ਤਾਜਾ ਖ਼ਬਰਾਂ


ਨਵੀਂ ਦਿੱਲੀ : ਰਾਸ਼ਟਰਪਤੀ ਨੇ ਐੱਮ ਜੇ ਅਕਬਰ ਦਾ ਅਸਤੀਫਾ ਕੀਤਾ ਮਨਜ਼ੂਰ
. . .  1 day ago
ਝੂਲੇ ਦੀ ਤਾਰ ਤੇ ਸਪੋਰਟ ਟੁੱਟੀ ,ਕਈ ਫੱਟੜ
. . .  1 day ago
ਨਵਾਂਸ਼ਹਿਰ, 17 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਦਸਹਿਰਾ ਮੇਲੇ 'ਚ ਲੱਗੇ ਝੂਲੇ ਦੀ ਤਾਰ ਤੇ ਸਪੋਰਟ ਟੁੱਟਣ ਕਾਰਣ ਇੱਕ ਬੱਚੀ ਸਮੇਤ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਝੂਲੇ ‘ਚ 45 ਵਿਅਕਤੀ, ਔਰਤਾਂ ...
ਫਸਲ ਮਾਰੇ ਜਾਣ ਤੋਂ ਦੁਖੀ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ
. . .  1 day ago
ਸੁਭਾਨਪੁਰ, 17 ਅਕਤੂਬਰ ( ਕੰਵਰ ਬਰਜਿੰਦਰ ਸਿੰਘ ਜੱਜ )-ਭਾਰੀ ਬਾਰਸ਼ਾਂ ਕਾਰਨ ਝੋਨੇ ਦੀ ਫਸਲ ਤਬਾਹ ਹੋਣ ਤੋਂ ਦੁਖੀ ਹੋਏ ਪਿੰਡ ਜੱਗਾਂ ਥਾਣਾ ਸੁਭਾਨਪੁਰ ਦੇ ਇੱਕ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ...
ਗ੍ਰਹਿ ਮੰਤਰਾਲੇ ਨੇ ਸਬਰੀਮਾਲਾ ਹਿੰਸਾ ਦਾ ਲਿਆ ਨੋਟਿਸ - ਸੂਤਰ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਰਲ ਦੇ ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਨੂੰ ਲੈ ਕੇ ਹੋਈ ਹਿੰਸਾ ਦਾ ਨੋਟਿਸ...
ਕੇਰਲ : ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ ਨਾਲ ਭਰੀ ਬੱਸ 'ਤੇ ਪਥਰਾਅ
. . .  1 day ago
ਤਿਰੂਵਨੰਤਪੁਰਮ, 17 ਅਕਤੂਬਰ - ਕੇਰਲ ਵਿਖੇ ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਨੂੰ ਲੈ ਕੇ ਹੋਈ ਹਿੰਸਾ ਦੇ ਚੱਲਦਿਆਂ ਨਿਲਿੱਕਲ ਬੇਸ ਕੈਂਪ ਨੇੜੇ ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ...
ਸਬਰੀਮਾਲਾ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਾਗੂ
. . .  1 day ago
ਤਿਰੂਵਨੰਤਪੁਰਮ, 17 ਅਕਤੂਬਰ - ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਦੇ ਚੱਲਦਿਆਂ ਹੋਈ ਹਿੰਸਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਬਰੀਮਾਲਾ ਦੇ ਆਸ ਪਾਸ ਦੇ ਇਲਾਕਿਆਂ ਵਿਚ ਧਾਰਾ...
ਦਿੱਲੀ 'ਚ 22 ਅਕਤੂਬਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਤੇਲ ਦੀਆਂ ਕੀਮਤਾਂ ਨੂੰ ਵੈਟ ਅਧੀਨ ਲਿਆਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਪੈਟਰੋਲ ਪੰਪ 22 ਅਕਤੂਬਰ ਸਵੇਰੇ 5 ਵਜੇ ਤੋਂ 23 ਅਕਤੂਬਰ ਸਵੇਰੇ 5 ਵਜੇ ਤੱਕ...
ਕਾਂਗਰਸ ਕੇਂਦਰੀ ਚੋਣ ਸਮਿਤੀ ਵੱਲੋਂ ਮੱਧ ਪ੍ਰਦੇਸ਼ ਚੋਣਾਂ ਲਈ 80 ਨਾਂਅ ਫਾਈਨਲ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਕਾਂਗਰਸ ਦੀ ਕੇਂਦਰੀ ਚੋਣ ਸਮਿਤੀ ਨੇ ਮੱਧ ਪ੍ਰਦੇਸ਼ ਚੋਣਾਂ ਲਈ 80 ਉਮੀਦਵਾਰਾਂ ਦੇ ਨਾਮਾਂ 'ਤੇ ਮੋਹਰ ਲਗਾ ਦਿੱਤੀ...
ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ
. . .  1 day ago
ਸਿੱਧਵਾਂ ਬੇਟ, 17 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) - ਨੇੜਲੇ ਪਿੰਡ ਰਸੂਲਪੁਰ (ਜੰਡੀ) ਵਿਖੇ ਦੋਨਾਲੀ ਰਾਈਫ਼ਲ ਦੀ ਸਫ਼ਾਈ ਕਰ ਰਹੇ ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਉਸ...
ਪੰਜਾਬ ਸਰਕਾਰ ਨੇ ਕਈ ਵਸਤਾਂ 'ਤੇ ਵਧਾਈ 'ਤੇ ਸਟੈਂਪ ਡਿਊਟੀ
. . .  1 day ago
ਚੰਡੀਗੜ੍ਹ, 17 ਅਕਤੂਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅੱਜ ਸੂਬੇ 'ਚ ਮਾਲੀਆ ਵਧਾਉਣ ਲਈ ਕਈ ਵਸਤਾਂ 'ਤੇ ਸਟੈਂਪ ਡਿਊਟੀ ਵਧਾਈ ਹੈ। ਹਾਲਾਂਕਿ ਸੂਬਾ ਸਰਕਾਰ ਵਲੋਂ ਜਾਇਦਾਦ ਦੇ ਰਜਿਸਟਰੇਸ਼ਨ 'ਤੇ ਸਟੈਂਪ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਇਤਿਹਾਸ ਦਾ ਗਵਾਹ ਹੈ ਕਿਲ੍ਹਾ ਗੋਬਿੰਦਗੜ੍ਹ

ਅੰਮ੍ਰਿਤਸਰ ਦੇ ਦਰਵਾਜ਼ਾ ਲੋਹਗੜ੍ਹ ਦੇ ਬਾਹਰ ਕਿਲ੍ਹਾ ਗੋਬਿੰਦਗੜ੍ਹ ਦੇ ਰੂਪ ਵਿਚ ਮੌਜੂਦ ਸਿੱਖ ਰਾਜ ਦੀ ਪ੍ਰਮੁੱਖ ਨਿਸ਼ਾਨੀ ਦੇ ਦਰਵਾਜ਼ੇ ਸੈਲਾਨੀਆਂ ਲਈ ਖੁੱਲ੍ਹ ਚੁੱਕੇ ਹਨ। ਕਿਲ੍ਹਾ ਗੋਬਿੰਦਗੜ੍ਹ ਇਥੇ ਆਉਣ ਵਾਲੇ ਸੈਲਾਨੀਆਂ ਦਾ ਸਵਾਗਤ ਕਰਨ ਦੇ ਨਾਲ-ਨਾਲ ਉਨ੍ਹਾਂ ਨਾਲ ਆਪਣੇ ਨਾਲ ਵਾਪਰੀ ਹਰ ਘਟਨਾ-ਦੁਰਘਟਨਾ ਵੀ ਸ਼ਬਦ-ਦਰ-ਸ਼ਬਦ ਸਾਂਝੀ ਕਰ ਰਿਹਾ ਹੈ।
ਮਹਾਰਾਜਾ ਰਣਜੀਤ ਸਿੰਘ ਵਲੋਂ ਕਿਲ੍ਹਾ ਗੋਬਿੰਦਗੜ੍ਹ ਦਾ ਨਿਰਮਾਣ ਆਪਣੇ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ੂਦੀਨ ਦੇ ਛੋਟੇ ਭਰਾ ਇਮਾਮੂਦੀਨ ਦੀ ਨਿਗਰਾਨੀ ਹੇਠ ਕਰਵਾਇਆ ਗਿਆ, ਜੋ ਬਾਅਦ ਵਿਚ ਕਰੀਬ ਸੰਨ 1840 ਤੱਕ ਇਸ ਕਿਲ੍ਹੇ ਦਾ ਸਿਵਲ ਗਵਰਨਰ ਰਿਹਾ। ਮਹਾਰਾਜਾ ਦੇ ਦੇਹਾਂਤ ਤੋਂ ਜਲਦੀ ਬਾਅਦ ਇਸੇ ਅਹੁਦੇ 'ਤੇ ਸ: ਲਹਿਣਾ ਸਿੰਘ ਮਜੀਠੀਆ ਦੀ ਨਿਯੁਕਤੀ ਕੀਤੀ ਗਈ, ਜੋ ਇਸ ਅਹੁਦੇ 'ਤੇ ਸੰਨ 1846-47 ਤੱਕ ਕਾਇਮ ਰਿਹਾ।
ਮਹਾਰਾਜਾ ਦੁਆਰਾ ਆਪਣੇ ਰਾਜ ਦੀ ਤਾਕਤ ਨੂੰ ਕਾਇਮ ਰੱਖਣ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਲਈ ਇਹ ਕਿਲ੍ਹਾ ਬਣਵਾਉਣਾ ਬਹੁਤ ਜ਼ਰੂਰੀ ਸੀ। ਲਾਹੌਰ ਤੋਂ ਆਉਣ ਵਾਲੇ ਮੁੱਖ ਰਸਤੇ 'ਤੇ ਸਥਾਪਿਤ ਹੋਣ ਕਰਕੇ ਇਸ ਦੇ ਦੁਆਰਾ ਅਸਾਨੀ ਨਾਲ ਦੁਸ਼ਮਣ ਸੈਨਾ ਦਾ ਮੁਕਾਬਲਾ ਕੀਤਾ ਜਾ ਸਕਦਾ ਸੀ। ਮਰਹੱਟਾ ਚੀਫ਼ ਜਸਵੰਤ ਰਾਇ ਹੋਲਕਰ ਦੀ ਮਹਾਰਾਜਾ ਨਾਲ ਅੰਮ੍ਰਿਤਸਰ 'ਚ ਹੋਈ ਮੁਲਾਕਾਤ ਤੋਂ ਬਾਅਦ ਉਸ ਦੀ ਸਲਾਹ 'ਤੇ ਮਹਾਰਾਜਾ ਨੇ ਕਿਲ੍ਹਾ ਗੋਬਿੰਦਗੜ੍ਹ ਨੂੰ ਰਾਜ ਦਾ ਖ਼ਜ਼ਾਨਾ ਸਥਾਨ ਬਣਾਇਆ। ਅੰਮ੍ਰਿਤਸਰ ਆਉਣ 'ਤੇ ਉਹ ਆਪਣਾ ਬੇਸ਼ਕੀਮਤੀ ਕੋਹਿਨੂਰ ਹੀਰਾ ਇਸੇ ਕਿਲ੍ਹੇ ਦੇ ਤੋਸ਼ਾਖ਼ਾਨਾ ਵਿਚ ਰੱਖਦੇ ਸਨ ਅਤੇ ਇੱਥੇ ਹੀ ਸਿੱਖ ਰਾਜ ਦਾ ਕਰੋੜਾਂ ਰੁਪਿਆਂ ਦਾ ਖ਼ਜ਼ਾਨਾ ਵੀ ਰੱਖਿਆ ਜਾਂਦਾ ਸੀ। ਕਿਲ੍ਹੇ ਨੂੰ ਸੁਰੱਖਿਅਤ ਕਰਨ ਲਈ ਸਿੱਖ ਰਾਜ ਵੇਲੇ ਕਿਲ੍ਹੇ ਦੇ ਬਾਹਰ 1000 ਮੀਟਰ ਲੰਬੀ ਅਤੇ 17 ਫੁੱਟ ਡੂੰਘੀ ਖਾਈ ਅਤੇ ਕਿਲ੍ਹੇ ਦੀ ਚੌੜੀ ਦੀਵਾਰ (ਫ਼ਸੀਲ) ਉਸਾਰੀ ਗਈ। ਇਹ ਖਾਈ ਅੱਜ ਵੀ ਮੌਜੂਦ ਹੈ। ਕਿਲ੍ਹਾ ਗੋਬਿੰਦਗੜ੍ਹ ਦੇ ਅੰਦਰ ਪ੍ਰਵੇਸ਼ ਕਰਨ ਲਈ ਮੁੱਖ ਦਰਵਾਜ਼ੇ 'ਦਰਵਾਜ਼ਾ-ਏ-ਤੋਪ-ਏ-ਕਲਾਂ' ਤੋਂ ਹੋ ਕੇ ਲੰਘਣਾ ਪੈਂਦਾ ਹੈ, ਜਦੋਂ ਕਿ ਕਿਲ੍ਹੇ ਦੇ ਪਿਛਲੇ ਦਰਵਾਜ਼ੇ ਦਾ ਨਾਂਅ 'ਦਰਵਾਜ਼ਾ-ਏ-ਅਲੀ' ਹੈ, ਜਿਸ ਨੂੰ 'ਸਲਾਟਰ ਗੇਟ (ਕਿੱਲਰ ਗੇਟ)' ਦਾ ਨਾਂਅ ਦਿੱਤਾ ਗਿਆ ਹੈ।
ਕਿਲ੍ਹੇ ਵਿਚ ਆਧੁਨਿਕ ਤਕਨੀਕਾਂ ਨਾਲ ਵੱਖ-ਵੱਖ ਸ਼ੋਅ ਦੀ ਮਾਰਫ਼ਤ ਦਰਸ਼ਕਾਂ ਨੂੰ ਪੰਜਾਬ ਤੇ ਪੰਜਾਬੀਅਤ ਦੇ ਹਰ ਪਹਿਲੂ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਸੈਲਾਨੀਆਂ ਲਈ ਸਵੇਰੇ 10 ਵਜੇ ਤੋਂ ਰਾਤ 10 ਵਜੇ ਤਕ ਖੁੱਲ੍ਹੇ ਰਹਿਣ ਵਾਲੇ ਇਸ ਕਿਲ੍ਹੇ ਵਿਚ 'ਕੰਧਾਂ ਬੋਲਦੀਆਂ ਨੇ' ਉੱਚ ਤਕਨੀਕ ਸਾਊਂਡ ਅਤੇ ਰੌਸ਼ਨੀ ਸ਼ੋਅ ਦੀ ਮਾਰਫ਼ਤ ਪੰਜਾਬ ਦੇ ਸੁਨਹਿਰੀ ਇਤਿਹਾਸ ਦੇ ਨਾਲ-ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਕਿਲ੍ਹਾ ਗੋਬਿੰਦਗੜ੍ਹ ਦੀ ਆਤਮਕਥਾ ਵੀ ਬਿਆਨ ਕੀਤੀ ਜਾ ਰਹੀ ਹੈ। ਲੇਜ਼ਰ ਰੌਸ਼ਨੀ, ਕੰਪਿਊਟਰ ਐਨੀਮੇਸ਼ਨ ਅਤੇ ਪ੍ਰੋਜੈਕਸ਼ਨ ਮੈਪਿੰਗ ਤਕਨੀਕ ਨਾਲ ਤਿਆਰ ਕੀਤੇ ਗਏ ਇਸ ਸ਼ੋਅ ਦੁਆਰਾ ਦਰਸ਼ਕਾਂ ਨੂੰ ਗੁਰੂ ਕਾਲ ਤੋਂ ਸ਼ੁਰੂ ਕਰ ਕੇ ਮਿਸਲ ਕਾਲ, ਸਿੱਖ ਰਾਜ, ਬ੍ਰਿਟਿਸ਼ ਰਾਜ ਅਤੇ ਦੇਸ਼ ਦੀ ਵੰਡ ਤੱਕ ਦੇ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਸੰਖੇਪ ਰੂਪ ਵਿਚ ਦਿੱਤੀ ਜਾ ਰਹੀ ਹੈ। ਪ੍ਰਸਿੱਧ ਫ਼ਿਲਮ ਨਿਰਦੇਸ਼ਕ ਸ੍ਰੀ ਕੇਤਨ ਮਹਿਤਾ ਵਲੋਂ ਤਿਆਰ ਕੀਤਾ ਗਿਆ ਇਹ ਸ਼ੋਅ ਹਰ ਸ਼ਾਮ ਸੂਰਜ ਡੁੱਬਣ ਤੋਂ ਬਾਅਦ ਕਿਲ੍ਹੇ ਦੇ ਅੰਦਰ ਮੌਜੂਦ ਇਤਿਹਾਸਕ ਤੋਸ਼ਾਖ਼ਾਨਾ ਦੀ 100 ਫੁੱਟ ਗੁਣਾ 50 ਫੁੱਟ ਦੀ ਮਿਣਤੀ ਵਾਲੀ ਬਾਹਰੀ ਕੰਧ 'ਤੇ 20 ਹਜ਼ਾਰ ਲਾਈਟ ਪ੍ਰੋਜੈਕਟਰਜ਼ ਅਤੇ 7.1 ਸਾਊਂਡ ਨਾਲ ਵਿਖਾਇਆ ਜਾ ਰਿਹਾ ਹੈ। ਇਸ ਬਾਰੇ ਕੇਤਨ ਮਹਿਤਾ ਦੱਸਦੇ ਹਨ ਕਿ ਕਰੀਬ 30 ਮਿੰਟ ਦੇ ਇਸ ਸ਼ੋਅ ਵਿਚ 300 ਲੋਕਾਂ ਨੇ ਕੰਮ ਕੀਤਾ ਹੈ। ਉਨ੍ਹਾਂ ਵਲੋਂ ਹੀ ਤਿਆਰ ਕੀਤੇ ਗਏ 'ਸ਼ੇਰ-ਏ-ਪੰਜਾਬ' 7-ਡੀ ਸ਼ੋਅ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਅਤੇ ਇਤਿਹਾਸਕ ਜਿੱਤਾਂ ਸਮੇਤ ਕੋਹਿਨੂਰ ਹੀਰੇ ਦੀ ਪ੍ਰਾਪਤੀ ਸਬੰਧੀ ਜਾਣਕਾਰੀ 14.5 ਮਿੰਟਾਂ ਵਿਚ ਪੇਸ਼ ਕੀਤੀ ਜਾ ਰਹੀ ਹੈ। ਇਸ 7-ਡੀ ਸ਼ੋਅ ਦੌਰਾਨ ਦਰਸ਼ਕਾਂ ਨੂੰ ਇੰਝ ਮਹਿਸੂਸ ਹੁੰਦਾ ਹੈ, ਜਿਵੇਂ ਉਹ ਖੁਦ ਇਸ ਸ਼ੋਅ ਦਾ ਇਕ ਹਿੱਸਾ ਹੋਣ। ਉਪਰੋਕਤ ਦੋਵੇਂ ਸ਼ੋਅ ਮੌਜੂਦਾ ਸਮੇਂ ਕਿਲ੍ਹਾ ਗੋਬਿੰਦਗੜ੍ਹ ਵੇਖਣ ਆਉਣ ਵਾਲੇ ਸੈਲਾਨੀਆਂ ਦੀ ਖਿੱਚ ਦਾ ਮੁੱਖ ਕੇਂਦਰ ਬਣੇ ਹੋਣ ਦੇ ਬਾਵਜੂਦ ਪ੍ਰਬੰਧਕਾਂ ਵੱਲੋਂ ਇਨ੍ਹਾਂ ਵਿਚ ਲਗਾਤਾਰ ਹੋਰ ਸੁਧਾਰ ਤੇ ਬਦਲਾਓ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ ਸਿੱਖ ਰਾਜ ਬਾਰੇ ਜਾਣਕਾਰੀ ਦੇਣ ਹਿਤ ਇਕ ਆਧੁਨਿਕ ਤਕਨੀਕ ਵਾਲਾ ਸ਼ੋਅ ਵੀ ਤਿਆਰ ਕੀਤਾ ਜਾ ਰਿਹਾ ਹੈ।
ਕਿਲ੍ਹੇ ਵਿਚਲੇ ਸਭ ਤੋਂ ਮਹੱਤਵਪੂਰਨ ਸਮਾਰਕ ਤੋਸ਼ਾਖ਼ਾਨਾ ਨੂੰ 'ਐਂਗਲੋ-ਸਿੱਖ ਬੰਗਲਾ/ਕਲੋਨੀਅਲ ਹਾਊਸ' ਦਾ ਨਾਂਅ ਦਿੰਦਿਆਂ ਉਸ ਵਿਚ ਸ਼ੁਰੂ ਕੀਤੇ ਗਏ ਵਾਰਫੇਰ ਮਿਊਜ਼ੀਅਮ (ਯੁੱਧ ਅਜਾਇਬ-ਘਰ) ਦੀਆਂ ਪੰਜ ਗੈਲਰੀਆਂ ਵਿਚ ਸਿਲੀਕਾਨ ਤੇ ਕਾਪਰ ਫਾਈਬਰ ਦੇ ਬਣੇ ਸਿੱਖ ਜੰਗੀ ਯੋਧਿਆਂ ਤੇ ਸਿੱਖ ਰਾਜ ਦੇ ਸਿਪਾਹੀਆਂ ਦੇ ਪੁਤਲੇ ਬਿਲਕੁਲ ਜਿਊਂਦੇ ਜਾਗਦੇ ਪ੍ਰਤੀਤ ਹੁੰਦੇ ਹਨ। ਉਪਰੋਕਤ ਦੇ ਨਾਲ-ਨਾਲ ਕਿਲ੍ਹੇ ਵਿਚ ਸਨਿਚਰਵਾਰ ਤੇ ਐਤਵਾਰ ਨੂੰ ਸ਼ੁਰੂ ਕੀਤੇ ਗਏ ਫ਼ੌਜੀ ਬੈਂਡ ਸਮੇਤ ਗਿੱਧੇ, ਭੰਗੜੇ ਤੇ ਗਤਕੇ ਦੇ ਪ੍ਰੋਗਰਾਮ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਕਿਲ੍ਹੇ ਵਿਚ ਆਉਣ ਵਾਲੇ ਸੈਲਾਨੀਆਂ ਦਾ ਸਵਾਗਤ ਪੰਜਾਬੀ ਰਿਵਾਇਤੀ ਪੁਸ਼ਾਕ ਪਹਿਨੇ ਗੱਭਰੂ ਤੇ ਮੁਟਿਆਰਾਂ ਵਲੋਂ ਬੜੇ ਅਦਬ ਤੇ ਸਤਿਕਾਰ ਨਾਲ ਹੱਥ ਜੋੜ ਕੇ 'ਸਤਿ ਸ੍ਰੀ ਅਕਾਲ' ਕਹਿੰਦਿਆਂ ਕੀਤਾ ਜਾਂਦਾ ਹੈ।
ਉਪਰੋਕਤ ਸਭ ਦੇ ਬਾਵਜੂਦ ਕਿਲ੍ਹਾ ਵੇਖਣ ਲਈ ਵੱਡੀ ਗਿਣਤੀ ਵਿਚ ਸੈਲਾਨੀ ਕਿਉਂ ਨਹੀਂ ਪਹੁੰਚ ਰਹੇ ਹਨ, ਬਾਰੇ ਪੁੱਛਣ 'ਤੇ ਦੀਪਾ ਸਾਹੀ ਦੱਸਦੇ ਹਨ ਕਿ ਕਿਲ੍ਹੇ ਦੀ ਮੌਜੂਦਗੀ ਬਾਰੇ ਨੈਸ਼ਨਲ ਹਾਈਵੇ, ਸੂਬੇ ਦੇ ਪ੍ਰਮੁੱਖ ਸ਼ਹਿਰਾਂ ਸਮੇਤ ਅੰਮ੍ਰਿਤਸਰ 'ਚ ਜਨਤਕ ਸਥਾਨਾਂ 'ਤੇ ਕੋਈ ਸੂਚਨਾ ਬੋਰਡ ਨਾ ਲਗਾਇਆ ਗਿਆ ਹੋਣ ਕਰਕੇ ਅਤੇ ਸਰਕਾਰੀ ਪੱਧਰ 'ਤੇ ਪ੍ਰਚਾਰ ਦੀ ਕਮੀ ਦੇ ਚੱਲਦਿਆਂ ਸੈਲਾਨੀ ਕਿਲ੍ਹੇ ਤਕ ਨਹੀਂ ਪਹੁੰਚ ਪਾ ਰਹੇ ਹਨ। ਇਸ ਤੋਂ ਇਲਾਵਾ ਕਿਲ੍ਹੇ ਦੇ ਵੱਡੇ ਹਿੱਸੇ ਵਿਚ ਕੇਂਦਰ ਸਰਕਾਰ ਵਲੋਂ ਸ਼ੁਰੂ ਕਰਵਾਏ ਗਏ ਵਿਕਾਸ ਕਾਰਜਾਂ ਦੀ ਢਿੱਲੀ ਚਾਲ ਕਾਰਨ ਜਿਥੇ ਕਿਲ੍ਹੇ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਕਿਲ੍ਹੇ ਦੇ ਪ੍ਰਬੰਧਕਾਂ ਨੂੰ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਸ਼ੋਅ ਵਿਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੀਪਾ ਸਾਹੀ ਅਨੁਸਾਰ ਕਿਲ੍ਹੇ ਨੂੰ ਵਧੇਰੇ ਆਕਰਸ਼ਿਤ ਬਣਾਉਣ ਅਤੇ ਇਸ ਵਿਚ ਸ਼ੋਅ ਸ਼ੁਰੂ ਕਰਨ 'ਤੇ ਉਨ੍ਹਾਂ ਦੀ ਕੰਪਨੀ 25 ਕਰੋੜ ਰੁਪਏ ਤੋਂ ਵਧੇਰੇ ਦਾ ਖਰਚ ਕਰ ਚੁੱਕੀ ਹੈ ਅਤੇ ਇਸ 'ਤੇ 200 ਕਰੋੜ ਰੁਪਏ ਦੀ ਹੋਰ ਲਾਗਤ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਲ੍ਹੇ 'ਚ ਚਲ ਰਹੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਸਖ਼ਤੀ ਨਾਲ ਜਾਰੀ ਕਰਨੇ ਚਾਹੀਦੇ ਹਨ, ਤਾਂ ਕਿ ਕਿਲ੍ਹੇ ਨੂੰ ਸੈਲਾਨੀਆਂ ਦੀ ਖਿੱਚ ਦੇ ਕੇਂਦਰ ਬਣਾਉਣ ਲਈ ਨਵੇਂ ਪ੍ਰੋਗਰਾਮ ਜਲਦੀ ਸ਼ੁਰੂ ਕੀਤੇ ਜਾ ਸਕਣ। ਇਥੇ ਇਹ ਦੱਸਣਾ ਲਾਜ਼ਮੀ ਬਣ ਜਾਂਦਾ ਹੈ ਕਿ ਭੰਗੀ ਮਿਸਲ ਦੇ ਕੱਚੇ ਕਿਲ੍ਹੇ ਨੂੰ ਢਾਹ ਕੇ ਉਸ ਦੀ ਜਗ੍ਹਾ ਜਦੋਂ ਸਾਲ 1808 ਦੇ ਫਰਵਰੀ-ਮਾਰਚ ਮਹੀਨੇ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਸ: ਸ਼ਮੀਰ ਸਿੰਘ ਠੇਠਰ ਦੀ ਦੇਖ-ਰੇਖ ਵਿਚ ਕਿਲ੍ਹਾ ਗੋਬਿੰਦਗੜ੍ਹ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਤਾਂ ਕਿਲ੍ਹੇ ਦੇ ਨਕਸ਼ੇ ਤਿਆਰ ਕੀਤੇ ਜਾਣ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਵਿਸ਼ਾਲ ਕਿਲ੍ਹਾ ਤਿੰਨ ਸਾਲ ਵਿਚ ਮੁਕੰਮਲ ਹੋਵੇਗਾ, ਜਦਕਿ ਸ: ਸ਼ਮੀਰ ਸਿੰਘ ਨੇ ਦਿਨ-ਰਾਤ ਕਾਰੀਗਰਾਂ ਦੀਆਂ ਸੇਵਾਵਾਂ ਜਾਰੀ ਰੱਖਦਿਆਂ ਇਸ ਕਿਲ੍ਹੇ ਦੀ ਉਸਾਰੀ ਨੂੰ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਸਿਰੇ ਚਾੜ੍ਹ ਲਿਆ। ਮੌਜੂਦਾ ਸਮੇਂ ਕਰੀਬ 200 ਵਰ੍ਹੇ ਬਾਅਦ, ਇਕ ਵਾਰ ਫਿਰ ਜਦੋਂ ਇਸ ਕਿਲ੍ਹੇ ਦੇ ਨਵ-ਨਿਰਮਾਣ ਦੀ ਸ਼ੁਰੂਆਤ ਕੀਤੀ ਗਈ ਤਾਂ ਇਹ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਉਨ੍ਹੀਂ ਦਿਨੀਂ ਜਦੋਂ ਢੋਆ-ਢੁਆਈ ਦੇ ਸਾਧਨ ਬਹੁਤੇ ਵਿਕਸਿਤ ਨਾ ਹੋਣ, ਕਾਰੀਗਰਾਂ ਦੀ ਘਾਟ ਅਤੇ ਸਾਰਾ ਕੰਮ ਮਸ਼ੀਨਾਂ ਦੀ ਬਜਾਇ ਹੱਥਾਂ ਨਾਲ ਕੀਤੇ ਜਾਣ ਦੇ ਬਾਵਜੂਦ ਇਹ ਕਿਲ੍ਹਾ ਗਿਆਰਾਂ ਮਹੀਨਿਆਂ ਵਿਚ ਸਿਰਫ਼ ਸਾਢੇ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਗਿਆ, ਜਦੋਂ ਕਿ ਮੌਜੂਦਾ ਸਮੇਂ ਆਧੁਨਿਕ ਸਹੂਲਤਾਂ ਅਤੇ ਮਸ਼ੀਨੀ ਸੇਵਾਵਾਂ ਦੇ ਚਲਦਿਆਂ ਕਿਲ੍ਹੇ ਦੇ ਥੋੜ੍ਹੇ ਜਿਹੇ ਬਚੇ ਹਿੱਸੇ ਦਾ ਨਿਰਮਾਣ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਅਦ 10 ਵਰ੍ਹਿਆਂ ਵਿਚ ਵੀ ਮੁਕੰਮਲ ਨਹੀਂ ਹੋ ਸਕਿਆ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 93561-27771.
www.facebook.com/kochhar.asr


ਖ਼ਬਰ ਸ਼ੇਅਰ ਕਰੋ

ਸੈਲਾਨੀ ਡਿਜੀਟਲ ਤਕਨੀਕ ਨਾਲ ਪੰਜਾਬੀਆਂ ਦੇ ਬਹਾਦਰੀ ਦੇ ਕਾਰਨਾਮੇ ਦੇਖ ਸਕਣਗੇ-ਦੀਪਾ ਸਾਹੀ

ਕਿਲ੍ਹੇ ਦੀ ਮੌਜੂਦਾ ਪ੍ਰਬੰਧਕ ਮਾਇਆ ਨਗਰੀ ਕੰਪਨੀ ਦੀ ਡਾਇਰੈਕਟਰ ਅਤੇ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਦੀਪਾ ਸਾਹੀ ਦੱਸਦੇ ਹਨ ਕਿ ਬਹੁਤ ਜਲਦੀ ਕਿਲ੍ਹੇ ਵਿਚ 'ਫ਼ਲਾਈ ਓਵਰ ਪੰਜਾਬ' ਸ਼ੋਅ ਦੀ ਮਾਰਫ਼ਤ ਸੈਲਾਨੀਆਂ ਨੂੰ 180 ਡਿਗਰੀ ਥੀਏਟਰ ਵਿਚ ਪੰਜਾਬ ਦੇ 22 ਜ਼ਿਲ੍ਹਿਆਂ ਦੇ ਇਤਿਹਾਸਕ ਸਮਾਰਕਾਂ ਦੀ ਸੈਰ ਹਵਾਈ ਰਸਤੇ ਕਰਾਈ ਜਾਵੇਗੀ, ਜਿਸ ਵਿਚ ਦਰਸ਼ਕ ਇੰਝ ਮਹਿਸੂਸ ਕਰਨਗੇ ਜਿਵੇਂ ਉਹ ਹਵਾਈ ਜਹਾਜ਼ 'ਚ ਬੈਠ ਕੇ ਪੰਜਾਬ ਦੇ ਸ਼ਹਿਰਾਂ ਦੀ ਸੈਰ ਕਰ ਰਹੇ ਹੋਣ। ਇਸ ਦੇ ਨਾਲ ਹੀ 'ਸਪਿਰਟ ਆਫ਼ ਪੰਜਾਬ' ਵਿਚ ਡਿਜੀਟਲ ਤਕਨੀਕ ਨਾਲ ਪੰਜਾਬ ਦੇ ਵਿਰਾਸਤੀ ਲੋਕ-ਨਾਚਾਂ ਤੇ 'ਸਾਰਾਗੜ੍ਹੀ' 3-ਡੀ ਸ਼ੋਅ ਦੀ ਮਾਰਫ਼ਤ ਸਾਰਾਗੜ੍ਹੀ ਦੇ ਕਿਲ੍ਹੇ ਵਿਚ 10 ਹਜ਼ਾਰ ਪਠਾਣਾਂ ਨਾਲ ਲੜਦੇ ਹੋਏ ਸ਼ਹੀਦ ਹੋਣ ਵਾਲੇ 21 ਸਿੱਖ ਸਿਪਾਹੀਆਂ ਦੇ ਬਹਾਦਰੀ ਭਰੇ ਕਾਰਨਾਮੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ।

-ਦੀਪਾ ਸਾਹੀ
ਮੋਬਾਈਲ : 77385-51855

ਵੱਟਸਐਪ ਗਰੁੱਪ ਦੀ ਅਨੋਖੀ ਦੁਨੀਆ

ਲੋਕ ਤੁਹਾਡੇ ਜਾਗਣ ਤੋਂ ਪਹਿਲਾਂ ਹੀ ਤੁਹਾਨੂੰ ਇਧਰ-ਉਧਰ ਤੋਂ ਆਏ ਹੋਏ ਗੁੱਡ ਮਾਰਨਿੰਗ ਸੁਨੇਹੇ (ਮੈਸੇਜ) ਭੇਜਣਗੇ, ਅਸ਼ਲੀਲ ਚੁਟਕਲੇ ਫਾਰਵਰਡ ਕਰਨਗੇ, ਅਸ਼ਲੀਲ ਕਲਿਪਸ ਸ਼ੇਅਰ ਕਰਨਗੇ, ਮਨਘੜਤ ਗੱਲਾਂ ਨੂੰ ਰਾਜਨੀਤਕ, ਇਤਿਹਾਸਕ, ਧਾਰਮਿਕ, ਸਮਾਜਿਕ ਤੱਥਾਂ ਦੇ ਰੂਪ ਵਿਚ ਪੇਸ਼ ਕਰਨਗੇ। ਅਫਵਾਹਾਂ ਵੀ ਫਾਰਵਰਡ ਕਰਨਗੇ ਬਿਨਾਂ ਉਨ੍ਹਾਂ ਦੀ ਅਸਲੀਅਤ ਜਾਣਨ ਤੋਂ। ਬੇਕਾਰ ਦੇ ਨੁਸਖਿਆਂ ਨੂੰ ਨਵੀਂ ਵਿਗਿਆਨਕ ਖੋਜ 'ਤੇ ਆਧਾਰਿਤ ਇਲਾਜ ਦੱਸਦੇ ਹੋਏ ਅਪਨਾਉਣ ਲਈ ਖਹਿੜਾ ਕਰਨਗੇ। ਜੇਕਰ ਤੁਸੀਂ ਆਪਣੇ ਗਿਆਨ ਜਾਂ ਤਰਕ ਦੇ ਆਧਾਰ ਉਤੇ ਇਨ੍ਹਾਂ ਗੱਲਾਂ ਨੂੰ ਨਾ ਮੰਨਣ ਦਾ ਮਾਮੂਲੀ ਜਿਹਾ ਇਸ਼ਾਰਾ ਵੀ ਦੇ ਦਿੱਤਾ ਤਾਂ ਅੱਗੋਂ ਜਵਾਬ ਮਿਲੇਗਾ 'ਤੁਸੀਂ ਕਮਾਲ ਹੋ, ਹਰ ਗੱਲ 'ਤੇ ਸ਼ੱਕ ਕਰਦੇ ਹੋ, ਇਹ ਵਟਸਐਪ 'ਤੇ ਆਇਆ ਹੈ ਭਾਈ।'
ਦਿੱਲੀ ਦੀ ਰਾਧਿਕਾ ਸ਼ਰਮਾ ਦੱਸਦੀ ਹੈ, 'ਸਾਡੇ ਗਰੁੱਪ ਵਿਚ ਇਕ ਔਰਤ ਹੈ ਜੋ ਚੀਨ ਤੋਂ ਆਏ ਸੁੰਦਰਤਾ ਦੇ ਸਾਮਾਨ (ਕਾਸਮੈਟਿਕ ਪ੍ਰੋਡਟਕਸ) ਨੂੰ ਵੇਚਣ ਦਾ ਕੰਮ ਕਰਦੀ ਹੈ, ਉਹ ਇਕ ਤੋਂ ਬਾਅਦ ਇਕ ਸੈਂਕੜੇ ਫੋਟੋਆਂ ਇਨ੍ਹਾਂ ਵਸਤਾਂ ਦੀਆਂ ਭੇਜ ਦਿੰਦੀ ਹੈ। ਮੈਂ ਇਨ੍ਹਾਂ ਫੋਟੋਆਂ ਨੂੰ ਕੱਟਦੇ-ਕੱਟਦੇ (ਡਲੀਟ ਕਰਦਿਆਂ) ਥੱਕ ਜਾਂਦੀ ਹਾਂ। ਜੇਕਰ ਤੁਸੀਂ ਕੁਦਰਤੀ ਕਿਸੇ ਸਰਕਾਰ-ਪੱਖੀ ਭਗਤ ਗਰੁੱਪ ਵਿਚ ਫਸ ਗਏ ਤਾਂ ਨੋਟਬੰਦੀ ਅਤੇ ਜੀ.ਐਸ.ਟੀ. ਬਾਰੇ ਕੋਈ ਅਰਥਪੂਰਨ ਚਰਚਾ ਕਰਨ ਦਾ ਯਤਨ ਨਾ ਕਰੋ, ਨਹੀਂ ਤਾਂ ਤੁਹਾਡੀ ਸਥਿਤੀ ਤਾਮਿਲ ਫਿਲਮ 'ਮਰਸਲ' ਤੋਂ ਵੀ ਮਾੜੀ ਹੋ ਜਾਵੇਗੀ। ਮੁੰਬਈ ਦੇ ਇਕ ਵਪਾਰੀ ਆਲੋਕ ਗੁਪਤਾ ਆਪਣਾ ਤਜਰਬਾ ਦੱਸਦੇ ਹਨ, 'ਵਟਸਐਪ 'ਤੇ ਬਹਿਸ ਦੇ ਦੌਰਾਨ ਮੈਂ ਨੋਟਬੰਦੀ ਬਾਰੇ ਆਪਣਾ ਸ਼ੰਕਾ ਜਤਾਇਆ ਤਾਂ ਲੋਕ ਵਿਅਕਤੀਗਤ ਹਮਲੇ ਕਰਨ ਲੱਗੇਂਇਹ ਦੇਸ਼ਧ੍ਰੋਹੀ ਹੈ, ਇਸ ਨੇ ਕਾਲਾ ਧਨ ਜਮ੍ਹਾਂ ਕਰ ਰੱਖਿਆ ਹੈ...।'
ਸੰਖੇਪ ਵਿਚ ਗੱਲ ਇਹ ਕਿ ਅੱਜਕਲ੍ਹ ਤੁਹਾਨੂੰ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਮਿਲੇ ਜੋ ਵਟਸਐਪ ਗਰੁੱਪ ਤੋਂ ਤੰਗ ਨਾ ਹੋਵੇ ਅਤੇ ਵਿਰੋਧਾਭਾਸ ਇਹ ਹੈ ਕਿ ਅਜਿਹਾ ਵਿਅਕਤੀ ਵੀ ਮਿਲਣਾ ਮੁਸ਼ਕਿਲ ਹੈ ਜੋ ਕਿਸੇ ਵਟਸਐਪ ਗਰੁੱਪ ਦਾ ਮੈਂਬਰ ਨਾ ਹੋਵੇ। ਆਪਣੀ-ਆਪਣੀ ਪਸੰਦ ਅਤੇ ਪਹਿਲ ਨੂੰ ਲੈ ਕੇ, ਵੱਖ-ਵੱਖ ਤਰ੍ਹਾਂ ਦੇ ਉਦੇਸ਼ਾਂ ਨੂੰ ਲੈ ਕੇ ਵਟਸਐਪ ਗਰੁੱਪ ਬਣੇ ਹੋਏ ਹਨ। ਜੋ ਹਾਲ ਅਮਰੀਕਾ ਦੇ ਅੱਲ੍ਹੜ ਉਮਰ ਦੇ ਬੱਚਿਆਂ ਦਾ ਸਨੈਪਚੈਟ ਨੂੰ ਲੈ ਕੇ ਹੈ, ਉਹੀ ਇਥੇ ਵਟਸਐਪ ਦੇ ਸੰਦਰਭ ਵਿਚ ਹੈ। ਤੁਹਾਡੇ ਨਾਲ ਵਾਕਫ਼ੀਅਤ ਤੋਂ ਬਾਅਦ ਪਹਿਲਾ ਸਵਾਲ ਇਹ ਹੁੰਦਾ ਹੈ, 'ਤੁਹਾਡਾ ਵਟਸਐਪ ਨੰਬਰ ਕੀ ਹੈ?' ਜੇਕਰ ਤੁਸੀਂ ਸੰਯੋਗ ਨਾਲ ਇਹ ਕਹਿ ਦਿੱਤਾ ਕਿ ਮੇਰੇ ਕੋਲ ਵਟਸਐਪ ਨਹੀਂ ਹੈ, ਤਾਂ ਤੁਹਾਨੂੰ ਇਸ ਤਰ੍ਹਾਂ ਦੇਖਣਗੇ ਜਿਵੇਂ ਕਿਸੇ ਦੂਸਰੇ ਗ੍ਰਹਿ ਆਏ ਹੋਵੋ।
ਵਟਸਐਪ ਤੋਂ ਡਾਊਨਲੋਡ ਮੁਫ਼ਤ ਹੈ, ਤਜਰਬਾ ਕਰਨਾ ਬਹੁਤ ਆਸਾਨ ਹੈ। ਇਸ ਲਈ ਇਸ ਐਪ ਦਾ ਸਭ ਤੋਂ ਵੱਡਾ ਬਾਜ਼ਾਰ ਭਾਰਤ ਵਿਚ ਹੈ। ਸਾਡੇ ਦੇਸ਼ ਵਿਚ ਵਟਸਐਪ ਨੈੱਟਵਰਕ 20 ਕਰੋੜ ਵਰਤੋਂਕਾਰਾਂ ਤੋਂ ਵੀ ਵਧੇਰੇ ਹੈ ਅਤੇ ਇਹ ਨਾ ਸਿਰਫ਼ ਦੂਸਰੇ ਸੰਦੇਸ਼ ਮੰਚਾਂ ਨੂੰ ਚੁਣੌਤੀ ਦੇ ਰਿਹਾ ਹੈ, ਸਗੋਂ ਲੋਕਾਂ ਨੂੰ ਲੋਕਾਂ ਨਾਲ ਜੋੜ ਵੀ ਰਿਹਾ ਹੈ (ਗ਼ਲਤ-ਫਹਿਮੀਆਂ ਪੈਦਾ ਕਰਕੇ ਤੋੜ ਵੀ ਰਿਹਾ ਹੈ)। ਗ਼ਲਤ ਸੂਚਨਾ ਅਤੇ ਅਫ਼ਵਾਹਾਂ ਫੈਲਾ ਰਿਹਾ ਹੈ, ਸਹਿਮਤੀ ਬਣਾ ਰਿਹਾ ਹੈ, ਨਵੇਂ-ਨਵੇਂ ਭਾਈਚਾਰੇ ਵਿਕਸਤ ਕਰ ਰਿਹਾ ਹੈ, ਬਚਪਨ ਅਤੇ ਸਕੂਲ ਦੇ ਵਿਛੜੇ ਸਾਥੀਆਂ ਨੂੰ ਮਿਲਾ ਰਿਹਾ ਹੈ, ਭਾਵ ਬਹੁਤ ਕੁਝ ਵਧੀਆ ਹੋ ਰਿਹਾ ਹੈ ਤੇ ਬਹੁਤ ਕੁਝ ਖ਼ਰਾਬ ਵੀ ਹੋ ਰਿਹਾ ਹੈ। ਪਰ ਏਨਾ ਜ਼ਰੂਰ ਹੈ ਕਿ ਵਟਸਐਪ ਭਾਰਤੀ ਸਮਾਜ ਨੂੰ ਵੱਡੀ ਪੱਧਰ 'ਤੇ ਪ੍ਰਭਾਵਿਤ ਕਰ ਰਿਹਾ ਹੈ ਤੇ ਉਸ ਨੂੰ ਬਦਲ ਰਿਹਾ ਹੈ।
ਇਹ ਬਦਲਾਅ ਹਾਂ-ਪੱਖੀ ਹੈ ਜਾਂ ਨਾਂਹ-ਪੱਖੀ ਜਾਂ ਦੋਵੇਂ ਵੀ ਇਹ ਵਿਚਾਰਨ ਵਾਲਾ ਵਿਸ਼ਾ ਹੈ। ਪਰ ਏਨਾ ਜ਼ਰੂਰ ਹੈ ਕਿ ਵਟਸਐਪ 'ਤੇ ਜੋ ਚਰਚਾ ਹੋ ਰਹੀ ਹੈ, ਉਹ ਆਧੁਨਿਕ ਭਾਰਤ ਦਾ ਚਿਹਰਾ ਹੈ, ਉਸ ਦੀ ਪਸੰਦ-ਨਾਪਸੰਦ, ਪਿਆਰ-ਨਫ਼ਰਤ, ਡਰ-ਨਿਡਰ, ਸਫ਼ਲਤਾ-ਅਸਫ਼ਲਤਾ ਨੂੰ ਦਰਸਾ ਰਿਹਾ ਹੈ। ਅੱਜ ਸਾਡੇ ਦੇਸ਼ ਵਿਚ ਬਹੁ-ਗਿਣਤੀ ਦਾ ਬੋਲਬਾਲਾ ਹੈ। ਇਹ ਵਟਸਐਪ 'ਤੇ ਵੀ ਨਜ਼ਰ ਆ ਰਿਹਾ ਹੈ।
ਜਦੋਂ ਅਗਸਤ ਵਿਚ ਸਾਬਕਾ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਆਪਣੇ ਵਿਦਾਇਗੀ ਭਾਸ਼ਣ ਵਿਚ ਕਿਹਾ ਸੀ ਕਿ ਅੱਜ ਦੇ ਭਾਰਤ ਵਿਚ ਮੁਸਲਿਮ ਅਸੁਰੱਖਿਅਤ ਅਤੇ ਬੇਚੈਨੀ ਮਹਿਸੂਸ ਕਰ ਰਹੇ ਹਨ, ਤਾਂ ਮੇਰਠ ਦੇ ਅਜੈ ਗੋਇਲ ਦੇ ਗਰੁੱਪ ਵਿਚੋਂ ਇਕ ਨੇ ਪੋਸਟ ਕੀਤਾ ਸੀ ਕਿ, 'ਇਹ ਟਿੱਪਣੀ ਸੁਭਾਵਿਕ ਹੈ ਕਿਉਂਕਿ ਹਾਮਿਦ ਅੰਸਾਰੀ ਪੂਰਵੀ ਉੱਤਰ ਪ੍ਰਦੇਸ਼ ਦੇ ਗੈਂਗਸਟਰ ਨੇਤਾ ਮੁਖ਼ਤਾਰ ਅੰਸਾਰੀ ਦੇ ਰਿਸ਼ਤੇਦਾਰ ਹਨ।' ਗੋਇਲ ਨੇ ਇਸ ਗ਼ਲਤ ਜਾਣਕਾਰੀ 'ਤੇ ਇਤਰਾਜ਼ ਕੀਤਾ ਅਤੇ ਹਾਮਿਦ ਅੰਸਾਰੀ ਦਾ ਪਿਛੋਕੜ ਦੇਣ ਵਾਲੇ ਇਕ ਲੇਖ ਦਾ ਲਿੰਕ ਭੇਜਿਆ ਪਰ ਸਬੰਧਤ ਮੈਂਬਰ ਹਮਲਾਵਰ ਹੋ ਗਿਆ ਅਤੇ ਉਸ ਨੇ ਲਿਖਿਆ, 'ਮੈਂ ਉਨ੍ਹਾਂ ਬਾਰੇ ਜ਼ਿਆਦਾ ਜਾਣਦਾ ਹਾਂ ਅਤੇ ਸਹੀ ਜਾਣਦਾ ਹਾਂ ਕਿਉਂਕਿ ਮੈਂ ਪੂਰਵੀ ਉੱਤਰ ਪ੍ਰਦੇਸ਼ ਤੋਂ ਹਾਂ ਅਤੇ ਦੇਖੋ ਮੇਰੀ ਗੱਲ ਦੀ ਪੁਸ਼ਟੀ ਇਹ ਵਟਸਐਪ ਪੋਸਟ ਵੀ ਕਰ ਰਿਹਾ ਹੈ ਜੋ ਮੇਰੇ ਪਿੰਡ ਤੋਂ ਆਇਆ ਹੈ।' ਜਦੋਂ ਕਿਸੇ ਤਰ੍ਹਾਂ ਦੇ ਵਿਵਾਦ ਪੈਦਾ ਹੁੰਦੇ ਹਨ ਤਾਂ ਵਟਸਐਪ ਗਰੁੱਪ ਦੇ ਮੁਸਲਮਾਨ ਮੈਂਬਰ ਅਕਸਰ ਖ਼ਾਮੋਸ਼ ਹੋ ਜਾਂਦੇ ਹਨ। ਆਪਣੇ-ਆਪ ਨੂੰ ਦੇਸ਼ਧ੍ਰੋਹੀ, ਪਾਕਿਸਤਾਨੀ, ਅੱਤਵਾਦੀ ਅਤੇ ਗਊ-ਮਾਸ ਖਾਣ ਵਾਲੇ ਕਹਾਉਣ ਨਾਲੋਂ ਉਨ੍ਹਾਂ ਲਈ ਕਿਤੇ ਬਿਹਤਰ ਬਦਲ ਹੈ ਚੁੱਪ ਰਹਿਣਾ। ਇਸੇ ਤਰ੍ਹਾਂ ਦੀ ਹੀ ਪ੍ਰਤੀਕਿਰਿਆ ਦਲਿਤ, ਹੋਰ ਪਛੜਿਆ ਵਰਗਾ ਅਤੇ ਹੋਰ ਆਦਿਵਾਸੀ ਮੈਂਬਰਾਂ ਦੀ ਹੁੰਦੀ ਹੈ, ਜਦੋਂ ਗੱਲ ਰਾਖਵਾਂਕਰਨ ਅਤੇ ਮੈਰਿਟ ਦੀ ਹੁੰਦੀ ਹੈ।
ਉਸ ਨੂੰ ਇਹ ਸਭ ਕੁਝ ਬੇਕਾਰ ਜਾਂ ਸਮੇਂ ਦੀ ਬਰਬਾਦੀ ਲਗਦਾ ਹੈ ਅਤੇ ਉਹ ਜਾਂ ਤਾਂ ਚੁੱਪ ਹੋ ਜਾਂਦਾ ਹੈ ਜਾਂ ਗਰੁੱਪ ਛੱਡ ਕੇ ਚਲਾ ਜਾਂਦਾ ਹੈ। ਇਸ ਸਿਲਸਿਲੇ ਵਿਚ ਸਮਾਜ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਵਟਸਐਪ ਗਰੁੱਪ ਬਣਾਉਣ ਦਾ ਵਿਚਾਰ ਆਪਣੀ ਸੋਚ ਵਰਗੇ ਵਿਚਾਰਾਂ ਵਾਲੇ ਵਿਅਕਤੀਆਂ ਦਾ ਸਮੂਹ ਬਣਾਉਣ ਲਈ ਜਨਮ ਲੈਂਦਾ ਹੈ। ਰਚਨਾਤਮਿਕ ਦ੍ਰਿਸ਼ਟੀ ਤੋਂ ਵਟਸਐਪ ਗਰੁੱਪ ਬਰਾਬਰੀ ਅਤੇ ਜੋੜਨ ਦੀ ਸੋਚ 'ਤੇ ਕੰਮ ਕਰਦਾ ਹੈ। ਬਰਾਬਰੀ ਵਿਚ ਆਰਾਮ ਅਤੇ ਮਾਣ ਪ੍ਰਾਪਤ ਕਰਨ ਦਾ ਯਤਨ ਹੁੰਦਾ ਹੈ। ਇਸ ਲਈ ਗਰੁੱਪ ਇਕੋ ਜਿਹੇ ਲੋਕਾਂ ਦਾ ਬਣਿਆ ਹੁੰਦਾ ਹੈ, ਜਿਨ੍ਹਾਂ ਲਈ ਦੂਸਰਿਆਂ ਨੂੰ ਅਲੱਗ ਕਰਨਾ ਜਾਂ ਖ਼ਾਮੋਸ਼ ਕਰਨਾ ਸੁਭਾਵਿਕ ਹੁੰਦਾ ਹੈ। ਰਾਜਨੀਤੀ ਵਟਸਐਪ ਗਰੁੱਪ ਦੇ ਮੈਂਬਰਾਂ ਨੂੰ ਜੋੜਦੀ ਅਤੇ ਤੋੜਦੀ ਹੈ।
ਭਾਰਤ ਵਿਚ ਵਟਸਐਪ ਦੀ ਰਾਜਨੀਤਕ ਚਰਚਾ ਹੁਣ ਤੱਕ ਹਿੰਦੂ ਰਾਸ਼ਟਰ, ਭਾਜਪਾ ਅਤੇ ਮੋਦੀ ਕੇਂਦਰਿਤ ਜਾਂ ਇਸ ਦੇ ਪੱਖ ਵਿਚ ਸੀ। ਪਰ ਹਾਲ ਹੀ ਵਿਚ ਨੋਟਬੰਦੀ, ਜੀ.ਐਸ.ਟੀ. ਨੂੰ ਲਾਗੂ ਕਰਨ ਅਤੇ ਜੀ.ਡੀ.ਪੀ. ਡਿਗਣ ਨਾਲ ਜੋ ਪ੍ਰੇਸ਼ਾਨੀ ਹੋਈ ਹੈ, ਉਸ ਨਾਲ ਹੁਣ ਕੁਝ 'ਸਰਕਾਰੀ ਭਗਤ' ਵੀ 'ਅੱਛੇ ਦਿਨ' 'ਤੇ ਤਿੱਖੇ ਵਿਅੰਗ ਕਰਨ ਲੱਗ ਪਏ ਹਨ। ਪਿਛਲੇ ਦਿਨੀਂ ਭਾਰਤ ਵਿਚ ਦੋ ਪ੍ਰੋਗਰਾਮ ਚੋਟੀ 'ਤੇ ਜਾ ਰਹੇ ਸਨ। ਇਕ ਸੀ ਅਮਿਤਾਭ ਬੱਚਨ ਦਾ 'ਕੌਨ ਬਨੇਗਾ ਕਰੋੜਪਤੀ' ਅਤੇ ਦੂਸਰਾ ਹੈ ਮੋਦੀ ਅਤੇ ਜੇਤਲੀ ਦਾ 'ਕੌਨ ਰਹੇਗਾ ਕਰੋੜਪਤੀ?'
ਫਿਲਹਾਲ ਸੋਚਣ ਵਾਲੀ ਗੱਲ ਹੈ ਕਿ ਕੀ ਵਟਸਐਪ ਗਰੁੱਪ ਦਾ ਕੋਈ ਫਾਇਦਾ ਹੈ, ਸਿਵਾਏ ਇਸ ਦੇ ਕਿ ਸੇਵਾ-ਮੁਕਤ ਲੋਕਾਂ ਅਤੇ ਸੁਆਣੀਆਂ ਨੂੰ ਟਾਈਮ ਪਾਸ ਦਾ ਮੌਕਾ ਮਿਲ ਜਾਂਦਾ ਹੈ (ਅਤੇ ਕੰਮਕਾਜੀ ਲੋਕਾਂ ਨੂੰ ਸਮਾਂ ਬਰਬਾਦ ਕਰਨ ਦਾ)? ਹਰ ਰਾਤ ਦੀ ਇਕ ਸਵੇਰ ਹੁੰਦੀ ਹੈ, ਮਾਵਾਂ ਨੂੰ ਵਟਸਐਪ 'ਤੇ ਆਪਣੇ ਸਕੂਲ ਜਾਂਦੇ ਬੱਚਿਆਂ ਦਾ ਪੇਜ-ਦਰ-ਪੇਜ ਹੋਮ ਵਰਕ ਮਿਲ ਜਾਂਦਾ ਹੈ, ਹਾਊਸਿੰਗ ਸੁਸਾਇਟੀ ਨੂੰ ਜਾਗਰਣ (ਜਗਰਾਤਾ) ਤੋਂ ਲੈ ਕੇ ਸੂਫ਼ੀਆਨਾ ਨਾਈਟਸ ਤੱਕ ਆਯੋਜਿਤ ਕਰਨ ਵਿਚ ਸੌਖ ਹੁੰਦੀ ਹੈ। ਤੁਸੀਂ ਆਪਣੇ ਪਿਤਾ ਦੇ ਪਰਿਵਾਰ, ਮਾਂ ਦੇ ਪਰਿਵਾਰ, ਭਰਾਵਾਂ, ਭੈਣਾਂ, ਰਿਸ਼ਤੇਦਾਰਾਂ, ਦੋਸਤਾਂ, ਅਣਜਾਣ ਵਿਅਕਤੀਆਂ ਆਦਿ ਨਾਲ ਜੁੜੇ ਰਹਿੰਦੇ ਹੋ। ਦਿਲ ਖੋਲ੍ਹ ਕੇ ਗੱਲਾਂ ਹੋ ਸਕਦੀਆਂ ਹਨ ਅਤੇ ਤੁਸੀਂ ਜਦੋਂ ਚਾਹੋ ਭਾਵਨਾਤਮਿਕ ਸਹਾਰਾ ਪ੍ਰਾਪਤ ਕਰ ਸਕਦੇ ਹੋ। ਇਕੱਲੇਪਨ ਨੂੰ ਦੂਰ ਕਰਨ ਦਾ ਇਸ ਤੋਂ ਬਿਹਤਰ ਉਪਾਅ ਹੋਰ ਨਹੀਂ ਹੈ।

-ਇਮੇਜ਼ ਰਿਫਲੈਕਸ਼ਨ ਸੈਂਟਰ

ਗਿਰਜਾ ਦੇਵੀ 'ਠੁਮਰੀ ਦੀ ਰਾਣੀ' ਦੇ ਤੁਰ ਜਾਣ ਨਾਲ ਸੰਗੀਤ ਦਾ ਵਿਹੜਾ ਹੋਇਆ ਸੁੰਨਾ

ਇਕ ਸ਼ਰਧਾਂਜਲੀ
ਸੰਗੀਤ ਇਕ ਐਸਾ ਖੇਤਰ ਹੈ ਜਿੱਥੇ ਕੋਈ ਅਟਕਲਪੱਚੂ ਨਹੀਂ ਲਗਾਇਆ ਜਾ ਸਕਦਾ। ਇਤਿਹਾਸ ਜਿੱਥੇ ਮੁੱਕ ਜਾਂਦਾ ਹੈ, ਉੱਥੇ ਸੰਗੀਤ ਦੀਆਂ ਵਸਤਾਂ ਲੱਭ ਕੇ ਕੰਧਾਂ 'ਤੇ ਉੱਕਰੇ ਚਿੱਤਰ ਅਤੇ ਮੂਰਤੀਆਂ ਦੇਖ ਕੇ ਮਨੁੱਖੀ ਜਨਜੀਵਨ ਨੂੰ ਇਤਿਹਾਸ ਵਿਚ ਜੀਵਤ ਕੀਤਾ ਜਾਂਦਾ ਰਿਹਾ ਹੈ। ਜਿਵੇਂ ਤਬਲਾਵਾਦਨ ਵਿਚ ਰਾਮ ਸਹਾਏ ਆਪਣੇ-ਆਪ ਵਿਚ ਹੀ ਇਕ ਸੰਸਥਾ ਹੈ, ਉਵੇਂ ਹੀ ਭਾਰਤੀ ਸ਼ਾਸਤਰੀ ਸੰਗੀਤਕ ਵੰਨਗੀ ਵਿਚ ਗਿਰਜਾ ਦੇਵੀ ਨੂੰ ਸੰਗੀਤ ਦੀ ਦੇਵੀ ਵਜੋਂ ਯਾਦ ਕੀਤਾ ਜਾਂਦਾ ਰਹੇਗਾ।
8 ਮਈ 1929 ਨੂੰ ਜਨਮੀ ਗਿਰਜਾ ਦੇਵੀ ਦਾ ਸਬੰਧ ਬਨਾਰਸ ਨਾਲ ਰਿਹਾ ਹੈ ਤੇ 88 ਵਰ੍ਹਿਆਂ ਦੀ ਉਮਰ ਭੋਗ ਕੇ ਕੋਲਕਾਤਾ ਦੇ ਬੀ. ਐਨ. ਬਿਰਲਾ ਹਾਰਟ ਖੋਜ ਕੇਂਦਰ 'ਚ ਜ਼ਿੰਦਗੀ ਦੀ ਆਖਰੀ ਸਾਹ ਲੈ ਕੇ ਉਨ੍ਹਾਂ ਭਾਰਤੀ ਸੰਗੀਤ ਨੂੰ ਵਿਰਵਾ ਕਰ ਦਿੱਤਾ ਹੈ ਤੇ ਸ਼ਾਸਤਰੀ ਸੰਗੀਤ ਵਿਚ ਠੁਮਰੀ ਦੀ ਰਾਣੀ ਦੇ ਤੁਰ ਜਾਣ ਨਾਲ ਇਕ ਆਖਰੀ ਨਿਸ਼ਾਨੀ ਤੋਂ ਸਾਡਾ ਰਵਾਇਤੀ ਸੰਗੀਤ ਇਕ ਤਰ੍ਹਾਂ ਨਾਲ ਵਿਰਵਾ ਹੀ ਨਹੀਂ ਹੋਇਆ ਸਗੋਂ ਉਦਾਸ ਵੀ ਹੋ ਗਿਆ ਹੈ। 24 ਅਕਤੂਬਰ ਦੀ ਸ਼ਾਮ ਠੁਮਰੀ ਦੇ ਚੁੱਪ ਹੋਣ ਦੀ ਸ਼ਾਮ ਰਹੇਗੀ, ਗਿਰਜਾ ਦੇਵੀ ਦਾ ਤੁਰ ਜਾਣਾ ਨਹੀਂ।
ਭਾਰਤੀ ਸੰਗੀਤ ਸਿਰਜਣਾ ਤੇ ਗਾਇਨ ਕਲਾ ਵਿਚ ਔਰਤ ਦੀ ਹੋਂਦ ਨੂੰ ਇਕ ਹੋਰ ਬਲ ਉਦੋਂ ਮਿਲਿਆ ਜਦੋਂ ਭਾਰਤ ਸਰਕਾਰ ਵਲੋਂ 1972 ਵਿਚ ਸ੍ਰੀਮਤੀ ਗਿਰਜਾ ਦੇਵੀ ਨੂੰ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ 1989 ਵਿਚ ਪਦਮ ਭੂਸ਼ਣ ਤੇ 2012 ਵਿਚ ਪਦਮ ਵਿਭੂਸ਼ਣ ਵਰਗੇ ਵੱਕਾਰੀ ਸਨਮਾਨ ਭਾਰਤ ਸਰਕਾਰ ਵਲੋਂ ਉਸ ਦੀ ਝੋਲੀ ਪਾਏ ਗਏ। ਆਪਣੀ 88 ਵਰ੍ਹਿਆਂ ਦੀ ਉਮਰ ਵਿਚ ਕਰੀਬ 74 ਵਰ੍ਹੇ ਭਾਰਤ ਦੇ ਅਮੀਰ ਸੰਗੀਤਕ ਖਾਤੇ 'ਚ ਜੋੜਨ ਵਾਲੀ ਗਿਰਜਾ ਦੇਵੀ ਦੀ ਪਹਿਚਾਣ ਕਰਵਾਉਣੀ ਹੋਵੇ ਤਾਂ ਅਸੀਂ ਝੱਟ ਕਹਿ ਦਿਆਂਗੇ ਕਿ ਉਹੀ ਗਿਰਜਾ ਦੇਵੀ ਦੀ ਗੱਲ ਹੋ ਰਹੀ ਹੈ ਜਿਸ ਨੇ ਆਵਾਜ਼ ਦੀ ਮਿੱਠੀ ਖਿੱਚ ਨਾਲ ਭਾਰਤ ਦੇ ਸ਼ਾਸਤਰੀ ਸੰਗੀਤ ਦੇ ਕਰੋੜਾਂ ਪ੍ਰੇਮੀਆਂ ਨੂੰ ਆਪਣੀ ਬੁੱਕਲ ਵਿਚ ਘੁੱਟ ਕੇ ਰੱਖਿਆ ਹੈ। ਠੁਮਰੀ ਦੀ ਰਾਣੀ ਦਾ ਜਨਮ ਬਾਪੂ ਰਾਮਦਾਸ ਰਾਏ ਦੇ ਘਰ ਹੋਇਆ ਤੇ ਉਹ ਆਪਣੇ ਮਾਂ-ਬਾਪ ਦੀ ਇਕਲੌਤੀ ਪੁੱਤਰੀ ਸੀ। ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਪ੍ਰਾਚੀਨ ਕਾਲ ਤੋਂ ਹੀ ਧਰਮ ਅਤੇ ਸੰਸਕ੍ਰਿਤੀ ਵਿਚ ਕਾਂਸ਼ੀ ਨਗਰ ਨੂੰ ਇਕ ਅਹਿਮ ਤੇ ਪਵਿੱਤਰ ਸਥਾਨ ਹੋਣ ਦਾ ਮਾਣ ਦਿੱਤਾ ਜਾਂਦਾ ਰਿਹਾ ਹੈ। ਇਸੇ ਧਰਤੀ 'ਤੇ ਅਨੇਕਾਂ ਸੰਗੀਤ ਸਿਰਜਕਾਂ, ਵਾਦਕਾਂ ਤੇ ਧਰੁਪਦੀ ਗਾਇਕਾਂ ਨੇ ਜਨਮ ਲਿਆ। ਇਹ ਸੰਗੀਤ ਦੇ ਰਤਨ ਪੈਦਾ ਕਰਨ ਵਾਲੀ ਮਿੱਟੀ ਹੈ ਤੇ ਮਾਣ ਨਾਲ ਕਿਹਾ ਜਾਂਦਾ ਹੈ ਕਿ ਇਸੇ ਮਿੱਟੀ 'ਚੋਂ ਗਿਰਜਾ ਦੇਵੀ ਦਾ ਜਨਮ ਹੋਇਆ। ਭਾਰਤ ਦੇ ਕਰੀਬ ਸਾਰੇ ਅਕਾਸ਼ਵਾਣੀ ਕੇਂਦਰਾਂ ਤੋਂ ਗਿਰਜਾ ਦੇਵੀ ਨੇ ਰੱਜ ਕੇ ਗਾਇਆ। ਉਹ ਇਨ੍ਹਾਂ ਕੇਂਦਰਾਂ ਤੋਂ ਵਾਰ-ਵਾਰ ਪੇਸ਼ ਹੁੰਦੀ ਰਹੀ ਅਤੇ ਲੱਖਾਂ ਸੰਗੀਤ ਪ੍ਰੇਮੀ ਉਸ ਨੂੰ ਇਨ੍ਹਾਂ ਅਕਾਸ਼ਵਾਣੀ ਕੇਂਦਰਾਂ 'ਤੇ ਖਤ ਲਿਖਦੇ ਰਹੇ ਹਨ। ਬਿਲਕੁਲ ਆਧੁਨਿਕ ਬੰਦਿਸ਼ ਵਾਲੀ ਖਿਆਲ ਗਾਇਕੀ ਬਾਰੇ ਜੇ ਕੁਝ ਹੋਰ ਜਾਣਨਾ ਹੋਵੇ ਤਾਂ ਇਹ ਬਹੁਤ ਦੂਰ ਦੀ ਗੱਲ ਨਹੀਂ। ਕਿਉਂਕਿ ਦੇਰ ਰਾਤ ਜਿਹੜੇ ਸ਼ਾਸਤਰੀ ਸੰਗੀਤ ਨੂੰ ਪਿਆਰ ਕਰਦੇ ਹਨ, ਉਹ ਗਿਰਜਾ ਦੇਵੀ ਦੇ ਬੋਲਾਂ ਨੂੰ ਆਪਣੇ ਕੰਨਾਂ 'ਚ ਭਰ ਕੇ ਸੌਂਦੇ ਹਨ ਅਤੇ ਜਦੋਂ ਅੱਖ ਖੁੱਲ੍ਹਦੀ ਹੈ ਤਾਂ ਉਹ ਗਿਰਜਾ ਦੇਵੀ ਦੇ ਬੋਲਾਂ ਨੂੰ ਫਿਰ ਹਿੱਕ ਨਾਲ ਲਾਉਣ ਲਈ ਉਤਾਵਲੇ ਹੁੰਦੇ ਹਨ। ਗਿਰਜਾ ਦੇਵੀ ਬਚਪਨ ਤੋਂ ਹੀ ਸੰਗੀਤ ਦੀ ਸਿੱਖਿਆ ਨਾਲ ਜੁੜ ਗਈ ਸੀ। 12 ਵਰ੍ਹਿਆਂ ਦੀ ਉਮਰ ਤੱਕ ਉਸ ਨੇ ਪੰਡਿਤ ਸਰਜੂ ਪ੍ਰਸਾਦ ਤੋਂ ਸਿੱਖਿਆ ਲਈ ਪਰ ਉਸ ਦੀ ਮੌਤ ਹੋ ਜਾਣ ਕਾਰਨ ਗਿਰਜਾ ਦੇਵੀ ਨੇ ਪੰਡਿਤ ਸ੍ਰੀ ਚੰਦ ਮਿਸ਼ਰ ਨੂੰ ਆਪਣਾ ਉਸਤਾਦ ਬਣਾ ਲਿਆ। ਕਰੀਬ 20 ਵਰ੍ਹਿਆਂ ਦੀ ਉਮਰ ਵਿਚ ਉਸਨੂੰ ਗਾਇਨ ਪ੍ਰਦਰਸ਼ਨ ਦਾ ਮੌਕਾ ਅਕਾਸ਼ਵਾਣੀ ਲਖਨਊ ਤੋਂ ਪ੍ਰਾਪਤ ਹੋਇਆ। ਉਹਨੂੰ ਲੋਕਾਂ ਨੇ ਰੱਜ ਕੇ ਪਸੰਦ ਕੀਤਾ, ਰੂਹ ਨਾਲ ਸੁਣਿਆ, ਹਾਲਾਂ ਕਿ ਇਹ ਦਿਨ ਭਾਰਤ ਦੀ ਵੰਡ ਹੋ ਜਾਣ ਕਾਰਨ ਬਹੁਤ ਦੁੱਖ ਦੇਣ ਵਾਲੇ ਸਨ। ਉਸ ਨੇ ਆਪਣੀ ਆਵਾਜ਼ ਵਿਚ ਅਨੁਭਵੀ ਦਰਦ ਦੀਆਂ ਅਨੇਕਾਂ ਵੰਨਗੀਆਂ ਪੇਸ਼ ਕਰਕੇ ਲੱਖਾਂ ਭਾਰਤੀ ਸ਼ਾਸਤਰੀ ਸੰਗੀਤ ਪ੍ਰੇਮੀਆਂ ਦਾ ਦਿਲ ਜਿੱਤ ਲਿਆ। 21 ਵਰ੍ਹਿਆਂ ਦੀ ਉਮਰ ਵਿਚ ਗਿਰਜਾ ਦੇਵੀ ਉੱਥੇ ਤੱਕ ਪੁੱਜ ਗਈ ਸੀ ਜਿੱਥੇ ਤੱਕ ਸ਼ਾਸਤਰੀ ਸੰਗੀਤ ਦਾ ਕੋਈ ਰਸੀਆ ਬੈਠਾ ਸੀ। ਉਸ ਦੇ ਸੰਗੀਤਕ ਜੀਵਨ ਦੀ ਇਕ ਉਦਾਹਰਣ ਦਿਆਂਗਾ ਕਿ ਇਕ ਵਾਰ ਲਖਨਊ ਅਕਾਸ਼ਵਾਣੀ ਵਲੋਂ ਸ਼ਾਸਤਰੀ ਗਾਇਨ ਦੀਆਂ ਅਹਿਮ ਹਸਤੀਆਂ ਨੂੰ ਬੁਲਾਇਆ ਗਿਆ ਸੀ। ਇਨ੍ਹਾਂ ਵਿਚ ਗਿਰਜਾ ਦੇਵੀ ਸਭ ਤੋਂ ਘੱਟ ਉਮਰ ਦੀ ਸੀ। ਪੇਸ਼ਕਾਰ ਵਲੋਂ ਗਿਰਜਾ ਦੇਵੀ ਨੂੰ ਸਭ ਤੋਂ ਪਹਿਲਾਂ ਸਮਾਂ ਇਹ ਸੋਚ ਕੇ ਦੇ ਦਿੱਤਾ ਗਿਆ ਕਿ ਚਲੋ ਮਹੌਲ ਸੰਗੀਤ ਵਾਲਾ ਬਣਾ ਲਿਆ ਜਾਵੇ। ਪਰ ਕਮਾਲ ਇਹ ਹੋਇਆ ਕਿ ਉਸ ਨੇ ਏਨਾ ਕੁ ਜੰਮ ਕੇ ਗਾਇਆ ਕਿ ਬਾਅਦ ਵਿਚ ਦੋ ਹੰਢੇ ਵਰਤੇ ਗਾਇਕਾਂ ਨੂੰ ਸਮੇਂ ਦੀ ਘਾਟ ਕਾਰਨ ਬਿਨ ਗਾਇਆਂ ਹੀ ਪਰਤਣਾ ਪਿਆ।
ਭਾਰਤੀ ਸੰਗੀਤਕ ਪ੍ਰੰਪਰਾਵਾਂ ਵਿਚ ਠੁਮਰੀ ਦੀ ਇਕ ਖਾਸ ਥਾਂ ਹੈ ਤੇ ਗਿਰਜਾ ਦੇਵੀ ਦੇ ਤੁਰ ਜਾਣ ਨਾਲ ਠੁਮਰੀ ਦੀ ਆਖਰੀ ਨਿਸ਼ਾਨੀ ਦਾ ਚਲੇ ਜਾਣਾ ਭਾਰਤੀ ਸੰਗੀਤ ਨੂੰ ਤੇ ਖਾਸ ਤੌਰ 'ਤੇ ਸ਼ਾਸਤਰੀ ਸੰਗੀਤ ਨੂੰ ਹਮੇਸ਼ਾ ਚੁਭਦਾ ਰਹੇਗਾ। ਉਹਦੀਆਂ ਕੁਝ ਵੰਨਗੀਆਂ ਦੇਖੋ;
ਇਕ ਦਿਨ ਮੁਰਲੀ ਸ਼ਾਮ ਬਜਾਈ, ਦੇਸ ਠੁਮਰੀ 'ਚ ਉਹਦਾ ਗਾਇਆ;
ਪੀਆ ਨਹੀਂ ਆਏ, ਕਾਲੀ ਬਦਲੀਆ ਬਰਸੇ
- ਦੀਵਾਨਾ ਕੀਯਾ ਸ਼ਾਮ ਕਿਆ ਜਾਦੂ ਡਾਰਾ
ਉਸਤਾਦ ਜ਼ਾਕਿਰ ਹੁਸੈਨ ਦੇ ਤਬਲੇ ਦੇ ਠੇਕਿਆਂ ਅਤੇ ਉਸਤਾਦ ਬਿਸਮਿੱਲਾ ਖਾਨ ਦੀ ਸ਼ਹਿਨਾਈ ਨਾਲ ਰਾਗ ਕਲਿਆਣ ਵਿਚ ਗਾਉਣ ਵਾਲੀ ਗਿਰਜਾ ਦੇਵੀ 'ਬਾਬਲ ਮੇਰਾ' ਵਿਚ ਠੁਮਰੀ ਗਾਇਕੀ ਦਾ ਕਮਾਲ ਸਿਰਜਣ ਵੇਲੇ ਸ਼ਾਇਦ ਦਿਮਾਗ ਨੂੰ ਏਨਾ ਪ੍ਰਭਾਵਿਤ ਕਰ ਜਾਂਦੀ ਸੀ ਕਿ ਸੰਗੀਤ ਸ਼ਾਸਤਰੀ ਇਹ ਕਹਿੰਦੇ ਰਹੇ ਹਨ ਕਿ ਉਦੋਂ ਸ਼ਾਇਦ ਕੋਈ ਪੰਛੀ ਵੀ ਸਾਹ ਨਾ ਲੈਂਦਾ ਹੋਵੇ।
ਗਿਰਜਾ ਦੇਵੀ ਦੀ ਗਾਇਕੀ 'ਸੇਨੀ ਘੁਰਾਣੇ' ਦੀ ਦੱਸੀ ਜਾਂਦੀ ਹੈ। ਉਹ ਖਿਆਲ ਅਤੇ ਠੁਮਰੀ ਦੀ ਸਫਲ ਗਾਇਕਾ ਸੀ। ਪੂਰਬੀ ਲੋਕ ਗੀਤ, ਭਜਨ, ਹੋਲੀ, ਕਜਰੀ, ਦਾਦਰਾ ਅਤੇ ਅਧੁਨਿਕ ਗੀਤ ਕਾਵਿ ਦੀ ਨਿਵੇਕਲੀ ਤੇ ਮਧੁਰ ਪੇਸ਼ਕਾਰੀ ਵਿਚ ਪ੍ਰਵੀਨ ਗਿਰਜਾ ਦੇਵੀ ਨੇ ਤਕਰੀਬਨ ਇਹ ਸਾਰੇ ਹੀ ਰੰਗ ਭਾਰਤ ਭਰ ਦੇ ਪ੍ਰਮੁੱਖ ਅਕਾਸ਼ਵਾਣੀ ਕੇਂਦਰਾਂ ਤੋਂ ਬਿਖੇਰੇ ਸਨ। ਪਾਕਿਸਤਾਨ ਅਤੇ ਕਈ ਯੂਰਪੀ ਮੁਲਕਾਂ ਵਿਚ ਉਸ ਨੇ ਆਪਣੇ ਫਨ ਦਾ ਸਫਲ ਇਜ਼ਹਾਰ ਹੀ ਨਹੀਂ ਕੀਤਾ ਬਲਕਿ ਭਾਰਤ ਭਰ ਵਿਚ ਸ਼ਾਇਦ ਹੀ ਕੋਈ ਅਜਿਹਾ ਇਕ ਅੱਧਾ ਸੰਗੀਤ ਸੰਮੇਲਨ ਹੀ ਬਚਿਆ ਹੋਵੇ ਜਿਸ ਵਿਚ ਗਿਰਜਾ ਦੇਵੀ ਨੇ ਭਾਗ ਨਾ ਲਿਆ ਹੋਵੇ। 88 ਵਰ੍ਹਿਆਂ ਦੀ ਗਿਰਜਾ ਦੇਵੀ ਰਿਸ਼ਟ ਪੁਸ਼ਟ ਸੀ ਤੇ ਮਾਮੂਲੀ ਬਿਮਾਰੀ ਦਾ ਬਹਾਨਾ ਲਾ ਕੇ ਹੋਣੀ ਨੇ ਇਸ ਸੰਗੀਤ ਦੀ ਦੇਵੀ ਨੂੰ ਘੇਰ ਲਿਆ। ਉਹ ਲਖਨਊ ਅਤੇ ਬਨਾਰਸ ਰਹਿ ਕੇ ਸੈਂਕੜੇ ਆਪਣੇ ਚੇਲੇ ਤੇ ਚੇਲੀਆਂ ਨੂੰ ਸ਼ਾਸਤਰੀ ਸੰਗੀਤ ਦੀ ਸਾਧਨਾ ਅਤੇ ਗਾਇਨ ਕਲਾ ਦੇ ਗੁਰ ਸਿਖਾਉਂਦੀ ਰਹੀ। ਕੋਲਕਾਤਾ 'ਚ ਤਾਂ ਉਹਦੇ ਤੁਰ ਜਾਣ ਨਾਲ ਸੋਗ ਹੈ, ਬਨਾਰਸ ਵੀ ਚੁੱਪ ਹੈ ਅਤੇ ਲਖਨਊ ਵੀ। ਗਿਰਜਾ ਦੇਵੀ ਦੇ ਜਾਣ ਨਾਲ ਠੁਮਰੀ ਦੀ ਆਖਰੀ ਵਿਰਾਸਤੀ ਕੰਧ ਵੀ ਡਿੱਗ ਪਈ ਹੈ। ਜਦੋਂ ਤੱਕ ਸ਼ਾਸਤਰੀ ਸੰਗੀਤ ਜਿਊਂਦਾ ਰਹੇਗਾ ਗਿਰਜਾ ਦੇਵੀ ਨੂੰ 'ਠੁਮਰੀ ਦੀ ਰਾਣੀ' ਵਜੋਂ ਯਾਦ ਕੀਤਾ ਜਾਂਦਾ ਰਹੇਗਾ। ਸਮੁੱਚੇ ਭਾਰਤੀ ਸ਼ਾਸਤਰੀ ਸੰਗੀਤ ਦੇ ਮੰਦਰਾਂ ਵਿਚ ਉਹਦੀ ਸ਼ਰਧਾ ਦੇ ਦੀਵੇ-ਬੱਤੀਆਂ ਜਗਦੇ ਰਹਿਣਗੇ।

Email : ashobhaura@gmail.com

ਡਰਾਉਣੇ ਸ਼ਨੀ ਤੱਕ ਪੁੱਜੇ ਵਿਗਿਆਨੀ

ਸਾਡੇ ਪਿੰਡਾਂ ਸ਼ਹਿਰਾਂ ਵਿਚ ਸਨਿਚਰਵਾਰ ਵਾਲੇ ਦਿਨ ਤੇਲ ਦੀ ਬਾਲਟੀ ਵਿਚ ਲੋਹੇ ਦੀ ਪੱਤਰੀ ਦੀ ਮੂਰਤੀ ਸੁੱਟੀ ਚਿੱਟ ਕੱਪੜੀਏ ਬੰਦੇ ਘਰ-ਘਰ ਸ਼ਨੀ ਮਹਾਰਾਜ ਦੇ ਨਾਂਅ ਉਤੇ ਭੋਲੇ-ਭਾਲੇ ਲੋਕਾਂ ਦੀ ਸ਼ਰੇਆਮ ਜੇਬ ਕੱਟਦੇ ਦਿਸਦੇ ਹਨ। ਅਨਪੜ੍ਹ ਤਾਂ ਕੀ ਪੜ੍ਹੇ-ਲਿਖੇ ਲੋਕਾਂ ਨੂੰ ਸ਼ਨੀ ਗ੍ਰਹਿ ਭਾਰੂ ਕਹਿ ਕੇ ਲੁੱਟਣ ਦਾ ਧੰਦਾ ਚੱਲ ਰਿਹਾ ਹੈ। ਜੋਤਸ਼ੀਆਂ ਦਾ ਦਾਲ-ਫੁਲਕਾ ਰਾਹੂ-ਕੇਤੂ ਤੇ ਸ਼ਨੀ ਦੇ ਡਰਾਵੇ ਨਾਲ ਚਲ ਰਿਹਾ ਹੈ। ਵਿਗਿਆਨੀ ਇਸ ਗੋਰਖ ਧੰਦੇ ਉਤੇ ਮੁਸਕਰਾ ਕੇ ਆਪਣੇ ਕੰਮ ਲੱਗੇ ਰਹਿੰਦੇ ਹਨ। ਲੁਧਿਆਣਾ ਦੇ ਸਮਰਾਲਾ ਚੌਕ ਇਲਾਕੇ ਦੀ ਇਕ ਪੜ੍ਹੀ-ਲਿਖੀ ਨਰਸ, ਉਸ ਦਾ ਸਾਇੰਸ ਦੀ ਪਲੱਸ ਟੂ ਕਰ ਰਿਹਾ ਮੁੰਡਾ ਤੇ ਕਿਸੇ ਕੋਲਡ ਡਰਿੰਕ ਬਾਟਲਿੰਗ ਕੰਪਨੀ ਦਾ ਨਕੋਦਰ ਵੱਲ ਮੈਨੇਜਰ ਵਜੋਂ ਨੌਕਰੀ ਕਰ ਰਿਹਾ ਪਤੀ ਇਸ ਜਾਲ ਵਿਚ ਫਸੇ ਬੁਰੀ ਤਰ੍ਹਾਂ ਪ੍ਰੇਸ਼ਾਨ ਕੁਝ ਮਹੀਨੇ ਪਹਿਲਾਂ ਪੁਲਾੜੀ ਗ੍ਰਹਿਆਂ ਬਾਰੇ ਮੇਰਾ ਇਕ ਨਿਬੰਧ ਪੜ੍ਹ ਕੇ ਪੁੱਛਦੇ-ਪੁਛਾਉਂਦੇ ਕਾਰ 'ਤੇ ਸਵਾਰ ਹੋ ਕੇ ਮੇਰੇ ਘਰ ਆਏ। ਉਨ੍ਹਾਂ ਦੇ ਡਰ ਪ੍ਰੇਸ਼ਾਨੀ ਦੀ ਕਹਾਣੀ ਤੇ ਡੇਢ ਦੋ ਲੱਖ ਦੀ ਦਕਸ਼ਣਾਂ ਦੀਆਂ ਗੱਲਾਂ ਸੁਣ-ਸੁਣ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਲੁੱਟਣ ਵਾਲੇ ਬਹੁਤੇ ਚਲਾਕ ਹਨ ਜਾਂ ਲੁੱਟੇ ਜਾਣ ਵਾਲੇ ਬਹੁਤ ਭੋਲੇ ਹਨ। ਚਾਹ-ਪਾਣੀ ਪਿਆ ਕੇ, ਸਾਰੇ ਪਰਿਵਾਰ ਨੂੰ ਗ੍ਰਹਿਆਂ ਦੇ ਵਿਗਿਆਨ ਦਾ ਸੱਚ ਸਮਝਾ ਕੇ ਮੈਂ ਉਨ੍ਹਾਂ ਨੂੰ ਤੋਰਿਆ ਤੇ ਕਿਹਾ ਕਿ ਤੁਹਾਡੇ ਇਕੋ ਇਕ ਪੁੱਤਰ ਨੂੰ ਕਿਸੇ ਗ੍ਰਹਿ ਤੋਂ ਕੋਈ ਖ਼ਤਰਾ ਨਹੀਂ। ਉਨ੍ਹਾਂ ਦੀ ਮੁੜ ਕੋਈ ਖ਼ਬਰ ਮੈਨੂੰ ਨਹੀਂ। ਅੱਗੇ ਵੀ ਉਨ੍ਹਾਂ ਗ੍ਰਹਿਆਂ ਬਾਰੇ ਮੇਰੀ ਇਕ ਰਚਨਾ ਪੜ੍ਹ ਕੇ ਮੇਰੇ ਨਾਲ ਸੰਪਰਕ ਕੀਤਾ ਸੀ। ਕੀ ਪਤਾ ਸ਼ਨੀ ਬਾਰੇ ਪੜ੍ਹ ਕੇ ਉਹ ਜਾਂ ਉਨ੍ਹਾਂ ਜਿਹੇ ਹੋਰ ਭੋਲੂ ਆ ਵੜਨ।
ਅਜਿਹੇ ਭੋਲੂਆਂ ਨੂੰ ਨਹੀਂ ਪਤਾ ਕਿ ਸ਼ਨੀ ਸਾਡੇ ਸੂਰਜ ਪਰਿਵਾਰ ਦਾ ਛੇਵਾਂ ਗ੍ਰਹਿ ਹੈ। ਜੁਪੀਟਰ ਸਾਡੇ ਇਸ ਪਰਿਵਾਰ ਦਾ ਸਭ ਤੋਂ ਵੱਡਾ ਗ੍ਰਹਿ ਹੈ। ਸ਼ਨੀ ਆਕਾਰ ਪੱਖੋਂ ਇਸ ਤੋਂ ਦੂਜੇ ਨੰਬਰ ਉਤੇ ਹੈ। ਗੈਸੀ ਗ੍ਰਹਿ ਹੈ ਇਹ। ਬਹੁਤੀ ਹੀਲੀਅਮ ਹੈ ਜਾਂ ਹਾਈਡ੍ਰੋਜਨ ਇਸ ਗੈਸੀ ਗੋਲੇ ਵਿਚ। ਗੈਸ ਹੋਣ ਕਰਕੇ ਇਸ ਦੀ ਘਣਤਾ ਧਰਤੀ ਤੋਂ ਘੱਟ ਹੈ, ਪਰ ਅਕਾਰ ਅਤਿ ਵੱਡਾ ਹੋਣ ਕਰਕੇ ਇਸ ਦਾ ਭਾਰ ਧਰਤੀ ਤੋਂ ਪਚਾਨਵੇਂ (95ਵੇਂ) ਗੁਣਾਂ ਹੈ। ਅਰਧ ਵਿਆਸ 58235 ਕਿਲੋਮੀਟਰ (ਔਸਤਨ)। ਗੁਰੂਤਾ 10.44 ਮੀਟਰ। ਇਸ ਤੋਂ ਬਚ ਨਿਕਲਣ ਦਾ ਪਲਾਇਨ ਵੇਗ ਸਾਢੇ ਪੈਂਤੀ ਕਿਲੋਮੀਟਰ ਪ੍ਰਤੀ ਸੈਕਿੰਡ। ਹਾਈਡ੍ਰੋਜਨ ਤੇ ਹੀਲੀਅਮ ਤੋਂ ਬਿਨਾਂ ਮੀਥੇਨ,, ਈਥੇਨ, ਅਮੋਨੀਆ, ਜੰਮੀ ਹੋਈ ਅਮੋਨੀਆ, ਜੰਮੀ ਹੋਈ ਪਾਣੀ ਦੀ ਬਰਫ਼, ਜੰਮਿਆ ਹੋਇਆ ਅਮੋਨੀਅਮ, ਹਾਈਡ੍ਰੋਸਲਫਾਈਡ ਇਸ ਗੈਸੀ ਉਛਾੜ ਵਿਚ ਹੈ। ਇਸ ਦੇ ਗਰਭ ਵਿਚ ਲੋਹਾ, ਨਿਕਲ ਤੇ ਸਿਲੀਕਾਨ/ਆਕਸੀਜਨ ਚੱਟਾਨਾਂ ਹਨ। ਉਥੇ ਦ੍ਰਵ ਹਾਈਡ੍ਰੋਜਨ ਤੇ ਦ੍ਰਵ ਹੀਲੀਅਮ ਵੀ ਹੈ। ਗੈਸੀ ਵਾਯੂ ਮੰਡਲ ਵਿਚ ਤੇਜ਼ ਝੱਖੜ ਤੇ ਤੂਫ਼ਾਨ ਝੁਲਦੇ ਰਹਿੰਦੇ ਹਨ। ਕਦੇ ਹਫ਼ਤਿਆਂਬੱਧੀ, ਕਦੇ ਮਹੀਨਿਆਂਬੱਧੀ। ਸ਼ਨੀ ਦੁਆਲੇ ਤੜਾਗੀ ਵਾਂਗ ਪਤਲੇ-ਪਤਲੇ ਛੱਲੇ ਹਨ। ਇਹ ਗੈਸ, ਧੂੜ, ਬਰਫ਼, ਚੱਟਾਨ ਦੇ ਮਿਸ਼ਰਣ ਤੋਂ ਬਣੇ ਹਨ। ਛਲੇ ਬਹੁਤੇ ਮੋਟੇ ਨਹੀਂ। ਲਗਪਗ ਇਕ ਕਿਲੋਮੀਟਰ ਤੋਂ ਕੁਝ ਵੱਧ ਕਹਿ ਸਕਦੇ ਹੋ। ਤੂਫਾਨ ਤਕੜੇ ਝੁਲਦੇ ਹਨ। ਸਪੀਡ 1800 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਜਾਂਦੀ ਹੈ, ਇਨ੍ਹਾਂ ਦੀ। ਗੈਸੀ ਬੱਦਲ ਦਾ ਤਾਪਮਾਨ ਜਿਉਂ-ਜਿਉਂ ਹੇਠਾਂ ਜਾਈਏ ਵਧਦਾ ਹੈ। ਲਗਪਗ ਇਕ ਸੌ ਡਿਗਰੀ ਕੈਲਵਿਨ ਤੋਂ ਸ਼ੁਰੂ ਹੋ ਕੇ 330 ਡਿਗਰੀ ਕੈਲਵਿਨ ਤੱਕ ਪਹੁੰਚ ਜਾਂਦਾ ਹੈ। ਤਾਪਮਾਨ ਸਾਰੇ ਸ਼ਨੀ ਦਾ ਇਕ ਨਹੀਂ। ਇਹ ਮਨਫ਼ੀ 122 (ਸਭ ਤੋਂ ਨਿੱਘੇ ਖੇਤਰ ਵਿਚ) ਅਤੇ ਮਨਫ਼ੀ 185 ਡਿਗਰੀ ਸੈਂਟੀਗਰੇਡ (ਸਭ ਤੋਂ ਠੰਢੇ ਖੇਤਰ ਵਿਚ) ਹੈ। ਸਾਡੀ ਧਰਤੀ ਕੋਲ ਇਕੋ ਚੰਨ ਹੈ ਤੇ ਸ਼ਨੀ ਕੋਲ ਪੂਰੇ ਬਾਹਠ (62) ਚੰਦ ਹਨ।
ਸ਼ਨੀ ਨੂੰ ਸ਼ੁਰੂ-ਸ਼ੁਰੂ ਵਿਚ ਤਾਂ ਵਿਗਿਆਨੀਆਂ ਨੇ ਨੰਗੀ ਅੱਖ ਤੇ ਸਰਲ ਦੂਰਬੀਨਾਂ ਨਾਲ ਹੀ ਵੇਖਣਾ ਸ਼ੁਰੂ ਕੀਤਾ। ਵਧੀਆ ਆਧੁਨਿਕ ਟੈਲੀਸਕੋਪ ਬਣੇ ਤਾਂ ਉਨ੍ਹਾਂ ਨੇ ਇਨ੍ਹਾਂ ਦਾ ਆਸਰਾ ਲਿਆ। ਸਭ ਤੋਂ ਦੁਰੇਡਾ ਇਹ ਗ੍ਰਹਿ ਸੀ ਪੁਰਾਣੇ ਸਮਿਆਂ ਵਿਚ। ਨੈਪਚੂਨ, ਪਲੂਟੋ, ਯੂਰੇਨਸ ਤਾਂ ਬਾਅਦ ਵਿਚ ਲੱਭੇ। ਹਿੰਦੂ ਜੋਤਿਸ਼ ਵਿਚ ਨੌਂ ਗ੍ਰਹਿਆਂ ਵਿਚ ਜਿਹੜੇ ਨੌਂ ਗ੍ਰਹਿ ਗਿਣੇ ਗਏ ਸਨ : ਸੂਰਜ, ਚੰਦ, ਮੰਗਲ, ਮਰਕਰੀ, ਜੁਪੀਟਰ, ਵੀਨਸ, ਸ਼ਨੀ, ਰਾਹੂ ਤੇ ਕੇਤੂ। ਮਰਕਰੀ ਨੂੰ ਬੁੱਧ ਤੇ ਜੁਪੀਟਰ ਨੂੰ ਬ੍ਰਸਪਤੀ ਕਿਹਾ ਗਿਆ। ਵੀਨਸ ਨੂੰ ਸ਼ੁੱਕਰ ਦਾ ਨਾਂਅ ਦਿੱਤਾ ਗਿਆ ਤੇ ਸੈਟਰਨ ਨੂੰ ਸ਼ਨੀ ਦਾ। ਰਾਹੂ ਤੇ ਕੇਤੂ ਵਾਸਤਵਿਕ ਗ੍ਰਹਿ ਨਾ ਮੰਨ ਕੇ ਪਰਛਾਈ ਗ੍ਰਹਿ ਕਹੇ ਗਏ। ਸ਼ਨੀ ਦੇ ਛਲੇ ਪਤਲੇ ਹੋਣ ਕਾਰਨ ਇਨ੍ਹਾਂ ਲਈ ਘੱਟੋ-ਘੱਟ ਪੰਦਰਾਂ ਮਿਲੀ ਮੀਟਰ ਵਿਆਸ ਵਾਲਾ ਟੈਲੀਸਕੋਪ ਚਾਹੀਦਾ ਸੀ। ਉਸ ਦੀ ਅਣਹੋਂਦ ਵਿਚ ਇਹ ਨਿਖੜ ਕੇ ਸਪੱਸ਼ਟ ਨਹੀਂ ਦਿਸਦੇ ਸਨ। ਗੈਲੀਲੀਓ ਨੇ ਆਪਣੇ ਟੈਲੀਸਕੋਪ ਨਾਲ ਸ਼ਨੀ ਨੂੰ ਵੇਖਿਆ ਤਾਂ ਇਸ ਦੇ ਛੱਲਿਆਂ ਨੂੰ ਸ਼ਨੀ ਦੀਆਂ ਮੁੰਦਰਾਂ ਦੇ ਰੂਪ ਵਿਚ ਦੋ ਚੰਨ ਹੀ ਸਮਝਿਆ। ਹਾਈਜਨਜ਼ ਨੇ ਸ਼ਨੀ ਦਾ ਪਹਿਲਾ ਵੱਡਾ ਚੰਨ ਟਾਈਟਨ ਪਛਾਣਿਆ। ਫਿਰ ਕਾਸੀਨੀ ਨੇ ਚਾਰ ਹੋਰ ਚੰਨ ਲੱਭੇ। ਸਤਾਰ੍ਹਵੀਂ ਸਦੀ ਤੱਕ ਇਹੀ ਕੁਝ ਪਤਾ ਸੀ ਸ਼ਨੀ ਬਾਰੇ। 1789 ਵਿਚ ਵਿਲੀਅਮ ਹਰਸ਼ਲ ਨੇ ਸ਼ਨੀ ਦੇ ਦੋ ਹੋਰ ਚੰਨ ਲੱਭੇ। 1899 ਵਿਚ ਪਿਕਰਿੰਗ ਨੇ ਫੋਇਥੇ ਨਾਂਅ ਦਾ ਇਕ ਹੋਰ ਚੰਨ ਪਛਾਣਿਆ।
ਸਮੇਂ ਦੇ ਬੀਤਣ ਨਾਲ ਹੋਰ ਚੰਨ ਲੱਭੀ ਗਏ। ਸ਼ਨੀ ਬਾਰੇ ਬਹੁਤੀ ਜਾਣਕਾਰੀ 20ਵੀਂ ਸਦੀ ਦੇ ਪਿਛਲੇ ਅੱਧ ਅਤੇ ਇੱਕੀਵੀਂ ਸਦੀ ਵਿਚ ਹੀ ਮਿਲੀ ਹੈ। ਮਨੁੱਖ ਨੇ ਪੁਲਾੜ ਵਿਚ ਇਕ ਤੋਂ ਇਕ ਵੱਡੀ ਪਰੋਬ ਇਸ ਦੌਰਾਨ ਭੇਜੀ ਹੈ। ਸ਼ਨੀ ਉਤੇ ਪਹਿਲੀ ਵਾਰ ਨੇੜਿਉਂ ਝਾਤੀ ਮਾਰਨ ਦਾ ਉੱਦਮ ਸਤੰਬਰ, 1979 ਵਿਚ ਪਾਇਓਨੀਅਰ-99 ਨੇ ਕੀਤਾ। ਉਂਜ ਇਹ ਵੀ ਕਾਹਦਾ ਨੇੜੇ ਸੀ। ਸ਼ਨੀ ਦੇ ਬੱਦਲਾਂ ਤੋਂ ਵੀਹ ਹਜ਼ਾਰ ਕਿਲੋਮੀਟਰ ਉਤੋਂ ਹੀ ਵੇਖਿਆ ਇਸ ਨੇ। ਪਾਇਓਨੀਅਰ ਨੇ ਕੁਝ ਤਸਵੀਰਾਂ ਸ਼ਨੀ ਦੀਆਂ ਤੇ ਕੁਝ ਇਸ ਦੇ ਚੰਨਾਂ ਦੀਆਂ ਲਈਆਂ। ਸਨ ਇਹ ਧੁੰਦਲੀਆਂ ਹੀ। ਟਾਈਟਨ ਚੰਨ ਦਾ ਤਾਪਮਾਨ ਇਸ ਨੇ ਜ਼ਰੂਰ ਮਿਣ ਲਿਆ। ਸ਼ਨੀ ਦੇ ਛੱਲਿਆਂ ਬਾਰੇ ਜਾਣਕਾਰੀ ਵਿਚ ਵੀ ਰਤਾ ਵਾਧਾ ਕੀਤਾ।
ਅਗਲੇ ਵਰ੍ਹੇ 1980 ਵਿਚ ਵਾਏਜਰ-1 ਸ਼ਨੀ ਕਬੀਲੇ ਦੀ ਖ਼ਬਰ-ਸਾਰ ਲੈਣ ਗਿਆ। ਇਸ ਨੇ ਸ਼ਨੀ, ਇਸ ਦੇ ਛੱਲਿਆਂ ਅਤੇ ਚੰਨਾਂ ਦੀਆਂ ਨਿੱਖੜਵੀਆਂ ਨਿੱਖਰੀਆਂ ਤਸਵੀਰਾਂ ਲਈਆਂ। ਟਾਈਟਨ ਦੀ ਸਤ੍ਹਾ 'ਤੇ ਵਾਯੂਮੰਡਲ, ਸ਼ਨੀ ਤੇ ਇਸ ਦੇ ਛੱਲਿਆਂ ਬਾਰੇ ਬੜਾ ਕੁਝ ਦੱਸਿਆ ਇਸ ਨੇ। ਸ਼ਨੀ ਦੇ ਬਹੁਤੇ ਗੁੱਝੇ ਰਹੱਸ ਕੈਸੀਨੀ ਨੇ ਖੋਜੇ। ਪੂਰੇ ਤੇਰਾਂ ਸਾਲ ਇਸ ਨੇ ਸ਼ਨੀ ਨੂੰ ਵੱਖ-ਵੱਖ ਕੋਨਾਂ ਤੋਂ ਵੇਖਿਆ ਫਰੋਲਿਆ ਹੈ। 1980 ਦੇ ਨੇੜੇ-ਤੇੜੇ ਵਿਉਂਤੇ ਗਏ ਇਸ ਪ੍ਰਾਜੈਕਟ ਵਿਚ ਸਤਾਰਾਂ ਦੇਸ਼ਾਂ ਦੇ ਪੰਜ ਹਜ਼ਾਰ ਵਿਗਿਆਨੀ ਜੁੜੇ ਹੋਏ ਸਨ। ਇਕ ਅਰਬ ਵੀਹ ਕਰੋੜ ਕਿਲੋਮੀਟਰ ਉਹ ਘਟੋ-ਘੱਟ ਸਿੱਧੀ ਦੂਰੀ ਸੀ ਜਿਥੇ ਸ਼ਨੀ ਸੀ। ਪੁਲਾੜੀ ਜਹਾਜ਼ ਕਿਸੇ ਸਿੱਧੀ ਸੜਕ ਉਤੇ ਨਹੀਂ ਜਾ ਸਕਦੇ। ਇਨ੍ਹਾਂ ਨੂੰ ਕਦੀ ਧਰਤੀ ਤੇ ਕਦੀ ਰਾਹ ਵਿਚ ਕਿਸੇ ਗ੍ਰਹਿ, ਕਦੀ ਕਿਸੇ ਤੋਂ ਧੱਕਾ ਮਰਵਾਣਾ ਪੈਂਦਾ ਹੈ। ਇਹੀ ਕਹਾਂਗੇ। ਪਰੋਬ ਦੀ ਸਪੀਡ ਵਧਾਉਣ ਲਈ ਰਾਹ ਵਿਚ ਪੈਂਦੇ ਕਿਸੇ ਗ੍ਰਹਿ ਦੇ ਗੁਰੂਤਾ ਪ੍ਰਵੇਗ (ਐਕਸੈਲਰੇਸ਼ਨ) ਦਾ ਲਾਭ ਉਠਾਉਣਾ ਹੁੰਦਾ ਹੈ। ਕੈਸੀਨੀ ਨੇ ਧਰਤੀ, ਸ਼ੁੱਕਰ, ਜੁਪੀਟਰ ਅਤੇ ਸੂਰਜ ਤੱਕ ਤੋਂ ਧੱਕਾ ਮਰਵਾਇਆ ਸ਼ਨੀ ਤੱਕ ਪਹੁੰਚਣ ਲਈ। ਇਹ ਪ੍ਰਾਜੈਕਟ ਮੁੱਖ ਰੂਪ ਵਿਚ ਨਾਸਾ, ਯੂਰਪੀਅਨ ਸਪੇਸ ਏਜੰਸੀ ਅਤੇ ਇਟਾਲੀਅਨ ਸਪੇਸ ਏਜੰਸੀ ਦਾ ਸਾਂਝਾ ਉੱਦਮ ਸੀ। ਇਧਰ-ਉਧਰ ਚੱਕਰ ਕੱਟਦੇ ਹੋਏ ਇਸ ਨੇ ਤਿੰਨ ਅਰਬ ਵੀਹ ਕਰੋੜ ਕਿਲੋਮੀਟਰ ਦੀ ਸ਼ਨੀ ਤੱਕ ਦੀ ਯਾਤਰਾ 7 ਸਾਲ ਵਿਚ ਪੂਰੀ ਕੀਤੀ। ਲਓ ਪੂਰੀ ਕਹਾਣੀ ਸੁਣੋ ਇਹਦੀ।
15 ਅਕਤੂਬਰ, 1997 ਦੇ ਦਿਹਾੜੇ ਇਹ ਲਾਂਚ ਹੋਇਆ। ਹਾਈਜਨਜ਼ ਨਾਂਅ ਦਾ ਲੈਂਡਰ ਕੈਸੀਨੀ ਉਤੇ ਪਿੱਠੂ ਵਾਂਗ ਬੰਨ੍ਹਿਆ ਗਿਆ ਤੇ ਭਾਂਤ-ਭਾਂਤ ਦੀ ਚੈਕਿੰਗ ਪਿਛੋਂ ਕੇਪ ਕਨਵੇਰਾਲ ਏਅਰ ਫੋਰਸ ਸਟੇਸ਼ਨ ਫਲੋਰੀਡਾ ਵੱਲ ਠੇਲ੍ਹ ਦਿੱਤਾ ਗਿਆ। ਉਥੇ ਇਸ ਨੂੰ ਟਾਈਟਨ-4 ਬੀ ਸੈਂਟੌਰ ਰਾਕਟ ਲਾਂਚਰ ਨਾਲ ਪੁਲਾੜ ਵਿਚ ਦਾਗ਼ਿਆ ਗਿਆ। ਲੰਬੀ ਯਾਤਰਾ ਦੌਰਾਨ ਇਸ ਨੂੰ ਊਰਜਾ ਦੇਣ ਵਾਸਤੇ ਤਿੰਨ ਜੈਨਰੇਟਰ ਲਾਏ ਗਏ। ਇਨ੍ਹਾਂ ਰੇਡੀਓ ਆਈਸੋਟੋਪ ਥਰਮੋ-ਇਲੈਕਟ੍ਰਿਕ ਜੈਨੇਰੇਟਰਾਂ ਵਿਚ 33 ਕਿਲੋ ਰੇਡੀਓ ਐਕਟਿਵ ਪਲੂਟੋਨੀਅਮ ਆਕਸਾਈਡ ਸੀ। ਬਸ ਇਸ ਨੇ ਹੀ ਇਸ ਨੂੰ ਸਾਰੀ ਸ਼ਕਤੀ ਦੇਣੀ ਸੀ ਰਾਹ ਪੈਂਡੇ। ਮਿਸ਼ਨ ਦੀ ਵਾਗਡੋਰ ਅਮਰੀਕਾ ਦੀ ਜੈੱਟ ਪਰੋਪਲਸ਼ਨ ਲੈਬ ਕੋਲ ਸੀ। ਬਾਰਾਂ ਸੂਖਮ ਵਿਗਿਆਨਕ ਯੰਤਰ ਇਸ ਪਰੋਬ ਵਿਚ ਸਨ। ਇਨ੍ਹਾਂ ਨੇ ਧੂੜ ਕਣਾਂ, ਬਿਜਲ-ਚੁੰਬਕੀ ਸਪੈਕਟਰਮਾਂ, ਚੁੰਬਕੀ ਖੇਤਰਾਂ ਵਾਯੂਮੰਡਲੀ ਸਥਿਤੀਆਂ ਪੱਖੋਂ ਸ਼ਨੀ ਅਤੇ ਉਹਦੇ ਕਬੀਲੇ ਦਾ ਸਾਰਾ ਸ਼ਜਰਾ ਤਿਆਰ ਕਰਨਾ ਸੀ। ਹਾਈਜਨਜ਼ ਉਤੇ ਯੂਰਪੀ ਸਪੇਸ ਏਜੰਸੀ ਨੇ ਟਾਈਟਨ ਦੀ ਛਾਣਬੀਣ ਲਈ ਵੱਖਰੇ ਯੰਤਰ ਫਿਟ ਕੀਤੇ। ਹਾਈਜਨਜ਼ 9 ਫੁੱਟ ਚੌੜਾ 318 ਕਿਲੋਭਾਰਾ ਪਿੱਠੂ ਸੀ ਕੈਸੀਨੀ ਦਾ। ਸੂਖਮ ਜੰਤਰਾਂ ਵਾਲੇ ਇਸ ਪਿੱਠੂ ਦੁਆਲੇ ਮਜ਼ਬੂਤ ਸ਼ੀਲਡ ਸੀ।
25 ਅਪ੍ਰੈਲ, 1998 ਨੂੰ ਕੈਸੀਨੀ ਨੇ ਸ਼ੁੱਕਰ ਗ੍ਰਹਿ ਕੋਲੋਂ ਧੱਕਾ ਮਰਵਾਇਆ। 7 ਕਿਲੋਮੀਟਰ ਪ੍ਰਤੀ ਸਕਿੰਟ ਪ੍ਰਤੀ ਸਕਿੰਟ (ਦੋ ਵਾਰ) ਦਾ ਪ੍ਰਵੇਗ ਲੈ ਕੇ ਇਸ ਨੇ ਸੂਰਜ ਦੀ ਗੇੜੀ ਮਾਰੀ ਅਤੇ ਮੁੜ ਸ਼ੁੱਕਰ ਕੋਲੋਂ ਦੂਜੀ ਵਾਰ ਧੱਕਾ ਮਰਵਾਉਣ ਆ ਪੁੱਜਾ। ਇਹ ਗੱਲ 24 ਜੂਨ, 1999 ਦੀ ਹੈ। ਇਸ ਪਿਛੋਂ ਇਸ ਨੇ ਧਰਤੀ ਨੂੰ ਸਲਾਮ ਕੀਤੀ ਤੇ ਇਸ ਤੋਂ ਧੱਕਾ ਮਰਵਾਇਆ ਅਤੇ ਧਰਤੀ ਦੀ ਐਸਟਰਾਇਡ ਪਟੀ ਵਿਚ ਵੜ ਗਿਆ। ਇਸ ਵਿਚ ਭਾਂਤ-ਭਾਂਤ ਦੇ ਨਿੱਕੇ-ਵੱਡੇ ਐਸਟਰਾਇਡ ਬੇਮੁਹਾਰ ਫਿਰ ਰਹੇ ਹਨ। ਇਨ੍ਹਾਂ ਦਾ ਅਧਿਐਨ ਕਰਨ ਲਈ ਕੈਸੀਨੀ ਨੇ ਆਪਣਾ ਕਾਸਮਿਕ ਡਸਟ ਐਨੇਲਾਈਜ਼ਰ ਆਨ ਕੀਤਾ ਤੇ ਪੰਜ ਮਹੀਨੇ ਇਹ ਜ਼ਿੰਮੇਵਾਰੀ ਨਿਭਾਈ।
ਅਪ੍ਰੈਲ, 2000 ਤੱਕ ਐਸਟਰਾਇਡ ਬੈਲਟ ਵਿਚ ਰਹਿਣ ਪਿਛੋਂ 2000 ਦੇ ਅੰਤਲੇ ਦਿਨਾਂ ਵਿਚ ਕੈਸੀਨੀ ਜੁਪੀਟਰ ਤੋਂ ਇਕ ਕਿਲੋਮੀਟਰ ਦੂਰ ਰਹਿ ਗਿਆ। ਇਥੇ ਜੁਪੀਟਰ ਦੀ ਛਾਣਬੀਣ ਲਈ ਗਈ ਗੈਲੀਲੀਓ ਪਰੋਬ ਨਾਲ ਇਸ ਦਾ ਮੇਲ ਹੋਇਆ। ਦੋਵਾਂ ਨੇ ਰਲ ਕੇ ਜੁਪੀਟਰ ਦੀਆਂ ਕਈ ਤਸਵੀਰਾਂ ਲਈਆਂ। ਦੋ ਸਾਲ ਹੋਰ ਲਾ ਕੇ ਇਹ ਸ਼ਨੀ ਦੀਆਂ ਬਰੂਹਾਂ 'ਤੇ ਜਾ ਪੁੱਜਾ। ਸ਼ਨੀ ਉਤੇ ਝੁਲਦੇ ਝੱਖੜ ਕੈਸੀਨੀ ਨੇ ਤਿੰਨ ਕੁ ਮੀਹਨੇ ਪਿਛੋਂ ਜਾ ਫੜੇ। ਮਈ, ਜੂਨ, 2004 ਵਿਚ ਇਹ ਸ਼ਨੀ ਦੇ ਕਬੀਲੇ ਨੂੰ ਬਾਰੀਕੀ ਨਾਲ ਵੇਖਣਯੋਗ ਹੋ ਗਿਆ। ਇਸੇ ਸਮੇਂ ਵਿਚ ਪਰੋਬ ਨੇ ਸ਼ਨੀ ਦੇ ਦੋ ਨਵੀਨਤਮ ਚੰਨ ਮੀਥੋਨ ਤੇ ਪੈਲੀਕ ਵੇਖੇ ਜਿਸ ਨਾਲ ਇਸ ਗ੍ਰਹਿ ਦੇ ਚੰਨਾਂ ਦੀ ਗਿਣਤੀ 62 ਨੂੰ ਅੱਪੜੀ। 2004 ਦੇ 25 ਦਸੰਬਰ ਨੂੰ ਕੈਸੀਨੀ ਨੇ ਹਾਈਜਨਜ਼ ਨੂੰ ਖੋਲ੍ਹ ਕੇ ਟਾਈਟਨ ਵੱਲ ਤੋਰ ਦਿੱਤਾ। ਤਿੰਨ ਹਫ਼ਤੇ ਪਿਛੋਂ 14 ਜਨਵਰੀ ਨੂੰ ਇਹ ਟਾਈਟਨ ਉਤੇ ਉਤਰਿਆ। ਉਤਰਦੇ ਸਮੇਂ ਇਸ ਨੇ ਨੱਬੇ ਮਿੰਟ ਲਾ ਕੇ ਟਾਈਟਨ ਦੇ ਵਾਯੂਮੰਡਲ ਬਾਰੇ ਹੋਰ ਵੇਰਵਾ ਰਿਕਾਰਡ ਕੀਤਾ ਤੇ ਫਿਰ ਇਹ ਚੰਨ ਦੀ ਧਰਤੀ ਉਤੇ ਜਾ ਟਿਕਿਆ। ਉਥੇ ਜਾ ਕੇ ਇਸ ਨੇ ਹਰ ਪ੍ਰਕਾਰ ਦੀ ਜਾਣਕਾਰੀ ਰਿਕਾਰਡ ਕਰ ਕੇ ਧਰਤੀ ਨੂੰ ਭੇਜੀ। ਇੰਜ ਟਾਈਟਨ ਨੂੰ ਉਤੋਂ, ਇਸ ਦੇ ਵਾਯੂ ਮੰਡਲ ਨੂੰ ਇਸ ਵਿਚ ਫਿਰ-ਤੁਰ ਕੇ ਅਤੇ ਇਸ ਦੀ ਧਰਤੀ ਨੂੰ ਇਸ ਉਤੇ ਖਲੋ ਕੇ ਹਰ ਪੱਖੋਂ ਬਾਰੀਕੀ ਨਾਲ ਵੇਖਣ-ਵਿਖਾਉਣ ਦਾ ਕੰਮ ਪਹਿਲ ਵਾਰ ਹਾਈਜਨਜ਼ ਨੇ ਕਰ ਕੇ ਇਤਿਹਾਸ ਰਚਿਆ। 3 ਅਰਬ 26 ਕਰੋੜ ਅਮਰੀਕੀ ਡਾਲਰ ਖਰਚ ਕੇ ਬਣੇ ਹਾਈਜਨਜ਼ ਨੇ ਆਪਣਾ ਪੂਰਾ ਮੁੱਲਾਂ ਮੋੜਿਆ। ਧਰਤੀ ਉਤੇ ਸੂਚਨਾ ਭੇਜਣ ਵਿਚ ਸਟੈਂਡ ਬਾਈ ਮੋਡ ਉਤੇ ਖੜ੍ਹੇ ਕੈਸੀਨੀ ਨੇ ਹਾਈਜਨਜ਼ ਦਾ ਸਾਥ ਦਿੱਤਾ।
2005 ਤੋਂ 2010 ਤੱਕ ਕੈਸੀਨੀ ਸ਼ਨੀ ਦੇ ਵੱਖ-ਵੱਖ ਚੰਨ ਵੇਖੀ ਗਿਆ। ਇਸ ਨੇ ਸ਼ਨੀ ਦੇ ਛੱਲੇ ਵੇਖੇ। ਵੱਖ-ਵੱਖ ਚੰਨਾਂ ਉਤੇ ਪਾਣੀ ਤੇ ਬਰਫ਼ ਵੇਖੀ। ਇਨ੍ਹਾਂ ਚੰਨਾਂ ਦੇ 25 ਕਿਲੋਮੀਟਰ ਨੇੜੇ ਤੱਕ ਜਾ ਕੇ ਇਨ੍ਹਾਂ ਨੂੰ ਘੋਖਿਆ। ਸ਼ਨੀ ਦੇ ਛੱਲਿਆਂ ਦੇ ਧੂੜ ਕਣਾਂ ਨੂੰ ਆਪਣੇ ਜੰਤਰਾਂ ਵਿਚ ਕੈਦ ਕੀਤਾ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ। ਮਿਸ਼ਨ ਜਿਸ ਸਫ਼ਲਤਾ ਨਾਲ ਚਲ ਰਿਹਾ ਸੀ, ਉਸ ਨੂੰ ਵੇਖ ਕੇ ਵਿਗਿਆਨੀਆਂ ਨੇ ਇਸ ਨੂੰ 7 ਸਾਲ ਲਈ ਹੋਰ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਇਸ ਦੌਰਾਨ ਇਸ ਨੇ ਟੇਢੇ ਸਿੱਧੇ ਹੋ ਕੇ ਕਈ ਕੋਣਾਂ ਤੇ ਕਈ ਆਰਬਿਟਾਂ ਤੋਂ ਸ਼ਨੀ ਇਸ ਦੇ ਛੱਲਿਆਂ ਅਤੇ ਚੰਨਾਂ ਦੀ ਰੱਜ ਕੇ ਫੋਲਾ-ਫਾਲੀ ਕੀਤੀ। 26 ਅਪ੍ਰੈਲ, 2017 ਨੂੰ ਕੈਸੀਨੀ ਨੇ ਸ਼ਨੀ ਤੇ ਇਸ ਦੇ ਸਭ ਤੋਂ ਅੰਦਰੂਨੀ ਛੱਲੇ ਵਿਚਲੀ ਖਾਈ ਵਿਚ ਡੁਬਕੀ ਮਾਰੀ। ਇਹ ਖਾਈ ਲਗਪਗ 2400 ਕਿਲੋਮੀਟਰ ਚੌੜੀ ਸ਼ਨੀ ਦੇ ਚਾਰੇ ਪਾਸੇ ਹੈ। ਇਸ ਵਿਚ ਧੂੜ ਧੂੰਏਂ ਦੇ ਸੂਖਮ ਕਣ ਹਨ। ਪਰ ਕੋਈ ਵੱਡਾ ਕਣ ਜਾਂ ਕੰਕਰ ਪੱਥਰ ਨਹੀਂ, ਜੋ ਕੈਸੀਨੀ ਦੇ ਸੂਖਮ ਜੰਤਰ ਤੋੜ ਦੇਵੇ। ਫਿਰ ਵੀ ਪਹਿਲੀ ਡੁਬਕੀ ਸੀ। ਕੈਸੀਨੀ ਦੇ ਐਂਟੀਨੇ ਨੂੰ ਸ਼ੀਲਡ ਦਾ ਰੂਪ ਦੇ ਕੇ ਇਸ ਨੂੰ ਸੁਰੱਖਿਅਤ ਰੱਖਣ ਦੀ ਸਾਵਧਾਨੀ ਵਰਤੀ ਗਈ। 13 ਫੁੱਟ ਚੌੜੇ ਡਿਸ਼ ਸ਼ੇਪਡ ਐਂਟੀਨਾ ਨਾਲ ਸ਼ਨੀ ਦੇ ਛੱਲੇ ਦੇ ਧੂੜ ਕਣ ਫੜ ਕੇ ਵਿਸ਼ਲੇਸ਼ਿਤ ਕੀਤੇ ਗਏ। ਇਕ ਪਾਸੇ ਸ਼ਨੀ ਉਤੇ ਮੰਡਰਾਉਂਦੇ ਗੈਸੀ ਬੱਦਲ। ਦੂਜੇ ਪਾਸੇ ਅੰਦਰੂਨੀ ਛੱਲਾ ਅਤੇ ਵਿਚਾਲੇ ਸੂਖਮ ਧੂੜ ਕਣਾਂ ਦੀ ਖਾਈ। ਸਭ ਪਾਸੇ ਨਜ਼ਰ ਮਾਰ ਰਿਹਾ ਸੀ ਕੈਸੀਨੀ। ਕਦੀ ਸੱਜੇ, ਕਦੀ ਖੱਬੇ, ਕਦੇ ਉੱਪਰ, ਕਦੇ ਹੇਠਾਂ ਇਹ ਦੋਵੇਂ ਪਾਸੇ ਤਿੰਨ ਸੌ ਕਿਲੋਮੀਟਰ ਨੇੜੇ ਤੱਕ ਸ਼ਨੀ ਤੇ ਉਸ ਦੇ ਅੰਦਰੂਨੀ ਛੱਲੇ ਨੂੰ ਟੋਂਹਦਾ ਰਿਹਾ। ਵੀਹ ਘੰਟੇ ਦੀ ਡੁੱਬਕੀ ਲਾ ਕੇ ਇਹ ਸੁਰੱਖਿਅਤ ਬਾਹਰ ਨਿਕਲਿਆ ਤਾਂ ਧਰਤੀ ਉਤਲੇ ਵਿਗਿਆਨੀ ਖਿੜ ਉੱਠੇ। ਉਨ੍ਹਾਂ ਇਸ ਪਿਛੋਂ ਇਸ ਦੀਆਂ 21 ਡੁਬਕੀਆਂ ਹੋਰ ਲਵਾਈਆਂ।
ਦਿਲ ਭਰ ਕੇ ਸ਼ਨੀ ਨੂੰ ਵੇਖਣ ਪਿਛੋਂ ਵਿਗਿਆਨੀਆਂ ਨੇ 14 ਸਤੰਬਰ, 2017 ਨੂੰ ਕੈਸੀਨੀ ਨੂੰ ਸ਼ਨੀ ਦੇ ਬੱਦਲਾਂ ਵਿਚ ਆਤਮ ਹੱਤਿਆ ਵਾਲੀ ਡੁਬਕੀ ਲਈ ਤੋਰ ਦਿੱਤਾ। ਕੰਮ ਮੁਕਾ ਕੇ ਪੁਲਾੜ ਵਿਚ ਭਟਕ ਕੇ ਪ੍ਰਦੂਸ਼ਣ ਵਧਾਉਣ ਦਾ ਕੋਈ ਮਤਲਬ ਨਹੀਂ ਸੀ। ਸ਼ਨੀ ਦਾ ਇਕ ਸਾਲ ਸਾਡੀ ਧਰਤੀ ਦੇ ਲਗਪਗ 30 ਸਾਲਾਂ ਜਿੱਡਾ ਹੈ। ਕੈਸੀਨੀ ਨੇ ਸ਼ਨੀ ਦੇ 6 ਕੁ ਮਹੀਨੇ ਜਿੰਨਾ ਸਮਾਂ ਇਸ ਦੇ ਸੰਗ ਸਾਥ ਗੁਜ਼ਾਰ ਲਿਆ ਸੀ। ਸਾਡੇ 10 ਘੰਟੇ ਪੰਝੀ ਮਿੰਟ ਦਾ ਦਿਨ ਹੈ ਸ਼ਨੀ ਦਾ। ਨਾ ਸ਼ਨੀ ਦੇ ਦਿਨ, ਨਾ ਰਾਤ, ਨਾ ਇਸ ਖ਼ਤਰਨਾਕ ਸ਼ਨੀ ਨੇ ਆਪ, ਨਾ ਇਸ ਦੇ ਕਬੀਲੇ ਦੇ ਕਿਸੇ ਹੋਰ ਭਾਈਬੰਦ ਨੇ ਕੈਸੀਨੀ ਜਾਂ ਇਸ ਨੂੰ ਸੰਚਾਲਿਤ ਕਰਨ ਵਾਲੇ ਕਿਸੇ ਵਿਗਿਆਨੀ ਨੂੰ ਕੁਝ ਕਿਹਾ। ਸਾਰੇ ਸੁੱਖ-ਸਾਂਦ ਨਾਲ ਹੱਸ ਵਸ ਰਹੇ ਹਨ। ਸ਼ਨੀ ਦੇ ਚੰਨਾਂ ਉਤੇ ਪਾਣੀ, ਮੀਥੇਨ, ਈਥੇਨ, ਨਾਈਟ੍ਰੋਜਨ ਆਦਿ ਵੇਖ ਕੇ ਵਿਗਿਆਨੀ ਇਸ ਦੇ ਕਿਸੇ ਚੰਨ ਉਤੇ ਸੂਖਮ ਜੀਵਨ ਦੇ ਪਨਪਣ ਦੀਆਂ ਸੰਭਾਵਨਾਵਾਂ ਕਿਆਸ ਰਹੇ ਹਨ। ਮਨੁੱਖੀ ਜੀਵਨ ਨਹੀਂ। ਬੰਦੇ ਨੂੰ ਤਾਂ ਉਥੇ ਪਹੁੰਚਣ ਵਿਚ ਵੀ ਸੱਤ ਸਾਲ ਲੱਗ ਜਾਣ। ਇੰਨੀ ਦੂਰ ਦੇ ਸ਼ਨੀ ਤੋਂ ਪਤਾ ਨਹੀਂ ਕਿਉਂ ਡਰੀ ਜਾ ਰਹੇ ਹਨ, ਸਾਡੇ ਭੋਲੂ ਭਾਰਤੀ।

-ਮੋਬਾਈਲ : 98722-60550.
ਫੋਨ : 0175-2372010, 2372998.

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-131

ਰੰਗੀਲਾ ਰੇ... ਐਸ. ਡੀ. ਬਰਮਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਦੂਜੇ ਪਾਸੇ ਸਵੇਰੇ ਰਿਕਾਰਡਿੰਗ ਹੋਣੀ ਸੀ। ਜਦੋਂ ਐਸ.ਡੀ. ਨੂੰ ਪਤਾ ਲੱਗਾ ਕਿ ਸ਼ੈਲੇਂਦਰ ਤਾਂ ਸਮੁੰਦਰ ਕਿਨਾਰੇ ਚਹਿਲ ਕਦਮੀ ਕਰ ਰਿਹਾ ਹੈ ਤਾਂ ਉਹ ਵੀ ਉਸੇ ਹੀ ਵੇਲੇ ਜੁਹੂ ਬੀਚ ਚਲੇ ਗਿਆ। ਸ਼ੈਲੇਂਦਰ ਉਸ ਵੇਲੇ ਆਸਮਾਨ ਵੱਲ ਤੱਕ ਰਿਹਾ ਸੀ। ਅਚਾਨਕ ਐਸ.ਡੀ. ਨੂੰ ਸਾਹਮਣੇ ਦੇਖ ਕੇ ਉਸ ਨੇ ਸ਼ਰਮਿੰਦਗੀ ਲੁਕਾਉਣ ਲਈ ਕਿਹਾ, 'ਖੋਇਆ ਖੋਇਆ ਚਾਂਦ ਲਗਤਾ ਹੈ' ਦੂਜੇ ਪਾਸੇ ਐਸ.ਡੀ. ਨੇ ਕਿਹਾ, 'ਮੈਨੂੰ ਤਾਂ ਖੁੱਲ੍ਹਾ ਆਸਮਾਨ ਵਧੀਆ ਲਗਦਾ ਹੈ।' ਅਚਾਨਕ ਸ਼ੈਲੇਂਦਰ ਨੂੰ ਮਹਿਸੂਸ ਹੋਇਆ ਕਿ ਜਿਸ ਮੁਖੜੇ ਦੀ ਉਹ ਤਲਾਸ਼ ਕਰ ਰਿਹਾ ਸੀ ਉਹ ਤਾਂ ਸੁਭਾਵਿਕ ਰੂਪ 'ਚ ਹੀ ਬਣ ਗਿਆ ਸੀ। ਦੋਵੇਂ ਜਣੇ ਉਸੇ ਹੀ ਵੇਲੇ ਸਮੁੰਦਰ ਤੱਟ 'ਤੇ ਬਹਿ ਗਏ ਅਤੇ ਸ਼ੈਲੇਂਦਰ ਨੇ ਸਿਗਰੇਟ ਦੀ ਡੱਬੀ 'ਤੇ ਇਹ ਪੂਰਾ ਗੀਤ ਲਿਖਿਆ, 'ਖੋਇਆ ਖੋਇਆ ਚਾਂਦ ਖੁਲ੍ਹਾ ਆਸਮਾਨ, ਆਖੋਂ ਮੇਂ ਕੈਸੇ ਨੀਂਦ ਆਏਗੀ' ਦੂਜੇ ਦਿਨ ਇਹ ਗੀਤ ਉਨ੍ਹਾਂ ਨੇ ਰਿਕਾਰਡਿੰਗ ਵੀ ਕਰਵਾ ਦਿੱਤਾ ਇਸ ਗੀਤ ਤੋਂ ਵੀ ਕਈ ਐਵਾਰਡ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਮਿਲੇ ਸਨ।
ਇਸੇ ਤਰ੍ਹਾਂ ਹੀ ਨੀਰਜ ਕੋਲੋਂ ਵੀ ਐਸ. ਡੀ. ਨੇ ਬੜੇ ਵਧੀਆ ਗੀਤ ਲਿਖਵਾਏ ਸਨ। ਫ਼ਿਲਮ 'ਪ੍ਰੇਮ ਪੁਜਾਰੀ' ਦਾ 'ਰੰਗੀਲਾ ਰੇ, ਤੇਰੇ ਰੰਗ ਮੇਂ ਯੂੰ ਰੰਗਾ ਹੈ ਮੇਰਾ ਮਨ' ਐਸ. ਡੀ. ਨੇ ਇਕ ਆਸਾਮੀ ਧੁਨ (ਰੋਂਗੀਲਾ, ਰੋਂਗੀਲਾ ਰੇ) ਦੇ ਆਧਾਰ 'ਤੇ ਲਿਖਵਾਇਆ ਸੀ। ਇਸੇ ਹੀ ਤਰ੍ਹਾਂ 'ਸ਼ਰਮੀਲੀ' ਦੇ ਕਈ ਗੀਤ 'ਓ ਮੇਰੀ ਸ਼ਰਮੀਲੀ' ਅਜੇ ਵੀ ਮਧੁਰ ਗੀਤਾਂ ਦੀ ਪਹਿਲੀ ਕਤਾਰ 'ਚ ਆਉਂਦੇ ਹਨ।
ਵੈਸੇ ਤਾਂ ਸਚਿਨ ਆਪਣੇ ਸਿਧਾਂਤਾਂ ਪ੍ਰਤੀ ਬੜਾ ਹੀ ਪਾਬੰਦ ਸੀ ਪਰ ਫ਼ਿਲਮਸਾਜ਼ ਦੀਆਂ ਜ਼ਰੂਰਤਾਂ ਦੇ ਅਨੁਸਾਰ ਵੀ ਉਹ ਆਪਣੇ-ਆਪ ਨੂੰ ਢਾਲ ਲਿਆ ਕਰਦਾ ਸੀ। ਫ਼ਿਲਮ 'ਗਾਈਡ' ਵਿਚਲਾ ਇਕ ਉਦਾਸ ਲਹਿਜ਼ੇ ਵਾਲਾ ਗੀਤ 'ਦਿਨ ਢਲ ਜਾਏ)' ਰਿਕਾਰਡ ਹੋ ਚੁੱਕਿਆ ਸੀ। ਪਰ ਦੇਵ ਆਨੰਦ ਨੂੰ ਰਿਕਾਰਡਿੰਗ ਤੋਂ ਬਾਅਦ ਮਹਿਸੂਸ ਹੋਇਆ ਕਿ ਧੁਨ ਫ਼ਿਲਮ ਦੇ ਕੈਨਵਸ ਦੇ ਦ੍ਰਿਸ਼ਟੀਕੋਣ ਤੋਂ ਢੁੱਕਵੀਂ ਨਹੀਂ ਸੀ। ਉਸ ਨੇ ਝਿਜਕਦਿਆਂ ਝਿਜਕਦਿਆਂ ਐਸ.ਡੀ. ਨੂੰ ਫੋਨ ਕੀਤਾ, 'ਦਾਦਾ, ਗੀਤ ਤਾਂ ਵਧੀਆ ਹੈ, ਪਰ ਇਹ ਹੋਰ ਵੀ ਵਧੀਆ ਬਣ ਸਕਦਾ ਹੈ।'
ਐਸ. ਡੀ. ਨੇ ਉਸੇ ਹੀ ਵੇਲੇ ਕਿਹਾ, 'ਦੇਵ, ਮੈਂ ਹੁਣੇ ਹੀ ਹਾਰਮੋਨੀਅਮ ਲੈ ਕੇ ਤੇਰੇ ਕੋਲ ਆਉਂਦਾ ਹਾਂ, ਤੂੰ ਕਿਸੇ ਤਰ੍ਹਾਂ ਸ਼ੈਲੇਂਦਰ ਨੂੰ ਵੀ ਸੱਦ ਲੈ, ਅਸੀਂ ਹੁਣੇ ਇਸ ਨੂੰ ਦਰੁਸਤ ਕਰ ਦਿੰਦੇ ਹਾਂ।' ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜਿਸ ਵੇਲੇ ਇਹ ਵਾਰਤਾਲਾਪ ਹੋਈ, ਉਸ ਸਮੇਂ ਰਾਤ ਦੇ ਗਿਆਰਾਂ ਵੱਜੇ ਸਨ।
ਲੋਕ ਸੰਗੀਤ, ਪੱਛਮੀ ਸ਼ੈਲੀ ਅਤੇ ਕਲਾਸੀਕਲ ਸੰਗੀਤ ਦਾ ਸੰਤੁਲਤ ਮਿਸ਼ਰਣ ਵੇਖਣਾ ਹੋਵੇ ਤਾਂ ਐਸ. ਡੀ. ਦਾ ਸੰਗੀਤ ਇਕ ਚਾਨਣ-ਮੁਨਾਰੇ ਦਾ ਕੰਮ ਕਰਦਾ ਹੈ। ਉਸ ਨੇ ਰਾਗ ਭੈਰਵੀ ਵਿਚ 'ਮੇਰੀ ਸੂਰਤ, ਤੇਰੀ ਆਖੇਂ' ਦਾ ਗੀਤ 'ਪੂਛੋ ਨਾ ਕੈਸੇ ਮੈਨੇ ਰੈਨ ਬਿਤਾਈ' ਢਾਲਿਆ ਸੀ। ਮੰਨਾ ਡੇ ਨੇ ਇਸ ਨੂੰ ਸ਼ਾਸਤਰੀ ਸੰਗੀਤ ਦੀਆਂ ਬੰਦਸ਼ਾਂ ਦੇ ਅਨੁਸਾਰ ਹੀ ਬੜੇ ਰਸਮਈ ਅੰਦਾਜ਼ 'ਚ ਪੇਸ਼ ਕੀਤਾ ਸੀ।
ਸਚਿਨ ਦੇਵ ਦੀ ਗਿਣਤੀ ਭਾਰਤ ਦੇ ਉਨ੍ਹਾਂ ਗਿਣੇ-ਚੁਣੇ ਸੰਗੀਤਕਾਰਾਂ 'ਚ ਵੀ ਹੁੰਦੀ ਹੈ, ਜਿਹੜੇ ਖੁਦ ਵੀ ਬੜੇ ਵਧੀਆ ਗਾਇਕ ਸਨ। ਉਸ ਦੇ ਕਈ ਗੀਤ 'ਓ ਮੇਰੇ ਮਾਂਝੀ, ਅਬ ਕੀ ਬਾਰ, ਲੇ ਚਲ ਪਾਰ', 'ਸਫ਼ਲ ਹੋਗੀ ਤੇਰੀ ਅਰਾਧਨਾ ਕਾਹੇ ਕੋ ਰੋਏ' ਮਨ ਨੂੰ ਛੋਹ ਲੈਣ ਵਾਲੇ ਹਨ।
ਪਰ ਸੰਗੀਤ ਦੇ ਖੇਤਰ 'ਚ ਉਸ ਦੀਆਂ ਦੋ ਅਜਿਹੀਆਂ ਵਡਮੁੱਲੀਆਂ ਪ੍ਰਾਪਤੀਆਂ ਹਨ, ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਇਕ ਤਾਂ ਉਸ ਨੇ ਆਪਣੇ ਲੜਕੇ ਆਰ.ਡੀ. ਬਰਮਨ ਨੂੰ ਸੰਗੀਤ ਸਿਖਾਇਆ ਹੀ ਨਹੀਂ ਬਲਕਿ ਇਸ ਖੇਤਰ 'ਚ ਨਿਪੁੰਨ ਵੀ ਕੀਤਾ। ਆਰ. ਡੀ. ਛੋਟੀ ਉਮਰ ਤੋਂ ਹੀ ਆਪਣੇ ਪਿਤਾ ਦੇ ਨਾਲ ਗੀਤਾਂ ਦੀ ਰਿਕਾਰਡਿੰਗ ਵੇਲੇ ਜਾਇਆ ਕਰਦਾ ਸੀ। ਬਾਅਦ 'ਚ ਉਸ ਨੇ ਰਿਕਾਰਡਿੰਗ ਦੇ ਸਮੇਂ ਆਰਕੈਸਟਰਾ ਸੰਭਾਲਣ ਦਾ ਜ਼ਿੰਮਾ ਵੀ ਲੈ ਲਿਆ ਸੀ। ਐਸ. ਡੀ. ਦੀਆਂ ਕਈ ਫ਼ਿਲਮਾਂ ਦੇ ਪੱਛਮੀ ਸ਼ੈਲੀ ਦੇ ਗੀਤ ਆਰ.ਡੀ. ਨੇ ਹੀ ਤਿਆਰ ਕੀਤੇ ਸਨ। ਇਸ ਦ੍ਰਿਸ਼ਟੀਕੋਣ ਤੋਂ 'ਰਾਤ ਅਕੇਲੀ ਹੈ, ਬੁਝ ਗਏ ਦੀਏ' 'ਜੀਊਲ ਥੀਫ' ਅਤੇ 'ਕਿਤਨੀ ਅਕੇਲੀ, ਕਿਤਨੀ ਤਨਹਾ ਸੀ ਲਗੀ' ਵਰਗੇ ਕਈ ਗੀਤਾਂ ਦੀ ਮਿਸਾਲ ਵੀ ਪੇਸ਼ ਕੀਤੀ ਜਾ ਸਕਦੀ ਹੈ।
ਬਾਅਦ 'ਚ ਇਹੀ ਆਰ.ਡੀ. ਬਰਮਨ ਭਾਰਤ ਦਾ ਚੋਟੀ ਦਾ ਸੰਗੀਤਕਾਰ ਵੀ ਬਣਿਆ ਅਤੇ ਉਸ ਨੇ 'ਸ਼ੋਅਲੇ', 'ਯਾਦੋਂ ਕੀ ਬਾਰਾਤ', 'ਦ ਟ੍ਰੇਨ', 'ਤੀਸਰੀ ਮੰਜ਼ਿਲ' ਅਤੇ 'ਕਟੀ ਪਤੰਗ' ਵਰਗੀਆਂ ਅਨੇਕਾਂ ਫ਼ਿਲਮਾਂ ਲਈ ਸੰਗੀਤ ਤਿਆਰ ਕੀਤਾ ਸੀ। 'ਹਰੇ ਰਾਮਾ, ਹਰੇ ਕ੍ਰਿਸ਼ਨਾ' ਦਾ ਉਸ ਦੁਆਰਾ ਤਿਆਰ ਕੀਤਾ ਟਾਈਟਲ ਗੀਤ ਤਾਂ ਉਸ ਸਮੇਂ ਨੌਜਵਾਨ ਵਰਗ ਦਾ ਚਹੇਤਾ ਗੀਤ ਹੀ ਬਣ ਗਿਆ ਸੀ।
ਵੈਸੇ ਸਚਿਨ ਦਾਦਾ ਕਿਸ਼ੋਰ ਕੁਮਾਰ ਨੂੰ ਵੀ ਆਪਣਾ ਦੂਜਾ ਪੁੱਤਰ ਸਮਝਦੇ ਹੁੰਦੇ ਸਨ। ਦਰਅਸਲ ਉਸ ਨੇ ਹੀ ਕਿਸ਼ੋਰ ਕੁਮਾਰ ਨੂੰ ਗਾਇਕੀ ਲਈ ਪ੍ਰੇਰਤ ਕੀਤਾ ਸੀ। ਇਹ ਹੀ ਨਹੀਂ, ਕਿਸ਼ੋਰ ਦੇ ਲਈ ਉਹ ਹਰ ਵੇਲੇ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੇ ਸਨ। ਫ਼ਿਲਮ 'ਅਰਾਧਨਾ' ਦੇ ਗੀਤ 'ਮੇਰੇ ਸਪਨੋ ਕੀ ਰਾਨੀ ਕਬ ਆਏਗੀ ਤੂ' ਲਈ ਨਿਰਮਾਤਾ-ਨਿਰਦੇਸ਼ਕ ਸ਼ਕਤੀ ਸਾਮੰਤ ਮੁਹੰਮਦ ਰਫ਼ੀ ਦੀ ਆਵਾਜ਼ ਲੈਣਾ ਚਾਹੁੰਦਾ ਸੀ। ਕਿਸ਼ੋਰ ਉਸ ਵੇਲੇ ਗੁੰਮਨਾਮੀ ਦੇ ਹਨੇਰਿਆਂ 'ਚ ਭਟਕ ਰਿਹਾ ਸੀ। ਸਚਿਨ ਨੇ ਸ਼ਕਤੀ ਨੂੰ ਸਮਝਾਇਆ ਕਿ 'ਅਰਾਧਨਾ' ਦੇ ਇਸ ਗੀਤ ਦੇ ਲਈ ਕਿਸ਼ੋਰ ਦੀ ਆਵਾਜ਼ ਹੀ ਢੁੱਕਵੀਂ ਸੀ। ਕਾਫੀ ਮਜਬੂਰ ਕਰਨ 'ਤੇ ਸ਼ਕਤੀ ਨੇ ਇਹ ਗੱਲ ਸਵੀਕਾਰ ਕਰ ਲਈ ਸੀ। ਬਾਕੀ ਜੋ ਕੁਝ ਹੋਇਆ ਉਹ ਇਕ ਇਤਿਹਾਸਕ ਵਿਸਥਾਰ ਹੈ। ਸੰਖੇਪ 'ਚ ਇਸ ਗੀਤ ਨੇ ਹੀ ਕਿਸ਼ੋਰ ਦੇ ਡੁੱਬ ਰਹੇ ਕੈਰੀਅਰ ਨੂੰ ਬਚਾਇਆ ਸੀ।
ਸੰਗੀਤ ਐਸ.ਡੀ. ਬਰਮਨ ਲਈ ਇਕ ਤਪੱਸਿਆ ਸੀ। ਉਹ ਸਵੇਰੇ ਚਾਰ ਵਜੇ ਉੱਠ ਕੇ ਸੰਗੀਤ ਦੀ ਅਰਾਧਨਾ ਕਰਿਆ ਕਰਦਾ ਸੀ। ਉਸ ਦੇ ਬਹੁਤ ਸਾਰੇ ਗੀਤ ਉਸ ਦੇ ਸਵੇਰ ਸਮੇਂ ਦੇ ਰਿਆਜ਼ ਦਾ ਹੀ ਨਤੀਜਾ ਹਨ। ਫਿਰ ਜਦੋਂ ਉਹ ਸੰਗੀਤ ਰਚਨਾ ਕਰਦਾ ਹੁੰਦਾ ਸੀ ਤਾਂ ਉਸ ਨੂੰ ਦਿਨ-ਰਾਤ ਦਾ ਕੋਈ ਵੀ ਖਿਆਲ ਨਹੀਂ ਸੀ ਰਹਿੰਦਾ।
ਹਾਂ, ਉਸ ਦੇ ਬੰਗਲੇ 'ਚ ਮਨੀਪੁਰ ਅਤੇ ਤ੍ਰਿਪੁਰਾ ਤੋਂ ਕਈ ਕਲਾਕਾਰ ਉਸ ਦਾ ਅਸ਼ੀਰਵਾਦ ਲੈਣ ਲਈ ਅਕਸਰ ਆਇਆ ਕਰਦੇ ਸਨ। ਆਮ ਲੋਕਾਂ ਲਈ ਵੀ ਉਸ ਦੇ ਦਰਵਾਜ਼ੇ ਸਦਾ ਹੀ ਖੁੱਲ੍ਹੇ ਰਹਿੰਦੇ ਸਨ। ਇਸ ਲਈ ਉਸ ਦੇ ਘਰ ਸਦਾ ਹੀ ਰੌਣਕ ਰਹਿੰਦੀ ਸੀ।
ਪਰ ਅੱਜ ਇਹ ਦ੍ਰਿਸ਼ ਬਦਲ ਚੁੱਕਿਆ ਹੈ। ਉਸ ਦਾ ਆਪਣਾ 31 ਅਕਤੂਬਰ, 1975 ਨੂੰ ਦਿਹਾਂਤ ਹੋ ਗਿਆ ਸੀ। ਬਾਅਦ 'ਚ ਉਸ ਦੇ ਬੇਟੇ ਆਰ.ਡੀ. ਬਰਮਨ ਨੂੰ ਦਿਲ ਦਾ ਦੌਰਾ ਪੈਣ ਕਰਕੇ ਅਚਾਨਕ ਉਸ ਦੇ ਸਾਹਾਂ ਦੀ ਸਰਗਮ ਵੀ ਟੁੱਟ ਗਈ ਸੀ। ਅੱਜ ਇਸ ਪਰਿਵਾਰ ਦੇ ਘਰ ਕੋਈ ਵਾਰਿਸ ਨਾ ਹੋਣ ਕਰ ਕੇ ਸੁੰਨਸਾਨ ਪਈ ਹੋਈ ਹੈ। ਹਾਂ, ਆਸ਼ਾ ਭੌਸਲੇ ਆਪਣੇ ਆਪ ਨੂੰ ਆਰ.ਡੀ. ਦੀ ਪਤਨੀ ਦਸ ਕੇ ਇਸ ਬੰਗਲੇ ਨੂੰ ਆਪਣੀ ਜਾਇਦਾਦ ਜ਼ਰੂਰ ਦੱਸ ਰਹੀ ਹੈ।
ਮੈਂ ਐਸ.ਡੀ. ਬਰਮਨ ਨੂੰ ਤਾਂ ਨਹੀਂ ਪਰ ਆਰ.ਡੀ. ਬਰਮਨ ਨੂੰ ਨਾਸਿਰ ਹੁਸੈਨ ਦੀ ਮਾਰਫ਼ਤ ਕਈ ਵਾਰੀ ਮਿਲਿਆ ਸਾਂ। ਇਸ ਲਈ ਅੱਜ ਜਦੋਂ ਮੈਂ ਇਸ ਬੰਗਲੇ ਕੋਲੋਂ ਕਦੇ ਵੀ ਲੰਘਦਾ ਹਾਂ ਤਾਂ ਸੋਚਦਾ ਹਾਂ ਕਿ:
ਜੀਵਨ ਕੇ ਸਫ਼ਰ ਮੇਂ ਰਾਹੀ,
ਮਿਲਤੇ ਹੈਂ ਬਿਛੜ ਜਾਨੇ ਕੋ।
ਔਰ ਦੇ ਜਾਤੇ ਹੈਂ ਯਾਦੇਂ,
ਤਨਹਾਈ ਮੇਂ ਤੜਪਾਨੇ ਕੋ। (ਮੁਨੀਮ ਜੀ)
ਧੰਨਵਾਦ

Soul Companion : The Time of India, 1 Oct., 2006.
S. D. Burman : filmreference.com
-ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਭਾਪਾ ਪ੍ਰੀਤਮ ਸਿੰਘ ਦੇ ਮਹਿਰੌਲੀ ਵਾਲੇ ਫਾਰਮ 'ਤੇ ਜਨਵਰੀ ਮਹੀਨੇ ਵਿਚ 'ਧੁੱਪ ਦਾ ਨਿੱਘ' ਪ੍ਰੋਗਰਾਮ ਕੀਤਾ ਜਾਂਦਾ ਸੀ, ਜਿਹੜਾ ਅਜੇ ਵੀ ਹੁੰਦਾ ਹੈ। ਉਹ ਮੈਂ ਕਈ ਵਾਰ ਵੇਖਿਆ ਸੀ ਜਦੋਂ ਭਾਪਾ ਪ੍ਰੀਤਮ ਸਿੰਘ ਜਿਊਂਦੇ ਸਨ। ਧੁੱਪ ਦੇ ਨਿੱਘ ਵਾਲੇ ਪ੍ਰੋਗਰਾਮ ਵਿਚ ਦਿੱਲੀ ਦੇ ਛੋਟੇ ਤੋਂ ਲੈ ਕੇ ਵੱਡੇ ਸਾਹਿਤਕਾਰ ਤੱਕ ਸਾਰੇ ਆਉਂਦੇ ਸਨ। ਬਾਕੀ ਫਰੀਦਾਬਾਦ ਹਰਿਆਣੇ ਦੇ ਨੇੜੇ ਰਹਿਣ ਵਾਲੇ ਤੇ ਪੰਜਾਬ ਤੋਂ ਵੀ ਬਹੁਤ ਸਾਹਿਤਕਾਰ ਆਉਂਦੇ ਸਨ, ਜਿਨ੍ਹਾਂ ਦੇ ਕਦੀ ਹੋਰ ਕਿਤੇ ਦਰਸ਼ਨ ਘੱਟ ਹੀ ਹੁੰਦੇ ਸਨ। ਉਨ੍ਹਾਂ ਦੇ ਦਰਸ਼ਨ ਇਸ ਧੁੱਪ ਦੇ ਨਿੱਘ ਪ੍ਰੋਗਰਾਮ ਵਿਚ ਅਕਸਰ ਹੋ ਜਾਂਦੇ ਸਨ ਤੇ ਕੁਝ ਸਾਹਿਤਕਾਰਾਂ ਦੇ ਪਿਆਰ ਦੀਆਂ ਸਾਂਝਾਂ ਦੇ ਦਰਸ਼ਨ ਵੀ ਇਥੇ ਹੋ ਜਾਂਦੇ ਸਨ, ਜਿਹੜੇ ਦਰਸ਼ਨ ਹੋਰ ਕਿਸੇ ਥਾਂ 'ਤੇ ਨਹੀਂ ਸਨ ਵੇਖੇ ਜਾ ਸਕਦੇ। ਭਾਪਾ ਜੀ ਸਾਹਿਤਕਾਰਾਂ ਨੂੰ ਸਾਲ ਵਿਚ ਇਕ ਵਾਰੀ ਇਕੱਠੇ ਕਰਦੇ ਸਨ ਤੇ ਇਹ ਪ੍ਰੋਗਰਾਮ ਚੰਗਾ ਬਣਾਇਆ ਹੋਇਆ ਸੀ। ਇਸ ਪ੍ਰੋਗਰਾਮ ਵਿਚ ਕੁਝ ਸਾਹਿਤਕਾਰਾਂ ਨੂੰ ਸਨਮਾਨਿਆ ਵੀ ਜਾਂਦਾ ਸੀ ਤੇ ਗੀਤ-ਸੰਗੀਤ ਦਾ ਪ੍ਰੋਗਰਾਮ ਵੀ ਕੀਤਾ ਜਾਂਦਾ ਸੀ। ਖਾਣ-ਪੀਣ ਦਾ ਚੰਗਾ ਪ੍ਰਬੰਧ ਕੀਤਾ ਜਾਂਦਾ ਸੀ। ਸ਼ਾਹਵੇਲਾ, ਦੁਪਹਿਰ ਦਾ ਖਾਣਾ ਤੇ ਸ਼ਾਮ ਦੀ ਚਾਹ ਵੀ ਹੁੰਦੀ ਸੀ।
ਹੁਣ ਭਾਪਾ ਪ੍ਰੀਤਮ ਸਿੰਘ ਦਾ ਪਰਿਵਾਰ ਤੇ ਉਨ੍ਹਾਂ ਦੀ ਬਣਾਈ ਹੋਈ ਪੰਜਾਬੀ ਸਾਹਿਤ ਸਭਾ 'ਧੁੱਪ ਦਾ ਨਿੱਘ' ਵਾਲਾ ਪ੍ਰੋਗਰਾਮ ਕਰਵਾਉਂਦੀ ਹੈ। ਧੁੱਪ ਦਾ ਨਿੱਘ ਵਾਲਾ ਪ੍ਰੋਗਰਾਮ ਵੇਖਿਆਂ ਦੇਰ ਹੋ ਗਈ ਹੈ। ਤੁਰ ਗਿਆਂ ਦੀ ਯਾਦ ਸਤਾਉਂਦੀ ਏ।

ਮੋਬਾਈਲ : 98767-41231

ਕਦੇ ਪਿਆਰ ਤੇ ਸਾਦਗੀ ਦਾ ਸੁਮੇਲ ਸੀ ਪੰਜਾਬੀ ਲੋਕ ਜੀਵਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਾਉਣ ਮਹੀਨੇ ਤੀਆਂ ਦੇ ਦਿਨਾਂ ਵਿਚ ਨਵ-ਵਿਆਹੀਆਂ ਮੁਟਿਆਰਾਂ ਤੀਆਂ ਦੇ ਦਿਨੀਂ ਆਪਣੇ ਪੇਕੇ ਪਿੰਡ ਆ ਜਾਂਦੀਆਂ, ਤੀਆਂ ਵਿਚ ਕਵਾਰੀਆਂ ਅਤੇ ਨਵ-ਵਿਆਹੀਆਂ ਇਕੱਠੀਆਂ ਹੁੰਦੀਆਂ, ਪੀਂਘਾਂ ਝੂਟ ਕੇ ਨਜ਼ਾਰੇ ਲੈਂਦੀਆਂ। ਪਿੰਡ ਦੇ ਬਾਹਰਵਾਰ ਜਿੱਥੇ ਬੋਹੜ, ਪਿੱਪਲ ਆਦਿ ਦਰੱਖਤ ਹੁੰਦੇ ਅਤੇ ਨੱਚਣ-ਟੱਪਣ ਲਈ ਖੁੱਲ੍ਹੀ ਥਾਂ ਹੁੰਦੀ, ਉਥੇ ਤੀਆਂ ਲੱਗਦੀਆਂ, ਪੀਂਘਾਂ ਪਾਈਆਂ ਜਾਂਦੀਆਂ ਸਨ। ਕਿਸੇ-ਕਿਸੇ ਪੀਂਘ 'ਤੇ ਦੋ ਮੁਟਿਆਰਾਂ ਅੰਦਰ ਨੂੰ ਮੂੰਹ ਕਰਕੇ ਪੀਂਘ ਚੜ੍ਹਾਉਂਦੀਆਂ ਅਤੇ ਪੀਂਘ ਦੇ ਉੱਚੇ ਹੁਲਾਰੇ ਨਾਲ ਦਰੱਖਤ ਦੇ ਪੱਤੇ ਤੋੜ ਲਿਆਉਂਦੀਆਂ ਸਨ। ਇਹ ਨਜ਼ਾਰਾ ਵੇਖਣ ਵਾਲਾ ਹੁੰਦਾ ਸੀ। ਕੁੜੀਆਂ ਰਲ ਗਿੱਧੇ ਵਿਚ ਨੱਚਦੀਆਂ ਅਤੇ ਮਨੋਂ ਵਲਵਲੇ ਪੂਰੇ ਕਰਦੀਆਂ ਸਨ।
ਅੱਜਕਲ੍ਹ ਜੇ ਕਿਸੇ ਪਿੰਡ ਖੇਡ ਮੇਲਾ ਜਾਂ ਕਿਸੇ ਹੋਰ ਪ੍ਰੋਗਰਾਮ ਵਿਚ ਕਿਸੇ ਗਾਇਕ ਨੇ ਪ੍ਰੋਗਰਾਮ ਪੇਸ਼ ਕਰਨਾ ਹੋਵੇ ਤਾਂ ਉਸ ਦੀ ਪਬਲੀਸਿਟੀ ਨਿਰੋਲ ਸੱਭਿਆਚਾਰਕ ਪ੍ਰੋਗਰਾਮ ਦੇ ਤੌਰ 'ਤੇ ਕੀਤੀ ਜਾਂਦੀ ਹੈ ਜਦ ਕਿ ਸੱਭਿਆਚਾਰ ਵਾਲੀ ਕੋਈ ਗੱਲ ਉਸ ਵਿਚ ਨਜ਼ਰ ਨਹੀਂ ਆਉਂਦੀ, ਸਟੇਜ 'ਤੇ ਇੰਨੇ ਜ਼ਿਆਦਾ ਸਾਜ਼ ਵੱਜਦੇ ਹਨ ਕਿ ਸਾਜ਼ਾਂ ਦੇ ਸ਼ੋਰ ਵਿਚ ਗਾਉਣ ਵਾਲੇ ਦੀ ਆਵਾਜ਼ ਗੁਆਚੀ ਜਾਪਦੀ ਹੈ। ਸੱਭਿਆਚਾਰ ਦੇ ਨਾਂਅ 'ਤੇ ਇਸ ਤੋਂ ਵੀ ਬੁਰੀ ਹਾਲਤ ਕਈ ਟੀ.ਵੀ. ਚੈਨਲਾਂ ਦੀ ਹੈ, ਜਿਥੇ 10-12 ਮੁੰਡੇ, ਅਧ-ਨੰਗੀਆਂ ਕੁੜੀਆਂ ਨੂੰ ਨਚਾ ਕੇ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਦੇ ਪੰਜਾਬੀ ਗੀਤ ਹੁਣ ਸੁਣਨ ਵਾਲੇ ਨਹੀਂ ਰਹੇ, ਮਤਲਬ ਦੇਖਣ ਵਾਲੇ ਬਣ ਗਏ ਹਨ। ਹੁਣ ਬਹੁਤ ਸਾਰੇ ਗੀਤ ਮਾਡਲਾਂ ਦੇ ਅਸ਼ਲੀਲ ਦ੍ਰਿਸ਼ਾਂ ਦੇ ਕਾਰਨ ਲਾਈਵ ਜਾਂ ਵੀਡੀਓ ਬਣੇ ਚਲਦੇ ਹਨ। ਗੀਤ ਵਿਚ ਚਾਹੇ ਕੱਖ ਨਾ ਹੋਵੇ, ਗੀਤ ਦੀ ਵੀਡੀਓ ਦੇਖੀ ਜਾਂਦੇ ਨੇ ਲੋਕੀ। ਨਾਂਅ ਦੇ ਸੱਭਿਆਚਾਰਕ ਪ੍ਰੋਗਰਾਮ ਦੀ ਸਟੇਜ ਦੇ ਸਾਹਮਣੇ : ਚਰਖਾ, ਘੜਾ, ਪੱਖੀਆਂ ਅਤੇ ਫੁਲਕਾਰੀਆਂ ਸਜਾ ਕੇ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਦਰਸਾਉਣ ਦਾ ਯਤਨ ਕੀਤਾ ਜਾਂਦਾ ਹੈ। ਇਸ ਨੂੰ ਪੰਜਾਬੀ ਸੱਭਿਆਚਾਰ ਦਾ ਨਾਂਅ ਦਿੱਤਾ ਜਾਂਦਾ ਹੈ। ਕਈ ਗਾਇਕਾਂ ਦਾ ਤਾਂ ਇੰਝ ਲੱਗਦਾ ਹੈ ਜਿਵੇਂ ਮਾਡਲਾਂ ਦੇ ਸਿਰ ਹੀ ਗਾਇਕੀ ਚਲਦੀ ਹੋਵੇ। ਬੋਝਲ ਅਲਫਾਜ਼ਾਂ ਵਾਲੇ ਚੰਗੇ ਗੀਤਕਾਰ ਅਤੇ ਸੁਰਾਂ ਨੂੰ ਸਮਝਣ ਵਾਲੇ ਚੰਗੇ ਗਾਇਕ ਵਿਰਲੇ ਹੀ ਹਨ ਅੱਜ ਕੱਲ੍ਹ।
ਇਥੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਕੁਝ ਪੁਰਾਣੇ ਗਾਇਕਾਂ ਦਾ ਜ਼ਿਕਰ ਕਰਨਾ ਉਚਿਤ ਹੋਵੇਗਾ 'ਲਾਲ ਚੰਦ ਯਮਲਾ ਜੱਟ' ਦੀ ਤੂੰਬੀ ਤੇ ਆਵਾਜ਼ ਦਾ ਜਾਦੂ 'ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ' ਨੂੰ ਕੌਣ ਭੁੱਲ ਸਕਦਾ ਹੈ? ਅਮਰ ਸਿੰਘ 'ਸ਼ੌਕੀ' ਤੇ ਢੱਡ ਸਾਰੰਗੀ 'ਸਹਿਬਾਂ ਵਾਜਾਂ ਮਾਰਦੀ' ਨੂੰ ਅੱਜ ਵੀ ਪਸੰਦ ਕਰਨ ਵਾਲੇ ਮੌਜੂਦ ਹਨ। ਕਰਨੈਲ ਸਿੰਘ ਪਾਰਸ ਦੇ ਜਥੇ ਦੀ ਗਾਈ ਕਵੀਸ਼ਰੀ 'ਕਿਉਂ ਫੜੀ ਸਿਪਾਹੀਆਂ ਨੇ ਭੈਣੇ ਇਹ ਹੰਸਾਂ ਦੀ ਜੋੜੀ', ਹੁਣ ਵੀ ਮਕਬੂਲ ਹੈ। ਇਸੇ ਤਰ੍ਹਾਂ ਸੁਰਿੰਦਰ ਕੌਰ ਦੀ ਕੋਇਲ ਵਰਗੀ ਆਵਾਜ਼, ਨਰਿੰਦਰ ਬੀਬਾ ਅਤੇ ਗੁਰਮੀਤ ਬਾਵਾ ਦੀਆਂ ਉੱਚੀਆਂ-ਲੰਮੀਆਂ ਹੇਕਾਂ ਨੇ ਆਪਣਾ ਲੋਹਾ ਮਨਵਾਇਆ ਹੈ। ਇਨ੍ਹਾਂ ਗਾਇਕ/ਗਾਇਕਾਵਾਂ ਕੋਲ ਬਹੁਤੇ ਢੋਲ-ਢਮੱਕੇ ਦਾ ਸ਼ੋਰ ਨਹੀਂ ਸੀ, ਆਪਣੀ ਹਿੱਕ ਦੇ ਜ਼ੋਰ ਨਾਲ ਗਾਉਂਦੇ ਸਨ, ਆਵਾਜ਼ ਦਾ ਜਾਦੂ ਸੀ।
ਆਖਿਰ ਵਿਚ ਇਹ ਕਹਿਣਾ ਵਾਜਬ ਹੋਵੇਗਾ ਕਿ ਅੱਜ ਪੰਜਾਬੀ ਵਿਰਸੇ ਦੇ ਸਰੋਤ ਕੁੱਕੜਾਂ ਦੀਆਂ ਬਾਂਗਾਂ, ਰਿੜਕਣੇ, ਮਧਾਣੀਆਂ, ਬਲਦ ਤੇ ਹਲ ਪੰਜਾਲੀ, ਖੂਹ ਦੀਆਂ ਟਿੰਡਾਂ, ਊਠ-ਘੋੜੀਆਂ ਤੇ ਰੱਥ-ਗੱਡੀਆਂ, ਚੱਕੀਆਂ ਘੱਗਰੇ, ਫੁਲਕਾਰੀਆਂ, ਸੱਗੀ ਫੁੱਲ, ਪਿੱਪਲ ਪੱਤੀਆਂ, ਅਤੇ ਕੈਂਠੇ, ਜੰਨ ਬੰਨ੍ਹਣੀ ਅਤੇ ਛੁਡਾਉਣੀ, ਤੱਤਾ ਗੁੜ, ਛੋਲੂਆ ਅਤੇ ਭੁੰਨੀਆਂ ਹੋਲਾਂ, ਭੱਠੀਆਂ ਅਤੇ ਪੱਖੀਆਂ ਸਾਰੇ ਹੀ ਸਮੇਂ ਦੇ ਗੇੜ ਨਾਲ ਅਲੋਪ ਹੋ ਗਏ ਹਨ। ਇਨ੍ਹਾਂ ਸ੍ਰੋਤਾਂ ਦੀ ਪੂਰਨ ਤੌਰ 'ਤੇ ਹੋਂਦ ਨਾ ਹੋਣ ਕਾਰਨ, ਅਸੀਂ ਸਾਡੇ ਪੁਰਾਣੇ ਪੰਜਾਬੀ ਸੱਭਿਆਚਾਰ ਜਾਂ ਵਿਰਸੇ ਨੂੰ ਹੁਣ ਸਿਰਫ ਯਾਦ ਹੀ ਕਰ ਸਕਦੇ ਹਾਂ। ਪਰ, ...ਸੱਭਿਆਚਾਰ ਦੀ ਆੜ ਹੇਠ ਝੂਠੇ ਵਿਖਾਵੇ ਕਰਨ ਨਾਲੋਂ ਚੰਗਾ ਹੋਵੇਗਾ ਕਿ ਸਾਦਗੀ, ਹਮਦਰਦੀ, ਅਤੇ ਪਿਆਰ ਨੂੰ ਪਹਿਲਾਂ ਵਾਂਗ ਬਰਕਰਾਰ ਰੱਖਿਆ ਜਾਵੇ।
(ਸਮਾਪਤ)

-ਪਤਾ ਪਿੰਡ ਤੇ ਡਾਕ: ਹਰੀਗੜ੍ਹ, ਤਹਿ: ਤੇ ਜ਼ਿਲ੍ਹਾ: ਬਰਨਾਲਾ।
ਮੋਬਾਈਲ : 94172-10015, 97818-10074.

ਸੱਭਿਆਚਾਰਕ ਵਿਲੱਖਣਤਾ ਵਾਲਾ ਰਾਜ ਹੈ ਆਂਧਰਾ ਪ੍ਰਦੇਸ਼

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਆਂਧਰ-ਪ੍ਰਦੇਸ਼ ਦੇ ਲੋਕਾਂ ਦਾ ਖਾਣਾ-ਪੀਣਾ ਵਿਸ਼ੇਸ਼ ਖਿੱਚ ਦਾ ਕਾਰਨ ਬਣਦਾ ਹੈ। ਜ਼ਿਆਦਾਤਰ ਲੋਕ ਤੇਜ਼ ਅਤੇ ਮਸਾਲੇਦਾਰ ਭੋਜਨ ਦੇ ਸ਼ੌਕੀਨ ਹਨ। ਇਨ੍ਹਾਂ ਲੋਕਾਂ ਦਾ ਕੋਈ ਵੀ ਖਾਣਾ ਚਟਣੀ, ਆਚਾਰ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਹੈ। ਹੋਰ ਦੱਖਣ-ਭਾਰਤੀ ਰਾਜਾਂ ਵਾਂਗ ਤੇਲਗੂ ਲੋਕ ਕੇਲੇ ਦੇ ਪੱਤਿਆਂ 'ਤੇ ਖਾਣਾ ਪਰੋਸਦੇ ਹਨ। ਹੈਦਰਾਬਾਦੀ ਬਿਰਿਆਨੀ ਅਤੇ ਤੱਟੀ ਖੇਤਰਾਂ ਵਿਚ ਚਾਵਲ ਅਤੇ ਸਮੁੰਦਰੀ ਫੂਡ ਦਾ ਸੇਵਨ ਮਸ਼ਹੂਰ ਹੈ। ਨਾਸ਼ਤੇ ਵਿਚ ਇਡਲੀ, ਡੋਸਾ, ਵੜਾ ਅਤੇ ਚਾਹ ਕਾਫੀ ਆਮ ਪ੍ਰਚਲਿਤ ਹੈ। ਖਾਣ ਵਾਲੀਆਂ ਵਸਤੂਆਂ ਨੂੰ ਬਣਾਉਣਾ, ਪਕਾਉਣਾ ਜਾਂ ਭੁੰਨਣ ਦੇ ਤੌਰ-ਤਰੀਕੇ ਵੱਖ-ਵੱਖ ਖਿੱਤਿਆਂ ਅਤੇ ਕਬੀਲਿਆਂ ਵਿਚ ਭਿੰਨਤਾ ਵੀ ਰੱਖਦੇ ਹਨ।
ਆਂਧਰ-ਪ੍ਰਦੇਸ਼ ਦੇ ਲੋਕ ਸੰਯੁਕਤ ਲੋਕਧਾਰਾਈ ਅਤੇ ਸੱਭਿਆਚਾਰਕ ਸਰੋਕਾਰਾਂ ਦੇ ਧਾਰਨੀ ਹਨ। ਇਸ ਪ੍ਰਾਂਤ ਵਿਚ ਭਾਰਤ ਦੇ ਬਾਕੀ ਖਿੱਤਿਆਂ ਤੋਂ ਤਾਂ ਲੋਕ ਆ ਕੇ ਵਸੇ ਹੋਏ ਹਨ ਹੀ ਕੁਝ ਅਫਰੀਕਨ ਕਬੀਲੇ ਵੀ ਇਥੇ ਰਹਿ ਰਹੇ ਹਨ ਅਤੇ ਆਪਣੇ ਮੂਲ ਦੀਆਂ ਰਹੁ-ਰੀਤਾਂ ਅਤੇ ਸੰਸਕਾਰਾਂ ਦੇ ਨਿਭਾਓ ਸਦਕਾ ਆਪਣੀ ਵੱਖਰੀ ਪਛਾਣ ਦਾ ਪ੍ਰਮਾਣ ਦੇ ਰਹੇ ਹਨ। ਚੇਂਚੂ, ਕੋਇਆ, ਕੋਂਡ, ਗੋਂਡ, ਗੋਡਾਬਾ, ਮਥਰੀ, ਲੰਬਾਡੀ, ਸਿੱਦੀ, ਪੋਰੋਜ਼ਾ ਆਦਿ ਇਥੋਂ ਦੀਆਂ ਪ੍ਰਸਿੱਧ ਜਾਤੀਆਂ ਜਾਂ ਫਿਰਕੇ ਹਨ।
ਧਾਰਮਿਕ, ਨੈਤਿਕ ਅਤੇ ਅਨੁਸ਼ਠਾਨਿਕ ਮੰਨਤ ਮਨੌਤਾਂ, ਰਹੁ-ਰੀਤਾਂ ਅਤੇ ਇਨ੍ਹਾਂ ਦਾ ਜਨਮ ਤੋਂ ਲੈ ਕੇ ਮਰਨ ਤਕ ਨਿਭਾਓ- ਢੰਗ ਕਬੀਲਿਆਂ 'ਚ ਭਾਵੇਂ ਕੁਝ ਕੁਝ ਭਿੰਨ ਹੈ, ਪਰੰਤੂ ਮੁੱਖ ਤੌਰ 'ਤੇ ਹਿੰਦੂ, ਮੁਸਲਿਮ, ਈਸਾਈ, ਬੋਧੀ ਆਦਿ ਧਰਮ- ਪੱਧਤੀਆਂ ਵਧੇਰੇ ਪ੍ਰਚਲਿਤ ਹਨ। ਇਨ੍ਹਾਂ ਸਭਨਾਂ ਲੋਕਾਂ ਦੇ ਸਾਂਝੇ-ਮਾਂਝੇ ਤਿਉਹਾਰਾਂ ਵਿਚ ਸਕਰਾਂਤੀ, ਮਹਾਂ-ਸ਼ਿਵਰਾਤਰੀ, ਗਣੇਸ਼ ਚਤੁਰਥੀ, ਵਿਨਾਇਕ ਚੌਦਸ, ਦੁਸਹਿਰਾ, ਦੀਵਾਲੀ, ਰਾਮ ਨੌਮੀ, ਲਕਸ਼ਮੀ ਪੂਜਾ, ਲੂੰਬਣੀ, ਪੋਂਗਲ, ਉਗਾੜੀ, ਈਦ, ਕ੍ਰਿਸਮਿਸ ਅਤੇ ਈਸਟਰ ਆਦਿ ਤਿਉਹਾਰ ਹਨ। ਇਨ੍ਹਾਂ ਤਿਉਹਾਰਾਂ ਦਾ ਪ੍ਰਯੋਜਨ ਧਾਰਮਿਕ ਨਿਸ਼ਠਾ ਤੋਂ ਇਲਾਵਾ ਫ਼ਸਲ ਦੀ ਬਿਜਾਈ-ਕਟਾਈ ਅਤੇ ਹੋਰ ਮਨੋਰੰਜਨਮਈ ਜਾਂ ਮਾਂਗਲਿਕ ਮੌਕਿਆਂ ਨਾਲ ਵੀ ਸੰਬੰਧਿਤ ਹੈ। ਇਸ ਤੋਂ ਇਲਾਵਾ ਇਹ ਤਿਉਹਾਰ ਮੌਜ ਮਸਤੀ ਲਈ ਅਤੇ ਵਿਰਾਸਤੀ ਰੰਗਣ ਹਿੱਤ ਵੀ ਮਨਾਏ ਜਾਂਦੇ ਹਨ।
ਇਸ ਪ੍ਰਾਂਤ ਦੇ ਜਨਜੀਵਨ ਵਿਚ ਲੋਕ ਗੀਤ-ਸੰਗੀਤ ਦੀ ਪਰੰਪਰਾ ਵੀ ਬਲਵਾਨ ਹੈ। ਖੁਸ਼ੀ ਦੇ ਮੌਕੇ ਤਾਂ ਕਿਤੇ ਰਹੇ, ਮੁਸ਼ਕਿਲ ਦੇ ਪਲਾਂ ਨੂੰ ਸੁਖਦ ਬਣਾਉਣ ਵਾਸਤੇ ਵੀ ਇਹ ਲੋਕ ਗੀਤ-ਸੰਗੀਤ ਨਾਲ ਜੁੜੇ ਰਹਿੰਦੇ ਹਨ। ਇਨ੍ਹਾਂ ਗੀਤਾਂ ਨੂੰ ਅਸੀਂ ਭਿੰਨ-ਭਿੰਨ ਵੰਨਗੀਆਂ ਅਧੀਨ ਸਮਝ ਸਕਦੇ ਹਾਂ। ਜਿਵੇਂ ਕਿੱਤਿਆਂ-ਧੰਦਿਆਂ ਨਾਲ ਸੰਬੰਧਿਤ ਗੀਤ, ਕਿਰਤ ਕਰਦਿਆਂ ਗਾਏ ਜਾਣ ਵਾਲੇ ਗੀਤ, ਔਰਤਾਂ ਦੇ ਵਿਭਿੰਨ ਗੀਤ-ਜਿਨ੍ਹਾਂ ਵਿਚ ਸਵਾਲ-ਜਵਾਬ, ਵਿਅੰਗ ਅਤੇ ਰਿਸ਼ਤਿਆਂ ਦੀ ਖਟਾਸ-ਮਿਠਾਸ ਹੁੰਦੀ ਹੈ, ਬੱਚਿਆਂ ਸੰਬੰਧੀ ਗੀਤ ਜੋ ਔਰਤਾਂ ਲੋਰੀਆਂ ਜਾਂ ਖੇਡ ਗੀਤਾਂ ਦੇ ਰੂਪ 'ਚ ਗਾਉਂਦੀਆਂ ਹਨ। ਇਸੇ ਤਰ੍ਹਾਂ ਬੱਚਿਆਂ ਦੁਆਰਾ ਗਾਏ ਜਾਂਦੇ ਗੀਤ, ਗੱਭਰੂ-ਮੁਟਿਆਰਾਂ ਜਾਂ ਵਡੇਰੀ ਉਮਰ ਦੇ ਮਰਦ-ਔਰਤਾਂ ਦੇ ਅਨੇਕਾਂ ਗੀਤ ਹਨ ਜੋ ਤਿੱਥ ਤਿਉਹਾਰਾਂ, ਜੰਮਣ, ਮਰਨ, ਵਿਆਹ-ਸ਼ਾਦੀ ਆਦਿ ਜਿਹੇ ਮੌਕਿਆਂ ਨਾਲ ਸੰਬੰਧਿਤ ਹਨ, ਲੋਕ ਦਿਲਾਂ ਦੀ ਧੜਕਣ ਅਤੇ ਖੁਸ਼ਹਾਲੀ ਦਾ ਪ੍ਰਤੀਕ ਬਣ ਕੇ ਪ੍ਰਗਟ ਹੁੰਦੇ ਹਨ।
ਆਂਧਰਾ-ਪ੍ਰਦੇਸ਼ ਦੇ ਨਿਵਾਸੀ ਲੋਕ ਖੇਡਾਂ ਦੇ ਪੱਖੋਂ ਵੀ ਅਮੀਰ ਵਿਰਸੇ ਦੇ ਮਾਲਕ ਹਨ। ਪ੍ਰਚਲਿਤ ਰਾਸ਼ਟਰੀ ਖੇਡਾਂ ਤਾਂ ਇਹ ਖੇਡਦੇ ਹੀ ਹਨ, ਨਾਲ ਦੀ ਨਾਲ ਲੋਕ ਖੇਡਾਂ ਵਿਚ ਵੀ ਵਿਲੱਖਣਤਾ ਪ੍ਰਗਟ ਕਰਦੇ ਹਨ। ਇਨ੍ਹਾਂ ਲੋਕਾਂ ਨੇ ਆਪਣੇ ਸੁਭਾਅ, ਸਮਰੱਥਾ, ਵਿਸ਼ਵਾਸ, ਮਨੁੱਖੀ ਸੰਸਕਾਰਾਂ, ਜਲਵਾਯੂ, ਪਹਾੜੀਆਂ, ਤੱਟਾਂ ਅਤੇ ਮੌਸਮਾਂ ਦੀ ਤਾਸੀਰ ਅਤੇ ਅਕ੍ਰਿਤੀ-ਪ੍ਰਕਿਰਤੀ ਅਨੁਸਾਰ ਸੈਂਕੜੇ ਲੋਕ ਖੇਡਾਂ ਦਾ ਸਹਿਜ ਰੂਪ ਵਿਚ ਨਿਰਮਾਣ ਕੀਤਾ ਹੈ। ਭਾਵੇਂ ਕੁਝ ਖੇਡਾਂ ਅਜੋਕੇ ਦੌਰ ਵਿਚ ਲੁਪਤ ਹੋ ਗਈਆਂ ਹਨ ਜਾਂ ਕੁਝ ਕਬੀਲਿਆਂ ਦੇ ਕੁਝ ਕੁ ਲੋਕਾਂ ਵਿਚ ਹੀ ਪ੍ਰਚਲਿਤ ਹਨ ਪਰ ਜੋ ਅੱਜਕਲ੍ਹ ਪ੍ਰਚਲਿਤ ਹਨ ਉਨ੍ਹਾਂ ਦੀ ਆਪਣੀ ਹੀ ਦਿੱਖ ਹੈ। ਬੱਚਿਆਂ, ਨੌਜਵਾਨਾਂ ਜਾਂ ਇਸਤਰੀ-ਮਰਦਾਂ ਜਾਂ ਵਡੇਰੀ ਉਮਰ ਦੇ ਪ੍ਰਾਣੀਆਂ ਵਿਚ ਅਨੇਕਾਂ ਲੋਕ-ਖੇਡਾਂ ਪ੍ਰਚਲਿਤ ਹਨ। ਜਿਵੇਂ ਬੱਚਿਆਂ ਦੀਆਂ ਖੇਡਾਂ ਵਿਚ ਪੋਸ਼ਮ-ਪੋ, ਊਚਨੀਚ, ਖੋ-ਖੋ, ਕਬੱਡੀ, ਗੁੱਲੀ-ਡੰਡਾ, ਆਂਖ-ਮਿਚੋਲੀ, ਚੋਰ-ਸਿਪਾਹੀ, ਲੰਗੜੀ ਟਾਂਗ, ਸੈਵਨ ਸਟੋਨ, ਲਾਟੂ, ਵਿਸ਼-ਅੰਮ੍ਰਿਤ, ਨੌਕਾ ਆਦਿ ਖੂਬ ਪ੍ਰਚਲਿਤ ਹਨ। ਇਸੇ ਤਰ੍ਹਾਂ ਵੱਡਿਆਂ ਦੁਆਰਾ ਖੇਡੀਆਂ ਜਾਣ ਵਾਲੀਆਂ ਪ੍ਰਮੁੱਖ ਲੋਕ ਖੇਡਾਂ ਵਿਚ ਨੌਕਾ-ਰੇਸ, ਕਬੱਡੀ, ਗੁਜਾਨਾ-ਗੋਲੂ, ਟਾਇ-ਵੈਡਿੰਗ, ਕੋਠੀ-ਕੁਮਾਫੀ, ਚੁਕ ਚੁਕ-ਪੂਲਾ, ਡਾਡੀ, ਕਾਰਾ ਬਿੱਲਾ, ਸਪਿਨਿੰਗ ਟਾਪ ਆਦਿ ਅਨੇਕਾਂ ਨਾਂਅ ਹਨ।
ਇਹ ਸਾਰੀਆਂ ਲੋਕ ਖੇਡਾਂ ਘਰਾਂ, ਛੱਤਾਂ, ਪਹਾੜੀਆਂ, ਝੀਲਾਂ, ਬਾਗਾਂ, ਰੁੱਖਾਂ-ਬੂਟਿਆਂ 'ਤੇ ਚੜ੍ਹ ਕੇ ਅਤੇ ਖਾਸ ਕਰਕੇ ਪਸ਼ੂਆਂ-ਡੰਗਰਾਂ ਦੁਆਲੇ ਘੁੰਮ-ਘੁੰਮ ਕੇ ਵੀ ਖੇਡੀਆਂ ਜਾਂਦੀਆਂ ਹਨ। ਇਨ੍ਹਾਂ ਖੇਡਾਂ ਸਦਕਾ ਇਹ ਲੋਕ ਸਿਹਤਮੰਦ ਤਾਂ ਰਹਿੰਦੇ ਹੀ ਹਨ, ਮਨੋਰੰਜਨ ਦੇ ਖੂਬ ਮੌਕੇ ਵੀ ਮਾਣਦੇ ਹਨ। ਇਨ੍ਹਾਂ ਸਭਨਾਂ ਖੇਡਾਂ ਨਾਲ ਬਹੁਤ ਸਾਰੇ ਲੋਕ ਗੀਤ ਵੀ ਪ੍ਰਚਲਿਤ ਹਨ ਅਤੇ ਮੂੰਹ, ਹੱਥਾਂ, ਪੈਰਾਂ ਆਦਿ ਅੰਗਾਂ ਤੋਂ ਵੱਖ-ਵੱਖ ਕੱਢੀਆਂ ਜਾਂਦੀਆਂ ਆਵਾਜ਼ਾਂ ਵੀ ਦਿਲਕਸ਼ ਹੁੰਦੀਆਂ ਹਨ। ਚੁਸਤੀ, ਚਲਾਕੀ ਅਤੇ ਲਚਕੀਲਾਪਣ ਬੱਚਿਆਂ ਅਤੇ ਗਭਰੂਆਂ ਨੂੰ ਮਾਨਸਿਕ ਪੱਖੋਂ ਅਤੇ ਇੱਛਾ ਸ਼ਕਤੀ ਪੱਖੋਂ ਵੀ ਬਲਵਾਨ ਕਰਦਾ ਹੈ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 98142-09732.

ਕਦੇ ਪਿਆਰ ਤੇ ਸਾਦਗੀ ਦਾ ਸੁਮੇਲ ਸੀ ਪੰਜਾਬੀ ਲੋਕ ਜੀਵਨ

ਪੰਜਾਬੀ ਸੱਭਿਆਚਾਰ ਜਾਂ ਵਿਰਸੇ ਨੂੰ ਆਧੁਨਿਕ ਮਸ਼ੀਨੀ ਯੁਗ ਅਤੇ ਮਨੁੱਖ ਦੀ ਤੇਜ਼ ਰਫਤਾਰੀ ਚਕਾਚੌਂਧ ਨੇ ਮਧੋਲ ਕੇ ਰੱਖ ਦਿੱਤਾ ਹੈ। ਹੁਣ ਸਿਰਫ ਕਹਿਣ, ਸੁਣਨ, ਲਿਖਣ ਅਤੇ ਪੈਸੇ ਕਮਾਉਣ ਲਈ ਹੀ ਪੰਜਾਬੀ ਸੱਭਿਆਚਾਰ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ। ਸਾਡੇ ਬਜ਼ੁਰਗ ਦੱਸਦੇ ਹਨ ਕਿ ਅੱਜ ਤੋਂ 50 ਕੁ ਸਾਲ ਪਹਿਲਾਂ ਪੰਜਾਬੀ ਸੱਭਿਆਚਾਰ ਸਾਦਗੀ, ਭੋਲਾਪਣ, ਮਿਹਨਤ, ਇਮਾਨਦਾਰੀ ਅਤੇ ਹਮਦਰਦੀ ਨਾਲ ਭਰਪੂਰ ਸੀ। ਵੱਡੇ ਤੜਕੇ ਕੁੱਕੜਾਂ ਦੀਆਂ ਬਾਂਗਾਂ ਸੁਣਨ ਨਾਲ ਲੋਕ ਉੱਠ ਜਾਂਦੇ ਸਨ। ਔਰਤਾਂ ਚੱਕੀ ਝੋਅ ਲੈਂਦੀਆਂ, ਰਿੜਕਣਿਆਂ ਵਿਚ ਮਧਾਣੀਆਂ ਘੁੰਮਣ ਲੱਗ ਜਾਂਦੀਆਂ ਅਤੇ ਹਾਲੀ ਬਲਦਾਂ ਦੇ ਗਲ਼ ਹਲ-ਪੰਜਾਲੀ ਪਾ ਕੇ ਖੇਤ ਵੱਲ ਤੁਰ ਜਾਂਦੇ ਸਨ। ਚਿੜੀਆਂ ਦੇ ਚੂਕਣ, ਗੁਰਦੁਆਰੇ, ਡੇਰਿਆਂ ਵਿਚੋਂ ਘੜਿਆਲ ਅਤੇ ਸੰਖ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ। ਨਿਆਈਆਂ ਵਿਚ ਕੋਈ ਹਾਲੀ ਹਲ ਵਾਹੁੰਦਾ ਹੋਇਆ ਕਲੀਆਂ ਦੇ ਗਾਉਣ ਰਾਹੀਂ ਰੱਬ ਨੂੰ ਚੇਤੇ ਕਰਦਾ ਸੁਣਾਈ ਦਿੰਦਾ ਸੀ। ਪਹੁ ਫੁਟਦਿਆਂ ਲੋਕ ਚਾਹ ਪੀ ਕੇ ਬਾਹਰ ਖੇਤਾਂ ਵੱਲ ਜੰਗਲ ਪਾਣੀ ਜਾਂਦੇ ਸਨ। ਇਸੇ ਬਹਾਨੇ ਸਵੇਰ ਦੀ ਸੈਰ ਅਤੇ ਦਾਤਣ ਕੁਰਲਾ ਹੋ ਜਾਂਦਾ ਸੀ। ਉਦੋਂ ਪਿੰਡ ਵਿਚ ਕੋਈ ਹੀ ਅਜਿਹਾ ਘਰ ਹੁੰਦਾ ਸੀ ਜਿਸ ਦੇ ਦੁੱਧ-ਲੱਸੀ ਨਾ ਹੋਵੇ। ਜੇ ਕਿਸੇ ਗ਼ਰੀਬ ਘਰ ਦੁੱਧ ਨਹੀਂ ਸੀ ਹੁੰਦਾ, ਉਹ ਕਿਸੇ ਵੀ ਘਰ ਤੋਂ ਦੁੱਧ ਦੀ ਗੜਵੀ ਲੈ ਕੇ ਆਪਣਾ ਚਾਹ-ਪਾਣੀ ਬਣਾ ਲੈਂਦਾ। ਉਦੋਂ ਦੁੱਧ ਵੇਚਣਾ ਪੁੱਤ ਵੇਚਣ ਦੇ ਬਰਾਬਰ ਸਮਝਿਆ ਜਾਂਦਾ ਸੀ। ਅੱਜ ਕੋਈ ਵਿਰਲਾ ਘਰ ਹੀ ਹੋਵੇਗਾ ਜੋ ਦੁੱਧ ਨਾ ਵੇਚਦਾ ਹੋਵੇ। ਹੁਣ ਤਾਂ ਨਕਲੀ ਦੁੱਧ ਬਣਾ ਕੇ ਵੀ ਵੇਚਿਆ ਜਾਂਦਾ ਹੈ।
ਸਵੇਰੇ ਮਿੱਸੇ ਆਟੇ ਦੀ ਹਾਜ਼ਰੀ ਰੋਟੀ (ਸ਼ਾਹ ਵੇਲਾ), ਮੱਖਣ, ਦਹੀਂ, ਦੇਸੀ ਘਿਓ, ਚਿੱਬੜਾਂ ਦੀ ਚੱਟਣੀ ਅਤੇ ਖੱਟੀ ਲੱਸੀ ਨਾਲ ਬਹੁਤ ਸੁਆਦ ਲੱਗਦੀ ਸੀ। ਹਾਜ਼ਰੀ ਰੋਟੀ ਖਾ ਕੇ ਲੋਕ ਆਪਣੇ-ਆਪਣੇ ਧੰਦਿਆਂ ਵਿਚ ਲੱਗ ਜਾਂਦੇ ਸਨ। ਸਾਡੇ ਬਜ਼ੁਰਗਾਂ ਇਹ ਵੀ ਦੱਸਿਆ ਕਿ ਅਸੀਂ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਚਲੇ ਜਾਂਦੇ, ਬਹੁਤੇ ਪਿੰਡਾਂ ਵਿਚ ਪ੍ਰਾਇਮਰੀ ਸਕੂਲ ਵੀ ਨਹੀਂ ਸੀ ਹੁੰਦੇ। ਅੱਗੇ ਪੜ੍ਹਨ ਲਈ, ਨਾਲ ਦੇ ਸ਼ਹਿਰ ਜਾਣਾ ਪੈਂਦਾ ਸੀ। ਬੱਚਿਆਂ ਨੂੰ ਸਕੂਲ ਵਿਚ ਅਧਿਆਪਕ ਏਨਾ ਪੜ੍ਹਾਅ ਦਿੰਦੇ ਸਨ ਕਿ ਟਿਊਸ਼ਨ ਰੱਖਣ ਦੀ ਲੋੜ ਨਹੀਂ ਸੀ ਪੈਂਦੀ। ਮੁੰਡੇ-ਕੁੜੀਆਂ ਪੰਜਵੀਂ-ਛੇਵੀਂ ਕਲਾਸ ਤੱਕ ਇਕੱਠੇ ਹੀ ਖੇਡਦੇ ਸਨ। ਕਿਸੇ ਦੇ ਮਨ ਵਿਚ ਕੋਈ ਕਪਟ ਜਾਂ ਚਲਾਕੀ ਵਾਲੀ ਕੋਈ ਗੱਲ ਹੀ ਨਹੀਂ ਸੀ ਹੁੰਦੀ।
ਹਰ ਪਿੰਡ ਖੂਹ ਤੇ ਹਲਟਾਂ ਹੁੰਦੀਆਂ ਸਨ। ਦਿਨ ਚੜ੍ਹੇ ਕੁੜੀਆਂ ਦੀਆਂ ਟੋਲੀਆਂ ਖੂਹ ਤੋਂ ਪਾਣੀ ਦੇ ਘੜੇ ਭਰ ਕੇ ਲਿਆਉਂਦੀਆਂ। ਕਈ ਘਰਾਂ ਦੇ ਘੜੇ ਮਸ਼ਕ ਨਾਲ ਵੀ ਭਰੇ ਜਾਂਦੇ ਸਨ। ਕੁੜੀਆਂ-ਸੁਆਣੀਆਂ ਹਲਟਾਂ 'ਤੇ ਆਪੋ-ਆਪਣੇ ਪਰਿਵਾਰਾਂ ਦੇ ਕੱਪੜੇ ਧੋਣ ਆਉਦੀਆਂ। ਕੱਪੜੇ ਧੋਂਦੀਆਂ ਜਦ ਇਕੱਠੀਆਂ ਹੁੰਦੀਆਂ ਪਿੰਡ ਵਿਚ ਵਾਪਰੀ ਹਰ ਗੱਲ ਦਾ ਸਹਿਜੇ ਹੀ ਪਤਾ ਲੱਗ ਜਾਂਦਾ ਸੀ। ਆਉਣ-ਜਾਣ ਦਾ ਸਾਧਨ ਪੈਦਲ ਜਾਂ ਊਠ, ਘੋੜੀਆਂ ਹੋਣ ਕਾਰਨ ਆਉਂਦੇ-ਜਾਂਦੇ ਰਾਹੀ ਵੀ ਇਨ੍ਹਾਂ ਖੂਹਾਂ 'ਤੇ ਪਾਣੀ ਪੀਂਦੇ ਸਨ। ਖੇਤਾਂ ਨੂੰ ਪਾਣੀ ਦੇਣ ਦਾ ਸਾਧਨ ਵੀ ਹਲਟ ਤੇ ਨਹਿਰਾਂ ਸਨ। ਬੱਚੇ ਹਲਟ ਦੀ ਗਰਧਲ (ਲੱਠ) 'ਤੇ ਬੈਠ ਕੇ ਝੂਟੇ ਲੈਂਦੇ ਅਤੇ ਟੱਕ-ਟੱਕ ਕਰਦੇ ਕੁੱਤੇ ਦੀ ਆਵਾਜ਼ ਸੁਣ ਕੇ ਬੜੇ ਖੁਸ਼ ਹੁੰਦੇ ਸਨ। ਪਾਣੀ ਪਾੜਛੇ ਵਿਚ ਡਿਗਦਾ ਕੋਈ ਰਾਗ ਉਲਾਪਦਾ ਜਾਪਦਾ ਸੀ। ਹਾਲੀ-ਕਾਮਿਆਂ ਨੂੰ ਖੇਤਾਂ ਵਿਚ ਮਿਹਨਤ ਕਰਦਿਆਂ ਭੁੱਖ ਲੱਗਣ 'ਤੇ ਭੱਤੇ ਦੀ ਉਡੀਕ ਹੁੰਦੀ ਸੀ। ਸੁਆਣੀਆਂ ਖੱਦਰ ਦੇ ਪੋਣਿਆਂ ਵਿਚ ਰੋਟੀਆਂ ਬੰਨ੍ਹ ਕੇ, ਲੱਸੀ ਦਾ ਕੁੱਜਾ ਭਰ ਕੇ, ਦਹੀਂ, ਮੱਖਣ, ਸਰ੍ਹੋਂ ਦਾ ਸਾਗ ਅਤੇ ਦੁਪਹਿਰ ਦੀ ਚਾਹ ਲਈ ਗੁੜ, ਮੋਟੀ ਫਲੀ ਦੀ ਚਾਹ ਪੱਤੀ ਅਤੇ ਬੋਤਲ ਵਿਚ ਦੁੱਧ ਆਦਿ ਟੋਕਰੇ ਵਿਚ ਧਰ ਕੇ ਖੇਤ ਵੱਲ ਤੁਰ ਪੈਂਦੀਆਂ ਸਨ। ਖੇਤ ਵਿਚ ਭੁੰਜੇ ਬੈਠ ਕੇ ਰੋਟੀ ਖਾਣ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਸੀ। ਰੋਟੀ ਖੁਆ ਕੇ ਔਰਤਾਂ ਘਰ ਨੂੰ ਮੁੜਨ ਲੱਗੀਆਂ ਮੌਸਮ ਅਨੁਸਾਰ ਗੁਆਰੇ ਦੀਆਂ ਫਲੀਆਂ, ਸਰ੍ਹੋਂ ਦਾ ਸਾਗ ਅਤੇ ਛੱਲੀਆਂ ਤੋੜ ਕੇ ਟੋਕਰੇ ਵਿਚ ਧਰ ਲਿਆਉਂਦੀਆਂ ਸਨ। ਸਾਲ ਦਾ ਬਹੁਤਾ ਹਿੱਸਾ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਧੀ ਜਾਂਦੀ ਸੀ। ਕਦੇ ਪ੍ਰਾਹੁਣਾਂ ਆਏ ਤੋਂ ਹੀ ਕਣਕ ਦੀ ਰੋਟੀ ਲਾਹੀ ਜਾਂਦੀ ਸੀ। ਪਰ ਹੁਣ ਇਸ ਦੇ ਉਲਟ ਮੱਕੀ ਦੀ ਰੋਟੀ ਹੀ ਨਿਹਮਤ ਬਣ ਗਈ ਹੈ। ਉਨ੍ਹਾਂ ਸਮਿਆਂ ਵਿਚ ਲੋਕ ਘੁਲਾੜੀਆਂ ਤੋਂ ਗੰਨੇ ਦਾ ਰਸ ਤੇ ਤੱਤਾ ਗੁੜ ਖਾ ਕੇ ਮੌਜ ਕਰਦੇ ਸਨ। ਹਾੜ੍ਹੀ ਦੀ ਫ਼ਸਲ ਵੱਢਣ ਤੇ ਸਬਜ਼ੀ ਲਈ ਹਰਾ ਛੋਲੂਆ ਅਤੇ ਹੋਲਾਂ ਭੁੰਨਣ ਲਈ ਪੱਕਿਆ ਛੋਲੂਆਂ ਪੁੱਟ ਲਿਆਉਂਦੇ ਸਨ। ਹੋਲਾਂ ਬੜੀਆਂ ਸਵਾਦ ਲੱਗਦੀਆਂ ਸਨ। ਅਜੋਕੀ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਹੋਲਾਂ ਕੀ ਹੁੰਦੀਆਂ ਹਨ ?
ਉਸ ਸਮੇਂ ਖੇਤਾਂ ਦੀ ਵਹਾਈ ਅਤੇ ਬਿਜਾਈ ਦਾ ਕੰਮ ਬਲਦਾਂ ਅਤੇ ਊਠਾਂ ਰਾਹੀਂ ਲੱਕੜ ਦੇ ਹਲਾਂ ਨਾਲ ਕੀਤਾ ਜਾਂਦਾ ਸੀ। ਕਣਕਾਂ ਦੀ ਗਹਾਈ ਲਈ ਬਲਦਾਂ ਪਿੱਛੇ ਫਲ੍ਹੇ ਪਾ ਕੇ ਇਕ ਮਹੀਨੇ ਤੋਂ ਵੱਧ ਸਮਾਂ ਨਿਆਈਆਂ ਵਿਚ ਪਿੜ ਲੱਗੇ ਰਹਿੰਦੇ ਸਨ। ਸਾਰਾ ਕੰਮ ਬਲਦਾਂ ਨਾਲ ਹੋਣ ਕਰਕੇ ਬਲਦਾਂ ਦੀ ਬਹੁਤ ਸੇਵਾ ਕੀਤੀ ਜਾਂਦੀ ਸੀ। ਗੱਭਰੂ ਹਰੇ-ਚਾਰੇ (ਚਰੀ, ਬਾਜਰਾ, ਗਵਾਰਾ ਆਦਿ) ਦੀਆਂ ਕਈ-ਕਈ ਭਰੀਆਂ ਹੱਥਾਂ ਨਾਲ ਗੇੜਨ ਵਾਲੀ ਮਸ਼ੀਨ ਨਾਲ ਟੋਕਾ ਕਰਦੇ ਸਨ ਤੇ ਤੰਦਰੁਸਤ ਰਹਿੰਦੇ ਸਨ। ਸ਼ਾਮ ਨੂੰ ਹਾਰੇ ਦਾ ਕੜ੍ਹਿਆ ਦੁੱਧ ਛੱਨੇ ਭਰ-ਭਰ ਪੀਂਦੇ ਸਨ। ਸੀਰੀ-ਸਾਂਝੀ ਨੂੰ ਵੀ ਪੀਣ ਲਈ ਦੁੱਧ ਦਿੱਤਾ ਜਾਂਦਾ ਸੀ। ਉਦੋਂ ਕੋਈ ਭਈਆ ਨਹੀਂ ਸੀ ਹੁੰਦਾ, ਸਾਰਾ ਕੰਮ ਲੋਕ ਖੁਦ ਕਰਦੇ ਸਨ।
ਬਜ਼ੁਰਗ ਦੱਸਦੇ ਹਨ ਕਿ ਉਦੋਂ ਹਰ ਪੱਤੀ-ਅਗਵਾੜ ਵਿਚ ਥਾਂਈ (ਧਰਮਸ਼ਾਲਾ) ਅਤੇ ਦਰਵਾਜ਼ਾ ਹੁੰਦਾ ਸੀ, ਜਿੱਥੇ ਬੈਠ ਕੇ ਲੋਕ ਆਪਣਾ ਵਿਹਲਾ ਸਮਾਂ ਗੱਲੀਂ-ਬਾਤੀਂ ਹੱਸ ਕੇ ਜਾਂ ਤਾਸ਼-ਬਾਰਾਂ-ਵੀਟੀ ਖੇਡ ਕੇ ਲੰਘਾਉਂਦੇ ਸਨ। ਇਨ੍ਹਾਂ ਥਾਂਈਆਂ ਵਿਚ ਬਰਾਤਾਂ ਠਹਿਰਾਈਆਂ ਜਾਂਦੀਆਂ ਸਨ। ਦਾਣੇ ਭੁਨਾਉਣ ਲਈ ਹਰ ਅਗਵਾੜ ਵਿਚ ਭੱਠੀਆਂ ਹੁੰਦੀਆਂ ਸਨ, ਜਿੱਥੇ ਸ਼ਾਮ ਨੂੰ ਦਾਣੇ ਭੁਨਾਉਣ ਵਾਲੀਆਂ ਕੁੜੀਆਂ/ ਸੁਆਣੀਆਂ ਦੀ ਭੀੜ ਲੱਗ ਜਾਇਆ ਕਰਦੀ ਸੀ। ਭੱਠੀਆਂ ਤੋਂ ਹੀ ਸਾਰੇ ਪਿੰਡ ਦੀ ਖ਼ਬਰ ਮਿਲ ਜਾਂਦੀ ਸੀ। ਬੱਚੇ ਆਪਣੇ ਝੱਗਿਆਂ ਦੇ ਖੀਸਿਆਂ ਵਿਚ ਦਾਣੇ ਪਾ ਕੇ ਚੱਬੀ ਜਾਂਦੇ, ਨਾਲੇ ਖੇਡੀ ਜਾਂਦੇ ਇਸ ਕਰਕੇ ਭੱਠੀਆਂ ਦਾ ਜ਼ਿਕਰ ਬਹੁਤ ਸਾਰੇ ਪੰਜਾਬੀ ਗੀਤਾਂ ਵਿਚ ਸੁਣਨ ਨੂੰ ਮਿਲਦਾ ਹੈ। ਸਾਡੀ ਬੇਬੇ ਦੱਸਿਆ ਕਰਦੀ ਸੀ ਕਿ ਉਨ੍ਹੀਂ ਦਿਨੀਂ ਕੁੜੀਆਂ ਦੇ ਕੱਤਣ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਸੀ। ਸਰਦੀ ਵਿਚ ਆਂਢ-ਗੁਆਂਢ ਦੀਆਂ ਕੁੜੀਆਂ-ਕਤਰੀਆਂ ਰਾਤ ਨੂੰ ਰੋਟੀ- ਟੁੱਕ ਖਾ ਮੁਕਾ ਕੇ ਕਿਸੇ ਇਕ ਦੇ ਘਰ ਛੋਪ (ਤ੍ਰਿੰਝਣ) ਪਾਉਂਦੀਆਂ, ਜਿਥੇ ਅੱਧੀ ਰਾਤ ਤੱਕ ਚਰਖੇ ਕੱਤੀ ਜਾਂਦੀਆਂ। ਜਿਸ ਘਰ ਛੋਪ ਪਾਉਂਦੀਆਂ, ਉਥੇ ਹੀ ਸੌਂ ਜਾਂਦੀਆਂ ਸਨ। ਕਿੰਨਾ ਪਿਆਰ ਅਤੇ ਸੁਹਿਰਦਤਾ ਵਾਲਾ ਮਹੌਲ ਹੁੰਦਾ ਸੀ, ਘਰ ਦਾ ਸੂਤ ਕੱਤ ਕੇ ਕਈ ਕੁੜੀਆਂ ਰਲ ਕੇ ਤਾਣਾਂ ਤਣਦੀਆਂ, ਪਾਣ ਲਾਉਂਦੀਆਂ ਅਤੇ ਕੁਭਲਾਂ ਰਾਹੀਂ ਖੱਦਰ ਬੁਣ ਕੇ ਖੇਸ ਅਤੇ ਦੌੜੇ ਬਣਾ ਲੈਂਦੀਆਂ ਸਨ। ਸੂਈ ਧਾਗੇ ਨਾਲ ਚਾਦਰਾਂ, ਸਰਾਹਣੇ ਅਤੇ ਫੁਲਕਾਰੀਆਂ ਕੱਢਦੀਆਂ ਅਤੇ ਦਰੀਆਂ, ਪੱਖੀਆਂ ਅਤੇ ਨਾਲੇ ਬੁਣਦੀਆਂ ਸਨ। ਧੀ ਦੇ ਵਿਆਹ ਤੋਂ ਪਹਿਲਾਂ ਇਨ੍ਹਾਂ ਵਸਤਾਂ ਨਾਲ ਦਾਜ ਵਾਲੀ ਪੇਟੀ ਭਰ ਦਿੱਤੀ ਜਾਂਦੀ ਸੀ। ਲੜਕੀ ਵਲੋਂ ਵਿਆਹ ਵੇਲੇ ਪਹਿਨੇ ਜਾਂਦੇ ਗਹਿਣਿਆਂ ਵਿਚ ਸੱਗੀ ਫੁੱਲ ਅਤੇ ਪਿਪੱਲ ਪੱਤੀਆਂ ਪ੍ਰਮੁੱਖ ਸਨ, ਜੋ ਅੱਜ ਵੀ ਯਾਦ ਕੀਤੀਆਂ ਜਾਂਦੀਆਂ ਹਨ। ਲੜਕੀ ਸਹੁਰੇ ਘਰ ਜਾ ਕੇ ਘੱਗਰਾ ਪਹਿਨਦੀ, ਵੱਡੇ ਥਾਂ ਲੱਗਦੇ ਸਹੁਰੇ ਜਾ ਜੇਠ ਤੋਂ ਘੁੰਢ ਕਢਦੀ ਸੀ। ਸਹੁਰਾ ਅਤੇ ਜੇਠ ਵੀ ਬਾਹਰੋਂ ਘਰ ਅੰਦਰ ਆਉਣ ਸਮੇਂ ਖੰਘੂਰਾ ਮਾਰ ਕੇ ਅੰਦਰ ਵੜਦੇ ਤਾਂ ਕਿ ਅੰਦਰ ਬੈਠੀਆਂ ਔਰਤਾਂ ਸੁਚੇਤ ਹੋ ਜਾਣ। ਅੱਖ ਦੀ ਸ਼ਰਮ ਮੰਨੀ ਜਾਂਦੀ ਅਤੇ ਵੱਡਿਆਂ ਦੀ ਇੱਜ਼ਤ ਕੀਤੀ ਜਾਂਦੀ ਸੀ। ਬਜ਼ੁਰਗਾਂ ਦੇ ਦੱਸਣ ਮੁਤਾਬਿਕ ਉਸ ਸਮੇਂ ਲੋਕਾਂ ਦਾ ਮਨੋਰੰਜਨ ਧਾਰਮਿਕ ਰੀਤੀ-ਰਿਵਾਜ ਜਾਂ ਰੁੱਤਾਂ ਅਨੁਸਾਰ ਲੱਗਦੇ ਮੇਲਿਆਂ ਰਾਹੀਂ ਹੁੰਦਾ ਸੀ, ਜਿੱਥੇ ਲੋਕ ਸੁੱਖਣਾਂ ਸੁੱਖਦੇ, ਮਿੱਟੀ ਕੱਢਦੇ ਅਤੇ ਪਰਿਵਾਰਾਂ ਸਮੇਤ ਨਵੇਂ ਕੱਪੜੇ ਪਾ ਕੇ ਅਤੇ ਪੱਗਾਂ ਨੂੰ ਲਲਾਰੀ ਤੋਂ ਮਾਵਾ-ਵਰਕ ਲਗਵਾ ਕੇ, ਮੇਲਾ ਵੇਖਣ ਜਾਂਦੇ ਸਨ। ਮੱਲਾਂ ਦੇ ਘੋਲ, ਕਬੱਡੀ ਅਤੇ ਭੰਗੜਾ ਆਦਿ ਵੇਖ ਕੇ ਅਨੰਦ ਮਾਣਦੇ, ਕਿਸੇ ਪਾਸੇ ਕਵੀਸ਼ਰਾਂ ਅਤੇ ਢਾਡੀਆਂ ਤੋਂ ਪ੍ਰਸੰਗ ਸੁਣੇ ਜਾਂਦੇ। ਜਲੇਬੀਆਂ ਅਤੇ ਕਰਾਰੇ ਪਕੌੜੇ ਖਾਣ ਦਾ ਲੁਤਫ ਲੈਂਦੇ । ਬੱਚੇ, ਨੌਜਵਾਨ, ਔਰਤਾਂ ਚੱਕਰ-ਝੂਲਿਆਂ 'ਤੇ ਝੂਟੇ ਲੈ ਕੇ ਖੁਸ਼ ਹੁੰਦੇ। ਜਦ ਕਦੇ ਅੱਠ-ਸੱਤ ਮੀਲ ਦੇ ਫਾਸਲੇ 'ਤੇ ਕਿਸੇ ਗਵੱਈਏ ਨੇ ਗਾਉਣਾ ਹੁੰਦਾ ਤਾਂ ਤੜਕੇ ਹੀ ਪਸ਼ੂਆਂ ਲਈ ਕੱਖ-ਪੱਠਾ ਲਿਆਉਂਦੇ ਅਤੇ ਇਕੱਠੇ ਹੋ ਕੇ ਪੈਦਲ ਹੀ ਅਖਾੜਾ ਸੁਣਨ ਜਾਂਦੇ। ਕਹਿੰਦੇ ਫਲਾਣੇ ਪਿੰਡ ਸਲਿੰਦਰ ਲੱਗਣੀ ਏ।
ਦੱਸਦੇ ਹਨ ਕਿ ਉਦੋਂ ਬਰਾਤਾਂ ਰੱਥ, ਗੱਡੀਆਂ ਅਤੇ ਊਠ-ਘੋੜਿਆਂ 'ਤੇ ਆਉਂਦੀਆਂ ਅਤੇ ਕਈ- ਕਈ ਦਿਨ ਠਹਿਰਦੀਆਂ ਸਨ। ਬਰਾਤ ਆਉਣ ਤੋਂ ਅਗਲੇ ਦਿਨ ਦੀ ਸਵੇਰ ਨੂੰ ਅਨੰਦ ਕਾਰਜ ਦੀ ਰਸਮ ਪੂਰੀ ਕਰ ਦਿੱਤੀ ਜਾਂਦੀ ਸੀ। ਰਾਤ ਨੂੰ ਬਰਾਤ ਜਦ ਰੋਟੀ ਖਾਣ ਆਉਂਦੀ, ਘਰ ਦੇ ਕੋਠਿਆਂ ਦੇ ਬਨੇਰਿਆਂ 'ਤੇ ਬੈਠੀਆਂ ਔਰਤਾਂ ਵੱਲੋਂ ਜੰਨ (ਜੰਙ) ਬੰਨ੍ਹ ਦਿੱਤੀ ਜਾਂਦੀ ਸੀ। ਜਦ ਤੱਕ ਕੋਈ ਜਨੇਤੀ ਬੰਨ੍ਹੀ ਹੋਈ ਜੰਨ ਨਹੀਂ ਸੀ ਛੁਡਾਉਂਦਾ, ਰੋਟੀ ਨਹੀਂ ਸੀ ਖਾਧੀ ਜਾਂਦੀ। ਜਨੇਤੀਆਂ ਨੂੰ ਔਰਤਾਂ ਗੀਤਾਂ, ਦੋਹੇ ਅਤੇ ਸਿਠਣੀਆਂ ਰਾਹੀਂ ਗਾਲ੍ਹਾਂ ਕੱਢ ਕੇ ਮਖੌਲੀ ਚਿਤ ਖੁਸ਼ ਕਰਦੀਆਂ ਸਨ। ਕਈਆਂ ਦੀਆਂ ਪਿੱਠਾਂ 'ਤੇ ਥਾਪੇ ਵੀ ਲਾਏ ਜਾਂਦੇ ਸਨ। ਜਿਸ ਥਾਂਈ ਵਿਚ ਜੰਨ ਦਾ ਉਤਾਰਾ ਹੁੰਦਾ, ਰਾਤ ਨੂੰ ਟੋਲੀਆਂ ਬਣਾ ਕੇ ਲੋਕ ਉਸ ਅੱਗੇ ਆ ਬੈਠਦੇ, ਸਪੀਕਰ ਵਾਲੇ ਤੋਂ ਆਪਣੀ ਪਸੰਦ ਦੀਆਂ ਕਲੀਆਂ ਦੇ ਤਵੇ (ਰਿਕਾਰਡ) ਲਗਵਾ ਕੇ ਅੱਧੀ ਰਾਤ ਤੱਕ ਸੁਣਦੇ ਰਹਿੰਦੇ। ਉਦੋਂ ਪੱਥਰ ਦੇ ਤਵੇ ਹੁੰਦੇ ਸਨ। ਥਾਂਈ ਦੀ ਛੱਤ 'ਤੇ ਦੋ ਮੰਜੇ ਖੜ੍ਹੇ ਕਰ ਕੇ ਸਪੀਕਰ ਟੰਗਿਆ ਜਾਂਦਾ ਸੀ। ਬਰਾਤ ਵਿਚ ਨਕਲੀਏ ਅਤੇ ਨਚਾਰ ਲਿਆਉਣ ਦਾ ਰਿਵਾਜ ਸੀ। ਬਰਾਤੀਆਂ ਦੇ ਗਲਾਂ ਵਿਚ ਸੋਨੇ ਦੇ ਕੈਂਠੇ ਉਨ੍ਹਾਂ ਸਮਿਆਂ ਵਿਚ ਟੌਹਰ ਵਜੋਂ ਪ੍ਰਮੁੱਖ ਹੁੰਦੇ ਸਨ। ਰਾਤ ਵੇਲੇ ਮਾਮੀਆਂ (ਨਾਨਕੀਆਂ) ਦੀ ਟੋਲੀ ਵੱਲੋਂ ਜਾਗੋ ਕੱਢੀ ਜਾਂਦੀ ਅਤੇ ਛੱਜ ਕੁੱਟਿਆ ਜਾਂਦਾ ਸੀ। ਮਖੌਲਾਂ ਵਿਚ ਕਈ ਘਰਾਂ ਦੇ ਪ੍ਰਨਾਲੇ ਉਖਾੜ ਦਿੱਤੇ ਜਾਂਦੇ ਸਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪਿੰਡ ਤੇ ਡਾਕ: ਹਰੀਗੜ੍ਹ, ਤਹਿ: ਤੇ ਜ਼ਿਲ੍ਹਾ: ਬਰਨਾਲਾ।
ਮੋਬਾਈਲ : 94172-10015, 97818-10074.

ਬੇਹੱਦ ਤੇਜ਼ੀ ਨਾਲ ਵਧ ਰਹੀ ਹੈ ਬਿਟਕੁਆਇਨ ਦੀ ਵਰਤੋਂ

ੋਂਹਰੇਕ ਦੇਸ਼ ਦੀ ਆਪੋ-ਆਪਣੀ ਕਰੰਸੀ ਹੈ ਜਿਵੇਂ ਭਾਰਤ ਦੀ ਰੁਪਏ, ਅਮਰੀਕਾ ਦੀ ਡਾਲਰ, ਚੀਨ ਦੀ ਯੂਆਨ ਤੇ ਜਾਪਾਨ ਦੀ ਜਾਪਾਨੀ ਯੈੱਨ ਆਦਿ। ਕਾਗਜ਼ ਜਾਂ ਸਿੱਕਿਆਂ ਦੇ ਰੂਪ ਵਿਚ ਉਪਲਬਧ ਹੋਣ ਕਰਕੇ ਅਸੀਂ ਇਨ੍ਹਾਂ ਕਰੰਸੀਜ਼ ਨੂੰ ਛੂਹ ਸਕਦੇ ਹਾਂ ਤੇ ਜੇਬ ਵਿਚ ਰੱਖ ਸਕਦੇ ਹਾਂ ਪਰ ਬਿਟਕੁਆਇਨ ਇਕ ਡਿਜੀਟਲ ਕਰੰਸੀ ਹੈ। ਇਸ ਨੂੰ ਨਾ ਤਾਂ ਅਸੀਂ ਛੂਹ ਸਕਦੇ ਹਾਂ ਤੇ ਨਾ ਹੀ ਜੇਬ ਵਿਚ ਰੱਖ ਸਕਦੇ ਹਾਂ। ਇਸ ਡਿਜੀਟਲ ਕਰੰਸੀ ਨੂੰ ਕਰਿਪਟੋਕਰੰਸੀ ਕਿਹਾ ਜਾਂਦਾ ਹੈ। ਜਿਵੇਂ ਭਾਰਤ ਦੀ ਕਰੰਸੀ ਦੀ ਗਿਣਤੀ ਰੁਪਏ ਵਿਚ ਹੁੰਦੀ ਹੈ, ਇਸ ਕਰੰਸੀ ਦੀ ਗਿਣਤੀ ਬਿਟਕੁਆਇਨ ਵਿਚ ਹੁੰਦੀ ਹੈ। ਬਿਟ ਕੰਪਿਊਟਰ ਵਿਚਲੇ ਡਾਟੇ ਨੂੰ ਗਿਣਨ ਜਾਂ ਮਾਪਣ ਦੀ ਸਭ ਤੋਂ ਛੋਟੀ ਇਕਾਈ ਹੈ। ਦੂਸਰੀ ਕਰੰਸੀ ਦੀ ਗਿਣਤੀ ਅੰਕਾਂ ਵਿਚ ਕੀਤੀ ਜਾਂਦੀ ਹੈ ਪਰ ਡਿਜੀਟਲ ਕਰੰਸੀ ਦੀ ਗਿਣਤੀ ਬਿਟ ਵਿਚ ਕੀਤੀ ਜਾਂਦੀ ਹੈ। ਬਿਟਕੁਆਇਨ ਦੀ ਵਰਤੋਂ ਕਰਨ ਵਾਲੇ ਦੇਸ਼ਾਂ ਦੀ ਇਹ ਸਾਂਝੀ ਕਰੰਸੀ ਹੈ। ਇਸ ਸਮੇਂ ਲਗਪਗ 120 ਦੇਸ਼ਾਂ ਦੇ ਲੋਕ ਕਿਸੇ ਤੀਸਰੀ ਧਿਰ ਭਾਵ ਬੈਂਕ, ਵਿੱਤੀ ਸੰਸਥਾ ਜਾਂ ਵਿਅਕਤੀ ਤੋਂ ਬਗੈਰ ਬਿਟਕੁਆਇਨ ਰਾਹੀਂ ਲੈਣ-ਦੇਣ ਕਰ ਰਹੇ ਹਨ। ਬਿਟਕੁਆਇਨ ਦਾ ਮੁੱਖ ਉਦੇਸ਼ ਤੀਸਰੀ ਧਿਰ ਤੋਂ ਬਗੈਰ ਪੈਸਿਆਂ ਦਾ ਲੈਣ-ਦੇਣ ਕਰਨਾ ਹੈ ਪਰ ਇਸ ਦੀ ਦੁਰਵਰਤੋਂ ਵੀ ਹੋ ਰਹੀ ਹੈ। ਇਸ ਦੁਰਵਰਤੋਂ ਕਾਰਨ ਬਹੁਤ ਸਾਰੇ ਦੇਸ਼ ਇਸ ਦੀ ਕਾਨੂੰਨੀ ਇਜਾਜ਼ਤ ਦੇਣ ਤੋਂ ਝਿਜਕ ਰਹੇ ਹਨ। ਵੱਧ ਤੋਂ ਵੱਧ ਲੋਕਾਂ ਵਲੋਂ ਬਿਟਕੁਆਇਨ ਖ੍ਰੀਦੇ ਜਾਣ ਕਾਰਨ ਇਸ ਦੀ ਕੀਮਤ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਅੱਜ ਤੋਂ ਪੰਜ ਸਾਲ ਪਹਿਲਾਂ ਜੇਕਰ ਭਾਰਤ ਦੀ ਕਰੰਸੀ ਭਾਵ ਰੁਪਏ ਨਾਲ ਹਿਸਾਬ ਲਗਾਈਏ ਤਾਂ ਇਕ ਬਿਟਕੁਆਇਨ ਦੀ ਕੀਮਤ ਸਿਰਫ ਛੇ ਰੁਪਏ ਸੀ। ਸਾਲ 2015 ਵਿਚ ਇਸ ਦੀ ਕੀਮਤ 14 ਹਜ਼ਾਰ ਰੁਪਏ ਸੀ। ਸਾਲ 2016 ਵਿਚ ਇਸ ਦੀ ਕੀਮਤ ਵਧ ਕੇ 30 ਹਜ਼ਾਰ ਰੁਪਏ ਹੋ ਗਈ। ਅਗਲੇ ਸਾਲ ਇਸ ਦੀ ਕੀਮਤ 6 ਲੱਖ ਰੁਪਏ ਤੱਕ ਪੁੱਜ ਜਾਣ ਦਾ ਅਨੁਮਾਨ ਹੈ। ਬਿਟਕੁਆਇਨ ਦੀ ਅਰਥ ਵਿਵਸਥਾ ਦਾ ਨਿਰਮਾਣ ਇਸ ਤਰੀਕੇ ਨਾਲ ਕੀਤਾ ਗਿਆ ਹੈ ਕਿ ਕੁਝ ਸਮੇਂ ਬਾਅਦ ਬਿਟਕੁਆਇਨ ਦੀ ਗਿਣਤੀ ਘਟ ਕੇ ਅੱਧੀ ਰਹਿ ਜਾਂਦੀ ਹੈ। ਸ਼ੁਰੂ-ਸ਼ੁਰੂ ਵਿਚ ਇਕ ਬਲਾਕ ਵਿਚੋਂ 50 ਬਿਟਕੁਆਇਨ ਨਿਕਲਦੇ ਹਨ। ਹਰ ਚਾਰ ਸਾਲ ਬਾਅਦ ਇਹ ਗਿਣਤੀ ਘਟ ਕੇ ਅੱਧੀ ਰਹਿ ਜਾਂਦੀ ਹੈ। ਇਕ ਅੰਦਾਜ਼ੇ ਅਨੁਸਾਰ 25 ਸਾਲ ਬਾਅਦ ਨਵੇਂ ਬਿਟਕੁਆਇਨ ਦਾ ਨਿਰਮਾਣ ਬੰਦ ਹੋ ਜਾਵੇਗਾ ਤੇ ਉਸ ਸਮੇਂ ਤੱਕ ਬਾਜ਼ਾਰ ਵਿਚ ਲਗਪਗ 2 ਕਰੋੜ 10 ਲੱਖ ਬਿਟਕੁਆਇਨ ਮੌਜੂਦ ਹੋਣਗੇ। ਬਿਟਕੁਆਇਨ ਦਾ ਨਿਰਮਾਣ ਬੰਦ ਹੋ ਜਾਣ ਦੇ ਖਦਸ਼ੇ ਕਾਰਨ ਦੁਨੀਆ ਵਿਚ ਇਸ ਨੂੰ ਖ੍ਰੀਦਣ ਦੀ ਦੌੜ ਲੱਗੀ ਹੋਈ ਹੈ।
ਬਿਟਕੁਆਇਨ ਦੀ ਸ਼ੁਰੂਆਤ ਕਦੋਂ ਹੋਈ?
ਬਿਟਕੁਆਇਨ ਦੇ ਸਾਫਟਵੇਅਰ ਨੂੰ ਪਹਿਲੀ ਵਾਰ ਜਨਵਰੀ 2009 ਵਿਚ ਜਾਪਾਨ ਦੇਸ਼ ਨਾਲ ਸੰਬੰਧਿਤ ਸਤੋਸ਼ੀ ਨਾਕਾਮੋਤੋ ਨਾਂਅ ਦੇ ਇਕ ਪ੍ਰੋਗਰਾਮਰ ਨੇ ਖੁੱਲ੍ਹੇ ਤੌਰ 'ਤੇ (ਓਪਨ ਸੋਰਸ) ਜਾਰੀ ਕੀਤਾ ਸੀ। ਇਸ ਪ੍ਰੋਗਰਾਮਰ ਬਾਰੇ ਕੋਈ ਨਹੀਂ ਜਾਣਦਾ। ਬਿਟਕੁਆਇਨ ਪ੍ਰਚੱਲਿਤ ਹੋਣ ਤੋਂ ਬਾਅਦ ਕਈ ਦੇਸ਼ਾਂ ਦੇ ਪ੍ਰੋਗਰਾਮਰ ਆਪਣੇ-ਆਪ ਨੂੰ ਸਤੋਸ਼ੀ ਨਾਕਾਮੋਤੋ ਦੱਸਦੇ ਰਹੇ ਪਰ ਅੱਜ ਤੱਕ ਇਸ ਪ੍ਰੋਗਰਾਮਰ ਬਾਰੇ ਪਤਾ ਨਹੀਂ ਲੱਗ ਸਕਿਆ। ਅੱਜਕਲ੍ਹ ਕਈ ਪ੍ਰੋਗਰਾਮਰ ਸਤੋਸ਼ੀ ਨਾਕਾਮੋਤੋ ਦੇ ਪ੍ਰੋਗਰਾਮ ਨੂੰ ਵਧੇਰੇ ਸੁਰੱਖਿਅਤ ਬਣਾਉਣ ਤੇ ਡਿਜੀਟਲ ਕਰੰਸੀ ਦੇ ਕਈ ਨਵੇਂ ਸਾਫਟਵੇਅਰ ਤਿਆਰ ਕਰ ਰਹੇ ਹਨ।
ਬਿਟਕੁਆਇਨ ਦੀ ਵਰਤੋਂ ਕਿਵੇਂ ਹੁੰਦੀ ਹੈ?
ਬਿਟਕੁਆਇਨ ਦਾ ਲੈਣ ਦੇਣ 'ਪੀਅਰ ਟੂ ਪੀਅਰ' ਤਕਨੀਕ ਭਾਵ ਇਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੱਕ (ਆਨਲਾਈਨ) ਹੁੰਦਾ ਹੈ। ਡਿਜੀਟਲ ਕਰੰਸੀ ਨੂੰ ਕਰਿਪਟੋਕਰੰਸੀ ਦੇ ਨਾਂਅ ਨਾਲ ਵੀ ਜਾਣਨ ਕਰਕੇ ਇਸ ਤਕਨੀਕ ਨੂੰ ਕਰਿਪਟੋਗ੍ਰਾਫੀ ਵੀ ਕਿਹਾ ਜਾਂਦਾ ਹੈ। ਇਸ ਸਮੇਂ ਡਿਜੀਟਲ ਜਾਂ ਕਰਿਪਟੋਕਰੰਸੀ ਦੀਆਂ ਇਕ ਹਜ਼ਾਰ ਤੋਂ ਵਧੇਰੇ ਕਿਸਮਾਂ ਹਨ। ਇਨ੍ਹਾਂ ਵਿਚੋਂ ਈਥਰ ਤੇ ਈਥਰਮ, ਲਾਈਟ ਕੁਆਇਨ, ਡੈਸ਼, ਜੈੱਡ ਕੈਸ਼ ਤੇ ਮੋਨੇਰੋ ਸਭ ਤੋਂ ਵਧੇਰੇ ਪ੍ਰਚੱਲਿਤ ਹਨ। ਬਿਟਕੁਆਇਨ ਦਾ ਲੈਣ-ਦੇਣ ਇਕ 'ਬਲਾਕ ਚੇਨ' ਪ੍ਰਣਾਲੀ ਰਾਹੀਂ ਹੁੰਦਾ ਹੈ। ਜਿਵੇਂ ਹਰ ਵਿਅਕਤੀ ਦੇ ਬੈਂਕ ਦੇ ਖਾਤੇ ਵਿਚ ਉਸ ਦੇ ਹਰ ਲੈਣ-ਦੇਣ ਦਾ ਹਿਸਾਬ ਹੁੰਦਾ ਹੈ, ਬਿਲਕੁਲ ਇਸੇ ਤਰ੍ਹਾਂ ਹਰ ਵਿਅਕਤੀ ਦੇ ਬਲਾਕ ਵਿਚ ਉਸ ਵਲੋਂ ਬਿਟਕੁਆਇਨ ਦੇ ਲੈਣ-ਦੇਣ ਦਾ ਹਿਸਾਬ ਹੁੰਦਾ ਹੈ। ਕੁਝ ਵਿਅਕਤੀਆਂ ਦਾ ਨੈੱਟਵਰਕ ਇਹ ਹਿਸਾਬ ਰੱਖਦਾ ਹੈ। ਇਨ੍ਹਾਂ ਵਿਅਕਤੀਆਂ ਵਲੋਂ ਹਰ ਲੈਣ-ਦੇਣ ਨੂੰ ਤਸਦੀਕ ਕੀਤਾ ਜਾਂਦਾ ਹੈ। ਹਜ਼ਾਰਾਂ ਵਿਅਕਤੀ ਇਸ ਨੈੱਟਵਰਕ ਨਾਲ ਜੁੜ ਕੇ ਲੈਣ-ਦੇਣ 'ਤੇ ਸਫਲਤਾਪੂਰਵਕ ਨਜ਼ਰ ਰੱਖ ਰਹੇ ਹਨ। ਬਿਟਕੁਆਇਨ ਦੇ ਲੈਣ-ਦੇਣ ਵਿਚ ਧੋਖਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਕਿਉਂਕਿ ਬਿਟਕੁਆਇਨ ਦਾ ਲੈਣ-ਦੇਣ ਕੋਡਜ਼ ਦੇ ਰੂਪ ਵਿਚ ਹੁੰਦਾ ਹੈ। ਲੈਣ-ਦੇਣ ਕਰਨ ਵਾਲੇ ਵਿਅਕਤੀ ਦੇ ਥਹੁ-ਟਿਕਾਣੇ ਦਾ ਪਤਾ ਨਹੀਂ ਲੱਗ ਸਕਦਾ। ਇਸ ਲੈਣ-ਦੇਣ ਨੂੰ ਤਸਦੀਕ ਕਰਨ ਵਾਲੇ ਹਜ਼ਾਰਾਂ ਵਿਅਕਤੀ ਬੈਂਕਾਂ ਦੇ ਕਲਰਕਾਂ ਵਾਂਗ ਕੰਮ ਕਰਦੇ ਹਨ। ਇਨ੍ਹਾਂ ਵਿਅਕਤੀਆਂ ਨੂੰ ਮਾਈਨਜ਼ ਕਿਹਾ ਜਾਂਦਾ ਹੈ। ਮਾਈਨਜ਼ ਬਿਟਕੁਆਇਨ ਦੇ ਕੋਡਜ਼ ਦੀਆਂ ਸਮੱਸਿਆਵਾਂ ਨੂੰ ਵੀ ਗਣਿਤ ਦੇ ਸਵਾਲਾਂ ਵਾਂਗ ਹੱਲ ਕਰਦੇ ਹਨ। ਜਿਹੜਾ ਮਾਈਨ ਭਾਵ ਵਿਅਕਤੀ ਜਿੰਨੀ ਜਲਦੀ ਸਮੱਸਿਆ ਦਾ ਹੱਲ ਕਰਦਾ ਹੈ ਉਸ ਨੂੰ ਉਸ ਦੇ ਬਦਲੇ ਵਿਚ ਉਨੇ ਹੀ ਜ਼ਿਆਦਾ ਬਿਟਕੁਆਇਨ ਮਿਲਦੇ ਹਨ। ਆਮ ਤੌਰ 'ਤੇ ਇਕ ਸਮੱਸਿਆ ਨੂੰ ਹੱਲ ਕਰਨ ਦੇ 12.5 ਬਿਟਕੁਆਇਨ ਮਿਲਦੇ ਹਨ।
ਬਿਟਕੁਆਇਲ ਵੈਲੇਟ ਕਿਵੇਂ ਕੰਮ ਕਰਦਾ ਹੈ? ਬਿਟਕੁਆਇਨ ਦਾ ਲੈਣ ਦੇਣ ਵੈਲੇਟ ਦੁਆਰਾ ਵੀ ਕੀਤਾ ਜਾਂਦਾ ਹੈ। ਬਿਟਕੁਆਇਨ ਦਾ ਵੈਲੇਟ ਬੈਂਕਾਂ ਦੇ ਵੈਲੇਟ ਵਾਂਗ ਨਹੀਂ ਹੁੰਦਾ। ਇਸ ਦੀ ਕਾਰਜਪ੍ਰਣਾਲੀ ਵਿਚ ਅੰਤਰ ਹੁੰਦਾ ਹੈ। ਇਹ ਇਕ ਸਾਫਟਵੇਅਰ ਦੀ ਤਰ੍ਹਾਂ ਹੈ। ਇਸ ਵੈਲੇਟ ਨੂੰ ਕੰਪਿਊਟਰ ਤੇ ਮੋਬਾਈਲ ਦੋਵਾਂ 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਵਰਤੋਂਕਾਰ ਆਪਣੇ ਪਾਸਵਰਡ ਜਾਂ ਕੋਡ ਦੀ ਮਦਦ ਨਾਲ ਇਸ ਵੈਲੇਟ ਰਾਹੀਂ ਬਿਟਕੁਆਇਨ ਦਾ ਲੈਣ-ਦੇਣ ਕਰਦੇ ਹਨ।
ਬਿਟਕੁਆਇਨ ਦੇ ਫਾਇਦੇ ਤੇ ਨੁਕਸਾਨ
ਅਮੀਰ ਲੋਕ ਬੈਂਕਾਂ ਜਾਂ ਜਾਇਦਾਦ ਵਿਚ ਪੈਸਾ ਨਿਵੇਸ਼ ਕਰਨ ਸਮੇਂ ਪੈਦਾ ਹੁੰਦੀਆਂ ਕਾਨੂੰਨੀ ਗੁੰਝਲਾਂ ਤੋਂ ਬਚਣ ਲਈ ਚਿੰਤਾ ਮੁਕਤ ਹੋ ਕੇ ਬਿਟਕੁਆਇਨ ਵਿਚ ਨਿਵੇਸ਼ ਕਰ ਰਹੇ ਹਨ। ਕਈ ਲੋਕ ਆਪਣੇ ਕਾਲੇ ਧਨ ਨੂੰ ਛੁਪਾਉਣ ਵਾਸਤੇ ਬਿਟਕੁਆਇਨ ਦੀ ਵਰਤੋਂ ਕਰ ਰਹੇ ਹਨ। ਪਹਿਲਾਂ ਇਨ੍ਹਾਂ ਲੋਕਾਂ ਨੂੰ ਧਨ ਛੁਪਾਉਣ ਵਾਸਤੇ ਸਵਿਸ ਬੈਂਕ ਦੀ ਸ਼ਰਨ ਲੈਣੀ ਪੈਂਦੀ ਸੀ। ਬਿਟਕੁਆਇਨ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਕਿਸੇ ਸਰਕਾਰ ਜਾਂ ਅਥਾਰਿਟੀ ਅਧੀਨ ਨਾ ਹੋਣ ਕਾਰਨ ਇਸ ਦੀ ਕੀਮਤ ਵਿਚ ਉਛਾਲ ਜਾਂ ਗਿਰਾਵਟ ਆਉਂਦੀ ਰਹਿੰਦੀ ਹੈ ਤੇ ਨਿਵੇਸ਼ ਕਰਨਾ ਨੁਕਸਾਨਦੇਹ ਵੀ ਹੋ ਸਕਦਾ ਹੈ। ਕੁਝ ਲੋਕ ਹਥਿਆਰ ਜਾਂ ਡਰੱਗਜ਼ ਆਦਿ ਖ੍ਰੀਦਣ ਤੇ ਵੇਚਣ ਲਈ ਬਿਟਕੁਆਇਨ ਦੁਆਰਾ ਲੈਣ-ਦੇਣ ਕਰਦੇ ਹਨ। ਜੇਕਰ ਸਾਈਬਰ ਲੁਟੇਰੇ ਕਿਸੇ ਖਾਤੇ ਵਿਚੋਂ ਬਿਟਕੁਆਇਨ ਲੁੱਟ ਲੈਣ ਤਾਂ ਲੁੱਟੇ ਬਿਟਕੁਆਇਨ ਕਦੇ ਵੀ ਵਾਪਸ ਨਹੀਂ ਮਿਲ ਸਕਦੇ।
ਬਿਟਕੁਆਇਨ ਦੀ ਵਰਤੋਂ ਕਾਨੂੰਨੀ ਹੈ ਜਾਂ ਗੈਰਕਾਨੂੰਨੀ?
ਬਿਟਕੁਆਇਨ ਦੀ ਵਰਤੋਂ ਕਾਨੂੰਨੀ ਹੈ ਜਾਂ ਗੈਰਕਾਨੂੰਨੀ, ਇਹ ਹਰੇਕ ਦੇਸ਼ ਦੇ ਆਪੋ-ਆਪਣੇ ਕਾਨੂੰਨ 'ਤੇ ਨਿਰਭਰ ਕਰਦਾ ਹੈ। ਖਾਸ ਕਰਕੇ ਜਿਨ੍ਹਾਂ ਦੇਸ਼ਾਂ ਦਾ ਆਪਣੇ ਦੇਸ਼ ਦੇ ਸਰਮਾਏ ਉਪਰ ਕਾਬੂ ਨਹੀਂ ਹੈ ਭਾਵ ਇਹ ਤੈਅ ਨਹੀਂ ਹੈ ਕਿ ਕਿੰਨਾ ਪੈਸਾ ਦੇਸ਼ ਤੋਂ ਬਾਹਰ ਭੇਜਿਆ ਜਾ ਸਕਦਾ ਹੈ ਤੇ ਕਿੰਨਾ ਪੈਸਾ ਬਾਹਰੋਂ ਮੰਗਵਾਇਆ ਜਾ ਸਕਦਾ ਹੈ, ਅਜਿਹੇ ਦੇਸ਼ਾਂ ਨੇ ਕਾਨੂੰਨੀ ਜਾਂ ਗੈਰਕਾਨੂੰਨੀ ਤੌਰ 'ਤੇ ਇਸ ਦੀ ਵਰਤੋਂ ਦੀ ਖੁੱਲ੍ਹ ਦਿੱਤੀ ਹੋਈ ਹੈ। ਕਈਆਂ ਨੇ ਇਸ ਦੀ ਵਰਤੋਂ 'ਤੇ ਪਾਬੰਧੀ ਲਗਾਈ ਹੋਈ ਹੈ ਤੇ ਕਈਆਂ ਨੇ ਨਾ ਤਾਂ ਪਾਬੰਧੀ ਲਗਾਈ ਹੈ ਤੇ ਨਾ ਹੀ ਇਜਾਜ਼ਤ ਦਿੱਤੀ ਹੈ। ਭਾਰਤ ਵਿਚ ਅਜੇ ਤੱਕ ਇਸ ਦੀ ਵਰਤੋਂ ਦੀ ਕਾਨੂੰਨੀ ਇਜਾਜ਼ਤ ਨਹੀਂ ਹੈ ਪਰ ਭਾਰਤ ਵਿਚ ਕੁਝ ਲੋਕ ਬਿਟਕੁਆਇਨ ਰਾਹੀਂ ਲੈਣ -ਦੇਣ ਕਰ ਰਹੇ ਹਨ। ਭਾਰਤ ਵਿਚ ਕਈ ਡਰੱਗਜ਼ ਮਾਫੀਏ ਬਿਟਕੁਆਇਨ ਰਾਹੀਂ ਲੈਣ-ਦੇਣ ਕਰ ਰਹੇ ਹਨ। ਨਾਰਕੌਟਿਕ ਕੰਟਰੋਲ ਬਿਊਰੋ ਨੇ ਸਰਕਾਰ ਨੂੰ ਇਨ੍ਹਾਂ ਖਾਤਿਆਂ ਨੂੰ ਰੱਦ ਕਰਨ ਲਈ ਕਿਹਾ ਹੈ। ਭਾਰਤ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਹੈ ਜਿਹੜਾ ਇਨ੍ਹਾਂ ਖਾਤਿਆਂ ਨੂੰ ਰੱਦ ਕਰਨ ਦੀ ਤਿਆਰੀ ਵਿਚ ਹੈ ਪਰ ਇਹ ਵੀ ਜ਼ਿਕਰਯੋਗ ਹੈ ਕਿ ਜਿਸ ਤੇਜ਼ੀ ਨਾਲ ਸਾਰੇ ਦੇਸ਼ਾਂ ਵਿਚ ਬਿਟਕੁਆਇਨ ਦੀ ਵਰਤੋਂ ਵਧ ਰਹੀ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਵੀ ਸਖਤ ਕਾਨੂੰਨ ਬਣਾ ਕੇ ਇਸ ਦੀ ਕਾਨੂੰਨੀ ਤੌਰ 'ਤੇ ਵਰਤੋਂ ਦੀ ਇਜਾਜ਼ਤ ਦੇਣ ਬਾਰੇ ਵੀ ਵਿਚਾਰ ਕਰ ਰਿਹਾ ਹੈ। ਸਰਕਾਰ ਨੇ ਕਾਨੂੰਨ ਬਣਾਉਣ ਲਈ ਇਕ ਕਮੇਟੀ ਦਾ ਵੀ ਗਠਨ ਕੀਤਾ ਹੈ। ਪਿੱਛੇ ਜਿਹੇ ਰੈਨਸਮ ਵਾਇਰਸ ਰਾਹੀਂ ਜਾਣਕਾਰੀ ਚੁਰਾਉਣ ਵਾਲੇ ਸਾਈਬਰ ਲੁਟੇਰਿਆਂ ਨੇ ਫਿਰੌਤੀ ਦੀ ਮੰਗ ਬਿਟਕੁਆਇਨ ਵਿਚ ਹੀ ਕੀਤੀ ਸੀ। ਭਾਰਤ ਸਮੇਤ ਇਜਾਜ਼ਤ ਨਾ ਦੇਣ ਵਾਲੇ ਦੇਸ਼ਾਂ ਨੂੰ ਖਤਰਾ ਹੈ ਕਿ ਕੱਲ੍ਹ ਨੂੰ ਜੇਕਰ ਅਜਿਹੇ ਵਾਇਰਸਜ਼ ਦੇ ਵੱਡੇ ਹਮਲੇ ਹੁੰਦੇ ਹਨ ਤਾਂ ਫਿਰੌਤੀ ਦੀ ਮੰਗ ਨੂੰ ਪੂਰਾ ਨਾ ਕਰ ਸਕਣ ਕਾਰਨ ਉਹ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਡਰ ਨੂੰ ਹੀ ਭਾਂਪਦਿਆਂ ਹੁਣੇ ਹੁਣੇ ਜਾਪਾਨ ਨੂੰ ਬਿਟਕੁਆਇਨ ਦੀ ਵਰਤੋਂ ਦੀ ਕਾਨੂੰਨੀ ਇਜਾਜ਼ਤ ਦੇਣੀ ਪਈ ਹੈ।
ਦੂਸਰੇ ਪਾਸੇ ਦੇਖੀਏ ਤਾਂ ਬਿਟਕੁਆਇਨ ਦਾ ਲੈਣ-ਦੇਣ ਸਾਈਬਰ ਨਾਲ ਸੰਬੰਧਿਤ ਹੋਣ ਕਾਰਨ ਸਖਤ ਤੋਂ ਸਖਤ ਕਾਨੂੰਨ ਬਣਾਉਣ ਦਾ ਵੀ ਜ਼ਿਆਦਾ ਫਾਇਦਾ ਨਹੀਂ ਹੋ ਸਕਦਾ ਕਿਉਂਕਿ ਬਿਟਕੁਆਇਨ ਦੇ ਖਾਤਾਧਾਰਕ ਦਾ ਨਾਂਅ ਤੇ ਉਸ ਦੇ ਥਹੁ-ਟਿਕਾਣੇ ਬਾਰੇ ਕੋਈ ਪਤਾ ਨਹੀਂ ਲੱਗਦਾ। ਬਿਟਕੁਆਇਨ ਦਾ ਖਾਤਾ ਕਿਸੇ ਵਿਅਕਤੀ ਦੇ ਨਾਂਅ 'ਤੇ ਨਹੀਂ ਹੁੰਦਾ। ਇਹ ਖਾਤਾ ਸਿਰਫ ਕੋਡ ਆਧਾਰਿਤ ਹੁੰਦਾ ਹੈ। ਇਸ ਦੇ ਲੈਣ-ਦੇਣ ਲਈ ਸਿਰਫ ਕੋਡ ਦੀ ਹੀ ਵਰਤੋਂ ਹੁੰਦੀ ਹੈ ਤਾਂ ਹੀ ਹੈਕਰਜ਼ ਫਿਰੌਤੀ ਲਈ ਬਿਟਕੁਆਇਨ ਦੀ ਮੰਗ ਕਰਦੇ ਹਨ। ਉਹ ਸਿਰਫ ਕੋਡ ਦੱਸ ਕੇ ਉਸ ਵਿਚ ਬਿਟਕੁਆਇਨ ਪਵਾਉਣ ਲਈ ਕਹਿੰਦੇ ਹਨ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਨਾਂਅ, ਉਸ ਦੇ ਥਹੁ-ਟਿਕਾਣੇ ਦਾ ਕਿਵੇਂ ਪਤਾ ਲੱਗ ਸਕੇਗਾ, ਫਿਰ ਉਲੰਘਣਾ ਦੀ ਸਜ਼ਾ ਕਿਸ ਵਿਅਕਤੀ ਨੂੰ ਦਿੱਤੀ ਜਾਵੇਗੀ ਤੇ ਕਿਸ ਕੋਲੋਂ ਜੁਰਮਾਨਾ ਆਦਿ ਵਸੂਲਿਆ ਜਾਵੇਗਾ? ਅੱਜ ਅਜਿਹੇ ਕਈ ਸਵਾਲ ਬਿਟਕੁਆਇਨ ਸਬੰਧੀ ਕਾਨੂੰਨ ਬਣਾਉਣ ਲਈ ਸੋਚ ਰਹੇ ਭਾਰਤ ਸਮੇਤ ਕਈਆਂ ਦੇਸ਼ਾਂ ਦੀਆਂ ਸਰਕਾਰਾਂ ਅੱਗੇ ਨਿਰਉੱਤਰ ਖੜ੍ਹੇ ਹਨ। ਸਰਕਾਰਾਂ ਨੂੰ ਸਾਈਬਰ ਸੰਸਾਰ ਵਿਚ ਇਨ੍ਹਾਂ ਸਵਾਲਾਂ ਦਾ ਉੱਤਰ ਮਿਲਣਾ ਬੇਹੱਦ ਮੁਸ਼ਕਿਲ ਹੈ।

-ਮੋਬਾਈਲ: 98766-52900

ਸੱਭਿਆਚਾਰਕ ਵਿਲੱਖਣਤਾ ਵਾਲਾ ਰਾਜ ਹੈ ਆਂਧਰਾ ਪ੍ਰਦੇਸ਼ਆਂਧਰ-ਪ੍ਰਦੇਸ਼

ਭਾਰਤ ਦੇ ਦੱਖਣੀ ਪ੍ਰਾਂਤਾਂ ਵਿਚੋਂ ਰਮਣੀਕ ਖੇਤਰ ਪੱਖੋਂ ਵਿਸ਼ਾਲ, ਘਣੀ ਜਨਸੰਖਿਆ ਵਾਲਾ, ਕੁਦਰਤੀ ਅਦਭੁੱਤ ਦਿੱਖ ਵਾਲਾ ਇਕ ਉੱਘਾ (ਅੱਠਵਾਂ ਵੱਡਾ) ਪ੍ਰਾਂਤ ਹੈ। ਇਸ ਪ੍ਰਾਂਤ ਦਾ ਵਿਧੀਵਤ ਲਿਖਤੀ ਇਤਿਹਾਸ 238 ਈਸਾ ਪੂਰਵ ਤੋਂ ਸ਼ੁਰੂ ਹੁੰਦਾ ਹੈ। ਸਮਰਾਟ ਅਸ਼ੋਕ ਦੇ ਆਕਾਲ ਚਲਾਣੇ ਤੋਂ ਬਾਅਦ ਸਾਤਵਾਹਨ, ਸ਼ਕ, ਈਖਵਾਕੂ, ਪੂਰਵੀ, ਚਲੂਕੀਏ ਅਤੇ ਕਾਕਤੀਣੇ ਵੰਸ਼-ਕਬੀਲਿਆਂ ਨੇ ਆਂਧਰ-ਪ੍ਰਦੇਸ਼ ਵਿਚ ਰਾਜ ਕੀਤਾ। ਸਤਾਰ੍ਹਵੀਂ ਸਦੀ ਵਿਚ ਬਰਤਾਨਵੀ-ਸ਼ਾਸਕਾਂ ਨੇ ਇਸ ਖਿੱਤੇ ਨੂੰ ਹੌਲੀ ਹੌਲੀ ਆਪਣੇ ਕਬਜ਼ੇ ਅਥਵਾ ਸ਼ਾਸਨ ਵਿਚ ਰਲਾ ਕੇ ਇਸ ਨੂੰ 'ਮਦਰਾਸ' ਨਾਂਅ ਦੇ ਦਿੱਤਾ। ਦੇਸ਼ ਦੀ ਆਜ਼ਾਦੀ ਉਪਰੰਤ ਤੇਲਗੂ ਭਾਸ਼ਾਈ ਖੇਤਰ ਨੂੰ ਮਦਰਾਸ ਪ੍ਰੈਜ਼ੀਡੈਂਸੀ ਤੋਂ ਵੱਖ ਕਰਕੇ 1 ਅਕਤੂਬਰ, 1953 ਨੂੰ ਨਵੇਂ ਆਂਧਰ-ਪ੍ਰਦੇਸ਼ ਦਾ ਗਠਨ ਕੀਤਾ ਗਿਆ। ਸਾਲ 1956 ਵਿਚ ਰਾਜ ਪੁਨਰ-ਗਠਨ ਕਾਨੂੰਨ ਬਣ ਜਾਣ ਤੋਂ ਬਾਅਦ ਹੈਦਰਾਬਾਦ ਰਿਆਸਤ ਨੂੰ ਵੀ ਇਸ ਪ੍ਰਾਂਤ ਨਾਲ ਜੋੜ ਦਿੱਤਾ ਗਿਆ ਅਤੇ ਹੈਦਰਾਬਾਦ ਨੂੰ ਇਸ ਪ੍ਰਾਂਤ ਦੀ ਰਾਜਧਾਨੀ ਘੋਸ਼ਿਤ ਕਰ ਦਿੱਤਾ ਗਿਆ। ਪਿਛਲੇ ਕੁਝ ਸਾਲਾਂ ਵਿਚ ਹੀ ਇਸ ਵਿਚੋਂ 10 ਜ਼ਿਲ੍ਹੇ ਕੱਢ ਕੇ ਅਤੇ ਕੁਝ ਜ਼ਿਲ੍ਹੇ ਨਾਲ ਦੇ ਹੋਰ ਪ੍ਰਾਂਤਾਂ ਵਿਚੋਂ ਲੈ ਕੇ ਤਿਲੰਗਾਨਾ ਪ੍ਰਾਂਤ ਵੀ ਬਣਾ ਦਿੱਤਾ ਗਿਆ। ਸਮੇਂ ਸਮੇਂ ਇਸ ਪ੍ਰਾਂਤ ਦੇ ਸ਼ਾਸਕ ਵੀ ਬਦਲਦੇ ਰਹੇ ਅਤੇ ਇਸ ਦੀ ਭੂਗੋਲਿਕ ਹੱਦਬੰਦੀ ਵੀ ਬਦਲਦੀ ਰਹੀ।
ਇਸ ਪ੍ਰਾਂਤ ਦੇ ਉੱਤਰ ਵੱਲ ਮੱਧ ਪ੍ਰਦੇਸ਼ ਅਤੇ ਉੜੀਸਾ ਹੈ। ਪੂਰਬ ਵੱਲ ਬੰਗਾਲ ਦੀ ਖਾੜੀ ਹੈ। ਇਸਦੇ ਦੱਖਣ ਵਲ ਤਾਮਿਲਨਾਡੂ ਅਤੇ ਕਰਨਾਟਕ ਪ੍ਰਾਂਤ ਹਨ ਅਤੇ ਇਸ ਦੇ ਪੱਛਮ ਵੱਲ ਮਹਾਂਰਾਸ਼ਟਰ ਹੈ। ਆਂਧਰ-ਪ੍ਰਦੇਸ਼ ਦਾ ਔਸਤਨ ਤਾਪਮਾਨ ਗਰਮੀਆਂ ਵਿਚ 20 ਡਿਗਰੀ ਸੈ. ਤੋਂ 41 ਡਿਗਰੀ ਸੈ. ਅਤੇ ਸਰਦੀਆਂ ਵਿਚ 13 ਡਿਗਰੀ ਤੋਂ 32 ਡਿਗਰੀ ਸੈ. ਰਹਿੰਦਾ ਹੈ। ਜੂਨ ਤੋਂ ਸਤੰਬਰ ਤੱਕ ਬਾਰਿਸ਼ ਦੀ ਰੁੱਤ ਹੁੰਦੀ ਹੈ। ਨਵੰਬਰ ਤੋਂ ਮਾਰਚ ਮਹੀਨੇ ਤਕ ਸੈਰ-ਸਪਾਟੇ ਲਈ ਸੁਹਾਵਣੀ ਰੁੱਤ ਹੁੰਦੀ ਹੈ। ਭਾਰਤ ਦੇ ਹੋਰ ਪ੍ਰਾਂਤਾਂ ਤੋਂ ਇਥੇ ਪਹੁੰਚਣ ਲਈ ਰੇਲਵੇ, ਸੜਕੀ ਅਤੇ ਹਵਾਈ ਜਹਾਜ਼ ਆਦਿ ਸਾਧਨ ਉਪਲੱਬਧ ਹੁੰਦੇ ਹਨ। ਵਿਦੇਸ਼ ਤੋਂ ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ਾਂ ਆਦਿ ਜਿਹੇ ਸਾਧਨ ਉਪਲੱਬਧ ਹਨ।
65 ਪ੍ਰਤੀਸ਼ਤ ਸਾਖਰਤਾ ਵਾਲੇ ਇਸ ਪ੍ਰਾਂਤ ਦੀਆਂ ਪ੍ਰਮੁੱਖ ਭਾਸ਼ਾਵਾਂ ਤੇਲਗੂ, ਤਾਮਿਲ, ਉਰਦੂ ਅਤੇ ਹਿੰਦੀ ਹਨ। ਵਿਦੇਸ਼ੀ ਭਾਸ਼ਾਵਾਂ ਦੇ ਅਧਿਐਨ ਅਧਿਆਪਨ ਦਾ ਵੀ ਪ੍ਰਬੰਧ ਹੈ। ਗਿਆਨ, ਵਿਗਿਆਨ ਅਤੇ ਸੂਚਨਾ ਤਕਨਾਲੋਜੀ ਦੇ ਵਿੱਦਿਅਕ ਪਾਸਾਰ ਵਾਸਤੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਆਪਣੇ ਮਿਆਰੀ ਪੱਧਰ ਸਦਕਾ ਸਿਖਿਆਰਥੀਆਂ ਦੀ ਖਿੱਚ ਦਾ ਕੇਂਦਰ ਹਨ।
ਘਣੇ-ਸੰਘਣੇ ਜੰਗਲ, ਰੁੱਖ ਬੂਟੇ, ਫਲਦਾਰ ਬਾਗ ਆਂਧਰਾ ਦੀ ਰਮਣੀਕਤਾ ਵਿਚ ਵਾਧਾ ਕਰਦੇ ਪ੍ਰਤੀਤ ਹੁੰਦੇ ਹਨ, ਜਦ ਕਿ ਕਪਾਹ, ਜਵਾਰ, ਬਾਜਰਾ, ਤਿਲਹਨ, ਦਾਲਾਂ, ਚਾਵਲ, ਹਲਦੀ, ਮਿਰਚਾਂ, ਗੰਨਾ, ਤੰਬਾਕੂ ਤੇ ਪਟਸਨ ਆਦਿ ਇਥੋਂ ਦੀਆਂ ਪ੍ਰਸਿੱਧ ਫ਼ਸਲਾਂ ਹਨ। ਚਾਵਲਾਂ ਦੀ ਪੈਦਾਵਾਰ ਲਈ ਆਂਧਰਾ-ਪ੍ਰਦੇਸ਼ ਪਹਿਲੇ ਇਕ ਦੋ ਪ੍ਰਾਂਤਾਂ ਵਿਚੋਂ ਸਿਰਕੱਢ ਹੈ।
ਕੁਦਰਤ ਨੇ ਆਂਧਰਾ-ਪ੍ਰਦੇਸ਼ ਨੂੰ ਖਣਿਜ ਪਦਾਰਥਾਂ ਨਾਲ ਵੀ ਮਾਲੋ-ਮਾਲ ਕੀਤਾ ਹੋਇਆ ਹੈ। ਕੋਲਾ, ਤਾਂਬਾ, ਕੱਚਾ ਲੋਹਾ, ਗਰੇਫਾਈਟ, ਅਬਰਕ, ਬਾਕਸਾਈਟ, ਚੂਨੇ ਵਾਲਾ ਪੱਥਰ, ਮੈਗਨੀਜ਼, ਬੇਰੀਟੋਸ ਤੇ ਸਲੇਟ ਆਦਿ ਵਿਸ਼ੇਸ਼ ਹਨ।
ਆਂਧਰ-ਪ੍ਰਦੇਸ਼ ਵਿਚ 70 ਪ੍ਰਤੀਸ਼ਤ ਲੋਕ ਖੇਤੀ-ਧੰਦਿਆਂ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਦਸਤਕਾਰੀ, ਖੰਡ-ਮਿੱਲਾਂ, ਕੱਪੜਾ ਉਦਯੋਗ, ਬਿਜਲੀ ਦਾ ਸਾਮਾਨ, ਪੇਪਰ ਮਿੱਲਾਂ, ਦਵਾਈਆਂ ਬਣਾਉਣਾ ਅਤੇ ਸੀਮੈਂਟ ਦੇ ਉਦਯੋਗ ਆਦਿ ਵਿਚ ਵੀ ਕਾਫੀ ਰੁਜ਼ਗਾਰ ਦੇ ਸਾਧਨ ਉਪਲੱਬਧ ਹਨ। ਪਿਛਲੇ ਕੁਝ ਸਾਲਾਂ ਤੋਂ ਹਾਈਟੈਕ ਸਿਟੀ ਹੈਦਰਾਬਾਦ ਸੂਚਨਾ-ਤਕਨਾਲੋਜੀ ਅਤੇ ਟੈਲੀਕਾਮ ਇੰਜੀਨੀਅਰਿੰਗ ਵਿਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ।
ਇਥੋਂ ਦੇ ਆਮ ਲੋਕਾਂ ਦਾ ਪਹਿਰਾਵਾ ਭਾਵੇਂ ਰਵਾਇਤੀ ਹੀ ਹੈ, ਪ੍ਰੰਤੂ ਇਸ ਉੱਤੇ ਉੱਤਰ ਅਤੇ ਪੱਛਮੀ ਖਿੱਤਿਆਂ ਦਾ ਪ੍ਰਭਾਵ ਵੀ ਹੈ। ਆਮ ਤੌਰ 'ਤੇ ਔਰਤਾਂ ਸਾੜ੍ਹੀ, ਸਲਵਾਰ, ਕਮੀਜ਼ ਅਤੇ ਚੂੜੀਦਾਰ ਪਜਾਮੀਆਂ ਪਹਿਨਦੀਆਂ ਹਨ ਅਤੇ ਮਰਦ ਆਮ ਕਰਕੇ ਕੁੜਤਾ ਅਤੇ ਲੁੰਗੀ ਆਦਿ ਪਹਿਨਦੇ ਹਨ। ਹੁਣ ਪੱਛਮੀ ਦੇਸ਼ਾਂ ਦੇ ਪ੍ਰਭਾਵ ਸਦਕਾ ਪੈਂਟ, ਸ਼ਰਟ ਅਤੇ ਜ਼ੀਨ ਵੀ ਪ੍ਰਚਲਿਤ ਹੋ ਚੁੱਕੀ ਹੈ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਏ-9, ਚਾਹਲ ਨਗਰ, ਫਗਵਾੜਾ-144401.
ਮੋਬਾਈਲ : 98142-09732.

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-131

ਰੰਗੀਲਾ ਰੇ... ਐਸ. ਡੀ. ਬਰਮਨ

ਸੰਗੀਤਕਾਰ ਐਸ.ਡੀ. ਬਰਮਨ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ 'ਕ੍ਰਿਕਟ ਦਾ ਭਗਵਾਨ' ਘੋਸ਼ਿਤ ਕੀਤੇ ਜਾਣ ਵਾਲੇ ਸਚਿਨ ਦਾ ਨਾਂਅ ਇਸੇ ਸੰਗੀਤਕਾਰ ਤੋਂ ਪ੍ਰੇਰਿਤ ਹੋ ਕੇ ਰੱਖਿਆ ਸੀ। ਐਸ.ਡੀ. ਬਰਮਨ ਦੇ ਸੰਗੀਤ ਦਾ ਰਮੇਸ਼ ਤੇਂਦੁਲਕਰ (ਸਚਿਨ ਦਾ ਪਿਤਾ) ਦਿਵਾਨਾ ਸੀ। ਇਸ ਲਈ ਉਸ ਨੇ ਆਪਣੇ ਬੇਟੇ ਨੂੰ ਸਚਿਨ ਦਾ ਨਾਂਅ ਦਿੱਤਾ ਸੀ। ਕਹਿਣਾ ਉਚਿਤ ਹੀ ਹੋਵੇਗਾ ਕਿ ਸਚਿਨ ਤੇਂਦੁਲਕਰ ਨੇ ਵੀ ਇਸ ਨਾਂਅ ਨੂੰ ਹੋਰ ਵਿਸਥਾਰ ਅਤੇ ਸਨਮਾਨ ਬਖ਼ਸ਼ਿਆ ਸੀ।
ਪਰ ਸਚਿਨ ਦੇਵ ਬਰਮਨ ਦਾ ਜਨਮ ਤਾਂ ਅਕਤੂਬਰ 1906 ਨੂੰ ਕੋਮਿਲਾ (ਬੰਗਲਾ ਦੇਸ਼) ਵਿਚ ਹੋਇਆ ਸੀ। ਉਸ ਦਾ ਸਬੰਧ ਤ੍ਰਿਪੁਰਾ ਅਤੇ ਮਨੀਪੁਰ ਦਿਆਂ ਰਾਜ ਘਰਾਣਿਆਂ ਨਾਲ ਸੀ। ਸੰਗੀਤ ਸਿੱਖਣਾ ਉਸ ਦਾ ਇਕ ਸ਼ੌਕ ਹੀ ਸੀ। ਆਪਣੀ ਪੜ੍ਹਾਈ (ਬੀ.ਏ.) ਕੋਮਿਲਾ ਤੋਂ ਖਤਮ ਕਰਨ ਤੋਂ ਬਾਅਦ ਉਸ ਨੇ ਕਲਕੱਤਾ ਯੂਨੀਵਰਸਿਟੀ 'ਚ ਐਮ.ਏ. ਲਈ ਦਾਖਲਾ ਲੈ ਲਿਆ ਸੀ।
ਕਲਕੱਤੇ ਰਹਿੰਦਿਆਂ ਹੀ ਉਹ ਸੰਗੀਤਕਾਰ ਕੇ.ਸੀ. ਡੇਅ ਦੇ ਸੰਪਰਕ 'ਚ ਆਇਆ। ਇਸ ਤੋਂ ਇਲਾਵਾ ਉਸ ਨੇ ਉਸਤਾਦ ਅਲਾਉਦੀਨ ਖ਼ਾਨ ਅਤੇ ਬਾਦਲ ਖ਼ਾਨ ਤੋਂ ਵੀ ਸੰਗੀਤ ਦੇ ਗੁਰ ਸਿੱਖੇ ਸਨ। ਸਚਿਨ ਦੇਵ ਨੂੰ ਠੁਮਰੀ ਗਾਉਣ 'ਚ ਵਿਸ਼ੇਸ਼ ਸਫ਼ਲਤਾ ਮਿਲਣੀ ਸ਼ੁਰੂ ਹੋ ਗਈ ਸੀ। ਉਹ ਜਿਸ ਵੀ ਸਮਾਰੋਹ 'ਚ ਜਾਂਦਾ ਤਾਂ ਉਹ ਠੁਮਰੀ ਗਾਇਨ ਦੇ ਸਹਾਰੇ ਮੈਡਲ ਜਿੱਤ ਲਿਆਉਂਦਾ। ਹੌਲੀ-ਹੌਲੀ ਉਹ ਆਲ ਇੰਡੀਆ ਰੇਡੀਓ ਕਲਕੱਤਾ ਦੇ ਕਲਾਸੀਕਲ ਸੰਗੀਤ ਦੇ ਮੁਕਾਬਲਿਆਂ 'ਚ ਨਿਰੰਤਰ ਰੂਪ 'ਚ ਹਿੱਸਾ ਲੈਣ ਲੱਗ ਪਿਆ। ਇਸ ਤਰ੍ਹਾਂ ਉਹ ਕੁਝ ਬੰਗਾਲੀ ਫ਼ਿਲਮਸਾਜ਼ਾਂ ਦੇ ਸੰਪਰਕ 'ਚ ਆ ਗਿਆ ਸੀ। ਉਸ ਦੀ ਪਹਿਲੀ ਬੰਗਾਲੀ ਫ਼ਿਲਮ 'ਛੋਡ ਬਦੇਸੀ' (1941) ਕਾਫ਼ੀ ਸਫ਼ਲ ਰਹੀ ਸੀ ਅਤੇ ਉਸ ਕੋਲ ਹੋਰ ਵੀ ਕਈ ਬੰਗਾਲੀ ਫ਼ਿਲਮਾਂ ਲਈ ਸੰਗੀਤ ਰਚਨਾ ਕਰਨ ਦੇ ਪ੍ਰਸਤਾਵ ਆਏ ਸਨ।
ਪਰ ਇਸ ਸਮੇਂ ਹੀ ਉਸ ਨੇ ਕਲਕੱਤਾ ਛੱਡ ਕੇ ਬੰਬਈ ਜਾਣ ਦਾ ਫ਼ੈਸਲਾ ਕਰ ਲਿਆ ਸੀ। ਇਸ ਸੋਚ ਦਾ ਪ੍ਰਮੁੱਖ ਕਾਰਨ ਇਹ ਸੀ ਕਿ ਉਸ ਨੇ ਆਪਣੀ ਇਕ ਸੰਗੀਤ ਸ਼ਾਗਿਰਦ (ਮੀਰਾ) ਨਾਲ ਸ਼ਾਦੀ ਕਰ ਲਈ ਸੀ। ਇਸ ਤੋਂ ਸਚਿਨ ਦੇਵ ਦੇ ਘਰ ਵਾਲੇ ਬਹੁਤ ਨਾਰਾਜ਼ ਹੋਏ ਸਨ। ਉਹ ਉਸ ਦੀ ਸ਼ਾਦੀ ਪ੍ਰੰਪਰਾਵਾਦੀ ਢੰਗ ਨਾਲ ਕਿਸੇ ਰਾਜ ਘਰਾਣੇ ਵਿਚ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਸਚਿਨ ਦੇਵ ਨੂੰ ਘਰੋਂ ਬਾਹਰ ਹੀ ਕੱਢ ਦਿੱਤਾ ਸੀ।
ਬੰਬਈ 'ਚ ਸਚਿਨ ਦੇਵ ਦੀ ਮੁਲਾਕਾਤ ਐਸ. ਮੁਕਰਜੀ ਨਾਲ ਹੋਈ ਅਤੇ ਇਸ ਤਰ੍ਹਾਂ ਉਸ ਦੇ ਫ਼ਿਲਮਸਤਾਨ 'ਚ ਪੈਰ ਟਿਕਣ ਲੱਗ ਪਏ ਸਨ। 'ਸ਼ਿਕਾਰੀ' (1946) ਅਤੇ 'ਆਠ ਦਿਨ' (1947) ਫ਼ਿਲਮਾਂ 'ਚ ਦਿੱਤਾ ਗਿਆ ਉਸ ਦਾ ਸੰਗੀਤ ਇਕ ਵੱਖਰੀ ਪਛਾਣ ਵਾਲਾ ਸਿੱਧ ਹੋਇਆ ਸੀ। ਉਸ ਦੀ ਸ਼ੈਲੀ 'ਤੇ ਬੰਗਾਲੀ ਅਤੇ ਮਨੀਪੁਰੀ ਲੋਕ ਸੰਗੀਤ ਦਾ ਬੜਾ ਹੀ ਡੂੰਘਾ ਪ੍ਰਭਾਵ ਸੀ, ਜਿਹੜਾ ਕਿ ਸਰੋਤਿਆਂ ਦੇ ਮਨਾਂ ਨੂੰ ਛੂਹ ਲੈਂਦਾ ਸੀ।
ਇਸ ਦ੍ਰਿਸ਼ਟੀਕੋਣ ਤੋਂ ਉਸ ਦਾ 'ਦੋ ਭਾਈ' (1947) ਵਿਚਲਾ ਸਦਾਬਹਾਰ ਗੀਤ 'ਮੇਰਾ ਸੁੰਦਰ ਸਪਨਾ ਬੀਤ ਗਿਆ' 'ਸ਼ਬਨਮ' ਦੀ ਲੋਕਪ੍ਰਿਆ ਸੰਗੀਤ ਰਚਨਾ 'ਯੇਹ ਦੁਨੀਆ ਰੂਪ ਕੀ ਚੋਰ ਹੈ' ਅਤੇ 'ਮਸ਼ਾਲ' (1950) ਦੇ ਗੀਤ ਕਾਫ਼ੀ ਹਰਮਨ-ਪਿਆਰੇ ਹੋਏ ਸਨ।
ਪਰ ਸਚਿਨ ਦਾਦਾ ਦੇ ਕੈਰੀਅਰ 'ਚ ਮਹੱਤਵਪੂਰਨ ਮੋੜ ਉਸ ਵੇਲੇ ਆਇਆ ਜਦੋਂ ਦੇਵ ਆਨੰਦ ਨਾਲ ਉਸ ਦਾ ਸੰਪਰਕ ਹੋਇਆ। ਇਸ ਦ੍ਰਿਸ਼ਟੀਕੋਣ ਤੋਂ 'ਬਾਜ਼ੀ' ਫ਼ਿਲਮ ਦੋਵਾਂ ਲਈ ਬੇਹੱਦ ਕਾਮਯਾਬੀ ਤੱਕ ਪਹੁੰਚਾਉਣ ਵਾਲੀ ਮੂਵੀ ਸਿੱਧ ਹੋਈ ਸੀ। ਸਚਿਨ ਦਾਦਾ ਨੇ ਇਸ 'ਚ ਸੰਗੀਤ ਦੇ ਪੱਖ ਤੋਂ ਵੀ ਕਈ ਸਫ਼ਲ ਪ੍ਰਯੋਗ ਕੀਤੇ ਸਨ। ਇਸ ਵਿਚਲਾ ਗੀਤ 'ਤਦਬੀਰ ਸੇ ਬਿਗੜੀ ਹੂਈ ਤਕਦੀਰ ਬਨਾ ਲੇ, ਅਪਨ ਪੇ ਭਰੋਸਾ ਹੈ ਤੋ ਇਕ ਦਾਵ ਲਗਾ ਲੇ' ਦਰਅਸਲ ਇਕ ਗ਼ਜ਼ਲ ਹੈ। ਪਰ ਐਸ.ਡੀ. ਨੇ ਇਸ ਨੂੰ ਵੀ ਆਰਕੈਸਟਰਾ ਰਾਹੀਂ ਪੇਸ਼ ਕਰ ਕੇ ਇਕ ਨਵੀਂ ਮਿਸਾਲ ਹੀ ਕਾਇਮ ਕੀਤੀ ਸੀ।
ਇਸੇ ਤਰ੍ਹਾਂ ਹੀ 'ਕਾਲਾ ਪਾਨੀ' ਵਿਚ ਮੁਹੰਮਦ ਰਫ਼ੀ ਨੇ ਇਕ ਗ਼ਜ਼ਲ 'ਹਮ ਬੇਖ਼ੁਦੀ ਮੇਂ ਤੁਮ ਕੋ ਪੁਕਾਰੇ ਚਲੇ ਗਏ' ਨੂੰ ਬਿਲਕੁਲ ਹੀ ਭਿੰਨ ਅੰਦਾਜ਼ 'ਚ ਪੇਸ਼ ਕੀਤਾ ਸੀ। ਐਸ.ਡੀ. ਬਰਮਨ ਨੇ ਇਸ ਰਚਨਾ ਨੂੰ ਸਿਰਫ਼ ਤਿੰਨ ਸਾਜ਼ਾਂ (ਸਾਰੰਗੀ, ਤਬਲਾ, ਡਰੰਮ) ਨਾਲ ਰਿਕਾਰਡ ਕਰਵਾਇਆ ਸੀ। ਇਸ ਰਚਨਾ ਕਾਰਨ ਸਚਿਨ ਦਾਦਾ ਨੂੰ ਫ਼ਿਲਮ ਫੇਅਰ ਐਵਾਰਡ ਵੀ ਮਿਲਿਆ ਸੀ।
ਸਚਿਨ ਦਾਦਾ ਦੇ ਸੰਗੀਤ ਦੀ ਇਕ ਹੋਰ ਵਿਲੱਖਣਤਾ ਇਹ ਸੀ ਕਿ ਉਹ ਭਜਨਾਂ ਨੂੰ ਸੰਗੀਤਬੱਧ ਕਰਨ ਲੱਗਿਆਂ ਉਨ੍ਹਾਂ ਦੀ ਸ਼ਬਦਾਵਲੀ ਅਨੁਸਾਰ ਸੰਗੀਤ ਦੀਆਂ ਤਰੰਗਾਂ ਪੈਦਾ ਕਰਦਾ ਹੁੰਦਾ ਸੀ। 'ਦੇਵਦਾਸ' ਦੀ ਇਕ ਰਚਨਾ 'ਸ਼ਾਮ ਸਾਂਵਰੇ' ਇਸ ਗੱਲ ਦਾ ਪ੍ਰਤੀਕ ਹੈ ਕਿ ਸਚਿਨ ਦਾਦਾ ਗੀਤ ਨੂੰ ਧੁਨ ਨਾਲੋਂ ਵੱਧ ਮਹੱਤਤਾ ਦਿੰਦਾ ਹੁੰਦਾ ਸੀ।
ਦੂਜੇ ਪਾਸੇ ਮਿਠਾਸ ਦੀ ਅਦੁੱਤੀ ਮਿਸਾਲ ਉਸ ਦੇ ਰੁਮਾਂਟਿਕ ਗੀਤਾਂ 'ਚੋਂ ਲੱਭਣੀ ਹੋਵੇ ਤਾਂ ਅਨੇਕਾਂ ਹੀ ਮਿਸਾਲਾਂ ਮੌਜੂਦ ਹਨ। 'ਜਾਲ' ਦਾ 'ਯੇਹ ਰੇਤ, ਯੇਹ ਚਾਂਦਨੀ ਫਿਰ ਕਹਾਂ, ਸੁਨ ਜਾ ਦਿਲ ਕੀ ਦਾਸਤਾਂ' ਅੱਜ ਵੀ ਰੁਮਾਂਟਿਕ ਗੀਤਾਂ ਦਾ ਸਰਤਾਜ ਗੀਤ ਸਮਝਿਆ ਜਾਂਦਾ ਹੈ। 'ਤੇਰੇ ਘਰ ਕੇ ਸਾਮਨੇ' ਦੇ ਸਾਰੇ ਹੀ ਰੁਮਾਂਟਿਕ ਗੀਤ 'ਦਿਲ ਕਾ ਭੰਵਰ ਕਹੇ ਪੁਕਾਰ', 'ਇਕ ਘਰ ਬਨਾਊਂਗਾ', 'ਤੂ ਕਹਾਂ ਯੇ ਬਤਾ' ਅਤੇ 'ਤੀਨ ਦੇਵੀਆਂ' ਵਿਚਲਾ ਛੇੜਛਾੜ ਵਾਲਾ ਗੀਤ 'ਯਾਰ ਮੇਰੀ ਤੁਮ ਭੀ ਹੋ ਗ਼ਜ਼ਬ', 'ਗਾਈਡ' ਦੀ ਊਰਜਾ ਪ੍ਰਦਾਨ ਕਰਨ ਵਾਲੀ ਰਚਨਾ 'ਆਜ ਫਿਰ ਜੀਨੇ ਕੀ ਤਮੰਨਾ ਹੈ, ਆਜ ਫਿਰ ਮਰਨੇ ਕਾ ਇਰਾਦਾ ਹੈ' ਅਤੇ 'ਜਿਊਲ ਥੀਫ' ਦਾ ਨੌਜਵਾਨ ਪੀੜ੍ਹੀ ਲਈ ਰਚਿਆ ਗੀਤ 'ਯੇਹ ਦਿਲ ਜੋ ਨਾ ਹੋਤਾ ਆਵਾਰਾ' ਇਸ ਗੱਲ ਦੇ ਪ੍ਰਤੀਕ ਹਨ ਕਿ ਸਚਿਨ ਦਾਦਾ ਹਰੇਕ ਵਿਸ਼ੇ 'ਤੇ ਮਜ਼ਬੂਤ ਪਕੜ ਰੱਖਦੇ ਸਨ।
ਦਿਲਚਸਪ ਪਹਿਲੂ ਇਹ ਵੀ ਹੈ ਕਿ ਧੁਨਾਂ ਦੇ ਨਾਲ ਹੀ ਨਾਲ ਸਚਿਨ ਦੇ ਗੀਤਾਂ ਦੀ ਸ਼ਬਦਾਵਲੀ ਵੀ ਬੜੀ ਵਧੀਆ ਅਤੇ ਮਿਆਰੀ ਰਹੀ ਹੈ। ਉਸ ਨੇ ਕਈ ਗੀਤਕਾਰਾਂ ਨਾਲ ਕੰਮ ਕੀਤਾ ਅਤੇ ਉਨ੍ਹਾਂ 'ਚੋਂ ਸਰਬੋਤਮ ਰਚਨਾਵਾਂ ਨੂੰ ਬਾਹਰ ਲਿਆਉਣ 'ਚ ਮਦਦ ਕੀਤੀ। ਸ਼ੁਰੂ-ਸ਼ੁਰੂ ਵਿਚ ਉਸ ਨੇ ਸ਼ੈਲੇਂਦਰ ਨਾਲ ਕਾਫ਼ੀ ਕੰਮ ਕੀਤਾ ਸੀ। 'ਕਾਲਾ ਬਾਜ਼ਾਰ' ਦੇ ਇਕ ਰੁਮਾਂਟਿਕ ਗੀਤ ਦੀ ਰਿਕਾਰਡਿੰਗ ਹੋਈ ਸੀ। ਸ਼ੈਲੇਂਦਰ ਨੂੰ ਢੁੱਕਵਾਂ ਗੀਤ ਸੁਝ ਨਹੀਂ ਰਿਹਾ ਸੀ। ਉਹ ਇਕ ਦਿਨ ਪ੍ਰੇਸ਼ਾਨ ਹੋ ਕੇ ਜੁਹੂ ਬੀਚ 'ਤੇ ਰਾਤ ਦੇ ਵੇਲੇ ਹੀ ਟਹਿਲਣ ਚਲਾ ਗਿਆ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ 1981 ਦੀ ਖਿੱਚੀ ਹੋਈ ਏ। ਮੈਂ ਦਿੱਲੀ ਗਿਆ ਸੀ ਤੇ ਮੈਂ ਅੰਮ੍ਰਿਤਾ ਜੀ ਨੂੰ ਮਿਲਣ ਲਈ ਚਲਿਆ ਗਿਆ। ਅੰਮ੍ਰਿਤਾ ਜੀ ਨੇ ਮੈਨੂੰ ਦੱਸਿਆ ਸੀ ਕਿ ਅੱਜ ਖੁਸ਼ੀ ਵਾਲਾ ਦਿਨ ਏ। ਪਰ ਮੈਨੂੰ ਪਤਾ ਨਹੀਂ ਸੀ ਕਿ ਕਿਹੜੀ ਖੁਸ਼ੀ ਵਾਲਾ ਦਿਨ ਸੀ। ਨਾ ਹੀ ਮੈਂ ਪੁੱਛਿਆ ਤੇ ਨਾ ਹੀ ਅੰਮ੍ਰਿਤਾ ਜੀ ਨੇ ਦੱਸਿਆ, ਖੁਸ਼ੀ ਭਰੇ ਦਿਨ ਬਾਰੇ। ਏਨੇ ਸਮੇਂ ਵਿਚ ਹੀ ਇਮਰੋਜ਼ ਚਾਰ ਕੱਪ ਚਾਹ ਬਣਾ ਕੇ ਲੈ ਆਇਆ। ਚਾਰੇ ਜਣੇ ਚਾਹ ਪੀਣ ਲੱਗ ਪਏ ਤੇ ਉਨ੍ਹਾਂ ਦੇ ਚਾਹ ਪੀਂਦਿਆਂ ਦੀ ਮੈਂ ਤਸਵੀਰ ਖਿੱਚ ਲਈ ਤੇ ਵਾਪਸ ਆ ਗਿਆ। ਇਹ ਤਸਵੀਰ ਹੁਣ ਪਹਿਲੀ ਵਾਰ ਛਪ ਰਹੀ ਏ। ਇਹ ਤਸਵੀਰ ਮੇਰੇ ਕੋਲ ਹੀ ਰਹੀ ਏ, ਕਿਸੇ ਹੋਰ ਕੋਲ ਨਹੀਂ ਗਈ ਤੇ ਨਾ ਹੀ ਇਹ ਪਹਿਲਾਂ ਕਿਤੇ ਛਪੀ ਏ। ਪਰ ਮੈਨੂੰ ਨਹੀਂ ਅਜੇ ਤੱਕ ਵੀ ਪਤਾ ਲੱਗਿਆ ਕਿ ਉਸ ਦਿਨ ਕਿਹੜੀ ਖੁਸ਼ੀ ਵਾਲਾ ਦਿਨ ਸੀ। ਜਿਸ ਖੁਸ਼ੀ ਨੂੰ ਮੈਂ ਨਹੀਂ ਜਾਣ ਸਕਿਆ, ਉਸ ਖੁਸ਼ੀ ਦਾ ਇਨ੍ਹਾਂ ਮੈਂਬਰਾਂ ਨੂੰ ਹੀ ਪਤਾ ਹੋਵੇਗਾ। ਪਰ ਮੈਂ ਤਾਂ ਇਸ ਤਸਵੀਰ ਨੂੰ ਵੇਖ ਕੇ ਖ਼ੁਸ਼ ਹੁੰਦਾ ਹਾਂ, ਕਿ ਇਹ ਮੇਰੇ ਕੋਲ ਹੈ।

ਮੋਬਾਈਲ : 98767-41231

ਪ੍ਰੇਰਕ ਪ੍ਰਸੰਗ : ਵਿਗਿਆਨੀ ਦੇ ਜੀਵਨ 'ਚੋਂ ਮਿਹਨਤ ਤੇ ਅਭਿਆਸ

ਬਚਪਨ ਵਿਚ ਸੁਬਰਾਮਨੀਅਮ ਚੰਦਰ ਸ਼ੇਖਰ ਵਿਗਿਆਨ ਦੇ ਵਿਸ਼ੇ ਵਿਚ ਬੜਾ ਕਮਜ਼ੋਰ ਹੁੰਦਾ ਸੀ। ਉਸ ਨੂੰ ਲੱਗਦਾ ਕਿ ਵਿਗਿਆਨ 'ਚ ਉਹ ਕਦੀ ਵੀ ਵਧੀਆ ਅੰਕ ਨਹੀਂ ਪ੍ਰਾਪਤ ਕਰ ਸਕੇਗਾ। ਕਮਜ਼ੋਰ ਹੋਣ ਕਰਕੇ, ਇਸ ਵਿਸ਼ੇ ਦਾ ਅਧਿਆਪਕ ਵੀ ਉਸ ਨੂੰ ਬੁਰਾ-ਭਲਾ ਬੋਲਦਾ ਰਹਿੰਦਾ। ਸਾਰੀ ਕਲਾਸ ਮੂਹਰੇ ਸ਼ਰਮਸਾਰ ਕਰਦਾ। ਇਸ ਤਰ੍ਹਾਂ ਉਸ ਦੀ ਵਿਗਿਆਨ ਵਿਸ਼ੇ 'ਚ ਰੁਚੀ ਘਟ ਹੋ ਗਈ।
ਇਕ ਦਿਨ ਵਿਗਿਆਨ ਵਿਸ਼ੇ ਦਾ ਘਰ ਦਾ ਕੰਮ ਨਾ ਕਰਕੇ ਆਉਣ ਕਾਰਨ ਅਧਿਆਪਕ ਨੇ ਉਸ ਨੂੰ ਸਭ ਦੇ ਸਾਹਮਣੇ ਬੇਇੱਜ਼ਤ ਕੀਤਾ। ਇਸ ਬੇਇੱਜ਼ਤੀ ਤੋਂ ਦੁਖੀ ਹੋ ਕੇ ਉਹ ਨਦੀ ਕੰਢੇ ਘੁੰਮਣ-ਫਿਰਨ ਚਲਾ ਗਿਆ। ਉਥੇ ਇਕ ਖੂਹ ਸੀ। ਬਾਲ ਸੁਬਰਾਮਨੀਅਮ ਨੇ ਦੇਖਿਆ ਕਿ ਜਿਹੜੇ ਪੱਥਰ ਉਤੇ ਮਿੱਟੀ ਦੇ ਘੜੇ ਰੱਖੇ ਜਾਂਦੇ ਸਨ, ਉਸ ਥਾਂ ਤੋਂ ਪੱਥਰ ਥੋੜ੍ਹਾ ਘਸ ਚੁੱਕਾ ਸੀ। ਉਸ ਨੇ ਮਨ 'ਚ ਸੋਚਿਆ 'ਜੇ ਵਾਰ-ਵਾਰ ਘੜਿਆਂ ਦੇ ਰੱਖਣ ਨਾਲ ਪੱਥਰ ਘਸ ਸਕਦਾ ਹੈ ਤਾਂ ਵਾਰ-ਵਾਰ ਅਭਿਆਸ ਕਰਕੇ ਮੈਂ ਵਿਗਿਆਨ ਕਿਉਂ ਨਹੀਂ ਪੜ੍ਹ ਸਕਦਾ?'
ਬਾਲ ਸੁਬਰਾਮਨੀਅਮ, ਘਰ ਮੁੜ ਆਇਆ ਅਤੇ ਲਗਾਤਾਰ ਮਿਹਨਤ ਕਰਨ ਲੱਗ ਪਿਆ। ਉਸ ਨੂੰ ਵਿਗਿਆਨ ਦਾ ਵਿਸ਼ਾ ਦਿਲਚਸਪ ਲੱਗਣ ਲੱਗਾ। ਫਿਰ ਉਸ ਨੂੰ ਵਿਗਿਆਨ 'ਚ ਮੁਹਾਰਤ ਹੋ ਗਈ। ਉਸ ਪਿੱਛੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਤੁਹਾਨੂੰ ਪਤਾ ਹੀ ਹੋਵੇਗਾ ਕਿ ਸੁਬਰਾਮਨੀਅਮ ਚੰਦਰ ਸ਼ੇਖਰ, ਅੱਗੇ ਜਾ ਕੇ ਇਕ ਮਹਾਨ ਭਾਰਤੀ ਵਿਗਿਆਨੀ ਬਣਿਆ। ਸਾਲ 1983 'ਚ ਉਸ ਦੀ ਖੋਜ 'ਚੰਦਰ ਸ਼ੇਖਰ ਸੀਮਾ ਸਿਧਾਂਤ' ਕਰਕੇ ਉਸ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿਚ ਵਿਸ਼ਵ ਦਾ ਮਹਾਨ 'ਨੋਬੇਲ ਪੁਰਸਕਾਰ' ਦੇ ਕੇ ਨਿਵਾਜਿਆ ਗਿਆ ਸੀ।

-398, ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ-141013. (ਪੰਜਾਬ)। ਮੋਬਾਈਲ : 97806-67686.

ਲੈਂਡਸਕੇਪਿੰਗ 'ਕੈਨੇਡਾ ਦੀ'

ਪਿਛਲੇ 2 ਮਹੀਨੇ ਕੈਨੇਡਾ ਦੇਸ਼ ਘੁੰਮ-ਫਿਰ ਕੇ ਗੁਜ਼ਾਰੇ। ਪੰਜਾਬੀਆਂ ਦੀ ਕਿੰਨੀ ਕੁ ਚੜ੍ਹਤ ਹੈ, ਇਹ ਤਾਂ ਤੁਸੀਂ ਹਾਲ ਦੀ ਇਲੈਕਸ਼ਨ ਦੇ ਨਤੀਜਿਆਂ ਤੋਂ ਜਾਣ ਹੀ ਗਏ ਹੋਵੋਗੇ। ਮੈਂ ਤਾਂ ਤੁਹਾਨੂੰ ਆਪਣੇ ਵਿਸ਼ੇ ਉੱਪਰ ਵੇਖੀ ਲੈਂਡਸਕੇਪਿੰਗ ਨਾਲ ਸਬੰਧਤ 'ਝਲਕ' ਪੇਸ਼ ਕਰ ਰਿਹਾ ਹਾਂ, ਉਥੇ ਖਿੱਚੀਆਂ ਫੋਟੋਆਂ ਰਾਹੀਂ...
1. ਇਕ ਪੰਜਾਬੀ ਦੇ ਘਰ ਸਾਹਮਣੇ ਕੀਤੀ ਕਲਾਕਾਰੀ ਦੀ ਫੋਟੋ। ਘਰ ਵਾਲਿਆਂ ਦੀ ਆਗਿਆ ਲੈ ਕੇ ਖਿੱਚੀ। ਖ਼ਾਸ ਗੱਲ ਹੈ ਕਿ ਉਨ੍ਹਾਂ ਵਲੋਂ ਬਣਾਏ 'ਰੱਦੀ ਟਾਇਰਾਂ' ਦੇ 'ਪਲਾਂਟਰ।'
2. ਇਸ ਨਵੇਂ ਲਗਾਏ ਬੂਟੇ ਦੇ ਤਣੇ ਥੱਲੇ ਲਪੇਟੀ ਪਲਾਸਟਿਕ, ਖਰਗੋਸ਼ਾਂ ਦੁਆਰਾ ਨੁਕਸਾਨ ਤੋਂ ਬਚਾਉਂਦੀ ਹੈ। ਤਣੇ ਦੁਆਲੇ ਖਿਲਾਰੀ ਲੱਕੜੀ ਦੀ 'ਫਕ' ਬੂਟੇ ਨੂੰ ਆਉਣ ਵਾਲੀ ਠੰਢ/ਬਰਫ਼ ਤੋਂ ਬਚਾਏਗੀ, ਨਾਲ ਹੀ ਨਦੀਨਾਂ ਦੇ ਉੱਗਣ ਦੀ ਸੰਭਾਵਨਾ ਵੀ ਘਟ ਜਾਏਗੀ।
3. ਠੰਢ ਦੇ ਆਗਮਨ 'ਤੇ ਬਹੁਤੇ ਰੁੱਖਾਂ ਦੇ ਪੱਤੇ ਪੀਲੇ ਪੈ ਜਾਂਦੇ ਹਨ। ਬਾਅਦ 'ਚ ਰੰਗ ਲਾਲ ਹੋ ਜਾਂਦਾ ਹੈ। ਕੈਨੇਡਾ ਦੇ ਰਾਸ਼ਟਰੀ ਝੰਡੇ ਉੱਪਰ ਲਾਲ ਰੰਗਾ 'ਚਿਨਾਰ' ਦਾ ਪੱਤਾ, ਇਹ ਸਾਰੀ ਹਕੀਕਤ ਬਿਆਨ ਕਰਦਾ ਹੈ।
4. ਸਾਡੀ ਯਾਤਰਾ ਦੌਰਾਨ ਉਥੇ ਅਸੰਬਲੀ ਦੇ 150 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ ਸੀ, ਫੁੱਲ-ਬੂਟਿਆਂ ਨਾਲ ਸਿਰਜਿਆ ਇਹ 'ਅਮਲ' ਇਥੇ ਵਿਖਾਈ ਦਿੰਦਾ ਹੈ।
5. ਇਕ ਜਾਣੂ ਪੰਜਾਬੀ ਕਿਸਾਨ ਦੇ ਘਰ ਸਾਹਮਣੇ ਕੀਤੀ ਸੁੰਦਰ ਲੈਂਡਸਕੇਪ ਹਰ ਪ੍ਰਾਹੁਣੇ ਦਾ ਦਿਲ ਮੋਹ ਲੈਂਦੀ ਹੈ (ਮੇਰੇ ਸਮੇਤ)।

-dosanjhsps@yahoo.com

ਬਲੂ ਵੇਲ ਦੀ ਚੁਣੌਤੀ ਨਾਲੋਂ ਕੈਰੀਅਰ ਦੀ ਚੁਣੌਤੀ ਬਿਹਤਰ

ਹੁਣੇ-ਹੁਣੇ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਗਿਆਰਾਂ ਸਾਲ ਤੋਂ ਵੀਹ ਸਾਲ ਤੱਕ ਦੇ ਬੱਚੇ ਬਲੂ ਵੇਲ ਦੇ ਵਾਇਰਲ ਨਾਲ ਮੌਤ ਦੇ ਸ਼ਿਕਾਰ ਹੋ ਰਹੇ ਹਨ। ਬਲੂ ਵੇਲ ਦੇ ਵੀਡੀਓ ਦੀ ਚੁਣੌਤੀ ਉਨ੍ਹਾਂ ਨੂੰ ਮਰਨ ਲਈ ਮਜਬੂਰ ਕਰ ਦਿੰਦੀ ਹੈ ਤੇ ਬੱਚੇ ਆਪਣੀ ਤਾਕਤ ਵਿਖਾਉਂਦੇ ਹੋਏ ਮੌਤ ਦੇ ਮੂੰਹ ਵਿਚ ਜਾਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਬੇਸ਼ੱਕ ਬਲੂ ਵੇਲ ਦੇ ਵਧ ਰਹੇ ਜੋਖਮ ਨੂੰ ਵੇਖ ਕੇ ਆਦਰਯੋਗ ਅਦਾਲਤ ਨੇ ਵੀ ਬੜੇ ਹੀ ਸ਼ਲਾਘਾਯੋਗ ਕਦਮ ਚੁੱਕੇ ਹਨ ਪਰ ਫਿਰ ਵੀ ਬਲੂ ਵੇਲ ਦੀ ਵਧ ਰਹੀ ਤਬਾਹੀ ਦੀ ਮਾਰ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਦੇ ਰਾਹ 'ਤੇ ਚੱਲੀ ਲਗਦੀ ਹੈ। ਲੋੜ ਹੈ ਮਾਪਿਆਂ ਨੂੰ, ਅਧਿਆਪਕਾਂ ਨੂੰ ਤੇ ਸਮਾਜ ਸੁਧਾਰਕਾਂ ਨੂੰ ਕੇ ਉਹ ਅਜਿਹੇ ਕਦਮ ਚੁੱਕਣ ਤਾਂ ਕੇ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਕੁਝ ਕਰ ਗੁਜ਼ਰਨ ਦੀ ਸੋਚੇ ਨਾ ਕੇ ਮੌਤ ਦੇ ਰਾਹ 'ਤੇ ਚੱਲ ਕੇ ਆਪਣੀ ਜ਼ਿੰਦਗੀ ਤੇ ਪ੍ਰਤਿਭਾ ਨੂੰ ਬਰਬਾਦ ਕਰੇ।
ਚਿੰਤਾ ਦਾ ਵਿਸ਼ਾ ਇਹ ਹੈ ਕਿ ਜਦੋਂ ਹੀ ਬਚਪਨ ਜਵਾਨੀ ਵਲ ਕਦਮ ਰੱਖਦਾ ਹੈ ਤਾਂ ਮਾਨਸਿਕ ਚਿੰਤਾਵਾਂ ਇਕ ਵਿਅਕਤੀ ਦੇ ਦਿਲ ਦਿਮਾਗ ਵਿਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਚਿੰਤਾਵਾਂ ਅਸਲ ਵਿਚ ਸਾਡੀ ਦੋਸ਼ਾਂ ਭਰੀ ਵਿਦਿਅਕ ਪ੍ਰਣਾਲੀ ਤੇ ਸਾਡੇ ਦੇਸ਼ ਵਿਚ ਬਦਲ ਰਹੇ ਸਮਾਜਿਕ, ਰਾਜਨੀਤਕ ਤੇ ਧਾਰਮਿਕ ਵਤੀਰੇ ਕਾਰਨ ਪੈਦਾ ਹੁੰਦੀਆਂ ਹਨ। ਬਲੂ ਵੇਲ ਦਾ ਘਿਨਾਉਣਾ ਵੀਡੀਓ ਵਾਇਰਲ ਸਾਡੀ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰ ਰਿਹਾ ਹੈ। ਅਜਿਹੀ ਸਥਿਤੀ ਵਿਚ ਜ਼ਰੂਰਤ ਹੈ ਸੁਲਝੇ ਤੇ ਅਨੁਭਵੀ ਮਨੋ-ਵਿਗਿਆਨੀਆਂ ਦੀ। ਦੂਜੀ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਏਨੇ ਵਿਸ਼ਾਲ ਦੇਸ਼ ਵਿਚ ਮਨੋ-ਵਿਗਿਆਨੀਆਂ ਦੀ ਸੰਖਿਆ ਸਿਰਫ਼ ਸਾਢੇ ਪੰਜ ਹਜ਼ਾਰ ਦੇ ਕਰੀਬ ਹੀ ਹੈ ਤੇ ਉਹ ਵੀ ਸਿਰਫ਼ ਵੱਡੇ-ਵੱਡੇ ਸ਼ਹਿਰਾਂ ਵਿਚ ਹੀ ਢੂੰਡਿਆਂ ਵੀ ਮੁਸ਼ਕਿਲ ਨਾਲ ਹੀ ਮਿਲਦੇ ਹਨ।
ਇਸ ਦਾ ਵਧੀਆ ਹੱਲ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਵਿਚ ਇਕ ਵਧੀਆ ਤੇ ਚੰਗੇ ਕੈਰੀਅਰ ਬਾਰੇ ਚੇਤਨਾ ਹੀ ਨਹੀਂ ਸਗੋਂ ਸ਼ੌਕ ਪੈਦਾ ਕਰੀਏ। ਜੇਕਰ ਸਾਡੇ ਬੱਚੇ ਚੰਗੇ ਕੈਰੀਅਰ ਦੀ ਲੀਹ 'ਤੇ ਚੱਲ ਪੈਣ ਤੇ ਕੈਰੀਅਰ ਦੇ ਹੀ ਸੁਪਨੇ ਸੋਚਣ ਲੱਗ ਪੈਣ ਤਾਂ ਉਨ੍ਹਾਂ ਦੀ ਤਵੱਜੋਂ 'ਤੇ ਧਿਆਨ ਬਲੂ ਵੇਲ ਵਰਗੀਆਂ ਗੁੰਮਰਾਹ ਕਰਨ ਵਾਲੀ ਗਤੀਵਿਧੀਆਂ ਤੋਂ ਛੁੱਟ ਕੇ ਚੰਗੇ ਕੈਰੀਅਰ ਵੱਲ ਲੱਗ ਸਕਦੇ ਹਨ। ਬੇਸ਼ੱਕ ਇਸ ਵਿਚ ਮਾਪੇ ਵੀ ਯੋਗਦਾਨ ਦੇ ਸਕਦੇ ਹਨ ਪਰ ਉਨ੍ਹਾਂ ਦੇ ਅਧਿਆਪਕ, ਮਾਪੇ, ਸਮਾਜ ਤੇ ਮਨੋਵਿਗਿਆਨੀ ਇਸ ਵਿਚ ਬੜਾ ਹੀ ਅਹਿਮ ਯੋਗਦਾਨ ਪਾ ਸਕਦੇ ਹਨ।
ਪਰ ਕਿਹੜਾ ਕੈਰੀਅਰ ਵਧੀਆ ਹੋ ਸਕਦਾ ਹੈ? ਇਸ ਬਾਰੇ ਇਹ ਕਹਿਣਾ ਕੇ ਇਕੋ ਤਰ੍ਹਾਂ ਦਾ ਕੈਰੀਅਰ ਸਾਰੇ ਬੱਚਿਆਂ ਵਾਸਤੇ ਵਧੀਆ ਹੋ ਸਕਦਾ ਹੈ, ਬਿਲਕੁਲ ਗ਼ਲਤ ਹੋਵੇਗਾ। ਹਰ ਬੱਚੇ ਦਾ ਕੈਰੀਅਰ ਉਸ ਦੇ ਵਾਤਾਵਰਨ, ਉਸ ਦੀ ਸਮਾਜਿਕ ਸਥਿਤੀ, ਉਸ ਦੇ ਦਿਮਾਗ ਦੀ ਪੁਜੀਸ਼ਨ ਤੇ ਉਸ ਦੇ ਮਾਤਾ-ਪਿਤਾ ਦਾ ਪੱਧਰ 'ਤੇ ਨਿਰਭਰ ਕਰਦਾ ਹੈ। ਬਿਹਤਰ ਹੋਵੇਗਾ ਕਿ ਅਜਿਹੀ ਹਾਲਤ ਵਿਚ ਮਾਪੇ ਕਿਸੇ ਚੰਗੇ ਕੈਰੀਅਰ ਮਾਹਿਰ ਜਾਂ ਮਨੋਵਿਗਿਆਨੀ ਤੋਂ ਆਪਣੇ ਬੱਚੇ ਦੇ ਦਿਮਾਗ ਤੇ ਦਿਸ਼ਾ ਦੀ ਪਰਖ ਸਮੇਂ ਸਿਰ ਕਰਵਾਉਣ ਤੇ ਆਪਣੇ ਬੱਚੇ ਦਾ ਕੈਰੀਅਰ ਉੱਚੇ ਪੱਧਰ ਦਾ ਬਣਾਉਣ। ਜਦੋਂ ਬੱਚੇ ਨੂੰ ਸਹੀ ਦਿਸ਼ਾ ਮਿਲ ਜਾਵੇਗੀ ਤਾਂ ਉਹ ਆਪਣੇ-ਆਪ ਹੀ ਬਲੂ ਵੇਲ ਵਰਗੀ ਨਾਮੁਰਾਦ ਬਿਮਾਰੀ ਤੋਂ ਬਚ ਜਾਵੇਗਾ।

-ਮਨੋਵਿਗਿਆਨੀ ਤੇ ਕੈਰੀਅਰ ਮਾਹਿਰ, ਨੇੜੇ ਗੀਤਾ ਭਵਨ, ਵਾਰਡ ਨੰਬਰ : 3, ਕਾਂਗੜਾ (ਹਿਮਾਚਲ ਪ੍ਰਦੇਸ਼)-176001.
careerking93@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX