ਤਾਜਾ ਖ਼ਬਰਾਂ


ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  about 2 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  about 3 hours ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  about 3 hours ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  about 3 hours ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  about 3 hours ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  about 3 hours ago
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੇ ਸਿਵਲ ਹਸਪਤਾਲ ਵਿਚ ਕਰੀਬ 2 ਘੰਟੇ ਦਾਖਿਲ ਰਹਿਣ ਤੋਂ ਬਾਅਦ ਸਵਾਈਨ ਫਲੂ ਦੀ ਇੱਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਬੇਸ਼ੱਕ ਖੰਨਾ ਦੇ ਐਸ. ਐਮ.ਓ. ਡਾ.ਰਾਜਿੰਦਰ ਗੁਲਾਟੀ ਇਸ ਮੌਤ ਨੂੰ ਸਵਾਈਨ...
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  about 3 hours ago
ਚੰਡੀਗੜ੍ਹ, 19 ਫਰਵਰੀ - ਪੰਜਾਬ ਦੇ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਅੱਜ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਈ ਵੱਡੇ ਬਰੈਂਡਾਂ ਵਲੋਂ ਘਟੀਆ ਗੁਣਵੱਤਾ ਦੀ ਸ਼ਰਾਬ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਬਰੈਂਡਾਂ ਦੀ ਅਲਕੋਹਲ 'ਚ 2 ਫੀਸਦੀ...
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ 19 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਦੇ 35 ਕੁ ਵਰ੍ਹਿਆ ਦੇ ਇਕ ਕਿਸਾਨ ਜਗਸੀਰ ਸਿੰਘ ੁਪੁੱਤਰ ਅਜੈਬ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਸੁਣੋ ਸਾਡੀਆਂ ਪ੍ਰਾਪਤੀਆਂ

ਪ੍ਰੀਤਮ ਬਰਾੜ ਦੇ ਬੰਗਲੇ ਖ਼ੁਸ਼ੀ ਦਾ ਭੋਗ ਪੈਣ ਮਗਰੋਂ ਮੰਤਰੀਆਂ ਦੀ ਮੀਟਿੰਗ ਸੱਦੀ ਗਈ। ਬਜ਼ੁਰਗ ਮੰਤਰੀ ਪ੍ਰੇਸ਼ਾਨ ਸਨ। ਖਾਸ ਕਰਕੇ ਉਹ ਜਿਨ੍ਹਾਂ ਨੇ ਪਾਰਟੀ ਦੀ ਪ੍ਰਧਾਨਗੀ ਵਾਸਤੇ ਘਰ ਪਰਿਵਾਰ ਵਾਰ ਦਿੱਤੇ ਸਨ। ਪਰ ਅੱਜ ਪ੍ਰਧਾਨ ਉਨ੍ਹਾਂ ਦਾ ਸਪੁੱਤਰ ਸਰਬਜੀਤ ਬਣਾਇਆ ਜਾ ਰਿਹਾ ਸੀ ਤਾਂ ਕਿ ਉਸ ਦਾ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਜਾਵੇ। ਅੱਜ ਨਾ ਉਨ੍ਹਾਂ ਤੋਂ ਹਮਾਇਤ ਦਿੱਤੀ ਜਾਵੇਗੀ ਨਾ ਜਵਾਬ। ਹਾਲਤ ਸੱਪ ਦੇ ਮੂੰਹ ਆਈ ਕੋਹੜ ਕਿਰਲੀ ਵਾਲੀ ਹੋ ਗਈ। ਮੀਟਿੰਗ 'ਚ ਵਿਆਹ ਵਰਗਾ ਮਾਹੌਲ ਸੀ। ਗਾਇਕਾਂ ਅਤੇ ਡਾਂਸਰਾਂ ਨੇ ਧਮਾਲ ਪਾ ਰੱਖੀ ਸੀ ਅਤੇ ਅਣਗਿਣਤ ਅੱਧ-ਨੰਗੀਆਂ ਸਰਵੇਟਰਾਂ ਮੰਤਰੀਆਂ ਨੂੰ ਤੱਤੇ-ਠੰਢੇ ਵਿਖਾ ਰਹੀਆਂ ਸਨ। ਸਟੇਜ 'ਤੇ ਬਰਾੜ ਸਾਹਬ ਨਾਲ ਬੈਠਾ ਸਰਬਜੀਤ ਉਨ੍ਹਾਂ ਨੂੰ ਵਿਹੁਵਰਗਾ ਲੱਗ ਰਿਹਾ ਸੀ। ਜੋਬਨ ਦੀ ਲਾਟ ਬਣੀ ਬੈਠੀ ਪੀ.ਏ. ਸ਼ਰਾਬੀ ਤੱਕਣੀ ਨਾਲ ਸਾਰਿਆਂ ਨੂੰ ਵੱਧ ਤੋਂ ਵੱਧ ਨਸ਼ਈ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਆਖਿਰ ਸਭ ਮੰਤਰੀਆਂ ਦੀ ਹਾਜ਼ਰੀ ਲਵਾ ਕੇ ਗਾਉਣ ਵਜਾਉਣ ਰੋਕਿਆ ਗਿਆ। ਬਰਾੜ ਸਾਹਿਬ ਪੀ.ਏ. ਨੂੰ ਬੋਲੇ, 'ਮੈਡਮ ਪਾਰਟੀ ਨੂੰ ਇਸ ਸਾਲ ਦੀਆਂ ਪਾਰਟੀਆਂ ਅਤੇ ਰੱਖੇ ਜਾਣ ਵਾਲੇ ਨੀਂਹ-ਪੱਥਰਾਂ ਦਾ ਵੇਰਵਾ ਦੱਸੋ।'
ਸ਼ੁਰੂ ਹੁੰਦੀ ਪੀ.ਏ. ਨੇ ਕਈ ਤਰ੍ਹਾਂ ਦੀਆਂ ਅਦਾਵਾਂ ਵਿਖਾਈਆਂ। ਉਸ ਦੇ ਬੋਲਣ ਤੋਂ ਪਹਿਲਾਂ ਹੀ ਖਜ਼ਾਨਾ ਮੰਤਰੀ ਉਠ ਕੇ ਬੋਲਿਆ, 'ਤਾਇਆ ਜੀ ਖਜ਼ਾਨੇ 'ਚ ਪੈਸਾ ਹੈ ਨਹੀਂ। ਕਿਤੇ ਕੋਈ ਨੀਂਹ ਪੱਥਰ ਨਾ ਰੱਖ ਲਿਆ ਜੇ।'
'ਕਾਕਾ ਫਿਕਰ ਨਾ ਕਰ, ਪੈਸਾ ਬਥੇਰਾ ਆਜੂ', ਬਰਾੜ ਸਾਹਬ ਬੋਲੇ।
'ਤਾਇਆ ਜੀ ਮੁਆਫ਼ ਕਰਨਾ। ਬਿਜਲੀ, ਪਾਣੀ, ਚੁੰਗੀਆਂ, ਕਿਰਾਏ ਅਤੇ ਕਰਜ਼ੇ ਸਭ ਮੁਆਫ਼ ਅਤੇ ਉਤੋਂ ਪੈਨਸ਼ਨਾਂ ਦਾ ਭਾਰ। ਖਜ਼ਾਨਾ ਭਾਂਅ-ਭਾਂਅ ਕਰਦਾ ਵੇਖ ਕੇ ਮੈਨੂੰ ਤਾਂ ਵੈਸੇ ਹੀ ਬੜੀ ਸ਼ਰਮ ਆਉਂਦੀ ਹੈ', ਖਜ਼ਾਨਾ ਮੰਤਰੀ ਦਾ ਜਵਾਬ ਸੀ।
'ਮੈਂ ਕਹਿਨਾ ਘਬਰਾ ਨਾ। ਆਪਾਂ ਖਜ਼ਾਨਾ ਖਾਲੀਕਰ ਸਕਦੇ ਹਾਂ ਤਾਂ ਭਰ ਵੀ ਸਕਦੇ ਹਾਂ। ਹੁਣੇ ਵੇਖ ਮੈਂ ਘੁਮਾਉਨਾਂ ਜਾਦੂ ਦੀ ਛੜੀ। ਸੁਣੋ ਸਾਰੇ ਮੰਤਰੀ, ਪੰਜਾਬ ਪੁਲਿਸ ਪੰਜ ਕਰੋੜ, ਤਹਿਸੀਲਦਾਰ ਮਹਿਕਮਾ ਛੇ, ਸਿਹਤ ਮਹਿਕਮਾ ਤਿੰਨ, ਬਿਜਲੀ ਬੋਰਡ ਪੰਜ, ਡੀ.ਟੀ.ਓ. ਸੱਤ ਅਤੇ ਸ਼ਹਿਰੀ ਕਮੇਟੀਆਂ ਦੋ-ਦੋ ਕਰੋੜ। ਇਹ ਸਾਰਾ ਤੀਹ ਦਾ ਤੀਹ ਕਰੋੜ ਚੜ੍ਹੇ ਮਹੀਨੇ ਖਜ਼ਾਨੇ 'ਚ ਆ ਜਾਣਾ ਚਾਹੀਦਾ ਹੈ। ਮੇਰਾ ਕੰਮ ਵਿਜੀਲੈਂਸ ਵਾਲਿਆਂ ਨੂੰ ਸਮਝਾ ਦੇਣਾ। ਆਪਣੇ ਤੋਂ ਥੱਲੇ ਵਾਲਿਆਂ ਨੂੰ ਸਮਝਾਉਣਾ ਤੁਹਾਡਾ ਕੰਮ। ਪਾਰਟੀ ਦੀ ਮਦਦ ਕਰਦਿਆਂ ਕਿਸੇ ਮੁਲਾਜ਼ਮ ਦੇ ਵਾਲ ਨਹੀਂ ਕਾਲੇ ਹੋਣ ਲੱਗੇ। ਨਾ ਹੀ ਉਨ੍ਹਾਂ ਨੇ ਇਲੈਕਸ਼ਨ ਲੜਨਾ ਹੈ, ਜਿਹੜਾ ਬਦਨਾਮ ਹੋ ਕੇ ਹਾਰ ਜਾਣਗੇ। ਹੁਣ ਸੁਣੋ ਸਾਡੀਆਂ ਪ੍ਰਾਪਤੀਆਂ।
ਪੀ.ਏ. ਸੂਤਵਾਤ ਹੋਣ ਹੀ ਲੱਗੀ ਸੀ ਕਿ ਮੇਜ਼ ਉਪਰਲਾ ਇੰਟਰਕਾਮ ਬੋਲ ਪਿਆ। ਫੋਨ ਸੁਣ ਕੇ ਬਰਾੜ ਸਾਹਿਬ ਖੇਤੀਬਾੜੀ ਮੰਤਰੀ ਨੂੰ ਬੋਲੇ, 'ਭਰਾ ਜਾਈਂ ਬਾਹਰ। ਕੁਝ ਲੋਕ ਟਿਊਬਵੈੱਲ ਕੁਨੈਕਸ਼ਨਾਂ ਦੇ ਵਾਅਦੇ ਯਾਦ ਕਰਾਉਣ ਆਏ ਆ। ਆਖੀਂ ਅਸੀਂ ਤਾਂ ਕੁਨੈਸ਼ਨ ਵੰਡਣੇ ਸੀ ਪਰ ਪਾਣੀ ਡੂੰਘੇ ਹੋ ਜਾਣ ਕਰਕੇ ਸੈਂਟਰ ਨੇ ਬੈਨ ਲਾ 'ਤਾ। ਤੁਰੇ ਜਾਣ ਦੂਜੀ ਪਾਰਟੀ ਦਾ ਪਿਟ ਸਿਆਪਾ ਕਰਦੇ ਦਿੱਲੀ ਨੂੰ। ਹੁਣ ਸੁਣੋ ਸਾਡੀਆਂ ਪ੍ਰਾਪਤੀਆਂ। ਕਹਿਣ ਦੇ ਨਾਲ ਹੀ ਪੀ.ਏ. ਨੂੰ ਉਠਣ ਦਾ ਇਸ਼ਾਰਾ ਕੀਤਾ। ਪੀ.ਏ. ਨੇ ਅਜੇ ਰਜਿਸਟਰ ਖੋਲ੍ਹਿਆ ਹੀ ਸੀ ਕਿ ਸੱਜੇ ਬੂਹਿਉਂ ਅਰਦਲੀ ਦਾਖਲ ਹੋ ਕੇ ਬੋਲਿਆ, 'ਇਕ ਕਿਸਾਨਾਂ ਦੀ ਪਾਰਟੀ ਐਧਰਲੇ ਬੂਹੇ ਅੱਗੇ ਵੀ ਆਈ ਖੜ੍ਹੀ ਐ ਜਨਾਬ। ਜੀਹਦੀ ਜ਼ਮੀਨ ਤੁਸੀਂ ਥਰਮਲ ਵਾਸਤੇ ਐਕਵਾਇਰ ਕੀਤੀ ਸੀ। ਉਹਨੂੰ ਬੈਂਕ ਨੇ ਪੈਸਿਆਂ ਤੋਂ ਜਵਾਬ ਦੇ ਦਿੱਤਾ ਅਤੇ ਉਸ ਨੇ ਫਾਹਾ ਲੈ ਲਿਆ। ਨਾਲ ਦੇ ਕਿਸਾਨ ਉਹਦੀ ਲਾਸ਼ ਲਈ ਖੜ੍ਹੇ ਆ।' ਕਹਿੰਦੇ ਫਾਹਾ ਵੀ ਉਹਨੇ ਤੁਹਾਡੇ ਦਿੱਤੇ ਹੋਏ ਸਾਫੇ ਨਾਲ ਲਿਆ।
'ਫਾਹਾ ਲੈ ਲਿਆ ਤਾਂ ਸ਼ਮਸ਼ਾਨਘਾਟ ਨੂੰ ਜਾਣ। ਮੈਂ ਕੀ ਉਹਦੀ ਲਾਸ਼ ਦਾ ਅਚਾਰ ਪਾਉਣੈ। ਮੈਂ ਤਾਂ ਸਰੋਪੇ ਸਿਰ ਢੱਕਣ ਵਾਸਤੇ ਦਿੱਤੇ ਸੀ, ਨਾ ਕਿ ਫਾਹੇ ਲੈਣ ਵਾਸਤੇ। ਕੋਈ ਨਖਰੇ ਕਰਦਾ ਨਹਿਰਾਂ 'ਚ ਪਾਣੀ ਕਾਲਾ ਆਉਂਦੇ, ਸਾਫ਼ ਕਰੋ, ਅਸੀਂ ਮਰਦੇ ਹਾਂ। ਪੁੱਛਣ ਵਾਲਾ ਹੋਵੇ ਚੋਣਾਂ 'ਚ ਏਹਤੋਂ ਵੀ ਭੈੜੀ ਸ਼ਰਾਬ ਪੀ ਕੇ ਤਾਂ ਤੁਸੀਂ ਮਰਦੇ ਨਹੀਂ। ਫਿਰ ਯੂ. ਪੀ. ਬਿਹਾਰ ਵੀ ਤਾਂ ਇਹੀ ਪਾਣੀ ਪੀਂਦਾ ਹੈ। ਇਹ ਪੰਜਾਬੀਆਂ ਦੇ ਹਾਜ਼ਮੇ ਕਦੋਂ ਦੇ ਸੋਹਲ ਹੋਗੇ', ਅਰਦਲੀ ਮੁੜ ਗਿਆ ਤਾਂ ਬਰਾੜ ਸਾਹਿਬ ਬੋਲੇ, 'ਪ੍ਰਾਪਤੀਆਂ।'
ਨਰਾਜ਼ ਮੰਤਰੀਆਂ ਦੀ ਚੁੱਪ ਕਹਿ ਰਹੀ ਸੀ ਕਿਉਂ ਵਿਚਾਰੇ ਪੀ.ਏ. ਦੇ ਮਗਰ ਪਏ ਹੋਏ ਹੋ ਬਰਾੜ ਸਾਹਬ। ਆਪੇ ਬੋਲ ਦੀਆਂ ਪ੍ਰਾਪਤੀਆਂ ਤਾਂ ਤੁਸੀਂ ਖੁਦ ਹੀ ਸੁਣੀ ਜਾ ਰਹੇ ਹੋ। ਪੁੱਤਰ-ਮੋਹ, ਭਾਈ-ਭਤੀਜਾਵਾਦ ਦੀ ਰਾਜਨੀਤੀ 'ਚ ਅੰਨ੍ਹੇ ਵੰਡਣ ਰਿਓੜੀਆਂ ਵਾਲਾ ਅਖਾਣ ਹੀ ਪ੍ਰਾਪਤ ਹੋ ਸਕਦਾ ਹੈ, ਪ੍ਰਾਪਤੀਆਂ ਨਹੀਂ ਫਿਰ ਉਹ ਬੋਲੇ, ਨਹੀਂ। ਆਪ ਤੋਂ ਜੂਨੀਅਰ ਨੂੰ ਹਮਾਇਤ ਦੇਣੀ ਕਲਪ ਕੇ ਉਨ੍ਹਾਂ ਦੇ ਡੋਬੂ ਪਈ ਜਾ ਰਹੇ ਸਨ। ਉਹ ਜਾਣਦੇ ਸਨ ਕਿ ਪ੍ਰਾਪਤੀਆਂ ਦੱਸਣ ਤੋਂ ਬਾਅਦ ਉਨ੍ਹਾਂ ਤੋਂ ਕੀ ਮੰਗਿਆ ਜਾਏਗਾ। ਸੋ, ਚਾਹੁੰਦੇ ਸਨ ਕਿ ਪ੍ਰਾਪਤੀਆਂ ਦਾ ਇੰਡ ਨਾ ਹੀ ਹੋਵੇ।
ਇਸ ਵਾਰ ਵੀ ਪੀ.ਏ. ਦੀ ਸੁਸਤੀ ਦਾ ਫਾਇਦਾ ਸਿਹਤ ਮੰਤਰੀ ਲੈ ਗਈ। ਪੀ.ਏ. ਦੇ ਬੋਲਣ ਤੋਂ ਪਹਿਲਾਂ ਹੀ ਉਠ ਕੇ ਬੋਲੀ, 'ਸਰਦਾਰ ਜੀ ਬੋਲਣ ਵਾਸਤੇ ਮਾਫੀ ਚਾਹੁੰਨੀ ਆਂ ਮੈਂ ਆਪਣੇ ਡਾਕਟਰਾਂ ਭਾਵੇਂ ਕਿਵੇਂ ਵੀ ਮਜਬੂਰ ਕਰਾਂ, ਤੁਹਾਡਾ ਤਿੰਨ ਕਰੋੜ ਪੱਕਾ ਪਰ ਮੇਰੇ ਇਕ ਗੱਲਯਾਦ ਆ ਗਈ ਜੋ ਹੁਣੇ ਕਹਿਣਾ ਚਾਹੁੰਦੀ ਹਾਂ। ਮੈਨੂੰ ਡਰ ਹੈ ਕਿਤੇ ਫੇਰ ਭੁੱਲ ਨਾ ਜਾਣਾ।'
'ਕਮਾਲ ਐ। ਮੈਂ ਜਿੰਨੀ ਵੀ ਮੀਟਿੰਗ ਦਾ ਵਕਤ ਘਟਾਉਣਾ ਚਾਹੁੰਦਾ ਹਾਂ, ਓਨਾ ਹੀ ਤੁਸੀਂ ਵਧਾਈ ਜਾਂਦੇ ਹੋ। ਪ੍ਰਾਪਤੀਆਂ ਦੀ ਗੱਲ ਸਿਰੇ ਚੜ੍ਹਨ ਹੀ ਨਹੀਂ ਦਿੰਦੇ। ਕੋਈ ਅੰਦਰੋਂ ਬੋਲ ਪੈਂਦਾ ਹੈ, ਕੋਈ ਬਾਹਰੋਂ। ਬੋਲੋ ਤੁਸੀਂ ਵੀ ਕੀ ਬੋਲਣਾ ਚਾਹੁੰਦੇ ਹੋ?
'ਜੀ ਤਮਾਖੂ ਫੈਕਟਰੀਆਂ ਤੋਂ ਰਿਸ਼ਵਤ ਲੈਂਦੇ ਅਖ਼ਬਾਰਾਂ 'ਚ ਨਸ਼ਰ ਹੋ ਗਏ ਅਤੇ ਸਿਹਤ ਮੰਤਰੀ ਹੋਣ ਨਾਤੇ ਲੋਕ ਮੇਰੇ 'ਤੇ ਸੁਆਲ ਕਰਦੇ ਹਨ। ਬੋਲੋ ਮੈਂ ਕੀ ਜਵਾਬ ਦੇਵਾਂ।'
'ਪਹਿਲਾਂ ਤਾਂ ਮੀਟਿੰਗਾਂ 'ਚ ਬੈਠ ਕੇ ਬੋਲਣਾ ਸਿਖੋ। ਤੁਸੀਂ ਸੀਨੀਅਰ ਦੀ ਇੱਜ਼ਤ ਨਹੀਂ ਕਰੋਗੇ ਤਾਂ ਤੁਹਾਡੀ ਕੌਣ ਕਰੇਗਾ। ਰਹੀ ਗੱਲ ਜਵਾਬ ਦੀ। ਲੋਕਾਂ ਨੂੰ ਦੱਸੋ ਕਿ ਅਸੀਂ ਰਿਸ਼ਵਤ ਨਹੀਂ ਫੰਡ ਲੈਂਦੇ ਹਾਂ। ਜਿੰਨਾ ਅਸੀਂ ਫੰਡ ਜ਼ਿਆਦਾ ਉਗਰਾਹਾਂਗੇ, ਤਮਾਖੂ ਓਨਾ ਹੀ ਮਹਿੰਗਾ ਵਿਕੇਗਾ ਅਤੇ ਬਾਕੀ ਚੀਜ਼ਾਂ ਵਾਂਗ ਇਹ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ। ਸਾਰੀਆਂ ਗੱਲਾਂ ਜ਼ਰੂਰੀ ਨਹੀਂ ਕਿ ਮੈਂ ਹੀ ਦੱਸਾਂ। ਪਾਰਟੀ ਦੀ ਭਲਾਈ ਵਾਸਤੇ ਕੁਝ ਗੱਲਾਂ ਆਪ ਵੀ ਬਣਾ ਲਿਆ ਕਰੋ। ਹੁਣ ਨਾ ਬੋਲਿਆ ਜੇ। ਸੁਣੋ ਪ੍ਰਾਪਤੀਆਂ।
ਪੀ.ਏ. ਨੇ ਅਜੇ ਗੱਲ ਦਾ ਮੁੱਢ ਹੀ ਬੰਨ੍ਹਿਆ ਸੀ ਕਿ ਖੱਬੇ ਦਰਵਾਜ਼ਿਉਂ ਇਕ ਵਰਦੀਧਾਰੀ ਐਸ.ਐਸ.ਪੀ. ਨੇ ਆ ਸਲੂਟ ਮਾਰਿਆ। ਉਪਰਲੇ ਹੁਕਮਾਂ ਮੁਤਾਬਿਕ ਉਹਦੀ ਗੱਲ ਸੁਣਨੀ ਜ਼ਰੂਰੀ ਸੀ। ਉਹਨੇ ਇਕ ਚਿੱਠੀ ਆ ਫੜਾਈ ਜੋ ਆਂਗਨਵਾੜੀ ਮੁਲਾਜ਼ਮਾਂ ਦੇ ਧਰਨੇ 'ਤੇ ਬੈਠਣ ਕਰਕੇ ਪੱਤਰਕਾਰਾਂ ਵਲੋਂ ਸੀ। ਚਿੱਠੀ ਪੜ੍ਹ ਕੇ ਬਰਾੜ ਸਾਹਬ ਬੋਲੇ, 'ਪੱਤਰਕਾਰਾਂ ਵਾਸਤੇ ਮੀਟ-ਸ਼ਰਾਬ ਅਤੇ ਹੋਰ ਲੱਲ੍ਹਿਆਂ-ਭੱਬਿਆਂ ਦੇ ਲੰਗਰ ਖੋਲ੍ਹ ਦਿਓ। ਨਾਲ-ਨਾਲ ਹੁਣੇ ਮੰਤਰੀ ਆਏ ਹੁਣੇ ਮੰਤਰੀ ਆਏ ਦਾ ਲਾਰਾ ਵੀ ਦੇਈ ਰੱਖੋ ਤਾਂ ਕਿ ਖਬਰਾਂ ਲਿਖਣ ਦਾ ਮੌਕਾ ਨਾ ਮਿਲੇ। ਗੱਲ ਠੰਢੇ ਬਸਤੇ 'ਚ ਪੈਜੇ ਤਾਂ ਠੀਕ ਹੈ ਨਹੀਂ ਤਾਂ ਇਕ ਅੱਧ ਵੱਡੇ ਅਫਸਰ ਨੂੰ ਹਿਲਾ ਦਿਓ। ਦੋ ਕੁ ਛੋਟਿਆਂ ਨੂੰ ਸਸਪੈਨਸ਼ਨਾਂ ਦੇ ਦਿਓ। ਮਗਰੋਂ ਆਪਾਂ ਬਹਾਲ ਕਰ ਹੀ ਦਿਆਂਗੇ। ਐਸ.ਐਸ.ਪੀ. ਸਲੂਟ ਮਾਰ ਕੇ ਮੁੜ ਗਿਆ। ਇਸ ਵਾਰ ਪੀ.ਏ. ਪ੍ਰਾਪਤੀਆਂ ਪੜ੍ਹਨ ਲੱਗੀ ਤਾਂ ਬਰਾੜ ਸਾਹਬ ਨੇ ਖੁਦ ਹ ਰੋਕ ਦਿੱਤੀ, 'ਰਹਿਣ ਦੇ! ਕੋਈ ਸਾਡਾ ਨਾਚ ਨਹੀਂ ਵੇਖਣਾ ਚਾਹੁੰਦਾ ਤਾਂ ਸਾਨੂੰ ਵੀ ਨੱਚਣ ਦਾ ਸ਼ੌਕ ਨਹੀਂ। ਫਿਰ ਮਾਇਕ ਫੜ ਕੇ ਬੋਲੇ, 'ਹਾਂ ਭਈ ਕੁਝ ਮੰਤਰੀਆਂ ਦੀ ਫਰਮਾਇਸ਼ ਹੈ ਕਿ ਆਪਣਾ ਸਰਬਜੀਤ ਪਾਰਟੀ ਪ੍ਰਧਾਨ ਬਣੇ। ਸਿਫਾਰਸ਼ ਕਰਨ ਵਾਲੇ ਮੇਰੀਆਂ ਨਜ਼ਰਾਂ 'ਚ ਹਮੇਸ਼ਾ ਸਤਿਕਾਰਯੋਗ ਰਹਿਣਗੇ ਪਰ ਮੈਂ ਤੁਹਾਡੀ ਸਾਰਿਆਂ ਦੀ ਰਾਇ ਲੈਣੀ ਚਾਹੁੰਨਾਂ। ਬੋਲੋ...।
'ਹਾਂ ਜੀ ਹਾਂ ਜ਼ਰੂਰ...।' ਕੁਝ ਆਵਾਜ਼ਾਂ ਆਈਆਂ ਅਤੇ ਆਉਂਦੀਆਂ ਰਹੀਆਂ।
'ਓਏ ਉੱਚੀ ਬੋਲੋ ਯਾਰ। ਬਣਾਉਣਾ ਤਾਂ ਹਾਈ ਕਮਾਂਡ ਨੇ ਐ। ਤੁਸੀਂ ਹਾਮੀ ਭਰ ਕੇ ਫੋਕੀ ਸ਼ਾਬਾਸ਼ੇ ਵੀ ਨਹੀਂ ਲੈ ਸਕਦੇ? ਔਹ ਪਿਛਿਉਂ 'ਵਾਜ਼ ਬਹੁਤ ਘੱਟ ਆਉਂਦੀ ਹੈ। ਕੀ ਗੱਲ ਚਾਹ ਪਾਣੀ ਨਹੀਂ ਪੀਤਾ।'
'ਹਾਂ ਜੀ ਹਾਂ ਜ਼ਰੂਰ, ਹਾਂ ਜੀ ਹਾਂ ਜ਼ਰੂਰ।' ਦੀਆਂ ਆਵਾਜ਼ਾਂ 'ਚੋਂ ਕੁਝ ਬਿਮਾਰ ਜਿਹੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ। ਨਾ ਜੀ ਨਾ ਹਜ਼ੂਰ...' ਪਰ ਬਰਾੜ ਸਾਹਬ ਨੂੰ ਵਿਰੋਧੀ ਗੱਲਾਂ 'ਤੇ ਗੌਰ ਕਰਨ ਦੀ ਕੀ ਲੋੜ ਸੀ। ਉਮਰ ਗਾਲ ਚੁੱਕੇ ਆਗੂਆਂ ਨੂੰ ਖੁਸ਼ੀ ਦਾ ਭੋਗ ਉਸ ਵੇਲੇ ਮਹਿੰਗਾ ਪਿਆ ਜਦ ਲੈਟਰ ਪੈਡ 'ਤੇ 'ਸਰਬਜੀਤ ਪਾਰਟੀ ਦੀ ਸ਼ਾਨ, ਸਰਬਜੀਤ ਦੀ ਅਗਵਾਈ ਪੰਜਾਬੀਆਂ ਵਾਸਤੇ ਵਰਦਾਨ, ਮੇਰਾ ਸੁਪਨਾ ਸਰਬਜੀਤ, ਵਗੈਰਾ-ਵਗੈਰਾ ਲਿਖ ਕੇ ਸਾਈਨ ਕਰਵਾਏ ਗਏ ਤਾਂ ਕਿ ਮਗਰੋਂ ਕੋਈ ਸੀਨੀਅਰ ਆਗੂ ਕੇਸ ਕਰਨ ਜੋਗਾ ਨਾ ਰਹੇ।
ਫਤਹਿ ਦੇ ਜੈਕਾਰੇ ਨਾਲ ਮੀਟਿੰਗ ਖ਼ਤਮ ਹੋ ਗਈ।

-ਫੋਨ : 98885-26276.


ਖ਼ਬਰ ਸ਼ੇਅਰ ਕਰੋ

ਲਘੂ ਕਥਾ: ਤਬਦੀਲੀ

ਸਕੂਲ ਵਿਚ ਸਕੂਲ ਦੇ ਮਨੀਟਰ ਦੀ ਚੋਣ ਕੀਤੀ ਜਾ ਰਹੀ ਸੀ। ਸਕੂਲ ਮੁਖੀ ਬੱਚਿਆਂ ਨੂੰ ਦੱਸ ਰਹੇ ਸਨ ਕਿ ਉਸ ਬੱਚੇ ਨੂੰ ਮਨੀਟਰ ਚੁਣਨਾ ਹੈ, ਜੋ ਸਭ ਤੋਂ ਕੰਮ ਕਰਵਾ ਸਕੇ। ਹਰ ਕਲਾਸ ਵਿਚੋਂ ਦੋ ਬੱਚਿਆਂ ਦੇ ਨਾਂਅ ਲਏ ਗਏ। ਜੋ ਸ਼ਰਾਰਤੀ ਅਤੇ ਹੱਡਾਂ-ਪੈਰਾਂ ਦੇ ਖੁੱਲ੍ਹੇ ਸਨ। ਹਾਜ਼ਰ ਬੱਚਿਆਂ ਤੋਂ ਚੋਣ ਕਰਵਾਈ ਗਈ। ਜਦੋਂ ਨਤੀਜਾ ਸਾਹਮਣੇ ਆਇਆ ਤਾਂ ਸਕੂਲ ਦਾ ਸਭ ਤੋਂ ਹੁਸ਼ਿਆਰ ਅਤੇ ਸਾਊ ਬੱਚਾ ਸਭ ਤੋਂ ਵੱਧ ਵੋਟਾਂ ਲੈ ਕੇ ਸਕੂਲ ਦਾ ਮਨੀਟਰ ਚੁਣਿਆ ਗਿਆ, ਜਿਸ ਦੀ ਮਨੀਟਰ ਬਣਨ ਦੀ ਕਿਸੇ ਨੂੰ ਉਮੀਦ ਨਹੀਂ ਸੀ। ਸਭ ਨਤੀਜਾ ਸੁਣ ਕੇ ਹੈਰਾਨ ਸਨ। ਪੀ.ਟੀ. ਸਾਹਿਬ ਨੂੰ ਤਬਦੀਲੀ ਸਪੱਸ਼ਟ ਨਜ਼ਰ ਆ ਰਹੀ ਹੈ। ਗੁੰਡਾ ਅਨਸਰ ਹੁਣ ਹਾਰਿਆ ਕਰਨਗੇ ਅਤੇ ਸਾਊ ਜਿੱਤਿਆ ਕਰਨਗੇ। ਮੁੱਖ ਅਧਿਆਪਕ ਨੇ ਆਪਣੇ ਦਿਲ ਦੀ ਗੱਲ ਦੱਸੀ।

-ਪ੍ਰਗਟ ਸਿੰਘ ਜੰਬਰ
ਤਿਲਕ ਨਗਰ, ਗਲੀ ਨੰ: 1, ਸ੍ਰੀ ਮੁਕਤਸਰ ਸਾਹਿਬ। ਮੋਬਾ : 98558-07324.

ਫਾਹੇ ਨਾ ਚਾੜ੍ਹੋ ਜੀ!

ਕਿਸੇ ਦੁਰਕਾਰੇ, ਨਕਾਰੇ, ਫਟਕਾਰੇ ਦਾ ਨਾਂਅ ਲੈ ਲਓ ਕਿਸੇ ਪੰਜਾਬੀ ਕੋਲ ਤਾਂ ਫਟਾਫਟ ਰੀਐਕਸ਼ਨ ਹੁੰਦਾ ਹੈ, 'ਦੁਰ ਫਿਟੇ ਮੂੰਹ, ਕਿਹਦਾ ਨਾਂਅ ਲੈ ਲਿਐ।'
ਇਸ ਤੋਂ ਵੀ ਡਬਲ ਦੁਰਕਾਰਿਆ ਰੀਐਕਸ਼ਨ ਹੁੰਦਾ ਹੈ, 'ਫਾਹੇ ਲਾ ਸੂ ਪਰ੍ਹਾਂ...ਮਰਨ ਦੇ ਸੂ।'
ਫਾਹੇ ਲਾਉਣਾ, ਮਤਲਬ ਫਾਂਸੀ ਦੇਣਾ। ਸੱਚੀਂ ਫਾਂਸੀ ਦੀ ਸਜ਼ਾ ਸਿਰਫ਼ ਉਸੇ ਵਿਅਕਤੀ ਨੂੰ ਮਿਲਦੀ ਹੈ, ਜਿਸ ਨੇ ਘਿਨਾਉਣੇ ਤੋਂ ਘਿਨਾਉਣਾ ਗੁਨਾਹ ਕੀਤਾ ਹੋਵੇ। ਅੰਗਰੇਜ਼ੀ 'ਚ ਇਹਨੂੰ ਕਹਿੰਦੇ ਨੇ 'ਞ਼ਗਕ ਰ਀ਿ ਵੀਕ ਞ਼ਗਕਤਵ'। ਸਾਡੀਆਂ ਅਦਾਲਤਾਂ ਫਾਂਸੀ ਦੀ ਸਜ਼ਾ ਡੂੰਘੇ ਵਿਚਾਰ ਮਗਰੋਂ ਜਦ ਕਿਸੇ ਮੁਜਰਮ ਦਾ ਗੁਨਾਹ, ਗੁਨਾਹ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਗੁਨਾਹੇ-ਅਜ਼ੀਮ ਮੰਨ ਲਿਆ ਜਾਂਦਾ ਹੈ ਤਾਂ ਹੀ ਮਾਨਯੋਗ ਜੱਜ ਸਾਹਿਬ ਜਾਂ ਇਉਂ ਕਹਿ ਲਓ, ਅਦਾਲਤ ਸੁਣਾਉਂਦੀ ਹੈ।
ਫਾਂਸੀ ਦੀ ਸਜ਼ਾ ਜਿਨ੍ਹਾਂ ਨੂੰ ਹੁੰਦੀ ਹੈ, ਉਹ ਵੀ ਇਨਸਾਨ ਹਨ, ਜਿਹੜੇ ਸੁਣਾਉਂਦੇ ਹਨ ਉਹ ਵੀ ਇਨਸਾਨ ਹਨ, ਜਿਹੜੇ ਜੱਲਾਦ ਫਾਂਸੀ ਦਿੰਦੇ ਹਨ, ਉਹ ਵੀ ਇਨਸਾਨ ਹਨ। ਦੁਨੀਆ ਭਰ 'ਚ ਇਹ ਵਿਚਾਰ ਭਖਿਆ ਪਿਆ ਹੈ ਕਿ ਜਦ ਮਨੁੱਖ ਨੂੰ ਜਾਨ ਮਨੁੱਖ ਨੇ ਨਹੀਂ ਦਿੱਤੀ ਤਾਂ ਕਿਸੇ ਮਨੁੱਖ ਨੂੰ, ਕਿਸੇ ਵੀ ਮਨੁੱਖ ਦੀ ਜਾਨ ਲੈਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।
ਸੰਸਾਰ 'ਚ ਬਹੁਤ ਸਾਰੇ ਮੁਲਕਾਂ 'ਚ ਫਾਂਸੀ ਤੇ ਲਟਕਾਉਣ ਵਾਲੀ ਇਸ ਅਣਮਨੁੱਖੀ ਪਦਤੀ ਨੂੰ ਜੋ ਮਾਨਵਤਾ ਦੇ ਵਿਰੁੱਧ ਹੈ, ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ। ਪਰ ਇਹ ਨਹੀਂ ਕਿ ਸਜ਼ਾ-ਏ-ਮੌਤ ਨੂੰ ਸਭਨਾਂ ਨੇ ਖਤਮ ਕਰ ਦਿੱਤਾ ਹੈ। ਸਜ਼ਾ-ਏ-ਮੌਤ ਬਰਕਰਾਰ ਹੈ। ਸਿਰਫ਼ 'ਜ਼ਿੰਦਗੀ ਲੈਣ' ਜਾਂ 'ਮੌਤ ਦੇਣ' ਦੇ ਹੋਰ ਤਰੀਕੇ ਅਪਣਾਏ ਜਾਂਦੇ ਹਨ। ਇਸ ਸਮੇਂ ਸਾਡੇ ਦੇਸ਼ ਭਾਰਤ ਮਹਾਨ 'ਚ ਫਾਂਸੀ ਦੀ ਸਜ਼ਾ ਬਰਕਰਾਰ ਹੈ, ਫਾਹੇ ਲਾਉਣ ਦਾ ਤਰੀਕਾ ਵੀ ਉਹੀਓ ਪੁਰਾਣਾ ਹੈ, ਭਾਰਤ ਤੋਂ ਛੁੱਟ, ਫਾਹੇ ਲਾਉਣ ਵਾਲੀ ਇਹ ਪਦਤੀ ਬੰਗਲਾਦੇਸ਼, ਪਾਕਿਸਤਾਨ, ਅਫ਼ਗਾਨਿਸਤਾਨ, ਬੋਤਸਵਾਨਾ, ਇਰਾਕ, ਜਾਪਾਨ, ਕੁਵੈਤ, ਮਲੇਸ਼ੀਆ, ਨਾਈਜ਼ੀਰੀਆ, ਗਾਜ਼ਾ 'ਚ ਫਲਸਤੀਨ, ਸੁਡਾਨ ਤੇ ਦੱਖਣੀ ਸੁਡਾਨ 'ਚ ਬਰਕਰਾਰ ਹੈ।
ਜਿਸ ਮੁਜਰਮ ਨੂੰ ਫਾਂਸੀ ਦੀ ਸਜ਼ਾ ਮਿਲੀ ਹੋਵੇ, ਉਸ ਨੂੰ ਜੇਲ੍ਹ 'ਚ ਇਕ ਵੱਖਰੀ ਹੀ ਕੋਠੜੀ 'ਚ ਰੱਖਿਆ ਜਾਂਦਾ ਹੈ। ਫਾਂਸੀ ਵਾਲੇ ਮਿੱਥੇ ਦਿਨ ਤੇ ਸਮੇਂ (ਲਗਪਗ ਸਰਘੀ ਵੇਲੇ) ਗੁਨਾਹਗਾਰ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ, ਫਿਰ ਫਾਂਸੀ ਦੀ ਕੋਠੜੀ 'ਚ ਲਿਜਾਇਆ ਜਾਂਦਾ ਹੈ, ਜਿਥੇ ਜੇਲਰ, ਮੈਜਿਸਟ੍ਰੇਟ, ਇਕ ਡਾਕਟਰ ਤੇ ਜੱਲਾਦ ਮੌਜੂਦ ਹੁੰਦੇ ਹਨ। ਗੁਨਾਹਗਾਰ ਦੇ ਮੂੰਹ 'ਤੇ ਕਾਲਾ ਟੋਪਾ ਪਾ ਕੇ, ਉਹਦਾ ਮੂੰਹ ਪੂਰੀ ਤਰ੍ਹਾਂ ਢਕ ਦਿੱਤਾ ਜਾਂਦਾ ਹੈ ਤੇ ਉਹਨੂੰ ਇਕ ਲੋਹੇ ਦੇ ਤਖਤੇ 'ਤੇ ਖੜ੍ਹਾ ਕਰ ਦਿੱਤਾ ਜਾਂਦਾ ਹੈ, ਜਿਸ ਦੇ ਉਪਰੋਂ ਲੋਹੇ ਦੇ ਇਕ ਫਰੇਮ ਨਾਲ ਫਾਂਸੀ ਦਾ ਰੱਸਾ ਲਟਕ ਰਿਹਾ ਹੁੰਦਾ ਹੈ। ਜੱਲਾਦ ਇਹ ਫਾਂਸੀ ਦਾ ਰੱਸਾ ਉਹਦੇ ਗਲੇ 'ਚ ਕੱਸ ਕੇ ਫਿੱਟ ਕਰ ਦਿੰਦਾ ਹੈ, ਫਿਰ ਮੈਜਿਸਟ੍ਰੇਟ ਦੇ ਇਸ਼ਾਰੇ 'ਤੇ ਉਹ ਤਖ਼ਤੇ ਤੋਂ ਬਾਹਰ ਹੋ ਕੇ, ਉਹਦਾ ਲੀਵਰ ਖਿਚ ਦਿੰਦਾ ਹੈ, ਜਿਸ ਨਾਲ ਪੈਰਾਂ ਥੱਲਿਉਂ ਪਲੇਟਫਾਰਮ ਖਿਸਕ ਜਾਂਦਾ ਹੈ ਤੇ ਮੁਜਰਿਮ ਦੇ ਪੈਰ ਲਟਕ ਜਾਂਦੇ ਹਨ, ਥੱਲੇ ਬਣੇ ਟੋਏ 'ਚ। ਉਹ ਤੜਫਦਾ ਹੈ ਜਦ ਤੜਫਣ ਸਮਾਪਤ ਹੋ ਜਾਂਦੀ ਹੈ, ਡਾਕਟਰ ਉਹਦਾ ਮੁਆਇਨਾ ਕਰਦਾ ਹੈ, ਨਬਜ਼ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ, ਡਾਕਟਰ ਇਹਦੀ ਤਸਦੀਕ ਕਰਦਾ ਹੈ ਤਾਂ ਫਾਂਸੀ ਦਾ ਕਰਮ ਸਮਾਪਤ।
ਫਾਂਸੀ ਦੇਣ ਦੇ ਇਸ ਤਰੀਕੇ ਵਿਰੁੱਧ ਇਕ ਭਾਰਤੀ ਨੇ ਸੁਪਰੀਮ ਕੋਰਟ 'ਚ ਪੀ.ਆਈ.ਐਲ. ਦਾਖਲ ਕੀਤੀ ਹੈ।
ਇਸ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਚਲ ਰਹੀ ਹੈ।
ਆਹੋ, ਦੁਨੀਆ ਭਰ 'ਚ ਇਹੋ ਇਕੋ ਫਾਹਾ ਦੇ ਕੇ ਹੀ ਮਾਰਨ ਵਾਲਾ ਤਰੀਕਾ ਨਹੀਂ ਹੈ। ਵੱਖ-ਵੱਖ ਦੇਸ਼ਾਂ 'ਚ ਫਾਂਸੀ ਬਿਲਕੁਲ ਨਹੀਂ, ਦੋਸ਼ੀ ਨੂੰ ਸਜ਼ਾ ਯਾਫ਼ਤਾ ਨੂੰ ਮਾਰਨ ਲਈ ਹੋਰ ਤਰੀਕੇ ਹਨ। ਜਿਵੇਂ ਚੀਨ, ਉੱਤਰੀ ਕੋਰੀਆ, ਸੁਮਾਲੀਆ, ਤਾਈਵਾਨ, ਯਮਨ ਤੇ ਸਾਊਦੀ ਅਰਬ 'ਚ, ਗੋਲੀ ਮਾਰ ਕੇ ਅਪਰਾਧੀ ਦਾ ਅੰਤ ਕੀਤਾ ਜਾਂਦਾ ਹੈ। ਇਸ ਲਈ ਬਾਕਾਇਦਾ ਤੌਰ 'ਤੇ ਫਾਇਰਿੰਗ ਸੁਕੈਡ (ਗੋਲੀ ਮਾਰਨ ਵਾਲੇ ਦਸਤੇ) ਹਨ। ਅਪਰਾਧੀ ਨੂੰ ਸੜਕ 'ਤੇ ਖੜ੍ਹਾ ਕਰਕੇ, ਇਕੋ ਵੇਲੇ ਉਹਦੇ 'ਤੇ ਗੋਲੀਆਂ ਦੀ ਬੌਛਾੜ ਕਰ ਦਿੱਤੀ ਜਾਂਦੀ ਹੈ, ਉਹ ਥਾਂ 'ਤੇ ਹੀ ਠੰਢਾ ਹੋ ਜਾਂਦਾ ਹੈ।
ਯੂ.ਐਸ.ਏ. (ਅਮਰੀਕਾ) 'ਚ ਕੁਝ ਪ੍ਰਾਂਤਾਂ 'ਚ ਤਾਂ ਇਲੈਕਟ੍ਰਿਕ ਚੇਅਰ 'ਤੇ ਬਿਠਾ ਕੇ ਦੋਵੇਂ ਪਾਸੇ ਉਹਦੇ ਹੱਥ-ਪੈਰ ਜਕੜ ਦਿੱਤੇ ਜਾਂਦੇ ਹਨ, ਫਿਰ ਕੁਰਸੀ 'ਚ ਬਿਜਲੀ ਦਾ ਕਰੰਟ ਛੱਡਿਆ ਜਾਂਦਾ ਹੈ। ਦੂਜੇ ਪ੍ਰਾਂਤਾਂ 'ਚ ਮਾਰੂ ਇੰਜੈਕਸ਼ਨ (ਟੀਕਾ) ਦਿੱਤਾ ਜਾਂਦਾ ਹੈ। ਪੰਜ ਤੋਂ ਦਸ ਮਿੰਟ ਹੀ ਲਗਦੇ ਹਨ। ਨਾਲੇ ਐਨਸਥੀਸੀਆ ਨਾਲ ਦੋਸ਼ੀ ਨੂੰ ਨੀਂਦ ਆ ਜਾਂਦੀ ਹੈ, ਇਸ ਨੀਂਦ 'ਚ ਹੀ ਉਹ ਚਲ ਵਸਦਾ ਹੈ। ਨਾ ਦਰਦ, ਨਾ ਪੀੜ, ਉਹਨੂੰ ਪਤਾ ਹੀ ਨਹੀਂ ਲਗਦਾ।
ਇਕ ਤਰੀਕਾ ਹੈ ਤਲਵਾਰ ਦੇ ਵਾਰ ਨਾਲ ਸਿਰ ਕਲਮ ਕਰ ਦਿਓ। ਇਹ ਅੱਜ ਵੀ ਸ਼ਾਇਦ ਸਿਰਫ਼ ਇਕੋ ਇਕ ਦੇਸ਼ ਸਾਊਦੀ ਅਰਬ 'ਚ ਵਰਤਿਆ ਜਾਂਦਾ ਹੈ। ਇਹ ਵੀ ਰਿਵਾਜ ਹੈ ਕਿ ਜੇਕਰ ਮੌਤ ਦੀ ਸਜ਼ਾ ਦਾ ਦੋਸ਼ੀ, ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦਾ ਹੈ ਤਾਂ ਉਹਦਾ ਸਿਰ ਜੱਲਾਦ ਸੋਨੇ ਦੀ ਤਲਵਾਰ ਨਾਲ ਉਡਾਉਂਦਾ ਹੈ। ਇਹ ਸਜ਼ਾ ਇਸਲਾਮਿਕ ਸ਼ਰੀਆ ਕਾਨੂੰਨ ਅਨੁਸਾਰ ਦਿੱਤੀ ਜਾਂਦੀ ਹੈ।
ਦੱਸਿਆ ਜਾਂਦਾ ਹੈ ਕਿ ਫਾਂਸੀ 'ਤੇ ਲਟਕਾਉਣ ਵਾਲੀ ਸਜ਼ਾ ਅੰਗਰੇਜ਼ਾਂ ਵੇਲੇ, ਖਾਸ ਤੌਰ 'ਤੇ ਦਿੱਤੀ ਜਾਂਦੀ ਸੀ। ਜੱਜ ਦਾ ਹੁਕਮ ਹੁੰਦਾ ਸੀ '8਼ਅਪ 8ਜਠ'। ਕਹਿੰਦੇ ਨੇ ਕਿ ਇਕ ਸਿਆਣੇ ਵਕੀਲ ਨੇ ਆਪਣੇ ਮੁਅੱਕਲ ਨੂੰ ਐਨ ਉਸ ਵੇਲੇ ਇਹ ਦਲੀਲ ਦੇ ਕੇ ਮਰਨੋਂ ਬਚਾ ਲਿਆ ਸੀ, ਜਦ ਉਸ ਦੇ ਗਲ 'ਚ ਫਾਂਸੀ ਦਾ ਫਾਹਾ ਪਾਇਆ ਗਿਆ, ਉਹਨੇ ਦਲੀਲ ਦਿੱਤੀ, 'ਹੁਕਮ ਇਹੋ ਹੈ '8਼ਅਪ 8ਜਠ'। ਇਹਨੂੰ ਲਟਕਾਇਆ ਜਾਏ, ਇਹ ਲਟਕਾ ਦਿੱਤਾ ਗਿਆ ਹੈ, ਕਾਨੂੰਨੀ ਕਾਰਵਾਈ ਪੂਰੀ ਹੋ ਗਈ। ਤੇ ਮਜਬੂਰ, ਬੇਵਸ ਹੋ ਕੇ, ਉਹਨੂੰ ਛਡਣਾ ਪਿਆ। ਇਸ ਮਗਰੋਂ ਹੀ ਮੌਤ ਦਾ ਹੁਕਮ ਇਹ ਲਿਖਿਆ ਜਾਣ ਲੱਗਾ, '8਼ਅਪ 8ਜਠ 2ਖ ਅਕਫਾ ਚਅਵਜ; ਦਕ਼ਵੀ.'
ਮੁਗ਼ਲ ਬਾਦਸ਼ਾਹਾਂ ਨੇ ਤਾਂ ਸਿਰ ਕਲਮ ਕਰਨ ਅਤੇ ਫਾਂਸੀ ਦੇ ਤਖ਼ਤੇ 'ਤੇ ਫਾਹਾ ਦੇਣ ਵਾਲੀਆਂ ਦੋਵੇਂ ਪੱਦਤੀਆਂ ਜਾਰੀ ਰੱਖੀਆਂ।
ਫਰਾਂਸ 'ਚ ਪਹਿਲਾਂ ਜਦ ਕ੍ਰਾਂਤੀ ਹੋਈ ਸੀ, ਤਾਂ ਜਿਨ੍ਹਾਂ ਨੂੰ ਸਜ਼ਾ-ਏ-ਮੌਤ ਦਿੱਤੀ ਜਾਂਦੀ ਸੀ, ਉਹਦਾ ਤਰੀਕਾ ਇਉਂ ਸੀ ਕਿ ਲੋਹੇ ਦਾ ਇਕ ਉੱਚਾ ਫਰੇਮ ਬਣਾਇਆ ਜਾਂਦਾ ਸੀ, ਜਿਸ ਦੇ ਧੁਰ ਉੱਪਰ ਇਕ ਤੇਜ਼ਧਾਰ ਵਾਲਾ ਬਲੇਡ ਫਿੱਟ ਕੀਤਾ ਜਾਂਦਾ ਸੀ, ਬਿਲਕੁਲ ਹੇਠਾਂ ਇਕ ਸ਼ਿਕੰਜੇ 'ਚ ਦੋਸ਼ੀ ਦਾ ਸਿਰ ਜਕੜ ਦਿੱਤਾ ਜਾਂਦਾ ਸੀ ਤੇ ਉੱਪਰੋਂ ਉਹ ਬਲੇਡ ਖੁੱਲ੍ਹਾ ਛੱਡ ਦਿੱਤਾ ਜਾਂਦਾ ਸੀ। ਬਲੇਡ ਤੇਜ਼ੀ ਨਾਲ ਹੇਠਾਂ ਆਉਂਦਾ ਤੇ ਦੋਸ਼ੀ ਦਾ ਸਿਰ ਅਲੱਗ ਕਰ ਦਿੰਦਾ। ਅੱਜਕਲ੍ਹ ਇਥੇ ਮੌਤ ਦੀ ਸਜ਼ਾ ਖ਼ਤਮ ਹੈ।
ਅੱਜਕਲ੍ਹ ਵੀ ਇਥੇ ਸਾਡੇ ਦੇਸ਼ 'ਚ ਜਦ ਕਿਸੇ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਹੁੰਦਾ ਹੈ ਤਾਂ ਲੋਕੀਂ ਅਕਸਰ ਕਹਿੰਦੇ ਨੇ, 'ਸੂਲੀ 'ਤੇ ਚੜ੍ਹਾਉਣ ਹੁਕਮ ਹੋ ਗਿਆ ਹੈ ਪਰ ਸੂਲੀ 'ਤੇ ਚੜ੍ਹਾਉਣ ਦਾ ਤਰੀਕਾ ਸਭ ਤੋਂ ਬੇਰਹਿਮੀ ਵਾਲਾ ਸੀ, ਉਪਰੋਂ ਤੇਜ਼ ਨੋਕ ਵਾਲੀ ਇਕ ਲੰਮੀ ਲੋਹੇ ਦੀ ਰਾਡ ਉਪਰੋਂ ਲੈ ਕੇ ਥੱਲੇ ਤੱਕ ਚੰਗੀ ਤਰ੍ਹਾਂ ਗਰੀਸ ਮਲ ਕੇ ਜ਼ਮੀਨ 'ਚ ਸਿੱਧੀ ਗੱਡ ਦਿੱਤੀ ਜਾਂਦੀ ਸੀ। ਉਪਰ ਨੁਕੀਲੀ ਨੋਕ ਤੇ ਦੋਸ਼ੀ ਨੂੰ ਬਿਠਾ ਕੇ ਛੱਡ ਦਿੱਤਾ ਜਾਂਦਾ ਸੀ, ਉਹ ਹੌਲੀ-ਹੌਲੀ ਹੇਠਾਂ ਤਿਲਕਦਾ ਜਾਂਦਾ, ਅੰਤ 'ਚ ਉਹਦਾ ਸਰੀਰ ਦੋਫਾੜ ਹੋ ਜਾਂਦਾ। ਇਹ ਸੀ ਸੂਲੀ 'ਤੇ ਚੜ੍ਹਾਉਣਾ। ਕੁਝ ਰਾਜਿਆਂ ਨੇ ਤਾਂ ਇਸ ਲਈ ਭੁੱਖੇ ਸ਼ੇਰ ਪਾਲ ਰੱਖੇ ਸਨ। ਜਿਸ ਨੂੰ ਮੌਤ ਦੀ ਸਜ਼ਾ ਦੇਣੀ ਹੋਵੇ, ਉਸ ਤੋਂ ਕੁਝ ਦਿਨ ਪਹਿਲਾਂ ਜਾਣ-ਬੁੱਝ ਕੇ ਸ਼ੇਰਾਂ ਨੂੰ ਭੁੱਖਾ ਰੱਖਿਆ ਜਾਂਦਾ ਸੀ। ਫਿਰ ਮਿੱਥੇ ਦਿਨ ਦੋਸ਼ੀ ਨੂੰ ਸ਼ੇਰਾਂ ਦੇ ਪਿੰਜਰੇ 'ਚ ਸੁੱਟ ਦਿੱਤਾ ਜਾਂਦਾ ਸੀ। ਅੰਤ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ।
ਕਿਸ ਤਰ੍ਹਾਂ ਦੀਆਂ ਯਾਤਨਾਵਾਂ ਵਾਲੀ ਸ਼ਹੀਦੀ ਮੁਗ਼ਲਾਂ ਨੇ ਸਿੱਖਾਂ ਨੂੰ ਦਿੱਤੀ, ਉਹਦੇ ਪ੍ਰਤੱਖ ਚਿੱਤਰ ਤੁਸੀਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਅਜਾਇਬਘਰ 'ਚ ਲੱਗੀਆਂ ਫੋਟੋਆਂ ਤੋਂ ਅਨੁਭਵ ਕਰ ਸਕਦੇ ਹੋ। ਅੰਗਰੇਜ਼ਾਂ ਨੇ ਤਾਂ ਸਾਡੇ ਸਿੱਖ ਕੂਕਿਆਂ ਨੂੰ ਤੋਪ ਅੱਗੇ ਬੰਨ੍ਹ ਕੇ ਉਡਾ ਦਿੱਤਾ ਸੀ।
ਇਹ ਫਾਹਾ ਦੇਣ ਵਾਲੀ ਫਾਂਸੀ। ਇਹ ਬੜੀ ਤਕਲੀਫਦਾਇਕ ਹੁੰਦੀ ਹੈ। ਪਰ... ਮੈਂ ਅਖ਼ਬਾਰ ਵਿਚ ਵੀ ਪੜ੍ਹਿਐ, ਦੋ ਵੱਖ-ਵੱਖ ਥਾਈਂ ਦੋ ਜਵਾਨ ਕੁੜੀਆਂ ਨੇ ਆਪਣੇ ਘਰ ਦੇ ਕਮਰੇ 'ਚ, ਛੱਤ ਦੇ ਪੱਖੇ ਨਾਲ ਆਪਣਾ ਦੁਪੱਟਾ ਬੰਨ੍ਹ ਕੇ ਆਪਣੇ ਗਲੇ ਨਾਲ ਕੱਸ ਕੇ, ਲਟਕ ਕੇ ਫਾਹਾ ਲੈ ਲਿਆ ਹੈ। ਜਿਨ੍ਹਾਂ ਕਿਸਾਨਾਂ ਨੇ ਸਲਫਾਸ ਖਾ ਕੇ, ਆਤਮ-ਹੱਤਿਆ ਕਰ ਲਈ ਹੈ, ਉਹਨੂੰ ਕਿੰਨਾ ਦਰਦ ਹੋਇਆ ਹੈ? ਇਸ ਪੀੜ ਦਾ ਕਿਸੇ ਨੂੰ ਅਹਿਸਾਸ ਹੈ?

ਸ਼ਾਂਤੀ

* ਚਿੰਤਾ ਕੱਲ੍ਹ ਦੀਆਂ ਮੁਸ਼ਕਿਲਾਂ ਨੂੰ ਦੂਰ ਨਹੀਂ ਕਰਦੀ। ਇਹ ਅੱਜ ਦੀ ਸ਼ਾਂਤੀ ਨੂੰ ਵੀ ਦੂਰ ਲੈ ਜਾਂਦੀ ਹੈ। ਇਸ ਲਈ ਕਦੇ ਵੀ ਕਿਸੇ ਚੀਜ਼ ਬਾਰੇ ਚਿੰਤਾ ਨਾ ਕਰੋ ਅਤੇ ਯਕੀਨ ਅਤੇ ਮੁਸਕਰਾਹਟ ਨਾਲ ਜ਼ਿੰਦਗੀ ਜੀਓ।
* ਸਹਿਜ ਅਵਸਥਾ, ਉਹ ਸੰਤੁਲਨ ਵਾਲੀ ਅਵਸਥਾ ਹੈ, ਜੋ ਸਰੀਰ ਨਾਲੋਂ ਜ਼ਿਆਦਾ ਮਨ ਨੂੰ ਆਰਾਮ, ਸੁੱਖ ਤੇ ਸ਼ਾਂਤੀ ਪ੍ਰਦਾਨ ਕਰਦੀ ਹੈ ਤੇ ਇਹ ਕਿਸੇ ਵਿਰਲੇ ਇਨਸਾਨ ਨੂੰ ਹੀ ਨਸੀਬ ਹੁੰਦੀ ਹੈ।
* ਜਿਹੜੇ ਬੱਚੇ ਆਪਣੇ ਫ਼ਰਜ਼ਾਂ ਤੋਂ ਮੁੱਖ ਮੋੜ ਕੇ ਆਪਣੇ ਮਾਪਿਆਂ ਦੇ ਹਿਰਦੇ ਨੂੰ ਦੁੱਖ ਪਹੁੰਚਾਉਂਦੇ ਹਨ ਅਤੇ ਉਨ੍ਹਾਂ ਦੀ ਬਿਲਕੁਲ ਸੰਭਾਲ, ਪ੍ਰਵਾਹ ਆਦਿ ਨਹੀਂ ਕਰਦੇ, ਉਹ ਕਿਤੇ ਵੀ ਜਾ ਕੇ ਮੱਥੇ ਰਗੜ ਲੈਣ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਕਿਉਂਕਿ ਮਾਪੇ ਰੱਬ ਦਾ ਰੂਪ ਹੁੰਦੇ        ਹਨ ਤੇ ਰੱਬ ਤੋਂ ਮੂੰਹ ਮੋੜ ਕੇ ਕੋਈ ਕਿਵੇਂ ਖੁਸ਼ਹਾਲ ਰਹਿ ਸਕਦੈ?
* ਮਨੁੱਖ ਨੂੰ ਆਪਣੀਆਂ ਇੱਛਾਵਾਂ/ਲੋੜਾਂ ਘਟਾ ਕੇ ਆਜ਼ਾਦੀ ਤੇ ਸ਼ਾਂਤੀ ਵਧਾਉਣੀ ਚਾਹੀਦੀ ਹੈ।
* ਸੁੱਖ ਹੋਵੇ ਪਰ ਸ਼ਾਂਤੀ ਨਾ ਹੋਵੇ ਤਾਂ ਸਮਝੋ ਕਿ ਤੁਸੀਂ ਸਹੂਲਤਾਂ ਨੂੰ ਗ਼ਲਤੀ ਨਾਲ ਸੁੱਖ ਸਮਝ ਰਹੇ ਹੋ।
* ਜੇ ਦਿਲ ਵਿਚ ਨੇਕੀ ਹੋਵੇ ਤਾਂ ਚਰਿੱਤਰ ਸੋਹਣਾ ਹੋਵੇਗਾ। ਜੇ ਚਰਿੱਤਰ ਸੋਹਣਾ ਹੋਵੇ ਤਾਂ ਘਰ ਵਿਚ ਇਕਸੁਰਤਾ ਹੋਵੇਗੀ। ਜੇ ਘਰ ਵਿਚ ਇਕਸੁਰਤਾ ਹੋਵੇ ਤਾਂ ਦੇਸ਼ ਵਿਚ ਅਨੁਸ਼ਾਸਨ ਹੋਵੇਗਾ। ਜੇ ਦੇਸ਼ ਵਿਚ ਅਨੁਸ਼ਾਸਨ ਹੋਵੇ ਤਾਂ ਸੰਸਾਰ ਵਿਚ ਸ਼ਾਂਤੀ ਹੋਵੇਗੀ।
* ਜੀਵਨ ਦੀ ਪ੍ਰਮੁੱਖ ਲੋੜ ਸ਼ਾਂਤੀ ਹੀ ਹੈ। ਇਸ ਲਈ ਵਾਹ ਲਗਦੀ ਇਸ ਨੂੰ ਭੰਗ ਨਾ ਹੋਣ ਦਿਓ ਤੇ ਜੀਵਨ ਦਾ ਆਨੰਦ ਮਾਣੋ।

ਮੋਬਾਈਲ : 99155-63406.

ਰਾਵਣ ਨਹੀਂ ਮਰਿਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਦੇਖੋ ਤਾਂ ਕਿੰਨਾ ਧੂੰਆਂ ਹੋਇਆ ਪਿਆ ਚਾਰੇ ਪਾਸੇ, ਛੱਡੋ ਹੁਣ ਹੇਠਾਂ ਆ ਜੋ।' ਮੈਂ ਕਿਹਾ, ਪਰ ਨਾਲ ਹੀ ਮੇਰਾ ਧਿਆਨ ਤਰਨ ਵੱਲ ਗਿਆ ਜੋ ਅੱਗ ਲੱਗੇ ਬੰਬ ਵੱਲ ਵਧ ਰਿਹਾ ਸੀ।
'ਦੇਖਿਓ ਤਰਨ ਮੇਰੇ ਮੂੰਹੋਂ ਨਿਕਲਿਆ।
ਉਹ ਉਸੇ ਵੇਲੇ ਤਰਨ ਵੱਲ ਵਧਿਆ ਤਰਨ ਬੰਬ ਦੇ ਬਿਲਕੁਲ ਕੋਲ ਚਲਾ ਗਿਆ ਸੀ। ਉਸ ਨੇ ਭੱਜ ਕੇ ਤਰਨ ਗੋਦੀ ਚੁੱਕ ਲਿਆ। ਬੰਬ ਫਟ ਗਿਆ। ਉਹ ਆਪਣੇ ਆਪ ਨੂੰ ਸੰਭਾਲ ਨਾ ਸਕਿਆ। ਛੱਤ ਤੋਂ ਪੈਰ ਤਿਲਕ ਕੇ ਤਰਨ ਸਮੇਤ ਵਿਹੜੇ ਵਿਚ ਜਾ ਡਿੱਗਿਆ। ਮੁੰਡੇ ਦੀ ਲੱਤ ਟੁੱਟ ਗਈ ਤੇ ਉਹਦਾ ਚੂਲ੍ਹਾ, ਸਰੀਰ ਬੁਰੀ ਤਰਾਂ ਕਈ ਜਗ੍ਹਾ ਤੋਂ ਅੰਦਰੋਂ ਟੁੱਟ ਗਿਆ। ਮੂੰਹ ਬੁਰੀ ਤਰ੍ਹਾਂ ਅੱਗ ਵਿਚ ਸੜ ਗਿਆ। ਮੁੰਡਾ ਤਾਂ ਦੋ ਕੁ ਮਹੀਨੇ ਵਿਚ ਠੀਕ ਹੋ ਗਿਆ। ਪਰ ਉਹ ਸੱਤ ਮਹੀਨੇ ਤੜਫ-ਤੜਫ ਕੇ ਮਰਿਆ। ਸੱਤ ਮਹੀਨੇ ਵਿਚ ਸਾਰੀ ਪਾਪ ਦੀ ਕਮਾਈ ਨਿੱਬੜ ਗਈ, ਦੋਵੇਂ ਮੱਝਾਂ ਅਤੇ ਜੋ ਥੋੜ੍ਹੀ ਜਿਹੀ ਜ਼ਮੀਨ ਸੀ ਉਹ ਵੀ ਵਿਕ ਗਈ। ਕੋਈ ਮਦਦ ਨੂੰ ਨਾ ਬਹੁੜਿਆ। ਮੇਰੇ ਸਿਰ ਦੀ ਚੁੰਨੀ ਚਿੱਟੀ ਹੋ ਗਈ। ਸੱਸ ਦੇ ਸਿਰ 'ਤੇ ਤਾਂ ਇਹ ਬੇਰੰਗ ਚੁੰਨੀ ਕਈ ਸਾਲਾਂ ਤੋਂ ਸੀ। ਜਦੋਂ ਕੰਮ ਤੋਂ ਸਾਈਕਲ 'ਤੇ ਪਰਤਦੇ ਸਹੁਰੇ ਉੱਤੇ ਇਕ ਸ਼ਰਾਬੀ ਹੋ ਕੇ ਗੱਡੀ ਚਲਾ ਰਹੇ ਅਮੀਰਜ਼ਾਦੇ ਨੇ ਗੱਡੀ ਚੜ੍ਹਾ ਤੀ। ਮੈਡੀਕਲ ਰਿਪੋਰਟ ਵਿਚ ਕਦੇ ਸ਼ਰਾਬ ਨਾ ਪੀਣ ਵਾਲਾ ਮੇਰਾ ਸਹੁਰਾ ਸ਼ਰਾਬੀ ਸਾਬਤ ਹੋ ਗਿਆ ਅਤੇ ਉਹ ਅਮੀਰਜ਼ਾਦਾ ਰਾਵਣ ਦਾ ਸਿਰ ਪੂਰੀ ਤਰ੍ਹਾਂ ਸੋਫੀ। ਗੱਡੀ ਵਾਲਾ ਸਾਫ਼ ਬਚ ਗਿਆ ਸਾਨੂੰ ਵੀ ਕੋਈ ਕਲੇਮ ਨਾ ਮਿਲਿਆ। ਭ੍ਰਿਸ਼ਟਾਚਾਰ ਰੂਪੀ ਰਾਵਣ ਦਾ ਸਿਰ ਸਾਨੂੰ ਡਸ ਗਿਆ। ਸਹੁਰਾ ਵੀ ਹਲਵਾਈ ਸੀ ਪਰ ਖੋਆ ਉਹਦਾ ਪੂਰਾ ਖਰਾ ਹੁੰਦਾ ਸੀ।
ਸਰਦਾਰ ਪਹਿਲਾਂ ਤਾਂ ਕਦੇ ਨਾ ਬਹੁੜਿਆ ਪਰ ਉਹਦੇ ਮਰਨ ਤੋਂ ਬਾਅਦ ਮਗਰਮੱਛ ਦੇ ਹੰਝੂ ਵਹਾਉਣ ਆਇਆ। ਮੈਨੂੰ ਕੰਮ 'ਤੇ ਆਉਣ ਦਾ ਸੱਦਾ ਵੀ ਦੇ ਕੇ ਗਿਆ ਅਤੇ ਜੇ ਕੋਈ ਲੋੜ ਹੋਵੇ ਤਾਂ ਨਾ-ਸ਼ਰਮਣ ਦੀ ਸਲਾਹ ਵੀ। ਮੈ ਮਹੀਨਾ ਕੁ ਤਾਂ ਨਾ ਗਈ। ਫੇਰ ਜਦੋਂ ਚਾਰ ਢਿੱਡਾਂ ਦੀ ਭੁੱਖ ਮੇਰਾ ਚੈਨ ਖੋਹਣ ਲੱਗੀ ਤਾਂ ਦਿਹਾੜੀ ਜਾਣਾ ਸ਼ੁਰੂ ਕੀਤਾ। ਪਰ ਦਿਹਾੜੀ ਵੀ ਘੱਟ ਹੀ ਕਦੇ ਮਿਲੀ। ਅੰਤ ਇਕ ਦਿਨ ਮੇਰੇ ਪੈਰ ਹਵੇਲੀ ਵੱਲ ਵਧ ਗਏ। ਸਰਦਾਰਨੀ ਨੇ ਮੈਨੂੰ ਘਰ ਦਾ ਕੰਮ ਸਮਝਾ ਦਿੱਤਾ। ਮੈਂ ਕਈ ਵਾਰੀ ਵੇਖਿਆ। ਜਦੋਂ ਮੈਂ ਪੋਚਾ ਲਾਉਂਦੀ ਤਾਂ ਸਰਦਾਰ ਜਾਂ ਉਹਦਾ ਮੁੰਡਾ, ਜੋ ਵੀ ਘਰ ਹੁੰਦਾ, ਉਹਦੀ ਨਜ਼ਰ ਮੈਨੂੰ ਠੀਕ ਨਾ ਜਾਪਦੀ। ਉਨ੍ਹਾਂ ਦੀ ਨਜ਼ਰ ਮੇਰੇ ਹੂੰਝੇ ਫਰਸ਼ ਤੋਂ ਵੱਧ ਮੇਰੇ ਸਰੀਰ 'ਤੇ ਹੁੰਦੀ। ਸਰਦਾਰਨੀ ਦੇ ਸਹਾਰੇ ਕਿਸੇ ਤਰ੍ਹਾਂ ਬਚਦੀ ਰਹੀ। ਪਰ ਕੱਲ੍ਹ ਜਦੋਂ ਮੈਂ ਸਰਦਾਰਨੀ ਤੋਂ ਮਹੀਨੇ ਦੇ ਪੈਸੇ ਮੰਗੇ ਤਾਂ ਉਸ ਨੇ ਸਰਦਾਰ ਨੂੰ ਪੈਸੇ ਦੇਣ ਲਈ ਕਿਹਾ।
'ਲਛਮੀ ਕੱਲ੍ਹ ਲੈ ਜਾਈਂ ਸਵੇਰੇ, ਹੁਣ ਤਾਂ ਹੈ ਨੀ ਮੇਰੇ ਕੋਲ ਵੀ', ਸਰਦਾਰ ਬੋਲਿਆ ਸੀ। ਦੂਜੇ ਦਿਨ ਦੁਸਹਿਰਾ ਸੀ, ਸਵੇਰੇ ਸੋਚਿਆ ਕਿ ਹਵੇਲੀ ਜਾ ਕੇ ਤਨਖਾਹ ਲੈ ਆਵਾਂ, ਨਾਲੇ ਸਫ਼ਾਈ ਕਰ ਆਊਂ ਥੋੜ੍ਹੀ ਬਹੁਤ। ਇਹ ਸੋਚ ਕੇ ਹਵੇਲੀ ਵੱਲ ਤੁਰ ਪਈ। ਸਾਡਾ ਪਿੰਡ ਸ਼ਹਿਰ ਦੇ ਨੇੜੇ ਹੀ ਹੈ ਅਤੇ ਸਰਦਾਰ ਦਾ ਹਵੇਲੀ ਵਰਗਾ ਵੱਡਾ ਘਰ ਸ਼ਹਿਰ ਵਿਚ। ਜਦੋਂ ਮੈਂ ਹਵੇਲੀ ਗਈ ਤਾਂ ਉੱਥੇ ਮੈਨੂੰ ਕੋਈ ਨਜ਼ਰ ਨਾ ਆਇਆ। ਮੈਂ ਵਿਹੜਾ ਲੰਘ ਕੇ ਅੰਦਰ ਜਾ ਵੜੀ। ਮੈਂ ਸਰਦਾਰਨੀ ਨੂੰ ਅਵਾਜ਼ਾਂ ਮਾਰੀਆਂ।
' ਹੋਰ ਤਾਂ ਕੋਈ ਹੈ ਨੀ, ਮੇਰੇ ਬਿਨਾਂ ਘਰ।' ਸਰਦਾਰ ਮੇਰੇ ਵੱਲ ਗਹਿਰਾ ਝਾਕਦਾ ਬੋਲਿਆ।
'ਜੀ ਸਰਦਾਰਨੀ ਜੀ ਕਿੱਥੇ ਨੇ।' ਮੈਂ ਪੁੱਛਿਆ।
'ਮੰਦਰ ਗਏ ਆ ਮੱਥਾ ਟੇਕਣ ਨਾਲੇ ਦੁਸਹਿਰਾ ਦੇਖਣ ਸਾਰੇ ਘਰਦੇ ਅਤੇ ਨੌਕਰ।' ਉਹ ਬੋਲਿਆ।
'ਫੇਰ ਜੀ ਤੁਸੀਂ ਨੀ ਗਏ?' ਮੇਰੇ ਮੂੰਹੋਂ ਨਿਕਲਿਆ।
'ਮੈਂ ਹੀ ਲਾਉਣੀ ਆ ਰਾਵਣ ਨੂੰ ਅੱਗ ਅੱਜ ਦੁਸਹਿਰਾ ਗਰਾਊਂਡ 'ਚ, ਲੈਣ ਆਉਣਗੇ ਮੈਨੂੰ ਕਮੇਟੀ ਵਾਲੇ, ਨਾਲੇ ਸਨਮਾਨ ਕਰਨਾਂ ਅੱਜ ਉਨ੍ਹਾਂ ਮੇਰਾ ਉੱਥੇ।' ਉਹ ਚੌੜਾ ਜਿਹਾ ਹੁੰਦਾ ਬੋਲਿਆ।
'ਜੀ ਤੁਸੀਂ ਕਿਹਾ ਸੀ ਕਿ ਕੱਲ੍ਹ ਪੈਸੇ ਲੈ ਜਾਈਂ ਆ ਕੇ', ਮੈਂ ਝਕਦਿਆਂ ਕਿਹਾ।
'ਹਾਂ-ਹਾਂ ਲੈ ਜਾ ਪੈਸੇ, ਤੇਰਾ ਹੀ ਆ ਇਹ ਸਾਰਾ ਕੁਝ।' ਉਹ ਨੋਟਾਂ ਦੀਆ ਦੋ ਤਿੰਨ ਗੱਥੀਆਂ ਮੇਰੇ ਵੱਲ ਵਧਾਉਂਦਾ ਹੋਇਆ ਬੋਲਿਆ।
'ਜੀ ਮੇਰੇ ਤਾਂ ਥੋੜੇ ਜੇ ਬਣਦੇ ਆਂ', ਮੈ ਕਿਹਾ।
'ਜਿੰਨੇ ਲੈਣੇ ਆ, ਚੱਕ ਲੈ', ਉਹ ਸਾਰੇ ਰੁਪਏ ਬੈੱਡ 'ਤੇ ਰੱਖਦਾ ਹੋਇਆ ਬੋਲਿਆ।
ਮੈਂ ਅੱਗੇ ਵਧ ਕੇ ਕੁਝ ਨੋਟ ਚੁੱਕ ਲਏ ਉਸ ਨੇ ਮੈਨੂੰ ਪਿੱਛੋਂ ਆ ਕੇ ਲੱਕੋਂ ਫੜ ਲਿਆ। ਮੈਂ ਬੜੀ ਮੁਸ਼ਿਕਲ ਨਾਲ ਆਪਣਾ ਆਪ ਛਡਾਇਆ, ਮੇਰੀ ਚਿੱਟੀ ਚੁੰਨੀ ਪਾਟ ਗਈ। ਅਚਾਨਕ ਬਾਹਰਲਾ ਦਰਵਾਜ਼ਾ ਖੜਕਿਆ। ਬਾਹਰੋਂ ਰਾਮ ਲੀਲ੍ਹਾ ਕਮੇਟੀ ਵਾਲਿਆਂ ਦੀ ਗੱਡੀ ਬਾਹਰਲੇ ਗੇਟ ਦੇ ਅੰਦਰ ਵੜੀ। ਮੈਂ ਛੋਟੇ ਦਰਵਾਜ਼ੇ ਰਾਹੀਂ ਬਾਹਰ ਆ ਗਈ।
ਵੀਹ ਦਿਨ ਬੀਤ ਗਏ, ਮੈਂ ਮੁੜ ਹਵੇਲੀ ਨਾ ਗਈ। ਦੀਵਾਲੀ ਵਾਲੇ ਦਿਨ ਵੱਡੀ ਚਿੱਟੀ ਕਾਰ ਸਾਡੇ ਦਰਵਾਜ਼ੇ ਅੱਗੇ ਆ ਕੇ ਰੁਕੀ। ਪਤਾ ਨਹੀਂ ਕੌਣ ਹੋਊ ਮੈਂ ਸੋਚਿਆ। ਦਰਵਾਜ਼ਾ ਮੇਰੀ ਸੱਸ ਨੇ ਖੋਲ੍ਹਿਆ। ਮੈਂ ਅੰਦਰੋਂ ਹੀ ਖਿੜਕੀ ਵਿਚੋਂ ਵੇਖਿਆ। ਬਾਹਰ ਚਿੱਟੇ ਕੱਪੜਿਆਂ ਵਿਚ ਸਰਦਾਰ ਖੜ੍ਹਾ ਸੀ। 'ਇਹ ਰਾਵਣ ਇੱਥੇ, ਦੀਵਾਲੀ ਦੇ ਦਿਨ?' ਮੇਰੇ ਮੂੰਹੋਂ ਨਿਕਲਿਆ।
'ਆ ਜੋ ਸਰਦਾਰ ਜੀ', ਮੇਰੀ ਸੱਸ ਉਸ ਦਾ ਸਵਾਗਤ ਕਰਦਿਆਂ ਬੋਲੀ।
ਉਹ ਅੰਦਰ ਆ ਗਿਆ। ਮੇਰੀ ਸੱਸ ਨੇ ਚੁੰਨੀ ਨਾਲ ਸਾਫ ਕਰਕੇ ਕੁਰਸੀ ਵਰਾਂਡੇ ਵਿਚ ਲਿਜਾ ਰੱਖੀ।
'ਮੈਂ ਸੋਚਿਆ ਲੱਛਮੀ ਨੀ ਆਈ ਕਈ ਦਿਨ ਹੋਗੇ ਕੰਮ 'ਤੇ ਅੱਜ ਦੀਵਾਲੀ ਆ ਖ਼ਬਰ ਲੈਂਦਾ ਆਵਾਂ, ਸਰਦਾਰਨੀ ਬੜਾ ਯਾਦ ਕਰਦੀ ਸੀ ਉਹਨੂੰ। ਮੈਂ ਆਉਣਾ ਸੀ ਇਧਰ, ਕਿਸੇ ਕੰਮ ਆਇਆ ਸੀ ਅਗਲੇ ਪਿੰਡ। ਸੋਚਿਆ ਹਾਲ-ਚਾਲ ਹੀ ਪੁੱਛ ਜਾਵਾਂ ਨਿਆਣਿਆਂ ਦਾ, ਆਖਰ ਆਪਣੇ ਹੀ ਆ ਇਹ ਵੀ। ਆਹ ਦੀਵਾਲੀ ਦਾ ਸਮਾਨ ਏ ਥੋੜ੍ਹਾ ਜਿਹਾ, ਨਾਲੇ ਇਹ ਪੈਸੇ ਰੱਖ ਲੋ ਕਿਤੇ ਕੰਮ ਆਉਣਗੇ', ਉਹ ਮਠਿਆਈ ਦਾ ਲਿਫਾਫਾ ਅਤੇ ਨੋਟ ਫੜਾਉਂਦਾ ਹੋਇਆ ਬੋਲਿਆ।
'ਢਿੱਲੀ ਜਿਹੀ ਆ ਦਸ ਕੁ ਦਿਨਾਂ ਤੋਂ। ਠੀਕ ਹੋ ਕੇ ਆਪੇ ਆਜੂ।' ਸੱਸ ਲਿਫਾਫਾ ਤੇ ਨੋਟ ਫੜਦੀ ਹੋਈ ਬੋਲੀ।
'ਜਦੋਂ ਠੀਕ ਹੋ ਜੇ, ਤਾਂ ਭੇਜ ਦਿਓ ਜ਼ਰੂਰ, ਉਹਦਾ ਆਪਣਾ ਹੀ ਘਰ ਆ, ਉਹ ਵੀ', ਸਰਦਾਰ ਆਲੇ-ਦੁਆਲੇ ਦੇਖਦਾ ਬੋਲਿਆ।
ਮੈਂ ਖਿੜਕੀ ਦੀਆਂ ਵਿਰਲਾਂ ਵਿਚੋਂ ਵੇਖਿਆ ਸਰਦਾਰ ਦੀਆਂ ਨਜ਼ਰਾਂ ਅੰਦਰ ਕੁਝ ਲੱਭ ਰਹੀਆਂ ਸਨ। ਸਰਦਾਰ ਉੱਠ ਕੇ ਤੁਰ ਪਿਆ।
'ਜੀ ਚਾਹ' ਮੇਰੀ ਸੱਸ ਬੋਲੀ।
'ਚਾਹ ਫੇਰ ਸਹੀ ਕਿਤੇ।' ਉਹ ਬਾਹਰ ਵੱਲ ਵਧਦਾ ਹੋਇਆ ਬੋਲਿਆ।
'ਸੱਸ ਲਿਫਾਫੇ ਅਤੇ ਪੈਸੇ ਅੰਦਰ ਲੈ ਆਈ। ਉਸ ਪੈਸੇ ਮੈਨੂੰ ਫੜਾਏ। ਜੋ ਮੈਨੂੰ ਦੁਸਹਿਰੇ ਦੀਆਂ ਛੱਡੀਆਂ ਗੁਥੀਆਂ ਹੀ ਜਾਪੀਆਂ। ਸੱਸ ਨੇ ਮਠਿਆਈ ਦੇ ਡੱਬੇ ਰਸੋਈ 'ਚ ਜਾ ਰੱਖੇ। ਮੇਰੇ ਮਨ 'ਚ ਪਤਾ ਨਹੀਂ ਕੀ ਆਈ ਮੈਂ ਮਠਿਆਈ ਤੇ ਪੈਸੇ ਚੁੱਕ ਕੇ ਬਾਹਰ ਵੱਲ ਨੂੰ ਭੱਜੀ। ਡੱਬੇ ਮੈਂ ਵਗਾਹ ਕੇ ਗੇਟ ਤੋਂ ਬਾਹਰ ਮਾਰੇ ਸ਼ਾਇਦ ਗੱਡੀ ਦੇ ਟਾਇਰ ਨਾਲ ਵੀ ਜਾ ਵੱਜੇ। ਕਾਰ ਤੁਰ ਗਈ, ਪਰ ਦਿੱਤੇ ਨੋਟ ਮੈਥੋਂ ਸਿੱਟੇ ਨਾ ਗਏ। (ਸਮਾਪਤ)

-ਪਿੰਡ ਡਡਿਆਣਾਂ, ਡਾਕ: ਰੁਪਾਲਹੇੜੀ, ਵਾਇਆ ਸਰਹੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ-140406. ਮੋਬਾ : 94177-33038.

ਮਿੰਨੀ ਕਹਾਣੀ: ਗੁਮਾਨ ਸਤਵੇਂ ਆਸਮਾਨ

'ਲੈ ਫਿਰ ਦੇਖ ਨਜ਼ਾਰੇ, ਜੇ ਤੈਨੂੰ ਹਰੀ, ਹਰੀ ਮਖਮਲੀ ਘਾਹ ਪਸੰਦ ਹੈ, ਤਾਂ ਇਸ ਪਾਰਕ 'ਚ ਤੈਨੂੰ ਫਸਟ-ਕਲਾਸ ਬਹੁਤ ਉਮਦਾ ਕੁਆਲਿਟੀ ਦੀ ਘਾਹ ਦਾ ਖੂਬਸੂਰਤ ਬੈੱਡ ਹੀ ਨਜ਼ਰ ਆਵੇਗਾ, ਭਾਵੇਂ ਉਸ ਪਿੱਛੇ ਹੋਰ ਸਭ ਕੁਝ ਨਿਸ਼ਾਵਰ ਕਰਨਾ ਪਏ', ਮਿਸਟਰ ਮਿੱਤਰ ਨੇ ਰਹੀਸੀ ਠਾਠ 'ਚ ਹੱਥ ਉਲਾਰਦਿਆਂ, ਸ਼ਹਿਰ ਦੇ ਧਨਾਢ ਇਲਾਕੇ ਗਰੇਟਰ ਕੈਲਾਸ਼ ਦੇ ਪਾਰਕ 'ਚ ਆਉਂਦਿਆਂ ਹੀ ਆਪਣੀ ਪਤਨੀ ਨੂੰ ਕਹਿੰਦਿਆਂ ਕਈ ਦੋਸਤਾਂ ਨੇ ਸੁਣਿਆ ਸੀ। ਪੈਸੇ ਦਾ ਗੁਮਾਨ ਸੱਤਵੇਂ ਅਸਮਾਨ 'ਤੇ ਸੀ।
ਸ੍ਰੀ ਮਿੱਤਲ ਨੂੰ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਕਾਨੂੰਨ (ਸੀ.ਐਸ.ਆਰ.) ਦੇ ਤਹਿਤ ਆਪਣੀ ਕੰਪਨੀ ਦੇ ਮੁਨਾਫੇ ਦਾ ਦੋ ਫੀਸਦੀ ਸਮਾਜ ਕਲਿਆਣ ਕਾਰਜਾਂ 'ਚ ਖਰਚਣਾ ਜ਼ਰੂਰੀ ਸੀ। ਲਿਹਾਜ਼ਾ ਉਸ ਨੇ ਮਿਊਂਸਪਲ ਕਾਰਪੋਰੇਸ਼ਨ ਤੋਂ ਇਸ ਪਾਰਕ ਨੂੰ ਸੰਭਾਲਣ, ਸੰਵਾਰਨ ਤੇ ਦੇਖ-ਰੇਖ ਦਾ ਜ਼ਿੰਮਾ ਲੈ ਲਿਆ ਸੀ ਤੇ ਕੋਈ 45-50 ਲੱਖ ਰੁਪਏ ਪ੍ਰਤੀ ਸਾਲ ਖਰਚ ਕਰਨ ਦਾ ਅਨੁਮਾਨ ਲਾਇਆ ਸੀ।
ਪੁਰਾਣਾ ਸਭ ਕੁਝ, ਫੁੱਲ ਬੂਟੇ, ਆਰਾਮ ਵਾਲੀਆਂ ਕੁਰਸੀਆਂ ਆਦਿ ਪੁੱਟ ਦਿੱਤੇ ਸਨ। ਜ਼ਮੀਨ ਦੀ ਭਰਾਈ ਕੀਤੀ ਸੀ। ਨਵਾਂ ਘਾਹ ਲਾਇਆ ਗਿਆ ਸੀ। ਘਾਹ ਪੱਧਰਾ ਕਰਨ 'ਤੇ ਕੱਟਣ ਵਾਲੀਆਂ ਮਸ਼ੀਨਾਂ ਅਰਥਾਤ ਲਾਅਨ ਮੂਵਰ ਖਰੀਦੇ ਗਏ ਸਨ।
ਕੋਈ ਚਾਰ-ਪੰਜ ਮਹੀਨਿਆਂ 'ਚ, ਪਾਰਕ ਦੀ ਦਿੱਖ ਬਿਲਕੁਲ ਬਦਲ ਗਈ ਸੀ। ਪਾਰਕ 'ਚ ਸੈਰ ਕਰਨ ਵਾਲੇ ਕਾਫ਼ੀ ਪ੍ਰਭਾਵਿਤ ਸਨ। ਵਧੀਆ ਕੁਆਲਿਟੀ ਦੀ ਖਾਦ ਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਕਰਕੇ ਬਹੁਤ ਸੋਹਣੀ ਹਰੀ-ਹਰੀ ਘਾਹ ਦਾ ਮਖਮਲੀ ਬੈੱਡ ਤਿਆਰ ਹੋ ਗਿਆ ਸੀ।
ਇਹ ਸਭ ਕੁਝ ਤਾਂ ਠੀਕ ਸੀ। ਪਰ ਇਸ ਸਭ ਕੁਝ ਕਰਨ ਦੇ ਨਾਲ-ਨਾਲ ਕਈ ਵੱਡੇ-ਵੱਡੇ ਬ੍ਰਿਛ ਕੱਟ ਦਿੱਤੇ ਸਨ ਤੇ ਕਈਆਂ ਨੂੰ ਏਨਾ ਨੂੰ ਕੁ ਛਾਂਗ ਦਿੱਤਾ ਸੀ ਕਿ ਉਨ੍ਹਾਂ ਦੀ ਖੂਬਸੂਰਤੀ ਬਿਲਕੁਲ ਖ਼ਤਮ ਕਰ ਦਿੱਤੀ ਸੀ। ਵੱਡੇ-ਵੱਡੇ ਟਹਿਣੇ ਕੱਟ ਦਿੱਤੇ ਤੇ ਬਸ ਡੰਡੇ ਜਿਹੇ ਲਗਦੇ ਸਨ। ਹਾਂ, ਪਾਰਕ ਦੀ ਬਾਊਂਡਰੀ ਦੀਵਾਰ ਦੇ ਨਾਲ-ਨਾਲ ਕੁਝ ਇਕ ਨਿੱਕੀ ਉਚਾਈ ਵਾਲੇ ਦਰੱਖਤ ਲਗਾਏ ਵੀ ਗਏ ਸਨ।
ਪਾਰਕ ਵਿਚ ਰੋਜ਼ਾਨਾ ਆਉਣ ਵਾਲੇ ਕਈ ਬੰਦਿਆਂ ਦੇ ਮਨ 'ਚ ਇਸ ਗੱਲ ਦਾ ਬੜਾ ਰੋਸ ਸੀ ਕਿ ਕਈ ਦਰੱਖਤ ਪਹਿਲਾਂ ਕੱਟ ਦਿੱਤੇ ਗਏ ਸਨ ਤੇ ਹੁਣ ਕਈ ਬਿਲਕੁਲ ਮੁੰਡ ਦਿੱਤੇ ਜਾ ਰਹੇ ਸਨ।
ਸ੍ਰੀ ਮਿੱਤਲ ਦਾ ਤਰਕ ਇਹ ਸੀ ਕਿ ਜੇਕਰ ਬਹੁਤ ਫੈਲਾਵਟ ਵਾਲੇ ਦਰੱਖਤ ਨਾ ਕੱਟੇ ਜਾਂਦੇ ਤਾਂ ਘਾਹ ਉੱਗਣ ਵਾਸਤੇ ਸੂਰਜੀ ਧੁੱਪ ਘਾਹ ਤੱਕ ਨਹੀਂ ਪਹੁੰਚਦੀ ਸੀ, ਇਸ ਲਈ ਉਨ੍ਹਾਂ ਨੂੰ ਕੱਟਣਾ ਜ਼ਰੂਰੀ ਸੀ। ਘਾਹ ਦਾ ਮਖਮਲੀ ਬੈੱਡ ਉਹਦਾ ਟੀਚਾ ਸੀ, ਉਹ ਗੱਲ-ਗੱਲ 'ਚ 40-50 ਲੱਖ ਰੁਪਏ ਖਰਚਣ ਦੀ ਡੀਂਗ ਮਾਰਦਾ। ਇਤਰਾਜ਼ ਉਠਾਉਣ ਵਾਲਿਆਂ 'ਚੋਂ ਸਾਹਮਣੇ ਮੂੰਹ 'ਤੇ ਕੋਈ ਕਹਿੰਦਾ ਨਾ ਕਿਉਂਕਿ ਕੁਝ ਤੇ ਦੋਸਤਾਨਾ ਸਬੰਧਾਂ ਕਰਕੇ ਤੇ ਦੂਜੇ ਮਿੱਤਲ ਸਾਹਿਬ ਦੇ ਹੈਂਕੜ ਵਾਲੇ ਸੁਭਾਅ ਕਰਕੇ।
ਸੱਜਿਓਂ, ਖੱਬਿਓਂ ਜੇ ਕਿਤੋਂ ਇਤਰਾਜ਼ ਬਾਰੇ ਸੁਣਦਾ ਤਾਂ ਮਿੱਤਲ ਮਚ ਪੈਂਦਾ ਕਿ, 'ਬੋਰੀਆਂ ਰੁਪਿਆਂ ਦੀਆਂ ਲਾ ਰਿਹਾਂ ਤੇ ਦਰੱਖਤਾਂ ਦੀ ਮੈਨੂੰ ਕੋਈ ਪ੍ਰਵਾਹ ਨਹੀਂ, ਮੈਂ ਤਾਂ ਐਨ ਵਧੀਆ ਮਖਮਲੀ ਘਾਹ ਵਾਲਾ ਪਾਰਕ ਬਣਾਉਣੈ', ਸ਼ਾਇਦ ਮਿੱਤਲ ਸਾਹਿਬ ਨੂੰ ਬੀਵੀ ਨੂੰ ਦਿੱਤਾ ਵਾਅਦਾ ਯਾਦ ਆ ਜਾਂਦਾ।
ਸੋ, ਮਿੱਤਲ ਸਾਹਿਬ ਹਟੇ ਨਹੀਂ। ਰਹਿੰਦੇ-ਖੂੰਹਦੇ ਕਈ ਵੱਡੇ ਦਰੱਖਤ ਵੀ ਛਾਂਗੇ ਜਾ ਰਹੇ ਸਨ। ਇਕ-ਦੋ ਬੰਦੇ ਮਿੱਤਲ ਸਾਹਿਬ ਨਾਲ ਖਹਿਬੜ ਗਏ। ਤੂੰ-ਤੂੰ, ਮੈਂ-ਮੈਂ ਹੋ ਗਈ। ਪੈਸੇ ਦਾ ਖੁਮਾਰ ਸਿਖਰ 'ਤੇ ਸੀ। ਸੋ, ਮਿੱਤਲ ਸਾਹਿਬ ਦੇ ਮੰਨਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਇਤਰਾਜ਼ ਉਠਾਉਣ ਵਾਲਿਆਂ 'ਚੋਂ ਇਕ ਨੇ ਡਿਪਾਰਟਮੈਂਟ 'ਚ ਸ਼ਿਕਾਇਤ ਕਰ ਦਿੱਤੀ। ਪਤਾ ਲੱਗਾ ਕਿ ਅਫ਼ਸਰ ਮੌਕੇ 'ਤੇ ਆਉਣਗੇ, ਤਹਿਕੀਕਾਤ ਕਰਨ ਲਈ।
ਮਿੱਤਲ ਸਾਹਿਬ ਨੂੰ ਵੀ ਖ਼ਬਰ ਹੋ ਗਈ। ਅੰਤਰ-ਹਿਰਦੇ ਸਾਰੇ ਖੁਸ਼ ਸਨ ਨਾਲੇ ਆਸਵੰਦ ਵੀ, ਕਿ ਹੁਣ ਦਰੱਖਤ ਕੱਟਣ ਨੂੰ ਠੱਲ੍ਹ ਪੈ ਜਾਏਗੀ, ਕਿਉਂਕਿ ਮੌਜੂਦਾ ਦਰੱਖਤ ਕੱਟਣ ਦੀ ਵੈਸੇ ਵੀ ਕਾਨੂੰਨੀ ਮਨਾਹੀ ਹੈ। ਬਈ ਮਿੱਤਲ ਸਾਹਿਬ ਸੂਤ ਹੋ ਜਾਣਗੇ।
ਪਰ ਹੋਇਆ ਕੀ? ਅਫ਼ਸਰ ਆਏ ਤੇ ਚਲੇ ਗਏ। 'ਕਰ ਲਓ ਜੋ ਕਰਨੈ ਹੁਣ ਤਾਂ ਪੱਕੇ ਗੱਠ ਲਏ', ਮਿੱਤਲ ਸਾਹਿਬ ਕਹਿੰਦੇ ਸੁਣੇ ਗਏ ਤੇ ਨਾਲੇ ਤੁਰਦੇ ਮੈਨੇਜਰ ਨੂੰ ਹਦਾਇਤ ਕਰਦੇ, 'ਓਏ, 25000 ਰੁਪਏ ਜਿਹੜੇ ਅਫ਼ਸਰਾਂ ਨੂੰ ਦੇਣੇ ਪਏ ਨੇ, ਇਨ੍ਹਾਂ ਲੋਕਾਂ ਦੀ ਨਾਲਾਇਕੀ ਕਰਕੇ, ਉਹ ਵੀ ਸੀ.ਐਸ.ਆਰ. ਖਾਤੇ 'ਚ ਖਰਚੇ ਦੇ ਪਾ ਦੇਣਾ, ਵਾਧੂ ਬਿੱਲ ਪਾ ਲੈਣਾ, ਖਾਦ ਜਾਂ ਦਵਾਈਆਂ ਦੇ। ਕਰੂੰ ਤਾਂ ਮੈਂ ਆਪਣੀ ਮਰਜ਼ੀ, ਇਹ ਸਹੁਰੀ ਦੇ ਕੀ ਚੀਜ਼ ਨੇ?'
ਤੇ ਦਰੱਖਤ ਉਸੇ ਤਰ੍ਹਾਂ ਛਾਂਗੇ ਤੇ ਕੱਟੇ ਜਾਂਦੇ ਰਹੇ।

-61-ਬੀ, ਸ਼ਾਸਤਰੀ ਨਗਰ, ਮਾਡਲ ਟਾਊਨ, ਲੁਧਿਆਣਾ।
ਮੋਬਾਈਲ : 98155-09390.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX