ਤਾਜਾ ਖ਼ਬਰਾਂ


ਗੁਜਰਾਤ 'ਚ 99 ਸੀਟਾਂ ਨਾਲ ਭਾਜਪਾ ਨੂੰ ਬਹੁਮਤ
. . .  7 minutes ago
ਅਹਿਮਦਾਬਾਦ, 18 ਦਸੰਬਰ- ਗੁਜਰਾਤ 'ਚ ਭਾਜਪਾ ਨੂੰ 99 ਸੀਟਾਂ ਨਾਲ ਬਹੁਮਤ ਪ੍ਰਾਪਤ ਹੋ ਗਿਆ ਹੈ। ਭਾਵੇਂ ਚੋਣ ਸਰਵੇਖਣਾਂ ਅਨੁਸਾਰ ਭਾਜਪਾ ਦੀ ਜਿੱਤ ਨਹੀਂ ਹੋਈ ਪਰ ਫਿਰ ਵੀ ਪਾਰਟੀ ਸੂਬੇ 'ਚ ਸਰਕਾਰ ਬਣਾਉਣ...
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਭਾਜਪਾ ਨੂੰ ਦਿੱਤੀ ਜਿੱਤ ਦੀ ਵਧਾਈ
. . .  21 minutes ago
ਵਿਜੇ ਮਾਲੀਆ ਨੂੰ ਵਾਪਸ ਲਿਆਉਣ ਲਈ ਕੀਤੀ ਜਾ ਰਹੀ ਹੈ ਹਰ ਕੋਸ਼ਿਸ਼- ਈ.ਡੀ.
. . .  43 minutes ago
ਨਵੀਂ ਦਿੱਲੀ, 18 ਦਸੰਬਰ- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੂੰ ਦੱਸਿਆ ਕਿ ਵਿਜੇ ਮਾਲੀਆ ਨੂੰ ਵਾਪਸ ਭਾਰਤ ਲਿਆਉਣ ਲਈ ਹਰ ਢੁਕਵੀਂ ਕੋਸ਼ਿਸ਼ ਕੀਤੀ...
ਮੁੱਖ ਮੰਤਰੀ ਵਿਜੇ ਰੁਪਾਨੀ ਨੇ ਜਨਤਾ ਸਿਰ ਬੰਨਿਆਂ ਜਿੱਤ ਦਾ ਸਿਹਰਾ
. . .  50 minutes ago
ਅਹਿਮਦਾਬਾਦ, 18 ਦਸੰਬਰ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਜਿੱਤ ਦਾ ਸਿਹਰਾ ਸੂਬੇ ਦੀ ਜਨਤਾ ਦੇ ਸਿਰ ਬੰਨਿਆਂ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ 'ਚ ਲੋਕਾਂ...
ਛਗਨ ਭੁਜਬਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਨਵੀਂ ਦਿੱਲੀ, 18 ਦਸੰਬਰ- ਸਪੈਸ਼ਲ ਪੀ.ਐਮ.ਐਲ.ਏ. ਕੋਰਟ ਨੇ ਐਨ.ਸੀ.ਪੀ.ਨੇਤਾ ਛਗਨ ਭੁਜਬਲ ਦੀ ਜ਼ਮਾਨਤ ਅਰਜ਼ੀ ਖ਼ਾਰਜ...
ਹਿਮਾਚਲ : ਮੁੱਖ ਮੰਤਰੀ ਦੇ ਦਾਅਵੇਦਾਰ ਪ੍ਰੇਮ ਕੁਮਾਰ ਧੂਮਲ ਚੋਣ ਹਾਰੇ
. . .  about 1 hour ago
ਰਾਹੁਲ ਨੇ ਲੋਕਾਂ ਦੇ ਫ਼ਤਵੇ ਦਾ ਕੀਤਾ ਸਵਾਗਤ
. . .  about 1 hour ago
ਨਵੀਂ ਦਿੱਲੀ, 18 ਦਸੰਬਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਲੋਕਾਂ ਦੇ ਫ਼ੈਸਲੇ ਦੀ ਸਵਾਗਤ ਕੀਤਾ ਹੈ। ਰਾਹੁਲ ਨੇ ਨਾਲ ਹੀ ਦੋਵੇਂ ਸੂਬਾ ਸਰਕਾਰਾਂ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸੀ ਵਰਕਰਾਂ...
ਕਾਂਗਰਸ ਦੀ ਹੋਈ ਨੈਤਿਕ ਜਿੱਤ- ਗਹਿਲੋਤ
. . .  about 1 hour ago
ਨਵੀਂ ਦਿੱਲੀ, 18 ਦਸੰਬਰ- ਗੁਜਰਾਤ ਚੋਣ 'ਚ ਕਾਂਗਰਸ ਦੇ ਇੰਚਾਰਜ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਾਂਗਰਸ ਭਾਵੇਂ ਚੋਣ ਹਾਰ ਗਈ ਪਰ ਪਾਰਟੀ ਦੀ ਨੈਤਿਕ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਜੀ ਨੇ ਮੁੱਦਾ ਆਧਾਰਿਤ ਪ੍ਰਚਾਰ ਕੀਤਾ ਹੈ...
ਹਿਮਾਚਲ ਦੀ ਜਨਤਾ ਨੇ ਮੋਦੀ ਜੀ ਨਾਲ ਰਿਸ਼ਤਾ ਕੀਤਾ ਤਾਜ਼ਾ- ਸ਼ਾਹ
. . .  about 1 hour ago
ਮੋਦੀ ਦੀ ਵਿਕਾਸ ਯਾਤਰਾ 'ਚ ਜਨਤਾ ਨੇ ਜਤਾਇਆ ਭਰੋਸਾ- ਸ਼ਾਹ
. . .  about 1 hour ago
ਹੋਰ ਖ਼ਬਰਾਂ..
  •     Confirm Target Language  

ਧਰਮ ਤੇ ਵਿਰਸਾ

ਅਗਾਂਹਵਧੂ ਸੋਚ ਨਾਲ ਕੈਨੇਡਾ 'ਚ ਅੱਗੇ ਵਧੇ ਪੰਜਾਬੀ

ਅੱਜ ਕੈਨੇਡਾ ਵਿਚ ਭਾਰਤੀ ਪਿਛੋਕੜ ਦੇ ਲੋਕਾਂ ਦਾ ਕੈਨੇਡੀਅਨ ਸਮਾਜ ਵਿਚ ਸਥਾਨ ਪਹਿਲਾਂ ਦੇ ਮੁਕਾਬਲੇ ਬਹੁਤ ਸਨਮਾਨ ਵਾਲਾ ਹੈ ਅਤੇ ਇਹ ਉਸ ਸਮਾਜ ਦੇ ਹਰ ਹਿੱਸੇ ਵਿਚ ਪੂਰੀ ਤਰ੍ਹਾਂ ਰਚੇ-ਮਿਚੇ ਹੋਏ ਹਨ। ਪਰ ਇਹ ਸਭ ਕੁਝ ਐਵੇਂ-ਕੈਵੇਂ ਨਹੀਂ ਸੀ ਵਾਪਰਿਆ, ਸਗੋਂ ਇਸ ਪਿੱਛੇ ਕੈਨੇਡੀਅਨ ਪੰਜਾਬੀ/ਭਾਰਤੀ ਭਾਈਚਾਰੇ ਵਲੋਂ ਅਗਾਂਹਵਧੂ ਵਿਚਾਰਧਾਰਾ ਦੇ ਆਧਾਰ 'ਤੇ ਕੀਤੀਆਂ ਜੱਦੋ-ਜਹਿਦਾਂ ਦਾ ਵੱਡਾ ਹੱਥ ਹੈ। ਜਿਸ ਨੇ ਸਾਨੂੰ ਤਖ਼ਤੇ ਤੋਂ ਤਖ਼ਤ ਤੱਕ ਪਹੁੰਚਾਇਆ। ਮਿਸ: ਹੈਦਰ ਮਿਲਰ ਦੀ ਪੁਸਤਕ 'ਇਨ ਬਾਸਕਟ ਕੰਟਰੀ', ਜਿਹੜੀ ਗੋਲਡਨ ਡਿਸਟ੍ਰਿਕਟ ਹਿਸਟੋਰੀਕਲ ਸੁਸਾਇਟੀ ਵਲੋਂ ਛਾਪੀ ਗਈ ਸੀ, ਅਨੁਸਾਰ ਸਭ ਤੋਂ ਪਹਿਲਾਂ ਪੰਜਾਬੀ 1880ਵਿਆਂ ਵਿਚ ਬ੍ਰਿਟਿਸ਼ ਕੋਲੰਬੀਆਂ (ਬੀ.ਸੀ.) ਵਿਚ ਆਏ ਸਨ। ਵੇਲੇ ਦੀਆਂ ਸਥਾਨਕ ਅਖ਼ਬਾਰਾਂ ਦੇ ਸਾਂਭੇ ਅੰਕ ਵੀ ਇਸ ਦੀ ਸ਼ਾਹਦੀ ਭਰਦੇ ਹਨ। ਪਹਿਲ-ਪਲੱਕੜਿਆਂ 'ਚ ਕੈਨੇਡਾ ਪਹੁੰਚਣ ਵਾਲੇ ਕਰਤਾਰ ਸਿੰਘ (ਦੁਕੀ) ਲਤਾਲਾ ਮੁਤਾਬਿਕ ਪਹਿਲੇ ਪੰਜਾਬੀ ਨੂੰ ਇਕ ਅਮਰੀਕਨ ਕੰਪਨੀ ਸ਼ਿੰਘਾਈ ਤੋਂ ਇੱਥੇ ਲਿਆਈ ਸੀ, ਜੋ ਬੀਨ ਵਜਾਉਂਦਾ ਸੀ। ਖੋਜੀ ਰਜਨੀ ਕਾਂਤਾ ਦਾਸ ਆਪਣੀ 1923 'ਚ ਲਿਖੀ ਕਿਤਾਬ ਵਿਚ ਇਸ ਦੀ ਪੁਸ਼ਟੀ ਬਖਸ਼ੀਸ਼ ਸਿੰਘ ਮਲਵਈ ਵਜੋਂ ਅਤੇ ਆਉਣ ਦਾ ਸਮਾਂ 1899 ਦੱਸਦੀ ਹੈ।
ਬਹੁਤ ਸਾਰੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ 1897 ਵਿਚ ਜਦੋਂ ਮਹਾਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਲੰਡਨ ਵਿਚ ਮਨਾਈ ਗਈ, ਉਸ ਸਮੇਂ ਭਾਰਤ ਤੋਂ ਸਿੱਖ ਰਸਾਲੇ ਦੇ ਕੁਝ ਜਵਾਨ ਜੁਬਲੀ ਜਸ਼ਨਾਂ ਦੀ ਸ਼ਾਨ ਵਿਚ ਵਾਧਾ ਕਰਨ ਲਈ ਆਏ। ਉਨ੍ਹਾਂ ਨੂੰ ਕੈਨੇਡਾ ਦੀ ਸੈਰ ਲਈ ਵੀ ਲਿਆਂਦਾ ਗਿਆ। ਉਨ੍ਹਾਂ ਵਿਚ ਕੁਝ ਇੱਥੋਂ ਦੀ ਆਬੋ-ਹਵਾ, ਸਹੂਲਤਾਂ ਅਤੇ ਰੋਜ਼ੀ-ਰੋਟੀ ਦੇ ਜ਼ਿਆਦਾ ਸਾਧਨ ਵੇਖ ਕੇ ਇੱਥੇ ਹੀ ਰੁਕ ਗਏ। ਫੌਜੀ ਨੌਕਰੀ ਨਾਲੋਂ ਜ਼ਿਆਦਾ ਧੰਨ ਕਮਾਉਣ ਦੀ ਲਾਲਸਾ ਨੇ ਵੀ ਉਨ੍ਹਾਂ ਨੂੰ ਇੱਥੇ ਰਹਿਣ ਲਈ ਪ੍ਰੇਰਿਆ। ਸੁਣੋ-ਸੁਣਾਈ ਫਿਰ ਕਈ ਪੰਜਾਬੀ ਕੈਨੇਡਾ ਪੁੱਜੇ। ਬਹੁਤੇ ਸਿੱਖ ਸਨ ਪਰ ਸਥਾਨਕ ਲੋਕ ਸਿੱਖਾਂ ਨੂੰ ਵੀ ਹਿੰਦੂ ਆਖਦੇ। ਮਗਰੋਂ ਕਈ ਸਿੱਖ ਵੀ ਸਥਾਨਕ ਹਾਲਾਤ ਤਹਿਤ ਮੋਨੇ ਹੋ ਗਏ। ਉਨ੍ਹਾਂ ਸਭ ਨੂੰ ਵੱਖਰੇ ਕਿਸਮ ਦੀਆਂ ਅਣਸਾਵੀਆਂ ਹਾਲਤਾਂ ਵਿਚ ਸਖ਼ਤ ਸੰਘਰਸ਼ ਕਰਨਾ ਪਿਆ।
ਫੌਜੀਆਂ ਤੋਂ ਬਿਨਾਂ, ਅਸਲ ਵਿਚ ਕੈਨੇਡਾ ਵਿਚ ਹਿੰਦੁਸਤਾਨੀ 20ਵੀਂ ਸਦੀ ਦੇ ਆਰੰਭ ਵਿਚ ਆਉਣੇ ਸ਼ੁਰੂ ਹੋਏ। 1908 ਤੱਕ ਕਰੀਬ 5 ਹਜ਼ਾਰ ਤੋਂ ਜ਼ਿਆਦਾ ਹਿੰਦੂ-ਸਿੱਖ-ਮੁਸਲਿਮ ਭਾਰਤੀ ਕੈਨੇਡਾ ਪੁੱਜ ਚੁੱਕੇ ਸਨ। ਇਨ੍ਹਾਂ ਵਿਚੋਂ ਥੋੜ੍ਹੇ ਜਿੰਨਿਆਂ ਨੂੰ ਛੱਡ ਕੇ ਬਾਕੀ ਸਾਰੇ ਸਿੱਧੇ-ਸਾਦੇ ਪੰਜਾਬੀ ਸਨ, ਜੋ ਖੇਤਾਂ ਵਿਚ ਕੰਮ ਕਰਦੇ ਜਾਂ ਅੰਗਰੇਜ਼ੀ ਫੌਜ ਦੀਆਂ ਨੌਕਰੀਆਂ ਕਰਕੇ ਆਏ ਸਨ। ਸ਼ੁਰੂ ਵਿਚ ਇਨ੍ਹਾਂ ਦੀ ਸੂਝ ਬਹੁਤ ਹੀ ਘੱਟ ਸੀ ਅਤੇ ਉਹ ਹਿੰਦੁਸਤਾਨ ਵਿਚ ਅੰਗਰੇਜ਼ੀ ਰਾਜ ਨੂੰ ਮਾੜਾ ਨਹੀਂ ਸੀ ਸਮਝਦੇ। ਕੈਨੇਡਾ ਪੁੱਜ ਕੇ ਵੇਖਾ-ਵੇਖੀੇ ਇਨ੍ਹਾਂ ਅੰਦਰ ਰਾਜਨੀਤਕ ਜਾਗਰੂਕਤਾ ਬੜੀ ਤੇਜ਼ੀ ਨਾਲ ਆਈ। ਥੋੜ੍ਹੇ ਸਾਲਾਂ ਵਿਚ ਹੀ ਇਹ ਹਿੰਦੂ, ਸਿੱਖ, ਮੁਸਲਮਾਨ ਜਾਂ ਪੰਜਾਬੀ, ਬੰਗਾਲੀ, ਗੁਜਰਾਤੀ ਆਦਿ ਦੇ ਵਖਰੇਵਿਆਂ ਨੂੰ ਭੁਲਾ ਕੇ ਆਪਣੇ-ਆਪ ਨੂੰ ਸਿਰਫ਼ ਹਿੰਦੁਸਤਾਨੀ ਸਮਝਣ ਲੱਗੇ। ਉਹ ਇਹ ਗੱਲ ਵੀ ਸਮਝਣ ਲੱਗੇ ਕਿ ਕੈਨੇਡਾ ਵਿਚ ਉਨ੍ਹਾਂ ਦੀ ਦੁਰਦਸ਼ਾ ਦੀ ਜ਼ਿੰਮੇਵਾਰ ਸਿਰਫ਼ ਕੈਨੇਡਾ ਦੀ ਨਸਲਵਾਦੀ ਸਰਕਾਰ ਹੀ ਨਹੀਂ, ਸਗੋਂ ਇਸ ਦੀ ਮੂਲ ਜੜ੍ਹ ਇੰਗਲੈਂਡ ਦੀ ਸਾਮਰਾਜੀ ਸਰਕਾਰ ਹੈ, ਜੋ ਹਿੰਦੁਸਤਾਨ ਨੂੰ ਗੁਲਾਮ ਬਣਾਈ ਬੈਠੀ ਹੈ। ਇਸ ਨਵੀਂ ਮਿਲੀ ਸਿਆਸੀ ਚੇਤਨਤਾ ਕਾਰਨ ਹੀ ਉਨ੍ਹਾਂ ਨਾ ਸਿਰਫ ਕੈਨੇਡਾ ਵਿਚ ਇਕੱਠਿਆਂ ਹੋ ਕੇ ਆਪਣੇ ਹੱਕਾਂ ਲਈ ਘੋਲ ਲੜੇ, ਸਗੋਂ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਵਿਚ ਵੀ ਵੱਡੀ ਪੱਧਰ ਉੱਤੇ ਹਿੱਸਾ ਪਾਇਆ। ਜਦੋਂ ਉੱਤਰੀ ਅਮਰੀਕਾ ਵਿਚ ਗ਼ਦਰ ਪਾਰਟੀ (1913) ਬਣੀ ਤਾਂ ਕੈਨੇਡਾ ਦੇ ਹਿੰਦੁਸਤਾਨੀ ਵੀ ਆਪਣੀਆਂ ਜਾਇਦਾਦਾਂ ਤੇ ਕੰਮਾਂ ਕਾਰਾਂ ਨੂੰ ਤਿਆਗ ਕੇ ਬਰਤਾਨਵੀ ਸਮਰਾਜ ਵਿਰੁੱਧ ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਵਿਚ ਕੁੱਦ ਪਏ।
ਬੀ.ਸੀ. ਦੇ ਸਿੱਖਾਂ ਨੇ 1906 ਵਿਚ ਖਾਲਸਾ ਦੀਵਾਨ ਸੁਸਾਇਟੀ ਬਣਾਈ। ਇਹ ਭਾਵੇਂ ਸਿੱਖਾਂ ਦੀ ਇਕ ਧਾਰਮਿਕ ਜਥੇਬੰਦੀ ਸੀ, ਪਰ ਇਸ ਨੇ ਰਾਜਨੀਤਕ ਮਾਮਲਿਆਂ ਵਿਚ ਵੀ ਬੜਾ ਸਰਗਰਮ ਰੋਲ ਨਿਭਾਇਆ। ਇਸ ਦੇ ਬਹੁਤੇ ਮੈਂਬਰ ਅਗਾਂਹਵਧੂ ਵਿਚਾਰਾਂ ਵਾਲੇ ਬਣ ਚੁੱਕੇ ਸਨ। ਸੋਸ਼ਲਿਸਟਾਂ ਦੇ ਪ੍ਰਚਾਰ ਸਦਕਾ ਇਸ ਜਥੇਬੰਦੀ ਦੇ ਆਗੂਆਂ ਦੀ ਸਿਆਸੀ ਸੂਝ ਸਮਾਜਵਾਦੀ ਬਣ ਚੁੱਕੀ ਸੀ। ਉਹ ਗੁਰੂ ਸਾਹਿਬਾਨ ਦੇ ਅਜਿਹੇ ਸੱਚੇ-ਸੁੱਚੇ ਸਿੱਖ ਸਨ ਜੋ ਭਾਈ ਲਾਲੋ ਦੇ ਕੈਂਪ ਵਿਚ ਖੜ੍ਹੇ ਸਨ। ਉਹ ਸਿੱਖ ਧਰਮ ਦੇ 'ਸਰਬੱਤ ਦਾ ਭਲਾ', 'ਕਿਰਤ ਕਰਨਾ ਵੰਡ ਛਕਣਾ' ਅਤੇ 'ਬਰਾਬਰਤਾ ਅਤੇ ਸਾਂਝੀਵਾਲਤਾ' ਦੇ ਅਸੂਲਾਂ 'ਤੇ ਚੱਲਣ ਵਾਲੇ ਚੰਗੇ ਸਿੱਖ ਸਨ। ਉਹ ਸਿੱਖ ਵਿਚਾਰਧਾਰਾ ਅਤੇ ਸੋਸ਼ਲਿਸਟ ਫਿਲਾਸਫੀ ਵਿਚ ਕੋਈ ਫ਼ਰਕ ਨਹੀਂ ਸਨ ਸਮਝਦੇ। ਇਸੇ ਲਈ ਖਾਲਸਾ ਦੀਵਾਨ ਸੁਸਾਇਟੀ ਦੇ ਬਹੁਤ ਸਾਰੇ ਮੈਂਬਰ ਸੋਸ਼ਲਿਸਟ ਵਿਚਾਰਧਾਰਾ ਵਾਲੀ ਹਿੰਦੁਸਤਾਨ ਐਸੋਸੀਏਸ਼ਨ ਦੇ ਵੀ ਮੈਂਬਰ ਸਨ। 1908 ਤੋਂ 1913 ਤੱਕ ਹਿੰਦੁਸਤਾਨ ਕਮਿਊਨਿਟੀ, ਜਿਸ ਵਿਚ ਹਿੰਦੂ, ਸਿੱਖ ਅਤੇ ਮੁਸਲਿਮ ਸ਼ਾਮਿਲ ਸਨ, ਨੇ ਮਹੱਤਵਪੂਰਨ ਘੋਲ ਲੜੇ ਜਿਵੇਂ ਹਾਂਡੂਰਾੳਜ਼ (1908) ਭੇਜੇ ਜਾਣ ਵਿਰੁੱਧ ਘੋਲ, ਮੈਡਲਾਂ ਅਤੇ ਵਰਦੀਆਂ ਦੀ ਲੋਹੜੀ ਸਾੜਨੀ (1909), ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਜਸ਼ਨਾਂ ਦਾ ਬਾਈਕਾਟ (1910), ਪਰਿਵਾਰਾਂ ਨੂੰ ਕੈਨੇਡਾ ਮੰਗਵਾਉਣ ਦਾ ਸੰਘਰਸ਼ (1911), ਕਾਮਾਗਾਟਾਮਾਰੂ ਦਾ ਘੋਲ (1913) ਅਤੇ ਗ਼ਦਰ ਲਹਿਰ ਵਿਚ ਹਿੱਸਾ (1913-1916-1921)। ਗ਼ਦਰ ਲਹਿਰ ਦੇ ਆਗਮਨ ਸਮੇਂ ਹੀ ਕੁਝ ਕੁ ਆਪਣਿਆਂ ਦੀ ਗਦਾਰੀ ਕਾਰਨ ਹੀ ਭਾਈ ਸੇਵਾ ਸਿੰਘ ਲੋਪੋਕੇ ਨੂੰ ਫਾਂਸੀ (1915) ਦਿੱਤੀ ਗਈ। ਕੈਨੇਡਾ ਸੰਦਰਭ 'ਚ , ਪੰਜਾਬੀ ਕੌਮ ਨੂੰ ਫਖ਼ਰ ਹੈ ਕਿ ਉਹ ਕੈਨੇਡਾ ਦਾ ਪਹਿਲਾ ਅਤੇ ਆਖਰੀ ਸ਼ਹੀਦ ਹੈ, ਜਿਹੜਾ ਇੰਗਲੈਂਡ, ਜੋ ਕੈਨੇਡਾ ਦੀ ਧਰਤ 'ਤੇ ਵੀ ਕਾਬਜ਼ ਸੀ, ਦੀ ਹਕੂਮਤ ਵਲੋਂ ਫਾਹੇ ਲਾਇਆ ਗਿਆ।
ਪਹਿਲਾਂ-ਪਹਿਲ ਜਦੋਂ ਪੰਜਾਬੀਆਂ ਨੇ ਕੈਨੇਡਾ ਦੇ ਸੂਬੇ ਬੀ.ਸੀ. ਵਿਚ ਰਹਿਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਕੋਲ ਵੋਟ ਦਾ ਹੱਕ ਸੀ, ਜੋ 1907 ਵਿਚ ਖੋਹ ਲਿਆ ਗਿਆ। ਆਪਣੀ ਹਿੰਮਤ ਨਾਲ ਅਤੇ ਬਿਨਾਂ ਕਿਸੇ ਬਾਹਰਲੀ ਇਮਦਾਦ ਦੇ, ਕੈਨੇਡਾ ਵਿਚ ਵਸਦੇ ਪੰਜਾਬੀ ਲਗਾਤਾਰ ਇਸ ਹੱਕ ਖਾਤਰ ਜੱਦੋ-ਜਹਿਦ ਕਰਦੇ ਰਹੇ। ਵੋਟ ਹੱਕ ਪ੍ਰਾਪਤੀ ਦਾ ਘੋਲ 1942-1947 ਵਿਚ ਆਪਣੀ ਸਿਖਰ ਉੱਤੇ ਸੀ, ਜਿਸ ਦੇ ਚਲਦਿਆਂ ਅਖੀਰ ਅਪ੍ਰੈਲ, 1947 ਨੂੰ ਫਤਹਿ ਪ੍ਰਾਪਤ ਹੋਈ। ਬੀ.ਸੀ. ਦੀ ਸਰਕਾਰ ਨੇ ਕੈਨੇਡਾ ਵਿਚ ਰਹਿ ਰਹੇ ਭਾਰਤੀਆਂ, ਚੀਨੀਆਂ ਅਤੇ ਜਪਾਨੀਆਂ ਨੂੰ ਵੋਟ ਦਾ ਹੱਕ ਦੇਣ ਦਾ ਕਾਨੂੰਨ ਪਾਸ ਕਰ ਦਿੱਤਾ। ਕੈਨੇਡਾ ਦੇ ਪੰਜਾਬੀ ਭਾਈਚਾਰੇ ਦੇ ਵਿਕਾਸ ਵਿਚ 1950 ਤੋਂ 1970 ਤੱਕ ਬਹੁਤ ਧੀਮੀ ਤੋਰੇ ਤੁਰਦਿਆਂ ਆਪਣੇ-ਆਪ ਨੂੰ ਕਾਇਮ ਰੱਖਣ ਦਾ ਸਮਾਂ ਸੀ। ਇਸ ਭਾਈਚਾਰੇ ਦੇ ਦੋ ਅਹਿਮ ਮਸਲੇ 1947 ਵਿਚ ਹੱਲ ਹੋ ਗਏ। ਇਸ ਸਾਲ ਦੇ ਅਪ੍ਰੈਲ ਮਹੀਨੇ ਵਿਚ ਉਨ੍ਹਾਂ ਨੂੰ 40 ਸਾਲਾਂ ਦੇ ਸੰਘਰਸ਼ ਉਪਰੰਤ ਵੋਟ ਦੇਣ ਦਾ ਹੱਕ ਮੁੜ ਪ੍ਰਾਪਤ ਹੋ ਗਿਆ ਸੀ। ਉਸੇ ਸਾਲ ਅਗਸਤ, 1947 ਵਿਚ ਭਾਰਤ ਨੂੰ 'ਆਜ਼ਾਦੀ' ਮਿਲ ਗਈ ਸੀ। ਇਨ੍ਹਾਂ ਦੋ ਮਸਲਿਆਂ ਤੋਂ ਬਾਅਦ ਭਾਰਤੀਆਂ ਦੇ ਕੈਨੇਡਾ ਆਉਣ ਉੱਤੇ ਲੱਗੀਆਂ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੀਆਂ ਪਾਬੰਦੀਆਂ ਨੂੰ ਹਟਾਉਣਾ ਵੱਡਾ ਮਸਲਾ ਸੀ, ਇਹ ਇਕ ਹੋਰ ਵੀ ਵੱਡਾ ਮਸਲਾ ਸੀ, ਜਿਸ ਵਿਚ ਉਨ੍ਹਾਂ ਨੇ ਮੁੱਢ ਤੋਂ ਹੀ ਬਹੁਤ ਸਰਗਰਮੀ ਵਿਖਾਈ ਸੀ। ਛੇਵੇਂ ਦਹਾਕੇ (1950-60) ਦੌਰਾਨ ਇਹ ਮਸਲਾ ਵੀ ਦੋ ਕਾਰਨਾਂ ਕਰਕੇ ਫੌਰੀ ਤੌਰ 'ਤੇ ਇੰਨੀ ਜ਼ਿਆਦਾ ਅਹਿਮੀਅਤ ਨਹੀਂ ਸੀ ਰੱਖਦਾ। ਇਕ ਤਾਂ ਉਸ ਵੇਲੇ ਦੂਜੀ ਸੰਸਾਰ ਜੰਗ ਕਾਰਨ ਯੂਰਪ ਵਿਚ ਹੋਈ ਤਬਾਹੀ ਤੋਂ ਬਾਅਦ ਮੁੜ ਉਸਾਰੀ ਸ਼ੁਰੂ ਹੋ ਚੁੱਕੀ ਸੀ। ਬਹੁਤ ਸਾਰੇ ਪੰਜਾਬੀ ਇੰਗਲੈਂਡ ਆਉਣੇ ਸ਼ੁਰੂ ਹੋ ਗਏ ਸਨ, ਜਿਸ ਨਾਲ ਪੰਜਾਬ ਦੇ ਲੋਕਾਂ ਲਈ ਬਾਹਰ ਜਾਣ ਦੀ ਲੋੜ ਕਾਫੀ ਹੱਦ ਤੱਕ ਪੂਰੀ ਹੋ ਰਹੀ ਸੀ, ਦੂਜੇ ਪਾਸੇ ਕੈਨੇਡਾ ਨੇ ਵੀ ਆਪਣੀਆਂ ਨੀਤੀਆਂ ਵਿਚ ਕੁਝ ਨਰਮੀ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ।
ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਵਿਚ ਹੋਈਆਂ ਤਬਦੀਲੀਆਂ ਦੇ ਅਧਾਰ 'ਤੇ ਸੱਤਰਵਿਆਂ ਦੇ ਸ਼ੁਰੂ ਦੇ ਕੁਝ ਸਾਲਾਂ ਦੌਰਾਨ ਵੱਡੀ ਗਿਣਤੀ ਵਿਚ ਪੰਜਾਬੀ ਇੱਥੇ ਆਏ। ਇਨ੍ਹਾਂ ਦੇ ਇੱਥੇ ਆਉਣ ਨਾਲ ਦੋ ਗੱਲਾਂ ਵਾਪਰੀਆਂ; ਪਹਿਲੀ, ਪੰਜਾਬੀ ਭਾਈਚਾਰੇ ਵਿਚਲਾ ਲੰਮੇ ਸਮੇਂ ਤੋਂ ਸਥਾਪਿਤ ਹੋਇਆ ਢਾਂਚਾ ਬਹੁਤ ਤੇਜ਼ੀ ਨਾਲ ਟੁੱਟਣ ਲੱਗਾ। ਆਉਣ ਵਾਲਿਆਂ ਵਿਚ ਬਹੁਗਿਣਤੀ ਆਜ਼ਾਦ ਹਿੰਦੁਸਤਾਨ ਵਿਚ ਪੈਦਾ ਹੋਏ ਪੜ੍ਹੇ-ਲਿਖੇ ਅਤੇ ਨਵੀਂ ਸਿਆਸੀ ਚੇਤਨਾ ਵਾਲੇ ਲੋਕ ਸਨ। ਇਨ੍ਹਾਂ ਨੇ ਪਹਿਲੇ ਪੰਜਾਬੀ ਕੈਨੇਡੀਅਨਾਂ ਵਲੋਂ ਸਥਾਪਿਤ ਕਦਰਾਂ-ਕੀਮਤਾਂ ਨੂੰ ਸਮਝਣ-ਮੰਨਣ ਤੋਂ ਇਨਕਾਰ ਕਰ ਦਿੱਤਾ। ਦੂਜੀ, ਪੰਜਾਬੀ ਵੈਨਕੂਵਰ ਤੇ ਬ੍ਰਿਟਿਸ਼ ਕੋਲੰਬੀਆ ਤੋਂ ਨਿਕਲ ਕੈਨੇਡਾ ਦੇ ਦੂਜੇ ਹਿੱਸਿਆਂ ਵੱਲ ਵਧਣੇ ਸ਼ੁਰੂ ਹੋਏ ਅਤੇ ਛੇਤੀ ਹੀ ਟੋਰਾਂਟੋ, ਮਾਂਟਰੀਅਲ, ਵਿਨੀਪੈਗ ਐਡਮਿੰਟਨ ਤੇ ਕੈਲਗਰੀ ਆਦਿ ਸ਼ਹਿਰਾਂ ਵਿਚ ਇਨ੍ਹਾਂ ਦੀ ਗਿਣਤੀ ਵਧਣ ਲੱਗੀ। ਕੈਨੇਡਾ ਦੇ ਵੱਖ-ਵੱਖ ਭਾਗਾਂ ਵਿਚ ਪੰਜਾਬੀ ਵਸੋਂ ਵਿਚ ਤੇਜ਼ੀ ਨਾਲ ਹੋਏ ਵਾਧੇ ਅਤੇ ਉਸ ਵਾਧੇ ਕਾਰਨ ਹੋਣ ਵਾਲੀਆਂ ਤਬਦੀਲੀਆਂ ਨੇ ਪੰਜਾਬੀ ਭਾਈਚਾਰੇ ਵਾਸਤੇ ਬਹੁਤ ਸਾਰੀਆਂ ਨਵੀਆਂ ਸਮੱਸਿਆਵਾਂ ਖੜ੍ਹੀਆਂ ਕੀਤੀਆਂ। ਇਹ ਸਮੱਸਿਆਵਾਂ ਅੰਦਰੂਨੀ ਵੀ ਸਨ ਅਤੇ ਬਾਹਰੀ ਵੀ।
ਕੈਨੇਡੀਅਨ ਪੰਜਾਬੀ ਭਾਈਚਾਰੇ ਵਿਚ, ਜਿਸ ਦਾ ਕੇਂਦਰ ਵੈਨਕੂਵਰ ਸੀ, ਪਹਿਲਾਂ ਸਥਾਪਿਤ ਸੰਸਥਾਵਾਂ ਮੁੱਖ ਰੂਪ ਵਿਚ ਧਾਰਮਿਕ ਹੀ ਸਨ, ਸਿਵਾਏ ਇਕ-ਅੱਧ ਅਰਧ-ਧਾਰਮਿਕ ਸੰਸਥਾਵਾਂ ਜਿਵੇਂ ਈਸਟ ਇੰਡੀਅਨਜ਼ ਕੈਨੇਡੀਅਨ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੇ। ਇਹ ਸੰਸਥਾਵਾਂ ਨਵੇਂ ਆਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਨਜਿੱਠਣ ਤੋਂ ਅਸਮਰੱਥ ਰਹੀਆਂ। ਇਨ੍ਹਾਂ ਜਥੇਬੰਦੀਆਂ ਉੱਤੇ ਉਸ ਵੇਲੇ ਆਰਥਿਕ ਅਤੇ ਵਪਾਰਕ ਪੱਖੋਂ ਸਥਾਪਿਤ ਲੋਕਾਂ ਦਾ ਕਬਜ਼ਾ ਸੀ। ਇਨ੍ਹਾਂ ਵਿਚ ਪਹਿਲੇ ਪੰਜਾਬੀਆਂ ਵਲੋਂ ਕੀਤੀਆਂ ਜੱਦੋ-ਜਹਿਦਾਂ ਵਾਲਾ ਜਜ਼ਬਾ ਕੁਝ ਹੱਦ ਤੱਕ ਕਾਇਮ ਸੀ। ਪਰ ਸਰਮਾਏਦਾਰੀ ਸਮਾਜ ਦਾ ਹਿੱਸਾ ਹੁੰਦਿਆਂ ਇਨ੍ਹਾਂ ਵਿਚ ਬਹੁਤੇ ਲੋਕਾਂ ਨੇ ਹੌਲੀ-ਹੌਲੀ ਸਰਮਾਏਦਾਰੀ ਸੋਚ ਤੇ ਢੰਗ ਅਪਣਾ ਲਏ ਸਨ। ਨਤੀਜੇ ਵਜੋਂ ਸੱਤਰਵਿਆਂ ਦੇ ਸ਼ੁਰੂ ਵਿਚ ਵੱਡੀ ਗਿਣਤੀ ਵਿਚ ਆਏ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਪਹਿਲਿਆਂ 'ਚੋਂ ਬਹੁਤੇ ਆਗੂ ਅਸਮਰੱਥ ਰਹੇ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਖ਼ਬਰ ਸ਼ੇਅਰ ਕਰੋ

ਵਿਸ਼ਵ ਦਾ ਪਹਿਲਾ ਗਣਰਾਜ-ਵੈਸ਼ਾਲੀ

ਬਿਹਾਰ ਪ੍ਰਾਂਤ ਦੇ ਪ੍ਰਸਿੱਧ ਵਿਰਾਸਤੀ ਅਤੇ ਇਤਿਹਾਸਿਕ ਅਸਥਾਨ ਵੈਸ਼ਾਲੀ ਨੂੰ ਵਿਸ਼ਵ ਦਾ ਪਹਿਲਾ ਗਣਰਾਜ ਹੋਣ ਦਾ ਗੌਰਵ ਪ੍ਰਾਪਤ ਹੈ। ਇਹ ਬਿਹਾਰ ਦੀ ਰਾਜਧਾਨੀ ਪਟਨਾ ਦੇ ਉੱਤਰ ਵਿਚ 58 ਕਿ: ਮੀ: ਦੀ ਦੂਰੀ ਉਪਰ ਮਨਮੋਹਕ ਵਾਦੀ ਅਤੇ ਗੰਡਕ ਨਦੀ ਕੋਲ ਸਥਿਤ ਹੈ।
ਐਨਸਾਈਕਲੋਪੀਡੀਆ ਬਰਿਟੈਨਿਕਾ, ਵਿੱਕੀਪੀਡੀਆ, ਬਿਹਾਰ ਟੂਰਿਜ਼ਮ/ਭਾਰਤੀ ਪੁਰਾਤੱਤਵ ਵਿਭਾਗ ਵਲੋਂ ਮੁਹੱਈਆ ਸਮੱਗਰੀ ਵਿਚ ਇਸ ਨੂੰ ਵਿਸ਼ਵ ਦਾ ਪਹਿਲਾ ਗਣਰਾਜ ਕਿਹਾ ਗਿਆ ਹੈ। ਇਹ ਲਿੱਛਵੀ ਗਣਰਾਜ ਦੀ ਰਾਜਧਾਨੀ ਸੀ। ਵੈਸ਼ਾਲੀ ਦੇ ਅਜਾਇਬ ਘਰ ਦੇ ਪ੍ਰਵੇਸ਼ ਦੁਆਰ ਵਿਚ ਇਕ ਸਵਾਗਤੀ ਬੋਰਡ ਲੱਗਾ ਹੈ, ਜਿਸ ਵਿਚ ਲਿਖਿਆ ਹੈ ਕਿ 'ਵਿਸ਼ਵ ਦੇ ਸਭ ਤੋਂ ਪੁਰਾਣੇ ਗਣਰਾਜ ਵਿਚ ਆਪ ਦਾ ਸਵਾਗਤ ਹੈ।'
ਭਾਰਤੀ ਪੁਰਾਤੱਤਵ ਸਰਵੇਖਣ ਦੇ ਪਿਤਾਮਾ ਬਰਤਾਨਵੀ ਮੇਜਰ ਜਨਰਲ ਸਰ ਅਲੈਗਜ਼ੈਂਡਰ ਕਨਿੰਘਮ (1814-1893) ਨੇ ਆਪਣੀ ਕਲਾਸਕੀ ਕਿਤਾਬ 'ਏਨਸ਼ੀਐਂਟ ਜਿਓਗਰਾਫ਼ੀ ਆਫ਼ ਇੰਡੀਆ' ਵਿਚ ਵੈਸ਼ਾਲੀ ਅਤੇ ਵਰਿੱਜੀ ਰਾਜਸ਼ਾਹੀਆਂ ਦਾ ਜ਼ਿਕਰ ਕੀਤਾ ਹੈ। ਉਸ ਅਨੁਸਾਰ ਵੈਸ਼ਾਲੀ ਦੇ ਵਸਨੀਕ ਲਿੱਛਵੀ ਕਹਿਲਾਉਂਦੇ ਸਨ ਪਰ ਨਾਲ ਹੀ ਉਸ ਨੇ ਇਹ ਵੀ ਲਿਖਿਆ ਹੈ ਕਿ ਲਿੱਛਵੀ, ਵੈਦੇਹਾ ਅਤੇ ਤ੍ਰਿਭੁਕਤੀ ਤਿੰਨੇ ਸੰਬੋਧਨ ਸਮਾਨਅਰਥੀ ਹਨ। ਕੁਝ ਸਰੋਤਾਂ ਵਿਚ ਵੈਸ਼ਾਲੀ ਅਤੇ ਵਰਿੱਜੀ ਮਹਾਂਸੰਘ ਦੀ ਚਰਚਾ ਵੀ ਕੀਤੀ ਗਈ ਹੈ।
ਸਭ ਸਰੋਤਾਂ ਅਨੁਸਾਰ ਇਸ਼ਵਾਕੂ ਵੰਸ਼ ਦਾ ਰਾਜਾ ਵਿਸ਼ਾਲ ਇਸ ਪ੍ਰਾਚੀਨ ਰਾਜ ਦਾ ਬਾਨੀ ਸੀ ਅਤੇ ਵੈਸ਼ਾਲੀ ਨਾਂਅ ਵੀ ਉਸ ਕਾਰਨ ਹੀ ਪਿਆ ਹੈ। ਪਾਲੀ ਭਾਸ਼ਾ ਵਿਚ ਇਸ ਨੂੰ ਵੇਸਾਲੀ ਕਿਹਾ ਗਿਆ ਹੈ। ਮਿਥਿਲਾ ਅਤੇ ਵਾਇਸ਼ੂ ਵੀ ਇਸ ਦੇ ਹੀ ਨਾਂਅ ਹਨ। ਬੁੱਧਾਘੋਸ਼ਾ ਅਨੁਸਾਰ ਵੈਸ਼ਾਲੀ ਨਾਂਅ ਇਸ ਕਾਰਨ ਪਿਆ ਕਿਉਂਕਿ ਇਹ ਰਾਜ ਬਹੁਤ ਵਿਸ਼ਾਲ, ਵਿਸਤ੍ਰਤ ਅਤੇ ਫੈਲਿਆ ਹੋਇਆ ਸੀ। ਪੁਰਾਣਾਂ, ਮਹਾਂਕਾਵਿ ਰਮਾਇਣ/ਮਹਾਂਭਾਰਤ ਵਿਚ ਵੀ ਰਾਜਾ ਵਿਸ਼ਾਲ ਦਾ ਜ਼ਿਕਰ ਮਿਲਦਾ ਹੈ।
ਜੈਨਮੱਤ ਅਤੇ ਬੁੱਧਮੱਤ ਦੀਆਂ ਟੈਕਸਟਾਂ ਵਿਚ ਵੀ ਵੈਸ਼ਾਲੀ ਦਾ ਵਰਨਣ ਹੈ। ਇਨ੍ਹਾਂ ਅਨੁਸਾਰ ਵੈਸ਼ਾਲੀ ਰਾਜ 6ਵੀਂ ਸਦੀ ਪੂਰਵ ਈਸਵੀ 'ਚ ਗਣਰਾਜ ਵਜੋਂ ਸਥਾਪਤ ਹੋਇਆ, ਬੁੱਧ ਦੇ 563 ਪੂਰਵ ਈਸਵੀ ਵਿਚ ਜਨਮ ਤੋਂ ਵੀ ਪਹਿਲਾਂ। ਪੁਰਾਤੱਤਵ ਖੋਜੀਆਂ ਅਨੁਸਾਰ ਵੈਸ਼ਾਲੀ ਇਸ ਨਾਂਅ ਦੇ ਮੌਜੂਦਾ ਜ਼ਿਲ੍ਹੇ ਦੇ ਪਿੰਡ ਬਸਰਾਹ ਵਿਚ ਸਥਿਤ ਸੀ।
ਇਸ ਦਾ ਹਵਾਲਾ ਚੀਨੀ ਯਾਤਰੀ ਫਕਸੀਅਨ (ਚੌਥੀ ਸਦੀ ਪੂਰਵ ਈਸਵੀ) ਅਤੇ ਜ਼ੁਆਨਜ਼ਾਂਗ (7ਵੀਂ ਸਦੀ ਪੂਰਵ ਈਸਵੀ) ਦੇ ਯਾਤਰਾ ਬਿਰਤਾਂਤਾਂ ਵਿਚ ਵੀ ਮਿਲਦਾ ਹੈ। ਇਨ੍ਹਾਂ ਹਵਾਲਿਆਂ ਨੂੰ ਬਾਅਦ ਵਿਚ ਬਰਤਾਨਵੀ ਪੁਰਾਤੱਤਵ ਖੋਜੀ ਅਲੈਗਜ਼ੈਂਡਰ ਕਨਿੰਘਮ ਨੇ 1861 ਵਿਚ ਵੈਸ਼ਾਲੀ ਦੇ ਸਹੀ ਸਥਾਨ ਦੀ ਨਿਸ਼ਾਨਦੇਹੀ ਕਰਨ ਸਮੇਂ ਇਸਤੇਮਾਲ ਕੀਤਾ।
ਪੁਰਾਣਾਂ ਵਿਚ ਵੈਸ਼ਾਲੀ ਦੇ ਤਪਰਾਜਿਆਂ ਦਾ ਵਰਨਣ ਹੈ। ਨਭਾਗਾ ਪਹਿਲਾ ਰਾਜਾ ਸੀ, ਜਿਸ ਨੇ ਮਾਨਵੀ ਅਧਿਕਾਰਾਂ ਖਾਤਰ ਸਿੰਘਾਸਨ ਤਜਿਆ ਅਤੇ ਇਸ ਉਪਰੰਤ ਐਲਾਨ ਕੀਤਾ, 'ਮੈਂ ਭੂਮੀ ਦਾ ਆਜ਼ਾਦ ਵਾਹਕ ਹਾਂ, ਆਪਣੇ ਏਕੜਾਂ ਦਾ ਰਾਜਾ'! ਆਖ਼ਰੀ ਰਾਜਾ ਸੁਮਤੀ ਸੀ, ਜੋ ਰਾਮ-ਪਿਤਾ ਦਸ਼ਰਥ ਦਾ ਸਮਕਾਲੀ ਕਿਹਾ ਜਾਂਦੈ।
ਪੁਰਾਤੱਤਵ ਵਿਭਾਗ ਵਲੋਂ ਕੀਤੀ ਗਈ ਖੁਦਾਈ ਦੌਰਾਨ ਇਕ ਟਿੱਲਾ (ਮਾਊਂਡ) ਪ੍ਰਾਪਤ ਹੋਇਆ, ਜੋ ਵੈਸ਼ਾਲੀ ਦੇ ਪ੍ਰਾਚੀਨ ਲੋਕਤੰਤਰਿਕ ਗਣਰਾਜ ਦੀ ਸੰਸਦ ਦਾ ਸਰੂਪ ਕਿਹਾ ਜਾਂਦੈ। ਇਸ ਨੂੰ 'ਰਾਜਾ ਵਿਹਾਲਾ ਕਾ ਘਰ' ਸੱਦਿਆ ਜਾਂਦਾ ਸੀ। ਇਸ ਵਿਚ 7000 ਤੋਂ ਵੱਧ ਚੁਣੇ ਹੋਏ ਨੁਮਾਇੰਦੇ ਮੀਟਿੰਗ, ਵਿਚਾਰ ਚਰਚਾ ਕਰਦੇ ਸਨ ਅਤੇ ਕਾਨੂੰਨ ਘੜਦੇ ਸਨ। ਇਸ ਸੰਘੀ ਸੰਸਦੀ ਕਿਲ੍ਹਾਨੁਮਾ ਢਾਂਚੇ ਦਾ ਘੇਰਾ ਇਕ ਕਿ: ਮੀ:, ਦੀਵਾਰਾਂ 2 ਮੀਟਰ ਉੱਚੀਆਂ, ਇਸ ਕਿਲ੍ਹੇ ਦੁਆਲੇ ਬਣੀ ਖਾਈ/ਖੰਦਕ ਦੀ ਚੌੜਾਈ 43 ਮੀਟਰ ਸੀ।
ਵੈਸ਼ਾਲੀ ਅਸ਼ੋਕਾ ਪਿੱਲਰ ਕਾਰਨ ਬਹੁਤ ਮਸ਼ਹੂਰ ਹੈ। ਇਸ 11 ਮੀਟਰ ਉੱਚੇ ਸਤੰਭ ਦੇ ਸਿਖ਼ਰ ਉੱਪਰ ਸ਼ੇਰ ਦੀ ਮੂਰਤੀ ਹੈ। ਮੌਰੀਆਕਾਲੀਨ ਵਿਸ਼ੇਸ਼ ਚਮਕ ਨਾਲ ਭਰਪੂਰ ਇਲਾਕਾਈ ਬੋਲੀ ਵਿਚ ਲਾਠ ਸਦਵਾਉਣ ਵਾਲਾ ਇਹ ਸਤੰਭ ਕੋਲਹੂਆ ਨਾਂਅ ਦੇ ਸਥਾਨ ਉਪਰ ਸਥਿੱਤ ਹੈ, ਜੋ ਪ੍ਰਾਚੀਨ ਵੈਸ਼ਾਲੀ ਦਾ ਹੀ ਹਿੱਸਾ ਸੀ ਪਰ ਹੁਣ ਇਹ ਵੈਸ਼ਾਲੀ ਤੋਂ 3 ਕਿ: ਮੀ: ਦੀ ਦੂਰੀ 'ਤੇ ਹੈ ਅਤੇ ਜ਼ਿਲ੍ਹਾ ਮੁਜ਼ੱਫਰਪੁਰ ਵਿਚ ਪੈਂਦਾ ਹੈ। ਇਸ ਉਪਰਲੇ ਸ਼ੇਰ ਦਾ ਮੂੰਹ ਉੱਤਰ ਵੱਲ ਹੈ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਵੈਸ਼ਾਲੀ ਤੋਂ ਜਾਣ ਸਮੇਂ ਗੌਤਮ ਬੁੱਧ ਉੱਤਰ ਦਿਸ਼ਾ ਵੱਲ ਗਏ ਸਨ। ਬੁੱਧ ਗ੍ਰੰਥਾਂ ਅਨੁਸਾਰ ਇਸ ਥਾਂ ਸਥਾਨਕ ਕਪੀ ਪ੍ਰਮੁੱਖ ਨੇ ਬੁੱਧ ਨੂੰ ਸ਼ਹਿਦ ਨਾਲ ਭਰਿਆ ਇਕ ਪਿਆਲਾ ਭੇਟ ਕੀਤਾ ਸੀ। ਇਹ ਘਟਨਾ ਬੁੱਧ ਦੇ ਜੀਵਨ ਵਿਚ ਵਾਪਰਨ ਵਾਲੀਆਂ 8 ਮਹੱਤਵਪੂਰਨ ਘਟਨਾਵਾਂ ਵਿਚੋਂ ਇਕ ਗਿਣੀ ਜਾਂਦੀ ਹੈ।
ਪੁਰਾਤੱਤਵ ਵਿਭਾਗ ਵਲੋਂ ਪ੍ਰਦਾਨ ਚੁਪੱਤਰੀ (ਲੀਫਲੈੱਟ) ਅਨੁਸਾਰ ਸੰਭਾਵਤਨ ਇਹ ਅਸ਼ੋਕਾ ਪਿੱਲਰ ਸਮਰਾਟ ਅਸ਼ੋਕ ਦੇ ਸਤੰਭਾਂ ਵਿਚੋਂ ਸਭ ਤੋਂ ਪੁਰਾਣਾ ਹੈ, ਜਿਸ ਉਪਰ ਅਸ਼ੋਕ ਦਾ ਕੋਈ ਸ਼ਿਲਾਲੇਖ/ਸ਼ਾਹੀ ਫੁਰਮਾਨ ਨਹੀਂ ਹੈ ਪਰ ਗੁਪਤਕਾਲੀਨ ਸ਼ੰਖ ਲਿਪੀ ਦੇ ਕੁਝ ਅੱਖਰ ਇਸ ਉਪਰ ਅੰਕਿਤ ਹਨ।
ਇਸ ਨਾਲ ਹੀ ਬੁੱਧ ਨੂੰ ਸ਼ਹਿਦ ਦੇਣ ਦੀ ਘਟਨਾ ਦੀ ਯਾਦ ਵਿਚ ਮੌਰੀਆ ਕਾਲ ਸਮੇਂ ਇਸ ਕੋਲ ਹੀ ਇੱਟਾਂ ਨਾਲ ਇਕ ਸਤੂਪ ਦਾ ਨਿਰਮਾਣ ਕੀਤਾ ਗਿਆ, ਜਿਸ ਨੂੰ ਕੁਸ਼ਾਣ ਕਾਲ ਅਤੇ ਗੁਪਤ ਕਾਲ ਸਮੇਂ ਹੋਰ ਵਿਸਤ੍ਰਤ ਅਤੇ ਸੁੰਦਰ ਬਣਾਇਆ ਗਿਆ। ਬੁੱਧ ਰੈਲਿਕ ਸਤੂਪ ਤੋਂ ਇਲਾਵਾ ਆਨੰਦ ਸਤੂਪ ਵੀ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਫਗਵਾੜਾ। gandamjs@gmail.com

ਭਗਤਾਂ ਦਾ ਸਤਿਕਾਰ ਕਰਨ ਵਾਲੇ ਹਾਥੀ

ਕਈ ਗੱਲਾਂ ਵਿਚ ਜਾਨਵਰ ਮਨੁੱਖਾਂ ਤੋਂ ਵੀ ਅੱਗੇ ਹਨ। ਤਾਕਤ, ਹੰਕਾਰ ਜਾਂ ਸ਼ਰਾਬ ਦੇ ਨਸ਼ੇ ਵਿਚ ਮਨੁੱਖ ਇਨਸਾਨੀਅਤ ਤੋਂ ਗਿਰ ਜਾਂਦਾ ਹੈ ਅਤੇ ਬਹੁਤ ਮਾੜੇ ਕਰਮ ਕਰ ਬੈਠਦਾ ਹੈ। ਜਾਨਵਰ ਕਦੇ ਕਿਸੇ ਨੂੰ ਨਾਜਾਇਜ਼ ਤੰਗ ਨਹੀਂ ਕਰਦੇ। ਹਾਥੀ ਤਾਂ ਬਹੁਤ ਹੀ ਸਿਆਣੇ ਅਤੇ ਸੰਵੇਦਨਸ਼ੀਲ ਹੁੰਦੇ ਹਨ। ਇਤਿਹਾਸ ਵਿਚ ਅਜਿਹੇ ਹਾਥੀਆਂ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਸ਼ਰਾਬ ਪਿਆ ਕੇ ਮਦਮਸਤ ਕੀਤਾ ਗਿਆ ਤਾਂ ਕਿ ਉਹ ਦਰਵੇਸ਼ਾਂ ਨੂੰ ਲਿਤਾੜ ਕੇ ਮਾਰ ਸਕਣ ਪਰ ਹੈਰਾਨੀ ਦੀ ਗੱਲ ਹੈ ਕਿ ਨਸ਼ੇ ਵਿਚ ਵੀ ਉਨ੍ਹਾਂ ਨੂੰ ਚੰਗੇ-ਮਾੜੇ ਦੀ ਪਛਾਣ ਰਹੀ। ਪਸ਼ੂ, ਪੰਛੀ, ਇਨਸਾਨਾਂ ਵਿਚ ਇਕੋ ਹੀ ਪਰਮੇਸ਼ਰ ਦੀ ਜੋਤ ਜਗ ਰਹੀ ਹੈ। ਇਸ ਜੋਤ ਨੂੰ ਕਿਸੇ ਨਾਲ ਵੀ ਵੈਰ-ਵਿਰੋਧ ਨਹੀਂ ਹੁੰਦਾ ਪਰ ਮਾਇਆ ਦੇ ਨਸ਼ੇ ਵਿਚ ਹੰਕਾਰਿਆ ਮਨੁੱਖ ਆਪਣੀ ਆਤਮਾ ਦੀ ਆਵਾਜ਼ ਨੂੰ ਨਹੀਂ ਪਛਾਣਦਾ।
ਭਗਤ ਕਬੀਰ ਜੀ ਦੇ ਸਮੇਂ ਸਿਕੰਦਰ ਲੋਧੀ ਦਾ ਰਾਜ ਸੀ। ਉਸ ਨੇ ਬਾਦਸ਼ਾਹੀ ਹੰਕਾਰ ਵਿਚ ਹੁਕਮ ਕੀਤਾ ਕਿ ਕਬੀਰ ਨੂੰ ਮਸਤ ਹਾਥੀ ਦੇ ਪੈਰਾਂ ਹੇਠ ਕੁਚਲ ਦਿੱਤਾ ਜਾਵੇ। ਹਾਕਮਾਂ ਨੇ ਨਿਰਦੋਸ਼ ਭਗਤ ਜੀ ਦੀਆਂ ਬਾਹਾਂ ਬੰਨ੍ਹ ਕੇ ਗੁੱਸੇ ਨਾਲ ਭਰੇ ਹਾਥੀ ਅੱਗੇ ਸੁੱਟ ਦਿੱਤਾ। ਹਾਥੀ ਸਗੋਂ ਕਬੀਰ ਜੀ ਨੂੰ ਨਮਸਕਾਰਾਂ ਕਰਨ ਲੱਗ ਪਿਆ। ਕਾਜ਼ੀ ਦੇ ਜ਼ੋਰ ਦੇਣ 'ਤੇ ਮਹਾਵਤ ਨੇ ਕੁੰਡੇ ਮਾਰ-ਮਾਰ ਕੇ ਹਾਥੀ ਨੂੰ ਉਕਸਾਇਆ ਕਿ ਉਹ ਕਬੀਰ ਜੀ ਨੂੰ ਪੈਰਾਂ ਹੇਠ ਮਧੋਲ ਦੇਵੇ ਪਰ ਹਾਥੀ ਕਬੀਰ ਜੀ ਨੂੰ ਕੁਝ ਕਹਿਣ ਦੀ ਥਾਂ ਦੂਜੇ ਪਾਸੇ ਜੰਗਲ ਵੱਲ ਭੱਜ ਕੇ ਚਲਾ ਗਿਆ ਅਤੇ ਮਹਾਵਤ ਨੂੰ ਥੱਲੇ ਪਟਕਾ ਮਾਰਿਆ। ਇਸ ਦਾ ਵੇਰਵਾ ਭਗਤ ਜੀ ਖੁਦ ਆਪਣੀ ਬਾਣੀ ਵਿਚ ਦਿੰਦੇ ਹਨ-
ਭੁਜਾ ਬਾਂਧਿ ਭਿਲਾ ਕਰਿ ਡਾਰਿਓ॥
ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ॥
ਹਸਤੀ ਭਾਗਿ ਕੈ ਚੀਸਾ ਮਾਰੈ॥
ਇਆ ਮੂਰਤਿ ਕੈ ਹਉ ਬਲਿਹਾਰੈ॥ ੧॥
ਆਹਿ ਮੇਰੇ ਠਾਕੁਰ ਤੁਮਰਾ ਜੋਰੁ॥
ਕਾਜੀ ਬਕਿਬੋ ਹਸਤੀ ਤੋਰੁ॥ ੧॥ ਰਹਾਉ॥
ਰੇ ਮਹਾਵਤ ਤੁਝੁ ਡਾਰਉ ਕਾਟਿ॥
ਇਸਹਿ ਤੁਰਾਵਹੁ ਘਾਲਹੁ ਸਾਟਿ॥
ਹਸਤਿ ਨ ਤੋਰੈ ਧਰੈ ਧਿਆਨੁ॥
ਵਾ ਕੈ ਰਿਦੈ ਬਸੈ ਭਗਵਾਨੁ॥ ੧॥
ਕਿਆ ਅਪਰਾਧੁ ਸੰਤ ਹੈ ਕੀਨਹਹਾ॥
ਬਾਂਧਿ ਪੋਟ ਕੁੰਚਰ ਕਉ ਦੀਨਹਹਾ॥
ਕੁੰਚਰੁ ਪੋਟ ਲੈ ਲੈ ਨਮਸਕਾਰੈ॥ ਬੂਝੀ ਨਾਹੀ ਕਾਜੀ ਅੰਧਿਆਰੈ॥
ਇਉਂ ਹੀ ਬਾਦਸ਼ਾਹ ਸਲੇਮ ਸ਼ਾਹ ਨੇ ਭਗਤ ਨਾਮਦੇਵ ਜੀ ਨੂੰ ਸ਼ਰਾਬੀ ਹਾਥੀ ਅੱਗੇ ਸੁਟਵਾ ਦਿੱਤਾ ਜਿਵੇਂ ਆਪ ਜੀ ਦੀ ਬਾਣੀ ਵਿਚ ਦਰਜ ਹੈ-
ਬਾਦਿਸਾਹੁ ਚੜਹਹਿਓ ਅਹੰਕਾਰਿ॥
ਗਜ ਹਸਤੀ ਦੀਨੋ ਚਮਕਾਰਿ॥
ਪਰ ਹਾਥੀ ਨੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ। ਗੁਰਬਾਣੀ ਵਿਚ ਉਸ ਹਾਥੀ ਦਾ ਵੀ ਕਈ ਵਾਰ ਜ਼ਿਕਰ ਕੀਤਾ ਗਿਆ ਹੈ, ਜਿਸ ਨੂੰ ਪਟਨਾ ਸਾਹਿਬ ਕੋਲ ਇਕ ਭਿਆਨਕ ਤੰਦੂਏ ਨੇ ਫੜ ਲਿਆ ਸੀ ਅਤੇ ਡੁੱਬਦੇ ਹੋਏ ਹਾਥੀ ਨੇ ਆਪਣੀ ਸੁੰਡ ਵਿਚ ਕਮਲ ਦਾ ਫੁੱਲ ਫੜ ਕੇ ਪ੍ਰਭੂ ਦੀ ਅਰਾਧਨਾ ਕੀਤੀ ਸੀ। ਪਰਮੇਸ਼ਰ ਨੇ ਝੱਟ ਹੀ ਹਾਥੀ ਦੇ ਬੰਧਨ ਕੱਟ ਦਿੱਤੇ ਸਨ-
ਏਕ ਨਿਮਖ ਮਨ ਮਾਹਿ ਅਰਾਧਿਓ
ਗਜਪਤਿ ਪਾਰ ਉਤਾਰੇ॥ (ਮਾਰੂ ਮਹਲਾ ੫)

ਬਰਸੀ 'ਤੇ ਵਿਸ਼ੇਸ਼

ਸੁਲਤਾਨ-ਉਲ-ਕੌਮ ਸ: ਜੱਸਾ ਸਿੰਘ ਆਹਲੂਵਾਲੀਆ

ਬੁੱਢਾ ਦਲ ਦੇ ਮੁਖੀ ਅਤੇ ਦਲ ਖਾਲਸਾ ਦੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਯੁੱਧਵੀਰ ਅਤੇ ਧਰਮਵੀਰ ਵਜੋਂ ਸਿੱਖ ਇਤਿਹਾਸ ਵਿਚ ਵੱਡਾ ਮਾਣ ਪ੍ਰਾਪਤ ਹੋਇਆ ਹੈ। ਸ: ਜੱਸਾ ਸਿੰਘ ਦੀ ਅਗਵਾਈ ਵਿਚ ਬਾਬਾ ਬਘੇਲ ਸਿੰਘ ਨੇ ਜਦੋਂ ਦਿੱਲੀ ਵਿਖੇ ਲਾਲ ਕਿਲ੍ਹਾ ਫਤਹਿ ਕੀਤਾ ਤਾਂ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਕੌਮ ਵੱਲੋਂ ਸੁਲਤਾਨ-ਉਲ-ਕੌਮ ਵਜੋਂ ਨਿਵਾਜਿਆ ਗਿਆ। ਇਸ ਜਰਨੈਲ ਦਾ ਜਨਮ ਲਾਹੌਰ ਦੇ ਨੇੜੇ ਪਿੰਡ ਆਹਲੂ ਵਿਖੇ ਸ: ਬਦਰ ਸਿੰਘ ਦੇ ਗ੍ਰਹਿ ਵਿਖੇ 1718 ਈ: ਵਿਚ ਹੋਇਆ। ਸ: ਜੱਸਾ ਸਿੰਘ ਅਜੇ 5 ਸਾਲ ਦੇ ਹੀ ਸਨ ਕਿ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੀ ਸਿੱਖ ਧਰਮ ਅਤੇ ਗੁਰੂ-ਘਰ ਨਾਲ ਸ਼ਰਧਾ ਰੱਖਣ ਵਾਲੀ ਧਰਮੀ ਮਾਂ ਨੇ ਆਪਣੇ ਸਕੇ ਭਾਈ ਸ: ਭਾਗ ਸਿੰਘ ਦੀ ਸਹਾਇਤਾ ਨਾਲ ਆਪਣੇ ਬੱਚੇ ਸ: ਜੱਸਾ ਸਿੰਘ ਨੂੰ ਬਚਪਨ ਵਿਚ ਹੀ ਦਿੱਲੀ ਵਿਖੇ ਮਾਤਾ ਸੁੰਦਰ ਕੌਰ ਦੀ ਸੇਵਾ ਵਿਚ ਭੇਜ ਦਿੱਤਾ। ਇਨ੍ਹਾਂ ਨੇ ਤਕਰੀਬਨ ਸੱਤ ਸਾਲ ਦਾ ਸਮਾਂ ਦਿੱਲੀ ਵਿਚ ਹੀ ਬਿਤਾਇਆ। ਇਸ ਦੌਰਾਨ ਸ: ਜੱਸਾ ਸਿੰਘ ਨੇ ਉਸ ਸਮੇਂ ਦੇ ਮੁਖੀ ਸਿੱਖਾਂ ਵਿਚ ਚੰਗੀ ਜਾਣ-ਪਛਾਣ ਬਣਾਈ। ਜਦੋਂ ਮਾਤਾ ਜੀ ਤੋਂ ਵਿਦਾਇਗੀ ਪ੍ਰਾਪਤ ਕੀਤੀ, ਉਸ ਵਕਤ ਮਾਤਾ ਜੀ ਨੇ ਸ: ਜੱਸਾ ਸਿੰਘ ਦੇ ਕਰਮਯੋਗੀ ਤੇ ਧਰਮੀ ਜੀਵਨ ਨੂੰ ਭਾਂਪਦਿਆਂ ਭਵਿੱਖ ਵਿਚ ਸਿੱਖ ਜਗਤ ਦੀ ਯੋਗ ਅਗਵਾਈ ਕਰਨ ਲਈ ਇਸ ਸਿਦਕੀ ਸਿੱਖ ਯੋਧੇ ਨੂੰ ਇਕ ਕ੍ਰਿਪਾਨ, ਇਕ ਗੁਰਜ, ਇਕ ਢਾਲ, ਇਕ ਕਮਾਨ, ਇਕ ਤੀਰਾਂ ਦਾ ਭੱਥਾ, ਇਕ ਖਿਲਅਤ ਅਤੇ ਇਕ ਚਾਂਦੀ ਦੀ ਚੋਬ ਬਖਸ਼ਿਸ਼ ਵਜੋਂ ਦੇ ਕੇ ਨਿਵਾਜਿਆ ਗਿਆ।
ਆਪਣੀ ਦਲੇਰੀ, ਸੁਭਾਅ ਅਤੇ ਤੀਖਣ ਬੁੱਧੀ ਵਰਗੇ ਗੁਣਾਂ ਸਦਕਾ ਨਵਾਬ ਕਪੂਰ ਸਿੰਘ ਵਰਗੇ ਜਰਨੈਲ ਦੀ ਨੇੜਤਾ ਹਾਸਲ ਕਰ ਲਈ। 1748 ਈ: ਵਿਚ ਨਵਾਬ ਕਪੂਰ ਸਿੰਘ ਦੀ ਬਹਾਦਰ ਸਿੱਖ ਸੈਨਾ ਦੇ ਬਹਾਦਰ ਸੂਰਬੀਰਾਂ ਨੇ ਸ: ਜੱਸਾ ਸਿੰਘ ਨਾਲ ਮਿਲ ਕੇ ਅਹਿਮਦ ਸ਼ਾਹ ਅਬਦਾਲੀ ਦੇ ਵੱਡੇ ਲਸ਼ਕਰ ਨੂੰ ਨੂਰ ਦੀਨ ਦੀ ਸਰਾਂ ਅਤੇ ਵੈਰੋਵਾਲ ਨੇੜੇ ਘੇਰ ਕੇ ਗੁਰੀਲੇ ਢੰਗ ਦੇ ਹਮਲੇ ਕਰਕੇ ਭਾਜੜਾਂ ਪਾ ਦਿੱਤੀਆਂ। ਅੰਮ੍ਰਿਤਸਰ ਦੇ ਮੁਗਲ ਹਾਕਮ ਸਲਾਬਦ ਖਾਨ ਨੂੰ ਹਰਾ ਕੇ ਵੱਖ-ਵੱਖ ਜਥਿਆਂ ਵਿਚ ਵੰਡੇ ਸਿੱਖਾਂ ਦੀ ਨਜ਼ਰ ਵਿਚ ਇਕ ਸੁਲਝੇ ਹੋਏ ਸਿੱਖ ਜਰਨੈਲ ਵਜੋਂ ਸਤਿਕਾਰ ਪ੍ਰਾਪਤ ਕੀਤਾ। ਇਸ ਸਾਲ ਨਵਾਬ ਕਪੂਰ ਸਿੰਘ ਨਾਲ ਮਿਲ ਕੇ ਵਿਸਾਖੀ ਦੇ ਪਾਵਨ ਅਵਸਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਰਬੱਤ ਖਾਲਸੇ ਦੇ ਜੁੜੇ ਇਕੱਠ ਵਿਚ ਸਿੱਖਾਂ ਦੇ 65 ਜਥਿਆਂ ਨੂੰ ਇਕੱਠੇ ਕਰਕੇ 11 ਮਿਸਲਾਂ (12ਵੀਂ ਮਿਸਲ ਫੂਲਕੀਆ ਤੋਂ ਬਿਨਾਂ) ਵਿਚ ਵੰਡ ਕੇ 'ਦਲ ਖਾਲਸਾ' ਦੀ ਸਥਾਪਨਾ ਕੀਤੀ। ਦਲ ਖਾਲਸਾ ਦੇ ਪਹਿਲੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਥਾਪਿਆ ਗਿਆ। ਇਸ ਤੋਂ ਇਲਾਵਾ ਆਪ ਆਹਲੂਵਾਲੀਆ ਮਿਸਲ ਦੇ ਸੰਸਥਾਪਕ ਵੀ ਸਨ। 7 ਅਕਤੂਬਰ, 1753 ਈ: ਨੂੰ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਸ: ਜੱਸਾ ਸਿੰਘ ਸਿੱਖ ਕੌਮ ਦੀ ਸੈਨਿਕ ਸ਼ਕਤੀ ਅਤੇ ਦਲ ਪੰਥ ਬੁੱਢਾ ਦਲ ਦੇ ਮੁਖੀ ਵਜੋਂ ਸ਼੍ਰੋਮਣੀ ਜਰਨੈਲ ਬਣੇ।
ਇਸ ਤੋਂ ਪਿੱਛੋਂ ਜਦੋਂ ਦੁਰਾਨੀ ਨੇ 1762 ਈ: ਵਿਚ ਜਦੋਂ ਵੱਡੀ ਫੌਜੀ ਤਾਕਤ ਨਾਲ ਹਿੰਦੁਸਤਾਨ 'ਤੇ ਹਮਲਾ ਕੀਤਾ, ਉਸ ਸਮੇਂ ਦਲ ਖਾਲਸਾ ਦੇ ਸਰਦਾਰ ਆਪਣੀ ਸੈਨਿਕ ਸ਼ਕਤੀ ਅਤੇ ਪਰਿਵਾਰਾਂ ਸਮੇਤ ਮਾਲੇਰਕੋਟਲਾ ਨੇੜੇ 'ਕੁੱਪ-ਰਹੀੜਾ' ਦੇ ਆਸ-ਪਾਸ ਠਹਿਰੇ ਹੋਏ ਸਨ। ਦੁਰਾਨੀ ਨੇ ਵੱਡੀ ਫੌਜੀ ਤਾਕਤ ਨਾਲ ਲਾਹੌਰ ਤੋਂ ਲਗਪਗ 36 ਘੰਟਿਆਂ ਵਿਚ ਢਾਈ ਸੌ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਿੱਖਾਂ ਉੱਤੇ ਹਮਲਾ ਕੀਤਾ। ਆਪਣੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਸਿੰਘ ਜਾਨ ਹੂਲ ਕੇ ਲੜਦੇ-ਲੜਦੇ ਆਪਣੇ ਪਰਿਵਾਰਾਂ ਨੂੰ ਬਰਨਾਲੇ ਵੱਲ ਲਿਜਾ ਰਹੇ ਸਨ। ਦੁਰਾਨੀ ਨੇ ਇਸ ਹਮਲੇ ਦੌਰਾਨ 20 ਹਜ਼ਾਰ ਤੋਂ 35 ਹਜ਼ਾਰ ਦੇ ਲਗਪਗ ਸਿੰਘਾਂ, ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸ਼ਹੀਦ ਕੀਤਾ। ਇਸ ਘਟਨਾ ਨੂੰ ਸਿੱਖ ਇਤਿਹਾਸ ਵਿਚ 'ਵੱਡੇ ਘੱਲੂਘਾਰੇ' ਵਜੋਂ ਯਾਦ ਕੀਤਾ ਜਾਂਦਾ ਹੈ। ਅੱਜਕਲ੍ਹ ਇਸ ਅਸਥਾਨ 'ਤੇ 'ਵੱਡੇ ਘੱਲੂਘਾਰੇ' ਦੀ ਯਾਦ ਵਿਚ 'ਯਾਦਗਾਰੀ' ਇਮਾਰਤ ਦੀ ਉਸਾਰੀ ਕੀਤੀ ਗਈ ਹੈ। ਇਤਿਹਾਸ ਮੁਤਾਬਿਕ ਇਸ ਘੱਲੂਘਾਰੇ ਦੌਰਾਨ ਸ: ਜੱਸਾ ਸਿੰਘ ਦੇ ਸਰੀਰ ਉੱਤੇ 22 ਵੱਡੇ ਫੱਟ ਲੱਗੇ ਸਨ। ਇਸ ਤੋਂ ਪਿੱਛੋਂ ਦੁਰਾਨੀ (ਅਹਿਮਦ ਸ਼ਾਹ ਅਬਦਾਲੀ) ਨੇ ਵਾਪਸ ਮੁੜਦਿਆਂ ਅੰਮ੍ਰਿਤਸਰ ਸ਼ਹਿਰ ਉੱਤੇ ਹਮਲਾ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ। ਸ: ਜੱਸਾ ਸਿੰਘ ਨੇ ਸਿਆਣਪ ਅਤੇ ਮੁਖੀ ਸਿੱਖ ਆਗੂ ਵਜੋਂ 'ਦਲ ਖਾਲਸਾ' ਮੁੜ ਸੁਰਜੀਤ ਕੀਤਾ ਅਤੇ ਵੱਡੇ ਘੱਲੂਘਾਰੇ ਤੋਂ ਦੋ ਸਾਲ ਬਾਅਦ 1764 ਈ: ਵਿਚ ਸਰਹਿੰਦ ਉੱਤੇ ਹਮਲਾ ਕਰਕੇ ਅਫ਼ਗਾਨ ਫੌਜਦਾਰ ਜੈਨ ਖਾਂ ਨੂੰ ਮਾਰ ਕੇ ਸਾਰਾ ਸ਼ਹਿਰ ਨੇਸਤੋਨਾਬੂਦ ਕਰ ਦਿੱਤਾ।
ਹੁਣ ਸ: ਜੱਸਾ ਸਿੰਘ ਦੀ ਅਗਵਾਈ ਵਿਚ ਦਲ ਖਾਲਸਾ ਨੇ ਜਮਨਾ ਪਾਰ ਦੇ ਇਲਾਕਿਆਂ ਉੱਤੇ ਸਖ਼ਤ ਹਮਲੇ ਕਰਕੇ ਦਿੱਲੀ ਤੱਕ ਮੁੜ ਸਿੱਖ ਸ਼ਕਤੀ ਦੀ ਧਾਂਕ ਜਮਾਈ। ਜਦੋਂ ਮੁੜ ਦੁਰਾਨੀ 1765 ਈ: ਵਿਚ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ ਤਾਂ ਉਹ ਸਿੱਖ ਸ਼ਕਤੀ ਤੋਂ ਘਬਰਾਉਂਦਾ ਸੀ। ਉਸ ਨੇ ਸਿੱਖਾਂ ਨਾਲ ਸਮਝੌਤਾ ਕਰਕੇ ਸ਼ਾਂਤੀ ਕਾਇਮ ਕਰਨ ਦਾ ਯਤਨ ਕੀਤਾ ਪਰ ਮਹਾਨ ਜਰਨੈਲ ਸ: ਜੱਸਾ ਸਿੰਘ ਨੇ ਉਸ ਦੀ ਇਸ ਸਲਾਹ ਨੂੰ ਪੂਰੀ ਤਰ੍ਹਾਂ ਠੁਕਰਾਅ ਦਿੱਤਾ। ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਪਰਚਮ ਲਹਿਰਾਇਆ। 18ਵੀਂ ਸਦੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੇ ਕਿਸੇ ਸਿੱਖ ਜਰਨੈਲ ਨੂੰ ਸੁਨਹਿਰੀ ਹਰਫਾਂ ਵਿਚ ਯਾਦ ਕੀਤਾ ਜਾਂਦਾ ਹੈ ਤਾਂ ਇਹ ਮਾਣ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਮਿਲਦਾ ਹੈ। ਇਹ ਮਹਾਨ ਜਰਨੈਲ 20 ਅਕਤੂਬਰ, 1783 ਈ: ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਉਸ ਸਮੇਂ ਦੇ ਮੁਖੀ ਸਿੱਖਾਂ ਨੇ ਇਨ੍ਹਾਂ ਦੀ ਸਮਾਧ ਗੁ: ਬਾਬਾ ਅਟੱਲ ਰਾਇ ਦੇ ਨਜ਼ਦੀਕ ਅੰਮ੍ਰਿਤਸਰ ਵਿਖੇ ਬਣਵਾਈ। ਸ: ਜੱਸਾ ਸਿੰਘ ਦੀ ਯਾਦ ਬੁਰਜ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਬੁੱਢਾ ਦਲ ਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਮਨਾਈ ਜਾਂਦੀ ਹੈ। ਇਸ ਮਹਾਨ ਜਰਨੈਲ ਨੂੰ ਸਾਡਾ ਪ੍ਰਣਾਮ!


ਮੋਬਾ: 98143-24040
bhagwansinghjohal@gmail.com

ਜਨਮ ਦਿਵਸ 'ਤੇ ਵਿਸ਼ੇਸ਼

ਮਹਾਨ ਗ਼ਦਰੀ ਗੁੰਮਨਾਮ ਜਰਨੈਲ ਬਾਬਾ ਹਰੀ ਸਿੰਘ ਉਸਮਾਨ

ਬਾਬਾ ਹਰੀ ਸਿੰਘ ਉਸਮਾਨ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਕ ਪਿੰਡ ਬੱਦੋਵਾਲ ਵਿਖੇ 20 ਅਕਤੂਬਰ, 1879 ਨੂੰ ਹੋਇਆ। ਪੂਰੇ 19 ਸਾਲ ਦੀ ਉਮਰ ਵਿਚ ਫ਼ੌਜ ਵਿਚ ਭਰਤੀ ਹੋ ਕੇ 20 ਅਕਤੂਬਰ, 1898 ਤੋਂ ਲੈ ਕੇ ਅਪ੍ਰੈਲ, 1905 ਤੱਕ ਕਰੀਬ ਸਾਢੇ ਛੇ ਸਾਲ ਸਰਕਾਰੀ ਨੌਕਰੀ ਕੀਤੀ। ਅਣਖੀਲੇ ਸੁਭਾਅ ਦੇ ਮਾਲਕ ਹੋਣ ਕਰਕੇ ਫ਼ੌਜੀ ਗੁਲਾਮੀ ਨੂੰ ਲੱਤ ਮਾਰ ਕੇ ਪਿੰਡ ਵਾਪਸ ਆ ਗਏ ਤੇ ਢਾਈ ਸਾਲ ਖੇਤੀਬਾੜੀ ਦਾ ਕੰਮ ਕੀਤਾ। 30 ਅਕਤੂਬਰ, 1907 ਨੂੰ ਰੋਟੀ-ਰੋਜ਼ੀ ਦੀ ਭਾਲ ਵਿਚ ਫਿਲਪਾਈਨ ਲਈ ਰਵਾਨਾ ਹੋ ਗਏ। ਦੋ ਸਾਲ ਫਿਲਪਾਈਨ ਸ਼ਹਿਰ ਮਨੀਲਾ ਵਿਚ ਮਜ਼ਦੂਰੀ ਤੇ ਪਹਿਰੇਦਾਰੀ ਕੀਤੀ। ਅੱਗੋਂ ਅਮਰੀਕਾ ਜਾ ਕੇ ਕੈਲੇਫੋਰਨੀਆ, ਇੰਪੀਰੀਅਲ ਵੈਲੀ 'ਚ ਮਜ਼ਦੂਰੀ ਕਰਨ ਪਿੱਛੋਂ ਅਮਰੀਕਾ-ਮੈਕਸੀਕੋ ਹੱਦ 'ਤੇ ਮੈਕਸੀਕਾਲੀ ਕਸਬੇ ਨੇੜੇ 200 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਕਪਾਹ ਦੀ ਖੇਤੀ ਕਰਨ ਲੱਗੇ। ਅਜਿਹੇ ਹਾਲਾਤ ਅੰਦਰ ਸਾਨਫਰਾਂਸਿਸਕੋ ਦੇ 'ਯੁਗਾਂਤਰ-ਆਸ਼ਰਮ' 'ਚੋਂ ਨਿਕਲਦੇ 'ਗ਼ਦਰ' ਅਖ਼ਬਾਰ ਦਾ ਪਹਿਲਾ ਪਰਚਾ ਹਰੀ ਸਿੰਘ ਨੂੰ ਮਿਲਿਆ। ਆਪ ਨੇ ਇਸ ਵਿਚ ਪੜ੍ਹੇ ਹੇਠ ਲਿਖੇ ਚਾਰ ਸਬਕ :
ਪਹਿਲਾ ਸਬਕ ਹਥਿਆਰਬੰਦ ਇਨਕਲਾਬ, ਦੂਜਾ ਸਬਕ ਧਰਮ ਆਪੋ-ਆਪਣਾ, ਤੀਜਾ ਸਬਕ ਸਭ ਗੁਲਾਮ ਦੇਸ਼ਾਂ ਦੀ ਆਜ਼ਾਦੀ ਦੇ ਘੋਲਾਂ ਵਿਚ ਹਿੱਸਾ ਲੈਣਾ ਅਤੇ ਚੌਥਾ ਸਬਕ ਤਨਖਾਹ ਮੌਤ ਤੇ ਇਨਾਮ ਆਜ਼ਾਦੀ। ਚਾਰੇ ਸਬਕ ਹਰੀ ਸਿੰਘ ਨੇ ਪਾਠ ਦੀ ਤਰ੍ਹਾਂ ਯਾਦ ਕਰ ਲਏ।
15 ਅਕਤੂਬਰ, 1914 ਨੂੰ 'ਯੁਗਾਂਤਰ-ਆਸ਼ਰਮ' ਪੁੱਜ ਕੇ ਬਣ ਗਏ ਗ਼ਦਰ ਪਾਰਟੀ ਦੇ ਪੱਕੇ ਮੈਂਬਰ ਤੇ ਬੰਦ ਪਏ ਅਖ਼ਬਾਰ ਗ਼ਦਰ ਨੂੰ ਮੁੜ ਚਾਲੂ ਕਰਨ ਵਾਲੇ ਨਵੇਂ ਸੰਪਾਦਕ। ਗ਼ਦਰ ਪਾਰਟੀ ਦੇ ਫੈਸਲੇ ਮੁਤਾਬਿਕ ਆਪਣੇ ਸਾਥੀਆਂ-ਹਰਨਾਮ ਚੰਦ, ਕਿਸ਼ਨ ਚੰਦ, ਮੰਗੂ ਤੇ ਰਘਵੀਰ ਸਮੇਤ ਆਪ 'ਜਹਾਂਗੀਰ' ਗੁਪਤ ਨਾਂਅ ਹੇਠ 15 ਅਪ੍ਰੈਲ, 1915 ਨੂੰ ਜਰਮਨ ਕੌਂਸਲ ਦੀ ਮਦਦ ਨਾਲ ਅਮਰੀਕਾ ਤੋਂ ਹਿੰਦ ਦੀ ਗ਼ਦਰ ਪਾਰਟੀ ਵਾਸਤੇ ਹਥਿਆਰਾਂ ਦਾ ਭਰਿਆ ਸਮੁੰਦਰੀ ਜਹਾਜ਼ ਲੈ ਕੇ ਰਵਾਨਾ ਹੋ ਗਏ। 5 ਮਹੀਨੇ ਦੀਆਂ ਘੁੰਮਣਘੇਰੀਆਂ ਪਿੱਛੋਂ ਫੜੇ ਗਏ। ਪਰ ਜਕਾਰਤਾ (ਜਾਵਾ) ਵਿਖੇ ਜਰਮਨ ਕੌਂਸਲ ਦੀ ਸਹਾਇਤਾ ਨਾਲ ਬਚ ਨਿਕਲੇ। ਉਥੋਂ ਦੇ 'ਸੂਡਾਨਿਸ਼' ਲੋਕਾਂ ਦੀ ਬੋਲੀ/ਸੱਭਿਆਚਾਰ ਨੂੰ ਬਹੁਤ ਹੀ ਜਲਦੀ ਗ੍ਰਹਿਣ ਕਰਨ ਉਪਰੰਤ ਇਕ ਬੀਬੀ ਨਾਲ ਵਿਆਹ ਕਰਵਾਇਆ, ਜਿਸ ਦੀ ਕੁੱਖੋਂ ਤਿੰਨ ਧੀਆਂ ਤੇ ਦੋ ਪੁੱਤਰਾਂ ਨੇ ਜਨਮ ਲਿਆ। ਆਪ ਨੇ ਇਸ ਵਕਤ 25 ਏਕੜ ਦੀ ਜ਼ਮੀਨ 'ਤੇ ਖੇਤੀ ਕੀਤੀ। ਸ਼ੰਘਾਈ ਦੀ ਅੰਗਰੇਜ਼ ਪੁਲਿਸ ਤੇ ਸੀ.ਆਈ.ਡੀ. ਤਿੰਨ ਸਾਲ ਆਪ ਨੂੰ ਜਾਵਾ 'ਚ ਭਾਲ-ਭਾਲ ਕੇ ਫੇਲ੍ਹ ਹੋ ਗਈ ਤੇ ਵਾਪਸ ਮੁੜ ਗਈ। ਆਪ ਦੇ ਰੌਸ਼ਨ ਦਿਮਾਗ 'ਚ ਗ਼ਦਰ ਸੁਪਨਾ ਸਦਾ ਜਿਊਂਦਾ ਰਿਹਾ।
ਆਪ ਦਾ ਪਹਿਲਾ ਸਪੁੱਤਰ ਵੱਡਾ ਹੈਰੀ (ਹਰੀ ਸਿੰਘ) ਆਜ਼ਾਦ ਹਿੰਦ ਫ਼ੌਜ ਦੇ ਲੈਫਟੀਨੈਂਟ ਦੇ ਰੂਪ 'ਚ ਇੰਫਾਲ ਫਰੰਟ 'ਤੇ ਅੰਗਰੇਜ਼ਾਂ ਵਿਰੁੱਧ ਹਿੰਦ ਦੀ ਮੁਕਤੀ ਲਈ ਲੜਦਾ ਹੋਇਆ ਸ਼ਹੀਦ ਹੋ ਗਿਆ।
ਦੂਜਾ ਸਪੁੱਤਰ ਛੋਟਾ ਹੈਰੀ (ਹਰੀ ਸਿੰਘ) ਨੇ ਫ਼ੌਜ ਦੇ ਖੁਫੀਆ ਕਾਰਜਾਂ ਬਦਲੇ ਅੰਗਰੇਜ਼, ਡੱਚ ਤੇ ਜਾਵਾ ਹਾਕਮਾਂ ਦੇ ਅਸਿਹ ਤੇ ਅਕਿਹ ਤਸੀਹੇ ਝੱਲੇ। 1945 'ਚ ਮੁੜ ਜਾਵਾ ਵਾਪਸੀ 'ਤੇ ਨਵੰਬਰ 45 'ਚ ਮੁਸਲਿਮ ਕੱਟੜਪੰਥੀਆਂ ਵਲੋਂ ਸੁਣਾਈ ਸਜ਼ਾ-ਏ-ਮੌਤ ਤੋਂ ਕੇਵਲ ਕੁਝ ਮਿੰਟ ਪਹਿਲਾਂ ਆਪ ਤੇ ਛੋਟਾ ਹੈਰੀ ਦੋਨੋਂ ਬਚਣ 'ਚ ਸਫਲ ਹੋ ਗਏ। ਗੁੰਮਨਾਮ ਪਰ ਚੜ੍ਹਦੀ ਕਲਾ ਵਾਲਾ, ਲੋਕ ਸੇਵਾ ਵਾਲਾ, ਕ੍ਰਾਂਤੀ 'ਚ ਅਟੱਲ ਵਿਸ਼ਵਾਸ ਵਾਲਾ, ਦੇਸ਼ ਨੂੰ ਸਮਰਪਿਤ ਫਕੀਰੀ ਜੀਵਨ ਜਿਊਂਦੇ ਹੋਏ 15 ਅਗਸਤ, 1969 ਨੂੰ ਬੱਦੋਵਾਲ ਵਿਖੇ ਵਤਨ ਵਾਸੀਆਂ ਨੂੰ ਸਦੀਵੀ ਵਿਛੋੜਾ ਦੇ ਗਏ।


-ਫੋਨ : 0161-2805677

ਕਿਲ੍ਹਾ ਬਾੜਾ; ਨਾਂਅ ਤੇ ਸ਼ਾਨ ਅੱਜ ਵੀ ਕਾਇਮ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇਸ ਨੂੰ ਪੱਥਰਾਂ ਨਾਲ ਬਣਾਇਆ ਗਿਆ ਹੈ। ਇਸ ਦੇ ਚਾਰੇ ਪਾਸੇ ਬਣਾਈ ਗਈ ਡੂੰਘੀ ਖਾਈ ਅੱਜ ਵੀ ਮੌਜੂਦ ਹੈ। ਸਿੱਖ ਰਾਜ ਦੇ ਸਮੇਂ ਇਸ ਨੂੰ ਬਾੜਾ ਨਹਿਰ ਦੇ ਪਾਣੀ ਨਾਲ ਭਰਿਆ ਜਾਂਦਾ ਸੀ। ਇਸ ਫਸੀਲ ਅਤੇ ਕਿਲ੍ਹੇ ਦੀ ਅੰਦਰਲੀ ਦੀਵਾਰ ਦੇ ਵਿਚ 10 ਫੁੱਟ ਚੌੜੀ ਗੈਲਰੀ ਚਾਰੋਂ ਪਾਸੇ ਬਣਾਈ ਗਈ ਹੈ। ਇਥੇ ਖੜ੍ਹੇ ਹੋਣ 'ਤੇ ਕਿਲ੍ਹੇ ਦੀ ਅੰਦਰਲੀ ਦੀਵਾਰ ਵਿਚ ਬਣਾਏ ਗਏ ਮੋਰਚਿਆਂ ਵਿਚ 11ਵੀਂ ਫਰੰਟੀਅਰ ਕੋਰ ਦੇ ਖੜ੍ਹੇ ਹਥਿਆਰਬੰਦ ਸੈਨਿਕ ਸਾਫ਼ ਵਿਖਾਈ ਦੇ ਜਾਂਦੇ ਹਨ। ਕਿਲ੍ਹੇ ਦਾ ਨਕਸ਼ਾ ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਪ੍ਰਤੀਤ ਹੁੰਦਾ ਹੈ।
ਕਿਲ੍ਹੇ ਦੇ ਅੰਦਰ ਸੈਨਿਕਾਂ ਦੀ ਰਿਹਾਇਸ਼ ਲਈ ਬਹੁਤ ਸਾਰੀਆਂ ਬੈਰਕਾਂ, ਸੈਨਾ ਦੇ ਦਫ਼ਤਰ, ਸਟੇਡੀਅਮ, ਮੇਸ ਅਤੇ ਸੈਨਾ ਦੇ ਅਫ਼ਸਰਾਂ ਦੇ ਵੱਡੇ-ਵੱਡੇ ਬੰਗਲੇ ਬਣੇ ਹੋਏ ਹਨ। ਇਹ ਸਭ ਨਵੀਨਤਮ ਸਮਾਰਕ ਅੰਗਰੇਜ਼ੀ ਸ਼ਾਸਨ ਦੇ ਦੌਰਾਨ ਹੀ ਬਣਾਏ ਗਏ ਹਨ, ਜਦੋਂਕਿ ਕਿਲ੍ਹੇ ਵਿਚ ਮੌਜੂਦ ਮਸਜਿਦ ਨੂੰ ਸੰਨ 1967 ਵਿਚ ਬਣਾਇਆ ਗਿਆ ਹੈ। ਕਿਲ੍ਹੇ ਦਾ ਅੰਦਰਲਾ ਮੁੱਖ ਦਰਵਾਜ਼ਾ ਲੱਕੜੀ ਦਾ ਬਣਿਆ ਹੋਇਆ ਹੈ ਅਤੇ ਇਹ ਸਿੱਖ ਰਾਜ ਸਮੇਂ ਬਣਾਇਆ ਗਿਆ ਪ੍ਰਤੀਤ ਹੁੰਦਾ ਹੈ। ਇਹ ਦਰਵਾਜ਼ਾ 10 ਫੁੱਟ ਚੌੜਾ ਅਤੇ 10 ਫੁੱਟ ਉੱਚਾ ਹੈ। ਇਸ ਦੇ ਅੱਗੇ ਕਿਲ੍ਹੇ ਵਿਚ ਤਾਇਨਾਤ ਸੈਨਾ ਅਤੇ ਸੈਨਾ ਦੇ ਮੁੱਖ ਅਧਿਕਾਰੀਆਂ ਨੂੰ ਹੀ ਜਾਣ ਦੀ ਮਨਜ਼ੂਰੀ ਹੈ। ਇਥੇ ਸਥਾਪਿਤ ਕਿਸੇ ਵੀ ਸਮਾਰਕ ਦੀ ਕੈਮਰਾ ਤਸਵੀਰ ਲੈਣਾ ਜਾਂ ਉਸ ਵੱਲ ਟੁਕਰ-ਟੁਕਰ ਝਾਕਣਾ ਕਿਸੇ ਵੱਡੀ ਮੁਸੀਬਤ ਨੂੰ ਸੱਦਾ ਦੇਣ ਦੇ ਸਮਾਨ ਹੈ।
ਸਿੱਖ ਰਾਜ ਦੌਰਾਨ ਬਣੀ ਇਹ ਸਿੱਖ ਧਰੋਹਰ ਕਿਲ੍ਹਾ ਬਾੜਾ ਅੱਜ ਵੀ ਸੁਰੱਖਿਅਤ ਹੈ, ਚੰਗੀ ਹਾਲਤ ਵਿਚ ਹੈ ਅਤੇ ਫੈਡਰਲੀ ਐਡਮਨਿਸਟ੍ਰੇਟਿਡ ਟਰਾਈਬਲ ਇਲਾਕਿਆਂ ਵਿਚ ਕਾਫੀ ਪ੍ਰਸਿੱਧ ਵੀ ਹੈ। ਕਿਲ੍ਹੇ ਦੇ ਅੰਦਰ ਇਸ ਧਰੋਹਰ ਦਾ ਨਿਰਮਾਣ ਕਰਵਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਜਾਂ ਸਿੱਖ ਦਰਬਾਰ ਨਾਲ ਸਬੰਧਤ ਕੋਈ ਵੀ ਪੱਥਰ ਦੀ ਸਿਲ ਜਾਂ ਇਸ ਦੇ ਨਿਰਮਾਣ ਨਾਲ ਸਬੰਧਤ ਸੂਚਨਾ ਬੋਰਡ ਮੌਜੂਦ ਨਹੀਂ ਹੈ, ਸਗੋਂ ਸਿੱਖ ਰਾਜ ਦੀ ਸਮਾਪਤੀ ਦੇ ਬਾਅਦ ਇਸ ਧਰੋਹਰ 'ਤੇ ਕਾਬਜ਼ ਹੋਣ ਵਾਲੇ ਅੰਗਰੇਜ਼ ਅਹਿਲਕਾਰਾਂ ਅਤੇ ਸੈਨਾ ਦੇ ਅਧਿਕਾਰੀਆਂ ਦੇ ਕਿਲ੍ਹੇ ਦੀ ਹਰ ਦੂਸਰੀ ਜਾਂ ਚੌਥੀ ਦੀਵਾਰ 'ਤੇ ਲੱਗੇ ਨਾਵਾਂ ਦੀਆਂ ਤਖ਼ਤੀਆਂ ਅਤੇ ਸੂਚਨਾ ਬੋਰਡ ਸਿੱਖ ਇਤਿਹਾਸ ਨੂੰ ਮੂੰਹ ਚੜ੍ਹਾਉਂਦੇ ਜ਼ਰੂਰ ਵਿਖਾਈ ਦੇ ਜਾਂਦੇ ਹਨ।


-ਅੰਮ੍ਰਿਤਸਰ। ਫੋਨ : 93561-27771, 78378-49764

ਗੁਰਦੁਆਰਾ ਸਾਹਿਬ ਮਾਕਿੰਡੋ (ਕੀਨੀਆ)

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨਰੂਬੀ ਤੋਂ ਇਹ ਪਾਵਨ ਪੁਰਾਤਨ ਬੀੜ 1998 ਈ:, ਭਾਈ ਸਾਹਿਬ ਭਾਈ ਮਹਿੰਦਰ ਸਿੰਘ ਦੀ ਦੇਖ-ਰੇਖ ਹੇਠ ਸੇਵਾ-ਸੰਭਾਲ ਵਾਸਤੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਕਰੀਚੋ ਦੇ ਗੁਰੂ-ਘਰ 'ਚ ਪ੍ਰਕਾਸ਼ਮਾਨ ਕੀਤੀ ਗਈ। ਲਗਪਗ 12 ਸਾਲ ਇਹ ਪਾਵਨ ਸਵਰੂਪ ਕਰੀਚੋ ਦੇ ਗੁਰਦੁਆਰੇ 'ਚ ਪ੍ਰਕਾਸ਼ਮਾਨ ਹੋ ਦਰਸ਼ਨ-ਦੀਦਾਰ ਸੰਗਤਾਂ ਨੂੰ ਬਖਸ਼ਦੇ ਰਹੇ। ਸੰਨ 2010 ਈ: ਵਿਚ ਇਹ ਪਾਵਨ ਸਰੂਪ ਵਿਸ਼ੇਸ਼ ਨਗਰ ਕੀਰਤਨ ਦੇ ਰੂਪ 'ਚ ਕਰੀਚੋ ਤੋਂ ਕਸੁਮੋ ਲਿਆਂਦਾ ਗਿਆ, ਜਿਥੋਂ ਪੁਰਾਣੀ ਰੇਲਵੇ ਲਾਈਨ 'ਤੇ ਵਿਸ਼ੇਸ਼ ਟ੍ਰੇਨ 'ਸਿੱਖ ਗੁਰੂ ਐਕਸਪ੍ਰੈਸ' ਰਾਹੀਂ 7 ਫਰਵਰੀ, 2010 ਈ: ਮਾਕਿੰਡੋ ਆਪਣੇ ਮੂਲ ਅਸਥਾਨ 'ਤੇ ਪ੍ਰਕਾਸ਼ਮਾਨ ਕੀਤਾ ਗਿਆ। ਸੰਗਤਾਂ ਦੇ ਦਰਸ਼ਨਾਂ ਵਾਸਤੇ ਇਸੇ ਬਖਸ਼ਿਸ਼ ਵਾਲੇ ਸਰੂਪ ਨੂੰ ਵਿਸ਼ੇਸ਼ ਤੌਰ 'ਤੇ ਮਾਕਿੰਡੋ ਤੋਂ ਹੈਲੀਕਾਪਟਰ ਰਾਹੀਂ '350ਵੇਂ ਦਸਮੇਸ਼ ਸਮਾਗਮ' (22 ਤੋਂ 26 ਜੂਨ, 2017) ਸਮੇਂ ਨਰੂਬੀ ਲਿਆਂਦਾ ਗਿਆ।
28 ਜੂਨ, 2017 ਈ: ਨੂੰ ਇਸ ਗੁਰਦੁਆਰੇ 'ਚ ਪਾਵਨ ਬੀੜ ਦੇ ਦਰਸ਼ਨ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਇਹ ਪਾਵਨ ਬੀੜ ਅੰਮ੍ਰਿਤਸਰ ਦੇ ਪ੍ਰਕਾਸ਼ਕ, ਗੁਰਬਾਣੀ ਪ੍ਰਚਾਰਕ ਸੇਵਕ ਕੰਪਨੀ ਅੰਮ੍ਰਿਤਸਰ, ਸ੍ਰੀ ਗੁਰਮਤ ਪ੍ਰੈੱਸ ਵਿਚ ਸੰਮਤ ਨਾਨਕਸ਼ਾਹੀ 457 (ਬਿ: 1982-83, 1926 ਈ:) ਪ੍ਰਕਾਸ਼ਿਤ ਹੋਈ। ਕਿਨਾਰੇ 'ਤੇ ਇਕ ਰੰਗੀ ਵੇਲ ਹੈ। ਛਪਾਈ ਬਹੁਤ ਹੀ ਸੁੰਦਰ ਹੈ।
ਇਸ ਗੁਰਦੁਆਰੇ ਦੀ ਸਮੁੱਚੇ ਦੱਖਣੀ-ਅਫਰੀਕਾ ਦੇ ਦੇਸ਼ਾਂ ਵਿਚ ਬਹੁਤ ਮਾਨਤਾ ਤੇ ਮਹਾਨਤਾ ਹੈ। ਵਰਤਮਾਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਕਰਨ ਵਾਸਤੇ ਤਿੰਨ-ਵਿਸ਼ੇਸ਼ ਦਰਬਾਰ ਹਾਲ ਹਨ, ਜਿਨ੍ਹਾਂ ਵਿਚ ਰੋਜ਼ਾਨਾ ਦੀ ਮਰਯਾਦਾ ਬਾਖੂਬੀ ਨਿਭਾਈ ਜਾ ਰਹੀ ਹੈ। ਸੇਵਾ ਵਾਸਤੇ ਪੰਜ ਗ੍ਰੰਥੀ ਸਿੰਘ, ਦੋ ਰਾਗੀ ਜਥੇ, ਕੁੱਲ 20 ਸੇਵਾਦਾਰ ਹਨ। ਦਿਨ-ਰਾਤ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਹੈ। ਰਿਹਾਇਸ਼ ਵਾਸਤੇ ਬਹੁਤ ਸ਼ਾਨਦਾਰ 100 ਕਮਰਿਆਂ ਦਾ ਨਿਵਾਸ ਅਸਥਾਨ ਹੈ। ਮੈਨੂੰ ਬਹੁਤ ਸਾਰੇ ਦੇਸ਼ਾਂ 'ਚ ਜਾਣ ਦਾ ਮੌਕਾ ਮਿਲਿਆ ਹੈ। ਗੁਰੂ-ਘਰ ਦੀ ਸਾਫ਼-ਸਫ਼ਾਈ, ਸੰਭਾਲ, ਹਰਿਆ-ਭਰਿਆ ਇਕਾਂਤ ਵਾਤਾਵਰਨ, ਖੂਬਸੂਰਤ ਨਿਵਾਸ ਲਈ ਇਸ ਤਰ੍ਹਾਂ ਦੇ ਕਮਰੇ ਮੈਂ ਹੋਰ ਕਿਧਰੇ ਨਹੀਂ ਦੇਖੇ! 80 ਦੇ ਕਰੀਬ ਕੀਨੀਆ, ਨਿਵਾਸੀ ਇਸ ਗੁਰੂ-ਘਰ ਵਿਚ ਸਾਫ਼-ਸਫਾਈ ਦੀ ਸੇਵਾ ਕਰਦੇ ਹਨ, ਦਸਤਾਰਧਾਰੀ ਕਾਲੇ ਲੰਗਰ ਤਿਆਰ ਕਰਦੇ, ਪੰਜਾਬੀ ਬੋਲਦੇ ਤੇ ਸਮਝਦੇ ਹਨ। ਇਹ ਸਾਰੇ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹਨ, ਜਿਨ੍ਹਾਂ ਨੂੰ ਗੁਰੂ-ਘਰ ਦੇ ਪਿਛਲੇ ਪਾਸੇ ਨਿਵਾਸ ਬਣਾ ਕੇ ਦਿੱਤੇ ਹੋਏ ਹਨ। ਗੁਰਦੁਆਰਾ ਸਾਹਿਬ ਦੇ ਸਾਹਮਣੇ-ਸੜਕ ਦੇ ਦੂਸਰੇ ਪਾਸੇ ਗੁਰੂ ਨਾਨਕ ਹਸਪਤਾਲ ਹੈ, ਜੋ ਸੇਵਾ 'ਚ ਚੱਲਦਾ ਹੈ। ਗੁਰੂ-ਘਰ 'ਚ ਦੁੱਧ ਦੀ ਲੋੜ ਨੂੰ ਪੂਰਾ ਕਰਨ ਲਈ ਆਪਣੀ ਗਊਸ਼ਾਲਾ ਹੈ।
ਗੁਰਦੁਆਰਾ ਸਾਹਿਬ ਮਾਕਿੰਡੋ ਦੀ ਮਾਨਤਾ ਪਿੱਛੇ ਇਕ ਮਿੱਥ ਵੀ ਹੈ ਕਿ ਜਿਸ ਸਮੇਂ 1950 ਈ: 'ਚ ਬੰਦ ਪਏ ਗੁਰੂ-ਘਰ ਨੂੰ ਅੱਗ ਲੱਗ ਗਈ ਤਾਂ ਸਫ਼ਾਈ ਆਦਿ ਦੀ ਸੇਵਾ ਕਰਨ ਵਾਲੇ ਮਾਕਿੰਡੋ ਨਿਵਾਸੀ ਅਫ਼ਰੀਕੀ ਗਵਾਲੋ ਨੂੰ ਸੁਪਨੇ 'ਚ ਸਾਹਿਬੇ-ਕਮਾਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ, ਦਿਨ ਵੇਲੇ ਉਸ ਨੇ ਇਕ ਸਿੱਖ ਕਿਸਾਨ ਸ: ਧੰਨਾ ਸਿੰਘ ਨੂੰ ਦੱਸਿਆ ਕਿ ਮੈਨੂੰ ਸੁਪਨੇ ਵਿਚ ਇਕ ਘੋੜ-ਸਵਾਰ ਸਰਦਾਰ ਦੇ ਦਰਸ਼ਨ ਹੋਏ, ਜਿਸ ਦੇ ਹੱਥ ਵਿਚ ਕੁਝ ਪਕੜਿਆ ਸੀ ਤੇ ਪੁਸ਼ਾਕ ਬਹੁਤ ਸੁੰਦਰ ਸੀ। ਜਦ ਉਸ ਸਮੇਂ ਉਸ ਨੂੰ ਕਲਗੀਧਰ ਦਸਮੇਸ਼ ਪਿਤਾ ਦੀ ਤਸਵੀਰ ਦਿਖਾਈ ਗਈ ਤਾਂ ਉਸ ਨੇ ਪਹਿਚਾਣ ਕੇ ਕਿਹਾ ਕਿ ਇਹੀ ਸੀ। ਬਸ ਉਸ ਦਿਨ ਤੋਂ ਮਾਨਤਾ ਹੋ ਗਈ ਕਿ ਸਿੱਖਾਂ ਦੇ ਆਪ ਸਹਾਈ ਹੋਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਹਾਜ਼ਰ ਹੋਏ ਹਨ। ਸੱਚ ਹੈ ਜਹਾ ਜਹਾ ਖ਼ਾਲਸਾ ਜੀ ਸਾਹਿਬ ਤਹਾ-ਤਹਾ ਰੱਛਾ ਰਾਇਤ...।
ਵਰਤਮਾਨ ਸਮੇਂ ਮਾਕਿੰਡੋ ਜ਼ਿਲ੍ਹਾ ਹੈ ਪਰ ਸ਼ਹਿਰ ਬਹੁਤ ਹੀ ਛੋਟਾ ਹੈ। ਇਸ ਗੱਲ ਦੀ ਹੈਰਾਨੀ ਹੈ ਕਿ ਇਸ ਗੁਰਦੁਆਰੇ ਦੇ ਆਲੇ-ਦੁਆਲੇ 100 ਕਿਲੋਮੀਟਰ ਤੱਕ ਵੀ ਸਿੱਖ ਆਬਾਦੀ ਨਹੀਂ ਪਰ ਸਨਿਚਰਵਾਰ ਤੇ ਐਤਵਾਰ ਏਨੀ ਸੰਗਤ ਹੁੰਦੀ ਹੈ ਕਿ ਨਿਵਾਸ ਦਾ ਇਕ ਵੀ ਕਮਰਾ ਖਾਲੀ ਨਹੀਂ ਮਿਲੇਗਾ। ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਹੈ। ਦੂਰ-ਦੂਰ ਤੱਕ ਗੁਰਦੁਆਰੇ ਦੀ ਮਾਨਤਾ ਤੇ ਇਤਿਹਾਸਕ ਮਹੱਤਵ ਹੋਣ ਕਾਰਨ ਲੋਕ ਇੰਗਲੈਂਡ, ਅਮਰੀਕਾ, ਡੁਬਈ, ਭਾਰਤ, ਤਨਜਾਨੀਆ, ਯੂਗਾਂਡਾ ਆਦਿ ਦੇਸ਼ਾਂ ਤੇ ਮੁਬਾਸਾ, ਕਸੁਮੋ, ਕਰੀਚੋ ਆਦਿ ਤੋਂ ਦਰਸ਼ਨ ਕਰਨ ਵਾਸਤੇ ਆਉਂਦੇੇ ਹੀ ਰਹਿੰਦੇ ਹਨ। ਗੁਰਦੁਆਰਾ ਸਾਹਿਬ ਦੀ ਸਮੁੱਚੀ ਦੇਖ-ਰੇਖ ਇਕ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ, ਪ੍ਰਬੰਧਕ ਸਾਰੇ ਹੀ ਨਰੂਬੀ ਦੇ ਹਨ, ਰੋਜ਼ਾਨਾ ਦੇ ਪ੍ਰਬੰਧ ਵਾਸਤੇ ਇਕ ਮੈਨੇਜਰ ਹੈ।

ਪਰਚੀਆਂ ਸੂਫ਼ੀ ਫ਼ਕੀਰਾਂ ਦੀਆਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਪਰਚੀ ਅਵੈਸ ਕਰਨੀ ਜੀ : ਮਹਾਤਮਾ ਅਵੈਸ ਆਰੰਭਲੇ ਸੂਫ਼ੀਆਂ ਵਿਚੋਂ ਇਕ ਅਹਿਮ ਸੂਫ਼ੀ ਮੰਨੇ ਜਾਂਦੇ ਹਨ, ਜੋ ਹਜ਼ਰਤ ਮੁਹੰਮਦ ਸਾਹਿਬ ਦੇ ਸਮਕਾਲੀ ਸਨ। ਕਰਨ ਦੇਸ (ਯਮਨ) ਦੇ ਵਾਸੀ ਹੋਣ ਕਰਕੇ ਉਨ੍ਹਾਂ ਨੂੰ ਅਵੈਸ ਕਰਨੀ ਵੀ ਕਿਹਾ ਜਾਂਦਾ ਹੈ। ਅਵੈਸ ਕਰਨੀ ਦੀ ਜ਼ਿੰਦਗੀ ਵੀ ਸੂਫ਼ੀਆਂ ਦੀ ਤਰਜ਼ਿ-ਜ਼ਿੰਦਗੀ ਵਾਂਗ ਸਾਦਾ ਅਤੇ ਇਬਾਦਤਗੁਜ਼ਾਰੀ ਵਾਲੀ ਸੀ। ਉਹ ਸਾਰਾ ਦਿਨ ਊਠ ਚਰਾਉਂਦੇ ਅਤੇ ਇਸ ਦੇ ਇਵਜ਼ ਵਿਚ ਮਿਲਦੇ ਮਿਹਨਤਾਨੇ ਨਾਲ ਗੁਜ਼ਾਰਾ ਕਰਦੇ। ਹਜ਼ਰਤ ਮੁਹੰਮਦ ਸਾਹਿਬ ਦੇ ਦਿਹਾਂਤ ਤੋਂ ਬਾਅਦ ਉਮਰ ਅਲੀ, ਅਵੈਸ ਕਰਨੀ ਦੇ ਦਰਸ਼ਨਾਂ ਨੂੰ ਕੂਫੇ ਪਹੁੰਚੇ, ਜਿਥੇ ਹੋਰ ਲੋਕ ਵੀ ਆਏ ਹੋਏ ਸਨ। ਉਮਰ ਅਲੀ ਨੇ ਕੂਫੇ ਦੇ ਲੋਕਾਂ ਪਾਸੋਂ ਅਵੈਸ ਬਾਰੇ ਪੁੱਛਿਆ ਪਰ ਕਿਸੇ ਨੇ ਕੁਝ ਨਾ ਦੱਸਿਆ। ਕਿਸੇ ਨੇ ਦੱਸ ਪਾਈ ਕਿ ਕਰਨ ਦੇਸ਼ ਤੋਂ ਆਇਆ ਇਕ ਵਿਅਕਤੀ ਜੰਗਲੀ ਪਹਿਰਾਵਾ ਪਹਿਨੀ ਸਾਰਾ ਦਿਨ ਉਜਾੜ ਵਿਚ ਬੈਠਾ ਰਹਿੰਦਾ ਹੈ। ਉਹ ਕਿਸੇ ਦੀ ਵੀ ਖੁਸ਼ੀ-ਗ਼ਮੀ ਵਿਚ ਸ਼ਰੀਕ ਨਹੀਂ ਹੁੰਦਾ ਅਤੇ ਭਗਤੀ ਵਿਚ ਹੀ ਲੀਨ ਰਹਿੰਦਾ ਹੈ। ਇਹ ਸਭ ਕੁਝ ਸੁਣ ਕੇ ਉਮਰ ਅਲੀ ਅਵੈਸ ਨੂੰ ਮਿਲਣ ਲਈ ਜੰਗਲ ਵਿਚ ਪਹੁੰਚ ਗਏ। ਉਮਰ ਅਲੀ ਨੇ ਕੁਝ ਸਿੱਖ ਮੱਤ ਦੇਣ ਦੀ ਬੇਨਤੀ ਕੀਤੀ ਤਾਂ ਅਵੈਸ ਨੇ ਕਿਹਾ ਕਿ ਕਿਰਤ ਕਮਾਈ ਕਰਨੀ ਚਾਹੀਦੀ ਹੈ, ਲੋਭ, ਲਾਲਚ ਦਾ ਤਿਆਗ ਕਰਕੇ ਕੇਵਲ ਅੱਲਾ ਦੀ ਬੰਦਗੀ ਕਰਨੀ ਚਾਹੀਦੀ ਹੈ, ਮਨ ਵਿਚ ਸਬਰ-ਸੰਤੋਖ ਹੋਣਾ ਚਾਹੀਦਾ ਹੈ। ਅਵੈਸ ਕਰਨੀ ਰੱਬ ਦੇ ਭੈਅ-ਭਾਵਨੀ ਵਿਚ ਰਹਿਣ ਵਾਲੇ ਸੂਫ਼ੀ ਫ਼ਕੀਰ ਸਨ, ਜਿਨ੍ਹਾਂ ਦਾ ਜੀਵਨ ਲਕਸ਼ ਕੇਵਲ ਬੰਦਗੀ ਹੀ ਸੀ।
ਪਰਚੀ ਮਨਸੂਰ ਕੀ : ਸੂਫ਼ੀ ਸਾਧਕਾਂ ਦੀ ਕਤਾਰ ਵਿਚ ਮਹਾਨ ਸਾਧਕ ਹੁਸੈਨ ਮਨਸੂਰ ਬਿਨ ਅੱਲ ਹੱਲਾਜ਼ ਦਾ ਨਾਂਅ ਵੀ ਸ਼ਾਮਿਲ ਹੈ। ਹੱਲਾਜ਼ ਦਾ ਅਰਥ ਪੇਂਜਾ ਹੁੰਦਾ ਹੈ, ਜਿਸ ਕਰਕੇ ਇਨ੍ਹਾਂ ਦੇ ਪਿਤਾ ਹੱਲਾਜ਼ ਨਾਂਅ ਨਾਲ ਪ੍ਰਸਿੱਧ ਹੋਏ। ਇਨ੍ਹਾਂ ਦਾ ਜਨਮ ਬੈਜਾ ਵਿਖੇ 855 ਈ: ਵਿਚ ਹੋਇਆ। ਇਸ ਨੇ ਸੁਹੇਲ-ਬਿਨ-ਅਬਦੁੱਲਾ ਤੁਸ਼ਤਰੀ ਅਤੇ ਜੁਨੈਦ ਪਾਸੋਂ ਅਧਿਆਤਮਕ ਅਤੇ ਸੰਸਾਰਕ ਵਿੱਦਿਆ ਹਾਸਲ ਕੀਤੀ। ਇਕ ਸਮੇਂ ਜਾ ਕੇ ਇਸ ਦੀ ਆਤਮਿਕ ਅਵਸਥਾ ਏਨੀ ਉੱਚੀ ਹੋ ਗਈ ਕਿ ਉਸ ਨੇ ਅਨਲਹੱਕ ਅਰਥਾਤ 'ਮੈਂ ਰੱਬ ਹਾਂ' ਦਾ ਨਾਅਰਾ ਲਾਇਆ ਜੋ ਕੱਟੜਪੰਥੀ ਮੁੱਲਾਂ ਮੁਲਾਣਿਆਂ ਨੂੰ ਚੰਗਾ ਨਾ ਲੱਗਿਆ। ਕਈ ਮੁਲਕਾਂ ਵਿਚੋਂ ਘੁੰਮਦੇ ਘੁਮਾਉਂਦਿਆਂ ਜਦ ਮਨਸੂਰ ਬਗਦਾਦ ਆਇਆ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸਲਾਮ ਦੀ ਤੌਹੀਨ ਦਾ ਇਲਜ਼ਾਮ ਲਾ ਕੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਅਤੇ ਫਿਰ 309 ਹਿਜਰੀ ਭਾਵ 922 ਈ: ਨੂੰ ਸੂਲੀ ਚਾੜ੍ਹ ਦਿੱਤਾ ਗਿਆ। ਜਦੋਂ ਮਨਸੂਰ ਨੂੰ ਸੂਲੀ ਉੱਪਰ ਚੜ੍ਹਾਉਣ ਦਾ ਹੁਕਮ ਦਿੱਤਾ ਗਿਆ ਤਾਂ ਪਹਿਲਾਂ ਚੌਰਾਹੇ ਵਿਚ ਬਿਠਾ ਕੇ ਹਰ ਰਾਹਗੀਰਾਂ ਨੂੰ ਕਿਹਾ ਗਿਆ ਕਿ ਉਹ ਮਨਸੂਰ ਨੂੰ ਪੱਥਰ ਮਾਰਨ। ਮਨਸੂਰ ਦਾ ਇਕ ਮਿੱਤਰ ਸ਼ਿਬਲੀ ਜਾਂ ਸ਼ਿਬਲੀ ਨੌਮਾਨੀ ਜਦ ਉਥੋਂ ਗੁਜ਼ਰਨ ਲੱਗਾ ਤਾਂ ਉਸ ਨੇ ਰਾਜੇ ਦੇ ਹੁਕਮ ਦੀ ਪਾਲਣਾ ਕਰਦੇ ਪੱਥਰ ਦੀ ਥਾਂ ਫੁੱਲ ਮਾਰ ਦਿੱਤਾ। ਫੁੱਲ ਵਜਦੇ ਹੀ ਮਨਸੂਰ ਕੁਰਲਾਅ ਉੱਠਿਆ। ਸ਼ਿਬਲੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਮਨਸੂਰ ਨੇ ਉੱਤਰ ਦਿੱਤਾ ਕਿ ਉਹ ਤਾਂ ਉਸ ਦੀਆਂ ਗੁੱਝੀਆਂ ਗੱਲਾਂ ਦਾ ਭੇਦ ਜਾਣਦਾ ਹੈ। ਇਸ ਲਈ ਉਸ ਪਾਸੋਂ ਇਸ ਤਰ੍ਹਾਂ ਦੇ ਵਿਵਹਾਰ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ।
ਪਰਚੀ ਫੁਜ਼ੈਲ ਜੀ ਕੀ : ਪੂਰਾ ਨਾਂਅ ਅਲ ਫੁਜ਼ੈਲ ਬਿਨ ਜ਼ੈਦ ਸੀ। ਇਹ ਕੂਫੇ ਦੇ ਵਸਨੀਕ ਸਨ ਅਤੇ ਦਿਹਾਂਤ 805 ਈ: ਵਿਚ ਹੋਇਆ। ਇਨ੍ਹਾਂ ਦਾ ਆਰੰਭਿਕ ਜੀਵਨ ਸੱਜਣ ਠੱਗ ਨਾਲ ਮਿਲਦਾ-ਜੁਲਦਾ ਹੈ। ਭੇਸ ਫਕੀਰਾਂ ਵਾਲਾ ਪਰ ਕੰਮ ਲੁੱਟਣ-ਖੋਹਣ ਦਾ ਸੀ। ਇਕ ਵਾਰ ਇੰਜ ਹੋਇਆ ਕਿ ਕਾਫਲੇ ਦੇ ਇਕ ਆਦਮੀ ਨੂੰ ਇਹ ਅੰਦੇਸ਼ਾ ਹੋਇਆ ਕਿ ਉਨ੍ਹਾਂ ਦਾ ਕਾਫਲਾ ਲੁੱਟਿਆ ਜਾਣ ਵਾਲਾ ਹੈ। (ਚਲਦਾ)


-ਮੋਬਾ: 98889-39808

ਸ਼ਬਦ ਵਿਚਾਰ

ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ॥

ਸਿਰੀਰਾਗੁ ਮਹਲਾ ੫
ਘੜੀ ਮੁਹਤ ਕਾ ਪਾਹੁਣਾ
ਕਾਜ ਸਵਾਰਣਹਾਰੁ॥
ਮਾਇਆ ਕਾਮਿ ਵਿਆਪਿਆ
ਸਮਝੈ ਨਾਹੀ ਗਾਵਾਰੁ॥
ਉਠਿ ਚਲਿਆ ਪਛੁਤਾਇਆ
ਪਰਿਆ ਵਸਿ ਜੰਦਾਰ॥ ੧॥
ਅੰਧੇ ਤੂੰ ਬੈਠਾ ਕੰਧੀ ਪਾਹਿ॥
ਜੇ ਹੋਵੀ ਪੂਰਬਿ ਲਿਖਿਆ
ਤਾ ਗੁਰ ਕਾ ਬਚਨੁ ਕਮਾਹਿ॥ ੧॥ ਰਹਾਉ॥
ਹਰੀ ਨਾਹੀ ਨਹ ਡਡੁਰੀ
ਪਕੀ ਵਢਣਹਾਰ॥
ਲੈ ਲੈ ਦਾਤ ਪਹੁਤਿਆ
ਲਾਵੇ ਕਰਿ ਤਈਆਰੁ॥
ਜਾ ਹੋਆ ਹੁਕਮੁ ਕਿਰਸਾਣ ਦਾ
ਤਾ ਲੁਣਿ ਮਿਣਿਆ ਖੇਤਾਰੁ॥ ੨॥
ਪਹਿਲਾ ਪਹਰੁ ਧੰਧੈ ਗਇਆ
ਦੂਜੈ ਭਰਿ ਸੋਇਆ॥
ਤੀਜੈ ਝਾਖ ਝਖਾਇਆ
ਚਉਥੈ ਭੋਰੁ ਭਇਆ॥
ਕਦ ਹੀ ਚਿਤਿ ਨ ਆਇਓ
ਜਿਨਿ ਜੀਉ ਪਿੰਡੁ ਦੀਆ॥ ੩॥
ਸਾਧ ਸੰਗਤਿ ਕਉ ਵਾਰਿਆ
ਜੀਉ ਕੀਆ ਕੁਰਬਾਣੁ॥
ਜਿਸ ਤੇ ਸੋਝੀ ਮਨ ਪਈ
ਮਿਲਿਆ ਪੁਰਖੁ ਸੁਜਾਣੁ॥
ਨਾਨਕ ਡਿਠਾ ਸਦਾ ਨਾਲਿ
ਹਰਿ ਅੰਤਰਜਾਮੀ ਜਾਣੁ॥ ੪॥ ੪॥ ੭੪॥ (ਅੰਗ 43)
ਪਦ ਅਰਥ : ਘੜੀ ਮੁਹਤ-ਘੜੀ ਦੋ ਘੜੀਆਂ ਦਾ। ਪਾਹੁਣਾ-ਪ੍ਰਾਹੁਣਾ। ਕਾਜ ਸਵਾਰਣਹਾਰੁ-ਕੰਮ ਸੰਵਾਰਨ ਵਾਲਾ। ਕਾਮਿ ਵਿਆਪਿਆ-ਕਾਮ ਵਾਸ਼ਨਾ ਵਿਚ ਗ੍ਰੱਸਿਆ ਰਹਿੰਦਾ ਹੈ। ਗਾਵਾਰੁ-ਮੂਰਖ। ਉਠਿ ਚਲਿਆ-ਸੰਸਾਰ 'ਚੋਂ ਉਠ ਕੇ ਤੁਰ ਪੈਂਦਾ ਹੈ। ਪਰਿਆ-ਪੈਂਦਾ ਹੈ। ਵਸਿ ਜੰਦਾਰ-ਜਮਦੂਤ ਦੇ ਵੱਸ। ਅੰਧੇ-ਹੇ ਅੰਨ੍ਹੇ। ਕੰਧੀ-ਦੀਵਾਰ, ਕੰਢਾ। ਪਾਹਿ-ਪਾਸ। ਪੂਰਬਿ ਲਿਖਿਆ-ਪੂਰਬਲੇ ਜਨਮ ਦਾ ਲਿਖਿਆ ਲੇਖ। ਗੁਰ ਕਾ ਬਚਨੁ-ਗੁਰੂ ਦੇ ਸ਼ਬਦ ਦੀ। ਕਮਾਹਿ-ਕਮਾਈ ਕਰਦਾ ਹੈਂ।
ਹਰੀ-ਕੱਚੀ (ਫ਼ਸਲ, ਖੇਤੀ)। ਡਡੁਰੀ-ਅੱਧ ਪੱਕੀ, ਜਿਸ ਨੂੰ ਡੱਡੇ ਪੈਣੇ ਸ਼ੁਰੂ ਹੋ ਗਏ ਹੋਣ। ਵਢਣਹਾਰ-ਵੱਢਣ ਵਾਲਾ (ਜ਼ਿਮੀਂਦਾਰ, ਕਿਸਾਨ)। ਲੈ ਲੈ ਦਾਤ-ਦਾਤਰੇ ਲੈ ਕੇ। ਪਹੁਤਿਆ-ਪਹੁੰਚ ਜਾਂਦੇ ਹਨ। ਲਾਵੇ-ਦਿਹਾੜੀਦਾਰ, ਫ਼ਸਲ ਕੱਟਣ ਵਾਲੇ। ਕਰ ਤਈਅਰੁ-ਤਿਆਰ ਕਰਦਾ ਹੈ। ਲੁਣਿ-ਕੱਟ ਕੇ। ਮਿਣਿਆ ਖੇਤਾਰੁ-ਖੇਤ ਨੂੰ ਮਿਣ ਕੇ (ਮਾਪ ਕੇ)।
ਪਹਿਲਾ ਪਹਿਰੁ-ਜੀਵਨ ਰੂਪੀ ਰਾਤ ਦਾ ਪਹਿਲਾ ਪਹਿਰ। ਧੰਧੈ ਗਇਆ-ਖਾਣ ਪੀਣ ਆਦਿ ਧੰਦਿਆਂ ਵਿਚ ਹੀ ਬੀਤ ਗਿਆ। ਦੂਜੈ ਭਰਿ ਸੋਇਆ-ਦੂਜਾ ਪਹਿਰ ਸੁੱਤਿਆਂ ਬੀਤ ਗਿਆ, ਘੂਕ ਸੁੱਤਾ ਰਿਹਾ। ਤੀਜੈ ਝਾਖ ਝਖਾਇਆ-ਤੀਜੇ ਪਹਿਰ (ਜੀਵਨ ਦੇ ਅੱਧਖੜ੍ਹ ਜਵਾਨੀ) ਵਿਚ ਵਿਸ਼ੇ ਵਿਕਾਰਾਂ ਨੂੰ ਭੋਗਦਾ ਰਿਹਾ। ਚਉਥੈ ਭੋਰੁ ਭਇਆ-ਜੀਵਨ ਦੇ ਚੌਥੇ ਪਹਿਰ ਵਿਚ ਸਵੇਰਾ ਹੋ ਗਿਆ ਭਾਵ ਬੁਢਾਪਾ ਰੂਪੀ ਕਾਲ ਆ ਕੂਕਦਾ ਹੈ। ਕਦ ਹੀ-ਕਦੇ ਵੀ। ਜੀਉ-ਜਿੰਦ। ਪਿੰਡੁ-ਦੇਹੀ, ਸਰੀਰ।
ਕਉ ਵਾਰਿਆ-ਤੋਂ ਸਦਕੇ ਜਾਂਦਾ ਹਾਂ। ਜੀਉ-ਜਿੰਦ। ਪੁਰਖੁ ਸੁਜਾਣੁ-ਸਤਿਗੁਰੂ। ਅੰਤਰਜਾਮੀ ਜਾਣੁ-ਅੰਤਰਜਾਮੀ ਜਾਣੀ ਜਾਣ। ਡਿਠਾ ਸਦਾ ਨਾਲਿ-ਸਦਾ ਅੰਗ ਸੰਗ ਦੇਖਿਆ ਹੈ।
ਇਹ ਕੁਦਰਤ ਦਾ ਨਿਯਮ ਹੈ ਕਿ ਜੋ ਵੀ ਜੀਵ ਇਸ ਸੰਸਾਰ ਵਿਚ ਪੈਦਾ ਹੁੰਦਾ ਹੈ, ਜਨਮ ਲੈਂਦਾ ਹੈ, ਉਸ ਨੇ ਇਕ ਨਾ ਇਕ ਦਿਨ ਨਾਸ ਜ਼ਰੂਰ ਹੋਣਾ ਹੈ। ਕਹਣ ਤੋਂ ਭਾਵ ਇਹ ਹੈ ਕਿ ਉਸ ਦੀ ਮੌਤ ਅਟੱਲ ਹੈ। ਇਹ ਮੌਤ ਕਿਸੇ ਦੀ ਆਯੂ (ਛੋਟਾ-ਵੱਡਾ) ਨਹੀਂ ਦੇਖਦੀ। ਭਾਵੇਂ ਬਾਲਕ ਹੋਵੇ, ਜਵਾਨ ਜਾਂ ਬਿਰਧ ਹੋਵੇ, ਕਿਸੇ ਨੂੰ ਵੀ ਕਿਸੇ ਵੇਲੇ ਮੌਤ ਆ ਸਕਦੀ ਹੈ, ਇਸ ਬਾਰੇ ਕੋਈ ਬੰਦਸ਼ ਨਹੀਂ ਹੈ। ਉਸ ਸਮੇਂ ਬਾਰੇ ਵੀ ਕਿਸੇ ਨੂੰ ਨਹੀਂ ਪਤਾ ਕਿ ਕਦੋਂ ਯਮ ਦਾ ਫੰਦਾ ਗਲ ਵਿਚ ਆ ਪੈਣਾ ਹੈ। ਗਿਆਨੀ, ਧਿਆਨੀ ਜਾਂ ਚਤੁਰ ਸਿਆਣਾ ਹੋਵੇ, ਕਿਸੇ ਨੇ ਵੀ ਇਥੇ ਸਦਾ ਲਈ ਬੈਠੇ ਨਹੀਂ ਰਹਿਣਾ। ਰਾਗੁ ਗਉੜੀ ਬਾਵਨ ਅਖਰੀ ਵਿਚ ਹਜ਼ੂਰ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਨਹ ਬਾਰਿਕ ਨਹ ਜੋਬਨੈ
ਨਹ ਬਿਰਧੀ ਕਛੁ ਬੰਧੁ॥
ਉਹ ਬੇਰਾ ਨਹ ਬੂਝੀਐ
ਜਉ ਆਇ ਪਰੈ ਜਮ ਫੰਧੁ॥
ਗਿਆਨੀ ਧਿਆਨੀ ਚਤੁਰ ਪੇਖਿ
ਰਹਨੁ ਨਹੀ ਇਹ ਠਾਇ॥ (ਅੰਗ 254)
ਬਾਰਿਕ-ਬਾਲਕ। ਜੋਬਨੈ-ਜੁਆਨ। ਬਿਰਧੀ-ਬਿਰਧ। ਬੇਰਾ-ਵੇਲਾ। ਜਮ ਫੰਧੁ-ਜਮ ਦਾ ਫੰਧਾ। ਚਤੁਰ-ਸਿਆਣਾ। ਇਹ ਠਾਇ-ਇਸ ਥਾਂ 'ਤੇ।
ਪ੍ਰਾਣੀ ਸਾਰੀ ਉਮਰ ਜਿਸ ਨੂੰ ਮੋਹ ਪਿਆਰ ਕਰਦਾ ਰਿਹਾ ਭਾਵ ਜੋ-ਜੋ ਕਰਮ ਕਰਦਾ ਰਿਹਾ, ਅੰਤ ਨੂੰ ਉਸ ਕੀਤੀ ਕਮਾਈ ਦਾ ਫਲ ਹੀ ਪ੍ਰਾਪਤ ਹੁੰਦਾ ਹੈ। ਸਿਰੀਰਾਗੁ ਪਹਰੇ ਮਹਲਾ ੧ ਵਿਚ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਸਾਈ ਵਸਤੁ ਪਰਾਪਤਿ ਹੋਇ
ਜਿਸੁ ਸਿਉ ਲਾਇਆ ਹੇਤੁ॥ (ਅੰਗ 75)
ਸਾਹੀ-ਉਹੀ। ਵਸਤੁ-ਕੀਤੀ ਕਮਾਈ। ਹੇਤੁ-ਪਿਆਰ।
ਇਸ ਲਈ ਹੇ ਨਾਮ ਦਾ ਵਣਜ ਕਰਨ ਆਏ ਮਿੱਤਰੋ, ਪਰਮਾਤਮਾ ਦਾ ਨਾਮ ਸੁਆਸ-ਸੁਆਸ ਸਿਮਰੋ। ਇਸ ਵਿਚ ਕਦੇ ਆਲਸ ਨਾ ਕਰੋ। ਸਿਮਰਨ ਸਦਕਾ ਹੀ ਸਦਾ ਲਈ ਅਟੱਲ ਆਤਮਿਕ ਜੀਵਨ ਵਾਲੇ ਬਣ ਜਾਵੋਗੇ। ਸਿਰੀਰਾਗੁ ਮਹਲਾ ੪ ਵਿਚ ਗੁਰੂ ਰਾਮਦਾਸ ਜੀ ਪ੍ਰਾਣੀ ਨੂੰ ਦ੍ਰਿੜ੍ਹ ਕਰਵਾ ਰਹੇ ਹਨ-
ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ
ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ॥ (ਅੰਗ 77)
ਸ਼ਬਦ ਦੇ ਅੱਖਰੀਂ ਅਰਥ : ਮਨੁੱਖ ਇਸ ਸੰਸਾਰ ਵਿਚ ਘੜੀ-ਦੋ ਘੜੀਆਂ ਦਾ ਪ੍ਰਾਹੁਣਾ ਹੈ ਪਰ ਇਹ (ਪ੍ਰਾਹੁਣਾ ਇਥੇ ਆ ਕੇ) ਸੰਸਾਰਕ ਧੰਦਿਆਂ ਨੂੰ ਸੰਵਾਰਨ ਵਿਚ ਲੱਗ ਗਿਆ ਹੈ ਭਾਵ ਸੰਸਾਰਕ ਕੰਮਾਂ ਵਿਚ ਫਸ ਕੇ ਹੀ ਰਹਿ ਗਿਆ ਹੈ। ਮਾਇਆ ਅਤੇ ਕਾਮ ਵਾਸ਼ਨਾਵਾਂ ਵਿਚ ਇਹ ਐਨਾ ਗ੍ਰੱਸਿਆ ਹੋਇਆ ਹੈ ਕਿ ਮੂਰਖ ਨੂੰ ਆਪਣੇ-ਆਪ ਦੀ ਸੋਝੀ ਨਹੀਂ ਰਹਿੰਦੀ। ਜਦੋਂ (ਆਖਰ ਨੂੰ) ਇਹ ਸੰਸਾਰ 'ਚੋਂ ਉੱਠ ਤੁਰਦਾ ਹੈ ਤਾਂ ਇਹ ਜਮਦੂਤਾਂ ਦੇ ਵੱਸ ਪੈ ਜਾਂਦਾ ਹੈ ਅਤੇ ਫਿਰ ਪਛਤਾਉਂਦਾ ਹੈ।
ਹੇ ਅੰਨ੍ਹੇ ਮਨੁੱਖ (ਤੈਨੂੰ ਇਸ ਗੱਲ ਦੀ ਸੋਝੀ ਨਹੀਂ ਕਿ) ਤੂੰ (ਨਦੀ ਦੇ) ਕੰਢੇ 'ਤੇ ਖੜ੍ਹੇ ਉਸ ਰੁੱਖ ਵਾਂਗ ਹੈਂ (ਜੋ ਕਿਸੇ ਵੇਲੇ ਵੀ ਗਿਰ ਸਕਦਾ ਹੈ) ਪਰ ਜੇਕਰ ਮਨੁੱਖ ਦੇ ਪਹਿਲਾਂ ਕੀਤੇ ਚੰਗੇ ਕਰਮਾਂ ਸਦਕਾ ਇਸ ਦੇ ਮੱਥੇ 'ਤੇ (ਚੰਗੇ ਭਾਗ) ਲਿਖੇ ਹੋਣ ਤਾਂ ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ।
ਗੁਰੂ ਪਾਤਸ਼ਾਹ ਬੜੀ ਸੁੰਦਰ ਉਦਾਹਰਨ ਦੇ ਕੇ ਗਾਫ਼ਲ ਮਨ ਨੂੰ ਸਮਝਾ ਰਹੇ ਹਨ ਕਿ ਹੇ ਭਾਈ, ਜਿਵੇਂ ਕਿਸਾਨ ਕੱਚੀ, ਅੱਧ-ਪੱਕੀ ਅਤੇ ਪੱਕੀ ਫ਼ਸਲ ਵੱਢਣ ਲਈ ਆਪਣੀ ਮਰਜ਼ੀ ਨਾਲ ਕਾਮਿਆਂ (ਮਜ਼ਦੂਰਾਂ) ਨੂੰ ਭੇਜ ਦਿੰਦਾ ਹੈ, ਜੋ ਕਿਸਾਨ ਦਾ ਹੁਕਮ ਹੋਣ 'ਤੇ ਦਾਤਰੇ ਲੈ ਕੇ ਖੇਤਾਂ ਵਿਚ ਪੁੱਜ ਜਾਂਦੇ ਹਨ ਅਤੇ ਖੇਤ ਨੂੰ ਮਾਪ ਕੇ ਫ਼ਸਲ ਨੂੰ ਕੱਟ ਦਿੰਦੇ ਹਨ (ਇਸੇ ਪ੍ਰਕਾਰ ਪਰਮਾਤਮਾ ਬਾਲ, ਜਵਾਨ ਜਾਂ ਬਿਰਧ ਨਹੀਂ ਤੱਕਦਾ। ਜਿਸ ਦੀ ਵੀ ਉਸ ਨੇ ਸੁਆਸਾਂ ਰੂਪੀ ਖੇਤੀ ਖ਼ਤਮ ਕਰਨੀ ਹੁੰਦੀ ਹੈ, ਉਸ ਨੂੰ ਮਾਰਨ ਲਈ ਆਪਣੇ ਜਮਦੂਤਾਂ ਨੂੰ ਭੇਜ ਦਿੰਦਾ ਹੈ)।
ਗਾਫ਼ਲ ਮਨੁੱਖ ਦਾ ਇਹ ਹਾਲ ਹੈ ਕਿ ਜੀਵਨ ਦਾ ਪਹਿਲਾ ਪਹਿਰ ਤਾਂ ਇਹ ਖਾਣ-ਪੀਣ ਦੇ ਧੰਦਿਆਂ ਵਿਚ ਹੀ ਗੁਜ਼ਾਰ ਦਿੰਦਾ ਹੈ ਅਤੇ ਦੂਜਾ ਪਹਿਰ (ਘੂਕ) ਸੌਂ ਕੇ। ਤੀਜਾ ਪਹਿਰ ਭਾਵ ਭਰ ਜੁਆਨੀ ਵਿਸ਼ੇ ਵਿਕਾਰਾਂ ਵਿਚ ਅਤੇ ਜੀਵਨ ਦਾ ਚੌਥਾ ਪਹਿਰ ਬੁਢਾਪਾ ਆਉਣ 'ਤੇ ਪ੍ਰਭਾਤ (ਸਵੇਰ) ਹੋ ਗਈ। ਇਸ ਪ੍ਰਕਾਰ ਜਿਸ ਪਰਮਾਤਮਾ ਨੇ ਮਨੁੱਖ ਨੂੰ ਜਿੰਦ ਤੇ ਸਰੀਰ ਦਿੱਤੇ, ਉਸ ਨੂੰ ਇਸ ਨੇ ਕਦੇ ਚਿੱਤ-ਚੇਤੇ ਨਹੀਂ ਕੀਤਾ ਭਾਵ ਮਨੁੱਖ ਨੇ ਆਪਣਾ ਸਾਰਾ ਜੀਵਨ ਵਿਅਰਥ ਹੀ ਗੁਆ ਦਿੱਤਾ।
ਸ਼ਬਦ ਦੇ ਅੰਤਲੇ ਬੰਦ ਵਿਚ ਗੁਰੂ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜੋ ਸਾਧ ਸੰਗਤ ਤੋਂ ਵਾਰਨੇ ਜਾਂਦੇ ਹਨ, ਮੈਂ ਉਨ੍ਹਾਂ ਤੋਂ ਆਪਣੀ ਜਿੰਦ-ਜਾਨ ਕੁਰਬਾਨ ਕਰਦਾ ਹਾਂ। ਜਿਸ ਮਨ ਨੂੰ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ, ਉਸ ਦਾ ਸੁਜਾਨ ਗੁਰੂ ਪੁਰਖ ਨਾਲ ਮਿਲਾਪ ਹੋ ਜਾਂਦਾ ਹੈ, ਜਿਸ ਦੀ ਕਿਰਪਾ ਸਦਕਾ ਜੋ ਅੰਦਰ ਬੈਠਾ ਹੈ ਅਤੇ ਅੰਦਰ ਦੀਆਂ ਜਾਨਣ ਵਾਲਾ ਹੈ, ਅੰਗ-ਸੰਗ ਵਸਦਾ ਪ੍ਰਤੀਤ ਹੁੰਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਮੁਸ਼ਕਿਲਾਂ ਹੀ ਜੀਵਨ ਵਿਕਾਸ ਦਾ ਰਾਹ ਦੱਸਦੀਆਂ ਹਨ

ਅਜਿਹਾ ਜੀਵਨ ਵੀ ਨੀਰਸ ਹੁੰਦਾ ਹੈ ਜਿਸ ਵਿਚ ਔਕੜਾਂ ਨਾ ਆਉਣ। ਕੇਵਲ ਸੁੱਖਾਂ ਨੂੰ ਭੋਗਣਾ ਹੀ ਜੀਵਨ ਨਹੀਂ। ਔਕੜਾਂ ਤੋਂ ਘਬਰਾਉਣਾ ਵੀ ਨਹੀਂ ਚਾਹੀਦਾ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਮੁਸ਼ਕਿਲ ਘੜੀ ਵਿਚ ਸਾਨੂੰ ਘਬਰਾਉਣ ਦੀ ਲੋੜ ਨਹੀਂ, ਸਗੋਂ ਆਤਮਬੋਧ ਕਰਨ ਦੀ ਲੋੜ ਹੈ। ਇਹ ਔਕੜਾਂ ਹੀ ਤਾਂ ਜੀਵਨ-ਵਿਕਾਸ ਦਾ ਰਾਹ ਦੱਸਦੀਆਂ ਹਨ। ਇਨ੍ਹਾਂ ਨਾਲ ਹੀ ਬੁੱਧੀ ਦਾ ਵਿਕਾਸ ਵੀ ਹੁੰਦਾ ਹੈ ਅਤੇ ਨਵੀਂ ਸੋਚ ਪੈਦਾ ਹੁੰਦੀ ਹੈ। ਜੇ ਤੁਸੀਂ ਮਾਮੂਲੀ ਜਿਹੀ ਮੁਸੀਬਤ ਸਮੇਂ ਘਬਰਾ ਜਾਓਗੇ ਤਾਂ ਤੁਸੀਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰੋਗੇ? ਫਿਰ ਲੋਕ ਤੁਹਾਡੇ 'ਤੇ ਭਰੋਸਾ ਕਿਵੇਂ ਕਰਨਗੇ? ਇਹ ਔਕੜਾਂ ਤਾਂ ਸਾਡੀ ਪਰਖ ਕਰਨ ਆਉਂਦੀਆਂ ਹਨ। ਇਨ੍ਹਾਂ ਨਾਲ ਹੀ ਧੀਰਜ ਮਜ਼ਬੂਤ ਹੁੰਦਾ ਹੈ ਅਤੇ ਯੋਗਤਾ ਦਾ ਵਿਕਾਸ ਹੁੰਦਾ ਹੈ। ਜੀਵਨ ਵਿਚ ਵੀ ਭਿੰਨਤਾ ਦੀ ਲੋੜ ਹੁੰਦੀ ਹੈ। ਮੁਸ਼ਕਿਲਾਂ ਜੀਵਨ ਵਿਚ ਭਿੰਨਤਾ ਲਿਆਉਂਦੀਆਂ ਹਨ ਅਤੇ ਸਾਨੂੰ ਆਪਣੇ ਅੰਦਰ ਝਾਕਣ ਅਤੇ ਆਪਣੀ ਯੋਗਤਾ ਪਰਖਣ ਦਾ ਮੌਕਾ ਦਿੰਦੀਆਂ ਹਨ ਅਤੇ ਸਾਨੂੰ ਆਤਮਬੋਧ ਕਰਾਉਂਦੀਆਂ ਹਨ। ਆਦਮਬੋਧ ਨਾਲ ਹੀ ਅਸੀਂ ਖੁਸ਼ ਰਹਿੰਦੇ ਹਾਂ। ਘਬਰਾਇਆ ਹੋਇਆ ਵਿਅਕਤੀ ਨਾ ਤਾਂ ਆਪਣੇ-ਆਪ ਨੂੰ ਸਮਝਦਾ ਹੈ ਅਤੇ ਨਾ ਹੀ ਅਟਲ ਸਚਾਈ ਨੂੰ। ਇਸ ਲਈ ਅਸਲੀਅਤ ਜਾਨਣ ਤੇ ਆਪਣੀ ਯੋਗਤਾ ਜਾਂਚਣ ਲਈ ਮੁਸ਼ਕਿਲਾਂ ਦਾ ਸਵਾਗਤ ਕਰੋ ਅਤੇ ਸਚਾਈ ਪੂਰਨ ਜੀਵਨ ਗੁਜ਼ਾਰ ਕੇ ਖੁਸ਼ ਰਹੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਖ਼ਾਲਸਾ ਪੰਥ ਦੀ ਸਾਜਨਾ ਅਤੇ ਕੇਸਧਾਰੀ ਹੋਣ ਦੀ ਮਹੱਤਤਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇਸ ਕਰਕੇ ਮੁਸਲਮਾਨ ਬਾਦਸ਼ਾਹਾਂ ਨੇ ਉਚੇਚੇ ਫ਼ੁਰਮਾਨ ਜਾਰੀ ਕੀਤੇ ਕਿ ਦੂਜੇ ਧਰਮ ਵਾਲੇ ਦਾੜ੍ਹੀ ਮੁਨਾ ਕੇ ਰੱਖਣ, ਪੱਗ ਦੀ ਥਾਂ ਟੋਪੀ ਪਹਿਨਣ, ਘੋੜ ਸਵਾਰੀ ਨਾ ਕਰਨ, ਸ਼ਸਤਰ ਨਾ ਰੱਖਣ ਅਤੇ ਕਿਸੇ ਉਚੇਰੀ ਗੱਲ ਵਿਚ ਮੋਮਨਾਂ ਦੀ ਰੀਸ ਨਾ ਕਰਨ। ਸਤਿਗੁਰਾਂ ਨੇ ਕੇਸਧਾਰੀ ਹੋਣ 'ਤੇ ਉਚੇਚਾ ਜ਼ੋਰ ਦਿੱਤਾ ਅਤੇ ਗ਼ੁਲਾਮੀ ਦੀ ਨਿਸ਼ਾਨੀ ਟੋਪੀ ਲੁਹਾ ਕੇ ਸਿੱਖਾਂ ਦੇ ਸਿਰ 'ਤੇ ਦਸਤਾਰ ਸਜਾਈ। ਜ਼ਿਕਰਯੋਗ ਹੈ ਕਿ ਭਾਰਤੀ ਪ੍ਰੰਪਰਾ ਅਨੁਸਾਰ ਪਗੜੀ ਨੂੰ ਤਾਜ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਰਿਹਾ ਹੈ ਅਤੇ ਬਹੁਤੇ ਹਿੰਦੂ ਵਿਅਕਤੀ ਵੀ ਪਗੜੀ ਪਹਿਨਦੇ ਰਹੇ ਹਨ। ਅੱਜ ਵੀ ਬਹੁਤ ਸਾਰੇ ਹਿੰਦੂ ਪਰਿਵਾਰ ਜਦ ਲੜਕੇ ਨੂੰ ਵਿਆਹੁਣ ਜਾਂਦੇ ਹਨ ਤਾਂ ਪਰਿਵਾਰ ਦੇ ਮੁੱਖ ਮੈਂਬਰ ਪਗੜੀਆਂ ਪਹਿਨਦੇ ਹਨ।
ਉਪਰੋਕਤ ਸਾਰੀਆਂ ਗੱਲਾਂ ਤੋਂ ਇਲਾਵਾ ਗੁਰੂ ਕੇ ਸਿੱਖਾਂ ਲਈ ਕੇਸ ਗੁਰੂ ਸਾਹਿਬ ਦੀ ਇਕ ਅਜਿਹੀ ਪੱਕੀ ਮੋਹਰ ਹਨ ਜੋ ਸਾਨੂੰ ਇਕ ਵੱਖਰੀ ਸ਼ਾਨ ਅਤੇ ਵੱਖਰੀ ਪਹਿਚਾਣ ਪ੍ਰਦਾਨ ਕਰਨ ਦੇ ਨਾਲ-ਨਾਲ ਇਕ ਵੱਖਰਾ ਮਾਣ ਵੀ ਬਖਸ਼ਦੇ ਹਨ। ਇੱਥੇ ਇਹ ਗੱਲ ਚੇਤੇ ਰੱਖਣੀ ਵੀ ਜ਼ਰੂਰੀ ਹੈ ਕਿ ਸਾਡੀ ਇਹ ਵੱਖਰੀ ਸ਼ਾਨ ਅਤੇ ਵੱਖਰੀ ਪਹਿਚਾਣ ਸਿਰ ਉੱਪਰ ਕੇਵਲ ਦਸਤਾਰ ਸਜਾ ਕੇ ਹੀ ਪੂਰਨ ਹੁੰਦੀ ਹੈ, ਇਸ ਤੋਂ ਬਗ਼ੈਰ ਨਹੀਂ। ਜਿਸ ਤਰ੍ਹਾਂ ਤਖ਼ਤ ਅਤੇ ਤਾਜ ਤੋਂ ਬਿਨਾਂ ਕੋਈ ਆਪਣੇ-ਆਪ ਨੂੰ ਕਿੰਗ ਨਹੀਂ ਅਖਵਾ ਸਕਦਾ, ਬਿਲਕੁਲ ਉਸੇ ਤਰ੍ਹਾਂ ਕੇਸਾਂ ਅਤੇ ਦਸਤਾਰ ਤੋਂ ਬਿਨਾਂ ਕੋਈ ਆਪਣੇ-ਆਪ ਨੂੰ ਸਿੰਘ ਵੀ ਨਹੀਂ ਅਖਵਾ ਸਕਦਾ। ਦਸਤਾਰ ਸਿੱਖ ਦੀ ਆਨ (ਸਵੈ-ਮਾਨ), ਬਾਨ (ਠਾਠ ਜਾਂ ਟੌਹਰ) ਅਤੇ ਸ਼ਾਨ ਹੋਣ ਦੇ ਨਾਲ-ਨਾਲ ਉਸ ਦੀ ਅਣਖ਼ ਅਤੇ ਗ਼ੈਰਤ ਦੀ ਵੀ ਪ੍ਰਤੀਕ ਹੁੰਦੀ ਹੈ। ਇਸ ਕਾਰਨ ਹੀ ਭਾਰਤੀ ਸਮਾਜ ਵਿਚ ਪੱਗ ਲਾਹੁਣ, ਪੱਗ ਰੋਲਣ, ਪੱਗ ਨੂੰ ਦਾਗ਼ ਲਾਉਣ, ਪੱਗ ਨੂੰ ਹੱਥ ਪਾਉਣ ਅਤੇ ਪੱਗ ਪੈਰੀਂ ਧਰਨ ਨੂੰ ਬਹੁਤ ਵੱਡੀ ਬੇਇੱਜ਼ਤੀ ਸਮਝਿਆ ਜਾਂਦਾ ਹੈ। ਦਸਤਾਰ, ਗੁਫ਼ਤਾਰ (ਬੋਲ-ਬਾਣੀ) ਅਤੇ ਰਫ਼ਤਾਰ ਨੂੰ ਮਾਨਵੀ ਸ਼ਖ਼ਸੀਅਤ ਦੇ ਵੀ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਕੇਸਾਂ ਦੇ ਨਾਲ-ਨਾਲ ਆਪਣੀ ਦਸਤਾਰ ਦੀ ਸ਼ਾਨ ਨੂੰ ਵੀ ਕਾਇਮ ਰੱਖੀਏ। ਇਸ ਨਾਲ ਹੀ ਅਸੀਂ ਸਿੰਘ ਹਾਂ, ਸਰਦਾਰ ਹਾਂ ਅਤੇ ਇਸ ਨਾਲ ਹੀ ਅਸੀਂ ਆਪਣੀ ਸਰਦਾਰੀ ਕਾਇਮ ਰੱਖ ਸਕਾਂਗੇ। (ਸਮਾਪਤ)


-292/13, ਸੁਹਜ ਵਿਲਾ, ਸਰਹਿੰਦ।
ਮੋਬਾ: 98155-01381

ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ

ਭਾਈ ਧੰਨਾ ਸਿੰਘ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਬਾਬਾ ਜੀ ਨੇ ਸਰਹਾਲੀ ਕਲਾਂ ਤੋਂ ਗਿ: ਮਿਲਖਾ ਸਿੰਘ ਮੌਜੀ ਨੂੰ ਨਾਲ ਲੈ ਲਿਆ। ਮੌਜੀ ਜੀ ਪ੍ਰਸਿੱਧ ਢਾਡੀ ਸਵਰਗਵਾਸੀ ਗਿ: ਸੋਹਨ ਸਿੰਘ ਸੀਤਲ ਦੇ ਸ਼ਾਗਿਰਦ ਢਾਡੀ ਕੁਲਵੰਤ ਸਿੰਘ ਬੀ.ਏ. ਦੇ ਸ਼ਾਗਿਰਦ ਹਨ। ਮੌਜੀ ਜੀ ਨੂੰ ਨੁਸ਼ਹਿਰਾ ਪੰਨੂਆਂ ਵਿਚ ਭਾਈ ਧੰਨਾ ਸਿੰਘ ਦੇ ਪਰਿਵਾਰ ਦਾ ਕੁਝ ਪਤਾ ਸੀ। ਨੁਸ਼ਹਿਰਾ ਪੰਨੂਆਂ ਤਰਨ ਤਾਰਨ ਸਾਹਿਬ ਤੋਂ 16 ਕਿਲੋਮੀਟਰ ਦੂਰ ਹੈ। ਪਿੰਡ ਦੇ ਵਿਚਕਾਰ ਜਾ ਕੇ ਅਸੀਂ ਭਾਈ ਧੰਨਾ ਸਿੰਘ ਦੇ ਘਰ ਬਾਰੇ ਪੁੱਛਿਆ ਤਾਂ ਇਕ ਬੀਬੀ ਜੀ, ਬੀਬੀ ਜਸਬੀਰ ਕੌਰ ਰਵਾਂ-ਰਵੀ ਸਾਨੂੰ ਸਾਂਢ ਕੀ ਪੱਤੀ ਵਿਚ ਭਾਈ ਧੰਨਾ ਸਿੰਘ ਦੇ ਘਰ ਲੈ ਗਏ। ਪੁਰਾਣੇ ਘਰ ਦੀ ਥਾਂ ਭਾਵੇਂ ਹੁਣ ਨਵਾਂ ਘਰ ਬਣ ਗਿਆ ਹੈ ਪਰ ਭਾਈ ਧੰਨਾ ਸਿੰਘ ਦੇ ਪੁਰਾਣੇ ਜੱਦੀ ਘਰ ਦੀ ਸੰਦੂਕੀ ਛੱਤ ਦਾ ਕੁਝ ਹਿੱਸਾ ਅਜੇ ਕਾਇਮ ਹੈ। ਜਿਸ ਗਲੀ ਵਿਚ ਭਾਈ ਧੰਨਾ ਸਿੰਘ ਦਾ ਘਰ ਹੈ, ਉਸ ਦੇ ਸ਼ੁਰੂ ਵਿਚ 'ਕਵੀਰਾਜ ਭਾਈ ਧੰਨਾ ਸਿੰਘ ਗਲੀ' ਦਾ ਬੋਰਡ ਲੱਗਾ ਹੋਇਆ ਹੈ। ਭਾਈ ਧੰਨਾ ਸਿੰਘ ਦੇ ਘਰ ਸਾਡੀ ਮੁਲਾਕਾਤ ਉਨ੍ਹਾਂ ਦੇ ਵੰਸ਼ਜ ਸ: ਕਰਮਜੀਤ ਸਿੰਘ ਦੇ ਸਪੁੱਤਰ, ਨੌਜਵਾਨ ਲਵਪ੍ਰੀਤ ਸਿੰਘ ਨਾਲ ਹੋਈ। ਲਵਪ੍ਰੀਤ ਸਿੰਘ ਇਕ ਰਾਗੀ ਜਥੇ ਨਾਲ ਤਬਲਾਵਾਦਕ ਦੀ ਸੇਵਾ ਕਰਦੇ ਹਨ। ਲਵਪ੍ਰੀਤ ਸਿੰਘ ਨੇ ਬਜ਼ੁਰਗਾਂ ਤੋਂ ਸੁਣੀਆਂ ਕੁਝ ਗੱਲਾਂ ਸਾਨੂੰ ਦੱਸੀਆਂ। ਪਤਾ ਲੱਗਾ ਕਿ ਦਸਮ ਪਾਤਸ਼ਾਹ ਨੇ ਭਾਈ ਧੰਨਾ ਸਿੰਘ ਦੀ ਸੇਵਾ ਅਤੇ ਕਾਵਿ ਕਲਾ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਬਾਰਾਂ ਗਜ਼ ਦੀ ਇਕ ਦਸਤਾਰ ਅਤੇ ਆਪਣੇ ਪਵਿੱਤਰ ਕੇਸਾਂ ਦਾ ਕੰਘਾ ਬਖਸ਼ਿਸ਼ ਕੀਤਾ ਸੀ।
ਭਾਈ ਧੰਨਾ ਸਿੰਘ ਦੀ ਪ੍ਰੇਰਨਾ ਨਾਲ ਨੁਸ਼ਹਿਰਾ ਪੰਨੂਆਂ ਦੀ ਬਹੁਤ ਸਾਰੀ ਸੰਗਤ ਦਸਮ ਪਾਤਸ਼ਾਹ ਦੀ ਸ਼ਰਧਾਲੂ ਹੋ ਗਈ, ਜੋ ਸਮੇਂ-ਸਮੇਂ ਅਨੰਦਪੁਰ ਸਾਹਿਬ ਜਾਂਦੀ ਰਹਿੰਦੀ ਸੀ। ਨੁਸ਼ਹਿਰਾ ਪੰਨੂਆਂ ਦੀ ਸੰਗਤ ਨੂੰ ਲਿਖੇ ਹੁਕਮਨਾਮਿਆਂ ਤੋਂ ਪਤਾ ਲਗਦਾ ਹੈ ਕਿ ਨੁਸ਼ਹਿਰੇ ਦੀ ਸੰਗਤ ਦਸਮ ਪਾਤਸ਼ਾਹ ਨੂੰ ਬਹੁਤ ਪਿਆਰੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਨੁਸ਼ਹਿਰੇ ਦੀ ਸੰਗਤ ਨੂੰ ਤਿੰਨ ਹੁਕਮਨਾਮੇ ਲਿਖੇ ਜਿਨ੍ਹਾਂ ਉੱਤੇ ਕੱਤਕ 4, ਸੰਮਤ 1756 ਬਿ: (5 ਅਕਤੂਬਰ 1699 ਈ:) ਮੱਘਰ 4, ਸੰਮਤ 1757 ਬਿ: (4 ਨਵੰਬਰ 1700 ਈ:) ਅਤੇ ਫੱਗਣ 10, ਸੰਮਤ 1758 ਬਿ: (6 ਫਰਵਰੀ 1702 ਈ:) ਮਿਤੀਆਂ ਦਰਜ ਹਨ। ਇਕ ਹੁਕਮਨਾਮਾ ਮਾਤਾ ਸਾਹਿਬ ਕੌਰ ਜੀ ਦਾ ਹੈ, ਜੋ ਉਨ੍ਹਾਂ ਨੇ ਨੁਸ਼ਹਿਰੇ ਪੰਨੂਆਂ ਦੀ ਸੰਗਤ ਨੂੰ ਮਿਤੀ ਹਾੜ੍ਹ 1, ਸੰਮਤ 1789 ਬਿ: (30 ਮਈ, 1732 ਈ:) ਨੂੰ ਲਿਖਿਆ। ਇਕ ਹੋਰ ਹੁਕਮਨਾਮਾ ਵੀ ਨੁਸ਼ਹਿਰਾ ਪੰਨੂਆਂ ਵਿਚ ਸੁਰੱਖਿਅਤ ਹੈ, ਜਿਸ ਵਿਚ ਨਾ ਤਾਂ ਕਿਸੇ ਪਿੰਡ ਦਾ ਨਾਂਅ ਦਰਜ ਹੈ ਅਤੇ ਨਾ ਹੀ ਕੋਈ ਤਰੀਕ ਲਿਖੀ ਹੋਈ ਹੈ। ਇਹ ਹੁਕਮਨਾਮਾ ਗੁਰੂ ਤੇਗ ਬਹਾਦਰ ਜੀ ਵਲੋਂ ਕਿਸੇ ਭਾਈ ਮਲਾ ਅਤੇ ਭਾਈ ਬਾਘਾ ਨੂੰ ਸੰਬੋਧਤ ਹੈ। ਇਹ ਪੰਜੇ ਹੁਕਮਨਾਮੇ ਡਾ: ਗੰਡਾ ਸਿੰਘ ਵਲੋਂ ਸੰਪਾਦਿਤ ਪੁਸਤਕ 'ਹੁਕਮਨਾਮੇ' ਵਿਚ ਹੁਕਮਨਾਮਾ ਨੰਬਰ 30, 48, 52, 58 ਅਤੇ 83 ਵਜੋਂ ਦਰਜ ਹਨ।
ਇਨ੍ਹਾਂ ਹੁਕਮਨਾਮਿਆਂ ਵਿਚ ਨੁਸ਼ਹਿਰੇ ਪੰਨੂਆਂ ਦੀ ਸੰਗਤ ਨੂੰ ਇਸ ਤਰ੍ਹਾਂ ਦੇ ਆਦੇਸ਼ ਅਤੇ ਅਸੀਸਾਂ ਲਿਖੀਆਂ ਹੋਈਆਂ ਹਨ : ਗੁਰੂ ਗੁਰੂ ਜਪਣਾ, ਸਰਬੱਤ ਸੰਗਤ ਮੇਰਾ ਖਾਲਸਾ ਹੈ। ਦੀਵਾਲੀ ਜਾਂ ਹੋਲੀ ਨੂੰ ਹਥਿਆਰ ਬੰਨ੍ਹ ਕੇ ਦਰਸ਼ਨ ਆਵਨਾ। ਇਕ ਤੋਲਾ ਸੋਨਾ ਭੇਜਣਾ। ਗੁਰੂ ਕੀ ਗੋਲਕ ਆਪ ਲੈ ਕੇ ਆਉਣਾ, ਕਿਸੇ ਨੂੰ ਨਹੀਂ ਦੇਣੀ। ਮਸੰਦਾਂ ਨਾਲ ਨਹੀਂ ਮਿਲਣਾ। ਜੋ ਸਿੱਖ ਮਿਲਣਾ ਚਾਹੇ, ਮੇਲ ਲੈਣਾ, ਦਿੱਕਤ ਨਹੀਂ ਕਰਨੀ ਆਦਿ।
ਉਪਰੋਕਤ ਪੰਜੇ ਹੁਕਮਨਾਮੇ ਪਹਿਲਾਂ ਭਾਈ ਧੰਨਾ ਸਿੰਘ ਦੇ ਪੁਰਾਣੇ ਘਰ ਵਿਚ ਪੜਛੱਤੀ ਉੱਤੇ ਪਏ ਹੁੰਦੇ ਸਨ। ਭਾਈ ਸਾਹਿਬ ਦੇ ਖਾਨਦਾਨ ਦਾ ਇਕ ਸਿੱਖ, ਭਾਈ ਇੰਦਰ ਸਿੰਘ ਜਦੋਂ ਪਿੰਡ ਛੱਡ ਕੇ ਕਾਨ੍ਹਪੁਰ ਜਾਣ ਲੱਗਾ ਤਾਂ ਉਹ ਇਹ ਹੁਕਮਨਾਮੇ ਨੁਸ਼ਹਿਰਾ ਪੰਨੂਆਂ ਦੇ ਗੁਰਦੁਆਰਾ ਸਾਂਝੀਵਾਲਤਾ ਸਾਹਿਬ ਨੂੰ ਸੌਂਪ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾ : 98155-40968

ਧਾਰਮਿਕ ਅਤੇ ਸਮਾਜ-ਸੇਵੀ ਕਾਰਜਾਂ ਨੂੰ ਸਮਰਪਿਤ ਸ਼ਖ਼ਸੀਅਤ ਭਾਈ ਹਰਿੰਦਰ ਸਿੰਘ ਚੁੰਨੀਮਾਜਰੇ ਵਾਲੇ

ਸੱਚਖੰਡ ਵਾਸੀ ਸੰਤ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੇ ਚਰਨ ਸੇਵਕ ਅਤੇ ਪ੍ਰੀਤ ਫਰਨੀਚਰ ਹਾਊਸ ਲਖਨੌਰ ਮੁਹਾਲੀ ਦੇ ਐਮ.ਡੀ. ਭਾਈ ਹਰਿੰਦਰ ਸਿੰਘ ਚੁੰਨੀਮਾਜਰੇ ਵਾਲਿਆਂ ਕਈ ਸਾਲ ਸੱਚਖੰਡ ਵਾਸੀ ਸੰਤ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੇ ਅਸਥਾਨ 'ਤੇ ਸੇਵਾ ਕੀਤੀ ਅਤੇ ਆਪਣੇ ਪਰਿਵਾਰ ਤੋਂ ਅਲੱਗ ਰਹਿ ਕੇ ਉੱਥੇ ਸੰਤਾਂ ਦੇ ਬਚਨਾਂ ਸਦਕਾ ਸੰਗਤ ਦੀ ਸੇਵਾ 'ਚ ਹਾਜ਼ਰ ਰਹੇ। ਉਥੇ ਹੀ ਉਨ੍ਹਾਂ ਨੂੰ ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ ਦੀ ਹੋਰ ਲਗਨ ਲੱਗੀ। ਭਾਈ ਹਰਿੰਦਰ ਸਿੰਘ ਦਾ ਜਨਮ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਚੁੰਨੀਮਾਜਰਾ ਨੇੜੇ ਹੰਸਾਲੀ ਸਾਹਿਬ ਵਿਖੇ ਹੋਇਆ ਅਤੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਗੁਰੂ-ਘਰ ਨਾਲ ਲਗਨ ਅਤੇ ਧਾਰਮਿਕ ਖੇਤਰ 'ਚ ਰੁਝਾਨ ਕਰਕੇ ਉਹ ਜ਼ਿਆਦਾਤਰ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਅਸਥਾਨ 'ਤੇ ਹੀ ਸੰਗਤਾਂ ਦੀ ਸੇਵਾ 'ਚ ਆਪਣਾ ਜੀਵਨ ਬਤੀਤ ਕਰਦੇ।
ਉਨ੍ਹਾਂ ਵਲੋਂ ਹਰ ਸਾਲ ਧਾਰਮਿਕ ਯਾਤਰਾਵਾਂ ਤੋਂ ਇਲਾਵਾ ਨਗਰ ਕੀਰਤਨ ਵੀ ਕੱਢੇ ਗਏ ਅਤੇ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਨਾਲ ਮਿਲ ਕੇ ਧਰਮ ਦੇ ਪ੍ਰਚਾਰ 'ਚ ਵੀ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਲਗਾਤਾਰ ਜਾਰੀ ਹੈ। ਉਹ ਆਪਣੇ ਕਾਰੋਬਾਰ ਦੌਰਾਨ ਵੀ ਆਪਣੇ ਆਉਣ ਵਾਲੇ ਲੋਕਾਂ ਨਾਲ ਸਮਾਜ ਸੇਵਾ ਦੇ ਕਾਰਜ ਕਰਨ ਅਤੇ ਧਾਰਮਿਕ ਖੇਤਰ ਸਬੰਧੀ ਵਿਚਾਰਾਂ ਕਰਦੇ ਰਹਿੰਦੇ ਹਨ ਅਤੇ ਕਿਰਤ ਨੂੰ ਆਪਣੀ ਜ਼ਿੰਦਗੀ ਦਾ ਅਟੁੱਟ ਅੰਗ ਮੰਨਦੇ ਹੋਏ ਸਫਲਤਾਪੂਰਵਕ ਕਾਰਜ ਕਰ ਰਹੇ ਹਨ। ਭਾਈ ਹਰਿੰਦਰ ਸਿੰਘ ਚੁੰਨੀਮਾਜਰੇ ਵਾਲਿਆਂ ਵਲੋਂ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਨਾਲ ਹੀ ਇਹ ਕਾਰਜ ਸ਼ੁਰੂ ਕੀਤਾ ਅਤੇ ਉਨ੍ਹਾਂ ਵਲੋਂ ਸਰਬੱਤ ਦੇ ਭਲੇ ਲਈ ਸਮੇਂ-ਸਮੇਂ 'ਤੇ ਘਰ 'ਚ ਵਰਤੋਂਯੋਗ ਫਰਨੀਚਰ ਦੀਆਂ ਆਈਟਮਾਂ 'ਤੇ ਛੋਟ ਦੇਣ ਦਾ ਮੁੱਖ ਮੰਤਵ ਕਿ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਫਰਨੀਚਰ ਖਰੀਦ ਸਕੇ। ਬੇਟੀ ਦੇ ਵਿਆਹ ਲਈ ਸਿਰਫ 17 ਹਜ਼ਾਰ 'ਚ ਫਰਨੀਚਰ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਵਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਲੋੜਵੰਦ ਪਰਿਵਾਰਾਂ ਦੇ ਵਿਆਹ ਸਮਾਗਮ 'ਚ ਸਸਤਾ ਸਾਮਾਨ ਵੀ ਦਿੱਤਾ ਜਾਂਦਾ ਹੈ।


-ਮੁਹਾਲੀ। ਮੋਬਾ: 98157-07865

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਕਸ਼ਮੀਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਚਸ਼ਮੇ ਸ਼ਾਹੀ ਬਾਗ਼ ਅਤੇ ਝਰਨਾ : ਪਰੀ ਮਹਿਲ ਦੇ ਨੇੜੇ ਹੀ ਇਕ ਬਾਗ਼ ਅਤੇ ਝਰਨਾ ਬਹੁਤ ਪ੍ਰਸਿੱਧ ਹਨ, ਜਿਨ੍ਹਾਂ ਨੂੰ ਚਸ਼ਮੇ ਸ਼ਾਹੀ ਬਾਗ਼ ਅਤੇ ਚਸ਼ਮੇ ਸ਼ਾਹੀ ਝਰਨਾ ਕਿਹਾ ਜਾਂਦਾ ਹੈ। ਕਹਿੰਦੇ ਨੇ ਕਿ ਮੁਗ਼ਲ ਬਾਦਸ਼ਾਹ ਇਸ ਚਸ਼ਮੇ ਦਾ ਪਾਣੀ ਹੀ ਪੀਂਦੇ ਸਨ। ਇਸ ਝਰਨੇ ਦੇ ਪਾਣੀ ਵਿਚ ਕੁਝ ਔਸ਼ਧੀ ਗੁਣ ਵੀ ਹੁੰਦੇ ਹਨ, ਜਿਸ ਕਰਕੇ ਇਸ ਚਸ਼ਮੇ ਦਾ ਪਾਣੀ ਪੀਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਝਰਨੇ ਦਾ ਪਾਣੀ ਪੀਣ ਨਾਲ ਪੇਟ ਦੇ ਰੋਗ ਠੀਕ ਹੋ ਜਾਂਦੇ ਹਨ। ਇਹ ਪਾਣੀ ਬਹੁਤ ਠੰਢਾ ਹੁੰਦਾ ਹੈ, ਕਿਉਂਕਿ ਸਿੱਧਾ ਬਰਫ ਪਿਘਲ ਕੇ ਹੀ ਇਸ ਝਰਨੇ ਦਾ ਪਾਣੀ ਬਣਦਾ ਹੈ, ਜੋ ਕਿ ਝਰਨੇ ਦੇ ਰੂਪ ਵਿਚ ਵਹਿੰਦਾ ਹੈ। ਇਸ ਪਾਣੀ ਵਿਚ ਹੱਥ ਪਾਉਣ ਨਾਲ ਉਹ ਠੰਢੇ-ਠੰਢੇ ਹੋ ਕੇ ਠਰ ਜਾਂਦੇ ਹਨ। ਸੈਲਾਨੀ ਇਸ ਝਰਨੇ ਤੋਂ ਪਾਣੀ ਦੀਆਂ ਬੋਤਲਾਂ ਭਰ ਕੇ ਲੈ ਜਾਂਦੇ ਹਨ। ਇਸ ਝਰਨੇ ਦੇ ਆਲੇ-ਦੁਆਲੇ ਬਾਗ਼ ਬਣਵਾਇਆ ਹੋਇਆ ਹੈ ਜੋ ਕਿ ਮੁਗ਼ਲ ਬਾਦਸ਼ਾਹ ਸ਼ਾਹ ਜਹਾਂ ਨੇ ਬਣਵਾਇਆ ਸੀ। ਇਸ ਬਾਗ਼ ਨੂੰ ਚਸ਼ਮੇ ਸ਼ਾਹੀ ਬਾਗ਼ ਕਿਹਾ ਜਾਂਦਾ ਹੈ, ਇਸ ਬਾਗ਼ ਵਿਚ ਵੀ ਤਰ੍ਹਾਂ-ਤਰ੍ਹਾਂ ਦੇ ਰੁੱਖ ਅਤੇ ਫੁੱਲ ਪੌਦੇ ਲੱਗੇ ਹੋਏ ਹਨ।
ਨਸੀਮ ਬਾਗ਼ : ਇਸ ਬਾਗ਼ ਦੀ ਉਸਾਰੀ ਬਾਦਸ਼ਾਹ ਅਕਬਰ ਨੇ ਕਰਵਾਈ ਸੀ, ਇਸ ਬਾਗ਼ ਵਿਚ ਵੀ ਤਰ੍ਹਾਂ-ਤਰ੍ਹਾਂ ਦੇ ਫੁੱਲ, ਪੌਦੇ ਅਤੇ ਫਲਦਾਰ ਰੁੱਖ ਲੱਗੇ ਹੋਏ ਹਨ। ਇਸ ਬਾਗ਼ ਵਿਚ ਤਾਜ਼ੀ ਹਵਾ ਬਹੁਤ ਸਕੂਨ ਦਿੰਦੀ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾ: 9463819174






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX