ਤਾਜਾ ਖ਼ਬਰਾਂ


ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਅੱਜ ਭਾਰਤ ਬੰਦ, ਪਟਨਾ 'ਚ ਕਈ ਥਾਈਂ ਪ੍ਰਦਰਸ਼ਨ
. . .  5 minutes ago
ਪਟਨਾ, 23 ਫਰਵਰੀ- ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਅੱਜ ਭੀਮ ਆਰਮੀ ਚੀਫ਼ ਚੰਦਰਸ਼ੇਖਰ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸੇ ਨੂੰ ਲੈ ਕੇ ਬਿਹਾਰ ਦੀ ਰਾਜਧਾਨੀ ਪਟਨਾ...
ਟਰੱਕ ਤੇ ਟੈਂਪੂ ਟਰੈਵਲ ਦੀ ਟੱਕਰ 'ਚ 11 ਮੌਤਾਂ
. . .  50 minutes ago
ਅਹਿਮਦਾਬਾਦ, 23 ਫਰਵਰੀ - ਗੁਜਰਾਤ ਦੇ ਵਡੌਦਰਾ 'ਚ ਪੈਂਦੇ ਰਾਨੂ-ਮਾਹੂਵਡ ਰੋਡ 'ਤੇ ਇੱਕ ਟਰੱਕ ਅਤੇ ਟੈਂਪੂ ਟਰੈਵਲ ਦੀ ਟੱਕਰ ਵਿਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ...
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਭਾਰਤ ਦੇ ਮਯੰਕ ਅਗਰਵਾਲ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਭਾਰਤ ਦੇ ਮਯੰਕ ਅਗਰਵਾਲ ਦੀਆਂ 50 ਦੌੜਾਂ ਪੂਰੀਆਂ
ਪ੍ਰਧਾਨ ਮੰਤਰੀ ਅੱਜ ਕਰਨਗੇ 'ਮਨ ਕੀ ਬਾਤ'
. . .  about 1 hour ago
ਨਵੀਂ ਦਿੱਲੀ, 23 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਾ ਕੁੱਲ 62ਵਾਂ ਅਤੇ ਇਸ ਸਾਲ ਦਾ ਇਹ ਦੂਸਰਾ ਰੇਡਿਓ...
ਜਾਫਰਾਬਾਦ ਮੈਟਰੋ ਸਟੇਸ਼ਨ ਦੇ ਗੇਟ ਕੀਤੇ ਗਏ ਬੰਦ
. . .  about 1 hour ago
ਨਵੀਂ ਦਿੱਲੀ, 23 ਫਰਵਰੀ - ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਅਨੁਸਾਰ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਨੂੰ ਦੇਖਦੇ ਹੋਏ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਦਾਖਲਾ ਤੇ ਨਿਕਾਸੀ ਗੇਟ ਬੰਦ ਕਰ ਦਿੱਤੇ ਗਏ ਹਨ। ਇਸ ਸਟੇਸ਼ਨ...
ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਦੀ ਦੂਰੀ ਪਾਰੀ 'ਚ ਭਾਰਤ 58/1, ਅਜੇ ਵੀ 125 ਦੌੜਾਂ ਪਿੱਛੇ
. . .  about 1 hour ago
ਭਾਰਤ ਖ਼ਿਲਾਫ਼ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਦੀ ਪਹਿਲੀ ਪਾਰੀ 348 ਦੌੜਾਂ 'ਤੇ ਸਮਾਪਤ, ਮਿਲੀ 183 ਦੌੜਾਂ ਦੀ ਲੀਡ
. . .  about 1 hour ago
ਭਾਰਤ ਖ਼ਿਲਾਫ਼ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਦੀ ਪਹਿਲੀ ਪਾਰੀ 348 ਦੌੜਾਂ 'ਤੇ ਸਮਾਪਤ, ਮਿਲੀ 183 ਦੌੜਾਂ ਦੀ ਲੀਡ
ਵਾਲਮੀਕ ਭਾਈਚਾਰੇ ਵੱਲੋਂ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਠੱਪ
. . .  about 1 hour ago
ਵੇਰਕਾ 23 ਫਰਵਰੀ (ਪਰਮਜੀਤ ਸਿੰਘ ਬੱਗਾ) - ਨਾਗਰਿਕਤਾ ਸੋਧ ਕਾਨੂੰਨ, ਐਨ.ਆਰ.ਸੀ ਅਤੇ ਐਨ.ਪੀ.ਆਰ ਦੇ ਵਿਰੋਧ ਵਿਚ ਅੱਜ ਸਵੇਰੇ ਵਾਲਮੀਕ ਭਾਈਚਾਰੇ ਅਤੇ ਐੱਸ.ਸੀ ਤੇ ਓ.ਬੀ.ਸੀ ਨਾਲ ਸਬੰਧਿਤ ਸਮੂਹ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ...
ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 123 ਹੋਰ ਕੇਸਾਂ ਦੀ ਪੁਸ਼ਟੀ
. . .  about 2 hours ago
ਸਿਓਲ, 23 ਫਰਵਰੀ - ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 123 ਹੋਰ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹੁਣ ਤੱਕ ਕੁੱਲ ਮਰੀਜ਼ਾਂ ਦੀ ਗਿਣਤੀ 556 ਹੋ ਚੁੱਕੀ...
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ
ਹੋਰ ਖ਼ਬਰਾਂ..

ਖੇਡ ਜਗਤ

ਸਾਨੀਆ ਮਿਰਜ਼ਾ ਦੀ ਧਮਾਕੇਦਾਰ ਵਾਪਸੀ

ਦੋ ਸਾਲਾਂ ਦੀ ਛੁੱਟੀ ਤੋਂ ਬਾਅਦ ਭਾਰਤ ਦੀ ਸਭ ਤੋਂ ਸਫ਼ਲ ਮਹਿਲਾ ਟੈਨਿਸ ਸਟਾਰ ਮਿਰਜ਼ਾ ਨੇ ਕੋਰਟ 'ਤੇ ਸ਼ਾਨਦਾਰ ਵਾਪਸੀ ਕੀਤੀ ਹੈ। ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਸਾਨੀਆ ਮਿਰਜ਼ਾ ਨੇ ਆਪਣੀ ਯੂਕਰੇਨ ਦੀ ਪਾਰਟਨਰ ਨਦੀਆ ਕਿਚੇਨੋਕ ਨਾਲ ਮਿਲ ਕੇ ਡਬਲਿਊ.ਟੀ.ਏ. ਹੋਬਾਰਟ ਇੰਟਰਨੈਸ਼ਨਲ ਟ੍ਰਾਫੀ 'ਤੇ ਕਬਜ਼ਾ ਕੀਤਾ। ਹੋਬਾਰਟ ਵਿਚ 18 ਜਨਵਰੀ ਨੂੰ ਖੇਡੇ ਗਏ ਮਹਿਲਾ ਯੁਗਲ ਫਾਈਨਲ ਵਿਚ ਭਾਰਤ-ਯੂਕਰੇਨ ਦੀ ਇਸ ਜੋੜੀ ਨੇ ਦੂਜੀ ਵਿਸ਼ਵ ਪ੍ਰਸਿੱਧ ਜੋੜੀ ਚੀਨ ਦੀ ਸ਼ੂਈ ਪੇਂਗ ਤੇ ਸ਼ੂਈ ਜਹਾਂਗ ਨੂੰ ਇਕ ਘੰਟਾ, 21 ਮਿੰਟ ਵਿਚ 6-4, 6-4 ਨਾਲ ਹਰਾ ਦਿੱਤਾ ਅਤੇ 13,580 ਅਮਰੀਕੀ ਡਾਲਰ ਦੀ ਰਾਸ਼ੀ ਆਪਣੇ ਨਾਂਅ ਕਰਦਿਆਂ ਦੋਵਾਂ ਨੇ ਆਪਣੇ-ਆਪਣੇ ਲਈ 280 ਰੈਕਿੰਗ ਪੁਆਇੰਟਸ ਵੀ ਹਾਸਲ ਕੀਤੇ।
ਇਹ ਸਾਨੀਆ ਮਿਰਜ਼ਾ ਦਾ 42ਵਾਂ ਡਬਲਿਊ.ਟੀ.ਏ. ਯੁਗਲ ਖ਼ਿਤਾਬ ਹੈ। ਇਸ ਤੋਂ ਇਲਾਵਾ ਉਸ ਕੋਲ 6 ਗ੍ਰੈਂਡ ਸਲੈਮ ਵੀ ਹਨ। 33 ਸਾਲਾ ਸਾਨੀਆ ਮਿਰਜ਼ਾ ਨੇ ਇਸ ਮੁਕਾਬਲੇ ਤੋਂ ਪਹਿਲਾਂ ਅਕਤੂਬਰ 2017 ਵਿਚ ਆਪਣਾ ਆਖਰੀ ਮੈਚ ਚਾਈਨਾ ਓਪਨ ਵਿਚ ਖੇਡਿਆ ਸੀ। ਖੇਡ ਤੋਂ ਵੱਖ ਹੋਣ 'ਤੇ ਉਹ ਆਪਣੀਆਂ ਸੱਟਾਂ ਦਾ ਇਲਾਜ ਕਰ ਰਹੀ ਸੀ। ਫਿਰ ਅਪ੍ਰੈਲ 2018 ਵਿਚ ਉਨ੍ਹਾਂ ਨੇ ਰਸਮੀ ਬ੍ਰੇਕ ਲੈ ਲਈ, ਤਾਂ ਕਿ ਆਪਣੇ ਪੁੱਤਰ ਇਜ਼ਹਾਨ ਨੂੰ ਜਨਮ ਦੇ ਸਕੇ। ਗ਼ੌਰਤਲਬ ਹੈ ਕਿ ਉਨ੍ਹਾਂ ਦੀ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨਾਲ ਵਿਆਹ ਹੋਇਆ ਹੈ। ਬਹੁਤ ਘੱਟ ਮਹਿਲਾ ਐਥਲੀਟ ਹਨ, ਜਿਨ੍ਹਾਂ ਨੇ ਮਾਂ ਬਣਨ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਪੁਰਾਣੇ ਸਫ਼ਲ ਪ੍ਰਦਰਸ਼ਨ ਨੂੰ ਦੁਹਰਾਇਆ ਹੈ। ਭਾਰਤ ਵਿਚ ਮੈਰੀ ਕੌਮ (ਮੁੱਕੇਬਾਜ਼) ਤੋਂ ਬਾਅਦ ਸਾਨੀਆ ਮਿਰਜ਼ਾ ਅਜਿਹਾ ਦੂਜਾ ਵੱਡਾ ਨਾਂਅ ਹੈ। ਸ਼ਾਇਦ ਇਸ ਲਈ ਹੀ ਉਨ੍ਹਾਂ ਨੇ ਆਪਣੀ ਇਸ ਜਿੱਤ ਨੂੰ ਆਪਣੇ ਪੁੱਤਰ ਨੂੰ ਸਮਰਪਿਤ ਕੀਤੀ। ਸਾਨੀਆ ਮਿਰਜ਼ਾ ਨੇ ਕਿਹਾ, 'ਮੈਂ ਆਪਣੀ ਇਸ ਜਿੱਤ ਨੂੰ ਆਪਣੇ ਪੁੱਤਰ ਇਜ਼ਹਾਨ ਨੂੰ ਸਮਰਪਿਤ ਕਰਦੀ ਹਾਂ। ਲੰਮੀ ਛੁੱਟੀ ਤੋਂ ਬਾਅਦ ਸਖ਼ਤ ਮਿਹਨਤ ਕਰਦਿਆਂ ਇਸ ਪੱਧਰ ਤੱਕ ਪਹੁੰਚਣਾ ਇਹ ਵਾਕਈ ਖ਼ਾਸ ਹੈ। ਇਸ ਪੱਧਰ ਤੱਕ ਮੁਕਾਬਲਾ ਕਰਨਾ ਆਸਾਨ ਨਹੀਂ ਹੁੰਦਾ ਅਤੇ ਫਿਰ ਆਪਣੇ ਕਮਬੈਕ 'ਤੇ ਪਹਿਲੀ ਹੀ ਕੋਸ਼ਿਸ਼ ਵਿਚ ਖ਼ਿਤਾਬ ਜਿੱਤ ਲੈਣਾ ਇਹ ਸਭ ਪਰੀਆਂ ਦੀ ਕਹਾਣੀਆਂ ਵਾਂਗ ਹੈ।'
ਸਾਨੀਆ ਮਿਰਜ਼ਾ ਨੂੰ ਇਹ ਅਹਿਸਾਸ ਹੋਣਾ ਸੁਭਾਵਿਕ ਹੈ। ਉਹ ਇਸ ਤੋਂ ਵਧੀਆ ਵਾਪਸੀ ਦੀ ਕਲਪਨਾ ਨਹੀਂ ਕਰ ਸਕਦੀ ਸੀ। ਇਸ ਲਈ ਇਹ ਜਿੱਤ ਉਨ੍ਹਾਂ ਲਈ ਬਹੁਤ ਵਿਸ਼ੇਸ਼ ਹੋ ਜਾਂਦੀ ਹੈ। ਉਹ ਦੱਸਦੀ ਹੈ, 'ਦਬਾਅ ਨਹੀਂ ਸੀ, ਉਮੀਦ ਵੀ ਨਹੀਂ ਸੀ। ਬਸ ਉਥੇ ਜਾਓ ਅਤੇ ਉਸ ਖੇਡ ਦਾ ਮਜ਼ਾ ਲਓ ਜੋ ਤੁਹਾਨੂੰ ਸਭ ਤੋਂ ਪਿਆਰੀ ਹੈ। ਜਿਸ ਤਰ੍ਹਾਂ ਇਸ ਮੁਕਾਬਲੇ ਵਿਚ ਵਾਪਰਿਆ, ਮੈਂ ਬਹੁਤ ਖੁਸ਼ ਹਾਂ ਅਤੇ ਵਿਸ਼ੇਸ਼ ਕਰਕੇ ਇਸ ਲਈ ਵੀ ਕਿਚੇਨੋਕ ਦੇ ਨਾਲ ਜਿੱਤ ਦੀ ਸ਼ੁਰੂਆਤ ਹੋਈ।' ਇਹ ਵੀ ਸਹੀ ਹੈ ਕਿ ਇਸ ਮੁਕਾਬਲੇ ਦੇ ਆਪਣੇ ਪਹਿਲੇ ਮੈਚ ਵਿਚ ਸਾਨੀਆ ਮਿਰਜ਼ਾ ਘਬਰਾਈ ਹੋਈ ਜ਼ਰੂਰ ਸੀ। ਵਾਪਸੀ ਦੇ ਪਹਿਲੇ ਮੈਚ ਵਿਚ ਦਬਾਅ ਤਾਂ ਹੁੰਦਾ ਹੀ ਹੈ। ਉਹ ਕਹਿੰਦੀ ਹੈ, 'ਇਕ ਨਵੀਂ ਤਰ੍ਹਾਂ ਦਾ ਅਹਿਸਾਸ ਸੀ, ਜਿਵੇਂ ਪੈਰਾਂ ਦੀ ਹਲਚਲ, ਭਾਵਨਾਵਾਂ ਆਦਿ ਸਭ ਕੁਝ।' ਇਸ ਜਿੱਤ ਤੋਂ ਬਾਅਦ ਉਹ ਆਸਟ੍ਰੇਲੀਅਨ ਓਪਨ ਤੇ ਹੋਰ ਵੱਡੇ ਮੁਕਾਬਲਿਆਂ ਬਾਰੇ ਸਾਕਾਰਾਤਮਿਕ ਅੰਦਾਜ਼ ਵਿਚ ਸੋਚ ਸਕਦੀ ਹਾਂ। ਮਹਿਲਾ ਯੁਗਲ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰੀ ਸਾਨੀਆ ਮਿਰਜ਼ਾ ਹੋਬਾਰਟ ਵਿਚ ਜਿੱਤ ਦੇ ਬਾਵਜੂਦ ਸੱਤਵੇਂ ਅਸਮਾਨ 'ਤੇ ਨਹੀਂ ਹੈ, ਉਸ ਦੇ ਪੈਰ ਜ਼ਮੀਨ 'ਤੇ ਹੀ ਜੰਮੇ ਹੋਏ ਹਨ।
ਸਾਨੀਆ ਮਿਰਜ਼ਾ ਸਰਵ ਵੀ ਜ਼ਬਰਦਸਤ ਰਿਟਰਨ ਕਰਦੀ ਹੈ। ਉਨ੍ਹਾਂ ਨੇ ਸਰਵ 'ਤੇ ਬਹੁਤ ਵਿਨਰ ਹਾਸਲ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ, 'ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੇਰਾ ਫੋਰਹੈੱਡ ਤੇ ਬੈਕਹੈੱਡ ਕਿਸੇ ਦਾ ਵੀ ਮੁਕਾਬਲਾ ਕਰ ਸਕਦਾ ਹੈ, ਅਸਲ ਗੱਲ ਹੁੰਦੀ ਹੈ ਕਿ ਉਸ ਨੂੰ ਮਾਰਿਆ ਕਿੱਥੇ ਜਾਏ। ਗੇਂਦ ਨੂੰ ਮੈਂ ਬਹੁਤ ਤੇਜ਼ ਹਿੱਟ ਕਰਦੀ ਹਾਂ।' ਅਸਲ ਵਿਚ ਸਾਨੀਆ ਮਿਰਜ਼ਾ ਦੀ ਸਭ ਤੋਂ ਵੱਡੀ ਕਮਜ਼ੋਰੀ ਕੋਰਟ 'ਤੇ ਮੂਵਮੈਂਟ ਹੈ। ਉਹ ਕੋਰਟ ਵਿਚ ਖੇਡ ਸਮੇਂ ਇਧਰ-ਉਧਰ ਹੋਣ ਵਿਚ ਅਕਸਰ ਸੰਘਰਸ਼ ਕਰਦੀ ਹੈ। ਪਰ ਇਸ ਦੇ ਬਾਵਜੂਦ ਉਹ ਭਾਰਤ ਦੀ ਅੱਜ ਤੱਕ ਦੀ ਸਭ ਤੋਂ ਸਫ਼ਲ ਮਹਿਲਾ ਟੈਨਿਸ ਖਿਡਾਰੀ ਹੈ। ਅੱਜ ਭਾਰਤ ਦੀਆਂ ਸਭ ਨੌਜਵਾਨ ਲੜਕੀਆਂ ਟੈਨਿਸ ਖੇਡ ਰਹੀਆਂ ਹਨ। ਨੌਜਵਾਨਾਂ ਦਾ ਅਈਕਾਨ ਦੇ ਆਦਰਸ਼ ਬਣ ਜਾਣਾ ਆਪਣੇ-ਆਪ ਵਿਚ ਵੱਡੀ ਪ੍ਰਾਪਤੀ ਹੈ।


ਖ਼ਬਰ ਸ਼ੇਅਰ ਕਰੋ

ਟੋਕੀਓ ਉਲੰਪਿਕ ਹਾਕੀ ਲਈ ਹੁਣ ਤੋਂ ਹੀ ਸਰਗਰਮ ਹੋਵੇ ਭਾਰਤੀ ਟੀਮ

ਭਾਰਤੀ ਹਾਕੀ ਦੇ ਸੁਨਹਿਰੀ ਕਾਲ ਭਾਵ 1930 ਅਤੇ 1970 ਦੇ ਨੇੜੇ-ਤੇੜੇ ਦੇ ਸਾਲ ਮੇਜਰ ਧਿਆਨ ਚੰਦ, ਰੂਪ ਸਿੰਘ, ਕੰਵਰ ਦਿਗਵਿਜੈ ਸਿੰਘ ਲੈਸਲੇ ਕੋਲਡੀਅਮ ਬਲਬੀਰ ਸਿੰਘ, ਇਮਾਨ ਰਹਿਮਾਨ, ਬੀ.ਪੀ. ਗੋਵਿੰਦਾ, ਸੁਰਜੀਤ ਸਿੰਘ, ਅਜੀਤਪਾਲ ਸਿੰਘ ਆਦਿ ਤੋਂ ਲੈ ਕੇ ਆਧੁਨਿਕ ਕਾਲ ਤੱਕ ਮੌਜੂਦਾ ਸਮੇਂ ਤੱਕ ਜਿਸ ਵਿਚ ਸੁਨੀਲ, ਅਕਾਸ਼ਦੀਪ, ਸ੍ਰੀਜੇਸ਼, ਰੁਪਿੰਦਰਪਾਲ ਸਿੰਘ, ਗੁਰਜੰਟ ਸਿੰਘ, ਹਰਮਨਪ੍ਰੀਤ ਸਿੰਘ ਆਦਿ ਖਿਡਾਰੀ ਖੇਡ ਰਹੇ ਹਨ। ਖੇਡ ਦੇ ਮੈਦਾਨ ਵਿਚ ਵੇਲੇ ਦੇ ਹਾਕੀ ਪ੍ਰੇਮੀਆਂ, ਦਰਸ਼ਕਾਂ, ਹਾਕੀ ਆਲੋਚਕਾਂ ਨੇ ਜਦੋਂ ਵੀ ਇਨ੍ਹਾਂ ਨੂੰ ਖੇਡਦਿਆਂ ਵੇਖਿਆ ਹੈ। ਤਿੰਨ ਦ੍ਰਿਸ਼ਟੀਆਂ ਤੋਂ ਇਨ੍ਹਾਂ ਦੀ ਪ੍ਰਸੰਸਾ ਕੀਤੀ ਹੈ, ਆਲੋਚਨਾ ਕੀਤੀ ਹੈ ਤੇ ਇਨ੍ਹਾਂ ਨੂੰ ਯਾਦ ਕੀਤਾ ਹੈ। ਇਹ ਤਿੰਨ ਦ੍ਰਿਸ਼ਟੀਆਂ ਹਨ ਖੇਡ ਕਲਾ, ਸਟੈਮਿਨਾ ਅਤੇ ਮਨੋਵਿਗਿਆਨਕ ਦ੍ਰਿਸ਼ਟੀ। ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਦੇ ਆਧਾਰ 'ਤੇ ਹੀ ਖਿਡਾਰੀਆਂ ਨੇ ਹਾਕੀ ਜਗਤ 'ਚ ਆਪਣੀ ਥਾਂ ਬਣਾਈ ਹੈ।
ਜਿਥੋਂ ਤੱਕ ਖੇਡ ਕਲਾ ਦਾ ਸਬੰਧ ਹੈ, ਭਾਰਤੀ ਹਾਕੀ ਖਿਡਾਰੀਆਂ ਨੂੰ ਹਾਕੀ ਜਾਦੂਗਰ ਦਾ ਰੁਤਬਾ ਤੱਕ ਵੀ ਮਿਲਿਆ ਹੈ। ਖੇਡ ਦੇ ਮੈਦਾਨ ਬਦਲਣ ਨਾਲ ਘਾਹ ਦੇ ਮੈਦਾਨ ਤੋਂ ਬਨਾਉਟੀ ਘਾਹ ਦੇ ਮੈਦਾਨ ਤੱਕ ਦੇ ਸਫ਼ਰ ਨੇ ਵੱਖੋ-ਵੱਖਰੀ ਤਰ੍ਹਾਂ ਸਾਡੇ ਹਾਕੀ ਖਿਡਾਰੀਆਂ ਦੇ ਹੁਨਰ ਨੂੰ ਪ੍ਰਭਾਵਿਤ ਕੀਤਾ ਹੈ। ਤੇਜ਼ ਗਤੀ ਦੀ ਅੱਜ ਦੀ ਹਾਕੀ 'ਚ ਐਸਟਰੋਟਰਫ 'ਤੇ ਅੱਜ ਜਦੋਂ ਸਾਡੇ ਖਿਡਾਰੀ ਡਰਿੱਬਲਿੰਗ ਕਰਦੇ ਹਨ ਤਾਂ ਅਸੀਂ ਕਈ ਵਾਰੀ ਉਨ੍ਹਾਂ ਦੀ ਆਲੋਚਨਾ ਵੀ ਕਰਦੇ ਹਾਂ। ਕਿਉਂਕਿ ਹਿੱਟ, ਪੁਸ਼ ਅਤੇ ਤੇਜ਼ ਗਤੀ ਦੇ ਪਾਸਿੰਗ ਦੇ ਜ਼ਮਾਨੇ 'ਚ ਸਾਨੂੰ ਲਗਦੈ ਕਿ ਖਿਡਾਰੀ ਵਿਅਕਤੀਗਤ ਤੌਰ 'ਤੇ ਆਪਣਾ ਹੀ ਨਿੱਜੀ ਦਿਖਾਈ ਪ੍ਰਦਰਸ਼ਨ ਕਰ ਰਿਹਾ ਹੈ ਜਦੋਂ ਕਿ ਸਾਡੀ ਇਸ ਡਰਬਿਲਿੰਗ ਦੇ ਹਾਕੀ ਹੁਨਰ 'ਤੇ ਹੀ ਕਦੇ ਦੁਨੀਆ ਮਰਦੀ ਸੀ। ਯੂਰਪੀਨ ਮਹਾਂਦੀਪ ਦੇ ਖਿਡਾਰੀਆਂ ਨੇ ਐਸਟਰੋਟਰਫ ਤੇ ਬਿਲਕੁਲ ਨਵੀਂ ਤਕਨੀਕ ਦਾ ਮੁਜ਼ਾਹਰਾ ਕੀਤਾ ਹੈ। ਉਸੀਨਿਆ ਮਹਾਂਦੀਪ ਦੇ ਖਿਡਾਰੀ ਵੀ ਬਹੁਤ ਤੇਜ਼ ਗਤੀ ਦੀ ਹਾਕੀ ਖੇਡਦੇ ਹਨ। ਨਵੇਂ ਨਿਯਮਾਂ ਨਾਲ ਵੀ ਹਾਕੀ ਹੁਨਰ ਬਦਲ ਰਿਹਾ ਹੈ। ਕੌਮਾਂਤਰੀ ਹਾਕੀ ਫੈਡਰੇਸ਼ਨ ਹਾਕੀ ਨੂੰ ਹੋਰ ਆਕਰਸ਼ਿਤ ਅਤੇ ਰੌਚਿਕ ਬਣਾਉਣਾ ਚਾਹੁੰਦੀ ਹੈ। ਭਾਰਤੀ ਹਾਕੀ ਖਿਡਾਰੀ ਵੀ ਬੜੇ ਤੇਜ਼ੀ ਨਾਲ ਆਪਣੇ-ਆਪ ਨੂੰ ਨਵੀਂ ਹਾਕੀ ਤਕਨੀਕ ਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਦੇਸ਼ੀ ਕੋਚਾਂ ਦੀ ਰਹਿਨੁਮਾਈ 'ਚ ਉਹ ਕਾਫੀ ਹੱਦ ਤੱਕ ਸਫਲ ਵੀ ਹੋ ਰਹੇ ਹਨ। ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੱਧਰ 'ਤੇ। ਇਹ ਸਾਡੀ ਚਿੰਤਾ ਦਾ ਵਿਸ਼ਾ ਨਹੀਂ ਹੁਣ ਦੂਸਰੀ ਦ੍ਰਿਸ਼ਟੀ ਹੈ ਸਰੀਰਕ ਸ਼ਕਤੀ ਅਤੇ ਸਟੈਮਿਨਾ ਦੀ। ਵਿਦੇਸ਼ੀ ਫਿਜ਼ੀਕਲ ਟਰੇਨਰ ਨੂੰ ਟੀਮਾਂ ਨਾਲ ਜੋੜਨ ਦਾ ਰੁਝਾਨ ਕਾਫੀ ਸਮਾਂ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਅਜੇ ਤੱਕ ਜਾਰੀ ਹੈ। ਇਹ ਉਹ ਪੱਖ ਹੈ ਜਿਸ ਵੱਲ ਅਜੇ ਵੀ ਗੰਭੀਰਤਾ ਨਾਲ ਧਿਆਨ ਦੇਣ ਦੀ ਜ਼ਰੂਰਤ ਹੈ। ਨਹੀਂ ਤਾਂ ਸਾਡੇ ਹਾਕੀ ਖਿਡਾਰੀਆਂ ਦਾ ਹਾਕੀ ਹੁਨਰ ਵਿਸ਼ਵ ਪੱਧਰ 'ਤੇ ਡਗਮਗਾਉਂਦਾ ਹੀ ਰਹੇਗਾ।
ਤੀਸਰੀ ਸ੍ਰਿਸ਼ਟੀ ਜਿਸ ਨਾਲ ਅਸੀਂ ਹਮੇਸ਼ਾ ਭਾਰਤੀ ਹਾਕੀ ਖਿਡਾਰੀਆਂ ਨੂੰ ਵੇਖਣ ਦੀ ਕੋਸ਼ਿਸ਼ ਕਰਦਿਆਂ ਸਭ ਤੋਂ ਜ਼ਿਆਦਾ ਆਲੋਚਨਾ ਕੀਤੀ ਹੈ। ਉਹ ਹੈ ਮਨੋਵਿਗਿਆਨਕ ਪੱਖ ਤੋਂ ਖੇਡ ਦੇ ਮੈਦਾਨਾਂ 'ਚ ਭਾਰਤੀ ਹਾਕੀ ਖਿਡਾਰੀਆਂ ਦਾ ਪ੍ਰਦਰਸ਼ਨ ਮੈਚ ਦੇ ਆਖਰੀ ਪਲਾਂ 'ਚ ਸਾਡੇ ਖਿਡਾਰੀਆਂ ਦੀ ਲੜਖੜਾਉਣ ਦੀ ਆਦਤ ਪਿੱਛੇ ਕਿਤੇ ਨਾ ਕਿਤੇ ਮਨੋਵਿਗਿਆਨਕ ਪੱਖ ਤੋਂ ਕੁਝ ਕਮਜ਼ੋਰੀਆਂ ਦੇ ਰੂਬਰੂ ਸਾਡੇ ਹਾਕੀ ਖਿਡਾਰੀ ਅਕਸਰ ਰਹਿੰਦੇ ਹਨ। ਸਾਡੇ ਕੋਚ ਸਾਡੇ ਕਪਤਾਨ ਅਤੇ ਸਾਡੇ ਖਿਡਾਰੀ ਅਕਸਰ ਇਕ ਟੂਰਨਾਮੈਂਟ ਦੀ ਹਾਰ ਪਿੱਛੋਂ ਜਾਂ ਮੈਚ ਦੀ ਹਾਰ ਬਾਅਦ ਅਕਸਰ ਇਹ ਬਿਆਨ ਦਿੰਦੇ ਹਨ ਕਿ ਆਖਰੀ ਪਲਾਂ 'ਚ ਲੜਖੜਾਉਣ ਦੀ ਕਮਜ਼ੋਰੀ 'ਤੇ ਕਾਬੂ ਪਾ ਲਿਆ ਹੈ। ਇਸ ਹਾਸੋਹੀਣੇ ਬਿਆਨ 'ਤੇ ਦਹਾਕਿਆਂ ਤੋਂ ਅਸੀਂ ਹੈਰਾਨ ਵੀ ਹੁੰਦੇ ਆਏ ਹਾਂ। ਕਿਉਂਕਿ ਅਗਲੇ ਟੂਰਨਾਮੈਂਟਾਂ 'ਚ ਫਿਰ ਅਸੀਂ ਇਸ ਕਮਜ਼ੋਰੀ ਦਾ ਸ਼ਿਕਾਰ ਹੀ ਵੇਖੇ ਗਏ। ਹਕੀਕਤ ਇਹ ਹੈ ਕਿ ਇਹ ਉਹ ਪੱਖ ਹੈ ਜਿਸ ਬਾਰੇ ਸਾਡਾ ਮਹਾਂਦੀਪ ਬਹੁਤ ਸੁਚੇਤ ਹੀ ਨਹੀਂ ਹੈ। ਮਾਨਸਿਕ ਕਰੜਾਈ ਯੂਰਪੀਨ ਖਿਡਾਰੀਆਂ 'ਚ ਜ਼ਿਆਦਾ ਹੈ। ਉਨ੍ਹਾਂ ਦੀ ਸਰੀਰਕ ਭਾਸ਼ਾ ਤੋਂ ਇਸ ਸਭ ਕਾਸੇ ਦਾ ਪਤਾ ਚਲਦਾ ਹੈ। ਕੁਝ ਦਿਨ ਪਹਿਲਾਂ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਐਫ.ਆਈ.ਐਚ. ਪ੍ਰੋ ਲੀਗ ਚੈਂਪੀਅਨਸ਼ਿਪ ਦੇ ਦੌਰਾਨ ਭਾਰਤੀ ਟੀਮ ਨੇ ਵਿਸ਼ਵ ਚੈਂਪੀਅਨ ਬੈਲਜ਼ੀਅਮ ਨੂੰ ਪਹਿਲੇ ਮੈਚ 'ਚ ਇਕ ਕਰੜੇ ਸੰਘਰਸ਼ ਤੋਂ ਬਾਅਦ ਹਰਾ ਦਿੱਤਾ ਪਰ ਅਗਲੇ ਹੀ ਦਿਨ ਭਾਰਤੀ ਟੀਮ ਹਾਰ ਗਈ। ਅਸੀਂ ਕਹਿ ਸਕਦੇ ਹਾਂ ਕਿ ਦੂਜੇ ਦਿਨ ਹਾਰ ਵੇਲੇ ਫਿਰ ਭਾਰਤੀ ਟੀਮ ਦੀ ਕਾਫੀ ਆਲੋਚਨਾ ਹੋਈ। ਉਸ ਆਲੋਚਨਾ ਨੂੰ ਖਿੜੇ ਮੱਥੇ ਸਵੀਕਾਰਦਿਆਂ ਸਾਡੀ ਟੀਮ ਨੂੰ ਟੋਕੀਓ ਉਲੰਪਿਕ ਹਾਕੀ ਲਈ ਬਹੁਤ ਕੁਝ ਸੁਧਾਰਨ ਦੀ ਜ਼ਰੂਰਤ ਹੈ।

-ਡੀ.ਏ.ਵੀ. ਕਾਲਜ, ਅੰਮ੍ਰਿਤਸਰ। ਮੋ: 98155-35410

ਡੋਪਿੰਗ ਦਾ ਕਲੰਕ ਧੋਣ ਲਈ ਕਬੱਡੀ ਸੰਸਥਾਵਾਂ ਨੇ ਚੁੱਕਿਆ ਬੀੜਾ

ਪੰਜਾਬੀਆਂ ਦੇ ਖੂਨ 'ਚ ਰਚੀ ਖੇਡ ਦਾਇਰੇ ਵਾਲੀ ਕਬੱਡੀ ਦੇ ਸੰਚਾਲਕਾਂ 'ਚ ਅਕਸਰ ਹੀ ਛੋਟੇ-ਮੋਟੇ ਰੇੜਕੇ ਪਏ ਰਹਿੰਦੇ ਹਨ, ਪਰ ਪਿਛਲੇ ਵਰ੍ਹੇ ਦੌਰਾਨ ਡੋਪ ਟੈਸਟਿੰਗ ਦੇ ਨਤੀਜਿਆਂ ਨੂੰ ਲੈ ਕੇ ਖੜ੍ਹੇ ਹੋਏ ਵੱਡੇ ਵਿਵਾਦਾਂ ਨਾਲ ਕਬੱਡੀ ਜਥੇਬੰਦੀਆਂ 'ਚ ਵੱਡੇ ਪੱਧਰ 'ਤੇ ਟੁੱਟ-ਭੱਜ ਹੋਈ, ਜਿਸ ਕਾਰਨ ਇਕ ਵਾਰ ਤਾਂ ਜਾਪਿਆ ਕਿ ਕਬੱਡੀ ਦੀ ਵੱਡੀਆਂ ਸਰਗਰਮੀਆਂ 'ਚ ਖੜੋਤ ਆ ਜਾਵੇਗੀ। ਪਰ ਵੱਖ-ਵੱਖ ਜਥੇਬੰਦੀਆਂ ਵਲੋਂ ਡੋਪਿੰਗ ਖ਼ਿਲਾਫ਼ ਆਪੋ-ਆਪਣੇ ਪੱਧਰ 'ਤੇ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੇ ਕਾਫੀ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਜੋ ਕਬੱਡੀ ਲਈ ਸ਼ੁਭ ਸ਼ਗਨ ਹੈ ਅਤੇ ਇਸ ਦੇ ਨਾਲ ਹੀ ਕਬੱਡੀ ਸੰਚਾਲਕਾਂ ਦੀ ਮੁਕਾਬਲੇਬਾਜ਼ੀ ਸਦਕਾ ਇਸ ਖੇਡ ਦੇ ਸੰਚਾਲਨ 'ਚ ਹੋਰ ਵੀ ਨਿਖਾਰ ਆਉਣ ਲੱਗਿਆ ਹੈ।
ਇਸ ਵੇਲੇ ਪੰਜਾਬ 'ਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ, ਪੰਜਾਬ ਕਬੱਡੀ ਐਸੋਸੀਏਸ਼ਨ, ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਅਤੇ ਨਵੀਂ ਸਥਾਪਤ ਕੀਤੀ ਗਈ ਮੇਜਰ ਲੀਗ ਕਬੱਡੀ ਨਾਲ ਸਬੰਧਿਤ ਕਲੱਬਾਂ ਤੇ ਅਕੈਡਮੀਜ਼ ਦੇ ਚੰਗੇ ਇਨਾਮਾਂ ਵਾਲੇ ਕੱਪ ਪੰਜਾਬ 'ਚ ਖੇਡੇ ਜਾ ਰਹੇ ਹਨ। ਇਨ੍ਹਾਂ ਜਥੇਬੰਦੀਆਂ ਵਲੋਂ ਕਬੱਡੀ ਦੇ ਖੇਤਰ 'ਚ ਬਿਹਤਰ ਕਾਰਗੁਜ਼ਾਰੀ ਦਿਖਾਉਣ ਦੇ ਮਨਸੂਬੇ ਨਾਲ ਹਰ ਪੱਖ ਤੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੀਆਂ ਤਬਦੀਲੀਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਮੇਜਰ ਲੀਗ ਕਬੱਡੀ ਦੇ ਸੁਪਰ ਕੱਪ ਨੰਗਲ ਅੰਬੀਆਂ ਤੇ ਧੁੱਗਾ ਭਰਾਵਾਂ ਦੇ ਬੰਬੇਲੀ ਵਿਖੇ ਕਰਵਾਏ ਗਏ ਵੱਡੇ ਕੱਪਾਂ ਦੌਰਾਨ ਜੋ ਅਨੁਸ਼ਾਸਨ ਦੇਖਣ ਨੂੰ ਮਿਲਿਆ, ਉਹ ਸਵਾਗਤਯੋਗ ਸੀ। ਇਨ੍ਹਾਂ ਕੱਪਾਂ ਦੌਰਾਨ ਲੀਗ ਸੰਚਾਲਕਾਂ ਵਲੋਂ ਵਾਰ-ਵਾਰ ਐਲਾਨ ਕੀਤਾ ਗਿਆ ਕਿ ਜੋ ਵੀ ਵਿਦੇਸ਼ੀ ਖੇਡ ਕਲੱਬਾਂ ਜਾਂ ਫੈਡਰੇਸ਼ਨਾਂ ਉਨ੍ਹਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਗਰਮੀ ਦੇ ਸੀਜ਼ਨ ਲਈ ਲੈ ਕੇ ਜਾਣਾ ਚਾਹੁੰਦੀਆਂ ਹਨ ਤਾਂ ਉਹ ਕਿਸੇ ਵੀ ਖਿਡਾਰੀ ਦਾ ਡੋਪ ਟੈਸਟ ਕਰਵਾ ਸਕਦੀਆਂ ਹਨ। ਇਹ ਸੁਣ ਕੇ ਬਹੁਤ ਹੈਰਾਨੀ ਹੋਈ, ਜਦੋਂ ਕਿ ਪਹਿਲਾ ਕਬੱਡੀ ਵਾਲੇ ਡੋਪਿੰਗ ਮਾਮਲੇ 'ਤੇ ਗੱਲ ਕਰਨ ਤੋਂ ਅਕਸਰ ਹੀ ਕੰਨੀ ਕਤਰਾ ਜਾਂਦੇ ਸਨ। ਇਸੇ ਤਰਜ਼ 'ਤੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵਲੋਂ ਵੀ ਵਿਦੇਸ਼ੀ ਖੇਡ ਸੰਚਾਲਕਾਂ ਨੂੰ ਖਿਡਾਰੀਆਂ ਦੇ ਡੋਪ ਟੈਸਟ ਕਰਕੇ ਲੈ ਜਾਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਪੰਜਾਬ ਕਬੱਡੀ ਐਸੋਸੀਏਸ਼ਨ ਅਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਵੀ ਇਸੇ ਤਰ੍ਹਾਂ ਦੇ ਵਿਚਾਰਾਂ ਦੀਆਂ ਹਾਮੀ ਹਨ। ਡੋਪਿੰਗ ਦੀ ਮਾਰ ਝੱਲ ਰਹੀ ਕਬੱਡੀ ਦੇ ਕੱਪਾਂ ਦੌਰਾਨ ਖਿਡਾਰੀ ਖੇਡ ਮੈਦਾਨਾਂ ਦੇ ਕੋਲ ਆ ਕੇ ਵਾਰਮ ਅੱਪ ਹੁੰਦੇ ਨਜ਼ਰ ਆਉਂਦੇ ਹਨ, ਜਿਸ ਤੋਂ ਜਾਪਦਾ ਹੈ ਕਿ ਵੱਖ-ਵੱਖ ਜਥੇਬੰਦੀਆਂ ਦੀਆਂ ਡੋਪ-ਮੁਕਤ ਕਬੱਡੀ ਵਾਲੀਆਂ ਮੁਹਿੰਮਾਂ ਸਫ਼ਲਤਾ ਨਾਲ ਚੱਲ ਰਹੀਆਂ ਹਨ। ਕਬੱਡੀ ਕੱਪਾਂ 'ਚ ਖਿਡਾਰੀਆਂ ਦੇ ਹਰ ਜਥੇਬੰਦੀ ਵਲੋਂ ਲਗਾਤਾਰ ਕਰਵਾਏ ਜਾ ਰਹੇ ਡੋਪ ਟੈਸਟਾਂ ਕਾਰਨ ਹੀ ਇਸ ਵਾਰ ਬਹੁਤ ਸਾਰੇ ਨਵੇਂ ਸਿਤਾਰੇ ਉੱਭਰ ਕੇ ਸਾਹਮਣੇ ਆ ਰਹੇ ਹਨ ਅਤੇ ਕਬੱਡੀ ਦੇ ਪੁਰਾਣੇ ਧੁਰੰਤਰਾਂ ਦਾ ਗਲਬਾ ਟੁੱਟਦਾ ਨਜ਼ਰ ਆ ਰਿਹਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਧਾਵੀਆਂ ਦੀ ਖੇਡ ਬਣ ਚੁੱਕੀ ਕਬੱਡੀ 'ਚ ਇਸ ਵਾਰ ਜਾਫੀਆਂ ਨੇ ਵੀ ਆਪਣੀ ਧਾਕ ਜਮਾ ਕੇ ਕਬੱਡੀ ਨੂੰ ਹੋਰ ਵਧੇਰੇ ਦਿਲਚਸਪ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਇਸ ਵਾਰ ਦੇ ਸੀਜ਼ਨ 'ਚ ਮੇਜਰ ਲੀਗ ਕਬੱਡੀ ਵਲੋਂ ਪਿਛਲੇ ਵਰ੍ਹੇ ਅੰਡਰ-21 ਟੀਮਾਂ ਦੇ ਸਾਫ਼-ਸੁਥਰੇ ਖਿਡਾਰੀਆਂ ਦੇ ਮੁਕਾਬਲੇ ਕਰਵਾਉੇਣ ਦੀ ਪਿਰਤ ਵੀ ਕਾਫੀ ਰੰਗ ਦਿਖਾ ਰਹੀ ਹੈ, ਬਹੁਤ ਸਾਰੇ ਕੱਪਾਂ 'ਤੇ ਅੰਡਰ-21 ਉਮਰ ਦੇ ਖਿਡਾਰੀਆਂ ਦੇ 2 ਮੈਚ ਕਰਵਾਏ ਜਾਂਦੇ ਹਨ। ਇਕ ਮੈਚ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਤੇ ਇਕ ਫਾਈਨਲ ਮੁਕਾਬਲੇ ਤੋਂ ਪਹਿਲਾਂ ਕਰਵਾਇਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਲੜਕੀਆਂ ਦੇ ਪ੍ਰਦਰਸ਼ਨੀ ਮੈਚਾਂ ਦੀ ਗਿਣਤੀ ਕੁਝ ਜ਼ਰੂਰ ਘਟੀ ਹੈ ਪਰ ਨਵੇਂ ਖਿਡਾਰੀਆਂ ਨੂੰ ਵੱਡੇ ਮੰਚ 'ਤੇ ਖੇਡਣ ਦਾ ਮੌਕਾ ਦੇਣਾ ਸ਼ਲਾਘਾਯੋਗ ਹੈ। ਇਸ ਵਾਰ ਦੇ ਸਾਰੀਆਂ ਫੈਡਰੇਸ਼ਨਾਂ ਦੇ ਕਬੱਡੀ ਕੱਪਾਂ ਦੌਰਾਨ ਇੱਕ ਹੋਰ ਰੁਝਾਨ ਦੇਖਣ ਨੂੰ ਮਿਲਿਆ ਹੈ, ਮੈਚਾਂ ਦੌਰਾਨ ਖੇਡ ਪ੍ਰਮੋਟਰ, ਪ੍ਰਬੰਧਕ ਤੇ ਕਬੱਡੀ ਦੇ ਬੁਲਾਰੇ ਖੇਡ ਮੈਦਾਨ 'ਚ ਘੜਮੱਸ ਨਹੀਂ ਪਾਉਂਦੇ। ਮੈਦਾਨ ਚ ਸਿਰਫ ਖਿਡਾਰੀ ਤੇ ਅੰਪਾਇਰ ਨਜ਼ਰ ਆਉਂਦੇ ਹਨ। ਅਜਿਹਾ ਹੋਣ ਨਾਲ ਦਰਸ਼ਕਾਂ ਨੂੰ ਮੈਚ ਦੇਖਣ ਦਾ ਵਧੇਰੇ ਅਨੰਦ ਆ ਰਿਹਾ ਹੈ। ਇਸ ਵਾਰ ਮੈਚ ਸੰਚਾਲਕਾਂ ਨੂੰ ਵਿਸ਼ੇਸ਼ ਪੁਸ਼ਾਕਾਂ 'ਚ ਮੈਚਾਂ ਦਾ ਸੰਚਾਲਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਜੰਡਿਆਲਾ ਮੰਜਕੀ ਵਿਖੇ ਹਰ ਸਾਲ ਦੀ ਤਰ੍ਹਾਂ 22 ਤੇ 23 ਫਰਵਰੀ ਨੂੰ ਹੋਣ ਵਾਲੇ ਵਿਸ਼ਾਲ ਕਬੱਡੀ ਕੱਪ ਦੇ ਕਰਤਾ-ਧਰਤਾ ਜਤਿੰਦਰ ਜੌਹਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੱਪ 'ਤੇ ਵੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਮੁਕਾਬਲੇ ਹੋਣਗੇ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕੱਪ ਅਨੁਸ਼ਾਸਨ, ਦਰਸ਼ਕਾਂ ਦੇ ਬੈਠਣ ਲਈ ਪ੍ਰਬੰਧਾਂ, ਡੋਪ ਰਹਿਤ ਤੇ ਵੱਡੇ ਇਨਾਮਾਂ ਲਈ ਯਾਦਗਾਰੀ ਬਣੇ। ਸਮੁੱਚੇ ਰੂਪ 'ਚ ਦੇਖਿਆ ਜਾਵੇ ਕਿ ਕਬੱਡੀ ਨਾਲ ਸਬੰਧਿਤ ਜਥੇਬੰਦੀਆਂ ਤੇ ਪ੍ਰਵਾਸੀ ਖੇਡ ਪ੍ਰਮੋਟਰਾਂ ਵਲੋਂ ਕਬੱਡੀ 'ਚੋਂ ਡੋਪਿੰਗ, ਬੇਨਿਯਮੀਆਂ ਤੇ ਅਨੁਸ਼ਾਸਨਹੀਣਤਾ ਵਰਗੇ ਕਲੰਕ ਨੂੰ ਧੋਣ ਲਈ ਵੱਡੇ ਉਪਰਾਲੇ ਆਰੰਭ ਹੋ ਚੁੱਕੇ ਹਨ ਅਤੇ ਕਬੱਡੀ ਨਿਘਾਰ ਵਾਲੇ ਦੌਰ 'ਚੋਂ ਉੱਭਰ ਕੇ ਨਵੀਂਆਂ ਬੁਲੰਦੀਆਂ ਨੂੰ ਛੂਹਣ ਵੱਲ ਵਧਣ ਲੱਗੀ ਹੈ।


-ਪਟਿਆਲਾ। ਮੋ: 9779590575

ਖੇਲੋ ਇੰਡੀਆ ਖੇਡਾਂ 2020

ਸੱਤਵੇਂ ਤੋਂ ਦਸਵੇਂ ਸਥਾਨ 'ਤੇ ਖਿਸਕਿਆ ਪੰਜਾਬ

ਪੰਜਾਬ ਜੋ ਕਿ ਖੇਡਾਂ ਦਾ ਹਮੇਸ਼ਾ ਤੋਂ ਹੀ ਸਰਤਾਜ ਕਹਾਇਆ ਹੈ ਅਤੇ ਹਮੇਸ਼ਾ ਉਲੰਪਿਕ ਪੱਧਰ ਤੱਕ ਜੂੜੇ ਵਾਲੇ ਸਰਦਾਰਾਂ ਨੇ ਭਾਰਤ ਦਾ ਮਾਣ ਵਧਾਇਆ ਹੈ ਪਰ ਅੱਜ ਪੰਜਾਬ ਨੂੰ ਜਿਵੇਂ ਕਿਸੇ ਦੀ ਨਜ਼ਰ ਹੀ ਲੱਗ ਗਈ ਹੋਵੇ। ਆਓ, ਅੱਜ ਚਰਚਾ ਕਰਦੇ ਹਾਂ ਕਿ ਕਿਵੇਂ ਪੰਜਾਬ ਹੁਣੇ ਖ਼ਤਮ ਹੋਈਆਂ 'ਖੇਲੋ ਇੰਡੀਆ ਯੂਥ ਖੇਡਾਂ' ਵਿਚ ਪਿਛਲੇ ਵਾਰ ਦੇ ਮੁਕਾਬਲੇ ਤਿੰਨ ਸਥਾਨ ਥੱਲੇ ਨੂੰ ਖਿਸਕ ਗਿਆ ਹੈ। ਖੇਲੋ ਇੰਡੀਆ ਸਕੂਲੀ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਖੇਡਾਂ ਜੋ ਕਿ 2018 ਵਿਚ ਭਾਰਤ ਸਰਕਾਰ ਦੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਦਿੱਲੀ ਵਿਚ ਸ਼ੁਰੂ ਕਰਵਾਈਆਂ ਸਨ ਅਤੇ ਉਸ ਤੋਂ ਬਾਅਦ 2019 ਵਿਚ ਇਨ੍ਹਾਂ ਖੇਡਾਂ ਦਾ ਦੂਸਰਾ ਐਡੀਸ਼ਨ ਪੁਣੇ ਵਿਖੇ ਹੋਇਆ ਸੀ। ਇਨ੍ਹਾਂ ਦੋਵਾਂ ਖੇਡਾਂ ਵਿਚ ਪੰਜਾਬੀ ਖਿਡਾਰੀ ਸੱਤਵੇਂ ਸਥਾਨ 'ਤੇ ਕਾਬਜ਼ ਰਹੇ ਸਨ।
10 ਤੋਂ 22 ਜਨਵਰੀ ਤੱਕ ਆਸਾਮ ਵਿਖੇ ਸੰਪੰਨ ਹੋਈਆਂ ਇਨ੍ਹਾਂ ਮਾਣਮੱਤੀਆਂ ਖੇਡਾਂ ਵਿਚ 37 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਹ ਖੇਡਾਂ ਅੰਡਰ 17 ਸਾਲ ਉਮਰ ਵਰਗ ਸਕੂਲਾਂ ਦੇ ਵਿਦਿਆਰਥੀਆਂ ਲਈ ਅਤੇ ਅੰਡਰ 21 ਸਾਲ ਕਾਲਜ ਦੇ ਵਿਦਿਆਰਥੀਆਂ ਲਈ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਅਤੇ ਆਸਾਮ ਦੇ ਮੁੱਖ ਮੰਤਰੀ ਨੇ ਕੀਤਾ। ਇਨ੍ਹਾਂ ਖੇਡਾਂ ਵਿਚ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਹਾਰਾਸ਼ਟਰ ਦੇ ਖਿਡਾਰੀਆਂ ਨੇ ਆਪਣੀ ਚੜ੍ਹਤ ਕਾਇਮ ਰੱਖੀ। ਇਥੋਂ ਦੇ ਖਿਡਾਰੀਆਂ ਨੇ 78 ਸੋਨ, 77 ਚਾਂਦੀ ਅਤੇ 101 ਕਾਂਸੀ ਦੇ ਤਗਮੇ ਜਿੱਤ ਕੇ ਕੁੱਲ 256 ਤਗਮੇ ਹਾਸਲ ਕੀਤੇ ਅਤੇ ਦੂਸਰੇ ਸਥਾਨ 'ਤੇ ਪੰਜਾਬ ਦਾ ਛੋਟਾ ਭਰਾ ਹਰਿਆਣਾ ਰਿਹਾ, ਜਿਸ ਨੇ ਕਿ ਕ੍ਰਮਵਾਰ 68, 60 ਅਤੇ 72 ਤਗਮਿਆਂ ਨਾਲ ਇਹ ਸਾਬਤ ਕੀਤਾ ਕਿ ਬੇਸ਼ੱਕ ਹਰਿਆਣਾ ਖੇਤਰਫਲ ਵਿਚ ਬਾਕੀ ਸੂਬਿਆਂ ਨਾਲੋਂ ਬਹੁਤ ਛੋਟਾ ਹੈ ਪਰ ਇਥੋਂ ਦੇ ਗੱਭਰੂ ਮੁਟਿਆਰਾਂ ਦਾ ਕੋਈ ਮੁਕਾਬਲਾ ਨਹੀਂ ਹੈ। ਆਓ ਹੁਣ ਝਾਤ ਪਾਈਏ ਸਾਡੇ ਪੰਜਾਬ ਸੂਬੇ ਦੀ ਕਾਰਗੁਜ਼ਾਰੀ ਦੀ ਜੋ ਕਿ ਕਦੇ ਖੇਡਾਂ ਦਾ ਬਾਦਸ਼ਾਹ ਸੀ ਪਰ ਅੱਜ ਅਸੀਂ ਦੇਖਦੇ ਹਾਂ ਕਿ ਇਨ੍ਹਾਂ ਖੇਡਾਂ ਵਿਚ ਪੰਜਾਬੀ ਦਸਵੇਂ ਸਥਾਨ 'ਤੇ ਰਹੇ ਪੰਜਾਬੀਆਂ ਨੇ 16 ਸੋਨ, 15 ਚਾਂਦੀ ਅਤੇ 28 ਕਾਂਸੀ ਦੇ ਤਗਮਿਆਂ ਨਾਲ ਸਬਰ ਕੀਤਾ। ਜੇਕਰ ਨਜ਼ਰ ਮਾਰੀਏ ਤਾਂ ਸਾਡੇ ਕੁੱਲ ਤਗਮੇ ਹਰਿਆਣਾ ਦੇ ਚਾਂਦੀ ਦੇ ਤਗਮਿਆਂ ਨਾਲੋਂ ਵੀ ਘੱਟ ਹਨ।ਆਖ਼ਰ ਕਿਉਂ ਹਰ ਵਾਰ ਅਸੀਂ ਹੋਰ ਪਛੜਦੇ ਜਾ ਰਹੇ ਹਾਂ ਅਨੇਕਾਂ ਹੀ ਕਾਰਨ ਹਨ ਜਿਨ੍ਹਾਂ 'ਤੇ ਗਹਿਰਾਈ ਨਾਲ ਚਿੰਤਨ ਕਰਨ ਦੀ ਲੋੜ ਹੈ। ਸਾਡੀ ਨੌਜਵਾਨੀ ਹਰ ਰੋਜ਼ ਜਹਾਜ਼ ਭਰ-ਭਰ ਕੇ ਵਿਦੇਸ਼ਾਂ ਦਾ ਰੁਖ਼ ਕਰ ਰਹੀ ਹੈ ਅਤੇ ਜੋ ਇਥੇ ਨੌਜਵਾਨ ਹਨ ਉਹ ਵੀ ਖੇਡਾਂ ਵੱਲ ਕੋਈ ਜ਼ਿਆਦਾ ਉਤਸ਼ਾਹਿਤ ਨਹੀਂ ਨਜ਼ਰ ਆਉਂਦੇ। ਸੋ, ਲੋੜ ਹੈ ਸੂਬੇ ਵਿਚ ਇਹੋ ਜਿਹੀ ਖੇਡ ਨੀਤੀ ਦੀ ਜਿਸ ਨਾਲ ਜ਼ਮੀਨੀ ਪੱਧਰ ਤੋਂ ਹੀ ਖੇਡਾਂ ਅਤੇ ਖਿਡਾਰੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਸਕੇ ।


-ਮੋ: 83605-64449

ਚੌਕੇ-ਛੱਕਿਆਂ ਵਾਲੇ ਖਿਡਾਰੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇੰਗਲਿਸ਼ ਕ੍ਰਿਕਟਰ ਐਲੈਕਸ ਹੇਲਸ ਨੇ ਮਈ 2015 ਵਿਚ ਇਸ ਮੀਲ ਪੱਥਰ ਨੂੰ ਪ੍ਰਾਪਤ ਕੀਤਾ, ਉਸ ਨੇ ਵਾਰਵਿਕਸ਼ਾਇਰ ਅਤੇ ਨਾਟਿੰਘਮਸ਼ਾਇਰ ਵਿਚਾਲੇ ਨਾਟਵੈਸਟ ਟੀ-2੦ ਮੈਚ ਦੌਰਾਨ ਛੇ ਗੇਂਦਾਂ ਵਿਚ ਛੇ ਛੱਕੇ ਮਾਰੇ। ਹੇਲਜ਼ ਨਾਟਿੰਘਮਸ਼ਾਇਰ ਦੀ ਪ੍ਰਤੀਨਿਧਤਾ ਕਰ ਰਿਹਾ ਸੀ, ਪਰੰਤੂ ਉਸ ਨੇ ਇਹ ਰਿਕਾਰਡ ਇਕ ਓਵਰ ਵਿਚ ਨਹੀਂ ਬਲਕਿ ਦੋ ਵੱਖ-ਵੱਖ ਓਵਰਾਂ ਦੀਆ ਲਗਾਤਾਰ ਤਿੰਨ-ਤਿੰਨ ਗੇਂਦਾਂ ਵਿਚ ਕ੍ਰਮਵਾਰ ਬੋਯਦ ਰਾਨਕਿਨ ਅਤੇ ਅਤੀਕ ਜਵੀਦ ਦੇ ਓਵਰਾਂ ਵਿਚ ਆਪਣੇ ਨਾਂਅ ਕੀਤਾ। ਪਾਕਿਸਤਾਨੀ ਖਿਡਾਰੀ ਮਿਸਬਾਹ-ਉਲ-ਹੱਕ ਵੀ ਇਸ ਰਿਕਾਰਡ ਦੀ ਬਰਾਬਰੀ ਕਰਨ ਵਾਲਾ ਖਿਡਾਰੀ ਬਣਨ ਵਿਚ ਕਾਮਯਾਬ ਰਿਹਾ। ਉਸ ਨੇ ਇਹ ਰਿਕਾਰਡ ਮਾਰਚ 2017 'ਚ ਹਾਂਗਕਾਂਗ ਆਈ ਯੂਨਾਈਟਿਡ ਤਰਫ਼ੋਂ ਹੰਗਹੋਮ ਜਾਗੁਆਰਸ ਵਿਰੁੱਧ ਟੀ-20 ਮੈਚ ਦੌਰਾਨ 6 ਗੇਂਦਾਂ ਵਿਚ 6 ਛੱਕੇ ਲਗਾ ਕੇ ਆਪਣੇ ਨਾਂਅ ਕੀਤਾ, ਦਿਲਚਸਪ ਪੱਖ ਇਹ ਸੀ ਕਿ ਉਸ ਨੇ ਵੀ ਇਹ ਰਿਕਾਰਡ ਦੋ ਓਵਰਾਂ ਪਰ ਲਗਾਤਾਰ ਛੇ ਗੇਂਦਾਂ ਵਿਚ ਆਪਣੇ ਨਾਂਅ ਕੀਤਾ ਜਦੋਂ ਉਸ ਨੇ ਇਮਰਾਨ ਅਰੀਫ਼ ਅਤੇ ਐਸ਼ਲੇ ਕੈਂਡੀ ਦੀਆ ਕ੍ਰਮਵਾਰ ਦੋ ਅਤੇ ਚਾਰ ਗੇਂਦਾ ਉੱਪਰ ਛੱਕੇ ਲਗਾਏ।
ਜੁਲਾਈ 2017 ਵਿਚ, ਰੋਸ ਵ੍ਹਾਈਟਲੀ ਨੇ ਹੈਡਿੰਗਲੇ ਵਿਖੇ ਇਕ ਟੀ-20 ਬਲਾਸਟ ਮੈਚ ਵਿਚ ਵੌਰਸਟਰਸ਼ਾਇਰ ਰੈਪਿਡਜ਼ ਵਲੋਂ ਖੇਡਦੇ ਹੋਏ ਯੌਰਕਸ਼ਾਇਰ ਵਾਈ ਕਿੰਗਜ਼ ਦੇ ਸਪਿੰਨਰ ਕਾਰਲ ਕਾਰਵਰ ਦੀ ਗੇਂਦਬਾਜ਼ੀ ਤੋਂ ਛੇ ਸਫਲਤਾਪੂਰਵਕ ਛੱਕੇ ਲਗਾਏ ਤੇ ਉਹ ਵੀ ਇਸ ਸਿਕਸਰ ਕਿੰਗਜ਼ ਕਲੱਬ ਵਿਚ ਸ਼ਾਮਿਲ ਹੋ ਗਿਆ। ਇਸ ਹੀ ਲੜੀ ਵਿਚ ਹਜ਼ਰਤਉੱਲਾ ਜ਼ਜ਼ਾਈ ਨੇ ਅਬਦੁੱਲਾ ਮਜਾਰੀ ਦੀਆਂ ਛੇ ਗੇਂਦਾਂ ਉੱਪਰ ਛੇ ਛੱਕੇ ਲਗਾ ਕੇ ਇਹ ਵਿਕਾਰੀ ਰਿਕਾਰਡ ਆਪਣੇ ਨਾਂਅ ਕੀਤਾ। ਉਸ ਨੇ ਇਹ ਰਿਕਾਰਡ ਅਫ਼ਗ਼ਾਨਿਸਤਾਨ ਪ੍ਰੀਮੀਅਰ ਲੀਗ 2018 ਵਿਚ ਬਲਖ ਲੈਜੈਂਡਜ਼ ਖ਼ਿਲਾਫ਼ ਕਾਬੁਲ ਜਵਾਨ ਲਈ ਟੀ -20 ਮੈਚ ਖੇਡਦਿਆਂ ਬਣਾਇਆ। ਨਿਊਜ਼ੀਲੈਂਡ ਦੇ ਬੱਲੇਬਾਜ਼ ਲਿਓ ਕਾਰਟਰ ਨੇ ਇਤਿਹਾਸ ਦੀਆਂ ਕਿਤਾਬਾਂ ਵਿਚ 5 ਜਨਵਰੀ, 2020 ਨੂੰ ਆਪਣਾ ਨਾਂਅ ਦਰਜ ਕਰਵਾ ਲਿਆ ਹੈ। ਜਦੋਂ ਉਸ ਨੇ ਨਿਊਜ਼ੀਲੈਂਡ ਦੇ ਟੀ-20 ਟੂਰਨਾਮੈਂਟ ਸੁਪਰ ਸਮੈਸ਼ ਦੌਰਾਨ ਕੈਂਟਰਬਰੀ ਕਿੰਗਜ਼ ਵਲੋਂ ਖੇਡਦਿਆਂ ਨੌਰਦਰਨ ਨਾਈਟ ਦੇ ਗੇਂਦਬਾਜ਼ ਐਂਟਨ ਡੇਵਸਿਚ ਦੇ ਇਕ ਓਵਰ ਵਿਚ ਛੇ ਛੱਕੇ ਲਗਾ ਕੇ 36 ਦੋੜਾਂ ਬਣਾ ਕੇ ਇਹ ਮਾਣਮੱਤੇ ਰਿਕਾਰਡ ਦੀ ਸੂਚੀ ਵਿਚ ਆਪਣਾ ਨਾਂਅ ਸ਼ੁਮਾਰ ਕਰ ਲਿਆ।
ਭਾਰਤ ਦੇ ਰਵਿੰਦਰ ਜਡੇਜਾ ਵੀ ਇਹ ਕਾਰਨਾਮਾ ਕਰ ਚੁੱਕੇ ਹਨ, ਉਨ੍ਹਾਂ ਨੇ ਦਸੰਬਰ 2017 ਵਿਚ ਸੁਰਾਸ਼ਟਰ ਕ੍ਰਿਕਟ ਅੰਤਰਰਾਜੀ ਜ਼ਿਲ੍ਹਾ ਟੂਰਨਾਮੈਂਟ ਵਿਚ ਖੇਡਦਿਆਂ ਨੀਲਮ ਵਾਮਜਾ ਦੀਆ ਛੇ ਗੇਂਦਾਂ ਉੱਪਰ ਛੇ ਛੱਕੇ ਲਗਾ ਕੇ ਆਪਣਾ ਨਾਂਅ ਵੀ ਇਸ ਰਿਕਾਰਡ ਸ਼੍ਰੇਣੀ ਵਿਚ ਸ਼ਾਮਿਲ ਕਰਵਾ ਲਿਆ। ਹੋਰਨਾਂ ਖਿਡਾਰੀਆ ਵਿਚ ਮੁੰਬਈ ਦੇ ਸ਼ਰਦੁਲ ਠਾਕੁਰ ਨੇ 20 ਦਸੰਬਰ, 2006 ਵੀ ਜੂਨੀਅਰ ਸਕੂਲ ਟੂਰਨਾਮੈਂਟ ਵਿਚ ਸਵਾਮੀ ਵਿਵੇਕਾਨੰਦ ਸਕੂਲ ਵਲੋਂ ਖੇਡਦਿਆਂ ਐੱਸ. ਰਾਧਾਕ੍ਰਿਸ਼ਨਨ ਸਕੂਲ ਦੇ ਗੇਂਦਬਾਜ਼ ਵਿਸ਼ਾਲ ਧਰੁਵ ਦੇ ਖ਼ਿਲਾਫ਼ ਇਹ ਕੀਰਤੀਮਾਨ ਸਥਾਪਿਤ ਕੀਤਾ। (ਸਮਾਪਤ)


-ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ, ਜ਼ਿਲ੍ਹਾ ਹੁਸ਼ਿਆਰਪੁਰ, ਮੋ: 94655-76022

ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲਾ ਨੇਤਰਹੀਣ ਖਿਡਾਰੀ ਸੋਵਿੰਦਰ ਸਿੰਘ ਭੰਡਾਰੀ ਉੱਤਰਾਖੰਡ

ਸੋਵਿੰਦਰ ਸਿੰਘ ਭੰਡਾਰੀ ਪਹਾੜਾਂ ਅਤੇ ਝਰਨਿਆਂ ਦੇ ਪ੍ਰਾਂਤ ਵਜੋਂ ਜਾਣੇ ਜਾਂਦੇ ਉਤਰਾਖੰਡ ਦਾ ਉਹ ਨੇਤਰਹੀਣ ਖਿਡਾਰੀ ਹੈ, ਜਿਸ ਨੇ ਬਹੁਤ ਹੀ ਛੋਟੀ ਉਮਰ ਵਿਚ ਨੇਤਰਹੀਣ ਕ੍ਰਿਕਟ ਅਤੇ ਨੇਤਰਹੀਣ ਫੁੱਟਬਾਲ ਦੀ ਟੀਮ ਵਿਚ ਖੇਡ ਕੇ ਭਾਰਤ ਦੀ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਤੀਨਿਧਤਾ ਕਰਕੇ ਆਪਣੇ ਦੇਸ਼ ਆਪਣੇ ਪ੍ਰਾਂਤ ਆਪਣੇ ਕੋਚ ਦਾ ਮਾਣ ਵਧਾਇਆ ਹੈ। ਸੋਵਿੰਦਰ ਸਿੰਘ ਭੰਡਾਰੀ ਦਾ ਜਨਮ ਉਤਰਾਖੰਡ ਦੇ ਜ਼ਿਲ੍ਹਾ ਉਤਰਾਕਾਸ਼ੀ ਦੇ ਪਿੰਡ ਕਲਿਆਣੀ ਵਿਚ ਪਿਤਾ ਵੀਰ ਸਿੰਘ ਭੰਡਾਰੀ ਦੇ ਘਰ ਮਾਤਾ ਰਾਮ ਪਿਆਰੀ ਦੀ ਕੁੱਖੋਂ ਹੋਇਆ। ਸੋਵਿੰਦਰ ਸਿੰਘ ਨੂੰ ਬਚਪਨ ਤੋਂ ਹੀ ਬਹੁਤ ਹੀ ਨਾਮਾਤਰ ਵਿਖਾਈ ਦਿੰਦਾ ਸੀ ਅਤੇ ਮਾਂ-ਬਾਪ ਨੇ ਉਸ ਦੀ ਜ਼ਿੰਦਗੀ ਨੂੰ ਲੀਹੇ ਤੋਰਨ ਲਈ ਦੇਹਰਾਦੂਨ ਦੇ ਨੇਤਰਹੀਣ ਬੱਚਿਆਂ ਦੇ ਸਕੂਲ ਨਰਸਰੀ ਕਲਾਸ ਵਿਚ ਦਾਖ਼ਲਾ ਦਿਵਾ ਦਿੱਤਾ ਅਤੇ ਅੱਜ ਉਹ ਉਸੇ ਹੀ ਸਕੂਲ ਵਿਚ ਬਾਰ੍ਹਵੀਂ ਕਲਾਸ ਦਾ ਵਿਦਿਆਰਥੀ ਹੈ। ਸੋਵਿੰਦਰ ਸਿੰਘ ਦਾ ਕੱਦ ਭਾਵੇਂ ਛੋਟਾ ਹੈ ਪਰ ਉਹ ਜਿਸਮਾਨੀ ਤੌਰ 'ਤੇ ਐਨਾ ਮਜ਼ਬੂਤ ਹੈ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਰੌਸ਼ਨ ਦਿਮਾਗ ਹੋ ਕੇ ਨਿਕਲਿਆ। ਸੋਵਿੰਦਰ ਸਿੰਘ ਦੇ ਖੇਡ ਪ੍ਰਤੀ ਸ਼ੌਕ ਨੂੰ ਵੇਖਦਿਆਂ ਉਸ ਦੇ ਕੋਚ ਨਰੇਸ਼ ਸਿੰਘ ਨਯਾਲ ਨੇ ਉਸ ਨੂੰ ਐਨਾ ਕੁ ਤਰਾਸਿਆ ਕਿ ਅੱਜ ਉਹ ਹਰਮਨ-ਪਿਆਰਾ ਖਿਡਾਰੀ ਹੈ। ਉਹ ਸਾਲ 2019 ਵਿਚ ਭਾਰਤ ਦੀ ਨੇਤਰਹੀਣ ਫੁੱਟਬਾਲ ਟੀਮ ਵਿਚ ਥਾਈਲੈਂਡ ਦੇ ਸ਼ਹਿਰ ਪਤਾਇਆ ਵਿਖੇ ਹੋਈ ਏਸ਼ੀਅਨ ਬਲਾਈਂਡ ਫੁੱਟਬਾਲ ਚੈਂਪੀਅਨਸ਼ਿਪ ਵਿਚ ਖੇਡਿਆ, ਜਿੱਥੇ ਉਸ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਸਭ ਦੇ ਮਨ ਮੋਹ ਲਏ ਅਤੇ ਉਸੇ ਸਾਲ 2019 ਵਿਚ ਹੀ ਉਹ ਨਿਪਾਲ ਵਿਖੇ ਹੋਈ ਇੰਡੋ ਨਿਪਾਲ ਸੀਰੀਜ਼ ਵਿਚ ਕ੍ਰਿਕਟ ਦੇ ਲਗਾਤਾਰ ਮੈਚ ਖੇਡ ਕੇ ਆਪਣਾ ਸਫ਼ਲ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਉਹ ਸਾਲ 2017 ਅਤੇ 2018 ਵਿਚ ਨੈਸ਼ਨਲ ਬਲਾਈਂਡ ਫੁੱਟਬਾਲਰ ਵਜੋਂ ਪਲੇਅਰ ਆਫ ਦਾ ਟੂਰਨਾਮੈਂਟ ਸਨਮਾਨਿਆ ਜਾ ਚੁੱਕਾ ਹੈ। ਸਾਲ 2018 ਵਿਚ ਆਪਣੇ ਹੀ ਪ੍ਰਾਂਤ ਉਤਰਾਖੰਡ ਵਿਚ ਹੋਈਆਂ ਨੈਸ਼ਨਲ ਅਥਲੈਟਿਕ ਮੀਟ ਵਿਚ ਵੀ ਭਾਗ ਲੈ ਚੁੱਕਾ ਹੈ। ਸੋਵਿੰਦਰ ਸਿੰਘ ਭੰਡਾਰੀ 10 ਕਿਲੋਮੀਟਰ ਦੀ ਮੈਰਾਥਨ ਦੌੜ ਵੀ ਦੌੜ ਕੇ ਲੋਕਾਂ ਵਿਚ ਆਪਣਾ ਸੁਨੇਹਾ ਦੇ ਚੁੱਕਾ ਹੈ। ਸੋਵਿੰਦਰ ਸੰਗੀਤ ਦਾ ਵੀ ਸੌਦਾਈ ਹੈ। ਸੰਗੀਤ ਦੇ ਖੇਤਰ ਵਿਚ ਵੀ ਉਸ ਦੀਆਂ ਪ੍ਰਾਪਤੀਆਂ ਨੂੰ ਅੱਖੋਂ ਓਹਲੇ ਨਹੀ ਕੀਤਾ ਜਾ ਸਕਦਾ ਅਤੇ ਉਹ ਸਫ਼ਲ ਤਬਲਾ ਵਾਦਕ ਵੀ ਹੈ। ਸੋਵਿੰਦਰ ਸਿੰਘ ਦਾ ਸੁਪਨਾ ਹੈ ਕਿ ਉਹ ਇਕ ਫੁੱਟਬਾਲਰ ਵਜੋਂ ਪੈਰਾ ਉਲੰਪਕ ਵਿਚ ਖੇਡੇ ਅਤੇ ਉਹ ਦਿਨ ਦੂਰ ਨਹੀ ਕਿ ਉਹ ਆਪਣਾ ਸੁਪਨਾ ਹਕੀਕਤ ਵਿਚ ਬਦਲੇਗਾ।


-ਮੋ: 98551-14484

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX