ਤਾਜਾ ਖ਼ਬਰਾਂ


ਸੋਮਾਲੀਆ 'ਚ ਅਮਰੀਕੀ ਹਮਲੇ 'ਚ 100 ਅੱਤਵਾਦੀਆਂ ਦੀ ਮੌਤ
. . .  1 day ago
ਟਾਂਡਾ 'ਚ ਸ਼ੱਕੀ ਹਾਲਤ ਵਿਚ ਪਿਤਾ-ਪੁੱਤਰ ਦੀ ਮੌਤ
. . .  1 day ago
ਟਾਂਡਾ ,21 ਨਵੰਬਰ [ ਦੀਪਕ ਬਹਿਲ ]- ਪਿੰਡ ਖੁੱਡਾ 'ਚ ਪਿਤਾ ਪੁੱਤਰ ਦੀ ਸ਼ੱਕੀ ਹਾਲਤ 'ਚ ਮੌਤ ਦੀ ਖ਼ਬਰ ਹੈ। ਇਕ ਲਾਸ਼ ਪੱਖੇ ਲਟਕਦੀ ਅਤੇ ਦੂਜੀ ਲਾਸ਼ ਮੰਜੇ ਤੋਂ ਮਿਲੀ ਹੈ ।
ਬਗਦਾਦ 'ਚ ਆਤਮਘਾਤੀ ਕਾਰ ਬੰਬ ਧਮਾਕੇ 'ਚ 21 ਦੀ ਮੌਤ
. . .  1 day ago
ਸੀਰਤ ਨੂੰ ਪੇਸ਼ ਨਾ ਕਰਨ ਤੇ ਅਦਾਲਤ ਨੇ ਲੁਧਿਆਣਾ ਜੇਲ੍ਹ ਸੁਪਰਡੈਂਟ ਨੂੰ ਕੀਤਾ ਨੋਟਿਸ ਜਾਰੀ
. . .  1 day ago
ਐੱਸ. ਏ. ਐੱਸ. ਨਗਰ, 21 ਨਵੰਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਵਿਚਲੇ ਫ਼ੇਜ਼3 ਬੀ 1 ਵਿਖੇ ਹੋਏ ਏਕਮ ਸਿੰਘ ਢਿੱਲੋਂ ਦੇ ਕਤਲ ਮਾਮਲੇ 'ਚ ਅੱਜ ਸੀਰਤ ਨੂੰ ਅਦਾਲਤ 'ਚ ਪੇਸ਼ ਨਾ ਕਰਨ ਤੇ ਪੁਲਿਸ ਦੀ ਖਿਚਾਈ ਕਰਦਿਆਂ...
ਮੰਡੀ ਕਲਾਂ ਦੇ ਨੌਜਵਾਨ ਨੇ ਥਾਣੇਦਾਰ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ
. . .  1 day ago
ਬਾਲਿਆਂਵਾਲੀ, 21 ਨਵੰਬਰ (ਕੁਲਦੀਪ ਮਤਵਾਲਾ)-ਅੱਜ ਮੰਡੀ ਕਲਾਂ ਵਿਖੇ ਨੌਜਵਾਨ ਭੁਪਿੰਦਰ ਸਿੰਘ ਨੇ ਇੱਕ ਥਾਣੇਦਾਰ ਜਗਰੂਪ ਸਿੰਘ ਏ.ਐੱਸ.ਆਈ ਅਤੇ ਇਕ ਸਤੀਸ਼ ਕੁਮਾਰ ਵਾਸੀ ਮੌੜ ਮੰਡੀ ਖ਼ਿਲਾਫ਼ ਖ਼ੁਦਕੁਸ਼ੀ ਨੋਟ ਲਿਖ ਕੇ ਕੋਈ ਜ਼ਹਿਰੀਲੀ ...
ਬੰਗਲਾਦੇਸ਼ ਦੇ ਡਿਪਟੀ ਕਮਿਸ਼ਨਰਾਂ ਨੇ ਸਪੈਸ਼ਲ ਪ੍ਰੋਗਰਾਮ 'ਚ ਲਿਆ ਹਿੱਸਾ
. . .  1 day ago
ਐੱਸ ਏ ਐੱਸ ਨਗਰ , 21 ਨਵੰਬਰ [ਕੇ ਐੱਸ ਰਾਣਾ] - ਨੈਸ਼ਨਲ ਸੈਂਟਰ ਫ਼ਾਰ ਗੁੱਡ ਗਵਰਨੈਂਸ ਮਸੂਰੀ ਦੇ ਨਾਲ ਜੁੜੇ ਪ੍ਰੋਜੈਕਟ ਅਧੀਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਬੰਗਲਾਦੇਸ਼ ਦੇ 20 ਡਿਪਟੀ...
ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਕੋਲਕਾਤਾ, 21 ਨਵੰਬਰ - ਕੋਲਕਾਤਾ ਰੇਲਵੇ ਸਟੇਸ਼ਨ ਤੋਂ ਐੱਸ.ਟੀ.ਐੱਫ ਨੇ ਤਿੰਨ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਤੋਂ ਅਲ ਕਾਇਦਾ ਦੇ ਦਸਤਾਵੇਜ਼ ਬਰਾਮਦ ਹੋਏ...
ਲੁਧਿਆਣਾ : ਟਰੇਨ ਹੇਠਾਂ ਆਉਣ ਨਾਲ 3 ਮੌਤਾਂ
. . .  1 day ago
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਡਾਬਾ ਨੇੜੇ ਰੇਲਵੇ ਲਾਈਨ 'ਤੇ ਟਰੇਨ ਹੇਠਾਂ ਆਉਣ ਨਾਲ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਿਸ ਸਮੇਂ ਇਹ...
ਸਾਬਕਾ ਫ਼ੌਜੀ ਤੋਂ ਏ.ਕੇ-47 ਬਰਾਮਦ
. . .  1 day ago
ਪੰਜਾਬੀ ਸਮਝਣਾ ਤੇ ਬੋਲਣਾ ਸਿਖ ਗਈ ਹਾਂ - ਸ਼ਿਲਪਾ ਸ਼ੈਟੀ
. . .  1 day ago
ਹੋਰ ਖ਼ਬਰਾਂ..
  •     Confirm Target Language  

ਸਾਹਿਤ ਫੁਲਵਾੜੀ

ਦੋ ਕਿਸ਼ਤਾਂ 'ਚ ਛਪਣ ਵਾਲੀ ਕਹਾਣੀ

ਸ਼ਰਤਾਂ ਲਾ ਕੇ ਖੇਡੀ ਖੇਡ

ਕਦੀ-ਕਦੀ ਖੇਡ-ਖੇਡ 'ਚ ਬੰਦਾ ਜ਼ਿੰਦਗੀ 'ਤੇ ਵੀ ਖੇਡ ਜਾਂਦਾ ਹੈ। ਹਾਸੇ ਦਾ ਮੜਾਸਾ ਬਣਦਿਆਂ ਦੇਰ ਨਹੀਂ ਲਗਦੀ। ਪਛਤਾਵਾ ਸਾਰੀ ਜ਼ਿੰਦਗੀ ਦਾ ਰੋਗ ਬਣ ਜਾਂਦਾ ਹੈ। ਹੱਥੋਂ ਖੁੰਝਿਆ ਵੇਲਾ ਕਦੀ ਹੱਥ ਨਹੀਂ ਆਉਂਦਾ। ਬੰਦਾ ਭਾਵੇਂ ਰੋਵੇ ਤੇ ਕੁਰਲਾਏ 'ਜਦ ਚਿੜੀਆ ਚੁਗ ਗਈ ਖੇਤ' ਤਾਂ ਫਿਰ ਕੁਝ ਵੀ ਨਹੀਂ ਕੀਤਾ ਜਾ ਸਕਦਾ।
ਅਸੀਂ ਸਾਰੇ ਦੋਸਤ ਸ਼ਾਮ ਨੂੰ ਵਾਲੀਬਾਲ ਖੇਡਦੇ ਹੁੰਦੇ ਸਾਂ। ਸੂਰਜ ਡੁਬਣ ਤੱਕ ਇਹ ਖੇਡ ਚਲਦੀ ਰਹਿੰਦੀ ਸੀ।
ਖੇਡ ਤੋਂ ਬਾਅਦ ਪਿੰਡ ਨੂੰ ਪਰਤਦਿਆਂ ਬੜੀ ਗੱਪਸ਼ੱਪ ਹੋਇਆ ਕਰਦੀ ਸੀ। ਵਾਲੀਬਾਲ ਖੇਡਣ ਲਈ 'ਨੈੱਟ' ਪਿੰਡ ਤੋਂ ਇਕ ਮੁਰੱਬਾ ਹਟਵਾਂ, ਕਬਰਸਤਾਨ ਦੇ ਲਾਗੇ ਗੱਡਿਆ ਹੋਇਆ ਸੀ।
ਕਬਰਸਤਾਨ ਦੇ ਨਾਲ-ਨਾਲ 5 ਕਿੱਲੇ ਰਕਬਾ ਟੇਂਡਰ ਤੇ ਬੰਜਰ ਪਿਆ ਹੋਇਆ ਸੀ। ਪਿੰਡ ਦੇ ਮੁੰਡਿਆਂ ਨੇ ਇਥੇ ਹਾਕੀ ਦਾ ਮੈਦਾਨ, ਕ੍ਰਿਕਟ ਦਾ ਮੈਦਾਨ ਤੇ ਕਬੱਡੀ ਖੇਡਣ ਲਈ ਮੈਦਾਨ ਬਣਾਇਆ ਹੋਇਆ ਸੀ।
ਇਕ ਪਾਸੇ ਕਬਰਸਤਾਨਂਮੌਤ ਦੀ ਹੌਲਨਾਕ ਖ਼ਾਮੋਸ਼ੀ। ਫ਼ਿਜ਼ਾਵਾਂ, ਹਵਾਵਾਂ 'ਚ ਮੌਤ ਦੀ ਉਦਾਸੀ ਦੇ ਪਰਛਾਵੇਂ। ਦੂਜੇ ਪਾਸੇ ਜ਼ਿੰਦਗੀ ਦੇ ਹਾਸੇ ਤੇ ਖੇਡਾਂ। ਭੱਜਦੀ-ਦੌੜਦੀ ਜ਼ਿੰਦਗੀ ਦੀਆਂ ਰੌਣਕਾਂ। ਇਕ ਦਿਨ ਸ਼ਾਮ ਨੂੰ ਜਦ ਅਸੀਂ ਵਾਲੀਬਾਲ ਦੇ ਮੈਚ ਤੋਂ ਫਾਰਗ ਹੋਏ ਤਾਂ ਗਰਾਊਂਡ 'ਚ ਬੈਠ ਕੇ ਗੱਪਾਂ ਮਾਰਨ ਲੱਗ ਪਏ।
ਸਾਡੇ ਇਕ ਦੋਸਤ ਸਾਬਰ ਨੇ ਗੱਲਾਂ-ਗੱਲਾਂ 'ਚ ਅਚਾਨਕ ਇਕ ਹੋਰ ਸਾਥੀ ਗੁਲਾਮ ਫ਼ਰੀਦ ਨੂੰ ਕਿਹਾ ਕਿ ਗੁਲਾਮ ਫ਼ਰੀਦਾ ਜੇ ਤੂੰ ਰਾਤ ਦੇ ਬਾਰਾਂ ਵਜੇ ਵਾਲੀਬਾਲ ਖੇਡਣ ਵਾਲਾ ਬਾਲ ਦੀਨੇ ਗੁੱਜਰ ਦੀ ਕਬਰ 'ਤੇ ਰੱਖ ਆਵੇਂ ਤਾਂ ਮੈਂ ਤੈਨੂੰ ਪੰਜ ਸੌ ਰੁਪਿਆ ਇਨਾਮ ਦੇਵਾਂਗਾ।
ਗੁਲਾਮ ਰਸੀਦ ਨੇ ਤੁਰੰਤ ਜਵਾਬ ਦਿੱਤਾ, 'ਸਾਬਰਿਆ ਮੈਨੂੰ ਤੇਰਾ ਚੈਲੰਜ ਕਬੂਲ ਹੈ। ਮੈਨੂੰ ਭਾਵੇਂ ਸਿਰ ਧੜ ਦੀ ਬਾਜ਼ੀ ਲਾਉਣੀ ਪਵੇ, ਮੈਂ ਇਹ ਸ਼ਰਤ ਜ਼ਰੂਰ ਜਿੱਤਾਂਗਾ।'
ਅਸੀਂ ਦੋਸਤਾਂ ਇਹ ਗਠਜੋੜ ਬਣਾਇਆ ਕਿ ਜਦ ਗੁਲਾਮ ਫ਼ਰੀਦ ਰਾਤ ਬਾਰਾਂ ਵਜੇ ਦੀਨੇ ਗੁੱਜਰ ਦੀ ਕਬਰ 'ਤੇ ਬਾਲ ਰੱਖਣ ਜਾਏ ਤਾਂ ਸਾਡੇ ਵਿਚੋਂ ਕੋਈ ਦੋਸਤ ਉਹਨੂੰ ਭੂਤ ਬਣ ਕੇ ਡਰਾਏ। ਗੁਲਾਮ ਫ਼ਰੀਦ ਨੂੰ ਡਰਦੇ ਮਾਰਿਆਂ ਭੱਜਣ ਨੂੰ ਰਾਹ ਨਹੀਂ ਜੇ ਲੱਭਣਾ। ਆਪਾਂ ਰਲ ਕੇ ਚੰਗਾ ਉਹਦਾ ਤਮਾਸ਼ਾ ਬਣਾਵਾਂਗੇ।
ਸਾਬਰ ਆਪ ਹੀ ਇਸ ਗੱਲ 'ਤੇ ਰਾਜ਼ੀ ਹੋ ਗਿਆ ਕਿ ਉਹ ਦੀਨੇ ਗੁੱਜਰ ਦੀ ਕਬਰ ਲਾਗੇ ਕਾਲੀ ਚਾਦਰ ਲਪੇਟ ਕੇ ਲੁਕ ਜਾਵੇਗਾ। ਜਦ ਗੁਲਾਮ ਫ਼ਰੀਦ ਕਬਰ 'ਤੇ ਬਾਲ ਰੱਖਣ ਆਵੇਗਾ ਤਾਂ ਉਹਦੀਆਂ ਭਾਜੜਾਂ ਪਵਾ ਦਿਆਂਗਾ।
ਦੀਨੇ ਗੁੱਜਰ ਦੀ ਕਬਰ ਲਾਗੇ ਇਕ ਦੇਸੀ ਕਿੱਕਰ ਦਾ ਰੁੱਖ ਸੀ। ਰਾਤ ਗਿਆਰਾਂ ਕੁ ਵਜੇ ਸਾਬਰ ਨੇ ਆਪਣੇ ਸਿਰ 'ਤੇ ਕਾਲੀ ਚਾਦਰ ਦੇ ਇਕ ਪੱਲੇ ਦਾ ਮੜਾਸਾ ਮਾਰਿਆ ਤੇ ਬਾਕੀ ਦੀ ਚਾਦਰ ਆਪਣੇ ਸਰੀਰ ਦੇ ਦੁਆਲੇ ਲਵੇਟ ਕੇ ਦੀਨੇ ਗੁੱਜਰ ਦੀ ਕਬਰ ਲਾਗੇ ਕਿੱਕਰ ਦੇ ਰੁੱਖ ਓਹਲੇ ਜਾ ਲੁਕਿਆ।
ਜਦ ਰਾਤ ਬਾਰਾਂ ਵਜੇ ਗੁਲਾਮ ਫ਼ਰੀਦ ਵਾਲੀਬਾਲ ਵਾਲਾ ਬਾਲ ਦੀਨੇ ਗੁੱਜਰ ਦੀ ਕਬਰ 'ਤੇ ਰੱਖਣ ਗਿਆ ਤਾਂ ਚਾਰ-ਚੁਫੇਰੇ ਘੁੱਪ ਹਨੇਰਾ ਛਾਇਆ ਹੋਇਆ ਸੀ।
ਉਨ੍ਹਾਂ ਰਾਤਾਂ 'ਚ ਪਿਛਲੇ ਪਹਿਰ ਦਾ ਚੰਨ ਸੀ। ਢਲਦੀ ਰਾਤ ਦੇ ਦੋ ਵਜੇ ਤੱਕ ਹਰ ਸ਼ੈਅ ਕਾਲੇ ਹਨ੍ਹੇਰੇ ਦੀ ਬੁੱਕਲ 'ਚ ਲੁਕੀ ਰਹਿੰਦੀ ਸੀ।
ਕਬਰਸਤਾਨ ਅੰਦਰ ਬੀਂਡਿਆਂ ਦੇ ਟੈਂਅ-ਟੈਂਅ, ਟਰਰ...ਟਰਰ.. ਤੇ ਲਾਗੇ ਹੀ ਛੱਪੜ 'ਚ ਡੱਡੂਆਂ ਦੀਆਂ ਗੜੈਂਅ-ਗੜੈਂਅ ਦੀਆਂ ਆਵਾਜ਼ਾਂ ਮਾਹੌਲ (ਆਲੇ-ਦੁਆਲੇ ਦੀ ਫ਼ਿਜ਼ਾ) ਨੂੰ ਹੋਰ ਵੀ ਡਰਾਉਣਾ ਬਣਾ ਰਹੀਆਂ ਸਨ। ਰਾਤਾਂ ਨੂੰ ਜਦ ਕੋਈ ਕਿਸਾਨ ਆਪਣੇ ਖੇਤ ਨੂੰ ਪਾਣੀ ਲਾਉਣ ਮੋਢੇ 'ਤੇ ਕਹੀ ਰੱਖੀ ਕਬਰਸਤਾਨ ਦੇ ਨੇੜਿਉਂ ਦੀ ਲੰਘਦਾ ਤੇ ਉੱਲੂ (ਚੁਗਲਖੋਰ) ਚੀਕਾਂ ਮਾਰ ਕੇ ਰੁੱਖਾਂ ਤੋਂ ਉਡਾਰੀਆਂ ਮਾਰ ਜਾਂਦੇ ਤੇ ਰੁੱਖਾਂ ਦੀਆਂ ਟਹਿਣੀਆਂ ਪੱਤਰ ਇੰਜ ਡੋਲਦੇ ਜਿਵੇਂ ਮਰਨ ਵਾਲਿਆਂ ਦੇ ਦੁੱਖ-ਓ-ਗ਼ਮ 'ਚ ਸਿਰਾਂ 'ਤੇ ਦੋਹੱਥੜਾਂ ਮਾਰ ਕੇ ਵੈਣ ਪਾ ਰਹੇ ਹੋਣ। ਦੁੱਖਾਂ ਦੇ ਪਾਣੀਆਂ 'ਚ ਡੁੱਬੀ ਹੋਈ ਹਵਾ ਜਦ ਰੁੱਖਾਂ ਦੇ ਪੱਤਿਆਂ ਨੂੰ ਗਲੇ ਮਿਲਦੀ ਹੋਈ ਗੁਜ਼ਰਦੀ ਤਾਂ 'ਸ਼ਾਂਅ... ਸ਼ਾਂਅ...' ਦੀ ਦੁਖੀ ਆਵਾਜ਼ ਪੈਦਾ ਹੁੰਦੀ। ਇੰਜ ਲੱਗਦਾ ਜਿਵੇਂ ਮੌਤ ਦੇ ਗ਼ਮਾਂ ਤੇ ਜੁਦਾਈਆਂ ਦੀ ਮਾਰੀ ਹੋਈ ਹਵਾ ਹਉਕੇ-ਹਾਵੇ ਭਰ ਰਹੀ ਹੋਵੇ।
ਰਾਤ ਦੇ ਕਿਸੇ ਵੀ ਪਹਿਰ ਕੋਈ ਵੀ ਬੰਦਾ ਕਬਰਸਤਾਨਾਂ ਵਿਚੋਂ ਗੁਜ਼ਰਨ ਦੀ ਹਿੰਮਤ ਨਹੀਂ ਸੀ ਕਰਦਾ। ਕਬਰਸਤਾਨ ਵਿਚੋਂ ਲੰਘਣ ਵਾਲੇ ਨੂੰ ਇੰਜ ਲਗਦਾ ਸੀ ਜਿਵੇਂ ਕਬਰਾਂ ਦੇ ਸਾਰੇ ਮੁਰਦੇ ਉਠਕੇ ਖੜ੍ਹੇ ਹੋ ਗਏ ਹੋਣ ਤੇ ਲੰਘਣ ਵਾਲੇ ਦੇ ਗਲ ਲੱਗਣ ਲਈ ਉਹਦੇ ਵੱਲ ਵਧ ਰਹੇ ਹੋਣ। ਅਜਿਹੇ ਮਾਹੌਲ 'ਚ ਖੌਫ਼ ਤੇ ਮੌਤ ਦੇ ਦਹਿਲ ਨਾਲ ਕਮਜ਼ੋਰ ਦਿਲ ਬੰਦੇ ਦਾ ਦਮ ਵੀ ਨਿਕਲ ਜਾਏ। ਤਾਂ ਕੋਈ ਵੱਡੀ ਗੱਲ ਨਹੀਂ।
ਗੁਲਾਮ ਫ਼ਰੀਦ ਦੱਬੇ-ਦੱਬੇ ਪੈਰੀਂ ਵਾਲੀਬਾਲ ਲਈ ਦੀਨੇ ਗੁੱਜਰ ਦੀ ਕਬਰ ਵਲ ਵਧ ਰਿਹਾ ਸੀ।
ਉਸ ਨੇ ਕਬਰ 'ਤੇ ਬਾਲ ਰੱਖਿਆ। ਗੁਲਾਮ ਫ਼ਰੀਦ ਦੇ ਇਕ ਹੱਥ 'ਚ ਬਾਲ ਤੇ ਦੂਜੇ ਹੱਥ ਵਿਚ ਤੇਜ਼ਧਾਰ ਵਾਲਾ ਛੁਰਾ ਸੀ।
ਅਚਾਨਕ ਸਾਬਰ ਕਿੱਕਰ ਦੇ ਰੁੱਖ ਓਹਲਿਓਂ ਨਿਕਲਿਆ। ਬਾਹਵਾਂ ਅੱਡ ਕੇ ਜ਼ੋਰ ਨਾਲ ਚੀਕ ਮਾਰੀ ਤੇ ਮੂੰਹੋਂ ਡਰਾਉਣੀਆਂ ਆਵਾਜ਼ਾਂ ਕਢਦਾ ਗੁਲਾਮ ਫ਼ਰੀਦ ਵੱਲ ਵਧਿਆ।
ਗੁਲਾਮ ਫ਼ਰੀਦ ਜਿਹੜਾ ਕਬਰਸਤਾਨ ਦੀ ਵੀਰਾਨੀ ਘੁੱਪ ਹਨ੍ਹੇਰ ਤੇ ਮੌਤ ਦੇ ਖੌਫ਼ 'ਚ ਥਰ-ਥਰ ਕੰਬ ਰਿਹਾ ਸੀ। ਪਤਾ ਨਹੀਂ ਉਸ ਵਿਚ ਏਨੀ ਹਿੰਮਤ ਤੇ ਦਲੇਰੀ ਕਿਥੋਂ ਆ ਗਈ ਕਿ ਉਸ ਨੇ ਅੱਗੇ ਵਧ ਕੇ ਵਹਿਸ਼ੀ ਖ਼ੂਨੀਆਂ ਵਾਂਗ ਤੇਜ਼ ਧਾਰ ਵਾਲਾ ਛੁਰਾ ਸਾਬਰ ਦੇ ਢਿੱਡ ਵਿਚ ਮਾਰਿਆ।
ਸਾਬਰ ਦੇ ਮੂੰਹੋਂ ਏਨੀ ਖੌਫ਼ ਭਰਪੂਰ ਤੇ ਦਰਦਨਾਕ ਲੇਰ ਨਿਕਲੀ ਕਿ ਕਬਰਸਤਾਨ 'ਚ ਰੁੱਖਾਂ 'ਤੇ ਬੈਠੇ ਕਾਂ, ਚੁਗਲ (ਉੱਲੂ) ਤੇ ਦੂਜੇ ਪਰਿੰਦੇ ਉਡਾਰੀਆਂ ਮਾਰ ਗਏ। ਕਾਵਾਂ ਦੀ ਕਾਂ-ਕਾਂ ਦੀਆਂ ਕੁਰੱਖਤ ਫ਼ਿਜ਼ਾਵਾਂ ਨੂੰ ਚੀਰਦੀਆਂ ਆਵਾਜ਼ਾਂ ਮੌਤ ਦਾ ਖੇਡ ਸ਼ੁਰੂ ਹੋਣ ਦਾ ਨਗਾਰਾ ਵਜਾ ਰਹੀਆਂ ਸਨ।
ਥੋੜ੍ਹੇ ਹੀ ਪੰਧ 'ਤੇ ਕਣਕ ਦਿਆਂ ਖੇਤਾਂ ਦੀਆਂ ਵੱਟਾਂ ਤੋਂ ਉਡਦੀਆਂ ਟਟੀਹਰੀਆਂ ਦੀਆਂ ਟੀਂ... ਟਿਊਂ...ਟੀਂ...ਟਿਊਂ... ਦੀਆਂ ਆਵਾਜ਼ਾਂ ਨੇ ਫ਼ਿਜ਼ਾ 'ਚ ਖੌਫ਼ ਤੇ ਦਹਿਸ਼ਤ ਦੀਆਂ ਲਹਿਰਾਂ ਭਰ ਦਿੱਤੀਆਂ ਸਨ। ਟਟੀਹਰੀਆਂ ਦੀ ਟੀ...ਟੀਉਂ...ਟੀ...ਟੀਉਂ ਦੀ ਹਾਹਾਕਾਰ ਹਉਕੇ ਦੇ ਰਹੀ ਸੀ ਕਿ ਕਬਰਸਤਾਨ 'ਚ ਮੌਤ ਦਾ ਖੇਡ ਸ਼ੁਰੂ ਹੋ ਗਿਆ ਹੈ।
ਸਾਬਰ ਨੇ ਬਹੁਤ ਹਾਲ ਪਾਹਰਿਆ ਕੀਤੀ। 'ਗੁਲਾਮ ਫ਼ਰੀਦਾ' ਉਏ ਮੈਂ ਸਾਬਰ ਹਾਂ। ਮੈਂ ਤੇਰਾ ਦੋਸਤ ਹਾਂ। ਰੱਬ ਦਾ ਵਾਸਤਾ ਈ ਮੈਨੂੰ ਨਾ ਮਾਰ। ਪਰ ਗੁਲਾਮ ਫ਼ਰੀਦ ਨੂੰ ਤਾਂ ਮੌਤ ਦੇ ਡਰ ਤੇ ਖੌਫ਼ ਨੇ ਪਾਗਲਪਨ ਦੀ ਹੱਦ ਤੱਕ ਪਹੁੰਚਾ ਦਿੱਤਾ ਸੀ। ਉਸ ਨੇ ਸਮਝਿਆ ਕਿ ਇਹ ਵੀ ਭੂਤ ਜਾਂ ਚੁੜੇਲ ਦੀ ਕੋਈ ਚਾਲ ਹੈ।
ਛੁਰਾ ਚਲਦਾ ਰਿਹਾ ਸਾਬਰ ਮਰਦਾ ਰਿਹਾ। ਪੰਛੀ ਕੁਰਲਾਉਂਦੇ ਰਹੇ, ਹਾਲ ਦੁਹਾਈ ਪਾਉਂਦੇ ਰਹੇ। ਬੰਦੇ ਦੀ ਮੌਤ ਦੇ ਪੰਜਿਆਂ ਤੋਂ ਛੁਡਾਉਣ ਲਈ ਬੰਦਿਆਂ ਨੂੰ ਬੁਲਾਉਂਦੇ ਰਹੇ।
'ਪਰ ਮੌਤ ਜਿੱਤ ਗਈ, ਜ਼ਿੰਦਗੀ ਹਾਰ ਗਈ'
ਅਸੀਂ ਸਾਰੇ ਦੋਸਤ ਇਸ ਦਰਦ ਭਰੀ ਤੇ ਅਫ਼ਸੋਸਨਾਕ ਦੁਰਘਟਨਾ ਤੋਂ ਬੇਖ਼ਬਰ ਕੁਝ ਫਾਸਲੇ 'ਤੇ ਕਣਕ ਦੇ ਇਕ ਖੇਤ 'ਚ ਲੁਕੇ ਬੈਠੇ ਸਾਂ।
ਅਸੀਂ ਗੁਲਾਮ ਫ਼ਰੀਦ ਨੂੰ ਆਪਣੇ ਕੋਲੋਂ ਦੀ ਅੰਨ੍ਹੇਵਾਹ ਪਿੰਡ ਵੱਲ ਭੱਜਦਿਆਂ ਦੇਖਿਆ। ਸਾਰਿਆਂ ਨੇ ਉਹਨੂੰ ਬੜੀਆਂ 'ਵਾਜ਼ਾਂ ਮਾਰੀਆਂ ਪਰ ਉਸ ਨੇ ਪਿੱਛੇ ਮੁੜ ਕੇ ਵੀ ਨਾ ਤੱਕਿਆ।
ਗੁਲਾਮ ਫ਼ਰੀਦ ਜਦ ਘਰ ਪੁੱਜਾ ਤਾਂ ਉਹਦੇ ਕੱਪੜੇ ਖ਼ੂਨ ਨਾਲ ਲਾਲੋ-ਲਾਲ ਸਨ। ਛੁਰਾ ਹਾਲੇ ਵੀ ਉਹਦੇ ਹੱਥ 'ਚ ਫੜਿਆ ਹੋਇਆ ਸੀ। ਉਸ ਸਮੇਂ ਗੁਲਾਮ ਫ਼ਰੀਦ ਆਪਣੇ ਹੋਸ਼-ਓ-ਹਵਾਸ਼ 'ਚ ਨਹੀਂ ਸੀ। ਸਾਰਾ ਪਿੰਡ ਇਕੱਠਾ ਹੋ ਗਿਆ। ਲੰਬੜਦਾਰ, ਚੌਕੀਦਾਰ ਪਿੰਡ ਦੇ ਚੌਧਰੀ। ਗੁਲਾਮ ਫ਼ਰੀਦ ਦੇ ਘਰ ਪੈਰ ਰੱਖਣ ਨੂੰ ਥਾਂ ਨਾ ਰਿਹਾ। ਅਸੀਂ ਸਾਰੇ ਦੋਸਤ ਵੀ ਸਾਹੋ-ਸਾਹੀ ਹੋਏ ਗੁਲਾਮ ਫ਼ਰੀਦ ਦੇ ਘਰ ਜਾ ਪਹੁੰਚੇ।
ਗੁਲਾਮ ਫ਼ਰੀਦ ਆਪਣੇ ਘਰ ਹੋਏ ਇਕੱਠ ਨੂੰ ਅੱਡੀਆਂ ਤੇ ਖੌਫ਼ ਭਰੀਆਂ ਅੱਖਾਂ ਨਾਲ ਬਿਟਰ-ਬਿਟਰ ਤੱਕੀ ਜਾ ਰਿਹਾ ਸੀ। ਛੁਰਾ ਫੜੀ ਹੱਥ ਹੌਲੀ-ਹੌਲੀ ਕੰਬ ਰਿਹਾ ਸੀ। ਉਹਦੇ ਮੂੰਹੋਂ ਇਕ ਬੜੀ ਜ਼ੋਰਦਾਰ ਚੀਕ ਨਿਕਲੀ ਤੇ ਉਹ ਧਾਹਾਂ ਮਾਰ-ਮਾਰ ਰੋਣ ਲੱਗ ਪਿਆ। ਉਹਦੇ ਵੈਣ ਸੁਣ-ਸੁਣ ਕਲੇਜਾ ਮੂੰਹ ਨੂੰ ਆਉਂਦਾ ਸੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਖ਼ਾਲਸਾ ਹਾਊਸ, ਚੱਕ ਨੰਬਰ 97/ਆਰ.ਬੀ. ਜੌਹਲ ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਫ਼ੈਸਲਾਬਾਦ, ਪਾਕਿਸਤਾਨ।
ਫੋਨ : 0092-300-7607983,
0092-345-7908695.


ਖ਼ਬਰ ਸ਼ੇਅਰ ਕਰੋ

ਵਿਸ਼ਵਾਸ

* ਬਿਨਾਂ ਖੋਜਿਆਂ, ਬਿਨਾਂ ਪੜਚੋਲ ਅਤੇ ਬਿਨਾਂ ਦਲੀਲ ਜਾਂ ਤਰਕ ਦੇ ਜਿਸ ਕਾਸੇ ਨੂੰ ਵੀ ਸੱਚ ਸਮਝ ਕੇ ਅਪਣਾ ਲਿਆ ਜਾਂਦਾ ਹੈ, ਉਹ ਵਿਸ਼ਵਾਸ ਹੈ। ਵਿਸ਼ਵਾਸ ਦਾ ਦੂਸਰਾ ਨਾਂਅ ਹੈ ਪਿਆਰ।
* ਵਿਸ਼ਵਾਸ (ਭਰੋਸਾ) ਇਕ ਛੋਟਾ ਜਿਹਾ ਸ਼ਬਦ ਹੈ, ਜਿਸ ਨੂੰ ਪੜ੍ਹਨ ਲਈ ਇਕ ਸੈਕਿੰਟ ਲਗਦਾ ਹੈ, ਸੋਚੀਏ ਤਾਂ ਇਕ ਮਿੰਟ ਲਗਦਾ ਹੈ, ਸਮਝੋ ਤਾਂ ਦਿਨ ਲਗਦਾ ਹੈ ਪਰ ਸਾਬਤ ਕਰਨ ਵਿਚ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ।
* ਵਿਸ਼ਵਾਸ ਸਭ ਤੋਂ ਵੱਡਾ ਡਾਕਟਰ ਹੈ। ਇਹ ਸਭ ਤੋਂ ਮਹਾਨ ਵਿਸ਼ਵ ਵਿਆਪੀ ਦਵਾ ਹੈ, ਜਿਹੜੀ ਬਿਮਾਰੀ ਨੂੰ ਰੋਕਦੀ ਹੈ। ਬਿਮਾਰੀ ਦਾ ਇਲਾਜ ਕਰਦੀ ਹੈ। ਬਿਮਾਰੀ ਵਿਰੁੱਧ ਲੜਨ ਦੀ ਤਾਕਤ ਬਖ਼ਸ਼ਦੀ ਹੈ ਅਤੇ ਜ਼ਖ਼ਮਾਂ ਨੂੰ ਭਰਦੀ ਹੈ।
* ਵਿਸ਼ਵਾਸ ਇਕ ਇਲਾਸਟਿਕ ਦੀ ਤਰ੍ਹਾਂ ਹੁੰਦਾ ਹੈ ਜਿਸ ਨੂੰ ਦੋ ਬੰਦੇ ਖਿੱਚ ਕੇ ਰੱਖਦੇ ਹਨ। ਜਦੋਂ ਤੱਕ ਤੁਸੀਂ ਇਸ ਨੂੰ ਫੜੀ ਰੱਖੋਗੇ ਤੁਸੀਂ ਖੁਸ਼ ਰਹੋਗੇ। ਜਿਸ ਪਲ ਦੋਵਾਂ ਵਿਚੋਂ ਇਕ ਛੱਡ ਦਿੰਦਾ ਹੈ ਤਾਂ ਦੂਜੇ ਨੂੰ ਸਖ਼ਤ ਚੋਟ, ਦਰਦ ਜਾਂ ਦੁੱਖ ਪਹੁੰਚਦਾ ਹੈ।
* ਦੁਨੀਆ ਵਿਚ ਸਭ ਤੋਂ ਖ਼ੂਬਸੂਰਤ ਬੂਟਾ ਵਿਸ਼ਵਾਸ ਦਾ ਹੁੰਦਾ ਹੈ ਜੋ ਜ਼ਮੀਨ ਵਿਚ ਨਹੀਂ, ਦਿਲਾਂ ਵਿਚ ਉਗਦਾ ਹੈ।
* ਪਿਤਾ ਜਦੋਂ ਪਿਆਰ ਨਾਲ ਆਪਣੇ ਬੱਚੇ ਨੂੰ ਚੁੱਕ ਕੇ ਹਵਾ ਵਿਚ ਉਛਾਲਦਾ ਹੈ ਤਾਂ ਬੱਚਾ ਹਵਾ ਵਿਚ ਉਛਲ ਕੇ ਵੀ ਹੱਸਦਾ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਦਾ ਪਿਤਾ ਉਸ ਨੂੰ ਹੇਠਾਂ ਨਹੀਂ ਡਿਗਣ ਦੇਵੇਗਾ। ਇਹ ਹੀ ਹੈ ਵਿਸ਼ਵਾਸ।
* ਸਿੱਖਿਆ ਨਾਲ ਵਿਸ਼ਵਾਸ ਆਉਂਦਾ ਹੈ। ਵਿਸ਼ਵਾਸ ਨਾਲ ਆਸ ਬਝਦੀ ਹੈ। ਆਸ ਸ਼ਾਂਤੀ ਦਿੰਦੀ ਹੈ।
* ਜ਼ਿੰਦਗੀ ਵਿਚ ਚਾਰ ਚੀਜ਼ਾਂ ਕਦੇ ਨਾ ਤੋੜੋ : ਵਿਸ਼ਵਾਸ, ਰਿਸ਼ਤਾ, ਦਿਲ ਤੇ ਵਚਨ।
* ਵਿਸ਼ਵਾਸ ਉਹ ਪੰਛੀ ਹੈ ਜੋ ਪ੍ਰਭਾਤ ਦੇ ਪੂਰਵ ਅੰਧਕਾਰ ਵਿਚ ਹੀ ਪ੍ਰਕਾਸ਼ ਦਾ ਅਨੁਭਵ ਕਰਦਾ ਹੈ ਅਤੇ ਗਾਉਣ ਲੱਗਦਾ ਹੈ।
* ਦਿਲ ਵਿਸ਼ਵਾਸ ਦਾ ਨਾਂਅ ਹੈ ਜਦ ਕਿ ਬੁੱਧੀ ਸ਼ੱਕ ਅਤੇ ਚਿੰਤਾ ਕਰਦੀ ਹੈ।
* ਨਾਸਤਕ ਕੇਵਲ ਉਹ ਨਹੀਂ ਜੋ ਪਰਮਾਤਮਾ ਦੀ ਹੋਂਦ ਵਿਚ ਵਿਸ਼ਵਾਸ ਨਹੀਂ ਰੱਖਦੇ। ਨਾਸਤਕ ਤਾਂ ਅਸਲ ਵਿਚ ਉਹ ਹਨ ਜਿਨ੍ਹਾਂ ਨੂੰ ਆਪਣੇ-ਆਪ 'ਤੇ ਵਿਸ਼ਵਾਸ ਨਹੀਂ।
* ਵਿਸ਼ਵਾਸ ਦਾ ਮਤਲਬ ਹੈ ਹਰ ਚੀਜ਼ ਪਰ ਇਕ ਵਾਰ ਜਦੋਂ ਤੁਸੀਂ ਵਿਸ਼ਵਾਸ ਨੂੰ ਤੋੜ ਦਿੰਦੇ ਹੋ ਤਾਂ ਫਿਰ ਸੌਰੀ ਦਾ ਮਤਲਬ ਹੈ ਕੁਝ ਵੀ ਨਹੀਂ।
* ਵਿਸ਼ਵਾਸ ਤੇ ਇੱਜ਼ਤ ਨਾ ਖਰੀਦੇ ਜਾ ਸਕਦੇ ਹਨ, ਨਾ ਸਿੱਖੇ ਜਾ ਸਕਦੇ ਹਨ। ਇਹ ਕੇਵਲ ਕਮਾਏ ਜਾ ਸਕਦੇ ਹਨ। (ਚਲਦਾ)

ਮੋਬਾਈਲ : 99155-63406.

ਮੁਹੱਬਤ ਦਾ ਮਜ਼ਾਕ

'ਹਨੀ'... ਕੀ ਹੈ?
'ਹਨੀ' ਅਸਲ 'ਚ ਅੰਗਰੇਜ਼ੀ 'ਚ 'ਸ਼ਹਿਦ' ਨੂੰ ਕਹਿੰਦੇ ਹਨ, ਅੱਜਕਲ੍ਹ ਅੰਗਰੇਜ਼ੀ ਬੋਲਣ ਦਾ ਫੈਸ਼ਨ ਹੈ, ਜਿਨ੍ਹਾਂ ਦੇ ਨਵੇਂ-ਨਵੇਂ ਵਿਆਹ ਹੁੰਦੇ ਹਨ, ਉਹ ਇਕ-ਦੂਜੇ ਨੂੰ ਪਿਆਰ ਨਾਲ ਇਵੇਂ ਬੁਲਾਉਂਦੇ ਹਨ, ਲਾੜਾ, ਲਾੜੀ ਨੂੰ ਬੜੀ ਸ਼ਹਿਦ ਭਰੀ ਮਿੱਠੀ ਬੋਲੀ 'ਚ ਬੁਲਾਉਂਦਾ ਹੈ:
'ਹਨੀ...।'
ਹਨੀ, ਅੱਗੋਂ 'ਹਾਂ ਜੀ' ਦੀ ਥਾਂ ਉਸੇ ਸ਼ਹਿਦ ਭਰੀ ਮਿਠਾਸ ਨਾਲ ਜਵਾਬ ਦਿੰਦੀ ਹੈ, 'ਯੈਸ ਡਾਰਲਿੰਗ' ਜਿਵੇਂ ਅੱਜਕਲ੍ਹ ਪੈਂਟਾਂ-ਕਮੀਜ਼ਾਂ ਯੂਨੀਸੈਕਸ ਹੋ ਗਈਆਂ ਹਨ, ਡਾਰਲਿੰਗ ਵੀ ਲਾੜੇ-ਲਾੜੀਆਂ ਦਾ ਸਾਂਝਾ, ਆਪਸੀ ਖਿੱਚ ਵਾਲਾ ਲਫ਼ਜ਼ ਹੈ। ਪਰ 'ਹਨੀ' ਸਿਰਫ਼ ਤੇ ਸਿਰਫ਼ ਮੁਹੱਬਤ ਵਾਲੀਆਂ ਲਾੜੀਆਂ, ਕੁੜੀਆਂ, ਔਰਤਾਂ ਲਈ ਰਿਜ਼ਰਵ ਹੈ।
ਡਾਰਲਿੰਗ ਦਾ ਅਦਾਨ-ਪ੍ਰਦਾਨ ਦੋਵਾਂ ਵਿਚਾਲੇ ਚਲਦਾ ਹੈ। ਕਿਸੇ ਇਕ ਸੈਕਸ-ਵਿਸ਼ੇਸ਼ ਦੀ ਇਸ 'ਤੇ ਅਜ਼ਾਰੇਦਾਰੀ ਨਹੀਂ। 'ਹਨੀ-ਮੂਨ' ਹਨੀ ਨਾ ਹੁੰਦੀ, ਤਾਂ ਕਿੱਦਾਂ ਹੁੰਦਾ?
ਪਰ 'ਹਨੀ' ਹੈ ਕੀ?
ਪੰਜਾਬੀ, ਹਿੰਦੀ, ਉਰਦੂ 'ਚ ਸ਼ਹਿਦ, ਹਿੰਦੀ-ਪੰਜਾਬੀ 'ਚ ਮਕਰੰਦ ਪਰ ਸਿਰਫ਼ ਹਿੰਦੀ 'ਚ ਮੱਧ, ਮਧੂ। ਮੱਖੀ, ਸਭ ਤੋਂ ਗੰਦੀ, ਤੁਹਾਡੀ ਚਾਹ 'ਚ ਵੀ ਡਿੱਗ ਪਏ ਤਾਂ ਤੁਹਾਨੂੰ ਉਬੱਤ ਆਉਣ ਲੱਗੇਗਾ। ਉਥੇ ਹੀ ਕੱਪ ਜਾਂ ਗਿਲਾਸ ਛੱਡ ਦਿਓਗੇ, ਦੂਜਾ ਘੁੱਟ ਨਹੀਂ ਭਰੋਗੇ। ਪਰ, ਸ਼ਹਿਦ ਇਹ ਸ਼ਹਿਦ ਦੀ ਮੱਖੀ ਦੇ ਮੂੰਹ 'ਚੋਂ ਡਿੱਗੀ ਰਾਲ ਤੋਂ ਬਣਦਾ ਹੈ। ਇਹਨੂੰ ਤਾਂ ਲੋਕੀਂ ਚੱਟਦੇ ਨੇ, ਹੋਰ ਤਾਂ ਹੋਰ, ਜਦ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਸ਼ਹਿਦ ਚਟਾਉਣ ਦਾ ਰਿਵਾਜ ਹੈ।
ਕੋਈ ਨਹੀਂ ਕਹਿੰਦਾ, ਸ਼ਹਿਦ ਸ਼ਹਿਦ ਦੀ ਮੱਖੀ ਦੀ 'ਥੁੱਕ' ਵਰਗਾ ਅਯੁਰਵੈਦ 'ਚ ਤਾਂ ਸ਼ਹਿਦ ਦੇ ਐਨੇ ਫਾਇਦੇ ਦਰਜ ਹਨ ਕਿ ਜਿਨ੍ਹਾਂ ਦੀ ਗਿਣਤੀ ਹੀ ਨਹੀਂ, ਸਿਹਤ ਲਈ ਸਭ ਤੋਂ ਵਧੀਆ ਸ਼ਹਿਦ, ਅਖੇ ਭਾਰ ਘਟਾਉਣਾ ਹੋਵੇ ਤਾਂ ਸਵੇਰੇ-ਸਵੇਰੇ ਕੋਸੇ ਪਾਣੀ 'ਚ, ਇਕ ਚਮਚ ਸ਼ਹਿਦ ਤੇ ਇਕ ਨਿੰਬੂ ਨਿਚੋੜ ਕੇ ਇਕ-ਇਕ ਸਿੱਪ (ਘੁਟ) ਲੈ ਕੇ ਪੀਓ, ਬਹੁਤ ਫਾਇਦੇਮੰਦ ਹੈ।
ਬੜਾ ਵੱਡਾ ਕਾਰੋਬਾਰ ਹੈ, ਸ਼ਹਿਦ ਦਾ। ਬੱਸ ਇਕ ਬਿਮਾਰੀ ਵੀ ਇਸ ਨਾਲ ਜੁੜੀ ਹੈ, ਅੰਗਰੇਜ਼ੀ 'ਚ ਕਹਿੰਦੇ ਹਨ ਸ਼ੂਗਰ ਦੀ ਬਿਮਾਰੀ ਪਰ ਆਯੁਰਵੈਦ ਅਨੁਸਾਰ ਇਸ ਦਾ ਅਸਲੀ ਨਾਂਅ ਹੈ 'ਮਧੂਮੇਹ'।
ਜਿਹੜੇ ਸ਼ਹਿਦ ਦੀਆਂ ਮੱਖੀਆਂ ਪਾਲਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਸ਼ਹਿਦ ਦੀਆਂ ਮੱਖੀਆਂ ਦੀ ਮੁਖੀ ਇਕ 'ਕੁਈਨ ਬੀ' ਹੁੰਦੀ ਹੈ (ਬੀ-ਅੰਗਰੇਜ਼ੀ 'ਚ ਮੱਖੀ ਨੂੰ ਕਹਿੰਦੇ ਹਨ) ਸ਼ਹਿਦ ਇਕੱਤਰ ਕਰਨ ਵਾਲੀਆਂ ਬਾਕੀ ਦੀਆਂ ਸਾਰੀਆਂ ਮੱਖੀਆਂ ਇਸ ਕੁਈਨ ਬੀ (ਰਾਣੀ) ਦੀ ਤਾਬਿਆ 'ਚ ਰਹਿੰਦੀਆਂ ਹਨ। ਉਹਦੀ ਉਹੀਓ ਹੀ ਸ਼ਾਨ ਹੁੰਦੀ ਹੈ, ਜਿਵੇਂ ਇੰਗਲੈਂਡ ਦੀ 'ਕੁਈਨ' ਦੀ।
ਕੁਈਨ-ਹਨੀ ਦੀ ਸਭ ਤੋਂ ਸ਼ੋਭਾ ਹੁੰਦੀ ਹੈ-ਹੁਕਮ ਉਹਦਾ ਹੀ ਚਲਦਾ ਹੈ। ਹਨੀਪ੍ਰੀਤ 'ਤੇ ਵੀ ਦਿਨ ਆਏ ਸਨ ਚੜ੍ਹਤ ਦੇ। ਪਰ:
ਆਦਮੀ ਕੋ ਚਾਹੀਏ
ਵਕਤ ਸੇ ਬਚ ਕਰ ਰਹੇ,
ਕੌਨ ਜਾਨੇ ਕਿਸ ਘੜੀ,
ਵਕਤ ਕਾ ਬਦਲੇ ਮਿਜਾਜ਼।
ਇਕ ਘੜੀ ਕੁਲਹਿਣੀ ਆਈ, ਸਿਰ 'ਤੇ ਕੀ ਬਣ ਆਈ? 'ਪਿਤਾ' ਗਿਆ ਜੇਲ੍ਹ 'ਚ, ਧੀ ਭੱਜ ਗਈ ਭਾਈ। ਕਿਥੇ ਹੋ ਗਈ ਗੁੰਮ ਲਾਡਲੀ, ਪੁਲਿਸ ਨੂੰ ਸਮਝ ਨਾ ਆਈ।
ਇਹ ਜਿੰਨੇ ਟੀ.ਵੀ. ਚੈਨਲ ਹਨ, 'ਹਨੀ ਪ੍ਰੀਤ' ਸਭਨਾਂ ਦੀ 'ਲਾਡਲੀ' ਹੋ ਗਈ। ਜਿਹੜੇ 'ਸਭ ਤੋਂ ਤੇਜ਼' ਹੋਣ ਦਾ ਦਾਅਵਾ ਕਰਦੇ ਹਨ, ਬਾਕੀ ਸਭੇ ਉਸ ਤੋਂ ਵੀ ਤੇਜ਼ ਹੋ ਗਏ, ਹਨੀ-ਪ੍ਰੀਤ ਦੀਆਂ 'ਕਹਾਣੀਆਂ ਬਬਾਣੀਆਂ', ਚਲ-ਸੁ-ਚਲ+ਚਲ-ਸੁ-ਚਲ'।
ਕੁੱਛੜ ਕੁੜੀ, ਸ਼ਹਿਰ ਢੰਡੋਰਾ!
ਜਿਹੜੀ ਬਠਿੰਡੇ ਲੁਕੀ ਸੀ, ਉਹਨੂੰ ਹਰਿਆਣਾ ਪੁਲਿਸ ਨਿਪਾਲ 'ਚ ਢੂੰਡਦੀ ਰਹੀ। ਐਸ 'ਹਨੀ ਪ੍ਰੀਤ' ਨੇ ਚੈਲਿੰਜ ਦਿੱਤਾ ਸੀ, 'ਢੂੰਡਤੇ ਰਹਿ ਜਾਓਗੇ।'
ਟੀ.ਵੀ. ਚੈਨਲਾਂ ਦੀ ਮਿਹਰਬਾਨੀ ਅੰਤ ਹਰਿਆਣਾ ਪੁਲਿਸ ਨੇ ਹਨੀ ਪ੍ਰੀਤ ਨੂੰ ਗ੍ਰਿਫ਼ਤਾਰ ਕਰ ਹੀ ਲਿਆ। ਹਨੀ ਪ੍ਰੀਤ ਇਸ ਸਮੇਂ ਅੰਬਾਲਾ ਜੇਲ੍ਹ 'ਚ ਹੈ, ਉਸ 'ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਹੈ। ਸਭੇ ਟੀ. ਵੀ. ਚੈਨਲਾਂ ਦੀ 'ਹਨੀ ਖ਼ਬਰ', ਹਨੀ ਪ੍ਰੀਤ ਹੀ ਹੈ।
ਪਤੈ, ਅੱਜਕਲ੍ਹ ਇਕ ਹੋਰ ਵੀ ਕਲੇਸ਼ ਪਿਆ ਹੋਇਆ ਹੈ, ਸ਼ਾਹਜਹਾਨ ਦੀ 'ਹਨੀ-ਪ੍ਰੀਤ' ਦੀ ਮੁਹੱਬਤ ਦੀ ਯਾਦ 'ਚ ਉਸਾਰੀ ਸਦਾਬਹਾਰ ਨਿਸ਼ਾਨੀ 'ਤਾਜ ਮਹਲ' ਬਾਰੇ ਵੀ।
ਸ਼ਹਿਨਸ਼ਾਹ ਸ਼ਾਹਜਹਾਨ ਦੇ ਹਰਮ ਵਿਚ ਕਿੰਨੀਆਂ ਹਨੀਆਂ (ਬੇਗ਼ਮਾਂ) ਸਨ, 100 ਤੋਂ ਵੀ ਵੱਧ ਹੀ ਦਸਦੇ ਹਨ ਜਾਣਕਾਰ-ਪਰ ਜਿਵੇਂ ਸ਼ਹਿਦ ਦੇ ਛੱਤੇ ਵਿਚ ਬੇਸ਼ੱਕ ਹਜ਼ਾਰਾਂ ਮਧੂ ਮੱਖੀਆਂ ਹੁੰਦੀਆਂ ਹਨ, ਪਰ ਸ਼ਾਨ 'ਹਨੀ-ਬੀ' ਦੀ ਹੀ ਹੁੰਦੀ ਹੈ। 'ਕੁਈਨ ਹਨੀ ਬੀ'। ਮੁਮਤਾਜ ਬੇਗ਼ਮ ਉਹਦੀ ਕੁਈਨ ਹਨੀ-ਬੀ ਸੀ। ਅਥਾਹ ਮੁਹੱਬਤ ਦੀ ਨਿਸ਼ਾਨੀ। ਜਾਣਕਾਰ ਦੱਸਦੇ ਹਨ ਕਿ ਸ਼ਾਹਜਹਾਨ-ਮੁਮਤਾਜ ਬੇਗਮ ਦੀਆਂ 13 ਔਲਾਦਾਂ ਸਨ ਤੇ ਹਨੀ ਬੀ ਦੀ ਵਫਾਤ ਮਗਰੋਂ ਵੀ ਸ਼ਾਹਜਹਾਨ ਨੇ ਤਿੰਨ ਹੋਰ ਨਿਕਾਹ ਕੀਤੇ। ਲੋਕੀਂ ਮਧੂ ਨੂੰ ਚੱਟਦੇ ਹਨ, ਬਾਦਸ਼ਾਹ ਸ਼ਹਿਨਸ਼ਾਹ ਮਧੂ-ਮੱਖੀਆਂ ਨੂੰ। ਸਾਹਿਰ ਲੁਧਿਆਣਵੀ ਨੇ ਤਾਂ ਤਾਜ ਮਹਲ ਬਣਾਉਣ ਤੇ ਸ਼ਹਿਨਸ਼ਾਹ ਸ਼ਾਹਜਹਾਨ ਪ੍ਰਤੀ ਤਗੜਾ ਰੋਸ ਪ੍ਰਗਟ ਕੀਤਾ ਹੈ:
ਇਕ ਸ਼ਹਿਨਸ਼ਾਹ ਨੇ ਬਨਾ ਕਰ ਤਾਜ ਮਹਲ,
ਹਮ ਗ਼ਰੀਬੋਂ ਕੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ।
ਲਖਨਊ 'ਚ ਰਹਿੰਦੇ, ਮੁਹੰਮਦ ਰਮਜ਼ਾਨ ਜਿਨ੍ਹਾਂ ਮੁਸਲਿਮ ਮਜ਼੍ਹਬ 'ਤੇ ਪੀ.ਐਚ.ਡੀ. ਕੀਤੀ ਹੈ, ਉਨ੍ਹਾਂ ਦੱਸਿਆ ਹੈ ਕਿ 'ਤਾਜ ਮਹਲ' ਇਕ ਮਕਬਰਾ ਹੈ, ਜਿਸ 'ਚ ਸ਼ਾਹਜਹਾਨ ਤੇ ਬੇਗ਼ਮ ਮੁਮਤਾਜ ਦੀਆਂ ਕਬਰਾਂ ਬਣੀਆਂ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਮੁਸਲਿਮ ਧਰਮ ਅਨੁਸਾਰ ਕਿਸੇ ਵੀ ਕਬਰ 'ਤੇ ਕੰਕਰੀਟ ਤੇ ਸੀਮੈਂਟ ਆਦਿ ਦੇ ਪੱਕੇ ਮਕਬਰੇ ਉਸਾਰਨ ਦੀ ਇਜਾਜ਼ਤ ਬਿਲਕੁਲ ਨਹੀਂ ਹੈ। ਕਬਰ ਕੱਚੀ ਮਿੱਟੀ ਦੀ ਹੋਵੇ, ਉਸੇ 'ਚ ਮੁਰਦੇ ਦਫ਼ਤਨ ਕੀਤੇ ਜਾਣ ਤਾਂ ਜੋ ਦਸ ਸਾਲ ਮਗਰੋਂ ਉਥੇ ਕਬਰ 'ਚ ਮੁੜ ਕੇ ਕੋਈ ਹੋਰ ਮੁਰਦਾ ਦਫ਼ਨ ਕੀਤਾ ਜਾ ਸਕੇ। ਔਰੰਗਜ਼ੇਬ ਕੱਟੜ ਮੁਸਲਮਾਨ ਸੀ, ਉਹਨੇ ਔਰੰਗਾਬਾਦ 'ਚ ਬਿਲਕੁਲ ਆਗਰਾ ਦੇ ਤਾਜ ਮਹਲ ਦਾ ਡੁਪਲੀਕੇਟ ਆਪਣੀ ਭੈਣ ਦੀ ਯਾਦ 'ਚ ਉਸਰਵਾਇਆ ਸੀ, ਜਿਹੜਾ 'ਬੀਬੀ ਕਾ ਮਕਬਰਾ' ਕਰਕੇ ਪ੍ਰਸਿੱਧ ਹੈ। ਔਰੰਗਾਬਾਦ 'ਚ ਔਰੰਗਜ਼ੇਬ ਦੀ ਜਿਹੜੀ ਆਪਣੀ ਕਬਰ ਹੈ, ਉਹ ਤਾਂ ਮਿੱਟੀ 'ਚ ਰੁਲ ਗਈ ਹੈ। ਔਰੰਗਾਬਾਦ ਲੋਕੀਂ ਸਿਰਫ਼ 'ਅਲੋਰਾ ਅਜੰਤਾ' ਦੀਆਂ ਗੁਫ਼ਾਵਾਂ ਹੀ ਵੇਖਣ ਨਹੀਂ ਜਾਂਦੇ, ਬੀਬੀ ਦਾ ਮਕਬਰਾ ਵੀ ਵੇਖਣ ਜ਼ਰੂਰ ਜਾਂਦੇ ਹਨ। ਮੈਂ ਤਾਂ ਹੈਰਾਨ ਹਾਂ ਕਿ ਲਫ਼ਜ਼ 'ਬੀਬੀ' ਵੀ ਅਰਬੀ ਫਾਰਸੀ ਦੀ ਦੇਣ ਹੈ। ਅਸੀਂ ਬੀਬੀ ਨੂੰ ਬੀਬਾ ਕਰ ਦਿੱਤਾ ਹੈ ਪੰਜਾਬੀ 'ਚ ਤੇ ਅੰਰਗੇਜ਼ਾਂ ਨੇ 'ਬੇਬੀ'।
ਪਰਤੀਏ... ਡੇਰੇ ਦੀ ਹਨੀ-ਬੀ, ਹਨੀ-ਪ੍ਰੀਤ ਵੱਲ,ਕਿੱਦਾਂ ਡੇਰੇ ਦੀ ਗੁਫ਼ਾ ਤੋਂ ਭੈੜੀ ਜੇਲ੍ਹ ਦੇ ਕਮਰੇ 'ਚ ਬੈਠੀ ਯਾਦ ਕਰ ਰਹੀ ਹੋਵੇਗੀ:
'ਇਕ ਵੋਹ ਭੀ ਦੀਵਾਲੀ ਥੀ,
ਇਕ ਯੇਹ ਭੀ ਦੀਵਾਲੀ ਹੈ,
ਉੱਜੜਾ ਹੂਆ ਗੁਲਸ਼ਨ ਹੈ,
ਰੋਤਾ ਹੂਆ ਮਾਲੀ ਹੈ।'
-੦-

ਸੱਚ ਦੇ ਆਸ਼ਕ ਡਾ: ਗੁਰਚਰਨ ਸਿੰਘ ਔਲਖ ਨੂੰ ਯਾਦ ਕਰਦਿਆਂ....

ਡਾ: ਗੁਰਚਰਨ ਸਿੰਘ ਔਲਖ ਬਹੁ-ਵਿਧਾਵੀ ਤੇ ਵਧੀਆ ਲਿਖਣ ਵਾਲਾ ਪੰਜਾਬੀ ਸਾਹਿਤ ਜਗਤ ਦਾ ਇਕ ਸਿਰੜੀ ਅਤੇ ਅਣਥੱਕ ਯੋਧਾ ਸੀ। ਉਹ ਅਖੀਰਲੇ ਦਮ ਤੱਕ ਲਿਖਦਾ ਰਿਹਾ ਤੇ ਆਪਣੇ ਆਖਰੀ ਸਾਹਾਂ ਨੂੰ ਵੀ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਕਰ ਗਿਆ। ਨਾਵਲ, ਨਿਬੰਧ, ਵਿਅੰਗ, ਸਫ਼ਰਨਾਮਾ, ਜੀਵਨੀ, ਸਵੈ-ਜੀਵਨੀ ਤੋਂ ਬਿਨਾਂ ਧਰਮ ਤੇ ਇਤਿਹਾਸ ਦੇ ਖੇਤਰ ਵਿਚ ਉਨ੍ਹਾਂ ਨੇ ਵਿਸ਼ੇਸ਼ ਮਹੱਤਤਾ ਵਾਲਾ ਕਾਰਜ ਕੀਤਾ ਹੈ। ਉਹ ਇਕ ਬਹੁਭਾਸ਼ੀ ਵਿਦਵਾਨ ਸੀ, ਜਿਸ ਨੇ ਖ਼ੁਸ਼ਵੰਤ ਸਿੰਘ, ਮੈਕਾਲਿਫ, ਮਾਰਕ ਟੱਲੀ, ਕ੍ਰਿਸ਼ਨਾ ਮਲੋਇਧਰ ਤੇ ਕੁਲਦੀਪ ਨਈਅਰ ਦੀਆ ਰਚਨਾਵਾਂ ਦਾ ਅਨੁਵਾਦ ਕੀਤਾ। ਉਨ੍ਹਾਂ ਨੇ 13 ਅਨੁਵਾਦਿਤ ਅਤੇ ਧਰਮ ਅਤੇ ਇਤਿਹਾਸ ਦੀਆਂ 18 ਪੁਸਤਕਾਂ ਸਮੇਤ 65 ਦੇ ਲਗਪਗ ਪੁਸਤਕਾਂ ਪੰਜਾਬੀ ਜਗਤ ਦੀ ਝੋਲੀ ਪਾਈਆਂ ਹਨ।
ਪੰਜਾਬੀ ਮਾਂ-ਬੋਲੀ ਦੇ ਇਸ ਸਿਰੜੀ ਸਪੂਤ ਦਾ ਜਨਮ 15 ਮਈ, 1936 ਈ: ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦੇ ਪਿੰਡ ਕੋਹਾਲਾ ਵਿਚ ਪਿਤਾ ਸ: ਟਹਿਲ ਸਿੰਘ ਦੇ ਘਰ ਮਾਤਾ ਸ੍ਰੀਮਤੀ ਭਗਵਾਨ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਇਤਿਹਾਸ ਦੀ ਐੱਮ.ਏ. ਯੂਨੀਵਰਸਿਟੀ ਵਿਚੋਂ ਤੀਜੇ ਸਥਾਨ 'ਤੇ ਰਹਿ ਕੇ ਪਾਸ ਕੀਤੀ ਅਤੇ ਕਾਲਜ ਲੈਕਚਰਾਰ ਚੁਣੇ ਗਏ। ਗਿਆਨ ਪ੍ਰਾਪਤੀ ਦੀ ਚਿਣਗ ਨੇ ਉਨ੍ਹਾਂ ਨੂੰ ਇੱਥੇ ਹੀ ਨਹੀਂ ਰੁਕਣ ਦਿੱਤਾ ਤੇ ਉਨ੍ਹਾਂ ਨੇ ਪੰਜਾਬੀ ਦੀ ਐੱਮ.ਏ. ਯੂਨੀਵਰਸਿਟੀ ਵਿਚੋਂ ਦੂਜੇ ਸਥਾਨ 'ਤੇ ਰਹਿ ਕੇ ਪਾਸ ਕਰਨ ਉਪਰੰਤ ਐੱਮ.ਏ ਅੰਗਰੇਜ਼ੀ ਵੀ ਕੀਤੀ ਅਤੇ ਡਾ: ਹਰਨਾਮ ਸਿੰਘ ਸ਼ਾਨ ਦੀ ਅਗਵਾਈ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੱਬਰ ਅਕਾਲੀ ਲਹਿਰ 'ਤੇ ਪੀ.ਐੱਚ.ਡੀ. ਕੀਤੀ। ਡਾ: ਔਲਖ ਨੇ ਆਪਣੇ ਅਧਿਆਪਨ ਦਾ ਜ਼ਿਆਦਾ ਸਮਾਂ ਸਰਕਾਰੀ ਕਾਲਜ, ਜ਼ੀਰਾ ਵਿਖੇ ਬਤੀਤ ਕੀਤਾ ਤੇ ਇੱਥੋਂ ਹੀ ਆਪ ਇੰਚਾਰਜ ਪ੍ਰਿੰਸੀਪਲ ਵਜੋਂ ਸੇਵਾ ਮੁਕਤ ਹੋ ਗਏ।
ਡਾ: ਗੁਰਚਰਨ ਸਿੰਘ ਔਲਖ ਦਾ ਵਿਆਹ 31 ਜਨਵਰੀ, 1961 ਈ: ਨੂੰ ਪਿੰਡ ਹਰੀਕੇ ਦੇ ਸ: ਭਾਗ ਸਿੰਘ ਸਿੱਧੂ ਦੀ ਲੜਕੀ ਮਲਕੀਤ ਕੌਰ (ਪੰਜਾਬੀ ਅਧਿਆਪਨ) ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਧੀਆਂ ਨਵਰੂਪ ਕੌਰ (ਸਪੁੱਤਰੀ ਗਰੁੱਪ ਕੈਪਟਨ ਹਰਿੰਦਰਪਾਲ ਸਿੰਘ ਸਰਾਓ) ਅਤੇ ਨਵਪ੍ਰੀਤ ਕੌਰ (ਸਪੁੱਤਰੀ ਕੈਪਟਨ ਰਾਜਿੰਦਰ ਸਿੰਘ ਸੰਧੂ) ਤੇ ਪੁੱਤਰ ਅਮਨਦੀਪ ਸਿੰਘ ਨੇ ਜਨਮ ਲਿਆ। ਉਨ੍ਹਾਂ ਦਾ ਬੇਟਾ ਸਾਲ 1992 'ਚ ਭਾਰਤੀ ਸੈਨਿਕ ਅਕੈਡਮੀ, ਦੇਹਰਾਦੂਨ ਵਿਚ ਲੈਫਟੀਨੈਂਟ ਦੀ ਟ੍ਰੇਨਿੰਗ ਦੌਰਾਨ ਵਿਛੋੜਾ ਦੇ ਗਿਆ ਤੇ ਇਸ ਸਮੇਂ ਡਾ: ਔਲਖ ਨੂੰ ਕਹਿਣਾ ਪਿਆ:
ਆਹ ਗੁਲਚੀਂ ਤੁਝ ਸੇ ਕੈਸੀ ਨਾਦਾਨੀ ਹੂਈ
ਫੁੂਲ ਵੋਹ ਤੋੜਾ ਕਿ ਗੁਲਸ਼ਨ ਭਰ ਮੇਂ ਵੀਰਾਨੀ ਹੂਈ
ਡਾ: ਔਲਖ ਨੇ ਆਪਣੇ ਸਾਹਿਤਕ ਸਫਰ ਦੀ ਸ਼ੁਰੂਆਤ ਆਪਣੇ ਪਲੇਠੇ ਕਾਵਿ- ਸੰਗ੍ਰਹਿ 'ਕਰਵਟਾਂ' ਨਾਲ 1975 ਈ: ਵਿਚ ਕੀਤੀ ਤੇ ਫਿਰ 'ਤੇਰੇ ਖਤ ਤੇਰੇ ਬੋਲ', 'ਹਾਦਸਿਆਂ ਦੀ ਲੋਅ', 'ਇਲਹਾਮ ਦੇ ਅੰਗ-ਸੰਗ' ਤੇ 'ਅਲਵਿਦਾ ਤੋਂ ਪਹਿਲਾਂ' ਰਚੇ। ਗਲਪ ਰਚਨਾ ਵਿਚ 'ਦੋਸਤੀ ਦੀ ਸਲੀਬ' 'ਮੋਨਾਲਿਸਾ ਤੇ ਹੋਰ ਕਹਾਣੀਆਂ' ਅਤੇ ਨਾਵਲ 'ਸੂਰਜ ਡੁੱਬਾ ਸਿਖਰ ਦੁਪਹਿਰੇ' ਕਾਬਲ-ਏ ਗੌਰ ਹਨ। ਵਾਰਤਕ ਵਿਚ 'ਜ਼ਿੰਦਗੀ ਤੇਰੇ ਰੰਗ ਅਨੇਕ', 'ਚੜ੍ਹਦੀ ਕਲਾ ਹੈ ਜ਼ਿੰਦਗੀ', ਜੀਵਨੀ 'ਫੁੱਲ ਦੀ ਉਮਰ ਨਾ ਕੋਈ', 'ਸੁਰਜੀਤ ਪਾਤਰ ਦਾ ਕਾਵਿ ਸੰਸਾਰ' ਤੇ 'ਡਾ: ਹਰਨਾਮ ਸਿੰਘ ਸ਼ਾਨ-ਜੀਵਨ ਤੇ ਰਚਨਾ' (ਅਲੋਚਨਾ), ਵਿਅੰਗ ਰਚਨਾਵਾਂ 'ਸਿੱਧੇ ਅਫਸਰ ਪੁੱਠੇ ਲੋਕ', 'ਕਿਵੇਂ ਜਾਊ ਭੁੱਖ ਅਮੀਰਾਂ ਦੀ' ਅਤੇ ਇਸ ਤੋਂ ਇਲਾਵਾ 'ਚਾਨਣ ਮੁਨਾਰੇ', 'ਵਿਸ਼ਵ ਪ੍ਰਸਿੱਧ ਜੀਵਨੀਆ', 'ਪ੍ਰਮੁੱਖ ਪੰਜਾਬੀ ਸਾਹਿਤਕਾਰ' ਵਰਗੀਆਂ ਕੀਮਤੀ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਦੇ ਨਾਲ-ਨਾਲ ਸਵੈ-ਜੀਵਨੀ 'ਸੂਲੀ ਟੰਗਿਆ ਸੱਚ' ਦੀ ਰਚਨਾ ਕਰਕੇ ਆਪਣੇ ਬੇਬਾਕ ਅਤੇ ਸੰਘਰਸ਼ਮਈ ਜੀਵਨ ਨੂੰ ਬਿਆਨ ਕੀਤਾ।
ਡਾ: ਗੁਰਚਰਨ ਸਿੰਘ ਔਲਖ ਨੇ ਧਰਮ ਅਤੇ ਇਤਿਹਾਸ ਦੇ ਪਿੜ ਵਿਚ ਵੀ ਨਿੱਠ ਕੇ ਖੋਜੀ ਬਿਰਤੀ ਨਾਲ ਵਿੱਲਖਣ ਕੰਮ ਕੀਤਾ। ਇਤਿਹਾਸ ਦੇ ਖੇਤਰ ਵਿਚ 'ਇਤਿਹਾਸ ਦਾ ਅਧਿਆਪਨ' ਪੁਸਤਕ ਤੋਂ ਸ਼ੁਰੂ ਕਰਦਿਆਂ 'ਸ਼ਰੋਮਣੀ ਸ਼ਹੀਦ', 'ਇਨਕਲਾਬੀ ਸ਼ਹੀਦ ਊਧਮ ਸਿੰਘ', 'ਸ਼ਹੀਦੀ ਗਾਥਾਵਾਂ', 'ਮਹਾਨ ਯੋਧੇ, ਸਿੱਖ ਗੁਰੂ ਸਾਹਿਬਾਨ ਤੇ ਜਰਨੈਲ', 'ਬੱਬਰ ਅਕਾਲੀ ਮੂਵਮੈਂਟ' (ਅੰਗਰੇਜ਼ੀ), 'ਏ ਕਨਸਾਈਜ਼ ਹਿਸਟਰੀ ਆਫ ਦੀ ਸਿੱਖਸ' (ਅੰਗਰੇਜ਼ੀ), 'ਖ਼ਾਲਸਾ ਪੰਥ ਦੀ ਸਿਰਜਣਾ', 'ਖੋਜੀ ਉਪਜੇ ਬਾਦੀ ਬਿਨਸੈ', 'ਦਸ ਪਾਤਸ਼ਾਹੀਆਂ, ਗੁਰੂ ਗ੍ਰੰਥ ਤੇ ਪੰਥ' ਵਰਗੀਆਂ ਮੁੱਲਵਾਨ ਪੁਸਤਕਾਂ ਨਾਲ ਇਤਿਹਾਸਕਾਰੀ ਦੇ ਖੇਤਰ ਨੂੰ ਹੋਰ ਚਮਕਾਇਆ ਅਤੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ।
ਭਾਵੇਂ ਕਿ ਸੱਚ ਦਾ ਪੈਂਡਾ ਬੜਾ ਬਿਖਮ ਹੁੰਦਾ ਹੈ ਫਿਰ ਵੀ ਸੱਚ ਤੇ ਈਮਾਨਦਾਰੀ ਹੀ ਉਨ੍ਹਾਂ ਦਾ ਆਦਰਸ਼ ਸੀ। ਡਾ: ਔਲਖ ਦੇ ਆਪਣੇ ਸ਼ਬਦਾਂ ਵਿਚ, 'ਸੱਚ ਬਿਆਨ ਕਰਨ ਨਾਲ ਰਿਸ਼ਤੇ ਟੁੱਟਦੇ ਹਨ, ਮੂੰਹ ਸੁੱਜਦੇ ਹਨ ਤੇ ਦਿਲਾਂ ਨੂੰ ਠੇਸ ਪਹੁੰਚਦੀ ਹੈ ਤੇ ਰੂਹਾਂ ਵਿਆਕੁਲ ਹੁੰਦੀਆਂ ਹਨ। ਇਹ ਹਕੀਕਤ ਹੈ ਕਿ ਸੱਚ ਲਿਖਣਾ ਕੰਡਿਆਂ 'ਤੇ ਤੁਰਨ ਵਾਂਗ ਹੈ'। ਖਰੀ ਤੇ ਉੱਚੀ-ਸੁੱਚੀ ਸੋਚ ਵਾਲੇ ਕਥਨੀ ਤੇ ਕਰਨੀ ਦੇ ਪੂਰੇ ਡਾ: ਔਲਖ ਨੇ ਕਦੇ ਵੀ ਅਸੂਲਾਂ ਨਾਲ ਸਮਝੌਤਾ ਨਹੀ ਕੀਤਾ ਚਾਹੇ ਇਸ ਲਈ ਉਨ੍ਹਾਂ ਨੂੰ ਕਿੰਨੀ ਵੀ ਕੀਮਤ ਚੁਕਾਉਣੀ ਪਈ ਹੋਵੇ।
19 ਅਕਤੂਬਰ 2017 ਨੂੰ ਦੀਵਾਲੀ ਵਾਲੇ ਦਿਨ ਇਸ ਦੁਨੀਆ ਤੋਂ ਰੁਖਸਤ ਹੋ ਗਏ।
ਡਾ: ਔਲਖ ਦੇ 19 ਅਕਤੂਬਰ, 2017 ਨੂੰ ਦੀਵਾਲੀ ਵਾਲੇ ਦਿਨ ਤੁਰ ਜਾਣ ਦਾ ਪੰਜਾਬੀ ਸਾਹਿਤ ਜਗਤ ਤੇ ਇਤਿਹਾਸ ਦੇ ਖੇਤਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪਰ ਉਨ੍ਹਾਂ ਦੀਆ ਅਮਰ ਲਿਖਤਾਂ ਹਮੇਸ਼ਾ-ਹਮੇਸ਼ਾ ਵਾਸਤੇ ਸਮਾਜ ਲਈ ਚਾਨਣ-ਮੁਨਾਰਾ ਬਣੀਆ ਰਹਿਣਗੀਆਂ।

-ਪਿੰਡ : ਕੋਹਾਲਾ, ਤਹਿ : ਜ਼ੀਰਾ, ਜ਼ਿਲ੍ਹਾ :- ਫ਼ਿਰੋਜ਼ਪੁਰ।
ਮੋਬਾਈਲ : 95929-90810

ਕਸ਼ਮੀਰ (ਸ੍ਰੀਨਗਰ) ਵਿਖੇ ਪੁਸਤਕ ਵਿਮੋਚਨ ਤੇ ਕਵੀ ਦਰਬਾਰ

ਜੰਮੂ-ਕਸ਼ਮੀਰ ਪੰਜਾਬੀ ਸਾਹਿਤ ਸਭਾ ਕਸ਼ਮੀਰ ਅਤੇ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ (ਪੰਜਾਬ) ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਅਮੀਰਾ ਕਕਲ ਕਸ਼ਮੀਰ ਵਿਖੇ ਲੇਖਕ ਹਰਭਜਨ ਸਿੰਘ ਉਪਾਸ਼ਕ ਦੀ ਪੁਸਤਕ 'ਘਰ ਵਾਪਸੀ' ਕਾਵਿ-ਸੰਗ੍ਰਹਿ ਦਾ ਵਿਮੋਚਨ ਅਤੇ ਕਵੀ ਦਰਬਾਰ ਕਰਵਾਇਆ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਕੰਵਲ ਕਸ਼ਮੀਰੀ ਅਤੇ ਆਰ.ਐਸ. ਰਾਜਨ (ਕਹਾਣੀਕਾਰ) ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪੰਜਾਬ ਤੋਂ ਆਏ ਲੇਖਕ (ਸਾਹਿਤਕਾਰ) ਹਰਭਜਨ ਬਾਜਵਾ, ਬਲਵਿੰਦਰ ਬਾਲਮ, ਸੁੱਚਾ ਸਿੰਘ ਰੰਧਾਵਾ, ਜਸਵੰਤ ਹਾਂਸ ਅਤੇ ਸੁਖਦੇਵ ਸਿੰਘ ਕਾਹਲੋਂ ਨੇ ਸ਼ਿਰਕਤ ਕੀਤੀ।
ਕੰਵਲ ਕਸ਼ਮੀਰੀ ਨੇ ਜੰਮੂ-ਕਸ਼ਮੀਰ ਦੇ ਪਿਛੋਕੜ ਅਤੇ ਵਰਤਮਾਨ ਸਥਿਤੀ 'ਤੇ ਰੌਸ਼ਨੀ ਪਾਈ। ਕਸ਼ਮੀਰ ਵਿਚ ਪੰਜਾਬੀ ਦੀ ਦਸ਼ਾ, ਦਿਸ਼ਾ ਅਤੇ ਵਰਤਮਾਨ ਹਾਲਤਾਂ ਉੱਪਰ ਖੁੱਲ੍ਹ ਕੇ ਵਿਚਾਰ ਰੱਖੇ ਕਹਾਣੀਕਾਰ ਆਰ. ਐਸ. ਰਾਜਨ ਨੇ। ਕਵੀ ਦਰਬਾਰ ਵਿਚ ਹਰਭਜਨ ਸਿੰਘ ਉਪਾਸ਼ਕ, ਬਲਵਿੰਦਰ ਬਾਲਮ, ਹਰਭਜਨ ਬਾਜਵਾ, ਕੰਵਲ ਕਸ਼ਮੀਰੀ, ਜਸਵੰਤ ਹਾਂਸ, ਮਹਿੰਦਰਪਾਲ ਸਿੰਘ, ਸੁੱਚਾ ਸਿੰਘ ਰੰਧਾਵਾ, ਸੁਖਦੇਵ ਸਿੰਘ ਕਾਹਲੋਂ, ਆਰ.ਐਸ. ਰਾਜਨ, ਜਸਮੀਤ ਸਿੰਘ, ਰਣਬੀਰ ਸਿੰਘ ਬੀਰ, ਸੰਤੋਖ ਸਿੰਘ ਸਮਰਾ, ਅਮਰਜੀਤ ਸਿੰਘ ਨੇ ਭਾਗ ਲਿਆ। ਮੰਚ ਸੰਚਾਲਨ ਆਰ.ਐਸ. ਰਾਜਨ ਨੇ ਬਾਖੂਬੀ ਨਿਭਾਇਆ.

-ਬਲਵਿੰਦਰ ਬਾਲਮ
ਮੋਬਾਈਲ : 98156-25409.

ਮਿੰਨੀ ਕਹਾਣੀ ਪੜ੍ਹਿਆ ਬਨਾਮ ਸਿੱਖਿਆ

'ਕੱਲ੍ਹ ਦਾ ਵੱਟ ਪਿਆ ਹੋਇਐ, ਲਗਦੈ ਹੁਣ ਤਾਂ ਆਊ ਆਥਣ ਉੱਗਣ', ਸੱਥ 'ਚ ਬੈਠੇ ਭਗਤੂ ਨੇ ਪਰਨੇ ਦੇ ਲੜ ਨਾਲ ਹਵਾ ਝੱਲਦੇ ਹੋਏ ਸੁਭਾਇਕੇ ਹੀ ਕਿਹਾ।
'ਓ ਨਹੀਂ ਬਾਬਾ, ਇਹ ਤਾਂ ਮੌਨਸੂਨ ਆਉਣ 'ਤੇ ਈ ਪੈਂਦੈ', ਕੋਲੋਂ ਕਾਲਜ 'ਚ ਪੜ੍ਹਦਾ ਪਾੜ੍ਹਾ ਬੋਲਿਆ।
'ਇਹ ਮੌਨਸੂਨ ਕੀ ਬਲਾ ਹੁੰਦੀ ਐ? ਫੇਰ ਉਹ ਕਦੋਂ ਆਉਂਦੀਐ', ਭਗਤੂ ਨੇ ਪੁੱਛ ਲਿਆ।
'ਬਾਬਾ ਜਦੋਂ ਹਵਾ ਦਾ ਦਬਾਅ ਘੱਟ ਜਾਂਦੈ ਉਦੋਂ ਮੌਨਸੂਨ ਆਉਂਦੀ ਐ। ਓਸ ਨਾਲ ਈ ਮੀਂਹ ਆਉਂਦੈ। ਕਿਤਾਬਾਂ 'ਚ ਵੀ ਇਹੀ ਲਿਖਿਐ', ਪਾੜ੍ਹੇ ਨੇ ਰਟੀ ਰਟਾਈ ਗੱਲ ਨਾਲ ਅੱਧੇ ਕੁ ਸਵਾਲ ਦਾ ਜਵਾਬ ਦੇ ਦਿੱਤਾ।
'ਹਲਾ, ਤਾਂ ਫੇਰ ਮੱਲਾ ਕਿਤਾਬਾਂ 'ਚ ਆਹ ਵੀ ਲਿਖਿਆ ਹੋਊ ਬਈ ਇਹ ਹਵਾ ਦਾ ਦਬਾਅ ਘਟ ਕਦੋਂ ਜਾਂਦੈ?' ਭਗਤੂ ਨੇ ਅਗਲਾ ਸਵਾਲ ਕਰ ਦਿੱਤਾ।
'ਆਹੋ, ਇਹ ਵੀ ਲਿਖਿਐ। ਜਦੋਂ ਗਰਮੀ ਬਹੁਤੀ ਪੈਂਦੀ ਐ', ਪਾੜ੍ਹੇ ਨੇ ਗਿਆਨ ਘੋਟਿਆ।
'ਨਾ ਫੇਰ ਤੂੰ ਮੈਨੂੰ ਹੁਣ ਇਹ ਦੱਸ ਬਈ ਪਹਿਲਾਂ ਮੈਂ ਭਲਾ ਕੋਈ ਅੰਗਰੇਜ਼ੀ ਘੋਟੀ ਸੀ ਬਈ ਤੈਨੂੰ ਸਮਝ ਨੀ ਆਈ', ਭਗਤੂ ਨੇ ਤੋੜਾ ਝਾੜ ਦਿੱਤਾ। ਪਾੜ੍ਹਾ ਚੁੱਪ ਕਰ ਗਿਆ। ਸ਼ਾਇਦ ਉਸਨੂੰ ਭਗਤੂ ਦੀ ਗੱਲ ਹੁਣ ਵੀ ਸਮਝ ਨਹੀਂ ਸੀ ਆਈ।

-ਪਿੰਡ ਤੇ ਡਾਕ: ਕਲਾਹੜ, ਜ਼ਿਲ੍ਹਾ ਲੁਧਿਆਣਾ-141117. ਮੋਬਾ : 98783-37222.

ਕਹਾਣੀ: ਸੁਣੋ ਸਾਡੀਆਂ ਪ੍ਰਾਪਤੀਆਂ

ਪ੍ਰੀਤਮ ਬਰਾੜ ਦੇ ਬੰਗਲੇ ਖ਼ੁਸ਼ੀ ਦਾ ਭੋਗ ਪੈਣ ਮਗਰੋਂ ਮੰਤਰੀਆਂ ਦੀ ਮੀਟਿੰਗ ਸੱਦੀ ਗਈ। ਬਜ਼ੁਰਗ ਮੰਤਰੀ ਪ੍ਰੇਸ਼ਾਨ ਸਨ। ਖਾਸ ਕਰਕੇ ਉਹ ਜਿਨ੍ਹਾਂ ਨੇ ਪਾਰਟੀ ਦੀ ਪ੍ਰਧਾਨਗੀ ਵਾਸਤੇ ਘਰ ਪਰਿਵਾਰ ਵਾਰ ਦਿੱਤੇ ਸਨ। ਪਰ ਅੱਜ ਪ੍ਰਧਾਨ ਉਨ੍ਹਾਂ ਦਾ ਸਪੁੱਤਰ ਸਰਬਜੀਤ ਬਣਾਇਆ ਜਾ ਰਿਹਾ ਸੀ ਤਾਂ ਕਿ ਉਸ ਦਾ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਜਾਵੇ। ਅੱਜ ਨਾ ਉਨ੍ਹਾਂ ਤੋਂ ਹਮਾਇਤ ਦਿੱਤੀ ਜਾਵੇਗੀ ਨਾ ਜਵਾਬ। ਹਾਲਤ ਸੱਪ ਦੇ ਮੂੰਹ ਆਈ ਕੋਹੜ ਕਿਰਲੀ ਵਾਲੀ ਹੋ ਗਈ। ਮੀਟਿੰਗ 'ਚ ਵਿਆਹ ਵਰਗਾ ਮਾਹੌਲ ਸੀ। ਗਾਇਕਾਂ ਅਤੇ ਡਾਂਸਰਾਂ ਨੇ ਧਮਾਲ ਪਾ ਰੱਖੀ ਸੀ ਅਤੇ ਅਣਗਿਣਤ ਅੱਧ-ਨੰਗੀਆਂ ਸਰਵੇਟਰਾਂ ਮੰਤਰੀਆਂ ਨੂੰ ਤੱਤੇ-ਠੰਢੇ ਵਿਖਾ ਰਹੀਆਂ ਸਨ। ਸਟੇਜ 'ਤੇ ਬਰਾੜ ਸਾਹਬ ਨਾਲ ਬੈਠਾ ਸਰਬਜੀਤ ਉਨ੍ਹਾਂ ਨੂੰ ਵਿਹੁਵਰਗਾ ਲੱਗ ਰਿਹਾ ਸੀ। ਜੋਬਨ ਦੀ ਲਾਟ ਬਣੀ ਬੈਠੀ ਪੀ.ਏ. ਸ਼ਰਾਬੀ ਤੱਕਣੀ ਨਾਲ ਸਾਰਿਆਂ ਨੂੰ ਵੱਧ ਤੋਂ ਵੱਧ ਨਸ਼ਈ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਆਖਿਰ ਸਭ ਮੰਤਰੀਆਂ ਦੀ ਹਾਜ਼ਰੀ ਲਵਾ ਕੇ ਗਾਉਣ ਵਜਾਉਣ ਰੋਕਿਆ ਗਿਆ। ਬਰਾੜ ਸਾਹਿਬ ਪੀ.ਏ. ਨੂੰ ਬੋਲੇ, 'ਮੈਡਮ ਪਾਰਟੀ ਨੂੰ ਇਸ ਸਾਲ ਦੀਆਂ ਪਾਰਟੀਆਂ ਅਤੇ ਰੱਖੇ ਜਾਣ ਵਾਲੇ ਨੀਂਹ-ਪੱਥਰਾਂ ਦਾ ਵੇਰਵਾ ਦੱਸੋ।'
ਸ਼ੁਰੂ ਹੁੰਦੀ ਪੀ.ਏ. ਨੇ ਕਈ ਤਰ੍ਹਾਂ ਦੀਆਂ ਅਦਾਵਾਂ ਵਿਖਾਈਆਂ। ਉਸ ਦੇ ਬੋਲਣ ਤੋਂ ਪਹਿਲਾਂ ਹੀ ਖਜ਼ਾਨਾ ਮੰਤਰੀ ਉਠ ਕੇ ਬੋਲਿਆ, 'ਤਾਇਆ ਜੀ ਖਜ਼ਾਨੇ 'ਚ ਪੈਸਾ ਹੈ ਨਹੀਂ। ਕਿਤੇ ਕੋਈ ਨੀਂਹ ਪੱਥਰ ਨਾ ਰੱਖ ਲਿਆ ਜੇ।'
'ਕਾਕਾ ਫਿਕਰ ਨਾ ਕਰ, ਪੈਸਾ ਬਥੇਰਾ ਆਜੂ', ਬਰਾੜ ਸਾਹਬ ਬੋਲੇ।
'ਤਾਇਆ ਜੀ ਮੁਆਫ਼ ਕਰਨਾ। ਬਿਜਲੀ, ਪਾਣੀ, ਚੁੰਗੀਆਂ, ਕਿਰਾਏ ਅਤੇ ਕਰਜ਼ੇ ਸਭ ਮੁਆਫ਼ ਅਤੇ ਉਤੋਂ ਪੈਨਸ਼ਨਾਂ ਦਾ ਭਾਰ। ਖਜ਼ਾਨਾ ਭਾਂਅ-ਭਾਂਅ ਕਰਦਾ ਵੇਖ ਕੇ ਮੈਨੂੰ ਤਾਂ ਵੈਸੇ ਹੀ ਬੜੀ ਸ਼ਰਮ ਆਉਂਦੀ ਹੈ', ਖਜ਼ਾਨਾ ਮੰਤਰੀ ਦਾ ਜਵਾਬ ਸੀ।
'ਮੈਂ ਕਹਿਨਾ ਘਬਰਾ ਨਾ। ਆਪਾਂ ਖਜ਼ਾਨਾ ਖਾਲੀਕਰ ਸਕਦੇ ਹਾਂ ਤਾਂ ਭਰ ਵੀ ਸਕਦੇ ਹਾਂ। ਹੁਣੇ ਵੇਖ ਮੈਂ ਘੁਮਾਉਨਾਂ ਜਾਦੂ ਦੀ ਛੜੀ। ਸੁਣੋ ਸਾਰੇ ਮੰਤਰੀ, ਪੰਜਾਬ ਪੁਲਿਸ ਪੰਜ ਕਰੋੜ, ਤਹਿਸੀਲਦਾਰ ਮਹਿਕਮਾ ਛੇ, ਸਿਹਤ ਮਹਿਕਮਾ ਤਿੰਨ, ਬਿਜਲੀ ਬੋਰਡ ਪੰਜ, ਡੀ.ਟੀ.ਓ. ਸੱਤ ਅਤੇ ਸ਼ਹਿਰੀ ਕਮੇਟੀਆਂ ਦੋ-ਦੋ ਕਰੋੜ। ਇਹ ਸਾਰਾ ਤੀਹ ਦਾ ਤੀਹ ਕਰੋੜ ਚੜ੍ਹੇ ਮਹੀਨੇ ਖਜ਼ਾਨੇ 'ਚ ਆ ਜਾਣਾ ਚਾਹੀਦਾ ਹੈ। ਮੇਰਾ ਕੰਮ ਵਿਜੀਲੈਂਸ ਵਾਲਿਆਂ ਨੂੰ ਸਮਝਾ ਦੇਣਾ। ਆਪਣੇ ਤੋਂ ਥੱਲੇ ਵਾਲਿਆਂ ਨੂੰ ਸਮਝਾਉਣਾ ਤੁਹਾਡਾ ਕੰਮ। ਪਾਰਟੀ ਦੀ ਮਦਦ ਕਰਦਿਆਂ ਕਿਸੇ ਮੁਲਾਜ਼ਮ ਦੇ ਵਾਲ ਨਹੀਂ ਕਾਲੇ ਹੋਣ ਲੱਗੇ। ਨਾ ਹੀ ਉਨ੍ਹਾਂ ਨੇ ਇਲੈਕਸ਼ਨ ਲੜਨਾ ਹੈ, ਜਿਹੜਾ ਬਦਨਾਮ ਹੋ ਕੇ ਹਾਰ ਜਾਣਗੇ। ਹੁਣ ਸੁਣੋ ਸਾਡੀਆਂ ਪ੍ਰਾਪਤੀਆਂ।
ਪੀ.ਏ. ਸੂਤਵਾਤ ਹੋਣ ਹੀ ਲੱਗੀ ਸੀ ਕਿ ਮੇਜ਼ ਉਪਰਲਾ ਇੰਟਰਕਾਮ ਬੋਲ ਪਿਆ। ਫੋਨ ਸੁਣ ਕੇ ਬਰਾੜ ਸਾਹਿਬ ਖੇਤੀਬਾੜੀ ਮੰਤਰੀ ਨੂੰ ਬੋਲੇ, 'ਭਰਾ ਜਾਈਂ ਬਾਹਰ। ਕੁਝ ਲੋਕ ਟਿਊਬਵੈੱਲ ਕੁਨੈਕਸ਼ਨਾਂ ਦੇ ਵਾਅਦੇ ਯਾਦ ਕਰਾਉਣ ਆਏ ਆ। ਆਖੀਂ ਅਸੀਂ ਤਾਂ ਕੁਨੈਸ਼ਨ ਵੰਡਣੇ ਸੀ ਪਰ ਪਾਣੀ ਡੂੰਘੇ ਹੋ ਜਾਣ ਕਰਕੇ ਸੈਂਟਰ ਨੇ ਬੈਨ ਲਾ 'ਤਾ। ਤੁਰੇ ਜਾਣ ਦੂਜੀ ਪਾਰਟੀ ਦਾ ਪਿਟ ਸਿਆਪਾ ਕਰਦੇ ਦਿੱਲੀ ਨੂੰ। ਹੁਣ ਸੁਣੋ ਸਾਡੀਆਂ ਪ੍ਰਾਪਤੀਆਂ। ਕਹਿਣ ਦੇ ਨਾਲ ਹੀ ਪੀ.ਏ. ਨੂੰ ਉਠਣ ਦਾ ਇਸ਼ਾਰਾ ਕੀਤਾ। ਪੀ.ਏ. ਨੇ ਅਜੇ ਰਜਿਸਟਰ ਖੋਲ੍ਹਿਆ ਹੀ ਸੀ ਕਿ ਸੱਜੇ ਬੂਹਿਉਂ ਅਰਦਲੀ ਦਾਖਲ ਹੋ ਕੇ ਬੋਲਿਆ, 'ਇਕ ਕਿਸਾਨਾਂ ਦੀ ਪਾਰਟੀ ਐਧਰਲੇ ਬੂਹੇ ਅੱਗੇ ਵੀ ਆਈ ਖੜ੍ਹੀ ਐ ਜਨਾਬ। ਜੀਹਦੀ ਜ਼ਮੀਨ ਤੁਸੀਂ ਥਰਮਲ ਵਾਸਤੇ ਐਕਵਾਇਰ ਕੀਤੀ ਸੀ। ਉਹਨੂੰ ਬੈਂਕ ਨੇ ਪੈਸਿਆਂ ਤੋਂ ਜਵਾਬ ਦੇ ਦਿੱਤਾ ਅਤੇ ਉਸ ਨੇ ਫਾਹਾ ਲੈ ਲਿਆ। ਨਾਲ ਦੇ ਕਿਸਾਨ ਉਹਦੀ ਲਾਸ਼ ਲਈ ਖੜ੍ਹੇ ਆ।' ਕਹਿੰਦੇ ਫਾਹਾ ਵੀ ਉਹਨੇ ਤੁਹਾਡੇ ਦਿੱਤੇ ਹੋਏ ਸਾਫੇ ਨਾਲ ਲਿਆ।
'ਫਾਹਾ ਲੈ ਲਿਆ ਤਾਂ ਸ਼ਮਸ਼ਾਨਘਾਟ ਨੂੰ ਜਾਣ। ਮੈਂ ਕੀ ਉਹਦੀ ਲਾਸ਼ ਦਾ ਅਚਾਰ ਪਾਉਣੈ। ਮੈਂ ਤਾਂ ਸਰੋਪੇ ਸਿਰ ਢੱਕਣ ਵਾਸਤੇ ਦਿੱਤੇ ਸੀ, ਨਾ ਕਿ ਫਾਹੇ ਲੈਣ ਵਾਸਤੇ। ਕੋਈ ਨਖਰੇ ਕਰਦਾ ਨਹਿਰਾਂ 'ਚ ਪਾਣੀ ਕਾਲਾ ਆਉਂਦੇ, ਸਾਫ਼ ਕਰੋ, ਅਸੀਂ ਮਰਦੇ ਹਾਂ। ਪੁੱਛਣ ਵਾਲਾ ਹੋਵੇ ਚੋਣਾਂ 'ਚ ਏਹਤੋਂ ਵੀ ਭੈੜੀ ਸ਼ਰਾਬ ਪੀ ਕੇ ਤਾਂ ਤੁਸੀਂ ਮਰਦੇ ਨਹੀਂ। ਫਿਰ ਯੂ. ਪੀ. ਬਿਹਾਰ ਵੀ ਤਾਂ ਇਹੀ ਪਾਣੀ ਪੀਂਦਾ ਹੈ। ਇਹ ਪੰਜਾਬੀਆਂ ਦੇ ਹਾਜ਼ਮੇ ਕਦੋਂ ਦੇ ਸੋਹਲ ਹੋਗੇ', ਅਰਦਲੀ ਮੁੜ ਗਿਆ ਤਾਂ ਬਰਾੜ ਸਾਹਿਬ ਬੋਲੇ, 'ਪ੍ਰਾਪਤੀਆਂ।'
ਨਰਾਜ਼ ਮੰਤਰੀਆਂ ਦੀ ਚੁੱਪ ਕਹਿ ਰਹੀ ਸੀ ਕਿਉਂ ਵਿਚਾਰੇ ਪੀ.ਏ. ਦੇ ਮਗਰ ਪਏ ਹੋਏ ਹੋ ਬਰਾੜ ਸਾਹਬ। ਆਪੇ ਬੋਲ ਦੀਆਂ ਪ੍ਰਾਪਤੀਆਂ ਤਾਂ ਤੁਸੀਂ ਖੁਦ ਹੀ ਸੁਣੀ ਜਾ ਰਹੇ ਹੋ। ਪੁੱਤਰ-ਮੋਹ, ਭਾਈ-ਭਤੀਜਾਵਾਦ ਦੀ ਰਾਜਨੀਤੀ 'ਚ ਅੰਨ੍ਹੇ ਵੰਡਣ ਰਿਓੜੀਆਂ ਵਾਲਾ ਅਖਾਣ ਹੀ ਪ੍ਰਾਪਤ ਹੋ ਸਕਦਾ ਹੈ, ਪ੍ਰਾਪਤੀਆਂ ਨਹੀਂ ਫਿਰ ਉਹ ਬੋਲੇ, ਨਹੀਂ। ਆਪ ਤੋਂ ਜੂਨੀਅਰ ਨੂੰ ਹਮਾਇਤ ਦੇਣੀ ਕਲਪ ਕੇ ਉਨ੍ਹਾਂ ਦੇ ਡੋਬੂ ਪਈ ਜਾ ਰਹੇ ਸਨ। ਉਹ ਜਾਣਦੇ ਸਨ ਕਿ ਪ੍ਰਾਪਤੀਆਂ ਦੱਸਣ ਤੋਂ ਬਾਅਦ ਉਨ੍ਹਾਂ ਤੋਂ ਕੀ ਮੰਗਿਆ ਜਾਏਗਾ। ਸੋ, ਚਾਹੁੰਦੇ ਸਨ ਕਿ ਪ੍ਰਾਪਤੀਆਂ ਦਾ ਇੰਡ ਨਾ ਹੀ ਹੋਵੇ।
ਇਸ ਵਾਰ ਵੀ ਪੀ.ਏ. ਦੀ ਸੁਸਤੀ ਦਾ ਫਾਇਦਾ ਸਿਹਤ ਮੰਤਰੀ ਲੈ ਗਈ। ਪੀ.ਏ. ਦੇ ਬੋਲਣ ਤੋਂ ਪਹਿਲਾਂ ਹੀ ਉਠ ਕੇ ਬੋਲੀ, 'ਸਰਦਾਰ ਜੀ ਬੋਲਣ ਵਾਸਤੇ ਮਾਫੀ ਚਾਹੁੰਨੀ ਆਂ ਮੈਂ ਆਪਣੇ ਡਾਕਟਰਾਂ ਭਾਵੇਂ ਕਿਵੇਂ ਵੀ ਮਜਬੂਰ ਕਰਾਂ, ਤੁਹਾਡਾ ਤਿੰਨ ਕਰੋੜ ਪੱਕਾ ਪਰ ਮੇਰੇ ਇਕ ਗੱਲਯਾਦ ਆ ਗਈ ਜੋ ਹੁਣੇ ਕਹਿਣਾ ਚਾਹੁੰਦੀ ਹਾਂ। ਮੈਨੂੰ ਡਰ ਹੈ ਕਿਤੇ ਫੇਰ ਭੁੱਲ ਨਾ ਜਾਣਾ।'
'ਕਮਾਲ ਐ। ਮੈਂ ਜਿੰਨੀ ਵੀ ਮੀਟਿੰਗ ਦਾ ਵਕਤ ਘਟਾਉਣਾ ਚਾਹੁੰਦਾ ਹਾਂ, ਓਨਾ ਹੀ ਤੁਸੀਂ ਵਧਾਈ ਜਾਂਦੇ ਹੋ। ਪ੍ਰਾਪਤੀਆਂ ਦੀ ਗੱਲ ਸਿਰੇ ਚੜ੍ਹਨ ਹੀ ਨਹੀਂ ਦਿੰਦੇ। ਕੋਈ ਅੰਦਰੋਂ ਬੋਲ ਪੈਂਦਾ ਹੈ, ਕੋਈ ਬਾਹਰੋਂ। ਬੋਲੋ ਤੁਸੀਂ ਵੀ ਕੀ ਬੋਲਣਾ ਚਾਹੁੰਦੇ ਹੋ?
'ਜੀ ਤਮਾਖੂ ਫੈਕਟਰੀਆਂ ਤੋਂ ਰਿਸ਼ਵਤ ਲੈਂਦੇ ਅਖ਼ਬਾਰਾਂ 'ਚ ਨਸ਼ਰ ਹੋ ਗਏ ਅਤੇ ਸਿਹਤ ਮੰਤਰੀ ਹੋਣ ਨਾਤੇ ਲੋਕ ਮੇਰੇ 'ਤੇ ਸੁਆਲ ਕਰਦੇ ਹਨ। ਬੋਲੋ ਮੈਂ ਕੀ ਜਵਾਬ ਦੇਵਾਂ।'
'ਪਹਿਲਾਂ ਤਾਂ ਮੀਟਿੰਗਾਂ 'ਚ ਬੈਠ ਕੇ ਬੋਲਣਾ ਸਿਖੋ। ਤੁਸੀਂ ਸੀਨੀਅਰ ਦੀ ਇੱਜ਼ਤ ਨਹੀਂ ਕਰੋਗੇ ਤਾਂ ਤੁਹਾਡੀ ਕੌਣ ਕਰੇਗਾ। ਰਹੀ ਗੱਲ ਜਵਾਬ ਦੀ। ਲੋਕਾਂ ਨੂੰ ਦੱਸੋ ਕਿ ਅਸੀਂ ਰਿਸ਼ਵਤ ਨਹੀਂ ਫੰਡ ਲੈਂਦੇ ਹਾਂ। ਜਿੰਨਾ ਅਸੀਂ ਫੰਡ ਜ਼ਿਆਦਾ ਉਗਰਾਹਾਂਗੇ, ਤਮਾਖੂ ਓਨਾ ਹੀ ਮਹਿੰਗਾ ਵਿਕੇਗਾ ਅਤੇ ਬਾਕੀ ਚੀਜ਼ਾਂ ਵਾਂਗ ਇਹ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ। ਸਾਰੀਆਂ ਗੱਲਾਂ ਜ਼ਰੂਰੀ ਨਹੀਂ ਕਿ ਮੈਂ ਹੀ ਦੱਸਾਂ। ਪਾਰਟੀ ਦੀ ਭਲਾਈ ਵਾਸਤੇ ਕੁਝ ਗੱਲਾਂ ਆਪ ਵੀ ਬਣਾ ਲਿਆ ਕਰੋ। ਹੁਣ ਨਾ ਬੋਲਿਆ ਜੇ। ਸੁਣੋ ਪ੍ਰਾਪਤੀਆਂ।
ਪੀ.ਏ. ਨੇ ਅਜੇ ਗੱਲ ਦਾ ਮੁੱਢ ਹੀ ਬੰਨ੍ਹਿਆ ਸੀ ਕਿ ਖੱਬੇ ਦਰਵਾਜ਼ਿਉਂ ਇਕ ਵਰਦੀਧਾਰੀ ਐਸ.ਐਸ.ਪੀ. ਨੇ ਆ ਸਲੂਟ ਮਾਰਿਆ। ਉਪਰਲੇ ਹੁਕਮਾਂ ਮੁਤਾਬਿਕ ਉਹਦੀ ਗੱਲ ਸੁਣਨੀ ਜ਼ਰੂਰੀ ਸੀ। ਉਹਨੇ ਇਕ ਚਿੱਠੀ ਆ ਫੜਾਈ ਜੋ ਆਂਗਨਵਾੜੀ ਮੁਲਾਜ਼ਮਾਂ ਦੇ ਧਰਨੇ 'ਤੇ ਬੈਠਣ ਕਰਕੇ ਪੱਤਰਕਾਰਾਂ ਵਲੋਂ ਸੀ। ਚਿੱਠੀ ਪੜ੍ਹ ਕੇ ਬਰਾੜ ਸਾਹਬ ਬੋਲੇ, 'ਪੱਤਰਕਾਰਾਂ ਵਾਸਤੇ ਮੀਟ-ਸ਼ਰਾਬ ਅਤੇ ਹੋਰ ਲੱਲ੍ਹਿਆਂ-ਭੱਬਿਆਂ ਦੇ ਲੰਗਰ ਖੋਲ੍ਹ ਦਿਓ। ਨਾਲ-ਨਾਲ ਹੁਣੇ ਮੰਤਰੀ ਆਏ ਹੁਣੇ ਮੰਤਰੀ ਆਏ ਦਾ ਲਾਰਾ ਵੀ ਦੇਈ ਰੱਖੋ ਤਾਂ ਕਿ ਖਬਰਾਂ ਲਿਖਣ ਦਾ ਮੌਕਾ ਨਾ ਮਿਲੇ। ਗੱਲ ਠੰਢੇ ਬਸਤੇ 'ਚ ਪੈਜੇ ਤਾਂ ਠੀਕ ਹੈ ਨਹੀਂ ਤਾਂ ਇਕ ਅੱਧ ਵੱਡੇ ਅਫਸਰ ਨੂੰ ਹਿਲਾ ਦਿਓ। ਦੋ ਕੁ ਛੋਟਿਆਂ ਨੂੰ ਸਸਪੈਨਸ਼ਨਾਂ ਦੇ ਦਿਓ। ਮਗਰੋਂ ਆਪਾਂ ਬਹਾਲ ਕਰ ਹੀ ਦਿਆਂਗੇ। ਐਸ.ਐਸ.ਪੀ. ਸਲੂਟ ਮਾਰ ਕੇ ਮੁੜ ਗਿਆ। ਇਸ ਵਾਰ ਪੀ.ਏ. ਪ੍ਰਾਪਤੀਆਂ ਪੜ੍ਹਨ ਲੱਗੀ ਤਾਂ ਬਰਾੜ ਸਾਹਬ ਨੇ ਖੁਦ ਹ ਰੋਕ ਦਿੱਤੀ, 'ਰਹਿਣ ਦੇ! ਕੋਈ ਸਾਡਾ ਨਾਚ ਨਹੀਂ ਵੇਖਣਾ ਚਾਹੁੰਦਾ ਤਾਂ ਸਾਨੂੰ ਵੀ ਨੱਚਣ ਦਾ ਸ਼ੌਕ ਨਹੀਂ। ਫਿਰ ਮਾਇਕ ਫੜ ਕੇ ਬੋਲੇ, 'ਹਾਂ ਭਈ ਕੁਝ ਮੰਤਰੀਆਂ ਦੀ ਫਰਮਾਇਸ਼ ਹੈ ਕਿ ਆਪਣਾ ਸਰਬਜੀਤ ਪਾਰਟੀ ਪ੍ਰਧਾਨ ਬਣੇ। ਸਿਫਾਰਸ਼ ਕਰਨ ਵਾਲੇ ਮੇਰੀਆਂ ਨਜ਼ਰਾਂ 'ਚ ਹਮੇਸ਼ਾ ਸਤਿਕਾਰਯੋਗ ਰਹਿਣਗੇ ਪਰ ਮੈਂ ਤੁਹਾਡੀ ਸਾਰਿਆਂ ਦੀ ਰਾਇ ਲੈਣੀ ਚਾਹੁੰਨਾਂ। ਬੋਲੋ...।
'ਹਾਂ ਜੀ ਹਾਂ ਜ਼ਰੂਰ...।' ਕੁਝ ਆਵਾਜ਼ਾਂ ਆਈਆਂ ਅਤੇ ਆਉਂਦੀਆਂ ਰਹੀਆਂ।
'ਓਏ ਉੱਚੀ ਬੋਲੋ ਯਾਰ। ਬਣਾਉਣਾ ਤਾਂ ਹਾਈ ਕਮਾਂਡ ਨੇ ਐ। ਤੁਸੀਂ ਹਾਮੀ ਭਰ ਕੇ ਫੋਕੀ ਸ਼ਾਬਾਸ਼ੇ ਵੀ ਨਹੀਂ ਲੈ ਸਕਦੇ? ਔਹ ਪਿਛਿਉਂ 'ਵਾਜ਼ ਬਹੁਤ ਘੱਟ ਆਉਂਦੀ ਹੈ। ਕੀ ਗੱਲ ਚਾਹ ਪਾਣੀ ਨਹੀਂ ਪੀਤਾ।'
'ਹਾਂ ਜੀ ਹਾਂ ਜ਼ਰੂਰ, ਹਾਂ ਜੀ ਹਾਂ ਜ਼ਰੂਰ।' ਦੀਆਂ ਆਵਾਜ਼ਾਂ 'ਚੋਂ ਕੁਝ ਬਿਮਾਰ ਜਿਹੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ। ਨਾ ਜੀ ਨਾ ਹਜ਼ੂਰ...' ਪਰ ਬਰਾੜ ਸਾਹਬ ਨੂੰ ਵਿਰੋਧੀ ਗੱਲਾਂ 'ਤੇ ਗੌਰ ਕਰਨ ਦੀ ਕੀ ਲੋੜ ਸੀ। ਉਮਰ ਗਾਲ ਚੁੱਕੇ ਆਗੂਆਂ ਨੂੰ ਖੁਸ਼ੀ ਦਾ ਭੋਗ ਉਸ ਵੇਲੇ ਮਹਿੰਗਾ ਪਿਆ ਜਦ ਲੈਟਰ ਪੈਡ 'ਤੇ 'ਸਰਬਜੀਤ ਪਾਰਟੀ ਦੀ ਸ਼ਾਨ, ਸਰਬਜੀਤ ਦੀ ਅਗਵਾਈ ਪੰਜਾਬੀਆਂ ਵਾਸਤੇ ਵਰਦਾਨ, ਮੇਰਾ ਸੁਪਨਾ ਸਰਬਜੀਤ, ਵਗੈਰਾ-ਵਗੈਰਾ ਲਿਖ ਕੇ ਸਾਈਨ ਕਰਵਾਏ ਗਏ ਤਾਂ ਕਿ ਮਗਰੋਂ ਕੋਈ ਸੀਨੀਅਰ ਆਗੂ ਕੇਸ ਕਰਨ ਜੋਗਾ ਨਾ ਰਹੇ।
ਫਤਹਿ ਦੇ ਜੈਕਾਰੇ ਨਾਲ ਮੀਟਿੰਗ ਖ਼ਤਮ ਹੋ ਗਈ।

-ਫੋਨ : 98885-26276.

ਲਘੂ ਕਥਾ: ਤਬਦੀਲੀ

ਸਕੂਲ ਵਿਚ ਸਕੂਲ ਦੇ ਮਨੀਟਰ ਦੀ ਚੋਣ ਕੀਤੀ ਜਾ ਰਹੀ ਸੀ। ਸਕੂਲ ਮੁਖੀ ਬੱਚਿਆਂ ਨੂੰ ਦੱਸ ਰਹੇ ਸਨ ਕਿ ਉਸ ਬੱਚੇ ਨੂੰ ਮਨੀਟਰ ਚੁਣਨਾ ਹੈ, ਜੋ ਸਭ ਤੋਂ ਕੰਮ ਕਰਵਾ ਸਕੇ। ਹਰ ਕਲਾਸ ਵਿਚੋਂ ਦੋ ਬੱਚਿਆਂ ਦੇ ਨਾਂਅ ਲਏ ਗਏ। ਜੋ ਸ਼ਰਾਰਤੀ ਅਤੇ ਹੱਡਾਂ-ਪੈਰਾਂ ਦੇ ਖੁੱਲ੍ਹੇ ਸਨ। ਹਾਜ਼ਰ ਬੱਚਿਆਂ ਤੋਂ ਚੋਣ ਕਰਵਾਈ ਗਈ। ਜਦੋਂ ਨਤੀਜਾ ਸਾਹਮਣੇ ਆਇਆ ਤਾਂ ਸਕੂਲ ਦਾ ਸਭ ਤੋਂ ਹੁਸ਼ਿਆਰ ਅਤੇ ਸਾਊ ਬੱਚਾ ਸਭ ਤੋਂ ਵੱਧ ਵੋਟਾਂ ਲੈ ਕੇ ਸਕੂਲ ਦਾ ਮਨੀਟਰ ਚੁਣਿਆ ਗਿਆ, ਜਿਸ ਦੀ ਮਨੀਟਰ ਬਣਨ ਦੀ ਕਿਸੇ ਨੂੰ ਉਮੀਦ ਨਹੀਂ ਸੀ। ਸਭ ਨਤੀਜਾ ਸੁਣ ਕੇ ਹੈਰਾਨ ਸਨ। ਪੀ.ਟੀ. ਸਾਹਿਬ ਨੂੰ ਤਬਦੀਲੀ ਸਪੱਸ਼ਟ ਨਜ਼ਰ ਆ ਰਹੀ ਹੈ। ਗੁੰਡਾ ਅਨਸਰ ਹੁਣ ਹਾਰਿਆ ਕਰਨਗੇ ਅਤੇ ਸਾਊ ਜਿੱਤਿਆ ਕਰਨਗੇ। ਮੁੱਖ ਅਧਿਆਪਕ ਨੇ ਆਪਣੇ ਦਿਲ ਦੀ ਗੱਲ ਦੱਸੀ।

-ਪ੍ਰਗਟ ਸਿੰਘ ਜੰਬਰ
ਤਿਲਕ ਨਗਰ, ਗਲੀ ਨੰ: 1, ਸ੍ਰੀ ਮੁਕਤਸਰ ਸਾਹਿਬ। ਮੋਬਾ : 98558-07324.

ਫਾਹੇ ਨਾ ਚਾੜ੍ਹੋ ਜੀ!

ਕਿਸੇ ਦੁਰਕਾਰੇ, ਨਕਾਰੇ, ਫਟਕਾਰੇ ਦਾ ਨਾਂਅ ਲੈ ਲਓ ਕਿਸੇ ਪੰਜਾਬੀ ਕੋਲ ਤਾਂ ਫਟਾਫਟ ਰੀਐਕਸ਼ਨ ਹੁੰਦਾ ਹੈ, 'ਦੁਰ ਫਿਟੇ ਮੂੰਹ, ਕਿਹਦਾ ਨਾਂਅ ਲੈ ਲਿਐ।'
ਇਸ ਤੋਂ ਵੀ ਡਬਲ ਦੁਰਕਾਰਿਆ ਰੀਐਕਸ਼ਨ ਹੁੰਦਾ ਹੈ, 'ਫਾਹੇ ਲਾ ਸੂ ਪਰ੍ਹਾਂ...ਮਰਨ ਦੇ ਸੂ।'
ਫਾਹੇ ਲਾਉਣਾ, ਮਤਲਬ ਫਾਂਸੀ ਦੇਣਾ। ਸੱਚੀਂ ਫਾਂਸੀ ਦੀ ਸਜ਼ਾ ਸਿਰਫ਼ ਉਸੇ ਵਿਅਕਤੀ ਨੂੰ ਮਿਲਦੀ ਹੈ, ਜਿਸ ਨੇ ਘਿਨਾਉਣੇ ਤੋਂ ਘਿਨਾਉਣਾ ਗੁਨਾਹ ਕੀਤਾ ਹੋਵੇ। ਅੰਗਰੇਜ਼ੀ 'ਚ ਇਹਨੂੰ ਕਹਿੰਦੇ ਨੇ 'ਞ਼ਗਕ ਰ਀ਿ ਵੀਕ ਞ਼ਗਕਤਵ'। ਸਾਡੀਆਂ ਅਦਾਲਤਾਂ ਫਾਂਸੀ ਦੀ ਸਜ਼ਾ ਡੂੰਘੇ ਵਿਚਾਰ ਮਗਰੋਂ ਜਦ ਕਿਸੇ ਮੁਜਰਮ ਦਾ ਗੁਨਾਹ, ਗੁਨਾਹ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਗੁਨਾਹੇ-ਅਜ਼ੀਮ ਮੰਨ ਲਿਆ ਜਾਂਦਾ ਹੈ ਤਾਂ ਹੀ ਮਾਨਯੋਗ ਜੱਜ ਸਾਹਿਬ ਜਾਂ ਇਉਂ ਕਹਿ ਲਓ, ਅਦਾਲਤ ਸੁਣਾਉਂਦੀ ਹੈ।
ਫਾਂਸੀ ਦੀ ਸਜ਼ਾ ਜਿਨ੍ਹਾਂ ਨੂੰ ਹੁੰਦੀ ਹੈ, ਉਹ ਵੀ ਇਨਸਾਨ ਹਨ, ਜਿਹੜੇ ਸੁਣਾਉਂਦੇ ਹਨ ਉਹ ਵੀ ਇਨਸਾਨ ਹਨ, ਜਿਹੜੇ ਜੱਲਾਦ ਫਾਂਸੀ ਦਿੰਦੇ ਹਨ, ਉਹ ਵੀ ਇਨਸਾਨ ਹਨ। ਦੁਨੀਆ ਭਰ 'ਚ ਇਹ ਵਿਚਾਰ ਭਖਿਆ ਪਿਆ ਹੈ ਕਿ ਜਦ ਮਨੁੱਖ ਨੂੰ ਜਾਨ ਮਨੁੱਖ ਨੇ ਨਹੀਂ ਦਿੱਤੀ ਤਾਂ ਕਿਸੇ ਮਨੁੱਖ ਨੂੰ, ਕਿਸੇ ਵੀ ਮਨੁੱਖ ਦੀ ਜਾਨ ਲੈਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।
ਸੰਸਾਰ 'ਚ ਬਹੁਤ ਸਾਰੇ ਮੁਲਕਾਂ 'ਚ ਫਾਂਸੀ ਤੇ ਲਟਕਾਉਣ ਵਾਲੀ ਇਸ ਅਣਮਨੁੱਖੀ ਪਦਤੀ ਨੂੰ ਜੋ ਮਾਨਵਤਾ ਦੇ ਵਿਰੁੱਧ ਹੈ, ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ। ਪਰ ਇਹ ਨਹੀਂ ਕਿ ਸਜ਼ਾ-ਏ-ਮੌਤ ਨੂੰ ਸਭਨਾਂ ਨੇ ਖਤਮ ਕਰ ਦਿੱਤਾ ਹੈ। ਸਜ਼ਾ-ਏ-ਮੌਤ ਬਰਕਰਾਰ ਹੈ। ਸਿਰਫ਼ 'ਜ਼ਿੰਦਗੀ ਲੈਣ' ਜਾਂ 'ਮੌਤ ਦੇਣ' ਦੇ ਹੋਰ ਤਰੀਕੇ ਅਪਣਾਏ ਜਾਂਦੇ ਹਨ। ਇਸ ਸਮੇਂ ਸਾਡੇ ਦੇਸ਼ ਭਾਰਤ ਮਹਾਨ 'ਚ ਫਾਂਸੀ ਦੀ ਸਜ਼ਾ ਬਰਕਰਾਰ ਹੈ, ਫਾਹੇ ਲਾਉਣ ਦਾ ਤਰੀਕਾ ਵੀ ਉਹੀਓ ਪੁਰਾਣਾ ਹੈ, ਭਾਰਤ ਤੋਂ ਛੁੱਟ, ਫਾਹੇ ਲਾਉਣ ਵਾਲੀ ਇਹ ਪਦਤੀ ਬੰਗਲਾਦੇਸ਼, ਪਾਕਿਸਤਾਨ, ਅਫ਼ਗਾਨਿਸਤਾਨ, ਬੋਤਸਵਾਨਾ, ਇਰਾਕ, ਜਾਪਾਨ, ਕੁਵੈਤ, ਮਲੇਸ਼ੀਆ, ਨਾਈਜ਼ੀਰੀਆ, ਗਾਜ਼ਾ 'ਚ ਫਲਸਤੀਨ, ਸੁਡਾਨ ਤੇ ਦੱਖਣੀ ਸੁਡਾਨ 'ਚ ਬਰਕਰਾਰ ਹੈ।
ਜਿਸ ਮੁਜਰਮ ਨੂੰ ਫਾਂਸੀ ਦੀ ਸਜ਼ਾ ਮਿਲੀ ਹੋਵੇ, ਉਸ ਨੂੰ ਜੇਲ੍ਹ 'ਚ ਇਕ ਵੱਖਰੀ ਹੀ ਕੋਠੜੀ 'ਚ ਰੱਖਿਆ ਜਾਂਦਾ ਹੈ। ਫਾਂਸੀ ਵਾਲੇ ਮਿੱਥੇ ਦਿਨ ਤੇ ਸਮੇਂ (ਲਗਪਗ ਸਰਘੀ ਵੇਲੇ) ਗੁਨਾਹਗਾਰ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ, ਫਿਰ ਫਾਂਸੀ ਦੀ ਕੋਠੜੀ 'ਚ ਲਿਜਾਇਆ ਜਾਂਦਾ ਹੈ, ਜਿਥੇ ਜੇਲਰ, ਮੈਜਿਸਟ੍ਰੇਟ, ਇਕ ਡਾਕਟਰ ਤੇ ਜੱਲਾਦ ਮੌਜੂਦ ਹੁੰਦੇ ਹਨ। ਗੁਨਾਹਗਾਰ ਦੇ ਮੂੰਹ 'ਤੇ ਕਾਲਾ ਟੋਪਾ ਪਾ ਕੇ, ਉਹਦਾ ਮੂੰਹ ਪੂਰੀ ਤਰ੍ਹਾਂ ਢਕ ਦਿੱਤਾ ਜਾਂਦਾ ਹੈ ਤੇ ਉਹਨੂੰ ਇਕ ਲੋਹੇ ਦੇ ਤਖਤੇ 'ਤੇ ਖੜ੍ਹਾ ਕਰ ਦਿੱਤਾ ਜਾਂਦਾ ਹੈ, ਜਿਸ ਦੇ ਉਪਰੋਂ ਲੋਹੇ ਦੇ ਇਕ ਫਰੇਮ ਨਾਲ ਫਾਂਸੀ ਦਾ ਰੱਸਾ ਲਟਕ ਰਿਹਾ ਹੁੰਦਾ ਹੈ। ਜੱਲਾਦ ਇਹ ਫਾਂਸੀ ਦਾ ਰੱਸਾ ਉਹਦੇ ਗਲੇ 'ਚ ਕੱਸ ਕੇ ਫਿੱਟ ਕਰ ਦਿੰਦਾ ਹੈ, ਫਿਰ ਮੈਜਿਸਟ੍ਰੇਟ ਦੇ ਇਸ਼ਾਰੇ 'ਤੇ ਉਹ ਤਖ਼ਤੇ ਤੋਂ ਬਾਹਰ ਹੋ ਕੇ, ਉਹਦਾ ਲੀਵਰ ਖਿਚ ਦਿੰਦਾ ਹੈ, ਜਿਸ ਨਾਲ ਪੈਰਾਂ ਥੱਲਿਉਂ ਪਲੇਟਫਾਰਮ ਖਿਸਕ ਜਾਂਦਾ ਹੈ ਤੇ ਮੁਜਰਿਮ ਦੇ ਪੈਰ ਲਟਕ ਜਾਂਦੇ ਹਨ, ਥੱਲੇ ਬਣੇ ਟੋਏ 'ਚ। ਉਹ ਤੜਫਦਾ ਹੈ ਜਦ ਤੜਫਣ ਸਮਾਪਤ ਹੋ ਜਾਂਦੀ ਹੈ, ਡਾਕਟਰ ਉਹਦਾ ਮੁਆਇਨਾ ਕਰਦਾ ਹੈ, ਨਬਜ਼ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ, ਡਾਕਟਰ ਇਹਦੀ ਤਸਦੀਕ ਕਰਦਾ ਹੈ ਤਾਂ ਫਾਂਸੀ ਦਾ ਕਰਮ ਸਮਾਪਤ।
ਫਾਂਸੀ ਦੇਣ ਦੇ ਇਸ ਤਰੀਕੇ ਵਿਰੁੱਧ ਇਕ ਭਾਰਤੀ ਨੇ ਸੁਪਰੀਮ ਕੋਰਟ 'ਚ ਪੀ.ਆਈ.ਐਲ. ਦਾਖਲ ਕੀਤੀ ਹੈ।
ਇਸ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਚਲ ਰਹੀ ਹੈ।
ਆਹੋ, ਦੁਨੀਆ ਭਰ 'ਚ ਇਹੋ ਇਕੋ ਫਾਹਾ ਦੇ ਕੇ ਹੀ ਮਾਰਨ ਵਾਲਾ ਤਰੀਕਾ ਨਹੀਂ ਹੈ। ਵੱਖ-ਵੱਖ ਦੇਸ਼ਾਂ 'ਚ ਫਾਂਸੀ ਬਿਲਕੁਲ ਨਹੀਂ, ਦੋਸ਼ੀ ਨੂੰ ਸਜ਼ਾ ਯਾਫ਼ਤਾ ਨੂੰ ਮਾਰਨ ਲਈ ਹੋਰ ਤਰੀਕੇ ਹਨ। ਜਿਵੇਂ ਚੀਨ, ਉੱਤਰੀ ਕੋਰੀਆ, ਸੁਮਾਲੀਆ, ਤਾਈਵਾਨ, ਯਮਨ ਤੇ ਸਾਊਦੀ ਅਰਬ 'ਚ, ਗੋਲੀ ਮਾਰ ਕੇ ਅਪਰਾਧੀ ਦਾ ਅੰਤ ਕੀਤਾ ਜਾਂਦਾ ਹੈ। ਇਸ ਲਈ ਬਾਕਾਇਦਾ ਤੌਰ 'ਤੇ ਫਾਇਰਿੰਗ ਸੁਕੈਡ (ਗੋਲੀ ਮਾਰਨ ਵਾਲੇ ਦਸਤੇ) ਹਨ। ਅਪਰਾਧੀ ਨੂੰ ਸੜਕ 'ਤੇ ਖੜ੍ਹਾ ਕਰਕੇ, ਇਕੋ ਵੇਲੇ ਉਹਦੇ 'ਤੇ ਗੋਲੀਆਂ ਦੀ ਬੌਛਾੜ ਕਰ ਦਿੱਤੀ ਜਾਂਦੀ ਹੈ, ਉਹ ਥਾਂ 'ਤੇ ਹੀ ਠੰਢਾ ਹੋ ਜਾਂਦਾ ਹੈ।
ਯੂ.ਐਸ.ਏ. (ਅਮਰੀਕਾ) 'ਚ ਕੁਝ ਪ੍ਰਾਂਤਾਂ 'ਚ ਤਾਂ ਇਲੈਕਟ੍ਰਿਕ ਚੇਅਰ 'ਤੇ ਬਿਠਾ ਕੇ ਦੋਵੇਂ ਪਾਸੇ ਉਹਦੇ ਹੱਥ-ਪੈਰ ਜਕੜ ਦਿੱਤੇ ਜਾਂਦੇ ਹਨ, ਫਿਰ ਕੁਰਸੀ 'ਚ ਬਿਜਲੀ ਦਾ ਕਰੰਟ ਛੱਡਿਆ ਜਾਂਦਾ ਹੈ। ਦੂਜੇ ਪ੍ਰਾਂਤਾਂ 'ਚ ਮਾਰੂ ਇੰਜੈਕਸ਼ਨ (ਟੀਕਾ) ਦਿੱਤਾ ਜਾਂਦਾ ਹੈ। ਪੰਜ ਤੋਂ ਦਸ ਮਿੰਟ ਹੀ ਲਗਦੇ ਹਨ। ਨਾਲੇ ਐਨਸਥੀਸੀਆ ਨਾਲ ਦੋਸ਼ੀ ਨੂੰ ਨੀਂਦ ਆ ਜਾਂਦੀ ਹੈ, ਇਸ ਨੀਂਦ 'ਚ ਹੀ ਉਹ ਚਲ ਵਸਦਾ ਹੈ। ਨਾ ਦਰਦ, ਨਾ ਪੀੜ, ਉਹਨੂੰ ਪਤਾ ਹੀ ਨਹੀਂ ਲਗਦਾ।
ਇਕ ਤਰੀਕਾ ਹੈ ਤਲਵਾਰ ਦੇ ਵਾਰ ਨਾਲ ਸਿਰ ਕਲਮ ਕਰ ਦਿਓ। ਇਹ ਅੱਜ ਵੀ ਸ਼ਾਇਦ ਸਿਰਫ਼ ਇਕੋ ਇਕ ਦੇਸ਼ ਸਾਊਦੀ ਅਰਬ 'ਚ ਵਰਤਿਆ ਜਾਂਦਾ ਹੈ। ਇਹ ਵੀ ਰਿਵਾਜ ਹੈ ਕਿ ਜੇਕਰ ਮੌਤ ਦੀ ਸਜ਼ਾ ਦਾ ਦੋਸ਼ੀ, ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦਾ ਹੈ ਤਾਂ ਉਹਦਾ ਸਿਰ ਜੱਲਾਦ ਸੋਨੇ ਦੀ ਤਲਵਾਰ ਨਾਲ ਉਡਾਉਂਦਾ ਹੈ। ਇਹ ਸਜ਼ਾ ਇਸਲਾਮਿਕ ਸ਼ਰੀਆ ਕਾਨੂੰਨ ਅਨੁਸਾਰ ਦਿੱਤੀ ਜਾਂਦੀ ਹੈ।
ਦੱਸਿਆ ਜਾਂਦਾ ਹੈ ਕਿ ਫਾਂਸੀ 'ਤੇ ਲਟਕਾਉਣ ਵਾਲੀ ਸਜ਼ਾ ਅੰਗਰੇਜ਼ਾਂ ਵੇਲੇ, ਖਾਸ ਤੌਰ 'ਤੇ ਦਿੱਤੀ ਜਾਂਦੀ ਸੀ। ਜੱਜ ਦਾ ਹੁਕਮ ਹੁੰਦਾ ਸੀ '8਼ਅਪ 8ਜਠ'। ਕਹਿੰਦੇ ਨੇ ਕਿ ਇਕ ਸਿਆਣੇ ਵਕੀਲ ਨੇ ਆਪਣੇ ਮੁਅੱਕਲ ਨੂੰ ਐਨ ਉਸ ਵੇਲੇ ਇਹ ਦਲੀਲ ਦੇ ਕੇ ਮਰਨੋਂ ਬਚਾ ਲਿਆ ਸੀ, ਜਦ ਉਸ ਦੇ ਗਲ 'ਚ ਫਾਂਸੀ ਦਾ ਫਾਹਾ ਪਾਇਆ ਗਿਆ, ਉਹਨੇ ਦਲੀਲ ਦਿੱਤੀ, 'ਹੁਕਮ ਇਹੋ ਹੈ '8਼ਅਪ 8ਜਠ'। ਇਹਨੂੰ ਲਟਕਾਇਆ ਜਾਏ, ਇਹ ਲਟਕਾ ਦਿੱਤਾ ਗਿਆ ਹੈ, ਕਾਨੂੰਨੀ ਕਾਰਵਾਈ ਪੂਰੀ ਹੋ ਗਈ। ਤੇ ਮਜਬੂਰ, ਬੇਵਸ ਹੋ ਕੇ, ਉਹਨੂੰ ਛਡਣਾ ਪਿਆ। ਇਸ ਮਗਰੋਂ ਹੀ ਮੌਤ ਦਾ ਹੁਕਮ ਇਹ ਲਿਖਿਆ ਜਾਣ ਲੱਗਾ, '8਼ਅਪ 8ਜਠ 2ਖ ਅਕਫਾ ਚਅਵਜ; ਦਕ਼ਵੀ.'
ਮੁਗ਼ਲ ਬਾਦਸ਼ਾਹਾਂ ਨੇ ਤਾਂ ਸਿਰ ਕਲਮ ਕਰਨ ਅਤੇ ਫਾਂਸੀ ਦੇ ਤਖ਼ਤੇ 'ਤੇ ਫਾਹਾ ਦੇਣ ਵਾਲੀਆਂ ਦੋਵੇਂ ਪੱਦਤੀਆਂ ਜਾਰੀ ਰੱਖੀਆਂ।
ਫਰਾਂਸ 'ਚ ਪਹਿਲਾਂ ਜਦ ਕ੍ਰਾਂਤੀ ਹੋਈ ਸੀ, ਤਾਂ ਜਿਨ੍ਹਾਂ ਨੂੰ ਸਜ਼ਾ-ਏ-ਮੌਤ ਦਿੱਤੀ ਜਾਂਦੀ ਸੀ, ਉਹਦਾ ਤਰੀਕਾ ਇਉਂ ਸੀ ਕਿ ਲੋਹੇ ਦਾ ਇਕ ਉੱਚਾ ਫਰੇਮ ਬਣਾਇਆ ਜਾਂਦਾ ਸੀ, ਜਿਸ ਦੇ ਧੁਰ ਉੱਪਰ ਇਕ ਤੇਜ਼ਧਾਰ ਵਾਲਾ ਬਲੇਡ ਫਿੱਟ ਕੀਤਾ ਜਾਂਦਾ ਸੀ, ਬਿਲਕੁਲ ਹੇਠਾਂ ਇਕ ਸ਼ਿਕੰਜੇ 'ਚ ਦੋਸ਼ੀ ਦਾ ਸਿਰ ਜਕੜ ਦਿੱਤਾ ਜਾਂਦਾ ਸੀ ਤੇ ਉੱਪਰੋਂ ਉਹ ਬਲੇਡ ਖੁੱਲ੍ਹਾ ਛੱਡ ਦਿੱਤਾ ਜਾਂਦਾ ਸੀ। ਬਲੇਡ ਤੇਜ਼ੀ ਨਾਲ ਹੇਠਾਂ ਆਉਂਦਾ ਤੇ ਦੋਸ਼ੀ ਦਾ ਸਿਰ ਅਲੱਗ ਕਰ ਦਿੰਦਾ। ਅੱਜਕਲ੍ਹ ਇਥੇ ਮੌਤ ਦੀ ਸਜ਼ਾ ਖ਼ਤਮ ਹੈ।
ਅੱਜਕਲ੍ਹ ਵੀ ਇਥੇ ਸਾਡੇ ਦੇਸ਼ 'ਚ ਜਦ ਕਿਸੇ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਹੁੰਦਾ ਹੈ ਤਾਂ ਲੋਕੀਂ ਅਕਸਰ ਕਹਿੰਦੇ ਨੇ, 'ਸੂਲੀ 'ਤੇ ਚੜ੍ਹਾਉਣ ਹੁਕਮ ਹੋ ਗਿਆ ਹੈ ਪਰ ਸੂਲੀ 'ਤੇ ਚੜ੍ਹਾਉਣ ਦਾ ਤਰੀਕਾ ਸਭ ਤੋਂ ਬੇਰਹਿਮੀ ਵਾਲਾ ਸੀ, ਉਪਰੋਂ ਤੇਜ਼ ਨੋਕ ਵਾਲੀ ਇਕ ਲੰਮੀ ਲੋਹੇ ਦੀ ਰਾਡ ਉਪਰੋਂ ਲੈ ਕੇ ਥੱਲੇ ਤੱਕ ਚੰਗੀ ਤਰ੍ਹਾਂ ਗਰੀਸ ਮਲ ਕੇ ਜ਼ਮੀਨ 'ਚ ਸਿੱਧੀ ਗੱਡ ਦਿੱਤੀ ਜਾਂਦੀ ਸੀ। ਉਪਰ ਨੁਕੀਲੀ ਨੋਕ ਤੇ ਦੋਸ਼ੀ ਨੂੰ ਬਿਠਾ ਕੇ ਛੱਡ ਦਿੱਤਾ ਜਾਂਦਾ ਸੀ, ਉਹ ਹੌਲੀ-ਹੌਲੀ ਹੇਠਾਂ ਤਿਲਕਦਾ ਜਾਂਦਾ, ਅੰਤ 'ਚ ਉਹਦਾ ਸਰੀਰ ਦੋਫਾੜ ਹੋ ਜਾਂਦਾ। ਇਹ ਸੀ ਸੂਲੀ 'ਤੇ ਚੜ੍ਹਾਉਣਾ। ਕੁਝ ਰਾਜਿਆਂ ਨੇ ਤਾਂ ਇਸ ਲਈ ਭੁੱਖੇ ਸ਼ੇਰ ਪਾਲ ਰੱਖੇ ਸਨ। ਜਿਸ ਨੂੰ ਮੌਤ ਦੀ ਸਜ਼ਾ ਦੇਣੀ ਹੋਵੇ, ਉਸ ਤੋਂ ਕੁਝ ਦਿਨ ਪਹਿਲਾਂ ਜਾਣ-ਬੁੱਝ ਕੇ ਸ਼ੇਰਾਂ ਨੂੰ ਭੁੱਖਾ ਰੱਖਿਆ ਜਾਂਦਾ ਸੀ। ਫਿਰ ਮਿੱਥੇ ਦਿਨ ਦੋਸ਼ੀ ਨੂੰ ਸ਼ੇਰਾਂ ਦੇ ਪਿੰਜਰੇ 'ਚ ਸੁੱਟ ਦਿੱਤਾ ਜਾਂਦਾ ਸੀ। ਅੰਤ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ।
ਕਿਸ ਤਰ੍ਹਾਂ ਦੀਆਂ ਯਾਤਨਾਵਾਂ ਵਾਲੀ ਸ਼ਹੀਦੀ ਮੁਗ਼ਲਾਂ ਨੇ ਸਿੱਖਾਂ ਨੂੰ ਦਿੱਤੀ, ਉਹਦੇ ਪ੍ਰਤੱਖ ਚਿੱਤਰ ਤੁਸੀਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਅਜਾਇਬਘਰ 'ਚ ਲੱਗੀਆਂ ਫੋਟੋਆਂ ਤੋਂ ਅਨੁਭਵ ਕਰ ਸਕਦੇ ਹੋ। ਅੰਗਰੇਜ਼ਾਂ ਨੇ ਤਾਂ ਸਾਡੇ ਸਿੱਖ ਕੂਕਿਆਂ ਨੂੰ ਤੋਪ ਅੱਗੇ ਬੰਨ੍ਹ ਕੇ ਉਡਾ ਦਿੱਤਾ ਸੀ।
ਇਹ ਫਾਹਾ ਦੇਣ ਵਾਲੀ ਫਾਂਸੀ। ਇਹ ਬੜੀ ਤਕਲੀਫਦਾਇਕ ਹੁੰਦੀ ਹੈ। ਪਰ... ਮੈਂ ਅਖ਼ਬਾਰ ਵਿਚ ਵੀ ਪੜ੍ਹਿਐ, ਦੋ ਵੱਖ-ਵੱਖ ਥਾਈਂ ਦੋ ਜਵਾਨ ਕੁੜੀਆਂ ਨੇ ਆਪਣੇ ਘਰ ਦੇ ਕਮਰੇ 'ਚ, ਛੱਤ ਦੇ ਪੱਖੇ ਨਾਲ ਆਪਣਾ ਦੁਪੱਟਾ ਬੰਨ੍ਹ ਕੇ ਆਪਣੇ ਗਲੇ ਨਾਲ ਕੱਸ ਕੇ, ਲਟਕ ਕੇ ਫਾਹਾ ਲੈ ਲਿਆ ਹੈ। ਜਿਨ੍ਹਾਂ ਕਿਸਾਨਾਂ ਨੇ ਸਲਫਾਸ ਖਾ ਕੇ, ਆਤਮ-ਹੱਤਿਆ ਕਰ ਲਈ ਹੈ, ਉਹਨੂੰ ਕਿੰਨਾ ਦਰਦ ਹੋਇਆ ਹੈ? ਇਸ ਪੀੜ ਦਾ ਕਿਸੇ ਨੂੰ ਅਹਿਸਾਸ ਹੈ?

ਸ਼ਾਂਤੀ

* ਚਿੰਤਾ ਕੱਲ੍ਹ ਦੀਆਂ ਮੁਸ਼ਕਿਲਾਂ ਨੂੰ ਦੂਰ ਨਹੀਂ ਕਰਦੀ। ਇਹ ਅੱਜ ਦੀ ਸ਼ਾਂਤੀ ਨੂੰ ਵੀ ਦੂਰ ਲੈ ਜਾਂਦੀ ਹੈ। ਇਸ ਲਈ ਕਦੇ ਵੀ ਕਿਸੇ ਚੀਜ਼ ਬਾਰੇ ਚਿੰਤਾ ਨਾ ਕਰੋ ਅਤੇ ਯਕੀਨ ਅਤੇ ਮੁਸਕਰਾਹਟ ਨਾਲ ਜ਼ਿੰਦਗੀ ਜੀਓ।
* ਸਹਿਜ ਅਵਸਥਾ, ਉਹ ਸੰਤੁਲਨ ਵਾਲੀ ਅਵਸਥਾ ਹੈ, ਜੋ ਸਰੀਰ ਨਾਲੋਂ ਜ਼ਿਆਦਾ ਮਨ ਨੂੰ ਆਰਾਮ, ਸੁੱਖ ਤੇ ਸ਼ਾਂਤੀ ਪ੍ਰਦਾਨ ਕਰਦੀ ਹੈ ਤੇ ਇਹ ਕਿਸੇ ਵਿਰਲੇ ਇਨਸਾਨ ਨੂੰ ਹੀ ਨਸੀਬ ਹੁੰਦੀ ਹੈ।
* ਜਿਹੜੇ ਬੱਚੇ ਆਪਣੇ ਫ਼ਰਜ਼ਾਂ ਤੋਂ ਮੁੱਖ ਮੋੜ ਕੇ ਆਪਣੇ ਮਾਪਿਆਂ ਦੇ ਹਿਰਦੇ ਨੂੰ ਦੁੱਖ ਪਹੁੰਚਾਉਂਦੇ ਹਨ ਅਤੇ ਉਨ੍ਹਾਂ ਦੀ ਬਿਲਕੁਲ ਸੰਭਾਲ, ਪ੍ਰਵਾਹ ਆਦਿ ਨਹੀਂ ਕਰਦੇ, ਉਹ ਕਿਤੇ ਵੀ ਜਾ ਕੇ ਮੱਥੇ ਰਗੜ ਲੈਣ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਕਿਉਂਕਿ ਮਾਪੇ ਰੱਬ ਦਾ ਰੂਪ ਹੁੰਦੇ        ਹਨ ਤੇ ਰੱਬ ਤੋਂ ਮੂੰਹ ਮੋੜ ਕੇ ਕੋਈ ਕਿਵੇਂ ਖੁਸ਼ਹਾਲ ਰਹਿ ਸਕਦੈ?
* ਮਨੁੱਖ ਨੂੰ ਆਪਣੀਆਂ ਇੱਛਾਵਾਂ/ਲੋੜਾਂ ਘਟਾ ਕੇ ਆਜ਼ਾਦੀ ਤੇ ਸ਼ਾਂਤੀ ਵਧਾਉਣੀ ਚਾਹੀਦੀ ਹੈ।
* ਸੁੱਖ ਹੋਵੇ ਪਰ ਸ਼ਾਂਤੀ ਨਾ ਹੋਵੇ ਤਾਂ ਸਮਝੋ ਕਿ ਤੁਸੀਂ ਸਹੂਲਤਾਂ ਨੂੰ ਗ਼ਲਤੀ ਨਾਲ ਸੁੱਖ ਸਮਝ ਰਹੇ ਹੋ।
* ਜੇ ਦਿਲ ਵਿਚ ਨੇਕੀ ਹੋਵੇ ਤਾਂ ਚਰਿੱਤਰ ਸੋਹਣਾ ਹੋਵੇਗਾ। ਜੇ ਚਰਿੱਤਰ ਸੋਹਣਾ ਹੋਵੇ ਤਾਂ ਘਰ ਵਿਚ ਇਕਸੁਰਤਾ ਹੋਵੇਗੀ। ਜੇ ਘਰ ਵਿਚ ਇਕਸੁਰਤਾ ਹੋਵੇ ਤਾਂ ਦੇਸ਼ ਵਿਚ ਅਨੁਸ਼ਾਸਨ ਹੋਵੇਗਾ। ਜੇ ਦੇਸ਼ ਵਿਚ ਅਨੁਸ਼ਾਸਨ ਹੋਵੇ ਤਾਂ ਸੰਸਾਰ ਵਿਚ ਸ਼ਾਂਤੀ ਹੋਵੇਗੀ।
* ਜੀਵਨ ਦੀ ਪ੍ਰਮੁੱਖ ਲੋੜ ਸ਼ਾਂਤੀ ਹੀ ਹੈ। ਇਸ ਲਈ ਵਾਹ ਲਗਦੀ ਇਸ ਨੂੰ ਭੰਗ ਨਾ ਹੋਣ ਦਿਓ ਤੇ ਜੀਵਨ ਦਾ ਆਨੰਦ ਮਾਣੋ।

ਮੋਬਾਈਲ : 99155-63406.

ਰਾਵਣ ਨਹੀਂ ਮਰਿਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਦੇਖੋ ਤਾਂ ਕਿੰਨਾ ਧੂੰਆਂ ਹੋਇਆ ਪਿਆ ਚਾਰੇ ਪਾਸੇ, ਛੱਡੋ ਹੁਣ ਹੇਠਾਂ ਆ ਜੋ।' ਮੈਂ ਕਿਹਾ, ਪਰ ਨਾਲ ਹੀ ਮੇਰਾ ਧਿਆਨ ਤਰਨ ਵੱਲ ਗਿਆ ਜੋ ਅੱਗ ਲੱਗੇ ਬੰਬ ਵੱਲ ਵਧ ਰਿਹਾ ਸੀ।
'ਦੇਖਿਓ ਤਰਨ ਮੇਰੇ ਮੂੰਹੋਂ ਨਿਕਲਿਆ।
ਉਹ ਉਸੇ ਵੇਲੇ ਤਰਨ ਵੱਲ ਵਧਿਆ ਤਰਨ ਬੰਬ ਦੇ ਬਿਲਕੁਲ ਕੋਲ ਚਲਾ ਗਿਆ ਸੀ। ਉਸ ਨੇ ਭੱਜ ਕੇ ਤਰਨ ਗੋਦੀ ਚੁੱਕ ਲਿਆ। ਬੰਬ ਫਟ ਗਿਆ। ਉਹ ਆਪਣੇ ਆਪ ਨੂੰ ਸੰਭਾਲ ਨਾ ਸਕਿਆ। ਛੱਤ ਤੋਂ ਪੈਰ ਤਿਲਕ ਕੇ ਤਰਨ ਸਮੇਤ ਵਿਹੜੇ ਵਿਚ ਜਾ ਡਿੱਗਿਆ। ਮੁੰਡੇ ਦੀ ਲੱਤ ਟੁੱਟ ਗਈ ਤੇ ਉਹਦਾ ਚੂਲ੍ਹਾ, ਸਰੀਰ ਬੁਰੀ ਤਰਾਂ ਕਈ ਜਗ੍ਹਾ ਤੋਂ ਅੰਦਰੋਂ ਟੁੱਟ ਗਿਆ। ਮੂੰਹ ਬੁਰੀ ਤਰ੍ਹਾਂ ਅੱਗ ਵਿਚ ਸੜ ਗਿਆ। ਮੁੰਡਾ ਤਾਂ ਦੋ ਕੁ ਮਹੀਨੇ ਵਿਚ ਠੀਕ ਹੋ ਗਿਆ। ਪਰ ਉਹ ਸੱਤ ਮਹੀਨੇ ਤੜਫ-ਤੜਫ ਕੇ ਮਰਿਆ। ਸੱਤ ਮਹੀਨੇ ਵਿਚ ਸਾਰੀ ਪਾਪ ਦੀ ਕਮਾਈ ਨਿੱਬੜ ਗਈ, ਦੋਵੇਂ ਮੱਝਾਂ ਅਤੇ ਜੋ ਥੋੜ੍ਹੀ ਜਿਹੀ ਜ਼ਮੀਨ ਸੀ ਉਹ ਵੀ ਵਿਕ ਗਈ। ਕੋਈ ਮਦਦ ਨੂੰ ਨਾ ਬਹੁੜਿਆ। ਮੇਰੇ ਸਿਰ ਦੀ ਚੁੰਨੀ ਚਿੱਟੀ ਹੋ ਗਈ। ਸੱਸ ਦੇ ਸਿਰ 'ਤੇ ਤਾਂ ਇਹ ਬੇਰੰਗ ਚੁੰਨੀ ਕਈ ਸਾਲਾਂ ਤੋਂ ਸੀ। ਜਦੋਂ ਕੰਮ ਤੋਂ ਸਾਈਕਲ 'ਤੇ ਪਰਤਦੇ ਸਹੁਰੇ ਉੱਤੇ ਇਕ ਸ਼ਰਾਬੀ ਹੋ ਕੇ ਗੱਡੀ ਚਲਾ ਰਹੇ ਅਮੀਰਜ਼ਾਦੇ ਨੇ ਗੱਡੀ ਚੜ੍ਹਾ ਤੀ। ਮੈਡੀਕਲ ਰਿਪੋਰਟ ਵਿਚ ਕਦੇ ਸ਼ਰਾਬ ਨਾ ਪੀਣ ਵਾਲਾ ਮੇਰਾ ਸਹੁਰਾ ਸ਼ਰਾਬੀ ਸਾਬਤ ਹੋ ਗਿਆ ਅਤੇ ਉਹ ਅਮੀਰਜ਼ਾਦਾ ਰਾਵਣ ਦਾ ਸਿਰ ਪੂਰੀ ਤਰ੍ਹਾਂ ਸੋਫੀ। ਗੱਡੀ ਵਾਲਾ ਸਾਫ਼ ਬਚ ਗਿਆ ਸਾਨੂੰ ਵੀ ਕੋਈ ਕਲੇਮ ਨਾ ਮਿਲਿਆ। ਭ੍ਰਿਸ਼ਟਾਚਾਰ ਰੂਪੀ ਰਾਵਣ ਦਾ ਸਿਰ ਸਾਨੂੰ ਡਸ ਗਿਆ। ਸਹੁਰਾ ਵੀ ਹਲਵਾਈ ਸੀ ਪਰ ਖੋਆ ਉਹਦਾ ਪੂਰਾ ਖਰਾ ਹੁੰਦਾ ਸੀ।
ਸਰਦਾਰ ਪਹਿਲਾਂ ਤਾਂ ਕਦੇ ਨਾ ਬਹੁੜਿਆ ਪਰ ਉਹਦੇ ਮਰਨ ਤੋਂ ਬਾਅਦ ਮਗਰਮੱਛ ਦੇ ਹੰਝੂ ਵਹਾਉਣ ਆਇਆ। ਮੈਨੂੰ ਕੰਮ 'ਤੇ ਆਉਣ ਦਾ ਸੱਦਾ ਵੀ ਦੇ ਕੇ ਗਿਆ ਅਤੇ ਜੇ ਕੋਈ ਲੋੜ ਹੋਵੇ ਤਾਂ ਨਾ-ਸ਼ਰਮਣ ਦੀ ਸਲਾਹ ਵੀ। ਮੈ ਮਹੀਨਾ ਕੁ ਤਾਂ ਨਾ ਗਈ। ਫੇਰ ਜਦੋਂ ਚਾਰ ਢਿੱਡਾਂ ਦੀ ਭੁੱਖ ਮੇਰਾ ਚੈਨ ਖੋਹਣ ਲੱਗੀ ਤਾਂ ਦਿਹਾੜੀ ਜਾਣਾ ਸ਼ੁਰੂ ਕੀਤਾ। ਪਰ ਦਿਹਾੜੀ ਵੀ ਘੱਟ ਹੀ ਕਦੇ ਮਿਲੀ। ਅੰਤ ਇਕ ਦਿਨ ਮੇਰੇ ਪੈਰ ਹਵੇਲੀ ਵੱਲ ਵਧ ਗਏ। ਸਰਦਾਰਨੀ ਨੇ ਮੈਨੂੰ ਘਰ ਦਾ ਕੰਮ ਸਮਝਾ ਦਿੱਤਾ। ਮੈਂ ਕਈ ਵਾਰੀ ਵੇਖਿਆ। ਜਦੋਂ ਮੈਂ ਪੋਚਾ ਲਾਉਂਦੀ ਤਾਂ ਸਰਦਾਰ ਜਾਂ ਉਹਦਾ ਮੁੰਡਾ, ਜੋ ਵੀ ਘਰ ਹੁੰਦਾ, ਉਹਦੀ ਨਜ਼ਰ ਮੈਨੂੰ ਠੀਕ ਨਾ ਜਾਪਦੀ। ਉਨ੍ਹਾਂ ਦੀ ਨਜ਼ਰ ਮੇਰੇ ਹੂੰਝੇ ਫਰਸ਼ ਤੋਂ ਵੱਧ ਮੇਰੇ ਸਰੀਰ 'ਤੇ ਹੁੰਦੀ। ਸਰਦਾਰਨੀ ਦੇ ਸਹਾਰੇ ਕਿਸੇ ਤਰ੍ਹਾਂ ਬਚਦੀ ਰਹੀ। ਪਰ ਕੱਲ੍ਹ ਜਦੋਂ ਮੈਂ ਸਰਦਾਰਨੀ ਤੋਂ ਮਹੀਨੇ ਦੇ ਪੈਸੇ ਮੰਗੇ ਤਾਂ ਉਸ ਨੇ ਸਰਦਾਰ ਨੂੰ ਪੈਸੇ ਦੇਣ ਲਈ ਕਿਹਾ।
'ਲਛਮੀ ਕੱਲ੍ਹ ਲੈ ਜਾਈਂ ਸਵੇਰੇ, ਹੁਣ ਤਾਂ ਹੈ ਨੀ ਮੇਰੇ ਕੋਲ ਵੀ', ਸਰਦਾਰ ਬੋਲਿਆ ਸੀ। ਦੂਜੇ ਦਿਨ ਦੁਸਹਿਰਾ ਸੀ, ਸਵੇਰੇ ਸੋਚਿਆ ਕਿ ਹਵੇਲੀ ਜਾ ਕੇ ਤਨਖਾਹ ਲੈ ਆਵਾਂ, ਨਾਲੇ ਸਫ਼ਾਈ ਕਰ ਆਊਂ ਥੋੜ੍ਹੀ ਬਹੁਤ। ਇਹ ਸੋਚ ਕੇ ਹਵੇਲੀ ਵੱਲ ਤੁਰ ਪਈ। ਸਾਡਾ ਪਿੰਡ ਸ਼ਹਿਰ ਦੇ ਨੇੜੇ ਹੀ ਹੈ ਅਤੇ ਸਰਦਾਰ ਦਾ ਹਵੇਲੀ ਵਰਗਾ ਵੱਡਾ ਘਰ ਸ਼ਹਿਰ ਵਿਚ। ਜਦੋਂ ਮੈਂ ਹਵੇਲੀ ਗਈ ਤਾਂ ਉੱਥੇ ਮੈਨੂੰ ਕੋਈ ਨਜ਼ਰ ਨਾ ਆਇਆ। ਮੈਂ ਵਿਹੜਾ ਲੰਘ ਕੇ ਅੰਦਰ ਜਾ ਵੜੀ। ਮੈਂ ਸਰਦਾਰਨੀ ਨੂੰ ਅਵਾਜ਼ਾਂ ਮਾਰੀਆਂ।
' ਹੋਰ ਤਾਂ ਕੋਈ ਹੈ ਨੀ, ਮੇਰੇ ਬਿਨਾਂ ਘਰ।' ਸਰਦਾਰ ਮੇਰੇ ਵੱਲ ਗਹਿਰਾ ਝਾਕਦਾ ਬੋਲਿਆ।
'ਜੀ ਸਰਦਾਰਨੀ ਜੀ ਕਿੱਥੇ ਨੇ।' ਮੈਂ ਪੁੱਛਿਆ।
'ਮੰਦਰ ਗਏ ਆ ਮੱਥਾ ਟੇਕਣ ਨਾਲੇ ਦੁਸਹਿਰਾ ਦੇਖਣ ਸਾਰੇ ਘਰਦੇ ਅਤੇ ਨੌਕਰ।' ਉਹ ਬੋਲਿਆ।
'ਫੇਰ ਜੀ ਤੁਸੀਂ ਨੀ ਗਏ?' ਮੇਰੇ ਮੂੰਹੋਂ ਨਿਕਲਿਆ।
'ਮੈਂ ਹੀ ਲਾਉਣੀ ਆ ਰਾਵਣ ਨੂੰ ਅੱਗ ਅੱਜ ਦੁਸਹਿਰਾ ਗਰਾਊਂਡ 'ਚ, ਲੈਣ ਆਉਣਗੇ ਮੈਨੂੰ ਕਮੇਟੀ ਵਾਲੇ, ਨਾਲੇ ਸਨਮਾਨ ਕਰਨਾਂ ਅੱਜ ਉਨ੍ਹਾਂ ਮੇਰਾ ਉੱਥੇ।' ਉਹ ਚੌੜਾ ਜਿਹਾ ਹੁੰਦਾ ਬੋਲਿਆ।
'ਜੀ ਤੁਸੀਂ ਕਿਹਾ ਸੀ ਕਿ ਕੱਲ੍ਹ ਪੈਸੇ ਲੈ ਜਾਈਂ ਆ ਕੇ', ਮੈਂ ਝਕਦਿਆਂ ਕਿਹਾ।
'ਹਾਂ-ਹਾਂ ਲੈ ਜਾ ਪੈਸੇ, ਤੇਰਾ ਹੀ ਆ ਇਹ ਸਾਰਾ ਕੁਝ।' ਉਹ ਨੋਟਾਂ ਦੀਆ ਦੋ ਤਿੰਨ ਗੱਥੀਆਂ ਮੇਰੇ ਵੱਲ ਵਧਾਉਂਦਾ ਹੋਇਆ ਬੋਲਿਆ।
'ਜੀ ਮੇਰੇ ਤਾਂ ਥੋੜੇ ਜੇ ਬਣਦੇ ਆਂ', ਮੈ ਕਿਹਾ।
'ਜਿੰਨੇ ਲੈਣੇ ਆ, ਚੱਕ ਲੈ', ਉਹ ਸਾਰੇ ਰੁਪਏ ਬੈੱਡ 'ਤੇ ਰੱਖਦਾ ਹੋਇਆ ਬੋਲਿਆ।
ਮੈਂ ਅੱਗੇ ਵਧ ਕੇ ਕੁਝ ਨੋਟ ਚੁੱਕ ਲਏ ਉਸ ਨੇ ਮੈਨੂੰ ਪਿੱਛੋਂ ਆ ਕੇ ਲੱਕੋਂ ਫੜ ਲਿਆ। ਮੈਂ ਬੜੀ ਮੁਸ਼ਿਕਲ ਨਾਲ ਆਪਣਾ ਆਪ ਛਡਾਇਆ, ਮੇਰੀ ਚਿੱਟੀ ਚੁੰਨੀ ਪਾਟ ਗਈ। ਅਚਾਨਕ ਬਾਹਰਲਾ ਦਰਵਾਜ਼ਾ ਖੜਕਿਆ। ਬਾਹਰੋਂ ਰਾਮ ਲੀਲ੍ਹਾ ਕਮੇਟੀ ਵਾਲਿਆਂ ਦੀ ਗੱਡੀ ਬਾਹਰਲੇ ਗੇਟ ਦੇ ਅੰਦਰ ਵੜੀ। ਮੈਂ ਛੋਟੇ ਦਰਵਾਜ਼ੇ ਰਾਹੀਂ ਬਾਹਰ ਆ ਗਈ।
ਵੀਹ ਦਿਨ ਬੀਤ ਗਏ, ਮੈਂ ਮੁੜ ਹਵੇਲੀ ਨਾ ਗਈ। ਦੀਵਾਲੀ ਵਾਲੇ ਦਿਨ ਵੱਡੀ ਚਿੱਟੀ ਕਾਰ ਸਾਡੇ ਦਰਵਾਜ਼ੇ ਅੱਗੇ ਆ ਕੇ ਰੁਕੀ। ਪਤਾ ਨਹੀਂ ਕੌਣ ਹੋਊ ਮੈਂ ਸੋਚਿਆ। ਦਰਵਾਜ਼ਾ ਮੇਰੀ ਸੱਸ ਨੇ ਖੋਲ੍ਹਿਆ। ਮੈਂ ਅੰਦਰੋਂ ਹੀ ਖਿੜਕੀ ਵਿਚੋਂ ਵੇਖਿਆ। ਬਾਹਰ ਚਿੱਟੇ ਕੱਪੜਿਆਂ ਵਿਚ ਸਰਦਾਰ ਖੜ੍ਹਾ ਸੀ। 'ਇਹ ਰਾਵਣ ਇੱਥੇ, ਦੀਵਾਲੀ ਦੇ ਦਿਨ?' ਮੇਰੇ ਮੂੰਹੋਂ ਨਿਕਲਿਆ।
'ਆ ਜੋ ਸਰਦਾਰ ਜੀ', ਮੇਰੀ ਸੱਸ ਉਸ ਦਾ ਸਵਾਗਤ ਕਰਦਿਆਂ ਬੋਲੀ।
ਉਹ ਅੰਦਰ ਆ ਗਿਆ। ਮੇਰੀ ਸੱਸ ਨੇ ਚੁੰਨੀ ਨਾਲ ਸਾਫ ਕਰਕੇ ਕੁਰਸੀ ਵਰਾਂਡੇ ਵਿਚ ਲਿਜਾ ਰੱਖੀ।
'ਮੈਂ ਸੋਚਿਆ ਲੱਛਮੀ ਨੀ ਆਈ ਕਈ ਦਿਨ ਹੋਗੇ ਕੰਮ 'ਤੇ ਅੱਜ ਦੀਵਾਲੀ ਆ ਖ਼ਬਰ ਲੈਂਦਾ ਆਵਾਂ, ਸਰਦਾਰਨੀ ਬੜਾ ਯਾਦ ਕਰਦੀ ਸੀ ਉਹਨੂੰ। ਮੈਂ ਆਉਣਾ ਸੀ ਇਧਰ, ਕਿਸੇ ਕੰਮ ਆਇਆ ਸੀ ਅਗਲੇ ਪਿੰਡ। ਸੋਚਿਆ ਹਾਲ-ਚਾਲ ਹੀ ਪੁੱਛ ਜਾਵਾਂ ਨਿਆਣਿਆਂ ਦਾ, ਆਖਰ ਆਪਣੇ ਹੀ ਆ ਇਹ ਵੀ। ਆਹ ਦੀਵਾਲੀ ਦਾ ਸਮਾਨ ਏ ਥੋੜ੍ਹਾ ਜਿਹਾ, ਨਾਲੇ ਇਹ ਪੈਸੇ ਰੱਖ ਲੋ ਕਿਤੇ ਕੰਮ ਆਉਣਗੇ', ਉਹ ਮਠਿਆਈ ਦਾ ਲਿਫਾਫਾ ਅਤੇ ਨੋਟ ਫੜਾਉਂਦਾ ਹੋਇਆ ਬੋਲਿਆ।
'ਢਿੱਲੀ ਜਿਹੀ ਆ ਦਸ ਕੁ ਦਿਨਾਂ ਤੋਂ। ਠੀਕ ਹੋ ਕੇ ਆਪੇ ਆਜੂ।' ਸੱਸ ਲਿਫਾਫਾ ਤੇ ਨੋਟ ਫੜਦੀ ਹੋਈ ਬੋਲੀ।
'ਜਦੋਂ ਠੀਕ ਹੋ ਜੇ, ਤਾਂ ਭੇਜ ਦਿਓ ਜ਼ਰੂਰ, ਉਹਦਾ ਆਪਣਾ ਹੀ ਘਰ ਆ, ਉਹ ਵੀ', ਸਰਦਾਰ ਆਲੇ-ਦੁਆਲੇ ਦੇਖਦਾ ਬੋਲਿਆ।
ਮੈਂ ਖਿੜਕੀ ਦੀਆਂ ਵਿਰਲਾਂ ਵਿਚੋਂ ਵੇਖਿਆ ਸਰਦਾਰ ਦੀਆਂ ਨਜ਼ਰਾਂ ਅੰਦਰ ਕੁਝ ਲੱਭ ਰਹੀਆਂ ਸਨ। ਸਰਦਾਰ ਉੱਠ ਕੇ ਤੁਰ ਪਿਆ।
'ਜੀ ਚਾਹ' ਮੇਰੀ ਸੱਸ ਬੋਲੀ।
'ਚਾਹ ਫੇਰ ਸਹੀ ਕਿਤੇ।' ਉਹ ਬਾਹਰ ਵੱਲ ਵਧਦਾ ਹੋਇਆ ਬੋਲਿਆ।
'ਸੱਸ ਲਿਫਾਫੇ ਅਤੇ ਪੈਸੇ ਅੰਦਰ ਲੈ ਆਈ। ਉਸ ਪੈਸੇ ਮੈਨੂੰ ਫੜਾਏ। ਜੋ ਮੈਨੂੰ ਦੁਸਹਿਰੇ ਦੀਆਂ ਛੱਡੀਆਂ ਗੁਥੀਆਂ ਹੀ ਜਾਪੀਆਂ। ਸੱਸ ਨੇ ਮਠਿਆਈ ਦੇ ਡੱਬੇ ਰਸੋਈ 'ਚ ਜਾ ਰੱਖੇ। ਮੇਰੇ ਮਨ 'ਚ ਪਤਾ ਨਹੀਂ ਕੀ ਆਈ ਮੈਂ ਮਠਿਆਈ ਤੇ ਪੈਸੇ ਚੁੱਕ ਕੇ ਬਾਹਰ ਵੱਲ ਨੂੰ ਭੱਜੀ। ਡੱਬੇ ਮੈਂ ਵਗਾਹ ਕੇ ਗੇਟ ਤੋਂ ਬਾਹਰ ਮਾਰੇ ਸ਼ਾਇਦ ਗੱਡੀ ਦੇ ਟਾਇਰ ਨਾਲ ਵੀ ਜਾ ਵੱਜੇ। ਕਾਰ ਤੁਰ ਗਈ, ਪਰ ਦਿੱਤੇ ਨੋਟ ਮੈਥੋਂ ਸਿੱਟੇ ਨਾ ਗਏ। (ਸਮਾਪਤ)

-ਪਿੰਡ ਡਡਿਆਣਾਂ, ਡਾਕ: ਰੁਪਾਲਹੇੜੀ, ਵਾਇਆ ਸਰਹੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ-140406. ਮੋਬਾ : 94177-33038.

ਮਿੰਨੀ ਕਹਾਣੀ: ਗੁਮਾਨ ਸਤਵੇਂ ਆਸਮਾਨ

'ਲੈ ਫਿਰ ਦੇਖ ਨਜ਼ਾਰੇ, ਜੇ ਤੈਨੂੰ ਹਰੀ, ਹਰੀ ਮਖਮਲੀ ਘਾਹ ਪਸੰਦ ਹੈ, ਤਾਂ ਇਸ ਪਾਰਕ 'ਚ ਤੈਨੂੰ ਫਸਟ-ਕਲਾਸ ਬਹੁਤ ਉਮਦਾ ਕੁਆਲਿਟੀ ਦੀ ਘਾਹ ਦਾ ਖੂਬਸੂਰਤ ਬੈੱਡ ਹੀ ਨਜ਼ਰ ਆਵੇਗਾ, ਭਾਵੇਂ ਉਸ ਪਿੱਛੇ ਹੋਰ ਸਭ ਕੁਝ ਨਿਸ਼ਾਵਰ ਕਰਨਾ ਪਏ', ਮਿਸਟਰ ਮਿੱਤਰ ਨੇ ਰਹੀਸੀ ਠਾਠ 'ਚ ਹੱਥ ਉਲਾਰਦਿਆਂ, ਸ਼ਹਿਰ ਦੇ ਧਨਾਢ ਇਲਾਕੇ ਗਰੇਟਰ ਕੈਲਾਸ਼ ਦੇ ਪਾਰਕ 'ਚ ਆਉਂਦਿਆਂ ਹੀ ਆਪਣੀ ਪਤਨੀ ਨੂੰ ਕਹਿੰਦਿਆਂ ਕਈ ਦੋਸਤਾਂ ਨੇ ਸੁਣਿਆ ਸੀ। ਪੈਸੇ ਦਾ ਗੁਮਾਨ ਸੱਤਵੇਂ ਅਸਮਾਨ 'ਤੇ ਸੀ।
ਸ੍ਰੀ ਮਿੱਤਲ ਨੂੰ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਕਾਨੂੰਨ (ਸੀ.ਐਸ.ਆਰ.) ਦੇ ਤਹਿਤ ਆਪਣੀ ਕੰਪਨੀ ਦੇ ਮੁਨਾਫੇ ਦਾ ਦੋ ਫੀਸਦੀ ਸਮਾਜ ਕਲਿਆਣ ਕਾਰਜਾਂ 'ਚ ਖਰਚਣਾ ਜ਼ਰੂਰੀ ਸੀ। ਲਿਹਾਜ਼ਾ ਉਸ ਨੇ ਮਿਊਂਸਪਲ ਕਾਰਪੋਰੇਸ਼ਨ ਤੋਂ ਇਸ ਪਾਰਕ ਨੂੰ ਸੰਭਾਲਣ, ਸੰਵਾਰਨ ਤੇ ਦੇਖ-ਰੇਖ ਦਾ ਜ਼ਿੰਮਾ ਲੈ ਲਿਆ ਸੀ ਤੇ ਕੋਈ 45-50 ਲੱਖ ਰੁਪਏ ਪ੍ਰਤੀ ਸਾਲ ਖਰਚ ਕਰਨ ਦਾ ਅਨੁਮਾਨ ਲਾਇਆ ਸੀ।
ਪੁਰਾਣਾ ਸਭ ਕੁਝ, ਫੁੱਲ ਬੂਟੇ, ਆਰਾਮ ਵਾਲੀਆਂ ਕੁਰਸੀਆਂ ਆਦਿ ਪੁੱਟ ਦਿੱਤੇ ਸਨ। ਜ਼ਮੀਨ ਦੀ ਭਰਾਈ ਕੀਤੀ ਸੀ। ਨਵਾਂ ਘਾਹ ਲਾਇਆ ਗਿਆ ਸੀ। ਘਾਹ ਪੱਧਰਾ ਕਰਨ 'ਤੇ ਕੱਟਣ ਵਾਲੀਆਂ ਮਸ਼ੀਨਾਂ ਅਰਥਾਤ ਲਾਅਨ ਮੂਵਰ ਖਰੀਦੇ ਗਏ ਸਨ।
ਕੋਈ ਚਾਰ-ਪੰਜ ਮਹੀਨਿਆਂ 'ਚ, ਪਾਰਕ ਦੀ ਦਿੱਖ ਬਿਲਕੁਲ ਬਦਲ ਗਈ ਸੀ। ਪਾਰਕ 'ਚ ਸੈਰ ਕਰਨ ਵਾਲੇ ਕਾਫ਼ੀ ਪ੍ਰਭਾਵਿਤ ਸਨ। ਵਧੀਆ ਕੁਆਲਿਟੀ ਦੀ ਖਾਦ ਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਕਰਕੇ ਬਹੁਤ ਸੋਹਣੀ ਹਰੀ-ਹਰੀ ਘਾਹ ਦਾ ਮਖਮਲੀ ਬੈੱਡ ਤਿਆਰ ਹੋ ਗਿਆ ਸੀ।
ਇਹ ਸਭ ਕੁਝ ਤਾਂ ਠੀਕ ਸੀ। ਪਰ ਇਸ ਸਭ ਕੁਝ ਕਰਨ ਦੇ ਨਾਲ-ਨਾਲ ਕਈ ਵੱਡੇ-ਵੱਡੇ ਬ੍ਰਿਛ ਕੱਟ ਦਿੱਤੇ ਸਨ ਤੇ ਕਈਆਂ ਨੂੰ ਏਨਾ ਨੂੰ ਕੁ ਛਾਂਗ ਦਿੱਤਾ ਸੀ ਕਿ ਉਨ੍ਹਾਂ ਦੀ ਖੂਬਸੂਰਤੀ ਬਿਲਕੁਲ ਖ਼ਤਮ ਕਰ ਦਿੱਤੀ ਸੀ। ਵੱਡੇ-ਵੱਡੇ ਟਹਿਣੇ ਕੱਟ ਦਿੱਤੇ ਤੇ ਬਸ ਡੰਡੇ ਜਿਹੇ ਲਗਦੇ ਸਨ। ਹਾਂ, ਪਾਰਕ ਦੀ ਬਾਊਂਡਰੀ ਦੀਵਾਰ ਦੇ ਨਾਲ-ਨਾਲ ਕੁਝ ਇਕ ਨਿੱਕੀ ਉਚਾਈ ਵਾਲੇ ਦਰੱਖਤ ਲਗਾਏ ਵੀ ਗਏ ਸਨ।
ਪਾਰਕ ਵਿਚ ਰੋਜ਼ਾਨਾ ਆਉਣ ਵਾਲੇ ਕਈ ਬੰਦਿਆਂ ਦੇ ਮਨ 'ਚ ਇਸ ਗੱਲ ਦਾ ਬੜਾ ਰੋਸ ਸੀ ਕਿ ਕਈ ਦਰੱਖਤ ਪਹਿਲਾਂ ਕੱਟ ਦਿੱਤੇ ਗਏ ਸਨ ਤੇ ਹੁਣ ਕਈ ਬਿਲਕੁਲ ਮੁੰਡ ਦਿੱਤੇ ਜਾ ਰਹੇ ਸਨ।
ਸ੍ਰੀ ਮਿੱਤਲ ਦਾ ਤਰਕ ਇਹ ਸੀ ਕਿ ਜੇਕਰ ਬਹੁਤ ਫੈਲਾਵਟ ਵਾਲੇ ਦਰੱਖਤ ਨਾ ਕੱਟੇ ਜਾਂਦੇ ਤਾਂ ਘਾਹ ਉੱਗਣ ਵਾਸਤੇ ਸੂਰਜੀ ਧੁੱਪ ਘਾਹ ਤੱਕ ਨਹੀਂ ਪਹੁੰਚਦੀ ਸੀ, ਇਸ ਲਈ ਉਨ੍ਹਾਂ ਨੂੰ ਕੱਟਣਾ ਜ਼ਰੂਰੀ ਸੀ। ਘਾਹ ਦਾ ਮਖਮਲੀ ਬੈੱਡ ਉਹਦਾ ਟੀਚਾ ਸੀ, ਉਹ ਗੱਲ-ਗੱਲ 'ਚ 40-50 ਲੱਖ ਰੁਪਏ ਖਰਚਣ ਦੀ ਡੀਂਗ ਮਾਰਦਾ। ਇਤਰਾਜ਼ ਉਠਾਉਣ ਵਾਲਿਆਂ 'ਚੋਂ ਸਾਹਮਣੇ ਮੂੰਹ 'ਤੇ ਕੋਈ ਕਹਿੰਦਾ ਨਾ ਕਿਉਂਕਿ ਕੁਝ ਤੇ ਦੋਸਤਾਨਾ ਸਬੰਧਾਂ ਕਰਕੇ ਤੇ ਦੂਜੇ ਮਿੱਤਲ ਸਾਹਿਬ ਦੇ ਹੈਂਕੜ ਵਾਲੇ ਸੁਭਾਅ ਕਰਕੇ।
ਸੱਜਿਓਂ, ਖੱਬਿਓਂ ਜੇ ਕਿਤੋਂ ਇਤਰਾਜ਼ ਬਾਰੇ ਸੁਣਦਾ ਤਾਂ ਮਿੱਤਲ ਮਚ ਪੈਂਦਾ ਕਿ, 'ਬੋਰੀਆਂ ਰੁਪਿਆਂ ਦੀਆਂ ਲਾ ਰਿਹਾਂ ਤੇ ਦਰੱਖਤਾਂ ਦੀ ਮੈਨੂੰ ਕੋਈ ਪ੍ਰਵਾਹ ਨਹੀਂ, ਮੈਂ ਤਾਂ ਐਨ ਵਧੀਆ ਮਖਮਲੀ ਘਾਹ ਵਾਲਾ ਪਾਰਕ ਬਣਾਉਣੈ', ਸ਼ਾਇਦ ਮਿੱਤਲ ਸਾਹਿਬ ਨੂੰ ਬੀਵੀ ਨੂੰ ਦਿੱਤਾ ਵਾਅਦਾ ਯਾਦ ਆ ਜਾਂਦਾ।
ਸੋ, ਮਿੱਤਲ ਸਾਹਿਬ ਹਟੇ ਨਹੀਂ। ਰਹਿੰਦੇ-ਖੂੰਹਦੇ ਕਈ ਵੱਡੇ ਦਰੱਖਤ ਵੀ ਛਾਂਗੇ ਜਾ ਰਹੇ ਸਨ। ਇਕ-ਦੋ ਬੰਦੇ ਮਿੱਤਲ ਸਾਹਿਬ ਨਾਲ ਖਹਿਬੜ ਗਏ। ਤੂੰ-ਤੂੰ, ਮੈਂ-ਮੈਂ ਹੋ ਗਈ। ਪੈਸੇ ਦਾ ਖੁਮਾਰ ਸਿਖਰ 'ਤੇ ਸੀ। ਸੋ, ਮਿੱਤਲ ਸਾਹਿਬ ਦੇ ਮੰਨਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਇਤਰਾਜ਼ ਉਠਾਉਣ ਵਾਲਿਆਂ 'ਚੋਂ ਇਕ ਨੇ ਡਿਪਾਰਟਮੈਂਟ 'ਚ ਸ਼ਿਕਾਇਤ ਕਰ ਦਿੱਤੀ। ਪਤਾ ਲੱਗਾ ਕਿ ਅਫ਼ਸਰ ਮੌਕੇ 'ਤੇ ਆਉਣਗੇ, ਤਹਿਕੀਕਾਤ ਕਰਨ ਲਈ।
ਮਿੱਤਲ ਸਾਹਿਬ ਨੂੰ ਵੀ ਖ਼ਬਰ ਹੋ ਗਈ। ਅੰਤਰ-ਹਿਰਦੇ ਸਾਰੇ ਖੁਸ਼ ਸਨ ਨਾਲੇ ਆਸਵੰਦ ਵੀ, ਕਿ ਹੁਣ ਦਰੱਖਤ ਕੱਟਣ ਨੂੰ ਠੱਲ੍ਹ ਪੈ ਜਾਏਗੀ, ਕਿਉਂਕਿ ਮੌਜੂਦਾ ਦਰੱਖਤ ਕੱਟਣ ਦੀ ਵੈਸੇ ਵੀ ਕਾਨੂੰਨੀ ਮਨਾਹੀ ਹੈ। ਬਈ ਮਿੱਤਲ ਸਾਹਿਬ ਸੂਤ ਹੋ ਜਾਣਗੇ।
ਪਰ ਹੋਇਆ ਕੀ? ਅਫ਼ਸਰ ਆਏ ਤੇ ਚਲੇ ਗਏ। 'ਕਰ ਲਓ ਜੋ ਕਰਨੈ ਹੁਣ ਤਾਂ ਪੱਕੇ ਗੱਠ ਲਏ', ਮਿੱਤਲ ਸਾਹਿਬ ਕਹਿੰਦੇ ਸੁਣੇ ਗਏ ਤੇ ਨਾਲੇ ਤੁਰਦੇ ਮੈਨੇਜਰ ਨੂੰ ਹਦਾਇਤ ਕਰਦੇ, 'ਓਏ, 25000 ਰੁਪਏ ਜਿਹੜੇ ਅਫ਼ਸਰਾਂ ਨੂੰ ਦੇਣੇ ਪਏ ਨੇ, ਇਨ੍ਹਾਂ ਲੋਕਾਂ ਦੀ ਨਾਲਾਇਕੀ ਕਰਕੇ, ਉਹ ਵੀ ਸੀ.ਐਸ.ਆਰ. ਖਾਤੇ 'ਚ ਖਰਚੇ ਦੇ ਪਾ ਦੇਣਾ, ਵਾਧੂ ਬਿੱਲ ਪਾ ਲੈਣਾ, ਖਾਦ ਜਾਂ ਦਵਾਈਆਂ ਦੇ। ਕਰੂੰ ਤਾਂ ਮੈਂ ਆਪਣੀ ਮਰਜ਼ੀ, ਇਹ ਸਹੁਰੀ ਦੇ ਕੀ ਚੀਜ਼ ਨੇ?'
ਤੇ ਦਰੱਖਤ ਉਸੇ ਤਰ੍ਹਾਂ ਛਾਂਗੇ ਤੇ ਕੱਟੇ ਜਾਂਦੇ ਰਹੇ।

-61-ਬੀ, ਸ਼ਾਸਤਰੀ ਨਗਰ, ਮਾਡਲ ਟਾਊਨ, ਲੁਧਿਆਣਾ।
ਮੋਬਾਈਲ : 98155-09390.






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX