ਤਾਜਾ ਖ਼ਬਰਾਂ


ਵਿਦਿਆਰਥਣ ਦੀ ਨਕਲੀ ਫ਼ੋਟੋ ਲਗਾਉਣ 'ਤੇ ਪਾਕਿ ਡਿਫੈਂਸ ਦਾ ਟਵੀਟਰ ਹੈਂਡਲ ਮੁਅਤਲ
. . .  3 minutes ago
ਨਵੀਂ ਦਿੱਲੀ, 19 ਨਵੰਬਰ - ਭਾਰਤ ਖਿਲਾਫ ਇਕ ਮਾਰਫ (ਤੋੜ ਮਰੋੜ ਕੇ) ਫ਼ੋਟੋ ਪੋਸਟ ਕਰਨਾ ਪਾਕਿਸਤਾਨ ਨੂੰ ਮਹਿੰਗਾ ਪਿਆ। ਮਾਈਕ੍ਰੋ ਬਲਾਲਿੰਗ ਵੈੱਬਸਾਈਟ ਟਵੀਟਰ ਨੇ ਪਾਕਿਸਤਾਨ ਡਿਫੈਂਸ ਦੇ ਅਧਿਕਾਰਕ ਅਕਾਊਂਟ ਨੂੰ ਗਲਤ ਫ਼ੋਟੋ ਪੋਸਟ ਕਰਨ 'ਤੇ ਸਸਪੈਂਡ ਕਰ ਦਿੱਤਾ...
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਲੰਚ ਤੱਕ ਸ੍ਰੀਲੰਕਾ ਨੇ 8 ਵਿਕਟਾਂ 'ਤੇ ਬਣਾਇਆ 263 ਦੌੜਾਂ
. . .  39 minutes ago
ਐਟਮੀ ਹਮਲੇ ਦੇ ਟਰੰਪ ਦੇ ਆਦੇਸ਼ ਨੂੰ ਫੌਜ ਮੰਨਣ ਤੋਂ ਕਰ ਸਕਦੀ ਹੈ ਇਨਕਾਰ - ਅਮਰੀਕੀ ਨਿਊਕਲੀਅਰ ਕਮਾਂਡਰ
. . .  about 1 hour ago
ਨਿਊਯਾਰਕ, 19 ਨਵੰਬਰ - ਅਮਰੀਕੀ ਰਣਨੀਤੀ ਕਮਾਨ ਦੇ ਇਕ ਸਿਖਰਲੇ ਅਧਿਕਾਰੀ ਨੇ ਕਿਹਾ ਹੈ ਕਿ ਜੇ ਰਾਸ਼ਟਰਪਤੀ ਡੋਨਾਲਡ ਟਰੰਪ ਜਾਂ ਉਨ੍ਹਾਂ ਦਾ ਕੋਈ ਵੀ ਉਤਰਧਿਕਾਰੀ ਪ੍ਰਮਾਣੂ ਹਥਿਆਰਾਂ ਨਾਲ ਹਮਲਾ ਕਰਨ ਦਾ ਆਦੇਸ਼ ਦਿੰਦਾ ਹੈ ਤਾਂ ਉਹ ਆਦੇਸ਼ ਗੈਰਕਾਨੂੰਨੀ ਪਾਏ...
ਹੌਲਦਾਰ ਦੀ ਆਪਣੀ ਹੀ ਰਫਲ ਦੀ ਗੋਲੀ ਚਲਣ ਨਾਲ ਹੋਈ ਮੌਤ
. . .  about 1 hour ago
ਨਸਰਾਲਾ, 19 ਨਵੰਬਰ (ਸਤਵੰਤ ਸਿੰਘ ਥਿਆੜਾ) - ਪੰਜਾਬ ਪੁਲਿਸ ਦੇ ਮੁਲਾਜ਼ਮ ਹੌਲਦਾਰ ਠਾਕੁਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਸਾਹਰੀ ਦੀ ਅੱਜ ਸਵੇਰੇ 8.30 ਵਜੇ ਦੇ ਕਰੀਬ ਆਪਣੀ ਰਫ਼ਲ ਨਾਲ ਗੋਲੀ ਚੱਲਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ...
ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਰਾਹੁਲ ਨੇ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 19 ਨਵੰਬਰ - ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੱਜ ਜਨਮ ਦਿਨ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ...
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਸ੍ਰੀਲੰਕਾ 7 ਵਿਕਟਾਂ 'ਤੇ 201 ਦੌੜਾਂ ਬਣਾ ਕੇ ਖੇਡ ਰਿਹੈ
. . .  about 2 hours ago
ਰਾਹੁਲ ਗਾਂਧੀ ਨੂੰ ਪਾਰਟੀ ਦਾ ਬਣਾਇਆ ਜਾ ਸਕਦੈ ਪ੍ਰਧਾਨ
. . .  about 3 hours ago
ਨਵੀਂ ਦਿੱਲੀ, 19 ਨਵੰਬਰ - ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪਾਰਟੀ ਦਾ 'ਮੁਖੀਆ' ਬਣਾਉਣ 'ਤੇ 20 ਨਵੰਬਰ ਨੂੰ ਫੈਸਲਾ ਹੋ ਸਕਦਾ ਹੈ। ਦਰਅਸਲ 20 ਨਵੰਬਰ ਨੂੰ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਹੈ ਤੇ ਇਸ 'ਚ ਰਾਹੁਲ ਨੂੰ ਪ੍ਰਧਾਨ ਬਣਾਉਣ 'ਤੇ ਫੈਸਲਾ...
ਪ੍ਰਧਾਨ ਮੰਤਰੀ ਨੇ ਮਾਨੂਸ਼ੀ ਛਿੱਲਰ ਨੂੰ ਦਿੱਤੀ ਵਧਾਈ
. . .  about 3 hours ago
ਨਵੀਂ ਦਿੱਲੀ, 19 ਨਵੰਬਰ - ਚੀਨ ਦੇ ਸਾਨਿਆ 'ਚ ਹੋਏ ਮਿਸ ਵਰਲਡ ਮੁਕਾਬਲੇ 'ਚ ਭਾਰਤ ਦੀ ਹਰਿਆਣਵੀ ਮੁਟਿਆਰ ਮਾਨੂਸ਼ੀ ਛਿੱਲਰ ਨੇ 2017 ਦਾ ਮਿਸ ਵਰਲਡ ਮੁਕਾਬਲੇ ਦਾ ਖ਼ਿਤਾਬ ਜਿੱਤਿਆ ਤੇ ਭਾਰਤ ਦਾ ਨਾਂ ਰੌਸ਼ਨ ਕੀਤਾ। ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...
ਪੁਲਿਸ ਚੌਂਕੀ ਨੂੰ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ
. . .  about 3 hours ago
ਟਵਿਟਰ ਨੇ ਪਾਕਿ ਡਿਫੈਂਸ ਦਾ ਟਵਿਟਰ ਹੈਂਡਲਰ ਕੀਤਾ ਸਸਪੈਂਡ
. . .  1 day ago
ਹੋਰ ਖ਼ਬਰਾਂ..
  •     Confirm Target Language  

ਸਾਡੇ ਪਿੰਡ ਸਾਡੇ ਖੇਤ

ਖੁੰਬਾਂ ਦੀ ਖੇਤੀ ਜਾਂ ਪਰਾਲੀ ਦੀ ਯੋਗ ਵਰਤੋਂ

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਲੋਂ ਪਰਾਲੀ ਨੂੰ ਲੈ ਕੇ ਭਰਪੂਰ ਖੋਜਾਂ ਕੀਤੀਆਂ ਜਾਂ ਰਹੀਆਂ ਹਨ। ਯੂਨੀਵਰਸਿਟੀ ਵਾਲੇ ਸਮਝਦੇ ਹਨ ਕਿ ਕਿਸਾਨਾਂ ਨੂੰ ਇਕੱਲਿਆਂ ਨਾਅਰਾ ਦੇ ਕੇ ਨਹੀਂ ਸਰਨਾ ਕਿ ਪਰਾਲੀ ਨਾ ਸਾੜੋ, ਸਗੋਂ ਕਿਸਾਨਾਂ ਨੂੰ ਪਰਾਲੀ ਤੋਂ ਹੋਣ ਵਾਲੀ ਆਮਦਨ ਦੇ ਵਸੀਲੇ ਵੀ ਦੱਸਣੇ ਪੈਣਗੇ। ਖੇਤ ਵਿਚ ਪਰਾਲੀ ਨੂੰ ਲਗਾਈ ਅੱਗ ਨਾਲ ਹੋਣ ਵਾਲੇ ਮਿੱਟੀ ਦੇ ਨੁਕਸਾਨ, ਮਿੱਤਰ ਕੀੜਿਆਂ ਦੇ ਨੁਕਸਾਨ ਅਤੇ ਵਾਯੂਮੰਡਲ ਵਿਚ ਪੈਦਾ ਹੋ ਰਹੇ ਪ੍ਰਦੂਸ਼ਣ ਬਾਰੇ ਵੀ ਚੇਤੰਨ ਕਰਵਾਉਣਾ ਪਵੇਗਾ। ਕਿਸਾਨਾਂ ਦੇ ਸਹਿਯੋਗੀ ਬਣ ਉਨ੍ਹਾਂ ਦੀ ਆਮਦਨ ਦੇ ਸਰੋਤ ਵਧਾਉਣ ਅਤੇ ਉਨ੍ਹਾਂ ਨੂੰ ਫਸਲੀ ਵਿਭਿੰਨਤਾ ਦੇ ਰਾਹ ਪਾ 'ਕਣਕ ਝੋਨੇ' ਦੇ ਕੁਚੱਕਰ ਤੋਂ ਕੱਢ ਉਤਪਾਦਕ ਤੋਂ ਵਪਾਰੀ ਬਣਾਉਣਾ ਪਵੇਗਾ ਤਾਂ ਹੀ ਪੰਜਾਬ ਦੇ 345600 ਕਿਸਾਨੀ ਪਰਿਵਾਰ ਬਚ ਸਕਣਗੇ। 1053000 ਪੰਜਾਬ ਦੇ ਕਿਸਾਨੀ 'ਤੇ ਨਿਰਭਰ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇਗਾ। ਇਸੇ ਨੂੰ ਮੁੱਖ ਰੱਖ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਦਮੀ ਨੌਜਵਾਨਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਿਖਲਾਈਆਂ ਦੇ ਕੇ, ਨਵੀਆਂ ਖੋਜਾਂ ਨੂੰ ਉਨ੍ਹਾਂ ਤੱਕ ਪਹੁੰਚਾਉਣ ਦੇ ਕਾਰਜ ਵੀ ਸਫਲਤਾ ਪੂਰਵਕ ਕਰ ਰਹੀ ਹੈ।
ਇਕ ਵੱਡੀ ਰਾਜਨੀਤਕ ਪਾਰਟੀ ਦੇ ਵੱਡੇ ਲੀਡਰ ਨੂੰ ਕਿਸਾਨਾਂ ਨਾਲ ਮਿਲ ਕੇ ਆਪ ਪਰਾਲੀ ਸਾੜਦੇ ਅਖ਼ਬਾਰ ਵਿਚ ਦੇਖਿਆ ਤਾਂ ਉਨ੍ਹਾਂ ਦੀ ਸੁਹਿਰਦਤਾ, ਸਿਆਸੀ ਡਰਾਮੇਬਾਜ਼ੀ ਤੋਂ ਵੱਧ ਕੁਝ ਨਹੀਂ ਲੱਗੀ। ਵਿਰੋਧੀ ਪਾਰਟੀ ਵਾਲੇ ਸੱਜਣੋਂ ਤੁਸੀ ਵੀ ਇਸ ਪਰਾਲੀ ਦੇ ਵਿਕਲਪ ਬਾਰੇ ਸੋਚੋ ਨਾ ਕਿ ਖੇਤਾਂ ਨੂੰ ਅੱਗ ਲਗਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰੋ। ਖੇਤ ਵਿਚ ਅੱਗ ਲਗਾਉਣ ਨਾਲ, ਖੇਤ ਦੇ ਮਾਲਕ ਕਿਸਾਨ ਦਾ ਵੀ ਓਨਾ ਹੀ ਨੁਕਸਾਨ ਹੈ, ਜਿੰਨਾ ਕਿ ਹੁੰਦਾ ਲੋਕਾਂ ਦਾ। ਰੱਬ ਦੇ ਵਾਸਤੇ ਧਰਤੀ ਮਾਂ ਦੇ ਸੀਨੇ 'ਤੇ ਲਾਂਬੂ ਨਾ ਲਗਾਉ। ਗੁਰਬਾਣੀ ਨੇ ਧਰਤੀ ਨੂੰ ਮਾਂ ਕਿਹਾ ਹੈ : ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ।
ਯੂਨੀਵਰਸਿਟੀ ਦੇ ਉਪਰੋਕਤ ਏਜੰਡੇ ਤਹਿਤ ਖੁੰਬਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਹਿੱਤ ਉਨ੍ਹਾਂ ਛੇ ਰੋਜਾ ਖੁੰਬ ਦੀ ਪੈਦਾਵਾਰ, ਮੰਡੀਕਰਨ, ਪ੍ਰੋਸੈਸਿੰਗ ਸਿਖਾਉੇਣ ਲਈ ਸਰਟੀਫਿਕੇਟ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿਚ ਮੇਰੇ ਸਣੇ ਤਕਰੀਬਨ 50 ਉਦਮੀਆਂ ਨੇ ਭਾਗ ਲਿਆ। ਸਾਰੇ ਅਧਿਆਪਕ ਸਹਿਬਾਨਾਂ ਨੇ ਬੜੀ ਬਾਖੂਬੀ ਨਾਲ ਸਾਨੂੰ ਸਮਝਾ ਕੇ ਇਸ ਲਾਇਕ ਕਰ ਦਿੱਤਾ ਕਿ ਅਸੀਂ ਵੀ ਲੋਕਾਂ ਨੂੰ ਦੱਸਣ ਜੋਗੇ ਹੋ ਗਏ ਕਿ ਖੁੰਬਾਂ ਕਿਵੇਂ ਉਗਾਈਆਂ ਜਾ ਸਕਦੀਆਂ ਹਨ।
ਸਭ ਤੋਂ ਪਹਿਲਾਂ ਖੁੰਬ ਦੇ ਖੁਰਾਕੂ ਤੱਤਾਂ ਬਾਰੇ ਜੋ ਦੱਸਿਆ ਉਸ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਖੁੰਬ ਵਿਚ ਵਿਟਾਮਿਨ ਏ, ਸੀ, ਡੀ, ਬੀ-6, ਬੀ-12 ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਲੋਹਾ ਭਰਪੂਰ ਮਾਤਰਾ ਵਿਚ ਹੁੰਦਾ ਹੈ। ਵਿਟਾਮਿਨ ਡੀ ਕਿਸੇ ਵੀ ਸਾਗ ਸਬਜ਼ੀ ਵਿਚ ਨਹੀਂ ਹੁੰਦਾ ਪਰ ਖੁੰਬ ਵਿਚੋਂ ਮਿਲਦਾ ਹੈ, ਜੋ ਕਿ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਵਧੀਆ ਸ੍ਰੋਤ ਹੈ। ਖੁੰਬ ਵਿਚ ਫੈਟ ਬਿਲਕੁਲ ਨਹੀਂ ਹੁੰਦਾ, ਇਸ ਲਈ ਇਹ ਦਿਲ ਦੀਆਂ ਬਿਮਾਰੀਆਂ ਰੋਕਣ ਵਿਚ ਸਹਾਇਕ ਸਿੱਧ ਹੋ ਸਕਦੀ ਹੈ।
ਖੁੰਬ ਜੋ ਕਿ ਉੱਲੀ ਤੋਂ ਉਤਪੰਨ ਹੁੰਦੀ ਹੈ। ਦੂਜੇ ਸ਼ਬਦਾਂ ਵਿਚ ਇਸ ਨੂੰ ਖਾਣ ਵਾਲੀ ਉੱਲੀ ਵੀ ਕਹਿ ਸਕਦੇ ਹਾਂ। ਕੁਝ ਖੁੰਬਾਂ ਜ਼ਹਿਰੀਲੀਆਂ ਵੀ ਹੁੰਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜ ਤਰ੍ਹਾਂ ਦੀਆਂ ਕਿਸਮਾਂ ਤਿਆਰ ਕੀਤੀਆਂ ਹਨ ਜੋ ਉਪਰੋਕਤ ਸਾਰੇ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਅਤੇ ਸਾਰਾ ਸਾਲ ਹੀ ਇਨ੍ਹਾਂ ਨੂੰ ਉਗਾ ਸਕਦੇ ਹਾਂ। ਬਟਨ, ਢੀਂਗਰੀ ਅਤੇ ਸਿਟਾਕੀ ਸਰਦੀਆਂ ਵਿਚ ਉਗਾਈ ਜਾ ਸਕਦੀ ਹੈ ਅਤੇ ਗਰਮੀਆਂ ਵਿਚ ਮਿਲਕੀ ਅਤੇ ਪਰਾਲੀ ਖੁੰਬਾਂ ਉਗਾਈਆਂ ਜਾ ਸਕਦੀਆਂ ਹਨ। ਹੁਣ ਆਪਾਂ ਚਰਚਾ ਕਰਦੇ ਹਾਂ ਕਿ ਇਹ ਉਗਾ ਕਿਵੇਂ ਸਕਦੇ ਹਾਂ? (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ
ਮੋਬਾਈਲ: 9872099100


ਖ਼ਬਰ ਸ਼ੇਅਰ ਕਰੋ

ਕਣਕ ਦੀ ਬਿਜਾਈ ਲਈ ਇਹ ਮਹੀਨਾ ਢੁਕਵਾਂ

ਕਣਕ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਆ ਗਿਆ ਹੈ। ਨਵੰਬਰ ਮਹੀਨੇ ਨੂੰ ਕਣਕ ਦੀ ਬਿਜਾਈ ਲਈ ਉੱਤਮ ਮੰਨਿਆ ਗਿਆ ਹੈ।
ਝੋਨੇ ਤੋਂ ਜਿਹੜੇ ਖੇਤ ਵਿਹਲੇ ਹੋ ਰਹੇ ਹਨ ਉਥੇ ਕਣਕ ਦੀ ਬਿਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜੇਕਰ ਖੇਤ ਵਿਚ ਪੂਰਾ ਵੱਤਰ ਹੈ ਅਤੇ ਨਦੀਨਾਂ ਦੀ ਸਮੱਸਿਆ ਨਹੀਂ ਹੈ ਤਾਂ ਕਣਕ ਦੀ ਬਿਜਾਈ ਬਿਨਾਂ ਖੇਤ ਦੀ ਵਹਾਈ ਕੀਤਿਆਂ ਜ਼ੀਰੋਟਿਲ ਡ੍ਰਿਲ ਨਾਲ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਕਾਸ਼ਤ ਲਈ ਪੀ. ਬੀ. ਡਬਲਯੂ. 725, ਪੀ. ਬੀ. ਡਬਲਯੂ. 677, ਐਚ. ਡੀ. 3086, ਡਬਲਯੂ ਐਚ 1105, ਐਚ. ਡੀ. 2967, ਪੀ. ਬੀ. ਡਬਲਯੂ. 621, ਅਤੇ, ਪੀ. ਬੀ. ਡਬਲਯੂ. 550 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਡਬਲਯੂ ਐਚ. ਡੀ. 943, ਪੀ. ਡੀ. ਡਬਲਯੂ. 291 ਵਡਾਣਕ ਕਣਕ ਦੀਆਂ ਕਿਸਮਾਂ ਹਨ। ਟੀ. ਐਲ. 2908 ਟ੍ਰੀਟੀਕੇਲ ਕਣਕ ਦੀ ਕਿਸਮ ਹੈ। ਇਸ ਵਾਰ ਤਿੰਨ ਨਵੀਆਂ ਕਿਸਮਾਂ ਕਾਸ਼ਤ ਲਈ ਦਿੱਤੀਆਂ ਗਈਆਂ ਹਨ। ਕਈਆਂ ਸਾਲਾਂ ਤੋਂ ਕਾਸ਼ਤ ਕੀਤੀਆਂ ਜਾ ਰਹੀਆਂ ਕਿਸਮਾਂ ਪੀ. ਬੀ. ਡਬਲਯੂ. 343 ਅਤੇ ਪੀ. ਬੀ. ਡਲਬਯੂ. 550 ਵਿਚ ਕੁਝ ਕਮਜ਼ੋਰੀਆਂ ਆ ਗਈਆਂ ਸਨ। ਹੁਣ ਇਨ੍ਹਾਂ ਵਿਚ ਸੁਧਾਰ ਕਰਕੇ ਵਧੀਆ ਬਣਾਇਆ ਗਿਆ ਹੈ। ਇਸ ਵਾਰ ਉਨੱਤ ਪੀ. ਬੀ. ਡਬਲਯੂ. 343 ਦੀ ਬਿਜਾਈ ਕਰੋ। ਇਸ ਦਾ ਝਾੜ ਵੀ 23 ਕੁਇੰਟਲ ਤੋਂ ਵੱਧ ਹੈ। ਇਸ ਦੀ ਅਗੇਤੀ ਬਿਜਾਈ ਇਸ ਵਾਰ ਜ਼ਰੂਰ ਕਰੋ। ਉਨਤ ਪੀ. ਬੀ. ਡਬਲਯੂ. 550 ਨਵੰਬਰ ਵਿਚ ਬਿਜਾਈ ਲਈ ਵਧੀਆ ਹੈ। ਇਕ ਹੋਰ ਨਵੀਂ ਕਿਸਮ ਜਿਸ ਵਿਚ ਜਿੰਕ ਦੀ ਮਾਤਰਾ ਵੱਧ ਹੈ। ਪੀ. ਬੀ. ਡਬਲਯੂ. ਜਿੰਕ 1 ਹੈ। ਕੁਝ ਰਕਬੇ ਵਿਚ ਇਸ ਦੀ ਵੀ ਬਿਜਾਈ ਕਰੋ। ਮੌਸਮ ਵਿਚ ਹੋ ਰਹੀਆਂ ਤਬਦੀਲੀਆਂ ਨੂੰ ਵੇਖਦਿਆਂ ਹੋਇਆਂ ਸਾਰੇ ਰਕਬੇ ਵਿਚ ਇਕ ਕਿਸਮ ਨਾ ਬੀਜੀ ਜਾਵੇ ਸਗੋਂ ਦੋ ਜਾਂ ਤਿੰਨ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ।
ਇਕ ਏਕੜ ਦੀ ਬਿਜਾਈ ਲਈ 40 ਕਿਲੋ ਬੀਜ ਦੀ ਲੋੜ ਪੈਂਦੀ ਹੈ। ਜੇਕਰ ਉਨੱਤ ਪੀ. ਬੀ. ਡਬਲਯੂ. 550 ਕਿਸਮ ਦੀ ਬਿਜਾਈ ਕਰਨੀ ਹੈ ਤਾਂ ਬੀਜ 45 ਕਿਲੋ ਪਾਉਣਾ ਚਾਹੀਦਾ ਹੈ। ਬੀਜ ਰੋਗ ਰਹਿਤ, ਸਾਫ਼ ਸੁਥਰਾ ਅਤੇ ਨਰੋਆ ਹੋਵੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕਣਕ ਲਈ ਜੈਵਿਕ ਖਾਦ ਤਿਆਰ ਕੀਤੀ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਇਸ ਦਾ ਟੀਕਾ ਜ਼ਰੂਰ ਲਗਾ ਲਵੋ। ਇਸ ਨਾਲ ਝਾੜ ਵਿਚ ਵਾਧਾ ਹੁੰਦਾ ਹੈ ਅਤੇ ਧਰਤੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 20 ਸੈਂ. ਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਜੇਕਰ ਦੋਪਾਸੀ ਬਿਜਾਈ ਕੀਤੀ ਜਾਵੇ ਤਾਂ ਝਾੜ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ। ਜੇਕਰ ਬਿਜਾਈ ਵੱਟਾਂ ਉਤੇ ਕੀਤੀ ਜਾਵੇ ਤਾਂ ਇਸ ਨਾਲ ਪਾਣੀ ਤੇ ਖਾਦਾਂ ਦੀ ਬੱਚਤ ਹੁੰਦੀ ਹੈ ਅਤੇ ਝਾੜ ਵਿਚ ਵਾਧਾ ਹੁੰਦਾ ਹੈ।
ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ। ਆਮ ਕਰਕੇ ਦਰਮਿਆਨੀਆਂ ਜ਼ਮੀਨਾਂ ਲਈ 110 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ ਅਤੇ 20 ਕਿਲੋ ਮੂਰੀਏਟ ਆਫ ਪੋਟਾਸ਼ ਪ੍ਰਤੀ ਏਕੜ ਦੀ ਸਿਫਾਰਸ਼ ਕੀਤੀ ਗਈ ਹੈ। ਜੇਕਰ ਝੋਨੇ ਦੀ ਫੱਕ ਜਾਂ ਗੰਨੇ ਦੇ ਛਿਲਕੇ ਦੀ ਰਾਖ ਮਿਲ ਸਕੇ ਤਾਂ ਇਹ ਚਾਰ ਟਨ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਇਸ ਨਾਲ ਸੁਪਰਫਾਸਫੇਟ ਅੱਧੀ ਪਾਉਣੀ ਪਵੇਗੀ। ਇਹ ਧਰਤੀ ਦੀ ਸਿਹਤ ਵੀ ਠੀਕ ਕਰਦੀ ਹੈ। ਅੱਧਾ ਯੂਰੀਆ, ਸਾਰੀ ਫਾਸਫੋਰਸ ਅਤੇ ਪੋਟਾਸ਼ ਬਿਜਾਈ ਸਮੇਂ ਪਾਵੇ। ਬਾਕੀ ਦਾ ਯੂਰੀਆ ਪਹਿਲੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਜੇਕਰ ਬਿਜਾਈ ਹੈਪੀ ਸੀਡਰ ਨਾਲ ਕੀਤੀ ਗਈ ਹੈ ਤਾਂ 44 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਅਤੇ ਏਨਾ ਹੀ ਯੂਰੀਆ ਦੂਜੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ ਪਹਿਲਾ ਪਾਣੀ ਦੇਣ ਤੋਂ ਪਹਿਲਾਂ ਇਕ ਗੋਡੀ ਕਰੋ। ਜੇਕਰ ਗੋਡੀ ਨਾ ਕੀਤੀ ਜਾ ਸਕਦੀ ਹੋਵੇ ਤਾਂ ਨਦੀਨਾਂ ਅਨੁਸਾਰ ਢੁਕਵੇਂ ਨਦੀਨ ਨਾਸ਼ਕਾਂ ਦੀ ਮਾਹਿਰਾਂ ਦੀਆਂ ਹਿਦਾਇਤਾਂ ਅਨੁਸਾਰ ਵਰਤੋਂ ਕਰੋ। ਜੇਕਰ ਬਿਜਾਈ ਪਿਛੇਤੀ ਹੋ ਜਾਵੇ ਤਾਂ ਪਿਛੇਤੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਪਿਛੇਤੀ ਬਿਜਾਈ ਲਈ ਪੀ. ਬੀ. ਡਬਲਯੂ. 658 ਅਤੇ ਪੀ. ਬੀ. ਡਬਲਯੂ. 590 ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਇਹ ਪੱਕਣ ਵਿਚ ਕੋਈ 130 ਦਿਨ ਲੈਂਦੀਆਂ ਹਨ ਪਰ ਇਨ੍ਹਾਂ ਦਾ ਝਾੜ ਘਟ ਕੇ 17 ਕੁਇੰਟਲ ਪ੍ਰਤੀ ਏਕੜ ਹੀ ਰਹਿ ਜਾਂਦਾ ਹੈ। ਦਸੰਬਰ ਦੇ ਅੱਧ ਪਿਛੋਂ ਕਣਕ ਨਹੀਂ ਬੀਜਣੀ ਚਾਹੀਦੀ ਕਿਉਂਕਿ ਪਿਛੇਤੀ ਬਿਜਾਈ ਦਾ ਝਾੜ ਬਹੁਤ ਘਟ ਜਾਂਦਾ ਹੈ। ਕਣਕ ਤੋਂ ਪੂਰਾ ਝਾੜ ਲੈਣ ਲਈ ਸਿਫ਼ਾਰਸ਼ ਕੀਤੀ ਹੋਈ ਕਿਸਮ ਦਾ ਰੋਗ ਰਹਿਤ ਅਤੇ ਨਰੋਆ ਬੀਜ ਵਰਤਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਸੋਧ ਲਿਆ ਜਾਵੇ ਅਤੇ ਪੂਰਾ ਬੀਜ ਪਾਇਆ ਜਾਵੇ। ਬਿਜਾਈ ਸਮੇਂ ਖੇਤ ਵਿਚ ਪੂਰੀ ਨਮੀ ਹੋਣੀ ਚਾਹੀਦੀ ਹੈ। ਇੰਝ ਅਸੀਂ ਪੂਰਾ ਝਾੜ ਪ੍ਰਾਪਤ ਕਰ ਸਕਾਂਗੇ। ਇਕੋ ਕਿਸਮ ਬੀਜਣ ਦੀ ਥਾਂ ਦੋ ਤਿੰਨ ਕਿਸਮਾਂ ਦੀ ਬਿਜਾਈ ਕਰੋ।

ਜਿੰਨ ਪਹਾੜੋਂ ਲੱਭਾ

ਪੁਰਾਣੇ ਸਮੇਂ 'ਚ ਗੱਲ ਸੁਣਦੇ ਹੁੰਦੇ ਸੀ, ਇਕ ਸਾਧੂ, ਜੰਗਲਾਂ, ਪਹਾੜਾਂ 'ਚ ਘੁੰਮਦਾ ਫਿਰਦਾ ਸੀ। ਇਕ ਦਿਨ ਉਹ ਥੱਕ ਗਿਆ ਤੇ ਇਕ ਵੱਡੇ ਰੁੱਖ ਨਾਲ ਢਾਸਣਾਂ ਲਾ ਕਿ ਬਹਿ ਗਿਆ। ਜਦੋਂ ਉਸ ਨੂੰ ਜਾਗ ਆਈ ਤਾਂ ਕੀ ਵੇਖਦਾ ਹੈ ਕਿ ਮਿੱਟੀ ਨਾਲ ਲਿਬੜਿਆ ਇਕ ਭਾਂਡਾ ਥੋੜੀ ਦੂਰ ਪਿਆ ਸੀ। ਉਸ ਨੇ ਉਹ ਭਾਂਡਾ ਚੱਕ ਲਿਆ ਤੇ ਸੋਚਣ ਲੱਗ ਪਿਆ ਕਿ ਹੁਣ ਨਦੀ ਤੋਂ ਪਾਣੀ ਨਾਲ ਭਰ ਕਿ ਕੋਲ ਰੱਖਿਆ ਕਰਾਂਗਾ। ਥੋੜੀ ਦੂਰ ਹੀ ਨਦੀ ਆ ਗਈ। ਉਹ ਪਾਣੀ ਭਰਨ ਤੋਂ ਪਹਿਲੋਂ, ਭਾਂਡੇ ਨੂੰ ਮਾਂਜਣ ਲੱਗ ਪਿਆ। ਜਿਉਂ ਹੀ ਉਸ ਨੇ ਹੱਥ ਫੇਰਿਆ, ਤਦੇ ਹੀ ਇਕ ਜਿੰਨ ਪ੍ਰਗਟ ਹੋ ਗਿਆ। ਜਿੰਨ ਕਹਿੰਦਾ ਕਿ ਅੱਜ ਤੋਂ ਤੂੰ ਮੇਰਾ ਮਾਲਕ, ਜੋ ਮਰਜ਼ੀ ਕੰਮ ਕਰਾ, ਬਸ ਵਿਹਲਾ ਨਾ ਛੱਡੀਂ, ਨਹੀਂ ਤੇ ਮੈ ਤੈਨੂੰ ਖਾ ਜਾਊਂ। ਕੁਝ ਸਮਾਂ ਤਾਂ ਚੰਗਾ ਲੰਘ ਗਿਆ ਤੇ ਫਿਰ ਇਕ ਦਿਨ ਉਹ ਜਿੰਨ ਦਾ ਭੋਜਨ ਬਣ ਗਿਆ। ਅੱਜ ਫੇਰ ਲੋਕਾਂ ਨੂੰ ਇਕ ਜਿੰਨ ਮਿਲ ਗਿਆ ਹੈ, ਜੋ ਸਭ ਕੁਝ ਖਾ ਚੁੱਕਾ ਹੈ। ਸਿਨੇਮਾ, ਨਾਟਕ, ਨਾਚ, ਕੰਪਿਊਟਰ, ਟੀ.ਵੀ., ਫੋਨ, ਰਿਸ਼ਤੇ ਨਾਤੇ ਆਦਿ ਆਦਿ। ਕੀ ਪਿੰਡ, ਕੀ ਸ਼ਹਿਰ ਇਹ ਹਰ ਇਕ ਦੇ ਹੱਥ ਬੰਨੀ ਬੈਠਾ ਹੈ। ਦਿਨ ਹੈ ਜਾਂ ਰਾਤ, ਬੱਚਾ ਹੈ ਜਾਂ ਬਜ਼ੁਰਗ ਸਭ ਆਪਣੇ-ਆਪ ਨੂੰ ਮਾਲਕ ਸਮਝ ਰਹੇ ਹਨ। ਹਾਲੇ ਜਿੰਨ ਵੀ ਬਹੁਤ ਰੁਝਿਆ ਹੋਇਆ ਹੈ। ਪਰ ਜਲਦੀ ਹੀ ਇਸ ਨੂੰ ਮਨੁਖੱਤਾ ਦਾ ਮਾਸ ਮਿਲਣ ਵਾਲਾ ਹੈ। ਕਾਸ਼ ਕੋਈ ਇਸ ਤਕਨੋਲਜੀ ਦੇ ਪੈਦਾ ਕੀਤੇ ਜਿੰਨ ਨੂੰ ਵਾਪਸ ਪਹਾੜਾਂ ਵਿਚ ਦੱਬ ਆਵੇ।


ਮੋਬਾ: 98159-45018

ਠੋਸ ਯੋਜਨਾਬੰਦੀ ਦੀ ਘਾਟ ਕਾਰਨ ਬਰਕਰਾਰ ਹੈ ਪਰਾਲੀ ਦੀ ਸਮੱਸਿਆ

ਪੰਜਾਬ ਵਿਚ ਕਾਸ਼ਤ ਕੀਤੀ ਜਾ ਰਹੀ ਤਕਰੀਬਨ 30 ਲੱਖ ਹੈਕਟਰ ਝੋਨੇ, ਬਾਸਮਤੀ ਦੀ ਫਸਲ ਤੋਂ ਲਗਪਗ 21-22 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ। ਇਸ ਨੂੰ ਕਿਸਾਨਾਂ ਦੀ ਬਹੁਮਤ ਅੱਗ ਲਾਉਂਦੀ ਹੈ ਤਾਂ ਜੋ ਉਹ ਕਣਕ ਦੀ ਬਿਜਾਈ ਸਮੇਂ-ਸਿਰ ਕਰ ਸਕਣ। ਇਸ ਤੋਂ ਜੋ ਧੂੰਆਂ ਪੈਦਾ ਹੁੰਦਾ ਹੈ, ਉਸ ਨਾਲ ਪ੍ਰਦੂਸ਼ਣ ਵਧਦਾ ਹੈ। ਪੰਜਾਬ ਤੇ ਹਰਿਆਣੇ ਤੋਂ ਪੈਦਾ ਹੋਇਆ ਧੂੰਆਂ ਦਿੱਲੀ ਵਿਚ ਵੀ ਪ੍ਰਦੂਸ਼ਣ ਦਾ ਕਾਰਨ ਬਣਨ ਵਜੋਂ ਕੌਮੀ-ਗਰੀਨ ਟ੍ਰਬਿਊਨਲ ਨੇ ਪਰਾਲੀ ਤੇ ਝੋਨੇ ਦੀ ਰਹਿੰਦ-ਖੁੰਹਦ ਨੂੰ ਅੱਗ ਲਾ ਕੇ ਸੜਾਨ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇੇ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਸਰਕਾਰ ਨੇ ਇਸ ਸਾਲ ਇਕਦਮ ਇਸ ਪ੍ਰਥਾ ਨੂੰ ਬੰਦ ਕਰਨ ਲਈ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ। ਪੰਜਾਬ ਰਾਜ ਪ੍ਰਦੂਸ਼ਣ ਬੋਰਡ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਦੇ ਚਲਾਨ ਕਰਕੇ ਜੁਰਮਾਨੇ ਕਰਨੇ ਸ਼ੁਰੂ ਕਰ ਦਿੱਤੇ। ਕਿਸਾਨਾਂ ਨੂੰ ਇਸ ਲਈ ਨਾ ਕੋਈ ਮਾਲੀ ਸਹਾਇਤਾ ਉਪਲਬਧ ਕੀਤੀ ਗਈ ਤੇ ਨਾ ਹੀ ਲੋੜੀਂਦੀ ਮਸ਼ੀਨਰੀ ਮੁਹਈਆ ਕੀਤੀ ਗਈ।
ਪਰਾਲੀ ਨੂੰ ਅੱਗ ਲਾਉਣਾ ਕੰਬਾਈਨ ਹਾਰਵੈਸਟਰ ਮਸ਼ੀਨਾਂ ਦਾ ਪ੍ਰਯੋਗ ਸ਼ੁਰੂ ਹੋਣ ਨਾਲ ਆਰੰਭ ਹੋਇਆ। ਉਸ ਤੋਂ ਪਹਿਲਾਂ ਜਦੋਂ ਫ਼ਸਲ ਦੀ ਕਟਾਈ ਖੇਤ ਮਜ਼ਦੂਰਾਂ ਰਾਹੀਂ ਹੱਥੀਂ ਕੀਤੀ ਜਾਂਦੀ ਸੀੇ, ਇਹ ਸਮੱਸਿਆ ਨਹੀਂ ਸੀ। ਖੇਤਾਂ ਵਿਚ ਫ਼ਸਲ ਦੇ ਮੁੱਢ ਨਹੀਂ ਸੀ ਰਹਿੰਦੇ, ਜਿਸ ਨਾਲ ਕਣਕ ਦੀ ਬਿਜਾਈ ਲਈ ਜ਼ਮੀਨ ਨੂੰ ਤਿਆਰ ਕਰਨ ਵਿਚ ਮੁਸ਼ਕਿਲ ਪੇਸ਼ ਆਵੇ। ਕਿਸਾਨਾਂ ਨੂੰ ਮਜਬੂਰਨ ਪਰਾਲੀ ਨੂੰ ਅੱਗ ਲਾਉਣ ਵੱਲ ਤੁਰਨਾ ਪਿਆ। ਜੇ ਉਹ ਅੱਗ ਨਾ ਲਾਉਣ, ਉਨ੍ਹਾਂ ਨੂੰ ਮਜ਼ਦੂਰੀ ਤੇ ਮਸ਼ੀਨਾਂ 'ਤੇ ਫਾਲਤੂ ਖਰਚਾ ਕਰਨਾ ਪੈਂਦਾ ਹੈ, ਜੋ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਇਕ ਏਕੜ ਵਿਚੋਂ ਪਰਾਲੀ ਦੇ ਖਰਚੇ ਕਰਨ ਲਈ 300 ਤੋਂ 350 ਰੁਪਏ ਦੇਣੇ ਪੈਂਦੇ ਹਨ। ਸਟੇਟ ਐਵਾਰਡੀ ਅਤੇ ਪੀ. ਏ. ਯੂ. ਤੋਂ ਸਨਮਾਨਿਤ ਰਾਜ ਮੋਹਨ ਸਿੰਘ ਕਾਲੇਕਾ ਅਨੁਸਾਰ ਪਟਿਆਲਾ ਜ਼ਿਲ੍ਹੇ ਵਿਚ ਪੰਜਾਬ ਬਾਇਓਮਾਸ ਘਨੌਰ ਵਾਲੇ ਕੁਝ ਟਰੈਕਟਰਾਂ ਦੇ ਮਾਲਕਾਂ ਨਾਲ ਮਿਲ ਕੇ ਕਿਸਾਨਾਂ ਤੋਂ ਪਰਾਲੀ ਇਕੱਠੀ ਕਰਨ ਲਈ ਕਿਸਾਨਾਂ ਤੋਂ 1200 ਰੁਪਏ ਪ੍ਰਤੀ ਏਕੜ ਲੈ ਰਹੇ ਹਨ। ਜੋ ਰਕਮ ਟਰੈਕਟਰ ਦਾ ਮਾਲਕ ਤੇ ਪਲਾਂਟ ਆਪੋ ਵਿਚ ਵੰਡ ਲੈਂਦੇ ਹਨ। ਸਰਕਾਰ ਵਲੋਂ ਸਖ਼ਤੀ ਕੀਤੇ ਜਾਣ ਕਾਰਨ ਹੀ ਛੋਟੇ ਕਿਸਾਨਾਂ ਦਾ ਸ਼ੋਸ਼ਣ ਹੋ ਰਿਹਾ ਹੈ। ਪਿਛਲੇ ਸਾਲਾਂ ਵਿਚ ਇਹ ਪਲਾਂਟ ਕੋਈ ਚਾਰਜ ਨਹੀਂ ਕਰਦੇ ਸਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਦੋ ਵੇਰ ਹੈਰੋ ਨਾਲ ਜ਼ਮੀਨ ਵਹੁਣੀ ਪੈਂਦੀ ਹੈ ਅਤੇ ਫਿਰ ਸੁਹਾਗਾ ਮਾਰ ਕੇ ਦੋ ਵੇਰ ਹੀ ਕਲਟੀਵੇਟਰ ਨਾਲ ਵਾਹ ਕੇ ਰੋਟਾਵੇਟਰ ਜਾਂ ਸੀਡ ਡਰਿੱਲ ਨਾਲ ਕਣਕ ਦੀ ਬਿਜਾਈ ਕਰਨੀ ਪੈਂਦੀ ਹੈ, ਜਿਸ ਨਾਲ 2500 ਤੋਂ 3000 ਰੁਪਏ ਏਕੜ ਤੱਕ ਕਿਸਾਨ ਦਾ ਖਰਚ ਆਉਂਦਾ ਹੈ। ਕਾਲੇਕਾ ਵਲੋਂ ਇਸ ਕੀਤੇ ਜਾ ਰਹੇ ਕਿਸਾਨਾਂ ਦੇ ਸ਼ੋਸ਼ਣ ਨੂੰ ਖੇਤੀਬਾੜੀ ਵਿਭਾਗ ਦੇ ਧਿਆਨ ਵਿਚ ਲਿਆਉਣ ਉਪਰੰਤ ਵੀ ਇਸ ਕਿਸਾਨ ਭਲਾਈ ਵਿਭਾਗ ਵਲੋਂ ਪਲਾਂਟ ਅਤੇ ਵਪਾਰੀ ਟਰੈਕਟਰ ਮਾਲਕਾਂ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਕਿ ਪੀ. ਏ. ਯੂ. ਸਨਮਾਨਿਤ ਬਲਬੀਰ ਸਿੰਘ ਜੜ੍ਹੀਆ ਅਨੁਸਾਰ ਅਮਲੋਹ ਦੇ ਆਲੇ-ਦੁਆਲੇ ਵਿਚ ਉੱਥੇ ਦੇ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਵਲੋਂ ਕਿਸਾਨਾਂ ਦਾ ਇਸ ਪੱਧਰ 'ਤੇ ਸ਼ੋਸ਼ਣ ਨਹੀਂ ਕੀਤਾ ਜਾ ਰਿਹਾ।
ਅੱਗ ਲਾਏ ਬਿਨਾਂ ਜੇ ਕਿਸਾਨ ਪਰਾਲੀ ਨੂੰ ਮਿੱਟੀ ਵਿਚ ਰਲਾ ਕੇ ਜ਼ਮੀਨ ਵਿਚ ਰਲਾਉਂਦੇ ਹਨ ਤਾਂ ਰੌਣੀ ਕਰਕੇ ਸਮੇਂ-ਸਿਰ ਕਿਸਾਨ ਕਣਕ ਨਹੀਂ ਬੀਜ ਸਕਦੇ ਕਿਉਂਕਿ ਪੰਜਾਬ ਰਾਜ ਬਿਜਲੀ ਨਿਗਮ ਅਕਤੂਬਰ ਦੇ ਮਹੀਨੇ ਲਈ ਕੇਵਲ 3-4 ਘੰਟੇ ਪ੍ਰਤੀ ਦਿਨ ਹੀ ਬਿਜਲੀ ਮੁਹੱਈਆ ਕਰਦਾ ਹੈ। ਪੰਜਾਬ ਖੇਤੀ ਯੂਨੀਵਰਸਿਟੀ ਵਲਂੋ ਜੋ ਪਰਾਲੀ ਨੂੰ ਖੇਤ ਵਿਚੋਂ ਬਾਹਰ ਕੱਢ ਕੇ ਪਰਾਲੀਚਾਰ ਬਣਾਉਣ, ਫਾਸਫੋ ਕੰਪੋਸਟ ਤਿਆਰ ਕਰਨ, ਪਰਾਲੀ ਅਤੇ ਗੋਹੇ ਨੂੰ ਮਿਲਾ ਕੇ ਬਾਇਓ ਗੈਸ ਤਿਆਰ ਕਰਨ ਆਦਿ ਦੀਆਂ ਵਿਧੀਆ ਦੱਸੀਆਂ ਜਾਂਦੀਆਂ ਹਨ, ਉਹ ਆਮ ਕਿਸਾਨਾਂ ਲਈ ਵਿਵਹਾਰਕ ਨਹੀਂ ਅਤੇ ਫਾਲਤੂ ਖਰਚਾ ਕਰਕੇ ਵੀ ਸਮੇਂ-ਸਿਰ ਕਣਕ ਦੀ ਬਿਜਾਈ ਕਰਨੀ ਸੰਭਵ ਨਹੀਂ। ਸਰਕਾਰ ਵਲੋਂ ਪਰਾਲੀ ਨੂੰ ਅੱਗ ਲਾਉਣ ਦੀ ਪ੍ਰਥਾ ਬੰਦ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਤੇ ਮਾਲੀ ਸਹਾਇਤਾ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਸੀ, ਅਤੇ ਲੰਮੇ ਸਮੇਂ ਤੋਂ ਚਲ ਰਹੇ ਇਸ ਅਮਲ ਸਬੰਧੀ ਉਨ੍ਹਾਂ ਦੀ ਖੇਤੀ ਪ੍ਰਸਾਰ ਸੇਵਾ ਨੂੰ ਮਜ਼ਬੂਤ ਕਰਕੇ ਸੋਚ ਵਿਚ ਤਬਦੀਲੀ ਲਿਆਉਣੀ ਚਾਹੀਦੀ ਸੀ। ਹੁਣ ਇਸ ਮਨਾਹੀ ਦੇ ਹੁਕਮਾਂ ਦੀ ਖੁੱਲ੍ਹਮ-ਖੁੱਲ੍ਹਾ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਮਜਬੂਰੀ ਨੂੰ ਵੇਖਦੀਆਂ ਸਰਕਾਰ ਵਲੋਂ ਵੀ ਢਿੱਲ ਲਿਆਂਦੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਜੋ ਕੌਮੀ-ਗਰੀਨ ਟ੍ਰਬਿਊਨਲ ਕੋਲ ਪਟਿਆਲਾ ਜ਼ਿਲ੍ਹੇ ਦੇ ਕਲਰ ਮਾਜਰੀ ਪਿੰਡ ਦੇ ਕਿਸਾਨਾਂ ਨੂੰ ਪੇਸ਼ ਕੀਤਾ ਹੈ, ਉਨ੍ਹਾਂ ਨੂੰ ਤਾਂ ਸਰਕਾਰ ਵਲੋਂ ਮਸ਼ੀਨਰੀ ਦੇ ਕੇ ਪੂਰੀ ਸਹਾਇਤਾ ਉਪਲਬਧ ਕੀਤੀ ਗਈ ਹੈ। ਰਾਜ ਦੇ ਬਾਕੀ 12000 ਪਿੰਡਾਂ ਨੂੰ ਕੋਈ ਮਦਦ ਨਹੀਂ ਦਿੱਤੀ ਗਈ। ਕਿਸਾਨਾਂ ਨੂੰ ਤਾਂ ਐਸ. ਐਮ. ਐਸ. ਵਾਲੇ ਕੰਬਾਈਨ ਹਾਰਵੈਸਟਰ ਵੀ ਉਪਲਬਧ ਨਹੀਂ ਹੋਏ, ਹਾਲਾਂਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਐਲਾਨ ਕੀਤਾ ਗਿਆ ਸੀ ਕਿ ਕੋਈ ਕੰਬਾਈਨ ਹਾਰਵੈਸਟਰ ਸੁਪਰ ਐਸ. ਐਮ. ਐਸ. ਬਿਨਾਂ ਖੇਤਾਂ ਵਿਚ ਚੱਲਣ ਨਹੀਂ ਦਿੱਤੀ ਜਾਵੇਗੀ। ਸਟੇਟ ਐਵਾਰਡੀ ਕਾਲੇਕਾ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਕਿਸਾਨਾਂ 'ਤੇ ਕਾਰਵਾਈ ਕਰਨ ਲਈ ਤਾਂ ਤੁਰੰਤ ਖੇਤਾਂ ਵਿਚ ਪਹੁੰਚ ਜਾਂਦਾ ਹੈ। ਜਦੋਂ ਕਿ ਹੋਰ ਸ਼੍ਰੇਣੀਆਂ ਵਲੋਂ ਕੀਤੀ ਜਾ ਰਹੀ ਉਲੰਘਣਾ ਸਬੰਧੀ ਚੁੱਪ ਧਾਰ ਲੈਂਦਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਲਰ ਮਾਜਰੀ ਪਿੰਡ ਨੂੰ ਮਾਡਲ ਪਿੰਡ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਕਿ ਮਾਡਲ ਪਿੰਡ ਤਾਂ ਹੁੰਦਾ ਜੇ ਉੱਥੇ ਅੱਗ ਲਾਉਣ ਦੀ ਪ੍ਰਥਾ ਸਰਕਾਰੀ ਮਸ਼ੀਨਰੀ ਅਤੇ ਸਹਾਇਤਾ ਤੋਂ ਬਿਨਾਂ ਕਿਸਾਨਾਂ ਵਲੋਂ ਬੰਦ ਕੀਤੀ ਜਾਂਦੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਦਾ ਸ਼ੌਕ ਨਹੀਂ ਮਜਬੂਰੀ ਹੈ। ਉਹ ਜਾਣਦੇ ਹਨ ਕਿ ਇਸ ਨਾਲ ਜ਼ਮੀਨ ਦੇ ਜ਼ਰੂਰੀ ਤੱਤ ਤੇ ਮਿੱਤਰ ਕੀੜੇ ਨਾਸ਼ ਹੁੰਦੇ ਹਨ ਅਤੇ ਉਨ੍ਹਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਉਹ ਇਹ ਵੀ ਜਾਣਦੇ ਹਨ ਕਿ ਧੂੰਆਂ ਉਨ੍ਹਾਂ ਦੇ ਫੇਫੜਿਆਂ ਨੂੰ ਵੀ ਹਾਨੀਕਾਰਕ ਹੈ ਪਰ ਉਹ ਕਰਨ ਕੀ? ਸਰਕਾਰ ਵਲੋਂ ਸਾਰੀ ਕਾਰਵਾਈ ਬਿਨਾਂ ਯੋਜਨਾਬੰਦੀ ਦੇ ਕੀਤੀ ਗਈ ਹੈ। ਕੇਂਦਰ ਸਰਕਾਰ ਤੋਂ ਜੋ ਕਿਸਾਨਾਂ ਨੂੰ ਸਹਾਇਤਾ ਦੇਣ ਲਈ ਪੰਜਾਬ ਸਰਕਾਰ ਨੇ 2000 ਕਰੋੜ ਰੁਪਏ ਦਾ ਪੈਕੇਜ ਮੰਗਿਆ ਸੀ, ਉਹ ਵੀ ਉਪਲਬਧ ਨਹੀਂ ਹੋਇਆ। ਸਰਕਾਰੀ ਖਜ਼ਾਨੇ ਵਿਚੋਂ ਕਿਸਾਨਾਂ ਨੂੰ ਮਸ਼ੀਨਰੀ ਤੇ ਮਾਲੀ ਸਹਾਇਤਾ ਦੇਣ ਲਈ ਪੰਜਾਬ ਸਰਕਾਰ ਕੋਲ ਕੋਈ ਸਾਧਨ ਨਹੀਂ ਸੀ। ਹਾੜ੍ਹੀ ਵਿਚ ਕਣਕ ਦੀ ਇਕੱਲੀ ਕਣਕ ਦੀ ਫ਼ਸਲ ਹੀ ਲਗਪਗ ਸਮੂਹ ਕਿਸਾਨਾਂ ਨੇ 35-36 ਲੱਖ ਹੈਕਟਅਰ 'ਤੇ ਬੀਜਣੀ ਹੈ। ਜੇ ਇਸ ਦੀ ਬਿਜਾਈ ਵਿਚ ਦੇਰ ਹੋ ਜਾਵੇ ਤਾਂ ਉਤਪਾਦਕਤਾ ਘਟਦੀ ਹੈ। ਪੰਜਾਬ ਵਲੋਂ ਕੇਂਦਰ ਕਣਕ ਭੰਡਾਰ ਵਿਚ ਸਭ ਰਾਜਾਂ ਨਾਲੋਂ ਵੱਧ 60 ਫ਼ੀਸਦੀ ਤੱਕ ਯੋਗਦਾਨ ਪਾਇਆ ਜਾ ਰਿਹਾ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਰਾਜ ਪ੍ਰਦੂਸ਼ਣ ਬੋਰਡ, ਪੰਜਾਬ ਖੇਤੀ ਯੂਨੀਵਰਸਿਟੀ ਤੇ ਹੋਰ ਸਾਰੇ ਸਬੰਧਤ ਵਿਭਾਗਾਂ ਦੇ ਉਪਰਾਲਿਆਂ ਉਪਰੰਤ ਵੀ ਪ੍ਰਦੂਸ਼ਣ ਦਾ ਨਾ ਘਟਣਾ ਨੁਕਸਦਾਰ ਯੋਜਨਾਬੰਦੀ ਦੀ ਗਵਾਹੀ ਭਰਦਾ ਹੈ। ਦੂਜੇ ਪਾਸੇ ਕਣਕ ਦੇ ਸਮਰਥਨ ਮੁੱਲ ਵਿਚ 110 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ ਵੀ ਕਾਸ਼ਤ ਦੇ ਵੱਧ ਰਹੇ ਖਰਚਿਆਂ ਦੀ ਪੂਰਤੀ ਨਹੀਂ ਕਰਦਾ।
ਸੋਧ : 24 ਅਕਤੂਬਰ ਦੇ ਇਸੇ ਕਾਲਮ 'ਚ 'ਕਿਸਾਨਾਂ ਦੀ ਦੀਵਾਲੀ ਫਿੱਕੀ ਰਹੀ, ਪ੍ਰੇਸ਼ਾਨੀਆਂ ਵਧੀਆਂ' ਲੇਖ ਵਿਚ ਪੰਜਾਬ ਖੇਤੀ ਯੂਨੀਵਰਸਿਟੀ ਦੇ ਚੌਲਾਂ ਦੇ ਸੀਨੀਅਰ ਬਰੀਡਰ ਦਾ ਨਾਂਅ ਡਾ: ਗੁਰਚਰਨ ਸਿੰੰਘ ਮਾਂਗਟ ਦੀ ਬਜਾਏ ਡਾ: ਗੁਰਜੀਤ ਸਿੰਘ ਮਾਂਗਟ ਪੜ੍ਹਿਆ ਜਾਏ।

ਵਿਰਾਸਤੀ ਮੇਲੇ 'ਤੇ ਵਿਸ਼ੇਸ਼

ਪੰਜਾਬੀ ਸੱਭਿਆਚਾਰ ਦਾ ਦਰਪਣ ਛਰਾਹਾਂ ਦੀ ਛਿੰਝ

ਮੇਲੇ ਕਿਸੇ ਵੀ ਸੱਭਿਆਚਾਰ ਦਾ ਦਰਪਣ ਹੁੰਦੇ ਹਨ। ਜੇਕਰ ਕਿਸੇ ਖਿੱਤੇ ਦੀ ਰਹਿਣੀ-ਬਹਿਣੀ ਅਤੇ ਸੱਭਿਆਚਾਰ ਦੇ ਨੇੜਿਓਂ ਦਰਸ਼ਨ ਕਰਨੇ ਹੋਣ ਤਾਂ ਉੱਥੇ ਲਗਦੇ ਮੇਲਿਆਂ ਵਿਚੋਂ ਕੀਤੇ ਜਾ ਸਕਦੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵਸਿਆ ਨੀਮ-ਪਹਾੜੀ ਇਲਾਕਾ ਬੀਤ ਹੈ ਜੋ 33 ਪਿੰਡਾਂ ਦਾ ਸਮੂਹ ਹੈ। ਇਹ ਇਲਾਕਾ ਪੰਜਾਬੀ ਵਿਰਾਸਤ ਦੀ ਅਹਿਮ ਨਿਸ਼ਾਨੀ ਆਪਣੀ ਬੁੱਕਲ ਵਿਚ ਸਮੋਈ ਬੈਠਾ ਹੈ। ਇਲਾਕੇ ਦੇ ਕੇਂਦਰ ਵਿਚ ਰਮਣੀਕ ਵਾਤਾਵਰਨ ਵਿਚ ਵਸਿਆ ਹੋਇਆ ਹੈ ਪਿੰਡ ਅਚਲਪੁਰ। ਇਸ ਪਿੰਡ ਨੂੰ ਮਾਣ ਹਾਸਲ ਹੈ ਕਿ ਇੱਥੇ ਚਾਰ ਰੋਜ਼ਾ ਪ੍ਰਾਚੀਨ ਅਤੇ ਸਾਰੇ ਵਰਗਾਂ ਦਾ ਸਾਂਝਾ ਮੇਲਾ 'ਛਿੰਝ ਛਰਾਹਾਂ ਦੀ' ਲਗਦਾ ਹੈ । ਇਹ ਮੇਲਾ ਮੱਘਰ ਮਹੀਨੇ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ ਚਾਰ ਦਿਨ ਚਲਦਾ ਹੈ। ਬਾਕੀ ਮੇਲਿਆਂ ਵਾਂਗ ਭਾਵੇਂ ਇਸ ਮੇਲੇ ਦਾ ਰੰਗ-ਢੰਗ ਵੀ ਬਦਲ ਰਿਹਾ ਹੈ ਪ੍ਰੰਤੂ ਹਾਲੇ ਵੀ ਇਸ ਦੀ ਪੇਂਡੂ ਛੋਹ ਇਸ ਦੀ ਵਿਲੱਖਣਤਾ ਹੈ। ਹਾਲੇ ਵੀ ਇਸ ਮੇਲੇ ਨੇ ਆਪਣੀ ਪੁਰਾਣੀ ਦਿੱਖ ਨੂੰ ਕਿਤੇ ਨਾ ਕਿਤੇ ਕਾਇਮ ਰੱਖਿਆ ਹੋਇਆ ਹੈ। ਇਸ ਮੇਲੇ ਨਾਲ 'ਛਰਾਹਾਂ' ਸ਼ਬਦ ਜੁੜਨ ਬਾਰੇ ਦੱਸਿਆ ਜਾਂਦਾ ਹੈ ਕਿ ਪੁਰਾਣੇ ਵੇਲਿਆਂ ਵਿਚ ਇਹ ਸਥਾਨ ਛੇ ਰਾਹਾਂ ਦਾ ਕੇਂਦਰ ਬਿੰਦੂ ਹੁੰਦਾ ਸੀ। ਛੇ ਵੱਖ-ਵੱਖ ਇਲਾਕਿਆਂ ਤੋਂ ਪਗਡੰਡੀਆਂ ਰੂਪੀ ਰਾਹ ਆ ਕੇ ਇੱਥੇ ਮਿਲਦੇ ਸਨ। ਛੇ ਰਾਹਾਂ ਤੋਂ ਛਰਾਹਾਂ ਬਣ ਗਿਆ। ਅੱਜਕਲ੍ਹ ਇਸ ਸਥਾਨ ਉੱਤੇ ਮਨਮੋਹਕ ਵਾਤਾਵਰਨ ਵਿਚ ਸਿੱਧ ਬਾਬਾ ਬਾਲਕ ਰੂਪ ਜੀ ਦਾ ਪ੍ਰਚੀਨ ਮੰਦਰ ਸੁਸ਼ੋਭਿਤ ਹੈ। ਬੀਤ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਕੰਢੀ, ਦੁਆਬਾ ਅਤੇ ਦੂਣ ਖੇਤਰਾਂ ਤੋਂ ਵੱਡੀ ਗਿਣਤੀ ਸੰਗਤਾਂ ਸਭ ਤੋਂ ਪਹਿਲਾਂ ਇਸ ਪਾਵਨ ਅਸਥਾਨ 'ਤੇ ਨਤਮਸਤਕ ਹੁੰਦੀਆਂ ਹਨ। ਮੇਲੇ ਵਾਲੇ ਐਤਵਾਰ ਤੋਂ ਪਹਿਲਾਂ ਪਿੰਡ ਅਚਲਪੁਰ, ਮਜਾਰੀ, ਇੰਦੋਵਾਲ, ਨੈਣਵਾਂ ਅਤੇ ਝੋਣੋਵਾਲ ਦੀਆਂ ਸੰਗਤਾਂ ਵਲੋਂ ਹਫਤਾਵਾਰੀ ਯੱਗ ਕਰਵਾਏ ਜਾਂਦੇ ਹਨ। ਕੱਤਕ ਮਹੀਨਾ ਯੱਗਾਂ ਦਾ ਮਹੀਨਾ ਹੁੰਦਾ ਹੈ। ਮੇਲੇ ਤੋਂ ਇਕ ਦਿਨ ਪਹਿਲਾਂ ਤੋਂ ਲੈ ਕੇ ਲਗਾਤਾਰ ਪੰਜ ਦਿਨ ਅਤੁੱਟ ਲੰਗਰ ਚਲਦਾ ਹੈ। ਸੰਗਤਾਂ ਦੇ ਠਹਿਰਨ ਦਾ ਵੀ ਪ੍ਰਬੰਧ ਹੈ। ਮਹੰਤ ਅਸ਼ੋਕ ਕੁਮਾਰ ਅਨੁਸਾਰ ਪੁਸ਼ਤ-ਦਰ-ਪੁਸ਼ਤ ਉਨ੍ਹਾਂ ਦਾ ਪਰਿਵਾਰ ਇਸ ਮੰਦਰ ਦੀ ਸੇਵਾ-ਸੰਭਾਲ ਕਰਦਾ ਆ ਰਿਹਾ ਹੈ। ਮੇਲੇ ਦੇ ਪਹਿਲੇ ਦਿਨ ਨਵਾਂ ਅੰਨ ਮੱਕੀ ਦੇ ਦਾਣੇ , ਦੁੱਧ-ਖੀਰ, ਮਾਹਾਂ ਦੀ ਦਾਲ ਚੜ੍ਹਾ ਕੇ ਸੰਗਤਾਂ ਜਾਨ-ਮਾਲ ਦੀ ਤੰਦਰੁਸਤੀ ਲਈ ਦੁਆ ਕਰਦੀਆਂ ਹਨ। ਮੰਦਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਹਿਲੇ ਦਿਨ ਭਾਰੀ ਦੰਗਲ ਕਰਵਾਇਆ ਜਾਂਦਾ ਹੈ ਜਿਸ ਵਿਚ ਦੂਰ-ਦੁਰਾਡੇ ਤੋਂ ਨਾਮੀ ਪਹਿਲਵਾਨ ਪਹੁੰਚਦੇ ਹਨ। ਬਜ਼ੁਰਗਾਂ ਦੇ ਦੱਸਣ ਅਨੁਸਾਰ ਪੰਜਾਬ ਦੀ ਵੰਡ ਤੋਂ ਪਹਿਲਾਂ ਲਾਹੌਰ ਤੋਂ ਹੱਟੀਆਂ ਇਸ ਮੇਲੇ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਪਸ਼ੂਆਂ ਦੀ ਭਾਰੀ ਮੰਡੀ ਲਗਦੀ ਹੁੰਦੀ ਸੀ ਅਤੇ ਵਪਾਰੀ ਦੂਰ-ਦੁਰਾਡਿਓਂ ਪਹੁੰਚਦੇ ਹੁੰਦੇ ਸਨ। ਬਲਦਾਂ ਦੀਆਂ ਦੌੜਾਂ ਵੀ ਹੋਇਆ ਕਰਦੀਆਂ ਸਨ। ਸਮੇਂ ਦੀ ਤੋਰ ਨਾਲ ਭਾਵੇਂ ਇਹ ਸਭ ਅਲੋਪ ਹੋ ਗਿਆ ਹੈ ਪ੍ਰੰਤੁ ਮੇਲੇ ਦੀਆਂ ਰੌਣਕਾਂ ਹਾਲੇ ਵੀ ਬਰਕਰਾਰ ਹਨ।
ਹਾਲੇ ਵੀ ਪੇਂਡੂ ਸੁਆਣੀਆਂ ਇੱਥੋਂ ਮਿੱਟੀ ਦੇ ਬਣੇ ਭਾਂਡਿਆਂ ਜਿਵੇਂ ਘੜੇ, ਚਾਟੀਆਂ, ਦਧੂਨੀਆਂ, ਤੌੜੀਆਂ, ਚੱਪਣ-ਚੱਪਣੀਆਂ, ਝਾਵੇਂ ਆਦਿ ਦੀ ਖਰੀਦਦਾਰੀ ਕਰਦੀਆਂ ਹਨ। ਦੂਰ-ਦੁਰਾਡੇ ਨੌਕਰੀਆਂ ਕਰਦੇ ਅਤੇ ਪਰਵਾਸ ਕਰ ਕੇ ਦੂਰ ਜਾ ਵਸੇ ਇਸ ਖਿੱਤੇ ਦੇ ਮੂਲ ਨਿਵਾਸੀ ਮੇਲੇ ਨੂੰ ਤੱਕਣ ਦੀ ਤਾਂਘ ਜ਼ਰੂਰ ਰੱਖਦੇ ਹਨ। ਇਲਾਕੇ ਦੀ ਸਵੈ-ਸੇਵੀ ਸੰਸਥਾ ਬੀਤ ਭਲਾਈ ਕਮੇਟੀ ਵਲੋਂ ਹਰ ਵਰ੍ਹੇ ਕਰਵਾਇਆ ਜਾਂਦਾ ਤਿੰਨ ਰੋਜ਼ਾ ਖੇਡ ਮੇਲਾ 19 ਤੋਂ 21 ਨਵੰਬਰ ਤੱਕ ਚੱਲੇਗਾ ਅਤੇ ਖੇਡ ਮੇਲੇ ਦੀ ਸਮਾਪਤੀ ਉੁਪਰੰਤ ਸੱਭਿਆਚਾਰਕ ਮੇਲਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਵੇਗਾ। ਲੋਕ ਮੱਘਰ ਮਹੀਨੇ ਨੂੰ ਛਿੰਝ ਵਾਲਾ ਮਹੀਨਾ ਕਹਿ ਕੇ ਯਾਦ ਰੱਖਦੇ ਹਨ। ਹਫਤਾ ਪਹਿਲਾਂ ਹੱਟੀਆਂ ਅਤੇ ਚੰਡੋਲ ਸ਼ੁਰੂ ਹੋਣ ਨਾਲ ਮੇਲੇ ਦਾ ਰੰਗ ਬਣਨਾ ਸ਼ੁਰੂ ਹੋ ਜਾਂਦਾ ਹੈ। ਰਿਸ਼ਤੇਦਾਰਾਂ ਅਤੇ ਮਿੱਤਰਾਂ ਦੇ ਮੇਲ ਦਾ ਸਬੱਬ ਬਣਦਾ ਇਹ ਮੇਲਾ ਰੂਹ ਨੂੰ ਇਕ ਹੁਲਾਰਾ ਜਿਹਾ ਦੇ ਜਾਂਦਾ ਹੈ। ਵਿਰਾਸਤ ਦੀਆਂ ਬਾਤਾਂ ਪਾਉਣ ਵਾਲਾ ਇਹ ਮੇਲਾ ਸੱਚਮੁਚ ਹੀ ਇਸ ਖੇਤਰ ਦੇ ਲੋਕਾਂ ਦਾ ਸਾਂਭਣਯੋਗ ਸਰਮਾਇਆ ਹੈ। ਐਤਕੀਂ ਇਹ ਮੇਲਾ 19 ਤੋਂ 22 ਨਵੰਬਰ ਤੱਕ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰੇਗਾ।


-ਪਿੰਡ ਤੇ ਡਾਕ: ਕਾਲੇਵਾਲ ਬੀਤ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ: ਹੁਸ਼ਿਆਰਪੁਰ-144523
ਮੋਬਾ: 94638-51568.

ਸਬਜ਼ੀਆਂ ਦੀ ਪੈਦਾਵਾਰ ਨਾਲ ਵੱਡੀ ਕਮਾਈ ਕਰਦੈ

ਕਾਮਰੇਡ ਕੇਸਰ ਸਿੰਘ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ਨੇੜੇ ਪੈਂਦੇ ਪਿੰਡ ਰੰਧਾਵਾ ਦਾ ਵਸਨੀਕ ਕਾਮਰੇਡ ਕੇਸਰ ਸਿੰਘ ਰੰਧਾਵਾ ਆਪਣੀ ਮਿਹਨਤ ਸਦਕਾ ਸਬਜ਼ੀਆਂ ਦੀ ਕਾਸ਼ਤ ਕਰਕੇ ਵਧੀਆ ਕਮਾਈ ਕਰ ਰਿਹਾ ਹੈ। ਇਸ ਨੂੰ ਆਪਣੇ ਵਿਰਸੇ ਵਿਚੋਂ ਸਿਰਫ ਪੌਣਾ ਏਕੜ ਜ਼ਮੀਨ ਮਿਲੀ ਹੈ। ਇਹ ਮਿਹਨਤੀ ਕਿਸਾਨ 1995 ਤੋਂ ਸਬਜ਼ੀਆਂ ਦੀ ਕਾਸ਼ਤ ਕਰਦਾ ਆ ਰਿਹਾ ਹੈ। ਉਹ ਗਰਮੀਆਂ ਦੇ ਸੀਜ਼ਨ ਦੌਰਾਨ ਭਿੰਡੀ, ਗੋਭੀ, ਕਰੇਲਾ, ਘੀਆ ਅਤੇ ਹਲਦੀ ਆਦਿ ਦੀ ਕਾਸ਼ਤ ਕਰਦਾ ਹੈ। ਜਿਸ ਤੋਂ ਤਕਰੀਬਨ ਉਹ ਤਿੰਨ ਲੱਖ ਰੁਪਏ ਦੀ ਆਮਦਨ ਕਰਦਾ ਹੈ ਅਤੇ ਸਰਦੀਆਂ ਦੌਰਾਨ ਮਟਰ, ਗਾਜਰ, ਮੂਲੀ, ਪਾਲਕ, ਮੈਂਥਾ ਅਤੇ ਧਨੀਆਂ ਆਦਿ ਦੀ ਸੰਘਣੀ ਕਾਸ਼ਤ ਕਰਕੇ ਤਕਰੀਬਨ ਦੋ ਲੱਖ ਰੁਪਏ ਦੀ ਕਮਾਈ ਕਰ ਲੈਂਦਾ ਹੈ। ਉਹ ਜਿਹੜੀ ਸਬਜ਼ੀਆਂ ਪੈਦਾ ਕਰਦਾ ਹੈ ਉਸ ਦਾ ਮੰਡੀਕਰਨ ਆਪ ਹੀ 'ਆਪਣੀ ਮੰਡੀ' ਸਰਹਿੰਦ ਵਿਖੇ ਕਰਦਾ ਹੈ। ਜਿੱਥੇ ਉਸ ਨੂੰ ਆਮ ਮੰਡੀ ਨਾਲੋਂ ਡੇਢ ਤੋਂ ਦੋ ਗੁਣਾਂ ਵੱਧ ਆਮਦਨ ਹੁੰਦੀ ਹੈ। ਉਹ ਆਪਣੇ ਖੇਤਾਂ ਵਿਚ ਸੰਘਣੀ ਖੇਤੀ ਦੀ ਕਾਸ਼ਤ ਕਰਦਾ ਹੈ। ਜਿਵੇਂ ਕਿ ਉਸ ਨੇ ਵੱਟਾਂ ਉੱਤੇ ਟਮਾਟਰ ਦੀ ਕਾਸ਼ਤ ਕੀਤੀ ਹੋਈ ਹੈ । ਇਨ੍ਹਾਂ ਵੱਟਾਂ ਉੱਤੇ ਹੀ ਧਨੀਆਂ ਅਤੇ ਮੈਂਥੇ ਦੀ ਕਾਸ਼ਤ ਕੀਤੀ ਹੋਈ ਹੈ। ਖਾਲੀਆਂ ਦੇ ਵਿਚਕਾਰ ਉਸ ਨੇ ਪਾਲਕ ਅਤੇ ਮੇਥੀ ਦੀ ਕਾਸ਼ਤ ਕੀਤੀ ਹੋਈ ਹੈ। ਕਾਮਰੇਡ ਕੇਸਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿਚ ਤਕਰੀਬਨ 10 ਟਰਾਲੀਆਂ ਰੂੜੀ ਖਾਦ ਹਰ ਸਾਲ ਪਾਉਂਦਾ ਹੈ। ਜਿਸ ਨਾਲ ਉਸ ਦੀ ਫਸਲ ਬਹੁਤ ਵਧੀਆ ਹੁੰਦੀ ਹੈ। ਪਰ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਕਮਾਈ ਵੀ ਬਹੁਤ ਹੁੰਦੀ ਹੈ। ਝੋਨੇ ਤੇ ਕਣਕ ਵਰਗੀਆਂ ਰਵਾਇਤੀ ਫਸਲਾਂ ਵਾਂਗ ਸਬਜ਼ੀ ਘਰੇ ਵਿਹਲੇ ਬੈਠ ਕੇ ਪੈਦਾ ਨਹੀ ਹੁੰਦੀ ਸਗੋਂ ਦਿਨ ਰਾਤ ਇੱਕ ਕਰਨਾ ਪੈਂਦਾ ਹੈ। ਸਬਜ਼ੀਆਂ ਦੀ ਕਾਸ਼ਤ ਲਈ ਪ੍ਰਬੰਧ, ਮੌਸਮ, ਅਗੇਤ/ਪਿਛੇਤ ਅਤੇ ਮੰਡੀ ਦਾ ਹਿਸਾਬ ਕਿਤਾਬ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੰਡੀ ਵਿਚ ਬੈਠੇ ਵਪਾਰੀ ਦੀ ਅੱਖ ਬਹੁਤ ਤੇਜ਼ ਹੈ। ਜਿਹੜਾ ਹਰ ਸਬਜ਼ੀ ਦੇ ਮਿਆਰ ਨੂੰ ਬਹੁਤ ਡੂੰਘਾਈ ਨਾਲ ਸਮਝਦਾ ਹੈ। ਬਾਗ਼ਬਾਨੀ ਵਿਭਾਗ ਉਸ ਨੂੰ ਸਬਜ਼ੀਆਂ ਦੇ ਮੰਡੀਕਰਨ ਲਈ ਪਲਾਸਟਿਕ ਦੇ ਕਰੇਟ ਸਬਸਿਡੀ 'ਤੇ ਦੇ ਦਿੰਦਾ ਹੈ ਅਤੇ ਸਬਜ਼ੀਆਂ ਉੱਤੇ ਸਪਰੇਅ ਲਈ ਦਵਾਈਆਂ ਵੀ ਦੇ ਦਿੰਦੇ ਹਨ। ਇਸ ਤਰ੍ਹਾਂ ਆਪਣੀ ਮਿਹਨਤ ਅਤੇ ਬਾਗ਼ਾਬਾਨੀ ਵਿਭਾਗ ਦੇ ਸਹਿਯੋਗ ਨਾਲ ਉਹ ਆਪਣੀ ਕਬੀਲਦਾਰੀ ਵਧੀਆ ਢੰਗ ਨਾਲ ਚਲਾ ਰਿਹਾ ਹੈ।


-ਕਾਹਨਗੜ੍ਹ ਰੋਡ ਪਾਤੜਾਂ ਜ਼ਿਲ੍ਹਾ ਪਟਿਆਲਾ।
ਮੋਬਾਈਲ : 9876101698.

ਵਿਰਸਾ

ਚਿੜੀਆਂ ਘੁੱਗੀਆਂ ਮੋਰ ਗਟਾਰਾਂ ਹੋ ਅਲੋਪ ਗਈਆਂ,
ਵਿਚ ਅਸਮਾਨੀ ਨਾ ਹੀ ਦਿਸਣ ਕੂੰਜਾਂ ਦੀਆਂ ਡਾਰਾਂ।

ਇੱਲਾਂ ਗਿਰਝਾਂ ਜੋ ਸਮੇਟਦੀਆਂ ਸੀ ਗੰਦਗੀ ਨੂੰ,
ਵਾਸਾ ਕਰ ਲਿਆ ਜਾਪੇ ਉਨ੍ਹਾਂ ਵਿਚ ਪਹਾੜਾਂ।

ਗਾਨੀਵਾਲੇ ਤੋਤੇ ਸੁਪਨਾ ਹੋਏ ਲੋਕੋ ਓਏ,
ਬਣਾਏ ਰੈਣ ਬਸੇਰੇ ਕੱਚੀਆਂ ਵਿਚ ਦੀਵਾਰਾਂ।

ਜੁਗੜੇ ਹੋਗੇ ਸੇਹਾਂ ਗੋਹਾਂ ਕਦੇ ਨਾ ਵੇਖੀਆਂ,
ਖੇਤੀਂ ਤਿੱਤਰ ਬਟੇਰੇ ਨਾ ਹੀ ਮਾਰਦੇ ਟਾਹਰਾਂ।

ਚੱਕੀ ਰਾਹਿਆਂ ਤੇ ਉੱਲੂਆਂ ਨੇ ਛੱਡ ਪੰਜਾਬ ਦਿੱਤਾ,
ਨਾ ਹੀ ਖੇਤੀ ਦਿਸਦੀਆਂ ਰੋਜ਼ਾਂ ਦੀਆਂ ਕਤਾਰਾਂ।

ਖੋਂਹਦੇ ਕਾਂ ਨਾ ਵੇਖੇ ਰੋਟੀ ਕਿਤੇ ਜਵਾਕਾਂ ਤੋਂ,
ਕਬੂਤਰ ਨਾ ਚਿੱਠੀ ਤੇ ਨਾ ਪਚਾਉਂਦੇ ਤਾਰਾਂ।

ਅਜੋਕੀ ਪੀੜ੍ਹੀ ਨਾ ਕੁਝ ਬਾਜ਼ੀ ਬਾਰੇ ਜਾਣਦੀ,
ਦੱਸੋ ਚੀਨਿਆਂ ਨੂੰ ਹੁਣ ਕਿਥੋਂ 'ਵਾਜ਼ਾਂ ਮਾਰਾਂ।

'ਦੱਦਾਹੂਰੀਆ' ਆਖੇ ਹੁਣ ਤਾਂ ਰੱਬ ਹੀ ਰਾਖਾ ਹੈ,
ਵਿਰਸਾ ਲਿਖਣ ਵਾਲੇ 'ਤੇ ਖਾਂਦੇ ਲੋਕੀਂ ਖਾਰਾਂ।


-ਜਸਵੀਰ ਸ਼ਰਮਾ ਦੱਧਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046.






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX