ਤਾਜਾ ਖ਼ਬਰਾਂ


ਵਿਦਿਆਰਥਣ ਦੀ ਨਕਲੀ ਫ਼ੋਟੋ ਲਗਾਉਣ 'ਤੇ ਪਾਕਿ ਡਿਫੈਂਸ ਦਾ ਟਵੀਟਰ ਹੈਂਡਲ ਮੁਅਤਲ
. . .  3 minutes ago
ਨਵੀਂ ਦਿੱਲੀ, 19 ਨਵੰਬਰ - ਭਾਰਤ ਖਿਲਾਫ ਇਕ ਮਾਰਫ (ਤੋੜ ਮਰੋੜ ਕੇ) ਫ਼ੋਟੋ ਪੋਸਟ ਕਰਨਾ ਪਾਕਿਸਤਾਨ ਨੂੰ ਮਹਿੰਗਾ ਪਿਆ। ਮਾਈਕ੍ਰੋ ਬਲਾਲਿੰਗ ਵੈੱਬਸਾਈਟ ਟਵੀਟਰ ਨੇ ਪਾਕਿਸਤਾਨ ਡਿਫੈਂਸ ਦੇ ਅਧਿਕਾਰਕ ਅਕਾਊਂਟ ਨੂੰ ਗਲਤ ਫ਼ੋਟੋ ਪੋਸਟ ਕਰਨ 'ਤੇ ਸਸਪੈਂਡ ਕਰ ਦਿੱਤਾ...
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਲੰਚ ਤੱਕ ਸ੍ਰੀਲੰਕਾ ਨੇ 8 ਵਿਕਟਾਂ 'ਤੇ ਬਣਾਇਆ 263 ਦੌੜਾਂ
. . .  39 minutes ago
ਐਟਮੀ ਹਮਲੇ ਦੇ ਟਰੰਪ ਦੇ ਆਦੇਸ਼ ਨੂੰ ਫੌਜ ਮੰਨਣ ਤੋਂ ਕਰ ਸਕਦੀ ਹੈ ਇਨਕਾਰ - ਅਮਰੀਕੀ ਨਿਊਕਲੀਅਰ ਕਮਾਂਡਰ
. . .  about 1 hour ago
ਨਿਊਯਾਰਕ, 19 ਨਵੰਬਰ - ਅਮਰੀਕੀ ਰਣਨੀਤੀ ਕਮਾਨ ਦੇ ਇਕ ਸਿਖਰਲੇ ਅਧਿਕਾਰੀ ਨੇ ਕਿਹਾ ਹੈ ਕਿ ਜੇ ਰਾਸ਼ਟਰਪਤੀ ਡੋਨਾਲਡ ਟਰੰਪ ਜਾਂ ਉਨ੍ਹਾਂ ਦਾ ਕੋਈ ਵੀ ਉਤਰਧਿਕਾਰੀ ਪ੍ਰਮਾਣੂ ਹਥਿਆਰਾਂ ਨਾਲ ਹਮਲਾ ਕਰਨ ਦਾ ਆਦੇਸ਼ ਦਿੰਦਾ ਹੈ ਤਾਂ ਉਹ ਆਦੇਸ਼ ਗੈਰਕਾਨੂੰਨੀ ਪਾਏ...
ਹੌਲਦਾਰ ਦੀ ਆਪਣੀ ਹੀ ਰਫਲ ਦੀ ਗੋਲੀ ਚਲਣ ਨਾਲ ਹੋਈ ਮੌਤ
. . .  about 1 hour ago
ਨਸਰਾਲਾ, 19 ਨਵੰਬਰ (ਸਤਵੰਤ ਸਿੰਘ ਥਿਆੜਾ) - ਪੰਜਾਬ ਪੁਲਿਸ ਦੇ ਮੁਲਾਜ਼ਮ ਹੌਲਦਾਰ ਠਾਕੁਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਸਾਹਰੀ ਦੀ ਅੱਜ ਸਵੇਰੇ 8.30 ਵਜੇ ਦੇ ਕਰੀਬ ਆਪਣੀ ਰਫ਼ਲ ਨਾਲ ਗੋਲੀ ਚੱਲਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ...
ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਰਾਹੁਲ ਨੇ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 19 ਨਵੰਬਰ - ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੱਜ ਜਨਮ ਦਿਨ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ...
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਸ੍ਰੀਲੰਕਾ 7 ਵਿਕਟਾਂ 'ਤੇ 201 ਦੌੜਾਂ ਬਣਾ ਕੇ ਖੇਡ ਰਿਹੈ
. . .  about 2 hours ago
ਰਾਹੁਲ ਗਾਂਧੀ ਨੂੰ ਪਾਰਟੀ ਦਾ ਬਣਾਇਆ ਜਾ ਸਕਦੈ ਪ੍ਰਧਾਨ
. . .  about 3 hours ago
ਨਵੀਂ ਦਿੱਲੀ, 19 ਨਵੰਬਰ - ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪਾਰਟੀ ਦਾ 'ਮੁਖੀਆ' ਬਣਾਉਣ 'ਤੇ 20 ਨਵੰਬਰ ਨੂੰ ਫੈਸਲਾ ਹੋ ਸਕਦਾ ਹੈ। ਦਰਅਸਲ 20 ਨਵੰਬਰ ਨੂੰ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਹੈ ਤੇ ਇਸ 'ਚ ਰਾਹੁਲ ਨੂੰ ਪ੍ਰਧਾਨ ਬਣਾਉਣ 'ਤੇ ਫੈਸਲਾ...
ਪ੍ਰਧਾਨ ਮੰਤਰੀ ਨੇ ਮਾਨੂਸ਼ੀ ਛਿੱਲਰ ਨੂੰ ਦਿੱਤੀ ਵਧਾਈ
. . .  about 3 hours ago
ਨਵੀਂ ਦਿੱਲੀ, 19 ਨਵੰਬਰ - ਚੀਨ ਦੇ ਸਾਨਿਆ 'ਚ ਹੋਏ ਮਿਸ ਵਰਲਡ ਮੁਕਾਬਲੇ 'ਚ ਭਾਰਤ ਦੀ ਹਰਿਆਣਵੀ ਮੁਟਿਆਰ ਮਾਨੂਸ਼ੀ ਛਿੱਲਰ ਨੇ 2017 ਦਾ ਮਿਸ ਵਰਲਡ ਮੁਕਾਬਲੇ ਦਾ ਖ਼ਿਤਾਬ ਜਿੱਤਿਆ ਤੇ ਭਾਰਤ ਦਾ ਨਾਂ ਰੌਸ਼ਨ ਕੀਤਾ। ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...
ਪੁਲਿਸ ਚੌਂਕੀ ਨੂੰ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ
. . .  about 3 hours ago
ਟਵਿਟਰ ਨੇ ਪਾਕਿ ਡਿਫੈਂਸ ਦਾ ਟਵਿਟਰ ਹੈਂਡਲਰ ਕੀਤਾ ਸਸਪੈਂਡ
. . .  1 day ago
ਹੋਰ ਖ਼ਬਰਾਂ..
  •     Confirm Target Language  

ਅਜੀਤ ਮੈਗਜ਼ੀਨ

ਦੁਆਬੇ ਦੇ ਲੋਕ ਗੀਤਾਂ ਵਿਚ ਜੀਵਨ ਦੀ ਝਲਕ

ਪੰਜਾਬੀ ਲੋਕ ਗੀਤ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਪੇਸ਼ ਕਰਦੇ ਹਨ। ਇਨ੍ਹਾਂ ਵਿਚੋਂ ਪੰਜਾਬੀਆਂ ਦਾ ਖੁੱਲ੍ਹਾ-ਡੁੱਲ੍ਹਾ ਸੁਹਜਮੂਲਕ ਸੁਭਾਅ ਵੀ ਉਘੜਦਾ ਹੈ ਅਤੇ ਕਈ ਪ੍ਰਕਾਰ ਦੇ ਸਮਾਜਿਕ, ਆਰਥਿਕ, ਭਾਈਚਾਰਕ, ਧਾਰਮਿਕ ਅਤੇ ਰੁਮਾਂਟਿਕ ਸਰੋਕਾਰਾਂ ਦਾ ਬੋਧ ਵੀ ਹੁੰਦਾ ਹੈ। ਜਿਥੋਂ ਤੱਕ ਵਿਭਿੰਨ ਉਪ-ਖੰਡਾਂ ਜਾਂ ਵਿਭਿੰਨ ਇਲਾਕਿਆਂ ਦੇ ਲੋਕ ਗੀਤਾਂ ਦਾ ਸਬੰਧ ਹੈ, ਹਰ ਪ੍ਰਯੋਜਨ ਪੱਖੋਂ ਇਨ੍ਹਾਂ ਵਿਚ ਸਮਾਨਤਾ ਪਾਈ ਜਾਂਦੀ ਹੈ, ਪਰ ਜਦੋਂ ਇਲਾਕਾਈ ਹੱਦ-ਬੰਦੀਆਂ ਜਾਂ ਉਪ ਭਾਸ਼ਾਈ ਪੱਧਰ 'ਤੇ ਲੋਕ ਗੀਤਾਂ ਅਤੇ ਲੋਕ ਜੀਵਨ-ਸ਼ੈਲੀ ਨੂੰ ਬਾਰੀਕੀ 'ਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਹੁਤ ਸਾਰੇ ਸਰੋਕਾਰ ਸਾਨੂੰ ਵੱਖ-ਵੱਖ ਜੀਵਨ ਪੱਧਤੀਆਂ ਦਾ ਸਰੂਪ ਉਘਾੜਦੇ ਹੋਏ ਦਿਸਦੇ ਹਨ। ਸਾਂਝੇ ਪੰਜਾਬ ਦੇ ਬਹੁਤ ਸਾਰੇ ਉਪ- ਖੇਤਰ ਰਹੇ ਹਨ, ਜਿਨ੍ਹਾਂ ਵਿਚ ਵੱਖ-ਵੱਖ ਉਪ ਬੋਲੀਆਂ ਪ੍ਰਚਲਿਤ ਰਹੀਆਂ ਹਨ। ਜਿਵੇਂ ਮੁਲਤਾਨੀ, ਪੋਠੋਹਾਰੀ, ਮਾਝੀ, ਦੁਆਬੀ, ਪੁਆਧੀ ਅਤੇ ਮਲਵਈ ਆਦਿ। ਅੱਜ ਅਸੀਂ ਆਪਣੇ ਵਿਚਾਰਾਂ ਨੂੰ ਕੇਵਲ ਦੁਆਬੇ ਦੇ ਖੇਤਰ ਵਿਚੋਂ ਉਗਮੇਂ ਲੋਕ ਗੀਤਾਂ ਦੇ ਵਿਚੋਂ ਲੋਕ-ਜੀਵਨ ਨੂੰ ਪਛਾਨਣ ਦੀ ਕੋਸ਼ਿਸ਼ ਵਿਚ ਹਾਂ।
ਦੁਆਬੇ ਦੇ ਇਰਦ-ਗਿਰਦ ਮਾਝੇ, ਡੁਗਰ, ਪਹਾੜ, ਪੁਆਧ ਅਤੇ ਮਾਲਵੇ ਦੇ ਖਿੱਤੇ ਹਨ, ਜਿਸ ਨੂੰ ਦਰਿਆ ਬਿਆਸ ਅਤੇ ਦਰਿਆ ਸਤਲੁਜ ਦੇ ਵਿਚਕਾਰਲੇ ਖਿੱਤੇ ਸਦਕਾ ਦੁਆਬਾ ਨਾਂਅ ਦਿੱਤਾ ਗਿਆ ਹੈ। ਇਸ ਖੇਤਰ ਵਿਚ ਜਿਥੇ ਬਰਸਾਤੀ ਚੋਆਂ, ਝਰਨਿਆਂ , ਚਿੱਟੀ ਅਤੇ ਕਾਲੀ ਵੇਈਂ ਨੇ ਵੀ ਇਸ ਖਿੱਤੇ ਨੂੰ ਵਿਸ਼ੇਸ਼ ਰੰਗਤ ਪ੍ਰਦਾਨ ਕੀਤੀ ਹੈ, ਉਥੇ ਸੱਭਿਆਚਾਰਕ ਅਤੇ ਇਤਿਹਾਸਕ ਪੱਖੋਂ, ਵਿਭਿੰਨਤਾ ਵੀ ਪ੍ਰਦਾਨ ਕੀਤੀ ਹੈ। ਦੁਆਬੇ ਦੇ ਜ਼ਿਲ੍ਹਾ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੁਆਬ ਨਾਲ ਸਬੰਧਿਤ ਸ਼ਹਿਰਾਂ , ਕਸਬਿਆਂ ਅਤੇ ਪਿੰਡਾਂ ਦਾ ਖੇਤਰ ਸ਼ਾਮਿਲ ਹੈ। ਦੁਆਬੇ ਦੇ ਇਨ੍ਹਾਂ ਸਾਰੇ ਖੇਤਰਾਂ ਨੂੰ ਅੱਗੋਂ ਦੋਵਾਂ, ਮੰਜਕੀ, ਬੀਤ, ਸੀਰੋਵਾਲ, ਸੈਣੀਬਾਰ, ਕੰਢੀ, ਭਾਦਾ, ਬੇਟ, ਛੰਭ ਆਦਿ ਨਾਵਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਪਰੰਤੂ ਸਮੁੱਚੇ ਰੂਪ 'ਚ ਦੁਆਬੇ ਦੇ ਲੋਕ ਗੀਤ ਅਤੇ ਇਥੋਂ ਦੀ ਲੋਕਜੀਵਨ ਸ਼ੈਲੀ ਉਕਤ ਖੇਤਰੀ ਨਾਮਕਰਨ ਹੁੰਦਿਆਂ ਹੋਇਆਂ ਵੀ ਸਾਂਝੀ ਲੜੀ ਵਿਚ ਪਰੋਈ ਹੋਈ ਹੈ ਅਤੇ ਮਲਵਈ, ਪੁਆਧੀ, ਮਾਝੀ, ਮੁਲਤਾਨੀ ਅਤੇ ਪੋਠੋਹਾਰੀ ਆਦਿ ਖਿੱਤਿਆਂ ਦੀ ਮਹਾਨਤਾ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ।
ਧਰਤ ਦੁਆਬੇ ਦੇ ਲੋਕਾਂ ਵੱਲੋਂ ਸਿਰਜੇ ਗਏ ਬੱਚੇ ਦੇ ਜਨਮ ਤੋਂ ਪਹਿਲਾਂ ਦੇ ਸਮੇਂ ਨਾਲ ਸਬੰਧਿਤ ਲੋਕ ਗੀਤ, ਜਨਮ ਸਮੇਂ ਗਾਏ ਜਾਣ ਵਾਲੇ ਸੋਹਿਲੜੇ, ਦਿੱਤੀਆਂ ਜਾਂਦੀਆਂ ਲੋਰੀਆਂ, ਟੱਪੇ, ਬੋਲੀਆਂ, ਮਾਹੀਏ, ਸੁਹਾਗ, ਘੋੜੀਆਂ, ਜੰਝ ਬੰਨ੍ਹਣੀ- ਖੋਲ੍ਹਣੀ, ਸਿੱਠਣੀਆਂ, ਛੰਦ-ਪਰਾਗੇ, ਮਰਨ ਉਪਰੰਤ ਅਲਾਹੁਣੀਆਂ , ਕੀਰਨੇ ਤੋਂ ਛੁੱਟ ਰੁੱਤਾਂ ਤਿਉਹਾਰਾਂ, ਮੇਲਿਆਂ, ਪਸ਼ੂ-ਪੰਛੀਆਂ , ਪ੍ਰਕਿਰਤੀ ਆਦਿ ਸਬੰਧੀ ਲੋਕ ਗੀਤ ਵੱਖਰਤਾ ਸਹਿਤ ਲੋਕਜੀਵਨ ਸ਼ੈਲੀ ਨੂੰ ਪ੍ਰਗਟ ਕਰਦੇ ਹਨ। 'ਗੀਗਾ ਜੰਮਿਆਂ ਨੀ ਗੁੜ ਵੰਡਿਆ ਨੀ' ਜਾਂ 'ਜੰਮਦਾ ਹਰਿਆ ਪੱਟ ਨੀ ਵਲੇਟਿਆ ਕੁੱਛੜ ਦਿਓ ਇਨ੍ਹਾਂ ਮਾਈਆਂ ਨੀ' , ਜਾਂ 'ਵੀਰ ਘਰ ਪੁੱਤ ਜੰਮਿਆ ਪੇ ਮੱਝੀਆਂ ਦੇ ਸੰਗਲ ਫੜਾਵੇ' , ਜਾਂ 'ਘਰ ਨੰਦ ਦੇ ਮਿਲਣ ਵਧਾਈਆਂ ਜੀ ਘਰ ਨੰਦ ਦੇ' ਆਦਿ ਮੁਖੜਿਆਂ ਤਹਿਤ ਗਾਏ ਜਾਂਦੇ ਲੋਕ ਗੀਤ ਪੁੱਤਰ ਦੀ ਆਮਦ ਦੀ ਸ਼ੁੱਭ-ਕਾਮਨਾ ਨਾਲ ਸਬੰਧਿਤ ਹਨ।
ਇਸੇ ਤਰ੍ਹਾਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਅਨੇਕਾਂ ਲੋਰੀਆਂ ਜਿਵੇਂ 'ਸੌਂ ਜਾ ਮੇਰੇ ਨਿਕੜੇ, ਸੌਂ ਜਾ , ਅ ਅ....., ਸੁਹਣੇ ਕੱਪੜੇ ਪਾਵਾਂਗੇ....ਨਾਨਕਿਆਂ ਨੂੰ ਜਾਵਾਂਗੇ...ਖੀਰਾਂ ਪੂੜੇ ਖਾਮਾਗੇ....ਮੋਟੇ ਹੋ ਕੇ ਆਮਾਗੇ ਆਦਿ ਵਿਚੋਂ ਧੀ ਲੁਪਤ ਹੈ। ਜੇ ਕਿਤੇ ਥਾਲ ਪਾਉਣਾ ਜਾਂ ਕਿਕਲੀ ਪਾਉਣ ਨਾਲ ਸਬੰਧਿਤ ਲੋਕ ਗੀਤ ਮਿਲਦੇ ਹਨ ਤਾਂ ਉਨ੍ਹਾਂ ਵਿਚ ਧੀ-ਬਾਪ-ਭਰਾ, ਮਾਂ ਆਦਿ ਦੀ ਵਡਿਆਈ ਕਰਦੀ ਪ੍ਰਤੀਤ ਹੁੰਦੀ ਹੈ। ਆਜ਼ਾਦਾਨਾ ਰੂਪ ਵਿਚ ਉਸ ਨੂੰ ਅਹਿਮੀਅਤ ਨਹੀਂ ਹੈ। ਭਾਵ ਮਰਦ ਪ੍ਰਧਾਨਗੀ ਪੰਜਾਬ ਦੇ ਸਭਨਾਂ ਖਿੱਤਿਆਂ ਦੇ ਲੋਕ ਗੀਤਾਂ ਵਿਚ ਸ਼ੁਮਾਰ ਹੈ , ਤਿਵੇਂ ਹੀ ਦੁਆਬੇ ਵਿਚ ਹੈ। 'ਦੋ ਵੀਰ ਦੇਵੀਂ ਵੇ ਰੱਬਾ, ਇਕ ਮੁਨਸ਼ੀ ਇਕ ਪਟਵਾਰੀ ਜਾਂ ... ਮੇਰੀ ਸਾਰੀ ਉਮਰ ਦੇ ਮਾਪੇ।' ਵੀ ਇਸੇ ਸੋਚ ਦ੍ਰਿਸ਼ਟੀ ਦੇ ਲੋਕ ਜੀਵਨ ਦਾ ਸੂਚਕ ਹਨ।
ਜਵਾਨ ਹੋਏ ਪੁੱਤ ਧੀ ਦੇ ਮੰਗਣੇ ਅਤੇ ਵਿਆਹ ਆਦਿ ਨਾਲ ਸਬੰਧਿਤ ਰਸਮੋ-ਰਿਵਾਜ ਵਿਚ ਵੀ ਪੁੱਤਰ ਦੀ ਪਹਿਲ ਤੇ ਧੀ ਨੂੰ ਦੁਜੈਲਾ ਅਥਵਾ ਪਿਓ, ਭਰਾ ਆਦਿ ਪੇਕਿਆਂ ਦੇ ਪੱਖ ਦੇ ਰਿਸ਼ਤੇਦਾਰਾਂ ਉਤੇ ਆਸ਼ਰਿਤ ਦਰਸਾਇਆ ਜਾਂਦਾ ਰਿਹਾ ਹੈ ਭਾਵੇਂ ਮਾਪਿਆਂ ਦੇ ਪੱਖੋਂ ਲੋਕ ਗੀਤਾਂ ਜ਼ਰੀਏ ਇਹ ਦਰਸਾਇਆ ਗਿਆ ਹੈ ਕਿ ਬੇਟੀ ਨੂੰ ਪੁੱਛਿਆ ਜਾਵੇ ਕਿ ਉਹ ਕਿਹੋ ਜਿਹਾ ਵਰ ਘਰ ਚਾਹੁੰਦੀ ਹੈ, ਅੱਗੋਂ ਬੇਟੀ ਦੱਸਦੀ ਵੀ ਦਰਸਾਈ ਗਈ ਹੈ ਕਿ ਉਸ ਨੂੰ ਕ੍ਰਿਸ਼ਨ ਜਾਂ ਰਾਮ ਵਰਗਾ ਵਰ ਚਾਹੀਦਾ ਹੈ ਅਤੇ ਘਰ ਂ ਜਿਥੇ ਰਹਿਣ ਬਹਿਣ, ਆਰਾਮ ਕਰਨਾ , ਖਾਣਾ ਪੀਣਾ, ਪਹਿਣਨਾ ਅਤੇ ਹਾਰ-ਸ਼ਿੰਗਾਰ ਕਰਨਾ ਜਿਹੀਆਂ ਸਭ ਸਹੂਲਤਾਂ ਹੋਣ, ਪਰ ਅਜਿਹਾ ਯਥਾਰਥਕ ਨਹੀਂ, ਕਲਪਨਾ ਆਧਾਰਿਤ ਹੀ ਜਾਪਦਾ ਹੈ।
ਹੋਰ ਗਿਲੇ ਸ਼ਿਕਵੇ ਤਾਂ ਦੂਰ ਰਹੇ, ਦੁਆਬੇ ਦੇ ਉਦਰੇਵੇਂ ਨੂੰ ਧੀ ਭੈਣ ਇਵੇਂ ਪ੍ਰਗਟ ਕਰਦੀ ਹੈ ਕਿ -
ਹੋਰ ਧੀਆਂ ਦਿਤੀਆਂ ਦੇਸ ਦੁਆਬੜੇ,
ਮੈਂ ਕਿਉਂ ਦਿੱਤੜੀ ਵੇ ਚੰਦੜੇ ਪਹਾੜ ਵੇ।
ਹੋਰ ਧੀਆਂ ਖਾਂਦੀਆਂ ਕੁੱਟ ਕੁੱਟ ਚੂਰੀਆਂ,
ਮੈਂ ਕਿਉਂ ਖਾਂਵਦੀ ਵੇ ਬਾਥੂਏ ਦਾ ਸਾਗ ਵੇ।
ਹੱਥ ਮੇਰੇ ਰਾਂਬੜੀ ਵੇ ਮੋਢੇ ਮੇਰੇ ਤਾਂਗੜੀ,
ਘਾਉ ਖੁਤੇਂਦੜੀ ਵੇ ਟਿਬਿਆਂ ਦੇ ਹੇਠ ਵੇ।
ਅੱਗੇ ਅੱਗੇ ਜਾਂਵਦੀ ਵੇ ਪਿਛੇ ਮੁੜ ਦੇਖਦੀਂ ਵੇ,
ਨਜ਼ਰੀਂ ਨਾ ਆਂਵਦਾ ਵੇ ਬਾਬਲ ਤੇਰਾ ਦੇਸ ਵੇ।
ਰੋਟੀਆਂ ਪਕਾਂਵਦੀ ਦੇ ਹੱਥ ਜਲ ਜਾਂਵਦੇ ਵੇ,
ਹੁਣ ਚੇਤਾ ਆਂਵਦਾ ਦੇਸ ਦੁਆਬੜਾ ਵੇ।
ਉਸ ਦੀ ਇਹ ਵੀ ਪੁਕਾਰ ਹੁੰਦੀ ਹੈ ਕਿ ਉਸ ਨੂੰ ਜੰਗਲ ਭਾਵ ਪੁਆਧ ਅਤੇ ਮਾਲਵੇ ਵਿਚ ਨਾ ਵਿਆਹਵੇਂ
ਜੰਗਲ ਧੀ ਨਾ ਦਈਂ ਬਾਬਲਾ,
ਉਥੇ ਪਾਣੀ ਦਾ ਤਸੀਹਾ,
ਬੋਲੇ ਜੰਗਲ ਦਾ ਪਪੀਹਾ
ਜੰਗਲ ਧੀ ਨਾ ਦਈਂ ਬਾਬਲਾ,
ਓਥੇ ਮੋਠਾਂ ਦੀ ਗੁਡਾਈ,
ਬੇਟੀ ਮਰ ਜਾਊਗੀ ਤ੍ਹਿਆਈ।
ਇਸੇ ਤਰ੍ਹਾਂ ਇਸ ਮੁਟਿਆਰ ਦਾ ਦਿਲੀ ਅਹਿਸਾਸ ਦਾ ਪ੍ਰਗਟਾਵਾ ਹੈ ਕਿ ਂ
ਦੁਆਬੇ ਦੀ ਮੈਂ ਜੰਮੀ ਜਾਈ,
ਚੰਦਰੇ ਪੁਆਧ ਵਿਆਹੀ,
ਇਥੇ ਤਾਂ ਮੈਂ ਜਾਵਾਂ ਨਾ,
ਬੰਨ੍ਹੇ ਉਥੇ ਮੱਕੀ ਗੁਡਣੇ ਲਾਈ।'
ਵਿਆਹ ਕਰਵਾ ਕੇ ਸਹੁਰੇ ਜਾਂਦੀ ਕੁੜੀ ਨੂੰ ਵੀ ਅਕਸਰ ਸਹੇਲੀਆਂ ਕਹਿ ਦੇਂਦੀਆਂ ਹਨਂਕਿ 'ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਦੁਆਬਾ ਪੰਜਾਬ ਦਾ ਵਿਚਕਾਰਲਾ ਭਾਗ ਹੈ। ਜ਼ਮੀਨਾਂ ਥੋੜ੍ਹੀਆਂ ਹੋਣ ਸਦਕਾ ਮਾਝੇ, ਮਾਲਵੇ ਨਾਲੋਂ ਇਸ ਖੇਤਰ ਦੇ ਲੋਕ ਰੋਟੀ-ਰੋਜ਼ੀ ਖਾਤਰ ਚਾਹੇ ਉਹ ਵੱਡੇ-ਵੱਡੇ ਰਾਜਿਆਂ, ਜਗੀਰਦਾਰਾਂ (ਸਰਦਾਰਾਂ) ਅਤੇ ਹੋਰ ਵਿਦੇਸ਼ੀ ਹੁਕਮਰਾਨਾਂ ਦੇ ਖੇਤਰਾਂ ਵਿਚ ਨੌਕਰੀ ਕਰਨ ਨਿਕਲੇ, ਉਨ੍ਹਾਂ ਦੀ ਜੀਵਨ ਤੋਰ ਨੇ ਤਾਂ ਬਾਹਰੀ ਪ੍ਰਭਾਵ ਤਮ੍ਹੇਂ ਕਾਰਨ ਕਬੂਲ ਕੀਤੇ ਪਰ ਘਰ ਵਿਚ ਮਾਂ, ਭੈਣ ਨੂੰ ਉਦਰੇਵਾਂ ਤਾਂ ਹੋਇਆ ਹੀ ਹੋਇਆ ਪਰੰਤੂ ਸਭ ਤੋਂ ਵੱਧ ਉਦਰੇਵਾਂ, ਹੁੱਸੜ ਅਤੇ ਵਿਛੋੜਾ ਉਨ੍ਹਾਂ ਦੀਆਂ ਸੱਜ ਵਿਆਹੀਆਂ ਨਾਰਾਂ ਨੂੰ ਮਹਿਸੂਸ ਹੋਇਆ। ਸੰਖੇਪ ਵਿਚ ਇਨ੍ਹਾਂ ਲੰਮੇ ਚੌੜੇ ਹਾਵਾਂ-ਭਾਵਾਂ ਅਤੇ ਉਦਗਾਰਾਂ ਨੂੰ ਇਨ੍ਹਾਂ ਲੋਕ ਬੋਲਾਂ ਰਾਹੀਂ ਸਮਝਿਆ ਜਾ ਸਕਦਾ ਹੈ ਕਿਂ
ਨੀ ਸੱਸੂ ਨੀ ਧੰਨ ਤੇਰਾ ਆਤਮਾ, ਧੰਨ ਤੇਰਾ ਜੀਅਰਾ,
ਧੰਨ ਤੇਰਾ ਜੀਅਰਾ ਪੁੱਤ ਪਰਦੇਸਾਂ ਨੂੰ ਤੋਰਿਆ ਏ।
ਨੀ ਨੋਹੇਂ ਨੀ ਤੇਰਾ ਨਾ ਘੱਲਿਆ, ਮੇਰਾ ਨਾ ਘੱਲਿਆ
ਮੇਰਾ ਨਾ ਘੱਲਿਆ ਦੰਮਾਂ ਦੇ ਲੋਭ ਨੂੰ ਗਇਆ ਏ।
ਇਸੇ ਤਰ੍ਹਾਂ ਦੁਆਬੇ 'ਚ ਗਾਏ ਜਾਂਦੇ ਸੁਹਾਗ ਅਤੇ ਘੋੜੀਆਂ ਵਿਚ ਵੀ ਦੁਆਬੀ ਲੋਕਜੀਵਨ-ਸ਼ੈਲੀ ਦਾ ਵਿਲੱਖਣ ਸਰੂਪ ਪ੍ਰਗਟ ਹੁੰਦਾ ਹੈ। ਸੁਹਾਗਾਂ ਵਿਚ ਜਿਥੇ ਵਿਛੋੜਾ, ਦਰਦ ਅਤੇ ਦਿਲ ਦੀ ਬੋਟੜੀ ਦੇ ਟੁੱਟਣ ਦੇ ਅਹਿਸਾਸਾਂ ਨੂੰ ਹਿਰਦੇ ਹਿਲੂਣਨ ਵਾਲੀ ਲੋਕ ਬੋਲੀ 'ਚ ਪ੍ਰਗਟਾਉਂਦਿਆਂ ਹੋਇਆਂ ਪਿਓ, ਭਰਾ, ਚਾਚੇ, ਤਾਇਆਂ, ਮਾਮਿਆਂ, ਦਾਦਿਆਂ, ਨਾਨਿਆਂ ਆਦਿ ਨੂੰ ਨਿਮਨ ਰੂਪ ਵਿਚ ਪ੍ਰਗਟਾਇਆ ਗਿਆ ਹੈ, ਉਥੇ ਘੋੜੀਆਂ ਵਿਚ ਵਿਆਂਹਦੜ ਦੇ ਪੱਖ ਨੂੰ ਰਾਜਿਆਂ, ਮਹਾਰਾਜਿਆਂ ਅਤੇ ਰਣ ਜੇਤੂਆਂ ਦੇ ਰੂਪ ਵਿਚ ਪ੍ਰਗਟਾਇਆ ਗਿਆ ਹੈ। ਉਦਾਹਰਨ ਵਜੋਂ ਸੁਹਾਗ ਦੇ ਬੋਲ ਹਨ-
ਕੋਠਾ ਨਿਮਦਾ ਨਿਮਦਾ ਕਿਉਂ ਨਿਮਿਆਂ,
ਕੋਠਾ ਨਿਮਦਾ ਨਿਮਦਾ ਕਿਉਂ ਨਿਮਿਆਂ,
ੲ੍ਹੇਦੀ ਖੜ ਪੁਰਾਣੀ ਤਾਂ ਨਿਮਿਆਂ,
ੲ੍ਹੇਦੀ ਖੜ ਪੁਰਾਣੀ ਤਾਂ ਨਿਮਿਆਂ।
ਇਸ ਬੀਬੀ ਦਾ ਬਾਬਲ ਕਿਉਂ ਨਿਮਿਆਂ,
ਇਸ ਬੀਬੀ ਦਾ ਬਾਬਲ ਕਿਉਂ ਨਿਮਿਆਂ
ਘਰ ਬੇਟੀ ਕੁਆਰੀ ਤਾਂ ਨਿਮਿਆਂ,
ਘਰ ਬੇਟੀ ਕੁਆਰੀ ਤਾਂ ਨਿਮਿਆਂ।
ਪਰ ਘੋੜੀ ਦੇ ਬੋਲ ਹਨ ਕਿਂ
ਘੋੜਾ ਜੁਧਿਆ ਤੋਂ ਆਇਆ ਚੜ੍ਹੋ ਮੇਰੇ ਵੀਰ,
ਰਾਜੇ ਜਨਕ ਦੇ ਜਾਣਾ, ਲੱਗੀ ਸਾਨੂੰ ਡੇਰ।
ਸੀਤਾ ਵ੍ਹਿਆ ਘਰ ਲਿਆਉਣੀ,
ਲੱਗੀ ਸਾਨੂੰ ਡੇਰ।
ਡੋਲਾ ਬੂਹੇ ਅੱਗੇ ਆਇਆ, ਲੱਗੀ ਸਾਨੂੰ ਡੇਰ।
ਮਾਤਾ ਪਾਣੀ ਵਾਰੇ ਲੱਗੀ ਸਾਨੂੰ ਡੇਰ।.....
ਇਸੇ ਤਰ੍ਹਾਂ ਧਰਮੀ ਮਾਪਿਆਂ, ਵੀਰਾਂ, ਰਿਸ਼ਤੇਦਾਰਾਂ, ਸੁਹਣੇ ਜਾਂ ਨਾ-ਪਸੰਦ ਕੌਂਤ, ਜੋੜੀਆਂ ਜੱਗ ਥੋੜ੍ਹੀਆਂ, ਸੌਂਕਣ, ਨੂੰਹ ਸੱਸ, ਨਣਦ ਭਰਜਾਈ, ਜੇਠ, ਸਹੁਰੇ ਅਤੇ ਸੱਸ ਦੇ ਚੁੱਭਵੇਂ ਬੋਲਾਂ, ਦੇਰ ਦੇ ਮੁਹੱਬਤੀ ਬੋਲਾਂ, ਵਕਤੀ ਜ਼ਮਾਨੇ ਦੇ ਸੁਖਦ-ਦੁਖਦ ਭਾਵਾਂ, ਘਰ ਦੇ ਮਾਂਗਲਿਕ ਸ਼ਗਨਾਂ, ਲੋੜਾਂ ਥੋੜਾਂ, ਦਿਲ-ਪਰਚਾਵੇ ਦੇ ਬੋਲਾਂ, ਆਦਰਸ਼ ਪ੍ਰੀਤਾਂ, ਆਸ਼ਕ ਤੇ ਮਾਸ਼ੂਕਾਂ ਦੇ ਅੰਤਰੀਵੀ ਭਾਵਾਂ ਆਦਿ ਨੂੰ ਲੈਅ ਆਤਮਕ ਗਾਣ ਸ਼ੈਲੀ ਅਤੇ ਸਰੋਕਾਰਾਂ ਜ਼ਰੀਏ ਵੀ ਦੁਆਬੇ ਦੇ ਲੋਕ ਗੀਤ ਲੋਕਜੀਵਨ ਨੂੰ ਪੇਸ਼ ਕਰਦੇ ਹਨ।
ਦੁਆਬੇ ਦੇ ਲੋਕ ਗੀਤਾਂ ਵਿਚ ਲੋਕ ਜੀਵਨ, ਲੋਕ ਕਾਵਿ ਰੂਪ ਬਾਰਾਂ ਮਾਹੇ, ਸਤਵਾਰੇ, ਟੱਪਿਆਂ, ਨਿੱਕੀਆਂ ਵੱਡੀਆਂ ਬੋਲੀਆਂ, ਲੋਕ ਨਾਚ ਗਿੱਧੇ ਵਿਚ ਪੇਸ਼ ਕੀਤੇ ਜਾਂਦੇ ਸਾਂਗਾਂ ਆਦਿ ਰਾਹੀਂ ਵੀ ਪ੍ਰਗਟ ਹੁੰਦਾ ਵਿਲੱਖਣ ਰੂਪ 'ਚ ਪੇਸ਼ ਦਰ ਪੇਸ਼ ਉਪਲਬੱਧ ਹੈ।
ਦੁਆਬੀ ਲੋਕ ਜੀਵਨਸ਼ੈਲੀ 'ਚ 'ਜੋਗੀ ' ਜਾਂ 'ਸਾਧ' ਦਾ ਬੜਾ ਜ਼ਿਕਰ ਮਿਲਦਾ ਹੈ, ਖਾਸਕਰ ਮੁਟਿਆਰਾਂ ਜੋਗੀ ਨੂੰ ਕਈ ਪੱਜਾਂ ਜਾਂ ਗੁਪਤ ਚਾਹਤਾਂ ਨਾਲ ਵੇਖਣ ਜਾਂਦੀਆਂ ਹਨ। 'ਜੋਗੀ ਉੱਤਰ ਪਹਾੜੋਂ ਆਇਆ ਚਰਖ਼ੇ ਦੀ ਘੂਕ ਸੁਣ ਕੇ।'
ਬੋਲੀ ਨਿਰੋਲ ਦੁਆਬੇ ਦੀ ਹੀ ਸਿਰਜਣਾ ਹੈ। ਇਸੇ ਤਰ੍ਹਾਂ ਚਰਖ਼ੇ ਦੀ ਮਹਾਨਤਾ, 'ਚਰਖ਼ਾ ਖੂਬ ਘੜੀਂ ਤਰਖਾਣਾ, ਮੈਂ ਹੁਣ ਸਹੁਰੇ ਚਲੀ ਜਾਣਾ' ਆਦਿ ਜਿਹੇ ਗੀਤਾਂ ਵਿਚੋਂ ਵੀ ਦੁਆਬੇ ਦੇ ਜੀਵਨ ਦੀ ਵਿਲੱਖਣ ਝਲਕ ਉੱਘੜਦੀ ਹੈ।
ਪੂਰਨ ਭਗਤ, ਸਰਵਣ ਪੁੱਤਰ ਜਿਹੇ ਨਾਇਕ ਦੁਆਬੀ ਲੋਕ ਗੀਤਾਂ ਜ਼ਰੀਏ ਲੋਕ ਮਾਨਸਿਕਤਾ 'ਚ ਘਰ ਕਰ ਚੁੱਕੇ ਹੋਏ ਹਨ ਅਤੇ ਗੁਰੂ ਪੀਰਾਂ ਦੀਆਂ ਸਿੱਖਿਆਵਾਂ ਓਟ ਆਸਰੇ ਨੂੰ ਪ੍ਰਗਟਾਉਂਦੇ ਲੋਕ ਗੀਤ ਲੋਕਜੀਵਨ ਦੀ ਆਸਥਾ ਹਨ। ਘੋੜੇ, ਗਾਂ, ਬਲਦ ਜਿਹੇ ਪਸ਼ੂਆਂ ਸਬੰਧੀ ਬਹੁਤ ਸਾਰੇ ਲੋਕ-ਗੀਤ ਜੀਵਨ ਦੀ ਸਦਾ ਬਹਾਰ ਰੰਗਤ ਦਾ ਪ੍ਰਗਟਾਵਾ ਹਨ। ਬਹਾਦਰੀ, ਸੂਰਮਗਤੀ, ਤਹਿ ਦਿਲੋਂ ਪਿਆਰ ਅਤੇ ਜੀਵਨ ਦੇ ਅਨੇਕਾਂ ਰੰਗ-ਤਮਾਸ਼ੇ ਇਨ੍ਹਾਂ ਗੀਤਾਂ ਥਾਣੀਂ ਪ੍ਰਗਟ ਹੋ ਕੇ ਦੁਆਬੀ ਜੀਵਨ ਵਿਚ ਖੂਬਸੂਰਤੀ, ਸਦੀਵੀ ਜੀਣ ਦੀ ਲਾਲਸਾ ਭਰਦੇ ਪ੍ਰਤੀਤ ਹੁੰਦੇ ਹਨ ਪਰੰਤੂ ਬੁਢਾਪੇ ਵਲ ਵਧਦਿਆਂ ਜਵਾਨੀ ਦੇ ਤੁਰ ਜਾਣ ਦਾ ਝੋਰਾ ਪਛਤਾਵਾ ਬਣ ਜਾਂਦਾ ਹੈ, ਜਿਵੇਂ ਬੋਲ ਹਨਂ
ਬ੍ਹੇੜੇ ਤਾਂ ਮੇਰੇ ਮਰੂਏ ਦਾ ਬੂਟਾ
ਜੀ ਨਾਗ ਬੈਠਾ ਵਲ੍ਹ ਪਾ
ਮੇਰੇ ਗ੍ਹੈਰ ਗੁਮਾਨੀਆ ਜੀ,
ਨਾਗ ਬੈਠਾ ਵਲ੍ਹ ਪਾ।
ਗਈ ਜਵਾਨੀ ਆਇਆ ਬੁਢਾਪਾ,
ਜੀ ਹੁਣ ਰਹੀ ਪਛਤਾ।
ਮੇਰੇ ਗ੍ਹੈਰ ਗੁਮਾਨੀਆ ਜੀ ਹੁਣ ਰਹੀ ਪਛਤਾ।
ਕਾਲਿਆਂ ਕੇਸਾਂ ਧੌਲੇ ਜਾਂ ਆਏ ਜੀ, ਕੇਸਾਂ ਨੇ ਰੰਗ ਬਦਲਾ।
ਮੇਰੇ ਗ੍ਹੈਰ ਗੁਮਾਨੀਆ ਜੀ, ਹੁਣ ਰਹੀ ਪਛਤਾ।
ਕੁਲ ਮਿਲਾ ਕੇ, ਕਿਹਾ ਜਾ ਸਕਦਾ ਹੈ ਕਿ ਦੁਆਬੇ ਦੀ ਧਰਤੀ, ਦੁਆਬੇ ਦੇ ਲੋਕ ਗੀਤ ਅਤੇ ਦੁਆਬੇ ਦੀ ਲੋਕਜੀਵਨ ਸ਼ੈਲੀ ਸੱਚ-ਮੁੱਚ ਵਿਲੱਖਣ ਅਤੇ ਮਾਣ ਕਰਨਯੋਗ ਹੈ।

ਂਏ-9, ਚਾਹਲ ਨਗਰ, ਫਗਵਾੜਾ-144401
ਮੋਬਾਈਲ : 98142-09732.


ਖ਼ਬਰ ਸ਼ੇਅਰ ਕਰੋ

ਜਦੋਂ ਡਾ: ਮਨਮੋਹਨ ਸਿੰਘ ਨੇ ਨਨਕਾਣਾ ਸਾਹਿਬ ਦੀ ਗੁਪਤ ਯਾਤਰਾ ਕੀਤੀ!

ਬਹੁਤ ਸਾਰੇ ਦੇਸ਼ਾਂ 'ਚ ਸਿਆਸਤਦਾਨ ਅਕਸਰ ਹੀ ਕਈ ਵਾਰ ਅਜਿਹੇ ਖੁਫ਼ੀਆ ਕੰਮ ਕਰਦੇ ਹਨ, ਜਿਸ ਦਾ ਆਮ ਲੋਕਾਂ ਤੋਂ ਪਰਦਾ ਰੱਖਿਆ ਜਾਂਦਾ ਹੈ। ਪਰ ਕਈ ਵਾਰ ਦੇਰ-ਸਵੇਰ ਅਜਿਹੇ ਘਟਨਾਕ੍ਰਮ ਜੱਗ-ਜ਼ਾਹਿਰ ਹੋ ਜਾਂਦੇ ਹਨ। ਹਾਲਾਂਕਿ ਕੁਝ ਦੇਸ਼ਾਂ 'ਚ ਕਿਸੇ ਵੀ ਜਾਣਕਾਰੀ ਨੂੰ 25 ਸਾਲਾਂ ਤੋਂ ਬਾਅਦ ਜਨਤਕ ਕਰਨ ਦੇ ਕਾਨੂੰਨ ਵੀ ਪ੍ਰਚੱਲਿਤ ਹਨ। ਅੱਜ ਅਸੀਂ ਜਿਹੜੀ ਗੱਲ ਦੱਸਣ ਜਾ ਰਹੇ ਹਾਂ ਇਹ ਵੀ ਇਕ ਖੁਫ਼ੀਆ ਯਾਤਰਾ ਦੇ ਸੰਦਰਭ ਵਿਚ ਹੈ। ਭਾਰਤ ਦੇ ਰਿਜ਼ਰਵ ਬੈਂਕ ਦੇ ਸਾਬਕ ਗਵਰਨਰ ਡਾ: ਮਨਮੋਹਨ ਸਿੰਘ, ਜੋ ਬਾਅਦ ਵਿਚ ਪ੍ਰਧਾਨ ਮੰਤਰੀ ਵੀ ਬਣੇ, ਵਲੋਂ ਆਪਣੇ ਪਾਕਿਸਤਾਨ ਦੌਰੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਗੁਪਤ ਯਾਤਰਾ ਕੀਤੀ ਗਈ ਸੀ। ਬੇਸ਼ਕ ਡਾ: ਮਨਮੋਹਨ ਸਿੰਘ ਦੇ ਇਸ ਦੌਰੇ ਨੂੰ ਖੁਫ਼ੀਆ ਰੱਖਣ ਦਾ ਬਹੁਤ ਯਤਨ ਕੀਤਾ ਗਿਆ ਪਰ ਕਈਂ ਦਹਾਕਿਆਂ ਬਾਅਦ ਅੱਜ ਅਸੀਂ ਡਾ: ਮਨਮੋਹਨ ਸਿੰਘ ਦੇ ਇਸ ਦੌਰੇ ਬਾਰੇ ਆਪ ਨੂੰ ਦੱਸਣ ਜਾ ਰਹੇ ਹਾਂ।
ਡਾ: ਮਨਮੋਹਨ ਸਿੰਘ ਸਤੰਬਰ 1982 ਤੋਂ ਲੈ ਕਿ ਜਨਵਰੀ 1985 ਤੱਕ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਵੀ ਰਹਿ ਚੁੱਕੇ ਹਨ।
ਇਸੇ ਸਮੇਂ ਦੌਰਾਨ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਬੈਂਕ ਅਧਿਕਾਰੀਆਂ ਦੀ ਇਕ ਬਹੁਤ ਵੱਡੀ ਮੀਟਿੰਗ ਹੋਈ ਸੀ, ਜਿਸ ਵਿਚ ਦੱਖਣ ਅਤੇ ਪੂਰਬੀ ਏਸ਼ੀਆ ਦੇ ਬੈਂਕਾਂ ਦੇ ਸਰਬਰਾਹ (ਮੁਖੀ) ਸ਼ਾਮਿਲ ਹੋਏ ਸਨ। ਇਸ ਮੀਟਿੰਗ ਵਿਚ ਹਿੰਦੋਸਤਾਨ ਦੀ ਨੁਮਾਇੰਦਗੀ ਉਸ ਸਮੇਂ ਦੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਡਾ: ਮਨਮੋਹਨ ਸਿੰਘ ਕਰਨ ਆਏ ਸਨ। ਕਾਨਫ਼ਰੰਸ ਖ਼ਤਮ ਹੋ ਗਈ ਅਤੇ ਸਾਰੇ ਦੇਸ਼ਾਂ ਦੇ ਨੁਮਾਇੰਦੇ ਆਪਣੇ-ਆਪਣੇ ਦੇਸ਼ਾਂ ਨੂੰ ਤੁਰ ਗਏ ਪਰ ਡਾ: ਮਨਮੋਹਨ ਸਿੰਘ ਨੇ ਹਬੀਬ ਬੈਂਕ ਜਿਨ੍ਹਾਂ ਵਲੋਂ ਇਹ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ, ਉਨ੍ਹਾਂ ਨੂੰ ਆਪਣੇ ਦਿਲ ਦੀ ਇੱਛਾ ਪ੍ਰਗਟਾਈ ਕਿ ਉਹ ਲਾਹੌਰ ਘੁੰਮਣਾ ਚਾਹੁੰਦੇ ਹਨ। ਹਬੀਬ ਬੈਂਕ ਵਾਲਿਆਂ ਨੇ ਵੀ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਅਤੇ ਮਨਮੋਹਨ ਸਿੰਘ ਨੂੰ ਲਾਹੌਰ ਦੇ ਹੋਟਲ 'ਚ ਠਹਿਰਾਇਆ ਗਿਆ, ਉਸ ਸਮੇਂ ਇਸਲਾਮਾਬਾਦ ਵਿਚ ਭਾਰਤੀ ਸਫ਼ਾਰਤਖਾਨੇ ਵਿਚ ਤਾਇਨਾਤ ਜੁਆਇੰਟ ਸਕੱਤਰ ਲਾਲਾ ਜੀ ਵੀ ਉਨ੍ਹਾਂ ਦੇ ਨਾਲ ਆਏ ਸਨ ਅਤੇ ਉਹ ਹਰ ਪੱਖ ਤੋਂ ਡਾ: ਮਨਮੋਹਨ ਸਿੰਘ ਦੇ ਦੌਰੇ 'ਤੇ ਨਜ਼ਰ ਰੱਖ ਰਹੇ ਸਨ। ਜੇ ਗੱਲ ਕੀਤੀ ਜਾਵੇ ਡਾ: ਮਨਮੋਹਨ ਸਿੰਘ ਦੇ ਪਿਛੋਕੜ ਦੀ ਤਾਂ ਉਹ ਖੱਤਰੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਦਾ ਗੋਤਰ ਕੋਹਲੀ ਹੈ ਤੇ ਪਾਕਿਸਤਾਨ ਦੇ ਚੱਕਵਾਲ 'ਚ ਇਨ੍ਹਾਂ ਦੇ ਪਿੰਡ ਦਾ ਨਾਮ ਗਾਹ ਸੀ। ਮੌਜੂਦਾ ਸਮੇਂ ਵਿਚ ਵੀ ਚੱਕਵਾਲ ਇਲਾਕੇ ਵਿਚ ਕੋਹਲੀ ਮੁਸਲਮਾਨ ਕਾਫ਼ੀ ਵੱਡੀ ਗਿਣਤੀ 'ਚ ਰਹਿੰਦੇ ਹਨ। ਤਕਰੀਬਨ ਪੋਠੋਹਾਰ ਤੋਂ ਲੈ ਕੇ ਪਾਕਿਸਤਾਨੀ ਕਸ਼ਮੀਰ ਦੇ ਇਲਾਕੇ ਤੱਕ ਕੋਹਲੀ ਮੁਸਲਮਾਨਾਂ ਦੀ ਕਾਫ਼ੀ ਆਬਾਦੀ ਹੈ ਅਤੇ ਮੌਜੂਦਾ ਸਮੇਂ ਵਿਚ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੇ ਵਿਵਾਦ ਕਾਰਨ ਗੋਲੀਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ 'ਚ ਕੋਹਲੀ ਭਾਈਚਾਰਾ ਵੀ ਸ਼ਾਮਿਲ ਹੈ।
ਭਾਰਤ ਸਰਕਾਰ ਦੀ ਮਨਸ਼ਾ ਸੀ ਕਿ ਲਾਲਾ ਜੀ ਪਰਛਾਵੇਂ ਵਾਂਗੂ ਉਨ੍ਹਾਂ ਦੇ ਨਾਲ ਰਹਿਣ ਅਤੇ ਕਿਸੇ ਵੀ ਹਾਲਤ 'ਚ ਡਾ: ਮਨਮੋਹਨ ਸਿੰਘ ਨੂੰ ਪਾਸੇ ਨਾ ਛੱਡਿਆ ਜਾਵੇ। ਲਾਹੌਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ ਡਾ: ਮਨਮੋਹਨ ਸਿੰਘ ਨੇ ਖੁੱਲ੍ਹ ਕੇ ਕਿਸੇ ਨਾਲ ਆਪਣੇ ਦਿਲ ਦੀ ਗੱਲ ਨਹੀਂ ਕੀਤੀ। ਉਸ ਸਮੇਂ ਪੱਤਰਕਾਰਾਂ ਵਿੱਚ ਮੁਹੰਮਦ ਰਫ਼ੀਕ ਡੋਗਰ ਨਾਮ ਦਾ ਕਾਫ਼ੀ ਸੀਨੀਅਰ ਪੱਤਰਕਾਰ ਵੀ ਸ਼ਾਮਿਲ ਸੀ।
ਉਹ ਵੀ ਚੜ੍ਹਦੇ ਪੰਜਾਬ 'ਚ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀ ਸਰਹੱਦ ਕੋਲ ਪੈਂਦੇ ਪਿੰਡ ਪੱਬਾਰਾਲੀ ਦਾ ਜੰਮਪਲ ਸੀ, ਜੋ ਕਿ ਬਟਵਾਰੇ ਸਮੇਂ ਮਹਿਜ਼ 7-8 ਸਾਲ ਦੀ ਉਮਰ ਦਾ ਹੋਵੇਗਾ। ਫਿਰਕੂ ਹਿੰਸਾ ਫੈਲਣ ਕਰਕੇ 1947 ਵਿਚ ਉਨ੍ਹਾਂ ਦੇ ਪਰਿਵਾਰ ਨੂੰ ਉਥੋਂ ਉਜੜਨਾ ਪਿਆ ਸੀ।
ਸ਼ਾਇਦ ਭਾਰਤੀ ਸਫ਼ਾਰਤਖਾਨੇ ਦੇ ਜੁਆਇੰਟ ਸਕੱਤਰ ਦੀ ਹਾਜ਼ਰੀ ਕਾਰਨ ਡਾ: ਮਨਮੋਹਨ ਸਿੰਘ ਬਹੁਤੀ ਗੱਲ ਨਹੀਂ ਕਰਨਾ ਚਾਹੁੰਦੇ ਸਨ। ਪਰ ਆਪਣੀ ਜਨਮਭੂਮੀ ਦਾ ਵਿਛੋੜਾ ਡਾ: ਮਨਮੋਹਨ ਸਿੰਘ ਦੀਆਂ ਅੱਖਾਂ ਵਿਚੋਂ ਸਾਫ਼ ਵੇਖਿਆ ਜਾ ਸਕਦਾ ਸੀ। ਹਬੀਬ ਬੈਂਕ ਵਾਲਿਆਂ ਨੇ ਇਸੇ ਦੌਰਾਨ ਮਨਮੋਹਨ ਸਿੰਘ ਨੂੰ ਜਹਾਂਗੀਰ ਅਤੇ ਨੂਰਜਹਾਂ ਦੇ ਮਕਬਰੇ, ਜੋ ਕਿ ਰਾਵੀ ਦਾ ਦਰਿਆ ਪਾਰ ਕਰ ਕੇ ਸ਼ਾਹਦਰੇ 'ਚ ਮੌਜੂਦ ਹੈ, ਉਸ ਥਾਂ ਘੁੰਮਾਉਣ ਦੀ ਪੇਸ਼ਕਸ਼ ਕੀਤੀ। ਪੱਤਰਕਾਰਾਂ ਸਮੇਤ ਜਹਾਂਗੀਰ ਦਾ ਮਕਬਰਾ ਵੇਖਣ ਗਏ ਡਾ: ਮਨਮੋਹਨ ਸਿੰਘ ਦੀ ਮਕਬਰੇ ਦੇ ਨਿਗਰਾਨ ਸ਼ੇਖ਼ ਸਈਅਦ ਨੇ ਕਾਫ਼ੀ ਟਹਿਲ ਸੇਵਾ ਕੀਤੀ। ਇਸ ਤੋਂ ਬਾਅਦ ਹਬੀਬ ਬੈਂਕ ਦੇ ਜ਼ੋਨਲ ਮੈਨੇਜਰ ਸ਼ਫ਼ੀ ਅਰਸ਼ਦ ਨੇ ਪੱਤਰਕਾਰ ਰਫ਼ੀਕ ਡੋਗਰ ਨੂੰ ਬੇਨਤੀ ਕੀਤੀ ਕਿ ਜੇਕਰ ਤੁਸੀਂ ਇਜਾਜ਼ਤ ਲੈ ਦੇਵੋ ਤਾਂ ਅਸੀਂ ਡਾ: ਮਨਮੋਹਨ ਸਿੰਘ ਨੂੰ ਕੱਲ ਸ਼ਾਲਾਮਾਰ ਬਾਗ਼ ਲਾਹੌਰ ਵਿੱਚ ਸੱਦ ਕੇ ਉਨ੍ਹਾਂ ਨੂੰ ਰਾਤ ਦਾ ਭੋਜਨ ਕਰਵਾਉਣਾ ਚਾਹੁੰਦੇ ਹਾਂ। ਕਿਉਕਿ ਪੱਤਰਕਾਰਾਂ ਦਾ ਸਰਕਾਰਾਂ ਸਾਹਮਣੇ ਇਕ ਚੰਗਾ ਰੁਤਬਾ ਹੁੰਦਾ ਹੈ ਇਸ ਲਈ ਰਫ਼ੀਕ ਡੋਗਰ ਨੇ ਪੁਰਾਤਤੱਵ ਵਿਭਾਗ ਦੇ ਮੈਂਬਰ ਨਬੀ ਖ਼ਾਨ, ਜੋ ਕਿ ਉਸ ਕਾਫ਼ਲੇ 'ਚ ਸ਼ਾਮਿਲ ਸਨ, ਨਾਲ ਗੱਲ-ਬਾਤ ਕੀਤੀ।
ਪਹਿਲਾਂ ਤਾਂ ਉਨ੍ਹਾਂ ਨੇ ਇਸ ਗੱਲ ਤੋਂ ਕੁੱਝ ਨਾਂਹ-ਨੁਕਰ ਕੀਤੀ ਪਰ ਫ਼ਿਰ ਬਾਅਦ ਵਿੱਚ ਉਹ ਡਾ: ਮਨਮੋਹਨ ਸਿੰਘ ਨੂੰ ਇਹ ਭੋਜਨ ਦੇਣ ਲਈ ਮੰਨ ਗਏ। ਹਬੀਬ ਬੈਂਕ ਦੇ ਸ਼ਫੀ ਅਰਸ਼ਦ ਅਤੇ ਲਾਹੌਰ ਜ਼ੋਨ ਦੇ ਆਗੂ ਸਰਫ਼ਰਾਜ਼ ਮੁਹੰਮਦ ਭੱਟੀ ਵੀ ਇਹ ਭੋਜਨ ਦੇਣ ਲਈ ਕਾਫ਼ੀ ਖੁਸ਼ ਸਨ। ਅਗਲੇ ਦਿਨ ਡਾ: ਮਨਮੋਹਨ ਸਿੰਘ ਸ਼ਾਲਾਮਾਰ ਬਾਗ਼ ਪਹੁੰਚੇ ਅਤੇ ਭੋਜਨ ਮੌਕੇ ਮਨਮੋਹਨ ਸਿੰਘ ਦੀ ਸੇਵਾ ਵੀ ਬਹੁਤ ਕੀਤੀ ਗਈ। ਇਕ ਦਫ਼ਾ ਮਨਮੋਹਨ ਸਿੰਘ ਨੇ ਸਰਫ਼ਰਾਜ ਭੱਟੀ ਨੂੰ ਕਿਹਾ ਕਿ ਭੱਟੀ ਸਾਹਿਬ ਲਗਦਾ ਹੈ ਕਿ ਅੱਜ ਤੁਸੀਂ ਵੀ ਸਾਨੂੰ ਕੋਕਾ ਕੋਲਾ ਹੀ ਡਾਹੋਗੇ, ਤਾਂ ਭੱਟੀ ਸਾਹਿਬ ਨੇ ਵੀ ਜੁਆਬ ਦਿੰਦੇ ਹੋਇਆਂ ਕਿਹਾ ਕਿ ਸਰਦਾਰ ਸਾਹਿਬ ਦਾਰੂ ਤਾਂ ਨਹੀਂ ਦੇ ਸਕਦੇ ਪਰ ਹਾਂ ਲੱਸੀ ਜ਼ਰੂਰ ਦੇ ਸਕਦੇ ਹਾਂ। ਇਹ ਸੁਣ ਕੇ ਮੁਸਕਰਾਉਂਦਿਆਂ ਹੋਇਆਂ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਚਲੋ ਉਹੀ ਡਾਹ ਦਿਓ। ਵੇਖਦਿਆਂ ਹੀ ਵੇਖਦਿਆਂ ਲੱਸੀ ਵੀ ਹਾਜ਼ਰ ਹੋ ਗਈ। ਮਨਮੋਹਨ ਸਿੰਘ ਨੇ ਮਿੰਟਾਂ 'ਚ ਹੀ ਲੱਸੀ ਦਾ ਜੱਗ ਖਾਲੀ ਕਰ ਦਿੱਤਾ ਤੇ ਆਖ਼ਿਆ ਸੁਆਦ ਆ ਗਿਆ। ਲਾਹੌਰ 'ਚ ਪੁਰਾਣੀਆਂ ਇਮਾਰਤਾਂ ਵੇਖਦਿਆਂ ਹੋਇਆਂ ਮਨਮੋਹਨ ਸਿੰਘ ਕਾਫ਼ੀ ਦਿਲਚਸਪੀ ਲੈ ਰਹੇ ਸਨ।
ਪਾਕਿਸਤਾਨ 'ਚ ਸਿੱਖਾਂ ਦੇ ਅਨੇਕਾਂ ਇਤਿਹਾਸਕ ਧਾਰਮਿਕ ਸਥਾਨ ਹਨ ਪਰ ਮਨਮੋਹਨ ਸਿੰਘ ਨੇ ਉਨ੍ਹਾਂ ਸਥਾਨਾਂ ਨੂੰ ਵੇਖਣ ਲਈ ਮੂੰਹ ਤੋਂ ਇਕ ਲਫ਼ਜ਼ ਤੱਕ ਨਾ ਕੱਢਿਆ। ਇਸ ਤੋਂ ਬਾਅਦ ਮੌਕਾ ਵੇਖਦਿਆਂ ਹੋਇਆਂ ਮਨਮੋਹਨ ਸਿੰਘ ਨੇ ਸ਼ਰਫ਼ਾਜ਼ ਭੱਟੀ ਦੇ ਕੰਨ 'ਚ ਆਖ਼ਿਆ ਕਿ ਭੱਟੀ ਸਾਹਿਬ ਤੁਸੀਂ ਮੈਨੂੰ ਮੱਕੇ ਦਾ ਹੱਜ ਨਹੀਂ ਕਰਵਾਉਣਾ? ਥੋੜਾ ਹੈਰਾਨ ਹੁੰਦਿਆਂ ਹੋਇਆਂ ਭੱਟੀ ਸਾਹਿਬ ਨੇ ਪੁੱਛਿਆ ਕਿ ਸਰਦਾਰ ਜੀ ਕਿਹੜਾ ਹੱਜ? ਤਾਂ ਡਾ: ਮਨਮੋਹਨ ਸਿੰਘ ਹੁਰਾਂ ਨੇ ਜੁਆਬ ਦਿੰਦਿਆਂ ਕਿਹਾ ਕਿ ਜਨਾਬ ਸਾਡਾ ਮੱਕਾ। ਫ਼ਿਰ ਭੱਟੀ ਸਾਹਿਬ ਨੇ ਸਾਊਦੀ ਅਰਬ ਵਾਲੇ ਮੱਕੇ ਦਾ ਹਵਾਲਾ ਦਿੰਦਿਆਂ ਪੁੱਛਿਆ ਤਾਂ ਡਾ: ਮਨਮੋਹਨ ਸਿੰਘ ਨੇ ਉਤਰ ਦਿੱਤਾ ਕਿ ਭੱਟੀ ਸਾਹਿਬ ਸਾਡਾ ਮੱਕਾ ਤਾਂ ਪਾਕਿਸਤਾਨ 'ਚ ਹੈ ਭਾਵ ਬਾਬੇ ਨਾਨਕ ਦਾ ਜਨਮ ਅਸਥਾਨ। ਭੱਟੀ ਸਾਹਿਬ ਨੇ ਡਾ: ਮਨਮੋਹਨ ਸਿੰਘ ਦੇ ਮਨੋਭਾਵਾਂ ਨੂੰ ਸਮਝਦਿਆਂ ਹੋਇਆ ਹਾਂ ਆਖ਼ ਦਿੱਤੀ ਸੀ। ઠઠ
ਇਸ ਤੋਂ ਬਾਅਦ ਸਰਫ਼ਰਾਜ਼ ਭੱਟੀ ਸਾਹਿਬ ਨੇ ਪਾਕਿਸਤਾਨ ਦੀ ਹਕੂਮਤ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਤਾਂ ਹਕੂਮਤ ਨੇ ਵੀ ਇਸ ਬਾਰੇ ਵਿਚਾਰ ਕਰਦਿਆਂ ਹੋਇਆਂ ਸਹਿਯੋਗ ਦੇਣ ਦੀ ਗੱਲ ਆਖੀ। ਇਸ ਸਬੰਧੀ ਇਕ ਗੁਪਤ ਯੋਜਨਾ ਤਿਆਰ ਕੀਤੀ ਗਈ। ਡਾ: ਮਨਮੋਹਨ ਸਿੰਘ ਨੇ ਸ਼ਾਮ ਦੇ 7 ਵਜੇ ਹੀ ਰਾਤ ਦਾ ਭੋਜਨ ਕਰ ਲਿਆ ਅਤੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਆਰਾਮ ਕਰਨਾ ਚਾਹੁੰਦੇ ਹਨ ਅਤੇ ਕੋਈ ਵੀ ਮੈਨੂੰ ਤੰਗ ਨਾ ਕਰੇ। ਆਰਾਮ ਕਰਨ ਲਈ ਕਮਰੇ ਵਿਚ ਜਿਵੇਂ ਹੀ ਦਾਖ਼ਲ ਹੋਏ ਤਾਂ ਉਨ੍ਹਾਂ ਦੇ ਕਮਰੇ ਦੇ ਬਾਹਰ 'ਡੂ ਨਾਟ ਡਿਸਟਰਬ' ਦੀ ਤਖ਼ਤੀ ਜੜ ਦਿੱਤੀ ਗਈ। ਹੋਟਲ ਦੇ ਟੈਲੀਫ਼ੋਨ ਆਪ੍ਰੇਟਰ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਮਨਮੋਹਨ ਸਿੰਘ ਨੂੰ ਕੋਈ ਵੀ ਕਾਲ ਨਹੀਂ ਦੇਵੇਗਾ।
ਰਾਤ ਨੂੰ ਜਿਵੇਂ ਹੀ 8:30 ਦਾ ਸਮਾਂ ਹੋਇਆ ਤਾਂ ਡਾ: ਮਨਮੋਹਨ ਸਿੰਘ ਉੱਪਰ ਚਾਦਰ ਲੈ ਕੇ ਹੋਟਲ ਦੇ ਬਾਹਰ ਖੜ੍ਹੀ ਪਜੈਰੋ ਗੱਡੀ ਵਿੱਚ ਆ ਬੈਠੇ। ਕੇਂਦਰ ਵਲੋਂ ਮੌਕੇ 'ਤੇ ਭੇਜੇ ਗਏ ਖਾਸ ਸੁਰੱਖਿਆ ਦਸਤਿਆਂ ਦੇ ਕਾਫ਼ਲੇ ਨਾਲ ਡਾ: ਮਨਮੋਹਨ ਸਿੰਘ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਹੋਟਲ ਤੋਂ ਤੁਰ ਪਏ। ਲਾਹੌਰ ਤੋਂ ਘੰਟਾ ਕੁ ਵਿੱਥ ਦਾ ਸਫ਼ਰ ਤੈਅ ਕਰਕੇ ਉਹ ਆਖ਼ਿਰ ਨਨਕਾਣਾ ਸਾਹਿਬ ਪਹੁੰਚੇ। ਦੂਜੇ ਪਾਸੇ ਗੁਰੂ ਘਰ ਦੇ ਸੇਵਾਦਾਰਾਂ ਅਤੇ ਗ੍ਰੰਥੀਆਂ ਤੋਂ ਵੀ ਇਸ ਗੱਲ ਦਾ ਪਰਦਾ ਰੱਖਿਆ ਗਿਆ ਸੀ ਕਿ ਡਾ: ਮਨਮੋਹਨ ਸਿੰਘ ਆ ਰਹੇ ਹਨ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕੁੱਝ ਸਿੱਖ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਆ ਰਹੇ ਹਨ। ਇਸ ਤੋਂ ਬਾਅਦ ਮਨਮੋਹਨ ਸਿੰਘ ਗੁਰਦੁਆਰਾ ਸਾਹਿਬ 'ਚ ਦਾਖ਼ਲ ਹੋਏ, ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਆਪਣੇ ਧਰਮ ਮੁਤਾਬਿਕ ਸਾਰੀਆਂ ਰਸਮਾਂ ਕੀਤੀਆਂ ਅਤੇ ਇਸ ਦੌਰਾਨ ਸਰਦਾਰ ਸਾਹਿਬ ਕਾਫ਼ੀ ਨਿਹਾਲ ਅਤੇ ਸ਼ਾਂਤ ਦਿਖਾਈ ਦੇ ਰਹੇ ਸਨ। ਕੁਝ ਸਮਾਂ ਗੁਜ਼ਾਰਨ ਤੋਂ ਬਾਅਦ ਕਾਫ਼ਲਾ ਫ਼ਿਰ ਤੋਂ ਹੋਟਲ ਵੱਲ ਰਵਾਨਾ ਹੋ ਗਿਆ। ਅੰਮ੍ਰਿਤ ਵੇਲੇ 3 ਕੁ ਵਜੇ ਤੱਕ ਕਾਫ਼ਲਾ ਹੋਟਲ ਪਹੁੰਚ ਗਿਆ। ਦੂਜੇ ਪਾਸੇ ਇਸ ਗੱਲ ਦੀ ਕਿਸੇ ਨੂੰ ਵੀ ਭਿਣਕ ਤੱਕ ਨਾ ਲੱਗੀ।ઠ
ਮਨਮੋਹਨ ਸਿੰਘ ਸਵੇਰੇ ਆਪਣੀ ਨੀਂਦ ਪੂਰੀ ਕਰ ਕੇ ਉੱਠੇ ਅਤੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਹਾਸਲ ਕਰਨ ਲਈ ਡਾਕਟਰ ਸਮੇਤ ਹੋਰ ਕਈਂ ਸੱਜਣ ਪਹੁੰਚੇ। ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਹਬੀਬ ਬੈਂਕ ਦੇ ਅਫ਼ਸਰ ਸਰਫ਼ਰਾਜ਼ ਭੱਟੀ ਵੀ ਖੁਸ਼ ਸਨ ਕਿ ਹੁਣ ਡਾ: ਮਨਮੋਹਨ ਸਿੰਘ ਪਾਕਿਸਤਾਨ ਤੋਂ ਖ਼ੁਸ਼ੀ-ਖ਼ੁਸ਼ੀ ਜਾਣਗੇ।
ਅਖ਼ੀਰ ਡਾ: ਮਨਮੋਹਨ ਸਿੰਘ ਭਾਰਤ ਵਾਪਸ ਪਰਤੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 10 ਸਾਲ ਤੱਕ ਪਾਕਿਸਤਾਨ ਦੇ ਲੋਕਾਂ ਨੂੰ, ਖ਼ਾਸ ਕਰਕੇ ਉਨ੍ਹਾਂ ਦੇ ਪਿੰਡ ਗਾਹ ਦੇ ਲੋਕਾਂ ਨੂੰ ਬਹੁਤ ਉਡੀਕ ਸੀ ਕਿ ਡਾ: ਸਾਹਿਬ ਪਰਿਵਾਰ ਸਮੇਤ ਪਾਕਿਸਤਾਨ ਜ਼ਰੂਰ ਆਉਣਗੇ ਪਰ ਸ਼ਾਇਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਬਿਹਤਰ ਨਾ ਰਹਿਣ ਕਾਰਨ ਅਜਿਹਾ ਨਹੀਂ ਹੋ ਸਕਿਆ।
ਹੁਣ ਪਾਠਕਾਂ ਦੇ ਦਿਲ 'ਚ ਇਹ ਪ੍ਰਸ਼ਨ ਜ਼ਰੂਰ ਉੱਠਦਾ ਹੋਵੇਗਾ ਕਿ ਮੈਨੂੰ ਇਸ ਮਾਮਲੇ ਬਾਰੇ ਕਿਵੇਂ ਪਤਾ ਲੱਗਾ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਸ ਮਾਮਾਲੇ ਦੇ ਚਸ਼ਮਦੀਦ ਗਵਾਹ ਰਹੇ ਪੱਤਰਕਾਰ ਮੁਹੰਮਦ ਰਫ਼ੀਕ ਡੋਗਰ ਨਾਲ ਵੀ ਮੇਰੀ ਮੁਲਾਕਾਤ ਹੁੰਦੀ ਰਹਿੰਦੀ ਹੈ। ਰਫ਼ੀਕ ਡੋਗਰ ਨੇ ਆਪਣੀ ਕਿਤਾਬ ਡੋਗਰਨਾਮਾ 'ਚ ਵੀ ਇਹ ਗੱਲ ਬਾਖ਼ੂਬੀ ਬਿਆਨ ਕੀਤੀ ਹੈ। ਸਾਲ 2016 'ਚ ਲਾਹੌਰ 'ਚ ਪ੍ਰਕਾਸ਼ਤ ਹੋਈ ਇਸ ਕਿਤਾਬ ਦੇ ਸਫ਼ਾ ਨੰਬਰ 225 'ਤੇ ਸਭ ਕੁਝ ਦਰਜ ਹੈ। ਜਿਵੇਂ ਕਿ ਅਸੀਂ ਪਿੱਛੇ ਵੀ ਇਹ ਬਿਆਨ ਕਰ ਚੁੱਕੇ ਹਾਂ ਕਿ ਰਫ਼ੀਕ ਡੋਗਰ ਭਾਰਤ-ਪਾਕਿਸਤਾਨ ਦੇ ਬਟਵਾਰੇ ਦਾ ਦੁੱਖ ਅੱਜ ਵੀ ਆਪਣੇ ਦਿਲ 'ਚ ਸਮੋਈ ਬੈਠੇ ਹਨ ਅਤੇ ਜਿਸ ਸਮੇਂ ਉਨ੍ਹਾਂ ਨੇ ਆਪਣਾ ਘਰ ਛੱਡਿਆ ਸੀ ਤਾਂ ਉਦੋਂ ਉਨ੍ਹਾਂ ਦਾ ਦਾਦਾ, ਪਿੰਡ ਦੀ ਮਸਜਿਦ ਦਾ ਮੌਲਵੀ ਅਤੇ ਇਕ ਹੋਰ ਨਜ਼ਦੀਕੀ ਸਾਥੀ ਭਾਰਤ ਹੀ ਰਹਿ ਗਏ ਸਨ ਅਤੇ ਉਨ੍ਹਾਂ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਆਖਿਆ ਸੀ ਕਿ ਤੁਸੀਂ ਚਲੋ ਅਸੀਂ ਜਲਦੀ ਆ ਜਾਵਾਂਗੇ ਪਰ ਉਹ ਅੱਜ ਤੱਕ ਪਾਕਿਸਤਾਨ ਨਹੀ ਪਹੁੰਚੇ।
ਜ਼ਾਹਿਰ ਹੈ ਕਿ ਉਹ ਕਤਲੇਆਮ ਦਾ ਸ਼ਿਕਾਰ ਹੋ ਗਏ ਸਨ। ਬੇਸ਼ਕ ਇਸ ਦੁਖਾਂਤ ਨੂੰ 70 ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰ ਰਫ਼ੀਕ ਡੋਗਰ ਅੱਜ ਵੀ ਆਪਣੇ ਦਾਦੇ ਦੀ ਉਡੀਕ ਕਰਦੇ ਹਨ ਅਤੇ ਜਦੋਂ ਵੀ ਭਾਰਤ ਤੋਂ ਕੋਈ ਯਾਤਰੀ ਪਾਕਿਸਤਾਨ ਜਾਂਦਾ ਹੈ ਤਾਂ ਰਫ਼ੀਕ ਡੋਗਰ ਦੇ ਦਿਲ 'ਚ ਉਨ੍ਹਾਂ ਨੂੰ ਮਿਲਣ ਦੀ ਤਾਂਘ ਉੱਠ ਖੜ੍ਹੀ ਹੁੰਦੀ ਹੈ। ਉਨ੍ਹਾਂ ਵਲੋਂ ਡਾ: ਮਨਮੋਹਨ ਸਿੰਘ ਨਾਲ ਉਸ ਸਮੇਂ ਨੇੜਤਾ ਬਣਾਉਣਾ ਜਾਂ ਉਨ੍ਹਾਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਹਰ ਸੰਭਵ ਮਦਦ ਦੇਣ ਦਾ ਵੀ ਸ਼ਾਇਦ ਇਹੀ ਕਾਰਨ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੱਤਰਕਾਰ ਰਫ਼ੀਕ ਡੋਗਰ 'ਨਵਾ-ਏ-ਵਕਤ' ਅਖ਼ਬਾਰ 'ਚ ਬਹੁਤ ਲੰਮਾਂ ਸਮਾਂ ਕੰਮ ਕਰਕੇ ਹੁਣ ਸੇਵਾ ਮੁਕਤ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਉਹ ਹੁਣ ਤੱਕ 25 ਤੋਂ ਵੱਧ ਕਿਤਾਬਾਂ ਵੀ ਲੋਕ ਅਰਪਣ ਕਰ ਚੁੱਕੇ ਹਨ।

-ਲੇਖਕ ਤੇ ਖੋਜਕਾਰ ਦਾ ਸਬੰਧ ਲਹਿੰਦੇ ਪੰਜਾਬ (ਪਾਕਿਸਤਾਨ) ਨਾਲ ਹੈ ਅਤੇ ਉਹ ਬਰਤਾਨੀਆ ਵਿਚ ਰਹਿੰਦੇ ਹਨ।
ਮੋਬਾ: +447878132209
email : kotroy@hotmail.co.uk

ਅਨੁਵਾਦਕ : ਗੁਰਿੰਦਰ ਸਿੰਘ ਬੈਦਵਾਣ
ਮੋਬਾ: 8872221333
gurinder25.gs@gmail.com

ਅਲਵਿਦਾ ਅੰਬੈਸਡਰ ਕਾਰ

ਆਖ਼ਰਕਾਰ ਦਹਾਕਿਆਂ ਤਕ ਭਾਰਤ ਦੀ ਸ਼ਾਨ ਅਤੇ ਤਾਕਤ ਦਾ ਬਦਲ ਬਣੀ ਰਹੀ ਅੰਬੈਸਡਰ ਕਾਰ ਪਿਛਲੇ ਦਿਨੀਂ ਵਿਕ ਹੀ ਗਈ। ਹਾਲਾਂਕਿ ਇਸ ਦਾ ਸੌਦਾ ਤਾਂ ਇਸ ਸਾਲ ਮਾਰਚ ਮਹੀਨੇ ਵਿਚ ਹੀ ਹੋ ਗਿਆ ਸੀ, ਪਰ ਇਸ 'ਤੇ ਆਖਰੀ ਮੋਹਰ ਅਕਤੂਬਰ 2017 ਦੇ ਅਖੀਰ ਵਿਚ ਲੱਗੀ। ਉਦੋਂ ਹੋਰ ਰਸੂਖ ਦੀ ਕਹਾਣੀ ਵਾਲੀ ਅੰਬੈਸਡਰ ਕਾਰ ਦੀ ਬਜ਼ਾਰ ਵਿਚ ਸਿਰਫ 80 ਕਰੋੜ ਰੁਪਏ ਦੀ ਕੀਮਤ ਲੱਗੀ। ਸਿਰਫ 80 ਕਰੋੜ ਰੁਪਏ ਵਿਚ ਹਿੰਦੁਸਤਾਨ ਮੋਟਰਜ਼ ਦੀ ਅੰਬੈਸਡਰ ਕਾਰ, ਫਰਾਂਸੀਸੀ ਕੰਪਨੀ ਪਿਉਜਿਅਟ ਦੀ ਹੋ ਗਈ। ਇਕ ਜ਼ਮਾਨਾ ਸੀ ਜਦੋਂ ਸਫੈਦ ਅੰਬੈਸਡਰ ਕਾਰ ਦੇ ਬੋਨਟ 'ਤੇ ਲਹਿਰਾਉਂਦਾ ਭਾਰਤ ਦਾ ਝੰਡਾ ਇਸ ਦੇ ਖਾਸ ਹੋਣ ਦੀ ਕਹਾਣੀ ਕਹਿੰਦਾ ਸੀ। ਪਰ ਆਟੋਮੋਬਾਈਲਜ਼ ਦੀ ਦੁਨੀਆ ਵਿਚ ਹਾਲ ਹੀ ਦੇ ਦਹਾਕਿਆਂ ਵਿਚ ਬਹੁਤ ਤੇਜ਼ ਬਦਲਾਅ ਹੋ ਰਹੇ ਸਨ ਅਤੇ ਅੰਬੈਸਡਰ ਬਦਲਾਅ ਦੀ ਰਫ਼ਤਾਰ ਵਿਚ ਮੁਕਾਬਲੇਬਾਜ਼ੀ ਨਹੀਂ ਕਰ ਰਹੀ ਸੀ, ਜਿਸ ਦਾ ਨਤੀਜਾ ਉਹੀ ਨਿਕਲਿਆ ਜੋ ਨਿਕਲ ਸਕਦਾ ਸੀ। ਇਸ ਸਭ ਦੇ ਬਾਵਜੂਦ ਕਿ ਅੰਬੈਸਡਰ ਨੂੰ ਸਰਕਾਰ ਦੀ ਵਿਸ਼ੇਸ਼ ਸਰਪ੍ਰਸਤੀ ਹਾਸਲ ਸੀ।
ਦਰਅਸਲ ਇਸ ਸ਼ਤਾਬਦੀ ਦੀ ਸ਼ੁਰੂਆਤ ਤੋਂ ਹੀ ਲੜਖੜਾ ਰਹੀ ਅੰਬੈਸਡਰ ਕਾਰ ਦਾ ਉਤਪਾਦਨ ਸਾਲ 2014 ਵਿਚ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਸੀ। ਫਿਰ ਵੀ ਜੇਕਰ ਅਗਲੇ ਦੋ ਸਾਲਾਂ ਤੱਕ ਇਹ ਉਮੀਦ ਬਣੀ ਰਹੀ ਕਿ ਬਰਤਾਨਵੀ ਮੌਰਿਸ ਆਕਸਫੋਰਡ ਦੀ ਤਰਜ਼ 'ਤੇ ਬਣੀ ਅੰਬੈਸਡਰ ਕਾਰ ਦੇ ਨਵੇਂ ਮਾਡਲ ਬਾਜ਼ਾਰ ਵਿਚ ਜਲਦੀ ਹੀ ਆਉਣਗੇ ਤੇ ਇਸ ਦੇ ਪਿੱਛੇ ਇਸ ਦਾ ਮਜ਼ਬੂਤ ਇਤਿਹਾਸ ਸੀ।
ਪਰ ਨਵੇਂ ਮਾਡਲਾਂ ਦਾ ਇੰਤਜ਼ਾਰ ਹੀ ਰਿਹਾ। ਸਾਰੇ ਐਲਾਨਾਂ ਦੇ ਬਾਅਦ ਵੀ ਜਦੋਂ ਅੰਬੈਸਡਰ ਨੂੰ ਬਾਜ਼ਾਰ ਤੋਂ ਕੋਈ ਉਤਸ਼ਾਹਜਨਕ ਹੁੰਗਾਰਾ ਨਾ ਮਿਲਿਆ ਤਾਂ ਅਖੀਰ ਅੰਬੈਸਡਰ ਨੂੰ ਬੰਦ ਹੀ ਹੋਣਾ ਪਿਆ। ਸੀ. ਕੇ. ਬਿਰਲਾ ਸਮੂਹ ਦੀ ਕੰਪਨੀ ਹਿੰਦੁਸਤਾਨ ਮੋਟਰਜ਼, ਜੋ ਅੰਬੈਸਡਰ ਕਾਰ ਬਣਾਉਂਦੀ ਸੀ, ਨੂੰ 90 ਦੇ ਦਹਾਕੇ ਦੇ ਮੱਧ ਵਿਚ ਯੂਰਪ ਦੀ ਪਿਉਜਿਅਟ ਦੇ ਰੂਪ ਵਿਚ ਨਵਾਂ ਸਾਂਝੀਦਾਰ ਮਿਲਿਆ। ਉਸ ਸਮੇਂ ਲੱਗਿਆ ਸੀ ਕਿ ਜਿਵੇਂ ਹੁਣ ਹਿੰਦੁਸਤਾਨ ਮੋਟਰਜ਼, ਉਦਾਰੀਕਰਨ ਦੇ ਦੌਰ ਵਿਚ ਨਵੇਂ ਉਤਸ਼ਾਹ ਨਾਲ ਰਫ਼ਤਾਰ ਫੜੇਗੀ, ਪਰ ਇਹ ਸੰਭਵ ਨਹੀਂ ਹੋਇਆ। ਸ਼ਾਇਦ ਇਹ ਦੱਖਣੀ ਕੋਰੀਆ ਦੀ ਹੁੰਡਾਈ ਅਤੇ ਜਾਪਾਨ ਦੀ ਨਿਸਾਨ ਵਰਗੀ ਆਧੁਨਿਕ ਤਕਨੀਕ ਵਾਲੀਆਂ ਕਾਰਾਂ ਦਾ ਮੁਕਾਬਲਾ ਨਹੀਂ ਕਰ ਸਕੀ। ਅਖੀਰ ਅੰਬੈਸਡਰ ਨੂੰ ਉਸ ਦੇ ਯੂਰਪੀ ਸਾਂਝੀਦਾਰ ਨੇ ਹੀ ਖਰੀਦ ਲਿਆ। ਪਰ ਅੰਬੈਸਡਰ ਭਾਵੇਂ ਇਤਿਹਾਸ ਦੇ ਸਫ਼ਿਆਂ ਵਿਚ ਗੁੰਮ ਹੋ ਚੁੱਕੀ ਹੋਵੇ ਪਰ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੇ ਤੂਫਾਨੀ ਸਾਲਾਂ ਦੇ ਇਤਿਹਾਸ ਵਿਚ ਅੰਬੈਸਡਰ ਹਮੇਸ਼ਾ ਜਿਊਂਦੀ ਅਤੇ ਆਪਣੇ ਪ੍ਰਭਾਵ ਨਾਲ ਰੋਮਾਂਚਿਤ ਕਰਦੀ ਰਹੇਗੀ। ਜਦੋਂ ਵੀ ਕੋਈ ਫਿਲਮਕਾਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇ 60 ਅਤੇ 70 ਦੇ ਦਹਾਕਿਆਂ 'ਤੇ ਆਧਾਰਿਤ ਕੋਈ ਫਿਲਮ ਬਣਾਏਗਾ ਤਾਂ ਉਸ ਫਿਲਮ ਦਾ ਸਭ ਤੋਂ ਜਿਊਂਦਾ ਅਤੇ ਗੀਤਮਾਨ ਪ੍ਰਤੀਕ ਅੰਬੈਸਡਰ ਕਾਰ ਹੀ ਹੋਵੇਗੀ। ਉਹ ਅੰਬੈਸਡਰ ਜਿਸ ਦੇ ਸਿਰ 'ਤੇ ਇਕ ਲਾਲਬੱਤੀ ਹੌਲੀ-ਹੌਲੀ ਘੜੀ ਦੀਆਂ ਸੂਈਆਂ ਦੀ ਦਿਸ਼ਾ ਵਿਚ ਘੁੰਮ ਰਹੇਗੀ ਹੋਵੇਗੀ। ਬੋਨਟ 'ਤੇ ਭਾਰਤ ਦਾ ਝੰਡਾ ਲੱਗਿਆ ਹੋਵੇਗਾ ਅਤੇ ਇਸ ਵਿਚੋਂ ਇਕ ਸਫਾਰੀ ਸੂਟ ਪਾਈ ਆਮ ਆਦਮੀ ਨੂੰ ਕੁਝ ਨਾ ਸਮਝਣ ਵਾਲਾ, ਸਰਕਾਰੀ ਅਧਿਕਾਰੀ ਉਤਰ ਰਿਹਾ ਹੋਵੇਗਾ। ਅੰਬੈਸਡਰ ਕਾਰ ਉਦੋਂ ਤੋਂ ਹੀ ਭਾਰਤੀ ਨੌਕਰਸ਼ਾਹੀ ਦਾ ਵੀ ਸਭ ਤੋਂ ਮਜ਼ਬੂਤ ਪ੍ਰਤੀਕ ਰਹੀ ਹੈ।
ਅੰਬੈਸਡਰ ਕਾਰ ਸਿਰਫ਼ ਕਾਰ ਨਹੀਂ ਸੀ ਬਲਕਿ ਇਹ ਆਜ਼ਾਦੀ ਤੋਂ ਬਾਅਦ ਦੇਸ਼ ਦੇ ਨਵ-ਨਿਰਮਾਣ ਦਾ ਇਕ ਹਿੱਸਾ ਸੀ। ਇਸ ਲਈ ਇਸ ਦੇ ਨਾਲ ਭਾਰਤ ਸਰਕਾਰ ਦਾ ਹੀ ਨਹੀਂ, ਭਾਰਤ ਦੇ ਆਮ ਆਦਮੀ ਦਾ ਵੀ ਇਕ ਭਾਵਨਾਤਮਕ ਸਬੰਧ ਸੀ। ਹਿੰਦੁਸਤਾਨ ਵਿਚ ਅੰਬੈਸਡਰ ਕਾਰ ਹਿੰਦੁਸਤਾਨ ਮੋਟਰਜ਼ ਦੇ ਬੈਨਰ ਹੇਠ ਸਾਲ 1958 ਵਿਚ ਬਣਨੀ ਸ਼ੁਰੂ ਹੋਈ ਸੀ ਅਤੇ 2014 ਤਕ ਬਣਦੀ ਰਹੀ। ਦਰਅਸਲ ਇਹ ਬਰਤਾਨੀਆ ਦੀ ਮੌਰਿਸ ਆਕਸਫੋਰਡ ਸੀਰੀਜ਼-3 ਦਾ ਇਕ ਭਾਰਤੀ ਮਾਡਲ ਸੀ ਜਾਂ ਇੰਝ ਕਹਿ ਸਕਦੇ ਹਾਂ ਕਿ ਇਸ ਤੋਂ ਪ੍ਰੇਰਣਾ ਲੈ ਕੇ ਇਹ ਬਣੀ ਸੀ। ਅੰਬੈਸਡਰ ਨਾਲ ਭਾਰਤ ਸਰਕਾਰ ਅਤੇ ਭਾਰਤੀਆਂ ਦਾ ਇਸ ਲਈ ਵੀ ਇਕ ਭਾਵਨਾਤਮਕ ਸਬੰਧ ਸੀ, ਕਿਉਂਕਿ ਇਹ ਹਿੰਦੁਸਤਾਨ ਵਿਚ ਬਣਨ ਵਾਲੀ ਪਹਿਲੀ ਕਾਰ ਸੀ। ਇਸ ਲਈ ਇਸ ਨੂੰ ਦਹਾਕਿਆਂ ਤੱਕ ਭਾਰਤ ਸਰਕਾਰ ਦੀ ਜ਼ਬਰਦਸਤ ਸਰਪ੍ਰਸਤੀ ਹਾਸਲ ਰਹੀ ਹੈ ਜਦੋਂ ਕਿ 80 ਦੇ ਦਹਾਕੇ ਵਿਚ ਜਾਪਾਨ ਦੀ ਮਦਦ ਨਾਲ ਭਾਰਤ ਵਿਚ ਮਾਰੂਤੀ ਦਾ ਵੀ ਜਨਮ ਹੋ ਚੁੱਕਾ ਸੀ। ਫਿਰ ਵੀ ਮਾਰੂਤੀ ਨੂੰ ਸਰਕਾਰ ਦਾ ਉਹ ਪਿਆਰ ਅਤੇ ਦੁਲਾਰ ਨਹੀਂ ਮਿਲਿਆ ਜੋ ਪਿਆਰ ਹਮੇਸ਼ਾ ਅੰਬੈਸਡਰ ਕਾਰ ਨੂੰ ਮਿਲਦਾ ਰਿਹਾ ਹੈ। ਇਤਿਹਾਸ ਦੱਸਦਾ ਹੈ ਅਤੇ ਅਨੁਭਵ ਵੀ ਕਿ ਜ਼ਿਆਦਾ ਸਰਪ੍ਰਸਤੀ ਵਿਚ ਚੀਜ਼ਾਂ ਵਧਦੀਆਂ ਫੁਲਦੀਆਂ ਨਹੀਂ ਹਨ, ਕਿਉਂਕਿ ਉਹ ਮੁਕਾਬਲਾ ਕਰਨਾ ਭੁੱਲ ਜਾਂਦੀਆਂ ਹਨ। ਅੰਬੈਸਡਰ ਕਾਰ ਦੇ ਨਾਲ ਵੀ ਇਹੀ ਹੋਇਆ। ਉਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਰਪ੍ਰਸਤੀ ਹਾਸਲ ਸੀ। ਇਸ ਲਈ ਉਸ ਨੇ ਬਾਜ਼ਾਰ ਵੱਲ ਕਦੀ ਤਵੱਜੋਂ ਨਹੀਂ ਦਿੱਤੀ ਕਿਉਂਕਿ ਅੰਬੈਸਡਰ ਦੀਆਂ ਟੈਕਸੀਆਂ ਦਾ 90 ਦੇ ਦਹਾਕੇ ਤੱਕ ਲਗਜ਼ਰੀ ਟੈਕਸੀਆਂ ਵਿਚ ਸ਼ੁਮਾਰ ਸੀ, ਬਾਵਜੂਦ ਇਸ ਦੇ ਹਿੰਦੁਸਤਾਨ ਮੋਟਰਜ਼ ਨੇ ਅੰਬੈਸਡਰ ਲਈ ਬਾਜ਼ਾਰ ਵਿਚ ਥਾਂ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸ਼ਾਇਦ ਇਸ ਦਾ ਇਕ ਦੂਜਾ ਕਾਰਨ ਇਹ ਵੀ ਸੀ ਕਿ ਉਸ ਨੂੰ ਵਿਸ਼ਵਾਸ ਸੀ ਕਿ ਭਾਰਤ ਸਰਕਾਰ ਪਰੰਪਰਾ ਦੇ ਨਾਂਅ 'ਤੇ ਹਮੇਸ਼ਾ ਉਸ ਦਾ ਬੋਝ ਢੋਂਹਦੀ ਰਹੇਗੀ।

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-132

'ਤਾਲ ਸੇ ਤਾਲ ਮਿਲਾ... ' ਏ. ਆਰ. ਰਹਿਮਾਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਵੈਸੇ ਏ. ਆਰ. ਰਹਿਮਾਨ 'ਤੇ ਅੜੀਅਲ ਅਤੇ ਜ਼ਿੱਦੀ ਹੋਣ ਦਾ ਦੋਸ਼ ਵੀ ਅਕਸਰ ਲਗਦਾ ਰਿਹਾ ਹੈ। ਇਸ ਕਰ ਕੇ ਉਸ ਦੇ ਕਈ ਸਬੰਧ ਹਊਮੈ ਦੇ ਟਕਰਾਅ ਦਾ ਵੀ ਕਈ ਵਾਰ ਸ਼ਿਕਾਰ ਹੋਏ ਸਨ। ਮਿਸਾਲ ਦੇ ਤੌਰ 'ਤੇ ਸੁਖਵਿੰਦਰ ਸਿੰਘ ਕਦੇ ਰਹਿਮਾਨ ਦਾ ਚਹੇਤਾ ਗਾਇਕ ਹੋਇਆ ਕਰਦਾ ਸੀ। ਪਰ 'ਸਲੱਮ ਡਾਗ' ਮਿਲੀਨੇਅਰ ਦੇ 'ਜੈ ਹੋ' ਵਾਲੇ ਗੀਤ ਨੂੰ ਆਸਕਰ ਐਵਾਰਡ ਜਦੋਂ ਮਿਲਿਆ ਤਾਂ ਸੁਖਵਿੰਦਰ ਨੇ ਰਹਿਮਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਅਮਰੀਕਾ ਜਾ ਕੇ ਇਸ ਐਵਾਰਡ ਨੂੰ ਪ੍ਰਦਾਨ ਕਰਨ ਵਾਲੀ ਕਮੇਟੀ ਦੇ ਸਾਹਮਣੇ ਇਹ ਗੀਤ ਗਾਉਣਾ ਚਾਹੁੰਦਾ ਹੈ ਪਰ ਰਹਿਮਾਨ ਨੇ ਉਸ ਦਾ ਇਹ ਪ੍ਰਸਤਾਵ ਨਹੀਂ ਸੀ ਮੰਨਿਆ ਅਤੇ ਆਪ ਹੀ ਇਸ ਗੀਤ ਨੂੰ ਉਸ ਨੇ ਅਮਰੀਕਾ ਜਾ ਕੇ ਪੇਸ਼ ਕੀਤਾ ਸੀ। ਇਸ ਘਟਨਾ ਤੋਂ ਬਾਅਦ ਦੋਵਾਂ ਦੇ ਸਬੰਧਾਂ 'ਚ ਤਰੇੜ ਦਾ ਆ ਜਾਣਾ ਸੁਭਾਵਿਕ ਹੀ ਸੀ।
ਬਾਲੀਵੁੱਡ ਵਿਚ ਤਾਂ ਇਹ ਵੀ ਚਰਚਾ ਹੈ ਕਿ 'ਸਲੱਮ ਡਾਗ ਮਿਲੀਨੇਅਰ' ਵਾਲੇ ਗੀਤ ਕਰ ਕੇ ਰਹਿਮਾਨ ਨੂੰ ਆਸਕਰ ਮਿਲਣਾ ਵੀ ਇਕ ਇਤਫਾਕ ਹੀ ਸੀ। ਦਰਅਸਲ ਇਹ ਗੀਤ ਸੁਭਾਸ਼ ਘਈ ਦੀ ਇਕ ਫ਼ਿਲਮ ਲਈ ਰਿਕਾਰਡ ਕੀਤਾ ਗਿਆ ਸੀ ਪਰ ਸੁਭਾਸ਼ ਘਈ ਨੂੰ ਇਹ ਗੀਤ ਇਸ ਲਈ ਪਸੰਦ ਨਹੀਂ ਸੀ ਆਇਆ ਕਿਉਂਕਿ ਇਕ ਤਾਂ ਇਹ ਉਸ ਦੀ ਫ਼ਿਲਮ ਦੇ ਟੈਂਪੋ ਨੂੰ ਰੋਕਦਾ ਸੀ ਅਤੇ ਦੂਜਾ ਇਸ ਦੀ ਰਿਕਾਰਡਿੰਗ 'ਚ ਈਸਾਈ ਧਰਮ ਦੇ ਸੰਗੀਤ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ। ਏ.ਆਰ. ਰਹਿਮਾਨ ਨੇ ਇਹ ਗੀਤ ਆਪਣੇ ਕੋਲ ਰੱਖ ਲਿਆ ਸੀ। ਕੁਝ ਚਿਰ ਬਾਅਦ ਜਦੋਂ ਸਲੱਮ ਡਾਗ ਮਿਲੀਨੇਅਰ ਦੇ ਨਿਰਮਾਤਾ ਨੇ ਉਸ ਨੂੰ ਇਕ ਸਿਚੂਏਸ਼ਨ ਸਮਝਾਈ ਤਾਂ ਰਹਿਮਾਨ ਨੂੰ ਲੱਗਿਆ ਕਿ 'ਜੈ ਹੋ' ਵਾਲਾ ਗੀਤ ਹੀ ਉਸ 'ਤੇ ਢੁਕਵਾਂ ਬੈਠਦਾ ਸੀ। ਇਸ ਲਈ ਉਸ ਨੇ ਇਹ ਗੀਤ 'ਸਲੱਮ ਡਾਗ' ਵਾਲਿਆਂ ਨੂੰ ਦੇ ਦਿੱਤਾ ਸੀ। ਬਾਅਦ 'ਚ ਜਦੋਂ ਇਸੇ ਹੀ ਗੀਤ ਨੂੰ ਆਸਕਰ ਐਵਾਰਡ ਮਿਲਿਆ ਤਾਂ ਸੁਭਾਸ਼ ਘਈ ਨੇ ਬੜੇ ਵਿਅੰਗਾਤਮਿਕ ਢੰਗ ਨਾਲ ਕਿਹਾ ਸੀ, 'ਜੇ ਮੇਰੇ ਠੁਕਰਾਏ ਗੀਤ ਗਰੈਮੀ ਐਵਾਰਡ ਜਿੱਤਦੇ ਹਨ ਤਾਂ ਇਹ ਕੰਮ ਤਾਂ ਮੈਂ ਹਰੇਕ ਸੰਗੀਤਕਾਰ ਦੇ ਨਾਲ ਕਰ ਸਕਦਾ ਹਾਂ।'
ਬਾਵਜੂਦ ਇਨ੍ਹਾਂ ਆਲੋਚਨਾਵਾਂ ਦੇ, ਸੱਚਾਈ ਤਾਂ ਇਹ ਹੈ ਕਿ 'ਟਾਈਮਜ਼' ਪੱਤ੍ਰਿਕਾ ਨੇ ਉਸ ਨੂੰ 'ਮਦਰਾਸ ਦਾ ਖੋਜਾਰਟ' ਦੇ ਖ਼ਿਤਾਬ ਦੇ ਨਾਲ ਨਿਵਾਜ਼ਿਆ ਹੈ। ਉਸ ਦੇ ਗੀਤਾਂ ਦੇ 2000 ਕਰੋੜ ਦੇ ਰਿਕਾਰਡ ਮਾਰਕਿਟ 'ਚ ਵਿਕ ਚੁੱਕੇ ਹਨ। 11 ਵਾਰ ਉਸ ਨੂੰ ਗਰੈਮੀ ਐਵਾਰਡ ਵੀ ਦਿੱਤਾ ਗਿਆ ਹੈ। 4 ਵਾਰ ਉਸ ਨੂੰ ਰਾਸ਼ਟਰੀ ਪੁਰਸਕਾਰ ਦੇ ਨਾਲ ਨਿਵਾਜ਼ਿਆ ਗਿਆ ਹੈ। 1997 ਵਿਚ ਉਸ ਨੇ 'ਵੰਦੇ ਮਾਤਰਮ' ਗੀਤ ਰਿਕਾਰਡ ਕਰਵਾਇਆ ਸੀ। ਇਸ 'ਚ ਦੇਸ਼ ਦੇ ਕਈ ਪ੍ਰਸਿੱਧ ਗੀਤਕਾਰਾਂ ਨੇ ਭਾਗ ਲਿਆ ਸੀ। ਇਸੇ ਹੀ ਤਰ੍ਹਾਂ ਉਸ ਨੇ 'ਜਨ ਗਨ ਮਨ' ਵਾਲੇ ਰਾਸ਼ਟਰੀ ਗੀਤ ਨੂੰ ਵੀ ਕਈ ਚਰਚਿਤ ਆਵਾਜ਼ ਦੀ ਸਹਾਇਤਾ ਨਾਲ ਰਿਕਾਰਡ ਕਰਵਾਇਆ ਸੀ। ਉਂਜ ਰਹਿਮਾਨ ਯੂ.ਐਨ.ਓ. ਦੀ ਸੰਸਥਾ ਡਬਲਿਊ.ਐਚ.ਓ. ਦੇਨਾਲ ਵੀ ਜੁੜਿਆ ਹੋਇਆ ਹੈ ਅਤੇ ਟੀ.ਬੀ. ਦੇ ਵਿਰੁੱਧ ਚਲ ਰਹੀ ਮੁਹਿੰਮ 'ਚ ਉਸ ਦਾ ਵਿਸ਼ੇਸ਼ ਯੋਗਦਾਨ ਵੀ ਹੈ।
ਪਰ ਬਤੌਰ ਸੰਗੀਤਕਾਰ ਉਸ ਦੀ ਵਿਸ਼ੇਸ਼ਤਾ ਕੀ ਹੈ? ਇਸ ਪ੍ਰਸ਼ਨ ਦਾ ਉੱਤਰ ਬੜਾ ਸਪੱਸ਼ਟ ਹੈ, ਭਾਰਤੀ ਫ਼ਿਲਮ ਸੰਗੀਤ ਦੀ ਸਭ ਤੋਂ ਚਰਚਿਤ ਜੋੜੀ ਲਕਸ਼ਮੀ ਕਾਂਤ-ਪਿਆਰੇ ਲਾਲ ਦੇ ਬਾਅਦ ਇਸ ਖੇਤਰ 'ਚ ਇਕ ਤਰ੍ਹਾਂ ਦਾ ਖਾਲੀਪਨ ਪੈਦਾ ਹੋ ਗਿਆ ਸੀ। ਇਹ ਠੀਕ ਹੈ ਕਿ ਅਨੂ ਮਲਿਕ ਅਤੇ ਨਵੀਮ ਸ਼ਰਵਣ ਵਰਗਿਆਂ ਹੋਰ ਵੀ ਕਈ ਸੰਗੀਤਕਾਰਾਂ ਨੇ ਬਦਲ ਰਹੀਆਂ ਪ੍ਰਸਥਿਤੀਆਂ ਦੇ ਅਨੁਸਾਰ ਕਾਫੀ ਕੰਮ ਕੀਤਾ ਪਰ ਇਨ੍ਹਾਂ ਸਾਰਿਆਂ 'ਚ ਕਮੀ ਇਹ ਰਹੀ ਕਿ ਇਨ੍ਹਾਂ 'ਚ ਮੌਲਿਕਤਾ ਬਹੁਤ ਘੱਟ ਸੀ। ਇਨ੍ਹਾਂ ਨੇ ਖਾਸ ਕਰ ਕੇ ਪਾਕਿਸਤਾਨੀ ਗਾਇਕ ਨੁਸਰਤ ਫਤਹਿ ਅਲੀ ਖ਼ਾਨ ਦੀਆਂ ਰਚਨਾਵਾਂ ਦੀ ਰੱਜ ਕੇ ਕਾਪੀ ਕੀਤੀ।
ਇਨ੍ਹਾਂ ਸੰਗੀਤਕਾਰਾਂ ਦੀ ਇਸ ਨਕਲ ਕਰਨ ਵਾਲੀ ਪ੍ਰਵਿਰਤੀ ਦਾ ਸਪੱਸ਼ਟੀਕਰਨ ਇਕ ਘਟਨਾ ਨਾਲ ਵਧੇਰੇ ਹੋ ਸਕਦਾ ਹੈ। ਇਕ ਵਾਰ ਨੁਸਰਤ ਸਾਹਿਬ ਸੰਨੀ ਸਟੂਡੀਓ 'ਚ (ਮੁੰਬਈ) ਇਕ ਰਿਕਾਰਡਿੰਗ ਦੇ ਸਿਲਸਿਲੇ 'ਚ ਆਏ ਸਨ। ਕੁਝ ਪੱਤਰਕਾਰ ਵੀ ਉਥੇ ਮੌਜੂਦ ਸਨ। ਇੰਨੀ ਦੇਰ ਨੂੰ ਅਨੂ ਮਲਿਕ ਨੁਸਰਤ ਸਾਹਿਬ ਦੇ ਕੋਲ ਆ ਕੇ ਕਹਿਣ ਲੱਗਾ, 'ਖ਼ਾਨ ਸਾਹਿਬ, ਮੈਂ ਤਾਂ ਤੁਹਾਡੇ ਤੋਂ ਪ੍ਰੇਰਨਾ ਲੈਂਦਾਹਾਂ ਪਰ ਨਦੀਮ-ਸ਼ਰਵਣ ਤਾਂ ਤੁਹਾਡੀ ਪੂਰੀ ਦੀ ਪੂਰੀ ਕਾਪੀ ਕਰਦੇ ਹਨ। ਤੁਸੀਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ?' ਨੁਸਰਤ ਸਾਹਿਬ ਚੁੱਪ ਰਹੇ। ਪੱਤਰਕਾਰਾਂ ਨੇ ਵੀ ਖ਼ਾਨ ਸਾਹਿਬ ਨੂੰ ਕੋਈ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਨੂੰ ਸੰਤੁਸ਼ਟ ਕਰਨ ਲਈ ਖ਼ਾਨ ਸਾਹਿਬ ਨੇ ਕਿਹਾ, 'ਮੈਂ ਕਿਸ-ਕਿਸ 'ਤੇ ਕਾਰਵਾਈ ਕਰਾਂ?' ਅਨੂ ਤੋਂ ਪਹਿਲਾਂ ਹੀ ਨਦੀਮ-ਸ਼ਰਵਣ ਮੈਨੂੰ ਮੇਰੇ ਹੋਟਲ 'ਚ ਮਿਲਣ ਆਏ ਸਨ। ਉਨ੍ਹਾਂ ਨੇ ਮੈਨੂੰ ਅਨੂ ਮਲਿਕ 'ਤੇ ਇਹੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਸੀ।'
ਇਸ ਪਰੰਪਰਾ (ਨਕਲ) ਦੇ ਵਿਪਰੀਤ ਏ.ਆਰ. ਰਹਿਮਾਨ ਨੇ ਵਿਭਿੰਨ ਸੰਗੀਤਕ ਸ਼ੈਲੀਆਂ ਨੂੰ ਮਿਸ਼ਰਤ ਕਰ ਕੇ ਅਜਿਹੀਆਂ ਰਚਨਾਵਾਂ ਸੰਗੀਤਬੱਧ ਕੀਤੀਆਂ ਹਨ, ਜੋ ਕਿ ਮੌਲਿਕ ਬੇਸ਼ੱਕ ਨਾ ਹੋਣ ਪਰ ਉਹ ਗੁਣਗਾਉਣ 'ਚ ਸੁਰੀਲੇ ਸੰਗੀਤ ਦਾ ਪ੍ਰਭਾਵ ਦਿੰਦੀਆਂ ਹਨ। ਇਸ ਕਰ ਕੇ ਹੀ ਉਸ ਦਾ ਸੰਗੀਤ ਬਹੁਤ ਸਾਰੀਆਂ ਫ਼ਿਲਮਾਂ 'ਚ ਪ੍ਰਭਾਵਸ਼ਾਲੀ ਅਤੇ ਲੋਕਪ੍ਰਿਆ ਰਿਹਾ ਹੈ। ਇਨ੍ਹਾਂ 'ਚੋਂ 'ਤਹਿਜ਼ੀਬ', 'ਬਾਂਬੇ', 'ਦਿਲ ਸੇ', 'ਰੰਗੀਲਾ', 'ਤਾਲ', 'ਜੀਨਸ', 'ਪੁਕਾਰ', 'ਲਗਾਨ', 'ਮੰਗਲ ਪਾਂਡੇ', 'ਰੰਗ ਦੇ ਬਸੰਤੀ', 'ਸਵਦੇਸ਼', 'ਜੋਧਾ ਅਕਬਰ', 'ਜਾਨੇ ਤੂ ਜਾਨੇ ਨਾ', 'ਯੁਵਰਾਜ', 'ਸਲਮਡਾਗ ਮਿਲੀਨੇਅਰ', 'ਜਬ ਤਕ ਹੈ ਜਾਨ' ਅਤੇ 'ਗਜ਼ਨੀ' ਦੇ ਨਾਂਅ ਵਿਸ਼ੇਸ਼ ਰੂਪ 'ਚ ਲਏ ਜਾ ਸਕਦੇ ਹਨ।
ਬਤੌਰ ਸੰਗੀਤਕਾਰ ਰਹਿਮਾਨ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਉਹ ਕਿਸੇ ਖ਼ਾਸ ਗੀਤਕਾਰ ਜਾਂ ਗਾਇਕ ਨੂੰ ਆਪਣੇ ਨਾਲ ਨਹੀਂ ਜੋੜਦਾ ਹੈ। ਗੀਤਕਾਰਾਂ 'ਚੋਂ ਉਸ ਨੇ ਜਾਵੇਦ ਅਖ਼ਤਰ, ਗੁਲਜ਼ਾਰ ਅਤੇ ਅਰਸ਼ਿਦ ਕਾਮਲ ਵਰਗੇ ਮਸ਼ਹੂਰ ਗੀਤਕਾਰਾਂ ਨਾਲ ਵੀ ਕੰਮ ਕੀਤਾ ਹੈ ਅਤੇ ਇਨ੍ਹਾਂ ਤੋਂ ਘੱਟ ਚਰਚਿਤ ਗੀਤਕਾਰਾਂ ਨਾਲ ਵੀ ਕੰਮ ਕੀਤਾ ਹੈ ਅਤੇ ਇਨ੍ਹਾਂ ਤੋਂ ਘੱਟ ਚਰਚਿਤ ਗੀਤਕਾਰਾਂ ਨਾਲ ਵੀ ਉਹ ਸਹਿਜ ਭਾਵ ਨਾਲ ਕੰਮ ਕਰਦਾ ਹੈ। ਉਹ ਸਿਰਫ਼ ਗੀਤ ਦੇ ਅੰਤਿਮ ਪ੍ਰਭਾਵ ਬਾਰੇ ਹੀ ਸੋਚਦਾ ਹੈ। ਇਸੇ ਹੀ ਤਰ੍ਹਾਂ ਗਾਇਕਾਂ 'ਚੋਂ ਵੀ ਉਸ ਦੀ ਪਸੰਦ ਕਿਸੇ ਵਿਸ਼ੇਸ਼ ਗਾਇਕ ਪ੍ਰਤੀ ਰੁਝਾਨ ਨਹੀਂ ਰੱਖਦੀ ਹੈ। ਉਹ ਸੁਖਵਿੰਦਰ ਸਿੰਘ ਨਾਲ ਵੀ ਤਾਲ-ਮੇਲ ਰੱਖਦਾ ਹੈ ਅਤੇ ਅਰਿਜੀਤ ਸਿੰਘ ਵਰਗੇ ਨਵੇਂ ਗਾਇਕ ਦੇ ਨਾਲ ਵੀ ਬਰਾਬਰ ਦਾ ਦ੍ਰਿਸ਼ਟੀਕੋਣ ਪ੍ਰਗਟ ਕਰਦਾ ਹੈ। ਗਾਇਕਾਵਾਂ 'ਚੋਂ ਵੀ ਨਿਧੀ ਚੌਹਾਨ ਅਤੇ ਅਲਕਾ ਯਾਗਨਿਕ ਦੀ ਪ੍ਰਤਿਭਾ ਨੂੰ ਉਹ ਉਸੇ ਹੀ ਤਰਾਜੂ 'ਚ ਤੋਲਦਾ ਹੈ, ਜਿਸ 'ਚ ਹਰਸ਼ਦੀਪ ਦੀ ਤੁਲਦੀ ਹੈ। ਹਾਂ, ਜੇਕਰ ਉਸ ਨੂੰ ਚੰਗਾ ਲੱਗੇ ਤਾਂ ਉਹ ਕਈ ਵਾਰ ਖੁਦ ਵੀ ਗਾਇਕ ਬਣ ਜਾਂਦਾ ਹੈ। 'ਹਾਈਵੇ' ਵਿਚ ਉਸ ਨੇ ਖੁਦ ਜੁਗਨੀ ਗਾ ਕੇ ਵੱਡੇ-ਵੱਡੇ ਗਾਇਕਾਂ ਨੂੰ ਹੈਰਤ 'ਚ ਪਾ ਦਿੱਤਾ ਸੀ।
ਨਿੱਜੀ ਤੌਰ 'ਤੇ ਏ.ਆਰ. ਰਹਿਮਾਨ ਸੂਫ਼ੀ ਗਾਇਕੀ ਤੋਂ ਬਹੁਤ ਹੀ ਪ੍ਰਭਾਵਿਤ ਹੈ। ਉਹ ਅਕਸਰ ਹਜ਼ਰਤ ਨਿਜ਼ਾਮੁਦੀਨ (ਅਜਮੇਰ) ਦੀ ਦਰਗਾਹ 'ਤੇ ਜਾਂਦਾ ਹੈ ਅਤੇ ਉਥੇ ਕਈ-ਕਈ ਦਿਨ ਸੂਫ਼ੀ ਕਲਾਮਾਂ ਨੂੰ ਆਪਣੇ ਅੰਤਰੀਵ ਅੰਦਰ ਜਜ਼ਬ ਕਰਦਾ ਹੈ। ਇਹ ਪ੍ਰਭਾਵ ਉਸ ਦੀਆਂ ਰਚਨਾਵਾਂ ਅਤੇ ਉਸ ਦੀ ਜੀਵਨ ਸ਼ੈਲੀ 'ਤੇ ਵੀ ਸਪੱਸ਼ਟ ਦੇਖਿਆ ਜਾ ਸਕਦਾ ਹੈ। ਉਸ ਦਾ ਮੁੰਬਈ ਅਤੇ ਚੇਨਈ ਦਰਮਿਆਨ ਲਗਾਤਾਰ ਯਾਤਰਾ ਕਰਨਾ ਵੀ ਉਸ ਦੀ ਨਿੱਜੀ ਭਟਕਣ ਜਾਂ ਉਸ ਸੂਫ਼ੀ ਸ਼ੈਲੀ ਦਾ ਪ੍ਰਤੀਕ ਹੈ, ਜੋ ਕਿ ਇਸ਼ਕ ਹਕੀਕੀ ਅਤੇ ਇਸ਼ਕ ਮਜਾਜ਼ੀ ਦਾ ਨਾਅਰਾ ਬੁਲੰਦ ਕਰਦੀ ਹੈ:
ਝੱਲਾ ਕੀ ਲਭਦਾ ਫਿਰੇ,
ਯਾਰੋ ਨਾ ਘਰ ਕਿਹੜਾ,
ਲੋਕਾਂ ਤੋਂ ਪੁੱਛਦਾ ਫਿਰੇ...
ਰੰਗ ਸਤਰੰਗੀ ਦੇ, ਬੁਲਬੁਲਾਂ ਦੀ ਬੋਲੀ,
ਧੁੱਪ ਦੇ ਪੈਰ ਚਲੇ, ਛਾਵਾਂ ਦੀ ਲੈ ਡੋਲੀ...
(ਜਬ ਤਕ ਹੈ ਜਾਨ)

ਧੰਨਵਾਦ
Playing Backward : Raju Bhartan
Indian Express : Interview by Harneet Singh
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਦੋ ਹਸਤੀਆਂ ਆਪਣੇ-ਆਪਣੇ ਖੇਤਰ ਦੀਆਂ ਮਹਾਨ ਹਸਤੀਆਂ ਸਨ। ਸ: ਸੋਹਣ ਸਿੰਘ ਸੀਤਲ ਸ਼੍ਰੋਮਣੀ ਢਾਡੀ ਤੇ ਇਤਿਹਾਸਕਾਰ ਸਨ। ਸ੍ਰੀ ਲਾਲ ਚੰਦ ਯਮਲਾ ਜੱਟ ਲੋਕ ਗਾਇਕੀ ਦਾ ਬਾਦਸ਼ਾਹ ਸੀ ਜਿਹੜਾ ਆਪਣੇ ਲਿਖੇ ਗੀਤ ਹੀ ਗਾਉਂਦਾ ਸੀ। ਇਸ ਦੇ ਧਾਰਮਿਕ ਗੀਤ ਸਭ ਤੋਂ ਵੱਖਰੇ ਸਨ। ਯਮਲਾ ਤੂੰਬੀ ਦਾ ਬਾਦਸ਼ਾਹ ਤੇ ਤੂੰਬੀ ਦਾ ਜਨਮਦਾਤਾ ਸੀ।
ਇਹ ਤਸਵੀਰ ਉਸ ਵਕਤ ਖਿੱਚੀ ਗਈ ਸੀ ਜਦੋਂ ਪ੍ਰੋ: ਮੋਹਨ ਸਿੰਘ ਫਾਊਂਡੇਸ਼ਨ ਵਾਲੇ ਸ: ਜਗਦੇਵ ਸਿੰਘ ਜੱਸੋਵਾਲ ਨੇ ਸ੍ਰੀ ਲਾਲ ਚੰਦ ਯਮਲਾ ਜੱਟ ਨੂੰ ਮੇਲੇ 'ਤੇ ਸਨਮਾਨਿਆ ਸੀ। ਉਸ ਵਕਤ ਹੀ ਸ: ਸੋਹਣ ਸਿੰਘ ਸੀਤਲ ਆਏ ਤਾਂ ਯਮਲਾ ਜੀ ਨੇ ਮੈਨੂੰ ਆਖਿਆ, 'ਬਾਜਵਾ, ਸਾਡੇ ਦੋ ਭਰਾਵਾਂ ਦੀ ਇਕ ਤਸਵੀਰ ਖਿੱਚ ਦੇ।' ਸੀਤਲ ਜੀ ਨੇ ਵੀ ਹਾਂ ਕਰ ਦਿੱਤੀ ਤੇ ਆਖਿਆ ਸਾਡੀ ਦੋਵਾਂ ਦੀ ਇਕ ਤਸਵੀਰ ਜ਼ਰੂਰ ਖਿੱਚ ਦੇ ਕਿਤੇ ਸਾਡੀ ਵੀ ਦੋਵਾਂ ਦੀ ਯਾਦ ਰਹੇਗੀ। ਇਹ ਦੋਵੇਂ ਕਲਾਕਾਰ ਇਸ ਸੰਸਾਰ ਤੋਂ ਚਲੇ ਗਏ ਹਨ, ਪਰ ਆਪਣੀ ਯਾਦ ਛੱਡ ਗਏ ਹਨ।

ਮੋਬਾਈਲ : 98767-41231

ਕੀ ਤੁਹਾਡਾ ਬੱਚਾ 'ਕ੍ਰੌਨਿਕ ਫਟੀਗ ਸਿੰਡਰੋਮ' ਦਾ ਸ਼ਿਕਾਰ ਤਾਂ ਨਹੀਂ?

ਮੇਰੇ ਕੋਲ ਅਕਸਰ ਅਜਿਹੇ ਕੇਸ ਆਉਂਦੇ ਹਨ, ਜਦੋਂ ਪੜ੍ਹਾਈ 'ਚ ਮਾਪੇ ਘਬਰਾਏ ਹੋਏ ਹੁੰਦੇ ਹਨ ਤੇ ਦੱਸਦੇ ਹਨ ਕਿ ਉਨ੍ਹਾਂ ਦਾ ਬੱਚਾ ਵਾਰ-ਵਾਰ ਥੱਕਿਆ ਮਹਿਸੂਸ ਕਰਦਾ ਹੈ ਤੇ ਪੜ੍ਹਨ ਵਿਚ ਬੜੀ ਹੀ ਘਟ ਰੁਚੀ ਰੱਖਦਾ ਹੈ। ਉਨ੍ਹਾਂ ਵਾਸਤੇ ਇਹ ਬੜੀ ਹੀ ਚਿੰਤਾ ਦਾ ਵਿਸ਼ਾ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਬੱਚਾ ਪੜ੍ਹਾਈ 'ਚ ਪਿਛੇ ਨਾ ਰਹਿ ਜਾਏ ਹੈ। ਉਨ੍ਹਾਂ ਨੂੰ ਗੁਆਂਢੀਆਂ ਦੇ ਬੱਚੇ ਮਲਾਂ ਮਾਰਦੇ ਹੋਏ ਦਿਖਾਈ ਦਿੰਦੇ ਹਨ। ਕੀ ਤੁਹਾਡੇ ਬੱਚੇ ਦੀ ਵੀ ਅਜਿਹੀ ਸਥਿਤੀ ਤਾਂ ਨਹੀਂ? ਜੇਕਰ ਹੈ ਤਾਂ ਅਵੇਸਲੇ ਹੋਣ ਨਾਲ ਗੱਲ ਨਹੀਂ ਬਣਨੀ। ਤੁਹਾਨੂੰ ਜਲਦੀ ਹੀ ਆਪਣੇ ਬੱਚੇ ਨੂੰ ਸਹੀ ਰਾਹ 'ਤੇ ਪਾਉਣ ਦੀ ਸਖ਼ਤ ਜ਼ਰੂਰਤ ਹੈ, ਵਰਨਾ ਮੌਕਾ ਹਥੋਂ ਨਿਕਲ ਜਾਵੇਗਾ ਤੇ ਕੇਸ ਵਿਗੜ ਵੀ ਸਕਦਾ ਹੈ।
ਹੁਣ ਤੁਸੀਂ ਪਹਿਲਾਂ ਖੁਦ ਦੇਖੋ ਤੇ ਚੈੱਕ ਕਰੋ। ਕੀ ਤੁਹਾਡਾ ਬੱਚਾ ਲਗਾਤਾਰ ਬਗੈਰ ਇਕ ਪਲ ਦੇ ਆਰਾਮ (ਰੈਸਟ) ਕੀਤੇ ਪੜ੍ਹਦਾ ਹੀ ਤਾਂ ਨਹੀਂ ਰਹਿੰਦਾ? ਕੀ ਉਹ ਇਕ ਪਲ ਵਾਸਤੇ ਵੀ ਖੁੱਲ੍ਹੀ ਹਵਾ ਵਿਚ ਆਪਣੇ ਕਮਰੇ 'ਚੋਂ ਬਾਹਰ ਨਹੀਂ ਨਿਕਲਦਾ? ਕੀ ਉਹ ਖਾਣਾ-ਪੀਣਾ ਵੀ ਆਪਣੇ ਕਮਰੇ ਵਿਚ ਹੀ ਤਾਂ ਨਹੀਂ ਖਾਂਦਾ? ਕੀ ਉਹ ਇਕ ਪਲ ਵਾਸਤੇ ਵੀ ਟੀ.ਵੀ. ਵਗੈਰਾ ਨਹੀਂ ਦੇਖਦਾ? ਕੀ ਜਦੋਂ ਉਹ ਸੌਂਦਾ ਹੈ, ਉਸਲਵੱਟੇ ਹੀ ਤਾਂ ਨਹੀਂ ਲੈਂਦਾ ਰਹਿੰਦਾ? ਕੀ ਉਸ ਦਾ ਸੁਭਾਅ ਚਿੜਚਿੜਾ ਤਾਂ ਨਹੀਂ ਹੋ ਗਿਆ ਲਗਦਾ? ਜੇਕਰ ਇਨ੍ਹਾਂ ਵਿਚੋਂ ਕੁਝ ਕੁ ਗੱਲਾਂ ਵੀ ਤੁਹਾਡੇ ਬੱਚੇ 'ਤੇ ਲਾਗੂ ਹੁੰਦੀਆਂ ਹਨ ਤਾਂ ਸਮਝ ਲਵੋ ਕੇ ਤੁਹਾਨੂੰ ਆਪਣੇ ਬੱਚੇ ਵੱਲ ਤਵੱਜੋਂ ਦੇਣ ਦੀ ਸਖ਼ਤ ਜ਼ਰੂਰਤ ਹੈ।
ਇਕ ਚੰਗੇ ਮਾਪੇ ਹੋਣ ਦੇ ਨਾਤੇ ਤੁਹਾਨੂੰ ਦੇਖਣਾ ਪਵੇਗਾ ਕਿ ਕੀ ਤੁਹਾਡੇ ਬੱਚੇ ਦਾ ਪੜ੍ਹਨ ਦਾ ਕਮਰਾ ਗਰਮੀਆਂ ਵਿਚ ਹਵਾਦਾਰ ਤੇ ਸਰਦੀਆਂ ਵਿਚ ਸਹੀ ਢੰਗ ਨਾਲ ਗਰਮ ਰਹਿੰਦਾ ਹੈ? ਕੀ ਮਿੱਟੀ, ਘੱਟਾ, ਧੂੜ ਉਸ ਦੇ ਕਮਰੇ ਵਿਚ ਤਾਂ ਨਹੀਂ ਆਉਂਦੀ? ਕੀ ਤੁਹਾਡਾ ਬੱਚਾ ਉਬਾਸੀਆਂ ਤਾਂ ਨਹੀਂ ਲੈਂਦਾ ਰਹਿੰਦਾ? ਕੀ ਉਹ ਪੜ੍ਹਦੇ ਵਕਤ ਵਾਰ-ਵਾਰ ਆਪਣੀ ਸੀਟ ਤੋਂ ਉੱਠ ਕੇ ਏਧਰ-ਉਧਰ ਤਾਂ ਨਹੀਂ ਘੁੰਮਦਾ ਰਹਿੰਦਾ? ਜੇਕਰ ਇਹ ਕੁਝ ਹੁੰਦਾ ਹੈ ਤਾਂ ਸਮਝ ਲਵੋ ਕਿ ਉਸ ਦਾ ਮਨ ਇਕਾਗਰ ਨਹੀਂ ਹੁੰਦਾ ਤੇ ਉਹ ਸਹੀ ਢੰਗ ਨਾਲ ਪੜ੍ਹਾਈ ਵਿਚ ਮਨ ਨਹੀਂ ਲਗਾ ਸਕੇਗਾ ਤੇ ਜੀਵਨ ਵਿਚ ਕਾਮਯਾਬੀ ਹਾਸਲ ਨਹੀਂ ਕਰ ਸਕੇਗਾ।
ਜੇਕਰ ਤੁਹਾਡਾ ਬੱਚਾ ਅਜਿਹੀ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ ਤੇ ਤੁਸੀਂ ਉਸ ਵੱਲ ਧਿਆਨ ਨਹੀਂ ਦੇ ਸਕਦੇ ਤਾਂ ਹੋ ਸਕਦਾ ਹੈ ਕਿ ਉਹ ਦਿਨ-ਬਦਿਨ ਕਮਜ਼ੋਰ ਹੁੰਦਾ ਜਾਵੇਗਾ, ਸਰੀਰਕ ਤੌਰ 'ਤੇ ਵੀ ਤੇ ਪੜ੍ਹਾਈ ਵਿਚੋਂ ਵੀ। ਕਈ ਬੱਚਿਆਂ ਵਿਚ ਅਜਿਹੀ ਸਥਿਤੀ ਵਿਚ ਖ਼ੂਨ ਦੀ ਕਮੀ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇੰਜ ਬੱਚਾ ਕ੍ਰੌਨਿਕ ਫਟੀਗ ਸਿੰਡਰੋਮ (ਸੀ.ਐਫ.ਐਸ.) ਦਾ ਸ਼ਿਕਾਰ ਹੋ ਜਾਂਦਾ ਹੈ।
ਅਜਿਹੀ ਹਾਲਤ ਵਿਚ ਬੱਚੇ ਨੂੰ ਅਕਸਰ ਸਿਰ ਦਰਦ ਹੋ ਸਕਦੀ ਹੈ। ਉਸ ਦੇ ਪੱਠਿਆਂ ਵਿਚ ਜਾਂ ਜੋੜਾਂ ਵਿਚ ਦਰਦ ਹੋ ਸਕਦੀ ਹੈ। ਉਸ ਦੀਆਂ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਸਕਦੀ ਹੈ। ਅਜਿਹੀ ਹਾਲਤ ਵਿਚ ਜ਼ਰੂਰਤ ਹੁੰਦੀ ਹੈ ਬੱਚੇ ਦੀ ਮਾਨਸਿਕ ਸਥਿਤੀ ਨੂੰ ਜਾਣਨ ਦੀ ਤੇ ਪਰਖਣ ਦੀ। ਮਾਹਿਰ ਮਨੋ ਵਿਗਿਆਨਕ ਜਾਂ ਮਨੋ ਚਿਕਿਤਸਕ ਹੀ ਅਜਿਹੀ ਹਾਲਤ ਵਿਚ ਤੁਹਾਡੇ ਬੱਚੇ ਨੂੰ ਸਹੀ ਰਾਹ ਦਿਖਾ ਸਕਦੇ ਹਨ। ਘਬਰਾਉਣ ਦੀ ਜ਼ਰੂਰਤ ਨਹੀਂ। ਸਗੋਂ ਹੌਸਲੇ ਦੀ ਜ਼ਰੂਰਤ ਹੈ ਤੇ ਫਿਰ ਤੁਹਾਡੇ ਬੱਚੇ ਦੇ ਕੈਰੀਅਰ ਨੂੰ ਵੀ ਚਾਰ ਚੰਨ ਲੱਗ ਸਕਦੇ ਹਨ।

-ਮਨੋਵਿਗਿਆਨੀ ਤੇ ਕੈਰੀਅਰ ਮਾਹਿਰ, ਨੇੜੇ ਗੀਤਾ ਭਵਨ, ਵਾਰਡ ਨੰਬਰ : 3, ਕਾਂਗੜਾ (ਹਿਮਾਚਲ ਪ੍ਰਦੇਸ਼)-176001.
careerking93@gmail.com

3 ਹਜ਼ਾਰ ਕਰੋੜ 'ਚ ਵਿਕਿਆ ਲਿਓਨਾਰਦੋ ਦਾ ਚਿੱਤਰ

ਪਿਛਲੇ ਦਿਨੀਂ ਨਿਊਯਾਰਕ 'ਚ ਹੋਏ ਇਕ ਸਮਾਗਮ ਦੌਰਾਨ ਦੁਨੀਆ ਦੇ ਮਹਾਨ ਚਿੱਤਰਕਾਰ ਲਿਓਨਾਰਦੋ ਦ ਵਿੰਚੀ ਵਲੋਂ ਈਸਾ ਮਸੀਹ ਦੀ ਬਣਾਈ ਗਈ ਪੇਂਟਿੰਗ 'ਸਾਲਵੇਟੁਰ ਮੁੰਡੀ' ਦੀ ਲਗਪਗ 3,000 ਕਰੋੜ ਰੁਪਏ 'ਚ ਹੋਈ ਨਿਲਾਮੀ ਨੇ ਦੁਰਲਭ ਚਿੱਤਰਾਂ (ਪੇਂਟਿੰਗਜ਼) ਦੀ ਨਿਲਾਮੀ ਸਬੰਧੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਲਾਤੀਨੀ ਭਾਸ਼ਾ ਦੇ ਸ਼ਬਦ ਸਾਲਵੇਟੁਰ ਮੁੰਡੀ ਦਾ ਅਰਥ ਹੈ 'ਸੇਵੀਅਰ ਆਫ ਦ ਵਰਲਡ'। 16ਵੀਂ ਸਦੀ ਦੀ ਸ਼ੁਰੂਆਤ ਵਿਚ ਬਣਾਈ ਗਈ ਇਹ ਪੇਂਟਿੰਗ ਲਿਓਨਾਰਦੋ ਦੇ ਮੌਜੂਦ 20 ਬੇਸ਼ਕੀਮਤੀ ਚਿੱਤਰਾਂ ਵਿਚੋਂ ਇਕ ਹੈ ਅਤੇ ਇਕੋ-ਇਕ ਅਜਿਹਾ ਚਿੱਤਰ ਜਿਹੜਾ ਕਿ ਨਿੱਜੀ ਹੱਥਾਂ ਵਿਚ ਹੈ। ਇਸ ਤੋਂ ਪਹਿਲਾਂ ਸਭ ਤੋਂ ਮਹਿੰਗੇ ਵਿਕੇ ਚਿੱਤਰ ਦਾ ਰਿਕਾਰਡ ਪਾਬਲੋ ਪਿਕਾਸੋ ਦੇ 'ਵੂਮੈਨ ਆਫ ਅਲਜੀਅਰਸ' ਦੇ ਨਾਂਅ ਸੀ, ਜਿਹੜਾ ਕਿ ਮਈ 2015 ਵਿਚ ਲਗਪਗ 1100 ਕਰੋੜ ਰੁਪਏ ਵਿਚ ਵਿਕਿਆ ਸੀ। ਇਕ ਸੂਚਨਾ ਅਨੁਸਾਰ, ਵਿਲੀਏਮ ਦੀ ਕੂਲਿੰਗ ਦੀ ਪੇਂਟਿੰਗ 'ਇੰਟਰਚੇਂਜ' ਨੂੰ ਸਾਲ 2015 ਵਿਚ ਇਕ ਨਿੱਜੀ ਸੰਸਥਾ ਵਲੋਂ 300 ਮਿਲੀਅਨ ਡਾਲਰ 'ਚ ਵੇਚਿਆ ਗਿਆ ਸੀ। ਇਸ ਪ੍ਰੋਗਰਾਮ ਦੇ ਆਯੋਜਕ 'ਸਾਲਵੇਟੁਰ ਮੁੰਡੀ' ਲਈ ਘੱਟੋ-ਘੱਟ 100 ਮਿਲੀਅਨ ਡਾਲਰ ਨਿਲਾਮੀ ਲਈ ਮੁਢਲੀ ਕੀਮਤ ਰੱਖੀ ਗਈ ਸੀ। ਇਸ ਨਿਲਾਮੀ ਦੀ ਸ਼ੁਰੂਆਤ 75 ਮਿਲੀਅਨ ਡਾਲਰ ਤੋਂ ਹੋਈ ਅਤੇ ਲਗਪਗ 20 ਮਿੰਟਾਂ ਦੇ ਅੰਦਰ ਹੀ 300 ਮਿਲੀਅਨ ਡਾਲਰ ਤੱਕ ਚਲੀ ਗਈ। ਲੋਕਾਂ ਵਲੋਂ ਵੱਡੀ ਰਕਮ ਲਗਾਉਣ ਵਿਚ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਸੀ। ਆਖਰ 400 ਮਿਲੀਅਨ ਡਾਲਰ ਦੀ ਬੋਲੀ ਲਗਾਈ ਗਈ, ਜੋ ਕਿ ਆਖਰੀ ਸਾਬਤ ਹੋਈ। ਖ਼ਰੀਦਦਾਰ ਵਲੋਂ ਨਿਲਾਮੀ ਘਰ ਕ੍ਰਿਸਟੀਜ਼ ਦੀ ਫੀਸ ਦੇਣ ਉਪਰੰਤ ਇਹ ਚਿੱਤਰ ਲਗਪਗ 450 ਮਿਲੀਅਨ ਡਾਲਰ ਦੀ ਰਿਕਾਰਡ ਕੀਮਤ 'ਤੇ ਖ਼ਰੀਦਿਆ ਗਿਆ ਹੈ। ਇਸ 26 ਇੰਚ ਲੰਮੇ ਖੂਬਸੂਰਤ ਚਿੱਤਰ 'ਚ ਈਸਾ ਮਸੀਹ ਪੁਨਰ-ਜਨਮ ਤੋਂ ਬਾਅਦ ਸੁੰਦਰ ਕੱਪੜਿਆਂ 'ਚ ਹਨ, ਉਨ੍ਹਾਂ ਦੇ ਖੱਬੇ ਹੱਥ 'ਚ ਇਕ ਗੋਲ ਅਕਾਰ ਧਰਤੀ ਹੈ ਅਤੇ ਸੱਜੇ ਹੱਥ ਨਾਲ ਉਹ ਆਸ਼ੀਰਵਾਦ ਦੇ ਰਹੇ ਹਨ।
ਲਿਓਨਾਰਦੋ ਦ ਵਿੰਚੀ ਦਾ ਜਨਮ 1452 ਵਿਚ ਹੋਇਆ ਸੀ। ਉਹ ਦੁਨੀਆ ਦੇ ਮਹਾਨ ਚਿੱਤਰਕਾਰ, ਮੂਰਤੀਕਾਰ, ਸੰਗੀਤਕਾਰ ਆਦਿ ਸਨ। ਉਨ੍ਹਾਂ ਦੀਆਂ ਸਭ ਤੋਂ ਪ੍ਰਸਿੱਧ ਕਲਾਕ੍ਰਿਤੀਆਂ ਵਿਚੋਂ ਮੋਨਾਲਿਸਾ ਅਤੇ ਦ ਲਾਸਟ ਸੁਪਰ ਆਦਿ ਹਨ। ਮੋਨਾਲਿਸਾ ਦੀ ਮੁਸਕਾਨ ਅੱਜ ਵੀ ਇਕ ਰਹੱਸ ਹੈ। ਬਹੁਤ ਸਾਰੇ ਇਤਿਹਾਸਕਾਰ ਅਤੇ ਵਿਦਵਾਨ ਲਿਓਨਾਰਦੋ ਦ ਵਿੰਚੀ ਨੂੰ ਇਕ 'ਯੂਨੀਵਰਸਲ ਜੀਨੀਅਸ' ਮੰਨਦੇ ਹਨ।
-ਅਜੀਤ ਬਿਊਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX