ਤਾਜਾ ਖ਼ਬਰਾਂ


ਰਿਜ਼ਾਰਟ ਵਿਚ ਗੋਲੀ ਚੱਲਣ ਕਾਰਨ ਨੌਜਵਾਨ ਫੱਟੜ
. . .  9 minutes ago
ਜੰਡਿਆਲਾ ਗੁਰੂ ,18 ਜਨਵਰੀ-(ਰਣਜੀਤ ਸਿੰਘ ਜੋਸਨ)- ਅੱਜ ਦੇਰ ਸ਼ਾਮ ਜੰਡਿਆਲਾ ਗੁਰੂ ਤਰਨਤਾਰਨ ਬਾਈਪਾਸ ਨਜ਼ਦੀਕ ਸਥਿਤ ਇਕ ਰਿਜ਼ਾਰਟ ਵਿਚ ਗੋਲੀ ਚੱਲਣ ਕਾਰਣ ਇਕ ਨੌਜਵਾਨ ਦੇ ਕਥਿਤ...
ਸ਼ੈਲਰ ਮਾਲਕਾਂ ਦੀ ਖ਼ੂਨੀ ਝੜਪ 'ਚ 5 ਜ਼ਖ਼ਮੀ
. . .  19 minutes ago
ਤਪਾ ਮੰਡੀ ,18 ਜਨਵਰੀ [ਵਿਜੇ ਸ਼ਰਮਾ ] - ਸਥਾਨਕ 2 ਸ਼ੈਲਰ ਮਾਲਕਾਂ ਦੀ ਆਪਸੀ ਲੜਾਈ 5 ਵਿਅਕਤੀ ਜ਼ਖ਼ਮੀ ਹੋਏ ਹਨ , ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਹੈ ।
ਸੋਨੀਪਤ 'ਚ ਫੁੱਟਬਾਲ ਦੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ
. . .  21 minutes ago
ਘਨੌਰ ਥਾਣਾ ਅਧੀਨ ਸਿਵਲ ਵਰਦੀ 'ਚ ਪੁਲਿਸ ਅਤੇ ਅਣਪਛਾਤਿਆਂ 'ਚ ਮੁਕਾਬਲਾ
. . .  59 minutes ago
ਘਨੌਰ,18 ਜਨਵਰੀ (ਯਾਦਵਿੰਦਰ ਸਿੰਘ ਜੋਗੀਪੁਰ)-ਥਾਣਾ ਘਨੌਰ (ਪਟਿਆਲਾ) ਅਧੀਨ ਪਿੰਡ ਚਪੜ ਨੇੜੇ ਸਿਵਲ ਵਰਦੀ ਚ ਪੁਲਸ ਅਤੇ ਅਣਪਛਾਤੇ ਕਾਰ ਸਵਾਰਾਂ ਚ ਮੁਕਾਬਲਾ ਹੋਇਆ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ...
ਡਾਲਰ ਦੇ ਮੁਕਾਬਲੇ ਰੁਪਿਆ 3 ਪੈਸੇ ਮਜ਼ਬੂਤ
. . .  about 1 hour ago
ਮੁੰਬਈ, 18 ਜਨਵਰੀ-ਡਾਲਰ ਦੇ ਮੁਕਾਬਲਾ ਰੁਪਏ 'ਚ ਵਾਧਾ ਦਰਜ ਕੀਤਾ ਗਿਆ ਹੈ। ਡਾਲਰ ਦੇ ਮੁਕਾਬਲੇ ਰੁਪਏ 'ਚ 3 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ।
ਹਰਿਆਣਵੀ ਗਾਇਕਾ ਮਮਤਾ ਸ਼ਰਮਾ ਦੀ ਖੇਤਾਂ 'ਚੋਂ ਮਿਲੀ ਲਾਸ਼
. . .  about 2 hours ago
ਰੋਹਤਕ ,18 ਜਨਵਰੀ - ਰੋਹਤਕ ਜ਼ਿਲ੍ਹੇ ਦੇ ਇਕ ਖੇਤ 'ਚੋਂ ਹਰਿਆਣਵੀ ਪ੍ਰਸਿੱਧ ਗਾਇਕਾ ਮਮਤਾ ਸ਼ਰਮਾ ਦੀ ਲਾਸ਼ ਬਰਾਮਦ ਹੋਈ ਹੈ , ਜੋ ਪਿਛਲੇ 4 ਦਿਨਾਂ ਤੋਂ ਗੁੰਮ ਸੀ ।
ਮੋਬਾਈਲ ਫਟਣ ਨਾਲ ਨੌਜਵਾਨ ਦੀ ਲੱਤ ਝੁਲਸੀ
. . .  about 3 hours ago
ਜਲੰਧਰ , 18 ਜਨਵਰੀ - ਗੁਰੂ ਅਮਰਦਾਸ ਨਗਰ ਕਾਲੀਆ ਕਾਲੋਨੀ 'ਚ ਨੌਜਵਾਨ ਪਰਵੀਨ ਦੀ ਜੇਬ 'ਚ ਮੋਬਾਈਲ ਫੱਟ ਗਿਆ ਜਿਸ ਨਾਲ ਉਸ ਦੀ ਲੱਤ ਬੁਰੀ ਝੁਲਸ ਗਈ।
ਪੰਚਾਇਤ ਵਿਭਾਗ ਵੱਲੋਂ ਅਕਾਲੀ ਦਲ ਨਾਲ ਸਬੰਧਿਤ ਇਕ ਸਰਪੰਚ ਅਤੇ 6 ਪੰਚਾਂ ਨੂੰ ਕੀਤਾ ਮੁਅੱਤਲ
. . .  about 3 hours ago
ਭਵਾਨੀਗੜ੍ਹ 18 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡ ਬਾਲਦ ਕਲਾਂ ਦੇ ਸਰਪੰਚ ਬੂਟਾ ਸਿੰਘ ਨੂੰ ਅਤੇ ਪਿੰਡ ਕਾਕੜਾ ਦੇ 6 ਪੰਚ ਸੁਖਪ੍ਰੀਤ ਕੌਰ, ਜਸਵੀਰ ਕੌਰ,...
ਹਾਈ ਕਮਾਂਡ ਅਤੇ ਕੈਪਟਨ ਦਾ ਫੈਸਲਾ ਮਨਜ਼ੂਰ - ਰਾਣਾ ਗੁਰਜੀਤ ਸਿੰਘ
. . .  about 3 hours ago
ਭਗਤ ਸਿੰਘ ਨੂੰ ਦਿੱਤਾ ਜਾਵੇ ਨਿਸ਼ਾਨ-ਏ-ਹੈਦਰ ਐਵਾਰਡ-ਪਾਕਿ ਸੰਗਠਨ
. . .  about 3 hours ago
ਹੋਰ ਖ਼ਬਰਾਂ..
  •     Confirm Target Language  

ਦਿਲਚਸਪੀਆਂ

ਕਮੀ

ਅੱਜ ਸਿਮਰਨ ਬਹੁਤ ਖ਼ੁਸ਼ ਸੀ। ਅੱਜ ਉਸਦਾ ਚੌਥੀ ਜਮਾਤ ਦਾ ਨਤੀਜਾ ਆਇਆ ਜਿਸ ਵਿਚ ਉਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਘਰ ਆ ਕੇ ਉਸ ਨੇ ਇਹ ਖ਼ੁਸ਼ਖ਼ਬਰੀ ਸੁਣਾਈ। ਸ਼ਾਮ ਉਸ ਦੇ ਪਾਪਾ ਘਰ ਆਏ।
'ਪਾਪਾ, ਪਾਪਾ ਮੈਂ ਅੱਜ ਆਪਣੀ ਜਮਾਤ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ', ਸਿਮਰਨ ਨੇ ਕਿਹਾ।
'ਅੱਛਾ ਦੂਸਰਾ ਤੇ ਪਹਿਲੇ ਸਥਾਨ 'ਤੇ ਕਿਉਂ ਨਹੀਂ। ਹੋਰ ਜ਼ਿਆਦਾ ਮਿਹਨਤ ਕਰਿਆ ਕਰ', ਪਾਪਾ ਨੇ ਸਿਮਰਨ ਨੂੰ ਕਿਹਾ।
ਇਹ ਸੁਣ ਕੇ ਉਹ ਥੋੜ੍ਹਾ ਉਦਾਸ ਹੋ ਗਈ ਪਰ ਇਸ ਗੱਲ ਨੂੰ ਪੱਲੇ ਬੰਨ੍ਹ ਕੇ ਉਸ ਨੇ ਅਗਲੀ ਜਮਾਤ ਵਿਚ ਬਹੁਤ ਮਿਹਨਤ ਕੀਤੀ। ਅੱਜ ਉਹ ਆਪਣਾ ਪੰਜਵੀਂ ਜਮਾਤ ਦਾ ਨਤੀਜਾ ਸੁਣਨ ਸਕੂਲ ਗਈ। ਅਧਿਆਪਕ ਸਾਹਿਬਾਨਾਂ ਨੇ ਜਦ ਦੱਸਿਆ ਕਿ ਪਹਿਲਾ ਸਥਾਨ ਸਿਮਰਨ ਨੇ ਪ੍ਰਾਪਤ ਕੀਤਾ ਹੈ ਤਾਂ ਉਹ ਬੜੀ ਖੁਸ਼ ਹੋਈ ਪਰ ਨਾਲ ਦੀ ਨਾਲ ਹੀ ਰੋਣ ਲੱਗ ਪਈ ਕਿਉਂਕਿ ਅੱਜ ਉਹ ਮਿਹਨਤ ਕਰ ਕੇ ਪਹਿਲੇ ਸਥਾਨ 'ਤੇ ਤਾਂ ਆ ਗਈ ਪਰ ਹੁਣ ਉਸ ਦੀ ਜ਼ਿੰਦਗੀ ਵਿਚ ਕਦੇ ਨਾ ਪੂਰੀ ਹੋਣ ਵਾਲੀ ਇਕ ਕਮੀ ਪੈਦਾ ਹੋ ਗਈ ਸੀ। ਹੁਣ ਉਸ ਦੇ ਕੋਲ ਉਸ ਦੇ ਪਾਪਾ ਨਹੀਂ ਸਨ ਰਹੇ ਜਿਨ੍ਹਾਂ ਨੂੰ ਇਹ ਖ਼ੁਸ਼ਖ਼ਬਰੀ ਸੁਣਾ ਕੇ ਖ਼ੁਸ਼ ਕਰ ਸਕਦੀ।

-ਸੁਮਨਦੀਪ ਕੌਰ
ਪਿੰਡ ਮੰਗੇਵਾਲਾ (ਮੋਗਾ) ਮੋਬਾਈਲ : 9876522758.


ਖ਼ਬਰ ਸ਼ੇਅਰ ਕਰੋ

ਕਹਾਣੀ: ਝਿੜਕਾਂ ਦਾ ਨਸ਼ਾ

ਦਿਲਬਾਗ ਸਿੰਘ ਫ਼ੌਜ ਵਿਚੋਂ ਪੈਨਸ਼ਨ ਆਉਣ ਤੋਂ ਬਾਅਦ ਪਿੰਡ ਦਾ ਨੰਬਰਦਾਰ ਬਣ ਗਿਆ ਸੀ। ਰੱਬ ਤੋਂ ਡਰਨ ਵਾਲਾ ਹੋਣ ਕਰਕੇ ਕਿਸੇ ਨਾਲ ਬੇਇਨਸਾਫ਼ੀ ਨਾ ਹੋਣ ਦਿੰਦਾ, ਉਸ ਦੀ ਘਰ ਵਾਲੀ ਕਮਲਜੀਤ ਗ਼ਰੀਬ-ਅਮੀਰ ਬੰਦੇ ਨੂੰ ਬੈਠਕ ਵਿਚ ਬਿਠਾ ਕੇ ਪਹਿਲਾਂ ਪਾਣੀ, ਫਿਰ ਚਾਹ ਪਿਲਾ ਕੇ ਪੁੱਛਦੀ ਕਿ ਹੁਣ ਦੱਸੋ ਕੀ ਕੰਮ ਹੈ, ਦਿਲਬਾਗ ਸਿੰਘ ਨੂੰ ਦੂਰ-ਨੇੜੇ ਕਿਸੇ ਫੈਸਲੇ ਵਿਚ ਜਾਣ 'ਤੇ ਕਮਲਜੀਤ ਤੁਰਨ ਤੋਂ ਪਹਿਲਾਂ ਦਿਲਬਾਗ ਸਿੰਘ ਦਾ ਸੂਟ, ਪੱਗ, ਜੁੱਤੀ, ਖੁਦ ਚੈੱਕ ਕਰਦੀ ਕਿ ਇਸ ਨੇ ਬੰਦਿਆਂ ਵਿਚ ਜਾਣਾ, ਕਿਸੇ ਵੇਲੇ ਛੇਤੀ ਹੁੰਦੀ ਤਾਂ ਦਿਲਬਾਗ ਸਿੰਘ ਘਰੋਂ ਕਾਹਲੀ-ਕਾਹਲੀ ਉਨ੍ਹਾਂ ਕੱਪੜਿਆਂ ਵਿਚ ਹੀ ਤੁਰ ਪੈਂਦਾ, ਬਾਹਰਲੇ ਗੇਟ ਦਾ ਕੁੰਡਾ ਖੋਲ੍ਹਣ ਤੋਂ ਪਹਿਲਾਂ ਹੀ ਕਮਲਜੀਤ ਦਿਲਬਾਗ ਸਿੰਘ ਨੂੰ ਪਿੱਛੋਂ ਕਾਲਰ ਤੋਂ ਆਣ ਫੜਦੀ, ਆਹ ਦੇਖੋ ਕਾਲਰ ਕਿੰਨਾ ਗੰਦਾ ਹੈ, ਪ੍ਰੈੱਸ ਕੀਤੇ ਕੱਪੜੇ ਪੁਆ ਕੇ ਹੀ ਗੇਟ ਦਾ ਕੁੰਡਾ ਖੋਲ੍ਹਦੀ। ਛੇਤੀ ਹੋਣ ਕਰਕੇ ਜੁੱਤੀ ਵੀ ਸਿਰ ਦੀ ਚੁੰਨੀ ਨਾਲ ਹੀ ਸਾਫ਼ ਕਰ ਦਿੰਦੀ। ਕਿਸੇ ਵੇਲੇ ਕਿਸੇ ਫ਼ੈਸਲੇ ਤੋਂ ਆਉਣ ਲੱਗਿਆਂ ਗਿਆਰਾਂ-ਬਾਰਾਂ ਵੱਜ ਜਾਂਦੇ ਤਾਂ ਦਿਲਬਾਗ ਸਿੰਘ ਨੂੰ ਕਮਲਜੀਤ ਦੀਆਂ ਝਿੜਕਾਂ ਦਾ ਡਰ ਸਤਾਉਣ ਲੱਗ ਪੈਂਦਾ ਜੋ ਘਰ ਦਾ ਗੇਟ ਖੜਕਾਉਣ 'ਤੇ ਕਮਲਜੀਤ ਜਦੋਂ ਗੇਟ ਖੋਲ੍ਹਦੇ ਸਾਰ ਝਿੜਕਾਂ ਮਾਰਨ ਲੱਗ ਪੈਂਦੀ। ਆਹ ਕਿਹੜਾ ਵੇਲਾ ਘਰ ਆਉਣ ਦਾ, 54-55 ਸਾਲ ਦੀ ਉਮਰ ਹੋ ਗਈ ਏਸ ਬੰਦੇ ਦੀ ਪਰ ਅਜੇ ਤੱਕ ਮੱਤ ਨਹੀਂ ਆਈ, ਹੋਰ ਕਿਸੇ ਨੇ ਵੀ ਰੋਟੀ ਖਾਣੀ ਹੁੰਦੀ ਹੈ, ਮੈਂ ਬੈਠੀ-ਬੈਠੀ ਨੇ 10 ਪਾਠ ਜਪੁਜੀ ਸਾਹਿਬ ਦੇ ਕਰ ਲਏ ਨੇ, ਮੈਂ ਦੱਸੂੰ ਨਾ ਮੱਤ ਸਵੇਰੇ ਸਰਪੰਚ ਦੀ ਜਗੀਰੋ ਨੂੰ ਕਿ ਸਰਪੰਚ ਆਪਣੇ ਨੂੰ ਬੰਨ੍ਹ ਕੇ ਰੱਖਿਆ ਕਰ, ਕਮਲਜੀਤ ਗੁੱਸੇ ਵਿਚ ਪਤਾ ਨਹੀਂ ਕੀ-ਕੀ ਬੋਲਦੀ ਪਰ ਦਿਲਬਾਗ ਸਿੰਘ ਬੁੱਲ੍ਹਾਂ ਵਿਚ ਮਿੱਠਾ-ਮਿੱਠਾ ਹੱਸਦਾ ਰਹਿੰਦਾ। ਜ਼ਰਾ ਕੁ ਚੱਪ ਹੁੰਦੀ ਤਾਂ ਦਿਲਬਾਗ ਸਿੰਘ ਨਿੱਕਾ ਜਿਹਾ ਟੋਣਾ ਲਾ ਦਿੰਦਾ ਤੂੰ ਵੀ ਤਾਂ ਜਦੋਂ ਕਿਸੇ ਦੇ ਘਰ ਗਾਉਣ ਜਾਂਦੀ ਹੈਂ ਤਾਂ ਰਾਤ ਬਾਰਾਂ ਵਜੇ ਤੋਂ ਪਹਿਲਾਂ ਨਹੀਂ ਆਉਂਦੀ।
ਕਮਲਜੀਤ ਫਿਰ ਬੋਲਣ ਲੱਗ ਪੈਂਦੀ ਮੈਂ ਪਿੰਡ ਦੀ ਨੰਬਰਦਾਰਨੀ ਐਂ, ਨਾਲੇ ਫ਼ੌਜਣ ਐਂ, ਮੇਰੇ ਤੋਂ ਬਗੈਰ ਪਿੰਡ ਦੀਆਂ ਬੁੱਢੀਆਂ ਨੂੰ ਗਾਉਣ ਦਾ ਮਜ਼ਾ ਈ ਨਹੀਂ ਆਉਂਦਾ। ਜਿੰਨਾ ਚਿਰ ਗਾਉਣਾ, ਓਨਾ ਚਿਰ ਉਨ੍ਹਾਂ ਦਾ ਤਵਾ ਮੇਰੇ 'ਤੇ ਈ ਰਹਿੰਦੈ, ਨਾਲੇ ਵਿਆਹ ਕਿਹੜੇ ਰੋਜ਼-ਰੋਜ਼ ਹੁੰਦੇ ਐਂ, ਤੁਸਾਂ ਤਾਂ ਰੋਜ਼ ਦਾ ਪਾਖੰਡ ਈ ਫੜਿਐ। ਕਮਲਜੀਤ ਦਿਲਬਾਗ ਸਿੰਘ ਨੂੰ ਕੁੜਤਾ ਪਜਾਮਾ ਪੁਆ ਕੇ ਰਸੋਈ 'ਚੋਂ ਰੋਟੀ ਗਰਮ ਕਰਕੇ ਅੱਗੇ ਰੱਖ ਕੇ ਨਾਲ ਹੀ ਆਪ ਖਾਣ ਲੱਗ ਪੈਂਦੀ। ਰੋਟੀ ਖਾਂਦਿਆਂ ਵੀ ਮਿੱਠੀਆਂ-ਮਿੱਠੀਆਂ ਝਿੜਕਾਂ ਮਾਰਦੀ। ਦਿਲਬਾਗ ਸਿੰਘ ਨੂੰ ਲਗਾ ਕਿ ਹੌਲੀ-ਹੌਲੀ ਝਿੜਕਾਂ ਦਾ ਨਸ਼ਾ ਹੋ ਰਿਹਾ। ਉਸ ਨੂੰ ਪਤਾ ਈ ਨਾ ਲਗਦਾ ਕਦੋਂ ਉਸ ਨੂੰ ਨੀਂਦ ਆ ਜਾਂਦੀ।
ਹੁਣ ਪੂਰਾ ਸਾਲ ਹੋ ਗਿਆ ਸੀ ਕਮਲਜੀਤ ਨੂੰ ਸੰਸਾਰ ਛੱਡ ਕੇ ਗਿਆਂ ਨੂੰ। ਦਿਲਬਾਗ ਸਿੰਘ ਦਾ ਘਰ ਆਉਣ ਦਾ ਉਹ ਹੀ ਹਾਲ ਸੀ। ਫਰਕ ਸਿਰਫ਼ ਏਨਾ ਕੁ ਸੀ ਕਿ ਜਦੋਂ ਨੂੰਹਾਂ ਦਿਲਬਾਗ ਸਿੰਘ ਨੂੰ ਘਰ ਆਉਣ ਤੋਂ ਬਾਅਦ ਕਹਿੰਦੀਆਂ ਡੈਡੀ ਜੀ ਰੋਟੀ ਖਾ ਲਓ, ਦਿਲਬਾਗ ਸਿੰਘ ਚੁੱਪਚਾਪ ਰੋਟੀ ਖਾ ਕੇ ਸੌਣ ਲੱਗਦਾ ਤਾਂ ਬੜਾ-ਬੜਾ ਚਿਰ ਉਸ ਨੂੰ ਨੀਂਦ ਹੀ ਨਾ ਆਉਂਦੀ। ਉਸ ਦਾ ਦਿਲ ਕਰਦਾ ਕਿ ਮੈਨੂੰ ਕੋਈ ਘਰ ਲੇਟ ਆਉਣ 'ਤੇ ਝਿੜਕਾਂ ਮਾਰੇ, ਉਸ ਨੂੰ ਝਿੜਕਾਂ ਦਾ ਨਸ਼ਾ ਹੋ ਜਾਵੇ ਤੇ ਨੀਂਦ ਆ ਜਾਵੇ।

ਅੰਮ੍ਰਿਤਸਰ।
ਮੋਬਾਈਲ : 98553-58875.

ਅਹਿਸਾਸ

ਅੱਜ ਮੈਂ ਹੁਸ਼ਿਆਰਪੁਰ ਪੜ੍ਹਦੇ ਆਪਣੇ ਲੜਕੇ ਨੂੰ ਫੋਨ ਕਰਿਆ, 'ਗੱਗੂ ਯਾਰ ਮਿਲ ਈ ਜਾਹ।'
'ਲੈ ਡੈਡੀ ਪਰਸੋਂ ਚੌਥ ਤਾਂ ਮੈਂ ਪਿੰਡ ਆ ਕੇ ਗਿਆਂ', ਉਸ ਨੇ ਜਵਾਬ ਦਿੱਤਾ।
'ਯਾਰ ਆਪਣੀ ਗੱਲ ਤਾਂ ਕੋਈ ਹੋਈ ਨ੍ਹੀਂ ਬੱਸ ਐਨਾ ਤੂੰ ਪਿੰਡ ਆ ਕੇ ਗਿਆਂ, ਜਾਂ ਤਾਂ ਤੂੰ ਟੀ.ਵੀ. ਦੇਖਦਾ ਰਿਹਾ ਜਾਂ ਤੂੰ ਫੋਨ 'ਤੇ ਆਪਣੇ ਦੋਸਤਾਂ ਨਾਲ ਚੈਟਿੰਗ ਕਰਦਾ ਰਿਹਾਂ ਜਾਂ ਆਪਣੇ ਆੜੀਆਂ ਨੂੰ ਬਾਹਰ ਮਿਲਦਾ ਰਿਹਾਂ।'
'ਚੰਗਾ ਡੈਡੀ ਐਤਕੀਂ ਮੈਂ ਆਪਣਾ ਐਂਡਰਾਇਡ ਫੋਨ ਹੋਸਟਲ ਈ ਰੱਖ ਕੇ ਆਊ', ਉਸ ਨੇ ਹੱਸਦਿਆਂ ਜਵਾਬ ਦਿੱਤਾ।
'ਤੂੰ ਵੀ ਸਵੇਰੇ-ਸ਼ਾਮ ਆਹ ਘੁੱਗੂ ਜਿਹਾ ਲੈ ਕੇ ਮੇਰ ਕੋਲ ਬੈਠਾ ਇਸੇ ਨੂੰ ਚਿੰਬੜਿਆ ਰਹਿਨਾਂ', ਕੋਲ ਬੈਠੇ ਮੇਰੇ ਪਿਤਾ ਨੇ ਆਪਣੇ ਮਨ ਦੀ ਗੱਲ ਕਹੀ ਤਾਂ ਮੈਂ ਤੁਰੰਤ ਫੋਨ ਨੂੰ ਅੰਗੀਠੀ 'ਤੇ ਰੱਖ ਆਇਆ ਤੇ ਪਿਤਾ ਜੀ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗ ਪਿਆ।

-ਰਾਜਵਿੰਦਰ ਰੌਂਤਾ
ਰੌਂਤਾ (ਮੋਗਾ) ਮੋਬਾਈਲ : 098764-86187.

ਕਹਾਣੀ: ਵੱਡੀ ਬੇਬੇ

ਅੱਜ ਸਵੇਰ ਤੋਂ ਹੀ ਵੱਡੀ ਬੇਬੇ ਕਹਿ ਰਹੀ ਸੀ ਕਿ ਕੋਈ ਮੈਨੂੰ ਹਸਪਤਾਲ ਲੈ ਕੇ ਜਾਓ, ਧੁੰਦਲਾ ਜਿਹਾ ਦਿਸੀ ਜਾਂਦਾ ਹੈ, 'ਵੇ ਮੀਕੇ ਤੂੰ ਐਧਰ ਆ ਗੱਲ ਸੁਣ ਮੇਰੀ।' ਅਜੇ ਮੈਂ ਕੋਲ ਹੀ ਗਿਆ ਸੀ ਕਿ ਬਾਹਰਲੇ ਗੇਟ ਅੱਗੋਂ ਦੀ ਕੋਈ ਲੰਘਿਆ। ਬੇਬੇ ਨੇ ਕਿਹਾ, 'ਜ਼ੈਲਦਾਰਾਂ ਦਾ ਮੁੰਡਾ ਦੇਖ ਕਿਵੇਂ ਟੌਹਰ ਕੱਢੀ ਜਾਂਦਾ ਹੈ, ਕਿਤੇ ਸਕੀਰੀ ਵਿਚ ਜਾਣਾ ਹੋਣਾ।'
ਮੈਂ ਕਿਹਾ, 'ਬੇਬੇ ਵੈਸੇ ਤਾਂ ਤੈਨੂੰ ਧੁੰਦਲਾ ਜਿਹਾ ਦਿਸਦਾ ਹੈ, ਮੈਨੂੰ ਤਾਂ ਪਤਾ ਨਹੀਂ ਲੱਗਿਆ ਕੌਣ ਲੰਘਿਆ ਹੈ, ਪਰ ਤੂੰ ਬੜੀ ਛੇਤੀ ਪਛਾਣ ਲਿਆ।'
'ਕਿਥੇ ਵੇ ਉਹ ਤਾਂ ਕਿਤੇ-ਕਿਤੇ ਸਾਫ਼ ਵੀ ਦਿਸਣ ਲੱਗ ਪੈਂਦਾ ਹੈ। ਤੁਸੀਂ ਨਹੀਂ ਲੈ ਕੇ ਜਾਣਾ ਤਾਂ ਨਾ ਜਾਓ', ਮੈਂ ਆਪੇ ਚਲੀ ਜਾਊਂਗੀ, ਬੇਬੇ ਗੁੱਸੇ ਵਿਚ ਕਹਿਣ ਲੱਗੀ। ਪਰ ਬੇਬੇ ਦੀ ਜਿੱਦ ਅੱਗੇ ਕਿਸ ਦੀ ਚੱਲਦੀ, ਮੈਂ 10 ਵਜੇ ਬੇਬੇ ਨੂੰ ਅੱਖਾਂ ਵਾਲੇ ਹਸਪਤਾਲ ਲੈ ਗਿਆ।
ਹਸਪਤਾਲ ਜਾਂਦਿਆਂ ਹੀ ਲਾਈਨ ਵਿਚ ਲੱਗਣਾ ਪਿਆ। ਪਰ ਬੇਬੇ ਕਿਥੇ ਸੀ ਲਾਈਨ ਵਿਚ ਲੱਗਣ ਵਾਲੀ। ਰੌਲਾ-ਰੱਪਾ ਪਾ ਕੇ ਪਹਿਲਾਂ ਪਰਚੀ ਕਟਵਾਉਣ ਲੱਗੀ।
ਮੈਡਮ-'ਨਾਂਅ ਕੀ ਐ ਮਾਤਾ ਜੀ?'
ਬੇਬੇ-'ਕੁੜੇ, ਸੁਰਜੀਤ ਕੌਰ।'
ਮੈਡਮ ਨੇ ਮਾਤਾ ਜੀ ਨੂੰ ਪੁੱਿਛਆ, 'ਉਮਰ 75 ਸਾਲ ਹੋਣੀ ਐ?'
ਬੇਬੇ-'ਨਹੀਂ ਜ਼ਿਆਦਾ ਹੈ, 70 ਸਾਲ ਦੀ।'
ਮੈਡਮ-'ਮਾਤਾ ਜੀ, ਇਹ ਤਾਂ ਪੰਜ ਸਾਲ ਘੱਟ ਹੈ।'
ਬੇਬੇ-'ਚੱਲ ਜਿੰਨੀ ਮਰਜ਼ੀ ਲਿਖ ਲੈ, ਮੈਂ ਕਿਹੜਾ...।'
ਮੈਡਮ-'ਪਿੰਡ ਕਿਹੜਾ ਮਾਤਾ ਜੀ?'
ਬੇਬੇ-'ਬਹੁਤ ਦੂਰ ਐ।'
ਮੈਡਮ-'ਹੱਸਣ ਲੱਗੀ, ਮਾਤਾ ਦੂਰ ਨਹੀਂ, ਨਾਂਅ ਪੁੱਛਿਆ ਪਿੰਡ ਦਾ।'
ਪਰਚੀ ਕਟਾ ਕੇ ਬੇਬੇ ਅੱਗੇ-ਅੱਗੇ ਮੈਂ ਪਿੱਛੇ। ਜੇ ਬੇਬੇ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਡਰ ਲੱਗਦਾ। ਐਵੇਂ ਉੱਚੀ ਬੋਲੂਗੀ, ਵੇ ਹੁਣ ਮੈਨੂੰ ਨਿਆਣੀ ਨਾ ਬਣਾ ਸਾਰਾ ਕੁਝ ਪਤਾ ਐ ਮੈਨੂੰ। ਮੈਂ ਚੁੱਪ-ਚਾਪ ਬੇਬੇ ਦੇ ਮਗਰ ਤੁਰਿਆ ਜਾਵਾਂ।'
ਵੇ ਮੀਕੇ, 'ਡਾਕਟਰ ਇਸ ਕਮਰੇ ਵਿਚ ਬੈਠਦਾ ਹੈ?'
ਨਹੀਂ ਬੇਬੇ, 'ਅਗਲੇ ਕਮਰੇ ਵਿਚ।'
ਡਾਕਟਰ ਨੇ ਪੁੱਛਿਆ, 'ਕੀ ਪ੍ਰੋਬਲਮ ਹੈ ਮਾਤਾ ਜੀ?'
ਬੇਬੇ ਮੇਰੇ ਵੱਲ ਝਾਕਣ ਲੱਗੀ। ਮੈਂ ਕਿਹਾ, 'ਬੇਬੇ ਤਕਲੀਫ਼ ਦੱਸ ਕੀ?'
'ਤਕਲੀਫ ਤਾਂ ਭਾਈ ਕੁਝ ਨੀਂ, ਊਂਅ ਕਿਤੇ-ਕਿਤੇ ਅੱਖਾਂ ਤੋਂ ਦਿਸਣੋਂ ਹਟ ਜਾਂਦਾ, ਖੂੰਡੀ ਤੋਂ ਬਿਨਾਂ ਤਾਂ ਜਵਾਂ ਹੀ ਨਹੀਂ ਤੁਰਿਆ ਜਾਂਦਾ, ਇਕ ਘੇਰ ਜੀ ਆਉਂਦੀ ਹੈ, ਚਿੱਤ ਭਰਿਆ-ਭਰਿਆ ਰਹਿੰਦਾ, ਅੱਖਾਂ ਮੂਹਰੇ ਭੰਬੂਤਾਰੇ ਜੇ ਆ ਜਾਂਦੇ ਨੇ।' ਡਾਕਟਰ ਨੇ ਅੱਖਾਂ ਚੈੱਕ ਕਰਕੇ ਦਵਾਈ ਲਿਖ ਦਿੱਤੀ ਅਤੇ ਆਖਿਆ 'ਮਾਤਾ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਦਵਾਈ ਪਾ ਲਿਆ ਕਰੋ, ਅੱਖਾਂ 'ਤੇ ਥੋੜ੍ਹਾ ਜਾਲਾ ਹੈ। ਠੀਕ ਹੋ ਜਾਊਗਾ।'
ਮੈਂ ਤੇ ਬੇਬੇ ਕਮਰੇ 'ਚੋਂ ਬਾਹਰ ਆ ਗਏ। ਪਰ ਬੇਬੇ ਖੂੰਡੀ ਅੰਦਰ ਭੁੱਲ ਆਈ। ਜਦੋਂ ਬੇਬੇ ਖੂੰਡੀ ਚੱਕਣ ਲੱਗੀ ਤਾਂ ਡਾਕਟਰ ਵੀ ਹੱਸਣ ਲੱਗ ਪਿਆ ਤੇ ਮੈਂ ਵੀ।
ਮੇਰੇ ਤੋਂ ਰਿਹਾ ਨਾ ਗਿਆ, ਮੈਂ ਕਿਹਾ, 'ਬੇਬੇ ਹੁਣੇ ਤਾਂ ਖੂੰਡੀ ਤੋਂ ਬਿਨਾਂ ਤੁਰਿਆ ਨਹੀਂ ਸੀ ਜਾਂਦਾ ਤੇ ਖੂੰਡੀ ਅੰਦਰ ਭੁੱਲ ਆਈ ਸੀ। ਬੇਬੇ ਨੇ ਕਿਹਾ, 'ਝੇਡਾਂ ਨਾ ਕਰ ਵੇ, ਕਈ ਵਾਰ ਨਹੀਂ ਪਤਾ ਲਗਦਾ ਕਾਹਲੀ ਵਿਚ', ਬੇਬੇ ਕਿਥੇ ਕੋਈ ਗੱਲ ਮੰਨਦੀ ਸੀ, ਉਹ ਆਪਣੇ-ਆਪ ਨੂੰ ਹੀ ਸਹੀ ਸਮਝਦੀ ਸੀ।
ਮੈਨੂੰ ਉਦੋਂ ਸਾਡੇ ਪੰਜਾਬੀ ਵਾਲੇ ਕ੍ਰਿਸ਼ਨ ਮਾਸਟਰ ਜੀ ਦੀ ਗੱਲ ਯਾਦ ਆਈ ਕਿ ਜਦੋਂ ਬਜ਼ੁਰਗ ਜ਼ਿੱਦ ਕਰਨ ਲੱਗ ਜਾਣ, ਸਮਝੋ ਉਨ੍ਹਾਂ ਦਾ ਸੁਭਾਅ ਜੁਆਕਾਂ ਵਰਗਾ ਹੋ ਜਾਂਦਾ ਹੈ। ਉਨ੍ਹਾਂ ਨੂੰ ਵਹਿਮ ਹੋ ਜਾਂਦਾ ਹੈ ਕਿ ਕਿਤੇ ਬੱਚੇ ਉਨ੍ਹਾਂ ਦਾ ਕਹਿਣਾ ਨਹੀਂ ਮੰਨਦੇ। ਸੋ, ਬਜ਼ੁਰਗਾਂ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ, ਇਹ ਸਮਾਂ ਤਾਂ ਸਾਰਿਆਂ 'ਤੇ ਹੀ ਆਉਣਾ ਹੁੰਦਾ ਹੈ।

-ਪਿੰਡ ਮਾਣੂੰਕੇ (ਮੋਗਾ)। ਮੋਬਾ : 98553-65345.

ਨਸ਼ਾ

ਭੋਲਾ ਰਾਮ ਕਿੱਤੇ ਵਜੋਂ ਇੰਜੀਨੀਅਰ ਸੀ ਤੇ ਉਸ ਦੇ ਪਰਿਵਾਰ 'ਚ ਇਕਲੌਤਾ ਬੇਟਾ ਰਵੀ ਅਤੇ ਪਤਨੀ ਰਾਮ ਪਿਆਰੀ ਸਨ। ਨੌਕਰੀ ਦੇ ਪੈਸਿਆਂ ਨਾਲ ਘਰ ਦਾ ਗੁਜ਼ਾਰਾ ਚੰਗਾ ਚਲ ਰਿਹਾ ਸੀ। ਰਵੀ ਕਾਲਜ ਵਿਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। ਭੋਲਾ ਰਾਮ ਦੀ ਇਕ ਹੀ ਖਾਹਿਸ਼ ਸੀ ਕਿ ਉਸ ਦਾ ਬੇਟਾ ਵੀ ਇੰਜੀਨੀਅਰ ਬਣ ਕੇ ਦੇਸ਼ ਦੀ ਸੇਵਾ ਕਰੇ।
ਰਵੀ ਨੇ ਚੰਗੇ ਨੰਬਰ ਲੈ ਕੇ ਇੰਜੀਨੀਅਰਿੰਗ ਦੀ ਡਿਗਰੀ ਲੈ ਲਈ ਅਤੇ ਰੁਜ਼ਗਾਰ ਭਾਲਣ ਵਿਚ ਜੁੱਟ ਗਿਆ। ਪਰ ਕਿਤੇ ਵੀ ਰੁਜ਼ਗਾਰ ਨਾ ਮਿਲਿਆ। ਭੋਲਾ ਰਾਮ ਨੇ ਵੀ ਕਾਫ਼ੀ ਕੋਸ਼ਿਸ਼ ਕੀਤੀ ਪਰ ਆਪਣੇ ਬੇਟੇ ਨੂੰ ਨੌਕਰੀ ਨਾ ਦਿਵਾ ਸਕਿਆ।
ਰਵੀ ਉਦਾਸ ਰਹਿਣ ਲੱਗਾ। ਭੋਲਾ ਰਾਮ ਨੇ ਰਵੀ ਨੂੰ ਹੋਰ ਪੜ੍ਹਾਈ ਕਰਨ ਲਈ ਕਿਹਾ ਤਾਂ ਉਸ ਨੇ ਹਾਂ ਕਰ ਦਿੱਤੀ। ਉਹ ਪਹਿਲਾਂ ਵਾਂਗ ਕਾਲਜ ਜਾਣ ਲੱਗਾ। ਪਰ ਉਹ ਹੁਣ ਬੁਰੀ ਸੰਗਤ ਵਿਚ ਪੈ ਗਿਆ। ਇਸ ਗੱਲ ਦੀ ਖ਼ਬਰ ਭੋਲਾ ਰਾਮ ਨੂੰ ਵੀ ਲੱਗ ਗਈ ਤੇ ਉਹ ਬੜਾ ਦੁਖੀ ਹੋਇਆ। ਉਸ ਨੇ ਰਵੀ ਨੂੰ ਬਹੁਤ ਸਮਝਾਇਆ ਪਰ ਰਵੀ ਨਾ ਸਮਝਿਆ ਅਤੇ ਹਰ ਰੋਜ਼ ਨਸ਼ਾ ਕਰਕੇ ਘਰ ਪਰਤਦਾ। ਭੋਲਾ ਰਾਮ ਨੇ ਉਸ ਨੂੰ ਗੁੱਸੇ ਵਿਚ ਡਾਂਟ ਦਿੱਤਾ। ਰਵੀ ਨੇ ਆਪਣੇ ਪਿਤਾ ਦੀ ਗੱਲ ਆਪਣੇ ਮਨ 'ਤੇ ਲਾ ਲਈ। ਇਕ ਦਿਨ ਜਦ ਉਹ ਕਾਲਜ ਤੋਂ ਘਰ ਪਰਤਿਆ ਤਾਂ ਸਿੱਧਾ ਆਪਣੇ ਕਮਰੇ ਵਿਚ ਚਲਾ ਗਿਆ। ਆਪਣੇ ਗਲ ਵਿਚ ਰੱਸੀ ਪਾ ਲਈ। ਏਨੇ ਨੂੰ ਰਵੀ ਦੇ ਮਾਤਾ-ਪਿਤਾ ਵੀ ਮਗਰੇ ਪਹੁੰਚ ਗਏ, ਉਹ ਬੜੇ ਦੁਖੀ ਹੋਏ। ਉਨ੍ਹਾਂ ਰਵੀ ਨੂੰ ਬੜਾ ਸਮਝਾਇਆ ਕਿ ਇੰਜ ਕਾਇਰਤਾ ਨਹੀਂ ਦਿਖਾਈ ਦੀ। ਚੁਣੌਤੀਆਂ ਖਿੜੇ ਮੱਥੇ ਸਵੀਕਾਰ ਕਰਨੀਆਂ ਚਾਹੀਦੀਆਂ ਹਨ। ਨਿਸ਼ਾਨਾ ਮਿਥ ਕੇ ਸੰਘਰਸ਼ ਕਰਨਾ ਚਾਹੀਦਾ ਹੈ, ਸਫ਼ਲਤਾ ਜ਼ਰੂਰ ਮਿਲਦੀ ਹੈ। ਤੂੰ ਵੀ ਮਿਹਨਤ ਕਰਕੇ ਮੰਜ਼ਿਲ ਹਾਸਲ ਕਰ। ਮਾਤਾ-ਪਿਤਾ ਦੀ ਸਿੱਖਿਆ ਨੇ ਰਵੀ 'ਚ ਜ਼ਿੰਦਗੀ ਜਿਊਣ ਦੀ ਤੇ ਸਫ਼ਲ ਹੋਣ ਲਈ ਮਿਹਨਤ ਦਾ ਪੱਲਾ ਨਾ ਛੱਡਣ ਦੀ ਇੱਛਾ ਪੈਦਾ ਕਰ ਦਿੱਤੀ।

-ਲਖਵੀਰ ਸਿੰਘ ਨਡਾਲੀ
ਮੋਬਾਈਲ : 97790-99315.

ਕਿੱਸੇ ਸ਼ਰਾਬੀਆਂ ਦੇ

ਸ਼ਰਾਬ ਪੀ ਕੇ ਚਾਹੇ ਕੋਈ ਐਕਸੀਡੈਂਟ ਕਰੇ ਜਾਂ ਫਿਰ ਗ਼ਲਤ ਬੋਲੇ, ਖਾਹ-ਮਖਾਹ ਲਲਕਾਰੇ ਮਾਰੇ, ਬੱਕਰੇ ਬੁਲਾਏ ਤੇ ਲੜਾਈ ਕਰੇ, ਵਿਆਹ ਦੇ ਸਮਾਗਮ ਵਿਚ ਬਿਨਾਂ ਕਾਰਨ ਗੋਲੀ ਚਲਾ ਦੇਵੇ, ਆਪਣੀ ਸਿਹਤ ਬਰਬਾਦ ਕਰੇ, ਬੀਵੀ ਬੱਚਿਆਂ ਨਾਲ ਝਗੜੇ ਤੇ ਕੁੱਟਮਾਰ ਕਰੇ ਜਾਂ ਫਿਰ ਆਪਣਾ ਘਰ ਉਜਾੜ ਦੇਵੇ ਪਰ ਲੋਕੀਂ ਸ਼ਰਾਬ ਪੀਣ ਤੋਂ ਬਾਜ਼ ਨਹੀਂ ਆਉਂਦੇ। ਸ਼ਰਾਬ ਅਜਿਹਾ ਨਸ਼ਾ ਹੈ ਜੋ ਲੱਗ ਗਿਆ, ਸੋ ਲੱਗ ਗਿਆ। ਇਹ ਠੀਕ ਹੈ ਕਿ ਨਸ਼ਾਬੰਦੀ-ਇਹ ਸ਼ਰਾਬ ਦੀ ਹੋਵੇ ਜਾਂ ਚਿੱਟੇ ਦੀ-ਇਕ ਰਾਜਨੀਤਕ ਖੇਡ ਜਿਹੀ ਬਣ ਗਈ ਹੈ। ਪਰ ਅਸਲੀਅਤ ਵਿਚ ਕੋਈ ਬਹੁਤ ਫਰਕ ਨਹੀਂ ਪਿਆ ਤੇ ਨਾ ਹੀ ਪੈਣ ਦੀ ਸੰਭਾਵਨਾ ਹੈ ਕਿਉਂਕਿ ਨਾ ਪੀਣ ਵਾਲੇ, ਨਾ ਪਿਲਾਉਣ ਵਾਲੇ ਨਸ਼ਾਬੰਦੀ ਨੂੰ ਅਹਿਮੀਅਤ ਦਿੰਦੇ ਹਨ। ਸਰਕਾਰਾਂ ਮਾਲੀਆ ਇਕੱਠਾ ਕਰਨ ਲਈ ਸ਼ਰਾਬ ਬਣਵਾਉਂਦੀਆਂ ਹਨ ਤੇ ਠੇਕਿਆਂ ਦੀ ਬੋਲੀ ਵੀ ਕਰਦੀਆਂ ਹਨ, ਸ਼ਰਾਬ ਦੇ ਠੇਕੇਦਾਰ ਤੇ ਤਸਕਰ ਆਪਣੀ ਕਾਲੀ ਆਮਦਨੀ ਲਈ ਸ਼ਰਾਬ ਵੇਚਦੇ ਹਨ ਤੇ ਪੀਣ ਵਾਲਾ, ਕੋਈ ਟੈਨਸ਼ਨ ਦੂਰ ਕਰਨ ਲਈ, ਕੋਈ ਸਕੂਨ ਭਰੀ ਨੀਂਦ ਲਈ, ਕੋਈ ਖੁਸ਼ੀ ਸਾਂਝੀ ਕਰਨ ਲਈ, ਕੋਈ ਗ਼ਮ ਦੂਰ ਕਰਨ ਲਈ ਪੀਂਦਾ ਹੈ, 'ਬੱਸ ਪੀਣੀ ਹੈ, ਪੀਣੀ ਹੈ ਮੈਂ ਤੇ ਪੀਣੀ ਹੈ।'
ਸਰਕਾਰ ਦੀਆਂ ਨੀਤੀਆਂ ਬਾਰੇ ਤਾਂ ਮੈਂ ਹੋਰ ਕੁਝ ਨਹੀਂ ਕਹਿਣਾ ਪਰ ਸ਼ਰਾਬੀਆਂ ਬਾਰੇ ਮੈਂ ਦੋ ਕਿੱਸੇ ਸਾਂਝੇ ਕਰਨੇ ਚਾਹਾਂਗੀ।
ਸੋਮਵਾਰ: ਪਤਨੀ : ਕੀ ਗੱਲ ਹੈ, ਅੱਜ ਤਾਂ ਦਫ਼ਤਰ ਤੋਂ ਹੀ ਪੀ ਕੇ ਆ ਰਹੇ ਹੋ।
ਪਤੀ; ਕੀ ਕਰਦਾ, ਕੁਝ ਵਿਦੇਸ਼ੀ ਗਾਹਕ ਆ ਗਏ ਸਨ, ਉਨ੍ਹਾਂ ਦੀ ਆਉ-ਭਗਤ ਕਰਨ ਲਈ ਮੈਨੂੰ ਵੀ ਉਨ੍ਹਾਂ ਨਾਲ ਪੀਣੀ ਪੈ ਗਈ।
ਮੰਗਲਵਾਰ : ਪਤਨੀ : 'ਅੱਜ ਫਿਰ?'
ਪਤੀ : 'ਨਾ ਨਾ ਬਈ, ਅੱਜ ਦਫ਼ਤਰ ਵਿਚ ਕੁਝ ਨਹੀਂ ਹੋਇਆ। ਮੇਰੇ ਸਕੂਲ ਦੇ ਦਿਨਾਂ ਦੇ ਦੋਸਤ ਰਮੇਸ਼ ਦੀ ਮੰਗਣੀ ਸੀ। ਦਫਤਰੋਂ ਸਿੱਧਾ ਉਸ ਦੇ ਘਰ ਗਿਆ ਤੇ ਪੀਣੀ ਪੈ ਗਈ'।
ਬੁੱਧਵਾਰ : ਪਤਨੀ : 'ਮੈ ਕਿਹਾ ਜੀ ਹੁਣ ਰੋਜ਼ ਰੋਜ਼?'
ਪਤੀ : 'ਭਲੀਏ ਮਾਣਸੇ, ਕੀ ਕਰਦਾ ਬਹੁਤ ਹੀ ਮਜਬੂਰੀ ਸੀ। ਮੇਰੇ ਇਕ ਕੁਲੀਗ (ਸਾਥੀ) ਦਾ ਤਲਾਕ ਹੋ ਗਿਆ। ਵਿਚਾਰਾ ਬਹੁਤ ਹੀ ਦੁਖੀ ਸੀ। ਉਸ ਦਾ ਮੂਡ ਠੀਕ ਕਰਨ ਲਈ ਪੀਣੀ ਤੇ ਪਿਲਾਉਣੀ ਪੈ ਗਈ'
ਵੀਰਵਾਰ : ਪਤਨੀ: 'ਅੱਜ ਤਾਂ ਹੱਦ ਹੀ ਹੋ ਗਈ, ਫੇਰ ਟੁੱਨ ਹੋ ਕੇ ਆ ਗਏ ਹੋ'।
ਪਤੀ : 'ਮੈਂ ਕਿਹੜਾ ਆਪਣੀ ਮਰਜ਼ੀ ਨਾਲ ਪੀਂਦਾ ਹਾਂ। ਅੱਜ ਮੇਰੇ ਦੋਸਤ ਰਮੇਸ਼ ਜਿਸ ਦੀ ਮੰਗਣੀ ਹੋਈ ਸੀ, ਉਸ ਦਾ ਵਿਆਹ ਸੀ। ਬਿਨਾਂ ਪੀਣ ਦੇ ਖੁਸ਼ੀ ਤਾਂ ਨਹੀਂ ਨਾ ਮਨਾਈ ਜਾ ਸਕਦੀ'
ਸ਼ੁੱਕਰਵਾਰ : ਪਤਨੀ: (ਗੁੱਸੇ ਵਿਚ) 'ਅੱਜ ਕਿਹੜੀ ਗੋਲੀ ਵੱਜ ਗਈ ਸੀ ਕਿ ਫਿਰ...?
'ਪਤੀ: 'ਓ ਹੋ ਗੁੱਸਾ ਨਾ ਕਰ, ਕਾਲਜ ਦੇ ਪੁਰਾਣੇ ਦੋਸਤ ਮਿਲ ਗਏ ਸੀ, ਉਨ੍ਹਾਂ ਨੇ ਜ਼ਬਰਦਸਤੀ ਪਿਲਾ ਦਿੱਤੀ'
ਸਨਿਚਰਵਾਰ : ਪਤਨੀ: 'ਮੇਰੀ ਤਾਂ ਕਿਸਮਤ ਹੀ ਫੁੱਟ ਗਈ, ਕੀ ਪੁਆੜਾ ਪੈ ਗਿਆ ਸੀ। ਮਾਰਕੀਟ ਸਬਜ਼ੀ ਲੈਣ ਗਏ ਸੀ ਤੇ ਅੱਜ ਵੀ?
ਪਤੀ : 'ਐਵੇਂ ਨਾ ਬੋਲੀ ਜਾਹ, ਭਲਾ ਰੱਬ ਦੇ ਬੰਦੇ ਨੂੰ ਹਫ਼ਤੇ ਵਿਚ ਇਕ ਵਾਰੀ, ਸਿਰਫ ਇਕ ਵਾਰੀ ਤਾਂ ਆਪਣੀ ਮਰਜ਼ੀ ਨਾਲ ਪੀਣ ਦੀ ਛੋਟ ਹੋਣੀ ਚਾਹੀਦੀ ਹੈ', ਪਤੀ ਦਾ ਜੁਆਬ ਸੀ।
ੲ ਦੋ ਸ਼ਰਾਬੀ ਭਰਾ ਸਨ, ਬੋਤਲ ਬੋਤਲ ਪੀਣ ਵਾਲੇ। ਇਕ ਸ਼ਾਮ ਦੋਵੇਂ ਬੈਠ ਕੇ ਪੀ ਰਹੇ ਸਨ। ਦੋਵਾਂ ਨੇ ਰੱਜ ਕੇ ਪੀਤੀ। ਵੱਡੇ ਨੇ ਦੋ ਪੈਗ ਘੱਟ ਪੀਤੇ ਤੇ ਛੋਟੇ ਨੇ ਦੋ ਵੱਧ। ਥੋੜ੍ਹੀ ਦੇਰ ਬਾਅਦ ਛੋਟਾ ਬੋਲਿਆ:
'ਬਾਈ ਜੀ, ਇਕ ਗੱਲ ਆਖਾਂ, ਗੁੱਸਾ ਤਾਂ ਨਹੀਂ ਕਰੋਗੇ'
'ਛੋਟੇ ਬਾਈ ਗੁੱਸਾ ਕਿਸ ਗੱਲ ਦਾਂਦੱਸ ਕੀ ਗੱਲ ਹੈ', ਵੱਡਾ ਬੋਲਿਆ।
'ਬਾਈ ਜੀ ਤੁਸੀਂ ਸ਼ਰਾਬ ਥੋੜ੍ਹੀ ਘੱਟ ਪੀਆ ਕਰੋ। ਮੈਨੂੰ ਤੁਹਾਡੇ ਬਾਰੇ ਫ਼ਿਕਰ ਲੱਗ ਜਾਂਦਾ ਹੈ। ਅੱਜ ਤੁਸੀਂ ਐਨੀ ਪੀ ਲਈ ਹੈ ਕਿ ਮੈਨੂੰ ਤੁਸੀਂ ਧੁੰਦਲੇ-ਧੁੰਦਲੇ ਦਿੱਖ ਰਹੇ ਹੋਂਕਿਤੇ ਇਕ ਦਿਨ ਪੀਂਦੇ-ਪੀਂਦੇ ਉੱਪਰ ਨਾ ਚਲੇ ਜਾਇਓ', ਛੋਟਾ ਰੋਂਦਾ-ਰੋਂਦਾ ਬੋਲਿਆ।

-46 ਕਰਤਾਰਪੁਰ, ਰਵਾਸ ਬ੍ਰਾਹਮਣਾਂ, ਡਾਕਖਾਨਾ ਸੂਲਰ , ਪਟਿਆਲਾ।
ਮੋਬਾਈਲ : 95015-31277.

ਨਵਾਂ ਸਾਲ

ਕੁਝ ਕੁੜੀ ਦੇ ਵਿਆਹ ਦੇ ਝੋਰੇ ਨੇ,
ਕੁਝ ਆਟੇ ਵਾਲੇ ਬੋਰੇ ਨੇ,
ਕੁਝ ਘਰ ਦੇ ਤੋਰੇ, ਤੋਰੇ ਨੇ,
ਸਾਨੂੰ ਹਰ ਪਲ ਸੁੱਕਣੇ ਪਾ ਛੱਡਿਆ,
ਸਾਡਾ ਨਵਾਂ ਈ, ਸਾਲ ਚੜ੍ਹਾ ਛੱਡਿਆ।
ਕੁਝ ਕਾਲੇ ਅਤੇ ਚਿੱਟੇ ਨੇ,
ਕੁਝ ਹਾਕਮ ਦੇ ਕੌੜੇ ਮਿੱਠੇ ਨੇ,
ਕੁਝ ਹੋਈ ਜਵਾਨੀ ਫਿੱਕੇ ਨੇ,
ਸਾਨੂੰ ਜਿਊਂਦੇ ਜੀਅ ਮਰਵਾ ਛੱਡਿਆ।
ਸਾਡਾ ਨਵਾਂ ਈ...।
ਕੁਝ ਸੁੱਚਿਆਂ ਅਤੇ ਝੂਠਿਆਂ ਨੇ,
ਕੁਝ ਵੋਟਾਂ ਵਾਲੇ ਠੂਠਿਆਂ ਨੇ,
ਕੁਝ ਘਪਲੇ ਵਾਲੇ ਸੂਟਿਆਂ ਨੇ,
ਵੇਖੋ ਦਿਨੇ ਹੀ ਚੰਦ ਚੜ੍ਹਾ ਛੱਡਿਆ।
ਸਾਡਾ ਨਵਾਂ ਈ....।
ਕੁਝ ਦਲ ਬਦਲਦੇ ਲੀਡਰਾਂ ਨੇ,
ਕੁਝ ਬਿਜਲੀ ਵਾਲੇ ਫੀਡਰਾਂ ਨੇ,
ਕੁਝ ਸਾਹਿਬ ਲੋਕਾਂ ਦੇ ਰੀਡਰਾਂ ਨੇ,
ਸਾਨੂੰ ਸਭ ਨੂੰ ਵਾਣ੍ਹੀ ਪਾ ਛੱਡਿਆ।
ਸਾਡਾ ਨਵਾਂ ਈ...।
ਕੁਝ ਬਾਬਿਆਂ ਅਤੇ ਲੁਟੇਰਿਆਂ ਨੇ,
ਕੁਝ ਫੈਲੇ ਘੁੱਪ ਹਨੇਰਿਆਂ ਨੇ,
ਕੁਝ ਡਿਗਦੇ ਨਿੱਤ ਬਨੇਰਿਆਂ ਨੇ,
ਸਾਨੂੰ ਵੱਡਾ ਖੋਰਾ ਲਾ ਛੱਡਿਆ।
ਸਾਡਾ ਨਵਾਂ ਈ, ਸਾਲ ਚੜ੍ਹਾ ਛੱਡਿਆ।

ਪਿੰਡ ਠਠਿਆਲਾ ਢਾਹਾ, ਡਾਕ: ਗਰਲੇ ਢਾਹਾ, ਤਹਿਸੀਲ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ)।
ਮੋਬਾਈਲ : 98142-80838.

ਨਵਾਂ ਸਾਲ-ਨਵੀਆਂ ਬਾਤਾਂ

ੲਪ੍ਰੋ: ਨਵ ਸੰਗੀਤ ਸਿੰਘ ੲ
ਨਵੇਂ ਸਾਲ ਦੀਆਂ ਨਵੀਆਂ ਬਾਤਾਂ।
ਸੂਹੀਆਂ ਸੂਹੀਆਂ ਨੇ ਪ੍ਰਭਾਤਾਂ।
ਧਰਨੇ, ਰੈਲੀਆਂ ਅਤੇ ਮੁਜ਼ਾਹਰੇ
ਦੁੱਖ ਲੋਕਾਂ ਦੇ ਅੰਬਰੋਂ ਭਾਰੇ।
ਮਿਟ ਜਾਵਣਗੀਆਂ ਕਾਲੀਆਂ ਰਾਤਾਂ।
ਯੁਗ ਤਕਨਾਲੋਜੀ ਦਾ ਆਇਆ,
ਹਰ ਪਾਸੇ ਕੰਪਿਊਟਰ ਛਾਇਆ।
ਭੁੱਲ ਗਈਆਂ ਨੇ ਕਲਮ-ਦਵਾਤਾਂ।
ਅਬਲਾ ਨਹੀਂ ਹੁਣ ਸਬਲਾ ਬਣ ਤੂੰ
ਅੱਗੇ ਦਰਿੰਦੇ ਸੀਨਾ ਤਣ ਤੂੰ।
ਭੇੜੀਆਂ ਥਾਂ-ਥਾਂ ਲਾਈਆਂ ਘਾਤਾਂ।
ਜਨਮ-ਪੱਤਰੀਆਂ ਰਾਸ਼ੀ ਛੱਡ ਦੇ
ਜੋਤਿਸ਼ੀਆਂ ਦਾ ਫਾਹਾ ਵੱਢ ਦੇ।
ਕੀ ਰੱਖਿਐ ਵਿਚ ਨਗ ਤੇ ਧਾਤਾਂ।
ਧਰਤੀ ਸਾਰੀ ਬੰਜਰ ਹੋਈ
ਧਾਹਾਂ ਮਾਰ ਕੇ ਉੱਚੀ ਰੋਈ।
ਮੁੜ ਨਾ ਆਈਆਂ ਇਹ ਬਰਸਾਤਾਂ।
ਦੂਰ ਹੋਵੇ ਇਹ ਬੇਰੁਜ਼ਗਾਰੀ,
ਬੇਇਨਸਾਫ਼ੀ ਤੇ ਲਾਚਾਰੀ।
ਬਖ਼ਸ਼ੀਂ ਰੱਬਾ! ਮੰਗੀਆਂ ਦਾਤਾਂ।
ਹੱਕ ਪਰਾਇਆ ਕਦੇ ਨਾ ਮਾਰੋ,
ਕਿਸਮਤ ਆਪਣੀ ਆਪ ਸਵਾਰੋ।
ਮਿਲਣਗੀਆਂ ਫਿਰ ਸੁਹਜ-ਸੁਗਾਤਾਂ।
ਰਾਜਨੀਤੀ ਖੱਟੀ ਬਦਨਾਮੀ
ਨਸ਼ਿਆਂ ਦੇ ਵਿਚ ਰੁਲੇ ਜਵਾਨੀ।
ਕੀ ਛੱਡਿਆ, ਏਹਨਾਂ ਹਾਲਾਤਾਂ।
ਕਿਰਸਾਨੀ ਹੋਈ ਕਰਜ਼ਾਈ,
ਯੁਵਕ ਵਿਦੇਸ਼ੀਂ ਕਰਨ ਭਕਾਈ।
ਖ਼ਾਲੀ ਖ਼ਾਲੀ ਦਿਸਣਾ ਸਬਾਤਾਂ।
ਆਏ ਨਿਹੱਥੇ, ਥੱਕੇ-ਹਾਰੇ,
ਅਸੀਂ ਬਣਾਂਗੇ ਭਲਕ ਦੇ ਤਾਰੇ।
ਇਕ ਹੋਣਾ ਛੱਡ ਜਾਤਾਂ-ਪਾਤਾਂ।
ਹਰ ਘਰ ਦੀ ਧੀ ਰਾਜ਼ੀ ਵੱਸੇ,
'ਰੂਹੀ' ਸਦਾ ਹੀ ਖਿੜ-ਖਿੜ ਹੱਸੇ।
ਬਦ-ਰੂਹਾਂ ਤੋਂ ਮਿਲਣ ਨਿਜਾਤਾਂ।

-ਮੁਖੀ, ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ (ਬਠਿੰਡਾ)-151302.

ਕਹਾਣੀ: ਤਾਰ

ਪਿੰਡ ਦੀ ਖੁੰਢ 'ਤੇ ਬੈਠਿਆਂ ਸਾਰਿਆਂ ਵਿਚ ਖੁੰਢ ਚਰਚਾ ਚੱਲ ਰਹੀ ਸੀ। ਇਕ-ਦੂਜੇ ਨੂੰ ਲਾ-ਲਾ ਕੇ ਕਰਾਰੀਆਂ-ਕਰਾਰੀਆਂ ਗੱਲਾਂ ਸੁਣਾਈਆਂ ਜਾ ਰਹੀਆਂ ਸਨ। ਕਦੀ ਕਿਸੇ ਦਾ ਤਵਾ ਲੱਗ ਜਾਂਦਾ ਤੇ ਕਦੀ ਕਿਸੇ ਦਾ। ਕਦੀ ਕੋਈ ਕਿਸੇ ਗੱਲ ਥੱਲੇ ਆ ਜਾਂਦਾ ਤੇ ਕਦੀ ਕੋਈ। ਇਸੇ ਤਰ੍ਹਾਂ ਹਰ ਰੋਜ਼ ਹੁੰਦਾ ਸੀ। ਖੁੰਢ 'ਤੇ ਬੈਠਿਆਂ ਕੋਈ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਸੀ ਕਰਦਾ। ਇਸ ਤਰ੍ਹਾਂ ਉਨ੍ਹਾਂ ਸਾਰਿਆਂ ਵਿਚ ਆਪਸੀ ਪਿਆਰ ਤੇ ਸਦਭਾਵ ਬਣਿਆ ਰਹਿੰਦਾ ਸੀ। ਇਥੇ ਬੈਠਣ ਵਾਲੇ ਸਾਰੇ ਇਕ-ਦੂਜੇ ਦਾ ਪੂਰਾ ਸਤਿਕਾਰ ਕਰਦੇ ਸਨ। ਇਕ-ਦੂਜੇ ਨੂੰ ਹਾਸੇ-ਮਖੌਲ ਕਰਦਿਆਂ-ਕਰਦਿਆਂ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਪਿੰਡ ਦੀ ਲਾਇਬ੍ਰੇਰੀ ਲਈ ਲਗਾਈਆਂ ਹੋਈਆਂ ਦੋ ਅਖ਼ਬਾਰਾਂ ਹਾਕਰ ਰੋਜ਼ ਦੀ ਤਰ੍ਹਾਂ ਹੀ ਖੁੰਢ 'ਤੇ ਬੈਠੇ ਬਜ਼ੁਰਗਾਂ ਨੂੰ ਫੜਾ ਗਿਆ। ਅਖ਼ਬਾਰ ਪੜ੍ਹਨ ਤੋਂ ਪਹਿਲਾਂ ਹੀ ਫ਼ੌਜੀ ਸਾਵਨ ਸਿੰਘ ਨੇ ਅੱਜ ਖੁੰਢ 'ਤੇ ਬੈਠੇ ਸਾਰੇ ਛੋਟੇ-ਵੱਡਿਆਂ ਨੂੰ ਆਪਣੀ ਨੌਜਵਾਨ ਬੇਟੀ ਦੇ ਵਿਦੇਸ਼ ਜਾਣ ਦੀ ਖ਼ਬਰ ਬੜੀ ਖੁਸ਼ੀ ਨਾਲ ਸੁਣਾਈ। ਇਸ ਖ਼ੁਸ਼ਖ਼ਬਰੀ 'ਤੇ ਸਾਰਿਆਂ ਨੇ ਉਸ ਨੂੰ ਵਧਾਈ ਵੀ ਦਿੱਤੀ। ਉਹ ਅੱਜ ਬਹੁਤ ਖੁਸ਼ ਸੀ ਕਿ ਉਸ ਦੀ ਬੇਟੀ ਪੌਂਡ ਕਮਾਉਣ ਲਈ ਯੂ. ਕੇ. ਵਿਚ ਪਹੁੰਚ ਗਈ ਸੀ। ਹੁਣ ਖੁੰਢ 'ਤੇ ਬੈਠੇ ਸਾਰੇ ਹੀ ਆਪੋ-ਆਪਣੀ ਸੋਚ ਮੁਤਾਬਿਕ ਵਿਦੇਸ਼ਾਂ ਦੀਆਂ ਗੱਲਾਂ ਕਰ ਰਹੇ ਸਨ। ਫ਼ੌਜੀ ਸਾਵਨ ਸਿੰਘ ਖੁੰਢ 'ਤੇ ਬੈਠੇ ਸਾਰੇ ਲੋਕਾਂ ਨਾਲੋਂ ਅੱਜ ਆਪਣੇ-ਆਪ ਨੂੰ ਵੱਡਾ ਮਹਿਸੂਸ ਕਰ ਰਿਹਾ ਸੀ। ਸਕੂਲ ਤੋਂ ਅੱਧੀ ਛੁੱਟੀ ਵੇਲੇ ਭੱਜ ਕੇ ਆਏ ਰਾਮੇ ਦੇ ਟੋਨੀ ਨੇ ਖੁੰਢ 'ਤੇ ਆਉਂਦਿਆਂ ਹੀ ਅਖ਼ਬਾਰ ਫੜੀ ਤੇ ਰੋਜ਼ ਦੀ ਤਰ੍ਹਾਂ ਹੀ ਮੋਟੀਆਂ-ਮੋਟੀਆਂ ਸੁਰਖੀਆਂ ਪੜ੍ਹ ਕੇ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਇਕ ਤੋਂ ਬਾਅਦ ਇਕ ਖ਼ਬਰ ਪੜ੍ਹਦਾ ਗਿਆ ਤੇ ਜਦੋਂ ਉਸ ਨੇ ਇਕ ਔਰਤ ਲੇਖਕ ਵਲੋਂ ਬਾਹਰਲੇ ਦੇਸ਼ ਗਈਆਂ ਅਣਵਿਆਹੀਆਂ ਕੁੜੀਆਂ ਬਾਰੇ ਲਿਖਿਆ ਲੇਖ ਪੜ੍ਹਨਾ ਸ਼ੁਰੂ ਕੀਤਾ ਤਾਂ ਖੁੰਢ 'ਤੇ ਬੈਠੇ ਫ਼ੌਜੀ ਸਾਵਨ ਸਿੰਘ ਨੂੰ ਠੰਢ ਵਿਚ ਵੀ ਮੁੜਕਾ ਆਉਣਾ ਸ਼ੁਰੂ ਹੋ ਗਿਆ। ਉਹ ਸਾਰਿਆਂ ਕੋਲੋਂ ਸ਼ਰਮਿੰਦਾ ਹੋ ਗਿਆ ਸੀ। ਅਣਮੰਨੇ ਜਿਹੇ ਮਨ ਨਾਲ ਉਹ ਉਥੋਂ ਉਠਿਆ ਤੇ ਸਿੱਧਾ ਪਿੰਡ ਦੇ ਡਾਕਖਾਨੇ ਨੂੰ ਚਲਾ ਗਿਆ। ਉਸ ਨੇ ਆਪਣੇ-ਆਪ ਨੂੰ ਦਿਲ ਦੀ ਬਿਮਾਰੀ ਹੋਣ ਦਾ ਬਹਾਨਾ ਲਗਾ ਕੇ ਆਪਣੀ ਲੜਕੀ ਨੂੰ ਤੁਰੰਤ ਵਾਪਸ ਆਉਣ ਲਈ ਅਚਨਚੇਤ ਤਾਰ ਭੇਜ ਦਿੱਤੀ ਸੀ।

-ਮਹਾਂਬੀਰ ਸਿੰਘ ਗਿੱਲ
ਪਿੰਡ ਸੰਤੂ ਨੰਗਲ, ਡਾਕ: ਚੇਤਨਪੁਰਾ, ਜ਼ਿਲ੍ਹਾ ਅੰਮ੍ਰਿਤਸਰ।
ਮੋਬਾਈਲ : 98144-16722.

ਬਚਪਨ ਸਾਡਾ ਹੁੰਦਾ ਸੀ...

(ਲੜੀ ਜੋੜਨ ਲਈ 24 ਦਸੰਬਰ, 2017 ਦਾ ਅੰਕ ਦੇਖੋ)
ਭੈਣ ਜਸਵਿੰਦਰ ਨੇ 'ਵਾਜ ਮਾਰ ਕੇ ਆਖਣਾ, 'ਵੇ ਕਾਕਾ! ਜਾਹ ਭੱਜਾ ਜਾਹ, ਛੱਪੜ ਕੰਢੇ ਖੜ੍ਹੇ ਪਿੱਪਲ ਦੇ ਪੱਤੇ ਤੋੜ ਕੇ ਲਿਆ, ਪੂੜੇ ਪਕਾਉਣੇ ਆ।' ਰਾਤ ਖੀਰ ਦੇ ਨਾਲ ਪੂੜੇ ਖਾਣ ਦਾ ਸਵਾਦ ਪੰਜ ਸਿਤਾਰਾ ਹੋਟਲ 'ਚ ਖਾਣ ਵਾਲਿਆਂ ਨੂੰ ਕੀ ਪਤਾ। ਰਾਤ ਵਿਹੜੇ 'ਚ ਸਾਰੇ ਜੀਆਂ ਦੇ ਮੰਜੇ ਵਿਛ ਜਾਣੇ, ਅਸੀਂ ਉਤਾਂਹ ਵਿਹੰਦਿਆਂ ਆਪੋ-ਆਪਣੇ ਤਾਰੇ ਮੱਲਣੇ 'ਔਹ ਮੋਟਾ ਤਾਰਾ ਮੇਰਾ ਏ, ਔਹ 'ਕੱਠੇ ਤਿੰਨ ਤਾਰੇ ਮੇਰੇ ਨੇ... ਆਪਣਾ ਤਾਂ ਚੰਨ ਮਾਮਾ ਏ ਭਾਈ... ਐਡਾ ਵੱਡਾ, ਨਾਲੇ ਵਿਚ ਨਾਨੀ ਬੈਠੀ ਚਰਖਾ ਕੱਤ ਦੀ ਏ।' ਚਾਚੇ ਆਖਣਾ, 'ਔਹ ਵੇਖ ਕਾਕਾ ਖਿੱਤੀਆਂ, ਜਦੋਂ ਦਿਨ ਚੜ੍ਹੇਗਾ, ਇਹ ਘੁੰਮ ਕੇ ਅਮਰੀਕੇ ਤਰਖਾਣ ਦੇ ਘਰ ਵੱਲ ਚਲੀਆਂ ਜਾਣਗੀਆਂ।' ਹੁਣ ਏ.ਸੀ. ਕਮਰਿਆਂ 'ਚੋਂ ਬਾਹਰ ਨਿਕਲ ਕੇ ਕੌਣ ਵੇਖਦੇ ਆਹ ਵਿਚਾਰੇ ਤਾਰਿਆਂ ਨੂੰ। ਸਾਡੀ ਇਕ ਚਿੱਟੀ ਗਾਂ ਹੁੰਦੀ ਸੀ ਐਡੇ ਵੱਡੇ ਕੱਦ ਵਾਲੀ। ਅਸਲੋਂ ਭੋਲੀ, ਬੜੀ ਸੀਲ। ਵਿਹੜੇ 'ਚ ਬੈਠੀ ਉਗਾਲੀ ਕਰਦੀ ਮੂੰਹ ਹਿਲਾਉਂਦੀ ਮੈਨੂੰ ਨਾਂਅ ਜਪਦੀ ਲਗਦੀ। ਮੈਂ ਦਿਨ ਵਿਚ ਜਦੋਂ ਵੀ ਜੀਅ ਕਰਦਾ ਕੌਲੀ ਫੜ ਕੇ ਉਹਦੇ ਕੋਲ ਅੱਪੜ ਜਾਂਦਾ। ਕਈ ਵਾਰ ਬੈਠੀ ਦੇ ਥਣ ਖਿੱਚਣ ਲੱਗ ਪੈਂਦਾ। ਐਨੀ ਭਲੀਮਾਣਸ, ਉੱਠਦੀ ਵੀ ਨਾ ਤੇ ਜਿੰਨਾ ਕੁ ਦੁੱਧ ਮੈਨੂੰ ਚਾਹੀਦਾ ਮੈਂ ਕੱਢ ਲੈਂਦਾ। ਉਹਦੇ ਦੋ ਵੱਛੇ ਹੁਣ ਵੱਡੇ ਬਲਦ ਬਣ ਗਏ ਸੀ। ਉਹ ਕਿੱਲਾ ਪੈਲੀ ਵਾਹ ਕੇ ਮੁੜਦੇ, ਅਸਲੋਂ ਥੱਕੇ ਟੁੱਟੇ ਖੁਰਲੀ ਦੁਆਲੇ ਬੈਠੇ ਇਕ-ਦੂਜੇ ਧੌਣਾਂ ਚੱਟਦੇ ਲਾਡੀਆਂ-ਭਾਡੀਆਂ ਕਰਦੇ ਮੈਨੂੰ ਆਪਣੇ ਬੇਲੀ ਜਿਹੇ ਲਗਦੇ। ਮੈਂ ਉਨ੍ਹਾਂ ਦੇ ਗਲ ਬਾਹਵਾਂ ਪਾ ਕੇ ਹੱਥ ਮੂੰਹ ਅੱਗੇ ਕਰ ਦਿੰਦਾ। ਉਹ ਮੇਰਾ ਹੱਥ ਚੱਟਦੇ ਤਾਂ ਮਿੱਠੀ-ਮਿੱਠੀ ਜਿਹੀ ਜਲੂਣ ਹੁੰਦੀ। ਕਰਤਾਰ ਦੇ ਕੱਚੇ ਕੋਠਿਆਂ ਨਾਲ ਸ਼ਾਮੋ ਮਹਿਰੀ ਦੀ ਭੱਠੀ ਹੁੰਦੀ ਸੀ, ਦਾਣੇ ਭੁੰਨਣ ਵਾਲੀ। ਸ਼ਾਮ ਨੂੰ ਕੁਝ ਕਣਕ, ਛੋਲੇ, ਪੋਣੇ ਵਿਚ ਬੰਨ੍ਹ ਕੇ ਭੁਨਾਉਣ ਜਾਂਦੇ। ਉਹ ਵਾਰੀ ਸਿਰ ਸਭ ਦੇ ਭੁੰਨਦੀ। ਇਕ ਵਾਰ ਮੈਂ ਜਾ ਕੇ ਆਖ ਬੈਠਾ, 'ਲੈ ਦਾਣੇ ਭੁੰਨ ਦੇ।' ਉਸ ਨੇ ਭੱਠੀ 'ਚ ਫੇਰਨ ਵਾਲਾ ਕੁੱਢਣ ਕੱਢ ਲਿਆ ਤੇ ਮੇਰੇ ਹੌਲੀ ਜਿਹੀ ਮਾਰ ਕੇ ਕਹਿੰਦੀ, 'ਵੇ ਦਾਦੇ ਮਗ੍ਹਾਉਣਿਆ! ਕੋਈ ਚਾਚੀ, ਤਾਈ ਨਹੀਂ ਆਖਿਆ, ਬੋਲਣ ਦੀ ਅਕਲ ਹੈਨੀਂ।' ਤੇ ਫਿਰ ਮੈਨੂੰ ਮੁੱਠ ਕੁ ਫੁੱਲੇ ਖਾਣ ਨੂੰ ਦਿੱਤੇ। ਹਾੜੀ ਦੇ ਦਿਨਾਂ 'ਚ ਪਿੰਡ 'ਚ ਆਸਾ ਰਾਮਬਾਗੜੀ ਦੇ ਘਰ ਕੋਲ ਪਏ ਪਿੜਾਂ 'ਚ ਛੋਲੇ, ਸਰ੍ਹੋਂ, ਤਾਰਾਮੀਰਾ, ਜੌਂ ਦੇ ਗਾਹ ਬਲਦਾਂ ਨਾਲ ਗਾਹੇ ਜਾਂਦੇ। ਚਾਚਾ ਤੇ ਭਰਾ ਤੰਗਲੀਆਂ ਨਾਲ ਫਰੋਲ-ਫਰੋਲ ਕੇ ਪੁੱਟਦੇ। ਗਾਹੁਣ ਤੋਂ ਬਾਅਦ ਗੂਣਾ (ਫ਼ਾਲਤੂ ਛਿਲਕਾ) ਅੱਡ ਹੋ ਜਾਂਦਾ ਤੇ ਦਾਣੇ ਅੱਡ। ਅਸੀਂ ਪੋਣੇ ਲੈ ਕੇ ਅੱਪੜ ਜਾਂਦੇ। ਚਾਚਾ ਸਾਨੂੰ ਛੋਟੇ ਜਵਾਕਾਂ ਨੂੰ ਦੋ-ਦੋ ਬੁੱਕ ਭਰ ਕੇ ਰੀੜੀ ਪਾ ਦਿੰਦਾ। ਅਸੀਂ ਨੱਚਦੇ-ਟੱਪਦੇ ਹੱਟੀ 'ਤੇ ਵੇਚ ਕੇ ਫੁੱਲੀਆਂ-ਭੁਜੀਆ, ਰਿਉੜੀਆਂ, ਖਿਡੌਣੇ ਖੰਡ ਦੇ, ਗਚਕ, ਮਰੂੰਡਾ ਲੈ ਕੇ ਝੋਲੀਆਂ ਭਰੀ ਘਰ ਨੂੰ ਭੱਜ ਆਉਂਦੇ। ਸਕੂਲ ਜਾਂਦੇ ਤਾਂ ਗੱਟੇ ਦੇ ਬਣੇ ਝੋਲਿਆਂ 'ਚ ਇਕ-ਦੋ ਕੈਦੇ, ਸਲੇਟ, ਸਲੇਟੀਆਂ, ਸਿਆਹੀ ਵਾਲੀ ਦਵਾਤ ਤੇ ਫੱਟੀ ਹੁੰਦੀ, ਥੋੜ੍ਹਾ ਜਿਹਾ ਭਾਰ ਬਸ। ਰੋਟੀ ਨਾਲ ਤਲੇ ਟਿੰਡੇ ਪੋਣੇ 'ਚ ਬੰਨ੍ਹੇ ਹੁੰਦੇ। ਗੀਪਾ ਖੰਡ ਦੀ ਚੂਰੀ ਲਿਆਉਂਦਾ। ਅੱਧੀ ਛੁੱਟੀ ਵੇਲੇ ਟਾਹਲੀ ਥੱਲੇ ਬੈਠੇ... ਅਸੀਂ ਆਪਸ 'ਚ ਵਟਾ ਲੈਂਦੇ ਤੇ ਸਵਾਦ ਨਾਲ ਪਚਾ ਕੇ ਮਾਰ-ਮਾਰ ਖਾਂਦੇ। ਰਿਜ਼ਲਟ ਆਉਂਦਾ, ਪਾਸ ਹੋਣ 'ਤੇ ਮਾਸਟਰਾਂ ਵਾਸਤੇ ਪਾਈਆ ਕੁ ਲੱਡੂ ਲੈ ਕੇ ਖਾਕੀ ਲਿਫ਼ਾਫ਼ੇ 'ਚ ਪਾ ਕੇ ਜਾਂਦਿਆਂ ਹੀ ਮਾਸਟਰ ਜੀ ਨੂੰ ਫੜਾ ਕੇ ਸ਼ਾਬਾਸ਼ ਲੈਂਦੇ।
ਰਾਤ ਚਾਨਣੀ ਵਿਚ ਕੁੜੀਆਂ, ਮੁੰਡੇ ਰਲਕੇ ਲੁਕਣਮੀਟੀ ਖੇਡਦੇ, ਗਲੀਆਂ 'ਚ ਦੁੜੰਗੇ ਮਾਰਦੇ ਫਿਰਦੇ ਕੋਈ ਨਿੰਦ-ਵਿਚਾਰ ਨਹੀਂਸੀ। ਕਿਸੇ ਘਰ ਵਿਆਹ ਹੋਣਾ, ਅਸੀਂ ਨਿੱਕਿਆਂ ਨੇ ਬਿਨਾਂ ਸੱਦੇ ਮੰਜੇ ਜਾ ਮੱਲਣੇ। ਨਾ ਘਰ ਦੇ ਰੋਕਦੇ ਸੀ ਨਾ ਅੱਗੋਂ ਕੋਈ ਟੋਕਦਾ ਸੀ...ਓ...ਹੋ... ਕਿੱਥੇ ਤੁਰ ਗਿਆ ਮੇਰਾ ਪਿਆਰਾ ਬਚਪਨ... ਓ ਮੇਰੇ ਨੰਨ੍ਹੇ ਪਿਆਰਿਓ! ਤੁਹਾਡਾ ਅੱਜ ਦਾ ਬਚਪਨ ਤਾਂ ਰੁਲ ਗਿਆ ਅਸਲੋਂ। ਨਾ ਤੁਸੀਂ ਕਦੇ ਮਿੱਟੀ 'ਚ ਖੇਡ ਕੇ ਵੇਖਿਆ ਤੇ ਨਾ ਸਾਡੇ ਵਾਲੀਆਂ ਉੱਪਰ ਦੱਸੀਆਂ ਮੌਜਾਂ ਮਾਣੀਆਂ। ਬਸ ਤੀਜੇ ਸਾਲ ਹੀ ਤਿੰਨ ਕਿਲੋ ਦਾ ਝੋਲਾ ਗਲ ਪਾ ਕੇ ਆਰਡਰ ਹੋ ਗਏ, 'ਚਲੋ ਬੇਟਾ! ਦਿਲ ਲਗਾ ਕੇ ਪੜ੍ਹਨਾ, ਸ਼ਰਾਰਤੇਂ ਨਹੀਂ ਕਰਨੀ, ਦੂਸਰੇ ਬੱਚੋਂ ਸੇ ਉਲਝਣਾ ਨਹੀਂ, ਫਾਲਤੂ ਬਾਤ ਨਹੀਂ ਕਰਨਾ, ਜ਼ਿਆਦਾ ਊਛਲ-ਕੂਦ ਨਹੀਂ ਕਰਨਾ, ਘਰ ਆ ਕਰ ਹੋਮ ਵਰਕ ਕਰਨਾ', ਬਚਪਨ ਦੇ ਸਾਰੇ ਕੰਮ ਤੇਰੇ ਲਈ ਵਰਜਿਤ ਹੋ ਗਏ ਤੇ ਤੇਰਾ ਬਚਪਨ ਕਿਥੇ ਰਹਿ ਗਿਆ ਮੇਰੇ ਬੱਚੇ। ਤੂੰ ਤਾਂ ਜੰਮਦਾ ਹੀ ਫ਼ਿਕਰਾਂ ਜੋਗਾ ਹੋ ਗਿਆ। ਫਿੱਟੇ ਮੂੰਹ ਪਦਾਰਥਵਾਦੀ ਸੋਚ ਦੇ।' (ਸਮਾਪਤ)

-ਹੱਡੀ ਵਾਲਾ, ਡਾਕ: ਝਾੜੀਵਾਲਾ, ਤਹਿ: ਗੁਰੂ ਹਰਸਹਾਏ-152022.
ਮੋਬਾਈਲ : 98721-77754.

ਕਾਵਿ-ਵਿਅੰਗ

ਲੰਗੋਟ
* ਨਵਰਾਹੀ ਘੁਗਿਆਣਵੀ *
ਝੂਠ ਬੋਲਣਾ ਔਖੀ ਹੈ ਕਾਰ ਡਾਢੀ,
ਸੱਚ ਬੋਲੀਏ ਡੰਕੇ ਦੀ ਚੋਟ ਨਾਲ।
ਖਰੀ ਸੋਚ ਸਾਡੀ, ਬੇਸ਼ੱਕ ਜੱਗ ਜ਼ਾਹਰ,
ਲਈ ਫਿਰਦੇ ਹਾਂ ਅਸੀਂ ਕੁਝ ਖੋਟ ਨਾਲ।
ਲੀਚੀ ਚੱਬ ਕੇ ਕਿਵੇਂ ਸੰਤੁਸ਼ਟ ਹੋਵੇ,
ਚੁੱਕੀ ਫਿਰਦਾ ਸੀ ਜੋ ਅਖ਼ਰੋਟ ਨਾਲ।
ਬੁੱਢੇ ਮੱਲ ਨੂੰ ਪੁੱਛਿਆ ਕਿਸੇ ਮਿੱਤਰ,
ਕਾਹਦੇ ਲਈ ਹੈ ਇਹ ਲੰਗੋਟ ਨਾਲ?

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.

ਪਛੜੇ
* ਹਰਦੀਪ ਢਿੱਲੋਂ *
ਗੱਡੀ ਲੀਹ ਤੋਂ ਲੱਥੇ ਇਕ ਵਾਰ ਜੀਹਦੀ,
ਔਖੇ ਸੰਭਲਣੇ ਵਣਜ ਵਿਹਾਰ ਪਛੜੇ।
ਮੌਜਾਂ ਲੁੱਟ ਗਏ ਮਖਣੀਆਂ ਖਾਣ ਵਾਲੇ,
ਸਿੰਗੀਂ ਹਿਰਨਾਂ ਦੇ ਚੜ੍ਹੇ ਭਤਾਰ ਪਛੜੇ।
ਮਿਰਜ਼ਾ ਮਛਰਿਆ ਜੰਡ ਦੇ ਹੇਠ ਮਰਿਆ,
ਕਰਦੇ ਚਾਕਰੀ ਫਿਰੇ ਦਿਲਦਾਰ ਪਛੜੇ।
ਮਾਇਆ ਸਾਂਭ ਲਈ ਕਿਸੇ ਨੇ ਵੇਚ ਵੋਟਾਂ,
ਮਾਇਆ ਉਡੀਕਦੇ ਮਦਦਗਾਰ ਪਛੜੇ।

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.

ਸੋਚ ਨਵੀਨੀ
* ਉਂਕਾਰ ਸਿੰਘ *
ਰੇਤ ਦੇ ਟਿੱਲਿਆਂ ਵਿਚ ਵੀ ਰੰਗੀਨੀ ਹੁੰਦੀ ਏ,
ਕੁਦਰਤ ਦੀ ਹਰ ਸ਼ੈਅ ਅੰਦਰ ਸ਼ੌਕੀਨੀ ਹੁੰਦੀ ਏ।
ਚੁੰਮ ਲਵੇ ਚਾਹੇ ਕੋਈ ਅੰਬਰਾਂ ਤਾਈਂ,
ਜੜ੍ਹ ਤਾਂ ਉਹਦੀ ਵੀ ਜ਼ਮੀਨੀ ਹੁੰਦੀ ਏ।
ਮੰਡਰਾਉਂਦਾ ਏ ਜਦ ਪਰਵਾਨਾ ਲਾਟ ਉੱਤੇ,
ਸਮਝੋ ਮੌਤ ਉਹਦੀ ਯਕੀਨੀ ਹੁੰਦੀ ਏ।
ਸ਼ਾਅਦੀ ਭਰੇ ਨਾ ਜੇ ਦੋਸਤ ਦੋਸਤ ਦੀ,
ਤਾਂ ਸਮਝੋ ਨੀਅਤ ਵਿਚ ਖੋਟ ਕਮੀਨੀ ਹੁੰਦੀ ਏ।
ਬਖ਼ਸ਼ਦਾ ਏ ਜੇ ਉਹ ਖ਼ੂਬਸੂਰਤੀ ਮੂਰਤ ਨੂੰ,
ਤਾਂ ਇਹੋ ਸੰਗ-ਤਰਾਸ਼ ਦੀ ਬੁੱਤ-ਨਸ਼ੀਨੀ ਹੁੰਦੀ ਏ।
'ਉਂਕਾਰ' ਲਿਖੇ ਸ਼ਾਇਰ ਵੱਖਰਾ ਜੇ ਕੁਝ ਹੋਰਾਂ ਤੋਂ,
ਤਾਂ ਇਹੋ ਉਹਦੀ ਸੋਚ ਨਵੀਨੀ ਹੁੰਦੀ ਏ।

ਸ.ਸ.ਸ.ਸ. ਕੰਦੋਲਾ (ਜਲੰਧਰ)। ਮੋ : 84277-99098


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX