ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  1 day ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  1 day ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  1 day ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  1 day ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  1 day ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਕਪੁੱਤ

ਇਕ ਅਮੀਰ ਆਦਮੀ ਸੜਕ ਦੇ ਕਿਨਾਰੇ ਆਪਣੀ ਗੱਡੀ ਕੋਲ ਖੜ੍ਹਾ ਫੋਨ ਸੁਣ ਰਿਹਾ ਸੀ। ਉਸ ਨੇ ਹੱਥ ਵਿਚ ਕਾਲੇ ਰੰਗ ਦਾ ਬੈਗ ਫੜਿਆ ਹੋਇਆ ਸੀ। ਕੁਝ ਦੂਰੀ 'ਤੇ ਦੋ ਨੌਜਵਾਨ ਮੋਟਰਸਾਈਕਲ ਸਵਾਰ ਖੜ੍ਹੇ ਉਸ ਦੀਆਂ ਗੱਲਾਂ ਸੁਣ ਰਹੇ ਸਨ। ਉਨ੍ਹਾਂ ਦਾ ਧਿਆਨ ਉਸ ਦੇ ਹੱਥ ਵਿਚ ਫੜੇ ਬੈਗ ਵੱਲ ਸੀ। ਏਨੇ ਨੂੰ ਇਕ ਅਧੇੜ ਉਮਰ ਦੇ ਭਿਖਾਰੀ ਦੀ ਨਜ਼ਰ ਵੀ ਗੱਡੀ ਵਾਲੇ 'ਤੇ ਪੈਂਦੀ ਹੈ। ਉਹ ਉੱਠ ਕੇ ਗੱਡੀ ਵਾਲੇ ਕੋਲ ਚਲਿਆ ਜਾਂਦਾ ਹੈ ਤੇ ਉਹਦੇ ਕੋਲੋਂ ਕੁਝ ਖਾਣ ਲਈ ਮੰਗਦਾ ਹੈ। ਗੱਡੀ ਵਾਲਾ ਉਹਦਾ ਚਿਹਰਾ ਦੇਖੇ ਬਿਨਾਂ ਹੀ ਕਹਿੰਦਾ, 'ਜਾਹ ਅੱਗੇ ਤੁਰ ਜਾ, ਮੇਰਾ ਇਥੇ ਲੰਗਰ ਨ੍ਹੀਂ ਲਾਇਆ, ਅਮੀਰ ਆਦਮੀ ਦੇਖਿਆ ਨਹੀਂ ਕਿ ਮੰਗਣ ਤੁਰ ਪੈਂਦੇ ਨੇ।' ਭਿਖਾਰੀ ਨੂੰ ਉਹਦੀ ਆਵਾਜ਼ ਸੁਣ ਕੇ ਜਿਵੇਂ ਧੱਕਾ ਜਿਹਾ ਲੱਗਿਆ। ਭਿਖਾਰੀ ਆਪਣੇ ਮਨ ਵਿਚ ਰੱਬ ਨੂੰ ਉਲਾਂਭੇ ਦੇਣ ਲੱਗਿਆ, 'ਵਾਹ ਓਏ ਰੱਬਾ, ਇਹ ਵੀ ਤੇਰੇ ਰੰਗ ਨੇ। ਦੋ ਦਿਨਾਂ ਤੋਂ ਕੁਝ ਵੀ ਖਾਧਾ-ਪੀਤਾ ਨ੍ਹੀਂ, ਛੇ ਮਹੀਨੇ ਹੋ ਗਏ ਅਣਜਾਣੇ ਸ਼ਹਿਰ ਦੀਆਂ ਸੜਕਾਂ 'ਤੇ ਧੱਕੇ ਖਾਂਦੇ ਨੂੰ। ਜਿਨ੍ਹਾਂ ਨੂੰ ਖੂਨ ਦੀਆਂ ਘੁੱਟਾਂ ਪਿਆ ਕੇ ਪਾਲਿਆ, ਉਹ ਬੱਚੇ ਦੋ ਵਕਤ ਦੀ ਰੋਟੀ ਨ੍ਹੀਂ ਦੇ ਸਕੇ।
ਸੋਚਦਾ-ਸੋਚਦਾ ਭਿਖਾਰੀ ਇਕ ਰੁੱਖ ਥੱਲੇ ਬੈਠ ਗਿਆ। ਏਨੇ ਨੂੰ ਇਕ ਔਰਤ ਭਿਖਾਰੀ ਮੂਹਰੇ 20 ਰੁਪਏ ਦਾ ਨੋਟ ਸੁੱਟ ਕੇ ਤੁਰਨ ਹੀ ਲਗਦੀ ਹੈ ਕਿ ਭਿਖਾਰੀ ਬੋਲਿਆ, 'ਭਾਈ ਬੀਬੀ, ਇਹ ਕਾਗਜ਼ ਦੇ ਨੋਟ ਮੇਰੇ ਕਿਸ ਕੰਮ, ਮੈਨੂੰ ਤਾਂ ਦੋ ਦਿਨਾਂ ਤੋਂ ਭੁੱਖਾ ਹਾਂ। ਮੈਨੂੰ ਤਾਂ ਕੁਝ ਖਾਣ ਲਈ ਚਾਹੀਦਾ ਹੈ।' ਔਰਤ ਬੋਲੀ, 'ਬਾਬਾ, ਮੇਰੇ ਕੋਲ ਏਨਾ ਸਮਾਂ ਨਹੀਂ ਕਿ ਮੈਂ ਤੈਨੂੰ ਕੁਝ ਖਾਣ ਲਈ ਲਿਆ ਕੇ ਦੇ ਸਕਾਂ।' ਇਹ ਕਹਿ ਕੇ ਉਹ ਅੱਗੇ ਚਲੀ ਗਈ। ਏਨੇ ਚਿਰ ਨੂੰ ਭਿਖਾਰੀ ਦੇ ਕੰਨਾਂ ਵਿਚ ਕੁਝ ਸ਼ੋਰ ਸੁਣਾਈ ਦਿੰਦਾ ਹੈ। ਉਸ ਨੇ ਕੀ ਦੇਖਿਆ ਕਿ ਗੱਡੀ ਵਾਲੇ ਦੇ ਆਲੇ-ਦੁਆਲੇ ਕਾਫੀ ਇਕੱਠ ਸੀ। ਭਿਖਾਰੀ ਵੀ ਚਲਿਆ ਗਿਆ। ਗੱਡੀ ਵਾਲਾ ਵਾਰ-ਵਾਰ ਇਕੋ ਗੱਲ ਦੁਹਰਾ ਰਿਹਾ ਸੀ ਕਿ ਮੈਂ ਲੁੱਟਿਆ ਗਿਆ, ਮੈਂ ਪੱਟਿਆ ਗਿਆ। ਏਨੇ ਨੂੰ ਇਕ ਹੋਰ ਗੱਡੀ ਉਹਦੇ ਕੋਲ ਆ ਕੇ ਰੁਕਦੀ ਹੈ, ਗੱਡੀ ਵਿਚੋਂ ਦੋ ਆਦਮੀ ਬਾਹਰ ਆਉਂਦੇ ਹਨ। ਉਨ੍ਹਾਂ ਨੇ ਗੱਡੀ ਵਾਲੇ ਕੋਲੋਂ ਰੋਣ ਦੀ ਵਜ੍ਹਾ ਪੁੱਛੀ ਤਾਂ ਗੱਡੀ ਵਾਲੇ ਨੇ ਰੋਂਦੇ ਹੋਏ ਦੱਸਿਆ ਕਿ 'ਮੈਂ ਤੁਹਾਡੇ ਨਾਲ ਫੋਨ 'ਤੇ ਅਜੇ ਗੱਲ ਕਰ ਹੀ ਰਿਹਾ ਸੀ ਕਿ ਏਨੇ ਨੂੰ ਮੋਟਰਸਾਈਕਲ 'ਤੇ ਦੋ ਨੌਜਵਾਨ ਆਏ ਤੇ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।' ਉਨ੍ਹਾਂ ਦੋ ਵਿਅਕਤੀਆਂ ਵਿਚੋਂ ਇਕ ਬੋਲਿਆ, 'ਯਾਰ, ਅਸੀਂ ਤੇਰੀ ਪ੍ਰੇਸ਼ਾਨੀ ਤੋਂ ਕੁਝ ਨਹੀਂ ਲੈਣਾ। ਸਾਨੂੰ ਸਾਡੇ ਪੈਸੇ ਚਾਹੀਦੇ ਹਨ।' ਗੱਡੀ ਵਾਲਾ ਉਨ੍ਹਾਂ ਕੋਲੋਂ ਦੋ ਦਿਨ ਦੀ ਮੁਹਲਤ ਮੰਗਣ ਲੱਗਾ ਪਰ ਉਨ੍ਹਾਂ ਨੇ ਸਾਫ਼-ਸਾਫ਼ ਮਨ੍ਹਾਂ ਕਰ ਦਿੱਤਾ। ਉਨ੍ਹਾਂ ਦੋ ਵਿਅਕਤੀਆਂ ਵਿਚੋਂ ਇਕ ਕਹਿੰਦਾ, 'ਜਨਾਬ, ਜਿੰਨਾ ਚਿਰ ਇਹ ਪੈਸੇ ਵਾਪਸ ਨਹੀਂ ਕਰਦਾ, ਇਹਦੀ ਗੱਡੀ ਤੇ ਹੋਰ ਕੀਮਤੀ ਸਾਮਾਨ ਸਾਨੂੰ ਆਪਣੇ ਕਬਜ਼ੇ ਵਿਚ ਕਰ ਲੈਣਾ ਚਾਹੀਦਾ ਹੈ।' ਇਹ ਸੁਣਦਿਆਂ ਹੀ ਗੱਡੀ ਵਾਲਾ ਉਨ੍ਹਾਂ ਦੇ ਪੈਰਾਂ ਵਿਚ ਡਿਗ ਕੇ ਤਰਲੇ-ਮਿੰਨਤਾਂ ਕਰਨ ਲੱਗਾ। ਇਕ ਵਿਅਕਤੀ ਬੋਲਿਆ, 'ਅੱਛਾ ਤੇ ਤੈਨੂੰ ਹੁਣ ਭੀਖ ਚਾਹੀਦੀ ਹੈ ਸਾਡੇ ਕੋਲੋਂ ਭਿਖਾਰੀ', ਇਕ ਰੁਪਿਆ ਸੁੱਟ ਕੇ ਉਹ ਅੱਗੇ ਤੁਰ ਗਏ ਉਹਦਾ ਸਭ ਕੁਝ ਲੈ ਕੇ। ਉਥੇ ਖੜ੍ਹੇ ਲੋਕ ਵੀ ਆਪੋ-ਆਪਣੇ ਰਾਹ ਪੈ ਗਏ। ਸਿਰਫ ਇਕ ਭਿਖਾਰੀ ਤੇ ਉਹ ਰਹਿ ਗਏ ਸਨ। ਭਿਖਾਰੀ ਉਹਦੇ ਵੱਲ ਬੜੀ ਗੌਰ ਨਾਲ ਦੇਖ ਰਿਹਾ ਸੀ ਤੇ ਉਹਦੇ ਕੋਲ ਆ ਕੇ ਕਹਿੰਦਾ, 'ਲੈ ਪੁੱਤ ਆਹ ਵੀਹ ਰੁਪਏ ਰੱਖ, ਹੋ ਸਕਦਾ ਤੇਰੇ ਕਿਸੇ ਕੰਮ ਆ ਜਾਣ।' ਜਦੋਂ ਗੱਡੀ ਵਾਲੇ ਨੇ ਆਪਣਾ ਮੂੰਹ ਚੁੱਕ ਕੇ ਉੱਪਰ ਦੇਖਿਆ ਤਾਂ ਉਹਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਉਹਦੇ ਸਾਹਮਣੇ ਭਿਖਾਰੀ ਨਹੀਂ, ਉਹਦਾ ਬਾਪ ਖੜ੍ਹਾ ਸੀ। ਉਹਦਾ ਸਿਰ ਸ਼ਰਮ ਨਾਲ ਝੁਕ ਗਿਆ ਤੇ ਭਿਖਾਰੀ ਮੁਸਕਰਾ ਕੇ ਅੱਗੇ ਤੁਰ ਗਿਆ।

-ਪਿੰਡ ਭਨੋਹੜ, ਮੁੱਲਾਂਪੁਰ ਦਾਖਾ (ਲੁਧਿਆਣਾ). ਮੋਬਾ: 97810-13953


ਖ਼ਬਰ ਸ਼ੇਅਰ ਕਰੋ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-5: ਸੁਪਰਮੈਨ

ਜੇਕਰ ਵੀਹਵੀਂ ਸਦੀ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਕਾਰਟੂਨ ਚਰਿੱਤਰ ਦਾ ਨਾਂਅ ਲੈਣਾ ਹੋਵੇ ਤਾਂ ਉਹ ਸੁਪਰਮੈਨ ਹੈ। ਜਿਵੇਂ ਕਿ ਇਸ ਦੇ ਨਾਂਅ ਤੋਂ ਹੀ ਸਪੱਸ਼ਟ ਹੈ, ਇਹ ਪੱਛਮੀ ਮੁਲਕ ਦਾ ਕਾਰਟੂਨ ਚਰਿੱਤਰ ਸੁਪਰਮੈਨ ਹਰ ਮੁਸ਼ਕਿਲ ਕੰਮ ਕਰਨ ਵਿਚ ਮਾਹਿਰ ਹੈ। ਇਹ ਅਸਮਾਨ ਵਿਚ ਇਉਂ ਉਡਦਾ ਹੈ, ਜਿਵੇਂ ਕੋਈ ਮਨੁੱਖ ਨਹੀਂ, ਸਗੋਂ ਹਵਾਈ ਜਹਾਜ਼ ਉਡਦਾ ਜਾ ਰਿਹਾ ਹੋਵੇ। ਇਸ ਪਾਤਰ ਦੀ ਰਚਨਾ ਜੋ ਸ਼ਸਟਰ ਅਤੇ ਜੇਰੀ ਸੇਗਲ ਨੇ 1933 ਵਿਚ ਕੀਤੀ ਸੀ। ਅਸਲ ਵਿਚ ਜੇਰੀ ਸੇਗਲ ਇਕ ਤੇਜ਼ ਬੁੱਧੀ ਵਾਲਾ ਲੜਕਾ ਸੀ, ਜੋ ਅਕਸਰ ਕਲਪਨਾ ਦੀ ਦੁਨੀਆ ਵਿਚ ਖੋਇਆ ਰਹਿੰਦਾ ਸੀ। ਉਸ ਦੀ ਕਲਪਨਾ ਵਿਚੋਂ ਹੀ ਪੈਦਾ ਹੋਇਆ ਸੀ ਇਹ ਅਦਭੁੱਤ ਮਨੁੱਖੀ ਸ਼ਕਤੀ ਦਾ ਮਾਲਕ ਸੁਪਰਮੈਨ। ਇਸ ਕਾਰਟੂਨ ਪਾਤਰ ਦਾ ਚਿੱਤਰ ਬਣਾਉਣ ਵਾਲਾ ਉਸ ਦਾ ਦੋਸਤ ਸ਼ਸਟਰ ਹੈ। ਦੋਵਾਂ ਦੀ ਕਲਪਨਾ ਵਿਚੋਂ ਪੈਦਾ ਹੋਇਆ ਸਾਹਸੀ ਸੁਪਰਮੈਨ ਆਪਣੀ ਜ਼ਬਰਦਸਤ ਡੀਲ ਡੌਲ ਸਦਕਾ ਬੱਚਿਆਂ ਦਾ ਦੀਵਾਨਾ ਬਣ ਗਿਆ ਹੈ। ਇਸ ਪਾਤਰ ਦੇ ਪਿਛੋਕੜ ਦੀ ਗੱਲ ਕਰਦੇ ਹਾਂ। ਜਦੋਂ ਧਰਤੀ ਨਾਲੋਂ ਵੱਡੇ ਗ੍ਰਹਿ ਕ੍ਰਿਪਟਨ ਉੱਪਰ ਖ਼ਤਰਾ ਮਹਿਸੂਸ ਹੋਣ ਲੱਗਾ ਤਾਂ ਉਸ ਦੇ ਮਾਤਾ-ਪਿਤਾ ਜਾਰ ਐਲ ਅਤੇ ਲਾਰਾ ਨੇ ਉਸ ਨੂੰ ਕ੍ਰਿਪਟਨ ਗ੍ਰਹਿ ਤੋਂ ਜ਼ਮੀਨ 'ਤੇ ਸੁੱਟ ਦਿੱਤਾ, ਜਿੱਥੇ ਉਸ ਦੇ ਇਕ ਪਾਲਣਹਾਰ ਜੋੜੇ ਨੇ ਉਸ ਦੀ ਪਾਲਣਾ-ਪੋਸਣਾ ਕੀਤੀ ਅਤੇ ਉਨ੍ਹਾਂ ਨੇ ਉਸ ਦਾ ਨਾਂਅ ਕਲਾਰਕ ਕੈਂਟ ਰੱਖ ਦਿੱਤਾ। ਸੁਪਰਮੈਨ ਨੂੰ ਪਹਿਲੀ ਵਾਰੀ 'ਰੇਨ ਆਫ ਦ ਸੁਪਰਮੈਨ' ਨਾਂਅ ਦੀ ਚਿੱਟੀ-ਕਾਲੀ ਸਟਰਿਪ ਵਿਚ ਵੇਖਿਆ ਗਿਆ ਸੀ। ਇਹ ਮੁੱਠੀਆਂ ਬੰਦ ਕਰਕੇ ਰੱਖਦਾ ਹੈ। ਇਸ ਨਾਲ ਸਬੰਧਤ ਕਹਾਣੀਆਂ ਦੇ ਅਨੇਕ ਕਾਮਿਕਸ ਮਿਲਦੇ ਹਨ। ਕਈ ਫ਼ਿਲਮਾਂ ਵੀ ਸੁਪਰਮੈਨ ਉਪਰ ਬਣ ਚੁੱਕੀਆਂ ਹਨ। ਬੱਚੇ ਉਨ੍ਹਾਂ ਕਾਪੀਆਂ-ਕਿਤਾਬਾਂ ਅਤੇ ਬੁਨੈਣਾਂ ਨੂੰ ਵਧੇਰੇ ਪਸੰਦ ਕਰਦੇ ਹਨ, ਜਿਨ੍ਹਾਂ ਪਿੱਛੇ ਇਹ ਪਾਤਰ ਐਕਸ਼ਨ ਵਿਚ ਦਿਖਾਈ ਦਿੰਦਾ ਹੈ।

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।
ਮੋਬਾ: 98144-23703

ਸਕੂਲ 'ਚ ਬਾਲ ਸਭਾ ਦਾ ਮਹੱਤਵ

ਵਿਦਿਆਰਥੀ ਜੀਵਨ ਵਿਚ ਬਾਲ ਸਭਾ ਬੱਚੇ ਦਾ ਸਰਬਪੱਖੀ ਕਰਨ 'ਚ ਪਹਿਲਾ ਕਦਮ ਅਦਾ ਕਰਦੀ ਹੈ। ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਕੇ ਉਨ੍ਹਾਂ ਦੀ ਜ਼ਿੰਦਗੀ ਦੇ ਦੂਸਰੇ ਪਹਿਲੂਆਂ ਨੂੰ ਵੀ ਉਭਾਰਨਾ ਚਾਹੀਦਾ ਹੈ। ਬਾਲ ਸਭਾ 'ਚ ਰਹਿ ਕੇ ਬੱਚੇ ਅਨੁਸ਼ਾਸਨ 'ਚ ਰਹਿਣਾ ਸਿੱਖਦੇ ਹਨ। ਇਸ ਤਰ੍ਹਾਂ ਬੱਚਿਆਂ 'ਚ ਬੋਲਣ ਦੀ ਝਿਜਕ ਖਤਮ ਹੁੰਦੀ ਹੈ, ਸਟੇਜ ਦਾ ਡਰ ਖ਼ਤਮ ਹੋ ਜਾਂਦਾ ਹੈ। ਸ਼ਰਾਰਤੀ ਬੱਚੇ ਨੂੰ ਸਭਾ 'ਚ ਇਨਾਮ ਦੇ ਕੇ ਸਨਮਾਨਿਤ ਕਰਨ ਨਾਲ ਤਬਦੀਲੀ ਲਿਆਂਦੀ ਜਾ ਸਕਦੀ ਹੈ। ਜਿਹੜੇ ਬੱਚੇ ਪੜ੍ਹਾਈ ਵਿਚੋਂ ਕਮਜ਼ੋਰ ਹੁੰਦੇ ਹਨ, ਉਹ ਦੂਸਰੇ ਪੱਖਾਂ ਵਿਚ ਅੱਗੇ ਹੁੰਦੇ ਹਨ। ਅਜਿਹੇ ਬੱਚੇ ਮੁਕਾਬਲੇ ਦੀ ਭਾਵਨਾ ਨਾਲ ਭਾਸ਼ਣ ਦਿੰਦੇ ਹਨ। ਸਮੇਂ-ਸਮੇਂ ਸਿਰ ਬੱਚਿਆਂ ਨੂੰ ਸਨਮਾਨਿਤ ਕਰਦੇ ਰਹਿਣਾ ਚਾਹੀਦਾ ਹੈ। ਅਜਿਹੇ ਸਮਾਰੋਹ ਦੂਸਰੇ ਬੱਚਿਆਂ ਲਈ ਉਦਾਹਰਨ ਬਣਦੇ ਹਨ। ਅਧਿਆਪਕ ਹੀ ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਤੇ ਗਿਆਨ ਦੇ ਭੰਡਾਰ ਵਿਚ ਵਾਧਾ ਕਰ ਸਕਦਾ ਹੈ ਅਤੇ ਇਹ ਭੰਡਾਰ ਸਦੀਵੀ ਆ ਜਾਂਦਾ ਹੈ। ਇਹ ਸਿੱਖਿਆ ਤੰਤਰ ਦਾ ਬਹੁਤ ਲਾਭਕਾਰੀ ਤੇ ਜ਼ਰੂਰੀ ਅੰਗ ਹੈ। ਅਧਿਆਪਕ ਹੀ ਬੱਚਿਆਂ ਨੂੰ ਚੰਗੀ ਸੇਧ ਦੇ ਕੇ ਚੰਗੇ ਗੁਣਾਂ ਵਾਲੇ ਨਾਗਰਿਕ ਪੈਦਾ ਕਰ ਸਕਦਾ ਹੈ। ਸਾਡੇ ਦੇਸ਼ ਵਿਚ ਅਜਿਹੇ ਬੱਚਿਆਂ ਦੀ ਬਹੁਤ ਹੀ ਜ਼ਿਆਦਾ ਲੋੜ ਹੈ। ਬਾਲ ਸਭਾ ਇਕ ਵਾਰੀ ਜ਼ਰੂਰ ਲੱਗਣੀ ਚਾਹੀਦੀ ਹੈ। ਸਭਾਵਾਂ 'ਚ ਖੇਡਾਂ, ਸਿਹਤ, ਅਨੁਸ਼ਾਸਨ, ਨਸ਼ਿਆਂ ਦੀ ਰੋਕਥਾਮ, ਗੀਤ, ਸੰਗੀਤ, ਸਕਿੱਟ ਆਦਿ ਤਿਆਰ ਕਰਕੇ ਸਭਾ ਵਿਚ ਪੇਸ਼ ਕਰਨ। ਸ਼ੁਰੂ ਵਿਚ ਬੱਚੇ ਅਧਿਆਪਕਾਂ ਤੋਂ ਮਦਦ ਲੈਣ। ਇਹ ਸਾਰਾ ਕਾਰਜ ਪੜ੍ਹਾਈ ਤੋਂ ਹਟ ਕੇ ਹੋਵੇ। ਬੱਚੇ ਨੂੰ ਵਾਰ-ਵਾਰ ਸਟੇਜ 'ਤੇ ਜਾਣ ਦਾ ਮੌਕਾ ਮਿਲੇ ਤਾਂ ਫਿਰ ਬੱਚੇ ਚੰਗੇ ਬੁਲਾਰੇ ਜ਼ਰੂਰ ਬਣਨਗੇ ਅਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਫਤਹਿ ਹਾਸਲ ਕਰਨਗੇ। ਬੱਚਿਆਂ 'ਚ ਇਸ ਕਮੀ ਨੂੰ ਅਧਿਆਪਕ ਹੀ ਦੂਰ ਕਰ ਸਕਦਾ ਹੈ। ਅਧਿਆਪਕ ਵਾਰੀ-ਵਾਰੀ ਸਾਰੇ ਬੱਚਿਆਂ ਨੂੰ ਕਿਸੇ ਵੀ ਵਿਸ਼ੇ 'ਤੇ ਬੋਲਣ ਲਈ ਤਿਆਰੀ ਕਰਾਵੇ, ਤਾਂ ਹੀ ਬੱਚੇ ਤਿਆਰੀ ਕਰਕੇ ਆਉਣਗੇ। ਉਨ੍ਹਾਂ 'ਚ ਡਰ-ਭੈਅ ਖਤਮ ਹੋ ਜਾਵੇਗਾ ਅਤੇ ਭਵਿੱਖ 'ਚ ਉਹ ਹਰ ਖੇਤਰ 'ਚ ਪਹਿਲਕਦਮੀ ਕਰਨਗੇ ਅਤੇ ਚੰਗੇ ਬੱਚੇ ਆਪਣੇ ਰਾਹ ਦਸੇਰਾ ਅਧਿਆਪਕ ਨੂੰ ਹਮੇਸ਼ਾ ਯਾਦ ਰੱਖਦੇ ਹਨ।

-29/166, ਗਲੀ ਹਜ਼ਾਰਾ ਸਿੰਘ, ਮੋਗਾ-142001
E-Mail : jaspal.loham@gmail.com

ਪ੍ਰੀ-ਪ੍ਰਾਇਮਰੀ ਬੱਚੇ

ਪ੍ਰੀ-ਪ੍ਰਾਇਮਰੀ ਜਮਾਤੀਂ ਬੱਚੇ, ਹੁੰਮ-ਹੁੰਮਾ ਕੇ ਆਉਣ ਲੱਗੇ।
ਸਕੂਲਾਂ ਦੇ ਵਿਚ ਘਟਦੀ ਗਿਣਤੀ, ਨੂੰ ਇਹ ਆਣ ਵਧਾਉਣ ਲੱਗੇ।
ਕਿਸੇ ਨੂੰ ਮੰਮੀ ਲੈ ਕੇ ਆਈ, ਛੱਡਿਆ ਕਿਸੇ ਨੂੰ ਪਾਪਾ ਨੇ।
ਉਨ੍ਹਾਂ ਆਪਣਾ ਫਰਜ਼ ਨਿਭਾਇਆ, ਹੁਣ ਨਿਭਾਉਣਾ ਆਪਾਂ ਨੇ।
ਚਾਈਂ-ਚਾਈਂ ਸਭ ਹੋ ਇਕੱਠੇ, ਦੂਣੀ ਪਹਾੜਾ ਸੁਣਾਉਣ ਲੱਗੇ।
ਪ੍ਰੀ-ਪ੍ਰਾਇਮਰੀ..........।
ਨਾਲ ਗੌਰ ਦੇ ਸੁਣਦੇ ਸਾਰੇ, ਜਦ ਅਧਿਆਪਕ ਆਖੇ ਗੱਲ।
ਸਾਫ਼ ਮਨਾਂ ਦੇ ਭੋਲੇ-ਭਾਲੇ, ਆਵੇ ਨਾ ਕੋਈ ਇਨ੍ਹਾਂ ਨੂੰ ਛਲ।
ਨਿੱਕੇ-ਨਿੱਕੇ ਬੜੇ ਨਿਰਾਲੇ, ਢਿੱਡੀਂ ਪੀੜਾਂ ਪਾਉਣ ਲੱਗੇ।
ਪ੍ਰੀ-ਪ੍ਰਾਇਮਰੀ.........।
ਸੰਗ ਇਨ੍ਹਾਂ ਦੇ ਖੁਸ਼ੀ ਹੈ ਸਾਡੀ, ਇਨ੍ਹਾਂ ਸੰਗ ਉਜਾਲਾ ਹੈ।
'ਭੱਟੀ' ਦਸੂਹੇ ਵਾਲੇ ਹੋਇਆ, ਇਹ ਚੰਗਾ ਉਪਰਾਲਾ ਹੈ।
ਚਹਿਲ-ਪਹਿਲ ਦੇ ਨਾਲ ਇਹ ਸਾਰੇ, ਆਸ ਦਾ ਮੇਘ ਵਰ੍ਹਾਉਣ ਲੱਗੇ।
ਪ੍ਰੀ-ਪ੍ਰਾਇਮਰੀ............।

-ਕੁੰਦਨ ਲਾਲ ਭੱਟੀ,
ਮੋਬਾ: 94643-17983

ਬਾਲ ਨਾਵਲ-36 ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਦਸਵੀਂ ਕਲਾਸ ਵਿਚ ਜਾਂਦਿਆਂ ਹੀ ਹਰੀਸ਼ ਨੇ ਪੂਰੇ ਜ਼ੋਰ-ਸ਼ੋਰ ਨਾਲ ਪੜ੍ਹਾਈ ਸ਼ੁਰੂ ਕਰ ਦਿੱਤੀ। ਸਾਰੇ ਅਧਿਆਪਕ ਵੀ ਉਸ ਦੀ ਇਸ ਮਿਹਨਤ ਤੋਂ ਬੜੇ ਖੁਸ਼ ਸਨ। ਪਹਿਲਾਂ ਤਾਂ ਸਿਰਫ ਸਿਧਾਰਥ ਹੀ ਉਸ ਵੱਲ ਜ਼ਿਆਦਾ ਧਿਆਨ ਦਿੰਦਾ ਸੀ ਪਰ ਹੁਣ ਤਾਂ ਉਸ ਦੇ ਸਾਰੇ ਅਧਿਆਪਕ ਹੀ ਉਸ 'ਤੇ ਮਿਹਰਬਾਨ ਸਨ। ਇਹ ਸਿਰਫ ਉਸ ਦੀ ਮਿਹਨਤ, ਚੰਗੇ ਅਤੇ ਨਿਮਰਤਾ ਵਾਲੇ ਸੁਭਾਅ ਕਰਕੇ ਹੀ ਸੀ।
ਹਰੀਸ਼ ਨੂੰ ਇਸ ਤਰ੍ਹਾਂ ਮਿਹਨਤ ਕਰਦਿਆਂ ਮਸਾਂ ਦੋ ਕੁ ਮਹੀਨੇ ਹੋਏ ਸਨ ਕਿ ਉਸ ਦੇ ਬੀਜੀ ਬੜੇ ਬਿਮਾਰ ਹੋ ਗਏ। ਢਿੱਲੇ-ਮੱਠੇ ਤਾਂ ਉਹ ਪਿਛਲੇ ਕਾਫੀ ਸਮੇਂ ਤੋਂ ਰਹਿੰਦੇ ਸਨ ਪਰ ਉਹ ਆਪਣੇ ਬੇਟੇ ਨੂੰ ਇਸ ਬਾਰੇ ਕੁਝ ਨਹੀਂ ਸੀ ਦੱਸਦੇ। ਉਹ ਸਮਝਦੇ ਸਨ ਕਿ ਮੇਰੇ ਬੇਟੇ, ਮੇਰੇ ਚੰਨ, ਮੇਰੇ ਜਿਗਰ ਦੇ ਟੁਕੜੇ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਜਦੋਂ ਹਰੀਸ਼ ਦੇ ਘਰ ਆਉਣ ਦਾ ਵੇਲਾ ਹੁੰਦਾ ਤਾਂ ਉਹ ਮੰਜੇ ਤੋਂ ਉੱਠ ਕੇ ਉਸ ਦੀ ਉਡੀਕ ਕਰਨ ਲਗਦੇ ਅਤੇ ਉਸ ਦੇ ਘਰ ਆਉਣ 'ਤੇ ਉਸ ਦੀ ਰੋਟੀ-ਪਾਣੀ ਦੇ ਆਹਰ ਵਿਚ ਲੱਗ ਜਾਂਦੇ।
ਬਿਮਾਰ ਰਹਿਣ ਕਰਕੇ ਹੁਣ ਉਨ੍ਹਾਂ ਦਾ ਬੱਚਿਆਂ ਨੂੰ ਸਾਮਾਨ ਵੇਚਣ ਦਾ ਕੰਮ ਵੀ ਬੜਾ ਘਟਦਾ ਜਾ ਰਿਹਾ ਸੀ। ਉਨ੍ਹਾਂ ਕੋਲੋਂ ਹੁਣ ਥੜ੍ਹੇ 'ਤੇ ਬਹੁਤ ਦੇਰ ਬੈਠਿਆ ਨਹੀਂ ਸੀ ਜਾਂਦਾ।
ਹਰੀਸ਼ ਨੂੰ ਜਦੋਂ ਬੀਜੀ ਦੀ ਬਿਮਾਰੀ ਦਾ ਪਤਾ ਲੱਗਾ ਤਾਂ ਉਹ ਬਹੁਤ ਫਿਕਰਮੰਦ ਹੋ ਗਿਆ। ਉਸ ਲਈ ਤਾਂ ਉਸ ਦੇ ਬੀਜੀ ਹੀ ਸਾਰਾ ਜਹਾਨ ਸਨ। ਉਹ ਨੇੜੇ-ਤੇੜੇ ਦੇ ਇਕ-ਦੋ ਡਾਕਟਰਾਂ ਨੂੰ ਲੈ ਕੇ ਆਇਆ ਪਰ ਉਨ੍ਹਾਂ ਨੂੰ ਬਿਮਾਰੀ ਦਾ ਕੁਝ ਪਤਾ ਨਾ ਲੱਗਾ। ਅਖੀਰ ਇਕ ਡਾਕਟਰ ਨੇ ਉਸ ਨੂੰ ਵੱਡੇ ਹਸਪਤਾਲ ਜਾਣ ਦੀ ਸਲਾਹ ਦਿੱਤੀ।
ਅਗਲੀ ਸਵੇਰ ਹੀ ਹਰੀਸ਼ ਨੇ ਸਕੂਲ ਤੋਂ ਛੁੱਟੀ ਕੀਤੀ ਅਤੇ ਬੀਜੀ ਨੂੰ ਬੜੀ ਮੁਸ਼ਕਿਲ ਨਾਲ ਰਿਕਸ਼ੇ ਵਿਚ ਬਿਠਾ ਕੇ ਸ਼ਹਿਰ ਦੇ ਵੱਡੇ ਸਰਕਾਰੀ ਹਸਪਤਾਲ ਲੈ ਗਿਆ। ਬੜੀ ਦੇਰ ਖੱਜਲ-ਖੁਆਰ ਹੋਣ ਤੋਂ ਬਾਅਦ ਵੀ ਉਸ ਨੂੰ ਕੁਝ ਪਤਾ ਨਾ ਲੱਗਾ ਕਿ ਕਿਥੇ ਜਾਣਾ ਹੈ ਅਤੇ ਕਿਹੜੇ ਡਾਕਟਰ ਨੂੰ ਦਿਖਾਉਣਾ ਹੈ। ਸਰਕਾਰੀ ਹਸਪਤਾਲ, ਜਿਨ੍ਹਾਂ ਬਾਰੇ ਐਡੇ ਵੱਡੇ ਇਸ਼ਤਿਹਾਰ ਰੋਜ਼ ਅਖ਼ਬਾਰਾਂ ਵਿਚ ਛਪਦੇ ਹਨ ਕਿ 'ਇਥੇ ਹਰ ਤਰ੍ਹਾਂ ਦਾ ਮੁਫ਼ਤ ਇਲਾਜ ਹੁੰਦਾ ਹੈ' ਜਾਂ 'ਇਹ ਹਸਪਤਾਲ ਲੋਕਾਂ ਦੀ ਸੇਵਾ ਲਈ ਹਨ', ਅੱਜ ਬਿਮਾਰ, ਗਰੀਬ ਅਤੇ ਲੋੜਵੰਦਾਂ ਨੂੰ ਮੂੰਹ ਚਿੜਾ ਰਹੇ ਹਨ। ਇਥੇ ਵੀ ਪੈਸੇ ਦਾ ਬੋਲਬਾਲਾ ਸੀ। ਇਥੇ ਵੀ ਪੈਸੇ ਤੋਂ ਬਿਨਾਂ ਕੋਈ ਇਲਾਜ ਨਹੀਂ ਸੀ ਹੁੰਦਾ। ਹਾਂ, ਕੁਝ ਡਾਕਟਰ ਅਜੇ ਵੀ ਸਨ, ਜਿਨ੍ਹਾਂ ਵਿਚ ਸੇਵਾ-ਭਾਵ ਵੀ ਸੀ ਅਤੇ ਮਨੁੱਖੀ ਰਿਸ਼ਤਿਆਂ ਦੀ ਕਦਰ ਵੀ।
ਬੀਜੀ ਦੀ ਥਕਾਵਟ ਨਾਲ ਤਬੀਅਤ ਹੋਰ ਵਿਗੜਨੀ ਸ਼ੁਰੂ ਹੋ ਗਈ। ਹਰੀਸ਼ ਨੂੰ ਕੁਝ ਸਮਝ ਨਹੀਂ ਸੀ ਲੱਗ ਰਹੀ। ਉਥੇ ਹੀ ਕਿਸੇ ਹੋਰ ਮਰੀਜ਼ ਨਾਲ ਆਇਆ ਬੰਦਾ, ਜਿਹੜਾ ਇਨ੍ਹਾਂ ਦੇ ਨੇੜੇ ਹੀ ਖੜ੍ਹਾ ਸੀ, ਨੇ ਹਰੀਸ਼ ਨੂੰ ਕਿਹਾ ਕਿ 'ਮਾਤਾ ਜੀ ਦੀ ਤਬੀਅਤ ਠੀਕ ਨਹੀਂ ਲੱਗ ਰਹੀ, ਇਨ੍ਹਾਂ ਨੂੰ ਫੌਰਨ ਐਮਰਜੈਂਸੀ ਵਿਚ ਲੈ ਜਾਓ।' ਇਹ ਕਹਿ ਕੇ ਉਸ ਨੇ ਬੀਜੀ ਨੂੰ ਬਾਂਹ ਤੋਂ ਇਕ ਪਾਸਿਓਂ ਫੜਿਆ ਅਤੇ ਦੂਜੇ ਪਾਸਿਓਂ ਹਰੀਸ਼ ਨੇ ਅਤੇ ਉਹ ਦੋਵੇਂ ਉਨ੍ਹਾਂ ਨੂੰ ਐਮਰਜੈਂਸੀ ਵਾਰਡ ਵਿਚ ਲੈ ਗਏ, ਜੋ ਉਥੋਂ ਨੇੜੇ ਹੀ ਸੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਚੁਟਕਲੇ

ੲ ਇਕ ਪਤੀ-ਪਤਨੀ ਘੁੰਮਣ ਨਿਕਲੇ। ਪਤਨੀ ਕੁਝ ਦੇਰ ਬਾਅਦ ਥੱਕ ਕੇ ਖੜ੍ਹੀ ਹੋ ਗਈ। ਪਤੀ ਨੇ ਟੋਕਿਆ-'ਇਥੇ ਨਹੀਂ ਖੜ੍ਹਨਾ।' ਪਤਲੀ ਬੋਲੀ-'ਕਿਉਂ?' ਜਵਾਬ ਮਿਲਿਆ, 'ਦੇਖਦੀ ਨਹੀਂ, ਉੱਪਰ ਕੀ ਲਿਖਿਆ ਹੈ ਕਿ ਇਥੇ ਭਾਰੀ ਵਾਹਨ ਖੜ੍ਹਾ ਕਰਨਾ ਮਨ੍ਹਾ ਹੈ।'
ੲ 'ਕੀ ਤੁਸੀਂ ਮੈਨੂੰ ਪ੍ਰੇਮ ਪੱਤਰ ਲਿਖਣਾ ਸਿਖਾ ਦਿਓਗੇ?' ਸੁਹਾਗ ਰਾਤ ਵਾਲੇ ਦਿਨ ਹੀ ਨਵਵਿਆਹੁਤਾ ਪਤਨੀ ਨੇ ਪਤੀ ਨੂੰ ਕਿਹਾ।
ਪਤੀ-ਹਾਂ, ਹਾਂ, ਕਿਉਂ ਨਹੀਂ? ਸਭ ਤੋਂ ਪਹਿਲਾਂ ਮੇਰਾ ਨਾਂਅ ਲਿਖਣਾ, 'ਪਿਆਰੇ ਗੁਰਪ੍ਰੀਤ...।'
'ਚਲੋ ਹਟੋ ਜੀ, ਤੁਸੀਂ ਤਾਂ ਸ਼ੁਰੂ ਵਿਚ ਹੀ ਗ਼ਲਤ ਲਿਖਵਾ ਦਿੱਤਾ ਹੈ। ਉਸ ਦਾ ਨਾਂਅ ਤਾਂ ਰਾਜੇਸ਼ ਹੈ', ਪਤਨੀ ਨੇ ਸ਼ਰਮਾਉਂਦੇ ਹੋਏ ਕਿਹਾ।
ੲ ਗੁਆਂਢਣ-'ਤੁਸੀਂ ਆਪਣੀ ਨੂੰਹ ਨੂੰ ਕੁਝ ਅਕਲ ਦਿਓ, ਰਸੋਈ ਵਿਚ ਖੜ੍ਹੀ ਹੋ ਕੇ ਸੀਟੀਆਂ ਵਜਾ ਰਹੀ ਹੈ।'
ਦੂਜੀ ਗੁਆਂਢਣ-'ਇਹ ਮੇਰਾ ਹੀ ਹੁਕਮ ਹੈ, ਤਾਂ ਕਿ ਉਹ ਕੁਝ ਖਾ ਨਾ ਸਕੇ।'

-ਹਰਜਿੰਦਰਪਾਲ ਸਿੰਘ ਬਾਜਵਾ,
536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ।

ਬਾਲ ਸਾਹਿਤ

ਜਗਜੀਤ ਸਿੰਘ ਲੱਡਾ ਦੀਆਂ ਦੋ ਬਾਲ ਪੁਸਤਕਾਂ
ਸੰਪਰਕ : 98555-31045

ਜਗਜੀਤ ਸਿੰਘ ਲੱਡਾ ਦੀ ਪਹਿਲੀ ਬਾਲ ਪੁਸਤਕ 'ਮੈਂ ਹਾਂ ਮਿੱਤੀ' ਗ਼ਜ਼ਲ ਸਿਨਫ਼ ਨਾਲ ਸਬੰਧਿਤ ਹੈ। ਆਰੰਭਕ ਗ਼ਜ਼ਲਾਂ ਸਕੂਲੀ ਸਿੱਖਿਆ ਨਾਲ ਸਬੰਧਿਤ ਹਨ, ਜਿਨ੍ਹਾਂ ਵਿਚ 'ਸਕੂਲ', 'ਵਰਦੀ, 'ਸਾਡੀ ਸ਼੍ਰੇਣੀ', 'ਬਸਤਾ', 'ਕਿਤਾਬਾਂ', 'ਅੱਖਰ', 'ਸਲੇਟਾਂ', 'ਫੱਟੀਆਂ', 'ਪੈਨ', 'ਲਾਇਬ੍ਰੇਰੀ', 'ਖੇਡਾਂ', 'ਬਾਲ ਸਭਾ', 'ਪੇਪਰ', 'ਮਾਸਟਰ ਦਾ ਸਾਈਕਲ' ਆਦਿ ਸ਼ਾਮਿਲ ਹਨ। ਦੂਜੇ ਪਾਸੇ 'ਸੂਰਜ', 'ਧੁੰਦ', 'ਠੰਢ', 'ਬਸੰਤ ਪੰਚਮੀ', 'ਧੁੱਪ', 'ਫੁੱਲ', 'ਸਾਗ' ਆਦਿ ਕੁਦਰਤ ਸਬੰਧੀ ਗ਼ਜ਼ਲਾਂ ਵੀ ਉਲੇਖਯੋਗ ਹਨ। ਕੁਝ ਪਾਲਤੂ ਜਨੌਰ ਪੰਛੀਆਂ ਪ੍ਰਤੀ ਸਨੇਹ ਰੱਖਣ ਦਾ ਸੁਨੇਹਾ ਦਿੱਤਾ ਗਿਆ ਹੈ :
ਹੁੰਦੇ ਕਿੰਨੇ ਪਿਆਰੇ ਪੰਛੀ
ਜ਼ਾਲਮ ਜਿਹੜਾ ਮਾਰੇ ਪੰਛੀ
ਹੱਦਾਂ ਨਾ ਸਰਹੱਦਾਂ ਮੰਨਣ
ਇਸ ਗੱਲੋਂ ਨੇ ਨਿਆਰੇ ਪੰਛੀ। (ਪੰਨਾ 50)
ਕੁਝ ਖ਼ਾਸ ਪੇਂਡੂ ਲਹਿਜੇ ਵਾਲੇ ਸ਼ਬਦ ਬਾਲ ਪਾਠਕਾਂ ਦੇ ਭਾਸ਼ਾ ਗਿਆਨ ਵਿਚ ਵਾਧਾ ਕਰਦੇ ਹਨ। ਚਿੱਤਰਾਂ ਨਾਲ ਸੁਸੱਜਿਤ ਇਹ ਪੁਸਤਕ ਬੱਚਿਆਂ ਦਾ ਮਨੋਰੰਜਨ ਵੀ ਕਰਦੀ ਹੈ ਅਤੇ ਮਾਰਗ ਦਰਸ਼ਨ ਵੀ। ਇਸ ਪੁਸਤਕ ਦਾ ਮੁੱਲ 40 ਰੁਪਏ ਹੈ ਅਤੇ ਕੁੱਲ ਪੰਨੇ 55 ਹਨ।
ਲੱਡਾ ਦੀ ਦੂਜੀ ਪੁਸਤਕ 'ਸਾਡੇ ਰਹਿਬਰ' ਹੈ। ਇਹ ਵੀ ਗ਼ਜ਼ਲ-ਵਿਧਾ ਨਾਲ ਸਬੰਧ ਰੱਖਦੀ ਬਾਲ ਪੁਸਤਕ ਹੈ, ਜਿਸ ਵਿਚ ਸਾਡੇ ਗੁਰੂ ਸਾਹਿਬਾਨ, ਦੇਸ਼ ਭਗਤ, ਵਿਗਿਆਨੀ, ਸਮਾਜ ਸੇਵੀਆਂ ਤੋਂ ਇਲਾਵਾ ਭਾਰਤੀ ਤਿਉਹਾਰਾਂ, ਵਿਸ਼ੇਸ਼ ਦਿਵਸਾਂ ਅਤੇ ਰਿਸ਼ਤੇ-ਨਾਤਿਆਂ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ। ਆਰੰਭ ਵਿਚ ਕਵੀ ਨੇ ਗੁਰੂ ਸਾਹਿਬਾਨ ਦੇ ਜੀਵਨ ਚਰਿੱਤਰਾਂ, ਘਟਨਾਵਾਂ ਅਤੇ ਸਿੱਖਿਆਵਾਂ ਨੂੰ ਕਾਵਿਮਈ ਅੰਦਾਜ਼ ਵਿਚ ਢਾਲਿਆ ਹੈ, ਜਦੋਂ ਕਿ ਦੂਜੇ ਪਾਸੇ ਭਾਰਤੀ ਯੋਧਿਆਂ ਅਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਉਭਾਰਿਆ ਹੈ। ਭਾਰਤੀ ਪਰੰਪਰਾ ਵਿਚ ਉਤਸ਼ਾਹ ਅਤੇ ਭਾਈਚਾਰਕ ਸਾਂਝਾਂ ਵਧਾਉਂਦੇ 'ਲੋਹੜੀ', 'ਬਸੰਤ', 'ਹੋਲੀ', 'ਵਿਸਾਖੀ', 'ਰੱਖੜੀ', 'ਈਦ', 'ਦੁਸਹਿਰਾ', 'ਦੀਵਾਲੀ', 'ਕ੍ਰਿਸਮਸ' ਆਦਿ ਤਿਉਹਾਰਾਂ ਸਬੰਧੀ ਗ਼ਜ਼ਲਾਂ ਪੜ੍ਹਦਿਆਂ ਅੱਖਾਂ ਸਾਹਵੇਂ ਦ੍ਰਿਸ਼ ਸਾਕਾਰ ਹੋ ਜਾਂਦੇ ਹਨ, ਪਰ ਕਿਤੇ-ਕਿਤੇ ਮਰਿਆਦਾ ਦੀ ਦ੍ਰਿਸ਼ਟੀ ਤੋਂ ਬਾਲ-ਮਨਾਂ ਉੱਪਰ 'ਪਾਪਾ ਜੀ ਨੂੰ ਜੀਜਾ ਕਹਿੰਦਾ, ਸਾਲਾ ਆਪ ਕਹਾਵੇ ਮਾਮਾ' ਵਰਗੇ ਸ਼ਿਅਰ ਉਚਿਤ ਨਹੀਂ ਲੱਗਦੇ। ਇਸ ਪੁਸਤਕ ਦਾ ਮੁੱਲ 45 ਰੁਪਏ ਹੈ ਅਤੇ ਪੰਨੇ 56 ਹਨ।
ਦੋਵਾਂ ਪੁਸਤਕਾਂ ਦੀ ਮਿਆਰੀ ਪ੍ਰਕਾਸ਼ਨਾ ਨਵਰੰਗ ਪਬਲੀਕੇਸ਼ਨਜ਼, ਚੱਕ ਅੰਮ੍ਰਿਤਸਰੀਆ (ਸਮਾਣਾ) ਵੱਲੋਂ ਕੀਤੀ ਗਈ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ:),
ਮੋਬਾ: 98144-23703

ਬੁਝਾਰਤਾਂ

1. ਸ਼ੀਸ਼ੇ ਦਾ ਟੋਬਾ, ਕੰਡਿਆਂ ਦੀ ਵਾੜ।
2. ਨਿੱਕੀ ਜਿਹੀ ਕੁੜੀ, ਉਹਦੇ ਢਿੱਡ 'ਚ ਲਕੀਰ।
3. ਦੋ ਅੱਖਰਾਂ ਦਾ ਮੇਰਾ ਨਾਮ,
ਸਮਾਂ ਬਿਤਾਉਣਾ ਮੇਰਾ ਕਾਮ।
4. ਇਕ ਥਾਂ 'ਤੇ ਡਟਿਆ ਖੜ੍ਹਿਆ
ਪਰਉਪਕਾਰ ਲਈ ਅੜਿਆ ਖੜ੍ਹਿਆ।
5. ਵਾਹ ਓ ਰੱਬਾ ਤੇਰੇ ਕੰਮ,
ਬਾਹਰ ਹੱਡੀਆਂ, ਅੰਦਰ ਚੰਮ।
6. ਨਿੱਕਾ ਜਿਹਾ ਕਾਕਾ,
ਘਰ ਦਾ ਰਾਖਾ।

ਉੱਤਰ : (1) ਅੱਖਾਂ, (2) ਕਣਕ ਦਾ ਦਾਣਾ, (3) ਘੜੀ, (4) ਦਰੱਖਤ, (5) ਕੱਛੂਕੁੰਮਾ, (6) ਜਿੰਦਰਾ।
-ਅਵਤਾਰ ਸਿੰਘ ਕਰੀਰ,
ਮੋਗਾ।

ਸ਼ੁੱਭ ਵਿਚਾਰ

ੲ ਬੱਚਿਆਂ ਨੂੰ ਕਦੇ ਵੀ ਉਨ੍ਹਾਂ ਦੇ ਹਮਉਮਰ ਦੋਸਤਾਂ ਦੇ ਸਾਹਮਣੇ ਨਾ ਝਿੜਕੋ ਤੇ ਨਾ ਹੀ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਚਿਤਾਰੋ। ਇਸ ਤਰ੍ਹਾਂ ਬੱਚੇ ਆਪਣੀ ਬੇਇੱਜ਼ਤੀ ਮਹਿਸੂਸ ਕਰਕੇ ਕੋਈ ਗ਼ਲਤ ਕਦਮ ਉਠਾ ਸਕਦੇ ਹਨ, ਜੋ ਬਾਅਦ 'ਚ ਕਿਸੇ ਵੱਡੀ ਘਟਨਾ ਦਾ ਸਬੱਬ ਬਣ ਸਕਦਾ ਹੈ।
ੲ ਦਾਨ ਉਹ ਹੁੰਦਾ ਹੈ, ਜਿਸ ਦਾ ਢੰਡੋਰਾ ਨਾ ਪਿੱਟਿਆ ਜਾਵੇ। ਜਿਸ ਦੀ ਚਰਚਾ ਹੋ ਜਾਵੇ, ਉਹ ਦਾਨ ਨਹੀਂ, ਹੰਕਾਰ ਹੁੰਦਾ। ਇਸ ਲਈ ਕਿਸੇ ਦੀ ਮਦਦ ਜਾਂ ਦਾਨ ਕਰਕੇ ਗੁਪਤ ਰੱਖੋ।
ੲ ਅਸੀਂ ਬੇਸ਼ੱਕ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਕੇ ਉੱਚੀਆਂ ਨੌਕਰੀਆਂ ਜਾਂ ਆਪਣੇ ਕਾਰੋਬਾਰ ਵਿਚ ਕਾਮਯਾਬ ਹੋ ਕੇ ਆਪਣੇ ਪੈਰਾਂ 'ਤੇ ਖਲੋਏ ਹੋਈਏ ਪਰ ਸਿਰਫ ਸਾਡੀ ਮਿਹਨਤ ਦਾ ਹੀ ਫਲ ਨਹੀਂ ਹੁੰਦਾ।

-ਐਚ. ਬਸਰਾ ਮੁਫ਼ਲਿਸ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)। ਮੋਬਾ: 97790-43348


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX