ਤਾਜਾ ਖ਼ਬਰਾਂ


ਝੋਨੇ ਦੀ ਬਿਜਾਈ ਨੂੰ ਲੈ ਕੇ ਪੰਜਾਬ 'ਚ ਕਿਸਾਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ ਪੱਤਰ
. . .  12 minutes ago
ਸੰਗਰੂਰ, 25 ਮਾਰਚ (ਧੀਰਜ ਪਸ਼ੋਰੀਆ)- ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਵਫ਼ਦਾਂ ਨੇ ਅੱਜ ਪੂਰੇ ਪੰਜਾਬ 'ਚ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਦੇ ਕੇ ਇਹ ਮੰਗ ਕੀਤੀ 1 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਲਈ ਖੇਤੀ...
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਾਰੀ
. . .  31 minutes ago
ਨਵੀਂ ਦਿੱਲੀ, 25 ਮਾਰਚ- ਦਿੱਲੀ 'ਚ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋ ਰਹੀ ਹੈ। ਇਹ ਬੈਠਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਪਾਰਟੀ ਹੈੱਡਕੁਆਟਰ...
'ਆਪ' ਨੇ ਪੰਜਾਬ 'ਚ ਕਾਂਗਰਸ ਨਾਲ ਚੋਣ ਸਮਝੌਤੇ ਨੂੰ ਸਿਰੇ ਤੋਂ ਨਕਾਰਿਆ
. . .  48 minutes ago
ਸੰਗਰੂਰ, 25 ਮਾਰਚ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੀ ਪੰਜਾਬ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ 'ਆਪ' ਦੇ ਪੰਜਾਬ 'ਚ ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਸਮਝੌਤੇ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਦਿੱਲੀ 'ਚ ਕੀ ਹੁੰਦਾ ਹੈ, ਇਸ ਦਾ...
ਜੰਮੂ-ਕਸ਼ਮੀਰ 'ਚ ਜੈਸ਼ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ
. . .  about 1 hour ago
ਸ੍ਰੀਨਗਰ, 25 ਮਾਰਚ- ਸ੍ਰੀਨਗਰ ਦੇ ਬਾਹਰੀ ਇਲਾਕੇ 'ਚ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਲੰਘੇ ਦਿਨ ਹੋਈ। ਇਸ ਸੰਬੰਧੀ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਨੇ...
ਟਰੱਕ ਅਤੇ ਬੋਲੈਰੋ ਵਿਚਾਲੇ ਹੋਈ ਜ਼ਬਰਦਸਤ ਟੱਕਰ, ਤਿੰਨ ਨੌਜਵਾਨਾਂ ਦੀ ਮੌਤ
. . .  about 1 hour ago
ਸ੍ਰੀ ਚਮਕੌਰ ਸਾਹਿਬ, 25 ਮਾਰਚ (ਜਗਮੋਹਣ ਸਿੰਘ ਨਾਰੰਗ)- ਬੀਤੀ ਦੇਰ ਰਾਤ ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ 'ਤੇ ਸਥਾਨਕ ਨਹਿਰੀ ਵਿਸ਼ਰਾਮ ਘਰ ਨੇੜੇ ਇੱਕ ਟਰੱਕ ਅਤੇ ਮਹਿੰਦਰਾ ਬੋਲੈਰੋ (ਪਿਕਅਪ) ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ ਬੋਲੈਰੋ...
ਸਾਬਕਾ ਐਨ.ਸੀ.ਪੀ ਕਾਰਪੋਰੇਟਰ ਪਾਡੂਂਗਰੰਗ ਗਾਇਕਵਾੜ ਦੀ ਹੱਤਿਆ
. . .  about 2 hours ago
ਮੁੰਬਈ, 25 ਮਾਰਚ - ਐਨ.ਸੀ.ਪੀ ਦੇ ਸਾਬਕਾ ਕਾਰਪੋਰੇਟਰ ਪਾਡੂਂਗਰੰਗ ਗਾਇਕਵਾੜ ਦੀ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ...
ਬੱਸ ਨੂੰ ਲੱਗੀ ਅੱਗ 'ਚ 4 ਮੌਤਾਂ
. . .  about 2 hours ago
ਲਖਨਊ, 25 ਮਾਰਚ - ਦਿੱਲੀ ਤੋਂ ਲਖਨਊ ਜਾ ਰਹੀ ਏ.ਸੀ ਬੱਸ ਨੂੰ ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਕਰਹਲ ਥਾਣੇ ਅਧੀਨ ਆਉਂਦੇ ਮੀਟੇਪੁਰ ਨੇੜੇ ਡਿਵਾਈਡਰ ਨਾਲ ਟਕਰਾਉਣ...
'ਆਪ' ਨਾਲ ਗੱਠਜੋੜ ਬਾਰੇ ਫ਼ੈਸਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੁਲਾਈ ਬੈਠਕ
. . .  about 2 hours ago
ਨਵੀਂ ਦਿੱਲੀ, 25 ਮਾਰਚ - ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਗ੍ਰਹਿ ਵਿਖੇ 10 ਵਜੇ ਬੈਠਕ ਬੁਲਾਈ ਹੈ, ਜਿਸ ਵਿਚ ਦਿੱਲੀ ਕਾਂਗਰਸ ਦੀ...
ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਅੱਜ ਅਦਾਲਤ ਚ ਕੀਤਾ ਜਾਵੇਗਾ ਪੇਸ਼
. . .  about 2 hours ago
ਫ਼ਰੀਦਕੋਟ, 25 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਕੋਟਕਪੂਰਾ ਗੋਲੀ ਕਾਂਡ ਵਿਚ ਅੱਜ ਫ਼ਰੀਦਕੋਟ...
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵੱਲੋਂ ਕ੍ਰਾਈਸਚਰਚ ਮਸਜਿਦ ਗੋਲੀਬਾਰੀ ਦੀ ਉੱਚ ਪੱਧਰੀ ਜਾਂਚ ਦੇ ਹੁਕਮ
. . .  about 3 hours ago
ਨਵੀਂ ਦਿੱਲੀ, 25 ਮਾਰਚ - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਅਰਡਨ ਨੇ ਬੀਤੇ ਦਿਨੀਂ ਕ੍ਰਾਈਸਚਰਚ ਵਿਖੇ 2 ਮਸਜਿਦਾਂ ਵਿਚ ਹੋਈ ਗੋਲੀਬਾਰੀ ਦੀ ਉੱਚ ਪੱਧਰੀ ਜਾਂਚ ਦੇ ਹੁਕਮ...
ਹੋਰ ਖ਼ਬਰਾਂ..

ਨਾਰੀ ਸੰਸਾਰ

ਗਰਭਵਤੀ ਮਹਿਲਾ ਦੀ ਦੇਖਭਾਲ ਲਈ ਵਿਸ਼ੇਸ਼ ਸਾਵਧਾਨੀਆਂ

ਹਰ ਗਰਭਵਤੀ ਮਹਿਲਾ ਨੂੰ ਆਪਣੀ ਦੇਖਭਾਲ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਰਹਿੰਦੀ ਹੈ। ਅਸਲ ਵਿਚ ਗਰਭ ਅਵਸਥਾ ਨੂੰ ਤਿੰਨ ਤਿਮਾਹੀਆਂ ਵਿਚ ਵੀ ਵੰਡਿਆ ਜਾਂਦਾ ਹੈ। ਪਹਿਲੇ ਹਫਤੇ ਤੋਂ ਲੈ ਕੇ 12ਵੇਂ ਹਫਤੇ ਤੱਕ ਦੇ ਸਮੇਂ ਨੂੰ ਪਹਿਲੀ ਤਿਮਾਹੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ 13ਵੇਂ ਹਫਤੇ ਤੋਂ ਲੈ ਕੇ 28ਵੇਂ ਹਫਤੇ ਤੱਕ ਦੇ ਸਮੇਂ ਨੂੰ ਦੂਜੀ ਤਿਮਾਹੀ ਕਿਹਾ ਜਾਂਦਾ ਹੈ। 29ਵੇਂ ਹਫਤੇ ਤੋਂ ਲੈ ਕੇ 40ਵੇਂ ਹਫਤੇ ਤੱਕ ਦੇ ਸਮੇਂ ਨੂੰ ਤੀਜੀ ਤਿਮਾਹੀ ਕਿਹਾ ਜਾਂਦਾ ਹੈ। ਹਰ ਗਰਭਵਤੀ ਔਰਤ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ ਪਹਿਲੀ ਤਿਮਾਹੀ ਦੇ ਸਮੇਂ ਦੌਰਾਨ ਹੀ ਗਰਭਪਾਤ ਹੋਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ, ਇਸ ਲਈ ਇਸ ਸਮੇਂ ਦੌਰਾਨ ਗਰਭਵਤੀ ਔਰਤ ਨੂੰ ਵਿਸ਼ੇਸ ਧਿਆਨ ਰੱਖਣਾ ਚਾਹੀਦਾ ਹੈ। ਦੂਜੀ ਤਿਮਾਹੀ ਦੇ ਸਮੇਂ ਦੌਰਾਨ ਪੇਟ ਵਿਚ ਭਰੂਣ ਦੀ ਹਰਕਤ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ। ਤੀਜੀ ਤਿਮਾਹੀ ਦੌਰਾਨ ਬੱਚਾ ਆਪਣਾ ਪੂਰਾ ਆਕਾਰ ਲੈ ਲੈਂਦਾ ਹੈ। ਇਸ ਕਰਕੇ ਹਰ ਗਰਭਵਤੀ ਮਹਿਲਾ ਨੂੰ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਤਾਂ ਬੋਚ-ਬੋਚ ਕੇ ਕਦਮ ਰੱਖ ਕੇ ਤੁਰਨਾ ਚਾਹੀਦਾ ਹੈ।
ਹਰ ਗਰਭਵਤੀ ਮਹਿਲਾ ਨੂੰ ਫੋਲਿਕ ਐਸਿਡ ਦੀ ਲੋਂੜੀਂਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਐਸਿਡ ਹਰੀਆਂ ਪੱਤੀਆਂ ਵਿਚ ਪਾਇਆ ਜਾਂਦਾ ਹੈ। ਬੱਚੇ ਦੇ ਜਨਮ ਸਮੇਂ ਇਸ ਐਸਿਡ ਦਾ ਕਾਫੀ ਲਾਭ ਹੁੰਦਾ ਹੈ। ਅਸਲ ਵਿਚ ਹਰੀਆਂ ਸਬਜ਼ੀਆਂ, ਖਰਬੂਜ਼ਾ, ਲੌਕੀ, ਕੱਦੂ, ਪਾਲਕ, ਮੇਥੀ, ਸਾਗ ਅਤੇ ਮੂੰਗਫਲੀ ਵਿਚ ਫੋਲਿਕ ਐਸਿਡ ਭਰਪੂਰ ਮਾਤਰਾ ਵਿਚ ਹੁੰਦਾ ਹੈ।
ਗਰਭਵਤੀ ਮਹਿਲਾ ਨੂੰ ਕੋਲਡ ਡਰਿੰਕ ਵੀ ਸਾਵਧਾਨੀ ਨਾਲ ਅਤੇ ਘੱਟ ਮਾਤਰਾ ਵਿਚ ਹੀ ਪੀਣੇ ਚਾਹੀਦੇ ਹਨ। ਵੱਖ-ਵੱਖ ਤਰ੍ਹਾਂ ਦੇ ਫਲ ਜ਼ਰੂਰ ਖਾਣੇ ਚਾਹੀਦੇ ਹਨ ਪਰ ਇਹ ਫਲ ਨਾ ਤਾਂ ਕੱਚੇ ਹੋਣ ਅਤੇ ਨਾ ਹੀ ਜ਼ਿਆਦਾ ਪੱਕੇ ਹੋਣ। ਇਨ੍ਹਾਂ ਫਲਾਂ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਆਂਡਾ ਖਾਣਾ ਕਾਫੀ ਲਾਹੇਵੰਦ ਰਹਿੰਦਾ ਹੈ। ਜਿਹੜੀਆਂ ਔਰਤਾਂ ਆਂਡਾ ਨਾ ਖਾਂਦੀਆਂ ਹੋਣ, ਉਨ੍ਹਾਂ ਨੂੰ ਆਪਣੇ ਖਾਣੇ ਵਿਚ ਪਨੀਰ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਖਾਣੇ ਚਾਹੀਦੇ ਹਨ।
ਆਪਣੇ ਲੱਗਣ ਵਾਲੇ ਜ਼ਰੂਰੀ ਟੀਕਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜ਼ਰੂਰੀ ਟੀਕੇ ਸਮੇਂ ਸਿਰ ਹੀ ਲਗਵਾਉਣੇ ਚਾਹੀਦੇ ਹਨ। ਗਰਭਵਤੀ ਮਹਿਲਾ ਨੂੰ ਸਮੋਸੇ ਟਿੱਕੀਆਂ, ਪਾਵ ਭਾਜੀ ਨਿਊਡਲ ਤੋਂ ਪ੍ਰਹੇਜ਼ ਹੀ ਕਰਨਾ ਚਾਹੀਦਾ ਹੈ। ਸੰਤੁਲਤ ਭੋਜਨ ਹੀ ਕਰਨਾ ਚਾਹੀਦਾ ਹੈ। ਖਾਣੇ ਵਿਚ ਦਾਲਾਂ ਤੇ ਹਰੀਆਂ ਸਬਜ਼ੀਆਂ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ।
ਵੱਖ-ਵੱਖ ਤਰ੍ਹਾਂ ਦੇ ਮੌਸਮੀ ਫਲ ਜ਼ਰੂਰ ਖਾਣੇ ਚਾਹੀਦੇ ਹਨ ਪਰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਫਲ ਗਰਮੀ ਨਾ ਕਰਦੇ ਹੋਣ। ਇਸ ਤੋਂ ਇਲਾਵਾ ਕੁਝ ਔਰਤਾਂ ਫਲਾਂ ਦਾ ਜੂਸ ਪੀਣਾ ਜ਼ਿਆਦਾ ਪਸੰਦ ਕਰਦੀਆਂ ਹਨ ਪਰ ਫਲਾਂ ਦੇ ਜੂਸ ਨਾਲੋਂ ਫਲ ਖਾਣੇ ਜ਼ਿਆਦਾ ਲਾਭਦਾਇਕ ਹਨ। ਵਧੇਰੇ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ। ਗਰਭਵਤੀ ਔਰਤਾਂ ਨੂੰ ਆਪਣੇ ਸਰੀਰ ਦੀ ਸਫਾਈ ਰੱਖਣੀ ਚਾਹੀਦੀ ਹੈ। ਗਰਭਵਤੀ ਔਰਤ ਨੂੰ ਭਾਰ ਨਹੀਂ ਚੁੱਕਣਾ ਚਾਹੀਦਾ ਅਤੇ ਭਾਰੀ ਕੰਮ ਨਹੀਂ ਕਰਨੇ ਚਾਹੀਦੇ।
ਜੇ ਹੋ ਸਕੇ ਤਾਂ ਗਰਭਵਤੀ ਔਰਤ ਨੂੰ ਆਪਣੇ ਗਰਭ ਅਵਸਥਾ ਦੇ ਸਮੇਂ ਆਪਣੀ ਸੱਸ, ਨਣਾਨ, ਭੈਣ ਜਾਂ ਮਾਂ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਹੈ, ਜੋ ਕਿ ਉਸ ਦੀ ਉਚਿਤ ਦੇਖਭਾਲ ਕਰ ਸਕੇ। ਗਰਭਵਤੀ ਔਰਤ ਨੂੰ ਲੜਾਈ-ਝਗੜੇ ਵਾਲੀਆਂ ਫਿਲਮਾਂ ਨਹੀਂ ਦੇਖਣੀਆਂ ਚਾਹੀਦੀਆਂ।
ਹਰ ਗਰਭਵਤੀ ਮਹਿਲਾ ਨੂੰ ਸਮੇਂ-ਸਮੇਂ ਉਪਰ ਮਾਹਿਰ ਡਾਕਟਰ ਦੀ ਸਲਾਹ ਲੈਣ ਦੇ ਨਾਲ ਹੀ ਆਪਣੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਗਰਭਵਤੀ ਮਹਿਲਾ ਦਾ ਕਮਰਾ ਹਵਾਦਾਰ ਹੋਣਾ ਚਾਹੀਦਾ ਹੈ, ਉਥੇ ਸਲ੍ਹਾਬ ਜਿਹੀ ਨਹੀਂ ਹੋਣੀ ਚਾਹੀਦੀ। ਕਮਰੇ ਵਿਚ ਹੱਸਦੇ ਹੋਏ ਬੱਚੇ ਦੀ ਤਸਵੀਰ ਇਸ ਤਰ੍ਹਾਂ ਰੱਖੀ ਹੋਣੀ ਚਾਹੀਦੀ ਹੈ ਕਿ ਸਵੇਰੇ ਉੱਠਣ ਸਮੇਂ ਗਰਭਵਤੀ ਮਹਿਲਾ ਦੀ ਪਹਿਲੀ ਨਜ਼ਰ ਹੀ ਉਸ ਬੱਚੇ ਦੀ ਤਸਵੀਰ ਉੱਪਰ ਪਵੇ।
ਆਪਣੇ ਸੌਣ ਦੇ ਤਰੀਕਿਆਂ ਉੱਪਰ ਵੀ ਧਿਆਨ ਦੇਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਉਸ ਨੂੰ ਲੋਂੜੀਂਦੀ ਨੀਂਦ ਲੈਣੀ ਚਾਹੀਦੀ ਹੈ। ਇਹ ਨੀਂਦ ਹੀ ਹੈ ਜੋ ਕਿ ਦਿਨ ਭਰ ਦੀ ਥਕਾਵਟ ਦੂਰ ਕਰਕੇ ਸਾਨੂੰ ਅਗਲੇ ਦਿਨ ਦੇ ਕੰਮਾਂ ਲਈ ਤਿਆਰ ਕਰਦੀ ਹੈ। ਚੰਗੀ ਨੀਂਦ ਆਉਣ ਲਈ ਜ਼ਰੂਰੀ ਹੈ ਕਿ ਸਹੀ ਢੰਗ ਨਾਲ ਸੌਂਇਆ ਜਾਵੇ।
ਪਹਿਲੇ ਤਿੰਨ ਮਹੀਨਿਆਂ ਦੌਰਾਨ ਕਰਵਟ ਲੈ ਕੇ ਜਾਂ ਇਕ ਪਾਸੇ ਹੋ ਕੇ ਪੈਣਾ ਜ਼ਿਆਦਾ ਲਾਹੇਵੰਦ ਹੁੰਦਾ ਹੈ। ਭਾਵੇਂ ਕਿ ਗਰਭਵਤੀ ਮਹਿਲਾ ਪਿੱਠ ਦੇ ਸਹਾਰੇ ਸਿੱਧੀ ਵੀ ਪੈ ਸਕਦੀ ਹੈ। ਚੌਥੇ ਤੋਂ ਛੇਵੇਂ ਮਹੀਨਿਆਂ ਦੇ ਦੌਰਾਨ ਕਦੇ ਵੀ ਪੇਟ ਦੇ ਭਾਰ ਅਤੇ ਉਲਟੇ ਹੋ ਕੇ ਨਹੀਂ ਪੈਣਾ ਚਾਹੀਦਾ। ਇਸ ਤਰ੍ਹਾਂ ਪੇਟ ਉੱਪਰ ਭਾਰ ਪੈ ਜਾਂਦਾ ਹੈ ਜੋ ਕਿ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਗਰਭਵਤੀ ਮਹਿਲਾ ਨੂੰ ਗਰਭ ਦੇ ਸੱਤਵੇਂ ਤੋਂ ਨੌਵੇਂ ਮਹੀਨੇ ਦੇ ਸਮੇਂ ਦੌਰਾਨ ਇਕ ਹੀ ਪਾਸੇ ਜ਼ਿਆਦਾ ਦੇਰ ਤੱਕ ਨਹੀਂ ਪੈਣਾ ਚਾਹੀਦਾ, ਉਸ ਨੂੰ ਖੱਬੇ ਪਾਸੇ ਵੀ ਕੁਝ ਦੇਰ ਪੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੋਵਾਂ ਪੈਰਾਂ ਵਿਚਾਲੇ ਸਿਰਹਾਣਾ ਰੱਖ ਕੇ ਸੌਣ ਨਾਲ ਵੀ ਬੱਚਾ ਅਤੇ ਮਾਂ ਤੰਦਰੁਸਤ ਰਹਿੰਦੇ ਹਨ।
ਗਰਭ ਅਵਸਥਾ ਦੌਰਾਨ ਸੰਗੀਤ ਸੁਣਨਾ ਚੰਗਾ ਮੰਨਿਆ ਜਾਂਦਾ ਹੈ । ਰੱਬ ਦੀ ਪੂਜਾ-ਪਾਠ ਵੀ ਕੀਤਾ ਜਾ ਸਕਦਾ ਹੈ। ਕਦੇ ਵੀ ਕੰਨਾਂ ਨੂੰ ਹੈੱਡ ਫੋਨ ਲਗਾ ਕੇ ਸੰਗੀਤ ਨਹੀਂ ਸੁਣਨਾ ਚਾਹੀਦਾ। ਸਿਰਫ ਹਲਕੀ ਆਵਾਜ਼ ਵਿਚ ਹੀ ਸੰਗੀਤ ਸੁਣਨਾ ਚਾਹੀਦਾ ਹੈ। ਹਰ ਗਰਭਵਤੀ ਮਹਿਲਾ ਨੂੰ ਤਣਾਓ ਤੋਂ ਦੂਰ ਰਹਿਣਾ ਚਾਹੀਦਾ ਹੈ।
ਹਰ ਔਰਤ ਦੀ ਜ਼ਿੰਦਗੀ ਵਿਚ ਗਰਭ ਅਵਸਥਾ ਇਕ ਅਜਿਹਾ ਸਫਰ ਹੁੰਦਾ ਹੈ, ਜੋ ਕਿ ਜੋਖ਼ਮ ਭਰਿਆ ਤਾਂ ਹੁੰਦਾ ਹੈ ਪਰ ਹੁੰਦਾ ਬਹੁਤ ਅਨੰਦਦਾਇਕ ਹੈ। ਇਸ ਸਮੇਂ ਦੌਰਾਨ ਔਰਤ ਨੂੰ ਆਪਣੇ ਅੰਦਰ ਪਲ ਰਹੇ ਨਵੇਂ ਜੀਵ ਬਾਰੇ ਨਿੱਤ ਨਵੀਆਂ ਗੱਲਾਂ ਦਾ ਪਤਾ ਚਲਦਾ ਹੈ ਅਤੇ ਉਹ ਆਪਣੇ ਪੇਟ ਵਿਚ ਪਲ ਰਹੇ ਬੱਚੇ ਨਾਲ ਵੀ ਗੱਲਾਂ ਕਰਦੀ ਰਹਿੰਦੀ ਹੈ। ਉਪਰੋਕਤ ਗੱਲਾਂ ਦਾ ਧਿਆਨ ਰੱਖ ਕੇ ਹਰ ਗਰਭਵਤੀ ਔਰਤ ਸਿਹਤਮੰਦ ਅਤੇ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਹੈ।


-ਲੱਕੀ ਨਿਵਾਸ, 61-ਏ, ਵਿਦਿਆ ਨਗਰ, ਪਟਿਆਲਾ। ਮੋਬਾ: 94638-19174


ਖ਼ਬਰ ਸ਼ੇਅਰ ਕਰੋ

ਧੀ ਘਰ ਦੀ ਰੌਣਕ

ਮਾਪਿਆਂ ਦੇ ਘਰ 20-25 ਵਰ੍ਹੇ ਰਾਜ ਕਰਨ ਵਾਲੀ ਧੀ ਨੂੰ ਸਹੁਰੇ ਤੋਰਨਾ ਤਿਆਗ ਕੁਰਬਾਨੀ ਦਾ ਬਦਲਵਾਂ ਰੂਪ ਹੈ। ਤਾਂ ਹੀ ਤਾਂ ਕਹਿੰਦੇ ਨੇ ਜੇ ਮਨੁੱਖੀ ਸਰੀਰ ਨੂੰ ਬਚਾਉਣ ਲਈ ਖੂਨਦਾਨ ਮਹਾਨ ਦਾਨ ਹੈ ਤਾਂ ਸੰਸਾਰ ਵਿਚ ਮਨੁੱਖੀ ਨਸਲ ਨੂੰ ਅੱਗੇ ਤੋਰਨ ਲਈ ਕੰਨਿਆ ਦਾਨ ਵੀ ਮਹਾਨ ਦਾਨ ਹੈ।
ਧੀ ਵਾਸਤੇ ਦੂਜੇ ਘਰ ਜਾ ਕੇ ਨਵੇਂ ਸਿਰਿਓਂ ਜ਼ਿੰਦਗੀ ਦਾ ਆਰੰਭ ਜ਼ਿੰਦਗੀ ਦਾ ਮਹੱਤਵਪੂਰਨ ਬਦਲਾਓ ਹੈ। ਪੁਰਾਣੇ ਸਮੇਂ ਧੀਆਂ ਨੂੰ ਛੋਟੀ ਉਮਰ ਵਿਚ ਹੀ ਸਹੁਰੇ ਤੋਰ ਦਿੱਤਾ ਜਾਂਦਾ ਸੀ ਪਰ ਅਜੋਕੇ ਦੌਰ ਵਿਚ ਧੀਆਂ ਦੀ ਪੜ੍ਹਾਈ-ਲਿਖਾਈ ਕਾਰਨ ਸਹੁਰੇ ਜਾਣ ਦੇ ਸਮੇਂ ਉਮਰ ਦਾ ਚਾਹੇ ਫਰਕ ਹੈ ਪਰ ਹਕੀਕਤ ਅੱਜ ਵੀ ਇਹੀ ਹੈ। ਧੀ ਦੀ ਮਾਂ ਹੋਣਾ ਅਤੇ ਧੀ ਹੋਣਾ ਕੁਦਰਤ ਦਾ ਸਭ ਤੋਂ ਵੱਡਾ ਵਰਦਾਨ ਹੈ। ਜਿਨ੍ਹਾਂ ਘਰਾਂ ਵਿਚ ਧੀਆਂ ਨਹੀਂ ਹੁੰਦੀਆਂ, ਕਹਿੰਦੇ ਨੇ ਮਾਪਿਆਂ ਦੇ ਪਾਪ ਨਹੀਂ ਧੋਤੇ ਜਾਂਦੇ। ਕੰਨਿਆ ਦਾਨ ਕਰਕੇ ਕਈ ਪਾਪ ਧੋਤੇ ਜਾਂਦੇ ਹਨ।
ਧੀਆਂ ਨੂੰ ਤਰੱਕੀ ਲਈ ਇਕ ਨਰੋਆ ਸਮਾਜ ਚਾਹੀਦਾ ਹੈ, ਜਿਥੇ ਉਹ ਖੁੱਲ੍ਹ ਅਤੇ ਮੌਜ ਨਾਲ ਮਾਪਿਆਂ ਦੇ ਘਰ ਬਚਪਨ ਬਿਤਾ ਸਕਣ ਤੇ ਫਿਰ ਜਵਾਨੀ ਦੀਆਂ ਉਡਾਰੀਆਂ ਲਈ ਬੜਾ ਖੁੱਲ੍ਹਾ ਅੰਬਰ ਚਾਹੀਦਾ ਹੈ, ਜਿਥੇ ਉਹ ਸੁਪਨਿਆਂ ਨੂੰ ਖੰਭ ਲਾ ਸਕਣ ਤੇ ਧੀ ਤੋਂ ਨੂੰਹ ਬਣਨ ਦੇ ਸਫ਼ਰ ਵਿਚ ਇਕ ਅਜਿਹਾ ਪਰਿਵਾਰ ਚਾਹੀਦਾ ਹੈ ਜੋ ਧੀ ਦੇ ਨੂੰਹ ਬਣਨ ਵਿਚ ਮਿਲੇ ਨਵੇਂ ਸੰਸਾਰ ਵਿਚ ਓਪਰਾਪਣ ਨਾ ਮਹਿਸੂਸ ਹੋਣ ਦੇਵੇ। ਪੁਰਾਣੇ ਸਮੇਂ ਵਿਚ ਧੀਆਂ ਦਾ ਮਾਪਿਆਂ ਨਾਲੋਂ ਵਿਛੋੜਾ ਬੜੀ ਦੇਰ ਬਾਅਦ ਮਿਲਣ ਦੀ ਉਮੀਦ ਨਾਲ ਜੁੜਿਆ ਹੁੰਦਾ ਸੀ। ਪਰ ਅੱਜ ਤਕਨਾਲੋਜੀ ਤੇ ਸੰਚਾਰ ਸਾਧਨਾਂ ਨਾਲ ਮਾਪਿਆਂ ਅਤੇ ਧੀਆਂ ਦਾ ਫਾਸਲਾ ਓਨਾ ਨਹੀਂ, ਜਦੋਂ ਮਨ ਚਾਹੇ, ਧੀਆਂ ਆਪਣੇ ਮਾਪਿਆਂ ਨਾਲ ਫੋਨ, ਵੀਡੀਓ ਕਾਲ ਤੇ ਹੋਰ ਕਈ ਤਰ੍ਹਾਂ ਜੁੜੀਆਂ ਰਹਿੰਦੀਆਂ ਹਨ। ਇਹ ਠੀਕ ਹੈ ਕਿ ਕਈ ਘਰਾਂ ਵਿਚ ਅਜੇ ਵੀ ਧੀਆਂ ਦਾ ਜਨਮ ਖੁਸ਼ੀ ਦਾ ਸਬੱਬ ਨਹੀਂ ਬਣਦਾ। ਸੋਗ ਵਰਗੀ ਭਾਵਨਾ ਪੈਦਾ ਹੋ ਜਾਂਦੀ ਹੈ ਪਰ ਅਜਿਹੀ ਸੋਚ ਬਦਲਣੀ ਪਵੇਗੀ। ਧੀ-ਪੁੱਤ ਵਿਚ ਬਰਾਬਰਤਾ ਲਈ ਮਾਵਾਂ ਨੂੰ ਹੀ ਪਹਿਲ ਕਰਨੀ ਪਵੇਗੀ, ਕਿਉਂਕਿ ਉਨ੍ਹਾਂ ਦੀ ਦਿਸ਼ਾ ਨਿਰਦੇਸ਼ ਹੇਠ ਹੀ ਧੀਆਂ-ਪੁੱਤਰਾਂ ਨੇ ਜਵਾਨ ਹੋਣਾ ਹੈ ਤੇ ਫਿਰ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਨਾ ਹੈ।
ਸਾਨੂੰ ਧੀਆਂ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਅਜੇ ਹੋਰ ਬਦਲਣ ਦੀ ਲੋੜ ਹੈ। ਧੀ ਕਈ ਰਿਸ਼ਤਿਆਂ ਦੀ ਸਿਰਜਣਹਾਰ ਹੈ ਪਰ ਅਜੇ ਵੀ ਧੀਆਂ ਲਈ ਸਮਾਜ ਨੇ ਬਾਹਵਾਂ ਖੋਲ੍ਹ ਕੇ ਸਵਾਗਤ ਕਰਨ ਦੀ ਜਾਚ ਨਹੀਂ ਸਿੱਖੀ। ਅਜੇ ਵੀ ਧੀਆਂ ਨੂੰ ਸਮਾਜ ਅੰਦਰਲੀਆਂ ਕਈ ਬੁਰਾਈਆਂ ਦੀ ਭੇਟ ਚੜ੍ਹਨਾ ਪੈਂਦਾ ਹੈ। ਭਰੂਣਹੱਤਿਆ, ਦਾਜ ਪ੍ਰਥਾ, ਬਾਂਝ ਹੋਣ ਦਾ ਦਾਅਨਾ, ਜਬਰ-ਜਨਾਹ, ਛੇੜਖਾਨੀਆਂ ਤੇ ਹੋਰ ਕਈ ਤਰ੍ਹਾਂ ਦੇ ਸ਼ੋਸ਼ਣ ਤੇ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਹਿਣਸ਼ੀਲਤਾ, ਸੰਜਮ ਤੇ ਸਲੀਕੇ ਦੀ ਮੰਗ ਧੀਆਂ ਤੋਂ ਕਰਦਿਆਂ ਅਸੀਂ ਭੁੱਲ ਜਾਂਦੇ ਹਾਂ ਕਿ ਉਨ੍ਹਾਂ ਦੇ ਜਜ਼ਬਿਆਂ ਦੀ ਕਦਰ ਕਰਨਾ ਵੀ ਸਾਡਾ ਫਰਜ਼ ਹੈ।
ਏਨੀਆਂ ਸਥਿਤੀਆਂ ਧੀਆਂ/ਔਰਤਾਂ ਦੇ ਵਿਰੋਧ ਵਿਚ ਹੋਣ ਦੇ ਬਾਵਜੂਦ ਧੀਆਂ ਸਮਾਜ ਦਾ ਬੁਰਾ ਨਹੀਂ ਮੰਗਦੀਆਂ। ਉਹ ਤਾਂ ਮੰਗਦੀਆਂ ਹਨ ਬਸ ਆਪਣੇ ਲਈ ਅਜਿਹਾ ਸੁਰੱਖਿਅਤ ਸਮਾਜ ਜਿਥੇ ਉਨ੍ਹਾਂ ਦੇ ਸੁਪਨਿਆਂ ਨੂੰ ਬੂਰ ਪੈ ਸਕੇ, ਜਿਥੇ ਉਹ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਣ, ਕਿਸੇ ਮੈਲੀ ਨਜ਼ਰ ਦਾ ਅਤੇ ਕਿਸੇ ਦੀ ਹਵਸ ਦਾ ਸ਼ਿਕਾਰ ਨਾ ਬਣ ਸਕਣ।
ਆਓ, ਅਸੀਂ ਸਭ ਆਪਣੇ ਆਲੇ-ਦੁਆਲੇ ਅਜਿਹੇ ਸਮਾਜ ਦੀ ਉਸਾਰੀ ਕਰੀਏ, ਔਰਤਾਂ ਦੀ ਇੱਜ਼ਤ ਤੇ ਸਤਿਕਾਰ ਲਈ ਯਤਨ ਕਰੀਏ।
ਨਾਰੀ ਸਿੱਖਿਆ, ਨਾਰੀ ਆਜ਼ਾਦੀ ਤੇ ਨਾਰੀ ਸਸ਼ਕਤੀਕਰਨ ਦਾ ਨਾਅਰਾ ਦੇਣ ਲਈ ਸਾਨੂੰ ਪਹਿਲਾਂ ਆਪਣੇ-ਆਪਣੇ ਪਰਿਵਾਰਕ ਪੱਧਰ 'ਤੇ ਨਾਰੀ ਨੂੰ ਬਣਦਾ ਸਥਾਨ ਦੇਣਾ ਪਵੇਗਾ, ਤਾਂ ਹੀ ਪੂਰੀ ਤਰ੍ਹਾਂ ਅਸੀਂ ਨਾਰੀ ਆਜ਼ਾਦੀ ਦੇ ਹੱਕਦਾਰ ਹੋਵਾਂਗੇ। ਕਿਸੇ ਕਵੀ ਨੇ ਠੀਕ ਕਿਹਾ ਹੈ-
ਧੀਆਂ ਦੇ ਨੇ ਉੱਜਲ ਮੁਖੜੇ
ਇਹ ਵੀ ਨੇ ਜਾਨ ਦੇ ਟੁਕੜੇ।
ਹਰ ਧੀ ਦਾ ਆਉਣਾ ਸਤਿਕਾਰੋ
ਐਵੇਂ ਨਾ ਧੀਆਂ ਨੂੰ ਮਾਰੋ।
ਧੀਆਂ ਹੁੰਦੀਆਂ ਘਰ ਦੀਆਂ ਸ਼ਾਨਾਂ
ਬੇਸ਼ੱਕ ਹੁੰਦੀਆਂ ਧਨ ਬੇਗਾਨਾ।


-ਐੱਚ. ਐੱਮ. ਵੀ., ਜਲੰਧਰ।

ਸਰਦ ਰੁੱਤ ਵਿਚ ਚਮੜੀ ਦੀ ਦੇਖਭਾਲ

ਸਰਦ ਮੌਸਮ ਦੇ ਸ਼ੁਰੂਆਤੀ ਦਿਨਾਂ ਵਿਚ ਚਮੜੀ ਨੂੰ ਕ੍ਰੀਮ, ਮਾਇਸਚਰਾਈਜਰ, ਫਲਾਂ, ਪੀਣ ਵਾਲੇ ਪਦਾਰਥਾਂ ਅਤੇ ਉਚਿਤ ਪੋਸ਼ਾਹਾਰ ਦੇ ਰਾਹੀਂ ਨਮੀ ਅਤੇ ਨਰਮਾਈ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਸਰਦੀਆਂ ਦੇ ਮਹੀਨੇ ਦੇ ਆਰੰਭ ਵਿਚ ਮੌਸਮ ਵਿਚ ਨਰਮਾਈ ਵਿਚ ਕਮੀ ਕਾਰਨ ਚਮੜੀ ਵਿਚ ਖਿਚਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਹੀ ਵਾਤਾਵਰਨ ਵਿਚ ਨਮੀ ਘੱਟ ਹੋਣੀ ਸ਼ੁਰੂ ਹੁੰਦੀ ਹੈ, ਨਾਲ ਹੀ ਖੁਸ਼ਕ ਅਤੇ ਫੋੜੇ-ਫਿੰਨਸੀਆਂ ਤੋਂ ਗ੍ਰਸਤ ਚਮੜੀ ਲਈ ਪ੍ਰੇਸ਼ਾਨੀਆਂ ਦਾ ਸਬੱਬ ਸ਼ੁਰੂ ਹੋ ਜਾਂਦਾ ਹੈ।
ਜੇਕਰ ਤੁਸੀਂ ਆਪਣੀ ਰਸੋਈ ਅਤੇ ਕਿਚਨ ਗਾਰਡਨ ਵਿਚ ਕੁਝ ਪਦਾਰਥਾਂ ਦੀ ਸਹੀ ਵਰਤੋਂ ਕਰੋ ਤਾਂ ਚਮੜੀ ਨਾਲ ਸਬੰਧਤ ਸਾਰੀਆਂ ਪ੍ਰੇਸ਼ਾਨੀਆਂ ਦਾ ਕੁਦਰਤੀ ਤਰੀਕੇ ਨਾਲ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।
ਸਰਦੀਆਂ ਵਿਚ ਆਮ ਅਤੇ ਖੁਸ਼ਕ ਚਮੜੀ ਨੂੰ ਸਵੇਰੇ ਅਤੇ ਰਾਤ ਨੂੰ ਕਲੀਜ਼ਿੰਗ ਕ੍ਰੀਮ ਅਤੇ ਜੈੱਲ ਨਾਲ ਤਾਜ਼ੇ ਆਮ ਪਾਣੀ ਨਾਲ ਧੋਣਾ ਚਾਹੀਦਾ ਹੈ। ਇਸ ਮੌਸਮ ਵਿਚ ਚਮੜੀ ਦੀ ਆਰਦਰਤਾ ਵਾਤਾਵਰਨ ਵਿਚ ਮਿਲ ਜਾਂਦੀ ਹੈ ਅਤੇ ਚਮੜੀ ਨੂੰ ਖੋਈ ਹੋਈ ਆਰਦਰਤਾ ਨੂੰ ਪ੍ਰਦਾਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ।
ਸਰਦੀਆਂ ਦੇ ਮੌਸਮ ਵਿਚ ਦਿਨ ਦੇ ਸਮੇਂ ਚਮੜੀ ਨੂੰ ਧੁੱਪ ਦੀਆਂ ਕਿਰਨਾਂ ਤੋਂ ਬਚਾਉਣ ਲਈ ਸਨਸਕਰੀਨ ਦੀ ਵਰਤੋਂ ਕਰੋ। ਜਦੋਂ ਵੀ ਚਮੜੀ ਵਿਚ ਰੁੱਖਾਪਨ ਵਧਣਾ ਸ਼ੁਰੂ ਹੁੰਦਾ ਹੈ, ਤਾਂ ਚਮੜੀ 'ਤੇ ਤਰਲ ਮਾਇਸਚਰਾਈਜਰ ਦੀ ਵਰਤੋਂ ਕਰੋ। ਰਾਤ ਨੂੰ ਚਮੜੀ ਨੂੰ ਨਾਈਟਕ੍ਰੀਮ ਨਾਲ ਪੋਸ਼ਿਤ ਕਰਨਾ ਚਾਹੀਦਾ ਹੈ। ਚਮੜੀ 'ਤੇ ਨਾਈਟਕ੍ਰੀਮ ਲਗਾਉਣ ਨਾਲ ਚਮੜੀ ਚਿਕਣੀ ਅਤੇ ਮੁਲਾਇਮ ਹੋ ਜਾਂਦੀ ਹੈ। ਅੱਖਾਂ ਦੀ ਬਾਹਰੀ ਚਮੜੀ ਦੇ ਆਲੇ-ਦੁਆਲੇ ਕ੍ਰੀਮ ਲਗਾ ਕੇ 10 ਮਿੰਟ ਬਾਅਦ ਉਸ ਨੂੰ ਗਿੱਲੇ ਰੂੰ ਦੇ ਫਹੇ ਨਾਲ ਧੋ ਦੇਣਾ ਚਾਹੀਦਾ ਹੈ।
ਤੇਲੀ ਚਮੜੀ ਦੇ ਬਾਹਰੀ ਰੁੱਖੇਪਨ ਨਾਲ ਨਿਪਟਣ ਲਈ ਚਿਹਰੇ 'ਤੇ ਹਰ ਰੋਜ਼ 10 ਮਿੰਟ ਤੱਕ ਸ਼ਹਿਦ ਲਗਾ ਕੇ ਇਸ ਨੂੰ ਸਾਫ਼, ਤਾਜ਼ੇ ਪਾਣੀ ਨਾਲ ਧੋ ਦਿਓ।
ਘਰੇਲੂ ਉਪਾਅ : ਆਮ ਚਮੜੀ ਨੂੰ ਮੁਲਾਇਮ ਅਤੇ ਕੋਮਲ ਬਣਾਉਣ ਲਈ ਹਰ ਰੋਜ਼ 10 ਮਿੰਟ ਚਿਹਰੇ 'ਤੇ ਸ਼ਹਿਦ ਲਗਾ ਕੇ ਇਸ ਨੂੰ ਸਾਫ਼ ਅਤੇ ਤਾਜ਼ੇ ਪਾਣੀ ਨਾਲ ਧੋ ਦਿਓ। ਖੁਸ਼ਕ ਚਮੜੀ ਲਈ ਸ਼ਹਿਦ ਵਿਚ ਆਂਡੇ ਦਾ ਪੀਲਾ ਭਾਗ ਜਾਂ ਇਕ ਚਮਚ ਸ਼ੁੱਧ ਨਾਰੀਅਲ ਤੇਲ ਪਾ ਕੇ ਚਮੜੀ ਨੂੰ ਮਾਲਿਸ਼ ਕਰੋ। ਤੇਲੀ ਚਮੜੀ ਲਈ ਸ਼ਹਿਦ ਵਿਚ ਆਂਡੇ ਦਾ ਸਫੈਦ ਹਿੱਸਾ ਅਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਕੇ ਚਮੜੀ ਦੀ ਮਾਲਿਸ਼ ਕਰੋ। ਸੇਬ ਦੇ ਛਿਲਕੇ ਅਤੇ ਗੂਦਾ ਭਾਗ ਨੂੰ ਮਿਕਸੀ ਵਿਚ ਪੂਰੀ ਤਰ੍ਹਾਂ ਪੀਸ ਕੇ ਲੇਪ ਬਣਾ ਲਓ। ਇਸ ਨੂੰ 15 ਮਿੰਟ ਤੱਕ ਚਿਹਰੇ 'ਤੇ ਫੇਸ ਮਾਸਕ ਦੀ ਤਰ੍ਹਾਂ ਲਗਾਓ ਅਤੇ ਇਸ ਤੋਂ ਬਾਅਦ ਤਾਜ਼ੇ-ਠੰਢੇ ਪਾਣੀ ਨਾਲ ਧੋ ਦਿਓ। ਇਹ ਸਾਰੇ ਤਰ੍ਹਾਂ ਦੀ ਚਮੜੀ ਲਈ ਬਹੁਤ ਜ਼ਿਆਦਾ ਪ੍ਰਭਾਵੀ ਸਕਿਨ ਟੋਨਰ ਸਾਬਤ ਹੁੰਦਾ ਹੈ। ਹਰ ਰੋਜ਼ ਚਿਹਰੇ 'ਤੇ ਐਲੋਵੇਰਾ ਜ਼ੈੱਲ ਲਗਾ ਕੇ ਚਿਹਰੇ ਨੂੰ 20 ਮਿੰਟ ਬਾਅਦ ਤਾਜ਼ੇ, ਸਾਫ਼ ਪਾਣੀ ਨਾਲ ਧੋ ਦਿਓ।
ਐਲੋਵੇਰਾ ਜ਼ੈੱਲ ਪੱਤਿਆਂ ਦੇ ਬਾਹਰੀ ਭਾਗ ਦੇ ਬਿਲਕੁਲ ਹੇਠਾਂ ਮੌਜੂਦ ਰਹਿੰਦਾ ਹੈ। ਜੇ ਤੁਸੀਂ ਇਸ ਨੂੰ ਆਪਣੇ ਵਿਹੜੇ ਵਿਚੋਂ ਪੁੱਟ ਕੇ ਸਿੱਧਾ ਵਰਤੋਂ ਵਿਚ ਲਿਆ ਰਹੇ ਹੋ ਤਾਂ ਪੌਦੇ ਨੂੰ ਸਾਫ਼ ਕਰਨਾ ਕਦੇ ਨਾ ਭੁੱਲੋ।
ਅੱਧਾ ਚਮਚ ਸ਼ਹਿਦ, ਇਕ ਚਮਚ ਗੁਲਾਬ ਜਲ ਅਤੇ ਇਕ ਚਮਚ ਸੁੱਕਾ ਦੁੱਧ ਪਾਊਡਰ ਮਿਲਾ ਕੇ ਇਸ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾ ਕੇ 20 ਮਿੰਟ ਬਾਅਦ ਇਸ ਨੂੰ ਤਾਜ਼ੇ-ਸਾਫ਼ ਪਾਣੀ ਨਾਲ ਧੋ ਦਿਓ।

ਰਲੇ-ਮਿਲੇ ਆਟੇ ਦੇ ਲੱਡੂ

ਸਮੱਗਰੀ : ਰਲਿਆ-ਮਿਲਿਆ ਆਟਾ (ਕਣਕ, ਬੇਸਣ, ਸੋਇਆਬੀਨ) 1 ਕਿਲੋ, ਖੰਡ 750 ਗ੍ਰਾਮ, ਘਿਓ ਭੁੰਨਣ ਲਈ, ਇਲਾਇਚੀ ਪਾਊਡਰ 1/2 ਛੋਟਾ ਚਮਚ, ਸੁੱਕੇ ਮੇਵੇ 4 ਚਮਚ।
ਤਰੀਕਾ : ਇਕ ਪੈਨ ਵਿਚ ਦੇਸੀ ਘਿਓ ਲਓ। ਇਸ ਨੂੰ ਗਰਮ ਕਰ ਲਓ ਅਤੇ ਇਸ ਵਿਚ ਆਟਾ ਪਾ ਦਿਓ ਅਤੇ ਮੱਠੀ ਅੱਗ 'ਤੇ ਚੰਗੀ ਤਰ੍ਹਾਂ ਭੁੰਨ ਲਓ। ਹੁਣ ਇਸ ਵਿਚ ਇਲਾਇਚੀ ਪਾਊਡਰ, ਪੀਸੀ ਖੰਡ, ਸੁੱਕੇ ਮੇਵੇ ਪਾ ਕੇ ਹਵਾ ਦਿਓ। ਹੁਣ ਇਸ ਦੇ ਲੱਡੂ ਵੱਟ ਲਓ। ਜੇਕਰ ਲੋੜ ਹੋਵੇ ਤਾਂ ਘਿਓ ਹੋਰ ਪਾ ਲਓ।
ਪਾਲਕ ਬਰਫੀ
ਸਮੱਗਰੀ : ਦੁੱਧ 1 ਲਿਟਰ, ਪਾਲਕ 250 ਗ੍ਰਾਮ, ਨਾਰੀਅਲ ਦਾ ਬੁਰਦਾ 650 ਗ੍ਰਾਮ, ਖੰਡ 250 ਗ੍ਰਾਮ, ਸੁੱਕੇ ਮੇਵੇ ਸਜਾਉਣ ਲਈ।
ਤਰੀਕਾ : ਪਾਲਕ ਨੂੰ ਧੋ ਕੇ ਬਰੀਕ-ਬਰੀਕ ਕੱਟ ਲਓ। ਦੁੱਧ ਨੂੰ ਉਬਾਲ ਕੇ ਉਸ ਵਿਚ ਪਾਲਕ ਪਾ ਦਿਓ। ਦੁੱਧ ਨੂੰ ਗਾੜ੍ਹਾ ਹੋਣ ਤੱਕ ਪਕਾਓ। ਹੁਣ ਇਸ ਵਿਚ ਖੰਡ ਪਾ ਦਿਓ, ਇਸ ਵਿਚ ਨਾਰੀਅਲ ਦਾ ਬੁਰਾਦਾ ਪਾ ਕੇ। ਇਕ ਥਾਲੀ ਵਿਚ ਘਿਓ ਲਾ ਕੇ ਤਿਆਰ ਮਿਸ਼ਰਣ ਨੂੰ ਇਸ ਉੱਪਰ ਪਾ ਦਿਓ ਅਤੇ ਸੁੱਕੇ ਮੇਵੇ ਤਿਆਰ ਬਰਫੀ ਉੱਪਰ ਲਾ ਦਿਓ।


-ਰਜਿੰਦਰ ਕੌਰ ਸਿੱਧੂ,
ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਕੇ. ਵੀ. ਕੇ., ਮਾਨਸਾ।

ਕੀ ਤੁਸੀਂ ਫ਼ੈਸਲਾ ਪ੍ਰਭਾਵਿਤ ਕਰਨ ਵਾਲੇ ਹੋ?

ਕਹਿਣਾ ਸੌਖਾ ਹੈ ਪਰ ਸਾਡੇ ਵਿਚੋਂ ਜ਼ਿਆਦਾਤਰ ਲੋਕ ਫ਼ੈਸਲਾ ਲੈਣ ਤੋਂ ਕਤਰਾਉਂਦੇ ਹਨ। ਵਿਆਹ-ਸ਼ਾਦੀ ਅਤੇ ਕੈਰੀਅਰ ਵਰਗੀਆਂ ਵੱਡੀਆਂ ਗੱਲਾਂ ਨੂੰ ਛੱਡ ਦੇਈਏ, ਰੋਜ਼ਮਰ੍ਹਾ ਦੇ ਛੋਟੇ-ਛੋਟੇ ਫ਼ੈਸਲੇ ਲੈਣ ਦਾ ਵੀ ਸਾਡੇ ਵਿਚ ਜੇ ਆਤਮਵਿਸ਼ਵਾਸ ਹੋਵੇ ਤਾਂ ਜ਼ਿੰਦਗੀ ਦਾ ਮਜ਼ਾ ਹੀ ਅਲੱਗ ਹੋ ਜਾਂਦਾ ਹੈ। ਆਓ, ਦੇਖਦੇ ਹਾਂ ਤੁਹਾਡੇ ਵਿਚ ਇਹ ਅਨੰਦ ਉਠਾਉਣ ਦੀ ਹਿੰਮਤ ਕਿੰਨੀ ਹੈ?
1. ਪਤੀਦੇਵ ਦੇ ਨਾਲ ਜਦੋਂ ਖਾਣੇ ਲਈ ਰੈਸਟੋਰੈਂਟ ਜਾਂਦੇ ਹੋ ਤਾਂ ਬੈਰ੍ਹੇ ਨੂੰ ਖਾਣੇ ਦਾ ਹੁਕਮ-(ਕ) ਪਤੀਦੇਵ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਬਾਹਰ ਦਾ ਜ਼ਿਆਦਾ ਪਤਾ ਹੁੰਦਾ ਹੈ। (ਖ) ਤੁਸੀਂ ਕਰਦੇ ਹੋ, ਕਿਉਂਕਿ ਤੁਹਾਨੂੰ ਆਪਣੀ ਦੇ ਨਾਲ ਉਨ੍ਹਾਂ ਦੀ ਪਸੰਦ ਬਾਰੇ ਵੀ ਪਤਾ ਹੁੰਦਾ ਹੈ। (ਗ) ਘਰੋਂ ਹੀ ਤੈਅ ਕਰਕੇ ਜਾਂਦੇ ਹੋ ਕਿ ਕੀ ਖਾਣਾ ਹੈ।
2. ਘਰ ਤੋਂ ਬਾਹਰ ਦੁਪਹਿਰ ਜਾਂ ਰਾਤ ਦੇ ਖਾਣੇ ਦਾ ਪ੍ਰੋਗਰਾਮ-(ਕ) ਪਤੀਦੇਵ ਹੀ ਤੈਅ ਕਰਦੇ ਹਨ, ਜਦੋਂ ਉਨ੍ਹਾਂ ਦੇ ਕੋਲ ਸਮਾਂ ਹੋਵੇ। (ਖ) ਤੁਹਾਡੀ ਜ਼ਿੱਦ ਨਾਲ ਤੈਅ ਹੁੰਦਾ ਹੈ। (ਗ) ਪਹਿਲਾਂ ਤੋਂ ਹੀ ਨਿਸਚਿਤ ਹੈ।
3. ਖਰੀਦਦਾਰੀ ਲਈ ਉਦੋਂ ਜਾਂਦੇ ਹੋ-
(ਕ) ਜਦੋਂ ਕਈ ਸਹੇਲੀਆਂ ਜਾ ਰਹੀਆਂ ਹੋਣ। (ਖ) ਜਦੋਂ ਸੱਚਮੁੱਚ ਇਸ ਦੀ ਲੋੜ ਹੋਵੇ। (ਗ) ਜਦੋਂ ਉਹ ਪੈਸੇ ਦਿੰਦੇ ਹਨ।
4. ਤੁਹਾਡਾ ਵਿਆਹ ਹੈ?
(ਕ) ਲਵ ਮੈਰਿਜ। (ਖ) ਮੰਮੀ-ਪਾਪਾ ਦੀ ਪਸੰਦ। (ਗ) ਰਿਸ਼ਤੇਦਾਰਾਂ ਦੀ ਪਸੰਦ।
5. ਤੁਸੀਂ ਨੌਕਰੀ ਕਰਨੀ ਹੈ, ਇਹ ਫ਼ੈਸਲਾ ਸੀ-(ਕ) ਮੰਮੀ-ਪਾਪਾ ਦਾ, ਤਾਂ ਕਿ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕੋ। (ਖ) ਤੁਹਾਡਾ, ਤਾਂ ਕਿ ਆਰਥਿਕ ਆਜ਼ਾਦੀ ਮਹਿਸੂਸ ਕਰ ਸਕੋ। (ਗ) ਸਹੇਲੀ ਦੇ ਕਹਿਣ 'ਤੇ।
ਨਤੀਜੇ : * ਜੇ ਤੁਹਾਡੇ ਹਾਸਲ ਅੰਕ 10 ਤੋਂ ਘੱਟ ਹਨ ਤਾਂ ਮੁਆਫ਼ ਕਰਨਾ, ਤੁਸੀਂ ਫ਼ੈਸਲੇ ਲੈਣ ਵਾਲੇ ਨਹੀਂ ਹੋ, ਭਾਵੇਂ ਕਦੇ-ਕਦੇ ਆਪਣੀ ਰਾਏ ਜ਼ਰੂਰ ਰੱਖਦੇ ਹੋ।
* ਜੇਕਰ ਤੁਹਾਡੇ ਹਾਸਲ ਅੰਕ 10 ਤੋਂ 15 ਦੇ ਵਿਚ ਹਨ ਤਾਂ ਤੁਹਾਡੇ ਵਿਚ ਆਤਮਵਿਸ਼ਵਾਸ ਹੈ, ਫ਼ੈਸਲਾ ਲੈਣ ਦੀ ਸਮਰੱਥਾ ਵੀ ਹੈ ਪਰ ਥੋੜ੍ਹੀ ਹਿਚਕਿਚਾਹਟ ਹੈ, ਜੋ ਵਕਤ ਦੇ ਨਾਲ ਆਪਣੇ-ਆਪ ਚਲੀ ਜਾਵੇਗੀ।
* ਜੇ ਤੁਹਾਡੇ ਹਾਸਲ ਅੰਕ 20 ਤੋਂ 25 ਹਨ ਤਾਂ ਤੁਸੀਂ ਬਿਨਾਂ ਸ਼ੱਕ ਸ਼ਾਨਦਾਰ ਫ਼ੈਸਲੇ ਲੈਂਦੇ ਹੋ।


-ਪਿੰਕੀ ਅਰੋੜਾ

ਕੀ ਵਾਕਿਆ ਹੀ ਸੁੱਖ-ਦੁੱਖ ਦੇ ਸਾਥੀ ਹੋ ਤੁਸੀਂ?

1. ਤੁਹਾਡੇ ਪਤੀ ਹਰ ਸਾਲ ਵਰ੍ਹੇਗੰਢ 'ਤੇ ਤੁਹਾਨੂੰ ਮਹਿੰਗਾ ਗਲੇ ਦਾ ਹਾਰ ਦਿੰਦੇ ਹਨ। ਪਰ ਇਸ ਵਾਰ ਨਹੀਂ ਦੇ ਸਕੇ। ਅਜਿਹੇ ਵਿਚ ਤੁਸੀਂ-
(ਕ) ਉਨ੍ਹਾਂ ਨਾਲ ਨਾਰਾਜ਼ ਹੋ ਜਾਂਦੇ ਹੋ। (ਖ) ਵਰ੍ਹੇਗੰਢ ਦੇ ਦਿਨ ਕੁਝ ਨਹੀਂ ਕਹਿੰਦੇ। (ਗ) ਇਸ ਗੱਲ 'ਤੇ ਗੌਰ ਹੀ ਨਹੀਂ ਕਰਦੇ।
2. ਤੁਹਾਡਾ ਜਨਮ ਦਿਨ ਹੈ ਅਤੇ ਪਤੀ ਨੇ ਮਹੱਤਵਪੂਰਨ ਮੀਟਿੰਗ ਵਿਚ ਜਾਣਾ ਹੈ। ਅਜਿਹੇ ਵਿਚ ਤੁਸੀਂ-(ਕ) ਪਤੀ ਨੂੰ ਜਾਣ ਨੂੰ ਕਹੋਗੇ। (ਖ) ਪਤੀ ਨੂੰ ਜਾਣ ਤੋਂ ਰੋਕੋਗੇ। (ਗ) ਪਤੀ ਨੂੰ ਕਹੋਗੇ ਚਲੇ ਜਾਓ ਪਰ ਛੇਤੀ ਆਉਣਾ।
3. ਤੁਹਾਡੇ ਪਤੀ ਦਾ ਅਚਾਨਕ ਵਪਾਰ ਠੱਪ ਹੋ ਗਿਆ ਹੈ। ਇਸ ਦੇ ਲਈ ਤੁਸੀਂ ਆਏ ਦਿਨ-(ਕ) ਪਤੀ ਨੂੰ ਤਾਅਨਾ ਦਿਓਗੇ ਕਿ ਇਹ ਸਭ ਉਨ੍ਹਾਂ ਦੀ ਲਾਪ੍ਰਵਾਹੀ ਦਾ ਨਤੀਜਾ ਹੈ। (ਖ) ਇਸ ਔਖੇ ਸਮੇਂ ਸਹਾਰਾ ਬਣ ਕੇ ਨਾਲ ਖੜ੍ਹੇ ਹੋ ਜਾਓਗੇ। (ਗ) ਆਪਣੀ ਨਾਖੁਸ਼ੀ ਦਰਸਾਉਣ ਲਈ ਪਤੀ ਨਾਲ ਬੋਲਣਾ ਬੰਦ ਕਰ ਦਿਓਗੇ।
4. ਕਿਸੇ ਦਿਨ ਅਚਾਨਕ ਤੁਹਾਡੇ ਪਤੀ ਦੇ ਨਾਲ ਉਨ੍ਹਾਂ ਦੇ ਕਈ ਦੋਸਤ ਵੀ ਘਰ ਖਾਣ ਲਈ ਆ ਜਾਂਦੇ ਹਨ। ਇਸ 'ਤੇ ਤੁਸੀਂ-(ਕ) ਗਰਮਜੋਸ਼ੀ ਨਾਲ ਸਭ ਦਾ ਸਵਾਗਤ ਕਰਦੇ ਹੋ। (ਖ) ਪਤੀ ਨੂੰ ਸਾਰਿਆਂ ਨੂੰ ਹੋਟਲ ਲਿਜਾਣ ਲਈ ਕਹਿੰਦੇ ਹੋ। (ਗ) ਉਸ ਸਮੇਂ ਤਾਂ ਉਨ੍ਹਾਂ ਸਾਰਿਆਂ ਦੀ ਸੇਵਾ ਕਰਦੇ ਹੋ ਪਰ ਭਵਿੱਖ ਵਿਚ ਅਜਿਹਾ ਨਾ ਹੋਵੇ, ਇਸ ਵਾਸਤੇ ਪਤੀਦੇਵ ਨੂੰ ਚਿਤਾਵਨੀ ਦੇ ਦਿੰਦੇ ਹੋ।
5. ਤੁਹਾਡੀ ਸਹੇਲੀ ਦੇ ਪਤੀ ਨੇ ਉਸ ਨੂੰ ਵਿਦੇਸ਼ੀ ਟ੍ਰਿਪ 'ਤੇ ਲਿਜਾਣ ਦਾ ਵਾਅਦਾ ਕੀਤਾ ਹੈ। ਇਸ 'ਤੇ ਤੁਸੀਂ-(ਕ) ਆਪਣੇ ਪਤੀਦੇਵ ਨੂੰ ਮਜਬੂਰ ਕਰਦੇ ਹੋ ਕਿ ਉਹ ਵੀ ਤੁਹਾਨੂੰ ਵਿਦੇਸ਼ ਲੈ ਜਾਵੇ। (ਖ) ਸਹੇਲੀ ਦੀ ਇਸ ਗੱਲ ਦਾ ਘਰ ਵਿਚ ਜ਼ਿਕਰ ਤੱਕ ਨਹੀਂ ਕਰਦੇ। (ਗ) ਪਤੀ ਨੂੰ ਤਾਂ ਕੁਝ ਨਹੀਂ ਕਹਿੰਦੇ ਪਰ ਮਨ ਹੀ ਮਨ ਸੋਚਦੇ ਹੋ ਕਿ ਕਾਸ਼ ਮੈਨੂੰ ਵੀ ਕਦੇ ਅਜਿਹਾ ਹੀ ਸਰਪ੍ਰਾਈਜ਼ ਮਿਲੇ...।
ਨਤੀਜਾ : (ਕ) ਜੇ ਤੁਹਾਡੇ ਪ੍ਰਾਪਤ ਅੰਕ 0 ਤੋਂ 9 ਦੇ ਵਿਚਕਾਰ ਹਨ ਤਾਂ ਤੁਸੀਂ ਖੁਦ ਹੀ ਸਮਝ ਜਾਓ ਕਿ ਤੁਸੀਂ ਕਿਹੋ ਜਿਹੀ ਪਤਨੀ ਹੋ? ਆਪਣੇ-ਆਪ ਨੂੰ ਸੁਧਾਰੋ, ਤਾਂ ਕਿ ਸੱਚੀ ਜੀਵਨ ਸਾਥਣ ਬਣ ਸਕੋ।
(ਖ) ਜੇਕਰ ਤੁਹਾਡੇ ਅੰਕ 10 ਤੋਂ 19 ਦੇ ਵਿਚ ਹਨ ਤਾਂ ਤੁਸੀਂ ਸਮਝਦਾਰ ਅਤੇ ਮੌਕੇ ਦੀ ਸੰਵੇਦਨਸ਼ੀਲਤਾ ਸਮਝਦੇ ਹੋ।
(ਗ) ਜੇਕਰ ਤੁਹਾਡੇ ਪ੍ਰਾਪਤ ਅੰਕ 20 ਜਾਂ ਇਸ ਤੋਂ ਜ਼ਿਆਦਾ ਹਨ ਤਾਂ ਤੁਹਾਡੇ ਬਾਰੇ ਵਿਚ ਕੁਝ ਵੀ ਕਹਿਣ ਦੀ ਲੋੜ ਨਹੀਂ, ਤੁਸੀਂ ਇਕ ਬਿਹਤਰੀਨ ਲਾਈਫ ਪਾਰਟਨਰ ਹੋ ਭਾਵ ਸੁੱਖ-ਦੁੱਖ ਵਿਚ ਸੱਚੀ ਸਾਥਣ।


-ਪ. ਅਰੋੜਾ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX