ਤਾਜਾ ਖ਼ਬਰਾਂ


ਫਰਵਰੀ 'ਚ ਹੋਵੇਗੀ ਟਰੰਪ ਅਤੇ ਕਿਮ ਵਿਚਾਲੇ ਮੁਲਾਕਾਤ, ਵ੍ਹਾਈਟ ਹਾਊਸ ਨੇ ਕੀਤਾ ਖ਼ੁਲਾਸਾ
. . .  2 minutes ago
ਵਾਸ਼ਿੰਗਟਨ, 19 ਜਨਵਰੀ- ਵ੍ਹਾਈਟ ਹਾਊਸ ਦਾ ਕਹਿਣਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਆਉਣ ਵਾਲੇ ਫਰਵਰੀ ਮਹੀਨੇ ਦੇ ਆਖ਼ਰੀ ਦਿਨਾਂ 'ਚ ਮੁਲਾਕਾਤ ਹੋਵੇਗੀ। ਟਰੰਪ ਅਤੇ ਕਿਮ ਵਿਚਾਲੇ ਇਹ ਦੂਜੀ...
ਕੋਲਕਾਤਾ 'ਚ ਅੱਜ ਮਮਤਾ ਕਰੇਗੀ ਮਹਾਂ ਰੈਲੀ, ਨਜ਼ਰ ਆਏਗੀ ਵਿਰੋਧੀ ਧਿਰਾਂ ਦੀ ਏਕਤਾ
. . .  18 minutes ago
ਨਵੀਂ ਦਿੱਲੀ, 19 ਜਨਵਰੀ- ਟੀ. ਐੱਮ. ਸੀ. ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਤਾਕਤ ਦਿਖਾਉਣ ਲਈ ਅੱਜ ਕੋਲਕਾਤਾ 'ਚ ਇੱਕ ਮਹਾਂ ਰੈਲੀ ਕਰੇਗੀ। ਉਨ੍ਹਾਂ ਨੇ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਇਸ ਸੰਬੰਧੀ...
ਅੱਜ ਦਾ ਵਿਚਾਰ
. . .  49 minutes ago
ਨੌਜਵਾਨ ਉੱਪਰ ਹਮਲਾ ਕਰਕੇ ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਦੀ ਲੁੱਟ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਤੋਂ ਆਪਣੇ ਪਿੰਡ ਜਾ ਰਹੇ ਇੱਕ ਨੌਜਵਾਨ ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰ ਕੇ ਉਸ ਦਾ ਮੋਟਰਸਾਈਕਲ...
ਕਈ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁੱਖ ਅਬਦੁੱਲਾ ਅਤੇ...
ਬਾਲ ਵਿਆਹ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ
. . .  1 day ago
ਬਾਜਾਖਾਨਾ, 18 ਜਨਵਰੀ (ਜੀਵਨ ਗਰਗ) - ਨੇੜਲੇ ਪਿੰਡ ਬਰਗਾੜੀ ਵਿਖੇ ਬਾਲ ਵਿਆਹ ਦੇ ਦੋਸ਼ ਵਿਚ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਸਹਾਏ...
ਡੀ.ਐਮ.ਕੇ ਪ੍ਰਮੁੱਖ ਸਟਾਲਿਨ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਵਿਰੋਧੀ ਧਿਰ ਵੱਲੋਂ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਕੋਲਕਾਤਾ...
ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ
. . .  1 day ago
ਚੌਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ) - ਨੇੜਲੇ ਪਿੰਡ ਮਹਿਸਮਪੁਰ ਵਿਖੇ ਇੱਕ 35 ਤੋਂ 40 ਸਾਲਾਂ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੋਤ ਹੋਣ ਦੀ ਖਬਰ ਹੈ। ਥਾਣਾ ਮਹਿਤਾ...
ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  1 day ago
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਭੀਣ ਤਂੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ 'ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ 'ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ...
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  1 day ago
ਚੰਡੀਗੜ੍ਹ, 18 ਜਨਵਰੀ (ਹਰਕਵਲਜੀਤ ਸਿੰਘ) - ਪਿਛਲੇ ਦਿਨੀਂ ਆਪਣੀ ਹੀ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਸ਼ਿਆਂ ਦੇ ਮਾਮਲੇ 'ਚ ਸਵਾਲ ਚੁੱਕਣ ਸਮੇਤ ਪੁਲਿਸ ਦੀ ਸੀਨੀਅਰ ਅਫ਼ਸਰਸ਼ਾਹੀ 'ਤੇ ਗੰਭੀਰ ਦੋਸ਼ ਲਗਾਉਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਇਕ ਹੋਰ ਦੀਪਕ ਰੌਸ਼ਨ

ਲੜਕੀ ਦਾ ਨਾਂਅ ਰਜਨੀ ਅਤੇ ਲੜਕੇ ਦਾ ਨਾਂਅ ਰੋਹਿਤ। ਇਨ੍ਹਾਂ ਦੀ ਸ਼ਾਦੀ ਹੋਇਆਂ ਚਾਰ-ਪੰਜ ਸਾਲ ਹੋ ਗਏ ਸਨ, ਪਰ ਹਾਲੇ ਤੱਕ ਵਿਹੜੇ ਵਿਚ ਰੌਣਕ ਨਹੀਂ ਹੋਈ ਸੀ। ਰੋਹਿਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਬੇਟਾ ਸੀ। ਰੋਹਿਤ ਦੀ ਮਾਤਾ ਦਯਾ ਵੰਤੀ ਦੀ ਤੀਬਰ ਇੱਛਾ ਸੀ, ਘਰ ਦਾ ਵਾਧਾ ਹੋਵੇ, ਘਰ ਵਿਚ ਕੁਝ ਚਹਿਲ-ਪਹਿਲ ਹੋਵੇ, ਅਸਲ ਵਿਚ ਉਹ ਆਪਣੇ ਪਤੀ ਭਗਵਾਨ ਦਾਸ ਦੇ ਜਾਣ ਤੋਂ ਬਾਅਦ ਘਰ ਵਿਚ ਇਕ ਬਹੁਤ ਵੱਡਾ ਖਲਾਅ ਮਹਿਸੂਸ ਕਰ ਰਹੀ ਸੀ, ਹਰ ਵੇਲੇ ਚਿੰਤਾ ਵਿਚ ਡੁੱਬੀ ਰਹਿੰਦੀ, ਕਦੇ ਸੋਚਦੀ ਲੜਕੀ ਵਿਚ ਕੋਈ ਨੁਕਸ, ਕਦੇ ਮੁੰਡੇ 'ਤੇ ਸ਼ੱਕ ਕਰਦੀ, ਫਿਰ ਸੋਚ-ਸੋਚ ਕੇ ਏਥੇ ਆ ਟਿਕਦੀ, 'ਦਯਾ ਵੰਤੀ ਉਸ ਦੀ ਦਯਾ ਤੋਂ ਬਿਨਾਂ ਤੇਰੀਆਂ ਆਸਾਂ ਨੂੰ ਬੂਰ ਨਹੀਂ ਪੈਣਾ', ਘਰ ਤੋਂ ਥੋੜ੍ਹੀ ਦੂਰ ਮੰਦਰ ਦੇ ਸਪੀਕਰ ਤੋਂ ਆਵਾਜ਼ ਆਈ, 'ਤੇਰਾ ਰਾਮ ਕਰੇਂਗੇ ਬੇੜਾ ਪਾਰ, ਉਦਾਸੀ ਮਨ ਕਾਹੇ ਕੋ ਕਰੇ' ਸੁਣ ਕੇ ਉਸ ਨੇ ਲੰਮਾ ਹਓਕਾ ਭਰਿਆ।
ਵਕਤ ਗੁਜ਼ਰਦਾ ਗਿਆ, ਰਜਨੀ ਬਹੁਤ ਸੁੰਦਰ, ਉੱਚੀ-ਲੰਮੀ, ਪੜ੍ਹੀ-ਲਿਖੀ ਅਤੇ ਚੰਗੇ ਘਰ ਦੀ ਕੁੜੀ। ਘਰ ਬਾਰ ਬਹੁਤ ਚੰਗੇ ਢੰਗ ਨਾਲ ਸੰਭਾਲਦੀ, ਸਾਸੂ ਮਾਤਾ ਦੇ ਕੱਪੜੇ ਧੋਂਦੀ, ਪ੍ਰੈੱਸ ਕਰਕੇ ਦਿੰਦੀ, ਖਾਣਾ ਟਾਈਮ 'ਤੇ, ਦਵਾਈ ਸਮੇਂ ਸਿਰ, ਆਪਣੇ ਵਲੋਂ ਕਿੰਤੂ-ਪ੍ਰੰਤੂ ਦੀ ਕੋਈ ਗੁੰਜਾਇਸ਼ ਨਾ ਰਹਿਣ ਦਿੰਦੀ। ਪਰ ਦਯਾ ਵੰਤੀ ਦਾ ਮਨ ਖੁਸ਼ ਨਹੀਂ ਸੀ, ਹਰ ਵੇਲੇ ਉਦਾਸ, ਉਦਾਸ, ਮੁਰਝਾਈ ਹੋਈ। ਕੁੜੀ ਚੰਗਾ ਵੀ ਕਰਦੀ ਉਸ ਨੂੰ ਚੰਗਾ ਨਾ ਲਗਦਾ... ਅੱਖਾਂ ਵਿਚ ਰੜਕਦੀ ਰਹਿੰਦੀ।
ਵਕਤ ਨੇ ਹੋਰ ਪਲਟਾ ਖਾਧਾ, ਦਯਾ ਵੰਤੀ ਆਪਣੇ ਪੁੱਤਰ ਰੋਹਿਤ ਨੂੰ ਨਾਲ ਦੇ ਕਮਰੇ ਵਿਚ ਬਿਠਾ ਕੇ ਦੇਰ ਤੱਕ ਗੱਲਾਂ ਕਰਦੀ ਰਹਿੰਦੀ। ਰਜਨੀ ਕਿਆਸ ਲਗਾਉਂਦੀ ਕਿ ਕੀ ਗੱਲਾਂ ਕਰਦੇ ਹੋਣਗੇ???
ਇਕ ਦਿਨ ਦਯਾ ਵੰਤੀ ਨੇ ਰੋਹਿਤ ਨੂੰ ਕਹਿ ਦਿੱਤਾ, 'ਤੂੰ ਸ਼ਾਦੀ ਹੋਰ ਕਰਵਾ ਲੈ', ਰੋਹਿਤ ਨੇ ਸਾਫ਼ ਜਵਾਬ ਦੇ ਦਿੱਤਾ, ਇਹ ਨਹੀਂ ਹੋ ਸਕਦਾ। ਰੋਹਿਤ ਨੇ ਮਾਤਾ ਨੂੰ ਸਵਾਲ ਕੀਤਾ, 'ਤੁਹਾਨੂੰ ਕੋਈ ਤਕਲੀਫ਼ ਦਿੰਦੀ? ਜਾਂ ਤੁਹਾਨੂੰ ਕੋਈ ਹੋਰ ਗਿਲਾ?' ਦਯਾ ਵੰਤੀ ਚੁੱਪ ਰਹੀ। ਰੋਹਿਤ ਨੇ ਕਿਹਾ, 'ਐਸੀ ਲੜਕੀ ਸਾਨੂੰ ਜਨਮਾਂ-ਜਨਮਾਂਤਰਾਂ ਵਿਚ ਵੀ ਨਹੀਂ ਮਿਲ ਸਕਦੀ, ਫਿਰ ਐਸੀ ਲੜਕੀ ਨੂੰ ਧਰਮ-ਧੱਕਾ ਦੇਣਾ ਮੇਰੇ ਵੱਸ ਦਾ ਰੋਗ ਨਹੀਂ, ਨਾ ਹੀ ਮੈਂ ਇਹ ਕਰਨ ਨੂੰ ਤਿਆਰ ਹਾਂ, ਮੇਰੇ ਵਲੋਂ ਸਾਫ਼ ਜਵਾਬ।' ਕਹਿੰਦਾ ਹੋਇਆ ਰੋਹਿਤ ਕਮਰੇ 'ਚੋਂ ਬਾਹਰ ਹੋ ਗਿਆ।
ਇਸ ਗੱਲ ਦਾ ਖੁਲਾਸਾ ਰਜਨੀ ਪਾਸ ਵੀ ਹੋ ਗਿਆ, ਰਜਨੀ ਤਨੋਂ, ਮਨੋਂ ਰੋਹਿਤ ਦੀ ਸੀ, ਰੋਹਿਤ 'ਤੇ ਉਸ ਨੂੰ ਪੂਰਨ ਵਿਸ਼ਵਾਸ ਸੀ ਰੋਹਿਤ ਕੋਈ ਗ਼ਲਤ ਕਦਮ ਨਹੀਂ ਚੁੱਕ ਸਕਦਾ।
ਕਈ ਵਾਰ ਕੁਝ ਗੱਲਾਂ, ਆਦਮੀ ਦੇ ਜ਼ਿਹਨ ਵਿਚ ਜਾਣੇ-ਅਣਜਾਣੇ ਬੈਠ ਜਾਂਦੀਆਂ ਹਨ, ਜੋ ਸਾਰੀ ਉਮਰ ਨਹੀਂ ਨਿਕਲਦੀਆਂ। ਅਜਿਹੀ ਇਕ ਗੱਲ ਰਜਨੀ ਦੇ ਅੰਦਰ ਵੀ ਬੈਠੀ ਹੋਈ ਸੀ, ਜਦ ਉਹ ਆਪਣੇ ਪੇਕੇ ਘਰ ਸੀ ਤਾਂ ਉਸ ਦੇ ਪਿਤਾ ਦੀ ਇਕ ਕਿਤਾਬ ਦੇ ਗੱਤੇ ਉੱਪਰ ਲਿਖਿਆ ਹੋਇਆ ਸੀ, 'ਜੋ ਹਮਸੇ ਟਕਰਾਏਗਾ... ਚੂਰ-ਚੂਰ ਹੋ ਜਾਏਗਾ।' ਉਹ ਚੂਰ-ਚੂਰ ਸ਼ਬਦ ਤੋਂ ਕਦਾਚਿਤ ਇਹ ਅਰਥ ਨਹੀਂ ਸੀ ਲੈਂਦੀ, ਕਿ ਦਯਾ ਵੰਤੀ ਦੇ ਪੁਰਜੇ-ਪੁਰਜੇ ਹੋ ਜਾਣ ਤੇ ਪੁਰਾਣੀ ਸਾਈਕਲ ਵਾਂਗ ਫਰੇਮ ਕਿਤੇ ਟੰਗਿਆ, ਪਹੀਏ ਕੋਠੇ 'ਤੇ, ਪੈਡਲ ਕਬਾੜ ਵਿਚ... ਉਹ ਇਸ ਕਥਨ ਨੂੰ ਇਸ ਦ੍ਰਿਸ਼ਟੀ ਨਾਲ ਲੈਂਦੀ ਸੀ ਕਿ ਜੇਕਰ ਹਾਲਾਤ ਅਨੁਕੂਲ ਨਹੀਂ ਚੱਲੇ ਤਾਂ ਵਕਤ ਦੇ ਨਾਲ ਬੁਰੀ ਦਸ਼ਾ ਚੂਰ-ਚੂਰ ਹੋ ਜਾਵੇਗੀ ਤੇ ਚੰਗੇ ਦਿਨ ਜ਼ਰੂਰ ਆਉਣਗੇ। ਇਹ ਉਸ ਦਾ ਪੱਕਾ ਨਿਸਚਾ ਸੀ, ਰੋਹਿਤ ਦੇ ਇਨਕਾਰ ਕਰਨ ਤੋਂ ਬਾਅਦ ਦਯਾ ਵੰਤੀ ਦੀ ਹਾਲਤ ਹੋਰ ਵਿਗੜ ਗਈ...।
ਰੋਹਿਤ ਘਰ ਦੇ ਇਸ ਚੀਕ-ਚਿਹਾੜੇ ਤੋਂ ਬਹੁਤ ਪ੍ਰੇਸ਼ਾਨੀ ਸੀ। ਰਜਨੀ ਨੂੰ ਕੁਝ ਕਹਿਣਾ ਨਹੀਂ ਸੀ ਚਾਹੁੰਦਾ, ਮਾਤਾ ਨੂੰ ਵੀ ਪਾਸੇ ਨਹੀਂ ਕਰਨਾ ਚਾਹੁੰਦਾ ਸੀ, ਆਖਰ ਮਾਤਾ ਨੂੰ ਸੰਭਾਲਣ ਵਾਲਾ ਹੋਰ ਕੌਣ ਸੀ, ਇਹ ਇਸ ਮਸਲੇ ਦੇ ਹੱਲ ਦੀ ਤਲਾਸ਼ ਵਿਚ ਸੀ।
ਇਕ ਦਿਨ ਰੋਹਿਤ ਦਾ ਜਿਗਰੀ ਦੋਸਤ ਜੋ ਕਾਫ਼ੀ ਸਮੇਂ ਤੋਂ ਬਾਅਦ ਕੈਨੇਡਾ ਤੋਂ ਵਾਪਸ ਆਇਆ ਸੀ, ਉਸ ਨੂੰ ਮਿਲ ਪਿਆ। ਰੋਹਿਤ ਨੇ ਘਰ ਦੀ ਸਾਰੀ ਦਾਸਤਾਨ ਰਮੇਸ਼ ਨਾਲ ਸਾਂਝੀ ਕਰ ਦਿੱਤੀ। ਰਮੇਸ਼ ਨੇ ਰੋਹਿਤ ਨੂੰ ਦਿਲਾਸਾ ਦਿੱਤਾ ਤੂੰ ਬਿਲਕੁਲ ਫਿਕਰ ਨਾ ਕਰ, ਭਗਵਾਨ ਕਰੇ, ਸਭ ਕੁਝ ਠੀਕ ਹੋ ਜਾਏਗਾ। ਉਨ੍ਹਾਂ ਯੋਜਨਾ ਬਣਾਈ, ਸਵਾਮੀ ਤੋਤਾ ਰਾਮ (ਜੋ ਉਨ੍ਹਾਂ ਦਾ ਕਲਾਸ ਫੈਲੋ ਸੀ) ਤੋਂ ਸਹਾਇਤਾ ਲਈ ਜਾਵੇ।
ਸੁਆਮੀ ਜੀ ਦਾ ਅਸਲੀ ਨਾਂਅ ਤ੍ਰਿਪਾਠੀ ਤੀਰਥ ਰਾਮ ਸੀ। ਆਪਣੇ ਘਰ ਦੇ ਅੱਗੇ ਟੀ.ਟੀ. ਰਾਮ, ਐਮ.ਐਸ.ਸੀ., ਦੀ ਨੇਮ ਪਲੇਟ ਲਗਾਈ ਹੋਈ ਸੀ। ਸਕੂਲ ਦੇ ਸ਼ਰਾਰਤੀ ਬੱਚਿਆਂ ਨੇ ਟੀ. ਅੱਖਰ ਦੇ ਅੱਗੇ 'ਓ' ਅਗਲੇ ਟੀ ਤੋਂ ਬਾਅਦ 'ਏ' ਅੱਖਰ ਜੜ੍ਹ ਦਿੱਤਾ। ਸੁਆਮੀ ਜੀ ਕੁਝ ਦਿਨ ਘਰੋਂ ਬਾਹਰ ਰਹੇ ਤੇ ਬੱਚੇ ਰੋਜ਼ ਘਰ ਅੱਗੋਂ ਲੰਘਦੇ 'ਤੋਤਾ ਰਾਮ ਤੋਤਾ ਰਾਮ, ਪੁਕਾਰ ਕੇ ਨਾਲੇ ਤੋਤੇ ਦੀ ਆਵਾਜ਼ ਕੱਢਦੇ ਤੇ ਲੁੱਡੀਆਂ ਪਾਉਂਦੇ। ਬਸ ਫਿਰ ਕੀ ਸੀ ਸੁਆਮੀ ਜੀ ਦਾ ਨਾਂਅ ਹੀ ਤੋਤਾ ਰਾਮ ਮਸ਼ਹੂਰ ਹੋ ਗਿਆ।
ਸੁਆਮੀ ਵੀ ਮਾਸਟਰਜ਼ ਡਿਗਰੀ ਹੋਲਡਰ ਸੀ ਪਰ ਬਚਪਨ ਤੋਂ ਹੀ ਉਸ ਦੀ ਰੁਚੀ ਭਗਤੀ ਭਾਵ ਨਾਲ ਹੀ ਜੁੜੀ ਰਹੀ। ਪਿਤਾ ਸਰ ਰਾਮ ਨਾਥ ਆਪਣੇ ਪਿੱਛੇ ਵੱਡੀ ਜਾਇਦਾਦ ਛੱਡ ਗਏ ਸਨ। ਸੁਆਮੀ ਜੀ ਆਪਣੇ ਮਤੇ ਵਿਚ ਮਗਨ ਰਹਿੰਦੇ। ਆਏ ਗਏ ਦੀ ਸੇਵਾ ਕਰਦੇ, ਬਹੁਤ ਲੋਕ ਉਨ੍ਹਾਂ ਪਾਸ ਆਉਂਦੇ... ਵਕਤ ਦੇ ਨਾਲ ਉਹ ਹੁਣ ਤੱਕ ਬਹੁਤ ਉੱਚੀਆਂ ਆਤਮਿਕ ਮੰਜ਼ਿਲਾਂ ਤੱਕ ਪਹੁੰਚ ਚੁੱਕੇ ਸਨ। ਉਨ੍ਹਾਂ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਉਨ੍ਹਾਂ ਦੇ ਚਿਹਰੇ ਦੇ ਰੱਬੀ ਜਲਾਲ ਤੋਂ ਹੀ ਭਲੀ-ਭਾਂਤ ਲਗਾਇਆ ਜਾ ਸਕਦਾ ਸੀ।
ਰਮੇਸ਼ ਨੇ ਸੁਆਮੀ ਜੀ ਪਾਸੋਂ ਸਮਾਂ ਲਿਆ। ਸੁਆਮੀ ਜੀ ਨੇ ਸਾਰੀ ਕਥਾ ਸੁਣ ਕੇ ਕਿਹਾ, 'ਆ ਜਾਓ, ਅਗਲੇ ਮੰਗਲਵਾਰ, ਅੱਠ ਵਜੇ ਤੋਂ ਪਹਿਲਾਂ, ਨਾਲ ਇਕ ਚਾਂਦੀ ਦਾ ਵਰਕ, ਕੁਝ ਦਾਣੇ ਸੁੱਕੇ ਮਟਰਾਂ ਦੇ... ਰਜਨੀ ਲੈ ਕੇ ਆਵੇ... ਹਾਂ 14 ਛੋਟੀਆਂ ਲਾਚੀਆਂ ਵੀ ਯਾਦ ਰੱਖਣਾ...।
ਨਿਰਧਾਰਤ ਸਮੇਂ ਤਿੰਨੋਂ ਸਰੀਰ ਪਹੁੰਚ ਗਏ ਸੁਆਮੀ ਜੀ ਦੇ ਦੁਆਰ... ਸਮੱਗਰੀ ਅੱਗੇ ਧਰੀ, ਰਜਨੀ ਨੇ ਪੰਜ ਸੌ ਇਕ ਰੁਪਿਆ। ਭੇਟਾ ਵਜੋਂ ਸੁਆਮੀ ਜੀ ਨੂੰ ਮੱਥਾ ਟੇਕਿਆ। ਸੁਆਮੀ ਜੀ ਨੇ ਸਾਰੇ ਪੈਸੇ ਵਾਪਸ ਕਰ ਦਿੱਤੇ।
ਸੁਆਮੀ ਜੀ ਨੇ ਮਟਰ ਦੇ ਇਕ ਦਾਣੇ ਵਿਚ ਛੋਟਾ ਜਿਹਾ ਸੁਰਾਖ ਪਾ ਕੇ ਸੰਧੂਰੀ ਰੰਗ ਦਾ ਕੋਈ ਪਦਾਰਥ ਉਸ ਵਿਚ ਭਰ ਕੇ, ਚਾਂਦੀ ਦੇ ਵਰਕ ਵਿਚ ਲਪੇਟ ਕੇ ਧਿਆਨ ਮੁਦਰਾ ਵਿਚ ਬੈਠ ਗਏ। ਜਿਸ ਸਮੇਂ ਇਹ ਵਰਤਾਰਾ ਹੋ ਰਿਹਾ ਸੀ, ਰਜਨੀ ਨੇ ਮਹਿਸੂਸ ਕੀਤਾ ਉਸ ਨੂੰ ਆਪਣੇ ਨੱਕ ਵਿਚ ਭਿੰਨੀ-ਭਿੰਨੀ ਸੁਗੰਧੀ ਆ ਰਹੀ ਹੈ ਅਤੇ ਸਰੀਰ ਨਿਵੇਕਲੀ ਜਿਹੀ ਸ਼ਾਂਤੀ ਦੀ ਅਵਸਥਾ ਦਾ ਅਨੁਭਵ ਕਰ ਰਿਹਾ ਹੈ... ਉਸ ਨੂੰ ਪੱਕਾ ਯਕੀਨ ਹੋ ਗਿਆ, ਜੋ ਕੁਝ ਹੋ ਰਿਹਾ ਹੈ ਉਸ ਨਾਲ ਭਲਾ ਹੀ ਹੋਵੇਗਾ।
ਸੁਆਮੀ ਜੀ ਨੇ ਅੱਖਾਂ ਖੋਲ੍ਹੀਆਂ... ਰਜਨੀ ਦੇ ਹੱਥਾਂ ਤੇ ਚਾਂਦੀ ਦੇ ਵਰਕ 'ਚ ਲਿਪਟਿਆ ਹੋਇਆ ਦਾਣਾ ਰੱਖਦੇ ਹੋਏ ਬੋਲੇ, 'ਲਓ ਬੀਬਾ ਜੀ, ਇਹ ਲਓ 'ਐਕਸ਼ਨ ਕਰੌਸ', ਕੀ ਕਰਨਾ ਹੈ ਚੰਗੀ ਤਰ੍ਹਾਂ ਸਮਝ ਲਓ, ਜਦ ਮਾਤਾ ਜੀ ਤੁਹਾਨੂੰ ਉੱਚਾ-ਨੀਵਾਂ ਬੋਲਣ, ਜੇਕਰ ਮਾਤਾ ਜੀ ਤੁਹਾਡੇ ਸੱਜੇ ਪਾਸੇ ਬੈਠੇ ਹਨ ਤਾਂ ਇਸ ਨੂੰ ਆਪਣੇ ਮੂੰਹ ਵਿਚ ਖੱਬੇ ਪਾਸੇ ਰੱਖ ਲੈਣਾ, ਜੇ ਖੱਬੇ ਬੈਠੇ ਹਨ ਤਾਂ ਸੱਜੇ ਪਾਸੇ ਦੰਦਾਂ ਵਿਚਕਾਰ ਰੱਖ ਕੇ ਹਲਕਾ ਜਿਹਾ ਦਬਾ ਦੇਣਾ ਅਤੇ ਲਾਚੀਆਂ ਦੀ ਪੋਟਲੀ ਨੂੰ ਨੱਕ ਅੱਗੇ ਰੱਖ ਕੇ ਸੁੰਘਣਾ ਸ਼ੁਰੂ ਕਰ ਦੇਣਾ, ਨਾਲ ਹੀ ਆਪਣੇ ਮਨ ਵਿਚ ਓਮ ਸ਼ਾਂਤੀ, ਸ਼ਾਂਤੀ ਦਾ ਜਾਪ ਅਰੰਭ ਕਰ ਦੇਣਾ।
ਅਗਲੇ ਦਿਨ ਜਦ ਦਯਾ ਵੰਤੀ ਨੇ ਆਪਣੇ ਦਸਤੂਰ ਅਨੁਸਾਰ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਰਜਨੀ ਨੇ ਦਾਣਾ ਆਪਣੇ ਦੰਦਾਂ ਵਿਚ ਰੱਖ ਕੇ ਹਲਕਾ ਜਿਹਾ ਦਬਾ ਦਿੱਤਾ ਅਤੇ ਪੋਟਲੀ ਨੂੰ ਸੁੰਘਣਾ ਸ਼ੁਰੂ ਕਰ ਦਿੱਤਾ। ਦਯਾ ਵੰਤੀ ਬੋਲਦੀ ਗਈ, ਬੋਲਦੀ ਗਈ... ਬੋਲਦੀ-ਬੋਲਦੀ ਰੋ ਪਈ... ਰਜਨੀ ਨੇ ਦਾਣੇ ਨੂੰ ਹੋਰ ਦਬਾ ਦਿੱਤਾ। ਮਾਤਾ ਜੀ ਪਿੱਟਣ ਲੱਗ ਪਏ... ਰਜਨੀ ਨੇ ਦਬਾਅ ਹੋਰ ਵਧਾ ਦਿੱਤਾ। ਮਾਤਾ ਜੀ ਨੇ ਆਪਣਾ ਸਿਰ ਕੰਧਾਂ ਵਿਚ ਮਾਰਨਾ ਸ਼ੁਰੂ ਕਰ ਦਿੱਤਾ। 'ਹਾਏ ਮੈਂ ਨਹੀਂ ਰਹਿਣਾ... ਅੱਜ... ਮੈਂ ਮਰ ਜਾਣਾ ਅੱਜ ਹੀ... ਫੇਰ ਜ਼ੋਰ ਨਾਲ ਕੰਧ ਵਿਚ ਸਿਰ ਮਾਰਿਆ... ਰਜਨੀ ਡਰ ਗਈ... ਕਿਤੇ ਸੱਚੀ-ਮੁੱਚੀ ਰਾਮ ਨਾਮ ਸੱਤ ਵਾਲੀ ਗੱਲ ਹੀ ਨਾ ਹੋ ਜਾਏ... ਅੱਗੇ ਵਧ ਕੇ ਮਾਤਾ ਜੀ ਦੇ ਮੂੰਹ ਵਿਚ ਗੰਗਾ ਜਲ ਪਾਇਆ, ਆਪਣੇ ਕਲਾਵੇ ਵਿਚ ਲੈ ਕੇ, ਘੁੱਟ ਕੇ ਨਾਲ ਲਾਇਆ। ਇਸ ਸਾਰੀ ਪ੍ਰਕਿਰਿਆ ਸਮੇਂ ਮਾਤਾ ਜੀ ਦਾ ਹੱਥ ਰਜਨੀ ਦੇ ਸਰੀਰ ਨੂੰ ਲੱਗ ਗਿਆ। ਹੈਂਅ, ਇਹ ਕੀ? ਇਸ ਨੂੰ ਤਾਂ ਬੱਚੀ-ਬੱਚਾ ਹੋਣ ਵਾਲਾ ਹੈ। ਇਹ ਸਭ ਕੁਝ ਜਾਂਚ ਕੇ ਬੋਲੀ, 'ਲੁੱਚੀਏ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ' ਰਜਨੀ ਚੁੱਪ ਰਹੀ, ਆਪਣੇ ਮਨ ਵਿਚ ਹੀ ਕਿਹਾ ਜੇ ਭਲੀ ਮਾਣਸ ਨੇ ਅੱਖਾਂ 'ਤੇ ਪੱਟੀ ਬੱਧੀ ਹੋਵੇ ਤਾਂ ਲੁੱਚੀ ਕਿਆ ਕਰੇ? ਦਯਾ ਵੰਤੀ ਦੀ ਬੋਲੀ ਬਦਲ ਗਈ, ਪਹਿਲਾਂ ਇਹ ਕੁੜੀਏ ਕਹਿ ਕੇ ਬੁਲਾਉਂਦੀ ਸੀ, 'ਅੱਛਾ ਬੇਟੀ, ਰਜਨੀ ਬਰਫ਼ੀ ਦੀ ਟੁਕੜੀ ਨਾਲ ਮੂੰਹ ਤਾਂ ਮਿੱਠਾ ਕਰਵਾ ਦੇ', ਲਓ ਮਾਤਾ ਜੀ ਤੁਹਾਨੂੰ ਬਰਫ਼ੀ ਦੀ ਨਹੀਂ, ਬੜੇ ਰਸਗੁੱਲੇ ਦੀ ਲੋੜ ਹੈ' ਦਯਾਵੰਤੀ ਖੁਸ਼ ਹੋ ਗਈ ਮੇਰੀ ਬੇਟੀ ਤਾਂ ਬਹੁਤ ਸਿਆਣੀ...।
ਇਹ ਕਰਦੇ ਕਰਾਉਂਦੇ ਰੋਹਿਤ ਵੀ ਪਹੁੰਚ ਗਿਆ। ਰਜਨੀ ਦੇ ਇਸ਼ਾਰੇ 'ਤੇ ਰੋਹਿਤ ਨੇ ਆਪਣੀ ਮਾਤਾ ਦੇ ਚਰਨ ਛੂਹੇ। ਮਾਤਾ ਨੇ ਰੋਹਿਤ ਨੂੰ ਕਿਹਾ ਅੱਜ ਮੇਰੀ ਧੀ ਏਥੇ ਨਾ ਹੁੰਦੀ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ। ਨਾਲ ਹੀ ਮਾਤਾ ਨੇ ਅਸੀਸਾਂ ਦੀ ਝੜੀ ਲਗਾ ਦਿੱਤੀ। ਰੋਹਿਤ ਵੀ ਚੰਗੀ ਤਰ੍ਹਾਂ ਸਮਝ ਗਿਆ ਕਿ ਮਾਤਾ ਨੂੰ ਸਮਝ ਆ ਗਈ ਹੈ ਅਤੇ ਖੁਸ਼ ਹੈ, ਉਸ ਨੂੰ ਠੰਢ ਪੈ ਗਈ ਹੈ, ਉਸ ਦਿਨ ਦੀਵਾਲੀ ਦਾ ਤਿਉਹਾਰ ਸੀ...
ਰਜਨੀ ਨੇ ਰੋਹਿਤ ਨੂੰ ਕਿਹਾ 'ਗੈੱਟ ਪੈਕ' ਤਿਆਰੀ ਕਰੋ ਤੇ ਚਲੋ।' ਪਹੁੰਚ ਗੇ ਜਿਥੇ ਜਾਣਾ ਸੀ। ਰਜਨੀ ਨੂੰ ਨਰਸਾਂ ਅੰਦਰ ਲੈ ਗਈਆਂ। ਰੋਹਿਤ ਬਾਹਰ ਬੈਠ ਗਿਆ, ਢਾਈ-ਤਿੰਨ ਘੰਟੇ ਬੈਠਾ ਰਿਹਾ ਨਰਸ ਬਾਹਰ ਆਈ, 'ਅਭੀ ਠੀਕ ਹੈ, ਯੂ ਪਲੀਜ਼ ਵੇਟ, ਇੰਤਜ਼ਾਰ ਕਰੋ।'
ਅੱਧੇ ਘੰਟੇ ਬਾਅਦ ਇਕ ਹੋਰ ਨਰਸ ਬਾਹਰ ਆਈ, ਬੜੀ ਖ਼ੁਸ਼-ਖ਼ੁਸ਼, ਬਿਲਕੁਲ ਨਾਰਮਲ ਡਿਲਵਰੀ, ਅੱਗੇ ਤੁਸੀਂ ਖੁਦ ਹੀ ਬੁੱਝੋ... ਰੋਹਿਤ ਨੇ ਸੌ ਦਾ ਨੋਟ ਪਹਿਲਾਂ ਹੀ ਹੱਥ ਵਿਚ ਫੜਿਆ ਹੋਇਆ ਸੀ, ਨਰਸ ਨੇ ਨੋਟ ਕਾਬੂ ਕੀਤਾ ਤੇ ਕਿਹਾ, 'ਅੰਕਲ ਜੀ! ਬਿਲਕੁਲ ਤੁਹਾਡੇ ਵਰਗਾ, ਇਹ ਕਹਿੰਦੀ ਹੋਈ, ਉਹ ਔਹ ਗਈ, ਔਹ ਗਈ...।'
ਰੋਹਿਤ ਨੇ ਧਰਤੀ ਨੂੰ ਪ੍ਰਣਾਮ ਕੀਤਾ, ਲੋਕ ਆਪਣੇ ਘਰਾਂ ਵਿਚ ਦੀਪਮਾਲਾ ਕਰ ਰਹੇ ਸਨ, ਆਪਣੇ ਘਰਾਂ ਨੂੰ ਦੀਵਿਆਂ ਨਾਲ ਸਜਾ ਰਹੇ ਸਨ-ਖ਼ੁਸ਼ੀਆਂ ਮਨਾ ਰਹੇ ਸਨ, ਰਮੇਸ਼ ਵੀ ਉਸ ਵੇਲੇ ਆ ਗਿਆ। ਰਜਨੀ ਨੂੰ ਵਧਾਈ ਦਿੰਦੇ ਹੋਏ ਪੁੱਛਦਾ, 'ਭਰਜਾਈ ਜੀ ਵੋਹ ਐਕਸ਼ਨ-ਕਰੌਸ ਕਹਾਂ ਗਿਆ' ਰਜਨੀ ਵੀ ਘੱਟ ਨਹੀਂ ਸੀ, ਬੋਲੀ 'ਵੋਹ ਤੋ ਗਿਆ ਮਾਤਾ ਜੀ ਕੀ ਗੋਦ ਮੇਂ' ਸਾਰੇ ਹਾਸਾ ਮਖੌਲ ਕਰਦੇ ਰਹੇ।
ਰਮੇਸ਼ ਨੇ ਵਾਪਸ ਜਾਂਦਿਆਂ ਸਾਰੇ ਘਰਾਂ ਦੀ ਸਜਾਵਟ ਵੇਖੀ, ਪਰ ਰੋਹਤ ਅਤੇ ਰਜਨੀ ਦੇ ਘਰ ਦਾ ਨਜ਼ਾਰਾ ਕੁਝ ਹੋਰ ਹੀ ਸੀ, ਕਿਉਂਕਿ ਉਨ੍ਹਾਂ ਦੇ ਘਰ ਇਕ ਹੋਰ ਦੀਪਕ ਰੌਸ਼ਨ ਹੋਇਆ ਸੀ।

-ਪਿੰਡ ਅਤੇ ਡਾਕ: ਮਾਣਕ ਢੇਰੀ, ਜ਼ਿਲ੍ਹਾ ਹੁਸ਼ਿਆਰਪੁਰ-144204.
ਮੋਬਾਈਲ : 98153-10043.


ਖ਼ਬਰ ਸ਼ੇਅਰ ਕਰੋ

ਸ਼ਾਂਤੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਇਹ ਔਰਤ ਦਾ ਸਬਰ ਹੀ ਹੁੰਦਾ ਹੈ, ਜੋ ਉਸ ਦੇ ਘਰ ਦੀ ਸ਼ਾਂਤੀ ਨੂੰ ਬਣਾ ਕੇ ਰੱਖਦਾ ਹੈ।
* ਜਿਥੇ ਸਵਾਰਥ ਨਹੀਂ ਹੈ, ਉਥੇ ਸ਼ਾਂਤੀ, ਆਨੰਦ ਅਤੇ ਪ੍ਰਕਾਸ਼ ਹੈ।
* ਸਮਝੌਤਾ ਜੀਵਨ ਜਿਊਣ ਦੀ ਕਲਾ ਹੈ ਪਰ ਸਮਝੌਤਾਵਾਦ ਵਿਅਕਤੀ ਨੂੰ ਲੋਕ ਡਰਪੋਕ ਸਮਝਦੇ ਹਨ ਪਰ ਇਹ ਸ਼ਾਂਤੀ ਨਾਲ ਜਿਊਣ ਦੀ ਇਕ ਕਲਾ ਹੈ।
* ਪਰਿਵਾਰ ਉਹ ਸੁਰੱਖਿਆ ਕਵਚ ਹੈ, ਜਿਸ ਵਿਚ ਰਹਿ ਕੇ ਮਨੁੱਖ ਸ਼ਾਂਤੀ ਦਾ ਅਨੁਭਵ ਕਰਦਾ ਹੈ।
* ਜਦੋਂ ਤੱਕ ਵਿਅਕਤੀ ਆਪਣੇ ਚਰਿੱਤਰ ਪ੍ਰਤੀ ਜਾਗਰੂਕ ਨਹੀਂ ਹੋਵੇਗਾ, ਦੁਨੀਆ ਦੀ ਕੋਈ ਵੀ ਸ਼ਕਤੀ ਉਸ ਨੂੰ ਸੁੱਖ ਅਤੇ ਸ਼ਾਂਤੀ ਦਾ ਵਰਦਾਨ ਨਹੀਂ ਦੇ ਸਕੇਗੀ।
* ਜੇਕਰ ਸ਼ਾਂਤੀ ਚਾਹੁੰਦੇ ਹੋ ਤਾਂ ਕਦੇ ਦੂਸਰਿਆਂ ਤੋਂ ਬਦਲਣ ਦੀ ਉਮੀਦ ਨਾ ਰੱਖੋ। ਆਪਣੇ-ਆਪ ਨੂੰ ਬਦਲੋ ਜਿਵੇਂ ਰੋੜਿਆਂ ਤੋਂ ਬਚਣ ਦੇ ਲਈ ਬੂਟ ਪਹਿਨਣਾ ਉਚਿਤ ਹੈ ਨਾ ਕਿ ਪੂਰੀ ਧਰਤੀ 'ਤੇ ਕਾਰਪੈਟ ਵਿਛਾਉਣਾ।
* ਜਦੋਂ ਵੀ ਤੁਸੀਂ ਕਦੇ ਉਦਾਸ ਜਾਂ ਦੁਖੀ ਹੋਵੋ ਤਾਂ ਮਾਂ, ਮਾਂ ਦਾ ਲਫ਼ਜ਼ ਉਚਾਰੋ, ਸ਼ਾਂਤੀ ਮਿਲੇਗੀ।
* ਸਹਿਣਸ਼ੀਲਤਾ ਜੀਵਨ ਵਿਚ ਸ਼ਾਂਤੀ ਤੇ ਮਿਠਾਸ ਭਰਨ ਦੀ ਇਕ ਬਹੁਤ ਵੱਡੀ ਕਲਾ ਹੈ।
* ਆਪਣੇ ਵਿਚਾਰਾਂ ਨੂੰ ਦੂਜਿਆਂ 'ਤੇ ਥੋਪਣਾ ਛੱਡੋ ਤਾਂ ਹੀ ਪਰਿਵਾਰ ਵਿਚ ਸ਼ਾਂਤੀ ਰਹਿ ਸਕਦੀ ਹੈ। ਦੂਜੇ ਨੂੰ ਗ਼ਲਤ ਕਹਿ ਕੇ ਅਸੀਂ ਆਪਣੀ ਗ਼ਲਤੀ 'ਤੇ ਪਰਦਾ ਨਹੀਂ ਪਾ ਸਕਦੇ। ਯਾਦ ਰੱਖੋ ਕਿ ਤਾਲੀ ਇਕ ਹੱਥ ਨਾਲ ਨਹੀਂ ਵੱਜ ਸਕਦੀ।
* ਘਰ ਅਤੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸ਼ਾਂਤ ਰੱਖਣ ਲਈ ਵਿਆਹ ਆਦਿ ਦੇ ਮੌਕੇ 'ਤੇ ਡੀ. ਜੇ. ਦੀ ਆਵਾਜ਼ ਬਹੁਤੀ ਉੱਚੀ ਨਾ ਕਰੋ। ਬੱਸਾਂ, ਟਰੱਕਾਂ ਤੇ ਹੋਰ ਵਹੀਕਲਾਂ ਦੇ ਹਾਰਨ ਬਹੁਤ ਜ਼ੋਰ ਨਾਲ ਨਹੀਂ ਵਜਾਉਣੇ ਚਾਹੀਦੇ, ਕਿਉਂਕਿ ਇਸ ਨਾਲ ਵੀ ਸ਼ਾਂਤੀ ਭੰਗ ਹੁੰਦੀ ਹੈ।
* ਨੇੜਿਓਂ ਵੇਖਿਆ ਜਾਵੇ ਤਾਂ ਵਿਅਕਤੀ ਦੇ ਪ੍ਰੇਸ਼ਾਨ ਅਤੇ ਦੁਖੀ ਹੋਣ ਦਾ ਕਾਰਨ ਉਸ ਦੀਆਂ ਅਧੂਰੀਆਂ ਇੱਛਾਵਾਂ ਹੀ ਹਨ। ਜੋ ਵਿਅਕਤੀ ਇੱਛਾਵਾਂ ਦੇ ਲਗਾਤਾਰ ਆਉਣ 'ਤੇ ਵੀ ਚਿੰਤਤ ਨਹੀਂ ਹੁੰਦਾ,ਉਸ ਨੂੰ ਹੀ ਸ਼ਾਂਤੀ ਪ੍ਰਾਪਤ ਹੁੰਦੀ ਹੈ।
* ਔਰਤ ਨੇ ਕਿਸੇ ਸਿਆਣੇ ਤੋਂ ਪੁੱਛਿਆ ਕਿ ਘਰ ਵਿਚ ਸ਼ਾਂਤੀ ਲਈ ਕਿਹੜਾ ਵਰਤ ਰੱਖਾਂ। ਸਿਆਣਾ ਬੋਲਿਆ, ਮੌਨ ਵਰਤ। ਜਿਸ 'ਤੇ ਔਰਤ ਚੁੱਪ ਰਹਿਣ ਲੱਗ ਪਈ ਤੇ ਘਰ ਵਿਚ ਕਲੇਸ਼ ਮੁੱਕ ਗਿਆ।
* ਸਾਡੀ ਸੁੱਖ-ਸ਼ਾਂਤੀ ਸਿਹਤ, ਸੰਪਤੀ ਅਤੇ ਸਵਾਭਿਮਾਨ ਵਰਗੇ ਤਿੰਨ ਖੰਭਿਆਂ 'ਤੇ ਖੜ੍ਹੀ ਰਹਿੰਦੀ ਹੈ। ਮੁਸ਼ਕਿਲ ਸਮੇਂ ਵਿਚ ਨਿਰਾਸ਼ ਹੋ ਕੇ ਇਨ੍ਹਾਂ ਤਿੰਨਾਂ ਖੰਭਿਆਂ ਨੂੰ ਡਗਮਗਾਉਣ ਨਹੀਂ ਦੇਣਾ ਚਾਹੀਦਾ। (ਚਲਦਾ)

ਮੋਬਾਈਲ : 99155-63406.

ਆਈ ਨੂੰ ਕੋਈ ਟਾਲ ਸਕਦਾ ਹੈ?

ਦੁਕਾਨਦਾਰਾਂ ਲਈ... ਗਾਹਕਾਂ ਦਾ ਕੋਈ ਸਮਾਂ ਨਹੀਂ, ਕਦੋਂ ਆ ਜਾਏ।
ਦੁਨੀਆਦਾਰਾਂ ਲਈ... ਮੌਤ ਦਾ ਕੋਈ ਸਮਾਂ ਨਹੀਂ ਕਦੋਂ ਆ ਜਾਏ।
ਜ਼ਿੰਦਗੀ ਦਾ ਅੰਤ ਕੀ ਹੈ? ਮੌਤ।
ਬੇਸ਼ੱਕ ਸਭ ਨੂੰ ਇਹ ਹਕੀਕਤ ਪਤਾ ਹੈ ਕਿ ਜਿਸ ਨੇ ਵੀ ਜਨਮ ਲਿਆ ਹੈ, ਉਸ ਦੀ ਮੌਤ ਨਿਸਚਤ ਹੈ। ਇਹ ਵੀ ਮਾਨਤਾ ਹੈ ਕਿ ਮੌਤ ਦਾ ਸਮਾਂ, ਥਾਂ, ਕਾਰਨ ਵੀ ਨਿਸਚਤ ਹੈ।
ਇਕ ਦਿਨ ਮਿਟ ਜਾਏਗਾ,
ਮਾਟੀ ਕੇ ਮੋਲ।
ਪਤੈ ਸਭ ਨੂੰ ਕਿ ਇਕ ਦਿਨ ਮਿਟ ਜਾਣਾ ਹੈ, ਪਰ ਅਜੋਕੇ ਦੌਰ ਵਿਚ ਜ਼ਿੰਦਗੀ ਦੀ ਗਤੀ ਐਨੀ ਤੇਜ਼ ਹੋ ਗਈ ਹੈ ਕਿ ਰੁਝੇਵਿਆਂ 'ਚ ਮਨੁੱਖ ਨੂੰ ਯਾਦ ਕਦ ਰਹਿੰਦਾ ਹੈ ਕਿ ਇਕ ਦਿਨ ਮਿਟ ਜਾਏਗਾ... ਕਿਸ ਦਿਨ ਮਿਟ ਜਾਣਾ ਹੈ? ਇਹ ਖਿਆਲ ਤਾਂ ਦਿਮਾਗ਼ ਦੇ ਆਖਰੀ ਕੋਨੇ 'ਚ ਜ਼ੀਰੋ ਹੀ ਨਹੀਂ ਇਸ਼ਾਰੀਆ ਬਣ ਕੇ, ਯਾਦਾਂ ਦੇ ਭੰਡਾਰ ਵਿਚ ਰਿਜ਼ਰਵ ਹੋ ਗਿਆ ਹੈ, ਉਦੋਂ ਹੀ ਯਾਦਾਂ ਦੇ ਇਸ ਭੰਡਾਰ ਵਿਚੋਂ ਇਹ ਮੁੜ ਸੁਰਜੀਤ ਹੋ ਕੇ ਸਭ ਤੋਂ ਅੱਗੇ ਆ ਜਾਂਦਾ ਹੈ ਜਦ ਕੋਈ ਡਾਹਢੀ ਬਿਮਾਰੀ ਆ ਚਮੜਦੀ ਹੈ ਜਾਂ ਆਪਣੇ ਕੁਕਰਮਾਂ ਕਰਕੇ, ਜ਼ਿੰਦਗੀ ਬੋਝ ਬਣ ਜਾਂਦੀ ਹੈ।
ਆਮ ਕਰਕੇ, ਜਿਸ ਨੇ ਇਸ ਧਰਤੀ 'ਤੇ ਜਨਮ ਲਿਆ ਹੈ, ਉਹ ਜਿਊਣਾ ਚਾਹੁੰਦਾ ਹੈ। ਜ਼ਿੰਦਗੀ ਦੁਬਾਰਾ ਨਹੀਂ ਮਿਲਦੀ, ਇਸ ਲਈ ਆਖਰੀ ਦਮ ਤੱਕ ਇਸ ਦਾ ਅਨੰਦ ਮਾਣਨਾ ਚਾਹੁੰਦਾ ਹੈ।
ਸੱਚੀਂ, ਇਹ ਜ਼ਿੰਦਗੀ ਕਿੰਨੀ ਹੁਸੀਨ ਹੈ। ਇਸ ਲਈ ਜਿਊਣ ਜੋਗੇ ਜ਼ਿੰਦਗੀ ਦਾ ਮਜ਼ਾ ਲੈਣ ਹਿਤ, ਡਟ ਕੇ, ਕਹਿੰਦੇ ਹਨ, ਮਾਰੋ ਗੋਲੀ ਮੌਤ ਨੂੰ ਜਦ ਆਏਗੀ ਤਦ ਆਏਗੀ, ਵੇਖੀ ਜਾਏਗੀ।
ਵਧੇਰੇ ਕਰਕੇ, ਲਗਪਗ ਸਭੇ ਮਨੁੱਖ ਬੜੇ ਬਹਾਦਰਾਂ ਵਾਂਗ ਇਹ ਦਾਅਵਾ ਕਰਦੇ ਹਨ, 'ਮੈਂ ਮੌਤ ਤੋਂ ਨਹੀਂ ਡਰਦਾ/ਡਰਦੀ।' ਪਰ ਹਰ ਕੋਈ ਜਿਊਣਾ ਚਾਹੁੰਦਾ ਹੈ। ਸੱਚੀਂ... ਇਕ ਹਫ਼ਤਾ ਪਹਿਲਾਂ ਇਕ ਮਰਾਠੀ ਮਿੱਤਰ ਮਿਲਣ ਲਈ ਆਇਆ ਸੀ, ਅਸੀਂ ਬੈਠੇ ਗੱਲਾਂ ਕਰ ਰਹੇ ਸਾਂ ਤਾਂ ਸੁਸਾਇਟੀ 'ਚੋਂ ਇਕਦਮ, ਇਕ ਘਰੋਂ ਜ਼ੋਰ-ਜ਼ੋਰ ਦੇ ਰੋਣ ਦੀ,ਔਰਤਾਂ ਦੇ ਚੀਕਾਂ ਮਾਰਨ ਦੀ ਆਵਾਜ਼ ਆਈ, ਮੈਂ ਦਰਵਾਜ਼ਾ ਖੋਲ੍ਹ ਕੇ ਬਾਹਰ ਵੇਖਿਆ, ਸਭਨਾਂ ਘਰਾਂ ਦੇ ਲੋਕੀ ਉਸ ਘਰ ਵੱਲ ਦੌੜ ਰਹੇ ਸਨ, ਜਿਥੋਂ ਚੀਕ-ਚਿਹਾੜੇ ਦੀ ਆਵਾਜ਼ ਆ ਰਹੀ ਸੀ।
ਇਕ ਨੇ ਦੱਸਿਆ ਕਿ ਫਲਾਣੇ ਘਰ ਦਾ ਜਿਹੜਾ ਬੁੱਢਾ ਬਿਮਾਰ ਸੀ, ਉਸ ਨੇ ਫਲਾਈਟ ਪਕੜ ਲੀ ਹੈ।'
'ਫਲਾਈਟ ਪਕੜ ਲੀ ਹੈ' ਸਮਝ ਗਏ ਕਿ ਉਹਦੀ ਜ਼ਿੰਦਗੀ ਦਾ ਅੰਤ ਹੋ ਗਿਆ ਹੈ।
ਮੈਨੂੰ ਉਸ ਮਰਾਠੀ ਮਿੱਤਰ ਨੇ ਪ੍ਰਸ਼ਨ ਕੀਤਾ, 'ਆਤਿਸ਼ ਬਾਬੂ, ਜਬ ਸਭ ਕੋ ਪਤਾ ਹੈ ਕਿ ਜਿਸ ਨੇ ਜਨਮ ਲੀਆ ਹੈ, ਏਕ ਦਿਨ ਉਸ ਨੇ ਮਰਨਾ ਹੈ ਤੋ ਜਬ ਕਿਸੀ ਕਾ ਕੋਈ ਮਰ ਜਾਤਾ ਹੈ ਤੋ ਉਸ ਕੇ ਪਰਿਵਾਰ ਜਨ ਧਾੜੇਂ ਮਾਰ ਕਰ ਰੋਤੇ ਕਿਉਂ ਹੈਂ?'
ਮੈਂ ਮੁਸਕਰਾ ਦਿੱਤਾ, ਜਾਣਬੁਝ ਕੇ,ਕਿਹਾ, 'ਮੁਝੇ ਨਹੀਂ ਮਾਲੂਮ।'
ਪਰ ਇਸ ਸੰਦਰਭ 'ਚ ਮੈਂ ਇਕ ਕਿਤਾਬ 'ਚ ਪੜ੍ਹਿਆ ਸੀ, ਇਕ ਮਹਾਤਮਾ ਕੋਲ ਇਹੋ ਹੀ ਪ੍ਰਸ਼ਨ ਕਿਸੇ ਨੇ ਕੀਤਾ ਸੀ ਕਿ ਕਿਸੇ ਦੇ ਮਰ ਜਾਣ 'ਤੇ ਲੋਕੀਂ ਰੋਂਦੇ ਕਿਉਂ ਹਨ? ਉਸ ਮਹਾਤਮਾ ਨੇ ਜਵਾਬ ਦਿੱਤਾ ਸੀ, 'ਇਸ ਦਾ ਜਵਾਬ ਤੈਨੂੰ ਆਪਣੇ-ਆਪ ਉਸ ਦਿਨ ਮਿਲ ਜਾਏਗਾ ਜਿਸ ਦਿਨ ਤੇਰਾ ਕੋਈ ਆਪਣਾ, ਸਕਾ ਮਰ ਜਾਏਗਾ।'
ਉਫ਼ਂਪਿਛਲੇ ਹਫ਼ਤੇ ਹੀ ਉਸ ਨੂੰ, ਆਪਣੇ ਆਪ ਇਸ ਸਵਾਲ ਦਾ ਜਵਾਬ ਮਿਲ ਗਿਆ, ਫੋਨ ਦੀ ਘੰਟੀ ਵੱਜੀ, ਮੋਬਾਈਲ ਫੋਨ 'ਤੇ ਉਸ ਦਾ ਨੰਬਰ ਸੀ, ਮੈਂ ਫੋਨ ਚੁੱਕਿਆ ਤਾਂ ਉਹ ਧਾਹਾਂ ਮਾਰ ਕੇ ਰੋ ਰਿਹਾ ਸੀ, ਮੇਰੇ ਵਾਰ-ਵਾਰ ਪੁੱਛਣ 'ਤੇ ਉਸ ਨੇ ਬੜੀ ਮੁਸ਼ਕਿਲ ਨਾਲ ਦੱਸਿਆ, 'ਪਾਪਾ ਜੀ, ਮੇਰਾ ਛੋਟਾ ਭਾਈ ਨਹੀਂ ਰਹਾ, ਅਲਫਿੰਸਟਨ ਰੋਡ ਸਟੇਸ਼ਨ ਪਰ ਜੋ ਭਗੜਦ ਮਚੀ ਉਸੀ ਮੇਂ ਵੋਹ ਲੋਗੋਂ ਕੇ ਪਾਓਂ ਤਲੇ ਦਬ ਕਰ ਮਰ ਗਇਆ।'
ਮੈਂ ਐਨਾ ਹੀ ਧਰਵਾਸ ਦੇ ਸਕਿਆ, 'ਮੈਂ ਪਹੁੰਚ ਰਹਾ ਹੂੰ।'
ਮੈਂ ਅਲਫਿੰਸਟਨ ਰੋਡ ਰੇਲਵੇ ਸਟੇਸ਼ਨ 'ਤੇ ਪਹੁੰਚਿਆ... ਲੋਕਾਂ ਦੀਆਂ ਭੀੜਾਂ ਹੀ ਭੀੜਾਂ ਸਨ। ਪਤਾ ਲੱਗਾ, ਨਾਲੋ-ਨਾਲ ਇਸ ਥਾਂ 'ਤੇ ਦੋ ਸਟੇਸ਼ਨ ਹਨ, ਪਰੇਲ ਤੇ ਅਲਫਿੰਸਟਨ ਰੋਡ, ਇਨ੍ਹਾਂ ਦੋਵਾਂ ਨੂੰ ਮਿਲਾਉਣ ਵਾਲਾ ਸਾਂਝਾ ਪੁਲ ਹੈ, ਕੋਈ ਸਤ-ਫੁਟ ਚੌੜਾ, ਇਹ ਪੁਲ 106 ਸਾਲ ਪੁਰਾਣਾ ਹੈ, ਇਸ 'ਤੇ ਦੋਵਾਂ ਸਟੇਸ਼ਨਾਂ ਦੇ ਹਜ਼ਾਰਾਂ ਮੁਸਾਫਿਰ ਹਰ ਰੋਜ਼ ਆਰ-ਪਾਰ ਜਾਂਦੇ ਹਨ। ਉਸ ਦਿਨ ਅਚਾਨਕ ਹੀ ਮੀਂਹ ਵਰ੍ਹਨਾ ਸ਼ੁਰੂ ਹੋ ਗਿਆ, ਲੋਕੀਂ ਮੀਂਹ ਤੋਂ ਬਚਣ ਲਈ ਇਸ ਪੁਲ 'ਤੇ ਜਮ੍ਹਾਂ ਹੋ ਗਏ..ਤਦੇ ਇਕ ਅਫ਼ਵਾਹ ਉੱਡੀ ਕਿ ਪੁਲ ਦਾ ਇਕ ਹਿੱਸਾ ਢਹਿ ਗਿਆ ਹੈ। ਬਸ ਲੋਕੀਂ ਭੱਜੇ ਆਪਣੀ-ਆਪਣੀ ਜਾਨ ਬਚਾਉਣ ਲਈ, ਸੱਤ ਫੁਟ ਦੀ ਚੌੜਾਈ ਵਾਲੇ ਪੁਲ 'ਤੇ ਹਜ਼ਾਰਾਂ ਦੀ ਭੀੜ... ਭਗਦੜ ਮਚ ਗਈ... ਔਰਤਾਂ-ਮਰਦ। ਇਕ-ਦੂਜੇ ਦੇ ਪੈਰਾਂ ਥਲੇ ਡਿੱਗ ਪਏ... ਇਹੋ ਆਖ ਸਕਦੇ ਹਾਂ ਕਿ ਜਿਨ੍ਹਾਂ ਦੀ ਆਈ ਸੀ, ਉਹ ਦੂਜਿਆਂ ਦੇ ਪੈਰਾਂ ਥੱਲੇ ਹੀ ਦਰੜੇ ਗਏ, ਥਾਂ 'ਤੇ ਹੀ ਲਾਸ਼ਾਂ ਮੁਰਦੇ ਬਣ ਗਏ... ਜਿਨ੍ਹਾਂ ਦੀ ਹਾਲਾਂ ਲਿਖੀ ਸੀ, ਉਨ੍ਹਾਂ 'ਚੋਂ 32 ਜ਼ਖ਼ਮੀ ਹੋ ਗਏ...
....ਇਨ੍ਹਾਂ ਸਭਨਾਂ ਨੂੰ ਕੇ.ਈ.ਐਮ. ਹਸਪਤਾਲ ਲਿਜਾਇਆ ਗਿਆ ਸੀ, ਉਥੇ ਹੀ ਮੈਂ ਪਹੁੰਚਿਆ, ਮੇਰਾ ਮਰਾਠੀ ਦੋਸਤ ਆਪਣੇ ਛੋਟੇ ਭਰਾ ਦੀ ਲਾਸ਼ ਲੱਭ ਰਿਹਾ ਸੀ ਉਹ ਹਾਲਾਂ ਵੀ ਰੋ ਰਿਹਾ ਸੀ ਤੇ ਜਦ ਤਾਈਂ ਉਹਦੀ ਲਾਸ਼ ਦੀ ਸ਼ਨਾਖਤ ਨਹੀਂ ਹੋ ਗਈ, ਉਹ ਰੋਂਦਾ ਹੀ ਰਿਹਾ, ਭਰਾ ਦੀ ਲਾਸ਼ ਨੂੰ ਵੇਖ ਕੇ ਤਾਂ ਉਹ ਹੋਰ ਉੱਚੀ-ਉੱਚੀ ਭੁੱਬਾਂ ਮਾਰਨ ਲੱਗਾ, ਹੁਣ ਤਾਈਂ ਉਹਦੇ ਪਰਿਵਾਰ ਦੇ ਲੋਕੀਂ ਤੇ ਦੂਜੇ ਰਿਸ਼ਤੇਦਾਰ ਵੀ ਪਹੁੰਚ ਗਏ ਸਨ, ਸਭ ਧਾਹਾਂ ਮਾਰ ਕੇ ਰੋ ਰਹੇ ਸਨ। ਇਕ ਇਹੋ ਪਰਿਵਾਰ ਨਹੀਂ, ਦੂਜੇ ਮ੍ਰਿਤਕਾਂ ਦੇ ਪਰਿਵਾਰ ਜਨ ਵੀ ਇਸੇ ਤਰ੍ਹਾਂ ਵਿਰਲਾਪ ਕਰ ਰਹੇ ਸਨ, ਬੜਾ ਦਿਲ ਹਲੂਣ ਦੇਣ ਵਾਲਾ ਮਾਹੌਲ ਸੀ।
ਇਹ ਜਿਹੜੇ ਮਨੁੱਖਾਂ ਉੱਪਰ ਮਨੁੱਖ, ਢਹਿਣ ਕਾਰਨ, ਸਾਹ ਨਾ ਲੈਣ ਸਕਣ ਕਾਰਨ ਮੌਤ ਨੂੰ ਪ੍ਰਾਪਤ ਹੋਏ, ਇਹ ਸਭੇ ਸਵੇਰੇ ਘਰੋਂ ਆਪਣੀਆਂ ਨੌਕਰੀਆਂ 'ਤੇ ਹਾਜ਼ਰ ਹੋਣ ਲਈ ਜਾਂ ਆਪਣੇ ਕਾਰੋਬਾਰ ਹਿਤ ਨਿਕਲੇ ਸਨ, ਕਿਸੇ ਨੂੰ ਅੰਦੇਸ਼ਾ ਵੀ ਨਹੀਂ ਸੀ ਕਿ ਇਸ ਪੁਲ ਤੋਂ ਪਾਰ ਨਹੀਂ ਜਾ ਸਕਣਗੇ।
ਰਤਾ ਗਹੁ ਕਰਨਾ, ਇਹ ਰੇਲ ਪੁਲ 106 ਸਾਲ ਪੁਰਾਣਾ ਹੈ, ਇਹ ਤਾਂ ਸਾਬਤ ਹੈ ਕਿ ਇਸੇ ਪੁਲ ਤੋਂ 106 ਸਾਲ ਹੋ ਗਏ ਨੇ ਰੇਲ ਮੁਸਾਫਿਰਾਂ ਨੂੰ ਆਰ-ਪਾਰ ਸੁਰੱਖਿਅਤ ਜਾਂਦਿਆਂ-ਆਉਂਦਿਆਂ। ਅੱਜ ਵੀ ਇਹ ਪੁਲ ਉਸੇ ਤਰ੍ਹਾਂ ਸੁਰੱਖਿਅਤ ਹੈ, ਜਿੰਨਾ 106 ਸਾਲ ਪਹਿਲਾਂ ਸੀ, ਕਿਤਿਉਂ ਵੀ ਟੁੱਟਾ-ਭੱਜਾ ਨਹੀਂ, ਨਾ ਕੋਈ ਮੁਸਾਫਿਰ ਇਹਦੇ ਟੁਟਣ ਕਰਕੇ ਥੱਲੇ ਡਿੱਗ ਕੇ ਮਰਿਆ ਹੈ, ਉਸ ਦਿਨ ਹਜ਼ਾਰਾਂ ਦੀ ਭੀੜ ਸੀ... ਭਗਦੜ 'ਚ ਮਰੇ ਵਿਚਾਰੇ ਹੁਣ ਤਾਈਂ 23 ਨੇ... ਕੀ ਆਖੋਗੇ? ਇਨ੍ਹਾਂ ਦੀ ਮੌਤ ਦਾ ਸਥਾਨ, ਸਮਾਂ, ਕਾਰਨ ਇਹੋ ਤੇ ਇਵੇਂ ਹੀ ਮਿਥਿਆ ਸੀ?
ਪਰ, ਕੀ ਟੀ.ਵੀ. ਮੀਡੀਆ, ਕੀ ਪ੍ਰਿੰਟ ਮੀਡੀਆ, ਕੀ ਲੋਕਲ ਲੀਡਰਾਂ ਨੇ ਸਭਨਾਂ ਨੇ ਇਸ ਪੁਲ ਨੂੰ ਤੇ ਰੇਲਵੇ ਪ੍ਰਸ਼ਾਸਨ ਨੂੰ ਹੀ ਇਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਹੈ।
106 ਸਾਲ ਪਹਿਲਾਂ ਇਸ ਪੁਲ ਦਾ ਨਿਰਮਾਣ ਹੋਇਆ, ਸਾਫ਼ ਹੈ ਕਿ ਇਹ ਅੰਗਰੇਜ਼ਾਂ ਵੇਲੇ ਦਾ ਬਣਾਇਆ ਹੋਇਆ ਹੈ। ਇਸ ਦੇ ਮੁਕਾਬਲੇ ਪਿਛਲੇ ਮਹੀਨੇ, ਬਿਹਾਰ 'ਚ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨੇ ਦੂਜੇ ਭਲਕੇ ਇਕ ਡੈਮ ਦਾ ਉਦਘਾਟਨ ਕਰਨ ਜਾਣਾ ਸੀ ਪਰ ਇਕ ਦਿਨ ਪਹਿਲਾਂ ਹੀ ਖ਼ਬਰ ਆ ਗਈ ਕਿ ਡੈਮ ਟੁੱਟ ਗਿਆ ਹੈ।
ਪਿਛਲੇ ਮਹੀਨੇ ਮੈਕਸੀਕੋ 'ਚ ਭੁਚਾਲ ਆਇਆ ਸੀ, ਹਜ਼ਾਰਾਂ ਇਮਾਰਤਾਂ ਢਹਿਢੇਰੀ ਹੋ ਗਈਆਂ, ਲੋਕੀਂ ਬੇਮੌਤ ਮਾਰੇ ਗਏ... ਕੈਲੀਫੋਰਨੀਆ ਵਿਚ ਆਏ ਤੂਫਾਨ ਨੇ ਵੀ ਇਹੋ ਦੁਖਾਂਤ ਬਰਪਾ ਕੀਤਾ। ਮੈਂ ਜਦ ਇਹ ਸਤਰਾਂ ਲਿਖ ਰਿਹਾ ਹਾਂ ਖ਼ਬਰ ਆਈ ਹੈ ਕਿ ਅਮਰੀਕਾ ਦੇ ਲਾਸ-ਵੇਗਾਸ ਵਿਖੇ ਇਕ ਕੈਸੀਨੋ ਵਿਚ 59 ਲੋਕਾਂ ਨੂੰ ਅਚਨਚੇਤ ਆਤੰਕਵਾਦੀ ਨੇ ਗੋਲੀਆਂ ਨਾਲ ਥਾਂ 'ਤੇ ਮਾਰ ਸੁੱਟਿਆ ਹੈ ਤੇ 500 ਤੋਂ ਵਧੇਰੇ ਜ਼ਖ਼ਮੀ ਕਰ ਦਿੱਤੇ ਹਨ। ਅੱਜ ਵੀ ਸਾਡੇ ਦੇਸ਼ 'ਚ ਹੀ ਸੜਕ ਹਾਦਸੇ 'ਚ ਕਈ ਮੌਤਾਂ ਹੋਈਆਂ ਹਨ। ਨਿੱਤ ਨਵੇਂ ਦਿਹਾੜੇ ਹੋ ਰਹੀਆਂ ਹਨ।
ਮੇਰਾ ਮਰਾਠੀ ਮਿੱਤਰ ਜੋ ਪੁਲ 'ਤੇ ਹੋਈ ਭਗਦੜ 'ਚ ਆਪਣੇ ਛੋਟੇ ਭਰਾ ਦੀ ਹੋਈ ਮੌਤ 'ਤੇ ਧਾਹਾਂ ਮਾਰ-ਮਾਰ ਰੋਇਆ ਸੀ, ਮੈਨੂੰ ਫਿਰ ਮਿਲਿਆ ਹੈ, ਬਿਲਕੁਲ ਸ਼ਾਂਤ ਹੈ। ਬਸ ਉਹਦੇ ਮੂੰਹੋਂ ਐਨੇ ਕੁ ਸ਼ਬਦ ਹੀ ਨਿਕਲੇ, 'ਸ਼ਾਇਦ ਉਸ ਕੀ ਮੌਤ ਐਸੇ ਹੀ ਲਿਖੀ ਥੀ।'

ਰਾਵਣ ਨਹੀਂ ਮਰਿਆ

ਮੈਂ ਤੇਜ਼ ਕਦਮੀਂ ਘਰ ਵੱਲ ਤੁਰੀ ਜਾ ਰਹੀ ਸੀ। ਸੜਕ, ਬਜ਼ਾਰ ਹਰ ਪਾਸੇ ਲੋਕਾਂ ਦੀ ਬਹੁਤ ਭੀੜ ਸੀ। ਸ਼ਹਿਰ ਦਾ ਸਭ ਤੋਂ ਵੱਡਾ ਮੈਦਾਨ, ਜਿਸ ਅੱਗੇ ਮੈਂ ਲੰਘ ਰਹੀ ਸੀ, ਪੂਰੀ ਤਰ੍ਹਾਂ ਖਚਾਖਚਾ ਭਰਿਆ ਹੋਇਆ ਸੀ। ਵੱਡੇ-ਵੱਡੇ ਤਿੰਨ ਪੁਤਲਿਆਂ ਨੂੰ ਕੁੱਝ ਦੇਰ ਨੂੰ ਅੱਗ ਲੱਗ ਜਾਣੀ ਸੀ। ਰਾਵਣ ਨੇ ਆਪਣੇ ਭਾਈ ਅਤੇ ਪੁੱਤਰ ਸਮੇਤ ਇਸ ਅੱਗ ਵਿਚ ਸੜ ਜਾਣਾ ਸੀ। ਸੜ ਜਾਣਾ ਸੀ ਦਸ ਸਿਰਾਂ ਵਾਲਾ ਰਾਵਣ। ਹਰ ਸਾਲ ਇਸ ਦਿਨ ਹਰ ਸ਼ਹਿਰ ਵਿਚ ਸੜਦਾ ਏ ਰਾਵਣ। ਪਰ ਮੇਰੇ ਮਨ ਨੂੰ ਪਤਾ ਏ ਕਿ ਨਹੀਂ ਮਰਿਆ ਰਾਵਣ। ਉਸ ਰਾਵਣ ਦੇ ਤਾਂ ਕੇਵਲ ਦਸ ਸਿਰ ਸਨ ਪਰ ਇਹਦੇ ਸਿਰ ਪਤਾ ਨਹੀਂ ਕਿੰਨੇ ਕੁ ਨੇ। ਇਕ ਸਿਰ ਤਾਂ ਮੈਂ ਹੁਣੇ ਵੇਖ ਕੇ ਆਈ ਸਾਂ। ਬਸ ਥੋੜ੍ਹੀ ਦੇਰ ਪਹਿਲਾਂ। ਸੁਣਿਆ ਏ ਓਹੀ ਸਿਰ ਲਾਵੇਗਾ ਇਨ੍ਹਾਂ ਮੈਦਾਨ ਵਿਚ ਖੜ੍ਹੇ ਸਿਰਾਂ ਨੂੰ ਅੱਗ। ਮੈਂ ਢਿੱਡੋਂ ਹੱਸੀ ਇਸ ਬੇ-ਅਕਲ ਭੀੜ 'ਤੇ ਪਰ ਹੱਸਿਆ ਵੀ ਨਹੀਂ ਜਾਂਦਾ ਦੁਖੀ ਢਿੱਡ ਤੋਂ ਜੋ ਦੁਖਦਾ ਹੈ ਕਿਸੇ ਦਰਦ ਨਾਲ।
ਤਿੰਨ ਦਿਨਾਂ ਤੋਂ ਭੁੱਖੇ ਸੀ ਮੇਰੇ ਜੁਆਕ। ਸੋਚਿਆ ਸਰਦਾਰ ਤੋਂ ਲੈ ਹੀ ਆਵਾਂ ਆਪਣੀ ਤਨਖਾਹ। ਆਪੇ ਤਾਂ ਕਹਿੰਦਾ ਸੀ ਕੱਲ੍ਹ 'ਲਛਮੀ ਕੱਲ੍ਹ ਲੈ ਜਾਵੀਂ ਆ ਕੇ ਸਵੇਰੇ।' ਪਤਾ ਨਹੀਂ ਕਿਹੜੀ ਮਾੜੀ ਘੜੀ ਮੇਰੇ ਕਦਮ ਉਸ ਹਵੇਲੀ ਵਰਗੇ ਘਰ ਵੱਲ ਹੋ ਤੁਰੇ। ਪਿਛਲੇ ਸਾਲ ਇਸੇ ਹਵੇਲੀ ਤੋਂ ਜੀਤੂ, ਮੇਰੇ ਘਰ ਵਾਲਾ ਲੈ ਕੇ ਗਿਆ ਸੀ, ਮੌਤ ਦਾ ਸਮਾਨ। ਕਿੱਡੇ ਵੱਡੇ-ਵੱਡੇ ਸਨ ਉਹ ਪਟਾਕੇ, ਮੈਂ ਤਾਂ ਵੇਖਦਿਆਂ ਹੀ ਡਰ ਗਈ ਸੀ। ਬੜਾ ਖੁਸ਼ ਸੀ ਉਹ ਕਹਿੰਦਾ, 'ਸਾਰੇ ਪਿੰਡ 'ਚ ਬੱਲੇ-ਬੱਲੇ ਹੋ ਜੂ, ਅੱਜ ਮੇਰੀ। ਲੋਕੀ ਕਹਿਣਗੇ ਜੀਤੂ ਹਲਵਾਈ ਨੇ ਤਾਂ ਕਮਾਲ ਕਰਤੀ ਰਾਤੀਂ ਦਿਨ ਚੜ੍ਹਾ ਤਾ।' ਆਪਣੇ ਆਪ ਨੂੰ ਹਲਵਾਈ ਸੱਦਦਾ ਪਰ ਹੈ ਤਾਂ ਉਹ ਵੀ ਰਾਵਣ ਦਾ ਇਕ ਸਿਰ ਹੀ ਸੀ। ਮੈਨੂੰ ਕਈ ਵਾਰ ਮਠਿਆਈ ਬਣਾਉਣ ਦੇ ਨਵੇਂ-ਨਵੇਂ ਢੰਗਾਂ ਬਾਰੇ ਦੱਸਦਾ। ਇਕ ਵਾਰ ਤਾਂ ਮੈਂ ਹੈਰਾਨ ਹੀ ਹੋ ਗਈ। ਜਦੋਂ ਉਸ ਕਿਹਾ ਕਿ 'ਦੁੱਧ ਤੋਂ ਬਿਨਾਂ ਵੀ ਬਣ ਜਾਂਦੈ ਖੋਆ' ਮੈਂ ਸੋਚਿਆ ਕਿ ਕਮਲ ਮਾਰਦਾ ਏ, ਪਰ ਉਹ ਕਹਿੰਦਾ, ' ਜੇ ਯਕੀਨ ਨੀ ਆਉਂਦਾ ਤਾਂ ਕੱਲ੍ਹ ਦਿਖਾਊਂ ਤੈਨੂੰ। ਤੂੰ ਘਰ ਥੋੜ੍ਹਾ ਜਿਹਾ ਖੋਆ ਕੱਢ ਕੇ ਰੱਖੀਂ ਮੱਝ ਦੇ ਦੁੱਧ ਦਾ, ਮੈਂ ਲਿਆਉਂ ਨਕਲੀ ਖੋਆ, ਦੇਖੀਂ ਤੇਰੇ ਅਸਲੀ ਤੋਂ ਸਵਾਦ ਹੋਊ।' ਦੂਜੇ ਦਿਨ ਮੈਂ ਘਰ ਦੇ ਦੁੱਧ ਦਾ ਖੋਆ ਕੱਢ ਲਿਆ। ਸ਼ਾਮੀਂ ਉਹ ਵੀ ਇਕ ਪੈਕਟ ਜਿਹਾ ਲੈ ਆਇਆ ਕਹਿਣ ਲੱਗਾ, 'ਚੋਰੀ ਤੋਂ ਲਿਆਇਆ ਕੱਚਾ ਖੋਆ। ਸਰਦਾਰ ਬੜੀ ਨਜ਼ਰ ਰੱਖਦੈ। ਤੂੰ ਖਾ ਕੇ ਦੇਖ ਆਪਣੇ ਵਾਲਾ ਵੀ ਤੇ ਮੇਰੇ ਵਾਲਾ ਵੀ ਪਰ ਖਾਵੀਂ ਥੋੜ੍ਹਾ ਜਿਹਾ ਹੀ।' ਜਦੋਂ ਮੈਂ ਖਾਣ ਲੱਗੀ ਉਹਦੇ ਵਾਲਾ ਖੋਆ, ਤਾਂ ਮੇਰੇ ਮੂੰਹ ਵਿਚ ਪਾਉਂਦੀ ਦੇ ਹੱਥੋਂ ਅੱਧਾ ਲੈ ਕੇ ਰੱਖ ਦਿੱਤਾ, ਕਹਿੰਦਾ, 'ਥੋੜ੍ਹਾ ਖਾਹ, ਬਹੁਤ ਖਤਰਨਾਕ ਹੈ ਇਹ।' ਮੈਂ ਭੋਰਾ ਕੁ ਖਾ ਕੇ ਵੇਖਿਆ ਸਵਾਦ ਵਿਚ ਮੇਰੇ ਘਰ ਦੇ ਬਣੇ ਅਸਲੀ ਖੋਏ ਤੋਂ ਵੀ ਵਧ ਕੇ, ਜੀ ਕਰੇ ਸਾਰਾ ਖਾ ਜਾਵਾਂ। ਕਹਿਣ ਲੱਗਾ, 'ਵੇਖਦੀ ਹੈਂ ਜੀਤ ਹਲਵਾਈ ਦੀ ਕਾਰੀਗਰੀ, ਭੋਰਾ ਦੁੱਧ ਨੀ ਇਹਦੇ ਵਿਚ।'
'ਮੈਨੂੰ ਨੀ ਯਕੀਨ ਦੁੱਧ ਤੋਂ ਬਿਨਾ ਭਲਾਂ ਕਿਵੇਂ ਬਣਜੂ ਖੋਆ?' ਮੇਰੇ ਮੂੰਹੋਂ ਨਿਕਲਿਆ।
'ਯਕੀਨ ਨਹੀਂ ਤਾਂ ਤਰਨ ਦੇ ਸਿਰ 'ਤੇ ਹੱਥ ਰੱਖ ਕੇ ਸਹੁੰ ਖਾਨਾਂ।' ਉਹ ਬੋਲਿਆ। ਤਰਨ ਸਾਡਾ ਪੰਜ ਕੁ ਸਾਲ ਦਾ ਮੁੰਡਾ। ਨਿਆਣੇ ਬੁਲਾ ਲੈ ਉਹਨੇ ਦੋਵੇਂ, ਜੋ ਖੇਡਾਂ ਵਿਚ ਮਸਤ ਸਨ। ਦੋਵਾਂ ਦੇ ਸਿਰ 'ਤੇ ਹੱਥ ਰੱਖ ਕੇ ਸਹੁੰ ਖਾਧੀ ਕਿ 'ਦੁੱਧ ਦਾ ਤੁਪਕਾ ਵੀ ਨੀ ਇਹਦੇ ਵਿਚ।'
ਨਿਆਣਿਆਂ ਦੇ ਮਨ ਵਿਚ ਪਤਾ ਨਹੀਂ ਕੀ ਆਈ, ਅੱਗੇ ਪਿਆ ਉਹਦੇ ਵਾਲਾ ਖੋਆ ਚੁੱਕ ਕੇ ਬੁਰਕੀ-ਬੁਰਕੀ ਮੂੰਹ ਵਿਚ ਪਾ ਲਿਆ ਦੋਵਾਂ ਨੇ। ਫੇਰ ਉਨ੍ਹਾਂ ਨੂੰ ਉਲਟੀਆਂ ਕਰਵਾਉਂਦਾ ਫਿਰੇ। ਕਹਿੰਦਾ 'ਬੜੀ ਖਤਰਨਾਕ ਚੀਜ਼ ਐ। ਛੋਟੇ ਤਰਨ ਨੇ ਤਾਂ ਉਲਟੀ ਵਿਚ ਕੱਢ ਦਿੱਤਾ ਪੀਸ, ਪਰ ਕੁੜੀ ਪੂਜਾ ਤਾਂ ਅੰਦਰ ਨਿਗਲ ਗਈ। ਬੜਾ ਜ਼ੋਰ ਲਾਇਆ ਪਰ ਉਹ ਨਾ ਨਿਕਲਿਆ, ਉਲਟੀ ਵੀ ਨਾ ਆਈ ਉਹਨੂੰ। ਕਈ ਦਿਨ ਡਰੇ ਰਹੇ ਅਸੀਂ। ਕਹਿੰਦਾ, 'ਬਿਮਾਰ ਹੋਊ।" ਪਰ ਦੋ ਕੁ ਦਿਨ ਢਿੱਡ ਜਿਹਾ ਦੁਖਿਆ ਫੇਰ ਠੀਕ ਹੋ ਗਈ।
'ਇੰਨਾ ਖਤਰਨਾਕ ਜਦੋਂ ਲੋਕ ਖਾਣਗੇ ਤਾਂ ਮਰਨਗੇ ਨੀ।' ਮੈਂ ਕਿਹਾ।
'ਇਹ ਕੱਚਾ ਏ, ਜਦੋਂ ਇਹਦੀ ਬਰਫੀ ਜਾਂ ਹੋਰ ਮਠਿਆਈ ਬਣੂ ਤਾਂ ਹੋਰ ਸਮਾਨ ਪੈ ਜੂ ਵਿੱਚ, ਥੋੜ੍ਹਾ ਅਸਲੀ ਖੋਆ ਵੀ ਪਾਵਾਂਗੇ ਵਿਚ। ਇਹਦੀ ਮਾਤਰਾ ਘਟ ਜਾਵੇਗੀ, ਮਰਦਾ ਨੀ ਕੋਈ। ਜੇ ਕੋਈ ਜ਼ਿਆਦਾ ਖਾ ਜੂ ਤਾਂ ਥੋੜ੍ਹਾ-ਬਹੁਤਾ ਅਸਰ ਦਿਖਾਊ ਜ਼ਰੂਰ।' ਉਹ ਬੋਲਿਆ ਸੀ।
'ਜਦੋਂ ਇੰਨਾ ਖਤਰਨਾਕ ਏ ਤਾਂ ਕਿਉਂ ਬਣਾਉਂਦੇ ਹੋਂ ਇਹ ਜ਼ਹਿਰ?' ਮੈਂ ਪੁੱਛਿਆ।
'ਕੀ ਕਰੀਏ ਬਣਾਉਣੀ ਪੈਂਦੀ ਆ। ਇਹ ਸਸਤਾ ਪੈਂਦੈ ਦੁੱਧ ਦੇ ਖੋਏ ਨਾਲੋਂ। ਸਰਦਾਰ ਨੂੰ ਬਹੁਤ ਕਮਾਈ ਹੁੰਦੀ ਆ ਇਹਦੇ ਵਿਚ। ਤਿਉਹਾਰਾਂ ਦੇ ਦਿਨਾਂ ਵਿਚ ਤਾਂ ਨੋਟ ਨੀ ਗਿਣੇ ਜਾਂਦੇ ਸਰਦਾਰ ਤੋਂ ਇਹਦੀ ਕਮਾਈ ਦੇ। ਕਈ ਹੋਰ ਦੁਕਾਨਦਾਰ ਵੀ ਲੈਂਦੇ ਆ ਸਾਥੋਂ ਹੀ।' ਉਹ ਬੋਲਿਆ।
'ਨੌਕਰੀ ਕਿਉਂ ਨਹੀਂ ਛੱਡ ਦਿੰਦੇ ਐਹੋ ਜੇ ਪਾਪ ਦੀ?' ਮੇਰੇ ਮੂੰਹੋਂ ਨਿਕਲਿਆ।
'ਨੌਕਰੀ ਛੱਡ ਕੇ ਕਿੱਥੇ ਜਾਊਂ, ਸਭ ਪਾਸੇ ਇਹੀ ਹਾਲ ਆ। ਇਮਾਨਦਾਰੀ ਹੁਣ ਕਿੱਥੇ ਰਹਿਗੀ। ਕੌਣ ਇਮਾਨਦਾਰ ਦੇ ਦੇਓ ਮੈਨੂੰ ਇੰਨੀ ਤਨਖਾਹ। ਮੈਂ ਤਾ ਸੋਚਦਾਂ ਕਿ ਚਾਰ ਕੁ ਸਾਲ ਨੌਕਰੀ ਕਰ ਕੇ ਫੇਰ ਆਪਣੀ ਹੀ ਕਰ ਲਵਾਂ, ਇੱਕ ਦੁਕਾਨ। ਬਣਾਉਣਾ ਹੁਣ ਮੈਨੂੰ ਆਉਂਦਾ ਹੀ ਆ, ਸਾਰੇ ਰੋਣੇ ਧੋਣੇ ਧੋ ਹੋ ਜਾਣਗੇ, ਕਾਰਾਂ 'ਚ ਘੁਮਾਉਂ ਤੈਨੂੰ।' ਮੇਰੇ ਦੁਆਲੇ ਬਾਹਾਂ ਜਿਹੀਆਂ ਵਲਦਾ ਹੋਇਆ ਬੋਲਿਆ ਸੀ।
'ਮੈਨੂੰ ਨੀ ਚਾਹੀਦੀ ਇਹੋ ਜਿਹੇ ਪਾਪ ਦੀ ਕਾਰ, ਇਹਦੇ ਨਾਲੋਂ ਤਾਂ ਪੈਦਲ ਹੀ ਚੰਗੀ ਆ ਮੈਂ।' ਮੈਂ ਉਸਤੋਂ ਛੁਟਦਿਆਂ ਕਿਹਾ ਸੀ।
ਪਿਛਲੀ ਦੀਵਾਲੀ ਨੂੰ ਬੜਾ ਖੁਸ਼ ਸੀ, ਕਹਿੰਦਾ ਸੀ, 'ਸਰਦਾਰ ਨੇ ਇਸ ਵਾਰ ਡਬਲ ਬੋਨਸ ਦੇਣ ਦਾ ਐਲਾਨ ਕੀਤਾ ਏ ਸਾਰੇ ਕਾਮਿਆਂ ਨੂੰ, ਤਨਖਾਹ ਵੱਖਰੀ। ਬੋਨਸ ਤਨਖਾਹ ਤੋਂ ਵੀ ਡੂਹਢਾ। ਬੜੀ ਕਮਾਈ ਹੋਈ ਆ ਸਰਦਾਰ ਨੂੰ, ਐਤਕੀ ਧੰਦੇ 'ਚੋਂ। ਤੈਨੂੰ ਛਾਪ ਕਰਾ ਦੂੰ।'
ਦੀਵਾਲੀ ਵਾਲੀ ਸਵੇਰ ਖੁਸ਼ੀ-ਖੁਸ਼ੀ ਤਿਆਰ ਹੋ ਕੇ ਗਿਆ ਸੀ ਮਾਲਕ ਦੀ ਹਵੇਲੀ। ਜਦੋਂ ਚਾਰ ਕੁ ਘੰਟੇ ਬਾਅਦ ਮੁੜਿਆ ਤਾਂ ਦੋ ਬੜੇ-ਬੜੇ ਲਿਫਾਫੇ ਭਰੀਂ ਫਿਰੇ। ਮੁੱਠ ਭਰ ਕੇ ਨੋਟਾਂ ਦਾ ਮੇਰੇ ਹੱਥ ਵਿਚ ਲਿਆ ਫੜਾਇਆ। ਕਹਿੰਦਾ, 'ਗਿਣ ਲਾ ਢਾਈ ਤਨਖਾਹਾਂ ਜਿੰਨੇ ਆਂ ਪੂਰੇ, ਸਰਦਾਰ ਨੇ ਅੱਜ ਬੰਬ-ਪਟਾਕੇ ਅਤੇ ਮਠਿਆਈ ਵੀ ਦਿਲ ਖੋਲ੍ਹ ਕੇ ਦਿੱਤੀ ਆ ਸਾਨੂੰ। ਅੱਜ ਦੁਕਾਨ 'ਤੇ ਲਾਈਨ ਨੀ ਟੁੱਟੀ ਗਾਹਕਾਂ ਦੀ, ਮੈਨੂੰ ਵੀ ਦੋ ਘੰਟੇ ਸੇਲ 'ਤੇ ਲਾਉਣੇ ਪਏ, ਹਫਤਾ ਹੋ ਗਿਆ, ਲੋਕਾਂ ਨੇ ਬਹੁਤ ਮਠਿਆਈ ਖਰੀਦੀ ਏ ਇਸ ਵਾਰ ਸਰਦਾਰ ਕੋਲੋਂ, ਬੜਾ ਖੁਸ਼ ਏ ਸਰਦਾਰ। ਕਹਿੰਦਾ ਸੀ ਕਿ ਜੀਤੂ ਤੇਰੀ ਤਨਖਾਹ ਵਧਾ ਦੇਣੀ ਆ ਹੁਣ।'
'ਨਾ ਇਸ ਜ਼ਹਿਰ ਦਾ ਮੈਂ ਕੀ ਕਰਾਂ?' ਮੈਂ ਮਠਿਆਈ ਦੇ ਡੱਬੇ ਉਸ ਨੂੰ ਵਿਖਾਉਂਦਿਆਂ ਕਿਹਾ ਸੀ।
'ਗਲੀ ਗੁਆਂਢ ਵਿਚ ਵੰਡ ਦੇ ਕੁੱਝ ਨੀ ਹੁੰਦਾ, ਸਾਰਿਆਂ ਨੂੰ ਖੁਸ਼ ਕਰਦੇ।' ਉਹ ਬੋਲਿਆ।
'ਜੇ ਕੋਈ ਗਲ ਪੈ ਗਿਆ ਤਾਂ?' ਮੈਂ ਪੁੱਛਿਆ।
'ਸਾਰਾ ਪਿੰਡ ਸਾਡੀ ਦੁਕਾਨ ਤੋਂ ਹੀ ਖਰੀਦਦਾ ਏ, ਅੱਜ ਵੀ ਕਈ ਮਿਲੇ ਆ ਮੈਨੂੰ ਉੱਥੇ।' ਉਹ ਸਾਡੀ ਦੁਕਾਨ ਵਾਲਾ ਸ਼ਬਦ ਥੋੜ੍ਹਾ ਉੱਚੀ ਜਿਹਾ ਕਰ ਕੇ ਬੋਲਿਆ।
ਇਕ ਵਾਰ ਤਾਂ ਮੈਂ ਹਾਮੀ ਭਰ ਦਿੱਤੀ, ਪਰ ਹੌਸਲਾ ਨੀ ਪਿਆ ਮੇਰਾ ਕਿਸੇ ਦੇ ਘਰ ਦੇਣ ਦਾ। ਮੈਂ ਰੂੜ੍ਹੀ 'ਤੇ ਸਿੱਟ ਕੇ ਉੱਤੇ ਦੋ ਟੋਕਰੇ ਗੋਹੇ ਦੇ ਸਿੱਟ ਤੇ, ਮਖਾਂ ਕਿਤੇ ਕੋਈ ਜਾਨਵਰ ਨਾ ਖਾ ਕੇ ਬਿਮਾਰ ਹੋ ਜੇ, ਨਾਲੇ ਜੇ ਉੱਤੇ ਹੀ ਸਿੱਟ ਤੀ, ਤਾਂ ਲੋਕ ਪੁੱਛਣਗੇ ਕਿ ਕਿਉਂ ਸੁੱਟਤੀ ਇੰਨੀ ਮਠਿਆਈ। ਜੁਆਕਾਂ ਨੂੰ ਮੈਂ ਘਰ ਦੀ ਬਣਾਈ ਹੋਈ ਹੀ ਖਵਾਈ।
ਸ਼ਾਮ ਨੂੰ ਕੋਠੇ 'ਤੇ ਬੰਬ-ਪਟਾਕੇ ਚਲਾਉਣ ਜਾ ਚੜ੍ਹਿਆ। ਦੋਵੇਂ ਜੁਆਕ ਵੀ ਚੜ੍ਹ 'ਗੇ। ਮੈਂ ਬਹੁਤ ਕਿਹਾ ਕਿ ਹੇਠਾਂ ਆ ਜੋ ਪਰ । ਕਾਫੀ ਦੇਰ ਪਟਾਕਿਆਂ ਅਤੇ ਉਨ੍ਹਾਂ ਤਿੰਨਾਂ ਦੇ ਹਾਸੇ ਦੀ ਅਵਾਜ਼ ਸੁਣਦੀ ਰਹੀ।
'ਭਾਈ ਬਹੂ, ਹੇਠਾਂ ਲਾਹ ਲਿਆ ਹੁਣ ਜੁਆਕਾਂ ਨੂੰ, ਐਵੇਂ ਨਾ ਕੋਈ ਫਲੂਹਾ ਪੈ ਜੇ।' ਸੱਸ ਨੇ ਮੈਨੂੰ ਕਿਹਾ।
ਮੈਂ ਕਈ ਵਾਰ ਥੱਲਿਓਂ ਅਵਾਜ਼ਾਂ ਮਾਰੀਆਂ, ਕਹਿੰਦਾ 'ਉਪਰੇ ਆਜਾ ਤੂੰ ਵੀ ਦੇਖ ਲਾ ਰੌਣਕ ਦੀਵਾਲੀ ਦੀ, ਕਿੰਨਾ ਸੋਹਣਾ ਲਗਦਾ ਏ ਪਿੰਡ ਉੱਪਰੋਂ।'
ਆਖਰ ਮੈਂ ਵੀ ਉਪਰ ਚੜ੍ਹ ਗਈ ਕੋਠੇ 'ਤੇ ਪਰ ਲੱਕੜ ਦੀ ਪੌੜੀ 'ਤੇ ਮੈਂ ਚੜ੍ਹੀ ਬੜੀ ਔਖੀ। ਜਦੋਂ ਮੈਂ ਚੜ੍ਹੀ ਤਾਂ ਵੱਡੇ ਸਾਰੇ ਬੰਬ ਨੂੰ ਅੱਗ ਲਾ ਰਿਹਾ ਸੀ।
'ਦੇਖਿਆ ਬੱਲੇ-ਬੱਲੇ ਕਰਵਾ ਤੀ ਪਿੰਡ 'ਚ ਅੱਜ।' ਅੱਗ ਲਾ ਕੇ ਮੇਰੇ ਵੱਲ ਆਉਂਦਾ ਹੋਇਆ ਬੋਲਿਆ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪਿੰਡ ਡਡਿਆਣਾਂ, ਡਾਕ: ਰੁਪਾਲਹੇੜੀ, ਵਾਇਆ ਸਰਹੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ-140406.
ਮੋਬਾਈਲ : 94177-33038.

ਕੰਡੇ ਦਾ ਕੰਡਾ: ਜਿੱਤ

ਦਸਹਿਰੇ ਦਾ ਦਿਨ ਸੀ । ਸਦੀਆਂ ਤੋਂ ਚਲੀ ਆ ਰਹੀ ਪਰੰਪਰਾ ਦੇ ਮੁਤਾਬਿਕ ਰਾਵਣ ਦੇ ਪੁਤਲੇ ਨੂੰ ਸ਼ਾਮ ਨੂੰ ਚੀਫ ਮਨਿਸਟਰ ਸਾਹਬ ਅੱਗ ਲਾਉਣ ਲੱਗੇ ਤਾਂ ਰਾਵਣ ਦਾ ਪੁਤਲਾ ਬੋਲ ਪਿਆ
'ਠਹਿਰੋ...ਠਹਿਰੋ ਮੈਨੂੰ ਅੱਗ ਨਾ ਲਾਉ, ਮੈਂ ਸਦੀਆਂ ਤੋਂ ਸੜਦਾ ਆ ਰਿਹਾ ਹਾਂ । ਪਰ ਅੱਜ ਮੇਰੀ ਬਰਦਾਸ਼ਤ ਦੀ ਹੱਦ ਹੋ ਗਈ, ਮੈਨੂੰ ਕੋਈ ਲੱਲੀ-ਛੱਲੀ ਅੱਗ ਨਾ ਲਾਵੇ। ਮੈਨੂੰ ਉਹ ਅੱਗ ਲਾਵੇ ਜਿਹੜਾ ਰਾਮ ਹੋਵੇ। ਰਾਵਣ ਨਾ ਹੋਵੇ। ਹੈ ਕੋਈ ਰਾਮ...ਹੈ ਕੋਈ ਰਾਮ...?'
ਹਜ਼ਾਰਾਂ ਦੀ ਭੀੜ 'ਚੋਂ ਕੋਈ ਨਹੀਂ ਬੋਲਿਆ। ਸਭ ਦੇ ਸਿਰ ਝੁਕੇ ਹੋਏ ਸੀ। ਰਾਵਣ ਫਿਰ ਗਰਜਿਆ।
'ਹਾ...ਹਾ ...ਹਾ...ਹਾ...ਹਾ...।' ਆਕਾਸ਼ 'ਚ ਆਵਾਜ਼ ਗੂੰਜੀ। ਲੱਖਾਂ ਕਰੋੜਾਂ ਲੋਕਾਂ ਨੇ ਸੁਣੀ। ਹਾਸਾ ਹੋਰ ਉੱਚੀ ਹੋ ਰਿਹਾ ਸੀ। ਰਾਵਣ ਫਿਰ ਆਕਾਸ਼ ਵੱਲ ਮੂੰਹ ਕਰ ਕੇ ਬੋਲਿਆ।ઠ
'ਹਾ...ਹਾ...ਰਾਮ ਵਰਗਾ ਕੋਈ ਨਹੀਂ, ਇੱਥੇ ਸਭ ਰਾਵਣ ਹੀ ਰਾਵਣ ਨੇ, ਕੋਈ ਕੁਰਸੀ ਦਾ ਰਾਵਣ, ਦਾਜ ਦਾ ਲੋਭੀ ਰਾਵਣ, ਭ੍ਰਿਸ਼ਟਾਚਾਰੀ ਅਫ਼ਸਰਸ਼ਾਹੀ ਰਾਵਣ, ਪੈਸੇ ਦੇ ਰਾਵਣ, ਵੇਖ ਅੱਜ ਮੈਂ ਕਰੋੜਾਂ ਅਰਬਾਂ ਸਿਰ ਲੈ ਕੇ ਘੁੰਮ ਰਿਹਾ ਹਾਂ। ਮੇਰੇ ਤਾਂ ਦਸ ਚਿਹਰੇ ਸੀ ਪਰ ਅੱਜ ਹਰ ਬੰਦੇ ਕੋਲ ਸੈਂਕੜਿਆਂ ਚਿਹਰੇ ਨੇ, ਤੂੰ ਮੈਨੂੰ ਉਸ ਵੇਲੇ ਹਰਾ ਗਿਆ ਸੀ ਪਰ ਅੱਜ ਮੈਂ ਜਿੱਤ ਗਿਆ ਹਾਂ, ਹਾ....ਹਾ...ਹਾ...।'
ਸ਼੍ਰਿਸ਼ਟੀ ਰਚਨਹਾਰ ਜੀ ਸ਼ਰਮਿੰਦਾ ਹੋਏ ਸੋਚ ਰਹੇ ਸਨ ਕਿ, 'ਇਸ ਰਾਵਣ ਦੁਨੀਆ ਦਾ ਅੰਤ ਕਿਵੇਂ ਤੇ ਕਦੋਂ ਕੀਤਾ ਜਾਵੇ?'

-1764 ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ। ਮੋਬਾ : 098557-35666.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX