ਤਾਜਾ ਖ਼ਬਰਾਂ


ਆਈ. ਐੱਸ. ਦੇ ਅੱਤਵਾਦੀਆਂ ਨੇ ਲੀਬੀਆ 'ਚ ਛੇ ਬੰਧਕਾਂ ਦੀ ਕੀਤੀ ਹੱਤਿਆ
. . .  1 minute ago
ਤ੍ਰਿਪੋਲੀ, 10 ਦਸੰਬਰ- ਅੱਤਵਾਦੀ ਸੰਗਠਨ ਆਈ. ਐੱਸ. ਦੇ ਅੱਤਵਾਦੀਆਂ ਨੇ ਲੀਬੀਆ 'ਚ ਦੋ ਮਹੀਨਾ ਪਹਿਲਾਂ ਬੰਧਕ ਬਣਾਏ ਗਏ ਛੇ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਲੀਬੀਆਈ ਅਧਿਕਾਰੀ ਓਥਮਨ ਹਾਸੁਨਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇੱਕ ਸਥਾਨਕ...
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਭਾਰਤ ਨੇ ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਦਿੱਤੀ ਮਾਤ
. . .  10 minutes ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਜਿੱਤ ਤੋਂ ਇੱਕ ਵਿਕਟ ਦੂਰ ਭਾਰਤ
. . .  20 minutes ago
ਪਾਰਕਿੰਗ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ, ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ
. . .  28 minutes ago
ਨਵੀਂ ਦਿੱਲੀ, 10 ਦਸੰਬਰ- ਦਿੱਲੀ ਦੇ ਮਯੂਰ ਵਿਹਾਰ ਇਲਾਕੇ 'ਚ ਪਾਰਕਿੰਗ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਕਾਰਨ ਬੀਤੀ ਰਾਤ ਗੋਲੀਆਂ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਮਯੂਰ ਵਿਹਾਰ ਦੇ ਫੇਜ 1 'ਚ ਡੀ. ਡੀ. ਏ. ਫਲੈਟ...
ਭੁੱਲਾਂ ਬਖ਼ਸ਼ਾਉਣ ਲਈ ਅਕਾਲੀ ਦਲ ਵਲੋਂ ਰੱਖੇ ਸ੍ਰੀ ਅਖੰਡ ਸਾਹਿਬ ਦਾ ਅੱਜ ਪਵੇਗਾ ਭੋਗ
. . .  about 1 hour ago
ਅੰਮ੍ਰਿਤਸਰ, 10 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਰਾਜ ਦੌਰਾਨ ਹੋਈਆਂ ਭੁੱਲਾਂ ਨੂੰ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੋ ਦਿਨਾਂ ਪਹਿਲਾਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਹੁਣ ਤੋਂ ਥੋੜ੍ਹੀ ਦੇਰ ਬਾਅਦ ਪਵੇਗਾ। ਇਸ...
ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਠੱਕਰ ਦਾ ਦੇਹਾਂਤ, ਮੋਦੀ ਨੇ ਜਤਾਇਆ ਦੁੱਖ
. . .  about 1 hour ago
ਨਵੀਂ ਦਿੱਲੀ, 10 ਦਸੰਬਰ- ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਜਗਦੀਸ਼ ਠੱਕਰ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ। ਠੱਕਰ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ...
ਆਈਸਲੈਂਡ ਦੇ ਵਿਦੇਸ਼ ਮੰਤਰੀ ਨੇ ਕੀਤਾ ਤਾਜ ਮਹਿਲ ਦਾ ਦੌਰਾ
. . .  about 1 hour ago
ਲਖਨਊ, 10 ਦਸੰਬਰ- ਆਈਸਲੈਂਡ ਦੇ ਵਿਦੇਸ਼ ਮੰਤਰੀ ਗੁਡਲੁਗੁਰ ਥੋਰ ਨੇ ਅੱਜ ਸਵੇਰੇ ਆਗਰਾ ਵਿਖੇ ਤਾਜ ਮਹਿਲ ਦਾ ਦੌਰਾ ਕੀਤਾ। ਥੋਰ ਭਾਰਤ ਦੇ ਅੱਠ ਦਿਨਾਂ ਦੌਰੇ 'ਤੇ ਆਏ...
ਵਿਜੇ ਮਾਲਿਆ ਦੀ ਹਵਾਲਗੀ 'ਤੇ ਅੱਜ ਫੈਸਲਾ ਕਰੇਗੀ ਲੰਡਨ ਦੀ ਅਦਾਲਤ
. . .  about 2 hours ago
ਨਵੀਂ ਦਿੱਲੀ, 10 ਦਸੰਬਰ- 9000 ਕਰੋੜ ਦੀ ਧੋਖਾਧੜੀ ਅਤੇ ਹਵਾਲਾ ਰਾਸ਼ੀ ਮਾਮਲੇ 'ਚ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਹੋ ਸਕਦੀ ਹੈ। ਸੀ. ਬੀ. ਆਈ. ਦੇ ਜੁਆਇੰਟ ਨਿਰਦੇਸ਼ਕ ਐੱਸ. ਸਾਈ ਮਨੋਹਰ ਦੀ ਅਗਵਾਈ 'ਚ ਅਧਿਕਾਰੀਆਂ ਦੀ ਇੱਕ ਟੀਮ ਵਿਜੇ...
ਅੱਜ ਦਾ ਵਿਚਾਰ
. . .  about 2 hours ago
ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਭੁਵਨੇਸ਼ਵਰ 9 ਦਸੰਬਰ (ਡਾ. ਚਹਿਲ) - ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਪੂਲ ਮੈਚ ਸਮਾਪਤ ਹੋ ਗਏ। ਪੂਲ ਡੀ ਦੇ ਆਖ਼ਰੀ ਦੌਰ ਦੇ ਮੁਕਾਬਲੇ 'ਚ ਜਰਮਨੀ ਨੇ ਏਸ਼ੀਅਨ ਹਾਕੀ ਦੀ...
ਹੋਰ ਖ਼ਬਰਾਂ..

ਬਾਲ ਸੰਸਾਰ

ਕਈ ਵਿਅਕਤੀ ਤੇਜ਼ ਦਿਮਾਗ ਦੇ ਕਿਉਂ ਹੁੰਦੇ ਹਨ?

ਬੱਚਿਓ, ਮਨੁੱਖ ਦੇ ਦਿਮਾਗ ਦਾ ਭਾਰ 1200 ਤੋਂ 1400 ਗ੍ਰਾਮ ਹੁੰਦਾ ਹੈ। ਦਿਮਾਗ ਨਾੜੀ ਸੈੱਲਾਂ ਤੋਂ ਮਿਲ ਕੇ ਬਣਿਆ ਹੋਇਆ ਹੈ। ਦਿਮਾਗ ਵਿਚ ਲਗਪਗ 10 ਬਿਲੀਅਨ ਨਾੜੀ ਸੈੱਲ ਜਾਂ ਨਿਉਰਾਨ ਹੁੰਦੇ ਹਨ। ਨਾੜੀ ਸੈੱਲ ਸੂਚਨਾ ਦੇ ਲੈ ਜਾਣ ਦੀ ਇਕਾਈ ਹੈ। ਸੁਨੇਹੇ ਬਿਜਲੀ ਧਾਰਾ ਦੇ ਰੂਪ ਵਿਚ ਹੁੰਦੇ ਹਨ।
ਨਾੜੀ ਸੈੱਲ ਦੇ ਤਿੰਨ ਭਾਗ ਜਿਵੇਂ ਸੈੱਲ ਬਾਡੀ, ਨਾੜੀ ਰੇਸਾ ਅਤੇ ਡੈਂਡਰਾਈਟ ਹੁੰਦੇ ਹਨ। ਨਿਉਰਾਨ ਦਾ ਨਾੜੀ ਰੇਸਾ ਦੂਜੇ ਨਿਉਰਾਨ ਦੇ ਡੈਂਡਰਾਈਟ ਨਾਲ ਨਜ਼ਦੀਕੀ ਤੋਂ ਜੁੜੇ ਹੋਏ ਹੁੰਦੇ ਹਨ। ਇਸ ਜੋੜ ਜਾਂ ਸਬੰਧ ਨੂੰ ਅੰਤਰ ਗ੍ਰਹਿਣ ਕਹਿੰਦੇ ਹਨ। ਦੋਵਾਂ ਦੇ ਵਿਚਾਲੇ ਖਾਲੀ ਥਾਂ ਜਾਂ ਦਰਾੜ ਨੂੰ ਗ੍ਰੰਥਨੀ ਦਰਾੜ ਆਖਦੇ ਹਨ। ਇਸ ਖਾਲੀ ਥਾਂ ਵਿਚ ਰਸਾਇਣ ਹੁੰਦੇ ਹਨ, ਜਿਨ੍ਹਾਂ ਨੂੰ ਨਿਊਰੋਟ੍ਰਾਂਸਮੀਟਰ ਕਹਿੰਦੇ ਹਨ। ਇਹ ਰਸਾਇਣ ਸੂਚਨਾ ਨੂੰ ਇਕ ਨਾੜੀ ਸੈੱਲ ਤੋਂ ਦੂਜੇ ਨਾੜੀ ਸੈੱਲ ਤੱਕ ਲੈ ਕੇ ਜਾਂਦੇ ਹਨ।
ਜੋ ਕੁਝ ਕਰਨਾ ਹੈ ਜਾਂ ਸੋਚਣਾ ਹੈ, ਉਸ ਦੀ ਸੂਚਨਾ ਨਾੜੀ ਸੈੱਲ ਦੇ ਜੋੜ ਰਾਹੀਂ ਦੂਜੇ ਨਾੜੀ ਸੈੱਲ ਤੱਕ ਜਾਂਦੀ ਹੈ। ਇਹ ਸੂਚਨਾ ਲੱਖਾਂ ਹੀ ਜੋੜਾਂ ਵਿਚ ਜਾਂਦੀ ਹੈ। ਇਨ੍ਹਾਂ ਜੋੜਾਂ ਵਿਚ ਬਹੁਤ ਗੁੰਝਲਦਾਰ ਜੈਵ ਰਸਾਇਣਕ ਅਤੇ ਅਜੀਬ ਗਤੀਵਿਧੀਆਂ ਵਾਪਰਦੀਆਂ ਹਨ, ਜਿਹੜੀਆਂ ਸਾਨੂੰ ਸੋਕਣ, ਚੱਲਣ, ਹੱਸਣ, ਪਿਆਰ, ਘਿਰਣਾ, ਪੜ੍ਹਨ, ਦੇਖਣ ਅਤੇ ਅਨੁਭਵ ਕਰਨ ਦੇ ਯੋਗ ਬਣਾਉਂਦੀਆਂ ਹਨ।
ਵਿਅਕਤੀ ਦੇ ਦਿਮਾਗ ਦਾ ਤੇਜ਼ ਜਾਂ ਮੱਠਾ ਹੋਣਾ ਦਿਮਾਗ ਵਿਚ ਅੰਤਰ-ਗ੍ਰਹਿਣ (ਜੋੜਾਂ) ਦੀ ਗਿਣਤੀ 'ਤੇ ਨਿਰਭਰ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਦੇ ਦਿਮਾਗ ਵਿਚ ਅੰਤਰ-ਗ੍ਰਹਿਣ ਦੀ ਗਿਣਤੀ ਜ਼ਿਆਦਾ ਹੈ ਅਤੇ ਨਾੜੀ ਸੈੱਲਾਂ ਤੇ ਮੈਡੂਲਰੀ ਝਿੱਲੀ ਹੈ, ਉਨ੍ਹਾਂ ਦੇ ਦਿਮਾਗ ਤੇਜ਼ ਹੁੰਦੇ ਹਨ। ਜਿਨ੍ਹਾਂ ਦੇ ਦਿਮਾਗ ਵਿਚ ਜੋੜਾਂ ਦੀ ਗਿਣਤੀ ਘੱਟ ਹੈ ਅਤੇ ਮੈਡੂਲਰੀ ਝਿੱਲੀ ਪਤਲੀ ਜਾਂ ਨਾ ਹੋਵੇ ਤਾਂ ਉਹ ਦਿਮਾਗ ਸੁਸਤ ਹੁੰਦੇ ਹਨ।

-ਕਰਨੈਲ ਸਿੰਘ ਰਾਮਗੜ੍ਹ,
ਸਾਇੰਸ ਮਾਸਟਰ, ਖਾਲਸਾ ਸਕੂਲ, ਖੰਨਾ। ਮੋਬਾ: 79864-99563


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ ਬੁੱਧੀਮਾਨ ਲੂੰਬੜੀ

ਜੰਗਲ 'ਚ ਰਹਿੰਦੇ ਸਾਰੇ ਜਾਨਵਰ ਸ਼ੇਰ ਦੇ ਕਹਿਰ ਤੋਂ ਤੰਗ ਸਨ। ਸ਼ੇਰ ਜਦੋਂ ਜੀਅ ਕਰਦਾ, ਆਪਣੀ ਮਰਜ਼ੀ ਨਾਲ ਕਿਸੇ ਵੀ ਜੀਵ ਦਾ ਸ਼ਿਕਾਰ ਕਰਦਾ ਤੇ ਮਾਰ ਕੇ ਖਾ ਜਾਂਦਾ। ਸ਼ੇਰ ਆਪਣੀ ਤਾਕਤ ਦੇ ਸਿਰ 'ਤੇ ਬਹੁਤ ਹੰਕਾਰੀ ਹੋ ਚੁੱਕਾ ਸੀ। ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਸ਼ੇਰ ਦੇ ਜ਼ੁਲਮ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਇਆ ਜਾਵੇ। ਇਕ ਦਿਨ ਜੰਗਲ ਦੇ ਸਾਰੇ ਜਾਨਵਰਾਂ ਨੇ ਇਕ ਬੈਠਕ ਬੁਲਾਈ। ਸਾਰੇ ਜਾਨਵਰਾਂ ਨੇ ਇਸ ਹੰਕਾਰੀ ਸ਼ੇਰ ਤੋਂ ਛੁਟਕਾਰਾ ਪਾਉਣ ਲਈ ਆਪੋ-ਆਪਣੇ ਵਿਚਾਰ ਦੱਸੇ। ਇਸੇ ਦੌਰਾਨ ਇਕ ਲੂੰਬੜੀ ਨੇ ਸਾਰੇ ਜਾਨਵਰਾਂ ਨੂੰ ਸਲਾਹ ਦਿੱਤੀ ਕਿ ਕਿ ਸ਼ੇਰ ਤੋਂ ਛੁਟਕਾਰਾ ਪਾਉਣ ਲਈ ਮੇਰੇ ਕੋਲ ਇਕ ਯੋਜਨਾ ਹੈ। ਲੂੰਬੜੀ ਨੇ ਕਿਹਾ ਕਿ ਇਕ ਪਿੰਜਰਾ ਲਿਆਂਦਾ ਜਾਵੇ। ਲੂੰਬੜੀ ਦੀ ਸਲਾਹ ਨਾਲ ਇਕ ਪਿੰਜਰੇ ਦਾ ਪ੍ਰਬੰਧ ਕੀਤਾ ਗਿਆ। ਪਿੰਜਰਾ ਇਕ ਪਾਸੇ ਰੱਖ ਕੇ ਉਸ 'ਚ ਕਾਫੀ ਸਾਰਾ ਮਾਸ ਰੱਖ ਦਿੱਤਾ ਗਿਆ।
ਜੰਗਲ ਦੇ ਸਾਰੇ ਜਾਨਵਰਾਂ ਦੀ ਸਲਾਹ ਨਾਲ ਇਕ ਹੋਰ ਬੈਠਕ ਬੁਲਾਈ, ਜਿਸ ਵਿਚ ਇਸ ਹੰਕਾਰੀ ਸ਼ੇਰ ਨੂੰ ਵੀ ਸੱਦਾ ਦਿੱਤਾ ਗਿਆ। ਸ਼ੇਰ ਨੇ ਸਾਰੇ ਜਾਨਵਰਾਂ ਦਾ ਸੱਦਾ ਕਬੂਲ ਕਰ ਲਿਆ ਤੇ ਇਸ ਬੈਠਕ 'ਚ ਹਿੱਸਾ ਲੈਣ ਲਈ ਦਹਾੜਾਂ ਮਾਰਦਾ ਹੋਇਆ ਆ ਰਿਹਾ ਸੀ। ਬਹੁਤੇ ਜਾਨਵਰ ਸ਼ੇਰ ਦੀ ਦਹਾੜ ਤੋਂ ਡਰਦਿਆਂ ਝਾੜੀਆਂ 'ਚ ਵੜ ਗਏ। ਸ਼ੇਰ ਨੇ ਆਉਂਦਿਆਂ ਹੀ ਪਿੰਜਰੇ 'ਚ ਨਜ਼ਰ ਘੁੰਮਾਈ ਤੇ ਉਸ ਵਿਚ ਕਾਫੀ ਸਾਰਾ ਮਾਸ ਦੇਖ ਕੇ ਝੱਟ ਛਾਲ ਮਾਰ ਕੇ ਪਿੰਜਰੇ 'ਚ ਵੜ ਗਿਆ। ਬੜੀ ਚਲਾਕੀ ਨਾਲ ਹਾਥੀ ਨੇ ਮੌਕਾ ਪਾ ਕੇ ਪਿੰਜਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। 2-3 ਦਿਨਾਂ 'ਚ ਸ਼ੇਰ ਪਿੰਜਰੇ 'ਚ ਬੰਦ ਰਹਿਣ ਕਰਕੇ ਕਮਜ਼ੋਰ ਹੋ ਗਿਆ।
ਚੌਥੇ-ਪੰਜਵੇਂ ਦਿਨ ਸ਼ੇਰ ਦੇ ਪਿੰਜਰੇ ਕੋਲੋਂ ਲੱਕੜਬੱਗਾ ਲੰਘਿਆ ਤਾਂ ਸ਼ੇਰ ਨੇ ਲੱਕੜਬੱਗੇ ਅੱਗੇ ਤਰਲਾ ਪਾਇਆ, 'ਭਰਾ, ਮਿੰਨਤ ਨਾਲ ਮੈਨੂੰ ਪਿੰਜਰੇ ਦੀ ਕੈਦ 'ਚੋਂ ਛੁਟਕਾਰਾ ਦਿਵਾ। ਮੈਂ ਤੇਰਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗਾ। ਪਹਿਲਾਂ ਤਾਂ ਲੱਕੜਬੱਗਾ ਮੰਨਿਆ ਨਹੀਂ, ਫਿਰ ਤਰਸ ਖਾ ਕੇ ਲੱਕੜਬੱਗੇ ਨੇ ਸ਼ੇਰ ਨੂੰ ਪਿੰਜਰੇ 'ਚੋਂ ਮੁਕਤ ਕਰਾ ਦਿੱਤਾ। ਬਸ ਫਿਰ ਕੀ ਸੀ, ਸ਼ੇਰ ਆਪਣੀ ਔਕਾਤ 'ਤੇ ਆ ਗਿਆ ਤੇ ਲੱਕੜਬੱਗੇ ਨੂੰ ਖਾਣ ਲਈ ਉਸ ਵੱਲ ਭੱਜਾ। ਨੇੜੇ ਝਾੜੀ 'ਚੋਂ ਲੂੰਬੜੀ ਨਿਕਲੀ ਤਾਂ ਉਸ ਨੇ ਸ਼ੇਰ ਨੂੰ ਪੁੱਛਿਆ, 'ਭਰਾ, ਤੂੰ ਉਹਨੂੰ ਕਿਉਂ ਖਾਣ ਲੱਗੈਂ, ਉਸ ਨੇ ਤਾਂ ਤੈਨੂੰ ਪਿੰਜਰੇ 'ਚੋਂ ਮੁਕਤ ਕਰਾਇਆ।' ਭੁੱਖੇ ਸ਼ੇਰ ਨੂੰ ਕੁਝ ਨਹੀਂ ਸੁੱਝ ਰਿਹਾ ਸੀ। ਲੂੰਬੜੀ ਨੇ ਦਿਮਾਗ ਤੋਂ ਕੰਮ ਲੈਂਦਿਆਂ ਸ਼ੇਰ ਨੂੰ ਕਿਹਾ, 'ਸ਼ੇਰ ਭਰਾ, ਮੈਂ ਅੱਜਕਲ੍ਹ ਪੂਜਾ-ਪਾਠ ਕਰਦੀ ਹਾਂ। ਮੈਂ ਤੇਰੀ ਸਮੱਸਿਆ ਦਾ ਸਹੀ ਹੱਲ ਕੱਢਾਂਗੀ, ਤੂੰ ਚੁੱਪ ਕਰਕੇ ਪਿੰਜਰੇ 'ਚ ਬੈਠ ਜਾਹ, ਮੈਂ ਲੱਕੜਬੱਗੇ ਨੂੰ ਸਮਝਾ ਕੇ ਤੇਰੇ ਕੋਲ ਭੇਜਦੀ ਹਾਂ।'
ਸ਼ੇਰ ਲੂੰਬੜੀ ਦੀਆਂ ਗੱਲਾਂ 'ਚ ਆ ਕੇ ਵਾਪਸ ਪਿੰਜਰੇ 'ਚ ਵੜ ਗਿਆ। ਲੂੰਬੜੀ ਨੇ ਬੜੀ ਸਿਆਣਪ ਨਾਲ ਪਿੰਜਰਾ ਬੰਦ ਕਰ ਦਿੱਤਾ। ਹੁਣ ਕੈਦ ਲੰਬੀ ਹੋ ਗਈ ਤੇ ਸ਼ੇਰ ਪਿੰਜਰੇ 'ਚ ਤੜਫ-ਤੜਫ ਕੇ ਮਰ ਗਿਆ। ਜੰਗਲ ਦੇ ਸਾਰੇ ਜਾਨਵਰਾਂ ਨੇ ਲੂੰਬੜੀ ਦੀ ਸਿਆਣਪ ਤੋਂ ਖੁਸ਼ ਹੋ ਕੇ ਰਲ-ਮਿਲ ਕੇ ਬਹੁਤ ਵੱਡਾ ਸਮਾਰੋਹ ਮਨਾ ਕੇ ਖੁਸ਼ੀ ਮਨਾਈ।

-511, ਖਹਿਰਾ ਇਨਕਲੇਵ, ਜਲੰਧਰ-144007

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-2: ਏਸਟਰੋ ਬੁਆਏ

ਜਪਾਨ ਦੇ ਪ੍ਰਸਿੱਧ ਕਾਰਟੂਨਿਸਟ ਓਸਾਮੂ ਤੇਜੁਕਾ ਨੇ ਬੱਚਿਆਂ ਲਈ ਜਿਹੜੇ ਕਾਰਟੂਨ ਪਾਤਰ ਸਿਰਜੇ ਹਨ, ਉਨ੍ਹਾਂ ਵਿਚੋਂ ਏਸਟਰੋ ਬੁਆਏ ਇਕ ਹੈ। ਖ਼ਤਰਿਆਂ ਨਾਲ ਜੂਝਣ ਵਾਲਾ ਇਹ ਕਾਰਟੂਨ ਪਾਤਰ ਵੇਖਣ ਵਿਚ ਇਕ ਮਾਸੂਮ ਖ਼ਰਗੋਸ਼ ਜਾਪਦਾ ਹੈ ਪਰ ਦੂਜੇ ਪਾਸੇ ਇਹ ਇਕ ਚੁਸਤ-ਫੁਰਤ ਮਨੁੱਖੀ ਬੱਚੇ ਵਾਂਗ ਜਾਪਦਾ ਹੈ। ਇਸ ਦੇ ਕੰਨ ਗੋਲ ਹਨ ਅਤੇ ਟੰਗਾਂ ਇਉਂ ਜਾਪਦੀਆਂ ਹਨ ਜਿਵੇਂ ਨਕਲੀ ਹੋਣ। ਇਹ ਖ਼ੂਬ ਦੌੜਦਾ ਹੈ। ਇਸ ਦੀਆਂ ਅੱਖਾਂ ਸਰਚ ਲਾਈਟ ਵਾਂਗ ਭੁਲੇਖਾ ਪਾਉਂਦੀਆਂ ਹਨ।
ਏਸਟਰੋ ਬੁਆਏ ਦੀ ਰਚਨਾ ਨਾਲ ਇਕ ਸਚਾਈ ਜੁੜੀ ਹੋਈ ਹੈ। ਜਦੋਂ ਇਸ ਪਾਤਰ ਦੇ ਰਚਣਹਾਰੇ ਦੇ ਲੜਕੇ ਟੋਬੀਓ ਦੀ ਛੋਟੀ ਉਮਰ ਵਿਚ ਹੀ ਮੌਤ ਹੋ ਗਈ ਤਾਂ ਉਸ ਦੀ ਯਾਦ ਵਿਚ ਉਸ ਨੇ ਆਪਣੇ ਲੜਕੇ ਦੀ ਹੀ ਸ਼ਕਲ ਵਾਲਾ ਇਕ ਕਾਰਟੂਨ ਪਾਤਰ ਘੜਿਆ। ਉਸ ਪਾਤਰ ਵਿਚ ਉਸ ਨੇ ਆਪਣੀ ਕਲਪਨਾ ਨਾਲ ਮਾਸੂਮੀਅਤ ਅਤੇ ਅਨੋਖੀ ਸ਼ਕਤੀ ਭਰ ਦਿੱਤੀ। 'ਤੇਤਸੁਵਨ ਐਟਮ' ਦੇ ਨਾਂਅ ਨਾਲ ਜਾਣੇ ਜਾਂਦੇ ਇਸ ਪਾਤਰ ਦੀ ਸਿਰਜਣਾ 1951 ਵਿਚ ਹੋਈ ਸੀ। ਇਸ ਨਾਲ ਸਬੰਧਤ ਕਾਮਿਕਸ ਪੱਟੀ ਪੰਜ ਹਜ਼ਾਰ ਪੰਨਿਆਂ ਉਪਰ ਲਿਖੀ ਗਈ ਹੈ। ਇਸ ਨਾਲ ਜੁੜੀਆਂ ਕਹਾਣੀਆਂ ਬੇਹੱਦ ਐਕਸ਼ਨ-ਭਰਪੂਰ ਅਤੇ ਦਿਲਚਸਪ ਹਨ। ਇਹ ਪਾਤਰ ਜਾਦੂਈ ਸ਼ਕਤੀਆਂ ਪਿੱਛੇ ਗਿਆਨ ਵਿਗਿਆਨ ਦੇ ਛੁਪੇ ਹੋਏ ਭੇਦ ਸਮਝਣ ਦੀ ਪ੍ਰੇਰਨਾ ਦਿੰਦਾ ਹੈ। ਸੱਚਾਈ ਅਤੇ ਨਿਆਂ ਵਿਚ ਇਸ ਦਾ ਅਟੁੱਟ ਵਿਸ਼ਵਾਸ ਹੈ। ਇਹ ਪਾਤਰ ਦੂਜੇ ਗ੍ਰਹਿਆਂ ਤੋਂ ਆਏ ਅਪਰਾਧੀਆਂ ਦੇ ਦੰਦ ਖੱਟੇ ਕਰਕੇ ਆਪਣੀ ਮਾਤ-ਭੂਮੀ, ਜੀਵ ਜੰਤੂਆਂ ਅਤੇ ਲੋਕਾਂ ਦੀ ਰੱਖਿਆ ਕਰਦਾ ਹੈ। ਬੱਚਿਆਂ ਦੇ ਇਸ ਚਹੇਤੇ ਕਾਰਟੂਨ ਪਾਤਰ ਦੀ ਕਾਰਟੂਨ ਪੱਟੀ ਲਗਾਤਾਰ 16 ਸਾਲਾਂ ਤਕ ਛਪਦੀ ਰਹੀ ਹੈ।

-ਮੋਬਾ: 98144-23703
email : dsaasht@yahoo.co.in

ਕੀ ਹੁੰਦੀ ਹੈ ਹੰਝੂ ਗੈਸ?

ਤੁਸੀਂ ਕਈ ਵਾਰ ਖ਼ਬਰਾਂ ਵਿਚ ਸੁਣਿਆ ਹੋਵੇਗਾ ਅਤੇ ਅਖ਼ਬਾਰਾਂ ਵਿਚ ਪੜ੍ਹਿਆ ਹੋਵੇਗਾ ਕਿ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਿਸ ਨੂੰ ਹੰਝੂ ਗੈਸ ਦੀ ਵਰਤੋਂ ਕਰਨੀ ਪਈ। ਤੁਹਾਡੇ ਮਨ ਵਿਚ ਇਹ ਖਿਆਲ ਤਾਂ ਆਉਂਦਾ ਹੋਵੇਗਾ ਕਿ ਇਸ ਗੈਸ ਵਿਚ ਅਜਿਹਾ ਕੀ ਹੁੰਦਾ ਹੈ, ਜਿਹਦੀ ਵਜ੍ਹਾ ਨਾਲ ਲੋਕਾਂ ਦੇ ਹੰਝੂ ਆਉਣ ਲਗਦੇ ਹਨ?
ਦਰਅਸਲ ਇਕੱਠੀ ਹੋਈ ਭੀੜ ਨੂੰ ਹਟਾਉਣ ਲਈ ਪੁਲਿਸ ਇਕ ਪ੍ਰਕਾਰ ਦੇ ਹੱਥ-ਗੋਲਿਆਂ ਦੀ ਵਰਤੋਂ ਕਰਦੀ ਹੈ, ਜਿਹਦੇ ਵਿਚ ਕੁਝ ਇਹੋ ਜਿਹੇ ਰਸਾਇਣਕ ਪਦਾਰਥ ਭਰੇ ਹੁੰਦੇ ਹਨ, ਜਿਹੜੇ ਕਿ ਹੱਥ-ਗੋਲਿਆਂ ਦੇ ਫਟਣ 'ਤੇ ਹੋਣ ਵਾਲੀ ਗਰਮੀ ਨਾਲ ਉਤੇਜਿਤ ਹੋ ਜਾਂਦੇ ਹਨ। ਇਸ ਪ੍ਰਕਿਰਿਆ ਵਿਚ ਧੂੰਏਂ ਵਿਚੋਂ ਇਹੋ ਜਿਹੀਆਂ ਤੇਜ਼ ਗੈਸਾਂ ਨਿਕਲਦੀਆਂ ਹਨ, ਜਿਹੜੀਆਂ ਸਾਡੀਆਂ ਅੱਖਾਂ 'ਤੇ ਸਿੱਧਾ ਅਸਰ ਕਰਦੀਆਂ ਹਨ।
ਨਿਕਲਣ ਵਾਲੀਆਂ ਗੈਸਾਂ ਨਾਲ ਅੱਖਾਂ ਵਿਚ ਤੇਜ਼ ਜਲਣ ਮਹਿਸੂਸ ਹੁੰਦੀ ਹੈ ਅਤੇ ਅੱਖਾਂ ਵਿਚ ਸਥਿਤ ਹੰਝੂ ਗ੍ਰੰਥੀਆਂ ਉਤੇਜਿਤ ਹੋ ਜਾਂਦੀਆਂ ਹਨ, ਜਿਹਦੇ ਨਾਲ ਅੱਖਾਂ 'ਚੋਂ ਹੰਝੂ ਨਿਕਲਣ ਲਗਦੇ ਹਨ, ਇਸ ਲਈ ਇਸ ਗੈਸ ਨੂੰ 'ਹੰਝੂ ਗੈਸ' ਕਹਿੰਦੇ ਹਨ।
ਹੰਝੂ ਗੈਸ ਲਈ ਵਰਤੇ ਜਾਣ ਵਾਲੇ ਹੱਥ-ਗੋਲਿਆਂ ਵਿਚ ਜ਼ਿਆਦਾਤਰ ਕਲੋਰੋਏਸਿਫਿਨੋਨ ਨਾਮਕ ਰਸਾਇਣ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਚ ਬ੍ਰੋਮੋਏਸੀਟੋਨ ਅਤੇ ਕਲੋਰੋਪਿਕਰੀਨ ਆਦਿ ਰਸਾਇਣਕ ਪਦਾਰਥਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਹੋ ਜਿਹਾ ਨਹੀਂ ਹੈ ਕਿ ਹੰਝੂ ਗੈਸ ਨਾਲ ਸਿਰਫ ਹੰਝੂ ਹੀ ਨਿਕਲਦੇ ਹੋਣ। ਇਸ ਦੇ ਲਈ ਹੋਰ ਹਾਨੀਕਾਰਕ ਪ੍ਰਭਾਵ ਵੀ ਹੁੰਦੇ ਹਨ, ਜਿਵੇਂ ਕਿ ਗਲ ਵਿਚ ਖਾਜ ਹੋਣਾ, ਚਮੜੀ ਵਿਚ ਜਲਣ ਅਤੇ ਖੁਸ਼ਕੀ ਹੋਣਾ ਆਦਿ। ਹੰਝੂ ਗੈਸ ਦੇ ਸੰਪਰਕ ਵਿਚ ਜ਼ਿਆਦਾ ਸਮੇਂ ਤੱਕ ਰਹਿਣ ਨਾਲ ਇਹ ਪ੍ਰਭਾਵ ਸਥਾਈ ਵੀ ਹੋ ਸਕਦੇ ਹਨ।

-ਨਿਰਮਲ ਪ੍ਰੇਮੀ,
ਪਿੰਡ ਰਾਮਗੜ੍ਹ, ਡਾਕ: ਫਿਲੌਰ (ਜਲੰਧਰ)-144410.
ਮੋਬਾ: 94631-61691

ਵਿਸ਼ਵ ਦਾ ਸਭ ਤੋਂ ਲੰਬਾ ਨਾਂਅ

ਕੀ ਤੁਸੀਂ ਦੱਸ ਸਕਦੇ ਹੋ ਕਿ ਹੁਣ ਤੱਕ ਵਿਸ਼ਵ ਭਰ ਵਿਚ ਸਭ ਤੋਂ ਲੰਬਾ ਨਾਂਅ ਕਿਸ ਵਿਅਕਤੀ ਦਾ ਰਿਹਾ ਹੈ ਅਤੇ ਉਹ ਨਾਂਅ ਕੀ ਸੀ? ਨਹੀਂ ਦੱਸ ਸਕਦੇ ਨਾ! ਤਾਂ ਅਸੀਂ ਤੁਹਾਨੂੰ ਦੱਸਦੇ ਹਾਂ। ਅੱਜ ਤੋਂ ਲਗਪਗ 285 ਸਾਲ ਪਹਿਲਾਂ ਮਾਹੀਕਾਂਠਾ ਨਾਮਕ ਸਥਾਨ ਦੇ ਰਾਜੇ ਦਾ ਨਾਂਅ ਵਿਸ਼ਵ ਦਾ ਸਭ ਤੋਂ ਲੰਬਾ ਨਾਂਅ ਰਿਹਾ ਹੈ। ਸੰਨ 1732 ਵਿਚ ਗੁਜਰਾਤ ਦੇ ਮਾਹੀਕਾਂਠਾ ਰਾਜ ਦਾ ਰਾਜਾ ਸੀ-'ਰਾਣਾ ਪੁਰਥੂ ਸਿੰਘ'। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦ ਵੀ ਉਸ ਰਾਜਾ ਦਾ ਨਾਂਅ ਲਿਖਿਆ ਅਤੇ ਬੋਲਿਆ ਜਾਂਦਾ ਸੀ ਤਾਂ ਉਸ ਦਾ ਨਾਂਅ ਲੈਣ ਲਈ 'ਰਾਜਾ ਧਿਰਾਜ ਰਾਣਾ ਜੀ ਸ੍ਰੀ ਪੁਰਥੂ ਸਿੰਘ ਜੀ ਮਹਾਰਾਜ' ਸ਼ਬਦ ਦੀ ਵਰਤੋਂ ਕੁੱਲ 108 ਵਾਰ ਕੀਤੀ ਜਾਂਦੀ ਸੀ ਅਤੇ ਜਦ ਕਦੇ ਇਸ ਰਾਜੇ ਨੇ ਕਿਸੇ ਸਰਕਾਰੀ ਕਾਗਜ਼ 'ਤੇ ਆਪਣੇ ਦਸਤਖਤ ਕਰਨੇ ਹੁੰਦੇ ਤਾਂ ਉਸ ਦਾ ਮੰਤਰੀ ਪਹਿਲਾਂ 107 ਵਾਰ ਇਹੋ ਸ਼ਬਦ ਉਸ ਕਾਗਜ਼ 'ਤੇ ਲਿਖਦਾ ਸੀ ਅਤੇ ਫਿਰ ਉਸ 'ਤੇ ਰਾਜੇ ਦੇ ਦਸਤਖਤ ਹੁੰਦੇ ਸੀ ਅਤੇ ਕਾਗਜ਼ 'ਤੇ ਰਾਜੇ ਦਾ ਨਾਂਅ 108 ਵਾਰ ਹੀ ਲਿਖਿਆ ਜਾਂਦਾ ਸੀ। ਇਸ ਤਰ੍ਹਾਂ ਵਿਸ਼ਵ ਭਰ ਦੇ ਇਤਿਹਾਸ ਵਿਚ ਅੱਜ ਤੱਕ ਕਿਸੇ ਵੀ ਰਾਜੇ ਜਾਂ ਕਿਸੇ ਹੋਰ ਵਿਅਕਤੀ ਦਾ ਇਹ ਸਭ ਤੋਂ ਲੰਬਾ ਨਾਂਅ ਹੈ।

-ਧਰਵਿੰਦਰ ਸਿੰਘ ਔਲਖ,
ਪਿੰਡ ਤੇ ਡਾਕ: ਕੋਹਾਲੀ (ਅੰਮ੍ਰਿਤਸਰ) ਮੋਬਾ: 98152-82283

ਬਾਲ ਨਾਵਲ-33: ਖੱਟੀਆਂ-ਮਿੱਠੀਆਂ ਗੋਲੀਆਂ

'ਜਿਊਂਦੇ ਰਹਿਣ ਤੇਰੇ ਵੀਰ ਜੀ। ਮੈਨੂੰ ਤਾਂ ਤੇਰਾ ਬੜਾ ਫਿਕਰ ਸੀ ਪਰ ਜਦੋਂ ਦੀ ਉਨ੍ਹਾਂ ਨੇ ਤੇਰੀ ਬਾਂਹ ਫੜੀ ਐ, ਮੇਰਾ ਤਾਂ ਫਿਕਰ ਅੱਧਾ ਰਹਿ ਗਿਆ ਏ', ਬੀਜੀ ਨੇ ਸਿਧਾਰਥ ਨੂੰ ਵੀ ਅਸੀਸਾਂ ਦਿੱਤੀਆਂ।
ਚੱਲ ਪੁੱਤਰ, ਹੁਣ ਤੂੰ ਕੁਝ ਖਾ-ਪੀ ਕੇ ਥੋੜ੍ਹਾ ਆਰਾਮ ਕਰ ਲੈ, ਸ਼ਾਮੀਂ ਫੇਰ ਤੂੰ ਪੜ੍ਹਨ ਜਾਣਾ ਹੋਵੇਗਾ।
ਇਹ ਕਹਿੰਦਿਆਂ ਬੀਜੀ ਰਸੋਈ ਵਿਚ ਚਲੇ ਗਏ।
ਸ਼ਾਮ ਨੂੰ ਹਰੀਸ਼ ਜਦੋਂ ਸਕੂਲ ਪਹੁੰਚਿਆ ਤਾਂ ਉਸ ਨੂੰ ਕੁਝ ਗਹਿਮਾ-ਗਹਿਮੀ ਜਿਹੀ ਨਜ਼ਰ ਆਈ। ਅੱਜ ਉਸ ਦੇ ਵੀਰ ਜੀ ਅਤੇ ਵੀਰਾ ਜੀ ਪਹਿਲਾਂ ਹੀ ਆਏ ਹੋਏ ਸਨ। ਵੀਰ ਜੀ ਦੀ ਪਤਨੀ ਮੇਘਾ ਵੀ ਆਈ ਹੋਈ ਸੀ। ਉਹ ਹਫਤੇ ਵਿਚ ਇਕ-ਦੋ ਵਾਰੀ ਲੜਕੀਆਂ ਅਤੇ ਵੱਡੀ ਉਮਰ ਦੀਆਂ ਔਰਤਾਂ ਨੂੰ ਆ ਕੇ ਪੜ੍ਹਾਉਂਦੀ ਸੀ ਪਰ ਅੱਜ ਉਹ ਵੀ ਪਹਿਲਾਂ ਆ ਕੇ ਦਫ਼ਤਰ ਵਿਚ ਬੈਠੀ ਸੀ। ਬੱਚੇ ਵੀ ਪਹਿਲਾਂ ਨਾਲੋਂ ਜ਼ਿਆਦਾ ਨਜ਼ਰ ਆ ਰਹੇ ਸਨ।
ਹਰੀਸ਼ ਨੇ ਆਪਣਾ ਸਾਈਕਲ ਸਟੈਂਡ 'ਤੇ ਲਗਾਇਆ ਤਾਂ ਵੀਰ ਜੀ, ਵੀਰਾ ਜੀ, ਮੇਘਾ ਅਤੇ ਇਕ-ਦੋ ਹੋਰ ਓਪਰੇ ਬੰਦੇ ਦਫ਼ਤਰ ਵਿਚੋਂ ਬਾਹਰ ਨਿਕਲ ਕੇ ਬਰਾਂਡੇ ਵਿਚ ਖਲੋ ਗਏ। ਸਿਧਾਰਥ ਨੇ ਆਵਾਜ਼ ਦੇ ਕੇ ਹਰੀਸ਼ ਨੂੰ ਆਪਣੇ ਕੋਲ ਬੁਲਾਇਆ। ਹਰੀਸ਼ ਬਰਾਂਡੇ ਵਿਚ ਸਾਰਿਆਂ ਨੂੰ ਇਕੱਠਿਆਂ ਖਲੋਤਾ ਦੇਖ ਕੇ ਥੋੜ੍ਹਾ ਹੈਰਾਨ ਹੋਇਆ। ਉਸ ਨੇ ਆਉਂਦਿਆਂ ਹੀ ਪਹਿਲਾਂ ਵੀਰ ਜੀ ਨੂੰ ਅਤੇ ਫਿਰ ਵਾਰੋ-ਵਾਰੀ ਸਾਰਿਆਂ ਨੂੰ ਝੁਕ ਕੇ ਪੈਰੀਂ ਪੈਣਾ ਕੀਤਾ। ਸਾਰਿਆਂ ਨੇ ਉਸ ਨੂੰ ਵਾਰੋ-ਵਾਰੀ ਪਿਆਰ ਅਤੇ ਅਸ਼ੀਰਵਾਦ ਦਿੱਤੀ ਅਤੇ ਦਫ਼ਤਰ ਵਿਚ ਨਾਲ ਹੀ ਲੈ ਗਏ।
ਦਫਤਰ ਵਿਚ ਵੀਰ ਜੀ ਨੇ ਲੱਡੂਆਂ ਦਾ ਡੱਬਾ ਲਿਆ ਕੇ ਰੱਖਿਆ ਸੀ, ਸਾਰਿਆਂ ਨੇ ਥੋੜ੍ਹਾ-ਥੋੜ੍ਹਾ ਲੱਡੂ ਹਰੀਸ਼ ਦੇ ਮੂੰਹ ਵਿਚ ਪਾਇਆ। ਵੀਰ ਜੀ ਨੇ ਤਾਂ ਉਸ ਦੇ ਮੂੰਹ ਵਿਚ ਪੂਰਾ ਲੱਡੂ ਹੀ ਪਾ ਦਿੱਤਾ। ਬਾਅਦ ਵਿਚ ਸਾਰਿਆਂ ਨੇ ਆਪ ਵੀ ਮੂੰਹ ਮਿੱਠਾ ਕੀਤਾ।
ਫਿਰ ਸਾਰੇ ਹਰੀਸ਼ ਨੂੰ ਲੈ ਕੇ ਕਲਾਸ ਵਾਲੇ ਪਾਸੇ ਚਲੇ ਗਏ। ਉਥੇ ਸਾਰੀਆਂ ਕਲਾਸਾਂ ਦੇ ਬੱਚੇ ਇਕੋ ਥਾਂ ਇਕੱਠੇ ਬੈਠੇ ਸਨ। ਹਰੀਸ਼ ਨੂੰ ਸਾਰੇ ਬੱਚਿਆਂ ਦੇ ਸਾਹਮਣੇ ਲਿਆਂਦਾ ਅਤੇ ਵੀਰ ਜੀ ਨੇ ਉਸ ਦੀ ਮਿਹਨਤ, ਲਗਨ ਅਤੇ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ 'ਤੇ ਆਉਣ ਬਾਰੇ ਦੱਸਿਆ। ਇਸ ਦੇ ਨਾਲ ਹੀ ਸਾਰੇ ਬੱਚਿਆਂ ਨੂੰ ਮਿਹਨਤ ਕਰਨ ਅਤੇ ਹਰੀਸ਼ ਤੋਂ ਪ੍ਰੇਰਨਾ ਲੈਣ ਲਈ ਵੀ ਕਿਹਾ। ਸਾਰੇ ਬੱਚਿਆਂ ਨੇ ਖ਼ੁਸ਼ ਹੋ ਕੇ ਜ਼ੋਰ-ਜ਼ੋਰ ਦੀ ਤਾੜੀਆਂ ਮਾਰੀਆਂ।
ਵੀਰ ਜੀ ਨੇ 3-4 ਵੱਡੇ ਲੜਕਿਆਂ ਨੂੰ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਗੋਲੀਆਂ ਅਤੇ ਟਾਫੀਆਂ ਦਿੱਤੀਆਂ ਕਿ ਸਾਰੇ ਬੱਚਿਆਂ ਨੂੰ ਦੋ-ਦੋ ਗੋਲੀਆਂ ਅਤੇ ਦੋ-ਦੋ ਟਾਫੀਆਂ ਵੰਡ ਦੇਣ। ਬੱਚੇ ਗੋਲੀਆਂ-ਟਾਫੀਆਂ ਲੈ ਕੇ ਹੋਰ ਖ਼ੁਸ਼ ਹੋ ਗਏ। ਹਰੀਸ਼ ਨੂੰ ਜਿਸ ਤਰ੍ਹਾਂ ਸਾਰਿਆਂ ਨੇ ਇੱਜ਼ਤ-ਮਾਣ ਦਿੱਤਾ, ਇਸ ਨਾਲ ਉਸ ਦੇ ਦਿਲ ਵਿਚ ਇਸ ਸਕੂਲ ਪ੍ਰਤੀ ਇੱਜ਼ਤ ਹੋਰ ਵੀ ਵਧ ਗਈ।
ਹਰੀਸ਼ ਦੇ ਇਸ ਮਾਣ-ਸਨਮਾਨ ਤੋਂ ਬਾਅਦ ਵੀਰ ਜੀ ਨੇ ਸਕੂਲ ਵਿਚ ਛੁੱਟੀ ਕਰ ਦਿੱਤੀ। ਬੱਚੇ ਰੌਲਾ ਪਾਉਂਦੇ, ਖ਼ੁਸ਼ੀ ਮਨਾਉਂਦੇ ਆਪਣੇ ਬਸਤੇ ਚੁੱਕ ਕੇ ਘਰਾਂ ਵੱਲ ਤੁਰ ਪਏ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਗੀਤ: ਆ ਗਈ ਸਰਦੀ

ਲੰਘ ਗਈ ਗਰਮੀ ਤੇ ਆ ਗਈ ਸਰਦੀ,
ਸਾਂਭ ਕੇ ਜੋ ਰੱਖੀ ਹੁਣ ਕੱਢੋ ਗਰਮ ਵਰਦੀ।
ਆਉਂਦੀ-ਜਾਂਦੀ ਸਰਦੀ ਕਰਦੀ ਹੈ ਮਾਰ,
ਬਚਣ ਲਈ ਸਰਦੀ ਤੋਂ ਰਹੀਏ ਤਿਆਰ।
ਲੱਗ ਜਾਵੇ ਠੰਢ ਤਾਂ ਬੜਾ ਤੰਗ ਕਰਦੀ,
ਲੰਘ ਗਈ ਗਰਮੀ....।
ਠੰਢ ਦੇ ਨਾਲ ਪਹਿਲਾਂ ਹੁੰਦਾ ਹੈ ਜੁਕਾਮ,
ਖੰਘ ਤੇ ਬੁਖਾਰ ਕਰਦੇ ਜੀਣਾ ਹਰਾਮ।
ਬੜਾ ਹੀ ਦਰਦ ਦਿੰਦੀ ਬੜੀ ਬੇਦਰਦੀ,
ਲੰਘ ਗਈ ਗਰਮੀ.......।
ਬੂਟ ਤੇ ਜੁਰਾਬਾਂ, ਪਾਈਏ ਗਰਮ ਕੱਪੜੇ,
ਗਰਮ ਪਾਣੀ ਪੀ ਕੇ ਸਦਾ ਰਹੀਏ ਤਕੜੇ।
ਬਜ਼ਾਰੂ ਚੀਜ਼ ਨਾ ਖਾਓ, ਖਾਓ ਬਸ ਘਰ ਦੀ,
ਲੰਘ ਗੀ ਗਰਮੀ........।
ਬੱਚਿਓ ਜੇ ਹੋਵੋਗੇ ਤੁਸੀਂ ਸਿਹਤਯਾਬ,
ਦੇਸ਼ ਸਾਡਾ ਹੋਵੇਗਾ ਤਾਂ ਹੀ ਕਾਮਯਾਬ।
ਤੰਦਰੁਸਤ ਕੌਮ ਹੀ ਤਰੱਕੀ ਸਦਾ ਕਰਦੀ,
ਲੰਘ ਗਈ ਗਰਮੀ.......।

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ)।
ਮੋਬਾ: 99159-95505

ਬਾਲ ਸਾਹਿਤ

ਕੀੜੀ ਅਤੇ ਤੁਫ਼ਾਨ
(ਰੂਸੀ ਅਤੇ ਹੋਰ ਵਿਦੇਸ਼ੀ ਬਾਲ ਕਹਾਣੀਆਂ)
ਅਨੁਵਾਦਕ : ਜੋਗਿੰਦਰ ਭਾਟੀਆ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 90 ਰੁਪਏ, ਪੰਨੇ : 62
ਸੰਪਰਕ : 99885-90956

'ਕੀੜੀ ਅਤੇ ਤੁਫ਼ਾਨ' ਬਾਲਾਂ ਲਈ ਰੂਸੀ ਅਤੇ ਹੋਰ ਵਿਦੇਸ਼ੀ 18 ਕਹਾਣੀਆਂ ਦਾ ਸੰਗ੍ਰਹਿ ਹੈ। ਬਿਨਾਂ ਸ਼ੱਕ ਅੱਜ ਬਾਲਾਂ ਲਈ ਵਧੀਆ ਸਾਹਿਤ ਦੀ ਲੋੜ ਬੇਹੱਦ ਭਾਸਦੀ ਹੈ ਤਾਂ ਜੋ ਉਹ ਪਿਛਲੇ ਸਮੇਂ ਵਿਚ ਵਾਪਰੀਆਂ ਗੱਲਾਂ ਨੂੰ ਪੜ੍ਹ ਸਕਣ। ਲੇਖਕ ਨੇ ਇਸੇ ਲੋੜ ਨੂੰ ਮੁੱਖ ਰੱਖ ਕੇ ਰੂਸੀ ਅਤੇ ਹੋਰ ਮੁਲਕਾਂ ਦੀਆਂ ਕਹਾਣੀਆਂ ਅਨੁਵਾਦ ਕਰਕੇ ਸੰਗ੍ਰਹਿ ਦੇ ਰੂਪ ਵਿਚ ਬੱਚਿਆਂ ਤਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਸਾਰੀਆਂ ਹੀ ਕਹਾਣੀਆਂ ਦੇ ਵਿਸ਼ੇ ਬੱਚਿਆਂ ਨੂੰ ਪਸੰਦ ਆਉਣ ਵਾਲੇ ਹਨ। ਲੇਖਕ ਵਲੋਂ ਕਹਾਣੀਆਂ ਬਿਆਨ ਕਰਨ ਦੀ ਸ਼ੈਲੀ ਬੇਹੱਦ ਆਸਾਨ ਅਤੇ ਸੁਆਦਲੀ ਹੈ। ਹਰ ਕਹਾਣੀ ਸਿੱਖਿਆਦਾਇਕ ਹੈ।
ਕਹਾਣੀ 'ਕੀੜੀ ਅਤੇ ਤੁਫ਼ਾਨ' ਵਿਚ ਲੇਖਕ ਨੇ ਇਕ ਕੀੜੀ ਦੀ ਦਲੇਰੀ ਅਤੇ ਹੌਸਲੇ ਨੂੰ ਬਿਆਨ ਕੀਤਾ ਹੈ ਜੋ ਬੱਚਿਆਂ ਲਈ ਬਹੁਤ ਵੱਡਾ ਸੁਨੇਹਾ ਦਿੰਦੀ ਹੋਈ ਦਲੇਰ ਬਣਨ ਦੀ ਸਿੱਖਿਆ ਦਿੰਦੀ ਹੈ। 'ਬਾਂਦਰ ਜੋ ਮਨੁੱਖ ਨਾ ਬਣਿਆ' ਨਾਂਅ ਦੀ ਰੂਸੀ ਕਹਾਣੀ ਵਿਚ ਬਾਂਦਰ ਜਿਸ ਦਾ ਹੌਸਲਾ ਤੇ ਵਿਸ਼ਵਾਸ ਪੈਦਾ ਕਰਨ ਦੀ ਗੱਲ ਹੈ। ਇਸੇ ਤਰ੍ਹਾਂ 'ਖਰਗੋਸ਼ ਜੋ ਸੱਚਮੁੱਚ ਹੁਸ਼ਿਆਰ ਸੀ' ਵਿਚ ਇਕ ਖਰਗੋਸ਼ ਆਪਣੇ ਦਿਮਾਗ਼ ਨਾਲ ਇਕ ਬਘਿਆੜ ਨੂੰ ਡਰਾ ਦਿੰਦਾ ਹੈ ਤੇ ਭੇਡਾਂ ਵਿਚ ਜੀਵਨ ਲਈ ਉਤਸ਼ਾਹ ਪੈਦਾ ਕਰਦਾ ਹੈ। ਸਾਰੀਆਂ ਹੀ ਕਹਾਣੀਆਂ ਨੰਨ੍ਹੇ-ਮੁੰਨੇ ਬੱਚਿਆਂ ਨੂੰ ਜ਼ਰੂਰ ਪਸੰਦ ਆਉਣਗੀਆਂ। ਲੇਖਕ ਵਲੋਂ ਬਾਲਾਂ ਲਈ ਲਿਖਿਆ ਇਹ ਸੰਗ੍ਰਹਿ ਇਕ ਨਿਵੇਕਲਾ ਉਪਰਾਲਾ ਹੈ, ਜਿਸ ਨੂੰ ਬੱਚੇ ਜ਼ਰੂਰ ਪਸੰਦ ਕਰਨਗੇ। ਇਸ ਪੁਸਤਕ ਲਈ ਭਾਟੀਆ ਸਾਹਿਬ ਵਧਾਈ ਦੇ ਹੱਕਦਾਰ ਹਨ।

-ਹਰਜਿੰਦਰ ਸਿੰਘ
ਮੋਬਾਈਲ : 98726-60161

ਰੁੱਖ ਲਗਾਓ

ਸੁਣ ਲਓ ਮੇਰੇ ਪਿਆਰੇ ਬੱਚਿਓ,
ਗੱਲ ਇਹ ਮੇਰੀ ਯਾਦ ਰੱਖਿਓ।
ਜਨਮ ਦਿਨ ਜਦ ਤੁਸੀਂ ਮਨਾਉਣਾ,
ਹਰ ਇਕ ਨੇ ਇਕ ਬੂਟਾ ਲਾਉਣਾ।
ਹਰ ਰੋਜ਼ ਉਸ ਨੂੰ ਪਾਣੀ ਪਾਓ,
ਅਵਾਰਾ ਪਸ਼ੂਆਂ ਤੋਂ ਬਚਾਓ।
ਵੱਡਾ ਹੋ ਜਦੋਂ ਬਣ ਜਾਊ ਰੁੱਖ,
ਫੇਰ ਨੇ ਇਹਦੇ ਸੁੱਖ ਹੀ ਸੁੱਖ।
ਉਦੋਂ ਦੇਊ ਇਹ ਠੰਢੀਆਂ ਛਾਵਾਂ,
ਜਿਵੇਂ ਦਾਦੀ ਮਾਂ ਦੀਆਂ ਦੁਆਵਾਂ।
ਗਰਮੀ ਤੋਂ ਇਹ ਨਜਾਤ ਦਿਵਾਊ,
ਵਾਤਾਵਰਨ ਸੁੰਦਰ-ਸਾਫ਼ ਬਣਾਊ।
ਬੱਚਿਓ, ਅੱਜ ਤੋਂ ਇਰਾਦਾ ਬਣਾਓ,
ਜਨਮ ਦਿਨ 'ਤੇ ਰੁੱਖ ਲਗਾਓ।

-ਪਿਆਰਾ ਸਿੰਘ,
ਨਕੋਦਰ। ਮੋਬਾ: 99148-33670

ਬੁਝਾਰਤਾਂ

1. ਘੋੜੇ ਦੀ ਇਕ ਪਾਸੇ ਦੀ ਅਗਲੀ ਲੱਤ ਨਾਲ ਤੇ ਇਕ ਪਾਸੇ ਦੀ ਪਿਛਲੀ ਲੱਤ ਨਾਲ ਬੰਨ੍ਹੇ ਰੱਸੇ ਨੂੰ ਕੀ ਕਹਿੰਦੇ ਹਨ?
2. ਜਿਥੇ ਮੀਂਹ ਦਾ ਪਾਣੀ ਇਕੱਠਾ ਹੋਵੇ ਤੇ ਸਾਰਾ ਸਾਲ ਖੜ੍ਹਾ ਰਹੇ, ਉਸ ਥਾਂ ਨੂੰ ਕੀ ਕਹਿੰਦੇ ਹਨ?
3. ਪਿੱਤਲ ਦੇ ਘੜੇ ਦੀ ਸ਼ਕਲ ਦੇ ਬਰਤਨ ਨੂੰ ਕੀ ਕਹਿੰਦੇ ਹਨ?
4. ਲੰਮੇ ਤੇ ਮੋਟੇ ਰੱਸੇ ਨੂੰ ਕੀ ਕਹਿੰਦੇ ਹਨ?
5. ਬੰਦ ਗਲੇ ਦੇ ਲੰਮੇ ਕੋਟ ਨੂੰ ਕੀ ਕਹਿੰਦੇ ਹਨ?
6. ਛੱਤ ਦੇ ਹੇਠ ਬਣੀ ਛੋਟੀ ਛੱਤ, ਜਿਸ ਉੱਪਰ ਸਮਾਨ ਰੱਖਿਆ ਜਾਂਦਾ ਹੈ, ਨੂੰ ਕੀ ਕਹਿੰਦੇ ਹਨ?
7. ਲੋਹੇ ਦੀ ਚਾਦਰ ਦੇ ਬਣੇ ਬਕਸੇ ਨੂੰ ਕੀ ਕਹਿੰਦੇ ਹਨ?
8. ਡੱਗੀ ਕਿਸ ਨੂੰ ਕਹਿੰਦੇ ਹਨ?
ਉੱਤਰ : (1) ਪੈਂਖੜ, (2) ਟੋਭਾ, (3) ਗਾਗਰ, (4) ਲੱਜ, (5) ਅਚਕਨ, (6) ਪਰਛੱਤੀ, (7) ਟਰੰਕ, (8) ਗਠੜੀ ਨੂੰ।

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ (ਲੁਧਿਆਣਾ)। ਮੋਬਾ: 98763-22677

ਬਾਲ-ਕਹਾਣੀ: ਚੂਰੀ

ਬੱਚਿਓ, ਤੋਤਾ ਰਾਮ ਨਾਂਅ ਦੇ ਇਕ ਵਿਅਕਤੀ ਨੇ ਇਕ ਆਜ਼ਾਦ ਤੋਤੇ ਪੰਛੀ ਨੂੰ ਪਿਛਲੇ ਦੋ-ਤਿੰਨ ਸਾਲਾਂ ਤੋਂ ਆਪਣੇ ਘਰ ਇਕ ਪਿੰਜਰੇ 'ਚ ਕੈਦ ਕਰਕੇ ਰੱਖਿਆ ਹੋਇਆ ਸੀ। ਪਿੰਜਰੇ ਦੀਆਂ ਜ਼ੰਜੀਰਾਂ 'ਚ ਫਸਿਆ ਤੋਤਾ ਆਪਣੀ ਪੰਛੀ ਬੋਲੀ ਦੇ ਨਾਲ-ਨਾਲ ਮਜਬੂਰ ਹੋ ਕੇ ਇਨਸਾਨੀ ਪੰਜਾਬੀ ਬੋਲੀ ਵੀ ਬੋਲਣ ਲੱਗ ਪਿਆ ਸੀ। ਉਸ ਦੇ ਮਾਲਕ ਨੇ ਉਸ ਦਾ ਨਾਂਅ ਮਿੱਠੂ ਰਾਮ ਰੱਖਿਆ ਹੋਇਆ ਸੀ। ਇਕ ਦਿਨ ਅਚਾਨਕ ਹੋਏ ਸੜਕ ਹਾਦਸੇ 'ਚ ਤੋਤਾ ਰਾਮ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਬਾਕੀ ਸਰੀਰ ਤੋਂ ਇਲਾਵਾ ਤੋਤਾ ਰਾਮ ਦਾ ਜੁਬਾੜਾ ਵੀ ਬੁਰੀ ਤਰ੍ਹਾਂ ਹਿੱਲ ਗਿਆ ਹੋਣ ਕਰਕੇ ਡਾਕਟਰਾਂ ਨੇ ਉਸ ਦੇ ਦੰਦਾਂ 'ਚ ਤਾਰ ਪਾ ਦਿੱਤੀ ਸੀ। ਉਸ ਵਿਅਕਤੀ ਦੇ ਤਿੰਨ ਪੁੱਤਰ ਸਨ ਅਤੇ ਤਿੰਨੋਂ ਹੀ ਸ਼ਹਿਰ ਰਹਿੰਦੇ ਸਨ। ਡਾਕਟਰੀ ਇਲਾਜ ਉਪਰੰਤ ਹਸਪਤਾਲੋਂ ਛੁੱਟੀ ਮਿਲਣ 'ਤੇ ਉਸ ਦੇ ਪੁੱਤਰਾਂ ਨੇ ਆਪਣੇ ਬਾਪ ਨੂੰ ਪਿੰਡ ਵਾਲੇ ਘਰ ਹੀ ਭੇਜ ਦਿੱਤਾ ਸੀ ਅਤੇ ਉਸ ਦੀ ਸਾਂਭ-ਸੰਭਾਲ ਕਰਨ ਲਈ ਇਕ ਨੌਕਰ ਛੱਡ ਗਏ ਸਨ।
ਹੁਣ ਜਿਉਂ ਹੀ ਜ਼ਖਮੀ ਤੋਤਾ ਰਾਮ ਕੁਝ ਖਾਣ-ਪੀਣ ਲਈ ਤਮੰਨਾ ਕਰਦਾ ਸੀ ਤਾਂ ਉਸ ਦਾ ਨੌਕਰ ਉਸ ਨੂੰ ਹਲਕੀ-ਫੁਲਕੀ ਚੀਜ਼ ਦਲੀਆ-ਖਿਚੜੀ ਜਾਂ ਦੁੱਧ 'ਚ ਬਰਿੱਡ ਚੂਰੀ ਕੁੱਟ ਕੇ ਖਾਣ ਨੂੰ ਦੇ ਦਿਆ ਕਰਦਾ ਸੀ, ਜੋ ਦੁਖਦੇ ਜੁਬਾੜੇ ਕਾਰਨ ਤੋਤਾ ਰਾਮ ਖਾਣ ਲਈ ਬਹੁਤ ਤੰਗ-ਪ੍ਰੇਸ਼ਾਨ ਹੁੰਦਾ ਸੀ ਅਤੇ ਜਦੋਂ ਤੋਤਾ ਰਾਮ ਦਾ ਨੌਕਰ ਉਸ ਨੂੰ ਕੁਝ ਖਾਣ-ਪੀਣ ਲਈ ਪੁੱਛਿਆ ਕਰਦਾ ਸੀ ਤਾਂ ਮਿੱਠੂ ਵੀ ਨੌਕਰ ਦੇ ਪਿੱਛੇ-ਪਿੱਛੇ ਆਪਣੇ ਮਾਲਕ ਨੂੰ ਪੁੱਛਣ ਲੱਗ ਪੈਂਦਾ ਸੀ ਕਿ 'ਤੋਤਾ ਰਾਮ ਚੂਰੀ ਖਾਣੀਂ ਐ...? ਤੋਤਾ ਰਾਮ ਚੂਰੀ ਖਾਣੀਂ ਐ...?'
ਜ਼ਖਮੀ ਤੋਤਾ ਰਾਮ ਨੂੰ ਮਿੱਠੂ ਦੀ ਬੋਲੀ ਤੋਂ ਖਿਝ ਚੜ੍ਹਨ ਲੱਗ ਪੈਂਦੀ ਸੀ ਤੇ ਜਦੋਂ ਉਹ ਖਫ਼ਾ ਹੋ ਕੇ ਮਿੱਠੂ ਨੂੰ ਘੂਰਦਾ ਹੁੰਦਾ ਸੀ ਤਾਂ ਮਿੱਠੂ ਅੱਗੋਂ ਕਿਹਾ ਕਰਦਾ ਸੀ ਕਿ ਐ ਮੇਰੇ ਮਾਲਕ, ਤੂੰ ਮੈਨੂੰ ਮੇਰੇ ਮਾਪਿਆਂ ਦੇ ਪਿਆਰ ਨਾਲੋਂ ਤੋੜ ਕੇ ਲੋਹੇ ਦੀਆਂ ਸਲਾਖਾਂ 'ਚ ਕੈਦ ਕਰ ਰੱਖਿਆ ਐ, ਅੰਬਰਾਂ 'ਚ ਪ੍ਰਵਾਜ਼ ਭਰਨ ਵਾਲੇ ਖੰਭਾਂ ਪੱਖੋਂ ਵੀ ਮੈਨੂੰ ਅਪੰਗ ਕਰਕੇ ਮੈਨੂੰ ਆਪਣੀ ਬੋਲੀ ਬੋਲਣ ਲਈ ਮਜਬੂਰ ਕੀਤਾ ਹੋਇਆ ਐ, ਜਿੱਥੇ ਮੈਂ ਰਹਿੰਦਾ ਹਾਂ ਉਹ ਮੇਰਾ ਰੈਣ-ਬਸੇਰਾ ਵੀ ਐ ਤੇ ਮਲ-ਮੂਤਰ ਖਾਨਾ ਵੀ ਐ। ਮਾਲਕ ਤੂੰ ਮੈਨੂੰ ਹਮੇਸ਼ਾ ਪੁੱਛਦੈਂ ਕਿ ਮਿੱਠੂ ਰਾਮ ਚੂਰੀ ਖਾਣੀ ਐ...? ਪਰ ਮੈਂ ਤੇਰੀ ਕਿਸੇ ਵੀ ਗੱਲ ਦਾ ਕਦੇ ਬੁਰਾ ਨਹੀਂ ਮਨਾਇਆ। ਹੁਣ ਮੈਂ ਤੈਨੂੰ ਤੇਰੀ ਹੀ ਬੋਲੀ ਬੋਲ ਕੇ ਤੇਰੇ ਕੋਲੋਂ ਇਹੀ ਪੁੱਛਦਾ ਹਾਂ ਕਿ ਤੋਤਾ ਰਾਮ ਚੂਰੀ ਖਾਣੀ ਐਂ? ਇਹਦੇ ਵਿਚ ਭਲਾ ਕੋਈ ਗੁੱਸਾ ਕਰਨ ਵਾਲਾ ਕਿਹੜਾ ਮਾੜਾ ਸ਼ਬਦ ਹੈ? ਨਾਲੇ ਤੇਰਾ ਅਸਲੀ ਨਾਂਅ ਤੋਤਾ ਰਾਮ ਹੀ ਹੈ ਤੇ ਤੂੰ ਮੇਰਾ ਐਵੇਂ ਖਾਹ-ਮਖਾਹ ਹੀ ਬੇਢੰਗ ਜਿਹਾ ਮਿੱਠੂ ਰਾਮ ਨਾਂਅ ਰੱਖ ਛੱਡਿਆ ਐ। ਹੁਣ ਤੈਨੂੰ ਤੇਰੇ ਕੀਤੇ ਹੋਏ ਗੁਨਾਹਾਂ ਦਾ ਕੁਝ ਫਲ ਮਿਲਿਆ ਹੈ। ਜੇ ਤੂੰ ਅਜੇ ਵੀ ਨਾ ਸਮਝਿਆ ਤਾਂ ਹੋ ਸਕਦੈ ਕਿ ਤੈਨੂੰ ਬਾਕੀ ਰਹਿੰਦੀ ਜ਼ਿੰਦਗੀ 'ਚ ਇਸ ਤੋਂ ਵੀ ਕੋਈ ਹੋਰ ਵੱਡਾ ਡੰਨ ਭਰਨਾ ਪਵੇ।
ਬੱਚਿਓ, ਤੋਤੇ ਪੰਛੀ ਦੀ ਅਸਲੀ ਸਚਿਆਈ ਸੁਣ ਕੇ ਹੁਣ ਤੋਤਾ ਰਾਮ ਦਾ ਤਨ-ਮਨ ਅੰਦਰੋਂ ਬੁਰੀ ਤਰ੍ਹਾਂ ਹਿੱਲ ਗਿਆ। ਉਸ ਤੋਂ ਜ਼ਿਆਦਾ ਕੁਝ ਸਹਿਣ ਨਾ ਹੋਇਆ ਤੇ ਉਸ ਨੇ ਮਿੱਠੂ ਰਾਮ (ਪੰਛੀ ਤੋਤੇ) ਦੇ ਪਿੰਜਰੇ ਦਾ ਬੂਹਾ ਖੋਲ੍ਹ ਦਿੱਤਾ ਸੀ। ਉਪਰੰਤ ਤੋਤਾ ਪੰਛੀ ਫੁਰਰ ਕਰਕੇ ਉੱਡਦਾ ਹੋਇਆ ਆਪਣੇ ਪਰਿਵਾਰ ਕੋਲ ਜਾ ਪੁੱਜਾ।

-ਡਾ: ਸਾਧੂ ਰਾਮ ਲੰਗੇਆਣਾ
ਪਿੰਡ: ਲੰਗੇਆਣਾ ਕਲਾਂ (ਮੋਗਾ)।
ਮੋਬਾ: 98781-17285

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ ਆਰਚੀ

ਬੱਚਿਓ, ਅਸੀਂ ਜਾਣਦੇ ਹਾਂ ਕਿ ਵੱਖ-ਵੱਖ ਟੀ. ਵੀ. ਚੈਨਲਾਂ 'ਤੇ ਪਿਛਲੇ ਲੰਮੇ ਸਮੇਂ ਤੋਂ ਚਲਦੇ ਆ ਰਹੇ ਕਾਰਟੂਨ ਸੀਰੀਅਲਾਂ ਨਾਲ ਤੁਹਾਡਾ ਵਿਸ਼ੇਸ਼ ਲਗਾਓ ਹੈ ਅਤੇ ਉਨ੍ਹਾਂ ਦੇ ਪਾਤਰਾਂ ਦੇ ਨਾਵਾਂ ਅਤੇ ਉਨ੍ਹਾਂ ਦੇ ਕਾਰਨਾਮਿਆਂ ਬਾਰੇ ਤੁਸੀਂ ਵਿਸ਼ੇਸ਼ ਤੌਰ 'ਤੇ ਚਰਚਾ ਵੀ ਕਰਦੇ ਰਹਿੰਦੇ ਹੋ। ਤੁਹਾਡੀ ਇਸ ਦਿਲਚਸਪੀ ਨੂੰ ਮੁੱਖ ਰੱਖ ਕੇ ਵੱਖ-ਵੱਖ ਕਾਰਟੂਨ ਸੀਰੀਅਲਾਂ ਦੇ ਕੁਝ ਪ੍ਰਸਿੱਧ ਪਾਤਰਾਂ ਨਾਲ ਤੁਹਾਡੀ ਵਿਸ਼ੇਸ਼ ਤੌਰ 'ਤੇ ਸਾਂਝ ਪੁਆਉਣ ਲਈ ਅਸੀਂ ਪ੍ਰਸਿੱਧ ਬਾਲ ਸਾਹਿਤਕਾਰ ਡਾ: ਦਰਸ਼ਨ ਸਿੰਘ ਆਸ਼ਟ ਦੀ ਇਕ ਦਿਲਚਸਪ ਲੇਖ-ਲੜੀ ਇਨ੍ਹਾਂ ਕਾਲਮਾਂ ਵਿਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਅੱਜ ਪੇਸ਼ ਹੈ ਕਾਰਟੂਨ ਪਾਤਰ 'ਆਰਚੀ' ਬਾਰੇ ਰੌਚਿਕ ਜਾਣਕਾਰੀ। -ਸੰਪਾਦਕ
ਕਾਰਟੂਨ-ਚਰਿੱਤਰ ਆਰਚੀ ਦੀ ਗਿਣਤੀ ਦੁਨੀਆ ਦੇ ਪ੍ਰਸਿੱਧ ਚਰਿੱਤਰਾਂ ਵਿਚ ਹੁੰਦੀ ਹੈ। ਇਹ ਅਮਰੀਕਨ ਚਰਿੱਤਰ ਹੈ, ਜੋ ਪਹਿਲੀ ਵਾਰੀ ਦਸੰਬਰ, 1941 ਵਿਚ ਕਾਮਿਕਸ ਦੇ ਰੂਪ ਵਿਚ ਵਿਖਾਈ ਦਿੱਤਾ ਸੀ। ਇਸ ਨੂੰ ਇਕ ਪ੍ਰਕਾਸ਼ਕ ਜੌਹਨ ਐਲ ਗੋਲਡਵਾਟਰ ਅਤੇ ਆਰਟਿਸਟ ਬਾਬ ਮੋਨਟਾਨਾ ਨੇ ਇਕ ਲਿਖਾਰੀ ਵਿਕਬਲੂਮ ਦੀ ਸਹਾਇਤਾ ਨਾਲ ਬਣਾਇਆ ਸੀ। ਮੈਰੀ ਅਤੇ ਫਰੈਡ ਦਾ ਇਹ ਲੜਕਾ ਰਿਵਡੇਲ ਵਿਚ ਰਹਿੰਦਾ ਹੈ ਅਤੇ ਉਥੋਂ ਦੇ ਹਾਈ ਸਕੂਲ ਦਾ ਵਿਦਿਆਰਥੀ ਹੈ। ਟੀ-ਸ਼ਰਟ ਪਹਿਨਣ ਵਾਲਾ ਇਹ ਪਾਤਰ ਬੜਾ ਚੁਸਤ-ਫੁਰਤ ਹੈ। ਇਹ ਮੁਸਕਰਾਉਂਦਾ ਰਹਿਣ ਵਾਲਾ ਪਾਤਰ ਹੈ, ਜੋ ਸੰਕਟਾਂ ਦਾ ਵੀ ਸਾਹਮਣਾ ਕਰਦਾ ਹੋਇਆ ਆਪਣੇ ਮਕਸਦ ਵਿਚ ਕਾਮਯਾਬ ਹੁੰਦਾ ਹੈ। ਹਜ਼ਾਰਾਂ ਚਹੇਤੇ ਬੱਚਿਆਂ ਦੀਆਂ ਬੁਨੈਣਾਂ ਉੱਪਰ ਆਰਚੀ ਦੇ ਚਿੱਤਰ ਵੇਖੇ ਜਾ ਸਕਦੇ ਹਨ। ਪਹਿਲਾਂ ਇਹ ਕਾਰਟੂਨ ਚਰਿੱਤਰ ਕਾਮਿਕਸ ਪੱਟੀਆਂ ਦੇ ਰੂਪ ਵਿਚ ਛਪਦਾ ਸੀ ਪਰ ਬਾਅਦ ਵਿਚ ਇਸ ਉੱਪਰ ਫ਼ਿਲਮਾਂ ਅਤੇ ਐਨੀਮੇਸ਼ਨਜ਼ ਵੀ ਬਣਨ ਲੱਗੀਆਂ। ਉਸ ਉੱਪਰ ਬਣੀਆਂ ਕੁਝ ਪ੍ਰਸਿੱਧ ਫ਼ਿਲਮਾਂ ਵਿਚੋਂ 'ਦਿ ਆਰਚੀਜ਼ ਇਨ ਜਗਮੈਨ' ਇਕ ਹੈ। ਉਸ ਉੱਪਰ ਬਣੀ ਮੋਬਾਈਲ ਗੇਮ 'ਕਰੌਸੀ ਰੋਡ' ਵੀ ਬੱਚਿਆਂ ਵਿਚ ਕਾਫੀ ਹਰਮਨ ਪਿਆਰੀ ਹੋਈ। ਵੱਖ-ਵੱਖ ਕਾਰਟੂਨ ਫ਼ਿਲਮਾਂ ਵਿਚ ਚਾਰਲਸ ਮੂਲਨ, ਜੈਕ ਗਰਿਮਜ਼, ਬਾਬ ਹੇਸਟਿੰਗਜ਼ ਆਦਿ ਕਲਾਕਾਰਾਂ ਨੇ ਆਵਾਜ਼ ਦਿੱਤੀ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ:),
ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਮੋਬਾ: 98144-23703

ਆਧੁਨਿਕ ਅਤੇ ਉਪਯੋਗੀ ਤਕਨੀਕ ਵੀਡੀਓ ਕਾਨਫ਼ਰੰਸਿੰਗ

ਪਿਆਰੇ ਸਾਥੀਓ, ਜਦ ਤੁਸੀਂ ਅਖ਼ਬਾਰ, ਟੀ. ਵੀ., ਰੇਡੀਓ ਜਾਂ ਕਿਸੇ ਹੋਰ ਮਾਧਿਅਮ ਵਿਚ ਵੀਡੀਓ ਕਾਨਫ਼ਰੰਸਿੰਗ ਬਾਰੇ ਪੜ੍ਹਦੇ, ਸੁਣਦੇ, ਦੇਖਦੇ ਹੋ ਤਾਂ ਤੁਹਾਡੇ ਬਾਲ ਮਨਾਂ 'ਚੋਂ ਇਸ ਤਕਨੀਕ ਸਬੰਧੀ ਜਾਨਣ ਲਈ ਕਈ ਸਵਾਲ ਉਪਜਦੇ ਹੋਣਗੇ ਅਤੇ ਆਓ ਅਸੀਂ ਇਸ ਸਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਬੱਚਿਓ! ਵੀਡੀਓ ਕਾਨਫ਼ਰੰਸਿੰਗ ਆਧੁਨਿਕ ਸੰਚਾਰ ਤਕਨੀਕ ਵਿਚ ਅਜਿਹੀ ਨਵੀਂ ਕ੍ਰਾਂਤੀ ਹੈ, ਜਿਸ ਰਾਹੀਂ ਦੋ ਜਾਂ ਵੱਧ ਸਥਾਨਾਂ ਅਤੇ ਦੂਰ ਬੈਠੇ ਵਿਅਕਤੀ ਇਕੋ ਸਮੇਂ ਆਡੀਓ-ਵੀਡੀਓ ਰਾਹੀਂ ਜੁੜ ਆਪਸ 'ਚ ਗੱਲਬਾਤ ਕਰ ਸਕਦੇ ਹਨ। ਇਸ ਲਈ ਵੀਡੀਓ ਕੈਮਰਾ ਜਾਂ ਵੈੱਬ ਕੈਮ, ਕੰਪਿਊਟਰ ਮਨੀਟਰ, ਟੀ. ਵੀ. ਪ੍ਰਾਜੈਕਟਰ, ਮਾਈਕ੍ਰੋਫੋਨ, ਲਾਊਡ ਸਪੀਕਰ ਅਤੇ ਇੰਟਰਨੈੱਟ ਦੀ ਲੋੜ ਹੁੰਦੀ ਹੈ। ਏ. ਟੀ. ਐਂਡ ਟੀ. ਕੰਪਨੀ ਵਲੋਂ ਇਸ ਤਕਨੀਕ ਨੂੰ 1960 ਵਿਚ ਚਾਲੂ ਕੀਤਾ ਗਿਆ ਅਤੇ 1964 ਵਿਚ ਇਸ ਕੰਪਨੀ ਵਲੋਂ ਨਿਊਯਾਰਕ ਵਿਸ਼ਵ ਮੇਲੇ ਸਮੇਂ ਵੀਡੀਓ ਕਾਨਫ਼ਰੰਸਿੰਗ ਦਾ ਸਰਵਜਨਕ ਪ੍ਰਦਰਸ਼ਨ ਕੀਤਾ ਗਿਆ ਸੀ।
ਇਸ ਤਕਨੀਕ ਦੇ ਈਜ਼ਾਦ ਹੋਣ ਨਾਲ ਜਿਥੇ ਸਾਨੂੰ ਸੰਚਾਰ ਮਲਟੀ ਮੀਡੀਆ ਵਿਚ ਅਨੇਕਾਂ ਸਹੂਲਤਾਂ ਮਿਲੀਆਂ, ਉਥੇ ਹੀ ਨਵੀਂ ਪੀੜ੍ਹੀ ਅਤੇ ਲੋਕਾਂ ਲਈ ਤਰੱਕੀ ਦੇ ਅਨੇਕਾਂ ਰਸਤੇ ਵੀ ਖੁੱਲ੍ਹੇ ਹਨ। ਅਜੋਕੇ ਭੱਜ-ਨੱਠ ਦੇ ਸਮੇਂ ਦੌਰਾਨ ਇਹ ਤਕਨੀਕ ਸ਼ੇਅਰ ਮਾਰਕੀਟ, ਵਿਸ਼ਾਲ ਸਭਾਵਾਂ, ਬੈਠਕਾਂ ਅਤੇ ਹੋਰ ਕਈ ਖੇਤਰਾਂ ਲਈ ਕਾਫੀ ਲਾਭਕਾਰੀ ਸਿੱਧ ਹੋਈ ਹੈ। ਵਿੱਦਿਅਕ ਖੇਤਰ ਵਿਚ ਵੀਡੀਓ ਕਾਨਫ਼ਰੰਸਿੰਗ ਦੁਆਰਾ ਅਧਿਆਪਕ ਅਤੇ ਵਿਦਿਆਰਥੀ, ਭਾਵੇਂ ਉਹ ਇਕ-ਦੂਜੇ ਤੋਂ ਸੈਂਕੜੇ-ਹਜ਼ਾਰਾਂ ਮੀਲ ਹੀ ਦੂਰ ਬੈਠੇ ਹੋਣ, ਉਹ ਆਹਮੋ-ਸਾਹਮਣੇ ਤੋਂ ਡਾਟਾ ਇਧਰੋਂ-ਉਧਰ ਭੇਜ, ਕਿਸੇ ਵੀ ਵਿਸ਼ੇ 'ਤੇ ਸੌਖਿਆਂ ਹੀ ਗੱਲਬਾਤ ਕਰ ਸਕਦੇ ਹਨ। ਦੂਰ ਬੈਠੇ ਮਰੀਜ਼ ਜਾਂ ਲੋਕ ਡਾਕਟਰ, ਨਰਸ ਨੂੰ ਆਪਣੀ ਬਿਮਾਰੀ ਬਾਰੇ ਦੱਸ ਦਵਾਈ-ਇਲਾਜ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ।
ਕਈ ਦੇਸ਼ੀ-ਵਿਦੇਸ਼ੀ ਕੰਪਨੀਆਂ ਵਲੋਂ ਆਪਣੇ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਇਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਮੰਨੀਆਂ-ਪ੍ਰਮੰਨੀਆਂ ਵਿੱਦਿਅਕ ਯੂਨੀਵਰਸਿਟੀਆਂ, ਅਦਾਰਿਆਂ ਵਲੋਂ ਆਧੁਨਿਕ ਸਿੱਖਿਆ ਦੀ ਲੋੜ ਪੂਰਤੀ ਲਈ ਇਸ ਤਕਨੀਕ ਨੂੰ ਅਪਣਾਇਆ ਗਿਆ ਹੈ। ਭਾਰਤ ਸਮੇਤ ਕਈ ਦੇਸ਼ਾਂ ਦੀਆਂ ਸਰਕਾਰੀ ਮੀਟਿੰਗਾਂ, ਪ੍ਰੋਗਰਾਮਾਂ ਸਬੰਧੀ ਦਿਸ਼ਾ-ਨਿਰਦੇਸ਼ ਵੀ ਇਸ ਤਕਨੀਕ ਨਾਲ ਭੇਜੇ ਜਾ ਰਹੇ ਹਨ।
ਹੋਰ ਤਾਂ ਹੋਰ, ਅਦਾਲਤਾਂ 'ਚ ਖ਼ਤਰਨਾਕ ਕਿਸਮ ਦੇ ਅਪਰਾਧੀਆਂ, ਉਨ੍ਹਾਂ ਦੇ ਕੇਸਾਂ ਦੀ ਪੈਰਵਈ, ਵਿਦੇਸ਼ ਬੈਠੇ ਲੋਕਾਂ ਦੀ ਗਵਾਹੀ, ਬਿਆਨ ਆਦਿ ਵੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋ ਰਹੇ ਹਨ। ਕੈਦੀ ਜੇਲ੍ਹ 'ਚ ਬੈਠੇ ਹੀ ਸਮੁੱਚੀ ਕਾਰਵਾਈ ਦੇਖ, ਸੁਣ, ਜੱਜ ਜਾਂ ਵਕੀਲ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਰਜ ਕਰਵਾ ਸਕਦੇ ਹਨ, ਜਿਸ ਨਾਲ ਅਦਾਲਤੀ ਪ੍ਰਬੰਧਾਂ ਦਾ ਖਰਚਾ, ਸਮਾਂ ਬਚਦਾ ਅਤੇ ਸੁਰੱਖਿਆ ਵੀ ਬਰਕਰਾਰ ਰਹਿੰਦੀ ਹੈ। ਇਹ ਤਕਨੀਕ ਏਨੀ ਉਪਯੋਗੀ ਹੋ ਰਹੀ ਹੈ ਕਿ ਹੁਣ ਸਾਡੇ ਵਿਗਿਆਨੀ ਵੀਡੀਓ ਕਾਨਫਰੰਸਿੰਗ ਨੂੰ ਮੋਬਾਈਲ ਫੋਨ ਉੱਪਰ ਉਪਲਬਧ ਕਰਵਾਉਣ ਦੇ ਯਤਨ ਕਰ ਰਹੇ ਹਨ, ਤਾਂ ਜੋ ਆਮ ਲੋਕ ਵੀ ਇਸ ਤਕਨੀਕ ਨਾਲ ਜੁੜ ਭਰਪੂਰ ਲਾਭ ਲੈ ਸਕਣ।

-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ)। ਮੋਬਾ: 98726-48140

ਪੰਛੀਆਂ ਦੀ ਦੁਨੀਆ ਦਾ ਇਕ ਹੋਰ ਅਜਬ ਪੰਛੀ ਨੀਲਾਸਿਗ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਛੀਆਂ ਦੀਆਂ ਕਈ ਦੁਰਲੱਭ ਜਾਤੀਆਂ ਪਾਈਆਂ ਜਾਂਦੀਆਂ ਹਨ। ਹਰ ਸਾਲ ਕਈ ਹਜ਼ਾਰਾਂ ਦੀ ਗਿਣਤੀ ਵਿਚ ਪੰਛੀ ਇਕ ਥਾਂ ਤੋਂ ਦੂਜੀ ਥਾਂ 'ਤੇ ਪ੍ਰਵਾਸ ਕਰਦੇ ਹਨ। ਜਿਵੇਂ ਕਿ ਇਸੇ ਸਾਲ ਦੀ ਸ਼ੁਰੂਆਤ ਵਿਚ 72000 ਤੋਂ ਵੀ ਵੱਧ ਪੰਛੀ ਹਰੀਕੇ ਝੀਲ ਪੁੱਜੇ। ਕਈ ਸੰਸਥਾਵਾਂ ਇਸ ਨਾਲ ਸਬੰਧਤ ਹਨ ਜੋ ਹਰ ਸਾਲ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਫੇਰੀ ਜਾਂ ਹੋਰ ਖਾਣ-ਪੀਣ ਦਾ ਹਿਸਾਬ ਰੱਖਦੀਆਂ ਹਨ। ਇਸ ਦਾ ਵਿਗਿਆਨਕ ਨਾਂਅ 'ਅਨੈਸ ਪਲੈਟਿਰਿੰਕਸ' ਹੈ। ਇਹ ਪੰਛੀ ਕਈ ਥਾਵਾਂ 'ਤੇ ਪਾਇਆ ਜਾਂਦਾ ਹੈ ਪਰ ਸਾਈਬੇਰੀਆ ਵਿਚ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਹੈ। ਇਹ ਰੰਗ-ਬਿਰੰਗਾ ਪੰਛੀ ਨੀਲੀ ਹਰੀ ਭਾਅ ਮਾਰਦਾ ਹੈ, ਚੁੰਝ ਸੰਤਰੀ ਰੰਗ ਦੀ ਹੈ। ਗਰਦਨ ਦੇ ਆਲੇ-ਦੁਆਲੇ ਚਿੱਟੀ ਗਾਨੀ ਦੀ ਤਰ੍ਹਾਂ ਇਕ ਪੱਟੀ ਦਿਖਾਈ ਦਿੰਦੀ ਹੈ। ਮਾਦਾ ਰੰਗ ਵਿਚ ਨਰ ਤੋਂ ਉਲਟ ਭੂਰੇ ਰੰਗ ਦੀ ਹੋਣ ਕਰਕੇ ਸਾਧਾਰਨ ਬੱਤਖ ਵਾਂਗ ਹੀ ਜਾਪਦੀ ਹੈ। ਜਲੀ-ਪੌਦੇ ਅਤੇ ਛੋਟੇ ਜੀਵ (ਮੱਛੀਆਂ, ਡੋਡਾਂ ਆਦਿ) ਇਸ ਦੀ ਖੁਰਾਕ ਦਾ ਹਿੱਸਾ ਹਨ। ਇਹ ਪ੍ਰਜਾਤੀ ਆਪਸੀ ਸੰਭੋਗ ਦੁਆਰਾ ਦੋਗਲੀ ਸੰਤਾਨ ਪੈਦਾ ਕਰਨ ਦੇ ਯੋਗ ਹੈ ਪਰ ਕੁਦਰਤੀ ਵਰਤਾਰੇ ਵਿਚ ਆਪਣੇ-ਆਪ ਨੂੰ ਯੋਗ ਬਣਾਉਣ ਵਿਚ ਅਸਮਰੱਥ ਹੋਣ ਕਰਕੇ ਘੱਟ ਗਿਣਤੀ ਵਿਚ ਦੇਖਣ ਨੂੰ ਮਿਲਦੀ ਹੈ।

-ਕੰਵਲਪ੍ਰੀਤ ਕੌਰ ਥਿੰਦ (ਚੌਹਾਨ),
ਸਾਇੰਸ ਮਿਸਟ੍ਰੈੱਸ, ਸ: ਸੀ: ਸੈ: ਸਕੂਲ, ਡਿਹਰੀਵਾਲਾ (ਅੰਮ੍ਰਿਤਸਰ)।

ਬਾਲ ਨਾਵਲ-32: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਨੂੰ ਹੁਣ ਦੂਹਰੀ ਖ਼ੁਸ਼ੀ ਸੀ-ਇਕ ਚੰਗੇ ਨੰਬਰ ਲੈਣ ਦੀ ਅਤੇ ਦੂਜਾ ਆਪਣੇ ਵੀਰ ਜੀ ਦੇ ਸਕੂਲ ਵਿਚ ਦਾਖਲ ਹੋਣ ਦੀ। ਹੁਣ ਉਸ ਨੂੰ ਬੀਜੀ ਨੂੰ ਖ਼ਬਰ ਸੁਣਾਉਣ ਦੀ ਕਾਹਲੀ ਪੈਣ ਲੱਗੀ। ਉਸ ਨੇ ਵੀਰ ਜੀ ਕੋਲੋਂ ਛੁੱਟੀ ਲਈ ਅਤੇ ਸਾਈਕਲ ਲੈ ਕੇ ਘਰ ਵੱਲ ਛੂਟ ਵੱਟ ਲਈ।
ਰਸਤੇ ਵਿਚ ਇਕ ਹਲਵਾਈ ਨੂੰ ਦੁਕਾਨ 'ਤੇ ਗਰਮ-ਗਰਮ ਜਲੇਬੀਆਂ ਤਲਦਿਆਂ ਦੇਖ ਕੇ ਉਸ ਨੂੰ ਖਿਆਲ ਆਇਆ ਕਿ ਬੀਜੀ ਨੂੰ ਜਲੇਬੀਆਂ ਬੜੀਆਂ ਚੰਗੀਆਂ ਲਗਦੀਆਂ ਹਨ ਪਰ ਉਨ੍ਹਾਂ ਨੂੰ ਜਲੇਬੀਆਂ ਦੀ ਸ਼ਕਲ ਦੇਖਿਆਂ ਹੀ ਮੁੱਦਤ ਹੋ ਗਈ ਹੈ। ਹਰੀਸ਼ ਦੀ ਜੇਬ ਵਿਚ ਦਸ ਰੁਪਏ ਸਨ। ਉਹ ਹਲਵਾਈ ਦੀ ਦੁਕਾਨ 'ਤੇ ਖਲੋ ਗਿਆ ਅਤੇ ਦਸ ਰੁਪਏ ਦੀਆਂ ਗਰਮ-ਗਰਮ ਜਲੇਬੀਆਂ ਲੈ ਕੇ ਘਰ ਵੱਲ ਤੁਰ ਪਿਆ।
ਹਰੀਸ਼ ਜਦੋਂ ਘਰ ਪਹੁੰਚਿਆ ਤਾਂ ਉਸ ਦੇ ਬੀਜੀ ਦਰਵਾਜ਼ੇ ਦੇ ਬਾਹਰ ਖਲੋਤੇ, ਆਪਣੇ ਪੁੱਤਰ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਨੇ ਗਲੀ ਦਾ ਮੋੜ ਮੁੜਦਿਆਂ ਹੀ ਹਰੀਸ਼ ਨੂੰ ਦੇਖ ਲਿਆ। ਉਸ ਨੂੰ ਦੇਖਦਿਆਂ ਹੀ ਉਹ ਬੋਲੇ, 'ਪੁੱਤਰ ਜੀ, ਐਨੀ ਦੇਰ ਕਰ ਦਿੱਤੀ ਆਉਣ ਵਿਚ। ਮੈਨੂੰ ਤਾਂ ਸਵੇਰ ਦੀ ਹੀ ਪਚੱਹਤਰੀ ਲੱਗੀ ਹੋਈ ਸੀ, ਤੇਰਾ ਨਤੀਜਾ ਸੁਣਨ ਦੀ। ਮੇਰੀਆਂ ਤਾਂ ਲੱਤਾਂ ਵੀ ਦੁਖਣ ਲੱਗ ਪਈਆਂ ਨੇ, ਦਰਵਾਜ਼ੇ ਵਿਚ ਖਲੋ-ਖਲੋ ਕੇ।
ਹਰੀਸ਼ ਨੇ ਬੀਜੀ ਨੂੰ ਜਲੇਬੀਆਂ ਵਾਲਾ ਲਿਫ਼ਾਫ਼ਾ ਫੜਾਉਂਦਿਆਂ ਬਸ ਐਨਾ ਹੀ ਕਿਹਾ, 'ਤੁਸੀਂ ਮੂੰਹ ਮਿੱਠਾ ਕਰੋ', ਅਤੇ ਆਪ ਉਹ ਬੀਜੀ ਦੇ ਚਰਨਾਂ ਉੱਪਰ ਝੁਕ ਗਿਆ।
ਬੀਜੀ ਨੇ ਉਸ ਨੂੰ ਅਸੀਸਾਂ ਦਿੱਤੀਆਂ ਅਤੇ ਲਿਫ਼ਾਫ਼ਾ ਖੋਲ੍ਹਦਿਆਂ ਜਦੋਂ ਗਰਮ-ਗਰਮ ਜਲੇਬੀਆਂ ਦੇਖੀਆਂ ਤਾਂ ਉਨ੍ਹਾਂ ਦੇ ਮੁਰਝਾਏ ਚਿਹਰੇ ਉੱਪਰ ਵੀ ਇਕ ਚਮਕ, ਇਕ ਖ਼ੁਸ਼ੀ ਝਲਕਣ ਲੱਗੀ। ਉਨ੍ਹਾਂ ਨੇ ਲਿਫ਼ਾਫ਼ੇ ਵਿਚੋਂ ਇਕ ਜਲੇਬੀ ਕੱਢ ਕੇ ਪਹਿਲਾਂ ਪੁੱਤਰ ਦੇ ਮੂੰਹ ਵਿਚ ਪਾਈ। ਹਰੀਸ਼ ਨੇ ਅੱਧੀ ਜਲੇਬੀ ਖਾ ਕੇ ਬਾਕੀ ਬੀਜੀ ਦੇ ਮੂੰਹ ਵਿਚ ਪਾ ਦਿੱਤੀ।
ਜਲੇਬੀ ਖਾਂਦੇ ਹੋਏ ਬੀਜੀ ਬੋਲੇ, 'ਤੇਰੇ ਨੰਬਰ ਚੰਗੇ ਆਏ ਲਗਦੇ ਹਨ।'
'ਚੰਗੇ ਨਹੀਂ, ਬਹੁਤ ਚੰਗੇ ਆਏ ਹਨ। ਮੈਂ ਆਪਣੇ ਸਕੂਲ ਵਿਚੋਂ ਅਤੇ ਆਪਣੇ ਸਾਰੇ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ 'ਤੇ ਆਇਆ ਹਾਂ', ਹਰੀਸ਼ ਨੇ ਬੜੀ ਧੀਮੀ ਆਵਾਜ਼ ਨਾਲ ਬੀਜੀ ਨੂੰ ਆਪਣੇ ਨਤੀਜੇ ਬਾਰੇ ਦੱਸਿਆ।
ਬੀਜੀ ਨੇ ਹਰੀਸ਼ ਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਉਸ ਦਾ ਮੱਥਾ ਚੁੰਮਦਿਆਂ ਕਿਹਾ, 'ਜਿਊਂਦਾ ਰਹੁ ਪੁੱਤਰਾ, ਤੂੰ ਜਵਾਨੀਆਂ ਮਾਣੇਂ। ਤੇਰੀ ਮਿਹਨਤ ਅਤੇ ਲਗਨ ਅੱਜ ਰੰਗ ਲਿਆਈ ਐ। ਇਹ ਤਾਂ ਅਜੇ ਤੇਰੀ ਸ਼ੁਰੂਆਤ ਐ, ਅਜੇ ਹੋਰ ਤੂੰ ਬਹੁਤ ਸਾਰੀਆਂ ਪੌੜੀਆਂ ਚੜ੍ਹਨੀਆਂ ਨੇ। ਬਸ, ਇਸੇ ਤਰ੍ਹਾਂ ਮਿਹਨਤ ਕਰਦਾ ਜਾਹ, ਪਰਮਾਤਮਾ ਹਮੇਸ਼ਾ ਤੇਰੇ ਅੰਗ-ਸੰਗ ਰਹੇਗਾ। ਤੈਨੂੰ ਸੱਤੇ ਖੈਰਾਂ ਨੇ, ਤੇਰੀ ਹਰ ਮੈਦਾਨ ਫਤਹਿ ਹੋਵੇਗੀ।' ਬੀਜੀ ਅਸੀਸਾਂ ਦਿੰਦੇ-ਦਿੰਦੇ ਹਰੀਸ਼ ਨਾਲ ਅੰਦਰ ਕਮਰੇ ਵਿਚ ਆ ਗਏ।
ਅੰਦਰ ਆ ਕੇ ਹਰੀਸ਼ ਨੇ ਬੀਜੀ ਨੂੰ ਦੂਜੀ ਖ਼ੁਸ਼ਖਬਰੀ ਸੁਣਾਈ, 'ਬੀਜੀ, ਨਤੀਜੇ ਤੋਂ ਬਾਅਦ ਮੈਂ ਵੀਰ ਜੀ ਦੇ ਸਕੂਲ, ਉਨ੍ਹਾਂ ਨੂੰ ਨਤੀਜਾ ਦੱਸਣ ਲਈ ਚਲਾ ਗਿਆ ਸਾਂ। ਉਨ੍ਹਾਂ ਨੇ ਆਪਣੇ ਸਕੂਲ ਵਿਚ ਹੀ ਮੈਨੂੰ ਨੌਵੀਂ ਕਲਾਸ ਵਿਚ ਦਾਖਲਾ ਦੇ ਦਿੱਤੈ।'
'ਪਰ ਉਹ ਤੇ ਪੁੱਤਰ, ਬੜਾ ਮਹਿੰਗਾ ਸਕੂਲ ਐ', ਬੀਜੀ ਨੇ ਫਿਕਰਮੰਦ ਹੁੰਦੇ ਹੋਏ ਕਿਹਾ।
'ਉਨ੍ਹਾਂ ਨੇ ਮੇਰੀ ਸਾਰੀ ਫੀਸ ਮੁਆਫ਼ ਕਰ ਦਿੱਤੀ ਐ। ਮੈਨੂੰ ਕੋਈ ਪੈਸਾ ਨਹੀਂ ਦੇਣਾ ਪਿਆ ਕਰਨਾ। ਸਾਰੀਆਂ ਕਿਤਾਬਾਂ ਉਨ੍ਹਾਂ ਨੇ ਪਹਿਲਾਂ ਹੀ ਲਿਆ ਕੇ ਦੇ ਦਿੱਤੀਆਂ ਸਨ', ਹਰੀਸ਼ ਨੇ ਬੀਜੀ ਦੀ ਪੂਰੀ ਤਸੱਲੀ ਕਰਾ ਦਿੱਤੀ। (ਚਲਦਾ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਵਿਗਿਆਨਕ ਬੁਝਾਰਤਾਂ

1. ਦੱਸੋ ਬੱਚਿਓ ਤੁਸੀਂ ਸੋਚ-ਵਿਚਾਰ,
ਦਿਮਾਗ ਦਾ ਹੁੰਦਾ ਕਿੰਨਾ ਭਾਰ?
2. ਦੱਸੋ ਸਾਰੀਆਂ ਛੋਟੀਆਂ-ਵੱਡੀਆਂ,
ਕਿੰਨੀਆਂ ਹੁੰਦੀਆਂ ਮਨੁੱਖੀ ਖੋਪੜੀ ਦੀਆਂ ਹੱਡੀਆਂ।
3. 'ਏ ਬੀ' ਗਰੁੱਪ ਨੂੰ ਹਰ ਇਕ ਖੂਨ ਚੜ੍ਹ ਜਾਵੇ,
ਯੂਨੀਵਰਸਲ ਰਿਸੇਪਟਰ ਇਹ ਕਹਾਵੇ।
ਯੂਨੀਵਰਸਲ ਡੋਨਰ ਕਹਾਵੇ ਕਿਹੜਾ,
ਹਰ ਇਕ ਗਰੁੱਪ ਨੂੰ ਚੜ੍ਹ ਜਾਵੇ ਜਿਹੜਾ।
4. ਸੂਰਜ ਤੋਂ ਧਰਤੀ ਦੀ ਦੂਰੀ,
149.6 ਮਿਲੀਅਨ ਕਿ: ਮੀ: ਦਰਸਾਉਂਦੀ।
ਕਿੰਨੇ ਸਮੇਂ 'ਚ ਇਹਦੀ ਕਿਰਨ,
ਧਰਤੀ ਦੇ ਉੱਪਰ ਆਉਂਦੀ।
5. ਰਗੜ ਬਲ ਨੂੰ ਇਹ ਘਟਾਵੇ,
ਮਸ਼ੀਨਰੀ ਦੀ ਉਮਰ ਵਧਾਵੇ।
ਉੱਤਰ : (1) 1300-1400 ਗ੍ਰਾਮ, (2) 8, (3) ਓ-ਨੈਗੇਟਿਵ, (4) 8 ਮਿੰਟ 20 ਸੈਕਿੰਡ, (5) ਸਨੇਹਕ (ਲੂਬਰੀਕੈਂਟ)।

-ਕੁਲਵਿੰਦਰ ਕੌਸ਼ਲ,
ਪਿੰਡ ਤੇ ਡਾਕ: ਪੰਜਗਰਾਈਆਂ, ਤਹਿ: ਧੂਰੀ (ਸੰਗਰੂਰ)। ਮੋਬਾ: 94176-36255

ਬਾਲ ਸਾਹਿਤ

ਸ਼ਹਿਰ ਤੇ ਜੰਗਲ
ਲੇਖਕ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾ: ਲਿ:, ਮੁਹਾਲੀ।
ਮੁੱਲ : 110 ਰੁਪਏ, ਸਫ਼ੇ : 48
ਸੰਪਰਕ : 99884-44002

'ਸ਼ਹਿਰ ਤੇ ਜੰਗਲ' ਕਵੀ ਗੁਰਦਿਆਲ ਰੌਸ਼ਨ ਦਾ ਤਾਜ਼ਾ-ਤਰੀਨ ਬਾਲ ਕਾਵਿ ਸੰਗ੍ਰਹਿ ਹੈ, ਜਿਸ ਵਿਚ ਵੱਖ-ਵੱਖ ਸਮਾਜਿਕ, ਪਰਿਵਾਰਕ, ਗਿਆਨ-ਵਿਗਿਆਨਕ ਵਿਸ਼ਿਆਂ ਨਾਲ ਸੰਬੰਧਤ ਕਵਿਤਾਵਾਂ ਰੰਗਦਾਰ ਚਿੱਤਰਾਂ ਸਮੇਤ ਸ਼ਾਮਿਲ ਕੀਤੀਆਂ ਗਈਆਂ ਹਨ। ਅਸਲ ਵਿਚ ਇਹ ਕਵਿਤਾਵਾਂ ਨਾ ਹੋ ਕੇ ਨਰਸਰੀ ਗੀਤਾਂ ਦੇ ਵਧੇਰੇ ਨੇੜੇ ਹਨ, ਜਿਨ੍ਹਾਂ ਵਿਚ ਆਪਣੀ ਖ਼ਾਸ ਲੈਅ, ਤੋਲ-ਤੁਕਾਂਤ ਅਤੇ ਰਵਾਨਗੀ ਹੈ। ਇਹ ਨਰਸਰੀ ਗੀਤ ਪੜ੍ਹਦੇ ਹੋਏ ਬੱਚੇ ਆਪਣੀ ਵਿਰਾਸਤ ਬਾਰੇ ਸੋਝੀ ਹਾਸਲ ਕਰਦੇ ਹਨ, ਹਾਥੀ, ਡੱਬੂ, ਕਾਟੋ, ਕੁਕੜੀ ਤੇ ਉਹਦੇ ਚੂਚਿਆਂ, ਮੱਛੀਆਂ, ਸ਼ਹਿਦ ਦੀਆਂ ਮੱਖੀਆਂ, ਮਗਰਮੱਛ ਆਦਿ ਚਿੜੀ ਜਨੌਰਾਂ ਤੋਂ ਇਲਾਵਾ ਫੁੱਲਾਂ, ਰੁੱਖਾਂ, ਤਿਤਲੀਆਂ ਨਾਲ ਗੱਲਾਂ ਕਰਦੇ ਹਨ। ਫ਼ਲ, ਸਬਜ਼ੀਆਂ, ਸਰ੍ਹੋਂ ਦਾ ਸਾਗ, ਫੁੱਲਾਂ ਦੀਆਂ ਸਜੀਆਂ-ਫੱਬੀਆਂ ਕਿਆਰੀਆਂ, ਰੁੱਖਾਂ ਦੀ ਸੁੰਦਰਤਾ, ਕਿਣਮਿਣ-ਕਿਣਮਿਣ, ਛੱਲੀਆਂ, ਕਣਕ ਅਤੇ ਗੰਨੇ ਆਦਿ ਫ਼ਸਲਾਂ, ਅਤੇ ਵੰਨ-ਸੁਵੰਨੀਆਂ ਰੁੱਤਾਂ ਅਤੇ ਮੌਸਮਾਂ ਦਾ ਵਰਣਨ ਇਨ੍ਹਾਂ ਕਵਿਤਾਵਾਂ ਵਿਚ ਹੋਰ ਵੀ ਰੰਗ ਭਰ ਦਿੰਦਾ ਹੈ। ਕਵੀ ਮਨੁੱਖ ਨੂੰ ਰੁੱਖਾਂ ਦੀ ਕੀਮਤੀ ਪੂੰਜੀ ਬਚਾਉਣ ਲਈ 'ਨਾ ਸੁੰਦਰ ਰੁੱਖਾਂ ਨੂੰ ਵੱਢ' ਕਵਿਤਾ ਵਿਚ ਸੰਬੋਧਿਤ ਹੁੰਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਵਿਸ਼ਾ ਪੱਖ ਤੋਂ ਨਵੀਨਤਾ ਹੈ ਅਤੇ ਕਲਾ ਪੱਖ ਤੋਂ ਤਾਜ਼ਗੀ ਅਤੇ ਸੁੰਦਰਤਾ ਪਰ ਕਿਤੇ-ਕਿਤੇ ਕੁਝ ਸ਼ਬਦਾਂ ਦੀਆਂ ਤਰੁੱਟੀਆਂ ਰਹਿ ਗਈਆਂ ਹਨ। ਖ਼ੈਰ, ਕੰਪਿਊਟ੍ਰੀਕ੍ਰਿਤ ਚਿੱਤਰਾਂ ਨਾਲ ਸਜੀ-ਫਬੀ ਇਹ ਪੁਸਤਕ ਬਾਲ ਪਾਠਕਾਂ ਨੂੰ ਆਪਣੇ ਵੱਲ ਪਹਿਲੀ ਨਜ਼ਰੇ ਖਿੱਚਣ ਦੀ ਸਮਰੱਥਾ ਰੱਖਦੀ ਹੈ ਅਤੇ ਭਰਪੂਰ ਮਨੋਰੰਜਨ ਕਰਦੀ ਹੋਈ ਮਾਤ-ਭਾਸ਼ਾ ਨਾਲ ਜੁੜਨ ਦੀ ਪ੍ਰੇਰਨਾ ਵੀ ਦਿੰਦੀ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਰੌਚਿਕ ਜਾਣਕਾਰੀ

* ਕੁੱਤਾ ਆਪਣੀਆਂ ਅੱਖਾਂ ਨਾਲੋਂ ਵੱਧ ਵਿਸ਼ਵਾਸ ਨੱਕ 'ਤੇ ਕਰਦਾ ਹੈ।
* ਸ਼ੇਰ ਹਮੇਸ਼ਾ ਤਾਜ਼ਾ ਸ਼ਿਕਾਰ ਕਰਕੇ ਖਾਂਦਾ ਹੈ, ਉਹ ਕਦੇ ਵੀ ਮਰੇ ਹੋਏ ਜੀਵ ਨੂੰ ਨਹੀਂ ਖਾਂਦਾ।
* ਮਧੂ ਮੱਖੀ ਜਦੋਂ ਸਾਡੇ ਜਿਸਮ 'ਤੇ ਡੰਗ ਮਾਰਦੀ ਹੈ ਤਾਂ ਤੁਰੰਤ ਮਰ ਜਾਂਦੀ ਹੈ।
* ਮੋਰ ਇਕ ਅਜਿਹਾ ਪੰਛੀ ਹੈ, ਜਿਸ ਨੂੰ ਵਰਖਾ ਦੀ ਜਾਣਕਾਰੀ ਮਿਲ ਜਾਂਦੀ ਹੈ।
* ਜਿਰਾਫ਼ ਧਰਤੀ 'ਤੇ ਪਾਇਆ ਜਾਣ ਵਾਲਾ ਸਭ ਤੋਂ ਉੱਚਾ ਜੀਵ ਹੈ।
* ਐਨਾਕੌਂਡਾ ਵਿਸ਼ਵ ਦਾ ਸਭ ਤੋਂ ਵੱਡਾ ਸੱਪ ਹੈ, ਜੋ ਦੱਖਣੀ ਅਫਰੀਕਾ ਵਿਚ ਪਾਇਆ ਜਾਂਦਾ ਹੈ ਅਤੇ ਇਸ ਦਾ ਭਾਰ ਤਕਰੀਬਨ 150 ਕਿਲੋਗ੍ਰਾਮ ਹੁੰਦਾ ਹੈ। ਇਹ ਪੰਛੀਆਂ, ਹਿਰਨਾਂ, ਗਲਹਿਰੀਆਂ
ਆਦਿ ਨੂੰ ਖਾ ਕੇ ਗੁਜ਼ਾਰਾ ਕਰਦਾ ਹੈ।

-ਅਵਤਾਰ ਸਿੰਘ ਕਰੀਰ,
ਮੋਗਾ। ਮੋਬਾ: 94170-05183

ਆ ਚਿੜੀਏ

ਆ ਚਿੜੀਏ ਨੀਂ ਚੀਂ-ਚੀਂ ਕਰ,
ਭੋਰਾ ਨਾ ਮੇਰੇ ਤੋਂ ਡਰ।
ਚੀਂ-ਚੀਂ ਬਹੁਤ ਪਿਆਰੀ ਲੱਗੇ,
ਨਿੱਕੀ ਚੁੰਝ ਨਿਆਰੀ ਲੱਗੇ।
ਦੋ ਪਹੁੰਚੇ ਤੇ ਦੋ ਹੀ ਪਰ,
ਆ ਚਿੜੀਏ ਨੀਂ ਚੀਂ-ਚੀਂ ਕਰ।
ਤੇਰਾ ਟੁੱਕ ਪਕਾਇਆ ਹੋਇਐ,
ਭਾਂਡੇ ਪਾਣੀ ਪਾਇਆ ਹੋਇਐ।
ਨਾ ਤੂੰ ਭੁੱਖੀ-ਪਿਆਸੀ ਮਰ,
ਆ ਚਿੜੀਏ ਨੀਂ ਚੀਂ-ਚੀਂ ਕਰ।
ਭੂਰਾ ਰੰਗ ਪਿਆਰੀਆਂ ਅੱਖਾਂ,
ਪੱਖੇ ਮੈਂ ਬੰਦ ਕਰਕੇ ਰੱਖਾਂ।
ਕੁਝ ਨਹੀਂ ਕਹਿੰਦੇ ਤੈਨੂੰ ਫਰ,
ਆ ਚਿੜੀਏ ਨੀਂ ਚੀਂ-ਚੀਂ ਕਰ।
ਆ ਕੇ ਹੁਣ ਤੂੰ ਠਹਿਰ ਖਨੌਰੀ,
ਬੜਾ ਪਿਆਰਾ ਸ਼ਹਿਰ ਖਨੌਰੀ।
ਖੁੱਲ੍ਹੇ ਨੇ ਤੇਰੇ ਲਈ ਦਰ,
ਆ ਚਿੜੀਏ ਨੀਂ ਚੀਂ-ਚੀਂ ਕਰ।

-ਕੁਲਵੰਤ ਖਨੌਰੀ,
ਪਿੰਡ ਰਾਮਪੁਰਾ, ਤਹਿ: ਭਵਾਨੀਗੜ੍ਹ (ਸੰਗਰੂਰ)
ਮੋਬਾ: 99140-27774

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX