ਤਾਜਾ ਖ਼ਬਰਾਂ


ਸਰਬਸੰਮਤੀ ਵਾਲੇ ਸਰਪੰਚਾਂ ਅਤੇ ਪੰਚਾਂ ਨੂੰ ਵੀ ਨਾਮਜ਼ਦਗੀਆਂ ਭਰਨੀਆਂ ਜ਼ਰੂਰੀ
. . .  1 day ago
ਲੁਧਿਆਣਾ, 18 ਦਸੰਬਰ (ਪਰਮੇਸ਼ਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਆਗਾਮੀ ਪੰਚਾਇਤ ਚੋਣਾਂ ...
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  1 day ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  1 day ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  1 day ago
ਗੁਹਾਟੀ, 18 ਦਸੰਬਰ - ਪੰਜ ਰਾਜਾਂ 'ਚ ਚੋਣ ਨਤੀਜਿਆਂ ਤੋਂ ਬਾਅਦ ਕਿਸਾਨਾਂ ਦੀ ਕਰਜ਼ ਮੁਆਫੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਹਵਾ ਮਿਲੀ ਹੈ। ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਤੋਂ ਬਾਅਦ ਹੁਣ ਅਸਾਮ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਅਸਾਮ ਸਰਕਾਰ ਨੇ 600 ਕਰੋੜ...
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  1 day ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  1 day ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  1 day ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹੋਰ ਖ਼ਬਰਾਂ..

ਲੋਕ ਮੰਚ

ਗਰੀਨ ਦੀਵਾਲੀ, ਜੀਵਨ ਦੀ ਖੁਸ਼ਹਾਲੀ

 ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਦੂਸ਼ਣ ਦੀ ਰੋਕਥਾਮ ਅਤੇ ਵਾਤਾਵਰਨ ਦੀ ਸੰਭਾਲ ਲਈ ਨਾਅਰਾ ਦਿੱਤਾ ਜਾ ਰਿਹਾ ਹੈ ਕਿ ਇਸ ਵਾਰ ਗਰੀਨ ਦੀਵਾਲੀ ਮਨਾਈ ਜਾਵੇ ਤਾਂ ਕਿ ਮਨੁੱਖੀ ਜੀਵਨ ਬਚਾਇਆ ਜਾ ਸਕੇ। ਦੀਵਾਲੀ ਦੇ ਇਸ ਪਵਿੱਤਰ ਤਿਉਹਾਰ 'ਤੇ ਜਿਥੇ ਅਸੀਂ ਪ੍ਰਦੂਸ਼ਣ ਵਿਚ ਵਾਧਾ ਕਰਦੇ ਹਾਂ, ਉਥੇ ਅਸੀਂ ਫਜ਼ੂਲ ਖਰਚੀ ਕਰਕੇ ਆਰਥਿਕ ਬੋਝ ਹੇਠ ਵੀ ਦੱਬ ਜਾਂਦੇ ਹਾਂ। ਤਿਉਹਾਰਾਂ ਦੇ ਦਿਨਾਂ ਵਿਚ ਖ਼ਰੀਦੀਆਂ ਮਠਿਆਈਆਂ ਵੀ ਸਾਡੀ ਸਿਹਤ ਦਾ ਨੁਕਸਾਨ ਕਰਦੀਆਂ ਹਨ। ਦੀਵਾਲੀ 'ਤੇ ਕੀਤੀ ਬੇਲੋੜੀ ਰੌਸ਼ਨੀ ਬਿਜਲੀ ਦੇ ਖਰਚੇ ਦੇ ਰੂਪ ਵਿਚ ਸਾਡੇ ਉੱਪਰ ਬੋਝ ਬਣਦੀ ਹੈ। ਅਸੀਂ ਇਸ ਤਰ੍ਹਾਂ ਦੀ ਫਜ਼ੂਲ ਖਰਚੀ ਤੋਂ ਬਚ ਸਕਦੇ ਹਾਂ। ਸਭ ਤੋਂ ਜ਼ਰੂਰੀ ਹੈ ਕਿ ਇਸ ਪਵਿੱਤਰ ਤਿਉਹਾਰ 'ਤੇ ਆਤਿਸ਼ਬਾਜ਼ੀ ਬਿਲਕੁਲ ਨਾ ਕੀਤੀ ਜਾਵੇ, ਕਿਉਂਕਿ ਆਤਿਸ਼ਬਾਜ਼ੀ ਵਿਚੋਂ ਨਿਕਲੇ ਜ਼ਹਿਰੀਲੇ ਧੂੰਏਂ ਨਾਲ ਜਿਥੇ ਵਾਤਾਵਰਨ ਖਰਾਬ ਹੁੰਦਾ ਹੈ, ਉਥੇ ਹੀ ਮਨੁੱਖੀ ਜੀਵਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਦਮਾ, ਫੇਫੜਿਆਂ ਦੀਆਂ ਬਿਮਾਰੀਆਂ, ਦਿਲ ਦੇ ਰੋਗ ਸਭ ਇਸ ਦੀ ਦੇਣ ਹਨ। ਆਕਾਸ਼ ਵਿਚ ਉਡਦੇ ਧੂੰਏਂ ਨਾਲ ਕਈ ਪੰਛੀਆਂ ਦੀਆਂ ਜਾਤੀਆਂ ਵੀ ਖ਼ਤਮ ਹੋ ਚੁੱਕੀਆਂ ਹਨ। ਸਾਡੇ ਗੁਰੂਆਂ, ਪੀਰਾਂ ਨੇ ਇਹ ਤਾਂ ਨਹੀਂ ਕਿਹਾ ਕਿ ਇਸ ਪਵਿੱਤਰ ਦਿਨ 'ਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਜਾਵੇ, ਉਨ੍ਹਾਂ ਨੇ ਤਾਂ ਸਾਨੂੰ ਇਸ ਦਿਨ ਦੇਸੀ ਘਿਓ ਜਾਂ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਉਣ ਦਾ ਸੰਦੇਸ਼ ਦਿੱਤਾ ਸੀ।
ਆਪ ਜੀ ਦੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਹੈ ਕਿ ਸਰ੍ਹੋਂ ਦੇ ਤੇਲ ਦਾ ਦੀਵਾ ਜਾਂ ਦੇਸੀ ਘਿਓ ਦਾ ਦੀਵਾ ਆਪਣੇ ਚਾਰ-ਚੁਫੇਰੇ ਅੱਠ ਮੀਟਰ ਤੱਕ ਵਾਤਾਵਰਨ ਨੂੰ ਸ਼ੁੱਧ ਕਰਦਾ ਹੈ। ਇਸੇ ਕਰਕੇ ਹੀ ਧਾਰਮਿਕ ਸਥਾਨਾਂ 'ਤੇ ਦੇਸੀ ਘਿਓ ਦੀ ਜੋਤ ਜਗਾਈ ਜਾਂਦੀ ਹੈ। ਇਨ੍ਹਾਂ ਤਿਉਹਾਰਾਂ 'ਤੇ ਅਸੀਂ ਬਿਜਲੀ ਦੀਆਂ ਲੜੀਆਂ ਜਗਾ ਕੇ ਲੱਖਾਂ ਰੁਪਏ ਦੀ ਬਿਜਲੀ ਬਰਬਾਦ ਕਰਦੇ ਹਾਂ। ਇਸ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਏ ਜਾਣ। ਤਿਉਹਾਰਾਂ 'ਤੇ ਘੱਟ ਤੋਂ ਘੱਟ ਮਠਿਆਈਆਂ ਖਰੀਦੀਆਂ ਜਾਣ। ਮਠਿਆਈਆਂ ਦੀ ਬਜਾਏ ਫਲ ਜਾਂ ਸੁੱਕੇ ਮੇਵੇ ਖਰੀਦੇ ਜਾ ਸਕਦੇ ਹਨ। ਪਟਾਕਿਆਂ ਦੁਆਰਾ ਪੈਦਾ ਕੀਤੀ ਆਵਾਜ਼ ਨਾਲ ਕੰਨਾਂ ਅਤੇ ਦਿਲ ਦੀਆਂ ਬਿਮਾਰੀਆਂ ਵਧਦੀਆਂ ਹਨ। ਹਸਪਤਾਲਾਂ ਵਿਚ ਦਾਖ਼ਲ ਮਰੀਜ਼ ਬੇਚੈਨੀ ਮਹਿਸੂਸ ਕਰਦੇ ਹਨ। ਮੇਰੀ ਸਭ ਧਾਰਮਿਕ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਉਹ ਧਾਰਮਿਕ ਸਥਾਨਾਂ 'ਤੇ ਵੀ ਗਰੀਨ ਦੀਵਾਲੀ ਮਨਾਉਣ, ਤਾਂ ਕਿ ਲੋਕਾਂ ਤੱਕ ਚੰਗਾ ਸੰਦੇਸ਼ ਜਾ ਸਕੇ। ਦੀਵਾਲੀ ਪ੍ਰੇਮ-ਭਾਵ ਦਾ ਤਿਉਹਾਰ ਹੈ, ਨਾ ਕਿ ਬਰਬਾਦੀ ਦਾ। ਇਸ ਲਈ ਸਾਡਾ ਸਭ ਦਾ ਫਰਜ਼ ਹੈ ਕਿ ਸਭ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ।

-ਸ: ਸੀ: ਸੈ: ਸਕੂਲ, ਗੱਦੀ ਰਾਜੋ ਕੇ (ਫਿਰੋਜ਼ਪੁਰ)। ਮੋਬਾ: 99143-80202


ਖ਼ਬਰ ਸ਼ੇਅਰ ਕਰੋ

ਠੋਸ ਯੋਜਨਾਬੰਦੀ ਤੋਂ ਬਗੈਰ ਮੁਸ਼ਕਿਲ ਹੈ ਪ੍ਰਦੂਸ਼ਣ ਨੂੰ ਰੋਕਣਾ

 ਪੰਜਾਬ ਵਿਚ ਹਰ ਸਾਲ 19 ਮਿਲੀਅਨ ਟਨ ਤੋਂ ਵੀ ਜ਼ਿਆਦਾ ਪਰਾਲੀ ਪੈਦਾ ਹੁੰਦੀ ਹੈ। ਬਾਇਓ-ਮਾਸ ਪ੍ਰੋਜੈਕਟਾਂ, ਕਾਗਜ਼-ਗੱਤਾ ਮਿੱਲਾਂ ਅਤੇ ਪਸ਼ੂਆਂ ਲਈ ਹਰੇ ਚਾਰੇ ਦੇ ਰੂਪ ਵਿਚ ਵਰਤੀ ਜਾਂਦੀ ਪਰਾਲੀ ਦੀ ਮਾਤਰਾ ਇਸ ਦੀ ਕੁੱਲ ਪੈਦਾਵਾਰ ਦਾ ਮਸਾਂ 21 ਫੀਸਦੀ ਹੀ ਬਣਦਾ ਹੈ। ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਵਾਸਤੇ ਕੇਂਦਰ ਸਰਕਾਰ ਤੋਂ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਹੈ, ਜਿਸ ਨਾਲ ਸਬੰਧਤ ਪ੍ਰਸਤਾਵ ਕੇਂਦਰ ਸਰਕਾਰ ਪਾਸ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਪਰ ਕਿਸਾਨ ਨੁਮਾਇੰਦੇ ਇਸ ਪ੍ਰਤੀ ਕੁਇੰਟਲ 100 ਰੁਪਏ ਬੋਨਸ ਨੂੰ ਕਾਫੀ ਨਹੀਂ ਮੰਨ ਰਹੇ। ਹਾਲਾਂਕਿ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਬੋਨਸ ਦੀ ਮਨਜ਼ੂਰੀ ਮਿਲਦੀ ਵੀ ਹੈ ਜਾਂ ਨਹੀਂ। ਜੇਕਰ ਗੱਲ ਸਿਰਫ ਵਾਧੂ ਖਰਚੇ ਤੱਕ ਹੀ ਸੀਮਤ ਹੁੰਦੀ ਤਾਂ ਵੀ ਕਿਸਾਨ 'ਚਲੋ ਜਿੱਥੇ ਹੋਰ ਉਥੇ ਹੋਰ' ਕਹਿ ਕੇ ਇਹ ਗਲ ਪਈ ਬਿਪਤਾ ਨੂੰ ਸ਼ਾਇਦ ਸਹਾਰ ਹੀ ਜਾਂਦੇ। ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਗਾਲਣ ਲਈ ਖੇਤਾਂ ਨੂੰ ਪਾਣੀ ਵੀ ਲਾਉਣਾ ਪਵੇਗਾ ਅਤੇ ਦੁਬਾਰਾ ਖੇਤ ਬੱਤਰ ਆਉਣ, ਵਾਹ ਕੇ ਅਗਲੀ ਫਸਲ ਲਈ ਖੇਤ ਤਿਆਰ ਕਰਨ ਵਿਚ ਇਕ ਮਹੀਨੇ ਦੇ ਲਗਪਗ ਵਾਧੂ ਸਮਾਂ ਵੀ ਇੰਤਜ਼ਾਰ ਕਰਨਾ ਪਵੇਗਾ, ਜੋ ਕਿ ਸੰਭਾਵਨਾ ਭਰਪੂਰ ਤਰਕ ਦੀ ਕਸਵੱਟੀ 'ਤੇ ਖਰਾ ਉਤਰਨ ਵਾਲੀ ਗੱਲ ਨਹੀਂ ਹੈ।
ਪੰਜਾਬ ਦੇ ਖੇਤੀ ਅਰਥਚਾਰੇ ਦੇ ਸੰਦਰਭ ਵਿਚ ਵੱਡੇ ਸੁਧਾਰਾਂ ਦੀ ਲੋੜ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਲਗਾਤਾਰ ਇਹ ਸਿਫਾਰਸ਼ ਕੀਤੀ ਜਾਂਦੀ ਰਹੀ ਹੈ ਕਿ ਪੰਜਾਬ ਰਾਜ ਨੂੰ ਝੋਨੇ ਹੇਠੋਂ ਰਕਬਾ ਘਟਾਉਣ ਦੀ ਸਖ਼ਤ ਲੋੜ ਹੈ। ਖੇਤੀਬਾੜੀ ਯੂਨੀਵਰਸਿਟੀ ਵਲੋਂ ਸੁਝਾਏ ਨੁਕਤੇ ਅਨੁਸਾਰ ਘੱਟੋ-ਘੱਟ 17 ਲੱਖ ਹੈਕਟੇਅਰ ਰਕਬਾ ਝੋਨੇ ਦੀ ਖੇਤੀ ਹੇਠੋਂ ਕੱਢ ਕੇ ਦੂਸਰੀਆਂ ਫਸਲਾਂ ਜਿਵੇਂ ਕਿ ਮੱਕੀ, ਦਾਲਾਂ, ਸੋਇਆਬੀਨ ਆਦਿ ਦੀ ਕਾਸ਼ਤ ਲਈ ਤਬਦੀਲ ਕਰਨ ਦੀ ਫ਼ਸਲਤ ਹੈ। ਪਰ ਦਾਲਾਂ ਅਤੇ ਤੇਲ ਬੀਜ ਵਾਲੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ (ਨਿਰਧਾਰਿਤ) ਮੁੱਲ ਨਾ ਹੋਣਾ ਅਤੇ ਮੰਡੀ ਵਿਚ ਫਸਲ ਦੀ ਵਿਕਰੀ ਵੇਲੇ ਬੇਯਕੀਨੀ ਦੇ ਚਲਦਿਆਂ ਕਿਸਾਨ ਇਨ੍ਹਾਂ ਫਸਲਾਂ ਦੀ ਬਿਜਾਈ ਦਾ ਖਤਰਾ ਮੁੱਲ ਲੈਣ ਨੂੰ ਤਿਆਰ ਹੁੰਦਾ ਨਜ਼ਰ ਨਹੀਂ ਆ ਰਿਹਾ। ਉਪਰੋਂ ਖੇਤੀ ਵਿਚ ਲਗਾਤਾਰ ਘਾਟਾ ਅਤੇ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਵਲੋਂ ਨਿੱਤ-ਦਿਨ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਨੇ ਕਿਸਾਨੀ ਸੰਕਟ ਨੂੰ ਹੋਰ ਵੀ ਗਹਿਰਾਅ ਦਿੱਤਾ ਹੈ।
ਖੇਤਾਂ ਵਿਚੋਂ ਪਰਾਲੀ ਨੂੰ ਇਕੱਠਾ ਕਰਕੇ ਇਸ ਦੀ ਸੁਯੋਗ ਵਰਤੋਂ ਹਿਤ ਸਰਕਾਰ ਵਲੋਂ ਇਕ ਤਿੰਨ ਸਾਲਾ ਯੋਜਨਾ ਦੀ ਰੂਪ ਰੇਖਾ ਉਲੀਕੀ ਜਾ ਰਹੀ ਹੈ, ਜਿਸ 'ਤੇ 100 ਕਰੋੜ ਰੁਪਏ ਦਾ ਬਜਟ ਤੋਂ ਇਲਾਵਾ ਕੇਂਦਰੀ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਦਾ ਸਹਿਯੋਗ ਵੀ ਲੋੜੀਂਦਾ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਪਰਾਲੀ ਦੇ ਯੋਗ ਹੱਲ ਲਈ ਆਰਥਿਕ ਰੂਪ ਵਿਚ ਮਦਦ ਮੁਹੱਈਆ ਕੀਤੀ ਜਾਣ ਦੀ ਗੱਲ ਕਹੀ ਜਾ ਰਹੀ ਹੈ। ਰਾਜ ਸਰਕਾਰ ਦਾ ਇਹ ਮੰਨਣਾ ਹੈ ਕਿ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਲਈ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ 100 ਫੀਸਦੀ ਸਬਸਿਡੀ ਦਿੱਤੇ ਜਾਣ ਦੀ ਲੋੜ ਹੈ ਅਤੇ ਰਾਜ ਸਰਕਾਰ ਨੇ ਆਪਣੀ ਇਸ ਯੋਜਨਾ ਤੋਂ ਦੇਸ਼ ਦੀ ਕੇਂਦਰੀ ਸਰਕਾਰ ਨੂੰ ਜਾਣੂ ਵੀ ਕਰਵਾ ਦਿੱਤਾ ਹੈ। ਭਾਂਵੇ ਕਿ ਸੂਬੇ ਦੀ ਸਰਕਾਰ ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਲਈ 'ਹੈਪੀ ਸੀਡਰ ਮਸ਼ੀਨ' ਅਤੇ ਬਿਨਾਂ ਵਾਹੇ ਕਣਕ ਦੀ ਬਿਜਾਈ ਕਰਨ ਵਾਲੀ 'ਜ਼ੀਰੋ ਟਿਲਿੰਗ ਮਸ਼ੀਨ' ਕਿਸਾਨਾਂ ਨੂੰ ਸਬਸਿਡੀ ਰੇਟ 'ਤੇ ਉਪਲਬਧ ਕਰਵਾ ਰਹੀ ਹੈ ਪਰ ਕੇਂਦਰ ਸਰਕਾਰ ਵਲੋਂ ਫਸਲਾਂ ਦੇ ਸਮਰਥਨ ਮੁੱਲ ਵਿਚ ਤਰਕਸੰਗਤ ਵਾਧਾ ਨਾ ਕਰਨ ਕਾਰਨ ਖੇਤੀ ਵਿਚ ਪੈ ਰਹੇ ਲਗਾਤਾਰ ਘਾਟੇ ਦੇ ਚਲਦੇ ਕਿਸਾਨ ਇਨ੍ਹਾਂ ਮਸ਼ੀਨਾਂ ਵਿਚ ਦਿਲਚਸਪੀ ਨਹੀਂ ਦਿਖਾ ਰਹੇ। ਸੂਬੇ ਵਿਚ ਚੱਲ ਰਹੀਆਂ ਸਹਿਕਾਰੀ ਸਭਾਵਾਂ ਕੋਲ ਵੀ ਲੋੜੀਂਦੀ ਮਾਤਰਾ ਵਿਚ ਇਨ੍ਹਾਂ ਮਸ਼ੀਨਾਂ ਦਾ ਨਾ ਹੋਣਾ ਵੀ ਇਕ ਕਾਰਨ ਹੈ ਕਿ ਕਿਸਾਨ ਇਸ ਪਰਾਲੀ ਦੇ ਨਿਪਟਾਰੇ ਦਾ ਸੌਖਾ ਢੰਗ ਇਸ ਨੂੰ ਅੱਗ ਲਾਉਣਾ ਹੀ ਮੰਨਦੇ ਹਨ।
ਖੇਤੀ ਮਾਹਿਰਾਂ ਅਨੁਸਾਰ ਇਸ ਸਮੱਸਿਆ ਦਾ ਇਕੋ-ਇਕ ਹੱਲ ਸੂਬੇ ਵਿਚ ਬਾਇਓ-ਮਾਸ ਅਧਾਰਿਤ ਊਰਜਾ ਪਲਾਂਟ ਲਗਾਉਣਾ ਹੀ ਹੋਵੇਗਾ। ਪੰਜਾਬ ਵਿਚ ਅਜਿਹੇ 30 ਪਲਾਂਟ ਲਗਾਉਣ ਦੀ ਸਰਕਾਰੀ ਯੋਜਨਾ ਹੈ, ਜੋ ਸਾਲਾਨਾ 44 ਲੱਖ ਟਨ ਪਰਾਲੀ ਦੀ ਖਪਤ ਕਰਨ ਵਿਚ ਸਹਾਈ ਸਿੱਧ ਹੋਣਗੇ। ਲੋੜ ਹੈ ਅਜਿਹੇ ਤਰਕ ਸੰਗਤ ਫੈਸਲਿਆਂ ਨੂੰ ਅਮਲੀ ਜਾਮਾ ਪਹਿਨਾਉਣ ਦੀ, ਤਾਂ ਕਿ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਕਿਸਾਨੀ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸ ਸਮੱਸਿਆ ਤੋਂ ਨਿਜ਼ਾਤ ਮਿਲ ਸਕੇ। ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਇਕ ਦਮ ਸਖਤੀ ਭਰਿਆ ਪੁਲਸੀਆ ਮਾਹੌਲ ਬਣਾਉਣਾ ਸਮੱਸਿਆ ਦਾ ਸਾਰਥਕ ਹੱਲ ਨਹੀਂ ਹੋਵੇਗਾ।
ਅਨਾਜ ਦੀ ਉਪਜ ਪਖੋਂ ਦੇਸ ਨੂੰ ਆਤਮ-ਨਿਰਭਰ ਬਣਾਉਣ ਦੇ ਮਾਮਲੇ ਵਿਚ ਅਸੀਂ ਕਿਸਾਨ ਦੀ ਮਿਹਨਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਲੋੜ ਹੈ ਕਿ ਸਮੇਂ ਦੀਆਂ ਸਰਕਾਰਾਂ ਮੁਸ਼ਕਿਲ ਦੀ ਇਸ ਘੜੀ ਵਿਚ ਕਿਸਾਨ ਨਾਲ ਪੂਰਨ ਹਮਦਰਦੀ ਦਿਖਾਉਂਦੇ ਹੋਏ ਦੇਸ਼ ਦੇ ਵਡੇਰੇ ਹਿਤਾਂ ਨੂੰ ਸਾਹਮਣੇ ਰੱਖ ਕੇ ਉਸ ਲਈ ਰਾਹ ਦਸੇਰਾ ਬਣਨ ਅਤੇ ਕੋਈ ਠੋਸ ਵਿਉਂਤਬੰਦੀ ਨਾਲ ਇਸ ਸਮੱਸਿਆ ਦਾ ਵਿਹਾਰਕ ਹੱਲ ਕੱਢਿਆ ਜਾਵੇ।

-(ਅੰਗਰੇਜ਼ੀ ਵਿਭਾਗ) ਸਰਕਾਰੀ ਕਾਲਜ, ਮਾਲੇਰਕੋਟਲਾ (ਸੰਗਰੂਰ)।
ਮੋਬਾ: 94652-09891

ਨਕਲੀ ਤੇ ਮਿਲਾਵਟੀ ਚੀਜ਼ਾਂ ਦੀ ਖ਼ਰੀਦਦਾਰੀ ਤੋਂ ਬਚਣ ਦੀ ਲੋੜ

ਅੱਜ ਦੇ ਸਮੇਂ ਵਿਚ ਕਿਸੇ ਵੀ ਚੀਜ਼ ਦੇ ਸ਼ੁੱਧ ਜਾਂ ਅਸਲੀ ਹੋਣ ਦੀ ਕੋਈ ਗਾਰੰਟੀ ਨਹੀਂ ਹੁੰਦੀ, ਹਰ ਇਕ ਚੀਜ਼ ਵਿਚ ਮਿਲਾਵਟ ਆਉਣੀ ਸ਼ੁਰੂ ਹੋ ਗਈ ਹੈ। ਕਿੳਂੁਕਿ ਇਨਸਾਨੀਅਤ ਦਾ ਮਿਆਰ ਦਿਨੋਂ-ਦਿਨ ਘਟਦਾ ਜਾ ਰਿਹਾ ਹੈ, ਸਿਰਫ ਧੋਖਾ, ਠੱਗੀ, ਬੇਈਮਾਨੀ ਹੀ ਦੇਖਣ ਨੂੰ ਮਿਲਦੀ ਹੈ। ਇਕ ਆਮ ਇਨਸਾਨ ਲਈ ਇਨ੍ਹਾਂ ਉਤਪਾਦਾਂ ਵਿਚੋਂ ਅਸਲ ਜਾਂ ਨਕਲ ਦਾ ਅੰਤਰ ਸਮਝਣਾ ਬੜਾ ਹੀ ਔਖਾ ਕੰਮ ਹੈ। ਹਜ਼ਾਰਾਂ ਹੀ ਉਤਪਾਦ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜੀਵਨ ਵਿਚ ਵਰਤਦੇ ਹਾਂ। ਖਾਣ-ਪੀਣ ਵਾਲੀਆਂ ਵਸਤੂਆਂ ਦੇ ਅਸ਼ੁੱਧ ਹੋਣ ਦੀ ਹਾਲਤ ਵਿਚ ਸਾਡੀ ਸਿਹਤ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਨਾਲ ਅਨੇਕਾਂ ਬਿਮਾਰੀਆਂ ਜਨਮ ਲੈਂਦੀਆਂ ਹਨ। ਤਿਉਹਾਰ ਦੇ ਨੇੜੇ ਖਾਣ-ਪੀਣ ਦੀਆਂ ਵਸਤੂਆਂ ਤੇ ਹੋਰ ਸਾਮਾਨ ਜ਼ਿਆਦਾਤਰ ਨਕਲੀ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਕਈ ਵਾਰ ਅਸੀਂ ਵੱਡੇ-ਵੱਡੇ ਵਿਗਿਆਪਨ ਦੇਖ ਕੇ ਠੱਗੇ ਜਾਂਦੇ ਹਾਂ। ਵਪਾਰੀਆਂ ਤੇ ਵਿਕਰੇਤਾਵਾਂ ਦਾ ਵਸਤੂ ਵਿਚ ਮਿਲਾਵਟ ਕਰਨ ਪਿੱਛੇ ਇਕੋ ਕਾਰਨ ਹੁੰਦਾ ਹੈ ਪੈਸੇ ਦਾ ਵੱਡਾ ਲਾਲਚ। ਸਾਨੂੰ ਬਹੁਤ ਹੀ ਜਾਗਰੂਕ ਹੋ ਕੇ ਖ਼ਰੀਦਦਾਰੀ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਆਪਣੇ ਦਸਾਂ ਨਹੁੰਆਂ ਦੀ ਮਿਹਨਤ, ਕਿਰਤ ਕਮਾਈ ਨੂੰ ਖ਼ਰਾਬ ਨਾ ਕਰ ਪਾਈਏ।
ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਸਗੋਂ ਅਸਲੀ ਤੇ ਨਕਲੀ ਵਸਤੂ ਵਿਚ ਬਹੁਤ ਫ਼ਰਕ ਹੁੰਦਾ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਵਿਚ ਮਨੁੱਖ ਦੀ ਸਿਹਤ ਲਈ ਘਾਤਕ ਪਦਾਰਥਾਂ ਦੀ ਵਰਤੋਂ ਹੁੰਦੀ ਹੈ। ਰਿਸ਼ਵਤਖੋਰੀ ਦੇ ਚੱਲਣ ਕਰਕੇ ਇਸ ਸਮੱਸਿਆ ਨੂੰ ਬੰਦ ਕਰਨ ਦਾ ਹੱਲ ਨਹੀਂ ਲੱਭ ਰਿਹਾ। ਖਾਣ ਵਾਲੀਆਂ ਸਬਜ਼ੀਆਂ ਤੇ ਫ਼ਲਾਂ ਨੂੰ ਟੀਕੇ ਲਾ ਕੇ ਪਕਾਇਆ ਜਾਂਦਾ ਹੈ। ਇਨ੍ਹਾਂ ਦੀ ਬਾਹਰੀ ਦਿੱਖ ਬਦਲਣ ਲਈ ਰਸਾਇਣਕ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਵੀਡੀਓ ਅਸੀਂ ਅਨੇਕਾਂ ਵਾਰ ਸੋਸ਼ਲ ਮੀਡੀਆ 'ਤੇ ਵੀ ਦੇਖ ਚੁੱਕੇ ਹਾਂ। ਇਹ ਇਕ ਵੱਡੀ ਸਮੱਸਿਆ ਹੈ। ਇਸ ਦਾ ਕੋਈ ਸਾਰਥਿਕ ਹੱਲ ਕਿਉਂ ਨਹੀਂ ਲੱਭ ਰਿਹਾ ਹੈ, ਸਾਨੂੰ ਇਸ ਸਬੰਧੀ ਚੌਕਸ ਹੋਣ ਦੀ ਲੋੜ ਹੈ। ਲੋਕਾਂ ਨੂੰ ਸਾਮਾਨ ਦੇ ਨਕਲੀ ਹੋਣ ਤੇ ਖ਼ਰਾਕੀ ਪਦਾਰਥਾਂ ਵਿਚ ਮਿਲਾਵਟ ਸਬੰਧੀ ਸੁਚੇਤ ਹੋਣਾ ਜ਼ਰੂਰੀ ਹੈ। ਇਸ ਧੰਦੇ ਦੇ ਖ਼ਾਤਮੇ ਲਈ ਲੋਕਾਂ ਦੀ ਜਾਗਰੂਕਤਾ ਦੇ ਨਾਲ-ਨਾਲ ਸਰਕਾਰ ਨੂੰ ਵੀ ਕੁਝ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਹਨ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਇਨ੍ਹਾਂ ਪਵਿੱਤਰ ਤਿਉਹਾਰਾਂ ਦਾ ਖੁੱਲ੍ਹ ਕੇ ਆਨੰਦ ਮਾਣ ਸਕੀਏ।

-ਤਾਰੀ ਵਾਲੀ ਗਲੀ, ਜੈਤੋ ਮੰਡੀ।
ਮੋਬਾ: 98550-31081

ਸਰਕਾਰ ਤੇ ਕਿਸਾਨ ਟਕਰਾਅ ਦੀ ਸਥਿਤੀ ਤੋਂ ਬਚਣ

ਪਿਛਲੇ ਲੰਮੇ ਸਮੇਂ ਤੋਂ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਅੱਗ ਲਾ ਕੇ ਸਾੜਦੇ ਰਹੇ ਹਨ, ਕਿਉਂਕਿ ਉਸ ਸਮੇਂ ਵਾਯੂ ਪ੍ਰਦੂਸ਼ਣ ਦਾ ਮੁੱਦਾ ਕੋਈ ਬਹੁਤਾ ਹਾਵੀ ਨਹੀਂ ਸੀ ਹੋਇਆ ਪਰ ਹਾਲਾਤ ਦੇ ਬਦਲਾਅ ਕਾਰਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਸਾੜਨ ਉੱਤੇ ਰੋਕ ਲਗਾ ਦਿੱਤੀ ਹੈ, ਜਿਸ ਨੂੰ ਲੈ ਕੇ ਸਰਕਾਰਾਂ ਵੀ ਗੰਭੀਰ ਹੋਈਆਂ ਹਨ। ਕਣਕ ਦੇ ਸੀਜ਼ਨ 'ਚ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਕੁਝ ਕਿਸਾਨਾਂ ਨੇ ਖੇਤਾਂ ਵਿਚ ਹੀ ਕਣਕ ਦੇ ਨਾੜ ਨੂੰ ਅੱਗ ਲਾ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਕਿਸਾਨਾਂ ਨੂੰ ਜੁਰਮਾਨੇ ਵੀ ਤਾਰਨੇ ਪਏ ਸਨ। ਇਸ ਰੋਕ ਸਦਕਾ ਹੀ ਪਿਛਲੇ ਸੀਜ਼ਨ ਵਿਚ ਵਾਤਾਵਰਨ ਧੂੰਆਂ ਮੁਕਤ ਵੀ ਰਿਹਾ ਪਰ ਇਸ ਵਾਰ ਹਾਲਾਤ ਕੁਝ ਵੱਖਰੇ ਬਣੇ ਹੋਏ ਹਨ। ਇਸ ਸੀਜ਼ਨ 'ਚ ਕਿਸਾਨ ਸਰਕਾਰੀ ਹੁਕਮਾਂ ਨੂੰ ਨਜ਼ਰਅੰਦਾਜ਼ ਕਰਕੇ ਪਰਾਲੀ ਨੂੰ ਅੱਗ ਲਾਉਣ ਲਈ ਆਮਾਦਾ ਹਨ।
ਕਣਕ ਦੇ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ ਵਿਚ ਸਰਕਾਰੀ ਹੁਕਮਾਂ ਨੂੰ ਕਿਸਾਨ ਜੋ ਮੰਨਣ ਤੋਂ ਆਹਰੀ ਹੋ ਗਏ ਹਨ, ਇਸ ਦਾ ਮੁੱਖ ਕਾਰਨ ਸਰਕਾਰ ਵਲੋਂ ਕਿਸਾਨਾਂ ਨੂੰ ਕਰਜ਼ਾ ਮੁਕਤ ਨਾ ਕਰਨਾ ਮੰਨਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ, ਜੋ ਹੁਣ ਸਰਕਾਰ ਬਣਨ 'ਤੇ ਉਹ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਇਸ ਲਈ ਸਰਕਾਰ ਦੀ ਇਸ ਵਾਅਦਾ ਖਿਲਾਫ਼ੀ ਤੋਂ ਕਿਸਾਨ ਡਾਢੇ ਖਫਾ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਵੀ ਹੋ ਜਾਵੇ, ਉਹ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਹੀ ਸਾੜਨਗੇ। ਸਰਕਾਰ ਨੂੰ ਇਸ ਮੁੱਦੇ ਨੂੰ ਜ਼ਰਾ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਜਿਸ ਨਾਲ ਆਪਸੀ ਟਕਰਾਅ ਤੋਂ ਵੀ ਬਚਿਆ ਜਾਵੇ ਅਤੇ ਵਾਤਾਵਰਨ ਵਿਚ ਧੂੰਏਂ ਦਾ ਜ਼ਹਿਰ ਵੀ ਨਾ ਫੈਲੇ। ਵਾਤਾਵਰਨ ਵਿਚ ਘੁਲਿਆ ਜ਼ਹਿਰ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਸਾਰਾ ਅਸਮਾਨ ਧੂੰਏਂ ਦੇ ਕਾਲੇ ਬੱਦਲਾਂ ਨਾਲ ਕਈ-ਕਈ ਦਿਨ ਢਕਿਆ ਰਹਿੰਦਾ ਹੈ, ਜਿਸ ਨਾਲ ਅੱਖਾਂ 'ਚੋਂ ਪਾਣੀ, ਛਿੱਕਾਂ, ਖੰਘ ਅਤੇ ਹੋਰ ਅਨੇਕਾਂ ਬਿਮਾਰੀਆਂ ਪੈਦਾ ਹੋਣ ਲਗਦੀਆਂ ਹਨ।

-ਨਾਭਾ। ਮੋਬਾ: 90233-16010

ਪਰਾਲੀ ਦਾ ਮਸਲਾ ਬਣਿਆ ਵੱਡੀ ਸਿਰਦਰਦੀ

ਪੰਜ+ਆਬ ਜਿਸ ਨੂੰ ਪਾਣੀਆਂ ਦੀ ਧਰਤੀ ਆਖਿਆ ਜਾਦਾ ਸੀ। ਸਮਾਂ ਬਦਲਿਆਂ ਇਸ ਦੇ ਪਾਣੀਆਂ ਦਾ ਬਟਵਾਰਾ ਹੁੰਦਾ ਗਿਆ ਅੰਤ ਪੰਜਾਬ ਕੋਲ ਜ਼ਮੀਨ ਦੀ ਸਿੰਚਾਈ ਜੋਗਾ ਵੀ ਪਾਣੀ ਨਾ ਰਿਹਾ। ਦੇਸ਼ ਸਾਹਮਣੇ ਅੰਨ ਦੀ ਸਭ ਤੋਂ ਵੱਡੀ ਸਮੱਸਿਆ ਪੈਦਾ ਹੋ ਚੁੱਕੀ ਸੀ, ਪਰ ਹਰੀ ਕ੍ਰਾਂਤੀ ਆਉਣ ਨਾਲ ਅੰਨ ਦੀ ਘਾਟ ਤਾਂ ਪੂਰੀ ਹੋ ਗਈ। ਪਰ ਇਸ ਅੰਨ ਭੰਡਾਰ ਨੂੰ ਪੂਰਾ ਕਰਨ ਨਾਲ ਕਈ ਸੂਬਿਆਂ ਉੱਪਰ ਨਕਾਰਾਤਮਕ ਅਸਰ ਪਏ। ਉਨ੍ਹਾਂ ਸੂਬਿਆਂ ਵਿਚੋਂ ਇਕ ਸੀ ਪੰਜਾਬ, ਜਿਸ ਨੇ ਦੇਸ਼ ਦੇ ਅੰਨ ਭੰਡਾਰ ਨੂੰ ਤਾਂ ਪੂਰਾ ਕਰ ਦਿੱਤਾ, ਪਰ ਖੁਦ ਅਜਿਹੀਆਂ ਅਲਾਮਤਾਂ ਲਗਵਾ ਲਈਆਂ, ਜਿਸ ਦੇ ਬਾਅਦ ਵਿਚ ਘਾਤਕ ਨਤੀਜੇ ਨਿਕਲੇ।
ਪੂਸਾ ਝੋਨੇ ਦੀ ਕਾਸ਼ਤ ਲਗਪਗ ਸੰਨ 70 ਦੇ ਸਮੇਂ ਸ਼ੁਰੂ ਕੀਤੀ ਗਈ। ਪਾਣੀ ਦੇ ਸਾਧਨ ਵਜੋਂ ਧਰਤੀ ਦਾ ਸੀਨਾ ਪਾੜ ਬੋਰ ਕੀਤੇ ਗਏ, ਬਿਜਲੀ ਦੇ ਕੁਨੈਕਸ਼ਨ ਮਿਲਣੇ ਸ਼ੁਰੂ ਹੋਏ ਤਾਂ ਇਕ ਵਾਰ ਪੰਜਾਬ ਦੇ ਕਿਸਾਨ ਦੀ ਆਰਥਿਕ ਸਥਿਤੀ ਵਿਚ ਹੈਰਾਨੀਜਨਕ ਬਦਲਾਅ ਆਇਆ, ਜਿਸ ਨੇ ਕਿਸਾਨ ਦਾ ਰਹਿਣ-ਸਹਿਣ ਦਾ ਢੰਗ ਬਦਲ ਕੇ ਰੱਖ ਦਿੱਤਾ।
ਸਮਾਂ ਬਦਲਿਆ, ਅਜੋਕੇ ਸਮੇਂ ਪੰਜਾਬ ਦੇ ਕਿਸਾਨ ਦੀ ਆਰਥਿਕ ਸਥਿਤੀ ਕੀ ਹੈ? ਖੇਤੀਬਾੜੀ ਜੋ ਉਸ ਦਾ ਮੁੱਖ ਧੰਦਾ ਹੈ, ਉਹ ਕਿੰਨਾ ਕੁ ਫਾਇਦੇ ਦਾ ਰਹਿ ਚੁੱਕਾ ਹੈ? ਮੁੱਖ ਫ਼ਸਲ ਪੂਸਾ ਝੋਨੇ ਦੀ ਕੀ ਸਥਿਤੀ ਹੈ? ਇਹ ਗੱਲਾਂ ਵਿਚਾਰਨਯੋਗ ਹਨ।
ਸਭ ਤੋਂ ਪਹਿਲੀ ਗੱਲ ਜੇਕਰ ਸਰਕਾਰ ਨੇ ਪੂਸਾ ਝੋਨੇ ਦੀ ਪਰਾਲੀ ਸਾੜਨ ਉੱਪਰ ਪੂਰਨ ਰੋਕ ਲਗਾਉਣੀ ਸੀ ਤਾਂ ਜੂਨ ਮਹੀਨੇ ਵਿਚ ਹੀ ਨਿਰਦੇਸ਼ ਜਾਰੀ ਕਰਦੀ, ਪੂਸਾ ਝੋਨੇ ਦੀ ਕਾਸ਼ਤ ਉੱਪਰ ਪੂਰੀ ਤਰ੍ਹਾਂ ਰੋਕ ਲਗਾ ਦਿੰਦੀ, ਨਾ ਪੂਸਾ ਝੋਨਾ ਲਗਦਾ, ਨਾ ਪਰਾਲੀ ਸੜਦੀ। ਪੂਸਾ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚ ਸਿਰਫ਼ 10 ਤੋਂ 15 ਦਿਨਾਂ ਦਾ ਸਮਾਂ ਹੁੰਦਾ ਹੈ। ਇੰਨੇ ਥੋੜ੍ਹੇ ਸਮੇਂ ਵਿਚ ਕਿਸਾਨ ਕਿਸ ਤਰ੍ਹਾਂ ਝੋਨੇ ਦੀ ਪਰਾਲੀ ਨੂੰ ਮਿੱਟੀ ਵਿਚ ਕੁਤਰਾ ਕਰਕੇ ਖ਼ਤਮ ਕਰ ਸਕਦਾ ਹੈ? ਜੇਕਰ ਆਧੁਨਿਕ ਮਸ਼ੀਨਰੀ ਨਾਲ ਰਹਿੰਦ-ਖੂੰਹਦ ਦਾ ਨਿਪਟਾਰਾ ਖੇਤ ਵਿਚ ਕਰਦਾ ਹੈ ਤਾਂ ਖਰਚ ਬਹੁਤ ਜ਼ਿਆਦਾ ਅਤੇ ਮਸ਼ੀਨਰੀ ਬਹੁਤ ਮਹਿੰਗੀ ਦੀ ਲੋੜ ਪੈਂਦੀ ਹੈ, ਜੋ ਹਰੇਕ ਕਿਸਾਨ ਕੋਲ ਸੰਭਵ ਨਹੀਂ, ਕਿਉਂਕਿ ਅੱਜ ਦੇ ਕਿਸਾਨ ਦੀ ਆਰਥਿਕ ਹਾਲਤ ਕਿਸੇ ਕੋਲੋਂ ਲੁਕੀ ਨਹੀਂ ਰਹੀ ਹੈ।
ਸਰਕਾਰ ਨੂੰ ਰਹਿੰਦ-ਖੂੰਹਦ ਸਾੜਨ ਉੱਪਰ ਰੋਕ ਲਗਾਉਣ ਤੋਂ ਪਹਿਲਾਂ ਕੋਈ ਯੋਜਨਾ ਬਣਾਉਣੀ ਚਾਹੀਦੀ ਹੈ। ਕਿਸਾਨਾਂ ਨੂੰ ਕੋਈ ਦੂਜਾ ਰਸਤਾ ਦਿਖਾਉਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੀ ਅਗਲੀ ਫ਼ਸਲ ਵੀ ਪਿਛੇਤੀ ਨਾ ਹੋਵੇ, ਨਾ ਵਾਤਾਵਰਨ ਪ੍ਰਦੂਸ਼ਿਤ ਹੋਵੇ। ਸਾਡੇ ਕੋਲ ਖੇਤੀਬਾੜੀ ਯੂਨੀਵਿਰਸਟੀ, ਖੇਤੀ ਮਾਹਿਰ, ਅਰਥ-ਸ਼ਾਸਤਰੀ ਅਤੇ ਵਿਦਵਾਨ ਮੌਜੂਦ ਹਨ, ਜੋ ਸਾਨੂੰ ਕੋਈ ਨਵੀਂ ਦਿਸ਼ਾ ਦਿਖਾ ਦੇਣ, ਜਿਸ ਨਾਲ ਦੋਵੇਂ ਪੱਖਾਂ ਦਾ ਬਚਾਅ ਕੀਤਾ ਜਾਵੇ। ਜੇਕਰ ਕਿਸਾਨ ਤੋਂ ਹੀ ਸ਼ੁਰੂਆਤ ਕਰਨੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਰਹਿੰਦ-ਖੂੰਹਦ (ਪਰਾਲੀ) ਸਾੜਨ ਦੇ ਨੁਕਸਾਨ ਦਾ ਹਵਾਲਾ ਦਿੰਦੇ ਹੋਏ, ਆਪਣੀ ਜ਼ਮੀਨ ਦਾ ਕੁਝ ਹਿੱਸਾ ਇਸ ਵਾਰ ਸਾੜਨ ਤੋਂ ਰੋਕਿਆ ਜਾਵੇ।
ਸਰਕਾਰ ਆਪਣਾ ਫਰਜ਼ ਨਿਭਾਉਂਦੀ ਹੋਈ ਸਹਿਕਾਰੀ ਸਭਾਵਾਂ ਰਾਹੀਂ ਮਹਿੰਗੇ ਸੰਦਾਂ ਨੂੰ ਕਿਸਾਨਾਂ ਦੀ ਸਹੂਲਤ ਲਈ ਮੁਹੱਈਆ ਕਰਾਵੇ। ਕਿਉਂਕਿ ਪੰਜਾਬ ਦੇ ਕਿਸਾਨ ਕੋਲ ਇੰਨੀ ਤਾਕਤ ਨਹੀਂ ਕਿ ਇਸ ਸਮੇਂ ਉਹ ਮਹਿੰਗੇ ਸੰਦ ਖਰੀਦ ਸਕੇ। ਸਰਕਾਰ ਦੇ ਇਸ ਉੱਦਮ ਨਾਲ ਜਿਥੇ ਕਿਸਾਨ ਦੀ ਆਰਥਿਕ ਸਥਿਤੀ ਵਿਚ ਮਜ਼ਬੂਤੀ ਆਵੇਗੀ, ਉਥੇ ਵਾਤਾਵਰਨ ਦੀ ਸੰਭਾਲ, ਭਵਿੱਖ ਵਿਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਵੀ ਹੋਵੇਗਾ।

-ਪੰਜਾਬੀ ਵਿਭਾਗ, ਹਰਫ਼ ਕਾਲਜ, ਮਲੇਰਕੋਟਲਾ।
ਮੋਬਾ: 94179-71451

ਤਿੰੰਨ ਧਿਰੀ ਸਮੱਸਿਆ ਪਰਾਲੀ ਨੂੰ ਅੱਗ ਲਾਉਣਾ

ਹਰ ਸਾਲ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਪੰਜਾਬ ਦੇ ਬੂਹੇ 'ਤੇ ਖਲੋਅ ਜਾਂਦੀ ਹੈ। ਇਹ ਸਮੱਸਿਆ ਸਰਕਾਰ, ਜ਼ਿਮੀਂਦਾਰ ਅਤੇ ਵਾਤਾਵਰਨ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰਭਾਵ ਪਾਉਂਦੀ ਹੈ। ਇਸ ਸਮੱਸਿਆ ਲਈ ਸਰਕਾਰ ਵਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹਨ, ਜਿਵੇਂ ਕਿ ਕਿਸਾਨ ਨੂੰ ਜਾਗਰੂਕ ਕਰਨਾ ਅਤੇ ਨਿਯਮਾਂਵਲੀ ਨਿਰਧਾਰਤ ਕਰਨੀ। ਸਰਕਾਰ ਵਲੋਂ ਕਿਸਾਨਾਂ ਨੂੰ ਬਿਨਾਂ ਪਰਾਲੀ ਵਾਹੇ ਹੈਪੀ ਸੀਡਰ ਰਾਹੀਂ ਬਿਜਾਈ ਕਰਨ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਪੰਜਾਬ ਸਰਕਾਰ ਵਲੋਂ 2013 ਵਿਚ ਕਣਕ ਅਤੇ ਪਰਾਲੀ ਨੂੰ ਸਾੜਨ 'ਤੇ ਕਾਨੂੰਨੀ ਦਾਇਰੇ ਹੇਠ ਲਿਆ ਕੇ ਪਾਬੰਦੀ ਲਗਾਈ ਗਈ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਜ਼ਿਮੀਂਦਾਰ ਦੀ ਮਦਦ ਲਈ ਸਰਕਾਰੀ ਧਿਰ ਨੂੰ ਕਿਹਾ ਸੀ। ਬਹੁਤ ਵਾਰੀ ਸਰਕਾਰੀ ਪੱਖ ਵਲੋਂ 'ਵਿਹੜੇ ਆਈ ਜੰਞ, ਵਿੰਨ੍ਹੋ ਕੁੜੀ ਦੇ ਕੰਨ' ਵਾਲਾ ਸਿਧਾਂਤ ਹੁੰਦਾ ਹੈ। ਪਰ ਪਰਾਲੀ ਨੂੰ ਅੱਗ ਲਾਉਣ ਦੇ ਮਸਲੇ 'ਤੇ ਸਰਕਾਰੀ ਧਿਰ ਸੰਜੀਦਾ ਰਹਿੰਦੀ ਹੈ। ਖੇਤੀਬਾੜੀ ਮਹਿਕਮਾ ਵੀ ਇਸ ਸਮੱਸਿਆ ਨਾਲ ਨਜਿੱਠਣ ਲਈ ਆਪਣਾ ਯੋਗਦਾਨ ਪਾਉਂਦਾ ਹੈ।
ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਜ਼ਿਮੀਂਦਾਰ ਨੇ ਝੋਨੇ ਹੇਠ ਰਕਬਾ ਵਧਾ ਕੇ 1970 ਤੋਂ 80 ਦਰਮਿਆਨ ਕੇਂਦਰੀ ਪੂਲ ਵਿਚ 10.94 ਫੀਸਦੀ ਚੌਲ ਦਾ ਹਿੱਸਾ ਪਾਇਆ, ਜੋ ਕਿ 2009 ਵਿਚ ਵਧ ਕੇ 33.08 ਹੋ ਗਿਆ। ਇਸ ਨਾਲ ਭੰਡਾਰ ਤਾਂ ਭਰੇ, ਪਰ ਕਿਸਾਨ ਲਈ ਸਮੱਸਿਆ ਇਹ ਹੋਈ ਕਿ ਫ਼ਸਲੀ ਚੱਕਰ ਵਿਚ ਫਸ ਕੇ ਆਪਣੇ-ਆਪ ਅਤੇ ਵਾਤਾਵਰਨ ਨੂੰ ਪ੍ਰਭਾਵਿਤ ਕਰਨ ਲੱਗਿਆ। ਇਸ ਨਾਲ ਹਰ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਅਤੇ ਪਾਣੀ ਦੀ ਸਤ੍ਹਾ, ਹਰ ਸਾਲ 33 ਸੈਂ: ਮੀ: ਥੱਲੇ ਜਾਣ ਕਰਕੇ ਵਾਤਾਵਰਨ ਨੂੰ ਪ੍ਰਭਾਵਿਤ ਕਰਨ ਲੱਗੀ।
ਪਰਾਲੀ ਦੀ ਸੁਯੋਗ ਵਰਤੋਂ ਪਸ਼ੂਆਂ ਨੂੰ ਸੁੱਕੇ ਘਾਹ ਵਜੋਂ ਅਤੇ ਹਿਮਾਚਲ ਪ੍ਰਦੇਸ਼ ਨੂੰ ਸੇਬਾਂ ਦੀ ਪੈਕਿੰਗ ਲਈ ਕੀਤੀ ਜਾ ਸਕਦੀ ਹੈ। ਛੋਟਾ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆਂ ਤੋਂ ਦੂਰ ਰਹਿੰਦਾ ਹੈ, ਕਿਉਂਕਿ ਉਸ ਦੀ ਪਰਾਲੀ ਉਸ ਦੇ ਡੰਗਰਾਂ ਦੇ ਖਾਣ ਦੇ ਕੰਮ ਆਉਂਦੀ ਹੈ। ਸੜਕਾਂ ਉੱਤੇ ਧੂੰਆਂ ਹੋਣ ਕਰਕੇ ਹਾਦਸੇ ਵੀ ਹੁੰਦੇ ਹਨ। ਪਰਾਲੀ ਨੂੰ ਅੱਗ ਲਾਉਣ ਨਾਲ ਜ਼ਮੀਨੀ ਸਿਹਤ ਨੁਕਸਾਨੀ ਜਾਂਦੀ ਹੈ। ਇਸ ਲਈ ਸਰਕਾਰ ਅਤੇ ਕਿਸਾਨ ਦਾ ਫਰਜ਼ ਬਣਦਾ ਹੈ ਕਿ ਭਵਿੱਖੀ ਖ਼ਤਰੇ ਤੋਂ ਬਚਣ ਲਈ ਹਰ ਸਾਲ ਰਾਗ ਅਲਾਪਣ ਨਾਲੋਂ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਤੁਰੰਤ ਯੂ-ਟਰਨ ਲਵੇ। ਇਸ ਸਬੰਧੀ ਸਰਕਾਰ ਅਤੇ ਕਿਸਾਨਾਂ ਵਲੋਂ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਹਨ, ਜਿਸ ਨਾਲ ਅਗਲੀ ਪੀੜ੍ਹੀ ਖੱਜਲ-ਖੁਆਰੀ ਤੋਂ ਬਚ ਸਕੇਗੀ। ਇਸ ਸਬੰਧੀ ਕਿਸਾਨ, ਸਰਕਾਰ ਅਤੇ ਵਾਤਾਵਰਨ ਤਿੰਨੇ ਧਿਰਾਂ ਸੁਖਾਲੀਆਂ ਹੋ ਸਕਦੀਆਂ ਹਨ। ਇਸ ਸਬੰਧੀ ਲੋਕ ਲਹਿਰ ਪੈਦਾ ਕਰਨਾ ਅੱਜ ਸਮੇਂ ਦੀ ਮੁੱਖ ਮੰਗ ਹੈ।

-ਅਬਿਆਣਾ ਕਲਾਂ।
ਮੋਬਾ: 98781-11445

ਪਰਾਲੀ ਸਾੜਨ ਦੇ ਸਾਡੇ ਜੀਵਨ 'ਤੇ ਪੈ ਰਹੇ ਮਾੜੇ ਪ੍ਰਭਾਵ

ਕੁਦਰਤ ਨੇ ਜਿਨ੍ਹਾਂ ਅਨਮੋਲ ਜੜ੍ਹੀਆਂ-ਬੂਟੀਆਂ ਅਤੇ ਪੇੜ-ਪੌਦਿਆਂ ਨਾਲ ਸਾਨੂੰ ਇਸ ਧਰਤੀ 'ਤੇ ਨਿਵਾਜਿਆ ਹੈ, ਉਨ੍ਹਾਂ ਸਭਨਾਂ ਵਿਚ ਮਨੁੱਖ ਦੀ ਭਲਾਈ ਅਤੇ ਬਿਹਤਰੀ ਲਈ ਕੋਈ ਨਾ ਕੋਈ ਹਿਕਮਤ ਛੁਪੀ ਹੋਈ ਹੈ। ਇਹ ਅਲੱਗ ਗੱਲ ਹੈ ਕਿ ਸਾਨੂੰ ਉਸ ਦਾ ਗਿਆਨ ਨਾ ਹੋਵੇ ਪਰ ਰੱਬ ਨੇ ਕੋਈ ਵੀ ਚੀਜ਼ ਬੇਕਾਰ ਪੈਦਾ ਨਹੀਂ ਕੀਤੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰ ਆਪਣੇ ਸਭ ਸਾਧਨਾਂ ਰਾਹੀਂ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਪ੍ਰੇਰਨਾ ਦੇਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਅਤੇ ਉਪਰਾਲੇ ਕਰ ਰਹੀ ਹੈ। ਪਰ ਇਸ ਸਭ ਦੇ ਬਾਵਜੂਦ ਲੋਕਾਂ ਵਲੋਂ ਸਹਿਯੋਗ ਨਾ ਮਿਲਣ ਕਾਰਨ ਸਰਕਾਰ ਦੇ ਇਰਾਦੇ ਧਰੇ-ਧਰਾਏ ਹੀ ਰਹਿ ਜਾਂਦੇ ਹਨ, ਜਿਸ ਕਾਰਨ ਸਰਕਾਰ ਦੁਆਰਾ ਕਿਸਾਨ ਵੀਰਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਅਤੇ ਬੇ-ਦਾਰ ਕਰਨ ਲਈ ਇਸ਼ਤਿਹਾਰਾਂ ਆਦਿ ਉੱਪਰ ਖਰਚ ਕੀਤੀਆਂ ਜਾਣ ਵਾਲੀਆਂ ਭਾਰੀ ਰਕਮਾਂ ਫਜ਼ੂਲ ਅਤੇ ਅਜਾਈਂ ਜਾਂਦੀਆਂ ਹਨ।
ਜੇਕਰ ਪੰਜਾਬ ਵਿਚ ਝੋਨੇ ਦੀ ਬਿਜਾਈ ਵਾਲੇ ਖੇਤਰ ਦੀ ਗੱਲ ਕਰੀਏ ਤਾਂ ਸੂਬੇ ਵਿਚ ਲਗਪਗ 65 ਲੱਖ ਏਕੜ ਰਕਬੇ 'ਚ ਝੋਨੇ ਦੀ ਕਾਸ਼ਤ ਹੁੰਦੀ ਹੈ। ਝੋਨੇ ਦੀ ਫ਼ਸਲ ਦੀ ਪ੍ਰਾਪਤੀ ਉਪਰੰਤ ਜਦ ਖੇਤਾਂ ਵਿਚਲੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਤਾਂ ਇਸ ਨਾਲ ਜੋ ਸਾਡਾ ਨੁਕਸਾਨ ਹੁੰਦਾ ਹੈ, ਉਸ ਦੇ ਤੱਥ ਯਕੀਨਨ ਚਿੰਤਾਜਨਕ ਹਨ। ਇਕ ਰਿਪੋਰਟ ਅਨੁਸਾਰ ਇਕ ਕਿੱਲੇ ਵਿਚ 2.5 ਤੋਂ ਲੈ ਕੇ 3 ਟਨ ਪਰਾਲੀ ਦੀ ਪੈਦਾਵਾਰ ਹੁੰਦੀ ਹੈ, ਜਿਸ ਦੇ ਸਾੜਨ ਦੇ ਫਲਸਰੂਪ ਤਕਰੀਬਨ 32 ਕਿਲੋ ਯੂਰੀਆ, 5.5 ਕਿਲੋ ਡੀ.ਏ.ਪੀ. ਅਤੇ 51 ਕਿਲੋ ਪਟਾਸ਼ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕਾਸ਼ਤਕਾਰੀ ਲਈ ਸਹਾਇਕ, ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜਿਸ ਨਾਲ ਖੇਤੀ ਦੀ ਉਪਜਾਊ ਸ਼ਕਤੀ 'ਚ ਬੇ-ਤਹਾਸ਼ਾ ਕਮੀ ਆਉਂਦੀ ਹੈ। ਇਕ ਅੰਦਾਜ਼ੇ ਮੁਤਾਬਿਕ ਪਰਾਲੀ ਦੇ ਸਾੜਨ ਨਾਲ ਫ਼ਸਲਾਂ ਦੇ ਵਧੇਰੇ ਵਧਣ-ਫੁੱਲਣ ਲਈ ਫ਼ਸਲੀ ਮਲੜ ਦੇ ਨਾਲ-ਨਾਲ ਲਗਪਗ 38 ਲੱਖ ਟਨ ਆਰਗੈਨਿਕ ਕਾਰਬਨ ਸੜ ਜਾਂਦੇ ਹਨ, ਜਿਸ ਦੇ ਕਾਰਨ ਧਰਤੀ ਦੀ ਜ਼ਰਖੇਜੀ ਭਾਵ ਉਪਜਾਊ ਸ਼ਕਤੀ ਵਿਚ ਕਮੀ ਆਉਂਦੀ ਹੈ।
ਦੂਸਰੇ ਪਾਸੇ ਪਰਾਲੀ ਸਾੜਨ ਕਰਕੇ ਜ਼ਹਿਰੀਲੀਆਂ ਗੈਸਾਂ ਕਾਰਬਨ ਮੋਨੋਅਕਸਾਈਡ, ਲਾਲ ਕਣਾਂ ਨਾਲ ਕਿਰਿਆ ਕਰ ਕੇ ਖੂਨ ਦੀ ਆਕਸੀਜਨ ਲੈ ਜਾਣ ਦੀ ਸਮਰੱਥਾ ਘਟਾਉਂਦੀ ਹੈ। ਇਸ ਦੇ ਨਾਲ ਹੀ ਕਾਰਬਨ ਡਾਈਆਕਸਾਈਡ ਅੱਖਾਂ ਅਤੇ ਸਾਹ ਦੀ ਨਲੀ ਵਿਚ ਜਲਣ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਸਲਫਰ ਅਕਸਾਈਡ ਅਤੇ ਨਾਈਟਰੋਜਨ ਆਕਸਾਈਡ ਫੇਫੜਿਆਂ, ਖੂਨ, ਚਮੜੀ ਅਤੇ ਸਾਹ ਕਿਰਿਆ 'ਤੇ ਸਿੱਧਾ ਅਸਰ ਕਰਦੇ ਹਨ, ਜੋ ਕਿ ਕੈਂਸਰ ਵਰਗੀਆਂ ਮੂਜ਼ੀ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਉਕਤ ਜ਼ਹਿਰੀਲੀਆਂ ਗੈਸਾਂ ਦੇ ਪ੍ਰਕੋਪ ਦਾ ਸ਼ਿਕਾਰ ਸਭ ਨਾਲੋਂ ਜ਼ਿਆਦਾ ਬੱਚੇ ਹੁੰਦੇ ਹਨ, ਕਿਉਂਕਿ ਬੱਚਿਆਂ 'ਚ ਮੈਟਾਬੋਲਿਕ ਐਕਟੀਵਿਟੀ ਹੋਣ ਕਾਰਨ, ਉਨ੍ਹਾਂ ਵਿਚ ਗੈਸ ਨੂੰ ਸਮੋਹਣ ਦੀ ਸਮਰੱਥਾ ਵਧੇਰੇ ਹੁੰਦੀ ਹੈ। ਉਕਤ ਗੈਸਾਂ ਗਰਭਵਤੀ ਔਰਤਾਂ 'ਤੇ ਵੀ ਬਹੁਤ ਮਾੜਾ ਪ੍ਰਭਾਵ ਪਾਉਂਦੀਆਂ ਹਨ।
ਇਕ ਹੋਰ ਅਧਿਐਨ ਅਨੁਸਾਰ ਜਿਹੜੇ ਸਾਹ ਨਾਲ ਅੰਦਰ ਜਾਣ ਵਾਲੇ ਮਹੀਨ ਧੂੜ ਕਣਾਂ ਦੀ ਮਿਕਦਾਰ ਆਮ ਦਿਨਾਂ 'ਚ ਵਾਤਾਵਰਨ ਵਿਚ ਲਗਪਗ 60 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਪਾਈ ਜਾਂਦੀ ਹੈ ਉਨ੍ਹਾਂ ਦੀ ਤਾਦਾਦ ਵਿਚ ਪਰਾਲੀ ਸਾੜਨ ਦੇ ਦਿਨਾਂ 'ਚ 425 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਤੱਕ ਦਾ ਵਾਧਾ ਵੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਪਰਾਲੀ ਸਾੜਨ ਕਾਰਨ ਲੋੜੀਂਦੀ ਸਰਦੀ ਦੇ ਮੌਸਮ ਵਿਚ ਵੀ ਕਮੀ ਵੇਖਣ ਨੂੰ ਮਿਲ ਰਹੀ ਹੈ। ਸਰਦੀ ਦਾ ਘੱਟ ਪੈਣਾ ਕਣਕ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਇਕ ਅੰਦਾਜ਼ੇ ਮੁਤਾਬਿਕ ਪਰਾਲੀ ਦੇ ਸਾੜਨ ਕਾਰਨ ਹਰ ਸਾਲ ਕਿਸਾਨਾਂ ਦਾ ਲਗਪਗ 500 ਕਰੋੜ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਪਰਾਲੀ ਦੇ ਧੂੰਏਂ ਅਤੇ ਅੱਗ ਦੇ ਕਾਰਨ ਸੜਕਾਂ ਉਪਰ ਸਫ਼ਰ ਕਰ ਰਹੇ ਕਿੰਨੇ ਹੀ ਪਾਂਧੀ ਮੁਸਾਫਿਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਕਈ ਵਾਰ ਜਾਨੀ-ਮਾਲੀ ਨੁਕਸਾਨ ਹੁੰਦਾ ਹੈ।

-ਮਲੇਰਕੋਟਲਾ। ਮੋਬਾ: 98552-59560
Abbasdhaliwal 72@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX