ਤਾਜਾ ਖ਼ਬਰਾਂ


ਕੋਤਵਾਲੀ ਪੁਲਿਸ ਵੱਲੋਂ 400 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਗ੍ਰਿਫ਼ਤਾਰ
. . .  54 minutes ago
ਕਪੂਰਥਲਾ, 27 ਫਰਵਰੀ (ਅਮਰਜੀਤ ਸਿੰਘ ਸਡਾਨਾ)-ਡੀ.ਐੱਸ.ਪੀ. ਸਬ ਡਵੀਜ਼ਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਨਾਕਾਬੰਦੀ ਦੌਰਾਨ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਟਰੱਕ ਸਵਾਰ...
ਬੰਗਾ ਇਲਾਕੇ 'ਚ ਡਿੱਗੇ ਪਾਕਿਸਤਾਨੀ ਗੁਬਾਰੇ
. . .  about 2 hours ago
ਬੰਗਾ , 27 ਫ਼ਰਵਰੀ ( ਜਸਬੀਰ ਸਿੰਘ ਨੂਰਪੁਰ )-ਬੰਗਾ ਇਲਾਕੇ ਦੇ ਪਿੰਡਾਂ 'ਚ ਵੱਡੀ ਗਿਣਤੀ 'ਚ ਪਾਕਿਸਤਾਨੀ ਗੁਬਾਰੇ ਮਿਲੇ ।ਇਨ੍ਹਾਂ ਗ਼ੁਬਾਰਿਆਂ 'ਤੇ ਪਾਕਿਸਤਾਨ ਜ਼ਿੰਦਾਬਾਦ ਅਤੇ ਜਿਨਾਹ ਦੀਆਂ ਤਸਵੀਰਾਂ ਲੱਗੀਆਂ ਹੋਈਆਂ ...
ਕਰਜ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਅੰਨਦਾਤਾ
. . .  about 2 hours ago
ਫ਼ਰੀਦਕੋਟ, 27 ਫ਼ਰਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੋਂ ਦੇ ਇੱਕ ਕਿਸਾਨ ਸੁਰਿੰਦਰ ਸਿੰਘ (39 ਸਲ) ਵੱਲੋਂ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ...
ਆਪ ਕੌਂਸਲਰ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ
. . .  about 3 hours ago
ਨਵੀਂ ਦਿੱਲੀ, 27 ਫਰਵਰੀ - ਆਪ ਕੌਂਸਲਰ ਦੇ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ ਹੋਈ ਹੈ। ਉਸ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਚਲਾਏ ਪ੍ਰੋਜੈਕਟ ਸੰਬੰਧੀ 5 ਮਾਰਚ ਨੂੰ ਹੋਵੇਗੀ ਮੀਟਿੰਗ
. . .  about 3 hours ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰ ਪ੍ਰਾਇਮਰੀ ਸਕੂਲਾਂ ਅੰਦਰ ਪ੍ਰਾਇਮਰੀ ਸਿੱਖਿਆ...
ਕਰੋੜਾਂ ਦੇ ਬੈਂਕ ਘੁਟਾਲੇ ਵਾਲੇ ਮਾਮਲੇ 'ਚ 5 ਦੋਸ਼ੀਆਂ ਨੂੰ 4-4 ਸਾਲ ਦੀ ਕੈਦ
. . .  about 4 hours ago
ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)- ਸੀ.ਜੇ.ਐਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਬਹੁਚਰਚਿਤ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਵਾਲੇ...
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ
. . .  about 4 hours ago
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ...
ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਚੁੱਕੇਗੀ ਦਿੱਲੀ ਸਰਕਾਰ : ਕੇਜਰੀਵਾਲ
. . .  about 4 hours ago
ਨਵੀਂ ਦਿੱਲੀ, 27 ਫਰਵਰੀ- ਉੱਤਰ ਪੂਰਬੀ ਦਿੱਲੀ ਦੇ ਖਈ ਇਲਾਕਿਆਂ 'ਚ ਹੋਈ ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਦਿੱਲੀ ਦੀ ਕੇਜਰੀਵਾਲ ਸਰਕਾਰ ....
ਅੱਡਾ ਅੰਮੋਨੰਗਲ ਕੋਲੋਂ ਮਿਲੀ ਨੌਜਵਾਨ ਦੀ ਲਾਸ਼
. . .  about 4 hours ago
ਅੱਚਲ ਸਾਹਿਬ, 27 ਫਰਵਰੀ (ਗੁਰਚਰਨ ਸਿੰਘ)- ਬਟਾਲਾ-ਜਲੰਧਰ ਰੋਡ ਅੱਡਾ ਅੰਮੋਨੰਗਲ ਨਜ਼ਦੀਕ ਕਰੀਬ 24 ...
ਦਿੱਲੀ ਹਿੰਸਾ 'ਚ ਮਾਮੂਲੀ ਜ਼ਖਮੀ ਹੋਏ ਲੋਕਾਂ ਨੂੰ ਮਿਲੇਗਾ 20-20 ਹਜ਼ਾਰ ਰੁਪਏ ਮੁਆਵਜ਼ਾ: ਕੇਜਰੀਵਾਲ
. . .  about 5 hours ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਗੁਆਚੇ ਗਾਇਕ ਤੇ ਸੰਗੀਤ

ਮਨੁੱਖ ਅਤੇ ਸੰਗੀਤ ਦਾ ਮੁੱਢ-ਕਦੀਮ ਤੋਂ ਗੂੜ੍ਹਾ ਸਬੰਧ ਹੈ | ਇਹ ਸਿੱਧ ਹੋ ਚੁੱਕਾ ਹੈ ਕਿ ਸੰਗੀਤ ਪਸ਼ੂ-ਪੰਛੀਆਂ ਅਤੇ ਬਨਸਪਤੀ ਉੱਪਰ ਵੀ ਆਪਣਾ ਅਸਰ ਦਿਖਾਉਂਦਾ ਹੈ | ਸੰਸਾਰ ਭਰ ਦੀਆਂ ਸਾਰੀਆਂ ਪੁਰਾਤਨ ਅਤੇ ਨਵੀਨਤਮ ਸੱਭਿਆਤਾਵਾਂ ਸੰਗੀਤ ਨਾਲ ਲਬਰੇਜ਼ ਸਨ | ਭਾਰਤ ਵਿਚ ਪਿਛਲੀ ਸਦੀ ਦੇ ਪਹਿਲੇ ਦਹਾਕੇ ਵਿਚ ਫ਼ਨਕਾਰਾਂ ਦੇ ਗੀਤ ਰਿਕਾਰਡ ਹੋਣ ਲੱਗੇ ਸਨ | ਇਹ ਉਹੀ ਦਹਾਕਾ ਸੀ ਜਦੋਂ ਮਸ਼ੀਨਾਂ ਨੇ ਪੰਜਾਬੀ ਫ਼ਨਕਾਰਾਂ ਦੀਆਂ ਆਵਾਜ਼ਾਂ ਨੂੰ ਕੈਦ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ | ਇਸ ਸਮੇਂ ਗ੍ਰਾਮੋਫੋਨ ਕੰਪਨੀਆਂ ਨੇ ਆਪਣੀ ਭਰਪੂਰ ਹਾਜ਼ਰੀ ਲਵਾਈ | ਪੰਜਾਬੀ ਗਾਇਕਾਂ ਦੀਆਂ ਆਵਾਜ਼ਾਂ ਨੂੰ ਰਿਕਾਰਡ ਕਰਨ ਵਾਲੀਆਂ ਕੰਪਨੀਆਂ ਵਿਚੋਂ 'ਕਨਸਰਟ' ਅਤੇ 'ਜ਼ੋਨੋਫੋਨ' ਕੰਪਨੀਆਂ ਅੱਵਲ ਰਹੀਆਂ ਹਨ | ਇਨ੍ਹਾਂ ਕੰਪਨੀਆਂ ਨੇ ਵੱਖ-ਵੱਖ ਤਰ੍ਹਾਂ ਦੇ ਪੰਜਾਬੀ ਗਾਇਕਾਂ ਨੂੰ ਲੱਭ ਕੇ ਰਿਕਾਰਡਿੰਗ ਸ਼ੁਰੂ ਕੀਤੀ |
ਪੰਜਾਬੀਆਂ ਲਈ ਇਹ ਇਕ ਹੈਰਾਨੀਜਨਕ ਵਿਸ਼ਾ ਸੀ | ਪੰਜਾਬੀ ਗੀਤ-ਸੰਗੀਤ ਦੀ ਭੁੱਖ ਮਿਟਾਉਣ ਲਈ ਸਭ ਤੋਂ ਪਹਿਲਾਂ ਪੰਜਾਬ ਦੇ ਫ਼ੌਜੀ ਨੌਜਵਾਨਾਂ ਨੇ ਗ੍ਰਾਮੋਫੋਨ ਮਸ਼ੀਨਾਂ ਖਰੀਦਣੀਆਂ ਆਰੰਭ ਕੀਤੀਆਂ | ਉਸ ਸਮੇਂ ਆਵਾਜ਼ ਪ੍ਰਦੂਸ਼ਣ ਨਾ-ਮਾਤਰ ਸੀ | ਕੋਠੇ ਉੱਤੇ ਚਲ ਰਹੀ ਗ੍ਰਾਮੋਫੋਨ ਮਸ਼ੀਨ ਦੀ ਆਵਾਜ਼ ਸਹਿਜੇ ਹੀ ਦੋ-ਤਿੰਨ ਕਿੱਲੋਮੀਟਰ ਤੱਕ ਸੁਣੀ ਜਾ ਸਕਦੀ ਸੀ | ਫਿਰ ਇਹ ਮਸ਼ੀਨਾਂ ਸਰਦੇ-ਪੁੱਜਦੇ ਘਰਾਂ ਦਾ ਸ਼ਿੰਗਾਰ ਬਣੀਆਂ | ਉਸ ਸਮੇਂ ਕਿਸੇ ਵੀ ਰਿਕਾਰਡਿੰਗ ਦੀਆਂ ਕੁਝ ਕੁ ਕਾਪੀਆਂ ਬਣਦੀਆਂ ਸਨ ਜੋ ਗ੍ਰਾਮੋਫੋਨ ਮਸ਼ੀਨਾਂ ਵਾਲੇ ਝੱਟ ਖਰੀਦ ਲੈਂਦੇ ਸਨ |
ਇਸ ਸਮੇਂ ਪੰਜਾਬੀ ਗਾਇਕਾਂ ਵਿਚ ਇਕ ਵਹਿਮ ਪ੍ਰਚਲਤ ਸੀ ਕਿ ਰਿਕਾਰਡਿੰਗ ਕਰਨ ਵਾਲੀ ਮਸ਼ੀਨ ਗਾਇਕ ਦੀ ਆਵਾਜ਼ ਖਿੱਚ ਲੈਂਦੀ ਹੈ ਅਤੇ ਉਹ ਸਾਰੀ ਉਮਰ ਲਈ ਆਪਣੀ ਆਵਾਜ਼ ਤੋਂ ਹੱਥ ਧੋ ਲੈਂਦਾ ਹੈ | ਇਸ ਕਾਰਨ ਪੰਜਾਬੀ ਦੇ ਕੁਝ ਵਧੀਆ ਗਾਇਕ ਰਿਕਾਰਡਿੰਗ ਤੋਂ ਦੂਰ ਹੀ ਰਹੇ |
ਪਾਠਕਾਂ ਦੀ ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਇਸ ਦੌਰ ਵਿਚ ਤਵਿਆਂ ਦੇ ਸਿਰਫ਼ ਇਕ ਪਾਸੇ ਹੀ ਰਿਕਾਰਡਿੰਗ ਹੁੰਦੀ ਸੀ | ਦੂਜਾ ਪਾਸਾ ਕੰਪਨੀ ਦੇ ਮਾਰਕੇ ਲਈ ਰਾਖਵਾਂ ਹੁੰਦਾ ਸੀ |
ਪੰਜਾਬ ਵਿਚ ਲਾਊਡ ਸਪੀਕਰ 1950 ਤੋਂ ਬਾਅਦ ਵੱਜਣੇ ਸ਼ੁਰੂ ਹੋਏ | ਇਨ੍ਹਾਂ ਰਾਹੀਂ ਪੰਜਾਬੀ ਫ਼ਨਕਾਰ ਆਪਣੀ ਆਵਾਜ਼ ਦਾ ਰਸ ਸਰੋਤਿਆਂ ਦੇ ਕੰਨਾਂ ਵਿਚ ਘੋਲਣ ਲੱਗੇ | ਪਹਿਲੇ ਦੌਰ ਵਿਚ ਰਿਕਾਰਡਿੰਗ ਦੀ ਸਪੀਡ 78 ਆਰ.ਐਮ.ਪੀ. ਸੀ ਜੋ ਬਾਅਦ ਵਿਚ 33 ਅਤੇ ਫਿਰ 45 ਹੋ ਗਈ | ਇਨ੍ਹਾਂ ਤਵਿਆਂ ਵਿਚ ਛੋਟੇ ਈ.ਪੀ. ਅਤੇ ਐਸ.ਪੀ. ਅਤੇ ਬਾਅਦ ਵਿਚ ਲੌਾਗ ਪਲੇਅ ਰਿਕਾਰਡਿੰਗਾਂ ਨੇ ਜਨਮ ਲਿਆ |
ਮੁੱਢਲੇ ਦੌਰ ਵਿਚ ਪੰਜਾਬ ਵਿਚ ਲਾਊਡ ਸਪੀਕਰਾਂ ਰਾਹੀਂ ਵੱਜਣ ਵਾਲੇ ਪੰਜਾਬੀ ਗਾਇਕਾਂ ਦਾ ਜ਼ਿਕਰ ਅਕਸਰ ਅਖ਼ਬਾਰਾਂ, ਰਸਾਲਿਆਂ, ਸੱਥਾਂ-ਸਭਾਵਾਂ ਵਿਚ ਮਿਲ ਜਾਂਦਾ ਹੈ | ਪਰ ਪਿਛਲੇ ਦੌਰ ਵਿਚ 1902 ਤੋਂ ਲੈ ਕੇ 1930 ਤੱਕ ਦੇ ਫਨਕਾਰਾਂ ਦੇ ਗੀਤ ਗੁਆਚ ਚੁੱਕੇ ਹਨ, ਜਿਨ੍ਹਾਂ ਦਾ ਜ਼ਿਕਰ ਜਾਂ ਚਰਚਾ ਕਿਧਰੇ ਨਜ਼ਰੀਂ ਨਹੀਂ ਹੁੰਦੀ | ਦੁੱਖ ਦੀ ਗੱਲ ਇਹ ਵੀ ਹੈ ਕਿ ਕਿਸੇ ਵੀ ਖੋਜੀ ਵਿਅਕਤੀ ਵਲੋਂ ਨਿੱਜੀ ਤੌਰ 'ਤੇ ਜਾਂ ਕਿਸੇ ਵਿਸ਼ਵ ਵਿਦਿਆਲੇ ਵਲੋਂ ਇਸ ਉੱਪਰ ਹੁਣ ਤੱਕ ਕੋਈ ਖੋਜ ਕਾਰਜ ਵੀ ਆਰੰਭ ਨਹੀਂ ਹੋਇਆ ਹੈ | ਇਹ ਗਾਇਕ ਗੰੁਮਨਾਮੀ ਦੀ ਹਨੇਰੀ ਸੁਰੰਗ ਵਿਚ ਗੁਆਚ ਚੁੱਕੇ ਹਨ | ਇਸ ਦੌਰ ਵਿਚ ਰਾਗੀਆਂ ਦੇ, ਕੱਵਾਲਾਂ ਦੇ, ਢੱਡ-ਸਾਰੰਗੀ ਦੇ, ਕਵੀਸ਼ਰੀ ਦੇ, ਲੋਕ-ਗੀਤਾਂ ਦੇ, ਬੈਂਤਾਂ ਦੇ, ਪੰਜਾਬੀ ਬੋਲੀਆਂ ਦੀਆਂ ਅਨੇਕਾਂ ਰਿਕਾਰਡਿੰਗਾਂ ਅੱਜਕਲ੍ਹ ਅਲੋਪ ਹਨ |
ਲੋਕ-ਮਨਾਂ ਵਿਚੋਂ ਵਿਸਰ ਚੁੱਕੇ ਇਨ੍ਹਾਂ ਗਾਇਕਾਂ ਬਾਰੇ ਅਸੀਂ ਸੰਖੇਪਕ ਜਾਣਕਾਰੀ ਪਾਠਕਾਂ ਦੀ ਯਾਦਾਸ਼ਤ ਵਿਚ ਵਾਧਾ ਕਰਨ ਲਈ ਪੇਸ਼ ਕਰ ਰਹੇ ਹਾਂ, ਤਾਂ ਕਿ ਇਨ੍ਹਾਂ ਨਾਲ ਇਨਸਾਫ਼ ਹੋ ਸਕੇ | ਇਨ੍ਹਾਂ ਗਾਇਕਾਂ ਦੇ ਗੀਤ ਸਿਰਫ਼ ਗ੍ਰਾਮੋਫੋਨ ਮਸ਼ੀਨਾਂ ਵਿਚ ਵੱਜੇ ਅਤੇ ਆਪਣੇ ਸਮੇਂ ਸੁਪਰ ਹਿੱਟ ਰਹੇ |
ਉਸ ਸਮੇਂ ਰਿਕਾਰਡਿੰਗ ਦਾ ਇਕ ਦਿਲਚਸਪ ਪੱਖ ਇਹ ਵੀ ਸੀ ਕਿ ਕੰਪਨੀਆਂ ਵੱਧ ਮੁਨਾਫ਼ਾ ਕਮਾਉਣ ਲਈ ਪੰਜਾਬ ਦੇ ਚੋਟੀ ਦੇ ਰਾਗੀਆਂ, ਰਬਾਬੀਆਂ ਤੋਂ ਪੰਜਾਬੀ ਦੇ ਹਲਕੇ-ਫੁਲਕੇ ਗੀਤ ਗਵਾ ਕੇ ਰਿਕਾਰਡਿੰਗ ਕਰਦੀਆਂ ਰਹੀਆਂ ਸਨ | ਉਦਾਹਰਨ ਦੇ ਤੌਰ 'ਤੇ ਭਾਈ ਘਸੀਟਾ, ਭਾਈ ਛੇਲਾ, ਭਾਈ ਆਗਾ ਫ਼ੈਜ਼, ਭਾਈ ਗਾਮ, ਭਾਈ ਸੰੁਦਰ, ਭਾਈ ਸਾੲੀਂ ਦੱਤਾ, ਭਾਈ ਫ਼ੈਜ਼, ਭਾਈ ਸਰਦਾਰ ਸਿੰਘ, ਭਾਈ ਉੱਤਮ ਸਿੰਘ, ਭਾਈ ਅੱਛਰ ਸਿੰਘ ਆਦਿ ਆਪਣੇ ਸਮੇਂ ਦੇ ਸਿਰਕੱਢ ਕੀਰਤਨੀਏ ਅਤੇ ਰਾਗੀ ਸਨ | ਪਰ ਬਾਜ਼ਾਰ ਦੀ ਮੰਗ ਨੂੰ ਵੇਖਦਿਆਂ ਕੰਪਨੀਆਂ ਵਲੋਂ ਪੰਜਾਬੀਆਂ ਦੇ ਮਨੋਰੰਜਨ ਹਿਤ ਇਨ੍ਹਾਂ ਦੇ ਬੇਹੱਦ ਹਲਕੇ-ਫੁਲਕੇ ਗੀਤਾਂ ਦੀ ਰਿਕਾਰਡਿੰਗ ਕੀਤੀ ਗਈ |
ਇਹ ਸਚਾਈ ਹੈ ਕਿ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਗਾਇਕਾਂ ਜਾਂ ਉਨ੍ਹਾਂ ਦੇ ਗੀਤਾਂ ਬਾਰੇ ਕੋਈ ਵੀ ਇਲਮ ਨਹੀਂ ਹੈ | ਚੰਦ ਕੁ ਉਹ ਲੋਕ ਜੋ 80 ਬਹਾਰਾਂ ਵੇਖ ਚੁੱਕੇ ਹਨ ਅਤੇ ਸੰਗੀਤ ਦੇ ਰਸੀਏ ਹਨ, ਨੂੰ ਇਨ੍ਹਾਂ ਗਾਇਕਾਂ ਬਾਰੇ ਸੀਮਤ ਗਿਆਨ ਹੈ |
ਰਿਕਾਰਡਿੰਗ ਦੇ ਮੁਢਲੇ ਦੌਰ ਵਿਚ ਭਾਈ ਲੱਭੂ ਦਾ ਇਕ ਗੀਤ ਬੜਾ ਚਰਚਿਤ ਸੀ, ਜਿਸ ਦੇ ਬੋਲ ਸਨ, 'ਆਹੋ ਨੀ ਲੱਛੀਏ' | ਇਕ ਹੋਰ ਗਾਇਕ ਜੋ ਆਪਣੇ ਸਮੇਂ ਵਿਚ ਚੋਟੀ ਦਾ ਰਾਗੀ ਸੀ, ਉਸ ਦਾ ਨਾਂਅ ਸੀ ਆਗਾ ਫ਼ੈਜ਼ | ਆਗਾ ਫ਼ੈਜ਼ ਨੇ ਕੰਪਨੀ ਦੀ ਮੰਗ ਉਤੇ ਲਗਪਗ 20 ਦੇ ਕਰੀਬ ਚੁਲਬੁਲੇ ਗੀਤ ਗਾਏ ਸਨ | ਉਸ ਦੇ ਗੀਤ ਸਨ, 'ਸ਼ਰਾਬੀ ਦਾ ਸਿਆਪਾ', 'ਤੇਰੇ ਨੈਣ ਝਿਲਮਿਲ ਪਏ ਪਾਂਵਦੇ', 'ਤੰੂਬਾ ਵੱਜਦਾ ਨਾ ਯਾਰ ਬਿਨਾਂ', 'ਬਾਜ਼ਾਰ ਵਿਕੇਂਦਾ ਨਾਲਾ', 'ਲੱਗੀਆਂ ਕਲੇਜੇ ਛੁਰੀਆਂ', 'ਰਾਤਾਂ ਲੱਦ ਗਈਆਂ ਯਾਰ ਪਿਆਰੇ' ਆਦਿ ਇਹ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਸਨ |
ਇਸ ਤਰ੍ਹਾਂ ਇਕ ਹੋਰ ਗਾਇਕ ਹੋਇਆ ਹੈ, ਉਸ ਦਾ ਨਾਂਅ ਬਾਗਾ ਸੀ | ਉਸ ਦਾ ਗੀਤ 'ਹੀਰ' ਸਰੋਤਿਆਂ ਦੇ ਸਿਰ ਚੜ੍ਹ ਬੋਲਿਆ | ਗਾਇਕ ਸਾੲੀਂ ਦਿੱਤਾ ਵੀ ਧਾਰਮਿਕ ਸੰਗੀਤ ਨਾਲ ਸਬੰਧ ਰੱਖਣ ਵਾਲਾ ਸੀ, ਪਰ ਉਹ ਵੀ ਹਲਕੇ-ਫੁਲਕੇ ਗੀਤ ਗਾਉਣ ਤੋਂ ਅਛੂਤਾ ਨਾ ਰਹਿ ਸਕਿਆ | ਉਸ ਨੇ 'ਬਾਰਾਂ ਦਰੀ ਢੋਲਾ ਸਾਰੀ ਵਾਰਿਆ' ਰਾਗ ਪੀਲੂ ਵਿਚ ਗਾਇਆ ਸੀ | ਇਥੇ ਭਾਈ ਸੰਤੂ ਦਾ ਜ਼ਿਕਰ ਕਰਨਾ ਵੀ ਲਾਜ਼ਮੀ ਹੈ | ਉਸ ਨੇ ਰਾਗ ਤਿਲੰਗ ਵਿਚ 'ਹੀਰ ਸਾਈਆਂ ਦੀ' ਰਿਕਾਰਡ ਕਰਵਾਇਆ ਸੀ |
ਫ਼ਨਕਾਰ ਭਾਈ ਸੰੁਦਰ ਦੀ ਵਿੱਥਿਆ ਵੀ ਇਸ ਤਰ੍ਹਾਂ ਦੀ ਹੈ | ਇਸ ਨੇ ਧਾਰਮਿਕ ਰੰਗ ਵੀ ਗਾਏ ਅਤੇ ਹਲਕੇ-ਫੁਲਕੇ ਗੀਤ ਵੀ | ਉਸ ਦਾ ਇਕ ਗੀਤ 'ਆਪ ਚੜ੍ਹ ਗਿਆ ਟਮ-ਟਮ 'ਤੇ ਸਾਨੂੰ ਦੇ ਗਿਆ ਇਕ ਟਕਾ ਭਾੜਾ' ਬੜਾ ਮਕਬੂਲ ਹੋਇਆ ਸੀ | ਧਾਰਮਿਕ ਗਾਇਕ ਉੱਤਮ ਸਿੰਘ ਨੇ ਧੀ ਦੀ ਡੋਲੀ ਦੀ ਵਿਦਾਈ ਦੇ ਸਮੇਂ ਦਾ ਗੀਤ 'ਗਲੀਆਂ ਤਾਂ ਤੇਰੀਆਂ ਭੀੜੀਆਂ ਬਾਬਲਾ' ਗਾਇਆ ਸੀ | ਗਾਇਕ ਵਲਾਇਤ ਅਲੀ ਦੇ ਦੋ ਗੀਤ ਉਸ ਦੌਰ ਵਿਚ ਬੜੇ ਮਕਬੂਲ ਹੋਏ | ਇਕ ਸੀ, 'ਲਾ ਕੇ ਯਾਰੀ ਦਿਲ ਲੁੱਟਿਆ ਮੇਰਾ' ਦੂਜਾ ਸੀ, 'ਚਿੱਠੀਆਂ ਦਰਦਾਂ ਦੀਆਂ ਲਿਖ ਸੱਜਣਾਂ ਵੱਲ ਪਾਈਆਂ |'
ਗਾਇਕ ਬਲੀ ਮੁਹੰਮਦ ਦਾ ਗੀਤ 'ਸੋਹਣੀ ਦਾ ਇਸ਼ਕ ਕਮਾਲ ਸੋਹਣਾ' ਵੀ ਉਨ੍ਹਾਂ ਸਮਿਆਂ ਦੀ ਉਪਜ ਹੈ | ਫਕੀਰ ਸੈਨ ਨਾਂਅ ਦੇ ਗਾਇਕ ਦੀ ਹੀਰ ਰਿਕਾਰਡ ਹੋਈ | ਉਸ ਦਾ ਗੀਤ 'ਗਿਆ ਭੱਜ ਤਕਦੀਰ ਦੇ ਨਾਲ ਠੂਠਾ' ਵੀ ਮਸ਼ਹੂਰ ਸੀ |
ਇਸ ਸਮੇਂ ਇਕ ਦੋਗਾਣਾ ਜੋੜੀ ਗਾਇਕੀ ਦੇ ਮੈਦਾਨ ਵਿਚ ਆਈ | ਗਾਇਕ ਸੀ ਨੰਦ ਲਾਲ ਸ਼ਰਮਾ ਅਤੇ ਗਾਇਕਾ ਸੀ ਮਿਸ ਬਦਰਾ | ਉਨ੍ਹਾਂ ਦਾ ਗੀਤ 'ਮੈਂ ਹੀਰ ਬਣਾਂ ਤੂੰ ਬਣ ਰਾਂਝਾ' ਵੀ ਸੁਪਰ ਹਿੱਟ ਰਿਹਾ ਸੀ |
ਕੁਝ ਤਵਿਆਂ ਵਿਚ ਗੌਹਰ ਜਾਨ ਪਟਿਆਲਾ ਦੇ ਗੀਤ ਵੀ ਰਿਕਾਰਡ ਹੋਏ | ਇਨ੍ਹਾਂ ਵਿਚੋਂ 'ਖ਼ੈਰ ਝੋਲੀ ਵਿਚ ਪਾਵਾਂ' (ਰਾਗ ਪਹਾੜੀ), 'ਲਾਰਾ ਲੱਪਾ ਲਾਰਾ ਲੱਪਾ ਲਾਈ ਰੱਖਦੀ' (ਰਾਗ ਸਾਰੰਗ) ਆਦਿ ਸਰੋਤਿਆਂ ਦੀ ਪਹਿਲੀ ਪਸੰਦ ਸਨ | ਉਸ ਸਮੇਂ ਗਫੂਰ ਨਾਂਅ ਦਾ ਸ਼ਖ਼ਸ ਵੀ ਗਾਇਕੀ ਦੇ ਪਿੜ ਵਿਚ ਸੀ, ਉਸ ਦਾ ਗੀਤ 'ਜੋਗੀ ਮਿਲਾਦੇ ਨਣਦੇ ਨੀਂ' ਕਾਫੀ ਚਰਚਿਤ ਗੀਤ ਸੀ | ਇਸੇ ਵਕਤ ਮਿਸ ਦੁਲਾਰੀ ਦਾ ਗੀਤ 'ਪੱਲਾ ਮਾਰ ਕੇ ਬੁਝਾ ਗਈ ਦੀਵਾ' ਸਰੋਤਿਆਂ ਨੂੰ ਝੂਮਣ ਲਾ ਦਿੰਦਾ ਸੀ |
ਮਹਾਰਾਜਾ ਪਟਿਆਲਾ ਦਾ ਰਾਜ ਗਾਇਕ ਭਾਈ ਛੈਲਾ ਉਸ ਸਮੇਂ ਪੂਰੇ ਜੋਬਨ ਉਤੇ ਸੀ | ਉਸ ਨੇ 'ਸੋਲਾਂ ਸਾਲ ਦੀ ਹੋ ਗਈ ਕਾਕੀ' ਵਰਗਾ ਸੁਪਰਹਿਟ ਗੀਤ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਇਆ ਸੀ | ਭਾਈ ਛੈਲਾ ਦਾ ਇਕ ਗੀਤ 'ਨੀਂ ਤੈਨੂੰ ਮੌਲਾ ਹਾਕਾਂ ਮਾਰੇ, ਖੜ੍ਹੀ ਹੋ ਕੇ ਗੱਲ ਸੁਣ ਜਾ' ਵੀ ਮਕਬੂਲ ਸੀ |
ਇਕ ਹੋਰ ਗਵਾਚਿਆ ਗਾਇਕ ਵੀ ਸਾਡੇ ਸਨਮੁੱਖ ਹੈ, ਜਿਸ ਦੇ ਕਈ ਗੀਤ ਰਿਕਾਰਡ ਮਿਲਦੇ ਹਨ | ਉਸ ਦਾ ਨਾਂਅ ਇਜਾਜ਼ ਅਲੀ ਸੀ | ਉਸ ਦੇ ਦੋ ਗੀਤ 'ਕਸ ਕਸ ਕੇ ਪੀਸ ਦਿੱਤਾ ਦਿਲ' ਅਤੇ 'ਗੰਜਿਆ ਤੂੰ ਗੰਜ ਸੰਭਾਲ' ਸਰੋਤਿਆਂ ਦੇ ਮਨਪਸੰਦ ਗੀਤ ਸਨ |
ਭਾਈ ਗਾਮ ਦਾ ਜ਼ਿਕਰ ਵੀ ਜ਼ਰੂਰੀ ਹੈ | ਉਸ ਦੇ ਦੋ ਗੀਤ ਰਿਕਾਰਡ ਹੋਏ | ਪਹਿਲਾ ਸੀ 'ਠੁਮਕ ਠੁਮਕ ਨਾਲ ਚਲਦੀ' ਦੂਸਰਾ ਸੀ, 'ਨੀ ਤੂੰ ਕਿਉਂ ਗਈ ਸੈਂ', ਬਾਬੂ ਗਣਪਤੀ ਦੇ ਰਿਕਾਰਡ ਗੀਤ ਵੀ ਮਿਲਦੇ ਹਨ ਉਨ੍ਹਾਂ ਦਾ ਇਕ ਚਰਚਿਤ ਗੀਤ ਸੀ, 'ਗਾਉਂਦੀ ਅੱਖਾਂ ਮਾਰਦੀ' |
ਬੱਲੀਆਂ ਦੇ ਤਵੇ ਭਾਈ ਮਾਅਣਾਂ ਦੀ ਆਵਾਜ਼ ਵਿਚ ਮਿਲਦੇ ਹਨ, ਉਸ ਦੇ ਦੋ ਗੀਤ ਜ਼ਿਕਰਯੋਗ ਹਨ, 'ਬੋਲ ਵਾਹਿਗੁਰੂ ਤੇਰੀ ਸਹੰੁ' ਅਤੇ 'ਰੰਗ ਲੱਗਾ ਸੋਹਣਿਆ ਤੇਰਾ' ਭਾਈ ਰੂੜਾ ਧਰਮ ਪੱਖੋਂ ਮੁਸਲਿਮ ਸੀ ਪਰ ਸ੍ਰੀ ਦਰਬਾਰ ਸਾਹਿਬ ਵਿਚ ਕੀਰਤਨ ਕਰਦਾ ਸੀ | ਉਸ ਦੇ ਕਈ ਤਵੇ ਰਿਕਾਰਡ ਹੋਏ | ਉਸ ਦੇ ਹਿੱਟ ਗੀਤ ਸਨ, 'ਨਿਊ ਲਾਈਟ ਦਾ ਫੈਸ਼ਨ ਆਇਆ' ਅਤੇ 'ਵੇ ਹਕੀਮਾਂ ਨਬਜ਼ ਕਿਉਂ ਨਹੀਂ ਵੇਖਦਾ', ਸਰਦਾਰਾ ਸਿੰਘ ਨਾਂਅ ਦੇ ਫ਼ਨਕਾਰ ਦਾ ਧਾਰਮਿਕ ਗੀਤ 'ਤੇਰੇ ਲਾਲ ਸ਼ਹੀਦ ਹੋ ਗਏ ਪ੍ਰੀਤਮਾ' ਵੀ ਸਰੋਤੇ ਸੁਣਦੇ ਰਹੇ |
ਲੋਕ ਗਾਇਕੀ ਦੀ ਜ਼ਿਆਦਾਤਰ ਸਮੱਗਰੀ ਤਵਿਆਂ ਵਿਚ ਸੁਰੱਖਿਅਤ ਹੈ | ਪਰ ਅਫ਼ਸੋਸ ਨਾ ਕਿਸੇ ਯੂਨੀਵਰਸਿਟੀ ਨੇ, ਨਾ ਸਰਕਾਰ ਦੇ ਸੱਭਿਆਚਾਰਕ ਵਿਭਾਗ ਨੇ ਇਸ ਨੂੰ ਸਾਂਭਣ ਦਾ ਅਤੇ ਲੱਭਣ ਦਾ ਯਤਨ ਕੀਤਾ | ਲੋਕ ਗਾਇਕੀ ਵਿਦਿਆਰਥੀਆਂ ਦੇ ਪਾਠਕ੍ਰਮ ਦਾ ਹਿੱਸਾ ਵੀ ਨਹੀਂ ਬਣ ਸਕੀ | ਇਸ ਬੇਸ਼ਕੀਮਤੀ ਵਿਰਾਸਤ ਨੂੰ ਸਾਂਭਣ ਲਈ ਸਾਨੂੰ ਸਭ ਨੂੰ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ |

-ਸਟੇਟ ਐਵਾਰਡੀ (ਸੰਗੀਤ), ਸ਼ੇਰ ਸਿੰਘ ਪੁਰਾ (ਬਰਨਾਲਾ) | ਮੋਬਾਈਲ : 98720-29407.


ਖ਼ਬਰ ਸ਼ੇਅਰ ਕਰੋ

ਪ੍ਰਦੇਸਣ ਕੁੜੀਆਂ ਦਾ ਦਰਦ

ਬੀਤੇ ਦਿਨੀਂ ਮਸਕਟ ਵਿਚ ਫਸੀਆਂ 60 ਭਾਰਤੀ ਮੁਟਿਆਰਾਂ ਦੀ ਖ਼ਬਰ ਨੇ ਕੁੜੀਆਂ ਦੇ ਪ੍ਰਵਾਸ ਦੇ ਦੁਖਾਂਤ ਨੂੰ ਇਕ ਵਾਰ ਫਿਰ ਉਜਾਗਰ ਕਰ ਦਿੱਤਾ | ਮਸਕਟ ਵਿਚ ਫਸੀਆਂ ਇਨ੍ਹਾਂ ਕੁੜੀਆਂ ਨੂੰ ਭਾਰਤ ਦੇ ਵੱਖ -ਵੱਖ ਇਲਾਕਿਆਂ ਤੋਂ ਵੱਖ-ਵੱਖ ਏਜੰਟਾਂ ਵਲੋਂ ਨੌਕਰੀ ਦੇ ਬਹਾਨੇ ਮਸਕਟ ਵਿਚ ਭੇਜਿਆ ਗਿਆ ਸੀ ਅਤੇ ਮਸਕਟ ਵਿਚ ਇਨ੍ਹਾਂ ਕੁੜੀਆਂ ਦੇ ਮਾਲਕਾਂ ਤੋਂ ਇਨ੍ਹਾਂ ਏਜੰਟਾਂ ਨੇ ਕਰੋੜਾਂ ਵਿਚ ਰਕਮ ਵੀ ਪੇਸ਼ਗੀ ਲੈ ਲਈ ਸੀ | ਇਸ ਤੋਂ ਪਹਿਲਾਂ ਵੀ ਵਿਆਹ ਦੇ ਨਾਂਅ 'ਤੇ ਹੋਏ ਧੋਖੇ, ਲਾਲਚੀ ਏਜੰਟਾਂ ਵਲੋਂ ਨੌਕਰੀ ਦੇ ਬਹਾਨੇ ਵਿਦੇਸ਼ਾਂ ਵਿਚ ਖਾਸ ਤੌਰ 'ਤੇ ਅਰਬ ਦੇਸ਼ਾਂ ਵਿਚ ਭੇਜ ਕੇ ਸ਼ੇਖਾਂ ਕੋਲ ਲੜਕੀਆਂ ਵੇਚਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ | ਬਹੁਤੀਆਂ ਕੁੜੀਆਂ ਦੇ ਆਪਣੇ ਹੀ ਮਾਪਿਆਂ ਵਲੋਂ ਵਿਦੇਸ਼ ਜਾਣ ਦੇ ਲਾਲਚ ਵਿਚ ਭਰ ਜਵਾਨ ਕੁੜੀਆਂ ਦਾ ਵਿਆਹ ਵਿਦੇਸ਼ ਰਹਿੰਦੇ ਅਧਖੜ ਜਾਂ ਬੁੱਢੇ ਨਾਲ ਕਰਨ ਤੇ ਭਰ ਜਵਾਨ ਕੁੜੀਆਂ ਦੇ ਵਿਦੇਸ਼ੀ ਠੱਗ ਲਾੜਿਆਂ ਦੀ ਵਿਆਹ ਦੇ ਨਾਂਅ 'ਤੇ ਮਾਰੀ ਠੱਗੀ ਦਾ ਸ਼ਿਕਾਰ ਹੋਣ ਦੇ ਅਨੇਕਾਂ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ | ਇਸ ਦੇ ਬਾਵਜੂਦ ਕੁੜੀਆਂ ਦਾ ਵਿਦੇਸ਼ਾਂ ਵੱਲ ਪ੍ਰਵਾਸ ਦਿਨੋ-ਦਿਨ ਵਧ ਰਿਹਾ ਹੈ | ਭਾਰਤ ਖਾਸ ਕਰਕੇ ਪੰਜਾਬ ਤੋਂ ਵਿਦੇਸ਼ ਜਾਣ ਵਾਲੀਆਂ ਕੁੜੀਆਂ ਕਾਰਨ ਹੁਣ ਪੰਜਾਬ ਦਾ ਕਰੋੜਾਂ -ਅਰਬਾਂ ਰੁਪਿਆ ਪੰਜਾਬ ਤੋਂ ਵੱਖ-ਵੱਖ ਮੁਲਕਾਂ ਵਿਚ ਫੀਸਾਂ ਤੇ ਹੋਰ ਖਰਚਿਆਂ ਦੇ ਰੂਪ ਵਿਚ ਜਾ ਰਿਹਾ ਹੈ | ਇਸ ਤੋਂ ਇਲਾਵਾ ਪੜ੍ਹੀਆਂ-ਲਿਖੀਆਂ ਕੁੜੀਆਂ ਦੇ ਵਿਦੇਸ਼ ਜਾਣ ਦਾ 'ਬਰੇਨ ਡਰੇਨ' ਹੋ ਰਿਹਾ ਹੈ |
ਪੰਜਾਬ ਸਮੇਤ ਪੂਰੇ ਮੁਲਕ ਵਿਚ ਇਸ ਸਮੇਂ ਆਰਥਿਕ ਮੰਦੀ ਦਾ ਪਰਛਾਵਾਂ ਪਿਆ ਹੋਇਆ ਹੈ | ਇਸ ਦੇ ਬਾਵਜੂਦ ਵੱਖ-ਵੱਖ ਸ਼ਹਿਰਾਂ ਵਿਚ ਖੁੰਬਾਂ ਵਾਂਗ ਉੱਗੇ ਭਾਵ ਖੁੱਲ੍ਹੇ ਆਈਲੈਟਸ ਕੇਂਦਰਾਂ ਵਿਚ ਵਿਦਿਆਰਥੀਆਂ ਦੀਆਂ ਭੀੜਾਂ ਨਜ਼ਰ ਆ ਰਹੀਆਂ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਅੱਲ੍ਹੜ ਤੇ ਜਵਾਨ ਕੁੜੀਆਂ ਦੀ ਹੁੰਦੀ ਹੈ | ਪੰਜਾਬ ਦੀ ਹਰ ਕੁੜੀ ਹੁਣ ਮੁੱਢਲੀ ਪੜ੍ਹਾਈ ਕਰਨ ਉਪਰੰਤ ਆਈਲੈਟਸ ਕਰਨਾ ਚਾਹੁੰਦੀ ਹੈ | ਹਰ ਦਿਨ ਪੰਜਾਬ ਦੀਆਂ ਸੈਂਕੜੇ ਕੁੜੀਆਂ ਆਈਲੈਟਸ ਦੇ ਸਹਾਰੇ ਵਿਦੇਸ਼ ਉਡਾਰੀ ਮਾਰ ਰਹੀਆਂ ਹਨ, ਜਿਸ ਕਾਰਨ ਪੰਜਾਬ ਦੇ ਪਿੰਡਾਂ ਦੇ ਪਿੰਡ ਹੁਣ ਨੌਜਵਾਨ ਮੁੰਡੇ-ਕੁੜੀਆਂ ਖੁਣੋਂ ਸੁੰਨੇ ਹੋ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ |
ਇਹ ਇਕ ਕੁਸੈਲੀ ਹਕੀਕਤ ਹੈ ਕਿ ਹੁਣ ਪੰਜਾਬ ਦੀਆਂ ਵੱਡੀ ਗਿਣਤੀ ਕੁੜੀਆਂ ਸੱਤ ਸਮੁੰਦਰ ਪਾਰ ਜਾ ਕੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਮੁਲਕਾਂ ਵਿਚ ਜਾਣ ਅਤੇ ਫਿਰ ਇਨ੍ਹਾਂ ਬੇਗਾਨੇ ਮੁਲਕਾਂ ਦੀਆਂ ਪੱਕੀਆਂ ਵਸਨੀਕ ਬਣਨ ਨੂੰ ਤਰਜੀਹ ਦੇਣ ਲੱਗੀਆਂ ਹਨ |
ਅੱਜ ਪੰਜਾਬ ਵਿਚ ਹਾਲ ਇਹ ਹੋ ਗਿਆ ਹੈ ਕਿ ਹਰ ਅੱਲ੍ਹੜ ਕੁੜੀ ਇਹ ਚਾਹੁੰਦੀ ਹੈ ਕਿ ਉਹ ਆਪਣੀ ਮੁੱਢਲੀ ਪੜ੍ਹਾਈ ਛੇਤੀ -ਛੇਤੀ ਪੂਰੀ ਕਰ ਕੇ ਉਚੇਰੀ ਪੜ੍ਹਾਈ ਲਈ ਬਰਤਾਨੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਜਾਵੇ | ਹਾਲ ਤਾਂ ਇਹ ਹੋ ਗਿਆ ਹੈ ਕਿ ਅੱਜ ਹਰ ਵਿਦਿਆਰਥਣ ਆਪਣੇ ਕਾਲਜ ਤੇ ਯੂਨੀਵਰਸਿਟੀ ਦੇ ਸਫ਼ਰ ਦੌਰਾਨ ਇਹ ਹੀ ਸੋਚਦੀ ਹੈ ਕਿ ਜਾਂ ਤਾਂ ਉਸ ਨੂੰ ਪੜ੍ਹਦੇ ਸਮੇਂ ਹੀ ਜਾਂ ਪੜ੍ਹਾਈ ਪੂਰੀ ਹੁੰਦੇ ਹੀ ਸਰਕਾਰੀ ਨੌਕਰੀ ਮਿਲ ਜਾਵੇ ਜਾਂ ਫਿਰ ਉਸ ਦਾ ਵਿਦੇਸ਼ ਵਿਚ ਵਿਆਹ ਹੋ ਜਾਵੇ ਜਾਂ ਫਿਰ ਉਹ ਆਈਲੈਟਸ ਕਰਕੇ ਸਟੱਡੀ ਵੀਜ਼ੇ ਉੱਪਰ ਹੀ ਵਿਦੇਸ਼ ਚਲੀ ਜਾਵੇ |
ਪੰਜਾਬ ਦੇ ਵੱਡੀ ਗਿਣਤੀ ਮਾਪੇ ਹੁਣ ਇਹ ਚਾਹੰੁਦੇ ਹਨ ਕਿ ਉਨ੍ਹਾਂ ਦੇ ਪੁੱਤਰਾਂ ਵਾਂਗ ਉਨ੍ਹਾਂ ਦੀ ਧੀ ਵੀ ਵਿਦੇਸ਼ ਚਲੀ ਜਾਵੇ | ਕਈ ਵਾਰ ਤਾਂ ਸਾਰਾ ਪਰਿਵਾਰ ਹੀ ਵਿਦੇਸ਼ ਜਾਣ ਲਈ ਧੀ ਦਾ ਵਿਆਹ ਕਿਸੇ ਵਿਦੇਸ਼ੀ ਲਾੜੇ ਨਾਲ ਕਰ ਦਿੰਦਾ ਹੈ ਤੇ ਫਿਰ ਧੀ ਦੇ ਸਹਾਰੇ ਹੀ ਸਾਰਾ ਪਰਿਵਾਰ ਵਿਦੇਸ਼ ਵਿਚ ਪਹੰੁਚ ਜਾਂਦਾ ਹੈ | ਕਈ ਵਾਰ ਤਾਂ ਵਿਦੇਸ਼ ਜਾਣ ਦੇ ਚੱਕਰ ਵਿਚ ਸੋਹਣੀ ਸੁਨੱਖੀ ਤੇ ਚੜ੍ਹਦੀ ਉਮਰ ਦੀ ਧੀ ਦਾ ਵਿਆਹ ਬੜੇ ਚਾਵਾਂ ਨਾਲ ਅੱਧਖੜ ਉਮਰ ਦੇ ਵਿਦੇਸ਼ੀ ਲਾੜੇ ਨਾਲ ਹੀ ਕਰ ਦਿੱਤਾ ਜਾਂਦਾ ਹੈ | ਦੂਜੇ ਪਾਸੇ ਵਿਦੇਸ਼ ਜਾਣ ਦਾ ਲਾਲਚ ਹੀ ਅਜਿਹਾ ਹੁੰਦਾ ਹੈ ਕਿ ਕੁੜੀ ਨਾ ਚਾਹੁੰਦੇ ਹੋਏ ਵੀ ਅੱਧਖੜ ਉਮਰ ਦੇ ਵਿਦੇਸ਼ੀ ਲਾੜੇ ਨਾਲ ਵਿਆਹ ਕਰਵਾ ਲੈਂਦੀ ਹੈ | ਇਸ ਤਰ੍ਹਾਂ ਕੁੜੀ ਨਾ ਚਾਹੁੁੰਦੇ ਹੋਏ ਵੀ ਆਪਣੇ ਮਾਪਿਆਂ ਲਈ ਅਜਿਹੇ ਵਰ ਨਾਲ ਵਿਦੇਸ਼ ਉਡਾਰੀ ਮਾਰ ਜਾਂਦੀ ਹੈ, ਭਾਵੇਂ ਕਿ ਅਜਿਹੇ ਵਿਆਹਾਂ ਨੂੰ ਨਰੜ ਵੀ ਕਿਹਾ ਜਾਂਦਾ ਹੈ | ਦੂਜੇ ਪਾਸੇ ਕਈ ਵਿਦੇਸ਼ੀ ਲਾੜੇ ਅਜਿਹੇ ਵੀ ਹੁੰਦੇ ਹਨ ਜੋ ਕਿ ਕੁੜੀਆਂ ਨੂੰ ਹਮਉਮਰ ਮਿਲਦੇ ਹਨ | ਅਜਿਹੇ ਵਿਦੇਸ਼ੀ ਲਾੜੇ ਵਿਦੇਸ਼ਾਂ ਵਿਚ ਵੀ ਪੰਜਾਬ ਤੋਂ ਵਿਆਹ ਕੇ ਲਿਆਂਦੀ ਆਪਣੀ ਪਤਨੀ ਦਾ ਸਾਰੀ ਉਮਰ ਹੀ ਬਹੁਤ ਧਿਆਨ ਰੱਖਦੇ ਹਨ ਤੇ ਉਸ ਨੂੰ ਬਹੁਤ ਪਿਆਰ ਕਰਦੇ ਹਨ | ਮੇਰੇ ਨਾਲ ਬਚਪਨ ਤੋਂ ਲੈ ਕੇ ਯੂਨੀਵਰਸਿਟੀ ਦੀ ਉਚੇਰੀ ਪੜ੍ਹਾਈ ਤੱਕ ਜਿੰਨੀਆਂ ਵੀ ਸੋਹਣੀਆਂ ਕੁੜੀਆਂ ਪੜ੍ਹਦੀਆਂ ਸਨ, ਉਨ੍ਹਾਂ ਵਿਚੋਂ ਵੱਡੀ ਗਿਣਤੀ ਕੁੜੀਆਂ ਅੱਜ ਕੱਲ੍ਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਹੋਰ ਮੁਲਕਾਂ ਵਿਚ ਹਨ, ਜੋ ਕਿ ਵਿਦੇਸ਼ੀ ਲਾੜਿਆਂ ਨਾਲ ਵਿਆਹ ਹੋਣ ਤੋਂ ਮਗਰੋਂ ਉਥੇ ਗਈਆਂ ਤੇ ਹਮੇਸ਼ਾ ਲਈ ਹੀ ਫਿਰ ਉਥੋਂ ਦੀਆਂ ਹੀ ਹੋ ਕੇ ਰਹਿ ਗਈਆਂ | ਜਦੋਂ ਕਿਸੇ ਮੁਟਿਆਰ ਨੂੰ ਕੋਈ ਵਿਦੇਸ਼ੀ ਲਾੜਾ ਗਹਿਣਿਆਂ ਨਾਲ ਲੱਦ ਕੇ ਵਿਦੇਸ਼ ਲੈ ਕੇ ਜਾਂਦਾ ਹੈ ਤਾਂ ਇਕ ਵਾਰ ਤਾਂ ਉਹ ਵਿਦੇਸ਼ੀ ਧਰਤੀ ਉੱਪਰ ਪੈਰ ਧਰ ਕੇ ਇਸ ਤਰ੍ਹਾਂ ਮਹਿਸੂਸ ਕਰਦੀ ਹੈ ਜਿਵੇਂ ਉਸ ਨੂੰ 'ਸੁਰਖਾਬ ਦੇ ਖੰਭ' ਲੱਗ ਗਏ ਹੋਣ ਪਰ ਛੇਤੀ ਹੀ ਜਦੋਂ ਉਸ ਅੱਗੇ ਅਸਲੀਅਤ ਆਉਂਦੀ ਹੈ ਤਾਂ ਉਹ ਫਿਰ ਨਾ ਤਾਂ ਘਰ ਮੁੜਨ ਜੋਗੀ ਰਹਿੰਦੀ ਹੈ ਤੇ ਨਾ ਫਿਰ ਉਹ ਉਥੇ ਰਹਿਣ ਜੋਗੀ |
ਅਨੇਕਾਂ ਪੰਜਾਬੀ ਕੁੜੀਆਂ ਨਾਲ ਵਿਦੇਸ਼ੀ ਲਾੜਿਆਂ ਵਲੋਂ ਵਿਆਹ ਦੇ ਨਾਂਅ 'ਤੇ ਧੋਖੇ ਵੀ ਕੀਤੇ ਜਾਂਦੇ ਰਹੇ ਹਨ | ਅਜਿਹੇ ਵਿਆਹਾਂ ਤੋਂ ਬਾਅਦ ਜਦੋਂ ਹੱਥਾਂ ਨੂੰ ਮਹਿੰਦੀ ਲਾ ਕੇ ਸ਼ਗਨ ਮਨਾ ਕੇ ਇਹ ਕੁੜੀਆਂ ਪਹਿਲੀ ਵਾਰੀ ਵਿਦੇਸ਼ ਜਾਣ ਲਈ ਜਹਾਜ਼ੇ ਚੜ੍ਹਦੀਆਂ ਹਨ ਤਾਂ ਅੰਮਿ੍ਤਸਰ ਜਾਂ ਦਿੱਲੀ ਦੇ ਏਅਰਪੋਰਟ 'ਤੇ ਅੱਖਾਂ ਚੰੁਧਿਆ ਦੇਣ ਵਾਲੀਆਂ ਰੋਸ਼ਨੀਆਂ ਵਿਚ ਇਹ ਅੱਧਮੀਟੀਆਂ ਅੱਖਾਂ ਵਿਚ ਕਈ ਤਰ੍ਹਾਂ ਦੇ ਸੁਪਨੇ ਸੰਜੋ ਲੈਂਦੀਆਂ ਹਨ ਪਰ ਬੇਗਾਨੇ ਮੁਲਕਾਂ ਦੀ ਬੇਗਾਨੀ ਧਰਤੀ 'ਤੇ ਜਹਾਜ਼ੋਂ ਉਤਰਦਿਆਂ ਹੀ ਇਨ੍ਹਾਂ ਕੁਝ ਸਜ ਵਿਆਹੀਆਂ ਲਾੜੀਆਂ ਦੇ ਪੈਰਾਂ ਹੇਠੋਂ ਜ਼ਮੀਨ ਉਦੋਂ ਖਿਸਕ ਜਾਂਦੀ ਹੈ, ਜਦੋਂ ਇਨ੍ਹਾਂ ਦਾ ਲਾੜਾ ਆਪਣੀ ਪਹਿਲੀ ਪਤਨੀ ਨਾਲ ਜਾਂ ਪਹਿਲੀ ਪਤਨੀ ਦੇ ਬੱਚਿਆਂ ਨਾਲ ਉਸ ਨੂੰ ਲੈਣ ਆਇਆ ਹੁੰਦਾ ਹੈ ਜਾਂ ਫਿਰ ਇਨ੍ਹਾਂ ਦੇ ਲਾੜੇ ਅਜਿਹੇ ਗਾਇਬ ਹੁੰਦੇ ਹਨ ਕਿ ਉਨ੍ਹਾਂ ਨੂੰ ਭਾਲਿਆਂ ਵੀ ਨਹੀਂ ਲੱਭਦੇ | ਫਿਰ ਇਹ ਪ੍ਰਦੇਸੀ ਪੱਤਣਾਂ (ਵਿਦੇਸ਼ ਦੇ ਏਅਰਪੋਰਟ) 'ਤੇ ਖੜ੍ਹ ਕੇ ਰੋਣ ਜੋਗੀਆਂ ਹੀ ਰਹਿ ਜਾਂਦੀਆਂ ਹਨ | ਇਨ੍ਹਾਂ ਨੂੰ ਜਦੋਂ ਪਤਾ ਲਗਦਾ ਹੈ ਕਿ ਉਸ ਦੇ ਮਾਪਿਆਂ ਨੇ 25-30 ਲੱਖ ਖਰਚ ਕੇ ਉਸ ਦੇ ਕੀਤੇ ਆਲੀਸ਼ਾਨ ਵਿਆਹ ਮੌਕੇ ਉਸ ਨੂੰ ਵਿਆਹੁਣ ਆਇਆ ਸਿਰਫ ਲਾੜਾ ਹੀ ਨਹੀਂ ਸਗੋਂ ਲਾੜੇ ਦੇ ਨਾਲ ਬਰਾਤ ਵਿਚ ਆਏ ਲਾੜੇ ਦੇ ਚਾਚੇ, ਮਾਮੇ, ਤਾਏ, ਫੁੱਫੜ ਵੀ ਸਭ ਨਕਲੀ ਸਨ ਅਤੇ ਵਿਆਹ ਦੇ ਨਾਂਅ 'ਤੇ ਉਸ ਨਾਲ ਧੋਖਾ ਹੋ ਗਿਆ ਹੈ ਤੇ ਉਸਦਾ ਪ੍ਰਵਾਸੀ ਲਾੜਾ ਦੋ ਤਿੰਨ ਮਹੀਨੇ ਤੋਂ ਗ਼ਾਇਬ ਹੋ ਗਿਆ ਹੈ | ਫਿਰ ਅਜਿਹੀਆਂ ਸਜ ਵਿਆਹੀਆਂ ਮੁਟਿਆਰਾਂ ਬੁੱਲ੍ਹ ਮੀਟਦੀਆਂ ਹਾਉਕੇ ਭਰਦੀਆਂ ਅੱਧੀ ਰਾਤੀਂ ਵੱਡੇ ਤੜਕੇ ਤੱਕ ਰੋਂਦੀਆਂ ਰਹਿੰਦੀਆਂ ਹਨ | ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਕਿ ਲਾਲਚੀ ਏਜੰਟਾਂ ਨੇ ਅਨੇਕਾਂ ਕੁੜੀਆਂ ਨੂੰ ਵਿਦੇਸ਼ਾਂ ਵਿਚ ਚੰਗੀ ਨੌਕਰੀ ਦਾ ਲਾਲਚ ਦੇ ਕੇ ਵਿਦੇਸ਼ੀ ਲੋਕਾਂ ਕੋਲ ਵੇਚ ਦਿੱਤਾ | ਇਸ ਤਰ੍ਹਾਂ ਏਜੰਟ ਤਾਂ ਮੋਟੀ ਕਮਾਈ ਕਰ ਲੈਂਦੇ ਹਨ ਪਰ ਅਜਿਹੀਆਂ ਕੁੜੀਆਂ ਫਿਰ ਵਿਦੇਸ਼ਾਂ ਵਿਚ ਨਰਕ ਭੋਗਣ ਲਈ ਮਜਬੂਰ ਹੋ ਜਾਂਦੀਆਂ ਹਨ | ਉਨ੍ਹਾਂ ਦੇ ਪਾਸਪੋਰਟ ਅਤੇ ਪੈਸੇ ਅਤੇ ਜ਼ਰੂਰੀ ਕਾਗਜ਼ ਏਜੰਟਾਂ ਜਾਂ ਇਨ੍ਹਾਂ ਕੁੜੀਆਂ ਨੂੰ ਨੌਕਰੀ ਦਾ ਬਹਾਨਾ ਲਗਾ ਕੇ ਸੱਦਣ ਵਾਲਿਆਂ ਵਲੋਂ ਆਪਣੇ ਕਬਜ਼ੇ ਵਿਚ ਲੈ ਲਏ ਜਾਂਦੇ ਹਨ | ਜਿਸ ਕਾਰਨ ਇਹ ਕੁੜੀਆਂ ਫਿਰ ਵਾਪਸ ਵਤਨ ਪਰਤਣ ਲਈ ਕੋਈ ਚਾਰਾਜੋਈ ਵੀ ਨਹੀਂ ਕਰ ਸਕਦੀਆਂ | ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਨੌਕਰੀ ਦੇ ਬਹਾਨੇ ਭੇਜੀਆਂ ਗਈਆਂ ਅਨੇਕਾਂ ਕੁੜੀਆਂ ਨੂੰ ਵਿਦੇਸ਼ਾਂ ਵਿਚ ਬੰਧਕ ਬਣਾ ਕੇ ਰੱਖਣ ਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਵੀ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ | ਅਜਿਹੀਆਂ ਕੁੜੀਆਂ ਨੂੰ ਵਿਦੇਸ਼ਾਂ ਵਿਚ ਏਜੰਟਾਂ ਅਤੇ ਇਨ੍ਹਾਂ ਨੂੰ ਨੌਕਰੀਆਂ ਦਾ ਝਾਂਸਾ ਦੇਣ ਵਾਲਿਆਂ ਵਲੋਂ ਕਈ ਤਰ੍ਹਾਂ ਡਰਾਇਆ ਧਮਕਾਇਆ ਵੀ ਜਾਂਦਾ ਹੈ | ਫਿਰ ਅਜਿਹੀਆਂ ਕੁੜੀਆਂ ਉਸ ਸਮੇਂ ਨੂੰ ਕੋਸਦੀਆਂ ਹਨ |
ਬੇਗਾਨੀ ਧਰਤੀ ਉੱਪਰ, ਬੇਗਾਨੇ ਲੋਕਾਂ ਵਿਚ ਰੁਲਦੀਆਂ ਅਜਿਹੀਆਂ ਕੁੜੀਆਂ ਦੀ ਚੀਸ ਨਾ ਤਾਂ ਕੋਈ ਪਰਛਾਵਾਂ ਹੁੰਦਾ ਹੈ ਤੇ ਨਾ ਹੀ ਧੂੰਆਂ ਪਰ ਸੇਕ ਬਹੁਤ ਹੁੰਦਾ ਹੈ, ਜੋ ਕਿ ਅਜਿਹੀਆਂ ਪ੍ਰਦੇਸਣ ਕੁੜੀਆਂ ਦੇ ਸਰੀਰ ਨੂੰ ਧੁਰ ਅੰਦਰ ਤੱਕ ਲੂਹ ਕੇ ਰੱਖ ਜਾਂਦਾ ਹੈ | ਅਜਿਹੀਆਂ ਕੁੜੀਆਂ ਦੀ ਤਕਦੀਰ ਹੀ ਉਨ੍ਹਾਂ ਦੀ ਸੌਾਕਣ ਬਣ ਜਾਂਦੀ ਹੈ ਤੇ ਤਦਬੀਰਾਂ ਅਜਿਹੀਆਂ ਕੁੜੀਆਂ ਤੋਂ ਹੁੰਦੀਆਂ ਹੀ ਨਹੀਂ | ਫਿਰ ਮਾਪਿਆਂ ਵਲੋਂ ਪੰਜਾਬ ਤੋਂ ਕਈ ਤਰ੍ਹਾਂ ਦੇ ਸ਼ਗਨ ਮਨਾ ਕੇ ਵਿਦੇਸ਼ ਤੋਰੀਆਂ ਅਜਿਹੀਆਂ ਪ੍ਰਦੇਸਣ ਕੁੜੀਆਂ ਫਿਰ ਬੇਗਾਨੇ ਮੁਲਕਾਂ ਦੀ ਬੇਗਾਨੀ ਧਰਤੀ ਉੱਪਰ ਬੇਗਾਨੇ ਲੋਕਾਂ ਵਿਚਾਲੇ ਆਪਣੀ ਜ਼ਿੰਦਗੀ ਦਾ ਸਫ਼ਰ ਕਿਸੇ ਨਾ ਕਿਸੇ ਹੀਲੇ ਮੁਕਾਉਣ ਜੋਗੀਆਂ ਅਤੇ ਵਤਨ ਜਾਣ ਦੀ ਤਾਂਘ ਦਿਲ ਵਿਚ ਲੈ ਕੇ ਅੱਧੀ ਰਾਤੀਂ ਵੱਡੇ ਤੜਕੇ ਆਪਣੇ ਮਾਪਿਆਂ ਅਤੇ ਮਾਂ ਜਾਇਆਂ ਨੂੰ ਯਾਦ ਕਰਕੇ ਬੁੱਲ੍ਹ ਮੀਟਦੀਆਂ, ਹਾਉਕੇ ਭਰਨ ਜੋਗੀਆਂ ਅਤੇ ਰੋਣ ਜੋਗੀਆਂ ਹੀ ਰਹਿ ਜਾਂਦੀਆਂ ਹਨ |

-ਲੱਕੀ ਨਿਵਾਸ, 61-ਏ ਵਿਦਿਆ ਨਗਰ, ਪਟਿਆਲਾ |
ਮੋਬਾਈਲ : 9463819174

ਮਹੱਤਵਪੂਰਨ ਭੂਮਿਕਾ ਹੈ ਵਿਸ਼ਵ ਸ਼ਾਂਤੀ 'ਚ ਸੰਯੁਕਤ ਰਾਸ਼ਟਰ ਦੀ

ਸੰਯੁਕਤ ਰਾਸ਼ਟਰ ਇਕ ਤਰ੍ਹਾਂ ਨਾਲ ਸੰਸਾਰ ਨੂੰ ਸੁੱਖੀਂ ਸਾਂਦੀਂ ਅਤੇ ਘੁੱਗ ਵਸਦਾ ਰੱਖਣ ਲਈ ਦਹਿਸ਼ਤ ਨੂੰ ਨਕੇਲ ਪਾਉਣ ਦਾ ਹੀ ਸਫਲ ਯਤਨ ਕਰਨ ਵਾਲੀ ਸੰਸਥਾ ਹੈ |
ਅਮਰੀਕਾ ਦੇ 32ਵੇਂ ਰਾਸ਼ਟਰਪਤੀ ਫਰੈਂਕਲਿਨ ਡੀ ਰੂਜ਼ਵੈਲਟ ਨੇ 1 ਜਨਵਰੀ 1942 ਨੂੰ ਸੰਯੁਕਤ ਰਾਸ਼ਟਰ ਦੇ ਗਠਨ ਦੀ ਤਜਵੀਜ਼ ਲਿਆਂਦੀ ਸੀ, ਕਿਉਂਕਿ ਦੂਜੀ ਵਿਸ਼ਵ ਜੰਗ ਨਾਲ ਪੂਰੀ ਦੁਨੀਆ ਹਿੱਲ ਗਈ ਸੀ ਤੇ 26 ਦੇਸ਼ਾਂ ਦੇ ਪ੍ਰਤੀਨਿਧਾਂ ਨੇ ਰੂਜ਼ਵੈਲਟ ਦੇ ਇਸ ਸੁਪਨੇ ਨੂੰ ਹਕੀਕੀ ਰੂਪ ਦੇਣ ਲਈ ਸਮਰਥਨ ਦੇ ਦਿੱਤਾ ਸੀ | ਬਰਤਾਨਵੀ ਅਦਾਕਾਰ ਸਰ ਲੋਰੇਨ ਉਲੀਵੀਅਰ ਨੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਨੂੰ ਸਾਰਿਆਂ ਦੇ ਅੱਗੇ ਪੜ੍ਹ ਕੇ ਸੁਣਾਇਆ ਸੀ ਤੇ ਇਓਾ 24 ਅਕਤੂਬਰ 1945 ਨੂੰ ਸੰਯੁਕਤ ਰਾਸ਼ਟਰ ਅਧਿਕਾਰਤ ਤੌਰ 'ਤੇ ਹੋਂਦ ਵਿਚ ਆ ਗਿਆ ਸੀ | ਇਸ ਦੇ ਖਰੜੇ ਨੂੰ ਤਿਆਰ ਕਰਨ ਲਈ ਕਰੀਬ 50 ਮੁਲਕਾਂ ਦੇ ਪ੍ਰਤੀਨਧ ਸਾਨ ਫਰਾਂਸਿਸਕੋ ਵਿਚ ਸਿਰ ਜੋੜ ਕੇ ਬੈਠੇ ਸਨ ਤਾਂ ਕਿ ਦੁਨੀਆ ਨੂੰ ਫਿਰ ਕਦੇ ਜੰਗ ਦਾ ਸੇਕ ਨਾ ਝੱਲਣਾ ਪਵੇ | ਇਸ ਸੋਚ ਨਾਲ ਚੀਨ, ਸੋਵੀਅਤ ਯੂਨੀਅਨ, ਬਰਤਾਨੀਆ, ਅਮਰੀਕਾ ਦੇ ਨੁਮਾਇੰਦਿਆਂ ਵਲੋਂ ਪੇਸ਼ ਪ੍ਰਸਤਾਵਾਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ | ਇਨ੍ਹਾਂ ਪੰਜਾਹ ਮੁਲਕਾਂ ਨੇ 26 ਜੂਨ 1945 ਨੂੰ ਇਸ ਖਰੜੇ 'ਤੇ ਸਹੀ ਪਾ ਦਿੱਤੀ ਸੀ, ਬਾਅਦ ਵਿਚ ਪੋਲੈਂਡ ਦੇ ਸ਼ਾਮਿਲ ਹੋਣ ਨਾਲ ਇਨ੍ਹਾਂ ਦੇਸ਼ਾਂ ਦੀ ਗਿਣਤੀ 51 ਹੋ ਗਈ ਸੀ | ਅਸਲ ਵਿਚ ਸੇਂਟ ਜੇਮਸ ਦੀ ਇਹ ਘੋਸ਼ਣਾ ਕਿ 'ਦੁਨੀਆ ਨੂੰ ਅਮਨਪੂਰਵਕ ਚਲਦਾ ਰੱਖਣ ਲਈ, ਗੁੱਸੇ ਤੇ ਤਹਿਸ਼ ਤੋਂ ਮੁਕਤ ਇਕ ਆਜ਼ਾਦ ਮੰਚ ਤਿਆਰ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਸਮੁੱਚੀ ਲੋਕਾਈ ਆਰਥਿਕ, ਸਮਾਜਿਕ ਤੌਰ 'ਤੇ ਸਿਹਤਮੰਦ ਹੋ ਕੇ ਯੁੱਧ ਦੇ ਭੈਅ ਤੋਂ ਮੁਕਤ ਹੋ ਜਾਵੇ ਤੇ ਪੂਰੀ ਦੁਨੀਆ ਵਿਕਾਸ ਦੇ ਰਾਹ ਤੁਰ ਪਵੇ' ਨੂੰ ਹੀ ਰੂਜ਼ਵੈਲਟ ਨੇ ਸੰਯੁਕਤ ਰਾਸ਼ਟਰ ਦੀ ਸਥਾਪਨਾ ਦਾ ਆਧਾਰ ਮੰਨਿਆ ਸੀ | ਸਹੀ ਅਰਥਾਂ ਵਿਚ ਇਹ ਸ਼ਾਂਤੀ ਪਸੰਦ ਮਿੱਤਰ ਦੇਸ਼ਾਂ ਦਾ ਅਜਿਹਾ ਸੰਸਾਰ ਬਣਾਉਣ ਦਾ ਯਤਨ ਹੈ ਜੋ ਦੁਨੀਆ ਦੇ ਹਰ ਨਾਗਰਿਕ ਨੂੰ ਨਿਡਰ ਤੇ ਆਜ਼ਾਦ ਜ਼ਿੰਦਗੀ ਦੇ ਸਕੇ |
ਇਸ ਕੌਮਾਂਤਰੀ ਸੰਸਥਾ ਨੇ 7 ਅਕਤੂਬਰ 1944 ਨੂੰ ਚਾਰ ਸ਼ਕਤੀਆਂ ਦਾ ਢਾਂਚਾ ਤਿਆਰ ਕਰਕੇ ਸਾਰੇ ਦੇਸ਼ਾਂ ਦੇ ਜ਼ਿੰਮੇਵਾਰ ਨੁਮਾਇੰਦਿਆਂ ਕੋਲ ਭੇਜਿਆ ਸੀ | ਇਨ੍ਹਾਂ ਚਾਰ ਸ਼ਕਤੀਆਂ ਵਿਚ ਪ੍ਰਸਤਾਵ ਸੀ ਕਿ ਸਾਰੇ ਮੈਂਬਰਾਂ ਦੀ ਇਕ ਜਨਰਲ ਅਸੰਬਲੀ ਹੋਵੇ, 11 ਮੈਂਬਰਾਂ ਦੀ ਸੁਰੱਖਿਆ ਕੌਾਸਲ ਜਿਨ੍ਹਾਂ 'ਚ ਪੰਜ ਸਥਾਈ ਅਤੇ ਬਾਕੀ ਛੇ ਮੈਂਬਰਾਂ ਦੀ ਚੋਣ ਜਨਰਲ ਅਸੰਬਲੀ ਨੂੰ ਕਰਨ ਦਾ ਅਖਤਿਆਰ ਹੋਵੇ, ਇਸ ਨੂੰ ਕੌਮਾਂਤਰੀ ਅਦਾਲਤ ਵਜੋਂ ਉਭਾਰਨਾ ਅਤੇ ਫਿਰ ਇਕ ਸਕੱਤਰੇਤ ਦੀ ਉਸਾਰੀ | ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਯੁੱਧ ਨੂੰ ਰੋਕਣ ਦੀ ਸਾਰੀ ਜ਼ਿੰਮੇਵਾਰੀ ਸੁਰੱਖਿਆ ਕੌਾਸਲ ਨੂੰ ਦੇ ਦਿੱਤੀ ਗਈ ਸੀ | 1945 ਦੀ ਸਾਨ ਫਰਾਂਸਿਸਕੋ ਕਾਨਫਰੰਸ ਵਿਚ ਜਰਮਨੀ ਅਤੇ ਜਾਪਾਨ ਵਿਰੁੱਧ ਜੰਗ ਦਾ ਐਲਾਨ ਕਰਨ ਵਾਲੇ ਮੁਲਕਾਂ ਨੂੰ ਬੁਲਾਇਆ ਗਿਆ ਸੀ ਤੇ ਇਨ੍ਹਾਂ ਨੂੰ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਐਲਾਨਨਾਮੇ ਨੂੰ ਸਵੀਕਾਰ ਕਰਨ ਦੀ ਸਹਿਮਤੀ ਲਈ | ਦੁਨੀਆ ਦੀ 80 ਫੀਸਦੀ ਆਬਾਦੀ ਦੀ ਪ੍ਰਤੀਨਿਧਤਾ ਕਰਨ ਵਾਲੇ ਪੰਜਾਹ ਦੇਸ਼ਾਂ ਦੇ ਕਰੀਬ ਪੈਂਤੀ ਸੌ ਨੁਮਾਇੰਦਿਆਂ ਤੇ ਡੈਲੀਗੇਟਾਂ ਨੇ ਸ਼ਾਂਤੀ ਕਾਇਮ ਰੱਖਣ, ਦੁਨੀਆ ਨੂੰ ਬਿਹਤਰ ਬਣਾਉਣ ਤੇ ਧਰਮ ਅਤੇ ਨਸਲ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦੀ ਸਹੁੰ ਹੀ ਇਕ ਤਰ੍ਹਾਂ ਨਾਲ ਚੁੱਕੀ ਸੀ | ਇਸ ਲਈ ਇਹ ਕਾਨਫਰੰਸ ਵਿਸ਼ਵ ਦੀ ਇਕ ਇਤਿਹਾਸਕ ਘਟਨਾ ਸੀ ਜਿਸ ਨੂੰ ਉਸ ਵੇਲੇ ਢਾਈ ਹਜ਼ਾਰ ਤੋਂ ਵੱਧ ਰੇਡੀਓ, ਪ੍ਰੈੱਸ ਤੇ ਨਿਊਜ਼ ਰੀਲ ਦੇ ਪ੍ਰਤੀਨਧਾਂ ਨੇ ਦੁਨੀਆ ਸਾਹਮਣੇ ਬਾਖੂਬੀ ਪੇਸ਼ ਕੀਤਾ ਸੀ |
ਇਸ ਤੋਂ ਪਹਿਲਾਂ 1899 ਵਿਚ ਹੇਗ ਵਿਚ 'ਇੰਟਰਨੈਸ਼ਨਲ ਪੀਸ ਕਾਨਫਰੰਸ' ਯੁੱਧਾਂ ਨੂੰ ਰੋਕਣ ਅਤੇ ਸ਼ਾਂਤੀ ਵਾਰਤਾਵਾਂ ਨੂੰ ਸਫਲ ਬਣਾਉਣ ਲਈ ਪਹਿਲਾਂ ਹੀ ਆਯੋਜਿਤ ਕੀਤੀ ਗਈ ਸੀ ਤੇ ਅੰਤਰਰਾਸ਼ਟਰੀ ਵਿਵਾਦਾਂ ਦੇ ਸ਼ਾਂਤਮਈ ਹੱਲ ਲਈ ਇਸ ਨੇ 1902 ਵਿਚ ਕੰਮ ਕਰਨਾ ਸ਼ੁਰੂ ਵੀ ਕੀਤਾ ਸੀ ਜਿਸਦੀ ਵਾਗਡੋਰ ਸੰਯੁਕਤ ਰਾਸ਼ਟਰ ਸੰਘ ਦੇ ਮੁਖੀ ਤੇ ਲੀਗ ਆਫ ਨੇਸ਼ਨ ਕੋਲ ਸੀ ਪਰ ਅਫ਼ਸੋਸ ਕਿ ਪਹਿਲੇ ਵਿਸ਼ਵ ਯੁੱਧ ਵਿਚ ਅੰਤਰਰਾਸ਼ਟਰੀ ਸਹਿਯੋਗ ਵਧਾਉਣ ਅਤੇ ਸ਼ਾਂਤੀ ਤੇ ਸੁਰੱਖਿਆ ਸਥਾਪਤ ਕਰਨ ਵਿਚ ਨਾਕਾਮ ਰਹਿਣ 'ਤੇ, ਦੂਜੇ ਵਿਸ਼ਵ ਯੁੱਧ ਨੂੰ ਰੋਕਣ ਵਿਚ ਅਸਫਲ ਰਹਿਣ ਕਾਰਨ ਇਸ ਦੀਆਂ ਸਾਰੀਆਂ ਗਤੀਵਿਧੀਆਂ ਬੰਦ ਹੋ ਗਈਆਂ ਸਨ |
1952 ਵਿਚ ਤਿਆਰ ਹੋਈ ਸੰਯੁਕਤ ਰਾਸ਼ਟਰ ਦੀ 39 ਮੰਜ਼ਿਲਾ ਮੁੱਖ ਇਮਾਰਤ ਮੈਨਹਾਟਨ, ਨਿਊਯਾਰਕ ਵਿਚ ਹੈ ਜਿੱਥੋਂ ਸੰਯੁਕਤ ਰਾਸ਼ਟਰ ਦਾ ਸਾਰਾ ਕਾਰਜਭਾਗ ਚਲਾਇਆ ਜਾਂਦਾ ਹੈ ਪਰ ਇਸਦੀਆਂ ਅਲਹਿਦਾ ਅਲਹਿਦਾ ਵਿਭਾਗਾਂ ਦੀਆਂ ਪੰਦਰਾਂ ਹੋਰ ਸ਼ਾਖ਼ਾਵਾਂ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਰੋਮ, ਮਾਂਟਰੀਅਲ, ਜਨੇਵਾ, ਲੰਡਨ, ਵਾਸ਼ਿੰਗਟਨ, ਵਿਆਨਾ, ਬੈਂਕਾਕ ਅਤੇ ਮੈਡਰਿਡ (ਸਪੇਨ) ਵਿਖੇ ਸਥਾਪਿਤ ਕੀਤੀਆਂ ਗਈਆਂ | ਹੋਰ ਵੀ ਸਰਲ ਭਾਸ਼ਾ ਵਿਚ ਕਹਿਣਾ ਹੋਵੇ ਤਾਂ ਇਹ ਕਿ ਸੰਯੁਕਤ ਰਾਸ਼ਟਰ ਇਕ ਅੰਤਰ ਸਰਕਾਰੀ ਸੰਗਠਨ ਹੈ ਕਿ ਜਿਸ ਦੇ ਮੁੱਖ ਉਦੇਸ਼ਾਂ ਵਿਚ ਕਾਨੂੰਨ, ਸੁਰੱਖਿਆ, ਆਰਥਿਕ ਅਤੇ ਸਮਾਜਿਕ ਵਿਕਾਸ, ਮਨੁੱਖੀ ਅਧਿਕਾਰਾਂ ਅਤੇ ਰਾਜਨੀਤਕ ਆਜ਼ਾਦੀ ਅਤੇ ਵਾਤਾਵਰਨ ਸਾਂਭ ਸੰਭਾਲ ਸ਼ਾਮਿਲ ਹੈ |
ਇੱਕੀਵੀਂ ਸਦੀ ਵਿਚ ਦੁਨੀਆ ਦੀ ਆਬਾਦੀ ਤੇਜ਼ੀ ਨਾਲ ਵਧਣ ਕਰਕੇ ਭੋਜਨ ਦੀ ਸਮੱਸਿਆ 'ਤੇ ਕਾਬੂ ਰੱਖਣ ਦੀ ਜ਼ਿੰਮੇਵਾਰੀ ਵੀ ਸੰਯੁਕਤ ਰਾਸ਼ਟਰ ਨਿਭਾਅ ਰਿਹਾ ਹੈ | ਕਈ ਮੁਲਕਾਂ ਦੇ ਮੋਢਿਆਂ ਤੋਂ ਇਹ ਭਾਰ ਖੁਰਾਕ ਪ੍ਰੋਗਰਾਮ ਅਧੀਨ ਇਹ ਸੰਗਠਨ ਹੀ ਚੁੱਕ ਰਿਹਾ ਹੈ | 2010 ਅਤੇ 2011 ਵਿਚ ਕ੍ਰਮਵਾਰ ਹੈਤੀ ਅਤੇ ਜਾਪਾਨ ਵਿਚ ਭੁਚਾਲ ਦੀਆਂ ਕੁਦਰਤੀ ਆਫਤਾਂ ਨੂੰ ਨਜਿੱਠਣ ਲਈ ਸੰਯੁਕਤ ਰਾਸ਼ਟਰ ਨੇ ਅਹਿਮ ਭੂਮਿਕਾ ਨਿਭਾਈ ਹੈ | 1949 ਵਿਚ ਸਥਾਪਿਤ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਨੇ ਸਤਾਰਾਂ ਬਿਲੀਅਨ ਸ਼ਰਨਾਰਥੀਆਂ ਨੂੰ ਵੀ ਹਿੱਕ ਨਾਲ ਲਾਇਆ ਹੈ | ਸੀਰੀਆ, ਮਾਲੀ, ਸੁਡਾਨ ਤੇ ਕਾਂਗੋ ਮੁਲਕਾਂ ਦੀਆਂ ਅੰਦਰੂਨੀ ਅਤੇ ਦਹਿਸ਼ਤੀ ਲੜਾਈਆਂ ਤੋਂ ਪ੍ਰਭਾਵਿਤ ਕਰੀਬ ਸੱਤ ਲੱਖ ਸ਼ਰਨਾਰਥੀਆਂ ਨੂੰ ਸੰਯੁਕਤ ਰਾਸ਼ਟਰ ਹੀ ਹੈ ਜੋ ਢਿੱਡ ਭਰਵਾਂ ਅਨਾਜ ਅਤੇ ਰਹਿਣ ਲਈ ਛੱਤ ਦੇ ਰਿਹਾ ਹੈ |
ਆਪਣੇ 68 ਸਾਲਾਂ ਦੇ ਇਤਿਹਾਸ ਵਿਚ ਸੀਰੀਆ ਅਤੇ ਉੱਤਰੀ ਕੋਰੀਆ ਦੀਆਂ ਪ੍ਰਸਥਿਤੀਆਂ ਤੋਂ ਸੰਯੁਕਤ ਰਾਸ਼ਟਰ ਇਸ ਵੇਲੇ ਸਭ ਤੋਂ ਵੱਧ ਚਿੰਤਤ ਹੈ |
ਜੇ ਦੁਨੀਆ ਹਾਲੇ ਸੁਖੀ ਹੈ, ਜਿਉਂਦੇ ਰਹਿਣ ਦਾ ਚਾਅ ਬਣਿਆ ਹੋਇਆ ਹੈ ਤਾਂ ਇਸ ਦਾ ਸਿਹਰਾ ਵਿਸ਼ਵ ਪੰਚਾਇਤ 'ਸੰਯੁਕਤ ਰਾਸ਼ਟਰ ਸੰਗਠਨ' ਅਤੇ ਇਸ ਦੇ ਸਕੱਤਰ ਜਨਰਲਾਂ ਦੇ ਸਿਰ ਹੀ ਬੱਝਦਾ ਰਹੇਗਾ, ਜਿਨ੍ਹਾਂ ਬਾਰੇ ਲੜੀਵਾਰ ਜਾਣਕਾਰੀ ਇਨ੍ਹਾਂ ਕਾਲਮਾਂ ਵਿਚ ਦਿੱਤੀ ਜਾਇਆ ਕਰੇਗੀ |

ਕੁਆਂਟਮ ਮੈਕੇਨਿਕਸ ਅਤੇ ਰਹੱਸਮਈ ਬ੍ਰਹਿਮੰਡੀ ਯਥਾਰਥ

ਯਥਾਰਥ ਨੂੰ ਸਮਝਣ ਦੇ ਯਤਨ ਫਲਸਫ਼ਾ ਵੀ ਕਰਦਾ ਹੈ ਅਤੇ ਵਿਗਿਆਨ ਵੀ | ਦੋਵੇਂ ਆਖਰ ਇਸ ਨੂੰ ਰਹੱਸਮਈ ਆਖ ਕੇ ਹੀ ਚੁੱਪ ਹੁੰਦੇ ਹਨ | ਧਰਮ ਤੇ ਦਰਸ਼ਨ ਤਾਂ ਇਹ ਆਖਦੇ ਤੁਸੀਂ ਸੁਣੇ ਹੀ ਹਨ | ਹਾਲ ਵਿਗਿਆਨ ਦੀ ਸਭ ਤੋਂ ਸੂਖਮ ਤੇ ਨਵੀਨਤਮ ਮੰਨੀ ਜਾਂਦੀ ਸ਼ਾਖਾ ਕੁਆਂਟਮ ਮੈਕੇਨਿਕਸ ਦੀਆਂ ਲਭਤਾਂ ਦਾ ਵੀ ਕੋਈ ਵਖਰਾਅ ਨਹੀਂ ਹੈ | ਸੂਖਮ ਜਗਤ ਦੇ ਵਰਤਾਰਿਆਂ ਨੂੰ ਸਮਝਣ ਦੀ ਇਹ ਵਿਧੀ ਵਰਤਾਰਿਆਂ/ਘਟਨਾਵਾਂ ਬਾਰੇ ਦੋ ਟੁੱਕ ਨਿਰਣੈ ਦੇਣ ਦੀ ਥਾਂ, ਉਨ੍ਹਾਂ ਦੇ ਵਾਪਰਨ ਦੀ ਸੰਭਾਵਨਾ ਦੱਸਦੀ ਹੈ | ਉਦਾਹਰਨ ਲਈ ਇਕ-ਇਕ ਫੋਟਾਨ ਛੱਡਣ ਦਾ ਪ੍ਰਬੰਧ ਕਰਕੇ ਇਕ ਅਤਿ ਸੂਖਮ ਝੀਥ (ਸਲਿਟ) ਇਸ ਅੱਗੇ ਰੱਖੋ | ਝੀਥ ਦੇ ਦੂਜੇ ਪਾਸੇ ਫੋਟੋਗ੍ਰਾਫਿਕ ਪਲੇਟ ਵਾਲੀ ਸਕਰੀਨ ਟਿਕਾਓ | ਤੁਸੀਂ ਨਿਸ਼ਚੇ ਨਾਲ ਨਹੀਂ ਕਹਿ ਸਕਦੇ ਕਿ ਫੋਟਾਨ ਕਿਥੇ ਟਕਰਾਏਗਾ | ਇਹ ਹੀ ਦੱਸ ਸਕਦੇ ਹੋ ਕਿ ਕਿਸੇ ਖਾਸ ਥਾਂ ਉਤੇ ਇਸ ਦੇ ਟਕਰਾਉਣ ਦੀ ਇੰਨੀ ਸੰਭਾਵਨਾ ਹੈ | ਜੇ ਉਸ ਖੇਤਰ ਵਿਚ ਫੋਟਾਨ ਦੇ ਡਿਗਣ ਦੀ ਪਰਾਬੇਬਿਲਟੀ 70 ਫ਼ੀਸਦੀ ਹੈ ਤਾਂ 30 ਫੀਸਦੀ ਸੰਭਾਵਨਾ ਇਹ ਵੀ ਹੈ ਕਿ ਇਹ ਇਸ ਖੇਤਰ ਤੋਂ ਬਾਹਰ ਡਿਗੇ | ਆਖਰ ਕਿਉਂ ਤੇ ਕਿਥੇ ਡਿਗੇਗਾ ਇਹ | ਜਵਾਬ ਹੈ ਸਿਰਫ਼ ਚਾਂਸ | ਇਸੇ ਗੱਲ ਉਤੇ ਆਈਨਸਟਾਈਨ ਪ੍ਰੇਸ਼ਾਨ ਹੋ ਕੇ ਬੋਹਰ ਵਰਗਿਆਂ ਨਾਲ ਟਕਰਾਉਂਦਾ | ਉਹ ਕਹਿੰਦਾ, 'ਰੱਬ ਜੁਆਰੀਏ ਵਾਂਗ ਅੱਖਾਂ ਮੀਟ ਕੇ ਕੌਡਾਂ ਤਾਂ ਨਹੀਂ ਸੁੱਟਦਾ |' ਬੋਹਰ ਕਹਿੰਦਾ 'ਬਿਲਕੁਲ ਕੌਡਾਂ ਹੀ ਸੁੱਟਦਾ ਹੈ |'
ਦੋਹਰੀ ਝੀਥ ਵਾਲੀ ਪਲੇਟ ਵਿਚੋਂ ਫੋਟਾਨ ਲੰਘਾ ਕੇ ਉਨ੍ਹਾਂ ਦਾ ਰਿਕਾਰਡ ਉਸ ਪਲੇਟ ਅੱਗੇ ਰੱਖੀ ਫੋਟੋਗ੍ਰਾਫਿਕ ਫਿਲਮ ਉਤੇ ਕਰਨ ਦਾ ਪ੍ਰਯੋਗ ਕੁਆਂਟਮ ਮੈਕੇਨਿਕਸ ਦਾ ਬਹੁਚਰਚਿਤ ਪ੍ਰਯੋਗ ਹੈ | ਦੋਹਰੀ ਝੀਥ ਦੇ ਖੱਬੇ ਪਾਸੇ ਨੂੰ ਵਿਗਿਆਨੀ ਅਬਜ਼ਰਵਡ ਸਿਸਟਮ ਕਹਿੰਦੇ ਹਨ ਤੇ ਸੱਜੇ ਪਾਸੇ ਦੇ ਪ੍ਰਬੰਧ ਨੂੰ ਅਬਜ਼ਰਵਿੰਗ ਸਿਸਟਮ | ਖੱਬੇ ਪਾਸੇ ਤੋਂ ਤੁਰਿਆ ਫੋਟਾਨ ਨਿਸਚਿਤ ਅਧਾਰਾਂ ਤੋਂ ਤੁਰਦਾ ਹੈ | ਸੱਜੇ ਪਾਸੇ ਉਤਰਦਾ ਹੈ ਤਾਂ ਬਸ ਸੰਭਾਵਨਾ ਦਾ ਬੋਲਬਾਲਾ ਹੈ | ਫੋਟਾਨ ਦੋਵੇਂ ਸਿਸਟਮਾਂ ਦੀਆਂ ਸੂਚਨਾਵਾਂ ਨਾਲ ਲੈਸ ਸ਼ਰੋਡਿੰਗਰ ਦੀ ਵੇਵ ਈਕੁਏਸ਼ਨ ਅਨੁਸਾਰ ਅੱਗੇ ਵਧਦਾ ਹੈ | ਇਸ ਡਿਫਰੈਂਸ਼ਲ ਈਕੁਏਸ਼ਨ ਨੂੰ ਹੱਲ ਕਰਕੇ ਵੇਵ ਫੰਕਸ਼ਨ ਮਿਲਦਾ ਹੈ | ਇਹੀ ਵੇਵ ਫੰਕਸ਼ਨ ਅਬਜ਼ਰਵਡ ਸਿਸਟਮ ਦੇ ਆਦਿ ਤੋਂ ਅੰਤ ਤੱਕ ਦੇ ਵਿਹਾਰ ਨੂੰ ਨਿਯਮਤ ਕਰਦਾ ਹੈ | ਅਬਜ਼ਰਵਡ (ਦੇਖੇ ਜਾ ਰਹੇ) ਦੇ ਅਬਜ਼ਰਵਿੰਗ (ਦੇਖ ਰਹੇ) ਸਿਸਟਮ ਦੌਰਾਨ ਕੀ ਸੰਭਵ ਹੈ ਅਤੇ ਕਿਸ ਤਰ੍ਹਾਂ ਦੀ ਸੰਭਾਵਨਾ ਹੈ—ਇਸ ਦਾ ਪਤਾ ਇਸ ਫੰਕਸ਼ਨ ਤੋਂ ਲਾਇਆ ਜਾਂਦਾ ਹੈ | ਵੇਵ ਫੰਕਸ਼ਨ ਪਾਸਿਬਿਲਟੀ ਦੱਸਦਾ ਹੈ | ਇਸ ਦਾ ਵਰਗ ਕਰਕੇ ਪਰਾਬੇਬਿਲਟੀ ਪਤਾ ਲਗਦੀ ਹੈ | ਤੁਸੀਂ ਕਹੋਗੇ ਕਿ ਦੋਵਾਂ ਵਿਚ ਫਰਕ ਕੀ ਹੈ? ਫਰਕ ਹੈ ਜਨਾਬ | ਕੁਝ ਗੱਲਾਂ ਸੰਭਵ ਹੁੰਦੀਆਂ ਹਨ ਪਰ ਉਨ੍ਹਾਂ ਦੇ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ | ਉਦਾਹਰਨ ਲਈ ਗਰਮੀਆਂ ਵਿਚ ਬਰਫ਼ਬਾਰੀ ਸੰਭਵ ਤਾਂ ਹੈ ਪਰ ਸੰਭਾਵਤ ਨਹੀਂ | ਅੰਟਾਰਕਟਿਕਾ ਵਿਚ ਇਹ ਸੰਭਵ ਵੀ ਹੈ ਅਤੇ ਸੰਭਾਵਤ ਵੀ | ਵੇਵ ਫੰਕਸ਼ਨ ਦਾ ਵਰਗ ਕਿਸੇ ਘਟਨਾ ਦੇ ਸਚਮੁਚ ਵਾਪਰਨ ਦੀਆਂ ਸੰਭਾਵਨਾਵਾਂ ਦੱਸਦਾ ਹੈ | ਮਿਣਨ/ਵੇਖਣ/ਰਿਕਾਰਡ ਕਰਨ ਤੋਂ ਪਹਿਲਾਂ ਜੋ ਕੁਝ ਵੀ ਸੰਭਵ ਹੈ, ਉਸ ਦੇ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ | ਮਿਣਦੇ/ਵੇਖਦੇ/ਰਿਕਾਰਡ ਕਰਦੇ ਸਾਰ ਉਸੇ ਇਕ ਵਰਤਾਰੇ/ਸਿੱਟੇ ਤੋਂ ਬਿਨਾਂ ਸਭ ਸੰਭਾਵਨਾਵਾਂ ਜ਼ੀਰੋ ਹੋ ਜਾਂਦੀਆਂ ਹਨ | ਇਸ ਵਰਤਾਰੇ ਨੂੰ ਵੇਵ ਫੰਕਸ਼ਨ ਦਾ ਢਹਿਣਾ (ਕੋਲੈਪਸ ਆਫ਼ ਵੇਵ ਫੰਕਸ਼ਨ) ਕਹਿੰਦੇ ਹਨ | ਇਹ ਵਰਤਾਰਾ ਅਨੇਕ ਸੰਭਾਵਨਾਵਾਂ ਦੀ ਇਕ ਵਾਸਤਵਿਕਤਾ ਵਿਚ ਅੰਤਿਮ ਛਾਲ ਹੈ | ਕੁਆਂਟਮ ਵਿਗਿਆਨ ਦੀ ਮੈਨੀ ਵਰਲਡਜ਼ ਥਿਊਰੀ ਤਾਂ ਇਹ ਕਹਿੰਦੀ ਹੈ ਕਿ ਵੇਵ ਫੰਕਸ਼ਨ ਕੋਲੈਪਸ ਨਹੀਂ ਹੁੰਦਾ | ਜਿਥੇ ਵੀ ਇਹ ਪਾਟਦਾ ਹੈ, ਦੂਜੀ ਜਾਂ ਦੂਜੀਆਂ ਸੰਭਾਵਨਾਵਾਂ ਕਿਸੇ ਹੋਰ ਦੁਨੀਆ ਵਿਚ ਵਾਪਰਨ ਲਈ ਬਚ ਜਾਂਦੀਆਂ ਹਨ | ਉਥੇ ਉਹ ਵਾਪਰ ਵੀ ਸਕਦੀਆਂ ਹਨ ਅਤੇ ਵਾਪਰਦੀਆਂ ਵੀ ਹਨ ਪੰ੍ਰਤੂ ਪ੍ਰਯੋਗਿਕ/ਵਿਹਾਰਕ ਪੱਧਰ ਉਤੇ ਉਨ੍ਹਾਂ ਤੱਕ ਸਾਡੀ ਪਹੁੰਚ ਸੰਭਵ ਨਹੀਂ |
ਸ਼ਰੋਡਿੰਗਰ ਨੇ ਕੁਆਂਟਮ ਥਿਊਰੀ ਦੇ ਵੇਵ ਫੰਕਸ਼ਨ ਦੇ ਕੋਲੈਪਸ ਅਤੇ ਵੇਖਣ ਵਾਲੇ ਅਤੇ ਵੇਖੇ ਜਾ ਰਹੇ ਕਣ ਦੇ ਵਿਹਾਰ ਨੂੰ ਸਮਝਾਉਣ ਲਈ ਇਕ ਵਿਸ਼ੇਸ਼ ਪ੍ਰਯੋਗ ਕਲਪਿਤ ਕੀਤਾ | 1935 ਤੋਂ ਲੈ ਕੇ ਇਹ ਪ੍ਰਯੋਗ ਡਬਲ-ਸਲਿਟ ਪ੍ਰਯੋਗ ਵਾਂਗ ਨਿਰੰਤਰ ਚਰਚਾ ਤੇ ਵਿਆਖਿਆ ਦਾ ਕੇਂਦਰ ਰਿਹਾ ਹੈ | ਇਸ ਨੂੰ ਸ਼ਰੋਡਿੰਗਰ ਕੈਟ ਐਕਸਪੈਰੀਮੈਂਟ ਕਿਹਾ ਜਾਂਦਾ ਹੈ | ਇਹ ਤਜਰਬਾ ਅਮਲੀ ਰੂਪ ਵਿਚ ਕਦੇ ਨਹੀਂ ਹੋਇਆ | ਵਿਚਾਰ ਦੇ ਪੱਧਰ ਉਤੇ ਇਸ ਦੀ ਕਲਪਨਾ ਸ਼ਰੋਡਿੰਗਰ ਨੇ ਕੀਤੀ ਅਤੇ ਇਸ ਦੀ ਮਦਦ ਨਾਲ ਕੁਆਂਟਮ ਸਿਧਾਂਤ ਦੀ ਕੋਪਨਹੈਗਨ ਵਿਆਖਿਆ, ਅਬਜ਼ਰਵਰ/ਅਬਜ਼ਰਵਡ ਰਿਸ਼ਤੇ ਤੇ ਵੇਵ ਫੰਕਸ਼ਨ ਦੇ ਕੋਲੈਪਸ ਦੇ ਸੰਕਲਪ ਸਮਝਾਏ | ਪ੍ਰਯੋਗ ਵਿਚ ਇਕ ਬਿੱਲੀ ਸਟੀਲ ਦੇ ਬਕਸੇ ਵਿਚ ਬੰਦ ਹੈ ਪਰ ਜਿਊਣ ਜੋਗੀ ਹਵਾ ਉਸ ਤੱਕ ਪਹੁੰਚਦੀ ਰਹਿੰਦੀ ਹੈ | ਬਕਸੇ ਵਿਚ ਇਕ ਕਚ ਦੀ ਟਿਊਬ ਵਿਚ ਹਾਈਡਰੋਸਿਆਨਕ ਐਸਿਡ ਨਾਂਅ ਦੀ ਜ਼ਹਿਰੀਲੀ ਗੈਸ ਹੈ | ਇਹ ਟਿਊਬ ਸੀਲ ਬੰਦ ਹੈ | ਇਕ ਪਾਸੇ ਬਹੁਤ ਹੌਲੀ ਖੁਰਨ ਵਾਲਾ ਰੇਡੀਓਐਕਟਿਵ ਪਦਾਰਥ ਹੈ ਜਿਸ ਦਾ ਘੰਟੇ, ਸਵਾ ਘੰਟੇ ਵਿਚ ਮਸਾਂ ਇਕ ਐਟਮ ਹੀ ਖੁਰਦਾ ਹੈ | ਜਿਉਂ ਹੀ ਐਟਮ ਖੁਰਦਾ ਹੈ, ਇਕ ਮੈਕੇਨੀਕਲ ਪ੍ਰਬੰਧ ਹਰਕਤ ਵਿਚ ਆਉਂਦਾ ਹੈ | ਇਕ ਹਥੌੜਾ ਜ਼ੋਰ ਨਾਲ ਜ਼ਹਿਰੀਲੀ ਗੈਸ ਵਾਲੀ ਟਿਊਬ ਨੂੰ ਭੰਨ ਦਿੰਦਾ ਹੈ | ਗੈਸ ਬਿਲੀ ਅੰਦਰ ਜਾਣ ਨਾਲ ਬਿੱਲੀ ਮਰ ਸਕਦੀ ਹੈ | ਬਿਲੀ ਇੰਜ ਬੰਦ ਹੈ ਕਿ ਉਹ ਆਪ ਅੰਦਰ ਪਈ ਕਿਸੇ ਜੁਗਤ ਜਾਂ ਸ਼ੈਅ ਨੂੰ ਛੇੜ ਨਹੀਂ ਸਕਦੀ | ਸ਼ਰੋਡਿੰਗਰ ਕਹਿੰਦਾ ਹੈ ਕਿ ਘੰਟੇ ਬਾਅਦ ਹੋ ਸਕਦਾ ਹੈ ਇਕ ਐਟਮ ਖੁਰਿਆ ਹੋਵੇ | ਕੀ ਪਤਾ ਨਾ ਖੁਰਿਆ ਹੋਵੇ | ਕੀ ਪਤਾ ਟਿਊਬ ਟੁੱਟ ਕੇ ਜ਼ਹਿਰੀਲੀ ਗੈਸ ਬਿੱਲੀ ਤੱਕ ਪੁੱਜੀ ਹੋਵੇ | ਕੀ ਪਤਾ ਇੰਜ ਨਾ ਹੋਇਆ ਹੋਵੇ | ਕੀ ਪਤਾ ਬਿੱਲੀ ਜਿਊਾਦੀ ਹੋਵੇ | ਕੀ ਪਤਾ ਮਰ ਗਈ ਹੋਵੇ | ਬਕਸਾ ਖੋਲ੍ਹ ਕੇ ਵੇਖਣ ਵਾਲੇ ਨੂੰ ਪਤਾ ਲੱਗੇਗਾ ਕਿ ਬਿੱਲੀ ਜਿਊਾਦੀ ਹੈ ਕਿ ਮਰ ਗਈ ਹੈ | ਬੰਦ ਬਕਸੇ ਵਿਚ ਬਿੱਲੀ ਦੇ ਜਿਊਾਦੀ ਤੇ ਮਰੀ ਹੋਣ ਦੀਆਂ ਦੋਵੇਂ ਸੰਭਾਵਨਾਵਾਂ ਪਈਆਂ ਹਨ | ਜਿਉਂ ਹੀ ਦੇਖਣ ਵਾਲਾ ਯਥਾਰਥ ਜਾਣਨ ਲਈ ਬਕਸਾ ਖੋਲ੍ਹਦਾ ਹੈ ਇਕ ਸੰਭਾਵਨਾ ਸਾਕਾਰ ਹੋ ਕੇ ਸੌ ਫ਼ੀਸਦੀ ਸੱਚ ਹੋ ਜਾਂਦੀ ਹੈ | ਦੂਜੀ ਰੱਦ ਹੋ ਕੇ ਸਿਫ਼ਰ ਰਹਿ ਜਾਂਦੀ ਹੈ | ਸਧਾਰਨ ਭੌਤਿਕ ਵਿਗਿਆਨ ਅਨੁਸਾਰ ਬਿੱਲੀ ਦੇ ਜਿਊਣ ਮਰਨ ਦਾ ਸਬੰਧ ਸਾਡੇ ਦੇਖਣ ਨਾਲ ਨਹੀਂ | ਕੁਆਂਟਮ ਵਿਆਖਿਆ ਅਨੁਸਾਰ ਬਿੱਲੀ ਦੀ ਹੋਣੀ ਸਾਡੇ ਦੇਖਣ ਨਾਲ ਹੀ ਨਿਸਚਿਤ ਹੁੰਦੀ ਹੈ | ਦੇਖਣ ਤੋਂ ਪਹਿਲਾਂ ਇਹ ਹੋਣੀ ਅਨਿਸਚਿਤ ਹੈ |
ਯਥਾਰਥ ਦੇਖਣ ਵਾਲੇ ਤੋਂ ਸੁਤੰਤਰ ਨਹੀਂ ਅਤੇ ਦੇਖਣ ਵਾਲਾ ਯਥਾਰਥ ਨੂੰ ਪ੍ਰਭਾਵਿਤ ਕਰਦਾ ਹੈ | ਨਿਸਚਿਤ ਕਰਦਾ ਹੈ | ਯਥਾਰਥ ਬਾਰੇ ਇਹ ਸੱਚ ਸੂਖਮ/ਕੁਆਂਟਮ ਜਗਤ ਵਿਚ ਕਣਾਂ ਦੀ ਦੋਹਰੀ ਪ੍ਰਕ੍ਰਿਤੀ ਨੇ ਦਿ੍ੜ੍ਹ ਕਰਵਾਇਆ | ਸਮਾਂ ਬੀਤਣ ਨਾਲ ਹਰ ਸ਼ੈਅ ਵਿਚ ਕਣ ਤੇ ਤਰੰਗ ਦੀ ਦੋਹਰੀ ਪ੍ਰਕ੍ਰਿਤੀ ਦਾ ਸੱਚ ਉਭਰਨ ਲੱਗਾ ਹੈ | 1924 ਵਿਚ ਡੀ. ਬਰੋਗਲੀ ਨੇ ਹਰ ਪਦਾਰਥਕ ਵਸਤੂ ਵਿਚ ਤਰੰਗ ਦੇ ਗੁਣ ਹੋਣ ਦਾ ਪ੍ਰਸਤਾਵ ਪੇਸ਼ ਕੀਤਾ | ਉਸ ਨੇ ਕਿਸੇ ਵੀ ਸ਼ੈਅ ਦੀ ਤਰੰਗ ਰੂਪ ਵਿਚ ਵੇਵ ਈਕੁਏਸ਼ਨ ਬਣਾ ਕੇ ਵਿਖਾਈ | ਉਸ ਨੇ ਕਿਹਾ ਕਿ ਜਿੰਨਾ ਵੱਧ ਕਿਸੇ ਸ਼ੈਅ ਦਾ ਮੋਮੈਂਟਮ (ਮਾਸ ਅਤੇ ਸਪੀਡ ਦਾ ਗੁਣਨ ਫਲ) ਹੋਵੇਗਾ, ਓਨੀ ਛੋਟੀ ਉਸ ਨਾਲ ਸਬੰਧਿਤ ਵੇਵ ਲੈਂਥ ਹੋਵੇਗੀ | ਇਸੇ ਕਾਰਨ ਭਾਰੀਆਂ ਨਿੱਤ ਵਰਤੋਂ ਦੀਆਂ ਦੀਆਂ ਤਰੰਗਾਂ ਦਾ ਸਾਨੂੰ ਪਤਾ ਨਹੀਂ ਲਗਦਾ | ਬਰੋਗਲੀ ਦੇ ਪ੍ਰਸਤਾਵ ਦੀ ਪੁਸ਼ਟੀ ਦੋ ਸਾਲ ਬਾਅਦ ਬੈੱਲ ਟੈਲੀਫੋਨ ਲੈਬਾਰਟਰੀ ਵਿਚ ਪ੍ਰਯੋਗ ਕਰ ਕੇ ਕਲਿੰਟਨ ਡੈਵੀਸਨ ਨੇ ਕਰ ਦਿੱਤੀ | ਬਰੋਗਲੀ ਤੇ ਡੈਵੀਸਨ ਨੋਬਲ ਇਨਾਮਾਂ ਨਾਲ ਸਨਮਾਨੇ ਗਏ | ਅੱਜ ਇਲੈਕਟ੍ਰਾਨਾਂ ਦੀ ਡਿਫਰੈਸ਼ਨ ਦਾ ਵਰਤਾਰਾ ਆਮ ਵੇਖਿਆ ਵਰਤਿਆ ਜਾ ਰਿਹਾ ਹੈ | ਇਹ ਤਰੰਗਾਂ ਦਾ ਵਰਤਾਰਾ ਹੈ ਜੋ ਕਣਾਂ ਵਿਚ ਵਾਪਰਦਾ ਹੈ | ਵਿਗਿਆਨ ਦੱਸ ਰਿਹਾ ਹੈ ਕਿ ਗੇਂਦ, ਫੁਟਬਾਲ, ਫਰਿਜ, ਟੀ.ਵੀ., ਕਾਰ, ਟਰੱਕ, ਇਥੋਂ ਤੱਕ ਕਿ ਮੱਝ-ਗਾਂ ਤੇ ਬੰਦੇ ਦੀ ਵੀ ਵੇਵ ਲੈਂਥ ਹੈ ਜੋ ਅਤਿ ਸੂਖਮ ਹੋਣ ਕਰਕੇ ਪਕੜ ਵਿਚ ਨਹੀਂ ਆਉਂਦੀ |
ਕਹਾਣੀ ਵਿਚ ਅਗਲਾ ਮੋੜ ਵੁਲਫਗੈਂਗ ਪਾਲੀ ਨਾਲ ਆਇਆ | ਉਸ ਨੇ ਕਿਹਾ ਕਿ ਕਿਸੇ ਵੀ ਐਟਮ ਵਿਚ ਇਕੋ ਜਿਹੇ ਲੱਛਣਾਂ/ਗੁਣਾਂ ਵਾਲੇ ਦੋ ਇਲੈਕਟ੍ਰਾਨ ਇਕੱਠੇ ਨਹੀਂ ਹੋ ਸਕਦੇ | ਉਸ ਨੇ ਹਰ ਇਲੈਕਟ੍ਰਾਨ ਦੀ ਪਛਾਣ ਲਈ ਕੁਝ ਗੁਣ/ਲੱਛਣ ਕੁਆਂਟਮ ਨੰਬਰ ਦੇ ਕੇ ਸਮਝਾਏ | ਕੁਆਂਟਮ ਨੰਬਰਾਂ ਦੇ ਇਕ ਸੈੱਟ ਵਾਲਾ ਇਕੋ ਇਲੈਕਟ੍ਰਾਨ ਇਕ ਐਟਮ ਵਿਚ ਹੋਵੇਗਾ | ਦੂਜੇ ਦੇ ਨੰਬਰ ਵੱਖ ਹੋਣਗੇ | ਇਸ ਨੂੰ ਪਾਲੀ ਦਾ ਵਖਰੇਵੇਂ ਦਾ ਸਿਧਾਂਤ ਭਾਵ 'ਐਕਸਕਲੂਜ਼ਾਨ ਪਿੰ੍ਰਸੀਪਲ' ਕਹਿੰਦੇ ਹਨ | ਇਸੇ ਲੀਹ ਉਤੇ ਚਲਦੇ ਹੋਏ ਉਸ ਨੇ ਕਿਹਾ ਕਿ ਐਟਮ ਦੀ ਪਹਿਲੀ ਦੂਜੀ ਤੀਜੀ ਆਰਬਿਟ ਵਿਚ ਕ੍ਰਮਵਾਰ ਦੋ ਅੱਠ ਅਠਾਰਾਂ ਸੰਭਵ ਵੇਵ ਪੈਟਰਨ ਹੋ ਸਕਦੇ ਹਨ | ਇਸੇ ਲਈ ਇਨ੍ਹਾਂ ਵਿਚ ਕ੍ਰਮਵਾਰ ਦੋ ਅੱਠ ਅਠਾਰਾਂ ਵੱਖ-ਵੱਖ ਲੱਛਣਾਂ ਵਾਲੇ ਇਲੈਕਟ੍ਰਾਨ ਹੁੰਦੇ ਹਨ | ਸਾਰਾ ਕੁਝ ਜੋੜ ਕੇ ਇਕ ਗੱਲ ਉਤੇ ਸਾਰੇ ਕੁਆਂਟਮ ਵਿਗਿਆਨੀ ਸਹਿਮਤ ਸਨ | ਉਹ ਇਹ ਕਿ ਸੂਖਮ ਜਗਤ ਵਿਚ ਅਸੀਂ ਮੁਢਲੀ ਸਪੱਸ਼ਟ ਨਿਸਚਿਤ ਸਥਿਤੀ ਤੋਂ ਤੁਰ ਸਕਦੇ ਹਾਂ | ਅੰਤਿਮ ਸਥਿਤੀ ਅਬਜ਼ਰਵਰ ਦੇ ਦਖ਼ਲ/ਮਾਪ ਤੋਂ ਰਿਕਾਰਡ ਹੋਣ ਦੀ ਸੰਭਾਵਨਾ ਹੈ | ਜੋ ਵੇਵ ਫੰਕਸ਼ਨ ਦੇ ਢਹਿਣ ਨਾਲ ਸਾਕਾਰ ਹੁੰਦੀ ਹੈ | ਦੋਵਾਂ ਦੇ ਵਿਚਕਾਰ ਸਿਰਫ਼ ਤੇ ਸਿਰਫ਼ ਅਨਿਸਚਿਤਤਾ ਤੇ ਗ਼ੈਰ-ਯਕੀਨੀ ਦਾ ਬੋਲਬਾਲਾ ਹੈ | ਉਸ ਬਾਰੇ ਅਸੀਂ ਤੁੱਕੇ ਹੀ ਲਾ ਸਕਦੇ ਹਾਂ | ਪਾਲੀ ਦੀਆਂ ਧਾਰਨਾਵਾਂ ਆਸਰੇ ਜੋ ਨਵੀਆਂ ਗੱਲਾਂ ਹੋਈਆਂ, ਉਨ੍ਹਾਂ ਬਾਰੇ ਚਰਚਾ ਤੋਂ ਪਹਿਲਾਂ ਨਵੇਂ ਭੌਤਿਕ ਵਿਗਿਆਨ ਵਿਚ ਰੈਲੇਟਿਵਟੀ ਤੇ ਆਈਨਸਟਾਈਨ ਦੀ ਗੱਲ ਕਰਨੀ ਉਚਿਤ ਪ੍ਰਤੀਤ ਹੁੰਦੀ ਹੈ | ਸਪੈਸ਼ਲ ਤੇ ਜਨਰਲ ਰੈਲੇਟਿਵਟੀ ਦੀ ਗੱਲ | ਸਭ ਤੋਂ ਮੁਢਲੀ ਗੱਲ ਇਸ ਸਿਲਸਿਲੇ ਵਿਚ ਇਹ ਹੈ ਕਿ ਰੈਲੇਟਿਵਟੀ ਦਾ ਮਤਲਬ ਇਹ ਨਹੀਂ ਕਿ ਹਰ ਚੀਜ਼ ਰੈਲੇਟਿਵ ਹੈ | ਇਸ ਸਿਧਾਂਤ ਦਾ ਮੂਲ ਸੰਦੇਸ਼ ਇਹ ਹੈ ਕਿ ਅਸੀਂ ਜੋ ਵੀ ਵੇਖਦੇ ਹਾਂ ਉਹ ਰੈਲੇਟਿਵ ਹੈ | ਸਾਨੂੰ ਕੋਈ ਸੋਟੀ ਇਕ ਮੀਟਰ ਲੰਬੀ ਦਿਸ ਰਹੀ ਹੈ | ਸਾਡੇ ਨੇੜਿਉਂ ਉੱਚੀ ਸਪੀਡ ਉਤੇ ਲੰਘ ਰਹੇ ਰਾਕਟ ਵਿਚਲੇ ਬੰਦੇ ਨੂੰ ਉਹੀ ਸੋਟੀ ਨੱਬੇ ਸੈੈਂਟੀਮੀਟਰ ਦੀ ਪ੍ਰਤੀਤ ਹੋ ਸਕਦੀ ਹੈ | ਉਹੀ ਸਮਾਂ ਜੋ ਸਾਨੂੰ ਦਸ ਮਿੰਟ ਪ੍ਰਤੀਤ ਹੋ ਰਿਹਾ ਹੈ, ਉਸ ਰਾਕਟ ਵਾਲੇ ਬੰਦੇ ਨੂੰ ਪੰਦਰਾਂ ਮਿੰਟ ਦਾ ਜਾਪ ਸਕਦਾ ਹੈ | ਜੋ ਭਾਰ ਸਾਨੂੰ ਪੰਜਾਹ ਕਿਲੋ ਲਗਦਾ ਹੈ, ਰਾਕਟ ਵਾਲੇ ਨੂੰ 70 ਕਿਲੋ ਜਾਪ ਸਕਦਾ ਹੈ | ਇਹੀ ਹਾਲ ਰਾਕਟ ਅੰਦਰਲੇ ਸਾਮਾਨ ਦਾ ਹੈ | ਉਸ ਵਿਚ ਪਈ ਸੋਟੀ 10 ਮਿੰਟ ਦਾ ਵਕਫਾ ਜਾਂ 50 ਕਿਲੋ ਦਾ ਭਾਰ ਸਾਨੂੰ 90 ਸੈਂਟੀਮੀਟਰ, 15 ਮਿੰਟ ਤੇ 70 ਕਿਲੋ ਜਾਪ ਸਕਦੇ ਹਨ | ਘਟਦਾ-ਵਧਦਾ ਕੁਝ ਨਹੀਂ, ਉਸ ਦੀ ਪ੍ਰਤੀਤੀ/ਅਨੁਭਵ ਹੀ ਬਦਲੇ-ਬਦਲੇ ਜਾਪਦੇ ਹਨ |
ਆਈਨਸਟਾਈਨ ਨੇ ਆਧਾਰ ਢਾਂਚਿਆਂ ਦੀ ਪ੍ਰਕ੍ਰਿਤੀ ਨਾਲ ਭੌਤਿਕ ਵਿਗਿਆਨ ਦੇ ਨੇਮਾਂ ਦੇ ਸਬੰਧ ਦੇਖੇ | ਉਸ ਨੇ ਕਿਹਾ ਕਿ ਦੋ ਗਤੀਹੀਣ ਜਾਂ ਇਕ ਸਮਾਨ ਸਪੀਡ ਉਤੇ ਚੱਲ ਰਹੇ ਆਧਾਰ ਢਾਂਚਿਆਂ ਵਿਚ ਭੌਤਿਕ ਨੇਮ ਇਕੋ ਤਰ੍ਹਾਂ ਲਾਗੂ ਹੁੰਦੇ ਹਨ | ਪੰ੍ਰਤੂ ਜੇ ਇਕ ਢਾਂਚਾ ਪ੍ਰਵੇਗਿਤ(ਐਕਸੈਲਰੇਟਿਡ) ਭਾਵ ਵਧ ਰਹੀ ਸਪੀਡ ਉਤੇ ਚੱਲੇ ਤਾਂ ਸਾਨੂੰ ਚੀਜ਼ਾਂ ਦੇ ਵਿਹਾਰ ਵਿਚ ਫਰਕ ਦਿਸਣਗੇ | ਮੈਂ ਆਪਣੇ ਵਿਹੜੇ ਵਿਚ ਖੜ੍ਹਾ ਇਕ ਕਿਤਾਬ ਧਰਤੀ ਉਤੇ ਸੁਟਦਾ ਹਾਂ | ਉਹ ਸਿੱਧੀ ਮੇਰੇ ਪੈਰਾਂ ਕੋਲ ਡਿਗਦੀ ਹੈ | ਹੁਣ ਕਲਪਨਾ ਕਰੋ ਮੈਂ ਗੱਡੀ ਵਿਚ ਸਫਰ ਕਰ ਰਿਹਾ ਹਾਂ | ਗੱਡੀ ਪੰਜਾਹ ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਉਤੇ ਚਲ ਰਹੀ ਹੈ | ਮੇਰੇ ਹੱਥੋਂ ਕਿਤਾਬ ਡਿਗਦੀ ਹੈ | ਉਹ ਵੀ ਸਿੱਧੀ ਮੇਰੇ ਪੈਰਾਂ ਕੋਲ ਡਿਗੇਗੀ | ਫ਼ਰਜ਼ ਕਰੋ ਕਿ ਗੱਡੀ ਦਾ ਡਰਾਈਵਰ ਅਚਾਨਕ ਸਪੀਡ ਵਧਾ ਕੇ ਸੌ ਕਿਲੋਮੀਟਰ ਪ੍ਰਤੀ ਘੰਟਾ ਕਰ ਦਿੰਦਾ ਹੈ | ਮੇਰੇ ਹੱਥੋਂ ਡਿਗੀ ਕਿਤਾਬ ਹੁਣ ਸਿੱਧੀ ਪੈਰਾਂ ਵਿਚ ਨਹੀਂ ਡਿਗੇਗੀ ਰਤਾ ਪਿਛਾਂਹ ਡਿਗੇਗੀ ਕਿਉਂ ਜੋ ਗੱਡੀ ਦਾ ਫਰਸ਼ ਅਗਾਂਹ ਸਰਕ ਰਿਹਾ ਹੈ | ਇਹੋ ਜਿਹੇ ਮੇਰੇ ਵਿਹਾਰ ਨਿਊਟਨ/ਗੈਲੀਲੀਓ ਦੇ ਭੌਤਿਕ ਵਿਗਿਆਨ ਦੇ ਅਨੁਕੂਲ ਹਨ | ਸਾਡੀ ਕਾਰ ਪੰਜਾਹ ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਉਤੇ ਚੱਲ ਰਹੀ ਹੈ | ਉਸੇ ਦਿਸ਼ਾ ਵਿਚ ਇਕ ਹੋਰ ਕਾਰ ਉਸੇ ਸਪੀਡ ਉਤੇ ਚੱਲੇ ਤਾਂ ਦੋਵਾਂ ਵਿਚ ਬੈਠੀਆਂ ਸਵਾਰੀਆਂ ਨੂੰ ਦੂਜੀ ਕਾਰ ਖੜ੍ਹੀ ਜਾਪੇਗੀ | ਦੂਜੀ ਕਾਰ ਉਲਟ ਦਿਸ਼ਾ ਵਿਚ ਓਨੀ ਸਪੀਡ ਉਤੇ ਤੁਰੇ ਤਾਂ ਉਹ ਸਾਨੂੰ ਸੌ ਕਿਲੋਮੀਟਰ ਦੀ ਸਪੀਡ ਉਤੇ ਉਲਟੀ ਭਜਦੀ ਦਿਸੇਗੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ | ਫੋਨ ਨੰ: 98722-60550.
ਫੋਨ : 0175-2372010, 2372998,

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ ਮਜਨੂੰ

ਮੇਰੇ ਗੁਆਂਢੀ (ਕਿ੍ਸ਼ਨਾ ਨਗਰ ਬਟਾਲਾ ਵਿਚ ਰਹਿਣ ਵਾਲੇ) ਇੰਦਰਜੀਤ ਸ਼ਰਮਾ ਨੇ 1962 ਵਿਚ 'ਪਗੜੀ ਸੰਭਾਲ ਜੱਟਾ' ਦਾ ਨਿਰਮਾਣ ਕੀਤਾ ਸੀ | ਮਜਨੂੰ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ | ਭਾਵੇਂ ਫ਼ਿਲਮ ਦਾ ਨਾਇਕ ਦਲਜੀਤ ਸੀ, ਪਰ ਚਰਚਾ ਜ਼ਿਆਦਾ ਮਜਨੂੰ ਦੀ ਹੀ ਹੋਈ ਸੀ | ਇਸ ਦਾ ਆਧਾਰ ਇਹ ਸੀ ਕਿ ਪੰਜਾਬੀ ਸਿਨੇਮਾ ਦੇ ਖੇਤਰ 'ਚ ਮਜਨੂੰ ਉਸ ਵੇਲੇ ਸਟਾਰ ਕਾਮੇਡੀਅਨ ਦਾ ਦਰਜਾ ਹਾਸਲ ਕਰ ਚੁੱਕਾ ਸੀ | ਉਸ ਦੇ ਖਾਤੇ 'ਚ ਕੁਝ ਅਜਿਹੀਆਂ ਲੋਕਪਿ੍ਆ ਪੰਜਾਬੀ ਫ਼ਿਲਮਾਂ ਸਨ, ਜਿਨ੍ਹਾਂ ਨੂੰ ਪੰਜਾਬੀ ਸਿਨੇਮਾ ਦੇ ਖੇਤਰ 'ਚ ਇਤਿਹਾਸਕ ਸਥਾਨ ਪ੍ਰਾਪਤ ਹੈ |
ਮਿਸਾਲ ਦੇ ਤੌਰ 'ਤੇ 'ਪੋਸਤੀ' ਫ਼ਿਲਮ ਲਓ | ਕੁਆਤੜਾ ਭਰਾਵਾਂ ਦੀ ਇਸ ਫ਼ਿਲਮ 'ਚ ਨਾਇਕਾ ਸ਼ਿਆਮਾ ਸੀ ਅਤੇ ਇਸ ਦਾ ਨਿਰਦੇਸ਼ਕ ਕੇ. ਡੀ. ਮਹਿਰਾ ਸੀ | ਲੋਕ ਧੁਨਾਂ 'ਤੇ ਆਧਾਰਿਤ ਇਸ ਫ਼ਿਲਮ ਦਿਆਂ ਗੀਤਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਸੀ | ਲਿਹਾਜ਼ਾ, ਆਸ਼ਾ ਭੌਸਲੇ ਦਾ 'ਮਾਏਾ ਮੇਰੀਏ ਨੀ ਮੈਨੂੰ ਬੜਾ ਚਾਅ ਦੋ ਗੁੱਤਾਂ ਕਰ ਮੇਰੀਆਂ' ਅਤੇ ਮੁਹੰਮਦ ਰਫ਼ੀ ਅਤੇ ਸ਼ਮਸ਼ਾਦ ਬੇਗ਼ਮ ਦਾ 'ਤੂੰ ਪੀਂਘ ਤੇ ਮੈਂ ਪਰਛਾਵਾਂ, ਤੇਰੇ ਨਾਲ ਹੁਲਾਰੇ ਖਾਵਾਂ' ਅਤੇ ਰਾਜ ਕੁਮਾਰੀ ਦਾ 'ਨੀਂ ਮੈਂ ਕਜਲੇ ਦੀ ਪਾਨੀ ਆਂ ਧਾਰ' ਵਰਗੇ ਗੀਤਾਂ 'ਚ ਸ਼ਾਮਿਲ ਸਨ ਜਿਨ੍ਹਾਂ ਨੂੰ ਸਦੀਵੀਪਨ ਹਾਸਲ ਹੈ |
ਪਰ ਸਾਡਾ ਨਿਸ਼ਾਨਾ ਸੰਗੀਤ ਨਹੀਂ ਬਲਕਿ ਮਜਨੂੰ ਹੈ | ਇਸ ਦਿ੍ਸ਼ਟੀਕੋਣ ਤੋਂ ਮਜਨੂੰ ਆਪਣੇ ਆਰੰਭਿਕ ਕੈਰੀਅਰ ਤੋਂ ਹੀ ਵਿਵਿਧਤਾ ਅਤੇ ਨਵੀਨਤਾ ਦਾ ਪ੍ਰਤੀਕ ਬਣ ਕੇ ਉਭਰਿਆ ਸੀ | ਲਿਹਾਜ਼ਾ, ਉਸ ਦੀਆਂ ਬਹੁਤ ਸਾਰੀਆਂ ਫ਼ਿਲਮਾਂ (ਪੰਜਾਬੀ) ਕਲਾਸੀਕਲ ਸਿਨੇਮਾ ਦੀ ਸ਼੍ਰੇਣੀ 'ਚ ਆਉਂਦੀਆਂ ਹਨ |
ਦਿਲਚਸਪ ਗੱਲ ਇਹ ਵੀ ਹੈ ਕਿ 2 ਨਵੰਬਰ, 1913 ਨੂੰ ਅੰਮਿ੍ਤਸਰ ਦੇ ਇਕ ਈਸਾਈ ਪਰਿਵਾਰ ਨਾਲ ਸਬੰਧਿਤ ਇਸ ਕਲਾਕਾਰ ਨੇ ਆਪਣੀ ਕਲਾ ਦੇ ਬਲਬੂਤੇ ਹੀ ਕਈ ਫ਼ਿਲਮਾਂ ਹਿਟ ਕਰਵਾ ਦਿੱਤੀਆਂ ਸਨ | ਹਾਲਾਂਕਿ ਮਜਨੂੰ ਨੇ ਕੁਝ ਚਿਰ ਸਰਕਸ 'ਚ ਵੀ ਕੰਮ ਕੀਤਾ ਸੀ ਪਰ ਸਿਨੇਮਾ ਹੀ ਉਸ ਦੀ ਅਸਲ ਕਰਮ ਭੂਮੀ ਸੀ |
ਮਜਨੂੰ ਦਾ ਅਸਲੀ ਨਾਂਅ ਹੈਰਾਲਡ ਲੂਈਸ ਸੀ | ਮਜਨੂੰ ਨਾਂਅ ਉਸ ਨੂੰ ਰੂਪ ਕੇ ਸ਼ੋਰੀ (ਨਿਰਮਾਤਾ-ਨਿਰਦੇਸ਼ਕ) ਨੇ ਆਪਣੀ ਫ਼ਿਲਮ 'ਮਜਨੂੰ' (1935) ਦੇ ਰਾਹੀਂ ਦਿੱਤਾ ਸੀ | ਇਹ ਇਕ ਰੁਮਾਂਟਿਕ ਵਿਅੰਗ ਸੀ ਜਿਸ 'ਚ ਲੈਲਾ-ਮਜਨੂੰ ਦੀ ਪ੍ਰੇਮ ਕਥਾ ਨੂੰ ਮਜਾਹੀਆ ਲਹਿਜ਼ੇ 'ਚ ਪੇਸ਼ ਕੀਤਾ ਗਿਆ ਸੀ | ਇਸ ਫ਼ਿਲਮ ਦਾ ਸੰਗੀਤਕਾਰ ਗੁਲਾਮ ਹੈਦਰ ਸੀ | ਪਰ ਚਰਚਾ ਇਸ ਦੀ ਮਜਨੂੰ ਦੀਆਂ ਹਰਕਤਾਂ ਕਰਕੇ ਹੀ ਹੋਈ ਸੀ ਕਿਉਂਕਿ ਮਜਨੂੰ ਦੇ ਕੋਲ ਸਰਕਸ ਦਾ ਅਨੁਭਵ ਸੀ, ਇਸ ਲਈ ਉਸ ਨੇ ਇਸ ਫ਼ਿਲਮ 'ਚ ਮੋਟਰ ਸਾਈਕਲ ਦੇ ਸਟੰਟ ਬੜੀ ਆਸਾਨੀ ਨਾਲ ਪੇਸ਼ ਕੀਤੇ ਸਨ |
ਇਸ ਫ਼ਿਲਮ ਦੀ ਸਫ਼ਲਤਾ ਨੇ ਮਜਨੂੰ ਦੇ ਲਈ ਉਰਦੂ-ਪੰਜਾਬੀ ਦੋਵਾਂ ਹੀ ਭਾਸ਼ਾਵਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਸਨ | ਰੂਪ ਕੇ. ਸ਼ੋਰੀ ਨੇ ਹੀ ਉਸ ਨੂੰ 'ਟਾਰਜਨ ਕੀ ਬੇਟੀ' ਵਿਚ ਫਿਰ ਮੌਕਾ ਦਿੱਤਾ | ਇਸ ਫ਼ਿਲਮ ਦੀ ਸ਼ੂਟਿੰਗ ਹਿਮਾਲਿਆ ਦੇ ਪਹਾੜਾਂ 'ਚ ਹੋਈ ਸੀ ਅਤੇ ਇਸ ਤਰ੍ਹਾਂ ਲਾਹੌਰ ਇਕ ਰਾਸ਼ਟਰੀ ਪੱਧਰ 'ਤੇ ਸਿਨੇਮਾ ਦਾ ਪ੍ਰਮੁੱਖ ਕੇਂਦਰ ਬਣ ਕੇ ਉਭਰਿਆ ਸੀ | ਇਸ ਤੋਂ ਬਾਅਦ ਮਜਨੂੰ ਨੇ 'ਏਕ ਥੀ ਲੜਕੀ' (1949), 'ਕੌਡੇ ਸ਼ਾਹ', 'ਏਕ ਦੋ ਤੀਨ' (1950), ਹਸੀਨੋ ਕਾ ਦੇਵਤਾ' (1971), 'ਮਾਂ ਦਾ ਲਾਡਲਾ' (1969), 'ਮੁਖੜਾ ਚੰਨ ਵਰਗਾ' (1969(, 'ਨੀਮ ਹਕੀਮ' (1967), 'ਸੱਤ ਸਾਲੀਆਂ' (1964), 'ਭੰਗੜਾ' (1959), 'ਜੁਗਨੀ' (1952), 'ਢੋਲਕ' (1951), 'ਲੱਛੀ' (1949), 'ਚਮਨ' (1948), 'ਹੀਰ ਰਾਂਝਾ' (1948) ਅਤੇ 'ਗੁਲੇ ਬਕਾਵਲੀ' (1967) ਵਰਗੀਆਂ ਅਨੇਕਾਂ ਹੀ ਹਿੰਦੀ ਅਤੇ ਪੰਜਾਬੀ ਦੀਆਂ ਫ਼ਿਲਮਾਂ 'ਚ ਕੰਮ ਕੀਤਾ ਸੀ |
ਅਭਿਨੇਤਾ ਆਈ.ਐਸ. ਜੌਹਰ ਖੁਦ ਇਕ ਕਮਾਲ ਦਾ ਕਾਮੇਡੀਅਨ ਸੀ | ਮਜਨੂੰ ਨੇ ਉਸ ਦੇ ਨਾਲ 'ਛੜਿਆਂ ਦੀ ਡੋਲੀ' ਵਿਚ ਕੰਮ ਕੀਤਾ ਸੀ | ਇਸ ਫ਼ਿਲਮ ਦੀ ਸ਼ੂਟਿੰਗ ਕਲਕੱਤੇ 'ਚ ਹੋਈ ਸੀ | ਇਕ ਦਿ੍ਸ਼ ਵਿਚ ਜਦੋਂ ਜੌਹਰ ਅਤੇ ਮਜਨੂੰ ਦਾ ਟਾਕਰਾ ਹੋਇਆ ਤਾਂ ਜੌਹਰ ਨੇ ਅੱਖਾਂ ਨੀਵੀਆਂ ਕਰ ਲਈਆਂ, ਮਜਨੂੰ ਨੇ ਤੁਰੰਤ ਉਸ ਨੂੰ ਤਾੜਦਿਆਂ ਹੋਇਆਂ ਕਿਹਾ, 'ਜੇਕਰ ਐਕਟਿੰਗ ਕਰਨੀ ਏ ਤਾਂ ਅੱਖਾਂ 'ਚ ਅੱਖਾਂ ਪਾ ਕੇ ਕਰ ਸਿਰ ਨੀਵਾਂ ਕਰਕੇ ਤੂੰ ਨਾਇਕ ਨਹੀਂ ਬਣ ਸਕਦਾ |'
ਲਗਪਗ ਅਜਿਹੀ ਹੀ ਘਟਨਾ 'ਸੱਤ ਸਾਲੀਆਂ' ਦੇ ਸੈੱਟ 'ਤੇ ਵੀ ਵਾਪਰੀ ਸੀ | ਇਸ ਦਾ ਨਾਇਕ ਰਵਿੰਦਰ ਕਪੂਰ ਸੀ, ਪਰ ਉਸ ਦਾ ਸਾਹਮਣਾ ਜਦੋਂ ਵੀ ਮਜਨੂੰ ਨਾਲ ਹੁੰਦਾ ਤਾਂ ਉਸ ਦਾ ਆਤਮ-ਵਿਸ਼ਵਾਸ ਡੋਲ ਜਾਂਦਾ ਸੀ | ਲਿਹਾਜ਼ਾ, ਨਿਰਦੇਸ਼ਕ ਨੇ ਬਹੁਤ ਸਾਰੇ ਦਿ੍ਸ਼ ਅਲੱਗ-ਅਲੱਗ ਕਰਕੇ ਫ਼ਿਲਮਾਏ ਸਨ |
ਬਤੌਰ ਨਿਰਦੇਸ਼ਕ ਅਤੇ ਅਦਾਕਾਰ ਆਪਣੀ ਪ੍ਰਤਿਭਾ ਦਾ ਬੇਹਤਰੀਨ ਪ੍ਰਗਟਾਵਾ ਕਰਨ ਵਾਲੇ ਇਸ ਕਲਾਕਾਰ ਦੇ ਅੰਤਿਮ ਦਿਨ ਬੜੇ ਦੁਖਦਾਈ ਸਨ | ਇੰਦਰਜੀਤ ਸ਼ਰਮਾ ਦੇ ਅਨੁਸਾਰ ਮਜਨੂੰ ਸ਼ਰਾਬ ਦੀ ਦਲਦਲ 'ਚ ਫਸ ਗਿਆ ਸੀ | ਬਾਲੀਵੁੱਡ ਦੀ ਚਕਾਚੌਾਧ ਤੋਂ ਦੂਰ ਰਹਿ ਕੇ ਉਹ ਗੰੁਮਨਾਮੀ ਦੇ ਹਨੇਰੇ 'ਚ ਗੁਆਚ ਗਿਆ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਜਥੇ: ਉਜਾਗਰ ਸਿੰਘ ਸੇਖਵਾਂ ਦੀ ਬਰਸੀ ਸਮੇਂ ਪਿੰਡ ਸੇਖਵਾਂ ਵਿਖੇ ਖਿੱਚੀ ਸੀ | ਉਸ ਸਮੇਂ ਸ: ਸੇਵਾ ਸਿੰਘ ਸੇਖਵਾਂ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ: ਪ੍ਰਕਾਸ਼ ਸਿੰਘ ਬਾਦਲ ਤੇ ਸ: ਨਿਰਮਲ ਸਿੰਘ ਕਾਹਲੋਂ ਆਪਸ ਵਿਚ ਕੋਈ ਵਿਚਾਰ ਚਰਚਾ ਕਰ ਰਹੇ ਸਨ |

ਮੋਬਾਈਲ : 98767-41231

ਸੁਰਮਾ ਹੋਵਾਂ ਤਾਂ ਵਸਾਂ ਵੇ ਪਹਾੜੀਂ...

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਰਦਾਂ ਦੀ ਢਾਣੀ ਆਪਣੀਆਂ ਬੋਲੀਆਂ ਰਾਹੀਂ ਉਸ ਔਰਤ ਦੀ ਗੱਲ ਵੀ ਕਰਦੀ ਜਿਹੜੀ ਲੱਪ-ਲੱਪ ਸੁਰਮਾ ਪਾਉਂਦੀ :
-ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮਾੜੀ...
ਭਾਰੀ ਪੌਾਦੀ ਲੱਪ ਲੱਪ ਸੁਰਮਾ,
ਪਤਲੀ ਕਜਲੇ ਦੀ ਧਾਰੀ
ਹੇਠ ਬਰੋਟੇ ਦੇ, ਭਜਨ ਕਰੇ ਕਰਤਾਰੀ ... |
ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਸ਼ਿੰਗਾਰ ਕੇ ਰੱਖਣ ਦੀ ਰੁਚੀ ਅਧੀਨ ਕੋਈ ਗੋਰੀ ਮੁਟਿਆਰ ਜਦੋਂ ਅੱਖਾਂ ਵਿਚ ਸੁਰਮਾ ਪਾ ਲੈਂਦੀ ਤਾਂ ਰਾਹ ਜਾਂਦਾ ਮਨਚਲਾ ਇੰਜ ਆਖਣੋਂ ਨਾ ਰਹਿੰਦਾ :
-ਇਕ ਤੇਰਾ ਰੰਗ ਗੋਰਾ
ਦੂਜਾ ਪਾਇਆ ਸੁਰਮਾ ਕਾਲਾ |
ਪਰੰਤੂ ਜੇ ਕੋਈ ਮਨਚਲਾ ਨੱਢੀ ਦਾ ਦਿਲ ਚੁਰਾ ਲੈਂਦਾ ਤਾਂ ਉਹ ਮੁਹਾਵਰੇ ਰਾਹੀਂ ਆਪਣੇ ਦਿਲ ਦਾ ਭੇਤ ਉਸ ਨਾਲ ਸਾਂਝਾ ਕਰਦੀ ਆਖਦੀ, 'ਤੂੰ ਮੇਰੀਆਂ ਅੱਖਾਂ ਦਾ ਕੱਜਲ ਚੁਰਾ ਲਿਐ |'
ਕਮਜ਼ੋਰ ਆਰਥਿਕਤਾ ਜੇ ਕਿਸੇ ਜਵਾਨ ਦੇ ਵਿਆਹ ਵਿਚ ਰੁਕਾਵਟ ਬਣਦੀ ਤਾਂ ਉਹ ਮਹਿਬੂਬਾ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਉਸ ਨੂੰ ਸੁਰਮਾ ਬਣਨ ਲਈ ਆਖ ਦਿੰਦਾ ਤਾਂ ਕਿ ਉਹ ਉਸ ਨੂੰ ਆਪਣੀਆਂ ਅੱਖਾਂ ਵਿਚ ਵਸਾ ਸਕੇ:
-ਦੇਵੀ ਦੀ ਮੈਂ ਕਰਾਂ ਕੜਾਹੀ
ਪੀਰ ਫ਼ਕੀਰ ਧਿਆਮਾ...
ਜੇ ਸੁਰਮਾ ਤੂੰ ਬਣਜੇਂ ਮੇਲਣੇ
ਮੈਂ ਅੱਖਾਂ ਵਿਚ ਪਾਮਾਂ
ਕੂੰਜ ਪਹਾੜ ਦੀਏ
ਜਿੰਦ ਤੇਰੇ ਨਾਂ ਲਾਮਾਂ ... |
ਪੂਰਬੀ ਪੰਜਾਬ ਦੀਆਂ ਮੁਟਿਆਰਾਂ ਦੇ ਪ੍ਰਸਿੱਧ ਲੋਕ ਨਾਚ ਗਿੱਧੇ ਦੀਆਂ ਅਣਗਿਣਤ ਬੋਲੀਆਂ ਸੁਰਮੇ ਤੇ ਕੱਜਲ ਰਾਹੀਂ ਪੰਜਾਬਣਾਂ ਦੇ ਸੁਹੱਪਣ ਦੀ ਗੱਲ ਛੋਂਹਦੀਆਂ ਹਨ :
-ਤੇਰੀ ਅੱਖ ਟੂਣੇਹਾਰੀ, ਦੂਜੀ ਕਜਲੇ ਦੀ ਧਾਰੀ
ਤੀਜਾ ਲੌਾਗ ਲਿਸ਼ਕਾਰੇ ਮਾਰ ਮਾਰ ਫੱਬਦਾ
ਨੀ ਤੂੰ ਜੀਉਣ ਜੋਗਾ ਛੱਡਿਆ ਨਾ ਪੁੱਤ ਜੱਟ ਦਾ |
ਪੱਛਮੀ ਪੰਜਾਬ ਦੀਆਂ ਮੁਟਿਆਰਾਂ ਦੇ ਪ੍ਰਸਿੱਧ ਲੋਕ-ਨਾਚ ਸੰਮੀ ਦੀਆਂ ਬੋਲੀਆਂ ਵਿਚ ਵੀ ਇਨ੍ਹਾਂ ਦਾ ਥਾਂ ਪੁਰ ਥਾਂ ਜ਼ਿਕਰ ਆਇਆ ਹੈ | ਇਕ ਬੋਲੀ ਵਿਚ ਸੰਮੀ ਮਜਾਜਣ ਨੂੰ ਨਿੰਮਾ-ਨਿੰਮਾ ਸੁਰਮਾ ਪਾਈ ਦਿਖਾਇਆ ਗਿਆ ਹੈ :
-ਸੁਰਮਾ ਨਿੰਮ੍ਹਾ ਨਿੰਮ੍ਹਾ, ਵਿਚ ਕਜਲੇ ਦੀ ਧਾਰੀ
ਸੁਰਮਾ ਨਿੰਮ੍ਹਾ ਨਿੰਮ੍ਹਾ
ਹੋਰਨਾਂ ਨੇ ਪਾਇਆ ਲੱਪ ਧੜੱਪੀ
ਸੰਮੀ ਨੇ ਪਾਇਆ ਨਿੰਮ੍ਹਾ ਨਿੰਮ੍ਹਾ...
ਲੋਕ-ਗੀਤਾਂ ਵਾਂਗ ਅਖਾਣ ਤੇ ਮੁਹਾਵਰੇ ਵੀ ਲੋਕ ਸਾਹਿਤ ਦੇ ਭੰਡਾਰ ਨੂੰ ਅਮੀਰੀ ਬਖ਼ਸ਼ਦੇ ਹਨ | ਸਮਾਜ ਦਾ ਕੋਈ ਵਸਤ-ਵਰਤਾਰਾ ਨਹੀਂ ਜਿਸ ਨੂੰ ਇਨ੍ਹਾਂ ਨੇ ਆਪਣੀ ਗੋਦ ਵਿਚ ਥਾਂ ਨਹੀਂ ਦਿੱਤੀ | ਸੁਰਮੇ ਤੇ ਕੱਜਲ ਨੂੰ ਲੈ ਕੇ ਵੀ ਕਈ ਅਖਾਣ-ਮੁਹਾਵਰੇ ਘੜੇ ਗਏ | ਯੋਗ ਮੌਕਾ ਹੱਥੋਂ ਗਵਾ ਕੇ ਠੇਡੇ ਖਾਂਦੇ ਫਿਰਦੇ ਵਿਅਕਤੀ ਲਈ ਅਖਾਣ ਘੜਿਆ ਗਿਆ, 'ਅਕਲੋਂ ਘੁੱਥੀ ਡੂੰਮਣੀ ਸੁਰਮਾ ਪਾਏ ਨੱਕ' | ਆਪਣੇ ਆਪ ਨੂੰ ਹੁਸ਼ਿਆਰ ਸਮਝਣ ਵਾਲੇ ਬੰਦੇ ਨੂੰ ਜਦੋਂ ਕੋਈ ਮੂਰਖ ਬਣਾ ਕੇ ਉਸ ਤੋਂ ਲਾਭ ਉਠਾ ਲੈਂਦਾ ਤਾਂ ਕਿਹਾ ਜਾਂਦਾ, 'ਅੱਖ ਟੱਡੀ ਰਹਿ ਗਈ, ਕੱਜਲ ਲੈ ਗਿਆ ਕਾਂ' | ਹੈਸੀਅਤ ਤੋਂ ਪਰ੍ਹੇ ਦੀ ਗੱਲ ਕਰਨ ਵਾਲੇ ਵਿਅਕਤੀ ਲਈ ਲੋਕ ਚੇਤਨਾ ਨੇ ਇਹ ਅਖਾਣ ਹੋਂਦ ਵਿਚ ਲਿਆਂਦਾ, 'ਅੱਖੋਂ ਅੰਨ੍ਹੀ ਮਮੀਰੇ ਦਾ ਸੁਰਮਾ' | ਮਾੜਾ ਵਿਅਕਤੀ ਚੰਗੇ ਵਿਅਕਤੀ ਨੂੰ ਵੇਖ ਕੇ ਈਰਖਾ ਕਰਦਾ ਤਾਂ ਕਿਹਾ ਜਾਂਦੈ, 'ਕਜਲਾਖੇ ਹਰਣਾਖੀਆਂ ਕਾਣੀ ਕੁਰਲਾਵੇ' | ਲੋਕਾਂ ਨੂੰ ਕਿਸੇ ਦੇ ਵਿਰੁੱਧ ਗੱਲ ਕਰਨ ਦਾ ਬਹਾਨਾ ਮਿਲੇ ਸਹੀ, ਉਹ ਫੱਟ ਆਖਦੇ ਨੇ, 'ਸੁਰਮਾ ਪਾਇਆ ਜੋਤ ਨੂੰ ਖ਼ਲਕਤ ਮਰ ਗਈ ਸੋਚ ਨੂੰ |' ਬੁਰੀ ਸੰਗਤ ਦਾ ਬੁਰਾ ਪ੍ਰਭਾਵ ਦਿ੍ੜ੍ਹ ਕਰਾਉਣ ਲਈ ਕਈ ਅਖਾਣ ਇਸਤੇਮਾਲ ਕੀਤੇ ਜਾਂਦੇ ਨੇ; ਅਖੇ 'ਕੱਜਲ ਦੀ ਕੋਠੜੀ ਵਿਚ ਜਾਓਗੇ ਤਾਂ ਧੱਬਾ ਤਾਂ ਲੱਗੇਗਾ ਹੀ', 'ਕੱਜਲ ਦੀ ਕੋਠੀ ਹਮੇਸ਼ ਖੋਟੀ' ਅਤੇ 'ਵੜੀਐ ਕੱਜਲ ਕੋਠੜੀ, ਮੂੰਹ ਕਾਲਖ ਭਰੀਐ |' ਖ਼ੁਸ਼ੀ ਮਿਲਣ ਵਾਲੀ ਹੋਵੇ ਪਰ ਅਚਾਨਕ ਵਿਘਨ ਪੈ ਜਾਵੇ ਤਾਂ ਸਥਿਤੀ ਅਜਿਹੀ ਬਣ ਜਾਂਦੀ ਐ, 'ਅੱਖੀਂ ਕਜਲਾ ਤੇ ਸਹੁਰੇ ਦੀ ਕਨਸੋ (ਦਾ ਸੋਗ) |' ਕਿਸੇ ਵਿਅਕਤੀ ਨੂੰ ਕਿਸੇ ਖ਼ਾਸ ਚੀਜ਼ ਦੀ ਜਦੋਂ ਸਖ਼ਤ ਲੋੜ ਹੋਵੇ ਪਰ ਉਹ ਵਸਤ ਉਦੋਂ ਨਾ ਮਿਲੇ ਤੇ ਮੌਕਾ ਲੰਘ ਜਾਣ ਉਪਰੰਤ ਮਿਲ ਜਾਵੇ ਤਾਂ ਉਸ ਨੂੰ ਉਹ ਚੀਜ਼ ਮਿਲਣ ਦਾ ਕੋਈ ਲਾਭ ਨਹੀਂ ਰਹਿ ਜਾਂਦਾ | ਇਸ ਸਥਿਤੀ ਨੂੰ ਮੀਆਂ ਮੁਹੰਮਦ ਬਖ਼ਸ਼ ਨੇ ਆਪਣੇ ਕਲਾਮ ਰਾਹੀਂ ਇਉਂ ਬਿਆਨਿਆ, 'ਜਾਂ ਦੀਦੇ ਨਾਬੀਨੇ ਹੋਏ, ਫਿਰ ਸੁਰਮਾ ਕਿਆ ਕਰਸੀ |' ਅਖਾਣਾਂ ਵਾਂਗ ਹੀ ਸੁਰਮੇ ਅਤੇ ਕੱਜਲ ਨੂੰ ਲੈ ਕੇ ਲੋਕ-ਮਨ ਨੇ ਕਈ ਮੁਹਾਵਰੇ ਵੀ ਘੜੇ ਜਿਵੇਂ ਅੱਖਾਂ 'ਚੋਂ ਸੁਰਮਾ ਕੱਢਣਾ, ਸੁਰਮਾ ਬਣਨਾ ਅਤੇ ਅੱਖਾਂ ਦਾ ਕੱਜਲ ਚੁਰਾਉਣਾ ਆਦਿ | ਕਹਿੰਦੇ ਨੇ ਕੱਜਲ ਪਾ ਤਾਂ ਹਰ ਕੋਈ ਲੈਂਦਾ ਹੈ ਪਰ ਮਟਕਾਉਣਾ ਕਿਸੇ ਨੂੰ ਹੀ ਆਉਂਦੈ | ਭਾਵ ਅੱਖਾਂ ਵਿਚ ਪਾਏ ਕੱਜਲ ਦਾ ਵਿਖਾਵਾ ਕਰਨ ਵਿਚ ਹਰ ਕੋਈ ਮਾਹਿਰ ਨਹੀਂ ਹੁੰਦਾ | ਇਸ ਅਖਾਣ ਰਾਹੀਂ ਲੋਕ ਮਨ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਐ ਕਿ ਦੁਨੀਆਦਾਰੀ ਨਿਭਾਉਣ ਲਈ ਵੀ ਅਕਲ ਦੀ ਲੋੜ ਹੁੰਦੀ ਐ | ਸ਼ਿੰਗਾਰ ਦੇ ਸਮਾਨ ਦੀ ਉਪਲਬਧੀ ਦੀ ਗੱਲ ਕੀਤੀ ਜਾਵੇ ਤਾਂ ਇਹ ਬਹੁ-ਗਿਣਤੀ ਔਰਤਾਂ ਕੋਲ ਮੌਜੂਦ ਹੁੰਦਾ ਹੈ ਪਰੰਤੂ ਉਸ ਦੀ ਸਹੀ ਵਰਤੋਂ ਹਰ ਔਰਤ ਨਹੀਂ ਕਰ ਸਕਦੀ | ਸਹਿਤੀ ਨੂੰ ਸੁਰਮਾ ਮਟਕਾਉਂਦੀ ਭਾਬੀ (ਹੀਰ) ਚੰਗੀ ਨਹੀਂ ਸੀ ਲਗਦੀ, ਇਸੇ ਲਈ ਉਸ ਕਿਹਾ ਸੀ :
-ਕਿਨ੍ਹਾਂ ਨਖਰਿਆਂ ਨਾਲ ਭਰਮਾਉਨੀ ਹੈਂ
ਅੱਖੀਂ ਪਾ ਸੁਰਮਾ ਮਟਕਾਉਨੀ ਹੈਂ |
ਬਚਪਨ ਵਿਚ ਦਾਦੀ ਕੋਲੋਂ ਲੋਕ-ਕਹਾਣੀਆਂ ਸੁਣਦੀ ਸਾਂ | ਪਰੀ ਕਹਾਣੀਆਂ ਦੇ ਨਾਇਕ ਵੱਲੋਂ ਖਲਨਾਇਕ ਦੀਆਂ ਅੱਖਾਂ ਤੋਂ ਓਝਲ ਹੋਣ ਲਈ ਜਾਦੂ ਦੇ ਸੁਰਮੇ ਦੀ ਵਰਤੋਂ ਕੀਤੀ ਜਾਂਦੀ ਸੀ | ਦਾਦੀ ਜੀ ਨੇ ਦੱਸਣਾ ਕਿ ਅਜਿਹੇ ਸੁਰਮੇ ਨੂੰ 'ਲੁਕਾਂਜਣ' ਜਾਂ 'ਸੁਲੇਮਾਨੀ ਸੁਰਮਾ' ਕਿਹਾ ਜਾਂਦਾ ਸੀ | ਉਨ੍ਹਾਂ ਦੱਸਣਾ ਕਿ ਇਸ ਸੁਰਮੇ ਨੂੰ ਪਾ ਕੇ ਸੁਜਾਖੇ ਵਿਅਕਤੀ ਵਾਂਗ ਦੂਜਿਆਂ ਨੂੰ ਤਾਂ ਵੇਖਿਆ ਜਾ ਸਕਦਾ ਸੀ ਪਰ ਸੁਰਮਾ ਪਾਉਣ ਵਾਲੇ ਨੂੰ ਕੋਈ ਨਹੀਂ ਸੀ ਵੇਖ ਸਕਦਾ | ਉਹ ਇਹ ਗੱਲ ਵੀ ਕਹਿੰਦੇ ਕਿ ਅੱਖਾਂ ਵਿਚ ਸੁਰਮਾ ਪਾਉਣ ਨਾਲ ਅੱਖਾਂ ਨੂੰ ਕੋਈ ਬਿਮਾਰੀ ਨਹੀਂ ਲਗਦੀ ਸਗੋਂ ਨਿਗ੍ਹਾ ਤੇਜ਼ ਹੁੰਦੀ ਹੈ | ਆਪਣੀ ਇਸ ਗੱਲ ਦੀ ਪ੍ਰੋੜਤਾ ਉਹ ਆਮ ਤੌਰ 'ਤੇ ਇੰਜ ਕਰਦੇ ਸਨ:
-ਨਾਕ ਮੇਂ ਉਂਗਲੀ, ਕਾਨ ਮੇਂ ਤਿਨਕਾ,
ਮਤ ਕਰ, ਮਤ ਕਰ ਰੇ |
ਆਂਖ ਮੇਂ ਅੰਜਨ, ਦਾਂਤ ਪੇ ਮੰਜਨ ਨਿੱਤ ਕਰ, ਨਿੱਤ ਕਰ ਰੇ |
ਉਨ੍ਹਾਂ ਦੀ ਇਸੇ ਭਾਵਨਾ ਦਾ ਇਜ਼ਹਾਰ ਲੋਕ-ਕਾਵਿ ਦੀਆਂ ਨਿਮਨ ਸਤਰਾਂ ਵੀ ਕਰਦੀਆਂ ਹਨ :
-ਦੋ ਮੁਟਿਆਰਾਂ ਸੁਰਮਾ ਲੈਣ ਵੇ ਲੱਗੀਆਂ
ਖੜ੍ਹੀਆਂ, ਸੁਰਮੇ ਦੀ ਪਰਖ ਨਾ ਆਵੇ
ਸੰਭਲ ਸਾਂਵਲਿਆ ਜੰਗਲ ਕਿਸ ਵਿਧ ਜਾਣਾ |
ਦੋ ਮੁਟਿਆਰਾਂ ਸੁਰਮਾ ਰਗੜਨ ਵੇ ਲੱਗੀਆਂ
ਵੱਟੇ ਦੇ ਹੇਠ ਮਲੀਂਦਾ
ਸੰਭਲ ਸਾਂਵਲਿਆ ਜੰਗਲ ਕਿਸ ਵਿਧ ਜਾਣਾ |
ਭਰ ਵੇ ਸਲਾਈ ਨੈਣੀਂ ਵੇ ਪਾਈ
ਨੈਣਾਂ ਦੀ ਜੋਤ ਸਵਾਈ |
-ਗਲੀ ਗਲੀ ਵਣਜਾਰਾ ਫਿਰਦਾ, ਲੱਪ ਕੁ ਸੁਰਮਾ ਲੋੜੀਂਦਾ
ਸੁਰਮ ਸਲਾਈ ਨੈਣੀਂ ਪਾਈ, ਨੈਣਾਂ ਦਾ ਦੁੱਖ ਤੋੜੀਦਾ |
ਭਾਵੇਂ ਡਾਕਟਰ ਸਰੀਰ ਦੀ ਸੁੰਦਰਤਾ ਲਈ ਰਸਾਇਣਕ ਪਦਾਰਥ ਵਰਤਣ ਤੋਂ ਮਨਾਹੀ ਕਰਦੇ ਹਨ ਪਰ ਫੇਰ ਵੀ ਇਨ੍ਹਾਂ ਦੀ ਵਰਤੋਂ ਬੜੇ ਸ਼ੌਕ ਨਾਲ ਕੀਤੀ ਜਾਂਦੀ ਹੈ | ਮੇਲਿਆਂ, ਗੱਡੀਆਂ ਅਤੇ ਬੱਸਾਂ ਵਿਚ ਸੁਰਮਾ ਵੇਚਣ ਵਾਲੇ ਸਾਨੂੰ ਅਕਸਰ ਮਿਲ ਜਾਂਦੇ ਹਨ | ਆਮ ਲੋਕ ਸੋਚਦੇ ਹਨ ਕਿ ਸੁਰਮਾ ਜਿੰਨਾ ਤੇਜ ਹੋਵੇਗਾ, ਅੱਖਾਂ ਵਿਚੋਂ ਜਿੰਨਾ ਪਾਣੀ ਕੱਢੇਗਾ, ਉਨਾ ਹੀ ਵਧੀਆ ਹੋਵੇਗਾ ਪਰੰਤੂ ਇਹ ਉਨ੍ਹਾਂ ਦਾ ਭਰਮ ਹੈ | ਸੁਰਮਾ ਵੇਚਣ ਵਾਲੇ ਸ਼ੀਸ਼ੀ ਵਿਚੋਂ ਇਕੋ ਸੁਰਮਚੂ ਨਾਲ ਵੱਖ-ਵੱਖ ਯਾਤਰੀਆਂ ਨੂੰ ਸੁਰਮਾ ਅੱਖ 'ਚ ਪਾ ਕੇ ਚੈੱਕ ਕਰਨ ਲਈ ਕਹਿੰਦੇ ਹਨ | ਪੇਂਡੂ ਅਤੇ ਅਨਪੜ੍ਹ ਲੋਕ ਉਸੇ ਸੁਰਮਚੂ ਦੀ ਵਰਤੋਂ ਕਰਦੇ ਅਕਸਰ ਦਿਸ ਜਾਂਦੇ ਹਨ ਪਰੰਤੂ ਡਾਕਟਰਾਂ ਅਨੁਸਾਰ ਅਜਿਹਾ ਕਰਨਾ ਉਨ੍ਹਾਂ ਦੀਆਂ ਅੱਖਾਂ ਲਈ ਖਤਰਨਾਕ ਸਿੱਧ ਹੋ ਸਕਦਾ ਹੈ | ਇਸ ਤਰ੍ਹਾਂ ਕਰਨ ਨਾਲ ਇਕ ਬੰਦੇ ਦੀ ਅੱਖ ਦੀ ਇਨਫੈਕਸ਼ਨ (ਲਾਗ) ਦੂਜਿਆਂ ਦੀਆਂ ਅੱਖਾਂ ਵਿਚ ਪਹੁੰਚ ਕੇ ਮਾੜਾ ਅਸਰ ਪਾਉਂਦੀ ਹੈ | 'ਨੇਤਰ ਦਾਨ-ਮਹਾਂ ਦਾਨ' ਨਾਅਰਾ ਸਪਸ਼ਟ ਕਰਦਾ ਹੈ ਕਿ ਨੇਤਰ ਯਾਨੀ ਅੱਖਾਂ ਕੁਦਰਤ ਵਲੋਂ ਮਨੁੱਖ ਨੂੰ ਬਖਸ਼ਿਆ ਅਨਮੋਲ ਤੋਹਫ਼ਾ ਹਨ | ਇਸ ਲਈ ਅੱਖਾਂ ਦੀ ਪੂਰੀ ਸੰਭਾਲ ਰੱਖਣੀ ਚਾਹੀਦੀ ਹੈ ਅਤੇ ਜਿਉਂਦੇ ਜੀਅ ਅੱਖਾਂ ਦਾਨ ਕਰਨ ਦਾ ਪ੍ਰਣ ਕਰ ਕੇ ਆਪਣੀ ਮੌਤ ਉਪਰੰਤ ਕਿਸੇ ਨੇਤਰਹੀਣ ਵਿਅਕਤੀ ਦੀ ਜ਼ਿੰਦਗੀ ਰੌਸ਼ਨ ਕਰਨ ਵਾਲਾ ਮਹਾਂ ਉਪਕਾਰ ਕਰਨਾ ਚਾਹੀਦਾ ਹੈ | ਜ਼ਿੰਦਗੀ ਦੇ ਅਸਲੀ ਸੁਹੱਪਣ ਦਾ ਰਾਜ਼ ਅਜਿਹੀਆਂ ਸੇਵਾਵਾਂ ਵਿਚ ਹੀ ਛੁਪਿਆ ਹੋਇਆ ਹੈ | ਗੁਰਬਾਣੀ ਦਾ ਮਹਾਂਵਾਕ ਹੈ- 'ਪਰਉਪਕਾਰ ਕੁਸਲ ਬਹੁ ਤੇਰੇ' |
(ਸਮਾਪਤ)

-ਸਟੇਟ ਐਵਾਰਡੀ ਅਤੇ ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 8567886223

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX