ਤਾਜਾ ਖ਼ਬਰਾਂ


ਪੁਲਵਾਮਾ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਚਾਰ ਜਵਾਨ ਸ਼ਹੀਦ
. . .  4 minutes ago
ਪੰਜਾਬ ਸਰਕਾਰ ਵਲੋਂ ਅੱਜ ਪੇਸ਼ ਕੀਤਾ ਜਾਵੇਗਾ ਬਜਟ
. . .  14 minutes ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵਲੋਂ ਅੱਜ ਵਿਧਾਨ ਸਭਾ 'ਚ ਸਾਲ 2019-20 ਦਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਬਜਟ ਤੋਂ ਮਹਿੰਗਾਈ ਨਾਲ ਜੂਝ ਰਹੇ ਸੂਬੇ ਦੇ ਲੋਕ ਵੱਡੀਆਂ ਆਸਾਂ ਲਾਈ ਬੈਠੇ ਹਨ। ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ...
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  34 minutes ago
ਸ੍ਰੀਨਗਰ, 18 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਾਨ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ 2-3 ਅੱਤਵਾਦੀਆਂ ਨੂੰ ਘੇਰ ਲਿਆ ਹੈ। ਦੋਹਾਂ ਪਾਸਿਓਂ ਲਗਾਤਾਰ...
ਅੱਜ ਦਾ ਵਿਚਾਰ
. . .  45 minutes ago
ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਹੋਰ ਖ਼ਬਰਾਂ..

ਸਾਡੀ ਸਿਹਤ

ਨਾਚ ਦੁਆਰਾ ਸਰਦੀ ਭਜਾਓ, ਚੁਸਤੀ ਅਤੇ ਊਰਜਾ ਪਾਓ

ਉਹ ਸੌਂ ਕੇ ਉੱਠੀ ਹੀ ਸੀ ਕਿ ਉਸ ਨੂੰ ਬੜੇ ਜ਼ੋਰਾਂ ਦੀ ਸਰਦੀ ਸਤਾਉਣ ਲੱਗੀ। ਸਰਦੀ ਦਾ ਮੌਸਮ ਜਿਉ ਸੀ। ਘਰ ਦਾ ਕੋਈ ਵੀ ਕੰਮ ਕਰਨ ਦਾ ਉਸ ਦਾ ਮਨ ਨਹੀਂ ਸੀ।
ਫਿਰ ਉਸ ਨੇ ਆਪਣੇ ਹੀ ਟੀ. ਵੀ. 'ਤੇ ਆਪਣੇ ਮਨਪਸੰਦ ਗਾਣੇ ਨੂੰ ਸੁਣਿਆ। ਫਿਰ ਕੀ ਸੀ? ਉਹ ਗਾਣੇ ਦੀ ਧੁਨ 'ਤੇ ਪਹਿਲਾਂ ਤਾਂ ਆਪਣੇ ਹੱਥ-ਪੈਰ ਹਿਲਾਉਣ ਲੱਗੀ। ਫਿਰ ਉਸ ਨੇ ਘੱਟ ਤੋਂ ਘੱਟ 10 ਮਿੰਟ ਲਗਾਤਾਰ ਨਾਚ ਕੀਤਾ। ਉਸ ਦੇ ਨਾਚ ਨੇ ਕੀ ਕਮਾਲ ਦਿਖਾਇਆ ਅਤੇ ਉਸ ਨੇ ਕਿੰਨਾ ਵਧੀਆ ਮਹਿਸੂਸ ਕੀਤਾ, ਜਾਣੋ ਤਾਂ ਸਹੀ।
ਜਿਥੇ ਉਸ ਨੂੰ ਕੁਝ ਦੇਰ ਪਹਿਲਾਂ ਠੰਢ ਲੱਗ ਰਹੀ ਸੀ, ਉਥੇ ਹੁਣ ਉਸ ਨੂੰ ਗਰਮੀ ਲੱਗ ਰਹੀ ਸੀ। ਉਸ ਦੇ ਸਰੀਰ ਵਿਚ ਊਰਜਾ ਜਿਉ ਆ ਗਈ ਸੀ। ਉਹ ਆਪਣੇ-ਆਪ ਨੂੰ ਚੁਸਤ ਅਤੇ ਫੁਰਤੀਲਾ ਮਹਿਸੂਸ ਕਰ ਰਹੀ ਸੀ।
ਜਿਥੇ ਪਹਿਲਾਂ ਉਹ ਆਲਸੀ ਬਣੀ ਹੋਈ ਸੀ, ਉਥੇ ਹੁਣ ਉਹ ਆਪਣੇ-ਆਪ ਨੂੰ ਤਰੋਤਾਜ਼ਾ ਮਹਿਸੂਸ ਕਰ ਰਹੀ ਸੀ। ਮਨ ਹੀ ਮਨ ਖੁਸ਼ ਹੋ ਰਹੀ ਸੀ। ਜਿਥੇ ਉਹ ਹੁਣੇ ਕੰਮ ਤੋਂ ਮਨ ਚੁਰਾ ਰਹੀ ਸੀ, ਉਥੇ ਫਟਾਫਟ ਗਾਣਾ ਗੁਣਗੁਣਾਉਂਦੇ ਹੋਏ ਸਾਰਾ ਘਰ ਦਾ ਕੰਮ ਕਰ ਲਿਆ। ਤੁਸੀਂ ਮੰਨੋਗੇ ਨਹੀਂ, ਉਸ ਦਾ ਸਾਰਾ ਦਿਨ ਚੰਗਾ ਤਾਂ ਬੀਤਿਆ ਹੀ, ਸਗੋਂ ਉਸ ਦਿਨ ਉਸ ਨੇ ਬਹੁਤ ਸਾਰੇ ਹੋਰ ਕੰਮ ਵੀ ਨਿਪਟਾਏ।
ਦੇਖਿਆ ਤੁਸੀਂ 5-7 ਮਿੰਟ ਦੇ ਗਾਣੇ ਦਾ ਕਮਾਲ? ਤਾਂ ਫਿਰ ਦੇਰ ਕਿਸ ਗੱਲ ਦੀ? ਤੁਸੀਂ ਵੀ ਸ਼ੁਰੂ ਹੋ ਜਾਓ। ਰੇਡੀਓ, ਟੀ. ਵੀ., ਡੈੱਕ ਤਾਂ ਅੱਜਕਲ੍ਹ ਹਰ ਘਰ ਵਿਚ ਉਪਲਬਧ ਹੁੰਦੇ ਹਨ।
ਜ਼ਰੂਰੀ ਨਹੀਂ ਕਿ ਨਾਚ ਹੀ ਕੀਤਾ ਜਾਵੇ। ਨਹੀਂ ਆਉਂਦਾ ਤਾਂ ਕੋਈ ਗੱਲ ਨਹੀਂ। ਧੁਨ ਦੇ ਅਨੁਸਾਰ ਹੀ ਆਪਣੇ ਸਰੀਰ ਦੇ ਹਰ ਅੰਗ ਨੂੰ ਹਿਲਾਇਆ ਜਾਵੇ। ਜੇਕਰ ਇਹ ਸ਼ੁੱਭ ਕੰਮ ਸਵੇਰੇ ਕੀਤਾ ਜਾਵੇ ਤਾਂ ਸਭ ਤੋਂ ਵਧੀਆ ਨਹੀਂ ਤਾਂ ਕੋਈ ਗੱਲ ਨਹੀਂ। ਜਦੋਂ ਵੀ ਤੁਹਾਨੂੰ ਮੌਕਾ ਮਿਲੇ, ਸ਼ੁਰੂ ਹੋ ਜਾਓ।
ਨਾਚ ਕਰਨ ਨਾਲ ਹਰ ਅੰਗ ਦੀ ਕਸਰਤ ਹੁੰਦੀ ਹੈ। ਨਾਚ ਦਾ ਨਾਚ, ਕਸਰਤ ਦੀ ਕਸਰਤ, ਸਰੀਰ ਵਿਚ ਊਰਜਾ ਦਾ ਵਿਕਾਸ ਅਤੇ ਕਮਾਲ ਦੀ ਚੁਸਤੀ-ਫੁਰਤੀ।
**


ਖ਼ਬਰ ਸ਼ੇਅਰ ਕਰੋ

ਯੋਗ ਦੁਆਰਾ ਸ਼ੂਗਰ ਦਾ ਇਲਾਜ

aਵਰਤਮਾਨ ਸਮੇਂ ਵਿਚ ਸ਼ੂਗਰ ਦਾ ਪ੍ਰਕੋਪ ਬਹੁਤ ਤੇਜ਼ੀ ਨਾਲ ਵੱਡੀ ਗਿਣਤੀ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਬੰਨ੍ਹਦਾ ਜਾ ਰਿਹਾ ਹੈ। ਇਹ ਇਕ ਅਜਿਹੀ ਸਮੱਸਿਆ ਬਣ ਗਈ ਹੈ ਜਿਸ ਦਾ ਅੰਸ਼ਕ ਹੱਲ ਕਰਨਾ ਵੀ ਸੰਭਵ ਨਹੀਂ ਹੋ ਰਿਹਾ। ਨਿਯਮਤ ਰੂਪ ਨਾਲ ਦਵਾਈਆਂ ਦਾ ਸੇਵਨ ਕਰਨਾ ਅਤੇ ਖ਼ੂਨ ਸ਼ਰਕਰਾ ਦੀ ਜਾਂਚ ਕਰਾਉਂਦੇ ਰਹਿਣਾ ਸ਼ੂਗਰ ਰੋਗ ਤੋਂ ਪੀੜਤ ਰੋਗੀਆਂ ਦੀ ਨੀਤੀ ਜਿਹੀ ਬਣ ਚੁੱਕੀ ਹੈ।
ਸ਼ੂਗਰ ਦਾ ਪ੍ਰਕੋਪ ਅਚਾਨਕ ਨਾ ਹੋ ਕੇ ਹੌਲੀ-ਹੌਲੀ ਹੁੰਦਾ ਹੈ। ਇਸ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਮਧੂਮੇਹ ਅਤੇ ਮੂਤਰਮੇਹ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਮੂਤਰ ਦੇ ਨਾਲ ਸ਼ੱਕਰ ਨਿਕਲਣ ਦੀ ਸਥਿਤੀ ਵਿਚ ਇਹ ਮਧੂਮੇਹ ਕਹਾਉਂਦਾ ਹੈ ਅਤੇ ਬਹੁਤ ਜ਼ਿਆਦਾ ਮੂਤਰ ਹੋਣ ਦੀ ਦਸ਼ਾ ਵਿਚ ਇਸ ਨੂੰ ਮੂਤਰਮੇਹ ਕਿਹਾ ਜਾਂਦਾ ਹੈ।
ਇਹ ਰੋਗ ਹੋਣ 'ਤੇ ਕਬਜ਼, ਸਿਰਦਰਦ, ਭੁੱਖ-ਪਿਆਸ ਦੀ ਬਹੁਤਾਤ, ਪਿਸ਼ਾਬ ਦਾ ਵਾਰ-ਵਾਰ ਆਉਣਾ, ਚਮੜੀ ਦਾ ਖੁਸ਼ਕ ਅਤੇ ਖੁਰਦਰਾ ਹੋਣਾ, ਜ਼ਖਮ ਦਾ ਦੇਰ ਨਾਲ ਭਰਨਾ, ਹੱਥਾਂ-ਪੈਰਾਂ ਦਾ ਸੁੰਨ ਹੋ ਜਾਣਾ, ਘਬਰਾਹਟ, ਬੇਹੋਸ਼ੀ, ਉਨੀਂਦਰਾ, ਮਾਨਸਿਕ ਅਸੰਤੁਲਨ ਆਦਿ ਦੀਆਂ ਸਥਿਤੀਆਂ ਪ੍ਰਗਟ ਹੋਣ ਲਗਦੀਆਂ ਹਨ। ਰੋਗ ਦੇ ਜ਼ਿਆਦਾ ਵਧ ਜਾਣ 'ਤੇ ਸਰੀਰਕ ਸ਼ਕਤੀ ਵਿਚ ਕਮੀ, ਜੋੜਾਂ ਵਿਚ ਦਰਦ, ਨਜ਼ਰ ਕਮਜ਼ੋਰ ਹੋਣਾ, ਪਿੱਠ ਵਿਚ ਫੋੜੇ ਆਦਿ ਦਾ ਹੋਣਾ ਪਹਿਲੇ ਸੰਕੇਤ ਹੁੰਦੇ ਹਨ।
ਇਸ ਰੋਗ ਵਿਚ ਇੰਸੁਲਿਨ ਦੀ ਕਮੀ ਵਿਚ ਹਾਰਮੋਨਾਂ ਦੀ ਕਮੀ ਅਤੇ ਪਾਚਕ ਰਸ ਦੀ ਕਮੀ ਵਿਚ ਪਾਚਣ ਪ੍ਰਣਾਲੀ ਭੰਗ ਹੋ ਜਾਂਦੀ ਹੈ। ਮਾਨਸਿਕ ਤਣਾਅ ਦੇ ਕਾਰਨ ਪੈਂਕ੍ਰਿਆਜ਼ ਕੰਮ ਕਰਨਾ ਬੰਦ ਕਰ ਦਿੰਦੀ ਹੈ। ਫਲਸਰੂਪ ਬੀਟਾ ਸੈੱਲ ਜੋ ਇੰਸੁਲਿਨ ਪੈਦਾ ਕਰਦਾ ਹੈ, ਉਸ ਬੀਟਾ ਸੈੱਲ ਦੀ ਮਾਤਰਾ ਘੱਟ ਹੁੰਦੀ ਚਲੀ ਜਾਂਦੀ ਹੈ। ਇਸ ਕਾਰਨ ਖ਼ੂਨ ਵਿਚ ਚੀਨੀ ਦੀ ਮਾਤਰਾ ਵਧ ਜਾਂਦੀ ਹੈ ਅਤੇ ਇਹੀ ਵਾਧਾ ਸ਼ੂਗਰ ਰੋਗ ਬਣ ਕੇ ਸਰੀਰ ਨੂੰ ਹਰ ਤਰ੍ਹਾਂ ਨਾਲ ਦੁਰਬਲ ਬਣਾ ਸਕਦਾ ਹੈ।
ਯੋਗਦਰਸ਼ਨ ਇਕੋ-ਇਕ ਅਜਿਹਾ ਬਦਲ ਹੈ ਜੋ ਸਰੀਰ ਅਤੇ ਮਨ ਦੋਵਾਂ ਨੂੰ ਹੀ ਹਰ ਪੱਖੋਂ ਮਲ ਰਹਿਤ ਕਰਕੇ ਰੋਗ ਮੁਕਤੀ ਦਾ ਲਾਭ ਦਿੰਦਾ ਹੈ। ਯੋਗ ਕੁਦਰਤੀ ਜੀਵਨਸ਼ੈਲੀ 'ਤੇ ਆਧਾਰਿਤ ਹੁੰਦਾ ਹੈ ਜੋ ਆਤਮਗਿਆਨ ਨਾਲ ਤੰਦਰੁਸਤ ਤੇ ਲੰਮੀ ਜ਼ਿੰਦਗੀ ਜਿਉਣ ਦਾ ਮਾਰਗ ਦਰਸ਼ਨ ਕਰਦਾ ਹੈ। ਇਸ ਕਿਰਿਆ ਨਾਲ ਰੋਗੀ ਦੇ ਸਾਰੇ ਸਰੀਰਕ ਵਿਕਾਰ ਸ਼ੁੱਧ ਹੋ ਜਾਂਦੇ ਹਨ ਅਤੇ ਸ਼ੂਗਰ ਤੋਂ ਛੁਟਕਾਰਾ ਪਾਉਣ ਦੀ ਸੰਭਾਵਨਾ ਜ਼ਿਆਦਾ ਬਣ ਜਾਂਦੀ ਹੈ।
ਸਿੱਧ ਆਸਣ, ਸ਼ੀਰਸ਼ ਆਸਣ, ਸਰਵਾਂਗ ਆਸਣ, ਮਤਸਯ ਆਸਣ, ਅਰਧਮਤਸਏਂਦਰ ਆਸਣ, ਹਲ ਆਸਣ, ਚੱਕਰ ਆਸਣ ਅਤੇ ਮਿਊਰ ਆਸਣਾਂ ਦਾ ਅਭਿਆਸ ਸ਼ੂਗਰ ਦੇ ਰੋਗੀਆਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ।
ਯੋਗ ਅਭਿਆਸ ਦੇ ਨਾਲ-ਨਾਲ ਵਰਤ ਵੀ ਸ਼ੂਗਰ ਤੋਂ ਛੁਟਕਾਰਾ ਦਿਵਾਉਣ ਵਿਚ ਸਹਾਇਕ ਹੁੰਦਾ ਹੈ। ਵਰਤ ਦੇ ਸਮੇਂ ਖੱਟੇ ਫਲਾਂ ਦਾ ਰਸ, ਲੱਸੀ ਅਤੇ ਨਾਰੀਅਲ ਦਾ ਪਾਣੀ ਪੀਂਦੇ ਰਹਿਣੇ ਚਾਹੀਦਾ ਹੈ। ਆਹਾਰ ਸਿਧਾਂਤ ਦੇ ਅਨੁਸਾਰ ਰੋਗੀ ਨੂੰ ਕਾਰਬੋਹਾਈਡ੍ਰੇਟ ਦੀ ਮਾਤਰਾ ਨੂੰ ਘਟਾ ਕੇ ਪ੍ਰੋਟੀਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ।
ਬਹੁਤ ਜ਼ਿਆਦਾ ਮੋਟਾਪਾ ਅਤੇ ਸ਼ੂਗਰ ਦਾ ਗੂੜ੍ਹਾ ਸਬੰਧ ਹੁੰਦਾ ਹੈ। ਮੋਟਾਪੇ 'ਤੇ ਕਾਬੂ ਪਾਉਣ ਲਈ ਜ਼ਰੂਰੀ ਉਪਾਵਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ। ਇਸ ਵਾਸਤੇ ਮੰਡੂਕ ਆਸਣ, ਪੱਛਮੋਤਾਨ ਆਸਣ, ਮਿਊਰ ਆਸਣ, ਸੁਪਤ ਵਜਰ ਆਸਣ, ਧਨੁਰ ਆਸਣ ਅਤੇ ਅਰਧਮਤਸਏਂਦਰ ਆਸਣ ਦਾ ਅਭਿਆਸ ਉਪਯੋਗੀ ਸਿੱਧ ਹੁੰਦਾ ਹੈ।
ਸਵੇਰੇ ਖਾਲੀ ਪੇਟ ਔਲੇ ਦਾ ਪਾਣੀ ਜਾਂ ਰਸ ਅੱਧਾ ਗਿਲਾਸ ਪੀਣਾ, ਦਿਨ ਵਿਚ ਚਾਰ ਵਾਰ ਨਿੰਬੂ ਪਾਣੀ ਪੀਣਾ, ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ 250 ਗ੍ਰਾਮ ਕਰੇਲੇ ਦੇ ਰਸ ਵਿਚ 500 ਗ੍ਰਾਮ ਪਾਣੀ ਮਿਲਾ ਕੇ ਖੂਬ ਉਬਾਲ ਲਓ। ਜਦੋਂ ਪਾਣੀ 50 ਗ੍ਰਾਮ ਬਚ ਜਾਵੇ ਤਾਂ ਉਸ ਨੂੰ ਪੀਣਾ ਚਾਹੀਦਾ ਹੈ। ਦਹੀਂ ਅਤੇ ਮੇਥੀ ਦਾ ਸੇਵਨ ਲਾਭਦਾਇਕ ਹੁੰਦਾ ਹੈ। ਘਿਓ, ਖਟਿਆਈ, ਮਿਰਚ ਆਦਿ ਦੇ ਨਾਲ ਜ਼ਿਆਦਾ ਮਿੱਠੇ ਪਦਾਰਥਾਂ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ।
ਸ਼ੂਗਰ ਦੇ ਨਾਲ ਹੀ ਜੇਕਰ ਉੱਚ ਖੂਨ ਦਬਾਅ (ਹਾਈ ਬਲੱਡ ਪ੍ਰੈਸ਼ਰ) ਦੀ ਸ਼ਿਕਾਇਤ ਵੀ ਹੋਵੇ ਤਾਂ ਰੋਗੀ ਨੂੰ ਵਜਰ ਆਸਣ, ਸਿੱਧ ਆਸਣ, ਪਦਮ ਆਸਣ, ਮਤਸਯ ਆਸਣ ਅਤੇ ਸ਼ਵ ਆਸਣ ਦਾ ਵੀ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਮੋਟਾਪੇ 'ਤੇ ਛੇਤੀ ਕਾਬੂ ਪਾਇਆ ਜਾ ਸਕੇ।

ਦਿਲ ਦੇ ਦੌਰੇ ਤੋਂ ਬਚਾਅ ਲਈ ਕੁਝ ਨੁਸਖ਼ੇ

* ਚਰਬੀ ਵਾਲੇ ਭੋਜਨ ਦਾ ਸੇਵਨ ਘੱਟ ਕਰੋ।
* ਤੇਲਾਂ ਵਿਚ ਮੂੰਗਫਲੀ, ਸਰ੍ਹੋਂ ਦੀ ਵਰਤੋਂ ਕਰੋ। ਨਾਰੀਅਲ ਦੇ ਤੇਲ ਵਿਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਖਾਣੇ ਵਿਚ ਇਸ ਦੀ ਵਰਤੋਂ ਨਾ ਕਰੋ।
* ਹਰੀਆਂ ਸਬਜ਼ੀਆਂ, ਫਲ ਜ਼ਿਆਦਾ ਖਾਓ, ਕਿਉਂਕਿ ਇਨ੍ਹਾਂ ਵਿਚ ਵਿਟਾਮਿਨਜ਼ ਅਤੇ ਖਣਿਜ ਪਦਾਰਥ ਪਾਏ ਜਾਂਦੇ ਹਨ।
* ਆਂਡੇ ਵਿਚ ਚਰਬੀ ਜ਼ਿਆਦਾ ਹੁੰਦੀ ਹੈ, ਇਸ ਲਈ ਆਂਡੇ ਨਾ ਖਾਓ ਤਾਂ ਚੰਗਾ ਹੈ।
* ਮਟਨ ਨਾ ਖਾਓ। ਜੇ ਖਾਣਾ ਹੀ ਹੈ ਤਾਂ ਚਿਕਨ ਜਾਂ ਮੱਛੀ ਖਾਓ। ਮੱਛੀ ਖੂਨ ਵਿਚ ਕੋਲੈਸਟ੍ਰੋਲ ਘੱਟ ਕਰਦੀ ਹੈ।
* ਦੁੱਧ ਜ਼ਰੂਰ ਪੀਓ ਪਰ ਮਲਾਈ ਉਤਾਰ ਕੇ।
* ਲੱਸੀ ਦਾ ਸੇਵਨ ਲਾਭਦਾਇਕ ਹੈ।
* ਚੌਲਾਂ ਦੀ ਵਰਤੋਂ ਘੱਟ ਕਰੋ।
* ਪਾਣੀ ਜ਼ਿਆਦਾ ਮਾਤਰਾ ਵਿਚ ਪੀਓ।
* ਮੋਟਾਪਾ ਆਪਣੇ ਨੇੜੇ ਨਾ ਆਉਣ ਦਿਓ। ਪਤਲੇ ਬਣੇ ਰਹਿਣ ਦੀ ਕੋਸ਼ਿਸ਼ ਕਰੋ। ਇਸ ਵਾਸਤੇ ਸਵੇਰੇ-ਸ਼ਾਮ ਦੀ ਸੈਰ ਦੇ ਨਾਲ ਹੀ ਕਸਰਤ ਵੀ ਕਰ ਸਕਦੇ ਹੋ।
ਇਸ ਤੋਂ ਇਲਾਵਾ ਭੋਜਨ ਦੀ ਜੋ ਵੀ ਮਾਤਰਾ ਤੁਸੀਂ ਹੁਣ ਤੱਕ ਲੈਂਦੇ ਆਏ ਹੋ, ਉਸ ਵਿਚ ਕਮੀ ਕਰੋ।


-ਵਿਜਯਾ ਮਿਸ਼ਰਾ

ਜੋੜਾਂ ਵਿਚ ਦਰਦ : ਕਸਰਤ ਨਾਲ ਆਰਾਮ

ਜੋੜ ਸਰੀਰ ਨੂੰ ਚਲਾਉਣ ਵਿਚ ਸਹਾਇਤਾ ਕਰਦੇ ਹਨ। ਸਾਰੇ ਰੋਜ਼ਮਰ੍ਹਾ ਦੇ ਕੰਮ ਇਨ੍ਹਾਂ ਜੋੜਾਂ ਦੀ ਸਹਾਇਤਾ ਨਾਲ ਹੀ ਸੰਭਵ ਹੁੰਦੇ ਹਨ। ਇਨ੍ਹਾਂ ਜੋੜਾਂ ਵਿਚ ਬਹੁਤ ਜ਼ਿਆਦਾ ਉਮਰ, ਜ਼ਿਆਦਾ ਕੰਮ ਕਰਨ, ਸੱਟ ਲੱਗਣ, ਮੋਚ ਆਉਣ, ਖਿਚਾਅ, ਕੋਈ ਬਿਮਾਰੀ ਜਾਂ ਖਾਨਦਾਨੀ ਕਾਰਨਾਂ ਕਰਕੇ ਕੁਝ ਬਦਲਾਅ ਆ ਜਾਂਦਾ ਹੈ। ਇਹ ਵਿਅਕਤੀ ਦਾ ਦੁਸ਼ਮਣ ਬਣ ਕੇ ਉਸ ਨੂੰ ਤੁਰਨ-ਫਿਰਨ ਤੋਂ ਅਸਮਰੱਥ ਕਰ ਦਿੰਦਾ ਹੈ।
ਇਸ ਬਦਲਾਅ ਦਾ ਪਹਿਲਾ ਸੰਕੇਤ ਜੋੜਾਂ ਵਿਚ ਦਰਦ ਦੇ ਰੂਪ ਵਿਚ ਹੁੰਦਾ ਹੈ, ਜਿਸ ਨੂੰ ਪੀੜਤ ਵਿਅਕਤੀ ਪਹਿਲਾਂ-ਪਹਿਲਾਂ ਅਣਡਿੱਠ ਕਰਦਾ ਹੈ। ਬਾਅਦ ਵਿਚ ਇਹੀ ਦਰਦ ਪ੍ਰੇਸ਼ਾਨੀ ਦਾ ਵੱਡਾ ਕਾਰਨ ਬਣ ਜਾਂਦਾ ਹੈ। ਜੋੜਾਂ ਵਿਚ ਦਰਦ, ਗੋਡਿਆਂ ਵਿਚ ਦਰਦ ਦੀ ਪ੍ਰੇਸ਼ਾਨੀ ਆਦਿ ਵਾਰ-ਵਾਰ ਹੋਵੇ ਤਾਂ ਉਸ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ।
ਕਾਰਨ ਅਤੇ ਪ੍ਰਭਾਵ
ਇਹ ਆਸਟਿਓ ਆਰਥਰਾਈਟਿਸ, ਰਿਊਮੇਟਾਈਡ ਆਰਥਰਾਈਟਸ, ਲੰਬਰ ਸਪਾਂਡਿਲਾਇਟਿਸ, ਸਰਵਾਈਕਲ ਸਪਾਂਡਿਲਾਇਟਿਸ, ਆਸਟਿਓਪੋਰੋਸਿਸ, ਉੱਠਣ-ਬੈਠਣ ਦੇ ਗ਼ਲਤ ਢੰਗ, ਟੀ. ਬੀ. ਆਦਿ ਸੰਕ੍ਰਮਣ ਨਾਲ ਹੁੰਦਾ ਹੈ, ਜਿਸ ਨਾਲ ਗੋਡੇ, ਕਮਰ, ਕੂਹਣੀ, ਅੱਡੀ, ਗਲੇ ਅਤੇ ਕਮਰ ਦੀ ਰੀੜ੍ਹ ਦੀ ਹੱਡੀ, ਕਦੇ-ਕਦੇ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ।
ਮੋਟੇ ਵਿਅਕਤੀ ਜ਼ਿਆਦਾ ਦੇਰ ਤੱਕ ਖੜ੍ਹੇ ਹੋ ਕੇ ਕੰਮ ਕਰਨ ਵਾਲੇ ਜਾਂ ਗ਼ਲਤ ਤਰੀਕੇ ਨਾਲ ਉੱਠਣ-ਬੈਠਣ ਵਾਲੇ ਵਿਅਕਤੀ ਇਸ ਤੋਂ ਪੀੜਤ ਹੁੰਦੇ ਹਨ। ਇਸ ਨੂੰ ਲੈ ਕੇ ਗ਼ਲਤ-ਫਹਿਮੀਆਂ ਜ਼ਿਆਦਾ ਹਨ, ਜਿਵੇਂ ਇਹ ਬਿਮਾਰੀ ਜ਼ਿਆਦਾ ਉਮਰ ਵਾਲਿਆਂ ਨੂੰ ਹੁੰਦੀ ਹੈ ਜਾਂ ਇਹ ਠੰਢ ਦੀ ਵਜ੍ਹਾ ਨਾਲ ਹੁੰਦੀ ਹੈ। ਇਹ ਰੋਗ ਜ਼ਿਆਦਾ ਮਿਹਨਤ ਕਰਨ ਨਾਲ ਹੁੰਦਾ ਹੈ ਜਾਂ ਭੋਜਨ ਦੀ ਕਮੀ ਨਾਲ ਹੁੰਦਾ ਹੈ। ਇਹ ਦੂਜੇ ਜੋੜਾਂ ਵਿਚ ਵੀ ਫੈਲਦਾ ਹੈ। ਇਸ ਤਰ੍ਹਾਂ ਦੀਆਂ ਕਈ ਗ਼ਲਤ-ਫਹਿਮੀਆਂ ਦੇਖਣ-ਸੁਣਨ ਨੂੰ ਮਿਲਦੀਆਂ ਹਨ।
ਲੱਛਣ ਅਤੇ ਇਲਾਜ
ਜੋੜਾਂ ਵਿਚ ਸੋਜ ਹੁੰਦੀ ਹੈ। ਪਹਿਲਾਂ ਥੋੜ੍ਹੀ ਅਤੇ ਬਾਅਦ ਵਿਚ ਅਸਹਿਣਯੋਗ ਦਰਦ ਹੁੰਦੀ ਹੈ। ਸਵੇਰੇ ਉਠਦੇ ਸਮੇਂ ਜੋੜਾਂ ਵਿਚ ਸਖਤਾਈ ਮਹਿਸੂਸ ਹੁੰਦੀ ਹੈ। ਜੋੜਾਂ ਦੀਆਂ ਗਤੀਵਿਧੀਆਂ ਘੱਟ ਹੋ ਜਾਂਦੀਆਂ ਹਨ। ਕਦੇ-ਕਦੇ ਜੋੜਾਂ ਵਿਚ ਲਾਲੀ ਦਿਸਦੀ ਹੈ। ਤੁਰਨ, ਉੱਠਣ, ਬੈਠਣ ਵੇਲੇ ਦਰਦ ਹੁੰਦੀ ਹੈ। ਐਕਸਰੇ ਵਿਚ ਜੋੜਾਂ 'ਤੇ ਫਰਕ ਘੱਟ ਦਿਸਦਾ ਹੈ। ਇਲਾਜ ਨਾ ਹੋਣ 'ਤੇ ਪੀੜਤ ਭਾਗ ਟੇਢਾ ਹੋ ਜਾਂਦਾ ਹੈ।
ਅਜਿਹੀ ਹਾਲਤ ਵਿਚ ਘੱਟ ਦਰਦ ਵਾਲੀ ਗਤੀਵਿਧੀ ਕਰੋ। ਆਰਾਮ ਕਰੋ। ਖੂੰਡੀ ਦੀ ਵਰਤੋਂ ਕਰੋ। ਪੀੜਤ ਭਾਗ 'ਤੇ ਗਰਮ-ਠੰਢਾ ਸੇਕ ਕਰੋ। ਹੌਲੀ-ਹੌਲੀ ਕਸਰਤ ਕਰੋ। ਜ਼ਿਆਦਾ ਗਰਮੀ ਜਾਂ ਠੰਢ ਵਿਚ ਰਹਿ ਕੇ ਕਸਰਤ ਨਾ ਕਰੋ। ਥੱਕੇ ਹੋਵੋ ਤਾਂ ਕਸਰਤ ਨਾ ਕਰੋ। ਆਪਣੀ ਦਵਾਈ ਲੈਣ ਤੋਂ ਬਾਅਦ ਕਸਰਤ ਕਰੋ। ਇਸ ਨੂੰ ਹੌਲੀ-ਹੌਲੀ ਵਧਾਉਂਦੇ ਜਾਓ ਪਰ ਭਾਰੀ ਜਾਂ ਜ਼ਿਆਦਾ ਕਸਰਤ ਨਾ ਕਰੋ।
ਇਹ ਦਰਦ ਜੇ ਦੋ ਜਾਂ ਤਿੰਨ ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਹੁੰਦਾ ਰਹਿੰਦਾ ਹੈ ਤਾਂ ਇਲਾਜ ਬਹੁਤ ਜ਼ਰੂਰੀ ਹੋ ਜਾਂਦਾ ਹੈ। ਦਰਦਨਾਸ਼ਕ ਦਵਾਈ ਜਾਂ ਘਰੇਲੂ ਇਲਾਜ ਦੀ ਬਜਾਏ ਫਿਜ਼ਿਓਥੈਰੇਪਿਸਟ ਤੋਂ ਸਲਾਹ ਲੈ ਕੇ ਉਸ ਦੇ ਦੱਸੇ ਮੁਤਾਬਿਕ ਜੋੜਾਂ ਦੀ ਕਸਰਤ ਕਰੋ। ਇਸ ਨਾਲ ਜੋੜਾਂ ਦਾ ਅੰਤਰ ਵਧਦਾ ਹੈ। ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ। ਇਸ ਕਸਰਤ ਵਿਚ ਆਧੁਨਿਕ ਮਸ਼ੀਨਾਂ ਤੋਂ ਵੀ ਕੰਮ ਲਿਆ ਜਾਂਦਾ ਹੈ। ਫਿਜ਼ਿਓਥੈਰੇਪਿਸਟ ਬਿਮਾਰੀ ਜਾਂ ਮਰੀਜ਼ ਦੀ ਸਥਿਤੀ ਦੇਖ ਕੇ ਜੋੜਾਂ ਦੀ ਕਸਰਤ ਨਿਰਧਾਰਤ ਕਰਦਾ ਹੈ।

ਕੀ ਕਰੀਏ, ਕੀ ਨਾ ਕਰੀਏ?
ਭਾਰ, ਮੋਟਾਪਾ ਘਟਾਉਣ ਦੀ ਕੋਸ਼ਿਸ਼ ਕਰੋ। ਉੱਠਣ-ਬੈਠਣ ਦਾ ਢੰਗ ਠੀਕ ਕਰੋ। ਗਰਮ ਪਾਣੀ ਨਾਲ ਸੇਕ ਕਰੋ। ਦੌੜ-ਭੱਜ ਘੱਟ ਕਰੋ। ਪੌੜੀਆਂ ਘੱਟ ਚੜ੍ਹੋ ਜਾਂ ਘੱਟ ਉਤਰੋ। ਨਿਯਮਤ ਰੂਪ ਵਿਚ ਨਿਰਧਾਰਤ ਕਸਰਤ ਕਰੋ। ਜੁਆਇੰਟ ਸਪੋਰਟਰ ਜਾਂ ਬੇਸ ਦੀ ਵਰਤੋਂ ਕਰੋ। ਜੰਕ ਫੂਡ, ਤਲਿਆ ਭੋਜਨ ਅਤੇ ਭਾਰ ਵਧਾਉਣ ਵਾਲੀਆਂ ਚੀਜ਼ਾਂ ਨਾ ਖਾਓ। ਮੋਟੇ ਗੱਦੇ 'ਤੇ ਨਾ ਸੌਵੋਂ। ਭਾਰੀ ਭੋਜਨ ਨਾ ਕਰੋ। ਦਰਦ 'ਤੇ ਜ਼ਿਆਦਾ ਧਿਆਨ ਨਾ ਦਿਓ।
***

ਕ੍ਰਿਸ਼ਮਈ ਖਣਿਜ : ਕੈਲਸ਼ੀਅਮ

ਕੈਲਸ਼ੀਅਮ ਸਾਡੀਆਂ ਹੱਡੀਆਂ ਦੀ ਮਜ਼ਬੂਤੀ ਅਤੇ ਤੰਦਰੁਸਤ ਦੰਦਾਂ ਲਈ ਜ਼ਰੂਰੀ ਹੈ ਪਰ ਇਸ ਤੋਂ ਇਲਾਵਾ ਕੈਲਸ਼ੀਅਮ ਬਹੁਤ ਸਾਰੀਆਂ ਸਰੀਰਕ ਕਿਰਿਆਵਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹੀ ਨਹੀਂ, ਕੈਲਸ਼ੀਅਮ ਦਾ ਸੇਵਨ ਕਈ ਰੋਗਾਂ ਨੂੰ ਦੂਰ ਵੀ ਰੱਖਦਾ ਹੈ। ਏਨੇ ਮਹੱਤਵਪੂਰਨ ਪੋਸ਼ਕ ਤੱਤ ਦੇ ਲਾਭ ਜਾਣਦੇ ਹੋਏ ਵੀ ਸਾਡੇ ਵਿਚੋਂ ਕੋਈ ਵਿਅਕਤੀ ਇਸ ਖਣਿਜ ਦੀ ਸਹੀ ਮਾਤਰਾ ਦਾ ਸੇਵਨ ਨਹੀਂ ਕਰਦਾ। ਮਾਹਿਰ ਤਾਂ ਕੈਲਸ਼ੀਅਮ ਨੂੰ 'ਮਿਰੇਕਲ ਮਿਨਰਲ' ਮੰਨਦੇ ਹਨ।
ਨਵੀਨਤਮ ਖੋਜਾਂ ਨਾਲ ਸਾਹਮਣੇ ਆਇਆ ਹੈ ਕਿ ਗਰਭਵਤੀ ਔਰਤ ਨੂੰ ਵਾਧੂ ਕੈਲਸ਼ੀਅਮ ਦੀ ਲੋੜ ਹੁੰਦੀ ਹੈ ਅਤੇ ਇਸ ਦਾ ਸੇਵਨ ਗਰਭਵਤੀ ਔਰਤ ਨੂੰ ਗਰਭ ਅਵਸਥਾ ਨਾਲ ਸਬੰਧਤ ਹਾਈਪਰਟੈਂਸਿਵ ਡਿਸਆਡਰਸ ਤੋਂ ਵੀ ਸੁਰੱਖਿਆ ਦਿੰਦਾ ਹੈ। ਇਨ੍ਹਾਂ ਵਿਕਾਰਾਂ ਦੇ ਕਾਰਨ ਬੱਚੇ ਦਾ ਪੂਰੀ ਤਰ੍ਹਾਂ ਪਲਣ ਤੋਂ ਪਹਿਲਾਂ ਜਨਮ ਹੋਣਾ, ਬੱਚੇ ਦਾ ਘੱਟ ਭਾਰ ਹੋਣਾ ਅਤੇ ਕਈ ਹੋਰ ਮਾੜੇ ਨਤੀਜੇ ਹੋ ਸਕਦੇ ਹਨ। ਇਸ ਲਈ ਗਰਭਵਤੀ ਔਰਤਾਂ ਨੂੰ ਕੈਲਸ਼ੀਅਮ ਦਾ ਜ਼ਿਆਦਾ ਕਰਨ ਨੂੰ ਕਿਹਾ ਜਾਂਦਾ ਹੈ।
ਕੈਲਸ਼ੀਅਮ ਓਸਟਿਓਪੋਰੋਸਿਸ ਰੋਗ ਤੋਂ ਵੀ ਸੁਰੱਖਿਆ ਦਿੰਦਾ ਹੈ। ਇਸ ਰੋਗ ਵਿਚ ਹੱਡੀਆਂ ਕਮਜ਼ੋਰ ਅਤੇ ਮ੍ਰਿਦੁ ਹੋ ਜਾਂਦੀਆਂ ਹਨ ਅਤੇ ਹੱਡੀ ਟੁੱਟਣ ਦੀ ਸੰਭਾਵਨਾ ਵਧ ਜਾਂਦੀ ਹੈ। ਨਵੀਆਂ ਖੋਜਾਂ ਵਿਚ ਇਹ ਸਾਹਮਣੇ ਆਇਆ ਹੈ ਕਿ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਦਾ ਸੇਵਨ ਹੱਡੀਆਂ ਵਿਚ ਹੋਣ ਵਾਲੇ ਇਸ ਕਸ਼ਯ ਨੂੰ ਰੋਕਦਾ ਹੈ ਅਤੇ ਆਸਟਿਓਪੋਰੋਸਿਸ ਦੇ ਫਲਸਰੂਪ ਹੋਣ ਵਾਲੇ ਟੁੱਟ-ਭੱਜ ਵਿਚ ਵੀ ਕਮੀ ਲਿਆਉਂਦਾ ਹੈ। ਜੇਕਰ ਕੈਲਸ਼ੀਅਮ ਨੂੰ ਵਿਟਾਮਿਨ 'ਡੀ' ਦੇ ਨਾਲ ਲਿਆ ਜਾਵੇ ਤਾਂ ਸਰੀਰ ਦੁਆਰਾ ਇਸ ਮਿਨਰਲ ਨੂੰ ਗ੍ਰਹਿਣ ਕਰਨ ਦੀ ਸਮਰੱਥਾ ਵੀ ਵਧਦੀ ਹੈ।
ਮਾਹਿਰਾਂ ਅਨੁਸਾਰ ਬਚਪਨ ਤੋਂ ਹੀ ਕੈਲਸ਼ੀਅਮ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ ਅਤੇ ਇਸ ਵਾਸਤੇ ਕੈਲਸ਼ੀਅਮ ਦੇ ਚੰਗੇ ਸਰੋਤਾਂ ਦੁੱਧ, ਦਹੀਂ, ਦਾਲ, ਪਨੀਰ, ਸਾਬਤ ਅਨਾਜ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਅੱਜਕਲ੍ਹ ਡੱਬਾਬੰਦ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦਾ ਪ੍ਰਚਲਨ ਵਧ ਗਿਆ ਹੈ ਪਰ ਇਹ ਅਮੀਨੋ ਐਸਿਡ ਯੁਕਤ ਹੁੰਦੇ ਹਨ ਅਤੇ ਇਨ੍ਹਾਂ ਵਿਚ ਸਲਫਰ ਅਤੇ ਫਾਸਫੋਰਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕੈਲਸ਼ੀਅਮ ਨੂੰ ਨਸ਼ਟ ਕਰਦੇ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਨਾ ਕਰੋ।
ਔਰਤਾਂ ਲਈ ਹੋਰ ਕਈ ਹਾਲਤਾਂ ਵਿਚ ਵੀ ਕੈਲਸ਼ੀਅਮ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਖੋਜ ਵਿਚ ਔਰਤਾਂ ਨੂੰ ਜਦੋਂ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਦਾ ਸੇਵਨ ਕਰਾਇਆ ਗਿਆ ਤਾਂ ਉਨ੍ਹਾਂ ਵਿਚ ਕੈਲਸ਼ੀਅਮ ਦਾ ਸੇਵਨ ਨਾ ਕਰਨ ਵਾਲੀਆਂ ਔਰਤਾਂ ਦੀ ਤੁਲਨਾ ਵਿਚ ਘੱਟ ਤਕਲੀਫਾਂ ਪਾਈਆਂ ਗਈਆਂ। ਉਨ੍ਹਾਂ ਵਿਚ ਪੇਟ ਦਰਦ, ਪਿੱਠ ਦਰਦ, ਚਿੜਚਿੜਾਪਨ ਆਦਿ ਘੱਟ ਪਾਇਆ ਗਿਆ।
ਅੱਜ ਹਰ ਦੂਜੇ ਵਿਅਕਤੀ ਨੂੰ ਹਾਈਪਰਟੈਨਸ਼ਨ ਜਾਂ ਉੱਚ ਖੂਨ ਦਬਾਅ ਹੈ। ਇਸ ਨੂੰ 'ਸਾਈਲੈਂਟ ਕਿੱਲਰ' ਮੰਨਿਆ ਜਾਂਦਾ ਹੈ, ਕਿਉਂਕਿ ਇਸ ਦੇ ਲੱਛਣ ਸਾਲਾਂ ਤੱਕ ਉੱਭਰ ਕੇ ਸਾਹਮਣੇ ਨਹੀਂ ਆਉਂਦੇ ਅਤੇ ਇਹ ਸਰੀਰ ਦੇ ਮਹੱਤਵਪੂਰਨ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਰਹਿੰਦਾ ਹੈ। ਇਹ ਅਧਰੰਗ, ਦਿਲ ਦੇ ਦੌਰੇ, ਗੁਰਦੇ ਨਾਲ ਸਬੰਧਤ ਰੋਗਾਂ ਦਾ ਕਾਰਨ ਬਣਦਾ ਹੈ। ਜੇ ਇਸ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਵਿਅਕਤੀ ਦੀ ਉਮਰ ਹੱਦ ਵੀ ਘੱਟ ਹੋ ਸਕਦੀ ਹੈ। ਹਰ ਰੋਜ਼ ਕੈਲਸ਼ੀਅਮ ਦੀ ਉਚਿਤ ਮਾਤਰਾ ਦਾ ਸੇਵਨ ਕਰਨ ਨਾਲ ਤੁਸੀਂ ਕਈ ਰੋਗਾਂ ਤੋਂ ਸੁਰੱਖਿਆ ਪਾ ਸਕਦੇ ਹੋ। ਇਸ ਲਈ ਆਪਣੇ ਭੋਜਨ ਵਿਚ ਦਹੀਂ, ਮੱਛੀ, ਕੇਲਾ ਆਦਿ ਨੂੰ ਸ਼ਾਮਿਲ ਕਰੋ।


-ਸੋਨੀ ਮਲਹੋਤਰਾ

ਮਾਲਿਸ਼ ਨਾਲ ਮਿਲਦੀ ਹੈ ਚੁਸਤੀ-ਫੁਰਤੀ

ਮਾਲਿਸ਼ ਅਰਥਾਤ ਮਸਾਜ ਭਾਰਤੀ ਜਨ-ਜੀਵਨ ਵਿਚ ਪ੍ਰਚਲਤ ਸਿਹਤ ਲਾਭ ਦੀ ਇਕ ਸੁਭਾਵਿਕ ਪ੍ਰਕਿਰਿਆ ਹੈ। ਇਸ ਦੀ ਲੋੜ ਬਾਲ ਉਮਰ ਤੋਂ ਲੈ ਕੇ ਬੁਢਾਪੇ ਤੱਕ ਬਣੀ ਰਹਿੰਦੀ ਹੈ। ਮਨੁੱਖੀ ਜੀਵਨ ਦੇ ਹਰ ਪੜਾਅ ਵਿਚ ਅਤੇ ਰੋਗਾਂ ਦੀ ਕਿਸੇ ਵੀ ਹਾਲਤ ਵਿਚ ਸਹੀ ਮਾਲਿਸ਼ ਨਾਲ ਲਾਭ ਪਾਇਆ ਜਾ ਸਕਦਾ ਹੈ।
ਇਹ ਸਭ ਤੋਂ ਜ਼ਿਆਦਾ ਪ੍ਰਾਚੀਨ ਆਯੁਰਵੈਦ ਚਿਕਿਤਸਕਾਂ ਵਿਚ ਸਿਹਤ ਦੇ ਲਾਭ ਪੱਖੋਂ ਵਰਨਣਯੋਗ ਹੈ। ਆਯੁਰਵੈਦ ਚਿਕਿਤਸਕ ਇਸ ਨੂੰ ਅਪਣਾਉਣ ਦੀ ਸਲਾਹ ਦਿੰਦੇ ਹਨ ਜਦੋਂ ਕਿ ਆਧੁਨਿਕ ਚਿਕਿਤਸਾ ਜਗਤ ਇਸ 'ਤੇ ਵੰਡਿਆ ਹੋਇਆ ਹੈ।
ਆਮ ਲੋਕ ਇਸ ਨੂੰ ਰੋਗਾਂ ਦਾ ਇਲਾਜ ਕਰਨ ਦਾ ਸਭ ਤੋਂ ਵਧੀਆ ਅਤੇ ਸੌਖਾ ਤਰੀਕਾ ਮੰਨਦੇ ਹਨ। ਇਹ ਹਜ਼ਾਰਾਂ ਸਾਲਾਂ ਤੋਂ ਪੀੜ੍ਹੀ-ਦਰ-ਪੀੜ੍ਹੀ ਆਪਣੇ ਦੇਸ਼ ਦੇ ਹਰ ਘਰ ਵਿਚ ਚਲੀ ਆ ਰਹੀ ਇਕ ਆਮ ਪਰੰਪਰਾ ਹੈ।
ਇਸ ਨਾਲ ਸਰੀਰ ਦੀ ਅੰਦਰੂਨੀ ਅਤੇ ਬਾਹਰੀ ਸਫ਼ਾਈ ਵੀ ਹੁੰਦੀ ਹੈ। ਟਾਕਸਿਨ ਅਰਥਾਤ ਜ਼ਹਿਰੀਲੇ ਤੱਤ ਪ੍ਰਦੂਸ਼ਣ ਆਦਿ ਦੇ ਕਾਰਨ ਸਰੀਰ ਵਿਚ ਜਮ੍ਹਾਂ ਹੋ ਜਾਂਦੇ ਹਨ ਜੋ ਅੱਗੇ ਕਈ ਰੋਗਾਂ ਦਾ ਕਾਰਨ ਬਣ ਜਾਂਦੇ ਹਨ। ਮਾਲਿਸ਼ ਇਨ੍ਹਾਂ ਜ਼ਹਿਰੀਲੇ ਤੱਤਾਂ ਨੂੰ ਸਰੀਰ ਵਿਚੋਂ ਬਾਹਰ ਕੱਢਦੀ ਹੈ। ਇਹ ਸਰੀਰ ਨੂੰ ਚਰਬੀ ਰਹਿਤ ਅਤੇ ਮੋਟਾਪਾ ਘੱਟ ਕਰਕੇ ਸੁਡੌਲ ਬਣਾਉਂਦੀ ਹੈ। ਇਹ ਖੂਨ ਦੇ ਪ੍ਰਵਾਹ ਨੂੰ ਸੁਧਾਰਦੀ ਹੈ। ਇਹ ਕਿਸੇ ਦਰਦ ਦੀ ਸਥਿਤੀ ਵਿਚ ਉਸ ਨੂੰ ਦੂਰ ਕਰਦੀ ਹੈ। ਇਹ ਤਣਾਅ ਤੋਂ ਰਾਹਤ ਦਿਵਾਉਂਦੀ ਹੈ। ਚਿੰਤਾਮੁਕਤ ਅਤੇ ਖੁਸ਼ ਰੱਖਦੀ ਹੈ।
ਮਾਲਿਸ਼ ਨਾਲ ਸਰੀਰ ਦੀਆਂ ਪ੍ਰਣਾਲੀਆਂ ਸੁਧਰਦੀਆਂ ਹਨ। ਚੰਗੀ ਨੀਂਦ ਆਉਂਦੀ ਹੈ। ਇਹ ਸਰੀਰ ਨੂੰ ਚੁਸਤੀ-ਫੁਰਤੀ ਨਾਲ ਭਰ ਦਿੰਦੀ ਹੈ। ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਮਾਲਿਸ਼ ਦੀਆਂ ਕਈ ਕਿਸਮਾਂ ਅਤੇ ਵਿਧੀਆਂ ਹਨ। ਇਥੇ ਸਵੇਰੇ ਉੱਠ ਕੇ ਸਰੀਰ ਦੀ ਸਫ਼ਾਈ ਤੋਂ ਬਾਅਦ ਮਾਲਿਸ਼ ਕਰਕੇ ਨਹਾਉਣ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਮਾਲਿਸ਼ ਕਰਨ ਦੀ ਪ੍ਰਾਚੀਨ ਪਰੰਪਰਾ ਹੈ। ਬਾਲ ਅਵਸਥਾ ਵਿਚ ਬੱਚੇ ਅਤੇ ਬਾਲਕ ਨੂੰ ਤੇਲ ਲਗਾ ਕੇ ਮਾਲਿਸ਼ ਕਰਨ ਦੀ ਪਰੰਪਰਾ ਹੈ। ਰੋਗਾਣੂਅਵਸਥਾ ਵਿਚ ਵੀ ਰੋਗੀ ਦੀ ਮਾਲਿਸ਼ ਕੀਤੀ ਜਾਂਦੀ ਹੈ।
ਮਾਲਿਸ਼ ਕਦੋਂ, ਕਿਵੇਂ?
* ਸਵੇਰੇ ਪਖਾਨਾ ਜਾਣ ਤੋਂ ਬਾਅਦ ਅਤੇ ਨਹਾਉਣ ਤੋਂ ਪਹਿਲਾਂ ਮਾਲਿਸ਼ ਕਰਨੀ ਠੀਕ ਹੁੰਦੀ ਹੈ।
* ਮਾਲਿਸ਼ ਖੁਦ ਕਰੋ ਜਾਂ ਦੂਜਿਆਂ ਤੋਂ ਕਰਵਾਓ।
* ਮਾਲਿਸ਼ ਹਮੇਸ਼ਾ ਖਾਲੀ ਪੇਟ ਕੀਤੀ ਜਾਂਦੀ ਹੈ।
* ਮਾਲਿਸ਼ ਹਮੇਸ਼ਾ ਹਲਕੇ-ਹਲਕੇ ਦਬਾਅ ਨਾਲ ਕਰੋ।
* ਸਭ ਤੋਂ ਅਖੀਰ ਵਿਚ ਸਿਰ ਦੀ ਮਾਲਿਸ਼ ਕੀਤੀ ਜਾਂਦੀ ਹੈ।
* ਮਾਲਿਸ਼ ਤੋਂ ਤੁਰੰਤ ਬਾਅਦ ਕੋਸੇ ਪਾਣੀ ਨਾਲ ਨਹਾਓ।
* ਬੁਖਾਰ, ਕਬਜ਼, ਵਰਤ, ਉਲਟੀ, ਦਸਤ, ਗਰਭ ਅਵਸਥਾ, ਹੱਡੀ ਟੁੱਟਣ, ਸੁੱਜੇ ਹੋਏ ਸਥਾਨ ਦੀ ਮਾਲਸ਼ ਨਾ ਕਰੋ। ਦਿਲ ਦੇ ਰੋਗ ਦੀ ਹਾਲਤ ਵਿਚ ਦਿਲ ਤੋਂ ਬਾਹਰ ਵੱਲ ਨੂੰ ਮਾਲਿਸ਼ ਕਰੋ।
ਮਾਲਿਸ਼ ਦੇ ਲਾਭ
* ਇਸ ਨਾਲ ਚੁਸਤੀ-ਫੁਰਤੀ ਮਿਲਦੀ ਹੈ। ਸਰੀਰ ਤੰਦਰੁਸਤ ਅਤੇ ਮਨ ਖ਼ੁਸ਼ ਰਹਿੰਦਾ ਹੈ। ਇਹ ਸਭ ਰੋਗਾਂ ਤੋਂ ਬਚਾਉਂਦੀ ਹੈ।
* ਮਾਲਿਸ਼ ਨਾਲ ਥਕਾਵਟ ਦੂਰ ਹੁੰਦੀ ਹੈ। ਚਮੜੀ ਚਮਕਦਾਰ ਅਤੇ ਮੁਲਾਇਮ ਹੋ ਜਾਂਦੀ ਹੈ। ਝੁਰੜੀਆਂ ਛੇਤੀ ਨਹੀਂ ਪੈਂਦੀਆਂ।
* ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।
* ਇਸ ਨਾਲ ਜਕੜਨ ਅਤੇ ਥਕਾਵਟ ਦੂਰ ਹੁੰਦੀ ਹੈ। ਮਨ ਸ਼ਾਂਤ ਹੁੰਦਾ ਹੈ ਅਤੇ ਗੂੜ੍ਹੀ ਨੀਂਦ ਆਉਂਦੀ ਹੈ।
* ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ।
* ਮਾਲਿਸ਼ ਨਾਲ ਸਰੀਰ ਦੀ ਟੁੱਟ-ਭੱਜ ਦੀ ਮੁਰੰਮਤ ਹੁੰਦੀ ਹੈ।
* ਇਸ ਨਾਲ ਖੂਨ ਦਾ ਪ੍ਰਵਾਹ ਸੁਧਰਦਾ ਹੈ।
* ਇਸ ਨਾਲ ਸਰੀਰ ਦੇ ਸਾਰੇ ਅੰਗ ਕਿਰਿਆਸ਼ੀਲ ਹੁੰਦੇ ਹਨ।
* ਮਾਲਿਸ਼ ਸਰੀਰਕ ਦਰਦ ਦੂਰ ਕਰਦੀ ਹੈ।
* ਮਾਲਿਸ਼ ਤਣਾਅਮੁਕਤ ਕਰਕੇ ਮਾਨਸਿਕ ਰਾਹਤ ਦਿਵਾਉਂਦੀ ਹੈ।
ਤੇਲ ਮਾਲਿਸ਼ ਲਈ ਸਰ੍ਹੋਂ ਦਾ ਤੇਲ, ਜੈਤੂਨ ਦਾ ਤੇਲ, ਤਿਲ ਦਾ ਤੇਲ, ਬਦਾਮ ਦਾ ਤੇਲ, ਮੂੰਗਫਲੀ ਦਾ ਤੇਲ, ਰਾਈ ਦਾ ਤੇਲ ਆਦਿ ਵਰਤੇ ਜਾਂਦੇ ਹਨ।
ਸਾਰੇ ਤੇਲਾਂ ਵਿਚ ਲਾਭ ਦੇਣ ਵਾਲੇ ਵੱਖ-ਵੱਖ ਗੁਣ ਹੁੰਦੇ ਹਨ। ਕੇਰਲ ਵਿਚ ਕੀਤੀ ਜਾਣ ਵਾਲੀ ਆਯੁਰਵੈਦਿਕ ਮਾਲਿਸ਼, ਅਭਿਅੰਗ ਮਸਾਜ ਸਿਹਤ ਲਾਭ ਲਈ ਵਿਸ਼ਵ ਵਿਚ ਪ੍ਰਸਿੱਧ ਹੈ। ਇਸ ਵਿਚ ਤੇਲਾਂ ਦੇ ਨਾਲ ਆਯੁਰਵੈਦ ਜੜ੍ਹੀਆਂ ਬੂਟੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ।


-ਨੀਲਿਮਾ ਦਿਵੇਦੀ

ਸਿਹਤ ਖ਼ਬਰਨਾਮਾ

ਵਿਟਾਮਿਨ 'ਈ' ਪਾਰਕਿੰਸਨ ਰੋਗ ਹੋਣ ਦੀ ਸੰਭਾਵਨਾ ਘੱਟ ਕਰਦਾ ਹੈ

ਨਿਊ ਜਰਸੀ ਵਿਚ ਯੂਨੀਵਰਸਿਟੀ ਆਫ ਮੈਡੀਸਨ ਐਂਡ ਡੈਂਟਿਸਟ੍ਰੀ ਦੇ ਮਨੋਰੋਗ ਮਾਹਿਰ ਡਾ: ਲਾਰੈਂਸ ਕੋਲਬੇ ਅਨੁਸਾਰ ਜੇਕਰ ਵਿਟਾਮਿਨ 'ਈ' ਦਾ ਸੇਵਨ ਸ਼ੁਰੂ ਤੋਂ ਹੀ ਠੀਕ ਮਾਤਰਾ ਵਿਚ ਨਾ ਕੀਤਾ ਜਾਵੇ ਤਾਂ ਬਾਅਦ ਵਿਚ ਵਧਦੀ ਉਮਰ ਵਿਚ ਪਾਰਕਿੰਸਨ ਰੋਗ ਦੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਹਾਲੇ ਤੱਕ ਪਾਰਕਿੰਸਨ ਰੋਗ ਦੇ ਕਾਰਨ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਵਿਟਾਮਿਨ 'ਈ' ਇਕ ਚੰਗਾ ਐਂਟੀਆਕਸੀਡੈਂਟ ਹੈ ਅਤੇ ਪਾਰਕਿੰਸਨ ਰੋਗ ਦੇ ਇਲਾਜ ਵਿਚ ਇਸ ਦਾ ਸੇਵਨ ਲਾਭਦਾਇਕ ਸਾਬਤ ਹੋਇਆ ਹੈ।
ਵਾਤਾਵਰਨ ਸ਼ੁੱਧ ਤਾਂ ਮਨੁੱਖ ਵੀ ਤੰਦਰੁਸਤ
ਅਸੀਂ ਆਪਣੀ ਸਿਹਤ ਪੱਖੋਂ ਤਾਂ ਸੁਚੇਤ ਹੋ ਗਏ ਹਾਂ ਪਰ ਹਾਲੇ ਤੱਕ ਆਪਣੇ ਆਸ-ਪਾਸ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਪ੍ਰਤੀ ਸੁਚੇਤ ਨਹੀਂ ਹੋਏ ਹਾਂ, ਜਦੋਂ ਕਿ ਸਾਡੀ ਸਿਹਤ ਨੂੰ ਸਾਡਾ ਵਾਤਾਵਰਨ ਬਹੁਤ ਹੀ ਪ੍ਰਭਾਵਿਤ ਕਰਦਾ ਹੈ। ਮਲੇਰੀਆ, ਹੈਜ਼ਾ, ਟਾਈਫਾਈਡ ਵਰਗੀਆਂ ਬਿਮਾਰੀਆਂ ਗ਼ਲਤ ਅਤੇ ਅਸ਼ੁੱਧ ਵਾਤਾਵਰਨ ਦਾ ਹੀ ਨਤੀਜਾ ਹਨ। ਅਸੀਂ ਹੱਥ ਧੋਣ, ਸਬਜ਼ੀਆਂ ਨੂੰ ਸਾਫ਼ ਰੱਖਣ ਵੱਲ ਜਿੰਨਾ ਧਿਆਨ ਦਿੰਦੇ ਹਾਂ, ਓਨਾ ਹੀ ਜ਼ਰੂਰੀ ਹੈ ਨਾਲੀਆਂ ਨੂੰ ਸਾਫ਼ ਰੱਖਣਾ, ਕੂੜਾ ਸਹੀ ਜਗ੍ਹਾ 'ਤੇ ਸੁੱਟਣਾ ਆਦਿ। ਜੇਕਰ ਸਾਡਾ ਵਾਤਾਵਰਨ ਸੁਰੱਖਿਅਤ ਨਹੀਂ ਹੈ ਤਾਂ ਸਾਡੀ ਸਿਹਤ ਵੀ ਸੁਰੱਖਿਅਤ ਨਹੀਂ ਹੈ। ਅੱਜ ਸਾਡੇ ਖਾਧ ਪਦਾਰਥਾਂ ਵਿਚ ਕੀਟਨਾਸ਼ਕ ਹਨ, ਪਾਣੀ ਵਿਚ ਪ੍ਰਦੂਸ਼ਣਕਾਰੀ ਪਦਾਰਥ, ਵਾਤਾਵਰਨ ਵਿਚ ਜ਼ਹਿਰੀਲਾ ਧੂੰਆਂ ਅਤੇ ਦੁੱਧ ਵਿਚ ਵੀ ਅਜਿਹੇ ਹਾਨੀਕਾਰਕ ਹਾਰਮੋਨਸ ਹਨ ਜੋ ਅਸੀਂ ਬੱਚਿਆਂ ਨੂੰ ਦਿੰਦੇ ਹਾਂ। ਇਸ ਲਈ ਵਾਤਾਵਰਨ ਦਾ ਸੁਰੱਖਿਅਤ ਹੋਣਾ ਜ਼ਿਆਦਾ ਜ਼ਰੂਰੀ ਹੈ।
ਪ੍ਰਦੂਸ਼ਣ ਸਭ ਦੀ ਉਮਰ ਨੂੰ ਘਟਾ ਰਿਹਾ ਹੈ

ਦੇਸ਼ ਦੁਨੀਆ ਵਿਚ ਚਾਰੇ ਪਾਸੇ ਪ੍ਰਦੂਸ਼ਣ ਵਧ ਰਿਹਾ ਹੈ। ਇਹ ਪ੍ਰਦੂਸ਼ਣ ਅਨੇਕ ਪ੍ਰੇਸ਼ਾਨੀਆਂ ਪੈਦਾ ਕਰ ਰਿਹਾ ਹੈ। ਇਸ ਸਰਬਵਿਆਪੀ ਪ੍ਰਦੂਸ਼ਣ ਦਾ ਪੱਧਰ ਸਾਰੇ ਥਾਵਾਂ 'ਤੇ ਇਕੋ ਜਿਹਾ ਨਹੀਂ ਹੈ। ਕਾਰਖਾਨਿਆਂ ਵਾਲੇ ਅਤੇ ਵੱਡੇ ਸ਼ਹਿਰਾਂ ਵਿਚ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੈ। ਜੰਗਲਾਂ ਦੇ ਨੇੜੇ ਇਹ ਪੱਧਰ ਘੱਟ ਹੈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਘੱਟ ਪ੍ਰਦੂਸ਼ਣ ਹੈ। ਸ਼ਹਿਰ ਦੇ ਵਧਦੇ ਪ੍ਰਦੂਸ਼ਣ ਨਾਲ ਸ਼ਹਿਰੀ ਲੋਕਾਂ ਨੂੰ ਸਭ ਤੋਂ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਦੂਸ਼ਣ ਦੀ ਵਧਦੀ ਵਿਕਰਾਲਤਾ ਤੋਂ ਸਾਰੇ ਪ੍ਰਭਾਵਿਤ ਹਨ, ਫਿਰ ਵੀ ਇਸ ਦੇ ਪ੍ਰਤੀ ਲਾਪ੍ਰਵਾਹੀ ਦੇ ਚਲਦੇ ਸਮੱਸਿਆ ਵਧ ਰਹੀ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX