ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  1 day ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  1 day ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  1 day ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਧਰਮ ਪ੍ਰਚਾਰ ਮੁਹਿੰਮ ਦੇ ਨਾਲ ਸਮਾਜ ਸੁਧਾਰ ਦੀ ਵੀ ਲੋੜ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੀ ਧਰਮ ਪ੍ਰਚਾਰ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਹ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਪੰਜਾਬ ਦੇ ਬਹੁਤ ਪਰਿਵਾਰ ਗੁਰੂ ਉਪਦੇਸ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਗੁਰੂ ਸਾਹਿਬਾਨ ਨੇ ਸਾਨੂੰ ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣਾ ਦੇ ਉਪਦੇਸ਼ ਰਾਹੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣਾ ਸਿਖਾਇਆ ਹੈ ਪਰ ਵੇਖਣ ਵਿਚ ਆਇਆ ਹੈ ਬਹੁਤੀ ਵਾਰ ਆਪੇ ਹੀ ਸਿਰਜੀ ਭੈੜੀ ਸਥਿਤੀ ਦਾ ਮੁਕਾਬਲਾ ਕਰਕੇ ਉਸ ਨੂੰ ਠੀਕ ਕਰਨ ਦੇ ਯਤਨ ਦੀ ਥਾਂ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦਾ ਸਹਾਰਾ ਲੈ ਰਹੀ ਹੈ ਤੇ ਪਿੰਡਾਂ ਦੀ ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪੈ ਰਹੀ ਹੈ। ਇਹ ਸਿੱਖਾਂ ਦਾ ਕਿਰਦਾਰ ਨਹੀਂ ਹੈ। ਸਿੱਖਾਂ ਨੂੰ ਤਾਂ ਵੱਡੀ ਤੋਂ ਵੱਡੀ ਮੁਸੀਬਤ ਦਾ ਮੁਕਾਬਲਾ ਕਰਨ ਦੀ ਜੁਗਤੀ ਦੱਸੀ ਗਈ ਹੈ। ਸਿੱਖ ਤਾਂ ਉਦੋਂ ਨਹੀਂ ਸੀ ਘਬਰਾਏ ਜਦੋਂ ਉਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਉਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਅਤੇ ਖੁਰਾਕ ਇਕ ਮੁੱਠ ਭੁੱਜੇ ਛੋਲੇ ਹੁੰਦੇ ਸਨ। ਉਦੋਂ ਉਹ ਜ਼ਾਲਮ ਅਤੇ ਜ਼ੁਲਮ ਦਾ ਕੇਵਲ ਮੁਕਾਬਲਾ ਹੀ ਨਹੀਂ ਕਰਦੇ ਸਨ, ਸਗੋਂ ਸਮੇਂ-ਸਮੇਂ ਸਿਰ ਉਨ੍ਹਾਂ ਨੂੰ ਸਬਕ ਵੀ ਸਿਖਾਉਂਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਨਾਂਦੇੜ ਤੋਂ ਤੁਰੇ ਸਨ ਤਾਂ ਉਨ੍ਹਾਂ ਕੋਲ ਕੇਵਲ ਪੰਜ ਤੀਰ, ਇਕ ਨਗਾਰਾ, ਇਕ ਨਿਸ਼ਾਨ ਸਾਹਿਬ ਤੇ ਪੰਜ ਸਿੰਘ ਸਨ ਪਰ ਉਨ੍ਹਾਂ ਕੋਲ ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਗੁਰੂ ਜੀ ਵਲੋਂ ਬਖ਼ਸ਼ੀ ਅੰਮ੍ਰਿਤ ਦੀ ਦਾਤ ਅਤੇ ਗੁਰੂ ਜੀ ਦਾ ਥਾਪੜਾ ਸੀ ਤੇ ਉਹ ਸੰਸਾਰ ਦੇ ਸਭ ਤੋਂ ਵੱਡੇ ਸਮਰਾਟ ਨਾਲ ਟੱਕਰ ਲੈਣ ਚੱਲੇ ਸਨ। ਉਨ੍ਹਾਂ ਕੇਵਲ ਜ਼ਾਲਮਾਂ ਨੂੰ ਸਬਕ ਹੀ ਨਹੀਂ ਸਿਖਾਇਆ, ਸਗੋਂ ਖਾਲਸਾ ਰਾਜ ਕਾਇਮ ਕਰਕੇ ਵਿਖਾਇਆ।
ਮਹਾਰਾਜਾ ਰਣਜੀਤ ਸਿੰਘ ਕੇਵਲ 12 ਵਰ੍ਹਿਆਂ ਦੇ ਸਨ ਜਦੋਂ ਉਨ੍ਹਾਂ ਨੇ ਅਹਿਮਦਸ਼ਾਹ ਅਬਦਾਲੀ ਦੇ ਪੋਤਰੇ ਨੂੰ ਕਰਾਰੀ ਹਾਰ ਦਿੱਤੀ। ਹਜ਼ਾਰ ਸਾਲ ਜਿਸ ਰਾਹ ਤੋਂ ਆ ਕੇ ਧਾੜਵੀ ਭਾਰਤ ਨੂੰ ਲੁੱਟਦੇ ਰਹੇ ਹਨ, ਮੁੜ ਉਸ ਪਾਸਿਓਂ ਆਉਣ ਦੀ ਕਿਸੇ ਜੁਰਅਤ ਨਹੀਂ ਕੀਤੀ। ਸਿੱਖ ਧਰਮ ਸਭ ਤੋਂ ਨਵਾਂ ਧਰਮ ਹੈ ਪਰ ਜਿੰਨੀਆਂ ਸ਼ਹੀਦੀਆਂ ਗੁਰੂ ਦੇ ਸਿੰਘਾਂ ਨੇ ਦਿੱਤੀਆਂ, ਹੋਰ ਕਿਸੇ ਧਰਮ ਵਿਚ ਅਜਿਹਾ ਨਹੀਂ ਹੋਇਆ। ਹਜ਼ਾਰਾਂ ਨਹੀਂ, ਲੱਖਾਂ ਸਿੰਘਾਂ ਨੇ ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਕਦੇ ਬੁਜ਼ਦਿਲੀ ਨਹੀਂ ਵਿਖਾਈ। ਹੁਣ ਪੰਜਾਬ ਦੇ ਹੀ ਸਿੱਖ ਬੁਜ਼ਦਿਲੀ ਦੀ ਮਿਸਾਲ ਬਣ ਰਹੇ ਹਨ। ਨਸ਼ਿਆਂ ਦਾ ਸਹਾਰਾ ਲੈਣਾ ਜਾਂ ਖੁਦਕੁਸ਼ੀ ਕਰਨਾ ਬੁਜ਼ਦਿਲੀ ਦੀ ਨਿਸ਼ਾਨੀ ਹੈ। ਇਸ ਦਾ ਮੁੱਖ ਕਾਰਨ ਸਿੱਖੀ ਦਾ ਪ੍ਰਚਾਰ ਘਟਿਆ ਹੈ। ਕੀਰਤਨ ਦਰਬਾਰ ਅਤੇ ਨਗਰ ਕੀਰਤਨਾਂ ਦੀ ਆਪਣੀ ਮਹੱਤਤਾ ਹੈ ਪਰ ਸਿੱਖਾਂ ਨੂੰ ਚੜ੍ਹਦੀ ਕਲਾ ਦਾ ਪਾਠ ਪੜ੍ਹਾਉਣ ਲਈ ਪ੍ਰਚਾਰ ਦੀ ਲੋੜ ਹੈ। ਸਿੱਖ ਕੌਮ ਦੇ ਮਹਾਨ ਸ਼ਹੀਦਾਂ ਅਤੇ ਨਾਇਕਾਂ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਲੋਕਾਂ ਵੀ ਆ ਰਹੀਆਂ ਕੁਰੀਤੀਆਂ ਵਿਰੁੱਧ ਵੀ ਮੁਹਿੰਮ ਚਲਾਈ ਜਾਵੇ। ਜਿਹੜੇ ਸਿੱਖ ਪਰਿਵਾਰ ਸੱਚਮੁਚ ਮੁਸੀਬਤ ਵਿਚ ਹਨ, ਉਨ੍ਹਾਂ ਦੀ ਬਾਂਹ ਫੜਨੀ ਭਾਈਚਾਰੇ ਦਾ ਫਰਜ਼ ਬਣਦਾ ਹੈ। ਕਿਰਤ ਕਰਨ ਤੋਂ ਅਗਲਾ ਪੜਾਅ ਵੰਡ ਛਕਣਾ ਹੈ। ਅਸੀਂ ਆਪਣੀ ਕਿਰਤ ਕਮਾਈ ਵਿਚੋਂ ਗੁਰੂ-ਘਰਾਂ ਨੂੰ ਆਲੀਸ਼ਾਨ ਬਣਾਉਣ ਉੱਤੇ ਤਾਂ ਖਰਚ ਕਰਦੇ ਹੀ ਹਾਂ ਪਰ ਮੁਸੀਬਤ ਵਿਚ ਫਸੇ ਸਿੱਖ ਪਰਿਵਾਰਾਂ ਦੀ ਬਾਂਹ ਫੜਨੀ ਵੀ ਸਿੱਖੀ ਲਹਿਰ ਦਾ ਹਿੱਸਾ ਹੋਣਾ ਚਾਹੀਦਾ ਹੈ।
ਇਹ ਵੇਖਣ ਵਿਚ ਆਇਆ ਹੈ ਕਿ ਗਰੀਬੀ ਤੋਂ ਘਬਰਾਏ ਕਈ ਸਿੱਖ ਪਰਿਵਾਰ ਸਿੱਖੀ ਤਿਆਗ ਦੂਜੇ ਰਾਹੀਂ ਪੈ ਰਹੇ ਹਨ। ਇਸ ਬਾਰੇ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਤਾਂ ਹਰੇਕ ਪਿੰਡ ਵਿਚ ਇਕ ਕਮੇਟੀ ਬਣਾਉਣੀ ਚਾਹੀਦੀ ਹੈ ਜਿਹੜੀ ਮੁਸੀਬਤ ਮਾਰੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰੇ, ਤਾਂ ਜੋ ਉਹ ਮੁੜ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣ।
ਸਿੱਖਾਂ ਨੂੰ ਮੁੜ ਗੁਰਬਾਣੀ ਨਾਲ ਜੋੜਨ ਦੀ ਲੋੜ ਹੈ। ਉਨ੍ਹਾਂ ਨੂੰ ਆਪਣੇ ਮਹਾਨ ਵਿਰਸੇ ਦੀ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਉਹ ਚੜ੍ਹਦੀ ਕਲਾ ਵਿਚ ਜਾਣ। ਨੌਜਵਾਨਾਂ ਨੂੰ ਕਿਰਤ ਵੱਲ ਮੋੜੀਏ, ਉਨ੍ਹਾਂ ਨੂੰ ਮਿੱਸੀ ਖੇਤੀ ਨਾਲ ਜੋੜੀਏ। ਗੁਰੂ-ਘਰਾਂ ਨੂੰ ਵੀ ਆਖਿਆ ਜਾਵੇ ਕਿ ਉਹ ਆਪਣੀਆਂ ਦੁੱਧ ਤੇ ਸਬਜ਼ੀਆਂ ਦੀਆਂ ਲੋੜਾਂ ਗੁਰਸਿੱਖਾਂ ਪਾਸੋਂ ਖਰੀਦ ਕੇ ਪੂਰੀਆਂ ਕਰਨ। ਇੰਜ ਸਾਫ਼-ਸੁਥਰੀ ਤੇ ਸਸਤੀ ਸਬਜ਼ੀ ਮਿਲੇਗੀ। ਨੌਜਵਾਨ ਕਿਸਾਨਾਂ ਨੂੰ ਆਪਣੀ ਉਪਜ ਦਾ ਪੂਰਾ ਮੁੱਲ ਮਿਲ ਜਾਵੇਗਾ, ਜਿਸ ਨਾਲ ਉਹ ਹੋਰ ਅੱਗੇ ਵਧਣ ਲਈ ਕਦਮ ਪੁੱਟਣਗੇ।
ਖੁਦਕੁਸ਼ੀਆਂ ਬਹੁਤੇ ਸਿੱਖ ਕਿਸਾਨ ਹੀ ਕਰ ਰਹੇ ਹਨ। ਕਰਜ਼ਾ ਤਾਂ ਕਿਸਾਨ ਦੇ ਸਿਰ ਮੁੱਢਕਦੀਮ ਤੋਂ ਹੀ ਚੜ੍ਹਿਆ ਰਿਹਾ ਹੈ, ਉਦੋਂ ਸਾਂਝੇ ਪਰਿਵਾਰ ਹੋਣ ਕਰਕੇ ਬਹੁਤੀ ਘਬਰਾਹਟ ਨਹੀਂ ਸੀ ਹੁੰਦੀ। ਸਾਰੇ ਪਰਿਵਾਰ ਦੀ ਸਾਂਝੀ ਜ਼ਿੰਮੇਵਾਰੀ ਹੋਣ ਕਰਕੇ ਮਾਨਸਿਕ ਤਣਾਅ ਏਨਾ ਨਹੀਂ ਸੀ ਹੁੰਦਾ ਕਿ ਖੁਦਕੁਸ਼ੀ ਦੀ ਨੌਬਤ ਆ ਜਾਵੇ। ਪੁਰਾਣੇ ਸਮਿਆਂ ਵਿਚ ਘਰਾਂ ਅੰਦਰ ਕੀਟਨਾਸ਼ਕ ਜ਼ਹਿਰਾਂ ਵੀ ਨਹੀਂ ਸਨ। ਜੇਕਰ ਕੋਈ ਆਪਣੀ ਜਾਨ ਦੇਣਾ ਵੀ ਚਾਹੁੰਦਾ ਸੀ ਤਾਂ ਉਸ ਨੂੰ ਸੋਚਣਾ ਪੈਂਦਾ ਸੀ ਕਿ ਉਹ ਮਰਨ ਦਾ ਕਿਹੜਾ ਢੰਗ ਅਪਣਾਏ। ਬਹੁਤੇ ਅਦਾਰਿਆਂ ਵਲੋਂ ਇਹ ਮੰਗ ਕੀਤੀ ਗਈ ਹੈ ਕਿ ਕਿਸਾਨ ਕਰਜ਼ੇ ਮੁਆਫ਼ ਕਰ ਦਿੱਤੇ ਜਾਣ। ਪਿਛਲੀ ਸਰਕਾਰ ਨੇ ਵੀ ਕਰਜ਼ੇ ਮੁਆਫ਼ ਕੀਤੇ ਸਨ ਪਰ ਖੁਦਕੁਸ਼ੀਆਂ ਤਾਂ ਉਵੇਂ ਵੀ ਹੋ ਰਹੀਆਂ ਹਨ। ਇਸ ਕਰਕੇ ਕੋਈ ਸਥਾਈ ਹੱਲ ਲੱਭਣ ਦੇ ਯਤਨ ਜ਼ਰੂਰੀ ਹਨ। ਕਿਸਾਨ ਸਹਾਇਤਾ ਕੇਂਦਰ ਬਣਾਏ ਜਾਣ। ਇਥੇ ਸੂਝਵਾਨ, ਲੋਕ ਹਿਤੈਸ਼ੀ ਸਮਾਜ ਸੇਵਕਾਂ ਨੂੰ ਸਲਾਹਕਾਰ ਰੱਖਿਆ ਜਾਵੇ। ਇਨ੍ਹਾਂ ਕੇਂਦਰਾਂ ਵਿਚ ਪੀੜਤ ਕਿਸਾਨ ਜਾਂ ਖੇਤ ਮਜ਼ਦੂਰ ਬਿਨਾਂ ਝਿਜਕ ਦੇ ਆ ਕੇ ਆਪਣੇ ਦੁੱਖ ਨੂੰ ਸਾਂਝਾ ਕਰ ਸਕਦਾ ਹੋਵੇ। ਸਬੰਧਤ ਕਿਸਾਨ ਦੇ ਸੱਚ ਤੋਂ ਸਾਰਾ ਪਿੰਡ ਹੀ ਜਾਣੂ ਹੁੰਦਾ ਹੈ। ਅਜਿਹੇ ਦੁਖੀ ਪਰਿਵਾਰ ਨੂੰ ਆਰਥਿਕ ਤੰਗੀ ਵਿਚੋਂ ਕੱਢਣ ਲਈ ਇਸ ਕੇਂਦਰ ਵਲੋਂ ਇਕ ਵਿਆਪਕ ਤੇ ਅਮਲੀ ਪ੍ਰੋਗਰਾਮ ਉਲੀਕਿਆ ਜਾਵੇ, ਤਾਂ ਜੋ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰੀ ਜਾ ਸਕੇ। ਅਜਿਹੇ ਕਿਸਾਨਾਂ ਦੀ ਸਰਕਾਰ ਵਲੋਂ ਵੀ ਆਰਥਿਕ ਸਹਾਇਤਾ ਕੀਤੀ ਜਾਵੇ। ਠੀਕ ਢੰਗ ਨਾਲ ਦਿੱਤੀ ਸਲਾਹ ਵੀ ਕਾਰਗਰ ਸਿੱਧ ਹੁੰਦੀ ਹੈ।
ਮੇਰੀ ਉਮਰ ਦੇ ਬੰਦੇ ਜਾਣਦੇ ਹਨ ਕਿ ਪਿਛਲੇ ਸਮਿਆਂ ਵਿਚ ਕਿਸੇ ਵੀ ਪਰਿਵਾਰ ਦੇ ਦੁੱਖ-ਸੁਖ ਸਮੇਂ ਸਾਰਾ ਭਾਈਚਾਰਾ ਸਹਾਇਤਾ ਕਰਦਾ ਸੀ। ਘਰ ਵਿਚ ਵਿਆਹ ਸਮੇਂ ਵੀ ਭਾਈਚਾਰਾ ਭਾਗੀਦਾਰੀ ਕਰਦਾ ਸੀ। ਉਦੋਂ ਬਰਾਤ ਰਾਤ ਜ਼ਰੂਰ ਰਹਿੰਦੀ ਸੀ, ਕਿਉਂਕਿ ਬਰਾਤਾਂ ਪੈਦਲ ਹੀ ਜਾਂਦੀਆਂ ਸਨ। ਬਰਾਤ ਦੀ ਇਕ ਰੋਟੀ ਨਾਨਕਿਆਂ ਵਲੋਂ ਤੇ ਇਕ ਤਾਏ ਜਾਂ ਚਾਚੇ ਨੇ ਕਰ ਦੇਣੀ। ਦਹੇਜ ਵੀ ਸਾਰੇ ਰਿਸ਼ਤੇਦਾਰਾਂ ਵਲੋਂ ਰਲ ਕੇ ਬਣਾ ਲੈਣਾ। ਬਰਾਤ ਦੇ ਰਹਿਣ ਦਾ ਪ੍ਰਬੰਧ ਭਾਈਚਾਰੇ ਨੇ ਕਰ ਦੇਣਾ। ਚਾਨਣੀਆਂ, ਬਰਤਨ, ਕੋਰੇ ਆਦਿ ਗੁਰਦੁਆਰਾ ਸਾਹਿਬ ਤੋਂ ਮਿਲ ਜਾਣੇ। ਦੁੱਧ, ਸਬਜ਼ੀਆਂ ਤੇ ਹੋਰ ਲੋੜਾਂ ਵੀ ਸਾਰਿਆਂ ਰਲ-ਮਿਲ ਕੇ ਪੂਰੀਆਂ ਕਰ ਲੈਣੀਆਂ। ਮੁੰਡਿਆਂ ਨੇ ਆਪ ਹੀ ਰੋਟੀ ਬਣਾਉਣੀ ਤੇ ਆਪ ਹੀ ਪੂਰੇ ਸਤਿਕਾਰ ਨਾਲ ਬਰਾਤੀਆਂ ਨੂੰ ਵਰਤਾਉਣੀ। ਮਾਇਕ ਸਹਾਇਤਾ ਵੀ ਹੁੰਦੀ ਸੀ। ਭਾਈਚਾਰੇ ਨੇ ਨਿਉਂਦਾ ਪਾਣਾ। ਕਿਸ ਨੇ ਕਿੰਨੇ ਪੈਸੇ ਦਿੱਤੇ, ਇਹ ਵਹੀ 'ਤੇ ਲਿਖਿਆ ਜਾਂਦਾ ਸੀ। ਉਸੇ ਹਿਸਾਬ ਮੋੜਵਾਂ ਨਿਉਂਦਾ ਪਾਇਆ ਜਾਂਦਾ ਸੀ। ਇੰਜ ਖਰਚ ਲਈ ਰਕਮ ਇਕੱਠੀ ਹੋ ਜਾਂਦੀ ਸੀ। ਹੁਣ ਸਾਰਾ ਕੁਝ ਠੇਕੇਦਾਰ ਕਰਦੇ ਹਨ। ਭਾਈਚਾਰਾ ਵੀ ਦਿਨ ਦੇ ਦਿਨ ਹੀ ਹਾਜ਼ਰ ਹੁੰਦਾ ਹੈ। ਖ਼ਰਚਾ ਵਧ ਗਿਆ ਹੈ। ਖੁਸ਼ੀ ਗਾਇਬ ਹੋ ਗਈ ਹੈ। ਉਦੋਂ ਸ਼ਰੀਕੇ ਵਿਚ ਜਾਂ ਰਿਸ਼ਤੇਦਾਰੀ ਵਿਚ ਵਿਆਹ ਦਾ ਚਾਅ ਚੜ੍ਹ ਜਾਂਦਾ ਸੀ। ਸਾਦਗੀ ਸੀ, ਆਪੋ ਵਿਚ ਪਿਆਰ ਸੀ ਤੇ ਸਾਰੇ ਰਲ ਕੇ ਆਨੰਦ ਮਾਣਦੇ ਸਨ। ਹੁਣ ਵਿਖਾਵਾ ਭਾਰੂ ਹੋ ਰਿਹਾ ਹੈ। ਭਾਈਚਾਰੇ ਦਾ ਸਾਥ ਲੈਣ ਦੀ ਥਾਂ ਉਨ੍ਹਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਸ ਰੁਝਾਨ ਨੂੰ ਰੋਕਣ ਵਿਚ ਵੀ ਧਾਰਮਿਕ ਆਗੂ ਵਧੀਆ ਯੋਗਦਾਨ ਪਾ ਸਕਦੇ ਹਨ।
ਇਸ ਪਾਸੇ ਸਤਿਕਾਰਯੋਗ ਸੰਤ ਸਮਾਜ ਤੇ ਦੂਜੇ ਮਹਾਂਪੁਰਖਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਹੈ। ਇਨਸਾਨ ਖੁਦਕੁਸ਼ੀ ਉਦੋਂ ਹੀ ਕਰਦਾ ਹੈ, ਜਦੋਂ ਉਹ ਢਹਿੰਦੀ ਕਲਾ ਵਿਚ ਚਲਾ ਜਾਂਦਾ ਹੈ। ਸੰਗਤਾਂ ਵਿਚ ਸਾਦਗੀ ਅਤੇ ਚੜ੍ਹਦੀ ਕਲਾ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਹੁਣ ਵਿਆਹ-ਸ਼ਾਦੀਆਂ ਤਾਂ ਦੂਰ, ਬਜ਼ੁਰਗਾਂ ਦੇ ਭੋਗ ਸਮੇਂ ਵੀ ਖੁੱਲ੍ਹਾ ਖਰਚ ਕੀਤਾ ਜਾਣ ਲੱਗ ਪਿਆ ਹੈ। ਮਹਾਂਪੁਰਖਾਂ ਦੇ ਬਚਨ ਸੰਗਤਾਂ ਜ਼ਰੂਰ ਮੰਨਣਗੀਆਂ। ਕਰਜ਼ੇ ਦੇ ਪੀੜਤ ਕਿਸਾਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਔਕੜ ਮਹਾਂਪੁਰਸ਼ਾਂ ਨਾਲ ਸਾਂਝੀ ਕਰ ਸਕਣ। ਜਿਥੋਂ ਤੱਕ ਹੋ ਸਕੇ, ਮੁਸੀਬਤ ਵਿਚ ਫਸੇ ਪਰਿਵਾਰ ਦੀ ਮਾਇਕ ਸਹਾਇਤਾ ਕੀਤੀ ਜਾਵੇ। ਇਹ ਪੈਸਾ ਦਾਨ ਵਿਚ ਨਹੀਂ, ਸਗੋਂ ਬਿਨ ਵਿਆਜ ਕਰਜ਼ੇ ਦੇ ਰੂਪ ਵਿਚ ਦਿੱਤਾ ਜਾਵੇ। ਉਸ ਨੂੰ ਹਦਾਇਤ ਕੀਤੀ ਜਾਵੇ ਕਿ ਜਦੋਂ ਹੋ ਸਕੇ, ਇਹ ਪੈਸਾ ਵਾਪਸ ਕਰਨ ਦਾ ਯਤਨ ਕਰੇ।
ਅਸਲ ਵਿਚ ਭਾਈਚਾਰੇ ਦੀ ਲੋੜ ਹੀ ਇਸ ਕਰਕੇ ਪਈ ਸੀ ਕਿ ਲੋੜ ਸਮੇਂ ਇਕ-ਦੂਜੇ ਦੀ ਸਹਾਇਤਾ ਕੀਤੀ ਜਾਵੇ। ਘੱਟੋ-ਘੱਟ ਸਿੱਖ ਧਰਮ ਦੇ ਆਗੂਆਂ ਨੂੰ ਇਸ ਪਾਸੇ ਪਹਿਲ ਕਰਨੀ ਚਾਹੀਦੀ ਹੈ। ਇਹ ਯਤਨ ਕੀਤਾ ਜਾਵੇ ਕਿ ਕੋਈ ਗੁਰੂ ਦਾ ਸਿੱਖ ਗਰੀਬੀ ਕਾਰਨ ਖੁਦਕੁਸ਼ੀ ਕਰਨ ਲਈ ਮਜਬੂਰ ਨਾ ਹੋਵੇ। ਸਾਰੇ ਸੰਸਾਰ ਨੂੰ ਚੜ੍ਹਦੀ ਕਲਾ ਤੇ ਵੰਡ ਛਕਣ ਦਾ ਉਪਦੇਸ਼ ਦੇਣ ਵਾਲੇ ਧਰਮ ਵਿਚ ਕਿਸੇ ਨੂੰ ਮਜਬੂਰ ਹੋ ਕੇ ਖੁਦਕੁਸ਼ੀ ਨਾ ਕਰਨੀ ਪਵੇ। ਗੁਰੂ ਦੇ ਸਿੱਖਾਂ ਨੇ ਗੁਰੂ ਕੇ ਲੰਗਰ ਦੀ ਪ੍ਰੰਪਰਾ ਨੂੰ ਕਾਇਮ ਰੱਖਿਆ ਹੈ। ਸਾਰੇ ਸੰਸਾਰ ਵਿਚ ਰੋਜ਼ਾਨਾ ਲੱਖਾਂ ਲੋਕ ਗੁਰੂ-ਘਰਾਂ ਵਿਚ ਲੰਗਰ ਛਕਦੇ ਹਨ ਪਰ ਕਦੇ ਤੋੜ ਨਹੀਂ ਆਈ। ਇਸੇ ਤਰ੍ਹਾਂ ਗਰੀਬ ਦੀ ਬਾਂਹ ਫੜਨ ਦਾ ਲੰਗਰ ਸ਼ੁਰੂ ਕੀਤਾ ਜਾਵੇ। ਗੁਰੂ ਦੀ ਮਿਹਰ ਸਦਕਾ ਇਸ ਵਿਚ ਵੀ ਕਦੇ ਤੋਟ ਨਹੀਂ ਆਵੇਗੀ ਅਤੇ ਕਿਸੇ ਇਨਸਾਨ ਨੂੰ ਗਰੀਬੀ ਕਾਰਨ ਖੁਦਕੁਸ਼ੀ ਕਰਨ ਦੀ ਨੌਬਤ ਨਹੀਂ ਆਵੇਗੀ। ਇਹੋ ਸਭ ਤੋਂ ਵੱਡੀ ਸੇਵਾ ਹੈ। ਗੁਰੂ-ਘਰਾਂ ਨੂੰ ਆਲੀਸ਼ਾਨ ਜ਼ਰੂਰ ਬਣਾਇਆ ਜਾਵੇ ਪਰ ਮੁਸੀਬਤ ਵਿਚ ਫਸੇ ਗੁਰੂ ਦੇ ਸਿੱਖਾਂ ਦੀ ਬਾਂਹ ਵੀ ਜ਼ਰੂਰ ਫੜੀ ਜਾਵੇ।


ਖ਼ਬਰ ਸ਼ੇਅਰ ਕਰੋ

ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ

ਭਾਈ ਧੰਨਾ ਸਿੰਘ

ਸਿੱਖ ਕੌਮ ਨੇ ਆਪਣਾ ਜਿੰਨਾ ਇਤਿਹਾਸ ਪੁਸਤਕਾਂ ਵਿਚ ਅਤੇ ਧਰਤੀ ਦੇ ਸਫ਼ੇ 'ਤੇ ਇਤਿਹਾਸਕ ਗੁਰਦੁਆਰਿਆਂ ਦੇ ਰੂਪ ਵਿਚ ਲਿਖਿਆ ਹੈ, ਸ਼ਾਇਦ ਹੀ ਕਿਸੇ ਹੋਰ ਕੌਮ ਨੇ ਆਪਣਾ ਇੰਨਾ ਇਤਿਹਾਸ ਲਿਖਿਆ ਹੋਵੇ। ਇਸ ਦੇ ਬਾਵਜੂਦ ਅਜੇ ਵੀ ਕਈ ਇਤਿਹਾਸਕ ਤੱਥ ਅਜਿਹੇ ਹਨ ਜੋ ਧਰਤੀ ਦੇ ਸਫ਼ੇ ਉੱਤੇ ਜਾਂ ਲੋਕਾਂ ਦੀ ਯਾਦ ਵਿਚ ਤਾਂ ਮੌਜੂਦ ਹਨ, ਪਰ ਲਿਖਤ ਵਿਚ ਅਜੇ ਤੱਕ ਨਹੀਂ ਆਏ। ਇਸ ਦੀ ਇਕ ਮਿਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਭਾਈ ਧੰਨਾ ਸਿੰਘ ਹੈ, ਜਿਸ ਦੀ ਕਾਵਿ-ਕਲਾ ਦਾ ਨਮੂਨਾ ਤਾਂ ਸਾਡੇ ਪਾਸ ਹੈ ਪਰ ਉਸ ਦੇ ਪਿੰਡ ਤੇ ਪਰਿਵਾਰ ਦੇ ਵੇਰਵੇ ਇਤਿਹਾਸ ਵਿਚ ਅਜੇ ਤੱਕ ਦਰਜ ਨਹੀਂ ਹੋਏ।
ਭਾਈ ਧੰਨਾ ਸਿੰਘ ਦਸਮ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਕਰਨ ਤੋਂ ਇਲਾਵਾ ਉਨ੍ਹਾਂ ਲਈ ਘਾਹ-ਪੱਠੇ ਦਾ ਪ੍ਰਬੰਧ ਵੀ ਕਰਦਾ ਸੀ। ਨਾਲ ਹੀ ਉਹ ਇਕ ਪਰਬੀਨ ਕਵੀ ਸੀ। ਇਕ ਦਿਨ ਚੰਦਨ ਨਾਂਅ ਦਾ ਇਕ ਕਵੀ ਗੁਰੂ ਦਰਬਾਰ ਵਿਚ ਆਇਆ। ਉਸ ਨੂੰ ਆਪਣੀ ਕਾਵਿ-ਕਲਾ ਉੱਤੇ ਬਹੁਤ ਮਾਣ ਸੀ। ਉਸ ਨੇ ਗੁਰੂ ਜੀ ਨੂੰ ਆਪਣਾ ਇਕ ਸਵਈਆ ਪੜ੍ਹ ਕੇ ਸੁਣਾਇਆ ਅਤੇ ਬੜੇ ਗੁਮਾਨ ਨਾਲ ਕਹਿਣ ਲੱਗਾ 'ਮਹਾਰਾਜ ਜੀ, ਕੀ ਆਪ ਦੇ ਦਰਬਾਰ ਦਾ ਕੋਈ ਕਵੀ ਇਸ ਦੇ ਅਰਥ ਕਰ ਸਕਦਾ ਹੈ?' ਸਵਈਆ ਇਸ ਤਰ੍ਹਾਂ ਸੀ-
ਨਵਸਾਤ ਤਿਯੇ ਨਵਸਾਤ ਕਿਯੇ,
ਨਵਸਾਤ ਪਿਯੇ ਨਵਸਾਤ ਪਿਯਾਏ।
ਨਵਸਾਤ ਰਚੇ ਨਵਸਾਤ ਬਦੇ,
ਨਵਸਾਤ ਪਿਯਾ ਪਹਿ ਦਾਯਕ ਪਾਏ।
ਜੀਤ ਕਲਾ ਨਵਸਾਤਨ ਕੀ,
ਨਵਸਾਤਨ ਕੇ ਮੁਖ ਅੰਚਰ ਛਾਏ।
ਮਾਨਹੁ ਮੇਘ ਕੇ ਮੰਡਲ ਮੈਂ ਕਵਿ
'ਚੰਦਨ' ਚੰਦ ਕਲੇਵਰ ਛਾਏ।
ਗੁਰੂ ਜੀ ਨੇ ਕਵੀ ਦੀ ਕਾਵਿ-ਕਲਾ ਦੀ ਤਾਰੀਫ਼ ਕੀਤੀ ਅਤੇ ਮੁਸਕਰਾ ਕੇ ਕਿਹਾ ਕਿ ਇਸ ਸਵਈਏ ਦੇ ਅਰਥ ਤਾਂ ਸਾਡਾ ਇਕ ਘਾਹੀ ਸੇਵਾਦਾਰ ਵੀ ਕਰ ਸਕਦਾ ਹੈ। ਗੁਰੂ ਜੀ ਨੇ ਅਸਤਬਲ ਵਿਚ ਸੇਵਾ ਕਰ ਰਹੇ ਭਾਈ ਧੰਨਾ ਸਿੰਘ ਨੂੰ ਬੁਲਾ ਕੇ ਫ਼ਰਮਾਇਆ-'ਭਾਈ ਜੀ, ਕਵੀ ਜੀ ਦੇ ਸਵਈਏ ਦਾ ਅਰਥ ਸਮਝਾ ਦਿਓ।'
ਭਾਈ ਧੰਨਾ ਸਿੰਘ ਨੇ ਸਵਈਆ ਸੁਣ ਕੇ ਆਖਿਆ-ਇਸ ਸਵਈਏ ਦੀ ਸਾਰੀ ਮੁਹਾਰਨੀ ਨੌਂ ਤੇ ਸੱਤ-ਸੋਲਾਂ ਦੇ ਇਰਦ-ਗਿਰਦ ਘੁੰਮਦੀ ਹੈ। ਸੋਲਾਂ ਸਾਲ ਦੀ ਮੁਟਿਆਰ ਨੇ ਸੋਲਾਂ ਸ਼ਿੰਗਾਰ ਕੀਤੇ। ਸੋਲਾਂ ਮਹੀਨਿਆਂ ਬਾਅਦ ਉਸ ਦਾ ਪਤੀ ਘਰ ਆਇਆ ਸੀ। ਦੋਵਾਂ ਨੇ ਸੋਲਾਂ ਘਰਾਂ ਵਾਲੇ ਚੌਪੜ ਦੀ ਬਾਜ਼ੀ ਖੇਡੀ। ਸੋਲਾਂ ਦਾਉ ਲਾਏ। ਸੋਲ੍ਹਵੀਂ ਵਾਰ ਪਤੀ ਜਿੱਤ ਗਿਆ। ਸੋਲਾਂ ਕਲਾਂ ਵਾਲੇ ਚੰਦ ਵਰਗੇ ਚਿਹਰੇ ਵਾਲੀ ਸੁੰਦਰੀ ਨੇ ਘੁੰਡ ਨਾਲ ਮੂੰਹ ਢਕ ਲਿਆ। ਇੰਜ ਲਗਦਾ ਸੀ ਜਿਵੇਂ ਚੰਦ ਵਿਚਾਰਾ ਬੱਦਲਾਂ ਦੇ ਘੇਰੇ ਵਿਚ ਆ ਗਿਆ ਹੈ।
ਚੰਦਨ ਕਵੀ ਦਾ ਸਾਰਾ ਗੁਮਾਨ ਹਰਨ ਹੋ ਗਿਆ। ਸੋਚ ਰਿਹਾ ਸੀ ਕਿ ਗੁਰੂ ਜੀ ਦੇ ਸਾਧਾਰਨ ਸੇਵਾਦਾਰ ਵੀ ਇੰਨੇ ਗੁਣੀ ਹਨ। ਹੁਣ ਧੰਨਾ ਸਿੰਘ ਦੀ ਵਾਰੀ ਸੀ। ਉਸ ਨੇ ਮਹਾਂ ਕਵੀ ਨੂੰ ਕਿਹਾ-ਪੰਡਤ ਜੀ, ਹੁਣ ਮੇਰੇ ਇਕ ਸਵਈਏ ਦੇ ਅਰਥ ਵੀ ਕਰ ਦਿਓ-
ਮੀਨ ਮਰੇ ਜਲ ਕੇ ਪਰਸੇ
ਕਬਹੂੰ ਨ ਮਰੇ ਪਰ ਪਾਵਕ ਪਾਏ।
ਹਾਥਿ ਮਰੇ ਮਦ ਕੇ ਪਰਸੇ
ਕਬਹੂੰ ਨ ਮਰੇ ਤਨ ਤਾਪ ਕੇ ਆਏ।
ਤੀਯ ਮਰੇ ਪਤਿ ਕੇ ਪਰਸੇ
ਕਬਹੂੰ ਨ ਮਰੇ ਪਰਦੇਸ ਸਿਧਾਏ।
ਗੂਢ ਮੈਂ ਬਾਤ ਕਹੀ ਦਿਜਰਾਜ
ਬਿਚਾਰ ਸਕੈ ਨ ਬਿਨਾ ਚਿਤ ਲਾਏ।
ਕਵੀ ਚੰਦਨ ਸੋਚਾਂ ਵਿਚ ਪੈ ਗਿਆ। ਸਮਝ ਨਹੀਂ ਆਉਂਦੀ ਕਿ ਮੱਛੀ ਪਾਣੀ ਦੀ ਛੋਹ ਨਾਲ ਕਿਵੇਂ ਮਰ ਜਾਂਦੀ ਹੈ ਅਤੇ ਅੱਗ ਵਿਚ ਪਾਓ ਤਾਂ ਨਹੀਂ ਮਰਦੀ। ਹਾਥੀ ਸ਼ਰਾਬ ਪੀ ਕੇ ਮਰ ਜਾਂਦਾ ਹੈ ਅਤੇ ਬੁਖਾਰ ਨਾਲ ਨਹੀਂ ਮਰਦਾ।... ਕਿੰਨਾ ਚਿਰ ਸੋਚਣ ਪਿੱਛੋਂ ਚੰਦਨ ਬੋਲਿਆ-ਧੰਨਾ ਸਿੰਘ ਜੀ, ਆਪਣੇ ਸਵਈਏ ਦੇ ਅਰਥ ਤੁਸੀਂ ਹੀ ਸਮਝਾਓ, ਮੈਨੂੰ ਤਾਂ ਕੁਝ ਸਮਝ ਨਹੀਂ ਆਈ।
ਧੰਨਾ ਸਿੰਘ ਨੇ ਦੇਖਿਆ ਕਿ ਮਹਾਂ ਕਵੀ ਦੀ ਹਉਮੈ ਹੁਣ ਬਰਫ਼ ਵਾਂਗ ਪਿਘਲ ਗਈ ਹੈ। ਕਹਿਣ ਲੱਗਾ, 'ਦਿਜਰਾਜ ਜੀ, ਅਰਥ ਤਾਂ ਸੌਖੇ ਹੀ ਹਨ। 'ਕਬਹੂੰ ਨ' ਨੂੰ ਤੁਕ ਦੇ ਦੂਜੇ ਅੱਧ ਨਾਲ ਜੋੜਨ ਦੀ ਬਜਾਏ ਪਹਿਲੇ ਅੱਧ ਨਾਲ ਜੋੜ ਕੇ ਪੜ੍ਹੋ ਤਾਂ ਅਰਥ ਇਕਦਮ ਸਪੱਸ਼ਟ ਹੋ ਜਾਂਦਾ ਹੈ-
ਮੀਨ ਮਰੇ ਜਲ ਕੇ ਪਰਸੇ ਕਬਹੂੰ ਨ,
ਮਰੇ ਪਰ ਪਾਵਕ ਪਾਏ।
ਚੰਦਨ ਕਵੀ ਬਹੁਤ ਸ਼ਰਮਿੰਦਾ ਹੋਇਆ ਤੇ ਭਾਈ ਧੰਨਾ ਸਿੰਘ ਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ।
ਐਸੇ ਐਸੇ ਗੁਣੀ ਸਿੱਖ ਸਨ ਦਸਮ ਪਾਤਸ਼ਾਹ ਦੇ ਦਰਬਾਰ ਵਿਚ, ਜਿਹੜੇ ਅਨਿਨ ਸੇਵਾਦਾਰ ਵੀ ਸਨ, ਕਵੀ ਵੀ ਸਨ, ਅਤੇ ਸਮਾਂ ਆਉਣ 'ਤੇ ਰਣ ਦੇ ਯੋਧੇ ਬਣ ਕੇ ਵੀ ਨਿੱਤਰਦੇ ਸਨ।
ਭਾਈ ਧੰਨਾ ਸਿੰਘ ਦੀ ਕਾਵਿ ਕਲਾ ਦਾ ਪ੍ਰਸੰਗ ਪ੍ਰੋ: ਪਿਆਰਾ ਸਿੰਘ ਪਦਮ ਦੀ ਪੁਸਤਕ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ' ਤੋਂ ਇਲਾਵਾ ਸੂਰਜ ਪ੍ਰਕਾਸ਼ (ਭਾਈ ਸੰਤੋਖ ਸਿੰਘ) ਮਹਾਨ ਕੋਸ਼ (ਭਾਈ ਕਾਨ੍ਹ ਸਿੰਘ ਨਾਭਾ) ਦਸਮੇਸ਼ ਪ੍ਰਕਾਸ਼ (ਗਿ: ਕਰਤਾਰ ਸਿੰਘ ਕਲਾਸਵਾਲੀਆ) ਆਦਿ ਗ੍ਰੰਥਾਂ ਵਿਚ ਵੀ ਮਿਲ ਜਾਂਦਾ ਹੈ।
ਸਾਡਾ ਇਤਿਹਾਸ ਭਾਈ ਧੰਨਾ ਸਿੰਘ ਦੇ ਗੁਣਾਂ ਤੋਂ ਤਾਂ ਜਾਣੂ ਹੈ ਪਰ ਉਸ ਦੇ ਗਰਾਂ ਤੇ ਪਰਿਵਾਰ ਦਾ ਜ਼ਿਕਰ ਕਿਤੇ ਨਹੀਂ ਆਉਂਦਾ।
ਇਕ ਦਿਨ ਅਚਾਨਕ, ਮੱਸੇ ਰੰਘੜ ਦਾ ਸਿਰ ਵੱਢਣ ਵਾਲੇ ਭਾਈ ਸੁੱਖਾ ਸਿੰਘ ਦੇ ਪਿੰਡ ਮਾੜੀ ਕੰਬੋਕੇ ਤੋਂ ਬਾਬਾ ਮੌਜੀ ਦਾਸ ਹੁਰਾਂ ਦਾ ਫ਼ੋਨ ਆਇਆ। ਕਹਿੰਦੇ-'ਸਾਥੀ ਜੀ, ਕਦੀ ਸਾਡੇ ਇਲਾਕੇ ਵਿਚ ਆਓ ਤਾਂ ਤੁਹਾਨੂੰ ਭਾਈ ਧੰਨਾ ਸਿੰਘ ਦਾ ਪਿੰਡ ਵਿਖਾਈਏ।' ਬਾਬਾ ਮੌਜੀ ਦਾਸ ਹੁਰੀਂ ਮਾੜੀ ਕੰਬੋਕੇ ਵਿਚ ਇਕ ਉਦਾਸੀ ਡੇਰੇ, ਡੇਰਾ ਬਾਬਾ ਨਰਾਇਣ ਦਾਸ ਜੀ ਦੇ ਮੁਖੀ ਹਨ। ਉਨ੍ਹਾਂ ਦੀ ਵਿਸ਼ੇਸ਼ ਸਿਫ਼ਤ ਇਹ ਹੈ ਕਿ ਉਹ ਪੂਰਨ ਪੁਸਤਕ-ਪ੍ਰੇਮੀ ਅਤੇ ਕਲਮਕਾਰਾਂ ਦੇ ਕਦਰਦਾਨ ਹਨ। ਆਪਣੇ ਆਸ਼ਰਮ ਵਿਚ ਉਨ੍ਹਾਂ ਨੇ ਚੰਗੀ ਖਾਸੀ ਲਾਇਬ੍ਰੇਰੀ ਬਣਾਈ ਹੋਈ ਹੈ। ਬਾਬਾ ਜੀ ਨੂੰ ਢਾਡੀ ਸਿੰਘਾਂ ਨਾਲ ਬਹੁਤ ਪਿਆਰ ਹੈ। ਉਨ੍ਹਾਂ ਦੀ ਗੱਡੀ ਵਿਚ ਢਾਡੀ ਪ੍ਰਸੰਗ ਗੂੰਜਦੇ ਰਹਿੰਦੇ ਹਨ। ਬਾਬਾ ਜੀ ਦਾ ਸੱਦਾ ਮਿਲਣ 'ਤੇ ਅਸੀਂ ਛੇਤੀ ਹੀ ਮਾੜੀ ਕੰਬੋਕੇ ਜਾਣ ਦਾ ਪ੍ਰੋਗਰਾਮ ਬਣਾ ਲਿਆ।
5 ਅਗਸਤ, 2017 ਨੂੰ ਮੈਂ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਾਬਕ ਡਾਇਰੈਕਟਰ ਸ: ਚੇਤਨ ਸਿੰਘ ਤਰਨ ਤਾਰਨ ਸਾਹਿਬ ਦੇ ਇਕ ਵੱਡੇ ਗੇਟ ਦੇ ਸਾਹਮਣੇ ਪਹੁੰਚ ਗਏ, ਜਿੱਥੇ ਬਾਬਾ ਮੌਜੀ ਦਾਸ ਹੁਰੀਂ ਆਪਣੇ 3-4 ਸੇਵਾਦਾਰਾਂ ਨਾਲ ਸਾਡੀ ਉਡੀਕ ਕਰ ਰਹੇ ਸਨ। ਬਾਬਾ ਜੀ ਨੂੰ ਨਮਸਕਾਰ ਕਰ ਕੇ ਪੁੱਛਿਆ, 'ਬਾਬਾ ਜੀ, ਹੁਣ ਦੱਸੋ, ਕੀ ਪ੍ਰੋਗਰਾਮ ਹੈ?' ਬਾਬਾ ਜੀ ਕਹਿੰਦੇ 'ਪਹਿਲਾਂ ਅਸੀਂ ਸਰਹਾਲੀ ਕਲਾਂ ਵਿਚ ਦਸਮ ਪਾਤਸ਼ਾਹ ਜੀ ਦੇ ਇਕ ਹੁਕਮਨਾਮੇ ਦੇ ਦਰਸ਼ਨ ਕਰਾਂਗੇ ਅਤੇ ਫਿਰ ਅੱਗੇ ਭਾਈ ਧੰਨਾ ਸਿੰਘ ਦੇ ਪਿੰਡ ਨੁਸ਼ਹਿਰਾ ਪੰਨੂਆਂ ਜਾਵਾਂਗੇ।' ਬਾਬਾ ਜੀ ਦੀ ਇਨੋਵਾ ਗੱਡੀ ਅੱਗੇ-ਅੱਗੇ ਅਤੇ ਹੌਂਡਾ ਅਮੇਜ਼ਾ ਵਿਚ ਅਸੀਂ ਪਿੱਛੇ-ਪਿੱਛੇ। ਤਰਨ ਤਾਰਨ ਸਾਹਿਬ ਤੋਂ 22 ਕਿਲੋਮੀਟਰ ਦੂਰ ਅਸੀਂ ਸਰਹਾਲੀ ਕਲਾਂ ਪਹੁੰਚ ਗਏ। ਸਰਹਾਲੀ ਵਿਚ ਧੂੰਦੇ ਦੀ ਪੱਤੀ ਵਿਚ ਪੰਡਤ ਰਾਜ ਕੁਮਾਰ ਦੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਦੇ ਦਰਸ਼ਨ ਕੀਤੇ। ਇਹ ਹੁਕਮਨਾਮਾ ਗੁਰੂ ਜੀ ਨੇ 5 ਅਕਤੂਬਰ, 1699 ਈ: ਨੂੰ ਪਿੰਡ ਸਾਰੰਗ ਦੇਉ ਦੀ ਸੰਗਤ ਦੇ ਨਾਂਅ ਲਿਖਿਆ ਹੋਇਆ ਹੈ। ਹੁਕਮਨਾਮੇ ਵਿਚ ਸਿਧੂ ਬ੍ਰਾਹਮਣ ਦਾ ਨਾਂਅ ਆਉਂਦਾ ਹੈ। ਸਿਧੂ ਬ੍ਰਾਹਮਣ ਸ੍ਰੀ ਰਾਜ ਕੁਮਾਰ ਦਾ ਬਜ਼ੁਰਗ ਸੀ, ਜੋ ਅਜਨਾਲੇ ਤੋਂ ਕੁਝ ਦੂਰ ਸਾਰੰਗ ਦੇਉ ਪਿੰਡ ਵਿਚ ਰਹਿੰਦਾ ਸੀ। ਹੁਣ ਇਹ ਪਰਿਵਾਰ ਤਕਰੀਬਨ 100 ਸਾਲ ਤੋਂ ਸਰਹਾਲੀ ਕਲਾਂ ਵਿਚ ਰਹਿੰਦਾ ਹੈ। ਸ੍ਰੀ ਰਾਜ ਕੁਮਾਰ ਨੇ ਇਹ ਹੁਕਮਨਾਮਾ ਸ਼ੀਸ਼ੇ ਦੇ ਫਰੇਮ ਵਿਚ ਜੜਾ ਕੇ ਇਕ ਛੋਟੇ ਜਿਹੇ ਸਾਫ਼-ਸੁਥਰੇ ਕਮਰੇ ਵਿਚ ਰੁਮਾਲ ਨਾਲ ਢਕ ਕੇ ਰੱਖਿਆ ਹੋਇਆ ਹੈ। ਇਸ ਹੁਕਮਨਾਮੇ ਦੀ ਇਬਾਰਤ ਦਾ ਉਤਾਰਾ ਡਾ: ਗੰਡਾ ਸਿੰਘ ਵਲੋਂ ਸੰਪਾਦਿਤ ਪੁਸਤਕ 'ਹੁਕਮਨਾਮੇ' ਦੇ ਪੰਨਾ-159 ਉੱਤੇ ਅੰਕਿਤ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਮੋਬਾ : 98155-40968

ਸ੍ਰੀ ਦਸਮੇਸ਼ ਜੀ ਦਾ ਪਿਆਰਾ ਹਾਥੀ-ਪ੍ਰਸਾਦੀ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਅਨੇਕਾਂ ਹੈਵਰ ਗੈਵਰ ਭਾਵ ਸ੍ਰੇਸ਼ਟ ਘੋੜੇ ਅਤੇ ਹਾਥੀ ਝੂਲਦੇ ਰਹਿੰਦੇ ਸਨ। ਦੂਰ-ਦੁਰਾਡਿਓਂ ਸੰਗਤਾਂ ਚਾਅ ਅਤੇ ਰੀਝਾਂ ਨਾਲ ਸ਼ਸਤਰ, ਬਸਤਰ, ਘੋੜੇ, ਹਾਥੀ ਲਿਆ ਕੇ ਸਤਿਗੁਰਾਂ ਦੀ ਭੇਟ ਕਰਦੀਆਂ ਅਤੇ ਅਸੀਸਾਂ ਪ੍ਰਾਪਤ ਕਰਦੀਆਂ ਸਨ। ਅਸਾਮ ਹਾਥੀਆਂ ਦਾ ਦੇਸ਼ ਹੈ। ਇਥੋਂ ਦੇ ਰਾਜੇ ਰਾਮ ਰਾਏ ਨੇ ਨੌਵੇਂ ਪਾਤਸ਼ਾਹ ਜੀ ਨੂੰ ਪੁੱਤਰ ਪ੍ਰਾਪਤੀ ਲਈ ਬੇਨਤੀ ਕੀਤੀ ਸੀ। ਮਹਾਰਾਜ ਜੀ ਨੇ ਰਾਜੇ ਦੇ ਮੱਥੇ 'ਤੇ ਆਪਣੀ ਅੰਗੂਠੀ ਦਾ ਨਿਸ਼ਾਨ ਲਾ ਕੇ ਪੁੱਤਰ ਪ੍ਰਾਪਤੀ ਦਾ ਵਰ ਦਿੱਤਾ ਸੀ। ਇਲਾਹੀ ਬਖਸ਼ਿਸ਼ ਨਾਲ ਪੈਦਾ ਹੋਏ ਰਾਜਕੁਮਾਰ ਦੇ ਸਿਰ 'ਤੇ ਨਾ ਸਿਰਫ਼ ਨੌਵੇਂ ਪਾਤਸ਼ਾਹ ਜੀ ਦੀ ਅੰਗੂਠੀ ਦਾ, ਸਗੋਂ ਉਸ ਮੋਹਰ ਵਿਚ ਗੁਰਮੁਖੀ ਅੱਖਰਾਂ ਵਿਚ ਉੱਕਰੇ ੴ ਦਾ ਵੀ ਨਿਸ਼ਾਨ ਸੀ। ਪਿਤਾ ਦੇ ਚਲਾਣੇ ਮਗਰੋਂ ਛੋਟੀ ਉਮਰ ਵਿਚ ਹੀ ਰਾਜਕੁਮਾਰ ਰਤਨ ਰਾਇ ਰਾਜਾ ਬਣ ਗਿਆ। ਨੌਵੇਂ ਪਾਤਸ਼ਾਹ ਜੀ ਦੇ ਆਦੇਸ਼ ਅਨੁਸਾਰ ਇਸ ਨੇ ਕੇਸ ਰੱਖੇ ਹੋਏ ਸਨ। ਇਕ ਦਿਨ ਕੰਘਾ ਕਰਨ ਲੱਗਿਆਂ ਇਸ ਨਿਸ਼ਾਨ ਬਾਬਤ ਆਪਣੀ ਮਾਤਾ ਨੂੰ ਪੁੱਛਿਆ ਤਾਂ ਰਾਣੀ ਨੇ ਵੈਰਾਗ ਵਿਚ ਦੱਸਿਆ ਕਿ ਅਸੀਂ ਸੰਤਾਨਹੀਣ ਸਾਂ ਅਤੇ ਸਾਰੇ ਦਰਾਂ ਦੀ ਖਾਕ ਛਾਣੀ ਸੀ, ਉਮਰ ਵੀ ਵੱਡੀ ਹੋ ਗਈ ਸੀ ਪਰ ਸੰਤਾਨ ਦਾ ਸੁਖ ਨਾ ਮਿਲਿਆ। ਫਿਰ ਨੌਵੇਂ ਗੁਰੂ ਨਾਨਕ ਸਾਹਿਬ ਜੀ ਇਸ ਧਰਤੀ 'ਤੇ ਆਏ ਤਾਂ ਅਸੀਂ ਉਨ੍ਹਾਂ ਦੇ ਚਰਨ ਘਰ ਪੁਆਏ ਅਤੇ ਬੇਨਤੀ ਕੀਤੀ। ਆਪ ਜੀ ਨੇ ਤੇਰੇ ਪਿਤਾ ਦੇ ਮੱਥੇ 'ਤੇ ਆਪਣੀ ਛਾਪ ਲਾ ਕੇ ਬਚਨ ਕੀਤੇ ਸਨ ਕਿ ਤੁਹਾਡੇ ਪੁੱਤਰ ਦੇ ਸੀਸ 'ਤੇ ਸਾਡੀ ਇਸ ਛਾਪ ਦਾ ਨਿਸ਼ਾਨ ਹੋਵੇਗਾ ਤਾਂ ਕਿ ਤੁਹਾਨੂੰ ਭਰੋਸਾ ਰਹੇ ਕਿ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੋਂ ਆਇਆ ਹੈ। ਇਹ ਸੁਣ ਕੇ ਰਾਜਾ ਰਤਨ ਰਾਇ ਦਾ ਹਿਰਦਾ ਪਿਆਰ-ਸਤਿਕਾਰ ਨਾਲ ਉੱਛਲਿਆ ਅਤੇ ਉਸ ਨੇ ਗੁਰੂ ਮਹਾਰਾਜ ਜੀ ਦੇ ਦੀਦਾਰ ਦੀ ਇੱਛਾ ਪ੍ਰਗਟ ਕੀਤੀ। ਉਸ ਦੀ ਮਾਤਾ ਨੇ ਦੱਸਿਆ ਕਿ ਪਾਤਸ਼ਾਹ ਜੀ ਦੀ ਤਾਂ ਸ਼ਹਾਦਤ ਹੋ ਚੁੱਕੀ ਹੈ ਅਤੇ ਹੁਣ ਸ੍ਰੀ ਦਸਮੇਸ਼ ਜੀ ਸ੍ਰੀ ਅਨੰਦਪੁਰ ਸਾਹਿਬ ਗੁਰਗੱਦੀ 'ਤੇ ਸੁਸ਼ੋਭਿਤ ਹਨ। ਰਾਜੇ ਨੇ ਆਪਣੇ ਪਿਆਰੇ ਲਈ ਹੋਰ ਅਦਭੁੱਤ ਸੁਗਾਤਾਂ ਸਮੇਤ ਇਕ ਅਤੀ ਸੁੰਦਰ ਹਾਥੀ ਨੂੰ ਸਿਖਲਾਈ ਦਿੱਤੀ ਅਤੇ ਹੀਰੇ-ਮੋਤੀਆਂ ਨਾਲ ਸ਼ਿੰਗਾਰ ਕੇ ਮਹਾਰਾਜ ਜੀ ਦੀ ਭੇਟ ਕੀਤਾ। ਇਹ ਹਾਥੀ ਆਪਣੀ ਕਿਸਮ ਦਾ ਆਪ ਸੀ। ਇਸ ਦਾ ਸਾਰਾ ਸਰੀਰ ਕਾਲਾ ਸੀ ਪਰ ਮੱਥਾ ਹਾਥੀ ਦੰਦ ਵਾਂਗ ਚਿੱਟਾ ਸੀ। ਸਿਰ ਤੋਂ ਚਿੱਟੀ ਲਕੀਰ ਪਿੱਠ ਤਾਈਂ, ਪੂਛ ਤਾਈਂ ਅਤੇ ਲੱਤਾਂ ਤਾਈਂ ਜਾਂਦੀ ਸੀ।
ਮਹਾਰਾਜ ਜੀ ਦੇ ਹਜ਼ੂਰ ਜਾ ਕੇ ਹਾਥੀ ਨੇ ਸੀਸ ਨਿਵਾਇਆ, ਪਾਣੀ ਦਾ ਲੋਟਾ ਲਿਆ ਕੇ ਪਾਤਸ਼ਾਹ ਜੀ ਦੇ ਚਰਨ ਧੁਆਏ, ਫਿਰ ਰੇਸ਼ਮੀ ਬਸਤਰ ਨਾਲ ਪੂੰਝੇ। ਆਪ ਜੀ ਦਾ ਜੋੜਾ ਝਾੜਿਆ। ਫਿਰ ਆਪਣੀ ਸੁੰਡ ਨਾਲ ਮਹਾਰਾਜ ਜੀ ਦੇ ਸੀਸ 'ਤੇ ਚੌਰ ਕਰਨ ਲੱਗਾ। ਪਾਤਸ਼ਾਹ ਜੀ ਨੇ ਪਿਆਰ ਨਾਲ ਇਸ ਦਾ ਨਾਂਅ 'ਪ੍ਰਸਾਦੀ' ਰੱਖਿਆ। ਰਾਤ ਨੂੰ ਇਹ ਬਲਦੀ ਮਿਸ਼ਾਲ ਚੁੱਕ ਕੇ ਅੱਗੇ-ਅੱਗੇ ਜਾਇਆ ਕਰਦਾ ਸੀ। ਜਦੋਂ ਕਲਗੀਧਰ ਜੀ ਤੀਰ ਚਲਾਉਂਦੇ ਸਨ ਤਾਂ ਇਹ ਦੂਰ-ਦੂਰ ਤੱਕ ਨਿਗ੍ਹਾ ਰੱਖਦਾ ਸੀ ਅਤੇ ਚੱਲੇ ਹੋਏ ਬਾਣ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਰੱਖ ਦਿੰਦਾ ਸੀ। ਇਹ ਪਾਤਸ਼ਾਹ ਜੀ ਦਾ ਏਨਾ ਲਾਡਲਾ ਬਣ ਗਿਆ ਕਿ ਅਨੰਦਪੁਰ ਸਾਹਿਬ ਦੇ ਬਾਜ਼ਾਰਾਂ ਵਿਚ ਖੁੱਲ੍ਹਾ ਹੀ ਤੁਰਿਆ ਫਿਰਦਾ ਸੀ। ਇਕ ਵਾਰੀ ਬਹੁਤ ਸਾਰੇ ਦੁਕਾਨਦਾਰ ਮਹਾਰਾਜ ਜੀ ਕੋਲ ਆ ਕੇ ਸ਼ਿਕਾਇਤ ਕਰਨ ਲੱਗੇ ਕਿ ਆਪ ਜੀ ਦਾ ਪ੍ਰਸਾਦੀ ਸਾਡੀਆਂ ਸਾਰੀਆਂ ਮਠਿਆਈਆਂ ਛਕ ਜਾਂਦਾ ਹੈ। ਮਹਾਰਾਜ ਜੀ ਨੇ ਹੱਸ ਕੇ ਖਜ਼ਾਨਚੀ ਨੂੰ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਬਣਦਾ ਮੁੱਲ ਦੇ ਦਿੱਤਾ ਜਾਵੇ ਪਰ ਪ੍ਰਸਾਦੀ ਨੂੰ ਸੰਗਲ ਪਾ ਕੇ ਬੰਨ੍ਹਣਾ ਨਹੀਂ। ਰਾਜਾ ਭੀਮ ਚੰਦ ਦਾ ਇਸ ਹਾਥੀ ਨੂੰ ਦੇਖ ਕੇ ਦਿਲ ਬੇਈਮਾਨ ਹੋ ਗਿਆ ਅਤੇ ਉਸ ਨੇ ਆਪਣੇ ਪੁੱਤਰ ਦੀ ਸ਼ਾਦੀ ਲਈ ਮਹਾਰਾਜ ਜੀ ਤੋਂ ਪ੍ਰਸਾਦੀ ਹਾਥੀ ਮੰਗ ਲਿਆ। ਮਹਾਰਾਜ ਜੀ ਦੇ ਇਨਕਾਰ ਕਰਨ 'ਤੇ ਇਸ ਨੇ ਗੁਰੂ-ਘਰ ਨਾਲ ਵੈਰ ਬੰਨ੍ਹ ਲਿਆ। ਜਿਸ ਪ੍ਰਸਾਦੀ ਨੂੰ ਮਹਾਰਾਜ ਜੀ ਨੇ ਲਾਡਾਂ-ਮਲ੍ਹਾਰਾਂ ਨਾਲ ਰੱਖਿਆ ਸੀ, ਅੰਤ ਉਹ ਸ੍ਰੀ ਅਨੰਦਪੁਰ ਸਾਹਿਬ ਦੇ ਅੱਠ ਮਹੀਨਿਆਂ ਦੇ ਘੇਰੇ ਵਿਚ ਭੁੱਖ ਨਾਲ ਤੜਫ-ਤੜਫ ਕੇ ਪ੍ਰਾਣ ਤਿਆਗ ਗਿਆ।

ਜੈਨੀਆਂ ਦਾ ਤੀਰਥ ਸਥਾਨ

ਜਲ ਮੰਦਿਰ ਪਾਵਾਪੁਰੀ

ਪਾਵਾਪੁਰੀ ਜ਼ਿਲ੍ਹਾ ਨਾਲੰਦਾ (ਬਿਹਾਰ) ਦੇ ਗੰਗਾ ਬੇਸਿਨ (ਨਦੀ ਲਾਂਘਾ) ਲਾਗੇ ਕੈਮੂਰ ਪਹਾੜੀ ਉਪਰ ਵਸਿਆ ਇਕ ਮਨਮੋਹਕ ਸ਼ਹਿਰ ਹੈ, ਜਿਥੇ ਜੈਨੀਆਂ ਦਾ ਇਕ ਬਹੁਤ ਹੀ ਪਵਿੱਤਰ ਅਤੇ ਮਹੱਤਵਪੂਰਨ ਤੀਰਥ ਅਸਥਾਨ ਹੈ।
ਇਸ ਥਾਂ ਇਕ ਆਭਾਮਈ ਜਲ ਮੰਦਿਰ ਹੈ। ਇਥੇ ਜੈਨਮੱਤ ਦੇ 24ਵੇਂ ਅਤੇ ਆਖਰੀ ਤੀਰਥਅੰਕਰ ਅਤੇ ਜੈਨ ਧਰਮ ਦੇ ਸੰਸਥਾਪਕਾਂ ਵਿਚੋਂ ਬੇਅੰਤ ਮਹਿਮਾਮਈ ਭਗਵਾਨ ਮਹਾਂਵੀਰ ਦਾ ਅੰਤਿਮ ਸੰਸਕਾਰ ਹੋਇਆ ਸੀ। ਜਿਸ ਜਗ੍ਹਾ ਦਾਹ-ਸਸਕਾਰ ਹੋਇਆ ਸੀ, ਉਸ ਜਗ੍ਹਾ ਹੀ ਜਲ-ਮੰਦਿਰ ਹੈ। ਇਸ ਥਾਂ ਦਾ ਸ਼ੁਮਾਰ ਜੈਨੀਆਂ ਦੇ ਸਭ ਤੋਂ ਪਾਵਨ ਅਤੇ ਸ਼ੋਭਨੀਕ ਤੀਰਥਾਂ ਵਿਚ ਹੁੰਦਾ ਹੈ।
ਮੰਦਿਰ ਪਰਿਸਰ ਵਿਚ ਅੰਗਰੇਜ਼ੀ ਅਤੇ ਹਿੰਦੀ ਵਿਚ ਲੱਗੇ ਬੋਰਡਾਂ ਅਤੇ ਹੋਰ ਸਰੋਤਾਂ (ਸਮੇਤ ਬਿਹਾਰ ਸੈਰ-ਸਪਾਟਾ ਵਿਭਾਗ) ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਭਗਵਾਨ ਮਹਾਂਵੀਰ ਨੇ 72 ਸਾਲ ਦੀ ਉਮਰ ਭੋਗ ਕੇ ਇਸ ਥਾਂ 527 ਪੂਰਵ ਈਸਾ 'ਚ ਕੱਤਕ ਵਦੀ ਅਮਾਵਸ (ਕਾਰਤਿਕ ਕ੍ਰਿਸ਼ਨਾ 14) ਨੂੰ ਮਹਾਨਿਰਵਾਨ ਦੀ ਪ੍ਰਾਪਤੀ ਕੀਤੀ। (ਇਕ ਦੋ ਥਾਵਾਂ ਉਪਰ ਇਹ ਤਿਥੀ 528 ਪੂ: ਈ: ਵੀ ਮਿਲਦੀ ਹੈ)।
ਮਹਾਂਵੀਰ ਦਾ ਬਚਪਨ ਦਾ ਨਾਂਅ ਰਾਜ ਕੁਮਾਰ ਵਰਧਨ ਸੀ। 30 ਸਾਲ ਦੀ ਉਮਰ 'ਚ ਰਾਜ-ਭਾਗ ਤਿਆਗ ਕੇ ਆਪ ਵਣਾਂ ਵਿਚ ਤਪ-ਸਾਧਨਾ ਕਰਨ ਨਿਕਲ ਗਏ। 12 ਸਾਲ ਦੀ ਕਠਿਨ ਤਪੱਸਿਆ ਉਪਰੰਤ 42 ਸਾਲ ਦੀ ਉਮਰੇ ਆਪ ਨੇ ਆਤਮ-ਵਿਜੇ ਪ੍ਰਾਪਤ ਕਰਕੇ 'ਕੈਵੱਲਯ' (ਸਰਬਗਤਾ, ਸਰਬ-ਗਿਆਤਾ, ਤ੍ਰੈਕਾਲ-ਦਰਸ਼ਤਾ) ਦੀ ਪ੍ਰਾਪਤੀ ਕੀਤੀ ਅਤੇ 'ਮਹਾਂਵੀਰ' (ਮਹਾਨ ਵਿਜੇਤਾ) ਕਹਿਲਾਏ।
ਸੱਚ, ਅਹਿੰਸਾ, ਬ੍ਰਹਮਚਰਜ ਦਾ ਉਪਦੇਸ਼ ਦਿੰਦੇ-ਦਿੰਦੇ ਆਪ ਚੰਪਾਪੁਰੀ ਤੋਂ ਪਾਵਾਪੁਰੀ ਪਹੁੰਚੇ। ਮਘਧ ਦੇਸ਼ ਦੇ ਪ੍ਰਕਰਮੀ ਅਤੇ ਪ੍ਰਤਾਪੀ ਰਾਜੇ ਅਜਾਤਸ਼ੱਤਰੂ ਵੇਲੇ ਪਾਵਾਪੁਰੀ ਇਕ ਪ੍ਰਸਿੱਧ ਸ਼ਹਿਰ ਸੀ। 2600 ਸਾਲ ਪੂਰਵ ਈਸਾ ਵਿਚ ਇਹ ਮਲ ਮਹਾਜਨਪਦ ਦੀ ਰਾਜਧਾਨੀ ਸੀ। ਬਾਅਦ ਵਿਚ ਇਸ ਨੂੰ ਮਗਧ ਰਾਜ ਵਿਚ ਸ਼ਾਮਿਲ ਕਰ ਲਿਆ ਗਿਆ। ਇਸ ਨੂੰ ਮਦਿਯਾਮਾ ਪਾਵਾ ਜਾਂ ਪਾਵਾ ਜਾਂ ਅਪਾਵਾਪੁਰੀ (ਪਾਪ-ਰਹਿਤ ਨਗਰ) ਵੀ ਸੱਦਿਆ ਜਾਂਦਾ ਸੀ।
ਅਜਾਤਸ਼ੱਤਰੂ ਖੁਦ ਭਗਵਾਨ ਮਹਾਂਵੀਰ ਦਾ ਭਗਤ ਸੀ। ਉਸ ਸਮੇਂ ਪਾਵਾਪੁਰੀ ਦਾ ਰਾਜਾ ਹਸਤੀਪਾਲ ਸੀ, ਜੋ ਮਹਾਂਵੀਰ ਦਾ ਅਨਿਨ ਸੇਵਕ ਸੀ। ਮਹਾਂਵੀਰ ਪਾਵਾਪੁਰੀ ਪੜਾਅ ਦੌਰਾਨ ਹਸਤੀਪਾਲ ਦੀ ਰਾਜਿਕਸ਼ਾਲਾ/ਰੱਜੁਗਸ਼ਾਲਾ ਵਿਚ ਠਹਿਰੇ ਸਨ। 'ਚਤੁਰਮਾਸ' ਦਾ ਸਮਾਂ ਸੀ। ਮਹਾਂਵੀਰ ਤਲਾਬਾਂ-ਘਿਰੇ ਇਕ ਪਾਰਕ ਦੇ ਦਰਮਿਆਨ ਇਕ ਸਿਲ (ਸਲੈਬ) ਉੱਪਰ ਬੈਠ ਕੇ 9 ਮਾਲਾ ਵੰਛੀ, 9 ਲਿੱਛਾਵੀ ਵੰਛੀ ਰਾਜਿਆਂ ਸਮੇਤ ਹੋਰ ਸ਼ਰਧਾਲੂਆਂ ਨੂੰ ਉਪਦੇਸ਼ ਦੇਣ ਲੱਗ ਪਏ। ਇਹ ਉਪਦੇਸ਼ 16 'ਪਹਿਰ' ਚਲਦਾ ਰਿਹਾ। ਆਪ 'ਉੱਤਰਾਧਿਆਨ ਸੂਤਰਾ' ਦੀ ਵਿਅਖਿਆ ਕਰਦੇ-ਕਰਦੇ ਸਮਾਧੀ-ਲੀਨ ਹੋ ਗਏ ਅਤੇ ਮੱਸਿਆ ਦੀ ਰਾਤ ਦੇ ਆਖਰੀ ਪਹਿਰ ਪਦਮਾਸਣ ਵਿਚ ਬੈਠੇ-ਬੈਠੇ 'ਸ਼ੁਕਲਾ-ਧਿਆਨ' ਵਿਚ ਪਹੁੰਚ ਮੋਕਸ਼ (ਆਵਾਗਵਣ ਦੇ ਚੱਕਰ ਤੋਂ ਮੁਕਤੀ) ਪ੍ਰਾਪਤ ਕਰ ਗਏ।
ਕਹਿੰਦੇ ਹਨ ਕਿ ਉਸ ਸਮੇਂ ਸ਼ਰਧਾਲੂਆਂ ਦੀ ਗਿਣਤੀ ਐਨੀ ਸੀ ਕਿ ਚੁਟਕੀ-ਚੁਟਕੀ ਰਾਖ/ਭਸਮ ਲੈਂਦਿਆਂ-ਲੈਂਦਿਆਂ ਸਸਕਾਰ ਵਾਲੀ ਥਾਂ ਉੱਪਰ ਇਕ ਤਲਾਬ-ਨੁਮਾ ਖੱਡਾ ਬਣ ਗਿਆ। ਲੋਕ ਰਾਖ ਖ਼ਤਮ ਹੋਣ ਉਪਰੰਤ ਰਾਖ-ਸਪਰਸ਼-ਪ੍ਰਾਪਤ ਪਵਿੱਤਰ ਮਿੱਟੀ ਹੀ ਪੁੱਟ-ਪੁੱਟ ਕੇ ਲਿਜਾਣ ਲੱਗ ਪਏ ਅਤੇ ਇਸ ਤਰ੍ਹਾਂ ਇਕ ਸਰੋਵਰ ਖੁਦ ਗਿਆ, ਜਿਸ ਵਿਚ ਹੇਠਲਾ ਜਲ (ਪਾਣੀ) ਤੱਕ ਆ ਗਿਆ। ਇਸ ਥਾਂ ਰਾਜਾ ਨੰਦੀਵਰਧਨ, ਜੋ ਮਹਾਂਵੀਰ ਦਾ ਵੱਡਾ ਭਰਾ ਸੀ, ਨੇ 527 ਪੂਰਵ ਈਸਵੀ ਵਿਚ ਮੰਦਿਰ ਬਣਵਾਇਆ।
ਅਨੇਕਾਂ ਰੈਸਟੋਰੇਸ਼ਨਾਂ (ਨਵੀਨੀਕਰਨ/ਪੁਨਰ-ਨਿਰਮਾਣ) ਉਪਰੰਤ ਅਜੋਕਾ ਜਲ-ਮੰਦਿਰ ਹੋਂਦ ਵਿਚ ਆਇਆ। ਇਹ ਮੰਦਿਰ ਕਮਲ ਫੁੱਲਾਂ ਨਾਲ ਲੱਦੀ ਇਕ ਝੀਲ (ਲੋਟੱਸ-ਲੇਕ) ਦਰਮਿਆਨ ਬਣਿਆ ਹੈ। ਇਹ ਬੜੇ ਵਿਸ਼ਾਲ ਇਲਾਕੇ (84 ਵਿਘੇ) ਵਿਚ ਫੈਲਿਆ ਹੈ (ਕਈ ਥਾਂ 54 ਏਕੜ ਲਿਖਿਆ ਵੀ ਮਿਲਦਾ ਹੈ)। ਇਹ ਇਕ 'ਵਿਮਾਨ'(ਜਹਾਜ਼) ਦੀ ਸ਼ਕਲ ਵਿਚ ਆਇਤਾਕਾਰ ਬਣਾਇਆ ਗਿਆ ਹੈ। ਮੰਦਿਰ ਸਫੈਦ ਰੰਗ ਦੇ ਸੰਗਮਰਮਰ ਦਾ ਬਣਿਆ ਹੈ, ਜਦ ਕਿ ਮੰਦਿਰ ਨਾਲ ਜੋੜਨ ਵਾਲਾ 600 ਫੁੱਟ ਲੰਮਾ ਪੁਲ ਲਾਲ ਰੰਗ ਦੇ ਸੈਂਡਸਟੋਨ ਨਾਲ ਬਣਾਇਆ ਗਿਆ ਹੈ। ਕਲਾਕ੍ਰਿਤੀ ਦੇ ਇਸ ਅਦਭੁਤ ਨਮੂਨੇ ਵਿਚ ਵੱਖ-ਵੱਖ ਤਰ੍ਹਾਂ ਦੇ ਪੰਛੀ ਅਤੇ ਮੱਛੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਇਸ ਮੰਦਿਰ ਦੇ ਗਰਭ-ਗਰਿਹਾ ਵਿਚ ਭਗਵਾਨ ਮਹਾਂਵੀਰ ਦੀਆਂ 'ਚਰਨ-ਪਾਦੁਕਾ' ਸਥਾਪਤ ਹਨ. ਜੋ ਸ਼ਰਧਾਲੂਆਂ ਦੀ ਖਿੱਚ ਅਤੇ ਸ਼ਰਧਾ ਦਾ ਮੁੱਖ ਕੇਂਦਰ ਹਨ। ਇਸ ਦੇ ਆਲੇ-ਦੁਆਲੇ ਮਹਾਂਵੀਰ ਦੇ ਪ੍ਰਧਾਨ ਸ਼ਿਸ਼ ਗੌਤਮ ਸਵਾਮੀ ਅਤੇ ਸੌਧਰਮਾ ਸਵਾਮੀ ਦੇ ਚਰਨ ਵੀ ਸਥਾਪਤ ਹਨ। ਮੰਦਿਰ ਵਿਚ ਇਕ ਅਖੰਡ ਜੋਤੀ ਵੀ ਸਥਾਪਤ ਹੈ, ਜੋ ਨਿਰੰਤਰ ਪ੍ਰਜਵਲਤ ਰਹਿੰਦੀ ਹੈ।
ਜੈਨਮੱਤ ਦੇ ਅਨੁਯਾਈ ਭਗਵਾਨ ਮਹਾਂਵੀਰ ਦੇ ਮਹਾਨਿਰਵਾਨ ਜਾਂ ਮੋਕਸ਼-ਪ੍ਰਾਪਤੀ ਨੂੰ ਦੀਵਾਲੀ ਵਜੋਂ ਮਨਾਉਂਦੇ ਹਨ ਅਤੇ ਜਲ-ਮੰਦਿਰ ਵਿਚ ਲੱਡੂ ਵੰਡੇ ਜਾਂਦੇ ਹਨ। ਨਿਰਵਾਨ ਮਹਾਉਤਸਵ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਪਾਵਾਪੁਰੀ ਵਿਚ ਹੋਰ ਵੀ ਜੈਨ ਮੰਦਿਰ ਹਨ ਪਰ 'ਥਲ-ਮੰਦਿਰ' ਜਾਂ ਗਾਂਓ ਮੰਦਿਰ ਅਤੇ 'ਸਮੋਸ਼ਰਨਵੀ' ਮੰਦਿਰ ਮਹੱਤਵਪੂਰਨ ਹਨ। ਪਾਵਾਪੁਰੀ ਪਟਨਾ ਤੋਂ 101 ਕਿ: ਮੀ: ਅਤੇ ਰਾਜਗੀਰ ਤੋਂ 19 ਕਿ: ਮੀ: ਦੀ ਦੂਰੀ ਉਪਰ ਹੈ। ਸੜਕ, ਰੇਲ ਅਤੇ ਟੈਕਸੀਆਂ ਰਾਹੀਂ ਪਹੁੰਚਿਆ ਜਾ ਸਕਦੈ। ਹਵਾਈ ਸਫ਼ਰ ਲਈ ਗਯਾ ਜਾਂ ਪਟਨਾ ਦੇ ਹਵਾਈ ਅੱਡਿਆਂ ਤੋਂ ਹੀ ਇਹ ਸਹੂਲਤ ਉਪਲਬਧ ਹੈ। ਜਾਣ ਦਾ ਸਹੀ ਸਮਾਂ ਮਾਰਚ-ਅਪ੍ਰੈਲ ਜਾਂ ਅਕਤੂਬਰ-ਨਵੰਬਰ ਹੈ, ਭਾਵੇਂ ਸ਼ਰਧਾਲੂ/ਸੈਲਾਨੀ ਸਾਰਾ ਸਾਲ ਜਾਂਦੇ ਰਹਿੰਦੇ ਹਨ।
ਹਾਂ ਸੱਚ, ਮੰਦਿਰ ਦੇ ਬੋਰਡ ਉੱਪਰ ਇਹ ਵੀ ਲਿਖਿਆ ਹੈ ਕਿ ਭਗਵਾਨ ਮਹਾਂਵੀਰ ਦੇ ਪ੍ਰਮੁੱਖ ਸਿਧਾਂਤ ਸਨ-'ਅਹਿੰਸਾ ਪਰਮੋ ਧਰਮਾ', 'ਜੀਓ ਔਰ ਜੀਨੇ ਦੋ', 'ਪ੍ਰਾਣੀ ਮਾਤ੍ਰ ਨੂੰ ਪਰੇਮ ਕਰੋ'। ਅਤੇ ਇਹ ਲਿਖਤ ਇਹ ਵੀ ਦਾਅਵਾ ਕਰਦੀ ਹੈ ਕਿ ਇਨ੍ਹਾਂ ਨੂੰ ਅਪਣਾ ਕੇ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਭਾਰਤ ਆਜ਼ਾਦ ਕਰਵਾਇਆ !


-98-ਸਕੀਮ ਨੰ: 3, ਫਗਵਾੜਾ।

ਸੇਵਾ ਸਿੰਘ ਠੀਕਰੀਵਾਲਾ ਦੀ ਸੋਚ ਦਾ ਹਾਣੀ ਵਾਰਸ ਜਗਮੀਤ ਸਿੰਘ ਧਾਲੀਵਾਲ

ਕੈਨੇਡਾ ਵਿਚ ਸ: ਜਗਮੀਤ ਸਿੰਘ ਧਾਲੀਵਾਲ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਚੁਣੇ ਜਾਣ ਦਾ ਸੁਨੇਹਾ ਜਿਥੇ ਅੰਤਰਰਾਸ਼ਟਰੀ ਪੱਧਰੀ ਰਾਜਨੀਤੀ ਵਿਚ ਸਿੱਖ ਕੌਮ ਦੇ ਲਈ ਮਾਣ-ਸਨਮਾਨ ਵਾਲੀ ਗੱਲ ਹੈ, ਉਥੇ ਮਾਲਵੇ ਦੇ ਉੱਘੇ ਪਿੰਡ ਠੀਕਰੀਵਾਲਾ ਦੇ ਸੁਨਹਿਰੀ ਅੱਖਰਾਂ 'ਚ ਉਕਰੇ ਸ਼ਾਨਾਮੱਤੀ ਇਤਿਹਾਸ ਦਾ ਇਕ ਨਵਾਂ ਪੰਨਾ ਅਰੰਭ ਕਰਨ ਵਾਲਾ ਹੈ। ਆਪ ਸ: ਸੇਵਾ ਸਿੰਘ ਠੀਕਰੀਵਾਲਾ ਦੇ ਚਚੇਰੇ ਭਰਾ ਕਪਤਾਨ ਹੀਰਾ ਸਿੰਘ ਪੁੱਤਰ ਸ: ਨਿਹਾਲ ਸਿੰਘ ਦੇ ਪੁੱਤਰ ਥਾਣੇਦਾਰ ਸਮਸ਼ੇਰ ਸਿੰਘ ਦੇ ਪੋਤਰੇ ਹਨ। ਆਪ ਦੇ ਪਿਤਾ ਡਾ: ਜਗਤਰਨ ਸਿੰਘ ਕੈਨੇਡਾ ਚਲੇ ਗਏ ਸੀ। ਆਪ ਉਥੋਂ ਦੇ ਹੀ ਜੰਮਪਲ ਤੇ ਗ੍ਰੈਜੂਏਟ ਹਨ। ਇਥੇ ਖਾਸ ਗੱਲ ਇਹ ਹੈ ਕਿ ਸ਼ਹੀਦ ਸ: ਸੇਵਾ ਸਿੰਘ ਠੀਕਰੀਵਾਲਾ 'ਤੇ ਮਹਾਰਾਜਾ ਪਟਿਆਲਾ ਵਲੋਂ ਅਕਾਲੀ ਦਲ ਦੀ ਪ੍ਰਤੀਨਿਧੀ ਟਕਸਾਲੀ 'ਕਾਲੀ ਦਸਤਾਰ' ਉਤਾਰ ਦੇਣ ਲਈ ਜ਼ੁਲਮ ਕੀਤਾ ਜਾਂਦਾ ਰਿਹਾ, ਪਰ ਸਰਦਾਰ ਜੀ ਅਖੀਰ ਤੱਕ ਆਪਣੇ ਨਿਸਚੈ 'ਤੇ ਅਡੋਲ ਰਹੇ। ਅੱਜ ਉਨ੍ਹਾਂ ਦੇ ਵੰਸ਼ ਵਿਚੋਂ ਸ: ਜਗਮੀਤ ਸਿੰਘ ਧਾਲੀਵਾਲ ਨੇ ਜਿਵੇਂ ਹੀ ਅਡੋਲ ਰਹਿ ਕੇ ਪੂਰਨ ਗੁਰਸਿੱਖੀ ਸਰੂਪ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਿਆ ਹੈ, ਇਹ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਤਾਜ਼ੀ ਮਿਸਾਲ ਹੈ। ਜੇ ਪਿੰਡ ਠੀਕਰੀਵਾਲਾ ਦੇ ਇਤਿਹਾਸਕ ਪਿਛੋਕੜ ਦੀ ਗੱਲ ਕਰੀਏ ਤਾਂ ਜ਼ਿਕਰਯੋਗ ਹੈ ਜਿਥੇ ਮਿਸਲ ਕਾਲ ਵਿਚ ਨਵਾਬ ਕਪੂਰ ਸਿੰਘ ਨੇ ਇਕ ਪੜਾਅ ਸਥਾਨ ਵਜੋਂ ਇਸ ਪਿੰਡ ਵਿਚ ਠਹਿਰਾਓ ਕੀਤਾ ਸੀ ਅਤੇ ਬਾਨੀ ਰਿਆਸਤ ਪਟਿਆਲਾ ਬਾਬਾ ਆਲਾ ਸਿੰਘ ਨੂੰ ਸਮੇਤ ਪਰਿਵਾਰ ਅੰਮ੍ਰਿਤ ਛਕਾਇਆ ਸੀ। ਦੂਸਰਾ ਇਹ ਹੈ ਕਿ ਪ੍ਰਸਿੱਧ ਸਿੱਖ ਵਿਦਵਾਨ ਗਿਆਨੀ ਸ਼ੇਰ ਸਿੰਘ ਅਤੇ ਗ਼ਦਰ ਲਹਿਰ ਦੇ ਪ੍ਰਸਿੱਧ ਗ਼ਦਰੀ ਨਰੈਣ ਸਿੰਘ ਦਾ ਇਹ ਜੱਦੀ ਪਿੰਡ ਹੈ। ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਿਰਾਂ ਵਿਚੋਂ ਚਾਰ ਮੁਸਾਫਿਰ ਕਿਸ਼ਨ ਸਿੰਘ, ਬਚਨ ਸਿੰਘ, ਇੰਦਰ ਸਿੰਘ ਅਤੇ ਚੰਦਾ ਸਿੰਘ ਠੀਕਰੀਵਾਲਾ ਦੇ ਸਨ। 38 ਵਰ੍ਹਿਆਂ ਦੇ ਅਣਵਿਆਹੇ ਨੌਜਵਾਨ ਸ: ਜਗਮੀਤ ਸਿੰਘ ਦੇ ਜਿਹਨ ਵਿਚ ਮਨੁੱਖੀ ਤੇ ਕੌਮੀ ਅਧਿਕਾਰਾਂ ਪ੍ਰਤੀ ਜਾਗ੍ਰਿਤੀ ਤੇ ਪ੍ਰਾਪਤੀ ਲਈ ਸੰਘਰਸ਼ ਦੀ ਚਿਣਗ ਉਸ ਦੇ ਸਫਲ ਰਾਜਸੀ ਜੀਵਨ ਦਾ ਪ੍ਰਮੁੱਖ ਹਿੱਸਾ ਬਣ ਗਈ ਹੈ। ਕੈਨੇਡਾ ਦੇ ਓਂਟਾਰੀਓ ਸੂਬੇ ਦੀ ਸਿਆਸਤ 'ਚੋਂ ਉਭਰੇ ਸ: ਜਗਮੀਤ ਸਿੰਘ ਦੇ ਸਿਆਸੀ ਜੀਵਨ ਦਾ ਅਰੰਭ ਵੀ ਉਥੋਂ ਦੇ ਸਮੁੱਚੇ ਮਾਹੌਲ ਵਿਚਲੇ ਨਸਲੀ ਭੇਦ ਭਾਵ ਦੇ ਮਨੁੱਖੀ ਬਰਾਬਰਤਾ ਨੂੰ ਸੱਟ ਮਾਰਨ ਵਾਲੇ ਮਾੜੇ ਰਵੱਈਏ, ਜਿਸ ਵਿਚ ਇਨ੍ਹਾਂ ਨੂੰ 'ਭੂਰੀ ਚਮੜੀ' ਵਾਲੇ ਕੁਨਾਂਅ ਨਾਲ ਸੱਦਿਆ ਜਾਂਦਾ ਸੀ, ਦੇ ਪ੍ਰਤੀਕਰਮ ਵਜੋਂ ਹੋਇਆ। ਉਪਰੰਤ ਇਨ੍ਹਾਂ ਨੇ ਤਹੱਈਆ ਕੀਤਾ ਕਿ ਰਾਜਸੀ ਖੇਤਰ ਵਿਚ ਕੁੱਦ ਕੇ ਰਾਜਨੀਤੀ ਦੇ ਸ਼ੁੱਧ ਤੇ ਮਨੁੱਖੀ ਕਲਿਆਣਕਾਰੀ ਭਾਵਾਂ ਦੀ ਤਰਜਮਾਨੀ ਕੀਤੀ ਜਾਵੇ। ਇਥੇ ਨਾਲ ਹੀ ਇਨ੍ਹਾਂ ਦੀ ਸਿੱਖੀ ਸੀਰਤ ਤੇ ਸੂਰਤ ਨਾਲ ਮੁਕੰਮਲ ਪ੍ਰਤੀਬੱਧਤਾ ਵੀ ਪ੍ਰਗਟ ਹੋਈ ਜਦ ਇਨ੍ਹਾਂ ਨੇ ਸਿਆਸਤ ਵਿਚ ਆਉਣ ਬਾਰੇ ਆਪਣੇ ਦੋਸਤਾਂ ਦੀਆਂ ਸਲਾਹਾਂ ਲਈਆਂ ਤਾਂ ਇਕ ਨੇ ਇਨ੍ਹਾਂ ਨੂੰ ਇਨ੍ਹਾਂ ਦੇ ਦੁਮਾਲੇ, ਖੁੱਲ੍ਹੇ ਦਾਹੜੇ ਤੇ ਉੱਪਰ ਦੀ ਕਿਰਪਾਨ ਦੇ ਪਹਿਰਾਵੇ ਬਾਰੇ ਕ੍ਰਮਵਾਰ ਆਧੁਨਿਕ ਢੰਗ ਵਾਲੀ ਦਸਤਾਰ ਸਜਾਉਣ, ਦਾਹੜੀ ਬੰਨ੍ਹਣ ਤੇ ਕਿਰਪਾਨ ਉੱਪਰ ਦੀ ਨਾ ਸਜਾਉਣ ਦੀ ਨਸੀਹਤ ਦਿੱਤੀ, ਤਾਂ ਆਪ ਨੇ ਦੁਹਰਾਇਆ ਕਿ ਮੈਂ ਇਸੇ ਹੂਬਹੂ ਸਰੂਪ ਵਿਚ ਹੀ ਕਾਮਯਾਬ ਹੋਵਾਂਗਾ ਤੇ ਕਾਮਯਾਬੀ ਉਪਰੰਤ ਜਦ ਆਪ ਦਾ ਨਾਂਅ ਕੈਨੇਡਾ ਦੇ 45 ਸਟਾਇਲਸ਼ ਸਿੱਖਾਂ ਵਿਚ ਸ਼ਾਮਿਲ ਹੋਇਆ ਤਾਂ ਆਪ ਨੇ ਆਪਣੇ ਉਸ ਮਿੱਤਰ ਨੂੰ ਆਪਣੀ ਸਟਾਇਲਿਸ਼ ਸਿੱਖ ਵਾਲੀ ਤਸਵੀਰ ਭੇਜੀ।
ਇਹ ਅਜੋਕੇ ਦੌਰ ਵਿਚ ਸਿੱਖ ਨੌਜਵਾਨੀ ਲਈ ਨਰੋਈ ਸੇਧ ਦੀ ਉੱਤਮ ਮਿਸਾਲ ਵੀ ਹੈ। ਹੁਣ ਜਦ ਅਮਰੀਕਾ ਵਰਗੇ ਦੇਸ਼ ਵਿਚ ਬਿਲੀਅਨ ਡਾਲਰ ਸਿੱਖੀ ਪਛਾਣ ਦਰਸਾਉਣ ਦੇ ਮੰਤਵ ਨਾਲ ਖਰਚ ਕੀਤੇ ਜਾ ਰਹੇ ਹਨ ਤਾਂ ਕੈਨੇਡਾ ਵਿਚ ਸਿੱਖ ਪਛਾਣ ਦੀ ਖੂਬਸੂਰਤ ਮਿਸਾਲ ਸ: ਜਗਮੀਤ ਸਿੰਘ ਦੀ ਰਾਜਸੀ ਸਫਲਤਾ ਇਸ ਮਸਲੇ ਦੇ ਅੰਤਰਰਾਸ਼ਟਰੀ ਪੱਧਰ 'ਤੇ ਸੁਲਝਾਉਣ ਹਿਤ ਵੱਡਾ ਕਦਮ ਹੈ। ਆਪ ਨੂੰ ਜਦ ਵੀ ਮੀਡੀਆ ਦੇ ਰੂ-ਬਰੂ ਹੋਣਾ ਪਿਆ ਤਾਂ ਸਭ ਤੋਂ ਪਹਿਲਾ ਸੁਆਲ ਆਪ ਦੇ ਸਿੱਖੀ ਸਰੂਪ ਬਾਰੇ ਹੀ ਹੁੰਦਾ ਸੀ, ਜਿਸ ਦਾ ਆਪ ਸੰਤੁਸ਼ਟੀਪੂਰਨ ਜੁਆਬ ਦਿੰਦੇ।
ਆਪ ਦਾ ਸਿਆਸੀ ਖੇਤਰ ਕੈਨੇਡਾ ਦਾ ਓਂਟਾਰੀਓ ਸੂਬਾ ਹੈ, ਜਿਥੋਂ ਦੇ ਬਰਹਪਟਨ ਬਾਰਾਮੂਲਾ ਤੋਂ ਐਮ. ਪੀ. ਈ. (ਐਮ. ਐਲ. ਏ.) ਹਨ ਤੇ ਸੂਬੇ ਦੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਹਨ। ਵੈਸੇ ਇਹ ਖੇਤਰ ਲਿਬਰਲ ਪਾਰਟੀ ਦਾ ਹੈ, ਫਿਰ ਵੀ ਆਪ ਦੀ ਨਿਊ ਡੈਮੋਕ੍ਰਟਿਕ ਪਾਰਟੀ ਇਥੋਂ ਜੇਤੂ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਅਤੇ ਐਲਬਰਟਾ ਸੂਬਿਆਂ ਵਿਚ ਆਪ ਦੀ ਪਾਰਟੀ ਦੀ ਸਰਕਾਰ ਹੈ ਤੇ ਪਾਰਲੀਮੈਂਟ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਤੀਜੀ ਧਿਰ ਹੈ, ਜਦ ਕਿ ਇਨ੍ਹਾਂ ਦੀ ਹੈਸੀਅਤ ਦੂਜੀ ਤੇ ਪ੍ਰਮੁੱਖ ਵਿਰੋਧੀ ਧਿਰ ਵਾਲੀ ਹੀ ਸੀ, ਪਰ ਕੰਜ਼ਰਵੇਟਿਵ ਪਾਰਟੀ ਨੂੰ ਹਰਾਉਣ ਦੀ ਨੀਤੀ ਤੋਂ ਹੀ ਲਿਬਰਲ ਪਾਰਟੀ ਦੀ ਹਮਾਇਤ ਕਾਰਨ ਇਸ ਪੁਜ਼ੀਸ਼ਨ 'ਤੇ ਆਏ।
ਹੁਣ ਜਦ ਪਾਰਟੀ ਲੀਡਰ ਦੀ ਚੋਣ ਆਈ ਤਾਂ ਕੈਨੇਡਾ ਵਿਚ 47000 ਨਵੇਂ ਮੈਂਬਰ ਇਸ ਪਾਰਟੀ ਦੇ ਬਣੇ, ਇਸ ਮੈਂਬਰਸ਼ਿਪ ਲਈ ਸ: ਜਗਮੀਤ ਸਿੰਘ ਦੀ ਪ੍ਰਮੁੱਖ ਭੂਮਿਕਾ ਰਹੀ ਹੈ। ਵੈਸੇ ਜਦ ਆਪ ਨੇ ਪਾਰਟੀ ਫੰਡ ਇਕੱਤਰ ਕਰਨ ਵਿਚ ਸਭ ਤੋਂ ਮੋਹਰੀ ਭੂਮਿਕਾ ਨਿਭਾਈ, ਉਦੋਂ ਤੋਂ ਇਸ ਦੇ ਵੱਡੇ ਲੀਡਰ ਵਜੋਂ ਉਭਰਨ ਦੀਆਂ ਕਿਆਸਰਾਈਆਂ ਸ਼ੁਰੂ ਹੋ ਗਈਆਂ ਸਨ। ਜਿਥੇ ਇਨ੍ਹਾਂ ਨੂੰ ਸਿੱਖ ਤੇ ਪੰਜਾਬੀ ਹਲਕਿਆਂ ਵਿਚੋਂ ਵੋਟਾਂ ਵੱਧ ਮਿਲਣ ਦੀ ਸਫਲ ਉਮੀਦ ਸੀ, ਉਥੇ ਮੇਨ ਸਟਰੀਮ (ਮੂਲ ਕੈਨੇਡੀਅਨ) ਖੇਤਰ 'ਚੋਂ ਘੱਟ ਵੋਟਾਂ ਮਿਲਣ ਦਾ ਖਦਸ਼ਾ ਸੀ, ਪਰ ਹੋਰ ਸੂਬਿਆਂ ਦੇ ਮੁਕਾਬਲੇ ਉਥੋਂ ਵੀ ਵੋਟਾਂ ਵੱਧ ਮਿਲੀਆਂ। ਆਪ ਨੂੰ ਜ਼ਿਆਦਾ ਵੋਟਾਂ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਐਲਬਰਟਾ ਸੂਬਿਆਂ ਵਿਚੋਂ ਪਈਆਂ ਹਨ। ਕੁਲ ਵੋਟਾਂ ਵਿਚੋਂ 53.8 ਫੀਸਦੀ ਵੋਟਾਂ ਦੀ ਪ੍ਰਾਪਤੀ ਇਨ੍ਹਾਂ ਦੇ ਉਜਲੇ ਰਾਜਸੀ ਭਵਿੱਖ ਵੱਲ ਸਪੱਸ਼ਟ ਸੰਕੇਤ ਹੈ। ਚੋਣਾਂ ਵਿਚ ਨਿਊ ਡੈਮੋਕ੍ਰਟਿਕ ਦੇ ਦੋ ਪ੍ਰਮੁੱਖ ਦਫਤਰ ਸਨ-ਇਕ ਟੋਰਾਂਟੋ ਵਿਚ ਤੇ ਦੂਸਰਾ ਸਰੀ (ਬੀ.ਸੀ.) ਵਿਚ। ਸਰੀ ਵਿਚ ਖਾਸ ਭੂਮਿਕਾ ਨਿਭਾਉਣ ਵਾਲੇ ਸਿੱਖ ਨੌਜਵਾਨ ਸ: ਅਰਸ਼ਵੀਰ ਸਿੰਘ ਮਾਨ ਦਾ ਕਹਿਣਾ ਹੈ ਕਿ ਕੈਨੇਡਾ ਦੀ ਰਾਜਨੀਤੀ ਵਿਚ ਸ: ਜਗਮੀਤ ਸਿੰਘ ਦੇ ਅਤੀਤ ਤੇ ਵਰਤਮਾਨ ਨੇ ਜਿਥੇ ਕੈਨੇਡਾ ਦੀ ਸਿਆਸਤ ਨੂੰ ਇਕ ਨਵਾਂ ਮੋੜ ਦਿੱਤਾ ਹੈ, ਉਥੇ ਸਿੱਖੀ ਸਰੂਪ ਵਿਚ ਹੀ ਕੁਝ ਵੀ ਕਰ ਸਕਣ ਦੀ ਭਾਵਨਾ ਨੂੰ ਸਾਕਾਰ ਕਰ ਦਿਖਾਇਆ ਹੈ।
ਆਪ ਦੇ ਕਾਬਿਲ ਰਾਜਸੀ ਆਗੂ ਤੇ ਠਰੰਮੇ ਦਾ ਪ੍ਰਮਾਣ ਹੈ ਕਿ ਜਦ ਕਿਊਬਿਕ ਸੂਬੇ ਦੀ ਸਰਕਾਰ ਨੇ ਮੁਸਲਿਮ ਔਰਤਾਂ ਦੇ ਪਹਿਰਾਵੇ ਬੁਰਕੇ ਸਬੰਧੀ ਕਾਨੂੰਨ ਪਾਸ ਕੀਤਾ ਤਾਂ ਇਕ ਮੁਸਲਿਮ ਔਰਤ ਨੇ ਇਸ ਦੇ ਵਿਰੋਧ 'ਚ ਨਾ ਖੜੋਣ 'ਤੇ ਆਪ ਨੂੰ ਭੈੜੇ ਤਰੀਕੇ ਨਾਲ ਕੋਸਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਆਪ ਨੇ ਸਿੱਖੀ ਦੇ 'ਪਿਆਰ ਤੇ ਹੌਸਲੇ' ਦੇ ਸੁਨੇਹੇ ਨਾਲ ਸਭ ਦਾ ਦਿਲ ਜਿੱਤਿਆ, ਜਿਸ ਦੀ ਚਰਚਾ ਸੋਸ਼ਲ ਮੀਡੀਆ 'ਤੇ ਵੀ ਖੂਬ ਹੋਈ। ਇਥੋਂ ਤੱਕ ਕਿ ਮੀਡੀਆ ਨੇ ਟਰੰਪ ਨੂੰ ਵੀ ਇਸ ਤਰ੍ਹਾਂ ਦੀ ਉੱਚੇ-ਸੁੱਚੇ ਵਿਚਾਰਾਂ ਵਾਲੀ ਠਰ੍ਹੰਮੀ ਸੁਰ ਦੀ ਸਿਆਸਤ ਕਰਨ ਦੀ ਨਸੀਹਤ ਦਿੱਤੀ। ਇਸ ਚੋਣ ਵਿਚ ਸਦਾਚਾਰਕ ਗੁਣਾਂ, ਪ੍ਰਭਾਵਸ਼ਾਲੀ ਬੁਲਾਰੇ ਤੇ ਦੂਰਅੰਦੇਸ਼ੀ ਰਾਜਸੀ ਸੂਝ-ਬੂਝ ਪੱਖੋਂ ਜਗਮੀਤ ਸਿੰਘ ਦੂਸਰੇ ਉਮੀਦਵਾਰਾਂ 'ਤੇ ਭਾਰੂ ਰਹੇ।
ਜਦ ਆਪ ਦੀ ਜਿੱਤ ਦੀ ਖ਼ਬਰ ਆਈ ਤਾਂ ਦੇਸ਼ ਦੇ ਪ੍ਰਮੁੱਖ ਰਾਜਸੀ ਆਗੂਆਂ ਨੇ ਆਪ ਨੂੰ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਲੀਡਰ ਸਵੀਕਾਰਦਿਆਂ ਸ਼ੁਭ ਕਾਮਨਾਵਾਂ ਭੇਜੀਆਂ ਹਨ। 2019 ਵਿਚ ਕੈਨੇਡਾ ਦੀਆਂ ਆ ਰਹੀਆਂ ਚੋਣਾਂ ਵਿਚ ਤਿੰਨ ਪ੍ਰਮੁੱਖ ਉਮੀਦਵਾਰ ਪ੍ਰਧਾਨ ਮੰਤਰੀ ਪਦ ਲਈ ਮੈਦਾਨ ਵਿਚ ਨਿਤਰਨਗੇ। ਉਨ੍ਹਾਂ ਵਿਚ ਇਕ ਸ: ਜਗਮੀਤ ਸਿੰਘ ਦੇ ਹੋਣ ਦੀ ਲੋਕਤੰਤਰੀ ਪ੍ਰਵਾਨਗੀ ਮਿਲ ਚੁੱਕੀ ਹੈ।


-ਗੁਰੂ ਕਾਸ਼ੀ ਕਾਲਜ ਆਫ਼ ਸਿੱਖ ਸਟੱਡੀਜ਼, ਦਮਦਮਾ ਸਾਹਿਬ।
ਮੋਬਾ: 94638-61316

ਕਿਲ੍ਹਾ ਬਾੜਾ; ਨਾਂਅ ਤੇ ਸ਼ਾਨ ਅੱਜ ਵੀ ਕਾਇਮ

ਪਾਕਿਸਤਾਨ ਦੇ ਕਬਾਇਲੀ ਇਲਾਕੇ ਫਾਟਾ (ਫੈਡਰਲੀ ਐਡਮਿਨਿਸਟ੍ਰੇਟਿਡ ਟਰਾਈਬਲ ਏਰੀਆ) ਦੇ ਖ਼ੈਬਰ ਏਜੰਸੀ ਦੀ ਤਹਿਸੀਲ ਬਾੜਾ ਵਿਚ ਮੌਜੂਦ ਕਿਲ੍ਹਾ ਬਾੜਾ ਸਿੱਖ ਰਾਜ ਦੀ ਧਰੋਹਰ ਦੇ ਰੂਪ ਵਿਚ ਅੱਜ ਵੀ ਆਪਣੀ ਸ਼ਾਨ ਕਾਇਮ ਰੱਖੇ ਹੋਏ ਹੈ। ਮੌਜੂਦਾ ਸਮੇਂ ਬਾੜਾ ਸ਼ਹਿਰ ਬਾੜਾ ਨਦੀ ਦੇ ਪੱਤਣ 'ਤੇ ਆਬਾਦ ਹੈ ਅਤੇ ਇਸ ਦੇ ਦੱਖਣ ਵੱਲ ਕੁਹਾਟ ਅਤੇ ਉੱਤਰ ਵਿਚ ਪੇਸ਼ਾਵਰ ਸ਼ਹਿਰ ਆਬਾਦ ਹਨ। ਬਾੜਾ ਸ਼ਹਿਰ ਉੱਘਰਵਾਦੀ ਸੰਗਠਨ ਲਸ਼ਕਰ-ਏ-ਇਸਲਾਮ ਦਾ ਕੇਂਦਰ ਹੋਣ ਕਰਕੇ ਇਥੇ ਹਰ ਆਏ ਦਿਨ ਲਸ਼ਕਰ ਦੇ ਉੱਘਰਵਾਦੀਆਂ ਅਤੇ ਪਾਕਿਸਤਾਨੀ ਸੈਨਾ ਵਿਚ ਯੁੱਧ ਦੀ ਸਥਿਤੀ ਬਣੀ ਰਹਿੰਦੀ ਹੈ। ਇਥੇ ਲਗਾਤਾਰ ਹੋਣ ਵਾਲੀ ਗੋਲਾਬਾਰੀ ਦੇ ਚਲਦਿਆਂ ਇਸ ਇਲਾਕੇ ਵਿਚ ਸਥਾਪਿਤ ਹਿੰਦੂਆਂ-ਸਿੱਖਾਂ ਨਾਲ ਸਬੰਧਿਤ ਧਾਰਮਿਕ ਸਮਾਰਕ ਤਾਂ ਕਾਇਮ ਨਹੀਂ ਰਹਿ ਸਕੇ, ਪਰ ਸਿੱਖ ਰਾਜ ਦੇ ਦੌਰਾਨ ਸਥਾਪਤ ਕੀਤਾ ਗਿਆ ਕਿਲ੍ਹਾ ਬਾੜਾ ਅੱਜ ਵੀ ਮੌਜੂਦ ਹੈ ਅਤੇ ਇਸ ਸਮੇਂ ਇਹ 11ਵੀਂ ਫਰੰਟੀਅਰ ਕੋਰ ਦਾ ਹੈੱਡ ਕੁਆਰਟਰ ਹੈ, ਜਿਸ ਕਾਰਨ ਇਸ ਨੂੰ ਆਮ ਤੌਰ 'ਤੇ ਐਫ਼.ਸੀ. ਫੋਰਟ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ।
ਸੰਨ 1834 ਵਿਚ ਜਦੋਂ ਸਿੱਖ ਰਾਜ ਦੁਆਰਾ ਪੇਸ਼ਾਵਰ ਨੂੰ ਫ਼ਤਹਿ ਕੀਤਾ ਗਿਆ ਤਾਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਆਦੇਸ਼ 'ਤੇ ਸ: ਹਰੀ ਸਿੰਘ ਨਲੂਆ ਦੁਆਰਾ ਸ: ਮੰਗਲ ਸਿੰਘ ਰਾਮਗੜ੍ਹੀਆ ਨੂੰ ਸਰਹੱਦ ਦੀ ਸੁਰੱਖਿਆ ਲਈ ਗ਼ੈਰ-ਇਲਾਕਿਆਂ ਦੀਆਂ ਸਰਹੱਦਾਂ 'ਤੇ ਕਿਲ੍ਹੇ ਉਸਾਰਨ ਦਾ ਆਦੇਸ਼ ਜਾਰੀ ਕੀਤਾ ਗਿਆ। ਅਫ਼ਰੀਦੀਆਂ ਅਤੇ ਕਬਾਇਲੀਆਂ 'ਤੇ ਨਜ਼ਰ ਰੱਖਣ ਲਈ ਇਨ੍ਹਾਂ ਕਿਲ੍ਹਿਆਂ ਦਾ ਨਿਰਮਾਣ ਕੀਤਾ ਜਾਣਾ ਬਹੁਤ ਜ਼ਰੂਰੀ ਸੀ।
ਸ: ਮੰਗਲ ਸਿੰਘ ਰਾਮਗੜ੍ਹੀਆ ਦੁਆਰਾ ਅਫ਼ਰੀਦੀਆਂ ਦੇ ਗੜ੍ਹ ਤੀਰਾਈ ਅਤੇ ਸ਼ੀਨਨੂ ਘਾਟੀਆਂ ਵਿਚੋਂ ਨਿਕਲ ਕੇ ਪੇਸ਼ਾਵਰ ਨੂੰ ਆਉਣ ਵਾਲੇ ਰਸਤਿਆਂ 'ਤੇ ਕਿਲ੍ਹਾ ਬਾੜਾ ਦਾ ਨਿਰਮਾਣ ਕਰਵਾਇਆ ਗਿਆ। ਤਵਾਰੀਖ਼-ਏ-ਪੇਸ਼ਾਵਰ ਦੇ ਸਫ਼ਾ 53 ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਆਦੇਸ਼ 'ਤੇ ਕਿਲ੍ਹੇ ਨੂੰ ਬਾੜਾ ਨਦੀ ਦੇ ਕਿਨਾਰੇ 'ਤੇ ਬਣਾਇਆ ਗਿਆ। ਬਾੜਾ ਨਦੀ ਦੇ ਕਿਨਾਰੇ 'ਤੇ ਬਣਿਆ ਹੋਣ ਕਰਕੇ ਉਪਰੋਕਤ ਕਿਲ੍ਹਾ 'ਬਾੜਾ ਕਿਲ੍ਹੇ' ਦੇ ਨਾਂਅ ਤੋਂ ਜਾਣਿਆ ਜਾਣ ਲੱਗਾ। ਕਿਲ੍ਹਾ ਬਣਨ ਦੇ ਬਾਅਦ ਸ: ਮੰਗਲ ਸਿੰਘ ਰਾਮਗੜ੍ਹੀਆ ਨੂੰ ਇਸ ਕਿਲ੍ਹੇ ਦੀ ਕਿਲ੍ਹੇਦਾਰੀ ਸੌਂਪੀ ਗਈ ਅਤੇ ਬਾਅਦ ਵਿਚ ਸ: ਝੰਡਾ ਸਿੰਘ ਬੁਤਾਲੀਆ ਦੀ ਨਿਗਰਾਨੀ ਹੇਠ 300 ਪੈਦਲ ਸੈਨਾ, 100 ਘੋੜ ਸਵਾਰ, 3 ਤੋਪਾਂ ਅਤੇ ਜ਼ਰੂਰਤ ਦੇ ਅਨੁਸਾਰ ਅਸਲ੍ਹਾ-ਬਾਰੂਦ ਰੱਖਿਆ ਗਿਆ। ਹਾਇਤਾਬਾਦ-ਬਾੜਾ ਰੋਡ ਜੋ ਅੱਗੇ ਜਾ ਕੇ ਬਾੜਾ ਪਿੰਡ ਵੱਲ ਘੁੰਮ ਜਾਂਦੀ ਹੈ, ਇਸੇ ਬਾੜਾ ਰੋਡ 'ਤੇ ਬਾੜਾ ਨਾਲਾ ਪਾਰ ਕਰਦਿਆਂ ਹੀ ਕਿਲ੍ਹਾ ਰੋਡ ਸ਼ੁਰੂ ਹੋ ਜਾਂਦੀ ਹੈ। ਸੁਰੱਖਿਆ ਨਿਯਮਾਂ ਦੇ ਚਲਦਿਆਂ ਇਸ ਪਾਸੇ ਜਾਣ 'ਤੇ ਸਖ਼ਤ ਮਨਾਹੀ ਹੈ ਅਤੇ ਪਾਕਿਸਤਾਨੀ ਰੇਂਜਰਾਂ ਦੁਆਰਾ ਤਲਾਸ਼ੀ ਅਤੇ ਪੁੱਛ-ਪੜਤਾਲ ਕਰਨ ਦੇ ਬਾਅਦ ਹੀ ਅੱਗੇ ਜਾਣਾ ਸੰਭਵ ਰਹਿੰਦਾ ਹੈ। ਬਾੜਾ ਰੋਡ ਵਲੋਂ ਕਿਲ੍ਹੇ ਵਿਚ ਜਾਣ 'ਤੇ ਪਹਿਲਾਂ ਖੱਬੇ ਹੱਥ ਪਾਸੇ ਛੋਟੇ ਜਿਹੇ ਮੈਦਾਨ ਵਿਚ ਦੋ ਪੁਰਾਣੀਆਂ ਨਾਨਕਸ਼ਾਹੀ ਇੱਟਾਂ ਨਾਲ ਬਣੀਆਂ ਪੱਕੀਆਂ ਕਬਰਾਂ ਮੌਜੂਦ ਹਨ। ਕਰੀਬ 3 ਫੁੱਟ ਉੱਚੀਆਂ ਇਨ੍ਹਾਂ ਕਬਰਾਂ 'ਤੇ ਇਨ੍ਹਾਂ ਨਾਲ ਸਬੰਧਤ ਕੋਈ ਜਾਣਕਾਰੀ ਦਰਜ ਨਾ ਹੋਣ ਕਰਕੇ ਇਹ ਕਹਿਣਾ ਅਸੰਭਵ ਹੈ ਕਿ ਇਹ ਅੰਗਰੇਜ਼ੀ ਸੈਨਾ ਦੇ ਕਿਨ੍ਹਾਂ ਅੰਗਰੇਜ਼ ਅਧਿਕਾਰੀਆਂ ਦੀਆਂ ਕਬਰਾਂ ਹੋਣਗੀਆਂ ਅਤੇ ਇਨ੍ਹਾਂ ਨੂੰ ਇਥੇ ਕਦੋਂ ਅਤੇ ਕਿਉਂ ਤਾਮੀਰ ਕਰਵਾਇਆ ਗਿਆ ਹੋਵੇਗਾ? ਇਸ ਦੋ ਕਬਰਾਂ ਵਾਲੇ ਕਬਰਸਤਾਨ ਦੇ ਬਿਲਕੁਲ ਸਾਹਮਣੇ ਬਾੜਾ ਮਾਰਕੀਟ ਹੈ, ਜਿਸ ਨੂੰ ਸਦਰ ਬਾਜ਼ਾਰ ਵੀ ਕਿਹਾ ਜਾਂਦਾ ਹੈ। ਕਿਲ੍ਹੇ ਦੀ ਸੈਨਾ ਦੇ ਲੋਕ ਇਸੇ ਬਾਜ਼ਾਰ 'ਚੋਂ ਖ਼ਰੀਦਦਾਰੀ ਕਰਦੇ ਹਨ।
ਬਾੜਾ ਕਿਲ੍ਹੇ ਨੂੰ ਮਜ਼ਬੂਤੀ ਦੇਣ ਲਈ ਇਸ ਦੇ 4 ਵਿਸ਼ਾਲ ਤੇ ਮਜ਼ਬੂਤ ਬੁਰਜ ਬਣਾਏ ਗਏ ਹਨ। ਇਨ੍ਹਾਂ ਬੁਰਜਾਂ ਦਾ ਘੇਰਾ 100 ਫੁੱਟ ਤੋਂ ਵੀ ਜ਼ਿਆਦਾ ਹੈ ਅਤੇ ਇਨ੍ਹਾਂ ਵਿਚ ਸੈਨਿਕਾਂ ਦੇ ਨਿਵਾਸ ਲਈ ਕਈ ਕਮਰੇ ਬਣਾਏ ਗਏ ਹਨ। ਅੰਗਰੇਜ਼ੀ ਰਾਜ ਦੇ ਸਮੇਂ ਇਨ੍ਹਾਂ ਬੁਰਜਾਂ ਸਹਿਤ ਕਿਲ੍ਹੇ ਦੇ ਬਾਕੀ ਸਮਾਰਕਾਂ ਵਿਚ ਕੀਤੀ ਗਈ ਤਬਦੀਲੀ ਸਾਫ਼ ਵਿਖਾਈ ਦੇ ਜਾਂਦੀ ਹੈ। ਕਿਲ੍ਹੇ ਦੀਆਂ ਅੰਦਰਲੀਆਂ ਦੀਵਾਰਾਂ 20-25 ਫੁੱਟ ਉੱਚੀਆਂ ਅਤੇ 10 ਫੁੱਟ ਚੌੜੀਆਂ ਹਨ। ਕਿਲ੍ਹੇ ਦੀ ਫ਼ਸੀਲ (ਸੁਰੱਖਿਆ ਦੀਵਾਰ) ਚਾਰ ਫੁੱਟ ਚੌੜੀ ਅਤੇ ਬਹੁਤ ਮਜ਼ਬੂਤ ਹੈ। (ਚਲਦਾ)


-ਫੋਨ : 93561-27771, 78378-49764

ਗੁਰਦੁਆਰਾ ਸਾਹਿਬ ਮਾਕਿੰਡੋ (ਕੀਨੀਆ)

ਗੁਰਦੁਆਰਾ ਸਾਹਿਬ ਮਾਕਿੰਡੋ ਦੀ ਮੌਜੂਦਾ ਇਮਾਰਤ 1926 ਈ: ਵਿਚ ਬਣਾਈ ਗਈ ਪਰ ਇਸ ਦੀ ਸ਼ੁਰੂਆਤ 19ਵੀਂ ਸਦੀ ਦੇ ਆਖਰੀ ਦਹਾਕੇ ਵਿਚ ਸ਼ੁਰੂ ਹੋ ਗਈ ਸੀ ਜਦ ਮੁਬਾਸਾ-ਕਸੁਮੋ ਰੇਲਵੇ ਲਾਈਨ ਲਗਪਗ ਮੁਕੰਮਲ ਹੋ ਗਈ। ਮਾਕਿੰਡੋ ਕੀਨੀਆ ਦਾ ਉਹ ਸ਼ਹਿਰ ਹੈ ਜੋ ਕਸੁਮੋ ਤੋਂ ਮੁਬਾਸਾ ਹਾਈਵੇ 'ਤੇ 190 ਕਿਲੋਮੀਟਰ ਦੀ ਦੂਰੀ 'ਤੇ ਹੈ। ਇਥੇ ਰੇਲਵੇ ਸਟੇਸ਼ਨ 'ਤੇ ਵਰਕਸ਼ਾਪ ਬਣਨ ਨਾਲ ਦਰਜਨਾਂ ਸਿੱਖ ਰੇਲਵੇ ਡਰਾਈਵਰ, ਗਾਰਡ, ਸਟੇਸ਼ਨ ਮਾਸਟਰ, ਠੇਕੇਦਾਰ ਤੇ ਤਕਨੀਕੀ ਸੇਵਾ ਤੇ ਹੋਰ ਕਾਮੇ ਹੋਣ ਕਾਰਨ ਇਹ ਸਟੇਸ਼ਨ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ। 1901 ਈ: ਦੇ ਆਰੰਭ 'ਚ ਇਕ ਦਰੱਖਤ ਦੀ ਛਾਂ 'ਚ ਸਿੱਖ, ਹਿੰਦੂ ਤੇ ਮੁਸਲਿਮ ਸ਼ਰਧਾਲੂ ਇਕੱਤਰ ਹੋ ਕੇ ਰੱਬੀ ਗੁਣਾਂ ਦਾ ਗਾਇਨ ਕਰਦੇ ਸਨ।
ਇਸ ਅਸਥਾਨ 'ਤੇ ਫਿਰ ਛੋਟਾ ਜਿਹਾ ਟੀਨਾਂ ਤੇ ਲੱਕੜ ਦਾ ਗੁਰਦੁਆਰਾ ਬਣਾਇਆ ਗਿਆ। ਗੁਰਦੁਆਰਾ ਸਾਹਿਬ ਦੀ ਇਮਾਰਤ 1926 ਈ: 'ਚ ਤਾਮੀਰ ਕੀਤੀ ਗਈ। ਗੁਰਦੁਆਰਾ ਸਾਹਿਬ ਦੀ ਨੀਂਹ ਰੱਖਣ ਵਿਚ ਭਾਈ ਭਾਗ ਸਿੰਘ ਆਹਲੂਵਾਲੀਆ (ਹੈੱਡ ਮਾਸਟਰ), ਭਾਈ ਲਛਮਣ ਦਾਸ ਅਤੇ ਸ: ਤੇਜਾ ਸਿੰਘ ਗਾਰਡ ਨੇ ਅਹਿਮ ਭੂਮਿਕਾ ਨਿਭਾਈ। ਬਾਬਾ ਪੂਰਨ ਸਿੰਘ, ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਸਿੱਖ ਸੰਗਤਾਂ ਦੇ ਸਾਥ ਕਰੀਚੋ ਤੋਂ ਨਰੂਬੀ ਰਸਤੇ ਮਾਕਿੰਡੋ ਹਰ ਮਹੀਨੇ ਦੀਵਾਨ ਕਰਨ ਵਾਸਤੇ ਪਹੁੰਚਦੇ ਰਹੇ। ਉਸ ਸਮੇਂ ਸਫ਼ਰ ਬੈਲ ਗੱਡਿਆਂ 'ਤੇ ਕੀਤਾ ਜਾਂਦਾ ਸੀ ਪਰ ਜਗਿਆਸੂਆਂ ਦੀ ਜਗਿਆਸਾ ਦੇ ਸਾਹਮਣੇ ਸਫ਼ਰ ਦੀਆਂ ਮੁਸ਼ਕਿਲਾਂ ਵੀ ਸੰਗਤੀ ਰੂਪ ਵਿਚ ਸੁੱਖ ਦਾ ਸਾਧਨ ਬਣ ਜਾਂਦੀਆਂ। ਦੂਸਰੀ ਜੰਗ ਸਮੇਂ 1940 ਈ: ਵਿਚ ਮਾਕਿੰਡੋ ਤੋਂ ਰੇਲਵੇ ਦਾ ਹੈੱਡਕੁਆਟਰ ਤਬਦੀਲ ਹੋ ਗਿਆ, ਜਿਸ ਕਾਰਨ ਸਿੱਖਾਂ ਨੂੰ ਵੀ ਇਥੋਂ ਆਪਣੀ ਰਿਹਾਇਸ਼ ਬਦਲਣੀ ਪਈ, ਜਿਸ ਕਾਰਨ ਇਹ ਗੁਰੂ-ਘਰ ਬੰਦ ਕਰਨਾ ਪਿਆ, ਪਰ ਇਕ ਗਵਾਲੋ ਨਾਂਅ ਦਾ ਅਫ਼ਰੀਕੀ ਸੇਵਾਦਾਰ (Watchman) ਸੇਵਾ-ਸੰਭਾਲ ਵਾਸਤੇ ਇੱਥੇ ਰਹਿੰਦਾ ਸੀ। 1950 ਈ: ਵਿਚ ਬੰਦ ਪਏ ਗੁਰੂ-ਘਰ ਨੂੰ ਅੱਗ ਲੱਗ ਗਈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਰੱਖਿਅਤ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਦੀ ਸੰਭਾਲ ਕਰਨ ਵਾਸਤੇ ਉਨ੍ਹਾਂ ਨੂੰ ਨਰੂਬੀ ਗੁਰੂ-ਘਰ, ਸ੍ਰੀ ਗੁਰੂ ਸਿੰਘ ਸਭਾ ਵਿਖੇ ਸੰਭਾਲਿਆ ਗਿਆ। ਇਨ੍ਹਾਂ ਵਿਚ ਉਹ ਇਕ ਵੱਡ ਆਕਾਰੀ ਬੀੜ ਵੀ ਸੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਪੰਜਾਬ ਤੋਂ 1892 ਈ: ਵਿਚ ਲਿਆਂਦੀ ਗਈ। ਇਸ ਨੂੰ ਬਖਸ਼ਿਸ਼ ਵਾਲਾ ਸਰੂਪ ਵੀ ਕਿਹਾ ਜਾਂਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਪਰਚੀਆਂ ਸੂਫ਼ੀ ਫਕੀਰਾਂ ਦੀਆਂ

ਮੱਧਕਾਲੀ ਵਾਰਤਕ ਵਿਚ ਜਿਹੜੀਆਂ ਜੀਵਨੀ-ਮੂਲਕ ਰਚਨਾਵਾਂ ਮਿਲਦੀਆਂ ਹਨ, ਇਨ੍ਹਾਂ ਵਿਚੋਂ ਸਾਖੀਆਂ, ਜਨਮ ਸਾਖੀਆਂ, ਪਰਚੀਆਂ, ਮਸਲੇ ਅਤੇ ਗੋਸ਼ਟਾਂ ਆਦਿ ਸ਼ਾਮਿਲ ਹਨ। ਇਨ੍ਹਾਂ ਸਾਰੇ ਵਾਰਤਕ ਰੂਪਾਂ ਵਿਚ ਕੁਝ ਸੂਖਮ ਅੰਤਰ ਹੋਣ ਦੇ ਬਾਵਜੂਦ ਸਭਨਾਂ ਵਿਚ ਨਾਇਕ-ਚਿਤਰਣ ਦਾ ਪ੍ਰਯੋਜਨ ਸਾਂਝਾ ਹੈ। ਪਰਚੀ ਸ਼ਬਦ ਸੰਸਕ੍ਰਿਤ ਸ਼ਬਦ ਪਰਿਚਯ ਦਾ ਤਦਭਵ ਰੂਪ ਹੈ, ਜਿਸ ਦਾ ਅਰਥ ਹੈ ਜਾਣ-ਪਛਾਣ ਜਾਂ ਵਾਕਫੀਅਤ ਕਰਾਉਣੀ। ਇੰਜ ਪਰਚੀ ਸਾਹਿਤ ਵਿਚ ਸੰਤਾਂ, ਭਗਤਾਂ ਅਤੇ ਮਹਾਂਪੁਰਖਾਂ ਦੇ ਜੀਵਨ ਬਿਰਤਾਂਤ ਦੇਣੇ ਇਸ ਦਾ ਮੂਲ ਆਸ਼ਾ ਹੈ। ਪਰਚੀਆਂ ਕਵਿਤਾ, ਵਾਰਤਕ ਅਤੇ ਕਵਿਤਾ-ਵਾਰਤਕ ਰਲੇ-ਮਿਲੇ ਰੂਪਾਂ ਵਿਚ ਮਿਲਦੀਆਂ ਹਨ।
ਸਿੱਖ ਸੰਪਰਦਾਵਾਂ ਵਿਚ ਸੇਵਾਪੰਥੀ ਸੰਪਰਦਾਇ ਦਾ ਇਕ ਖਾਸ ਥਾਂ ਹੈ। ਭਾਈ ਸਹਿਜ ਰਾਮ ਇਸ ਸੰਪਰਦਾ ਦੇ ਇਕ ਸਿਰਕੱਢ ਲੇਖਕ ਸਨ, ਜਿਨ੍ਹਾਂ ਦੀਆਂ ਕਈ ਪਰਚੀਆਂ ਮਿਲਦੀਆਂ ਹਨ। ਇਨ੍ਹਾਂ ਵਿਚੋਂ 4 ਸੂਫ਼ੀ ਫ਼ਕੀਰਾਂ ਦੀਆਂ ਹਨ, ਪਰਚੀ ਰਾਬਿਆ ਕੀ, ਪਰਚੀ ਅਵੈਸ ਕਰਨੀ ਜੀ ਕੀ, ਪਰਚੀ ਮਨਸੂਰ ਕੀ ਅਤੇ ਪਰਚੀ ਫਜ਼ੈਲ ਜੀ ਕੀ ਹਨ। ਪਰਚੀਆਂ ਸੂਫ਼ੀ ਫ਼ਕੀਰਾਂ ਦੀਆਂ ਵੱਡ ਅਕਾਰੀ ਗ੍ਰੰਥ ਦਾ ਇਕ ਭਾਗ ਹਨ, ਜਿਨ੍ਹਾਂ ਨੂੰ ਡਾ: ਦੇਵਿੰਦਰ ਸਿੰਘ ਉਸਾਹਨ ਨੇ ਸੰਪਾਦਿਤ ਕੀਤਾ ਹੈ। ਇਨ੍ਹਾਂ ਦਾ ਆਸ਼ਾ ਮੁਸਲਿਮ ਸੂਫ਼ੀ ਫ਼ਕੀਰਾਂ ਦੇ ਭਗਤੀਪਰਕ ਜੀਵਨ ਨੂੰ ਬਿਆਨ ਕਰਨਾ ਹੈ। ਇਸ ਦੇ ਨਾਲ ਹੀ ਕਵੀ ਨੇ ਧਰਮ, ਦਰਸ਼ਨ ਅਤੇ ਭਗਤੀ ਆਦਿ ਬਾਰੇ ਵੀ ਆਪਣੇ ਵਿਚਾਰ ਵਿਅਕਤ ਕੀਤੇ ਹਨ। ਭਾਈ ਸਹਿਜ ਰਾਮ ਦਾ ਜਨਮ 1703 ਬਿਕਰਮੀ ਨੂੰ ਨੂਰਪੁਰ ਜ਼ਿਲ੍ਹਾ ਸ਼ਾਹਪੁਰ (ਪਾਕਿਸਤਾਨ) ਵਿਚ ਹੋਇਆ। ਸਾਰੀ ਉਮਰ ਤਿਆਗੀ ਰਹਿ ਕੇ ਧਰਮ ਪ੍ਰਚਾਰ ਅਤੇ ਜਨ ਕਲਿਆਣ ਦੇ ਕੰਮ ਕਰਦੇ ਰਹੇ। ਪਰਚੀਆਂ ਦਾ ਰਚਨਾਕਾਲ 1780-1800 ਈ: ਦਰਮਿਆਨ ਮੰਨਿਆ ਜਾਂਦਾ ਹੈ।
ਪਰਚੀ ਰਾਬਿਆ ਜੀ ਕੀ : ਰਾਬਿਆ ਜਾਂ ਰਾਬਿਆ ਬਸਰੀ ਮੁੱਢਲੇ ਸੂਫ਼ੀਆਂ ਵਿਚ ਇਕ ਪ੍ਰਸਿੱਧ ਨਾਂਅ ਹੈ। ਇਸ ਦਾ ਜੀਵਨ ਕਾਲ 714 ਈ: ਤੋਂ 870 ਈ: ਤੱਕ ਦਾ ਮੰਨਿਆ ਜਾਂਦਾ ਹੈ। ਜਨਮ ਅਤੇ ਦਿਹਾਂਤ ਬਸਰੇ ਵਿਚ ਹੋਇਆ। ਰਾਬਿਆ ਦੇ ਮਾਂ-ਪਿਉ ਬਹੁਤ ਗਰੀਬ ਸਨ। ਏਨੀ ਗਰੀਬੀ ਕਿ ਰਾਬਿਆ ਦੇ ਜਨਮ ਸਮੇੇਂ ਦੀਵਾ ਬਾਲਣ ਲਈ ਘਰ ਵਿਚ ਤੇਲ ਵੀ ਨਹੀਂ ਸੀ ਅਤੇ ਬੱਚੇ ਨੂੰ ਕੱਪੜੇ ਵੀ ਗੁਆਂਢੀਆਂ ਤੋਂ ਮੰਗ ਕੇ ਪਾਏ ਗਏ। ਰਾਬਿਆ ਦੀਆਂ ਪਹਿਲਾਂ ਤੋਂ ਹੀ ਤਿੰਨ ਭੈਣਾਂ ਸਨ। ਰਾਬਿਆ ਦੀ ਮਾਂ ਬੜੀ ਮਾਯੂਸੀ ਅਤੇ ਨਿਰਾਸ਼ਾ ਦੇ ਆਲਮ ਵਿਚ ਬੈਠੀ ਸੀ ਅਤੇ ਪਿਤਾ ਵੀ। ਏਨੇ ਨੂੰ ਨੀਂਦ ਆ ਗਈ ਅਤੇ ਸੁਪਨੇ ਵਿਚ ਨਬੀ ਨੇ ਦਰਸ਼ਨ ਦੇ ਕੇ ਕਿਹਾ ਕਿ ਉਸ ਦੇ ਘਰ ਇਕ ਨੇਕ ਪਾਕ ਰੂਹ ਨੇ ਜਨਮ ਲਿਆ ਹੈ, ਜਿਸ ਕਰਕੇ ਫਿਕਰ ਕਰਨ ਦੀ ਲੋੜ ਨਹੀਂ। ਨਬੀ ਨੇ ਇਹ ਵੀ ਕਿਹਾ ਕਿ ਇਕ ਖ਼ਤ ਲਿਖ ਕੇ ਸ਼ਾਹੂਕਾਰ ਕੋਲ ਲੈ ਜਾਵੋ ਅਤੇ ਉਸ ਕੋਲੋਂ ਦੀਨਾਰ ਹਾਸਲ ਕਰ ਲਵੋ। ਰਾਬਿਆ ਦੇ ਪਿਤਾ ਨੇ ਅਜਿਹਾ ਹੀ ਕੀਤਾ। ਜਦ ਰਾਬਿਆ ਦੀ ਉਮਰ 12 ਸਾਲਾਂ ਦੀ ਹੋਈ ਤਾਂ ਭਿਆਨਕ ਕਾਲ ਪੈ ਗਿਆ। ਹਰ ਕੋਈ ਵਿਆਕੁਲ ਹੋਇਆ ਰੋਟੀ ਦੀ ਤਲਾਸ਼ ਵਿਚ ਨਿਕਲ ਪਿਆ। ਇਸ ਦੌੜ-ਭੱਜ ਵਿਚ ਰਾਬਿਆ ਆਪਣੇ ਮਾਤਾ-ਪਿਤਾ ਅਤੇ ਭੈਣਾਂ ਨਾਲੋਂ ਵਿਛੜ ਕੇ ਇਕ ਨਿਰਦਈ ਕਿਸਮ ਦੇ ਆਦਮੀ ਦੇ ਕਬਜ਼ੇ ਵਿਚ ਚਲੀ ਗਈ, ਜਿਸ ਨੇ ਉਸ ਨੂੰ ਕੁਝ ਰਕਮ ਬਦਲੇ ਅਗਾਂਹ ਵੇਚ ਦਿੱਤਾ। ਉਸ ਦੀ ਇਬਾਦਤ ਵੇਖ ਕੇ ਸਾਰਾ ਪਰਿਵਾਰ ਉਸ ਦਾ ਮੁਰੀਦ ਬਣ ਗਿਆ। ਰਾਬਿਆ ਸਿਦਕ, ਸਬਰ ਅਤੇ ਰੱਬ ਦੀ ਰਜ਼ਾ ਵਿਚ ਰਹਿਣ ਵਾਲੀ ਸਾਧਕ ਸੀ, ਜੋ ਕਿਸੇ ਕੋਲੋਂ ਕੁਝ ਮੰਗਣ ਤੋਂ ਪ੍ਰਹੇਜ਼ ਹੀ ਕਰਦੀ ਸੀ। ਇਕ ਵਾਰੀ ਰਾਬਿਆ ਇਬਾਦਤ ਵਿਚ ਮਗਨ ਸੀ ਅਤੇ ਉਸ ਦੇ ਆਸ-ਪਾਸ ਜੰਗਲੀ ਜਾਨਵਰ ਬੈਠ ਕੇ ਅਠਖੇਲੀਆਂ ਕਰਦੇ ਫਿਰਦੇ ਸਨ। ਅਚਾਨਕ ਬਸਰਾ ਨਿਵਾਸੀ ਹਸਨ ਉਥੇ ਪਹੁੰਚ ਗਿਆ, ਜਿਸ ਨੂੰ ਵੇਖਦੇ ਸਾਰ ਸਾਰੇ ਜਾਨਵਰ ਉਥੋਂ ਦੌੜ ਗਏ। ਉਸ ਨੇ ਅਜਿਹਾ ਹੋਣ ਦਾ ਕਾਰਨ ਪੁੱਛਿਆ ਤਾਂ ਰਾਬਿਆ ਨੇ ਸਹਿਜ ਸੁਭਾਅ ਕਿਹਾ ਕਿ ਇਬਾਦਤ ਕਰਨ ਵਾਲੇ ਨੂੰ ਸਭ ਪਿਆਰ ਕਰਦੇ ਹਨ। ਰਾਬਿਆ ਦੀਆਂ ਸਿੱਖਿਆਵਾਂ ਸੂਫ਼ੀਆਂ ਵਾਲੀਆਂ ਹਨ। (ਚਲਦਾ)


ਮੋਬਾ: 98889-39808

ਸ਼ਬਦ ਵਿਚਾਰ

ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ॥

ਸਿਰੀਰਾਗੁ ਮਹਲਾ ੫
ਭਲਕੇ ਉਠਿ ਪਪੋਲੀਐ
ਵਿਣੁ ਬੁਝੇ ਮੁਗਧ ਅਜਾਣਿ॥
ਸੋ ਪ੍ਰਭੁ ਚਿਤਿ ਨ ਆਇਓ
ਛੁਟੈਗੀ ਬੇਬਾਣਿ॥
ਸਤਿਗੁਰ ਸੇਤੀ ਚਿਤੁ ਲਾਇ
ਸਦਾ ਸਦਾ ਰੰਗੁ ਮਾਣਿ॥ ੧॥
ਪ੍ਰਾਣੀ ਤੂੰ ਆਇਆ ਲਾਹਾ ਲੈਣਿ॥
ਲਗਾ ਕਿਤੁ ਕੁਫਕੜੇ
ਸਭ ਮੁਕਦੀ ਚਲੀ ਰੈਣਿ॥ ੧॥ ਰਹਾਉ॥
ਕੁਦਮ ਕਰੇ ਪਸੁ ਪੰਖੀਆ
ਦਿਸੈ ਨਾਹੀ ਕਾਲੁ॥
ਓਤੈ ਸਾਥਿ ਮਨੁਖੁ ਹੈ
ਫਾਥਾ ਮਾਇਆ ਜਾਲਿ॥
ਮੁਕਤੇ ਸੇਈ ਭਾਲੀਅਹਿ
ਜਿ ਸਚਾ ਨਾਮੁ ਸਮਾਲਿ॥ ੨॥
ਜੋ ਘਰੁ ਛਡਿ ਗਵਾਵਣਾ
ਸੋ ਲਗਾ ਮਨ ਮਾਹਿ॥
ਜਿਥੈ ਜਾਇ ਤੁਧੁ ਵਰਤਣਾ
ਤਿਸੁ ਕੀ ਚਿੰਤਾ ਨਾਹਿ॥
ਫਾਥੇ ਸੇਈ ਨਿਕਲੇ
ਜਿ ਗੁਰ ਕੀ ਪੈਰੀ ਪਾਹਿ॥ ੩॥
ਕੋਈ ਰਖਿ ਨ ਸਕਈ
ਦੂਜਾ ਕੋ ਨ ਦਿਖਾਇ॥
ਚਾਰੇ ਕੁੰਡਾ ਭਾਲਿ ਕੈ
ਆਇ ਪਇਆ ਸਰਣਾਇ॥
ਨਾਨਕ ਸਚੈ ਪਾਤਿਸਾਹਿ
ਡੁਬਦਾ ਲਇਆ ਕਢਾਇ॥ ੪॥ ੩॥ ੭੩॥
(ਅੰਗ 43)
ਪਦ ਅਰਥ : ਭਲਕੇ-ਕਲ, ਹਰ ਰੋਜ਼। ਪਪੋਲੀਐ-ਪਾਲੀਦਾ ਪੋਸੀਦਾ ਹੈ। ਵਿਣੁ ਬੁਝੇ-ਬਿਨਾਂ ਸੋਚੇ ਸਮਝੇ। ਮੁਗਧ-ਮੂਰਖ। ਅਜਾਣਿ-ਬੇਸਮਝ। ਛੁਟੈਗੀ-ਛੱਡ ਦਿੱਤਾ ਜਾਵੇਗਾ। ਬੇਬਾਣਿ-ਬੀਆਬਾਣ, ਜੰਗਲ, ਮਸਾਣਾਂ ਵਿਚ। ਸੇਤੀ-ਨਾਲ। ਰੰਗੁ ਮਾਣਿ-ਅਨੰਦ ਮਾਣ, ਆਤਮਿਕ ਅਨੰਦ ਮਾਣ। ਲਾਹਾ ਲੈਣਿ-(ਨਾਮ ਦਾ) ਲਾਭ ਲੈਣ ਲਈ। ਕਿਤੁ-ਕਿਹੜੇ। ਕੁਫਕੜੇ-ਖ਼ੁਆਰੀ ਵਾਲੇ ਕੰਮ। ਰੈਣਿ-(ਜੀਵਨ ਰੂਪੀ) ਰਾਤ। ਕੁਦਮੁ-ਨੱਚਣ ਟੱਪਣ ਦੇ ਕੰਮ, ਕਲੋਲ। ਪਸੁ ਪੰਖੀਆ-ਪਸ਼ੂ ਪੰਛੀਆਂ। ਕਾਲੁ-ਮੌਤ। ਓਤੈ ਸਾਥਿ-ਉਨ੍ਹਾਂ ਦੇ ਸਾਥ ਹੀ, ਉਨ੍ਹਾਂ ਦੇ ਟੋਲੇ ਵਿਚ ਹੀ। ਮਨੁਖੁ ਹੈ-ਮਨੁੱਖ ਜਾ ਰਲਿਆ ਹੈ। ਫਾਥਾ-ਫਸਿਆ ਹੋਇਆ ਹੈ। ਮੁਕਤੇ-ਮੋਹ ਮਾਇਆ ਦੇ ਜਾਲ ਤੋਂ ਮੁਕਤ (ਆਜ਼ਾਦ)। ਸੇਈ-ਉਹੀ। ਭਾਲੀਅਹਿ-ਲੱਭੇ ਜਾ ਸਕਦੇ ਹਨ। ਸਮਾਲਿ-ਸਿਮਰਦੇ ਹਨ।
ਘਰੁ-ਸਰੀਰ। ਛਡਿ ਗਵਾਵਣਾ-ਛੱਡ ਕੇ ਚਲੇ ਜਾਣਾ ਹੈ। ਸੋ-ਉਹ। ਲਗਾ ਮਨ ਮਾਹਿ-ਮਨ ਨੂੰ ਪਿਆਰਾ ਲਗਦਾ ਹੈ। ਤੁਧੁ ਵਰਤਣਾ-ਤੂੰ ਵਰਤਣਾ ਹੈ, ਜਿਨ੍ਹਾਂ ਨਾਲ ਤੇਰਾ ਵਾਹ ਪੈਣਾ ਹੈ। ਤਿਸੁ ਕੀ-ਉਸ ਦੀ। ਚਿੰਤਾ ਨਾਹਿ-(ਤੈਨੂੰ) ਕੋਈ ਚਿੰਤਾ ਤੱਕ ਨਹੀਂ। ਫਾਥੇ-(ਮੋਹ ਮਾਇਆ ਦੇ ਜਾਲ ਵਿਚ) ਫਸੇ ਹੋਏ। ਸੇਈ-ਉਹੀ ਮਨੁੱਖ। ਨਿਕਲੇ-ਬਚ ਨਿਕਲਦੇ ਹਨ। ਪੈਰੀ ਪਾਹਿ-ਚਰਨੀਂ ਪੈਂਦੇ ਹਨ, ਚਰਨੀਂ ਲਗਦੇ ਹਨ।
ਰਖਿ ਨ ਸਕਈ-ਬਚਾ ਨਹੀਂ ਸਕਦਾ। ਕੋ ਨ ਦਿਖਾਇ-ਕੋਈ ਨਹੀਂ ਦਿਸਦਾ। ਚਾਰੇ ਕੁੰਡਾ-ਚਾਰੇ ਦਿਸ਼ਾਵਾਂ ਵਿਚ। ਭਾਲਿ ਕੈ-ਭਾਲ ਕਰਕੇ। ਆਇ ਪਇਆ ਸਰਣਾਇ-(ਆਖਰ ਨੂੰ ਗੁਰੂ ਦੀ) ਸਰਣਾਈ ਆ ਪਿਆ ਹਾਂ। ਸਚੈ ਪਾਤਸਾਹਿ-ਗੁਰੂ ਪਾਤਸ਼ਾਹ ਨੇ। ਡੁਬਦਾ ਲਇਆ ਕਢਾਇ-ਸੰਸਾਰ ਸਮੁੰਦਰ ਵਿਚ ਡੁੱਬਦੇ ਨੂੰ ਬਾਹਰ ਕੱਢ ਲਿਆ ਹੈ ਅਰਥਾਤ ਸੰਸਾਰ ਸਮੁੰਦਰ ਵਿਚ ਡੁੱਬਦੇ ਨੂੰ ਬਚਾ ਲਿਆ ਹੈ।
ਮਨੁੱਖਾ ਜਨਮ ਬੜੇ ਭਾਗਾਂ ਨਾਲ ਮਿਲਦਾ ਹੈ ਪਰ ਮਨੁੱਖ ਇਸ ਹੀਰੇ ਜਿਹੇ ਜਨਮ ਵਿਚ ਰਾਤ ਤਾਂ ਸੌਂ ਕੇ ਗੁਆ ਦਿੰਦਾ ਹੈ ਅਤੇ ਦਿਨ ਖਾ ਕੇ। ਇਸ ਪ੍ਰਕਾਰ ਉਹ ਆਪਣੇ ਜਨਮ ਨੂੰ ਕੌਡੀਆਂ ਦੇ ਭਾਅ ਲੁਟਾ ਦਿੰਦਾ ਹੈ। ਰਾਗੁ ਗਉੜੀ ਵਿਚ ਜਗਤ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਰੈਣਿ ਗਵਾਈ ਸੋਇਕੈ
ਦਿਵਸੁ ਗਵਾਇਆ ਖਾਇ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ॥ (ਅੰਗ 156)
ਰੈਣਿ-ਰਾਤ।
ਫਲਸਰੂਪ ਅਜਿਹੇ ਮਨੁੱਖ ਦੇ ਮਨ ਵਿਚ ਫਿਰ ਪਛਤਾਵਾ ਹੀ ਰਹਿ ਜਾਂਦਾ ਹੈ-
ਨਾਮੁ ਨ ਜਾਨਿਆ ਰਾਮ ਕਾ॥
ਮੂੜੇ ਫਿਰਿ ਪਾਛੈ ਪਛੁਤਾਹਿਰੇ॥ (ਅੰਗ 156)
ਮੂੜੇ-ਮੂਰਖ।
ਰਾਗੁ ਮਾਰੂ ਵਿਚ ਹਜ਼ੂਰ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ ਕਿ ਮਨੁੱਖ ਇਥੇ ਆਇਆ ਤਾਂ ਸੀ ਨਾਮ ਰੂਪੀ ਰਤਨਾਂ ਅਤੇ ਜਵਾਹਰਾਂ ਦਾ ਸੌਦਾ ਕਰਨ ਲਈ ਪਰ ਉਹ ਕੱਲਰ ਹੀ ਲੱਦ ਕੇ ਇਥੋਂ ਚੱਲ ਪਿਆ-
ਰਤਨ ਜਵੇਹਰ ਬਨਜਨਿ ਆਇਓ
ਕਾਲਰੁ ਲਾਦਿ ਚਲਾਇਓ॥ (ਅੰਗ 1017)
ਬਨਜਨਿ-ਵਣਜ ਕਰਨ ਲਈ। ਕਾਲਰੁ-ਕੱਲਰ।
ਜਿਸ ਘਰ ਵਿਚ ਜਾ ਕੇ ਇਸ ਨੇ (ਸਦਾ ਲਈ) ਵਸਣਾ ਹੈ, ਉਹ ਇਸ ਨੂੰ ਚਿਤ ਚੇਤੇ ਵੀ ਨਹੀਂ ਆਇਆ-
ਜਿਹ ਘਰ ਮਹਿ ਤੁਧੁ ਰਹਨਾ ਬਸਨਾ
ਸੋ ਘਰੁ ਚੀਤਿ ਨ ਆਇਓ॥ (ਅੰਗ 1017)
ਹੇ ਭਾਈ, ਜੋ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਜਿੰਦ-ਜਾਨ ਅਤੇ ਸੁਖ ਦੇਣ ਵਾਲਾ ਹੈ, ਉਸ ਅਬਨਾਸੀ ਪ੍ਰਭੂ ਦੇ ਨਾਮ ਦਾ ਪ੍ਰਾਣੀ ਨੇ ਅੱਖ ਝਮਕਣ ਜਿੰਨੇ ਸਮੇਂ ਲਈ ਵੀ ਸਿਮਰਨ ਨਹੀਂ ਕੀਤਾ-
ਅਟਲ ਅਖੰਡ ਪ੍ਰਾਣ ਸੁਖਦਾਈ
ਇਕ ਨਿਮਖ ਨਹੀ ਤੁਝੁ ਗਾਇਓ॥ (ਅੰਗ 1017)
ਅਖੰਡ-ਅਬਿਨਾਸੀ। ਨਿਮਖ-ਅੱਖ ਝਮਕਣ ਜਿੰਨਾ ਸਮਾਂ।
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਿਸ ਪਾਸ (ਅੰਤ ਨੂੰ) ਜਾਣਾ ਹੈ, ਮਨੁੱਖ ਨੇ ਉਸ ਸਥਾਨ ਨੂੰ ਵਿਸਾਰਿਆ ਹੋਇਆ ਹੈ। ਇਥੋਂ ਤੱਕ ਕਿ ਅੱਖ ਦੇ ਝਮਕਣ ਜਿੰਨੇ ਸਮੇਂ ਲਈ ਵੀ ਮਨ ਨੂੰ ਉਸ ਵਿਚ ਨਹੀਂ ਲਾਇਆ-
ਜਹਾ ਜਾਣਾ ਸੋ ਥਾਨੁ ਵਿਸਾਰਿਓ
ਇਕ ਨਿਮਖ ਨਹੀ ਮਨੁ ਲਾਇਓ॥ (ਅੰਗ 1017)
ਪਰ ਜਿਨ੍ਹਾਂ ਦੀ ਸਤਿਗੁਰੂ ਰੱਖਿਆ ਕਰਦਾ ਹੈ, ਉਹ ਮਾਇਆ ਦੇ ਮੋਹ ਤੋਂ ਬਚੇ ਰਹਿੰਦੇ ਹਨ ਅਤੇ ਬਾਕੀ ਦੀ ਲੋਕਾਈ ਮਾਇਆ ਦੇ ਮੋਹ ਵਿਚ ਖੁਆਰ ਹੁੰਦੀ ਰਹਿੰਦੀ ਹੈ-
ਸਤਿਗੁਰਿ ਰਾਖੇ ਸੇ ਜਨ ਉਬਰੇ
ਹੋਰ ਮਾਇਆ ਖੁਆਰੀ ਹੇ॥
(ਰਾਗੁ ਮਾਰੂ ਸੋਹਲੇ ਮਹਲਾ ੩, ਅੰਗ 1050)
ਉਬਰੇ-ਬਚ ਜਾਂਦੇ ਹਨ।
ਸ਼ਬਦ ਦੇ ਅੱਖਰੀਂ ਅਰਥ : ਜੋ ਮੂਰਖ ਅਤੇ ਬੇਸਮਝ ਮਨੁੱਖ ਜੀਵਨ ਮਨੋਰਥ ਨੂੰ ਸਮਝੇ ਬਿਨਾਂ ਨਿੱਤ ਸਵੇਰੇ ਉੱਠ ਕੇ ਦੇਹੀ ਨੂੰ ਪਾਲਦਾ-ਪੋਸਦਾ ਹੈ ਅਤੇ ਉਸ ਨੂੰ ਪਰਮਾਤਮਾ ਕਦੇ ਚਿੱਤ-ਚੇਤੇ ਨਹੀਂ ਆਉਂਦਾ, ਅੰਤ ਵੇਲੇ ਅਜਿਹੇ ਬੇਸਮਝ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਆਖਰ ਨੂੰ ਇਸ ਦੇਹੀ ਨੂੰ ਬੀਆਬਾਣ ਭਾਵ ਮਸਾਣਾਂ ਵਿਚ ਛੱਡਿਆ ਜਾਵੇਗਾ। ਹੇ ਭਾਈ, ਜੇਕਰ ਤੂੰ ਚਾਹੁੰਦਾ ਹੈਂ ਕਿ ਤੂੰ ਸੁਖ ਅਨੰਦ ਮਾਣੇ ਤਾਂ ਆਪਣੇ ਚਿੱਤ ਨੂੰ ਸਤਿਗੁਰੂ ਦੇ ਚਰਨਾਂ ਵਿਚ ਲਾ।
ਹੇ ਜੀਵ, ਤੂੰ (ਇਸ ਸੰਸਾਰ ਵਿਚ) ਆਇਆ ਤਾਂ ਲਾਭ ਖੱਟਣ ਲਈ ਸੀ ਪਰ ਤੂੰ ਇਥੇ ਆ ਕੇ ਕਿਹੜੇ ਬੇਕਾਰ ਦੇ ਕੰਮਾਂ ਵਿਚ ਪੈ ਗਿਆ ਹੈਂ, ਜਿਸ ਨਾਲ ਤੇਰੀ ਜੀਵਨ ਰੂਪ ਰਾਤ ਬੇਕਾਰ ਹੀ ਮੁੱਕਦੀ ਜਾ ਰਹੀ ਹੈ। ਪਸ਼ੂ-ਪੰਛੀ ਤਾਂ ਕਲੋਲ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਮੌਤ ਨਹੀਂ ਦਿਸਦੀ ਪਰ ਮਾਇਆ ਰੂਪੀ ਜਾਲ ਵਿਚ ਫਸਿਆ ਹੋਇਆ ਮਨੁੱਖ ਵੀ ਉਨ੍ਹਾਂ ਵਿਚ ਹੀ ਜਾ ਰਲਿਆ ਹੈ। ਇਸ ਮਾਇਆ ਤੋਂ ਮੁਕਤ ਉਹ ਹੀ ਲੱਭੇ ਜਾਂਦੇ ਹਨ, ਜਿਨ੍ਹਾਂ ਨੇ ਸੱਚੇ ਨਾਮ ਨੂੰ ਮਨ ਅੰਦਰ ਸੰਭਾਲ ਕੇ ਰੱਖਿਆ ਹੈ।
ਜਿਸ ਘਰ ਨੂੰ ਛੱਡ ਕੇ ਇਕ ਦਿਨ ਤੁਰ ਜਾਣਾ ਹੈ, ਉਹ ਤਾਂ ਮਨ ਨੂੰ ਪਿਆਰਾ ਲਗਦਾ ਹੈ ਪਰ ਜਿਥੇ ਜਾ ਕੇ ਤੂੰ ਸਦਾ ਲਈ ਦੂਜਿਆਂ ਨਾਲ ਵਰਤਣਾ ਹੈ, ਤੈਨੂੰ ਉਸ ਘਰ ਬਾਰੇ ਰਤਾ ਭਰ ਕਿਸੇ ਤਰ੍ਹਾਂ ਦਾ ਫਿਕਰ ਤੱਕ ਨਹੀਂ। ਮੋਹ ਮਾਇਆ ਵਿਚ ਫਸੇ ਹੋਏ ਉਹੀ ਮਨੁੱਖ ਬਚ ਨਿਕਲਦੇ ਹਨ, ਜੋ ਗੁਰੂ ਦੇ ਚਰਨੀਂ ਲਗਦੇ ਹਨ। ਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਦਿਖਾਈ ਨਹੀਂ ਦਿੰਦਾ, ਜੋ ਮੋਹ-ਮਾਇਆ ਦੇ ਬੰਧਨਾਂ ਤੋਂ ਬਚਾ ਸਕੇ। ਸੰਸਾਰ ਦੀਆਂ ਚਾਰੇ ਦਿਸ਼ਾਵਾਂ ਵਿਚ ਭਾਲ ਕਰ-ਕਰ ਕੇ ਆਖਰ ਨੂੰ ਹੇ ਪ੍ਰਭੂ, ਤੇਰੀ ਸਰਨੀ ਆ ਪਏ ਹਾਂ। ਅੰਤਲੀ ਤੁਕ ਵਿਚ ਤੀਜੀ ਨਾਨਕ ਜੋਤਿ ਦ੍ਰਿੜ੍ਹ ਕਰਵਾ ਰਹੇ ਹਨ ਕਿ ਗੁਰੂ ਪਾਤਸ਼ਾਹ ਨੇ ਮੈਨੂੰ ਸੰਸਾਰ ਸਮੁੰਦਰ ਵਿਚ ਡੁੱਬਦੇ ਹੋਏ ਨੂੰ ਬਾਹਰ ਕੱਢ ਲਿਆ ਹੈ ਅਰਥਾਤ ਡੁੱਬਣ ਤੋਂ ਬਚਾਅ ਲਿਆ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਮਨੁੱਖ ਦਾ ਵਰਤਾਓ ਹੀ ਉਸ ਨੂੰ ਮਹਾਨ ਬਣਾਉਂਦਾ ਹੈ

ਜਿਸ ਤਰ੍ਹਾਂ ਫਲ ਲੱਗਣ ਤੋਂ ਬਾਅਦ ਰੁੱਖ ਝੁਕ ਜਾਂਦਾ ਹੈ, ਉਸੇ ਤਰ੍ਹਾਂ 'ਗਿਆਨ' ਪ੍ਰਾਪਤੀ ਤੋਂ ਬਾਅਦ ਵਿਅਕਤੀ ਵਿਚ ਨਿਮਰਤਾ ਆਉਣਾ ਸੁਭਾਵਿਕ ਹੈ। ਜੀਵਨ ਵਿਚ ਸਾਦਗੀ ਨੂੰ ਅਪਣਾਉਣਾ ਅਤੇ ਉੱਚ ਵਿਚਾਰਾਂ ਨੂੰ ਗ੍ਰਹਿਣ ਕਰਨਾ ਹੀ ਵਿਅਕਤੀ ਦਾ ਉੱਤਮ ਗੁਣ ਹੈ। ਸਵਾਮੀ ਵਿਵੇਕਾਨੰਦ ਜੀ ਗਿਆਨਯੋਗ ਵਿਚ ਲਿਖਦੇ ਹਨ ਕਿ ਮਨੁੱਖ ਦੀ ਸ਼ਖ਼ਸੀਅਤ ਉਸ ਦੇ ਵਿਚਾਰਾਂ ਤੋਂ ਜਾਂ ਉਸ ਦੇ ਵਤੀਰੇ ਤੋਂ ਪਤਾ ਚਲਦੀ ਹੈ। ਭਾਵੇਂ ਉਹ ਕਿੰਨੀਆਂ ਵੀ ਕਿਤਾਬਾਂ ਜਾਂ ਸ਼ਾਸਤਰ ਕਿਉਂ ਨਾ ਪੜ੍ਹ ਲਵੇ ਪਰ ਜੇ ਉਹ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਨਹੀਂ ਢਾਲਦਾ ਤਾਂ ਅਜਿਹੇ ਗਿਆਨ ਦਾ ਕੋਈ ਮਹੱਤਵ ਨਹੀਂ। ਜੇ ਸ਼ਾਸਤਰ ਪੜ੍ਹ ਕੇ ਵੀ ਵਿਅਕਤੀ ਨੂੰ ਆਪਣੀ ਧਨ-ਸੰਪਤੀ ਅਤੇ ਗਿਆਨ ਦਾ ਘੁਮੰਡ ਹੈ ਅਤੇ ਉਹ ਆਪਣੇ ਗਿਆਨ ਅਤੇ ਦੌਲਤ ਦਾ ਦਿਖਾਵਾ ਕਰਦਾ ਹੈ ਤਾਂ ਉਹ ਅਗਿਆਨੀ ਹੈ। ਅਸਲ ਵਿਚ ਸਾਡਾ ਵਤੀਰਾ ਜਾਂ ਵਰਤਾਓ ਹੀ ਸਾਡੇ ਗੁਣਾਂ ਦਾ ਪ੍ਰਗਟਾਵਾ ਹੈ। ਸਾਡੇ ਵਿਚਾਰਾਂ ਅਨੁਸਾਰ ਹੀ ਸਾਡੇ ਕਰਮ ਹੁੰਦੇ ਹਨ ਅਤੇ ਸਾਡੇ ਕਰਮ ਹੀ ਸਾਡੇ ਵਿਵਹਾਰ ਨੂੰ ਦਰਸਾਉਂਦੇ ਹਨ ਅਤੇ ਸਾਡੇ ਚਰਿੱਤਰ ਦਾ ਨਿਰਮਾਣ ਕਰਦੇ ਹਨ। ਅਸਲ ਵਿਚ ਸਾਡਾ ਚਰਿੱਤਰ ਅਤੇ ਵਿਚਾਰ ਇਕ-ਦੂਜੇ ਦੇ ਪੂਰਕ ਹਨ। ਸਾਡਾ ਵਤੀਰਾ ਸਾਡੇ ਵਿਚਾਰਾਂ ਅਨੁਸਾਰ ਬਣਦਾ ਹੈ ਤਾਂ ਚੰਗੇ ਵਿਵਹਾਰ ਨਾਲ ਹੀ ਉੱਤਮ ਵਿਚਾਰ ਪੈਦਾ ਹੁੰਦੇ ਹਨ। ਜੇ ਵਿਅਕਤੀ ਆਪਣੇ ਮਨ ਨੂੰ ਸਾਧ ਲੈਂਦਾ ਹੈ ਅਤੇ ਅਜਿਹਾ ਕੋਈ ਕਾਰਜ ਨਹੀਂ ਕਰਦਾ, ਜਿਸ ਨਾਲ ਕਿਸੇ ਨੂੰ ਨੁਕਸਾਨ ਹੁੰਦਾ ਹੈ ਤਾਂ ਉਸ ਵਿਚ ਨਿਮਰਤਾ, ਸਾਹਸ ਅਤੇ ਚਰਿੱਤਰ ਨਿਰਮਾਣ ਵਰਗੇ ਗੁਣ ਵਿਕਸਿਤ ਹੁੰਦੇ ਹਨ। ਸਾਦਾ ਜੀਵਨ, ਨਿਮਰਤਾ, ਉੱਚ ਵਿਚਾਰ ਹੀ ਵਿਅਕਤੀ ਨੂੰ ਟਿਕਾਊ ਬਣਾਉਂਦੇ ਹਨ। ਅਜਿਹੇ ਗੁਣਾਂ ਨਾਲ ਹੀ ਉਹ ਮਹਾਨ ਬਣਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਧਾਰਮਿਕ ਸਾਹਿਤ

ਵਿਚਿ ਬਾਣੀ ਅੰਮ੍ਰਿਤੁ ਸਾਰੇ

ਡਾ: ਸਰੂਪ ਸਿੰਘ ਅਲੱਗ ਕੌਮਾਂਤਰੀ ਪੱਧਰ ਦੇ ਮਹਾਨ ਲੇਖਕ, ਦਾਰਸ਼ਨਿਕ, ਚਿੰਤਕ ਤੇ ਗੁਣੀਜਨ ਹਨ। ਉਨ੍ਹਾਂ ਨੇ ਮਹਾਨ ਪਰਉਪਕਾਰੀ ਕਾਰਜ ਕਰਦਿਆਂ ਹਿੰਦੀ, ਪੰਜਾਬੀ, ਅੰਗਰੇਜ਼ੀ ਸਮੇਤ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਸੌ ਤੋਂ ਵੱਧ ਨਾਯਾਬ ਪੁਸਤਕਾਂ, ਪਰਮਾਰਥ ਅਤੇ ਪਾਵਨ ਗੁਰਬਾਣੀ ਦੇ ਫਲਸਫੇ, ਸਿੱਖ ਇਤਿਹਾਸ ਬਾਰੇ ਲਿਖਣ ਦਾ ਅਤਿਅੰਤ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਸੱਜਰੀ ਡੀਲੈਕਸ ਐਡੀਸ਼ਨ ਵਿਚ 51 ਬੇਸ਼ਕੀਮਤੀ ਲੇਖ ਸ਼ਾਮਿਲ ਹਨ। ਅੰਤ ਵਿਚ 'ਗੌਹਰ-ਏ-ਗੁਰਬਾਣੀ' ਸਿਰਲੇਖ ਹੈ। ਅਲੱਗ ਪ੍ਰਕਾਸ਼ਨਾਵਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਡਾ: ਸਰੂਪ ਸਿੰਘ ਅਲੱਗ ਕੋਲ ਗੁਰਬਾਣੀ ਦੇ ਗੂੜ੍ਹ ਗਿਆਨ ਦੇ ਅਮੁੱਲ ਭੰਡਾਰ ਦੇ ਨਾਲ-ਨਾਲ ਹੋਰਨਾਂ ਧਰਮਾਂ ਬਾਰੇ ਵੀ ਢੇਰ ਸਾਰੀ ਜਾਣਕਾਰੀ ਤੇ ਗਿਆਨ ਹੈ। ਉਨ੍ਹਾਂ ਦਾ ਬਿਆਨੀਆ ਢੰਗ ਅੰਤ ਤੱਕ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਣ ਦੇ ਸਮਰੱਥ ਹੈ। ਗੁਰਬਾਣੀ ਦੇ ਗੁੱਝੇ ਭੇਦਾਂ ਨੂੰ ਉਹ ਬੜੀ ਸਰਲ ਤੇ ਸਪੱਸ਼ਟ, ਰੌਚਕ ਵਿਧੀ ਰਾਹੀਂ ਪਾਠਕਾਂ ਨਾਲ ਸਾਂਝਾ ਕਰ ਜਾਂਦੇ ਹਨ।
ਪ੍ਰਥਮ ਲੇਖ ਹੈ 'ਸਭਨਾ ਜੀਆ ਕਾ ਇਕੁ ਦਾਤਾ'। ਕਮਾਲ ਦੀ ਗੱਲ ਇਹ ਕਿ ਸਾਰੇ ਲੇਖਾਂ ਦੇ ਸਿਰਲੇਖ ਮੁਕੱਦਸ ਗੁਰਬਾਣੀ ਦੀਆਂ ਤੁਕਾਂ ਹਨ ਜਿਵੇਂ 'ਡੋਲਨ ਤੇ ਰਾਖਹੁ ਪ੍ਰਭੂ', '...ਤਾਰੇ ਨਦਰਿ ਕਰੇ', '...ਸਭ ਕੋ ਦਾਤਾ ਰਾਮੁ', '...ਆਗੇ ਸਰਪਰ ਜਾਣਾ', 'ਵਿਚਿ ਬਾਣੀ ਅੰਮ੍ਰਿਤ ਸਾਰੇ', 'ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ', 'ਮਿਲੁ ਮੇਰੇ ਪ੍ਰੀਤਮਾ ਜੀਓ...', 'ਅਕਲੀ ਕੀਚੈ ਦਾਨੁ', 'ਇਹ ਜਨਮ ਤੁਮਾਰੇ ਲੇਖੇ', 'ਹਮ ਮੈਲੇ ਤੁਮ ਊਜਲ ਕਰਤੇ', 'ਬੁਢਾ ਹੋਆ ਸੇਖ ਫਰੀਦ ਕੰਬਣਿ ਲਗੀ ਦੇਹ' ਅਤੇ 'ਬਾਰ ਬਾਰ ਹਰਿ ਕੇ ਗੁਨ ਗਾਵਉ' ਆਦਿ। ਹਰੇਕ ਨੁਕਤੇ ਨੂੰ ਪਾਠਕਾਂ ਨਾਲ ਸਾਂਝਾ ਕਰਨ ਹਿਤ ਗੁਰਬਾਣੀ ਦੇ ਬੇਅੰਤ ਢੁਕਵੇਂ ਪ੍ਰਮਾਣ ਦਿੱਤੇ ਗਏ ਹਨ, ਜਿਸ ਨਾਲ ਰਮਜ਼ਾਂ ਦੀ ਸਮਝ ਪੈਂਦੀ ਹੈ। 'ਗੌਹਰੇ ਗੁਰਬਾਣੀ' ਅਲੱਗ ਹੁਰਾਂ ਦੀ ਇਸ ਪੁਸਤਕ ਦਾ ਬਹੁਤ ਪ੍ਰਭਾਵਸ਼ਾਲੀ, ਵਿਲੱਖਣ ਅਤੇ ਅਹਿਮ ਭਾਗ ਹੈ, ਜਿਸ ਤਹਿਤ ਜੀਵਨ ਖੇਤਰ ਵਿਚ ਮਨੁੱਖ ਨੂੰ ਸਹੀ ਸੇਧ (ਸੀਰਾਤੇ-ਮੁਸਤਕੀਮ) ਪ੍ਰਦਾਨ ਕਰਨ ਵਾਲੀਆਂ, ਇਰਸ਼ਾਦੇ-ਰੱਬਾਨੀ (ਗੁਰਬਾਣੀ) ਦੀਆਂ 34 ਚੋਣਵੀਆਂ ਪੰਕਤੀਆਂ ਦਰਜ ਹਨ। ਅਲੱਗ ਜੀ ਦੀ ਇਹ ਵਿਦਵਤਾ ਭਰਪੂਰ ਪੁਸਤਕ ਗੁਰਮਤਿ ਗਿਆਨ ਦੀ ਗੰਗਾ ਹੈ। ਹਰੇਕ ਜਗਿਆਸੂ ਨੂੰ ਇਸ ਤੋਂ ਲਾਹਾ ਲੈਣਾ ਚਾਹੀਦੈ।

ਲੇਖਕ :
ਡਾ: ਸਰੂਪ ਸਿੰਘ ਅਲੱਗ
ਪ੍ਰਕਾਸ਼ਕ : ਅਲੱਗ ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ (ਲੁਧਿਆਣਾ)।
ਪੰਨੇ : 140, ਵਿਤਰਣ ਵਿਧੀ : ਮੁਫ਼ਤ
ਸੰਪਰਕ : 98153-23523
-ਡਾ: ਤੀਰਥ ਸਿੰਘ ਢਿੱਲੋਂ
ਮੋਬਾ: 98154-61710

ਖ਼ਾਲਸਾ ਪੰਥ ਦੀ ਸਾਜਨਾ ਅਤੇ ਕੇਸਧਾਰੀ ਹੋਣ ਦੀ ਮਹੱਤਤਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਕੇਸਧਾਰੀ ਹੋਣ ਦੀ ਮਹੱਤਤਾ
ਕੇਸ ਸਿੱਖ ਰਹਿਤ ਦਾ ਇਕ ਕੁਦਰਤੀ ਚਿੰਨ੍ਹ ਅਤੇ ਗੁਰੂ ਦੀ ਮੋਹਰ ਹਨ। ਪ੍ਰੋ: ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ 'ਰਹਿਤਨਾਮੇ' ਦੀ ਪ੍ਰਸਤਾਵਨਾ ਵਿਚ ਕੇਸਾਂ ਦੀ ਮਹੱਤਤਾ ਨੂੰ 'ਪੰਜ ਕਕਾਰੀ ਰਹਿਤ' ਸਿਰਲੇਖ ਅਧੀਨ ਕੁਝ ਇਸ ਤਰ੍ਹਾਂ ਕਲਮਬੰਦ ਕੀਤਾ ਹੈ: ਭਾਰਤੀ ਪ੍ਰੰਪਰਾ ਅਨੁਸਾਰ ਲਗਪਗ ਬਹੁਤੇ ਮਤਾਂ ਦੇ ਮਹਾਂਪੁਰਸ਼ ਦਾੜ੍ਹੀ-ਕੇਸ ਰੱਖਦੇ ਰਹੇ ਸਨ। ਸ੍ਰੀ ਰਾਮ ਅਤੇ ਕ੍ਰਿਸ਼ਨ ਤੋਂ ਲੈ ਕੇ ਟੈਗੋਰ ਅਤੇ ਅਰਬਿੰਦੋ ਤੱਕ ਸਭ ਪੁਰਾਤਨ ਰਿਸ਼ੀ-ਮੁਨੀ ਕੇਸਧਾਰੀ ਸਨ ਅਤੇ ਕੇਸ ਕੱਟਣਾ ਇਕ ਪ੍ਰਕਾਰ ਦਾ ਦੰਡ ਮੰਨਿਆ ਜਾਂਦਾ ਸੀ। ਇਸੇ ਤਰ੍ਹਾਂ ਕੁਰਆਨ ਵਿਚ ਤਾਕੀਦ ਹੈ, 'ਸੀਸ ਮੁੰਡਨ ਨਾ ਕਰੋ' ਕਿਉਂਕਿ ਕੇਸਾਂ ਨਾਲ ਹੀ ਸਿਰ ਦਾ ਸੁਹੱਪਣ ਹੈ। ਬਾਈਬਲ ਵਿਚ ਆਉਂਦੀ ਸੈਂਪਸਨ ਦੀ ਕਹਾਣੀ ਇਹ ਪ੍ਰਗਟ ਕਰਦੀ ਹੈ ਕਿ ਕੇਸਧਾਰੀ ਪੁਰਸ਼ ਬਲਵਾਨ ਤੇ ਅਜਿੱਤ ਹੁੰਦਾ ਹੈ ਅਤੇ ਕੇਸ ਕੱਟਣ ਨਾਲ ਸ਼ਕਤੀ ਖੀਣ ਹੁੰਦੀ ਹੈ।
ਡਾਕਟਰੀ ਨੁਕਤੇ ਤੋਂ ਵੀ ਸਰੀਰਕ ਸੰਭਾਲ ਲਈ ਕੇਸਾਂ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਕੇਸ ਜਾਂ ਵਾਲ ਬਰੀਕ ਨਾੜੀਆਂ ਤੋਂ ਸ਼ਕਤੀ ਤੇ ਸਮੱਗਰੀ ਲੈਂਦੇ ਰਹਿੰਦੇ ਹਨ। ਇਨ੍ਹਾਂ ਦੇ ਢਾਂਚੇ ਵਿਚ 28 ਹਿੱਸੇ ਆਕਸੀਜਨ, 50 ਹਿੱਸੇ ਕਾਰਬਨ, 6 ਹਿੱਸੇ ਹਾਈਡ੍ਰੋਜਨ, 11 ਹਿੱਸੇ ਨਾਈਟ੍ਰੋਜਨ ਅਤੇ 5 ਹਿੱਸੇ ਸਲਫ਼ਰ ਹੁੰਦੀ ਹੈ। ਜੇਕਰ ਕੋਈ ਇਨ੍ਹਾਂ ਨੂੰ ਕਟਾਉਂਦਾ ਹੈ ਤਾਂ ਉਹ ਇਸ ਸ਼ਕਤੀ ਤੋਂ ਹੱਥ ਧੋ ਬੈਠਦਾ ਹੈ ਅਤੇ ਜਦ ਵਾਲ ਦੁਬਾਰਾ ਉਗਮਦੇ ਹਨ ਤਾਂ ਸਰੀਰ ਵਿਚੋਂ ਓਨੀ ਹੋਰ ਸ਼ਕਤੀ ਲੈ ਕੇ ਹੀ ਉਨ੍ਹਾਂ ਦਾ ਵਜੂਦ ਬਣਦਾ ਹੈ। ਇਸੇ ਲਈ ਮਨੋਵਿਗਿਆਨ ਦੇ ਇਕ ਅਮਰੀਕਨ ਪ੍ਰੋਫ਼ੈਸਰ, ਰਾਬਰਟ ਪੇਲੇਗ੍ਰਿਨੀ ਨੇ ਇਹ ਸਿੱਟਾ ਕੱਢਿਆ ਹੈ ਕਿ ਜਿੰਨਾ ਕੋਈ ਵਿਅਕਤੀ ਸਾਬਤ ਸੂਰਤ ਰਹੇਗਾ, ਓਨਾ ਹੀ ਉਹ ਪਰਪੱਕ, ਦਰਸ਼ਨੀ, ਆਤਮ-ਵਿਸ਼ਵਾਸੀ, ਸਾਹਸੀ, ਉਦਾਰ, ਅਡੋਲ ਅਤੇ ਮਿਹਨਤੀ ਹੋਵੇਗਾ।
ਪੁਰਾਤਨ ਇਤਿਹਾਸ ਵਿਚ ਨਜ਼ਰ ਮਾਰਿਆਂ ਕੁਝ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਦ ਕੋਈ ਮਹਾਂਪੁਰਸ਼ ਕਰਮਯੋਗੀ ਜੀਵਨ ਤਿਆਗ ਕੇ ਸੰਨਿਆਸ ਲੈ ਲੈਂਦਾ ਸੀ ਤਾਂ ਉਹ ਆਪਣਾ ਮੁੰਡਨ ਕਰਵਾ ਲੈਂਦਾ ਸੀ। ਜੈਨੀ ਅਤੇ ਬੋਧੀ ਭਿਖ਼ਸ਼ੂ ਵੀ ਇਸ ਤਰ੍ਹਾਂ ਹੀ ਕਰਦੇ ਹਨ। ਇਸ ਤੋਂ ਇਲਾਵਾ ਹਿੰਦੂ ਸਮਾਜ ਵਿਚ ਮਾਤਾ-ਪਿਤਾ ਦੀ ਮੌਤ 'ਤੇ ਵੱਡੇ ਲੜਕੇ ਦਾ ਮੁੰਡਨ (ਭੱਦਣ) ਕੀਤਾ ਜਾਂਦਾ ਰਿਹਾ ਹੈ ਅਤੇ ਮ੍ਰਿਤਕ ਦੀ ਮੌਤ ਨਾਲ ਸਬੰਧਤ ਸਾਰੇ ਕ੍ਰਿਆ-ਕਰਮ ਉਸ ਲੜਕੇ ਦੁਆਰਾ ਹੀ ਕੀਤੇ ਜਾਂਦੇ ਹਨ। ਫਿਰ ਮੁਸਲਮਾਨ ਹਮਲਾਵਰ ਆਏ। ਇਨ੍ਹਾਂ ਦੇ ਅਰਬੀ-ਤੁਰਕੀ ਸੱਭਿਆਚਾਰ ਵਿਚ ਕੇਸ-ਦਾੜ੍ਹੀ ਦਾ ਵਿਸ਼ੇਸ਼ ਗੌਰਵ ਸੀ ਤੇ ਉਹ ਹਿੰਦੂਆਂ ਵਿਚ ਇਹ ਗੌਰਵ ਦੇਖਣਾ ਪਸੰਦ ਨਹੀਂ ਕਰਦੇ ਸਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-292/13, ਸੁਹਜ ਵਿਲਾ, ਸਰਹਿੰਦ।
ਮੋਬਾ: 98155-01381

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਕਸ਼ਮੀਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਪਹਿਲਗਾਮ : ਪਹਿਲਗਾਮ ਨੂੰ ਚਰਵਾਹਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਪਹਿਲਗਾਮ ਜੰਮੂ-ਕਸ਼ਮੀਰ ਸੂਬੇ ਦੇ ਅਨੰਤਨਾਗ ਜ਼ਿਲ੍ਹੇ ਵਿਚ ਸਥਿਤ ਹੈ। ਇਹ ਇਲਾਕਾ ਲਿੱਦਰ ਦਰਿਆ ਦੇ ਕਿਨਾਰੇ ਹੋਣ ਕਾਰਨ ਕਾਫੀ ਸੋਹਾਵਣਾ ਦ੍ਰਿਸ਼ ਪੇਸ਼ ਕਰਦਾ ਹੈ। ਪਹਿਲਗਾਮ ਦੀ ਸਮੁੰਦਰ ਤਲ ਤੋਂ ਉਚਾਈ 8990 ਫੁੱਟ ਹੈ। ਇਸ ਵਾਦੀ ਨਾਲ ਖਹਿ ਕੇ ਲੰਘਦਾ ਲਿੱਦਰ ਦਰਿਆ 73 ਕਿਲੋਮੀਟਰ ਲੰਬਾ ਹੈ।
ਸੋਨਮਰਗ : ਸ੍ਰੀਨਗਰ ਤੋਂ 87 ਕਿਲੋਮੀਟਰ ਦੂਰ ਸਥਿਤ ਹੈ ਸੋਨਮਰਗ ਦਾ ਮਨਮੋਹਕ ਇਲਾਕਾ। ਅਸਲ ਵਿਚ ਸੋਨਮਰਗ ਦਾ ਇਲਾਕਾ ਕਸ਼ਮੀਰ ਘਾਟੀ ਦੇ ਗੰਦਰਬਲ ਜ਼ਿਲ੍ਹੇ ਵਿਚ ਸਥਿਤ ਹੈ। ਇਸ ਇਲਾਕੇ ਦੀ ਸਮੁੰਦਰ ਤਲ ਤੋਂ ਉਚਾਈ 9200 ਫੁੱਟ ਹੈ। ਇਸ ਇਲਾਕੇ ਨੂੰ ਸਿਲਕ ਰੂਟ ਵੀ ਕਿਹਾ ਜਾਂਦਾ ਹੈ। ਅਸਲ ਵਿਚ ਇਹ ਰਸਤਾ ਕਸ਼ਮੀਰ ਤੋਂ ਚੀਨ ਤੇ ਹੋਰ ਖਾੜੀ ਮੁਲਕਾਂ ਨਾਲ ਵਪਾਰ ਕਰਨ ਦਾ ਮੁੱਖ ਰਸਤਾ ਹੁੰਦਾ ਸੀ। ਇਹ ਇਲਾਕਾ ਸਿੰਧ ਦਰਿਆ ਕਿਨਾਰੇ ਵਸਿਆ ਹੋਇਆ ਹੈ ਅਤੇ ਸਿੰਧ ਦਰਿਆ ਇਸ ਇਲਾਕੇ ਦੀ ਸ਼ਾਨ ਹੈ।
ਸ਼ੇਸ਼ਨਾਗ ਝੀਲ : ਪਹਿਲਗਾਮ ਤੋਂ 23 ਕਿਲੋਮੀਟਰ ਦੂਰ ਸ਼ੇਸ਼ਨਾਗ ਝੀਲ ਸਥਿਤ ਹੈ। ਇਸ ਝੀਲ ਦੀ ਸਮੁੰਦਰ ਤਲ ਤੋਂ ਉਚਾਈ 11,780 ਫੁੱਟ ਹੈ। ਇਸ ਝੀਲ ਦੀ ਲੰਬਾਈ 1.1 ਕਿਲੋਮੀਟਰ ਅਤੇ ਚੌੜਾਈ 700 ਮੀਟਰ ਹੈ। ਇਸ ਝੀਲ ਨੂੰ ਲੋਕ ਸ਼ਰਧਾ ਨਾਲ ਮੱਥਾ ਵੀ ਟੇਕ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਇਹ ਝੀਲ ਸ਼ੇਸ਼ਨਾਗ ਨੇ ਖੁਦ ਬਣਾਈ ਸੀ। ਇਸ ਝੀਲ ਵਿਚ ਬਹੁਤ ਤਰ੍ਹਾਂ ਦੀਆਂ ਮੱਛੀਆਂ ਮਿਲਦੀਆਂ ਹਨ। ਸਰਦੀਆਂ ਵਿਚ ਇਹ ਝੀਲ ਵੀ ਜੰਮ ਜਾਂਦੀ ਹੈ ਪਰ ਗਰਮੀਆਂ ਵਿਚ ਇਹ ਝੀਲ ਬਹੁਤ ਸ਼ਾਨਦਾਰ ਤੇ ਜਾਨਦਾਰ ਦ੍ਰਿਸ਼ ਪੇਸ਼ ਕਰਦੀ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 9463819174


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX