ਤਾਜਾ ਖ਼ਬਰਾਂ


ਰਾਬਰਟ ਵਾਡਰਾ ਨੂੰ ਰਾਹਤ, 2 ਮਾਰਚ ਤੱਕ ਅੰਤਰਿਮ ਜ਼ਮਾਨਤ ਬਰਕਰਾਰ
. . .  18 minutes ago
ਨਵੀਂ ਦਿੱਲੀ, 16 ਫਰਵਰੀ- ਮਨੀ ਲਾਂਡਰਿੰਗ ਕੇਸ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੂੰ ਰਾਹਤ ਮਿਲੀ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਇਸ ਮਾਮਲੇ 'ਚ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਨੂੰ ਬਰਕਰਾਰ ਰੱਖਦਿਆਂ...
ਪਿੰਡ ਗੰਡੀ ਵਿੰਡ ਧੱਤਲ ਵਿਖੇ ਸ਼ਹੀਦ ਸੁਖਜਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸਸਕਾਰ
. . .  28 minutes ago
ਹਰੀਕੇ ਪੱਤਣ, 16 ਫਰਵਰੀ (ਸੰਜੀਵ ਕੁੰਦਰਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਦੇ ਸ਼ਹੀਦ ਹੋਏ ਜਵਾਨ ਸੁਖਜਿੰਦਰ ਸਿੰਘ ਦਾ ਪਿੰਡ ਦੇ ਸਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ .....
ਦਿੱਲੀ ਹਾਈਕੋਰਟ 'ਚ ਲੱਗੀ ਭਿਆਨਕ ਅੱਗ
. . .  about 1 hour ago
ਨਵੀਂ ਦਿੱਲੀ, 16 ਫਰਵਰੀ- ਦਿੱਲੀ ਹਾਈਕੋਰਟ ਦੀ ਕੰਟੀਨ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 2 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ .....
ਸ਼ਹੀਦ ਜੈਮਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ ਹਰਸਿਮਰਤ ਬਾਦਲ ਨੇ ਕਿਹਾ- ਫ਼ੌਜੀ ਵੀਰਾਂ ਦੀ ਸ਼ਹਾਦਤ 'ਤੇ ਸਦਾ ਰਹੇਗਾ ਮਾਣ
. . .  about 1 hour ago
ਕੋਟ ਈਸੇ ਖਾਂ, 16 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੁੱਖ ...
ਪਿੰਡ ਗੰਡੀ ਵਿੰਡ ਧੱਤਲ ਪਹੁੰਚੀ ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ
. . .  about 1 hour ago
ਹਰੀਕੇ ਪੱਤਣ, 16 ਫਰਵਰੀ (ਸੰਜੀਵ ਕੁੰਦਰਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਦੇ ਵਸਨੀਕ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਗਈ.....
ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ
. . .  about 1 hour ago
ਦੀਨਾਨਗਰ 16 ਫਰਵਰੀ(ਸੰਧੂ/ਸੋਢੀ/ਸ਼ਰਮਾ) -ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਆਵੰਤੀਪੁਰਾ ਖੇਤਰ ਵਿਚ ਬੀਤੇ ਦਿਨੀਂ ਅੱਤਵਾਦੀਆਂ ਵੱਲੋਂ ਕੀਤੇ ਗਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ ਦੀਨਾਨਗਰ ਦੇ ਆਰੀਆ ਨਗਰ ਦੇ ਨਿਵਾਸੀ ਸੀ.ਆਰ.ਪੀ.ਐਫ. ਦੀ 75 ਬਟਾਲੀਅਨ ....
ਪੁਲਵਾਮਾ ਹਮਲਾ : ਯੂਥ ਅਕਾਲੀ ਦਲ ਵੱਲੋਂ ਪਟਿਆਲਾ 'ਚ ਸਿੱਧੂ ਅਤੇ ਪਾਕਿ ਫ਼ੌਜ ਮੁਖੀ ਦੇ ਫੂਕੇ ਗਏ ਪੁਤਲੇ
. . .  about 2 hours ago
ਪਟਿਆਲਾ, 16 ਫਰਵਰੀ (ਅਮਨਦੀਪ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 42 ਜਵਾਨਾਂ ਦੇ ਰੋਸ ਵਜੋਂ ਪੂਰੇ ਦੇਸ਼ 'ਚ ਲਗਾਤਾਰ ਪਾਕਿਸਤਾਨ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਪਾਕਿਸਤਾਨ.....
ਸ੍ਰੀ ਮੁਕਤਸਰ ਸਾਹਿਬ: ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ, 3 ਜ਼ਖਮੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 16 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ 'ਤੇ ਪਿੰਡ ਭੁੱਲਰ ਵਿਖੇ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 2 ਔਰਤਾਂ ਸਮੇਤ 3 ਜਣੇ ਜ਼ਖ਼ਮੀ ਹੋਏ ਹਨ। ਇਕ ਕਾਰ ....
ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਤਰਨਤਾਰਨ ਤੋਂ ਪਿੰਡ ਗੰਡੀ ਵਿੰਡ ਧੱਤਲ ਲਈ ਹੋਈ ਰਵਾਨਾ
. . .  about 2 hours ago
ਤਰਨਤਾਰਨ, 16 ਫਰਵਰੀ (ਹਰਿੰਦਰ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਨਿਵਾਸੀ ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਅੰਤਿਮ ਸਸਕਾਰ ਲਈ ਤਰਨਤਾਰਨ ....
ਸਰਕਾਰੀ ਸਨਮਾਨਾਂ ਨਾਲ ਸ਼ਹੀਦ ਜੈਮਲ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ
. . .  about 2 hours ago
ਕੋਟ ਈਸੇ ਖਾਂ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਮੋਗਾ ਜ਼ਿਲ੍ਹੇ ਦੇ ਕਸਬੇ ਕੋਟ ਈਸੇ ਖਾਂ ਦੇ ਪਿੰਡ ਗਲੋਟੀ ਖੁਰਦ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਅੰਤਿਮ...
ਹੋਰ ਖ਼ਬਰਾਂ..

ਲੋਕ ਮੰਚ

ਡਾਕਟਰ ਅਤੇ ਅਧਿਆਪਕ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ

ਇਹ ਸ਼ਬਦ ਅੱਜ ਆਮ ਹੀ ਪ੍ਰਚਲਤ ਹਨ ਕਿ 'ਪੈਸਿਆਂ ਨੂੰ ਡਾਕਟਰੀ ਅਤੇ ਐਸ਼ ਨੂੰ ਮਾਸਟਰੀ', ਅਸਲ ਵਿਚ ਇਹ ਦੋਵੇਂ ਕਿੱਤੇ ਸਮਾਜ ਨਿਰਮਾਣ ਅਤੇ ਦੇਸ਼ ਸੇਵਾ ਦੀ ਗੱਲ ਕਰਦੇ ਹਨ। ਕਿਸੇ ਦੇਸ਼ ਦੇ ਨਾਗਰਿਕ ਦੀ ਸਿਹਤ ਅਤੇ ਚਰਿੱਤਰ ਨਿਰਮਾਣ ਉਸ ਰਾਸ਼ਟਰ ਦਾ ਵਡਮੁੱਲਾ ਸਰਮਾਇਆ ਹੁੰਦਾ ਹੈ, ਜੋ ਉਸ ਨੂੰ ਵਿਕਾਸਸ਼ੀਲ ਤੋਂ ਵਿਕਸਤ ਰਾਸ਼ਟਰ ਬਣਾਉਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਸਮਾਜ ਵਿਚ ਲੋਕ ਡਾਕਟਰ ਨੂੰ ਦੂਜਾ ਰੱਬ ਅਤੇ ਮਾਸਟਰ ਨੂੰ ਰਾਸ਼ਟਰ ਨਿਰਮਾਤਾ ਦੇ ਰੂਪ ਵਿਚ ਦੇਖਦੇ ਹਨ। ਅੱਜ ਦੇ ਆਧੁਨਿਕ ਗਿਆਨ-ਵਿਗਿਆਨ ਦੇ ਯੁੱਗ ਵਿਚ ਅਸੀਂ ਸ਼ਾਇਦ ਇਨ੍ਹਾਂ ਦੋਵਾਂ ਕਿੱਤਿਆਂ ਦੀ ਮੂਲ ਭਾਵਨਾ ਨੂੰ ਭੁੱਲ ਚੁੱਕੇ ਹਾਂ। ਡਾਕਟਰ ਸਰਕਾਰੀ ਹੋਵੇ ਤਾਂ ਪ੍ਰਾਈਵੇਟ, ਉਸ ਦਾ ਰਿਸ਼ਤਾ ਮਰੀਜ਼ ਨਾਲ ਦੂਜੇ ਰੱਬ ਵਰਗਾ ਨਹੀਂ, ਉਹ ਮਰੀਜ਼ ਨੂੰ ਗਾਹਕ ਸਮਝ ਕੇ ਵਸੂਲੀ ਕਰਦਾ ਹੈ। ਉਹ ਆਪਣੇ ਪਵਿੱਤਰ ਪੇਸ਼ੇ ਨਾਲ ਇਨਸਾਫ ਨਾ ਕਰਕੇ ਆਪਣੀ ਬਹੁਤ ਵੱਡੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ।
ਦਵਾਈਆਂ ਦੀਆਂ ਕੰਪਨੀਆਂ ਕੋਲੋਂ ਕਮਿਸ਼ਨ ਲੈਣਾ, ਮਰੀਜ਼ ਦੇ ਬੇਫਜ਼ੂਲ ਟੈਸਟ ਲਿਖ ਕੇ ਕਮਿਸ਼ਨ ਕਰਨਾ ਉਸ ਦੀ ਮਾਨਸਿਕਤਾ ਦਾ ਹਿੱਸਾ ਬਣਦਾ ਜਾ ਰਿਹਾ ਹੈ। ਸਰਕਾਰੀ ਡਾਕਟਰ ਸਵੇਰੇ-ਸ਼ਾਮੀ ਪ੍ਰਾਈਵੇਟ ਮਰੀਜ਼ ਦੇਖ ਕੇ 100 ਤੋਂ 200 ਤੱਕ ਦੀ ਵਸੂਲੀ ਕਰਦੇ ਆਮ ਦੇਖੇ ਜਾ ਸਕਦੇ ਹਨ। ਵੱਡੇ-ਵੱਡੇ ਪ੍ਰਾਈਵੇਟ ਹਸਪਤਾਲ ਮਰੇ ਬੰਦੇ ਨੂੰ ਆਈ.ਸੀ.ਯੂ. ਵਿਚ ਰੱਖ ਕੇ ਲੱਖਾਂ ਦੀ ਵਸੂਲੀ ਕਰਦੇ ਹਨ। ਮਜਬੂਰੀ ਵੱਸ ਲੋਕ ਇਨ੍ਹਾਂ ਦੇ ਸ਼ਿਕਾਰ ਹੋ ਜਾਂਦੇ ਹਨ। ਬਹੁਤ ਘੱਟ ਮਾਪਿਆਂ ਦੀ ਇਹ ਮਾਨਸਿਕਤਾ ਹੋਵੇਗੀ ਕਿ ਉਨ੍ਹਾਂ ਦਾ ਬੇਟਾ ਡਾਕਟਰ ਬਣ ਕੇ ਲੋੜਵੰਦ ਅਤੇ ਗਰੀਬਾਂ ਲੋਕਾਂ ਦਾ ਇਲਾਜ ਮੁਫਤ ਕਰੇ। ਆਮ ਲੋਕਾਂ ਦਾ ਰੁਝਾਨ ਕੇਵਲ ਡਾਕਟਰੀ ਵਿਚੋਂ ਪੈਸੇ ਕਮਾਉਣ ਦਾ ਹੀ ਹੁੰਦਾ ਹੈ। ਅੱਜ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਗਰੀਬ ਤੇ ਲਾਚਾਰ ਦੇਸ਼ ਦੇ ਨਾਗਰਿਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਨਾ ਦੇ ਸਕਣਾ ਸਾਡੀ ਉਸਾਰੂ ਮਾਨਸਿਕਤਾ ਦਾ ਕਤਲ ਹੀ ਹੈ। ਗੋਰਖਪੁਰ (ਯੂ. ਪੀ.) ਦੇ ਹਸਪਤਾਲ ਵਿਚ ਮਰੇ ਅਨੇਕਾਂ ਬੱਚੇ ਮੇਰੇ ਮਹਾਨ ਭਾਰਤ ਦੀ ਸਿਆਸਤ ਦੀ ਗਾਥਾ ਹੀ ਬਿਆਨ ਕਰਦੇ ਹਨ। ਜੋਗੀ ਅਦਿੱਤਿਆ ਨਾਥ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦਾ ਬਿਆਨ ਵੀ ਇਸ ਪੇਸ਼ੇ ਦੀ ਪੈਰਵੀ ਕਰਦਾ ਦਿਖਾਈ ਦਿੰਦਾ ਹੈ। ਅੱਜ ਸਮੇਂ ਦੀ ਲੋੜ ਹੈ ਕਿ ਦੇਸ਼ 'ਤੇ ਸ਼ਾਸਨ ਕਰਨ ਵਾਲੇ ਲੋਕ ਗਰੀਬ, ਮਜਬੂਰ, ਬੇਵੱਸ ਤੇ ਲਾਚਾਰ ਲੋਕਾਂ ਨੂੰ ਡਾਕਟਰੀ ਲੁੱਟ ਤੋਂ ਬਚਾਉਣ ਲਈ ਅੱਗੇ ਆਉਣ।
ਪ੍ਰਾਚੀਨ ਗ੍ਰੰਥਾਂ ਦੀ ਗੁਰੂ-ਕੁੱਲ ਵਿਵਸਥਾ ਨੂੰ ਭੁਲਾਇਆ ਨਹੀਂ ਜਾ ਸਕਦਾ। ਗੁਰੂ ਹੀ ਮਹਾਨਤਾ ਰਮਾਇਣ ਅਤੇ ਮਹਾਂਭਾਰਤ ਵਿਚ ਸਾਖਸ਼ਾਂਤ ਰੂਪ ਵਿਚ ਦੇਖੀ ਜਾ ਸਕਦੀ ਹੈ। ਰਵਿੰਦਰ ਨਾਥ ਟੈਗੋਰ ਦਾ ਸ਼ਾਂਤੀ ਨਿਕੇਤਨ ਅੱਜ ਵੀ ਗੁਰੂ ਦੀ ਮਹਾਨਤਾ ਨੂੰ ਦਰਸਾਉਂਦਾ ਹੈ। ਸਰਵਪਾਲੀ ਡਾ: ਰਾਧਾ ਕ੍ਰਿਸ਼ਨਨ ਅਧਿਆਪਕ ਦਾ ਕਿਰਦਾਰ ਬਾਖੂਬੀ ਬਿਆਨ ਕਰਦੇ ਹਨ। ਅਧਿਆਪਕ ਹੋਣਾ ਮਾਣ ਦੀ ਗੱਲ ਹੈ। ਇਹ ਇਕ ਪਵਿੱਤਰ ਪੇਸ਼ਾ ਹੈ, ਜੋ ਦੇਸ਼ ਦਾ ਚਰਿੱਤਰ ਨਿਰਮਾਣ ਕਰਦਾ ਹੈ ਪਰ ਅੱਜ ਦੇ ਆਧੁਨਿਕ ਦੌਰ ਵਿਚ 'ਐਸ਼ ਲਈ ਮਾਸਟਰੀ' ਦੇ ਵਾਕ ਵਾਂਗ ਇਹ ਪਵਿੱਤਰ ਕਾਰਜ ਐਸ਼ਪ੍ਰਸਤੀ ਦਾ ਹਥਿਆਰ ਬਣਦਾ ਜਾ ਰਿਹਾ ਹੈ, ਜਿਸ ਕਾਰਨ ਹੀ ਅਧਿਆਪਕ ਦਾ ਸਤਿਕਾਰ ਸਮਾਜ ਵਿਚੋਂ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਅੱਜ ਦਾ ਅਧਿਆਪਕ ਵੀ ਡਾਕਟਰ ਵਾਂਗ ਡਿਊਟੀ ਦੀ ਜ਼ਿੰਮੇਵਾਰੀ ਨੂੰ ਭੁੱਲ ਕੇ ਟਿਊਸ਼ਨ ਕਰ ਰਿਹਾ ਹੈ। ਸਕੂਲ ਡਿਊਟੀ ਦੌਰਾਨ ਉਹ ਬੱਚਿਆਂ ਨੂੰ ਤਨਦੇਹੀ ਨਾਲ ਨਹੀਂ ਪੜ੍ਹਾਉਂਦਾ। ਸਕੂਲਾਂ ਦੀ ਪੜ੍ਹਾਈ ਦਾ ਡਿਗ ਰਿਹਾ ਮਿਆਰ ਇਸ ਦੀ ਗਵਾਹੀ ਭਰਦਾ ਹੈ। ਸਕੂਲਾਂ ਵਿਚ ਪੜ੍ਹਦੇ ਗਰੀਬ ਬੱਚਿਆਂ ਦੀ ਯੋਗ ਅਗਵਾਈ ਨਾ ਕਰਕੇ ਉਹ ਸਮਾਜ ਨਾਲੋਂ ਟੁੱਟ ਰਿਹਾ ਹੈ। ਉਹ ਬੱਚਿਆਂ ਦਾ ਮਿੱਤਰ, ਵਿਦਵਾਨ ਅਤੇ ਪਥ-ਪ੍ਰਦਰਸ਼ਕ ਨਹੀਂ ਰਿਹਾ। ਅਧਿਆਪਕ ਦੇਸ਼ ਅਤੇ ਕੌਮ ਦਾ ਨਿਰਮਾਤਾ ਹੈ, ਉਸ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ।

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।
ਮੋਬਾ: 94653-69343


ਖ਼ਬਰ ਸ਼ੇਅਰ ਕਰੋ

ਸਰਕਾਰੀ ਤੇ ਨਿੱਜੀ ਸਕੂਲਾਂ ਦੇ ਸਹਿ-ਵਿੱਦਿਅਕ ਮੁਕਾਬਲੇ

ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਹਰ ਸਾਲ ਸਕੂਲਾਂ ਦੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਜਾਂਦੇ ਹਨ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਰਾਜ ਦੇ ਸਮੁੱਚੇ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਵਿਦਿਆਰਥੀ ਭਾਗ ਲੈਂਦੇ ਹਨ। ਇਹ ਮੁਕਾਬਲੇ ਸਕੂਲਾਂ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਕਰਵਾਏ ਜਾਂਦੇ ਹਨ। ਪਹਿਲਾ ਭਾਗ ਪ੍ਰਾਇਮਰੀ ਸਕੂਲਾਂ ਦਾ, ਦੂਜਾ ਮਿਡਲ ਸਕੂਲਾਂ ਦਾ ਅਤੇ ਤੀਜਾ ਭਾਗ ਹਾਇਰ ਸੈਕੰਡਰੀ ਸਕੂਲਾਂ ਦਾ ਹੁੰਦਾ ਹੈ। ਇਹ ਮੁਕਾਬਲੇ ਤਿੰਨ ਦੌਰਾਂ ਵਿਚ ਹੀ ਕਰਵਾਏ ਜਾਂਦੇ ਹਨ। ਮੁਕਾਬਲਿਆਂ ਦਾ ਪਹਿਲਾ ਦੌਰ ਜ਼ਿਲ੍ਹਾ ਪੱਧਰ ਦਾ ਹੁੰਦਾ ਹੈ, ਦੂਜਾ ਖੇਤਰੀ (ਜ਼ੋਨ) ਪੱਧਰ ਦਾ ਅਤੇ ਤੀਜਾ ਰਾਜ ਪੱਧਰ ਦਾ। ਇਨ੍ਹਾਂ ਸਹਿ-ਵਿੱਦਿਅਕ ਮੁਕਾਬਲਿਆਂ ਵਿਚ ਭਾਸ਼ਣ, ਸੋਲੋ ਡਾਂਸ, ਸੋਲੋ ਗੀਤ, ਕਵੀਸ਼ਰੀ ਗਾਇਨ, ਵਾਰ ਗਾਇਨ, ਸ਼ਬਦ ਗਾਇਨ, ਗੱਤਕੇਬਾਜ਼ੀ, ਚਿੱਤਰ ਕਲਾ ਤੇ ਸੁੰਦਰ ਲਿਖਾਈ ਆਦਿ ਗਤੀਵਿਧੀਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਮੁਕਾਬਲਿਆਂ ਵਿਚ 90 ਫੀਸਦੀ ਨਿੱਜੀ ਸਕੂਲਾਂ ਦੇ ਵਿਦਿਆਰਥੀ ਹੀ ਭਾਗ ਲੈਂਦੇ ਹਨ ਤੇ 90 ਫੀਸਦੀ ਦੇ ਕਰੀਬ ਮੁਕਾਬਲੇ ਵੀ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਹੀ ਜਿੱਤੇ ਜਾਂਦੇ ਹਨ। ਹੋਰ ਤਾਂ ਹੋਰ, ਇਨ੍ਹਾਂ ਮੁਕਾਬਲਿਆਂ ਵਿਚੋਂ 90 ਫੀਸਦੀ ਮੁਕਾਬਲਿਆਂ ਦਾ ਪ੍ਰਬੰਧ ਵੀ ਨਿੱਜੀ ਸਕੂਲਾਂ ਵਿਚ ਹੀ ਕੀਤਾ ਜਾਂਦਾ ਹੈ।
ਬੱਚਿਆਂ ਵਿਚ ਕੋਮਲ ਹੁਨਰ ਸਿਰਜਣ ਲਈ ਨਿੱਜੀ ਸਕੂਲ ਬੱਚਿਆਂ ਦੇ ਮਾਪਿਆਂ ਕੋਲੋਂ ਮੋਟੀਆਂ ਫੀਸਾਂ ਵਸੂਲਦੇ ਹਨ ਅਤੇ ਫਿਰ ਇਸ ਫੀਸ ਵਿਚੋਂ ਹੀ ਬੱਚਿਆਂ ਲਈ ਉਸਤਾਦ ਨਿਯੁਕਤ ਕੀਤੇ ਜਾਂਦੇ ਹਨ। ਦੂਜੇ ਪਾਸੇ ਹਨ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਸਰਕਾਰੀ ਸਕੂਲਾਂ ਦੇ ਬੱਚੇ। ਉਹ ਕਿਵੇਂ ਸਾਹਮਣਾ ਕਰਨ ਉਸਤਾਦਾਂ ਦੇ ਚੰਡੇ ਹੋਏ ਬੱਚਿਆਂ ਦਾ? ਮੁਕਾਬਲਿਆਂ ਦੀ ਤਿਆਰੀ ਲਈ ਲੋੜੀਂਦੇ ਖਰਚ ਕਾਰਨ ਪ੍ਰਾਇਮਰੀ ਪੱਧਰ ਦੇ ਬਹੁਤੇ ਸਰਕਾਰੀ ਸਕੂਲ ਤਾਂ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਹੀ ਨਹੀਂ ਲੈਂਦੇ।
ਜੇਕਰ ਕੋਈ ਸਰਕਾਰੀ ਸਕੂਲ ਆਪਣੇ ਬਲਬੂਤੇ 'ਤੇ ਬੱਚਿਆਂ ਨੂੰ ਅਜਿਹੇ ਮੁਕਾਬਲਿਆਂ ਲਈ ਤਿਆਰ ਕਰ ਵੀ ਲੈਂਦਾ ਹੈ ਤਾਂ ਉਸ ਦੀ ਫੂਕ ਨਿੱਜੀ ਸਕੂਲਾਂ ਦਾ ਪ੍ਰਬੰਧ ਤੇ ਮੁਕਾਬਲਿਆਂ ਦੇ ਜੱਜ ਕੱਢ ਦਿੰਦੇ ਹਨ। ਇਹ ਜੱਜ ਨਿੱਜੀ ਸਕੂਲਾਂ ਦੇ ਮਹਿਮਾਨੇ-ਖਸੂਸ ਹੋਣ ਕਾਰਨ ਉਨ੍ਹਾਂ ਦੀ ਤੀਮਾਰਦਾਰੀ ਕਰਦੇ ਸਾਫ਼ ਦੇਖੇ ਜਾ ਸਕਦੇ ਹਨ। ਹਾਂ, ਜੱਜਾਂ ਦੇ ਫੈਸਲਿਆਂ ਬਾਰੇ ਇਕ ਵਿਵਸਥਾ ਇਹ ਵੀ ਹੈ ਕਿ ਜੇਕਰ ਕਿਸੇ ਸਕੂਲ ਨੂੰ ਜੱਜਾਂ ਦੇ ਫੈਸਲਿਆਂ 'ਤੇ ਕੋਈ ਇਤਰਾਜ਼ ਹੋਵੇ ਤਾਂ ਉਹ ਬੋਰਡ ਨੂੰ 5 ਹਜ਼ਾਰ ਰੁਪਏ ਫੀਸ ਭਰ ਕੇ ਫੈਸਲੇ 'ਤੇ ਨਜ਼ਰਸਾਨੀ ਕਰਵਾ ਸਕਦਾ ਹੈ। ਨਾ ਨੌਂ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਜੱਜਾਂ ਨਾਲ ਕਿੰਤੂ-ਪਰੰਤੂ ਕਰਨ ਵਾਲੇ ਸਕੂਲ ਨੂੰ ਤਿੰਨ ਸਾਲਾਂ ਲਈ ਮੁਕਾਬਲਿਆਂ ਵਿਚ ਭਾਗ ਲੈਣ ਤੋਂ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।
ਕਹਿਣ ਦਾ ਭਾਵ ਇਹ ਹੈ ਕਿ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਸਹਿ-ਵਿੱਦਿਅਕ ਮੁਕਾਬਲੇ ਵੱਖ-ਵੱਖ ਕਰਵਾਏ ਜਾਣੇ ਚਾਹੀਦੇ ਹਨ, ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਆਪਣੇ ਹੁਨਰ ਨੂੰ ਸਿਖਰ ਤੱਕ ਪ੍ਰਫੁੱਲਤ ਕਰ ਸਕਣ। ਆਸ ਕਰਦੇ ਹਾਂ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਇਸ ਵਿਸ਼ੇ ਬਾਰੇ ਗੰਭੀਰਤਾ ਨਾਲ ਸੋਚਣਗੇ।

-ਪਿੰਡ ਤੇ ਡਾਕ: ਛੀਨਾ ਬਿੱਧੀ ਚੰਦ, ਤਹਿ: ਤੇ ਜ਼ਿਲ੍ਹਾ ਤਰਨ ਤਾਰਨ-143305. ਮੋਬਾ: 94652-75421

ਸਨਮਾਨ ਦੀ ਉੱਚਤਾ ਤੇ ਸੁੱਚਤਾ ਸਦਾ ਬਰਕਰਾਰ ਰਹੇ

ਸਨਮਾਨ ਕੀਤੇ ਗਏ ਕੰਮ ਨੂੰ ਦਿੱਤੀ ਗਈ ਮਾਨਤਾ ਦੀ ਤਸਦੀਕ ਹੁੰਦਾ ਹੈ। ਸਨਮਾਨ ਮਨੁੱਖ ਨੂੰ ਆਤਮਸ਼ਾਂਤ ਕਰਦਾ ਹੈ। ਇਹ ਕੀਤੇ ਗਏ ਜਾਂ ਕੀਤੇ ਜਾ ਰਹੇ ਕਰਮ ਖੇਤਰ ਦੀ ਦਿਸ਼ਾ ਵਿਚ ਹਾਂਵਾਚਕ ਧੱਕਾ ਹੁੰਦਾ ਹੈ। ਕਈ ਕਹਿੰਦੇ ਹਨ ਕਿ ਫਰਜ਼ਾਂ ਦੀ ਪੂਰਤੀ ਹਰ ਮਨੁੱਖ ਦਾ ਅਹਿਦ ਹੈ, ਫਿਰ ਸਨਮਾਨ ਕਿਉਂ? ਸਨਮਾਨ ਫਰਜ਼ਾਂ ਦੀ ਪੂਰਤੀ ਦੀ ਉੱਚ ਡਿਗਰੀ ਨੂੰ ਮਿਲਦਾ ਹੈ। ਕਾਰਜ ਦੇ ਖੇਤਰ ਦਾ ਦਾਇਰਾ ਸਨਮਾਨ ਮਿੱਥਦਾ ਹੈ। ਹਰ ਮਨੁੱਖ ਵਿਲੱਖਣ ਹੈ ਤੇ ਉਸ ਦੀ ਕਾਰਜ ਪ੍ਰਤੀ ਸਮਰੱਥਾ ਤੇ ਸੰਵੇਦਨਸ਼ੀਲਤਾ ਵੱਖਰੀ ਹੈ। ਨਿਠ ਕੇ ਕੀਤੀ ਸੇਵਾ (ਨੌਕਰੀ ਨਹੀਂ) ਸਨਮਾਨ ਮਿਲਣ ਦਾ ਰਾਹ ਮੋਕਲਾ ਕਰਦੀ ਹੈ।
ਅਧਿਆਪਕ ਸਨਮਾਨ ਅਹਿਮ ਸਨਮਾਨ ਹੈ। ਸਹੀ ਰਾਹ ਦਸੇਰੇ ਨੂੰ ਇਹ ਸਨਮਾਨ ਮਿਲੇ, ਇਹ ਸਿੱਖਿਆ ਵਿਭਾਗ ਤੇ ਸਰਕਾਰ ਲਈ ਜ਼ਰੂਰੀ ਬਣ ਜਾਂਦਾ ਹੈ। ਸਨਮਾਨ ਭਾਵੇਂ ਰਾਸ਼ਟਰੀ, ਰਾਜ, ਜ਼ਿਲ੍ਹਾ, ਤਹਿਸੀਲ ਆਦਿ ਪੱਧਰ ਦਾ ਹੋਵੇ ਜਾਂ ਕਿਸੇ ਸਵੈ ਸੇਵੀ ਸੰਸਥਾ ਵੱਲੋਂ ਹੋਵੇ, ਸਨਮਾਨ ਦੀ ਗਰਿਮਾ, ਉੱਚਤਾ ਤੇ ਸੁੱਚਤਾ ਬਰਕਰਾਰ ਰਹਿਣੀ ਚਾਹੀਦੀ ਹੈ। ਜਦ ਸਨਮਾਨ ਕਟਹਿਰੇ ਜਾਂ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਹੋ ਜਾਂਦਾ ਹੈ ਤਾਂ ਉਸ ਦੀ ਕੀਮਤ ਘਟਣੀ ਸ਼ੁਰੂ ਹੋ ਜਾਂਦੀ ਹੈ। ਸਹੀ ਸਨਮਾਨ ਦੀ ਆਲੋਚਨਾ ਕਰਨ ਵਾਲੇ ਬਹੁਤ ਹਨ ਪਰ ਬਹੁਤੇ ਉਹ ਹੁੰਦੇ ਹਨ, ਜੋ ਕੇਸ ਨਹੀਂ ਭੇਜਦੇ ਜਾਂ ਜਿਨ੍ਹਾਂ ਨੂੰ ਮਿਲਦਾ ਨਹੀਂ।
ਇਸ ਨਾਲ ਸਨਮਾਨ ਦੀ ਉੱਚਤਾ ਨੂੰ ਢਾਹ ਲੱਗਣ ਦੇ ਨਾਲ-ਨਾਲ ਕੰਮ ਕਰਨ ਵਾਲਿਆਂ ਦਾ ਮਨੋਬਲ ਡਿਗਦਾ ਹੈ। ਸਨਮਾਨ ਤੈਅ ਲਈ ਇਕ ਨਿਰਪੱਖ ਕਮੇਟੀ ਬਣੇ, ਜੋ ਸਨਮਾਨ ਲਈ ਨਾਵਾਂ ਦੀ ਮੰਗ ਕਰੇ। ਫਿਰ ਨਿਰਪੱਖ ਸੋਮਿਆਂ ਦੀ ਵਰਤੋਂ ਕਰਦੇ ਹੋਏ ਤੇ ਖੁਦ ਪਹੁੰਚ ਕਰਕੇ ਨਾਵਾਂ ਦੀ ਚੋਣ ਕਰੇ। ਚੋਣ ਸਮੇਂ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਬਿਲਕੁਲ ਨਹੀਂ ਹੋਣੀ ਚਾਹੀਦੀ। ਕੀਤੇ ਕਾਰਜ ਦੇ ਆਧਾਰ 'ਤੇ ਸਨਮਾਨ ਤੈਅ ਹੋਣ। ਜੁਗਾੜੀ ਸੱਭਿਆਚਾਰ ਨੂੰ ਨੱਥ ਪਵੇ। ਨਿਰਪੱਖ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਮਿਲਿਆ ਸਨਮਾਨ ਜ਼ਿੰਮੇਵਾਰੀ ਦੀ ਪੰਡ ਹੁੰਦਾ। ਸਨਮਾਨ ਨਾਲ ਸਨਮਾਨਿਤ ਦਾ ਅੰਤ ਤੱਕ ਨਿਭਾਅ ਹੋਣਾ ਚਾਹੀਦਾ ਹੈ। ਸਮਾਨ ਪ੍ਰਾਪਤੀ ਤੱਕ ਸੀਮਤ ਹੋਣਾ ਮਾੜਾ ਰੁਝਾਨ ਹੈ। ਹਰ ਖੇਤਰ ਵਿਚ ਕੰਮ ਕਰਨ ਦੀ ਕੋਈ ਸੀਮਾ ਨਹੀਂ। ਇਸ ਨੂੰ ਸਮਝਣਾ ਤੇ ਇਸ 'ਤੇ ਅਮਲ ਕਰਨਾ ਜ਼ਰੂਰੀ ਹੈ।
ਬਹੁਤ ਥਾਵਾਂ 'ਤੇ ਪੜ੍ਹਦੇ ਹਾਂ ਕਿ ਕੁਝ ਅਧਿਆਪਕ ਬਹੁਤ ਕਾਰਜਸ਼ੀਲ ਹਨ ਪਰ ਕੇਸ ਨਹੀਂ ਭੇਜਦੇ। ਦੱਸਣਾ ਬਣਦਾ ਕਿ ਐਵਾਰਡ ਤੈਅ ਕਰਨ ਸਮੇਂ ਸਿਰਫ ਅਧਿਆਪਨ ਜਾਂ ਬਿਲਡਿੰਗ ਉਸਾਰੀ ਨਹੀਂ ਦੇਖੀ ਜਾਂਦੀ। ਸਰਵਪੱਖੀ ਕੰਮਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਜੇ ਅਜਿਹੇ ਅਧਿਆਪਕ ਹਰਫਨਮੌਲਾ ਹਨ ਤਾਂ ਉਨ੍ਹਾਂ ਨੂੰ ਜ਼ਰੂਰ ਕੇਸ ਭੇਜਣਾ ਚਾਹੀਦਾ ਹੈ। ਜੇ ਅਧਿਆਪਕ ਸਿਰਫ ਪੜ੍ਹਾਉਂਦਾ ਤਾਂ ਉਨ੍ਹਾਂ ਦਾ ਕੇਸ ਕਮਜ਼ੋਰ ਰਹੇਗਾ। ਕਈ ਕਹਿਣਗੇ ਕਿ ਅਧਿਆਪਕ ਦਾ ਕੰਮ ਪੜ੍ਹਾਉਣਾ ਹੈ। ਪੜ੍ਹਾਉਣ ਦੀ ਅਧਿਆਪਕ ਨੂੰ ਤਨਖਾਹ ਮਿਲਦੀ ਹੈ। ਵਿਦਿਆਰਥੀ ਤੇ ਸਮਾਜ ਦੀ ਚੇਤਨਾ ਨੂੰ ਤਿੱਖਾ ਕਰਨਾ ਤੇ ਇਨ੍ਹਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਜ਼ਰੂਰੀ ਹੈ। ਸੋ, ਸਨਮਾਨ ਦੀ ਉੱਚਤਾ ਤੇ ਸੁੱਚਤਾ ਦੀ ਰਵਾਨਗੀ ਲਈ ਇਹਦੀ ਸਹੀ ਚੋਣ ਅਤੇ ਸਨਮਾਨ ਦੇ ਆਦਿ ਤੋਂ ਅੰਤ ਤੱਕ ਨਿਭਾਅ ਲਈ ਯਤਨ ਹੋਣੇ ਜ਼ਰੂਰੀ ਹਨ।

-ਪਿੰਡ ਤੇ ਡਾਕ: ਗੁਰਨੇ ਕਲਾਂ, ਤਹਿ: ਬੁਢਲਾਡਾ (ਮਾਨਸਾ)। ਮੋਬਾ: 99156-21188

ਖੇਤਾਂ ਵਿਚਲਾ ਜੱਟ ਬਨਾਮ ਗੀਤਾਂ ਵਿਚਲਾ ਜੱਟ

ਅੱਜ ਦੇਸ਼ ਦੇ ਅੰਨਦਾਤੇ ਵਜੋਂ ਜਾਣੇ ਜਾਂਦੇ ਪੰਜਾਬ ਦੇ ਜੱਟ ਦੀ ਆਰਥਿਕ ਹਾਲਤ ਬੜੀ ਹੀ ਤਰਸਯੋਗ ਬਣੀ ਹੋਈ ਹੈ। ਭਰਾਵਾਂ-ਭਰਾਵਾਂ ਵਿਚ ਹੁੰਦੀ ਜ਼ਮੀਨਾਂ ਦੀ ਵੰਡ ਕਾਰਨ ਅੱਜ ਜ਼ਮੀਨਾਂ ਲਗਾਤਾਰ ਕਿੱਲਿਆਂ ਤੋਂ ਕਨਾਲਾਂ ਵਿਚ ਤਬਦੀਲ ਹੋ ਰਹੀਆਂ ਹਨ। ਇਥੋਂ ਤੱਕ ਕਿ ਪੰਜਾਬ ਦੇ ਅੱਜ ਬਹੁਤ ਸਾਰੇ ਕਿਸਾਨ ਬੇਜ਼ਮੀਨੇ ਹੋ ਗਏ ਹਨ। ਲਗਾਤਾਰ ਖਾਦਾਂ, ਸਪਰੇਆਂ, ਡੀਜ਼ਲ ਅਤੇ ਜ਼ਮੀਨ ਦੇ ਠੇਕਿਆਂ ਦੇ ਵਧ ਰਹੇ ਮੁੱਲ ਕਾਰਨ ਅੱਜ ਜੱਟ ਨੂੰ ਜ਼ਮੀਨਾਂ ਤੋਂ ਯੋਗ ਆਮਦਨ ਨਹੀਂ ਹੋ ਰਹੀ। ਕਰਜ਼ਾ ਚੁੱਕ ਕੇ ਜਾਂ ਜ਼ਮੀਨਾਂ ਗਹਿਣੇ ਰੱਖ ਕੇ ਧੀਆਂ-ਪੁੱਤਾਂ ਨੂੰ ਕਰਵਾਈਆਂ ਮਹਿੰਗੇ ਮੁੱਲ ਦੀਆਂ ਪੜ੍ਹਾਈਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਵਿਅਰਥ ਹੋ ਰਹੀਆਂ ਹਨ। ਦਿਨ-ਰਾਤ ਖੇਤਾਂ ਵਿਚ ਸੜ ਕੇ ਅੰਨ ਦੇ ਬੇਸ਼ੁਮਾਰ ਭੰਡਾਰ ਪੈਦਾ ਕਰਨ ਵਾਲਾ ਜੱਟ ਅੱਜ ਆਪਣੀਆਂ ਮੁਢਲੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਤੋਂ ਵੀ ਅਸਮਰੱਥ ਜਾਪ ਰਿਹਾ ਹੈ। ਹੱਡ-ਭੰਨਵੀਂ ਮਿਹਨਤ ਕਰਕੇ ਤਿਆਰ ਕੀਤੀ ਜੱਟ ਦੀ ਫ਼ਸਲ ਨੂੰ ਮੰਡੀਆਂ ਵਿਚ ਖਰੀਦਦਾਰਾਂ ਵਲੋਂ ਵੀਹ ਨੱਕ-ਬੁੱਲ੍ਹ ਚੜ੍ਹਾ ਕੇ ਖਰੀਦਿਆ ਜਾਂਦਾ ਹੈ। ਹਰ ਸਾਲ ਮੰਡੀਆਂ ਵਿਚ ਹੁੰਦੀ ਇਸ ਖੱਜਲ-ਖੁਆਰੀ ਕਾਰਨ ਜੱਟਾਂ ਵਲੋਂ ਸਰਕਾਰਾਂ ਖਿਲਾਫ਼ ਸੜਕਾਂ ਅਤੇ ਰੇਲ ਲਾਈਨਾਂ ਉੱਪਰ ਧਰਨੇ ਲਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਹਰ ਸਾਲ ਮਹਿੰਗਾਈ ਦੇ ਇਸ ਹੋ ਰਹੇ ਵਾਧੇ ਦੇ ਮੁਕਾਬਲੇ ਸਰਕਾਰਾਂ ਵਲੋਂ ਜੱਟਾਂ ਦੀਆਂ ਫ਼ਸਲਾਂ ਦੇ ਸਮਰਥਨ ਮੁੱਲਾਂ ਵਿਚ ਨਾਮਾਤਰ ਵਾਧਾ ਕੀਤਾ ਜਾਂਦਾ ਹੈ। ਅਜਿਹੇ ਸਭ ਹਾਲਾਤ ਤੋਂ ਤੰਗ ਆ ਕੇ ਜੱਟਾਂ ਦੁਆਰਾ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਕਿ ਸਾਡੇ ਆਉਣ ਵਾਲੇ ਭਵਿੱਖ ਵਿਚ ਬਹੁਤ ਵੱਡੇ ਵਿਨਾਸ਼ ਦਾ ਕਾਰਨ ਬਣ ਸਕਦਾ ਹੈ।
ਇਹ ਤਾਂ ਸੀ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੁੰਦੇ ਅਤੇ ਤੰਗੀਆਂ-ਤੁਰਸ਼ੀਆਂ ਝੱਲਦੇ ਆਪਣੇ ਪਰਿਵਾਰ ਨੂੰ ਪਾਲਣ ਵਾਲੇ ਜੱਟ ਦੀ ਅਸਲ ਤਸਵੀਰ ਪਰ ਇਸ ਦੇ ਉਲਟ ਅੱਜ ਸਾਡੇ ਬਹੁਤ ਸਾਰੇ ਪੰਜਾਬੀ ਲੋਕ ਗਾਇਕਾਂ ਵਲੋਂ ਆਪਣੇ ਗੀਤਾਂ ਦੇ ਵੀਡੀਓ ਵਿਚ ਦਿਖਾਇਆ ਜਾ ਰਿਹਾ ਜੱਟ ਪਤਾ ਨਹੀਂ ਪੰਜਾਬ ਦੇ ਕਿਹੜੇ ਕੋਨੇ ਵਿਚ ਰਹਿੰਦਾ ਹੈ। ਇਨ੍ਹਾਂ ਮੁਤਾਬਿਕ ਜੱਟਾਂ ਵਲੋਂ ਰੱਖੇ ਫੋਰਡ ਟਰੈਕਟਰ ਖੇਤਾਂ ਵਿਚ ਹਲ ਵਾਹੁਣ ਲਈ ਨਹੀਂ, ਬਲਕਿ ਕੁੜੀਆਂ-ਚਿੜੀਆਂ ਪਿੱਛੇ ਸ਼ੌਕ ਦੇ ਗੇੜੇ ਮਾਰਨ ਲਈ ਹਨ। ਪਰਿਵਾਰਕ ਕਬੀਲਦਾਰੀਆਂ ਵਿਚ ਉਲਝੇ ਜੱਟ ਨੂੰ ਕਿਸੇ ਦਾ ਕਤਲ ਕਰਕੇ ਕਚਹਿਰੀਆਂ ਵਿਚ ਮੇਲੇ ਲਗਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਦੋ ਵੇਲੇ ਦੀ ਰੋਟੀ ਦੇ ਫਿਕਰ ਵਾਲੇ ਜੱਟ ਨੂੰ ਦਾਰੂ, ਸ਼ਰਾਬਾਂ ਪੀ ਕੇ ਪਿੰਡ ਵਿਚ ਬੱਕਰੇ ਬੁਲਾਉਂਦੇ ਅਤੇ ਮੁੱਲ ਦੀ ਲੜਾਈ ਲੈਂਦਾ ਦਿਖਾਇਆ ਜਾ ਰਿਹਾ ਹੈ। ਵੱਡੇ-ਵੱਡੇ ਪੁਲਿਸ ਅਫ਼ਸਰਾਂ ਅਤੇ ਲੀਡਰਾਂ ਤੋਂ ਜੱਟ ਨੂੰ ਸਲੂਟ ਵੱਜਦੇ ਦਿਖਾਏ ਜਾ ਰਹੇ ਹਨ। ਮੋਟਰਸਾਈਕਲਾਂ ਵਿਚ ਬੜੀ ਮੁਸ਼ਕਿਲ ਨਾਲ ਤੇਲ ਪਾਉਣ ਵਾਲੇ ਜੱਟ ਦੀ ਸਫਾਰੀਆਂ 'ਤੇ ਸ਼ੌਕੀ ਗੇੜੇ ਮਾਰਦੇ ਦੀ ਝੂਠੀ ਤਸਵੀਰ ਦਿਖਾਈ ਜਾ ਰਹੀ ਹੈ। ਸੋ, ਸਾਡੇ ਲੋਕ ਗਾਇਕ ਭਰਾਵਾਂ ਵਲੋਂ ਜੱਟ ਦੀ ਦਿਨ-ਬਦਿਨ ਨਿੱਘਰ ਰਹੀ ਆਰਥਿਕਤਾ ਦਾ ਮਖੌਲ ਉਡਾਉਣ ਦੀ ਬਜਾਏ ਆਪਣੇ ਗੀਤਾਂ ਵਿਚ ਜੱਟ ਦੀ ਅਸਲ ਤਸਵੀਰ ਦੀ ਪੇਸ਼ਕਾਰੀ ਕੀਤੀ ਜਾਵੇ, ਤਾਂ ਕਿ ਤੁਹਾਡੇ ਜ਼ਰੀਏ ਜੱਟ ਪ੍ਰਤੀ ਅਵੇਸਲੀਆਂ ਬੈਠੀਆਂ ਸਰਕਾਰਾਂ ਨੂੰ ਕੁਝ ਹਲੂਣਾ ਮਿਲ ਸਕੇ।

-ਪਿੰਡ ਤੇ ਡਾਕ: ਚੜਿੱਕ (ਮੋਗਾ)। ਮੋਬਾ: 94654-11585

ਵਿਗਿਆਨਕ ਯੁੱਗ ਵਿਚ ਅੰਧ-ਵਿਸ਼ਵਾਸ

ਕਿਸੇ ਵੀ ਵਿਅਕਤੀ ਦੇ ਵਿਅਕਤੀਤਵ ਜਾਂ ਚਰਿੱਤਰ ਦਾ ਨਿਰਮਾਣ ਉਸ ਦੀ ਸੋਚ 'ਤੇ ਨਿਰਭਰ ਕਰਦਾ ਹੈ। ਚੰਗੀ ਸੋਚ ਮਨੁੱਖ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਾਉਂਦੀ ਹੈ ਪਰ ਘਟੀਆ ਸੋਚ ਉਸ ਦੀ ਸ਼ਖ਼ਸੀਅਤ ਨੂੰ ਧੁੰਦਲਾ ਕਰ ਦਿੰਦੀ ਹੈ। ਮਨੁੱਖ ਨੂੰ ਸਮੇਂ ਦਾ ਹਾਣੀ ਬਣਨ ਲਈ ਆਪਣੀ ਸੋਚ ਨੂੰ ਸੁਚਾਰੂ ਅਤੇ ਅਗਾਂਹਵਧੂ ਵਿਚਾਰਾਂ ਨਾਲ ਲੈਸ ਕਰਨਾ ਹੋਵੇਗਾ। ਅੱਜ ਹਰ ਮਨੁੱਖ ਕਹਿ ਰਿਹਾ ਹੈ ਕਿ ਅਸੀਂ ਵਿਗਿਆਨਕ ਯੁੱਗ ਵਿਚ ਜੀਅ ਰਹੇ ਹਾਂ। ਮਨੁੱਖ ਵਿਗਿਆਨ ਦੁਆਰਾ ਤਿਆਰ ਕੀਤੀਆਂ ਵਸਤਾਂ ਦਾ ਲੁਤਫ ਲੈ ਰਿਹਾ ਹੈ ਪਰ ਜਦੋਂ ਆਮ ਆਦਮੀ ਦੇ ਕਰਮ-ਕਾਂਡ ਵੱਲ ਨਜ਼ਰ ਮਾਰਦੇ ਹਾਂ, ਮਨ ਹੈਰਾਨ ਹੁੰਦਾ ਹੈ ਕਿ ਬਹੁਤ ਹੀ ਘੱਟ ਲੋਕ ਵਿਗਿਆਨਕ ਤੇ ਨਿੱਗਰ ਸੋਚ ਦੇ ਮਾਲਕ ਦਿਖਾਈ ਦਿੰਦੇ ਹਨ। ਅੱਜ ਵੀ ਤਾਂਤਰਿਕਾਂ, ਜੋਤਸ਼ੀਆਂ ਦੀ ਚੁੰਗਲ ਵਿਚ ਫਸੇ ਪਏ ਹਨ। ਲੱਖਾਂ ਵਿਅਕਤੀ ਚੰਗੀ-ਮਾੜੀ ਕਿਸਮਤ, ਚੰਗੇ-ਮਾੜੇ ਦਿਨ, ਅੰਕਾਂ, ਚਿੰਨ੍ਹਾਂ ਅਤੇ ਪੱਥਰਾਂ ਵਿਚ ਵਿਸ਼ਵਾਸ ਰੱਖਦੇ ਹਨ।
ਸਦੀਆਂ ਤੋਂ ਵਿਸ਼ਵਾਸ ਚਲਦਾ ਆ ਰਿਹਾ ਹੈ ਕਿ ਸੂਰਜ ਅਤੇ ਚੰਦਰਮਾ ਨੂੰ ਲੱਗਾ ਗ੍ਰਹਿਣ ਮਹਾਂਮਾਰੀ ਅਤੇ ਅਕਾਲ ਦੀ ਭਵਿੱਖਬਾਣੀ ਕਰਦੇ ਹਨ। ਬਹੁਤ ਸਾਰੀਆਂ ਮਾਨਸਿਕ ਬਿਮਾਰੀਆਂ ਇਹੋ ਜਿਹੀਆਂ ਹਨ, ਜਿਨ੍ਹਾਂ ਬਾਰੇ ਆਮ ਜਨਤਾ ਜਾਣਕਾਰੀ ਨਹੀਂ ਰੱਖਦੀ। ਬਹੁਤ ਸਾਰੇ ਅਖੌਤੀ ਸਾਧ, ਪਾਖੰਡੀ, ਤਾਂਤਰਿਕ, ਅਖੌਤੀ ਸਿਆਣੇ ਲੋਕਾਂ ਦੀ ਬਿਮਾਰ ਮਾਨਸਿਕਤਾ ਦਾ ਲਾਹਾ ਲੈਂਦਿਆਂ ਉਨ੍ਹਾਂ ਦਾ ਮਾਨਸਿਕ, ਆਰਥਿਕ ਤੇ ਸਰੀਰਕ ਸ਼ੋਸ਼ਣ ਵੀ ਕਰਦੇ ਹਨ। ਭੋਲੀ-ਭਾਲੀ ਜਨਤਾ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਕੇ ਪੈਸੇ ਅਤੇ ਸਮੇਂ ਦੀ ਬਰਬਾਦੀ ਕਰ ਰਹੀ ਹੈ। ਦੁੱਖ ਤਾਂ ਇਸ ਗੱਲ ਦਾ ਹੈ ਕਿ ਉਨ੍ਹਾਂ ਦੀ ਬਿਮਾਰ ਮਾਨਸਿਕਤਾ ਹੋਰ ਵੀ ਬਿਮਾਰ ਹੁੰਦੀ ਜਾਂਦੀ ਹੈ। ਜਨਤਾ ਨੂੰ ਗੁੰਮਰਾਹ ਕਰਨ ਵਾਲੇ ਬਹੁਤ ਹਨ ਪਰ ਸਿੱਧੇ ਰਸਤੇ ਤੋਰਨ ਵਾਲੇ ਬਹੁਤ ਥੋੜ੍ਹੇ ਹਨ, ਆਟੇ ਵਿਚ ਲੂਣ ਵਾਂਗ ਹੀ ਹਨ। ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕ ਕਦੇ ਵੀ ਨਹੀਂ ਚਾਹੁੰਣਗੇ ਕਿ ਆਮ ਜਨਤਾ ਵਿਗਿਆਨਕ ਸੋਚ ਦੀ ਧਾਰਨੀ ਬਣ ਜਾਵੇ।
ਕਈ ਪਾਖੰਡੀ ਕਿਸਮ ਦੇ ਸਾਧ ਕਾਲਾ ਇਲਮ ਹੋਣ ਦਾ ਦਾਅਵਾ ਕਰਕੇ ਭੋਲੇ-ਭਾਲੇ ਲੋਕਾਂ ਨੂੰ ਚਮਤਕਾਰੀ ਹੋਣ ਦਾ ਵਿਖਾਵਾ ਕਰਕੇ ਮਗਰ ਲਾ ਲੈਂਦੇ ਹਨ। ਇਲਮ ਹਮੇਸ਼ਾ ਚਿੱਟਾ ਹੀ ਹੁੰਦਾ ਹੈ, ਕਦੇ ਕਾਲਾ ਨਹੀਂ ਹੁੰਦਾ। ਜਦੋਂ ਸਾਡੇ ਗਿਆਨ ਦੀ ਸੀਮਾ ਖ਼ਤਮ ਹੋ ਜਾਂਦੀ ਹੈ, ਉਦੋਂ ਅੱਗੇ ਸਾਨੂੰ ਕਾਲਾ ਹੀ ਨਜ਼ਰ ਆਉਂਦਾ ਹੈ। ਲੋੜ ਹੈ ਚੰਗਾ ਸਾਹਿਤ ਪੜ੍ਹ ਕੇ ਆਪਣੇ ਗਿਆਨ ਨੂੰ ਵਧਾਉਣ ਦੀ।
ਡਾ: ਇਬਰਾਹਿਮ ਟੀ. ਕਾਵੂਚ ਲਿਖਦੇ ਹਨ, 'ਉਹ ਮਨੁੱਖ ਜੋ ਚਮਤਕਾਰਾਂ ਦੀ ਪੜਤਾਲ ਕਰਨ ਦੀ ਆਗਿਆ ਨਹੀਂ ਦਿੰਦਾ, ਧੋਖੇਬਾਜ਼ ਹੁੰਦਾ ਹੈ। ਜਿਸ ਵਿਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ, ਉਹ ਲਾਈਲੱਗ ਹੈ। ਸੋ, ਸਾਨੂੰ ਵਿਗਿਆਨਕ ਸਮਝ ਪੈਦਾ ਕਰਕੇ ਕਾਰਨਾਂ ਦੀ ਤਹਿ ਤੱਕ ਜਾਣ ਦੀ ਲੋੜ ਹੈ, ਨਾ ਕਿ ਗ਼ੈਰ-ਸਮਾਜੀ ਅਨਸਰਾਂ ਦੇ ਮਗਰ ਲੱਗ ਕੇ ਧਨ ਤੇ ਸਮੇਂ ਦੀ ਬਰਬਾਦੀ ਕਰਨ ਦੀ।

-ਗਿਆਨ ਸਾਗਰ ਕਾਲਜ, ਕਲਾਨੌਰ (ਗੁਰਦਾਸਪੁਰ)। ਮੋਬਾ: 88729-11131

ਮਿਹਨਤ ਕਰੋ, ਆਦਰਸ਼ ਬਣੋ

ਮਨੁੱਖ ਇਕ ਸਮਾਜਿਕ ਜੀਵ ਹੈ। ਉਸ ਦੀ ਸਮਾਜਿਕਤਾ ਹੀ ਉਸ ਨੂੰ ਦੂਜੇ ਜੀਵਾਂ ਤੋਂ ਵੱਖ ਕਰਦੀ ਹੈ। ਸਾਡੇ ਜੀਵਨ ਦੇ ਸਾਰੇ ਪੱਖਾਂ ਨਾਲੋਂ ਇਹ ਪੱਖ ਅਤਿ ਮਹੱਤਵਪੂਰਨ ਹੈ। ਸਮਾਜ ਵਿਚ ਯੁੱਗਾਂ-ਯੁੱਗਾਂ ਤੋਂ ਵਧੀਕੀਆਂ ਹੁੰਦੀਆਂ ਆਈਆਂ ਹਨ। ਜਾਤ-ਪਾਤ, ਰੰਗ-ਨਸਲ, ਊਚ-ਨੀਚ, ਅਮੀਰ-ਗਰੀਬ ਅਤੇ ਔਰਤ-ਮਰਦ, ਪਰ ਇਨ੍ਹਾਂ ਸਭ ਤੋਂ ਵੱਧ ਕਸ਼ਟਦਾਈ ਹੈ ਕਿਸੇ ਅੰਗਹੀਣ ਵਿਅਕਤੀ ਦਾ ਸਮਾਜ ਅਤੇ ਪਰਿਵਾਰ ਦੁਆਰਾ ਤ੍ਰਿਸਕਾਰ। ਭਾਵੇਂ ਹੁਣ ਇਨ੍ਹਾਂ ਨੂੰ ਦਵਿਆਂਗ ਫਿਜ਼ੀਕਲੀ ਚੈਲੰਜ਼ਡ ਵੀ ਆਖਿਆ ਜਾਂਦਾ ਹੈ ਪਰ ਨਾਂਅ ਬਦਲਣ ਨਾਲ ਨਜ਼ਰੀਆ ਨਹੀਂ ਬਦਲਦਾ। ਘਰਾਂ ਵਿਚ ਅਜਿਹੇ ਵਿਅਕਤੀਆਂ ਨਾਲ ਅਕਸਰ ਹੀ ਵਿਤਕਰਾ ਹੁੰਦਾ ਹੈ, ਸਰੀਰਕ ਕਸ਼ਟ ਦੇ ਨਾਲ-ਨਾਲ ਮਾਨਸਿਕ ਪੀੜਾ ਵੀ ਇਨ੍ਹਾਂ ਨੂੰ ਭੋਗਣੀ ਪੈਂਦੀ ਹੈ। ਤੇ ਜੇ ਕੋਈ ਇਨ੍ਹਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹੈ ਤਾਂ ਵੀ ਉਹ ਇਨ੍ਹਾਂ ਨੂੰ ਬੇਚਾਰਾ, ਬੱਜੋਵੱਤਾ, ਰੱਬ ਦਾ ਮਾਰਿਆ ਕਹਿ ਕੇ ਹੋਰ ਦੁਖੀ ਕਰਦਾ ਹੈ ਤੇ ਜੇ ਕੋਈ ਇਹ ਆਪਣੀ ਯੋਗਤਾ ਨਾਲ ਅੱਗੇ ਵਧ ਵੀ ਜਾਣ ਤਾਂ ਆਮ ਕਿਹਾ ਜਾਂਦਾ ਹੈ ਕਿ ਅੰਨ੍ਹੇ, ਕਾਣੇ ਦੀ ਇਕ ਰਗ ਵੱਧ ਹੁੰਦੀ ਹੈ...?
ਸਕੂਲਾਂ ਵਿਚ ਵੀ ਅਕਸਰ ਵਿਦਿਆਰਥੀਆਂ ਤੇ ਬਹੁਤੀ ਵਾਰ ਅਧਿਆਪਕਾਂ ਦੁਆਰਾ ਗ਼ਲਤ ਨਾਵਾਂ ਦੀ ਵਰਤੋਂ ਕਰਕੇ ਜ਼ਲੀਲ ਕੀਤਾ ਜਾਂਦਾ ਹੈ ਤੇ ਜੇ ਕਿਤੇ ਉਹ ਪੜ੍ਹਾਈ ਵਿਚ ਥੋੜ੍ਹਾ ਪਿੱਛੇ ਹੋਵੇ ਤਾਂ ਉਸ ਦੀ ਦੁਰਗਤ ਹੋਰ ਵੀ ਜ਼ਿਆਦਾ ਹੁੰਦੀ ਹੈ। ਭਾਵੇਂ ਸਰਕਾਰਾਂ ਦੀਆਂ ਬਹੁਤ ਸਾਰੀਆਂ ਸਕੀਮਾਂ ਦੇ ਸਦਕਾ ਇਹ ਪੀੜਤ ਲੋਕਾਂ ਦੀਆਂ ਆਰਥਿਕ ਮੁਸ਼ਕਿਲਾਂ ਕਾਫੀ ਹੱਦ ਤੱਕ ਹੱਲ ਹੋ ਗਈਆਂ ਹਨ ਪਰ ਸਮਾਜ ਵਿਚ ਖਾਸ ਕਰਕੇ ਪਿੰਡਾਂ ਅਤੇ ਬਸਤੀਆਂ ਵਿਚ ਰਹਿਣ ਵਾਲੇ ਵਿਅਕਤੀਆਂ ਦੀ ਜ਼ਿੰਦਗੀ ਅਜੇ ਵੀ ਦੁੱਭਰ ਹੈ। ਬਚਪਨ, ਜਵਾਨੀ ਅਤੇ ਬੁਢਾਪਾ ਜੀਵਨ ਦਾ ਕੋਈ ਵੀ ਪੜਾਅ ਬਿਨਾਂ ਕਸ਼ਟ ਤੋਂ ਨਹੀਂ ਲੰਘਦਾ। ਖੇਡਦੇ ਹੋਏ ਬੱਚਿਆਂ ਨੂੰ ਦੇਖ ਕੇ ਇਕ ਹੀਣੇ ਦੇ ਮਨ 'ਤੇ ਕੀ ਬੀਤਦੀ ਹੋਵੇਗੀ? ਜੇ ਕਿਧਰੇ ਰੁਜ਼ਗਾਰ ਪ੍ਰਾਪਤ ਨਾ ਹੋਵੇ ਤਾਂ ਦਿਹਾੜੀ ਕਰਨ ਤੋਂ ਅਸਮਰੱਥ, ਅੱਜ ਦੇ ਦੌਰ ਵਿਚ ਜੀਵਨ ਦੀ ਗੁਜ਼ਰ-ਬਸਰ ਕਿਸ ਤਰ੍ਹਾਂ ਹੁੰਦੀ ਹੋਵੇਗੀ?
ਸਮਾਜ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੀ ਸ਼ਕਤੀ ਦਾ ਮੁਲਾਂਕਣ ਕਰਕੇ ਸਹੀ ਦਿਸ਼ਾ ਪ੍ਰਦਾਨ ਕਰਨ ਵਿਚ ਸਰਕਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ। ਮੌਕਾ ਪ੍ਰਦਾਨ ਕਰਕੇ ਨਰਕ ਭਰੇ ਜੀਵਨ ਵਿਚ ਮਹਿਕ ਖਿਲਾਰਨ ਦਾ ਇਕ ਛੋਟਾ ਜਿਹਾ ਯਤਨ ਬਹੁਤ ਸਹਾਈ ਸਿੱਧ ਹੋ ਸਕਦਾ ਹੈ। ਹੈਲਨ ਕਿਲਨ ਦੀ ਉਦਾਹਰਨ ਸਾਡੇ ਸਾਹਮਣੇ ਹੈ, ਏਨੀਆਂ ਸਰੀਰਕ ਪੀੜਾਵਾਂ ਦੇ ਹੁੰਦੇ ਹੋਏ ਉਹ ਵਿਸ਼ਵ ਪ੍ਰਸਿੱਧ ਹੋ ਗਈ। ਸੰਗੀਤਕਾਰ ਰਵਿੰਦਰ ਜੈਨ ਆਪਣੀ ਕਲਾ ਦੇ ਸਹਾਰੇ ਫ਼ਿਲਮ ਜਗਤ ਵਿਚ ਚਾਨਣ ਮੁਨਾਰਾ ਬਣ ਗਿਆ। ਇਸ ਦੇ ਨਾਲ ਹੀ ਅਜਿਹੇ ਦਿਵਿਆਂਗ ਵਿਅਕਤੀਆਂ ਨੂੰ ਵੀ ਚਾਹੀਦਾ ਹੈ ਕਿ ਅੱਗੇ ਵਧਣ ਹਿਤ ਮਿਲੇ ਮੌਕੇ ਦਾ ਭਰਪੂਰ ਫਾਇਦਾ ਉਠਾਉਣ। ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਆਪਣੀ ਲਿਆਕਤ ਅਤੇ ਮਿਹਨਤ ਨਾਲ ਨਾ ਕੇਵਲ ਚੰਗਾ ਜੀਵਨ ਜਿਊਣ, ਬਲਕਿ ਇਕ ਉਦਾਹਰਨ ਪੇਸ਼ ਕਰਨ, ਈਸ਼ਵਰ ਜ਼ਰੂਰ ਸਾਥ ਦੇਵੇਗਾ।

-ਬੁਢਲਾਡਾ। ਮੋਬਾ: 98723-68307

ਰਾਤੋ-ਰਾਤ ਅਮੀਰ ਬਣਨਾ ਇਕ ਗ਼ਲਤ ਸੋਚ

ਇਨਸਾਨ ਇਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ਵਿਚ ਰਹਿਣ ਅਤੇ ਉਸ ਦਾ ਆਰਥਿਕ ਪੱਖੋਂ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜੋ ਇਨਸਾਨ ਜਿੰਨਾ ਅਮੀਰ ਹੁੰਦਾ ਹੈ, ਓਨੀਆਂ ਹੀ ਉਸ ਨੂੰ ਜੀਵਨ ਵਿਚ ਸੁਖ-ਸੁਵਿਧਾਵਾਂ ਹਾਸਲ ਹੁੰਦੀਆਂ ਹਨ ਅਤੇ ਓਨਾ ਹੀ ਉਸ ਦਾ ਜੀਵਨ ਪੱਧਰ ਉੱਚਾ ਹੁੰਦਾ ਹੈ। ਜੀਵਨ ਵਿਚ ਪੈਸਾ ਕਮਾਉਣਾ ਬਹੁਤ ਜ਼ਰੂਰੀ ਹੈ ਪਰ ਕੁਝ ਲੋਕ ਇਸ ਪੈਸੇ ਨੂੰ ਮਿਹਨਤ ਨਾਲ ਨਹੀਂ ਸਗੋਂ ਕੁਝ ਗ਼ਲਤ ਢੰਗ-ਤਰੀਕੇ ਅਪਣਾ ਕੇ ਕਮਾਉਣਾ ਚਾਹੁੰਦੇ ਹਨ, ਜੋ ਕਿ ਬਹੁਤ ਹੀ ਗ਼ਲਤ ਗੱਲ ਹੈ।
ਬਹੁਤ ਜਲਦੀ ਅਤੇ ਬਹੁਤ ਜ਼ਿਆਦਾ ਪੈਸਾ ਕਮਾਉਣ ਲਈ ਉਹ ਕਿਸੇ ਗ਼ਲਤ ਅਤੇ ਗ਼ੈਰ-ਕਾਨੂੰਨੀ ਕੰਮ ਨੂੰ ਅਪਣਾ ਲੈਂਦੇ ਹਨ, ਕਿਉਂਕਿ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਜਲਦੀ ਅਮੀਰ ਹੋਣਾ ਚਾਹੁੰਦੀ ਹੈ, ਇਸ ਲਈ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਜਲਦੀ ਅਮੀਰ ਹੋਣ ਲਈ ਵਿਦੇਸ਼ ਵੱਲ ਨੂੰ ਭੱਜ ਰਹੇ ਹਨ। ਕੁਝ ਲੋਕ ਤਾਂ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲਾ ਕੋਈ ਰੁਜ਼ਗਾਰ ਅਪਣਾ ਲੈਂਦੇ ਹਨ। ਅਜਿਹੇ ਲੋਕਾਂ ਨੂੰ ਮਿਹਨਤ ਨਾਲ ਕੀਤੀ ਕਮਾਈ ਬਹੁਤ ਹੀ ਥੋੜ੍ਹੀ ਲਗਦੀ ਹੈ। ਰਾਤੋ-ਰਾਤ ਅਮੀਰ ਬਣਨ ਦੇ ਚੱਕਰ ਵਿਚ ਉਹ ਆਪਣੇ ਜੀਵਨ ਵਿਚ ਬਹੁਤ ਸਾਰੇ ਗ਼ਲਤ ਫ਼ੈਸਲੇ ਲੈ ਲੈਂਦੇ ਹਨ, ਜੋ ਸਾਰੀ ਉਮਰ ਉਨ੍ਹਾਂ ਨੂੰ ਸਕੂਨ ਨਹੀਂ ਦੇ ਸਕਦੇ। ਬਹੁਤ ਸਾਰੇ ਨੌਜਵਾਨ ਬਹੁਤ ਜਲਦੀ ਅਮੀਰ ਹੋਣ ਲਈ ਬਿਨਾਂ ਜਾਣਕਾਰੀ ਲਏ ਬਹੁਤ ਵੱਡੇ ਕਾਰੋਬਾਰ ਸ਼ੁਰੂ ਕਰ ਲੈਂਦੇ ਹਨ ਅਤੇ ਇਸੇ ਕਰਕੇ ਬਹੁਤ ਨੁਕਸਾਨ ਵੀ ਝੱਲਦੇ ਹਨ।
ਇਸ ਤੋਂ ਇਲਾਵਾ ਲਾਟਰੀਆਂ ਵੇਚਣ ਅਤੇ ਖਰੀਦਣ ਦਾ ਕਾਰੋਬਾਰ ਕਰਨਾ, ਝੂਠੇ ਇਨਾਮਾਂ ਦੇ ਨਾਂਅ 'ਤੇ ਲੋਕਾਂ ਨੂੰ ਠਗਣਾ ਜਾਂ ਆਪ ਠਗੇ ਜਾਣਾ ਅਤੇ ਕਿਸੇ ਵੀ ਕੰਮ ਵਿਚ ਬਿਨਾਂ ਸੋਚ-ਵਿਚਾਰ ਕੀਤੇ ਅਤੇ ਕੁਝ ਬਿਨਾਂ ਤਜਰਬੇਕਾਰ ਲੋਕਾਂ ਦੀ ਸਲਾਹ ਲਏ ਨਿਵੇਸ਼ ਕਰਨਾ ਅਜਿਹੇ ਕੰਮਾਂ ਵਿਚ ਨੌਜਵਾਨ ਬਹੁਤ ਬੁਰੀ ਤਰ੍ਹਾਂ ਫਸ ਰਹੇ ਹਨ ਅਤੇ ਹੋਰ ਦੂਜੇ ਲੋਕਾਂ ਨੂੰ ਵੀ ਫਸਾ ਰਹੇ ਹਨ। ਬਿਨਾਂ ਪੜ੍ਹਾਈ ਕੀਤੇ ਹੀ ਉਹ ਬਹੁਤ ਅਮੀਰ ਹੋਣਾ ਚਾਹੁੰਦਾ ਹੈ। ਕੋਈ ਵੀ ਕਾਰੋਬਾਰ ਸ਼ੁਰੂ ਹੁੰਦੇ ਸਾਰ ਹੀ ਪੈਸਾ ਨਹੀਂ ਦੇਣ ਲਗਦਾ ਪਰ ਨੌਜਵਾਨ ਨਵਾਂ ਕਾਰੋਬਾਰ ਸ਼ੁਰੂ ਕਰਨ ਤੋਂ ਇਕਦਮ ਬਾਅਦ ਹੀ ਉਸ ਵਿਚੋਂ ਚੋਖਾ ਲਾਭ ਅਤੇ ਪੈਸੇ ਦੀ ਕਾਮਨਾ ਕਰਨ ਲਗਦੇ ਹਨ, ਜੋ ਕਿ ਬਹੁਤ ਗਲਤ ਹੈ।
ਅੱਜ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ-ਲਿਖਾਈ ਵਿਚ ਧਿਆਨ ਦੇਣ ਦੀ ਲੋੜ ਹੈ। ਸੁਪਨੇ ਦੇਖਣ ਨਾਲੋਂ ਹੱਥੀਂ ਕਿਰਤ ਕਰਨ ਅਤੇ ਮਿਹਨਤ ਕਰਨ ਦੀ ਲੋੜ ਹੈ। ਕੋਈ ਵੀ ਕਾਰੋਬਾਰ ਕਰਨਾ ਹੋਵੇ ਤਾਂ ਉਸ ਕਾਰੋਬਾਰ ਨੂੰ ਪਹਿਲਾਂ ਛੋਟੇ ਪੱਧਰ 'ਤੇ ਕੀਤਾ ਜਾਵੇ ਅਤੇ ਦੂਸਰਾ ਕਿਸੇ ਦੀ ਸਲਾਹ ਲੈ ਕੇ ਹੀ ਕੀਤਾ ਜਾਵੇ ਅਤੇ ਸਭ ਤੋਂ ਅਹਿਮ ਗੱਲ ਕਿ ਉਹੀ ਕਾਰੋਬਾਰ ਕੀਤਾ ਜਾਵੇ, ਜੋ ਬਿਲਕੁਲ ਵੀ ਗ਼ੈਰ-ਕਾਨੂੰਨੀ ਨਾ ਹੋਵੇ ਅਤੇ ਲੋਕਾਂ ਨੂੰ ਗੁਮਰਾਹ ਕਰਨ ਵਾਲਾ ਨਾ ਹੋਵੇ। ਵੈਸੇ ਵੀ ਕਿਹਾ ਜਾਂਦਾ ਹੈ ਕਿ ਪੈਸਾ ਕਾਰੋਬਾਰ ਦੀ ਚੋਣ ਨਾਲ ਨਹੀਂ, ਸਗੋਂ ਉਸ ਵਿਚ ਲੱਗੀ ਮਿਹਨਤ ਅਤੇ ਲਗਨ ਨਾਲ ਕਮਾਇਆ ਜਾ ਸਕਦਾ ਹੈ। ਸਰਕਾਰ ਨੂੰ ਵੀ ਨੌਜਵਾਨ ਵਰਗ ਲਈ ਰੁਜ਼ਗਾਰ ਪੈਦਾ ਕਰਨੇ ਚਾਹੀਦੇ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਖਾਸ ਕਰ ਜੋ ਨੌਜਵਾਨ ਹੋ ਰਹੇ ਹਨ ਅਤੇ ਜੋ ਆਪਣੇ ਪੈਰਾਂ ਉੱਤੇੇ ਖ੍ਹੜਾ ਹੋਣ ਲਈ ਕੁਝ ਕਰਨ ਦੀ ਯੋਜਨਾ ਬਣਾ ਰਹੇ ਹਨ, ਦੀ ਪੂਰੀ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ। ਨੌਜਵਾਨਾਂ ਨੂੰ ਅਮੀਰ ਹੋਣ ਦੇ ਨਾਲ-ਨਾਲ ਚੰਗੇ ਸ਼ਹਿਰੀ ਵੀ ਹੋਣਾ ਚਾਹੀਦਾ ਹੈ, ਮਿਹਨਤ ਅਤੇ ਇਮਾਨਦਾਰੀ ਵਾਲੇ ਕਿਸੇ ਰੁਜ਼ਗਾਰ ਜਾਂ ਕਾਰੋਬਾਰ ਨੂੰ ਅਪਣਾਈਏ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰੀਏ।

-ਮੋਬਾ: 94177-14390

ਸੜਕੀ ਵਿਕਾਸ ਤੇ ਆਮ ਜੀਵਨ ਦੀਆਂ ਮੁਸ਼ਕਿਲਾਂ

ਉਜਾੜਾ ਸ਼ਬਦ ਮਨੁੱਖੀ ਜੀਵਨ ਵਿਚ ਭਿਆਨਕ ਉਥਲ-ਪੁਥਲ ਪੈਦਾ ਕਰਦਾ ਹੈ। ਦੇਸ਼ ਦੀ ਵੰਡ ਸਮੇਂ ਦਾ ਉਜਾੜਾ, ਕੁਦਰਤੀ ਆਫਤਾਂ ਕਾਰਨ ਉਜਾੜਾ, ਸਰਕਾਰੀ ਦਹਿਸ਼ਤ ਕਾਰਨ ਘਰਾਂ ਦਾ ਉਜਾੜਾ, ਸਰਕਾਰ ਰਾਹੀਂ ਹਾਸਲ ਕੀਤੀ ਜਗ੍ਹਾ ਕਾਰਨ ਘਰਾਂ ਦਾ ਉਜਾੜਾ ਸਿਰ 'ਤੇ ਮੰਡਰਾਉਂਦਾ ਰਹਿੰਦਾ ਹੈ। ਹੋਰ ਸੜਕਾਂ ਦੀ ਤਰ੍ਹਾਂ ਪਿੰਡ ਵਿਚ ਦੀ ਲੰਘਦਾ ਨੈਸ਼ਨਲ ਹਾਈਵੇ ਨੰਬਰ 71 ਚਹੁੰ-ਮਾਰਗੀ ਸੜਕ ਬਣ ਰਹੀ ਹੈ। ਇਕ ਅੰਡਰ ਬਰਿੱਜ ਵੀ ਉਸਾਰੀ ਅਧੀਨ ਹੈ।
ਤਕਰੀਬਨ 7 ਦਹਾਕਿਆਂ ਤੋਂ ਸੜਕ ਦੇ ਦੋਵੇਂ ਪਾਸੇ ਉਸਾਰੇ ਘਰ ਕਾਫੀ ਵੱਡੇ ਹਨ। ਇਹ ਘਰ ਲੋਕਾਂ ਨੇ ਆਪਣੀ ਨਿਆਈਂ (ਆਬਾਦੀ ਨੇੜੇ ਦੀ ਜ਼ਮੀਨ) ਵਿਚ ਉਸਾਰੇ ਹੋਏ ਹਨ। ਨੋਟਿਸ ਮੁਤਾਬਕ ਸੜਕ ਦੇ ਦੋਵੇਂ ਪਾਸੇ ਕਾਫੀ ਜਗ੍ਹਾ ਹਾਸਲ ਕੀਤੀ ਗਈ ਹੈ, ਜਿਸ ਕਾਰਨ ਘਰਾਂ ਦਾ ਵੱਡੀ ਪੱਧਰ 'ਤੇ ਉਜਾੜਾ ਹੋ ਚੁੱਕਾ ਹੈ। ਘਰ ਸੁੰਗੜ ਕੇ ਅੱਧੇ ਰਹਿ ਗਏ ਹਨ। ਚਾਵਾਂ ਅਤੇ ਸਧਰਾਂ ਨਾਲ ਉਸਾਰੇ ਘਰਾਂ ਦੀ ਦਿੱਖ ਵਿਗੜ ਗਈ ਹੈ। ਮਾਲ-ਡੰਗਰ ਅਤੇ ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ ਖੜ੍ਹਾਉਣ ਅਤੇ ਸਾਂਭ-ਸੰਭਾਲ ਦੀ ਵੀ ਦਿੱਕਤ ਆ ਰਹੀ ਹੈ।
ਸੜਕ ਪਹਿਲਾਂ ਨਾਲੋਂ ਉੱਚੀ ਬਣ ਰਹੀ ਹੈ, ਜਿਸ ਕਾਰਨ ਘਰ ਨੀਵੇਂ ਹੋ ਗਏ ਹਨ। ਆਉਣ ਵਾਲੇ ਸਮੇਂ ਦੌਰਾਨ ਘਰਾਂ ਦੇ ਪਾਣੀ ਦੇ ਨਿਕਾਸ, ਸੀਵਰੇਜ ਆਦਿ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ, ਬਿਜਲੀ ਅਤੇ ਵਾਟਰ ਵਰਕਸ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਘਰਾਂ ਨੂੰ ਢਾਹੁਣ ਸਮੇਂ ਕਾਫੀ ਲੇਬਰ, ਖਰਚ, ਖੇਚਲ ਕਰਨੀ ਪੈ ਰਹੀ ਹੈ। ਮਲਬੇ ਦੇ ਨਿਪਟਾਰੇ ਲਈ ਦਿੱਕਤ ਆ ਰਹੀ ਹੈ। ਲੋਕ ਘਰਾਂ 'ਚ ਤਰਪਾਲਾਂ, ਪੱਲੀਆਂ ਦੀਆਂ ਛੱਤਾਂ ਬਣਾ ਕੇ ਰਹਿਣ ਲਈ ਮਜਬੂਰ ਹਨ। ਘਰਾਂ ਦੀਆਂ ਚਾਰਦੀਵਾਰੀਆਂ ਅਤੇ ਮੇਨ ਗੇਟ ਢਹਿਣ ਕਾਰਨ ਰਾਤ ਨੂੰ ਰਾਖੀ ਕਰਨ 'ਚ ਮੁਸ਼ਕਿਲ ਆ ਰਹੀ ਹੈ। ਭਾਵੇਂ ਸਰਕਾਰ ਨੇ ਹਾਸਲ ਕੀਤੀ ਜਗ੍ਹਾ ਅਤੇ ਘਰਾਂ ਦਾ ਯੋਗ ਮੁਆਵਜ਼ਾ ਦਿੱਤਾ ਹੈ ਪਰ ਦੂਜੀ ਵਾਰ ਘਰਾਂ ਨੂੰ ਸੈੱਟ ਕਰਨ ਲਈ ਕਾਫੀ ਸਮਾਂ ਲੱਗੇਗਾ ਅਤੇ ਖਰਚ, ਖੇਚਲ ਕਰਨੀ ਪਵੇਗੀ। ਕਈ ਘਰ ਤਾਂ ਇਥੋਂ ਸ਼ਿਫਟ ਹੋ ਕੇ ਹੋਰ ਜਗ੍ਹਾ 'ਤੇ ਚਲੇ ਗਏ।
ਸੜਕ ਦੇ ਦੂਜੇ ਪਾਸੇ ਵੀ ਸੰਘਣੀ ਆਬਾਦੀ, ਬਾਜ਼ੀਗਰ ਬਸਤੀ, ਗੁਰਦੁਆਰਾ ਢਾਬ ਸਾਹਿਬ, ਗਊਸ਼ਾਲਾ, ਡਰੇਨ ਅਤੇ ਕਾਫੀ ਖੇਤੀਬਾੜੀ ਰਕਬਾ ਹੈ। ਅੰਡਰ ਬ੍ਰਿਜ ਅਤੇ ਫਲਾਈਓਵਰ ਬਣ ਜਾਣ ਕਾਰਨ ਦੋਵੇਂ ਪਾਸੇ ਸੁਖਾਵਾਂ ਰਾਬਤਾ ਟੁੱਟ ਜਾਵੇਗਾ। ਲੋਕਾਂ ਨੂੰ ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਣਾ ਔਖਾ ਹੋ ਜਾਵੇਗਾ। ਪੇਂਡੂ ਮਾਰਕੀਟ ਦਾ ਕੰਮ ਕਾਰ ਵੀ ਪ੍ਰਭਾਵਿਤ ਹੋਵੇਗਾ। ਆਮ ਆਦਮੀ ਲਈ ਤੇਜ਼ ਟ੍ਰੈਫਿਕ ਕਾਰਨ ਸੜਕ ਪਾਰ ਕਰਨਾ ਮੁਸ਼ਕਿਲ ਵੀ ਹੋ ਜਾਵੇਗਾ। ਘਰਾਂ ਦਾ ਉਜਾੜਾ ਦੇਖ ਕੇ ਲੋਕਾਂ ਦਾ ਮਤ ਹੈ ਕਿ ਮੁੱਖ ਸੜਕਾਂ ਤੋਂ ਦੂਰ ਹੀ ਉਸਾਰਨੇ ਚਾਹੀਦੇ ਹਨ।

-ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿ: ਤਪਾ, ਜ਼ਿਲ੍ਹਾ ਬਰਨਾਲਾ-148100. ਮੋਬਾ: 98765-28579


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX