ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  7 minutes ago
ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਕਣਕ ਦਾ ਵੱਧ ਝਾੜ ਲੈਣ ਲਈ ਵਿਗਿਆਨਿਕ ਨੁਕਤੇ

ਕਣਕ ਦੇਸ਼ ਦੀ ਜ਼ਿਆਦਾਤਾਰ ਆਬਾਦੀ ਦੀ ਮੁੱਖ ਖੁਰਾਕ ਹੈ। ਪੰਜਾਬ ਨੂੰ ਦੇਸ਼ ਭਰ ਵਿਚ ਕਣਕ ਦੇ ਤਕਰੀਬਨ 50.5 ਕੁਇੰਟਲ/ਹੈਕਟੇਅਰ ਝਾੜ ਵਿਚ ਪਹਿਲਾ ਸਥਾਨ ਦਿਵਾਉਣ ਵਿਚ ਸਿੰਚਾਈ ਸੁਵਿਧਾਵਾਂ, ਖਾਦਾਂ, ਸੁਧਰੇ ਬੀਜਾਂ ਅਤੇ ਖੇਤੀ ਰਸਾਇਣਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕਣਕ ਨੂੰ ਬਿਜਾਈ ਦੇ ਸਮੇਂ ਠੰਢੇ ਜਲਵਾਯੂ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਵਧੀਆ ਫੁਟਾਰੇ ਲਈ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਲਾਹੇਵੰਦ ਹੈ। ਪੱਕਣ ਸਮੇਂ ਕਣਕ ਨੂੰ ਘੱਟ ਤਾਪਮਾਨ ਅਤੇ ਘੱਟ ਨਮੀ ਦੀ ਲੋੜ ਹੁੰਦੀ ਹੈ। ਜੇਕਰ ਕਣਕ ਦੇ ਸ਼ੁਰੂਆਤੀ ਦੌਰ ਵਿਚ ਲੋੜ ਤੋਂ ਵੱਧ ਬੱਦਲਵਾਈ ਜਾਂ ਮੀਂਹ ਪੈ ਜਾਣ ਤਾਂ ਪੀਲੀ ਕੁੰਗੀ ਦੇ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਮਾਰਚ ਦੇ ਮਹੀਨੇ ਇਕਦਮ ਤਾਪਮਾਨ ਵਧਣ ਨਾਲ ਦਾਣੇ ਹਲਕੇ ਅਤੇ ਬਰੀਕ ਹੋਣ ਦੇ ਕਾਰਨ ਕਣਕ ਦੇ ਝਾੜ ਤੇ ਮਾੜਾ ਪ੍ਰਭਾਵ ਪੈਂਦਾ ਹੈ। ਜ਼ਿਆਦਾ ਤਾਪਮਾਨ ਦਾ ਤਣਾਅ, ਦਾਣਿਆਂ ਦੇ ਭਰਨ ਸਮੇਂ ਕਣਕ ਦੀ ਪੈਦਾਵਾਰ ਘਟਾਉਣ ਦਾ ਮੁੱਖ ਕਾਰਨ ਹੈ। ਜ਼ਿਆਦਾ ਤਾਪਮਾਨ ਨਾਲ ਪੌਦੇ ਦੇ ਕਲੋਰੋਪਲਾਸਟ ਦਾ ਨੁਕਸਾਨ ਹੁੰਦਾ ਹੈ ਅਤੇ ਪ੍ਰਕਾਸ਼ ਸੰਸਲੇਸ਼ਣ ਦੀ ਸਮਰੱਥਾ ਘਟ ਜਾਂਦੀ ਹੈ। ਇਸ ਦੇ ਨਾਲ ਸੁੱਕੇ ਮਾਦੇ ਦੀ ਜਜ਼ਬਤਾ ਅਤੇ ਦਾਣਿਆਂ ਦਾ ਝਾੜ ਘੱਟ ਜਾਂਦਾ ਹੈ। ਜੇਕਰ ਮਾਰਚ ਦੇ ਮਹੀਨੇ ਤਾਪਮਾਨ ਇਕਦਮ ਵੱਧਦਾ ਹੈ ਤਾਂ ਕਣਕ ਨੂੰ ਹਲਕਾ ਪਾਣੀ ਲਾਉਣ ਨਾਲ ਵੱਧਦੇ ਤਾਪਮਾਨ ਦੇ ਮਾੜੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ। ਕਣਕ ਦੀ ਬਿਜਾਈ ਲਈ ਕੱਲਰ ਅਤੇ ਸੇਮ ਵਾਲੀਆਂ ਜ਼ਮੀਨਾਂ ਠੀਕ ਨਹੀਂ ਰਹਿੰਦੀਆਂ । ਕਣਕ ਦਾ ਝਾੜ ਵੱਧ ਤੋਂ ਵੱਧ ਪਾਉਣ ਲਈ ਕਿਸਾਨ ਨੂੰ ਹੇਠ ਲਿਖਤ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਸਹੀ ਕਿਸਮਾਂ ਦੀ ਚੋਣ
ਕਣਕ ਦੀਆਂ ਕਿਸਮਾਂ ਦੀ ਬਿਜਾਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਸਿਫਾਰਸ਼ੀ ਖੇਤਰਾਂ, ਸਿੰਚਾਈ ਸਾਰਣੀ ਅਤੇ ਬਿਜਾਈ ਦੇ ਸਮੇਂ ਅਨੁਸਾਰ ਕਰਨੀ ਚਾਹੀਦੀ ਹੈ। ਗ਼ੈਰ-ਪ੍ਰਮਾਣਿਤ ਕਿਸਮਾਂ, ਖਾਸ ਕਰਕੇ ਜੋ ਹੋਰ ਖੇਤਰਾਂ ਲਈ ਸਿਫਾਰਸ਼ ਕੀਤੀਆਂ ਹੋਣ ਦੀ ਚੋਣ ਪੀਲੀ ਕੁੰਗੀ ਦੇ ਹਮਲੇ ਨੂੰ ਵਧਾਉਂਦੀ ਹੈ। ਸੇਂਜੂ ਇਲਾਕਿਆਂ ਵਿਚ ਸਮੇਂ ਸਿਰ ਬਿਜਾਈ ਲਈ ਉਨਤ ਪੀ. ਬੀ. ਡਬਲਯੂ. 343, ਉਨਤ ਪੀ. ਬੀ. ਡਬਲਯੂ. 550, ਪੀ. ਬੀ. ਡਬਲਯੂ. 1 ਜ਼ਿੰਕ, ਪੀ. ਬੀ. ਡਬਲਯੂ. 725, ਪੀ. ਬੀ. ਡਬਲਯੂ. 677, ਐਚ. ਡੀ. 3086, ਐਚ. ਡੀ. 2967, ਡਬਲਯੂ ਐਚ 1105,ਪੀ. ਬੀ. ਡਬਲਯੂ. 621 ਅਤੇ ਪੀ. ਬੀ. ਡਬਲਯੂ. 550 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਕੰਢੀ ਖੇਤਰ ਜਿਥੇ ਪਾਣੀ ਦਾ ਪ੍ਰਬੰਧ ਪੂਰਾ ਹੈ, ਉਥੋਂ ਦੇ ਕਿਸਾਨਾਂ ਨੂੰ ਪੀਲੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਕਿਸਮਾਂ ਜਿਵੇਂ ਕਿ ਉਨਤ ਪੀ. ਬੀ. ਡਬਲਯੂ. 550, ਪੀ. ਬੀ. ਡਬਲਯੂ. 725 ਅਤੇ ਪੀ. ਬੀ. ਡਬਲਯੂ. 677 ਨੂੰ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ।
ਜ਼ਮੀਨ ਦੀ ਤਿਆਰੀ
ਪਿਛਲੀ ਫ਼ਸਲ ਅਤੇ ਮਿੱਟੀ ਦੀ ਕਿਸਮ ਦੇ ਆਧਾਰ 'ਤੇ ਖੇਤ ਨੂੰ ਤਵੀਆਂ ਜਾਂ ਹਲਾਂ ਨਾਲ ਇਕ ਜਾਂ ਦੋ ਵਾਰ ਵਾਹ ਕੇ ਬਿਜਾਈ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ। ਹਲਕੀਆਂ ਜ਼ਮੀਨਾਂ ਨੂੰ ਭਾਰੀਆਂ ਦੇ ਮੁਕਾਬਲੇ ਘੱਟ ਵਹਾਈ ਦੀ ਲੋੜ ਪੈਂਦੀ ਹੈ। ਖੇਤ ਦੇ ਵੱਤਰ ਨਾ ਹੋਣ ਦੀ ਸੂਰਤ ਵਿਚ ਰੌਣੀ ਕਰ ਲੈਣੀ ਚਾਹੀਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਹਰੀ ਰਾਮ, ਹਰਵਿੰਦਰ ਕੌਰ ਅਤੇ ਜਸਪਾਲ ਕੌਰ
ਪਲਾਂਟ ਬਰੀਡਿੰਗ ਅਤੇ ਜੇਨੈਟਿਕਸ ਵਿਭਾਗ


ਖ਼ਬਰ ਸ਼ੇਅਰ ਕਰੋ

ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਸਮਾਂ

ਸਬਜ਼ੀਆਂ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਕਰਨੀ ਚਾਹੀਦੀ ਹੈ। ਰੂੜੀ ਦੀ ਵਰਤੋਂ ਜ਼ਰੂਰੀ ਹੈ। ਖੇਤ ਤਿਆਰ ਕਰਦੇ ਸਮੇਂ 10 ਕੁ ਟਨ ਦੇਸੀ ਰੂੜੀ ਪ੍ਰਤੀ ਏਕੜ ਪਾਈ ਜਾਵੇ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾਵੇ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ।
ਮਟਰ ਸਭ ਤੋਂ ਵਧ ਪਸੰਦ ਕੀਤੀ ਜਾਂਦੀ ਸਬਜ਼ੀ ਹੈ। ਅਗੇਤੀ ਫ਼ਸਲ ਦੀ ਬਿਜਾਈ ਸਤੰਬਰ ਦੇ ਅਖੀਰ ਵਿਚ ਕੀਤੀ ਜਾ ਸਕਦੀ ਹੈ। ਮਟਰ ਅਗੇਤ-7, ਮਟਰ ਅਗੇਤ-6 ਅਤੇ ਅਰਕਲ ਅਗੇਤੀਆਂ ਕਿਸਮਾਂ ਹਨ। ਇਸ ਵਾਰ ਇਕ ਨਵੀਂ ਕਿਸਮ ਏ.ਪੀ.-3 ਦੀ ਵੀ ਕਾਸ਼ਤ ਲਈ ਸਿਫਾਰਸ਼ ਕੀਤੀ ਗਈ ਹੈ। ਜੇਕਰ ਅਕਤੂਬਰ ਦੇ ਅੱਧ ਵਿਚ ਬਿਜਾਈ ਕੀਤੀ ਜਾਵੇ ਤਾਂ ਬਿਮਾਰੀਆਂ ਦਾ ਹਮਲਾ ਘਟ ਹੁੰਦਾ ਹੈ। ਇਸ ਮੌਸਮ ਵਿਚ ਪੰਜਾਬ 89 ਅਤੇ ਮਿੱਠੀ ਫ਼ਲੀ ਸਿਫਾਰਸ਼ ਕੀਤੀ ਗਈ ਹੈ। ਅਗੇਤੀ ਬਿਜਾਈ ਲਈ 45 ਕਿਲੋ ਅਤੇ ਮੁੱਖ ਸਮੇਂ ਲਈ 30 ਕਿਲੋ ਬੀਜ ਵਰਤਿਆ ਜਾਵੇ। ਬਿਜਾਈ ਸਮੇਂ ਅਗੇਤੀਆਂ ਕਿਸਮਾਂ ਦੀ ਬਿਜਾਈ 30×7.5 ਸੈ. ਮੀਟਰ ਦੇ ਫ਼ਾਸਲੇ ਉਤੇ ਅਤੇ ਮੁੱਖ ਸਮੇਂ ਦੀ ਬਿਜਾਈ ਸਮੇਂ 30×10 ਸੈਂ.ਮੀਟਰ ਫ਼ਾਸਲੇ 'ਤੇ ਕੀਤੀ ਜਾਵੇ। ਬੀਜ ਨੂੰ ਬੀਜਣ ਤੋਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾਇਆ ਜਾਵੇ। ਮਟਰ ਧਰਤੀ ਦੀ ਸਿਹਤ ਵਿਚ ਸੁਧਾਰ ਕਰਦੇ ਹਨ। ਫਿਰ ਵੀ ਬਿਜਾਈ ਸਮੇਂ 45 ਕਿਲੋ ਯੂਰੀਆ ਅਤੇ 155 ਕਿਲੋ ਸੁਪਰਫਾਸਫ਼ੇਟ ਪ੍ਰਤੀ ਏਕੜ ਪਾਈ ਜਾਵੇ। ਮਟਰਾਂ ਦੀ ਬਿਜਾਈ ਤੋਂ ਇਕ ਮਹੀਨੇ ਪਿਛੋਂ ਤੇ ਫਿਰ ਦੂਜੇ ਮਹੀਨੇ ਗੋਡੀ ਜ਼ਰੂਰ ਕਰੋ। ਬਿਜਾਈ ਤੋਂ ਤਿੰਨ ਮਹੀਨਿਆਂ ਪਿਛੋਂ ਪਹਿਲੀ ਤੁੜਾਈ ਕੀਤੀ ਜਾ ਸਕਦੀ ਹੈ। ਇਕ ਏਕੜ ਵਿਚੋਂ 60 ਕੁਇੰਟਲ ਤਕ ਹਰੀਆਂ ਫ਼ਲੀਆਂ ਪ੍ਰਾਪਤ ਹੋ ਸਕਦੀਆਂ ਹਨ।
ਗੋਭੀ ਦੀ ਪਨੀਰੀ ਪੁਟ ਕੇ ਵੀ ਇਸੇ ਮਹੀਨੇ ਖੇਤ ਵਿਚ ਲਗਾਈ ਜਾ ਸਕਦੀ ਹੈ। ਪਨੀਰੀ ਲਗਾਉਣ ਸਮੇਂ ਬੂਟਿਆਂ ਤੇ ਲਾਈਨਾਂ ਵਿਚਕਾਰ 45 ਸੈ. ਮੀਟਰ ਫ਼ਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 50 ਕਿਲੋ ਯੂਰੀਆ, 155 ਕਿਲੋ ਸੁਪਰਫਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ। ਇਕ ਮਹੀਨੇ ਪਿਛੋਂ ਲੋੜ ਅਨੁਸਾਰ ਹੋਰ ਯੂਰੀਆ ਪਾਇਆ ਜਾ ਸਕਦਾ ਹੈ। ਪਨੀਰੀ ਲਗਾਉਣ ਤੋਂ ਤੁਰੰਤ ਪਿਛੋਂ ਪਾਣੀ ਦਿੱਤਾ ਜਾਵੇ। ਬੰਦ ਗੋਭੀ ਦੀ ਲੁਆਈ ਵੀ ਇਸੇ ਤਰ੍ਹਾਂ ਕੀਤੀ ਜਾ ਸਕਦੀ ਹੈ। ਬਰੌਕਲੀ ਦੇ ਵੀ ਕੁਝ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਇਸ ਵਿਚ ਵਿਟਾਮਿਨ, ਲੋਹਾ ਅਤੇ ਕੈਲਸ਼ੀਅਮ ਹੁੰਦੇ ਹਨ। ਪੰਜਾਬ ਬਰੌਕਲੀ-1 ਅਤੇ ਪਾਲਮ ਸਮਰਿਧੀ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਇਸ ਦੀ ਲੁਆਈ ਵੀ ਗੋਭੀ ਵਾਂਗ ਹੀ ਕੀਤੀ ਜਾਂਦੀ ਹੈ।
ਗਾਜਰ, ਮੂਲੀ ਅਤੇ ਸ਼ਲਗਮ ਜੜ੍ਹਾਂ ਵਾਲੀਆਂ ਸਬਜ਼ੀਆਂ ਹਨ। ਗਾਜਰ ਅਤੇ ਸ਼ਲਗਮ ਦੀ ਵਰਤੋਂ ਸਬਜ਼ੀ ਲਈ ਜਦੋਂ ਕਿ ਮੂਲੀ ਨੂੰ ਸਲਾਦ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਗਾਜ਼ਰ ਦਾ ਰਸ ਅਤੇ ਗਾਜਰ ਪਾਕ ਮਠਿਆਈ ਵੀ ਬਣਾਈ ਜਾਂਦੀ ਹੈ। ਗਾਜਰ ਅਤੇ ਸ਼ਲਗਮ ਦਾ ਅਚਾਰ ਵੀ ਪਾਇਆ ਜਾਂਦਾ ਹੈ। ਪੰਜਾਬ ਕੈਰਟ ਰੈਡ, ਪੰਜਾਬ ਬਲੈਕ ਬਿਊਟੀ ਅਤੇ ਪੀ. ਸੀ.-34 ਗਾਜਰ ਦੀਆਂ ਉੱਨਤ ਕਿਸਮਾਂ ਹਨ। ਗਾਜਰ ਦਾ ਇਕ ਏਕੜ ਵਿਚ ਪੰਜ ਕਿਲੋ ਬੀਜ ਪਾਇਆ ਜਾਵੇ। ਐਲ-1 ਸ਼ਲਗਮ ਦੀ ਸਿਫਾਰਸ਼ ਕੀਤੀ ਕਿਸਮ ਹੈ। ਸ਼ਲਗਮ ਦਾ ਇਕ ਏਕੜ ਵਿਚ ਦੋ ਕਿਲੋ ਬੀਜ ਪਾਇਆ ਜਾਵੇ। ਮੂਲੀ ਦੀ ਤਾਂ ਹੁਣ ਸਾਰਾ ਸਾਲ ਕਾਸ਼ਤ ਕੀਤੀ ਜਾ ਸਕਦੀ ਹੈ। ਹੁਣ ਪੰਜਾਬ ਪਸੰਦ, ਜਪਾਨੀ ਵਾਈਟ ਅਤੇ ਆਰ. ਬੀ.-21 ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਇਸ ਦਾ ਵੀ ਪੰਜ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਜਿਵੇਂ ਪਹਿਲਾਂ ਲਿਖਿਆ ਸੀ ਸਬਜ਼ੀਆਂ ਲਈ ਦੇਸੀ ਰੂੜੀ ਜ਼ਰੂਰੀ ਹੈ। ਫਿਰ ਵੀ ਬਿਜਾਈ ਸਮੇਂ 55 ਕਿਲੋ ਯੂਰੀਆ ਅਤੇ 75 ਕਿਲੋ ਸੁਪਰਫਾਸਫ਼ੇਟ ਪ੍ਰਤੀ ਏਕੜ ਪਾਇਆ ਜਾਵੇ। ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਵਿਚ ਵਧੇਰੇ ਖੁਰਾਕੀ ਤੱਤ ਹੁੰਦੇ ਹਨ। ਇਨ੍ਹਾਂ ਵਿਚ ਪਾਲਕ, ਮੇਥੀ, ਸਲਾਦ ਅਤੇ ਧਨੀਆ ਮੁੱਖ ਹਨ। ਪਾਲਕ ਦੀ ਬਿਜਾਈ ਵੀ ਹੁਣ ਕੀਤੀ ਜਾ ਸਕਦੀ ਹੈ। ਪੰਜਾਬ ਗਰੀਨ ਕਿਸਮ ਬੀਜਣੀ ਚਾਹੀਦੀ ਹੈ। ਇਕ ਏਕੜ ਵਿਚ ਪੰਜ ਕਿਲੋ ਬੀਜ ਪਾਇਆ ਜਾਵੇ। ਪੰਜਾਬੀ ਸਲਾਦ ਦੀ ਬਹੁਤ ਘਟ ਵਰਤੋਂ ਕਰਦੇ ਹਨ। ਇਸ ਦੇ ਕੁਝ ਬੂਟੇ ਘਰ ਵਿਚ ਜ਼ਰੂਰ ਲਗਾਏ ਜਾਣ।


-ਮੋਬਾਈਲ : 94170-87328

ਬਹਾਨੇਬਾਜ਼ੀ ਵੀ ਇਕ ਕਲਾ ਹੈ

ਮਨੁੱਖ ਜਦੋਂ ਵੀ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਹੈ ਜਾਂ ਕਰਨ ਦੇ ਕਾਬਲ ਨਹੀਂ ਹੁੰਦਾ ਹੈ ਤਾਂ ਉਹ ਬਹਾਨਾ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਖੇਤਾਂ ਦਾ ਕੰਮ ਹੋਵੇ ਜਾਂ ਘਰ ਦਾ, ਬਸ ਪੁੱਤ, ਬਾਪੂ ਨੂੰ ਕਿਸੇ ਬਹਾਨੇ ਟਾਲਾ ਪਾਉਂਦਾ ਹੀ ਰਹਿੰਦਾ ਹੈ। ਜੇਕਰ ਕਿਸੇ ਦੇ ਪੈਸੇ ਦੇਣੇ ਹੋਣ ਤਾਂ, ਫੇਰ ਪੁੱਛੋ ਨਾ, ਮਾਂ ਪਿਓ ਨੂੰ ਭਿਆਨਕ ਬੀਮਾਰੀ ਵੀ ਲਾ ਦੇਵੇਗਾ, ਦੂਰ ਦੀ ਰਿਸ਼ਤੇਦਾਰੀ ਵਿਚ ਅਫਸੋਸ ਕਰਨ ਗਿਆ (ਫਰਜ਼ੀ) ਕਈ ਦਿਨ ਨਹੀਂ ਮੁੜੇਗਾ। ਮੇਰੇ ਇਕ ਵਾਕਫਕਾਰ ਨੇ ਕਿਸੇ ਕੰਮ ਦਾ ਕੁਝ ਬਕਾਇਆ ਦੇਣਾ ਸੀ। ਦਿਲ ਬੇਈਮਾਨ ਹੋ ਗਿਆ। ਪੂਰਾ ਦੋ ਸਾਲ ਤਰ੍ਹਾਂ ਤਰ੍ਹਾਂ ਦੇ ਅਜੀਬੋ ਗ਼ਰੀਬ ਬਹਾਨੇ ਲਾਉਂਦਾ ਰਿਹਾ। ਆਖਰ ਮੈਨੂੰ ਕਹਿਣਾ ਪਿਆ ਕੇ 100 ਬਹਾਨੇ ਹੋ ਗਏ ਹਨ, ਹੁਣ ਤੇਰੇ ਬਹਾਨਿਆਂ ਦੀ ਕਿਤਾਬ ਲਿਖਦਾਂ। ਬਸ ਇਹੋ ਗ਼ਲਤੀ ਸੀ, ਹੁਣ ਉਹਨੂੰ ਨਵਾਂ ਬਹਾਨਾ ਮਿਲ ਗਿਆ ਹੈ ਤੇ ਪੁੱਛਦਾ ਰਹਿੰਦਾ, 'ਕਿਤਾਬ ਕਦੋਂ ਆ ਰਹੀ ਆ?' ਬਹੁਤੇ ਲੋਕ ਜੀਵਨ ਹੀ ਬਹਾਨਿਆਂ ਵਿਚ ਕੱਢ ਲੈਂਦੇ ਹਨ। ਜਿਵੇਂ ਸਿਆਸੀ ਲੋਕ ਚੋਣਾਂ ਤੋਂ ਪਹਿਲੋਂ ਲੋਕਾਂ ਦੀ ਆਰਥਿਕ ਹਾਲਾਤ ਠੀਕ ਕਰਨ ਦਾ ਵਾਅਦਾ ਕਰਨਗੇ। ਪਰ ਸੱਤਾ 'ਚ ਆਉਂਦੇ ਹੀ ਬਹਾਨਾ ਮਾਰਨਗੇ, 'ਪਿਛਲੀ ਸਰਕਾਰ ਖਜ਼ਾਨਾ ਖਾਲੀ ਕਰ ਗਈ ਹੈ, ਹੁਣ ਅਸੀਂ ਕੀ ਕਰੀਏ, ਹੋਰ ਟੈਕਸ ਤਾਂ ਲਾਉਣੇ ਹੀ ਪੈਣੇ ਹਨ।' ਅਸਲ ਵਿਚ ਬਹਾਨਾ ਸਿਰਫ ਆਪਣੀ ਮਾੜੀ ਨੀਤ ਨੂੰ ਛੁਪਾਉਣ ਤੋਂ ਇਲਾਵਾ ਕੁਝ ਵੀ ਨਹੀਂ। ਉਹ ਲੋਕ ਜੋ ਬਹਾਨਿਆਂ ਦਾ ਸਹਾਰਾ ਲੈਣ ਦੀ ਥਾਂ, ਮਿਹਨਤ ਕਰਕੇ ਆਪਣਾ ਕੰਮ ਨਿਪਟਾ ਲੈਂਦੇ ਹਨ, ਚੈਨ ਦੀ ਨੀਂਦ ਸੌਂਦੇ ਹਨ।


ਮੋਬਾ: 98159-45018

ਕਿਸਾਨ-ਹਿਤ ਖੇਤੀ ਨੀਤੀ ਤੁਰੰਤ ਵਜੂਦ 'ਚ ਲਿਆਂਦੀ ਜਾਏ

ਕਣਕ ਦੀ ਕਾਸ਼ਤ ਪੰਜਾਬ 'ਚ 35 ਤੋਂ 36 ਲੱਖ ਹੈਕਟੇਅਰ ਦੇ ਦਰਮਿਆਨ ਰਕਬੇ 'ਤੇ ਕੀਤੀ ਜਾਂਦੀ ਹੈ। ਇਸ ਸਾਲ ਵੀ ਹਾੜ੍ਹੀ 'ਚ ਇਸ ਫ਼ਸਲ ਥੱਲੇ ਕੋਈ ਪਿਛਲੇ ਸਾਲ ਦੇ 35 ਲੱਖ ਹੈਕਟੇਅਰ ਦੇ ਮੁਕਾਬਲੇ ਰਕਬਾ ਘਟਣ ਦੀ ਸੰਭਾਵਨਾ ਨਹੀਂ। ਜ਼ਮੀਨ ਥੱਲੇ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਦੀ ਬੜੀ ਲੋੜ ਹੈ, ਜਦ ਕਿ ਕਣਕ ਦਾ ਰਕਬਾ ਘਟਾਉਣ ਦੀ ਕੋਈ ਐਨੀ ਬਹੁਤੀ ਜ਼ਰੂਰਤ ਨਹੀਂ। ਸਬਜ਼ ਇਨਕਲਾਬ ਦੇ ਬਾਨੀ ਨੋਬਲ ਲਾਰਇਏਟ, ਨਾਰਮਲ ਈ ਬਰਲੋਗ ਨੇ ਕਿਹਾ ਸੀ ਕਿ ਪੰਜਾਬ 'ਚ ਕਣਕ ਦਾ ਰਕਬਾ ਘਟਾਉਣ 'ਤੇ ਜ਼ੋਰ ਨਾ ਦਿੱਤਾ ਜਾਵੇ, ਅਹਿਮੀਅਤ ਦੂਜੀਆਂ ਫ਼ਸਲਾਂ ਪੈਦਾ ਕਰਨ ਨੁੂੰ ਦੇਣ ਦੀ ਲੋੜ ਹੈ। ਕਣਕ ਦੀ ਫਾਲਤੂ ਮਾਤਰਾ ਤਾਂ ਸਾਰੀ ਦੀ ਸਾਰੀ ਕੇਂਦਰ ਦੇ ਕਣਕ ਭੰਡਾਰ 'ਚ ਚਲੀ ਜਾਂਦੀ ਹੈ। ਸਮੱਸਿਆ ਐਮ. ਐਸ. ਪੀ. ਵਧਾ ਕੇ ਕਿਸਾਨਾਂ ਨੂੰ ਲਾਹੇਵੰਦ ਕੀਮਤ ਨਾ ਦਿੱਤੇ ਜਾਣ ਦੀ ਹੈ। ਅਮਰੀਕਾ 'ਚ ਵੀ ਕਣਕ ਪੈਦਾ ਕਰਨ 'ਤੇ ਰੋਕ ਨਹੀਂ ਲਗਾਈ ਜਾਂਦੀ ਸਗੋਂ ਉਤਪਾਦਕਾਂ ਨੂੰ ਮਾਲੀ ਸਹਾਇਤਾ ਦੇ ਕੇ ਉਤਸ਼ਾਹਤ ਕੀਤਾ ਜਾਂਦਾ ਰਿਹਾ ਹੈ। ਕਣਕ ਦੀ ਕਾਸ਼ਤ ਨੂੰ ਲਾਹੇਵੰਦ ਕਿਵੇਂ ਬਣਾਇਆ ਜਾਏ? ਹੁਣ ਕਿਸਾਨਾਂ ਦੀ ਆਮਦਨ ਵਧਾਉਣ 'ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ਉਤਪਾਦਕਤਾ ਤਾਂ 51 ਕੁਇੰਟਲ ਪ੍ਰਤੀ ਹੈਕਟੇਅਰ ਨੂੰ ਛੁਹ ਗਈ ਹੈ ਜੋ ਵਿਸ਼ਵ ਦੇ ਪੱਧਰ ਦਾ ਮੁਕਾਬਲਾ ਕਰਦੀ ਹੈ। ਕਣਕ ਤੋਂ ਉਤਪਾਦਕਾਂ ਦੀ ਵੱਟਤ ਵਧਾਉਣ ਲਈ ਵੈਲਯੂ-ਐਡੀਸ਼ਨ ਜ਼ਰੂਰੀ ਹੈ। ਇਸ ਲਈ ਪੌਸ਼ਟਿਕਤਾ ਭਰਪੂਰ ਗੁਣਵੱਤਾ ਵਾਲੀਆਂ ਕਿਸਮਾਂ ਪੈਦਾ ਕੀਤੀਆਂ ਜਾਣ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਕਣਕ ਦਾ ਦੱਖਣ ਵਿਚ ਜਾ ਕੇ ਵੈਲਯੂ-ਐਡੀਸ਼ਨ ਹੁੰਦਾ ਹੈ ਜਿਸ ਦਾ ਫਾਇਦਾ ਦੱਖਣੀ ਰਾਜਾਂ ਦੇ ਲੋਕਾਂ ਨੂੰ ਪਹੁੰਚ ਰਿਹਾ ਹੈ। ਕਣਕ ਦੀ ਥਾਂ ਕੋਈ ਹੋਰ ਫ਼ਸਲ ਇਥੇ ਕਿਸਾਨਾਂ ਨੂੰ ਅਨੁਕੂਲ ਵੀ ਨਹੀਂ ਰਹੀ। ਕਿਸਾਨਾਂ ਨੂੰ ਐਚ. ਡੀ. 3086 ਅਤੇ ਐਚ. ਡੀ. 3117 (ਤਰਜੀਹਨ ਜ਼ੀਰੋ ਡਰਿਲ ਨਾਲ) ਅਗਲੇ ਮਹੀਨੇ ਅੱਧ ਨਵੰਬਰ ਵਿਚ ਕਾਸ਼ਤ ਲਈ ਚੁਣਨੀਆਂ ਚਾਹੀਦੀਆਂ ਹਨ। ਪੂਸਾ ਦੇ ਵਿਗਿਆਨੀਆਂ ਅਨੁਸਾਰ ਇਨ੍ਹਾਂ ਕਿਸਮਾਂ ਦੇ ਵਧੇਰੇ ਲਾਹੇਵੰਦ ਰਹਿਣ ਦੀ ਸੰਭਾਵਨਾ ਹੈ। ਬਦਲਵੀਆਂ ਫ਼ਸਲਾਂ ਕਿਸਾਨਾਂ ਨੂੰ ਅਜੇ ਤੱਕ ਮੁਆਫ਼ਕ ਨਹੀਂ ਰਹੀਆਂ। ਜੇ ਉਨ੍ਹਾਂ ਨੇ ਆਲੂ ਬੀਜੇ ਉਹ ਜਾਂ ਤਾਂ ਵਾਹੁਣੇ ਪਏ ਜਾਂ ਕੌਡੀਆਂ ਦੇ ਭਾਅ ਮੰਡੀ 'ਚ ਸੁੱਟਣੇ ਪਏ, ਜਿਸ ਨਾਲ ਖੇਤੀ ਖਰਚੇ ਵੀ ਵਸੂਲ ਨਹੀਂ ਹੋਏ। ਮਟਰਾਂ ਦਾ ਭਾਅ ਵੀ ਮੰਦਾ ਰਿਹਾ। ਗੋਭੀ ਦੀ ਵਿਕਰੀ ਲਈ ਵੀ ਕਿਸਾਨਾਂ ਨੂੰ ਸਖ਼ਤ ਪ੍ਰੇਸ਼ਾਨੀ ਸਹਿਣੀ ਪਈ। ਫ਼ਲਾਂ ਤੇ ਸਬਜ਼ੀਆਂ ਦੀ ਕਾਸ਼ਤ ਅਧੀਨ ਰਕਬਾ ਤਰਤੀਬਵਾਰ 79 ਹਜ਼ਾਰ ਹੈਕਟੇਅਰ ਅਤੇ 2.30 ਲੱਖ ਹੈਕਟੇਅਰ ਦੇ ਆਲੇ-ਦੁਆਲੇ ਘੁੰਮਦਾ ਰਿਹਾ। ਫਿਰ ਫ਼ਲਾਂ ਦੀ ਕਾਸ਼ਤ ਕਰਨਾ ਹਰ ਕਿਸਾਨ ਦੀ ਸਮਰੱਥਾ 'ਚ ਨਹੀਂ। ਸਰਕਾਰ ਨੇ ਵੀ ਇਨ੍ਹਾਂ ਦੇ ਮੰਡੀਕਰਨ ਲਈ ਕੋਈ ਮੰਡੀ ਚੇਨ ਸਹੂਲਤਾਂ ਮੁਹਈਆ ਨਹੀਂ ਕੀਤੀਆਂ ਅਤੇ ਮੰਡੀਕਰਨ ਲਈ ਕੋਈ ਕਿਸਾਨ-ਹਿੱਤ ਮੰਡੀਆਂ ਸਥਾਪਤ ਨਹੀਂ ਹੋਈਆਂ। ਠੇਕੇਦਾਰੀ ਸਿਸਟਮ ਹੀ ਪ੍ਰਧਾਨ ਹੈ, ਇਸ ਵਿਚ ਵਿਚੋਲਿਆਂ ਨੂੰ ਹੀ ਕਮਾਈ ਹੁੰਦੀ ਹੈ। ਕਿਸਾਨਾਂ ਨੂੰ ਬਹੁਤੀਆਂ ਹਾਲਤਾਂ ਵਿਚ ਕੋਈ ਖੱਟੀ ਨਹੀਂ ਹੁੰਦੀ। ਖਰਚੇ ਹੀ ਮਸਾਂ ਪੂਰੇ ਹੁੰਦੇ ਹਨ। ਕਿਸਾਨਾਂ ਨੂੰ ਥੋੜ੍ਹੇ - ਥੋੜ੍ਹੇ ਰਕਬੇ ਤੇ ਪੂਸਾ ਰੁਧਿਰਾ ਗਾਜਰ, ਪੂਸਾ ਭਾਰਤੀ ਪਾਲਕ, ਪੂਸਾ ਸਾਗ-1 ਅਤੇ ਸਰ੍ਹੋਂ ਦੀ ਪੂਸਾ ਮਸਟਰਡ-31 ਕਿਸਮ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਸਰ੍ਹੋਂ ਦੀ ਨਵੀਂ ਲਾਹੇਵੰਦ ਕਿਸਮ
ਪੂਸਾ ਮਸਟਰਡ - 31 ਸਰ੍ਹੋਂ ਦੀ ਨਵੀਂ ਵਿਕਸਿਤ ਕੀਤੀ ਗਈ ਕਿਸਮ ਹੈ ਜਿਸ ਦਾ ਝਾੜ ਇਕ ਸਿੰਜਾਈ ਨਾਲ ਵੀ 20 ਤੋਂ 25 ਕੁਇੰਟਲ ਪ੍ਰਤੀ ਹੈਕਟੇਅਰ (ਜੇ ਮੌਸਮ ਅਨੁਕੂਲ ਰਹੇ) ਆ ਜਾਂਦਾ ਹੈ। ਇਹ ਬੜੀ ਗੁਣੱਵਤਾ ਵਾਲੀ ਕਿਸਮ ਹੈ ਜੋ 130 ਦਿਨ 'ਚ ਪੱਕ ਜਾਂਦੀ ਹੈ। ਇਸ ਵਿਚ ਤੇਲ ਦੀ ਮਾਤਰਾ ਵਧੀਆ ਗੁਣਵੱਤਾ ਹੋਣ ਦੇ ਬਾਵਜੂਦ 38 ਤੋਂ 40 ਫ਼ੀਸਦੀ ਦੇ ਦਰਮਿਆਨ ਹੈ। ਭਾਵੇਂ ਇਸ ਸਾਲ ਮੌਸਮ ਕੁਝ ਗਰਮ ਹੈ ਪਰ ਇਸ ਕਿਸਮ ਦੀ ਕਾਸ਼ਤ ਕਰਨ ਲਈ ਇਹ ਢੁੱਕਵਾਂ ਸਮਾਂ ਹੈ।
ਇਸੇ ਤਰ੍ਹਾਂ ਖਰੀਫ ਦੇ ਮੌਸਮ 'ਚ ਵੀ ਝੋਨੇ, ਬਾਸਮਤੀ ਤੋਂ ਇਲਾਵਾ ਕੋਈ ਨਕਦੀ ਵਾਲੀ ਫ਼ਸਲ ਕਾਮਯਾਬ ਨਹੀਂ ਹੋਈ। ਮੱਕੀ ਦੀ ਕਾਸ਼ਤ ਥੱਲੇ 1.15 ਲੱਖ ਹੈਕਟੇਅਰ, ਗੰਨੇ ਦੀ ਕਾਸ਼ਤ ਥੱਲੇ 95 ਹਜ਼ਾਰ ਹੈਕਟੇਅਰ ਅਤੇ ਕਪਾਹ ਨਰਮੇ ਦੀ ਕਾਸ਼ਤ 3.82 ਲੱਖ ਹੈਕਟੇਅਰ 'ਤੇ ਸੀਮਿਤ ਰਹਿ ਗਈ ਜਦੋਂ ਕਿ ਝੋਨੇ ਦੀ ਕਾਸ਼ਤ 30 ਲੱਖ ਹੈਕਟੇਅਰ ਰਕਬੇ 'ਤੇ (ਜਿਸ ਵਿਚ 4.5 ਲੱਖ ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਥੱਲੇ ਹੈ) ਹੋਈ ਹੈ। ਦੋ ਦਹਾਕਿਆਂ ਤੋਂ ਮਤਵਾਤਰ ਫ਼ਸਲੀ ਵਿਭਿੰਨਤਾ ਲਿਆਉਣ ਲਈ ਕੀਤੇ ਜਾ ਰਹੇ ਉਪਰਾਲੇ ਸਫ਼ਲ ਨਹੀਂ ਹੋਏ। ਕਣਕ, ਝੋਨੇ ਤੋਂ ਇਲਾਵਾ ਦੂਜੀਆਂ ਫ਼ਸਲਾਂ ਪੈਦਾ ਕਰਨ ਲਈ ਕਿਸਾਨਾਂ ਨੁੂੰ ਸਿਖ਼ਲਾਈ, ਪ੍ਰਸਾਰ ਸੇਵਾ ਰਾਹੀਂ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਦੀ ਤਕਨਾਲੋਜੀ, ਬਦਲਵੀਆਂ ਫ਼ਸਲਾਂ ਦੇ ਬੀਜ, ਉਨ੍ਹਾਂ ਲਈ ਲੋੜੀਂਦੀਆਂ ਮਸ਼ੀਨਾਂ, ਇਨ੍ਹਾਂ ਫ਼ਸਲਾਂ ਦੀ ਦਰਜਾਬੰਦੀ, ਭੰਡਾਰਨ ਅਤੇ ਮੰਡੀਕਰਨ ਦੀਆਂ ਵਿਧੀਆਂ ਸਬੰਧੀ ਯੋਗ ਜਾਣਕਾਰੀ ਦੇਣੀ ਪਵੇਗੀ। ਬਦਲਵੀਆਂ ਫ਼ਸਲਾਂ ਦੇ ਮੰਡੀਕਰਨ ਲਈ ਵੀ ਕਿਸਾਨਾਂ ਨੂੰ ਕੋਈ ਅਗਵਾਈ ਨਹੀਂ ਅਤੇ ਨਾ ਹੀ ਇਸ ਸਬੰਧੀ ਪੀ. ਏ. ਯੂ. ਵਲੋਂ ਖੋਜ ਕਰ ਕੇ ਪ੍ਰਸਾਰ ਸੇਵਾ ਰਾਹੀਂ ਉਨ੍ਹਾਂ ਨੂੰ ਕੁੱਝ ਦੱਸਿਆ ਜਾਂਦਾ ਹੈ।
ਕਿਸਾਨ ਅੱਜ ਮੁਸ਼ਕਿਲਾਂ 'ਚ ਘਿਰੇ ਹੋਏ ਹਨ। ਬੈਂਕਾਂ ਤੇ ਸਹਿਕਾਰੀ ਸਭਾਵਾਂ ਦੀਆਂ ਗ਼ਲਤ ਨੀਤੀਆਂ ਕਾਰਨ ਉਹ ਕਰਜ਼ੇ ਦੇ ਸਖ਼ਤ ਦਬਾਅ ਥੱਲੇ ਆ ਗਏ ਹਨ ਜਿਸ ਕਾਰਨ ਕੁੱਝ ਪਰੇਸ਼ਾਨ ਕਿਸਾਨ ਖੁਦਕੁਸ਼ੀਆਂ ਦੇ ਰਾਹ 'ਤੇ ਤੁਰ ਪਏ ਹਨ। ਵਿਰਾਸਤ ਦੇ ਕਾਨੂੰਨਾਂ ਕਾਰਨ ਖੇਤ ਮਤਵਾਤਰ ਛੋਟੇ ਹੁੰਦੇ ਜਾ ਰਹੇ ਹਨ ਅਤੇ ਖੇਤੀ ਸਮੱਗਰੀ ਤੇ ਖੇਤ ਮਜ਼ਦੂਰ ਮਹਿੰਗੇ ਹੋਣ ਕਾਰਨ ਕਿਸਾਨਾਂ ਦੀ ਆਮਦਨ 'ਚ ਨਿਘਾਰ ਆਉਂਦਾ ਜਾ ਰਿਹਾ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਦਾ ਘਟਣਾ, ਕੇਂਦਰੀ ਜ਼ਿਲ੍ਹਿਆਂ 'ਚ ਖ਼ਤਰਨਾਕ ਪੱਧਰ ਤਕ ਪਾਣੀ ਦੀ ਸਤਹਿ ਦਾ ਹੇਠਾਂ ਜਾਣਾ, ਕਪਾਹ ਪੱਟੀ 'ਚ ਪਾਣੀ ਦਾ ਖਾਰਾਪਣ, ਚਿੱਟੀ ਮੱਖੀ ਦਾ ਹਮਲਾ ਅਤੇ ਪਰਾਲੀ ਦਾ ਅੱਗ ਲਗਾਏ ਬਿਨਾਂ ਨਿਪਟਾਰਾ ਕਰਨਾ ਆਦਿ ਖੇਤੀ ਸਕੰਟ ਦੇ ਵਧ ਰਹੇ ਚਿੰਨ੍ਹ ਹਨ।
ਕਿਸਾਨ ਆਪਣੀਆਂ ਮੁਸ਼ਕਿਲਾਂ ਦਾ ਹੱਲ ਖੇਤੀ ਖਰਚਿਆਂ ਤੇ 50 ਫ਼ੀਸਦੀ ਮੁਨਾਫਾ ਦੇ ਕੇ ਐਮ. ਐਸ. ਪੀ. ਨਿਯਮਤ ਕਰਨ ਸਬੰਧੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਰਾਹੀਂ ਕੀਤੀਆਂ ਸਿਫਾਰਸ਼ਾਂ ਤੇ ਸਰਕਾਰ ਵਲੋਂ ਅਮਲਦਰਾਮਦ ਕੀਤੇ ਜਾਣ 'ਤੇ ਆਸਾਂ ਲਗਾਈ ਬੈਠੇ ਸਨ ਜਿਸ ਲਈ ਇੰਡੀਅਨ ਫਾਰਮਰਜ਼ ਐਸੋਸੀਏਸ਼ਨਜ਼ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਪਿਛਲੇ 6 ਸਾਲਾਂ ਤੋਂ ਮਤਵਾਤਰ ਸੰਘਰਸ਼ ਕਰਦੇ ਰਹੇ ਹਨ ਅਤੇ ਉਨ੍ਹਾਂ ਵਲੋਂ ਦੇਸ਼ ਦੀ ਸੁਪਰੀਮ ਕੋਰਟ 'ਚ ਸਰਕਾਰ ਨੁੂੰ ਇਸ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਬੰਧੀ ਹਦਾਇਤਾਂ ਜਾਰੀ ਕਰਨ ਲਈ ਰਿੱਟ ਪਟੀਸ਼ਨ ਦਾਇਰ ਕੀਤੀ ਗਈ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੰਨਣ ਲਈ ਡਾ: ਮਨਮੋਹਨ ਸਿੰਘ ਦੀ ਪਿਛਲੀ ਸਰਕਾਰ ਨੇ ਵੀ ਭਰੋਸਾ ਦਿਵਾਈ ਰੱਖਿਆ ਅਤੇ ਭਾਜਪਾ ਨੇ ਤਾਂ ਆਪਣੇ ਚੋਣ ਮਨੋਰਥ ਪੱਤਰ 'ਚ ਹੀ ਇਸ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਮੰਨਣ ਲਈ ਇੰਦਰਾਜ ਕਰ ਦਿੱਤਾ। ਭਾਵੇਂ ਇਹ ਦੋਵੇਂ ਸਰਕਾਰਾਂ ਉਨ੍ਹਾਂ ਵਲੋਂ ਦਿਵਾਏ ਗਏ ਵਿਸ਼ਵਾਸ ਤੋਂ ਪਿਛੇ ਹਟ ਗਈਆਂ, ਸ: ਬਹਿਰੂ ਨੇ ਆਪਣੀ ਕਾਨੂੰਨੀ ਲੜਾਈ ਜਾਰੀ ਰੱਖੀ। ਪ੍ਰੰਤੂ ਸੁਪਰੀਮ ਕੋਰਟ ਨੇ ਆਪਣੇ 5 ਅਕਤੂਬਰ 2017 ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਇਹ ਰਿੱਟ ਖਾਰਿਜ ਕਰ ਦਿੱਤੀ ਕਿਉਂਕਿ ਸਰਕਾਰ ਵਲੋਂ ਬਣਾਈ ਗਈ ਕੌਮੀ ਨੀਤੀ ਨੂੰ ਅਮਲ 'ਚ ਲਿਆਉਣ ਦੇ ਹੁਕਮ ਜਾਰੀ ਕਰਨੇ ਇਸ ਅਦਾਲਤ ਦੇ ਅਧਿਕਾਰ ਖੇਤਰ 'ਚ ਨਹੀਂ ਸੀ। ਪਰ ਸੁਪਰੀਮ ਕੋਰਟ ਦੇ ਹੁਕਮਾਂ ਵਿਚ ਕੀਤੇ ਗਏ ਇਸ਼ਾਰੇ ਦੀ ਰੂਹ 'ਤੇ ਸ: ਬਹਿਰੂ ਅਨੁਸਾਰ ਇਹ ਮਾਮਲਾ ਸਰਕਾਰ ਕੋਲ ਲਟਕ ਰਿਹਾ ਹੈ ਅਤੇ ਇਸ ਕਮਿਸ਼ਨ ਦੀ ਸਿਫਾਰਸ਼ ਨੂੰ ਅਮਲਦਰਾਮਦ 'ਚ ਲਿਆਉਣ ਲਈ ਸਰਕਾਰ ਹੁਣ ਵੀ ਵਿਚਾਰ ਕਰ ਸਕਦੀ ਹੈ। ਸ: ਬਹਿਰੂ ਕੇਂਦਰ ਸਰਕਾਰ ਦੇ ਕਿਸਾਨਾਂ ਦੀ ਮੱਦਦ ਲਈ ਅੱਗੇ ਨਾ ਆਉਣ ਦੀ ਸੂਰਤ ਵਿਚ ਸੁਪਰੀਮ ਕੋਰਟ ਦੇ 'ਫੁੱਲ ਬੈਂਚ' ਸਾਹਮਣੇ ਆਪਣੀ ਸਮੱਸਿਆ ਲੈ ਜਾਣਗੇ।
ਕਿਸਾਨਾਂ ਵਿਚ ਚਾਰੇ ਪਾਸਿਉਂ ਮਾਯੂਸੀ ਫੈਲੀ ਹੋਈ ਹੈ ਅਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲ ਵੇਖ ਰਹੇ ਹਨ ਕਿ ਉਨ੍ਹਾਂ ਵਲੋਂ ਉਲੀਕੀ ਜਾ ਰਹੀ ਖੇਤੀ ਨੀਤੀ ਜੋ ਕਿਸਾਨ ਦੇ ਹਿੱਤ 'ਚ ਹੋਵੇ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਹੱਲ ਕਰਨ ਦੀ ਪੂਰੀ ਸੰਭਾਵਨਾ ਹੋਵੇ, ਕਦੋਂ ਵਜੂਦ 'ਚ ਆਉਂਦੀ ਹੈ।


ਮੋਬਾ: 98152-36307

ਨੀਮ-ਪਹਾੜੀ ਇਲਾਕੇ ਬੀਤ ਦੇ ਪਿੰਡ ਨੈਣਵਾਂ ਦੀ ਨਿਵੇਕਲੀ ਪਹਿਲ

ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਕਸਬੇ ਤੋਂ ਪੂਰਬ ਦਿਸ਼ਾ ਵੱਲ ਸਥਿਤ ਉੱਚੇ ਖੇਤਰ ਨੂੰ 'ਬੀਤ' ਕਹਿੰਦੇ ਹਨ। ਸ਼ਿਵਾਲਕ ਸ਼੍ਰੇਣੀ ਵਿਚ ਬੀਤ ਇਕ ਅਜਿਹਾ ਖੇਤਰ ਹੈ ਜਿਸ ਉੱਤੇ ਪਿੰਡ ਵਸੇ ਹੋਏ ਹਨ। ਕਿਸੇ ਵੇਲੇ ਇਹ ਇਲਾਕਾ ਬਾਈ ਪਿੰਡਾਂ ਦਾ ਸਮੂਹ ਹੁੰਦਾ ਸੀ। ਫਿਰ ਆਬਾਦੀ ਵਧਣ ਨਾਲ ਸਤਾਈ ਪੰਚਾਇਤਾਂ ਬਣ ਗਈਆਂ, ਹੁਣ ਇਨ੍ਹਾਂ ਦੀ ਗਿਣਤੀ 33 ਹੋ ਗਈ ਹੈ। ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਸੜਕ 'ਤੇ ਪਿੰਡ ਸਦਰਪੁਰ ਤੋਂ ਅਗਾਂਹ ਪਹਾੜੀਆਂ ਵਿਚੋਂ ਗੁਜਰਦੀ ਵਲ-ਵਲੇਵੇਂ ਖਾਂਦੀ ਸੜਕ ਰਾਹੀਂ ਚੜ੍ਹਾਈ ਖ਼ਤਮ ਹੁੰਦੇ ਸਾਰ ਹੀ ਬੀਤ ਇਲਾਕਾ ਸ਼ੁਰੂ ਹੋ ਜਾਂਦਾ ਹੈ। ਜੇਕਰ ਇਸੇ ਸੜਕ ਤੋਂ ਨੰਗਲ ਡੈਮ ਤੋਂ ਆਈਏ ਤਾਂ ਹਿਮਾਚਲ ਪ੍ਰਦੇਸ਼ ਦੇ ਪਿੰਡ ਬਾਥੜੀ ਤੋਂ ਅੱਗੇ ਇਹ ਇਲਾਕੇ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮਾਰਗ ਤੋਂ ਪੋਜੇਵਾਲ, ਸਿੰਘਪੁਰ ਅਤੇ ਕਾਹਨਪੁਰ ਖੂਹੀ ਨੇੜਿਓਂ ਪਿੰਡ ਸਮੁੰਦੜੀਆਂ ਤੋਂ ਰਸਤੇ ਉੱਪਰ ਨੂੰ ਚੜ੍ਹਦੇ ਹਨ। ਰੋਪੜ ਜ਼ਿਲ੍ਹੇ ਦੇ ਕਾਹਨਪੁਰ ਖੂਹੀ-ਬਾਥੜੀ ਸੜਕ ਤੋਂ ਖੇੜਾ ਕਲਮੋਟ ਅਤੇ ਭੰਗਲ ਪਿੰਡਾਂ ਤੋਂ ਵੀ ਰਸਤੇ ਇਸ ਖੇਤਰ ਨੂੰ ਆ ਮਿਲਦੇੇ ਹਨ।
ਇਹ ਖਿੱਤਾ ਜੰਗਲਾਂ, ਡੂੰਘੇ ਚੋਆਂ ਅਤੇ ਖੱਡਾਂ ਦੇ ਨਾਲ-ਨਾਲ ਪੈਂਦਾ ਹੋਣ ਕਰਕੇ, ਇੱਥੋਂ ਦੀ ਜ਼ਮੀਨ ਉੱਚੀ ਨੀਵੀਂ, ਛੋਟੇ-ਛੋਟੇ ਟੋਟਿਆਂ ਵਿਚ ਵੰਡੀ ਹੋਈ ਅਤੇ ਘੱਟ ਉਪਜਾਊ ਹੈ। ਇਸ ਖੇਤਰ ਵਿਚ ਬਰਸਾਤ ਦਾ ਮੌਸਮ ਹੋਣ ਕਾਰਨ ਮੱਕੀ ਦੀ ਫਸਲ ਤਾਂ ਹੋ ਜਾਂਦੀ ਹੈ ਪਰ ਇਸ ਦੀ ਬਿਜਾਈ ਤੋਂ ਲੈ ਕੇ ਦਾਣੇ ਕੋਠੀ 'ਚ ਪਹੁੰਚਣ ਤੱਕ ਔਕੜਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਹੈ। ਬੀਤ ਇਲਾਕੇ ਦੀ ਮੱਕੀ ਆਪਣੀ ਵੱਖਰੀ ਪਛਾਣ ਕਰਕੇ ਪੰਜਾਬ ਦੀਆਂ ਮੰਡੀਆਂ ਵਿਚ ਮਸ਼ਹੂਰ ਹੈ। ਇਸ ਤੋਂ ਇਲਾਵਾ ਲੋਕ ਕਮਾਦ ਵੀ ਬੀਜਦੇ ਹਨ। ਜੇ ਜੰਗਲੀ ਜਾਨਵਰਾਂ ਤੋਂ ਬਚ ਜਾਵੇ ਤਾਂ ਇਹ ਘਰੇਲੂ ਖਪਤ ਹੀ ਪੂਰੀ ਕਰਦਾ ਹੈ। ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਜੰਗਲੀ ਜਾਨਵਰਾਂ ਦੁਆਰਾ ਫਸਲ ਦੇ ਉਜਾੜੇ ਦੀ ਹੈ। ਖੇਤਾਂ ਦੇ ਨਾਲ-ਨਾਲ ਡੂੰਘੇ ਚੋਅ, ਜੰਗਲ ਅਤੇ ਖੱਡਾਂ ਜੰਗਲੀ ਜਾਨਵਰਾਂ ਲਈ ਆਵਾਸ-ਘਰ ਹਨ। ਮੱਕੀ ਦੀ ਫਸਲ ਦੀ ਰਾਖੀ ਕਰਨ ਲਈ ਖੇਤਾਂ ਵਿਚਕਾਰ ਮਣ੍ਹੇ ਬਣਾਏ ਜਾਂਦੇ ਹਨ। ਪਸ਼ੂਆਂ ਦੇ ਵੱਡੇ-ਵੱਡੇ ਝੁੰਡ ਖੇਤਾਂ ਦੇ ਖੇਤ ਲਿਤਾੜ ਜਾਂਦੇ ਹਨ। ਵੱਖਰੀ ਭੂਗੋਲਿਕ ਸਥਿਤੀ ਵਾਲੇ ਇਸ ਇਲਾਕੇ ਦੇ ਲੋਕ ਬੜੇ ਮਿਹਨਤੀ ਅਤੇ ਸਾਦਗੀ ਪਸੰਦ ਹਨ। ਪਹਿਲਾਂ ਇਸ ਇਲਾਕੇ ਦੇ ਲੋਕਾਂ ਦੀ ਖੇਤਾਂ ਦੁਆਲੇ ਕੰਡਿਆਲੀ ਤਾਰ ਲਗਾਉਣ ਦੀ ਮੰਗ ਹੁੰਦੀ ਸੀ ਪਰ ਸਮਾਂ ਬੀਤਣ ਨਾਲ ਕੰਡਿਆਲੀ ਤਾਰ ਦੀ ਮੰਗ ਜਾਲ਼ੀਦਾਰ ਤਾਰ ਵਿਚ ਬਦਲ ਗਈ। ਇਸ ਇਲਾਕੇ ਦੇ ਪਿੰਡ ਨੈਣਵਾਂ ਦੇ ਕਿਸਾਨ ਕਈ ਸਾਲਾਂ ਤੋਂ ਇਕੱਠੇ ਹੋ ਕੇ ਰਾਤ ਵੇਲੇ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਰਾਤ ਭਰ ਪਹਿਰਾ ਦਿੰਦੇ ਸਨ। ਫਿਰ ਉਨ੍ਹਾਂ ਨੇ ਇਸ ਸਮੱਸਿਆ ਦੇ ਪੱਕੇ ਹੱਲ ਲਈ ਏਕਾ ਕੀਤਾ। ਗੁਰਬਾਣੀ ਦੇ ਮਹਾਂਵਾਕ 'ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ' ਅਨੁਸਾਰ ਪਿੰਡ ਦਾ ਇਕੱਠ ਕਰਕੇ ਕਰੀਬ ਪੌਣੇ ਦੋ ਸੌ ਕਿੱਲੇ ਨੂੰ ਜਾਲ਼ੀਦਾਰ ਵਾੜ ਕਰ ਦਿੱਤੀ। ਪਿੰਡ ਦੇ ਇਕ ਕਿਸਾਨ ਨੇ ਦੱਸਿਆ ਕਿ ਇਸ ਮਕਸਦ ਲਈ 2500 ਰੁਪਏ ਪ੍ਰਤੀ ਕਨਾਲ ਇਕੱਠੇ ਕੀਤੇ ਗਏ। ਕਿਸਾਨਾਂ ਦੇ ਇਸ ਉੱਦਮ ਦੀ ਕਾਫੀ ਚਰਚਾ ਹੈ। ਪੁਰਾਣੀ ਕਹਾਵਤ 'ਇਕੱਠ ਲੋਹੇ ਦੀ ਲੱਠ' ਨੂੰ ਸੱਚ ਕਰ ਦਿਖਾਇਆ ਇਨ੍ਹਾਂ ਮਿਹਨਤੀ ਲੋਕਾਂ ਨੇ। ਜ਼ਿਕਰਯੋਗ ਹੈ ਕਿ ਇਸ ਇਲਾਕੇ ਦੇ ਕਿਸਾਨ ਕਿੱਲਿਆਂ ਜਾਂ ਵਿੱਘਿਆਂ ਦੇ ਨਹੀਂ ਸਗੋਂ ਕਨਾਲਾਂ ਅਤੇ ਮਰਲਿਆਂ ਦੇ ਮਾਲਕ ਹਨ। ਪਿੰਡ ਦਾ ਕਾਫੀ ਰਕਬਾ ਹਾਲੇ ਇਸ ਕਾਰਜ ਦੇ ਅਧੀਨ ਹੈ। ਜੇਕਰ ਇਕੱਲਾ ਕਿਸਾਨ ਆਪਣੇ ਖੇਤ ਨੂੰ ਇਹ ਜਾਲੀਦਾਰ ਤਾਰ ਨਿੱਜੀ ਤੌਰ 'ਤੇ ਲਗਵਾਉਂਦਾ ਹੈ ਤਾਂ ਚਾਰ ਗੁਣਾ ਖਰਚ ਆਉਂਦਾ ਹੈ। ਕਿਸਾਨਾਂ ਦੇ ਦੱਸਣ ਅਨੁਸਾਰ ਜੰਗਲੀ ਸੂਰ ਹਾਲੇ ਵੀ ਤਾਰ ਥੱਲਿਓਂ ਮਿੱਟੀ ਖੋਦ ਕੇ ਖੇਤਾਂ ਵਿਚ ਵੜ ਜਾਂਦੇ ਹਨ ਪਰ ਵੱਡੇ ਪਸ਼ੂਆਂ ਤੋਂ ਰਾਹਤ ਮਿਲ ਗਈ ਹੈ। ਜਾਲ਼ੀਦਾਰ ਵਾੜ ਅੰਦਰ ਆਏ ਖੇਤਾਂ ਵਿਚ ਐਤਕੀਂ ਮੱਕੀ, ਕੱਦੂ ਅਤੇ ਖੀਰੇ ਦੀ ਭਰਵੀਂ ਫਸਲ ਦੀ ਹੋਂਦ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਤਸੱਲੀ ਭਰੀ ਖੁਸ਼ੀ ਹੈ। ਕਮਾਦ ਦੀ ਖੇਤੀ ਤੋਂ ਤੌਬਾ ਕਰ ਚੁੱਕੇ ਕਿਸਾਨ ਹੁਣ ਮੁੜ ਘਰ ਦਾ ਗੁੜ ਅਤੇ ਸ਼ੱਕਰ ਤਿਆਰ ਕਰਨ ਬਾਰੇ ਸੋਚ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਭਵਿੱਖ ਵਿਚ ਇਸੇ ਤਰ੍ਹਾਂ ਫਸਲ ਹੁੰਦੀ ਰਹੀ ਤਾਂ ਜਾਲੀਦਾਰ ਤਾਰ 'ਤੇ ਆਏ ਖਰਚ ਦੀ ਜਲਦੀ ਭਰਵਾਈ ਹੋ ਜਾਵੇਗੀ। ਇਸ ਪਿੰਡ ਦੇ ਲੋਕਾਂ ਦੀ ਇਹ ਪਹਿਲ ਬਾਕੀ ਪਿੰਡਾਂ ਲਈ ਵੀ ਰਾਹ-ਦਸੇਰਾ ਬਣੇਗੀ।


-ਪਿੰਡ ਤੇ ਡਾ: ਕਾਲੇਵਾਲ ਬੀਤ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਸੰਪਰਕ : 94638-51568
amrikdayal@gmail.com

ਵਿਰਸੇ ਦੀਆਂ ਬਾਤਾਂ

ਥੋੜ੍ਹੇ ਸਮੇਂ ਵਿਚ ਵਕਤ ਨੇ ਕੀ-ਕੀ ਰੰਗ ਵਿਖਾਏ

ਪੇਂਡੂ ਘਰ ਸ਼ਹਿਰੀ ਤਰਜ਼ 'ਤੇ ਬਣ ਰਹੇ ਹਨ। ਰਸੋਈਆਂ, ਸਬਾਤਾਂ ਸਭ ਬਦਲ ਰਿਹਾ ਹੈ। ਚੁੱਲ੍ਹੇ ਚੌਂਕੇ ਵਾਲੀ ਜਗ੍ਹਾ ਰਸੋਈ ਭਾਵ ਕਿਚਨ ਨੇ ਲੈ ਲਈ ਹੈ ਤੇ ਪੁਰਾਣੇ ਚੁੱਲ੍ਹੇ ਚੌਂਕਿਆਂ ਵਿਚ ਵਰਤੀਆਂ ਜਾਂਦੀਆਂ ਚੀਜ਼ਾਂ ਦੀ ਹੁਣ ਲੋੜ ਨਹੀਂ ਰਹੀ। ਜੇ ਲੋੜ ਹੈ ਤਾਂ ਬਹੁਤ ਘੱਟ। ਇਹੀ ਕਾਰਨ ਹੈ ਕਿ ਉਹ ਚੀਜ਼ਾਂ ਹੁਣ ਘੱਟ ਘਰਾਂ ਵਿਚ ਦਿੱਸਦੀਆਂ ਹਨ।
ਥੋੜ੍ਹੇ ਵਰ੍ਹੇ ਪਹਿਲਾਂ ਤੱਕ ਚੁੱਲ੍ਹੇ ਚੌਂਕੇ ਵਿਚ ਬਾਕੀ ਚੀਜ਼ਾਂ ਦੇ ਨਾਲ-ਨਾਲ ਪੀੜ੍ਹੀ ਆਮ ਦਿਸ ਪੈਂਦੀ ਸੀ। ਮਾਂ ਤੱਤੀ-ਤੱਤੀ ਰੋਟੀ ਦੇਵੇ ਤੇ ਚੁੱਲ੍ਹੇ ਮੂਹਰੇ ਪੀੜ੍ਹੀ 'ਤੇ ਬੈਠ ਕੇ ਖਾਧੀ ਹੋਵੇ, ਇਸ ਵਰਗਾ ਸਵਾਦ ਇਸ ਧਰਤੀ 'ਤੇ ਕੋਈ ਹੋਰ ਨਹੀਂ। ਪੀੜ੍ਹੀ ਦਾ ਪੰਜਾਬੀ ਸੱਭਿਆਚਾਰ ਨਾਲ ਵੀ ਗੂੜ੍ਹਾ ਰਿਸ਼ਤਾ ਹੈ। ਕੁੜੀਆਂ-ਚਿੜੀਆਂ ਦਾਜ ਵਿਚ ਹੱਥੀਂ ਬੁਣੀਆਂ ਪੀੜ੍ਹੀਆਂ ਲੈ ਕੇ ਆਉਂਦੀਆਂ ਸਨ ਤੇ ਜਿਹੜੀ ਕੁੜੀ ਦੀ ਪੀੜ੍ਹੀ ਦਾ ਨਮੂਨਾ ਜ਼ਿਆਦਾ ਵਧੀਆ ਹੁੰਦਾ, ਉਹ ਨਮੂਨਾ ਲਾਹੁਣ ਲਈ ਆਂਢਣਾਂ-ਗੁਆਂਢਣਾਂ ਪੀੜ੍ਹੀ ਮੰਗ ਕੇ ਲੈ ਜਾਂਦੀਆਂ।
ਸੇਪੀ ਦਾ ਕੰਮ ਕਰਨ ਵਾਲੇ ਤੋਂ ਪੀੜ੍ਹੀ ਦਾ ਢਾਂਚਾ ਭਾਵ ਚੁਗਾਠ ਤਿਆਰ ਕਰਾਈ ਜਾਂਦੀ ਤੇ ਰੰਗ-ਬਰੰਗੇ ਸੂਤ ਨਾਲ ਉਸ ਨੂੰ ਬੁੁਣਿਆ ਜਾਂਦਾ। ਪੀੜ੍ਹੀ ਦੀ ਸੰਭਾਲ ਬਾਕੀ ਅਹਿਮ ਚੀਜ਼ਾਂ ਵਾਂਗ ਹੀ ਹੁੰਦੀ। ਕਈ-ਕਈ ਵਰ੍ਹੇ ਪੀੜ੍ਹੀ ਕੱਢ ਜਾਂਦੀ। ਜਦੋਂ ਟੁੱਟਦੀ ਤਾਂ ਨਵੇਂ ਸਿਰਿਓਂ ਬੁਣ ਲੈਂਦੇ। ਪੀੜ੍ਹੀ ਜਾਂ ਮੰਜੇ ਬੁਣਨ ਦਾ ਹੁਨਰ ਜਿਹੜੀਆਂ ਔਰਤਾਂ ਨੂੰ ਹੁੰਦਾ, ਉਨ੍ਹਾਂ ਪ੍ਰਤੀ ਖਾਸ ਸਤਿਕਾਰ ਹੁੰਦਾ।
ਹੁਣ ਉਸ ਵੇਲੇ ਦਾ ਤੁਲਨਾਤਮਕ ਅਧਿਐਨ ਕਰਕੇ ਦੇਖੋ। ਕਿੰਨੇ ਕੁ ਘਰਾਂ ਵਿਚ ਪਹਿਲਾਂ ਵਰਗੇ ਚੁੱਲ੍ਹੇ ਚੌਂਕੇ ਹਨ। ਕਿੰਨੇ ਘਰਾਂ ਵਿਚ ਚੁੱਲ੍ਹੇ 'ਤੇ ਸਾਗ ਬਣਦਾ ਜਾਂ ਹਾਰੇ ਦੀ ਵਰਤੋਂ ਹੁੰਦੀ ਹੈ? ਕਿੰਨੇ ਕੁ ਘਰਾਂ ਵਿਚ ਤੰਦੂਰ ਹਨ? ਕਿੰਨੇ ਕੁ ਘਰਾਂ ਵਿਚ ਹੱਥੀਂ ਦੁੱਧ ਰਿੜਕਿਆ ਜਾਂਦਾ? ਸਭ ਕੁਝ ਬਦਲ ਗਿਆ ਤਾਂ ਪੀੜ੍ਹੀ ਕਿਵੇਂ ਬਚੀ ਰਹਿੰਦੀ। ਕਈ ਦੋਸਤਾਂ ਦੇ ਘਰਾਂ ਵਿਚ ਪੀੜ੍ਹੀਆਂ ਨੂੰ ਸੰਭਾਲ ਕੇ ਰੱਖਿਆ ਹੋਇਆ। ਯਾਦ ਚਿੰਨ੍ਹ ਦੇ ਰੂਪ ਵਿਚ। ਉਹ ਨਵੇਂ ਪੂਰ ਨੂੰ ਇਹ ਚੀਜ਼ਾਂ ਦਿਖਾਉਂਦੇ ਹਨ, ਸਮਝਾਉਂਦੇ ਹਨ ਕਿ ਅਸੀਂ ਕਿਵੇਂ-ਕਿਵੇਂ, ਕਿੱਥੋਂ-ਕਿੱਥੋਂ ਲੰਘੇ ਹਾਂ। ਅੱਜ ਇਹ ਤਸਵੀਰ ਦੇਖ ਕੇ ਮਨ ਖੁਸ਼ ਹੋ ਗਿਆ। ਇਹ ਔਰਤ ਕਿੰਨੀ ਨੀਝ ਨਾਲ ਪੀੜ੍ਹੀ ਨੂੰ ਦੇਖ ਰਹੀ ਹੈ, ਜਿਵੇਂ ਇਸ 'ਚੋਂ ਯਾਦਾਂ ਦਾ ਸਰਮਾਇਆ ਲੱਭ ਰਹੀ ਹੋਵੇ। ਜਿਵੇਂ ਉਸ ਦੀਆਂ ਯਾਦਾਂ ਦਾ ਵੱਡਾ ਹਿੱਸਾ ਇਸ ਵਿਚ ਗੁਆਚਿਆ ਹੋਵੇ। ਜਿਵੇਂ ਉਹ ਉਸ ਵੇਲੇ ਨੂੰ ਚੇਤੇ ਕਰ ਰਹੀ ਹੋਵੇ, ਜਦੋਂ ਇਨ੍ਹਾਂ ਦੀ ਲੋੜ ਆਮ ਸੀ। ਭਾਵੇਂ ਇਹ ਪੀੜ੍ਹੀ ਲੋਹੇ ਦੇ ਪਾਵਿਆਂ ਵਾਲੀ ਹੀ ਸੀ, ਪਰ ਯਾਦ ਤਾਂ ਯਾਦ ਹੀ ਹੈ।
ਸਮੇਂ ਦੀ ਨਵੀਓਂ ਨਵੀਂ ਬਹਾਰ ਹੈ। ਥੋੜ੍ਹੇ ਵਰ੍ਹਿਆਂ ਵਿਚ ਕਿੰਨਾ ਕੁੱਝ ਬਦਲ ਗਿਆ ਹੈ। ਮੈਂ ਬਦਲਾਅ ਦਾ ਵਿਰੋਧੀ ਨਹੀਂ, ਹਾਣੀ ਹਾਂ। ਪਰ ਉਨ੍ਹਾਂ ਚੀਜ਼ਾਂ ਦੀ ਕਦਰ ਕਰਨ ਦਾ ਵੀ ਹਾਮੀ ਹਾਂ, ਜਿਨ੍ਹਾਂ ਨੇ ਅਤੀਤ ਵਿਚ ਸਾਡਾ ਸਾਥ ਦਿੱਤਾ ਹੈ। ਜਿਹੜੀਆਂ ਸਾਡੇ ਵੱਡਿਆਂ ਦੇ ਨਾਲ-ਨਾਲ ਰਹੀਆਂ ਹਨ। ਸਾਡੇ ਵੱਡੇ-ਵਡੇਰੇ ਤੁਰ ਗਏ ਜਾਂ ਤੁਰ ਜਾਣਗੇ, ਪਰ ਇਹ ਉਨ੍ਹਾਂ ਦੀਆਂ ਸੁਲੱਖਣੀਆਂ ਯਾਦਾਂ ਹਨ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX