ਤਾਜਾ ਖ਼ਬਰਾਂ


ਵਿਸ਼ਵ ਕੱਪ ਹਾਕੀ: ਇੰਗਲੈਂਡ ਤੇ ਫਰਾਂਸ ਨੇ ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਭੁਵਨੇਸ਼ਵਰ ,੧੦ ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਹੋਏ ਪਹਿਲੇ ਕਰਾਸ ਓਵਰ ਮੈਚ 'ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ...
ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ੨-੦ ਨਾਲ ਹਰਾ ਕੇ, ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਭੁਵਨੇਸ਼ਵਰ ੧੦ ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਹੋਏ ਪਹਿਲੇ ਕਰਾਸ ਓਵਰ ਮੈਚ 'ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ...
ਸੜਕ ਹਾਦਸੇ 'ਚ ਇੱਕ ਲੇਡੀਜ਼ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਤਪਾ ਮੰਡੀ,10 ਦਸੰਬਰ (ਪ੍ਰਵੀਨ ਗਰਗ) -ਬਰਨਾਲਾ- ਬਠਿੰਡਾ ਮੁੱਖ ਮਾਰਗ 'ਤੇ ਗੁਰੂ ਨਾਨਕ ਸਕੂਲ ਨਜ਼ਦੀਕ ਇੱਕ ਕਾਰ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਕਾਰ 'ਚ ਸਵਾਰ ਲੇਡੀਜ਼ ਥਾਣੇਦਾਰ ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ 5 ਦਿਨਾਂ ਯਾਤਰਾ 'ਤੇ ਮਿਆਂਮਾਰ ਪੁੱਜੇ
. . .  1 day ago
ਸਰਕਾਰ ਵੱਲੋਂ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ - ਜੇਤਲੀ
. . .  1 day ago
ਨਵੀਂ ਦਿੱਲੀ, ੧੦ ਦਸੰਬਰ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਸਰਕਾਰ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ ਕਰਦੀ ਹੈ।
ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਤਾਪਮਾਨ 'ਚ ਗਿਰਾਵਟ
. . .  1 day ago
ਲੁਧਿਆਣਾ, 10 ਦਸੰਬਰ (ਰੁਪੇਸ਼ ਕੁਮਾਰ) - ਪੰਜਾਬ ਦੀਆਂ ਵੱਖ ਵੱਖ ਥਾਵਾਂ 'ਤੇ ਦੇਰ ਸ਼ਾਮ ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਮੌਸਮ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਠੰਢੀਆਂ...
ਆਰ.ਬੀ.ਆਈ ਜਿਹੀਆਂ ਸੰਸਥਾਵਾਂ 'ਤੇ ਹਮਲੇ ਬੰਦ ਹੋਣੇ ਚਾਹੀਦੇ ਹਨ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਵਿਰੋਧੀ ਧਿਰ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਵਿਚ ਇਸ ਗੱਲ...
ਵਿਜੇ ਮਾਲਿਆ ਦੀ ਹਵਾਲਗੀ ਭਾਰਤ ਲਈ ਵੱਡਾ ਦਿਨ - ਅਰੁਣ ਜੇਤਲੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿਜੇ ਮਾਲਿਆ ਦੀ ਹਵਾਲਗੀ ਸਬੰਧੀ ਲੰਡਨ ਦੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆ ਕਿਹਾ ਕਿ ਵਿਜੇ ਮਾਲਿਆ...
ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ ਝੂਠ - ਆਰ.ਬੀ.ਆਈ
. . .  1 day ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਦੇ ਬੁਲਾਰੇ ਦਾ ਕਹਿਣਾ ਹੈ ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ...
ਉੱਚ ਸਮਰਥਾ ਵਾਲੇ ਅਰਥ ਸ਼ਸਤਰੀ ਸਨ ਉੁਰਜਿਤ ਪਟੇਲ - ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਗਵਰਨਰ ਉਰਜਿਤ ਪਟੇਲ ਦੇ ਅਸਤੀਫ਼ੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਰਜਿਤ ਪਟੇਲ ਉੱਚ ਸਮਰਥਾ ਵਾਲੇ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਲੰਗਰ ਦੀ ਪ੍ਰਥਾ ਪਿੱਛੇ ਉਦੇਸ਼ ਕੀ ਹੈ?

ਕਈ ਵਾਰ ਵਿਦਵਾਨ ਅਤੇ ਪ੍ਰਚਾਰਕ 'ਲੰਗਰ' ਦੇ ਨਾਲ ਲੋੜਵੰਦ ਸ਼ਬਦ ਜੋੜ ਕੇ ਇਸ ਦੇ ਡੂੰਘੇ ਭਾਵਾਂ ਨੂੰ ਭੋਜਨ ਤੱਕ ਹੀ ਸੀਮਤ ਕਰ ਦਿੰਦੇ ਹਨ। ਵਿਸ਼ਾਲ ਭੰਡਾਰੇ ਜਾਂ ਭੋਜ ਤਾਂ ਪਹਿਲਾਂ ਵੀ ਬਹੁਤ ਚਲਦੇ ਸਨ, ਜਿਨ੍ਹਾਂ ਨੂੰ ਸਮਾਜਿਕ ਸੇਵਾ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਨ੍ਹਾਂ ਭੋਜਾਂ ਅਤੇ ਲੰਗਰ ਵਿਚਲੇ ਬਹੁਤ ਹੀ ਸੂਖਮ ਫ਼ਰਕ ਦੀ ਪੜਚੋਲ ਇਸ ਲੇਖ ਵਿਚ ਕਰਾਂਗੇ।
ਜਦੋਂ ਅਸੀਂ ਗੁਰੂ ਸਾਹਿਬਾਨਾਂ ਵਲੋਂ ਚਲਾਏ ਲੰਗਰਾਂ ਨੂੰ ਗੌਰ ਨਾਲ ਵਾਚਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਲੰਗਰ ਸਿਰਫ਼ ਭੋਜਨ ਖਾਣ ਵਾਲੀ ਪ੍ਰਕਿਰਿਆ ਨਹੀਂ ਹੈ। ਪਹਿਲੇ ਗੁਰਾਂ ਨੇ ਸਾਧੂਆਂ ਲਈ ਲੰਗਰ ਲਗਾਇਆ ਅਤੇ ਉਨ੍ਹਾਂ ਨੂੰ ਭੋਜਨ ਛਕਾਇਆ। ਕੀ ਭੋਜਨ ਛਕਣਾ ਅਤੇ ਛਕਾਉਣਾ ਹੀ ਮੰਤਵ ਸੀ? ਮੇਰੀ ਸਮਝੇ ਨਹੀਂ। ਬਾਲ ਗੁਰੂ ਅਤੇ ਗਿਆਨਵਾਨ ਸਾਧੂਆਂ ਦਾ ਇਕੱਠੇ ਭੋਜਨ ਛਕਣਾ ਸਾਂਝੀਵਾਲਤਾ ਦਾ ਮੁਜ਼ਾਹਰਾ ਸੀ, ਜਿਸ ਉਪਰੰਤ ਬ੍ਰਹਮ ਗਿਆਨ ਗੋਸ਼ਟ ਹੋਈ ਹੋਵੇਗੀ। ਵੱਡੇ-ਛੋਟੇ, ਊਚ-ਨੀਚ ਵਰਗੇ ਮਾਨਸਿਕ ਪਰਦੇ ਤੋੜ ਕੇ ਹੀ ਗਿਆਨ ਦੀ ਸਾਂਝ ਪੈ ਸਕਦੀ ਹੈ, ਜੋ ਕਿ ਕਈ ਹਜ਼ਾਰਾਂ ਸਾਲਾਂ ਤੋਂ ਭਾਰਤੀ ਗਿਆਨ ਪ੍ਰਣਾਲੀ ਵਿਚੋਂ ਲੁਪਤ ਕਰ ਦਿੱਤੀ ਗਈ ਸੀ। ਗਿਆਨ ਦੀ ਸਾਂਝ ਪਾਉਣ ਦੀ ਪਿਰਤ ਨੂੰ ਮੁੜ ਸੁਰਜੀਤ ਕਰਨ ਦਾ ਇਹ ਇਕ ਨੁਕਤਾ ਪੇਸ਼ ਕੀਤਾ ਗਿਆ। ਇਸੇ ਹੀ ਸਿਧਾਂਤ ਨੂੰ ਦੂਜੇ ਗੁਰੂ ਸਾਹਿਬ ਨੇ ਅੱਗੇ ਤੋਰਿਆ। ਤੀਸਰੇ ਗੁਰਾਂ ਨੇ ਇਸ ਨੂੰ ਹੋਰ ਯੋਜਨਾਬੱਧ ਤਰੀਕੇ ਨਾਲ ਦ੍ਰਿੜ੍ਹ ਕੀਤਾ। ਰਾਜੇ ਅਤੇ ਰੰਕ ਦੀ ਬਰਾਬਰੀ ਦੀ ਮਿਸਾਲ ਕਾਇਮ ਕਰਕੇ ਜਾਤਾਂ-ਪਾਤਾਂ ਜਾਂ ਵਿਤਕਰੇ ਦੇ ਅੰਤ ਦੀ ਸ਼ੁਰੂਆਤ ਕਰ ਦਿੱਤੀ। ਦੇਸ਼ ਵਾਸੀਆਂ ਨੂੰ ਵਿਤਕਰਿਆਂ ਦੀਆਂ ਜ਼ੰਜੀਰਾਂ ਵਿਚੋਂ ਖੋਲ੍ਹਣਾ ਸ਼ੁਰੂ ਕਰ ਦਿੱਤਾ।
ਇਕ ਸਮਾਂ ਇਹ ਸੀ ਕਿ ਉੱਚ ਜਾਤ ਵਾਲੇ ਜਾਂ ਅਮੀਰ ਰਾਜੇ ਜਦੋਂ ਭੋਜ ਕਰਿਆ ਕਰਦੇ ਸਨ ਤਾਂ ਨੀਵੀਂ ਜਾਤੀ ਲਈ ਉਧਰ ਨੂੰ ਤੱਕਣ ਦੀ ਵੀ ਆਗਿਆ ਨਹੀਂ ਸੀ ਹੁੰਦੀ। ਉੱਚੇ-ਅਮੀਰ ਆਪਸ ਵਿਚ ਰਲ ਬੈਠਦੇ। ਜੇ ਕਿਧਰੇ ਗ਼ਰੀਬ ਜਾਂ ਨੀਚ ਜਾਤ ਨੂੰ ਦਾਨ ਕਰਦੇ ਤਾਂ ਵੀ ਉਸ ਵਿਚ ਕੋਈ ਅਮੀਰ ਰਲ ਕੇ ਨਾ ਬੈਠਦਾ। ਹਜ਼ਾਰਾਂ ਸਾਲ ਇਸ ਤਰ੍ਹਾਂ ਚੱਲਣ ਨਾਲ ਗਿਆਨ ਅਤੇ ਵਿਚਾਰਾਂ ਦੀ ਉੱਤਮਤਾ ਵਿਚ ਫ਼ਰਕ ਪੈਂਦਾ ਰਿਹਾ। ਸਮਾਜ ਛਲਣੀ ਹੋ ਗਿਆ ਅਤੇ ਅਖ਼ੀਰ ਨੂੰ ਗ਼ੁਲਾਮ ਹੋ ਗਿਆ। ਜਦੋਂ ਗੁਰੂ-ਘਰ ਰਾਹੀਂ ਇਹ ਜੰਜਾਲ ਟੁੱਟਣ ਦੀ ਸੂਚਨਾ ਸਮਾਜ ਨੂੰ ਮਿਲੀ ਤਾਂ ਸਿੱਖ ਅਤੇ ਹੋਰ ਚਾਹਵਾਨ ਗੁਰੂ-ਘਰ ਆਉਣ ਲੱਗੇ। ਆਉਂਦੇ ਹੀ ਪਹਿਲਾਂ ਪੰਗਤ ਵਿਚ ਬੈਠ ਕੇ ਭੋਜਨ ਛੱਕਣਾ ਅਤੇ ਫਿਰ ਗੁਰੂ ਦੀ ਸੰਗਤ ਕਰ ਕੇ ਬ੍ਰਹਮ ਗਿਆਨ ਸਰਵਣ ਕਰਨਾ, ਮਾਨੋ ਇਸ ਤਰ੍ਹਾਂ ਹੋਇਆ ਜਿਵੇਂ ਮਾਰੂਥਲ ਵਿਚ ਕਈ ਵਰ੍ਹਿਆਂ ਦੇ ਸੋਕੇ ਉਪਰੰਤ ਘਣੇ ਬੱਦਲ ਦੀਆਂ ਬੂੰਦਾਂ ਡਿਗੀਆਂ ਹੋਣ। ਇਸ ਦੀ ਸੋਭਾ ਇਉਂ ਫੈਲੀ ਜਿਵੇਂ ਪਹਿਲੇ ਮੀਂਹ ਦੀਆਂ ਕਣੀਆਂ ਦੀ ਛੋਹ ਨਾਲ ਮਿੱਟੀ ਦੀ ਮਹਿਕ ਫੈਲਦੀ ਹੈ। ਸੋ, ਲੰਗਰ ਸਿਰਫ਼ ਭੋਜਨ ਨਹੀਂ ਹੈ, ਰਸੋਈ ਵਿਚੋਂ ਸਾਦਗੀ ਨਾਲ ਪੱਕ ਰਹੇ ਭੋਜਨ ਦੀ ਮਹਿਕ ਹੈ, ਇਹ ਪੰਗਤ ਵਿਚ ਬੈਠਣ ਦੀ ਸਾਂਝੀਵਾਲਤਾ ਹੈ ਅਤੇ ਉਪਰੰਤ ਸੰਗਤ ਵਿਚ ਇਕੱਠੇ ਬੈਠ ਕੇ ਹਰੀ ਦਾ ਜੱਸ ਹੈ। ਜੇ ਇਹ ਤਿੰਨ ਸਿਧਾਂਤ ਇਕੱਠੇ ਨਹੀਂ ਹਨ ਤਾਂ ਗੁਰਮਤ ਸਿਧਾਂਤ ਅਨੁਸਾਰ ਲੰਗਰ ਕਸਵੱਟੀ 'ਤੇ ਸਹੀ ਨਹੀਂ ਹੈ।
ਕਈ ਵਿਦਵਾਨ ਲੰਗਰ ਨੂੰ ਸਿਰਫ਼ ਭੋਜਨ ਤੱਕ ਸੀਮਤ ਨਜ਼ਰੀਆ ਦਿੰਦੇ ਹਨ ਅਤੇ ਇਸ ਪ੍ਰਥਾ ਨੂੰ ਸਿਰਫ਼ ਸਮਾਜਿਕ ਪੱਖ ਤੋਂ ਹੀ ਦੇਖਣਾ ਚਾਹੁੰਦੇ ਹਨ। ਉਹ ਇਉਂ ਸੋਚਦੇ ਹਨ ਕਿ ਲੋੜਵੰਦ ਸਿਰਫ਼ ਗ਼ਰੀਬ ਹੁੰਦਾ ਹੈ ਅਤੇ ਲੰਗਰ ਸਿਰਫ਼ ਗ਼ਰੀਬਾਂ ਲਈ ਸੀ। ਕੀ ਗੋਇੰਦਵਾਲ ਸਾਹਿਬ ਸਿਰਫ਼ ਗ਼ਰੀਬ ਜਾਂ ਭੁੱਖੇ ਵਸਦੇ ਸਨ? ਮੇਰੀ ਸਮਝੇ ਤਾਂ ਉਸ ਸਮੇਂ ਦੇ ਦੁਨੀਆ ਦੇ ਸਭ ਤੋਂ ਰੱਜੇ ਅਤੇ ਸ੍ਰਿਸ਼ਟੀ ਦੇ ਪਾਤਸ਼ਾਹ ਉਸ ਧਰਤੀ 'ਤੇ ਬਿਰਾਜਮਾਨ ਸਨ, ਜਿਨ੍ਹਾਂ ਨੂੰ ਦੇਸ਼ ਦਾ ਬਾਦਸ਼ਾਹ ਆਪ ਚੱਲ ਕੇ ਮਿਲਣ ਆਇਆ। ਸਿਰਫ਼ ਭੁੱਖਿਆਂ ਲਈ ਲੰਗਰ ਦੀ ਪ੍ਰਥਾ ਸ਼ੁਰੂ ਕਰ ਕੇ ਕਿੰਨੀ ਕੁ ਲੁਕਾਈ ਨੂੰ ਰਜਾਇਆ ਜਾ ਸਕਦਾ ਸੀ? ਅਸਲ ਵਿਚ ਗ਼ਰੀਬ ਨੂੰ ਭੋਜਨ ਖੁਆ ਕੇ ਉਸ ਦੀ ਭੁੱਖ ਹੀ ਦੂਰ ਨਹੀਂ ਸੀ ਕਰਦੇ ਗੁਰੂ ਸਾਹਿਬ। ਉਪਰੰਤ ਉਸ ਨੂੰ ਨਾਮ ਨਾਲ ਜੋੜ ਕੇ ਕਿਰਤ ਕਰਨ ਦਾ ਸਿਧਾਂਤ ਵੀ ਦ੍ਰਿੜ੍ਹਾਉਂਦੇ ਸਨ। ਇਹੀ ਸਿਧਾਂਤ ਤਾਂ ਸਿੱਖਾਂ ਦੀ ਹਰ ਗ਼ਰੀਬੀ ਨੂੰ ਅੱਜ ਵੀ ਦੂਰ ਕਰ ਰਿਹਾ ਹੈ।
ਸਾਂਝੀਵਾਲਤਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਗੁਰੂ ਅਮਰਦਾਸ ਜੀ ਨੇ ਬਾਉਲੀ ਬਣਵਾਈ, ਜਿਸ ਦੇ ਜਲ ਨਾਲ ਹਰ ਕੋਈ ਇਸ਼ਨਾਨ ਕਰ ਸਕਦਾ ਸੀ। ਲੰਗਰ ਪਹਿਲਾਂ ਹੀ ਚਲਦਾ ਸੀ। ਉਨ੍ਹਾਂ ਦੀ ਹਦਾਇਤ ਉੱਤੇ ਗੁਰੂ ਰਾਮ ਦਾਸ ਜੀ ਨੇ 'ਗੁਰੂ ਕੇ ਚੱਕ ਅੰਮ੍ਰਿਤਸਰ' ਦੀ ਮੋੜ੍ਹੀ ਗੱਡੀ। ਸਰੋਵਰ ਬਣਾਏ ਗਏ। ਪੰਜਵੇਂ ਗੁਰਾਂ ਨੇ ਦੋ ਗੁਰਧਾਮ ਤਿਆਰ ਕਰਵਾਏ, ਹਰਿਮੰਦਰ ਅਤੇ ਗੁਰਦੁਆਰਾ ਤਰਨ ਤਾਰਨ ਸਾਹਿਬ। ਦੋਵਾਂ ਗੁਰਧਾਮਾਂ ਵਿਖੇ ਵਿਸ਼ਾਲ ਸਰੋਵਰ ਹਨ ਅਤੇ ਦਰਬਾਰ ਸਾਹਿਬ। ਇਹ ਨਕਸ਼ਾ ਗੁਰਮਤਿ ਸਿਧਾਂਤ ਅਨੁਸਾਰ ਸੰਪੂਰਨ ਹੈ।
ਰੂਹਾਨੀ ਸਿਧਾਂਤ ਇਹ ਕਹਿੰਦਾ ਹੈ ਜਦੋਂ ਸਾਡੀ ਰੂਹ ਵੈਰਾਗ ਦੀ ਭੁੱਖ ਨਾਲ ਤੜਫਦੀ ਹੈ ਤਾਂ ਅਸੀਂ ਦੂਰ-ਦੂਰ ਤੱਕ ਗੁਰੂ ਦੀ ਭਾਲ ਕਰਦੇ ਹਾਂ। ਦੱਸ ਪੈਣ 'ਤੇ ਚੱਲ ਕੇ ਉਸ ਵੱਲ ਨੂੰ ਤੁਰ ਪੈਂਦੇ ਹਾਂ ਅਤੇ ਪੈਂਡਾ ਤਹਿ ਕਰ ਕੇ ਉਸ ਦੇ ਦੁਆਰੇ ਪਹੁੰਚਦੇ ਹਾਂ ਤਾਂ ਅੱਗੋਂ ਇਕ ਸਿੱਖ ਉਸ ਦਾ ਸਵਾਗਤ ਕਰਦਾ ਹੈ ਅਤੇ ਜੀ ਆਇਆਂ ਕਹਿੰਦਾ ਹੈ। ਪਰ ਯਾਤਰੀ ਸਫ਼ਰ ਅਤੇ ਵੈਰਾਗ ਤੋਂ ਵਿਆਕੁਲ ਹੋਇਆ ਹੈ, ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਸਿੱਖ ਜਾਣਦਾ ਹੈ ਕਿ ਜਿਸ ਤਰ੍ਹਾਂ ਸਮੁੰਦਰੀ ਬੇੜੇ ਨੂੰ ਬੰਦਰਗਾਹ ਨਾਲ ਜੁੜਨ ਲਈ ਲੰਗਰ ਦੀ ਲੋੜ ਹੈ, ਉਸੇ ਹੀ ਤਰ੍ਹਾਂ ਇਸ ਯਾਤਰੀ ਨੂੰ ਵੀ ਪਹਿਲਾਂ ਠਹਿਰਾਓ ਦੀ ਲੋੜ ਹੈ। ਉਹ ਉਸ ਨੂੰ ਰਸਤੇ ਦੀ ਥਕਾਨ ਤੋਂ ਨਿਰਮਲ ਹੋਣ ਲਈ ਸਰੋਵਰ ਵਿਚ ਇਸ਼ਨਾਨ ਕਰਨ ਲਈ ਪ੍ਰੇਰਦਾ ਹੈ। ਸਰੋਵਰ ਵਿਚ ਹੋਰ ਕਿੰਨੇ ਪ੍ਰਾਣੀ ਇਸ਼ਨਾਨ ਕਰ ਰਹੇ ਹਨ ਦੇਖ ਵਿਸਮਾਦ ਹੋ ਜਾਂਦਾ ਹੈ ਕਿ ਸਾਰੇ ਇਕੋ ਹੀ ਥਾਂ ਪਵਿੱਤਰ ਹੋ ਰਹੇ ਹਨ? ਉਪਰੰਤ ਉਹ ਸਿੱਖ ਯਾਤਰੀ ਨੂੰ ਪੰਗਤ ਵਿਚ ਬਿਠਾ ਕੇ ਲੰਗਰ ਛਕਾਉਂਦਾ ਹੈ ਅਤੇ ਉਸ ਦੇ ਪੇਟ ਦੀ ਭੁੱਖ-ਪਿਆਸ ਨੂੰ ਮਿਟਾਉਂਦਾ ਹੈ। ਉਪਰੰਤ ਉਸ ਨੂੰ ਆਰਾਮ ਕਰ ਕੇ ਰਹਿਰਾਸ ਵੇਲੇ ਸੰਗਤ ਵਿਚ ਆ ਕੇ ਗੁਰੂ ਦਰਸ਼ਨ ਕਰਨ ਲਈ ਕਹਿੰਦਾ ਹੈ। ਹੁਣ ਤੱਕ ਸਰੀਰ ਨਿਰਮਲ ਹੋ ਚੁੱਕਾ ਸੀ ਪਰ ਵੈਰਾਗ ਹੋਰ ਪ੍ਰਚੰਡ ਹੋ ਰਿਹਾ ਸੀ ਕਿ ਜੇ ਗੁਰੂ ਕਾ ਸਿੱਖ ਇਹੋ ਜਿਹਾ ਹੈ ਤਾਂ ਗੁਰੂ ਦਾ ਕੀ ਰੂਪ ਹੋਵੇਗਾ? ਸ਼ਾਮ ਨੂੰ ਗੁਰੂ-ਦਰਬਾਰ ਵਿਚ ਪਹੁੰਚ ਕੇ ਜਿਵੇਂ ਹੀ ਗੁਰੂ ਦੇ ਮੁੱਖ ਵੱਲ ਤੱਕਦਾ ਹੈ ਤਾਂ ਉਹ ਵਿਸਮਾਦ ਵਿਚ ਸੁੰਨ ਹੋ ਜਾਂਦਾ ਹੈ। ਇਹ ਤਾਂ ਉਹ ਸਿੱਖ ਹੀ ਸੀ, ਜੋ ਉਸ ਦੀ ਸਵੇਰੇ ਤੋਂ ਸੇਵਾ ਕਰ ਰਿਹਾ ਸੀ। ਏਨਾ ਮਹਾਨ ਹੈ ਗੁਰੂ! ਜੀ ਹਾਂ, ਇਹ ਪੰਜਵੇਂ ਗੁਰਾਂ ਦੀ ਵਾਰਤਾ ਹੈ।
ਕੀ ਅੱਜ ਵੀ ਲੰਗਰ ਦੀ ਅਹਿਮੀਅਤ ਹੈ? ਜੀ ਬਿਲਕੁਲ, ਉਤਨੀ ਹੀ ਜਿਤਨੀ ਗੁਰੂ ਸਾਹਿਬ ਵਕਤ ਸੀ। ਅੱਜ ਇਕੱਲੇ ਹਰਮਿੰਦਰ ਸਾਹਿਬ ਵਿਖੇ ਦੋ ਲੱਖ ਪ੍ਰਾਣੀ ਪੰਗਤ ਵਿਚ ਬੈਠ ਕੇ ਲੰਗਰ ਛਕਦੇ ਹਨ ਅਤੇ ਰੂਹਾਨੀਅਤ ਨਾਲ ਜੁੜਦੇ ਹਨ। ਦੁਨੀਆ ਦੇ ਹਰ ਕੋਨੇ ਵਿਚ ਗੁਰੂ-ਘਰਾਂ ਵਿਚ ਜਾ ਕੇ ਕਰੋੜਾਂ ਪ੍ਰਾਣੀ ਬਾਣੀ ਨਾਲ ਜੁੜਦੇ ਹਨ ਅਤੇ ਲੋੜ ਮੁਤਾਬਿਕ ਲੰਗਰ ਵੀ ਛਕਦੇ ਹਨ ਅਤੇ ਲੋੜ ਪੈਣ 'ਤੇ ਲੰਗਰ ਲਾਉਂਦੇ ਵੀ ਹਨ। ਲੱਖਾਂ ਭਾਈ ਮੰਝ ਹਨ, ਜੋ ਬਿਨਾਂ ਸਵਾਲ ਗੁਰੂ ਦੀ ਗੋਲਕ ਵਿਚ ਦਸਵੰਧ ਪਾਉਂਦੇ ਹਨ।
ਆਪਣੇ ਪਿੰਡਾਂ ਜਾਂ ਵਿਦੇਸ਼ਾਂ ਵਿਚ ਗੁਰੂ-ਘਰਾਂ ਦੀ ਲੰਗਰ ਵਿਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ? ਬਿਲਕੁਲ ਗੁਰਮਤ ਵਾਲੀ ਅਤੇ ਛਕਣ ਵਾਲੇ ਭਾਈ ਮੰਝ ਵਰਗੇ। ਕਈ ਥਾਵਾਂ 'ਤੇ ਸੁਣਨ ਅਤੇ ਦੇਖਣ ਨੂੰ ਮਿਲਿਆ ਹੈ ਕਿ ਕੁਝ ਕੁ ਪ੍ਰਾਣੀ ਗੁਰੂ-ਘਰ ਸਿਰਫ਼ ਲੰਗਰ ਛਕਣ ਹੀ ਜਾਂਦੇ ਹਨ ਅਤੇ ਕੁਝ ਕੁ ਆਪਣੇ ਨਾਲ ਕਈ ਦਿਨਾਂ ਦਾ ਲੰਗਰ ਡੱਬਿਆਂ ਵਿਚ ਬੰਨ੍ਹ ਕੇ ਲੈ ਜਾਂਦੇ ਹਨ। ਇਹ ਸਰਾਸਰ ਮਨਮੁੱਖਤਾ ਹੈ ਅਤੇ ਉਨ੍ਹਾਂ ਨੂੰ ਬਿਲਕੁਲ ਵੀ ਜਚਦਾ ਨਹੀਂ। ਕਈ ਵਾਰੀ ਇਹੋ ਜਿਹੀ ਸਥਿਤੀ ਆ ਸਕਦੀ ਹੈ ਪਰ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਢੁਕਵੀਂ ਸੇਵਾ ਜ਼ਰੂਰ ਕੀਤੀ ਜਾਵੇ। ਹਾਂ, ਜੇ ਕੋਈ ਭਾਈਚਾਰੇ ਵਿਚੋਂ ਬਿਮਾਰ ਹੋ ਜਾਵੇ ਜਾਂ ਅਤਿ ਲੋੜ ਪੈ ਜਾਵੇ ਤਾਂ ਪ੍ਰਬੰਧਕਾਂ ਨੂੰ ਦੱਸ ਕੇ ਉਸ ਤੱਕ ਲੰਗਰ ਅੱਪੜਦਾ ਕਰਨਾ ਪੁੰਨ ਹੋਵੇਗਾ। ਜੇ ਕੋਈ ਬੇਅਦਬੀ ਕਰੇ ਤਾਂ ਉਸ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਸਿਧਾਂਤ ਨਾਲ ਜੋੜਨਾ ਚਾਹੀਦਾ ਹੈ।
ਇਸ ਗੱਲ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਕਿ ਭੁੱਖੇ ਪੇਟ ਕਦੇ ਵੀ ਭਗਤੀ ਨਹੀਂ ਹੁੰਦੀ। ਸੰਗਤ ਨੂੰ ਭੁੱਖਿਆਂ ਦਰਬਾਰ ਵਿਚ ਬਿਠਾਈ ਰੱਖਣਾ ਅਤੇ ਸਮੇਂ ਸਿਰ ਲੰਗਰ ਨਾ ਵਰਤਾਉਣਾ ਵੀ ਗੁਰ-ਸੰਗਤ ਸਿਧਾਂਤ ਨੂੰ ਕਮਜ਼ੋਰ ਕਰਦਾ ਹੈ। ਸੋ, ਲੰਗਰ ਸਮੇਂ ਸਿਰ ਹੀ ਵਰਤਾ ਦੇਣਾ ਚਾਹੀਦਾ ਹੈ। ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਲੰਗਰ ਸਾਦਾ ਹੋਵੇ ਅਤੇ ਉਸ ਵਿਚ ਸਮੇਂ ਦੀਆਂ ਘਰੇਲੂ ਪ੍ਰਚੱਲਿਤ ਵੰਨਗੀਆਂ ਹੋਣ। ਲੰਗਰ ਅਤਿ ਪੌਸ਼ਟਿਕ ਹੋਣਾ ਚਾਹੀਦਾ ਹੈ ਅਤੇ ਸਫ਼ਾਈ ਤੇ ਸੰਭਾਲ ਦੇ ਸਥਾਨਕ ਭੋਜਨ ਕਾਨੂੰਨਾਂ ਦੀ ਵੀ ਪਾਲਣਾ ਕੀਤੀ ਜਾਵੇ। ਇਸ ਤਰ੍ਹਾਂ ਕਰਨ ਨਾਲ ਲੰਗਰ ਦੀ ਪਵਿੱਤਰਤਾ ਕਾਇਮ ਰਹੇਗੀ ਅਤੇ ਨਵੀਂ ਪੀੜ੍ਹੀ ਦਾ ਵਿਸ਼ਵਾਸ ਹੋਰ ਵਧੇਗਾ।


-ਆਸਟ੍ਰੇਲੀਆ। ਮੋਬਾ: +61431197305
harmanradio@gmail.com


ਖ਼ਬਰ ਸ਼ੇਅਰ ਕਰੋ

ਬਾਜ਼ਾਂ ਵਾਲੇ ਸ਼ਹਿਨਸ਼ਾਹ

ਛੇਵੇਂ ਅਤੇ ਦਸਵੇਂ ਪਾਤਸ਼ਾਹ ਜੀ ਬਾਦਸ਼ਾਹ ਦਰਵੇਸ਼ ਸਨ। ਉਨ੍ਹਾਂ ਨੂੰ ਚਿੱਟਿਆਂ ਬਾਜ਼ਾਂ ਵਾਲੇ ਪਾਤਸ਼ਾਹ ਜੀ ਵੀ ਆਖਿਆ ਜਾਂਦਾ ਹੈ। ਉਨ੍ਹਾਂ ਕੋਲ ਦੁਨਿਆਵੀ ਅਤੇ ਦਰਗਾਹੀ ਦੋਵੇਂ ਪਾਤਸ਼ਾਹੀਆਂ ਸਨ। ਤਾਂ ਹੀ ਉਨ੍ਹਾਂ ਨੂੰ ਸੱਚੇ ਪਾਤਸ਼ਾਹ ਵੀ ਆਖਿਆ ਜਾਂਦਾ ਹੈ। ਆਕਾਸ਼ਾਂ ਵਿਚ ਉਡਦੇ ਬਾਜ਼ ਆਜ਼ਾਦੀ ਦੇ ਪ੍ਰਤੀਕ ਹਨ। ਇਕ ਵਾਰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਚਿੱਟੇ ਘੋੜੇ ਉੱਤੇ ਅਸਵਾਰ ਹੋ ਕੇ ਅਤੇ ਹੱਥ ਉੱਤੇ ਚਿੱਟਾ ਬਾਜ਼ ਸਜਾ ਕੇ ਸ਼ਿਕਾਰ ਨੂੰ ਚੱਲੇ। ਆਪ ਜੀ ਨੇ ਬਹੁਤ ਮਹੀਨ ਸੁੰਦਰ ਪੁਸ਼ਾਕ ਪਹਿਨੀ ਹੋਈ ਸੀ ਅਤੇ ਸੀਸ ਉੱਤੇ ਰੇਸ਼ਮੀ ਦਸਤਾਰ ਸੀ, ਜਿਸ ਉੱਪਰ ਹੀਰੇ ਜੜਤ ਕਲਗੀ ਝਿਲਮਿਲਾ ਰਹੀ ਸੀ। ਜਦੋਂ ਆਪ ਜੀ ਇਸ ਅਦੁੱਤੀ ਰੂਪ ਵਿਚ ਬਾਹਰ ਨਿਕਲੇ ਤਾਂ ਅੱਗੋਂ ਆਪ ਜੀ ਨੂੰ ਦੋ ਪਿਓ-ਪੁੱਤਰ ਮਿਲੇ। ਉਨ੍ਹਾਂ ਨੇ ਆਪ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਸੇਵਾ ਮੰਗੀ। ਮਹਾਰਾਜ ਜੀ ਨੇ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ? ਉਨ੍ਹਾਂ ਨੇ ਕਿਹਾ ਜੀ ਅਸੀਂ ਮੁਸੱਵਰ ਹਾਂ ਅਤੇ ਤਸਵੀਰਾਂ ਬਣਾਉਂਦੇ ਹਾਂ। ਕਿਰਪਾ ਕਰਕੇ ਸਾਨੂੰ ਆਪਣੇ ਅਤੀ ਸੁੰਦਰ ਸਰੂਪ ਦੀ ਇਕ ਤਸਵੀਰ ਬਣਾਉਣ ਦੀ ਆਗਿਆ ਬਖਸ਼ੋ। ਮਹਾਰਾਜ ਜੀ ਮੁਸਕਰਾਏ। ਉਨ੍ਹਾਂ ਨੇ ਉਸੇ ਸਮੇਂ ਆਪਣਾ ਸਾਮਾਨ ਕੱਢ ਕੇ ਮਹਾਰਾਜ ਜੀ ਦੀ ਡੀਲ ਡੌਲ ਅਤੇ ਚਿਹਨ ਚੱਕਰਾਂ ਦੇ ਨਿਸ਼ਾਨ ਉਲੀਕ ਲਏ। ਘਰ ਜਾ ਕੇ ਉਨ੍ਹਾਂ ਨੇ ਤਸਵੀਰ ਨੂੰ ਸੰਪੂਰਨ ਕੀਤਾ ਅਤੇ ਦੂਜੇ ਦਿਨ ਮਹਾਰਾਜ ਜੀ ਦੀ ਹਜ਼ੂਰੀ ਵਿਚ ਲੈ ਕੇ ਆਏ। ਮਹਾਰਾਜ ਜੀ ਨੇ ਦੋਵਾਂ ਨੂੰ ਖੁਸ਼ੀਆਂ ਅਤੇ ਇਨਾਮ ਬਖਸ਼ ਕੇ ਨਿਹਾਲ ਕੀਤਾ। ਬਾਜ਼ਾਂ ਵਾਲੇ ਪਾਤਸ਼ਾਹ ਜੀ ਦਾ ਇਹ ਇਤਿਹਾਸਕ ਚਿੱਤਰ ਅੱਜ ਵੀ ਸਾਂਭਿਆ ਹੋਇਆ ਹੈ।
ਦਸਵੇਂ ਪਾਤਸ਼ਾਹ ਜੀ ਤਾਂ ਬਚਪਨ ਤੋਂ ਹੀ ਤੀਰਾਂ ਦੇ ਖਿਡਾਰ ਅਤੇ ਬਾਜ਼ਾਂ ਦੇ ਉਡਾਰ ਸਨ। ਆਪ ਜੀ ਨੇ ਰਾਜ ਜੋਗ ਕਮਾਇਆ, ਸ਼ਾਹਾਨਾ ਠਾਠ-ਬਾਠ ਰੱਖਿਆ, ਵਧੀਆ ਤੋਂ ਵਧੀਆ ਹਾਥੀ-ਘੋੜਿਆਂ ਦੀ ਸਵਾਰੀ ਕੀਤੀ। ਉਸ ਸਮੇਂ ਬਾਜ਼ ਉਡਾਉਣਾ ਵੀ ਸ਼ਾਹੀ ਠਾਠ-ਬਾਠ ਦਾ ਸੂਚਕ ਸੀ। ਆਪ ਜੀ ਦੇ ਸ਼ਾਹੀ ਜਲਾਲ ਦੀਆਂ ਖ਼ਬਰਾਂ ਸੁਣ ਕੇ ਔਰੰਗਜ਼ੇਬ ਬਹੁਤ ਤਿਲਮਿਲਾਇਆ। ਉਸ ਨੇ ਹੁਕਮ ਚਾੜ੍ਹਿਆ ਕਿ ਗੁਰੂ ਜੀ ਸਾਧਾਂ-ਫਕੀਰਾਂ ਵਾਂਗ ਰਹਿਣ, ਦਰਬਾਰ ਨਾ ਲਾਉਣ, ਬਾਜ਼ ਨਾ ਉਡਾਉਣ। ਪਰ ਮਹਾਰਾਜ ਜੀ ਨੇ ਉਹ ਸਭ ਨਿਸ਼ਾਨੀਆਂ ਧਾਰਨ ਕੀਤੀਆਂ ਜੋ ਜ਼ਿੰਦਗੀ ਦੇ ਵਿਕਾਸ ਅਤੇ ਆਜ਼ਾਦੀ ਲਈ ਜ਼ਰੂਰੀ ਸਨ। ਫਰਾਂਸ ਦੇ ਇਕ ਸਿਆਣੇ ਨੌਸਟਰਾਡੈਮਸ ਨੇ ਸੋਲ੍ਹਵੀਂ ਸਦੀ ਵਿਚ ਕੁਝ ਭਵਿੱਖਬਾਣੀਆਂ ਕੀਤੀਆਂ, ਜਿਨ੍ਹਾਂ ਵਿਚੋਂ ਬਹੁਤੀਆਂ ਸੱਚ ਨਿਕਲੀਆਂ ਹਨ। ਉਸ ਨੇ ਲਿਖਿਆ ਹੈ ਕਿ ਇਕ ਸਮੇਂ ਨੇਕੀ ਉੱਤੇ ਬਦੀ ਭਾਰੂ ਹੋ ਜਾਵੇਗੀ ਅਤੇ ਛੋਟੇ ਬੱਚਿਆਂ ਨੂੰ ਕੁਰਬਾਨੀ ਦੇਣੀ ਪਵੇਗੀ। ਇਸ ਪਿੱਛੋਂ ਬਾਜ਼ ਧਰਤੀ ਉੱਤੇ ਨੇਕੀ ਅਤੇ ਬਲ ਦੀਆਂ ਸ਼ਕਤੀਆਂ ਵਧਾਉਣ ਵਿਚ ਸਹਾਇਤਾ ਦੇਵੇਗਾ। ਇਹ ਇਸ਼ਾਰਾ ਮਹਾਰਾਜ ਜੀ ਦੇ ਲਾਲਾਂ ਅਤੇ ਬਾਜ਼ ਵੱਲ ਜਾਪਦਾ ਹੈ। **

ਬਰਸੀ 'ਤੇ ਵਿਸ਼ੇਸ਼

ਮਾਲਵੇ ਦੀ ਰੂਹਾਨੀ ਸ਼ਖ਼ਸੀਅਤ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ

ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦਾ ਜਨਮ ਜਗਰਾਉਂ ਤੇ ਨਜ਼ਦੀਕੀ ਪਿੰਡ ਬਰਸਾਲ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ: ਦੌਲਤ ਸਿੰਘ ਕੰਡਾ ਦੇ ਗ੍ਰਹਿ ਮਾਤਾ ਚੰਦ ਕੌਰ ਦੀ ਸੁਭਾਗੀ ਕੁੱਖੋਂ 29 ਦਸੰਬਰ, 1929 ਨੂੰ ਹੋਇਆ। ਆਪ ਇਲਾਕੇ ਦੇ ਮੰਨੇ-ਪ੍ਰਮੰਨੇ ਸਵਰਨਕਾਰ ਸ: ਮੱਲ ਸਿੰਘ ਕੰਢਾ ਦੇ ਛੋਟੇ ਭਰਾਤਾ ਸਨ। ਇਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਉਪਰੰਤ ਦਸਵੀਂ ਜਮਾਤ ਜਗਰਾਉਂ ਦੇ ਸਰਕਾਰੀ ਹਾਈ ਸਕੂਲ ਤੋਂ ਕੀਤੀ। ਬਾਅਦ 'ਚ ਆਪ ਨੇ ਫਿਰੋਜ਼ਪੁਰ ਤੋਂ ਮਕੈਨਿਕ ਦਾ ਡਿਪਲੋਮਾ ਹਾਸਲ ਕੀਤਾ। ਦੁਨਿਆਵੀ ਪ੍ਰੰਪਰਾ ਅਨੁਸਾਰ ਇਨ੍ਹਾਂ ਦੀ ਸ਼ਾਦੀ ਬੀਬੀ ਗਿਆਨ ਕੌਰ ਵਾਸੀ ਤਲਵੰਡੀ ਭਾਈ ਨਾਲ ਹੋਈ। ਸੰਸਾਰਕ ਜੀਵਨ ਦੇ ਨਿਰਬਾਹ ਤੇ ਉਪਜੀਵਕਾ ਲਈ ਆਪ ਪਿੰਡ ਬਰਸਾਲ ਤੋਂ ਮਾਲਵੇ ਦੇ ਮਸ਼ਹੂਰ ਸ਼ਹਿਰ ਮੋਗਾ ਵਿਖੇ ਆਪਣੇ ਚਾਚਾ ਇੰਦਰ ਸਿੰਘ ਪਾਸ ਆ ਗਏ। ਇੱਥੇ ਆਪ ਨੇ ਗੁਲਾਬੀ ਬਾਗ ਮੋਗਾ 'ਚ ਆਪਣਾ ਕਾਰੋਬਾਰ ਗੱਡੀਆਂ 'ਚ ਡਾਇਨਮੋ ਲਗਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਗੁਰਮਤਿ ਸਿਧਾਂਤ ਨੂੰ ਅਪਣਾਉਂਦੇ ਹੋਏ, ਧਰਮ ਦੇ ਮਾਰਗ 'ਤੇ ਚਲਦੇ ਹੋਏ, ਨਾਮ ਸਿਮਰਨ ਦੀਆਂ ਰਿਸ਼ਮਾਂ ਵੰਡਦੇ ਹੋਏ ਸਰਬ-ਧਰਮਾਂ ਦੇ ਸਤਿਕਾਰਤ ਮਹਾਂ-ਪੁਰਸ਼ਾਂ ਦੇ ਤੌਰ 'ਤੇ ਲੋਕਾਈ 'ਚ ਹੀ ਨਹੀਂ, ਬਲਕਿ ਮਾਲਵਾ ਖੇਤਰ 'ਚ ਇਕ ਅਦੁੱਤੀ ਪਛਾਣ ਬਣਾ ਲਈ। ਆਪਣੀ ਕਿਰਤ ਦੀ ਕਮਾਈ 'ਚੋਂ ਹਿੰਦੂ, ਸਿੱਖ, ਮੁਸਲਿਮ ਭਾਈਚਾਰੇ ਦੇ ਧਾਰਮਿਕ ਅਸਥਾਨਾਂ ਦੇ ਨਵ-ਨਿਰਮਾਣ ਲਈ ਉਸਾਰੀਆਂ ਜਾ ਰਹੀਆਂ ਇਮਾਰਤਾਂ ਲਈ ਇਕਸਾਰਤਾ ਭਰੀ ਧਨ ਰਾਸ਼ੀ ਸਹਾਇਤਾ ਵਜੋਂ ਦਾਨ ਦੇਣ ਦਾ ਸੰਕਲਪ ਕਰ ਲਿਆ ਤੇ ਨਾਲ ਹੀ ਤਾਲੀਮੀ ਅਦਾਰਿਆਂ ਲਈ ਵੀ ਖੁੱਲ੍ਹੇ ਦਿਲ ਨਾਲ ਆਰਥਿਕ ਇਮਦਾਦ ਮੁਹੱਈਆ ਕਰਵਾਉਣ ਦਾ ਸ਼ੁੱਭ ਕਾਰਜ ਜਾਰੀ ਰੱਖਿਆ। ਐਤਕੀਂ ਵੀ ਬਾਬਾ ਰੱਬ ਜੀ ਦੀ ਸਾਲਾਨਾ ਬਰਸੀ ਦੇ ਮੌਕੇ ਜ਼ਰੂਰਤਮੰਦ ਧੀਆਂ ਦੇ ਵਿਆਹ 28, 29, 30, 31 ਅਕਤੂਬਰ, 2017 ਨੂੰ ਆਯੋਜਿਤ ਸਮਾਰੋਹ ਦੇ ਮੌਕੇ 'ਤੇ ਕੀਤੇ ਜਾ ਰਹੇ ਹਨ ਤੇ ਨਵ-ਵਿਆਹੁਤਾ ਬੱਚੀਆਂ ਨੂੰ ਉਨ੍ਹਾਂ ਦੀਆਂ ਘਰੇਲੂ ਲੋੜਾਂ ਦਾ ਪੂਰਾ-ਪੂਰਾ ਸਾਮਾਨ ਦੇ ਕੇ ਵਿਦਾ ਕੀਤਾ ਜਾਵੇਗਾ।
ਸਾਂਝੀਵਾਲਤਾ ਤੇ ਇਨਸਾਨੀ ਏਕਤਾ ਦੇ ਅਲੰਬਰਦਾਰ, ਰੂਹਾਨੀ ਸ਼ਖ਼ਸੀਅਤ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ, ਮੋਗਾ ਖੇਤਰ ਦੇ ਇਕ ਪਿੰਡ ਮਹਿਰੋਂ ਵਿਖੇ ਬਾਬਾ ਜਿਉਣ ਸਿੰਘ ਦੀ ਬਰਸੀ ਮੌਕੇ ਚੌਦਵੇਂ ਸਾਲਾਨਾ ਸਮਾਗਮ 'ਚ ਸਟੇਜ ਦੇ ਇਕ ਪਾਸੇ ਇਕਾਗਰ ਹੋ ਕੇ ਬੈਠ ਗਏ ਤੇ ਉਸੇ ਸਮਾਗਮ ਸਮੇਂ 30 ਅਕਤੂਬਰ, 1998 ਨੂੰ ਆਪ ਜੀ ਗੁਰੂ ਚਰਨਾਂ 'ਚ ਜਾ ਬਿਰਾਜੇ। ਉਨ੍ਹਾਂ ਦੇ ਰੂਹਾਨੀ ਤੇ ਅਧਿਆਤਮਿਕਮਈ ਜਜ਼ਬੇ ਦੀ ਖ਼ੁਸ਼ਬੂ ਤੇ ਮਹਿਕ ਭਰੀ ਯਾਦ 'ਚ ਮੋਗਾ ਦੇ ਗੁਲਾਬੀ ਬਾਗ 'ਚ ਤਿੰਨ ਰੋਜ਼ਾ ਸਮਾਗਮ ਮਨਕੱਦ ਕਰਕੇ, ਗੁਰ ਸੰਗਤਾਂ ਬਾਬਾ ਜੀ ਨੂੰ ਭਾਵ-ਭਿੰਨੀ ਸ਼ਰਧਾਂਜਲੀ ਦੇ ਰਹੀਆਂ ਹਨ।


-ਜਗਰਾਉਂ।

ਵਿਸ਼ਵ ਦਾ ਪਹਿਲਾ ਗਣਰਾਜ-ਵੈਸ਼ਾਲੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਵੈਸ਼ਾਲੀ ਬੁੱਧਮੱਤ ਦੇ ਅਨੁਯਾਈਆਂ ਲਈ ਬੜਾ ਪਵਿੱਤਰ ਸਥਾਨ ਹੈ। ਇਥੇ ਭਗਵਾਨ ਬੁੱਧ ਨੇ ਕਈ ਸਾਲ ਪੜਾਅ ਕੀਤਾ। ਬੁੱਧਤਵ ਪ੍ਰਾਪਤੀ ਉਪਰੰਤ ਪੰਜਵੇਂ ਸਾਲ ਭਗਵਾਨ ਬੁੱਧ 500 ਭਿਖਸ਼ੂਆਂ ਨਾਲ ਰਾਜਗੀਰ ਤੋਂ ਇਸ ਥਾਂ ਪਹਿਲੀ ਵਾਰ ਆਏ ਸਨ। ਕਹਿੰਦੇ ਹਨ ਵੈਸ਼ਾਲੀ ਵਿਚ ਭਿਆਨਕ ਸੋਕਾ ਅਤੇ ਮਹਾਂਮਾਰੀ ਫੈਲਣ ਉਪਰੰਤ ਲਿੱਛਵੀ ਵੰਛ ਦੇ ਰਾਜੇ ਨੇ ਬੁੱਧ ਨੂੰ ਇਥੇ ਆਉਣ ਲਈ ਬੇਨਤੀ ਕੀਤੀ ਸੀ, ਤਾਂ ਕਿ ਸਥਿਤੀ ਨਾਲ ਨਿਪਟਣ ਲਈ ਕੋਈ ਅਧਿਆਤਮਕ ਚਾਰਾਜੋਈ ਕੀਤੀ ਜਾ ਸਕੇ।
ਪਹਿਲੀ ਵਾਰ ਮਹਾਪਰਜਾਪਤੀ ਗੌਤਮੀ ਨੂੰ, 500 ਹੋਰ ਸਾਕਿਆਨ ਔਰਤਾਂ ਨਾਲ, ਸੰਘ ਵਿਚ ਪ੍ਰਵੇਸ਼ ਵੀ ਇਸ ਥਾਂ ਹੀ ਮਿਲਿਆ। ਪ੍ਰਸਿੱਧ ਖੂਬਸੂਰਤ ਨਰਤਕੀ ਅੰਬਾਪਲੀ/ਅਮਰਪਾਲੀ ਵੀ ਇਥੇ ਹੀ ਭਿਖਸ਼ੁਣੀ ਬਣੀ। ਅਸ਼ੋਕ ਕਾਲ ਸਮੇਂ ਦੂਜੀ ਬੋਧ ਕੌਂਸਲ ਵੀ ਇਸ ਥਾਂ ਹੋਈ। ਆਪਣੇ ਨਿਰਵਾਣ ਦਾ ਐਲਾਨ ਵੀ ਬੁੱਧ ਨੇ ਇਥੇ ਹੀ ਕੀਤਾ। ਇਸ ਥਾਂ ਬੁੱਧ ਸਤੂਪ ਵੀ ਹੈ। ਵੈਸ਼ਾਲੀ ਜਾਂਦਿਆਂ ਥਾਂ-ਥਾਂ ਬੋਰਡ ਲੱਗੇ ਮਿਲਦੇ ਹਨ, ਜਿਨ੍ਹਾਂ ਉੱਪਰ ਲਿਖਿਆ ਹੈ ਕਿ 'ਗੌਤਮ ਬੁੱਧ ਦੀ ਕਰਮਭੂਮੀ ਵੈਸ਼ਾਲੀ ਵਿਚ ਆਪ ਦਾ ਸਵਾਗਤ ਹੈ।'
ਗੌਤਮ ਬੁੱਧ ਵੈਸ਼ਾਲੀ ਦੀ ਖੂਬਸੂਰਤੀ ਤੋਂ ਬਹੁਤ ਪ੍ਰਭਾਵਤ ਸਨ। ਆਪ ਨੇ ਆਪਣਾ ਆਖ਼ਰੀ ਉਪਦੇਸ਼ ਵੀ ਇਸ ਥਾਂ ਹੀ ਦਿੱਤਾ। ਕਹਿੰਦੇ ਹਨ ਕੁਸ਼ੀਨਗਰ ਵੱਲ ਚੱਲਣ ਤੋਂ ਪਹਿਲਾਂ ਅਤੇ ਮਰਾ ਅਤੇ ਆਨੰਦ ਨੂੰ 3 ਮਹੀਨੇ ਬਾਅਦ ਹੋਣ ਵਾਲੇ ਆਪਣੇ ਨਿਰਵਾਣ ਬਾਰੇ ਦੱਸਣ ਉਪਰੰਤ ਬੁੱਧ ਨੇ ਆਖ਼ਰੀ ਵਾਰ ਵੈਸ਼ਾਲੀ ਵੱਲ ਝਾਤ ਪਾਉਣ ਲਈ ਆਪਣੇ-ਆਪ ਨੂੰ ਸਾਲਮ ਦਾ ਸਾਲਮ ਪਿਛਾਂਹ ਨੂੰ ਮੋੜਦਿਆਂ ਨੀਝ ਅਤੇ ਪਿਆਰ ਭਰੀ ਤੱਕਣੀ ਨਾਲ ਦੇਖਿਆ।
ਵੈਸ਼ਾਲੀ ਜੈਨੀਆਂ ਲਈ ਵੀ ਇਕ ਤੀਰਥ ਸਥਲ ਹੈ। ਜੈਨਮਤ ਦੇ ਸ਼ਵੇਤੰਬਰ ਫਿਰਕੇ ਅਨੁਸਾਰ ਭਗਵਾਨ ਮਹਾਂਵੀਰ ਦਾ ਜਨਮ ਵੈਸ਼ਾਲੀ ਵਿਚ ਹੋਇਆ ਸੀ, ਭਾਵੇਂ ਦਿਗੰਬਰ ਫਿਰਕੇ ਦੇ ਜੈਨੀ ਨਾਲੰਦਾ ਲਾਗੇ ਪੈਂਦੇ ਕੁੰਡਲਪੁਰ ਨੂੰ ਮਹਾਂਵੀਰ ਦੀ ਜਨਮ ਭੂਮੀ ਮੰਨਦੇ ਹਨ। ਮਹਾਂਵੀਰ 42 ਬਰਸਾਤਾਂ ਵਿਚੋਂ 12 ਵਾਰ ਵੈਸ਼ਾਲੀ ਵਿਚ ਰਹੇ।
ਇਸ ਥਾਂ ਵਿਸ਼ਵ ਸ਼ਾਂਤੀ ਸਤੂਪ, ਜਿਸ ਵਿਚ ਬੁੱਧ ਦੀਆਂ ਪਵਿੱਤਰ ਨਿਸ਼ਾਨੀਆਂ ਹਨ, ਵੀਅਤਨਾਮ, ਥਾਈਲੈਂਡ, ਜਾਪਾਨ ਦੇ ਬੋਧ ਮੰਦਿਰ, ਜੈਨ ਮੰਦਿਰ, ਰਾਮਚੌਰਾ ਮੰਦਿਰ ਅਤੇ ਅਭਿਸ਼ੇਕ ਪੁਸ਼ਕਰਨੀ ਤਾਜਪੋਸ਼ੀ ਤਲਾਬ ਵੀ ਹਨ। ਇਸ ਤਲਾਬ ਦੇ ਪਵਿੱਤਰ ਪਾਣੀਆਂ ਨਾਲ ਵੈਸ਼ਾਲੀ ਗਣਰਾਜ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਧਾਰਮਿਕ ਰੀਤੀ ਅਨੁਸਾਰ ਤਾਜਪੋਸ਼ੀ ਕੀਤੀ ਜਾਂਦੀ ਸੀ, ਜੋ ਅੱਜਕਲ੍ਹ ਦੇ ਸਹੁੰ-ਚੁੱਕ ਸਮਾਗਮ ਸਮਾਨ ਕਹੀ ਜਾ ਸਕਦੀ ਹੈ।
ਪਰ ਹੁਣ ਇਸ ਤਲਾਬ ਦੀ ਹਾਲਤ ਖ਼ਸਤਾ ਹੈ।
ਵੈਸ਼ਾਲੀ ਦਾ ਸਾਰਾ ਇਲਾਕਾ ਅੰਬ, ਲੀਚੀ ਅਤੇ ਅਮਰੂਦ ਦੇ ਫਲਾਂ ਦਾ ਗੜ੍ਹ ਹੈ। ਲਗਪਗ 40 ਕਿ: ਮੀ: ਦੇ ਰਸਤੇ ਤਾਂ ਇਹ ਫਲਦਾਰ ਬੂਟੇ-ਬਗੀਚੇ ਅੱਖਾਂ ਨੂੰ ਤਰੋਤਾਜ਼ਾ ਕਰਦੇ ਰਹਿੰਦੇ ਹਨ। ਪਰ ਰੱਖ-ਰਖਾਓ ਦੇ ਮਾਮਲੇ ਵਿਚ ਵੈਸ਼ਾਲੀ ਦਾ ਵਿਰਾਸਤੀ ਅਸਥਾਨ ਨਾਲੰਦਾ ਵਿਸ਼ਵਵਿਦਿਆਲਾ ਦੇ ਖੰਡਰਾਂ ਮੁਕਾਬਲੇ ਬੜਾ ਲਿੱਸਾ ਲੱਗਾ। ਫਰਕ ਸਿਰਫ਼ 19-21 ਦਾ ਹੀ ਨਹੀਂ ਸੀ, ਸਗੋਂ 11-21 ਦਾ ਸੀ! (ਸਮਾਪਤ)


-ਫਗਵਾੜਾ।
gandamjs@gmail.com

ਜਨਮ ਦਿਹਾੜੇ 'ਤੇ ਵਿਸ਼ੇਸ਼

ਭਟਕੀ ਹੋਈ ਮਨੁੱਖਤਾ ਦੇ ਮਾਰਗ ਦਰਸ਼ਕ ਭਗਤ ਨਾਮਦੇਵ

ਸਾਡੇ ਭਾਰਤੀ ਸਮਾਜ ਵਿਚ ਜਿਨ੍ਹਾਂ ਧਾਰਮਿਕ ਮਹਾਂਪੁਰਖਾਂ ਦਾ ਆਗਮਨ ਉਨ੍ਹਾਂ ਵੇਲਿਆਂ ਵਿਚ ਹੋਇਆ, ਜਦੋਂ 12ਵੀਂ-13ਵੀਂ ਸਦੀ ਵਿਚ ਇਥੇ ਜਾਤ-ਪਾਤ, ਊਚ-ਨੀਚ ਅਤੇ ਵਰਣਵੰਡ ਦੇ ਸਿਸਟਮ ਜਿਹੀਆਂ ਕੁਰੀਤੀਆਂ ਵਿਚ ਭਾਰਤੀ ਸਮਾਜ ਜਕੜਿਆ ਹੋਇਆ ਸੀ, ਜਿਸ ਨੂੰ ਸਾਡੇ ਬ੍ਰਾਹਮਣਵਾਦੀ ਅਤੇ ਧਨਾਢ ਲੋਕ ਬੜ੍ਹਾਵਾ ਦੇ ਰਹੇ ਸਨ। ਅਜਿਹੇ ਸਮਿਆਂ ਵਿਚ ਇੱਥੇ ਸ਼ੁਰੂ ਹੋਈ ਭਗਤੀ ਲਹਿਰ ਜੋ ਸਮਾਜ ਸੁਧਾਰਕ ਅਤੇ ਨਵੀਂ ਕ੍ਰਾਂਤੀ ਦਾ ਧਾਰਮਿਕ ਸੰਦੇਸ਼ ਦਿੰਦੀ ਸੀ, ਇਹ ਉਦੋਂ ਦੇ ਦੱਬੇ-ਕੁਚਲੇ ਤੇ ਲਤਾੜੇ-ਪਿਛਾੜੇ ਲੋੋਕਾਂ ਲਈ ਇਕ ਸੰਜੀਵਨੀ ਬੂਟੀ ਸਾਬਤ ਹੋਈ। ਇਸ ਭਗਤੀ ਲਹਿਰ ਵਿਚ ਹੀ ਮਹਾਨ ਭਗਤ ਨਾਮਦੇਵ ਜੀ ਦਾ ਆਗਮਨ 26 ਅਕਤੂਬਰ, 1270 (ਕਤਕ ਸੁਦੀ 11, ਸਾਕਾ ਸੰਮਤ 1192) ਨੂੰ ਮਹਾਂਰਾਸ਼ਟਰ ਸੂਬੇ ਦੇ ਅਜੋਕੇ ਜ਼ਿਲ੍ਹੇ ਹਿੰਗੋਲੀ (ਪੁਰਾਣਾ ਜ਼ਿਲ੍ਹਾ ਪ੍ਰਭਣੀ) ਦੇ ਕਸਬਾ ਰੂਪੀ ਪਿੰਡ ਨਰਸੀ ਬਾਮਣੀ ਵਿਖੇ ਹੋਇਆ ਸੀ, ਜਿੱਥੇ ਅੱਜਕਲ੍ਹ ਇਕ ਆਲੀਸ਼ਾਨ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋ ਚੁੱਕਾ ਹੈ। ਨਰਸੀ ਬਾਮਣੀ, ਹਜ਼ੂਰ ਸਾਹਿਬ (ਨੰਦੇੜ) ਤੋਂ 100 ਕਿਲੋਮੀਟਰ ਅਤੇ ਹਿੰਗੋਲੀ 16 ਕਿਲੋਮੀਟਰ ਦੂਰ ਹੈ। ਇੱਥੋਂ ਦੀ ਸਰਕਾਰ ਨੇ ਹੁਣ ਇਸ ਦਾ ਨਾਂਅ 'ਨਰਸੀ ਨਾਮਦੇਵ' ਰੱਖ ਦਿੱਤਾ ਹੈ। ਇਤਿਹਾਸਕਾਰਾਂ ਅਨੁਸਾਰ ਨਾਮਦੇਵ ਜੀ ਦੇ ਪਿਤਾ ਦਾ ਨਾਂਅ ਦਾਮਸੇਠ, ਮਾਤਾ ਦਾ ਨਾਮ ਗੋਨਾਬਾਈ ਅਤੇ ਇਕੋ ਹੀ ਭੈਣ ਜਿਸ ਦਾ ਨਾਂਅ ਔਬਾਈ ਲਿਖਿਆ ਗਿਆ ਹੈ।
ਨਾਮਦੇਵ ਜੀ ਦੇ ਮਾਂ-ਬਾਪ ਛੀਂਬਾ (ਦਲਿਤ) ਜਾਤੀ ਦੇ ਹੋਣ ਕਾਰਨ ਕੱਪੜੇ ਸਿਉਣ ਅਤੇ ਰੰਗਣ ਦਾ ਕੰਮ ਕਰਦੇ ਸਨ। ਭਗਤ ਨਾਮਦੇਵ ਸ਼ੁਰੂ ਤੋਂ ਹੀ ਡੂੰਘੀ ਸੋਚ ਵਾਲੀ ਬਿਰਤੀ ਦੇ ਮਾਲਕ ਸਨ, ਜਿਸ ਵਜੋਂ ਉਹ ਬਚਪਨ ਵਿਚ ਹੋਰ ਬੱਚਿਆਂ ਵਾਂਗ ਸ਼ਰਾਰਤਾਂ ਅਤੇ ਖੇਡਣ-ਕੁੱਦਣ ਵਿਚ ਕੋਈ ਰੁਚੀ ਨਹੀਂ ਲੈਂਦੇ ਸਨ। ਇਸੇ ਕਰਕੇ ਹੀ ਆਸ-ਪਾਸ ਰਹਿੰਦੇ ਸਿਆਣੇ ਬਜ਼ੁਰਗਾਂ ਅਨੁਸਾਰ ਉਹ ਛੋਟੀ ਉਮਰ ਵਿਚ ਹੀ ਗਿਆਨਵਾਨ ਜਾਪਦੇ ਸਨ। ਭਗਤ ਨਾਮਦੇਵ ਨੇ ਸੁਰਤ ਸੰਭਾਲਦੇ ਹੀ ਆਪਣੇ ਆਸ-ਪਾਸ ਪਸਰੇ ਹੋਏ ਉਸ ਮਾਹੌਲ ਨੂੰ ਗਹੁ ਨਾਲ ਵਾਚਣਾ ਸ਼ੁਰੂ ਕਰ ਦਿੱਤਾ, ਜਿੱਥੇ ਦਲਿਤ, ਗਰੀਬ, ਅਤੇ ਕਮਜ਼ੋਰ ਲੋਕਾਂ ਨੂੰ ਸਹੀ ਧਾਰਮਿਕ ਅਤੇ ਸਮਾਜਿਕ ਗਿਆਨ ਤੋਂ ਦੂਰ ਰੱਖਦੇ ਹੋਏ ਉਸ ਸਮੇਂ ਦੇ ਪਾਖੰਡੀ ਅਤੇ ਪੁਜਾਰੀ ਸਿਸਟਮ ਦਾ ਸ਼ਿਕਾਰ ਤਾਂ ਬਣਾਇਆ ਹੀ ਜਾ ਰਿਹਾ ਸੀ ਪਰ ਇਸ ਦੇ ਨਾਲ ਹੀ ਹੁਕਮਰਾਨਾਂ ਵਲੋਂ ਵੀ ਜੁਲਮ ਦਾ ਸ਼ਿਕਾਰ ਵੀ ਬਣਾਇਆ ਹੋਇਆ ਸੀ, ਜਿਸ ਪ੍ਰਤੀ ਭਗਤ ਨਾਮਦੇਵ ਨੇ ਸੱਚੀ ਪ੍ਰਭੂ ਭਗਤੀ ਦੀ ਅਰਾਧਨਾ ਕਰਦੇ ਹੋਏ ਆਪਣੇ ਗਿਆਨ ਦਾ ਸਹੀ ਦ੍ਰਿਸ਼ਟੀਕੋਣ ਇਨ੍ਹਾਂ ਗਰੀਬ ਲੋਕਾਂ ਵਿਚ ਫੈਲਾ ਕੇ ਉਨ੍ਹਾਂ ਦੇ ਮਨਾਂ ਵਿਚ ਆਤਮਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਅੱਤਿਆਚਾਰੀ ਧਾਰਮਿਕ ਪਾਖੰਡੀਆਂ ਦੀ ਬੇਖੌਫ ਅਤੇ ਨਿਧੜਕ ਹੋ ਕੇ ਨਿਖੇਧੀ ਕੀਤੀ।
ਭਗਤ ਨਾਮਦੇਵ ਜੀ ਦੇ ਸਭ ਸਾਥੀ ਜਦ ਕਾਲ-ਵੱਸ ਹੋ ਗਏ ਤਾਂ ਆਪ ਮਹਾਰਾਸ਼ਟਰ ਤੋਂ ਪੰਜਾਬ ਆ ਗਏ ਸਨ। ਆਪ ਜੀ ਨੇ ਜੀਵਨ ਦੇ ਆਖਰੀ ਲਗਪਗ 20 ਸਾਲ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਵਿਖੇ ਗੁਜ਼ਾਰੇ ਸਨ, ਜਿਥੇ ਉਹ 15 ਜਨਵਰੀ, 1350 ਵਿਚ ਅਕਾਲ ਚਲਾਣਾ ਕਰ ਗਏ। ਇਕ ਇਤਿਹਾਸਕਾਰ ਸ: ਪੂਰਨ ਸਿੰਘ ਦੇ ਲਿਖੇ ਮੁਤਾਬਕ ਇਸ ਜਗ੍ਹਾ 'ਤੇ ਮੁਹੰਮਦ ਤੁਗ਼ਲਕ ਦੇ ਪੁੱਤਰ ਫ਼ਿਰੋਜ਼ ਤੁਗ਼ਲਕ ਨੇ ਉਨ੍ਹਾਂ ਦੀ ਸਮਾਧ ਬਣਾਵਾਈ ਸੀ, ਜੋ ਅੱਜ ਤੱਕ ਵੀ ਮੌਜੂਦ ਹੈ। ਇੱਥੇ ਹਰ ਸਾਲ ਮਾਘ ਦੀ ਦੂਜ ਨੂੰ ਭਾਰੀ ਮੇਲਾ ਲਗਦਾ ਹੈ।


-ਪਟਿਆਲਾ। ਮੋਬਾ: 99155-21037

ਲੁਪਤ ਹੋ ਗਈ ਕ੍ਰਾਂਤੀਕਾਰੀ ਸਿੱਖ ਜਰਨੈਲ ਅਜੀਤ ਸਿੰਘ ਲਾਡਵਾ ਦੀ ਯਾਦਗਾਰ

ਸਿੱਖ ਵਿਰਾਸਤੀ ਇਮਾਰਤਾਂ ਨੂੰ ਖ਼ਾਕ-ਏ-ਸਪੁਰਦ ਕਰਕੇ ਸ਼ਹੀਦ ਕੀਤੇ ਜਾਣ ਦਾ ਸਿਲਸਿਲਾ ਪਿਛਲੇ ਕਈ ਦਹਾਕਿਆਂ ਤੋਂ ਨਿਰਵਿਘਨ ਤੇ ਬੇਰੋਕ ਜਾਰੀ ਹੈ। ਇਨ੍ਹਾਂ ਯਾਦਗਾਰਾਂ ਦਾ ਖੁਰਾ-ਖੋਜ ਮਿਟਾਉਣ ਵਾਲਿਆਂ ਦੇ ਹੌਸਲੇ ਬੁਲੰਦ ਹਨ ਅਤੇ ਕਦੇ ਕਿਸੇ ਸਰਕਾਰ ਜਾਂ ਜਥੇਬੰਦੀ ਨੇ ਇਨ੍ਹਾਂ ਵਿਰਾਸਤੀ ਸਮਾਰਕਾਂ 'ਤੇ ਹਥੌੜਾ ਚਲਾਉਣ ਵਾਲਿਆਂ ਦਾ ਹੱਥ ਰੋਕਣ ਦਾ ਉਪਰਾਲਾ ਨਹੀਂ ਕੀਤਾ।
ਗੁਰੂ ਸਾਹਿਬਾਨ, ਸਿੱਖ ਯੋਧਿਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਦੀਆਂ ਯਾਦਗਾਰਾਂ ਨੂੰ ਸਿਰੇ ਤੋਂ ਢਾਹ ਕੇ ਸੰਗਮਰਮਰੀ ਰੂਪ ਦੇਣ ਦੀਆਂ ਕਾਰਵਾਈਆਂ ਦੇ ਚਲਦਿਆਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੇਈਂਪੂਈਂ ਵਿਚਲੀ ਇਕ ਮਹੱਤਵਪੂਰਨ ਸਿੱਖ ਯਾਦਗਾਰ ਵੀ ਜ਼ਮੀਨਦੋਜ਼ ਕਰ ਦਿੱਤੀ ਗਈ ਹੈ। ਇਹ ਸਮਾਰਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉਸ ਸਿੱਖ ਜਰਨੈਲ ਦਾ ਸੀ, ਜਿਸ ਨੇ ਮਹਾਰਾਜੇ ਤਰਫ਼ੋਂ ਕਈ ਅਹਿਮ ਜੰਗਾਂ ਵਿਚ ਹਿੱਸਾ ਲਿਆ ਅਤੇ ਫ਼ਤਹਿ ਪ੍ਰਾਪਤ ਕੀਤੀ। ਇਸ ਜਰਨੈਲ ਨੇ ਲਾਹੌਰ ਦਰਬਾਰ ਅਤੇ ਅੰਗਰੇਜ਼ੀ ਫੌਜ ਵਿਚ ਹੋਈ ਸਾਲ 1845 ਦੀ ਲਹੂ-ਡੋਲ੍ਹਵੀਂ ਜੰਗ ਵਿਚ ਬਹਾਦਰੀ ਦੇ ਬਿਹਤਰੀਨ ਕਰਤਬ ਵਿਖਾਏ। ਪਿੰਡ ਵੇਈਂਪੂਈਂ ਵਿਚਲੀ ਇਹ ਯਾਦਗਾਰ ਕਿਲ੍ਹੇਨੁਮਾ ਮਹਿਲ ਇਸੇ ਰਾਜਾ ਅਜੀਤ ਸਿੰਘ ਲਾਡਵਾ ਦਾ ਸੀ।
ਸ: ਅਜੀਤ ਸਿੰਘ ਦੇ ਪਿਤਾ ਸ: ਗੁਰਦਿੱਤ ਸਿੰਘ ਕਰੋੜਸਿੰਘੀਆਂ ਮਿਸਲ ਦੇ ਨਿਡਰ ਯੋਧੇ ਸਨ ਅਤੇ ਦੋਵੇਂ ਪਿਉ-ਪੁੱਤਰ ਇਸੇ ਪਿੰਡ ਵੇਈਂਪੂਈਂ ਦੇ ਜੰਮਪਲ ਤੇ ਨਿਵਾਸੀ ਸਨ। ਸਾਲ 1764 ਵਿਚ ਸਿੱਖਾਂ ਨੇ ਸਰਹਿੰਦ ਫ਼ਤਹਿ ਕਰਕੇ ਉਥੋਂ ਦੇ ਗਵਰਨਰ ਜੈਨ ਖ਼ਾਂ ਨੂੰ ਮਾਰ ਮੁਕਾਇਆ ਤਾਂ ਸ: ਗੁਰਦਿੱਤ ਸਿੰਘ ਨੇ ਥਾਨੇਸਰ ਦੇ ਨੇੜੇ ਪਰਗਣਾ ਲਾਡਵਾ, ਸ਼ਾਮਗੜ੍ਹ ਅਤੇ ਬੇਹੀਂ ਆਦਿ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ। ਇਸ ਦੇ ਬਾਅਦ ਇਸ ਨੇ ਲਾਡਵਾ ਨੂੰ ਆਪਣੀ ਰਾਜਧਾਨੀ ਬਣਾਇਆ। ਮਹਾਰਾਜਾ ਰਣਜੀਤ ਸਿੰਘ ਨੇ ਸ: ਗੁਰਦਿੱਤ ਸਿੰਘ ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਉਸ ਨੂੰ ਲੁਧਿਆਣਾ ਦੇ ਪਾਸ ਪਿੰਡ ਬੱਦੋਵਾਲ ਵਿਚ ਜਗੀਰ ਦਿੱਤੀ। ਉਸ ਦੇ ਦਿਹਾਂਤ ਤੋਂ ਬਾਅਦ ਉਸ ਦਾ ਪੁੱਤਰ ਸ: ਅਜੀਤ ਸਿੰਘ ਇਸ ਜਗੀਰ ਦਾ ਮਾਲਕ ਅਤੇ ਲਾਡਵਾ ਰਿਆਸਤ ਦਾ ਸ਼ਾਸਕ ਬਣਿਆ।
ਆਪਣੇ ਪਿਤਾ ਵਾਂਗ ਅਜੀਤ ਸਿੰਘ ਨੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਕਈ ਮੁਹਿੰਮਾਂ ਵਿਚ ਸਾਥ ਦਿੱਤਾ ਅਤੇ ਵੱਡੇ ਇਨਾਮ ਤੇ ਜਗੀਰਾਂ ਪ੍ਰਾਪਤ ਕੀਤੀਆਂ। ਉਸ ਨੇ ਥਾਨੇਸਰ ਵਿਖੇ ਸਰਸਵਤੀ ਨਦੀ 'ਤੇ ਪੁਲ ਬਣਵਾਇਆ, ਜਿਸ ਤੋਂ ਖ਼ੁਸ਼ ਹੋ ਕੇ ਭਾਰਤ ਦੇ ਬਰਤਾਨਵੀ ਗਵਰਨਰ ਜਨਰਲ ਲਾਰਡ ਆਕਲੈਂਡ ਨੇ ਉਸ ਨੂੰ 'ਰਾਜਾ' ਦਾ ਖ਼ਿਤਾਬ ਦਿੱਤਾ। ਸਰ ਲੇਪਲ ਗ੍ਰੀਫ਼ਿਨ 'ਦ ਰਾਜਾਜ਼ ਆਫ਼ ਦ ਪੰਜਾਬ' ਦੇ ਸਫ਼ਾ 609 'ਤੇ ਲਿਖਦਾ ਹੈ ਕਿ ਲਾਡਵੇ ਦਾ ਰਾਜਾ ਅਜੀਤ ਸਿੰਘ ਦਾ ਰਾਜਿਆਂ ਵਿਚੋਂ ਛੇਵਾਂ ਸਥਾਨ ਸੀ। ਉਸ ਤੋਂ ਪਹਿਲਾਂ ਕ੍ਰਮਵਾਰ ਪਟਿਆਲਾ, ਨਾਭਾ, ਕੈਥਲ, ਜੀਂਦ ਤੇ ਕੁੰਜਪੁਰਾ ਦੇ ਰਾਜਿਆਂ ਦਾ ਸਥਾਨ ਸੀ।
ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਲਾਹੌਰ ਦਰਬਾਰ ਦੇ ਦਰਮਿਆਨ ਹੋਏ ਪਹਿਲੇ ਯੁੱਧ ਸਮੇਂ ਰਾਜਾ ਅਜੀਤ ਸਿੰਘ ਲਾਡਵਾ ਨੇ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕਰਕੇ ਲਾਹੌਰ ਦਰਬਾਰ ਦਾ ਸਾਥ ਦਿੱਤਾ। ਸ਼ਾਹ ਮੁਹੰਮਦ ਨੇ ਵੀ 'ਜੰਗਨਾਮਾ' ਵਿਚ ਇਸ ਦੀ ਗਵਾਹੀ ਦਿੱਤੀ ਹੈ। ਸ: ਅਜੀਤ ਸਿੰਘ ਨੇ ਇਸ ਜੰਗ ਵਿਚ ਸ: ਰਣਜੋਧ ਸਿੰਘ ਮਜੀਠੀਆ ਦਾ ਸਾਥ ਦਿੰਦਿਆਂ 8,000 ਸੈਨਿਕਾਂ ਅਤੇ 70 ਤੋਪਾਂ ਨਾਲ ਫਿਲੌਰ ਦੇ ਨੇੜਿਓਂ ਸਤਲੁਜ ਦਰਿਆ ਪਾਰ ਕਰਕੇ ਬੱਦੋਵਾਲ, ਧਰਮਕੋਟ ਤੇ ਫਤਹਿਗੜ੍ਹ ਦੇ ਕਿਲ੍ਹਿਆਂ 'ਤੇ ਕਬਜ਼ਾ ਕਾਇਮ ਕੀਤਾ। ਅੰਗਰੇਜ਼ਾਂ ਦੀ ਲੁਧਿਆਣਾ ਵਿਚਲੀ ਛਾਉਣੀ ਨੂੰ ਵੱਡਾ ਨੁਕਸਾਨ ਪਹੁੰਚਾਇਆ। 'ਹਰਿਆਣਾ ਅੰਡਰ ਦ ਈਸਟ ਇੰਡੀਆ ਕੰਪਨੀ' ਦੇ ਸਫ਼ਾ 41-42 ਦੇ ਅਨੁਸਾਰ 21 ਜਨਵਰੀ, 1846 ਨੂੰ ਬੱਦੋਵਾਲ ਦੇ ਕਿਲ੍ਹਿਆਂ 'ਤੇ ਹਮਲਾ ਕਰਕੇ ਰਾਜਾ ਅਜੀਤ ਸਿੰਘ ਲਾਡਵਾ ਨੇ ਸਰ ਹੈਰੀ ਸਮਿਥ ਦੇ ਫੌਜੀ ਦਸਤੇ ਦੇ 200 ਤੋਂ ਵਧੇਰੇ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 28 ਜਨਵਰੀ, 1846 ਨੂੰ ਅਲੀਵਾਲ ਦੀ ਲੜਾਈ ਵਿਚ ਜਦੋਂ ਸਿੱਖ ਫੌਜ ਹਾਰ ਗਈ ਤਾਂ ਮੌਕਾ ਵੇਖ ਕੇ ਅਜੀਤ ਸਿੰਘ ਲਾਡਵਾ ਉਥੋਂ ਭੱਜ ਨਿਕਲਿਆ। ਅੰਗਰੇਜ਼ ਸਰਕਾਰ ਨੇ ਉਸ ਦੀ ਰਿਆਸਤ ਲਾਡਵਾ ਅਤੇ ਪਿੰਡ ਵੇਈਂਪੂਈਂ ਦੀ ਸਾਰੀ ਜਗੀਰ ਜ਼ਬਤ ਕਰ ਲਈ ਅਤੇ ਉਸ ਨੂੰ ਕੈਦ ਕਰਕੇ ਇਲਾਹਾਬਾਦ ਭੇਜ ਦਿੱਤਾ। ਉਹ ਉਥੋਂ ਇਕ ਰਾਤ ਆਪਣੇ ਰਾਖੇ ਨੂੰ ਮਾਰ ਕੇ ਭੱਜ ਨਿਕਲਿਆ। ਮੰਨਿਆ ਜਾਂਦਾ ਹੈ ਕਿ ਉਹ ਲੰਬਾ ਸਮਾਂ ਕਸ਼ਮੀਰ ਵਿਚ ਭਟਕਦਾ ਰਿਹਾ ਅਤੇ ਉਥੇ ਹੀ ਉਸ ਦਾ ਦਿਹਾਂਤ ਹੋ ਗਿਆ। ਪਿੰਡ ਵੇਈਂਪੂਈਂ ਵਾਲਾ ਉਸ ਦਾ ਮਹਿਲ ਅਤੇ ਹੋਰ ਸਮਾਰਕ ਅੰਗਰੇਜ਼ੀ ਸਰਕਾਰ ਨੇ ਆਪਣੇ ਵਫ਼ਾਦਾਰ ਸਰਦਾਰਾਂ ਨੂੰ ਦੇ ਦਿੱਤੇ। ਬਾਅਦ ਵਿਚ ਇਥੇ ਪੁਲਿਸ ਥਾਣਾ ਵੀ ਕਾਇਮ ਕੀਤਾ ਗਿਆ।
ਤਰਨਤਾਰਨ-ਗੋਇੰਦਵਾਲ ਰੋਡ 'ਤੇ ਆਬਾਦ ਪਿੰਡ ਵੇਈਂਪੂਈਂ ਵਿਚਲੀ ਉਪਰੋਕਤ ਯਾਦਗਾਰ ਨੂੰ ਕੁਝ ਸਮਾਂ ਪਹਿਲਾਂ ਬਿਨਾਂ ਕਿਸੇ ਇਤਿਹਾਸਕਾਰ ਜਾਂ ਸਰਕਾਰੀ ਅਧਿਕਾਰੀ ਦੀ ਸਲਾਹ ਲਏ, ਇਹ ਤਰਕ ਦੇ ਕੇ ਢਾਹ ਦਿੱਤਾ ਗਿਆ ਕਿ ਇਹ ਖ਼ਾਲੀ ਮਹਿਲ ਨਸ਼ਾਖੋਰਾਂ ਦੀ ਲੁਕਣਗਾਹ ਬਣਿਆ ਹੋਇਆ ਸੀ।
ਪੰਜਾਬ ਸਰਕਾਰ, ਪੁਰਾਤਤਵ ਤੇ ਸੈਰ ਸਪਾਟਾ ਵਿਭਾਗ ਅਤੇ ਵਿਰਾਸਤ ਪ੍ਰੇਮੀਆਂ ਨੂੰ ਵੀ ਇਸ ਸਬੰਧੀ ਸੰਜੀਦਾ ਹੋਣ ਦੀ ਜ਼ਰੂਰਤ ਹੈ। ਵਿਰਾਸਤੀ ਤੇ ਇਤਿਹਾਸਕ ਧਾਰਮਿਕ ਸਮਾਰਕਾਂ ਨੂੰ ਸਿਰੇ ਤੋਂ ਜ਼ਮੀਨਦੋਜ਼ ਕਰਕੇ ਉਨ੍ਹਾਂ ਨੂੰ ਨਵੀਂ ਨੁਹਾਰ ਦੇਣ ਦੀ ਇੱਛਾ ਰੱਖਣ ਵਾਲੇ ਸਮਾਜ ਦੀ ਅਜਿਹੀ ਮਾਨਸਿਕਤਾ ਨੂੰ ਬਦਲਣ ਲਈ ਸਭ ਨੂੰ ਉਪਰਾਲੇ ਕਰਨੇ ਹੋਣਗੇ, ਨਹੀਂ ਤਾਂ ਭਵਿੱਖ ਵਿਚ ਵਿਰਾਸਤੀ ਸਮਾਰਕਾਂ ਦਾ ਖੁਰਾਖੋਜ ਮਿਟਾਉਣ ਵਾਲੀਆਂ ਅਜਿਹੀਆਂ ਕਾਰਵਾਈਆਂ ਨੂੰ ਰਵਾਇਤ ਬਣਨ ਲੱਗਿਆਂ ਬਹੁਤਾ ਸਮਾਂ ਨਹੀਂ ਲੱਗੇਗਾ।


-ਅੰਮ੍ਰਿਤਸਰ। ਫੋਨ : 93561-27771

ਅਗਾਂਹਵਧੂ ਸੋਚ ਨਾਲ ਕੈਨੇਡਾ 'ਚ ਅੱਗੇ ਵਧੇ ਪੰਜਾਬੀ

(ਲੜੀ ਜੋੜਨ ਲਈ ਪਿਛਲੇ ਮੰਗਲਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਨਵੀਆਂ ਮੁਸ਼ਕਿਲਾਂ ਨੂੰ ਸਮਝਣ ਅਤੇ ਸੁਲਝਾਉਣ ਵਾਸਤੇ ਨਵੇਂ ਆਏ ਲੋਕਾਂ ਦੀਆਂ ਆਪਣੀਆਂ ਕੋਸ਼ਿਸ਼ਾਂ ਨਾਲ ਅਨੇਕਾਂ ਕਿਸਮ ਦੀਆਂ ਸਮਾਜਿਕ, ਧਾਰਮਿਕ ਅਤੇ ਸਿਆਸੀ ਨੁਮਾ ਜਥੇਬੰਦੀਆਂ ਹੋਂਦ ਵਿਚ ਆਉਣ ਲੱਗੀਆਂ, ਜਿਵੇਂ ਈਸਟ ਇੰਡੀਅਨ ਵਰਕਰਜ਼ ਐਸੋ: ਟੋਰਾਂਟੋ, ਇੰਡੀਅਨ ਪੀਪਲਜ਼ ਐਸੋ: ਨੌਰਥ ਅਮਰੀਕਾ, ਈਸਟ ਇੰਡੀਅਨ ਵਰਕਰਜ਼ ਐਸੋ: ਆਫ ਕੈਨੇਡਾ (ਵੈਨਕੂਵਰ), ਪੰਜਾਬੀ ਲਿਟਰੇਰੀ ਐਸੋ: ਐਡਮਿੰਟਨ, ਸੈਕੂਲਰ ਪੀਪਲਜ਼ ਐਸੋ: ਕੈਨੇਡਾ, ਪੰਜਾਬੀ ਆਰਟ ਐਸੋ: ਐਡਮਿੰਟਨ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ ਵਿਨੀਪੈਗ, ਇੰਡੀਆ ਮਹਿਲਾ ਐਸੋ:, ਕੈਨੇਡੀਅਨ ਫਾਰਮ ਵਰਕਜ਼ ਯੂਨੀਅਨ, ਨਸਲਵਾਦ ਵਿਰੁੱਧ ਸੰਘਰਸ਼ ਸੰਮਤੀ ਬੀ.ਸੀ., ਪੰਜਾਬੀ ਲੇਖਕ ਮੰਚ ਵੈਨਕੂਵਰ, ਲੋਕ ਸੱਭਿਆਚਾਰਕ ਮੰਚ ਕੈਲਗਰੀ, ਕੈਲਗਰੀ ਸਕੂਲ ਆਫ਼ ਡਰਾਮਾ, ਵੈਨਕੂਵਰ ਸੱਥ ਆਦਿ ਅਤੇ 1907 ਤੋਂ ਲਗਾਤਾਰ ਸਰਗਰਮ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ। ਕੁਝ ਭਾਰਤੀ ਕਾਰਨਾਂ ਕਰਕੇ ਭਾਵੇਂ 'ਵੱਖਵਾਦੀ ਅਤੇ ਧਾਰਮਿਕ ਕੱਟੜਪੰਥੀ' ਵੀ ਉੱਥੇ ਸਰਗਰਮ ਹੋਏ ਪਰ ਸਿਵਾਏ ਰੌਲੇ ਦੇ ਉਨ੍ਹਾਂ ਦੀ ਉੱਥੇ ਖਾਸ ਕਰਕੇ ਭਾਰਤੀ ਭਾਈਚਾਰੇ ਵਿਚ ਬਹੁਤੀ ਪੁੱਗਤ ਨਹੀਂ ਹੋਈ।
ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਾਪਿਤ ਹੋਈਆਂ ਪੰਜਾਬੀਆਂ ਦੀਆਂ ਇਨ੍ਹਾਂ ਨਵੀਂਆਂ ਜਥੇਬੰਦੀਆਂ ਨੂੰ ਜਨਮ ਦੇਣ ਵਾਲੀ ਅਤੇ ਅੱਗੇ ਤੋਰਨ ਵਾਲੀ ਸ਼ਕਤੀ ਉਹ ਮਸਲੇ ਸਨ, ਜਿਨ੍ਹਾਂ ਦੀ ਇਨ੍ਹਾਂ ਵਲੋਂ ਨਿਸ਼ਾਨਦੇਹੀ ਕੀਤੀ ਗਈ। ਵੱਖ-ਵੱਖ ਜਥੇਬੰਦੀਆਂ ਵਲੋਂ ਇਨ੍ਹਾਂ ਸਮੱਸਿਆਵਾਂ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਪ੍ਰਕਾਸ਼ਿਤ ਕੀਤਾ ਗਿਆ ਅਤੇ ਉਸ ਅਨੁਸਾਰ ਆਪਣੀ ਸੇਧ ਅਤੇ ਕੰਮ ਕਰਨ ਦਾ ਢੰਗ ਅਪਣਾਇਆ। ਇਹ ਮਸਲੇ ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਸਨ: (ੳ) ਹਿੰਦੁਸਤਾਨ ਨਾਲ ਸਬੰਧਿਤ ਮਸਲੇ, (ਅ) ਕੈਨੇਡਾ ਵਿਚ ਸਥਾਪਤੀ ਦੀਆਂ ਸਮੱਸਿਆਵਾਂ ਨਾਲ ਸਬੰਧਤ ਮਸਲੇ। ਸਾਰੀਆਂ ਜਥੇਬੰਦੀਆਂ ਨੇ ਕੈਨੇਡਾ ਦੇ ਧਰਾਤਲ ਤੋਂ ਭਾਰਤੀਆਂ ਨੂੰ ਸਿਆਸੀ ਤੌਰ 'ਤੇ ਵੀ ਪੱਕੇ ਪੈਰੀਂ ਕਰਨ ਵਿਚ ਮਹੱਤਵਪੂਰਨ ਰੋਲ ਨਿਭਾਇਆ ਪਰ ਖਾਲਸਾ ਦੀਵਾਨ ਅਤੇ ਗ਼ਦਰ ਲਹਿਰ ਵਲੋਂ ਮੁੱਢਲਾ ਅਤੇ ਸਿੱਕੇਬੰਦ ਰੋਲ ਵੀ ਬੇਹੱਦ ਮਹੱਤਵਪੂਰਨ ਹੈ। ਉਪਰੰਤ ਨਵੀਆਂ ਜਥੇਬੰਦੀਆਂ ਦੇ ਜ਼ਿਆਦਾ ਸਰਗਰਮ ਜਾਂ ਉੱਭਰਵੇਂ ਆਗੂ ਕੈਨੇਡਾ ਦੀਆਂ ਵੱਖ-ਵੱਖ ਸਿਆਸੀ ਧਿਰਾਂ ਵਿਚ ਵੀ ਸਰਗਰਮ ਹੋਣ ਲੱਗੇ। ਵੋਟ ਦੇਣ ਦਾ ਹੱਕ ਪ੍ਰਾਪਤ ਕਰਨ ਉਪਰੰਤ ਚੋਣ ਲੜਨ ਤੱਕ ਬੇਹੱਦ ਮਹੱਤਵਪੂਰਨ ਸਰਗਰਮੀਆਂ ਚੱਲੀਆਂ। ਨਿੱਜੀ ਪੱਧਰ 'ਤੇ ਵੀ, ਜਥੇਬੰਦੀ ਅਤੇ ਪਾਰਟੀ ਵਿਸ਼ੇਸ਼ ਦੇ ਥੜ੍ਹੇ ਤੋਂ ਵੀ। ਸਥਾਨਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵਲੋਂ ਵੀ ਸ਼ਹਿਰ, ਰਾਜ ਅਤੇ ਮੁਲਕ ਪੱਧਰੀ ਟਿਕਟਾਂ ਅਤੇ ਨਾਮਜ਼ਦਗੀਆਂ ਵੀ ਪੰਜਾਬੀਆਂ ਨੂੰ ਪ੍ਰਾਪਤ ਹੋਈਆਂ। ਪੰਜਾਬੀ ਅੱਡ-ਅੱਡ ਥਾਵਾਂ ਤੋਂ ਇਕ-ਦੂਜੇ ਵਿਰੁੱਧ ਚੋਣ ਵੀ ਲੜੇ, ਹਾਰੇ ਵੀ ਅਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ, ਮਹੱਤਵਪੂਰਨ ਅਹੁਦੇ ਰਾਜ ਅਤੇ ਪਾਰਲੀਮੈਂਟਰੀ ਮੰਤਰੀ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਤੱਕ।
ਕਦੇ ਅਸੀਂ ਉਨ੍ਹਾਂ ਗੋਰਿਆਂ ਦੇ ਗੁਲਾਮ ਸੀ ਜਿਹੜੇ ਕੈਨੇਡਾ ਦੇ ਤਖ਼ਤ 'ਤੇ ਵੀ ਕਾਬਜ਼ ਸਨ। ਜਿਨ੍ਹਾਂ ਸਾਡੇ ਹਿੰਦੂ, ਸਿੱਖ, ਮੁਸਲਿਮ ਆਜ਼ਾਦੀ ਘੁਲਾਟੀਆਂ ਨੂੰ ਸਿਰਫ ਭਾਰਤ ਵਿਚ ਹੀ ਤਖ਼ਤੇ ਉੱਤੇ ਨਹੀਂ ਸੀ ਲਟਕਾਇਆ, ਸਗੋਂ ਉੱਤਰ-ਪੂਰਬ (ਸਿੰਘਾਪੁਰ, ਬਰਮਾ ਆਦਿ) ਸਮੇਤ ਯੂਰਪ (ਇੰਗਲੈਂਡ, ਕੈਨੇਡਾ 'ਚ ਵੀ) ਦੀ ਧਰਤ 'ਤੇ ਵੀ। ਪੰਜਾਬੀ ਕੌਮ ਦੇ ਇਕ ਇਨਕਲਾਬੀ ਭਾਈ ਸੇਵਾ ਸਿੰਘ ਕੈਨੇਡਾ 'ਚ ਸ਼ਹੀਦ ਕੀਤੇ ਗਏ। ਇਸ ਤੋਂ ਪਹਿਲਾਂ ਕਾਮਾਗਾਟਾਮਾਰੂ ਨੂੰ ਬੇਹੱਦ ਨਾਜ਼ੁਕ ਹਾਲਾਤ 'ਚ ਵਾਪਸ ਭੇਜਿਆ, ਉਨ੍ਹੀਂ ਰਾਹਾਂ ਵਿਚ ਤਾਂ ਬੇਹੱਦ ਦੁਸ਼ਵਾਰੀਆਂ ਝੱਲੀਆਂ ਹੀ, ਬਜਬਜ ਘਾਟ (ਕਲਕੱਤਾ) ਵਿਖੇ ਗੋਲੀਆਂ ਦੇ ਸ਼ਿਕਾਰ ਵੀ ਹੋਏ। ਮੁੱਕਦੀ ਗੱਲ, ਕੈਨੇਡਾ ਵਿਚ ਭਾਰਤ ਦੇ ਮਾਣਮੱਤੇ ਸਪੂਤਾਂ ਦੀਆਂ ਪ੍ਰਾਪਤੀਆਂ ਦਾ ਇਤਿਹਾਸ ਡੇਢ-ਦੋ ਦਹਾਕੇ ਦੀਆਂ ਸਰਗਰਮੀਆਂ ਅਤੇ ਮਿਹਨਤਾਂ ਤੋਂ ਹੀ ਨਹੀਂ ਸ਼ੁਰੂ ਹੰਦਾ, ਸਗੋਂ ਇਸ ਦੀਆਂ ਜੜ੍ਹਾਂ 19ਵੀਂ ਸਦੀ ਦੇ 8ਵੇਂ ਦਹਾਕੇ ਤੋਂ ਲੈ ਕੇ ਕਰੀਬ ਇਕ ਸਦੀ ਦੀਆਂ ਉਨ੍ਹਾਂ ਘਾਲਣਾਵਾਂ, ਕੁਰਬਾਨੀਆਂ ਅਤੇ ਉਸਾਰੂ ਸਰਗਰਮੀਆਂ 'ਚ ਲੁਕਿਆ ਹੋਇਆ ਹੈ, ਜਿਨ੍ਹਾਂ ਸਾਨੂੰ ਤਖ਼ਤੇ ਤੋਂ ਤਖ਼ਤ ਤੱਕ ਪਹੁੰਚਾਉਣ ਵਿਚ ਸੂਹਾ ਹਿੱਸਾ ਪਾਇਆ। (ਸਮਾਪਤ)

ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ

ਭਾਈ ਧੰਨਾ ਸਿੰਘ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸਰਹਾਲੀ ਕਲਾਂ ਤੇ ਨੁਸ਼ਹਿਰਾ ਪੰਨੂਆਂ ਦਾ ਸਾਰਾ ਇਲਾਕਾ ਭਾਈ ਧੰਨਾ ਸਿੰਘ ਦੇ ਇਤਿਹਾਸ ਨੂੰ ਜਾਣਦਾ ਹੈ ਅਤੇ ਭਾਈ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਹੈ। ਇਹ ਸਾਡਾ ਇਤਿਹਾਸ ਹੀ ਹੈ ਜੋ ਭਾਈ ਧੰਨਾ ਸਿੰਘ ਦੇ ਜੀਵਨ ਵੇਰਵਿਆਂ ਤੋਂ ਅਣਜਾਣ ਹੈ। ਤਕਰੀਬਨ 1975 ਦੇ ਨੇੜੇ-ਤੇੜੇ ਨੁਸ਼ਹਿਰਾ ਪੰਨੂਆਂ ਦੀ ਪੰਚਾਇਤ ਅਤੇ ਇਲਾਕੇ ਦੇ ਸਿੰਘਾਂ ਨੇ ਮਹਿਸੂਸ ਕੀਤਾ ਕਿ ਨੁਸ਼ਹਿਰਾ ਪੰਨੂਆਂ ਦੇ ਕਿੰਨੇ ਵੱਡੇ ਭਾਗ ਹਨ ਕਿ ਸਾਡੇ ਪਿੰਡ ਦਾ ਭਾਈ ਧੰਨਾ ਸਿੰਘ ਦਸਮ ਪਾਤਸ਼ਾਹ ਦਾ ਵਰੋਸਾਇਆ ਹੋਇਆ ਮਹਾਨ ਕਵੀ ਸੀ। ਪਿੰਡ ਵਿਚ ਉਸ ਦੀ ਇਕ ਵਧੀਆ ਯਾਦਗਾਰ ਹੋਣੀ ਚਾਹੀਦੀ ਹੈ। ਸੰਗਤ ਨੇ ਫੈਸਲਾ ਕੀਤਾ ਕਿ ਪਿੰਡ ਵਿਚ ਯਾਦਗਾਰੀ ਗੁਰਦੁਆਰਾ ਐਸੀ ਥਾਂ 'ਤੇ ਬਣਾਇਆ ਜਾਵੇ ਜਿੱਥੇ ਆਉਂਦੀ-ਜਾਂਦੀ ਸੰਗਤ ਦੀ, ਗੁਰਦੁਆਰਾ ਸਾਹਿਬ ਉੱਤੇ ਸਹਿਜੇ ਹੀ ਨਜ਼ਰ ਪੈ ਜਾਏ। ਇਸ ਗੱਲ ਨੂੰ ਮੁੱਖ ਰੱਖ ਕੇ ਪਿੰਡ ਦੇ ਨਾਲ ਵਗਦੀ ਤਰਨ ਤਾਰਨ-ਹਰੀਕੇ ਪੱਤਣ ਦੀ ਸੜਕ ਉੱਤੇ ਇਕ ਜਗ੍ਹਾ ਚੁਣੀ ਗਈ। ਇਸ ਥਾਂ ਇਕ ਬਹੁਤ ਵੱਡਾ ਤੇ ਡੂੰਘਾ ਛੱਪੜ ਸੀ। ਇਸ ਛੱਪੜ ਨੂੰ ਪੂਰ ਕੇ ਗੁਰਦੁਆਰੇ ਦੀ ਉਸਾਰੀ ਕਰਨ ਦਾ ਫੈਸਲਾ ਹੋਇਆ। ਨਤੀਜੇ ਵਜੋਂ ਹੁਣ ਨੁਸ਼ਹਿਰਾ ਪੰਨੂਆਂ ਵਿਚ, ਤਰਨ ਤਾਰਨ ਤੋਂ ਹਰੀਕੇ ਪੱਤਣ ਨੂੰ ਜਾਂਦੀ ਮੁੱਖ ਸੜਕ ਉੱਤੇ ਭਾਈ ਧੰਨਾ ਸਿੰਘ ਦੀ ਯਾਦ ਵਿਚ 12 ਕਨਾਲ ਜ਼ਮੀਨ ਉੱਤੇ ਆਲੀਸ਼ਾਨ ਗੁਰਦੁਆਰਾ ਬਖਸ਼ਿਸ਼ ਪ੍ਰਕਾਸ਼ ਸੁਭਾਇਮਾਨ ਹੈ। ਭਾਈ ਰਣਬੀਰ ਸਿੰਘ ਖਾਲਸਾ ਕੁਝ ਸਮਾਂ ਹਾਂਗਕਾਂਗ ਵਿਚ ਹੈੱਡ ਗ੍ਰੰਥੀ ਰਹੇ ਸਨ। ਉਨ੍ਹਾਂ ਦੀ ਪ੍ਰੇਰਨਾ ਨਾਲ ਹਾਂਗਕਾਂਗ ਦੀ ਸੰਗਤ ਨੇ 10-11 ਲੱਖ ਰੁਪਿਆ ਭਾਈ ਧੰਨਾ ਸਿੰਘ ਦੇ ਗੁਰਦੁਆਰੇ ਦੀ ਉਸਾਰੀ ਲਈ ਭੇਜਿਆ। ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਪਹਿਲਾਂ ਭਾਈ ਹਰਦਿਆਲ ਸਿੰਘ ਤੇ ਬਾਅਦ ਵਿਚ ਸਰਹਾਲੀ ਵਾਲੇ ਬਾਬਾ ਘੋਲਾ ਸਿੰਘ ਤੇ ਬਾਬਾ ਮਨਜੀਤ ਸਿੰਘ ਨੇ ਕਰਵਾਈ। ਹੁਣ ਗੁਰੂ ਸਾਹਿਬਾਨ ਦੇ ਪੰਜੇ ਹੁਕਮਨਾਮੇ, ਦਸਮ ਪਾਤਸ਼ਾਹ ਜੀ ਵੱਲੋਂ ਭਾਈ ਧੰਨਾ ਸਿੰਘ ਨੂੰ ਬਖਸ਼ਿਸ਼ ਹੋਈ ਦਸਤਾਰ ਅਤੇ ਪਵਿੱਤਰ ਕੰਘਾ ਸਾਹਿਬ ਗੁਰਦੁਆਰਾ ਬਖਸ਼ਿਸ਼ ਪ੍ਰਕਾਸ਼ ਵਿਚ ਸੁਸ਼ੋਭਤ ਹਨ। ਪ੍ਰਸਿੱਧ ਢਾਡੀ ਗਿ: ਮਿਲਖਾ ਸਿੰਘ ਮੌਜੀ ਸਰਹਾਲੀ ਕਲਾਂ ਤੋਂ ਪ੍ਰਾਪਤ ਹੋਈ ਭਾਈ ਧੰਨਾ ਸਿੰਘ ਦੀ ਬੰਸਾਵਲੀ, ਉਨ੍ਹਾਂ ਦੇ ਦਾਦਾ ਜੀ ਤੋਂ ਚਲਦੀ ਹੈ। ਭਾਈ ਧੰਨਾ ਸਿੰਘ ਛੀਂਬਾ ਪਰਿਵਾਰ ਨਾਲ ਸਬੰਧ ਰੱਖਦੇ ਸਨ। ਭਾਈ ਸਾਹਿਬ ਦੇ ਦਾਦਾ ਭਾਈ ਕੇਸ਼ੋ ਜੀ ਦੇ ਦੋ ਸਪੁੱਤਰ ਸਨ: ਕਾਲਾ ਤੇ ਚੰਨ। ਭਾਈ ਚੰਨ ਨੂੰ ਸ਼ਾਇਦ ਭਾਈ ਚੰਨਾ ਜਾਂ ਛੰਨਾ ਜੀ ਵੀ ਕਿਹਾ ਜਾਂਦਾ ਸੀ। ਭਾਈ ਚੰਨਾ ਦੇ ਸਪੁੱਤਰ ਸਨ ਭਾਈ ਧੰਨਾ ਸਿੰਘ। ਭਾਈ ਧੰਨਾ ਸਿੰਘ ਦਾ ਬੇਟਾ ਭਾਈ ਲੱਖਾ ਸਿੰਘ। ਲੱਖਾ ਸਿੰਘ ਦੇ ਮਿਹਰ ਸਿੰਘ ਤੇ ਮਹਿਲਾ ਸਿੰਘ ਦੋ ਪੁੱਤਰ ਹੋਏ। ਭਾਈ ਮਿਹਰ ਸਿੰਘ ਦੇ ਦੋ ਪੁੱਤਰ ਭਾਈ ਲਾਭ ਸਿੰਘ ਤੇ ਭਾਈ ਗੁਲਾਬ ਸਿੰਘ ਸਨ। ਗੁਲਾਬ ਸਿੰਘ ਦਾ ਬੇਟਾ ਸੁੰਦਰ ਸਿੰਘ। ਸੁੰਦਰ ਸਿੰਘ ਦੇ ਤਿੰਨ ਪੁੱਤਰ: ਤਾਰਾ ਸਿੰਘ, ਇੰਦਰ ਸਿੰਘ ਤੇ ਹਰਨਾਮ ਸਿੰਘ। ਅੱਗੇ ਤਾਰਾ ਸਿੰਘ ਦਾ ਬੇਟਾ ਬਲਬੀਰ ਸਿੰਘ। ਬਲਬੀਰ ਸਿੰਘ ਦਾ ਪੁੱਤਰ ਕਰਮਜੀਤ ਸਿੰਘ ਅਤੇ ਕਰਮਜੀਤ ਸਿੰਘ ਦੇ ਦੋ ਸਪੁੱਤਰ ਹਨ: ਜਗਜੀਤ ਸਿੰਘ ਤੇ ਲਵਪ੍ਰੀਤ ਸਿੰਘ, ਜੋ ਅੱਜਕਲ੍ਹ ਨੁਸ਼ਹਿਰਾ ਪੰਨੂਆਂ ਵਿਚ ਰਹਿੰਦੇ ਹਨ।
ਨੁਸ਼ਹਿਰਾ ਪੰਨੂਆਂ ਦੇ ਸਿੰਘਾਂ ਤੋਂ ਪਤਾ ਲੱਗਾ ਕਿ ਭਾਈ ਧੰਨਾ ਸਿੰਘ ਨੇ ਆਪਣੀ ਉਮਰ ਦੇ ਆਖਰੀ ਸਾਲ ਜ਼ਿਲ੍ਹਾ ਜਲੰਧਰ ਵਿਚ ਫਿਲੌਰ ਤੋਂ ਨਵਾਂ ਸ਼ਹਿਰ ਨੂੰ ਜਾਂਦੀ ਸੜਕ ਉੱਤੇ ਪਿੰਡ ਭਾਰਸਿੰਘਪੁਰਾ ਵਿਚ ਬਿਤਾਏ। ਭਾਰਸਿੰਘਪੁਰਾ ਵਿਚ ਰਹਿ ਕੇ ਉਨ੍ਹਾਂ ਨੇ ਦਰਿਆ ਸਤਲੁਜ ਦੇ ਨਾਲ ਲਗਦੇ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕੀਤਾ। ਭਾਰਸਿੰਘਪੁਰਾ ਵਿਚ ਭਾਈ ਧੰਨਾ ਸਿੰਘ ਦੀ ਯਾਦ ਵਿਚ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਭਾਰਸਿੰਘਪੁਰਾ ਤੋਂ ਇਲਾਵਾ ਫਿਲੌਰ ਦੇ ਆਸ-ਪਾਸ ਪਿੰਡ ਨਗਰ ਤੇ ਬਕਾਪੁਰ ਵਿਚ ਬਾਬਾ ਧੰਨਾ ਸਿੰਘ ਦੇ ਨਾਂਅ 'ਤੇ ਗੁਰਦੁਆਰੇ ਬਣੇ ਹੋਏ ਹਨ। ਇਕ ਗੁਰਦੁਆਰਾ ਜੰਡਿਆਲਾ ਮੰਜਕੀ ਨੇੜੇ ਪਿੰਡ ਪੰਡੋਰੀ ਵਿਚ ਵੀ ਹੈ। ਇਹ ਗੁਰਦੁਆਰੇ ਇਸ ਇਲਾਕੇ ਵਿਚ ਭਾਈ ਧੰਨਾ ਸਿੰਘ ਦੇ ਸਿੱਖੀ ਪ੍ਰਚਾਰ ਦੀ ਸ਼ਾਹਦੀ ਭਰਦੇ ਹਨ। ਭਾਈ ਧੰਨਾ ਸਿੰਘ ਨਾਲ ਸਬੰਧਤ ਸਾਰੇ ਗੁਰਦੁਆਰਿਆਂ ਨੂੰ 'ਮੜ੍ਹ ਸਾਹਿਬ' ਕਿਹਾ ਜਾਂਦਾ ਹੈ। ਪ੍ਰੋ: ਪਿਆਰਾ ਸਿੰਘ ਪਦਮ ਆਪਣੀ ਪੁਸਤਕ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ' ਵਿਚ ਲਿਖਦੇ ਹਨ ਕਿ 'ਭਾਈ ਧੰਨਾ ਸਿੰਘ ਨੇ ਮੁਕਤਸਰ ਦੀ ਜੰਗ ਵਿਚ ਜੂਝ ਕੇ ਸ਼ਹੀਦੀ ਪਾਈ।' ਪਰ ਭਾਰਸਿੰਘਪੁਰਾ ਦੇ ਇਲਾਕੇ ਵਿਚ ਪ੍ਰਚਲਿਤ ਰਵਾਇਤ ਅਨੁਸਾਰ ਭਾਈ ਸਾਹਿਬ ਭਾਰਸਿੰਘਪੁਰਾ ਵਿਚ ਹੀ ਸੁਰਗਵਾਸ ਹੋਏ।
ਦਸਮ ਪਾਤਸ਼ਾਹ ਦੀ ਪਾਰਸ-ਛੁਹ ਨੇ ਭਾਈ ਧੰਨਾ ਸਿੰਘ ਨੂੰ ਸਾਧਾਰਨ ਇਨਸਾਨ ਤੋਂ ਮਹਾਨ ਮਨੁੱਖ ਤੇ ਕਵੀ ਬਣਾ ਦਿੱਤਾ। ਇੰਜ ਜਾਪਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਛੱਡ ਜਾਣ ਪਿੱਛੋਂ ਭਾਈ ਧੰਨਾ ਸਿੰਘ ਮਾਝੇ ਵਿਚ ਆਪਣੇ ਪਿੰਡ ਨੁਸ਼ਹਿਰਾ ਪੰਨੂਆਂ ਵਿਚ ਆ ਗਏ। ਪਰ ਗੁਰੂ-ਘਰ ਦੀ ਲਗਨ ਅਤੇ ਸੇਵਾ ਨੇ ਉਨ੍ਹਾਂ ਨੂੰ ਘਰ ਬਹਿਣ ਨਹੀਂ ਦਿੱਤਾ। ਉਨ੍ਹਾਂ ਨੇ ਆਪਣੀ ਉਮਰ ਦੇ ਆਖਰੀ ਸਾਲ ਦਰਿਆ ਸਤਲੁਜ ਦੇ ਇਲਾਕੇ ਵਿਚ ਸਿੱਖੀ ਪ੍ਰਚਾਰ ਕਰਦਿਆਂ ਬਿਤਾਏ। ਐਸੇ ਗੁਰੂ-ਪਿਆਰੇ ਗੁਰਸਿੱਖਾਂ ਤੋਂ ਕੁਰਬਾਨ ਹੋਣ ਨੂੰ ਦਿਲ ਕਰਦਾ ਹੈ, ਜਿਨ੍ਹਾਂ ਨੂੰ 'ਨੀਚਹੁ ਊਚ ਕਰੈ ਮੇਰਾ ਗੋਬਿੰਦੁ' ਦਸਮ ਪਾਤਸ਼ਾਹ ਦੇ ਚਰਨਾਂ ਵਿਚ ਬੈਠਣ ਦਾ ਅਤੇ ਉਨ੍ਹਾਂ ਨੂੰ ਆਪਣੀ ਅੱਖੀਂ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। (ਸਮਾਪਤ)


-ਮੋਬਾ : 98155-40968

ਸ਼ਬਦ ਵਿਚਾਰ

ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ॥

ਧੰਧਾ ਸਭੁ ਜਲਾਇਕੈ
ਗੁਰਿ ਨਾਮੁ ਦੀਆ ਸਚੁ ਸੁਆਉ॥
ਆਸਾ ਸਭੇ ਲਾਹਿਕੈ ਇਕਾ ਆਸ ਕਮਾਉ॥
ਜਿਨੀ ਸਤਿਗੁਰੁ ਸੇਵਿਆ
ਤਿਨ ਅਗੈ ਮਿਲਿਆ ਥਾਉ॥ ੧॥
ਮਨ ਮੇਰੇ ਕਰਤੇ ਨੋ ਸਾਲਾਹਿ॥
ਸਭੇ ਛਡਿ ਸਿਆਣਪਾ
ਗੁਰ ਕੀ ਪੈਰੀ ਪਾਹਿ॥ ੧॥ ਰਹਾਉ॥
ਦੁਖ ਭੁਖ ਨਹ ਵਿਆਪਈ
ਜੇ ਸੁਖਦਾਤਾ ਮਨਿ ਹੋਇ॥
ਕਿਤਹੀ ਕੰਮਿ ਨ ਛਿਜੀਐ
ਜਾ ਹਿਰਦੈ ਸਚਾ ਸੋਇ॥
ਜਿਸੁ ਤੂੰ ਰਖਹਿ ਹਥ ਦੇ
ਤਿਸੁ ਮਾਰਿ ਨ ਸਕੈ ਕੋਇ॥
ਸੁਖਦਾਤਾ ਗੁਰੁ ਸੇਵੀਐ
ਸਭਿ ਅਵਗਣ ਕਢੈ ਧੋਇ॥ ੨॥
ਸੇਵਾ ਮੰਗੈ ਸੇਵਕੋ ਲਾਈਆ ਅਪੁਨੀ ਸੇਵ॥
ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ॥
ਸਭੁ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ॥
ਸਤਿਗੁਰ ਕੈ ਬਲਿਹਾਰਣੈ
ਮਨਸਾ ਸਭ ਪੂਰੇਵ॥ ੩॥
ਇਕੋ ਦਿਸੈ ਸਜਣੋ ਇਕੋ ਭਾਈ ਮੀਤੁ॥
ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ॥
ਇਕਸ ਸਿਉ ਮਨੁ ਮਾਨਿਆ
ਤਾ ਹੋਆ ਨਿਹਚਲੁ ਚੀਤੁ॥
ਸਚੁ ਖਾਣਾ ਸਚੁ ਪੈਨਣਾ
ਟੇਕ ਨਾਨਕ ਸਚੁ ਕੀਤੁ॥ ੪॥ ੫॥ ੭੫॥
(ਅੰਗ 43-44)
ਪਦ ਅਰਥ : ਵਿਸਰਨੁ-ਭਾਵੇਂ ਵਿਸਰ ਜਾਣ, ਭਾਵੇਂ ਭੁੱਲ ਜਾਣ। ਧੰਧਾ-ਦੁਨਿਆਵੀ ਧੰਧੇ। ਜਲਾਇਕੇ-ਸਾੜ ਕੇ, ਜਲਾ ਕੇ। ਸੁਆਉ-ਪ੍ਰਯੋਜਨ, ਮਨੋਰਥ। ਲਾਹਿਕੇ-ਦੂਰ ਕਰਕੇ। ਕਮਾਉ-ਕਮਾ ਲੈ, ਪੱਕੀ ਕਰ। ਅਗੈ-ਪ੍ਰਭੂ ਦੀ ਦਰਗਾਹ ਵਿਚ। ਥਾਉ-ਥਾਂ, ਟਿਕਾਣਾ। ਕਰਤੇ-ਕਰਤਾਰ। ਸਾਲਾਹਿ-ਸਿਫਤ ਸਾਲਾਹ ਕਰ। ਪੈਰੀ ਪਾਹਿ-ਚਰਨੀਂ ਲੱਗ। ਨਹ ਵਿਆਪਈ-ਨਹੀਂ ਲਗਦੀ। ਮਨਿ ਹੋਇ-ਮਨ ਵਿਚ ਵਸ ਜਾਇ। ਕਿਤਹੀ ਕੰਮਿ-ਕਿਸੇ ਵੀ ਕੰਮ ਵਿਚ। ਨ ਛਿਜੀਐ-ਤੋਟ ਨਹੀਂ ਆਉਂਦੀ, ਆਤਮਿਕ ਤੌਰ 'ਤੇ ਕਮਜ਼ੋਰ ਨਹੀਂ ਹੋਈਦਾ। ਸੁਖਦਾਤਾ-ਸੁਖਾਂ ਦਾ ਦਾਤਾ (ਪ੍ਰਭੂ)। ਸਚਾ-ਸਦਾ ਥਿਰ ਰਹਿਣ ਵਾਲਾ ਪਰਮਾਤਮਾ। ਸੋਇ-ਉਹ। ਸਭਿ ਅਵਗਣ-ਸਾਰੇ ਔਗੁਣ।
ਸੇਵਕੋ-ਉਨ੍ਹਾਂ ਸੇਵਕਾਂ ਦੀ। ਸੇਵਾ ਮੰਗੈ-ਸੇਵਾ (ਦਾ ਦਾਨ) ਮੰਗਦਾ ਹਾਂ। ਲਾਈਆ-ਲਾਇਆ ਹੋਇਆ ਹੈ। ਅਪੁਨੀ ਸੇਵਾ-ਆਪਣੀ ਸੇਵਾ ਵਿਚ। ਮਸਕਤੇ-ਮਿਹਨਤ, ਘਾਲ ਕਮਾਈ। ਤੂਠੈ-ਜੇ ਤੂੰ ਮਿਹਰਵਾਨ ਹੋਵੇਂ, ਪ੍ਰਸੰਨ ਹੋਵੇਂ। ਸਾਧੂ ਸੰਗੁ-ਸਾਧੂ ਦੀ ਸੰਗਤ, ਸਾਧ ਸੰਗਤ। ਵਸਗਤਿ-ਵਸ ਵਿਚ। ਸਾਹਿਬੈ-ਮਾਲਕ ਪ੍ਰਭੂ। ਕਰਣ ਕਰੇਵ-ਕਰਨ ਕਾਰਨ ਦੇ ਸਮਰੱਥ। ਮਨਸਾ ਸਭ ਪੂਰੇਵ-ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ।
ਇਕੋ-ਇਕ (ਪਰਮਾਤਮਾ ਹੀ)। ਦਿਸੈ-ਦਿਸਦਾ ਹੈ। ਸਜਣੋ-ਸੱਜਣ। ਭਾਈ ਮੀਤੁ-ਭਰਾ ਤੇ ਮਿੱਤਰ। ਸਾਮਗਰੀ-ਧਨ ਪਦਾਰਥ। ਰੀਤ-ਮਰਯਾਦਾ। ਇਕਸ ਸਿਉ-ਇਕ ਪਰਮਾਤਮਾ ਵਿਚ (ਨਾਲ), ਮਨੁ ਮਾਨਿਆ-ਮਨ ਗਿੱਝ ਜਾਂਦਾ ਹੈ, ਮਨ ਮੰਨ ਜਾਂਦਾ ਹੈ। ਨਿਹਚਲੁ ਚੀਤੁ-ਚਿਤ (ਮਨ) ਅਡੋਲ ਹੋ ਜਾਂਦਾ ਹੈ, ਮਨ ਸਹਿਜ ਅਵਸਥਾ ਵਿਚ ਟਿਕ ਜਾਂਦਾ ਹੈ।
ਸ਼ਬਦ ਦੀ ਰਹਾਉ ਵਾਲੀ ਤੁਕ ਵਿਚ ਪੰਜਵੇਂ ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਭਾਈ, ਸਾਰੀਆਂ ਸਿਆਣਪਾਂ ਨੂੰ ਤਿਆਗ ਕੇ ਗੁਰੂ ਦੀ ਚਰਨੀਂ ਲੱਗ-
ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ॥
ਜਿਨ੍ਹਾਂ-ਜਿਨ੍ਹਾਂ ਨੇ ਸਤਿਗੁਰੂ ਨੂੰ ਸਿਮਰਿਆ, ਉਨ੍ਹਾਂ ਨੂੰ ਅੱਗੇ ਦਰਗਾਹੇ ਆਦਰ-ਮਾਣ ਮਿਲਦਾ ਹੈ-
ਜਿਨੀ ਸਤਿਗੁਰੁ ਸੇਵਿਆ
ਤਿਨ ਅਗੈ ਮਿਲਿਆ ਥਾਉ॥
(ਅੰਗ 43)
ਸਤਿਗੁਰੂ ਕਿਸ ਨੂੰ ਆਖਿਆ ਜਾਂਦਾ ਹੈ? ਸੇਵਕ ਦੇ ਮਨ 'ਚੋਂ ਇਸ ਸ਼ੰਕਾ ਨੂੰ ਦੂਰ ਕਰਨ ਲਈ ਗੁਰਦੇਵ ਦੇ ਰਾਗੁ ਗਉੜੀ ਸੁਖਮਨੀ ਮਹਲਾ ੫ ਵਿਚ ਪਾਵਨ ਬਚਨ ਹਨ-
ਸਤਿ ਪੁਰਖੁ ਜਿਨਿ ਜਾਨਿਆ
ਸਤਿਗੁਰੁ ਤਿਸ ਕਾ ਨਾਉ॥
ਤਿਸ ਕੈ ਸੰਗਿ ਸਿਖੁ ਉਧਰੈ
ਨਾਨਕ ਹਰਿ ਗੁਨ ਗਾਉ॥ (ਅੰਗ 286)
ਸਤਿ ਪੁਰਖੁ-ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਉਧਰੈ-ਬਚ ਜਾਂਦੇ ਹਨ।
ਇਸ ਲਈ ਹੇ ਭਾਈ, ਇਕ ਪ੍ਰਭੂ ਨੂੰ ਮਨ ਵਿਚ ਸਿਮਰਨਾ ਚਾਹੀਦਾ ਹੈ। ਉਸੇ ਦੇ ਹੀ ਚਰਨੀਂ ਲੱਗਣਾ ਚਾਹੀਦਾ ਹੈ-
ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ॥
(ਰਾਗ ਰਾਮਕਲੀ ਕੀ ਵਾਰ ਮਹਲਾ ੫, ਅੰਗ 961)
ਆਪ ਜੀ ਦੇ ਹੋਰ ਬਚਨ ਹਨ ਕਿ ਇਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ, ਕਿਉਂਕਿ ਉਹ ਸਭ ਕੁਝ ਦੇਣ ਦੇ ਸਮਰੱਥ ਹੈ, ਝੋਲੀਆਂ ਭਰ ਦਿੰਦਾ ਹੈ-
ਇਕੋ ਦਾਤਾ ਮੰਗੀਐ
ਸਭੁ ਕਿਛੁ ਪਲੈ ਪਾਇ॥ (ਅੰਗ 961)
ਕਿਸੇ ਹੋਰ ਦੂਜੇ ਪਾਸੋਂ ਮੰਗਣ ਨਾਲੋਂ ਤਾਂ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ-
ਜੇ ਦੂਜੇ ਪਾਸਹੁ ਮੰਗੀਐ
ਤਾ ਲਾਜ ਮਰਾਈਏ॥
(ਰਾਗੁ ਵਡਹੰਸੁ ਕੀ ਵਾਰ ਮਹਲਾ ੪, ਅੰਗ 590)
ਲਾਜ-ਸ਼ਰਮ ਨਾਲ। ਮਰਾਈਐ-ਮਰ ਜਾਣਾ ਚਾਹੀਦਾ ਹੈ।
ਸ਼ਬਦ ਦੇ ਅੱਖਰੀਂ ਅਰਥ : ਹੇ ਮਨ, ਤੈਨੂੰ ਭਾਵੇਂ ਸਾਰੀਆਂ ਗੱਲਾਂ ਭੁੱਲ ਜਾਣ ਪਰ ਤੂੰ ਪਰਮਾਤਮਾ ਦੇ ਨਾਮ ਨੂੰ ਨਾ ਵਿਸਾਰੀਂ। ਦੁਨਿਆਵੀ ਸਾਰੇ ਕੰਮ-ਧੰਦਿਆਂ ਨੂੰ ਸਾੜ ਕੇ, ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਧਨ ਦਿੱਤਾ ਹੈ ਜੋ ਸਦਾ ਲਈ ਮੇਰਾ ਜੀਵਨ ਮਨੋਰਥ ਬਣ ਗਿਆ ਹੈ। ਹੁਣ ਦੁਨਿਆਵੀ ਸਾਰੀਆਂ ਆਸਾਂ ਨੂੰ ਮਨ ਵਿਚੋਂ ਭੁਲਾ ਕੇ ਇਕ ਪਰਮਾਤਮਾ ਦੀ ਆਸ ਮਨ ਵਿਚ ਪੱਕੀ ਹੋ ਗਈ ਹੈ। ਤੀਜੇ ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਿਨ੍ਹਾਂ ਨੇ ਵੀ ਸਤਿਗੁਰੂ ਨੂੰ ਸਿਮਰਿਆ ਹੈ, ਉਨ੍ਹਾਂ ਨੂੰ ਅੱਗੇ ਭਾਵ ਪ੍ਰਭੂ ਦੀ ਦਰਗਾਹ ਵਿਚ ਥਾਂ ਟਿਕਾਣਾ ਭਾਵ ਆਦਰ-ਮਾਣ ਮਿਲਦਾ ਹੈ।
ਹੇ ਮੇਰੇ ਮਨ, ਕਰਤਾ ਪੁਰਖ ਦੀ ਸਿਫਤ ਸਾਲਾਹ ਕਰ। ਆਪਣੀਆਂ ਸਾਰੀਆਂ ਸਿਆਣਪਾਂ ਨੂੰ ਛੱਡ ਕੇ, ਗੁਰੂ ਦੇ ਚਰਨੀਂ ਲੱਗ, ਗੁਰੂ ਦਾ ਓਟ ਆਸਰਾ ਲੈ।
ਜੇਕਰ ਸੁਖਾਂ ਦਾ ਦਾਤਾ ਪ੍ਰਭੂ ਮਨ ਅੰਦਰ ਆ ਵਸੇ ਤਾਂ ਕਦੇ (ਸਰੀਰਕ) ਦੁੱਖ ਅਤੇ ਮਾਇਆ ਦੀ ਭੁੱਖ ਨਹੀਂ ਵਿਆਪਦੀ। ਇਸ ਪ੍ਰਕਾਰ ਜਦੋਂ ਹਿਰਦੇ ਵਿਚ ਪਰਮਾਤਮਾ ਆ ਵਸਦਾ ਹੈ ਤਾਂ ਕਿਸੇ ਵੀ ਕੰਮ ਵਿਚ ਤੋਟ ਨਹੀਂ ਆਉਂਦੀ, ਆਤਮਿਕ ਤੌਰ 'ਤੇ ਕਮਜ਼ੋਰ ਨਹੀਂ ਹੋਈਦਾ ਹੈ। ਹੇ ਪ੍ਰਭੂ, ਜਿਸ ਦੀ ਤੂੰ ਹੱਥ ਦੇ ਕੇ ਰੱਖਿਆ ਕਰਦਾ ਹੈਂ, ਉਸ ਨੂੰ ਕੋਈ ਮਾਰ ਨਹੀਂ ਸਕਦਾ। ਇਸ ਲਈ ਹੇ ਭਾਈ, ਜਿਸ ਗੁਰੂ ਦੁਆਰਾ ਸੁਖ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਜੋ ਸਾਰੇ ਔਗੁਣਾਂ ਦੀ ਮੈਲ ਨੂੰ ਧੋ ਕੇ ਮਨ ਵਿਚੋਂ ਕੱਢ ਦਿੰਦਾ ਹੈ, ਉਸ ਨੂੰ ਸੇਵਣਾ ਚਾਹੀਦਾ ਹੈ।
ਹੇ ਪ੍ਰਭੂ, ਮੈਂ ਸੇਵਕ ਤੇਰੇ ਉਨ੍ਹਾਂ ਸੇਵਕ ਜਨਾਂ ਦੀ ਸੇਵਾ ਲਈ ਲੋਚਦਾ ਹਾਂ, ਜਿਨ੍ਹਾਂ ਨੂੰ ਤੂੰ ਆਪਣੀ ਸੇਵਾ ਭਗਤੀ ਵਿਚ ਲਾਇਆ ਹੋਇਆ ਹੈ (ਕਿਉਂਕਿ ਜੇਕਰ) ਆਪ ਜੀ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਹੀ ਮੈਨੂੰ ਸਾਧ-ਸੰਗਤ ਅਤੇ ਨਾਮ ਦੀ ਘਾਲ ਦੀ ਪ੍ਰਾਪਤੀ ਹੋ ਸਕਦੀ ਹੈ। ਹੇ ਪ੍ਰਭੂ, ਸਭ ਕੁਝ ਆਪ ਜੀ ਦੇ ਵੱਸ ਵਿਚ ਹੀ ਹੈ, ਸਭ ਕੁਝ ਆਪ ਹੀ ਕਰਨ-ਕਰਾਉਣ ਵਾਲੇ ਹੋ। ਮੈਂ ਸਤਿਗੁਰੂ ਤੋਂ ਬਲਿਹਾਰ ਜਾਂਦਾ ਹਾਂ, ਜੋ (ਆਪਣੇ ਸੇਵਕਾਂ ਦੀਆਂ) ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ।
ਹੇ ਭਾਈ, ਇਕ ਪਰਮਾਤਮਾ ਹੀ ਅਸਲ ਸੱਜਣ ਦਿਸਦਾ ਹੈ ਅਤੇ ਉਹ ਇਕ ਹੀ ਸਭਨਾਂ ਦਾ ਭਾਈ ਅਤੇ ਮਿੱਤਰ ਹੈ। ਉਸ ਇਕ ਦੇ ਹੀ ਸਭ ਧਨ ਪਦਾਰਥ ਹਨ ਅਤੇ ਉਸ ਇਕ ਦੀ ਹੀ (ਇਥੇ) ਮਰਯਾਦਾ ਚਲਦੀ ਹੈ। ਜਦੋਂ ਉਸ ਇਕ ਨਾਲ ਮਨ ਮੰਨ ਜਾਂਦਾ ਹੈ ਤਾਂ ਮਨ ਸਹਿਜ ਅਵਸਥਾ ਵਿਚ ਟਿਕ ਜਾਂਦਾ ਹੈ ਭਾਵ ਮਨ ਮਾਇਆ ਤੋਂ ਅਡੋਲ ਹੋ ਜਾਂਦਾ ਹੈ। ਅਜਿਹੇ ਜਗਿਆਸੂਆਂ, ਜਿਨ੍ਹਾਂ ਨੇ ਨਾਮ ਨੂੰ ਟੇਕ ਬਣਾਇਆ ਹੈ, ਉਨ੍ਹਾਂ ਪ੍ਰਭੂ ਦਾ ਸੱਚਾ ਨਾਮ ਹੀ ਖਾਣਾ ਹੈ ਅਤੇ ਨਾਮ ਹੀ ਪਹਿਨਣਾ ਹੈ ਭਾਵ ਨਾਮ 'ਤੇ ਹੀ ਉਨ੍ਹਾਂ ਦੀ ਟੇਕ ਹੈ।


217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਆਪਣੇ ਦੀਪਕ ਆਪ ਬਣੋ

ਸੱਚ ਜਾਨਣ ਲਈ ਸਾਨੂੰ ਅਗਿਆਨਤਾ ਦਾ ਪਰਦਾ ਹਟਾਉਣਾ ਪਵੇਗਾ। ਜੋ ਲੋਕ ਇਹ ਸੋਚਦੇ ਹਨ ਕਿ ਗਿਆਨ ਸਾਨੂੰ ਬਾਹਰੋਂ ਪ੍ਰਾਪਤ ਹੋਵੇਗਾ, ਉਹ ਧੋਖੇ ਵਿਚ ਹਨ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਗਿਆਨ ਤਾਂ ਤੁਹਾਡੇ ਅੰਦਰ ਹੈ, ਪਰ ਇਸ ਗਿਆਨ ਦੇ ਦੀਪਕ ਨੂੰ ਜਲਾਉਣ ਦੀ ਲੋੜ ਹੈ। ਤੁਹਾਨੂੰ ਆਪਣੇ ਮਾਰਗ-ਦਰਸ਼ਕ ਆਪ ਬਣਨਾ ਪਵੇਗਾ। ਭਾਵ ਆਪਣੇ ਗਿਆਨ-ਦੀਪਕ ਆਪ ਬਣੋ ਅਤੇ ਅਗਿਆਨਤਾ ਦੇ ਹਨੇਰੇ ਤੋਂ ਮੁਕਤੀ ਪਾਓ। ਸੂਰਜ ਦਾ ਪ੍ਰਕਾਸ਼ ਧਰਤੀ ਨੂੰ ਹਰ ਸਮੇਂ ਪ੍ਰਾਪਤ ਹੁੰਦਾ ਰਹਿੰਦਾ ਹੈ। ਕਦੇ ਵੀ ਪੂਰੀ ਧਰਤੀ 'ਤੇ ਸੂਰਜ ਅਸਤ ਨਹੀਂ ਹੁੰਦਾ। ਕਿਤੇ ਦਿਨ ਹੈ ਤਾਂ ਕਿਤੇ ਰਾਤ, ਕਿਤੇ ਸਵੇਰ ਹੋ ਰਹੀ ਹੈ ਤਾਂ ਕਿਤੇ ਸ਼ਾਮ। ਤੁਹਾਡੇ ਅੰਦਰ ਦਾ ਗਿਆਨ ਦੀਪਕ ਵੀ ਸੂਰਜ ਦੇ ਸਮਾਨ ਹੈ। ਬਾਹਰੀ ਪ੍ਰਚਾਰਕ ਤਾਂ ਕੇਵਲ ਦਿਖਾਵੇ ਹਨ। ਜੇ ਕੋਈ ਤੁਹਾਨੂੰ ਧਰਮ ਦੇ ਨਾਂਅ 'ਤੇ, ਜਾਤ ਦੇ ਨਾਂਅ 'ਤੇ, ਰਾਜਨੀਤੀ ਦੇ ਨਾਂਅ 'ਤੇ ਗਿਆਨ ਦੇਣਾ ਚਾਹੁੰਦਾ ਹੈ ਤਾਂ ਸਮਝੋ ਕਿ ਉਹ ਤੁਹਾਨੂੰ ਅਗਿਆਨਤਾ ਦੇ ਹਨੇਰੇ ਵੱਲ ਧਕੇਲਣ ਦੀ ਕੋਸ਼ਿਸ਼ ਵਿਚ ਹੈ। ਅਜਿਹੇ ਪ੍ਰਚਾਰਕ ਤਾਂ ਆਪਣੀ ਦੁਕਾਨ ਚਲਾਉਣਾ ਚਾਹੁੰਦੇ ਹਨ ਅਤੇ ਸਮਾਜ ਨੂੰ ਹਨੇਰੇ ਦੇ ਦਲਦਲ ਵੱਲ ਧਕੇਲਦੇ ਹਨ। ਅਜਿਹੇ ਦਲਦਲ ਵੱਲ ਕਦੇ ਵੀ ਕਦਮ ਨਾ ਪੁੱਟੋ। ਰਾਤ ਨੂੰ ਟਿਮਟਿਮਾਉਣ ਵਾਲਾ ਜੁਗਨੂੰ ਜਿਵੇਂ ਹੀ ਖੰਭ ਖਿਲਾਰਦਾ ਹੈ, ਉਸ ਦਾ ਪ੍ਰਕਾਸ਼-ਯੰਤਰ ਹਨੇਰੇ ਵਿਚ ਪ੍ਰਕਾਸ਼ ਪੈਦਾ ਕਰਦਾ ਹੈ। ਤੁਹਾਨੂੰ ਵੀ ਆਪਣੇ ਅੰਦਰ ਦੇ ਗਿਆਨ 'ਤੇ ਪਈ ਪਰਤ ਨੂੰ ਹਟਾਉਣਾ ਹੈ। ਤੁਹਾਡੇ ਅੰਦਰ ਵੀ ਅਜਿਹਾ ਹੀ ਗਿਆਨ ਰੂਪੀ ਪ੍ਰਕਾਸ਼-ਯੰਤਰ ਹੈ ਪਰ ਉਸ 'ਤੇ ਆਲਸ, ਲਾਲਚ, ਕਾਮ, ਘੁਮੰਡ ਆਦਿ ਦੀਆਂ ਪਰਤਾਂ ਹਨ। ਇਨ੍ਹਾਂ ਨੂੰ ਹੌਲੀ-ਹੌਲੀ ਹਟਾਓ ਤਾਂ ਤੁਹਾਨੂੰ ਆਪਣੇ ਅੰਦਰ ਦਾ ਗਿਆਨ ਰੂਪੀ ਪ੍ਰਕਾਸ਼ ਅਨੁਭਵ ਹੋਵੇਗਾ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਬੱਬਰਾਂ ਤੇ ਗ਼ਦਰੀਆਂ ਦੀਆਂ ਗੁਪਤ ਬੈਠਕਾਂ ਦਾ ਕੇਂਦਰ ਰਿਹਾ ਹੈ ਪਿੰਡ ਪਠਲਾਵਾ ਦਾ ਅਕਾਲੀ ਵਾਲਾ ਖੂਹ

ਬੱਬਰ ਅਕਾਲੀ ਲਹਿਰ ਅਤੇ ਗ਼ਦਰੀ ਸੂਰਮਿਆਂ ਵਲੋਂ ਦੇਸ਼ ਦੀ ਆਜ਼ਾਦੀ ਹਿਤ ਸ਼ੁਰੂ ਕੀਤੀਆਂ ਵੱਖ-ਵੱਖ ਲਹਿਰਾਂ ਦੇ ਦੌਰਾਨ ਕ੍ਰਾਂਤੀਕਾਰੀਆਂ ਅਤੇ ਬਲੀਦਾਨੀਆਂ ਦੀਆਂ ਗੁਪਤ ਬੈਠਕਾਂ ਤੇ ਹੋਰਨਾਂ ਸਰਗਰਮੀਆਂ ਦਾ ਗੜ੍ਹ ਬਣਿਆ ਰਿਹਾ ਹੈ ਪਿੰਡ ਪਠਲਾਵਾ ਦਾ 'ਅਕਾਲੀ ਵਾਲਾ ਖੂਹ'। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਪੁਰਾਣਾ ਨਾਂਅ ਨਵਾਂਸ਼ਹਿਰ) ਦੇ ਪਿੰਡ ਪਠਲਾਵਾ ਵਿਚਲਾ ਇਹ ਖੂਹ ਦੇਸ਼ ਦੀ ਆਜ਼ਾਦੀ ਲਈ ਹੱਸਦਿਆਂ-ਹੱਸਦਿਆਂ ਫਾਂਸੀਆਂ ਦੇ ਰੱਸੇ ਚੁੰਮਣ ਵਾਲੇ ਸੂਰਬੀਰ ਦੇਸ਼ ਭਗਤਾਂ ਅਤੇ ਕਾਲਾ ਪਾਣੀ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਆਪਣੇ ਸਰੀਰਾਂ 'ਤੇ ਤਸੀਹੇ ਹੰਢਾਉਣ ਵਾਲੇ ਗ਼ਦਰੀ ਯੋਧਿਆਂ ਅਤੇ ਬੱਬਰਾਂ ਦੀ ਕੁਰਬਾਨੀ ਦੀ ਜਿਉਂਦੀ ਜਾਗਦੀ ਗਾਥਾ ਅਤੇ ਉਨ੍ਹਾਂ ਨਾਲ ਸਬੰਧਤ ਸ਼ਾਨਾਮੱਤੇ ਇਤਿਹਾਸ ਦਾ ਇਕ ਪੂਰਾ ਅਧਿਆਇ ਆਪਣੇ ਅੰਦਰ ਸਮੋਈ ਬੈਠਾ ਹੈ।
ਪਿੰਡ ਪਠਲਾਵਾ ਚਿੱਟੀ ਵੇਈਂ ਦੇ ਕੰਢੇ ਪਦਮਾਵਤੀ ਜੰਗਲ ਦੀ ਭੂਮੀ 'ਤੇ ਆਬਾਦ ਹੈ ਅਤੇ ਇਹ ਜੰਗਲ ਕਰੀਬ 11,100 ਏਕੜ ਭੂਮੀ 'ਤੇ ਫੈਲਿਆ ਹੋਇਆ ਹੈ। ਇਸੇ ਵੇਈਂ ਦੇ ਲਹਿੰਦੇ ਪਾਸੇ ਪਿੰਡ ਸਲੇਮਪੁਰ ਆਬਾਦ ਹੈ, ਜਿਥੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ-ਛੁਹ ਪ੍ਰਾਪਤ ਧਰਤ 'ਤੇ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਪਿੰਡ ਪਠਲਾਵਾ ਬਾਰੇ ਇਤਿਹਾਸਕ ਦਸਤਾਵੇਜ਼ਾਂ ਤੇ ਕੁਝ ਪੁਸਤਕਾਂ ਵਿਚ ਦਰਜ ਹੈ ਕਿ ਮਿਸਲ ਕਾਲ ਸਮੇਂ ਕਰੋੜਸਿੰਘੀਆ ਮਿਸਲ ਦੇ ਬਾਬਾ ਬਘੇਲ ਸਿੰਘ ਨੇ ਬੰਗਾ, ਨਵਾਂਸ਼ਹਿਰ, ਚਿੱਟੀ ਵੇਈਂ ਅਤੇ ਸਤਲੁਜ ਦਾ ਬਹੁਤ ਸਾਰਾ ਇਲਾਕਾ ਫ਼ਤਹਿ ਕੀਤਾ ਅਤੇ ਪਦਮਾਵਤੀ ਜੰਗਲ ਨੂੰ ਕੱਟ ਕੇ ਉੱਥੇ ਆਸ-ਪਾਸ ਛੋਟੇ-ਛੋਟੇ ਕਈ ਪਿੰਡ ਆਬਾਦ ਕੀਤੇ। ਮਿਸਲਾਂ ਦੇ ਸਮੇਂ ਪਿੰਡ ਵਿਚ ਮੌਜੂਦ ਇਕ ਉੱਚੇ ਥੇਹ 'ਤੇ ਆਲੀਸ਼ਾਨ ਰਿਹਾਇਸ਼ੀ ਕਿਲ੍ਹਾ ਵੀ ਉਸਾਰਿਆ ਗਿਆ। ਉਹ ਕਿਲ੍ਹਾ ਤਾਂ ਭਾਵੇਂ ਪਿਛਲੇ ਕੁਝ ਸਾਲਾਂ ਵਿਚ ਉਥੇ ਰਿਹਾਇਸ਼ ਆਬਾਦ ਕਰਕੇ ਰਹਿ ਰਹੇ ਪਰਿਵਾਰਾਂ ਦੀ ਰਿਹਾਇਸ਼ਗਾਹ ਬਣ ਜਾਣ ਕਰਕੇ ਕਰੀਬ-ਕਰੀਬ ਪੂਰਾ ਖ਼ਤਮ ਹੋ ਚੁੱਕਾ ਹੈ, ਪਰ ਕਿਲ੍ਹੇ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਅਜੇ ਵੀ ਮੌਜੂਦ ਹਨ। ਇਸ ਕਿਲ੍ਹੇ ਦੀਆਂ ਕਰੀਬ ਸਾਢੇ ਤਿੰਨ ਫੁੱਟ ਚੌੜੀਆਂ ਕੰਧਾਂ ਨਾਨਕਸ਼ਾਹੀ ਇੱਟਾਂ ਦੀਆਂ ਬਣੀਆਂ ਹੋਈਆਂ ਸਨ।
ਸਿੱਖ ਰਾਜ ਸਮੇਂ ਸੰਨ 1822-23 ਦੇ ਕਰੀਬ ਜਦੋਂ ਮਹਾਰਾਜਾ ਰਣਜੀਤ ਸਿੰਘ ਵਲੋਂ ਆਪਣੇ ਜਰਨੈਲ ਸ: ਹਰੀ ਸਿੰਘ ਨਲਵਾ ਨੂੰ ਦੁਆਬੇ ਦੀ ਮੁਹਿੰਮ 'ਤੇ ਭੇਜਿਆ ਗਿਆ ਤਾਂ ਉਨ੍ਹਾਂ ਨੇ ਮਿਸਲਾਂ ਦੇ ਸਮੇਂ ਉਸਾਰੇ ਗਏ ਉਪਰੋਕਤ ਕਿਲ੍ਹੇ ਦੇ ਪਾਸ ਹੀ ਇਕ ਨਵਾਂ ਪਿੰਡ ਆਬਾਦ ਕਰਕੇ ਉਸ ਦਾ ਨਾਂਅ ਹਰੀਪੁਰ ਰੱਖਿਆ ਸੀ। ਉਸੇ ਦੌਰਾਨ ਉਨ੍ਹਾਂ ਗੁਰਦਾਸਪੁਰ ਦੇ ਛੋਟੇ ਘੱਲੂਘਾਰੇ ਸਮੇਂ ਕਾਹਨੂੰਵਾਨ ਦੇ ਛੰਭ ਵਿਚ ਸ਼ਹੀਦੀਆਂ ਪਾਉਣ ਵਾਲੇ ਪਰਿਵਾਰਾਂ ਦੇ ਵਾਰਿਸਾਂ ਨੂੰ ਇਸ ਪਿੰਡ ਵਿਚ ਅਤੇ ਆਸ-ਪਾਸ ਦੇ ਇਲਾਕੇ 'ਚ ਵੱਡੀਆਂ ਜਗੀਰਾਂ ਦੇ ਕੇ ਆਬਾਦ ਕੀਤਾ ਸੀ।
ਸ: ਗੁਰਬਖਸ਼ ਸਿੰਘ ਸਪੁੱਤਰ ਸ: ਜੈ ਸਿੰਘ, ਜੋ ਕਿ ਘੱਲੂਘਾਰੇ ਦੌਰਾਨ ਕਾਹਨੂੰਵਾਨ ਦੇ ਇਲਾਕੇ ਵਿਚ ਧਰਮ ਪ੍ਰਚਾਰਕ ਸਨ ਅਤੇ ਉਨ੍ਹਾਂ ਦੇ ਸਪੁੱਤਰ ਸ: ਪ੍ਰਤਾਪ ਸਿੰਘ ਸ਼ਹੀਦ ਮਿਸਲਾਂ ਦੇ ਕਮਾਂਡਰ ਕਰਮ ਸਿੰਘ ਦੇ ਸਿਪਾਹਸਲਾਰ ਸਨ; ਦੋਵੇਂ ਯੋਧੇ ਪਿਤਾ ਪੁੱਤਰ ਦੁਸ਼ਮਣ ਅਫ਼ਗਾਨਾਂ ਦੀ ਫੌਜ ਨਾਲ ਯੁੱਧ ਕਰਦਿਆਂ ਸ਼ਹੀਦ ਹੋਏ ਸਨ। ਸ: ਨਲਵਾ ਵਲੋਂ ਸ਼ਹੀਦ ਸ: ਪ੍ਰਤਾਪ ਸਿੰਘ ਦੇ ਸਪੁੱਤਰ ਰਸਾਲਦਾਰ ਪ੍ਰਧਾਨ ਸਿੰਘ ਨੂੰ ਜਿਨ੍ਹਾਂ ਪਿੰਡਾਂ ਦੀ ਜਗੀਰਦਾਰੀ ਦਿੱਤੀ ਗਈ, ਉਨ੍ਹਾਂ ਵਿਚ ਹੀਓਂ, ਗੁਣਾਚੌਰ, ਨੌਰਾ, ਹਰੀਪੁਰ, ਖੁਸ਼ੀ ਪੱਦੀ, ਠੋਲੂ ਪੱਦੀ, ਮੱਠ ਵਾਲੀ ਪੱਦੀ ਆਦਿ ਪਿੰਡ ਸ਼ਾਮਲ ਸਨ। ਜਗੀਰਾਂ ਦੇ ਇਕੱਠੇ ਹੋਏ ਮਾਲੀਏ ਨੂੰ ਜਮ੍ਹਾਂ ਕਰਾਉਣ ਲਈ ਮੁੱਖ ਕੇਂਦਰ ਪਿੰਡ ਕਾਲੇਵਾਲ ਲੱਲੀਆਂ ਵਿਖੇ ਸਥਾਪਿਤ ਕੀਤਾ ਗਿਆ। ਜਗੀਰਦਾਰ ਬਣਨ ਉਪਰੰਤ ਸ: ਪ੍ਰਧਾਨ ਸਿੰਘ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਸਭ ਪਿੰਡਾਂ ਦੇ ਚੌਧਰੀਆਂ ਨੂੰ ਆਪਣੇ-ਆਪਣੇ ਇਲਾਕਿਆਂ ਵਿਚ ਖੂਹ ਲਗਵਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਸ: ਪ੍ਰਧਾਨ ਸਿੰਘ ਅਕਾਲੀ ਬਾਬਾ ਫੂਲਾ ਸਿੰਘ ਦੀ ਫੌਜ ਦੇ ਰਸਾਲਦਾਰ ਅਤੇ ਅਕਾਲੀ ਸਿਧਾਂਤ ਦੇ ਧਾਰਨੀ ਸਨ। ਇਸ ਲਈ ਉਨ੍ਹਾਂ ਨੇ ਆਪਣੇ ਖੇਤਾਂ ਵਿਚ ਜੋ ਖੂਹ ਲਗਵਾਇਆ, ਉਸ ਦਾ ਨਾਂਅ ਉਨ੍ਹਾਂ ਬਾਬਾ ਫੂਲਾ ਸਿੰਘ ਦੇ ਨਾਂਅ 'ਤੇ 'ਅਕਾਲੀ ਵਾਲਾ ਖੂਹ' ਰੱਖਿਆ ਸੀ। ਉਨ੍ਹਾਂ ਦੇ ਸਪੁੱਤਰ ਸ: ਕਾਨ੍ਹ ਸਿੰਘ ਨੂੰ ਨਲਵਾ ਸਰਦਾਰ ਵਲੋਂ ਉਪਰੋਕਤ ਇਲਾਕੇ ਵਿਚ 15 ਪਿੰਡਾਂ ਦੀ ਜਗੀਰਦਾਰੀ ਬਖ਼ਸ਼ੀ ਗਈ, ਜਿਸ ਦੇ ਬਾਅਦ ਸ: ਕਾਨ੍ਹ ਸਿੰਘ ਵਲੋਂ ਆਪਣੀ ਜਗੀਰ ਵਿਚ ਸਭਨਾਂ ਕਿੱਤਿਆਂ ਵਾਲੇ ਮਿਹਨਤੀ ਲੋਕਾਂ ਨੂੰ ਆਬਾਦ ਕਰਦਿਆਂ ਕਾਰੋਬਾਰ ਤੇ ਹੋਰ ਕਿਰਤੀ ਧੰਦੇ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ। ਸ: ਪ੍ਰਧਾਨ ਸਿੰਘ ਤੋਂ ਇਲਾਵਾ ਸ: ਪ੍ਰਤਾਪ ਸਿੰਘ ਦੇ ਤਿੰਨ ਹੋਰ ਪੁੱਤਰ-ਸ: ਦੀਵਾਨ ਸਿੰਘ, ਸ: ਵਜ਼ੀਰ ਸਿੰਘ, ਸ: ਹੀਰਾ ਸਿੰਘ ਤੇ ਇਕ ਪੁੱਤਰੀ ਸੀ।
ਗਿਆਨੀ ਧਿਆਨੀ ਦੀ ਉਪਾਧੀ ਪ੍ਰਾਪਤ ਰਸਾਲਦਾਰ ਸ: ਪ੍ਰਧਾਨ ਸਿੰਘ ਦੇ ਪੁੱਤਰ ਜਗੀਰਦਾਰ ਸ: ਕਾਨ੍ਹ ਸਿੰਘ (ਰਸਾਲਦਾਰ) ਸਨ। (ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਪਿੰਡ ਤੇ ਡਾਕ: ਪਠਲਾਵਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ। ਮੋਬਾ: 98149-63006

ਅੱਜ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਸਮਰਪਿਤ ਕਰਨ 'ਤੇ ਵਿਸ਼ੇਸ਼

ਪ੍ਰਸਿੱਧ ਟੀਕਾਕਾਰ ਸੰਤ ਹਰੀ ਸਿੰਘ ਰੰਧਾਵੇ ਵਾਲੇ

ਗੁਰਬਾਣੀ ਅਰਥ ਭਾਵਾਂ ਨੂੰ ਸਮਝਣ ਲਈ ਸਮੇਂ-ਸਮੇਂ 'ਤੇ ਸਿੱਖ ਵਿਦਵਾਨਾਂ ਦੀ ਮਿਹਨਤ ਸਦਕਾ ਆਪੋ-ਆਪਣੀ ਰੁਚੀ ਅਨੁਸਾਰ ਗੁਰਬਾਣੀ ਅਰਥ ਸਟੀਕ ਲਿਖੇ ਗਏ, ਜੋ ਸਿੱਖ ਕੌਮ ਵਿਚ ਪ੍ਰਚੱਲਿਤ ਹਨ ਪਰ ਇਸੇ ਸਮੇਂ ਸਿੱਖ ਕੌਮ ਦੀ ਨਾਮਵਰ ਸ਼ਖ਼ਸੀਅਤ ਸੰਤ ਗਿਆਨੀ ਹਰੀ ਸਿੰਘ ਰੰਧਾਵੇ ਵਾਲੇ, ਜਿਨ੍ਹਾਂ ਦਾ ਪਿਛੋਕੜ ਸੰਪ੍ਰਦਾਇ ਦਮਦਮੀ ਟਕਸਾਲ ਨਾਲ ਜੁੜਿਆ ਹੋਇਆ ਹੈ, ਨੇ ਸਖ਼ਤ ਮਿਹਨਤ ਕਰਕੇ ਗੁਰੂ ਕੀ ਕਾਸ਼ੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਦਸਮ ਪਿਤਾ ਵਲੋਂ ਆਰੰਭ ਕੀਤੀ ਵਿੱਦਿਆ ਦੀ ਟਕਸਾਲ ਦਮਦਮੀ ਟਕਸਾਲ ਦੇ ਅਰਥਾਂ 'ਤੇ ਆਧਾਰਤ ਸੰਪ੍ਰਦਾਇ ਸਟੀਕ ਗੁਰਬਾਣੀ ਅਰਥ ਭੰਡਾਰ ਪਿਛਲੇ 10 ਸਾਲ ਦੀ ਲਗਾਤਾਰ ਸਖ਼ਤ ਮਿਹਨਤ ਨਾਲ ਲਿਖ ਕੇ ਸੰਪੂਰਨ ਕੀਤਾ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਦਮਦਮੀ ਟਕਸਾਲ ਸੰਪ੍ਰਦਾਇ ਦਾ ਇਹ ਪਹਿਲਾ ਗੁਰਬਾਣੀ ਅਰਥ ਸਟੀਕ ਹੈ। ਇਸ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਮੁਖੀ ਦਮਦਮੀ ਟਕਸਾਲ ਦੇ ਲਿਖੇ ਅਰਥਾਂ ਦੀ ਪਹਿਲੀ ਪੋਥੀ ਦੂਜੀ ਸਤੋਵਾਲੀ ਗਲੀ ਅੰਮ੍ਰਿਤਸਰ ਵਾਲੀ ਟਕਸਾਲ ਭਾਈ ਮਨੀ ਸਿੰਘ ਸੰਤ ਕਿਰਪਾਲ ਸਿੰਘ ਦਾ ਲਿਖਿਆ ਹੋਇਆ ਸੰਪ੍ਰਦਾਇ ਸਟੀਕ ਅਮੀਰ ਭੰਡਾਰ ਹਨ। ਇਸ ਤੋਂ ਪਹਿਲਾਂ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਗੁਰਵਾਕ ਚਾਨਣ ਗੁਰੂ ਗ੍ਰੰਥ ਸਾਹਿਬ ਵਿਚ ਆਉਣ ਵਾਲੇ ਮੁੱਖਵਾਕਾਂ ਦੇ ਅਰਥ ਅਤੇ ਗੁਰੂ ਸਾਹਿਬਾਨ ਦੇ ਗੁਰਤਾਗੱਦੀ, ਜੋਤੀ ਜੋਤ ਤੇ ਅਵਤਾਰ ਦਿਹਾੜਿਆਂ ਸਬੰਧੀ ਗ੍ਰੰਥ ਲਿਖੇ ਸਨ। ਗੁਰਮੁਖਾਂ ਦੇ ਜ਼ੋਰ ਪਾਉਣ 'ਤੇ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਇਸ ਵਡਮੁੱਲੇ ਕਾਰਜ ਪ੍ਰਤੀ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਅਰਦਾਸ ਕਰਕੇ ਭਾਈ ਸੁਖਵਿੰਦਰ ਸਿੰਘ ਕੁੱਬੇ, ਭਾਈ ਜਗਤਾਰ ਸਿੰਘ ਅਤੇ ਹੋਰ ਅਭਿਆਸੀ ਲਿਖਾਰੀਆਂ ਦੇ ਸਹਿਯੋਗ ਨਾਲ ਆਰੰਭਤਾ ਕੀਤੀ, ਜੋ ਕਿ ਹੁਣ 24 ਅਕਤੂਬਰ ਨੂੰ ਹਜ਼ੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਕੌਮ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਸਟੀਕ ਵਿਚ ਗੁਰਬਾਣੀ ਅਰਥ ਭਾਵ ਅਰਥ ਉਥਾਨਕਾਵਾਂ ਇਤਿਹਾਸਕ ਢੁਕਵੇਂ ਪ੍ਰਮਾਣ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ਮੂਲਮੰਤਰ ਰਾਗਮਾਲਾ ਬਾਬਤ ਬਹੁਤ ਹੀ ਦਲੀਲਮਈ ਤਰੀਕੇ ਨਾਲ ਵਰਨਣ ਕੀਤਾ ਗਿਆ ਹੈ। ਸੰਪੂਰਨ 12 ਜਿਲਦਾਂ ਵਿਚ ਇਹ ਸਟੀਕ ਲਿਖਿਆ ਗਿਆ ਹੈ। ਅੱਜ ਇਸ ਸਟੀਕ ਦਾ ਪ੍ਰਕਾਸ਼ਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਣ ਜਾ ਰਿਹਾ ਹੈ। ਬਾਬਾ ਹਰੀ ਸਿੰਘ ਦੇ ਜੀਵਨ ਵੱਲ ਜੇਕਰ ਝਾਤ ਮਾਰੀਏ ਤਾਂ ਇਕ ਬਹੁਤ ਹੀ ਸੰਘਰਸ਼ਸ਼ੀਲ ਜੀਵਨ ਰਿਹਾ ਹੈ। ਹਾਲਾਂਕਿ ਉਨ੍ਹਾਂ ਇਕ ਆਮ ਜ਼ਿੰਮੇਵਾਰ ਪਰਿਵਾਰ ਵਿਚ ਮਾਤਾ ਨਰਾਤੀ ਕੌਰ, ਪਿਤਾ ਪੂਰਨ ਸਿੰਘ ਦੇ ਗ੍ਰਹਿ ਪਿੰਡ ਰੰਧਾਵਾ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ 1947 ਨੂੰ ਜਨਮ ਲਿਆ। 7 ਸਾਲ ਦੀ ਉਮਰ ਵਿਚ ਹੀ ਘਰ-ਬਾਰ ਛੱਡ ਕੇ ਉਨ੍ਹਾਂ, ਧਾਰਮਿਕ ਜੀਵਨ ਦੀ ਆਰੰਭਤਾ ਕਰ ਦਿੱਤੀ। ਪਹਿਲਾਂ-ਪਹਿਲ ਸੰਤ ਬਲਵੰਤ ਸਿੰਘ ਸਿਹੋੜੇ ਵਾਲਿਆਂ ਨਾਲ ਰਹਿ ਕੇ ਧਾਰਮਿਕ ਕਾਰਜਾਂ ਵਿਚ ਸਮਾਂ ਬਤੀਤ ਕੀਤਾ ਤੇ ਧਾਰਮਿਕ ਜੀਵਨ ਦੀ ਸੇਧ ਪ੍ਰਾਪਤ ਕੀਤੀ। ਬਾਬਾ ਜੀ ਪਿੰਡ ਰੰਧਾਵੇ ਆ ਕੇ ਸਿੱਖੀ ਪ੍ਰਚਾਰ ਅਤੇ ਗ੍ਰਹਿਸਤ ਜੀਵਨ ਬਤੀਤ ਕਰਨ ਦੇ ਨਾਲ-ਨਾਲ ਖੇਤੀਬਾੜੀ ਵੀ ਕਰਦੇ ਸਨ। ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਜਿੱਥੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਆਦਿ ਮੁਲਕਾਂ ਵਿਚ ਸਿੱਖੀ ਦਾ ਪ੍ਰਚਾਰ ਕੀਤਾ, ਉਥੇ ਉਨ੍ਹਾਂ ਨੇ ਪੰਜਾਬ ਦੀ ਧਰਤੀ 'ਤੇ ਲਗਾਤਾਰ ਪਿਛਲੇ 30-35 ਸਾਲ ਗੁਰਮਤਿ ਪ੍ਰਚਾਰ ਕਰਕੇ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਅਤੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਵਾਇਆ। ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਵਲੋਂ ਚਲਾਈ ਜਾ ਰਹੀ ਸੰਸਥਾ ਗੁਰਮਤਿ ਵਿਦਿਆਲਾ ਜਥਾ ਰੰਧਾਵਾ ਫ਼ਤਹਿਗੜ੍ਹ ਸਾਹਿਬ ਨੇੜੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਚ ਮੁਫ਼ਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਬਾਬਾ ਹਰੀ ਸਿੰਘ ਵਲੋਂ ਹਮੇਸ਼ਾ ਹੀ ਪੰਥਕ ਸਰਗਰਮੀਆਂ ਵਿਚ ਵਧ-ਚੜ੍ਹ ਕੇ ਭਾਗ ਲਿਆ ਗਿਆ। ਧਰਮ ਯੁੱਧ ਮੋਰਚੇ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਜੇਲ੍ਹ ਕੱਟੀ। ਇਸ ਤੋਂ ਇਲਾਵਾ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਵਲੋਂ ਵਿੱਦਿਅਕ ਖੇਤਰ ਵਿਚ ਇਕ ਪਬਲਿਕ ਸਕੂਲ ਕਲਗੀਧਰ ਅਕੈਡਮੀ ਦੁਗਰੀ ਲੁਧਿਆਣਾ ਵਿਖੇ ਚਲਾਇਆ ਜਾ ਰਿਹਾ ਹੈ, ਜਿੱਥੇ 1700 ਵਿਦਿਆਰਥੀ ਸਕੂਲੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਹਾਸਲ ਕਰ ਰਹੇ ਹਨ। ਅਖੀਰ ਵਿਚ ਇਹੋ ਕਹਿਣਾ ਬਣਦਾ ਹੈ ਕਿ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਅਜੋਕੇ ਸਮੇਂ ਦੇ ਪ੍ਰਚਾਰਕਾਂ ਲਈ ਮਿਸਾਲ ਹਨ।


-ਭੂਸ਼ਨ ਸੂਦ,
ਫ਼ਤਹਿਗੜ੍ਹ ਸਾਹਿਬ।

ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਗੁਰਮਤਿ ਪ੍ਰਚਾਰ ਅਤੇ ਪਰਉਪਕਾਰ ਦਾ ਕੇਂਦਰ-ਰਤਵਾੜਾ ਸਾਹਿਬ

ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਵਲੋਂ ਚਲਾਇਆ ਗਿਆ ਗੁਰਮਤਿ ਪ੍ਰਚਾਰ ਅਤੇ ਪਰਉਪਕਾਰ ਦਾ ਇਹ ਕੇਂਦਰ 1986 ਵਿਚ ਹੋਂਦ ਵਿਚ ਆਇਆ। ਕੇਂਦਰ ਦੀ ਸਥਾਪਨਾ ਤੋਂ ਪਹਿਲਾਂ ਅਤੇ ਬਾਅਦ ਵਿਚ ਇਸ ਦੇ ਸੰਚਾਲਕ, ਮਹਾਂਪੁਰਸ਼ ਸੰਤ ਬਾਬਾ ਵਰਿਆਮ ਸਿੰਘ ਲਗਪਗ 67 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਅਤੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਆਗਿਆ ਦਾ ਪਾਲਣ ਕਰਦੇ ਹੋਏ, ਦੇਸ਼ ਭਰ ਵਿਚ ਅਤੇ ਵਿਦੇਸ਼ਾਂ ਵਿਚ ਅਨੇਕ ਥਾਵਾਂ 'ਤੇ ਵਿਚਰਦੇ ਹੋਏ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਰਹੇ। ਅਣਥੱਕ ਘਾਲਣਾ ਤੋਂ ਬਾਅਦ ਰਤਵਾੜਾ ਸਾਹਿਬ ਦਾ ਗੁਰਮਤਿ ਕੇਂਦਰ ਹੋਂਦ ਵਿਚ ਆਇਆ। ਇਸ ਦੀ ਸਥਾਪਨਾ ਅਤੇ ਪ੍ਰਗਤੀ ਵਿਚ ਮਹਾਂਪੁਰਸ਼ਾਂ ਦੇ ਜੀਵਨ ਸਾਥੀ ਸਤਿਕਾਰਯੋਗ ਮਾਤਾ ਰਣਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਹੈ।
'ਗੁਰਦੁਆਰਾ ਈਸ਼ਰ ਪ੍ਰਕਾਸ਼' ਰਤਵਾੜਾ ਸਾਹਿਬ ਵਿਚ ਨਿਰੰਤਰ ਸਹਿਜ ਪਾਠ, ਅਖੰਡ ਪਾਠ, ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਛਹਿਬਰ ਲੱਗੀ ਰਹਿੰਦੀ ਹੈ। ਗੁਰਮਤਿ ਦੇ ਪ੍ਰਚਾਰ ਅਤੇ ਪਾਸਾਰ ਹਿੱਤ 1995 ਵਿਚ ਮਹੀਨਾਵਾਰੀ ਮੈਗਜ਼ੀਨ ਆਤਮ ਮਾਰਗ ਦਾ ਸੰਚਾਲਨ ਹੋਇਆ। ਗੁਰਮਤਿ ਅਤੇ ਰੂਹਾਨੀਅਤ ਦੇ ਪ੍ਰਸਾਰ ਲਈ ਇਸ ਸਮੇਂ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਨਾਲ ਤਿਆਰ ਕੀਤੀਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ 85 ਪੁਸਤਕਾਂ ਜਗਿਆਸੂਆਂ ਨੂੰ ਰੂਹਾਨੀ ਸੇਧ ਪ੍ਰਦਾਨ ਕਰ ਰਹੀਆਂ ਹਨ। ਵਿੱਦਿਆ ਦੇ ਖੇਤਰ ਵਿਚ ਮਹਾਂਪੁਰਸ਼ਾਂ ਨੇ ਸਕੂਲ ਅਤੇ ਕਾਲਜ ਖੋਲ੍ਹਣ ਦੇ ਉਪਰਾਲੇ ਕੀਤੇ। ਉਨ੍ਹਾਂ ਦੀ ਸਰੀਰਕ ਮੌਜੂਦਗੀ ਸਮੇਂ, ਉਪਰੰਤ ਉਨ੍ਹਾਂ ਦੇ ਵਰੋਸਾਏ ਮਹਾਂਪੁਰਸ਼ ਬਾਬਾ ਲਖਬੀਰ ਸਿੰਘ ਦੇ ਉਦੇਸ਼ ਸਦਕਾ ਇਸ ਸਮੇਂ ਦੋ ਹਾਇਰ ਸੈਕੰਡਰੀ ਸਕੂਲ, ਬੀ.ਐੱਡ. ਕਾਲਜ, ਨਰਸਿੰਗ ਕਾਲਜ, ਫਰੀ ਸਿਲਾਈ ਸੈਂਟਰ, ਬਿਰਧ ਆਸ਼ਰਮ, ਆਤਮ ਮਾਰਗ ਮੈਗਜ਼ੀਨ ਅਤੇ ਹਸਪਤਾਲ ਸੰਗਤਾਂ ਲਈ ਵਰਦਾਨ ਹਨ।
ਮਹਾਂਪੁਰਸ਼ਾਂ ਨੇ 2001 ਵਿਚ ਸਰੀਰ ਛੱਡਣ ਸਮੇਂ ਸਾਰੀ ਜ਼ਿੰਮੇਵਾਰੀ ਆਪਣੇ ਅਨਿੰਨ ਸੇਵਕ ਬਾਬਾ ਲਖਬੀਰ ਸਿੰਘ ਨੂੰ ਸੌਂਪਣਾ ਕੀਤੀ, ਇਨ੍ਹਾਂ ਸੇਵਾਵਾਂ ਵਿਚ ਡਾਕਟਰੀ ਸੇਵਾਵਾਂ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹਨ। ਸੰਤ ਵਰਿਆਮ ਸਿੰੰਘ ਚੈਰੀਟੇਬਲ ਹਸਪਤਾਲ ਵਿਚ 15 ਮਾਹਿਰ ਡਾਕਟਰ ਸੇਵਾਵਾਂ ਨਿਭਾਅ ਰਹੇ ਹਨ। ਸੰਨ 1988 ਤੇ 1993 ਦੌਰਾਨ ਪੰਜਾਬ ਵਿਚ ਆਏ ਹੜ੍ਹ, 2001 ਵਿਚ ਗੁਜਰਾਤ ਭੂਚਾਲ, 2005 ਵਿਚ ਜੰਮੂ-ਕਸ਼ਮੀਰ ਦੇ ਭੂਚਾਲ, ਤਾਮਿਲਨਾਡੂ ਵਿਚ ਸੁਨਾਮੀ, 2014ਦੌਰਾਨ ਨਿਪਾਲ ਵਿਚ ਆਏ ਭੁਚਾਲ, ਉਤਰਾਖੰਡ ਵਿਚ ਰਿਸ਼ੀਕੇਸ਼ ਤੇ ਦੇਹਰਾਦੂਨ ਵਿਚ ਗੁਰੂ ਕੇ ਲੰਗਰਾਂ ਦੁਆਰਾ ਅਤੇ ਅਨੇਕ ਤਰੀਕਿਆਂ ਦੀਆਂ ਸੇਵਾਵਾਂ ਦੀ ਮਿਸਾਲ ਹੈ। ਮਿਸ਼ਨ ਦੇ ਸਮੂਹ ਕਾਰਜਾਂ ਵਿਚ ਮਹਾਂਪੁਰਸ਼ਾਂ ਦੇ ਜੀਵਨਸਾਥੀ ਮਾਤਾ ਰਣਜੀਤ ਕੌਰ ਦੀ ਵਿਸ਼ੇਸ਼ ਦੇਣ ਹੈ। ਸਮੂਹ ਕਾਰਜਾਂ ਵਿਚ ਆਪ ਵਧ-ਚੜ੍ਹ ਕੇ ਸੇਵਾ ਕਰਦੇ ਰਹੇ ਅਤੇ ਸੰਗਤਾਂ ਨੂੰ ਉਤਸ਼ਾਹ ਬਖਸ਼ਦੇ ਰਹੇ। ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਰਤਵਾੜਾ ਸਾਹਿਬ ਵਿਖੇ ਹੋਣ ਵਾਲੇ ਚਾਰ ਰੋਜ਼ਾ ਮਹਾਨ ਗੁਰਮਤਿ ਰੂਹਾਨੀ ਸਮਾਗਮਾਂ ਵਿਚ 30-31 ਅਕਤੂਬਰ ਅਤੇ 1-2 ਨਵੰਬਰ, 2017 ਨੂੰ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਵਿਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਸ਼ਿਰਕਤ ਕਰਨਗੀਆਂ।


-ਨਰਿੰਦਰ ਸਿੰਘ ਝਾਂਮਪੁਰ,
ਮੁਹਾਲੀ। ਮੋਬਾ: 98157-07865

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਕਸ਼ਮੀਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਜੰਮੂ ਅਤੇ ਕਸ਼ਮੀਰ ਦਾ ਸੰਵਿਧਾਨ : ਰਿਆਸਤ ਜੰਮੂ ਅਤੇ ਕਸ਼ਮੀਰ ਨੂੰ ਆਜ਼ਾਦ ਭਾਰਤ ਦਾ ਅੰਗ ਹੁੰਦੇ ਹੋਏ ਇਹ ਮਾਣ ਪ੍ਰਾਪਤ ਹੈ ਕਿ ਭਾਰਤੀ ਸੰਵਿਧਾਨ ਵਲੋਂ ਇਸ ਰਾਜ ਨੂੰ ਇਕ ਵਿਸ਼ੇਸ਼ ਦਰਜਾ ਦਿੱਤਾ ਹੋਇਆ ਹੈ। ਜੰਮੂ-ਕਸ਼ਮੀਰ ਭਾਰਤ ਦਾ ਇਕੋ-ਇਕ ਅਜਿਹਾ ਰਾਜ ਹੈ, ਜਿਸ ਦਾ ਆਪਣਾ ਵੱਖਰਾ ਹੀ ਸੰਵਿਧਾਨ ਹੈ। ਇਹ ਭਾਰਤੀ ਸੰਵਿਧਾਨ ਦੀ ਧਾਰਾ 370 ਅਧੀਨ ਲਾਗੂ ਕੀਤਾ ਹੋਇਆ ਹੈ। ਅਸਲ ਵਿਚ ਜੰਮੂ-ਕਸ਼ਮੀਰ ਦਾ ਸੰਵਿਧਾਨ ਇਕ ਕਾਨੂੰਨੀ ਦਸਤਾਵੇਜ਼ ਹੈ, ਜਿਸ ਤਹਿਤ ਜੰਮੂ ਅਤੇ ਕਸ਼ਮੀਰ ਵਿਚ ਲੋਕਾਂ ਵਲੋਂ ਵੋਟਾਂ ਪਾ ਕੇ ਚੁਣੀ ਹੋਈ ਸਰਕਾਰ ਕੰਮ ਕਰਦੀ ਹੈ। ਕਸ਼ਮੀਰ ਦਾ ਸੰਵਿਧਾਨ 17 ਨਵੰਬਰ, 1956 ਈਸਵੀ ਨੂੰ ਅਪਣਾਇਆ ਗਿਆ ਸੀ ਅਤੇ 26 ਜਨਵਰੀ, 1957 ਈਸਵੀ ਨੂੰ ਇਸ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ। ਸਾਲ 2002 ਵਿਚ ਇਸ ਸੰਵਿਧਾਨ ਵਿਚ 29 ਸੋਧਾਂ ਵੀ ਕੀਤੀਆਂ ਗਈਆਂ ਸਨ। ਇਸ ਤਰ੍ਹਾਂ ਜੰਮੂ-ਕਸ਼ਮੀਰ ਦਾ ਸੰਵਿਧਾਨ ਇਕ ਕਾਨੂੰਨੀ ਦਸਤਾਵੇਜ਼ ਹੋਣ ਦੇ ਨਾਲ-ਨਾਲ ਇਤਿਹਾਸਕ ਮਹੱਤਤਾ ਰੱਖਦਾ ਹੈ।
ਜੰਮੂ-ਕਸ਼ਮੀਰ ਦੀ ਜਨਸੰਖਿਆ : ਸਾਲ 2011 ਦੀ ਜਨਗਣਨਾ ਦੇ ਅਨੁਸਾਰ ਜੰਮੂ-ਕਸ਼ਮੀਰ ਦੀ ਕੁਲ ਜਨਸੰਖਿਆ ਵਿਚੋਂ 27.38 ਫੀਸਦੀ ਲੋਕ ਸ਼ਹਿਰੀ ਇਲਾਕਿਆਂ ਵਿਚ ਰਹਿੰਦੇ ਹਨ। ਸ਼ਹਿਰੀ ਇਲਾਕਿਆਂ ਵਿਚ ਆਬਾਦੀ ਦਾ ਕੁਲ ਅੰਕੜਾ 34,33,242 ਹੈ, ਜਿਸ ਵਿਚ 18,66,185 ਮਰਦ ਹਨ, ਜਦੋਂ ਕਿ 15, 67,057 ਔਰਤਾਂ ਹਨ। ਪਿਛਲੇ 10 ਸਾਲਾਂ ਵਿਚ ਸ਼ਹਿਰੀ ਆਬਾਦੀ ਵਿਚ 27 ਫੀਸਦੀ ਵਾਧਾ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੀ ਕੁਲ ਆਬਾਦੀ ਵਿਚੋਂ ਕਰੀਬ 72.62 ਫੀਸਦੀ ਲੋਕ ਪਿੰਡਾਂ ਵਿਚ ਰਹਿੰਦੇ ਹਨ। ਪੇਂਡੂ ਆਬਾਦੀ ਵਿਚ ਮਰਦਾਂ ਦੀ ਗਿਣਤੀ ਸਾਲ 2011 ਦੀ ਜਨਗਣਨਾ ਅਨੁਸਾਰ 47,74,477 ਸੀ ਅਤੇ ਔਰਤਾਂ ਦੀ ਗਿਣਤੀ 43,33,589 ਸੀ। ਜੰਮੂ-ਕਸ਼ਮੀਰ ਦੇ ਪੇਂਡੂ ਇਲਾਕਿਆਂ ਵਿਚ ਪ੍ਰਤੀ 1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ 908 ਸੀ, ਜਦੋਂ ਕਿ ਬੱਚਿਆਂ ਵਿਚ ਜਿਨ੍ਹਾਂ ਦੀ ਉਮਰ 0 ਤੋਂ 6 ਸਾਲ ਤੱਕ ਸੀ, 1000 ਮੁੰਡਿਆਂ ਪਿੱਛੇ 865 ਕੁੜੀਆਂ ਸਨ। ਜੰਮੂ-ਕਸ਼ਮੀਰ ਵਿਚ 15,93,008 ਬੱਚੇ, ਜਿਨ੍ਹਾਂ ਦੀ ਉਮਰ 6 ਸਾਲ ਤੱਕ ਹੈ, ਪੇਂਡੂ ਇਲਾਕਿਆਂ ਵਿਚ ਹੀ ਰਹਿੰਦੇ ਹਨ। ਇਸ ਤਰ੍ਹਾਂ ਬਾਲ ਜਨਸੰਖਿਆ ਕੁਲ ਪੇਂਡੂ ਆਬਾਦੀ ਦਾ 17.49 ਫੀਸਦੀ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 9463819174

ਅਗਾਂਹਵਧੂ ਸੋਚ ਨਾਲ ਕੈਨੇਡਾ 'ਚ ਅੱਗੇ ਵਧੇ ਪੰਜਾਬੀ

ਅੱਜ ਕੈਨੇਡਾ ਵਿਚ ਭਾਰਤੀ ਪਿਛੋਕੜ ਦੇ ਲੋਕਾਂ ਦਾ ਕੈਨੇਡੀਅਨ ਸਮਾਜ ਵਿਚ ਸਥਾਨ ਪਹਿਲਾਂ ਦੇ ਮੁਕਾਬਲੇ ਬਹੁਤ ਸਨਮਾਨ ਵਾਲਾ ਹੈ ਅਤੇ ਇਹ ਉਸ ਸਮਾਜ ਦੇ ਹਰ ਹਿੱਸੇ ਵਿਚ ਪੂਰੀ ਤਰ੍ਹਾਂ ਰਚੇ-ਮਿਚੇ ਹੋਏ ਹਨ। ਪਰ ਇਹ ਸਭ ਕੁਝ ਐਵੇਂ-ਕੈਵੇਂ ਨਹੀਂ ਸੀ ਵਾਪਰਿਆ, ਸਗੋਂ ਇਸ ਪਿੱਛੇ ਕੈਨੇਡੀਅਨ ਪੰਜਾਬੀ/ਭਾਰਤੀ ਭਾਈਚਾਰੇ ਵਲੋਂ ਅਗਾਂਹਵਧੂ ਵਿਚਾਰਧਾਰਾ ਦੇ ਆਧਾਰ 'ਤੇ ਕੀਤੀਆਂ ਜੱਦੋ-ਜਹਿਦਾਂ ਦਾ ਵੱਡਾ ਹੱਥ ਹੈ। ਜਿਸ ਨੇ ਸਾਨੂੰ ਤਖ਼ਤੇ ਤੋਂ ਤਖ਼ਤ ਤੱਕ ਪਹੁੰਚਾਇਆ। ਮਿਸ: ਹੈਦਰ ਮਿਲਰ ਦੀ ਪੁਸਤਕ 'ਇਨ ਬਾਸਕਟ ਕੰਟਰੀ', ਜਿਹੜੀ ਗੋਲਡਨ ਡਿਸਟ੍ਰਿਕਟ ਹਿਸਟੋਰੀਕਲ ਸੁਸਾਇਟੀ ਵਲੋਂ ਛਾਪੀ ਗਈ ਸੀ, ਅਨੁਸਾਰ ਸਭ ਤੋਂ ਪਹਿਲਾਂ ਪੰਜਾਬੀ 1880ਵਿਆਂ ਵਿਚ ਬ੍ਰਿਟਿਸ਼ ਕੋਲੰਬੀਆਂ (ਬੀ.ਸੀ.) ਵਿਚ ਆਏ ਸਨ। ਵੇਲੇ ਦੀਆਂ ਸਥਾਨਕ ਅਖ਼ਬਾਰਾਂ ਦੇ ਸਾਂਭੇ ਅੰਕ ਵੀ ਇਸ ਦੀ ਸ਼ਾਹਦੀ ਭਰਦੇ ਹਨ। ਪਹਿਲ-ਪਲੱਕੜਿਆਂ 'ਚ ਕੈਨੇਡਾ ਪਹੁੰਚਣ ਵਾਲੇ ਕਰਤਾਰ ਸਿੰਘ (ਦੁਕੀ) ਲਤਾਲਾ ਮੁਤਾਬਿਕ ਪਹਿਲੇ ਪੰਜਾਬੀ ਨੂੰ ਇਕ ਅਮਰੀਕਨ ਕੰਪਨੀ ਸ਼ਿੰਘਾਈ ਤੋਂ ਇੱਥੇ ਲਿਆਈ ਸੀ, ਜੋ ਬੀਨ ਵਜਾਉਂਦਾ ਸੀ। ਖੋਜੀ ਰਜਨੀ ਕਾਂਤਾ ਦਾਸ ਆਪਣੀ 1923 'ਚ ਲਿਖੀ ਕਿਤਾਬ ਵਿਚ ਇਸ ਦੀ ਪੁਸ਼ਟੀ ਬਖਸ਼ੀਸ਼ ਸਿੰਘ ਮਲਵਈ ਵਜੋਂ ਅਤੇ ਆਉਣ ਦਾ ਸਮਾਂ 1899 ਦੱਸਦੀ ਹੈ।
ਬਹੁਤ ਸਾਰੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ 1897 ਵਿਚ ਜਦੋਂ ਮਹਾਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਲੰਡਨ ਵਿਚ ਮਨਾਈ ਗਈ, ਉਸ ਸਮੇਂ ਭਾਰਤ ਤੋਂ ਸਿੱਖ ਰਸਾਲੇ ਦੇ ਕੁਝ ਜਵਾਨ ਜੁਬਲੀ ਜਸ਼ਨਾਂ ਦੀ ਸ਼ਾਨ ਵਿਚ ਵਾਧਾ ਕਰਨ ਲਈ ਆਏ। ਉਨ੍ਹਾਂ ਨੂੰ ਕੈਨੇਡਾ ਦੀ ਸੈਰ ਲਈ ਵੀ ਲਿਆਂਦਾ ਗਿਆ। ਉਨ੍ਹਾਂ ਵਿਚ ਕੁਝ ਇੱਥੋਂ ਦੀ ਆਬੋ-ਹਵਾ, ਸਹੂਲਤਾਂ ਅਤੇ ਰੋਜ਼ੀ-ਰੋਟੀ ਦੇ ਜ਼ਿਆਦਾ ਸਾਧਨ ਵੇਖ ਕੇ ਇੱਥੇ ਹੀ ਰੁਕ ਗਏ। ਫੌਜੀ ਨੌਕਰੀ ਨਾਲੋਂ ਜ਼ਿਆਦਾ ਧੰਨ ਕਮਾਉਣ ਦੀ ਲਾਲਸਾ ਨੇ ਵੀ ਉਨ੍ਹਾਂ ਨੂੰ ਇੱਥੇ ਰਹਿਣ ਲਈ ਪ੍ਰੇਰਿਆ। ਸੁਣੋ-ਸੁਣਾਈ ਫਿਰ ਕਈ ਪੰਜਾਬੀ ਕੈਨੇਡਾ ਪੁੱਜੇ। ਬਹੁਤੇ ਸਿੱਖ ਸਨ ਪਰ ਸਥਾਨਕ ਲੋਕ ਸਿੱਖਾਂ ਨੂੰ ਵੀ ਹਿੰਦੂ ਆਖਦੇ। ਮਗਰੋਂ ਕਈ ਸਿੱਖ ਵੀ ਸਥਾਨਕ ਹਾਲਾਤ ਤਹਿਤ ਮੋਨੇ ਹੋ ਗਏ। ਉਨ੍ਹਾਂ ਸਭ ਨੂੰ ਵੱਖਰੇ ਕਿਸਮ ਦੀਆਂ ਅਣਸਾਵੀਆਂ ਹਾਲਤਾਂ ਵਿਚ ਸਖ਼ਤ ਸੰਘਰਸ਼ ਕਰਨਾ ਪਿਆ।
ਫੌਜੀਆਂ ਤੋਂ ਬਿਨਾਂ, ਅਸਲ ਵਿਚ ਕੈਨੇਡਾ ਵਿਚ ਹਿੰਦੁਸਤਾਨੀ 20ਵੀਂ ਸਦੀ ਦੇ ਆਰੰਭ ਵਿਚ ਆਉਣੇ ਸ਼ੁਰੂ ਹੋਏ। 1908 ਤੱਕ ਕਰੀਬ 5 ਹਜ਼ਾਰ ਤੋਂ ਜ਼ਿਆਦਾ ਹਿੰਦੂ-ਸਿੱਖ-ਮੁਸਲਿਮ ਭਾਰਤੀ ਕੈਨੇਡਾ ਪੁੱਜ ਚੁੱਕੇ ਸਨ। ਇਨ੍ਹਾਂ ਵਿਚੋਂ ਥੋੜ੍ਹੇ ਜਿੰਨਿਆਂ ਨੂੰ ਛੱਡ ਕੇ ਬਾਕੀ ਸਾਰੇ ਸਿੱਧੇ-ਸਾਦੇ ਪੰਜਾਬੀ ਸਨ, ਜੋ ਖੇਤਾਂ ਵਿਚ ਕੰਮ ਕਰਦੇ ਜਾਂ ਅੰਗਰੇਜ਼ੀ ਫੌਜ ਦੀਆਂ ਨੌਕਰੀਆਂ ਕਰਕੇ ਆਏ ਸਨ। ਸ਼ੁਰੂ ਵਿਚ ਇਨ੍ਹਾਂ ਦੀ ਸੂਝ ਬਹੁਤ ਹੀ ਘੱਟ ਸੀ ਅਤੇ ਉਹ ਹਿੰਦੁਸਤਾਨ ਵਿਚ ਅੰਗਰੇਜ਼ੀ ਰਾਜ ਨੂੰ ਮਾੜਾ ਨਹੀਂ ਸੀ ਸਮਝਦੇ। ਕੈਨੇਡਾ ਪੁੱਜ ਕੇ ਵੇਖਾ-ਵੇਖੀੇ ਇਨ੍ਹਾਂ ਅੰਦਰ ਰਾਜਨੀਤਕ ਜਾਗਰੂਕਤਾ ਬੜੀ ਤੇਜ਼ੀ ਨਾਲ ਆਈ। ਥੋੜ੍ਹੇ ਸਾਲਾਂ ਵਿਚ ਹੀ ਇਹ ਹਿੰਦੂ, ਸਿੱਖ, ਮੁਸਲਮਾਨ ਜਾਂ ਪੰਜਾਬੀ, ਬੰਗਾਲੀ, ਗੁਜਰਾਤੀ ਆਦਿ ਦੇ ਵਖਰੇਵਿਆਂ ਨੂੰ ਭੁਲਾ ਕੇ ਆਪਣੇ-ਆਪ ਨੂੰ ਸਿਰਫ਼ ਹਿੰਦੁਸਤਾਨੀ ਸਮਝਣ ਲੱਗੇ। ਉਹ ਇਹ ਗੱਲ ਵੀ ਸਮਝਣ ਲੱਗੇ ਕਿ ਕੈਨੇਡਾ ਵਿਚ ਉਨ੍ਹਾਂ ਦੀ ਦੁਰਦਸ਼ਾ ਦੀ ਜ਼ਿੰਮੇਵਾਰ ਸਿਰਫ਼ ਕੈਨੇਡਾ ਦੀ ਨਸਲਵਾਦੀ ਸਰਕਾਰ ਹੀ ਨਹੀਂ, ਸਗੋਂ ਇਸ ਦੀ ਮੂਲ ਜੜ੍ਹ ਇੰਗਲੈਂਡ ਦੀ ਸਾਮਰਾਜੀ ਸਰਕਾਰ ਹੈ, ਜੋ ਹਿੰਦੁਸਤਾਨ ਨੂੰ ਗੁਲਾਮ ਬਣਾਈ ਬੈਠੀ ਹੈ। ਇਸ ਨਵੀਂ ਮਿਲੀ ਸਿਆਸੀ ਚੇਤਨਤਾ ਕਾਰਨ ਹੀ ਉਨ੍ਹਾਂ ਨਾ ਸਿਰਫ ਕੈਨੇਡਾ ਵਿਚ ਇਕੱਠਿਆਂ ਹੋ ਕੇ ਆਪਣੇ ਹੱਕਾਂ ਲਈ ਘੋਲ ਲੜੇ, ਸਗੋਂ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਵਿਚ ਵੀ ਵੱਡੀ ਪੱਧਰ ਉੱਤੇ ਹਿੱਸਾ ਪਾਇਆ। ਜਦੋਂ ਉੱਤਰੀ ਅਮਰੀਕਾ ਵਿਚ ਗ਼ਦਰ ਪਾਰਟੀ (1913) ਬਣੀ ਤਾਂ ਕੈਨੇਡਾ ਦੇ ਹਿੰਦੁਸਤਾਨੀ ਵੀ ਆਪਣੀਆਂ ਜਾਇਦਾਦਾਂ ਤੇ ਕੰਮਾਂ ਕਾਰਾਂ ਨੂੰ ਤਿਆਗ ਕੇ ਬਰਤਾਨਵੀ ਸਮਰਾਜ ਵਿਰੁੱਧ ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਵਿਚ ਕੁੱਦ ਪਏ।
ਬੀ.ਸੀ. ਦੇ ਸਿੱਖਾਂ ਨੇ 1906 ਵਿਚ ਖਾਲਸਾ ਦੀਵਾਨ ਸੁਸਾਇਟੀ ਬਣਾਈ। ਇਹ ਭਾਵੇਂ ਸਿੱਖਾਂ ਦੀ ਇਕ ਧਾਰਮਿਕ ਜਥੇਬੰਦੀ ਸੀ, ਪਰ ਇਸ ਨੇ ਰਾਜਨੀਤਕ ਮਾਮਲਿਆਂ ਵਿਚ ਵੀ ਬੜਾ ਸਰਗਰਮ ਰੋਲ ਨਿਭਾਇਆ। ਇਸ ਦੇ ਬਹੁਤੇ ਮੈਂਬਰ ਅਗਾਂਹਵਧੂ ਵਿਚਾਰਾਂ ਵਾਲੇ ਬਣ ਚੁੱਕੇ ਸਨ। ਸੋਸ਼ਲਿਸਟਾਂ ਦੇ ਪ੍ਰਚਾਰ ਸਦਕਾ ਇਸ ਜਥੇਬੰਦੀ ਦੇ ਆਗੂਆਂ ਦੀ ਸਿਆਸੀ ਸੂਝ ਸਮਾਜਵਾਦੀ ਬਣ ਚੁੱਕੀ ਸੀ। ਉਹ ਗੁਰੂ ਸਾਹਿਬਾਨ ਦੇ ਅਜਿਹੇ ਸੱਚੇ-ਸੁੱਚੇ ਸਿੱਖ ਸਨ ਜੋ ਭਾਈ ਲਾਲੋ ਦੇ ਕੈਂਪ ਵਿਚ ਖੜ੍ਹੇ ਸਨ। ਉਹ ਸਿੱਖ ਧਰਮ ਦੇ 'ਸਰਬੱਤ ਦਾ ਭਲਾ', 'ਕਿਰਤ ਕਰਨਾ ਵੰਡ ਛਕਣਾ' ਅਤੇ 'ਬਰਾਬਰਤਾ ਅਤੇ ਸਾਂਝੀਵਾਲਤਾ' ਦੇ ਅਸੂਲਾਂ 'ਤੇ ਚੱਲਣ ਵਾਲੇ ਚੰਗੇ ਸਿੱਖ ਸਨ। ਉਹ ਸਿੱਖ ਵਿਚਾਰਧਾਰਾ ਅਤੇ ਸੋਸ਼ਲਿਸਟ ਫਿਲਾਸਫੀ ਵਿਚ ਕੋਈ ਫ਼ਰਕ ਨਹੀਂ ਸਨ ਸਮਝਦੇ। ਇਸੇ ਲਈ ਖਾਲਸਾ ਦੀਵਾਨ ਸੁਸਾਇਟੀ ਦੇ ਬਹੁਤ ਸਾਰੇ ਮੈਂਬਰ ਸੋਸ਼ਲਿਸਟ ਵਿਚਾਰਧਾਰਾ ਵਾਲੀ ਹਿੰਦੁਸਤਾਨ ਐਸੋਸੀਏਸ਼ਨ ਦੇ ਵੀ ਮੈਂਬਰ ਸਨ। 1908 ਤੋਂ 1913 ਤੱਕ ਹਿੰਦੁਸਤਾਨ ਕਮਿਊਨਿਟੀ, ਜਿਸ ਵਿਚ ਹਿੰਦੂ, ਸਿੱਖ ਅਤੇ ਮੁਸਲਿਮ ਸ਼ਾਮਿਲ ਸਨ, ਨੇ ਮਹੱਤਵਪੂਰਨ ਘੋਲ ਲੜੇ ਜਿਵੇਂ ਹਾਂਡੂਰਾੳਜ਼ (1908) ਭੇਜੇ ਜਾਣ ਵਿਰੁੱਧ ਘੋਲ, ਮੈਡਲਾਂ ਅਤੇ ਵਰਦੀਆਂ ਦੀ ਲੋਹੜੀ ਸਾੜਨੀ (1909), ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਜਸ਼ਨਾਂ ਦਾ ਬਾਈਕਾਟ (1910), ਪਰਿਵਾਰਾਂ ਨੂੰ ਕੈਨੇਡਾ ਮੰਗਵਾਉਣ ਦਾ ਸੰਘਰਸ਼ (1911), ਕਾਮਾਗਾਟਾਮਾਰੂ ਦਾ ਘੋਲ (1913) ਅਤੇ ਗ਼ਦਰ ਲਹਿਰ ਵਿਚ ਹਿੱਸਾ (1913-1916-1921)। ਗ਼ਦਰ ਲਹਿਰ ਦੇ ਆਗਮਨ ਸਮੇਂ ਹੀ ਕੁਝ ਕੁ ਆਪਣਿਆਂ ਦੀ ਗਦਾਰੀ ਕਾਰਨ ਹੀ ਭਾਈ ਸੇਵਾ ਸਿੰਘ ਲੋਪੋਕੇ ਨੂੰ ਫਾਂਸੀ (1915) ਦਿੱਤੀ ਗਈ। ਕੈਨੇਡਾ ਸੰਦਰਭ 'ਚ , ਪੰਜਾਬੀ ਕੌਮ ਨੂੰ ਫਖ਼ਰ ਹੈ ਕਿ ਉਹ ਕੈਨੇਡਾ ਦਾ ਪਹਿਲਾ ਅਤੇ ਆਖਰੀ ਸ਼ਹੀਦ ਹੈ, ਜਿਹੜਾ ਇੰਗਲੈਂਡ, ਜੋ ਕੈਨੇਡਾ ਦੀ ਧਰਤ 'ਤੇ ਵੀ ਕਾਬਜ਼ ਸੀ, ਦੀ ਹਕੂਮਤ ਵਲੋਂ ਫਾਹੇ ਲਾਇਆ ਗਿਆ।
ਪਹਿਲਾਂ-ਪਹਿਲ ਜਦੋਂ ਪੰਜਾਬੀਆਂ ਨੇ ਕੈਨੇਡਾ ਦੇ ਸੂਬੇ ਬੀ.ਸੀ. ਵਿਚ ਰਹਿਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਕੋਲ ਵੋਟ ਦਾ ਹੱਕ ਸੀ, ਜੋ 1907 ਵਿਚ ਖੋਹ ਲਿਆ ਗਿਆ। ਆਪਣੀ ਹਿੰਮਤ ਨਾਲ ਅਤੇ ਬਿਨਾਂ ਕਿਸੇ ਬਾਹਰਲੀ ਇਮਦਾਦ ਦੇ, ਕੈਨੇਡਾ ਵਿਚ ਵਸਦੇ ਪੰਜਾਬੀ ਲਗਾਤਾਰ ਇਸ ਹੱਕ ਖਾਤਰ ਜੱਦੋ-ਜਹਿਦ ਕਰਦੇ ਰਹੇ। ਵੋਟ ਹੱਕ ਪ੍ਰਾਪਤੀ ਦਾ ਘੋਲ 1942-1947 ਵਿਚ ਆਪਣੀ ਸਿਖਰ ਉੱਤੇ ਸੀ, ਜਿਸ ਦੇ ਚਲਦਿਆਂ ਅਖੀਰ ਅਪ੍ਰੈਲ, 1947 ਨੂੰ ਫਤਹਿ ਪ੍ਰਾਪਤ ਹੋਈ। ਬੀ.ਸੀ. ਦੀ ਸਰਕਾਰ ਨੇ ਕੈਨੇਡਾ ਵਿਚ ਰਹਿ ਰਹੇ ਭਾਰਤੀਆਂ, ਚੀਨੀਆਂ ਅਤੇ ਜਪਾਨੀਆਂ ਨੂੰ ਵੋਟ ਦਾ ਹੱਕ ਦੇਣ ਦਾ ਕਾਨੂੰਨ ਪਾਸ ਕਰ ਦਿੱਤਾ। ਕੈਨੇਡਾ ਦੇ ਪੰਜਾਬੀ ਭਾਈਚਾਰੇ ਦੇ ਵਿਕਾਸ ਵਿਚ 1950 ਤੋਂ 1970 ਤੱਕ ਬਹੁਤ ਧੀਮੀ ਤੋਰੇ ਤੁਰਦਿਆਂ ਆਪਣੇ-ਆਪ ਨੂੰ ਕਾਇਮ ਰੱਖਣ ਦਾ ਸਮਾਂ ਸੀ। ਇਸ ਭਾਈਚਾਰੇ ਦੇ ਦੋ ਅਹਿਮ ਮਸਲੇ 1947 ਵਿਚ ਹੱਲ ਹੋ ਗਏ। ਇਸ ਸਾਲ ਦੇ ਅਪ੍ਰੈਲ ਮਹੀਨੇ ਵਿਚ ਉਨ੍ਹਾਂ ਨੂੰ 40 ਸਾਲਾਂ ਦੇ ਸੰਘਰਸ਼ ਉਪਰੰਤ ਵੋਟ ਦੇਣ ਦਾ ਹੱਕ ਮੁੜ ਪ੍ਰਾਪਤ ਹੋ ਗਿਆ ਸੀ। ਉਸੇ ਸਾਲ ਅਗਸਤ, 1947 ਵਿਚ ਭਾਰਤ ਨੂੰ 'ਆਜ਼ਾਦੀ' ਮਿਲ ਗਈ ਸੀ। ਇਨ੍ਹਾਂ ਦੋ ਮਸਲਿਆਂ ਤੋਂ ਬਾਅਦ ਭਾਰਤੀਆਂ ਦੇ ਕੈਨੇਡਾ ਆਉਣ ਉੱਤੇ ਲੱਗੀਆਂ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੀਆਂ ਪਾਬੰਦੀਆਂ ਨੂੰ ਹਟਾਉਣਾ ਵੱਡਾ ਮਸਲਾ ਸੀ, ਇਹ ਇਕ ਹੋਰ ਵੀ ਵੱਡਾ ਮਸਲਾ ਸੀ, ਜਿਸ ਵਿਚ ਉਨ੍ਹਾਂ ਨੇ ਮੁੱਢ ਤੋਂ ਹੀ ਬਹੁਤ ਸਰਗਰਮੀ ਵਿਖਾਈ ਸੀ। ਛੇਵੇਂ ਦਹਾਕੇ (1950-60) ਦੌਰਾਨ ਇਹ ਮਸਲਾ ਵੀ ਦੋ ਕਾਰਨਾਂ ਕਰਕੇ ਫੌਰੀ ਤੌਰ 'ਤੇ ਇੰਨੀ ਜ਼ਿਆਦਾ ਅਹਿਮੀਅਤ ਨਹੀਂ ਸੀ ਰੱਖਦਾ। ਇਕ ਤਾਂ ਉਸ ਵੇਲੇ ਦੂਜੀ ਸੰਸਾਰ ਜੰਗ ਕਾਰਨ ਯੂਰਪ ਵਿਚ ਹੋਈ ਤਬਾਹੀ ਤੋਂ ਬਾਅਦ ਮੁੜ ਉਸਾਰੀ ਸ਼ੁਰੂ ਹੋ ਚੁੱਕੀ ਸੀ। ਬਹੁਤ ਸਾਰੇ ਪੰਜਾਬੀ ਇੰਗਲੈਂਡ ਆਉਣੇ ਸ਼ੁਰੂ ਹੋ ਗਏ ਸਨ, ਜਿਸ ਨਾਲ ਪੰਜਾਬ ਦੇ ਲੋਕਾਂ ਲਈ ਬਾਹਰ ਜਾਣ ਦੀ ਲੋੜ ਕਾਫੀ ਹੱਦ ਤੱਕ ਪੂਰੀ ਹੋ ਰਹੀ ਸੀ, ਦੂਜੇ ਪਾਸੇ ਕੈਨੇਡਾ ਨੇ ਵੀ ਆਪਣੀਆਂ ਨੀਤੀਆਂ ਵਿਚ ਕੁਝ ਨਰਮੀ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ।
ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਵਿਚ ਹੋਈਆਂ ਤਬਦੀਲੀਆਂ ਦੇ ਅਧਾਰ 'ਤੇ ਸੱਤਰਵਿਆਂ ਦੇ ਸ਼ੁਰੂ ਦੇ ਕੁਝ ਸਾਲਾਂ ਦੌਰਾਨ ਵੱਡੀ ਗਿਣਤੀ ਵਿਚ ਪੰਜਾਬੀ ਇੱਥੇ ਆਏ। ਇਨ੍ਹਾਂ ਦੇ ਇੱਥੇ ਆਉਣ ਨਾਲ ਦੋ ਗੱਲਾਂ ਵਾਪਰੀਆਂ; ਪਹਿਲੀ, ਪੰਜਾਬੀ ਭਾਈਚਾਰੇ ਵਿਚਲਾ ਲੰਮੇ ਸਮੇਂ ਤੋਂ ਸਥਾਪਿਤ ਹੋਇਆ ਢਾਂਚਾ ਬਹੁਤ ਤੇਜ਼ੀ ਨਾਲ ਟੁੱਟਣ ਲੱਗਾ। ਆਉਣ ਵਾਲਿਆਂ ਵਿਚ ਬਹੁਗਿਣਤੀ ਆਜ਼ਾਦ ਹਿੰਦੁਸਤਾਨ ਵਿਚ ਪੈਦਾ ਹੋਏ ਪੜ੍ਹੇ-ਲਿਖੇ ਅਤੇ ਨਵੀਂ ਸਿਆਸੀ ਚੇਤਨਾ ਵਾਲੇ ਲੋਕ ਸਨ। ਇਨ੍ਹਾਂ ਨੇ ਪਹਿਲੇ ਪੰਜਾਬੀ ਕੈਨੇਡੀਅਨਾਂ ਵਲੋਂ ਸਥਾਪਿਤ ਕਦਰਾਂ-ਕੀਮਤਾਂ ਨੂੰ ਸਮਝਣ-ਮੰਨਣ ਤੋਂ ਇਨਕਾਰ ਕਰ ਦਿੱਤਾ। ਦੂਜੀ, ਪੰਜਾਬੀ ਵੈਨਕੂਵਰ ਤੇ ਬ੍ਰਿਟਿਸ਼ ਕੋਲੰਬੀਆ ਤੋਂ ਨਿਕਲ ਕੈਨੇਡਾ ਦੇ ਦੂਜੇ ਹਿੱਸਿਆਂ ਵੱਲ ਵਧਣੇ ਸ਼ੁਰੂ ਹੋਏ ਅਤੇ ਛੇਤੀ ਹੀ ਟੋਰਾਂਟੋ, ਮਾਂਟਰੀਅਲ, ਵਿਨੀਪੈਗ ਐਡਮਿੰਟਨ ਤੇ ਕੈਲਗਰੀ ਆਦਿ ਸ਼ਹਿਰਾਂ ਵਿਚ ਇਨ੍ਹਾਂ ਦੀ ਗਿਣਤੀ ਵਧਣ ਲੱਗੀ। ਕੈਨੇਡਾ ਦੇ ਵੱਖ-ਵੱਖ ਭਾਗਾਂ ਵਿਚ ਪੰਜਾਬੀ ਵਸੋਂ ਵਿਚ ਤੇਜ਼ੀ ਨਾਲ ਹੋਏ ਵਾਧੇ ਅਤੇ ਉਸ ਵਾਧੇ ਕਾਰਨ ਹੋਣ ਵਾਲੀਆਂ ਤਬਦੀਲੀਆਂ ਨੇ ਪੰਜਾਬੀ ਭਾਈਚਾਰੇ ਵਾਸਤੇ ਬਹੁਤ ਸਾਰੀਆਂ ਨਵੀਆਂ ਸਮੱਸਿਆਵਾਂ ਖੜ੍ਹੀਆਂ ਕੀਤੀਆਂ। ਇਹ ਸਮੱਸਿਆਵਾਂ ਅੰਦਰੂਨੀ ਵੀ ਸਨ ਅਤੇ ਬਾਹਰੀ ਵੀ।
ਕੈਨੇਡੀਅਨ ਪੰਜਾਬੀ ਭਾਈਚਾਰੇ ਵਿਚ, ਜਿਸ ਦਾ ਕੇਂਦਰ ਵੈਨਕੂਵਰ ਸੀ, ਪਹਿਲਾਂ ਸਥਾਪਿਤ ਸੰਸਥਾਵਾਂ ਮੁੱਖ ਰੂਪ ਵਿਚ ਧਾਰਮਿਕ ਹੀ ਸਨ, ਸਿਵਾਏ ਇਕ-ਅੱਧ ਅਰਧ-ਧਾਰਮਿਕ ਸੰਸਥਾਵਾਂ ਜਿਵੇਂ ਈਸਟ ਇੰਡੀਅਨਜ਼ ਕੈਨੇਡੀਅਨ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੇ। ਇਹ ਸੰਸਥਾਵਾਂ ਨਵੇਂ ਆਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਨਜਿੱਠਣ ਤੋਂ ਅਸਮਰੱਥ ਰਹੀਆਂ। ਇਨ੍ਹਾਂ ਜਥੇਬੰਦੀਆਂ ਉੱਤੇ ਉਸ ਵੇਲੇ ਆਰਥਿਕ ਅਤੇ ਵਪਾਰਕ ਪੱਖੋਂ ਸਥਾਪਿਤ ਲੋਕਾਂ ਦਾ ਕਬਜ਼ਾ ਸੀ। ਇਨ੍ਹਾਂ ਵਿਚ ਪਹਿਲੇ ਪੰਜਾਬੀਆਂ ਵਲੋਂ ਕੀਤੀਆਂ ਜੱਦੋ-ਜਹਿਦਾਂ ਵਾਲਾ ਜਜ਼ਬਾ ਕੁਝ ਹੱਦ ਤੱਕ ਕਾਇਮ ਸੀ। ਪਰ ਸਰਮਾਏਦਾਰੀ ਸਮਾਜ ਦਾ ਹਿੱਸਾ ਹੁੰਦਿਆਂ ਇਨ੍ਹਾਂ ਵਿਚ ਬਹੁਤੇ ਲੋਕਾਂ ਨੇ ਹੌਲੀ-ਹੌਲੀ ਸਰਮਾਏਦਾਰੀ ਸੋਚ ਤੇ ਢੰਗ ਅਪਣਾ ਲਏ ਸਨ। ਨਤੀਜੇ ਵਜੋਂ ਸੱਤਰਵਿਆਂ ਦੇ ਸ਼ੁਰੂ ਵਿਚ ਵੱਡੀ ਗਿਣਤੀ ਵਿਚ ਆਏ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਪਹਿਲਿਆਂ 'ਚੋਂ ਬਹੁਤੇ ਆਗੂ ਅਸਮਰੱਥ ਰਹੇ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਵਿਸ਼ਵ ਦਾ ਪਹਿਲਾ ਗਣਰਾਜ-ਵੈਸ਼ਾਲੀ

ਬਿਹਾਰ ਪ੍ਰਾਂਤ ਦੇ ਪ੍ਰਸਿੱਧ ਵਿਰਾਸਤੀ ਅਤੇ ਇਤਿਹਾਸਿਕ ਅਸਥਾਨ ਵੈਸ਼ਾਲੀ ਨੂੰ ਵਿਸ਼ਵ ਦਾ ਪਹਿਲਾ ਗਣਰਾਜ ਹੋਣ ਦਾ ਗੌਰਵ ਪ੍ਰਾਪਤ ਹੈ। ਇਹ ਬਿਹਾਰ ਦੀ ਰਾਜਧਾਨੀ ਪਟਨਾ ਦੇ ਉੱਤਰ ਵਿਚ 58 ਕਿ: ਮੀ: ਦੀ ਦੂਰੀ ਉਪਰ ਮਨਮੋਹਕ ਵਾਦੀ ਅਤੇ ਗੰਡਕ ਨਦੀ ਕੋਲ ਸਥਿਤ ਹੈ।
ਐਨਸਾਈਕਲੋਪੀਡੀਆ ਬਰਿਟੈਨਿਕਾ, ਵਿੱਕੀਪੀਡੀਆ, ਬਿਹਾਰ ਟੂਰਿਜ਼ਮ/ਭਾਰਤੀ ਪੁਰਾਤੱਤਵ ਵਿਭਾਗ ਵਲੋਂ ਮੁਹੱਈਆ ਸਮੱਗਰੀ ਵਿਚ ਇਸ ਨੂੰ ਵਿਸ਼ਵ ਦਾ ਪਹਿਲਾ ਗਣਰਾਜ ਕਿਹਾ ਗਿਆ ਹੈ। ਇਹ ਲਿੱਛਵੀ ਗਣਰਾਜ ਦੀ ਰਾਜਧਾਨੀ ਸੀ। ਵੈਸ਼ਾਲੀ ਦੇ ਅਜਾਇਬ ਘਰ ਦੇ ਪ੍ਰਵੇਸ਼ ਦੁਆਰ ਵਿਚ ਇਕ ਸਵਾਗਤੀ ਬੋਰਡ ਲੱਗਾ ਹੈ, ਜਿਸ ਵਿਚ ਲਿਖਿਆ ਹੈ ਕਿ 'ਵਿਸ਼ਵ ਦੇ ਸਭ ਤੋਂ ਪੁਰਾਣੇ ਗਣਰਾਜ ਵਿਚ ਆਪ ਦਾ ਸਵਾਗਤ ਹੈ।'
ਭਾਰਤੀ ਪੁਰਾਤੱਤਵ ਸਰਵੇਖਣ ਦੇ ਪਿਤਾਮਾ ਬਰਤਾਨਵੀ ਮੇਜਰ ਜਨਰਲ ਸਰ ਅਲੈਗਜ਼ੈਂਡਰ ਕਨਿੰਘਮ (1814-1893) ਨੇ ਆਪਣੀ ਕਲਾਸਕੀ ਕਿਤਾਬ 'ਏਨਸ਼ੀਐਂਟ ਜਿਓਗਰਾਫ਼ੀ ਆਫ਼ ਇੰਡੀਆ' ਵਿਚ ਵੈਸ਼ਾਲੀ ਅਤੇ ਵਰਿੱਜੀ ਰਾਜਸ਼ਾਹੀਆਂ ਦਾ ਜ਼ਿਕਰ ਕੀਤਾ ਹੈ। ਉਸ ਅਨੁਸਾਰ ਵੈਸ਼ਾਲੀ ਦੇ ਵਸਨੀਕ ਲਿੱਛਵੀ ਕਹਿਲਾਉਂਦੇ ਸਨ ਪਰ ਨਾਲ ਹੀ ਉਸ ਨੇ ਇਹ ਵੀ ਲਿਖਿਆ ਹੈ ਕਿ ਲਿੱਛਵੀ, ਵੈਦੇਹਾ ਅਤੇ ਤ੍ਰਿਭੁਕਤੀ ਤਿੰਨੇ ਸੰਬੋਧਨ ਸਮਾਨਅਰਥੀ ਹਨ। ਕੁਝ ਸਰੋਤਾਂ ਵਿਚ ਵੈਸ਼ਾਲੀ ਅਤੇ ਵਰਿੱਜੀ ਮਹਾਂਸੰਘ ਦੀ ਚਰਚਾ ਵੀ ਕੀਤੀ ਗਈ ਹੈ।
ਸਭ ਸਰੋਤਾਂ ਅਨੁਸਾਰ ਇਸ਼ਵਾਕੂ ਵੰਸ਼ ਦਾ ਰਾਜਾ ਵਿਸ਼ਾਲ ਇਸ ਪ੍ਰਾਚੀਨ ਰਾਜ ਦਾ ਬਾਨੀ ਸੀ ਅਤੇ ਵੈਸ਼ਾਲੀ ਨਾਂਅ ਵੀ ਉਸ ਕਾਰਨ ਹੀ ਪਿਆ ਹੈ। ਪਾਲੀ ਭਾਸ਼ਾ ਵਿਚ ਇਸ ਨੂੰ ਵੇਸਾਲੀ ਕਿਹਾ ਗਿਆ ਹੈ। ਮਿਥਿਲਾ ਅਤੇ ਵਾਇਸ਼ੂ ਵੀ ਇਸ ਦੇ ਹੀ ਨਾਂਅ ਹਨ। ਬੁੱਧਾਘੋਸ਼ਾ ਅਨੁਸਾਰ ਵੈਸ਼ਾਲੀ ਨਾਂਅ ਇਸ ਕਾਰਨ ਪਿਆ ਕਿਉਂਕਿ ਇਹ ਰਾਜ ਬਹੁਤ ਵਿਸ਼ਾਲ, ਵਿਸਤ੍ਰਤ ਅਤੇ ਫੈਲਿਆ ਹੋਇਆ ਸੀ। ਪੁਰਾਣਾਂ, ਮਹਾਂਕਾਵਿ ਰਮਾਇਣ/ਮਹਾਂਭਾਰਤ ਵਿਚ ਵੀ ਰਾਜਾ ਵਿਸ਼ਾਲ ਦਾ ਜ਼ਿਕਰ ਮਿਲਦਾ ਹੈ।
ਜੈਨਮੱਤ ਅਤੇ ਬੁੱਧਮੱਤ ਦੀਆਂ ਟੈਕਸਟਾਂ ਵਿਚ ਵੀ ਵੈਸ਼ਾਲੀ ਦਾ ਵਰਨਣ ਹੈ। ਇਨ੍ਹਾਂ ਅਨੁਸਾਰ ਵੈਸ਼ਾਲੀ ਰਾਜ 6ਵੀਂ ਸਦੀ ਪੂਰਵ ਈਸਵੀ 'ਚ ਗਣਰਾਜ ਵਜੋਂ ਸਥਾਪਤ ਹੋਇਆ, ਬੁੱਧ ਦੇ 563 ਪੂਰਵ ਈਸਵੀ ਵਿਚ ਜਨਮ ਤੋਂ ਵੀ ਪਹਿਲਾਂ। ਪੁਰਾਤੱਤਵ ਖੋਜੀਆਂ ਅਨੁਸਾਰ ਵੈਸ਼ਾਲੀ ਇਸ ਨਾਂਅ ਦੇ ਮੌਜੂਦਾ ਜ਼ਿਲ੍ਹੇ ਦੇ ਪਿੰਡ ਬਸਰਾਹ ਵਿਚ ਸਥਿਤ ਸੀ।
ਇਸ ਦਾ ਹਵਾਲਾ ਚੀਨੀ ਯਾਤਰੀ ਫਕਸੀਅਨ (ਚੌਥੀ ਸਦੀ ਪੂਰਵ ਈਸਵੀ) ਅਤੇ ਜ਼ੁਆਨਜ਼ਾਂਗ (7ਵੀਂ ਸਦੀ ਪੂਰਵ ਈਸਵੀ) ਦੇ ਯਾਤਰਾ ਬਿਰਤਾਂਤਾਂ ਵਿਚ ਵੀ ਮਿਲਦਾ ਹੈ। ਇਨ੍ਹਾਂ ਹਵਾਲਿਆਂ ਨੂੰ ਬਾਅਦ ਵਿਚ ਬਰਤਾਨਵੀ ਪੁਰਾਤੱਤਵ ਖੋਜੀ ਅਲੈਗਜ਼ੈਂਡਰ ਕਨਿੰਘਮ ਨੇ 1861 ਵਿਚ ਵੈਸ਼ਾਲੀ ਦੇ ਸਹੀ ਸਥਾਨ ਦੀ ਨਿਸ਼ਾਨਦੇਹੀ ਕਰਨ ਸਮੇਂ ਇਸਤੇਮਾਲ ਕੀਤਾ।
ਪੁਰਾਣਾਂ ਵਿਚ ਵੈਸ਼ਾਲੀ ਦੇ ਤਪਰਾਜਿਆਂ ਦਾ ਵਰਨਣ ਹੈ। ਨਭਾਗਾ ਪਹਿਲਾ ਰਾਜਾ ਸੀ, ਜਿਸ ਨੇ ਮਾਨਵੀ ਅਧਿਕਾਰਾਂ ਖਾਤਰ ਸਿੰਘਾਸਨ ਤਜਿਆ ਅਤੇ ਇਸ ਉਪਰੰਤ ਐਲਾਨ ਕੀਤਾ, 'ਮੈਂ ਭੂਮੀ ਦਾ ਆਜ਼ਾਦ ਵਾਹਕ ਹਾਂ, ਆਪਣੇ ਏਕੜਾਂ ਦਾ ਰਾਜਾ'! ਆਖ਼ਰੀ ਰਾਜਾ ਸੁਮਤੀ ਸੀ, ਜੋ ਰਾਮ-ਪਿਤਾ ਦਸ਼ਰਥ ਦਾ ਸਮਕਾਲੀ ਕਿਹਾ ਜਾਂਦੈ।
ਪੁਰਾਤੱਤਵ ਵਿਭਾਗ ਵਲੋਂ ਕੀਤੀ ਗਈ ਖੁਦਾਈ ਦੌਰਾਨ ਇਕ ਟਿੱਲਾ (ਮਾਊਂਡ) ਪ੍ਰਾਪਤ ਹੋਇਆ, ਜੋ ਵੈਸ਼ਾਲੀ ਦੇ ਪ੍ਰਾਚੀਨ ਲੋਕਤੰਤਰਿਕ ਗਣਰਾਜ ਦੀ ਸੰਸਦ ਦਾ ਸਰੂਪ ਕਿਹਾ ਜਾਂਦੈ। ਇਸ ਨੂੰ 'ਰਾਜਾ ਵਿਹਾਲਾ ਕਾ ਘਰ' ਸੱਦਿਆ ਜਾਂਦਾ ਸੀ। ਇਸ ਵਿਚ 7000 ਤੋਂ ਵੱਧ ਚੁਣੇ ਹੋਏ ਨੁਮਾਇੰਦੇ ਮੀਟਿੰਗ, ਵਿਚਾਰ ਚਰਚਾ ਕਰਦੇ ਸਨ ਅਤੇ ਕਾਨੂੰਨ ਘੜਦੇ ਸਨ। ਇਸ ਸੰਘੀ ਸੰਸਦੀ ਕਿਲ੍ਹਾਨੁਮਾ ਢਾਂਚੇ ਦਾ ਘੇਰਾ ਇਕ ਕਿ: ਮੀ:, ਦੀਵਾਰਾਂ 2 ਮੀਟਰ ਉੱਚੀਆਂ, ਇਸ ਕਿਲ੍ਹੇ ਦੁਆਲੇ ਬਣੀ ਖਾਈ/ਖੰਦਕ ਦੀ ਚੌੜਾਈ 43 ਮੀਟਰ ਸੀ।
ਵੈਸ਼ਾਲੀ ਅਸ਼ੋਕਾ ਪਿੱਲਰ ਕਾਰਨ ਬਹੁਤ ਮਸ਼ਹੂਰ ਹੈ। ਇਸ 11 ਮੀਟਰ ਉੱਚੇ ਸਤੰਭ ਦੇ ਸਿਖ਼ਰ ਉੱਪਰ ਸ਼ੇਰ ਦੀ ਮੂਰਤੀ ਹੈ। ਮੌਰੀਆਕਾਲੀਨ ਵਿਸ਼ੇਸ਼ ਚਮਕ ਨਾਲ ਭਰਪੂਰ ਇਲਾਕਾਈ ਬੋਲੀ ਵਿਚ ਲਾਠ ਸਦਵਾਉਣ ਵਾਲਾ ਇਹ ਸਤੰਭ ਕੋਲਹੂਆ ਨਾਂਅ ਦੇ ਸਥਾਨ ਉਪਰ ਸਥਿੱਤ ਹੈ, ਜੋ ਪ੍ਰਾਚੀਨ ਵੈਸ਼ਾਲੀ ਦਾ ਹੀ ਹਿੱਸਾ ਸੀ ਪਰ ਹੁਣ ਇਹ ਵੈਸ਼ਾਲੀ ਤੋਂ 3 ਕਿ: ਮੀ: ਦੀ ਦੂਰੀ 'ਤੇ ਹੈ ਅਤੇ ਜ਼ਿਲ੍ਹਾ ਮੁਜ਼ੱਫਰਪੁਰ ਵਿਚ ਪੈਂਦਾ ਹੈ। ਇਸ ਉਪਰਲੇ ਸ਼ੇਰ ਦਾ ਮੂੰਹ ਉੱਤਰ ਵੱਲ ਹੈ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਵੈਸ਼ਾਲੀ ਤੋਂ ਜਾਣ ਸਮੇਂ ਗੌਤਮ ਬੁੱਧ ਉੱਤਰ ਦਿਸ਼ਾ ਵੱਲ ਗਏ ਸਨ। ਬੁੱਧ ਗ੍ਰੰਥਾਂ ਅਨੁਸਾਰ ਇਸ ਥਾਂ ਸਥਾਨਕ ਕਪੀ ਪ੍ਰਮੁੱਖ ਨੇ ਬੁੱਧ ਨੂੰ ਸ਼ਹਿਦ ਨਾਲ ਭਰਿਆ ਇਕ ਪਿਆਲਾ ਭੇਟ ਕੀਤਾ ਸੀ। ਇਹ ਘਟਨਾ ਬੁੱਧ ਦੇ ਜੀਵਨ ਵਿਚ ਵਾਪਰਨ ਵਾਲੀਆਂ 8 ਮਹੱਤਵਪੂਰਨ ਘਟਨਾਵਾਂ ਵਿਚੋਂ ਇਕ ਗਿਣੀ ਜਾਂਦੀ ਹੈ।
ਪੁਰਾਤੱਤਵ ਵਿਭਾਗ ਵਲੋਂ ਪ੍ਰਦਾਨ ਚੁਪੱਤਰੀ (ਲੀਫਲੈੱਟ) ਅਨੁਸਾਰ ਸੰਭਾਵਤਨ ਇਹ ਅਸ਼ੋਕਾ ਪਿੱਲਰ ਸਮਰਾਟ ਅਸ਼ੋਕ ਦੇ ਸਤੰਭਾਂ ਵਿਚੋਂ ਸਭ ਤੋਂ ਪੁਰਾਣਾ ਹੈ, ਜਿਸ ਉਪਰ ਅਸ਼ੋਕ ਦਾ ਕੋਈ ਸ਼ਿਲਾਲੇਖ/ਸ਼ਾਹੀ ਫੁਰਮਾਨ ਨਹੀਂ ਹੈ ਪਰ ਗੁਪਤਕਾਲੀਨ ਸ਼ੰਖ ਲਿਪੀ ਦੇ ਕੁਝ ਅੱਖਰ ਇਸ ਉਪਰ ਅੰਕਿਤ ਹਨ।
ਇਸ ਨਾਲ ਹੀ ਬੁੱਧ ਨੂੰ ਸ਼ਹਿਦ ਦੇਣ ਦੀ ਘਟਨਾ ਦੀ ਯਾਦ ਵਿਚ ਮੌਰੀਆ ਕਾਲ ਸਮੇਂ ਇਸ ਕੋਲ ਹੀ ਇੱਟਾਂ ਨਾਲ ਇਕ ਸਤੂਪ ਦਾ ਨਿਰਮਾਣ ਕੀਤਾ ਗਿਆ, ਜਿਸ ਨੂੰ ਕੁਸ਼ਾਣ ਕਾਲ ਅਤੇ ਗੁਪਤ ਕਾਲ ਸਮੇਂ ਹੋਰ ਵਿਸਤ੍ਰਤ ਅਤੇ ਸੁੰਦਰ ਬਣਾਇਆ ਗਿਆ। ਬੁੱਧ ਰੈਲਿਕ ਸਤੂਪ ਤੋਂ ਇਲਾਵਾ ਆਨੰਦ ਸਤੂਪ ਵੀ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਫਗਵਾੜਾ। gandamjs@gmail.com

ਭਗਤਾਂ ਦਾ ਸਤਿਕਾਰ ਕਰਨ ਵਾਲੇ ਹਾਥੀ

ਕਈ ਗੱਲਾਂ ਵਿਚ ਜਾਨਵਰ ਮਨੁੱਖਾਂ ਤੋਂ ਵੀ ਅੱਗੇ ਹਨ। ਤਾਕਤ, ਹੰਕਾਰ ਜਾਂ ਸ਼ਰਾਬ ਦੇ ਨਸ਼ੇ ਵਿਚ ਮਨੁੱਖ ਇਨਸਾਨੀਅਤ ਤੋਂ ਗਿਰ ਜਾਂਦਾ ਹੈ ਅਤੇ ਬਹੁਤ ਮਾੜੇ ਕਰਮ ਕਰ ਬੈਠਦਾ ਹੈ। ਜਾਨਵਰ ਕਦੇ ਕਿਸੇ ਨੂੰ ਨਾਜਾਇਜ਼ ਤੰਗ ਨਹੀਂ ਕਰਦੇ। ਹਾਥੀ ਤਾਂ ਬਹੁਤ ਹੀ ਸਿਆਣੇ ਅਤੇ ਸੰਵੇਦਨਸ਼ੀਲ ਹੁੰਦੇ ਹਨ। ਇਤਿਹਾਸ ਵਿਚ ਅਜਿਹੇ ਹਾਥੀਆਂ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਸ਼ਰਾਬ ਪਿਆ ਕੇ ਮਦਮਸਤ ਕੀਤਾ ਗਿਆ ਤਾਂ ਕਿ ਉਹ ਦਰਵੇਸ਼ਾਂ ਨੂੰ ਲਿਤਾੜ ਕੇ ਮਾਰ ਸਕਣ ਪਰ ਹੈਰਾਨੀ ਦੀ ਗੱਲ ਹੈ ਕਿ ਨਸ਼ੇ ਵਿਚ ਵੀ ਉਨ੍ਹਾਂ ਨੂੰ ਚੰਗੇ-ਮਾੜੇ ਦੀ ਪਛਾਣ ਰਹੀ। ਪਸ਼ੂ, ਪੰਛੀ, ਇਨਸਾਨਾਂ ਵਿਚ ਇਕੋ ਹੀ ਪਰਮੇਸ਼ਰ ਦੀ ਜੋਤ ਜਗ ਰਹੀ ਹੈ। ਇਸ ਜੋਤ ਨੂੰ ਕਿਸੇ ਨਾਲ ਵੀ ਵੈਰ-ਵਿਰੋਧ ਨਹੀਂ ਹੁੰਦਾ ਪਰ ਮਾਇਆ ਦੇ ਨਸ਼ੇ ਵਿਚ ਹੰਕਾਰਿਆ ਮਨੁੱਖ ਆਪਣੀ ਆਤਮਾ ਦੀ ਆਵਾਜ਼ ਨੂੰ ਨਹੀਂ ਪਛਾਣਦਾ।
ਭਗਤ ਕਬੀਰ ਜੀ ਦੇ ਸਮੇਂ ਸਿਕੰਦਰ ਲੋਧੀ ਦਾ ਰਾਜ ਸੀ। ਉਸ ਨੇ ਬਾਦਸ਼ਾਹੀ ਹੰਕਾਰ ਵਿਚ ਹੁਕਮ ਕੀਤਾ ਕਿ ਕਬੀਰ ਨੂੰ ਮਸਤ ਹਾਥੀ ਦੇ ਪੈਰਾਂ ਹੇਠ ਕੁਚਲ ਦਿੱਤਾ ਜਾਵੇ। ਹਾਕਮਾਂ ਨੇ ਨਿਰਦੋਸ਼ ਭਗਤ ਜੀ ਦੀਆਂ ਬਾਹਾਂ ਬੰਨ੍ਹ ਕੇ ਗੁੱਸੇ ਨਾਲ ਭਰੇ ਹਾਥੀ ਅੱਗੇ ਸੁੱਟ ਦਿੱਤਾ। ਹਾਥੀ ਸਗੋਂ ਕਬੀਰ ਜੀ ਨੂੰ ਨਮਸਕਾਰਾਂ ਕਰਨ ਲੱਗ ਪਿਆ। ਕਾਜ਼ੀ ਦੇ ਜ਼ੋਰ ਦੇਣ 'ਤੇ ਮਹਾਵਤ ਨੇ ਕੁੰਡੇ ਮਾਰ-ਮਾਰ ਕੇ ਹਾਥੀ ਨੂੰ ਉਕਸਾਇਆ ਕਿ ਉਹ ਕਬੀਰ ਜੀ ਨੂੰ ਪੈਰਾਂ ਹੇਠ ਮਧੋਲ ਦੇਵੇ ਪਰ ਹਾਥੀ ਕਬੀਰ ਜੀ ਨੂੰ ਕੁਝ ਕਹਿਣ ਦੀ ਥਾਂ ਦੂਜੇ ਪਾਸੇ ਜੰਗਲ ਵੱਲ ਭੱਜ ਕੇ ਚਲਾ ਗਿਆ ਅਤੇ ਮਹਾਵਤ ਨੂੰ ਥੱਲੇ ਪਟਕਾ ਮਾਰਿਆ। ਇਸ ਦਾ ਵੇਰਵਾ ਭਗਤ ਜੀ ਖੁਦ ਆਪਣੀ ਬਾਣੀ ਵਿਚ ਦਿੰਦੇ ਹਨ-
ਭੁਜਾ ਬਾਂਧਿ ਭਿਲਾ ਕਰਿ ਡਾਰਿਓ॥
ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ॥
ਹਸਤੀ ਭਾਗਿ ਕੈ ਚੀਸਾ ਮਾਰੈ॥
ਇਆ ਮੂਰਤਿ ਕੈ ਹਉ ਬਲਿਹਾਰੈ॥ ੧॥
ਆਹਿ ਮੇਰੇ ਠਾਕੁਰ ਤੁਮਰਾ ਜੋਰੁ॥
ਕਾਜੀ ਬਕਿਬੋ ਹਸਤੀ ਤੋਰੁ॥ ੧॥ ਰਹਾਉ॥
ਰੇ ਮਹਾਵਤ ਤੁਝੁ ਡਾਰਉ ਕਾਟਿ॥
ਇਸਹਿ ਤੁਰਾਵਹੁ ਘਾਲਹੁ ਸਾਟਿ॥
ਹਸਤਿ ਨ ਤੋਰੈ ਧਰੈ ਧਿਆਨੁ॥
ਵਾ ਕੈ ਰਿਦੈ ਬਸੈ ਭਗਵਾਨੁ॥ ੧॥
ਕਿਆ ਅਪਰਾਧੁ ਸੰਤ ਹੈ ਕੀਨਹਹਾ॥
ਬਾਂਧਿ ਪੋਟ ਕੁੰਚਰ ਕਉ ਦੀਨਹਹਾ॥
ਕੁੰਚਰੁ ਪੋਟ ਲੈ ਲੈ ਨਮਸਕਾਰੈ॥ ਬੂਝੀ ਨਾਹੀ ਕਾਜੀ ਅੰਧਿਆਰੈ॥
ਇਉਂ ਹੀ ਬਾਦਸ਼ਾਹ ਸਲੇਮ ਸ਼ਾਹ ਨੇ ਭਗਤ ਨਾਮਦੇਵ ਜੀ ਨੂੰ ਸ਼ਰਾਬੀ ਹਾਥੀ ਅੱਗੇ ਸੁਟਵਾ ਦਿੱਤਾ ਜਿਵੇਂ ਆਪ ਜੀ ਦੀ ਬਾਣੀ ਵਿਚ ਦਰਜ ਹੈ-
ਬਾਦਿਸਾਹੁ ਚੜਹਹਿਓ ਅਹੰਕਾਰਿ॥
ਗਜ ਹਸਤੀ ਦੀਨੋ ਚਮਕਾਰਿ॥
ਪਰ ਹਾਥੀ ਨੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ। ਗੁਰਬਾਣੀ ਵਿਚ ਉਸ ਹਾਥੀ ਦਾ ਵੀ ਕਈ ਵਾਰ ਜ਼ਿਕਰ ਕੀਤਾ ਗਿਆ ਹੈ, ਜਿਸ ਨੂੰ ਪਟਨਾ ਸਾਹਿਬ ਕੋਲ ਇਕ ਭਿਆਨਕ ਤੰਦੂਏ ਨੇ ਫੜ ਲਿਆ ਸੀ ਅਤੇ ਡੁੱਬਦੇ ਹੋਏ ਹਾਥੀ ਨੇ ਆਪਣੀ ਸੁੰਡ ਵਿਚ ਕਮਲ ਦਾ ਫੁੱਲ ਫੜ ਕੇ ਪ੍ਰਭੂ ਦੀ ਅਰਾਧਨਾ ਕੀਤੀ ਸੀ। ਪਰਮੇਸ਼ਰ ਨੇ ਝੱਟ ਹੀ ਹਾਥੀ ਦੇ ਬੰਧਨ ਕੱਟ ਦਿੱਤੇ ਸਨ-
ਏਕ ਨਿਮਖ ਮਨ ਮਾਹਿ ਅਰਾਧਿਓ
ਗਜਪਤਿ ਪਾਰ ਉਤਾਰੇ॥ (ਮਾਰੂ ਮਹਲਾ ੫)

ਬਰਸੀ 'ਤੇ ਵਿਸ਼ੇਸ਼

ਸੁਲਤਾਨ-ਉਲ-ਕੌਮ ਸ: ਜੱਸਾ ਸਿੰਘ ਆਹਲੂਵਾਲੀਆ

ਬੁੱਢਾ ਦਲ ਦੇ ਮੁਖੀ ਅਤੇ ਦਲ ਖਾਲਸਾ ਦੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਯੁੱਧਵੀਰ ਅਤੇ ਧਰਮਵੀਰ ਵਜੋਂ ਸਿੱਖ ਇਤਿਹਾਸ ਵਿਚ ਵੱਡਾ ਮਾਣ ਪ੍ਰਾਪਤ ਹੋਇਆ ਹੈ। ਸ: ਜੱਸਾ ਸਿੰਘ ਦੀ ਅਗਵਾਈ ਵਿਚ ਬਾਬਾ ਬਘੇਲ ਸਿੰਘ ਨੇ ਜਦੋਂ ਦਿੱਲੀ ਵਿਖੇ ਲਾਲ ਕਿਲ੍ਹਾ ਫਤਹਿ ਕੀਤਾ ਤਾਂ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਕੌਮ ਵੱਲੋਂ ਸੁਲਤਾਨ-ਉਲ-ਕੌਮ ਵਜੋਂ ਨਿਵਾਜਿਆ ਗਿਆ। ਇਸ ਜਰਨੈਲ ਦਾ ਜਨਮ ਲਾਹੌਰ ਦੇ ਨੇੜੇ ਪਿੰਡ ਆਹਲੂ ਵਿਖੇ ਸ: ਬਦਰ ਸਿੰਘ ਦੇ ਗ੍ਰਹਿ ਵਿਖੇ 1718 ਈ: ਵਿਚ ਹੋਇਆ। ਸ: ਜੱਸਾ ਸਿੰਘ ਅਜੇ 5 ਸਾਲ ਦੇ ਹੀ ਸਨ ਕਿ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੀ ਸਿੱਖ ਧਰਮ ਅਤੇ ਗੁਰੂ-ਘਰ ਨਾਲ ਸ਼ਰਧਾ ਰੱਖਣ ਵਾਲੀ ਧਰਮੀ ਮਾਂ ਨੇ ਆਪਣੇ ਸਕੇ ਭਾਈ ਸ: ਭਾਗ ਸਿੰਘ ਦੀ ਸਹਾਇਤਾ ਨਾਲ ਆਪਣੇ ਬੱਚੇ ਸ: ਜੱਸਾ ਸਿੰਘ ਨੂੰ ਬਚਪਨ ਵਿਚ ਹੀ ਦਿੱਲੀ ਵਿਖੇ ਮਾਤਾ ਸੁੰਦਰ ਕੌਰ ਦੀ ਸੇਵਾ ਵਿਚ ਭੇਜ ਦਿੱਤਾ। ਇਨ੍ਹਾਂ ਨੇ ਤਕਰੀਬਨ ਸੱਤ ਸਾਲ ਦਾ ਸਮਾਂ ਦਿੱਲੀ ਵਿਚ ਹੀ ਬਿਤਾਇਆ। ਇਸ ਦੌਰਾਨ ਸ: ਜੱਸਾ ਸਿੰਘ ਨੇ ਉਸ ਸਮੇਂ ਦੇ ਮੁਖੀ ਸਿੱਖਾਂ ਵਿਚ ਚੰਗੀ ਜਾਣ-ਪਛਾਣ ਬਣਾਈ। ਜਦੋਂ ਮਾਤਾ ਜੀ ਤੋਂ ਵਿਦਾਇਗੀ ਪ੍ਰਾਪਤ ਕੀਤੀ, ਉਸ ਵਕਤ ਮਾਤਾ ਜੀ ਨੇ ਸ: ਜੱਸਾ ਸਿੰਘ ਦੇ ਕਰਮਯੋਗੀ ਤੇ ਧਰਮੀ ਜੀਵਨ ਨੂੰ ਭਾਂਪਦਿਆਂ ਭਵਿੱਖ ਵਿਚ ਸਿੱਖ ਜਗਤ ਦੀ ਯੋਗ ਅਗਵਾਈ ਕਰਨ ਲਈ ਇਸ ਸਿਦਕੀ ਸਿੱਖ ਯੋਧੇ ਨੂੰ ਇਕ ਕ੍ਰਿਪਾਨ, ਇਕ ਗੁਰਜ, ਇਕ ਢਾਲ, ਇਕ ਕਮਾਨ, ਇਕ ਤੀਰਾਂ ਦਾ ਭੱਥਾ, ਇਕ ਖਿਲਅਤ ਅਤੇ ਇਕ ਚਾਂਦੀ ਦੀ ਚੋਬ ਬਖਸ਼ਿਸ਼ ਵਜੋਂ ਦੇ ਕੇ ਨਿਵਾਜਿਆ ਗਿਆ।
ਆਪਣੀ ਦਲੇਰੀ, ਸੁਭਾਅ ਅਤੇ ਤੀਖਣ ਬੁੱਧੀ ਵਰਗੇ ਗੁਣਾਂ ਸਦਕਾ ਨਵਾਬ ਕਪੂਰ ਸਿੰਘ ਵਰਗੇ ਜਰਨੈਲ ਦੀ ਨੇੜਤਾ ਹਾਸਲ ਕਰ ਲਈ। 1748 ਈ: ਵਿਚ ਨਵਾਬ ਕਪੂਰ ਸਿੰਘ ਦੀ ਬਹਾਦਰ ਸਿੱਖ ਸੈਨਾ ਦੇ ਬਹਾਦਰ ਸੂਰਬੀਰਾਂ ਨੇ ਸ: ਜੱਸਾ ਸਿੰਘ ਨਾਲ ਮਿਲ ਕੇ ਅਹਿਮਦ ਸ਼ਾਹ ਅਬਦਾਲੀ ਦੇ ਵੱਡੇ ਲਸ਼ਕਰ ਨੂੰ ਨੂਰ ਦੀਨ ਦੀ ਸਰਾਂ ਅਤੇ ਵੈਰੋਵਾਲ ਨੇੜੇ ਘੇਰ ਕੇ ਗੁਰੀਲੇ ਢੰਗ ਦੇ ਹਮਲੇ ਕਰਕੇ ਭਾਜੜਾਂ ਪਾ ਦਿੱਤੀਆਂ। ਅੰਮ੍ਰਿਤਸਰ ਦੇ ਮੁਗਲ ਹਾਕਮ ਸਲਾਬਦ ਖਾਨ ਨੂੰ ਹਰਾ ਕੇ ਵੱਖ-ਵੱਖ ਜਥਿਆਂ ਵਿਚ ਵੰਡੇ ਸਿੱਖਾਂ ਦੀ ਨਜ਼ਰ ਵਿਚ ਇਕ ਸੁਲਝੇ ਹੋਏ ਸਿੱਖ ਜਰਨੈਲ ਵਜੋਂ ਸਤਿਕਾਰ ਪ੍ਰਾਪਤ ਕੀਤਾ। ਇਸ ਸਾਲ ਨਵਾਬ ਕਪੂਰ ਸਿੰਘ ਨਾਲ ਮਿਲ ਕੇ ਵਿਸਾਖੀ ਦੇ ਪਾਵਨ ਅਵਸਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਰਬੱਤ ਖਾਲਸੇ ਦੇ ਜੁੜੇ ਇਕੱਠ ਵਿਚ ਸਿੱਖਾਂ ਦੇ 65 ਜਥਿਆਂ ਨੂੰ ਇਕੱਠੇ ਕਰਕੇ 11 ਮਿਸਲਾਂ (12ਵੀਂ ਮਿਸਲ ਫੂਲਕੀਆ ਤੋਂ ਬਿਨਾਂ) ਵਿਚ ਵੰਡ ਕੇ 'ਦਲ ਖਾਲਸਾ' ਦੀ ਸਥਾਪਨਾ ਕੀਤੀ। ਦਲ ਖਾਲਸਾ ਦੇ ਪਹਿਲੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਥਾਪਿਆ ਗਿਆ। ਇਸ ਤੋਂ ਇਲਾਵਾ ਆਪ ਆਹਲੂਵਾਲੀਆ ਮਿਸਲ ਦੇ ਸੰਸਥਾਪਕ ਵੀ ਸਨ। 7 ਅਕਤੂਬਰ, 1753 ਈ: ਨੂੰ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਸ: ਜੱਸਾ ਸਿੰਘ ਸਿੱਖ ਕੌਮ ਦੀ ਸੈਨਿਕ ਸ਼ਕਤੀ ਅਤੇ ਦਲ ਪੰਥ ਬੁੱਢਾ ਦਲ ਦੇ ਮੁਖੀ ਵਜੋਂ ਸ਼੍ਰੋਮਣੀ ਜਰਨੈਲ ਬਣੇ।
ਇਸ ਤੋਂ ਪਿੱਛੋਂ ਜਦੋਂ ਦੁਰਾਨੀ ਨੇ 1762 ਈ: ਵਿਚ ਜਦੋਂ ਵੱਡੀ ਫੌਜੀ ਤਾਕਤ ਨਾਲ ਹਿੰਦੁਸਤਾਨ 'ਤੇ ਹਮਲਾ ਕੀਤਾ, ਉਸ ਸਮੇਂ ਦਲ ਖਾਲਸਾ ਦੇ ਸਰਦਾਰ ਆਪਣੀ ਸੈਨਿਕ ਸ਼ਕਤੀ ਅਤੇ ਪਰਿਵਾਰਾਂ ਸਮੇਤ ਮਾਲੇਰਕੋਟਲਾ ਨੇੜੇ 'ਕੁੱਪ-ਰਹੀੜਾ' ਦੇ ਆਸ-ਪਾਸ ਠਹਿਰੇ ਹੋਏ ਸਨ। ਦੁਰਾਨੀ ਨੇ ਵੱਡੀ ਫੌਜੀ ਤਾਕਤ ਨਾਲ ਲਾਹੌਰ ਤੋਂ ਲਗਪਗ 36 ਘੰਟਿਆਂ ਵਿਚ ਢਾਈ ਸੌ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਿੱਖਾਂ ਉੱਤੇ ਹਮਲਾ ਕੀਤਾ। ਆਪਣੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਸਿੰਘ ਜਾਨ ਹੂਲ ਕੇ ਲੜਦੇ-ਲੜਦੇ ਆਪਣੇ ਪਰਿਵਾਰਾਂ ਨੂੰ ਬਰਨਾਲੇ ਵੱਲ ਲਿਜਾ ਰਹੇ ਸਨ। ਦੁਰਾਨੀ ਨੇ ਇਸ ਹਮਲੇ ਦੌਰਾਨ 20 ਹਜ਼ਾਰ ਤੋਂ 35 ਹਜ਼ਾਰ ਦੇ ਲਗਪਗ ਸਿੰਘਾਂ, ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸ਼ਹੀਦ ਕੀਤਾ। ਇਸ ਘਟਨਾ ਨੂੰ ਸਿੱਖ ਇਤਿਹਾਸ ਵਿਚ 'ਵੱਡੇ ਘੱਲੂਘਾਰੇ' ਵਜੋਂ ਯਾਦ ਕੀਤਾ ਜਾਂਦਾ ਹੈ। ਅੱਜਕਲ੍ਹ ਇਸ ਅਸਥਾਨ 'ਤੇ 'ਵੱਡੇ ਘੱਲੂਘਾਰੇ' ਦੀ ਯਾਦ ਵਿਚ 'ਯਾਦਗਾਰੀ' ਇਮਾਰਤ ਦੀ ਉਸਾਰੀ ਕੀਤੀ ਗਈ ਹੈ। ਇਤਿਹਾਸ ਮੁਤਾਬਿਕ ਇਸ ਘੱਲੂਘਾਰੇ ਦੌਰਾਨ ਸ: ਜੱਸਾ ਸਿੰਘ ਦੇ ਸਰੀਰ ਉੱਤੇ 22 ਵੱਡੇ ਫੱਟ ਲੱਗੇ ਸਨ। ਇਸ ਤੋਂ ਪਿੱਛੋਂ ਦੁਰਾਨੀ (ਅਹਿਮਦ ਸ਼ਾਹ ਅਬਦਾਲੀ) ਨੇ ਵਾਪਸ ਮੁੜਦਿਆਂ ਅੰਮ੍ਰਿਤਸਰ ਸ਼ਹਿਰ ਉੱਤੇ ਹਮਲਾ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ। ਸ: ਜੱਸਾ ਸਿੰਘ ਨੇ ਸਿਆਣਪ ਅਤੇ ਮੁਖੀ ਸਿੱਖ ਆਗੂ ਵਜੋਂ 'ਦਲ ਖਾਲਸਾ' ਮੁੜ ਸੁਰਜੀਤ ਕੀਤਾ ਅਤੇ ਵੱਡੇ ਘੱਲੂਘਾਰੇ ਤੋਂ ਦੋ ਸਾਲ ਬਾਅਦ 1764 ਈ: ਵਿਚ ਸਰਹਿੰਦ ਉੱਤੇ ਹਮਲਾ ਕਰਕੇ ਅਫ਼ਗਾਨ ਫੌਜਦਾਰ ਜੈਨ ਖਾਂ ਨੂੰ ਮਾਰ ਕੇ ਸਾਰਾ ਸ਼ਹਿਰ ਨੇਸਤੋਨਾਬੂਦ ਕਰ ਦਿੱਤਾ।
ਹੁਣ ਸ: ਜੱਸਾ ਸਿੰਘ ਦੀ ਅਗਵਾਈ ਵਿਚ ਦਲ ਖਾਲਸਾ ਨੇ ਜਮਨਾ ਪਾਰ ਦੇ ਇਲਾਕਿਆਂ ਉੱਤੇ ਸਖ਼ਤ ਹਮਲੇ ਕਰਕੇ ਦਿੱਲੀ ਤੱਕ ਮੁੜ ਸਿੱਖ ਸ਼ਕਤੀ ਦੀ ਧਾਂਕ ਜਮਾਈ। ਜਦੋਂ ਮੁੜ ਦੁਰਾਨੀ 1765 ਈ: ਵਿਚ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ ਤਾਂ ਉਹ ਸਿੱਖ ਸ਼ਕਤੀ ਤੋਂ ਘਬਰਾਉਂਦਾ ਸੀ। ਉਸ ਨੇ ਸਿੱਖਾਂ ਨਾਲ ਸਮਝੌਤਾ ਕਰਕੇ ਸ਼ਾਂਤੀ ਕਾਇਮ ਕਰਨ ਦਾ ਯਤਨ ਕੀਤਾ ਪਰ ਮਹਾਨ ਜਰਨੈਲ ਸ: ਜੱਸਾ ਸਿੰਘ ਨੇ ਉਸ ਦੀ ਇਸ ਸਲਾਹ ਨੂੰ ਪੂਰੀ ਤਰ੍ਹਾਂ ਠੁਕਰਾਅ ਦਿੱਤਾ। ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਪਰਚਮ ਲਹਿਰਾਇਆ। 18ਵੀਂ ਸਦੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੇ ਕਿਸੇ ਸਿੱਖ ਜਰਨੈਲ ਨੂੰ ਸੁਨਹਿਰੀ ਹਰਫਾਂ ਵਿਚ ਯਾਦ ਕੀਤਾ ਜਾਂਦਾ ਹੈ ਤਾਂ ਇਹ ਮਾਣ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਮਿਲਦਾ ਹੈ। ਇਹ ਮਹਾਨ ਜਰਨੈਲ 20 ਅਕਤੂਬਰ, 1783 ਈ: ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਉਸ ਸਮੇਂ ਦੇ ਮੁਖੀ ਸਿੱਖਾਂ ਨੇ ਇਨ੍ਹਾਂ ਦੀ ਸਮਾਧ ਗੁ: ਬਾਬਾ ਅਟੱਲ ਰਾਇ ਦੇ ਨਜ਼ਦੀਕ ਅੰਮ੍ਰਿਤਸਰ ਵਿਖੇ ਬਣਵਾਈ। ਸ: ਜੱਸਾ ਸਿੰਘ ਦੀ ਯਾਦ ਬੁਰਜ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਬੁੱਢਾ ਦਲ ਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਮਨਾਈ ਜਾਂਦੀ ਹੈ। ਇਸ ਮਹਾਨ ਜਰਨੈਲ ਨੂੰ ਸਾਡਾ ਪ੍ਰਣਾਮ!


ਮੋਬਾ: 98143-24040
bhagwansinghjohal@gmail.com

ਜਨਮ ਦਿਵਸ 'ਤੇ ਵਿਸ਼ੇਸ਼

ਮਹਾਨ ਗ਼ਦਰੀ ਗੁੰਮਨਾਮ ਜਰਨੈਲ ਬਾਬਾ ਹਰੀ ਸਿੰਘ ਉਸਮਾਨ

ਬਾਬਾ ਹਰੀ ਸਿੰਘ ਉਸਮਾਨ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਕ ਪਿੰਡ ਬੱਦੋਵਾਲ ਵਿਖੇ 20 ਅਕਤੂਬਰ, 1879 ਨੂੰ ਹੋਇਆ। ਪੂਰੇ 19 ਸਾਲ ਦੀ ਉਮਰ ਵਿਚ ਫ਼ੌਜ ਵਿਚ ਭਰਤੀ ਹੋ ਕੇ 20 ਅਕਤੂਬਰ, 1898 ਤੋਂ ਲੈ ਕੇ ਅਪ੍ਰੈਲ, 1905 ਤੱਕ ਕਰੀਬ ਸਾਢੇ ਛੇ ਸਾਲ ਸਰਕਾਰੀ ਨੌਕਰੀ ਕੀਤੀ। ਅਣਖੀਲੇ ਸੁਭਾਅ ਦੇ ਮਾਲਕ ਹੋਣ ਕਰਕੇ ਫ਼ੌਜੀ ਗੁਲਾਮੀ ਨੂੰ ਲੱਤ ਮਾਰ ਕੇ ਪਿੰਡ ਵਾਪਸ ਆ ਗਏ ਤੇ ਢਾਈ ਸਾਲ ਖੇਤੀਬਾੜੀ ਦਾ ਕੰਮ ਕੀਤਾ। 30 ਅਕਤੂਬਰ, 1907 ਨੂੰ ਰੋਟੀ-ਰੋਜ਼ੀ ਦੀ ਭਾਲ ਵਿਚ ਫਿਲਪਾਈਨ ਲਈ ਰਵਾਨਾ ਹੋ ਗਏ। ਦੋ ਸਾਲ ਫਿਲਪਾਈਨ ਸ਼ਹਿਰ ਮਨੀਲਾ ਵਿਚ ਮਜ਼ਦੂਰੀ ਤੇ ਪਹਿਰੇਦਾਰੀ ਕੀਤੀ। ਅੱਗੋਂ ਅਮਰੀਕਾ ਜਾ ਕੇ ਕੈਲੇਫੋਰਨੀਆ, ਇੰਪੀਰੀਅਲ ਵੈਲੀ 'ਚ ਮਜ਼ਦੂਰੀ ਕਰਨ ਪਿੱਛੋਂ ਅਮਰੀਕਾ-ਮੈਕਸੀਕੋ ਹੱਦ 'ਤੇ ਮੈਕਸੀਕਾਲੀ ਕਸਬੇ ਨੇੜੇ 200 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਕਪਾਹ ਦੀ ਖੇਤੀ ਕਰਨ ਲੱਗੇ। ਅਜਿਹੇ ਹਾਲਾਤ ਅੰਦਰ ਸਾਨਫਰਾਂਸਿਸਕੋ ਦੇ 'ਯੁਗਾਂਤਰ-ਆਸ਼ਰਮ' 'ਚੋਂ ਨਿਕਲਦੇ 'ਗ਼ਦਰ' ਅਖ਼ਬਾਰ ਦਾ ਪਹਿਲਾ ਪਰਚਾ ਹਰੀ ਸਿੰਘ ਨੂੰ ਮਿਲਿਆ। ਆਪ ਨੇ ਇਸ ਵਿਚ ਪੜ੍ਹੇ ਹੇਠ ਲਿਖੇ ਚਾਰ ਸਬਕ :
ਪਹਿਲਾ ਸਬਕ ਹਥਿਆਰਬੰਦ ਇਨਕਲਾਬ, ਦੂਜਾ ਸਬਕ ਧਰਮ ਆਪੋ-ਆਪਣਾ, ਤੀਜਾ ਸਬਕ ਸਭ ਗੁਲਾਮ ਦੇਸ਼ਾਂ ਦੀ ਆਜ਼ਾਦੀ ਦੇ ਘੋਲਾਂ ਵਿਚ ਹਿੱਸਾ ਲੈਣਾ ਅਤੇ ਚੌਥਾ ਸਬਕ ਤਨਖਾਹ ਮੌਤ ਤੇ ਇਨਾਮ ਆਜ਼ਾਦੀ। ਚਾਰੇ ਸਬਕ ਹਰੀ ਸਿੰਘ ਨੇ ਪਾਠ ਦੀ ਤਰ੍ਹਾਂ ਯਾਦ ਕਰ ਲਏ।
15 ਅਕਤੂਬਰ, 1914 ਨੂੰ 'ਯੁਗਾਂਤਰ-ਆਸ਼ਰਮ' ਪੁੱਜ ਕੇ ਬਣ ਗਏ ਗ਼ਦਰ ਪਾਰਟੀ ਦੇ ਪੱਕੇ ਮੈਂਬਰ ਤੇ ਬੰਦ ਪਏ ਅਖ਼ਬਾਰ ਗ਼ਦਰ ਨੂੰ ਮੁੜ ਚਾਲੂ ਕਰਨ ਵਾਲੇ ਨਵੇਂ ਸੰਪਾਦਕ। ਗ਼ਦਰ ਪਾਰਟੀ ਦੇ ਫੈਸਲੇ ਮੁਤਾਬਿਕ ਆਪਣੇ ਸਾਥੀਆਂ-ਹਰਨਾਮ ਚੰਦ, ਕਿਸ਼ਨ ਚੰਦ, ਮੰਗੂ ਤੇ ਰਘਵੀਰ ਸਮੇਤ ਆਪ 'ਜਹਾਂਗੀਰ' ਗੁਪਤ ਨਾਂਅ ਹੇਠ 15 ਅਪ੍ਰੈਲ, 1915 ਨੂੰ ਜਰਮਨ ਕੌਂਸਲ ਦੀ ਮਦਦ ਨਾਲ ਅਮਰੀਕਾ ਤੋਂ ਹਿੰਦ ਦੀ ਗ਼ਦਰ ਪਾਰਟੀ ਵਾਸਤੇ ਹਥਿਆਰਾਂ ਦਾ ਭਰਿਆ ਸਮੁੰਦਰੀ ਜਹਾਜ਼ ਲੈ ਕੇ ਰਵਾਨਾ ਹੋ ਗਏ। 5 ਮਹੀਨੇ ਦੀਆਂ ਘੁੰਮਣਘੇਰੀਆਂ ਪਿੱਛੋਂ ਫੜੇ ਗਏ। ਪਰ ਜਕਾਰਤਾ (ਜਾਵਾ) ਵਿਖੇ ਜਰਮਨ ਕੌਂਸਲ ਦੀ ਸਹਾਇਤਾ ਨਾਲ ਬਚ ਨਿਕਲੇ। ਉਥੋਂ ਦੇ 'ਸੂਡਾਨਿਸ਼' ਲੋਕਾਂ ਦੀ ਬੋਲੀ/ਸੱਭਿਆਚਾਰ ਨੂੰ ਬਹੁਤ ਹੀ ਜਲਦੀ ਗ੍ਰਹਿਣ ਕਰਨ ਉਪਰੰਤ ਇਕ ਬੀਬੀ ਨਾਲ ਵਿਆਹ ਕਰਵਾਇਆ, ਜਿਸ ਦੀ ਕੁੱਖੋਂ ਤਿੰਨ ਧੀਆਂ ਤੇ ਦੋ ਪੁੱਤਰਾਂ ਨੇ ਜਨਮ ਲਿਆ। ਆਪ ਨੇ ਇਸ ਵਕਤ 25 ਏਕੜ ਦੀ ਜ਼ਮੀਨ 'ਤੇ ਖੇਤੀ ਕੀਤੀ। ਸ਼ੰਘਾਈ ਦੀ ਅੰਗਰੇਜ਼ ਪੁਲਿਸ ਤੇ ਸੀ.ਆਈ.ਡੀ. ਤਿੰਨ ਸਾਲ ਆਪ ਨੂੰ ਜਾਵਾ 'ਚ ਭਾਲ-ਭਾਲ ਕੇ ਫੇਲ੍ਹ ਹੋ ਗਈ ਤੇ ਵਾਪਸ ਮੁੜ ਗਈ। ਆਪ ਦੇ ਰੌਸ਼ਨ ਦਿਮਾਗ 'ਚ ਗ਼ਦਰ ਸੁਪਨਾ ਸਦਾ ਜਿਊਂਦਾ ਰਿਹਾ।
ਆਪ ਦਾ ਪਹਿਲਾ ਸਪੁੱਤਰ ਵੱਡਾ ਹੈਰੀ (ਹਰੀ ਸਿੰਘ) ਆਜ਼ਾਦ ਹਿੰਦ ਫ਼ੌਜ ਦੇ ਲੈਫਟੀਨੈਂਟ ਦੇ ਰੂਪ 'ਚ ਇੰਫਾਲ ਫਰੰਟ 'ਤੇ ਅੰਗਰੇਜ਼ਾਂ ਵਿਰੁੱਧ ਹਿੰਦ ਦੀ ਮੁਕਤੀ ਲਈ ਲੜਦਾ ਹੋਇਆ ਸ਼ਹੀਦ ਹੋ ਗਿਆ।
ਦੂਜਾ ਸਪੁੱਤਰ ਛੋਟਾ ਹੈਰੀ (ਹਰੀ ਸਿੰਘ) ਨੇ ਫ਼ੌਜ ਦੇ ਖੁਫੀਆ ਕਾਰਜਾਂ ਬਦਲੇ ਅੰਗਰੇਜ਼, ਡੱਚ ਤੇ ਜਾਵਾ ਹਾਕਮਾਂ ਦੇ ਅਸਿਹ ਤੇ ਅਕਿਹ ਤਸੀਹੇ ਝੱਲੇ। 1945 'ਚ ਮੁੜ ਜਾਵਾ ਵਾਪਸੀ 'ਤੇ ਨਵੰਬਰ 45 'ਚ ਮੁਸਲਿਮ ਕੱਟੜਪੰਥੀਆਂ ਵਲੋਂ ਸੁਣਾਈ ਸਜ਼ਾ-ਏ-ਮੌਤ ਤੋਂ ਕੇਵਲ ਕੁਝ ਮਿੰਟ ਪਹਿਲਾਂ ਆਪ ਤੇ ਛੋਟਾ ਹੈਰੀ ਦੋਨੋਂ ਬਚਣ 'ਚ ਸਫਲ ਹੋ ਗਏ। ਗੁੰਮਨਾਮ ਪਰ ਚੜ੍ਹਦੀ ਕਲਾ ਵਾਲਾ, ਲੋਕ ਸੇਵਾ ਵਾਲਾ, ਕ੍ਰਾਂਤੀ 'ਚ ਅਟੱਲ ਵਿਸ਼ਵਾਸ ਵਾਲਾ, ਦੇਸ਼ ਨੂੰ ਸਮਰਪਿਤ ਫਕੀਰੀ ਜੀਵਨ ਜਿਊਂਦੇ ਹੋਏ 15 ਅਗਸਤ, 1969 ਨੂੰ ਬੱਦੋਵਾਲ ਵਿਖੇ ਵਤਨ ਵਾਸੀਆਂ ਨੂੰ ਸਦੀਵੀ ਵਿਛੋੜਾ ਦੇ ਗਏ।


-ਫੋਨ : 0161-2805677

ਕਿਲ੍ਹਾ ਬਾੜਾ; ਨਾਂਅ ਤੇ ਸ਼ਾਨ ਅੱਜ ਵੀ ਕਾਇਮ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇਸ ਨੂੰ ਪੱਥਰਾਂ ਨਾਲ ਬਣਾਇਆ ਗਿਆ ਹੈ। ਇਸ ਦੇ ਚਾਰੇ ਪਾਸੇ ਬਣਾਈ ਗਈ ਡੂੰਘੀ ਖਾਈ ਅੱਜ ਵੀ ਮੌਜੂਦ ਹੈ। ਸਿੱਖ ਰਾਜ ਦੇ ਸਮੇਂ ਇਸ ਨੂੰ ਬਾੜਾ ਨਹਿਰ ਦੇ ਪਾਣੀ ਨਾਲ ਭਰਿਆ ਜਾਂਦਾ ਸੀ। ਇਸ ਫਸੀਲ ਅਤੇ ਕਿਲ੍ਹੇ ਦੀ ਅੰਦਰਲੀ ਦੀਵਾਰ ਦੇ ਵਿਚ 10 ਫੁੱਟ ਚੌੜੀ ਗੈਲਰੀ ਚਾਰੋਂ ਪਾਸੇ ਬਣਾਈ ਗਈ ਹੈ। ਇਥੇ ਖੜ੍ਹੇ ਹੋਣ 'ਤੇ ਕਿਲ੍ਹੇ ਦੀ ਅੰਦਰਲੀ ਦੀਵਾਰ ਵਿਚ ਬਣਾਏ ਗਏ ਮੋਰਚਿਆਂ ਵਿਚ 11ਵੀਂ ਫਰੰਟੀਅਰ ਕੋਰ ਦੇ ਖੜ੍ਹੇ ਹਥਿਆਰਬੰਦ ਸੈਨਿਕ ਸਾਫ਼ ਵਿਖਾਈ ਦੇ ਜਾਂਦੇ ਹਨ। ਕਿਲ੍ਹੇ ਦਾ ਨਕਸ਼ਾ ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਪ੍ਰਤੀਤ ਹੁੰਦਾ ਹੈ।
ਕਿਲ੍ਹੇ ਦੇ ਅੰਦਰ ਸੈਨਿਕਾਂ ਦੀ ਰਿਹਾਇਸ਼ ਲਈ ਬਹੁਤ ਸਾਰੀਆਂ ਬੈਰਕਾਂ, ਸੈਨਾ ਦੇ ਦਫ਼ਤਰ, ਸਟੇਡੀਅਮ, ਮੇਸ ਅਤੇ ਸੈਨਾ ਦੇ ਅਫ਼ਸਰਾਂ ਦੇ ਵੱਡੇ-ਵੱਡੇ ਬੰਗਲੇ ਬਣੇ ਹੋਏ ਹਨ। ਇਹ ਸਭ ਨਵੀਨਤਮ ਸਮਾਰਕ ਅੰਗਰੇਜ਼ੀ ਸ਼ਾਸਨ ਦੇ ਦੌਰਾਨ ਹੀ ਬਣਾਏ ਗਏ ਹਨ, ਜਦੋਂਕਿ ਕਿਲ੍ਹੇ ਵਿਚ ਮੌਜੂਦ ਮਸਜਿਦ ਨੂੰ ਸੰਨ 1967 ਵਿਚ ਬਣਾਇਆ ਗਿਆ ਹੈ। ਕਿਲ੍ਹੇ ਦਾ ਅੰਦਰਲਾ ਮੁੱਖ ਦਰਵਾਜ਼ਾ ਲੱਕੜੀ ਦਾ ਬਣਿਆ ਹੋਇਆ ਹੈ ਅਤੇ ਇਹ ਸਿੱਖ ਰਾਜ ਸਮੇਂ ਬਣਾਇਆ ਗਿਆ ਪ੍ਰਤੀਤ ਹੁੰਦਾ ਹੈ। ਇਹ ਦਰਵਾਜ਼ਾ 10 ਫੁੱਟ ਚੌੜਾ ਅਤੇ 10 ਫੁੱਟ ਉੱਚਾ ਹੈ। ਇਸ ਦੇ ਅੱਗੇ ਕਿਲ੍ਹੇ ਵਿਚ ਤਾਇਨਾਤ ਸੈਨਾ ਅਤੇ ਸੈਨਾ ਦੇ ਮੁੱਖ ਅਧਿਕਾਰੀਆਂ ਨੂੰ ਹੀ ਜਾਣ ਦੀ ਮਨਜ਼ੂਰੀ ਹੈ। ਇਥੇ ਸਥਾਪਿਤ ਕਿਸੇ ਵੀ ਸਮਾਰਕ ਦੀ ਕੈਮਰਾ ਤਸਵੀਰ ਲੈਣਾ ਜਾਂ ਉਸ ਵੱਲ ਟੁਕਰ-ਟੁਕਰ ਝਾਕਣਾ ਕਿਸੇ ਵੱਡੀ ਮੁਸੀਬਤ ਨੂੰ ਸੱਦਾ ਦੇਣ ਦੇ ਸਮਾਨ ਹੈ।
ਸਿੱਖ ਰਾਜ ਦੌਰਾਨ ਬਣੀ ਇਹ ਸਿੱਖ ਧਰੋਹਰ ਕਿਲ੍ਹਾ ਬਾੜਾ ਅੱਜ ਵੀ ਸੁਰੱਖਿਅਤ ਹੈ, ਚੰਗੀ ਹਾਲਤ ਵਿਚ ਹੈ ਅਤੇ ਫੈਡਰਲੀ ਐਡਮਨਿਸਟ੍ਰੇਟਿਡ ਟਰਾਈਬਲ ਇਲਾਕਿਆਂ ਵਿਚ ਕਾਫੀ ਪ੍ਰਸਿੱਧ ਵੀ ਹੈ। ਕਿਲ੍ਹੇ ਦੇ ਅੰਦਰ ਇਸ ਧਰੋਹਰ ਦਾ ਨਿਰਮਾਣ ਕਰਵਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਜਾਂ ਸਿੱਖ ਦਰਬਾਰ ਨਾਲ ਸਬੰਧਤ ਕੋਈ ਵੀ ਪੱਥਰ ਦੀ ਸਿਲ ਜਾਂ ਇਸ ਦੇ ਨਿਰਮਾਣ ਨਾਲ ਸਬੰਧਤ ਸੂਚਨਾ ਬੋਰਡ ਮੌਜੂਦ ਨਹੀਂ ਹੈ, ਸਗੋਂ ਸਿੱਖ ਰਾਜ ਦੀ ਸਮਾਪਤੀ ਦੇ ਬਾਅਦ ਇਸ ਧਰੋਹਰ 'ਤੇ ਕਾਬਜ਼ ਹੋਣ ਵਾਲੇ ਅੰਗਰੇਜ਼ ਅਹਿਲਕਾਰਾਂ ਅਤੇ ਸੈਨਾ ਦੇ ਅਧਿਕਾਰੀਆਂ ਦੇ ਕਿਲ੍ਹੇ ਦੀ ਹਰ ਦੂਸਰੀ ਜਾਂ ਚੌਥੀ ਦੀਵਾਰ 'ਤੇ ਲੱਗੇ ਨਾਵਾਂ ਦੀਆਂ ਤਖ਼ਤੀਆਂ ਅਤੇ ਸੂਚਨਾ ਬੋਰਡ ਸਿੱਖ ਇਤਿਹਾਸ ਨੂੰ ਮੂੰਹ ਚੜ੍ਹਾਉਂਦੇ ਜ਼ਰੂਰ ਵਿਖਾਈ ਦੇ ਜਾਂਦੇ ਹਨ।


-ਅੰਮ੍ਰਿਤਸਰ। ਫੋਨ : 93561-27771, 78378-49764

ਗੁਰਦੁਆਰਾ ਸਾਹਿਬ ਮਾਕਿੰਡੋ (ਕੀਨੀਆ)

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨਰੂਬੀ ਤੋਂ ਇਹ ਪਾਵਨ ਪੁਰਾਤਨ ਬੀੜ 1998 ਈ:, ਭਾਈ ਸਾਹਿਬ ਭਾਈ ਮਹਿੰਦਰ ਸਿੰਘ ਦੀ ਦੇਖ-ਰੇਖ ਹੇਠ ਸੇਵਾ-ਸੰਭਾਲ ਵਾਸਤੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਕਰੀਚੋ ਦੇ ਗੁਰੂ-ਘਰ 'ਚ ਪ੍ਰਕਾਸ਼ਮਾਨ ਕੀਤੀ ਗਈ। ਲਗਪਗ 12 ਸਾਲ ਇਹ ਪਾਵਨ ਸਵਰੂਪ ਕਰੀਚੋ ਦੇ ਗੁਰਦੁਆਰੇ 'ਚ ਪ੍ਰਕਾਸ਼ਮਾਨ ਹੋ ਦਰਸ਼ਨ-ਦੀਦਾਰ ਸੰਗਤਾਂ ਨੂੰ ਬਖਸ਼ਦੇ ਰਹੇ। ਸੰਨ 2010 ਈ: ਵਿਚ ਇਹ ਪਾਵਨ ਸਰੂਪ ਵਿਸ਼ੇਸ਼ ਨਗਰ ਕੀਰਤਨ ਦੇ ਰੂਪ 'ਚ ਕਰੀਚੋ ਤੋਂ ਕਸੁਮੋ ਲਿਆਂਦਾ ਗਿਆ, ਜਿਥੋਂ ਪੁਰਾਣੀ ਰੇਲਵੇ ਲਾਈਨ 'ਤੇ ਵਿਸ਼ੇਸ਼ ਟ੍ਰੇਨ 'ਸਿੱਖ ਗੁਰੂ ਐਕਸਪ੍ਰੈਸ' ਰਾਹੀਂ 7 ਫਰਵਰੀ, 2010 ਈ: ਮਾਕਿੰਡੋ ਆਪਣੇ ਮੂਲ ਅਸਥਾਨ 'ਤੇ ਪ੍ਰਕਾਸ਼ਮਾਨ ਕੀਤਾ ਗਿਆ। ਸੰਗਤਾਂ ਦੇ ਦਰਸ਼ਨਾਂ ਵਾਸਤੇ ਇਸੇ ਬਖਸ਼ਿਸ਼ ਵਾਲੇ ਸਰੂਪ ਨੂੰ ਵਿਸ਼ੇਸ਼ ਤੌਰ 'ਤੇ ਮਾਕਿੰਡੋ ਤੋਂ ਹੈਲੀਕਾਪਟਰ ਰਾਹੀਂ '350ਵੇਂ ਦਸਮੇਸ਼ ਸਮਾਗਮ' (22 ਤੋਂ 26 ਜੂਨ, 2017) ਸਮੇਂ ਨਰੂਬੀ ਲਿਆਂਦਾ ਗਿਆ।
28 ਜੂਨ, 2017 ਈ: ਨੂੰ ਇਸ ਗੁਰਦੁਆਰੇ 'ਚ ਪਾਵਨ ਬੀੜ ਦੇ ਦਰਸ਼ਨ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਇਹ ਪਾਵਨ ਬੀੜ ਅੰਮ੍ਰਿਤਸਰ ਦੇ ਪ੍ਰਕਾਸ਼ਕ, ਗੁਰਬਾਣੀ ਪ੍ਰਚਾਰਕ ਸੇਵਕ ਕੰਪਨੀ ਅੰਮ੍ਰਿਤਸਰ, ਸ੍ਰੀ ਗੁਰਮਤ ਪ੍ਰੈੱਸ ਵਿਚ ਸੰਮਤ ਨਾਨਕਸ਼ਾਹੀ 457 (ਬਿ: 1982-83, 1926 ਈ:) ਪ੍ਰਕਾਸ਼ਿਤ ਹੋਈ। ਕਿਨਾਰੇ 'ਤੇ ਇਕ ਰੰਗੀ ਵੇਲ ਹੈ। ਛਪਾਈ ਬਹੁਤ ਹੀ ਸੁੰਦਰ ਹੈ।
ਇਸ ਗੁਰਦੁਆਰੇ ਦੀ ਸਮੁੱਚੇ ਦੱਖਣੀ-ਅਫਰੀਕਾ ਦੇ ਦੇਸ਼ਾਂ ਵਿਚ ਬਹੁਤ ਮਾਨਤਾ ਤੇ ਮਹਾਨਤਾ ਹੈ। ਵਰਤਮਾਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਕਰਨ ਵਾਸਤੇ ਤਿੰਨ-ਵਿਸ਼ੇਸ਼ ਦਰਬਾਰ ਹਾਲ ਹਨ, ਜਿਨ੍ਹਾਂ ਵਿਚ ਰੋਜ਼ਾਨਾ ਦੀ ਮਰਯਾਦਾ ਬਾਖੂਬੀ ਨਿਭਾਈ ਜਾ ਰਹੀ ਹੈ। ਸੇਵਾ ਵਾਸਤੇ ਪੰਜ ਗ੍ਰੰਥੀ ਸਿੰਘ, ਦੋ ਰਾਗੀ ਜਥੇ, ਕੁੱਲ 20 ਸੇਵਾਦਾਰ ਹਨ। ਦਿਨ-ਰਾਤ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਹੈ। ਰਿਹਾਇਸ਼ ਵਾਸਤੇ ਬਹੁਤ ਸ਼ਾਨਦਾਰ 100 ਕਮਰਿਆਂ ਦਾ ਨਿਵਾਸ ਅਸਥਾਨ ਹੈ। ਮੈਨੂੰ ਬਹੁਤ ਸਾਰੇ ਦੇਸ਼ਾਂ 'ਚ ਜਾਣ ਦਾ ਮੌਕਾ ਮਿਲਿਆ ਹੈ। ਗੁਰੂ-ਘਰ ਦੀ ਸਾਫ਼-ਸਫ਼ਾਈ, ਸੰਭਾਲ, ਹਰਿਆ-ਭਰਿਆ ਇਕਾਂਤ ਵਾਤਾਵਰਨ, ਖੂਬਸੂਰਤ ਨਿਵਾਸ ਲਈ ਇਸ ਤਰ੍ਹਾਂ ਦੇ ਕਮਰੇ ਮੈਂ ਹੋਰ ਕਿਧਰੇ ਨਹੀਂ ਦੇਖੇ! 80 ਦੇ ਕਰੀਬ ਕੀਨੀਆ, ਨਿਵਾਸੀ ਇਸ ਗੁਰੂ-ਘਰ ਵਿਚ ਸਾਫ਼-ਸਫਾਈ ਦੀ ਸੇਵਾ ਕਰਦੇ ਹਨ, ਦਸਤਾਰਧਾਰੀ ਕਾਲੇ ਲੰਗਰ ਤਿਆਰ ਕਰਦੇ, ਪੰਜਾਬੀ ਬੋਲਦੇ ਤੇ ਸਮਝਦੇ ਹਨ। ਇਹ ਸਾਰੇ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹਨ, ਜਿਨ੍ਹਾਂ ਨੂੰ ਗੁਰੂ-ਘਰ ਦੇ ਪਿਛਲੇ ਪਾਸੇ ਨਿਵਾਸ ਬਣਾ ਕੇ ਦਿੱਤੇ ਹੋਏ ਹਨ। ਗੁਰਦੁਆਰਾ ਸਾਹਿਬ ਦੇ ਸਾਹਮਣੇ-ਸੜਕ ਦੇ ਦੂਸਰੇ ਪਾਸੇ ਗੁਰੂ ਨਾਨਕ ਹਸਪਤਾਲ ਹੈ, ਜੋ ਸੇਵਾ 'ਚ ਚੱਲਦਾ ਹੈ। ਗੁਰੂ-ਘਰ 'ਚ ਦੁੱਧ ਦੀ ਲੋੜ ਨੂੰ ਪੂਰਾ ਕਰਨ ਲਈ ਆਪਣੀ ਗਊਸ਼ਾਲਾ ਹੈ।
ਗੁਰਦੁਆਰਾ ਸਾਹਿਬ ਮਾਕਿੰਡੋ ਦੀ ਮਾਨਤਾ ਪਿੱਛੇ ਇਕ ਮਿੱਥ ਵੀ ਹੈ ਕਿ ਜਿਸ ਸਮੇਂ 1950 ਈ: 'ਚ ਬੰਦ ਪਏ ਗੁਰੂ-ਘਰ ਨੂੰ ਅੱਗ ਲੱਗ ਗਈ ਤਾਂ ਸਫ਼ਾਈ ਆਦਿ ਦੀ ਸੇਵਾ ਕਰਨ ਵਾਲੇ ਮਾਕਿੰਡੋ ਨਿਵਾਸੀ ਅਫ਼ਰੀਕੀ ਗਵਾਲੋ ਨੂੰ ਸੁਪਨੇ 'ਚ ਸਾਹਿਬੇ-ਕਮਾਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ, ਦਿਨ ਵੇਲੇ ਉਸ ਨੇ ਇਕ ਸਿੱਖ ਕਿਸਾਨ ਸ: ਧੰਨਾ ਸਿੰਘ ਨੂੰ ਦੱਸਿਆ ਕਿ ਮੈਨੂੰ ਸੁਪਨੇ ਵਿਚ ਇਕ ਘੋੜ-ਸਵਾਰ ਸਰਦਾਰ ਦੇ ਦਰਸ਼ਨ ਹੋਏ, ਜਿਸ ਦੇ ਹੱਥ ਵਿਚ ਕੁਝ ਪਕੜਿਆ ਸੀ ਤੇ ਪੁਸ਼ਾਕ ਬਹੁਤ ਸੁੰਦਰ ਸੀ। ਜਦ ਉਸ ਸਮੇਂ ਉਸ ਨੂੰ ਕਲਗੀਧਰ ਦਸਮੇਸ਼ ਪਿਤਾ ਦੀ ਤਸਵੀਰ ਦਿਖਾਈ ਗਈ ਤਾਂ ਉਸ ਨੇ ਪਹਿਚਾਣ ਕੇ ਕਿਹਾ ਕਿ ਇਹੀ ਸੀ। ਬਸ ਉਸ ਦਿਨ ਤੋਂ ਮਾਨਤਾ ਹੋ ਗਈ ਕਿ ਸਿੱਖਾਂ ਦੇ ਆਪ ਸਹਾਈ ਹੋਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਹਾਜ਼ਰ ਹੋਏ ਹਨ। ਸੱਚ ਹੈ ਜਹਾ ਜਹਾ ਖ਼ਾਲਸਾ ਜੀ ਸਾਹਿਬ ਤਹਾ-ਤਹਾ ਰੱਛਾ ਰਾਇਤ...।
ਵਰਤਮਾਨ ਸਮੇਂ ਮਾਕਿੰਡੋ ਜ਼ਿਲ੍ਹਾ ਹੈ ਪਰ ਸ਼ਹਿਰ ਬਹੁਤ ਹੀ ਛੋਟਾ ਹੈ। ਇਸ ਗੱਲ ਦੀ ਹੈਰਾਨੀ ਹੈ ਕਿ ਇਸ ਗੁਰਦੁਆਰੇ ਦੇ ਆਲੇ-ਦੁਆਲੇ 100 ਕਿਲੋਮੀਟਰ ਤੱਕ ਵੀ ਸਿੱਖ ਆਬਾਦੀ ਨਹੀਂ ਪਰ ਸਨਿਚਰਵਾਰ ਤੇ ਐਤਵਾਰ ਏਨੀ ਸੰਗਤ ਹੁੰਦੀ ਹੈ ਕਿ ਨਿਵਾਸ ਦਾ ਇਕ ਵੀ ਕਮਰਾ ਖਾਲੀ ਨਹੀਂ ਮਿਲੇਗਾ। ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਹੈ। ਦੂਰ-ਦੂਰ ਤੱਕ ਗੁਰਦੁਆਰੇ ਦੀ ਮਾਨਤਾ ਤੇ ਇਤਿਹਾਸਕ ਮਹੱਤਵ ਹੋਣ ਕਾਰਨ ਲੋਕ ਇੰਗਲੈਂਡ, ਅਮਰੀਕਾ, ਡੁਬਈ, ਭਾਰਤ, ਤਨਜਾਨੀਆ, ਯੂਗਾਂਡਾ ਆਦਿ ਦੇਸ਼ਾਂ ਤੇ ਮੁਬਾਸਾ, ਕਸੁਮੋ, ਕਰੀਚੋ ਆਦਿ ਤੋਂ ਦਰਸ਼ਨ ਕਰਨ ਵਾਸਤੇ ਆਉਂਦੇੇ ਹੀ ਰਹਿੰਦੇ ਹਨ। ਗੁਰਦੁਆਰਾ ਸਾਹਿਬ ਦੀ ਸਮੁੱਚੀ ਦੇਖ-ਰੇਖ ਇਕ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ, ਪ੍ਰਬੰਧਕ ਸਾਰੇ ਹੀ ਨਰੂਬੀ ਦੇ ਹਨ, ਰੋਜ਼ਾਨਾ ਦੇ ਪ੍ਰਬੰਧ ਵਾਸਤੇ ਇਕ ਮੈਨੇਜਰ ਹੈ।

ਪਰਚੀਆਂ ਸੂਫ਼ੀ ਫ਼ਕੀਰਾਂ ਦੀਆਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਪਰਚੀ ਅਵੈਸ ਕਰਨੀ ਜੀ : ਮਹਾਤਮਾ ਅਵੈਸ ਆਰੰਭਲੇ ਸੂਫ਼ੀਆਂ ਵਿਚੋਂ ਇਕ ਅਹਿਮ ਸੂਫ਼ੀ ਮੰਨੇ ਜਾਂਦੇ ਹਨ, ਜੋ ਹਜ਼ਰਤ ਮੁਹੰਮਦ ਸਾਹਿਬ ਦੇ ਸਮਕਾਲੀ ਸਨ। ਕਰਨ ਦੇਸ (ਯਮਨ) ਦੇ ਵਾਸੀ ਹੋਣ ਕਰਕੇ ਉਨ੍ਹਾਂ ਨੂੰ ਅਵੈਸ ਕਰਨੀ ਵੀ ਕਿਹਾ ਜਾਂਦਾ ਹੈ। ਅਵੈਸ ਕਰਨੀ ਦੀ ਜ਼ਿੰਦਗੀ ਵੀ ਸੂਫ਼ੀਆਂ ਦੀ ਤਰਜ਼ਿ-ਜ਼ਿੰਦਗੀ ਵਾਂਗ ਸਾਦਾ ਅਤੇ ਇਬਾਦਤਗੁਜ਼ਾਰੀ ਵਾਲੀ ਸੀ। ਉਹ ਸਾਰਾ ਦਿਨ ਊਠ ਚਰਾਉਂਦੇ ਅਤੇ ਇਸ ਦੇ ਇਵਜ਼ ਵਿਚ ਮਿਲਦੇ ਮਿਹਨਤਾਨੇ ਨਾਲ ਗੁਜ਼ਾਰਾ ਕਰਦੇ। ਹਜ਼ਰਤ ਮੁਹੰਮਦ ਸਾਹਿਬ ਦੇ ਦਿਹਾਂਤ ਤੋਂ ਬਾਅਦ ਉਮਰ ਅਲੀ, ਅਵੈਸ ਕਰਨੀ ਦੇ ਦਰਸ਼ਨਾਂ ਨੂੰ ਕੂਫੇ ਪਹੁੰਚੇ, ਜਿਥੇ ਹੋਰ ਲੋਕ ਵੀ ਆਏ ਹੋਏ ਸਨ। ਉਮਰ ਅਲੀ ਨੇ ਕੂਫੇ ਦੇ ਲੋਕਾਂ ਪਾਸੋਂ ਅਵੈਸ ਬਾਰੇ ਪੁੱਛਿਆ ਪਰ ਕਿਸੇ ਨੇ ਕੁਝ ਨਾ ਦੱਸਿਆ। ਕਿਸੇ ਨੇ ਦੱਸ ਪਾਈ ਕਿ ਕਰਨ ਦੇਸ਼ ਤੋਂ ਆਇਆ ਇਕ ਵਿਅਕਤੀ ਜੰਗਲੀ ਪਹਿਰਾਵਾ ਪਹਿਨੀ ਸਾਰਾ ਦਿਨ ਉਜਾੜ ਵਿਚ ਬੈਠਾ ਰਹਿੰਦਾ ਹੈ। ਉਹ ਕਿਸੇ ਦੀ ਵੀ ਖੁਸ਼ੀ-ਗ਼ਮੀ ਵਿਚ ਸ਼ਰੀਕ ਨਹੀਂ ਹੁੰਦਾ ਅਤੇ ਭਗਤੀ ਵਿਚ ਹੀ ਲੀਨ ਰਹਿੰਦਾ ਹੈ। ਇਹ ਸਭ ਕੁਝ ਸੁਣ ਕੇ ਉਮਰ ਅਲੀ ਅਵੈਸ ਨੂੰ ਮਿਲਣ ਲਈ ਜੰਗਲ ਵਿਚ ਪਹੁੰਚ ਗਏ। ਉਮਰ ਅਲੀ ਨੇ ਕੁਝ ਸਿੱਖ ਮੱਤ ਦੇਣ ਦੀ ਬੇਨਤੀ ਕੀਤੀ ਤਾਂ ਅਵੈਸ ਨੇ ਕਿਹਾ ਕਿ ਕਿਰਤ ਕਮਾਈ ਕਰਨੀ ਚਾਹੀਦੀ ਹੈ, ਲੋਭ, ਲਾਲਚ ਦਾ ਤਿਆਗ ਕਰਕੇ ਕੇਵਲ ਅੱਲਾ ਦੀ ਬੰਦਗੀ ਕਰਨੀ ਚਾਹੀਦੀ ਹੈ, ਮਨ ਵਿਚ ਸਬਰ-ਸੰਤੋਖ ਹੋਣਾ ਚਾਹੀਦਾ ਹੈ। ਅਵੈਸ ਕਰਨੀ ਰੱਬ ਦੇ ਭੈਅ-ਭਾਵਨੀ ਵਿਚ ਰਹਿਣ ਵਾਲੇ ਸੂਫ਼ੀ ਫ਼ਕੀਰ ਸਨ, ਜਿਨ੍ਹਾਂ ਦਾ ਜੀਵਨ ਲਕਸ਼ ਕੇਵਲ ਬੰਦਗੀ ਹੀ ਸੀ।
ਪਰਚੀ ਮਨਸੂਰ ਕੀ : ਸੂਫ਼ੀ ਸਾਧਕਾਂ ਦੀ ਕਤਾਰ ਵਿਚ ਮਹਾਨ ਸਾਧਕ ਹੁਸੈਨ ਮਨਸੂਰ ਬਿਨ ਅੱਲ ਹੱਲਾਜ਼ ਦਾ ਨਾਂਅ ਵੀ ਸ਼ਾਮਿਲ ਹੈ। ਹੱਲਾਜ਼ ਦਾ ਅਰਥ ਪੇਂਜਾ ਹੁੰਦਾ ਹੈ, ਜਿਸ ਕਰਕੇ ਇਨ੍ਹਾਂ ਦੇ ਪਿਤਾ ਹੱਲਾਜ਼ ਨਾਂਅ ਨਾਲ ਪ੍ਰਸਿੱਧ ਹੋਏ। ਇਨ੍ਹਾਂ ਦਾ ਜਨਮ ਬੈਜਾ ਵਿਖੇ 855 ਈ: ਵਿਚ ਹੋਇਆ। ਇਸ ਨੇ ਸੁਹੇਲ-ਬਿਨ-ਅਬਦੁੱਲਾ ਤੁਸ਼ਤਰੀ ਅਤੇ ਜੁਨੈਦ ਪਾਸੋਂ ਅਧਿਆਤਮਕ ਅਤੇ ਸੰਸਾਰਕ ਵਿੱਦਿਆ ਹਾਸਲ ਕੀਤੀ। ਇਕ ਸਮੇਂ ਜਾ ਕੇ ਇਸ ਦੀ ਆਤਮਿਕ ਅਵਸਥਾ ਏਨੀ ਉੱਚੀ ਹੋ ਗਈ ਕਿ ਉਸ ਨੇ ਅਨਲਹੱਕ ਅਰਥਾਤ 'ਮੈਂ ਰੱਬ ਹਾਂ' ਦਾ ਨਾਅਰਾ ਲਾਇਆ ਜੋ ਕੱਟੜਪੰਥੀ ਮੁੱਲਾਂ ਮੁਲਾਣਿਆਂ ਨੂੰ ਚੰਗਾ ਨਾ ਲੱਗਿਆ। ਕਈ ਮੁਲਕਾਂ ਵਿਚੋਂ ਘੁੰਮਦੇ ਘੁਮਾਉਂਦਿਆਂ ਜਦ ਮਨਸੂਰ ਬਗਦਾਦ ਆਇਆ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸਲਾਮ ਦੀ ਤੌਹੀਨ ਦਾ ਇਲਜ਼ਾਮ ਲਾ ਕੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਅਤੇ ਫਿਰ 309 ਹਿਜਰੀ ਭਾਵ 922 ਈ: ਨੂੰ ਸੂਲੀ ਚਾੜ੍ਹ ਦਿੱਤਾ ਗਿਆ। ਜਦੋਂ ਮਨਸੂਰ ਨੂੰ ਸੂਲੀ ਉੱਪਰ ਚੜ੍ਹਾਉਣ ਦਾ ਹੁਕਮ ਦਿੱਤਾ ਗਿਆ ਤਾਂ ਪਹਿਲਾਂ ਚੌਰਾਹੇ ਵਿਚ ਬਿਠਾ ਕੇ ਹਰ ਰਾਹਗੀਰਾਂ ਨੂੰ ਕਿਹਾ ਗਿਆ ਕਿ ਉਹ ਮਨਸੂਰ ਨੂੰ ਪੱਥਰ ਮਾਰਨ। ਮਨਸੂਰ ਦਾ ਇਕ ਮਿੱਤਰ ਸ਼ਿਬਲੀ ਜਾਂ ਸ਼ਿਬਲੀ ਨੌਮਾਨੀ ਜਦ ਉਥੋਂ ਗੁਜ਼ਰਨ ਲੱਗਾ ਤਾਂ ਉਸ ਨੇ ਰਾਜੇ ਦੇ ਹੁਕਮ ਦੀ ਪਾਲਣਾ ਕਰਦੇ ਪੱਥਰ ਦੀ ਥਾਂ ਫੁੱਲ ਮਾਰ ਦਿੱਤਾ। ਫੁੱਲ ਵਜਦੇ ਹੀ ਮਨਸੂਰ ਕੁਰਲਾਅ ਉੱਠਿਆ। ਸ਼ਿਬਲੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਮਨਸੂਰ ਨੇ ਉੱਤਰ ਦਿੱਤਾ ਕਿ ਉਹ ਤਾਂ ਉਸ ਦੀਆਂ ਗੁੱਝੀਆਂ ਗੱਲਾਂ ਦਾ ਭੇਦ ਜਾਣਦਾ ਹੈ। ਇਸ ਲਈ ਉਸ ਪਾਸੋਂ ਇਸ ਤਰ੍ਹਾਂ ਦੇ ਵਿਵਹਾਰ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ।
ਪਰਚੀ ਫੁਜ਼ੈਲ ਜੀ ਕੀ : ਪੂਰਾ ਨਾਂਅ ਅਲ ਫੁਜ਼ੈਲ ਬਿਨ ਜ਼ੈਦ ਸੀ। ਇਹ ਕੂਫੇ ਦੇ ਵਸਨੀਕ ਸਨ ਅਤੇ ਦਿਹਾਂਤ 805 ਈ: ਵਿਚ ਹੋਇਆ। ਇਨ੍ਹਾਂ ਦਾ ਆਰੰਭਿਕ ਜੀਵਨ ਸੱਜਣ ਠੱਗ ਨਾਲ ਮਿਲਦਾ-ਜੁਲਦਾ ਹੈ। ਭੇਸ ਫਕੀਰਾਂ ਵਾਲਾ ਪਰ ਕੰਮ ਲੁੱਟਣ-ਖੋਹਣ ਦਾ ਸੀ। ਇਕ ਵਾਰ ਇੰਜ ਹੋਇਆ ਕਿ ਕਾਫਲੇ ਦੇ ਇਕ ਆਦਮੀ ਨੂੰ ਇਹ ਅੰਦੇਸ਼ਾ ਹੋਇਆ ਕਿ ਉਨ੍ਹਾਂ ਦਾ ਕਾਫਲਾ ਲੁੱਟਿਆ ਜਾਣ ਵਾਲਾ ਹੈ। (ਚਲਦਾ)


-ਮੋਬਾ: 98889-39808

ਸ਼ਬਦ ਵਿਚਾਰ

ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ॥

ਸਿਰੀਰਾਗੁ ਮਹਲਾ ੫
ਘੜੀ ਮੁਹਤ ਕਾ ਪਾਹੁਣਾ
ਕਾਜ ਸਵਾਰਣਹਾਰੁ॥
ਮਾਇਆ ਕਾਮਿ ਵਿਆਪਿਆ
ਸਮਝੈ ਨਾਹੀ ਗਾਵਾਰੁ॥
ਉਠਿ ਚਲਿਆ ਪਛੁਤਾਇਆ
ਪਰਿਆ ਵਸਿ ਜੰਦਾਰ॥ ੧॥
ਅੰਧੇ ਤੂੰ ਬੈਠਾ ਕੰਧੀ ਪਾਹਿ॥
ਜੇ ਹੋਵੀ ਪੂਰਬਿ ਲਿਖਿਆ
ਤਾ ਗੁਰ ਕਾ ਬਚਨੁ ਕਮਾਹਿ॥ ੧॥ ਰਹਾਉ॥
ਹਰੀ ਨਾਹੀ ਨਹ ਡਡੁਰੀ
ਪਕੀ ਵਢਣਹਾਰ॥
ਲੈ ਲੈ ਦਾਤ ਪਹੁਤਿਆ
ਲਾਵੇ ਕਰਿ ਤਈਆਰੁ॥
ਜਾ ਹੋਆ ਹੁਕਮੁ ਕਿਰਸਾਣ ਦਾ
ਤਾ ਲੁਣਿ ਮਿਣਿਆ ਖੇਤਾਰੁ॥ ੨॥
ਪਹਿਲਾ ਪਹਰੁ ਧੰਧੈ ਗਇਆ
ਦੂਜੈ ਭਰਿ ਸੋਇਆ॥
ਤੀਜੈ ਝਾਖ ਝਖਾਇਆ
ਚਉਥੈ ਭੋਰੁ ਭਇਆ॥
ਕਦ ਹੀ ਚਿਤਿ ਨ ਆਇਓ
ਜਿਨਿ ਜੀਉ ਪਿੰਡੁ ਦੀਆ॥ ੩॥
ਸਾਧ ਸੰਗਤਿ ਕਉ ਵਾਰਿਆ
ਜੀਉ ਕੀਆ ਕੁਰਬਾਣੁ॥
ਜਿਸ ਤੇ ਸੋਝੀ ਮਨ ਪਈ
ਮਿਲਿਆ ਪੁਰਖੁ ਸੁਜਾਣੁ॥
ਨਾਨਕ ਡਿਠਾ ਸਦਾ ਨਾਲਿ
ਹਰਿ ਅੰਤਰਜਾਮੀ ਜਾਣੁ॥ ੪॥ ੪॥ ੭੪॥ (ਅੰਗ 43)
ਪਦ ਅਰਥ : ਘੜੀ ਮੁਹਤ-ਘੜੀ ਦੋ ਘੜੀਆਂ ਦਾ। ਪਾਹੁਣਾ-ਪ੍ਰਾਹੁਣਾ। ਕਾਜ ਸਵਾਰਣਹਾਰੁ-ਕੰਮ ਸੰਵਾਰਨ ਵਾਲਾ। ਕਾਮਿ ਵਿਆਪਿਆ-ਕਾਮ ਵਾਸ਼ਨਾ ਵਿਚ ਗ੍ਰੱਸਿਆ ਰਹਿੰਦਾ ਹੈ। ਗਾਵਾਰੁ-ਮੂਰਖ। ਉਠਿ ਚਲਿਆ-ਸੰਸਾਰ 'ਚੋਂ ਉਠ ਕੇ ਤੁਰ ਪੈਂਦਾ ਹੈ। ਪਰਿਆ-ਪੈਂਦਾ ਹੈ। ਵਸਿ ਜੰਦਾਰ-ਜਮਦੂਤ ਦੇ ਵੱਸ। ਅੰਧੇ-ਹੇ ਅੰਨ੍ਹੇ। ਕੰਧੀ-ਦੀਵਾਰ, ਕੰਢਾ। ਪਾਹਿ-ਪਾਸ। ਪੂਰਬਿ ਲਿਖਿਆ-ਪੂਰਬਲੇ ਜਨਮ ਦਾ ਲਿਖਿਆ ਲੇਖ। ਗੁਰ ਕਾ ਬਚਨੁ-ਗੁਰੂ ਦੇ ਸ਼ਬਦ ਦੀ। ਕਮਾਹਿ-ਕਮਾਈ ਕਰਦਾ ਹੈਂ।
ਹਰੀ-ਕੱਚੀ (ਫ਼ਸਲ, ਖੇਤੀ)। ਡਡੁਰੀ-ਅੱਧ ਪੱਕੀ, ਜਿਸ ਨੂੰ ਡੱਡੇ ਪੈਣੇ ਸ਼ੁਰੂ ਹੋ ਗਏ ਹੋਣ। ਵਢਣਹਾਰ-ਵੱਢਣ ਵਾਲਾ (ਜ਼ਿਮੀਂਦਾਰ, ਕਿਸਾਨ)। ਲੈ ਲੈ ਦਾਤ-ਦਾਤਰੇ ਲੈ ਕੇ। ਪਹੁਤਿਆ-ਪਹੁੰਚ ਜਾਂਦੇ ਹਨ। ਲਾਵੇ-ਦਿਹਾੜੀਦਾਰ, ਫ਼ਸਲ ਕੱਟਣ ਵਾਲੇ। ਕਰ ਤਈਅਰੁ-ਤਿਆਰ ਕਰਦਾ ਹੈ। ਲੁਣਿ-ਕੱਟ ਕੇ। ਮਿਣਿਆ ਖੇਤਾਰੁ-ਖੇਤ ਨੂੰ ਮਿਣ ਕੇ (ਮਾਪ ਕੇ)।
ਪਹਿਲਾ ਪਹਿਰੁ-ਜੀਵਨ ਰੂਪੀ ਰਾਤ ਦਾ ਪਹਿਲਾ ਪਹਿਰ। ਧੰਧੈ ਗਇਆ-ਖਾਣ ਪੀਣ ਆਦਿ ਧੰਦਿਆਂ ਵਿਚ ਹੀ ਬੀਤ ਗਿਆ। ਦੂਜੈ ਭਰਿ ਸੋਇਆ-ਦੂਜਾ ਪਹਿਰ ਸੁੱਤਿਆਂ ਬੀਤ ਗਿਆ, ਘੂਕ ਸੁੱਤਾ ਰਿਹਾ। ਤੀਜੈ ਝਾਖ ਝਖਾਇਆ-ਤੀਜੇ ਪਹਿਰ (ਜੀਵਨ ਦੇ ਅੱਧਖੜ੍ਹ ਜਵਾਨੀ) ਵਿਚ ਵਿਸ਼ੇ ਵਿਕਾਰਾਂ ਨੂੰ ਭੋਗਦਾ ਰਿਹਾ। ਚਉਥੈ ਭੋਰੁ ਭਇਆ-ਜੀਵਨ ਦੇ ਚੌਥੇ ਪਹਿਰ ਵਿਚ ਸਵੇਰਾ ਹੋ ਗਿਆ ਭਾਵ ਬੁਢਾਪਾ ਰੂਪੀ ਕਾਲ ਆ ਕੂਕਦਾ ਹੈ। ਕਦ ਹੀ-ਕਦੇ ਵੀ। ਜੀਉ-ਜਿੰਦ। ਪਿੰਡੁ-ਦੇਹੀ, ਸਰੀਰ।
ਕਉ ਵਾਰਿਆ-ਤੋਂ ਸਦਕੇ ਜਾਂਦਾ ਹਾਂ। ਜੀਉ-ਜਿੰਦ। ਪੁਰਖੁ ਸੁਜਾਣੁ-ਸਤਿਗੁਰੂ। ਅੰਤਰਜਾਮੀ ਜਾਣੁ-ਅੰਤਰਜਾਮੀ ਜਾਣੀ ਜਾਣ। ਡਿਠਾ ਸਦਾ ਨਾਲਿ-ਸਦਾ ਅੰਗ ਸੰਗ ਦੇਖਿਆ ਹੈ।
ਇਹ ਕੁਦਰਤ ਦਾ ਨਿਯਮ ਹੈ ਕਿ ਜੋ ਵੀ ਜੀਵ ਇਸ ਸੰਸਾਰ ਵਿਚ ਪੈਦਾ ਹੁੰਦਾ ਹੈ, ਜਨਮ ਲੈਂਦਾ ਹੈ, ਉਸ ਨੇ ਇਕ ਨਾ ਇਕ ਦਿਨ ਨਾਸ ਜ਼ਰੂਰ ਹੋਣਾ ਹੈ। ਕਹਣ ਤੋਂ ਭਾਵ ਇਹ ਹੈ ਕਿ ਉਸ ਦੀ ਮੌਤ ਅਟੱਲ ਹੈ। ਇਹ ਮੌਤ ਕਿਸੇ ਦੀ ਆਯੂ (ਛੋਟਾ-ਵੱਡਾ) ਨਹੀਂ ਦੇਖਦੀ। ਭਾਵੇਂ ਬਾਲਕ ਹੋਵੇ, ਜਵਾਨ ਜਾਂ ਬਿਰਧ ਹੋਵੇ, ਕਿਸੇ ਨੂੰ ਵੀ ਕਿਸੇ ਵੇਲੇ ਮੌਤ ਆ ਸਕਦੀ ਹੈ, ਇਸ ਬਾਰੇ ਕੋਈ ਬੰਦਸ਼ ਨਹੀਂ ਹੈ। ਉਸ ਸਮੇਂ ਬਾਰੇ ਵੀ ਕਿਸੇ ਨੂੰ ਨਹੀਂ ਪਤਾ ਕਿ ਕਦੋਂ ਯਮ ਦਾ ਫੰਦਾ ਗਲ ਵਿਚ ਆ ਪੈਣਾ ਹੈ। ਗਿਆਨੀ, ਧਿਆਨੀ ਜਾਂ ਚਤੁਰ ਸਿਆਣਾ ਹੋਵੇ, ਕਿਸੇ ਨੇ ਵੀ ਇਥੇ ਸਦਾ ਲਈ ਬੈਠੇ ਨਹੀਂ ਰਹਿਣਾ। ਰਾਗੁ ਗਉੜੀ ਬਾਵਨ ਅਖਰੀ ਵਿਚ ਹਜ਼ੂਰ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਨਹ ਬਾਰਿਕ ਨਹ ਜੋਬਨੈ
ਨਹ ਬਿਰਧੀ ਕਛੁ ਬੰਧੁ॥
ਉਹ ਬੇਰਾ ਨਹ ਬੂਝੀਐ
ਜਉ ਆਇ ਪਰੈ ਜਮ ਫੰਧੁ॥
ਗਿਆਨੀ ਧਿਆਨੀ ਚਤੁਰ ਪੇਖਿ
ਰਹਨੁ ਨਹੀ ਇਹ ਠਾਇ॥ (ਅੰਗ 254)
ਬਾਰਿਕ-ਬਾਲਕ। ਜੋਬਨੈ-ਜੁਆਨ। ਬਿਰਧੀ-ਬਿਰਧ। ਬੇਰਾ-ਵੇਲਾ। ਜਮ ਫੰਧੁ-ਜਮ ਦਾ ਫੰਧਾ। ਚਤੁਰ-ਸਿਆਣਾ। ਇਹ ਠਾਇ-ਇਸ ਥਾਂ 'ਤੇ।
ਪ੍ਰਾਣੀ ਸਾਰੀ ਉਮਰ ਜਿਸ ਨੂੰ ਮੋਹ ਪਿਆਰ ਕਰਦਾ ਰਿਹਾ ਭਾਵ ਜੋ-ਜੋ ਕਰਮ ਕਰਦਾ ਰਿਹਾ, ਅੰਤ ਨੂੰ ਉਸ ਕੀਤੀ ਕਮਾਈ ਦਾ ਫਲ ਹੀ ਪ੍ਰਾਪਤ ਹੁੰਦਾ ਹੈ। ਸਿਰੀਰਾਗੁ ਪਹਰੇ ਮਹਲਾ ੧ ਵਿਚ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਸਾਈ ਵਸਤੁ ਪਰਾਪਤਿ ਹੋਇ
ਜਿਸੁ ਸਿਉ ਲਾਇਆ ਹੇਤੁ॥ (ਅੰਗ 75)
ਸਾਹੀ-ਉਹੀ। ਵਸਤੁ-ਕੀਤੀ ਕਮਾਈ। ਹੇਤੁ-ਪਿਆਰ।
ਇਸ ਲਈ ਹੇ ਨਾਮ ਦਾ ਵਣਜ ਕਰਨ ਆਏ ਮਿੱਤਰੋ, ਪਰਮਾਤਮਾ ਦਾ ਨਾਮ ਸੁਆਸ-ਸੁਆਸ ਸਿਮਰੋ। ਇਸ ਵਿਚ ਕਦੇ ਆਲਸ ਨਾ ਕਰੋ। ਸਿਮਰਨ ਸਦਕਾ ਹੀ ਸਦਾ ਲਈ ਅਟੱਲ ਆਤਮਿਕ ਜੀਵਨ ਵਾਲੇ ਬਣ ਜਾਵੋਗੇ। ਸਿਰੀਰਾਗੁ ਮਹਲਾ ੪ ਵਿਚ ਗੁਰੂ ਰਾਮਦਾਸ ਜੀ ਪ੍ਰਾਣੀ ਨੂੰ ਦ੍ਰਿੜ੍ਹ ਕਰਵਾ ਰਹੇ ਹਨ-
ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ
ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ॥ (ਅੰਗ 77)
ਸ਼ਬਦ ਦੇ ਅੱਖਰੀਂ ਅਰਥ : ਮਨੁੱਖ ਇਸ ਸੰਸਾਰ ਵਿਚ ਘੜੀ-ਦੋ ਘੜੀਆਂ ਦਾ ਪ੍ਰਾਹੁਣਾ ਹੈ ਪਰ ਇਹ (ਪ੍ਰਾਹੁਣਾ ਇਥੇ ਆ ਕੇ) ਸੰਸਾਰਕ ਧੰਦਿਆਂ ਨੂੰ ਸੰਵਾਰਨ ਵਿਚ ਲੱਗ ਗਿਆ ਹੈ ਭਾਵ ਸੰਸਾਰਕ ਕੰਮਾਂ ਵਿਚ ਫਸ ਕੇ ਹੀ ਰਹਿ ਗਿਆ ਹੈ। ਮਾਇਆ ਅਤੇ ਕਾਮ ਵਾਸ਼ਨਾਵਾਂ ਵਿਚ ਇਹ ਐਨਾ ਗ੍ਰੱਸਿਆ ਹੋਇਆ ਹੈ ਕਿ ਮੂਰਖ ਨੂੰ ਆਪਣੇ-ਆਪ ਦੀ ਸੋਝੀ ਨਹੀਂ ਰਹਿੰਦੀ। ਜਦੋਂ (ਆਖਰ ਨੂੰ) ਇਹ ਸੰਸਾਰ 'ਚੋਂ ਉੱਠ ਤੁਰਦਾ ਹੈ ਤਾਂ ਇਹ ਜਮਦੂਤਾਂ ਦੇ ਵੱਸ ਪੈ ਜਾਂਦਾ ਹੈ ਅਤੇ ਫਿਰ ਪਛਤਾਉਂਦਾ ਹੈ।
ਹੇ ਅੰਨ੍ਹੇ ਮਨੁੱਖ (ਤੈਨੂੰ ਇਸ ਗੱਲ ਦੀ ਸੋਝੀ ਨਹੀਂ ਕਿ) ਤੂੰ (ਨਦੀ ਦੇ) ਕੰਢੇ 'ਤੇ ਖੜ੍ਹੇ ਉਸ ਰੁੱਖ ਵਾਂਗ ਹੈਂ (ਜੋ ਕਿਸੇ ਵੇਲੇ ਵੀ ਗਿਰ ਸਕਦਾ ਹੈ) ਪਰ ਜੇਕਰ ਮਨੁੱਖ ਦੇ ਪਹਿਲਾਂ ਕੀਤੇ ਚੰਗੇ ਕਰਮਾਂ ਸਦਕਾ ਇਸ ਦੇ ਮੱਥੇ 'ਤੇ (ਚੰਗੇ ਭਾਗ) ਲਿਖੇ ਹੋਣ ਤਾਂ ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ।
ਗੁਰੂ ਪਾਤਸ਼ਾਹ ਬੜੀ ਸੁੰਦਰ ਉਦਾਹਰਨ ਦੇ ਕੇ ਗਾਫ਼ਲ ਮਨ ਨੂੰ ਸਮਝਾ ਰਹੇ ਹਨ ਕਿ ਹੇ ਭਾਈ, ਜਿਵੇਂ ਕਿਸਾਨ ਕੱਚੀ, ਅੱਧ-ਪੱਕੀ ਅਤੇ ਪੱਕੀ ਫ਼ਸਲ ਵੱਢਣ ਲਈ ਆਪਣੀ ਮਰਜ਼ੀ ਨਾਲ ਕਾਮਿਆਂ (ਮਜ਼ਦੂਰਾਂ) ਨੂੰ ਭੇਜ ਦਿੰਦਾ ਹੈ, ਜੋ ਕਿਸਾਨ ਦਾ ਹੁਕਮ ਹੋਣ 'ਤੇ ਦਾਤਰੇ ਲੈ ਕੇ ਖੇਤਾਂ ਵਿਚ ਪੁੱਜ ਜਾਂਦੇ ਹਨ ਅਤੇ ਖੇਤ ਨੂੰ ਮਾਪ ਕੇ ਫ਼ਸਲ ਨੂੰ ਕੱਟ ਦਿੰਦੇ ਹਨ (ਇਸੇ ਪ੍ਰਕਾਰ ਪਰਮਾਤਮਾ ਬਾਲ, ਜਵਾਨ ਜਾਂ ਬਿਰਧ ਨਹੀਂ ਤੱਕਦਾ। ਜਿਸ ਦੀ ਵੀ ਉਸ ਨੇ ਸੁਆਸਾਂ ਰੂਪੀ ਖੇਤੀ ਖ਼ਤਮ ਕਰਨੀ ਹੁੰਦੀ ਹੈ, ਉਸ ਨੂੰ ਮਾਰਨ ਲਈ ਆਪਣੇ ਜਮਦੂਤਾਂ ਨੂੰ ਭੇਜ ਦਿੰਦਾ ਹੈ)।
ਗਾਫ਼ਲ ਮਨੁੱਖ ਦਾ ਇਹ ਹਾਲ ਹੈ ਕਿ ਜੀਵਨ ਦਾ ਪਹਿਲਾ ਪਹਿਰ ਤਾਂ ਇਹ ਖਾਣ-ਪੀਣ ਦੇ ਧੰਦਿਆਂ ਵਿਚ ਹੀ ਗੁਜ਼ਾਰ ਦਿੰਦਾ ਹੈ ਅਤੇ ਦੂਜਾ ਪਹਿਰ (ਘੂਕ) ਸੌਂ ਕੇ। ਤੀਜਾ ਪਹਿਰ ਭਾਵ ਭਰ ਜੁਆਨੀ ਵਿਸ਼ੇ ਵਿਕਾਰਾਂ ਵਿਚ ਅਤੇ ਜੀਵਨ ਦਾ ਚੌਥਾ ਪਹਿਰ ਬੁਢਾਪਾ ਆਉਣ 'ਤੇ ਪ੍ਰਭਾਤ (ਸਵੇਰ) ਹੋ ਗਈ। ਇਸ ਪ੍ਰਕਾਰ ਜਿਸ ਪਰਮਾਤਮਾ ਨੇ ਮਨੁੱਖ ਨੂੰ ਜਿੰਦ ਤੇ ਸਰੀਰ ਦਿੱਤੇ, ਉਸ ਨੂੰ ਇਸ ਨੇ ਕਦੇ ਚਿੱਤ-ਚੇਤੇ ਨਹੀਂ ਕੀਤਾ ਭਾਵ ਮਨੁੱਖ ਨੇ ਆਪਣਾ ਸਾਰਾ ਜੀਵਨ ਵਿਅਰਥ ਹੀ ਗੁਆ ਦਿੱਤਾ।
ਸ਼ਬਦ ਦੇ ਅੰਤਲੇ ਬੰਦ ਵਿਚ ਗੁਰੂ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜੋ ਸਾਧ ਸੰਗਤ ਤੋਂ ਵਾਰਨੇ ਜਾਂਦੇ ਹਨ, ਮੈਂ ਉਨ੍ਹਾਂ ਤੋਂ ਆਪਣੀ ਜਿੰਦ-ਜਾਨ ਕੁਰਬਾਨ ਕਰਦਾ ਹਾਂ। ਜਿਸ ਮਨ ਨੂੰ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ, ਉਸ ਦਾ ਸੁਜਾਨ ਗੁਰੂ ਪੁਰਖ ਨਾਲ ਮਿਲਾਪ ਹੋ ਜਾਂਦਾ ਹੈ, ਜਿਸ ਦੀ ਕਿਰਪਾ ਸਦਕਾ ਜੋ ਅੰਦਰ ਬੈਠਾ ਹੈ ਅਤੇ ਅੰਦਰ ਦੀਆਂ ਜਾਨਣ ਵਾਲਾ ਹੈ, ਅੰਗ-ਸੰਗ ਵਸਦਾ ਪ੍ਰਤੀਤ ਹੁੰਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਮੁਸ਼ਕਿਲਾਂ ਹੀ ਜੀਵਨ ਵਿਕਾਸ ਦਾ ਰਾਹ ਦੱਸਦੀਆਂ ਹਨ

ਅਜਿਹਾ ਜੀਵਨ ਵੀ ਨੀਰਸ ਹੁੰਦਾ ਹੈ ਜਿਸ ਵਿਚ ਔਕੜਾਂ ਨਾ ਆਉਣ। ਕੇਵਲ ਸੁੱਖਾਂ ਨੂੰ ਭੋਗਣਾ ਹੀ ਜੀਵਨ ਨਹੀਂ। ਔਕੜਾਂ ਤੋਂ ਘਬਰਾਉਣਾ ਵੀ ਨਹੀਂ ਚਾਹੀਦਾ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਮੁਸ਼ਕਿਲ ਘੜੀ ਵਿਚ ਸਾਨੂੰ ਘਬਰਾਉਣ ਦੀ ਲੋੜ ਨਹੀਂ, ਸਗੋਂ ਆਤਮਬੋਧ ਕਰਨ ਦੀ ਲੋੜ ਹੈ। ਇਹ ਔਕੜਾਂ ਹੀ ਤਾਂ ਜੀਵਨ-ਵਿਕਾਸ ਦਾ ਰਾਹ ਦੱਸਦੀਆਂ ਹਨ। ਇਨ੍ਹਾਂ ਨਾਲ ਹੀ ਬੁੱਧੀ ਦਾ ਵਿਕਾਸ ਵੀ ਹੁੰਦਾ ਹੈ ਅਤੇ ਨਵੀਂ ਸੋਚ ਪੈਦਾ ਹੁੰਦੀ ਹੈ। ਜੇ ਤੁਸੀਂ ਮਾਮੂਲੀ ਜਿਹੀ ਮੁਸੀਬਤ ਸਮੇਂ ਘਬਰਾ ਜਾਓਗੇ ਤਾਂ ਤੁਸੀਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰੋਗੇ? ਫਿਰ ਲੋਕ ਤੁਹਾਡੇ 'ਤੇ ਭਰੋਸਾ ਕਿਵੇਂ ਕਰਨਗੇ? ਇਹ ਔਕੜਾਂ ਤਾਂ ਸਾਡੀ ਪਰਖ ਕਰਨ ਆਉਂਦੀਆਂ ਹਨ। ਇਨ੍ਹਾਂ ਨਾਲ ਹੀ ਧੀਰਜ ਮਜ਼ਬੂਤ ਹੁੰਦਾ ਹੈ ਅਤੇ ਯੋਗਤਾ ਦਾ ਵਿਕਾਸ ਹੁੰਦਾ ਹੈ। ਜੀਵਨ ਵਿਚ ਵੀ ਭਿੰਨਤਾ ਦੀ ਲੋੜ ਹੁੰਦੀ ਹੈ। ਮੁਸ਼ਕਿਲਾਂ ਜੀਵਨ ਵਿਚ ਭਿੰਨਤਾ ਲਿਆਉਂਦੀਆਂ ਹਨ ਅਤੇ ਸਾਨੂੰ ਆਪਣੇ ਅੰਦਰ ਝਾਕਣ ਅਤੇ ਆਪਣੀ ਯੋਗਤਾ ਪਰਖਣ ਦਾ ਮੌਕਾ ਦਿੰਦੀਆਂ ਹਨ ਅਤੇ ਸਾਨੂੰ ਆਤਮਬੋਧ ਕਰਾਉਂਦੀਆਂ ਹਨ। ਆਦਮਬੋਧ ਨਾਲ ਹੀ ਅਸੀਂ ਖੁਸ਼ ਰਹਿੰਦੇ ਹਾਂ। ਘਬਰਾਇਆ ਹੋਇਆ ਵਿਅਕਤੀ ਨਾ ਤਾਂ ਆਪਣੇ-ਆਪ ਨੂੰ ਸਮਝਦਾ ਹੈ ਅਤੇ ਨਾ ਹੀ ਅਟਲ ਸਚਾਈ ਨੂੰ। ਇਸ ਲਈ ਅਸਲੀਅਤ ਜਾਨਣ ਤੇ ਆਪਣੀ ਯੋਗਤਾ ਜਾਂਚਣ ਲਈ ਮੁਸ਼ਕਿਲਾਂ ਦਾ ਸਵਾਗਤ ਕਰੋ ਅਤੇ ਸਚਾਈ ਪੂਰਨ ਜੀਵਨ ਗੁਜ਼ਾਰ ਕੇ ਖੁਸ਼ ਰਹੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਖ਼ਾਲਸਾ ਪੰਥ ਦੀ ਸਾਜਨਾ ਅਤੇ ਕੇਸਧਾਰੀ ਹੋਣ ਦੀ ਮਹੱਤਤਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇਸ ਕਰਕੇ ਮੁਸਲਮਾਨ ਬਾਦਸ਼ਾਹਾਂ ਨੇ ਉਚੇਚੇ ਫ਼ੁਰਮਾਨ ਜਾਰੀ ਕੀਤੇ ਕਿ ਦੂਜੇ ਧਰਮ ਵਾਲੇ ਦਾੜ੍ਹੀ ਮੁਨਾ ਕੇ ਰੱਖਣ, ਪੱਗ ਦੀ ਥਾਂ ਟੋਪੀ ਪਹਿਨਣ, ਘੋੜ ਸਵਾਰੀ ਨਾ ਕਰਨ, ਸ਼ਸਤਰ ਨਾ ਰੱਖਣ ਅਤੇ ਕਿਸੇ ਉਚੇਰੀ ਗੱਲ ਵਿਚ ਮੋਮਨਾਂ ਦੀ ਰੀਸ ਨਾ ਕਰਨ। ਸਤਿਗੁਰਾਂ ਨੇ ਕੇਸਧਾਰੀ ਹੋਣ 'ਤੇ ਉਚੇਚਾ ਜ਼ੋਰ ਦਿੱਤਾ ਅਤੇ ਗ਼ੁਲਾਮੀ ਦੀ ਨਿਸ਼ਾਨੀ ਟੋਪੀ ਲੁਹਾ ਕੇ ਸਿੱਖਾਂ ਦੇ ਸਿਰ 'ਤੇ ਦਸਤਾਰ ਸਜਾਈ। ਜ਼ਿਕਰਯੋਗ ਹੈ ਕਿ ਭਾਰਤੀ ਪ੍ਰੰਪਰਾ ਅਨੁਸਾਰ ਪਗੜੀ ਨੂੰ ਤਾਜ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਰਿਹਾ ਹੈ ਅਤੇ ਬਹੁਤੇ ਹਿੰਦੂ ਵਿਅਕਤੀ ਵੀ ਪਗੜੀ ਪਹਿਨਦੇ ਰਹੇ ਹਨ। ਅੱਜ ਵੀ ਬਹੁਤ ਸਾਰੇ ਹਿੰਦੂ ਪਰਿਵਾਰ ਜਦ ਲੜਕੇ ਨੂੰ ਵਿਆਹੁਣ ਜਾਂਦੇ ਹਨ ਤਾਂ ਪਰਿਵਾਰ ਦੇ ਮੁੱਖ ਮੈਂਬਰ ਪਗੜੀਆਂ ਪਹਿਨਦੇ ਹਨ।
ਉਪਰੋਕਤ ਸਾਰੀਆਂ ਗੱਲਾਂ ਤੋਂ ਇਲਾਵਾ ਗੁਰੂ ਕੇ ਸਿੱਖਾਂ ਲਈ ਕੇਸ ਗੁਰੂ ਸਾਹਿਬ ਦੀ ਇਕ ਅਜਿਹੀ ਪੱਕੀ ਮੋਹਰ ਹਨ ਜੋ ਸਾਨੂੰ ਇਕ ਵੱਖਰੀ ਸ਼ਾਨ ਅਤੇ ਵੱਖਰੀ ਪਹਿਚਾਣ ਪ੍ਰਦਾਨ ਕਰਨ ਦੇ ਨਾਲ-ਨਾਲ ਇਕ ਵੱਖਰਾ ਮਾਣ ਵੀ ਬਖਸ਼ਦੇ ਹਨ। ਇੱਥੇ ਇਹ ਗੱਲ ਚੇਤੇ ਰੱਖਣੀ ਵੀ ਜ਼ਰੂਰੀ ਹੈ ਕਿ ਸਾਡੀ ਇਹ ਵੱਖਰੀ ਸ਼ਾਨ ਅਤੇ ਵੱਖਰੀ ਪਹਿਚਾਣ ਸਿਰ ਉੱਪਰ ਕੇਵਲ ਦਸਤਾਰ ਸਜਾ ਕੇ ਹੀ ਪੂਰਨ ਹੁੰਦੀ ਹੈ, ਇਸ ਤੋਂ ਬਗ਼ੈਰ ਨਹੀਂ। ਜਿਸ ਤਰ੍ਹਾਂ ਤਖ਼ਤ ਅਤੇ ਤਾਜ ਤੋਂ ਬਿਨਾਂ ਕੋਈ ਆਪਣੇ-ਆਪ ਨੂੰ ਕਿੰਗ ਨਹੀਂ ਅਖਵਾ ਸਕਦਾ, ਬਿਲਕੁਲ ਉਸੇ ਤਰ੍ਹਾਂ ਕੇਸਾਂ ਅਤੇ ਦਸਤਾਰ ਤੋਂ ਬਿਨਾਂ ਕੋਈ ਆਪਣੇ-ਆਪ ਨੂੰ ਸਿੰਘ ਵੀ ਨਹੀਂ ਅਖਵਾ ਸਕਦਾ। ਦਸਤਾਰ ਸਿੱਖ ਦੀ ਆਨ (ਸਵੈ-ਮਾਨ), ਬਾਨ (ਠਾਠ ਜਾਂ ਟੌਹਰ) ਅਤੇ ਸ਼ਾਨ ਹੋਣ ਦੇ ਨਾਲ-ਨਾਲ ਉਸ ਦੀ ਅਣਖ਼ ਅਤੇ ਗ਼ੈਰਤ ਦੀ ਵੀ ਪ੍ਰਤੀਕ ਹੁੰਦੀ ਹੈ। ਇਸ ਕਾਰਨ ਹੀ ਭਾਰਤੀ ਸਮਾਜ ਵਿਚ ਪੱਗ ਲਾਹੁਣ, ਪੱਗ ਰੋਲਣ, ਪੱਗ ਨੂੰ ਦਾਗ਼ ਲਾਉਣ, ਪੱਗ ਨੂੰ ਹੱਥ ਪਾਉਣ ਅਤੇ ਪੱਗ ਪੈਰੀਂ ਧਰਨ ਨੂੰ ਬਹੁਤ ਵੱਡੀ ਬੇਇੱਜ਼ਤੀ ਸਮਝਿਆ ਜਾਂਦਾ ਹੈ। ਦਸਤਾਰ, ਗੁਫ਼ਤਾਰ (ਬੋਲ-ਬਾਣੀ) ਅਤੇ ਰਫ਼ਤਾਰ ਨੂੰ ਮਾਨਵੀ ਸ਼ਖ਼ਸੀਅਤ ਦੇ ਵੀ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਕੇਸਾਂ ਦੇ ਨਾਲ-ਨਾਲ ਆਪਣੀ ਦਸਤਾਰ ਦੀ ਸ਼ਾਨ ਨੂੰ ਵੀ ਕਾਇਮ ਰੱਖੀਏ। ਇਸ ਨਾਲ ਹੀ ਅਸੀਂ ਸਿੰਘ ਹਾਂ, ਸਰਦਾਰ ਹਾਂ ਅਤੇ ਇਸ ਨਾਲ ਹੀ ਅਸੀਂ ਆਪਣੀ ਸਰਦਾਰੀ ਕਾਇਮ ਰੱਖ ਸਕਾਂਗੇ। (ਸਮਾਪਤ)


-292/13, ਸੁਹਜ ਵਿਲਾ, ਸਰਹਿੰਦ।
ਮੋਬਾ: 98155-01381

ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ

ਭਾਈ ਧੰਨਾ ਸਿੰਘ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਬਾਬਾ ਜੀ ਨੇ ਸਰਹਾਲੀ ਕਲਾਂ ਤੋਂ ਗਿ: ਮਿਲਖਾ ਸਿੰਘ ਮੌਜੀ ਨੂੰ ਨਾਲ ਲੈ ਲਿਆ। ਮੌਜੀ ਜੀ ਪ੍ਰਸਿੱਧ ਢਾਡੀ ਸਵਰਗਵਾਸੀ ਗਿ: ਸੋਹਨ ਸਿੰਘ ਸੀਤਲ ਦੇ ਸ਼ਾਗਿਰਦ ਢਾਡੀ ਕੁਲਵੰਤ ਸਿੰਘ ਬੀ.ਏ. ਦੇ ਸ਼ਾਗਿਰਦ ਹਨ। ਮੌਜੀ ਜੀ ਨੂੰ ਨੁਸ਼ਹਿਰਾ ਪੰਨੂਆਂ ਵਿਚ ਭਾਈ ਧੰਨਾ ਸਿੰਘ ਦੇ ਪਰਿਵਾਰ ਦਾ ਕੁਝ ਪਤਾ ਸੀ। ਨੁਸ਼ਹਿਰਾ ਪੰਨੂਆਂ ਤਰਨ ਤਾਰਨ ਸਾਹਿਬ ਤੋਂ 16 ਕਿਲੋਮੀਟਰ ਦੂਰ ਹੈ। ਪਿੰਡ ਦੇ ਵਿਚਕਾਰ ਜਾ ਕੇ ਅਸੀਂ ਭਾਈ ਧੰਨਾ ਸਿੰਘ ਦੇ ਘਰ ਬਾਰੇ ਪੁੱਛਿਆ ਤਾਂ ਇਕ ਬੀਬੀ ਜੀ, ਬੀਬੀ ਜਸਬੀਰ ਕੌਰ ਰਵਾਂ-ਰਵੀ ਸਾਨੂੰ ਸਾਂਢ ਕੀ ਪੱਤੀ ਵਿਚ ਭਾਈ ਧੰਨਾ ਸਿੰਘ ਦੇ ਘਰ ਲੈ ਗਏ। ਪੁਰਾਣੇ ਘਰ ਦੀ ਥਾਂ ਭਾਵੇਂ ਹੁਣ ਨਵਾਂ ਘਰ ਬਣ ਗਿਆ ਹੈ ਪਰ ਭਾਈ ਧੰਨਾ ਸਿੰਘ ਦੇ ਪੁਰਾਣੇ ਜੱਦੀ ਘਰ ਦੀ ਸੰਦੂਕੀ ਛੱਤ ਦਾ ਕੁਝ ਹਿੱਸਾ ਅਜੇ ਕਾਇਮ ਹੈ। ਜਿਸ ਗਲੀ ਵਿਚ ਭਾਈ ਧੰਨਾ ਸਿੰਘ ਦਾ ਘਰ ਹੈ, ਉਸ ਦੇ ਸ਼ੁਰੂ ਵਿਚ 'ਕਵੀਰਾਜ ਭਾਈ ਧੰਨਾ ਸਿੰਘ ਗਲੀ' ਦਾ ਬੋਰਡ ਲੱਗਾ ਹੋਇਆ ਹੈ। ਭਾਈ ਧੰਨਾ ਸਿੰਘ ਦੇ ਘਰ ਸਾਡੀ ਮੁਲਾਕਾਤ ਉਨ੍ਹਾਂ ਦੇ ਵੰਸ਼ਜ ਸ: ਕਰਮਜੀਤ ਸਿੰਘ ਦੇ ਸਪੁੱਤਰ, ਨੌਜਵਾਨ ਲਵਪ੍ਰੀਤ ਸਿੰਘ ਨਾਲ ਹੋਈ। ਲਵਪ੍ਰੀਤ ਸਿੰਘ ਇਕ ਰਾਗੀ ਜਥੇ ਨਾਲ ਤਬਲਾਵਾਦਕ ਦੀ ਸੇਵਾ ਕਰਦੇ ਹਨ। ਲਵਪ੍ਰੀਤ ਸਿੰਘ ਨੇ ਬਜ਼ੁਰਗਾਂ ਤੋਂ ਸੁਣੀਆਂ ਕੁਝ ਗੱਲਾਂ ਸਾਨੂੰ ਦੱਸੀਆਂ। ਪਤਾ ਲੱਗਾ ਕਿ ਦਸਮ ਪਾਤਸ਼ਾਹ ਨੇ ਭਾਈ ਧੰਨਾ ਸਿੰਘ ਦੀ ਸੇਵਾ ਅਤੇ ਕਾਵਿ ਕਲਾ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਬਾਰਾਂ ਗਜ਼ ਦੀ ਇਕ ਦਸਤਾਰ ਅਤੇ ਆਪਣੇ ਪਵਿੱਤਰ ਕੇਸਾਂ ਦਾ ਕੰਘਾ ਬਖਸ਼ਿਸ਼ ਕੀਤਾ ਸੀ।
ਭਾਈ ਧੰਨਾ ਸਿੰਘ ਦੀ ਪ੍ਰੇਰਨਾ ਨਾਲ ਨੁਸ਼ਹਿਰਾ ਪੰਨੂਆਂ ਦੀ ਬਹੁਤ ਸਾਰੀ ਸੰਗਤ ਦਸਮ ਪਾਤਸ਼ਾਹ ਦੀ ਸ਼ਰਧਾਲੂ ਹੋ ਗਈ, ਜੋ ਸਮੇਂ-ਸਮੇਂ ਅਨੰਦਪੁਰ ਸਾਹਿਬ ਜਾਂਦੀ ਰਹਿੰਦੀ ਸੀ। ਨੁਸ਼ਹਿਰਾ ਪੰਨੂਆਂ ਦੀ ਸੰਗਤ ਨੂੰ ਲਿਖੇ ਹੁਕਮਨਾਮਿਆਂ ਤੋਂ ਪਤਾ ਲਗਦਾ ਹੈ ਕਿ ਨੁਸ਼ਹਿਰੇ ਦੀ ਸੰਗਤ ਦਸਮ ਪਾਤਸ਼ਾਹ ਨੂੰ ਬਹੁਤ ਪਿਆਰੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਨੁਸ਼ਹਿਰੇ ਦੀ ਸੰਗਤ ਨੂੰ ਤਿੰਨ ਹੁਕਮਨਾਮੇ ਲਿਖੇ ਜਿਨ੍ਹਾਂ ਉੱਤੇ ਕੱਤਕ 4, ਸੰਮਤ 1756 ਬਿ: (5 ਅਕਤੂਬਰ 1699 ਈ:) ਮੱਘਰ 4, ਸੰਮਤ 1757 ਬਿ: (4 ਨਵੰਬਰ 1700 ਈ:) ਅਤੇ ਫੱਗਣ 10, ਸੰਮਤ 1758 ਬਿ: (6 ਫਰਵਰੀ 1702 ਈ:) ਮਿਤੀਆਂ ਦਰਜ ਹਨ। ਇਕ ਹੁਕਮਨਾਮਾ ਮਾਤਾ ਸਾਹਿਬ ਕੌਰ ਜੀ ਦਾ ਹੈ, ਜੋ ਉਨ੍ਹਾਂ ਨੇ ਨੁਸ਼ਹਿਰੇ ਪੰਨੂਆਂ ਦੀ ਸੰਗਤ ਨੂੰ ਮਿਤੀ ਹਾੜ੍ਹ 1, ਸੰਮਤ 1789 ਬਿ: (30 ਮਈ, 1732 ਈ:) ਨੂੰ ਲਿਖਿਆ। ਇਕ ਹੋਰ ਹੁਕਮਨਾਮਾ ਵੀ ਨੁਸ਼ਹਿਰਾ ਪੰਨੂਆਂ ਵਿਚ ਸੁਰੱਖਿਅਤ ਹੈ, ਜਿਸ ਵਿਚ ਨਾ ਤਾਂ ਕਿਸੇ ਪਿੰਡ ਦਾ ਨਾਂਅ ਦਰਜ ਹੈ ਅਤੇ ਨਾ ਹੀ ਕੋਈ ਤਰੀਕ ਲਿਖੀ ਹੋਈ ਹੈ। ਇਹ ਹੁਕਮਨਾਮਾ ਗੁਰੂ ਤੇਗ ਬਹਾਦਰ ਜੀ ਵਲੋਂ ਕਿਸੇ ਭਾਈ ਮਲਾ ਅਤੇ ਭਾਈ ਬਾਘਾ ਨੂੰ ਸੰਬੋਧਤ ਹੈ। ਇਹ ਪੰਜੇ ਹੁਕਮਨਾਮੇ ਡਾ: ਗੰਡਾ ਸਿੰਘ ਵਲੋਂ ਸੰਪਾਦਿਤ ਪੁਸਤਕ 'ਹੁਕਮਨਾਮੇ' ਵਿਚ ਹੁਕਮਨਾਮਾ ਨੰਬਰ 30, 48, 52, 58 ਅਤੇ 83 ਵਜੋਂ ਦਰਜ ਹਨ।
ਇਨ੍ਹਾਂ ਹੁਕਮਨਾਮਿਆਂ ਵਿਚ ਨੁਸ਼ਹਿਰੇ ਪੰਨੂਆਂ ਦੀ ਸੰਗਤ ਨੂੰ ਇਸ ਤਰ੍ਹਾਂ ਦੇ ਆਦੇਸ਼ ਅਤੇ ਅਸੀਸਾਂ ਲਿਖੀਆਂ ਹੋਈਆਂ ਹਨ : ਗੁਰੂ ਗੁਰੂ ਜਪਣਾ, ਸਰਬੱਤ ਸੰਗਤ ਮੇਰਾ ਖਾਲਸਾ ਹੈ। ਦੀਵਾਲੀ ਜਾਂ ਹੋਲੀ ਨੂੰ ਹਥਿਆਰ ਬੰਨ੍ਹ ਕੇ ਦਰਸ਼ਨ ਆਵਨਾ। ਇਕ ਤੋਲਾ ਸੋਨਾ ਭੇਜਣਾ। ਗੁਰੂ ਕੀ ਗੋਲਕ ਆਪ ਲੈ ਕੇ ਆਉਣਾ, ਕਿਸੇ ਨੂੰ ਨਹੀਂ ਦੇਣੀ। ਮਸੰਦਾਂ ਨਾਲ ਨਹੀਂ ਮਿਲਣਾ। ਜੋ ਸਿੱਖ ਮਿਲਣਾ ਚਾਹੇ, ਮੇਲ ਲੈਣਾ, ਦਿੱਕਤ ਨਹੀਂ ਕਰਨੀ ਆਦਿ।
ਉਪਰੋਕਤ ਪੰਜੇ ਹੁਕਮਨਾਮੇ ਪਹਿਲਾਂ ਭਾਈ ਧੰਨਾ ਸਿੰਘ ਦੇ ਪੁਰਾਣੇ ਘਰ ਵਿਚ ਪੜਛੱਤੀ ਉੱਤੇ ਪਏ ਹੁੰਦੇ ਸਨ। ਭਾਈ ਸਾਹਿਬ ਦੇ ਖਾਨਦਾਨ ਦਾ ਇਕ ਸਿੱਖ, ਭਾਈ ਇੰਦਰ ਸਿੰਘ ਜਦੋਂ ਪਿੰਡ ਛੱਡ ਕੇ ਕਾਨ੍ਹਪੁਰ ਜਾਣ ਲੱਗਾ ਤਾਂ ਉਹ ਇਹ ਹੁਕਮਨਾਮੇ ਨੁਸ਼ਹਿਰਾ ਪੰਨੂਆਂ ਦੇ ਗੁਰਦੁਆਰਾ ਸਾਂਝੀਵਾਲਤਾ ਸਾਹਿਬ ਨੂੰ ਸੌਂਪ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾ : 98155-40968

ਧਾਰਮਿਕ ਅਤੇ ਸਮਾਜ-ਸੇਵੀ ਕਾਰਜਾਂ ਨੂੰ ਸਮਰਪਿਤ ਸ਼ਖ਼ਸੀਅਤ ਭਾਈ ਹਰਿੰਦਰ ਸਿੰਘ ਚੁੰਨੀਮਾਜਰੇ ਵਾਲੇ

ਸੱਚਖੰਡ ਵਾਸੀ ਸੰਤ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੇ ਚਰਨ ਸੇਵਕ ਅਤੇ ਪ੍ਰੀਤ ਫਰਨੀਚਰ ਹਾਊਸ ਲਖਨੌਰ ਮੁਹਾਲੀ ਦੇ ਐਮ.ਡੀ. ਭਾਈ ਹਰਿੰਦਰ ਸਿੰਘ ਚੁੰਨੀਮਾਜਰੇ ਵਾਲਿਆਂ ਕਈ ਸਾਲ ਸੱਚਖੰਡ ਵਾਸੀ ਸੰਤ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੇ ਅਸਥਾਨ 'ਤੇ ਸੇਵਾ ਕੀਤੀ ਅਤੇ ਆਪਣੇ ਪਰਿਵਾਰ ਤੋਂ ਅਲੱਗ ਰਹਿ ਕੇ ਉੱਥੇ ਸੰਤਾਂ ਦੇ ਬਚਨਾਂ ਸਦਕਾ ਸੰਗਤ ਦੀ ਸੇਵਾ 'ਚ ਹਾਜ਼ਰ ਰਹੇ। ਉਥੇ ਹੀ ਉਨ੍ਹਾਂ ਨੂੰ ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ ਦੀ ਹੋਰ ਲਗਨ ਲੱਗੀ। ਭਾਈ ਹਰਿੰਦਰ ਸਿੰਘ ਦਾ ਜਨਮ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਚੁੰਨੀਮਾਜਰਾ ਨੇੜੇ ਹੰਸਾਲੀ ਸਾਹਿਬ ਵਿਖੇ ਹੋਇਆ ਅਤੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਗੁਰੂ-ਘਰ ਨਾਲ ਲਗਨ ਅਤੇ ਧਾਰਮਿਕ ਖੇਤਰ 'ਚ ਰੁਝਾਨ ਕਰਕੇ ਉਹ ਜ਼ਿਆਦਾਤਰ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਅਸਥਾਨ 'ਤੇ ਹੀ ਸੰਗਤਾਂ ਦੀ ਸੇਵਾ 'ਚ ਆਪਣਾ ਜੀਵਨ ਬਤੀਤ ਕਰਦੇ।
ਉਨ੍ਹਾਂ ਵਲੋਂ ਹਰ ਸਾਲ ਧਾਰਮਿਕ ਯਾਤਰਾਵਾਂ ਤੋਂ ਇਲਾਵਾ ਨਗਰ ਕੀਰਤਨ ਵੀ ਕੱਢੇ ਗਏ ਅਤੇ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਨਾਲ ਮਿਲ ਕੇ ਧਰਮ ਦੇ ਪ੍ਰਚਾਰ 'ਚ ਵੀ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਲਗਾਤਾਰ ਜਾਰੀ ਹੈ। ਉਹ ਆਪਣੇ ਕਾਰੋਬਾਰ ਦੌਰਾਨ ਵੀ ਆਪਣੇ ਆਉਣ ਵਾਲੇ ਲੋਕਾਂ ਨਾਲ ਸਮਾਜ ਸੇਵਾ ਦੇ ਕਾਰਜ ਕਰਨ ਅਤੇ ਧਾਰਮਿਕ ਖੇਤਰ ਸਬੰਧੀ ਵਿਚਾਰਾਂ ਕਰਦੇ ਰਹਿੰਦੇ ਹਨ ਅਤੇ ਕਿਰਤ ਨੂੰ ਆਪਣੀ ਜ਼ਿੰਦਗੀ ਦਾ ਅਟੁੱਟ ਅੰਗ ਮੰਨਦੇ ਹੋਏ ਸਫਲਤਾਪੂਰਵਕ ਕਾਰਜ ਕਰ ਰਹੇ ਹਨ। ਭਾਈ ਹਰਿੰਦਰ ਸਿੰਘ ਚੁੰਨੀਮਾਜਰੇ ਵਾਲਿਆਂ ਵਲੋਂ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਨਾਲ ਹੀ ਇਹ ਕਾਰਜ ਸ਼ੁਰੂ ਕੀਤਾ ਅਤੇ ਉਨ੍ਹਾਂ ਵਲੋਂ ਸਰਬੱਤ ਦੇ ਭਲੇ ਲਈ ਸਮੇਂ-ਸਮੇਂ 'ਤੇ ਘਰ 'ਚ ਵਰਤੋਂਯੋਗ ਫਰਨੀਚਰ ਦੀਆਂ ਆਈਟਮਾਂ 'ਤੇ ਛੋਟ ਦੇਣ ਦਾ ਮੁੱਖ ਮੰਤਵ ਕਿ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਫਰਨੀਚਰ ਖਰੀਦ ਸਕੇ। ਬੇਟੀ ਦੇ ਵਿਆਹ ਲਈ ਸਿਰਫ 17 ਹਜ਼ਾਰ 'ਚ ਫਰਨੀਚਰ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਵਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਲੋੜਵੰਦ ਪਰਿਵਾਰਾਂ ਦੇ ਵਿਆਹ ਸਮਾਗਮ 'ਚ ਸਸਤਾ ਸਾਮਾਨ ਵੀ ਦਿੱਤਾ ਜਾਂਦਾ ਹੈ।


-ਮੁਹਾਲੀ। ਮੋਬਾ: 98157-07865

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਕਸ਼ਮੀਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਚਸ਼ਮੇ ਸ਼ਾਹੀ ਬਾਗ਼ ਅਤੇ ਝਰਨਾ : ਪਰੀ ਮਹਿਲ ਦੇ ਨੇੜੇ ਹੀ ਇਕ ਬਾਗ਼ ਅਤੇ ਝਰਨਾ ਬਹੁਤ ਪ੍ਰਸਿੱਧ ਹਨ, ਜਿਨ੍ਹਾਂ ਨੂੰ ਚਸ਼ਮੇ ਸ਼ਾਹੀ ਬਾਗ਼ ਅਤੇ ਚਸ਼ਮੇ ਸ਼ਾਹੀ ਝਰਨਾ ਕਿਹਾ ਜਾਂਦਾ ਹੈ। ਕਹਿੰਦੇ ਨੇ ਕਿ ਮੁਗ਼ਲ ਬਾਦਸ਼ਾਹ ਇਸ ਚਸ਼ਮੇ ਦਾ ਪਾਣੀ ਹੀ ਪੀਂਦੇ ਸਨ। ਇਸ ਝਰਨੇ ਦੇ ਪਾਣੀ ਵਿਚ ਕੁਝ ਔਸ਼ਧੀ ਗੁਣ ਵੀ ਹੁੰਦੇ ਹਨ, ਜਿਸ ਕਰਕੇ ਇਸ ਚਸ਼ਮੇ ਦਾ ਪਾਣੀ ਪੀਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਝਰਨੇ ਦਾ ਪਾਣੀ ਪੀਣ ਨਾਲ ਪੇਟ ਦੇ ਰੋਗ ਠੀਕ ਹੋ ਜਾਂਦੇ ਹਨ। ਇਹ ਪਾਣੀ ਬਹੁਤ ਠੰਢਾ ਹੁੰਦਾ ਹੈ, ਕਿਉਂਕਿ ਸਿੱਧਾ ਬਰਫ ਪਿਘਲ ਕੇ ਹੀ ਇਸ ਝਰਨੇ ਦਾ ਪਾਣੀ ਬਣਦਾ ਹੈ, ਜੋ ਕਿ ਝਰਨੇ ਦੇ ਰੂਪ ਵਿਚ ਵਹਿੰਦਾ ਹੈ। ਇਸ ਪਾਣੀ ਵਿਚ ਹੱਥ ਪਾਉਣ ਨਾਲ ਉਹ ਠੰਢੇ-ਠੰਢੇ ਹੋ ਕੇ ਠਰ ਜਾਂਦੇ ਹਨ। ਸੈਲਾਨੀ ਇਸ ਝਰਨੇ ਤੋਂ ਪਾਣੀ ਦੀਆਂ ਬੋਤਲਾਂ ਭਰ ਕੇ ਲੈ ਜਾਂਦੇ ਹਨ। ਇਸ ਝਰਨੇ ਦੇ ਆਲੇ-ਦੁਆਲੇ ਬਾਗ਼ ਬਣਵਾਇਆ ਹੋਇਆ ਹੈ ਜੋ ਕਿ ਮੁਗ਼ਲ ਬਾਦਸ਼ਾਹ ਸ਼ਾਹ ਜਹਾਂ ਨੇ ਬਣਵਾਇਆ ਸੀ। ਇਸ ਬਾਗ਼ ਨੂੰ ਚਸ਼ਮੇ ਸ਼ਾਹੀ ਬਾਗ਼ ਕਿਹਾ ਜਾਂਦਾ ਹੈ, ਇਸ ਬਾਗ਼ ਵਿਚ ਵੀ ਤਰ੍ਹਾਂ-ਤਰ੍ਹਾਂ ਦੇ ਰੁੱਖ ਅਤੇ ਫੁੱਲ ਪੌਦੇ ਲੱਗੇ ਹੋਏ ਹਨ।
ਨਸੀਮ ਬਾਗ਼ : ਇਸ ਬਾਗ਼ ਦੀ ਉਸਾਰੀ ਬਾਦਸ਼ਾਹ ਅਕਬਰ ਨੇ ਕਰਵਾਈ ਸੀ, ਇਸ ਬਾਗ਼ ਵਿਚ ਵੀ ਤਰ੍ਹਾਂ-ਤਰ੍ਹਾਂ ਦੇ ਫੁੱਲ, ਪੌਦੇ ਅਤੇ ਫਲਦਾਰ ਰੁੱਖ ਲੱਗੇ ਹੋਏ ਹਨ। ਇਸ ਬਾਗ਼ ਵਿਚ ਤਾਜ਼ੀ ਹਵਾ ਬਹੁਤ ਸਕੂਨ ਦਿੰਦੀ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾ: 9463819174

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX