ਤਾਜਾ ਖ਼ਬਰਾਂ


ਗਿੱਦੜਬਾ ਪੰਚਾਇਤ ਸੰਮਤੀ ਲਈ ਹੁਣ ਤੱਕ 11.50 ਫ਼ੀਸਦੀ ਹੋਈ ਵੋਟਿੰਗ
. . .  1 minute ago
ਵੋਟਾਂ ਪਵਾਉਣ ਸਬੰਧੀ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਹੋਈ ਤੂੰ-ਤੂੰ ਮੈਂ-ਮੈਂ
. . .  2 minutes ago
ਰਾਜਾਸਾਂਸੀ, 19 ਸਤੰਬਰ (ਹਰਦੀਪ ਖੀਵਾ) ਹਲਕਾ ਰਾਜਾਸਾਂਸੀ ਤੇ ਅਜਨਾਲਾ ਦੇ ਸਾਂਝੇ ਬੂਥ ਪਿੰਡ ਲਦੇਹ ਵਿਖੇ ਵੋਟਾਂ ਪਵਾਉਣ ਸਬੰਧੀ ਅਕਾਲੀ ਕਾਂਗਰਸੀ ਸਮਰਥਕਾਂ ਵਿਚਕਾਰ ਦੋ ਵਾਰ ਤੂੰ-ਤੂੰ ਮੈ-ਮੈ ਹੋਈ। ਇੱਥੇ ਦੋਵੇਂ ਧਿਰਾਂ ਵੱਲੋਂ ਫਸਵਾਂ ਮੁਕਾਬਲਾ ਚੱਲ ਰਿਹਾ ਹੈ, ਤੇ ਇੱਕ....
ਲੁਧਿਆਣਾ : ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਲਈ 12 ਫ਼ੀਸਦੀ ਵੋਟਿੰਗ
. . .  6 minutes ago
ਲੁਧਿਆਣਾ,19 ਸਤੰਬਰ (ਪੁਨੀਤ ਬਾਵਾ) - ਜ਼ਿਲ੍ਹਾ ਲੁਧਿਆਣਾ 'ਚ ਹੁਣ ਤੱਕ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਲਈ 12 ਫ਼ੀਸਦੀ ਵੋਟਿੰਗ ਹੋਈ ਹੈ, ਵੋਟਾਂ ਪਾਉਣ ਦਾ ਕੰਮ ਹਾਲ ਦੀ ਘੜੀ ਸ਼ਾਂਤੀ ਪੂਰਵਕ ਚੱਲ ਰਿਹਾ...
ਬਾਘਾ ਪੁਰਾਣਾ ਹਲਕੇ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਲਈ 10 ਵਜੇ ਤੱਕ 15 ਫ਼ੀਸਦੀ ਵੋਟਿੰਗ
. . .  9 minutes ago
ਬਾਘਾ ਪੁਰਾਣਾ, 19 ਸਤੰਬਰ (ਬਲਰਾਜ ਸਿੰਗਲਾ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਬਾਘਾ ਪੁਰਾਣਾ ਲਈ ਹਲਕੇ ਦੇ 115 ਬੂਥਾਂ 'ਤੇ ਪੈਣ ਵਾਲੀਆਂ ਕੁੱਲ 144750 ਵੋਟਾਂ 'ਚੋਂ ਸਵੇਰੇ 8 ਵਜੇ ਤੋਂ 10 ਵਜੇ ਤੱਕ 15 ਫ਼ੀਸਦੀ..
ਮੋਗਾ ਦੇ 15 ਜ਼ੋਨਾਂ 'ਚ ਸਵੇਰੇ 11 ਵਜੇ ਤੱਕ 10.11 ਫ਼ੀਸਦੀ ਵੋਟਿੰਗ ਹੋਈ
. . .  15 minutes ago
ਬਲਾਕ ਭੂੰਗਾ 'ਚ ਹੁਣ ਤੱਕ 15 ਫ਼ੀਸਦੀ ਹੋਈ ਵੋਟਿੰਗ
. . .  20 minutes ago
ਹਰਿਆਣਾ, 19 ਸਤੰਬਰ (ਹਰਮੇਲ ਸਿੰਘ ਖੱਖ)- ਬਲਾਕ ਭੂੰਗਾ (ਹੁਸ਼ਿਆਰਪੁਰ) ਅਧੀਨ ਆਉਂਦੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਲੋਕਾਂ ਵੱਲੋਂ ਘੱਟ ਹੀ ਦਿਲਚਸਪੀ ਦਿਖਾਈ ਜਾ ਰਹੀ ਹੈ। ਹੁਣ ਤੱਕ ਕਰੀਬ 14- 15 ਫ਼ੀਸਦੀ ਵੋਟਾਂ ਪੋਲ ਹੋਈਆਂ....
ਰਾਏਕੋਟ ਹਲਕੇ 'ਚ ਸਵੇਰੇ ਦਸ ਵਜੇ ਤੱਕ 9.2 ਫ਼ੀਸਦੀ ਮਤਦਾਨ
. . .  23 minutes ago
ਫ਼ਰੀਦਕੋਟ ਬਲਾਕ 'ਚ ਹੁਣ ਤੱਕ 10 ਫ਼ੀਸਦੀ, ਜੈਤੋ 'ਚ 15 ਫ਼ੀਸਦੀ ਅਤੇ ਕੋਟਕਪੂਰਾ 'ਚ 12 ਫ਼ੀਸਦੀ ਹੋਈ ਵੋਟਿੰਗ
. . .  24 minutes ago
ਮਾਨਸਾ ਜ਼ਿਲ੍ਹੇ 'ਚ 10 ਵਜੇ ਤਕ 14 ਫ਼ੀਸਦੀ ਮਤਦਾਨ
. . .  29 minutes ago
ਲ਼ਹਿਰਾ ਬੇਗਾ ਬੂਥ 'ਤੇ ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਵੋਟ ਪਾਉਣ 'ਤੇ ਤਕਰਾਰ, ਪੁਲਿਸ ਨੇ ਸ਼ਾਂਤ ਕਰਾਇਆ ਮਾਮਲਾ
. . .  32 minutes ago
ਹੋਰ ਖ਼ਬਰਾਂ..

ਸਾਡੀ ਸਿਹਤ

ਨਾਰੀਅਲ ਤੇਲ ਦੇ ਲਾਭ

ਮਾਹਿਰਾਂ ਅਨੁਸਾਰ ਨਾਰੀਅਲ ਤੇਲ ਹਰ ਤਰ੍ਹਾਂ ਦੀ ਚਮੜੀ ਲਈ ਬਿਹਤਰ ਹੁੰਦਾ ਹੈ, ਕਿਉਂਕਿ ਇਸ ਦੀ ਨਿਯਮਤ ਵਰਤੋਂ ਨਾਲ ਚਮੜੀ ਵਿਚ ਨਮੀ ਬਣੀ ਰਹਿੰਦੀ ਹੈ। ਨਾਰੀਅਲ ਤੇਲ ਦੀ ਵਰਤੋਂ ਸੁੰਦਰਤਾ ਵਿਚ ਨਿਖਾਰ ਲਈ ਵੀ ਕੀਤੀ ਜਾ ਸਕਦੀ ਹੈ।
* ਮੇਕਅਪ ਉਤਾਰਨ ਲਈ ਵੀ ਨਾਰੀਅਲ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ, ਕਿਉਂਕਿ ਇਹ ਨਰਮ ਹੁੰਦਾ ਹੈ। ਇਸ ਤਰ੍ਹਾਂ ਦਾ ਮੇਕਅਪ ਨਾਰੀਅਲ ਤੇਲ ਦੀ ਸਹਾਇਤਾ ਨਾਲ ਉਤਾਰਿਆ ਜਾ ਸਕਦਾ ਹੈ। ਰੂੰ ਦੇ ਫਹੇ ਨੂੰ ਤੇਲ ਵਿਚ ਭਿਉਂ ਕੇ ਨਿਚੋੜ ਕੇ ਹੌਲੀ-ਹੌਲੀ ਚਿਹਰੇ, ਅੱਖਾਂ, ਬੁੱਲ੍ਹਾਂ ਅਤੇ 'ਤੇ ਰਗੜ ਕੇ ਮੇਕਅਪ ਉਤਾਰ ਸਕਦੇ ਹੋ।
* ਸਰੀਰ ਅਤੇ ਚਮੜੀ ਦੀ ਮਾਲਿਸ਼ ਲਈ ਵੀ ਨਾਰੀਅਲ ਤੇਲ ਬਿਹਤਰ ਮੰਨਿਆ ਜਾਂਦਾ ਹੈ। ਇਹ ਚਮੜੀ ਅਤੇ ਸਰੀਰ ਨੂੰ ਕੋਮਲਤਾ ਪ੍ਰਦਾਨ ਕਰਦਾ ਹੈ।
* ਬਾਜ਼ਾਰ ਵਿਚ ਜ਼ਿਆਦਾਤਰ ਮਾਇਸਚਰਾਈਜ਼ਰ ਵਾਟਰ ਜਾਂ ਪੈਟਰੋਲੀਅਮ ਆਧਾਰਿਤ ਹੁੰਦੇ ਹਨ, ਜਦੋਂ ਕਿ ਨਾਰੀਅਲ ਤੇਲ ਕੁਦਰਤੀ ਮਾਇਸਚਰਾਈਜ਼ਰ ਦਾ ਕੰਮ ਕਰਦਾ ਹੈ।
* ਚਮੜੀ 'ਤੇ ਹੋਣ ਵਾਲੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ ਨਾਰੀਅਲ ਤੇਲ ਅਤੇ ਚਮੜੀ ਦੀ ਅੰਦਰੋਂ ਕੰਡੀਸ਼ਨਿੰਗ ਵੀ ਕਰਦਾ ਹੈ।
* ਅੱਖਾਂ ਦੇ ਹੇਠਾਂ ਕਾਲੇ ਘੇਰੇ, ਅੱਖਾਂ ਦੇ ਹੇਠਾਂ ਵਾਲੀ ਚਮੜੀ ਦੇ ਕਾਲੇਪਣ ਅਤੇ ਝੁਰੜੀਆਂ ਨੂੰ ਵੀ ਦੂਰ ਕਰਨ ਵਿਚ ਮਦਦ ਕਰਦਾ ਹੈ। ਨਾਰੀਅਲ ਤੇਲ ਨੂੰ ਅੱਖਾਂ ਦੇ ਹੇਠਾਂ ਅਤੇ ਚਾਰੇ ਪਾਸੇ ਲਗਾਓ ਅਤੇ ਹਲਕੀ ਜਿਹੀ ਚਾਰੋਂ ਪਾਸੇ ਮਾਲਿਸ਼ ਕਰੋ।
* ਫੇਸ ਮਾਸਕ ਲਈ ਸ਼ਹਿਦ ਅਤੇ ਨਾਰੀਅਲ ਤੇਲ ਨੂੰ ਬਰਾਬਰ ਮਾਤਰਾ ਵਿਚ ਮਿਲਾਓ ਅਤੇ ਚਿਹਰੇ 'ਤੇ ਲਗਾਓ। ਇਸ ਮਾਸਕ ਦੀ ਵਰਤੋਂ ਨਾਲ ਚਮੜੀ ਨਰਮ ਅਤੇ ਚਮਕਦਾਰ ਬਣੀ ਰਹਿੰਦੀ ਹੈ।
* ਮ੍ਰਿਤ ਚਮੜੀ ਨੂੰ ਹਟਾਉਣ ਲਈ ਨਾਰੀਅਲ ਤੇਲ ਵਿਚ ਥੋੜ੍ਹੀ ਜਿਹੀ ਚੀਨੀ ਦੇ ਦਾਣੇ ਮਿਲਾਓ ਅਤੇ ਚਮੜੀ 'ਤੇ ਹੌਲੀ-ਹੌਲੀ ਰਗੜੋ। ਦਾਣੇਦਾਰ ਚੀਨੀ ਨਾਲ ਮ੍ਰਿਤ ਚਮੜੀ ਅਸਾਨੀ ਨਾਲ ਉਤਰਦੀ ਹੈ ਅਤੇ ਤੇਲ ਨਾਲ ਚਮੜੀ ਮਾਇਸਚਰਾਈਜ਼ ਹੁੰਦੀ ਹੈ।


-ਸੁਦਰਸ਼ਨ ਚੌਧਰੀ


ਖ਼ਬਰ ਸ਼ੇਅਰ ਕਰੋ

ਸਿਹਤ ਲਈ ਹਾਨੀਕਾਰਕ ਹੈ ਮੋਬਾਈਲ ਫੋਨ

ਅੱਜ ਭਾਵੇਂ ਮੋਬਾਈਲ ਅਤੇ ਇੰਟਰਨੈੱਟ ਵਰਗੇ ਸੰਚਾਰ ਸਾਧਨਾਂ ਨੇ ਸਾਡੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਨੂੰ ਕਾਫੀ ਹੱਦ ਤੱਕ ਅਸਾਨ ਅਤੇ ਸਹੂਲਤ ਭਰਪੂਰ ਬਣਾ ਦਿੱਤਾ ਹੈ ਪਰ ਜਿਥੋਂ ਤੱਕ ਇਸ ਸਬੰਧੀ ਮਨੋਚਿਕਿਤਸਕਾਂ ਦੀ ਰਾਏ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮੋਬਾਈਲ ਫੋਨ ਦੇ ਅਜਿਹੇ ਬਹੁਤ ਸਾਰੇ ਨੁਕਸਾਨ ਵੀ ਹਨ, ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਲਗਦਾ ਅਤੇ ਉਹ ਸਾਡੀਆਂ ਕਈ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਕਾਰਨ ਬਣ ਜਾਂਦੇ ਹਨ। ਇਸੇ ਲਈ ਮੋਬਾਈਲ ਕੰਪਨੀਆਂ ਦੇ ਇਸ ਪ੍ਰਚਾਰ ਕਿ 'ਘੱਟ ਪੈਸੇ ਵਿਚ ਜੀਅ ਭਰ ਕੇ ਗੱਲਾਂ ਕਰੋ' ਤੋਂ ਜਿੰਨੀ ਦੂਰੀ ਬਣਾਈ ਰੱਖੋਗੇ, ਓਨਾ ਹੀ ਲਾਭਦਾਇਕ ਹੋਵੇਗਾ।
ਮੋਬਾਈਲ ਫੋਨ 'ਤੇ ਲੋੜ ਤੋਂ ਜ਼ਿਆਦਾ ਗੱਲਾਂ ਕਰਨ ਨਾਲ ਜਿਥੇ ਵਿਅਕਤੀ ਵਿਚ ਬ੍ਰੇਨ ਟਿਊਮਰ ਦੀ ਸੰਭਾਵਨਾ ਕਈ ਗੁਣਾ ਵਧ ਜਾਂਦੀ ਹੈ, ਉਥੇ ਇਸ ਵਿਚੋਂ ਨਿਕਲਣ ਵਾਲੀਆਂ ਕਿਰਨਾਂ (ਰੇਡੀਏਸ਼ਨ) ਸਰੀਰ ਦੇ ਹਰ ਇਕ ਹਿੱਸੇ 'ਤੇ ਵੱਡਾ ਪ੍ਰਭਾਵ ਪਾਉਂਦੀਆਂ ਹਨ, ਜਿਸ ਨਾਲ ਗਰਭਵਤੀ ਔਰਤ ਵਿਚ ਇਨ੍ਹਾਂ ਕਿਰਨਾਂ ਨਾਲ ਸਤਨ ਕੈਂਸਰ ਦੀ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਦੋਂ ਕਿ ਪੁਰਸ਼ਾਂ ਵਿਚ ਸ਼ੁਕਰਾਣੂਆਂ ਦੀ ਸੰਖਿਆ ਵਿਚ ਕਮੀ ਆ ਜਾਂਦੀ ਹੈ ਅਤੇ ਟੈਸਿਟਕੁਲਰ ਕੈਂਸਰ ਦਾ ਖ਼ਤਰਾ ਸਿਰ 'ਤੇ ਮੰਡਰਾਉਣ ਲਗਦਾ ਹੈ। ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਅੱਜਕਲ੍ਹ ਕੋਈ ਵੀ ਵਿਅਕਤੀ ਮੋਬਾਈਲ ਫੋਨ ਦੇ ਮਿੱਠੇ ਜ਼ਹਿਰ ਦੇ ਮਾੜੇ ਪ੍ਰਭਾਵਾਂ ਤੋਂ ਖੁਦ ਨੂੰ ਨਹੀਂ ਬਚਾਅ ਸਕਦਾ।
ਜੇਕਰ ਤੁਸੀਂ ਪੂਰਾ ਦਿਨ ਵਿਹਲੇ ਰਹਿੰਦੇ ਹੋ ਤਾਂ ਬਿਨਾਂ ਵਜ੍ਹਾ ਮੋਬਾਈਲ ਫੋਨ 'ਤੇ ਗੱਲ ਕਰਨ ਜਾਂ ਚੈਟ ਕਰਨ ਦੀ ਬਜਾਏ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ, ਧਿਆਨ ਅਤੇ ਯੋਗਾ ਵਰਗੇ ਮਾਧਿਅਮਾਂ ਦਾ ਸਹਾਰਾ ਲਓ। ਇਹ ਫਾਇਦੇਮੰਦ ਤਾਂ ਹੋਵੇਗਾ ਹੀ, ਨਾਲ ਹੀ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਯੋਗ ਅਤੇ ਧਿਆਨ ਦਿਮਾਗ ਨੂੰ ਸਥਿਰ ਕਰਨ ਵਿਚ ਬਹੁਤ ਸਹਾਇਤਾ ਕਰਦੇ ਹਨ, ਜਿਸ ਦੇ ਨਤੀਜੇ ਵਜੋਂ ਤਣਾਅ ਅਤੇ ਅਸਥਿਰਤਾ ਤੋਂ ਛੁਟਕਾਰਾ ਮਿਲਦਾ ਹੈ ਅਤੇ ਸਰੀਰ ਦੀ ਨਾਕਾਰਾਤਮਕ ਊਰਜਾ ਦਾ ਨਾਸ਼ ਹੁੰਦਾ ਹੈ।
ਇਸ ਤੋਂ ਇਲਾਵਾ ਮੋਬਾਈਲ ਫੋਨ ਦੀਆਂ ਕਿਰਨਾਂ ਤੋਂ ਬਚਾਅ ਕਰਨ ਵਾਲੀ ਸਮਰੱਥਾ ਵੀ ਮਜ਼ਬੂਤ ਹੁੰਦੀ ਹੈ। ਕੁੱਲ ਮਿਲਾ ਕੇ ਯੋਗ ਅਤੇ ਧਿਆਨ ਦਾ ਪ੍ਰਮੁੱਖ ਕੰਮ ਸਰੀਰ ਨੂੰ ਮੋਬਾਈਲ ਫੋਨ ਨਾਲ ਹੋਣ ਵਾਲੀਆਂ ਕਿਰਨਾਂ ਦੇ ਮਾੜੇ ਪ੍ਰਭਾਵਾਂ ਤੋਂ ਸਿਹਤ ਨੂੰ ਮਹਿਫੂਜ਼ ਰੱਖਣਾ ਹੀ ਹੁੰਦਾ ਹੈ। ਨਤੀਜੇ ਵਜੋਂ ਵਿਅਕਤੀ ਨੂੰ ਸਰੀਰ ਮਜ਼ਬੂਤ ਕਰਨ ਅਤੇ ਦਿਮਾਗ ਨੂੰ ਸਥਿਰ ਅਤੇ ਇਕਾਗਰਚਿਤ ਰੱਖਣ ਵਿਚ ਕਾਫੀ ਮਦਦ ਮਿਲਦੀ ਹੈ।
ਇਸ ਲਈ ਬਿਨਾਂ ਕਿਸੇ ਲੋੜ ਤੋਂ ਜ਼ਿਆਦਾ ਫੋਨ ਕਰਨ ਵਾਲੇ ਲੋਕਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਉਹ ਆਪਣੀ ਇਸ ਵਧਦੀ ਆਦਤ ਨਾਲ ਉਪਜ ਰਹੇ ਖ਼ਤਰੇ ਨੂੰ ਭਲੀਭਾਂਤ ਪਹਿਚਾਣਦੇ ਹੋਏ ਇਸ ਨੂੰ ਤਿਆਗਣ ਦੀ ਕੋਸ਼ਿਸ਼ ਕਰਨ, ਕਿਉਂਕਿ ਇਨ੍ਹਾਂ ਸੰਚਾਰ ਮਾਧਿਅਮਾਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਦੇ ਮਾੜੇ ਪ੍ਰਭਾਵ ਭਾਵੇਂ ਅੱਜ ਤੁਹਾਨੂੰ ਦਿਖਾਈ ਨਾ ਦੇਣ ਪਰ ਭਵਿੱਖ ਵਿਚ ਇਨ੍ਹਾਂ ਤੋਂ ਬਚਾਅ ਕਰਨਾ ਬਹੁਤ ਮੁਸ਼ਕਿਲ ਕੰਮ ਹੋਵੇਗਾ। ਇਸ ਲਈ ਮੋਬਾਈਲ ਫੋਨ ਦੀ ਵਰਤੋਂ ਹਮੇਸ਼ਾ ਸੋਚ-ਸਮਝ ਕੇ ਘੱਟ ਮਾਤਰਾ ਵਿਚ ਹੀ ਕਰਨੀ ਚਾਹੀਦੀ ਹੈ ਅਤੇ ਰੋਜ਼ਮਰਾ ਨੂੰ ਸੰਤੁਲਤ ਕਰਦੇ ਹੋਏ ਤੰਦਰੁਸਤ ਜੀਵਨਸ਼ੈਲੀ ਨੂੰ ਆਤਮਸਾਤ ਕਰਨਾ ਹੀ ਇਸ ਤੋਂ ਬਚਾਅ ਦਾ ਇਕ ਮਾਤਰ ਬਦਲ ਹੋ ਸਕਦਾ ਹੈ, ਨਹੀਂ ਤਾਂ ਇਹੀ ਮੋਬਾਈਲ ਫੋਨ ਕਦੋਂ ਵਰਦਾਨ ਤੋਂ ਸਰਾਪ ਬਣ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ। -੦-

ਐਂਟੀਆਕਸੀਡੈਂਟ ਦਿਲ ਦੇ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ

ਹਾਲ ਹੀ ਵਿਚ ਹਾਰਵਰਡ ਮੈਡੀਕਲ ਸਕੂਲ ਦੇ ਮਾਹਿਰਾਂ ਦੁਆਰਾ ਕੀਤੀ ਗਈ ਇਕ ਖੋਜ ਅਨੁਸਾਰ ਜੋ ਔਰਤਾਂ ਵਿਟਾਮਿਨ 'ਸੀ', 'ਈ' ਅਤੇ ਬੀਟਾ-ਕੇਰੋਟਿਨ ਯੁਕਤ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰਦੀਆਂ ਹਨ, ਉਨ੍ਹਾਂ ਨੂੰ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਨਾ ਕਰਨ ਵਾਲੀਆਂ ਔਰਤਾਂ ਦੇ ਮੁਕਾਬਲੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ 54 ਫੀਸਦੀ ਘੱਟ ਹੁੰਦੀ ਹੈ। ਇਸ ਖੋਜ ਵਿਚ 87,245 ਨਰਸਾਂ ਨੂੰ ਗਾਜਰ ਅਤੇ ਪਾਲਕ ਦਾ ਸੇਵਨ ਜ਼ਿਆਦਾ ਕਰਵਾਇਆ ਗਿਆ ਅਤੇ ਪਾਇਆ ਗਿਆ ਕਿ ਜਿਨ੍ਹਾਂ ਨੇ ਪਾਲਕ ਅਤੇ ਗਾਜਰ ਦਾ ਜ਼ਿਆਦਾ ਸੇਵਨ ਕੀਤਾ, ਉਨ੍ਹਾਂ ਵਿਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਪਾਈ ਗਈ।
ਇਹੀ ਨਹੀਂ, ਇਕ ਹੋਰ ਖੋਜ ਵਿਚ ਜੋ ਹਾਸਟਨ ਵਿਚ ਯੂਨੀਵਰਸਿਟੀ ਆਫ ਟੈਕਸਾਸ ਦੇ ਮਾਹਿਰਾਂ ਦੁਆਰਾ ਕੀਤੀ ਗਈ, ਪਾਇਆ ਗਿਆ ਕਿ ਜੋ ਪੁਰਸ਼ ਬੀਟਾ ਕੇਰੋਟਿਨ ਅਤੇ ਵਿਟਾਮਿਨ 'ਸੀ' ਅਤੇ ਐਂਟੀਆਕਸੀਡੈਂਟ ਯੁਕਤ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰਦੇ ਹਨ, ਉਨ੍ਹਾਂ ਵਿਚ ਦੂਜੇ ਵਿਅਕਤੀਆਂ, ਜੋ ਇਨ੍ਹਾਂ ਦਾ ਸੇਵਨ ਨਹੀਂ ਕਰਦੇ, ਦੀ ਤੁਲਨਾ ਵਿਚ ਦਿਲ ਦੇ ਰੋਗਾਂ ਦੇ ਹੋਣ ਦੀ ਸੰਭਾਵਨਾ 30 ਫੀਸਦੀ ਘੱਟ ਪਾਈ ਗਈ।

ਤੰਦਰੁਸਤੀ ਲਈ ਜ਼ਰੂਰੀ ਹੈ ਕਸਰਤ

ਸੰਸਾਰ ਵਿਚ ਸਭ ਤੋਂ ਉੱਤਮ ਅਤੇ ਸਭ ਤੋਂ ਪਿਆਰੀ ਵਸਤੂ ਤੰਦਰੁਸਤ ਸਿਹਤ ਹੀ ਹੈ। ਰੋਗੀ ਤਾਂ ਦੂਜਿਆਂ 'ਤੇ ਭਾਰ ਹੁੰਦਾ ਹੈ। ਤੰਦਰੁਸਤ ਵਿਅਕਤੀ ਲਈ ਇਹ ਸੰਸਾਰ ਸਵਰਗ ਬਰਾਬਰ ਹੈ। ਇਸ ਲਈ ਸਿਹਤ ਦੀ ਰੱਖਿਆ ਕਰਨੀ ਸਾਡੇ ਲਈ ਸਭ ਤੋਂ ਜ਼ਰੂਰੀ ਹੈ। ਬੜੇ ਦੁੱਖ ਵਾਲੀ ਗੱਲ ਹੈ ਕਿ ਸਾਡੀ ਵਰਤਮਾਨ ਪੀੜ੍ਹੀ ਦੀ ਸਿਹਤ ਹੌਲੀ-ਹੌਲੀ ਡਿੱਗ ਰਹੀ ਹੈ। ਮਿਥਿਆ ਆਹਾਰ ਹੋਣ ਨਾਲ ਸਾਡਾ ਸਰੀਰ ਦੂਸ਼ਿਤ ਜਾਂ ਰੋਗੀ ਹੁੰਦਾ ਹੈ। ਪਰਮ ਪਿਤਾ ਪਰਮਾਤਮਾ ਨੇ ਸਾਨੂੰ ਰੋਗੀ ਅਤੇ ਦੁਖੀ ਨਹੀਂ ਹੋਣ ਲਈ ਭੇਜਿਆ। ਅਸੀਂ ਤਾਂ ਦੁੱਖਾਂ ਅਤੇ ਰੋਗਾਂ ਨੂੰ ਖ਼ੁਦ ਬੁਲਾਉਂਦੇ ਹਾਂ, ਫਿਰ ਰੋਂਦੇ ਹਾਂ ਅਤੇ ਪਛਤਾਉਂਦੇ ਹਾਂ।
ਪੂਰੀ ਤੰਦਰੁਸਤੀ ਦਾ ਸਿਰਫ਼ ਇਕ ਸਾਧਨ ਕਸਰਤ ਹੀ ਹੈ। ਭਾਵੇਂ ਔਰਤ ਹੋਵੇ ਜਾਂ ਮਰਦ, ਜੋ ਵੀ ਭੋਜਨ ਕਰਦਾ ਹੈ, ਉਸ ਨੂੰ ਕਸਰਤ ਦੀ ਓਨੀ ਹੀ ਲੋੜ ਹੁੰਦੀ ਹੈ, ਜਿੰਨੀ ਭੋਜਨ ਦੀ। ਕਾਰਨ ਸਪਸ਼ਟ ਹੈ। ਸਰੀਰ ਵਿਚ ਕਸਰਤ ਰੂਪੀ ਅਗਨੀ ਨਾ ਦੇਣ ਨਾਲ ਮਨੁੱਖ ਦਾ ਸਰੀਰ ਆਲਸੀ, ਨਿਰਬਲ ਅਤੇ ਰੋਗੀ ਹੋ ਜਾਂਦਾ ਹੈ।
ਜਿਨ੍ਹਾਂ ਖਾਧ ਪਦਾਰਥਾਂ ਨਾਲ ਖੂਨ ਆਦਿ ਵਸਤੂਆਂ ਦਾ ਨਿਰਮਾਣ ਹੁੰਦਾ ਹੈ ਅਤੇ ਬਲ ਵਧਦਾ ਹੈ, ਉਹ ਸੜਨ ਲਗਦੇ ਹਨ ਅਤੇ ਸਰੀਰ ਵਿਚ ਦੁਰਗੰਧ ਪੈਦਾ ਕਰਕੇ ਮਨੁੱਖ ਦੇ ਮਨ ਵਿਚ ਅਨੇਕ ਤਰ੍ਹਾਂ ਦੇ ਬੁਰੇ ਵਿਚਾਰ ਪੈਦਾ ਹੋਣ ਲਗਦੇ ਹਨ। ਮਨੁੱਖ ਦਾ ਵਿਕਾਸ ਅਤੇ ਯਾਦ ਸ਼ਕਤੀ ਮੰਦ ਹੋ ਜਾਂਦੀ ਹੈ ਅਤੇ ਜਵਾਨੀ ਵਿਚ ਹੀ ਉਸ ਨੂੰ ਦੁਖਦਾਈ ਬੁਢਾਪਾ ਆ ਘੇਰਦਾ ਹੈ।
ਜੇ ਜ਼ਿੰਦਗੀ ਦਾ ਪੂਰੀ ਤਰ੍ਹਾਂ ਅਨੰਦ ਲੈਣਾ ਹੈ ਤਾਂ ਸਰੀਰ ਨੂੰ ਕਸਰਤ ਦੁਆਰਾ ਤੰਦਰੁਸਤ ਅਤੇ ਬਲਵਾਨ ਕਰਨਾ ਹਰੇਕ ਔਰਤ-ਮਰਦ ਦਾ ਪਰਮ-ਧਰਮ ਹੈ। 16 ਸਾਲ ਤੋਂ 25 ਸਾਲ ਦੀ ਉਮਰ ਤੱਕ ਵਿਕਾਸ ਦੀ ਅਵਸਥਾ ਮੰਨੀ ਜਾਂਦੀ ਹੈ। ਵਿਕਾਸ ਅਵਸਥਾ ਵਿਚ ਮਿਹਦੇ ਦੀ ਅਗਨੀ ਬੜੀ ਤੀਬਰ ਹੁੰਦੀ ਹੈ। ਖਾਧੇ-ਪੀਤੇ ਨੂੰ ਚੰਗੀ ਤਰ੍ਹਾਂ ਪਚਾਉਣ ਦੀ ਲੋੜ ਹੁੰਦੀ ਹੈ। ਇਸ ਵਾਸਤੇ ਸਾਡੇ ਪੇਟ ਵਿਚ ਊਰਜਾ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਕਸਰਤ ਨਾਲ ਹੀ ਸਾਡੇ ਸਰੀਰ ਵਿਚ ਊਰਜਾ ਆ ਜਾਂਦੀ ਹੈ।
ਜਿਸ ਤਰ੍ਹਾਂ ਬਿਜਲਈ ਧਾਰਾ ਨਾਲ ਬਿਜਲੀ ਦੇ ਤਾਰ ਵਿਚ ਉਤੇਜਨਾ ਦਾ ਸੰਚਾਰ ਹੁੰਦਾ ਹੈ, ਉਸੇ ਤਰ੍ਹਾਂ ਕਸਰਤ ਨਾਲ ਸਾਡੇ ਸਰੀਰ ਵਿਚ ਖੂਨ ਉਤੇਜਿਤ ਹੋ ਕੇ ਨਸ ਨਾੜੀਆਂ ਦੁਆਰਾ ਅਤਿਅੰਤ ਤੀਬਰ ਗਤੀ ਨਾਲ ਦੌੜਨ ਲਗਦਾ ਹੈ, ਸਾਰੇ ਸਰੀਰ ਵਿਚ ਖੂਨ ਸੰਚਾਰ ਚੰਗੀ ਤਰ੍ਹਾਂ ਹੁੰਦਾ ਹੈ ਅਤੇ ਯਥਾਯੋਗ ਸਭ ਅੰਗਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ।
ਖੂਨ ਬਣਦਾ ਹੈ ਰਸ ਨਾਲ ਅਤੇ ਰਸ ਬਣਦਾ ਹੈ ਭੋਜਨ ਦੇ ਪਚਣ ਨਾਲ। ਭੋਜਨ ਪਚਦਾ ਹੈ ਊਸ਼ਣਤਾ ਨਾਲ ਅਤੇ ਊਸ਼ਣਤਾ ਦੀ ਜਨਣੀ ਕਸਰਤ ਹੈ। ਕਸਰਤ ਕਰਨ ਵਾਲੇ ਨੂੰ ਮੰਦਾਗਿਨ ਦਾ ਰੋਗ ਕਦੇ ਨਹੀਂ ਹੁੰਦਾ। ਉਹ ਜੋ ਵੀ ਖਾਂਦਾ ਹੈ, ਸਭ ਕੁਝ ਛੇਤੀ ਹੀ ਪਚ ਕੇ ਸਰੀਰ ਦਾ ਅੰਗ ਬਣ ਜਾਂਦਾ ਹੈ। ਉਸ ਦੀ ਬਲ ਸ਼ਕਤੀ ਦਿਨ ਪ੍ਰਤੀ ਦਿਨ ਵਧਦੀ ਚਲੇ ਜਾਂਦੀ ਹੈ।
ਸਰੀਰ ਦੇ ਅੰਗਾਂ ਨੂੰ ਸੁਡੌਲ, ਸਘਨ, ਗਠੀਲਾ ਅਤੇ ਸੁੰਦਰ ਬਣਾਉਣਾ ਕਸਰਤ ਦਾ ਪਹਿਲਾ ਕਾਰਜ ਹੈ। ਜੇ ਕੋਈ ਮਨੁੱਖ ਇਕ ਸਾਲ ਲਗਾਤਾਰ ਨਿਯਮਪੂਰਵਕ ਕਿਸੇ ਵੀ ਕਸਰਤ ਨੂੰ ਕਰਦਾ ਹੈ ਤਾਂ ਉਸ ਦਾ ਸਰੀਰ ਸੁੰਦਰਤ ਅਤੇ ਸੁਦ੍ਰਿੜ੍ਹ ਬਣਨ ਲਗਦਾ ਹੈ।
ਜੋ ਹਮੇਸ਼ਾ ਲਗਨ ਨਾਲ ਦੋਵੇਂ ਸਮੇਂ ਨਿਯਮਬੱਧ ਕਸਰਤ ਕਰਦੇ ਹਨ, ਉਨ੍ਹਾਂ ਦਾ ਤਾਂ ਕਹਿਣਾ ਹੀ ਕੀ। ਉਨ੍ਹਾਂ ਦੇ ਸਰੀਰ ਦੀਆਂ ਮਾਸਪੇਸ਼ੀਆਂ ਲੋਹੇ ਵਾਂਗ ਮਜ਼ਬੂਤ ਅਤੇ ਦ੍ਰਿੜ੍ਹ ਹੋ ਜਾਂਦੀਆਂ ਹਨ ਅਤੇ ਸਾਰੇ ਨਸ-ਨਾੜੀਆਂ, ਸਾਰਾ ਸਨਾਯੂਤੰਤਰ ਅਤੇ ਸਰੀਰ ਦਾ ਹਰੇਕ ਅੰਗ ਫੌਲਾਦ ਵਾਂਗ ਕਠੋਰ ਅਤੇ ਸੁਦ੍ਰਿੜ੍ਹ ਹੋ ਜਾਂਦਾ ਹੈ। ਚੌੜੀ ਉੱਭਰੀ ਹੋਈ ਛਾਤੀ, ਲੰਬੀ, ਸੁਡੌਲ ਅਤੇ ਗੱਠੀਆਂ ਹੋਈਆਂ ਬਾਹਵਾਂ, ਕੱਸੀਆਂ ਹੋਈਆਂ ਪਿੰਡਲੀਆਂ, ਵਿਸ਼ਾਲ ਮਸਤਿਕ ਅਤੇ ਚਮਚਮਾਉਂਦਾ ਹੋਇਆ ਖੂਨ ਵਰਣ ਮੁੱਖ ਮੰਡਲ ਉਸ ਦੇ ਸਰੀਰ ਦੀ ਸ਼ੋਭਾ ਵਧਾਉਂਦੇ ਹਨ। ਸਰੀਰ 'ਤੇ ਢਿੱਲਾਪਨ ਨਹੀਂ ਆ ਸਕਦਾ। ਪੇਟ ਸਰੀਰ ਨਾਲ ਲੱਗਾ ਰਹਿੰਦਾ ਹੈ, ਵਧ ਨਹੀਂ ਸਕਦਾ। ਮਹਾਂਰਿਸ਼ੀ ਧਨਵੰਤਰ ਜੀ ਲਿਖਦੇ ਹਨ-
* ਜ਼ਿਆਦਾ ਸਥੂਲਤਾ ਨੂੰ ਦੂਰ ਕਰਨ ਲਈ ਕਸਰਤ ਨਾਲੋਂ ਵਧੀਆ ਕੋਈ ਦਵਾਈ ਨਹੀਂ ਹੈ। * ਮਿਹਨਤੀ ਮਨੁੱਖ 'ਤੇ ਬੁਢਾਪਾ ਛੇਤੀ ਨਹੀਂ ਆਉਂਦਾ। ਮਿਹਨਤੀ ਮਨੁੱਖ ਦਾ ਸਰੀਰ ਅਤੇ ਹੱਡੀਆਂ ਅਤੇ ਮਾਸ ਸਥਿਰ ਹੁੰਦਾ ਹੈ। * ਜੋ ਮਨੁੱਖ ਜਵਾਨੀ, ਸੁੰਦਰਤਾ ਅਤੇ ਵੀਰਤਾ ਆਦਿ ਗੁਣਾਂ ਤੋਂ ਰਹਿਤ ਹੈ, ਉਸ ਨੂੰ ਵੀ ਮਿਹਨਤ ਸੁੰਦਰ ਬਣਾਉਂਦੀ ਹੈ।
ਕਸਰਤ ਕਰਨ ਵਾਲੇ ਦਾ ਸਰੀਰ ਬੜਾ ਕੱਸਿਆ ਹੋਇਆ ਅਤੇ ਦਰਸ਼ਨੀ ਹੁੰਦਾ ਹੈ। ਨਿਰਬਲਤਾ ਉਸ ਤੋਂ ਕੋਹਾਂ ਦੂਰ ਦੌੜ ਜਾਂਦੀ ਹੈ। ਨਿਰਬਲਤਾ ਤਾਂ ਆਲਸੀ ਮਨੁੱਖ ਦੇ ਦਰ 'ਤੇ ਹੀ ਡੇਰਾ ਲਾਉਂਦੀ ਹੈ ਅਤੇ ਮਿਹਨਤ ਦੇ ਡਰ ਨਾਲ ਆਲਸ ਦੌੜਦੀ ਹੈ। ਕਸਰਤ ਨਾਲ ਸਰੀਰ ਹਲਕਾ-ਫੁਲਕਾ ਅਤੇ ਫੁਰਤੀ ਵਾਲਾ ਹੋ ਜਾਂਦਾ ਹੈ।
ਕਸਰਤ ਜ਼ਿਆਦਾ ਮੋਟੇ ਵਿਅਕਤੀ ਨੂੰ ਪਤਲਾ ਅਤੇ ਪਤਲੇ ਨੂੰ ਮੋਟਾ ਬਣਾਉਂਦੀ ਹੈ ਅਤੇ ਇਹੀ ਸੰਸਾਰ ਵਿਚ ਦੇਖਣ ਨੂੰ ਮਿਲਦਾ ਹੈ ਕਿ ਫੌਜੀ ਭਰਾਵਾਂ ਵਿਚ ਬੁਢਾਪੇ ਵਿਚ ਵੀ ਚੁਸਤੀ ਅਤੇ ਉਤਸ਼ਾਹ ਹੁੰਦਾ ਹੈ, ਕਿਉਂਕਿ ਉਹ ਨਿਯਮਤ ਕਸਰਤ ਅਤੇ ਪੀ. ਟੀ. ਕਰਦੇ ਹਨ, ਇਸੇ ਕਾਰਨ ਉਨ੍ਹਾਂ ਵਿਚ ਆਲਸ ਦਾ ਨਾਂਅ ਵੀ ਨਹੀਂ ਹੁੰਦਾ। ਇਹ ਸਭ ਮਿਹਨਤ ਦਾ ਫਲ ਹੈ।
ਸਰੀਰਕ ਮਿਹਨਤ ਕਰਨ ਵਾਲਾ ਕੜਾਕੇ ਦੀ ਠੰਢ ਵਿਚ ਵੀ ਆਕਾਸ਼ ਦੀ ਛੱਤ ਦੇ ਹੇਠਾਂ ਕੇਵਲ ਇਕ ਲੰਗੋਟ ਬੰਨ੍ਹ ਕੇ ਸ਼ੁੱਧ, ਪਵਿੱਤਰ, ਠੰਢੀ ਹਵਾ ਵਿਚ ਖੂਬ ਕਸਰਤ ਦਾ ਅਨੰਦ ਲੁੱਟਦਾ ਹੈ। ਉਧਰ ਕਸਰਤ ਨਾ ਕਰਨ ਵਾਲਾ ਠੰਢ ਦੇ ਡਰ ਦੇ ਮਾਰੇ ਰਜਾਈ ਵਿਚ ਮੂੰਹ ਛੁਪਾਈ ਲੰਮਾ ਪਿਆ ਰਹਿੰਦਾ ਹੈ। ਮਲ-ਮੂਤਰ ਤਿਆਗ ਦੀ ਇੱਛਾ ਹੁੰਦੇ ਹੋਏ ਵੀ ਬਾਹਰ ਜਾਂਦੇ ਹੋਏ ਉਸ ਦੀ ਜਾਨ ਨਿਕਲਦੀ ਹੈ। ਸੋ, ਸਹਿਣ ਕਰਨ ਦੀ ਅਸਾਧਾਰਨ ਸ਼ਕਤੀ ਕਸਰਤ ਦੁਆਰਾ ਪ੍ਰਾਪਤ ਹੁੰਦੀ ਹੈ।
ਕਸਰਤ ਛੱਡਣ ਨਾਲ ਸੰਸਾਰ ਦੀ ਜੋ ਦੁਰਗਤੀ ਹੋਈ ਹੈ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਅੱਜ ਕੀ ਬੱਚਾ, ਕੀ ਜਵਾਨ, ਸਭ ਰੋਗੀ ਹਨ। ਸਾਡੀ ਉਮਰ ਸਾਰੇ ਦੇਸ਼ਾਂ ਨਾਲੋਂ ਘੱਟ ਹੈ। ਇਸ ਦੇਸ਼ ਵਿਚ ਸੌ ਸਾਲ ਤੋਂ ਪਹਿਲਾਂ ਕੋਈ ਨਹੀਂ ਮਰਦਾ ਸੀ। ਪ੍ਰਸਿੱਧ ਵਿਦਵਾਨ ਮਿਸਟਰ ਸੈਂਡੋ ਦਾ ਕਹਿਣਾ ਹੈ ਕਿ ਸੰਪੂਰਨ ਰੋਗਾਂ ਦਾ ਇਲਾਜ ਸਰੀਰਕ ਕਸਰਤ ਨਾਲ ਕੀਤਾ ਜਾ ਸਕਦਾ ਹੈ।

ਹੋਮਿਓਪੈਥਿਕ ਝਰੋਖੇ 'ਚੋਂ

ਐਲਰਜੀ ਤੇ ਦਮੇ ਦਾ ਇਲਾਜ

ਐਲਰਜੀ : ਕਿਸੇ ਵੀ ਪਦਾਰਥ ਦੇ ਪ੍ਰਤੀ ਅਸਾਧਾਰਨ ਪ੍ਰਤੀਕਿਰਿਆ ਜਾਂ ਸੰਵੇਦਨਸ਼ੀਲਤਾ ਨੂੰ ਐਲਰਜੀ ਆਖਦੇ ਹਨ। ਜਿਵੇਂ ਇਕ ਮਨੁੱਖ ਘੱਟੇ-ਮਿੱਟੀ ਵਿਚ ਆਰਾਮ ਨਾਲ ਰਹਿ ਰਿਹਾ ਹੈ ਅਤੇ ਦੂਜੇ ਮਨੁੱਖ ਨੂੰ ਉਸੇ ਵਾਤਾਵਰਨ ਵਿਚ ਛਿੱਕਾਂ, ਜ਼ੁਕਾਮ ਜਾਂ ਸਾਹ ਦੀ ਤਕਲੀਫ ਹੋਣ ਲਗਦੀ ਹੈ। ਜਦ ਤੱਕ ਉਸ ਮਨੁੱਖ ਦੀ ਸੰਵੇਦਨਸ਼ੀਲਤਾ ਨੂੰ ਠੀਕ ਨਹੀਂ ਕੀਤਾ ਜਾਵੇਗਾ, ਤਦ ਤੱਕ ਉਸ ਦੀਆਂ ਛਿੱਕਾਂ ਜਾਂ ਸਾਹ ਦੀ ਤਕਲੀਫ ਠੀਕ ਨਹੀਂ ਹੋ ਸਕਦੀ। ਐਲਰਜੀ ਸਰੀਰ ਦੇ ਕਿਸੇ ਹਿੱਸੇ ਵਿਚ ਵੀ ਹੋ ਸਕਦੀ ਹੈ, ਜਿਵੇਂ ਨੱਕ ਦੀ ਐਲਰਜੀ : ਜ਼ੁਕਾਮ, ਛਿੱਕਾਂ, ਨੱਕ ਵਿਚੋਂ ਪਾਣੀ ਵਗਣਾ, ਨੱਕ ਬੰਦ ਹੋਣਾ। ਗਲੇ ਦੀ ਐਲਰਜੀ : ਖਾਂਸੀ, ਗਲੇ ਦਾ ਭਾਰੀਪਣ। ਫੇਫੜਿਆਂ ਦੀ ਐਲਰਜੀ : ਦਮਾ, ਸਾਹ ਲੈਣ ਵਿਚ ਮੁਸ਼ਕਿਲ ਹੋਣਾ। ਚਮੜੀ ਦੀ ਐਲਰਜੀ : ਖੁਜਲੀ, ਛਪਾਕੀ। ਪੇਟ ਦੀ ਐਲਰਜੀ : ਟੱਟੀਆਂ-ਉਲਟੀਆਂ ਆਦਿ।
ਇਨ੍ਹਾਂ ਵਿਚੋਂ ਫੇਫੜਿਆਂ ਦੀ ਐਲਰਜੀ ਜਾਂ ਦਮਾ ਇਕ ਅਜਿਹਾ ਰੋਗ ਹੈ, ਜਿਸ ਵਿਚ ਅਲੱਗ-ਅਲੱਗ ਤਰ੍ਹਾਂ ਦੇ ਐਲਰਜਨਸ ਤੋਂ ਸਾਹ ਨਾਲੀ ਦੀ ਸੰਵੇਦਨਸ਼ੀਲਤਾ ਵਧ ਜਾਂਦੀ ਹੈ ਅਤੇ ਸਾਹ ਨਾਲੀਆਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਸਾਹ ਲੈਣ ਵਿਚ ਮੁਸ਼ਕਿਲ ਹੁੰਦੀ ਹੈ। ਸ਼ੁਰੂ-ਸ਼ੁਰੂ ਵਿਚ ਜ਼ਿਆਦਾਤਰ ਇਹ ਤਕਲੀਫ ਥੋੜ੍ਹੇ ਸਮੇਂ ਲਈ ਰਹਿੰਦੀ ਹੈ, ਜਿਵੇਂ ਕਿ ਕੁਝ ਮਿੰਟਾਂ ਤੋਂ ਕੁਝ ਘੰਟਿਆਂ ਤੱਕ ਪਰ ਹੌਲੀ-ਹੌਲੀ ਮਰੀਜ਼ ਨੂੰ ਸਾਹ ਦੀ ਤਕਲੀਫ ਰੋਜ਼ ਹੋਣ ਲੱਗ ਪੈਂਦੀ ਹੈ।
ਪ੍ਰਚੱਲਿਤ ਇਲਾਜ ਪ੍ਰਣਾਲੀ ਦੁਆਰਾ ਇਸ ਬਿਮਾਰੀ ਨੂੰ ਲਾਇਲਾਜ ਘੋਸ਼ਿਤ ਕੀਤਾ ਗਿਆ ਹੈ ਅਤੇ ਸਿਰਫ ਆਰਜ਼ੀ ਤੌਰ 'ਤੇ ਲੱਛਣਾਂ ਨੂੰ ਦਬਾਇਆ ਜਾਂਦਾ ਹੈ। ਹੋਮਿਓਪੈਥਿਕ ਇਲਾਜ ਪ੍ਰਣਾਲੀ ਸੰਸਾਰ ਨੂੰ ਕੁਦਰਤ ਦੀ ਇਕ ਬਹੁਮੁੱਲੀ ਦੇਣ ਹੈ, ਜਿਸ ਵਿਚ ਕਿ ਰੋਗੀ ਦਾ ਇਲਾਜ ਕੀਤਾ ਜਾਂਦਾ ਹੈ, ਰੋਗ ਦਾ ਨਹੀਂ। ਰੋਗੀ ਦੇ ਤੰਦਰੁਸਤ ਹੁੰਦਿਆਂ ਹੀ ਰੋਗ ਜੜ੍ਹ ਤੋਂ ਖ਼ਤਮ ਹੋ ਜਾਂਦਾ ਹੈ, ਜਿਵੇਂ ਕਿ ਹੋਮਿਓਪੈਥੀ ਰਾਹੀਂ ਰੋਗੀ ਦੀ ਐਲਰਜੀ ਦਾ ਇਲਾਜ ਕਰਦੇ ਹੋਏ ਰੋਗੀ ਦੀ ਪੂਰੀ ਕੇਸ ਹਿਸਟਰੀ ਅਤੇ ਵੇਰਵਾ ਲੈਣ ਮਗਰੋਂ ਰੋਗੀ ਨੂੰ ਇਕ ਅਜਿਹੀ ਦਵਾਈ ਦਿੱਤੀ ਜਾਂਦੀ ਹੈ ਜੋ ਕਿ ਰੋਗੀ ਦੇ ਰੋਗ ਦੀ ਜੜ੍ਹ ਨੂੰ, ਜੋ ਕਿ ਰੋਗੀ ਦੀ ਵਧੀ ਹੋਈ ਸੰਵੇਦਨਸ਼ੀਲਤਾ ਹੁੰਦੀ ਹੈ, ਉਸ ਨੂੰ ਨਾਰਮਲ ਕਰਦੀ ਹੈ ਅਤੇ ਜੜ੍ਹ (ਸੰਵੇਦਨਸ਼ੀਲਤਾ) ਠੀਕ ਹੁੰਦਿਆਂ ਹੀ ਐਲਰਜੀ (ਛਿੱਕਾਂ, ਜ਼ੁਕਾਮ, ਦਮਾ, ਖੁਜਲੀ, ਟੱਟੀਆਂ) ਆਪਮੁਹਾਰੇ ਹੀ ਠੀਕ ਹੋ ਜਾਂਦੀਆਂ ਹਨ।

ਪਾਣੀ ਵਧਾਉਂਦਾ ਹੈ ਖ਼ੂਬਸੂਰਤੀ

ਤੰਦਰੁਸਤ ਜੀਵਨ ਲਈ ਸੰਤੁਲਤ ਭੋਜਨ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ ਜੋ ਇਕ ਚੀਜ਼ ਸਾਡੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ, ਉਹ ਹੈ ਪਾਣੀ। ਪਾਣੀ ਪੀਣਾ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ। ਸਾਨੂੰ ਉਚਿਤ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ। ਸਿਰਫ ਪਿਆਸ ਬੁਝਾਉਣ ਲਈ ਹੀ ਪਾਣੀ ਜ਼ਰੂਰੀ ਨਹੀਂ ਹੈ, ਸਗੋਂ ਸਰੀਰ ਦੇ ਦੂਜੇ ਕਿਰਿਆ-ਕਲਾਪਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਣੀ ਪੀਣਾ ਬੇਹੱਦ ਜ਼ਰੂਰੀ ਹੈ।
ਉਚਿਤ ਮਾਤਰਾ ਵਿਚ ਪਾਣੀ ਪੀਣ ਨਾਲ ਸਾਡੀ ਚਮੜੀ ਵਿਚ ਨਮੀ ਬਣੀ ਰਹਿੰਦੀ ਹੈ। ਚਮੜੀ ਦੀ ਗੰਦਗੀ ਦੂਰ ਹੋ ਜਾਂਦੀ ਹੈ ਅਤੇ ਚਮੜੀ ਸਾਫ਼ ਬਣੀ ਰਹਿੰਦੀ ਹੈ ਪਰ ਇਹ ਸਭ ਇਕ ਹੀ ਦਿਨ ਦਾ ਕਮਾਲ ਨਹੀਂ ਹੁੰਦਾ। ਇਕ ਹੀ ਦਿਨ ਵਿਚ ਤੁਹਾਡੀ ਚਮੜੀ ਖੂਬਸੂਰਤ ਨਹੀਂ ਦਿਖਾਈ ਦੇ ਸਕਦੀ। ਉਚਿਤ ਮਾਤਰਾ ਵਿਚ ਪਾਣੀ ਪੀਣ ਦਾ ਅਸਰ ਚਮੜੀ 'ਤੇ ਹੌਲੀ-ਹੌਲੀ ਹੀ ਰੰਗ ਲਿਆਏਗਾ।
ਪਾਣੀ ਸਿਰਫ ਸਾਡੀ ਬਾਹਰੀ ਚਮੜੀ ਲਈ ਹੀ ਮਹੱਤਵਪੂਰਨ ਨਹੀਂ ਹੈ, ਸਗੋਂ ਇਹ ਸਰੀਰ ਦੇ ਅੰਦਰ ਹੋ ਰਹੇ ਮੈਟਾਬੋਲਿਜ਼ਮ ਵਿਚ ਵੀ ਮਦਦ ਕਰਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕੱਢਦਾ ਹੈ। ਸਰੀਰ ਦੇ ਅੰਦਰ ਅਤੇ ਬਾਹਰ ਦੀ ਪ੍ਰਕਿਰਿਆ ਵਿਚ ਸੰਤੁਲਨ ਬਣਾਈ ਰੱਖਦਾ ਹੈ। ਪਾਣੀ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ। ਇਹ ਚਮੜੀ ਦੀਆਂ ਝੁਰੜੀਆਂ ਆਦਿ ਵੀ ਦੂਰ ਕਰਦਾ ਹੈ। ਤੁਸੀਂ ਜਿੰਨਾ ਵੀ ਪਾਣੀ ਪੀਓਗੇ, ਚਮੜੀ ਵਿਚ ਨਮੀ ਦੇ ਨਾਲ-ਨਾਲ ਚਮਕ ਵੀ ਵਧੇਗੀ। ਇਸ ਨਾਲ ਸਮੇਂ ਤੋਂ ਪਹਿਲਾਂ ਆਉਣ ਵਾਲੀਆਂ ਝੁਰੜੀਆਂ ਤੋਂ ਵੀ ਬਚਾਅ ਹੁੰਦਾ ਹੈ। ਇਸੇ ਕਰਕੇ ਤਾਂ ਸੰਤੁਲਤ ਭੋਜਨ ਦੇ ਨਾਲ-ਨਾਲ ਵਿਅਕਤੀ ਨੂੰ ਖੂਬ ਪਾਣੀ ਪੀਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ।
ਪਾਣੀ ਨੂੰ ਇਕ ਦਵਾਈ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਸਿਰਫ ਪਿਆਸ ਬੁਝਾਉਣ ਲਈ ਹੀ ਅਸੀਂ ਇਸ ਦੀ ਵਰਤੋਂ ਨਹੀਂ ਕਰਦੇ, ਸਗੋਂ ਤੰਦਰੁਸਤ ਅਤੇ ਸੁੰਦਰ ਰਹਿਣ ਲਈ ਵੀ ਪਾਣੀ ਪੀਣਾ ਜ਼ਰੂਰੀ ਹੈ। ਆਯੁਰਵੈਦ ਵਿਚ ਪਾਣੀ ਚਿਕਿਤਸਾ ਦੇ ਬਾਰੇ ਕਾਫੀ ਕੁਝ ਦੱਸਿਆ ਗਿਆ ਹੈ। ਦਰਅਸਲ ਪਾਣੀ ਚਿਕਿਤਸਾ ਦੁਆਰਾ ਪੇਟ ਦਰਦ ਤੋਂ ਲੈ ਕੇ ਸਿਰਦਰਦ ਦਾ ਇਲਾਜ ਕੀਤਾ ਜਾਂਦਾ ਹੈ। ਠੰਢਾ ਪਾਣੀ ਸਰੀਰ ਨੂੰ ਸ਼ੀਤਲਤਾ ਪ੍ਰਦਾਨ ਕਰਦਾ ਹੈ। ਇਸ ਨਾਲ ਤਨ, ਮਨ ਨੂੰ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ।
ਗਰਮ ਪਾਣੀ ਵੀ ਬਹੁਤ ਕੰਮ ਦੀ ਚੀਜ਼ ਹੈ। ਗਰਮ ਪਾਣੀ ਨਾਲ ਨਹਾਉਣ ਨਾਲ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਦੂਜਾ, ਖੂਨ ਦਾ ਸੰਚਾਰ ਵੀ ਵਧੀਆ ਤਰੀਕੇ ਨਾਲ ਹੁੰਦਾ ਹੈ। ਮਾਸਪੇਸ਼ੀਆਂ ਦੀ ਸੋਜ ਅਤੇ ਦਰਦ ਨੂੰ ਗਰਮ ਪਾਣੀ ਦੀ ਟਕੋਰ ਨਾਲ ਦੂਰ ਕੀਤਾ ਜਾ ਸਕਦਾ ਹੈ। ਤੁਸੀਂ ਤੰਦਰੁਸਤ ਹੋਵੋਗੇ ਤਾਂ ਇਸ ਦਾ ਅਸਰ ਤੁਹਾਡੇ ਚਿਹਰੇ 'ਤੇ ਵੀ ਦੇਖਣ ਨੂੰ ਮਿਲੇਗਾ। ਜਦੋਂ ਤੱਕ ਸਰੀਰ ਦੇ ਅੰਦਰ ਤਾਜ਼ਗੀ ਅਤੇ ਤੰਦਰੁਸਤੀ ਨਹੀਂ ਹੋਵੇਗੀ, ਬਾਹਰੀ ਚਮੜੀ 'ਤੇ ਚਮਕ ਕਿਵੇਂ ਆਵੇਗੀ? ਆਖਰ ਸਰੀਰ ਤਾਂ ਇਕ ਹੀ ਹੈ। ਇਸ ਲਈ ਬਿਲਕੁਲ ਫਿੱਟ ਅਤੇ ਸੁੰਦਰ ਦਿਸਣ ਲਈ ਉਚਿਤ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ।
ਪਾਣੀ ਪੀਣ ਦੇ ਬਹਾਨੇ ਤੁਹਾਨੂੰ ਖੁਦ ਹੀ ਲੱਭਣੇ ਪੈਣਗੇ। ਸਭ ਤੋਂ ਪਹਿਲਾਂ ਤਾਂ ਧਿਆਨ ਰੱਖੋ ਕਿ ਤੁਸੀਂ ਜਦੋਂ ਵੀ ਘਰ ਤੋਂ ਬਾਹਰ ਨਿਕਲੋ, ਆਪਣੇ ਨਾਲ ਪਾਣੀ ਦੀ ਇਕ ਬੋਤਲ ਜ਼ਰੂਰ ਰੱਖੋ। ਇਸ ਨੂੰ ਠੰਢਾ ਰੱਖੋ, ਤਾਂ ਹੀ ਤੁਸੀਂ ਜ਼ਿਆਦਾ ਮਾਤਰਾ ਵਿਚ ਪਾਣੀ ਪੀ ਸਕੋਗੇ। ਜੇ ਤੁਸੀਂ ਇਕ ਹੀ ਜਗ੍ਹਾ ਬੈਠ ਕੇ ਘੰਟਿਆਂਬੱਧੀ ਕੰਮ ਕਰਦੇ ਹੋ ਤਾਂ ਆਪਣੀ ਸੀਟ ਦੇ ਨੇੜੇ ਜਾਂ ਮੇਜ਼ 'ਤੇ ਇਕ ਗਿਲਾਸ ਵਿਚ ਪਾਣੀ ਜ਼ਰੂਰ ਰੱਖੋ ਅਤੇ ਵਿਚ-ਵਿਚ ਪਾਣੀ ਪੀਂਦੇ ਰਹੋ।
ਪਾਣੀ ਵਿਚ ਜੇ ਨਿੰਬੂ ਵੀ ਮਿਲਾ ਲਓ ਤਾਂ ਹੋਰ ਵਧੀਆ ਹੋਵੇਗਾ। ਪਾਣੀ ਵਿਚ ਪੁਦੀਨੇ ਦੇ ਪੱਤੇ ਵੀ ਪਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਜ਼ਿਆਦਾ ਪਾਣੀ ਪੀ ਸਕੋਗੇ। ਚਮੜੀ ਨੂੰ ਖੂਬਸੂਰਤ ਬਣਾਉਣ ਹੈ ਤਾਂ ਇਹ ਸਭ ਕਰਨਾ ਹੀ ਪਵੇਗਾ।
ਹੋਰ ਵੀ ਚੰਗਾ ਤਾਂ ਹੋਵੇਗਾ ਜੇ ਤੁਸੀਂ ਕੋਲਡ ਡ੍ਰਿੰਕਸ ਦੀ ਜਗ੍ਹਾ ਵੀ ਪਾਣੀ ਹੀ ਪੀਓ। ਇਸ ਨਾਲ ਤੁਹਾਨੂੰ ਫਾਇਦਾ ਤਾਂ ਪਹੁੰਚੇਗਾ ਹੀ, ਕੋਲਡ ਡ੍ਰਿੰਕਸ ਨਾਲ ਵਧਣ ਵਾਲੀ ਕੈਲੋਰੀ ਵੀ ਤੁਹਾਡੇ ਸਰੀਰ ਵਿਚ ਨਹੀਂ ਪਹੁੰਚੇਗੀ ਅਤੇ ਤੁਸੀਂ ਫਿੱਟ ਵੀ ਰਹੋਗੇ। ਜੇ ਤੁਸੀਂ ਠੰਢਾ ਪਾਣੀ ਨਹੀਂ ਪੀ ਸਕਦੇ ਤਾਂ ਗਰਮ ਕਰਕੇ ਪਾਣੀ ਪੀਓ। ਇਸ ਨਾਲ ਵੀ ਕਈ ਫਾਇਦੇ ਹੋਣਗੇ। ਕੋਸਾ ਪਾਣੀ ਪੀਣਾ ਤੁਹਾਡੇ ਗਲੇ ਲਈ ਵੀ ਫਾਇਦੇਮੰਦ ਹੋਵੇਗਾ।

ਸਿਹਤ ਖ਼ਬਰਨਾਮਾ

ਲਸਣ ਦਾ ਸੇਵਨ ਕੈਂਸਰ ਤੋਂ ਸੁਰੱਖਿਆ ਦਿੰਦਾ ਹੈ

ਅਮਰੀਕਨ ਜਰਨਲ ਆਫ ਕਲੀਨੀਕਲ ਨਿਊਟ੍ਰੀਸ਼ਨ ਵਿਚ ਯੂਨੀਵਰਸਿਟੀ ਆਫ ਨਾਰਥ ਕੇਰੋਲਿਨਾ ਦੇ ਮਾਹਿਰ ਡਾ: ਲੇਨੋਰ ਅਰਾਬ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਕੀਤੀ ਗਈ ਖੋਜ ਅਨੁਸਾਰ ਲਸਣ ਦਾ ਸੇਵਨ ਪੇਟ ਅਤੇ ਗੁਦਾ ਦੇ ਕੈਂਸਰ ਤੋਂ ਸੁਰੱਖਿਆ ਦਿੰਦਾ ਹੈ। ਮਾਹਿਰਾਂ ਅਨੁਸਾਰ ਲਸਣ ਦਾ ਸੇਵਨ ਗੁਦਾ ਕੈਂਸਰ ਦੀ ਸੰਭਾਵਨਾ ਨੂੰ 10-50 ਫੀਸਦੀ ਘੱਟ ਕਰਦਾ ਹੈ। ਲਸਣ 'ਤੇ ਹੋਈਆਂ ਚਾਰ ਹੋਰ ਖੋਜਾਂ ਨਾਲ ਇਹ ਵੀ ਪਤਾ ਲਗਦਾ ਹੈ ਕਿ ਲਸਣ ਦਾ ਸੇਵਨ ਪੇਟ ਦੇ ਕੈਂਸਰ ਦੀ ਸੰਭਾਵਨਾ ਨੂੰ 50 ਫੀਸਦੀ ਤੱਕ ਘੱਟ ਕਰਦਾ ਹੈ।
ਸਮਾਜਿਕ ਹੋਣਾ ਤੁਹਾਡੇ ਜਿਊਣ ਦੀ ਆਸ ਵਧਾਉਂਦਾ ਹੈ

ਨਾਰਥ ਕੈਲੇਫੋਰਨੀਆ ਦੇ ਦਰਹਮ ਵਿਚ ਡਿਊਕ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਮਾਹਿਰ ਬੇਵਰਲੀ ਬ੍ਰਮੇਟ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਕੀਤੀ ਗਈ ਖੋਜ ਵਿਚ ਪਾਇਆ ਗਿਆ ਕਿ ਉਹ ਦਿਲ ਦੇ ਰੋਗੀ, ਜਿਨ੍ਹਾਂ ਦੇ ਸਮਾਜਿਕ ਸਬੰਧ ਜ਼ਿਆਦਾ ਹੁੰਦੇ ਹਨ, ਉਨ੍ਹਾਂ ਦੇ ਜਿਉਣ ਦੀ ਹੱਦ ਉਨ੍ਹਾਂ ਵਿਅਕਤੀਆਂ ਨਾਲੋਂ ਜ਼ਿਆਦਾ ਹੁੰਦੀ ਹੈ, ਜੋ ਸਮਾਜਿਕ ਨਹੀਂ ਹੁੰਦੇ।
ਇਸ ਖੋਜ ਵਿਚ ਮਾਹਿਰਾਂ ਨੇ 5 ਸਾਲ ਤੱਕ 430 ਦਿਲ ਦੇ ਰੋਗੀਆਂ ਦੇ ਸਮਾਜਿਕ ਸਬੰਧ ਜਾਨਣ ਦੀ ਕੋਸ਼ਿਸ਼ ਕੀਤੀ। ਇਸ ਖੋਜ ਵਿਚ ਉਨ੍ਹਾਂ ਨੇ ਇਹ ਵੀ ਪਾਇਆ ਕਿ ਜੋ ਵਿਅਕਤੀ ਸਮਾਜਿਕ ਨਹੀਂ ਸਨ ਜਾਂ ਜਿਨ੍ਹਾਂ ਦੇ ਸਬੰਧ ਗਿਣੇ-ਚੁਣੇ ਭਾਵ ਦੋ-ਤਿੰਨ ਲੋਕਾਂ ਨਾਲ ਪਾਏ ਗਏ, ਉਨ੍ਹਾਂ ਦੇ ਇਸ ਖੋਜ ਦੇ ਦੌਰਾਨ ਹੀ ਮਰ ਜਾਣ ਦੀ ਸੰਭਾਵਨਾ ਸਮਾਜਿਕ ਵਿਅਕਤੀਆਂ ਦੀ ਤੁਲਨਾ ਵਿਚ ਢਾਈ ਗੁਣਾ ਜ਼ਿਆਦਾ ਪਾਈ ਗਈ।
ਸਮਾਜਿਕ ਤੌਰ 'ਤੇ ਇਕੱਲੇ ਰੋਗੀਆਂ ਵਿਚ ਜ਼ਿਆਦਾ ਵਿਅਕਤੀ ਘੱਟ ਉਮਰ ਵਾਲੇ ਵਰਗ ਵਿਚੋਂ ਅਤੇ ਜ਼ਿਆਦਾ ਸਿਗਰਟਨੋਸ਼ੀ ਕਰਨ ਵਾਲੇ ਵੀ ਪਾਏ ਗਏ। ਮਾਹਿਰਾਂ ਦਾ ਮੰਨਣਾ ਹੈ ਕਿ ਸਮਾਜਿਕ ਸਬੰਧ ਰੋਗੀ ਨੂੰ ਸਹਾਰਾ ਦਿੰਦੇ ਹਨ ਅਤੇ ਉਹ ਜਿਉਣ ਦੀ ਇੱਛਾ ਰੱਖਦਾ ਹੈ, ਕਿਉਂਕਿ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਉਸ ਦਾ ਜਿਊਣਾ ਕਿੰਨਾ ਜ਼ਰੂਰੀ ਹੈ ਅਤੇ ਇਹ ਹਿੰਮਤ ਵਿਅਕਤੀ ਨੂੰ ਤੰਦਰੁਸਤ ਹੋਣ ਵਿਚ ਮਦਦ ਕਰਦੀ ਹੈ, ਇਸ ਲਈ ਸਮਾਜਿਕ ਸਬੰਧ ਦ੍ਰਿੜ੍ਹ ਬਣਾਓ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX