ਤਾਜਾ ਖ਼ਬਰਾਂ


ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  4 minutes ago
ਬਠਿੰਡਾ, 20 (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੀ ਅਗਰਵਾਲ ਕਲੋਨੀ 'ਚ ਅੱਜ ਘਰੇਲੂ ਲੜਾਈ ਦੌਰਾਨ ਇੱਕ ਪਤੀ ਇੰਨਾ ਹਿੰਸਕ ਹੋ ਗਿਆ ਕਿ ਉਸ ਨੇ ਦੰਦੀਆਂ ਵੱਢ ਕੇ ਆਪਣੀ ਪਤਨੀ ਦਾ ਨੱਕ ਹੀ ਕੱਟ ਦਿੱਤਾ। ਇੰਨਾ ਹੀ ਨਹੀਂ, ਪਤੀ ਨੇ ਆਪਣੀ ਪਤਨੀ ਦੀ ਬਾਹ...
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  19 minutes ago
ਅਬੋਹਰ, 20 ਮਈ (ਸੁਖਜਿੰਦਰ ਸਿੰਘ ਢਿੱਲੋਂ)- ਅੱਜ ਸ਼ਾਮੀਂ ਅਬੋਹਰ-ਮਲੋਟ ਰੋਡ 'ਤੇ ਬੱਲੂਆਣਾ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਮਾਂ-ਪੁੱਤਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਬੋਹਰ ਤੋਂ ਮਲੋਟ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ...
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  32 minutes ago
ਬੱਚੀਵਿੰਡ, 20 ਮਈ (ਬਲਦੇਵ ਸਿੰਘ ਕੰਬੋ)- ਚੋਣ ਕਮਿਸ਼ਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਨੂੰ ਚੋਣ ਰੱਦ ਕਰ ਦਿੱਤਾ ਹੈ। ਇੱਥੇ ਹੁਣ 21 ਮਈ ਨੂੰ ਮੁੜ ਵੋਟਾਂ ਪੈਣਗੀਆਂ। ਚੋਣਾਂ ਵਾਲੇ ਦਿਨ ਵਿਰੋਧੀ ਧਿਰ ਨੇ ਇਹ ਇਲਜ਼ਾਮ ਲਾਇਆ ਸੀ ਕਿ...
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਨੇ ਹਾਈਕੋਰਟ 'ਚ ਫਿਰ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  51 minutes ago
ਇਸਲਾਮਾਬਾਦ, 20 ਮਈ- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲੇ 'ਚ ਅੱਜ ਸਿਹਤ ਦੇ ਆਧਾਰ 'ਤੇ ਜ਼ਮਾਨਤ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ...
ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਸਿਆਸੀ ਆਗੂ ਦੀ ਮੌਤ
. . .  about 1 hour ago
ਸ੍ਰੀਨਗਰ, 20 ਮਈ- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਐਤਵਾਰ ਰਾਤੀਂ ਸ਼ੱਕੀ ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਗਏ ਪੀ. ਡੀ. ਪੀ. ਵਰਕਰ ਦੀ ਅੱਜ ਹਸਪਤਾਲ 'ਚ ਮੌਤ ਹੋ ਗਈ। ਦੱਸਣਯੋਗ ਹੈ ਕਿ ਅੱਤਵਾਦੀਆਂ ਨੇ ਬੀਤੀ ਰਾਤ ਪੀ. ਡੀ. ਪੀ. ਦੇ 65...
ਪਾਕਿਸਤਾਨੀ ਕ੍ਰਿਕਟਰ ਆਸਿਫ਼ ਅਲੀ ਦੀ ਦੋ ਸਾਲਾ ਦੀ ਧੀ ਕੈਂਸਰ ਕਾਰਨ ਮੌਤ
. . .  about 1 hour ago
ਇਸਲਾਮਾਬਾਦ, 20 ਮਈ- ਪਾਕਿਸਤਾਨੀ ਕ੍ਰਿਕਟ ਟੀਮ ਦੇ ਬੱਲੇਬਾਜ਼ ਆਸਿਫ਼ ਅਲੀ ਦੀ ਦੋ ਸਾਲਾ ਧੀ ਨੂਰ ਫਾਤਿਮਾ ਦੀ ਕੈਂਸਰ ਕਾਰਨ ਮੌਤ ਹੋ ਗਈ। ਪਾਕਿਸਤਾਨ ਸੁਪਰ ਲੀਗ ਕਲੱਬ ਇਸਲਾਮਾਬਾਦ ਯੂਨਾਈਟਿਡ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਨੂਰ ਦਾ...
ਲੁਧਿਆਣਾ 'ਚ ਚੱਲਦੇ ਆਟੋ ਨੂੰ ਅਚਾਨਕ ਲੱਗੀ ਅੱਗ
. . .  about 2 hours ago
ਲੁਧਿਆਣਾ, 20 ਮਈ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਭਾਰਤ ਨਗਰ ਚੌਕ 'ਤੇ ਅੱਜ ਇੱਕ ਚੱਲਦੇ ਆਟੋ 'ਚ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਆਟੋ ਗੈਸ ਵਾਲਾ ਸੀ, ਜਿਸ...
ਐਡਮਿਰਲ ਸੁਨੀਲ ਲਾਂਬਾ ਨੇ ਰਾਸ਼ਟਰਪਤੀ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 20 ਮਈ- ਜਲ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਅੱਜ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ...
ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  about 2 hours ago
ਮੁੰਬਈ, 20 ਮਈ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਕੋਪੋਰੀ ਪਿੰਡ ਦੇ ਜੰਗਲੀ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਈ। ਇਸ ਦੌਰਾਨ ਨਕਸਲੀ ਇੱਥੋਂ ਭੱਜਣ...
ਤਲਵੰਡੀ ਸਾਬੋ ਗੋਲੀਬਾਰੀ ਮਾਮਲਾ : ਸਾਬਕਾ ਅਕਾਲੀ ਵਿਧਾਇਕ ਸਮੇਤ ਸਾਥੀਆਂ 'ਤੇ ਮਾਮਲਾ ਦਰਜ
. . .  about 2 hours ago
ਤਲਵੰਡੀ ਸਾਬੋ, 20 ਮਈ (ਰਣਜੀਤ ਸਿੰਘ ਰਾਜੂ)- ਲੰਘੇ ਤਲਵੰਡੀ ਸਾਬੋ ਦੇ ਇੱਕ ਬੂਥ ਦੇ ਕੋਲ ਗੋਲੀਬਾਰੀ ਦੇ ਮਾਮਲੇ 'ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖ਼ੁਸ਼ਬਾਜ਼ ਜਟਾਣਾ ਅਤੇ ਉਨ੍ਹਾਂ ਦੇ ਇੱਕ ਦਰਜਨ ਸਾਥੀਆਂ 'ਤੇ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੇ...
ਹੋਰ ਖ਼ਬਰਾਂ..

ਖੇਡ ਜਗਤ

ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 2019

ਇਸ ਵਾਰ ਕਿਉਂ ਪਛੜੇ ਅਸੀਂ?

ਏਸ਼ੀਆ ਦਾ ਦੂਸਰਾ ਸਭ ਤੋਂ ਵੱਡੀ ਆਬਾਦੀ ਵਾਲਾ ਅਤੇ ਵਿਭਿੰਨਤਾਵਾਂ ਭਰਪੂਰ ਦੇਸ਼ ਹੈ ਸਾਡਾ ਭਾਰਤ, ਜਿਸ ਵਿਚ ਨੌਜਵਾਨਾਂ ਦੀ ਬਹੁਤਾਤ ਹੈ ਅਤੇ ਕੌਸ਼ਲ ਦੀ ਵੀ ਕੋਈ ਘਾਟ ਨਹੀਂ ਹੈ ਪਰ ਜਦੋਂ ਵਿਸ਼ਵ ਹੀ ਨਹੀਂ, ਏਸ਼ੀਆ ਦੇ ਖੇਡ ਮੈਦਾਨ ਵਿਚ ਭਾਰਤ ਨੂੰ ਅਸੀਂ ਦੇਖਦੇ ਹਾਂ ਤੇ ਭਾਰਤ ਸਾਨੂੰ ਆਪਣੀ ਆਬਾਦੀ ਅਤੇ ਕੌਸ਼ਲ ਮੁਤਾਬਿਕ ਖੜ੍ਹਿਆ ਨਜ਼ਰ ਨਹੀਂ ਆਉਂਦਾ, ਕਿਸੇ ਵੀ ਖੇਡ ਵਿਚ ਅਸੀਂ ਜੱਦੋ-ਜਹਿਦ ਹੀ ਕਰਦੇ ਨਜ਼ਰ ਆਉਂਦੇ ਹਾਂ। ਆਓ, ਅੱਜ ਅਸੀਂ ਗੱਲ ਕਰਦੇ ਹਾਂ 21 ਤੋਂ 24 ਅਪ੍ਰੈਲ ਤੱਕ ਦੋਹਾ-ਕਤਰ ਵਿਖੇ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੀ ਕਿ ਭਾਰਤੀ ਅਥਲੀਟਾਂ ਨੇ ਖੇਡਾਂ ਦੀ ਰਾਣੀ ਮੰਨੀ ਜਾਣ ਵਾਲੀ ਅਥਲੈਟਿਕਸ ਵਿਚ ਭਾਰਤ ਲਈ ਕਿੰਨਾ ਕੁ ਨਾਮਣਾ ਖੱਟਿਆ। ਜੇਕਰ 2017 ਦੀ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ, ਜੋ ਕਿ ਭਾਰਤ ਦੇ ਭੁਬਨੇਸ਼ਵਰ ਵਿਚ ਹੋਈਆਂ ਸਨ, ਵਿਚ ਭਾਰਤ ਨੇ 29 (12 ਸੋਨ, 5 ਚਾਂਦੀ ਅਤੇ 12 ਕਾਂਸੀ ਦੇ) ਤਗਮੇ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਆਪਣੀ ਆਬੋ-ਹਵਾ ਦਾ ਖੂਬ ਫਾਇਦਾ ਭਾਰਤ ਦੇ ਅਥਲੀਟਾਂ ਨੇ ਖੱਟਿਆ ਸੀ ਪਰ ਇਸ ਵਾਰ ਜੇਕਰ ਤਗਮਾ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਕੁੱਲ 17 ਤਗਮੇ (3 ਸੋਨ, 7 ਚਾਂਦੀ ਅਤੇ 7 ਕਾਂਸੀ ਦੇ) ਲੈ ਕੇ ਤਗਮਾ ਸੂਚੀ ਵਿਚ ਚੌਥੇ ਸਥਾਨ 'ਤੇ ਰਹੇ। ਆਓ ਨਜ਼ਰ ਮਾਰੀਏ ਤਗਮਾ ਜਿੱਤਣ ਵਾਲੇ ਗੱਭਰੂਆਂ ਅਤੇ ਮੁਟਿਆਰਾਂ 'ਤੇ ਕਿ ਕਿਹੜੇ-ਕਿਹੜੇ ਈਵੈਂਟ ਵਿਚ ਕਿਸ-ਕਿਸ ਨੇ ਮੱਲਾਂ ਮਾਰੀਆਂ ਹਨ।
ਭਾਰਤ ਦੀਆਂ ਉਮੀਦਾਂ ਦੇ ਮੁਤਾਬਿਕ ਇਸ ਵਾਰ ਭਾਰਤ ਨੂੰ ਤਗਮੇ ਹੱਥ ਨਹੀਂ ਲੱਗੇ, ਕੁਝ ਸਟਾਰ ਅਥਲੀਟਾਂ ਦੀ ਕਮੀ ਵੀ ਭਾਰਤ ਨੂੰ ਇਸ ਵਾਰ ਮਹਿਸੂਸ ਹੋਈ, ਜਿਨ੍ਹਾਂ ਵਿਚ ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੇ ਜੇਤੂ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਅਤੇ 800 ਮੀਟਰ ਦੇ ਏਸ਼ੀਅਨ ਖੇਡਾਂ ਦੇ ਚੈਂਪੀਅਨ ਮਨਜੀਤ ਸਿੰਘ ਨੂੰ ਸੱਟ ਕਾਰਨ ਇਨ੍ਹਾਂ ਖੇਡਾਂ ਤੋਂ ਦੂਰ ਰਹਿਣਾ ਪਿਆ। ਇਸ ਤੋਂ ਬਾਅਦ ਵਿਸ਼ਵ ਜੂਨੀਅਰ ਚੈਂਪੀਅਨ ਅਥਲੀਟ ਹਿਮਾ ਦਾਸ ਨੂੰ ਵੀ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਇਸ ਚੈਂਪੀਅਨਸ਼ਿਪ ਦੌਰਾਨ ਆਪਣਾ ਈਵੈਂਟ ਛੱਡਣਾ ਪਿਆ। 1500 ਮੀਟਰ ਦੇ ਏਸ਼ੀਅਨ ਖੇਡਾਂ ਦੇ ਜੇਤੂ ਅਥਲੀਟ ਜਿਨਸਨ ਜੌਨਸਨ ਨੂੰ ਵੀ ਇਸ ਚੈਂਪੀਅਨਸ਼ਿਪ ਵਿਚ ਸੱਟ ਕਾਰਨ ਬਾਹਰ ਹੋਣਾ ਪਿਆ। 100 ਮੀਟਰ ਦੌੜ ਵਿਚ ਭਾਰਤ ਦੀ ਸਭ ਤੋਂ ਵੱਡੀ ਉਮੀਦ ਦੂਤੀ ਚੰਦ ਨੇ ਬੇਸ਼ੱਕ ਹੀਟ ਵਿਚ ਨਵਾਂ ਰਾਸ਼ਟਰੀ ਰਿਕਾਰਡ 11.28 ਸੈਕਿੰਡ ਨਾਲ ਰੱਖਿਆ ਪਰ ਫਾਈਨਲ ਵਿਚ ਉਹ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੀ ਪਰ 200 ਮੀਟਰ ਵਿਚ ਦੂਤੀ ਨੇ 23.24 ਸੈਕਿੰਡ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ। ਭਾਰਤ ਦਾ ਸ਼ਾਟਪੁੱਟਰ ਤੇਜਿੰਦਰ ਸਿੰਘ ਤੂਰ, ਜਿਸ ਨੇ ਕਿ ਏਸ਼ੀਅਨ ਖੇਡਾਂ ਵਿਚ ਸੋਨਾ ਆਪਣੇ ਨਾਂਅ ਕੀਤਾ ਸੀ, ਇਸ ਵਾਰ ਵੀ ਉਸ ਦੇ ਬਾਹੂਬਲ ਦਾ ਜ਼ੋਰ ਬਰਕਰਾਰ ਰਿਹਾ ਤੇ ਉਸ ਨੇ ਭਾਰਤ ਦੀ ਝੋਲੀ 20.22 ਦੂਰੀ ਨਾਲ ਸੋਨ ਤਗਮਾ ਪਾਇਆ।
ਇਸ ਤੋਂ ਇਲਾਵਾ ਜੈਵਲਿਨ ਥ੍ਰੋਅਰ ਸ਼ਿਵਪਾਲ ਸਿੰਘ ਨੇ 86.23 ਮੀਟਰ 'ਤੇ ਜੈਵਲਿਨ ਸੁੱਟ ਕੇ ਚਾਂਦੀ ਆਪਣੇ ਨਾਂਅ ਕੀਤੀ ਅਤੇ ਮਹਿਲਾ ਵਰਗ ਵਿਚ ਵੀ ਭਾਰਤੀ ਮੁਟਿਆਰ ਅਨੂ ਰਾਣੀ ਨੇ 60.22 ਮੀਟਰ ਲੰਬਾ ਭਾਲਾ ਸੁੱਟ ਕੇ ਚਾਂਦੀ ਦਾ ਤਗਮਾ ਆਪਣੇ ਗਲ ਪਵਾਇਆ। ਜੇਕਰ ਤੇਜਿੰਦਰ ਸਿੰਘ ਦੇ ਸੋਨ ਤਗਮੇ ਤੋਂ ਇਲਾਵਾ ਦੋ ਹੋਰ ਸੋਨ ਤਗਮਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਮੁਟਿਆਰ ਪੀ.ਯੂ. ਚਿਤਰਾ ਨੇ 1500 ਮੀਟਰ ਦੌੜ ਵਿਚ ਸੁਨਹਿਰੀ ਦੌੜ ਦੌੜੀ ਅਤੇ ਗੋਮਤੀ ਮਰੀਮੁੱਥੂ ਨੇ 800 ਮੀਟਰ ਦਾ ਸੋਨ ਤਗਮਾ ਆਪਣੇ ਨਾਂਅ ਕੀਤਾ। ਜਿਹੜੀਆਂ ਰਿਲੇਅ ਟੀਮਾਂ ਨੇ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ, ਉਹ ਹਨ 4×100 ਮੀਟਰ ਰਿਲੇ ਵੂਮੈਨ ਟੀਮ, 4×400 ਰਿਲੇ ਮੀਟਰ ਮਰਦ ਟੀਮ, 4×400 ਮਿਕਸਡ ਟੀਮ। ਇਸ ਤੋਂ ਇਲਾਵਾ ਅਜੇ ਕੁਮਾਰ ਸਰੋਜ ਨੇ 3:43.18 ਸੈਕਿੰਡ ਵਾਲੀ 1500 ਮੀਟਰ ਦੌੜ ਭੱਜ ਕੇ ਚਾਂਦੀ ਆਪਣੇ ਨਾਂਅ ਕੀਤੀ। ਏਸ਼ੀਅਨ ਖੇਡਾਂ ਵਿਚ ਸੁਨਹਿਰੀ ਤਗਮਾ ਜਿੱਤਣ ਵਾਲੀ ਹੈਪਟਾਥਲਨ ਅਥਲੀਟ ਸਵਪਨਾ ਬਰਮਨ ਨੇ ਵੀ ਇਸ ਵਾਰ ਚਾਂਦੀ 'ਤੇ ਹੱਥ ਫੇਰਿਆ। ਇਸ ਤੋਂ ਇਲਾਵਾ ਸਟੀਪਲਚੇਜ਼ ਵਿਚ ਅਵਿਨਾਸ਼ ਸਾਬਲੇ ਨੇ ਵੀ ਚਾਂਦੀ ਦਾ ਤਗਮਾ ਹਾਸਲ ਕੀਤਾ। ਜੇਕਰ ਤਾਂਬੇ ਦੇ ਤਗਮਿਆਂ ਦੀ ਗੱਲ ਕੀਤੀ ਜਾਵੇ ਤਾਂ ਸੰਜੀਵਨੀ ਜਾਧਵ ਨੇ 10,000 ਮੀਟਰ ਵਿਚ, ਜਬੀਰ ਐਮ.ਪੀ. (ਮਰਦ) ਅਤੇ ਸਰੀਤਾਬੇਨ ਗਾਇਕਵਾਡ (ਔਰਤ) ਨੇ 400 ਮੀਟਰ ਹਰਡਲਜ਼ ਵਿਚ ਅਤੇ ਪਾਰੁਲ ਚੌਧਰੀ ਨੇ 15:36.03 ਦੇ ਸਮੇਂ ਨਾਲ 5000 ਮੀਟਰ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ, ਮਹਿਲਾਵਾਂ ਦੀ 400 ਮੀਟਰ ਦੌੜ ਵਿਚ ਭਾਰਤ ਦੀ ਪੁਵੱਮਾ ਨੇ ਵੀ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ।
ਹੁਣ ਆਖਰ ਵਿਚ ਇਸ ਗੱਲ 'ਤੇ ਗੌਰ ਕਰਨੀ ਬਣਦੀ ਹੈ ਕਿ ਅਸੀਂ ਅੱਗੇ ਵਧਣ ਦੀ ਥਾਂ ਪਿੱਛੇ ਕਿਉਂ ਆ ਗਏ ਇਸ ਵਾਰ? ਕਿਉਂ ਸਾਡੇ ਅਥਲੀਟਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੀ ਕਮੀ ਹੈ ਇਨ੍ਹਾਂ ਵਿਚ? ਕਿਉਂ ਸਾਡੀ ਫੈਡਰੇਸ਼ਨ ਅਤੇ ਖੇਡ ਮੰਤਰਾਲਾ ਖੇਡਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਨਹੀਂ ਹੈ? ਆਖਰ ਕਿਥੇ ਅਤੇ ਕਿਉਂ ਕਮੀ ਹੈ, ਇਸ ਗੱਲ 'ਤੇ ਸਾਰੇ ਖੇਡ ਪ੍ਰੇਮੀਆਂ, ਸਰਕਾਰ ਅਤੇ ਫੈਡਰੇਸ਼ਨ ਨੂੰ ਗਹਿਰ-ਗੰਭੀਰ ਹੋ ਕੇ ਸੋਚਣ ਦੀ ਲੋੜ ਹੈ, ਤਾਂ ਜੋ ਸਾਡੇ ਦੇਸ਼ ਦੇ ਖੇਡ ਕੌਸ਼ਲ ਨੂੰ ਸਹੀ ਸੇਧ ਦੇ ਕੇ ਦੇਸ਼ ਨੂੰ ਵਿਸ਼ਵ ਖੇਡ ਮੈਦਾਨ ਵਿਚ ਮੋਹਰੀ ਬਣਾਇਆ ਜਾ ਸਕੇ।


-ਮੋਬਾ: 94174-79449


ਖ਼ਬਰ ਸ਼ੇਅਰ ਕਰੋ

ਕਿੰਗਜ਼ ਇਲੈਵਨ ਪੰਜਾਬ ਦੀ ਫੇਰ ਉਹੀ ਕਹਾਣੀ

ਪਿਛਲੇ ਕਈ ਸਾਲਾਂ ਵਾਂਗ ਇਸ ਵਾਰ ਵੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਬੜੀਆਂ ਆਸਾਂ ਅਤੇ ਭਰੋਸਿਆਂ ਦੇ ਨਾਲ ਇਕ ਨਵੀਂ ਦਿੱਖ, ਨਵੇਂ ਕਪਤਾਨ ਅਤੇ ਲਗਪਗ ਨਵੇਂ ਖਿਡਾਰੀਆਂ ਦੀ ਟੀਮ ਨਾਲ ਆਈ.ਪੀ.ਐੱਲ ਵਿਚ ਉੱਤਰੀ ਸੀ ਪਰ ਚੰਗੀ ਸ਼ੁਰੂਆਤ ਦੇ ਬਾਅਦ ਇਸ ਵਾਰ ਵੀ ਅੰਤ ਨੂੰ ਨਿਰਾਸ਼ਾ ਹੀ ਹੋਈ ਅਤੇ ਸਾਡੀ ਟੀਮ ਅੰਕ ਸੂਚੀ ਵਿਚ ਥੱਲਿਓਂ ਤੀਜੇ ਨੰਬਰ ਉੱਤੇ ਹੀ ਆ ਸਕੀ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਇਸ ਵਾਰ ਇਸ ਟੀਮ ਨੇ ਸਹੀ ਖਿਡਾਰੀ ਨਹੀਂ ਚੁਣੇ ਅਤੇ ਜੋ ਖਿਡਾਰੀ ਮੌਜੂਦ ਸਨ, ਉਨ੍ਹਾਂ ਵਿਚੋਂ ਵੀ ਸਹੀ ਦੀ ਚੋਣ ਨਹੀਂ ਕੀਤੀ ਗਈ। ਕਿੰਗਜ਼ ਇਲੈਵਨ ਪੰਜਾਬ ਦੇ ਕੋਚ ਮਾਇਕ ਹੇਸਨ, ਗੇਂਦਬਾਜ਼ੀ ਕੋਚ ਰਾਇਨ ਹੈਰਿਸ ਅਤੇ ਰਣਨੀਤੀ ਘਾੜਿਆਂ ਨੇ ਜਿਹੜੇ ਤਜਰਬੇ ਕੀਤੇ, ਉਹ ਟੀਮ ਨੂੰ ਮਹਿੰਗੇ ਪਏ। 3 ਸਾਲ ਪਹਿਲਾਂ, ਜਾਰਜ ਬੇਲੀ ਵਰਗੇ ਬਿਹਤਰੀਨ ਕਪਤਾਨ ਨੂੰ ਛੱਡ ਦੇਣਾ ਹੁਣ ਤੱਕ ਵੀ ਮਹਿੰਗਾ ਪੈ ਰਿਹਾ ਹੈ ਅਤੇ ਨਤੀਜੇ ਵਜੋਂ ਇਸ ਟੀਮ ਨੂੰ ਹਾਲੇ ਤੱਕ ਵੀ ਇਕ ਢੁਕਵਾਂ ਕਪਤਾਨ ਹੀ ਨਹੀਂ ਲੱਭਾ। ਤਿੰਨ ਸਾਲ ਪਹਿਲਾਂ ਵਾਲੀ ਉਸ ਟੀਮ ਦਾ ਹਿੱਸਾ ਰਹੇ ਗਲੈਨ ਮੈਕਸਵੈੱਲ ਵਰਗੇ ਜ਼ਬਰਦਸਤ ਖਿਡਾਰੀ ਨੂੰ ਛੱਡਣਾ ਵੀ ਮਹਿੰਗਾ ਪਿਆ ਹੈ, ਕਿਉਂਕਿ ਉਸ ਤੋਂ ਬਿਨਾਂ ਟੀਮ ਦਾ ਮੱਧਕ੍ਰਮ ਬੇਹੱਦ ਹਲਕਾ ਹੋ ਗਿਆ ਹੈ। ਦੱਖਣੀ ਅਫਰੀਕੀ ਬੱਲੇਬਾਜ਼ ਡੇਵਿਡ ਮਿੱਲਰ ਆਪਣੇ ਦਮ ਉੱਤੇ ਮੈਚ ਜਿਤਾਉਣ ਦੇ ਸਮਰੱਥ ਹੈ ਪਰ ਉਸ ਦੀ ਖਰਾਬ ਲੈਅ ਦਾ ਵੀ ਨਤੀਜਿਆਂ ਉੱਤੇ ਬਹੁਤ ਵੱਡਾ ਅਸਰ ਪਿਆ।
ਅੰਕੜਿਆਂ ਸਮੇਤ ਟੀਮ ਦੇ ਪ੍ਰਦਰਸ਼ਨ ਨੂੰ ਧਿਆਨ ਨਾਲ ਵੇਖਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਟੀਮ ਵਿਚ ਤਕੜੀ ਬੱਲੇਬਾਜ਼ੀ ਦੀ ਕਮੀ ਸਾਫ਼ ਨਜ਼ਰ ਆਈ। ਮਨੋਰੰਜਨ ਲਈ ਖੇਡਦੇ ਨਜ਼ਰ ਆਉਣ ਵਾਲੇ ਕ੍ਰਿਸ ਗੇਲ ਕਦੇ ਵੀ ਭਰੋਸੇਮੰਦ ਖਿਡਾਰੀ ਨਹੀਂ ਲੱਗੇ, ਜਦਕਿ ਪਿਛਲੇ ਸੀਜ਼ਨ ਦੀ ਖੋਜ ਰਹੇ ਕੇ.ਐੱਲ. ਰਾਹੁਲ ਹਾਲੇ ਤੱਕ ਵੀ ਹਾਰਦਿਕ ਪਾਂਡਿਆ ਵਾਲੇ ਵਿਵਾਦ ਤੋਂ ਬਾਹਰ ਨਹੀਂ ਆ ਸਕਿਆ ਲਗਦਾ, ਜਿਸ ਦਾ ਸਿੱਧਾ ਅਸਰ ਉਸ ਦੀ ਬੱਲੇਬਾਜ਼ੀ ਵਿਚ ਦਿਸ ਰਿਹਾ ਹੈ। ਸਾਡਾ ਮੱਧ-ਬੱਲੇਬਾਜ਼ੀ ਕ੍ਰਮ ਲਗਪਗ ਹਰ ਵਾਰ ਅਸਫ਼ਲ ਰਿਹਾ, ਜਦਕਿ ਬੱਲੇਬਾਜ਼ੀ ਕ੍ਰਮ ਦੇ ਨਾਲ-ਨਾਲ ਟੀਮ ਵਿਚ ਲਗਾਤਾਰ ਹੁੰਦੇ ਬਦਲਾਓ ਕਾਰਨ ਖਿਡਾਰੀਆਂ ਦੀ ਲੈਅ ਨਹੀਂ ਬਣ ਸਕੀ। ਟੀ-20 ਵਿਚ ਧਾਕੜ ਬੱਲੇਬਾਜ਼ਾਂ ਦੀ ਲੋੜ ਹੁੰਦੀ ਹੈ, ਜੋ ਘੱਟ ਗੇਂਦਾਂ ਉੱਤੇ ਵੱਧ ਤੋਂ ਵੱਧ ਦੌੜਾਂ ਠੋਕ ਸਕਣ ਪਰ ਕਿੰਗਜ਼ ਇਲੈਵਨ ਪੰਜਾਬ ਦੇ ਰਣਨੀਤੀ ਘਾੜਿਆਂ ਨੇ ਅਜਿਹੇ ਖਿਡਾਰੀ ਨਿਲਾਮੀ ਵਿਚ ਖਰੀਦੇ ਹੀ ਨਹੀਂ ਅਤੇ ਟੀਮ ਵਿਚ ਵਧੇਰੇ ਕਰਕੇ ਟੈਸਟ ਮੈਚਾਂ ਦੇ ਖਿਡਾਰੀ ਜਾਂ ਫਿਰ ਬੇਹੱਦ ਨਵੇਂ ਖਿਡਾਰੀਆਂ ਉੱਤੇ ਹੀ ਦਾਅ ਲਾਇਆ, ਜੋ ਇਸ ਵਾਰ ਵੀ ਨਹੀਂ ਚੱਲਿਆ। ਕਪਤਾਨੀ ਕਰ ਰਹੇ ਰਵੀਚੰਦਰਨ ਅਸ਼ਵਿਨ ਨੇ ਕਈ ਮੌਕਿਆਂ ਉੱਤੇ ਹਮਲਾਵਰ ਹੋਣ ਦੇ ਮੌਕੇ ਗੁਆਏ ਅਤੇ ਕਪਤਾਨ ਹੋਣ ਦੇ ਨਾਤੇ ਜ਼ਿੰਮੇਵਾਰੀ ਦੀ ਕਮੀ ਵੀ ਵਿਖਾਈ। ਬੱਲੇਬਾਜ਼ੀ ਦੇ ਨਾਲ-ਨਾਲ ਗੇਂਦਬਾਜ਼ੀ ਨੇ ਨਿਰਾਸ਼ ਕੀਤਾ ਅਤੇ ਸਾਰੀਆਂ ਟੀਮਾਂ ਵਿਚੋਂ ਪੰਜਾਬ ਟੀਮ ਦੇ ਗੇਂਦਬਾਜ਼ਾਂ ਨੇ ਸਭ ਤੋਂ ਜ਼ਿਆਦਾ ਦੌੜਾਂ ਖਾਧੀਆਂ ਅਤੇ ਇਹੀ ਹਾਰਾਂ ਦਾ ਸਭ ਤੋਂ ਵੱਡਾ ਕਾਰਨ ਸੀ। ਇਸੇ ਕਰਕੇ ਆਈ.ਪੀ.ਐੱਲ. ਦੇ ਅੱਧੇ ਮੈਚਾਂ ਦੇ ਬਾਅਦ ਅੰਕ ਸੂਚੀ ਵਿਚ ਉੱਪਰ ਹੋਣ ਦੇ ਬਾਵਜੂਦ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਅੰਤ ਨੂੰ ਥੱਲੇ ਢਹਿ ਗਈ। ਅੰਗਰੇਜ਼ ਗੇਂਦਬਾਜ਼ ਆਲ ਰਾਊਂਡਰ ਸੈਮ ਕੁਰਨ ਅਤੇ ਵੈਸਟ ਇੰਡੀਜ਼ ਦੇ ਨਿਕੋਲਸ ਪੂਰਨ ਹੀ ਇਸ ਨਿਰਾਸ਼ਾ ਵਾਲੇ ਸੀਜ਼ਨ ਦੇ ਚੰਗੇ ਪਹਿਲੂ ਸਾਬਤ ਹੋਏ ਅਤੇ ਇਨ੍ਹਾਂ ਦੋਵਾਂ ਨੌਜਵਾਨ ਖਿਡਾਰੀਆਂ ਨੇ ਆਪਣੇ ਪਹਿਲੇ ਹੀ ਸੀਜ਼ਨ ਵਿਚ ਵਧੀਆ ਖੇਡ ਵਿਖਾਉਂਦੇ ਹੋਏ ਅਗਾਂਹ ਲਈ ਆਸ ਜਗਾਈ ਹੈ।


ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com

ਆਧੁਨਿਕ ਸੰਚਾਰ ਸਾਧਨਾਂ ਦੀ ਭੇਟ ਚੜ੍ਹ ਰਹੀਆਂ ਹਨ ਬਾਲ ਖੇਡਾਂ

ਮਨੁੱਖੀ ਜੀਵਨ ਦੀ ਉਮਰ ਦੇ ਹਰ ਪੜਾਅ ਨਾਲ ਵੱਖ-ਵੱਖ ਖੇਡਾਂ ਜੁੜੀਆਂ ਹੋਈਆਂ ਹਨ, ਜੋ ਉਸ ਦੇ ਸਰੀਰਕ ਤੇ ਬੌਧਿਕ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਉਂਦੀਆਂ ਹਨ। ਪਰ ਅਜੋਕੇ ਜੀਵਨ ਦਾ ਅਫ਼ਸੋਸਜਨਕ ਪਹਿਲੂ ਇਹ ਹੈ ਕਿ ਸਾਡੀ ਨਵੀਂ ਪੀੜ੍ਹੀ ਦੇ ਸਰਬਪੱਖੀ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਬਾਲ ਖੇਡਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਦੀ ਥਾਂ ਆਧੁਨਿਕ ਸੰਚਾਰ ਸਾਧਨਾਂ ਨੇ ਲੈ ਲਈ ਹੈ, ਜੋ ਸਾਡੇ ਬੱਚਿਆਂ ਨੂੰ ਸਿਰਫ ਮਨੋਰੰਜਨ ਦੇ ਸਾਧਨ ਤੋਂ ਸਿਵਾਏ ਕੋਈ ਹੋਰ ਫਾਇਦਾ ਨਹੀਂ ਦਿੰਦੀਆਂ, ਸਗੋਂ ਬਹੁਤ ਸਾਰੇ ਨੁਕਸਾਨ ਵੀ ਕਰ ਰਹੀਆਂ ਹਨ।
ਬਾਲ ਖੇਡਾਂ ਦੀ ਅਹਿਮੀਅਤ : ਕੋਈ ਸਮਾਂ ਸੀ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ 'ਚ ਨਿੱਕੇ-ਨਿੱਕੇ ਬਾਲਾਂ ਦੀਆਂ ਸਵੇਰੇ-ਸ਼ਾਮ ਕਿਲਕਾਰੀਆਂ ਸੁਣਦੀਆਂ ਸਨ। ਬੱਚੇ ਬਹੁਤ ਸਾਰੀਆਂ ਖੇਡਾਂ ਨਾਲ ਆਪਣੇ ਬਚਪਨ ਨੂੰ ਰੰਗੀਨ ਬਣਾਉਂਦੇ ਸਨ ਅਤੇ ਗਲੀਆਂ-ਮੁਹੱਲਿਆਂ ਦੀਆਂ ਰੌਣਕਾਂ ਵੀ ਬਣਦੇ ਸਨ। ਅੱਜ ਤੋਂ ਦੋ ਕੁ ਦਹਾਕੇ ਪਹਿਲਾਂ ਬੱਚੇ ਜਿੱਥੇ ਵੀ ਥੋੜ੍ਹੀ ਜਿਹੀ ਸਾਂਝੀ ਤੇ ਖੁੱਲ੍ਹੀ ਥਾਂ ਮਿਲਦੀ ਸੀ, ਉੱਥੇ ਹੀ ਆਪਣੀਆਂ ਖੇਡਾਂ ਦਾ ਮੈਦਾਨ ਸਿਰਜ ਲੈਂਦੇ ਸਨ। ਕੁਝ ਬੱਚੇ ਪੀਚੋ-ਬੱਕਰੀ ਖੇਡ ਰਹੇ ਹੁੰਦੇ ਸਨ, ਕੁਝ ਬੰਟੇ, ਕੋਈ ਟੋਲੀ ਲੰਗੜਾ ਸ਼ੇਰ, ਕਿਧਰੇ ਲੜਕੀਆਂ ਗੀਟੇ ਖੇਡਣ 'ਚ ਮਸਤ ਹੁੰਦੀਆਂ ਸਨ। ਥੋੜ੍ਹੀ ਜਿਹੀ ਵੱਡੀ ਉਮਰ ਦੇ ਬੱਚੇ ਬਾਂਦਰ ਕਿਲ੍ਹਾ ਜਾਂ ਪਿੱਠੂ ਖੇਡਦੇ ਨਜ਼ਰੀਂ ਪੈਂਦੇ ਸਨ। ਖੇਡਾਂ 'ਚ ਮਸਤ ਬੱਚਿਆਂ ਨੂੰ ਤਰਕਾਲਾਂ ਪੈਂਦਿਆਂ ਹੀ ਮਾਵਾਂ ਵਲੋਂ ਮਾਰੀਆਂ ਜਾਂਦੀਆਂ ਹਾਕਾਂ ਬਹੁਤ ਚੁੱਭਦੀਆਂ ਸਨ, ਕਿਉਂਕਿ ਉਨ੍ਹਾਂ ਦਾ ਘਰ ਜਾਣ ਦੀ ਬਜਾਏ ਖੇਡਣ ਨੂੰ ਵਧੇਰੇ ਮਨ ਕਰਦਾ ਹੁੰਦਾ ਸੀ। ਬਾਲ ਖੇਡਾਂ ਮਨੁੱਖੀ ਜੀਵਨ ਦੇ ਸਭ ਤੋਂ ਸੁਨਹਿਰੀ ਤੇ ਬੇਫਿਕਰੇ ਪੜਾਅ ਬਚਪਨ ਦਾ ਸਭ ਤੋਂ ਮਨੋਰੰਜਕ ਪੱਖ ਸਾਬਤ ਹੁੰਦੀਆਂ ਸਨ। ਇਨ੍ਹਾਂ ਖੇਡਾਂ ਨਾਲ ਜਿੱਥੇ ਬੱਚੇ ਦਾ ਸਰੀਰਕ ਵਿਕਾਸ ਹੁੰਦਾ ਹੈ, ਉੱਥੇ ਉਸ ਦਾ ਸਮਾਜਿਕ ਵਿਕਾਸ ਵੀ ਹੁੰਦਾ ਹੈ। ਬਾਲ ਖੇਡਾਂ ਦੌਰਾਨ ਬੱਚਿਆਂ 'ਚ ਅਜਿਹੀ ਆਪਸੀ ਸਾਂਝ ਪੈਦਾ ਹੁੰਦੀ ਹੈ, ਜੋ ਉਨ੍ਹਾਂ ਦੀ ਉਮਰ ਦੇ ਆਖਰੀ ਪੜਾਅ ਤੱਕ ਦੋਸਤੀ ਦੇ ਰੂਪ 'ਚ ਕਾਇਮ ਰਹਿੰਦੀ ਹੈ। ਇਸ ਦੇ ਨਾਲ ਹੀ ਬੱਚਿਆਂ 'ਚ ਟੀਮ ਭਾਵਨਾ ਪੈਦਾ ਹੁੰਦੀ ਹੈ। ਬਾਲ ਖੇਡਾਂ ਰਾਹੀਂ ਬੱਚਿਆਂ ਦਾ ਬੌਧਿਕ ਵਿਕਾਸ ਵੀ ਹੁੰਦਾ ਹੈ। ਬੱਚਿਆਂ 'ਚ ਫੈਸਲੇ ਲੈਣ ਦੀ ਤਾਕਤ ਆਉਂਦੀ ਹੈ। ਉਹ ਵਿਰੋਧੀਆਂ ਨਾਲ ਮੁਕਾਬਲਾ ਕਰਨ ਦੇ ਸਮਰੱਥ ਬਣਦੇ ਹਨ। ਬੱਚੇ ਖੇਡਾਂ ਦੌਰਾਨ ਜਾਤ-ਪਾਤ, ਊਚ-ਨੀਚ ਤੇ ਹਰ ਕਿਸਮ ਦੀ ਵਿਤਕਰੇਬਾਜ਼ੀ ਭੁੱਲ ਕੇ, ਇਕਜੁੱਟ ਹੋ ਕੇ ਰਹਿਣਾ ਸਿੱਖਦੇ ਹਨ। ਬਾਲ ਖੇਡਾਂ ਨਾਲ ਥੱਕੇ-ਟੁੱਟੇ ਬੱਚੇ ਚੰਗੀ ਖੁਰਾਕ ਵੀ ਖਾਂਦੇ ਸਨ ਅਤੇ ਥਕਾਵਟ ਕਾਰਨ ਨੀਂਦ ਵੀ ਪੂਰੀ ਸੌਂਦੇ ਸਨ। ਇਸ ਤਰ੍ਹਾਂ ਬਾਲ ਖੇਡਾਂ ਬੱਚੇ ਦਾ ਸਰੀਰਿਕ, ਬੌਧਿਕ ਤੇ ਸਮਾਜਿਕ ਵਿਕਾਸ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਸਨ।
ਅਜੋਕੀਆਂ ਖੇਡਾਂ : ਅਜੋਕੇ ਯੁੱਗ 'ਚ ਸਾਡੀਆਂ ਗਲੀਆਂ 'ਚ ਬਾਲਾਂ ਦੀਆਂ ਕਿਲਕਾਰੀਆਂ ਸੁਣਨ ਨੂੰ ਨਹੀਂ ਮਿਲਦੀਆਂ। ਇਸ ਦਾ ਕਾਰਨ ਇਹ ਹੈ ਕਿ ਅੱਜਕਲ੍ਹ ਦੇ ਮਾਪੇ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਿਕਲਣ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਆਧੁਨਿਕ ਸੰਚਾਰ ਸਾਧਨਾਂ 'ਚ ਉਲਝੇ ਰਹਿਣ ਲਈ ਮਜਬੂਰ ਕਰ ਰਹੇ ਹਨ। ਅਜੋਕੇ ਬੱਚੇ ਟੀ.ਵੀ., ਕੰਪਿਊਟਰ, ਫੋਨ ਅਤੇ ਵੀਡੀਓ ਗੇਮਜ਼ ਖੇਡਣ 'ਚ ਗੁਲਤਾਨ ਰਹਿੰਦੇ ਹਨ। ਆਧੁਨਿਕ ਸੰਚਾਰ ਸਾਧਨਾਂ 'ਚ ਅਜਿਹੀਆਂ ਖੇਡਾਂ ਮੌਜੂਦ ਹਨ, ਜਿਨ੍ਹਾਂ ਨੂੰ ਬੱਚਾ ਇਕੱਲਾ ਹੀ ਖੇਡ ਸਕਦਾ ਹੈ। ਇਨ੍ਹਾਂ ਖੇਡਾਂ ਨਾਲ ਭਾਵੇਂ ਬੱਚਾ ਰੁੱਝਿਆ ਰਹਿੰਦਾ ਹੈ ਪਰ ਉਹ ਆਪਣੀ ਜ਼ਿੰਦਗੀ ਦਾ ਅਹਿਮ ਪੜਾਅ ਬਚਪਨ ਸਿਰਫ ਡਿਜੀਟਲ ਸਾਧਨਾਂ ਦੇ ਹਵਾਲੇ ਹੀ ਕਰ ਰਿਹਾ ਹੈ। ਅੱਜ ਹਰੇਕ ਤੀਸਰੇ ਬੱਚੇ ਦੇ ਨਜ਼ਰ ਦੀ ਐਨਕ ਲੱਗੀ ਹੋਈ ਹੈ, ਜਿਸ ਦਾ ਕਾਰਨ ਵੀ ਸੰਚਾਰ ਸਾਧਨਾਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਹੈ। ਦੂਸਰੀ ਗੱਲ ਬੱਚੇ ਇਕ ਥਾਂ 'ਤੇ ਘੰਟਿਆਂਬੱਧੀ ਬੈਠੇ ਰਹਿਣ ਕਾਰਨ ਜਾਂ ਤਾਂ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਜਾਂ ਖਾਣ-ਪੀਣ ਵੱਲ ਘੱਟ ਧਿਆਨ ਦੇਣ ਕਾਰਨ ਇਕਹਿਰੇ ਸਰੀਰ ਵਾਲੇ ਬਣ ਰਹੇ ਹਨ। ਦੇਰ ਰਾਤ ਤੱਕ ਫੋਨ 'ਤੇ ਗੇਮਜ਼ ਖੇਡਣ ਕਾਰਨ ਉਨ੍ਹਾਂ ਦੇ ਖਾਣ-ਪੀਣ ਤੇ ਸੌਣ ਦਾ ਸਮਾਂ ਵੀ ਬੇਤਰਤੀਬਾ ਹੋ ਗਿਆ ਹੈ। ਇਸ ਤੋਂ ਇਲਾਵਾ ਬੱਚਿਆਂ 'ਚ ਇਕੱਲੇ ਰਹਿਣ ਦੀ ਪ੍ਰਵਿਰਤੀ ਭਾਰੂ ਹੋ ਰਹੀ ਹੈ। ਉਹ ਘਰਾਂ ਤੋਂ ਬਾਹਰ ਨਾ ਜਾਣ ਕਾਰਨ ਆਪਸੀ ਸਾਂਝ ਤੇ ਟੀਮ ਭਾਵਨਾ ਵਰਗੇ ਗੁਣਾਂ ਤੋਂ ਸੱਖਣੇ ਬਣ ਰਹੇ ਹਨ। ਇਸ ਤੋਂ ਇਲਾਵਾ ਅਜੋਕੇ ਬੱਚੇ ਬਹੁਤ ਸਾਰੇ ਸਮਾਜਿਕ ਸਰੋਕਾਰਾਂ ਤੋਂ ਦੂਰ ਜਾ ਰਹੇ ਹਨ। ਅਜੋਕੇ ਯੁੱਗ ਦੀਆਂ ਘਰਾਂ 'ਚ ਬੈਠ ਕੇ ਖੇਡੀਆਂ ਜਾਣ ਵਾਲੀਆਂ ਖੇਡਾਂ ਬੱਚਿਆਂ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਪੱਖੋਂ ਖੋਖਲੇ ਬਣਾ ਰਹੀਆਂ ਹਨ।
ਸਮੇਂ ਦੀ ਮੰਗ : ਸਾਡੀ ਅਗਲੀ ਪੀੜ੍ਹੀ ਨੂੰ ਹਰ ਪੱਖੋਂ ਮਜ਼ਬੂਤ ਬਣਾਉਣ ਲਈ ਬਾਲ ਖੇਡਾਂ ਬਹੁਤ ਜ਼ਰੂਰੀ ਹਨ। ਮਾਪਿਆਂ ਨੂੰ ਇਕ ਜਾਂ ਦੋ ਬੱਚਿਆਂ ਦਾ ਬਹਾਨਾ ਬਣਾ ਕੇ, ਬਚਪਨ ਨੂੰ ਘਰਾਂ 'ਚ ਕੈਦ ਨਹੀਂ ਕਰਨਾ ਚਾਹੀਦਾ। ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਸਿਰਫ ਪੜ੍ਹਾਈ-ਲਿਖਾਈ ਲਈ ਕਰਨੀ ਚਾਹੀਦੀ ਹੈ, ਨਾ ਕਿ ਬੱਚਿਆਂ ਨੂੰ ਸੰਭਾਲਣ ਲਈ। ਬੱਚਿਆਂ ਨੂੰ ਨਿੱਗਰ ਮਨੋਰੰਜਨ ਅਤੇ ਸੇਧ ਦੇਣ ਲਈ ਬਾਲ ਖੇਡਾਂ ਬਹੁਤ ਜ਼ਰੂਰੀ ਹਨ। ਸਾਡੇ ਵਿੱਦਿਅਕ ਪਾਠਕ੍ਰਮ ਦਾ ਵੀ ਇਨ੍ਹਾਂ ਨੂੰ ਹਿੱਸਾ ਬਣਾਇਆ ਜਾਣਾ ਸਮੇਂ ਦੀ ਮੰਗ ਹੈ।


-ਪਟਿਆਲਾ। ਮੋਬਾ: 97795-90575

ਉਲੰਪਿਕ ਦਾ ਵੱਡਾ ਕਿਲ੍ਹਾ ਸਰ ਕਰਨ ਦਾ ਇੱਛੁਕ ਹੈ ਤੈਰਾਕ ਮਨਜੀਤ ਸਿੰਘ ਹਰਿਆਣਾ

ਉਲੰਪਿਕ ਦਾ ਵੱਡਾ ਕਿਲ੍ਹਾ ਸਰ ਕਰਨ ਦਾ ਇੱਛੁਕ ਹੈ ਮਨਜੀਤ ਸਿੰਘ ਅਤੇ ਉਹ ਇਸ ਨੂੰ ਲੈ ਕੇ ਹੁਣੇ ਤੋਂ ਹੀ ਸੰਘਰਸਸ਼ੀਲ ਹੈ ਅਤੇ ਆਪਣੇ ਕੋਚ ਅਨਿਲ ਖੱਤਰੀ ਦੀ ਰਹਿਨੁਮਾਈ ਹੇਠ ਉਹ ਤੈਰਾਕੀ ਦੇ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ। ਮਨਜੀਤ ਸਿੰਘ ਦਾ ਜਨਮ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਝੱਜਰ ਦੇ ਪਿੰਡ ਦੂਬਲਦਨ ਬਿਦਾਨ ਵਿਚ ਪਿਤਾ ਛੱਜੂ ਰਾਮ ਦੇ ਘਰ ਮਾਤਾ ਜਗਵੰਤੀ ਦੇਵੀ ਦੀ ਕੁੱਖੋਂ 20 ਮਈ, 1993 ਨੂੰ ਹੋਇਆ। ਮਨਜੀਤ ਸਿੰਘ ਜਨਮ ਤੋਂ ਹੀ ਸੱਜੀ ਲੱਤ ਤੋਂ ਪੋਲੀਓ ਦਾ ਸ਼ਿਕਾਰ ਹੈ ਪਰ ਉਹ ਹਿੰਮਤ ਦੀ ਵੱਡੀ ਮਿਸਾਲ ਹੈ ਅਤੇ ਉਹ ਅਪਾਹਜ ਹੋਣ ਦੇ ਬਾਵਜੂਦ ਘਬਰਾਇਆ ਨਹੀਂ ਅਤੇ ਉਸ ਨੇ ਜ਼ਿੰਦਗੀ ਨੂੰ ਆਮ ਵਾਂਗ ਅਤੇ ਮੁਸੀਬਤਾਂ ਨੂੰ ਇਕ ਚੁਣੌਤੀ ਵਜੋਂ ਸਵੀਕਾਰ ਕੀਤਾ ਅਤੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਯੂਨੀਵਰਸਿਟੀ ਦਾ ਡਿਪਲੋਮਾ ਹੋਲਡਰ ਹੈ। ਮਨਜੀਤ ਸਿੰਘ ਅਪਾਹਜ ਹੋਣ ਦੇ ਬਾਵਜੂਦ ਜ਼ਿੰਦਗੀ ਵਿਚ ਕੁਝ ਅਜਿਹਾ ਕਰਨਾ ਚਾਹੁੰਦਾ ਸੀ, ਜਿਸ ਨਾਲ ਉਸ ਦੀ ਦੇਸ਼ ਭਰ ਵਿਚ ਹੀ ਇਕ ਵੱਖਰੀ ਪਹਿਚਾਣ ਬਣੇ ਅਤੇ ਉਹ ਕਿਸੇ ਦਾ ਵੀ ਮੋਹਤਾਜ ਹੋ ਕੇ ਜ਼ਿੰਦਗੀ ਨਾ ਜੀਵੇ। ਮਨਜੀਤ ਨੂੰ ਖੇਡਾਂ ਦਾ ਬਚਪਨ ਤੋਂ ਹੀ ਸ਼ੌਂਕ ਸੀ ਅਤੇ ਇਸ ਸ਼ੌਂਕ ਨੂੰ ਪੂਰਾ ਲਈ ਉਸ ਨੇ ਤੈਰਾਕੀ ਦਾ ਮੈਦਾਨ ਚੁਣਿਆ ਅਤੇ ਆਪਣਾ ਗੁਰੂ ਹਰਿਆਣਾ ਸਵਿਮਿੰਗ ਫੈਡਰੇਸ਼ਨ ਦੇ ਸੈਕਟਰੀ ਅਤੇ ਕੋਚ ਅਨਿਲ ਖੱਤਰੀ ਨੂੰ ਧਾਰਿਆ। ਸਾਲ 2018 ਵਿਚ ਪੱਛਮੀ ਬੰਗਾਲ ਦੇ ਮੁਰਸੀਦਾਬਾਦ ਵਿਖੇ ਓਪਨ ਵਾਟਰ ਸਵਿਮਿੰਗ ਮੁਕਾਬਲਿਆਂ ਵਿਚ 81 ਕਿਲੋਮੀਟਰ ਦੀ ਲੰਮੀ ਤੈਰਾਕੀ ਕਰਕੇ ਇਕ ਰਿਕਾਰਡ ਬਣਾਇਆ। ਸਾਲ 2018 ਗੁਜਰਾਤ ਪ੍ਰਾਂਤ ਦੇ ਗੋਦਰਾ ਵਿਖੇ ਹੋਈ ਬਿਨਾਂ ਰੁਕੇ ਲਗਾਤਾਰ ਸਵਿਮਿੰਗ ਰਿਲੇ ਮੈਰਾਥਨ 5 ਦਿਨ ਤੈਰਨ ਦਾ ਰਿਕਾਰਡ ਕਾਇਮ ਕੀਤਾ। ਇਸ ਤੋਂ ਪਹਿਲਾਂ ਉਸ ਨੇ ਸਾਲ 2006 ਵਿਚ ਜੈਪੁਰ ਵਿਖੇ ਨੈਸ਼ਨਲ ਪੈਰਾ ਸਵਿਮਿੰਗ ਦੇ ਸੀਨੀਅਰ ਗਰੁੱਪ ਵਿਚ ਤੈਰ ਕੇ 2 ਸੋਨ ਤਗਮੇ ਅਤੇ ਇਕ ਸਿਲਵਰ ਤਗਮਾ ਆਪਣੇ ਨਾਂਅ ਕੀਤਾ। ਇਸੇ ਤਰ੍ਹਾਂ ਉਦੇਪੁਰ ਵਿਖੇ ਵੀ ਤੈਰਾਕੀ ਵਿਚ 2 ਸੋਨ ਤਗਮੇ, 1 ਚਾਂਦੀ ਦਾ ਅਤੇ ਇਕ ਕਾਂਸੀ ਤਗਮਾ ਜਿੱਤਿਆ। ਇਲਾਹਾਬਾਦ ਵਿਖੇ ਹੋਏ ਤੈਰਾਕੀ ਮੁਕਾਬਲਿਆਂ ਵਿਚ ਵੀ ਇਕ ਸੋਨ ਤਗਮਾ ਅਤੇ ਇਕ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਸਾਲ 2017 ਵਿਚ ਸਮੁੰਦਰ ਦੀ ਗੇਆ ਵਿਖੇ ਕੋਲਵਾ ਬੀਚ 'ਤੇ ਓਪਨ 10 ਕਿਲੋਮੀਟਰ ਪੂਰੀ ਕੀਤੀ। ਸਾਲ 2015 ਵਿਚ ਪੋਰਬੰਦਰ ਬੰਦਰਗਾਹ ਵਿਚ 5 ਕਿਲੋਮੀਟਰ ਤੈਰ ਕੇ ਤੀਜਾ ਸਥਾਨ ਹਾਸਲ ਕੀਤਾ। ਮਨਜੀਤ ਇਕ ਅੰਤਰਰਾਸ਼ਟਰੀ ਪੱਧਰ ਤੇ 2 ਇੰਗਲਿਸ਼ ਚੈਨਲ ਇਕੱਲੇ ਤੌਰ 'ਤੇ ਪਾਰ ਕਰਕੇ ਵਿਸ਼ਵ ਰਿਕਾਰਡ ਬਣਾਉਣ ਲਈ ਵੀ ਲਗਾਤਾਰ ਅੱਗੇ ਵਧ ਰਿਹਾ ਹੈ। ਇਹ ਦੋ ਚੈਨਲ ਹਨ ਇੰਗਲੈਂਡ ਅਤੇ ਅਮਰੀਕਾ ਦੀਆਂ ਸਮੁੰਦਰੀ ਖਾੜੀਆਂ ਅਤੇ ਸਾਲ 2020 ਵਿਖੇ ਟੋਕੀਓ ਵਿਖੇ ਹੋ ਰਹੀ ਉਲੰਪਿਕ ਵਿਚ ਵੀ ਉਹ ਤਿਰੰਗੇ ਦੀ ਸ਼ਾਨ ਬਣੇਗਾ। ਮਨਜੀਤ ਸਿੰਘ ਆਖਦਾ ਹੈ ਕਿ ਇਨ੍ਹਾਂ ਪ੍ਰਾਪਤੀਆਂ ਲਈ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਉਸ ਦੀ ਆਰਥਿਕ ਮਦਦ ਕਰੇ, ਕਿਉਂਕਿ ਉਹ ਦੇਸ਼ ਲਈ ਖੇਡ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਭਾਰਤ ਮਾਤਾ ਦੀ ਸ਼ਾਨ ਵਿਚ ਹੋਰ ਵਾਧਾ ਕਰੇ।


-ਬੁੱਕਣ ਵਾਲਾ (ਮੋਗਾ)। ਮੋਬਾ: 98551-14484

ਹਾਕੀ ਟੂਰਨਾਮੈਂਟ ਬਨਾਮ ਦਰਸ਼ਕਾਂ ਦੀ ਗਿਣਤੀ

ਰਾਸ਼ਟਰੀ ਪੱਧਰ 'ਤੇ ਜੇ ਦੇਸ਼ ਵਿਚ ਆਯੋਜਿਤ ਕੀਤੇ ਜਾਣ ਵਾਲੇ ਹਾਕੀ ਦੇ ਟੂਰਨਾਮੈਂਟਾਂ ਦੀ ਗੱਲ ਕਰੀਏ ਤਾਂ ਗਿਣਤੀ ਦੇ ਲਿਹਾਜ਼ ਨਾਲ ਬਹੁਤੀ ਕਮੀ ਨਜ਼ਰ ਨਹੀਂ ਆਉਂਦੀ। ਸੱਚ ਤਾਂ ਇਹ ਹੈ ਕਿ ਇਸ ਪੱਖ ਤੋਂ ਸਭ ਕੁਝ ਠੀਕ-ਠਾਕ ਚੱਲ ਰਿਹਾ ਹੈ, ਭਾਵੇਂ ਟੂਰਨਾਮੈਂਟ ਪ੍ਰਬੰਧਕ ਹਮੇਸ਼ਾ ਇਸ ਪੱਖੋਂ ਅਸਫਲ ਰਹਿੰਦੇ ਹਨ ਕਿ ਮੈਦਾਨ ਵੱਲ ਲੋੜ ਅਨੁਸਾਰ ਵੱਧ ਤੋਂ ਵੱਧ ਦਰਸ਼ਕ ਆਕਰਸ਼ਕ ਕਰ ਸਕਣ। ਇਹੋ ਹੀ ਹਾਲ ਰਾਜ ਪੱਧਰ ਦੇ ਜਾਂ ਹੋਰ ਛੋਟੇ-ਮੋਟੇ ਟੂਰਨਾਮੈਂਟਾਂ ਦਾ ਹੈ। ਕਾਗਜ਼ਾਂ 'ਚ ਟੂਰਨਾਮੈਂਟ ਕਰਵਾਏ, ਮੀਡੀਏ 'ਚ ਆਪਣੇ ਨਾਵਾਂ ਦੀ ਚਰਚਾ ਚਲਾਈ ਤੇ ਆਪਣੀ ਆਪੇ ਬੱਲੇ-ਬੱਲੇ ਕਰ ਲਈ। ਇਹੋ ਜਿਹੇ ਟੂਰਨਾਮੈਂਟਾਂ ਦੇ ਆਯੋਜਨ ਨਾਲ ਹਾਕੀ ਦਾ ਰੁਮਾਂਚ ਕਿੰਨਾ ਕੁ ਵਧਦਾ, ਖਿਡਾਰੀਆਂ-ਖਿਡਾਰਨਾਂ ਨੂੰ ਕਿੰਨਾ ਕੁ ਉਤਸ਼ਾਹ, ਕਿੰਨੀ ਕੁ ਹੱਲਾਸ਼ੇਰੀ ਮਿਲਦੀ ਹੈ, ਹਾਕੀ ਕਿੰਨੀ ਕੁ ਜ਼ਿਆਦਾ ਲੋਕਪ੍ਰਿਆ ਹੁੰਦੀ ਹੈ। ਭਲਾ ਇਹ ਪ੍ਰਵਾਹ ਕਿਸ ਨੂੰ, ਖਿਡਾਰੀਆਂ-ਖਿਡਾਰਨਾਂ ਨੂੰ ਭਾਵੇਂ ਕੋਈ ਜਾਣੇ ਜਾਂ ਨਾ ਜਾਣੇ, ਪਰ ਟੂਰਨਾਮੈਂਟ ਪ੍ਰਬੰਧਕਾਂ ਦੇ ਨਾਂਅ ਸਵੇਰੇ ਤੜਕਸਾਰ ਸਾਰੀਆਂ ਅਖ਼ਬਾਰਾਂ 'ਚ ਪੜ੍ਹਨ ਨੂੰ ਮਿਲਣੇ ਚਾਹੀਦੇ ਹਨ। ਇਹਦੇ ਨਾਲ ਹੀ ਉਨ੍ਹਾਂ ਦੇ ਕਾਲਜੇ ਨੂੰ ਜ਼ਰਾ ਠੰਢ ਪੈ ਜਾਂਦੀ ਹੈ। ਭਲਿਓ ਮਾਣਸੋ! ਜੇ ਹਾਕੀ ਦੇ ਏਨੇ ਹੀ ਜ਼ਿਆਦਾ ਹਿਤੈਸ਼ੀ ਹੋ ਤਾਂ ਇਹ ਯਕੀਨੀ ਵੀ ਬਣਾਓ ਕਿ ਖੇਡ ਮੈਦਾਨਾਂ 'ਚ ਖੇਡੀ ਜਾ ਰਹੀ ਹਾਕੀ ਦਾ ਨਿਰਾਦਰ ਨਾ ਹੋਵੇ, ਇਹ ਰੁਲੇ ਨਾ, ਕੁਝ ਅੱਖਾਂ ਇਸ ਨੂੰ ਦੇਖਣ ਲਈ ਵੀ ਆਉਣ, ਕੁਝ ਸੀਨੇ ਵਾਕਿਆ ਹੀ ਇਸ ਲਈ ਵੀ ਧੜਕਣ। ਜਨਾਬ! ਹਾਕੀ ਦੇ ਜਾਦੂਗਰਾਂ ਦਾ ਦੇਸ਼ ਹੈ ਆਪਣਾ। ਇਹਦੇ ਤਾਂ ਜ਼ਰੇ-ਜ਼ਰੇ ਵਿਚੋਂ ਹਾਕੀ ਦੀ ਮੁਹੱਬਤ ਫੁੱਟਣੀ ਚਾਹੀਦੀ ਹੈ।
ਪਰ ਮੈਂ ਦੇਖਿਆ ਤੇ ਮੇਰਾ ਦਿਲ ਦੁਖੀ ਵੀ ਹੁੰਦਾ ਇਹੋ ਜਿਹੇ ਟੂਰਨਾਮੈਂਟਾਂ ਵਿਚ ਜਾ ਕੇ। ਹਾਕੀ ਦਾ ਮੈਚ ਚੱਲ ਰਿਹਾ ਹੁੰਦਾ। ਮੈਦਾਨ ਦੇ ਬਾਹਰ ਤੋਂ ਲੈ ਕੇ ਅੰਦਰ ਤੱਕ, ਆਸ-ਪਾਸ, ਸੱਜੇ-ਖੱਬੇ, ਇਧਰ-ਉਧਰ ਬਸ ਕੁਝ ਕੁ ਹੀ ਲੋਕ ਹੁੰਦੇ ਹਨ। ਸ਼ਾਇਦ ਇਹ ਪ੍ਰਬੰਧਕ ਹੁੰਦੇ ਹਨ ਜਾਂ ਆਪਣੇ ਕੰਮਾਂ ਲਈ ਉਨ੍ਹਾਂ ਨੂੰ ਮਿਲਣ ਆਏ ਲੋਕ ਤੇ ਉਹ ਵੀ ਆਪਣੀਆਂ ਹੀ ਗੱਲਾਂ ਵਿਚ ਮਸਤ ਹੁੰਦੇ ਹਨ। ਸਕੋਰ ਕੀ ਚੱਲ ਰਿਹਾ, ਕੋਈ ਪਤਾ ਨਹੀਂ, ਕਿਹੜੀ ਟੀਮ, ਕਿਸ ਨਾਲ ਖੇਡ ਰਹੀ ਹੈ, ਕੋਈ ਇਲਮ ਨਹੀਂ। ਹਾਂ, ਕੁਝ ਨੀਲੇ, ਲਾਲ, ਖੱਟੇ ਰੰਗ ਦੀਆਂ ਵਰਦੀਆਂ ਪਾਈ ਹਾਕੀ ਖਿਡਾਰੀ ਉਨ੍ਹਾਂ ਦੇ ਸਾਹਮਣੇ ਸੱਜੇ-ਖੱਬੇ ਜਾ ਰਹੇ ਹੁੰਦੇ ਨੇ, ਹਾਕੀ ਸਟਿਕ ਦਿਸ ਰਹੀ ਹੈ ਜਾਂ ਗੇਂਦ ਦਿਸ ਰਿਹਾ। ਕੋਈ ਅੱਖ ਖੇਡ ਦਾ ਆਨੰਦ ਲੈ ਰਹੀ ਹੋਵੇ, ਇਹਦੀ ਸੰਭਾਵਨਾ ਘੱਟ ਹੀ ਹੁੰਦੀ ਹੈ।
ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਇਹੋ ਜਿਹੇ ਟੂਰਨਾਮੈਂਟ ਆਯੋਜਨ ਕਰਨ ਵਾਲੇ ਅਕਸਰ ਸਾਡੇ ਪੁਰਾਣੇ ਹਾਕੀ ਖਿਡਾਰੀ ਜਾਂ ਹਾਕੀ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਹੋਏ ਲੋਕ ਹੁੰਦੇ ਹਨ। ਇਹ ਸਵਾਲ ਵੱਖਰਾ ਹੈ ਕਿ ਉਹ ਇਹੋ ਜਿਹੇ ਟੂਰਨਾਮੈਂਟਾਂ ਦਾ ਆਯੋਜਨ ਆਪਣੇ ਕਿਸੇ ਫਾਇਦੇ ਲਈ ਕਰ ਰਹੇ ਹਨ ਜਾਂ ਫੋਕੀ ਆਪਣੀ ਸ਼ੁਹਰਤ ਲਈ? ਪਰ ਜੇ ਉਨ੍ਹਾਂ ਦੇ ਧੁਰ ਅੰਦਰੋਂ ਇਹ ਆਵਾਜ਼ ਆਉਂਦੀ ਕਿ ਉਹ ਹਾਕੀ ਪ੍ਰਤੀ ਲਗਨ ਰੱਖਦੇ ਹੋਏ, ਪਿਆਰ ਰੱਖਦੇ ਹੋਏ ਇਹ ਟੂਰਨਾਮੈਂਟ ਕਰਵਾਉਂਦੇ ਹਨ ਤਾਂ ਫਿਰ ਉਹ ਇਹ ਯਾਦ ਰੱਖਣ ਕਿ ਉਨ੍ਹਾਂ ਦੀਆਂ ਇਹੋ ਜਿਹੀਆਂ ਕੋਸ਼ਿਸ਼ਾਂ ਵਿਚ ਕਿਤੇ ਕੋਈ ਕਮੀ ਜ਼ਰੂਰ ਹੈ, ਕੋਈ ਤਰੁੱਟੀ ਜ਼ਰੂਰ ਹੈ।
ਆਖਰ ਹਾਕੀ ਦੇ ਇਹੋ ਜਿਹੇ ਟੂਰਨਾਮੈਂਟਾਂ ਦਾ ਆਯੋਜਨ ਅਸੀਂ ਕਿਉਂ ਕਰਦੇ ਹਾਂ? ਇਹ ਸਵਾਲ ਸਾਨੂੰ ਆਪਣੇ-ਆਪ ਤੋਂ ਪੁੱਛਣ ਦੀ ਲੋੜ ਹੈ। ਕਿਸ ਦੇ ਕੋਲ ਇਸ ਦਾ ਜਵਾਬ ਹੋਵੇਗਾ ਕਿ ਹਾਕੀ ਨੂੰ ਲੋਕਪ੍ਰਿਆ ਕਰਨ ਲਈ। ਕੋਈ ਕਹੇਗਾ ਇਸ ਲਈ ਕਿ ਹਾਕੀ ਸੱਭਿਆਚਾਰ ਜਿਉਂਦਾ ਰਹਿ ਸਕੇ। ਕਿਸ ਦੇ ਕੋਲ ਇਹ ਉੱਤਰ ਹੋਵੇਗਾ ਕਿ ਹਾਕੀ ਪ੍ਰਤਿਭਾ ਖ਼ਤਮ ਨਾ ਹੋ ਜਾਵੇ, ਕੋਈ ਕੁਝ ਕਹੇਗਾ, ਕੋਈ ਕੁਝ ਹੋਰ। ਪਰ ਜਿਹੜੀ ਗੱਲ ਵਿਚਾਰਨ ਵਾਲੀ ਹੈ ਤੇ ਚਿੰਤਾ ਦਾ ਵਿਸ਼ਾ ਹੈ, ਉਹ ਇਹ ਹੈ ਕਿ ਸਾਡੇ ਅੰਦਰੋਂ ਇਹੋ ਜਿਹੇ ਸਾਕਾਰਾਤਮਕ ਜਵਾਬ ਤਾਂ ਉਠਦੇ ਰਹੇ ਹਨ ਪਰ ਦੂਜੇ ਪਾਸੇ ਸਾਡੇ ਖੇਡ ਸੱਭਿਆਚਾਰ 'ਚੋਂ ਹਾਕੀ ਅਲੋਪ ਹੀ ਹੁੰਦੀ ਗਈ। ਕਿਉਂ? ਜੇ ਲੋੜ ਹੈ ਤਾਂ ਇਸ ਪੱਖ ਵੱਲ ਧਿਆਨ ਦੇਣ ਦੀ। ਜੇ ਲੋੜ ਹੈ ਤਾਂ ਇਸ ਪੱਖੋਂ ਕੋਈ ਜ਼ੋਰਦਾਰ ਹੰਭਲਾ ਮਾਰਨ ਦੀ। ਸੱਚ ਕਹਾਂ, ਜੇ ਸਾਡੇ ਹੰਭਲਿਆਂ 'ਚ ਦਮ ਹੁੰਦਾ, ਹਾਕੀ ਦਾ ਹਾਲ ਇਹ ਕਦੇ ਨਾ ਹੁੰਦਾ।
ਪਰ ਇਸ ਸਭ ਕਾਸੇ ਲਈ ਜ਼ਰੂਰਤ ਹੈ ਹਾਕੀ ਪ੍ਰਤੀ ਸਾਡੀ ਦਿਲੀ ਸ਼ਰਧਾ, ਵਫਾਦਾਰੀ ਤੇ ਲਗਨ ਦੀ। ਆਪਣੇ ਦੇਸ਼ ਦੀ ਇਸ ਰਾਸ਼ਟਰੀ ਖੇਡ ਨੂੰ ਹਰ ਹੀਲੇ ਬਚਾਉਣ ਦੀ। ਹਿੰਦੋਸਤਾਨ ਦੇ ਖੇਡ ਜਗਤ ਨੂੰ ਜਿਸ ਤਰ੍ਹਾਂ ਹਾਕੀ ਨੇ ਰੁਸ਼ਨਾਇਆ, ਪੂਰੇ ਰਾਸ਼ਟਰ ਦਾ ਧਰਮ ਸਿਰਫ ਹਾਕੀ ਹੋਣਾ ਚਾਹੀਦਾ। ਹਰ ਕੋਈ ਹਾਕੀ ਦੇ ਨਾਂਅ 'ਤੇ ਸਾਹ ਲਵੇ। ਫਿਰ ਇਸ ਦੇ ਦਮਾਂ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ।
ਮੈਂ ਜਾਤੀ ਤੌਰ 'ਤੇ ਮਹਿਸੂਸ ਕਰਦਾ ਹਾਂ ਕਿ ਦੁਨੀਆ 'ਚ ਕੋਈ ਕੰਮ ਇਹੋ ਜਿਹਾ ਨਹੀਂ ਜਿਸ ਨੂੰ ਸਾਡੀਆਂ ਜੀਅਤੋੜ ਕੋਸ਼ਿਸ਼ਾਂ, ਸਾਡਾ ਜਨੂੰਨ, ਸਾਡੀ ਸੱਚੀ ਤੇ ਸੁੱਚੀ ਮਿਹਨਤ ਨੇਪਰੇ ਨਾ ਚਾੜ੍ਹ ਸਕੇ। ਇਸ ਦੇਸ਼ ਦੀ ਸਰਕਾਰ ਹਾਕੀ ਦੀ ਪ੍ਰਵਾਹ ਨਹੀਂ ਕਰਦੀ ਤਾਂ ਨਾ ਕਰੇ। ਇਸ ਦੇਸ਼ ਦਾ ਮੀਡੀਆ ਹਾਕੀ ਤੋਂ ਦੂਰ-ਦੂਰ ਰਹਿੰਦਾ ਤਾਂ ਰਹੇ ਪਰ ਕੁਝ ਮੁੱਠੀ ਭਰ ਲੋਕ ਜੇ ਉਹ ਵਾਕਿਆ ਹੀ ਇਸ ਦੇਸ਼ 'ਚ ਹਾਕੀ ਨੂੰ ਪਹਿਲਾਂ ਦੀ ਤਰ੍ਹਾਂ ਸੁਰਜੀਤ ਕਰਨਾ ਚਾਹੁੰਦੇ ਹਨ, ਪਹਿਲਾਂ ਦੀ ਤਰ੍ਹਾਂ ਹਰਮਨ ਪਿਆਰੀ ਬਣਾਉਣਾ ਚਾਹੁੰਦੇ ਹਨ ਤਾਂ ਫਿਰ ਜਿਸ ਢੰਗ ਨਾਲ ਉਹ ਹਾਕੀ ਟੂਰਨਾਮੈਂਟਾਂ ਦਾ ਆਯੋਜਨ ਕਰ ਰਹੇ ਹਨ, ਏਦਾਂ ਗੱਲ ਨਹੀਂ ਬਣਨੀ।
ਇਹ ਠੀਕ ਹੈ ਕਿ ਸਾਡੇ ਦੇਸ਼ 'ਚ ਹਾਲੈਂਡ, ਜਰਮਨੀ, ਆਸਟਰੇਲੀਆ ਵਰਗੀਆਂ ਹਾਕੀ ਸਹੂਲਤਾਂ ਨਹੀਂ ਹਨ। ਐਸਟਰੋਟਰਫ ਮੈਦਾਨਾਂ ਦੀ ਕਮੀ, ਫਲੱਡ ਲਾਈਟ ਦੀ ਰੌਸ਼ਨੀ ਵਾਲਾ ਕੋਈ ਵੀ ਮੈਦਾਨ ਦੇਸ਼ 'ਚ ਨਹੀਂ ਹੈ ਕਿ ਰਾਤ ਦੇ ਸਮੇਂ ਵਾਲਾ ਹਾਕੀ ਕਲਚਰ ਪੈਦਾ ਹੋ ਸਕੇ ਪਰ ਫਿਰ ਵੀ ਜੋ ਲੋਕ ਹਾਕੀ ਦੇ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਹਾਲੈਂਡ ਵਰਗਾ ਹਾਕੀ ਮਾਹੌਲ ਇਸ ਦੇਸ਼ ਵਿਚ ਪੈਦਾ ਹੋ ਸਕੇ, ਜਿਥੇ ਹਾਕੀ ਪ੍ਰੇਮੀ ਆਪਣੇ ਹਾਕੀ ਸਟਾਰਾਂ ਦਾ ਮਨੋਬਲ, ਉਤਸ਼ਾਹ ਵਧਾਉਣ ਲਈ ਵੱਡੀ ਗਿਣਤੀ ਵਿਚ ਹਾਕੀ ਖੇਡ ਮੈਦਾਨਾਂ 'ਚ ਮੌਜੂਦ ਹੁੰਦੇ ਹਨ। ਸੰਤਰੀ ਰੰਗ ਦੇ ਕੱਪੜੇ ਪਾ ਕੇ, ਜੋ ਉਨ੍ਹਾਂ ਦੀ ਟੀਮ ਦਾ ਰਾਸ਼ਟਰੀ ਰੰਗ ਹੈ, ਮੈਦਾਨਾਂ 'ਚ ਆਉਂਦੇ ਹਨ ਪਰ ਸਾਡੇ ਖਿਡਾਰੀ ਨੂੰ ਇਸੇ ਉਤਸ਼ਾਹ ਦੀ ਕਮੀ ਆਪਣੇ ਖੇਡ ਕੈਰੀਅਰ ਦੇ ਸ਼ੁਰੂ ਤੋਂ ਹੁੰਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98155-35410


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX