ਤਾਜਾ ਖ਼ਬਰਾਂ


ਸਟਾਲਿਨ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  2 minutes ago
ਚੇਨਈ, ੧੧ ਦਸੰਬਰ - ਡੀ.ਐਮ.ਕੇ ਪ੍ਰਮੁੱਖ ਐਮ.ਕੇ ਸਟਾਲਿਨ ਨੇ ਰਾਹੁਲ ਗਾਂਧੀ ਨੂੰ ਫ਼ੋਨ ਕਰ ਕੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ ...
ਰਾਹੁਲ ਗਾਂਧੀ ਨੇ ਜਨਤਾ ਤੇ ਪਾਰਟੀ ਵਰਕਰਾਂ ਨੂੰ ਦਿੱਤੀ ਮੁਬਾਰਕਬਾਦ
. . .  21 minutes ago
ਨਵੀਂ ਦਿੱਲੀ, 11 ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਾਰਟੀ ਵਰਕਰਾਂ ਤੇ ਜਨਤਾ ਨੂੰ ਮੁਬਾਰਕਬਾਦ...
ਲੋਕਾਂ ਨੇ ਮੰਦਿਰ-ਮਸਜਿਦ ਦੀ ਰਾਜਨੀਤੀ ਨੂੰ ਨਕਾਰਿਆ - ਮਹਿਬੂਬਾ
. . .  41 minutes ago
ਸ੍ਰੀਨਗਰ, 11 ਦਸੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਜਾਗਰੂਕ ਹੋ ਚੁੱਕੇ ਹਨ, ਜਿਨ੍ਹਾਂ...
ਸੰਸਦ ਦੇ ਸੈਸ਼ਨ 'ਚ ਮਹਿਲਾ ਰਾਂਖਵੇਕਰਣ ਜਿਹੇ ਕਈ ਮੁੱਦੇ ਉਠਾਵਾਂਗੇ - ਸੁਮਿੱਤਰਾ ਮਹਾਜਨ
. . .  54 minutes ago
ਨਵੀਂ ਦਿੱਲੀ, 11 ਦਸੰਬਰ - ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਦਾ ਕਹਿਣਾ ਹੈ ਕਿ ਸੰਸਦ ਦੀਆਂ ਸਾਰੀਆਂ ਚਰਚਾਵਾਂ ਡਿਜੀਟਲ ਕੀਤੀਆਂ ਗਈਆਂ ਹਨ, ਜੋ ਕਿ ਸਾਰਿਆ ਲਈ...
ਨਵੀਨ ਪਟਨਾਇਕ ਵੱਲੋਂ ਕਾਂਗਰਸ, ਐਮ.ਐਨ.ਐੱਫ ਨੂੰ ਮੁਬਾਰਕਬਾਦ
. . .  about 1 hour ago
ਭੁਵਨੇਸ਼ਵਰ, 11 ਦਸੰਬਰ - ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਕਾਂਗਰਸ ਅਤੇ ਮਿਜ਼ੋਰਮ ਵਿਚ ਜਿੱਤ ਲਈ...
ਸ਼ਕਤੀਕਤ ਦਾਸ ਆਰ.ਬੀ.ਆਈ ਦੇ ਨਵੇਂ ਗਵਰਨਰ ਨਿਯੁਕਤ
. . .  about 1 hour ago
ਨਵੀਂ ਦਿੱਲੀ, 11 ਦਸੰਬਰ - ਸਾਬਕਾ ਵਿੱਤ ਸਕੱਤਰ ਅਤੇ ਵਿੱਤ ਕਮਿਸ਼ਨ ਦੇ ਮੈਂਬਰ ਸ਼ਕਤੀਕਾਂਤ ਦਾਸ ਨੂੰ ਆਰ.ਬੀ.ਆਈ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ...
ਵਿਧਾਨ ਸਭਾ ਚੋਣਾਂ : ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਮੰਨੀ ਹਾਰ, ਦਿੱਤਾ ਅਸਤੀਫ਼ਾ
. . .  about 2 hours ago
ਸਿਵਲ ਹਸਪਤਾਲ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ
. . .  about 2 hours ago
ਹਰਿਆਣਾ, 11 ਦਸੰਬਰ (ਹਰਮੇਲ ਸਿੰਘ ਖੱਖ)-ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਭਾਜਪਾ ਦੇ ਆਕਾਸ਼ ਕੈਲਾਸ਼ ਵਿਜੈਵਰਗੀਆ ਨੇ 7 ਹਜ਼ਾਰ ਵੋਟਾਂ ਨਾਲ ਕੀਤੀ ਜਿੱਤ ਹਾਸਲ
. . .  about 2 hours ago
ਮੰਤਰੀ ਮੰਡਲ ਵੱਲੋਂ ਸ਼ਿਲੌਂਗ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਲਈ ਮੁਆਵਜ਼ੇ ਨੂੰ ਪ੍ਰਵਾਨਗੀ
. . .  about 2 hours ago
ਚੰਡੀਗੜ੍ਹ, 11 ਦਸੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਮੰਤਰੀ ਮੰਡਲ ਨੇ ਸ਼ਿਲੌਂਗ ਵਿਖੇ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਨੂੰ ਮੁਆਵਜ਼ੇ ਵਜੋਂ 60 ਲੱਖ ਰੁਪਏ ਮੁਹੱਈਆ ਕਰਵਾਉਣ ਲਈ ਰਾਹਤ 'ਤੇ ਮੁੜ....
ਹੋਰ ਖ਼ਬਰਾਂ..

ਦਿਲਚਸਪੀਆਂ

ਕਿੱਥੇ ਕੁ ਪਹੁੰਚੀ?

ਕਈ ਸਾਲਾਂ ਤੋਂ ਕਾਲਜ ਪੜ੍ਹ ਰਹੇ ਪੁੱਤ ਨੂੰ ਮਾਂ ਨੇ ਇਕ ਦਿਨ ਪੁੱਛਿਆ,
'ਪੁੱਤ ਕਿੱਥੇ ਕੁ ਪਹੁੰਚੀ ਪੜ੍ਹਾਈ ਤੇਰੀ? ਕਦੋਂ ਕੁ ਤੂੰ ਕੰਮ 'ਤੇ ਲੱਗ ਕੇ ਵਹੁਟੀ ਲਿਆਵੇਂਗਾ? ਮੇਰੀ ਵੀ ਜਾਨ ਭੋਰਾ ਸੌਖੀ ਹੋਊ।'
'ਬੱਸ ਮਾਂ, ਕੁਝ ਮਹੀਨਿਆਂ ਤੱਕ ਮੇਰਾ ਕੋਰਸ ਪੂਰਾ ਹੋ ਜਾਣਾ।'
ਮਾਂ ਨੂੰ ਇੰਨੀ ਕੁ ਤਸੱਲੀ ਦੇ ਕੇ ਪੁੱਤ ਸੋਚਾਂ ਦੇ ਡੂੰਘੇ ਵਹਿਣ 'ਚ ਉੱਤਰ ਗਿਆ। ਉਸ ਨੂੰ ਯਾਦ ਆਏ ਵਿਹਲੇ ਫਿਰਦੇ ਆਪਣੇ ਸੀਨੀਅਰ ਵਿਦਿਆਰਥੀ। ਡਿਗਰੀ ਲੈ ਕੇ ਵੀ ਜਿਨ੍ਹਾਂ ਦੀ ਪੜ੍ਹਾਈ ਅਜੇ ਕਿਤੇ ਨਹੀਂ ਪਹੁੰਚੀ। ਉਸ ਨੂੰ ਯਾਦ ਆਇਆ ਉਹ ਪ੍ਰੋਫੈਸਰ ਜੋ ਮੰਜ਼ਿਲ ਦੀ ਪ੍ਰਾਪਤੀ ਲਈ ਸਿੱਧੇ ਨੱਕ ਦੀ ਸੇਧ ਤੁਰਦੇ ਰਹਿਣ ਦੀ ਗੱਲ ਕਰਦਾ ਸੀ ਪਰ ਆਪ ਪ੍ਰਾਈਵੇਟ ਕਾਲਜ ਵਿੱਚ ਆਪਣੀ ਕਾਬਲੀਅਤ ਤੋਂ ਘੱਟ ਤਨਖਾਹ 'ਤੇ ਨੌਕਰੀ ਕਰਦਾ ਹੋਇਆ ਖੁਦ ਸ਼ੋਸ਼ਿਤ ਹੋ ਰਿਹਾ ਸੀ। ਜਿਸ ਦੀ ਪੜ੍ਹਾਈ ਅਜੇ ਤੱਕ ਮੰਜ਼ਿਲ 'ਤੇ ਨਹੀਂ ਸੀ ਪਹੁੰਚੀ।
ਸੋਚਦੇ -ਸੋਚਦੇ ਉਸ ਨੇ ਮਨ ਨੂੰ ਹੋਰ ਪਾਸੇ ਮੋੜਨ ਦੇ ਉਦੇਸ਼ ਨਾਲ ਟੀ.ਵੀ. ਦਾ ਰਿਮੋਟ ਦਬਾ ਲਿਆ। ਟੀ.ਵੀ. 'ਤੇ ਆ ਰਹੀਆਂ ਖ਼ਬਰਾਂ ਵਿੱਚ ਸਿਸਟਮ ਦੇ ਉਲਝਾਏ ਹੋਏ ਮਜਬੂਰੀ ਵਸ ਇਕ-ਦੂਜੇ ਨਾਲ ਲੜਦੇ ਵਿਦਿਆਰਥੀ ਤੇ ਪੁਲਿਸ ਮੁਲਾਜ਼ਮ, ਦੰਗੇ, ਬਲਾਤਕਾਰ, ਲੁੱਟ-ਖੋਹ ਆਦਿ ਦੇਖਦਾ ਉਹ ਨਿਜ਼ਾਮ ਨੂੰ ਕੋਸਦਾ ਸੋਚ ਰਿਹਾ ਸੀ ਕਿ ਏਨਾ ਪੜ੍ਹ ਕੇ, ਸੱਭਿਅਕ ਹੋ ਕੇ ਵੀ ਕਿੱਥੇ ਕੁ ਪਹੁੰਚੀ ਏ ਭਲਾ ਮਨੁੱਖਤਾ?

-ਕਰਮਜੀਤ ਸਿੰਘ ਗਰੇਵਾਲ
ਮੋਬਾਈਲ : 98728-68913.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਕੀ ਪਤਾ?
'ਮਿਨਾਕਸ਼ੀ ਤੈਨੂੰ ਕਿੰਨੀ ਵਾਰ ਕਿਹਾ ਆਪਾਂ ਬੱਚੇ ਨੂੰ ਸ਼ਗਨ ਦੇ ਆਈਏ। ਹੋਰ ਤਾਂ ਹੋਰ ਆਂਢ-ਗੁਆਂਢ ਦੇ ਵੀ ਕਦੋਂ ਦੇ ਸ਼ਗਨ ਦੇ ਆਏ ਤੇ ਆਪਾਂ ਉਹਦੇ ਸਕੇ ਤਾਇਆ-ਤਾਈ ਸਭ ਤੋਂ ਪਿੱਛੇ। ਲੋਕੀਂ ਕੀ ਸੋਚਣਗੇ, ਬਈ ਆਪਾਂ ਨੂੰ ਮੁੰਡੇ ਦੀ ਖੁਸ਼ੀ ਨ੍ਹੀਂ ਹੋਈ?'
'ਇਹ ਤਾਂ ਸਭ ਠੀਕ ਹੈ ਜੀ, ਮੈਂ ਮੰਨਦੀ ਹਾਂ। ਖੁਸ਼ੀ ਤਾਂ ਬਹੁਤ ਹੈ ਕਿ ਦਸ ਸਾਲ ਬਾਅਦ ਕਿਤੇ ਜਾ ਕੇ ਰੱਬ ਨੇ ਉਨ੍ਹਾਂ ਨੂੰ ਖੈਰ ਪਾਈ ਹੈ ਪਰ ਮੈਨੂੰ ਗੁਆਂਢਣਾਂ ਤੋਂ ਪਤਾ ਲੱਗਿਆ ਹੈ ਕਿ ਮੁੰਡੇ ਨੂੰ ਪੀਲੀਆ ਹੋਇਆ ਹੋਇਐ, ਸਾਹ ਵੀ ਕੁਝ ਔਖੇ ਜਿਹੇ ਲੈਂਦਾ। ਆਪਾਂ ਦੋ-ਚਾਰ ਦਿਨ ਹੋਰ ਨਾ ਠਹਿਰ ਜਾਈਏ?'

-ਰਘਬੀਰ ਸਿੰਘ ਮਹਿਮੀ
220 ਗਰੀਨ ਪਾਰਕ ਕਾਲੋਨੀ, ਸਰਹਿੰਦ ਰੋਡ, ਪਟਿਆਲਾ। ਮੋਬਾਈਲ : 9646024321.

ਚੈਕਿੰਗ
ਸੀਟ 'ਤੇ ਨਵੇਂ ਆਏ ਅਫ਼ਸਰ ਨੂੰ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ। ਉਸ ਦੇ ਅਧੀਨ ਕੰਮ ਕਰਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪੋ-ਆਪਣੇ ਢੰਗ ਨਾਲ ਅਫ਼ਸਰ ਦੇ ਸੁਭਾਅ ਨੂੰ ਜਾਨਣ ਅਤੇ ਆਪਣੀ ਸ਼ਖ਼ਸੀਅਤ ਦਾ ਪ੍ਰਭਾਵ ਦੇਣ ਦਾ ਯਤਨ ਕੀਤਾ। ਛੇਤੀ ਹੀ ਕੁਝ ਕੁ ਤੇਜ਼ ਬੁੱਧੀ ਵਾਲੇ ਅਧਿਕਾਰੀ ਤਾਂ ਉਸ ਨਾਲ ਰਚ-ਮਿਚ ਗਏ। ਲੋਕਾਂ ਵੱਲੋਂ ਸ਼ਿਕਾਇਤਾਂ ਮਿਲਣ 'ਤੇ ਇਕ ਦਿਨ ਅਫ਼ਸਰ ਨੇ ਦਵਾਈਆਂ ਵਾਲੀਆਂ ਦੁਕਾਨਾਂ 'ਤੇ ਅਚਾਨਕ ਛਾਪਾਮਾਰੀ ਕਰਨ ਦੀ ਵਿਉਂਤ ਬਣਾਈ। ਕਈ ਦੁਕਾਨਾਂ ਦਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਇਕਾ-ਦੁੱਕਾ ਤਰੁਟੀਆਂ ਤੋਂ ਬਿਨਾਂ ਸਾਰਾ ਰਿਕਾਰਡ ਦਰੁਸਤ ਪਾਇਆ ਗਿਆ। ਫ਼ਿਰ ਜਦ ਵਿਸ਼ੇਸ਼ ਚੈਕਿੰਗ ਟੀਮ ਸ਼ਹਿਰ ਦੀ ਇਕ ਵੱਡੀ ਦੁਕਾਨ 'ਤੇ ਗਈ ਤਾਂ ਨਾਲ ਗਏ ਅਫ਼ਸਰ ਨੇ ਦੁਕਾਨ ਦੇ ਮਾਲਕਾਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਦਿਆਂ ਕਿਹਾ, 'ਜੀ ਇਹ ਬੜੇ ਸਾਊ, ਬੀਬੇ ਅਤੇ ਮਿਹਨਤੀ ਬੰਦੇ ਹਨ, ਆਪਣੇ ਕੰਮ ਨੂੰ ਬਹੁਤ ਵਧਾਇਆ ਇਨ੍ਹਾਂ...।' ਸੀਨੀਅਰ ਅਧਿਕਾਰੀ ਨੇ ਲਾਜ਼ਮੀ ਰਿਕਾਰਡ ਦੀ ਕਾਫ਼ੀ ਬਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਨੂੰ ਜ਼ਿਆਦਾ ਰੁੱਝਿਆਂ ਦੇਖ ਨਾਲ ਗਏ ਸਹਾਇਕ ਅਧਿਕਾਰੀ ਨੇ ਚਾਹ-ਪਾਣੀ ਦਾ ਪ੍ਰਬੰਧ ਕਰਵਾ ਦਿੱਤਾ। ਜ਼ਰੂਰੀ ਰਿਕਾਰਡ ਚੈੱਕ ਕਰਦਿਆਂ ਸੀਨੀਅਰ ਅਧਿਕਾਰੀ ਨੇ ਕੁਝ ਖ਼ਾਮੀਆਂ ਸਾਹਮਣੇ ਲਿਆ ਧਰੀਆਂ। ਨਾਲ ਗਏ ਸਹਾਇਕ ਅਧਿਕਾਰੀ ਗੁਪਤਾ ਸਾਹਿਬ ਨੇ ਅੰਗੂਠਾ ਹੱਥ ਦੀ ਵਿਚਕਾਰਲੀ ਉਂਗਲੀ ਨਾਲ ਘਸਾਉਂਦਿਆਂ ਹਲਕਾ ਜਿਹਾ ਹਾਸਾ ਹੱਸਦਿਆਂ ਕਿਹਾ ਕਿ, 'ਸਾਬ੍ਹ ਜੀ ਆਪਣੇ ਹੀ ਬੰਦੇ ਨੇ...'।

-ਮੋਹਰ ਗਿੱਲ ਸਿਰਸੜੀ
ਪਿੰਡ : ਸਿਰਸੜੀ, ਨੇੜੇ ਕੋਟਕਪੂਰਾ, ਫ਼ਰੀਦਕੋਟ-151207. ਮੋਬਾ. 98156-59110

ਖਿਲਵਾੜ
ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਸੜਕ ਕਿਨਾਰੇ ਫਲ, ਸਬਜ਼ੀਆਂ, ਮੀਟ, ਕੁਲਫ਼ੀ ਅਤੇ ਫਾਸਟ ਫੂਡ ਦੀਆਂ ਦੁਕਾਨਾਂ ਅਤੇ ਰੇਹੜੀਆਂ ਨੂੰ ਘੇਰਾ ਪਾ ਲਿਆ। ਇਨ੍ਹਾਂ ਦੁਕਾਨਾਂ ਤੋਂ ਖਰਾਬ ਫਲ, ਸਬਜ਼ੀਆਂ, ਮੀਟ ਆਦਿ ਨਸ਼ਟ ਕਰ ਦਿੱਤੇ ਅਤੇ ਦੁਕਾਨਦਾਰਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਕਿ ਉਹ ਭਵਿੱਖ ਵਿਚ ਅਜਿਹਾ ਸਮਾਨ ਨਾ ਵੇਚਣ, ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਵੇ।
ਸੜਕ ਦੇ ਦੂਜੇ ਕਿਨਾਰੇ ਖੁੱਲ੍ਹਿਆ ਸ਼ਰਾਬ ਦਾ ਵੱਡਾ ਠੇਕਾ ਸਿਹਤ ਵਿਭਾਗ ਦੀ ਟੀਮ ਨੂੰ ਨਜ਼ਰ ਤਾਂ ਆਇਆ, ਪਰ ਉਸ ਨੂੰ ਨਸ਼ਟ ਕਰਨਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸੀ। ਪੰਜਾਬ ਵਿਚ ਨੌਜਵਾਨ ਵਰਗ ਦੀ ਸਿਹਤ ਨਾਲ ਜਿੰਨਾ ਖਿਲਵਾੜ ਅੱਜ ਸ਼ਰਾਬ ਦੇ ਠੇਕਿਆਂ ਨੇ ਕੀਤਾ ਹੈ, ਸ਼ਾਇਦ ਏਨਾ ਖਿਲਵਾੜ ਨਸ਼ਟ ਕੀਤੇ ਫਲਾਂ, ਸਬਜ਼ੀਆਂ ਨੇ ਨਹੀਂ ਸੀ ਕਰਨਾ।

-ਦਵਿੰਦਰ ਜੀਤ ਬੁਜਰਗ
ਪਿੰਡ ਬੁਜਰਗ, ਸਾਹਿਤ ਸਭਾ ਜਗਰਾਉਂ। ਮੋਬਾਈਲ : 98551-27254.

ਹੋਂਦ
'ਉਹ ਬਈ ਕਾਮਰੇਡਾ, ਆ ਜਾ। ਅੱਜ ਤੈਨੂੰ ਹੀ ਯਾਦ ਕਰਦੇ ਸਾਂ।'
'ਓਏ ਕਾਮਰੇਡ ਹਾਂ, ਕਾਮਰੇਡ ਹੀ ਰਹਿਣਾ, ਤੁਹਾਡੇ ਵਾਂਗੂੰ ਮੌਕਾਪ੍ਰਸਤ ਲੋਕ ਨਹੀਂ ਹਾਂ, ਕਦੇ ਚਿੱਟੀ ਤੇ ਕਦੇ ਨੀਲੀ ਤੇ ਕਦੇ ਪੀਲੀ ਪੱਗ ਬੰਨ੍ਹ ਲਈ।'
'ਤਾਇਆ, ਅੱਜ ਅਸੀਂ ਤੈਨੂੰ ਇਹੀ ਗੱਲ ਪੁੱਛਣੀ ਹੈ। ਬਸ ਬਈ ਕਾਮਰੇਡ ਬੜ੍ਹਕਾਂ ਮਾਰਨੋਂ ਨਹੀਂ ਹਟਦੇ। ਆਹ ਅਸੀਂ ਨਵੀਂ ਬਣੀ ਸਰਕਾਰ ਦੀ ਗੱਲ ਕਰਦੇ ਸਾਂ, ਬਈ ਨਾਲੇ ਤਾਂ ਕਾਮਰੇਡ ਕਾਂਗਰਸੀਆਂ ਨਾਲ ਜਾ ਰਹੇ ਸਨ ਤੇ ਨਾਲੇ ਵਿਚੇ... ਅਸੀਂ ਕਿਹਾ ਬਈ ਅੱਜ ਕਾਮਰੇਡ ਨੂੰ ਹੀ ਪੁੱਛਦੇ ਹਾਂ।'
'ਓਏ ਅਸੀਂ ਕਾਮਰੇਡ ਹੁੰਦੇ ਹਾਂ। ਅਸੀਂ ਆਪਣੀ ਹੋਂਦ ਥੋੜੋਂ ਗੁਆ ਲੈਣੀ ਹੈ। ਓਏ ਅਸੀਂ ਧਨੀਆਂ ਤੇ ਸਰਮਾਏਦਾਰਾਂ ਨੂੰ ਲਲਕਾਰਦੇ ਹਾਂ, ਬਰਾਬਰਤਾ ਵਾਸਤੇ ਲੜਦੇ ਹਾਂ। ਜੇ ਬਰਾਬਰਤਾ ਹੀ ਹੋ ਗਈ ਤਾਂ ਅਸੀਂ ਰੌਲਾ ਕਾਹਦਾ ਤੇ ਕਿਹੜੇ ਮੂੰਹ ਨਾਲ, ਕਿਹੜੇ ਮੁੱਦੇ 'ਤੇ ਪਾਵਾਂਗੇ। ਉਂਜ ਟੰਗ ਤਾਂ ਅਸੀਂ ਮਾੜੀ-ਮੋਟੀ ਅੜਾਉਣੀ ਹੀ ਹੁੰਦੀ ਹੈ। ਜੇ ਪੰਗਾ ਪਊਗਾ, ਫੇਰ ਹੀ ਸਾਡੀ ਹੋਂਦ ਰਹੂਗੀ, ਪੁੱਛ ਪ੍ਰਤੀਤ ਹੋਊਗੀ। ਅਸੀਂ ਕੋਈ ਕਾਂਗਰਸੀ ਥੋੜ੍ਹੇ ਬਣ ਗਏ ਹਾਂ। ਹਾਲਾਤ ਨਾਲ ਸਮਝੌਤਾ ਤਾਂ ਕਰਨਾ ਹੀ ਪੈਂਦਾ ਹੈ, ਹੋਂਦ ਬਚਾਉਣ ਲਈ।'

-ਰਾਮ ਪ੍ਰਕਾਸ਼ ਟੋਨੀ
ਪਿੰਡ ਤੇ ਡਾਕ: ਦੁਸਾਂਝ ਕਲਾਂ, ਜ਼ਿਲ੍ਹਾ ਜਲੰਧਰ-144502. ਮੋਬਾ : 98763-51093.

ਕਹਾਣੀ: ਮਾਂ ਮੈਂ ਤੇਰੀ ਲਾਡੋ

ਵੱਡੇ ਪੁੱਤ ਸਿਮਰਨ ਨੇ ਅੰਦਰ ਵੜਦਿਆਂ ਪੁੱਛਿਆ, 'ਬੇਬੇ ਲਾਡੋ ਕਿੱਥੇ, ਮੈਂ ਪੁੱਛਦਾਂ! ਲਾਡੋ ਕਿੱਥੇ?' 'ਵੇ ਮੈਂ ਤੁਹਾਨੂੰ ਕਿੰਨੀ ਵਾਰ ਕਹਿ ਚੁੱਕੀ ਹਾਂ ਉਸ ਨੂੰ ਉਹਦਾ ਨਾਂਅ ਵੀਰੋ ਲੈ ਕੇ ਬੁਲਾਇਆ ਕਰੋ, ਕੱਲ੍ਹ ਨੂੰ ਉਸ ਨੇ ਪਰਾਏ ਘਰ ਜਾਣਾ ਹੈ, ਇੰਨੇ ਲਾਡ ਨਾ ਲਡਾਇਆ ਕਰੋ। ਪਤਾ ਨਹੀਂ ਉਸ ਨੂੰ ਕਿਸ ਤਰ੍ਹਾਂ ਦਾ ਘਰ-ਵਰ ਮਿਲਦਾ ਹੈ, ਉਸ ਦੇ ਚਾਅ-ਮਲ੍ਹਾਰ ਪੂਰੇ ਹੁੰਦੇ ਹਨ ਜਾਂ ਨਹੀਂ। ਤੁਹਾਨੂੰ ਇਹ ਵੀ ਪਤਾ ਹੈ ਕਿ ਉਸ ਦੇ ਸਿਰ 'ਤੇ ਬਾਪ ਦਾ ਸਾਇਆ ਵੀ ਨਹੀਂ ਹੈ', ਮਾਂ ਨੇ ਕਿਹਾ। ਸਿਮਰਨ ਨੇ ਕਿਹਾ, 'ਮਾਂ ਤੁਸੀਂ ਠੀਕ ਕਹਿੰਦੇ ਹੋ, ਭਰਾ ਬਾਪ ਨਹੀਂ ਬਣਦੇ ਪਰ ਬਾਪ ਵਰਗੇ ਤਾਂ ਬਣ ਸਕਦੇ ਹਨ। ਲਾਡੋ ਦੇ ਪੰਜ ਭਰਾ ਨੇ, ਮਾਂ ਯਾਦ ਰੱਖੀਂ ਹਰ ਕੋਈ ਬਾਪ ਬਣ ਕੇ ਵਿਖਾਏਗਾ ਅਤੇ ਲੋਕ ਉਨ੍ਹਾਂ ਦੀਆਂ ਉਦਾਹਰਨਾਂ ਦਿਆ ਕਰਨਗੇ।' ਮਾਂ ਮਨ ਹੀ ਮਨ ਮੁਸਕਰਾ ਰਹੀ ਸੀ ਤੇ ਕਹਿ ਰਹੀ ਸੀ, 'ਪੁੱਤ ਇਹ ਤਾਂ ਸਮਾਂ ਹੀ ਦੱਸੇਗਾ।'
ਲਾਡੋ ਜਵਾਨ ਹੋ ਚੁੱਕੀ ਸੀ। ਮਾਂ ਚਾਹੁੰਦੀ ਸੀ ਕਿ ਕੋਈ ਚੰਗਾ ਜਿਹਾ ਵਰ ਮਿਲ ਜਾਏ ਤਾਂ ਉਹ ਵੀਰੋ ਦੇ ਹੱਥ ਪੀਲੇ ਕਰ ਦੇਵੇ। ਕਹਿੰਦੇ-ਕਹਾਉਂਦਿਆਂ ਦੀ ਧੀ ਸੀ। ਰਿਸ਼ਤੇ ਵੀ ਇਕ ਤੋਂ ਇਕ ਵਧ ਚੰਗੇ ਆ ਰਹੇ ਸਨ ਅਤੇ ਆਖਿਰ ਵਿਚ ਨੰਬਰਦਾਰ ਦੇ ਮੁੰਡੇ ਨਾਲ ਰਿਸ਼ਤਾ ਪੱਕਾ ਹੋ ਗਿਆ। ਭਰਾਵਾਂ ਨੇ ਰੀਝਾਂ ਨਾਲ ਭੈਣ ਦਾ ਵਿਆਹ ਕੀਤਾ। ਸਾਰੇ ਪਿੰਡ ਵਿਚ ਚਰਚਾ ਹੋ ਰਹੀ ਸੀ ਤੇ ਲੋਕ ਕਹਿ ਰਹੇ ਸਨ ਕਿ ਭਰਾ ਹੋਣ ਤਾਂ ਵੀਰੋ ਦੇ ਭਰਾਵਾਂ ਵਰਗੇ। ਲਾਡੋ ਆਪਣੇ ਭਰਾਵਾਂ ਤੋਂ ਵਾਰੀ-ਵਾਰੀ ਜਾ ਰਹੀ ਸੀ ਤੇ ਸੋਚ ਰਹੀ ਸੀ ਕਿ ਮਾਂ ਹੁਣ ਵੱਡੇ ਵੀਰ ਦਾ ਵਿਆਹ ਕਰ ਦੇਵੇ ਤਾਂ ਕਿ ਘਰ ਵਿਚ ਰੌਣਕ ਹੋ ਜਾਏ। ਇਧਰ ਲਾਡੋ ਦੀ ਡੋਲੀ ਤੁਰੀ ਤੇ ਦੂਜੇ ਪਾਸੇ ਵੱਡੇ ਪੁੱਤ ਦਾ ਰਿਸ਼ਤਾ ਪੱਕਾ ਹੋ ਗਿਆ ਅਤੇ ਸੋਹਣੀ, ਸੁਚੱਜੀ ਅਤੇ ਪੜ੍ਹੀ-ਲਿਖੀ ਨੂੰਹ ਘਰ ਵਿਚ ਆ ਗਈ। ਇੰਜ ਜਾਪਦਾ ਸੀ ਕਿ ਜਿਵੇਂ ਘਰ ਵਿਚ ਖੁਸ਼ੀਆਂ ਦਾ ਦਰਿਆ ਵਗ ਰਿਹਾ ਹੋਵੇ। ਇਕ ਦਿਨ ਵੱਡੀ ਨੂੰਹ ਦੇ ਚਾਚਾ ਜੀ ਉਸ ਨੂੰ ਮਿਲਣ ਆ ਗਏ। ਭਤੀਜੀ ਦਾ ਹਰਿਆ-ਭਰਿਆ ਘਰ ਵੇਖ ਕੇ ਉਸ ਨੇ ਆਪਣੀ ਧੀ ਦਾ ਰਿਸ਼ਤਾ ਦਿਓਰ ਨਾਲ ਕਰਵਾਉਣ ਲਈ ਕਿਹਾ। ਉਹ ਵੀ ਇਕਦਮ ਬੋਲ ਪਈ, 'ਚਾਚਾ ਜੀ ਤੁਸੀਂ ਤਾਂ ਮੇਰੇ ਦਿਲ ਦੀ ਗੱਲ ਕਹਿ ਦਿੱਤੀ ਹੈ, ਮੈਂ ਤਾਂ ਤੁਹਾਨੂੰ ਆਪ ਕਹਿਣ ਵਾਲੀ ਸਾਂ।' ਰਿਸ਼ਤਾ ਪੱਕਾ ਹੋ ਗਿਆ ਅਤੇ ਅਗਲੇ ਮਹੀਨੇ ਦਾ ਵਿਆਹ ਵੀ ਪੱਕਾ ਹੋ ਗਿਆ। ਚਾਚੇ-ਤਾਏ ਦੀਆਂ ਧੀਆਂ ਦਰਾਣੀ-ਜੇਠਾਣੀ ਬਣ ਗਈਆਂ ਤੇ ਪੇਕੇ ਘਰ ਦੀ ਰੌਣਕ ਵੇਖ ਕੇ ਲਾਡੋ ਸਹੁਰੇ ਘਰ ਬੈਠੀ ਫੁੱਲੀ ਨਾ ਸਮਾਉਂਦੀ।
ਭੈਣਾਂ ਤੋਂ ਬਣੀਆਂ ਦਰਾਣੀ-ਜੇਠਾਣੀ ਦਾ ਰਿਸ਼ਤਾ ਜ਼ਿਆਦਾ ਦੇਰ ਤੱਕ ਨਾ ਚੱਲ ਸਕਿਆ। ਪਿਆਰ ਦੀ ਤੰਦ ਢਿੱਲੀ ਹੋਣ ਲੱਗੀ ਤੇ ਨਿੱਘਾ ਜਿਹਾ ਰਿਸ਼ਤਾ ਸ਼ਰੀਕੇ ਵਿਚ ਬਦਲ ਗਿਆ। ਬੋਲਚਾਲ ਬੰਦ ਹੋ ਗਈ ਤੇ ਭੈਣਾਂ ਹੁਣ ਇਕ-ਦੂਜੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੀਆਂ ਸਨ। ਮਾਂ ਤੇ ਲਾਡੋ ਬਹੁਤ ਪ੍ਰੇਸ਼ਾਨ ਰਹਿਣ ਲੱਗੀਆਂ ਤੇ ਸੋਚਦੀਆਂ ਪਤਾ ਨਹੀਂ ਕਿਸ ਚੰਦਰੇ ਦੀ ਘਰ ਨੂੰ ਨਜ਼ਰ ਲੱਗ ਗਈ, ਜਿਹੜੇ ਭਰਾ ਉਸ ਬਿਨਾਂ ਇਕ ਪਲ ਨਹੀਂ ਸੀ ਰਹਿੰਦੇ, ਹੁਣ ਉਸ ਤੋਂ ਨਜ਼ਰ ਚੁਰਾਉਣ ਲੱਗ ਪਏ। ਕਿਸੇ ਦੀ ਨਜ਼ਰ ਕੀ ਲੱਗਣੀ ਹੈ, ਸਭ ਕੁਝ ਤਾਂ ਸਾਡੀ ਆਪਣੀ ਸੋਚ 'ਤੇ ਹੀ ਨਿਰਭਰ ਕਰਦਾ ਹੈ, ਵਿਆਹ ਤੋਂ ਬਾਅਦ ਪਤਾ ਨਹੀਂ ਮੁੰਡੇ ਕਿਉਂ ਬਦਲ ਜਾਂਦੇ ਹਨ? ਮਾਂ ਨੂੰ ਅਜੇ ਇਨ੍ਹਾਂ ਸੋਚਾਂ ਤੋਂ ਵਿਹਲ ਨਹੀਂ ਮਿਲਿਆ ਸੀ ਕਿ ਤੀਜੇ ਪੁੱਤਰ ਹਰਦੇਵ ਨੇ ਆ ਕੇ ਆਪਣਾ ਫ਼ੈਸਲਾ ਸੁਣਾ ਦਿੱਤਾ ਕਿ ਉਸ ਨੇ ਵੀ ਆਪਣੇ ਲਈ ਲੜਕੀ ਦੇਖ ਲਈ ਹੈ, ਜੋ ਮਾਂ-ਬਾਪ ਦੀ ਇਕੱਲੀ ਧੀ ਹੈ, ਇਸ ਲਈ ਉਹ ਵਿਆਹ ਤੋਂ ਬਾਅਦ ਸਹੁਰੇ ਹੀ ਰਹੇਗਾ ਕਿਉਂਕਿ ਉਹ ਆਪਣੇ ਮਾਂ-ਬਾਪ ਨੂੰ ਇਕੱਲਾ ਨਹੀਂ ਛੱਡ ਸਕਦੀ। ਹਰਦੇਵ ਦਾ ਵਿਆਹ ਕੀ ਕੀਤਾ, ਉਹ ਤਾਂ ਮੁੜ ਘਰ ਹੀ ਨਹੀਂ ਆਇਆ ਅਤੇ ਸਹੁਰਿਆਂ ਦਾ ਹੀ ਹੋ ਕੇ ਰਹਿ ਗਿਆ। ਹੁਣ ਉਸ ਨੂੰ ਆਪਣੀ ਵਿਧਵਾ ਮਾਂ ਦੀ ਕਦੀ ਯਾਦ ਨਹੀਂ ਸੀ ਆਉਂਦੀ ਤੇ ਨਾ ਹੀ ਲਾਡੋ ਭੈਣ ਦੀ, ਜਿਸ ਦਾ ਉਹ ਬਾਪ ਬਣਦਾ ਸੀ।
ਲਾਡੋ ਕੋਲੋਂ ਆਪਣੀ ਮਾਂ ਦਾ ਦੁੱਖ ਨਾ ਵੇਖਿਆ ਜਾਂਦਾ ਸੀ ਤੇ ਸੋਚਦੀ ਸੀ ਕਿ ਇਸ ਵਿਚ ਉਹਦੀ ਮਾਂ ਦਾ ਕੀ ਕਸੂਰ ਹੈ, ਉਸ ਨੇ ਤਾਂ ਵਿਧਵਾ ਹੁੰਦਿਆਂ ਹੋਇਆਂ ਬੱਚਿਆਂ ਨੂੰ ਲਾਡ-ਪਿਆਰ ਨਾਲ ਪਾਲਿਆ ਸੀ। ਪੜ੍ਹਾ-ਲਿਖਾ ਕੇ ਸਭ ਨੂੰ ਉਨ੍ਹਾਂ ਦੇ ਪੈਰਾਂ 'ਤੇ ਖੜ੍ਹਾ ਕੀਤਾ ਸੀ। ਸੁੱਖ ਲੈਣ ਦਾ ਵੇਲਾ ਆਇਆ ਤਾਂ ਚਾਰੋ ਪਾਸਿਉਂ ਦੁੱਖਾਂ ਨੇ ਘੇਰ ਲਿਆ। ਪਰ ਫਿਰ ਵੀ ਮਾਂ ਚਾਹੁੰਦੀ ਸੀ ਕਿ ਉਸ ਦੇ ਦੋਵੇਂ ਛੋਟੇ ਪੁੱਤ ਸੁਖਦੀਪ ਤੇ ਪ੍ਰਦੀਪ ਵੀ ਆਪਣਾ ਘਰ ਵਸਾ ਲੈਣ ਤਾਂ ਫਿਰ ਭਾਵੇਂ ਉਸ ਨੂੰ ਰੱਬ ਸੱਦ ਲਵੇ ਤਾਂ ਕਿ ਉਹ ਉੱਪਰ ਜਾ ਕੇ ਉਨ੍ਹਾਂ ਦੇ ਬਾਪੂ ਨੂੰ ਕਹਿ ਸਕੇ ਕਿ ਜਿਹੜੀਆਂ ਉਹ ਜ਼ਿੰਮੇਵਾਰੀਆਂ ਅਧੂਰੀਆਂ ਛੱਡ ਆਇਆ ਸੀ, ਉਸ ਨੂੰ ਉਸ ਨੇ ਪੂਰਾ ਕਰਕੇ ਆਪਣਾ ਫ਼ਰਜ਼ ਨਿਭਾਅ ਦਿੱਤਾ ਹੈ। ਇਹ ਗੱਲ ਧੀ ਵਾਸਤੇ ਸੁਣਨੀ ਬਹੁਤ ਔਖੀ ਸੀ, ਕਿਉਂਕਿ ਹੁਣ ਤਾਂ ਮਾਂ ਤੋਂ ਸਿਵਾ ਉਸ ਕੋਲ ਕੋਈ ਵੀ ਨਹੀਂ ਸੀ। ਸੱਚ ਕਿਸੇ ਕਿਹਾ ਮਾਂ ਦੇ ਨਾਲ ਕਿਸੇ ਰਿਸ਼ਤੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਪਰ ਅਫ਼ਸੋਸ ਲਾਡੋ ਨੂੰ ਇਹ ਸੀ ਕਿ ਉਸ ਦੀ ਮਾਂ ਇਕ ਦਿਨ ਉਸ ਨੂੰ ਛੱਡ ਜਾਵੇਗੀ।
ਦੂਜੇ ਪਾਸੇ ਮਾਂ ਹਮੇਸ਼ਾ ਆਪਣੀ ਉਧੇੜ-ਬੁਣ ਵਿਚ ਲੱਗੀ ਰਹਿੰਦੀ ਸੀ ਕਿ ਕਿਸੇ ਤਰ੍ਹਾਂ ਦੋਵਾਂ ਪੁੱਤਾਂ ਦਾ ਵਿਆਹ ਹੋ ਜਾਵੇ ਤੇ ਉਹ ਸੁਰਖਰੂ ਹੋ ਜਾਵੇ। ਉਹ ਤਾਂ ਵਿਆਹ ਕਰਕੇ ਹੋਰ ਫਸ ਗਈ। ਇਕ ਵਿਹੜੇ ਵਿਚ ਚਾਰ ਨੂੰਹਾਂ ਨਾਲ ਰਹਿਣਾ ਖਾਲਾ ਜੀ ਦੇ ਵਾੜੇ ਦੇ ਬਰਾਬਰ ਸੀ। ਲਾਡੋ ਕੋਲੋਂ ਮਾਂ ਦੀ ਇਹ ਹਾਲਤ ਵੇਖੀ ਨਹੀਂ ਸੀ ਜਾਂਦੀ ਪਰ ਮਾਂ ਧੀ ਨੂੰ ਹਮੇਸ਼ਾ ਹੌਸਲਾ ਦਿੰਦੀ ਕਹਿੰਦੀ ਸੀ ਕਿ ਹੁਣ ਬਾਕੀ ਦਾ ਜੀਵਨ ਤਾਂ ਧੀਏ, 'ਮੈਨੂੰ ਅੱਖੋਂ ਅੰਨ੍ਹੀ ਅਤੇ ਕੰਨੋਂ ਬੋਲੀ ਹੋ ਕੇ ਹੀ ਕੱਟਣੇ ਪੈਣਗੇ।' ਇਸ ਲਈ ਉਹ ਚਿੰਤਾ ਨਾ ਕਰੇ। ਮਾਂ ਹੁਣ ਛੋਟੇ ਪੁੱਤਰ ਪ੍ਰਦੀਪ ਨਾਲ ਰਹਿ ਰਹੀ ਸੀ ਪਰ ਉਸ ਦੀ ਪਤਨੀ ਵੀ ਮਾਂ ਨੂੰ ਬਰਦਾਸ਼ਤ ਨਹੀਂ ਕਰਦੀ ਸੀ। ਉਹ ਅਕਸਰ ਬੁੜਬੁੜ ਕਰਦੀ ਰਹਿੰਦੀ ਸੀ ਅਤੇ ਪੁੱਤਰ ਵੀ ਉਸ ਦਾ ਹੁੰਗਾਰਾ ਭਰਦਾ ਸੀ ਕਿ ਉਹ ਠੀਕ ਕਹਿੰਦੀ ਹੈ, ਮਾਂ ਨੇ ਸਾਰੇ ਪੁੱਤਾਂ ਨੂੰ ਜਨਮ ਦਿੱਤਾ ਹੈ, ਉਸ ਨੂੰ ਵਾਰੀ-ਵਾਰੀ ਸੰਭਾਲਣਾ ਵੀ ਸਭ ਦੀ ਜ਼ਿੰਮੇਵਾਰੀ ਹੈ।
ਇਕ ਦਿਨ ਪ੍ਰਦੀਪ ਆਪਣੀ ਪਤਨੀ ਨਾਲ ਸਹੁਰੇ ਚਲਾ ਗਿਆ ਅਤੇ ਮਾਂ ਨੂੰ ਗੁਆਂਢੀਆਂ ਦੇ ਘਰ ਛੱਡ ਗਿਆ। ਮਾਂ ਇਹ ਸੋਚ-ਸੋਚ ਕੇ ਬਿਮਾਰ ਹੋ ਗਈ ਕਿ ਮਾਵਾਂ-ਪੁੱਤ ਇਸ ਲਈ ਮੰਗਦੀਆਂ ਹਨ ਕਿ ਪੁੱਤ ਉਨ੍ਹਾਂ ਦੀ ਬੁਢਾਪੇ ਦੀ ਲਾਠੀ ਬਣਨਗੇ, ਪਰ ਇਥੇ ਤਾਂ ਮਾਂ ਦੀ ਕੋਈ ਸ਼ਕਲ ਵੇਖਣਾ ਵੀ ਪਸੰਦ ਨਹੀਂ ਕਰਦਾ, ਕੋਈ ਉਸ ਨਾਲ ਦੋ ਸ਼ਬਦ ਸਾਂਝੇ ਕਰਨਾ ਨਹੀਂ ਚਾਹੁੰਦਾ, ਜਨਨੀ ਨੂੰ ਇਕੱਲਾ ਛੱਡ ਕੇ ਹਰ ਕੋਈ ਆਪਣੇ-ਆਪਣੇ ਸੰਸਾਰ ਵਿਚ ਰੁੱਝਿਆ ਹੋਇਆ ਹੈ, ਕਿਸੇ ਵੀ ਨੂੰਹ ਨੂੰ ਇਸ ਗੱਲ ਦਾ ਧਿਆਨ ਨਹੀਂ ਆਉਂਦਾ ਕਿ ਕੱਲ੍ਹ ਨੂੰ ਉਸ ਨੇ ਵੀ ਸੱਸ ਬਣਨਾ ਹੈ। ਅਚਾਨਕ ਮਾਂ ਦੀ ਤਬੀਅਤ ਬਹੁਤ ਖਰਾਬ ਹੋ ਗਈ। ਡਾਕਟਰ ਨੂੰ ਬੁਲਾਇਆ ਗਿਆ ਤੇ ਉਸ ਨੇ ਦੱਸਿਆ ਕਿ ਇਹ ਸਦਮੇ ਵਿਚ ਹਨ, ਇਨ੍ਹਾਂ ਦੇ ਪਰਿਵਾਰ ਨੂੰ ਬੁਲਾਓ, ਠੀਕ ਹੋ ਜਾਣਗੇ। ਗੁਆਂਢਣ ਨੇ ਪ੍ਰਦੀਪ ਨੂੰ ਫੋਨ ਕੀਤਾ, ਉਸ ਦੀ ਪਤਨੀ ਨੇ ਫੋਨ ਚੁੱਕਿਆ ਤੇ ਕਹਿਣ ਲੱਗੀ, 'ਤੁਸੀਂ ਡਾਕਟਰ ਕੋਲੋਂ ਦਵਾਈ ਦਵਾ ਦੇਵੋ, ਅਸੀਂ ਅਜੇ ਨਹੀਂ ਆ ਸਕਦੇ।' ਮਾਂ ਦੀ ਇਸ ਤਰ੍ਹਾਂ ਦੀ ਗੰਭੀਰ ਹਾਲਤ ਵੇਖਦਿਆਂ ਹੋਇਆਂ, ਉਸ ਨੇ ਲਾਡੋ ਨੂੰ ਫੋਨ ਲਾਇਆ, ਉਸ ਨੇ ਗੱਲ ਵੀ ਪੂਰੀ ਨਹੀਂ ਸੁਣੀ ਤੇ ਕਹਿਣ ਲੱਗੀ, 'ਮੈਂ ਹੁਣੇ ਘਰੋਂ ਨਿਕਲ ਰਹੀ ਹਾਂ, ਤੁਸੀਂ ਚਿੰਤਾ ਨਾ ਕਰੋ।' ਕੁਝ ਹੀ ਦੇਰ ਵਿਚ ਲਾਡੋ ਪਹੁੰਚ ਗਈ। ਮਾਂ ਉਸ ਨੂੰ ਇਕ ਟਕ ਲਾ ਕੇ ਵੇਖ ਰਹੀ ਸੀ ਤੇ ਪੁੱਛਣ ਲੱਗੀ, 'ਮਾਂ ਮੈਂ ਤੇਰੀ ਲਾਡੋ' ਮੈਂ ਤੈਨੂੰ ਲੈਣ ਆਈ ਹਾਂ ਅਤੇ ਹੁਣ ਤੂੰ ਹਮੇਸ਼ਾ-ਹਮੇਸ਼ਾ ਲਈ ਮੇਰੇ ਨਾਲ ਰਹੇਂਗੀ ਅਤੇ ਮੈਂ ਆਪਣੇ ਵੀਰਾਂ ਨੂੰ ਤੇਰੀ ਜ਼ਿੰਮੇਵਾਰੀ ਤੋਂ ਮੁਕਤ ਕਰਦੀ ਹਾਂ।' ਅਤੇ ਲਾਡੋ ਮਾਂ ਨੂੰ ਗੱਡੀ ਵਿਚ ਲੈ ਕੇ ਚਲੀ ਗਈ।

-ਮੋਬਾਈਲ : 98782-49944.

ਅਖੇ ਮੂਲ ਨਾਲੋਂ ਵਿਆਜ ਪਿਆਰਾ

ਸਾਡੀ ਜ਼ਿੰਦਗੀ ਦਾ ਮੂਲ ਆਧਾਰ ਮੋਹ ਹੀ ਹੈ। ਮੋਹ ਦੇ ਬੰਧਨ ਵਿਚ ਬੱਝਿਆ ਬੰਦਾ ਸੌ ਝਮੇਲਿਆਂ ਦੇ ਬਾਵਜੂਦ ਪਰਿਵਾਰ ਨਾਲ ਜੁੜਿਆ ਰਹਿੰਦਾ ਹੈ। ਇਹ ਮੋਹ ਦਾ ਮਾਦਾ ਹੋਰ ਪ੍ਰਾਣੀਆਂ ਦੇ ਮੁਕਾਬਲੇ ਇਨਸਾਨ ਵਿਚ ਕੁਝ ਜ਼ਿਆਦਾ ਹੀ ਹੁੰਦਾ ਹੈ। ਆਪਣੀ ਔਲਾਦ ਨੂੰ ਮੋਹ ਤਾਂ ਤਕਰੀਬਨ ਸਾਰੇ ਜੀਵ ਹੀ ਕਰਦੇ ਹਨ ਪਰ ਇਨਸਾਨ ਇਸ ਮਾਮਲੇ ਵਿਚ ਜ਼ਿਆਦਾ ਹੀ ਉਲਝਿਆ ਰਹਿੰਦਾ ਹੈ। ਸ਼ਾਇਦ ਇਕ ਇਨਸਾਨ ਹੀ ਹੈ ਜੋ ਆਪਣੀ ਔਲਾਦ ਤੋਂ ਇਲਾਵਾ ਹੋਰ ਰਿਸ਼ਤੇਦਾਰਾਂ ਸਬੰਧੀਆਂ ਨੂੰ ਵੀ ਮੋਹ ਕਰਦਾ ਹੈ ਤੇ ਇਸੇ ਮੋਹ ਨੂੰ ਉਹ ਆਪਣੀ ਜ਼ਿੰਦਗੀ ਦਾ ਮੂਲ ਮੰਤਵ ਬਣਾ ਲੈਂਦਾ ਹੈ। ਸਿਰਫ਼ ਇਨਸਾਨ ਹੀ ਹੈ ਜਿਹੜਾ ਆਪਣੀ ਔਲਾਦ ਦੀ ਔਲਾਦ ਨੂੰ ਆਪਣੀ ਔਲਾਦ ਨਾਲੋਂ ਵੱਧ ਪਿਆਰ ਕਰਦਾ ਹੈ। ਇਸੇ ਕਰਕੇ ਹੀ ਲੋਕ ਇਸ ਲਈ ਮੂਲ ਨਾਲੋਂ ਵਿਆਜ ਪਿਆਰਾ ਸ਼ਬਦ ਵਰਤਦੇ ਹਨ। ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਦੇ ਮੋਹ ਜਾਲ ਵਿਚ ਫਸਿਆ ਬੰਦਾ ਜ਼ਿੰਦਗੀ ਦੇ ਦੁੱਖਾਂ ਦੀ ਪ੍ਰਵਾਹ ਨਹੀਂ ਕਰਦਾ।
ਸਾਡਾ ਸ਼ੁਰੂ ਤੋਂ ਹੀ ਸਾਂਝਾ ਪਰਿਵਾਰ ਰਿਹਾ ਹੈ। ਅਸੀਂ ਦੋਵੇਂ ਜੀਅ ਹੀ ਨੌਕਰੀ ਕਰਦੇ ਹੋਣ ਕਰਕੇ ਸਾਡੇ ਦੋਵਾਂ ਬੱਚਿਆਂ ਦਾ ਲਾਲਣ-ਪਾਲਣ ਮੇਰੇ ਮਾਤਾ ਜੀ ਨੇ ਹੀ ਕੀਤਾ ਹੈ। ਉਨ੍ਹਾਂ ਦਾ ਮੇਰੇ ਦੋਵਾਂ ਬੇਟਿਆਂ ਨਾਲ ਬਹੁਤ ਮੋਹ ਸੀ। ਜਨਮ ਤੋਂ ਲੈ ਕੇ ਸੁਰਤ ਸੰਭਾਲਣ ਤੱਕ ਮੇਰੇ ਮਾਤਾ ਜੀ ਹੀ ਬੱਚਿਆਂ ਦੀ ਹਰ ਮੰਗ ਪੂਰੀ ਕਰਦੇ ਰਹੇ। ਦੁੱਧ ਦੀ ਸ਼ੀਸ਼ੀ ਪਿਆਉਣ ਤੋਂ ਵੱਡੇ ਹੋਇਆਂ ਤੱਕ ਨੂੰ ਸਕੂਲ ਦੀ ਰਿਕਸ਼ਾ ਤੱਕ ਛੱਡਣ ਦਾ ਉਨ੍ਹਾਂ ਨੂੰ ਚਾਅ ਹੀ ਹੁੰਦਾ ਸੀ। ਇਸੇ ਚੱਕਰ ਵਿਚ ਕਈ ਵਾਰੀ ਉਨ੍ਹਾਂ ਨੂੰ ਦੁਪਹਿਰੇ ਰੋਟੀ ਖਾਣ ਦਾ ਵੀ ਸਮਾਂ ਨਾ ਮਿਲਦਾ ਤੇ ਉਹ ਰੋਟੀ ਵੀ ਬੱਚਿਆਂ ਦੀ ਮਾਂ ਦੇ ਆਉਣ 'ਤੇ ਹੀ ਖਾਂਦੇ। ਨਹਾਉਣ ਦਾ ਸਮਾਂ ਤਾਂ ਕਦੇ ਹੀ ਨਹੀਂ ਸੀ ਮਿਲਦਾ। ਸੋ ਮਾਤਾ ਜੀ ਸ਼ਾਮ ਨੂੰ ਹੀ ਨਹਾਉਂਦੇ।
ਏਨਾ ਹੀ ਨਹੀਂ ਮਾਤਾ ਜੀ ਦੇ ਸਾਹਮਣੇ ਬੱਚਿਆਂ ਨੂੰ ਝਿੜਕਣ ਜਾਂ ਮਾਰਨ ਦਾ ਤਾਂ ਸਵਾਲ ਪੈਦਾ ਹੀ ਨਹੀਂ ਸੀ ਹੁੰਦਾ। ਜੇ ਮੈਂ ਜਾਂ ਬੱਚਿਆਂ ਦੀ ਮਾਂ ਕਦੇ ਕਿਸੇ ਗੱਲ ਤੋਂ ਜਾਂ ਗ਼ਲਤੀ ਕਰਨ 'ਤੇ ਬੱਚਿਆਂ 'ਤੇ ਹੱਥ ਚੁੱਕ ਲੈਂਦੇ ਤਾਂ ਉਹ ਸਾਡੇ ਨਾਲ ਲੜਨਾ ਸ਼ੁਰੂ ਕਰ ਦਿੰਦੇ। ਸ਼ਾਇਦ ਇਹ ਹਰ ਦਾਦਾ-ਦਾਦੀ ਦੀ ਫਿਤਰਤ ਹੁੰਦੀ ਹੈ। ਆਪਣੇ ਵਿਆਜ ਦਾ ਮੋਹ ਉਨ੍ਹਾਂ ਨੂੰ ਅੰਨ੍ਹਾ ਕਰ ਦਿੰਦਾ ਹੈ। ਜੋ ਬੱਚਿਆਂ ਦੀਆਂ ਜਾਇਜ਼-ਨਾਜਾਇਜ਼ ਮੰਗਾਂ ਪੂਰੀਆਂ ਕਰਕੇ ਉਨ੍ਹਾਂ ਨੂੰ ਵਿਗਾੜ ਦਿੰਦੇ ਹਨ।
ਉਸ ਦਿਨ ਦਾ ਵਾਕਿਆ ਮੈਨੂੰ ਕਦੇ ਨਹੀਂ ਭੁਲਦਾ। ਜਦੋਂ ਮਾਤਾ ਜੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਉਸ ਨੂੰ ਸਥਾਨਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਅਸੀਂ ਸਾਰਾ ਟੱਬਰ ਹੀ ਬਹੁਤ ਪ੍ਰੇਸ਼ਾਨ ਸੀ। ਦਾਦੀ ਮਾਂ ਦੀ ਗ਼ੈਰ-ਹਾਜ਼ਰੀ ਵਿਚ ਮੇਰੇ ਬੇਟੇ ਵੀ ਜ਼ਿਆਦਾ ਓਦਰੇ ਹੋਏ ਸਨ ਤੇ ਹਰ ਗੱਲ 'ਤੇ ਆਪਣੀ ਜ਼ਿੱਦ ਕਰ ਰਹੇ ਸਨ, ਜੋ ਮੇਰੀ ਬਰਦਾਸ਼ਤ ਸ਼ਕਤੀ ਤੋਂ ਬਾਹਰ ਸੀ ਤੇ ਗੁੱਸੇ ਵਿਚ ਆਏ ਨੇ ਮੈਂ ਛੋਟੇ ਬੇਟੇ ਦੇ ਕੰਨ 'ਤੇ ਇਕ ਥੱਪੜ ਜੜ ਦਿੱਤਾ। ਉਸ ਨੂੰ ਅਚਾਨਕ ਪਏ ਥੱਪੜ ਦੀ ਉਮੀਦ ਨਹੀਂ ਸੀ। ਦਸ ਕੁ ਮਿੰਟ ਰੋ ਕੇ ਬੇਟਾ ਚੁੱਪ ਕਰ ਗਿਆ। ਗੱਲ ਆਈ ਗਈ ਹੋ ਗਈ। ਅਸੀਂ ਸਾਰੇ ਸੌਂ ਗਏ। ਰਾਤੀਂ 12 ਕੁ ਵਜੇ ਬੇਟਾ ਡੁਸਕਣ ਲੱਗ ਪਿਆ। ਉਸ ਨੇ ਦੱਸਿਆ ਕਿ ਉਸ ਦੇ ਕੰਨ ਵਿਚ ਬਹੁਤ ਦਰਦ ਹੋ ਰਿਹਾ ਹੈ। ਦਰਦ ਕਾਫੀ ਸੀ ਅਸੀਂ ਉਸ ਨੂੰ ਗੁਆਂਢ ਵਿਚ ਰਹਿੰਦੇ ਡਾਕਟਰ ਕੋਲ ਲੈ ਗਏ। ਸਾਡੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਉਹ ਡਾਕਟਰ, ਕੋਈ ਵੀ ਬਿਮਾਰੀ ਹੋਵੇ ਬੋਤਲ ਲਾਉਣ ਲੱਗਿਆਂ, ਮਿੰਟ ਲਾਉਂਦਾ ਸੀ। ਖੈਰ ਉਸ ਨੇ ਇਕ ਟੀਕਾ ਲਾ ਦਿੱਤਾ ਅਤੇ ਦੋ ਤਿੰਨ ਖੁਰਾਕਾਂ ਵੀ ਦਿੱਤੀਆਂ। ਫਿਰ ਉਸ ਨੇ ਲਾਲ ਰੰਗ ਦੇ ਬਲਬ ਵਾਲੇ ਲੈਂਪ ਜਿਹੇ ਨਾਲ ਕੁਝ ਦੇਰ ਕੰਨ 'ਤੇ ਸੇਕ ਕੀਤਾ। ਘਰੇ ਆ ਕੇ ਬੇਟਾ ਆਰਾਮ ਨਾਲ ਸੌਂ ਗਿਆ।
ਹੈਂ ਵੇ ਤੁਸੀਂ ਇਕ ਦਿਨ ਵਿਚ ਹੀ ਮੁੰਡੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹਸਪਤਾਲ ਪਤਾ ਲੈਣ ਗਏ ਦੇ ਮੇਰੀ ਮਾਤਾ ਮੇਰੇ ਗਲ ਪੈ ਗਈ, ਗੁੱਸੇ ਨਾਲ ਉਸ ਦਾ ਚਿਹਰਾ ਲਾਲ ਸੀ। ਹਾਲਾਂਕਿ ਡਾਕਟਰ ਨੇ ਉਸ ਨੂੰ ਬੋਲਣ ਤੋਂ ਵੀ ਮਨ੍ਹਾਂ ਕੀਤਾ ਹੋਇਆ ਸੀ। ਪਤਾ ਨਹੀਂ ਕਿਸ ਨੇ ਰਾਤ ਵਾਲੀ ਸਾਰੀ ਘਟਨਾ ਮਾਤਾ ਨੂੰ ਮੇਰੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦੱਸ ਦਿੱਤੀ ਸੀ। ਉਸ ਗੱਲ ਨੂੰ ਲੈ ਕੇ ਮਾਤਾ ਦੀ ਟੈਨਸ਼ਨ ਵਧੀ ਹੋਈ ਸੀ। ਅਜੇ ਤਾਂ ਮੈਂ ਬਿਮਾਰ ਹੀ ਹੋਈ ਹਾਂ, ਕੋਈ ਮਰੀ ਤਾਂ ਨਹੀਂ। ਤੁਸੀਂ ਜੁਆਕਾਂ 'ਤੇ ਹੱਥ ਚੁੱਕਣ ਲੱਗ ਪਏ। ਮੈਂ ਕਦੇ ਇਨ੍ਹਾਂ ਨੂੰ ਉੱਚਾ ਨਹੀਂ ਬੋਲੀ। ਮਾਰਨਾ, ਝਿੜਕਣਾਂ ਤਾਂ ਇਕ ਪਾਸੇ ਰਿਹਾ। ਖ਼ਬਰਦਾਰ ਜੇ ਅੱਜ ਤੋਂ ਬਾਅਦ ਕਿਸੇ ਨੇ ਜੁਆਕਾਂ ਨੂੰ ਹੱਥ ਵੀ ਲਾਇਆ ਤਾਂ। ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਜਦੋਂ ਮੈਂ ਮਰ ਗਈ ਫਿਰ ਜਿੰਨਾ ਮਰਜ਼ੀ ਕੁੱਟ ਲਿਓ ਜੁਆਕਾਂ ਨੂੰ। ਮਾਤਾ ਤਾਂ ਪੂਰੀ ਗੁੱਸੇ ਵਿਚ ਸੀ। ਉਹ ਮੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਸ ਦਾ ਪੋਤਿਆਂ ਪ੍ਰਤੀ ਪਿਆਰ ਦੇਖ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਫਿਰ ਪਤਾ ਲੱਗਿਆ ਕਿ ਲੋਕੀਂ ਮੂਲ ਨਾਲੋਂ ਵਿਆਜ ਪਿਆਰਾ ਕਿਉਂ ਆਖਦੇ ਹਨ। ਇਸ ਦਾ ਪੁਖਤਾ ਸਬੂਤ ਮੇਰੇ ਸਾਹਮਣੇ ਸੀ। ਮੇਰੇ ਗ਼ਲਤੀ ਮੰਨਣ 'ਤੇ ਮਾਤਾ ਜੀ ਚੁੱਪ ਕਰ ਗਏ। ਮੈਨੂੰ ਵੀ ਲੱਗਿਆ ਕਿ ਸ਼ਾਇਦ ਇੰਨੀ ਤਕਲੀਫ਼ ਮਾਤਾ ਜੀ ਨੂੰ ਦਿਲ ਦੇ ਦੌਰੇ ਨੇ ਨਹੀਂ ਦਿੱਤੀ ਹੋਣੀ ਜਿੰਨਾ ਉਸ ਨੂੰ ਪੋਤੇ ਦੀ ਮਾਰ ਤੋਂ ਹੋਈ ਸੀ। ਵਾਕਿਆ ਹੀ ਦਾਦਾ ਦਾਦੀ ਦੇ ਲਾਡ-ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਇਸੇ ਨੂੰ ਹੀ ਮੂਲ ਨਾਲੋਂ ਵਿਆਜ ਪਿਆਰਾ ਕਹਿੰਦੇ ਹਨ।

-ਮੋਬਾਈਲ : 98766-27233.

ਹਾਸਾ-ਠੱਠਾ: ਵਧਾਈਆਂ

'ਨੀ ਭੈਣੇ ਵਧਾਈ ਹੋਵੇ, ਮੁੰਡਾ ਹੋਇਐ।'
'ਹਾਂ ਭਾਈ ਤੈਨੂੰ ਵੀ ਵਧਾਈ ਹੋਵੇ, ਤੂੰ ਵੀ ਹੁਣ ਤਾਈ ਬਣ ਗਈ ਏਂ।'
'ਲਿਆ ਹੁਣ ਮੂੰਹ ਤਾਂ ਮਿੱਠਾ ਕਰਾ।'
'ਲੈ ਭਾਈ ਖਾ ਲੈ ਪੀਲੇ-ਪੀਲੇ ਲੱਡੂ।'
'ਲੱਡੂ ਤਾਂ ਪੀਲੇ ਹੀ ਹੁੰਦੇ ਨੇ ਭੈਣੇ।'
'ਗੱਲ ਤਾਂ ਤੇਰੀ ਠੀਕ ਐ, ਪਰ ਮੁੰਡੇ ਦਾ ਰੰਗ ਪੀਲੈ, ਭਗਵੇਂ ਜਿਹੇ ਰੰਗ ਦਾ।'
'ਲਿਆ ਮੁੰਡੇ ਦਾ ਮੂੰਹ ਤਾਂ ਵਿਖਾ।'
'ਲੈ ਵੇਖ ਲੈ! 2 ਹਜ਼ਾਰ ਦੇ ਨੋਟ ਨੇ ਦਿੱਤੈ 200 ਰੁਪਏ ਦੇ ਨੋਟ ਨੂੰ ਜਨਮ।'
'ਅੱਛਾ ਭੈਣੇ ਚਲਦੀ ਆਂ ਹੁਣ।'
'ਨੀ ਖੜ੍ਹ ਜਾ, ਆਹ ਗੁਆਂਢੀਆਂ ਨੂੰ ਵੀ ਦੇ ਆਈਏ ਵਧਾਈਆਂ।'
'ਕਾਹਦੀਆਂ ਵਧਾਈਆਂ?'
'ਤੈਨੂੰ ਨੀਂ ਪਤਾ 500 ਵਾਲੇ ਦੇ ਘਰ ਵੀ ਮੁੰਡਾ ਹੋਇਐ, ਉਹ ਵੀ ਫਿਰੋਜ਼ੀ ਰੰਗ ਦਾ।'
'ਮੈਂ ਸਮਝੀ ਨਹੀਂ ਤੇਰੀ ਗੱਲ।'
'ਲੈਣ ਹੁਣ 500 ਦੇ ਨੋਟ ਨੇ ਜਨਮ ਦਿੱਤੈ 50 ਦੇ ਨੋਟ ਨੂੰ'
'ਚੰਗਾ ਚੱਲ ਭਾਈ ਲਗਦੇ ਹੱਥ ਉਨ੍ਹਾਂ ਦੇ ਘਰ ਵੀ ਦੇ ਆਈਏ ਵਧਾਈਆਂ।'

-ਬਲਵਿੰਦ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990.

ਕਿਉਂ ਟੱਪਦੀ ਹੈ ਦੇਲ੍ਹੀਆਂ ਬਿੱਲੀ?

ਬਿੱਲੀ ਜਦੋਂ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਬੱਚਿਆਂ ਨੂੰ ਸੱਤ ਦੇਲ੍ਹੀਆਂ ਟਪਾਉਂਦੀ ਹੈ। ਇਸ ਦੇ ਪਿਛੇ ਕਈ ਦੰਦ ਕਥਾਵਾਂ ਹਨ। ਦੰਦ ਕਥਾ ਇਹ ਵੀ ਹੈ ਕਿ ਬਿੱਲੀ ਜਿਥੇ ਬੱਚੇ ਦਿੰਦੀ ਹੈ, ਉਥੋਂ ਇਸ ਕਰਕੇ ਤੁਰੰਤ ਦੂਸਰੀ ਜਗ੍ਹਾ ਲੈ ਜਾਂਦੀ ਹੈ ਕਿ ਕਿਸੇ ਨੂੰ ਇਹ ਪਤਾ ਨਾ ਲੱਗੇ ਕਿ ਬਿੱਲੀ ਕਿਥੇ ਸੂਈ ਹੈ। ਕਈ ਲੋਕ ਬਿੱਲੀ ਦੀ ਜੇਰ (ਔਲ) ਨੂੰ ਸ਼ੁਭ ਮੰਨਦੇ ਹਨ। ਕਈ ਲੋਕ ਇਸ ਨੂੰ ਖਜ਼ਾਨੇ ਵਿਚ ਵਾਧਾ ਕਰਨ ਵਾਲੀ ਮੰਨਦੇ ਹਨ। ਇਸ ਜੇਰ ਨੂੰ ਤਜੌਰੀ ਜਾਂ ਬਟੂਏ ਵਿਚ ਰੱਖਦੇ ਹਨ।
ਪਰ ਕਾਰਨ ਕੁਝ ਵੀ ਹੋਵੇ ਬਿੱਲੀ ਆਪਣੇ ਬੱਚਿਆਂ ਨੂੰ ਸੱਤ ਦੇਲ੍ਹੀਆਂ ਜ਼ਰੂਰ ਟਪਾ ਲੈਂਦੀ ਹੈ। ਉਪਰ ਦਿੱਤੇ ਕਾਰਨਾਂ ਦਾ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਕ ਕਾਰਨ ਇਹ ਜ਼ਰੂਰ ਹੈ।
ਬਿੱਲੀ ਦੀ ਸੁੰਘਣ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਜਿਸ ਜਗ੍ਹਾ ਦੇ ਖਾਣ ਵਾਲਾ ਜੀਵ ਹੋਵੇ ਜਾਣੀ ਕਿ ਚੂਹਾ, ਚਿੜੀਆਂ ਵਗੈਰਾ। ਉਨ੍ਹਾਂ ਜੀਵਾਂ ਨੂੰ ਬਿੱਲੀ ਆਪਣੀ ਸੁੰਘਣ ਸ਼ਕਤੀ ਨਾਲ ਲੱਭ ਲੈਂਦੀ ਹੈ। ਜਿਥੇ ਬਿੱਲੀ ਦਾ ਸ਼ਿਕਾਰ ਛੁਪਿਆ ਹੁੰਦਾ ਹੈ, ਬਿੱਲੀ ਦਾਅ ਲਾ ਕੇ ਬੈਠ ਜਾਂਦੀ ਹੈ। ਜਦੋਂ ਸ਼ਿਕਾਰ ਬਾਹਰ ਆਉਂਦਾ ਹੈ, ਬਿੱਲੀ ਤੁਰੰਤ ਉਸ ਨੂੰ ਦਬੋਚ ਲੈਂਦੀ ਹੈ।
ਬਿੱਲੀ ਦੀ ਸੁੰਘਣ ਸ਼ਕਤੀ ਹੀ ਉਸ ਨੂੰ ਬੱਚੇ ਲੈ ਕੇ ਦੇਲ੍ਹੀਆਂ ਟੱਪਣ ਲਈ ਮਜਬੂਰ ਕਰਦੀ ਹੈ। ਜਿਸ ਜਗ੍ਹਾ ਬਿੱਲੀ ਬੱਚੇ ਦਿੰਦੀ ਹੈ ਉਸ ਜਗ੍ਹਾ ਉਸ ਦਾ ਮਲ ਤਿਆਗ ਕਾਫੀ ਹੁੰਦਾ ਹੈ ਜਿਸ ਦੀ ਦੁਰਗੰਧ ਉਸ ਨੂੰ ਉਸ ਜਗ੍ਹਾ ਠਹਿਰਣ ਤੋਂ ਮਜਬੂਰ ਕਰ ਦਿੰਦੀ ਹੈ। ਉਹ ਆਪਣੇ ਬੱਚਿਆਂ ਨੂੰ ਉਥੋਂ ਚੁੱਕ ਲੈਂਦੀ ਹੈ ਪਰ ਦੂਜੀ ਥਾਂ 'ਤੇ ਇਕ ਦੋ ਦਿਨ ਰੁਕਣ ਸਮੇਂ ਬੱਚੇ ਆਪਣਾ ਮਲਮੂਤਰ ਤਿਆਗ ਦਿੰਦੇ ਹਨ। ਉਹ ਥਾਂ ਵੀ ਦੁਰਗੰਧਤ ਹੋ ਜਾਂਦੀ ਹੈ। ਬਿੱਲੀ ਆਪਣੇ ਬੱਚਿਆਂ ਨੂੰ ਫਿਰ ਹੋਰ ਜਗ੍ਹਾ ਲੈ ਜਾਂਦੀ ਹੈ। ਜਦੋਂ ਅਗਲੀ ਥਾਂ ਵੀ ਦੁਰਗੰਧਤ ਹੋ ਜਾਂਦੀ ਹੈ ਤਾਂ ਬਿੱਲੀ ਬੱਚਿਆਂ ਨੂੰ ਹੋਰ ਥਾਂ ਲੈ ਜਾਂਦੀ ਹੈ। ਉਸ ਤੋਂ ਬਾਅਦ ਬੱਚੇ ਖੁਦ ਨੱਠਣ-ਭੱਜਣ ਲੱਗ ਜਾਂਦੇ ਹਨ ਅਤੇ ਆਪਣਾ ਮਲ ਤਿਆਗ ਆਪਣੇ ਬੈਠਣ ਦੀ ਥਾਂ ਤੋਂ ਦੂਰ ਕਰਨ ਲੱਗ ਜਾਂਦੇ ਹਨ। ਜਿਵੇਂ ਕਿ ਕੂੜੇ ਦੇ ਢੇਰ, ਕੱਖ-ਕੰਡਾ, ਘਾਹ ਪੱਤਿਆਂ ਵਾਲੀ ਥਾਂ 'ਤੇ ਮਲ ਤਿਆਗ ਕਰਨ ਤੋਂ ਬਾਅਦ ਉਹ ਆਪਣੇ ਪੈਰਾਂ ਨਾਲ ਉਸ ਥਾਂ ਉਪਰ ਘਾਹ-ਫੂਸ ਜਾਂ ਮਿੱਟੀ ਪਾ ਦਿੰਦੇ ਹਨ ਅਤੇ ਉਸ ਤੋਂ ਦੂਰ ਬਹਿ ਜਾਂਦੇ ਹਨ।
ਤੁਸੀਂ ਵੇਖਿਆ ਹੋਵੇਗਾ ਕਿ ਬਿੱਲੀ ਦੂਸਰੇ ਜਾਨਵਰਾਂ ਦੀ ਤਰ੍ਹਾਂ ਆਪਣਾ ਵਿਸ਼ੇਸ਼ ਸਥਾਨ ਜਿਵੇਂ ਆਲਣਾ ਜਾਂ ਘੁਰਨਾ ਨਹੀਂ ਬਣਾਉਂਦੀ। ਬਿੱਲੀ ਘਰਾਂ ਵਿਚ ਹਿਫਾਜ਼ਤੀ ਜਗ੍ਹਾ ਵੇਖ ਕੇ ਲੇਟ ਜਾਂਦੀ ਹੈ ਅਤੇ ਬਲੂੰਗੜੇ ਉਸ ਜਗ੍ਹਾ ਪਹੁੰਚ ਕੇ ਦੁੱਧ ਚੁੰਘਦੇ ਹਨ ਅਤੇ ਆਪਣੀ ਖੇਡ ਵਿਚ ਮਸਤ ਹੋ ਜਾਂਦੇ ਹਨ। ਬਿੱਲੀ ਆਪਣੀ ਭੁੱਖ ਮਿਟਾ ਕੇ ਦੁਬਾਰਾ ਬਲੂੰਗੜਿਆਂ ਦੇ ਨੇੜੇ ਆਉਂਦੀ ਹੈ ਤਾਂ ਫਿਰ ਉਹ ਕਿਸੇ ਵੀ ਥਾਂ ਲੇਟ ਜਾਂਦੀ ਹੈ ਤਾਂ ਬੱਚੇ ਉਸ ਥਾਂ ਜਾ ਕੇ ਦੁੱਧ ਪੀਣ ਤੋਂ ਬਾਅਦ ਆਪਣੀ ਖੇਡ ਵਿਚ ਮਸਤ ਹੋ ਜਾਂਦੇ ਹਨ। ਬਿੱਲੀ ਦਾ ਬੱਚਿਆਂ ਨੂੰ ਲੈ ਕੇ ਸੱਤ ਦੇਲ੍ਹੀਆਂ ਟਪਾਉਣਾ ਪਹਿਲੀ ਥਾਂ ਦਾ ਦੁਰਗੰਧਤ ਹੋਣਾ ਹੀ ਹੁੰਦਾ ਹੈ।

-ਦੀਦਾਰ ਖ਼ਾਨ
ਧਬਲਾਨ (ਪਟਿਆਲਾ)।
ਮੋਬਾਈਲ : 99150-24849.

ਹਾਸੇ ਦੇ ਵਪਾਰੀ

ਅਸੀਂ ਪੈਰਿਸ ਜਾਣਾ ਹੈ
ਅਲੀ: ਜੀ ਮੈਮ ! ਸੁਣਿਆ ਹੈ ਕਿ ਪੈਰਿਸ ਬਹੁਤ ਸੁੰਦਰ ਸ਼ਹਿਰ ਹੈ। ਸਾਨੂੰ ਉੱਥੇ ਲੈ ਚੱਲੋ ਜੀ।
ਟੀਚਰ : ਬਹੁਤ ਖ਼ੂਬ! ਬਹੁਤ ਅਨੰਦ ਆਏਗਾ। ਦੱਸੋ ਕੌਣ-ਕੌਣ ਪੈਰਿਸ ਜਾਣਾ ਚਾਹੁੰਦਾ ਹੈ?
ਸਭ ਵਿਦਿਆਰਥੀਆਂ ਨੇ ਹੱਥ ਖੜ੍ਹੇ ਕਰ ਦਿੱਤੇ।
ਟੀਚਰ : ਹਾਂ, ਤਾਂ ਇੰਝ ਕਰਿਓ ਕਿ ਕੱਲ੍ਹ ਨੂੰ ਤਿਆਰ ਹੋ ਕੇ ਆਇਉ ਤੇ ਇਕ-ਇਕ ਆਪਣੇ ਸਾਈਜ਼ ਦਾ ਬੈਗ ਜਾਂ ਝੋਲਾ ਲੈ ਕੇ ਆਇਉ।
ਰੀਆ : ਜੀ ਮੈਮ ਥੈਂਕਸ। ਇਸ ਬੈਗ ਵਿਚ ਕੱਪੜਿਆਂ ਤੋਂ ਇਲਾਵਾ ਕੁਝ ਖਾਣ-ਪੀਣ ਦਾ ਸਮਾਨ ਵੀ ਲੈ ਕੇ ਆਉਣਾ ਹੈ ਜੀ?
ਟੀਚਰ : ਨਹੀਂ ! ਇਨ੍ਹਾਂ ਬੈਗਾਂ ਵਿਚ ਤੁਹਾਨੂੰ ਬੰਦ ਕਰਕੇ ਡਾਕ ਰਾਹੀਂ ਭੇਜਾਂਗੇ।
ਸਭ ਤੋਂ ਵੱਧ ਅਨੰਦ ਕਦੋਂ ?
ਟੀਚਰ : ਤਾਂ ਫਿਰ ਤੁਸੀਂ ਟਰਿੱਪ ਦਾ ਖੂਬ ਆਨੰਦ ਮਾਣਿਆ...ਅੱਛਾ ਦੱਸੋ ਕਿ ਤੁਹਾਨੂੰ ਕਦੋਂ ਅਤੇ ਕਿਹੜੀ ਜਗ੍ਹਾ 'ਤੇ ਸਭ ਤੋਂ ਵੱਧ ਆਨੰਦ ਆਇਆ?'
ਮੁੰਨੂੰ : ਜੀ ਸਾਨੂੰ ਜੀ, ਸਭ ਤੋਂ ਵੱਧ ਅਨੰਦ ਉੱਥੇ ਆਇਆ ਜੀ...ਜਿੱਥੇ ਕੋਈ ਵੀ ਸਰ ਸਾਡੇ ਨਾਲ ਨਹੀਂ ਸੀ ਜੀ।


-ਮੋਬਾਈਲ : 98761-05647.

ਖਰੀਆਂ ਗੱਲਾਂ : ਕਿੱਕਰ ਦੀ ਸੂਲ

ਗੱਲ ਕਈ ਸਾਲ ਪੁਰਾਣੀ ਹੈ। ਉਨ੍ਹੀਂ ਦਿਨੀਂ ਪਿੰਡਾਂ 'ਚ ਵਿਆਹਾਂ-ਸ਼ਾਦੀਆਂ ਮੌਕੇ ਗਾਇਕਾਂ ਦੇ ਖੁੱਲ੍ਹੇ ਅਖਾੜੇ ਲਗਾਉਣ ਦਾ ਰਿਵਾਜ ਸੀ। ਸਾਡੇ ਪਿੰਡ ਦੇ ਨਾਲ ਲਗਦੇ ਗੁਆਂਢੀ ਪਿੰਡ 'ਚ ਕਿਸੇ ਵੱਡੇ ਘਰ ਦੇ ਵਿਆਹ 'ਚ ਉਸ ਸਮੇਂ ਦੀ ਸੁਪਰਹਿੱਟ ਦੋਗਾਣਾ ਗਾਇਕ ਜੋੜੀ ਦਾ ਅਖਾੜਾ ਲੱਗਣਾ ਸੀ। ਮੇਰਾ ਇਕ ਮਿਸਤਰੀਆਂ ਦਾ ਮੁੰਡਾ ਦੋਸਤ ਸੀ ਉਸ ਨੇ ਤਰਕੀਬ ਸੋਚੀ ਅਤੇ ਅਸੀਂ ਮਿੱਥੀ ਤਰਕੀਬ ਅਨੁਸਾਰ ਸਕੂਲ 'ਚੋਂ ਅੱਧੀ ਛੁੱਟੀ ਦੇ ਟਾਈਮ ਆਪਣੇ ਬਸਤੇ ਚੁੱਕ ਕੇ ਖਿਸਕ ਗਏ। ਮੇਰੇ ਦੋਸਤ ਨੇ ਆਪਣੇ ਚਾਚੇ ਨੂੰ ਅਖਾੜਾ ਵੇਖਣ ਲਈ ਰਾਜ਼ੀ ਕਰ ਲਿਆ ਅਤੇ ਅਸੀਂ ਆਪਣੇ ਬਸਤੇ ਉਸ ਮਿਸਤਰੀ ਦੇ ਅੱਡੇ 'ਤੇ ਧਰ ਕੇ ਤਿੰਨੇ ਜਣੇ ਅਖਾੜਾ ਵੇਖਣ ਲਈ ਸਾਡੇ ਪਿੰਡੋਂ ਵਿੰਗ ਵਲੇਵੇਂ ਖਾਂਦੀਆਂ ਕੱਚੀਆਂ ਪਹੀਆਂ 'ਚੋਂ ਹੁੰਦੇ ਹੋਏ ਗੁਆਂਢੀ ਪਿੰਡ ਵੱਲ ਰਵਾਨਾ ਹੋ ਗਏ। ਗਰਮੀ ਦੀ ਸਿਖ਼ਰ ਹੋਣ ਕਾਰਨ ਸਾਡਾ ਬੁਰਾ ਹਾਲ ਹੋ ਰਿਹਾ ਸੀ, ਰਸਤੇ ਵਿਚ ਪਾਣੀ ਦੀ ਤ੍ਰੇਹ ਨੂੰ ਬੁਝਾਉਣ ਲਈ ਇਕ ਦਰੱਖਤ ਦੀ ਛਾਵੇਂ ਨਲਕੇ ਕੋਲ ਮਸਾਂ ਅੱਪੜੇ ਅਤੇ ਬਿੰਦ-ਝੱਟ ਅਰਾਮ ਕਰਕੇ ਆਪਣੀ ਪਿਆਸ ਬੁਝਾਈ। ਅਖਾੜਾ ਵੇਖਣ ਦੀ ਉਤਸੁਕਤਾ ਕਾਰਨ ਚੈਨ ਕਿੱਥੇ। ਅਸੀਂ ਜ਼ਿਆਦਾ ਦੇਰ ਦਰੱਖਤ ਦੀ ਛਾਵੇਂ ਬੈਠਣਾ ਮੁਨਾਸਿਬ ਨਾ ਸਮਝਿਆ ਅਤੇ ਗੁਆਂਢੀ ਪਿੰਡ ਵੱਲ ਫੇਰ ਚਾਲੇ ਪਾ ਦਿੱਤੇ। ਪਿੰਡ ਦੇ ਨੇੜੇ ਜਾ ਕੇ ਅਖਾੜਾ ਵੇਖਣ ਵਾਲਿਆਂ ਦੀਆਂ ਲੰਬੀਆਂ ਟੋਲੀਆਂ ਦੇ ਨਾਲ ਜਾ ਰਲੇ ਅਤੇ ਫਿਰ ਸਾਨੂੰ ਅਖਾੜੇ ਵਾਲੀ ਜਗ੍ਹਾ ਲੱਭਣ 'ਚ ਕੋਈ ਮੁਸ਼ਕਿਲ ਪੇਸ਼ ਨਾ ਆਈ। ਸਾਡੇ ਪਹੁੰਚਣ ਤੋਂ ਪਹਿਲਾਂ ਹੀ ਅਖਾੜੇ ਦਾ ਮਾਹੌਲ ਪੂਰਾ ਭਖਿਆ ਹੋਇਆ ਸੀ। ਲੋਕਾਂ ਦਾ ਠਾਠਾਂ ਮਾਰਦਾ ਇਕੱਠ ਜਿੰਨਾਂ ਸੱਥ ਵਿਚ ਸੀ, ਉਸ ਤੋਂ ਜ਼ਿਆਦਾ ਲੋਕ ਲਾਗਲੇ ਘਰਾਂ ਦੀਆਂ ਛੱਤਾਂ 'ਤੇ ਚੜ੍ਹੇ ਬੈਠੇ ਸਨ। ਗਾਇਕ ਨੇ ਧਾਰਮਿਕ ਗੀਤ 'ਮੇਰਾ ਰੁੱਸੇ ਨਾ ਕਲਗੀਆਂ ਵਾਲਾ' ਗੀਤ ਤੋਂ ਪ੍ਰੋਗਰਾਮ ਸ਼ੁਰੂ ਕਰਕੇ ਆਪਣੇ ਹਿੱਟ ਹੋਏ ਦੋਗਾਣਿਆਂ ਦੀ ਝੜੀ ਲਗਾ ਦਿੱਤੀ। ਪ੍ਰੋਗਰਾਮ ਆਪਣੇ ਸਿਖ਼ਰ ਵੱਲ ਵਧ ਹੀ ਰਿਹਾ ਸੀ ਕਿ ਗਾਇਕ ਨੇ ਗੀਤ ਸ਼ੁਰੂ ਕੀਤਾ 'ਲਾਲਾ-ਲਾਲਾ ਹੋ ਗਈ, ਅਖਾੜਾ ਗਿਆ ਹੱਲ ਜੀ' ਇਸ ਗੀਤ ਦੇ ਸ਼ੁਰੂ ਹੋਣ ਦੀ ਦੇਰ ਹੀ ਸੀ ਕਿ ਸੱਚਮੁੱਚ ਹੀ ਅਖਾੜਾ ਹੱਲ ਗਿਆ, ਕਿਉਂਕਿ ਸਾਡੇ ਬਿਲਕੁਲ ਨੇੜੇ ਖੜ੍ਹੇ ਇਕ ਆਦਮੀ ਦੇ ਮੌਰਾਂ 'ਤੇ ਕਿਸੇ ਬੰਦੇ ਨੇ ਟਕੂਆ ਵਰ੍ਹਾ ਦਿੱਤਾ। ਜ਼ੋਰਦਾਰ ਲੜਾਈ ਕਾਰਨ ਅਖਾੜੇ ਵਿਚ ਹਾਹਾਕਾਰ ਮੱਚ ਗਈ। ਲੋਕ ਆਪੋ-ਆਪਣੀ ਹਿਫ਼ਾਜ਼ਤ ਲਈ ਇਕ-ਦੂਜੇ ਤੋਂ ਮੂਹਰੇ ਹੋ ਕੇ ਭੱਜਣ ਲੱਗੇ। ਇਸ ਭਾਜੜ 'ਚ ਸਾਡੀਆਂ ਚੱਪਲਾਂ ਲਹਿ ਗਈਆਂ। ਭੱਜਦਿਆਂ ਨੂੰ ਕੱਚੀ ਪਹੀ ਆਉਣ 'ਚ ਨਾ ਆਵੇ ਅਤੇ ਦੂਸਰਾ ਚੱਪਲ ਗੁਆਚਣ ਕਰਕੇ ਘਰਦਿਆਂ ਤੋਂ ਛਿੱਤਰਾਂ ਦਾ ਡਰ ਵੀ ਸਤਾਵੇ। ਕੱਚੀ ਪਹੀ 'ਤੇ ਪਿੰਡ ਵੱਲ ਨੂੰ ਮੁੜੇ ਤਾਂ ਰਸਤੇ ਵਿਚ ਕਿੱਕਰ ਦੀ ਤਿੱਖੀ ਸੂਲ ਮੇਰੇ ਪੈਰ 'ਚ ਖੁੱਭ ਗਈ। ਸੂਲ ਦੀ ਪੀੜ ਨਾਲ ਮੇਰੀਆਂ ਚੀਕਾਂ ਨਿੱਕਲ ਗਈਆਂ। ਸੂਲ ਤਾਂ ਕਿਵੇਂ ਨਾ ਕਿਵੇਂ ਪੈਰ 'ਚੋਂ ਕੱਢ ਲਈ ਪਰ ਫਿਰ ਵੀ ਥੋੜ੍ਹਾ ਬਹੁਤਾ ਕੰਡਾ ਅਜੇ ਵੀ ਰਹਿ ਗਿਆ। ਘਰ ਨੇੜੇ ਆ ਗਿਆ ਮੈਂ ਬਥੇਰਾ ਸਿੱਧਾ ਤੁਰਨ ਦਾ ਯਤਨ ਕਰਾਂ ਪਰ ਸੂਲ ਦੀ ਪੀੜ ਨਾਲ ਮੱਲੋ-ਮੱਲੀ ਲੰਙ ਵੱਜੇ। ਮਿਸਤਰੀ ਦੇ ਅੱਡੇ ਤੋਂ ਬਸਤਾ ਚੁੱਕ ਕੇ ਘਰੇ ਪਹੁੰਚਿਆ ਤਾਂ ਲੱਤ ਦੇ ਲੰਙ ਅਤੇ ਦੂਸਰਾ ਚੱਪਲਾਂ ਵਗੈਰ ਨੰਗੇ ਪੈਰਾਂ ਨੇ ਚੋਰੀ ਫੜਾ ਦਿੱਤੀ। ਆਖਰ ਮਾਂ ਨੂੰ ਸੱਚ ਦੱਸਣਾ ਪਿਆ, ਫਿਰ ਕੀ ਸੀ ਫਿੱਟ ਲਾਹਨਤਾਂ ਦਾ ਮੀਂਹ ਵਰ੍ਹ ਗਿਆ, ਮਸਾਂ ਮੁਆਫੀ ਮੰਗ ਕੇ ਖਹਿੜਾ ਛੁਡਾਇਆ। ਹੁਣ ਵੀ ਜਦੋਂ ਕਦੇ ਕਿੱਕਰ ਦਾ ਦਰੱਖਤ ਵੇਖਦਾਂ ਤਾਂ ਉਹ ਤਿੱਖੀ ਸੂਲ ਦੀ ਪੀੜ ਅਤੇ ਅਖਾੜੇ ਦਾ ਦ੍ਰਿਸ਼ ਮੱਲੋ-ਮੱਲੀ ਚੇਤੇ ਆ ਜਾਂਦੈ।

-ਪਿੰਡ : ਘੜੈਲੀ (ਬਠਿੰਡਾ)। ਮੋਬਾ : 98153-91625

ਕਾਵਿ-ਵਿਅੰਗ

ਬੱਦਲ ਜੰਗ ਦੇ
* ਹਰਦੀਪ ਢਿੱਲੋਂ *
ਬੱਦਲ ਜੰਗ ਦੇ ਜਦੋਂ ਵੀ ਛਟ ਜਾਂਦੇ,
ਭਰਨ ਜ਼ਖ਼ਮਾਂ ਨੂੰ ਤੁਰੇ ਤਬੀਬ ਦਿਸਦੇ।
ਟੱਬਰ ਵਿਲਕਦੇ ਲਾਸ਼ਾਂ ਦੇ ਮਲਬਿਆਂ 'ਤੇ,
ਦੁਸ਼ਮਣਾਂ ਨਾਲੋਂ ਨਾ ਵੱਖ ਹਬੀਬ ਦਿਸਦੇ।
ਪਰਖੂ ਜਸ਼ਨ ਹਥਿਆਰਾਂ ਦੇ ਜਾਣ ਚੱਲੀ,
ਕਸੀਦੇ ਜਿੱਤਾਂ ਦੇ ਗਾਉਂਦੇ ਅਦੀਬ ਦਿਸਦੇ।
'ਮੁਰਾਦਵਾਲਿਆ' ਦਲਾਲੀ ਮਿਲੂ ਸਾਂਝੀ,
ਹੱਥ ਮਿਲਾਂਵਦੇ ਹੱਸਦੇ ਰਕੀਬ ਦਿਸਦੇ।

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.

ਵੈਰਨ
* ਨਵਰਾਹੀ ਘੁਗਿਆਣਵੀ *
ਫ਼ਿਰਕੂ ਸੋਚ ਮਨੁੱਖ ਦੀ ਮੁੱਖ ਵੈਰਨ,
ਇਸ ਦੀ ਅਲਖ ਮੁਕਾਉਣ ਦੀ ਲੋੜ ਭਾਰੀ।
ਇਸ ਨੇ ਸਾਂਝ ਪਿਆਰ ਬਰਬਾਦ ਕੀਤਾ,
ਇਸ ਨੂੰ ਮਨੋਂ ਭੁਲਾਉਣ ਦੀ ਲੋੜ ਭਾਰੀ।
ਇਸ ਨੇ ਵਸਦੇ ਨਗਰ ਉਜਾੜ ਸੁੱਟੇ,
ਲੋਕਾਂ ਤਾਈਂ ਸਮਝਾਉਣ ਦੀ ਲੋੜ ਭਾਰੀ।
ਨਾਂਹ-ਵਾਚਕੀ ਰੁਚੀਆਂ ਨੂੰ ਲਾ ਖੂੰਜੇ,
ਹਾਂ-ਪੱਖ ਅਪਣਾਉਣ ਦੀ ਲੋੜ ਭਾਰੀ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.

ਬੋਝ
* ਰਮੇਸ਼ ਬੱਗਾ ਚੋਹਲਾ *
ਮਾਤਾ ਪਿਤਾ ਨੂੰ ਸਮਝਣ ਗੁਰਦੇਵ ਥੋੜੇ,
ਬਹੁਤੇ ਸਮਝਦੇ ਉਨ੍ਹਾਂ ਨੂੰ ਬੋਝ ਮੀਆਂ।
ਬਾਪੂ ਪੈਂਦਾ ਹੈ ਟੇਬਲ ਦੇ ਫੈਨ ਅੱਗੇ,
ਪੁੱਤ ਏ.ਸੀ. ਵਿਚ ਕਰਦੇ ਨੇ ਮੌਜ ਮੀਆਂ।
ਘੁੱਟ ਪਾਣੀ ਨੂੰ ਤਰਸਦੀ ਮਰੀ ਬੇਬੇ,
ਦਿੱਤਾ ਜਿਸ ਦੀ ਯਾਦ ਵਿਚ ਭੋਜ ਮੀਆਂ।
ਸੇਵਾ ਭਾਵਨਾ ਹੋਈ ਅਲੋਪ 'ਚੋਹਲਾ',
ਚੈਪਟਰ ਮੋਹ ਦਾ ਹੋਇਆ ਕਲੋਜ਼ ਮੀਆਂ।

-1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)।
ਮੋਬਾਈਲ : 94631-32719.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX