ ਤੇ ਘਰਵਾਲੀ ਸ਼ਾਇਦ ਪੂਰੀ ਤਿਆਰੀ ਨਾਲ ਬੈਠੇ ਸਨ। ਸ਼ਾਇਦ ਛੋਟੇ ਭਰਾ ਨੇ ਪਿੰਡੋਂ ਫੋਨ ਵੀ ਕਰ ਦਿੱਤਾ ਸੀ, ਨਾ ਬੈਠਣ ਨੂੰ ਕਿਹਾ, ਨਾ ਪਾਣੀ ਪੁੱਛਿਆ। ਘਰਵਾਲੀ ਤਾਂ ਸ਼ੁਰੂ ਹੋ ਗਈ, ਬਈ ਤੁਹਾਡੇ ਤਾਂ ਦਿਮਾਗ ਵਿਚ, ਨੁਕਸ ਪੈ ਗਿਆ ਏ। ਦੋ-ਦੋ ਗੱਡੀਆਂ ਲੱਗੀਆਂ ਨੇ ਘਰ ਵਿਚ ਫਿਰ ਵੀ ਸਾਈਕਲ 'ਤੇ ਜਾਣਾ ਸੀ ਤੇ ਸਿਹਤ ਦਾ ਵੀ ਕੋਈ ਧਿਆਨ ਨਹੀਂ। ਬੇਟਾ ਉਸ ਤੋਂ ਵੀ ਵੱਧ ਉਹ ਕਹਿ ਰਿਹਾ ਸੀ ਕਿ ਉਹ ਹੁਣ ਅਫਸਰ ਲੱਗਾ ਹੋਇਆ ਹੈ ਏ ਤੇ ਨਾਲੇ ਮੈਂ ਵੀ ਅਫਸਰ ਸੇਵਾਮੁਕਤ ਸਾਂ, ਆਪਣਾ ਨਹੀਂ ਤਾਂ ਮੇਰਾ ਤਾਂ ਖਿਆਲ ਕਰੋ। ਸਮਾਜ ਵਿਚ ਉਸ ਦਾ ਰੁਤਬਾ ਏ, ਲੋਕ ਕੀ ਕਹਿਣਗੇ। ਬਈ ਘਰ ਵਿਚ ਗੱਡੀਆਂ ਨੇ ਤੇ ਪਿਉ ਟੁੱਟੇ ਜਿਹੇ ਸਾਈਕਲ 'ਤੇ ਤੁਰਿਆ ਫਿਰਦਾ ਹੈ ਸ਼ਾਇਦ ਪੁੱਤਰ ਪਿਉ ਦਾ ਧਿਆਨ ਨਹੀਂ ਰੱਖਦਾ। ਪਤਾ ਨਹੀਂ ਸਾਈਕਲ ਚਲਾ ਕੇ ਮੈਂ ਕੀ ਗੁਨਾਹ ਕਰ ਲਿਆ ਸੀ। ਮੈਨੂੰ ਮੇਰੀ ਘਰਵਾਲੀ ਦਾ ਇਹ ਕਹਿਣਾ ਕਿ ਮੇਰੇ ਦਿਮਾਗ ਵਿਚ ਨੁਕਸ ਪੈ ਗਿਆ ਏ ਓਨਾ ਬੁਰਾ ਨਹੀਂ ਸੀ ਲੱਗਾ। ਜਿੰਨਾ ਮੇਰੇ ਬੇਟੇ ਦਾ ਮੇਰੇ ਸਾਈਕਲ ਨੂੰ ਟੁੱਟਾ ਜਿਹਾ ਕਹਿਣ ਦਾ ਲੱਗਾ ਸੀ। ਮੈਂ ਆਪਣੇ ਬੇਟੇ ਨੂੰ ਇਹ ਕਹਿਣਾ ਚਾਹੁੰਦਾ ਸੀ, ਬਈ ਉਹ ਸਾਈਕਲ ਦੀ ਸਵਾਰੀ ਕਰ ਕੇ ਵੱਡਾ ਹੋਇਆ। ਇਸ ਉੱਪਰ ਹੀ ਮੈਂ ਉਸ ਨੂੰ ਕਈ ਵਾਰ ਸਕੂਲ ਛੱਡਣ ਜਾਂਦਾ ਤੇ ਕਈ ਵਾਰ ਘੁਮਾਉਣ ਲੈ ਕੇ ਜਾਂਦਾ ਸੀ। ਪਰ ਕੁਝ ਕਹਿਣਾ ਚਾਹੁੰਦਾ ਹੋਇਆ ਵੀ ਮੈਂ ਰੁਕ ਗਿਆ, ਕਿਉਂਕਿ ਮੇਰਾ ਸਾਈਕਲ ਉਨ੍ਹਾਂ ਲਈ ਮਸ਼ੀਨ ਸੀ ਪਰ ਮੇਰੇ ਲਈ ਧੜਕਦੇ ਦਿਲ ਵਾਲਾ ਸਾਥੀ ਸੀ। ਮੈਂ ਸਾਈਕਲ ਵੱਲ ਵੇਖਿਆ। ਉਸ ਦਾ ਹੈਂਡਲ ਮੁੜ ਕੇ ਕੰਧ ਨਾਲ ਲੱਗ ਗਿਆ ਸੀ। ਮੈਨੂੰ ਲੱਗਾ ਜਿਵੇਂ ਉਹ ਹੈਂਡਲ ਨਾ ਮੁੜਿਆ ਹੋਵੇ ਸਗੋਂ ਉਸ ਦਾ ਧੜਕਦਾ ਦਿਲ ਰੁਕਣ ਕਾਰਨ ਉਸ ਨੇ ਸਿਰ ਸੁੱਟ ਲਿਆ ਹੋਵੇ ਤੇ ਉਹ ਮੈਨੂੰ ਕਹਿ ਰਿਹਾ ਹੋਵੇ, ਸਰਦਾਰ ਜੀ, ਇਹ ਮੇਰਾ ਤੇ ਤੁਹਾਡਾ ਆਖਰੀ ਸਫ਼ਰ ਸੀ।

-ਮੋਬਾਈਲ : 98552-50502.

ਕਾਵਿ-ਵਿਅੰਗ

ਖ਼ੁਸ਼ੀ ਦੀ ਖ਼ਬਰ
* ਹਰਦੀਪ ਢਿੱਲੋਂ *
ਮੁੰਡਾ ਕੁੜੀ ਨੂੰ ਆਖਦਾ ਚੱਲ ਸ਼ਿਮਲੇ,
ਖਰਚਾ ਕਰਨ ਦਾ ਕੌਲ ਫਰਮਾਉਣ ਲੱਗਿਆ।
ਬਾਪੂ ਕੁੜੀ ਦਾ ਧਮਕਿਆ ਬਾਹਰ ਲੈ ਕੇ,
ਮੁੱਛ ਮਰੋੜ ਕੇ ਖੂੰਡਾ ਦਿਖਾਉਣ ਲੱਗਿਆ।
ਸੌਦਾ ਬਾਹਰਲੇ ਤਿਰਾਜੂ ਨਾਲ ਕਰਕੇ,
ਕੱਚੇ ਵਿਆਹ ਦੇ ਕਾਰਡ ਛਪਵਾਉਣ ਲੱਗਿਆ।
'ਮੁਰਾਦਵਾਲਿਆ' ਖ਼ੁਸ਼ੀ ਦੀ ਖ਼ਬਰ ਸੁਣ ਕੇ,
ਸਾਰਾ ਕੋੜਮਾ ਭੰਗੜਾ ਪਾਉਣ ਲੱਗਿਆ।

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.

ਮਹਿਮਾਨ
* ਨਵਰਾਹੀ ਘੁਗਿਆਣਵੀ *
ਗੱਲਾਂ ਫੋਕੀਆਂ ਕਰਨ ਦੀ ਲੋੜ ਕਿਹੜੀ,
ਸਾਡਾ ਫ਼ਰਜ਼ ਇਨਸਾਨ ਦੀ ਗੱਲ ਕਰੀਏ।
ਜਿਹੜਾ ਲੋਕਾਂ ਦੇ ਵਿਚ ਦੁਫੇੜ ਪਾਉਂਦਾ,
ਇਹੋ ਜੇਹੇ ਸ਼ੈਤਾਨ ਦੀ ਗੱਲ ਕਰੀਏ।
ਦੁਖੀ ਲੋਕਾਂ ਦੇ ਦਿਲਾਂ ਵਿਚ ਪਸਰਿਆ ਜੋ,
ਰੋਸ ਭਰੇ ਤੂਫ਼ਾਨ ਦੀ ਗੱਲ ਕਰੀਏ।
ਕਾਬਜ਼ ਹੋ ਗਿਆ ਜੋ ਸਾਰੀ ਭੋਇੰ ਉੱਤੇ,
ਤਮਾਖ਼ੋਰ 'ਮਹਿਮਾਨ' ਦੀ ਗੱਲ ਕਰੀਏ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.

ਵਿਸ਼ਵਾਸ
* ਰਮੇਸ਼ ਬੱਗਾ ਚੋਹਲਾ *
ਕਹਿੰਦਾ ਹੋਰ ਤੇ ਕਰਦਾ ਕੁਝ ਹੋਰ ਜਿਹੜਾ,
ਕਰਨਾ ਉਸ ਦਾ ਹੈ ਵਿਸ਼ਵਾਸ ਔਖਾ।
ਹੋਣ ਜਿਸ ਦੀ ਜੇਬ੍ਹ ਵਿਚ ਚਾਰ ਪੈਸੇ,
ਵਕਤ ਪੈਣ 'ਤੇ ਹੁੰਦਾ ਨਹੀਂ ਖਾਸ ਔਖਾ।
ਪੜ੍ਹਨ-ਲਿਖਣ ਤੋਂ ਕਰੇ ਪ੍ਰਹੇਜ਼ ਜਿਹੜਾ,
ਵਿਚ ਪੇਪਰਾਂ ਦੇ ਹੋਣਾ ਉਸ ਪਾਸ ਔਖਾ।
ਘੁਟਨ ਭਰਿਆ ਹੈ ਜਿਥੇ ਮਾਹੌਲ 'ਚੋਹਲਾ',
ਆਉਣ ਲੱਗਦਾ ਉਥੇ ਸਵਾਸ ਔਖਾ॥

-1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)।
ਮੋਬਾਈਲ : 94631-32719.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX