ਤਾਜਾ ਖ਼ਬਰਾਂ


ਆਈ. ਐੱਸ. ਦੇ ਅੱਤਵਾਦੀਆਂ ਨੇ ਲੀਬੀਆ 'ਚ ਛੇ ਬੰਧਕਾਂ ਦੀ ਕੀਤੀ ਹੱਤਿਆ
. . .  8 minutes ago
ਤ੍ਰਿਪੋਲੀ, 10 ਦਸੰਬਰ- ਅੱਤਵਾਦੀ ਸੰਗਠਨ ਆਈ. ਐੱਸ. ਦੇ ਅੱਤਵਾਦੀਆਂ ਨੇ ਲੀਬੀਆ 'ਚ ਦੋ ਮਹੀਨਾ ਪਹਿਲਾਂ ਬੰਧਕ ਬਣਾਏ ਗਏ ਛੇ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਲੀਬੀਆਈ ਅਧਿਕਾਰੀ ਓਥਮਨ ਹਾਸੁਨਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇੱਕ ਸਥਾਨਕ...
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਭਾਰਤ ਨੇ ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਦਿੱਤੀ ਮਾਤ
. . .  18 minutes ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਜਿੱਤ ਤੋਂ ਇੱਕ ਵਿਕਟ ਦੂਰ ਭਾਰਤ
. . .  28 minutes ago
ਪਾਰਕਿੰਗ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ, ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ
. . .  36 minutes ago
ਨਵੀਂ ਦਿੱਲੀ, 10 ਦਸੰਬਰ- ਦਿੱਲੀ ਦੇ ਮਯੂਰ ਵਿਹਾਰ ਇਲਾਕੇ 'ਚ ਪਾਰਕਿੰਗ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਕਾਰਨ ਬੀਤੀ ਰਾਤ ਗੋਲੀਆਂ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਮਯੂਰ ਵਿਹਾਰ ਦੇ ਫੇਜ 1 'ਚ ਡੀ. ਡੀ. ਏ. ਫਲੈਟ...
ਭੁੱਲਾਂ ਬਖ਼ਸ਼ਾਉਣ ਲਈ ਅਕਾਲੀ ਦਲ ਵਲੋਂ ਰੱਖੇ ਸ੍ਰੀ ਅਖੰਡ ਸਾਹਿਬ ਦਾ ਅੱਜ ਪਵੇਗਾ ਭੋਗ
. . .  about 1 hour ago
ਅੰਮ੍ਰਿਤਸਰ, 10 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਰਾਜ ਦੌਰਾਨ ਹੋਈਆਂ ਭੁੱਲਾਂ ਨੂੰ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੋ ਦਿਨਾਂ ਪਹਿਲਾਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਹੁਣ ਤੋਂ ਥੋੜ੍ਹੀ ਦੇਰ ਬਾਅਦ ਪਵੇਗਾ। ਇਸ...
ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਠੱਕਰ ਦਾ ਦੇਹਾਂਤ, ਮੋਦੀ ਨੇ ਜਤਾਇਆ ਦੁੱਖ
. . .  about 1 hour ago
ਨਵੀਂ ਦਿੱਲੀ, 10 ਦਸੰਬਰ- ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਜਗਦੀਸ਼ ਠੱਕਰ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ। ਠੱਕਰ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ...
ਆਈਸਲੈਂਡ ਦੇ ਵਿਦੇਸ਼ ਮੰਤਰੀ ਨੇ ਕੀਤਾ ਤਾਜ ਮਹਿਲ ਦਾ ਦੌਰਾ
. . .  about 2 hours ago
ਲਖਨਊ, 10 ਦਸੰਬਰ- ਆਈਸਲੈਂਡ ਦੇ ਵਿਦੇਸ਼ ਮੰਤਰੀ ਗੁਡਲੁਗੁਰ ਥੋਰ ਨੇ ਅੱਜ ਸਵੇਰੇ ਆਗਰਾ ਵਿਖੇ ਤਾਜ ਮਹਿਲ ਦਾ ਦੌਰਾ ਕੀਤਾ। ਥੋਰ ਭਾਰਤ ਦੇ ਅੱਠ ਦਿਨਾਂ ਦੌਰੇ 'ਤੇ ਆਏ...
ਵਿਜੇ ਮਾਲਿਆ ਦੀ ਹਵਾਲਗੀ 'ਤੇ ਅੱਜ ਫੈਸਲਾ ਕਰੇਗੀ ਲੰਡਨ ਦੀ ਅਦਾਲਤ
. . .  about 2 hours ago
ਨਵੀਂ ਦਿੱਲੀ, 10 ਦਸੰਬਰ- 9000 ਕਰੋੜ ਦੀ ਧੋਖਾਧੜੀ ਅਤੇ ਹਵਾਲਾ ਰਾਸ਼ੀ ਮਾਮਲੇ 'ਚ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਹੋ ਸਕਦੀ ਹੈ। ਸੀ. ਬੀ. ਆਈ. ਦੇ ਜੁਆਇੰਟ ਨਿਰਦੇਸ਼ਕ ਐੱਸ. ਸਾਈ ਮਨੋਹਰ ਦੀ ਅਗਵਾਈ 'ਚ ਅਧਿਕਾਰੀਆਂ ਦੀ ਇੱਕ ਟੀਮ ਵਿਜੇ...
ਅੱਜ ਦਾ ਵਿਚਾਰ
. . .  about 2 hours ago
ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਭੁਵਨੇਸ਼ਵਰ 9 ਦਸੰਬਰ (ਡਾ. ਚਹਿਲ) - ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਪੂਲ ਮੈਚ ਸਮਾਪਤ ਹੋ ਗਏ। ਪੂਲ ਡੀ ਦੇ ਆਖ਼ਰੀ ਦੌਰ ਦੇ ਮੁਕਾਬਲੇ 'ਚ ਜਰਮਨੀ ਨੇ ਏਸ਼ੀਅਨ ਹਾਕੀ ਦੀ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਕਣਕ ਦਾ ਬੀਜ

ਆਪ ਤਿਆਰ ਕਰੋ ਅਤੇ ਚੋਖਾ ਲਾਭ ਪਾਓ!

ਕਿਸਾਨ ਵੀਰੋ, ਬੀਜ ਕਿਸੇ ਵੀ ਫ਼ਸਲ ਦਾ ਨੀਂਹ-ਪੱਥਰ ਹੈ। ਬੀਜ ਵਧੀਆ ਹੋਵੇਗਾ ਤਾਂ ਉਸ ਤੋਂ ਹੋਣ ਵਾਲੀ ਫ਼ਸਲ ਵੀ ਕਾਮਯਾਬ ਹੋਵੇਗੀ ਅਤੇ ਝਾੜ ਵੀ ਵੱਧ ਆਵੇਗਾ। ਇਸ ਲਈ ਵਧੀਆ ਬੀਜ, ਵਧੀਆ ਫ਼ਸਲ, ਭਰਪੂਰ ਲਾਭ, ਇਹ ਤਿੰਨ ਗੱਲਾਂ ਆਪਸ ਵਿਚ ਕਾਫੀ ਮੇਲ ਖਾਂਦੀਆਂ ਹਨ। ਕਿਸਾਨ ਵੀਰੋ ! ਬੀਜ ਉਹੀ ਬੀਜੋ ਜਿਹੜਾ ਸਾਰੇ ਮਾਪਦੰਡਾਂ ਨੂੰ ਪੂਰਾ ਕਰਦਾ ਹੋਵੇ। ਅੱਜ ਦਾ ਕਿਸਾਨ ਕਾਫੀ ਸੂਝਵਾਨ ਹੈ ਇਸ ਲਈ ਜੇਕਰ ਉਹ ਖੁਦ ਬੀਜ ਉਤਪਾਦਨ ਕਰਨਾ ਸ਼ੁਰੂ ਕਰੇ ਤਾਂ ਇਸ ਨਾਲ ਖਰਚਾ ਵੀ ਘੱਟ ਆਉਂਦਾ ਹੈ ਅਤੇ ਲੋੜ ਮੁਤਾਬਿਕ ਬੀਜ ਵੀ ਤਿਆਰ ਹੋ ਜਾਂਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਜਿਹੜੀਆਂ ਨਵੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਉਨ੍ਹਾਂ ਦਾ ਬੀਜ ਜਿੰਨਾਂ ਕੁ ਹੁੰਦਾ ਹੈ ਉਹ ਕਿਸਾਨ ਵੀਰਾਂ ਨੂੰ ਦੇ ਦਿੱਤਾ ਜਾਂਦਾ ਹੈ, ਉਸੇ ਬੀਜ ਤੋਂ ਤੁਸੀਂ ਅਗਲੇ ਸਾਲ ਲਈ ਵੱਧ ਬੀਜ ਤਿਆਰ ਕਰ ਸਕਦੇ ਹੋ। ਇਸ ਲਈ ਇਹ ਜ਼ਰੂਰੀ ਹੈ ਕਿ ਕਿਸਾਨ ਇਸ ਮੁਢਲੇ ਬੀਜ ਨੂੰ (ਫਾਊਂਡੇਸ਼ਨ, ਸਰਟੀਫਾਈਡ ਜਾਂ ਟੀ ਐਲ) ਆਪਣੇ ਖੇਤ ਵਿਚ ਬੀਜ ਕੇ ਅਗਲੇ ਸਾਲ ਲਈ ਬੀਜ ਤਿਆਰ ਕਰ ਸਕਦੇ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਖੇਤੀਬਾੜੀ ਵਿਭਾਗ ਪੰਜਾਬ, ਪਨਸੀਡ ਅਤੇ ਰਾਸ਼ਟਰੀ ਬੀਜ ਨਿਗਮ ਆਦਿ ਕੁਝ ਅਜਿਹੀਆਂ ਸੰਸਥਾਵਾਂ ਹਨ, ਜਿਨ੍ਹਾਂ ਤੋਂ ਅਸੀਂ ਬੀਜ ਪ੍ਰਾਪਤ ਕਰ ਸਕਦੇ ਹਾਂ। ਹੁਣ ਇਹ ਗੱਲ ਆਉਂਦੀ ਹੈ ਕਿ ਵਧੀਆ ਬੀਜ ਕਿਵੇਂ ਤਿਆਰ ਕੀਤਾ ਜਾਵੇ, ਇਸ ਵਾਸਤੇ ਜਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਉਹ ਇਸ ਲੇਖ ਰਾਹੀਂ ਦੱਸੀਆਂ ਜਾ ਰਹੀਆਂ ਹਨ।
ਕਿਸਮ ਦੀ ਚੋਣ : ਕਿਸਮ ਦੀ ਚੋਣ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ। ਪਹਿਲਾਂ ਤਾਂ ਇਹ ਵੇਖੋ ਕਿ ਅਸੀਂ ਕਿਨ੍ਹਾਂ ਹਾਲਤਾਂ ਵਾਸਤੇ ਬੀਜ ਤਿਆਰ ਕਰਨਾ ਹੈ ਅਤੇ ਹਮੇਸ਼ਾ ਪ੍ਰਮਾਣਿਤ ਕਿਸਮ ਦੀ ਹੀ ਚੋਣ ਕਰਨੀ ਚਾਹੀਦੀ ਹੈ। ਪ੍ਰਮਾਣਿਤ ਕਿਸਮਾਂ ਦਾ ਝਾੜ ਵੀ ਵੱਧ ਆਉਂਦਾ ਹੈ ਅਤੇ ਬਿਮਾਰੀਆਂ ਤੋਂ ਵੀ ਰਹਿਤ ਹੁੰਦੀਆਂ ਹਨ। ਸਮੇਂ-ਸਿਰ ਬਿਜਾਈ ਲਈ, ਪਛੇਤੀ ਬਿਜਾਈ ਲਈ ਅਲੱਗ-ਅਲੱਗ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਲੋੜ ਮੁਤਾਬਿਕ ਕਿਸਮਾਂ ਦੀ ਚੋਣ ਕਰ ਲੈਣੀ ਚਾਹੀਦੀ ਹੈ।
ਖੇਤ ਦੀ ਚੋਣ ਤੇ ਦੂਜੀਆਂ ਕਿਸਮਾਂ ਤੋਂ ਉਚਿੱਤ ਦੂਰੀ : ਕਣਕ ਦੀ ਫ਼ਸਲ ਵਾਸਤੇ ਤਕਰੀਬਨ 1:40 ਦਾ ਬੀਜ ਉਤਪਾਦਨ ਅਨੁਪਾਤ ਹੈ। ਕਿੰਨਾ ਰਕਬਾ ਬੀਜਣਾ ਹੈ ਇਹ ਇਸ ਗੱਲ 'ਤੇ ਆਧਾਰਿਤ ਹੁੰਦਾ ਹੈ ਕਿ ਅਗਲੇ ਸਾਲ ਕਿਹੜੀ ਕਿਸਮ ਥੱਲੇ ਕਿੰਨਾ ਰਕਬਾ ਰੱਖਣਾ ਹੈ। ਖੇਤ ਦੀ ਚੋਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤ ਨਦੀਨਾ ਅਤੇ ਸਿਉਂਕ ਤੋਂ ਰਹਿਤ ਹੋਵੇ, ਪਾਣੀ ਉਸ ਨੂੰ ਸਹੀ ਢੰਗ ਨਾਲ ਲੱਗ ਸਕੇ, ਖੇਤ ਵਿਚ ਘੁੰਮਣ ਵਾਸਤੇ ਕੋਈ ਮੁਸ਼ਕਿਲ ਨਾ ਹੋਵੇ, ਹੋ ਸਕੇ ਤਾਂ ਖੇਤ ਮੋਹਰੀ ਸੜਕ 'ਤੇ ਹੋਣਾ ਚਾਹੀਦਾ ਹੈ। ਬੀਜ ਵਾਲੇ ਖੇਤ ਤੋਂ ਦੂਸਰੇ ਖੇਤ ਦਾ ਚਾਰੇ ਪਾਸਿਆਂ ਤੋਂ 3 ਮੀਟਰ ਦਾ ਫ਼ਾਸਲਾ ਹੋਣਾ ਚਾਹੀਦਾ ਹੈ ਤਾਂ ਜੋ ਨਵੀਂ ਕਿਸਮ ਨੂੰ ਦੂਸਰੀ ਕਿਸਮ ਦੇ ਪਰ-ਪ੍ਰਾਗਣ ਤੋਂ ਬਚਾਉਣ ਦੇ ਨਾਲ-ਨਾਲ ਆਮ ਰਲਾਵਟ ਤੋਂ ਵੀ ਬਚਾਇਆ ਜਾ ਸਕੇ।
ਬੀਜ ਦੀ ਸੋਧ : ਕਾਂਗਿਆਰੀ ਦੀ ਰੋਕਥਾਮ ਲਈ ਬੀਜ ਨੂੰ ਸਿਫਾਰਸ਼ ਕੀਤੀ ਕਿਸੇ ਵੀ ਦਵਾਈ ਨਾਲ ਸੋਧਿਆ ਜਾਵੇ, ਇਸ ਵਾਸਤੇ ਰੈਕਸਲ ਜਾਂ ਵੀਟਾਵੈਕਸ ਵਰਤੀ ਜਾ ਸਕਦੀ ਹੈ। ਜੇਕਰ ਬੀਜ ਪੈਦਾ ਕਰਨ ਵਾਲੇ ਖੇਤਾਂ ਵਿਚ ਬੀਜ ਦੀ ਮਿਕਦਾਰ ਆਮ ਫ਼ਸਲ ਵਾਸਤੇ ਸਿਫਾਰਸ਼ ਕੀਤੀ ਮਿਕਦਾਰ ਨਾਲੋਂ ਘੱਟ ਵਰਤੀਏ ਤਾਂ ਇਸ ਨਾਲ ਜਿਹੜੇ ਗ਼ੈਰ-ਕਿਸਮ ਦੇ ਬੂਟੇ ਉੱਗੇ ਹਨ, ਉਨ੍ਹਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਅਤੇ ਕੱਢਣ ਵਿਚ ਵੀ ਆਸਾਨੀ ਹੁੰਦੀ ਹੈ। ਬੀਜ ਦੀ ਫ਼ਸਲ ਦੀ ਸਾਂਭ- ਸੰਭਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀ ਗਈ ਹਾੜ੍ਹੀ ਦੀਆਂ ਫ਼ਸਲਾਂ ਮੁਤਾਬਿਕ ਕਰਨੀ ਚਾਹੀਦੀ ਹੈ। ਜੇਕਰ ਕਰਨਾਲ ਬੰਟ ਰੋਗ ਦੀ ਸ਼ਿਕਾਇਤ ਹੋਵੇ ਤਾਂ ਇਸ ਲਈ ਟਿਲਟ ਦਾ ਸਪਰੇਅ ਕਰ ਦੇਣਾ ਚਾਹੀਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਵੀਰਇੰਦਰ ਸਿੰਘ ਸੋਹੂ ਅਤੇ ਗੁਰਵਿੰਦਰ ਸਿੰਘ ਮਾਵੀ
ਕਣਕ ਭਾਗ, ਪਲਾਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ


ਖ਼ਬਰ ਸ਼ੇਅਰ ਕਰੋ

ਘਾਹ ਦੀ ਖੇਤੀ-ਇਕ ਲਾਹੇਵੰਦ ਧੰਦਾ

ਬਾਗਬਾਨੀ ਇਕ ਕਲਾ ਹੈ ਜਿਸ ਦੁਆਰਾ ਸਜਾਵਟੀ ਪੌਦਿਆਂ ਅਤੇ ਲੈਂਡਸਕੇਪ ਅਬਜ਼ੈਕਟਜ਼ ਦੀ ਸੁਚੱਜੀ ਵਰਤੋਂ ਨਾਲ ਕਿਸੇ ਵੀ ਜਗ੍ਹਾ ਨੂੰ ਸੁਧਾਰਿਆ ਜਾ ਸਕਦਾ ਹੈ। ਢੁਕਵਾਂ ਲੈਂਡ ਡਿਜ਼ਾਈਨ ਕਿਸੇ ਵੀ ਜਾਇਦਾਦ ਦੀ ਕਿਸਮ 10-20 ਫ਼ੀਸਦੀ ਤੱਕ ਵਧਾਉਣ ਵਿਚ ਮਦਦ ਕਰਦਾ ਹੈ। ਘਾਹ ਦਾ ਮੈਦਾਨ ਆਰਾਮ ਅਤੇ ਮਨੋਰੰਜਨ ਲਈ ਨਰਮ ਅਤੇ ਜੀਵਤ ਕਾਰਪੈਟ ਪ੍ਰਦਾਨ ਕਰਦਾ ਹੈ। ਇਹ ਗਰਮੀਆਂ ਵਿਚ ਬਗੀਚੇ ਨੂੰ ਠੰਢਾ ਕਰਨ ਅਤੇ ਲੈਂਡਸਕੇਪਿੰਗ ਵਿਚ ਵਰਤੇ ਜਾਣ ਵਾਲੇ ਬੂਟਿਆਂ ਨੂੰ ਆਪਸ ਵਿਚ ਜੋੜਦਾ ਹੈ।
ਟਰਫਗਰਾਸ ਉਦਯੋਗ, ਵਿਕਸਿਤ ਦੇਸ਼ਾਂ ਵਿਚ ਬਹੁਤ ਵੱਡਾ ਉਦਯੋਗ ਹੈ। ਭਾਰਤ ਵਿਚ ਵੀ, ਪਿਛਲੇ 20 ਸਾਲਾਂ ਦੌਰਾਨ ਟਰਫਗਰਾਸ ਨਾਲ ਕਾਫੀ ਬਦਲਾਅ ਆਇਆ ਹੈ। ਖੇਡਾਂ ਦੀ ਪ੍ਰਸਿੱਧੀ ਅਤੇ ਖੇਡਾਂ ਦੇ ਮੈਦਾਨ ਦਾ ਵਿਕਾਸ (ਕ੍ਰਿਕਟ, ਫੁੱਟਬਾਲ, ਗੋਲਫ ਕੋਰਸ ਆਦਿ), ਹਰਿਆਲੀ ਲਈ ਜਨਤਾ ਵਿਚ ਜਾਗਰੂਕਤਾ (ਬਗੀਚਿਆਂ ਅਤੇ ਪਾਰਕਾਂ ਦਾ ਵਿਕਾਸ), ਜੀਵਨ ਪੱਧਰ ਅਤੇ ਰੀਅਲ ਅਸਟੇਟ ਵਿਕਾਸ ਦੇ ਵਧ ਰਹੇ ਪੱਧਰ ਨਾਲ ਘਾਹ ਦੀ ਮੰਗ ਬਹੁਤ ਵਧ ਗਈ ਹੈ। ਇਸ ਤਰ੍ਹਾਂ ਘਾਹ ਦੀ ਕਾਸ਼ਤ ਪੰਜਾਬ ਵਿਚ ਇਕ ਲਾਭਦਾਇਕ ਉਦਯੋਗ ਵਜੋਂ ਉਭਰ ਰਹੀ ਹੈ। ਪਹਿਲਾਂ ਗਾਹਕ ਨੂੰ ਘਾਹ ਖਰੀਦਣ ਲਈ ਨਰਸਰੀ 'ਤੇ ਨਿਰਭਰ ਰਹਿਣਾ ਪੈਂਦਾ ਸੀ। ਪਰ ਹੁਣ ਟਰਫ ਇੰਡਸਟਰੀ ਦੇ ਵਿਕਾਸ ਨਾਲ ਖਪਤਕਾਰਾਂ ਨੂੰ ਲੂਜ਼ ਜਾਂ ਟਰਫ ਦੇ ਰੂਪ ਵਿਚ ਵੱਡੇ ਪੱਧਰ 'ਤੇ ਘਾਹ ਮਿਲ ਸਕਦੀ ਹੈ।
ਟਰਫਗਰਾਸ ਉਦਯੋਗ ਦੀ ਪ੍ਰਸਿੱਧੀ ਅਤੇ ਵਿਕਾਸ ਦਾ ਮੁੱਖ ਕਾਰਨ ਸ਼ਹਿਰੀ ਰਿਹਾਇਸ਼ੀ ਕਾਲੋਨੀਆਂ ਵਿਚ ਵਾਧਾ, ਲੈਂਡਸਕੇਪਿੰਗ ਅਤੇ ਸਿੰਚਾਈ ਤਕਨਾਲੋਜੀ ਆਦਿ ਨੂੰ ਮੰਨਿਆ ਜਾ ਸਕਦਾ ਹੈ। ਲੂਜ਼ ਅਤੇ ਟਰਫ ਦੀ ਵਧਦੀ ਮੰਗ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਘਾਹ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਹੈ। ਵਪਾਰਕ ਪੱਧਰ 'ਤੇ ਘਾਹ ਦਾ ਉਤਪਾਦਨ ਲਾਹੇਵੰਦ ਹੈ ਅਤੇ ਇਸ ਨੇ ਪ੍ਰਤੀ ਯੂਨਿਟ ਕਿਸਾਨਾਂ ਦਾ ਮੁਨਾਫਾ ਵਧਾਉਣ ਵਿਚ ਮਦਦ ਕੀਤੀ ਹੈ। ਪੰਜਾਬ ਦੇ ਕਿਸਾਨ ਪੰਜਾਬ ਵਿਚ ਹੀ ਨਹੀਂ ਸਗੋਂ ਗੁਆਂਢੀ ਸੂਬਿਆਂ ਅਤੇ ਪ੍ਰਮੁੱਖ ਸ਼ਹਿਰਾਂ ਸ੍ਰੀਨਗਰ, ਬੰਗਲੌਰ, ਚੇਨਈ ਆਦਿ ਨੂੰ ਵੀ ਘਾਹ ਵੇਚ ਰਹੇ ਹਨ। ਸਿਰਫ ਦਸ ਸਾਲ ਪਹਿਲਾਂ, ਕੁਝ ਵਿਅਕਤੀ ਆਪਣੇ ਫਾਰਮਹਾਊਸਾਂ 'ਤੇ ਛੋਟੇ ਪੈਮਾਨੇ 'ਤੇ ਘਾਹ ਪੈਦਾ ਕਰਦੇ ਸਨ। ਪਰ ਅੱਜਕਲ੍ਹ ਕਿਸਾਨ ਏਕੜਾਂ ਵਿਚ ਘਾਹ ਬੀਜ ਰਹੇ ਹਨ।
ਘਾਹ ਲਗਾਉਣ ਲਈ ਗਰਮੀਆਂ ਦੇ ਮਹੀਨਿਆਂ ਦੌਰਾਨ ਨਦੀਨਾਂ ਨੂੰ ਚੰਗੀ ਤਰ੍ਹਾਂ ਵਾਹਿਆ ਜਾਂਦਾ ਹੈ। ਗਰਮੀਆਂ ਦੌਰਾਨ ਕੁਝ ਹਫਤਿਆਂ ਲਈ ਸੂਰਜੀ ਗਰਮੀ ਵਿਚ ਖੁੱਲ੍ਹਾ ਛੱਡਣ ਨਾਲ ਮਿੱਟੀ ਵਿਚ ਰੋਗਾਂ ਨੂੰ ਖਤਮ ਕਰਨ ਵਿਚ ਮਦਦ ਮਿਲਦੀ ਹੈ। ਰਾਊਂਡਅਪ ਦੇ ਸਪਰੇਅ ਨਾਲ ਵੀ ਨਦੀਨਾਂ ਨੂੰ ਕਾਬੂ ਕਰਨ ਵਿਚ ਮਦਦ ਮਿਲਦੀ ਹੈ। ਭੁਰਭਰੀ ਮਿੱਟੀ ਲਾਅਨ ਸਥਾਪਿਤ ਕਰਨ ਲਈ ਸਭ ਤੋਂ ਵਧੀਆ ਹੈ ਕਿਉਂਕਿ ਇਸ ਵਿਚ ਹਵਾ ਘਾਹ ਦੀਆਂ ਜੜ੍ਹਾਂ ਤੱਕ ਆਸਾਨੀ ਨਾਲ ਦਾਖਲ ਹੋ ਸਕਦੀ ਹੈ। ਭਾਰੀ ਮਿੱਟੀ ਵਿਚ ਰੂੜੀ ਵਾਲੀ ਖਾਦ ਪਾ ਕੇ ਸੋਧ ਕੀਤੀ ਜਾ ਸਕਦੀ ਹੈ। ਪਰ ਭਾਰੀ ਮਿੱਟੀ ਟਰਫ ਦੇ ਰੂਪ ਵਿਚ ਘਾਹ ਪੈਦਾ ਕਰਨ ਲਈ ਬਿਹਤਰ ਹੈ ਕਿਉਂਕਿ ਇਹ ਮਿੱਟੀ ਘਾਹ ਨਾਲ ਜੁੜੀ ਰਹਿੰਦੀ ਹੈ ਅਤੇ ਲੰਬੇ ਸਮੇਂ ਲਈ ਨਮੀ ਨੂੰ ਬਰਕਰਾਰ ਰੱਖਣ ਵਿਚ ਮਦਦ ਕਰਦੀ ਹੈ। ਖੇਤ ਦੀ ਤਿਆਰੀ ਵੇਲੇ 20 ਟਨ ਰੂੜੀ ਵਾਲੀ ਖਾਦ ਦੇ ਨਾਲ 160 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ (ਐਸ. ਐਸ. ਪੀ.) ਅਤੇ 150 ਕਿਲੋਗ੍ਰਾਮ ਮਿਉਰੇਟ ਆਫ ਪੋਟਾਸ਼ (ਐਮ. ਓ. ਪੀ.) ਪ੍ਰਤੀ ਏਕੜ ਮਿਲਾਉ। ਮਿੱਟੀ ਦੀਆਂ ਡਲੀਆਂ ਨੂੰ ਤੋੜਨ ਤੋਂ ਬਾਅਦ ਮਿੱਟੀ ਨੂੰ ਸਮਤਲ ਕਰਕੇ ਪਾਣੀ ਲਗਾਓ ਅਤੇ ਜਿਹੜੇ ਨਦੀਨ ਉਗਣ ਉਨ੍ਹਾਂ ਨੂੰ ਨਾਲ ਦੀ ਨਾਲ ਕੱਢ ਦਿਓ।
ਲਾਅਨ ਖੁੱਲ੍ਹੀ ਧੁੱਪ ਵਿਚ ਵਧੀਆ ਚਲਦਾ ਹੈ। ਇਸ ਲਈ ਇਮਾਰਤ ਦੇ ਉਤਰ ਵਾਲੇ ਪਾਸਿਆਂ ਅਤੇ ਵੱਡੇ ਦਰਖੱਤਾਂ ਥੱਲੇ ਘਾਹ ਨਹੀਂ ਲਗਾਉਣਾ ਚਾਹੀਦਾ । ਪੰਜਾਬ ਦੀ ਸਥਿਤੀ ਦੇ ਤਹਿਤ, ਕਲਕੱਤਾ ਗਰਾਸ (ਸਾਇਨੋਡੋਨ ਡੈਕਟਾਈਲੋਨ)-ਦੂਬ ਘਾਹ, ਕਲਕੱਤਾ ਘਾਹ (ਸਾਇਨੋਡੋਨ ਡੈਕਟਾਈਲੋਨ)-ਸਿਲੈਕਸ਼ਨ ਨੰ: 1, ਕੋਰੀਅਨ ਘਾਹ (ਜ਼ੋਇਸ਼ੀਆ ਜੈਪੋਨੀਕਾ) ਅਤੇ ਨੋ ਮੋਅ ਘਾਹ (ਜ਼ੋਇਸ਼ੀਆ ਟੈਨਿਉਇਫੋਲੀਆਂ) ਅਦਿ ਕਿਸਮਾਂ ਲਾਅਨ ਸਥਾਪਿਤ ਕਰਨ ਲਈ ਆਮ ਤੌਰ 'ਤੇ ਵਰਤੀਆਂ ਜਾ ਰਹੀਆਂ ਹਨ। ਘਾਹ ਦੀ ਕਿਸਮ ਦੀ ਮੰਗ ਇਸ ਦੀ ਵਰਤੋਂ ਅਨੁਸਾਰ ਵੱਖਰੀ ਹੁੰਦੀ ਹੈ। ਉਦਾਹਰਨ ਲਈ ਵੱਡੇ ਬਗੀਚਿਆਂ, ਪਾਰਕਾਂ, ਖੇਡਾਂ ਦੇ ਮੈਦਾਨ, ਮੈਰਿਜ ਪੈਲੇਸਾਂ ਜਾਂ ਹੋਰ ਸਮਾਜਿਕ/ਧਾਰਮਿਕ ਥਾਵਾਂ ਆਦਿ ਲਈ ਦੂਬ ਘਾਹ ਲਗਾਇਆ ਜਾਂਦਾ ਹੈ ਕਿਉਂਕਿ ਇਹ ਸੋਕੇ ਨੂੰ ਸਹਾਰ ਸਕਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ।
ਮੋਬਾਈਲ : 97795-81523.

ਕੰਧਾਂ ਓਹਲੇ- ਕਰਮਾਂ ਵਾਲੇ

ਮਨੁੱਖ ਵੀ ਅਜੀਬ ਸ਼ੈਅ ਹੈ, ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਕੰਧ ਦੇ ਓਹਲੇ ਕੀ ਹੈ, ਇਹ ਭਰਮ ਪਾਲਦਾ ਹੈ ਕਿ ਦੂਜੇ ਪਾਸੇ ਖੁਸ਼ਹਾਲੀ ਹੈ, ਮੌਜ ਹੈ, ਜ਼ਿਆਦਾ ਹੈ ਤੇ ਓਹਲੇ ਬੈਠੇ ਲੋਕ ਕਰਮਾਂ ਵਾਲੇ ਹਨ। ਕੰਧਾਂ ਦੀ ਮਜ਼ਬੂਤੀ, ਪੱਕੀਆਂ, ਸੀਮੈਂਟ ਜਾਂ ਮਿੱਟੀ ਦੀਆਂ ਇੱਟਾਂ ਵਿਚ ਨਹੀਂ ਹੁੰਦੀ, ਇਹ ਤਾਂ ਪਰਲੇ ਪਾਸੇ ਲੁਕੇ ਹੋਏ ਭੈਅ ਵਿਚ ਹੁੰਦੀ ਹੈ। ਮਨੁੱਖ ਆਪੇ ਹੀ ਕੰਧਾਂ ਕੱਢੀ ਜਾਂਦਾ ਹੈ। ਕਦੇ ਦੂਜੇ ਨੂੰ ਢਾਹੁਣ ਦੀਆਂ, ਕਦੇ ਦੂਜੇ ਨੂੰ ਸਿਰੇ ਲਾਉਣ ਦੀਆਂ, ਕਦੇ ਆਪਾ ਵਾਰਨ ਦੀਆਂ ਤੇ ਕਦੇ ਕੱਖ ਨਾ ਰਹਿਣ ਦੇਣ ਦੀਆਂ। ਉਹ ਭੁੱਲ ਜਾਂਦਾ ਹੈ ਕਿ ਕੰਧਾਂ ਦੀ ਹੋਂਦ ਮਨ ਤੋਂ ਸ਼ੂਰੁ ਹੋ ਕੇ ਮਨ ਵਿਚ ਹੀ ਖਤਮ ਹੁੰਦੀ ਹੈ। ਜਦੋਂ ਅਸੀਂ ਕਬਜ਼ੇ ਲਈ ਕੰਧ ਕੱਢਦੇ ਹਾਂ ਤਾਂ ਇਹ ਵੀ ਸੱਚ ਹੋ ਨਿਬੜਦਾ ਹੈ ਕਿ ਬਾਕੀ ਸਾਰੀ ਦੁਨੀਆ ਅਸੀਂ ਕਿਸੇ ਹੋਰ ਲਈ ਛੱਡ ਕੇ ਆਪ ਕੈਦ ਹੋ ਗਏ ਹਾਂ। ਆਓ ਪਿੰਡਾਂ, ਸ਼ਹਿਰਾਂ ਵਿਚ ਕਲੇਸ਼ ਦੀਆਂ ਜੜ੍ਹਾਂ, ਕੰਧਾਂ, ਨੂੰ ਮਨ ਵਿੱਚੋਂ ਢਾਅ ਦੇਈਏ ਤੇ ਓਹਲੇ ਨੂੰ ਆਪਣਾ ਬਣਾਈਏ।


-ਮੋਬਾ: 98159-45018

ਕਿਸਾਨਾਂ ਦੀ ਦੀਵਾਲੀ ਫਿੱਕੀ ਰਹੀ, ਪ੍ਰੇਸ਼ਾਨੀਆਂ ਵਧੀਆਂ

ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਬਜ਼ਾਰਾਂ ਵਿਚ ਜੀ.ਐਸ.ਟੀ ਤੇ ਨੋਟਬੰਦੀ ਦੇ ਪ੍ਰਭਾਵਾਂ ਕਾਰਨ ਰੌਣਕ ਬੜੀ ਘੱਟ ਸੀ, ਸ਼ਹਿਰਾਂ ਵਿਚ ਦੀਵਾਲੀ ਲੋਕਾਂ ਨੇ ਬੜੇ ਉਤਸ਼ਾਹ ਨਾਲ ਮਨਾਈ। ਅਜਿਹਾ ਸਰਕਾਰ ਵਲੋਂ ਪਟਾਕਿਆਂ ਤੇ ਆਤਿਸ਼ਬਾਜ਼ੀ 'ਤੇ ਲਾਈਆਂ ਗਈਆਂ ਸੀਮਿਤ ਪਾਬੰਦੀਆਂ ਦੇ ਬਾਵਜੂਦ ਪ੍ਰਦੂਸ਼ਣ ਪਿਛਲੇ ਸਾਲ ਦੀ ਦੀਵਾਲੀ ਨਾਲੋਂ ਵਧ ਜਾਣ ਤੋਂ ਵੀ ਪ੍ਰਤੱਖ ਹੁੰਦਾ ਹੈ। ਜੋ ਪ੍ਰਦੂਸ਼ਣ ਵੱਧਣ ਦਾ ਕਾਰਨ ਖੇਤਾਂ ਵਿਚ ਪਰਾਲੀ ਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣਾ ਦੱਸਿਆ ਜਾਂਦਾ ਹੈ, ਉਹ ਪ੍ਰਦੂਸ਼ਣ ਵਧਣ ਦਾ ਮੁੱਖ ਕਾਰਨ ਨਹੀਂ। ਅਜੇ ਤਾਂ ਝੋਨੇ ਦੀ ਫ਼ਸਲ ਵੱਢਣ ਤੇ ਸਮੇਟਨ ਤੋਂ ਬਿਨਾ ਇੱਕ ਵੱਡੇ ਰਕਬੇ 'ਤੇ ਖੜ੍ਹੀ ਹੈ। ਪਿਛਲੇ ਸਾਲਾਂ ਦੌਰਾਨ ਦੀਵਾਲੀ ਦਾ ਤਿਉਹਾਰ ਅਕਤੂਬਰ ਦੇ ਅੰਤ ਜਾਂ ਨਵੰਬਰ ਵਿਚ ਆਉਂਦਾ ਰਿਹਾ ਹੈ, ਜਦੋਂ ਝੋਨੇ ਦੀ ਵਾਢੀ ਪੂਰੇ ਜੋਬਨ ਵਿਚ ਹੁੰਦੀ ਹੈ। ਫਿਰ ਇਸ ਸਾਲ ਤਾਂ ਕੌਮੀ ਗਰੀਨ ਟ੍ਰਿਬਿਊਨਲ ਨੇ ਪਰਾਲੀ ਸਾੜਨ 'ਤੇ ਪਾਬੰਦੀ ਵੀ ਲਾਈ ਹੋਈ ਹੈ, ਜਿਸ ਦਾ ਕਿਸਾਨਾਂ ਦੇ ਮਨ 'ਤੇ ਪ੍ਰਭਾਵ ਹੈ ਤੇ ਮੁਕਾਬਲਤਨ ਝੋਨੇ ਦੀ ਰਹਿੰਦ-ਖੂੰਹਦ ਦਾ ਘੱਟ ਸਾੜਨਾ ਦਿਖਾਈ ਦਿੰਦਾ ਹੈ। ਕਿਸਾਨਾਂ ਨੇ ਤਾਂ ਦੀਵਾਲੀ ਦੀਆਂ ਖ਼ੁਸ਼ੀਆਂ ਦਾ ਆਨੰਦ ਹੀ ਨਹੀਂ ਮਾਣਿਆ, ਕਿਉਂਕਿ ਉਹ ਸਾਰੇ ਪਾਸਿਉਂ ਪ੍ਰੇਸ਼ਾਨੀਆਂ ਦਾ ਸ਼ਿਕਾਰ ਸਨ। ਝੋਨੇ ਅਤੇ ਬਾਸਮਤੀ ਦੀਆਂ ਅਗੇਤੀ ਪੱਕਣ ਵਾਲੀਆਂ ਪੀ.ਆਰ 126 ਤੇ ਪੂਸਾ ਬਾਸਮਤੀ 1509 ਕਿਸਮ ਦੀ ਵਾਢੀ, ਇਨ੍ਹਾਂ ਦਾ ਮੰਡੀਕਰਨ ਅਤੇ ਇਨ੍ਹਾਂ ਕਿਸਮਾਂ ਦੀ ਪਰਾਲੀ ਦੀ ਸਾਂਭ-ਸੰਭਾਲ ਵਿਚ ਰੁਝੇ ਹੋਏ ਸਨ। ਪੀ.ਆਰ. 126 ਕਿਸਮ ਝੋਨੇ ਦੇ ਮੰਡੀਕਰਨ ਵਿਚ ਆ ਰਹੀਆਂ ਮੁਸ਼ਕਿਲਾਂ ਕਾਰਨ ਉਹ ਦੀਵਾਲੀ ਦੀ ਰਾਤ ਵੀ ਮੰਡੀਆਂ ਵਿਚ ਰੁਲ ਰਹੇ ਸਨ। ਸੈਲਰਾਂ ਵਾਲੇ ਸਮਰਥਨ ਮੁੱਲ ਤੋਂ 200 ਰੁਪਏ ਕੁਇੰਟਲ ਤੋਂ ਘੱਟ ਭਾਅ ਦੇ ਕੇ ਫ਼ਸਲ 1400 ਰੁਪਏ ਕੁਇੰਟਲ ਤੱਕ ਖਰੀਦਦੇ ਸਨ। ਇਸ ਦਾ ਕਾਰਨ ਸੈਲਰਾਂ ਵਾਲੇ ਤੇ ਆੜ੍ਹਤੀਏ ਇਸ ਕਿਸਮ ਤੋਂ ਪੂਸਾਂ 44, ਪੀ.ਆਰ 121, ਪੀ.ਆਰ 114 ਆਦਿ, ਜਿਹੀਆਂ ਕਿਸਮਾਂ ਦੇ ਮੁਕਾਬਲੇ ਚੌਲਾਂ ਦੀ ਘੱਟ ਵਸੂਲੀ ਦੱਸਦੇ ਹਨ। ਪੰਜਾਬ ਖੇਤੀ ਯੂਨੀਵਰਸਿਟੀ ਦੇ ਚੌਲਾਂ ਦੇ ਸੀਨੀਅਰ ਬਰੀਡਰ ਡਾ: ਗੁਰਚਰਨ ਸਿੰਘ ਮਾਂਗਟ ਦਾ ਕਹਿਣਾ ਹੈ ਕਿ ਸੈਲਰ 1 ਕੁਇੰਟਲ ਬਦਲੇ 67 ਕਿਲੋ ਚੌਲ ਐਫ.ਸੀ.ਆਈ. ਨੂੰ ਦਿੰਦੇ ਹਨ। ਜਿਸ ਵਿਚ 50-51 ਕਿਲੋ ਸਾਬਤ ਚੌਲ ਤੇ ਬਾਕੀ ਟੋਟਾ ਹੁੰਦਾ ਹੈ। ਪੀ.ਆਰ 126 ਕਿਸਮ ਵਿਚ ਹੋਰ ਕਿਸਮਾਂ ਦੇ ਮੁਕਾਬਲੇ ਟੋਟਾ ਕੁਝ ਜ਼ਿਆਦਾ ਜ਼ਰੂਰ ਹੈ, ਪ੍ਰੰਤੂ ਇਸ ਨਾਲ ਸੈਲਰਾਂ ਦੀ ਆਰਥਿਕਤਾ ਪ੍ਰਭਾਵਤ ਨਹੀਂ ਹੁੰਦੀ। ਉਹ ਕਿਸਾਨਾਂ ਦਾ ਸ਼ੋਸ਼ਣ ਕਰਦੇ ਹਨ, ਕਿਉਂਕਿ ਇਸ ਕਿਸਮ ਦਾ ਝਾੜ ਵੱਧ ਹੋਣ ਕਾਰਨ ਕਿਸਾਨ ਦਾ ਮੁਨਾਫ਼ਾ ਵੱਧ ਜਾਂਦਾ ਹੈ। ਉਹ ਉਨ੍ਹਾਂ ਨੂੰ ਘੱਟ ਕੀਮਤ ਦੇ ਕੇ ਖਰੀਦਣ ਵਿਚ ਸਫ਼ਲ ਹੋ ਜਾਂਦੇ ਹਨ। ਡਾ: ਮਾਂਗਟ ਅਨੁਸਾਰ ਇਹ ਕਿਸਮ ਕਿਸਾਨ ਹਿਤ ਹੈ ਅਤੇ ਪੂਸਾ ਬਾਸਮਤੀ 1509 ਕਿਸਮ ਜਿਹੀ ਲਾਹੇਵੰਦ ਹੈ, ਜੋ ਵਧੇਰੇ ਝਾੜ ਦੇਣ ਦੇ ਬਾਵਜੂਦ ਪੱਕਣ ਨੂੰ ਬਹੁਤ ਥੋੜ੍ਹਾ ਸਮਾਂ ਲੈਂਦੀ ਹੈ। ਕਿਸਾਨ ਖਰੀਫ਼ ਦੇ ਮੌਸਮ ਵਿਚ ਝੋਨੇ ਬਾਸਮਤੀ ਦੀ ਕਾਸ਼ਤ ਨੂੰ ਤਿਲਾਂਜਲੀ ਨਹੀਂ ਦੇ ਸਕਦੇ ਅਤੇ ਨਾ ਹੀ ਵਪਾਰੀ ਇਸ ਦੇ ਵਪਾਰ ਨੂੰ ਛੱਡ ਸਕਦੇ ਹਨ। ਇਹ ਮੁਨਾਫ਼ੇ ਵਜੋਂ ਹੀ ਹੈ ਕਿ ਝੋਨੇ ਦੀ ਕਾਸ਼ਤ ਥੱਲੇ ਰਕਬਾ ਨਹੀਂ ਘਟ ਰਿਹਾ ਅਤੇ ਪੰਜਾਬ ਵਿਚ ਇਕੋ ਸਾਲ 250 ਸੈਲਰ ਨਵੇਂ ਸਥਾਪਤ ਹੋ ਗਏ। ਜਦੋਂ ਕਿ ਹੋਰ ਕੋਈ ਉਦਯੋਗ ਰਾਜ ਵਿਚ ਨਹੀਂ ਲੱਗਿਆ। ਡਾ: ਮਾਂਗਟ ਨੇ ਆਪਣੇ ਕਥਨ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਪਿਛਲੇ 2-3 ਸਾਲਾਂ ਦੌਰਾਨ ਵਪਾਰ ਨੇ ਕਿਸਾਨ ਹਿਤਾਂ ਵਿਚ ਵਿਕਸਤ ਕੀਤੀ ਗਈ ਪੂਸਾ ਬਾਸਪਤੀ 1509 ਸਬੰਧੀ ਵੀ ਘੱਟ ਕੀਮਤ ਦੇ ਕੇ ਅਜਿਹਾ ਹੀ ਕੀਤਾ ਸੀ, ਜਦੋਂ ਕਿ ਇਸ ਸਾਲ ਪੂਰੀ ਕੀਮਤ ਦੇ ਕੇ ਵੀ ਕਮਾਈ ਕਰ ਰਹੇ ਹਨ।
ਸਰਕਾਰ ਵਲੋਂ ਪਟਾਕੇ ਤੇ ਆਤਿਸ਼ਬਾਜ਼ੀ 'ਤੇ ਲਾਈ ਗਈ ਪਾਬੰਦੀ ਦੀ ਉਲੰਘਣਾ ਖੁੱਲ੍ਹਮ-ਖੁੱਲ੍ਹੀ ਕੀਤੀ ਗਈ। ਇਸੇ ਤਰ੍ਹਾਂ ਕੌਮੀ ਗਰੀਨ ਟ੍ਰਿਬਿਊਨਲ ਵਲੋਂ ਪਰਾਲੀ ਨੂੰ ਅੱਗ ਲਾਉਣ 'ਤੇ ਲਾਈ ਗਈ ਪਾਬੰਦੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬਿਹਤਰ ਹੋਵੇ ਜੇ ਸਰਕਾਰ ਹੁਕਮ ਜਾਰੀ ਕਰਨ ਤੋਂ ਪਹਿਲਾਂ ਉਸ ਸਬੰਧੀ ਲੋੜੀਂਦਾ ਸਰਵੇਖਣ ਕਰ ਕੇ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਲਈ ਯੋਗ ਪ੍ਰਬੰਧ ਕਰਕੇ ਸਾਧਨ ਮੁਹੱਈਆ ਕਰੇ, ਅਤੇ ਪ੍ਰਭਾਵਿਤ ਹੋਣ ਵਾਲੀਆਂ ਸ਼੍ਰੇਣੀਆਂ ਦੀ ਸੋਚ ਬਦਲ ਕੇ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਕਰੇ। ਇਸ ਸਬੰਧੀ ਪੰਜਾਬ ਕੰਜ਼ਰਵੇਸ਼ਨ ਸਬ-ਸਾਇਲ ਵਾਟਰ ਐਕਟ, 2009 ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਜਿਸ ਲਈ ਸਰਕਾਰ ਨੇ ਕਿਸਾਨਾਂ ਦੀ ਰਾਇ ਬਣਾ ਕੇ 10 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਲਈ ਸਹਿਮਤ ਕੀਤਾ ਸੀ।
ਅਗਲੀ ਸਾਉਣੀ ਵਿਚ ਕਿਸਾਨ ਮੁੜ ਤੋਂ ਬਾਸਮਤੀ ਥੱਲੇ ਰਕਬਾ ਵਧਾਉਣ ਲਈ ਉਤਸ਼ਾਹਿਤ ਹਨ। ਕਿਉਂਕਿ ਇਸ ਸਾਲ ਉਨ੍ਹਾਂ ਨੂੰ ਲਾਹੇਵੰਦ ਮੁੱਲ ਪ੍ਰਾਪਤ ਹੋ ਰਿਹਾ ਹੈ। ਇਸ ਦਾ ਕਾਰਨ ਭਾਵੇਂ ਬਾਸਮਤੀ ਦੀ ਕਾਸ਼ਤ ਥੱਲੇ ਰਕਬੇ ਦਾ ਘਟਣਾ ਹੋਵੇ, ਭਾਵੇਂ ਪਿਛਲੇ ਸਟਾਕ ਦਾ ਖ਼ਤਮ ਹੋਣਾ ਜਾ ਨਿਰਯਾਤ ਦੇ ਵਧੇਰੇ ਆਰਡਰ ਮਿਲਣ ਦੀ ਸੰਭਾਵਨਾ। ਇਸ ਸਬੰਧੀ ਯੂਰਪ ਵਿਚ ਜਿੱਥੇ ਭਾਰਤ ਤੋਂ 3.5 ਲੱਖ ਟਨ ਬਾਸਮਤੀ ਚੌਲ ਸਾਲਾਨਾ ਬਰਾਮਦ ਕੀਤੇ ਜਾਂਦੇ ਹਨ, ਟਰਾਈਸਾਈਕਲਾਂਜ਼ੋਨ ਜ਼ਹਿਰ ਦੀ ਪ੍ਰਯੋਗ ਸੀਮਾਂ ਨਾਮਾਤਰ 100 ਕਿਲੋ ਲਈ 1 ਮਿਲੀ ਗ੍ਰਾਮ ਤੱਕ ਕਰ ਦਿੱਤਾ ਗਿਆ ਹੈ, ਇਸ ਸਬੰਧੀ ਵੀ ਕਿਸਾਨ ਪ੍ਰੇਸ਼ਾਨ ਹਨ। ਇਸ ਦੀ ਥਾਂ ਜੋ ਪੈਸਟੀਸਾਈਡ ਵਰਤੇ ਜਾਦੇ ਹਨ, ਉਨ੍ਹਾਂ ਦਾ ਖਰਚਾ 6-7 ਗੁਣਾ ਵਧ ਜਾਏਗਾ। ਹੁਣ ਵਰਤਣ ਵੀ ਜੋ ਮੰਡੀ ਵਿਚ ਗਲੋਈੳਲੋ ਅਤੇ ਨਟੀਬੋ ਜਿਹੇ ਕੀਟਨਾਸ਼ਕ ਵਰਤਣ ਲਈ ਸਿਫ਼ਾਰਿਸ਼ ਕੀਤੇ ਜਾ ਰਹੇ ਹਨ, ਉਹ ਬਹੁਤ ਮਹਿੰਗੇ ਹਨ, ਭਾਵੇਂ ਇਨ੍ਹਾਂ ਦੇ ਅੰਸ਼ ਚੌਲਾਂ ਵਿਚ ਨਹੀਂ ਆਉਂਦੇ ਅਤੇ ਸਿਹਤ ਲਈ ਹਾਨੀਕਾਰਕ ਨਹੀਂ ਬਣਦੇ। ਇਸ ਲਈ ਇਹ ਖਰਚੇ ਘਟਾਉਣ ਪੱਖੋਂ ਅਤੇ ਯੂਰਪ ਤੇ ਹੋਰ ਖਾੜੀ ਦੇ ਮੁਲਕਾਂ ਵਿਚ ਬਾਸਮਤੀ ਦੀ ਨਿਰਯਾਤ ਵਧਾਉਣ ਦੇ ਉਦੇਸ਼ ਨਾਲ ਭਾਰਤੀ ਖੇਤੀ ਖੋਜ ਸੰਸਥਾਨ (ਆਈ.ਏ.ਆਰ.ਆਈ ਨੇ ਖੋਜ ਕਰਕੇ ਪੂਸਾ ਬਾਸਮਤੀ 1 ਕਿਸਮ ਵਿਚ ਇਕ ਜ਼ੀਨ ਪਾ ਕੇ ਇਸ ਨੂੰ ਪੱਤਾ ਬਲਾਸਟ ਅਤੇ ਗਰਦਨ ਮਰੋੜ ਬਲਾਸਟ ਦਾ ਟਾਕਰਾ ਕਰਨ ਦੀ ਸੰਗੀਨ ਸਮਰਥਾ ਪੈਦਾ ਕਰ ਦਿੱਤੀ ਹੈ। ਇਸੇ ਉਪਰੰਤ ਪੂਸਾ ਬਾਸਮਤੀ 1637 ਕਿਸਮ ਦੇ ਨਾਂਅ 'ਤੇ ਨਵੀਂ ਕਿਸਮ ਜਾਰੀ ਕਰ ਕੇ ਜੋ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਸਬੰਧੀ ਬਣਾਈ ਗਈ ਕੇਂਦਰ ਦੀ ਕਮੇਟੀ ਪ੍ਰਵਾਨ ਕਰ ਦਿੱਤੀ ਗਈ ਹੈ, ਕਿਸਾਨਾਂ ਨੂੰ ਕਾਰਜ ਕਰਨ ਲਈ ਸਿਫਾਰਿਸ਼ ਕਰ ਦਿੱਤੀ ਹੈ। ਇਸੇ ਤਰ੍ਹਾਂ ਦੋ ਹੋਰ ਨਵੀਂਆਂ ਕਿਸਮਾਂ ਦਾ ਵਿਕਾਸ ਕਰਕੇ ਬਾਸਮਤੀ ਸ਼੍ਰੇਣੀ ਵਿਚ ਜਾਰੀ ਕਰ ਦਿੱਤੀਆਂ ਗਈਆਂ ਹਨ। ਪੂਸਾ ਬਾਸਮਤੀ 1728 ਕਿਸਮ ਪੂਸਾ ਬਾਸਮਤੀ 1401 ਦਾ ਬਦਲ ਹੈ ਜਿਸ ਵਿਚ ਇਸ ਨੂੰ ਆਉਣ ਵਾਲੀਆਂ ਬਿਮਾਰੀਆਂ ਦਾ ਟਾਕਰਾ ਕਰਨ ਦੀ ਸ਼ਕਤੀ ਹੈ। ਦੂਜੀ ਕਿਸਮ ਪੂਸਾ ਬਾਸਮਤੀ 1718 ਹੈ ਜੋ ਬਲਾਸਟ ਤੇ ਬਲਾਈਟ ਦੇ ਹਮਲੇ ਤੋਂ ਮੁਕਾਬਲਤਨ ਮੁਕਤ ਹੋਵੇਗੀ। ਇਹ ਕਿਸਮ ਪੂਸਾ ਬਾਸਮਤੀ 1121 ਦਾ ਬਦਲ ਹੈ। ਬਾਸਮਤੀ ਦੀ ਕਾਸ਼ਤ ਲਈ ਜੋ ਮੱਧ-ਪ੍ਰਦੇਸ਼ ਨੂੰ ਦੋ ਜ਼ਿਲ੍ਹਿਆਂ ਸੰਬੰਧੀ ਇਸ ਮਹੀਨੇ ਦੇ ਅੰਤ ਤੱਕ ਜੀ.ਆਈ. ਰਜਿਸਟਰੀ ਵਲੋਂ ਜੀ.ਆਈ. ਟੈਗ ਦਿੱਤੇ ਜਾਣ ਦਾ ਅਨੁਮਾਨ ਹੈ, ਉਸ ਸਬੰਧੀ ਵੀ ਕਿਸਾਨ ਚਿੰਤਾਤੁਰ ਹਨ। ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਇਸ ਦੀ ਵਿਰੋਧਤਾ ਕਰਨੀ ਚਾਹੀਦੀ ਹੈ।


-ਮੋਬਾ: 98152-36307

ਨੀਮਾਟੋਡ : ਪਹਿਚਾਣ ਅਤੇ ਬਚਾਅ

ਪੰਜਾਬ ਵਿਚ ਹਰ ਸਾਲ ਕਿਸਾਨ ਵੀਰਾਂ ਵੱਲੋਂ ਝੋਨਾ, ਕਣਕ, ਮੱਕੀ , ਸਰ੍ਹੋਂ ਅਤੇ ਸਬਜ਼ੀਆਂ ਦੀ ਖੇਤੀ ਕੀਤੀ ਜਾਂਦੀ ਹੈ। ਇਹ ਪੰਜਾਬ ਦੀਆਂ ਮੁੱਖ ਫ਼ਸਲਾਂ ਵਿਚੋਂ ਹਨ। ਪੰਜਾਬ ਵਿਚ ਇਹ ਫ਼ਸਲਾਂ ਅਲੱਗ-ਅਲੱਗ ਟਾਈਮ ਤੇ ਮੌਸਮ ਦੇ ਹਿਸਾਬ ਨਾਲ ਬੀਜੀਆਂ ਜਾਂਦੀਆ ਹਨ। ਇਨ੍ਹਾਂ ਫ਼ਸਲਾਂ ਉਪੱਰ ਵੱਖ-ਵੱਖ ਤਰ੍ਹਾਂ ਦੇ ਕੀੜਿਆ ਅਤੇ ਭਿਆਨਕ ਬਿਮਾਰੀਆਂ ਦਾ ਹਮਲਾ ਹੁੰਦਾ ਹੈ, ਜਿਸ ਨਾਲ ਫ਼ਸਲ ਦੇ ਝਾੜ ਉਪਰ ਕਾਫੀ ਅਸਰ ਪੈਂਦਾ ਹੈ।
ਅੱਜ ਅਸੀਂ ਇਸ ਲੇਖ ਵਿਚ ਇਕ ਅਜਿਹੇ ਕੀੜੇ ਬਾਰੇ ਦੱਸਾਂਗੇ, ਜਿਸ ਬਾਰੇ ਬਹੁਤੇ ਕਿਸਾਨ ਵੀਰਾਂ ਨੂੰ ਪਤਾ ਨਹੀਂ। ਇਸ ਕੀੜੇ ਦਾ ਨਾਂਅ ਨੇਮਤੋੜੇ ਹੈ। ਜਿਸ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਇਹ ਕੀੜੇ ਮਿੱਟੀ ਵਿਚ ਰਹਿੰਦੇ ਹਨ। ਇਨ੍ਹਾਂ ਨੂੰ ਨੰਗੀ ਅੱਖ ਨਾਲ ਵੇਖਣਾ ਮੁਸ਼ਕਿਲ ਹੈ। ਇਹ ਕੀੜਾ ਬੂਟੇ ਦੀਆਂ ਜੜ੍ਹਾਂ ਉੱਪਰ ਹਮਲਾ ਕਰਦਾ ਹੈ। ਇਹ ਬੂਟੇ ਦੀਆਂ ਜੜ੍ਹਾਂ ਵਿਚੋਂ ਜੋ ਤੱਤ ਬੂਟੇ ਨੂੰ ਚਾਹੀਦੇ ਹਨ ਉਨ੍ਹਾਂ ਨੂੰ ਚੂਸਦਾ ਹੈ। ਜਿਸ ਨਾਲ ਬੂਟੇ ਦਾ ਵਿਕਾਸ ਨਹੀਂ ਹੁੰਦਾ ਤੇ ਉਹ ਛੋਟਾ ਰਹਿ ਜਾਂਦਾ ਹੈ। ਇਸ ਨੇਮਤੋੜੇ ਦੀ ਮਾਦਾ ਇਕ ਸਮੇਂ ਵਿਚ 250 ਤੋਂ 300 ਦੀ ਸੰਖਿਆ ਵਿਚ ਅੰਡੇ ਦਿੰਦੀ ਹੈ। ਜਿਸ ਨਾਲ ਇਹ ਬਹੁਤ ਤੇਜ਼ੀ ਨਾਲ ਵਧਦਾ ਹੈ। ਇਨ੍ਹਾਂ ਅੰਡਿਆਂ ਵਿਚੋਂ ਨਿਕਲੇ ਲਾਰਵੇ ਜੜ੍ਹਾਂ ਉਪਰ ਹਮਲਾ ਕਰਕੇ ਆਪਣਾ ਭੋਜਨ ਲੈਂਦੇ ਹਨ।
ਕਈ ਵਾਰ ਵੇਖਣ ਵਿਚ ਆਇਆ ਹੈ ਵੀ ਕਿਸਾਨ ਲੋੜ ਮੁਤਾਬਿਕ ਫ਼ਸਲ ਨੂੰ ਸਾਰੀਆਂ ਖਾਦਾ ਪਾਉਂਦੇ ਹਨ ਪਰ ਫਿਰ ਵੀ ਬੂਟੇ ਦਾ ਵਿਕਾਸ ਨਹੀਂ ਹੁੰਦਾ। ਇਸ ਸੂਰਤ ਵਿਚ ਉਸ ਉਪਰ ਨੇਮਤੋੜੇ ਦਾ ਹਮਲਾ ਹੋ ਸਕਦਾ ਹੈ।
ਹੁਣ ਸਵਾਲ ਇਹ ਉਠਦਾ ਹੈ ਕਿ ਇਸ ਕੀੜੇ ਦੇ ਹਮਲੇ ਦਾ ਸਾਨੂੰ ਪਤਾ ਕਿਵੇਂ ਲੱਗਾ। ਇਸ ਲਈ ਇਕ ਬਹੁਤ ਹੀ ਸੌਖਾ ਤਰੀਕਾ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਬੂਟੇ ਦਾ ਵਿਕਾਸ ਨਹੀਂ ਹੋ ਰਿਹਾ ਤਾਂ ਇੱਕ ਬੂਟੇ ਨੂੰ ਪੁੱਟ ਕੇ ਉਸ ਦੀਆ ਜੜ੍ਹਾਂ ਤੋਂ ਮਿੱਟੀ ਝਾੜ ਕ ਉਸ ਦੀਆਂ ਜੜ੍ਹਾਂ ਵੇਖੋ ਜੇਕਰ ਜੜਾਂ ਵਿਚ ਗੱਠਾਂ ਦਿਸਣ ਤਾਂ ਉਸ ਬੂਟੇ ਉਪਰ ਨੇਮਤੋੜੇ ਹਮਲਾ ਹੋ ਸਕਦਾ ਹੈ ਜੋ ਕਿ ਬੂਟੇ ਲਈ ਨੁਕਸਾਨਦਾਇਕ ਹੈ।
ਇਸ ਦਾ ਅਸਰ ਹਰ ਤਰਾ ਦੀ ਫ਼ਸਲ ਉਪਰ ਵੇਖਣ ਨੂੰ ਮਿਲਦਾ ਹੈ। ਸਬਜ਼ੀਆਂ,ਕਣਕ,ਝੋਨਾ ਉੱਪਰ ਇਸ ਦਾ ਅਸਰ ਜਿਆਦਾ ਵੇਖਣ ਨੂੰ ਮਿਲਦਾ ਹੈ, ਜੋ ਵੀ ਖਾਦਾਂ ਅਸੀਂ ਬੂਟੇ ਨੂੰ ਪਾਉਂਦੇ ਹਾਂ ਉਸਦੇ ਸਾਰੇ ਜ਼ਰੂਰੀ ਤੱਤ ਇਹ ਕੀੜਾ ਚੂਸ ਲੈਂਦਾ ਹੈ।
ਇਸ ਦੀ ਰੋਕਥਾਮ ਲਈ ਕਈ ਅਲੱਗ-ਅਲੱਗ ਢੰਗ ਅਪਣਾ ਸਕਦੇ ਹਾਂ, ਜਿਨ੍ਹਾਂ ਕਿਸਾਨ ਵੀਰਾਂ ਨੇ ਸਬਜ਼ੀ ਦੀ ਪਨੀਰੀ ਲਈ ਬੀਜ ਤਿਆਰ ਕਰਨਾ ਹੈ। ਉਹ ਜਿਸ ਮਿੱਟੀ ਨੂੰ ਵਰਤ ਰਹੇ ਹਨ, ਉਸ ਨੂੰ ਫੋਰਮਲੀਨ ਨਾਲ ਕੀਟਾਣੂ ਰਹਿਤ ਕਰ ਲੈਣ। ਫੋਰਮਲੀਨ ਨੂੰ ਡਿਲਿਊਟ ਕਰਕੇ ਮਿੱਟੀ ਉਪਰ ਛਿੜਕ ਕੇ ਜਾਂ ਵਿਚ ਰਲਾ ਕੇ 12 ਘੰਟਿਆਂ ਲਈ ਚੰਗੀ ਤਰ੍ਹਾਂ ਢਕ ਕੇ ਰੱਖ ਦੇਵੋ। ਕਰਨ ਲਈ ਇਕ ਲਿਟਰ ਫੋਰਮਲੀਨ ਵਿਚ 7-8 ਜੱਗ ਪਾਣੀ ਦੇ ਰਲਾ ਲਵੋ। ਇਸ ਨਾਲ ਜਿੰਨੇ ਵੀ ਨੇਮਤੋੜੇ ਹੋਣਗੇ ਉਹ ਨਸ਼ਟ ਹੋ ਜਾਣਗੇ।
ਦੂਸਰਾ ਜੇਕਰ ਅਸੀਂ ਖੇਤ ਵਿਚ ਇਸ ਦੀ ਰੋਕਥਾਮ ਕਰਨੀ ਹੈ ਤਾਂ ਖੇਤ ਵਿਚ ਹਰੀ ਖਾਦ ਨੂੰ ਰਲਾਓ। ਇਸ ਲਈ ਤੁਸੀਂ ਜੰਤਰ, ਮੂੰਗੀ, ਸਣ ਨੂੰ ਫ਼ਸਲ ਲਾਉਣ ਤੋਂ ਪਹਿਲਾਂ ਬੀਜ ਕੇ ਖੇਤ ਦੇ ਵਿਚ ਰਲਾ ਦਵੋ। ਇਹ ਹਰੀ ਖਾਦ ਦਾ ਕੰਮ ਕਰਨਗੇ। ਇਸ ਦੇ ਨਾਲ ਖੇਤ ਵਿਚ ਔਰਗੈਨਿਕ ਮੈਟਰ ਵਧੂਗਾ। ਇਸ ਔਰਗੈਨਿਕ ਮੈਟਰ ਉਪਰ ਇਕ ਖਾਸ ਕਿਸਮ ਦੀ ਉੱਲੀ ਲਗਦੀ ਹੈ ਜੋ ਨੇਮਤੋੜੇ ਨੂੰ ਨਸ਼ਟ ਕਰ ਦਿੰਦੀ ਹੈ।
ਤੀਸਰਾ ਉਪਾਅ ਇਹ ਹੈ ਕਿ ਕੋਈ ਵੀ ਫ਼ਸਲ ਬੀਜਣ ਤੋਂ ਪਹਿਲਾਂ ਉਸ ਦੇ ਬੀਜ ਨੂੰ ਜੀਵਾਣੂ ਦਾ ਟੀਕਾ ਲਗਾ ਦਿਓ। ਇਹ ਹਰ ਫ਼ਸਲ ਲਈ ਅਲੱਗ ਹੁੰਦਾ ਹੈ। ਜਦੋਂ ਬੀਜ ਮਿੱਟੀ ਵਿਚ ਜੰਮੇਗਾ ਤਾਂ ਇਹ ਜੜ੍ਹਾਂ ਦੇ ਆਲੇ-ਦੁਆਲੇ ਫੈਲ ਜਾਵੇਗਾ, ਜਿਸ ਨਾਲ ਨੇਮਤੋੜੇ ਨੂੰ ਜੜ੍ਹਾਂ ਉਪਰ ਹਮਲਾ ਕਰਨ ਲਈ ਰਸਤਾ ਨਹੀਂ ਮਿਲੇਗਾ ਤੇ ਬੂਟਾ ਹਮਲੇ ਤੋਂ ਬਚ ਜਾਵੇਗਾ। ਜੀਵਾਣੂ ਟੀਕਾ ਜੜ੍ਹਾਂ ਨੂੰ ਮਿੱਟੀ ਵਿਚ ਵਧਣ ਵਿਚ ਵੀ ਮਦਦ ਕਰਦਾ ਹੈ। ਇਹ ਮਿੱਟੀ ਵਿਚੋਂ ਫਾਸਫੋਰਸ ਨੂੰ ਜੜ੍ਹਾਂ ਤੱਕ ਪਹੁੰਚਾਉਂਦਾ ਹੈ, ਜਿਸ ਨਾਲ ਜੜ੍ਹਾਂ ਤੇਜ਼ੀ ਨਾਲ ਵਧਦੀਆਂ ਹਨ। ਇਸ ਤਰ੍ਹਾਂ ਅਸੀਂ ਇਸ ਕੀੜੇ ਤੋਂ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਅ ਸਕਦੇ ਹਾਂ ਅਤੇ ਜ਼ਿਆਦਾ ਮੁਨਾਫ਼ਾ ਲੈ ਸਕਦੇ ਹਾਂ। ਧੰਨਵਾਦ।


-ਪਿੰਡ: ਲੰਢਾ, ਜ਼ਿਲ੍ਹਾ: ਲੁਧਿਆਣਾ,
ਵਿਦਿਆਰਥੀ, ਮਾਤਾ ਗੁਜਰੀ ਕਾਲਜ, ਸ੍ਰੀ ਫਤਿਹਗੜ੍ਹ ਸਾਹਿਬ।
ਫੋਨ : 9878110510

ਕਣਕ ਦਾ ਵੱਧ ਝਾੜ ਲੈਣ ਲਈ ਵਿਗਿਆਨਿਕ ਨੁਕਤੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਝੋਨੇ ਦੀ ਪਰਾਲੀ ਨੂੰ ਪੈਡੀਸਟਰਾਅ-ਚੌਪਰ-ਕਮ-ਸਪਰੈਡਰ ਨਾਲ ਛੋਟੇ-ਛੋਟੇ ਟੁਕੜਿਆਂ ਵਿਚ ਕੁਤਰ ਕੇ ਤਵੀਆਂ ਨਾਲ ਮਿੱਟੀ ਵਿਚ ਮਿਲਾਇਆ ਜਾ ਸਕਦਾ ਹੈ। ਇਸ ਨਾਲ ਕਣਕ ਦੇ ਝਾੜ ਉਪਰ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਝੋਨੇ ਦੀ ਪਰਾਲੀ ਨੂੰ ਸਿਫਾਰਸ਼ ਕੀਤੀ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਖਾਦਾਂ ਨਾਲ ਮਿੱਟੀ ਵਿਚ ਰਲਾਇਆ ਜਾ ਸਕਦਾ ਹੈ। ਝੋਨੇ ਦੀ ਪਰਾਲੀ ਨੂੰ ਲਗਾਤਾਰ ਮਿੱਟੀ ਵਿਚ ਰਲਾਉਣ ਜਾਂ ਉਪਰ ਰੱਖਣ ਨਾਲ ਸਿਰਫ ਝਾੜ ਹੀ ਨਹੀਂ ਵੱਧਦਾ ਬਲਕਿ ਮਿੱਟੀ ਦੀ ਸਿਹਤ ਵੀ ਵਧੀਆ ਹੁੰਦੀ ਹੈ। ਕਣਕ ਨੂੰ ਘੱਟੋ-ਘੱਟ ਵਹਾਈ ਜਾਂ ਬਿਨਾਂ ਵਹਾਈ (ਜ਼ੀਰੋ ਟਿੱਲੇਜ)ਨਾਲ ਵੀ ਬੀਜਿਆ ਜਾ ਸਕਦਾ ਹੈ। ਬਿਨਾਂ ਵਹਾਈ ਤੋਂ ਬੀਜੀ ਫ਼ਸਲ ਦੇ ਕਈ ਫਾਇਦੇ ਹਨ ਜਿਵੇਂ ਫ਼ਸਲ ਦੀ ਸਮੇਂ ਸਿਰ ਬਿਜਾਈ, ਡੀਜ਼ਲ ਦੀ ਬੱਚਤ, ਵਾਤਾਵਰਨ ਪ੍ਰਦੂਸ਼ਣ ਵਿਚ ਕਮੀ, ਗੁੱਲੀਡੰਡੇ ਦਾ ਘੱਟ ਉਗਣਾ, ਪਹਿਲੀ ਸਿੰਚਾਈ ਦੌਰਾਨ ਕਣਕ ਦਾ ਪੀਲਾ ਨਾ ਪੈਣਾ, ਖੇਤੀ ਖਰਚਿਆਂ ਵਿਚ ਕਟੌਤੀ ਆਦਿ ਸ਼ਾਮਿਲ ਹਨ। ਕਣਕ ਦੀ ਬਿਜਾਈ ਹੈਪੀ ਸੀਡਰ ਜਾਂ ਪੀਏਯੂ ਹੈਪੀ ਸੀਡਰ ਜੋ ਕਿ ਬਿਜਾਈ ਤੋਂ ਬਾਅਦ ਪਰਾਲੀ ਦਬਾ ਦਿੰਦਾ ਹੈ, ਨਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਬੀਜ ਦੀ ਸਿਫ਼ਾਰਸ਼ ਕੀਤੀ ਮਾਤਰਾ
ਖੇਤ ਵਿਚ ਪੌਦਿਆਂ ਦੀ ਸਹੀ ਗਿਣਤੀ ਵੱਧ ਝਾੜ ਲੈਣ ਦੀ ਮੁੱਢਲੀ ਸ਼ਰਤ ਹੈ। ਖੇਤਰ ਦੇ ਹਿਸਾਬ ਨਾਲ ਕਿਸਮ ਦੀ ਚੋਣ ਕਰਕੇ ਨਰੋਇਆ ਬੀਜ ਹੀ ਬਿਜਾਈ ਲਈ ਵਰਤਣਾ ਚਾਹੀਦਾ ਹੈ। ਕਿਸਾਨਾਂ ਨੂੰ ਸਾਫ ਸੁਥਰੇ, ਸਿਹਤਮੰਦ ਅਤੇ ਬਿਮਾਰੀ ਰਹਿਤ (ਖਾਸ ਕਰਕੇ ਕਰਨਾਲ ਬੰਟ) ਬੀਜ ਹੀ ਬੀਜਣਾ ਚਾਹੀਦਾ ਹੈ। ਬੀਜ ਹਮੇਸ਼ਾ ਭਰੋਸੇਮੰਦ ਡੀਲਰਾਂ ਤੋਂ ਹੀ ਲੈਣਾ ਚਾਹੀਦਾ ਹੈ ਤਾਂ ਜੋ ਬੀਜ ਵਿਚ ਹੋਣ ਵਾਲੇ ਰਲਾਅ ਤੋਂ ਬਚਿਆ ਜਾ ਸਕੇ। ਉਨਤ ਪੀ. ਬੀ. ਡਬਲਯੂ. 550 ਅਤੇ ਪੀ. ਬੀ. ਡਬਲਯੂ. 550 ਲਈ ਪ੍ਰਤੀ ਏਕੜ 45 ਕਿਲੋ ਬੀਜ ਜਦੋਂਕਿ ਬਾਕੀ ਸਾਰੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਦਾ ਪ੍ਰਤੀ ਏਕੜ 40 ਕਿਲੋ ਬੀਜ ਪਾਉਣਾ ਚਾਹੀਦਾ ਹੈ।
ਬਿਜਾਈ ਲਈ ਸੁਧਰੇ ਤਰੀਕੇ
ਆਮ ਨਿਯਮਾਂ ਅਨੁਸਾਰ ਬੀਜ ਨੂੰ ਘੱਟੋ-ਘੱਟ ਡੂੰਘਾਈ ਤੱਕ ਬੀਜਣਾ ਚਾਹੀਦਾ ਹੈ ਪਰ ਇਹ ਬੀਜ ਇੰਨੀ ਡੂੰਘਾਈ ਤਕ ਜ਼ਰੂਰ ਬੀਜੋ ਕਿ ਪੱਤੇ ਨਿਕਲਣ ਤੋਂ ਪਹਿਲਾਂ ਜ਼ਮੀਨ ਉਸ ਡੂੰਘਾਈ ਤੱਕ ਨਾ ਸੁੱਕੇ। ਕਣਕ ਨੂੰ ਆਮ ਵਹਾਈ ਤੋਂ ਬਾਅਦ, 4-6 ਸੈਂ.ਮੀ. ਡੂੰਘਾ ਬੀਜਣਾ ਚਾਹੀਦਾ ਹੈ। ਕਣਕ ਦੀ ਬਿਜਾਈ, ਬੀਜ-ਖਾਦ ਡਰਿੱਲ ਦੁਆਰਾ ਕਰਨ ਨਾਲ, ਬੀਜ ਅਤੇ ਖਾਦ ਪੂਰੇ ਖੇਤ ਵਿਚ ਇਕ ਜਿਹੀ ਡੂੰਘਾਈ ਅਤੇ ਸਹੀ ਮਾਤਰਾ ਵਿਚ ਪਾਏ ਜਾ ਸਕਦੇ ਹਨ। ਚੰਗੇ ਝਾੜ ਲਈ ਕਣਕ ਦੇ ਸਿਆੜਾਂ ਵਿਚਲਾ ਫਾਸਲਾ 15-20 ਸੈਂ.ਮੀ. ਹੋਣਾ ਚਾਹੀਦਾ ਹੈ। ਜੇਕਰ ਸਿਆੜਾਂ ਵਿਚਲਾ ਫਾਸਲਾ 15 ਸੈ.ਮੀ. ਰੱਖਿਆ ਜਾਵੇ ਤਾਂ ਇਸ ਨਾਲ ਨਦੀਨਾਂ ਦੀ ਰੋਕਥਾਮ ਵੀ ਕੀਤੀ ਜਾ ਸਕਦੀ ਹੈ। ਦੋ-ਤਰਫਾ ਬਿਜਾਈ ਲਈ ਅੱਧੀ ਖਾਦ ਅਤੇ ਬੀਜ ਇਕ ਦਿਸ਼ਾ ਜਦਕਿ ਬਾਕੀ ਅੱਧੀ ਖਾਦ ਅਤੇ ਬੀਜ ਦੂਜੀ ਦਿਸ਼ਾ ਵਿਚ ਪਾਈ ਜਾਣੀ ਚਾਹੀਦੀ ਹੈ। ਦੋਹਰੀ ਵਹਾਈ ਦੇ ਖਰਚੇ ਤੋਂ ਅਤੇ ਟਰੈਕਟਰ ਦੇ ਪਹੀਆਂ ਕਾਰਨ ਹੋਣ ਵਾਲੇ ਦਬਾਵ ਤੋਂ ਬਚਣ ਲਈ ਖੇਤ ਨੂੰ ਇਕ ਵਾਰ ਘੱਟ ਵਾਹੋ।
ਬੈਡ ਉਪਰ ਕਣਕ ਨੂੰ 67.5 ਸੈ.ਮੀ. ਚੌੜੇ ਬੈਡ ਉਪਰ 20 ਸੈਂ. ਮੀ. ਦੀ ਦੂਰੀ ਤੇ ਦੋ ਸਿਆੜਾਂ ਵਿਚ ਵੀ ਬੀਜਿਆ ਜਾ ਸਕਦਾ ਹੈ। ਇਸ ਤਰ੍ਹਾਂ ਬਿਜਾਈ ਦੇ ਨਾਲ 25 ਪ੍ਰਤੀਸ਼ਤ ਪਾਣੀ ਦੀ ਬੱਚਤ, ਘੱਟ ਨਦੀਨ ਅਤੇ ਨਦੀਨ ਨਾਸ਼ਕਾਂ ਦੀ ਘੱਟ ਵਰਤੋਂ ਵਰਗੇ ਫਾਇਦੇ ਹੁੰਦੇ ਹਨ। ਇਸ ਤਰੀਕੇ ਨਾਲ ਬੀਜੀ ਕਣਕ ਨੂੰ ਮਾਰਚ ਮਹੀਨੇ ਵਿਚ ਡਿੱਗਣ ਤੋਂ ਬਚਾਇਆ ਜਾ ਸਕਦਾ ਹੈ ਕਿਉਂਕਿ ਬੈਡ ਉਪਰ ਬੀਜੀ ਕਣਕ ਨੂੰ ਹਲਕਾ ਪਾਣੀ ਲਾਇਆ ਜਾ ਸਕਦਾ ਹੈ। ਬੈਡਾਂ ਉਪਰ ਬਿਜਾਈ ਆਮ ਤੌਰ 'ਤੇ ਦਰਮਿਆਨੀਆਂ ਤੋਂ ਭਾਰੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਵਿਚ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਬਿਜਾਈ ਦਾ ਉਚਿਤ ਸਮਾਂ
ਵਧੀਆ ਝਾੜ ਲੈਣ ਲਈ ਕਣਕ ਦੀ ਉੱਚਿਤ ਸਮੇਂ ਤੇ ਬਿਜਾਈ ਕਰਨੀ ਚਾਹੀਦੀ ਹੈ। ਵੱਧ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ 25 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਕਣਕ ਦੇ ਉਚਿਤ (10 ਨਵੰਬਰ) ਸਮੇਂ ਤੋਂ ਬਾਅਦ ਬਿਜਾਈ ਕੀਤੀ ਜਾਵੇ ਤਾਂ ਪ੍ਰਤੀ ਹਫ਼ਤੇ 1.5 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਵਿਚ ਕਟੌਤੀ ਹੋ ਸਕਦੀ ਹੈ। ਇਕ ਜ਼ਰੂਰੀ ਨੁਕਤਾ ਇਹ ਹੈ ਕਿ ਉਨਤ ਪੀ. ਬੀ. ਡਬਲਯੂ. 550 ਅਤੇ ਪੀ. ਬੀ. ਡਬਲਯੂ. 550 ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਇਹ ਥੋੜਾ ਸਮਾਂ ਲੈਣ ਵਾਲੀਆਂ ਕਿਸਮ ਹਨ। ਜੇਕਰ ਇਨ੍ਹਾਂ ਕਿਸਮਾਂ ਦੀ ਬਿਜਾਈ ਅਗੇਤੀ ਕੀਤੀ ਜਾਵੇ ਤਾਂ ਕੋਰੇ ਦੀ ਮਾਰ ਹੋਣ ਕਰਕੇ ਕਣਕ ਦੇ ਦਾਣੇ ਘੱਟ ਬਣਦੇ ਹਨ। ਐਚ. ਡੀ. 3086 ਦੀ ਬਿਜਾਈ ਨੂੰ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕਰੋ। ਕਣਕ ਦੀਆਂ ਕਿਸਮਾਂ ਅਤੇ ਉਨ੍ਹਾਂ ਦੀ ਬਿਜਾਈ ਦੇ ਸਮੇਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਖਾਦਾਂ ਦੀ ਯੋਗ ਵਰਤੋਂ
ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਅਧਾਰ 'ਤੇ ਕਰਨੀ ਚਾਹੀਦੀ ਹੈ। ਹਮੇਸ਼ਾ ਜੈਵਿਕ ਖਾਦਾਂ ਜਿਵੇਂ ਕਿ ਰੂੜੀ ਖਾਦ (10 ਟਨ ਪ੍ਰਤੀ ਏਕੜ) ਜਾਂ ਮੁਰਗੀਆਂ ਦੀ ਖਾਦ (2.5 ਟਨ ਪ੍ਰਤੀ ਏਕੜ) ਜਾਂ ਹਰੀ ਖਾਦ ਜਾਂ ਚੌਲਾਂ ਦੀ ਫੱਕ ਦੀ ਸੁਆਹ ਜਾਂ ਗੰਨਿਆਂ ਦੇ ਪੀੜ ਦੀ ਸੁਆਹ (4 ਟਨ ਪ੍ਰਤੀ ਏਕੜ) ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜੋ ਕਿ ਮਿੱਟੀ ਦੀ ਗੁਣਵੱਤਾ ਵਧਾਉਣ ਦੇ ਨਾਲ-ਨਾਲ ਰਸਾਇਣਿਕ ਖਾਦਾਂ ਤੇੇ ਹੋਣ ਵਾਲੇ ਖਰਚੇ ਨੂੰ ਵੀ ਘਟਾਉਂਦੇ ਹਨ। ਜੇਕਰ ਮਿੱਟੀ ਦੀ ਪਰਖ ਨਾ ਕਰਵਾਈ ਹੋਵੇ ਤਾਂ ਦਰਮਿਆਨੀਆਂ ਜ਼ਮੀਨਾਂ ਵਿਚ 50 ਕਿਲੋ ਨਾਈਟ੍ਰੋਜਨ ਅਤੇ 25 ਕਿਲੋ ਫਾਸਫੋਰਸ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਇਹ ਤੱਤ 90 ਕਿਲੋ ਯੂਰੀਆ, 55 ਕਿਲੋ ਡੀ.ਏ.ਪੀ, 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉਣ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ। ਜੇਕਰ ਫਾਸਫੋਰਸ ਲਈ 125 ਕਿਲੋ ਨਾਈਟ੍ਰੋਫਾਸਫੋਰਸ ਪ੍ਰਤੀ ਏਕੜ ਵਰਤੀ ਜਾਦੀ ਹੈ ਤਾਂ ਯੂਰੀਆ ਸਿਰਫ 70 ਕਿਲੋ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਪੋਟਾਸ਼ੀਅਮ ਦੀ ਵਰਤੋਂ ਉਨ੍ਹਾਂ ਖੇਤਾਂ ਵਿਚ ਕਰਨੀ ਚਾਹੀਦੀ ਹੈ, ਪੋਟਾਸ਼ੀਆਮ ਦੀ ਘਾਟ ਹੋਵੇ। ਅੱਧੀ ਨਾਈਟ੍ਰੋਜਨ, ਸਾਰੀ ਫਾਸਫੋਰਸ ਤੇ ਪੋਟਾਸ਼ ਬਿਜਾਈ ਵੇਲੇ ਕੇਰ ਦਿਉ ਅਤੇ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਵੇਲੇ ਛੱਟੇ ਨਾਲ ਪਾਉ। ਜੇਕਰ ਨਾਈਟ੍ਰੋਜਨ ਯੂੂਰੀਆ ਦੇ ਰੂਪ ਵਿਚ ਪਾਇਆ ਜਾਂਦਾ ਹੈ ਤਾਂ ਅਧੀ ਨਾਈਟ੍ਰੋਜਨ ਬੀਜਣ ਤੋਂ ਪਹਿਲਾਂ ਕੀਤੀ ਰੌਣੀ ਨਾਲ ਜਾਂ ਅਖੀਰਲੀ ਵਹਾਈ ਨਾਲ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਪਾਣੀ ਤੋਂ ਪਹਿਲਾਂ ਜਾਂ ਬਾਅਦ ਵਿਚ ਪਾਉਣੀ ਚਾਹੀਦੀ ਹੈ। ਹਲਕੀਆਂ ਜ਼ਮੀਨਾਂ ਵਿਚ ਅੱਧੀ ਨਾਈਟ੍ਰੋਜਨ ਬੀਜਣ ਸਮੇਂ ਇਕ-ਚੌਥਾਈ ਹਿੱਸਾ ਪਹਿਲੇ ਪਾਣੀ ਸਮੇਂ ਅਤੇ ਇਕ ਚੌਥਾਈ ਹਿੱਸਾ ਦੂਜੇ ਪਾਣੀ ਸਮੇਂ ਪਾਉਣੀ ਚਾਹੀਦੀ ਹੈ। ਖਾਦ ਪਾਣੀ ਲਾਉਣ ਤੋਂ ਪਹਿਲਾਂ ਪਾਈ ਜਾਵੇ ਤਾਂ ਅਸਰ ਜਲਦੀ ਅਤੇ ਵੱਧ ਕਰਦੀ ਹੈ।
ਫਲੀਦਾਰ ਫ਼ਸਲਾਂ ਤੋਂ ਬਾਅਦ ਬੀਜੀ ਕਣਕ ਨੂੰ 25 ਪ੍ਰਤੀਸ਼ਤ ਨਾਈਟ੍ਰੋਜਨ ਘੱਟ ਪਾਉ। ਜਦੋਂ ਕਣਕ, ਆਲੂਆਂ ਦੀ ਫ਼ਸਲ ਪਿੱਛੋਂ ਬੀਜੀ ਜਾਵੇ ਅਤੇ ਆਲੂਆਂ ਨੂੰ 10 ਟਨ ਪ੍ਰਤੀ ਏਕੜ ਰੂੜੀ ਪਾਈ ਗਈ ਹੋਵੇ ਤਾਂ ਕਣਕ ਦੀ ਫ਼ਸਲ ਨੂੰ ਫਾਸਫੋਰਸ ਦੀ ਕੋਈ ਜ਼ਰੂਰਤ ਨਹੀਂ ਹੈ। ਨਾਈਟ੍ਰੋਜਨ ਵਾਲੀ ਖਾਦ ਵੀ ਕੇਵਲ ਸਿਫਾਰਸ਼ ਕੀਤੀ ਖਾਦ ਨਾਲੋਂ ਅੱਧੀ ਪਾਉਣੀ ਚਾਹੀਦੀ ਹੈ। ਕਲਰ ਵਾਲੀਆਂ ਜ਼ਮੀਨਾਂ ਵਿਚ 25 ਪ੍ਰਤੀਸ਼ਤ ਵੱਧ ਨਾਈਟ੍ਰੋਜਨ ਪਾਓ।
ਸਿੰਚਾਈ ਦਾ ਸਮਾਂ
ਭਰਵੀਂ ਰੌਣੀ ਕਰਕੇ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ। ਜੇਕਰ ਝੋਨੇ ਦੀ ਫ਼ਸਲ ਕੱਟਣ ਵਿਚ ਦੇਰੀ ਹੋ ਰਹੀ ਹੋਵੇ ਤਾਂ ਖੜ੍ਹੇ ਝੋਨੇ ਵਿਚ ਹੀ ਰੌਣੀ ਵਾਲਾ ਪਾਣੀ ਲਗਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਫ਼ਸਲ ਦੀ ਬਿਜਾਈ ਹਫ਼ਤੇ ਤੱਕ ਅਗੇਤੀ ਹੋ ਜਾਂਦੀ ਹੈ। ਪਾਣੀ ਦੀ ਸੁਚੱਜੀ ਵਰਤੋਂ ਲਈ ਭਾਰੀਆਂ ਜ਼ਮੀਨਾਂ ਵਿਚ 8 ਕਿਆਰੇ ਅਤੇ ਹਲਕੀਆਂ ਜ਼ਮੀਨਾਂ ਵਿਚ 16 ਕਿਆਰੇ ਪ੍ਰਤੀ ਏਕੜ ਪਾਉਣੇ ਚਾਹੀਦੇ ਹਨ। ਪਹਿਲਾ ਪਾਣੀ ਬਿਜਾਈ ਤੋਂ ਬਾਅਦ ਹਲਕਾ ਲਾਉਣਾ ਚਾਹੀਦਾ ਹੈ। ਅਕਤੂਬਰ ਵਿਚ ਬੀਜੀ ਕਣਕ ਨੂੰ ਪਹਿਲਾ ਪਾਣੀ ਤਿੰਨ ਹਫ਼ਤਿਆਂ ਬਾਅਦ ਜਦੋਂਕਿ ਨਵੰਬਰ ਬੀਜੀ ਕਣਕ ਨੂੰ ਚਾਰ ਹਫ਼ਤਿਆਂ ਬਾਅਦ ਲਗਾਉਣਾ ਚਾਹੀਦਾ ਹੈ। (ਸਮਾਪਤ)


-ਹਰੀ ਰਾਮ
ਮੋਬਾਈਲ : 95010-02967

ਕਣਕ ਦਾ ਵੱਧ ਝਾੜ ਲੈਣ ਲਈ ਵਿਗਿਆਨਿਕ ਨੁਕਤੇ

ਕਣਕ ਦੇਸ਼ ਦੀ ਜ਼ਿਆਦਾਤਾਰ ਆਬਾਦੀ ਦੀ ਮੁੱਖ ਖੁਰਾਕ ਹੈ। ਪੰਜਾਬ ਨੂੰ ਦੇਸ਼ ਭਰ ਵਿਚ ਕਣਕ ਦੇ ਤਕਰੀਬਨ 50.5 ਕੁਇੰਟਲ/ਹੈਕਟੇਅਰ ਝਾੜ ਵਿਚ ਪਹਿਲਾ ਸਥਾਨ ਦਿਵਾਉਣ ਵਿਚ ਸਿੰਚਾਈ ਸੁਵਿਧਾਵਾਂ, ਖਾਦਾਂ, ਸੁਧਰੇ ਬੀਜਾਂ ਅਤੇ ਖੇਤੀ ਰਸਾਇਣਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕਣਕ ਨੂੰ ਬਿਜਾਈ ਦੇ ਸਮੇਂ ਠੰਢੇ ਜਲਵਾਯੂ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਵਧੀਆ ਫੁਟਾਰੇ ਲਈ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਲਾਹੇਵੰਦ ਹੈ। ਪੱਕਣ ਸਮੇਂ ਕਣਕ ਨੂੰ ਘੱਟ ਤਾਪਮਾਨ ਅਤੇ ਘੱਟ ਨਮੀ ਦੀ ਲੋੜ ਹੁੰਦੀ ਹੈ। ਜੇਕਰ ਕਣਕ ਦੇ ਸ਼ੁਰੂਆਤੀ ਦੌਰ ਵਿਚ ਲੋੜ ਤੋਂ ਵੱਧ ਬੱਦਲਵਾਈ ਜਾਂ ਮੀਂਹ ਪੈ ਜਾਣ ਤਾਂ ਪੀਲੀ ਕੁੰਗੀ ਦੇ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਮਾਰਚ ਦੇ ਮਹੀਨੇ ਇਕਦਮ ਤਾਪਮਾਨ ਵਧਣ ਨਾਲ ਦਾਣੇ ਹਲਕੇ ਅਤੇ ਬਰੀਕ ਹੋਣ ਦੇ ਕਾਰਨ ਕਣਕ ਦੇ ਝਾੜ ਤੇ ਮਾੜਾ ਪ੍ਰਭਾਵ ਪੈਂਦਾ ਹੈ। ਜ਼ਿਆਦਾ ਤਾਪਮਾਨ ਦਾ ਤਣਾਅ, ਦਾਣਿਆਂ ਦੇ ਭਰਨ ਸਮੇਂ ਕਣਕ ਦੀ ਪੈਦਾਵਾਰ ਘਟਾਉਣ ਦਾ ਮੁੱਖ ਕਾਰਨ ਹੈ। ਜ਼ਿਆਦਾ ਤਾਪਮਾਨ ਨਾਲ ਪੌਦੇ ਦੇ ਕਲੋਰੋਪਲਾਸਟ ਦਾ ਨੁਕਸਾਨ ਹੁੰਦਾ ਹੈ ਅਤੇ ਪ੍ਰਕਾਸ਼ ਸੰਸਲੇਸ਼ਣ ਦੀ ਸਮਰੱਥਾ ਘਟ ਜਾਂਦੀ ਹੈ। ਇਸ ਦੇ ਨਾਲ ਸੁੱਕੇ ਮਾਦੇ ਦੀ ਜਜ਼ਬਤਾ ਅਤੇ ਦਾਣਿਆਂ ਦਾ ਝਾੜ ਘੱਟ ਜਾਂਦਾ ਹੈ। ਜੇਕਰ ਮਾਰਚ ਦੇ ਮਹੀਨੇ ਤਾਪਮਾਨ ਇਕਦਮ ਵੱਧਦਾ ਹੈ ਤਾਂ ਕਣਕ ਨੂੰ ਹਲਕਾ ਪਾਣੀ ਲਾਉਣ ਨਾਲ ਵੱਧਦੇ ਤਾਪਮਾਨ ਦੇ ਮਾੜੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ। ਕਣਕ ਦੀ ਬਿਜਾਈ ਲਈ ਕੱਲਰ ਅਤੇ ਸੇਮ ਵਾਲੀਆਂ ਜ਼ਮੀਨਾਂ ਠੀਕ ਨਹੀਂ ਰਹਿੰਦੀਆਂ । ਕਣਕ ਦਾ ਝਾੜ ਵੱਧ ਤੋਂ ਵੱਧ ਪਾਉਣ ਲਈ ਕਿਸਾਨ ਨੂੰ ਹੇਠ ਲਿਖਤ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਸਹੀ ਕਿਸਮਾਂ ਦੀ ਚੋਣ
ਕਣਕ ਦੀਆਂ ਕਿਸਮਾਂ ਦੀ ਬਿਜਾਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਸਿਫਾਰਸ਼ੀ ਖੇਤਰਾਂ, ਸਿੰਚਾਈ ਸਾਰਣੀ ਅਤੇ ਬਿਜਾਈ ਦੇ ਸਮੇਂ ਅਨੁਸਾਰ ਕਰਨੀ ਚਾਹੀਦੀ ਹੈ। ਗ਼ੈਰ-ਪ੍ਰਮਾਣਿਤ ਕਿਸਮਾਂ, ਖਾਸ ਕਰਕੇ ਜੋ ਹੋਰ ਖੇਤਰਾਂ ਲਈ ਸਿਫਾਰਸ਼ ਕੀਤੀਆਂ ਹੋਣ ਦੀ ਚੋਣ ਪੀਲੀ ਕੁੰਗੀ ਦੇ ਹਮਲੇ ਨੂੰ ਵਧਾਉਂਦੀ ਹੈ। ਸੇਂਜੂ ਇਲਾਕਿਆਂ ਵਿਚ ਸਮੇਂ ਸਿਰ ਬਿਜਾਈ ਲਈ ਉਨਤ ਪੀ. ਬੀ. ਡਬਲਯੂ. 343, ਉਨਤ ਪੀ. ਬੀ. ਡਬਲਯੂ. 550, ਪੀ. ਬੀ. ਡਬਲਯੂ. 1 ਜ਼ਿੰਕ, ਪੀ. ਬੀ. ਡਬਲਯੂ. 725, ਪੀ. ਬੀ. ਡਬਲਯੂ. 677, ਐਚ. ਡੀ. 3086, ਐਚ. ਡੀ. 2967, ਡਬਲਯੂ ਐਚ 1105,ਪੀ. ਬੀ. ਡਬਲਯੂ. 621 ਅਤੇ ਪੀ. ਬੀ. ਡਬਲਯੂ. 550 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਕੰਢੀ ਖੇਤਰ ਜਿਥੇ ਪਾਣੀ ਦਾ ਪ੍ਰਬੰਧ ਪੂਰਾ ਹੈ, ਉਥੋਂ ਦੇ ਕਿਸਾਨਾਂ ਨੂੰ ਪੀਲੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਕਿਸਮਾਂ ਜਿਵੇਂ ਕਿ ਉਨਤ ਪੀ. ਬੀ. ਡਬਲਯੂ. 550, ਪੀ. ਬੀ. ਡਬਲਯੂ. 725 ਅਤੇ ਪੀ. ਬੀ. ਡਬਲਯੂ. 677 ਨੂੰ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ।
ਜ਼ਮੀਨ ਦੀ ਤਿਆਰੀ
ਪਿਛਲੀ ਫ਼ਸਲ ਅਤੇ ਮਿੱਟੀ ਦੀ ਕਿਸਮ ਦੇ ਆਧਾਰ 'ਤੇ ਖੇਤ ਨੂੰ ਤਵੀਆਂ ਜਾਂ ਹਲਾਂ ਨਾਲ ਇਕ ਜਾਂ ਦੋ ਵਾਰ ਵਾਹ ਕੇ ਬਿਜਾਈ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ। ਹਲਕੀਆਂ ਜ਼ਮੀਨਾਂ ਨੂੰ ਭਾਰੀਆਂ ਦੇ ਮੁਕਾਬਲੇ ਘੱਟ ਵਹਾਈ ਦੀ ਲੋੜ ਪੈਂਦੀ ਹੈ। ਖੇਤ ਦੇ ਵੱਤਰ ਨਾ ਹੋਣ ਦੀ ਸੂਰਤ ਵਿਚ ਰੌਣੀ ਕਰ ਲੈਣੀ ਚਾਹੀਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਹਰੀ ਰਾਮ, ਹਰਵਿੰਦਰ ਕੌਰ ਅਤੇ ਜਸਪਾਲ ਕੌਰ
ਪਲਾਂਟ ਬਰੀਡਿੰਗ ਅਤੇ ਜੇਨੈਟਿਕਸ ਵਿਭਾਗ

ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਸਮਾਂ

ਸਬਜ਼ੀਆਂ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਕਰਨੀ ਚਾਹੀਦੀ ਹੈ। ਰੂੜੀ ਦੀ ਵਰਤੋਂ ਜ਼ਰੂਰੀ ਹੈ। ਖੇਤ ਤਿਆਰ ਕਰਦੇ ਸਮੇਂ 10 ਕੁ ਟਨ ਦੇਸੀ ਰੂੜੀ ਪ੍ਰਤੀ ਏਕੜ ਪਾਈ ਜਾਵੇ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾਵੇ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ।
ਮਟਰ ਸਭ ਤੋਂ ਵਧ ਪਸੰਦ ਕੀਤੀ ਜਾਂਦੀ ਸਬਜ਼ੀ ਹੈ। ਅਗੇਤੀ ਫ਼ਸਲ ਦੀ ਬਿਜਾਈ ਸਤੰਬਰ ਦੇ ਅਖੀਰ ਵਿਚ ਕੀਤੀ ਜਾ ਸਕਦੀ ਹੈ। ਮਟਰ ਅਗੇਤ-7, ਮਟਰ ਅਗੇਤ-6 ਅਤੇ ਅਰਕਲ ਅਗੇਤੀਆਂ ਕਿਸਮਾਂ ਹਨ। ਇਸ ਵਾਰ ਇਕ ਨਵੀਂ ਕਿਸਮ ਏ.ਪੀ.-3 ਦੀ ਵੀ ਕਾਸ਼ਤ ਲਈ ਸਿਫਾਰਸ਼ ਕੀਤੀ ਗਈ ਹੈ। ਜੇਕਰ ਅਕਤੂਬਰ ਦੇ ਅੱਧ ਵਿਚ ਬਿਜਾਈ ਕੀਤੀ ਜਾਵੇ ਤਾਂ ਬਿਮਾਰੀਆਂ ਦਾ ਹਮਲਾ ਘਟ ਹੁੰਦਾ ਹੈ। ਇਸ ਮੌਸਮ ਵਿਚ ਪੰਜਾਬ 89 ਅਤੇ ਮਿੱਠੀ ਫ਼ਲੀ ਸਿਫਾਰਸ਼ ਕੀਤੀ ਗਈ ਹੈ। ਅਗੇਤੀ ਬਿਜਾਈ ਲਈ 45 ਕਿਲੋ ਅਤੇ ਮੁੱਖ ਸਮੇਂ ਲਈ 30 ਕਿਲੋ ਬੀਜ ਵਰਤਿਆ ਜਾਵੇ। ਬਿਜਾਈ ਸਮੇਂ ਅਗੇਤੀਆਂ ਕਿਸਮਾਂ ਦੀ ਬਿਜਾਈ 30×7.5 ਸੈ. ਮੀਟਰ ਦੇ ਫ਼ਾਸਲੇ ਉਤੇ ਅਤੇ ਮੁੱਖ ਸਮੇਂ ਦੀ ਬਿਜਾਈ ਸਮੇਂ 30×10 ਸੈਂ.ਮੀਟਰ ਫ਼ਾਸਲੇ 'ਤੇ ਕੀਤੀ ਜਾਵੇ। ਬੀਜ ਨੂੰ ਬੀਜਣ ਤੋਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾਇਆ ਜਾਵੇ। ਮਟਰ ਧਰਤੀ ਦੀ ਸਿਹਤ ਵਿਚ ਸੁਧਾਰ ਕਰਦੇ ਹਨ। ਫਿਰ ਵੀ ਬਿਜਾਈ ਸਮੇਂ 45 ਕਿਲੋ ਯੂਰੀਆ ਅਤੇ 155 ਕਿਲੋ ਸੁਪਰਫਾਸਫ਼ੇਟ ਪ੍ਰਤੀ ਏਕੜ ਪਾਈ ਜਾਵੇ। ਮਟਰਾਂ ਦੀ ਬਿਜਾਈ ਤੋਂ ਇਕ ਮਹੀਨੇ ਪਿਛੋਂ ਤੇ ਫਿਰ ਦੂਜੇ ਮਹੀਨੇ ਗੋਡੀ ਜ਼ਰੂਰ ਕਰੋ। ਬਿਜਾਈ ਤੋਂ ਤਿੰਨ ਮਹੀਨਿਆਂ ਪਿਛੋਂ ਪਹਿਲੀ ਤੁੜਾਈ ਕੀਤੀ ਜਾ ਸਕਦੀ ਹੈ। ਇਕ ਏਕੜ ਵਿਚੋਂ 60 ਕੁਇੰਟਲ ਤਕ ਹਰੀਆਂ ਫ਼ਲੀਆਂ ਪ੍ਰਾਪਤ ਹੋ ਸਕਦੀਆਂ ਹਨ।
ਗੋਭੀ ਦੀ ਪਨੀਰੀ ਪੁਟ ਕੇ ਵੀ ਇਸੇ ਮਹੀਨੇ ਖੇਤ ਵਿਚ ਲਗਾਈ ਜਾ ਸਕਦੀ ਹੈ। ਪਨੀਰੀ ਲਗਾਉਣ ਸਮੇਂ ਬੂਟਿਆਂ ਤੇ ਲਾਈਨਾਂ ਵਿਚਕਾਰ 45 ਸੈ. ਮੀਟਰ ਫ਼ਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 50 ਕਿਲੋ ਯੂਰੀਆ, 155 ਕਿਲੋ ਸੁਪਰਫਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ। ਇਕ ਮਹੀਨੇ ਪਿਛੋਂ ਲੋੜ ਅਨੁਸਾਰ ਹੋਰ ਯੂਰੀਆ ਪਾਇਆ ਜਾ ਸਕਦਾ ਹੈ। ਪਨੀਰੀ ਲਗਾਉਣ ਤੋਂ ਤੁਰੰਤ ਪਿਛੋਂ ਪਾਣੀ ਦਿੱਤਾ ਜਾਵੇ। ਬੰਦ ਗੋਭੀ ਦੀ ਲੁਆਈ ਵੀ ਇਸੇ ਤਰ੍ਹਾਂ ਕੀਤੀ ਜਾ ਸਕਦੀ ਹੈ। ਬਰੌਕਲੀ ਦੇ ਵੀ ਕੁਝ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਇਸ ਵਿਚ ਵਿਟਾਮਿਨ, ਲੋਹਾ ਅਤੇ ਕੈਲਸ਼ੀਅਮ ਹੁੰਦੇ ਹਨ। ਪੰਜਾਬ ਬਰੌਕਲੀ-1 ਅਤੇ ਪਾਲਮ ਸਮਰਿਧੀ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਇਸ ਦੀ ਲੁਆਈ ਵੀ ਗੋਭੀ ਵਾਂਗ ਹੀ ਕੀਤੀ ਜਾਂਦੀ ਹੈ।
ਗਾਜਰ, ਮੂਲੀ ਅਤੇ ਸ਼ਲਗਮ ਜੜ੍ਹਾਂ ਵਾਲੀਆਂ ਸਬਜ਼ੀਆਂ ਹਨ। ਗਾਜਰ ਅਤੇ ਸ਼ਲਗਮ ਦੀ ਵਰਤੋਂ ਸਬਜ਼ੀ ਲਈ ਜਦੋਂ ਕਿ ਮੂਲੀ ਨੂੰ ਸਲਾਦ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਗਾਜ਼ਰ ਦਾ ਰਸ ਅਤੇ ਗਾਜਰ ਪਾਕ ਮਠਿਆਈ ਵੀ ਬਣਾਈ ਜਾਂਦੀ ਹੈ। ਗਾਜਰ ਅਤੇ ਸ਼ਲਗਮ ਦਾ ਅਚਾਰ ਵੀ ਪਾਇਆ ਜਾਂਦਾ ਹੈ। ਪੰਜਾਬ ਕੈਰਟ ਰੈਡ, ਪੰਜਾਬ ਬਲੈਕ ਬਿਊਟੀ ਅਤੇ ਪੀ. ਸੀ.-34 ਗਾਜਰ ਦੀਆਂ ਉੱਨਤ ਕਿਸਮਾਂ ਹਨ। ਗਾਜਰ ਦਾ ਇਕ ਏਕੜ ਵਿਚ ਪੰਜ ਕਿਲੋ ਬੀਜ ਪਾਇਆ ਜਾਵੇ। ਐਲ-1 ਸ਼ਲਗਮ ਦੀ ਸਿਫਾਰਸ਼ ਕੀਤੀ ਕਿਸਮ ਹੈ। ਸ਼ਲਗਮ ਦਾ ਇਕ ਏਕੜ ਵਿਚ ਦੋ ਕਿਲੋ ਬੀਜ ਪਾਇਆ ਜਾਵੇ। ਮੂਲੀ ਦੀ ਤਾਂ ਹੁਣ ਸਾਰਾ ਸਾਲ ਕਾਸ਼ਤ ਕੀਤੀ ਜਾ ਸਕਦੀ ਹੈ। ਹੁਣ ਪੰਜਾਬ ਪਸੰਦ, ਜਪਾਨੀ ਵਾਈਟ ਅਤੇ ਆਰ. ਬੀ.-21 ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਇਸ ਦਾ ਵੀ ਪੰਜ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਜਿਵੇਂ ਪਹਿਲਾਂ ਲਿਖਿਆ ਸੀ ਸਬਜ਼ੀਆਂ ਲਈ ਦੇਸੀ ਰੂੜੀ ਜ਼ਰੂਰੀ ਹੈ। ਫਿਰ ਵੀ ਬਿਜਾਈ ਸਮੇਂ 55 ਕਿਲੋ ਯੂਰੀਆ ਅਤੇ 75 ਕਿਲੋ ਸੁਪਰਫਾਸਫ਼ੇਟ ਪ੍ਰਤੀ ਏਕੜ ਪਾਇਆ ਜਾਵੇ। ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਵਿਚ ਵਧੇਰੇ ਖੁਰਾਕੀ ਤੱਤ ਹੁੰਦੇ ਹਨ। ਇਨ੍ਹਾਂ ਵਿਚ ਪਾਲਕ, ਮੇਥੀ, ਸਲਾਦ ਅਤੇ ਧਨੀਆ ਮੁੱਖ ਹਨ। ਪਾਲਕ ਦੀ ਬਿਜਾਈ ਵੀ ਹੁਣ ਕੀਤੀ ਜਾ ਸਕਦੀ ਹੈ। ਪੰਜਾਬ ਗਰੀਨ ਕਿਸਮ ਬੀਜਣੀ ਚਾਹੀਦੀ ਹੈ। ਇਕ ਏਕੜ ਵਿਚ ਪੰਜ ਕਿਲੋ ਬੀਜ ਪਾਇਆ ਜਾਵੇ। ਪੰਜਾਬੀ ਸਲਾਦ ਦੀ ਬਹੁਤ ਘਟ ਵਰਤੋਂ ਕਰਦੇ ਹਨ। ਇਸ ਦੇ ਕੁਝ ਬੂਟੇ ਘਰ ਵਿਚ ਜ਼ਰੂਰ ਲਗਾਏ ਜਾਣ।


-ਮੋਬਾਈਲ : 94170-87328

ਬਹਾਨੇਬਾਜ਼ੀ ਵੀ ਇਕ ਕਲਾ ਹੈ

ਮਨੁੱਖ ਜਦੋਂ ਵੀ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਹੈ ਜਾਂ ਕਰਨ ਦੇ ਕਾਬਲ ਨਹੀਂ ਹੁੰਦਾ ਹੈ ਤਾਂ ਉਹ ਬਹਾਨਾ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਖੇਤਾਂ ਦਾ ਕੰਮ ਹੋਵੇ ਜਾਂ ਘਰ ਦਾ, ਬਸ ਪੁੱਤ, ਬਾਪੂ ਨੂੰ ਕਿਸੇ ਬਹਾਨੇ ਟਾਲਾ ਪਾਉਂਦਾ ਹੀ ਰਹਿੰਦਾ ਹੈ। ਜੇਕਰ ਕਿਸੇ ਦੇ ਪੈਸੇ ਦੇਣੇ ਹੋਣ ਤਾਂ, ਫੇਰ ਪੁੱਛੋ ਨਾ, ਮਾਂ ਪਿਓ ਨੂੰ ਭਿਆਨਕ ਬੀਮਾਰੀ ਵੀ ਲਾ ਦੇਵੇਗਾ, ਦੂਰ ਦੀ ਰਿਸ਼ਤੇਦਾਰੀ ਵਿਚ ਅਫਸੋਸ ਕਰਨ ਗਿਆ (ਫਰਜ਼ੀ) ਕਈ ਦਿਨ ਨਹੀਂ ਮੁੜੇਗਾ। ਮੇਰੇ ਇਕ ਵਾਕਫਕਾਰ ਨੇ ਕਿਸੇ ਕੰਮ ਦਾ ਕੁਝ ਬਕਾਇਆ ਦੇਣਾ ਸੀ। ਦਿਲ ਬੇਈਮਾਨ ਹੋ ਗਿਆ। ਪੂਰਾ ਦੋ ਸਾਲ ਤਰ੍ਹਾਂ ਤਰ੍ਹਾਂ ਦੇ ਅਜੀਬੋ ਗ਼ਰੀਬ ਬਹਾਨੇ ਲਾਉਂਦਾ ਰਿਹਾ। ਆਖਰ ਮੈਨੂੰ ਕਹਿਣਾ ਪਿਆ ਕੇ 100 ਬਹਾਨੇ ਹੋ ਗਏ ਹਨ, ਹੁਣ ਤੇਰੇ ਬਹਾਨਿਆਂ ਦੀ ਕਿਤਾਬ ਲਿਖਦਾਂ। ਬਸ ਇਹੋ ਗ਼ਲਤੀ ਸੀ, ਹੁਣ ਉਹਨੂੰ ਨਵਾਂ ਬਹਾਨਾ ਮਿਲ ਗਿਆ ਹੈ ਤੇ ਪੁੱਛਦਾ ਰਹਿੰਦਾ, 'ਕਿਤਾਬ ਕਦੋਂ ਆ ਰਹੀ ਆ?' ਬਹੁਤੇ ਲੋਕ ਜੀਵਨ ਹੀ ਬਹਾਨਿਆਂ ਵਿਚ ਕੱਢ ਲੈਂਦੇ ਹਨ। ਜਿਵੇਂ ਸਿਆਸੀ ਲੋਕ ਚੋਣਾਂ ਤੋਂ ਪਹਿਲੋਂ ਲੋਕਾਂ ਦੀ ਆਰਥਿਕ ਹਾਲਾਤ ਠੀਕ ਕਰਨ ਦਾ ਵਾਅਦਾ ਕਰਨਗੇ। ਪਰ ਸੱਤਾ 'ਚ ਆਉਂਦੇ ਹੀ ਬਹਾਨਾ ਮਾਰਨਗੇ, 'ਪਿਛਲੀ ਸਰਕਾਰ ਖਜ਼ਾਨਾ ਖਾਲੀ ਕਰ ਗਈ ਹੈ, ਹੁਣ ਅਸੀਂ ਕੀ ਕਰੀਏ, ਹੋਰ ਟੈਕਸ ਤਾਂ ਲਾਉਣੇ ਹੀ ਪੈਣੇ ਹਨ।' ਅਸਲ ਵਿਚ ਬਹਾਨਾ ਸਿਰਫ ਆਪਣੀ ਮਾੜੀ ਨੀਤ ਨੂੰ ਛੁਪਾਉਣ ਤੋਂ ਇਲਾਵਾ ਕੁਝ ਵੀ ਨਹੀਂ। ਉਹ ਲੋਕ ਜੋ ਬਹਾਨਿਆਂ ਦਾ ਸਹਾਰਾ ਲੈਣ ਦੀ ਥਾਂ, ਮਿਹਨਤ ਕਰਕੇ ਆਪਣਾ ਕੰਮ ਨਿਪਟਾ ਲੈਂਦੇ ਹਨ, ਚੈਨ ਦੀ ਨੀਂਦ ਸੌਂਦੇ ਹਨ।


ਮੋਬਾ: 98159-45018

ਕਿਸਾਨ-ਹਿਤ ਖੇਤੀ ਨੀਤੀ ਤੁਰੰਤ ਵਜੂਦ 'ਚ ਲਿਆਂਦੀ ਜਾਏ

ਕਣਕ ਦੀ ਕਾਸ਼ਤ ਪੰਜਾਬ 'ਚ 35 ਤੋਂ 36 ਲੱਖ ਹੈਕਟੇਅਰ ਦੇ ਦਰਮਿਆਨ ਰਕਬੇ 'ਤੇ ਕੀਤੀ ਜਾਂਦੀ ਹੈ। ਇਸ ਸਾਲ ਵੀ ਹਾੜ੍ਹੀ 'ਚ ਇਸ ਫ਼ਸਲ ਥੱਲੇ ਕੋਈ ਪਿਛਲੇ ਸਾਲ ਦੇ 35 ਲੱਖ ਹੈਕਟੇਅਰ ਦੇ ਮੁਕਾਬਲੇ ਰਕਬਾ ਘਟਣ ਦੀ ਸੰਭਾਵਨਾ ਨਹੀਂ। ਜ਼ਮੀਨ ਥੱਲੇ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਦੀ ਬੜੀ ਲੋੜ ਹੈ, ਜਦ ਕਿ ਕਣਕ ਦਾ ਰਕਬਾ ਘਟਾਉਣ ਦੀ ਕੋਈ ਐਨੀ ਬਹੁਤੀ ਜ਼ਰੂਰਤ ਨਹੀਂ। ਸਬਜ਼ ਇਨਕਲਾਬ ਦੇ ਬਾਨੀ ਨੋਬਲ ਲਾਰਇਏਟ, ਨਾਰਮਲ ਈ ਬਰਲੋਗ ਨੇ ਕਿਹਾ ਸੀ ਕਿ ਪੰਜਾਬ 'ਚ ਕਣਕ ਦਾ ਰਕਬਾ ਘਟਾਉਣ 'ਤੇ ਜ਼ੋਰ ਨਾ ਦਿੱਤਾ ਜਾਵੇ, ਅਹਿਮੀਅਤ ਦੂਜੀਆਂ ਫ਼ਸਲਾਂ ਪੈਦਾ ਕਰਨ ਨੁੂੰ ਦੇਣ ਦੀ ਲੋੜ ਹੈ। ਕਣਕ ਦੀ ਫਾਲਤੂ ਮਾਤਰਾ ਤਾਂ ਸਾਰੀ ਦੀ ਸਾਰੀ ਕੇਂਦਰ ਦੇ ਕਣਕ ਭੰਡਾਰ 'ਚ ਚਲੀ ਜਾਂਦੀ ਹੈ। ਸਮੱਸਿਆ ਐਮ. ਐਸ. ਪੀ. ਵਧਾ ਕੇ ਕਿਸਾਨਾਂ ਨੂੰ ਲਾਹੇਵੰਦ ਕੀਮਤ ਨਾ ਦਿੱਤੇ ਜਾਣ ਦੀ ਹੈ। ਅਮਰੀਕਾ 'ਚ ਵੀ ਕਣਕ ਪੈਦਾ ਕਰਨ 'ਤੇ ਰੋਕ ਨਹੀਂ ਲਗਾਈ ਜਾਂਦੀ ਸਗੋਂ ਉਤਪਾਦਕਾਂ ਨੂੰ ਮਾਲੀ ਸਹਾਇਤਾ ਦੇ ਕੇ ਉਤਸ਼ਾਹਤ ਕੀਤਾ ਜਾਂਦਾ ਰਿਹਾ ਹੈ। ਕਣਕ ਦੀ ਕਾਸ਼ਤ ਨੂੰ ਲਾਹੇਵੰਦ ਕਿਵੇਂ ਬਣਾਇਆ ਜਾਏ? ਹੁਣ ਕਿਸਾਨਾਂ ਦੀ ਆਮਦਨ ਵਧਾਉਣ 'ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ਉਤਪਾਦਕਤਾ ਤਾਂ 51 ਕੁਇੰਟਲ ਪ੍ਰਤੀ ਹੈਕਟੇਅਰ ਨੂੰ ਛੁਹ ਗਈ ਹੈ ਜੋ ਵਿਸ਼ਵ ਦੇ ਪੱਧਰ ਦਾ ਮੁਕਾਬਲਾ ਕਰਦੀ ਹੈ। ਕਣਕ ਤੋਂ ਉਤਪਾਦਕਾਂ ਦੀ ਵੱਟਤ ਵਧਾਉਣ ਲਈ ਵੈਲਯੂ-ਐਡੀਸ਼ਨ ਜ਼ਰੂਰੀ ਹੈ। ਇਸ ਲਈ ਪੌਸ਼ਟਿਕਤਾ ਭਰਪੂਰ ਗੁਣਵੱਤਾ ਵਾਲੀਆਂ ਕਿਸਮਾਂ ਪੈਦਾ ਕੀਤੀਆਂ ਜਾਣ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਕਣਕ ਦਾ ਦੱਖਣ ਵਿਚ ਜਾ ਕੇ ਵੈਲਯੂ-ਐਡੀਸ਼ਨ ਹੁੰਦਾ ਹੈ ਜਿਸ ਦਾ ਫਾਇਦਾ ਦੱਖਣੀ ਰਾਜਾਂ ਦੇ ਲੋਕਾਂ ਨੂੰ ਪਹੁੰਚ ਰਿਹਾ ਹੈ। ਕਣਕ ਦੀ ਥਾਂ ਕੋਈ ਹੋਰ ਫ਼ਸਲ ਇਥੇ ਕਿਸਾਨਾਂ ਨੂੰ ਅਨੁਕੂਲ ਵੀ ਨਹੀਂ ਰਹੀ। ਕਿਸਾਨਾਂ ਨੂੰ ਐਚ. ਡੀ. 3086 ਅਤੇ ਐਚ. ਡੀ. 3117 (ਤਰਜੀਹਨ ਜ਼ੀਰੋ ਡਰਿਲ ਨਾਲ) ਅਗਲੇ ਮਹੀਨੇ ਅੱਧ ਨਵੰਬਰ ਵਿਚ ਕਾਸ਼ਤ ਲਈ ਚੁਣਨੀਆਂ ਚਾਹੀਦੀਆਂ ਹਨ। ਪੂਸਾ ਦੇ ਵਿਗਿਆਨੀਆਂ ਅਨੁਸਾਰ ਇਨ੍ਹਾਂ ਕਿਸਮਾਂ ਦੇ ਵਧੇਰੇ ਲਾਹੇਵੰਦ ਰਹਿਣ ਦੀ ਸੰਭਾਵਨਾ ਹੈ। ਬਦਲਵੀਆਂ ਫ਼ਸਲਾਂ ਕਿਸਾਨਾਂ ਨੂੰ ਅਜੇ ਤੱਕ ਮੁਆਫ਼ਕ ਨਹੀਂ ਰਹੀਆਂ। ਜੇ ਉਨ੍ਹਾਂ ਨੇ ਆਲੂ ਬੀਜੇ ਉਹ ਜਾਂ ਤਾਂ ਵਾਹੁਣੇ ਪਏ ਜਾਂ ਕੌਡੀਆਂ ਦੇ ਭਾਅ ਮੰਡੀ 'ਚ ਸੁੱਟਣੇ ਪਏ, ਜਿਸ ਨਾਲ ਖੇਤੀ ਖਰਚੇ ਵੀ ਵਸੂਲ ਨਹੀਂ ਹੋਏ। ਮਟਰਾਂ ਦਾ ਭਾਅ ਵੀ ਮੰਦਾ ਰਿਹਾ। ਗੋਭੀ ਦੀ ਵਿਕਰੀ ਲਈ ਵੀ ਕਿਸਾਨਾਂ ਨੂੰ ਸਖ਼ਤ ਪ੍ਰੇਸ਼ਾਨੀ ਸਹਿਣੀ ਪਈ। ਫ਼ਲਾਂ ਤੇ ਸਬਜ਼ੀਆਂ ਦੀ ਕਾਸ਼ਤ ਅਧੀਨ ਰਕਬਾ ਤਰਤੀਬਵਾਰ 79 ਹਜ਼ਾਰ ਹੈਕਟੇਅਰ ਅਤੇ 2.30 ਲੱਖ ਹੈਕਟੇਅਰ ਦੇ ਆਲੇ-ਦੁਆਲੇ ਘੁੰਮਦਾ ਰਿਹਾ। ਫਿਰ ਫ਼ਲਾਂ ਦੀ ਕਾਸ਼ਤ ਕਰਨਾ ਹਰ ਕਿਸਾਨ ਦੀ ਸਮਰੱਥਾ 'ਚ ਨਹੀਂ। ਸਰਕਾਰ ਨੇ ਵੀ ਇਨ੍ਹਾਂ ਦੇ ਮੰਡੀਕਰਨ ਲਈ ਕੋਈ ਮੰਡੀ ਚੇਨ ਸਹੂਲਤਾਂ ਮੁਹਈਆ ਨਹੀਂ ਕੀਤੀਆਂ ਅਤੇ ਮੰਡੀਕਰਨ ਲਈ ਕੋਈ ਕਿਸਾਨ-ਹਿੱਤ ਮੰਡੀਆਂ ਸਥਾਪਤ ਨਹੀਂ ਹੋਈਆਂ। ਠੇਕੇਦਾਰੀ ਸਿਸਟਮ ਹੀ ਪ੍ਰਧਾਨ ਹੈ, ਇਸ ਵਿਚ ਵਿਚੋਲਿਆਂ ਨੂੰ ਹੀ ਕਮਾਈ ਹੁੰਦੀ ਹੈ। ਕਿਸਾਨਾਂ ਨੂੰ ਬਹੁਤੀਆਂ ਹਾਲਤਾਂ ਵਿਚ ਕੋਈ ਖੱਟੀ ਨਹੀਂ ਹੁੰਦੀ। ਖਰਚੇ ਹੀ ਮਸਾਂ ਪੂਰੇ ਹੁੰਦੇ ਹਨ। ਕਿਸਾਨਾਂ ਨੂੰ ਥੋੜ੍ਹੇ - ਥੋੜ੍ਹੇ ਰਕਬੇ ਤੇ ਪੂਸਾ ਰੁਧਿਰਾ ਗਾਜਰ, ਪੂਸਾ ਭਾਰਤੀ ਪਾਲਕ, ਪੂਸਾ ਸਾਗ-1 ਅਤੇ ਸਰ੍ਹੋਂ ਦੀ ਪੂਸਾ ਮਸਟਰਡ-31 ਕਿਸਮ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਸਰ੍ਹੋਂ ਦੀ ਨਵੀਂ ਲਾਹੇਵੰਦ ਕਿਸਮ
ਪੂਸਾ ਮਸਟਰਡ - 31 ਸਰ੍ਹੋਂ ਦੀ ਨਵੀਂ ਵਿਕਸਿਤ ਕੀਤੀ ਗਈ ਕਿਸਮ ਹੈ ਜਿਸ ਦਾ ਝਾੜ ਇਕ ਸਿੰਜਾਈ ਨਾਲ ਵੀ 20 ਤੋਂ 25 ਕੁਇੰਟਲ ਪ੍ਰਤੀ ਹੈਕਟੇਅਰ (ਜੇ ਮੌਸਮ ਅਨੁਕੂਲ ਰਹੇ) ਆ ਜਾਂਦਾ ਹੈ। ਇਹ ਬੜੀ ਗੁਣੱਵਤਾ ਵਾਲੀ ਕਿਸਮ ਹੈ ਜੋ 130 ਦਿਨ 'ਚ ਪੱਕ ਜਾਂਦੀ ਹੈ। ਇਸ ਵਿਚ ਤੇਲ ਦੀ ਮਾਤਰਾ ਵਧੀਆ ਗੁਣਵੱਤਾ ਹੋਣ ਦੇ ਬਾਵਜੂਦ 38 ਤੋਂ 40 ਫ਼ੀਸਦੀ ਦੇ ਦਰਮਿਆਨ ਹੈ। ਭਾਵੇਂ ਇਸ ਸਾਲ ਮੌਸਮ ਕੁਝ ਗਰਮ ਹੈ ਪਰ ਇਸ ਕਿਸਮ ਦੀ ਕਾਸ਼ਤ ਕਰਨ ਲਈ ਇਹ ਢੁੱਕਵਾਂ ਸਮਾਂ ਹੈ।
ਇਸੇ ਤਰ੍ਹਾਂ ਖਰੀਫ ਦੇ ਮੌਸਮ 'ਚ ਵੀ ਝੋਨੇ, ਬਾਸਮਤੀ ਤੋਂ ਇਲਾਵਾ ਕੋਈ ਨਕਦੀ ਵਾਲੀ ਫ਼ਸਲ ਕਾਮਯਾਬ ਨਹੀਂ ਹੋਈ। ਮੱਕੀ ਦੀ ਕਾਸ਼ਤ ਥੱਲੇ 1.15 ਲੱਖ ਹੈਕਟੇਅਰ, ਗੰਨੇ ਦੀ ਕਾਸ਼ਤ ਥੱਲੇ 95 ਹਜ਼ਾਰ ਹੈਕਟੇਅਰ ਅਤੇ ਕਪਾਹ ਨਰਮੇ ਦੀ ਕਾਸ਼ਤ 3.82 ਲੱਖ ਹੈਕਟੇਅਰ 'ਤੇ ਸੀਮਿਤ ਰਹਿ ਗਈ ਜਦੋਂ ਕਿ ਝੋਨੇ ਦੀ ਕਾਸ਼ਤ 30 ਲੱਖ ਹੈਕਟੇਅਰ ਰਕਬੇ 'ਤੇ (ਜਿਸ ਵਿਚ 4.5 ਲੱਖ ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਥੱਲੇ ਹੈ) ਹੋਈ ਹੈ। ਦੋ ਦਹਾਕਿਆਂ ਤੋਂ ਮਤਵਾਤਰ ਫ਼ਸਲੀ ਵਿਭਿੰਨਤਾ ਲਿਆਉਣ ਲਈ ਕੀਤੇ ਜਾ ਰਹੇ ਉਪਰਾਲੇ ਸਫ਼ਲ ਨਹੀਂ ਹੋਏ। ਕਣਕ, ਝੋਨੇ ਤੋਂ ਇਲਾਵਾ ਦੂਜੀਆਂ ਫ਼ਸਲਾਂ ਪੈਦਾ ਕਰਨ ਲਈ ਕਿਸਾਨਾਂ ਨੁੂੰ ਸਿਖ਼ਲਾਈ, ਪ੍ਰਸਾਰ ਸੇਵਾ ਰਾਹੀਂ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਦੀ ਤਕਨਾਲੋਜੀ, ਬਦਲਵੀਆਂ ਫ਼ਸਲਾਂ ਦੇ ਬੀਜ, ਉਨ੍ਹਾਂ ਲਈ ਲੋੜੀਂਦੀਆਂ ਮਸ਼ੀਨਾਂ, ਇਨ੍ਹਾਂ ਫ਼ਸਲਾਂ ਦੀ ਦਰਜਾਬੰਦੀ, ਭੰਡਾਰਨ ਅਤੇ ਮੰਡੀਕਰਨ ਦੀਆਂ ਵਿਧੀਆਂ ਸਬੰਧੀ ਯੋਗ ਜਾਣਕਾਰੀ ਦੇਣੀ ਪਵੇਗੀ। ਬਦਲਵੀਆਂ ਫ਼ਸਲਾਂ ਦੇ ਮੰਡੀਕਰਨ ਲਈ ਵੀ ਕਿਸਾਨਾਂ ਨੂੰ ਕੋਈ ਅਗਵਾਈ ਨਹੀਂ ਅਤੇ ਨਾ ਹੀ ਇਸ ਸਬੰਧੀ ਪੀ. ਏ. ਯੂ. ਵਲੋਂ ਖੋਜ ਕਰ ਕੇ ਪ੍ਰਸਾਰ ਸੇਵਾ ਰਾਹੀਂ ਉਨ੍ਹਾਂ ਨੂੰ ਕੁੱਝ ਦੱਸਿਆ ਜਾਂਦਾ ਹੈ।
ਕਿਸਾਨ ਅੱਜ ਮੁਸ਼ਕਿਲਾਂ 'ਚ ਘਿਰੇ ਹੋਏ ਹਨ। ਬੈਂਕਾਂ ਤੇ ਸਹਿਕਾਰੀ ਸਭਾਵਾਂ ਦੀਆਂ ਗ਼ਲਤ ਨੀਤੀਆਂ ਕਾਰਨ ਉਹ ਕਰਜ਼ੇ ਦੇ ਸਖ਼ਤ ਦਬਾਅ ਥੱਲੇ ਆ ਗਏ ਹਨ ਜਿਸ ਕਾਰਨ ਕੁੱਝ ਪਰੇਸ਼ਾਨ ਕਿਸਾਨ ਖੁਦਕੁਸ਼ੀਆਂ ਦੇ ਰਾਹ 'ਤੇ ਤੁਰ ਪਏ ਹਨ। ਵਿਰਾਸਤ ਦੇ ਕਾਨੂੰਨਾਂ ਕਾਰਨ ਖੇਤ ਮਤਵਾਤਰ ਛੋਟੇ ਹੁੰਦੇ ਜਾ ਰਹੇ ਹਨ ਅਤੇ ਖੇਤੀ ਸਮੱਗਰੀ ਤੇ ਖੇਤ ਮਜ਼ਦੂਰ ਮਹਿੰਗੇ ਹੋਣ ਕਾਰਨ ਕਿਸਾਨਾਂ ਦੀ ਆਮਦਨ 'ਚ ਨਿਘਾਰ ਆਉਂਦਾ ਜਾ ਰਿਹਾ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਦਾ ਘਟਣਾ, ਕੇਂਦਰੀ ਜ਼ਿਲ੍ਹਿਆਂ 'ਚ ਖ਼ਤਰਨਾਕ ਪੱਧਰ ਤਕ ਪਾਣੀ ਦੀ ਸਤਹਿ ਦਾ ਹੇਠਾਂ ਜਾਣਾ, ਕਪਾਹ ਪੱਟੀ 'ਚ ਪਾਣੀ ਦਾ ਖਾਰਾਪਣ, ਚਿੱਟੀ ਮੱਖੀ ਦਾ ਹਮਲਾ ਅਤੇ ਪਰਾਲੀ ਦਾ ਅੱਗ ਲਗਾਏ ਬਿਨਾਂ ਨਿਪਟਾਰਾ ਕਰਨਾ ਆਦਿ ਖੇਤੀ ਸਕੰਟ ਦੇ ਵਧ ਰਹੇ ਚਿੰਨ੍ਹ ਹਨ।
ਕਿਸਾਨ ਆਪਣੀਆਂ ਮੁਸ਼ਕਿਲਾਂ ਦਾ ਹੱਲ ਖੇਤੀ ਖਰਚਿਆਂ ਤੇ 50 ਫ਼ੀਸਦੀ ਮੁਨਾਫਾ ਦੇ ਕੇ ਐਮ. ਐਸ. ਪੀ. ਨਿਯਮਤ ਕਰਨ ਸਬੰਧੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਰਾਹੀਂ ਕੀਤੀਆਂ ਸਿਫਾਰਸ਼ਾਂ ਤੇ ਸਰਕਾਰ ਵਲੋਂ ਅਮਲਦਰਾਮਦ ਕੀਤੇ ਜਾਣ 'ਤੇ ਆਸਾਂ ਲਗਾਈ ਬੈਠੇ ਸਨ ਜਿਸ ਲਈ ਇੰਡੀਅਨ ਫਾਰਮਰਜ਼ ਐਸੋਸੀਏਸ਼ਨਜ਼ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਪਿਛਲੇ 6 ਸਾਲਾਂ ਤੋਂ ਮਤਵਾਤਰ ਸੰਘਰਸ਼ ਕਰਦੇ ਰਹੇ ਹਨ ਅਤੇ ਉਨ੍ਹਾਂ ਵਲੋਂ ਦੇਸ਼ ਦੀ ਸੁਪਰੀਮ ਕੋਰਟ 'ਚ ਸਰਕਾਰ ਨੁੂੰ ਇਸ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਬੰਧੀ ਹਦਾਇਤਾਂ ਜਾਰੀ ਕਰਨ ਲਈ ਰਿੱਟ ਪਟੀਸ਼ਨ ਦਾਇਰ ਕੀਤੀ ਗਈ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੰਨਣ ਲਈ ਡਾ: ਮਨਮੋਹਨ ਸਿੰਘ ਦੀ ਪਿਛਲੀ ਸਰਕਾਰ ਨੇ ਵੀ ਭਰੋਸਾ ਦਿਵਾਈ ਰੱਖਿਆ ਅਤੇ ਭਾਜਪਾ ਨੇ ਤਾਂ ਆਪਣੇ ਚੋਣ ਮਨੋਰਥ ਪੱਤਰ 'ਚ ਹੀ ਇਸ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਮੰਨਣ ਲਈ ਇੰਦਰਾਜ ਕਰ ਦਿੱਤਾ। ਭਾਵੇਂ ਇਹ ਦੋਵੇਂ ਸਰਕਾਰਾਂ ਉਨ੍ਹਾਂ ਵਲੋਂ ਦਿਵਾਏ ਗਏ ਵਿਸ਼ਵਾਸ ਤੋਂ ਪਿਛੇ ਹਟ ਗਈਆਂ, ਸ: ਬਹਿਰੂ ਨੇ ਆਪਣੀ ਕਾਨੂੰਨੀ ਲੜਾਈ ਜਾਰੀ ਰੱਖੀ। ਪ੍ਰੰਤੂ ਸੁਪਰੀਮ ਕੋਰਟ ਨੇ ਆਪਣੇ 5 ਅਕਤੂਬਰ 2017 ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਇਹ ਰਿੱਟ ਖਾਰਿਜ ਕਰ ਦਿੱਤੀ ਕਿਉਂਕਿ ਸਰਕਾਰ ਵਲੋਂ ਬਣਾਈ ਗਈ ਕੌਮੀ ਨੀਤੀ ਨੂੰ ਅਮਲ 'ਚ ਲਿਆਉਣ ਦੇ ਹੁਕਮ ਜਾਰੀ ਕਰਨੇ ਇਸ ਅਦਾਲਤ ਦੇ ਅਧਿਕਾਰ ਖੇਤਰ 'ਚ ਨਹੀਂ ਸੀ। ਪਰ ਸੁਪਰੀਮ ਕੋਰਟ ਦੇ ਹੁਕਮਾਂ ਵਿਚ ਕੀਤੇ ਗਏ ਇਸ਼ਾਰੇ ਦੀ ਰੂਹ 'ਤੇ ਸ: ਬਹਿਰੂ ਅਨੁਸਾਰ ਇਹ ਮਾਮਲਾ ਸਰਕਾਰ ਕੋਲ ਲਟਕ ਰਿਹਾ ਹੈ ਅਤੇ ਇਸ ਕਮਿਸ਼ਨ ਦੀ ਸਿਫਾਰਸ਼ ਨੂੰ ਅਮਲਦਰਾਮਦ 'ਚ ਲਿਆਉਣ ਲਈ ਸਰਕਾਰ ਹੁਣ ਵੀ ਵਿਚਾਰ ਕਰ ਸਕਦੀ ਹੈ। ਸ: ਬਹਿਰੂ ਕੇਂਦਰ ਸਰਕਾਰ ਦੇ ਕਿਸਾਨਾਂ ਦੀ ਮੱਦਦ ਲਈ ਅੱਗੇ ਨਾ ਆਉਣ ਦੀ ਸੂਰਤ ਵਿਚ ਸੁਪਰੀਮ ਕੋਰਟ ਦੇ 'ਫੁੱਲ ਬੈਂਚ' ਸਾਹਮਣੇ ਆਪਣੀ ਸਮੱਸਿਆ ਲੈ ਜਾਣਗੇ।
ਕਿਸਾਨਾਂ ਵਿਚ ਚਾਰੇ ਪਾਸਿਉਂ ਮਾਯੂਸੀ ਫੈਲੀ ਹੋਈ ਹੈ ਅਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲ ਵੇਖ ਰਹੇ ਹਨ ਕਿ ਉਨ੍ਹਾਂ ਵਲੋਂ ਉਲੀਕੀ ਜਾ ਰਹੀ ਖੇਤੀ ਨੀਤੀ ਜੋ ਕਿਸਾਨ ਦੇ ਹਿੱਤ 'ਚ ਹੋਵੇ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਹੱਲ ਕਰਨ ਦੀ ਪੂਰੀ ਸੰਭਾਵਨਾ ਹੋਵੇ, ਕਦੋਂ ਵਜੂਦ 'ਚ ਆਉਂਦੀ ਹੈ।


ਮੋਬਾ: 98152-36307

ਨੀਮ-ਪਹਾੜੀ ਇਲਾਕੇ ਬੀਤ ਦੇ ਪਿੰਡ ਨੈਣਵਾਂ ਦੀ ਨਿਵੇਕਲੀ ਪਹਿਲ

ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਕਸਬੇ ਤੋਂ ਪੂਰਬ ਦਿਸ਼ਾ ਵੱਲ ਸਥਿਤ ਉੱਚੇ ਖੇਤਰ ਨੂੰ 'ਬੀਤ' ਕਹਿੰਦੇ ਹਨ। ਸ਼ਿਵਾਲਕ ਸ਼੍ਰੇਣੀ ਵਿਚ ਬੀਤ ਇਕ ਅਜਿਹਾ ਖੇਤਰ ਹੈ ਜਿਸ ਉੱਤੇ ਪਿੰਡ ਵਸੇ ਹੋਏ ਹਨ। ਕਿਸੇ ਵੇਲੇ ਇਹ ਇਲਾਕਾ ਬਾਈ ਪਿੰਡਾਂ ਦਾ ਸਮੂਹ ਹੁੰਦਾ ਸੀ। ਫਿਰ ਆਬਾਦੀ ਵਧਣ ਨਾਲ ਸਤਾਈ ਪੰਚਾਇਤਾਂ ਬਣ ਗਈਆਂ, ਹੁਣ ਇਨ੍ਹਾਂ ਦੀ ਗਿਣਤੀ 33 ਹੋ ਗਈ ਹੈ। ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਸੜਕ 'ਤੇ ਪਿੰਡ ਸਦਰਪੁਰ ਤੋਂ ਅਗਾਂਹ ਪਹਾੜੀਆਂ ਵਿਚੋਂ ਗੁਜਰਦੀ ਵਲ-ਵਲੇਵੇਂ ਖਾਂਦੀ ਸੜਕ ਰਾਹੀਂ ਚੜ੍ਹਾਈ ਖ਼ਤਮ ਹੁੰਦੇ ਸਾਰ ਹੀ ਬੀਤ ਇਲਾਕਾ ਸ਼ੁਰੂ ਹੋ ਜਾਂਦਾ ਹੈ। ਜੇਕਰ ਇਸੇ ਸੜਕ ਤੋਂ ਨੰਗਲ ਡੈਮ ਤੋਂ ਆਈਏ ਤਾਂ ਹਿਮਾਚਲ ਪ੍ਰਦੇਸ਼ ਦੇ ਪਿੰਡ ਬਾਥੜੀ ਤੋਂ ਅੱਗੇ ਇਹ ਇਲਾਕੇ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮਾਰਗ ਤੋਂ ਪੋਜੇਵਾਲ, ਸਿੰਘਪੁਰ ਅਤੇ ਕਾਹਨਪੁਰ ਖੂਹੀ ਨੇੜਿਓਂ ਪਿੰਡ ਸਮੁੰਦੜੀਆਂ ਤੋਂ ਰਸਤੇ ਉੱਪਰ ਨੂੰ ਚੜ੍ਹਦੇ ਹਨ। ਰੋਪੜ ਜ਼ਿਲ੍ਹੇ ਦੇ ਕਾਹਨਪੁਰ ਖੂਹੀ-ਬਾਥੜੀ ਸੜਕ ਤੋਂ ਖੇੜਾ ਕਲਮੋਟ ਅਤੇ ਭੰਗਲ ਪਿੰਡਾਂ ਤੋਂ ਵੀ ਰਸਤੇ ਇਸ ਖੇਤਰ ਨੂੰ ਆ ਮਿਲਦੇੇ ਹਨ।
ਇਹ ਖਿੱਤਾ ਜੰਗਲਾਂ, ਡੂੰਘੇ ਚੋਆਂ ਅਤੇ ਖੱਡਾਂ ਦੇ ਨਾਲ-ਨਾਲ ਪੈਂਦਾ ਹੋਣ ਕਰਕੇ, ਇੱਥੋਂ ਦੀ ਜ਼ਮੀਨ ਉੱਚੀ ਨੀਵੀਂ, ਛੋਟੇ-ਛੋਟੇ ਟੋਟਿਆਂ ਵਿਚ ਵੰਡੀ ਹੋਈ ਅਤੇ ਘੱਟ ਉਪਜਾਊ ਹੈ। ਇਸ ਖੇਤਰ ਵਿਚ ਬਰਸਾਤ ਦਾ ਮੌਸਮ ਹੋਣ ਕਾਰਨ ਮੱਕੀ ਦੀ ਫਸਲ ਤਾਂ ਹੋ ਜਾਂਦੀ ਹੈ ਪਰ ਇਸ ਦੀ ਬਿਜਾਈ ਤੋਂ ਲੈ ਕੇ ਦਾਣੇ ਕੋਠੀ 'ਚ ਪਹੁੰਚਣ ਤੱਕ ਔਕੜਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਹੈ। ਬੀਤ ਇਲਾਕੇ ਦੀ ਮੱਕੀ ਆਪਣੀ ਵੱਖਰੀ ਪਛਾਣ ਕਰਕੇ ਪੰਜਾਬ ਦੀਆਂ ਮੰਡੀਆਂ ਵਿਚ ਮਸ਼ਹੂਰ ਹੈ। ਇਸ ਤੋਂ ਇਲਾਵਾ ਲੋਕ ਕਮਾਦ ਵੀ ਬੀਜਦੇ ਹਨ। ਜੇ ਜੰਗਲੀ ਜਾਨਵਰਾਂ ਤੋਂ ਬਚ ਜਾਵੇ ਤਾਂ ਇਹ ਘਰੇਲੂ ਖਪਤ ਹੀ ਪੂਰੀ ਕਰਦਾ ਹੈ। ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਜੰਗਲੀ ਜਾਨਵਰਾਂ ਦੁਆਰਾ ਫਸਲ ਦੇ ਉਜਾੜੇ ਦੀ ਹੈ। ਖੇਤਾਂ ਦੇ ਨਾਲ-ਨਾਲ ਡੂੰਘੇ ਚੋਅ, ਜੰਗਲ ਅਤੇ ਖੱਡਾਂ ਜੰਗਲੀ ਜਾਨਵਰਾਂ ਲਈ ਆਵਾਸ-ਘਰ ਹਨ। ਮੱਕੀ ਦੀ ਫਸਲ ਦੀ ਰਾਖੀ ਕਰਨ ਲਈ ਖੇਤਾਂ ਵਿਚਕਾਰ ਮਣ੍ਹੇ ਬਣਾਏ ਜਾਂਦੇ ਹਨ। ਪਸ਼ੂਆਂ ਦੇ ਵੱਡੇ-ਵੱਡੇ ਝੁੰਡ ਖੇਤਾਂ ਦੇ ਖੇਤ ਲਿਤਾੜ ਜਾਂਦੇ ਹਨ। ਵੱਖਰੀ ਭੂਗੋਲਿਕ ਸਥਿਤੀ ਵਾਲੇ ਇਸ ਇਲਾਕੇ ਦੇ ਲੋਕ ਬੜੇ ਮਿਹਨਤੀ ਅਤੇ ਸਾਦਗੀ ਪਸੰਦ ਹਨ। ਪਹਿਲਾਂ ਇਸ ਇਲਾਕੇ ਦੇ ਲੋਕਾਂ ਦੀ ਖੇਤਾਂ ਦੁਆਲੇ ਕੰਡਿਆਲੀ ਤਾਰ ਲਗਾਉਣ ਦੀ ਮੰਗ ਹੁੰਦੀ ਸੀ ਪਰ ਸਮਾਂ ਬੀਤਣ ਨਾਲ ਕੰਡਿਆਲੀ ਤਾਰ ਦੀ ਮੰਗ ਜਾਲ਼ੀਦਾਰ ਤਾਰ ਵਿਚ ਬਦਲ ਗਈ। ਇਸ ਇਲਾਕੇ ਦੇ ਪਿੰਡ ਨੈਣਵਾਂ ਦੇ ਕਿਸਾਨ ਕਈ ਸਾਲਾਂ ਤੋਂ ਇਕੱਠੇ ਹੋ ਕੇ ਰਾਤ ਵੇਲੇ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਰਾਤ ਭਰ ਪਹਿਰਾ ਦਿੰਦੇ ਸਨ। ਫਿਰ ਉਨ੍ਹਾਂ ਨੇ ਇਸ ਸਮੱਸਿਆ ਦੇ ਪੱਕੇ ਹੱਲ ਲਈ ਏਕਾ ਕੀਤਾ। ਗੁਰਬਾਣੀ ਦੇ ਮਹਾਂਵਾਕ 'ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ' ਅਨੁਸਾਰ ਪਿੰਡ ਦਾ ਇਕੱਠ ਕਰਕੇ ਕਰੀਬ ਪੌਣੇ ਦੋ ਸੌ ਕਿੱਲੇ ਨੂੰ ਜਾਲ਼ੀਦਾਰ ਵਾੜ ਕਰ ਦਿੱਤੀ। ਪਿੰਡ ਦੇ ਇਕ ਕਿਸਾਨ ਨੇ ਦੱਸਿਆ ਕਿ ਇਸ ਮਕਸਦ ਲਈ 2500 ਰੁਪਏ ਪ੍ਰਤੀ ਕਨਾਲ ਇਕੱਠੇ ਕੀਤੇ ਗਏ। ਕਿਸਾਨਾਂ ਦੇ ਇਸ ਉੱਦਮ ਦੀ ਕਾਫੀ ਚਰਚਾ ਹੈ। ਪੁਰਾਣੀ ਕਹਾਵਤ 'ਇਕੱਠ ਲੋਹੇ ਦੀ ਲੱਠ' ਨੂੰ ਸੱਚ ਕਰ ਦਿਖਾਇਆ ਇਨ੍ਹਾਂ ਮਿਹਨਤੀ ਲੋਕਾਂ ਨੇ। ਜ਼ਿਕਰਯੋਗ ਹੈ ਕਿ ਇਸ ਇਲਾਕੇ ਦੇ ਕਿਸਾਨ ਕਿੱਲਿਆਂ ਜਾਂ ਵਿੱਘਿਆਂ ਦੇ ਨਹੀਂ ਸਗੋਂ ਕਨਾਲਾਂ ਅਤੇ ਮਰਲਿਆਂ ਦੇ ਮਾਲਕ ਹਨ। ਪਿੰਡ ਦਾ ਕਾਫੀ ਰਕਬਾ ਹਾਲੇ ਇਸ ਕਾਰਜ ਦੇ ਅਧੀਨ ਹੈ। ਜੇਕਰ ਇਕੱਲਾ ਕਿਸਾਨ ਆਪਣੇ ਖੇਤ ਨੂੰ ਇਹ ਜਾਲੀਦਾਰ ਤਾਰ ਨਿੱਜੀ ਤੌਰ 'ਤੇ ਲਗਵਾਉਂਦਾ ਹੈ ਤਾਂ ਚਾਰ ਗੁਣਾ ਖਰਚ ਆਉਂਦਾ ਹੈ। ਕਿਸਾਨਾਂ ਦੇ ਦੱਸਣ ਅਨੁਸਾਰ ਜੰਗਲੀ ਸੂਰ ਹਾਲੇ ਵੀ ਤਾਰ ਥੱਲਿਓਂ ਮਿੱਟੀ ਖੋਦ ਕੇ ਖੇਤਾਂ ਵਿਚ ਵੜ ਜਾਂਦੇ ਹਨ ਪਰ ਵੱਡੇ ਪਸ਼ੂਆਂ ਤੋਂ ਰਾਹਤ ਮਿਲ ਗਈ ਹੈ। ਜਾਲ਼ੀਦਾਰ ਵਾੜ ਅੰਦਰ ਆਏ ਖੇਤਾਂ ਵਿਚ ਐਤਕੀਂ ਮੱਕੀ, ਕੱਦੂ ਅਤੇ ਖੀਰੇ ਦੀ ਭਰਵੀਂ ਫਸਲ ਦੀ ਹੋਂਦ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਤਸੱਲੀ ਭਰੀ ਖੁਸ਼ੀ ਹੈ। ਕਮਾਦ ਦੀ ਖੇਤੀ ਤੋਂ ਤੌਬਾ ਕਰ ਚੁੱਕੇ ਕਿਸਾਨ ਹੁਣ ਮੁੜ ਘਰ ਦਾ ਗੁੜ ਅਤੇ ਸ਼ੱਕਰ ਤਿਆਰ ਕਰਨ ਬਾਰੇ ਸੋਚ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਭਵਿੱਖ ਵਿਚ ਇਸੇ ਤਰ੍ਹਾਂ ਫਸਲ ਹੁੰਦੀ ਰਹੀ ਤਾਂ ਜਾਲੀਦਾਰ ਤਾਰ 'ਤੇ ਆਏ ਖਰਚ ਦੀ ਜਲਦੀ ਭਰਵਾਈ ਹੋ ਜਾਵੇਗੀ। ਇਸ ਪਿੰਡ ਦੇ ਲੋਕਾਂ ਦੀ ਇਹ ਪਹਿਲ ਬਾਕੀ ਪਿੰਡਾਂ ਲਈ ਵੀ ਰਾਹ-ਦਸੇਰਾ ਬਣੇਗੀ।


-ਪਿੰਡ ਤੇ ਡਾ: ਕਾਲੇਵਾਲ ਬੀਤ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਸੰਪਰਕ : 94638-51568
amrikdayal@gmail.com

ਵਿਰਸੇ ਦੀਆਂ ਬਾਤਾਂ

ਥੋੜ੍ਹੇ ਸਮੇਂ ਵਿਚ ਵਕਤ ਨੇ ਕੀ-ਕੀ ਰੰਗ ਵਿਖਾਏ

ਪੇਂਡੂ ਘਰ ਸ਼ਹਿਰੀ ਤਰਜ਼ 'ਤੇ ਬਣ ਰਹੇ ਹਨ। ਰਸੋਈਆਂ, ਸਬਾਤਾਂ ਸਭ ਬਦਲ ਰਿਹਾ ਹੈ। ਚੁੱਲ੍ਹੇ ਚੌਂਕੇ ਵਾਲੀ ਜਗ੍ਹਾ ਰਸੋਈ ਭਾਵ ਕਿਚਨ ਨੇ ਲੈ ਲਈ ਹੈ ਤੇ ਪੁਰਾਣੇ ਚੁੱਲ੍ਹੇ ਚੌਂਕਿਆਂ ਵਿਚ ਵਰਤੀਆਂ ਜਾਂਦੀਆਂ ਚੀਜ਼ਾਂ ਦੀ ਹੁਣ ਲੋੜ ਨਹੀਂ ਰਹੀ। ਜੇ ਲੋੜ ਹੈ ਤਾਂ ਬਹੁਤ ਘੱਟ। ਇਹੀ ਕਾਰਨ ਹੈ ਕਿ ਉਹ ਚੀਜ਼ਾਂ ਹੁਣ ਘੱਟ ਘਰਾਂ ਵਿਚ ਦਿੱਸਦੀਆਂ ਹਨ।
ਥੋੜ੍ਹੇ ਵਰ੍ਹੇ ਪਹਿਲਾਂ ਤੱਕ ਚੁੱਲ੍ਹੇ ਚੌਂਕੇ ਵਿਚ ਬਾਕੀ ਚੀਜ਼ਾਂ ਦੇ ਨਾਲ-ਨਾਲ ਪੀੜ੍ਹੀ ਆਮ ਦਿਸ ਪੈਂਦੀ ਸੀ। ਮਾਂ ਤੱਤੀ-ਤੱਤੀ ਰੋਟੀ ਦੇਵੇ ਤੇ ਚੁੱਲ੍ਹੇ ਮੂਹਰੇ ਪੀੜ੍ਹੀ 'ਤੇ ਬੈਠ ਕੇ ਖਾਧੀ ਹੋਵੇ, ਇਸ ਵਰਗਾ ਸਵਾਦ ਇਸ ਧਰਤੀ 'ਤੇ ਕੋਈ ਹੋਰ ਨਹੀਂ। ਪੀੜ੍ਹੀ ਦਾ ਪੰਜਾਬੀ ਸੱਭਿਆਚਾਰ ਨਾਲ ਵੀ ਗੂੜ੍ਹਾ ਰਿਸ਼ਤਾ ਹੈ। ਕੁੜੀਆਂ-ਚਿੜੀਆਂ ਦਾਜ ਵਿਚ ਹੱਥੀਂ ਬੁਣੀਆਂ ਪੀੜ੍ਹੀਆਂ ਲੈ ਕੇ ਆਉਂਦੀਆਂ ਸਨ ਤੇ ਜਿਹੜੀ ਕੁੜੀ ਦੀ ਪੀੜ੍ਹੀ ਦਾ ਨਮੂਨਾ ਜ਼ਿਆਦਾ ਵਧੀਆ ਹੁੰਦਾ, ਉਹ ਨਮੂਨਾ ਲਾਹੁਣ ਲਈ ਆਂਢਣਾਂ-ਗੁਆਂਢਣਾਂ ਪੀੜ੍ਹੀ ਮੰਗ ਕੇ ਲੈ ਜਾਂਦੀਆਂ।
ਸੇਪੀ ਦਾ ਕੰਮ ਕਰਨ ਵਾਲੇ ਤੋਂ ਪੀੜ੍ਹੀ ਦਾ ਢਾਂਚਾ ਭਾਵ ਚੁਗਾਠ ਤਿਆਰ ਕਰਾਈ ਜਾਂਦੀ ਤੇ ਰੰਗ-ਬਰੰਗੇ ਸੂਤ ਨਾਲ ਉਸ ਨੂੰ ਬੁੁਣਿਆ ਜਾਂਦਾ। ਪੀੜ੍ਹੀ ਦੀ ਸੰਭਾਲ ਬਾਕੀ ਅਹਿਮ ਚੀਜ਼ਾਂ ਵਾਂਗ ਹੀ ਹੁੰਦੀ। ਕਈ-ਕਈ ਵਰ੍ਹੇ ਪੀੜ੍ਹੀ ਕੱਢ ਜਾਂਦੀ। ਜਦੋਂ ਟੁੱਟਦੀ ਤਾਂ ਨਵੇਂ ਸਿਰਿਓਂ ਬੁਣ ਲੈਂਦੇ। ਪੀੜ੍ਹੀ ਜਾਂ ਮੰਜੇ ਬੁਣਨ ਦਾ ਹੁਨਰ ਜਿਹੜੀਆਂ ਔਰਤਾਂ ਨੂੰ ਹੁੰਦਾ, ਉਨ੍ਹਾਂ ਪ੍ਰਤੀ ਖਾਸ ਸਤਿਕਾਰ ਹੁੰਦਾ।
ਹੁਣ ਉਸ ਵੇਲੇ ਦਾ ਤੁਲਨਾਤਮਕ ਅਧਿਐਨ ਕਰਕੇ ਦੇਖੋ। ਕਿੰਨੇ ਕੁ ਘਰਾਂ ਵਿਚ ਪਹਿਲਾਂ ਵਰਗੇ ਚੁੱਲ੍ਹੇ ਚੌਂਕੇ ਹਨ। ਕਿੰਨੇ ਘਰਾਂ ਵਿਚ ਚੁੱਲ੍ਹੇ 'ਤੇ ਸਾਗ ਬਣਦਾ ਜਾਂ ਹਾਰੇ ਦੀ ਵਰਤੋਂ ਹੁੰਦੀ ਹੈ? ਕਿੰਨੇ ਕੁ ਘਰਾਂ ਵਿਚ ਤੰਦੂਰ ਹਨ? ਕਿੰਨੇ ਕੁ ਘਰਾਂ ਵਿਚ ਹੱਥੀਂ ਦੁੱਧ ਰਿੜਕਿਆ ਜਾਂਦਾ? ਸਭ ਕੁਝ ਬਦਲ ਗਿਆ ਤਾਂ ਪੀੜ੍ਹੀ ਕਿਵੇਂ ਬਚੀ ਰਹਿੰਦੀ। ਕਈ ਦੋਸਤਾਂ ਦੇ ਘਰਾਂ ਵਿਚ ਪੀੜ੍ਹੀਆਂ ਨੂੰ ਸੰਭਾਲ ਕੇ ਰੱਖਿਆ ਹੋਇਆ। ਯਾਦ ਚਿੰਨ੍ਹ ਦੇ ਰੂਪ ਵਿਚ। ਉਹ ਨਵੇਂ ਪੂਰ ਨੂੰ ਇਹ ਚੀਜ਼ਾਂ ਦਿਖਾਉਂਦੇ ਹਨ, ਸਮਝਾਉਂਦੇ ਹਨ ਕਿ ਅਸੀਂ ਕਿਵੇਂ-ਕਿਵੇਂ, ਕਿੱਥੋਂ-ਕਿੱਥੋਂ ਲੰਘੇ ਹਾਂ। ਅੱਜ ਇਹ ਤਸਵੀਰ ਦੇਖ ਕੇ ਮਨ ਖੁਸ਼ ਹੋ ਗਿਆ। ਇਹ ਔਰਤ ਕਿੰਨੀ ਨੀਝ ਨਾਲ ਪੀੜ੍ਹੀ ਨੂੰ ਦੇਖ ਰਹੀ ਹੈ, ਜਿਵੇਂ ਇਸ 'ਚੋਂ ਯਾਦਾਂ ਦਾ ਸਰਮਾਇਆ ਲੱਭ ਰਹੀ ਹੋਵੇ। ਜਿਵੇਂ ਉਸ ਦੀਆਂ ਯਾਦਾਂ ਦਾ ਵੱਡਾ ਹਿੱਸਾ ਇਸ ਵਿਚ ਗੁਆਚਿਆ ਹੋਵੇ। ਜਿਵੇਂ ਉਹ ਉਸ ਵੇਲੇ ਨੂੰ ਚੇਤੇ ਕਰ ਰਹੀ ਹੋਵੇ, ਜਦੋਂ ਇਨ੍ਹਾਂ ਦੀ ਲੋੜ ਆਮ ਸੀ। ਭਾਵੇਂ ਇਹ ਪੀੜ੍ਹੀ ਲੋਹੇ ਦੇ ਪਾਵਿਆਂ ਵਾਲੀ ਹੀ ਸੀ, ਪਰ ਯਾਦ ਤਾਂ ਯਾਦ ਹੀ ਹੈ।
ਸਮੇਂ ਦੀ ਨਵੀਓਂ ਨਵੀਂ ਬਹਾਰ ਹੈ। ਥੋੜ੍ਹੇ ਵਰ੍ਹਿਆਂ ਵਿਚ ਕਿੰਨਾ ਕੁੱਝ ਬਦਲ ਗਿਆ ਹੈ। ਮੈਂ ਬਦਲਾਅ ਦਾ ਵਿਰੋਧੀ ਨਹੀਂ, ਹਾਣੀ ਹਾਂ। ਪਰ ਉਨ੍ਹਾਂ ਚੀਜ਼ਾਂ ਦੀ ਕਦਰ ਕਰਨ ਦਾ ਵੀ ਹਾਮੀ ਹਾਂ, ਜਿਨ੍ਹਾਂ ਨੇ ਅਤੀਤ ਵਿਚ ਸਾਡਾ ਸਾਥ ਦਿੱਤਾ ਹੈ। ਜਿਹੜੀਆਂ ਸਾਡੇ ਵੱਡਿਆਂ ਦੇ ਨਾਲ-ਨਾਲ ਰਹੀਆਂ ਹਨ। ਸਾਡੇ ਵੱਡੇ-ਵਡੇਰੇ ਤੁਰ ਗਏ ਜਾਂ ਤੁਰ ਜਾਣਗੇ, ਪਰ ਇਹ ਉਨ੍ਹਾਂ ਦੀਆਂ ਸੁਲੱਖਣੀਆਂ ਯਾਦਾਂ ਹਨ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX