ਤਾਜਾ ਖ਼ਬਰਾਂ


ਵੋਟਾਂ ਪਵਾਉਣ ਸਬੰਧੀ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਹੋਈ ਤੂੰ-ਤੂੰ ਮੈਂ-ਮੈਂ
. . .  1 minute ago
ਰਾਜਾਸਾਂਸੀ, 19 ਸਤੰਬਰ (ਹਰਦੀਪ ਖੀਵਾ) ਹਲਕਾ ਰਾਜਾਸਾਂਸੀ ਤੇ ਅਜਨਾਲਾ ਦੇ ਸਾਂਝੇ ਬੂਥ ਪਿੰਡ ਲਦੇਹ ਵਿਖੇ ਵੋਟਾਂ ਪਵਾਉਣ ਸਬੰਧੀ ਅਕਾਲੀ ਕਾਂਗਰਸੀ ਸਮਰਥਕਾਂ ਵਿਚਕਾਰ ਦੋ ਵਾਰ ਤੂੰ-ਤੂੰ ਮੈ-ਮੈ ਹੋਈ। ਇੱਥੇ ਦੋਵੇਂ ਧਿਰਾਂ ਵੱਲੋਂ ਫਸਵਾਂ ਮੁਕਾਬਲਾ ਚੱਲ ਰਿਹਾ ਹੈ, ਤੇ ਇੱਕ....
ਲੁਧਿਆਣਾ : ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਲਈ 12 ਫ਼ੀਸਦੀ ਵੋਟਿੰਗ
. . .  5 minutes ago
ਲੁਧਿਆਣਾ,19 ਸਤੰਬਰ (ਪੁਨੀਤ ਬਾਵਾ) - ਜ਼ਿਲ੍ਹਾ ਲੁਧਿਆਣਾ 'ਚ ਹੁਣ ਤੱਕ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਲਈ 12 ਫ਼ੀਸਦੀ ਵੋਟਿੰਗ ਹੋਈ ਹੈ, ਵੋਟਾਂ ਪਾਉਣ ਦਾ ਕੰਮ ਹਾਲ ਦੀ ਘੜੀ ਸ਼ਾਂਤੀ ਪੂਰਵਕ ਚੱਲ ਰਿਹਾ...
ਬਾਘਾ ਪੁਰਾਣਾ ਹਲਕੇ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਲਈ 10 ਵਜੇ ਤੱਕ 15 ਫ਼ੀਸਦੀ ਵੋਟਿੰਗ
. . .  8 minutes ago
ਬਾਘਾ ਪੁਰਾਣਾ, 19 ਸਤੰਬਰ (ਬਲਰਾਜ ਸਿੰਗਲਾ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਬਾਘਾ ਪੁਰਾਣਾ ਲਈ ਹਲਕੇ ਦੇ 115 ਬੂਥਾਂ 'ਤੇ ਪੈਣ ਵਾਲੀਆਂ ਕੁੱਲ 144750 ਵੋਟਾਂ 'ਚੋਂ ਸਵੇਰੇ 8 ਵਜੇ ਤੋਂ 10 ਵਜੇ ਤੱਕ 15 ਫ਼ੀਸਦੀ..
ਮੋਗਾ ਦੇ 15 ਜ਼ੋਨਾਂ 'ਚ ਸਵੇਰੇ 11 ਵਜੇ ਤੱਕ 10.11 ਫ਼ੀਸਦੀ ਵੋਟਿੰਗ ਹੋਈ
. . .  14 minutes ago
ਬਲਾਕ ਭੂੰਗਾ 'ਚ ਹੁਣ ਤੱਕ 15 ਫ਼ੀਸਦੀ ਹੋਈ ਵੋਟਿੰਗ
. . .  19 minutes ago
ਹਰਿਆਣਾ, 19 ਸਤੰਬਰ (ਹਰਮੇਲ ਸਿੰਘ ਖੱਖ)- ਬਲਾਕ ਭੂੰਗਾ (ਹੁਸ਼ਿਆਰਪੁਰ) ਅਧੀਨ ਆਉਂਦੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਲੋਕਾਂ ਵੱਲੋਂ ਘੱਟ ਹੀ ਦਿਲਚਸਪੀ ਦਿਖਾਈ ਜਾ ਰਹੀ ਹੈ। ਹੁਣ ਤੱਕ ਕਰੀਬ 14- 15 ਫ਼ੀਸਦੀ ਵੋਟਾਂ ਪੋਲ ਹੋਈਆਂ....
ਰਾਏਕੋਟ ਹਲਕੇ 'ਚ ਸਵੇਰੇ ਦਸ ਵਜੇ ਤੱਕ 9.2 ਫ਼ੀਸਦੀ ਮਤਦਾਨ
. . .  22 minutes ago
ਫ਼ਰੀਦਕੋਟ ਬਲਾਕ 'ਚ ਹੁਣ ਤੱਕ 10 ਫ਼ੀਸਦੀ, ਜੈਤੋ 'ਚ 15 ਫ਼ੀਸਦੀ ਅਤੇ ਕੋਟਕਪੂਰਾ 'ਚ 12 ਫ਼ੀਸਦੀ ਹੋਈ ਵੋਟਿੰਗ
. . .  23 minutes ago
ਮਾਨਸਾ ਜ਼ਿਲ੍ਹੇ 'ਚ 10 ਵਜੇ ਤਕ 14 ਫ਼ੀਸਦੀ ਮਤਦਾਨ
. . .  28 minutes ago
ਲ਼ਹਿਰਾ ਬੇਗਾ ਬੂਥ 'ਤੇ ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਵੋਟ ਪਾਉਣ 'ਤੇ ਤਕਰਾਰ, ਪੁਲਿਸ ਨੇ ਸ਼ਾਂਤ ਕਰਾਇਆ ਮਾਮਲਾ
. . .  31 minutes ago
ਬਲਾਕ ਮਲੌਦ ਦੀਆਂ ਸੰਮਤੀ ਚੋਣਾਂ 'ਚ ਪੋਲਿੰਗ ਦੀ ਰਫ਼ਤਾਰ ਮੱਠੀ, 13 ਤੋਂ 15 ਫ਼ੀਸਦੀ ਹੋਈ ਪੋਲਿੰਗ
. . .  33 minutes ago
ਮਲੌਦ, 19 ਸਤੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਮਲੌਦ ਦੀਆਂ 15 ਜ਼ੋਨਾਂ ਤੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਰਾਮਗੜ੍ਹ ਸਰਦਾਰਾਂ ਜ਼ੋਨ ਤੋਂ ਪਹਿਲੇ ਦੋ ਘੰਟਿਆਂ 'ਚ ਪੋਲਿੰਗ ਦੀ ਰਫ਼ਤਾਰ ਮੱਠੀ 13 ਤੋਂ 15 ਪ੍ਰਤੀਸ਼ਤ ਵੋਟਾਂ ਦੀ ਪੋਲਿੰਗ...
ਹੋਰ ਖ਼ਬਰਾਂ..

ਲੋਕ ਮੰਚ

ਵੱਡੀ ਸਮੱਸਿਆ ਬਣ ਚੁੱਕੀ ਹੈ ਖੁਰਾਕੀ ਚੀਜ਼ਾਂ 'ਚ ਵਧ ਰਹੀ ਮਿਲਾਵਟਖੋਰੀ

 ਅੱਜ ਪੂਰਾ ਦੇਸ਼ ਤਿਉਹਾਰਾਂ ਦੇ ਰੰਗ ਵਿਚ ਰੰਗਿਆ ਹੋਇਆ ਹੈ, ਚਾਰੇ ਪਾਸੇ ਰੌਣਕ ਤੇ ਉਤਸ਼ਾਹ ਛਾਇਆ ਹੋਇਆ ਹੈ। ਇਨ੍ਹਾਂ ਦਿਨਾਂ ਵਿਚ ਹੀ ਮਿਲਾਵਟਖੋਰ ਲੋਕ ਪੂਰੇ ਚੁਸਤ-ਦਰੁਸਤ ਹੋ ਜਾਂਦੇ ਹਨ। ਇਹ ਲੋਕ ਵੱਧ ਤੋਂ ਵੱਧ ਪੈਸਾ ਕਮਾਉਣ ਦੇ ਚੱਕਰ ਵਿਚ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਤਿਉਹਾਰਾਂ ਦੇ ਦਿਨਾਂ ਵਿਚ ਨਕਲੀ ਦੁੱਧ, ਖੋਆ, ਪਨੀਰ, ਹੋਰ ਅਨੇਕਾਂ ਮਿਲਾਵਟੀ ਚੀਜ਼ਾਂ ਨੂੰ ਵੱਡੀ ਮਾਤਰਾ ਵਿਚ ਤਿਆਰ ਕਰਕੇ ਦੁਕਾਨਾਂ ਅੰਦਰ ਸਪਲਾਈ ਕੀਤਾ ਜਾਂਦਾ, ਦੁਕਾਨਦਾਰ ਵਲੋਂ ਇਨ੍ਹਾਂ ਮਿਲਾਵਟੀ ਜਾਂ ਨਕਲੀ ਦੁੱਧ, ਖੋਏ, ਪਨੀਰ ਤੋਂ ਤਿਆਰ ਜ਼ਹਿਰ ਰੂਪੀ ਮਠਿਆਈਆਂ ਗਾਹਕ ਨੂੰ ਪਰੋਸ ਕੇ ਦਿੱਤੀਆਂ ਜਾ ਰਹੀਆਂ ਹਨ। ਇਹ ਸਭ ਪ੍ਰਸ਼ਾਸਨ ਅਤੇ ਮਹਿਕਮਾ ਸਿਹਤ ਦੇ ਨੱਕ ਹੇਠਾਂ ਸ਼ਰੇਆਮ ਚੱਲ ਰਿਹਾ ਹੈ। ਸਿਹਤ ਵਿਭਾਗ ਵਲੋਂ ਸੂਬੇ ਅੰਦਰ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਜਾਂਚ ਕੀਤੇ ਜਾਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਮਹਿਕਮੇ ਵਲੋਂ ਸੈਂਪਲ ਭਰਨ ਦੇ ਨਾਂਅ ਉੱਪਰ ਸਿਰਫ ਖਾਨਾਪੂਰਤੀ ਕੀਤੀ ਜਾ ਰਹੀ ਹੈ, ਜਦ ਤੱਕ ਮਹਿਕਮੇ ਦੁਆਰਾ ਲਏ ਸੈਂਪਲਾਂ ਦੀ ਰਿਪੋਰਟ ਆਉਂਦੀ ਹੈ, ਤਦ ਤੱਕ ਦੁਕਾਨਦਾਰ ਵਲੋਂ ਉਸ ਪੂਰੇ ਸਮਾਨ ਦੀ ਵਿਕਰੀ ਕਰ ਦਿੱਤੀ ਜਾਂਦੀ ਹੈ।
ਮਹਿਕਮੇ ਵਲੋਂ ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਹਰ ਵਿਕਰੇਤਾ ਕੋਲ ਫੂਡ ਐਂਡ ਸੇਫਟੀ ਐਕਟ ਤਹਿਤ ਲਾਇਸੰਸ ਲਾਜ਼ਮੀ ਕੀਤਾ ਹੋਇਆ ਹੈ। ਇਸ ਐਕਟ ਤਹਿਤ ਖਾਣ-ਪੀਣ ਵਾਲੀਆਂ ਦੁਕਾਨਾਂ ਉੱਪਰ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਦੇ ਨਾਲ ਪਰੋਸਣ ਵਾਲੇ ਵਿਅਕਤੀ ਦੇ ਹੱਥਾਂ 'ਤੇ ਦਸਤਾਨੇ ਵੀ ਜ਼ਰੂਰੀ ਹਨ, ਪਰ ਕਿਤੇ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਹੁੰਦੀ ਦਿਖਾਈ ਨਹੀਂ ਦੇ ਰਹੀ। ਜੇਕਰ ਸਿਹਤ ਵਿਭਾਗ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਕਿਸੇ ਸਿਆਸੀ ਦਬਾਅ ਤੋਂ ਰਹਿਤ, ਇਮਾਨਦਾਰੀ ਅਤੇ ਸਖਤੀ ਨਾਲ ਕਾਰਵਾਈ ਅਮਲ ਵਿਚ ਲਿਆਵੇ ਤਾਂ ਇਹ ਸਭ ਕੁਝ ਹੱਦ ਤੱਕ ਰੋਕਿਆ ਜਾ ਸਕਦਾ ਹੈ। ਅੱਜ ਮਨੁੱਖ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਨਾਲ ਘਿਰਿਆ ਹੋਇਆ ਹੈ, ਜਿਸ ਦਾ ਸਭ ਤੋਂ ਵੱਡਾ ਤੇ ਮੁੱਖ ਕਾਰਨ ਸ਼ਾਇਦ ਮਿਲਾਵਟਖੋਰੀ ਹੀ ਹੈ। ਆਓ, ਅਸੀਂ ਰਲ਼ ਕੇ ਮਿਲਾਵਟਖੋਰੀ ਖਿਲਾਫ ਜਾਗਰੂਕਤਾ ਪੈਦਾ ਕਰੀਏ, ਤਾਂ ਜੋ ਰੋਗਮੁਕਤ ਸਮਾਜ ਦੀ ਸਿਰਜਣਾ ਹੋ ਸਕੇ।

-ਪਿੰਡ ਤੇ ਡਾਕ: ਨਿਹਾਲੂਵਾਲ, ਜ਼ਿਲ੍ਹਾ ਬਰਨਾਲਾ। ਮੋਬਾ: 88723-72460


ਖ਼ਬਰ ਸ਼ੇਅਰ ਕਰੋ

ਸੋਸ਼ਲ ਮੀਡੀਆ ਦੀ ਸੰਜੀਦਗੀ ਨੂੰ ਸਮਝਣ ਦੀ ਲੋੜ

ਭਾਰਤੀ ਲੋਕਤੰਤਰ ਵਿਚ ਪਹਿਲਾਂ ਹੋਰ ਰਾਜਾਂ ਵਿਚ ਵੀ ਕਈ ਹਿੰਸਕ ਅਤੇ ਸੰਵੇਦਨਸ਼ੀਲ ਗਤੀਵਿਧੀਆਂ ਦੌਰਾਨ ਵੀ ਇੰਟਰਨੈੱਟ ਸੇਵਾਵਾਂ ਠੱਪ ਕੀਤੀਆਂ ਗਈਆਂ। ਤਣਾਅ ਭਰਪੂਰ ਹਾਲਾਤ ਵਿਚ ਮੁੱਦੇ ਨੂੰ ਹੋਰ ਵੀ ਸੰਗੀਨਤਾ ਤੱਕ ਲੈ ਕੇ ਜਾਣ ਵਾਲੇ ਪਰਦੇ ਪਿਛਲੇ ਲੋਕ ਤਾਂ ਭਾਵੇਂ ਜਾਣ-ਬੁੱਝ ਕੇ ਅਫਵਾਹਾਂ ਨੂੰ ਜਨਮ ਦੇ ਕੇ ਖਲਬਲੀ ਮਚਾਉਣ ਦਾ ਪੂਰਾ ਯਤਨ ਕਰਦੇ ਹਨ, ਪਰ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਸੋਸ਼ਲ ਮੀਡੀਆ ਨੂੰ ਵਰਤਣ ਵਾਲਿਆਂ ਵਲੋਂ ਭਾਵਨਾਵਾਂ ਦੇ ਹੜ੍ਹ ਵਿਚ ਵਹਿੰਦੇ ਹੋਏ ਕਿਸੇ ਵੀ ਗੈਰ-ਮਿਆਰੀ, ਤੱਥਹੀਣ ਗੱਲ ਨੂੰ ਮੀਡੀਆ ਦਾ ਰੂਪ ਦੇ ਕੇ ਕਿਸੇ ਅਕਾਊਂਟ ਤੋਂ ਪੋਸਟ ਕਰ ਦੇਣਾ ਜਾਂ ਵੱਟਸਐਪ ਇਤਿਆਦੀ ਰਾਹੀਂ ਬਾਕੀ ਲੋਕਾਂ ਤੱਕ ਪਹੁੰਚਦੀ ਕਰ ਦੇਣਾ। ਜਿਵੇਂ ਕਿ ਕੁਝ ਦਿਨ ਪਹਿਲਾਂ ਬਠਿੰਡਾ ਵਿਚਲੇ ਥਰਮਲ ਪਲਾਂਟ ਵਿਚ ਬਲਾਸਟ ਹੋਣ ਵਾਲੀ ਇਕ ਨਕਲੀ ਵੀਡੀਓ ਨੇ ਕਾਫੀ ਜ਼ੋਰ ਫੜ ਲਿਆ ਸੀ। ਸੋ, ਕਿਸੇ ਵੀ ਫੋਟੋ, ਵੀਡੀਓ ਜਾਂ ਆਡੀਓ ਨੂੰ ਸਿੱਧਾ ਹੀ ਅੱਗੇ ਘੱਲਣ ਦੀ ਬਜਾਏ ਘੱਟੋ-ਘੱਟ ਇਕ ਵਾਰ ਇਹ ਸੋਚ ਲੈਣ ਕਿ ਇਸ ਦਾ ਸਮਾਜ ਦੇ ਕਿਸੇ ਵਰਗ ਉੱਪਰ ਕੀ ਪ੍ਰਭਾਵ ਜਾ ਸਕਦਾ ਹੈ। ਅਜਿਹਾ ਕਰਨ ਨਾਲ ਕਿਤੇ ਗਲਤ ਜਾਂ ਹੋਸ਼ੀ ਜਾਣਕਾਰੀ ਤਾਂ ਨਹੀਂ ਅੱਗੇ ਜਾ ਰਹੀ। ਇਸ ਨਾਲ ਭਾਵੇਂ ਤੁਹਾਡਾ ਥੋੜ੍ਹਾ ਜਿਹਾ ਸਮਾਂ ਵਾਧੂ ਲੱਗੇਗਾ ਪਰ ਅਗਾਹੂੰ ਹਾਲਾਤ ਵਿਚ ਕਿਸੇ ਗੰਭੀਰ ਸਮੱਸਿਆ ਨੂੰ ਵੱਡੇ ਹੋਣ ਤੋਂ ਰੋਕਣ ਵਿਚ ਤੁਸੀਂ ਆਪਣਾ ਬਣਦਾ ਯੋਗਦਾਨ ਪਾ ਸਕਦੇ ਹੋ।
ਜੇ ਗੱਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਮਸਲੇ ਦੀ ਕਰੀਏ ਤਾਂ ਪੰਚਕੂਲਾ ਕੋਰਟ ਵਿਚ ਪੇਸ਼ੀ ਤੋਂ ਕਈ ਦਿਨ ਪਹਿਲਾਂ ਤੋਂ ਹੀ ਹਰ ਪਾਸਿਓਂ ਅਫਵਾਹਾਂ ਅਤੇ ਬੇਤੁਕੀਆਂ ਖਬਰਾਂ ਦਾ ਬਾਜ਼ਾਰ ਗਰਮ ਹੋ ਗਿਆ। ਸਭ ਤੋਂ ਪਹਿਲੀ ਅਫਵਾਹ ਸੀ ਕਿ ਜੋ ਨਿਆਂ ਪ੍ਰਣਾਲੀ ਫਰਿੱਜਾਂ ਵਿਚ ਪਏ ਇਕ ਬਾਬੇ ਦਾ ਮਸਲਾ ਨਹੀ ਸੁਲਝਾ ਸਕੀ, ਉਹ ਕਿੱਥੋਂ ਇਸ ਸ਼ਾਹੀ ਡੇਰਾ ਮੁਖੀ ਦਾ ਮਸਲਾ ਸੁਲਝਾ ਲਵੇਗੀ? ਪਰ ਉਹ ਸਾਰੇ ਹੀ ਕੋਰਟ ਦੇ ਆਏ ਫੈਸਲੇ ਅਤੇ ਸਜ਼ਾ ਦੇ ਐਲਾਨ ਤੋਂ ਬਾਅਦ ਸੀ.ਬੀ.ਆਈ. ਅਦਾਲਤ ਦੇ ਜੱਜ ਜਗਦੀਪ ਸਿੰਘ ਨੂੰ ਹੀਰੋ ਬਣਾ-ਬਣਾ ਪੋਸਟਾਂ ਪਾਉਣ ਲੱਗੇ। ਸੋਸ਼ਲ ਮੀਡੀਆ ਵਿਚ ਰੰਗ ਖਰਬੂਜ਼ੇ ਤੋਂ ਵੀਂ ਛੇਤੀ ਬਦਲਿਆ ਜਾਂਦਾ ਹੈ।
ਇਸ ਮਸਲੇ ਵਿਚ ਸੁਰੱਖਿਆ ਦੇ ਮੱਦੇਨਜ਼ਰ ਬਲਾਤਕਾਰ ਦੀਆਂ ਪੀੜਤ ਔਰਤਾਂ ਬਣ ਚੁੱਕੀਆਂ ਉਹ ਦੋਨੋਂ ਕੁੜੀਆਂ ਦੀ ਪਹਿਚਾਣ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਪਰ ਸੋਸ਼ਲ ਮੀਡੀਆ 'ਤੇ ਚਰਚਾ ਦੇ ਭੁੱਖਿਆਂ ਵਲੋਂ ਇਕ ਕੁੜੀ ਦੀ ਫੋਟੋ ਨੂੰ ਪੀੜਤ ਅਤੇ ਗਵਾਹ ਦੱਸ ਕੇ ਜ਼ੋਰਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਪ੍ਰਮਾਣਿਕਤਾ ਬਾਰੇ ਕਿਹਾ ਨਹੀਂ ਜਾ ਸਕਦਾ ਪਰ ਜਿਸ ਵੀ ਕੁੜੀ ਦੀ ਉਹ ਫੋਟੋ ਹੈ, ਉਸ ਦੀ ਜਾਨ ਨੂੰ ਖਤਰੇ ਵਿਚ ਜ਼ਰੂਰ ਪਾ ਦਿੱਤਾ ਗਿਆ ਹੈ, ਇਨ੍ਹਾਂ ਨਾ ਸਮਝਿਆਂ ਵਲੋਂ।
ਨੈਤਿਕਤਾ ਅਤੇ ਸੁਰੱਖਿਆ ਦੀ ਨਜ਼ਰ ਤੋਂ ਇਹ ਉੱਕਾ ਹੀ ਠੀਕ ਨਹੀਂ ਹੈ। ਸੋ, ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਤੁਹਾਡੇ ਕੋਲ ਸੋਸ਼ਲ ਮੀਡੀਆ ਰਾਹੀਂ ਕੋਈ ਵੀ ਫੋਟੋ, ਆਡੀਓ ਜਾਂ ਵੀਡੀਓ ਪਹੁੰਚਦੀ ਹੈ ਤਾਂ ਉਸ ਨੂੰ ਅੱਗੇ ਭੇਜਣ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਦੀ ਜਾਂਚ ਜ਼ਰੂਰ ਕਰ ਲਵੋ। ਜੇਕਰ ਪਿਛਲੇ ਦਿਨਾਂ ਵਿਚ ਤੁਸੀਂ ਅਜਿਹੀ ਨਾਸਮਝੀ ਕੀਤੀ ਵੀ ਹੈ ਤਾਂ ਵੀ ਹੁਣੇ ਹੀ ਆਪਣੇ ਅਕਾਊਂਟ ਆਦਿ ਤੋਂ ਉਸ ਕੂੜ ਪ੍ਰਚਾਰ ਨੂੰ ਹਟਾਓ।

-ਬਠਿੰਡਾ। ਮੋਬਾ: 99886-46091
*Jaspreetae18@gmail.com

ਕਿਉਂ ਲੀਰੋ-ਲੀਰ ਹੋ ਰਹੇ ਹਨ ਰਿਸ਼ਤੇ?

ਅੱਜ ਸਮਾਜ ਵਿਚ ਬਹੁਤ ਵੱਡਾ ਨਿਘਾਰ ਆ ਰਿਹਾ ਹੈ। ਅਸੀਂ ਆਪਣਾ ਸੱਭਿਆਚਾਰ, ਆਪਣੇ ਰੀਤੀ-ਰਿਵਾਜ ਸਭ ਭੁੱਲ ਕੇ ਸੁਆਰਥੀ ਹੁੰਦੇ ਜਾ ਰਹੇ ਹਾਂ। ਪੈਸਾ, ਜ਼ਮੀਨ-ਜਾਇਦਾਦ, ਰਿਸ਼ਤੇ, ਪਿਆਰ ਸਭ ਕੁਝ ਤੋਂ ਉੱਪਰ ਹੋ ਰਿਹਾ ਹੈ।
ਅੱਜ ਪੈਸਾ ਇਸ ਕਦਰ ਸਮਾਜ ਵਿਚ ਭਾਰੂ ਹੋ ਚੁੱਕਾ ਹੈ ਕਿ ਬਹੁਤੇ ਲੋਕ ਇਸ ਸੋਚ ਦੇ ਧਾਰਨੀ ਹੋ ਚੁੱਕੇ ਹਨ ਕਿ ਲੁੱਟ, ਝੂਠ, ਬੇਈਮਾਨੀ ਕੁਝ ਵੀ ਕਰਨਾ ਪਵੇ, ਪੈਸਾ ਬਣਨਾ ਚਾਹੀਦਾ ਹੈ। ਰਿਸ਼ਤਿਆਂ ਨੂੰ ਲੀਰੋ-ਲੀਰ ਕਰਦੀ ਇਕ ਕਹਾਣੀ ਸੱਜਣ ਨੇ ਸੁਣਾਈ ਕਿ ਉਸ ਦੇ ਇਕ ਮਿੱਤਰ ਨੇ ਆਪਣੇ ਭਰਾ ਦਾ ਰਿਸ਼ਤਾ ਡਾਕਟਰ ਕੁੜੀ ਨਾਲ ਇਸ ਲਈ ਨਹੀਂ ਹੋਣ ਦਿੱਤਾ, ਕਿਉਂਕਿ ਉਸ ਦੀ ਆਪਣੀ ਪਤਨੀ ਗ੍ਰੈਜੂਏਸ਼ਨ ਬੀ.ਐੱਡ. ਸੀ। ਜੇਕਰ ਉਸ ਦੇ ਭਰਾ ਨੂੰ ਡਾਕਟਰ ਕੁੜੀ ਦਾ ਰਿਸ਼ਤਾ ਹੋ ਜਾਂਦਾ ਤਾਂ ਉਹ ਉਸ ਤੋਂ ਪੜ੍ਹਾਈ ਵਿਚ ਉੱਪਰ ਹੋ ਜਾਂਦਾ। ਤੀਸਰਾ ਮਿੱਤਰ ਦੱਸਦਾ ਹੈ ਕਿ ਉਨ੍ਹਾਂ ਦੇ ਜਾਣ-ਪਹਿਚਾਣ ਵਾਲਾ ਇਕ ਵਿਅਕਤੀ ਜੋ ਛੜਾ ਹੈ, ਪਿਛਲੇ ਤਿੰਨ ਸਾਲਾਂ ਤੋਂ ਮੋਟਰ 'ਤੇ ਰਹਿ ਰਿਹਾ ਹੈ। ਉਸ ਦੇ ਘਰ ਵਾਲੇ ਉਸ ਨੂੰ ਘਰ ਨਹੀਂ ਵੜਨ ਦੇ ਰਹੇ। ਉਸ ਦੀ ਗਲਤੀ ਇਹ ਸੀ ਕਿ ਉਸ ਨੇ ਆਪਣੇ ਹਿੱਸੇ ਦੀ ਜ਼ਮੀਨ ਪਹਿਲਾਂ ਹੀ ਆਪਣੇ ਭਤੀਜਿਆਂ ਦੇ ਨਾਂਅ ਲਗਵਾ ਦਿੱਤੀ ਸੀ।
ਸਮਝ ਨਹੀਂ ਆਉਂਦੀ ਕਿੱਧਰ ਨੂੰ ਜਾ ਰਹੇ ਹਾਂ ਅਸੀਂ? ਕੀ ਫਾਇਦਾ ਇਨ੍ਹਾਂ ਡਰਾਮੇਬਾਜ਼ੀਆਂ ਦਾ? ਅਦਾਲਤੀ ਫਾਈਲਾਂ ਦੇ ਪਿੱਛੇ ਲੁਕਿਆ ਸੱਚ ਵੇਖ ਲਓ, ਕਿੰਨੇ ਹੀ ਅਜਿਹੇ ਕੇਸ ਹਨ, ਜੋ ਜ਼ਮੀਨ-ਜਾਇਦਾਦ ਹਥਿਆਉਣ ਲਈ ਖੂਨ ਦੇ ਰਿਸ਼ਤਿਆਂ ਵਿਚ ਚਲਾਏ ਜਾ ਰਹੇ ਹਨ। ਗੁਰੂਆਂ-ਪੀਰਾਂ, ਰਿਸ਼ੀਆਂ-ਮੁਨੀਆਂ ਦੀ ਧਰਤੀ ਦੇ ਮੌਜੂਦਾ ਵਾਸੀ ਅਸੀਂ ਕਿਹੜੀ ਸੋਚ ਦੇ ਧਾਰਨੀ ਹੁੰਦੇ ਜਾ ਰਹੇ ਹਾਂ? ਇਕ ਮਿੱਤਰ ਨੇ ਦੱਸਿਆ ਕਿ ਉਸ ਦੇ ਨੇੜਲੇ ਪਿੰਡ ਵਿਚ ਸਕੇ ਭਰਾ ਨੇ ਹੀ ਭੈਣ ਨਾਲ ਲੱਖਾਂ ਦੀ ਠੱਗੀ ਮਾਰ ਲਈ। ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਅਰਥ ਹੈ ਰੱਖਿਆ ਧਾਗੇ ਦਾ, ਇੱਥੇ ਤਾਂ ਪੈਸੇ ਦੀ ਅੱਗ ਵਿਚ ਉਸ ਨੂੰ ਵੀ ਸਾੜ ਦਿੱਤਾ।
ਲਾਲਸਾ ਦੀ ਅੱਗ ਵਿਚ ਝੁਲਸਦੇ ਜਾ ਰਹੇ ਇਸ ਸਮਾਜ ਨੂੰ ਸਹੀ ਸੇਧ ਦੇਣ ਦੀ ਲੋੜ ਹੈ। ਲੋੜ ਹੈ ਸਾਡਾ ਸੱਭਿਆਚਾਰ, ਸਾਡੇ ਰਿਸ਼ਤੇ ਨਾਤੇ, ਸਾਡੀ ਭਾਈਚਾਰਕ ਸਾਂਝ ਨੂੰ ਬਚਾਉਣ ਦੀ। ਪੈਸਾ ਪ੍ਰਾਪਤ ਕਰਨਾ, ਪੈਸਾ ਖੋਹਣਾ ਅਤੇ ਰਾਤੋ-ਰਾਤ ਅਮੀਰ ਹੋ ਜਾਣ ਦਾ ਖਿਆਲ ਤਿਆਗ ਕੇ ਮਿਹਨਤ ਦੇ ਨਾਲ ਪੈਸਾ ਕਮਾਉਣ ਵੱਲ ਧਿਆਨ ਲਗਾਉਣਾ ਚਾਹੀਦਾ ਹੈ। ਅਜਿਹੀ ਸੋਚ ਧਾਰਨੀ ਚਾਹੀਦੀ ਹੈ ਕਿ ਪੈਸਾ ਕਦੇ ਵੀ ਸਾਡੇ ਰਿਸ਼ਤਿਆਂ ਅਤੇ ਪਿਆਰ ਵਿਚਕਾਰ ਖੜ੍ਹਾ ਨਾ ਹੋਵੇ। ਸਦਾ ਲਈ ਇਸ ਦੁਨੀਆ 'ਤੇ ਕਿਸੇ ਨਹੀਂ ਬਣੇ ਰਹਿਣਾ। ਜੇਕਰ ਇੱਥੇ ਰਹੇਗਾ ਤਾਂ ਉਹ ਸਾਡੇ ਕੀਤੇ ਚੰਗੇ ਕੰਮ ਅਤੇ ਸਾਡੀ ਸਮਾਜ ਨੂੰ ਦੇਣ, ਸਾਡਾ ਮਿਲਵਰਤਣ ਅਤੇ ਭਾਈਚਾਰਕ ਸਾਂਝ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)।
ਮੋਬਾ: 93565-52000

ਕਿਸਾਨ, ਕਰਜ਼ਾ ਅਤੇ ਸਿਆਸਤ

ਮੈਂ ਦੇਖਿਆ ਦਰਵਾਜ਼ੇ ਦੇ ਬੂਹੇ 'ਤੇ ਬੈਠੇ ਬਜ਼ੁਰਗਾਂ ਤੇ ਨੌਜਵਾਨਾਂ ਦੇ ਚਿਹਰਿਆਂ 'ਤੇ ਉਦਾਸੀ ਤਾਂ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਉਨ੍ਹਾਂ ਦੇ ਨੇੜੇ ਡੀਟੀਆਂ ਖੇਡਣ ਲੱਗ ਪੈਣਾ। ਫਿਰ ਪਤਾ ਲੱਗਾ ਕਿ ਹੁਣ ਕੋਈ 'ਕਾਂ-ਗਿਆਰੀ' ਨਾਂਅ ਦੀ ਬਿਮਾਰੀ ਫਸਲਾਂ ਨੂੰ ਪੈ ਰਹੀ ਹੈ। ਕਹਿੰਦੇ ਇਹ ਐਸੀ ਬਿਮਾਰੀ ਹੈ ਜੋ ਪਾਸਿਓਂ ਨਹੀਂ, ਸਗੋਂ ਕਣਕ ਦੇ ਵਿਚੋਂ ਹੀ ਕਦ ਉੱਗ ਪਵੇ ਤੇ ਸਾਰੀ ਕਣਕ ਨੂੰ ਕਦੋਂ ਸੁਆਹ ਕਰ ਦੇਵੇ, ਇਸ ਦਾ ਕੋਈ ਭੇਤ ਨਹੀਂ। ਮੇਰੇ ਕੋਲ ਕੋਈ ਹੱਲ ਨਹੀਂ ਸੀ। ਫਿਰ ਮੈਂ ਇਨ੍ਹਾਂ ਪਿਆਰੇ ਬਜ਼ੁਰਗਾਂ ਨੂੰ ਕਦੇ ਵੀ ਉਦਾਸ ਨਹੀਂ ਹੋਣ ਦਿਆਂਗੀ। ਪਰ ਹੁਣ ਜਦ ਵੱਡੀ ਹੋ ਗਈ ਹਾਂ, ਮੈਂ ਤਾਂ ਉਸ ਤੋਂ ਵੀ ਜ਼ਿਆਦਾ ਬੇਵੱਸ ਹਾਂ, ਕਿਉਂਕਿ ਮੇਰੇ ਦੇਸ਼ ਦੇ ਕਿਸਾਨ ਹੁਣ ਸਿਰਫ ਉਦਾਸ ਹੀ ਨਹੀਂ, ਸਗੋਂ ਉਹ ਤਾਂ ਮਰ ਰਹੇ ਹਨ ਤੇ ਮੈਂ ਕੁਝ ਨਹੀਂ ਕਰ ਸਕਦੀ, ਕਿਉਂਕਿ ਹੁਣ ਕਿਸੇ ਟਿੱਡੀ ਦਲ ਦੇ ਮੁਕਾਬਲੇ ਦੀ ਗੱਲ ਨਹੀਂ, ਹੁਣ ਤਾਂ ਕਾਂ-ਗਿਆਰੀ ਵਰਗੇ ਦਲਾਂ ਨੇ ਮੇਰੇ ਦੇਸ਼ ਦੇ ਕਿਸਾਨਾਂ ਨੂੰ ਖਾ ਲਿਆ ਹੈ। ਮੇਰੇ ਭੋਲੇ ਕਿਸਾਨ ਵੀਰ ਲੋਕਤੰਤਰ ਦੇ ਨਾਂਅ 'ਤੇ ਹਰ 5 ਸਾਲ ਬਾਅਦ ਆਪਣੇ ਹਿੱਸੇ ਆਉਂਦੇ ਹੱਕ 'ਖ਼ੈਰਾਤ' ਦੇ ਰੂਪ ਵਿਚ ਬੂਹੇ ਆਏ ਝੂਠੇ ਹਮਦਰਦੀਆਂ ਦੀ ਝੋਲੀ ਵਿਚ ਪਾ ਦਿੰਦੇ ਹਨ, ਜਿਨ੍ਹਾਂ ਨੇ ਕਦੇ ਦੋ ਕਿਲੋ ਸਬਜ਼ੀ ਵੀ ਪੈਦਾ ਨਹੀਂ ਕੀਤੀ ਹੁੰਦੀ, ਲੱਖਾਂ ਟਨ ਫਸਲ ਦੀ ਗੱਲ ਤਾਂ ਦੂਰ। ਮੇਰੇ ਪੰਜਾਬ ਦੀ ਧਰਤੀ, ਜਿਸ ਨੂੰ ਗੁਰੂਆਂ-ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਸਾਡੇ ਗੁਰੂਆਂ ਨੇ ਵੀ ਖੇਤੀ ਨੂੰ ਸਭ ਤੋਂ ਉੱਤਮ ਕਰਮ ਦੱਸ ਕੇ ਕਿਸਾਨ ਦੀ ਵਡਿਆਈ ਕੀਤੀ, ਅੱਜ ਉਹੀ ਕਿਸਾਨ ਰੁਲ ਰਿਹਾ ਹੈ, ਕਿਉਂਕਿ ਸਾਡੀਆਂ ਸਰਕਾਰਾਂ ਕਿਸਾਨੀ ਸੰਕਟ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ।
ਕੀ ਸਰਕਾਰਾਂ ਨੇ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਕਦੇ ਇਹ ਸੋਚਿਆ ਕਿ ਕਿਸਾਨ ਇਕੱਲੀ ਫਸਲ ਹੀ ਨਹੀਂ ਉਗਾਉਂਦਾ, ਉਹ ਆਪਣੇ ਪੁੱਤਰਾਂ ਅਤੇ ਪੋਤਰਿਆਂ ਨੂੰ ਕਿਸਾਨੀ ਦੀ ਡਿਗਰੀ ਵੀ ਦਿੰਦਾ ਹੈ। ਉਹ ਇਕੱਲੇ ਅੰਨਦਾਤਾ ਹੀ ਨਹੀਂ, ਸਗੋਂ ਆਪਣੇ-ਆਪ ਵਿਚ ਇਕ ਅਜਿਹੀ ਸੰਸਥਾ ਹੈ ਜੋ ਕਿਸਾਨ ਪੈਦਾ ਕਰਦੀ ਹੈ। ਖੈਰ, ਮੁੱਕਦੀ ਗੱਲ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਲਈ ਠੋਸ ਨੀਤੀਆਂ ਤਿਆਰ ਕਰਕੇ ਕਿਸਾਨਾਂ ਅਤੇ ਕਿਸਾਨੀ (ਕਿੱਤੇ) ਨੂੰ ਬਚਾਵੇ। ਸਰਕਾਰ ਨੇ ਪਰਾਲੀ ਨਾ ਸਾੜਨ ਵਰਗੇ ਹੁਕਮ ਕਰਕੇ 'ਖੂਹ ਵਿਚ ਡਿੱਗਾ ਵੈਹੜਕਾ...' ਵਾਲੀ ਕਹਾਵਤ ਨੂੰ ਅੰਜ਼ਾਮ ਦਿੱਤਾ ਹੈ। ਇਹ ਫੈਸਲਾ ਬੁਰਾ ਨਹੀਂ ਪਰ ਪਰਾਲੀ ਨੂੰ ਖੇਤ ਵਿਚ ਵਾਹੁਣਾ ਗਰੀਬ ਕਿਸਾਨ ਦੇ ਵੱਸ ਤੋਂ ਬਾਹਰ ਦੀ ਗੱਲ ਹੈ। ਵਾਤਾਵਰਨ ਨੂੰ ਸਾਫ਼ ਰੱਖਣ ਲਈ ਸਰਕਾਰ ਕਿਉਂ ਨਹੀਂ ਕਿਸਾਨਾਂ ਨੂੰ ਫਲਾਂ ਦੇ ਬੂਟੇ ਵੰਡਦੀ? ਜਿਸ ਨਾਲ ਪੁੰਨ ਅਤੇ ਫਲੀਆਂ ਦੋਵੇਂ ਮਿਲਣ। ਸਮਾਜ ਸੇਵੀ ਸੰਸਥਾਵਾਂ, ਸਰਕਾਰਾਂ ਅਤੇ ਐੱਨ.ਆਰ.ਆਈ. ਸੰਸਥਾਵਾਂ ਨੂੰ ਦਰਿਆਦਿਲੀ ਦਿਖਾਉਂਦੇ ਹੋਏ ਕਿਸਾਨਾਂ ਨੂੰ ਇਕ ਵਾਰ ਇਸ ਸੰਕਟ ਵਿਚੋਂ ਜ਼ਰੂਰ ਕੱਢਣਾ ਚਾਹੀਦਾ ਹੈ।

-ਮੋਬਾ: 94656-06210

ਬੱਚਿਆਂ 'ਚ ਹਾਂ-ਪੱਖੀ ਸੋਚ ਪੈਦਾ ਕਰਨਾ ਮਾਂ-ਬਾਪ ਦੀ ਜ਼ਿੰਮੇਵਾਰੀ

ਬਹੁਤ ਸਾਰੇ ਮਾਂ-ਬਾਪ ਆਪਣੇ ਜੀਵਨ ਵਿਚ ਜਿਸ ਮੁਕਾਮ ਨੂੰ ਪਾਉਣ ਵਿਚ ਅਸਫਲ ਰਹਿ ਜਾਂਦੇ ਹਨ, ਉਹ ਉਨ੍ਹਾਂ ਨੂੰ ਆਪਣੇ ਬੱਚਿਆਂ ਵਿਚੋਂ ਪੂਰਾ ਹੁੰਦਾ ਦੇਖਣਾ ਚਾਹੁੰਦੇ ਹਨ। ਇਸ ਕਾਰਨ ਬੱਚੇ ਆਪਣੀ ਮਰਜ਼ੀ ਅਨੁਸਾਰ ਨਹੀਂ, ਬਲਕਿ ਮਾਂ-ਬਾਪ ਦੀ ਇੱਛਾ ਅਨੁਸਾਰ ਕੈਰੀਅਰ ਚੁਣਦੇ ਹਨ। ਜਿਨ੍ਹਾਂ ਉੱਤੇ ਇਸ ਤਰ੍ਹਾਂ ਦੀ ਜ਼ਿਦ ਥੋਪੀ ਜਾਂਦੀ ਹੈ, ਅਕਸਰ ਜੀਵਨ ਵਿਚ ਨਾਕਾਮ ਰਹਿੰਦੇ ਹਨ। ਇਸ ਕਾਰਨ ਵੀ ਵਿਦਿਆਰਥੀਆਂ ਵਿਚ ਆਤਮਹੱਤਿਆਵਾਂ ਵਧ ਰਹੀਆਂ ਹਨ, ਜਿਸ ਦੇ ਕਈ ਵਾਰ ਮਾਂ-ਬਾਪ ਵੀ ਜ਼ਿੰਮੇਵਾਰ ਹੁੰਦੇ ਹਨ। ਉਸ ਮਿਸ਼ਨ ਨੂੰ ਪ੍ਰਾਪਤ ਕਰਨ ਲਈ ਉਹ ਹਰ ਹੱਥਕੰਡੇ ਨੂੰ ਵਰਤਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਹ ਭੁੱਲ ਜਾਂਦੇ ਹਨ ਕਿ ਹਰ ਬੱਚੇ ਵਿਚ ਇਕੋ ਜਿਹੀ ਊਰਜਾ, ਲਗਨ, ਸ਼ਕਤੀ ਅਤੇ ਹੁਨਰ ਨਹੀਂ ਹੁੰਦਾ। ਹਰ ਬੱਚੇ ਵਿਚ ਕੋਈ ਨਾ ਕੋਈ ਕਲਾ ਛੁਪੀ ਹੁੰਦੀ ਹੈ, ਜਿਸ ਦਾ ਉਹ ਮਾਸਟਰ ਹੁੰਦਾ ਹੈ ਪਰ ਜਦੋਂ ਮਾਂ-ਬਾਪ ਵਲੋਂ ਜ਼ਬਰਦਸਤੀ ਕੋਈ ਸੁਪਨਾ ਉਸ ਉੱਤੇ ਥੋਪਿਆ ਜਾਂਦਾ ਹੈ ਤਾਂ ਉਹ ਬੋਝ ਦਾ ਰੂਪ ਧਾਰਨ ਕਰ ਲੈਂਦਾ ਹੈ ਪਰ ਜਦੋਂ ਬੱਚੇ ਉਸ ਨੂੰ ਚੁੱਕਣ ਵਿਚ ਅਸਮਰੱਥ ਹੁੰਦੇ ਹਨ ਤਾਂ ਮਾਂ-ਬਾਪ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਚੜ੍ਹ ਜਾਂਦਾ ਹੈ। ਬਿਨਾਂ ਸੋਚੇ-ਸਮਝੇ ਉਨ੍ਹਾਂ ਨੂੰ ਜ਼ਲੀਲ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਵੇਂ ਵਾਰ-ਵਾਰ ਉਨ੍ਹਾਂ 'ਤੇ ਕੀਤੇ ਗਏ ਖਰਚ ਬਾਰੇ ਅਹਿਸਾਸ ਕਰਵਾਉਣਾ, ਰਿਸ਼ਤੇਦਾਰਾਂ ਦੇ ਬੱਚਿਆਂ ਨਾਲ ਤੁਲਨਾ ਕਰਨੀ, ਦੂਜੇ ਵਿਦਿਆਰਥੀਆਂ ਦੇ ਮੁਕਾਬਲੇ ਕਮਜ਼ੋਰ, ਨਿਕੰਮਾ ਅਤੇ ਨਲਾਇਕ ਸਮਝਣਾ।
ਪਰ ਮਾਂ-ਬਾਪ ਕੋਲ ਤਾਂ ਅਨੁਭਵ ਹੁੰਦਾ ਹੈ, ਉਹ ਤਾਂ ਇਸ ਅਵਸਥਾ 'ਚੋਂ ਗੁਜ਼ਰੇ ਹੁੰਦੇ ਹਨ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਪ੍ਰੀਖਿਆ ਵਿਚ ਆਏ ਨੰਬਰ ਹੀ ਵਿਦਿਆਰਥੀਆਂ ਦੀ ਆਖਰੀ ਮੰਜ਼ਿਲ ਨਹੀਂ ਹੁੰਦੀ। ਉਸ ਦੇ ਅੱਗੇ ਵੀ ਬਹੁਤ ਸਾਰੇ ਰਸਤੇ ਖੁੱਲ੍ਹੇ ਹਨ। ਸਾਨੂੰ ਆਪਣੇ ਅਨੁਭਵ ਦੁਆਰਾ ਬੱਚਿਆਂ ਦਾ ਮਾਰਗਦਰਸ਼ਨ ਜ਼ਰੂਰ ਕਰਨਾ ਚਾਹੀਦਾ ਹੈ ਪਰ ਉਨ੍ਹਾਂ ਨੂੰ ਆਪਣੇ ਸੁਆਰਥ ਲਈ ਕੋਈ ਇਸ ਤਰ੍ਹਾਂ ਦੇ ਕੰਮ ਕਰਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਕਿ ਉਹ ਆਪਣੀ ਮੰਜ਼ਿਲ ਤੋਂ ਹੀ ਭਟਕ ਜਾਣ। ਮਾੜੇ ਸਮੇਂ ਵਿਚ ਮਾਂ-ਬਾਪ ਨੂੰ ਬੱਚਿਆਂ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ ਅਤੇ ਕਦੇ ਵੀ ਉਨ੍ਹਾਂ ਦਾ ਮਨੋਬਲ ਡਿਗਣ ਨਹੀਂ ਦੇਣਾ ਚਾਹੀਦਾ, ਕਿਉਂਕਿ ਉਨ੍ਹਾਂ ਤੋਂ ਇਲਾਵਾ ਇਸ ਦੁਨੀਆ 'ਤੇ ਕੋਈ ਹੋਰ ਵੱਡਾ ਹਮਦਰਦ ਨਹੀਂ ਹੁੰਦਾ। ਸਾਰੀ ਉਮਰ ਜਵਾਨ ਬੱਚਿਆਂ ਦਾ ਦੁੱਖ ਝੇਲਣ ਨਾਲੋਂ ਸਾਨੂੰ ਆਪਣੇ ਬੱਚਿਆਂ ਦੇ ਅੰਦਰ ਛੁਪੀ ਯੋਗਤਾ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਖੁੱਲ੍ਹਾ ਆਸਮਾਨ ਦੇਣਾ ਚਾਹੀਦਾ ਹੈ, ਜਿਥੇ ਉਹ ਆਪਣੀ ਸ਼ਕਤੀ, ਊਰਜਾ ਅਤੇ ਹੁਨਰ ਅਨੁਸਾਰ ਆਪਣੇ ਜੀਵਨ ਵਿਚ ਰੰਗ ਭਰ ਕੇ ਆਪਣੇ ਪਰਿਵਾਰ ਦਾ ਨਾਂਅ ਉੱਚਾ ਕਰਨ। ਇਸ ਲਈ ਸਮੇਂ ਤੇ ਹਾਲਾਤ ਨੂੰ ਦੇਖਦੇ ਹੋਏ ਵਿਦਿਆਰਥੀਆਂ ਦੁਆਰਾ ਕੀਤੀਆਂ ਜਾ ਰਹੀਆਂ ਆਤਮਹੱਤਿਆਵਾਂ ਨੂੰ ਰੋਕਣ ਲਈ ਸਭ ਮਾਂ-ਬਾਪ ਨੂੰ ਜਾਗਣ ਦੀ ਲੋੜ ਹੈ।

-ਮੋਬਾ: 98782-49944

ਬਜ਼ਾਰੀ ਮਠਿਆਈਆਂ ਤੋਂ ਬਚੋ

ਤਿਉਹਾਰਾਂ ਦੇ ਇਸ ਸੀਜ਼ਨ 'ਤੇ ਸਭ ਤੋਂ ਜ਼ਿਆਦਾ ਇਕ-ਦੂਜੇ ਨੂੰ ਗਿਫਟ ਦੇ ਰੂਪ ਮਠਿਆਈਆਂ ਦਿੱਤੀਆਂ ਜਾਂਦੀਆਂ ਹਨ। ਇਸ ਲਈ ਮਠਿਆਈਆਂ ਦੀ ਖ਼ਰੀਦੋ-ਫਰੋਖਤ ਤਿਉਹਾਰੀ ਸੀਜ਼ਨ 'ਤੇ ਕੁਝ ਜ਼ਿਆਦਾ ਹੀ ਕੀਤੀ ਜਾਂਦੀ ਹੈ, ਪਰ ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਜਿਹੜੀਆਂ ਮਠਿਆਈਆਂ ਅਸੀਂ ਖ਼ਰੀਦ ਕੇ ਖਾ ਰਹੇ ਹਾਂ, ਇਹ ਸਾਡੀ ਸਿਹਤ ਲਈ ਕਿੰਨੀਆਂ ਕੁ ਫਾਇਦੇਮੰਦ ਹਨ ਤੇ ਕਿੰਨੀਆਂ ਕੁ ਨੁਕਸਾਨਦਾਇਕ ਹਨ। ਅੱਜਕਲ੍ਹ ਤਾਂ ਦਿਖਾਈ ਦਿੰਦਾ ਹੈ ਕਿ ਨੁਕਸਾਨ ਹੀ ਨੁਕਸਾਨ ਹੈ। ਪ੍ਰਿੰਟ ਮੀਡੀਏ ਵਿਚ ਵੀ ਇਹ ਖ਼ਬਰਾਂ ਅਕਸਰ ਛਪਦੀਆਂ ਰਹਿੰਦੀਆਂ ਹਨ ਕਿ ਤਿਉਹਾਰੀ ਮੌਸਮ 'ਤੇ ਹਜ਼ਾਰਾਂ ਕੁਇੰਟਲ ਨਕਲੀ ਖੋਆ ਫੜਿਆ ਗਿਆ ਹੈ। ਉਸ ਦਾ ਵੀ ਇਕ ਕਾਰਨ ਹੈ, ਕਿਉਂਕਿ 80 ਫੀਸਦੀ ਮਠਿਆਈਆਂ ਖੋਏ ਤੋਂ ਤਿਆਰ ਹੁੰਦੀਆਂ ਹਨ। ਮਾਹਿਰ ਦੱਸਦੇ ਹਨ ਕਿ ਇਹ ਨਕਲੀ (ਸਿੰਥੈਟਿਕ) ਖੋਆ ਯੂਰੀਆ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਹ ਮਠਿਆਈਆਂ ਤਿਆਰ ਕਰਨ ਲਈ ਨਕਲੀ ਤੇਲ ਤੇ ਘਿਓ ਵਰਤੇ ਜਾਂਦੇ ਹਨ। ਫਿਰ ਇਨ੍ਹਾਂ ਮਠਿਆਈਆਂ ਵਿਚ ਵਰਤੇ ਜਾਣ ਵਾਲੇ ਰੰਗ ਵੀ ਹੱਦ ਦਰਜੇ ਦੇ ਮਾੜੇ ਹੁੰਦੇ ਹਨ, ਕਿਉੁਂਕਿ ਅਸਲੀ ਰੰਗ ਮਹਿੰਗੇ ਹੋਣ ਕਰਕੇ ਹਲਵਾਈ ਤਕਰੀਬਨ ਨਕਲੀ ਰੰਗ ਹੀ ਵਰਤਦੇ ਹਨ। ਇਹ ਨਕਲੀ ਰੰਗ ਲੱਡੂ, ਜਲੇਬੀ, ਵੇਸਣ, ਗੁਲਾਬ ਜਾਮਨ ਤੇ ਰਸਗੁੱਲੇ ਆਦਿ ਵਿਚ ਵਰਤੇ ਜਾਂਦੇ ਹਨ। ਇਹ ਰੰਗ ਵਾਲੀਆਂ ਮਠਿਆਈਆਂ ਸਾਡੀ ਪਾਚਣ ਕਿਰਿਆ, ਦਿਲ, ਜਿਗਰ ਤੇ ਗੁਰਦਿਆਂ 'ਤੇ ਮਾੜਾ ਅਸਰ ਕਰਦੀਆਂ ਹਨ। ਮਠਿਆਈਆਂ ਨੂੰ ਤਰੋਤਾਜ਼ਾ ਤੇ ਇਨ੍ਹਾਂ ਮਠਿਆਈਆਂ ਦਾ ਸੁਆਦ ਬਰਕਰਾਰ ਰੱਖਣ ਲਈ ਉੱਪਰ ਖੁਸ਼ਬੂਆਂ ਦਾ ਜੋ ਛਿੜਕਾਅ ਕੀਤਾ ਜਾਂਦਾ ਹੈ, ਉਹ ਸਾਡੀ ਸਿਹਤ ਲਈ ਹੱਦ ਦਰਜੇ ਦੀਆਂ ਮਾੜੀਆਂ ਤੇ ਖ਼ਤਰਨਾਕ ਹੁੰਦੀਆਂ ਹਨ। ਆਓ ਅਸੀਂ ਵੀ ਇਹ ਰੰਗ-ਬਰੰਗੇ ਜ਼ਹਿਰ ਖਾਣ ਤੋਂ ਪ੍ਰਹੇਜ਼ ਕਰੀਏ, ਆਪਣੀ ਸਿਹਤ ਪ੍ਰਤੀ ਜਾਗਰੂਕ ਹੋਈਏ ਤੇ ਇਕ ਤੰਦਰੁਸਤ ਜੀਵਨ ਜੀਵੀਏ।

ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ, ਮੋਬਾ: 97817-51690

ਵਾਅਦੇ ਉਹ ਕਰੋ ਜੋ ਪੂਰੇ ਹੋ ਸਕਣ

ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਹੋਣ ਦਾ ਮਾਣ ਪ੍ਰਾਪਤ ਹੈ। ਲੋਕਤੰਤਰ ਨੂੰ ਅਮਰੀਕਾ ਦੇ ਰਹਿ ਚੁੱਕੇ ਰਾਸ਼ਟਰਪਤੀ ਇਬਰਾਹੀਮ ਲਿੰਕਨ ਦੇ ਸ਼ਬਦਾਂ ਵਿਚ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ-'ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸਰਕਾਰ ਹੁੰਦੀ ਹੈ।' ਇਸ ਸ਼ਾਸਨ ਪ੍ਰਣਾਲੀ ਵਿਚ ਲੋਕ ਨਿਸਚਿਤ ਸਮੇਂ ਬਾਅਦ ਇਕ ਨਿਸਚਿਤ ਦਿਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣੇ ਪ੍ਰਤੀਨਿਧੀਆਂ ਦੀ ਚੋਣ ਕਰਦੇ ਹਨ। ਇਸ ਕਾਰਨ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਵੋਟ ਰਾਜਨੀਤੀ ਨੇ ਜਨਮ ਲਿਆ ਹੈ, ਜਿਸ ਦਾ ਭਾਵ ਹੈ ਕਿ ਵੋਟਰਾਂ ਨੂੰ ਜਾਇਜ਼-ਨਾਜਾਇਜ਼ ਢੰਗਾਂ ਰਾਹੀ ਪ੍ਰਭਾਵਿਤ ਕਰਕੇ ਉਨ੍ਹਾਂ ਦੀਆਂ ਵੋਟਾਂ ਪ੍ਰਾਪਤ ਕਰਨਾ ਹੈ। ਅੱਜ ਭਾਰਤੀ ਰਾਜਨੀਤਕ ਪ੍ਰਣਾਲੀ ਵਿਚ ਵੋਟ ਰਾਜਨੀਤੀ ਇਸ ਹੱਦ ਤੱਕ ਭਾਰੂ ਹੋ ਗਈ ਹੈ ਕਿ ਕਈ ਵਾਰੀ ਇਸ ਦੀ ਵਰਤੋਂ ਕਰਦੇ ਹੋਏ ਰਾਜਨੀਤਕ ਦਲ ਦੇਸ਼ ਦੇ ਹਿੱਤਾਂ ਦੇ ਵਿਰੁੱਧ ਵੀ ਕੰਮ ਕਰ ਜਾਂਦੇ ਹਨ, ਜਿਸ ਕਾਰਨ ਦੇਸ਼ ਨੂੰ ਬਹੁਤ ਨੁਕਸਾਨ ਉਠਾਉਣਾ ਪੈਂਦਾ ਹੈ।
ਭਾਰਤੀ ਸੰਵਿਧਾਨ ਦੇ ਅਨੁਛੇਦ 25 ਤੋਂ 28 ਤੱਕ ਭਾਰਤ ਨੂੰ ਇਕ ਧਰਮ-ਨਿਰਪੱਖ ਦੇਸ਼ ਘੋਸ਼ਿਤ ਕੀਤਾ ਗਿਆ ਹੈ, ਜਿਸ ਦੇ ਅਨੁਸਾਰ ਧਰਮ ਦੇ ਆਧਾਰ 'ਤੇ ਵੋਟਾਂ ਮੰਗਣ ਅਤੇ ਰਾਜਨੀਤਕ ਪਾਰਟੀਆਂ ਦਾ ਗਠਨ ਕਰਨ ਦੀ ਮਨਾਹੀ ਕੀਤੀ ਗਈ ਹੈ ਪਰ ਜੇ ਅਸੀਂ ਭਾਰਤ ਦੀ ਰਾਜਨੀਤਕ ਪ੍ਰਣਾਲੀ ਦਾ ਅਧਿਐਨ ਕਰਦੇ ਹਾਂ ਤਾਂ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਭਾਰਤ ਦੀਆਂ ਬਹੁਤੀਆਂ ਰਾਜਨੀਤਕ ਪਾਰਟੀਆਂ ਅਜਿਹੀਆਂ ਹੀ ਹਨ, ਜਿਨ੍ਹਾਂ ਦਾ ਕਿਸੇ ਨਾ ਕਿਸੇ ਰੂਪ ਵਿਚ ਆਧਾਰ ਧਰਮ ਜਾਂ ਜਾਤ ਹੀ ਹੈ। ਕੁਝ ਰਾਜਨੀਤਕ ਦਲ ਭਾਸ਼ਾ ਦੇ ਆਧਾਰ 'ਤੇ ਵੀ ਸੰਗਠਤ ਕੀਤੇ ਗਏ ਹਨ। ਪਹਿਲਾਂ ਹੀ 1947 ਵਿਚ ਧਰਮ ਦੇ ਆਧਾਰ 'ਤੇ ਦੇਸ਼ ਦੋ ਹਿੱਸਿਆਂ ਵਿਚ ਵੰਡਿਆ ਜਾ ਚੁੱਕਾ ਹੈ। ਜੇ ਰਾਜਨੀਤਕ ਪਾਰਟੀਆਂ ਅਤੇ ਨੇਤਾਵਾਂ ਨੇ ਰਾਜਨੀਤਕ ਸ਼ਕਤੀ ਦੀ ਲਾਲਸਾ ਅਤੇ ਭੁੱਖ ਨੂੰ ਪੂਰਾ ਕਰਨ ਲਈ ਧਰਮ, ਜਾਤ ਅਤੇ ਭਾਸ਼ਾ ਆਦਿ ਨੂੰ ਹਥਿਆਰ ਦੇ ਤੌਰ 'ਤੇ ਵਰਤਣਾ ਨਾ ਛੱਡਿਆ ਤਾਂ ਆਉਣ ਵਾਲੇ ਸਮੇਂ ਵਿਚ ਇਸ ਦੇ ਹੋਰ ਵੀ ਮਾਰੂ ਨਤੀਜੇ ਸਾਹਮਣੇ ਆਉਣਗੇ, ਜਿਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਹੋਣ ਦਾ ਡਰ ਹੈ। ਜਿਨ੍ਹਾਂ ਦੇਸ਼ਾਂ (ਇੰਗਲੈਂਡ, ਅਮਰੀਕਾ, ਫਰਾਂਸ ਆਦਿ) ਨੂੰ ਦੇਖ ਕੇ ਅਸੀਂ ਭਾਰਤ ਵਿਚ ਲੋਕਤੰਤਰੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਹੈ, ਸਾਡੇ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਨੂੰ ਉਨ੍ਹਾਂ ਦੇਸ਼ਾਂ ਦੀਆਂ ਰਾਜਨੀਤਕ ਪਾਰਟੀਆਂ ਦਾ ਅਧਿਐਨ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਅਧਿਐਨ ਕਰਨ ਤੋਂ ਇਕ ਗੱਲ ਸ਼ੀਸ਼ੇ ਦੀ ਤਰ੍ਹਾਂ ਸਾਫ ਹੋ ਜਾਂਦੀ ਹੈ ਕਿ ਇੰਗਲੈਂਡ ਆਦਿ ਵਿਕਸਤ ਦੇਸ਼ਾਂ ਵਿਚ ਰਾਜਨੀਤਕ ਪਾਰਟੀਆਂ ਕਿਸੇ ਵੀ ਤਰ੍ਹਾਂ ਦੇਸ਼ ਦੇ ਹਿੱਤਾਂ ਨਾਲ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੀਆਂ ਅਤੇ ਚੋਣਾਂ ਸਮੇਂ ਜਨਤਾ ਨਾਲ ਪੂਰੇ ਹੋਣ ਵਾਲੇ ਵਾਅਦੇ ਹੀ ਕੀਤੇ ਜਾਂਦੇ ਹਨ। ਸਾਡੇ ਅਕਸਰ ਨਾ ਪੂਰੇ ਹੋਣ ਵਾਲੇ ਵਾਅਦਿਆਂ ਦੇ ਸੁਪਨੇ ਦਿਖਾ ਕੇ ਰਾਜਨੀਤਕ ਪਾਰਟੀਆਂ ਸੱਤਾ ਵਿਚ ਆ ਜਾਂਦੀਆਂ ਹਨ। ਬਾਅਦ ਵਿਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹ ਵਾਅਦੇ ਤਾਂ ਸਿਰਫ 'ਚੋਣ ਜੁਮਲੇ' ਸਨ। ਰਾਜਸੀ ਸ਼ਕਤੀ ਪ੍ਰਾਪਤ ਕਰਨ ਲਈ ਦੇਸ਼ ਦੇ ਹਿੱਤਾਂ ਅਤੇ ਜਨਤਕ ਹਿੱਤਾਂ ਨੂੰ ਮੁੱਖ ਰੱਖ ਕੇ ਨੀਤੀਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਜੇਕਰ ਅਸੀਂ ਭਾਰਤ ਨੂੰ ਇਕ ਵਿਕਸਤ ਰਾਸ਼ਟਰ ਦੇ ਰੂਪ ਵਿਚ ਅੰਤਰਰਾਸ਼ਟਰੀ ਮੰਚ 'ਤੇ ਦੇਖਣਾ ਚਾਹੁੰਦੇ ਹਾਂ ਤੇ ਭਾਰਤ ਨੂੰ ਵਿਸ਼ਵ ਦੀ ਇਕ ਮਹਾਂਸ਼ਕਤੀ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਸਾਨੂੰ ਸਾਰਿਆਂ ਨੂੰ ਧਰਮ, ਜਾਤ, ਭਾਸ਼ਾ, ਖੇਤਰ ਆਦਿ ਦੇ ਭੇਦ-ਭਾਵ ਭੁਲਾ ਕੇ ਨਿੱਜੀ ਹਿੱਤਾਂ ਨਾਲੋਂ ਰਾਸ਼ਟਰੀ ਹਿੱਤਾਂ ਨੂੰ ਪ੍ਰਮੁੱਖਤਾ ਦੇ ਕੇ ਸਾਂਝੇ ਯਤਨ ਕਰਨੇ ਪੈਣਗੇ, ਤਾਂ ਹੀ ਅਸੀਂ ਵਿਕਸਤ ਰਾਸ਼ਟਰ ਦੇ ਸੁਪਨੇ ਨੂੰ ਪੂਰਾ ਕਰਨ ਦੇ ਮਾਰਗ 'ਤੇ ਅੱਗੇ ਵਧ ਸਕਦੇ ਹਾਂ।

-ਮਾਲੇਰਕੋਟਲਾ (ਸੰਗਰੂਰ)।
ਮੋਬਾ: 94171-58300

ਰਿਸ਼ਵਤ ਦਾ ਬੋਲਬਾਲਾ

ਰਿਸ਼ਵਤ, ਭ੍ਰਿਸ਼ਟਾਚਾਰ ਇਕ ਅਜਿਹੀ ਬਿਮਾਰੀ ਸਮਾਜ ਨੂੰ ਲੱਗ ਚੁੱਕੀ ਹੈ, ਜਿਸ ਨੇ ਸਾਰੇ ਸਿਸਟਮ ਨੂੰ ਅਪਾਹਜ ਕਰਕੇ ਰੱਖ ਦਿੱਤਾ ਹੈ। ਇਸ ਨੂੰ ਪੋਲੀਓ ਦੀਆਂ ਬੂੰਦਾਂ ਪਿਆਉਣ ਵਾਲੀ ਮੁਹਿੰਮ ਵਾਂਗ ਚਲਾ ਕੇ ਹਰ ਦਫਤਰ ਦੇ ਹਰ ਵਿਭਾਗ ਵਿਚੋਂ ਖ਼ਤਮ ਕਰਨਾ ਚਾਹੀਦਾ ਹੈ। ਇਹ ਸਮਾਜ ਅਤੇ ਦੇਸ਼ ਵਾਸਤੇ ਬੇਹੱਦ ਜ਼ਰੂਰੀ ਹੈ। ਹੁਣ ਇਹ ਮਹਾਂਮਾਰੀ ਦੀ ਹੱਦ ਤੱਕ ਫੈਲ ਗਿਆ ਹੈ। ਜਿਹੜਾ ਵੀ ਰਿਸ਼ਵਤ ਲੈਣ ਦੇ ਦੋਸ਼ ਹੇਠ ਫੜਿਆ ਜਾਂਦਾ ਹੈ, ਉਹ ਹੀ ਕਹਿੰਦਾ ਹੈ ਕਿ ਮੈਨੂੰ ਸਾਜਿਸ਼ ਤਹਿਤ ਫਸਾਇਆ ਗਿਆ ਹੈ। ਅਜਿਹੀ ਖਿਚੜੀ ਪੱਕਦੀ ਹੈ ਕਿ ਸਭ ਕੁਝ ਠੀਕ ਹੋ ਜਾਂਦਾ ਹੈ। ਜਿਹੜੇ ਤਾਂ ਮਿਹਨਤ ਦੀ ਕਮਾਈ 'ਤੇ ਹਨ, ਉਨ੍ਹਾਂ ਨੂੰ ਘਰ ਚਲਾਉਣੇ ਔਖੇ ਹਨ, ਜਿਹੜੇ ਰਿਸ਼ਵਤਖੋਰ ਹਨ ਜਾਂ ਗ਼ਲਤ ਕੰਮਾਂ ਨਾਲ ਪੈਸੇ ਕਮਾ ਰਹੇ ਹਨ, ਉਹ ਮਹਿਲਨੁਮਾ ਘਰਾਂ ਵਿਚ ਰਹਿੰਦੇ ਹਨ। ਇਹ ਵੱਡੀਆਂ ਗੱਡੀਆਂ, ਸ਼ਾਨੋ-ਸ਼ੌਕਤ ਵਾਲੇ ਜਦੋਂ ਸਮਾਜ ਵਿਚ ਵਿਚਰਦੇ ਹਨ ਤਾਂ ਦੂਜਿਆਂ ਨੂੰ ਵੀ ਲਗਦਾ ਹੈ ਕਿ ਇਹ ਜ਼ਿੰਦਗੀ ਬਿਹਤਰ ਹੈ, ਉਹ ਉਨ੍ਹਾਂ ਸਹੂਲਤਾਂ ਲਈ ਗ਼ਲਤ ਰਸਤਿਆਂ ਨੂੰ ਵੀ ਠੀਕ ਸਮਝਣ ਲੱਗ ਜਾਂਦਾ ਹੈ।
ਘੱਟ ਪੜ੍ਹੇ ਸਿਆਸੀ ਲੋਕਾਂ ਨੂੰ ਦੇਖ ਕੇ ਲਗਦਾ ਹੈ ਕਿ ਪੜ੍ਹਾਈ ਦਾ ਕੀ ਫਾਇਦਾ, ਇਹ ਵੀ ਤਾਂ ਐਸ਼ ਦੀ ਜ਼ਿੰਦਗੀ ਜੀਅ ਰਹੇ ਨੇ। ਕੁਝ ਜਮਾਤਾਂ ਪੜ੍ਹਿਆ ਸਿੱਖਿਆ ਮੰਤਰੀ ਬਣ ਸਕਦਾ ਹੈ। ਹਰ ਕੰਮ ਲਈ ਪੈਸੇ ਲੈਣੇ ਫੈਸ਼ਨ ਹੋ ਗਿਆ ਹੈ। ਰਿਸ਼ਵਤ ਪਹਿਲਾਂ ਵੀ ਚਲਦੀ ਸੀ, ਲੁਕ-ਛੁਪ ਕੇ ਲਈ ਜਾਂਦੀ ਸੀ, ਸਮਾਜ ਵਿਚ ਉਸ ਨੂੰ ਇੱਜ਼ਤ-ਮਾਣ ਨਹੀਂ ਸੀ ਮਿਲਦਾ। ਹੁਣ ਰਿਸ਼ਵਤ ਹੱਕ ਨਾਲ ਅਤੇ ਨਿਡਰਤਾ ਨਾਲ ਮੰਗੀ ਜਾਂਦੀ ਹੈ। ਤਨਖਾਹ ਤਾਂ ਠੀਕ ਹੈ, ਸਰਕਾਰ ਨੇ ਦੇਣੀ ਹੀ ਹੈ। ਰਿਸ਼ਵਤ ਦਾ ਕੀੜਾ ਉਦੋਂ ਦਿਮਾਗ ਵਿਚ ਵੜਦਾ ਹੈ ਜਦੋਂ ਭ੍ਰਿਸ਼ਟ ਤੇ ਰਿਸ਼ਵਤਖੋਰ ਸਮਾਜ ਵਿਚ ਸਨਮਾਨਿਆ ਜਾਂਦਾ ਹੈ। ਨਰਿੰਦਰ ਸਿੰਘ ਕਪੂਰ ਨੇ ਲਿਖਿਆ ਹੈ, 'ਜਦੋਂ ਬੱਚਿਆਂ ਨੂੰ ਨਾਲਾਇਕਾਂ ਹੱਥੋਂ ਇਨਾਮ ਦਿਵਾਏ ਜਾਣ ਤਾਂ ਉਸ ਸਮੇਂ ਉਨ੍ਹਾਂ ਨੂੰ ਅਸੀਂ ਭ੍ਰਿਸ਼ਟਾਚਾਰ ਸਿਖਾ ਰਹੇ ਹੁੰਦੇ ਹਾਂ।' ਕਾਬਲ, ਬੁੱਧੀਜੀਵੀ, ਇਮਾਨਦਾਰ ਲੋਕਾਂ ਨੂੰ ਸਮਾਜ ਵਿਚ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਕਿ ਇਹ ਛੂਤ ਦਾ ਰੋਗ ਜਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ, ਰੋਕਿਆ ਜਾਵੇ।

-ਮੋਬਾ: 98150-30221

ਪੈਰ ਪਸਾਰ ਰਿਹਾ ਡੇਰਾਵਾਦ

ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਸੂਰਬੀਰਾਂ ਦੀ ਧਰਤੀ ਹੈ। ਆਮ ਕਹਾਵਤ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਇਥੋਂ ਦੇ ਲੋਕ ਸਰੀਰਕ ਤੌਰ 'ਤੇ ਬਲਵਾਨ ਅਤੇ ਦਲੇਰ ਮੰਨੇ ਜਾਂਦੇ ਹਨ। ਪੰਜਾਬੀਆਂ ਨੇ ਹਰੇਕ ਮੁਸੀਬਤ ਦਾ ਸਾਹਮਣਾ ਬੜੀ ਬਹਾਦਰੀ ਨਾਲ ਕੀਤਾ ਹੈ। ਚਾਹੇ ਉਹ ਮਹਿਮੂਦ ਗਜ਼ਨਵੀ ਦੇ ਹਮਲੇ ਹੋਣ, ਨਾਦਰ ਸ਼ਾਹ ਦੀ ਲੁੱਟ-ਖਸੁੱਟ ਹੋਵੇ ਅਤੇ ਚਾਹੇ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਹੋਣ। ਪੰਜਾਬੀਆਂ ਨੇ ਇਨ੍ਹਾਂ ਹਮਲਿਆਂ ਦਾ ਸੀਨਾ ਤਾਣ ਕੇ ਸਾਹਮਣਾ ਕੀਤਾ। ਇਸੇ ਕਰਕੇ ਹੀ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਸੀ। ਅੱਜ ਸਾਡੀ ਇਸ ਮਹਾਨ ਧਰਤੀ 'ਤੇ ਲਗਪਗ 8 ਹਜ਼ਾਰ ਵੱਖ-ਵੱਖ ਡੇਰਿਆਂ ਨੇ ਕਬਜ਼ਾ ਕਰ ਰੱਖਿਆ ਹੈ, ਜਦੋਂ ਕਿ ਪੰਜਾਬ ਦੇ ਪਿੰਡਾਂ ਦੀ ਕੁੱਲ ਗਿਣਤੀ ਸਾਢੇ 12 ਹਜ਼ਾਰ ਦੇ ਕਰੀਬ ਹੈ। ਉਹ ਕਿਹੜੇ ਕਾਰਨ ਹਨ, ਜਿਨ੍ਹਾਂ ਕਰਕੇ ਇਹ ਡੇਰੇ ਏਨੀ ਜ਼ਿਆਦਾ ਗਿਣਤੀ ਵਿਚ ਵਧ ਰਹੇ ਹਨ? ਇਸ ਡੇਰਾਵਾਦ ਵਧਣ ਲਈ ਲੋਕਾਂ ਦੀ ਅਗਿਆਨਤਾ ਅਤੇ ਅੰਨ੍ਹੀ ਸ਼ਰਧਾ, ਵੋਟਾਂ ਦੀ ਰਾਜਨੀਤੀ, ਅਨਪੜ੍ਹਤਾ, ਸਮੇਂ ਦੀਆਂ ਸਰਕਾਰਾਂ ਦੀ ਸਰਪ੍ਰਸਤੀ ਅਤੇ ਦੇਹਧਾਰੀ ਗੁਰੂ-ਡੰਮ ਆਦਿ ਬਹੁਤ ਸਾਰੇ ਕਾਰਨ ਜ਼ਿੰਮੇਵਾਰ ਹਨ।
ਸਾਡੇ ਅਜੋਕੇ ਰਾਜਨੀਤਕ ਲੋਕ ਵੀ ਇਨ੍ਹਾਂ ਡੇਰਿਆਂ ਵਿਚ ਹੁੰਦੇ ਭਾਰੀ ਇਕੱਠ ਦਾ ਫਾਇਦਾ ਆਪਣਾ ਵੋਟ ਬੈਂਕ ਵਧਾਉਣ ਲਈ ਕਰਦੇ ਹਨ ਅਤੇ ਡੇਰਾ ਮੁਖੀਆਂ ਦੇ ਪੈਰਾਂ 'ਤੇ ਡਿਗਦੇ ਹਨ। ਡੇਰਾ ਮੁਖੀ ਵੀ ਸਰਕਾਰਾਂ 'ਤੇ ਦਬਾਅ ਪਾ ਕੇ ਹਰ ਜਾਇਜ਼-ਨਾਜਾਇਜ਼ ਕੰਮ ਕਰਦੇ ਹਨ। ਇਕ ਡੇਰੇ ਦੀ ਤਾਜ਼ਾ ਮਿਸਾਲ ਸਾਡੇ ਸਭ ਦੇ ਸਾਹਮਣੇ ਹੀ ਹੈ ਕਿ ਕਿਵੇਂ ਇਸ ਡੇਰੇ ਦੇ ਪ੍ਰਬੰਧਕਾਂ ਨੇ ਆਪਣੇ ਮੁਖੀ ਨੂੰ ਬਚਾਉਣ ਲਈ ਭੋਲੇ-ਭਾਲੇ ਲੋਕਾਂ ਨੂੰ ਹਿੰਸਾ ਕਰਨ, ਭੰਨ-ਤੋੜ ਅਤੇ ਅੱਗ ਲਗਾਉਣ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ। ਸਾਡੇ ਲੋਕਾਂ ਨੂੰ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਕੋਈ ਵੀ ਡੇਰੇਦਾਰ ਭਾਵੇਂ ਕਿੰਨੀ ਵੱਡੀ ਹਸਤੀ ਜਾਂ ਅਸਰ-ਰਸੂਖ ਰੱਖਦਾ ਹੋਵੇ, ਕਾਨੂੰਨ ਤੋਂ ਵੱਡਾ ਨਹੀਂ ਹੁੰਦਾ। ਇਸ ਘਟਨਾ ਤੋਂ ਬਾਅਦ ਲੋਕਾਂ ਦਾ ਦੇਸ਼ ਦੀ ਨਿਆਂ ਪ੍ਰਣਾਲੀ 'ਤੇ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਅੰਤ ਵਿਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਅਜੋਕੇ ਸਮੇਂ ਵਿਚ ਪੰਜਾਬੀਆਂ ਨੂੰ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ, ਤਾਂ ਕਿ ਭਵਿੱਖ ਵਿਚ ਕੋਈ ਵੀ ਡੇਰਾ ਏਨਾ ਸ਼ਕਤੀਸ਼ਾਲੀ ਨਾ ਬਣ ਸਕੇ, ਜਿਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖ਼ਤਰਾ ਪੈਦਾ ਹੋ ਸਕੇ। ਸਾਨੂੰ ਸਾਰਿਆਂ ਨੂੰ ਆਪਣੇ-ਆਪਣੇ ਧਰਮ ਵਿਚ ਰਹਿ ਕੇ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਿਧਾਂਤ 'ਤੇ ਚੱਲ ਕੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

-ਪਿੰਡ ਬਰੌਂਗਾ ਜ਼ੇਰ, ਤਹਿ: ਅਮਲੋਹ (ਫਤਹਿਗੜ੍ਹ ਸਾਹਿਬ)। ਮੋਬਾ: 99141-42300

 

ਗਰੀਨ ਦੀਵਾਲੀ, ਜੀਵਨ ਦੀ ਖੁਸ਼ਹਾਲੀ

 ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਦੂਸ਼ਣ ਦੀ ਰੋਕਥਾਮ ਅਤੇ ਵਾਤਾਵਰਨ ਦੀ ਸੰਭਾਲ ਲਈ ਨਾਅਰਾ ਦਿੱਤਾ ਜਾ ਰਿਹਾ ਹੈ ਕਿ ਇਸ ਵਾਰ ਗਰੀਨ ਦੀਵਾਲੀ ਮਨਾਈ ਜਾਵੇ ਤਾਂ ਕਿ ਮਨੁੱਖੀ ਜੀਵਨ ਬਚਾਇਆ ਜਾ ਸਕੇ। ਦੀਵਾਲੀ ਦੇ ਇਸ ਪਵਿੱਤਰ ਤਿਉਹਾਰ 'ਤੇ ਜਿਥੇ ਅਸੀਂ ਪ੍ਰਦੂਸ਼ਣ ਵਿਚ ਵਾਧਾ ਕਰਦੇ ਹਾਂ, ਉਥੇ ਅਸੀਂ ਫਜ਼ੂਲ ਖਰਚੀ ਕਰਕੇ ਆਰਥਿਕ ਬੋਝ ਹੇਠ ਵੀ ਦੱਬ ਜਾਂਦੇ ਹਾਂ। ਤਿਉਹਾਰਾਂ ਦੇ ਦਿਨਾਂ ਵਿਚ ਖ਼ਰੀਦੀਆਂ ਮਠਿਆਈਆਂ ਵੀ ਸਾਡੀ ਸਿਹਤ ਦਾ ਨੁਕਸਾਨ ਕਰਦੀਆਂ ਹਨ। ਦੀਵਾਲੀ 'ਤੇ ਕੀਤੀ ਬੇਲੋੜੀ ਰੌਸ਼ਨੀ ਬਿਜਲੀ ਦੇ ਖਰਚੇ ਦੇ ਰੂਪ ਵਿਚ ਸਾਡੇ ਉੱਪਰ ਬੋਝ ਬਣਦੀ ਹੈ। ਅਸੀਂ ਇਸ ਤਰ੍ਹਾਂ ਦੀ ਫਜ਼ੂਲ ਖਰਚੀ ਤੋਂ ਬਚ ਸਕਦੇ ਹਾਂ। ਸਭ ਤੋਂ ਜ਼ਰੂਰੀ ਹੈ ਕਿ ਇਸ ਪਵਿੱਤਰ ਤਿਉਹਾਰ 'ਤੇ ਆਤਿਸ਼ਬਾਜ਼ੀ ਬਿਲਕੁਲ ਨਾ ਕੀਤੀ ਜਾਵੇ, ਕਿਉਂਕਿ ਆਤਿਸ਼ਬਾਜ਼ੀ ਵਿਚੋਂ ਨਿਕਲੇ ਜ਼ਹਿਰੀਲੇ ਧੂੰਏਂ ਨਾਲ ਜਿਥੇ ਵਾਤਾਵਰਨ ਖਰਾਬ ਹੁੰਦਾ ਹੈ, ਉਥੇ ਹੀ ਮਨੁੱਖੀ ਜੀਵਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਦਮਾ, ਫੇਫੜਿਆਂ ਦੀਆਂ ਬਿਮਾਰੀਆਂ, ਦਿਲ ਦੇ ਰੋਗ ਸਭ ਇਸ ਦੀ ਦੇਣ ਹਨ। ਆਕਾਸ਼ ਵਿਚ ਉਡਦੇ ਧੂੰਏਂ ਨਾਲ ਕਈ ਪੰਛੀਆਂ ਦੀਆਂ ਜਾਤੀਆਂ ਵੀ ਖ਼ਤਮ ਹੋ ਚੁੱਕੀਆਂ ਹਨ। ਸਾਡੇ ਗੁਰੂਆਂ, ਪੀਰਾਂ ਨੇ ਇਹ ਤਾਂ ਨਹੀਂ ਕਿਹਾ ਕਿ ਇਸ ਪਵਿੱਤਰ ਦਿਨ 'ਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਜਾਵੇ, ਉਨ੍ਹਾਂ ਨੇ ਤਾਂ ਸਾਨੂੰ ਇਸ ਦਿਨ ਦੇਸੀ ਘਿਓ ਜਾਂ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਉਣ ਦਾ ਸੰਦੇਸ਼ ਦਿੱਤਾ ਸੀ।
ਆਪ ਜੀ ਦੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਹੈ ਕਿ ਸਰ੍ਹੋਂ ਦੇ ਤੇਲ ਦਾ ਦੀਵਾ ਜਾਂ ਦੇਸੀ ਘਿਓ ਦਾ ਦੀਵਾ ਆਪਣੇ ਚਾਰ-ਚੁਫੇਰੇ ਅੱਠ ਮੀਟਰ ਤੱਕ ਵਾਤਾਵਰਨ ਨੂੰ ਸ਼ੁੱਧ ਕਰਦਾ ਹੈ। ਇਸੇ ਕਰਕੇ ਹੀ ਧਾਰਮਿਕ ਸਥਾਨਾਂ 'ਤੇ ਦੇਸੀ ਘਿਓ ਦੀ ਜੋਤ ਜਗਾਈ ਜਾਂਦੀ ਹੈ। ਇਨ੍ਹਾਂ ਤਿਉਹਾਰਾਂ 'ਤੇ ਅਸੀਂ ਬਿਜਲੀ ਦੀਆਂ ਲੜੀਆਂ ਜਗਾ ਕੇ ਲੱਖਾਂ ਰੁਪਏ ਦੀ ਬਿਜਲੀ ਬਰਬਾਦ ਕਰਦੇ ਹਾਂ। ਇਸ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਏ ਜਾਣ। ਤਿਉਹਾਰਾਂ 'ਤੇ ਘੱਟ ਤੋਂ ਘੱਟ ਮਠਿਆਈਆਂ ਖਰੀਦੀਆਂ ਜਾਣ। ਮਠਿਆਈਆਂ ਦੀ ਬਜਾਏ ਫਲ ਜਾਂ ਸੁੱਕੇ ਮੇਵੇ ਖਰੀਦੇ ਜਾ ਸਕਦੇ ਹਨ। ਪਟਾਕਿਆਂ ਦੁਆਰਾ ਪੈਦਾ ਕੀਤੀ ਆਵਾਜ਼ ਨਾਲ ਕੰਨਾਂ ਅਤੇ ਦਿਲ ਦੀਆਂ ਬਿਮਾਰੀਆਂ ਵਧਦੀਆਂ ਹਨ। ਹਸਪਤਾਲਾਂ ਵਿਚ ਦਾਖ਼ਲ ਮਰੀਜ਼ ਬੇਚੈਨੀ ਮਹਿਸੂਸ ਕਰਦੇ ਹਨ। ਮੇਰੀ ਸਭ ਧਾਰਮਿਕ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਉਹ ਧਾਰਮਿਕ ਸਥਾਨਾਂ 'ਤੇ ਵੀ ਗਰੀਨ ਦੀਵਾਲੀ ਮਨਾਉਣ, ਤਾਂ ਕਿ ਲੋਕਾਂ ਤੱਕ ਚੰਗਾ ਸੰਦੇਸ਼ ਜਾ ਸਕੇ। ਦੀਵਾਲੀ ਪ੍ਰੇਮ-ਭਾਵ ਦਾ ਤਿਉਹਾਰ ਹੈ, ਨਾ ਕਿ ਬਰਬਾਦੀ ਦਾ। ਇਸ ਲਈ ਸਾਡਾ ਸਭ ਦਾ ਫਰਜ਼ ਹੈ ਕਿ ਸਭ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ।

-ਸ: ਸੀ: ਸੈ: ਸਕੂਲ, ਗੱਦੀ ਰਾਜੋ ਕੇ (ਫਿਰੋਜ਼ਪੁਰ)। ਮੋਬਾ: 99143-80202

ਠੋਸ ਯੋਜਨਾਬੰਦੀ ਤੋਂ ਬਗੈਰ ਮੁਸ਼ਕਿਲ ਹੈ ਪ੍ਰਦੂਸ਼ਣ ਨੂੰ ਰੋਕਣਾ

 ਪੰਜਾਬ ਵਿਚ ਹਰ ਸਾਲ 19 ਮਿਲੀਅਨ ਟਨ ਤੋਂ ਵੀ ਜ਼ਿਆਦਾ ਪਰਾਲੀ ਪੈਦਾ ਹੁੰਦੀ ਹੈ। ਬਾਇਓ-ਮਾਸ ਪ੍ਰੋਜੈਕਟਾਂ, ਕਾਗਜ਼-ਗੱਤਾ ਮਿੱਲਾਂ ਅਤੇ ਪਸ਼ੂਆਂ ਲਈ ਹਰੇ ਚਾਰੇ ਦੇ ਰੂਪ ਵਿਚ ਵਰਤੀ ਜਾਂਦੀ ਪਰਾਲੀ ਦੀ ਮਾਤਰਾ ਇਸ ਦੀ ਕੁੱਲ ਪੈਦਾਵਾਰ ਦਾ ਮਸਾਂ 21 ਫੀਸਦੀ ਹੀ ਬਣਦਾ ਹੈ। ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਵਾਸਤੇ ਕੇਂਦਰ ਸਰਕਾਰ ਤੋਂ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਹੈ, ਜਿਸ ਨਾਲ ਸਬੰਧਤ ਪ੍ਰਸਤਾਵ ਕੇਂਦਰ ਸਰਕਾਰ ਪਾਸ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਪਰ ਕਿਸਾਨ ਨੁਮਾਇੰਦੇ ਇਸ ਪ੍ਰਤੀ ਕੁਇੰਟਲ 100 ਰੁਪਏ ਬੋਨਸ ਨੂੰ ਕਾਫੀ ਨਹੀਂ ਮੰਨ ਰਹੇ। ਹਾਲਾਂਕਿ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਬੋਨਸ ਦੀ ਮਨਜ਼ੂਰੀ ਮਿਲਦੀ ਵੀ ਹੈ ਜਾਂ ਨਹੀਂ। ਜੇਕਰ ਗੱਲ ਸਿਰਫ ਵਾਧੂ ਖਰਚੇ ਤੱਕ ਹੀ ਸੀਮਤ ਹੁੰਦੀ ਤਾਂ ਵੀ ਕਿਸਾਨ 'ਚਲੋ ਜਿੱਥੇ ਹੋਰ ਉਥੇ ਹੋਰ' ਕਹਿ ਕੇ ਇਹ ਗਲ ਪਈ ਬਿਪਤਾ ਨੂੰ ਸ਼ਾਇਦ ਸਹਾਰ ਹੀ ਜਾਂਦੇ। ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਗਾਲਣ ਲਈ ਖੇਤਾਂ ਨੂੰ ਪਾਣੀ ਵੀ ਲਾਉਣਾ ਪਵੇਗਾ ਅਤੇ ਦੁਬਾਰਾ ਖੇਤ ਬੱਤਰ ਆਉਣ, ਵਾਹ ਕੇ ਅਗਲੀ ਫਸਲ ਲਈ ਖੇਤ ਤਿਆਰ ਕਰਨ ਵਿਚ ਇਕ ਮਹੀਨੇ ਦੇ ਲਗਪਗ ਵਾਧੂ ਸਮਾਂ ਵੀ ਇੰਤਜ਼ਾਰ ਕਰਨਾ ਪਵੇਗਾ, ਜੋ ਕਿ ਸੰਭਾਵਨਾ ਭਰਪੂਰ ਤਰਕ ਦੀ ਕਸਵੱਟੀ 'ਤੇ ਖਰਾ ਉਤਰਨ ਵਾਲੀ ਗੱਲ ਨਹੀਂ ਹੈ।
ਪੰਜਾਬ ਦੇ ਖੇਤੀ ਅਰਥਚਾਰੇ ਦੇ ਸੰਦਰਭ ਵਿਚ ਵੱਡੇ ਸੁਧਾਰਾਂ ਦੀ ਲੋੜ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਲਗਾਤਾਰ ਇਹ ਸਿਫਾਰਸ਼ ਕੀਤੀ ਜਾਂਦੀ ਰਹੀ ਹੈ ਕਿ ਪੰਜਾਬ ਰਾਜ ਨੂੰ ਝੋਨੇ ਹੇਠੋਂ ਰਕਬਾ ਘਟਾਉਣ ਦੀ ਸਖ਼ਤ ਲੋੜ ਹੈ। ਖੇਤੀਬਾੜੀ ਯੂਨੀਵਰਸਿਟੀ ਵਲੋਂ ਸੁਝਾਏ ਨੁਕਤੇ ਅਨੁਸਾਰ ਘੱਟੋ-ਘੱਟ 17 ਲੱਖ ਹੈਕਟੇਅਰ ਰਕਬਾ ਝੋਨੇ ਦੀ ਖੇਤੀ ਹੇਠੋਂ ਕੱਢ ਕੇ ਦੂਸਰੀਆਂ ਫਸਲਾਂ ਜਿਵੇਂ ਕਿ ਮੱਕੀ, ਦਾਲਾਂ, ਸੋਇਆਬੀਨ ਆਦਿ ਦੀ ਕਾਸ਼ਤ ਲਈ ਤਬਦੀਲ ਕਰਨ ਦੀ ਫ਼ਸਲਤ ਹੈ। ਪਰ ਦਾਲਾਂ ਅਤੇ ਤੇਲ ਬੀਜ ਵਾਲੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ (ਨਿਰਧਾਰਿਤ) ਮੁੱਲ ਨਾ ਹੋਣਾ ਅਤੇ ਮੰਡੀ ਵਿਚ ਫਸਲ ਦੀ ਵਿਕਰੀ ਵੇਲੇ ਬੇਯਕੀਨੀ ਦੇ ਚਲਦਿਆਂ ਕਿਸਾਨ ਇਨ੍ਹਾਂ ਫਸਲਾਂ ਦੀ ਬਿਜਾਈ ਦਾ ਖਤਰਾ ਮੁੱਲ ਲੈਣ ਨੂੰ ਤਿਆਰ ਹੁੰਦਾ ਨਜ਼ਰ ਨਹੀਂ ਆ ਰਿਹਾ। ਉਪਰੋਂ ਖੇਤੀ ਵਿਚ ਲਗਾਤਾਰ ਘਾਟਾ ਅਤੇ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਵਲੋਂ ਨਿੱਤ-ਦਿਨ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਨੇ ਕਿਸਾਨੀ ਸੰਕਟ ਨੂੰ ਹੋਰ ਵੀ ਗਹਿਰਾਅ ਦਿੱਤਾ ਹੈ।
ਖੇਤਾਂ ਵਿਚੋਂ ਪਰਾਲੀ ਨੂੰ ਇਕੱਠਾ ਕਰਕੇ ਇਸ ਦੀ ਸੁਯੋਗ ਵਰਤੋਂ ਹਿਤ ਸਰਕਾਰ ਵਲੋਂ ਇਕ ਤਿੰਨ ਸਾਲਾ ਯੋਜਨਾ ਦੀ ਰੂਪ ਰੇਖਾ ਉਲੀਕੀ ਜਾ ਰਹੀ ਹੈ, ਜਿਸ 'ਤੇ 100 ਕਰੋੜ ਰੁਪਏ ਦਾ ਬਜਟ ਤੋਂ ਇਲਾਵਾ ਕੇਂਦਰੀ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਦਾ ਸਹਿਯੋਗ ਵੀ ਲੋੜੀਂਦਾ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਪਰਾਲੀ ਦੇ ਯੋਗ ਹੱਲ ਲਈ ਆਰਥਿਕ ਰੂਪ ਵਿਚ ਮਦਦ ਮੁਹੱਈਆ ਕੀਤੀ ਜਾਣ ਦੀ ਗੱਲ ਕਹੀ ਜਾ ਰਹੀ ਹੈ। ਰਾਜ ਸਰਕਾਰ ਦਾ ਇਹ ਮੰਨਣਾ ਹੈ ਕਿ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਲਈ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ 100 ਫੀਸਦੀ ਸਬਸਿਡੀ ਦਿੱਤੇ ਜਾਣ ਦੀ ਲੋੜ ਹੈ ਅਤੇ ਰਾਜ ਸਰਕਾਰ ਨੇ ਆਪਣੀ ਇਸ ਯੋਜਨਾ ਤੋਂ ਦੇਸ਼ ਦੀ ਕੇਂਦਰੀ ਸਰਕਾਰ ਨੂੰ ਜਾਣੂ ਵੀ ਕਰਵਾ ਦਿੱਤਾ ਹੈ। ਭਾਂਵੇ ਕਿ ਸੂਬੇ ਦੀ ਸਰਕਾਰ ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਲਈ 'ਹੈਪੀ ਸੀਡਰ ਮਸ਼ੀਨ' ਅਤੇ ਬਿਨਾਂ ਵਾਹੇ ਕਣਕ ਦੀ ਬਿਜਾਈ ਕਰਨ ਵਾਲੀ 'ਜ਼ੀਰੋ ਟਿਲਿੰਗ ਮਸ਼ੀਨ' ਕਿਸਾਨਾਂ ਨੂੰ ਸਬਸਿਡੀ ਰੇਟ 'ਤੇ ਉਪਲਬਧ ਕਰਵਾ ਰਹੀ ਹੈ ਪਰ ਕੇਂਦਰ ਸਰਕਾਰ ਵਲੋਂ ਫਸਲਾਂ ਦੇ ਸਮਰਥਨ ਮੁੱਲ ਵਿਚ ਤਰਕਸੰਗਤ ਵਾਧਾ ਨਾ ਕਰਨ ਕਾਰਨ ਖੇਤੀ ਵਿਚ ਪੈ ਰਹੇ ਲਗਾਤਾਰ ਘਾਟੇ ਦੇ ਚਲਦੇ ਕਿਸਾਨ ਇਨ੍ਹਾਂ ਮਸ਼ੀਨਾਂ ਵਿਚ ਦਿਲਚਸਪੀ ਨਹੀਂ ਦਿਖਾ ਰਹੇ। ਸੂਬੇ ਵਿਚ ਚੱਲ ਰਹੀਆਂ ਸਹਿਕਾਰੀ ਸਭਾਵਾਂ ਕੋਲ ਵੀ ਲੋੜੀਂਦੀ ਮਾਤਰਾ ਵਿਚ ਇਨ੍ਹਾਂ ਮਸ਼ੀਨਾਂ ਦਾ ਨਾ ਹੋਣਾ ਵੀ ਇਕ ਕਾਰਨ ਹੈ ਕਿ ਕਿਸਾਨ ਇਸ ਪਰਾਲੀ ਦੇ ਨਿਪਟਾਰੇ ਦਾ ਸੌਖਾ ਢੰਗ ਇਸ ਨੂੰ ਅੱਗ ਲਾਉਣਾ ਹੀ ਮੰਨਦੇ ਹਨ।
ਖੇਤੀ ਮਾਹਿਰਾਂ ਅਨੁਸਾਰ ਇਸ ਸਮੱਸਿਆ ਦਾ ਇਕੋ-ਇਕ ਹੱਲ ਸੂਬੇ ਵਿਚ ਬਾਇਓ-ਮਾਸ ਅਧਾਰਿਤ ਊਰਜਾ ਪਲਾਂਟ ਲਗਾਉਣਾ ਹੀ ਹੋਵੇਗਾ। ਪੰਜਾਬ ਵਿਚ ਅਜਿਹੇ 30 ਪਲਾਂਟ ਲਗਾਉਣ ਦੀ ਸਰਕਾਰੀ ਯੋਜਨਾ ਹੈ, ਜੋ ਸਾਲਾਨਾ 44 ਲੱਖ ਟਨ ਪਰਾਲੀ ਦੀ ਖਪਤ ਕਰਨ ਵਿਚ ਸਹਾਈ ਸਿੱਧ ਹੋਣਗੇ। ਲੋੜ ਹੈ ਅਜਿਹੇ ਤਰਕ ਸੰਗਤ ਫੈਸਲਿਆਂ ਨੂੰ ਅਮਲੀ ਜਾਮਾ ਪਹਿਨਾਉਣ ਦੀ, ਤਾਂ ਕਿ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਕਿਸਾਨੀ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸ ਸਮੱਸਿਆ ਤੋਂ ਨਿਜ਼ਾਤ ਮਿਲ ਸਕੇ। ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਇਕ ਦਮ ਸਖਤੀ ਭਰਿਆ ਪੁਲਸੀਆ ਮਾਹੌਲ ਬਣਾਉਣਾ ਸਮੱਸਿਆ ਦਾ ਸਾਰਥਕ ਹੱਲ ਨਹੀਂ ਹੋਵੇਗਾ।
ਅਨਾਜ ਦੀ ਉਪਜ ਪਖੋਂ ਦੇਸ ਨੂੰ ਆਤਮ-ਨਿਰਭਰ ਬਣਾਉਣ ਦੇ ਮਾਮਲੇ ਵਿਚ ਅਸੀਂ ਕਿਸਾਨ ਦੀ ਮਿਹਨਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਲੋੜ ਹੈ ਕਿ ਸਮੇਂ ਦੀਆਂ ਸਰਕਾਰਾਂ ਮੁਸ਼ਕਿਲ ਦੀ ਇਸ ਘੜੀ ਵਿਚ ਕਿਸਾਨ ਨਾਲ ਪੂਰਨ ਹਮਦਰਦੀ ਦਿਖਾਉਂਦੇ ਹੋਏ ਦੇਸ਼ ਦੇ ਵਡੇਰੇ ਹਿਤਾਂ ਨੂੰ ਸਾਹਮਣੇ ਰੱਖ ਕੇ ਉਸ ਲਈ ਰਾਹ ਦਸੇਰਾ ਬਣਨ ਅਤੇ ਕੋਈ ਠੋਸ ਵਿਉਂਤਬੰਦੀ ਨਾਲ ਇਸ ਸਮੱਸਿਆ ਦਾ ਵਿਹਾਰਕ ਹੱਲ ਕੱਢਿਆ ਜਾਵੇ।

-(ਅੰਗਰੇਜ਼ੀ ਵਿਭਾਗ) ਸਰਕਾਰੀ ਕਾਲਜ, ਮਾਲੇਰਕੋਟਲਾ (ਸੰਗਰੂਰ)।
ਮੋਬਾ: 94652-09891

ਨਕਲੀ ਤੇ ਮਿਲਾਵਟੀ ਚੀਜ਼ਾਂ ਦੀ ਖ਼ਰੀਦਦਾਰੀ ਤੋਂ ਬਚਣ ਦੀ ਲੋੜ

ਅੱਜ ਦੇ ਸਮੇਂ ਵਿਚ ਕਿਸੇ ਵੀ ਚੀਜ਼ ਦੇ ਸ਼ੁੱਧ ਜਾਂ ਅਸਲੀ ਹੋਣ ਦੀ ਕੋਈ ਗਾਰੰਟੀ ਨਹੀਂ ਹੁੰਦੀ, ਹਰ ਇਕ ਚੀਜ਼ ਵਿਚ ਮਿਲਾਵਟ ਆਉਣੀ ਸ਼ੁਰੂ ਹੋ ਗਈ ਹੈ। ਕਿੳਂੁਕਿ ਇਨਸਾਨੀਅਤ ਦਾ ਮਿਆਰ ਦਿਨੋਂ-ਦਿਨ ਘਟਦਾ ਜਾ ਰਿਹਾ ਹੈ, ਸਿਰਫ ਧੋਖਾ, ਠੱਗੀ, ਬੇਈਮਾਨੀ ਹੀ ਦੇਖਣ ਨੂੰ ਮਿਲਦੀ ਹੈ। ਇਕ ਆਮ ਇਨਸਾਨ ਲਈ ਇਨ੍ਹਾਂ ਉਤਪਾਦਾਂ ਵਿਚੋਂ ਅਸਲ ਜਾਂ ਨਕਲ ਦਾ ਅੰਤਰ ਸਮਝਣਾ ਬੜਾ ਹੀ ਔਖਾ ਕੰਮ ਹੈ। ਹਜ਼ਾਰਾਂ ਹੀ ਉਤਪਾਦ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜੀਵਨ ਵਿਚ ਵਰਤਦੇ ਹਾਂ। ਖਾਣ-ਪੀਣ ਵਾਲੀਆਂ ਵਸਤੂਆਂ ਦੇ ਅਸ਼ੁੱਧ ਹੋਣ ਦੀ ਹਾਲਤ ਵਿਚ ਸਾਡੀ ਸਿਹਤ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਨਾਲ ਅਨੇਕਾਂ ਬਿਮਾਰੀਆਂ ਜਨਮ ਲੈਂਦੀਆਂ ਹਨ। ਤਿਉਹਾਰ ਦੇ ਨੇੜੇ ਖਾਣ-ਪੀਣ ਦੀਆਂ ਵਸਤੂਆਂ ਤੇ ਹੋਰ ਸਾਮਾਨ ਜ਼ਿਆਦਾਤਰ ਨਕਲੀ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਕਈ ਵਾਰ ਅਸੀਂ ਵੱਡੇ-ਵੱਡੇ ਵਿਗਿਆਪਨ ਦੇਖ ਕੇ ਠੱਗੇ ਜਾਂਦੇ ਹਾਂ। ਵਪਾਰੀਆਂ ਤੇ ਵਿਕਰੇਤਾਵਾਂ ਦਾ ਵਸਤੂ ਵਿਚ ਮਿਲਾਵਟ ਕਰਨ ਪਿੱਛੇ ਇਕੋ ਕਾਰਨ ਹੁੰਦਾ ਹੈ ਪੈਸੇ ਦਾ ਵੱਡਾ ਲਾਲਚ। ਸਾਨੂੰ ਬਹੁਤ ਹੀ ਜਾਗਰੂਕ ਹੋ ਕੇ ਖ਼ਰੀਦਦਾਰੀ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਆਪਣੇ ਦਸਾਂ ਨਹੁੰਆਂ ਦੀ ਮਿਹਨਤ, ਕਿਰਤ ਕਮਾਈ ਨੂੰ ਖ਼ਰਾਬ ਨਾ ਕਰ ਪਾਈਏ।
ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਸਗੋਂ ਅਸਲੀ ਤੇ ਨਕਲੀ ਵਸਤੂ ਵਿਚ ਬਹੁਤ ਫ਼ਰਕ ਹੁੰਦਾ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਵਿਚ ਮਨੁੱਖ ਦੀ ਸਿਹਤ ਲਈ ਘਾਤਕ ਪਦਾਰਥਾਂ ਦੀ ਵਰਤੋਂ ਹੁੰਦੀ ਹੈ। ਰਿਸ਼ਵਤਖੋਰੀ ਦੇ ਚੱਲਣ ਕਰਕੇ ਇਸ ਸਮੱਸਿਆ ਨੂੰ ਬੰਦ ਕਰਨ ਦਾ ਹੱਲ ਨਹੀਂ ਲੱਭ ਰਿਹਾ। ਖਾਣ ਵਾਲੀਆਂ ਸਬਜ਼ੀਆਂ ਤੇ ਫ਼ਲਾਂ ਨੂੰ ਟੀਕੇ ਲਾ ਕੇ ਪਕਾਇਆ ਜਾਂਦਾ ਹੈ। ਇਨ੍ਹਾਂ ਦੀ ਬਾਹਰੀ ਦਿੱਖ ਬਦਲਣ ਲਈ ਰਸਾਇਣਕ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਵੀਡੀਓ ਅਸੀਂ ਅਨੇਕਾਂ ਵਾਰ ਸੋਸ਼ਲ ਮੀਡੀਆ 'ਤੇ ਵੀ ਦੇਖ ਚੁੱਕੇ ਹਾਂ। ਇਹ ਇਕ ਵੱਡੀ ਸਮੱਸਿਆ ਹੈ। ਇਸ ਦਾ ਕੋਈ ਸਾਰਥਿਕ ਹੱਲ ਕਿਉਂ ਨਹੀਂ ਲੱਭ ਰਿਹਾ ਹੈ, ਸਾਨੂੰ ਇਸ ਸਬੰਧੀ ਚੌਕਸ ਹੋਣ ਦੀ ਲੋੜ ਹੈ। ਲੋਕਾਂ ਨੂੰ ਸਾਮਾਨ ਦੇ ਨਕਲੀ ਹੋਣ ਤੇ ਖ਼ਰਾਕੀ ਪਦਾਰਥਾਂ ਵਿਚ ਮਿਲਾਵਟ ਸਬੰਧੀ ਸੁਚੇਤ ਹੋਣਾ ਜ਼ਰੂਰੀ ਹੈ। ਇਸ ਧੰਦੇ ਦੇ ਖ਼ਾਤਮੇ ਲਈ ਲੋਕਾਂ ਦੀ ਜਾਗਰੂਕਤਾ ਦੇ ਨਾਲ-ਨਾਲ ਸਰਕਾਰ ਨੂੰ ਵੀ ਕੁਝ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਹਨ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਇਨ੍ਹਾਂ ਪਵਿੱਤਰ ਤਿਉਹਾਰਾਂ ਦਾ ਖੁੱਲ੍ਹ ਕੇ ਆਨੰਦ ਮਾਣ ਸਕੀਏ।

-ਤਾਰੀ ਵਾਲੀ ਗਲੀ, ਜੈਤੋ ਮੰਡੀ।
ਮੋਬਾ: 98550-31081

ਸਰਕਾਰ ਤੇ ਕਿਸਾਨ ਟਕਰਾਅ ਦੀ ਸਥਿਤੀ ਤੋਂ ਬਚਣ

ਪਿਛਲੇ ਲੰਮੇ ਸਮੇਂ ਤੋਂ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਅੱਗ ਲਾ ਕੇ ਸਾੜਦੇ ਰਹੇ ਹਨ, ਕਿਉਂਕਿ ਉਸ ਸਮੇਂ ਵਾਯੂ ਪ੍ਰਦੂਸ਼ਣ ਦਾ ਮੁੱਦਾ ਕੋਈ ਬਹੁਤਾ ਹਾਵੀ ਨਹੀਂ ਸੀ ਹੋਇਆ ਪਰ ਹਾਲਾਤ ਦੇ ਬਦਲਾਅ ਕਾਰਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਸਾੜਨ ਉੱਤੇ ਰੋਕ ਲਗਾ ਦਿੱਤੀ ਹੈ, ਜਿਸ ਨੂੰ ਲੈ ਕੇ ਸਰਕਾਰਾਂ ਵੀ ਗੰਭੀਰ ਹੋਈਆਂ ਹਨ। ਕਣਕ ਦੇ ਸੀਜ਼ਨ 'ਚ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਕੁਝ ਕਿਸਾਨਾਂ ਨੇ ਖੇਤਾਂ ਵਿਚ ਹੀ ਕਣਕ ਦੇ ਨਾੜ ਨੂੰ ਅੱਗ ਲਾ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਕਿਸਾਨਾਂ ਨੂੰ ਜੁਰਮਾਨੇ ਵੀ ਤਾਰਨੇ ਪਏ ਸਨ। ਇਸ ਰੋਕ ਸਦਕਾ ਹੀ ਪਿਛਲੇ ਸੀਜ਼ਨ ਵਿਚ ਵਾਤਾਵਰਨ ਧੂੰਆਂ ਮੁਕਤ ਵੀ ਰਿਹਾ ਪਰ ਇਸ ਵਾਰ ਹਾਲਾਤ ਕੁਝ ਵੱਖਰੇ ਬਣੇ ਹੋਏ ਹਨ। ਇਸ ਸੀਜ਼ਨ 'ਚ ਕਿਸਾਨ ਸਰਕਾਰੀ ਹੁਕਮਾਂ ਨੂੰ ਨਜ਼ਰਅੰਦਾਜ਼ ਕਰਕੇ ਪਰਾਲੀ ਨੂੰ ਅੱਗ ਲਾਉਣ ਲਈ ਆਮਾਦਾ ਹਨ।
ਕਣਕ ਦੇ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ ਵਿਚ ਸਰਕਾਰੀ ਹੁਕਮਾਂ ਨੂੰ ਕਿਸਾਨ ਜੋ ਮੰਨਣ ਤੋਂ ਆਹਰੀ ਹੋ ਗਏ ਹਨ, ਇਸ ਦਾ ਮੁੱਖ ਕਾਰਨ ਸਰਕਾਰ ਵਲੋਂ ਕਿਸਾਨਾਂ ਨੂੰ ਕਰਜ਼ਾ ਮੁਕਤ ਨਾ ਕਰਨਾ ਮੰਨਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ, ਜੋ ਹੁਣ ਸਰਕਾਰ ਬਣਨ 'ਤੇ ਉਹ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਇਸ ਲਈ ਸਰਕਾਰ ਦੀ ਇਸ ਵਾਅਦਾ ਖਿਲਾਫ਼ੀ ਤੋਂ ਕਿਸਾਨ ਡਾਢੇ ਖਫਾ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਵੀ ਹੋ ਜਾਵੇ, ਉਹ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਹੀ ਸਾੜਨਗੇ। ਸਰਕਾਰ ਨੂੰ ਇਸ ਮੁੱਦੇ ਨੂੰ ਜ਼ਰਾ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਜਿਸ ਨਾਲ ਆਪਸੀ ਟਕਰਾਅ ਤੋਂ ਵੀ ਬਚਿਆ ਜਾਵੇ ਅਤੇ ਵਾਤਾਵਰਨ ਵਿਚ ਧੂੰਏਂ ਦਾ ਜ਼ਹਿਰ ਵੀ ਨਾ ਫੈਲੇ। ਵਾਤਾਵਰਨ ਵਿਚ ਘੁਲਿਆ ਜ਼ਹਿਰ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਸਾਰਾ ਅਸਮਾਨ ਧੂੰਏਂ ਦੇ ਕਾਲੇ ਬੱਦਲਾਂ ਨਾਲ ਕਈ-ਕਈ ਦਿਨ ਢਕਿਆ ਰਹਿੰਦਾ ਹੈ, ਜਿਸ ਨਾਲ ਅੱਖਾਂ 'ਚੋਂ ਪਾਣੀ, ਛਿੱਕਾਂ, ਖੰਘ ਅਤੇ ਹੋਰ ਅਨੇਕਾਂ ਬਿਮਾਰੀਆਂ ਪੈਦਾ ਹੋਣ ਲਗਦੀਆਂ ਹਨ।

-ਨਾਭਾ। ਮੋਬਾ: 90233-16010

ਪਰਾਲੀ ਦਾ ਮਸਲਾ ਬਣਿਆ ਵੱਡੀ ਸਿਰਦਰਦੀ

ਪੰਜ+ਆਬ ਜਿਸ ਨੂੰ ਪਾਣੀਆਂ ਦੀ ਧਰਤੀ ਆਖਿਆ ਜਾਦਾ ਸੀ। ਸਮਾਂ ਬਦਲਿਆਂ ਇਸ ਦੇ ਪਾਣੀਆਂ ਦਾ ਬਟਵਾਰਾ ਹੁੰਦਾ ਗਿਆ ਅੰਤ ਪੰਜਾਬ ਕੋਲ ਜ਼ਮੀਨ ਦੀ ਸਿੰਚਾਈ ਜੋਗਾ ਵੀ ਪਾਣੀ ਨਾ ਰਿਹਾ। ਦੇਸ਼ ਸਾਹਮਣੇ ਅੰਨ ਦੀ ਸਭ ਤੋਂ ਵੱਡੀ ਸਮੱਸਿਆ ਪੈਦਾ ਹੋ ਚੁੱਕੀ ਸੀ, ਪਰ ਹਰੀ ਕ੍ਰਾਂਤੀ ਆਉਣ ਨਾਲ ਅੰਨ ਦੀ ਘਾਟ ਤਾਂ ਪੂਰੀ ਹੋ ਗਈ। ਪਰ ਇਸ ਅੰਨ ਭੰਡਾਰ ਨੂੰ ਪੂਰਾ ਕਰਨ ਨਾਲ ਕਈ ਸੂਬਿਆਂ ਉੱਪਰ ਨਕਾਰਾਤਮਕ ਅਸਰ ਪਏ। ਉਨ੍ਹਾਂ ਸੂਬਿਆਂ ਵਿਚੋਂ ਇਕ ਸੀ ਪੰਜਾਬ, ਜਿਸ ਨੇ ਦੇਸ਼ ਦੇ ਅੰਨ ਭੰਡਾਰ ਨੂੰ ਤਾਂ ਪੂਰਾ ਕਰ ਦਿੱਤਾ, ਪਰ ਖੁਦ ਅਜਿਹੀਆਂ ਅਲਾਮਤਾਂ ਲਗਵਾ ਲਈਆਂ, ਜਿਸ ਦੇ ਬਾਅਦ ਵਿਚ ਘਾਤਕ ਨਤੀਜੇ ਨਿਕਲੇ।
ਪੂਸਾ ਝੋਨੇ ਦੀ ਕਾਸ਼ਤ ਲਗਪਗ ਸੰਨ 70 ਦੇ ਸਮੇਂ ਸ਼ੁਰੂ ਕੀਤੀ ਗਈ। ਪਾਣੀ ਦੇ ਸਾਧਨ ਵਜੋਂ ਧਰਤੀ ਦਾ ਸੀਨਾ ਪਾੜ ਬੋਰ ਕੀਤੇ ਗਏ, ਬਿਜਲੀ ਦੇ ਕੁਨੈਕਸ਼ਨ ਮਿਲਣੇ ਸ਼ੁਰੂ ਹੋਏ ਤਾਂ ਇਕ ਵਾਰ ਪੰਜਾਬ ਦੇ ਕਿਸਾਨ ਦੀ ਆਰਥਿਕ ਸਥਿਤੀ ਵਿਚ ਹੈਰਾਨੀਜਨਕ ਬਦਲਾਅ ਆਇਆ, ਜਿਸ ਨੇ ਕਿਸਾਨ ਦਾ ਰਹਿਣ-ਸਹਿਣ ਦਾ ਢੰਗ ਬਦਲ ਕੇ ਰੱਖ ਦਿੱਤਾ।
ਸਮਾਂ ਬਦਲਿਆ, ਅਜੋਕੇ ਸਮੇਂ ਪੰਜਾਬ ਦੇ ਕਿਸਾਨ ਦੀ ਆਰਥਿਕ ਸਥਿਤੀ ਕੀ ਹੈ? ਖੇਤੀਬਾੜੀ ਜੋ ਉਸ ਦਾ ਮੁੱਖ ਧੰਦਾ ਹੈ, ਉਹ ਕਿੰਨਾ ਕੁ ਫਾਇਦੇ ਦਾ ਰਹਿ ਚੁੱਕਾ ਹੈ? ਮੁੱਖ ਫ਼ਸਲ ਪੂਸਾ ਝੋਨੇ ਦੀ ਕੀ ਸਥਿਤੀ ਹੈ? ਇਹ ਗੱਲਾਂ ਵਿਚਾਰਨਯੋਗ ਹਨ।
ਸਭ ਤੋਂ ਪਹਿਲੀ ਗੱਲ ਜੇਕਰ ਸਰਕਾਰ ਨੇ ਪੂਸਾ ਝੋਨੇ ਦੀ ਪਰਾਲੀ ਸਾੜਨ ਉੱਪਰ ਪੂਰਨ ਰੋਕ ਲਗਾਉਣੀ ਸੀ ਤਾਂ ਜੂਨ ਮਹੀਨੇ ਵਿਚ ਹੀ ਨਿਰਦੇਸ਼ ਜਾਰੀ ਕਰਦੀ, ਪੂਸਾ ਝੋਨੇ ਦੀ ਕਾਸ਼ਤ ਉੱਪਰ ਪੂਰੀ ਤਰ੍ਹਾਂ ਰੋਕ ਲਗਾ ਦਿੰਦੀ, ਨਾ ਪੂਸਾ ਝੋਨਾ ਲਗਦਾ, ਨਾ ਪਰਾਲੀ ਸੜਦੀ। ਪੂਸਾ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚ ਸਿਰਫ਼ 10 ਤੋਂ 15 ਦਿਨਾਂ ਦਾ ਸਮਾਂ ਹੁੰਦਾ ਹੈ। ਇੰਨੇ ਥੋੜ੍ਹੇ ਸਮੇਂ ਵਿਚ ਕਿਸਾਨ ਕਿਸ ਤਰ੍ਹਾਂ ਝੋਨੇ ਦੀ ਪਰਾਲੀ ਨੂੰ ਮਿੱਟੀ ਵਿਚ ਕੁਤਰਾ ਕਰਕੇ ਖ਼ਤਮ ਕਰ ਸਕਦਾ ਹੈ? ਜੇਕਰ ਆਧੁਨਿਕ ਮਸ਼ੀਨਰੀ ਨਾਲ ਰਹਿੰਦ-ਖੂੰਹਦ ਦਾ ਨਿਪਟਾਰਾ ਖੇਤ ਵਿਚ ਕਰਦਾ ਹੈ ਤਾਂ ਖਰਚ ਬਹੁਤ ਜ਼ਿਆਦਾ ਅਤੇ ਮਸ਼ੀਨਰੀ ਬਹੁਤ ਮਹਿੰਗੀ ਦੀ ਲੋੜ ਪੈਂਦੀ ਹੈ, ਜੋ ਹਰੇਕ ਕਿਸਾਨ ਕੋਲ ਸੰਭਵ ਨਹੀਂ, ਕਿਉਂਕਿ ਅੱਜ ਦੇ ਕਿਸਾਨ ਦੀ ਆਰਥਿਕ ਹਾਲਤ ਕਿਸੇ ਕੋਲੋਂ ਲੁਕੀ ਨਹੀਂ ਰਹੀ ਹੈ।
ਸਰਕਾਰ ਨੂੰ ਰਹਿੰਦ-ਖੂੰਹਦ ਸਾੜਨ ਉੱਪਰ ਰੋਕ ਲਗਾਉਣ ਤੋਂ ਪਹਿਲਾਂ ਕੋਈ ਯੋਜਨਾ ਬਣਾਉਣੀ ਚਾਹੀਦੀ ਹੈ। ਕਿਸਾਨਾਂ ਨੂੰ ਕੋਈ ਦੂਜਾ ਰਸਤਾ ਦਿਖਾਉਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੀ ਅਗਲੀ ਫ਼ਸਲ ਵੀ ਪਿਛੇਤੀ ਨਾ ਹੋਵੇ, ਨਾ ਵਾਤਾਵਰਨ ਪ੍ਰਦੂਸ਼ਿਤ ਹੋਵੇ। ਸਾਡੇ ਕੋਲ ਖੇਤੀਬਾੜੀ ਯੂਨੀਵਿਰਸਟੀ, ਖੇਤੀ ਮਾਹਿਰ, ਅਰਥ-ਸ਼ਾਸਤਰੀ ਅਤੇ ਵਿਦਵਾਨ ਮੌਜੂਦ ਹਨ, ਜੋ ਸਾਨੂੰ ਕੋਈ ਨਵੀਂ ਦਿਸ਼ਾ ਦਿਖਾ ਦੇਣ, ਜਿਸ ਨਾਲ ਦੋਵੇਂ ਪੱਖਾਂ ਦਾ ਬਚਾਅ ਕੀਤਾ ਜਾਵੇ। ਜੇਕਰ ਕਿਸਾਨ ਤੋਂ ਹੀ ਸ਼ੁਰੂਆਤ ਕਰਨੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਰਹਿੰਦ-ਖੂੰਹਦ (ਪਰਾਲੀ) ਸਾੜਨ ਦੇ ਨੁਕਸਾਨ ਦਾ ਹਵਾਲਾ ਦਿੰਦੇ ਹੋਏ, ਆਪਣੀ ਜ਼ਮੀਨ ਦਾ ਕੁਝ ਹਿੱਸਾ ਇਸ ਵਾਰ ਸਾੜਨ ਤੋਂ ਰੋਕਿਆ ਜਾਵੇ।
ਸਰਕਾਰ ਆਪਣਾ ਫਰਜ਼ ਨਿਭਾਉਂਦੀ ਹੋਈ ਸਹਿਕਾਰੀ ਸਭਾਵਾਂ ਰਾਹੀਂ ਮਹਿੰਗੇ ਸੰਦਾਂ ਨੂੰ ਕਿਸਾਨਾਂ ਦੀ ਸਹੂਲਤ ਲਈ ਮੁਹੱਈਆ ਕਰਾਵੇ। ਕਿਉਂਕਿ ਪੰਜਾਬ ਦੇ ਕਿਸਾਨ ਕੋਲ ਇੰਨੀ ਤਾਕਤ ਨਹੀਂ ਕਿ ਇਸ ਸਮੇਂ ਉਹ ਮਹਿੰਗੇ ਸੰਦ ਖਰੀਦ ਸਕੇ। ਸਰਕਾਰ ਦੇ ਇਸ ਉੱਦਮ ਨਾਲ ਜਿਥੇ ਕਿਸਾਨ ਦੀ ਆਰਥਿਕ ਸਥਿਤੀ ਵਿਚ ਮਜ਼ਬੂਤੀ ਆਵੇਗੀ, ਉਥੇ ਵਾਤਾਵਰਨ ਦੀ ਸੰਭਾਲ, ਭਵਿੱਖ ਵਿਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਵੀ ਹੋਵੇਗਾ।

-ਪੰਜਾਬੀ ਵਿਭਾਗ, ਹਰਫ਼ ਕਾਲਜ, ਮਲੇਰਕੋਟਲਾ।
ਮੋਬਾ: 94179-71451

ਤਿੰੰਨ ਧਿਰੀ ਸਮੱਸਿਆ ਪਰਾਲੀ ਨੂੰ ਅੱਗ ਲਾਉਣਾ

ਹਰ ਸਾਲ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਪੰਜਾਬ ਦੇ ਬੂਹੇ 'ਤੇ ਖਲੋਅ ਜਾਂਦੀ ਹੈ। ਇਹ ਸਮੱਸਿਆ ਸਰਕਾਰ, ਜ਼ਿਮੀਂਦਾਰ ਅਤੇ ਵਾਤਾਵਰਨ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰਭਾਵ ਪਾਉਂਦੀ ਹੈ। ਇਸ ਸਮੱਸਿਆ ਲਈ ਸਰਕਾਰ ਵਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹਨ, ਜਿਵੇਂ ਕਿ ਕਿਸਾਨ ਨੂੰ ਜਾਗਰੂਕ ਕਰਨਾ ਅਤੇ ਨਿਯਮਾਂਵਲੀ ਨਿਰਧਾਰਤ ਕਰਨੀ। ਸਰਕਾਰ ਵਲੋਂ ਕਿਸਾਨਾਂ ਨੂੰ ਬਿਨਾਂ ਪਰਾਲੀ ਵਾਹੇ ਹੈਪੀ ਸੀਡਰ ਰਾਹੀਂ ਬਿਜਾਈ ਕਰਨ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਪੰਜਾਬ ਸਰਕਾਰ ਵਲੋਂ 2013 ਵਿਚ ਕਣਕ ਅਤੇ ਪਰਾਲੀ ਨੂੰ ਸਾੜਨ 'ਤੇ ਕਾਨੂੰਨੀ ਦਾਇਰੇ ਹੇਠ ਲਿਆ ਕੇ ਪਾਬੰਦੀ ਲਗਾਈ ਗਈ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਜ਼ਿਮੀਂਦਾਰ ਦੀ ਮਦਦ ਲਈ ਸਰਕਾਰੀ ਧਿਰ ਨੂੰ ਕਿਹਾ ਸੀ। ਬਹੁਤ ਵਾਰੀ ਸਰਕਾਰੀ ਪੱਖ ਵਲੋਂ 'ਵਿਹੜੇ ਆਈ ਜੰਞ, ਵਿੰਨ੍ਹੋ ਕੁੜੀ ਦੇ ਕੰਨ' ਵਾਲਾ ਸਿਧਾਂਤ ਹੁੰਦਾ ਹੈ। ਪਰ ਪਰਾਲੀ ਨੂੰ ਅੱਗ ਲਾਉਣ ਦੇ ਮਸਲੇ 'ਤੇ ਸਰਕਾਰੀ ਧਿਰ ਸੰਜੀਦਾ ਰਹਿੰਦੀ ਹੈ। ਖੇਤੀਬਾੜੀ ਮਹਿਕਮਾ ਵੀ ਇਸ ਸਮੱਸਿਆ ਨਾਲ ਨਜਿੱਠਣ ਲਈ ਆਪਣਾ ਯੋਗਦਾਨ ਪਾਉਂਦਾ ਹੈ।
ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਜ਼ਿਮੀਂਦਾਰ ਨੇ ਝੋਨੇ ਹੇਠ ਰਕਬਾ ਵਧਾ ਕੇ 1970 ਤੋਂ 80 ਦਰਮਿਆਨ ਕੇਂਦਰੀ ਪੂਲ ਵਿਚ 10.94 ਫੀਸਦੀ ਚੌਲ ਦਾ ਹਿੱਸਾ ਪਾਇਆ, ਜੋ ਕਿ 2009 ਵਿਚ ਵਧ ਕੇ 33.08 ਹੋ ਗਿਆ। ਇਸ ਨਾਲ ਭੰਡਾਰ ਤਾਂ ਭਰੇ, ਪਰ ਕਿਸਾਨ ਲਈ ਸਮੱਸਿਆ ਇਹ ਹੋਈ ਕਿ ਫ਼ਸਲੀ ਚੱਕਰ ਵਿਚ ਫਸ ਕੇ ਆਪਣੇ-ਆਪ ਅਤੇ ਵਾਤਾਵਰਨ ਨੂੰ ਪ੍ਰਭਾਵਿਤ ਕਰਨ ਲੱਗਿਆ। ਇਸ ਨਾਲ ਹਰ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਅਤੇ ਪਾਣੀ ਦੀ ਸਤ੍ਹਾ, ਹਰ ਸਾਲ 33 ਸੈਂ: ਮੀ: ਥੱਲੇ ਜਾਣ ਕਰਕੇ ਵਾਤਾਵਰਨ ਨੂੰ ਪ੍ਰਭਾਵਿਤ ਕਰਨ ਲੱਗੀ।
ਪਰਾਲੀ ਦੀ ਸੁਯੋਗ ਵਰਤੋਂ ਪਸ਼ੂਆਂ ਨੂੰ ਸੁੱਕੇ ਘਾਹ ਵਜੋਂ ਅਤੇ ਹਿਮਾਚਲ ਪ੍ਰਦੇਸ਼ ਨੂੰ ਸੇਬਾਂ ਦੀ ਪੈਕਿੰਗ ਲਈ ਕੀਤੀ ਜਾ ਸਕਦੀ ਹੈ। ਛੋਟਾ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆਂ ਤੋਂ ਦੂਰ ਰਹਿੰਦਾ ਹੈ, ਕਿਉਂਕਿ ਉਸ ਦੀ ਪਰਾਲੀ ਉਸ ਦੇ ਡੰਗਰਾਂ ਦੇ ਖਾਣ ਦੇ ਕੰਮ ਆਉਂਦੀ ਹੈ। ਸੜਕਾਂ ਉੱਤੇ ਧੂੰਆਂ ਹੋਣ ਕਰਕੇ ਹਾਦਸੇ ਵੀ ਹੁੰਦੇ ਹਨ। ਪਰਾਲੀ ਨੂੰ ਅੱਗ ਲਾਉਣ ਨਾਲ ਜ਼ਮੀਨੀ ਸਿਹਤ ਨੁਕਸਾਨੀ ਜਾਂਦੀ ਹੈ। ਇਸ ਲਈ ਸਰਕਾਰ ਅਤੇ ਕਿਸਾਨ ਦਾ ਫਰਜ਼ ਬਣਦਾ ਹੈ ਕਿ ਭਵਿੱਖੀ ਖ਼ਤਰੇ ਤੋਂ ਬਚਣ ਲਈ ਹਰ ਸਾਲ ਰਾਗ ਅਲਾਪਣ ਨਾਲੋਂ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਤੁਰੰਤ ਯੂ-ਟਰਨ ਲਵੇ। ਇਸ ਸਬੰਧੀ ਸਰਕਾਰ ਅਤੇ ਕਿਸਾਨਾਂ ਵਲੋਂ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਹਨ, ਜਿਸ ਨਾਲ ਅਗਲੀ ਪੀੜ੍ਹੀ ਖੱਜਲ-ਖੁਆਰੀ ਤੋਂ ਬਚ ਸਕੇਗੀ। ਇਸ ਸਬੰਧੀ ਕਿਸਾਨ, ਸਰਕਾਰ ਅਤੇ ਵਾਤਾਵਰਨ ਤਿੰਨੇ ਧਿਰਾਂ ਸੁਖਾਲੀਆਂ ਹੋ ਸਕਦੀਆਂ ਹਨ। ਇਸ ਸਬੰਧੀ ਲੋਕ ਲਹਿਰ ਪੈਦਾ ਕਰਨਾ ਅੱਜ ਸਮੇਂ ਦੀ ਮੁੱਖ ਮੰਗ ਹੈ।

-ਅਬਿਆਣਾ ਕਲਾਂ।
ਮੋਬਾ: 98781-11445

ਪਰਾਲੀ ਸਾੜਨ ਦੇ ਸਾਡੇ ਜੀਵਨ 'ਤੇ ਪੈ ਰਹੇ ਮਾੜੇ ਪ੍ਰਭਾਵ

ਕੁਦਰਤ ਨੇ ਜਿਨ੍ਹਾਂ ਅਨਮੋਲ ਜੜ੍ਹੀਆਂ-ਬੂਟੀਆਂ ਅਤੇ ਪੇੜ-ਪੌਦਿਆਂ ਨਾਲ ਸਾਨੂੰ ਇਸ ਧਰਤੀ 'ਤੇ ਨਿਵਾਜਿਆ ਹੈ, ਉਨ੍ਹਾਂ ਸਭਨਾਂ ਵਿਚ ਮਨੁੱਖ ਦੀ ਭਲਾਈ ਅਤੇ ਬਿਹਤਰੀ ਲਈ ਕੋਈ ਨਾ ਕੋਈ ਹਿਕਮਤ ਛੁਪੀ ਹੋਈ ਹੈ। ਇਹ ਅਲੱਗ ਗੱਲ ਹੈ ਕਿ ਸਾਨੂੰ ਉਸ ਦਾ ਗਿਆਨ ਨਾ ਹੋਵੇ ਪਰ ਰੱਬ ਨੇ ਕੋਈ ਵੀ ਚੀਜ਼ ਬੇਕਾਰ ਪੈਦਾ ਨਹੀਂ ਕੀਤੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰ ਆਪਣੇ ਸਭ ਸਾਧਨਾਂ ਰਾਹੀਂ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਪ੍ਰੇਰਨਾ ਦੇਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਅਤੇ ਉਪਰਾਲੇ ਕਰ ਰਹੀ ਹੈ। ਪਰ ਇਸ ਸਭ ਦੇ ਬਾਵਜੂਦ ਲੋਕਾਂ ਵਲੋਂ ਸਹਿਯੋਗ ਨਾ ਮਿਲਣ ਕਾਰਨ ਸਰਕਾਰ ਦੇ ਇਰਾਦੇ ਧਰੇ-ਧਰਾਏ ਹੀ ਰਹਿ ਜਾਂਦੇ ਹਨ, ਜਿਸ ਕਾਰਨ ਸਰਕਾਰ ਦੁਆਰਾ ਕਿਸਾਨ ਵੀਰਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਅਤੇ ਬੇ-ਦਾਰ ਕਰਨ ਲਈ ਇਸ਼ਤਿਹਾਰਾਂ ਆਦਿ ਉੱਪਰ ਖਰਚ ਕੀਤੀਆਂ ਜਾਣ ਵਾਲੀਆਂ ਭਾਰੀ ਰਕਮਾਂ ਫਜ਼ੂਲ ਅਤੇ ਅਜਾਈਂ ਜਾਂਦੀਆਂ ਹਨ।
ਜੇਕਰ ਪੰਜਾਬ ਵਿਚ ਝੋਨੇ ਦੀ ਬਿਜਾਈ ਵਾਲੇ ਖੇਤਰ ਦੀ ਗੱਲ ਕਰੀਏ ਤਾਂ ਸੂਬੇ ਵਿਚ ਲਗਪਗ 65 ਲੱਖ ਏਕੜ ਰਕਬੇ 'ਚ ਝੋਨੇ ਦੀ ਕਾਸ਼ਤ ਹੁੰਦੀ ਹੈ। ਝੋਨੇ ਦੀ ਫ਼ਸਲ ਦੀ ਪ੍ਰਾਪਤੀ ਉਪਰੰਤ ਜਦ ਖੇਤਾਂ ਵਿਚਲੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਤਾਂ ਇਸ ਨਾਲ ਜੋ ਸਾਡਾ ਨੁਕਸਾਨ ਹੁੰਦਾ ਹੈ, ਉਸ ਦੇ ਤੱਥ ਯਕੀਨਨ ਚਿੰਤਾਜਨਕ ਹਨ। ਇਕ ਰਿਪੋਰਟ ਅਨੁਸਾਰ ਇਕ ਕਿੱਲੇ ਵਿਚ 2.5 ਤੋਂ ਲੈ ਕੇ 3 ਟਨ ਪਰਾਲੀ ਦੀ ਪੈਦਾਵਾਰ ਹੁੰਦੀ ਹੈ, ਜਿਸ ਦੇ ਸਾੜਨ ਦੇ ਫਲਸਰੂਪ ਤਕਰੀਬਨ 32 ਕਿਲੋ ਯੂਰੀਆ, 5.5 ਕਿਲੋ ਡੀ.ਏ.ਪੀ. ਅਤੇ 51 ਕਿਲੋ ਪਟਾਸ਼ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕਾਸ਼ਤਕਾਰੀ ਲਈ ਸਹਾਇਕ, ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜਿਸ ਨਾਲ ਖੇਤੀ ਦੀ ਉਪਜਾਊ ਸ਼ਕਤੀ 'ਚ ਬੇ-ਤਹਾਸ਼ਾ ਕਮੀ ਆਉਂਦੀ ਹੈ। ਇਕ ਅੰਦਾਜ਼ੇ ਮੁਤਾਬਿਕ ਪਰਾਲੀ ਦੇ ਸਾੜਨ ਨਾਲ ਫ਼ਸਲਾਂ ਦੇ ਵਧੇਰੇ ਵਧਣ-ਫੁੱਲਣ ਲਈ ਫ਼ਸਲੀ ਮਲੜ ਦੇ ਨਾਲ-ਨਾਲ ਲਗਪਗ 38 ਲੱਖ ਟਨ ਆਰਗੈਨਿਕ ਕਾਰਬਨ ਸੜ ਜਾਂਦੇ ਹਨ, ਜਿਸ ਦੇ ਕਾਰਨ ਧਰਤੀ ਦੀ ਜ਼ਰਖੇਜੀ ਭਾਵ ਉਪਜਾਊ ਸ਼ਕਤੀ ਵਿਚ ਕਮੀ ਆਉਂਦੀ ਹੈ।
ਦੂਸਰੇ ਪਾਸੇ ਪਰਾਲੀ ਸਾੜਨ ਕਰਕੇ ਜ਼ਹਿਰੀਲੀਆਂ ਗੈਸਾਂ ਕਾਰਬਨ ਮੋਨੋਅਕਸਾਈਡ, ਲਾਲ ਕਣਾਂ ਨਾਲ ਕਿਰਿਆ ਕਰ ਕੇ ਖੂਨ ਦੀ ਆਕਸੀਜਨ ਲੈ ਜਾਣ ਦੀ ਸਮਰੱਥਾ ਘਟਾਉਂਦੀ ਹੈ। ਇਸ ਦੇ ਨਾਲ ਹੀ ਕਾਰਬਨ ਡਾਈਆਕਸਾਈਡ ਅੱਖਾਂ ਅਤੇ ਸਾਹ ਦੀ ਨਲੀ ਵਿਚ ਜਲਣ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਸਲਫਰ ਅਕਸਾਈਡ ਅਤੇ ਨਾਈਟਰੋਜਨ ਆਕਸਾਈਡ ਫੇਫੜਿਆਂ, ਖੂਨ, ਚਮੜੀ ਅਤੇ ਸਾਹ ਕਿਰਿਆ 'ਤੇ ਸਿੱਧਾ ਅਸਰ ਕਰਦੇ ਹਨ, ਜੋ ਕਿ ਕੈਂਸਰ ਵਰਗੀਆਂ ਮੂਜ਼ੀ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਉਕਤ ਜ਼ਹਿਰੀਲੀਆਂ ਗੈਸਾਂ ਦੇ ਪ੍ਰਕੋਪ ਦਾ ਸ਼ਿਕਾਰ ਸਭ ਨਾਲੋਂ ਜ਼ਿਆਦਾ ਬੱਚੇ ਹੁੰਦੇ ਹਨ, ਕਿਉਂਕਿ ਬੱਚਿਆਂ 'ਚ ਮੈਟਾਬੋਲਿਕ ਐਕਟੀਵਿਟੀ ਹੋਣ ਕਾਰਨ, ਉਨ੍ਹਾਂ ਵਿਚ ਗੈਸ ਨੂੰ ਸਮੋਹਣ ਦੀ ਸਮਰੱਥਾ ਵਧੇਰੇ ਹੁੰਦੀ ਹੈ। ਉਕਤ ਗੈਸਾਂ ਗਰਭਵਤੀ ਔਰਤਾਂ 'ਤੇ ਵੀ ਬਹੁਤ ਮਾੜਾ ਪ੍ਰਭਾਵ ਪਾਉਂਦੀਆਂ ਹਨ।
ਇਕ ਹੋਰ ਅਧਿਐਨ ਅਨੁਸਾਰ ਜਿਹੜੇ ਸਾਹ ਨਾਲ ਅੰਦਰ ਜਾਣ ਵਾਲੇ ਮਹੀਨ ਧੂੜ ਕਣਾਂ ਦੀ ਮਿਕਦਾਰ ਆਮ ਦਿਨਾਂ 'ਚ ਵਾਤਾਵਰਨ ਵਿਚ ਲਗਪਗ 60 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਪਾਈ ਜਾਂਦੀ ਹੈ ਉਨ੍ਹਾਂ ਦੀ ਤਾਦਾਦ ਵਿਚ ਪਰਾਲੀ ਸਾੜਨ ਦੇ ਦਿਨਾਂ 'ਚ 425 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਤੱਕ ਦਾ ਵਾਧਾ ਵੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਪਰਾਲੀ ਸਾੜਨ ਕਾਰਨ ਲੋੜੀਂਦੀ ਸਰਦੀ ਦੇ ਮੌਸਮ ਵਿਚ ਵੀ ਕਮੀ ਵੇਖਣ ਨੂੰ ਮਿਲ ਰਹੀ ਹੈ। ਸਰਦੀ ਦਾ ਘੱਟ ਪੈਣਾ ਕਣਕ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਇਕ ਅੰਦਾਜ਼ੇ ਮੁਤਾਬਿਕ ਪਰਾਲੀ ਦੇ ਸਾੜਨ ਕਾਰਨ ਹਰ ਸਾਲ ਕਿਸਾਨਾਂ ਦਾ ਲਗਪਗ 500 ਕਰੋੜ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਪਰਾਲੀ ਦੇ ਧੂੰਏਂ ਅਤੇ ਅੱਗ ਦੇ ਕਾਰਨ ਸੜਕਾਂ ਉਪਰ ਸਫ਼ਰ ਕਰ ਰਹੇ ਕਿੰਨੇ ਹੀ ਪਾਂਧੀ ਮੁਸਾਫਿਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਕਈ ਵਾਰ ਜਾਨੀ-ਮਾਲੀ ਨੁਕਸਾਨ ਹੁੰਦਾ ਹੈ।

-ਮਲੇਰਕੋਟਲਾ। ਮੋਬਾ: 98552-59560
Abbasdhaliwal 72@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX