ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਸਰਕਾਰ ਬੱਸਾਂ ਦੇ ਕਿਰਾਏ 'ਚ ਕਰੇਗੀ 24 % ਦਾ ਵਾਧਾ
. . .  1 day ago
ਸ਼ਿਮਲਾ ,24 ਸਤੰਬਰ -ਹਿਮਾਚਲ ਸਰਕਾਰ ਹਿਮਾਚਲ ਰੋਡ ਟਰਾਂਸਪੋਰਟ ਅਤੇ ਨਿੱਜੀ ਬੱਸਾਂ ਦੇ ਕਿਰਾਏ 'ਚ 24% ਦਾ ਵਾਧਾ ਕਰੇਗੀ।
ਮਾਧੋਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ ਛਡਿਆ 25650 ਹਜ਼ਾਰ ਕਿਉਸਕ ਪਾਣੀ
. . .  1 day ago
ਮਾਧੋਪੁਰ ,24 ਸਤੰਬਰ (ਨਰੇਸ਼ ਮਹਿਰਾ) - ਮਾਧੋਪੁਰ ਖੇਤਰ ਵਿਚ ਹੋਈ ਭਾਰੀ ਬਾਰਸ਼ ਦੇ ਚਲਦੇ ਮਾਧੋਪੁਰ ਹੈੱਡ ਵਰਕਸ ਤੋਂ ਅੱਜ 25650 ਹਜ਼ਾਰ ਕਿਉਸਕ ਪਾਣੀ ਡਾਊਨ ਸਟ੍ਰੀਮ ਮਤਲਬ ਪਾਕਿਸਤਾਨ ਨੂੰ ਪਾਣੀ ਛਡਿਆ ਜਾ ਰਿਹਾ ਹੈ ...
ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ 525.65 ਮੀਟਰ ਪਹੁੰਚਿਆ
. . .  1 day ago
ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 525.65 ਮੀਟਰ ਤੱਕ ਪਹੁੰਚ ਗਿਆ ਜੋ ਕਿ ਅੱਜ ਤੱਕ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ 525.25 ਰਿਕਾਰਡ ਕੀਤਾ...
ਤਪਾ ਮੰਡੀ ਤੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਤਪਾ ਮੰਡੀ,24 ਸਤੰਬਰ (ਪ੍ਰਵੀਨ ਗਰਗ)- ਬੀਤੇ ਦਿਨਾਂ ਤੋਂ ਹੋਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਤਪਾ ਮੰਡੀ ਅਤੇ ਨਾਲ ਲੱਗਦੇ ਆਸ ਪਾਸ ਦੇ ਇਲਾਕਿਆਂ ਵਿਚ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...
ਪਟਿਆਲਾ ਰੈਲੀ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਮੀਟਿੰਗ
. . .  1 day ago
ਪਟਿਆਲਾ, 24 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਟਿਆਲਾ ਵਿਖੇ 7 ਅਕਤੂਬਰ ਦਿਨ ਐਤਵਾਰ ਨੂੰ ਕੀਤੀ ਜਾਣ ਵਾਲੀ ਰੈਲੀ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ...
ਗੰਗਕਨਾਲ ਨਹਿਰ 'ਚ ਪਿਆ ਪਾੜ, ਫ਼ਸਲਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ
. . .  1 day ago
ਫ਼ਾਜ਼ਿਲਕਾ, 24 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਅਰਨੀਵਾਲਾ ਦੇ ਪਿੰਡ ਘਟਿਆਵਾਲੀ ਬੋਦਲਾ ਅਤੇ ਪਿੰਡ ਅਲਿਆਣਾ ਦੇ ਵਿਚਕਾਰੋਂ ਅਚਾਨਕ ਗੰਗਕਨਾਲ ਨਹਿਰ 'ਚ ਕਰੀਬ 30-40 ਫੁੱਟ ਦਾ ਪਾੜ ਪੈ ਗਿਆ ਹੈ ਅਤੇ ਬੜੀ ਤੇਜ਼ੀ ਨਾਲ ਨਹਿਰ ਦਾ....
ਸੂਬੇ 'ਚ ਮੀਂਹ ਕਾਰਨ ਪੈਦਾ ਹੋਏ ਹਾਲਤਾਂ ਨੂੰ ਦੇਖਦਿਆਂ ਕੈਪਟਨ ਨੇ ਬੁਲਾਈ ਐਮਰਜੈਂਸੀ ਬੈਠਕ
. . .  1 day ago
ਚੰਡੀਗੜ੍ਹ, 24 ਸਤੰਬਰ- ਸੂਬੇ 'ਚ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਪੈਦਾ ਹੋਏ ਸੰਕਟਕਾਲੀਨ ਹਾਲਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਮਰਜੈਂਸੀ ਬੈਠਕ ਬੁਲਾਈ ਗਈ ਹੈ। ਇਸ ਬੈਠਕ 'ਚ ਮੁੱਖ ਮੰਤਰੀ ਨੇ ਸੂਬੇ 'ਚ ....
ਪ੍ਰਧਾਨ ਮੰਤਰੀ ਮੋਦੀ ਨੇ ਸਿੱਕਮ ਨੂੰ ਦਿੱਤਾ ਪਹਿਲੇ ਹਵਾਈ ਅੱਡੇ ਦਾ ਤੋਹਫ਼ਾ
. . .  1 day ago
ਗੰਗਟੋਕ, 24 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਕਮ ਦੇ ਪਾਕਯੋਂਗ 'ਚ ਬਣੇ ਸੂਬੇ ਦੇ ਪਹਿਲੇ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਪਵਨ ਚਾਮਲਿੰਗ ਅਤੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵੀ ਮੌਜੂਦ ਸਨ। ਸਾਲ 2009...
ਚੰਡੀਗੜ੍ਹ : ਪੁਲ 'ਤੇ ਪਾਣੀ ਆਉਣ ਕਾਰਨ ਫਸੀ ਕਾਰ, ਟਲਿਆ ਵੱਡਾ ਹਾਦਸਾ
. . .  1 day ago
ਚੰਡੀਗੜ੍ਹ, 24 ਸਤੰਬਰ- ਚੰਡੀਗੜ੍ਹ ਦੇ ਦਾਦੂਮਾਜਰਾ ਅਤੇ ਟੋਂਗਾ ਪਿੰਡ ਨੂੰ ਜੋੜਦੇ ਪੁਲ 'ਤੇ ਅੱਜ ਇੱਕ ਵੱਡਾ ਹਾਦਸਾ ਵਾਪਰਨੋਂ ਟਲ ਗਿਆ। ਇਸ ਪੁਲ 'ਤੇ ਪਾਣੀ ਆਉਣ ਕਾਰਨ ਇੱਕ ਫਸ ਗਈ। ਹਾਲਾਂਕਿ ਇਸ ਦੌਰਾਨ ਕਾਰ ਸਵਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ...
ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਨਾਭਾ, 24 ਸਤੰਬਰ (ਕਰਮਜੀਤ ਸਿੰਘ)- ਨਾਭਾ ਦੇ ਸਰਕੂਲਰ ਰੋਡ 'ਤੇ ਅੱਜ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਚਾਲਕ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਭਰਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਮ੍ਰਿਤਕ ਔਰਤ ਦੀ ਪਹਿਚਾਣ ਕਿਰਨਪ੍ਰੀਤ...
ਹੋਰ ਖ਼ਬਰਾਂ..

ਨਾਰੀ ਸੰਸਾਰ

ਜੜ੍ਹੋਂ ਖੋਖਲੇ ਹੁੰਦੇ ਰਿਸ਼ਤੇ

ਨਿੱਤ ਦੀਆਂ ਸੁਰਖੀਆਂ 'ਚ ਰਹਿ ਰਹੀਆਂ ਖ਼ਬਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਅਜੋਕੇ ਸਮੇਂ ਵਿਚ ਰਿਸ਼ਤਿਆਂ ਦੀ ਮਰਿਆਦਾ ਤਾਰ-ਤਾਰ ਹੋ ਰਹੀ ਹੈ। ਕਿਤੇ ਜ਼ਮੀਨ-ਜਾਇਦਾਦਾਂ ਖਾਤਰ, ਕਿਤੇ ਧੋਖੇ ਕਾਰਨ ਤੇ ਕਿਤੇ ਹਵਸ ਕਾਰਨ ਰਿਸ਼ਤੇ ਨਿੱਤ ਸ਼ਰਮਸਾਰ ਹੋ ਰਹੇ ਹਨ। ਕਤਲ, ਜਬਰ-ਜਨਾਹ, ਧੋਖਾਧੜੀ ਦੀਆਂ ਜ਼ਿਆਦਾਤਰ ਘਟਨਾਵਾਂ ਦੀ ਸਾਜਿਸ਼ ਰਚਣ ਵਾਲੇ ਆਪਣੇ ਹੀ ਹੁੰਦੇ ਹਨ। ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਜ਼ਰ, ਜ਼ੋਰੂ ਤੇ ਜ਼ਮੀਨ ਨੇ ਲੋਕਾਂ ਦੇ ਦਿਲੋ-ਦਿਮਾਗ 'ਤੇ ਇਸ ਕਦਰ ਕਬਜ਼ਾ ਕਰ ਲਿਆ ਹੈ ਕਿ ਮਾਂ-ਪਿਓ, ਭੈਣ-ਭਰਾ, ਪਤੀ-ਪਤਨੀ ਆਦਿ ਸਾਰੇ ਰਿਸ਼ਤੇ ਇਸ ਅੱਗੇ ਦਮ ਤੋੜਦੇ ਨਜ਼ਰ ਆ ਰਹੇ ਹਨ। ਰਿਸ਼ਤੇ ਟੁੱਟਣ ਦੀ ਪਰੰਪਰਾ ਵੀ ਬੜੀ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਕੋਈ ਸਮਾਂ ਸੀ ਜਦ ਪਤੀ-ਪਤਨੀ ਰਿਸ਼ਤੇ ਨੂੰ ਤਨੋਂ-ਮਨੋਂ ਨਿਭਾਉਂਦੇ ਸੀ ਪਰ ਅੱਜ ਦੇ ਸਮੇਂ ਵਿਚ ਇਸ ਰਿਸ਼ਤੇ ਵਿਚ ਹਿੰਸਾ, ਤਲਾਕ ਦੀਆਂ ਗੱਲਾਂ ਆਮ ਹੋ ਗਈਆਂ ਹਨ। ਰਿਸ਼ਤਿਆਂ ਵਿਚ ਆਪਸੀ ਵਿਸ਼ਵਾਸ ਤੇ ਸਮਝ ਦੀਆਂ ਤੰਦਾਂ ਕਮਜ਼ੋਰ ਪੈ ਰਹੀਆਂ ਹਨ ਤੇ ਸ਼ੱਕ ਅਤੇ ਲੋੜ ਤੋਂ ਵੱਧ ਉਮੀਦਾਂ ਦਾ ਜਾਲ ਫੈਲਦਾ ਜਾ ਰਿਹਾ ਹੈ, ਜਿਸ ਦਾ ਸਭ ਤੋਂ ਵੱਡਾ ਨੁਕਸਾਨ ਸਾਡੀ ਪਰਿਵਾਰਕ ਪ੍ਰਣਾਲੀ 'ਤੇ ਪੈ ਰਿਹਾ ਹੈ। ਕੋਈ ਸਮਾਂ ਸੀ, ਜਦ ਸੰਯੁਕਤ ਪਰਿਵਾਰਾਂ ਦੀ ਤਾਦਾਦ ਜ਼ਿਆਦਾ ਹੁੰਦੀ ਸੀ। ਹੌਲੀ-ਹੌਲੀ ਸੰਯੁਕਤ ਪਰਿਵਾਰ ਟੁੱਟੇ ਤੇ ਪਤੀ-ਪਤਨੀ ਨੇ ਇਕੱਲੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਹੁਣ ਦੀ ਤ੍ਰਾਸਦੀ ਇਹ ਹੈ ਕਿ ਘਰ ਵਿਚ ਦੋ ਜੀਆਂ ਲਈ ਵੀ ਪਿਆਰ ਨਾਲ ਰਹਿਣਾ ਔਖਾ ਹੋ ਰਿਹਾ ਹੈ ਤੇ ਲੋਕ ਇਕੱਲੇ ਰਹਿਣ ਨੂੰ ਤਰਜੀਹ ਦੇ ਰਹੇ ਹਨ।
ਪਰਿਵਾਰ ਜੋ ਸਾਡੇ ਸਮਾਜ ਦਾ ਬੁਨਿਆਦੀ ਢਾਂਚਾ ਹੈ, ਅੱਜ ਟੁੱਟਦੇ ਰਿਸ਼ਤਿਆਂ ਦੀ ਭੇਟ ਚੜ੍ਹ ਖੋਖਲਾ ਹੋ ਰਿਹਾ ਹੈ। ਇਨ੍ਹਾਂ ਹਾਲਾਤਾਂ ਦੇ ਪਿੱਛੇ ਕੋਈ ਇਕ ਕਾਰਨ ਨਹੀਂ, ਬਲਕਿ ਅਨੇਕਾਂ ਕਾਰਨ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਜੋਕੇ ਸੰਚਾਰ ਦੇ ਸਾਧਨਾਂ ਅਤੇ ਮੀਡੀਆ ਦੀ। ਇਨ੍ਹਾਂ ਸਾਧਨਾਂ ਨੇ ਸਾਨੂੰ ਬਾਹਰੀ ਦੁਨੀਆ ਨਾਲ ਤਾਂ ਬਾਖੂਬੀ ਜੋੜ ਦਿੱਤਾ ਹੈ ਪਰ ਆਪਣਿਆਂ ਤੋਂ ਦੂਰ ਕਰ ਦਿੱਤਾ ਹੈ। ਇਕ ਹੀ ਘਰ ਵਿਚ ਰਹਿ ਰਹੇ ਜੀਆਂ ਦੇ ਵੱਖੋ-ਵੱਖਰੇ ਕਮਰੇ ਹਨ ਤੇ ਸਾਰਾ ਦਿਨ ਉਹ ਇਕ-ਦੂਜੇ ਨਾਲ ਬੈਠ ਕੇ ਗੱਲ ਕਰਨ ਦੀ ਬਜਾਏ ਸੋਸ਼ਲ ਸਾਈਟਸ 'ਤੇ ਸਮਾਂ ਬਿਤਾਉਣਾ ਜ਼ਿਆਦਾ ਪਸੰਦ ਕਰਦੇ ਹਨ। ਪੁਰਾਣੇ ਸਮੇਂ ਵਿਚ ਸਿਆਣੇ ਛੋਟੇ ਬੱਚਿਆਂ ਨੂੰ ਮੱਤ ਦਿੰਦੇ ਹੁੰਦੇ ਸੀ, ਜਿਸ ਦਾ ਪ੍ਰਭਾਵ ਬੱਚੇ ਦੇ ਚੇਤਨ ਜਾਂ ਅਵਚੇਤਨ ਮਨ 'ਤੇ ਜ਼ਰੂਰ ਪੈਂਦਾ ਸੀ ਪਰ ਹੁਣ ਇਹ ਸਿਰਫ ਕਿੱਸੇ-ਕਹਾਣੀ ਦੀਆਂ ਗੱਲਾਂ ਤੱਕ ਹੀ ਸੀਮਤ ਰਹਿ ਗਈਆਂ ਹਨ। ਰਹਿੰਦੀ-ਖੂੰਹਦੀ ਕਸਰ ਮੀਡੀਆ ਨੇ ਪੂਰੀ ਕਰ ਦਿੱਤੀ। ਫਿਲਮਾਂ, ਗਾਣਿਆਂ ਦੀਆਂ ਗੱਲਾਂ ਤਾਂ ਦੂਰ ਦੀ ਗੱਲ ਹੈ, ਅਜੋਕੇ ਕਾਰਟੂਨ ਵੀ ਬੱਚਿਆਂ ਨੂੰ ਕੁਰਾਹੇ ਪਾਉਣ 'ਚ ਕੋਈ ਕਸਰ ਨਹੀਂ ਛੱਡਦੇ। ਲੋੜ ਹੈ ਸਮੇਂ ਦੀ ਨਜ਼ਾਕਤ ਨੂੰ ਸਮਝਣ ਦੀ ਅਤੇ ਪਰਿਵਾਰਕ ਪ੍ਰਣਾਲੀ ਨੂੰ ਸਾਂਭਣ ਦੀ ਤੇ ਪਰਿਵਾਰ ਤਾਂ ਹੀ ਜਿਉਂਦੇ ਰਹਿਣਗੇ ਜਦ ਪਰਿਵਾਰ ਦੇ ਜੀਆਂ ਦੇ ਆਪਸੀ ਰਿਸ਼ਤਿਆਂ ਦੀ ਜੜ੍ਹ ਮਜ਼ਬੂਤ ਹੋਵੇਗੀ ਤੇ ਇਸ ਜੜ੍ਹ ਨੂੰ ਮਜ਼ਬੂਤ ਕਰਨ ਲਈ ਲੋੜ ਹੈ ਇਸ ਨੂੰ ਵਿਸ਼ਵਾਸ, ਪਿਆਰ, ਆਪਸੀ ਸਾਂਝ ਨਾਲ ਸਿੰਜਣ ਦੀ।


-ਪੱਤਰਕਾਰੀ ਤੇ ਜਨਸੰਚਾਰ ਵਿਭਾਗ, ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ।
gulati.rei@ gmail.com


ਖ਼ਬਰ ਸ਼ੇਅਰ ਕਰੋ

ਮੌਸਮ ਬਦਲਾਅ ਵਿਚ ਲਿਆਓ ਚਿਹਰੇ 'ਤੇ ਸੋਨੇ ਵਰਗਾ ਨਿਖਾਰ

ਮੌਸਮ ਵਿਚ ਠੰਡਕ ਵਧ ਜਾਣ ਨਾਲ ਦਿਨੋ-ਦਿਨ ਵਾਤਾਵਰਨ ਵਿਚ ਨਮੀ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਤੁਹਾਡੇ ਬੁੱਲ੍ਹ, ਚਿਹਰੇ, ਚਮੜੀ ਅਤੇ ਵਾਲਾਂ 'ਤੇ ਠੰਢ ਦੀ ਮਾਰ ਸਾਫ਼ ਦਿਸਣ ਲਗਦੀ ਹੈ। ਪਹਾੜੀ ਇਲਾਕਿਆਂ ਵਿਚ ਮੌਸਮ ਦੀ ਪਹਿਲੀ ਬਰਫ਼ਬਾਰੀ ਦੇ ਨਾਲ ਹੀ ਚਮੜੀ ਦਾ ਕੁਦਰਤੀ ਸੰਤੁਲਨ ਵਿਗੜ ਜਾਂਦਾ ਹੈ ਅਤੇ ਚਮੜੀ ਵਿਚ ਰੁੱਖਾਪਨ ਆਉਣ ਦੇ ਨਾਲ ਹੀ ਚਮੜੀ ਵਿਚ ਚਕੱਤੇ, ਫੋੜੇ, ਫਿੰਨਸੀਆਂ, ਮੁਹਾਸੇ ਪੈਦਾ ਹੋ ਜਾਂਦੇ ਹਨ ਅਤੇ ਵਾਲ ਰੁੱਖੇ-ਸੁੱਕੇ ਹੋ ਕੇ ਬੇਜਾਨ ਅਤੇ ਨਿਰਜੀਵ ਲੱਗਣ ਲਗਦੇ ਹਨ। ਇਸ ਮੌਸਮ ਵਿਚ ਆਮ ਅਤੇ ਸੁੱਕੀ ਚਮੜੀ ਨੂੰ ਜੈੱਲ ਦੇ ਨਾਲ ਦਿਨ ਵਿਚ ਦੋ ਵਾਰ ਸਾਫ ਕਰਨਾ ਚਾਹੀਦਾ ਹੈ। ਕਲੀਂਜ਼ਰ ਨਾਲ ਚਮੜੀ ਦੀ ਹਲਕੇ ਤਰੀਕੇ ਨਾਲ ਮਾਲਿਸ਼ ਕਰੋ ਅਤੇ ਜ਼ਹਿਰੀਲੇ ਅਤੇ ਗੰਦੇ ਪਦਾਰਥਾਂ ਨੂੰ ਗਿੱਲੇ ਰੂੰ ਦੇ ਫਹੇ ਨਾਲ ਹਟਾ ਦਿਓ। ਇਸ ਤੋਂ ਬਾਅਦ ਚਮੜੀ 'ਤੇ ਰੂੰ ਦੇ ਫਹੇ ਦੀ ਮਦਦ ਨਾਲ ਗੁਲਾਬ ਜਲ ਅਤੇ ਚਮੜੀ ਟਾਨਿਕ ਦੀ ਵਰਤੋਂ ਕਰੋ। ਰਾਤ ਨੂੰ ਹਰ ਤਰ੍ਹਾਂ ਦੇ ਸੁੰਦਰਤਾ ਪ੍ਰਸਾਧਨ ਸਰੀਰ ਤੋਂ ਉਤਾਰ ਦੇਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਨਾਲ ਚਮੜੀ ਵਿਚ ਰੁੱਖਾਪਨ ਆ ਜਾਂਦਾ ਹੈ ਅਤੇ ਚਮੜੀ ਦਾ ਕੁਦਰਤੀ ਅਮਲੀਯ-ਖਾਰੀ ਸੰਤੁਲਨ ਵੀ ਵਿਗੜ ਜਾਂਦਾ ਹੈ, ਜਿਸ ਨਾਲ ਚਮੜੀ ਵਿਚ ਕਿੱਲ-ਮੁਹਾਸੇ, ਫੋੜੇ, ਫਿੰਨਸੀਆਂ ਆਦਿ ਪੈਦਾ ਹੋ ਜਾਂਦੇ ਹਨ।
ਦਿਨ ਵੇਲੇ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਚਮੜੀ 'ਤੇ ਸਨਸਕਰੀਨ ਦੀ ਵਰਤੋਂ ਕਰੋ ਅਤੇ ਜੇ ਤੁਸੀਂ ਘਰ ਦੇ ਅੰਦਰ ਰਹਿ ਰਹੇ ਹੋ ਤਾਂ ਚਮੜੀ 'ਤੇ ਮਾਇਸਚਰਾਈਜ਼ਰ ਦੀ ਵਰਤੋਂ ਕਰੋ। ਰੁੱਖੀ ਚਮੜੀ ਲਈ ਰਾਤ ਨੂੰ ਕਲੀਜ਼ਿੰਗ ਤੋਂ ਬਾਅਦ ਨਰੀਸ਼ਿੰਗ/ਪੌਸ਼ਕ ਲਗਾ ਕੇ ਇਸ ਨੂੰ ਪੂਰੇ ਚਿਹਰੇ 'ਤੇ ਮਲ ਲਓ ਅਤੇ ਬਾਅਦ ਵਿਚ ਰੂੰ ਦੇ ਫਹੇ ਦੀ ਮਦਦ ਨਾਲ ਇਸ ਨੂੰ ਸਾਫ ਕਰ ਲਓ। ਇਸ ਤੋਂ ਬਾਅਦ ਤੁਸੀਂ ਚਮੜੀ 'ਤੇ ਸੀਰਮ ਲਗਾ ਲਓ। ਤੇਲੀ ਚਮੜੀ ਨੂੰ ਵੀ ਮਾਇਸਚਰਾਈਜ਼ਰ ਦੀ ਲੋੜ ਹੁੰਦੀ ਹੈ। ਜੇਕਰ ਤੇਲੀ ਚਮੜੀ 'ਤੇ ਕ੍ਰੀਮ ਲਗਾਈ ਜਾਵੇ ਤਾਂ ਕਿੱਲ-ਮੁਹਾਸੇ ਉੱਭਰ ਆਉਂਦੇ ਹਨ। ਤੇਲੀ ਚਮੜੀ ਨੂੰ ਨਮੀ ਪ੍ਰਦਾਨ ਕਰਨ ਲਈ ਇਕ ਚਮਚ ਸ਼ੁੱਧ ਗਲਿਸਰੀਨ ਵਿਚ 100 ਮਿਲੀਲਿਟਰ ਗੁਲਾਬ ਜਲ ਮਿਲਾਓ। ਇਸ ਮਿਸ਼ਰਣ ਨੂੰ ਫਰਿੱਜ ਵਿਚ ਹਵਾਬੰਦ ਜਾਰ ਵਿਚ ਰੱਖੋ। ਇਸ ਮਿਸ਼ਰਣ ਦੀ ਕਲੀਂਜਿੰਗ ਤੋਂ ਬਾਅਦ ਵਰਤੋਂ ਕਰੋ। ਇਸ ਨਾਲ ਚਮੜੀ ਵਿਚ ਤੇਲੀਪਨ ਦੀ ਬਜਾਏ ਨਮੀ ਦਾ ਪ੍ਰਭਾਵ ਆਉਂਦਾ ਹੈ। ਚਮੜੀ ਨੂੰ ਸਾਫ਼ ਕਰਨ ਲਈ ਦੁੱਧ ਜਾਂ ਫੇਸਵਾਸ਼ ਦੀ ਵਰਤੋਂ ਕਰੋ।
ਫੇਸ਼ੀਅਲ ਸਕਰੱਬ ਨਾਲ ਚਿਹਰੇ ਦੀ ਚਮੜੀ ਵਿਚ ਲਾਲੀ ਅਤੇ ਚਮਕ ਆਉਂਦੀ ਹੈ। ਹਫਤੇ ਵਿਚ ਦੋ ਵਾਰ ਫੇਸ਼ੀਅਲ ਸਕਰੱਬ ਦੀ ਵਰਤੋਂ ਕਰਨੀ ਚਾਹੀਦੀ ਹੈ। ਪੀਸੇ ਹੋਏ ਬਦਾਮ ਜਾਂ ਚੌਲਾਂ ਦੇ ਪਾਊਡਰ ਨੂੰ ਦਹੀਂ ਅਤੇ ਥੋੜ੍ਹੀ ਜਿਹੀ ਹਲਦੀ ਵਿਚ ਮਿਲਾਓ। ਤੁਸੀਂ ਇਸ ਵਿਚ ਸੁੱਕਾ ਪਾਊਡਰ ਸੰਗਤਰਾ ਅਤੇ ਨਿੰਬੂ ਦੇ ਛਿਲਕੇ ਮਿਲਾ ਲਓ। ਇਸ ਨੂੰ ਚਿਹਰੇ 'ਤੇ ਲਗਾ ਕੇ ਚਿਹਰੇ ਦੀ ਹਲਕੀ ਮਾਲਿਸ਼ ਕਰ ਲਓ ਅਤੇ ਬਾਅਦ ਵਿਚ ਕੁਝ ਸਮੇਂ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ।
ਹਰ ਰੋਜ਼ ਚਿਹਰੇ 'ਤੇ 10 ਮਿੰਟ ਤੱਕ ਸ਼ਹਿਦ ਲਗਾਓ ਅਤੇ ਬਾਅਦ ਵਿਚ ਇਸ ਨੂੰ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਦਿਓ। ਜੇ ਤੁਹਾਡੇ ਘਰ ਵਿਚ ਧ੍ਰਤਕੁਮਾਰੀ ਜਾਂ ਐਲੋਵੇਰਾ ਦਾ ਬੂਟਾ ਲੱਗਿਆ ਹੋਇਆ ਹੈ ਤਾਂ ਇਸ ਦੇ ਅੰਤ੍ਰਿਕ ਹਿੱਸੇ ਦੇ ਪੱਤਿਆਂ ਵਿਚ ਮੌਜੂਦ ਜੈਲ ਨੂੰ ਚਿਹਰੇ 'ਤੇ ਨਮੀ ਅਤੇ ਤਾਜ਼ਗੀ ਪ੍ਰਦਾਨ ਕਰਨ ਲਈ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਗਾਜਰ ਨੂੰ ਰਗੜ ਕੇ ਇਸ ਨੂੰ ਚਿਹਰੇ 'ਤੇ 15-20 ਮਿੰਟ ਤੱਕ ਲਗਾਓ। ਗਾਜਰ ਵਿਟਾਮਿਨ 'ਏ' ਨਾਲ ਭਰਪੂਰ ਮੰਨੀ ਜਾਂਦੀ ਹੈ ਅਤੇ ਸਰਦੀਆਂ ਵਿਚ ਚਮੜੀ ਨੂੰ ਪੌਸ਼ਾਹਾਰ ਪ੍ਰਦਾਨ ਕਰਨ ਵਿਚ ਕਾਫੀ ਸਹਾਇਕ ਹੁੰਦੀ ਹੈ। ਇਹ ਸਾਰੇ ਤਰ੍ਹਾਂ ਦੀ ਚਮੜੀ ਲਈ ਲਾਭਦਾਇਕ ਮੰਨੀ ਜਾਂਦੀ ਹੈ।
ਅੱਧਾ ਚਮਚ ਸ਼ਹਿਦ ਵਿਚ ਇਕ ਚਮਚ ਗੁਲਾਬ ਜਲ ਅਤੇ ਇਕ ਚਮਚ ਸੁੱਕੇ ਦੁੱਧ ਦਾ ਪਾਊਡਰ ਮਿਲਾਓ। ਇਨ੍ਹਾਂ ਸਭ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾ ਲਓ ਅਤੇ 20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਦਿਓ। ਇਹ ਮਿਸ਼ਰਣ ਸੁੱਕੀ ਅਤੇ ਆਮ ਦੋਵੇਂ ਤਰ੍ਹਾਂ ਦੀ ਚਮੜੀ ਲਈ ਲਾਭਦਾਇਕ ਸਾਬਤ ਹੁੰਦਾ ਹੈ। ਮੇਯੋਨੇਜ ਜਾਂ ਆਂਡੇ ਦਾ ਯੋਕ ਚਿਹਰੇ 'ਤੇ ਲਗਾਉਣ ਨਾਲ ਹਰ ਤਰ੍ਹਾਂ ਦੀ ਚਮੜੀ ਵਿਚ ਸੁੱਕੇਪਣ ਤੋਂ ਰਾਹਤ ਮਿਲਦੀ ਹੈ। ਹਫ਼ਤੇ ਵਿਚ ਦੋ ਵਾਰ ਵਾਲਾਂ ਨੂੰ ਤੇਲ ਨਾਲ ਪ੍ਰਸਾਰਧ/ਟ੍ਰੀਟਮੈਂਟ ਕਰੋ। ਜੈਤੂਨ ਦੇ ਤੇਲ ਨੂੰ ਗਰਮ ਕਰਕੇ ਇਸ ਨਾਲ ਵਾਲਾਂ ਅਤੇ ਖੋਪੜੀ 'ਤੇ ਮਾਲਿਸ਼ ਕਰੋ। ਇਸ ਤੋਂ ਬਾਅਦ ਤੌਲੀਏ ਨੂੰ ਗਰਮ ਪਾਣੀ ਵਿਚ ਡੁਬੋਵੋ ਅਤੇ ਪਾਣੀ ਨੂੰ ਨਿਚੋੜਨ ਤੋਂ ਬਾਅਦ ਤੌਲੀਏ ਨੂੰ ਸਿਰ 'ਤੇ ਪਗੜੀ ਵਾਂਗ 5 ਮਿੰਟ ਤੱਕ ਲਪੇਟ ਲਓ। ਇਸ ਪ੍ਰਕਿਰਿਆ ਨੂੰ 3-4 ਵਾਰ ਦੁਹਰਾਓ ਅਤੇ ਇਸ ਪ੍ਰਕਿਰਿਆ ਨਾਲ ਵਾਲਾਂ ਅਤੇ ਖੋਪੜੀ ਉੱਤੋਂ ਤੇਲ ਨੂੰ ਸੋਖਣ ਵਿਚ ਅਸਾਨੀ ਹੁੰਦੀ ਹੈ।
ਅਸਲ ਵਿਚ ਹੱਥਾਂ ਅਤੇ ਪੈਰਾਂ ਨੂੰ ਗਰਮ ਪਾਣੀ ਵਿਚ ਡੋਬਣ ਤੋਂ ਬਾਅਦ ਕ੍ਰੀਮ ਨਾਲ ਮਾਲਿਸ਼ ਕਰ ਲਓ ਤਾਂ ਕਿ ਚਮੜੀ ਕੋਮਲ ਅਤੇ ਮੁਲਾਇਮ ਬਣ ਜਾਵੇ। ਹੱਥਾਂ ਦੀ ਸੁੰਦਰਤਾ ਲਈ ਉਨ੍ਹਾਂ ਨੂੰ ਚੀਨੀ ਅਤੇ ਨਿੰਬੂ ਰਸ ਨਾਲ ਰਗੜ ਲਓ। ਸ਼ਹਿਦ ਨੂੰ ਆਂਡੇ ਦੇ ਸਫੈਦ ਪਦਾਰਥ ਵਿਚ ਮਿਲਾਓ ਅਤੇ ਇਸ ਨੂੰ ਚਿਹਰੇ 'ਤੇ 20 ਮਿੰਟ ਤੱਕ ਲੱਗਾ ਰਹਿਣ ਤੋਂ ਬਾਅਦ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਦਿਓ। ਜਿਨ੍ਹਾਂ ਦੀ ਚਮੜੀ ਬਹੁਤ ਜ਼ਿਆਦਾ ਖੁਸ਼ਕ ਹੈ, ਉਹ ਅੱਧਾ ਚਮਚ ਸ਼ਹਿਦ ਵਿਚ ਬਦਾਮ ਤੇਲ ਅਤੇ ਸੁੱਕਾ ਮਿਲਕ ਪਾਊਡਰ ਮਿਲਾ ਲਓ ਅਤੇ ਇਸ ਦਾ ਪੇਸਟ ਬਣਾ ਕੇ ਇਸ ਨੂੰ ਚਿਹਰੇ 'ਤੇ ਲਗਾ ਲਓ। ਇਸ ਪੇਸਟ ਨੂੰ ਅੱਧੇ ਘੰਟੇ ਤੱਕ ਚਿਹਰੇ 'ਤੇ ਲੱਗਾ ਰਹਿਣ ਦਿਓ ਅਤੇ ਬਾਅਦ ਵਿਚ ਪਾਣੀ ਨਾਲ ਧੋ ਦਿਓ। ਚਿਹਰੇ ਨੂੰ ਧੋਣ ਤੋਂ ਬਾਅਦ ਗੁਲਾਬ ਜਲ ਵਿਚ ਰੂੰ ਨੂੰ ਭਿਉਂ ਕੇ ਚਿਹਰੇ ਨੂੰ ਸਾਫ਼ ਕਰ ਲਓ।
ਹੱਥਾਂ ਅਤੇ ਨਹੁੰਆਂ ਦੀ ਸੁੰਦਰਤਾ ਲਈ ਬਦਾਮ ਤੇਲ ਅਤੇ ਸ਼ਹਿਦ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਇਸ ਨਾਲ ਨਹੁੰਆਂ ਅਤੇ ਕਿਊਟੀਕਲ ਦੀ ਮਾਲਿਸ਼ ਕਰੋ। ਇਸ ਨੂੰ 15 ਮਿੰਟ ਤੱਕ ਲੱਗਾ ਰਹਿਣ ਤੋਂ ਬਾਅਦ ਗਿੱਲੇ ਤੌਲੀਏ ਨਾਲ ਧੋ ਦਿਓ।

ਬੈਗ ਦੀ ਚੋਣ ਹੈ ਇਕ ਕਲਾ

* ਜ਼ਿਆਦਾ ਉਦੇਸ਼ਾਂ ਦੀ ਪੂਰਤੀ ਲਈ ਟੋਟ ਬੈਗ ਖਰੀਦਣਾ ਹੀ ਠੀਕ ਹੁੰਦਾ ਹੈ ਤਾਂ ਕਿ ਤੁਸੀਂ ਉਸ ਵਿਚ ਕਈ ਤਰ੍ਹਾਂ ਦੀਆਂ ਚੀਜ਼ਾਂ ਰੱਖ ਸਕੋ। ਜੇਕਰ ਤੁਸੀਂ ਇਕ ਹੀ ਬੈਗ ਦੀ ਵਰਤੋਂ ਸਭ ਜਗ੍ਹਾ ਕਰਨੀ ਚਾਹੁੰਦੇ ਹੋ ਤਾਂ ਬੈਗ ਅਜਿਹਾ ਖਰੀਦੋ ਜੋ ਜ਼ਿਆਦਾ ਟ੍ਰੈਂਡੀ ਨਾ ਹੋਵੇ। ਸਾਧਾਰਨ ਅਤੇ ਕਲਾਸੀ ਬੈਗ ਹੀ ਖ਼ਰੀਦੋ।
* ਦਫ਼ਤਰ ਵਾਲਾ ਬੈਗ ਖਰੀਦਣਾ ਹੋਵੇ ਤਾਂ ਧਿਆਨ ਦਿਓ ਕਿ ਇਹ ਸੋਬਰ ਅਤੇ ਥੋੜ੍ਹੇ ਵੱਡੇ ਚੰਗੇ ਲਗਦੇ ਹਨ ਤਾਂ ਕਿ ਤੁਸੀਂ ਆਪਣਾ ਦਿਨ ਭਰ ਦਾ ਲੋੜ ਵਾਲਾ ਸਾਮਾਨ ਰੱਖ ਸਕੋ।
* ਪਾਰਟੀ ਬੈਗ ਲਈ ਜ਼ਿਆਦਾ ਜਗ੍ਹਾ ਦੀ ਲੋੜ ਨਹੀਂ ਹੁੰਦੀ।
* ਖ਼ਰੀਦੋ-ਫਰੋਖਤ ਵਾਲੇ ਬੈਗ ਅਤੇ ਸਫ਼ਰ ਵਾਲੇ ਬੈਗ ਲਈ ਜਗ੍ਹਾ ਕਾਫੀ ਹੋਣੀ ਚਾਹੀਦੀ ਹੈ ਤਾਂ ਕਿ ਵੱਖਰੀ ਜੇਬ ਵਿਚ ਜ਼ਰੂਰੀ ਸਾਮਾਨ ਰੱਖਿਆ ਜਾਵੇ ਅਤੇ ਵਿਚਕਾਰ ਵਾਲੇ ਹਿੱਸੇ ਵਿਚ ਕੱਪੜੇ ਆਦਿ।
* ਬੈਕ ਪੈਕ ਬੈਗ ਸਫ਼ਰ ਲਈ ਵਰਤੋਂ ਵਿਚ ਲਿਆਇਆ ਜਾਂਦਾ ਹੈ। ਇਸ ਵਿਚ ਕਈ ਭਾਗ ਹੁੰਦੇ ਹਨ, ਜਿਨ੍ਹਾਂ ਵਿਚ ਹੋਰ ਸਾਮਾਨ, ਲੈਪਟਾਪ ਆਦਿ ਵੀ ਰੱਖਿਆ ਜਾ ਸਕਦਾ ਹੈ। ਇਸ ਬੈਗ ਨੂੰ ਕੈਰੀ ਕਰਨਾ ਆਸਾਨ ਹੁੰਦਾ ਹੈ। ਇਸ ਨੂੰ ਪਿੱਠ 'ਤੇ ਲੈ ਕੇ ਦੋਵੇਂ ਹੱਥ ਵਿਹਲੇ ਰਹਿੰਦੇ ਹਨ, ਜਿਸ ਨਾਲ ਬੱਸ, ਗੱਡੀ 'ਤੇ ਜਾਣਾ ਆਸਾਨ ਹੋ ਜਾਂਦਾ ਹੈ। ਕਾਫੀ ਸੁਵਿਧਾਜਨਕ ਹੁੰਦੇ ਹਨ ਇਹ ਬੈਗ।
* ਜਦੋਂ ਵੀ ਬੈਗ ਖਰੀਦੋ, ਉਸ ਨੂੰ ਮੋਢੇ 'ਤੇ ਲਟਕਾ ਕੇ ਜ਼ਰੂਰ ਦੇਖੋ ਅਤੇ ਤਸੱਲੀ ਕਰ ਲਓ ਕਿ ਤੁਹਾਡੀ ਸ਼ਖ਼ਸੀਅਤ ਦੇ ਨਾਲ ਇਹ ਬੈਗ ਠੀਕ ਲੱਗ ਰਿਹਾ ਹੈ ਅਤੇ ਇਸ ਨੂੰ ਚੁੱਕਣ ਵਿਚ ਤੁਹਾਨੂੰ ਮੁਸ਼ਕਿਲ ਤਾਂ ਨਹੀਂ ਹੋ ਰਹੀ।
* ਬੈਗ ਦੇ ਹੈਂਡਲ ਅਤੇ ਬੈਲਟ ਦੇਖ ਲਓ ਕਿ ਮਜ਼ਬੂਤ ਹਨ ਜਾਂ ਨਹੀਂ, ਕਿਤੇ ਉਨ੍ਹਾਂ ਦੀ ਲੰਬਾਈ ਘੱਟ ਜਾਂ ਵੱਧ ਤਾਂ ਨਹੀਂ ਹੈ।
* ਘੱਟ ਤੋਂ ਘੱਟ ਹਰ ਕੰਮਕਾਜੀ ਜਾਂ ਹੋਮਮੇਕਰ ਦੇ ਕੋਲ ਦੋ ਹੈਂਡ ਬੈਗ ਤਾਂ ਹੋਣੇ ਚਾਹੀਦੇ ਹਨ, ਇਕ ਕਾਲਾ ਅਤੇ ਇਕ ਭੂਰਾ। ਇਹ ਦੋਵੇਂ ਰੰਗ ਹਰ ਪੁਸ਼ਾਕ ਦੇ ਨਾਲ ਚਲਦੇ ਹਨ।
* ਪਿਛਲੇ ਕੁਝ ਸਮੇਂ ਤੋਂ ਸਿਲੰਗ ਬੈਗ ਫੈਸ਼ਨ ਵਿਚ ਹੈ, ਕਿਉਂਕਿ ਇਹ ਛੋਟੇ ਅਤੇ ਦਰਮਿਆਨੇ ਆਕਾਰ ਵਿਚ ਹੁੰਦੇ ਹਨ, ਜਿਨ੍ਹਾਂ ਨੂੰ ਗਲੇ ਅਤੇ ਮੋਢੇ ਦੇ ਦੁਆਲੇ ਰੱਖਣਾ ਅਸਾਨ ਹੁੰਦਾ ਹੈ। ਚਾਹੋ ਤਾਂ ਮੋਢੇ 'ਤੇ ਵੀ ਲਟਕਾ ਸਕਦੇ ਹੋ। ਇਸ ਵਿਚ ਵੀ ਜੇਬਾਂ ਹੁੰਦੀਆਂ ਹਨ, ਜਿਨ੍ਹਾਂ ਵਿਚ ਤੁਸੀਂ ਬੈਂਕ ਕਾਰਡ, ਮੈਟਰੋ ਕਾਰਡ, ਮੋਬਾਈਲ ਅਤੇ ਥੋੜ੍ਹਾ-ਬਹੁਤ ਆਪਣਾ ਲੋੜ ਵਾਲਾ ਸਾਮਾਨ ਰੱਖ ਸਕਦੇ ਹੋ।
* ਬੈਗ ਖਰੀਦਦੇ ਹੋਏ ਇਹ ਵੀ ਧਿਆਨ ਦਿਓ ਕਿ ਤੁਹਾਡਾ ਸਾਮਾਨ ਅਸਾਨੀ ਨਾਲ ਉਸ ਵਿਚ ਆਉਣਾ ਚਾਹੀਦਾ ਹੈ। ਬੈਗ ਦੀ ਜ਼ਿਪ ਅਤੇ ਬਟਨ ਵੀ ਪਰਖ ਲਓ ਕਿ ਸਾਰੇ ਠੀਕ ਹਨ ਜਾਂ ਨਹੀਂ।
* ਬ੍ਰਾਂਡਿਡ ਬੈਗ ਦੀ ਕਵਾਲਿਟੀ ਬਹੁਤ ਚੰਗੀ ਹੁੰਦੀ ਹੈ ਪਰ ਕੀਮਤ ਵੀ ਵੱਧ ਹੁੰਦੀ ਹੈ। ਜੇਕਰ ਤੁਹਾਡੀ ਜੇਬ ਏਨਾ ਮਹਿੰਗਾ ਬੈਗ ਖਰੀਦਣ ਦੀ ਆਗਿਆ ਨਾ ਦੇਵੇ ਤਾਂ ਉਨ੍ਹਾਂ ਨੂੰ ਸੇਲ ਦੇ ਸਮੇਂ ਖਰੀਦ ਸਕਦੇ ਹੋ ਜਾਂ ਜਦੋਂ ਆਨਲਾਈਨ ਕੋਈ ਪੇਸ਼ਕਸ਼ ਹੋਵੇ, ਉਦੋਂ ਲੈ ਸਕਦੇ ਹੋ।
ਬੈਗ ਉਹੀ ਖਰੀਦੋ, ਜੋ ਤੁਹਾਡੇ ਪੈਸੇ ਦੇ ਅਨੁਰੂਪ, ਚੰਗੀ ਕਵਾਲਿਟੀ ਵਾਲਾ ਅਤੇ ਟਿਕਾਊ ਵੀ ਹੋਵੇ। ਜ਼ਿਆਦਾ ਫੈਂਸੀ ਬੈਗ ਵੀ ਠੀਕ ਨਹੀਂ ਹੁੰਦੇ। ਕਦੇ ਉਨ੍ਹਾਂ ਦੇ ਬੱਕਲ ਉਤਰ ਜਾਂਦੇ ਹਨ ਜਾਂ ਕੋਈ ਵੀ ਚਮਕਦਾਰ ਸਮੱਗਰੀ ਲੱਥ ਜਾਵੇ ਤਾਂ ਬੈਗ ਬੇਕਾਰ ਲਗਦੇ ਹਨ। ਇਨ੍ਹਾਂ ਸਭ ਗੱਲਾਂ ਦਾ ਵੀ ਧਿਆਨ ਰੱਖੋ।


-ਸਾਰਿਕਾ

ਬੱਚਿਆਂ ਨੂੰ ਸਿਖਾਓ ਜ਼ਿੰਦਗੀ ਦੇ ਸਬਕ

ਬਚਪਨ ਵਿਚ ਮਨ ਦੀ ਕੋਰੀ ਸਲੇਟ 'ਤੇ ਲਿਖੇ ਗਏ ਸ਼ਬਦ ਹੀ ਸਾਡੀ ਜ਼ਿੰਦਗੀ ਦਾ ਮਨੋਰਥ ਬਣਦੇ ਹਨ। ਬੱਚੇ ਤੁਹਾਡੀ ਅਕਲ ਦੀ ਹੀ ਨਕਲ ਹੁੰਦੇ ਹਨ। ਸਾਡਾ ਗਿਆਨ ਸਾਡੀ ਯੋਗਤਾ ਹੈ ਅਤੇ ਸਾਡਾ ਮਨੋਵਿਗਿਆਨ ਸਾਡਾ ਤਜਰਬਾ ਹੈ। ਗਿਆਨ ਦੇ ਨਾਲ-ਨਾਲ ਬੱਚੇ ਦੀ ਸਮਝ ਦਾ ਵਿਕਾਸ ਵੀ ਜ਼ਰੂਰੀ ਹੈ। ਸਮਝਦਾਰ ਬੱਚੇ ਸਾਡੇ ਇਸ਼ਾਰਿਆਂ ਵਿਚੋਂ ਵੀ ਬਹੁਤ ਕੁਝ ਲੈਂਦੇ ਹਨ। ਜ਼ਿੰਦਗੀ ਦੇ ਸਬਕ ਜ਼ਿੰਦਗੀ ਵਿਚੋਂ ਹੀ ਸਿੱਖੇ ਜਾ ਸਕਦੇ ਹਨ ਪਰ ਇਹ ਸਭ ਕੁਝ ਸਾਡੀ ਆਪਣੀ ਸਮਝ 'ਤੇ ਹੀ ਨਿਰਭਰ ਕਰਦਾ ਹੈ। ਆਪਣੇ ਬੱਚਿਆਂ ਨੂੰ ਸਿਰਫ ਚੰਗੇ ਸਕੂਲਾਂ ਵਿਚ ਪੜ੍ਹਾ ਦੇਣਾ ਹੀ ਕਾਫੀ ਨਹੀਂ। ਉਨ੍ਹਾਂ ਦੇ ਰਹਿਣ-ਸਹਿਣ ਅਤੇ ਸੁੱਖ ਸਹੂਲਤਾਂ ਦਾ ਖਿਆਲ ਰੱਖਣਾ ਹੀ ਕਾਫੀ ਨਹੀਂ, ਬਲਕਿ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸਮਝਦਾਰ ਇਨਸਾਨ ਬਣਾ ਦੇਣਾ ਉਸ ਤੋਂ ਵੀ ਵੱਧ ਜ਼ਰੂਰੀ ਹੈ। ਦੌਲਤ ਜ਼ਰੂਰੀ ਹੈ ਪਰ ਸਮਝਦਾਰੀ ਉਸ ਤੋਂ ਵੀ ਵੱਧ ਜ਼ਰੂਰੀ ਹੈ। ਗਿਆਨ ਜ਼ਰੂਰੀ ਹੈ ਪਰ ਉਸ ਗਿਆਨ 'ਤੇ ਅਮਲ ਉਸ ਤੋਂ ਵੱਧ ਜ਼ਰੂਰੀ ਹੈ। ਕਈ ਵਾਰ ਸਿਆਣਪ ਯੋਗਤਾ ਨਾਲੋਂ ਵੱਧ ਕੰਮ ਕਰਦੀ ਹੈ। ਬੱਚਿਆਂ ਨੂੰ ਸਿਰਫ ਦੇਣਾ ਹੀ ਕਾਫੀ ਨਹੀਂ, ਉਨ੍ਹਾਂ ਨੂੰ ਕੁਝ ਪ੍ਰਾਪਤ ਕਰਨਾ ਵੀ ਸਿਖਾਓ। ਗੱਲ-ਗੱਲ 'ਤੇ ਬੱਚੇ ਦਾ ਨਿਰਾਦਰ ਕਰੋਗੇ ਤਾਂ ਉਹ ਦੂਜਿਆਂ ਦਾ ਸਤਿਕਾਰ ਕਰਨਾ ਵੀ ਨਹੀਂ ਸਿੱਖੇਗਾ। ਜ਼ਿੰਦਗੀ ਪ੍ਰਤੀ ਜਿੰਨਾ ਸਾਡਾ ਤਜਰਬਾ ਵਿਸ਼ਾਲ ਹੋਵੇਗਾ, ਸਾਡੀ ਜ਼ਿੰਦਗੀ ਦੀ ਕੀਮਤ ਓਨੀ ਹੀ ਵੱਧ ਹੋਵੇਗੀ।
ਸੋਚ ਅਤੇ ਵਿਚਾਰਾਂ ਦੇ ਪੱਖ ਤੋਂ ਵੀ ਬੱਚੇ ਨੂੰ ਆਤਮਨਿਰਭਰ ਬਣਾਓ, ਤਾਂ ਕਿ ਉਹ ਆਪਣੀਆਂ ਅਤੇ ਦੂਜਿਆਂ ਦੀਆਂ ਗ਼ਲਤੀਆਂ ਤੋਂ ਸਿੱਖ ਸਕੇ, ਆਪਣੇ ਫੈਸਲੇ ਆਪ ਕਰ ਸਕੇ, ਆਪਣਾ ਨਫਾ-ਨੁਕਸਾਨ ਅਤੇ ਚੰਗਾ-ਬੁਰਾ ਆਪ ਸੋਚ ਸਕੇ। ਜੇਕਰ ਤੁਸੀਂ ਆਪਣੇ ਬੱਚਿਆਂ ਦੀ ਬਿਹਤਰੀ ਲਈ ਯਤਨ ਕਰ ਰਹੇ ਹੋ ਤਾਂ ਇਸ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਬੱਚਾ ਤੁਹਾਡੇ ਯਤਨਾਂ ਦੀ ਕੀਮਤ ਨੂੰ ਸਮਝੇ। ਤੁਹਾਡੇ ਦੁਆਰਾ ਆਪਣੇ ਬੱਚਿਆਂ ਲਈ ਕਮਾਈ ਗਈ ਦੌਲਤ, ਖਰੀਦੀਆਂ ਗਈਆਂ ਚੀਜ਼ਾਂ ਅਤੇ ਸੁਖ-ਸਹੂਲਤਾਂ ਹੀ ਕਾਫੀ ਨਹੀਂ ਹਨ। ਸਿਰਫ ਭਾਸ਼ਣ ਜਾਂ ਉਪਦੇਸ਼ ਦੇਣ ਨਾਲ ਵੀ ਨਤੀਜੇ ਨਹੀਂ ਨਿਕਲਦੇ। ਅਸੀਂ ਝੂਠ ਤਾਂ ਬੋਲਦੇ ਹਾਂ, ਕਿਉਂਕਿ ਸਾਨੂੰ ਸੱਚ ਦੀ ਕੀਮਤ ਦਾ ਪਤਾ ਨਹੀਂ ਹੁੰਦਾ। ਅਸੀਂ ਵਿਖਾਵਾ ਤਾਂ ਕਰਦੇ ਹਾਂ, ਕਿਉਂਕਿ ਸਾਨੂੰ ਸਾਦਗੀ ਦੇ ਮੁੱਲ ਦਾ ਗਿਆਨ ਨਹੀਂ ਹੁੰਦਾ। ਅਸੀਂ ਆਪਣੀ ਅਗਿਆਨਤਾ ਕਾਰਨ ਹੀ ਬਹਿਸ ਕਰਦੇ ਹਾਂ, ਜਦਕਿ ਗਿਆਨਵਾਨ ਤਾਂ ਗੱਲਬਾਤ ਨਾਲ ਵੀ ਵੱਡੇ-ਵੱਡੇ ਮਸਲਿਆਂ ਦੇ ਹੱਲ ਕੱਢ ਲੈਂਦੇ ਹਨ।
ਅਕਸਰ ਬੱਚੇ ਵਿਗੜ ਜਾਂਦੇ ਹਨ, ਜਦੋਂ ਅਸੀਂ ਆਪਣੀ ਮਰਜ਼ੀ ਉਨ੍ਹਾਂ 'ਤੇ ਜ਼ਬਰਦਸਤੀ ਥੋਪਦੇ ਹਾਂ। ਗਿਆਨ ਦੇ ਨਾਲ-ਨਾਲ ਤੁਹਾਡਾ ਮਾਨਸਿਕ ਪੱਖੋਂ ਖੁਸ਼ਹਾਲ ਹੋਣਾ ਵੀ ਜ਼ਰੂਰੀ ਹੈ। ਬੱਚੇ ਨੂੰ ਐਨੀ ਵੀ ਆਜ਼ਾਦੀ ਨਾ ਦਿਓ ਕਿ ਉਹ ਇਸ ਦੇ ਮਹੱਤਵ ਨੂੰ ਹੀ ਨਾ ਸਮਝ ਸਕੇ। ਤੁਸੀਂ ਯਤਨ ਜ਼ਰੂਰ ਕਰੋ, ਇਸ ਨਾਲ ਮੰਜ਼ਿਲ ਮਿਲੇ ਜਾਂ ਤਜਰਬਾ, ਇਹ ਦੋਵੇਂ ਚੀਜ਼ਾਂ ਹੀ ਅਨਮੋਲ ਹਨ। ਤੁਸੀਂ ਜ਼ਬਰਦਸਤੀ ਬੱਚੇ ਨੂੰ ਆਪਣੀ ਦੁਨੀਆ ਵਿਚ ਖਿੱਚਣ ਦੀ ਕੋਸ਼ਿਸ਼ ਨਾ ਕਰੋ, ਸਗੋਂ ਉਸ ਨੂੰ ਆਪਣੀ ਦੁਨੀਆ ਵਿਚ ਆਪਣੀ ਪਹਿਚਾਣ ਬਣਾਉਣ ਦਾ ਮੌਕਾ ਦਿਓ। ਜ਼ਰੂਰਤ ਤੋਂ ਜ਼ਿਆਦਾ ਲਾਡ, ਲੋੜ ਤੋਂ ਵੱਧ ਪ੍ਰਸੰਸਾ, ਲੋੜ ਤੋਂ ਵੱਧ ਦੌਲਤ, ਲੋੜ ਤੋਂ ਜ਼ਿਆਦਾ ਆਜ਼ਾਦੀ ਨਾਲ ਅਕਸਰ ਬੱਚੇ ਜ਼ਿੰਦਗੀ ਦੇ ਗੁਲਦਸਤੇ ਦਾ ਹਿੱਸਾ ਬਣਨ ਤੋਂ ਵਾਂਝੇ ਰਹਿ ਜਾਂਦੇ ਹਨ। ਕਿਸੇ ਹੋਰ ਨਾਲ ਬੱਚੇ ਦੀ ਤੁਲਨਾ ਕਰਦੇ ਰਹਿਣਾ ਉਸ ਦੀ ਮੌਲਿਕਤਾ ਨਾਲ ਬੇਇਨਸਾਫੀ ਹੈ। ਹਰ ਬੱਚੇ ਦੀ ਆਪਣੀ ਦੁਨੀਆ, ਆਪਣੇ ਸੁਪਨੇ ਅਤੇ ਆਪਣੇ ਟੀਚੇ ਹੁੰਦੇ ਹਨ। ਜ਼ਰੂਰਤ ਤੋਂ ਜ਼ਿਆਦਾ ਦਖਲਅੰਦਾਜ਼ੀ ਨਾਲ ਅਕਸਰ ਬੱਚੇ ਕੁਰਾਹੇ ਪੈ ਜਾਂਦੇ ਹਨ।


-ਅਮਰਜੀਤ ਬਰਾੜ,
ਪਿੰਡ ਗੋਲੇਵਾਲਾ (ਫ਼ਰੀਦਕੋਟ)। ਮੋਬਾ: 94179-49079

ਪਕਵਾਨ ਰਸ ਮਲਾਈ

ਸਮੱਗਰੀ : ਦੁੱਧ-1 ਲਿਟਰ, ਖੰਡ-2 ਵੱਡੇ ਚਮਚ, ਖੋਆ-100 ਗ੍ਰਾਮ, ਸਪੰਜ ਰਸਗੁੱਲੇ-6 ਪੀਸ, ਕੋਰਨ ਫਲੋਰ-2 ਵੱਡੇ ਚਮਚ, ਕਾਜੂ ਬਦਾਮ-ਇਕ ਚਮਚ।
ਵਿਧੀ : ਇਕ ਕੜਾਹੀ ਵਿਚ 1 ਲਿਟਰ ਦੁੱਧ ਗਰਮ ਕਰੋ। ਫਿਰ ਉਸ ਵਿਚ ਚੀਨੀ ਪਾ ਦਿਓ। ਫਿਰ ਖੋਆ ਪਾ ਦਿਓ। 10 ਮਿੰਟ ਪਾ ਕੇ ਮਿਕਸ ਕਰੋ। ਤਦ ਤੱਕ ਹਿਲਾਓ, ਜਦੋਂ ਤੱਕ ਮਿਕਸ ਨਾ ਹੋ ਜਾਵੇ, ਫਿਰ ਕੋਰਨ ਫਲੋਰ ਪਾ ਦਿਓ, ਦੁੱਧ ਗਾੜ੍ਹਾ ਹੋ ਜਾਵੇਗਾ। ਉਸ ਵਿਚ ਡਰਾਈ ਫਰੂਟ ਪਾ ਦਿਓ।
ਤੁਹਾਡੀ ਰਸ ਮਲਾਈ ਤਿਆਰ ਹੈ। ਹੁਣ ਅਖੀਰ ਵਿਚ ਰਸਗੁੱਲੇ ਪਾ ਕੇ ਠੰਢਾ ਹੋਣ ਲਈ ਰੱਖ ਦਿਓ।


-ਸਰਬਮਨਮੀਤ ਕੌਰ,
ਫਲੈਟ ਨੰ: 19 ਐਫ.ਐਫ., ਬੀ ਬਲਾਕ, ਰਣਜੀਤ ਐਵਨਿਊ, ਅੰਮ੍ਰਿਤਸਰ। ਮੋਬਾ: 9988212182
sarbmanmeet@gmail.com

ਸਮਾਂ ਆ ਗਿਆ ਸਰਦੀਆਂ ਦੇ ਕੱਪੜੇ ਬਾਹਰ ਕੱਢਣ ਦਾ

ਮੌਸਮ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ ਤੇ ਕੁਝ ਹੀ ਦਿਨਾਂ ਵਿਚ ਸਰਦੀਆਂ ਦੇ ਕੱਪੜੇ ਬਾਹਰ ਕੱਢਣੇ ਹਨ ਤੇ ਗਰਮੀਆਂ ਦੇ ਅੰਦਰ ਰੱਖਣੇ ਪੈਣੇ ਹਨ। ਸੋ, ਕੁਝ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਕੱਪੜਿਆਂ ਦੀ ਉਮਰ ਲੰਬੀ ਕਰ ਸਕਦੇ ਹਾਂ।
1. ਆਪਣੇ ਸਾਰੇ ਗਰਮ ਕੱਪੜਿਆਂ ਦੀ ਜਾਂਚ ਕਰੋ : ਕਿਤੇ ਊਨੀ ਅਤੇ ਕਸ਼ਮੀਰੀ ਕੱਪੜਿਆਂ ਵਿਚ ਟੋਕਾਂ ਤਾਂ ਨਹੀਂ ਪੈ ਗਈਆਂ। ਗਰਮ ਕੱਪੜੇ ਕੀੜਿਆਂ ਲਈ ਮਨ ਭਾਉਂਦਾ ਭੋਜਨ ਹੁੰਦੇ ਹਨ। ਮੁਰੰਮਤ ਕਰਨੀ ਸੌਖੀ ਹੋ ਜਾਵੇਗੀ ਪਰ ਬਦਕਿਸਮਤੀ ਨਾਲ ਕੁਝ ਨੁਕਸਾਨ ਦੀ ਮੁਰੰਮਤ ਨਹੀਂ ਵੀ ਹੋ ਸਕਦੀ। ਆਪਣੇ ਸਥਾਨਕ ਡਰਾਈਕਲੀਨਰ ਨਾਲ ਸੰਪਰਕ ਕਰੋ ਅਤੇ ਪਤਾ ਕਰੋ ਕਿ ਕੀ ਕੱਪੜਿਆਂ 'ਚ ਹੋਈਆਂ ਮੋਰੀਆਂ ਦੀ ਮੁਰੰਮਤ ਹੋ ਸਕਦੀ ਹੈ।
2. ਕੋਟਾਂ ਦੀ ਸੁੰਦਰਤਾ ਲਈ : ਜੇਕਰ ਤੁਹਾਨੂੰ ਲੱਗੇ ਕਿ ਤੁਹਾਡੇ ਕੋਟਾਂ ਦੀ ਕੁਦਰਤੀ ਸੁੰਦਰਤਾ ਖ਼ਤਮ ਹੋ ਗਈ ਹੈ ਤਾਂ ਉਨ੍ਹਾਂ ਨੂੰ ਗੁਸਲਖਾਨੇ ਵਿਚ ਗਰਮ ਸ਼ਾਵਰ ਕੋਲ ਲਟਕਾਓ।
3. ਬਦਬੂ ਤੋਂ ਛੁਟਕਾਰਾ ਪਾਓ : ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਤੁਰੰਤ ਹੀ ਕੱਪੜੇ ਡਰਾਈਕਲੀਨ ਕਰਵਾਉਣ ਨਾਲ ਬਦਬੂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਨ੍ਹਾਂ ਨੂੰ ਕੁਝ ਸਮੇਂ ਲਈ ਧੁੱਪ ਵਿਚ ਰੱਖੋ ਤਾਂ ਇਸ ਨਾਲ ਸਾਰੀ ਬਦਬੂ ਜਾਂਦੀ ਰਹੇਗੀ।
4. ਆਪਣੀਆਂ ਜੁੱਤੀਆਂ ਦੇ ਤਲਿਆਂ ਅਤੇ ਚਮੜੇ 'ਤੇ ਨਜ਼ਰ ਮਾਰੋ : ਇਹ ਦੇਖੋ ਕਿ ਕੀ ਇਨ੍ਹਾਂ ਦੀ ਅੱਡੀ ਅਤੇ ਚਮੜਾ ਠੀਕ ਹਨ, ਕਿਉਂਕਿ ਸਰਦੀਆਂ ਦੇ ਮੌਸਮ ਵਿਚ ਜੇ ਇਹ ਪੂਰੀ ਤਰ੍ਹਾਂ ਠੀਕ ਨਹੀਂ ਹੋਣਗੇ ਤਾਂ ਇਹ ਪ੍ਰੇਸ਼ਾਨੀ ਦਾ ਸਬੱਬ ਹੋ ਸਕਦੇ ਹਨ।
5. ਇਹ ਪੁਨਰਗਠਨ ਕਰਨ ਦਾ ਸਹੀ ਸਮਾਂ ਹੈ : ਜੇਕਰ ਤੁਸੀਂ ਸਭ ਕੁਝ ਪਹਿਲਾਂ ਵਾਂਗ ਤਰਤੀਬ ਵਿਚ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੁਣੇ ਇਨ੍ਹਾਂ ਨੂੰ ਪਹਿਨ ਕੇ ਦੇਖ ਲਓ ਕਿ ਤੁਹਾਡੀਆਂ ਵਧੇਰੇ ਮਨਪਸੰਦ ਚੀਜ਼ਾਂ ਠੀਕ ਵੀ ਹਨ, ਕਿਤੇ ਰੰਗ ਖਰਾਬ ਤਾਂ ਨਹੀਂ ਹੋ ਗਏ।
6. ਆਪਣੇ ਗਰਮੀਆਂ ਦੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਸਾਂਭੋ : ਚਾਹੇ ਤੁਹਾਡੀਆਂ ਸਰਦੀਆਂ ਦੀਆਂ ਚੀਜ਼ਾਂ ਨਾਲੋਂ ਗਰਮੀਆਂ ਦੇ ਕੱਪੜਿਆਂ ਨੂੰ ਸਾਂਭਣਾ ਸੌਖਾ ਹੈ ਪਰ ਫਿਰ ਵੀ ਗਰਮੀ ਦੇ ਕੱਪੜਿਆਂ ਦੀ ਦੇਖਭਾਲ ਕਰਨੀ ਵਧੇਰੇ ਮਹੱਤਵਪੂਰਨ ਹੁੰਦੀ ਹੈ। ਨਾਜ਼ਕ ਅਤੇ ਹਲਕੇ ਰੰਗਾਂ ਦੇ ਕੱਪੜਿਆਂ ਨੂੰ ਡਰਾਈਕਲੀਨ ਕਰਵਾ ਕੇ ਸਾਂਭਣਾ ਚਾਹੀਦਾ ਹੈ। ਭਾਵੇਂ ਤੁਸੀਂ ਸੋਚਦੇ ਹੋਵੋਗੇ ਇਹ ਕੱਪੜੇ ਗੰਦੇ ਨਹੀਂ ਹਨ ਪਰ ਕਿਸੇ ਵੀ ਸਰੀਰ ਦੇ ਤੇਲ ਜਾਂ ਪਰਫਿਊਮ ਨੂੰ ਹਟਾਉਣ ਲੱਗਿਆਂ ਅਜਿਹੇ ਕੱਪੜੇ ਹੌਲੀ-ਹੌਲੀ ਦਾਗ਼ ਫੜ ਜਾਂਦੇ ਹਨ, ਜੋ ਬਾਅਦ ਵਿਚ ਦਿਖਾਈ ਦੇਣ ਲਗਦੇ ਹਨ। ਤੁਸੀਂ ਸਫੈਦ ਕਮੀਜ਼ ਜਾਂ ਰੇਸ਼ਮ ਦੀ ਪੁਸ਼ਾਕ ਵੱਲ ਦੇਖ ਸਕਦੇ ਹੋ ਅਤੇ ਕਹਿ ਸਕਦੇ ਹੋ ਉਹ ਬਹੁਤ ਵਧੀਆ ਹੈ। ਕਿਉਂਕਿ ਉਨ੍ਹਾਂ ਉੱਪਰ ਕੁਝ ਵੀ ਨਹੀਂ ਸੀ ਲਗਾਇਆ। ਪਰ ਫਿਰ ਹਫ਼ਤਿਆਂ ਬਾਅਦ ਪੀਲੇ ਧੱਬੇ ਉਭਰਨੇ ਸ਼ੁਰੂ ਹੋ ਜਾਂਦੇ ਹਨ, ਜੋ ਕਿ ਪਹਿਲਾਂ ਨਹੀਂ ਨਜ਼ਰ ਆਉਂਦੇ।
ਜ਼ਹਿਰੀਲੇ ਪਲਾਸਟਿਕ ਦੀਆਂ ਥੈਲੀਆਂ ਵਿਚ ਕੁਝ ਵੀ ਸਾਂਭ ਕੇ ਨਾ ਰੱਖੋ। ਜੋ ਕੁਝ ਸਾਂਭਣਾ ਚਾਹੁੰਦੇ ਹੋ, ਉਸ ਨੂੰ ਸੁੱਕੇ, ਸਾਫ਼-ਸੁਥਰੇ ਹੱਥਾਂ ਨਾਲ ਘੱਟੇ, ਸਲਾਭੇ ਅਤੇ ਕੀੜਿਆਂ ਵਾਲੇ ਥਾਂ ਤੋਂ ਦੂਰ ਰੱਖੋ। ਜੇ ਤੁਸੀਂ ਸਭ ਕੁਝ ਵਧੀਆ ਢੰਗ ਨਾਲ ਰੱਖਣਾ ਚਾਹੁੰਦੇ ਹੋ ਅਤੇ ਇਹ ਯਕੀਨੀ ਬਣਾਓ ਕਿ ਤੁਹਾਡੇ ਟਰੰਕ ਜਾਂ ਅਲਮਾਰੀ ਦੇ ਸਿਖਰ 'ਤੇ ਕੁਝ ਵੀ ਨਹੀਂ ਹੈ। 'ਧੂੜ ਰੇਸ਼ਮ ਵਰਗੇ ਵਧੀਆ ਕੱਪੜੇ ਵਿਚ ਪੈ ਹੀ ਜਾਂਦੀ ਹੈ।'






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX