ਤਾਜਾ ਖ਼ਬਰਾਂ


ਰਾਹੁਲ ਗਾਂਧੀ ਨੇ ਜਨਤਾ ਤੇ ਪਾਰਟੀ ਵਰਕਰਾਂ ਨੂੰ ਦਿੱਤੀ ਮੁਬਾਰਕਬਾਦ
. . .  18 minutes ago
ਨਵੀਂ ਦਿੱਲੀ, 11 ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਾਰਟੀ ਵਰਕਰਾਂ ਤੇ ਜਨਤਾ ਨੂੰ ਮੁਬਾਰਕਬਾਦ...
ਲੋਕਾਂ ਨੇ ਮੰਦਿਰ-ਮਸਜਿਦ ਦੀ ਰਾਜਨੀਤੀ ਨੂੰ ਨਕਾਰਿਆ - ਮਹਿਬੂਬਾ
. . .  38 minutes ago
ਸ੍ਰੀਨਗਰ, 11 ਦਸੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਜਾਗਰੂਕ ਹੋ ਚੁੱਕੇ ਹਨ, ਜਿਨ੍ਹਾਂ...
ਸੰਸਦ ਦੇ ਸੈਸ਼ਨ 'ਚ ਮਹਿਲਾ ਰਾਂਖਵੇਕਰਣ ਜਿਹੇ ਕਈ ਮੁੱਦੇ ਉਠਾਵਾਂਗੇ - ਸੁਮਿੱਤਰਾ ਮਹਾਜਨ
. . .  51 minutes ago
ਨਵੀਂ ਦਿੱਲੀ, 11 ਦਸੰਬਰ - ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਦਾ ਕਹਿਣਾ ਹੈ ਕਿ ਸੰਸਦ ਦੀਆਂ ਸਾਰੀਆਂ ਚਰਚਾਵਾਂ ਡਿਜੀਟਲ ਕੀਤੀਆਂ ਗਈਆਂ ਹਨ, ਜੋ ਕਿ ਸਾਰਿਆ ਲਈ...
ਨਵੀਨ ਪਟਨਾਇਕ ਵੱਲੋਂ ਕਾਂਗਰਸ, ਐਮ.ਐਨ.ਐੱਫ ਨੂੰ ਮੁਬਾਰਕਬਾਦ
. . .  about 1 hour ago
ਭੁਵਨੇਸ਼ਵਰ, 11 ਦਸੰਬਰ - ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਕਾਂਗਰਸ ਅਤੇ ਮਿਜ਼ੋਰਮ ਵਿਚ ਜਿੱਤ ਲਈ...
ਸ਼ਕਤੀਕਤ ਦਾਸ ਆਰ.ਬੀ.ਆਈ ਦੇ ਨਵੇਂ ਗਵਰਨਰ ਨਿਯੁਕਤ
. . .  about 1 hour ago
ਨਵੀਂ ਦਿੱਲੀ, 11 ਦਸੰਬਰ - ਸਾਬਕਾ ਵਿੱਤ ਸਕੱਤਰ ਅਤੇ ਵਿੱਤ ਕਮਿਸ਼ਨ ਦੇ ਮੈਂਬਰ ਸ਼ਕਤੀਕਾਂਤ ਦਾਸ ਨੂੰ ਆਰ.ਬੀ.ਆਈ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ...
ਵਿਧਾਨ ਸਭਾ ਚੋਣਾਂ : ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਮੰਨੀ ਹਾਰ, ਦਿੱਤਾ ਅਸਤੀਫ਼ਾ
. . .  about 2 hours ago
ਸਿਵਲ ਹਸਪਤਾਲ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ
. . .  about 2 hours ago
ਹਰਿਆਣਾ, 11 ਦਸੰਬਰ (ਹਰਮੇਲ ਸਿੰਘ ਖੱਖ)-ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਭਾਜਪਾ ਦੇ ਆਕਾਸ਼ ਕੈਲਾਸ਼ ਵਿਜੈਵਰਗੀਆ ਨੇ 7 ਹਜ਼ਾਰ ਵੋਟਾਂ ਨਾਲ ਕੀਤੀ ਜਿੱਤ ਹਾਸਲ
. . .  about 2 hours ago
ਮੰਤਰੀ ਮੰਡਲ ਵੱਲੋਂ ਸ਼ਿਲੌਂਗ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਲਈ ਮੁਆਵਜ਼ੇ ਨੂੰ ਪ੍ਰਵਾਨਗੀ
. . .  about 2 hours ago
ਚੰਡੀਗੜ੍ਹ, 11 ਦਸੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਮੰਤਰੀ ਮੰਡਲ ਨੇ ਸ਼ਿਲੌਂਗ ਵਿਖੇ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਨੂੰ ਮੁਆਵਜ਼ੇ ਵਜੋਂ 60 ਲੱਖ ਰੁਪਏ ਮੁਹੱਈਆ ਕਰਵਾਉਣ ਲਈ ਰਾਹਤ 'ਤੇ ਮੁੜ....
ਬਰਗਾੜੀ ਮੋਰਚੇ ਨੇ ਪੰਜਾਬ ਹੀ ਨਹੀਂ ਪੁਰੀ ਦੁਨੀਆ 'ਚ ਜਿੱਤ ਦੀ ਵੱਡੀ ਮਿਸਾਲ ਕੀਤੀ ਪੇਸ਼ : ਧਿਆਨ ਸਿੰਘ ਮੰਡ
. . .  about 2 hours ago
ਅੰਮ੍ਰਿਤਸਰ, 11 ਦਸੰਬਰ (ਰਾਜੇਸ਼ ਕੁਮਾਰ) : ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਅੱਜ ਇੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਸੰਗਠਨਾਂ ਨਾਲ ਅਰਦਾਸ ਕਰਨ ਪਹੁੰਚੇ ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ.....
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ-ਕਹਾਣੀ: ਚੂਰੀ

ਬੱਚਿਓ, ਤੋਤਾ ਰਾਮ ਨਾਂਅ ਦੇ ਇਕ ਵਿਅਕਤੀ ਨੇ ਇਕ ਆਜ਼ਾਦ ਤੋਤੇ ਪੰਛੀ ਨੂੰ ਪਿਛਲੇ ਦੋ-ਤਿੰਨ ਸਾਲਾਂ ਤੋਂ ਆਪਣੇ ਘਰ ਇਕ ਪਿੰਜਰੇ 'ਚ ਕੈਦ ਕਰਕੇ ਰੱਖਿਆ ਹੋਇਆ ਸੀ। ਪਿੰਜਰੇ ਦੀਆਂ ਜ਼ੰਜੀਰਾਂ 'ਚ ਫਸਿਆ ਤੋਤਾ ਆਪਣੀ ਪੰਛੀ ਬੋਲੀ ਦੇ ਨਾਲ-ਨਾਲ ਮਜਬੂਰ ਹੋ ਕੇ ਇਨਸਾਨੀ ਪੰਜਾਬੀ ਬੋਲੀ ਵੀ ਬੋਲਣ ਲੱਗ ਪਿਆ ਸੀ। ਉਸ ਦੇ ਮਾਲਕ ਨੇ ਉਸ ਦਾ ਨਾਂਅ ਮਿੱਠੂ ਰਾਮ ਰੱਖਿਆ ਹੋਇਆ ਸੀ। ਇਕ ਦਿਨ ਅਚਾਨਕ ਹੋਏ ਸੜਕ ਹਾਦਸੇ 'ਚ ਤੋਤਾ ਰਾਮ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਬਾਕੀ ਸਰੀਰ ਤੋਂ ਇਲਾਵਾ ਤੋਤਾ ਰਾਮ ਦਾ ਜੁਬਾੜਾ ਵੀ ਬੁਰੀ ਤਰ੍ਹਾਂ ਹਿੱਲ ਗਿਆ ਹੋਣ ਕਰਕੇ ਡਾਕਟਰਾਂ ਨੇ ਉਸ ਦੇ ਦੰਦਾਂ 'ਚ ਤਾਰ ਪਾ ਦਿੱਤੀ ਸੀ। ਉਸ ਵਿਅਕਤੀ ਦੇ ਤਿੰਨ ਪੁੱਤਰ ਸਨ ਅਤੇ ਤਿੰਨੋਂ ਹੀ ਸ਼ਹਿਰ ਰਹਿੰਦੇ ਸਨ। ਡਾਕਟਰੀ ਇਲਾਜ ਉਪਰੰਤ ਹਸਪਤਾਲੋਂ ਛੁੱਟੀ ਮਿਲਣ 'ਤੇ ਉਸ ਦੇ ਪੁੱਤਰਾਂ ਨੇ ਆਪਣੇ ਬਾਪ ਨੂੰ ਪਿੰਡ ਵਾਲੇ ਘਰ ਹੀ ਭੇਜ ਦਿੱਤਾ ਸੀ ਅਤੇ ਉਸ ਦੀ ਸਾਂਭ-ਸੰਭਾਲ ਕਰਨ ਲਈ ਇਕ ਨੌਕਰ ਛੱਡ ਗਏ ਸਨ।
ਹੁਣ ਜਿਉਂ ਹੀ ਜ਼ਖਮੀ ਤੋਤਾ ਰਾਮ ਕੁਝ ਖਾਣ-ਪੀਣ ਲਈ ਤਮੰਨਾ ਕਰਦਾ ਸੀ ਤਾਂ ਉਸ ਦਾ ਨੌਕਰ ਉਸ ਨੂੰ ਹਲਕੀ-ਫੁਲਕੀ ਚੀਜ਼ ਦਲੀਆ-ਖਿਚੜੀ ਜਾਂ ਦੁੱਧ 'ਚ ਬਰਿੱਡ ਚੂਰੀ ਕੁੱਟ ਕੇ ਖਾਣ ਨੂੰ ਦੇ ਦਿਆ ਕਰਦਾ ਸੀ, ਜੋ ਦੁਖਦੇ ਜੁਬਾੜੇ ਕਾਰਨ ਤੋਤਾ ਰਾਮ ਖਾਣ ਲਈ ਬਹੁਤ ਤੰਗ-ਪ੍ਰੇਸ਼ਾਨ ਹੁੰਦਾ ਸੀ ਅਤੇ ਜਦੋਂ ਤੋਤਾ ਰਾਮ ਦਾ ਨੌਕਰ ਉਸ ਨੂੰ ਕੁਝ ਖਾਣ-ਪੀਣ ਲਈ ਪੁੱਛਿਆ ਕਰਦਾ ਸੀ ਤਾਂ ਮਿੱਠੂ ਵੀ ਨੌਕਰ ਦੇ ਪਿੱਛੇ-ਪਿੱਛੇ ਆਪਣੇ ਮਾਲਕ ਨੂੰ ਪੁੱਛਣ ਲੱਗ ਪੈਂਦਾ ਸੀ ਕਿ 'ਤੋਤਾ ਰਾਮ ਚੂਰੀ ਖਾਣੀਂ ਐ...? ਤੋਤਾ ਰਾਮ ਚੂਰੀ ਖਾਣੀਂ ਐ...?'
ਜ਼ਖਮੀ ਤੋਤਾ ਰਾਮ ਨੂੰ ਮਿੱਠੂ ਦੀ ਬੋਲੀ ਤੋਂ ਖਿਝ ਚੜ੍ਹਨ ਲੱਗ ਪੈਂਦੀ ਸੀ ਤੇ ਜਦੋਂ ਉਹ ਖਫ਼ਾ ਹੋ ਕੇ ਮਿੱਠੂ ਨੂੰ ਘੂਰਦਾ ਹੁੰਦਾ ਸੀ ਤਾਂ ਮਿੱਠੂ ਅੱਗੋਂ ਕਿਹਾ ਕਰਦਾ ਸੀ ਕਿ ਐ ਮੇਰੇ ਮਾਲਕ, ਤੂੰ ਮੈਨੂੰ ਮੇਰੇ ਮਾਪਿਆਂ ਦੇ ਪਿਆਰ ਨਾਲੋਂ ਤੋੜ ਕੇ ਲੋਹੇ ਦੀਆਂ ਸਲਾਖਾਂ 'ਚ ਕੈਦ ਕਰ ਰੱਖਿਆ ਐ, ਅੰਬਰਾਂ 'ਚ ਪ੍ਰਵਾਜ਼ ਭਰਨ ਵਾਲੇ ਖੰਭਾਂ ਪੱਖੋਂ ਵੀ ਮੈਨੂੰ ਅਪੰਗ ਕਰਕੇ ਮੈਨੂੰ ਆਪਣੀ ਬੋਲੀ ਬੋਲਣ ਲਈ ਮਜਬੂਰ ਕੀਤਾ ਹੋਇਆ ਐ, ਜਿੱਥੇ ਮੈਂ ਰਹਿੰਦਾ ਹਾਂ ਉਹ ਮੇਰਾ ਰੈਣ-ਬਸੇਰਾ ਵੀ ਐ ਤੇ ਮਲ-ਮੂਤਰ ਖਾਨਾ ਵੀ ਐ। ਮਾਲਕ ਤੂੰ ਮੈਨੂੰ ਹਮੇਸ਼ਾ ਪੁੱਛਦੈਂ ਕਿ ਮਿੱਠੂ ਰਾਮ ਚੂਰੀ ਖਾਣੀ ਐ...? ਪਰ ਮੈਂ ਤੇਰੀ ਕਿਸੇ ਵੀ ਗੱਲ ਦਾ ਕਦੇ ਬੁਰਾ ਨਹੀਂ ਮਨਾਇਆ। ਹੁਣ ਮੈਂ ਤੈਨੂੰ ਤੇਰੀ ਹੀ ਬੋਲੀ ਬੋਲ ਕੇ ਤੇਰੇ ਕੋਲੋਂ ਇਹੀ ਪੁੱਛਦਾ ਹਾਂ ਕਿ ਤੋਤਾ ਰਾਮ ਚੂਰੀ ਖਾਣੀ ਐਂ? ਇਹਦੇ ਵਿਚ ਭਲਾ ਕੋਈ ਗੁੱਸਾ ਕਰਨ ਵਾਲਾ ਕਿਹੜਾ ਮਾੜਾ ਸ਼ਬਦ ਹੈ? ਨਾਲੇ ਤੇਰਾ ਅਸਲੀ ਨਾਂਅ ਤੋਤਾ ਰਾਮ ਹੀ ਹੈ ਤੇ ਤੂੰ ਮੇਰਾ ਐਵੇਂ ਖਾਹ-ਮਖਾਹ ਹੀ ਬੇਢੰਗ ਜਿਹਾ ਮਿੱਠੂ ਰਾਮ ਨਾਂਅ ਰੱਖ ਛੱਡਿਆ ਐ। ਹੁਣ ਤੈਨੂੰ ਤੇਰੇ ਕੀਤੇ ਹੋਏ ਗੁਨਾਹਾਂ ਦਾ ਕੁਝ ਫਲ ਮਿਲਿਆ ਹੈ। ਜੇ ਤੂੰ ਅਜੇ ਵੀ ਨਾ ਸਮਝਿਆ ਤਾਂ ਹੋ ਸਕਦੈ ਕਿ ਤੈਨੂੰ ਬਾਕੀ ਰਹਿੰਦੀ ਜ਼ਿੰਦਗੀ 'ਚ ਇਸ ਤੋਂ ਵੀ ਕੋਈ ਹੋਰ ਵੱਡਾ ਡੰਨ ਭਰਨਾ ਪਵੇ।
ਬੱਚਿਓ, ਤੋਤੇ ਪੰਛੀ ਦੀ ਅਸਲੀ ਸਚਿਆਈ ਸੁਣ ਕੇ ਹੁਣ ਤੋਤਾ ਰਾਮ ਦਾ ਤਨ-ਮਨ ਅੰਦਰੋਂ ਬੁਰੀ ਤਰ੍ਹਾਂ ਹਿੱਲ ਗਿਆ। ਉਸ ਤੋਂ ਜ਼ਿਆਦਾ ਕੁਝ ਸਹਿਣ ਨਾ ਹੋਇਆ ਤੇ ਉਸ ਨੇ ਮਿੱਠੂ ਰਾਮ (ਪੰਛੀ ਤੋਤੇ) ਦੇ ਪਿੰਜਰੇ ਦਾ ਬੂਹਾ ਖੋਲ੍ਹ ਦਿੱਤਾ ਸੀ। ਉਪਰੰਤ ਤੋਤਾ ਪੰਛੀ ਫੁਰਰ ਕਰਕੇ ਉੱਡਦਾ ਹੋਇਆ ਆਪਣੇ ਪਰਿਵਾਰ ਕੋਲ ਜਾ ਪੁੱਜਾ।

-ਡਾ: ਸਾਧੂ ਰਾਮ ਲੰਗੇਆਣਾ
ਪਿੰਡ: ਲੰਗੇਆਣਾ ਕਲਾਂ (ਮੋਗਾ)।
ਮੋਬਾ: 98781-17285


ਖ਼ਬਰ ਸ਼ੇਅਰ ਕਰੋ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ ਆਰਚੀ

ਬੱਚਿਓ, ਅਸੀਂ ਜਾਣਦੇ ਹਾਂ ਕਿ ਵੱਖ-ਵੱਖ ਟੀ. ਵੀ. ਚੈਨਲਾਂ 'ਤੇ ਪਿਛਲੇ ਲੰਮੇ ਸਮੇਂ ਤੋਂ ਚਲਦੇ ਆ ਰਹੇ ਕਾਰਟੂਨ ਸੀਰੀਅਲਾਂ ਨਾਲ ਤੁਹਾਡਾ ਵਿਸ਼ੇਸ਼ ਲਗਾਓ ਹੈ ਅਤੇ ਉਨ੍ਹਾਂ ਦੇ ਪਾਤਰਾਂ ਦੇ ਨਾਵਾਂ ਅਤੇ ਉਨ੍ਹਾਂ ਦੇ ਕਾਰਨਾਮਿਆਂ ਬਾਰੇ ਤੁਸੀਂ ਵਿਸ਼ੇਸ਼ ਤੌਰ 'ਤੇ ਚਰਚਾ ਵੀ ਕਰਦੇ ਰਹਿੰਦੇ ਹੋ। ਤੁਹਾਡੀ ਇਸ ਦਿਲਚਸਪੀ ਨੂੰ ਮੁੱਖ ਰੱਖ ਕੇ ਵੱਖ-ਵੱਖ ਕਾਰਟੂਨ ਸੀਰੀਅਲਾਂ ਦੇ ਕੁਝ ਪ੍ਰਸਿੱਧ ਪਾਤਰਾਂ ਨਾਲ ਤੁਹਾਡੀ ਵਿਸ਼ੇਸ਼ ਤੌਰ 'ਤੇ ਸਾਂਝ ਪੁਆਉਣ ਲਈ ਅਸੀਂ ਪ੍ਰਸਿੱਧ ਬਾਲ ਸਾਹਿਤਕਾਰ ਡਾ: ਦਰਸ਼ਨ ਸਿੰਘ ਆਸ਼ਟ ਦੀ ਇਕ ਦਿਲਚਸਪ ਲੇਖ-ਲੜੀ ਇਨ੍ਹਾਂ ਕਾਲਮਾਂ ਵਿਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਅੱਜ ਪੇਸ਼ ਹੈ ਕਾਰਟੂਨ ਪਾਤਰ 'ਆਰਚੀ' ਬਾਰੇ ਰੌਚਿਕ ਜਾਣਕਾਰੀ। -ਸੰਪਾਦਕ
ਕਾਰਟੂਨ-ਚਰਿੱਤਰ ਆਰਚੀ ਦੀ ਗਿਣਤੀ ਦੁਨੀਆ ਦੇ ਪ੍ਰਸਿੱਧ ਚਰਿੱਤਰਾਂ ਵਿਚ ਹੁੰਦੀ ਹੈ। ਇਹ ਅਮਰੀਕਨ ਚਰਿੱਤਰ ਹੈ, ਜੋ ਪਹਿਲੀ ਵਾਰੀ ਦਸੰਬਰ, 1941 ਵਿਚ ਕਾਮਿਕਸ ਦੇ ਰੂਪ ਵਿਚ ਵਿਖਾਈ ਦਿੱਤਾ ਸੀ। ਇਸ ਨੂੰ ਇਕ ਪ੍ਰਕਾਸ਼ਕ ਜੌਹਨ ਐਲ ਗੋਲਡਵਾਟਰ ਅਤੇ ਆਰਟਿਸਟ ਬਾਬ ਮੋਨਟਾਨਾ ਨੇ ਇਕ ਲਿਖਾਰੀ ਵਿਕਬਲੂਮ ਦੀ ਸਹਾਇਤਾ ਨਾਲ ਬਣਾਇਆ ਸੀ। ਮੈਰੀ ਅਤੇ ਫਰੈਡ ਦਾ ਇਹ ਲੜਕਾ ਰਿਵਡੇਲ ਵਿਚ ਰਹਿੰਦਾ ਹੈ ਅਤੇ ਉਥੋਂ ਦੇ ਹਾਈ ਸਕੂਲ ਦਾ ਵਿਦਿਆਰਥੀ ਹੈ। ਟੀ-ਸ਼ਰਟ ਪਹਿਨਣ ਵਾਲਾ ਇਹ ਪਾਤਰ ਬੜਾ ਚੁਸਤ-ਫੁਰਤ ਹੈ। ਇਹ ਮੁਸਕਰਾਉਂਦਾ ਰਹਿਣ ਵਾਲਾ ਪਾਤਰ ਹੈ, ਜੋ ਸੰਕਟਾਂ ਦਾ ਵੀ ਸਾਹਮਣਾ ਕਰਦਾ ਹੋਇਆ ਆਪਣੇ ਮਕਸਦ ਵਿਚ ਕਾਮਯਾਬ ਹੁੰਦਾ ਹੈ। ਹਜ਼ਾਰਾਂ ਚਹੇਤੇ ਬੱਚਿਆਂ ਦੀਆਂ ਬੁਨੈਣਾਂ ਉੱਪਰ ਆਰਚੀ ਦੇ ਚਿੱਤਰ ਵੇਖੇ ਜਾ ਸਕਦੇ ਹਨ। ਪਹਿਲਾਂ ਇਹ ਕਾਰਟੂਨ ਚਰਿੱਤਰ ਕਾਮਿਕਸ ਪੱਟੀਆਂ ਦੇ ਰੂਪ ਵਿਚ ਛਪਦਾ ਸੀ ਪਰ ਬਾਅਦ ਵਿਚ ਇਸ ਉੱਪਰ ਫ਼ਿਲਮਾਂ ਅਤੇ ਐਨੀਮੇਸ਼ਨਜ਼ ਵੀ ਬਣਨ ਲੱਗੀਆਂ। ਉਸ ਉੱਪਰ ਬਣੀਆਂ ਕੁਝ ਪ੍ਰਸਿੱਧ ਫ਼ਿਲਮਾਂ ਵਿਚੋਂ 'ਦਿ ਆਰਚੀਜ਼ ਇਨ ਜਗਮੈਨ' ਇਕ ਹੈ। ਉਸ ਉੱਪਰ ਬਣੀ ਮੋਬਾਈਲ ਗੇਮ 'ਕਰੌਸੀ ਰੋਡ' ਵੀ ਬੱਚਿਆਂ ਵਿਚ ਕਾਫੀ ਹਰਮਨ ਪਿਆਰੀ ਹੋਈ। ਵੱਖ-ਵੱਖ ਕਾਰਟੂਨ ਫ਼ਿਲਮਾਂ ਵਿਚ ਚਾਰਲਸ ਮੂਲਨ, ਜੈਕ ਗਰਿਮਜ਼, ਬਾਬ ਹੇਸਟਿੰਗਜ਼ ਆਦਿ ਕਲਾਕਾਰਾਂ ਨੇ ਆਵਾਜ਼ ਦਿੱਤੀ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ:),
ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਮੋਬਾ: 98144-23703

ਆਧੁਨਿਕ ਅਤੇ ਉਪਯੋਗੀ ਤਕਨੀਕ ਵੀਡੀਓ ਕਾਨਫ਼ਰੰਸਿੰਗ

ਪਿਆਰੇ ਸਾਥੀਓ, ਜਦ ਤੁਸੀਂ ਅਖ਼ਬਾਰ, ਟੀ. ਵੀ., ਰੇਡੀਓ ਜਾਂ ਕਿਸੇ ਹੋਰ ਮਾਧਿਅਮ ਵਿਚ ਵੀਡੀਓ ਕਾਨਫ਼ਰੰਸਿੰਗ ਬਾਰੇ ਪੜ੍ਹਦੇ, ਸੁਣਦੇ, ਦੇਖਦੇ ਹੋ ਤਾਂ ਤੁਹਾਡੇ ਬਾਲ ਮਨਾਂ 'ਚੋਂ ਇਸ ਤਕਨੀਕ ਸਬੰਧੀ ਜਾਨਣ ਲਈ ਕਈ ਸਵਾਲ ਉਪਜਦੇ ਹੋਣਗੇ ਅਤੇ ਆਓ ਅਸੀਂ ਇਸ ਸਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਬੱਚਿਓ! ਵੀਡੀਓ ਕਾਨਫ਼ਰੰਸਿੰਗ ਆਧੁਨਿਕ ਸੰਚਾਰ ਤਕਨੀਕ ਵਿਚ ਅਜਿਹੀ ਨਵੀਂ ਕ੍ਰਾਂਤੀ ਹੈ, ਜਿਸ ਰਾਹੀਂ ਦੋ ਜਾਂ ਵੱਧ ਸਥਾਨਾਂ ਅਤੇ ਦੂਰ ਬੈਠੇ ਵਿਅਕਤੀ ਇਕੋ ਸਮੇਂ ਆਡੀਓ-ਵੀਡੀਓ ਰਾਹੀਂ ਜੁੜ ਆਪਸ 'ਚ ਗੱਲਬਾਤ ਕਰ ਸਕਦੇ ਹਨ। ਇਸ ਲਈ ਵੀਡੀਓ ਕੈਮਰਾ ਜਾਂ ਵੈੱਬ ਕੈਮ, ਕੰਪਿਊਟਰ ਮਨੀਟਰ, ਟੀ. ਵੀ. ਪ੍ਰਾਜੈਕਟਰ, ਮਾਈਕ੍ਰੋਫੋਨ, ਲਾਊਡ ਸਪੀਕਰ ਅਤੇ ਇੰਟਰਨੈੱਟ ਦੀ ਲੋੜ ਹੁੰਦੀ ਹੈ। ਏ. ਟੀ. ਐਂਡ ਟੀ. ਕੰਪਨੀ ਵਲੋਂ ਇਸ ਤਕਨੀਕ ਨੂੰ 1960 ਵਿਚ ਚਾਲੂ ਕੀਤਾ ਗਿਆ ਅਤੇ 1964 ਵਿਚ ਇਸ ਕੰਪਨੀ ਵਲੋਂ ਨਿਊਯਾਰਕ ਵਿਸ਼ਵ ਮੇਲੇ ਸਮੇਂ ਵੀਡੀਓ ਕਾਨਫ਼ਰੰਸਿੰਗ ਦਾ ਸਰਵਜਨਕ ਪ੍ਰਦਰਸ਼ਨ ਕੀਤਾ ਗਿਆ ਸੀ।
ਇਸ ਤਕਨੀਕ ਦੇ ਈਜ਼ਾਦ ਹੋਣ ਨਾਲ ਜਿਥੇ ਸਾਨੂੰ ਸੰਚਾਰ ਮਲਟੀ ਮੀਡੀਆ ਵਿਚ ਅਨੇਕਾਂ ਸਹੂਲਤਾਂ ਮਿਲੀਆਂ, ਉਥੇ ਹੀ ਨਵੀਂ ਪੀੜ੍ਹੀ ਅਤੇ ਲੋਕਾਂ ਲਈ ਤਰੱਕੀ ਦੇ ਅਨੇਕਾਂ ਰਸਤੇ ਵੀ ਖੁੱਲ੍ਹੇ ਹਨ। ਅਜੋਕੇ ਭੱਜ-ਨੱਠ ਦੇ ਸਮੇਂ ਦੌਰਾਨ ਇਹ ਤਕਨੀਕ ਸ਼ੇਅਰ ਮਾਰਕੀਟ, ਵਿਸ਼ਾਲ ਸਭਾਵਾਂ, ਬੈਠਕਾਂ ਅਤੇ ਹੋਰ ਕਈ ਖੇਤਰਾਂ ਲਈ ਕਾਫੀ ਲਾਭਕਾਰੀ ਸਿੱਧ ਹੋਈ ਹੈ। ਵਿੱਦਿਅਕ ਖੇਤਰ ਵਿਚ ਵੀਡੀਓ ਕਾਨਫ਼ਰੰਸਿੰਗ ਦੁਆਰਾ ਅਧਿਆਪਕ ਅਤੇ ਵਿਦਿਆਰਥੀ, ਭਾਵੇਂ ਉਹ ਇਕ-ਦੂਜੇ ਤੋਂ ਸੈਂਕੜੇ-ਹਜ਼ਾਰਾਂ ਮੀਲ ਹੀ ਦੂਰ ਬੈਠੇ ਹੋਣ, ਉਹ ਆਹਮੋ-ਸਾਹਮਣੇ ਤੋਂ ਡਾਟਾ ਇਧਰੋਂ-ਉਧਰ ਭੇਜ, ਕਿਸੇ ਵੀ ਵਿਸ਼ੇ 'ਤੇ ਸੌਖਿਆਂ ਹੀ ਗੱਲਬਾਤ ਕਰ ਸਕਦੇ ਹਨ। ਦੂਰ ਬੈਠੇ ਮਰੀਜ਼ ਜਾਂ ਲੋਕ ਡਾਕਟਰ, ਨਰਸ ਨੂੰ ਆਪਣੀ ਬਿਮਾਰੀ ਬਾਰੇ ਦੱਸ ਦਵਾਈ-ਇਲਾਜ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ।
ਕਈ ਦੇਸ਼ੀ-ਵਿਦੇਸ਼ੀ ਕੰਪਨੀਆਂ ਵਲੋਂ ਆਪਣੇ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਇਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਮੰਨੀਆਂ-ਪ੍ਰਮੰਨੀਆਂ ਵਿੱਦਿਅਕ ਯੂਨੀਵਰਸਿਟੀਆਂ, ਅਦਾਰਿਆਂ ਵਲੋਂ ਆਧੁਨਿਕ ਸਿੱਖਿਆ ਦੀ ਲੋੜ ਪੂਰਤੀ ਲਈ ਇਸ ਤਕਨੀਕ ਨੂੰ ਅਪਣਾਇਆ ਗਿਆ ਹੈ। ਭਾਰਤ ਸਮੇਤ ਕਈ ਦੇਸ਼ਾਂ ਦੀਆਂ ਸਰਕਾਰੀ ਮੀਟਿੰਗਾਂ, ਪ੍ਰੋਗਰਾਮਾਂ ਸਬੰਧੀ ਦਿਸ਼ਾ-ਨਿਰਦੇਸ਼ ਵੀ ਇਸ ਤਕਨੀਕ ਨਾਲ ਭੇਜੇ ਜਾ ਰਹੇ ਹਨ।
ਹੋਰ ਤਾਂ ਹੋਰ, ਅਦਾਲਤਾਂ 'ਚ ਖ਼ਤਰਨਾਕ ਕਿਸਮ ਦੇ ਅਪਰਾਧੀਆਂ, ਉਨ੍ਹਾਂ ਦੇ ਕੇਸਾਂ ਦੀ ਪੈਰਵਈ, ਵਿਦੇਸ਼ ਬੈਠੇ ਲੋਕਾਂ ਦੀ ਗਵਾਹੀ, ਬਿਆਨ ਆਦਿ ਵੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋ ਰਹੇ ਹਨ। ਕੈਦੀ ਜੇਲ੍ਹ 'ਚ ਬੈਠੇ ਹੀ ਸਮੁੱਚੀ ਕਾਰਵਾਈ ਦੇਖ, ਸੁਣ, ਜੱਜ ਜਾਂ ਵਕੀਲ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਰਜ ਕਰਵਾ ਸਕਦੇ ਹਨ, ਜਿਸ ਨਾਲ ਅਦਾਲਤੀ ਪ੍ਰਬੰਧਾਂ ਦਾ ਖਰਚਾ, ਸਮਾਂ ਬਚਦਾ ਅਤੇ ਸੁਰੱਖਿਆ ਵੀ ਬਰਕਰਾਰ ਰਹਿੰਦੀ ਹੈ। ਇਹ ਤਕਨੀਕ ਏਨੀ ਉਪਯੋਗੀ ਹੋ ਰਹੀ ਹੈ ਕਿ ਹੁਣ ਸਾਡੇ ਵਿਗਿਆਨੀ ਵੀਡੀਓ ਕਾਨਫਰੰਸਿੰਗ ਨੂੰ ਮੋਬਾਈਲ ਫੋਨ ਉੱਪਰ ਉਪਲਬਧ ਕਰਵਾਉਣ ਦੇ ਯਤਨ ਕਰ ਰਹੇ ਹਨ, ਤਾਂ ਜੋ ਆਮ ਲੋਕ ਵੀ ਇਸ ਤਕਨੀਕ ਨਾਲ ਜੁੜ ਭਰਪੂਰ ਲਾਭ ਲੈ ਸਕਣ।

-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ)। ਮੋਬਾ: 98726-48140

ਪੰਛੀਆਂ ਦੀ ਦੁਨੀਆ ਦਾ ਇਕ ਹੋਰ ਅਜਬ ਪੰਛੀ ਨੀਲਾਸਿਗ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਛੀਆਂ ਦੀਆਂ ਕਈ ਦੁਰਲੱਭ ਜਾਤੀਆਂ ਪਾਈਆਂ ਜਾਂਦੀਆਂ ਹਨ। ਹਰ ਸਾਲ ਕਈ ਹਜ਼ਾਰਾਂ ਦੀ ਗਿਣਤੀ ਵਿਚ ਪੰਛੀ ਇਕ ਥਾਂ ਤੋਂ ਦੂਜੀ ਥਾਂ 'ਤੇ ਪ੍ਰਵਾਸ ਕਰਦੇ ਹਨ। ਜਿਵੇਂ ਕਿ ਇਸੇ ਸਾਲ ਦੀ ਸ਼ੁਰੂਆਤ ਵਿਚ 72000 ਤੋਂ ਵੀ ਵੱਧ ਪੰਛੀ ਹਰੀਕੇ ਝੀਲ ਪੁੱਜੇ। ਕਈ ਸੰਸਥਾਵਾਂ ਇਸ ਨਾਲ ਸਬੰਧਤ ਹਨ ਜੋ ਹਰ ਸਾਲ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਫੇਰੀ ਜਾਂ ਹੋਰ ਖਾਣ-ਪੀਣ ਦਾ ਹਿਸਾਬ ਰੱਖਦੀਆਂ ਹਨ। ਇਸ ਦਾ ਵਿਗਿਆਨਕ ਨਾਂਅ 'ਅਨੈਸ ਪਲੈਟਿਰਿੰਕਸ' ਹੈ। ਇਹ ਪੰਛੀ ਕਈ ਥਾਵਾਂ 'ਤੇ ਪਾਇਆ ਜਾਂਦਾ ਹੈ ਪਰ ਸਾਈਬੇਰੀਆ ਵਿਚ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਹੈ। ਇਹ ਰੰਗ-ਬਿਰੰਗਾ ਪੰਛੀ ਨੀਲੀ ਹਰੀ ਭਾਅ ਮਾਰਦਾ ਹੈ, ਚੁੰਝ ਸੰਤਰੀ ਰੰਗ ਦੀ ਹੈ। ਗਰਦਨ ਦੇ ਆਲੇ-ਦੁਆਲੇ ਚਿੱਟੀ ਗਾਨੀ ਦੀ ਤਰ੍ਹਾਂ ਇਕ ਪੱਟੀ ਦਿਖਾਈ ਦਿੰਦੀ ਹੈ। ਮਾਦਾ ਰੰਗ ਵਿਚ ਨਰ ਤੋਂ ਉਲਟ ਭੂਰੇ ਰੰਗ ਦੀ ਹੋਣ ਕਰਕੇ ਸਾਧਾਰਨ ਬੱਤਖ ਵਾਂਗ ਹੀ ਜਾਪਦੀ ਹੈ। ਜਲੀ-ਪੌਦੇ ਅਤੇ ਛੋਟੇ ਜੀਵ (ਮੱਛੀਆਂ, ਡੋਡਾਂ ਆਦਿ) ਇਸ ਦੀ ਖੁਰਾਕ ਦਾ ਹਿੱਸਾ ਹਨ। ਇਹ ਪ੍ਰਜਾਤੀ ਆਪਸੀ ਸੰਭੋਗ ਦੁਆਰਾ ਦੋਗਲੀ ਸੰਤਾਨ ਪੈਦਾ ਕਰਨ ਦੇ ਯੋਗ ਹੈ ਪਰ ਕੁਦਰਤੀ ਵਰਤਾਰੇ ਵਿਚ ਆਪਣੇ-ਆਪ ਨੂੰ ਯੋਗ ਬਣਾਉਣ ਵਿਚ ਅਸਮਰੱਥ ਹੋਣ ਕਰਕੇ ਘੱਟ ਗਿਣਤੀ ਵਿਚ ਦੇਖਣ ਨੂੰ ਮਿਲਦੀ ਹੈ।

-ਕੰਵਲਪ੍ਰੀਤ ਕੌਰ ਥਿੰਦ (ਚੌਹਾਨ),
ਸਾਇੰਸ ਮਿਸਟ੍ਰੈੱਸ, ਸ: ਸੀ: ਸੈ: ਸਕੂਲ, ਡਿਹਰੀਵਾਲਾ (ਅੰਮ੍ਰਿਤਸਰ)।

ਬਾਲ ਨਾਵਲ-32: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਨੂੰ ਹੁਣ ਦੂਹਰੀ ਖ਼ੁਸ਼ੀ ਸੀ-ਇਕ ਚੰਗੇ ਨੰਬਰ ਲੈਣ ਦੀ ਅਤੇ ਦੂਜਾ ਆਪਣੇ ਵੀਰ ਜੀ ਦੇ ਸਕੂਲ ਵਿਚ ਦਾਖਲ ਹੋਣ ਦੀ। ਹੁਣ ਉਸ ਨੂੰ ਬੀਜੀ ਨੂੰ ਖ਼ਬਰ ਸੁਣਾਉਣ ਦੀ ਕਾਹਲੀ ਪੈਣ ਲੱਗੀ। ਉਸ ਨੇ ਵੀਰ ਜੀ ਕੋਲੋਂ ਛੁੱਟੀ ਲਈ ਅਤੇ ਸਾਈਕਲ ਲੈ ਕੇ ਘਰ ਵੱਲ ਛੂਟ ਵੱਟ ਲਈ।
ਰਸਤੇ ਵਿਚ ਇਕ ਹਲਵਾਈ ਨੂੰ ਦੁਕਾਨ 'ਤੇ ਗਰਮ-ਗਰਮ ਜਲੇਬੀਆਂ ਤਲਦਿਆਂ ਦੇਖ ਕੇ ਉਸ ਨੂੰ ਖਿਆਲ ਆਇਆ ਕਿ ਬੀਜੀ ਨੂੰ ਜਲੇਬੀਆਂ ਬੜੀਆਂ ਚੰਗੀਆਂ ਲਗਦੀਆਂ ਹਨ ਪਰ ਉਨ੍ਹਾਂ ਨੂੰ ਜਲੇਬੀਆਂ ਦੀ ਸ਼ਕਲ ਦੇਖਿਆਂ ਹੀ ਮੁੱਦਤ ਹੋ ਗਈ ਹੈ। ਹਰੀਸ਼ ਦੀ ਜੇਬ ਵਿਚ ਦਸ ਰੁਪਏ ਸਨ। ਉਹ ਹਲਵਾਈ ਦੀ ਦੁਕਾਨ 'ਤੇ ਖਲੋ ਗਿਆ ਅਤੇ ਦਸ ਰੁਪਏ ਦੀਆਂ ਗਰਮ-ਗਰਮ ਜਲੇਬੀਆਂ ਲੈ ਕੇ ਘਰ ਵੱਲ ਤੁਰ ਪਿਆ।
ਹਰੀਸ਼ ਜਦੋਂ ਘਰ ਪਹੁੰਚਿਆ ਤਾਂ ਉਸ ਦੇ ਬੀਜੀ ਦਰਵਾਜ਼ੇ ਦੇ ਬਾਹਰ ਖਲੋਤੇ, ਆਪਣੇ ਪੁੱਤਰ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਨੇ ਗਲੀ ਦਾ ਮੋੜ ਮੁੜਦਿਆਂ ਹੀ ਹਰੀਸ਼ ਨੂੰ ਦੇਖ ਲਿਆ। ਉਸ ਨੂੰ ਦੇਖਦਿਆਂ ਹੀ ਉਹ ਬੋਲੇ, 'ਪੁੱਤਰ ਜੀ, ਐਨੀ ਦੇਰ ਕਰ ਦਿੱਤੀ ਆਉਣ ਵਿਚ। ਮੈਨੂੰ ਤਾਂ ਸਵੇਰ ਦੀ ਹੀ ਪਚੱਹਤਰੀ ਲੱਗੀ ਹੋਈ ਸੀ, ਤੇਰਾ ਨਤੀਜਾ ਸੁਣਨ ਦੀ। ਮੇਰੀਆਂ ਤਾਂ ਲੱਤਾਂ ਵੀ ਦੁਖਣ ਲੱਗ ਪਈਆਂ ਨੇ, ਦਰਵਾਜ਼ੇ ਵਿਚ ਖਲੋ-ਖਲੋ ਕੇ।
ਹਰੀਸ਼ ਨੇ ਬੀਜੀ ਨੂੰ ਜਲੇਬੀਆਂ ਵਾਲਾ ਲਿਫ਼ਾਫ਼ਾ ਫੜਾਉਂਦਿਆਂ ਬਸ ਐਨਾ ਹੀ ਕਿਹਾ, 'ਤੁਸੀਂ ਮੂੰਹ ਮਿੱਠਾ ਕਰੋ', ਅਤੇ ਆਪ ਉਹ ਬੀਜੀ ਦੇ ਚਰਨਾਂ ਉੱਪਰ ਝੁਕ ਗਿਆ।
ਬੀਜੀ ਨੇ ਉਸ ਨੂੰ ਅਸੀਸਾਂ ਦਿੱਤੀਆਂ ਅਤੇ ਲਿਫ਼ਾਫ਼ਾ ਖੋਲ੍ਹਦਿਆਂ ਜਦੋਂ ਗਰਮ-ਗਰਮ ਜਲੇਬੀਆਂ ਦੇਖੀਆਂ ਤਾਂ ਉਨ੍ਹਾਂ ਦੇ ਮੁਰਝਾਏ ਚਿਹਰੇ ਉੱਪਰ ਵੀ ਇਕ ਚਮਕ, ਇਕ ਖ਼ੁਸ਼ੀ ਝਲਕਣ ਲੱਗੀ। ਉਨ੍ਹਾਂ ਨੇ ਲਿਫ਼ਾਫ਼ੇ ਵਿਚੋਂ ਇਕ ਜਲੇਬੀ ਕੱਢ ਕੇ ਪਹਿਲਾਂ ਪੁੱਤਰ ਦੇ ਮੂੰਹ ਵਿਚ ਪਾਈ। ਹਰੀਸ਼ ਨੇ ਅੱਧੀ ਜਲੇਬੀ ਖਾ ਕੇ ਬਾਕੀ ਬੀਜੀ ਦੇ ਮੂੰਹ ਵਿਚ ਪਾ ਦਿੱਤੀ।
ਜਲੇਬੀ ਖਾਂਦੇ ਹੋਏ ਬੀਜੀ ਬੋਲੇ, 'ਤੇਰੇ ਨੰਬਰ ਚੰਗੇ ਆਏ ਲਗਦੇ ਹਨ।'
'ਚੰਗੇ ਨਹੀਂ, ਬਹੁਤ ਚੰਗੇ ਆਏ ਹਨ। ਮੈਂ ਆਪਣੇ ਸਕੂਲ ਵਿਚੋਂ ਅਤੇ ਆਪਣੇ ਸਾਰੇ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ 'ਤੇ ਆਇਆ ਹਾਂ', ਹਰੀਸ਼ ਨੇ ਬੜੀ ਧੀਮੀ ਆਵਾਜ਼ ਨਾਲ ਬੀਜੀ ਨੂੰ ਆਪਣੇ ਨਤੀਜੇ ਬਾਰੇ ਦੱਸਿਆ।
ਬੀਜੀ ਨੇ ਹਰੀਸ਼ ਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਉਸ ਦਾ ਮੱਥਾ ਚੁੰਮਦਿਆਂ ਕਿਹਾ, 'ਜਿਊਂਦਾ ਰਹੁ ਪੁੱਤਰਾ, ਤੂੰ ਜਵਾਨੀਆਂ ਮਾਣੇਂ। ਤੇਰੀ ਮਿਹਨਤ ਅਤੇ ਲਗਨ ਅੱਜ ਰੰਗ ਲਿਆਈ ਐ। ਇਹ ਤਾਂ ਅਜੇ ਤੇਰੀ ਸ਼ੁਰੂਆਤ ਐ, ਅਜੇ ਹੋਰ ਤੂੰ ਬਹੁਤ ਸਾਰੀਆਂ ਪੌੜੀਆਂ ਚੜ੍ਹਨੀਆਂ ਨੇ। ਬਸ, ਇਸੇ ਤਰ੍ਹਾਂ ਮਿਹਨਤ ਕਰਦਾ ਜਾਹ, ਪਰਮਾਤਮਾ ਹਮੇਸ਼ਾ ਤੇਰੇ ਅੰਗ-ਸੰਗ ਰਹੇਗਾ। ਤੈਨੂੰ ਸੱਤੇ ਖੈਰਾਂ ਨੇ, ਤੇਰੀ ਹਰ ਮੈਦਾਨ ਫਤਹਿ ਹੋਵੇਗੀ।' ਬੀਜੀ ਅਸੀਸਾਂ ਦਿੰਦੇ-ਦਿੰਦੇ ਹਰੀਸ਼ ਨਾਲ ਅੰਦਰ ਕਮਰੇ ਵਿਚ ਆ ਗਏ।
ਅੰਦਰ ਆ ਕੇ ਹਰੀਸ਼ ਨੇ ਬੀਜੀ ਨੂੰ ਦੂਜੀ ਖ਼ੁਸ਼ਖਬਰੀ ਸੁਣਾਈ, 'ਬੀਜੀ, ਨਤੀਜੇ ਤੋਂ ਬਾਅਦ ਮੈਂ ਵੀਰ ਜੀ ਦੇ ਸਕੂਲ, ਉਨ੍ਹਾਂ ਨੂੰ ਨਤੀਜਾ ਦੱਸਣ ਲਈ ਚਲਾ ਗਿਆ ਸਾਂ। ਉਨ੍ਹਾਂ ਨੇ ਆਪਣੇ ਸਕੂਲ ਵਿਚ ਹੀ ਮੈਨੂੰ ਨੌਵੀਂ ਕਲਾਸ ਵਿਚ ਦਾਖਲਾ ਦੇ ਦਿੱਤੈ।'
'ਪਰ ਉਹ ਤੇ ਪੁੱਤਰ, ਬੜਾ ਮਹਿੰਗਾ ਸਕੂਲ ਐ', ਬੀਜੀ ਨੇ ਫਿਕਰਮੰਦ ਹੁੰਦੇ ਹੋਏ ਕਿਹਾ।
'ਉਨ੍ਹਾਂ ਨੇ ਮੇਰੀ ਸਾਰੀ ਫੀਸ ਮੁਆਫ਼ ਕਰ ਦਿੱਤੀ ਐ। ਮੈਨੂੰ ਕੋਈ ਪੈਸਾ ਨਹੀਂ ਦੇਣਾ ਪਿਆ ਕਰਨਾ। ਸਾਰੀਆਂ ਕਿਤਾਬਾਂ ਉਨ੍ਹਾਂ ਨੇ ਪਹਿਲਾਂ ਹੀ ਲਿਆ ਕੇ ਦੇ ਦਿੱਤੀਆਂ ਸਨ', ਹਰੀਸ਼ ਨੇ ਬੀਜੀ ਦੀ ਪੂਰੀ ਤਸੱਲੀ ਕਰਾ ਦਿੱਤੀ। (ਚਲਦਾ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਵਿਗਿਆਨਕ ਬੁਝਾਰਤਾਂ

1. ਦੱਸੋ ਬੱਚਿਓ ਤੁਸੀਂ ਸੋਚ-ਵਿਚਾਰ,
ਦਿਮਾਗ ਦਾ ਹੁੰਦਾ ਕਿੰਨਾ ਭਾਰ?
2. ਦੱਸੋ ਸਾਰੀਆਂ ਛੋਟੀਆਂ-ਵੱਡੀਆਂ,
ਕਿੰਨੀਆਂ ਹੁੰਦੀਆਂ ਮਨੁੱਖੀ ਖੋਪੜੀ ਦੀਆਂ ਹੱਡੀਆਂ।
3. 'ਏ ਬੀ' ਗਰੁੱਪ ਨੂੰ ਹਰ ਇਕ ਖੂਨ ਚੜ੍ਹ ਜਾਵੇ,
ਯੂਨੀਵਰਸਲ ਰਿਸੇਪਟਰ ਇਹ ਕਹਾਵੇ।
ਯੂਨੀਵਰਸਲ ਡੋਨਰ ਕਹਾਵੇ ਕਿਹੜਾ,
ਹਰ ਇਕ ਗਰੁੱਪ ਨੂੰ ਚੜ੍ਹ ਜਾਵੇ ਜਿਹੜਾ।
4. ਸੂਰਜ ਤੋਂ ਧਰਤੀ ਦੀ ਦੂਰੀ,
149.6 ਮਿਲੀਅਨ ਕਿ: ਮੀ: ਦਰਸਾਉਂਦੀ।
ਕਿੰਨੇ ਸਮੇਂ 'ਚ ਇਹਦੀ ਕਿਰਨ,
ਧਰਤੀ ਦੇ ਉੱਪਰ ਆਉਂਦੀ।
5. ਰਗੜ ਬਲ ਨੂੰ ਇਹ ਘਟਾਵੇ,
ਮਸ਼ੀਨਰੀ ਦੀ ਉਮਰ ਵਧਾਵੇ।
ਉੱਤਰ : (1) 1300-1400 ਗ੍ਰਾਮ, (2) 8, (3) ਓ-ਨੈਗੇਟਿਵ, (4) 8 ਮਿੰਟ 20 ਸੈਕਿੰਡ, (5) ਸਨੇਹਕ (ਲੂਬਰੀਕੈਂਟ)।

-ਕੁਲਵਿੰਦਰ ਕੌਸ਼ਲ,
ਪਿੰਡ ਤੇ ਡਾਕ: ਪੰਜਗਰਾਈਆਂ, ਤਹਿ: ਧੂਰੀ (ਸੰਗਰੂਰ)। ਮੋਬਾ: 94176-36255

ਬਾਲ ਸਾਹਿਤ

ਸ਼ਹਿਰ ਤੇ ਜੰਗਲ
ਲੇਖਕ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾ: ਲਿ:, ਮੁਹਾਲੀ।
ਮੁੱਲ : 110 ਰੁਪਏ, ਸਫ਼ੇ : 48
ਸੰਪਰਕ : 99884-44002

'ਸ਼ਹਿਰ ਤੇ ਜੰਗਲ' ਕਵੀ ਗੁਰਦਿਆਲ ਰੌਸ਼ਨ ਦਾ ਤਾਜ਼ਾ-ਤਰੀਨ ਬਾਲ ਕਾਵਿ ਸੰਗ੍ਰਹਿ ਹੈ, ਜਿਸ ਵਿਚ ਵੱਖ-ਵੱਖ ਸਮਾਜਿਕ, ਪਰਿਵਾਰਕ, ਗਿਆਨ-ਵਿਗਿਆਨਕ ਵਿਸ਼ਿਆਂ ਨਾਲ ਸੰਬੰਧਤ ਕਵਿਤਾਵਾਂ ਰੰਗਦਾਰ ਚਿੱਤਰਾਂ ਸਮੇਤ ਸ਼ਾਮਿਲ ਕੀਤੀਆਂ ਗਈਆਂ ਹਨ। ਅਸਲ ਵਿਚ ਇਹ ਕਵਿਤਾਵਾਂ ਨਾ ਹੋ ਕੇ ਨਰਸਰੀ ਗੀਤਾਂ ਦੇ ਵਧੇਰੇ ਨੇੜੇ ਹਨ, ਜਿਨ੍ਹਾਂ ਵਿਚ ਆਪਣੀ ਖ਼ਾਸ ਲੈਅ, ਤੋਲ-ਤੁਕਾਂਤ ਅਤੇ ਰਵਾਨਗੀ ਹੈ। ਇਹ ਨਰਸਰੀ ਗੀਤ ਪੜ੍ਹਦੇ ਹੋਏ ਬੱਚੇ ਆਪਣੀ ਵਿਰਾਸਤ ਬਾਰੇ ਸੋਝੀ ਹਾਸਲ ਕਰਦੇ ਹਨ, ਹਾਥੀ, ਡੱਬੂ, ਕਾਟੋ, ਕੁਕੜੀ ਤੇ ਉਹਦੇ ਚੂਚਿਆਂ, ਮੱਛੀਆਂ, ਸ਼ਹਿਦ ਦੀਆਂ ਮੱਖੀਆਂ, ਮਗਰਮੱਛ ਆਦਿ ਚਿੜੀ ਜਨੌਰਾਂ ਤੋਂ ਇਲਾਵਾ ਫੁੱਲਾਂ, ਰੁੱਖਾਂ, ਤਿਤਲੀਆਂ ਨਾਲ ਗੱਲਾਂ ਕਰਦੇ ਹਨ। ਫ਼ਲ, ਸਬਜ਼ੀਆਂ, ਸਰ੍ਹੋਂ ਦਾ ਸਾਗ, ਫੁੱਲਾਂ ਦੀਆਂ ਸਜੀਆਂ-ਫੱਬੀਆਂ ਕਿਆਰੀਆਂ, ਰੁੱਖਾਂ ਦੀ ਸੁੰਦਰਤਾ, ਕਿਣਮਿਣ-ਕਿਣਮਿਣ, ਛੱਲੀਆਂ, ਕਣਕ ਅਤੇ ਗੰਨੇ ਆਦਿ ਫ਼ਸਲਾਂ, ਅਤੇ ਵੰਨ-ਸੁਵੰਨੀਆਂ ਰੁੱਤਾਂ ਅਤੇ ਮੌਸਮਾਂ ਦਾ ਵਰਣਨ ਇਨ੍ਹਾਂ ਕਵਿਤਾਵਾਂ ਵਿਚ ਹੋਰ ਵੀ ਰੰਗ ਭਰ ਦਿੰਦਾ ਹੈ। ਕਵੀ ਮਨੁੱਖ ਨੂੰ ਰੁੱਖਾਂ ਦੀ ਕੀਮਤੀ ਪੂੰਜੀ ਬਚਾਉਣ ਲਈ 'ਨਾ ਸੁੰਦਰ ਰੁੱਖਾਂ ਨੂੰ ਵੱਢ' ਕਵਿਤਾ ਵਿਚ ਸੰਬੋਧਿਤ ਹੁੰਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਵਿਸ਼ਾ ਪੱਖ ਤੋਂ ਨਵੀਨਤਾ ਹੈ ਅਤੇ ਕਲਾ ਪੱਖ ਤੋਂ ਤਾਜ਼ਗੀ ਅਤੇ ਸੁੰਦਰਤਾ ਪਰ ਕਿਤੇ-ਕਿਤੇ ਕੁਝ ਸ਼ਬਦਾਂ ਦੀਆਂ ਤਰੁੱਟੀਆਂ ਰਹਿ ਗਈਆਂ ਹਨ। ਖ਼ੈਰ, ਕੰਪਿਊਟ੍ਰੀਕ੍ਰਿਤ ਚਿੱਤਰਾਂ ਨਾਲ ਸਜੀ-ਫਬੀ ਇਹ ਪੁਸਤਕ ਬਾਲ ਪਾਠਕਾਂ ਨੂੰ ਆਪਣੇ ਵੱਲ ਪਹਿਲੀ ਨਜ਼ਰੇ ਖਿੱਚਣ ਦੀ ਸਮਰੱਥਾ ਰੱਖਦੀ ਹੈ ਅਤੇ ਭਰਪੂਰ ਮਨੋਰੰਜਨ ਕਰਦੀ ਹੋਈ ਮਾਤ-ਭਾਸ਼ਾ ਨਾਲ ਜੁੜਨ ਦੀ ਪ੍ਰੇਰਨਾ ਵੀ ਦਿੰਦੀ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਰੌਚਿਕ ਜਾਣਕਾਰੀ

* ਕੁੱਤਾ ਆਪਣੀਆਂ ਅੱਖਾਂ ਨਾਲੋਂ ਵੱਧ ਵਿਸ਼ਵਾਸ ਨੱਕ 'ਤੇ ਕਰਦਾ ਹੈ।
* ਸ਼ੇਰ ਹਮੇਸ਼ਾ ਤਾਜ਼ਾ ਸ਼ਿਕਾਰ ਕਰਕੇ ਖਾਂਦਾ ਹੈ, ਉਹ ਕਦੇ ਵੀ ਮਰੇ ਹੋਏ ਜੀਵ ਨੂੰ ਨਹੀਂ ਖਾਂਦਾ।
* ਮਧੂ ਮੱਖੀ ਜਦੋਂ ਸਾਡੇ ਜਿਸਮ 'ਤੇ ਡੰਗ ਮਾਰਦੀ ਹੈ ਤਾਂ ਤੁਰੰਤ ਮਰ ਜਾਂਦੀ ਹੈ।
* ਮੋਰ ਇਕ ਅਜਿਹਾ ਪੰਛੀ ਹੈ, ਜਿਸ ਨੂੰ ਵਰਖਾ ਦੀ ਜਾਣਕਾਰੀ ਮਿਲ ਜਾਂਦੀ ਹੈ।
* ਜਿਰਾਫ਼ ਧਰਤੀ 'ਤੇ ਪਾਇਆ ਜਾਣ ਵਾਲਾ ਸਭ ਤੋਂ ਉੱਚਾ ਜੀਵ ਹੈ।
* ਐਨਾਕੌਂਡਾ ਵਿਸ਼ਵ ਦਾ ਸਭ ਤੋਂ ਵੱਡਾ ਸੱਪ ਹੈ, ਜੋ ਦੱਖਣੀ ਅਫਰੀਕਾ ਵਿਚ ਪਾਇਆ ਜਾਂਦਾ ਹੈ ਅਤੇ ਇਸ ਦਾ ਭਾਰ ਤਕਰੀਬਨ 150 ਕਿਲੋਗ੍ਰਾਮ ਹੁੰਦਾ ਹੈ। ਇਹ ਪੰਛੀਆਂ, ਹਿਰਨਾਂ, ਗਲਹਿਰੀਆਂ
ਆਦਿ ਨੂੰ ਖਾ ਕੇ ਗੁਜ਼ਾਰਾ ਕਰਦਾ ਹੈ।

-ਅਵਤਾਰ ਸਿੰਘ ਕਰੀਰ,
ਮੋਗਾ। ਮੋਬਾ: 94170-05183

ਆ ਚਿੜੀਏ

ਆ ਚਿੜੀਏ ਨੀਂ ਚੀਂ-ਚੀਂ ਕਰ,
ਭੋਰਾ ਨਾ ਮੇਰੇ ਤੋਂ ਡਰ।
ਚੀਂ-ਚੀਂ ਬਹੁਤ ਪਿਆਰੀ ਲੱਗੇ,
ਨਿੱਕੀ ਚੁੰਝ ਨਿਆਰੀ ਲੱਗੇ।
ਦੋ ਪਹੁੰਚੇ ਤੇ ਦੋ ਹੀ ਪਰ,
ਆ ਚਿੜੀਏ ਨੀਂ ਚੀਂ-ਚੀਂ ਕਰ।
ਤੇਰਾ ਟੁੱਕ ਪਕਾਇਆ ਹੋਇਐ,
ਭਾਂਡੇ ਪਾਣੀ ਪਾਇਆ ਹੋਇਐ।
ਨਾ ਤੂੰ ਭੁੱਖੀ-ਪਿਆਸੀ ਮਰ,
ਆ ਚਿੜੀਏ ਨੀਂ ਚੀਂ-ਚੀਂ ਕਰ।
ਭੂਰਾ ਰੰਗ ਪਿਆਰੀਆਂ ਅੱਖਾਂ,
ਪੱਖੇ ਮੈਂ ਬੰਦ ਕਰਕੇ ਰੱਖਾਂ।
ਕੁਝ ਨਹੀਂ ਕਹਿੰਦੇ ਤੈਨੂੰ ਫਰ,
ਆ ਚਿੜੀਏ ਨੀਂ ਚੀਂ-ਚੀਂ ਕਰ।
ਆ ਕੇ ਹੁਣ ਤੂੰ ਠਹਿਰ ਖਨੌਰੀ,
ਬੜਾ ਪਿਆਰਾ ਸ਼ਹਿਰ ਖਨੌਰੀ।
ਖੁੱਲ੍ਹੇ ਨੇ ਤੇਰੇ ਲਈ ਦਰ,
ਆ ਚਿੜੀਏ ਨੀਂ ਚੀਂ-ਚੀਂ ਕਰ।

-ਕੁਲਵੰਤ ਖਨੌਰੀ,
ਪਿੰਡ ਰਾਮਪੁਰਾ, ਤਹਿ: ਭਵਾਨੀਗੜ੍ਹ (ਸੰਗਰੂਰ)
ਮੋਬਾ: 99140-27774

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX