ਤਾਜਾ ਖ਼ਬਰਾਂ


ਵਿਸ਼ਵ ਕੱਪ ਹਾਕੀ: ਇੰਗਲੈਂਡ ਤੇ ਫਰਾਂਸ ਨੇ ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਭੁਵਨੇਸ਼ਵਰ ,੧੦ ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਹੋਏ ਪਹਿਲੇ ਕਰਾਸ ਓਵਰ ਮੈਚ 'ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ...
ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ੨-੦ ਨਾਲ ਹਰਾ ਕੇ, ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਭੁਵਨੇਸ਼ਵਰ ੧੦ ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਹੋਏ ਪਹਿਲੇ ਕਰਾਸ ਓਵਰ ਮੈਚ 'ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ...
ਸੜਕ ਹਾਦਸੇ 'ਚ ਇੱਕ ਲੇਡੀਜ਼ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਤਪਾ ਮੰਡੀ,10 ਦਸੰਬਰ (ਪ੍ਰਵੀਨ ਗਰਗ) -ਬਰਨਾਲਾ- ਬਠਿੰਡਾ ਮੁੱਖ ਮਾਰਗ 'ਤੇ ਗੁਰੂ ਨਾਨਕ ਸਕੂਲ ਨਜ਼ਦੀਕ ਇੱਕ ਕਾਰ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਕਾਰ 'ਚ ਸਵਾਰ ਲੇਡੀਜ਼ ਥਾਣੇਦਾਰ ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ 5 ਦਿਨਾਂ ਯਾਤਰਾ 'ਤੇ ਮਿਆਂਮਾਰ ਪੁੱਜੇ
. . .  1 day ago
ਸਰਕਾਰ ਵੱਲੋਂ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ - ਜੇਤਲੀ
. . .  1 day ago
ਨਵੀਂ ਦਿੱਲੀ, ੧੦ ਦਸੰਬਰ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਸਰਕਾਰ ਉਰਜਿਤ ਪਟੇਲ ਦੀਆਂ ਸੇਵਾਵਾਂ ਦੀ ਗੰਭੀਰਤਾ ਨਾਲ ਸ਼ਲਾਘਾ ਕਰਦੀ ਹੈ।
ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਤਾਪਮਾਨ 'ਚ ਗਿਰਾਵਟ
. . .  1 day ago
ਲੁਧਿਆਣਾ, 10 ਦਸੰਬਰ (ਰੁਪੇਸ਼ ਕੁਮਾਰ) - ਪੰਜਾਬ ਦੀਆਂ ਵੱਖ ਵੱਖ ਥਾਵਾਂ 'ਤੇ ਦੇਰ ਸ਼ਾਮ ਹਲਕੀ ਬੂੰਦਾਂ-ਬਾਂਦੀ ਤੋਂ ਬਾਅਦ ਮੌਸਮ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਠੰਢੀਆਂ...
ਆਰ.ਬੀ.ਆਈ ਜਿਹੀਆਂ ਸੰਸਥਾਵਾਂ 'ਤੇ ਹਮਲੇ ਬੰਦ ਹੋਣੇ ਚਾਹੀਦੇ ਹਨ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਵਿਰੋਧੀ ਧਿਰ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਵਿਚ ਇਸ ਗੱਲ...
ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ ਝੂਠ - ਆਰ.ਬੀ.ਆਈ
. . .  1 day ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਦੇ ਬੁਲਾਰੇ ਦਾ ਕਹਿਣਾ ਹੈ ਆਰ.ਬੀ.ਆਈ ਡਿਪਟੀ ਗਵਰਨਰ ਦੇ ਅਸਤੀਫ਼ੇ ਦੀ ਮੀਡੀਆ ਰਿਪੋਰਟ...
ਉੱਚ ਸਮਰਥਾ ਵਾਲੇ ਅਰਥ ਸ਼ਸਤਰੀ ਸਨ ਉੁਰਜਿਤ ਪਟੇਲ - ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 10 ਦਸੰਬਰ - ਆਰ.ਬੀ.ਆਈ ਗਵਰਨਰ ਉਰਜਿਤ ਪਟੇਲ ਦੇ ਅਸਤੀਫ਼ੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਰਜਿਤ ਪਟੇਲ ਉੱਚ ਸਮਰਥਾ ਵਾਲੇ...
ਯੂ.ਕੇ ਅਦਾਲਤ ਵਲੋਂ ਵਿਜੇ ਮਾਲਿਆ ਦੀ ਭਾਰਤ ਨੂੰ ਹਵਾਲਗੀ ਦੇ ਹੁਕਮ
. . .  1 day ago
ਲੰਡਨ, 10 ਦਸੰਬਰ - ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ 'ਤੇ ਅੱਜ ਫੈਸਲਾ ਦਿੰਦੇ ਹੋਏ ਲੰਡਨ ਕੋਰਟ ਵਲੋਂ ਉਸ ਦੀ ਭਾਰਤ ਨੂੰ ਹਵਾਲਗੀ ਦੇ ਨਿਰਦੇਸ਼ ਦਿੱਤੇ ਹਨ। ਮਾਲਿਆ ਕੋਲ ਇਸ ਫੈਸਲੇ ਖਿਲਾਫ ਅਪੀਲ ਕਰਨ ਲਈ 14 ਦਿਨ ਹਨ। ਉਥੇ ਹੀ ਸੀ.ਬੀ.ਆਈ. ਨੇ ਇਸ...
ਹੋਰ ਖ਼ਬਰਾਂ..

ਖੇਡ ਜਗਤ

ਕੌਮਾਂਤਰੀ ਤਗਮਿਆਂ ਲਈ ਇਕ ਜਨੂੰਨ ਭਰੀ ਸ਼ੁਰੂਆਤ...!

'ਜੇਕਰ ਜਨੂੰਨ ਹੋਵੇ ਤਾਂ ਆਤਮਾ ਨੂੰ ਵੱਡੀਆਂ ਚੀਜ਼ਾਂ ਕਰਨ ਲਈ ਬੁਲੰਦ ਕੀਤਾ ਜਾ ਸਕਦਾ ਹੈ।' ਇਸ ਤਰ੍ਹਾਂ ਦਾ ਜਹੰਗ ਜੀਕੇ ਨੇ ਕਿਹਾ ਸੀ, ਜੋ ਟੇਬਲ ਟੈਨਿਸ ਗ੍ਰੈਂਡ ਸਲੈਮ (2011 ਵਿਚ ਵਿਸ਼ਵ ਚੈਂਪੀਅਨਸ਼ਿਪ, 2011 ਵਿਚ ਵਿਸ਼ਵ ਕੱਪ ਤੇ 2012 ਵਿਚ ਉਲੰਪਿਕ ਸੋਨ ਤਗਮਾ) ਜਿੱਤਣ ਵਾਲੇ ਗਿਣਤੀ ਦੇ ਖਿਡਾਰੀਆਂ ਵਿਚ ਸ਼ਾਮਿਲ ਹੈ। ਉਹ ਉਸ ਮਜ਼ਬੂਤ ਚੀਨੀ ਨਿਜ਼ਾਮ ਦੇ ਉਤਪਾਦ ਹਨ ਜਿਸ ਨੇ ਚੈਂਪੀਅਨ ਪੈਦਾ ਕਰਨ ਦੀ ਕਲਾ ਨੂੰ 'ਉੱਤਮ' ਕਰ ਲਿਆ ਹੈ। ਹੋਰ ਦੇਸ਼ਾਂ ਵਿਚ ਨਿਜ਼ਾਮ ਵੱਖਰਾ ਹੈ, ਪਰ ਜੀਕੇ ਵੱਲੋਂ ਪ੍ਰਗਟ ਕੀਤੀ ਗਈ ਭਾਵਨਾ ਸਭ ਥਾਵਾਂ 'ਤੇ ਲਾਗੂ ਹੁੰਦੀ ਹੈ।
ਇਸੇ ਜਨੂੰਨ ਨੇ ਚਾਰ ਵਾਰ ਦੇ ਕੌਮੀ ਚੈਂਪੀਅਨ ਤੇ ਉਲੰਪਿਕ ਐਸ. ਰਮਨ ਨੂੰ ਮਜਬੂਰ ਕੀਤਾ ਕਿ ਉਹ ਇਕ ਇਸ ਤਰ੍ਹਾਂ ਦਾ ਕੇਂਦਰ ਖੋਲ੍ਹੇ ਜਿਸ ਦਾ ਖ਼ਾਸ ਉਦੇਸ਼ ਇਸ ਤਰ੍ਹਾਂ ਦੇ ਖਿਡਾਰੀ ਬਣਾਉਣਾ ਹੋਵੇ ਜੋ ਕੌਮਾਂਤਰੀ ਤਗਮੇ ਲੈ ਕੇ ਆਉਣ। ਕਾਫੀ ਵਿਚਾਰ ਦੇ ਬਾਅਦ ਉਨ੍ਹਾਂ ਨੇ ਪਿਛਲੇ ਮਈ ਮਹੀਨੇ ਵਿਚ ਆਪਣਾ ਕੇਂਦਰ ਖੋਲ੍ਹਿਆ। ਚੇਨਈ ਦੀ ਹਰਰਿੰਗਟਨ ਰੋਡ (ਚੇਟਪੇਟ) 'ਤੇ ਰਮਨ ਹਾਈ ਪਰਫਾਰਮੈਂਸ ਸੈਂਟਰ ਹੈ। ਇਸ ਦਾ ਏਅਰ ਕੰਡੀਸ਼ਨਰ ਹਾਲ ਹੁਣ ਲਗਪਗ 15 ਟੇਬਲ ਟੈਨਿਸ ਖਿਡਾਰੀਆਂ ਦਾ ਘਰ ਹੈ, ਜਿਨ੍ਹਾਂ ਵਿਚੋਂ ਕੁਝ ਤਾਂ ਦੇਸ਼ ਵਿਚ ਸਰਬਉੱਤਮ ਹਨ। ਸੈਂਟਰ ਨੇ ਅਲੀਟਮੇਟ ਟੇਬਲ ਟੈਨਿਸ ਦੇ ਅਨੇਕਾਂ ਸਭ ਤੋਂ ਵੱਡੇ ਸਿਤਾਰਿਆਂ ਦੀ ਮੇਜ਼ਬਾਨੀ ਵੀ ਕੀਤੀ, ਜਿਨ੍ਹਾਂ ਨੇ ਇਥੋਂ ਦੀਆਂ ਸਹੂਲਤਾਂ ਦਾ ਲਾਭ ਚੁੱਕਿਆ।
ਰਮਨ ਤੇ ਉਨ੍ਹਾਂ ਦੀ ਪਤਨੀ ਬੀ ਭੁਵਨੇਸ਼ਵਰੀ (ਦੋਵੇਂ ਹੀ ਭਾਰਤ ਦੇ ਸਾਬਕਾ ਨੰਬਰ ਇਕ ਖਿਡਾਰੀ) ਨੂੰ ਸਰਬਜਨਕ ਖੇਤਰ ਵਿਚ ਆਪਣੀ ਸੁਰੱਖਿਅਤ ਨੌਕਰੀ ਨੂੰ ਛੱਡਣ ਦੀ ਜ਼ਰੂਰਤ ਨਹੀਂ ਸੀ। ਉਹ ਸਰਕਾਰੀ ਨੌਕਰੀ ਵਿਚ ਰਹਿੰਦੇ ਹੋਏ ਵੀ ਆਪਣੇ ਖਾਲੀ ਸਮੇਂ ਵਿਚ ਕੋਚਿੰਗ ਕਰ ਸਕਦੇ ਸਨ, ਜਿਵੇਂ ਕਿ ਅਨੇਕ ਸਾਬਕਾ ਖਿਡਾਰੀ ਕਰਦੇ ਹਨ। ਪਰ ਆਪਣੇ ਖੇਡਣ ਦੇ ਦਿਨਾਂ ਤੋਂ ਹੀ ਰਮਨ ਨੇ ਇਹ ਦਿੱਖ ਬਣਾਈ ਹੋਈ ਹੈ ਕਿ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਬਾਕੀ ਸਭ ਕੰਮਾਂ ਨੂੰ ਛੱਡ ਦਿੱਤਾ ਜਾਵੇ। ਇਹ ਇਕ ਤਰ੍ਹਾਂ ਨਾਲ ਉਨ੍ਹਾਂ ਦਾ ਟ੍ਰੈਡਮਾਰਕ ਹੈ। ਅਨੇਕਾਂ ਲੋਕਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਅਸਤੀਫ਼ਾ ਦੇ ਕੇ 'ਖ਼ੁਦਕੁਸ਼ੀ' ਨਾ ਕਰਨ, ਪਰ ਉਹ ਨਹੀਂ ਮੰਨੇ। ਉਹ ਦੱਸਦੇ ਹਨ, ਹਮਦਰਦਾਂ ਨੇ ਕਿਹਾ ਕਿ ਮੈਂ ਅਸਤੀਫ਼ਾ ਦੇ ਦੇਵਾਂ ਅਤੇ ਮੇਰੀ ਪਤਨੀ ਕੰਮ ਕਰਦੀ ਰਹੇ, ਇਸ ਤਰ੍ਹਾਂ ਆਰਥਿਕ ਸੰਤੁਲਨ ਬਣਿਆ ਰਹੇਗਾ। ਅਸੀਂ ਇਸ 'ਤੇ ਵਿਚਾਰ ਕੀਤਾ ਇਸ ਨਿਰਣੇ 'ਤੇ ਪਹੁੰਚੇ ਕਿ ਜੇਕਰ ਸਾਨੂੰ ਇਹ ਕੰਮ ਕਰਨਾ ਹੈ ਤਾਂ ਦੋਵਾਂ ਨੂੰ ਹੀ ਆਪਣੀ ਨੌਕਰੀ ਛੱਡਣੀ ਪਵੇਗੀ।
ਜਿਸ ਕੇਂਦਰ ਦਾ ਉਦੇਸ਼ ਕੌਮਾਂਤਰੀ ਤਗਮੇ ਲਿਆਉਣ ਵਾਲੇ ਖਿਡਾਰੀ ਪੈਦਾ ਕਰਨਾ ਹੈ, ਉਸ ਨੂੰ ਚਲਾਉਣ ਦਾ ਇਹੀ ਤਰੀਕਾ ਹੈ। ਜਦੋਂ ਉਨ੍ਹਾਂ ਨੇ ਆਪਣਾ ਕੇਂਦਰ ਸ਼ੁਰੂ ਕੀਤਾ ਤਾਂ ਉਨ੍ਹਾਂ ਕੋਲ ਕੁਝ ਵੀ ਨਹੀਂ ਸੀ। ਉਨ੍ਹਾਂ ਨੂੰ ਆਪਣੀ ਕਾਰ ਵੇਚਣੀ ਪਈ, ਖਰਚਿਆਂ ਵਿਚ ਕਟੌਤੀ ਕਰਨੀ ਪਈ। ਰਮਨ ਕਹਿੰਦੇ ਹਨ, 'ਮੈਂ ਸਿਰਫ ਐਤਵਾਰ ਨੂੰ ਆਪਣੇ-ਆਪ ਨੂੰ ਫਰੀ ਰੱਖਦਾ ਹਾਂ। ਪਰਿਵਾਰ ਦੇ ਸਮਾਗਮਾਂ ਵਿਚ ਵੀ ਮੁਸ਼ਕਿਲ ਨਾਲ ਹੀ ਜਾਂਦਾ ਹਾਂ। ਭੁਵਨ ਹੀ ਸਮਾਜਿਕ ਜ਼ਿੰਮੇਦਾਰੀਆਂ ਚੁੱਕਦੀ ਹੈ।' ਲਗਪਗ 80 ਲੱਖ ਰੁਪਏ ਦਾ ਨਿਵੇਸ਼ ਮਜ਼ਾਕ ਨਹੀਂ ਹੈ। ਇਸ ਲਈ ਆਪਣੇ 'ਤੇ ਜ਼ਬਰਦਸਤ ਵਿਸ਼ਵਾਸ ਦੀ ਜ਼ਰੂਰਤ ਹੈ, ਜੋ ਇਸ ਜੋੜੇ ਦੇ ਕੋਲ ਹੈ।
ਰਮਨ ਅਨੁਸਾਰ, 'ਕੇਂਦਰ ਨੂੰ ਵਿਕਸਤ ਕਰਨ ਵਿਚ ਅਸੀਂ ਲਗਪਗ ਇਕ ਕਰੋੜ ਦਾ ਨਿਵੇਸ਼ ਕੀਤਾ ਹੈ। ਅਸੀਂ ਸਪਾਂਸਰਾਂ ਦੀ ਉਡੀਕ ਨਹੀਂ ਕੀਤੀ। ਉਂਝ ਅਸੀਂ ਕਿਸੇ ਵੀ ਚੀਜ਼ ਦਾ ਇੰਤਜ਼ਾਰ ਨਹੀਂ ਕੀਤਾ। ਮੈਂ ਆਪਣੀ ਜਾਇਦਾਦ ਨੂੰ ਗਿਰਵੀ ਰੱਖ ਕੇ ਬੈਂਕ ਤੋਂ ਕਰਜ਼ਾ ਲਿਆ, ਜਿਸ ਦੀ ਅਸੀਂ ਕਿਸ਼ਤ ਦੇ ਰਹੇ ਹਾਂ। ਇਹ ਹਵਾ ਵਿਚ ਬੰਨ੍ਹੀ ਰੱਸੀ 'ਤੇ ਚੱਲਣ ਵਰਗਾ ਹੈ। ਅਸੀਂ ਸੰਘਰਸ਼ ਕਰ ਰਹੇ ਹਾਂ, ਪਰ ਅਸੀਂ ਜਾਣਦੇ ਹਾਂ ਕਿ ਅਸੀਂ ਕੇਂਦਰ ਨੂੰ ਆਤਮ-ਨਿਰਭਰ ਬਣਾਉਣਾ ਹੈ। ਸਾਡਾ ਦਿਲ, ਸ਼ੌਕ ਅਤੇ ਜਨੂੰਨ ਇਕ ਦਮ ਸਹੀ ਦਿਸ਼ਾ ਵਿਚ ਹਨ। ਕੇਂਦਰ ਪੂਰੀ ਤਰ੍ਹਾਂ ਨਾਲ ਸਾਡੇ ਫੰਡਾਂ 'ਤੇ ਚੱਲ ਰਿਹਾ ਹੈ।' ਆਪਣੀਆਂ ਕੋਚਿੰਗ ਯੋਜਨਾਵਾਂ ਨੂੰ ਅਮਲ ਵਿਚ ਲਿਆਉਣ ਲਈ ਰਮਨ ਨੇ ਭਾਰਤੀ ਤੇਲ ਨਿਗਮ ਵਿਚ ਆਪਣੀ ਸੀਨੀਅਰ ਪ੍ਰਬੰਧਕ ਦੀ ਨੌਕਰੀ 2014 ਵਿਚ ਛੱਡੀ।
ਜ਼ਿਆਦਾਤਰ ਅਕਾਦਮੀਆਂ ਖਿਡਾਰੀ-ਟੇਬਲ ਅਨੁਪਾਤ ਦਾ ਧਿਆਨ ਨਹੀਂ ਰੱਖਦੀਆਂ ਹਨ, ਪਰ ਰਮਨ ਵੱਖਰਾ ਹੈ। ਉਹ ਗੁਣਵਤਾ ਬਣਾਈ ਰੱਖਣ ਲਈ ਸਿਰਫ ਛੋਟੇ ਸਮੂਹ ਦੇ ਨਾਲ ਹੀ ਕੰਮ ਕਰਨਾ ਪਸੰਦ ਕਰਦਾ ਹੈ। ਉਨ੍ਹਾਂ ਕੋਲ ਪੰਜ ਟੇਬਲ ਹਨ ਅਤੇ ਸਾਰੀਆਂ ਸ਼੍ਰੇਣੀਆਂ ਦੇ 15 ਖਿਡਾਰੀ ਹਨ। ਉਹ ਬਿਨਾਂ ਰੁਕਾਵਟ ਦੇ ਖੇਡ ਪ੍ਰਦਾਨ ਕਰਨਾ ਚਾਹੁੰਦਾ ਹੈ ਤਾਂ ਕਿ ਖਿਡਾਰੀਆਂ ਦੇ ਸਟੈਮਿਨਾ ਵਿਚ ਸੁਧਾਰ ਆਵੇ। ਜੋ ਨੌਜਵਾਨ ਕੇਂਦਰ ਦਾ ਹਿੱਸਾ ਬਣਨਾ ਚਾਹੁੰਦੇ ਹਨ ਉਨ੍ਹਾਂ ਤੋਂ ਆਪਣੇ ਖੇਡ ਦਾ ਵੀਡੀਓ ਸ਼ੇਅਰ ਕਰਨ ਲਈ ਕਿਹਾ ਜਾਂਦਾ ਹੈ। ਦਾਖਲਾ ਪੱਧਰ ਖਿਡਾਰੀਆਂ ਤੋਂ 6500 ਰੁਪਏ ਪ੍ਰਤੀ ਮਹੀਨੇ ਲਏ ਜਾਂਦੇ ਹਨ, ਜੋ ਹੋਰ ਕੇਂਦਰਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ, ਪਰ ਰਮਨ ਕਹਿੰਦੇ ਹਨ, ਉਨ੍ਹਾਂ ਦੇ ਕੇਂਦਰ ਦੀ ਉੱਚੀ ਉਡਾਨ ਵੱਡੀ ਹੈ। ਇਸ ਲਈ ਸਿਰਫ ਉਨ੍ਹਾਂ ਨੂੰ ਹੀ ਲਿਆ ਜਾਂਦਾ ਹੈ ਜੋ ਉੱਚ ਪੱਧਰ ਲਈ ਬਣੇ ਹਨ। ਜੋ ਮਿਹਨਤ ਨਹੀਂ ਕਰਦੇ ਹਨ, ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ।
ਰਮਨ ਦੋਸਤੀ ਤੇ ਮੁਕਾਬਲੇਬਾਜ਼ੀ ਦਾ ਸੱਭਿਆਚਾਰ ਵਿਕਸਤ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਦੀ ਰਾਏ ਵਿਚ ਟੌਪ ਖਿਡਾਰੀ ਬਣਾਉਣ ਲਈ ਬੁਨਿਆਦੀ ਜ਼ਰੂਰਤ ਹੈ। ਉਨ੍ਹਾਂ ਦੇ ਕੇਂਦਰ ਵਿਚ ਇਸ ਤਰ੍ਹਾਂ ਦਾ ਵਾਤਾਵਰਨ ਹੈ ਕਿ ਕੋਈ ਵੀ ਦਿਨ ਵਿਚ ਕਿਸੇ ਦੇ ਵੀ ਨਾਲ ਖੇਡ ਸਕਦਾ ਹੈ।
ਰਮਨ ਖਿਡਾਰੀਆਂ ਦੇ ਸ਼ੁਰੂਆਤੀ ਕੈਰੀਅਰ ਵਿਚ ਹੀ ਕੌਮਾਂਤਰੀ ਐਕਸਪੋਜ਼ਰ ਦੇ ਮਹੱਤਵ ਨੂੰ ਸਮਝਦੇ ਹਨ, ਇਸ ਲਈ ਸਾਰਥਕ ਗਾਂਧੀ, ਜਿਨ੍ਹਾਂ ਨੇ ਨਾਈਜੀਰੀਆ ਓਪਨ ਵਿਚ ਕਾਂਸੀ ਪਦਕ ਜਿੱਤਿਆ ਸੀ, ਉਨ੍ਹਾਂ ਨੂੰ ਪੋਲਿਸ਼ ਓਪਨ ਲਈ ਆਪਣੇ ਵੱਲੋਂ ਸਪਾਂਸਰ ਕਰ ਰਹੇ ਹਨ। ਉਹ ਕਹਿੰਦੇ ਹਨ, 'ਹਾਲਾਂਕਿ ਅਸੀਂ ਖ਼ੁਦ ਸੰਘਰਸ਼ ਕਰ ਰਹੇ ਹਾਂ, ਪਰ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਖਿਡਾਰੀਆਂ ਨੂੰ ਮੌਕਿਆਂ ਦੀ ਘਾਟ ਰਹੇ। ਮੈਂ ਮਾਪਿਆਂ ਦੀ ਤਰ੍ਹਾਂ ਚਾਹੁੰਦਾ ਹਾਂ ਕਿ ਉਹ ਚੰਗਾ ਕਰਨ।'


ਖ਼ਬਰ ਸ਼ੇਅਰ ਕਰੋ

ਟੀਮ ਇੰਡੀਆ ਦੀ ਆਸਟ੍ਰੇਲੀਆ ਵਿਰੁੱਧ ਕਾਰਗੁਜ਼ਾਰੀ ਸ਼ਾਨਦਾਰ ਰਹੀ

ਟੀਮ ਇੰਡੀਆ ਦੀ ਆਸਟ੍ਰੇਲੀਆ ਵਿਰੁੱਧ ਨਾਗਪੁਰ 'ਚ ਖੇਡੇ ਗਏ ਪੰਜਵੇਂ ਅਤੇ ਸੀਰੀਜ਼ ਦੇ ਆਖਰੀ ਮੈਚ 'ਚ 7 ਵਿਕਟਾਂ ਦੀ ਜਿੱਤ ਨਾਲ ਭਾਰਤ ਨੇ 4-1 ਨਾਲ ਸੀਰੀਜ਼ ਆਪਣੇ ਨਾਂਅ ਕਰਕੇ ਇਕ ਵਾਰ ਫਿਰ ਵੱਨ-ਡੇ ਮੈਚਾਂ ਦੀ ਦਰਜਾਬੰਦੀ 'ਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਵਿਰਾਟ ਸੈਨਾ ਚੌਥਾ ਮੈਚ ਹਾਰ ਕੇ ਦੱਖਣੀ ਅਫਰੀਕਾ ਤੋਂ ਪਛੜ ਕੇ ਦੂਜੇ ਸਥਾਨ 'ਤੇ ਖਿਸਕ ਗਈ ਸੀ। ਟੀਮ ਇੰਡੀਆ ਆਪਣੀ ਪਿਛਲੀ ਆਸਟ੍ਰੇਲੀਆਈ ਫੇਰੀ 'ਚ 1-4 ਨਾਲ ਸੀਰੀਜ਼ ਹਾਰੀ ਸੀ ਤੇ ਇਸ ਜਿੱਤ ਨਾਲ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਭਾਰਤੀ ਕ੍ਰਿਕਟ ਰਣਬੰਕਰਾਂ ਨੇ ਕੰਗਾਰੂਆਂ ਨਾਲ ਹਿਸਾਬ ਬਰਾਬਰ ਕਰ ਲਿਆ ਹੈ।
ਕੰਗਾਰੂਆਂ ਵਿਰੁੱਧ ਇਸ ਸੀਰੀਜ਼ 'ਚ ਰੋਹਿਤ ਸ਼ਰਮਾ ਦਾ ਜਲਵਾ ਰਿਹਾ ਪਰ ਉਸ ਦੇ ਓਪਨਿੰਗ ਜੋੜੀਦਾਰ ਅਜਿੰਕੇ ਰਹਾਣੇ ਦੇ ਬੱਲੇ 'ਚੋਂ ਲੱਗੀ ਦੌੜਾਂ ਦੀ ਝੜੀ ਦੇ ਖਾਸ ਮਾਇਨੇ ਹਨ। ਦਰਅਸਲ ਰੋਹਿਤ ਦੇ ਅਕਸਰ ਜੋੜੀਦਾਰ ਸਿਖਰ ਧਵਨ ਦੀ ਪਤਨੀ ਦੇ ਬਿਮਾਰ ਹੋਣ ਨਾਲ ਸੀਰੀਜ਼ ਲਈ ਉਪਲਬਧ ਨਹੀਂ ਹੋ ਸਕੇ, ਇਸ ਸਬੱਬ ਨਾਲ ਮਿਲੇ ਮੌਕੇ ਦਾ ਰਹਾਣੇ ਨੇ ਭਰਪੂਰ ਫਾਇਦਾ ਉਠਾਇਆ।
ਕਿਹਾ ਜਾਂਦਾ ਹੈ ਕਿ ਵਿਰਾਟ ਕੋਹਲੀ ਦੇ ਨਾਂਅ ਨਾਲ ਸਫਲਤਾ ਦਾ ਸ਼ਬਦ ਜੁੜਿਆ ਹੋਇਆ ਹੈ ਪਰ ਉਹ ਲਗਾਤਾਰ ਸਭ ਤੋਂ ਜ਼ਿਆਦਾ ਇਕ-ਦਿਨਾ ਮੈਚ ਜਿੱਤਣ ਦਾ ਰਿਕਾਰਡ ਆਪਣੇ ਨਾਂਅ ਨਾਲ ਜੋੜਨ ਤੋਂ ਖੁੰਝ ਗਏ। ਆਸਟ੍ਰੇਲੀਆ ਵਿਰੁੱਧ ਇੰਦੌਰ 'ਚ ਇਕ-ਦਿਨਾ ਮੈਚ ਜਿੱਤ ਕੇ ਵਿਰਾਟ ਨੇ ਮਹਿੰਦਰ ਸਿੰਘ ਧੋਨੀ ਦੇ ਲਗਾਤਾਰ 9 ਮੈਚ ਜਿੱਤਣ ਦੀ ਬਰਾਬਰੀ ਤਾਂ ਕਰ ਲਈ ਪਰ ਉਸ ਨੇ ਆਪਣੇ ਨਵੇਂ ਤਜਰਬੇ ਲਈ ਅਗਲੇ ਮੈਚ 'ਚ ਕੁਝ ਦੂਜੇ ਖਿਡਾਰੀਆਂ ਨੂੰ ਮੈਦਾਨ 'ਚ ਉਤਾਰਿਆ ਪਰ ਇਹ ਟੀਮ ਹਾਰ ਗਈ ਤੇ ਸੀਰੀਜ਼ ਦੇ ਆਖਰੀ ਮੈਚ 'ਚ ਵਿਰਾਟ ਨੂੰ ਇਕ ਵਾਰ ਫਿਰ ਪਰਖੇ ਹੋਏ ਗੇਂਦਬਾਜ਼ਾਂ ਨੂੰ ਪਿੱਚ 'ਤੇ ਉਤਾਰਨਾ ਪਿਆ, ਜਿਸ ਨਾਲ ਸਾਬਤ ਹੋਇਆ ਕਿ ਨਵੇਂ ਖਿਡਾਰੀਆਂ 'ਚ ਬੁਮਰਾਹ ਅਤੇ ਭਵਨੇਸ਼ਵਰ ਵਾਲੀ ਯੋਗਤਾ ਨਹੀਂ ਹੈ। ਉਂਜ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਲਗਾਤਾਰ ਤੀਜੀ ਵਾਰ ਆਸਟ੍ਰੇਲੀਆ ਖਿਲਾਫ ਸੀਰੀਜ਼ ਜਿੱਤੀ ਹੈ। ਟੀਮ ਇੰਡੀਆ ਨੇ 2010-11 'ਚ 1-0 ਨਾਲ ਅਤੇ 2013-14 'ਚ 3-2 ਨਾਲ ਜਿੱਤੀ ਸੀ ਪਰ ਭਾਰਤੀ ਟੀਮ ਦਾ ਅਸਲੀ ਇਮਤਿਹਾਨ ਅਗਲੇ ਮਹੀਨੇ ਦੱਖਣੀ ਅਫਰੀਕਾ 'ਚ ਖੇਡੇ ਜਾਣ ਵਾਲੇ ਮੈਚ 2019 'ਚ ਇੰਗਲੈਂਡ 'ਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਲਈ ਖਿਡਾਰੀਆਂ ਦੀ ਪਰਖ ਦਾ ਹਿੱਸਾ ਵੀ ਹੋਣਗੇ।
ਤੇਜ਼ ਗੇਂਦਬਾਜ਼ੀ 'ਚ ਜਸਪ੍ਰੀਤ ਬੁਮਰਾਹ ਅਤੇ ਭਵਨੇਸ਼ਵਰ ਕੁਮਾਰ ਦੀ ਪੇਸ ਜੋੜੀ ਫਿੱਟ ਬੈਠਦੀ ਹੈ। ਇਸ ਜੋੜੀ ਦੀ ਨਪੀ-ਤੁਲੀ ਗੇਂਦਬਾਜ਼ੀ ਆਸਟ੍ਰੇਲੀਆਈ ਬੱਲੇਬਾਜ਼ਾਂ ਲਈ ਖੌਫ ਸਾਬਤ ਹੋਈ। ਵਿਰਾਟ ਨੇ ਚੌਥੇ ਵੱਨ-ਡੇ 'ਚ ਇਸ ਜੋੜੀ ਨੂੰ ਆਰਾਮ ਦੇ ਕੇ ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਨੂੰ ਮੌਕਾ ਦਿੱਤਾ। ਇਹ ਤਜਰਬਾ ਸਹੀ ਸਾਬਤ ਨਾ ਹੋਇਆ, ਜਿਸ ਕਰਕੇ ਆਸਟ੍ਰੇਲੀਆਈ ਬੱਲੇਬਾਜ਼ ਸੀਰੀਜ਼ ਦੇ ਸਫਾਏ ਤੋਂ ਬਚ ਗਏ। ਲਗਪਗ ਸਾਫ ਹੋ ਚੁੱਕਾ ਹੈ ਕਿ ਬੁਮਰਾਹ ਅਤੇ ਭਵਨੇਸ਼ਵਰ ਦੀ ਜੋੜੀ ਡੈਥ ਓਵਰਾਂ 'ਚ ਸਰਬਸ੍ਰੇਸ਼ਟ ਹੈ। ਇਹ ਦੋਵੇਂ ਜਿਸ ਤਰ੍ਹਾਂ ਕਮਾਲ ਦੀ ਗੇਂਦਬਾਜ਼ੀ ਕਰਕੇ ਬੱਲੇਬਾਜ਼ਾਂ ਦੀ ਸ਼ਾਮਤ ਲਿਆ ਦਿੰਦੇ ਹਨ, ਉਸ ਨੂੰ ਦੇਖਦਿਆਂ ਲਗਦਾ ਹੈ ਕਿ ਇਹ 2019 ਵਿਸ਼ਵ ਕੱਪ ਯੋਜਨਾ ਦਾ ਹਿੱਸਾ ਜ਼ਰੂਰ ਹੋਣਗੇ।
ਵਿਰਾਟ ਸੈਨਾ ਹੁਣ ਤੱਕ ਭਾਰਤੀ ਉਮੀਦਾਂ 'ਤੇ ਖਰਾ ਉਤਰਦੀ ਦਿਸ ਰਹੀ ਹੈ। ਕ੍ਰਿਕਟ ਦੀ ਦੁਨੀਆ 'ਚ ਵੱਡੀਆਂ ਸੁਰਖੀਆਂ ਬਣਨ ਵਾਲੀ ਇਹ ਟੀਮ ਵਲੋਂ ਆਉਣ ਵਾਲੇ ਦਿਨਾਂ 'ਚ ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਇੰਗਲੈਂਡ ਨਾਲ ਉਸ ਦੇ ਘਰ ਜਾ ਕੇ ਖੇਡਣ ਨਾਲ ਪਤਾ ਲੱਗੇਗਾ ਕਿ ਕੌਣ ਕਿੰਨੇ ਪਾਣੀ 'ਚ ਹੈ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204

ਖੇਡ ਪ੍ਰੇਮੀ ਵੀ ਨਿਭਾਉਂਦੇ ਹਨ ਅਹਿਮ ਭੂਮਿਕਾ

ਖੇਡਾਂ ਲਈ ਖਿਡਾਰੀਆਂ ਦਾ ਹੀ ਨਹੀਂ, ਸਗੋਂ ਖੇਡ ਪ੍ਰੇਮੀਆਂ, ਖੇਡ ਦਰਸ਼ਕਾਂ ਦਾ ਪ੍ਰੇਮ ਵੀ ਨਿਹਾਇਤ ਜ਼ਰੂਰੀ ਹੈ। ਖਿਡਾਰੀਆਂ ਦੀ ਇਹ ਆਪਣੀ ਖੇਡ ਪ੍ਰਤੀ ਲਗਨ, ਮੁਹੱਬਤ ਹੀ ਹੈ ਜੋ ਉਨ੍ਹਾਂ ਨੂੰ ਖੇਡ ਖੇਤਰ 'ਚ ਬੁਲੰਦੀਆਂ 'ਤੇ ਪਹੁੰਚਣ ਲਈ ਉਤਸ਼ਾਹਿਤ ਕਰਦੀ ਹੈ। ਮਨੋਵਿਗਿਆਨਕ ਤੌਰ 'ਤੇ ਦੇਖਿਆ ਜਾਵੇ ਤਾਂ ਖੇਡ ਖੇਤਰ 'ਚ ਖਿਡਾਰੀਆਂ ਨੂੰ ਉਤਸ਼ਾਹਿਤ, ਪ੍ਰੇਰਿਤ ਕਰਨ ਲਈ ਖੇਡ ਪ੍ਰੇਮੀ ਅਤੇ ਦਰਸ਼ਕ ਵੀ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਅਸੀਂ ਸਮਝਦੇ ਹਾਂ ਕਿ ਖਿਡਾਰੀਆਂ-ਖਿਡਾਰਨਾਂ ਦੇ ਨਾਲ ਉਨ੍ਹਾਂ ਦੀ ਹੌਸਲਾ-ਅਫਜ਼ਾਈ, ਉਨ੍ਹਾਂ ਦਾ ਸਤਿਕਾਰ ਵੀ ਜ਼ਰੂਰੀ ਹੈ। ਇਸੇ ਲਈ ਤਾਜ਼ਾ ਮਿਸਾਲ ਤੁਹਾਡੇ ਸਾਹਮਣੇ ਹੈ। ਸੁਰਜੀਤ ਹਾਕੀ ਟੂਰਨਾਮੈਂਟ 'ਚ ਦਰਸ਼ਕਾਂ ਅਤੇ ਹਾਕੀ ਪ੍ਰੇਮੀਆਂ ਲਈ ਸ਼ਾਨਦਾਰ ਇਨਾਮ ਰੱਖੇ ਸਨ। ਸਾਨੂੰ ਬਹੁਤ ਚੰਗਾ ਲੱਗੇ ਜੇ ਸਾਰੇ ਖੇਡ ਟੂਰਨਾਮੈਂਟਾਂ 'ਚ ਖੇਡ ਦਰਸ਼ਕਾਂ ਨੂੰ ਉਨ੍ਹਾਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਉਣ ਲਈ ਟੂਰਨਾਮੈਂਟ ਪ੍ਰਬੰਧਕ ਏਦਾਂ ਦੇ ਉਪਰਾਲੇ ਕਰਨ, ਟੂਰਨਾਮੈਂਟ ਭਾਵੇਂ ਪਿੰਡ ਦੇ ਪੱਧਰ ਦਾ ਹੋਵੇ, ਚਾਹੇ ਜ਼ਿਲ੍ਹੇ ਦਾ, ਭਾਵੇਂ ਇਹ ਰਾਜ ਪੱਧਰ ਦਾ ਹੋਵੇ ਜਾਂ ਕੌਮੀ ਪੱਧਰ ਦਾ।
ਖੇਡਾਂ ਦੇ ਸ਼ੌਕੀਨ ਜੇ ਤੁਹਾਨੂੰ ਸਟੇਡੀਅਮ 'ਚ ਨਾ ਲੱਭਣ ਤਾਂ ਕਿਸੇ ਵੀ ਟੂਰਨਾਮੈਂਟ ਦਾ ਆਯੋਜਨ ਫਿੱਕਾ-ਫਿੱਕਾ, ਮੱਠਾ-ਮੱਠਾ ਨਜ਼ਰ ਆਉਂਦਾ ਹੈ। ਟੂਰਨਾਮੈਂਟ ਪ੍ਰਬੰਧਕਾਂ ਦੇ ਚਿਹਰਿਆਂ 'ਤੇ ਖੇਡ ਦਰਸ਼ਕਾਂ ਦੇ ਵੱਡੇ ਹਜ਼ੂਮ ਨੂੰ ਦੇਖ ਕੇ ਹੀ ਖੁਸ਼ੀ ਉਤਰਦੀ ਹੈ। ਮੀਡੀਆ ਵੀ ਖੇਡ ਦਰਸ਼ਕਾਂ ਨੂੰ ਦੇਖ ਕੇ ਹੀ ਉਤਸ਼ਾਹਿਤ ਹੁੰਦਾ ਹੈ। ਇਹੀ ਖੇਡ ਦਰਸ਼ਕ ਖੇਡਾਂ ਦੇ ਰਾਜਦੂਤ ਵੀ ਬਣਦੇ ਹਨ। ਅਸੀਂ ਸਮਝਦੇ ਹਾਂ ਕਿ ਖੇਡਾਂ ਦੇ ਭਲੇ ਲਈ, ਲੋਕਪ੍ਰਿਅਤਾ ਲਈ ਖੇਡਾਂ ਦੇ ਸ਼ੌਕੀਨਾਂ ਦੀ ਗਿਣਤੀ ਵਧਣੀ ਚਾਹੀਦੀ ਹੈ। ਕੁਝ ਖੇਡ ਪ੍ਰੇਮੀ ਕਿਸੇ ਵੀ ਟੂਰਨਾਮੈਂਟ ਨੂੰ ਦੇਖਣ ਲਈ ਮੈਦਾਨ 'ਚ ਨਹੀਂ ਜਾਂਦੇ, ਆਪਣੇ ਮੁਬਾਰਕ ਕਦਮਾਂ ਨਾਲ ਸਟੇਡੀਅਮ ਨੂੰ ਨਹੀਂ ਨਿਵਾਜਦੇ, ਉਹ ਸਿਰਫ ਟੀ. ਵੀ. ਦਰਸ਼ਕ ਹੁੰਦੇ ਹਨ ਪਰ ਟੀ. ਵੀ. ਦਰਸ਼ਕਾਂ ਨੂੰ ਵੀ ਤਦ ਤੱਕ ਖੇਡਾਂ ਦੇਖਣ ਦਾ ਸਵਾਦ ਨਹੀਂ ਆਉਂਦਾ, ਜਦ ਤੱਕ ਚੱਲ ਰਹੇ ਟੂਰਨਾਮੈਂਟ 'ਚ, ਹੋ ਰਹੇ ਮੈਚ 'ਚ ਖੇਡ ਦਰਸ਼ਕਾਂ ਦੀ ਭਾਰੀ ਗਿਣਤੀ ਨਾ ਦਿਖਾਈ ਦੇਵੇ। ਇਸ ਤਰ੍ਹਾਂ ਖਿਡਾਰੀ ਅਤੇ ਖੇਡ ਪ੍ਰੇਮੀ ਰਲ-ਮਿਲ ਕੇ ਖੇਡਾਂ ਪ੍ਰਤੀ ਰੁਮਾਂਚ ਪੈਦਾ ਕਰਦੇ ਹਨ। ਇਸ ਲਈ ਜੇ ਵੱਡੇ-ਵੱਡੇ ਇਨਾਮਾਂ ਦੇ ਹੱਕਦਾਰ ਖਿਡਾਰੀ ਹਨ ਤਾਂ ਖੇਡ ਪ੍ਰੇਮੀ ਅਤੇ ਖੇਡ ਦਰਸ਼ਕ ਵੀ ਹੌਸਲਾ-ਅਫਜ਼ਾਈ, ਆਪਣੀ ਅਹਿਮੀਅਤ ਦਾ ਅਹਿਸਾਸ ਹੋਣ ਦੇ ਤਲਬਗਾਰ ਹੁੰਦੇ ਹਨ।
ਹਰ ਖੇਡ ਪ੍ਰੇਮੀ ਦੇ ਜਜ਼ਬਾਤਾਂ ਦਾ ਆਪਣੀ ਮਨਪਸੰਦੀ ਦਾ ਖੇਡ ਤੇ ਟੀਮ ਨਾਲ ਜੁੜੇ ਹੋਣਾ ਸੁਭਾਵਿਕ ਪਹਿਲੂ ਹੈ ਪਰ ਆਪਣੀ ਟੀਮ ਦੀ ਹਾਰ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦੀ ਸ਼ਕਤੀ ਉਤਪੰਨ ਨਾ ਕਰ ਸਕਣ ਕਾਰਨ ਬਹੁਤ ਸਾਰੇ ਖੇਡ ਦਰਸ਼ਕ ਖੇਡ ਪ੍ਰੇਮੀ ਹਿੰਸਾਤਮਕ ਰੁਖ਼ ਅਪਣਾ ਲੈਂਦੇ ਹਨ, ਜਿਸ ਦਾ ਨੁਕਸਾਨ ਕਈ ਵਾਰ ਖਿਡਾਰੀਆਂ ਨੂੰ ਵੀ ਹੁੰਦਾ ਹੈ, ਜੋ ਖੇਡ ਮੈਦਾਨ 'ਚ ਜੂਝ ਰਹੇ ਹੁੰਦੇ ਹਨ ਅਤੇ ਟੂਰਨਾਮੈਂਟ ਪ੍ਰਬੰਧਕ ਵੀ ਖੇਡ ਪ੍ਰੇਮੀਆਂ ਦੇ ਇਹੋ ਜਿਹੇ ਪ੍ਰੇਮ ਤੋਂ ਨਿਰਉਤਸ਼ਾਹਿਤ ਹੁੰਦੇ ਹਨ। ਖੇਡ ਦਰਸ਼ਕ ਵੀ 'ਸਪੋਰਟਸਮੈਨਸ਼ਿਪ' ਦੀ ਭਾਵਨਾ ਦਾ ਸਤਿਕਾਰ ਕਰਨ। ਦਰਸ਼ਕਾਂ ਦੀ ਹੁੱਲੜਬਾਜ਼ੀ ਖੇਡਾਂ ਲਈ ਗੰਭੀਰ ਸਮੱਸਿਆ ਨਾ ਬਣੇ। ਅਸੀਂ ਮੰਨਦੇ ਹਾਂ ਕਿ ਖੇਡ ਮੈਦਾਨ 'ਚ ਖੇਡ ਦਰਸ਼ਕਾਂ ਵਲੋਂ ਖਿਡਾਰੀਆਂ ਨੂੰ ਦਾਦ ਦੇਣ ਲਈ ਸ਼ੋਰ-ਸ਼ਰਾਬਾ ਵੀ ਜ਼ਰੂਰੀ ਹੈ ਪਰ ਕਿਸੇ ਅਨੁਸ਼ਾਸਨਬੱਧ ਤਰੀਕੇ ਨਾਲ, ਸੁਹਿਰਦਤਾ ਨਾਲ। ਉਹ ਖੇਡ ਅਤੇ ਖਿਡਾਰੀਆਂ ਪ੍ਰਤੀ ਮੋਹ ਲੱਗੇ, ਪਿਆਰ ਲੱਗੇ, ਨਾ ਕਿ ਖੇਡ ਟੂਰਨਾਮੈਂਟ 'ਚ ਕੋਈ ਵਿਘਨ ਪਾਉਣ ਦੀ ਸ਼ਰਾਰਤ ਲੱਗੇ। ਅਸੀਂ ਮੰਨਦੇ ਹਾਂ ਕਿ ਖੇਡ ਪ੍ਰੇਮੀ ਖੇਡ ਦਰਸ਼ਕ ਵੱਖਰੇ-ਵੱਖਰੇ ਸੁਭਾਅ ਦੇ ਹੁੰਦੇ ਹਨ ਪਰ ਉਹ ਸਾਰੇ ਹੀ ਖੇਡ ਦਾ ਜ਼ਰੂਰੀ ਹਿੱਸਾ ਹਨ।
ਖਿਡਾਰੀਆਂ ਅਤੇ ਟੂਰਨਾਮੈਂਟ ਪ੍ਰਬੰਧਕਾਂ ਨੂੰ ਉਨ੍ਹਾਂ ਦੇ ਤਮਾਮ ਜਜ਼ਬਾਤਾਂ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਕਿਸੇ ਖਿਡਾਰੀ ਜਾਂ ਖਿਡਾਰਨ ਤੋਂ 'ਆਟੋਗ੍ਰਾਫ' ਲੈਣ ਆਇਆ ਖੇਡ ਪ੍ਰੇਮੀ ਉਸ ਦੀ ਅਹਿਮੀਅਤ ਵਧਾ ਰਿਹਾ ਹੈ। ਉਸ ਨੂੰ ਨਿਰਾਸ਼ ਨਹੀਂ ਕੀਤਾ ਜਾਣਾ ਚਾਹੀਦਾ। ਖੇਡ ਹਸਤੀਆਂ ਨਾਲ ਫੋਟੋ ਖਿਚਵਾਉਣ ਦੇ ਸ਼ੌਕੀਨ ਖੇਡ ਪ੍ਰੇਮੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਪਰ ਇਸ ਲਈ ਖੇਡ ਦਰਸ਼ਕ, ਖੇਡ ਪ੍ਰੇਮੀਆਂ ਨੂੰ ਚਾਹੀਦਾ ਹੈ ਕਿ ਉਹ ਠੀਕ ਵਕਤ 'ਤੇ ਹੀ ਉਨ੍ਹਾਂ ਕੋਲ ਜਾਣ। ਟੂਰਨਾਮੈਂਟ ਪ੍ਰਬੰਧਕ ਖੇਡ ਦਰਸ਼ਕਾਂ ਦੀਆਂ ਸਹੂਲਤਾਂ ਦਾ ਪੂਰਾ-ਪੂਰਾ ਖਿਆਲ ਰੱਖਣ। ਖੇਡਾਂ 'ਚ ਕ੍ਰਾਂਤੀ ਉਨ੍ਹਾਂ ਨੇ ਹੀ ਲਿਆਉਣੀ ਹੈ। ਸਰਕਾਰ ਵੀ ਉਨ੍ਹਾਂ ਖੇਡਾਂ ਨੂੰ ਹੀ ਉਤਸ਼ਾਹਿਤ ਕਰਦੀ ਹੈ, ਜਿਨ੍ਹਾਂ ਮਗਰ ਖੇਡ ਪ੍ਰੇਮੀਆਂ ਦੀ ਲੰਮੀ ਤਾਦਾਦ ਹੋਵੇ। ਖੇਡ ਪ੍ਰੇਮੀ ਕਈ ਵਾਰ ਰੈਲੀਆਂ, ਰੋਸ ਮੁਜ਼ਾਹਰਿਆਂ 'ਚ ਖਿਡਾਰੀਆਂ ਦੇ ਹਿਤਾਂ ਲਈ ਜੂਝਦੇ ਦੇਖੇ ਜਾਂਦੇ ਹਨ, ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦੇ ਕੇ ਹੌਸਲਾ ਵਧਾਉਂਦੇ ਹਨ, ਜਿੱਤੇ ਖਿਡਾਰੀਆਂ ਅਤੇ ਖੇਡਾਂ ਦੇ ਜਸ਼ਨ ਉਹ ਹੀ ਮਨਾਉਂਦੇ ਹਨ। ਸੋ, ਖੇਡ ਪ੍ਰੇਮੀਆਂ ਦੀ ਆਪਣੀ ਹੀ ਅਹਿਮੀਅਤ ਹੈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਕਬੱਡੀ ਦੀ ਹੋਂਦ ਕਾਇਮ ਰੱਖਣ ਲਈ ਜੜ੍ਹਾਂ ਮਜ਼ਬੂਤ ਕਰਨ ਦੀ ਲੋੜ

ਪੰਜਾਬੀਆਂ ਦੇ ਖੂਨ 'ਚ ਰਚੀ ਖੇਡ ਕਬੱਡੀ ਅੱਜ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚ ਚੁੱਕੀ ਹੈ। ਪਿਛਲੇ ਸਮੇਂ 'ਚ ਸੂਬਾ ਸਰਕਾਰ ਵਲੋਂ ਕਰਵਾਏ ਗਏ ਵਿਸ਼ਵ ਕਬੱਡੀ ਕੱਪਾਂ ਅਤੇ ਲੀਗਾਂ ਵਰਗੇ ਵੱਡੇ ਟੂਰਨਾਮੈਂਟਾਂ ਨੇ ਕਬੱਡੀ ਦਾ ਘੇਰਾ ਵਿਸ਼ਾਲ ਕੀਤਾ ਹੈ। ਪਹਿਲਾਂ ਜਿੱਥੇ ਭਾਰਤ-ਪਾਕਿਸਤਾਨ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਯੂਰਪ ਦੇ ਕੁਝ ਮੁਲਕਾਂ 'ਚ ਹੀ ਕਬੱਡੀ ਖੇਡੀ ਜਾਂਦੀ ਸੀ। ਵਿਸ਼ਵ ਕੱਪ ਤੋਂ ਬਾਅਦ ਅਫਰੀਕਨ ਅਤੇ ਲਾਤੀਨੀ ਮੁਲਕਾਂ ਅਰਜਨਟੀਨਾ, ਸਾਇਰਾਲਾਓਨ, ਏਸ਼ੀਅਨ ਮੁਲਕਾਂ ਸ੍ਰੀਲੰਕਾ, ਨਿਪਾਲ ਤੇ ਈਰਾਨ 'ਚ ਵੀ ਇਹ ਖੇਡ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਛੇਵੇਂ ਵਿਸ਼ਵ ਕੱਪ ਵਿਚ ਈਰਾਨ ਦੇ ਖਿਡਾਰੀਆਂ ਦੇ ਸੈਮੀਫਾਈਨਲ ਤੱਕ ਦੇ ਸਫਰ ਨੇ ਇਸ ਦੇਸ਼ ਦੇ ਕਬੱਡੀ 'ਚ ਵੱਡੀ ਤਾਕਤ ਵਜੋਂ ਉਭਰਨ ਦਾ ਸੰਕੇਤ ਦਿੱਤਾ। ਜੇਕਰ ਇਹ ਦੇਸ਼ ਕਬੱਡੀ ਨੂੰ ਪੰਜਾਬੀਆਂ ਵਾਂਗ ਅਪਣਾਉਂਦੇ ਹਨ ਤਾਂ ਲਾਜ਼ਮੀ ਤੌਰ 'ਤੇ ਇਹ ਜਲਦੀ ਹੀ ਸਾਡੇ ਖਿਡਾਰੀਆਂ ਨੂੰ ਹਰ ਮੰਚ 'ਤੇ ਵੱਡੀ ਟੱਕਰ ਦੇਣਗੇ। ਪਰ ਇਸ ਖੇਡ ਦੀ ਨੀਂਹ ਖੋਖਲੀ ਹੋਣ ਲੱਗ ਪਈ ਹੈ, ਜੋ ਕਬੱਡੀ ਪ੍ਰੇਮੀਆਂ ਲਈ ਚਿੰਤਾ ਦਾ ਵਿਸ਼ਾ ਹੈ।
ਕਬੱਡੀ ਦਾ ਮੁੱਲ ਕਰੋੜਾਂ 'ਚ ਪਹੁੰਚਣ ਤੋਂ ਬਾਅਦ ਪੰਜਾਬ ਦੀ ਕਬੱਡੀ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਹੋ ਗਈ ਹੈ। ਪੈਸੇ ਦੇ ਯੁੱਗ ਵਿਚ ਇਸ ਖੇਡ ਦੀਆਂ ਜੜ੍ਹਾਂ ਨੂੰ ਘੁਣ ਲੱਗਣਾ ਸ਼ੁਰੂ ਹੋ ਚੁੱਕਾ ਹੈ। ਗਲੈਮਰ ਦੇ ਦੌਰ 'ਚ ਪੰਜਾਬ ਵਿਚ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ 'ਤੇ ਖੇਡ ਰਹੀਆਂ ਟੀਮਾਂ ਦੀ ਡੋਰ ਪੈਸੇ ਵਾਲੇ ਲੋਕਾਂ ਦੇ ਹੱਥਾਂ 'ਚ ਆ ਜਾਣ ਕਾਰਨ ਕਬੱਡੀ ਦੀ ਪਨੀਰੀ ਤਿਆਰ ਕਰਨ ਵਾਲੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਸਾਲਾਂਬੱਧੀ ਅਭਿਆਸ ਕਰਾਉਣ ਵਾਲੇ ਕੋਚ ਅੱਜਕਲ੍ਹ ਮਾਯੂਸੀ ਦੇ ਆਲਮ 'ਚ ਹਨ, ਕਿਉਂਕਿ ਇਨ੍ਹਾਂ ਦੁਆਰਾ ਤਿਆਰ ਕੀਤਾ ਕੋਈ ਵੀ ਖਿਡਾਰੀ ਜਦ ਖਰੀਦਦਾਰਾਂ ਦੇ ਹੱਥ ਚੜ੍ਹ ਜਾਂਦਾ ਹੈ ਤਾਂ ਉਹ ਆਪਣੀ ਟੀਮ ਲਈ ਖੇਡਣਾ ਛੱਡ ਦਿੰਦਾ ਹੈ। ਪੰਜਾਬ ਦੀ ਕਬੱਡੀ 'ਤੇ ਸਰਦਾਰੀ ਕਾਇਮ ਕਰਨ ਵਾਲੇ ਵਧੇਰੇ ਖਿਡਾਰੀ ਸਰਦੂਲ ਸਿੰਘ ਰੰਧਾਵਾ, ਸਵ: ਰਤਨ ਸਿੰਘ ਰੱਤੂ ਟਿੱਬਾ, ਜਿੰਦਰ ਖਾਨੋਵਾਲ, ਪ੍ਰੋ: ਗੋਪਾਲ ਸਿੰਘ, ਕੋਚ ਪਰਮਜੀਤ ਸਿੰਘ ਪੰਮੀ, ਪ੍ਰੋ: ਮਦਨ ਲਾਲ ਸ਼ਰਮਾ, ਕੋਚ ਗੁਰਮੇਲ ਸਿੰਘ ਦਿੜ੍ਹਬਾ, ਕੋਚ ਦੇਬਾ ਭੰਡਾਲ, ਮੱਖਣ ਸਿੰਘ ਧਾਲੀਵਾਲ, ਕੋਚ ਪ੍ਰੀਤਮ ਸਿੰਘ ਸੌਂਸਪੁਰ, ਕੋਚ ਪਰਮਜੀਤ ਸਿੰਘ ਨਿਮਾਜੀਪੁਰ, ਕੋਚ ਦੇਵੀ ਦਿਆਲ ਅਲੰਕਾਰ ਕਲੱਬ ਕੁੱਬੇ, ਹਰਪ੍ਰੀਤ ਸਿੰਘ ਬਾਬਾ ਹਰਜੀਤ ਕਲੱਬ ਬਾਜਾਖਾਨਾ, ਕੋਚ ਸਾਧੂ ਸਿੰਘ ਬਰਾੜ, ਕੋਚ ਜਗਤਾਰ ਸਿੰਘ ਧਨੌਲਾ, ਮੱਖਣ ਸਿੰਘ ਡੀ.ਪੀ.ਈ. ਚੜਿੱਕ, ਕੋਚ ਸੁੱਖੀ ਬਰਾੜ ਭਾਗੀਕੇ, ਸੁਰਿੰਦਰਪਾਲ ਸਿੰਘ ਟੋਨੀ, ਸੁਖਚੈਨ ਸਿੰਘ ਚੈਨਾ ਸਿੱਧਵਾਂ, ਹਰਬੰਸ ਸਿੰਘ ਦਿਆਲਪੁਰਾ, ਦਵਿੰਦਰ ਸਿੰਘ ਚਮਕੌਰ ਸਾਹਿਬ ਆਦਿ ਨਾਂਅ ਜ਼ਿਕਰਯੋਗ ਹਨ, ਜਿਨ੍ਹਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਤਰਾਸ਼ ਕੇ ਖੇਡ ਮੈਦਾਨ 'ਚ ਲਿਆਂਦਾ। ਕਬੱਡੀ ਅਕੈਡਮੀਆਂ ਦੇ ਮੈਚਾਂ ਦੀ ਸ਼ੁਰੂਆਤ 6 ਟੀਮਾਂ ਨਾਲ ਹੋਈ ਸੀ। ਸਵ: ਹਰਜੀਤ ਸਿੰਘ ਬਰਾੜ ਦੀ ਮੌਤ ਤੋਂ ਬਾਅਦ ਲੱਖਾਂ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ਦਾ ਦੌਰ ਸ਼ੁਰੂ ਹੋਇਆ। ਅਨੇਕਾਂ ਖੇਡ ਮੇਲੇ ਸਵ: ਹਰਜੀਤ ਬਰਾੜ ਦੀ ਯਾਦ 'ਚ ਹੋਏ। ਸੰਨ 2003 ਵਿਚ ਪੰਜਾਬ ਵਿਚ ਦੋ ਫੈਡਰੇਸ਼ਨਾਂ ਸਥਾਪਤ ਹੋ ਗਈਆਂ। ਫਿਰ 3 ਹੋ ਗਈਆਂ ਅਤੇ ਇਹ ਸਿਲਸਿਲਾ ਵਿਦੇਸ਼ਾਂ 'ਚ ਅੱਜ ਵੀ ਬਾਦਸਤੂਰ ਜਾਰੀ ਹੈ। ਕਬੱਡੀ ਦੇ ਟੂਰਨਾਮੈਂਟਾਂ ਦੀ ਗਿਣਤੀ ਹਜ਼ਾਰਾਂ ਨੂੰ ਪਾਰ ਗਈ ਪਰ ਇਸ ਪਸਾਰ ਦੇ ਨਾਲ ਹੀ ਕਬੱਡੀ ਦੇ ਮਿਆਰ ਅਤੇ ਨਿਯਮਾਂ ਨੂੰ ਢਾਅ ਲੱਗਣ ਲੱਗੀ। ਪੰਜਾਬ ਦੇ ਕੋਚ ਜੋ ਖਿਡਾਰੀ ਤਿਆਰ ਕਰਨ ਨੂੰ ਆਪਣਾ ਮਾਣ ਅਤੇ ਫਰਜ਼ ਸਮਝਦੇ ਸਨ ਪਰ ਇਹ ਖੇਡ ਪੈਸੇ ਦੀ ਮੰਡੀ ਵਿਚ ਚਲੀ ਜਾਣ ਕਰਕੇ ਉਨ੍ਹਾਂ ਹੱਥੋਂ ਕਬੱਡੀ ਦੀ ਕਮਾਂਡ ਖੁੱਸਦੀ ਗਈ। ਇਕ-ਦੂਜੇ ਨੂੰ ਠਿੱਬੀ ਲਾ ਕੇ ਅੱਗੇ ਵਧਣ ਦੀ ਦੌੜ ਨੇ ਕਬੱਡੀ ਦੇ ਰਹਿਬਰਾਂ ਨੂੰ ਅਸਲ ਮਕਸਦ ਤੋਂ ਭਟਕਾ ਦਿੱਤਾ, ਜੋ ਇਸ ਦੇ ਨਿਯਮ ਬਣਾਉਂਦੇ ਤਾਂ ਰਹੇ ਪਰ ਅਮਲੀ ਰੂਪ ਦੇਣ 'ਚ ਅਸਫਲ ਰਹੇ। ਕਬੱਡੀ 'ਚ ਨਿਯਮਾਂਵਲੀ ਦੀ ਘਾਟ ਹਮੇਸ਼ਾ ਰੜਕਦੀ ਰਹੀ ਹੈ। ਜਿਸ ਦੀ ਸ਼ਿਕਾਇਤ ਪ੍ਰਬੰਧਕਾਂ ਤੋਂ ਲੈ ਕੇ ਆਮ ਦਰਸ਼ਕ ਵੀ ਕਰਦੇ ਹਨ। ਖਿਡਾਰੀਆਂ 'ਤੇ ਡੋਪ ਕਰਨ ਵਰਗੇ ਗੰਭੀਰ ਦੋਸ਼ ਵੀ ਇਸ ਦੌਰ 'ਚ ਲੱਗਣ ਲੱਗੇ। ਆਲਮੀ ਕੱਪਾਂ ਦੀ ਦੇਖਾ-ਦੇਖੀ ਆਮ ਲੋਕ ਵੀ ਫਲੱਡ ਲਾਈਟਸ ਲਾ ਕੇ ਮੈਚ ਕਰਾਉਣ ਲੱਗ ਪਏ, ਜਿਸ ਦਾ ਕਬੱਡੀ ਨੂੰ ਨੁਕਸਾਨ ਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਫਾਇਦਾ ਹੋਇਆ।
ਵੱਡੀਆਂ ਇਨਾਮੀ ਰਾਸ਼ੀਆਂ ਵਾਲੇ ਟੂਰਨਾਮੈਂਟਾਂ 'ਤੇ ਟੀਮ ਦੇ ਨਾਲ-ਨਾਲ ਸਟਾਰ ਖਿਡਾਰੀਆਂ ਦਾ ਵੱਖਰਾ ਭਾਅ ਤੈਅ ਹੋਣ ਲੱਗਿਆ, ਜਿਸ ਨਾਲ ਪਿੰਡਾਂ ਦੇ ਲੋਕਾਂ ਤੋਂ ਨਾਮਵਰ ਖਿਡਾਰੀ ਦੂਰ ਹੋ ਗਏ। ਜਿੱਥੇ ਨਵੇਂ ਖਿਡਾਰੀਆਂ ਨੂੰ ਕਿਰਾਇਆ ਤੱਕ ਨਹੀਂ ਮਿਲਦਾ, ਉੱਥੇ ਮੌਜੂਦਾ ਦੌਰ ਦੇ ਸਟਾਰ ਖਿਡਾਰੀਆਂ ਨੂੰ ਸੱਦਣ ਦੇ ਚੱਕਰ 'ਚ ਕਬੱਡੀ ਦੇ ਉੱਭਰਦੇ ਸਿਤਾਰਿਆਂ ਤੇ ਵੈਟਰਨ ਖਿਡਾਰੀਆਂ ਨੂੰ ਲੋਕ ਵਿਸਾਰਨ ਲੱਗੇ। ਅੱਜ ਬੇਰੁਜ਼ਗਾਰੀ ਦਾ ਸ਼ਿਕਾਰ ਹੋਏ ਖਿਡਾਰੀ ਜਲਦੀ ਸਟਾਰ ਬਣਨ ਦੇ ਚੱਕਰ 'ਚ ਹਰ ਤਰ੍ਹਾਂ ਦਾ ਸਮਝੌਤਾ ਕਰਨ ਨੂੂੰ ਤਿਆਰ ਹੋਣ ਲੱਗ ਗਏ ਹਨ। ਸਿੱਟਾ ਇਹ ਨਿਕਲਿਆ ਕਿ ਕਬੱਡੀ ਅਨੁਸ਼ਾਸਨਹੀਣਤਾ ਦਾ ਸ਼ਿਕਾਰ ਹੋ ਗਈ ਅਤੇ ਇਸ ਦੀਆਂ ਜੜ੍ਹਾਂ ਖੋਖਲੀਆਂ ਹੋਣ ਲੱਗੀਆਂ ਹਨ। ਪੰਜਾਬ 'ਚ ਕੰਮ ਕਰ ਰਹੇ ਕਬੱਡੀ ਦੇ ਸੰਚਾਲਕਾਂ ਨੂੰ ਇਸ ਖੇਡ ਨੂੰ ਜ਼ਾਬਤੇ 'ਚ ਲਿਆਉਣ ਲਈ ਸਮੇਂ-ਸਮੇਂ 'ਤੇ ਸੈਮੀਨਾਰਾਂ ਦਾ ਆਯੋਜਨ ਕਰਨਾ ਚਾਹੀਦਾ ਹੈ। ਕਬੱਡੀ ਦੀਆਂ ਅੰਦਰੂਨੀ ਸਮੱਸਿਆਵਾਂ ਦੇ ਹੱਲ ਕੱਢਣ ਲਈ ਸਭ ਨੂੰ ਇਕਮੁੱਠਤਾ ਨਾਲ ਕੰਮ ਕਰਨਾ ਚਾਹੀਦਾ ਹੈ। ਪਿੰਡਾਂ 'ਚ ਕਬੱਡੀ ਦੀ ਆਤਮਾ ਧੜਕਦੀ ਹੈ। ਸਰਕਾਰ ਤੇ ਫੈਡਰੇਸ਼ਨਾਂ ਨੂੰ ਕਬੱਡੀ ਦੀ ਨਰਸਰੀ ਭਾਵ ਨੀਂਹ ਨੂੰ ਮਜ਼ਬੂਤ ਕਰਨ ਲਈ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਅਜੋਕੇ ਦੌਰ 'ਚ ਸਿਰਫ ਅੰਤਰਰਾਸ਼ਟਰੀ ਕਬੱਡੀ ਦਾ ਮੰਚ ਤਾਂ ਸੁਰੱਖਿਅਤ ਜਾਪਦਾ ਹੈ ਪਰ ਹੇਠਲੇ ਪੱਧਰ 'ਤੇ ਖੋਖਲਾਪਣ ਆ ਰਿਹਾ ਹੈ। ਜੇਕਰ ਇਸ ਨੂੰ ਸੰਭਾਲਿਆ ਨਾ ਗਿਆ ਤਾਂ ਕੌਮਾਂਤਰੀ ਮੰਚ ਵੀ ਬਹੁਤਾ ਸਮਾਂ ਸਥਿਰ ਨਹੀਂ ਰਹਿ ਸਕੇਗਾ। ਕਬੱਡੀ ਨੂੰ ਹਰ ਪੱਖੋਂ ਮਿਆਰੀ ਬਣਾਉਣ ਲਈ ਸਭ ਸੁਹਿਰਦ ਕਬੱਡੀ ਸੰਚਾਲਕਾਂ ਨੂੰ ਇਕ ਮੰਚ 'ਤੇ ਇਕੱਠੇ ਹੋਣਾ ਚਾਹੀਦਾ ਹੈ।


(ਕਬੱਡੀ ਕੁਮੈਂਟੇਟਰ) ਜ਼ਿਲ੍ਹਾ ਸੰਗਰੂਰ।
ਮੋਬਾ: 98724-59691

ਪੈਰਾ ਤਾਇਕਵਾਂਡੋ 'ਚ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟ ਰਹੀ ਹੈ

ਸ਼ੀਤਲ ਕੁਮਾਰੀ

ਪੰਜਾਬ ਦਾ ਹੀ ਨਹੀਂ, ਬਲਕਿ ਪੂਰੇ ਦੇਸ਼ ਦਾ ਨਾਂਅ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕਰਨ ਵਾਲੀ ਪੈਰਾ ਤਾਈਕਵਾਂਡੋ ਖਿਡਾਰਨ ਸ਼ੀਤਲ ਕੁਮਾਰੀ 'ਤੇ ਪੂਰੇ ਪੰਜਾਬ ਨੂੰ ਮਾਣ ਹੈ। ਸ਼ੀਤਲ ਕੁਮਾਰੀ ਜਨਮ ਤੋਂ ਹੀ ਇਕ ਬਾਂਹ ਤੋਂ 70 ਫ਼ੀਸਦੀ ਅਪਾਹਜ ਹੁੰਦੇ ਹੋਏ ਵੀ ਆਪਣੇ-ਆਪ ਨੂੰ ਕਦੀ ਵੀ ਹੋਰਾਂ ਨਾਲੋਂ ਘੱਟ ਨਹੀਂ ਸੀ ਸਮਝਦੀ। ਉਸ ਨੇ ਆਪਣੇ ਦ੍ਰਿੜ੍ਹ ਇਰਾਦੇ ਅਤੇ ਮਿਹਨਤ ਨਾਲ ਪੜ੍ਹਾਈ ਅਤੇ ਖੇਡਾਂ 'ਚ ਅੱਵਲ ਰਹਿ ਕੇ ਆਪਣੇ ਮਾਤਾ-ਪਿਤਾ ਦੀ ਹੋਣਹਾਰ ਅਤੇ ਲਾਡਲੀ ਧੀ ਹੋਣ ਦਾ ਮਾਣ ਹਾਸਲ ਕੀਤਾ ਹੈ। 21 ਸਾਲਾ ਸ਼ੀਤਲ ਕੁਮਾਰੀ ਦਾ ਜਨਮ 25 ਮਾਰਚ, 1995 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਰਿਆਰ ਵਿਖੇ ਪਿਤਾ ਸਵ: ਸਰੂਪ ਚੰਦ ਦੇ ਘਰ ਹੋਇਆ। ਉਸ ਨੇ ਪਹਿਲੀ ਤੋਂ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਬਰਿਆਰ ਤੋਂ ਪ੍ਰਾਪਤ ਕਰਨ ਉਪਰੰਤ 12ਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਗੁਰਦਾਸਪੁਰ ਤੋਂ ਕੀਤੀ ਅਤੇ ਬੀ.ਏ. ਦੀ ਪੜ੍ਹਾਈ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਤੋਂ ਕਰਨ ਉਪਰੰਤ ਈ.ਟੀ.ਟੀ. ਕਰ ਰਹੀ ਹੈ।
ਸ਼ੀਤਲ ਦਾ ਇਕ ਵੱਡਾ ਭਰਾ ਅਤੇ ਦੋ ਭੈਣਾਂ ਹਨ। ਸ਼ੀਤਲ ਨੇ ਪੈਰਾ ਤਾਈਕਵਾਂਡੋ ਖੇਡ ਸਬੰਧੀ ਇੰਟਰਨੈੱਟ ਤੋਂ ਜਾਣਕਾਰੀ ਹਾਸਲ ਕਰਨ ਉਪਰੰਤ ਆਪਣੇ ਵੱਡੇ ਭਰਾ ਦੇ ਸਹਿਯੋਗ ਨਾਲ ਦਿੱਲੀ ਦੇ ਪੈਰਾ ਤਾਈਕਵਾਂਡੋ ਖੇਡ ਦੇ ਆਲ ਇੰਡੀਆ ਕੋਚ ਸੁਖਦੇਵ ਰਾਜ ਨਾਲ ਮੋਬਾਈਲ 'ਤੇ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ-ਨਾਲ ਹੀ ਉਹ ਯੂ-ਟਿਊਬ ਦੇ ਮਾਧਿਅਮ ਰਾਹੀਂ ਪੈਰਾ ਤਾਈਕਵਾਂਡੋ ਦੇ ਬਰੀਕ ਨੁਕਤਿਆਂ ਅਤੇ ਪੈਂਤੜਿਆਂ ਸਬੰਧੀ ਜਾਣਕਾਰੀ ਹਾਸਲ ਕਰਦੀ ਰਹੀ, ਜੋ ਉਸ ਲਈ ਅੱਗੇ ਚੱਲ ਕੇ ਕਾਫ਼ੀ ਲਾਹੇਵੰਦ ਸਾਬਤ ਹੋਈ। ਕੋਚ ਸੁਖਦੇਵ ਰਾਜ ਨੇ ਉਨ੍ਹਾਂ ਨੂੰ ਹੈੱਡ ਕੋਚ ਸਵਰਾਜ ਸਿੰਘ ਅਤੇ ਕੋਚ ਮੈਡਮ ਕਾਜਲ ਵਾਸੀ ਦਿੱਲੀ ਨਾਲ ਮਿਲਾਇਆ, ਜਿਨ੍ਹਾਂ ਨੇ ਸ਼ੀਤਲ ਨੂੰ ਕੋਲ ਬੁਲਾ ਕੇ ਕੋਚਿੰਗ ਦਿੱਤੀ। ਪੈਰਾ ਤਾਈਕਵਾਂਡੋ ਐਸੋਸੀਏਸ਼ਨ ਇੰਡੀਆ ਦੇ ਸੈਕਟਰੀ ਸੁਖਦੇਵ ਰਾਜ ਨੇ ਦੱਸਿਆ ਕਿ ਤੀਸਰੀ ਏਸ਼ੀਆਈ ਪੈਰਾ ਤਾਈਕਵਾਂਡੋ ਓਪਨ ਚੈਂਪੀਅਨਸ਼ਿਪ ਵਿਚ ਵੀ ਤੀਸਰੇ ਸਥਾਨ 'ਤੇ ਆ ਕੇ ਅਗਸਤ, 2017 ਨੂੰ ਯੂਰੀਪਅਨ ਚੈਂਪੀਅਨਸ਼ਿਪ ਅਤੇ ਇੰਗਲੈਂਡ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਅਕਤੂਬਰ-2017 ਵਿਚ ਆਪਣਾ ਸਥਾਨ ਬਣਾ ਲਿਆ ਹੈ। ਪੰਜਾਬ ਦੀ ਇਹ ਖਿਡਾਰਨ ਭਾਰਤ ਵੱਲੋਂ ਇੰਗਲੈਂਡ ਦੀ ਧਰਤੀ 'ਤੇ ਖੇਡੇਗੀ। ਪਰ ਚੰਗੀ ਖਿਡਾਰਨ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਸ਼ੀਤਲ ਕੁਮਾਰੀ ਨੂੰ ਪੰਜਾਬ ਜਾਂ ਕੇਂਦਰ ਸਰਕਾਰ ਵੱਲੋਂ ਕੋਈ ਆਰਥਿਕ ਸਹਾਇਤਾ ਨਾ ਮਿਲਣ ਕਾਰਨ ਉਸ ਨੂੰ ਆਪਣੇ ਖਰਚੇ 'ਤੇ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣਾ ਪੈਂਦਾ ਹੈ। ਉਸ ਨੂੰ ਹੁਣ ਇਨ੍ਹਾਂ ਹੋਣ ਵਾਲੀਆਂ ਵਿਸ਼ਵ ਚੈਂਪੀਅਨਸ਼ਿਪ ਲਈ ਵੀ ਖੁਦ ਹੀ ਖਰਚੇ ਦਾ ਪ੍ਰਬੰਧ ਕਰਨਾ ਪਵੇਗਾ, ਜਦ ਕਿ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਇਹੋ ਜਿਹੀਆਂ ਖਿਡਾਰਨਾਂ ਦੀ ਹਰ ਸੰਭਵ ਸਹਾਇਤਾ ਕਰਕੇ ਹੋਰਨਾਂ ਲੜਕੀਆਂ ਨੂੰ ਇਸ ਖੇਡ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਸ਼ੀਤਲ ਨੂੰ ਵਿਸ਼ਵਾਸ ਹੈ ਕਿ ਉਹ ਯੂਰਪ ਚੈਂਪੀਅਨਸ਼ਿਪ ਅਤੇ ਵਿਸ਼ਵ ਚੈਂਪੀਅਨਸ਼ਿਪ ਖੇਡ ਕੇ ਭਾਰਤ ਦੀ ਝੋਲੀ ਸੋਨ ਤਗਮੇ ਪਾਵੇਗੀ ਅਤੇ ਉਸ ਦੀ ਮੰਜ਼ਿਲ 2020 ਵਿਚ ਪੈਰਾ ਉਲੰਪਿਕ ਖੇਡਾਂ 'ਚ ਹਿੱਸਾ ਲੈ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਹੈ।


-ਵੀਰੂ ਬਰਿਆਰ
ਗੁਰਦਾਸਪੁਰ। ਮੋਬਾ: 94656-21800

ਦੋਵਾਂ ਲੱਤਾਂ ਤੋਂ ਅਪਾਹਜ ਹੋਣ ਦੇ ਬਾਵਜੂਦ ਵੀ ਖੇਡਦੀ ਹੈ ਸੁਮਨਦੀਪ ਸੋਨੀਆ

ਸੁਮਨਦੀਪ ਸੋਨੀਆ ਦੋਵਾਂ ਲੱਤਾਂ ਤੋਂ ਅਪਾਹਜ ਹੈ ਪਰ ਅਪਾਹਜ ਹੋਣ ਦੇ ਬਾਵਜੂਦ ਵੀ ਉਹ ਖੇਡ ਦੇ ਮੈਦਾਨ ਵਿਚ ਖੇਡਦੀ ਹੈ, ਇਹ ਉਸ ਦੇ ਜਜ਼ਬੇ ਦਾ ਕਮਾਲ ਆਖ ਸਕਦੇ ਹਾਂ ਜਾਂ ਫਿਰ ਉਸ ਦੀ ਹਿੰਮਤ। ਸੁਮਨਦੀਪ ਸੋਨੀਆ ਦਾ ਜਨਮ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਪਿੰਡ ਫਲਪੋਤਾ ਵਿਖੇ 19 ਜਨਵਰੀ, 1986 ਨੂੰ ਹੋਇਆ। ਸੁਮਨਦੀਪ ਸੋਨੀਆ ਅਜੇ 3 ਕੁ ਸਾਲ ਦੀ ਸੀ ਕਿ ਉਹ ਪੋਲੀਓ ਦੀ ਬਿਮਾਰੀ ਦੀ ਸ਼ਿਕਾਰ ਹੋ ਗਈ। ਪੋਲੀਓ ਤਾਂ ਚਲਾ ਗਿਆ ਪਰ ਆਪਣੇ ਪਿੱਛੇ ਛੱਡ ਗਿਆ ਕਦੇ ਵੀ ਨਾ ਜਾ ਸਕਣ ਵਾਲੀ ਨਿਸ਼ਾਨੀ ਤੇ ਸੁਮਨਦੀਪ ਸਦਾ ਲਈ ਦੋਵੇਂ ਲੱਤਾਂ ਤੋਂ ਅਪਾਹਜ ਹੋ ਗਈ ਪਰ ਰੱਬ ਦਾ ਭਾਣਾ ਮੰਨ ਬਰਦਾਸ਼ਤ ਕਰ ਲਿਆ, ਕਿਉਂਕਿ ਹੁਣ ਇਸ ਤੋਂ ਇਲਾਵਾ ਕੋਈ ਚਾਰਾ ਵੀ ਕੋਲ ਨਹੀਂ ਸੀ। ਸੁਮਨਦੀਪ ਨਾ ਹੀ ਪੜ੍ਹਾਈ ਪੱਖੋਂ ਅਪਾਹਜ ਹੈ ਅਤੇ ਨਾ ਹੀ ਖੇਡਾਂ ਪੱਖੋਂ .ਤੇ ਉਹ ਹਿੰਮਤ ਅਤੇ ਦਲੇਰੀ ਦੀ ਮਿਸਾਲ ਹੈ। ਸੁਮਨਦੀਪ ਨੇ ਹੱਥਾਂ ਦੇ ਸਹਾਰੇ ਚੱਲ ਕੇ 10+2 ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਕੀਤੀ, ਬੀ.ਏ. ਤੱਕ ਦੀ ਪੜ੍ਹਾਈ ਏ.ਐਸ.ਐਸ.ਐਮ. ਕਾਲਜ, ਮੁਕੰਦਪੁਰ ਤੋਂ ਕੀਤੀ ਤੇ ਪੋਸਟ ਗ੍ਰੈਜੂਏਸ਼ਨ ਸ਼ਹਿਰ ਗੁਰਾਇਆ ਤੋਂ ਕਰਕੇ ਬੁਲੰਦ ਹੌਸਲੇ ਦਾ ਸਬੂਤ ਦਿੱਤਾ। ਉਸ ਨੇ ਪੜ੍ਹਾਈ 'ਚ ਹੀ ਨਹੀਂ, ਸਗੋਂ ਖੇਡਾਂ ਦੇ ਖੇਤਰ ਵਿਚ ਵੀ ਆਪਣਾ ਨਾਂਅ ਚਮਕਾਇਆ। ਉਸ ਦੀ ਮੁਲਾਕਾਤ ਅਰਜਨ ਐਵਾਰਡ ਵਿਜੇਤਾ ਅਪਾਹਜ ਖਿਡਾਰੀ ਰਜਿੰਦਰ ਸਿੰਘ ਰਹੇਲੂ ਨਾਲ ਹੋਈ ਅਤੇ ਖੇਡਾਂ ਦੇ ਖੇਤਰ ਵਿਚ ਜਾਣ ਲਈ ਰਜਿੰਦਰ ਸਿੰਘ ਰਹੇਲੂ ਨੇੇ ਸੁਮਨਦੀਪ ਸੋਨੀਆ ਦੀ ਬਾਂਹ ਪਾਵਰਲਿਫਟਿੰਗ ਦੇ ਪ੍ਰਸਿੱਧ ਖਿਡਾਰੀ ਤੇ ਕੋਚ ਪਰਵਿੰਦਰ ਸਿੰਘ ਗੋਹਾਵਰ ਨੂੰ ਫੜਾ ਦਿੱਤੀ ਤੇ ਸੁਮਨਦੀਪ ਹੁਣ ਵੀਲ੍ਹਚੇਅਰ 'ਤੇ ਬੈਠ ਕੇ ਖੇਡਣ ਵਾਲੀ ਇਕ ਜਾਣੀ-ਪਹਿਚਾਣੀ ਖਿਡਾਰਨ ਹੈ।
ਪਰਵਿੰਦਰ ਸਿੰਘ ਗੋਹਾਵਰ ਦੀ ਰਹਿਨੁਮਾਈ ਹੇਠ ਅਥਲੈਟਿਕ ਦੀ ਸਿਖਲਾਈ ਲੈ ਰਹੀ ਸੁਮਨਦੀਪ ਨੇ ਸੰਨ 2016 ਵਿਚ ਬੰਗਲੌਰ ਵਿਖੇ ਹੋਈ ਪਾਵਰਲੈਫਟਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ਸਿਲਵਰ ਤਗਮਾ ਜਿੱਤ ਕੇ ਆਪਣੇ ਕੋਚ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ। ਸੰਨ 2017 ਵਿਚ ਜਲੰਧਰ ਜ਼ਿਲ੍ਹੇ ਦੇ ਪਿੰਡ ਉਪਲ ਭੂਪਾ ਵਿਖੇ ਹੋਈਆਂ ਅੰਗਹੀਣ ਖਿਡਾਰੀਆਂ ਦੀਆਂ ਖੇਡਾਂ ਵਿਚ ਹਿੱਸਾ ਲਿਆ, ਜਿਥੇ ਉਸ ਨੇ ਜੈਵਲਿਨ ਥਰੋਅ, ਸ਼ਾਟਪੁੱਟ ਅਤੇ ਡਿਸਕਸ ਥਰੋਅ ਵਿਚ 3 ਸੋਨ ਤਗਮੇ ਜਿੱਤ ਕੇ ਭਵਿੱਖ ਵਿਚ ਚੰਗੀ ਖਿਡਾਰਨ ਬਣ ਜਾਣ ਦੀ ਪੁਖਤਾ ਗਵਾਹੀ ਭਰ ਦਿੱਤੀ। ਸੁਮਨਦੀਪ ਆਖਦੀ ਹੈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਅੰਗਹੀਣ ਖਿਡਾਰੀਆਂ ਦੀ ਸਾਰ ਨਹੀਂ ਲਈ। ਚਾਹੀਦਾ ਤਾਂ ਇਹ ਹੈ ਕਿ, ਖਾਸ ਕਰਕੇ ਅੰਗਹੀਣ ਖਿਡਾਰੀਆਂ ਲਈ ਰੁਜ਼ਗਾਰ ਦੇਣ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਪ੍ਰਦਾਨ ਕਰੇ। ਬਿਨਾਂ ਸ਼ੱਕ ਇਹ ਤਸਦੀਕਸ਼ੁਦਾ ਗੱਲ ਹੈ ਕਿ ਸੁਮਨਦੀਪ ਸੋਨੀਆ ਭਵਿੱਖ ਦੀ ਹੋਣਹਾਰ ਖਿਡਾਰੀ ਹੋਵੇਗੀ ਅਤੇ ਇਸ ਗੱਲ ਦੀ ਗਵਾਹ ਖੇਡਾਂ ਪ੍ਰਤੀ ਲਗਾਤਾਰ ਹਿੰਮਤ ਅਤੇ ਮਿਹਨਤ ਹੈ ਅਤੇ ਸਾਡੀਆਂ ਦੁਆਵਾਂ ਉਸ ਨਾਲ ਹਨ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001.
ਮੋਬਾ: 98551-14484

ਅੰਡਰ-17 ਫ਼ੀਫ਼ਾ ਵਿਸ਼ਵ ਕੱਪ

ਅੰਤਰਰਾਸ਼ਟਰੀ ਮੰਚ 'ਤੇ ਪਛਾਣ ਬਣਾਉਣ 'ਚ ਸਫਲ ਰਿਹਾ ਭਾਰਤ

ਭਾਰਤੀ ਫੁੱਟਬਾਲ ਦੇ ਇਤਿਹਾਸ ਵਿਚ ਇਕ ਸੁਨਹਿਰੀ ਅਧਿਆਇ ਉਸ ਵੇਲੇ ਜੁੜ ਗਿਆ, ਜਦੋਂ ਫੁੱਟਬਾਲ ਦੀ ਸਰਬਉੱਚ ਸੰਸਥਾ ਫ਼ੀਫ਼ਾ ਵਲੋਂ ਕਰਵਾਏ ਜਾ ਰਹੇ ਅੰਡਰ-17 ਵਿਸ਼ਵ ਕੱਪ ਦੀ ਰਸਮੀ ਸ਼ੁਰੂਆਤ ਭਾਰਤੀ ਸਰਜ਼ਮੀਂ 'ਤੇ 6 ਅਕਤੂਬਰ ਨੂੰ ਕੀਤੀ ਗਈ। ਨਿਰਸੰਦੇਹ ਇਹ ਭਾਰਤੀ ਫੁੱਟਬਾਲ 'ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਹੀ ਜਾ ਸਕਦੀ ਹੈ। ਭਾਰਤ ਵਰਗਾ ਦੇਸ਼ ਭਾਵੇਂ ਦੱਖਣੀ ਏਸ਼ੀਆਈ ਖਿੱਤੇ 'ਚ ਫੁੱਟਬਾਲ ਦਾ ਸਰਤਾਜ ਕਿਹਾ ਜਾ ਸਕਦਾ ਹੈ ਪਰ ਸਚਾਈ ਇਹ ਵੀ ਕਿ ਭਾਰਤ ਕਈ ਮੌਕਿਆਂ 'ਤੇ ਏਸ਼ੀਅਨ ਖੇਡਾਂ 'ਚ ਆਪਣੀ ਫੁੱਟਬਾਲ ਟੀਮ ਉਤਾਰਨ 'ਚ ਵੀ ਅਸਮਰੱਥ ਰਿਹਾ ਹੈ ਪਰ ਫ਼ੀਫ਼ਾ ਕੱਪ ਦੀ ਮੇਜ਼ਬਾਨੀ ਭਾਰਤੀ ਫੁੱਟਬਾਲ ਦੇ ਸੁਪਨਿਆਂ ਦੀ ਨਵੀਂ ਸਵੇਰ ਜ਼ਰੂਰ ਬਣੀ। ਹਾਲਾਂਕਿ ਭਾਰਤ ਫੁੱਟਬਾਲ ਦੀ ਦੁਨੀਆ ਦਾ ਕੋਈ ਵੱਡਾ ਸ਼ਾਹਕਾਰ ਨਹੀਂ ਹੈ, ਏਸ਼ੀਆਈ ਖੇਡਾਂ 1962 'ਚ ਸੋਨ ਤਗਮਾ ਅਤੇ 1956 ਦੀਆਂ ਮੈਲਬੌਰਨ ਉਲੰਪਿਕ ਖੇਡਾਂ 'ਚ ਚੌਥੇ ਨੰਬਰ 'ਤੇ ਰਿਹਾ ਸੀ ਪਰ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤੀ ਫੁੱਟਬਾਲ ਲਈ ਭਰਵਾਂ ਹੁਲਾਰਾ ਸਾਬਤ ਹੋਈ ਹੈ।
ਹੁਣ ਜਦ ਕਿ ਭਾਰਤ ਆਪਣੇ ਗਰੁੱਪ ਦੇ ਪੂਰੇ ਮੈਚ ਅਮਰੀਕਾ, ਕੋਲੰਬੀਆ ਅਤੇ ਘਾਨਾ ਵਿਰੁੱਧ ਖੇਡ ਚੁੱਕਾ ਹੈ ਪਰ ਸਾਹਮਣੇ ਆਏ ਨਤੀਜਿਆਂ ਨੂੰ ਹਾਂ-ਪੱਖੀ ਸੰਦਰਭ 'ਚ ਮੁਲਾਂਕਣ ਕਰਨ ਦੀ ਲੋੜ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਆਪਣੇ ਗਰੁੱਪ ਮੈਚਾਂ 'ਚ ਹਿੱਸਾ ਲੈਣ ਵਾਲੀਆਂ ਧਨੰਤਰ ਟੀਮਾਂ ਦਾ ਮੁਕਾਬਲਾ ਕਰਦਿਆਂ ਪਛੜਨ ਦੇ ਬਾਵਜੂਦ ਲੋਕਾਂ ਦਾ ਦਿਲ ਜਿੱਤ ਲਿਆ ਤੇ ਸਾਬਤ ਕੀਤਾ ਹੈ ਕਿ ਭਵਿੱਖ 'ਚ ਭਾਰਤੀ ਟੀਮ ਫੁੱਟਬਾਲ ਦੇ ਅੰਤਰਰਾਸ਼ਟਰੀ ਮੰਚ 'ਤੇ ਚੁਣੌਤੀ ਦੇਣ ਦੇ ਅਸਮਰੱਥ ਹੈ।
ਨਿਰਸੰਦੇਹ ਗਰੁੱਪ 'ਏ' 'ਚ ਸਭ ਤੋਂ ਕਮਜ਼ੋਰ ਟੀਮ ਮੇਜ਼ਬਾਨ ਭਾਰਤ ਕੋਲ ਵਿਸ਼ਵ ਕੱਪ ਖੇਡਣ ਦਾ ਤਜਰਬਾ ਨਹੀਂ ਸੀ ਪਰ ਖਿਡਾਰੀਆਂ ਨੂੰ ਖੁਦ ਨੂੰ ਸਾਬਤ ਕਰਨ ਦਾ ਇਹ ਇਕ ਬਿਹਤਰ ਮੌਕਾ ਸੀ ਅਤੇ ਖਿਡਾਰੀ ਉਮੀਦਾਂ 'ਤੇ ਬਿਲਕੁਲ ਖਰੇ ਉਤਰੇ, ਜੋਸ਼, ਜਨੂਨ ਅਤੇ ਸੰਘਰਸ਼ ਦੀ ਨਵੀਂ ਗਾਥਾ ਬਣ ਕੇ ਉੱਤਰੀ ਭਾਰਤੀ ਟੀਮ ਕੋਲ ਗੁਆਉਣ ਲਈ ਕੁਝ ਵੀ ਨਹੀਂ ਸੀ ਤੇ ਹਾਸਲ ਕਰਨ ਲਈ ਬਹੁਤ ਕੁਝ ਸੀ। ਰਿਕਾਰਡ 16ਵੀਂ ਵਾਰ ਅੰਡਰ-17 ਵਿਸ਼ਵ ਕੱਪ ਦਾ ਟਿਕਟ ਕਟਾਉਣ ਵਾਲੀ ਅਮਰੀਕੀ ਟੀਮ ਨਾਲ ਖੇਡਦਿਆਂ ਪਹਿਲੀ ਨਜ਼ਰੇ ਭਾਰਤ ਦੀ 3-0 ਦੀ ਹਾਰ ਉਦਾਸ ਖ਼ਬਰ ਲਗਦੀ ਹੈ ਪਰ ਪਹਿਲੀ ਵਾਰ ਵਿਸ਼ਵ ਕੱਪ 'ਚ ਭਾਰਤੀ ਟੀਮ ਨੇ ਸ਼ਕਤੀਸ਼ਾਲੀ, ਅਮਰੀਕਾ ਵਿਰੁੱਧ ਖੇਡਦਿਆਂ ਜਿਸ ਤਰ੍ਹਾਂ ਬਿਨਾਂ ਕਿਸੇ ਦਬਾਅ ਤੇ ਹਾਰ ਨਾ ਮੰਨਣ ਵਾਲੇ ਜਜ਼ਬੇ ਨਾਲ ਖੇਡਦਿਆਂ ਲੋਕਾਂ ਦਾ ਦਿਲ ਜਿੱਤ ਲਿਆ, ਉਹ ਕਾਬਲ-ਏ-ਤਾਰੀਫ਼ ਹੈ। ਹਾਲਾਂਕਿ ਇਸ ਹਾਰ ਨਾਲ ਗੋਲਕੀਪਰ ਧੀਰਜ ਅਤੇ ਕੋਚ ਲੂਈ ਲਾਰਟਨ-ਡੀ-ਮਾਟੋਸ ਕੁਝ ਨਿਰਾਸ਼ ਦਿਸੇ, ਇਸ ਦਾ ਕਾਰਨ ਸਿਰਫ ਇਹ ਸੀ ਕਿ ਮਿਲੇ ਮੌਕਾ ਦਾ ਸਹੀ ਫਾਇਦਾ ਉਠਾਇਆ ਹੁੰਦਾ ਤਾਂ ਜਿੱਤ-ਹਾਰ ਦਾ ਫਰਕ ਕੁਝ ਘੱਟ ਹੋ ਸਕਦਾ ਸੀ।
ਭਾਰਤ ਨੇ ਆਪਣਾ ਦੂਜਾ ਮੈਚ 5 ਵਾਰ ਟੂਰਨਾਮੈਂਟ 'ਚ ਹਿੱਸਾ ਲੈ ਚੁੱਕੀ ਅਤੇ ਦੋ ਵਾਰ ਤੀਜੇ ਸਥਾਨ 'ਤੇ ਰਹਿਣ ਵਾਲੀ ਦਮਦਾਰ ਵਿਰੋਧੀ ਟੀਮ ਕੋਲੰਬੀਆ ਵਿਰੁੱਧ ਖੇਡਦਿਆਂ ਖੂਬ ਵਾਹ-ਵਾਹ ਲੁੱਟੀ, ਹਾਲਾਂਕਿ ਰੁਮਾਂਚਕ ਮੁਕਾਬਲੇ ਵਿਚ ਭਾਰਤ 1-2 ਨਾਲ ਹਾਰ ਗਿਆ, ਜਿਥੇ ਇਸ ਮੈਚ ਦੇ ਗੋਲਕੀਪਰ ਧੀਰਜ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਘੱਟੋ-ਘੱਟ 5 ਗੋਲ ਬਚਾਏ, ਉਥੇ ਜੈਕਸਨ ਥਾਉਨਜੋਮ ਅੰਡਰ-17 ਫ਼ੀਫ਼ਾ ਵਿਸ਼ਵ ਕੱਪ ਦੇ ਇਤਿਹਾਸ ਵਿਚ ਪਹਿਲਾ ਗੋਲ ਕਰਨ ਵਾਲੇ ਭਾਰਤੀ ਫੁੱਟਬਾਲਰ ਬਣੇ। ਭਾਰਤੀ ਟੀਮ ਵਲੋਂ ਕੀਤਾ ਗਿਆ ਗੋਲ ਉਹ ਪਲ ਸਨ, ਜਿਨ੍ਹਾਂ ਦੀ ਭਾਰਤੀ ਖੇਡ ਪ੍ਰੇਮੀ ਬੜੀ ਉਤਸੁਕਤਾ ਨਾਲ ਉਡੀਕ ਕਰ ਰਹੇ ਸਨ। ਕੋਲੰਬੀਆ ਨਾਲ ਭਾਰਤ ਦਾ ਮੈਚ 82ਵੇਂ ਮਿੰਟ ਤੱਕ 1-1 ਦੀ ਬਰਾਬਰੀ 'ਤੇ ਰਿਹਾ। ਨਿਰਸੰਦੇਹ ਇਹ ਮੈਚ ਬੇਹੱਦ ਰੋਮਾਂਚਕ ਹੋ ਨਿਬੜਿਆ ਤੇ ਇਸ ਦੇ ਨਾਲ ਹੀ ਆਲਮੀ ਫੁੱਟਬਾਲ ਗਲਿਆਰਿਆਂ 'ਚ ਭਾਰਤੀ ਫੁੱਟਬਾਲ ਦੇ ਵਧਦੇ ਕਦਮਾਂ ਦੀ ਚਰਚਾ ਵੀ ਛਿੜ ਤੁਰੀ।
ਭਾਰਤ ਨੇ ਆਪਣਾ ਆਖਰੀ ਮੈਚ ਟੂਰਨਾਮੈਂਟ ਦੇ 32 ਸਾਲਾਂ ਦੇ ਇਤਿਹਾਸ ਵਿਚ ਦੋ ਵਾਰ ਦੀ ਖਿਤਾਬ ਜੇਤੂ ਟੀਮ ਘਾਨਾ ਵਿਰੁੱਧ ਖੇਡਿਆ ਤੇ ਇਹ ਮੈਚ ਭਾਰਤ 0-4 ਨਾਲ ਹਾਰ ਗਿਆ ਪਰ ਜਿਸ ਤਰ੍ਹਾਂ ਭਾਰਤੀ ਟੀਮ ਨੇ ਸ਼ੁਰੂਆਤ ਦੇ 42 ਮਿੰਟਾਂ ਤੱਕ ਵਿਰੋਧੀ ਟੀਮ ਨਾਲ ਟੱਕਰ ਲਈ, ਤਕਨੀਕੀ ਪੱਖੋਂ ਆਪਣੀ ਯੋਗਤਾ ਨਾਲ ਕੁਝ ਅਸਰ ਵੀ ਛੱਡਿਆ। ਕੋਚ ਮਾਟੋਸ ਨੇ ਹਾਲਾਂਕਿ ਡਿਫੈਂਸਿਵ ਰਣਨੀਤੀ ਅਪਣਾਈ ਪਰ ਭਾਰਤੀ ਖਿਡਾਰੀਆਂ ਨੇ ਬਿਨਾਂ ਕਿਸੇ ਦਬਾਅ ਦੇ ਖੇਡ ਦਿਖਾਈ। ਜਿਥੇ ਬੋਰਸ ਥੰਗਜਾਮ, ਨਾਊਰੇਮ ਅਤੇ ਅਨੀਕੇਤ ਨੇ ਸ਼ਾਨਦਾਰ ਬਚਾਅ ਕੀਤਾ, ਉਥੇ ਗੋਲਕੀਪਰ ਧੀਰਜ, ਅਨਵਰ ਅਲੀ, ਜਿਤੇਂਦਰ ਅਤੇ ਸਟਰਾਈਕਰ ਕੋਮਲ ਪਟਾਲ ਨੇ ਡ੍ਰਿਬਲਿੰਗ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸਰੀਰਕ ਮਾਮਲੇ 'ਚ ਭਾਰਤ ਪਛੜ ਗਿਆ। ਘਾਨਾ ਵਿਰੁੱਧ 4-0 ਦੀ ਹਾਰ ਵਿਸ਼ਵ ਪੱਧਰੀ ਮੁਕਾਬਲਿਆਂ 'ਚ ਕੋਈ ਅਣਕਿਆਸੀ ਹਾਰ ਨਹੀਂ ਹੈ, ਪਾਠਕਾਂ ਨੂੰ ਯਾਦ ਹੋਵੇਗਾ ਕਿ 2014 ਫੀਫਾ ਵਿਸ਼ਵ ਕੱਪ 'ਚ ਮੇਜ਼ਬਾਨ ਬ੍ਰਾਜ਼ੀਲ ਸੈਮੀਫਾਈਨਲ 'ਚ ਘਰੇਲੂ ਮੈਦਾਨ 'ਚ 58141 ਦਰਸ਼ਕਾਂ ਦੀ ਹੱਲਾਸ਼ੇਰੀ ਦੇ ਬਾਵਜੂਦ ਜਰਮਨੀ ਹੱਥੋਂ 7-1 ਨਾਲ ਹਾਰ ਗਿਆ ਸੀ।
ਖੈਰ, ਗਰੁੱਪ 'ਏ' 'ਚ ਘਾਨਾ ਅਤੇ ਕੋਲੰਬੀਆ ਨੇ ਕੁਆਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ। ਚੈਂਪੀਅਨ ਦੀ ਗੁਰਜ ਕਿਸ ਦੇ ਹਿੱਸੇ ਆਵੇਗੀ, ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ ਪਰ ਕੁੱਲ ਮਿਲਾ ਕੇ ਫੀਫਾ-ਅੰਡਰ-17 ਵਿਸ਼ਵ ਕੱਪ 'ਚ ਭਾਰਤ ਅੰਤਰਰਾਸ਼ਟਰੀ ਮੰਚ 'ਤੇ ਪਛਾਣ ਬਣਾਉਣ 'ਚ ਸਫ਼ਲ ਰਿਹਾ ਹੈ।


-ਚੀਫ ਫੁੱਟਬਾਲ ਕੋਚ ਸਾਈ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਟੈੱਸਟ ਕ੍ਰਿਕਟ ਦੀ ਹੋਂਦ ਬਚਾਉਣ ਲਈ ਕਵਾਇਦ ਆਰੰਭ

ਅਜੋਕੇ ਤੇਜ਼ੀ ਵਾਲੇ ਦੌਰ 'ਚ ਉਹੀ ਖੇਡਾਂ ਜ਼ਿਆਦਾਤਰ ਮਕਬੂਲ ਹੋ ਰਹੀਆਂ ਹਨ, ਜਿਨ੍ਹਾਂ ਦੇ ਸੰਚਾਲਕਾਂ ਨੇ ਸਮੇਂ-ਸਮੇਂ ਸਿਰ ਆਪਣੀਆਂ ਖੇਡਾਂ ਦੇ ਨਿਯਮਾਂ 'ਚ ਤਬਦੀਲੀਆਂ ਕਰਕੇ ਉਨ੍ਹਾਂ ਨੂੰ ਸਮੇਂ ਦੇ ਹਾਣ ਦੀਆਂ ਬਣਾ ਕੇ ਰੱਖਿਆ ਹੈ। ਅਜਿਹੀ ਹੀ ਇਕ ਖੇਡ ਹੈ ਕ੍ਰਿਕਟ, ਜਿਸ ਦੇ ਸੰਚਾਲਕਾਂ ਨੇ ਇਸ ਖੇਡ ਦੇ ਨਿਯਮਾਂ 'ਚ ਲੋੜ ਅਨੁਸਾਰ ਲਗਾਤਾਰ ਤਬਦੀਲੀਆਂ ਕਰਨ ਦੀ ਮੁਹਿੰਮ ਜਾਰੀ ਰੱਖੀ ਹੋਈ ਹੈ, ਜਿਸ ਤਹਿਤ ਇਸ ਖੇਡ ਦੇ ਨਵੇਂ ਸਰੂਪ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਕ੍ਰਿਕਟ ਇਕ ਅਜਿਹੀ ਖੇਡ ਹੈ, ਜਿਸ ਦੇ ਤਿੰਨ ਸਰੂਪ ਹਨ ਜਿਨ੍ਹਾਂ 'ਚ ਟੈਸਟ, ਇਕ ਦਿਨਾ ਅਤੇ ਟੀ-20 ਕ੍ਰਿਕਟ ਸ਼ਾਮਲ ਹਨ। ਇਸ ਖੇਡ ਦੇ ਆਰੰਭਕ ਅਤੇ ਮੁਢਲੇ ਰੂਪ ਟੈਸਟ ਕ੍ਰਿਕਟ ਪ੍ਰਤੀ ਦਰਸ਼ਕਾਂ ਦੀ ਦਿਨੋ-ਦਿਨ ਘਟ ਰਹੀ ਰੁਚੀ ਕਾਰਨ, ਟੈਸਟ ਕ੍ਰਿਕਟ ਦੇ ਖ਼ਤਮ ਹੋਣ ਦਾ ਖ਼ਤਰਾ ਬਣਦਾ ਜਾ ਰਿਹਾ ਹੈ। ਕੌਮਾਂਤਰੀ ਕ੍ਰਿਕਟ ਸੰਘ (ਆਈ.ਸੀ.ਸੀ.) ਨੇ ਟੈਸਟ ਕ੍ਰਿਕਟ ਦੀ ਮਕਬੂਲੀਅਤ ਕਾਇਮ ਰੱਖਣ ਲਈ ਕੁਝ ਨਵੀਆਂ ਕੋਸ਼ਿਸ਼ਾਂ ਕਰਨ ਦੀ ਸ਼ੁਰੂਆਤ ਕੀਤੀ ਹੈ।
ਇਸ ਵਰ੍ਹੇ ਭਾਰਤ ਦੀਆਂ ਸ੍ਰੀਲੰਕਾ ਤੇ ਵੈਸਟ ਇੰਡੀਜ਼ ਨਾਲ, ਪਾਕਿਸਤਾਨ ਤੇ ਸ੍ਰੀਲੰਕਾ ਦਰਮਿਆਨ (ਆਬੂਧਾਬੀ ਵਿਖੇ) ਹੋਈਆਂ ਟੈਸਟ ਮੈਚਾਂ ਦੀਆਂ ਲੜੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਟੈਸਟ ਕ੍ਰਿਕਟ ਪ੍ਰਤੀ ਖੇਡ ਪ੍ਰੇਮੀਆਂ ਦੀ ਰੁਚੀ ਬਹੁਤ ਘਟ ਗਈ ਹੈ। ਉਕਤ ਤਿੰਨ ਲੜੀਆਂ ਦੌਰਾਨ ਟੈਸਟ ਮੈਚਾਂ ਦੇ ਫੈਸਲੇ ਹੋਣ ਦੇ ਬਾਵਜੂਦ ਵੀ ਸਟੇਡੀਅਮ ਖਾਲੀ ਰਹੇ, ਜਿਸ ਕਾਰਨ ਆਈ.ਸੀ.ਸੀ. ਨੇ ਦੋ ਨਵੇਂ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਸਭ ਤੋਂ ਪਹਿਲਾਂ ਟੈਸਟ ਕ੍ਰਿਕਟ ਦੀ ਵਿਸ਼ਵ ਚੈਂਪੀਅਨਸ਼ਿਪ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਦੀ ਸ਼ੁਰੂਆਤ 2018 ਤੋਂ ਹੋਵੇਗੀ। ਆਈ.ਸੀ.ਸੀ. ਨੇ ਪਹਿਲਾਂ ਹੋਰਨਾਂ ਕੌਮਾਂਤਰੀ ਟੂਰਨਾਮੈਂਟਾਂ ਵਾਂਗ ਹੀ ਟੈਸਟ ਮੈਚਾਂ ਦਾ ਆਲਮੀ ਪੱਧਰ ਦਾ ਕੱਪ ਕਰਵਾਉਣ ਦੀ ਯੋਜਨਾ ਬਣਾਈ ਸੀ ਪਰ ਵੱਖ-ਵੱਖ ਦੇਸ਼ਾਂ ਦੇ ਪਹਿਲਾਂ ਨਿਰਧਾਰਤ ਪ੍ਰੋਗਰਾਮਾਂ ਕਰਕੇ ਅਤੇ ਇਸ ਚੈਂਪੀਅਨਸ਼ਿਪ ਦੇ ਬਹੁਤ ਲੰਬਾ ਚੱਲਣ ਨੂੰ ਦੇਖਦੇ ਹੋਏ ਇਹ ਯੋਜਨਾ ਰੱਦ ਕਰ ਦਿੱਤੀ।
ਇਸ ਦੇ ਬਦਲ 'ਚ ਟੈਸਟ ਕ੍ਰਿਕਟ 'ਚ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਕਰਵਾ ਕੇ ਦਰਸ਼ਕਾਂ ਨੂੰ ਇਸ ਨਾਲ ਜੋੜ ਕੇ ਰੱਖਣ ਲਈ ਨਵੀਂ ਯੋਜਨਾਬੰਦੀ ਕੀਤੀ ਹੈ, ਜਿਸ ਤਹਿਤ ਵੱਖ-ਵੱਖ ਦੇਸ਼ਾਂ ਦਰਮਿਆਨ ਹੋਣ ਵਾਲੀਆਂ ਲੜੀਆਂ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਮੁਕਾਬਲਿਆਂ ਦੇ ਰੂਪ 'ਚ ਕਰਵਾਇਆ ਜਾਵੇਗਾ ਅਤੇ ਇਹ ਸਿਲਸਿਲਾ 2019 ਤੋਂ ਸ਼ੁਰੂ ਹੋਵੇਗਾ। ਇਸ ਤਹਿਤ 2019 ਤੇ 2020 ਦੌਰਾਨ ਵੱਖ-ਵੱਖ ਮੁਲਕਾਂ ਦਰਮਿਆਨ ਘੱਟੋ-ਘੱਟ 2 ਅਤੇ ਵੱਧ ਤੋਂ ਵੱਧ 5 ਟੈਸਟ ਮੈਚਾਂ ਦੀਆਂ ਲੜੀਆਂ ਕਰਵਾਈਆਂ ਜਾਣਗੀਆਂ। ਵਿਸ਼ਵ ਚੈਂਪੀਅਨਸ਼ਿਪ 'ਚ ਟੈਸਟ ਕ੍ਰਿਕਟ ਖੇਡਣ ਦਾ ਹੱਕ ਰੱਖਣ ਵਾਲੇ 12 'ਚੋਂ 9 ਦੇਸ਼ ਭਾਰਤ, ਆਸਟਰੇਲੀਆ, ਪਾਕਿਸਤਾਨ, ਇੰਗਲੈਂਡ, ਨਿਊਜ਼ੀਲੈਂਡ, ਵੈਸਟ ਇੰਡੀਜ਼, ਸ੍ਰੀਲੰਕਾ, ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਹਾਲ ਹੀ ਵਿਚ ਟੈਸਟ ਕ੍ਰਿਕਟ ਦੀ ਮਾਨਤਾ ਹਾਸਲ ਕਰਨ ਵਾਲੇ ਮੁਲਕ ਅਫਗਾਨਿਸਤਾਨ ਤੇ ਆਇਰਲੈਂਡ ਸਮੇਤ ਜ਼ਿੰਬਬਾਵੇ ਵੀ ਉਕਤ ਚੈਂਪੀਅਨਸ਼ਿਪ 'ਚੋਂ ਬਾਹਰ ਰੱਖੇ ਗਏ ਹਨ। ਇਸ ਦੇ ਨਾਲ ਹੀ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਮੁਲਕਾਂ ਨੂੰ ਆਰੰਭਕ ਦੌਰ 'ਚ ਦੇਸ਼ ਅਤੇ ਵਿਦੇਸ਼ 'ਚ ਤਿੰਨ-ਤਿੰਨ ਟੈਸਟ ਲੜੀਆਂ ਵੱਖ-ਵੱਖ ਮੁਲਕਾਂ ਖਿਲਾਫ ਖੇਡਣੀਆਂ ਪੈਣਗੀਆਂ। ਇਨ੍ਹਾਂ ਛੇ ਲੜੀਆਂ ਦੀ ਕਾਰਗੁਜ਼ਾਰੀ ਦੇ ਅਧਾਰ 'ਤੇ ਹੀ ਦੋ ਸਰਬੋਤਮ ਟੀਮਾਂ ਨੂੰ 2021 ਦੇ ਅੱਧ 'ਚ ਹੋਣ ਵਾਲੇ ਫਾਈਨਲ ਮੁਕਾਬਲੇ 'ਚ ਹਿੱਸਾ ਲੈਣ ਦਾ ਹੱਕ ਮਿਲੇਗਾ। ਇਸ ਤਰ੍ਹਾਂ ਟੈਸਟ ਕ੍ਰਿਕਟ 'ਚ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਪੈਦਾ ਕਰਕੇ ਆਈ.ਸੀ.ਸੀ. ਨੇ ਇਸ ਰੂਪ ਪ੍ਰਤੀ ਦਰਸ਼ਕਾਂ ਨੂੰ ਮੁੜ ਜੋੜਨ ਦਾ ਵੱਡਾ ਉੱਦਮ ਕੀਤਾ ਹੈ।
ਇਸ ਤੋਂ ਇਲਾਵਾ ਟੈਸਟ ਮੈਚਾਂ ਨੂੰ ਪੰਜ ਦੀ ਬਜਾਏ ਚਾਰ ਦਿਨਾਂ ਦਾ ਬਣਾਉਣ ਲਈ ਵੀ ਤਜਰਬਾ ਕਰਨ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਦਰਮਿਆਨ 26 ਦਸੰਬਰ ਤੋਂ ਇਕ ਚਾਰ ਦਿਨਾ ਟੈਸਟ ਮੈਚ ਕਰਵਾਉਣ ਦਾ ਐਲਾਨ ਕੀਤਾ ਹੈ। ਜੇ ਇਹ ਤਜਰਬਾ ਸਫਲ ਰਹਿੰਦਾ ਹੈ ਤਾਂ ਆਈ.ਸੀ.ਸੀ. ਟੈਸਟ ਮੈਚਾਂ ਦਾ ਸਮਾਂ ਚਾਰ ਦਿਨ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਆਈ.ਸੀ.ਸੀ. ਨੇ ਟੈਸਟ ਕ੍ਰਿਕਟ ਨੂੰ ਵੀ ਇਕ ਦਿਨਾ ਮੈਚਾਂ ਵਾਂਗ ਹੀ ਦੁਧੀਆ ਪ੍ਰਕਾਸ਼ (ਡੇ-ਨਾਈਟ) 'ਚ ਕਰਵਾਉਣ ਦਾ ਉੱਦਮ ਕੀਤਾ ਸੀ, ਜਿਸ ਨੂੰ ਦਰਸ਼ਕਾਂ ਦਾ ਹੁੰਗਾਰਾ ਨਿਰਾਸ਼ਾਜਨਕ ਹੀ ਰਿਹਾ ਸੀ। ਕ੍ਰਿਕਟ ਮਾਹਿਰ ਟੈਸਟ ਮੈਚਾਂ ਨੂੰ ਹੀ ਖਿਡਾਰੀਆਂ ਲਈ ਅਸਲੀ ਪਰਖ ਅਤੇ ਕ੍ਰਿਕਟ ਦਾ ਪਲੇਠਾ ਰੂਪ ਮੰਨਦੇ ਹਨ। ਇਸ ਕਰਕੇ ਆਈ.ਸੀ.ਸੀ. ਟੈਸਟ ਕ੍ਰਿਕਟ ਨੂੰ ਜ਼ਿੰਦਾ ਰੱਖਣਾ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੀ ਹੈ। ਇਸ ਤਰ੍ਹਾਂ ਆਈ.ਸੀ.ਸੀ. ਵਲੋਂ ਟੈਸਟ ਕ੍ਰਿਕਟ ਦੀ ਹੋਂਦ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਕਵਾਇਦ ਦਾ ਨਤੀਜਾ 2019 ਤੋਂ ਮਿਲਣ ਲੱਗੇਗਾ।

-ਪਟਿਆਲਾ। ਮੋਬਾ: 97795-90575

ਕ੍ਰਿਕਟ ਟੀਮ ਦੀ ਜਿੰਦ-ਜਾਨ ਹੈ ਖਿਡਾਰੀ ਮੰਗਲ ਸਿੰਘ ਟਹਿਣਾ

'ਹਾਸਮ ਫਤਹਿ ਨਸੀਬ ਤਿਨਾ ਜਿਨ੍ਹਾਂ ਹਿੰਮਤ ਯਾਰ ਬਣਾਈ', ਮੰਗਲ ਸਿੰਘ ਟਹਿਣਾ ਭਾਵੇਂ ਅੰਗਹੀਣ ਹੈ ਪਰ ਉਹ ਹਿੰਮਤ ਅਤੇ ਹੌਸਲੇ ਦੀ ਡਾਹਢੀ ਮਿਸਾਲ ਹੈ ਅਤੇ ਉਹ ਅੰਗਹੀਣ ਹੋਣ ਦੇ ਬਾਵਜੂਦ ਕ੍ਰਿਕਟ ਖੇਡਦਾ ਹੈ ਅਤੇ ਉਹ ਆਪਣੀ ਟੀਮ ਦਾ ਹਰਫਨਮੌਲਾ ਖਿਡਾਰੀ ਕਰਕੇ ਵੀ ਜਾਣਿਆ ਜਾਂਦਾ ਹੈ। ਮੰਗਲ ਸਿੰਘ ਟਹਿਣਾ ਦਾ ਜਨਮ ਜ਼ਿਲ੍ਹਾ ਫਰੀਦਕੋਟ ਦੇ ਇਕ ਛੋਟੇ ਜਿਹੇ ਪਰ ਨਾਂਅ ਤੋਂ ਵੱਡੇ ਕਰਕੇ ਜਾਣੇ ਜਾਂਦੇ ਪਿੰਡ ਟਹਿਣਾ ਵਿਚ 2 ਮਾਰਚ, 1985 ਨੂੰ ਪਿਤਾ ਇੰਦਰਜੀਤ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਹੋਇਆ। ਕਰੀਬ ਢਾਈ ਸਾਲ ਦੀ ਬਾਲੜੀ ਉਮਰੇ ਮੰਗਲ ਸਿੰਘ ਪੋਲੀਓ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਅਤੇ ਇਹ ਬਿਮਾਰੀ ਸਦਾ ਲਈ ਉਸ ਦੀ ਹੋ ਕੇ ਰਹਿ ਗਈ ਅਤੇ ਉਹ ਇਕ ਲੱਤ ਤੋਂ ਲੰਗੜਾਅ ਕੇ ਤੁਰਦਾ ਹੈ ਪਰ ਉਸ ਨੇ ਆਪਣੀ ਕਾਮਯਾਬੀ ਵਿਚ ਕਦੇ ਵੀ ਆਪਣੀ ਅਪਾਹਜਤਾ ਨੂੰ ਅੜਿੱਕਾ ਨਹੀਂ ਬਣਨ ਦਿੱਤਾ ਅਤੇ ਉਹ ਹਿੰਮਤ ਅਤੇ ਦਲੇਰੀ ਨਾਲ ਆਪਣੀ ਜ਼ਿੰਦਗੀ ਨੂੰ ਜੀਅ ਰਿਹਾ ਹੈ। ਮੰਗਲ ਸਿੰਘ ਨੇ ਮੁਢਲੀ ਵਿੱਦਿਆ ਦੇ ਨਾਲ-ਨਾਲ ਆਪਣੇ ਪਿੰਡ ਦੇ ਜਮਾਤੀਆਂ ਨਾਲ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਅਤੇ ਅਤੇ ਪਿੰਡ ਵਾਲੇ ਉਸ 'ਤੇ ਅੱਜ ਵੀ ਮਾਣ ਕਰਦੇ ਹਨ।
ਉਸ ਦੀ ਇਸ ਖੇਡ ਕਲਾ ਵਿਚ ਕੁਸ਼ਲਤਾ ਨੂੰ ਵੇਖਦਿਆਂ 12 ਮਾਰਚ, 2016 ਨੂੰ ਉਸ ਦੀ ਚੋਣ ਪੰਜਾਬ ਦੀ ਅੰਗਹੀਣ ਕ੍ਰਿਕਟ ਟੀਮ ਵਿਚ ਹੋ ਗਈ ਅਤੇ ਉਹ ਲਗਾਤਾਰ ਖੇਡਦਾ ਆ ਰਿਹਾ ਹੈ ਅਤੇ 2016 ਵਿਚ ਹੀ ਉਸ ਨੇ ਹਰਿਆਣਾ ਪ੍ਰਾਂਤ ਨਾਲ ਕ੍ਰਿਕਟ ਲੀਗ ਖੇਡੀ ਅਤੇ ਉਸ ਨੂੰ ਬੈਸਟ ਫੀਲਡਰ ਦਾ ਸਨਮਾਨ ਵੀ ਮਿਲਿਆ। ਮੰਗਲ ਸਿੰਘ ਹੁਣ ਤੱਕ ਆਪਣੇ ਖੇਡ ਕੈਰੀਅਰ ਦੌਰਾਨ ਪੰਜਾਬ ਦੀ ਟੀਮ ਵਲੋਂ ਦੇਹਰਾਦੂਨ, ਜੋਧਪੁਰ, ਨਾਲਾਗੜ੍ਹ, ਅਜਮੇਰ, ਰਾਂਚੀ, ਹਿਮਾਚਲ ਪ੍ਰਦੇਸ਼ ਤੇ ਕੁੱਲੂ-ਮਨਾਲੀ ਵਿਚ ਲਗਾਤਾਰ ਖੇਡ ਕੇ ਆਪਣੀ ਕ੍ਰਿਕਟ ਜਗਤ ਵਿਚ ਇਕ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ। ਮੰਗਲ ਨੇ ਦੱਸਿਆ ਕਿ ਹੁਣ ਉਸ ਨੇ ਅਥਲੈਟਿਕਸ ਵਿਚ ਵੀ ਜ਼ੋਰ ਅਜ਼ਮਾਈ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਉਸ ਨੇ ਜਲੰਧਰ ਜ਼ਿਲ੍ਹੇ ਵਿਚ ਹੋਈਆਂ ਅੰਗਹੀਣ ਖਿਡਾਰੀਆਂ ਦੀਆਂ ਖੇਡਾਂ ਵਿਚ ਭਾਗ ਲਿਆ ਅਤੇ ਉਸ ਨੇ ਕ੍ਰਮਵਾਰ ਸ਼ਾਟਪੁੱਟ, ਡਿਸਕਸ ਥਰੋਅ ਅਤੇ ਜੈਵਲਿਨ ਥਰੋਅ ਵਿਚ ਤਿੰਨ ਤਗਮੇ ਆਪਣੇ ਨਾਂਅ ਕੀਤੇ। ਮੰਗਲ ਸਿੰਘ ਨੇ ਦੱਸਿਆ ਕਿ ਬੇਸ਼ੱਕ ਪਿੰਡ ਵਾਸੀ ਖਾਸ ਕਰਕੇ ਪਿੰਡ ਦੇ ਐਨ.ਆਰ.ਆਈ. ਵੀਰ ਉਸ ਦੀ ਆਰਥਿਕ ਮਦਦ ਕਰਦੇ ਰਹਿੰਦੇ ਹਨ ਪਰ ਸਰਕਾਰੇ-ਦਰਬਾਰੇ ਉਨ੍ਹਾਂ ਨੂੰ ਅੱਜ ਤੱਕ ਕੁਝ ਵੀ ਨਸੀਬ ਨਹੀਂ ਹੋਇਆ ਅਤੇ ਉਹ ਆਪਣੇ ਹੀ ਖਰਚੇ 'ਤੇ ਦੂਰ-ਦੂਰ ਤੱਕ ਖੇਡਣ ਜਾਂਦੇ ਹਨ ਅਤੇ ਉਸ ਦੀ ਪੂਰੀ ਕੋਸ਼ਿਸ਼ ਹੈ ਕਿ ਇਕ ਦਿਨ ਉਹ ਭਾਰਤ ਦੀ ਅੰਗਹੀਣ ਕ੍ਰਿਕਟ ਟੀਮ ਵਿਚ ਖੇਡ ਕੇ ਕ੍ਰਿਕਟ ਸੰਸਾਰ ਵਿਚ ਭਾਰਤ ਦਾ ਮਾਣ ਬਣੇਗਾ। ਮੇਰੀ ਦਿਲੀ ਦੁਆ ਹੈ ਕਿ ਮੰਗਲ ਸਿੰਘ ਆਪਣੇ ਇਸ ਖੇਤਰ ਵਿਚ ਹੋਰ ਬੁਲੰਦੀਆਂ ਛੂਹੇ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਪਿਛਲੇ ਸੱਤ ਦਹਾਕੇ

ਖੇਡਾਂ ਦੇ ਖੇਤਰ ਵਿਚ ਕਿਤੇ ਅਰਸ਼ ਕਿਤੇ ਫਰਸ਼

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
70 ਸਾਲ ਦੇ ਲੰਬੇ ਸਫਰ ਵਿਚ ਭਾਰਤ ਨੇ ਬੈਡਮਿੰਟਨ ਵਿਚ ਅਨੇਕ ਵਿਸ਼ਵ ਪੱਧਰੀ ਖਿਡਾਰੀ ਦਿੱਤੇ ਜਿਵੇਂ ਪ੍ਰਕਾਸ਼ ਪਾਦੂਕੋਨ, ਸਈਅਦ ਮੋਦੀ ਤੇ ਗੋਪੀਚੰਦ, ਪਰ ਪਿਛਲੇ ਇਕ ਦਹਾਕੇ ਤੋਂ ਜੋ ਇਸ ਖੇਤਰ ਵਿਚ ਬਿਹਤਰੀਨ ਖਿਡਾਰੀ ਨਿਕਲ ਕੇ ਸਾਹਮਣੇ ਆਏ ਹਨ, ਉਹ ਸਫਲਤਾ ਦੇ ਨਵੇਂ ਝੰਡੇ ਗੱਡ ਰਹੇ ਹਨ ਅਤੇ ਲਗਪਗ ਹਰ ਮਹੀਨੇ ਹੀ ਉਨ੍ਹਾਂ ਦੀ ਖਿਤਾਬੀ ਜਿੱਤ ਨਾਲ ਵਿਸ਼ਵ ਦੇ ਕਿਸੇ ਨਾ ਕਿਸੇ ਸਟੇਡੀਅਮ ਵਿਚ ਤਿਰੰਗਾ ਲਹਿਰਾਉਂਦਾ ਹੈ। ਜੇਕਰ ਔਰਤ ਵਰਗ ਵਿਚ ਸਾਡੇ ਕੋਲ ਸਾਈਨਾ ਨੇਹਵਾਲ ਤੇ ਪੀ. ਵੀ. ਸਿੰਧੂ ਹੈ ਤੇ ਪੁਰਸ਼ ਵਰਗ ਵਿਚ ਸ੍ਰੀਕਾਂਤ, ਐਚ. ਐਸ. ਪ੍ਰਨੋਏ, ਪੀ. ਕਸ਼ਿਅਪ, ਸਾਈ ਪ੍ਰਣੀਤ, ਸਮੀਰ ਵਰਮਾ ਆਦਿ ਦੀ ਫੌਜ ਹੈ, ਜੋ ਲਿਨ ਡਾਨ (ਚੀਨ) ਵਰਗੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਨੂੰ ਵੀ ਹਰਾਉਣ ਦੀ ਤਾਕਤ ਰੱਖਦੀ ਹੈ ਅਤੇ ਹਰਾਇਆ ਵੀ ਹੈ। ਇਸੇ ਤਰ੍ਹਾਂ ਟੈਨਿਸ ਵਿਚ ਅੰਮ੍ਰਿਤਰਾਜ ਬੰਧੂਆ (ਵਿਜੇ ਤੇ ਆਨੰਦ), ਰਾਮਨਾਥਨ ਕ੍ਰਿਸ਼ਣਨ ਆਦਿ ਨੇ ਸੁਨਹਿਰੇ ਭਵਿੱਖ ਦੀ ਨੀਂਹ ਰੱਖੀ, ਜਿਸ 'ਤੇ ਲਇਏਂਡਰ ਪੇਸ, ਮਹੇਸ਼ ਭੂਪਤੀ, ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਨੇ ਆਪਣੀ ਗ੍ਰੈਂਡ ਸਲੈਮ ਟਰਾਫੀ ਨਾਲ ਸ਼ਾਨਦਾਰ ਇਮਾਰਤ ਖੜ੍ਹੀ ਕਰ ਦਿੱਤੀ ਹੈ, ਜਿਸ ਨਾਲ ਨਵੀਆਂ ਪ੍ਰਤੀਭਾਵਾਂ ਨੂੰ ਸੰਵਾਰਨ ਦਾ ਮੌਕਾ ਮਿਲ ਰਿਹਾ ਹੈ। ਆਜ਼ਾਦ ਭਾਰਤ ਵਿਚ ਸਨੂਕਰ, ਬਿਲੀਅਰਡਜ਼, ਪੂਲ ਆਦਿ ਵਿਚ ਅਸੀਂ ਇਕ ਦੇ ਬਾਅਦ ਇਕ ਵਿਸ਼ਵ ਚੈਂਪੀਅਨ ਦਿੱਤੇ ਹਨ। ਇਨ੍ਹਾਂ ਖੇਡਾਂ ਦਾ ਇਤਿਹਾਸ ਮਾਈਕਲ ਫਰੇਰਾ, ਗੀਤ ਸੇਠੀ, ਯਾਸੀਨ ਮਰਚੈਂਟ, ਪੰਕਜ ਅਡਵਾਨੀ ਆਦਿ ਦੇ ਉਲੇਖ ਦੇ ਬਿਨਾਂ ਅਧੂਰਾ ਹੀ ਨਹੀਂ ਬਲਕਿ ਲਿਖਿਆ ਹੀ ਨਹੀਂ ਜਾ ਸਕਦਾ। ਕੋਈ ਇਸ ਤਰ੍ਹਾਂ ਦਾ ਰਿਕਾਰਡ ਨਹੀਂ ਹੈ ਜੋ ਇਨ੍ਹਾਂ ਲੋਕਾਂ ਦੇ ਨਾਂਅ ਨਾ ਹੋਇਆ ਹੋਵੇ ਜਾਂ ਜਿਸ ਨੂੰ ਇਨ੍ਹਾਂ ਨੇ ਤੋੜਿਆ ਨਾ ਹੋਵੇ।
ਇਸੇ ਤਰ੍ਹਾਂ ਵਿਸ਼ਵਨਾਥਨ ਆਨੰਦ ਦਾ ਰਿਕਾਰਡ ਬਣ ਗਿਆ ਹੈ। ਉਨ੍ਹਾਂ ਨੇ ਸ਼ਤਰੰਜ ਦੀ ਪੰਜ ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਹੈ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਅਨੇਕ ਨਵੀਆਂ ਪ੍ਰਤੀਭਾਵਾਂ ਸਾਹਮਣੇ ਆ ਰਹੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸ਼ਤਰੰਜ ਦੀ ਦੁਨੀਆ ਵਿਚ ਅਗਲੇ ਦਸ ਸਾਲਾਂ ਤੱਕ ਭਾਰਤ ਦਾ ਰਾਜ ਰਹੇਗਾ। ਉਨ੍ਹਾਂ ਅਨੁਸਾਰ ਚੋਟੀ ਦੇ 100 ਖਿਡਾਰੀਆਂ ਵਿਚ ਭਾਰਤ ਦੇ 40 ਖਿਡਾਰੀ ਹੋਣਗੇ। 1988 ਵਿਚ ਆਨੰਦ ਭਾਰਤ ਦੇ ਪਹਿਲੇ ਗ੍ਰੈਂਡਮਾਸਟਰ ਬਣੇ ਸਨ, ਹੁਣ ਗ੍ਰੈਂਡਮਾਸਟਰ ਦੀ ਗਿਣਤੀ ਵਧ ਕੇ 47 ਹੋ ਗਈ ਹੈ, ਜਿਨ੍ਹਾਂ ਵਿਚੋਂ ਅੱਧੇ ਪਿਛਲੇ ਪੰਜ ਸਾਲ ਵਿਚ ਹੀ ਗ੍ਰੈਂਡਮਾਸਟਰ ਬਣੇ ਹਨ।
ਕੁਸ਼ਤੀ ਤੇ ਸ਼ੂਟਿੰਗ ਵਿਚ ਵੀ ਪ੍ਰਤੀਭਾਵਾਂ ਤੇ ਰੋਲ ਮਾਡਲ ਦੀ ਘਾਟ ਨਹੀਂ ਹੈ। ਸੁਸ਼ੀਲ ਕੁਮਾਰ ਦੇਸ਼ ਦੇ ਇਕਮਾਤਰ ਪਹਿਲਵਾਨ ਹਨ, ਜਿਨ੍ਹਾਂ ਨੇ ਵਿਅਕਤੀਗਤ ਤੌਰ 'ਤੇ ਦੋ ਉਲੰਪਿਕ ਤਗਮੇ ਜਿੱਤੇ ਹਨ, ਇਕ ਚਾਂਦੀ ਤੇ ਇਕ ਕਾਂਸੀ ਅਤੇ ਅਭਿਨਵ ਬਿੰਦਰਾ ਨੇ ਸ਼ੂਟਿੰਗ ਵਿਚ ਉਲੰਪਿਕ ਸੋਨ ਤਗਮਾ ਜਿੱਤਿਆ ਹੈ, ਜੋ ਭਾਰਤ ਦਾ ਹੁਣ ਤੱਕ ਦਾ ਇਕਮਾਤਰ ਏਕਲ ਉਲੰਪਿਕ ਤਗਮਾ ਹੈ। ਪਰ ਇਸ ਤੋਂ ਪ੍ਰੇਰਿਤ ਹੋ ਕੇ ਜੋ ਚੰਗੀਆਂ ਪ੍ਰਤੀਭਾਵਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਦੇ ਭਵਿੱਖ ਉੱਜਵਲ ਨਜ਼ਰ ਆ ਰਹੇ ਹਨ। ਫਿਲਹਾਲ ਅਥਲੈਟਿਕਸ ਵਿਚ ਹੁਣ ਤੱਕ ਨਿਰਾਸ਼ਾਜਨਕ ਪ੍ਰਦਰਸ਼ਨ ਹੀ ਰਿਹਾ ਹੈ। ਮਿਲਖਾ ਸਿੰਘ ਰੋਮ 1960 ਵਿਚ ਤਗਮੇ ਤੋਂ ਰਹਿ ਗਏ ਅਤੇ ਪੀ. ਟੀ. ਊਸ਼ਾ ਮੋਂਟਰੀਅਲ 1976 ਵਿਚ ਤਗਮੇ ਤੋਂ ਰਹਿ ਗਈ। ਇਸੇ ਤਰ੍ਹਾਂ ਰੀਓ 2016 ਵਿਚ ਜਿਮਨਾਸਟ ਦੀਪਾ ਕਰਮਾਕਰ ਤਗਮੇ ਤੋਂ ਰਹਿ ਗਈ। ਪਰ ਇਸ ਦੇ ਇਲਾਵਾ ਅਥਲੈਟਿਕਸ ਤੇ ਤੈਰਾਕੀ ਵਿਚ ਘੱਟ ਤੋਂ ਘੱਟ ਕੌਮਾਂਤਰੀ ਪੱਧਰ 'ਤੇ ਕੁਝ ਲਿਖਣ ਲਈ ਨਹੀਂ ਹੈ। ਇਹ ਮਾੜੀ ਕਿਸਮਤ ਹੈ ਜਾਂ ਸਰਕਾਰੀ ਲਾਪ੍ਰਵਾਹੀ, ਫਿਰ ਵੀ ਇਹ ਆਸ ਜ਼ਰੂਰ ਹੈ ਕਿ ਹੁਣ ਜੋ ਹੁਨਰ ਸਾਹਮਣੇ ਆ ਰਿਹਾ ਹੈ, ਉਹ ਇਸ ਘਾਟ ਨੂੰ ਵੀ ਪੂਰਾ ਕਰ ਦੇਵੇਗਾ।

-ਇਮੇਜ ਰਿਫਲੈਕਸ਼ਨ ਸੈਂਟਰ

ਪੰਜਾਬ ਦੇ ਖਿਡਾਰੀਆਂ ਦੇ ਹਿਤਾਂ ਦੀ ਰਾਖੀ ਕੌਣ ਕਰੇ?

ਅਰਥ-ਸ਼ਾਸ਼ਤਰੀ ਅਤੇ ਮਨੋਵਿਗਿਆਨੀ ਕਹਿੰਦੇ ਹਨ ਕਿ ਕਿਸੇ ਸੂਬੇ ਦੇ ਵਿਕਾਸ ਦਾ ਪੈਮਾਨਾ ਛੇ ਮਾਰਗੀ ਸੜਕਾਂ, ਉੱਚੀਆਂ ਗਗਨ ਚੁੰਬੀ ਇਮਾਰਤਾਂ ਤੇ ਫਲਾਈਓਵਰ ਨਹੀਂ ਹਨ, ਬਲਕਿ ਵਿਕਾਸ ਦਾ ਪੈਮਾਨਾ ਉਸ ਸੂਬੇ ਦੇ ਨਾਗਰਿਕਾਂ ਦੀ ਵਧੀਆ ਸਿਹਤ, ਮਾਨਸਿਕ ਤੇ ਸਰੀਰਕ ਤੌਰ 'ਤੇ ਤੰਦਰੁਸਤ ਜਵਾਨੀ, ਸਫਲ ਸਿੱਖਿਆ ਤੰਤਰ ਹੈ। ਤੰਦਰੁਸਤ ਜਵਾਨੀ ਲਈ ਨੌਜੁਆਨਾਂ ਨੂੰ ਰਾਜ ਸਰਕਾਰ ਵਲੋਂ ਦਿੱਤੀਆਂ ਜਾਦੀਆਂ ਖੇਡ ਸਹੂਲਤਾਂ ਹਨ। ਆਜ਼ਾਦੀ ਦੀ 70ਵੀਂ ਵਰ੍ਹੇਗੰਢ ਮਨਾ ਚੁੱਕੇ ਪੰਜਾਬ ਦੇ ਖਿਡਾਰੀਆਂ ਨੂੰ ਬੁਨਿਆਦੀ ਸਹੂਲਤਾਂ ਲੈਣ ਲਈ ਵੀ ਅਦਾਲਤਾਂ ਦੀ ਸ਼ਰਨ ਵਿਚ ਜਾਣਾ ਪੈ ਰਿਹਾ ਹੈ ਤੇ ਅਪਾਹਜ ਬਣੇ ਖੇਡ ਵਿਭਾਗ ਪੰਜਾਬ ਦੇ ਢਾਂਚੇ 'ਤੇ ਕੀਤੀਆਂ ਜਾ ਰਹੀਆਂ ਅਦਾਲਤਾਂ ਵੱਲੋਂ ਟਿੱਪਣੀਆਂ ਇਹ ਸਿੱਧ ਕਰਦੀਆਂ ਹਨ ਕਿ ਪੰਜਾਬ ਦਾ ਖੇਡ ਢਾਂਚਾ ਪੂਰੀ ਤਰ੍ਹਾਂ ਹਿੱਲ ਗਿਆ ਹੈ। ਪਿਛਲੇ ਸਾਲ ਵਿਚ ਪੰਜਾਬ ਦੇ ਨਵ-ਨਿਯੁਕਤ ਕੋਚਾਂ ਤੇ ਖਿਡਾਰੀਆਂ ਵਲੋਂ ਮਾਣਯੋਗ ਹਾਈ ਕੋਰਟ ਵਿਚ ਆਪਣੇ ਹੱਕਾਂ ਦੀ ਰਾਖੀ ਲਈ ਇਨਸਾਫ ਦੀ ਦੁਹਾਈ ਦਿੱਤੀ ਗਈ ਸੀ, ਜਦਕਿ ਪਹਿਲੀ ਦ੍ਰਿਸ਼ਟੀ ਅਨੁਸਾਰ ਇਸ ਰਿੱਟ ਦੀ ਲੋੜ ਨਹੀਂ ਪੈਣੀ ਸੀ, ਜੇਕਰ ਖੇਡਾਂ ਨਾਲ ਜੁੜੇ ਅਧਿਕਾਰੀ ਖੇਡਾਂ ਪ੍ਰਤੀ ਗੰਭੀਰ ਹੁੰਦੇ। ਇਸ ਤੋਂ ਬਾਅਦ ਆਨਨ ਫਾਨਨ ਵਿਚ ਪੰਜਾਬ ਦੇ ਖੇਡ ਮੰਤਰੀ ਨੂੰ ਜਲੰਧਰ ਵਿਖੇ ਅੱਧੀ-ਅਧੂਰੀ ਇਨਾਮੀ ਰਾਸ਼ੀ ਖਿਡਾਰੀਆਂ ਨੂੰ ਵੰਡਣੀ ਪਈ। ਹੁਣ ਫਿਰ ਪਿਛਲੇ ਦਿਨੀਂ ਸਾਲ 2015-16, 16-17 ਦੇ ਤਗਮਾ ਜੇਤੂਆਂ ਵਜੋਂ ਇਨਾਮੀ ਰਾਸ਼ੀ ਪ੍ਰਾਪਤ ਕਰਨ ਲਈ ਕਰੀਬ 1500 ਖਿਡਾਰੀ ਫਿਰ ਅਦਾਲਤ ਦੀ ਸ਼ਰਨ ਵਿਚ ਗਏ।
ਸਿਆਣੇ ਕਹਿੰਦੇ ਹਨ ਕਿ ਖੇਡ ਮੈਦਾਨ 'ਚ ਵਹਾਏ ਖੂਨ-ਪਸੀਨੇ ਦਾ ਮੁੱਲ ਖਿਡਾਰੀ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਸ ਨੂੰ ਮਿਲ ਜਾਣਾ ਚਾਹੀਦਾ ਹੈ, ਪਰ ਇਥੇ ਤਾਂ ਆਲਮ ਹੀ ਨਿਰਾਲਾ ਹੈ। ਜੋ ਪਿਛਲੀ ਸਰਕਾਰ ਦੇ ਖੇਡ ਸਲਾਹਕਾਰ ਸਨ, ਅੱਜ ਵੀ ਉਹ ਹੀ ਨਵੀਂ ਸਰਕਾਰ ਦੇ ਵਿਧਾਇਕ ਤੇ ਪ੍ਰਮੱਖ ਖੇਡ ਸਲਾਹਕਾਰ ਹਨ। ਕਿੰਨੀ ਹਾਸੋਹੀਣੀ ਸਥਿਤੀ ਹੈ ਕਿ ਪੰਜਾਬ ਖੇਡ ਵਿਭਾਗ ਵਲੋਂ ਦਿੱਤੀ ਜਾਂਦੀ 100 ਰੁਪਏ ਦੀ ਖੁਰਾਕ ਰਾਸ਼ੀ ਘਟਾ ਕੇ 50 ਰੁਪਏ ਕਰ ਦਿੱਤੀ ਤੇ ਫਿਰ ਜਦੋਂ ਮਾਣਯੋਗ ਜੱਜ ਸਾਹਿਬ ਨੇ ਪੁੱਛਿਆ ਕਿ 'ਖੇਡ ਸਕੱਤਰ ਸਾਹਿਬ, ਕੀ ਮਹਿੰਗਾਈ ਘਟ ਗਈ ਹੈ? ਤੇ ਖੁਰਾਕ ਰਾਸ਼ੀ ਘਟਾਉਣ ਦੇ ਕੀ ਕਾਰਨ ਹਨ?' ਤਾਂ ਫਿਰ ਅਦਾਲਤ ਦੀ ਘੁਰਕੀ ਤੋਂ ਬਾਅਦ ਇਹ ਫੈਸਲਾ ਵਿਭਾਗ ਨੇ ਵਾਪਸ ਲੈ ਲਿਆ। ਖੇਡਾਂ ਵਿਚ ਖਿਡਾਰੀਆਂ ਨੂੰ ਰੁਜ਼ਗਾਰ ਦੇਣ ਲਈ ਖੇਡ ਵਿਭਾਗ 'ਚ ਕੋਚ ਭਰਤੀ ਕਰਨ ਦਾ ਮਾਮਲਾ ਲੰਮੀ ਪ੍ਰਕਿਰਿਆ ਤੋਂ ਬਾਅਦ ਪੱਕੀ ਭਰਤੀ ਦੇ ਚਾਹਵਾਨ ਉੱਚ ਸਿੱਖਿਅਤ ਕੋਚਾਂ ਦੇ ਹੱਕ ਵਿਚ ਹੋਇਆ। ਪਿਛਲੀ ਸਰਕਾਰ ਵਲੋਂ 125 ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਖੇਡ ਵਿਭਾਗ ਰਾਹੀਂ ਕਾਂਸਟੇਬਲ, ਸਬ-ਇੰਸਪੈਕਟਰ ਤੇ ਡੀ.ਐਸ.ਪੀ. ਭਰਤੀ ਕਰਨ ਦਾ ਮਾਮਲਾ ਵੀ ਅਦਾਲਤੀ ਘੁੰਮਣਘੇਰੀ ਵਿਚ ਫਸਿਆ ਹੋਇਆ ਹੈ। ਖਿਡਾਰੀ ਸੋਚਦੇ ਹਨ ਕਿ ਪੰਜਾਬ ਦੇ ਖਿਡਾਰੀਆਂ ਨੂੰ ਜ਼ਿਲ੍ਹਾ, ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਖੇਡਾਂ ਦੇ ਰਖਵਾਲਿਆਂ ਨੂੰ ਅਦਾਲਤੀ ਕਟਹਿਰੇ ਵਿਚ ਖੜ੍ਹਾ ਕਰਕੇ ਕੀ ਉਨ੍ਹਾਂ ਦਾ ਭਲਾ ਹੋ ਸਕਦਾ ਹੈ?
ਪਿਛਲੇ 15 ਸਾਲਾਂ ਤੋਂ ਪੰਜਾਬ ਉਲੰਪਿਕ ਐਸੋਸੀਏਸ਼ਨ ਨੇ ਸਟੇਟ ਗੇਮਜ਼ ਆਫ ਪੰਜਾਬ ਨਹੀਂ ਕਰਵਾਈਆਂ। ਪਿਛਲੀ ਸਰਕਾਰ ਨੇ ਵੀ ਵੋਟ ਬੈਂਕ ਲਈ ਖੇਡਾਂ ਦਾ ਲਾਹਾ ਲੈਂਦਿਆਂ ਕਦੇ ਵਿਸ਼ਵ ਕਬੱਡੀ ਕੱਪ ਤੇ ਕਦੇ ਹੋਰਨਾਂ ਟੂਰਨਾਮੈਂਟਾਂ 'ਤੇ ਕਰੋੜਾਂ ਰੁਪਏ ਬਰਬਾਦ ਕੀਤੇ ਤੇ ਇਸ ਦੇ ਉਲਟ ਪਹਿਲਾਂ ਚਲਦੇ ਪੰਜਾਬ ਖੇਡ ਵਿਭਾਗ ਦਾ ਨਵਾਂ ਸ਼ਰੀਕ ਪੰਜਾਬ ਇੰਸਟੀਚਿਟਊਟ ਆਫ ਸਪੋਰਟਸ ਬਣਾ ਕੇ ਪੰਜਾਬ ਦੀਆਂ ਖੇਡਾਂ ਦੀ ਗੱਡੀ ਨੂੰ ਬਰੇਕ ਲਗਾ ਦਿੱਤੀ।
ਹੁਣ ਸੁਆਲ ਉਠਦਾ ਹੈ ਕਿ ਪੰਜਾਬ ਦੇ ਖਿਡਾਰੀਆਂ ਨੂੰ ਬੁਨਿਆਦੀ ਸਹੂਲਤਾਂ ਲੈਣ ਲਈ ਖੇਡ ਕਿੱਟਾਂ, ਕੋਚਾਂ ਦੀ ਨਿਯੁਕਤੀ, ਤਨਖਾਹ-ਭੱਤੇ ਵਧਾਉਣ, ਖੇਡ ਨੀਤੀ ਬਣਾਉਣ ਲਈ ਵਾਰ-ਵਾਰ ਅਦਾਲਤੀ ਚੱਕਰ ਲਾਉਣ ਤੋਂ ਕਿਵੇਂ ਰੋਕਿਆ ਜਾਵੇ? ਉਸ ਦਾ ਢੁਕਵਾਂ ਹੱਲ ਹੈ ਕਿ ਸਰਕਾਰ ਖਿਡਾਰੀਆਂ ਪ੍ਰਤੀ ਆਪਣੀ ਮਨੋਦਸ਼ਾ ਬਦਲੇ। ਆਪਣੀ ਖੇਡ ਨੀਤੀ-2010 ਵਿਚ ਸਮੇਂ ਅਨੁਸਾਰ ਤਬਦੀਲੀ ਕਰੇ। ਖੇਡਾਂ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਕੁੱਲਵਕਤੀ ਖੇਡ ਨਿਰਦੇਸ਼ਕ, ਕੁੱਲਵਕਤੀ ਖੇਡ ਮੰਤਰੀ ਬਣਾਇਆ ਜਾਵੇ। ਖੇਡ ਨੀਤੀ ਦਾ ਸਮੇਂ-ਸਮੇਂ 'ਤੇ ਬਕਾਇਦਾ ਮੁਲਾਂਕਣ ਕੀਤਾ ਜਾਵੇ। ਖਿਡਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀਆਂ ਖੇਡ ਐਸੋਸੀਏਸ਼ਨਾਂ, ਖੇਡ ਕਲੱਬਾਂ ਰਾਹੀਂ ਆਪਣੀਆਂ ਮੰਗਾਂ ਸਰਕਾਰ ਨੂੰ ਭੇਜਣ ਤੇ ਹੱਲ ਲਈ ਦਬਾਅ ਬਣਾਉਣ। ਕਾਂਸ਼! ਪੰਜਾਬ ਦੇ ਖੇਡਾਂ ਦੇ ਰਖਵਾਲੇ ਛੇਤੀ ਜਾਗ ਜਾਣ ਤੇ ਪੰਜਾਬ ਦੇ ਖਿਡਾਰੀਆਂ ਦੇ ਹਿੱਤਾਂ ਲਈ ਜਾਗੂਰਕ ਹੋ ਕੇ ਕੰਮ ਕਰਨ, ਇਸ ਵਿਚ ਪੰਜਾਬ ਦੇ ਖਿਡਾਰੀਆਂ, ਖੇਡਾਂ ਅਤੇ ਸਭ ਦੀ ਭਲਾਈ ਹੈ।


-ਮੋਬਾ: 98729-78781

ਵਧੀਆ ਖਿਡਾਰੀ ਕਿਵੇਂ ਪੈਦਾ ਕੀਤੇ ਜਾਣ?

ਖੇਡਾਂ ਸਾਡੇ ਜੀਵਨ ਦਾ ਇਕ ਜ਼ਰੂਰੀ ਅੰਗ ਹਨ। ਇਨ੍ਹਾਂ ਨਾਲ ਜਿਥੇ ਸਾਡਾ ਮਾਨਸਿਕ, ਸਰੀਰਕ ਅਤੇ ਬੌਧਿਕ ਵਿਕਾਸ ਹੁੰਦਾ ਹੈ, ਉਥੇ ਸਮਾਜ ਵਿਚ ਵੀ ਸਾਡੀ ਵਿਸ਼ੇਸ਼ ਪਛਾਣ ਬਣਦੀ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਭਾਈਚਾਰਕ ਸਾਂਝ ਵਿਚ ਵਾਧਾ ਹੁੰਦਾ ਹੈ। ਉਲੰਪਿਕ ਖੇਡਾਂ ਵਿਚ ਭਾਵੇਂ ਭਾਰਤ ਦੀ ਪਕੜ ਜ਼ਿਆਦਾ ਮਜ਼ਬੂਤ ਨਹੀਂ ਪਰ ਪਿਛਲੇ ਸਾਲ ਹੋਈਆਂ ਰਾਸ਼ਟਰ ਮੰਡਲ ਦੀਆਂ ਖੇਡਾਂ ਵਿਚ ਭਾਰਤ ਨੇ ਕਾਫੀ ਮੱਲਾਂ ਮਾਰੀਆਂ ਹਨ। ਇਸ ਗੱਲ ਦੀ ਆਸ ਬੱਝਦੀ ਹੈ ਕਿ ਭਵਿੱਖ ਵਿਚ ਵੀ ਭਾਰਤ ਇਹ ਸਿਲਸਿਲਾ ਜਾਰੀ ਰੱਖੇਗਾ। ਖਿਡਾਰੀਆਂ ਦੀ ਚੰਗੀ ਕਾਰਗੁਜ਼ਾਰੀ ਅਤੇ ਯੋਗਤਾ ਵਧਾਉਣ ਲਈ ਚੰਗੀਆਂ ਗਰਾਊਂਡਾਂ ਅਤੇ ਜਿੰਮਾਂ ਦੀ ਬਹੁਤ ਲੋੜ ਹੈ, ਜਿਸ ਦੀ ਖਾਸ ਕਰਕੇ ਪੇਂਡੂ ਇਲਾਕਿਆਂ ਵਿਚ ਕਾਫੀ ਘਾਟ ਹੈ। ਪਿੰਡਾਂ ਦੇ ਬਹੁਤ ਸਾਰੇ ਪ੍ਰਾਇਮਰੀ ਸਕੂਲਾਂ ਵਿਚ ਤਾਂ ਗਰਾਊਂਡਾਂ ਉਪਲਬਧ ਹੀ ਨਹੀਂ ਹਨ। ਪ੍ਰਾਇਮਰੀ ਸਕੂਲਾਂ 'ਚ ਖੇਡਾਂ ਲਈ ਕੋਈ ਪੀਰੀਅਡ ਹੀ ਨਹੀਂ ਹੁੰਦਾ ਤੇ ਨਾ ਹੀ ਖੇਡ ਅਧਿਆਪਕਾਂ ਦੀ ਨਿਯੁਕਤੀ ਹੀ ਕੀਤੀ ਜਾਂਦੀ ਹੈ, ਸਿਰਫ ਸਾਲਾਨਾ ਟੂਰਨਾਮੈਂਟਾਂ ਦੌਰਾਨ ਹੀ ਬੱਚਿਆਂ ਨੂੰ ਕੁਝ ਦਿਨਾਂ ਲਈ ਹੀ ਖਿਡਾਇਆ ਜਾਂਦਾ ਹੈ। ਇਸ ਲਈ ਪ੍ਰਾਇਮਰੀ ਦੇ ਬੱਚੇ ਖੇਡਾਂ ਪ੍ਰਤੀ ਬਹੁਤੇ ਉਤਸ਼ਾਹਤ ਨਹੀਂ ਹੁੰਦੇ। ਜੇਕਰ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਰੁਚੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਬਹੁਤ ਵਧੀਆ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਬੱਚੇ ਪ੍ਰਾਇਮਰੀ ਪਾਸ ਕਰਨ ਉਪੰਰਤ ਸਕੂਲ ਛੱਡ ਜਾਂਦੇ ਹਨ, ਜਿਸ ਨਾਲ ਅਸੀਂ ਚੰਗੇ ਖਿਡਾਰੀ ਗੁਆ ਲੈਂਦੇ ਹਾਂ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਾਇਮਰੀ ਪੱਧਰ 'ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਧੇਰੇ ਸਾਧਨ ਜੁਟਾਵੇ।
ਅਕਸਰ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਬੱਚੇ ਸਕੂਲ ਟਾਈਮ ਤੋਂ ਬਾਅਦ ਖੇਡ ਦੇ ਮੈਦਾਨ ਵਿਚ ਨਹੀਂ ਜਾਂਦੇ, ਸਗੋਂ ਟੀ. ਵੀ. ਗੇਮਾਂ, ਲੈਪਟਾਪ, ਕੰਪਿਊਟਰ ਖੇਡਾਂ ਅਤੇ ਵੱਖ-ਵੱਖ ਚੈਨਲਾਂ ਦੇ ਪ੍ਰੋਗਰਾਮ ਘੰਟਿਆਂਬੱਧੀ ਦੇਖਦੇ ਰਹਿੰਦੇ ਹਨ, ਜਿਸ ਨਾਲ ਬੱਚਿਆਂ ਦੀਆਂ ਅੱਖਾਂ 'ਤੇ ਤਾਂ ਮਾੜਾ ਅਸਰ ਪੈਂਦਾ ਹੀ ਹੈ, ਸਗੋਂ ਪੜ੍ਹਾਈ ਦਾ ਕੀਮਤੀ ਸਮਾਂ ਵੀ ਬਰਬਾਦ ਹੁੰਦਾ ਹੈ। ਇਨ੍ਹਾਂ ਭੂਤ-ਪ੍ਰੇਤਾਂ ਦੀਆਂ ਫ਼ਿਲਮਾਂ ਅਤੇ ਫ਼ਰਜ਼ੀ ਝੂਠੀਆਂ ਮਨਘੜਤ ਕਹਾਣੀਆਂ ਦਾ ਬੱਚਿਆਂ ਦੇ ਕੋਮਲ ਮਨਾਂ 'ਤੇ ਮਾੜਾ ਪ੍ਰਭਾਵ ਤਾਂ ਪੈਂਦਾ ਹੀ ਹੈ, ਨਾਲ ਹੀ ਪੜ੍ਹਾਈ ਅਤੇ ਖੇਡਾਂ ਵੱਲ ਲਗਾਇਆ ਜਾਣ ਵਾਲਾ ਸਮਾਂ ਵੀ ਬਰਬਾਦ ਹੁੰਦਾ ਹੈ। ਫ਼ਿਲਮਾਂ ਅਤੇ ਟੀ. ਵੀ. ਦੇ ਸ਼ੌਕੀਨ ਬੱਚੇ ਨਾ ਤਾਂ ਅਧਿਆਪਕਾਂ ਦੀ ਨਸੀਹਤ 'ਤੇ ਅਸਰ ਕਰਦੇ ਹਨ ਅਤੇ ਨਾ ਹੀ ਮਾਪਿਆਂ ਦੇ ਕਹਿਣ ਦਾ ਕੋਈ ਅਸਰ ਕਰਦੇ ਹਨ, ਜਿਸ ਨਾਲ ਉਨ੍ਹਾਂ ਦਾ ਜੀਵਨ ਟੀ. ਵੀ. 'ਤੇ ਕੇਂਦ੍ਰਿਤ ਹੋ ਕੇ ਰਹਿ ਜਾਂਦਾ ਹੈ।
ਨਸ਼ੇ ਵੀ ਖੇਡਾਂ ਨੂੰ ਉੱਚਾ ਚੁੱਕਣ ਦੀ ਰਾਹ ਵਿਚ ਵੱਡੀ ਰੁਕਾਵਟ ਹਨ। ਨਸ਼ੇ ਭਾਵੇਂ ਬਹੁਤ ਮਹਿੰਗੇ ਹਨ ਪਰ ਫਿਰ ਵੀ ਸਾਡੇ ਨੌਜਵਾਨਾਂ ਵਿਚ ਨਸ਼ਿਆਂ ਪ੍ਰਤੀ ਰੁਝਾਨ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਸਰਕਾਰ ਅਤੇ ਬਹੁਤ ਸਾਰੀਆਂ ਸਮਾਜਿਕ ਜਾਂ ਧਾਰਮਿਕ ਸੰਸਥਾਵਾਂ ਨਸ਼ਿਆਂ ਵਿਰੁੱਧ ਬਹੁਤ ਗੰਭੀਰਤਾ ਨਾਲ ਪ੍ਰਚਾਰ ਕਰ ਰਹੀਆਂ ਹਨ। ਫਿਰ ਵੀ ਨਸ਼ੇ ਪਿੰਡਾਂ ਅਤੇ ਸ਼ਹਿਰਾਂ ਵਿਚ ਬਿਨਾਂ ਕਿਸੇ ਡਰ ਤੋਂ ਥਾਂ-ਥਾਂ ਵਿਕ ਰਹੇ ਹਨ। ਨਸ਼ੇ ਕਿਥੋਂ ਆਉਂਦੇ ਹਨ ਤੇ ਕਿਸ ਤਰ੍ਹਾਂ ਘਰ-ਘਰ ਤੱਕ ਪਹੁੰਚਾਏ ਜਾ ਰਹੇ ਹਨ, ਇਸ ਸਾਰੇ ਨੈਟਵਰਕ ਤੋਂ ਸਭ ਲੋਕ ਜਾਣੂ ਹਨ। ਭਾਵੇਂ ਕੁਝ ਲੋਕ ਫੜੇ ਵੀ ਜਾਂਦੇ ਹਨ ਪਰ ਫਿਰ ਵੀ ਇਹ ਲਾਹੇਵੰਦ ਧੰਦਾ ਲਗਾਤਾਰ ਚੱਲ ਰਿਹਾ ਹੈ ਅਤੇ ਸਾਡੇ ਨੌਜਵਾਨ ਦਿਨੋ-ਦਿਨ ਇਸ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਪਿੰਡਾਂ ਦੀਆਂ ਪੰਚਾਇਤਾਂ ਨਸ਼ੇ ਰੋਕਣ ਵਿਚ ਖਾਸ ਭੂਮਿਕਾ ਅਦਾ ਕਰ ਸਕਦੀਆਂ ਹਨ। ਨਸ਼ਾ ਵੇਚੂ ਅੱਡੇ ਬੰਦ ਕਰਵਾਏ ਜਾਣ, ਭਾਵੇਂ ਪੁਲਿਸ ਤੋਂ ਇਸ ਦੀ ਸਹਾਇਤਾ ਲੈਣੀ ਪਵੇ। ਪਰ ਦੇਖਣ ਵਿਚ ਆਇਆ ਹੈ ਕਿ ਕੋਈ ਵੀ ਪੰਚ-ਸਰਪੰਚ ਆਪਣੀ ਵੋਟ ਬੈਂਕ ਨੂੰ ਖ਼ਤਰੇ ਵਿਚ ਨਹੀਂ ਪਾਉਣਾ ਚਾਹੁੰਦਾ। ਇਹੀ ਸਥਿਤੀ ਸ਼ਹਿਰਾਂ ਦੀ ਹੈ। ਇਹੀ ਕਾਰਨ ਹੈ ਕਿ ਨਸ਼ਿਆਂ ਦੀ ਵਿਕਰੀ ਲਗਾਤਾਰ ਜਾਰੀ ਹੈ।
ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਸਾਰੀਆਂ ਪੰਚਾਇਤਾਂ, ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਭਰਵੇਂ ਯਤਨ ਕਰ ਰਹੀਆਂ ਹਨ। ਫਿਰ ਵੀ ਖੇਡਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਵਧੇਰੇ ਯਤਨਾਂ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਖਿਡਾਰੀਆਂ ਨੂੰ ਦਲੇਰੀ ਅਤੇ ਖੁੱਲ੍ਹਦਿਲੀ ਨਾਲ ਉਤਸ਼ਾਹਿਤ ਕਰੇ। ਉਨ੍ਹਾਂ ਦੀ ਖਾਧ ਖੁਰਾਕ ਅਤੇ ਹੋਰ ਸਹੂਲਤਾਂ ਦਾ ਧਿਆਨ ਰੱਖੇ। ਉਨ੍ਹਾਂ ਨੂੰ ਖੇਡ ਕਿੱਟਾਂ, ਲੋੜੀਂਦਾ ਸਾਮਾਨ ਅਤੇ ਕੋਚ ਮੁਹੱਈਆ ਕਰਵਾਏ ਤਾਂ ਜੋ ਸਾਡਾ ਦੇਸ਼ ਵੀ ਖੇਡਾਂ ਵਿਚ ਉੱਚੀਆਂ ਮੱਲਾਂ ਮਾਰਨ ਵਾਲੇ ਦੇਸ਼ਾਂ ਦੀ ਕਤਾਰ ਵਿਚ ਖੜ੍ਹਾ ਹੋ ਸਕੇ।


-ਲਾਅ ਸਟੂਡੈਂਟ, ਜੀ. ਐਨ. ਡੀ. ਯੂ., ਅੰਮ੍ਰਿਤਸਰ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX